ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ

ਸ੍ਰੀ ਤਪਿਆਣਾ ਸਾਹਿਬ, ਖਡੂਰ ਸਾਹਿਬ

ਮਾਝੇ ਦਾ ਇਤਿਹਾਸਕ ਕਸਬਾ ਖਡੂਰ ਸਾਹਿਬ ਵਿਖੇ 8 ਸਿੱਖ ਗੁਰੂ ਸਾਹਿਬਾਨ ਨੇ ਆਪਣੇ ਚਰਨ ਪਾਏ ਹਨ। ਇਸ ਤੋਂ ਇਲਾਵਾ ਇਸ ਪਵਿੱਤਰ ਧਰਤੀ ਨੂੰ ਮਹਾਨ ਸ਼ਹੀਦਾਂ, ਗੁਰੂ-ਘਰ ਦੇ ਸੇਵਕਾਂ ਦੀ ਧਰਤੀ ਹੋਣ ਦਾ ਮਾਣ ਵੀ ਪ੍ਰਾਪਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਭਾਈ ਜੋਧ ਇਸ ਪਵਿੱਤਰ ਨਗਰੀ ਦੇ ਰਹਿਣ ਵਾਲੇ ਸਨ। ਦਸਮ ਪਾਤਸ਼ਾਹ ਦੇ ਸਮੇਂ ਵੀ ਇਸ ਨਗਰ ਦੇ ਸਿੰਘਾਂ ਨੇ ਵੱਧ ਚੜ੍ਹ ਕੇ ਗੁਰੂ-ਘਰ ਦੀ ਸੇਵਾ ਕੀਤੀ। ਚਮਕੌਰ ਦੀ ਗੜ੍ਹੀ ਦੇ ਸ਼ਹੀਦ ਸਿੰਘਾਂ ਵਿਚੋਂ ਤਿੰਨ ਸਿੰਘ ਭਾਈ ਪੰਜਾਬ ਸਿੰਘ, ਭਾਈ ਭਗਵਾਨ ਸਿੰਘ, ਭਾਈ ਦਮੋਦਰ ਸਿੰਘ ਕਸਬਾ ਖਡੂਰ ਸਾਹਿਬ ਦੇ ਹੀ ਵਸਨੀਕ ਸਨ। ਮੁਕਤਸਰ ਸਾਹਿਬ ਵਿਖੇ ਸ਼ਹੀਦ ਹੋਏ ਸਿੰਘਾਂ ਵਿਚੋਂ ਦੋ ਸਿੰਘ ਇਸ ਕਸਬੇ ਦੇ ਵਸਨੀਕ ਸਨ। ਹਜ਼ੂਰ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੋ ਪੰਜ ਪਿਆਰੇ ਗੁਰੂ ਸਿੰਘ ਜੀ ਨੇ ਭੇਜੇ ਸਨ, ਉਨ੍ਹਾਂ ਵਿਚੋਂ ਦੋ ਸਿੰਘ ਬਾਬਾ ਜੋਧ ਸਿੰਘ, ਬਾਬਾ ਕਾਹਨ ਸਿੰਘ ਇਸ ਪਵਿੱਤਰ ਨਗਰੀ ਦੇ ਰਹਿਣ ਵਾਲੇ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਤਪਿਆਣਾ ਸਾਹਿਬ ਕਸਬਾ ਸ੍ਰੀ ਖਡੂਰ ਸਾਹਿਬ ਤੋਂ ਤਰਨ ਤਾਰਨ ਨੂੰ ਜਾਣ ਵਾਲੀ ਸੜਕ ਉੱਪਰ ਸਥਿਤ ਹੈ। ਇਸ ਪਵਿੱਤਰ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਕੀਰਤਨ ਕੀਤਾ। ਇਥੇ ਹੀ ਮਾਈ ਭਰਾਈ ਨੇ ਸਤਿਗੁਰਾਂ ਨੂੰ ਭੋਜਨ ਛਕਾਇਆ। ਇਥੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਰਾਹੀਂ ਭਾਈ ਪੈੜਾ ਮੋਖਾ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ ਸੀ। ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਕਰ ਰਹੇ ਹਨ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਵਿਸ਼ਾਲ ਅੰਮ੍ਰਿਤ ਸਰੋਵਰ ਹੈ ਅਤੇ ਗੁਰਦੁਆਰਾ ਸਾਹਿਬ ਦੇ ਲਹਿੰਦੇ ਪਾਸੇ ਮਾਤਾ ਖੀਵੀ ਜੀ ਲੰਗਰ ਹਾਲ ਹੈ, ਜਿਥੇ 24 ਘੰਟੇ ਸੰਗਤਾਂ ਲਈ ਲੰਗਰ ਦੀ ਸੇਵਾ ਚਲਦੀ ਰਹਿੰਦੀ ਹੈ।
ਕਸਬਾ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਜਲ ਦੀ ਗਾਗਰ ਬਿਆਸ ਦਰਿਆ ਤੋਂ ਭਰ ਕੇ ਲਿਆਇਆ ਕਰਦੇ ਸਨ ਅਤੇ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਵਾਉਂਦੇ ਸਨ। ਇਕ ਦਿਨ ਜੁਲਾਹੇ ਦੀ ਖੱਡੀ ਨਾਲ ਠੇਡਾ ਲੱਗ ਕੇ ਗੁਰੂ ਸਾਹਿਬ ਡਿੱਗੇ ਸਨ। ਇਹ ਕਰੀਰ ਦਾ ਕਿੱਲ੍ਹਾ ਅੱਜ ਵੀ ਸੰਗਤਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਮੌਜੂਦ ਹੈ। ਇਥੇ ਹੀ ਗੁਰੂ ਅੰਗਦ ਦੇਵ ਜੀ 29 ਮਾਰਚ, 1552 ਈ: ਨੂੰ ਜੋਤੀ ਜੋਤਿ ਸਮਾਏ ਸਨ। ਗੁਰੂ ਅਮਰਦਾਸ ਜੀ ਨੂੰ ਗੁਰਤਾਗੱਦੀ ਵੀ ਇਸੇ ਹੀ ਪਵਿੱਤਰ ਨਗਰ ਵਿਚ ਮਿਲੀ ਸੀ। ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਸਮੇਂ ਕਸਬਾ ਖਡੂਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਵਿਸ਼ਰਾਮ ਕਰਦੇ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੀ ਸਪੁੱਤਰੀ ਬੀਬੀ ਵੀਰੋ ਦਾ ਵਿਆਹ ਝਬਾਲ ਵਿਖੇ ਕਰਨ ਉਪਰੰਤ ਪਰਿਵਾਰ ਸਮੇਤ ਖਡੂਰ ਸਾਹਿਬ ਵਿਖੇ ਆਏ ਸਨ। ਸ੍ਰੀ ਗੁਰੂ ਹਰਿ ਰਾਏ ਜੀ ਉਨ੍ਹਾਂ ਨਾਲ ਬਾਲ ਅਵਸਥਾ ਵਿਚ ਇਥੇ ਆਏ ਸਨ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ 2200 ਸਵਾਰਾਂ ਸਮੇਤ ਖਡੂਰ ਸਾਹਿਬ ਦੇ ਦਰਸ਼ਨਾਂ ਲਈ ਆਏ।
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਸਬੰਧੀ ਇਥੇ ਵੱਡੀ ਪੱਧਰ 'ਤੇ ਤਿਆਰੀਆਂ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਆਰੰਭੀਆਂ ਜਾ ਚੁੱਕੀਆਂ ਹਨ। ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਇਥੇ ਬੜੀ ਵੱਡੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਸਥਾਨਾਂ ਦੇ ਵਿਕਾਸ ਲਈ ਉਲੀਕੀ ਗਈ ਯੋਜਨਾ ਵਿਚ ਖਡੂਰ ਸਾਹਿਬ ਨਗਰ ਦੇ ਰਹਿੰਦੇ ਵਿਕਾਸ ਕਾਰਜ ਹੋਣ ਦੀ ਸੰਭਾਵਨਾ ਹੈ।


ਖ਼ਬਰ ਸ਼ੇਅਰ ਕਰੋ

ਸਿੱਖ ਧਰਮ ਦੇ ਅਜੋਕੇ ਸਰੋਕਾਰ

ਸਿੱਖ ਧਰਮ ਅਜੋਕੇ ਯੁੱਗ ਦਾ ਧਰਮ ਹੈ। 16ਵੀਂ ਤੇ 17ਵੀਂ ਸਦੀ ਵਿਚ ਪੂੰਜੀਵਾਦ ਦੇ ਆਉਣ ਨਾਲ ਆਧੁਨਿਕ ਯੁੱਗ ਦਾ ਆਰੰਭ ਹੋਇਆ। ਸੰਸਾਰ ਦੇ ਬਾਕੀ ਸਾਰੇ ਧਰਮ ਇਸ ਤੋਂ ਕਾਫੀ ਸਮਾਂ ਪਹਿਲਾਂ ਹੋਂਦ ਵਿਚ ਆ ਚੁੱਕੇ ਸਨ। ਕ੍ਰਮਵਾਰ ਸਿੱਖ ਧਰਮ ਨਵਾਂ ਧਰਮ ਹੈ। ਇਸ ਲਈ ਇਹ ਮਾਇਆ ਦੇ ਦੋਵਾਂ ਰੂਪਾਂ-ਕਲਪਿਤ ਲੋੜਾਂ ਤੇ ਪੈਸੇ ਨਾਲ ਆ ਰਹੇ ਮਨੁੱਖੀ ਵਿਕਾਰਾਂ ਨੂੰ ਸੰਬੋਧਿਤ ਹੁੰਦਾ ਹੈ।
19ਵੀਂ ਸਦੀ ਵਿਚ ਆ ਕੇ ਪੂੰਜੀਵਾਦ (ਮਨੁੱਖੀ ਕਦਰਾਂ-ਕੀਮਤਾਂ ਪੱਖੋਂ) ਆਪਣੇ ਅਤਿ ਦੇ ਨਿਆਰੇ ਸਾਮਰਾਜੀ ਦੌਰ ਵਿਚ ਦਾਖਲ ਹੋ ਗਿਆ। ਅਜੋਕਾ ਯੁੱਗ ਸਾਮਰਾਜੀ ਪੂੰਜੀਵਾਦ ਦਾ ਯੁੱਗ ਹੈ। ਸਾਮਰਾਜੀ ਸੰਸਾਰੀਕਰਨ ਦੀ ਸਭ ਤੋਂ ਵੱਡੀ ਸਮੱਸਿਆ ਇਸ ਕੋਲ ਵਿਸ਼ਵਦ੍ਰਿਸ਼ਟੀ ਤੇ ਨੈਤਿਕਤਾ ਦੀ ਘਾਟ ਹੈ। ਮੌਜੂਦਾ ਸੰਸਾਰੀਕਰਨ ਦੇ ਸਾਰੇ ਸਰੋਕਾਰ ਆਰਥਿਕਤਾ ਨਾਲ ਬੱਝੇ ਹੋਏ ਹਨ। ਆਰਥਿਕ ਵਿਕਾਸ ਇਸ ਦਾ ਇਕੋ-ਇਕ ਮੁੱਦਾ ਹੈ, ਹਰ ਹੀਲੇ ਪੈਸੇ ਕਮਾਉਣਾ ਸਦਾਚਾਰ ਤੋਂ ਉੱਪਰ ਹੋ ਗਿਆ ਹੈ। ਅਜਿਹੇ ਇਕਹਿਰੇ ਆਰਥਿਕ ਵਿਕਾਸ ਨੇ ਮਨੁੱਖ ਦੇ ਸਰਬਪੱਖੀ ਵਿਕਾਸ ਨੂੰ ਬਿਲਕੁਲ ਅਣਗੌਲਿਆ ਕਰ ਦਿੱਤਾ ਹੈ, ਇਸ ਦੀ ਮਨੁੱਖ ਜਾਤੀ ਨੂੰ ਵੱਡੀ ਕੀਮਤ ਤਾਰਨੀ ਪੈ ਰਹੀ ਹੈ। ਅਜਿਹਾ ਇਕਪਾਸੜ ਵਿਕਾਸ ਮਨੁੱਖ ਦੀਆਂ ਸਿਰਫ ਭੌਤਿਕ (ਸਰੀਰਕ) ਲੋੜਾਂ ਦਾ ਖਿਆਲ ਰੱਖਦਾ ਹੈ ਪਰ ਉਸ ਦੀਆਂ ਜਜ਼ਬਾਤੀ (ਮਾਨਸਿਕ) ਤੇ ਆਤਮਿਕ ਲੋੜਾਂ ਵਿਸਾਰ ਦਿੰਦਾ ਹੈ, ਜਿਸ ਕਾਰਨ ਸਾਡਾ ਵਿੱਦਿਅਕ ਪ੍ਰਬੰਧ ਪਰਉਪਕਾਰੀ ਮਨੁੱਖ ਪੈਦਾ ਕਰਨ ਦੀ ਬਜਾਏ ਜਜ਼ਬਾਤ ਵਿਹੂਣੀਆਂ ਮਸ਼ੀਨਾਂ ਪੈਦਾ ਕਰ ਰਿਹਾ ਹੈ। 'ਵਿੱਦਿਆ ਵੀਚਾਰੀ ਤਾਂ ਪਰਉਪਕਾਰੀ', ਮਨੁੱਖੀ ਹੋਂਦ ਸਿਰਫ ਸਰੀਰ ਤੱਕ ਸੀਮਤ ਨਹੀਂ, ਬਲਕਿ ਇਸ ਦੇ ਅਣਗਿਣਤ ਜਜ਼ਬਾਤੀ (ਮਾਨਸਿਕ) ਤੇ ਆਤਮਿਕ ਵਿਸਥਾਰ ਹਨ।
ਸਿੱਖ ਧਰਮ ਮਨੁੱਖ ਨੂੰ ਆਪਣੀ ਹੋਂਦ ਨਾਲ, ਆਪਣੇ ਪਰਿਵਾਰ ਨਾਲ, ਸਮਾਜ ਨਾਲ ਤੇ ਆਲੇ-ਦੁਆਲੇ ਪਸਰੀ ਕੁਦਰਤ ਨਾਲ ਜੋੜਦਾ ਹੈ, ਜਦੋਂ ਕਿ ਮਨੁੱਖ ਦੀਆਂ ਭੌਤਿਕ ਲੋੜਾਂ ਤੱਕ ਸੀਮਤ ਇਕਹਿਰਾ ਆਰਥਿਕ ਵਿਕਾਸ ਮਨੁੱਖ ਨੂੰ ਆਪਣੇ-ਆਪ ਨਾਲੋਂ, ਆਪਣੇ ਪਰਿਵਾਰ ਨਾਲੋਂ, ਸਮਾਜ ਨਾਲੋਂ ਅਤੇ ਕੁਦਰਤ ਨਾਲੋਂ ਤੋੜਦਾ ਹੈ। ਆਲਮੀ ਅਦਾਰੇ ਵਰਲਡ ਇਕਨਾਮਿਕ ਫੋਰਮ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ਮਨੁੱਖਤਾ ਨੂੰ ਦਰਪੇਸ਼ ਤਿੰਨ ਸਭ ਤੋਂ ਵੱਡੇ ਖ਼ਤਰਿਆਂ ਵਿਚੋਂ ਮੁੱਖ ਖ਼ਤਰਾ ਇਕਲਾਪੇ ਦਾ ਹੈ। ਇਕਲਾਪਾ ਇਕਹਿਰੇ ਆਰਥਿਕ ਵਿਕਾਸ ਦੀ ਦੇਣ ਹੈ। ਇਹ ਇਕ ਆਲਮੀ ਮਹਾਂਮਾਰੀ ਬਣ ਗਿਆ ਹੈ, ਮੌਸਮੀ ਅਤੇ ਆਲਮੀ ਅਰਥਚਾਰੇ ਦਾ ਸੰਕਟ ਦੋ ਹੋਰ ਵੱਡੇ ਖ਼ਤਰੇ ਹਨ। ਇਨ੍ਹਾਂ ਖ਼ਤਰਿਆਂ ਦਾ ਪ੍ਰਭਾਵ ਸਿੱਖਾਂ ਸਮੇਤ ਪੰਜਾਬ ਦੇ ਸਾਰੇ ਲੋਕਾਂ 'ਤੇ ਪੈ ਰਿਹਾ ਹੈ। ਅਜੋਕਾ ਮਨੁੱਖ ਵੱਡੀ ਪੱਧਰ 'ਤੇ ਭੈਅ, ਚਿੰਤਾ ਅਤੇ ਅਸੁਰੱਖਿਆ ਦਾ ਸ਼ਿਕਾਰ ਹੈ। ਸਿੱਖ ਧਰਮ ਇਨ੍ਹਾਂ ਤਿੰਨਾਂ ਡਰਾਂ ਨੂੰ ਸੰਬੋਧਨ ਹੁੰਦਾ ਹੈ। ਸਾਰਿਆਂ ਦੀ ਚਿੰਤਾ, ਸਰਬਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੇ ਰੂਪ ਵਿਚ ਮੂਰਤੀਮਾਨ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਡਾਰਵਿਨ, ਮਾਰਕਸ ਤੇ ਫਰਾਇਡ ਦੇ ਵਿਚਾਰਾਂ ਨੇ ਪੱਛਮੀ ਮਨੁੱਖ ਦੀ ਸੋਚ ਨੂੰ ਮੁੱਢੋਂ ਹੀ ਬਦਲ ਦਿੱਤਾ। ਗੁਰਮਤਿ ਨੇ ਫਿਲਾਸਫੀ ਦੇ ਅਨੇਕ ਪੱਖਾਂ ਵਿਚ ਡਾਰਵਿਨ ਤੇ ਮਾਰਕਸ ਤੋਂ ਅੱਗੇ ਜਾ ਕੇ ਗੱਲ ਕੀਤੀ ਹੈ। ਫਰਾਇਡ ਤਾਂ ਖੁਦ ਮੰਨਦਾ ਹੈ ਕਿ ਪੱਛਮੀ ਮਨੁੱਖ ਦਾ ਮਨ ਬਿਮਾਰ ਹੈ ਅਤੇ ਉਹ ਬਿਮਾਰ ਮਨ ਦੀ ਵਿਆਖਿਆ ਕਰ ਰਿਹਾ ਹੈ, ਪੂਰਬ ਅਤੇ ਪੱਛਮ ਅੰਦਰ ਮਨ ਦੀ ਸਭ ਤੋਂ ਵਿਸਥਾਰਿਤ ਵਿਆਖਿਆ ਗੁਰਮਤਿ ਨੇ ਕੀਤੀ ਹੈ।
ਸਿੱਖ ਧਰਮ ਦਾ ਭਵਿੱਖ ਇਸ ਦੀ ਵਿਸ਼ਾਲ ਦ੍ਰਿਸ਼ਟੀ ਹੈ, ਸੌੜੀ ਸੋਚ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨੂੰ ਖੁਦ ਸਮਝਣਾ-ਅਪਣਾਉਣਾ ਤੇ ਬਾਕੀ ਦੇ ਸੰਸਾਰ ਨੂੰ ਸਮਝਾਉਣਾ ਹਰੇਕ ਸਿੱਖ ਦੀ ਪਹਿਲ ਹੋਣੀ ਚਾਹੀਦੀ ਹੈ। ਸਿੱਖ ਵਾਸਤੇ ਸਿਧਾਂਤਕ ਸੱਚ ਇਤਿਹਾਸਕ ਸੱਚ ਨਾਲੋਂ ਉੱਪਰ ਹੈ। ਭਾਈ ਘਨੱਈਆ ਜੀ ਦੀ ਮਿਸਾਲ ਸਾਡੇ ਸਾਹਮਣੇ ਹੈ, ਦੁਸ਼ਮਣ ਫੌਜੀਆਂ ਨੂੰ ਪਾਣੀ ਪਿਆਉਣ ਦੀ ਸ਼ਿਕਾਇਤ ਸੁਣ ਕੇ ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਮਲ੍ਹਮ ਦੀ ਡੱਬੀ ਦਿੱਤੀ ਕਿ ਫੌਜੀਆਂ ਨੂੰ ਪਾਣੀ ਪਿਆਉਣ ਦੇ ਨਾਲ-ਨਾਲ ਉਹ ਉਨ੍ਹਾਂ ਦੇ ਜ਼ਖਮਾਂ ਉੱਤੇ ਮਲ੍ਹਮ ਵੀ ਲਾਉਣ। ਭਾਵ ਬੜਾ ਸਪੱਸ਼ਟ ਹੈ ਕਿ ਦੁਸ਼ਮਣੀ ਇਕ ਇਤਿਹਾਸਕ ਵਰਤਾਰਾ ਹੈ, ਜਦੋਂ ਕਿ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਹਰੇਕ ਸਿੱਖ ਦਾ ਇਤਿਹਾਸਕ ਫਰਜ਼ ਹੈ, ਸਿੱਖ ਦੀ ਸਿਧਾਂਤਕ ਪਛਾਣ ਇਤਿਹਾਸਕ ਪਛਾਣ ਨਾਲੋਂ ਵੱਡੀ ਹੈ। ਸਿੱਖ ਧਰਮ ਸਰਬ-ਵਿਆਪਕ ਹੈ। ਇਹ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ ਅਤੇ ਸਾਰੇ ਮਨੁੱਖਾਂ ਲਈ ਇਸ ਦੇ ਸਿਧਾਂਤ ਪ੍ਰਵਾਨ ਕਰਨ ਯੋਗ ਹਨ। ਸਿੱਖ ਧਰਮ ਮਨੁੱਖ ਦੇ ਸਾਰੇ ਪੱਖਾਂ ਨੂੰ ਛੋਂਹਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨਾ ਸਿਰਫ ਸਿੱਖ ਮਸਲਿਆਂ, ਬਲਕਿ ਪੰਜਾਬ, ਭਾਰਤ ਅਤੇ ਸਾਰੇ ਸੰਸਾਰ ਦੇ ਮਸਲਿਆਂ ਨਾਲ ਨਜਿੱਠਣ ਦੀ ਸੋਝੀ ਦੇਣ ਦੀ ਸਮਰੱਥਾ ਰੱਖਦੀ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਨੂੰ ਪਿਛਲੀ ਦਹਿਸਦੀ ਦੀ ਸਰਬੋਤਮ ਹਸਤੀ ਐਲਾਨਿਆ ਜਾਣਾ ਚਾਹੀਦਾ ਹੈ, ਇਸ ਕਰਕੇ ਨਹੀਂ ਕਿ ਸਿੱਖ ਇਹ ਚਾਹੁੰਦੇ ਹਨ, ਬਲਕਿ ਇਸ ਕਰਕੇ ਕਿ ਗੁਰੂ ਸਾਹਿਬ ਨੇ ਆਪਣੇ ਤੋਂ ਪਹਿਲੀ ਸਾਰੇ ਸੰਸਾਰ ਦੀ ਫਿਲਾਸਫੀ ਨੂੰ ਆਤਮਸਾਤ ਕਰਕੇ ਮਨੁੱਖ ਨੂੰ ਇਕ ਨਵੀਂ ਜੀਵਨ ਜੁਗਤ ਦੱਸੀ। ਸਰਬਪੱਖੀ ਸੰਕਟ ਵਿਚ ਘਿਰੀ ਅਜੋਕੀ ਮਨੁੱਖਤਾ ਨੂੰ ਗੁਰੂ ਸਾਹਿਬ ਦੇ 'ਕਿਰਤ ਕਰੋ, ਵੰਡ ਛਕੋ, ਨਾਮ ਜਪੋ' ਦੇ ਸਿਧਾਂਤ ਦੀ ਬਹੁਤ ਲੋੜ ਹੈ। ਇਹ ਜੀਵਨ ਜੁਗਤ ਹੁਣ ਤੱਕ ਵਿਕਸਿਤ ਹੋਈ ਸਮੁੱਚੀ ਸੰਸਾਰ ਫਿਲਾਸਫੀ ਦਾ ਤੱਤਸਾਰ ਹੈ। ਇਹ ਜੀਵਨ ਜੁਗਤ ਮਹਿਜ਼ ਸੰਗਤ ਪੰਗਤ ਲੰਗਰ ਤੱਕ ਸੀਮਤ ਨਹੀਂ, ਬਲਕਿ ਸਮੁੱਚੀ ਮਨੁੱਖ ਜਾਤੀ ਦੇ ਕਿਰਤ ਕਰਨ ਤੇ ਵੰਡ ਛਕਣ ਦੇ ਸਿਧਾਂਤ 'ਤੇ ਟਿਕੀ ਹੋਈ ਹੈ। ਇਹ ਸਿਧਾਂਤ ਸਿਰਫ ਚੇਤੰਨ ਮਨੁੱਖ ਹੀ ਲਾਗੂ ਕਰ ਸਕਦੇ ਹਨ ਅਤੇ ਨਾਮ ਜਪਣ ਦਾ ਭਾਵ ਚੇਤੰਨ ਹੋਣਾ ਹੀ ਹੈ। 'ਗਿਆਨੀ ਹੋਇ ਜੋ ਚੇਤੰਨ ਹੋਇ ਅਗਿਆਨੀ ਅੰਧ ਕਮਾਇ॥' (ਅੰਗ 556)। ਇਹੀ ਗੱਲ ਕਾਰਲ ਮਾਰਕਸ ਨੇ ਕਹੀ ਹੈ, 'ਮਨੁੱਖੀ ਚੇਤਨਾ ਹੋਰ ਕੁਝ ਨਹੀਂ, ਬਲਕਿ ਚੇਤਨ ਮਨੁੱਖੀ ਹੋਂਦ ਹੈ।' (ਜਰਮਨ ਵਿਚਾਰਧਾਰਾ, ਸਫਾ 42)
ਅੱਜ ਸਿੱਖ ਸਿਧਾਂਤ ਅਤੇ ਸਿੱਖ ਸਮਾਜ ਵਿਚ ਪਾੜਾ ਏਨਾ ਵਧ ਗਿਆ ਹੈ ਕਿ ਕਈ ਗੱਲਾਂ ਵਿਚ ਸਿੱਖ ਸਮਾਜ ਸਿੱਖ ਸਿਧਾਂਤ ਤੋਂ ਉਲਟ ਦਿਸ਼ਾ ਵਿਚ ਜਾ ਰਿਹਾ ਨਜ਼ਰ ਆ ਰਿਹਾ ਹੈ। ਇਸ ਤੱਥ ਦੀ ਪੁਸ਼ਟੀ ਕਰਨ ਲਈ ਕੁਝ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਮੈਂ ਲਗਪਗ 40 ਸਾਲ ਅਮਰੀਕਾ ਰਿਹਾ ਹਾਂ, ਜਿਥੇ ਮੈਨੂੰ ਸੰਸਾਰ ਦੇ ਵੱਖ-ਵੱਖ ਭਾਈਚਾਰਿਆਂ ਨਾਲ ਮਿਲਣ-ਵਰਤਣ ਦਾ ਮੌਕਾ ਮਿਲਿਆ ਹੈ। ਮੈਨੂੰ ਸੰਸਾਰ ਦੇ ਲਗਪਗ ਹਰ ਭੂਗੋਲਿਕ ਖਿੱਤੇ ਵਿਚ ਸਫ਼ਰ ਕਰਨ ਦਾ ਵੀ ਮੌਕਾ ਮਿਲਿਆ ਹੈ। ਇਸ ਸਾਰੇ ਤਜਰਬੇ ਵਿਚੋਂ ਮੈਂ ਦੇਖਦਾ ਹਾਂ ਕਿ ਖਪਤਕਾਰੀ ਸੱਭਿਆਚਾਰ ਦੇ ਪ੍ਰਭਾਵ ਹੇਠ ਜੇ ਕਿਸੇ ਨੇ ਆਪਣਾ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਗੁਆਈਆਂ ਹਨ ਤਾਂ ਉਹ ਭਾਰਤ ਹੈ, ਭਾਰਤ ਵਿਚੋਂ ਜੋ ਇਕ ਸੂਬਾ ਹੈ, ਜਿਸ ਵਿਚ ਇਹ ਸਭ ਤੋਂ ਵੱਧ ਹੋਇਆ ਹੈ ਤਾਂ ਉਹ ਪੰਜਾਬ ਹੈ ਅਤੇ ਜੇ ਪੰਜਾਬ ਵਿਚ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕਾਂ ਵਿਚੋਂ ਕੋਈ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਤਾਂ ਉਹ ਸਿੱਖ ਹਨ, ਸਿੱਖਾਂ ਵਿਚ ਸਿਰਕੱਢ ਭਾਈਚਾਰਾ ਅਰਥਾਤ ਜੱਟ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।
ਸਿੱਖ ਸਿਧਾਂਤ ਵਿਆਹ ਨੂੰ ਸਭ ਤੋਂ ਪਵਿੱਤਰ ਅਤੇ ਰੂਹਾਨੀ ਰਿਸ਼ਤਾ ਮੰਨਦਾ ਹੈ ਪਰ ਇਸ ਰਿਸ਼ਤੇ ਦਾ ਨਿਰਾਦਰ ਸਭ ਤੋਂ ਵੱਧ ਅੱਜ ਸਿੱਖ ਭਾਈਚਾਰਾ ਕਰਦਾ ਨਜ਼ਰ ਆ ਰਿਹਾ ਹੈ। ਵੀਜ਼ਾ ਲੈਣ ਖਾਤਰ ਸਕੇ ਭੈਣ-ਭਰਾ ਦਾ ਵਿਆਹ, ਪਿਓ-ਧੀ ਦਾ ਵਿਆਹ ਅਤੇ ਇਥੋਂ ਤੱਕ ਕਿ ਮਾਂ-ਪੁੱਤਰ ਦੇ ਵਿਆਹ ਦੀਆਂ ਗੱਲਾਂ ਵੀ ਸੁਣਨ ਵਿਚ ਆਈਆਂ ਹਨ। ਦਿੱਲੀ ਵਿਚ ਗੁਰਮਤਿ ਕਾਲਜ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਇਕ ਸ਼ਾਰਟ ਟਰਮ ਕੋਰਸ ਦਿੰਦਾ ਹੈ। ਮੈਂ ਇਸ ਦੀ ਗੈਸਟ ਫੈਕਲਟੀ 'ਤੇ ਹਾਂ ਅਤੇ ਮੈਨੂੰ ਅਕਸਰ ਉਥੇ ਕਈ ਵਿਸ਼ਿਆਂ 'ਤੇ ਲੈਕਚਰ ਦੇਣ ਲਈ ਬੁਲਾਇਆ ਜਾਂਦਾ ਹੈ। ਇਕ ਲੈਕਚਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਆਹ ਦੇ ਸੰਕਲਪ ਬਾਰੇ ਸੀ। ਪਤਾ ਲੱਗਾ ਕਿ ਇਕ ਸੁਪਰੀਮ ਕੋਰਟ ਦੇ ਜੱਜ ਜੋ ਇਹ ਕੋਰਸ ਲੈ ਰਹੇ ਸਨ, ਨੇ ਕਿਹਾ ਕਿ ਭਾਰਤ ਵਿਚ ਸਾਰੇ ਧਰਮਾਂ ਨਾਲੋਂ ਸਿੱਖਾਂ ਵਿਚ ਤਲਾਕ ਸਭ ਤੋਂ ਵੱਧ ਹੋ ਰਹੇ ਹਨ। ਇਸੇ ਤਰ੍ਹਾਂ ਸਿੱਖ ਸਿਧਾਂਤ ਮਨੁੱਖੀ ਬਰਾਬਰੀ ਅਤੇ ਜਾਤੀ ਵੰਡ ਦੇ ਖੰਡਨ ਦਾ ਸੁਨੇਹਾ ਦਿੰਦਾ ਹੈ ਪਰ ਅੱਜ ਸਿੱਖਾਂ ਵਿਚ ਜਾਤੀ ਵੰਡ ਸਭ ਤੋਂ ਵੱਧ ਪ੍ਰਪੱਕ ਹੁੰਦੀ ਨਜ਼ਰ ਆ ਰਹੀ ਹੈ, ਖਾਸ ਕਰਕੇ ਜੱਟਾਂ ਅਤੇ ਗ਼ੈਰ-ਜੱਟਾਂ ਵਿਚ ਵੰਡ ਕਈ ਵਾਰ ਇੰਜ ਲੱਗ ਰਹੀ ਹੈ, ਜਿਵੇਂ ਮੁਸਲਮਾਨਾਂ ਵਿਚ ਸੁੰਨੀ ਅਤੇ ਸ਼ੀਆ ਮੁਸਲਮਾਨਾਂ ਦੀ ਵੰਡ ਹੋਵੇ। ਸਿੱਖਾਂ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਭਵਿੱਖ ਤਾਂ ਹੀ ਉੱਜਲ ਤੇ ਸੁਨਹਿਰਾ ਹੋ ਸਕਦਾ ਹੈ ਜੇ ਉਹ ਸਿੱਖ ਸਿਧਾਂਤ ਦੀ ਮਹੱਤਤਾ ਨੂੰ ਸਮਝਣ ਅਤੇ ਸਿੱਖ ਸਿਧਾਂਤ ਅਤੇ ਸਿੱਖ ਸਮਾਜ ਵਿਚ ਪਾੜਾ ਘਟਾਉਣ ਦਾ ਨਿਰੰਤਰ ਯਤਨ ਕਰਨ। ਸਿੱਖ ਸਿਧਾਂਤ ਨਾਲ ਸਮਝੌਤਾ ਕਰਕੇ ਕੀਤੀ ਗਈ ਕੋਈ ਵੀ ਪ੍ਰਾਪਤੀ ਥੋੜ੍ਹਚਿਰੀ ਸਾਬਤ ਹੋਵੇਗੀ ਅਤੇ ਲੰਬੇ ਸਮੇਂ ਵਿਚ ਇਸ ਦਾ ਪ੍ਰਾਪਤੀ ਦੀ ਥਾਂ 'ਤੇ ਦੇਣਦਾਰੀ ਬਣਨਾ ਨਿਸਚਿਤ ਹੈ।

ਸਰਬੱਤ ਦੇ ਭਲੇ ਨੂੰ ਪ੍ਰਨਾਈ ਹੋਈ ਹੈ ਸ੍ਰੀ ਗੁਰੂ ਨਾਨਕ ਦੀ ਫਿਲਾਸਫ਼ੀ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਲਈ ਹਰ ਪਾਸੇ ਤਿਆਰੀਆਂ ਹੋ ਰਹੀਆਂ ਹਨ। ਹਿੰਦੁਸਤਾਨ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੁਝ ਹਫ਼ਤੇ ਪਹਿਲਾਂ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਬੋਲਦਿਆਂ ਗੁਰੂ ਜੀ ਦੀ ਸੋਚ ਅਤੇ ਫਲਸਫੇ ਨੂੰ ਬਹੁਤ ਹੀ ਖੂਬੀ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਨੇ ਜੋ ਕਿਹਾ ਸੀ, ਉਸ ਸਿਧਾਂਤ 'ਤੇ ਸਭ ਨੂੰ ਚੱਲਣਾ ਚਾਹੀਦਾ ਹੈ, 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ।'
ਗੁਰੂ ਜੀ ਨੇ ਜਦੋਂ ਪਰਵਰਦਿਗਾਰ ਤੋਂ ਮਨੁੱਖ ਦੇ ਭਲੇ ਦੀ ਮੰਗ ਕੀਤੀ ਤਾਂ ਕੇਵਲ ਆਪਣੇ ਪਰਿਵਾਰ ਜਾਂ ਸੂਬੇ ਜਾਂ ਆਪਣੇ ਦੇਸ਼ ਲਈ ਨਹੀਂ, ਸਗੋਂ ਸਾਰੀ ਦੁਨੀਆ ਵਿਚ ਵਸਦੇ ਸਭ ਮਨੁੱਖਾਂ ਦਾ ਭਲਾ ਮੰਗਿਆ। ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਦੀ ਸਰਕਾਰ ਨੇ ਦੁਨੀਆ ਦੇ ਜਿੰਨੇ ਵੀ ਦੇਸ਼ਾਂ ਵਿਚ ਉਨ੍ਹਾਂ ਦੇ ਰਾਜਦੂਤਾਂ ਦੇ ਦਫਤਰ ਹਨ, ਉਨ੍ਹਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਸ਼ੁੱਭ ਅਵਸਰ 'ਤੇ ਵਧ-ਚੜ੍ਹ ਕੇ ਉਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਬਾਬਾ ਨਾਨਕ ਜੀ ਦੇ ਫਲਸਫੇ ਬਾਰੇ ਦੱਸਣ ਅਤੇ ਇਸ ਮੌਕੇ 'ਤੇ ਉਨ੍ਹਾਂ ਨੇ ਸਿੱਖ ਭਾਈਚਾਰੇ ਤੋਂ ਇਸ ਉੱਦਮ ਲਈ ਮਦਦ ਦੀ ਵੀ ਮੰਗ ਕੀਤੀ।
ਹਰ ਰੋਜ਼ ਸਵੇਰੇ, ਸ਼ਾਮ ਅਤੇ ਰਾਤ ਨੂੰ ਸੌਣ ਲੱਗਿਆਂ, ਹਰ ਖੁਸ਼ੀ ਅਤੇ ਗਮੀ ਦੀ ਰਸਮ ਵੇਲੇ, ਹਰ ਇਕ ਬਿਪਤਾ ਜਾਂ ਜਿੱਤ ਦੇ ਮੌਕੇ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੇਵਕ ਆਪਣੀ ਅਰਦਾਸ ਵਿਚ ਗੁਰੂ ਜੀ ਦੇ ਇਹ ਸ਼ਬਦ ਦਰਸਾਉਂਦਾ ਹੈ, 'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।' ਇਥੋਂ ਤੱਕ ਕਿ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਪਾਰਬ੍ਰਹਮ ਨੂੰ ਸੰਬੋਧਤ ਕਰ ਕੇ ਆਖਿਆ ਸੀ, 'ਜਗਤੁ ਜਲੰਦਾ ਰਖਿਲੈ ਆਪਣੀ ਕਿਰਪਾ ਧਾਰਿ॥'
ਅੱਜ ਸਮਾਂ ਆ ਗਿਆ ਹੈ ਕਿ ਮਨੁੱਖਤਾ ਨੂੰ ਗੁਰੂ ਜੀ ਬਾਬਤ ਜਾਣਕਾਰੀ ਦਿੱਤੀ ਜਾਵੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ 'ਇਕ ਪਰਮਾਤਮਾ' ਦਾ ਪ੍ਰਚਾਰ ਕੀਤਾ, ਜਦੋਂ ਕਿ ਸਾਡੇ ਦੇਸ਼ ਵਿਚ 33 ਕਰੋੜ ਦੇਵਤੇ ਸਨ। ਪਰਮਾਤਮਾ ਸਭ ਦਾ ਸਾਂਝਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਰਮਾਤਮਾ ਨੂੰ ਵਾਹਿਗੁਰੂ, ਪ੍ਰਭੂ, ਅੱਲਾ, ਸੁਆਮੀ, ਨਰਾਇਣ, ਹਰੀ ਸਭ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉਹ ਸਭ ਦਾ ਸਾਂਝਾ ਹੈ, ਜਿਵੇਂ ਕਿਹਾ ਗਿਆ ਹੈ, 'ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।' ਇਕ ਪਰਮਾਤਮਾ ਦੀ ਵਿਆਖਿਆ ਉਨ੍ਹਾਂ ਨੇ ਮੂਲ ਮੰਤਰ ਰਾਹੀਂ ਕੀਤੀ, 'ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥'
ਗੁਰੂ ਜੀ ਨੇ ਗਿਆਨ ਪ੍ਰਾਪਤੀ ਲਈ ਸਾਰਿਆਂ ਦੇ ਧਰਮਾਂ ਅਤੇ ਵਿਚਾਰਾਂ ਨੂੰ ਸਮਝਣ ਲਈ ਚਾਰ ਉਦਾਸੀਆਂ ਕੀਤੀਆਂ।
(1) ਪਹਿਲੀ ਉਦਾਸੀ-1499 ਤੋਂ 1510 ਈ:, ਪੂਰਬ ਵੱਲ ਗਏ, ਹਰਿਦੁਆਰ, ਆਸਾਮ, ਬੰਗਾਲ ਅਤੇ ਉੜੀਸਾ।
(2) ਦੂਜੀ ਉਦਾਸੀ-1511 ਤੋਂ 1514, ਦੱਖਣ-ਸ੍ਰੀਲੰਕਾ, ਕੇਰਲਾ, ਗੁਜਰਾਤ, ਸਿੰਧ ਆਦਿ।
(3) ਤੀਜੀ ਉਦਾਸੀ-1515 ਤੋਂ 1516, ਪੂਰਬ-ਕਸ਼ਮੀਰ, ਤਿੱਬਤ, ਕੁਝ ਹਿੱਸਾ ਰੂਸ ਦਾ।
(4) ਚੌਥੀ ਉਦਾਸੀ-1517 ਤੋਂ 1522, ਪੱਛਮ-ਇਰਾਕ, ਈਰਾਨ।
ਗੁਰੂ ਜੀ ਨੇ ਜਪੁ ਜੀ ਸਾਹਿਬ, ਆਸਾ ਜੀ ਕੀ ਵਾਰ, ਦੱਖਣੀ ਉਂਕਾਰ, ਸਿਧਗੋਸਟਿ ਤੇ ਬਾਰਾਮਾਹ ਦੀ ਬਾਣੀ ਆਮ ਲੋਕਾਂ ਦੇ ਸਮਝਣ ਵਾਲੇ ਸ਼ਬਦਾਂ ਵਿਚ ਰਚੀ।
ਭਾਈ ਗੁਰਦਾਸ ਜੀ ਨੇ ਕਿਹਾ, 'ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ'। ਭਾਰਤ ਦਾ ਸਮਾਜ ਜਾਤਾਂ ਵਿਚ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ, ਦੇਸ਼ ਵਾਸੀ ਇਕ-ਦੂਜੇ ਨੂੰ ਕਾਫ਼ਰ ਸਮਝਦੇ ਸਨ। ਔਰਤਾਂ ਦੀ ਦਸ਼ਾ ਬਹੁਤ ਹੀ ਖ਼ਰਾਬ ਸੀ। ਪੁਜਾਰੀ ਲੋਕਾਂ ਨੂੰ ਲੁੱਟ ਰਹੇ ਸਨ। ਗੁਰੂ ਜੀ ਆਮ ਲੋਕਾਂ ਵਿਚੋਂ ਸਨ ਅਤੇ ਜਾਣਦੇ ਸਨ ਕਿ ਆਮ ਲੋਕਾਂ ਨੂੰ ਕੀ ਤਕਲੀਫਾਂ ਹਨ ਅਤੇ ਉਨ੍ਹਾਂ ਦਾ ਦਿਲ ਕਿਵੇਂ ਜਿੱਤਿਆ ਜਾ ਸਕਦਾ ਹੈ। ਗੁਰੂ ਜੀ ਨੇ ਉਸ ਵੇਲੇ ਦੀ ਸੋਚ, ਜਿਸ ਵਿਚ ਬਹੁਤ ਪਖੰਡ ਅਤੇ ਧੋਖੇਬਾਜ਼ੀ ਸੀ, ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਗੁਰੂ ਜੀ ਦੀ ਵਿਰੋਧਤਾ ਵੀ ਹੋਈ, ਜਿਵੇਂ ਆਪਣੀ ਬਾਣੀ ਵਿਚ ਉਨ੍ਹਾਂ ਲਿਖਿਆ ਹੈ-
ਕੋਈ ਆਖੈ ਭੂਤਨਾ ਕੋ ਕਹੇ ਬੇਤਾਲਾ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ॥
ਗੁਰੂ ਜੀ ਆਪਣੇ ਵਿਚਾਰਾਂ ਦਾ ਡਟ ਕੇ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਸਹੀ ਮਾਰਗ ਦਿਖਾਉਂਦੇ ਰਹੇ।
(1) ਗੁਰੂ ਦਾ ਧਰਮ ਨਿਰਵੈਰਤਾ ਹੈ 'ਨਿਰਭਉ ਅਤੇ ਨਿਰਵੈਰੁ' ਹੈ।
(2) ਗੁਰੂ ਸਭ ਦਾ ਸਾਂਝਾ ਹੈ।
(3) ਉਹ ਸਭ ਦਾ ਭਲਾ ਮੰਗਦੇ ਹਨ।
(4) ਸਿੱਖ ਧਰਮ ਵਿਚ ਹਰ ਗੁਰਦੁਆਰੇ ਦੇ ਚਾਰ ਦਰਵਾਜ਼ੇ ਹਨ।
(5) ਸਾਂਝਾ ਲੰਗਰ ਹੈ।
ਸਾਂਝੀਵਾਲਤਾ ਦਾ ਧਰਮ ਹੈ, ਗੁਰੂ ਜੀ ਨੇ ਕਿਹਾ-
(1) ਆਚਾਰ : ਸਚਹੁ ਓਰੈ ਸਭੁ ਕੋ ਉਪਰਿ ਸਭੁ ਆਚਾਰੁ॥
(2) ਬੁਰਾ ਚੰਗਾ ਕੌਣ ਹੈ :
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ॥
ਗੁਰੂ ਜੀ ਕਹਿੰਦੇ ਹਨ, 'ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋ ਰੋਈ॥
(3) ਔਰਤ : ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
(4) ਖਾਣਾ ਕਿਹੜਾ ਖਾਈਏ : ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥
(5) ਅਕਲ : ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜ੍ਹਿ ਕੇ ਬੁਝੀਐ ਅਕਲੀ ਕੀਚੈ ਦਾਨੁ॥
6. ਮਨਿ ਜੀਤੈ ਜਗੁ ਜੀਤੁ॥
7. ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥
8. ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
9. ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
10. ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥
11. ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥
ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੈ ਰਹਨ੍ਹਿ ਚੜੇ॥
ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ॥
ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ॥
ਗੁਰੂ ਦੀ ਬਾਣੀ ਵਿਚ ਗਿਆਨ ਹੀ ਗਿਆਨ ਹੈ ਅਤੇ ਹਰ ਪ੍ਰਾਣੀ ਲਈ ਇਹ ਜ਼ਿੰਦਗੀ ਦਾ ਚੰਗਾ ਰਾਹ ਦਿਖਾਉਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿਚ ਕਿਸੇ ਨਾਲ ਝਗੜਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਧਰਮ ਨੂੰ ਮਾੜਾ ਕਿਹਾ। ਉਹ ਕੇਵਲ ਸੁਲਝੇ ਢੰਗ ਨਾਲ ਗ਼ਲਤ ਸੋਚਾਂ ਦਾ ਖੰਡਨ ਕਰਦੇ ਸਨ।
ਚੰਡੀਗੜ੍ਹ ਵਿਚ ਸਥਾਪਤ 'ਸਿਵਲ ਸੁਸਾਇਟੀ' ਨੂੰ ਯੂ.ਐਨ.ਓ. ਵਲੋਂ ਇੰਡੀਅਨ ਫੈਡਰੇਸ਼ਨ ਆਫ ਯੂਨਾਈਟਿਡ ਨੇਸ਼ਨਜ਼ ਵਲੋਂ ਸੰਦੇਸ਼ ਆਇਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸ਼ੁੱਭ ਦਿਹਾੜਾ 3 ਤੋਂ 9 ਨਵੰਬਰ, 2019 ਨੂੰ ਮਨਾਇਆ ਜਾਵੇ ਅਤੇ ਇਸ ਵਿਚ ਦੁਨੀਆ ਦੇ ਸਾਰੇ ਵੱਡੇ ਲੀਡਰਾਂ ਨੂੰ ਬੁਲਾਇਆ ਜਾਵੇ ਤੇ ਉਨ੍ਹਾਂ ਨੂੰ ਬਾਬਾ ਜੀ ਦੀ ਫਿਲਾਸਫੀ ਬਾਬਤ ਦੱਸਿਆ ਜਾਵੇ, ਕਿਉਂਕਿ ਆਉਣ ਵਾਲੇ ਸਮੇਂ ਵਿਚ ਟੈਕਨਾਲੋਜੀ ਦੀ ਵਰਤੋਂ ਕਰਕੇ ਦੇਸ਼ ਇਕ-ਦੂਜੇ ਦੇ ਨੇੜੇ ਆ ਰਹੇ ਹਨ। ਇਸ ਨਾਲ ਵਪਾਰ ਵਿਚ ਵਾਧਾ ਤਾਂ ਹੋਵੇਗਾ ਹੀ ਪਰ ਵੈਰ-ਵਿਰੋਧ ਵੀ ਵਧੇਗਾ। ਆਉਣ ਵਾਲੇ ਸਮੇਂ ਵਿਚ ਬਾਬਾ ਨਾਨਕ ਜੀ ਦੀ ਫਿਲਾਸਫੀ ਦੀ ਬਹੁਤ ਲੋੜ ਪਵੇਗੀ, ਜੇਕਰ ਇਸ ਸੰਸਾਰ ਨੂੰ ਸੁੰਦਰ ਅਤੇ ਸ਼ਾਂਤਮਈ ਬਣਾਉਣਾ ਹੈ।
ਸਭ ਤੋਂ ਦੁੱਖ ਵਾਲੀ ਗੱਲ ਹੈ ਕਿ ਸਾਡੀਆਂ ਅਖ਼ਬਾਰਾਂ, ਟੀ. ਵੀ. ਅਤੇ ਹੋਰ ਪ੍ਰਸਾਰ ਕਰਨ ਵਾਲੇ ਸਾਧਨ ਬਾਬਾ ਨਾਨਕ ਜੀ ਨੂੰ ਸਿੱਖਾਂ ਦਾ ਹੀ ਗੁਰੂ ਲਿਖੀ ਅਤੇ ਕਹੀ ਜਾਂਦੇ ਹਨ। ਸਿੱਖ ਕੌਮ ਦੀ ਇਹ ਮਹਾਨਤਾ ਹੈ ਅਤੇ ਵਰਦਾਨ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਦੀ ਵਿਰਾਸਤ ਨੂੰ ਅੱਜ ਤੱਕ ਸਾਂਭ ਰੱਖਿਆ ਹੈ, ਜੋ ਸਭਨਾਂ ਦੇ ਗੁਰੂ ਸਨ। ਯਾਦ ਕਰੋ, ਜਦੋਂ ਕਰਤਾਰਪੁਰ ਵਿਚ ਗੁਰੂ ਜੀ ਦੇ ਅਕਾਲ ਚਲਾਣੇ ਸਮੇਂ ਹਿੰਦੂ ਅਤੇ ਮੁਸਲਮਾਨ ਗੁਰੂ ਜੀ ਦਾ ਪਾਵਨ ਸਰੀਰ ਲੈਣ ਲਈ ਵਿਵਾਦ ਕਰ ਰਹੇ ਸਨ ਤਾਂ ਸਫੈਦ ਚਾਦਰ ਹੇਠ ਉਨ੍ਹਾਂ ਦੇ ਫੁੱਲ ਮਿਲੇ, ਜੋ ਦੋਵਾਂ ਧਿਰਾਂ ਨੇ ਆਪੋ ਵਿਚ ਵੰਡ ਲਏ।


-199, ਸੈਕਟਰ 16-ਏ, ਚੰਡੀਗੜ੍ਹ-160015.
ਮੋਬਾ: 94170-04482

ਸਿੱਖ ਰਾਜ ਦਾ ਅੰਤ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਜਦੋਂ 30 ਦਸੰਬਰ, 1848 ਨੂੰ ਕਿਲ੍ਹੇ ਦੇ ਅੰਦਰ ਬਰੂਦ ਦੇ ਜ਼ਖੀਰੇ ਨੂੰ ਅੱਗ ਲੱਗੀ ਤਾਂ ਨਾ ਸਿਰਫ ਹਿਫਾਜ਼ਤੀ ਸਿਪਾਹੀਆਂ ਦੀ ਹੀ ਮੌਤ ਹੋਈ, ਅੰਦਰ ਬਣੇ ਕੈਦਖਾਨੇ ਦੀ ਛੱਤ ਵੀ ਡਿੱਗ ਪਈ। ਜਦੋਂ ਕਦੇ ਬਾਅਦ ਵਿਚ ਮਲਬਾ ਸਾਫ਼ ਕੀਤਾ ਤਾਂ ਉਸ ਵਿਚੋਂ ਹੱਡੀਆਂ ਦੇ ਦੋ ਪਿੰਜਰ ਮਿਲੇ, ਇਕ ਵੱਡੇ ਬੰਦੇ ਦਾ ਤੇ ਇਕ ਬੱਚੇ ਦਾ, ਦੋਵਾਂ ਦੇ ਹੱਥਾਂ ਤੇ ਪੈਰਾਂ ਵਿਚ ਸੰਗਲ ਲੱਗੇ ਹੋਏ ਸਨ।
ਚਤਰ ਸਿੰਘ ਤੇ ਸ਼ੇਰ ਸਿੰਘ ਨਾਲ ਜੰਗੀ ਕੈਦੀਆਂ ਵਾਲਾ ਸਲੂਕ ਕੀਤਾ ਗਿਆ ਸੀ। ਜਦੋਂ ਨਵੇਂ ਮਾਲਕਾਂ ਨੇ ਲਾਹੌਰ ਦੇ ਤਖ਼ਤ ਉੱਪਰ ਚੰਗੀ ਤਰ੍ਹਾਂ ਕਬਜ਼ਾ ਜਮਾ ਲਿਆ ਤਾਂ ਉਨ੍ਹਾਂ ਨੂੰ ਪੈਰੋਲ ਉੱਪਰ ਰਿਹਾਅ ਕਰ ਦਿੱਤਾ ਕਿ ਉਹ ਪਿੰਡ, ਅਟਾਰੀ, ਵਿਚ ਆਪਣੀ ਰਿਟਾਇਰ ਜ਼ਿੰਦਗੀ ਬਸਰ ਕਰ ਸਕਣ। ਬਾਵਜੂਦ ਅੰਗਰੇਜ਼ਾਂ ਵਲੋਂ ਰੋਕਣ ਦੀ ਪੂਰੀ ਕੋਸ਼ਿਸ਼ ਦੇ ਇਨ੍ਹਾਂ ਦੋਵਾਂ ਅਟਾਰੀ ਵਾਲਿਆਂ ਨੂੰ ਲੋਕ ਸ਼ੇਰ ਬਹਾਦਰ ਸਮਝਦੇ ਰਹੇ। ਪੰਜਾਬ ਬੋਰਡ ਦੇ ਪ੍ਰਧਾਨ ਨੇ ਇਨ੍ਹਾਂ ਤੋਂ ਛੁਟਕਾਰਾ ਹਾਸਲ ਕਰਨ ਵਾਸਤੇ ਇਕ ਅਜੀਬ ਕਿਸਮ ਦਾ ਬਹਾਨਾ ਬਣਾਇਆ। ਸੂਰਜ ਗ੍ਰਹਿਣ ਦੇ ਵਕਤ ਇਨ੍ਹਾਂ ਸਰਦਾਰਾਂ ਨੇ ਬ੍ਰਾਹਮਣਾਂ ਦਾ ਭੋਜਨ ਕੀਤਾ ਸੀ। ਇਸ ਨੂੰ ਪੈਰੋਲ ਦੀਆਂ ਸ਼ਰਤਾਂ ਦੀ ਉਲੰਘਣਾ ਕਰਾਰ ਦਿੱਤਾ ਗਿਆ। ਪ੍ਰਧਾਨ ਨੇ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜਲਾਵਤਨ ਕਰ ਦਿੱਤਾ। ਇਨ੍ਹਾਂ ਦੇ ਨਾਲ ਹੀ ਕੁਝ ਹੋਰ ਜਿਵੇਂ ਕਿ ਲਾਲ ਸਿੰਘ ਮੋਰਾਨੀਆ ਨਾਲ ਵੀ ਇਸੇ ਤਰ੍ਹਾਂ ਕੀਤਾ। ਚਤਰ ਸਿੰਘ ਤੇ ਸ਼ੇਰ ਸਿੰਘ, ਦੋਵਾਂ ਦੀ ਜਲਾਵਤਨੀ ਵਿਚ ਮੌਤ ਹੋਈ।
ਇਸ ਕਥਾ ਦੇ ਕੁਝ ਹੋਰ ਪਾਤਰ ਵੀ ਹਨ, ਜਿਨ੍ਹਾਂ ਬਾਰੇ ਇਤਿਹਾਸ ਵਿਚ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਜਦੋਂ ਅਟਾਰੀਵਾਲਾ ਸਰਦਾਰਾਂ ਨੇ ਹਥਿਆਰ ਸੁੱਟ ਦਿੱਤੇ ਸਨ, ਉਦੋਂ ਵੀ ਬਹੁਤ ਸਾਰੇ ਲੋਕ ਸਨ, ਜਿਨ੍ਹਾਂ ਨੇ ਲੜਾਈ ਜਾਰੀ ਰੱਖਣ ਦਾ ਫੈਸਲਾ ਲਿਆ ਸੀ। ਉਨ੍ਹਾਂ ਵਿਚੋਂ ਮੁੱਖ ਭਾਈ ਮਹਾਰਾਜ ਸਿੰਘ, ਕਰਨਲ ਰਛਪਾਲ ਸਿੰਘ ਤੇ ਨਰਾਇਣ ਸਿੰਘ ਸ਼ਾਮਿਲ ਸਨ। ਉਹ ਪਿੰਡ-ਪਿੰਡ ਜਾ ਕੇ ਕਿਸਾਨਾਂ ਵਿਚ ਪ੍ਰਚਾਰ ਕਰਦੇ ਰਹੇ ਕਿ ਉਹ ਅੰਗਰੇਜ਼ਾਂ ਨੂੰ ਤਸਲੀਮ ਨਾ ਕਰਨ। ਅੰਗਰੇਜ਼ਾਂ ਨੇ ਇਨ੍ਹਾਂ ਨੂੰ ਜ਼ਿੰਦਾ ਜਾਂ ਮੁਰਦਾ ਫੜਨ ਵਾਸਤੇ ਵੱਡੇ ਇਨਾਮ ਰੱਖੇ ਪਰ ਲੋਕਾਂ ਨੇ ਅਜਿਹਾ ਨਹੀਂ ਕੀਤਾ ਤੇ ਇਨ੍ਹਾਂ ਨੂੰ ਕੋਈ ਧੋਖਾ ਨਹੀਂ ਦਿੱਤਾ। ਆਖਰ ਇਨ੍ਹਾਂ ਦੇ ਖਿਲਾਫ਼ ਇਕ ਵੱਡਾ ਪੁਲਿਸ ਦਾ ਜਾਲ ਵਿਛਾਇਆ ਗਿਆ। ਨਰਾਇਣ ਸਿੰਘ ਨੂੰ ਜ਼ਿੰਦਾ ਫੜ ਲਿਆ ਗਿਆ ਸੀ। ਕਰਨਲ ਰਛਪਾਲ ਸਿੰਘ ਨੂੰ ਜਦੋਂ ਫੜਿਆ ਤਾਂ ਉਹ ਬੁਰੀ ਤਰ੍ਹਾਂ ਜ਼ਖਮੀ ਸੀ। ਭਾਈ ਮਹਾਰਾਜ ਦੇ ਸਿਰ ਉੱਪਰ 10,000 ਰੁਪਏ ਦਾ ਇਨਾਮ ਸੀ। ਉਹ 28 ਦਸੰਬਰ, 1849 ਨੂੰ ਆਪਣੇ ਬਿਨਾਂ ਹਥਿਆਰਾਂ ਦੇ 30 ਸ਼ਰਧਾਲੂਆਂ ਸਮੇਤ ਫੜਿਆ ਗਿਆ ਸੀ। ਜਦੋਂ ਉਸ ਨੂੰ ਫੜ ਕੇ ਜਲੰਧਰ ਲਿਆਂਦਾ ਗਿਆ ਤਾਂ ਸਿਪਾਹੀਆਂ ਨੇ ਬੰਦੂਕਾਂ ਹੇਠਾਂ ਰੱਖ ਕੇ ਤੇ ਆਪਣੇ ਗੋਡੇ ਮੂਧੇ ਮਾਰ ਕੇ ਉਸ ਨੂੰ ਮੱਥਾ ਟੇਕਿਆ। ਅਗਲੇ ਕੁਝ ਦਿਨ ਬਹੁਤ ਸਾਰੇ ਲੋਕ, ਹਿੰਦੂ, ਸਿੱਖ ਤੇ ਮੁਸਲਮਾਨ, ਉਸ ਜੇਲ੍ਹ ਦੀ ਦੀਵਾਰ ਨਾਲ ਲੱਗ ਕੇ ਮੱਥਾ ਟੇਕਦੇ ਰਹੇ, ਜਿਥੇ ਭਾਈ ਮਹਾਰਾਜ ਸਿੰਘ ਨੂੰ ਕੈਦ ਰੱਖਿਆ ਸੀ। ਮਿਸਟਰ ਵਾਨਸੀਟਾਰਟ ਜਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ, ਲਿਖਦਾ ਹੈ ਕਿ 'ਗੁਰੂ ਕੋਈ ਸਾਧਾਰਨ ਵਿਅਕਤੀ ਨਹੀਂ ਹੈ। ਉਹ ਆਪਣੀ ਕੌਮ ਦੇ ਲੋਕਾਂ ਵਾਸਤੇ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਕੱਟੜ ਇਸਾਈਆਂ ਵਾਸਤੇ ਯਿਸੂ ਮਸੀਹ ਹੈ।' ਸਰਕਾਰ ਭਾਰਤ ਵਿਚ ਹੀ ਉਸ ਵਿਰੁੱਧ ਖੁੱਲ੍ਹੀ ਅਦਾਲਤ ਦੇ ਮੁਕੱਦਮੇ ਦਾ ਖ਼ਤਰਾ ਨਹੀਂ ਲੈ ਸਕਦੀ ਸੀ। ਉਸ ਨੂੰ ਜਲਾਵਤਨ ਕਰਕੇ ਸਿੰਗਾਪੁਰ ਭੇਜ ਦਿੱਤਾ ਗਿਆ। 3 ਸਾਲ ਵਾਸਤੇ ਭਾਈ ਜੀ ਨੂੰ ਜੇਲ੍ਹ ਦੇ ਇਕ ਵੱਖਰੇ ਸੈੱਲ ਵਿਚ ਰੱਖਿਆ ਗਿਆ, ਜਿਥੇ 5 ਜੁਲਾਈ, 1856 ਨੂੰ ਉਸ ਦੀ ਮੌਤ ਹੋ ਗਈ।
ਜਿਥੇ ਭਾਈ ਮਹਾਰਾਜ ਸਿੰਘ ਦਾ ਸਸਕਾਰ ਕੀਤਾ ਗਿਆ ਸੀ, ਉਥੇ ਅੱਜ ਇਕ ਨਿੱਕੀ ਜਿਹੀ ਸਮਾਧ ਹੈ। ਉਸ ਦੇ ਨਜ਼ਦੀਕ ਹੀ ਇਕ ਵੱਡਾ ਹਸਪਤਾਲ ਬਣਿਆ ਹੋਇਆ ਹੈ। ਦਿਨ ਤੇ ਰਾਤ ਦੇ ਹਰੇਕ ਵਕਤ, ਆਦਮੀਆਂ ਤੇ ਔਰਤਾਂ, ਚੀਨੀ, ਮਲੇ, ਤਾਮਿਲ ਤੇ ਪੰਜਾਬੀ ਉਸ ਸਮਾਧ ਉੱਪਰ ਸ਼ਰਧਾ ਲੈ ਕੇ ਜਾਂਦੇ ਹਨ। ਉਥੇ ਫੁੱਲ ਤੇ ਪੈਸਿਆਂ ਦੀ ਭੇਟ ਕਰਦੇ ਹਨ ਤੇ ਮੋਮਬੱਤੀਆਂ ਜਾਂ ਦੀਵੇ ਵੀ ਜਗਾਉਂਦੇ ਹਨ। ਹਾਲਾਂਕਿ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਉਸ ਦਾ ਨਾਂਅ ਭਾਈ ਮਹਾਰਾਜ ਸਿੰਘ ਕਰਕੇ ਨਹੀਂ ਪਤਾ। ਉਸ ਨੂੰ ਉਥੇ ਸਿਰਫ 'ਕਰਨੀ ਵਾਲਾ ਬਾਬਾ' ਕਿਹਾ ਜਾਂਦਾ ਹੈ।
ਪੰਜਾਬ ਦੇ ਅੰਦਰ ਜਿਨ੍ਹਾਂ ਲੋਕਾਂ ਨੇ ਫਿਰੋਜ਼ਸ਼ਾਹ, ਸਭਰਾਵਾਂ, ਚਿੱਲਿਆਂਵਾਲਾ ਤੇ ਗੁਜਰਾਤ ਵਿਚ ਲੜਾਈਆਂ ਲੜੀਆਂ, ਉਨ੍ਹਾਂ ਦੀਆਂ ਯਾਦਾਂ ਜਲਦੀ ਹੀ ਭੁਲਾ ਦਿੱਤੀਆਂ ਗਈਆਂ। ਪੰਜਾਬ ਉੱਪਰ ਕਬਜ਼ੇ ਤੋਂ ਸਿਰਫ 8 ਸਾਲ ਬਾਅਦ ਹੀ 1857 ਦਾ ਗ਼ਦਰ ਹੋ ਗਿਆ ਸੀ। ਭਾਰਤ ਦੀ ਆਖਰੀ ਆਜ਼ਾਦ ਬਾਦਸ਼ਾਹਤ ਖ਼ਤਮ ਹੋਣ ਉੱਪਰ ਦੁਖੀ ਹੋਣ ਦੀ ਬਜਾਏ ਬਹੁਤ ਸਾਰੇ ਲੋਕ ਆਪਣੇ-ਆਪ ਨੂੰ ਅੰਗਰੇਜ਼ਾਂ ਦੇ ਵੱਡੇ ਵਫ਼ਾਦਾਰ ਹੋਣ ਉੱਪਰ ਮਾਣ ਮਹਿਸੂਸ ਕਰਦੇ ਸਨ। ਅੰਗਰੇਜ਼ਾਂ ਵਿਰੁੱਧ ਲੜਨ ਵਾਲੇ ਆਪਣੇ ਬਹਾਦਰ ਬਜ਼ੁਰਗਾਂ ਪ੍ਰਤੀ ਸ਼ਰਧਾ ਰੱਖਣ ਦੀ ਬਜਾਏ ਉਹ ਆਪਣੇ-ਆਪ ਨੂੰ 'ਮਹਾਨ ਬਰਤਾਨਵੀ ਸਲਤਨਤ ਦੀ ਤਲਵਾਰ' ਅਖਵਾ ਕੇ ਖੁਸ਼ ਸਨ। ਇਸ ਤਰ੍ਹਾਂ ਇਤਿਹਾਸ ਦੀ ਸਲੇਟ ਉੱਪਰ ਪੂੰਝਾ ਮਾਰ ਦਿੱਤਾ ਗਿਆ। (ਸਮਾਪਤ)

ਸੁਜਾਖੇ-ਸੂਰਮੇ ਭਾਈ ਗੁਰਮੇਜ ਸਿੰਘ ਨੂੰ ਸਿਜਦਾ

ਸੰਸਾਰਿਕ ਸ਼ਬਦਾਵਲੀ 'ਚ ਸੁਜਾਖਾ ਉਸ ਨੂੰ ਆਖਦੇ ਹਨ, ਜਿਸ ਦੀ ਨਜ਼ਰ ਚੰਗੀ ਹੋਵੇ, ਉੱਤਮ ਨੇਤਰਾਂ ਵਾਲਾ, ਦੂਰਅੰਦੇਸ਼ ਤੇ ਸੂਰਮਾ-ਸੂਰ, ਯੋਧਾ, ਬੀਰ-ਬਹਾਦਰ, ਬਲਵਾਨ ਅਤੇ ਅੰਧਾਂ, ਨੇਤਰਹੀਣ, ਨੈਣਾਂ ਦੀ ਜੋਤਿ-ਨਜ਼ਰ ਤੋਂ ਰਹਿਤ। ਮੈਂ ਜਿਸ ਪ੍ਰਮੁੱਖ ਸਿੱਖ ਸ਼ਖ਼ਸੀਅਤ ਨੂੰ ਜਾਣੂ ਕਰਾਉਣ ਬਾਰੇ ਬਹੁਤ ਸਮੇਂ ਤੋਂ ਸੋਚਦਾ-ਲੋਚਦਾ ਤੇ ਸਿਜਦਾ ਕਰਨਾ ਚਾਹੁੰਦਾ ਹਾਂ, ਅਕਾਲ ਪੁਰਖ ਦੀ ਰਹਿਮਤ ਤੇ ਗੁਰੂ ਰਾਮਦਾਸ ਜੀ ਦੀ ਬਖ਼ਸ਼ਿਸ਼ ਸਦਕਾ ਉਹ ਤਿੰਨਾਂ ਹੀ ਪੱਖਾਂ ਤੋਂ ਸੰਪੂਰਨ ਹੈ।
ਵਿਸ਼ਵ-ਪ੍ਰਸਿੱਧੀ ਭਾਈ ਗੁਰਮੇਜ ਸਿੰਘ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਕੀਰਤਨੀਏ ਹੋਣ ਕਰਕੇ ਪ੍ਰਾਪਤ ਕੀਤੀ ਪਰ ਮਨੁੱਖੀ ਜੀਵਨ ਦੀ ਅੰਮ੍ਰਿਤਾ-ਸਦੀਵਤਾ, 'ਨੈਣ ਜੋਤਿ' ਤੋਂ ਹੀਣ ਹੋਣ ਦੇ ਬਾਵਜੂਦ ਬਰੇਲ ਲਿਪੀ (ਜਿਸ ਨੂੰ ਟੋਹ ਕੇ ਨੈਣਾਂ ਦੀ ਜੋਤਿ ਤੋਂ ਹੀਣ ਮਾਨਵ ਪੜ੍ਹਦੇ ਹਨ) ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਲਿਪੀਆਂਤਰਨ ਕਰਕੇ, ਸੁਮੇਰ ਪਰਬਤ ਦੇ ਸਮਾਨ ਸਰਬੱਤ ਦੇ ਭਲੇ ਦੀ ਸੇਵਾ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ, ਉਸ ਸਦਕਾ ਪ੍ਰਾਪਤ ਹੋਈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਕੀਰਤਨ ਦੀ ਸੇਵਾ ਵਿਰਲਿਆਂ ਨੂੰ ਹੀ ਮਿਲਦੀ ਹੈ, ਫਿਰ ਸੰਸਾਰ 'ਤੇ ਨਾਮਣਾ ਖੱਟਣ ਦਾ ਮੌਕਾ ਕੇਵਲ ਭਾਈ ਗੁਰਮੇਜ ਸਿੰਘ ਵਰਗੀਆਂ ਗੁਰੂ-ਦਰ ਤੋਂ ਵਰੋਸਾਈਆਂ ਰੂਹਾਂ ਨੂੰ ਹੀ ਪ੍ਰਾਪਤ ਹੁੰਦਾ ਹੈ।
ਭਾਈ ਗੁਰਮੇਜ ਸਿੰਘ ਬਚਪਨ 'ਚ 'ਸੁਜਾਖੇ' ਸਨ, ਫਿਰ ਚੇਚਕ ਦੀ ਬਿਮਾਰੀ ਕਾਰਨ, ਅੱਖਾਂ ਦੀ ਜੋਤ ਚਲੀ ਗਈ-'ਸੂਰਮੇ' ਬਣ ਗਏ। ਗੁਰਸਿੱਖੀ ਜੀਵਨ-ਜਿਊਂਦਿਆਂ ਜੋ ਘਾਲ-ਕਮਾਈ ਕੀਤੀ, ਉਸ ਨਾਲ ਫਿਰ 'ਸੁਜਾਖੇ-ਸੂਰਮੇ' ਬਣ ਵਿਸ਼ਵ-ਪ੍ਰਸਿੱਧੀ ਪ੍ਰਾਪਤ ਕੀਤੀ। ਆਓ, ਸੰਖੇਪ 'ਚ ਉਨ੍ਹਾਂ ਦੇ ਜੀਵਨ-ਦਰਸ਼ਨ ਦੇ ਦੀਦਾਰ ਕਰੀਏ!
ਭਾਈ ਗੁਰਮੇਜ ਸਿੰਘ ਦਾ ਜਨਮ ਸਧਾਰਨ ਸਿੱਖ ਕਿਸਾਨ ਪਰਿਵਾਰ ਵਿਚ 10 ਸਤੰਬਰ, 1940 ਈ: ਨੂੰ ਪਿੰਡ ਬਜੀਦਪੁਰ, ਜ਼ਿਲ੍ਹਾ ਜਲੰਧਰ 'ਚ ਮਾਤਾ ਰਾਜ ਕੌਰ, ਪਿਤਾ ਸ: ਪਰਸਾ ਸਿੰਘ ਦੇ ਘਰ ਹੋਇਆ। ਪੰਜ ਭਰਾਵਾਂ ਤੇ ਦੋ ਭੈਣਾਂ ਦੇ ਪਰਿਵਾਰ 'ਚੋਂ ਭਾਈ ਸਾਹਿਬ ਤੀਸਰੇ ਨੰਬਰ 'ਤੇ ਸਨ। ਕਿਸਾਨ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਭਾਈ ਸਾਹਿਬ ਨੇ ਬਚਪਨ 'ਚ ਪਸ਼ੂ ਚਾਰੇ, ਵੇਲਣੇ 'ਚ ਗੰਨੇ ਲਾਉਣ ਤੇ ਬਲਦ ਹੱਕਣ ਦੇ ਛੋਟੇ-ਮੋਟੇ ਕਾਰਜ ਕੀਤੇ। ਸੰਨ 1947 ਈ: 'ਚ ਵਾਪਰੇ ਦੇਸ਼ ਵੰਡ ਦੇ ਦੁਖਾਂਤ ਨੂੰ ਇਨ੍ਹਾਂ ਨੇ ਅੱਖਾਂ ਨਾਲ ਦੇਖਿਆ। ਜੂਨ ਦੇ ਮਹੀਨੇ ਇਨ੍ਹਾਂ ਨੂੰ ਬੁਖ਼ਾਰ ਚੜ੍ਹਿਆ ਤੇ ਚੇਚਕ ਦੀ ਬਿਮਾਰੀ ਨੇ ਘੇਰ ਲਿਆ। ਬੁਖ਼ਾਰ ਤਾਂ ਕੁਝ ਦਿਨਾਂ ਬਾਅਦ ਉਤਰ ਗਿਆ, ਪਰ ਚੇਚਕ ਦੀ ਬਿਮਾਰੀ ਕਾਰਨ ਇਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਸਦਾ ਲਈ ਜਾਂਦੀ ਰਹੀ। ਲਗਪਗ 10 ਸਾਲ ਦੀ ਉਮਰ ਤੱਕ ਇਨ੍ਹਾਂ ਦੇ ਪਰਿਵਾਰ ਨੇ ਅੱਖਾਂ ਦੇ ਡਾਕਟਰਾਂ ਤੱਕ ਪੂਰਾ ਚਾਰਾ ਕੀਤਾ ਪਰ ਸਭ ਨੇ ਕਿਹਾ ਕਿ ਅੱਖਾਂ ਦੀ ਰੌਸ਼ਨੀ ਆਉਣ ਦੀ ਕੋਈ ਸੰਭਾਵਨਾ ਨਹੀਂ। ਅੱਖਾਂ ਦੇ ਇਕ ਮਾਹਿਰ ਡਾਕਟਰ ਨੇ ਸਲਾਹ ਦਿੱਤੀ ਕਿ ਰੌਸ਼ਨੀ ਆਉਣ ਦੀ ਕੋਈ ਸੰਭਾਵਨਾ ਨਹੀਂ, ਕਿਉਂਕਿ ਅੱਖਾਂ ਦੀਆਂ ਨਾੜਾਂ ਖ਼ਤਮ ਹੋ ਚੁੱਕੀਆਂ ਹਨ, ਹੁਣ ਸਮਾਂ ਤੇ ਪੈਸਾ ਖ਼ਰਚ ਕਰਨ ਦਾ ਕੋਈ ਫ਼ਾਇਦਾ ਨਹੀਂ। ਗੁਰੂ ਦੀ ਰਜ਼ਾ ਨੂੰ ਮੰਨੋ!
ਲਸਾੜੇ ਪਿੰਡ ਵਿਚ ਇਨ੍ਹਾਂ ਦੀ ਭੂਆ ਵਿਆਹੀ ਸੀ। ਇਸ ਪਿੰਡ ਦੇ ਭਾਈ ਦਲ ਸਿੰਘ ਨੇਤਰਹੀਣ ਚੰਗੇ ਗਵੱਈਏ ਸਨ। ਭਾਈ ਸਾਹਿਬ ਦੇ ਪਿਤਾ ਜੀ ਉਨ੍ਹਾਂ ਨੂੰ ਮਿਲੇ ਤੇ ਰਾਇ ਲਈ ਕਿ ਬੱਚੇ ਦੇ ਜੀਵਨ ਦਾ ਸਵਾਲ ਹੈ, ਕੀ ਕੀਤਾ ਜਾਵੇ? ਭਾਈ ਦਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਵਾਲੇ ਭਾਈ ਸਮਿੱਤਰ ਸਿੰਘ ਤੇ ਭਾਈ ਮਸਤਾਨ ਸਿੰਘ ਨੂੰ ਮਿਲਣ ਲਈ ਕਿਹਾ, ਜੋ ਲਸਾੜੇ ਪਿੰਡ ਦੇ ਹੀ ਰਹਿਣ ਵਾਲੇ ਨੇਤਰਹੀਣ ਗੁਰੂ-ਘਰ ਦੇ ਕੀਰਤਨੀਏ ਸਨ। ਉਨ੍ਹਾਂ ਦੀ ਸਲਾਹ 'ਤੇ ਭਾਈ ਗੁਰਮੇਜ ਸਿੰਘ ਸੈਂਟਰਲ ਖ਼ਾਲਸਾ ਯਤੀਮਖਾਨਾ ਸ੍ਰੀ ਅੰਮ੍ਰਿਤਸਰ ਆ ਗਏ। ਭਾਈ ਸਾਹਿਬ ਦੇ ਦੱਸਣ ਅਨੁਸਾਰ ਬਚਪਨ ਵਿਚ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਕੀਰਤਨ ਦੀ ਕੋਈ ਸੂਝ-ਸਮਝ ਨਹੀਂ ਸੀ। ਗੁਰਬਾਣੀ-ਗੁਰਮਤਿ ਵਿਚਾਰਧਾਰਾ ਨਾਲ ਪ੍ਰੀਤ-ਪਿਆਰ ਸੈਂਟਰਲ ਖ਼ਾਲਸਾ ਯਤੀਮਖਾਨੇ ਵਿਚ 1950 ਈ: ਵਿਚ ਦਾਖ਼ਲ ਹੋਣ ਉਪਰੰਤ ਹੀ ਲੱਗੀ ਤੇ ਪ੍ਰਵਾਨ ਚੜ੍ਹੀ।
ਸਾਡੇ ਪੁਰਖਿਆਂ ਵਲੋਂ ਸਥਾਪਿਤ ਸੰਸਥਾ ਸੈਂਟਰਲ ਖ਼ਾਲਸਾ ਯਤੀਮਖਾਨਾ, ਸ੍ਰੀ ਅੰਮ੍ਰਿਤਸਰ ਨੇ ਧਰਮ-ਸਮਾਜ ਵਾਸਤੇ ਜੋ ਸੇਵਾ ਕੀਤੀ ਤੇ ਕਰ ਰਹੀ ਹੈ, ਉਸ ਨੇ ਕਈ ਕੀਰਤੀਮਾਨ ਸਥਾਪਿਤ ਕੀਤੇ ਹਨ। ਸ਼ਹੀਦ ਊਧਮ ਸਿੰਘ ਵਰਗੇ ਦੇਸ਼-ਭਗਤ, ਸ: ਸਰਮੁੱਖ ਸਿੰਘ ਅਮੋਲ ਵਰਗੇ ਅਮੋਲਕ ਸਾਹਿਤਕਾਰ ਪੈਦਾ ਕੀਤੇ, ਭਾਈ ਗੁਰਮੇਜ ਸਿੰਘ ਵਰਗੇ 'ਸੁਜਾਖੇ-ਸੂਰਮੇ' ਪੈਦਾ ਕੀਤੇ। ਭਾਈ ਸਾਹਿਬ ਨੇ ਵੀ ਇਥੇ ਦਾਖ਼ਲਾ ਪ੍ਰਾਪਤ ਕਰਕੇ ਸਿੱਖਿਆ ਲੈਣੀ ਆਰੰਭ ਕੀਤੀ। ਬਾਣੀ ਯਾਦ ਕਰਨੀ ਸ਼ੁਰੂ ਕੀਤੀ, ਪਹਿਲਾਂ ਕੋਈ ਬਾਣੀ ਨਹੀਂ ਪੜ੍ਹੀ ਸੀ। ਸੈਂਟਰਲ ਖ਼ਾਲਸਾ ਯਤੀਮਖਾਨਾ ਦੇ ਸੂਰਮਾ ਸਿੰਘਾਂ ਦੀ ਆਸ਼ਰਮ ਦੀ ਦਿਨ ਚਰਿਆ ਸਵੇਰੇ 04 ਵਜੇ ਗੁਰਦੁਆਰਾ ਸਾਹਿਬ ਜਾਣ ਨਾਲ ਆਰੰਭ ਹੁੰਦੀ। ਗੁਰਦੁਆਰੇ ਦੀ ਹਾਜ਼ਰੀ ਹਰੇਕ ਦੀ ਲਾਜ਼ਮੀ, ਬਕਾਇਦਾ ਹਾਜ਼ਰੀ ਲਗਦੀ। ਪਹਿਲਾਂ ਜਪੁ ਜੀ ਸਾਹਿਬ ਦਾ ਪਾਠ ਹੁੰਦਾ ਤੇ ਫਿਰ ਜਾਪੁ ਸਾਹਿਬ ਤੇ ਸਵੱਯੇ ਕੀਰਤਨ ਰੂਪ ਵਿਚ ਗਾਏ ਜਾਂਦੇ। ਬੱਚਿਆਂ ਦਾ ਜਥਾ ਇਕ ਪੰਕਤੀ ਬੋਲਦਾ ਤੇ ਫਿਰ ਦੂਸਰੇ ਬੱਚੇ ਪੜ੍ਹਦੇ। ਆਸਾ ਦੀ ਵਾਰ ਦੇ ਚਾਰ ਛੱਕਿਆਂ ਦਾ ਕੀਰਤਨ ਹੁੰਦਾ ਸੀ।
ਜੋਗੀ ਹਰਨਾਮ ਸਿੰਘ ਇਨ੍ਹਾਂ ਨੂੰ ਕੀਰਤਨ ਤੇ ਭਾਈ ਰਣਜੀਤ ਸਿੰਘ ਤਬਲਾ ਸਿਖਾਉਂਦੇ ਸਨ। ਸਵੇਰੇ-ਸ਼ਾਮ, ਦੁਪਹਿਰ ਦੇ ਰਾਗ, ਸ਼ਬਦ ਵਿਸ਼ੇਸ਼ ਕਰਕੇ ਸਿਖਾਏ ਜਾਂਦੇ, ਤਾਂ ਕਿ ਨਵੇਂ ਤਿਆਰ ਹੋਣ ਵਾਲੇ ਜਥੇ ਸਵੇਰੇ-ਸ਼ਾਮ ਗੁਰਦੁਆਰੇ ਦੀ ਹਾਜ਼ਰੀ ਭਰਨ ਤੇ ਆਨੰਦ ਕਾਰਜ ਕਰਾਉਣ ਦੇ ਯੋਗ ਹੋ ਸਕਣ। ਸੰਗੀਤ ਕਲਾਸ ਤੋਂ ਬਾਅਦ ਅਭਿਆਸ ਘੱਟ ਹੁੰਦਾ, ਕਿਉਂਕਿ ਸਾਜ ਕੇਵਲ ਕਲਾਸ ਵਿਚ ਹੀ ਹੁੰਦੇ। ਕਲਾਸ ਤੋਂ ਬਾਅਦ ਗੁਰਬਾਣੀ ਯਾਦ ਕਰਨ ਤੇ ਬਰੇਲ ਲਿਪੀ ਸਿਖਾਈ ਜਾਂਦੀ। ਬਰੇਲ ਭਾਸ਼ਾ ਭਾਈ ਸਾਹਿਬ ਨੇ ਉਸਤਾਦ ਗਿਆਨੀ ਬ੍ਰਿਜ ਲਾਲ ਸਿੰਘ ਪਾਸੋਂ ਸਿੱਖੀ ਤੇ ਮੁਹਾਰਤ ਹਾਸਲ ਕੀਤੀ। ਯਤੀਮਖਾਨੇ ਦੀ ਪੜ੍ਹਾਈ ਸਮੇਂ ਭਾਈ ਵੀਰ ਸਿੰਘ ਅਕਸਰ ਹੀ ਆਉਂਦੇ ਤੇ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰਦੇ। ਭਾਈ ਵੀਰ ਸਿੰਘ ਦੀ ਪ੍ਰੇਰਨਾ ਤੇ ਸੰਗਤ ਦਾ ਭਾਈ ਗੁਰਮੇਜ ਸਿੰਘ 'ਤੇ ਬਹੁਤ ਅਸਰ ਹੋਇਆ। ਭਾਈ ਸਾਹਿਬ ਨੇ 1950 ਈ: ਤੋਂ 1958 ਈ: ਤੱਕ ਲਗਾਤਾਰ ਇੱਥੋਂ ਸਿੱਖਿਆ ਪ੍ਰਾਪਤ ਕਰਕੇ ਜੀਵਨ ਨੂੰ ਸਵਾਰਿਆ-ਸ਼ਿੰਗਾਰਿਆ। ਭਾਈ ਸਾਹਿਬ ਯਤੀਮਖਾਨੇ 'ਚ ਪੜ੍ਹਾਈ ਦੌਰਾਨ ਵਿਹਲੇ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੇ ਕੀਰਤਨ ਸਰਵਣ ਕਰਨ ਵਾਸਤੇ ਤੁਰ ਕੇ ਜਾਂਦੇ ਤੇ ਤੁਰ ਕੇ ਵਾਪਸ ਆਉਂਦੇ। ਉਸ ਸਮੇਂ ਇਨ੍ਹਾਂ ਨੂੰ ਭਾਈ ਹਰੀ ਸਿੰਘ, ਭਾਈ ਉੱਤਮ ਸਿੰਘ ਜੋ ਨੇਤਰਹੀਣ ਸਨ, ਦਾ ਕੀਰਤਨ ਬਹੁਤ ਪਸੰਦ ਹੁੰਦਾ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98146-37979
E-mail : roopsz@yahoo.com

ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਅੰਤਰਰਾਸ਼ਟਰੀ ਮਹਾਂ-ਪਵਿੱਤਰ ਗੁਰਮਤਿ ਸਮਾਗਮ

ਅੰਤਰਰਾਸ਼ਟਰੀ ਪੱਧਰ 'ਤੇ ਹੋਣ ਵਾਲੇ ਗੁਰਮਤਿ ਸਮਾਗਮਾਂ ਵਿਚੋਂ ਮਹਾਂ-ਪਵਿੱਤਰ ਗੁਰਮਤਿ ਸਮਾਗਮ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਇਸ ਵਾਰ ਇਹ ਸਮਾਗਮ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਸਮਰਪਿਤ ਕੀਤਾ ਗਿਆ ਹੈ। ਜੈ ਬਾਬਾ ਨੰਦ ਸਿੰਘ ਤੇ ਬਾਬਾ ਈਸ਼ਰ ਸਿੰਘ ਨਾਨਕਸਰ ਦੀ ਯਾਦ ਵਿਚ ਹੋ ਰਿਹਾ ਹੈ। ਪੰਥ ਪ੍ਰਸਿੱਧ ਕੀਰਤਨੀਏ ਅਤੇ 'ਆਏ ਮਿਲ ਗੁਰਸਿੱਖ' ਅਤੇ 'ਭਲੋ ਭਲੋ ਰੇ ਕੀਰਤਨੀਆ' ਪ੍ਰੋਗਰਾਮ ਦੇ ਸੰਚਾਲਕ ਭਾਈ ਦਵਿੰਦਰ ਸਿੰਘ ਸੋਢੀ ਨੇ 27 ਸਾਲ ਪਹਿਲਾਂ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਸ ਪ੍ਰੋਗਰਾਮ ਦੀ ਆਰੰਭਤਾ ਕੀਤੀ ਸੀ। ਇਸ ਵਾਰ 29ਵਾਂ ਮਹਾਂ-ਪਵਿੱਤਰ ਗੁਰਮਤਿ ਸਮਾਗਮ ਲੁਧਿਆਣਾ ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ 22, 23 ਅਤੇ 24 ਮਾਰਚ ਨੂੰ ਰੋਜ਼ਾਨਾ ਸ਼ਾਮ 5 ਵਜੇ ਤੋਂ ਦੇਰ ਰਾਤ ਤੱਕ ਚੱਲੇਗਾ। ਇਸ ਸਮਾਗਮ ਨੂੰ ਪ੍ਰਵਾਸੀ ਗੁਰਸਿੱਖ ਪਰਿਵਾਰਾਂ ਅਤੇ ਉੱਘੇ ਕੀਰਤਨੀ ਜਥਿਆਂ, ਸਿੱਖ ਵਿਦਵਾਨਾਂ ਤੇ ਨਾਮਵਰ ਧਾਰਮਿਕ ਸ਼ਖ਼ਸੀਅਤ ਨੇ ਇਸ ਸਮਾਗਮ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹੋਣ ਵਾਲੇ ਗੁਰਮਤਿ ਸਮਾਗਮ ਦੀ ਲੜੀ ਵਿਚ ਲੈ ਆਂਦਾ ਹੈ। ਇਸ ਤੋਂ ਪਹਿਲਾਂ ਹੋਣ ਵਾਲੇ ਸਮਾਗਮ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਲੰਧਰ, ਮੋਗਾ, ਪਟਿਆਲਾ, ਮਜਾਰੀ (ਨਵਾਂਸ਼ਹਿਰ) ਆਦਿ ਵਿਖੇ ਆਯੋਜਿਤ ਕੀਤੇ ਜਾਂਦੇ ਰਹੇ ਹਨ। ਹਰ ਵਰ੍ਹੇ ਸਮਾਗਮ ਤੋਂ ਪਹਿਲਾਂ ਭਾਈ ਦਵਿੰਦਰ ਸਿੰਘ ਸੋਢੀ ਇਸ ਸਮਾਗਮ ਸਬੰਧੀ ਸੰਗਤ ਨੂੰ ਜਾਣੂ ਕਰਵਾਉਣ ਲਈ ਵਿਦੇਸ਼ ਯਾਤਰਾ ਦੌਰਾਨ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ ਵਿਚ ਜਾ ਕੇ ਸਿੱਖ ਸੰਗਤ ਨੂੰ ਸੱਦਾ ਦੇ ਕੇ ਆਉਂਦੇ ਹਨ। ਉਨ੍ਹਾਂ ਦੀ ਹੌਸਲਾ-ਅਫ਼ਜਾਈ ਨਾਲ ਪ੍ਰਵਾਸੀ ਗੁਰਸਿੱਖ ਇਸ ਵਾਰ ਵੀ ਦੇਸ਼ ਪਰਤ ਕੇ ਸੰਗਤ ਨਾਲ ਇਕੱਤਰਤਾਵਾਂ ਤੇ ਮੇਲ-ਜੋੜ ਨਾਲ ਸਮਾਗਮ ਵਿਚ ਪੁੱਜਣ ਦਾ ਸੁਨੇਹਾ ਦੇ ਰਹੇ ਹਨ।
ਭਾਈ ਦਵਿੰਦਰ ਸਿੰਘ ਸੋਢੀ ਵੱਖ-ਵੱਖ ਸ਼ਹਿਰਾਂ ਵਿਚ ਸੇਵਾ ਸੁਸਾਇਟੀਆਂ, ਸੰਤ-ਮਹਾਂਪੁਰਸ਼ਾਂ ਨੂੰ ਮਿਲ ਕੇ ਆਪਣੇ ਫਰਜ਼ ਦੀ ਪੂਰਤੀ ਕਰ ਰਹੇ ਹਨ। ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਪ੍ਰਬੰਧਕ ਜਥੇਦਾਰ ਅਵਤਾਰ ਸਿੰਘ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ: ਇੰਦਰਜੀਤ ਸਿੰਘ ਮੱਕੜ ਮੁੱਖ ਸੇਵਾਦਾਰ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਇਨ੍ਹਾਂ ਸਮਾਗਮਾਂ ਵਿਚਬਾਬਾ ਗੁਰਮੇਲ ਸਿੰਘ ਨਾਨਕਸਰ, ਬਾਬਾ ਸੁਖਦੇਵ ਸਿੰਘ ਭੁੱਚੋ ਕਲਾਂ, ਪ੍ਰਸਿੱਧ ਕੀਰਤਨੀਏ ਬਾਬਾ ਰਾਮ ਸਿੰਘ ਸੀਂਘੜਾ (ਨਾਨਕਸਰ) ਕਰਨਾਲ, ਭਾਈ ਗੁਰਇਕਬਾਲ ਸਿੰਘ (ਬੀਬੀ ਕੌਲਾਂ ਵਾਲੇ), ਭਾਈ ਚਮਨਜੀਤ ਸਿੰਘ ਲਾਲ ਦਿੱਲੀ ਵਾਲੇ, ਬਾਬਾ ਜਸਵੰਤ ਸਿੰਘ ਲੁਧਿਆਣਾ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ ਹਰ ਤਰ੍ਹਾਂ ਦੇ ਸਹਿਯੋਗ ਤੇ ਪ੍ਰਚਾਰ 'ਚ ਤਨਦੇਹੀ ਨਾਲ ਲੱਗੇ ਹੋਏ ਹਨ। ਭਾਈ ਸੋਢੀ ਦੇ ਸਾਥੀ ਟੀਮ ਵਿਚ ਸ਼ਾਮਿਲ ਸ: ਅਮਰੀਕ ਸਿੰਘ ਮਿੱਕੀ, ਸ: ਐਸ. ਪੀ. ਐਸ. ਖੁਰਾਣਾ, ਸ: ਸੰਦੀਪ ਸਿੰਘ ਧਵਨ, ਸ: ਰਾਜਵੰਤ ਸਿੰਘ ਵੋਹਰਾ ਵੀ ਰਾਤ-ਦਿਨ ਮਿਹਨਤ ਕਰ ਰਹੇ ਹਨ।


-bhagwansinghjohal@gmail.com

ਸ਼ਬਦ ਵਿਚਾਰ

ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ॥

ਸਿਰੀਰਾਗੁ ਮਹਲਾ ੩॥
ਸਹਜੈ ਨੋ ਸਭ ਲੋਚਦੀ
ਬਿਨੁ ਗੁਰ ਪਾਇਆ ਨ ਜਾਇ॥
ਪੜਿ ਪੜਿ ਪੰਡਿਤ ਜੋਤਕੀ ਥਕੇ
ਭੇਖੀ ਭਰਮਿ ਭੁਲਾਇ॥
ਗੁਰ ਭੇਟੇ ਸਹਜੁ ਪਾਇਆ
ਆਪਣੀ ਕਿਰਪਾ ਕਰੇ ਰਜਾਇ॥ ੧॥
ਭਾਈ ਰੇ ਗੁਰ ਬਿਨੁ ਸਹਜੁ ਨ ਹੋਇ॥
ਸਬਦੈ ਹੀ ਤੇ ਸਹਜੁ ਊਪਜੈ
ਹਰਿ ਪਾਇਆ ਸਚੁ ਸੋਇ॥ ੧॥ ਰਹਾਉ॥
ਸਹਜੇ ਗਾਵਿਆ ਥਾਇ ਪਵੈ
ਬਿਨੁ ਸਹਜੈ ਕਥਨੀ ਬਾਦਿ॥
ਸਹਜੇ ਹੀ ਭਗਤਿ ਊਪਜੈ
ਸਹਜਿ ਪਿਆਰਿ ਬੈਰਾਗਿ॥
ਸਹਜੈ ਹੀ ਤੇ ਸੁਖ ਸਾਤਿ ਹੋਇ
ਬਿਨੁ ਸਹਜੈ ਜੀਵਣੁ ਬਾਦਿ॥ ੨॥
ਸਹਜਿ ਸਾਲਾਹੀ ਸਦਾ ਸਦਾ
ਸਹਜਿ ਸਮਾਧਿ ਲਗਾਇ॥
ਸਹਜੇ ਹੀ ਗੁਣ ਊਚਰੈ
ਭਗਤਿ ਕਰੇ ਲਿਵ ਲਾਇ॥
ਸਬਦੇ ਹੀ ਹਰਿ ਮਨਿ ਵਸੈ
ਰਸਨਾ ਹਰਿ ਰਸੁ ਖਾਇ॥ ੩॥
ਸਹਜੇ ਕਾਲੁ ਵਿਡਾਰਿਆ
ਸਚ ਸਰਣਾਈ ਪਾਇ॥
ਸਹਜੇ ਹਰਿ ਨਾਮੁ ਮਨਿ ਵਸਿਆ
ਸਚੀ ਕਾਰ ਕਮਾਇ॥
ਸੇ ਵਡਭਾਗੀ ਜਿਨੀ ਪਾਇਆ
ਸਹਜੇ ਰਹੇ ਸਮਾਇ॥ ੪॥
ਮਾਇਆ ਵਿਚਿ ਸਹਜੁ ਨ ਊਪਜੈ
ਮਾਇਆ ਦੂਜੈ ਭਾਇ॥
ਮਨਮੁਖ ਕਰਮ ਕਮਾਵਣੇ
ਹਉਮੈ ਜਲੈ ਜਲਾਇ॥
ਜੰਮਣੁ ਮਰਣੁ ਨ ਚੂਕਈ
ਫਿਰਿ ਫਿਰਿ ਆਵੈ ਜਾਇ॥ ੫॥
ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ
ਤ੍ਰੈ ਗੁਣ ਭਰਮਿ ਭੁਲਾਇ॥
ਪੜੀਐ ਗੁਣੀਐ ਕਿਆ ਕਥੀਐ
ਜਾ ਮੁੰਢਹੁ ਘੁਥਾ ਜਾਇ॥
ਚਉਥੇ ਪਦ ਮਹਿ ਸਹਜੁ ਹੈ
ਗੁਰਮੁਖਿ ਪਲੈ ਪਾਇ॥ ੬॥
ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ॥
ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ॥
ਭੁਲਿਆ ਸਹਜਿ ਮਿਲਾਇਸੀ
ਸਬਦਿ ਮਿਲਾਵਾ ਹੋਇ॥ ੭॥
ਬਿਨੁ ਸਹਜੈ ਸਭੁ ਅੰਧੁ ਹੈ
ਮਾਇਆ ਮੋਹੁ ਗੁਬਾਰੁ॥
ਸਹਜੇ ਹੀ ਸੋਝੀ ਪਈ
ਸਚੈ ਸਬਦਿ ਅਪਾਰਿ॥
ਆਪੇ ਬਖਸਿ ਮਿਲਾਇਅਨੁ
ਪੂਰੇ ਗੁਰ ਕਰਤਾਰਿ॥ ੮॥
ਸਹਜੇ ਅਦਿਸਟੁ ਪਛਾਣੀਐ
ਨਿਰਭਉ ਜੋਤਿ ਨਿਰੰਕਾਰੁ॥
ਸਭਨਾ ਜੀਆ ਕਾ ਇਕੁ ਦਾਤਾ
ਜੋਤੀ ਜੋਤਿ ਮਿਲਾਵਣਹਾਰੁ॥
ਪੂਰੈ ਸਬਦਿ ਸਲਾਹੀਐ
ਜਿਸ ਦਾ ਅੰਤੁ ਨ ਪਾਰਾਵਾਰੁ॥ ੯॥
ਗਿਆਨੀਆ ਕਾ ਧਨੁ ਨਾਮੁ ਹੈ
ਸਹਜਿ ਕਰਹਿ ਵਾਪਾਰੁ॥
ਅਨਦਿਨੁ ਲਾਹਾ ਹਰਿ ਨਾਮੁ ਲੈਨਿ
ਅਖੁਟ ਭਰੇ ਭੰਡਾਰ॥
ਨਾਨਕ ਤੋਟ ਨ ਆਵਈ
ਦੀਏ ਦੇਵਣਹਾਰਿ॥ ੧੦॥ ੬॥ ੨੩॥ (ਅੰਗ 68-69)
ਪਦ ਅਰਥ : ਸਹਜੈ-ਸਹਿਜ ਅਵਸਥਾ। ਸਭ ਲੋਚਦੀ-ਸਾਰੀ ਲੋਕਾਈ ਲੋਚਦੀ ਹੈ। ਪਾਇਆ ਨ ਜਾਇ-ਪ੍ਰਾਪਤ ਕੀਤਾ ਨਹੀਂ ਜਾ ਸਕਦਾ। ਜੋਤਕੀ-ਜੋਤਸ਼ੀ। ਭੇਖੀ-ਛੇ ਭੇਖਾਂ (ਜੋਗੀ, ਸੰਨਿਆਸੀ, ਜੰਗਮ, ਸਰੇਵੜੇ, ਬੈਰਾਗੀ ਅਤੇ ਬੋਧੀ)। ਭਰਮਿ-ਭਟਕਣਾ ਵਿਚ ਪੈ ਕੇ। ਭੁਲਾਇ-ਕੁਰਾਹੇ ਪਏ ਰਹੇ। ਗੁਰ ਭੇਟੇ-ਗੁਰੂ ਨੂੰ ਮਿਲ ਕੇ। ਸਹਜੁ ਪਾਇਆ-ਸਹਿਜ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ। ਆਪਣੀ ਰਜਾਇ-ਆਪਣੀ ਰਜ਼ਾ ਅਨੁਸਾਰ। ਕਿਰਪਾ ਕਰੇ-ਕਿਰਪਾ ਦ੍ਰਿਸ਼ਟੀ ਕਰਦਾ ਹੈ।
ਸਹਜੁ ਨ ਹੋਇ-ਸਹਜ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ। ਊਪਜੈ-ਪੈਦਾ ਹੁੰਦੀ ਹੈ। ਸਚੁ ਸੋਇ-ਉਹ ਸਦਾ ਥਿਰ ਰਹਿਣ ਵਾਲਾ। ਥਾਇ ਪਵੈ-ਪ੍ਰਵਾਨ ਹੁੰਦੀ ਹੈ। ਸਹਜੇ ਗਾਵਿਆ-ਆਤਮਿਕ ਅਵਸਥਾ ਵਿਚ ਟਿਕ ਕੇ ਕੀਤੀ ਸਿਫ਼ਤ ਸਾਲਾਹ (ਕੀਰਤੀ). ਬਿਨੁ ਸਹਜੈ-ਸਹਿਜ ਅਵਸਥਾ ਤੋਂ ਬਿਨਾਂ। ਕਥਨੀ ਬਾਦਿ-ਵਿਖਿਆਨ ਕਰਨੇ ਸਭ ਵਿਅਰਥ ਹਨ। ਭਗਤਿ ਊਪਜੈ-ਭਗਤੀ ਪੈਦਾ ਹੁੰਦੀ ਹੈ। ਪਿਆਰਿ ਬੈਰਾਗਿ-(ਪਰਮਾਤਮਾ ਨਾਲ) ਪਿਆਰ ਅਤੇ ਸੰਸਾਰ ਵਲੋਂ ਵੈਰਾਗ ਵਿਚ ਵਿਚਰਦਾ ਹੈ। ਜੀਵਣੁ ਬਾਦਿ-ਜੀਵਨ ਵਿਅਰਥ ਹੈ।
ਸਹਜਿ-ਆਤਮਿਕ ਅਵਸਥਾ (ਵਿਚ ਟਿਕ ਕੇ)। ਸਾਲਾਹੀ-ਸਾਲਾਹੁਣਾ ਕਰ। ਸਹਜਿ ਸਮਾਧਿ-ਸਹਿਜ ਅਵਸਥਾ ਵਿਚ ਸਮਾਧੀ ਲਾ ਕੇ। ਗੁਣ ਊਚਰੈ-(ਪਰਮਾਤਮਾ ਦੇ) ਗੁਣ ਗਾਉਂਦਾ ਹੈ। ਭਗਤਿ ਕਰੇ ਲਿਵ ਲਾਇ-(ਪਰਮਾਤਮਾ ਵਿਚ) ਲਿਵ ਅਰਥਾਤ ਸੁਰਤ ਨੂੰ ਜੋੜ ਕੇ ਭਗਤੀ ਕਰਦਾ ਹੈ। ਸਬਦੇ-ਗੁਰ ਦੇ ਸ਼ਬਦ ਨਾਲ। ਹਰਿ ਮਨਿ ਵਸੈ-ਪਰਮਾਤਮਾ ਮਨ ਵਿਚ ਆ ਵਸਦਾ ਹੈ। ਰਸਨਾ-ਜੀਭ। ਹਰਿ ਰਸੁ ਖਾਇ-ਪਰਮਾਤਮਾ ਦੇ ਨਾਮ ਰਸ ਨੂੰ ਚੱਖਦੀ ਰਹਿੰਦੀ ਹੈ।
ਕਾਲੁ-ਮੌਤ। ਵਿਡਾਰਿਆ-(ਡਰ ਨੂੰ) ਮਾਰ ਲਿਆ ਹੈ। ਸਚ ਸਰਣਾਈ ਪਾਇ-ਸਦਾ ਥਿਰ ਪ੍ਰਭੂ ਦੀ ਸ਼ਰਨ ਪੈ ਕੇ। ਸਹਜੇ-ਸੁਭਾਵਿਕ ਹੀ। ਸਚੀ ਕਾਰ ਕਮਾਇ-ਸਚੀ ਨਾਮ ਰੂਪੀ ਕਾਰ ਦੀ ਕਮਾਈ ਸਦਕਾ। ਸਹਜੇ ਰਹੇ ਸਮਾਇ-ਆਤਮਿਕ ਅਡੋਲਤਾ ਵਿਚ ਲੀਨ ਰਹਿੰਦੇ, ਟਿਕੇ ਰਹਿੰਦੇ ਹਨ।
ਨ ਊਪਜੈ-ਪੈਦਾ ਨਹੀਂ ਹੁੰਦਾ। ਦੂਜੈ ਭਾਇ-ਦੂਜੇ ਹੋਰਨਾਂ ਦੇ ਪਿਆਰ ਵਿਚ ਫਸਾਉਂਦੀ ਹੈ। ਮਨਮੁਖ-ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਕਰਮ ਕਮਾਵਣੇ-ਕਰਮ (ਕੰਮ) ਕਰਦੇ ਹਨ। ਹਉਮੈ ਜਲੈ ਜਲਾਇ-ਹਉਮੈ ਵਿਚ ਆਪ ਸੜਦੇ ਹਨ ਅਤੇ ਦੂਜਿਆਂ ਨੂੰ ਸਾੜਦੇ ਹਨ। ਨ ਚੂਕਈ-ਮੁਕਦਾ ਅਰਥਾਤ ਖ਼ਤਮ ਨਹੀਂ ਹੁੰਦਾ। ਫਿਰਿ ਫਿਰਿ-ਵਾਰ ਵਾਰ, ਮੁੜ ਮੁੜ। ਆਵੈ ਜਾਇ-ਜੰਮਦਾ ਤੇ ਮਰਦਾ ਰਹਿੰਦਾ ਹੈ।
ਅੱਖਰੀਂ ਅਰਥ : ਸਹਜ ਅਵਸਥਾ (ਆਤਮਿਕ ਅਡੋਲਤਾ) ਲਈ ਸਾਰੀ ਲੋਕਾਈ ਲੋਚਦੀ ਹੈ ਪਰ ਗੁਰੂ ਤੋਂ ਬਿਨਾਂ ਸਹਿਜ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ। ਪੰਡਿਤ ਅਤੇ ਜੋਤਸ਼ੀ ਲੋਕ ਧਾਰਮਿਕ ਸ਼ਾਸਤਰਾਂ ਨੂੰ ਪੜ੍ਹ-ਪੜ੍ਹ ਕੇ ਥੱਕ ਗਏ, ਭੇਖੀ (ਜੋਗੀ, ਸੰਨਿਆਸੀ, ਜੰਗਮ, ਸਰੇਵੜੇ, ਬੈਰਾਗੀ ਅਤੇ ਬੋਧੀ) ਆਦਿ ਭੇਖਾਂ ਵਿਚ ਪੈ ਕੇ ਭਰਮ-ਭੁਲੇਖਿਆਂ ਵਿਚ ਭੁੱਲੇ ਰਹੇ (ਪਰ ਉਨ੍ਹਾਂ ਵਿਚੋਂ ਕੋਈ ਵੀ ਸਹਿਜ ਅਵਸਥਾ ਪ੍ਰਾਪਤ ਨਾ ਕਰ ਸਕਿਆ)। ਵਾਸਤਵ ਵਿਚ ਜਿਨ੍ਹਾਂ 'ਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਕਿਰਪਾ (ਦ੍ਰਿਸ਼ਟੀ) ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ ਸਹਿਜ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ।
ਹੇ ਭਾਈ, ਗੁਰੂ ਤੋਂ ਬਿਨਾਂ ਸਹਿਜ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਦੇ ਸ਼ਬਦ ਦੁਆਰਾ ਹੀ ਸਹਿਜ ਅਵਸਥਾ ਪੈਦਾ ਹੁੰਦੀ ਹੈ ਅਤੇ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸਹਿਜ ਅਵਸਥਾ ਵਿਚ ਟਿਕ ਕੇ (ਕੀਤੀ ਸਿਫ਼ਤ ਸਾਲਾਹ ਹੀ ਦਰਗਾਹੇ) ਪ੍ਰਵਾਨ ਹੁੰਦੀ ਹੈ। ਸਹਿਜ ਅਵਸਥਾ ਤੋਂ ਬਿਨਾਂ ਹੋਰ ਕਿਸੇ ਪ੍ਰਕਾਰ ਦੇ ਵਿਖਿਆਨ ਕਰਨੇ ਸਭ ਵਿਅਰਥ ਹਨ। ਆਤਮਿਕ ਅਡੋਲਤਾ ਵਿਚ ਟਿਕਿਆਂ ਹੀ ਮਨ ਅੰਦਰ ਭਗਤੀ ਲਈ ਚਾਅ ਪੈਦਾ ਹੁੰਦਾ ਹੈ ਅਤੇ ਸਹਿਜ ਅਵਸਥਾ ਸਦਕਾ ਹੀ ਪਰਮਾਤਮਾ ਵਿਚ ਪਿਆਰ ਅਤੇ ਵੈਰਾਗ ਪੈਦਾ ਹੁੰਦਾ ਹੈ। ਆਤਮਿਕ ਅਡੋਲਤਾ ਸਦਕਾ ਹੀ ਆਤਮਿਕ ਸੁੱਖ ਅਤੇ ਮਨ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ। ਆਤਮਿਕ ਅਡੋਲਤਾ ਤੋਂ ਬਿਨਾਂ ਜੀਵਨ ਸਭ ਵਿਅਰਥ ਹਨ।
ਜੋ ਸਹਿਜ ਅਵਸਥਾ ਵਿਚ ਸਮਾਧੀ ਲਾ ਕੇ, ਸਹਿਜ ਅਵਸਥਾ ਵਿਚ ਟਿਕ ਕੇ ਸਦਾ ਪਰਮਾਤਮਾ ਨੂੰ ਸਾਲਾਹੁੁੰਦਾ ਹੈ, ਆਪਣੀ ਲਿਵ ਨੂੰ ਪ੍ਰਭੂ ਚਰਨਾਂ ਵਿਚ ਜੋੜ ਕੇ, ਆਤਮਿਕ ਅਡੋਲਤਾ ਵਿਚ ਜੁੜ ਕੇ ਪ੍ਰਭੂ ਦੇ ਗੁਣ ਉਚਾਰਦਾ ਹੈ, ਗਾਉਂਦਾ ਹੈ, ਅਜਿਹੇ ਜਗਿਆਸੂ ਦੇ ਮਨ ਵਿਚ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਆ ਵਸਦਾ ਹੈ ਅਤੇ ਉਸ ਦੀ ਰਸਨਾ (ਜੀਭ) ਪਰਮਾਤਮਾ ਦੇ ਨਾਮ ਰਸ ਨੂੰ ਚੱਖਦੀ ਰਹਿੰਦੀ ਹੈ।
ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਸਰਨੀ ਲੱਗ ਕੇ ਜਿਨ੍ਹਾਂ ਨੇ ਸਹਿਜੇ ਹੀ ਮੌਤ ਦੇ ਡਰ ਨੂੰ ਦੂਰ ਕਰ ਲਿਆ ਹੈ, ਸੱਚੀ ਨਾਮ ਰੂਪੀ ਕਾਰ ਦੀ ਕਮਾਈ ਕਰਨ ਸਦਕਾ ਉਨ੍ਹਾਂ ਦੇ ਮਨ ਵਿਚ ਫਿਰ ਪਰਮਾਤਮਾ ਦਾ ਨਾਮ ਸੁਤੇ ਹੀ ਆ ਵਸਦਾ ਹੈ। ਜਿਨ੍ਹਾਂ ਵਡਭਾਗੀਆਂ ਨੇ ਉਸ ਪ੍ਰਭੂ ਨੂੰ ਪਾ ਲਿਆ ਹੈ, ਉਹ ਫਿਰ ਸਦਾ ਆਤਮਿਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ।
ਮੋਹ ਮਾਇਆ ਵਿਚ ਟਿਕੇ ਰਹਿਣ ਨਾਲ ਸਹਿਜ ਅਵਸਥਾ ਪੈਦਾ ਨਹੀਂ ਹੁੰਦੀ ਅਤੇ ਹੋਰ-ਹੋਰ ਮਾਇਕ ਪਦਾਰਥਾਂ ਵਿਚ ਪਿਆਰ ਪਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇਤੁਰਨ ਵਾਲਾ ਮਨਮੁਖ ਜੋ ਵੀ ਕਰਮ ਕਰਦਾ ਹੈ, ਹਉਮੈ ਕਾਰਨ ਉਹ ਆਪ ਆਪਣੇ ਵਿਚ ਸੜਦਾ ਹੈ ਅਤੇ ਦੂਜਿਆਂ ਨੂੰ ਸਾੜਦਾ ਹੈ। ਅਜਿਹੇ ਮਨਮੁਖ ਦਾ ਜਨਮ-ਮਰਨ ਦਾ ਗੇੜ ਕਦੇ ਮੁਕਦਾ ਨਹੀਂ ਅਤੇ ਉਹ ਮੁੜ-ਮੁੜ ਜੰਮਦਾ ਤੇ ਮਰਦਾ ਰਹਿੰਦਾ ਹੈ। (ਚਲਦਾ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਇੱਛਾ ਸ਼ਕਤੀ ਦੀ ਊਰਜਾ ਮਨੁੱਖ ਨੂੰ ਪਵਿੱਤਰ ਬਣਾਉਂਦੀ ਹੈ

ਵਿਗਿਆਨ ਦਾ ਗਿਆਨ ਸਾਨੂੰ ਕੀ, ਕਿਵੇਂ, ਕਦੋਂ, ਕਿੱਥੇ ਵਰਗੇ ਪ੍ਰਸ਼ਨਾਂ ਦੇ ਉੱਤਰ ਲੱਭਣ ਵਿਚ ਸਹਾਈ ਹੁੰਦਾ ਹੈ। ਜੇ ਲੋਕਾਂ ਦੇ ਮਨਾਂ ਵਿਚ ਅਜਿਹੇ ਪ੍ਰਸ਼ਨ ਨਾ ਆਏ ਹੁੰਦੇ ਤਾਂ ਵਿਗਿਆਨਕ ਖੋਜਾਂ ਸ਼ਾਇਦ ਨਾ ਹੁੰਦੀਆਂ। ਜਾਣਨ ਦੀ ਇੱਛਾ ਸਾਡੇ ਅੰਦਰ ਇਕ ਉਥਲ-ਪੁਥਲ ਮਚਾਉਂਦੀ ਹੈ। ਇਹ ਜਾਣਨ ਦੀ ਇੱਛਾ ਅਤੇ ਇੱਛਾ ਸ਼ਕਤੀ ਹੀ ਸੀ, ਜਿਸ ਨੇ ਰਾਜਕੁਮਾਰ ਸਿਧਾਰਥ ਨੂੰ ਮਹਾਤਮਾ ਬੁੱਧ ਬਣਾ ਦਿੱਤਾ। ਸੱਚ ਨੂੰ ਜਾਣਨ ਦੀ ਇੱਛਾ ਕਾਰਨ ਹੀ ਸਿਧਾਰਥ ਨੇ ਰਾਜਪਾਟ, ਸੁੱਖ ਸਹੂਲਤਾਂ, ਐਸ਼ੋ-ਆਰਾਮ ਸਭ ਕੁਝ ਤਿਆਗ ਦਿੱਤਾ। ਜਾਣਨ ਦੀ ਇੱਛਾ ਅਤੇ ਤੁਹਾਡੀ ਸ਼ਕਤੀ ਭਾਵ ਇੱਛਾ-ਸ਼ਕਤੀ ਅਜਿਹੀ ਭੱਠੀ ਹੈ, ਜਿਸ ਵਿਚ ਤਪ ਕੇ ਤੁਸੀਂ ਪਵਿੱਤਰ ਬਣਦੇ ਹੋ।
ਵਿਵੇਕਾਨੰਦ ਨੂੰ ਬਚਪਨ ਵਿਚ ਹੀ ਪਰਮਾਤਮਾ ਬਾਰੇ ਜਾਣਨ ਦੀ ਇੱਛਾ ਹੋਈ। ਇਸ ਇੱਛਾ ਨੇ ਹੀ ਉਨ੍ਹਾਂ ਦਾ ਮੇਲ ਉਨ੍ਹਾਂ ਦੇ ਗੁਰੂ ਸ੍ਰੀ ਰਾਮ ਕ੍ਰਿਸ਼ਨ ਪਰਮਹੰਸ ਨਾਲ ਕਰਵਾਇਆ। ਇਹ ਇੱਛਾ ਸ਼ਕਤੀ ਹੀ ਸੀ, ਜਿਸ ਨੇ ਭਾਰਤੀ ਵਿਗਿਆਨੀ ਸਰ ਸੀ. ਵੀ. ਰਮਨ ਤੋਂ ਪ੍ਰਕਾਸ਼ ਦੇ ਖਿੰਡਰਨ ਦੇ ਵਰਤਾਰੇ ਦੀ ਵਿਆਖਿਆ ਕਰਵਾਈ ਅਤੇ ਦੁਨੀਆ ਦਾ ਮਿਆਰੀ ਨੋਬਲ ਇਨਾਮ ਦੁਆਇਆ। ਇੱਛਾ ਸ਼ਕਤੀ ਕਰਨ ਟਾਮਨ ਐਲਵਾ ਐਡੀਸਨ ਨੇ ਸੈਂਕੜੇ ਵਿਗਿਆਨਕ ਕਾਢਾਂ ਕੱਢੀਆਂ। ਕੇਵਲ ਇੱਛਾ ਹੀ ਨਹੀਂ, ਸਗੋਂ ਪ੍ਰਸ਼ਨਾਂ ਦੇ ਉੱਤਰ ਜਾਣਨ ਦੀ ਸ਼ਕਤੀ ਹੀ ਲਗਨ ਪੈਦਾ ਕਰਦੀ ਹੈ। ਇਸ ਲਈ ਕਿਸੇ ਤਪੱਸਿਆ ਜਾਂ ਭਗਤੀ ਦੀ ਲੋੜ ਨਹੀਂ। ਇਸ ਇੱਛਾ ਦੇ ਨਾਲ-ਨਾਲ ਲਗਨ ਅਤੇ ਆਪਣੇ ਨਾਲ ਜੁੜਨ ਦੀ ਲੋੜ ਹੁੰਦੀ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 62805-75943

ਖਿੱਚ ਦਾ ਕੇਂਦਰ ਬਣ ਰਹੀ ਲਾਹੌਰ ਸ਼ਾਹੀ ਕਿਲ੍ਹੇ ਦੀ ਸਿੱਖ ਗੈਲਰੀ

ਪਾਕਿਸਤਾਨ ਪੁਰਾਤੱਤਵ ਅਤੇ ਮਿਊਜ਼ੀਅਮ ਵਿਭਾਗ ਵਲੋਂ ਲਾਹੌਰ ਦੇ ਸ਼ਾਹੀ ਕਿਲ੍ਹੇ 'ਚ ਰਾਣੀ ਜਿੰਦਾਂ ਦੀ ਹਵੇਲੀ 'ਚ ਸਥਾਪਿਤ ਕੀਤੀ ਗਈ 'ਸਿੱਖ ਗੈਲਰੀ' ਕਿਲ੍ਹਾ ਵੇਖਣ ਆਉਣ ਵਾਲੇ ਦਰਸ਼ਕਾਂ ਦੀ ਖਿੱਚ ਦਾ ਮੁੱਖ ਕੇਂਦਰ ਬਣੀ ਹੋਈ ਹੈ। ਕਿਲ੍ਹੇ ਵਿਚ ਕਾਇਮ ਕੀਤੀ ਗਈ ਉਪਰੋਕਤ ਗੈਲਰੀ ਵਿਚ 'ਪ੍ਰਿੰਸਿਸ ਬੰਬਾ ਕਲੇਕਸ਼ਨ' ਨਾਂਅ ਹੇਠ ਮਹਾਰਾਜਾ ਰਣਜੀਤ ਸਿੰਘ ਅਤੇ ਲਾਹੌਰ ਦਰਬਾਰ ਨਾਲ ਸਬੰਧਿਤ ਪੱਕੇ ਤੌਰ 'ਤੇ ਲਗਾਈ ਗਈ ਪ੍ਰਦਰਸ਼ਨੀ ਵਿਚ ਕਈ ਇਤਿਹਾਸਕ ਨਿਸ਼ਾਨੀਆਂ ਸੁਸ਼ੋਭਿਤ ਕੀਤੀਆਂ ਗਈਆਂ ਹਨ। ਇਨ੍ਹਾਂ 'ਚੋਂ 88 ਵਸਤੂਆਂ ਸਿੱਖ ਦਰਬਾਰ ਦੇ ਉਸ ਕੌਮੀ ਖ਼ਜ਼ਾਨੇ ਦੀਆਂ ਹਨ, ਜਿਨ੍ਹਾਂ ਦੀ ਸੁਰੱਖਿਆ ਆਪਣੇ ਅੰਤਿਮ ਸਾਹਾਂ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਸਪੁੱਤਰ ਅਤੇ ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਸੋਫ਼ੀਆ ਸਦਰਲੈਂਡ ਕਰਦੀ ਰਹੀ। ਉਪਰੋਕਤ ਅਨਮੋਲ ਵਸਤੂਆਂ ਵਿਚ ਯੂਰਪੀ ਚਿੱਤਰਕਾਰਾਂ ਦੁਆਰਾ ਬਣਾਏ ਬੇਸ਼ਕੀਮਤੀ 18 ਤੇਲ ਚਿੱਤਰ, 14 ਜਲ ਚਿੱਤਰ, 22 ਹਾਥੀ-ਦੰਦ ਚਿੱਤਰ, 17 ਤਸਵੀਰਾਂ, 10 ਧਾਤੂ ਦੇ ਬਣੇ ਮਾਡਲ ਸਮੇਤ 7 ਹੋਰ ਵਸਤੂਆਂ ਸ਼ਾਮਿਲ ਹਨ।
ਉਪਰੋਕਤ ਤੇਲ ਚਿੱਤਰਾਂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦਰਬਾਰ ਵਾਲੀ ਪੇਂਟਿੰਗ, ਮਹਾਰਾਜਾ ਸ਼ੇਰ ਸਿੰਘ ਦੀ ਕੌਂਸਲ ਅਤੇ ਸ਼ੇਰ-ਏ-ਪੰਜਾਬ ਦੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਿਆਂ ਦੀ ਪੇਂਟਿੰਗ ਸਮੇਤ ਸ਼ਹਿਜ਼ਾਦਾ ਦਲੀਪ ਸਿੰਘ ਦੀ ਘੋੜੇ 'ਤੇ ਸਵਾਰੀ ਕਰਦਿਆਂ ਦੀ, ਉਨ੍ਹਾਂ ਦੇ ਪੁੱਤਰ ਫਰੈਡਰਿਕ ਦਲੀਪ ਸਿੰਘ, ਗੁਲਾਬ ਸਿੰਘ ਡੋਗਰਾ, ਧਿਆਨ ਸਿੰਘ ਡੋਗਰਾ, ਤੇਜਾ ਸਿੰਘ, ਮਹਾਰਾਜਾ ਸ਼ੇਰ ਸਿੰਘ, ਸ਼ੇਰ ਸਿੰਘ ਅਟਾਰੀਵਾਲਾ, ਚਤਰ ਸਿੰਘ ਤੇ ਸ਼ਾਮ ਸਿੰਘ ਅਟਾਰੀਵਾਲਾ, ਜਰਨੈਲ ਹਰੀ ਸਿੰਘ ਨਲਵਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਲਿਬਾਸ ਵਿਚ ਹਾਥੀ ਉੱਪਰ ਬੈਠੇ ਦੀ ਸਿਲਵਰ ਪੇਂਟਿੰਗ ਅਤੇ ਮੁਹੰਮਦ ਬਖ਼ਸ਼ ਨਕਾਸ਼ ਦੁਆਰਾ ਸ਼ੇਰ-ਏ-ਪੰਜਾਬ ਦੇ ਦਰਬਾਰ 'ਚ ਮੌਜੂਦ ਲਗਪਗ ਸਭ ਜਰਨੈਲਾਂ, ਅਧਿਕਾਰੀਆਂ ਤੇ ਦੀਵਾਨਾਂ ਦੇ ਨਾਂਅ ਲਿਖੀ ਪੇਂਟਿੰਗ ਵਧੇਰੇ ਵਰਣਨਯੋਗ ਹੈ। ਇਨ੍ਹਾਂ ਮਸ਼ਹੂਰ ਪੇਂਟਿੰਗਜ਼ ਦੇ ਇਲਾਵਾ ਮਹਾਰਾਜਾ ਦਲੀਪ ਸਿੰਘ ਦੀ ਬੰਸਾਵਲੀ, ਜਿਸ 'ਚ ਮਹਾਰਾਜਾ ਨੂੰ ਚੰਦਰਬੰਸੀ ਲਿਖਿਆ ਗਿਆ ਹੈ, ਸਮੇਤ ਰਾਣੀ ਜਿੰਦ ਕੌਰ ਦੇ ਸਫ਼ੈਦ ਸੰਗਮਰਮਰ ਦੇ ਤਰਾਸ਼ੇ ਹੱਥ ਅਤੇ ਮਹਾਰਾਜਾ ਦੀ ਅਖਰੋਟ ਦੀ ਲੱਕੜੀ ਨਾਲ ਬਣੀ ਕੁਰਸੀ, ਜਿਸ ਦੇ ਉੱਪਰ ਦੋ ਮੋਰ ਅਤੇ ਬੰਸੁਰੀ ਵਜਾਉਂਦੇ ਇਕ ਪੁਰਸ਼ ਤੇ ਦੋ ਔਰਤਾਂ ਦੀਆਂ ਮੂਰਤਾਂ ਉੱਕਰੀਆਂ ਹੋਈਆਂ ਹਨ, ਵੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਸੋਫ਼ੀਆ ਸਦਰਲੈਂਡ ਜੋ ਕਿ ਆਪਣੇ ਅੰਤ ਤਕ ਖੁਦ ਨੂੰ ਸ਼ਹਿਜ਼ਾਦੀ ਬੰਬਾ ਸੋਫ਼ੀਆ ਜਿੰਦਾਂ ਦਲੀਪ ਸਿੰਘ ਨਾਂਅ ਨਾਲ ਸੰਬੋਧਿਤ ਕਰਦੀ ਰਹੀ, ਜਦੋਂ ਵਿਦੇਸ਼ ਤੋਂ ਭਾਰਤ ਆਉਣ ਲੱਗੀ ਤਾਂ ਉਹ ਆਪਣੇ ਨਾਲ ਆਪਣੇ ਪਿਤਾ ਤੋਂ ਮਿਲਿਆ ਵਿਰਾਸਤੀ ਖ਼ਜ਼ਾਨਾ, ਜਿਸ ਵਿਚ ਕਈ ਇਤਿਹਾਸਕ ਬਹੁਮੁੱਲੀਆਂ ਵਸਤੂਆਂ; ਮਹਾਰਾਜਾ ਰਣਜੀਤ ਸਿੰਘ ਦੇ ਸੋਨੇ ਨਾਲ ਲਿਖੇ ਗਏ ਸ਼ਾਹੀ ਫਰਮਾਨ, ਪੇਂਟਿੰਗਜ਼, ਹੀਰੇ-ਮੋਤੀ ਜੜੀਆਂ ਸ਼ਾਹੀ ਪੁਸ਼ਾਕਾਂ, ਹੀਰਿਆਂ ਦੇ ਹਾਰ ਅਤੇ ਕੀਮਤੀ ਧਾਤੂਆਂ ਦੀਆਂ ਬਣੀਆਂ ਮੂਰਤੀਆਂ ਸਹਿਤ ਅਰਬੀ 'ਚ ਲਿਖੇ ਦਸਤਾਵੇਜ਼ ਆਦਿ ਸ਼ਾਮਿਲ ਸਨ, ਨਾਲ ਲੈ ਆਈ। ਇਨ੍ਹਾਂ ਦਸਤਾਵੇਜ਼ਾਂ ਨੂੰ ਚੰਗੀ ਤਰ੍ਹਾਂ ਜਾਣਨ ਤੇ ਸਮਝਣ ਲਈ ਉਸ ਨੇ ਲਾਹੌਰ ਦੇ ਫਾਰਸੀ ਤੇ ਅੰਗਰੇਜ਼ੀ ਦੇ ਵਿਦਵਾਨ ਕਰੀਮ ਬਖ਼ਸ਼ ਸਿਪਰਾ ਦੀਆਂ ਸੇਵਾਵਾਂ ਲਈਆਂ ਅਤੇ ਸ਼ਹਿਜ਼ਾਦੀ ਦੀ ਆਪਣੀ ਕੋਈ ਔਲਾਦ ਨਾ ਹੋਣ ਕਰਕੇ ਉਸ ਨੇ ਆਪਣੀ ਮੌਤ ਤੋਂ ਪਹਿਲਾਂ ਦੋ ਗਵਾਹਾਂ ਵਕੀਲ ਮਨਜ਼ੂਰ ਅਨਾਮ ਅਤੇ ਵਕੀਲ ਮਵਲਿਜ਼ ਹੁਸੈਨ ਦੀ ਹਾਜ਼ਰੀ ਵਿਚ ਆਪਣੀ ਸ਼ਾਹੀ ਕੋਠੀ 'ਗੁਲਜ਼ਾਰ', ਮਾਡਲ ਟਾਊਨ ਦੇ ਪਲਾਟ ਨੰ: 103, 104 ਅਤੇ ਇੰਗਲੈਂਡ ਦੇ ਬੈਂਕਾਂ ਵਿਚ ਪਈਆਂ ਸਭ ਬਹੁਮੁੱਲੀਆਂ ਵਸਤੂਆਂ ਅਤੇ ਸਮੇਤ ਉਪਰੋਕਤ 88 ਵਸਤੂਆਂ ਵਸੀਹਤ 'ਚ ਕਰੀਮ ਬਖ਼ਸ਼ ਦੇ ਨਾਂਅ ਕਰ ਦਿੱਤੀਆਂ। ਇਨ੍ਹਾਂ ਵਸਤੂਆਂ ਸਮੇਤ ਸ਼ਹਿਜ਼ਾਦੀ ਦੀਆਂ ਇੰਗਲੈਂਡ ਦੇ ਬੈਂਕਾਂ ਵਿਚ ਪਈਆਂ ਸਭ ਬਹੁਮੁੱਲੀਆਂ ਵਸਤੂਆਂ ਬਾਅਦ ਵਿਚ ਉਸ ਨੇ ਪਾਕਿਸਤਾਨ ਸਰਕਾਰ ਦੇ ਪੁਰਾਤੱਤਵ ਵਿਭਾਗ ਨੂੰ ਵੇਚ ਦਿੱਤੀਆਂ। ਪਾਕਿਸਤਾਨ ਪੁਰਾਤੱਤਵ ਵਿਭਾਗ ਨੇ ਹੁਣ ਉਪਰੋਕਤ ਸਿੱਖ ਗੈਲਰੀ ਵਿਚ ਰਾਣੀ ਮੋਰਾਂ ਦੀ ਧਾਤੂ ਦੀ ਬਣੀ ਕੁਰਸੀ, ਸਿੱਖ ਦਰਬਾਰ ਦੇ ਸ਼ਸਤਰ, ਸ਼ਾਹੀ ਪੋਸ਼ਾਕਾਂ, ਸ਼ਾਹੀ ਫਰਨੀਚਰ, ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਤੇ ਸਿੱਖ ਦਰਬਾਰ ਦੇ ਸਿੱਕੇ ਵੀ ਸ਼ਾਮਿਲ ਕਰ ਲਏ ਹਨ।


ਅੰਮ੍ਰਿਤਸਰ। ਮੋਬਾ: 93561-27771

ਧਾਰਮਿਕ ਸਾਹਿਤ

ਕੌਮੀ ਨਿਘਾਰ ਜ਼ਿੰਮੇਵਾਰ ਕੌਣ?
ਕੀ ਜਥੇਦਾਰ ਤੇ ਨਹੀਂ?

ਲੇਖਕ : ਮੋਹਣ ਸਿੰਘ ਸਹਿਗਲ
ਪ੍ਰਕਾਸ਼ਕ : ਸਿੱਖ ਸੇਵਾ ਸੁਸਾਇਟੀ ਇੰਟਰਨੈਸ਼ਨਲ, ਜਲੰਧਰ।
ਭੇਟਾ : 200 ਰੁਪਏ, ਸਫੇ : 144
ਸੰਪਰਕ : 98155-86515


ਲੇਖਕ ਧਾਰਮਿਕ ਰੁਚੀ ਦਾ ਮਾਲਕ ਹੋਣ ਕਰਕੇ ਹਮੇਸ਼ਾ ਇਸ ਗੱਲ ਲਈ ਚਿੰਤਤ ਰਿਹਾ ਹੈ ਕਿ ਸਿੱਖ ਕੌਮ ਵਿਚ ਰਾਜਸੀ ਤੇ ਵਿੱਦਿਅਕ ਖੇਤਰ ਵਿਚ ਲਗਾਤਾਰ ਪਛੜ ਰਹੀ ਹੈ। ਇਸੇ ਦਰਦ ਵਿਚੋਂ ਨਿਕਲੇ ਵਿਚਾਰਾਂ ਵਿਚੋਂ ਹੀ ਇਸ ਪੁਸਤਕ ਦਾ ਜਨਮ ਹੋਇਆ। ਇਸ ਸਭ ਕਾਸੇ ਲਈ ਲੇਖਕ ਮੁਤਾਬਿਕ ਜ਼ਿੰਮੇਵਾਰ ਕੇਵਲ ਖੁਦਗਰਜ਼ ਧਾਰਮਿਕ ਤੇ ਰਾਜਨੀਤਕ ਆਗੂ ਹਨ, ਜਿਨ੍ਹਾਂ ਕੌਮੀ ਫਰਜ਼ਾਂ ਨੂੰ ਨਹੀਂ ਪਹਿਚਾਣਿਆ। ਲੇਖਕ ਨੇ ਇਸ ਤੋਂ ਪਹਿਲਾਂ ਵੀ ਇਕ ਪੁਸਤਕ 'ਸਦੀਵੀ ਤਖ਼ਤ ਤੇ ਹੋਰ ਧਾਰਮਿਕ ਲੇਖ' ਪਾਠਕਾਂ ਦੇ ਸਨਮੁੱਖ ਪੇਸ਼ ਕੀਤੀ ਸੀ। ਇਸ ਹਥਲੀ ਪੁਸਤਕ ਵਿਚ ਲੇਖਕ ਦਾ ਮਤ ਹੈ ਕਿ ਰਹਿਤ ਮਰਿਆਦਾ ਤੇ ਧਾਰਮਿਕ ਖੇਤਰ ਵਿਚ ਆ ਰਹੀਆਂ ਕਮਜ਼ੋਰੀਆਂ, ਪੰਥਕ ਜਥੇਬੰਦੀਆਂ ਦੀ ਫੁੱਟ, ਜ਼ਿੰਮੇਵਾਰੀ ਨਿਭਾਉਣ ਵਾਲੀਆਂ ਜਥੇਬੰਦੀਆਂ ਵਿਚ ਨੇਤਾਗਿਰੀ ਲਈ ਅੰਨ੍ਹੀ ਦੌੜ, ਨੌਜਵਾਨਾਂ ਵਿਚ ਆ ਰਹੀ ਧਾਰਮਿਕ ਗਿਰਾਵਟ ਨੇ ਕੌਮੀ ਪੱਧਰ 'ਤੇ ਵੱਡਾ ਨੁਕਸਾਨ ਕੀਤਾ ਹੈ। ਇਸ ਹਥਲੀ ਪੁਸਤਕ ਵਿਚ ਸ਼ਾਮਿਲ ਵੱਖ-ਵੱਖ ਲੇਖ ਇਸੇ ਕੌਮੀ ਦਰਦ ਦਾ ਹੀ ਵਿਸਥਾਰ ਹਨ। ਇਨ੍ਹਾਂ ਵਿਚੋਂ ਬਹੁਤੇ ਲੇਖ ਪਾਠਕ ਅਖ਼ਬਾਰਾਂ ਤੇ ਮੈਗਜ਼ੀਨਾਂ ਵਿਚ ਵੀ ਪੜ੍ਹ ਚੁੱਕੇ ਹਨ। ਇਨ੍ਹਾਂ ਵਿਚ ਸ਼ਾਮਿਲ ਵੱਖ-ਵੱਖ ਮਜ਼ਮੂਨਾਂ ਵਿਚ ਕੌਮੀ ਨਿਘਾਰ ਜ਼ਿੰਮੇਵਾਰ ਕੌਣ, ਕੌਮ ਦਾ ਹਰਿਆਵਲ ਦਸਤਾ ਜੁਝਾਰੂ ਜਥੇਬੰਦੀ ਸਿੱਖ ਸਟੂਡੈਂਟ ਫੈਡਰੇਸ਼ਨ, ਪ੍ਰੇਮ-ਪ੍ਰਚਾਰ ਤੇ ਆਚਾਰ ਸਿਖਾਉਣ ਵਾਲੇ ਧਰਮ ਅਸਥਾਨ ਬਣੇ ਲੜਾਈ ਦਾ ਅਖਾੜਾ, ਵਡਿਆਈ ਸਦੀਵੀ ਹੁੰਦੀ ਹੈ, ਹਿਰਦਾ ਕੇਵਲ ਨਾਮ ਨਾਲ ਭਰਦਾ ਹੈ/ਲਾਲਚੀ ਕਦੇ ਨਹੀਂ ਰੱਜਦਾ, ਨਸ਼ੇ ਵੱਡੀ ਚੁਣੌਤੀ, ਕਾਰਨ ਤੇ ਉਪਾਅ, ਪੰਜਾਬ ਵਿਧਾਨ ਸਭਾ ਤੇ ਬੋਲੀ ਪੰਜਾਬੀ, ਨਵ ਚੇਤਨਾ ਦਾ ਮੋਢੀ ਚੀਫ ਖਾਲਸਾ ਦੀਵਾਨ, ਗੁਰਦੁਆਰਾ ਸੁਧਾਰ ਲਹਿਰ ਦੀ ਲੋੜ, ਹਿੰਦੀ ਰਾਸ਼ਟਰ ਭਾਸ਼ਾ ਨਹੀਂ ਹੈ। ਇਸ ਤੋਂ ਇਲਾਵਾ ਬਾਕੀ ਲੇਖ ਵੀ ਸਾਨੂੰ ਸਮਾਜਿਕ, ਰਾਜਨੀਤਕ ਤੇ ਆਰਥਿਕ ਤੌਰ 'ਤੇ ਸੁਚੇਤ ਕਰਨ ਲਈ ਲੇਖਕ ਦਾ ਸ਼ਲਾਘਾਯੋਗ ਉਪਰਾਲਾ ਹਨ। ਸਮੁੱਚੇ ਰੂਪ ਵਿਚ ਪੰਥ-ਦਰਦੀ ਪਾਠਕਾਂ ਲਈ ਇਹ ਪੁਸਤਕ ਪੜ੍ਹਨ ਤੇ ਵਿਚਾਰਨਯੋਗ ਹੈ।


-ਭ.ਸ. ਜੌਹਲ,
ਮੋਬਾ: 98143-24040

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬਾਬਾ ਦੀਪ ਸਿੰਘ

ਸ਼ਹੀਦ ਬਾਬਾ ਦੀਪ ਸਿੰਘ ਉਹ ਵਿਲੱਖਣ ਹਸਤੀ ਹੋਏ ਹਨ, ਜਿਨ੍ਹਾਂ ਨੇ ਇਸ਼ਕ ਦੇ ਰਾਹ ਵਿਚ ਸੱਚਮੁੱਚ ਹੀ ਸੀਸ ਤਲੀ 'ਤੇ ਰੱਖ ਵਿਖਾਇਆ। ਉਨ੍ਹਾਂ ਦਾ ਜਨਮ ਭਾਈ ਭਗਤੂ ਜੀ ਅਤੇ ਮਾਤਾ ਜੀਵਨੀ ਜੀ ਦੇ ਘਰ ਪਿੰਡ ਪਹੂਵਿੰਡ ਵਿਖੇ 26 ਜਨਵਰੀ, 1682 ਈ: ਨੂੰ ਹੋਇਆ। ਮਾਤਾ ਜੀ ਦੇ ਮਾਤਾ-ਪਿਤਾ ਗੁਰੂ-ਘਰ ਦੇ ਪ੍ਰੇਮੀ ਸਨ। ਉਨ੍ਹਾਂ ਨੇ ਬਚਪਨ ਤੋਂ ਹੀ ਆਪਣੇ ਸਪੁੱਤਰ ਦੀਪ ਸਿੰਘ ਨੂੰ ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਦਿੱਤਾ। ਮਹਾਰਾਜ ਜੀ ਦੀ ਸੰਗਤ ਨੇ ਹੋਣਹਾਰ ਬਾਲਕ ਨੂੰ ਰੂਹਾਨੀਅਤ ਵਿਚ ਰੰਗ ਦਿੱਤਾ। ਸੰਨ 1699 ਦੀ ਵਿਸਾਖੀ ਨੂੰ ਇਨ੍ਹਾਂ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛਕਿਆ। ਉਹ ਕਲਮ ਦੇ ਧਨੀ ਅਤੇ ਸ਼ਸਤਰ ਵਿੱਦਿਆ ਦੇ ਮਾਹਿਰ ਬਣ ਗਏ। ਸ੍ਰੀ ਦਸਮੇਸ਼ ਜੀ ਨੇ ਉਨ੍ਹਾਂ ਨੂੰ ਕੁਝ ਦੇਰ ਲਈ ਆਪਣੇ ਮਾਤਾ-ਪਿਤਾ ਕੋਲ ਭੇਜ ਦਿੱਤਾ। ਭਾਵੇਂ ਉਨ੍ਹਾਂ ਦਾ ਸਰੀਰ ਪਿੰਡ ਵਿਚ ਸੀ ਪਰ ਸੁਰਤੀ ਅਤੇ ਆਤਮਾ ਹਮੇਸ਼ਾ ਗੁਰੂ-ਚਰਨਾਂ ਵਿਚ ਲੀਨ ਰਹਿੰਦੀ ਸੀ। ਪਿੱਛੋਂ ਮਹਾਰਾਜ ਜੀ ਨੇ ਬਿਖਮ ਭਾਣੇ ਵਰਤਾ ਦਿੱਤੇ। ਸਰਬੰਸ ਵਾਰ ਕੇ ਆਪ ਸ੍ਰੀ ਦਮਦਮਾ ਸਾਹਿਬ ਆ ਬਿਰਾਜੇ। ਹੁਕਮ ਭੇਜ ਕੇ ਬਾਬਾ ਦੀਪ ਸਿੰਘ ਨੂੰ ਬੁਲਾਇਆ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦੀ ਸੇਵਾ ਇਨ੍ਹਾਂ ਨੂੰ ਅਤੇ ਭਾਈ ਮਨੀ ਸਿੰਘ ਨੂੰ ਸੌਂਪੀ। ਹਜ਼ੂਰ ਸਾਹਿਬ ਜਾਣ ਸਮੇਂ ਪਾਤਸ਼ਾਹ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਬਾਬਾ ਦੀਪ ਸਿੰਘ ਦੇ ਸਪੁਰਦ ਕੀਤੀ। ਭੋਰਾ ਸਾਹਿਬ ਦੀ ਇਕਾਂਤ ਵਿਚ ਬੈਠ ਕੇ ਬਾਬਾ ਦੀਪ ਸਿੰਘ ਨੇ ਜਿਥੇ ਸੇਵਾ ਅਤੇ ਸਿਮਰਨ ਦੇ ਪੂਰਨੇ ਪਾਏ, ਉਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕਰਕੇ ਚਾਰ ਤਖ਼ਤ ਸਾਹਿਬਾਨ 'ਤੇ ਭੇਜੇ।
ਆਪ ਦੀ ਸੁੰਦਰ ਲਿਖਾਈ ਵਾਲੇ ਸਰੂਪ ਦੇ ਦਰਸ਼ਨ ਅਸੀਂ ਅੱਜ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਕਰਦੇ ਹਾਂ। ਆਪ ਸੱਚੇ ਸੰਤ-ਸਿਪਾਹੀ ਸਨ। ਸੰਨ 1733 ਵਿਚ ਆਪ ਨੇ ਤਰਨਾ ਦਲ ਦੇ ਇਕ ਜਥੇ ਦੀ ਜਥੇਦਾਰੀ ਸੰਭਾਲੀ। ਸੰਨ 1748 ਈ: ਵਿਚ ਇਸੇ ਜਥੇ ਤੋਂ ਸ਼ਹੀਦਾਂ ਵਾਲੀ ਮਿਸਲ ਦੀ ਸਥਾਪਨਾ ਹੋਈ। ਭਾਵੇਂ ਮਿਸਲ ਦਾ ਮੂਲ ਕੇਂਦਰ ਸ੍ਰੀ ਦਮਦਮਾ ਸਾਹਿਬ ਸੀ ਪਰ ਇਹ ਸ੍ਰੀ ਦਰਬਾਰ ਸਾਹਿਬ ਦੀ ਵਿਵਸਥਾ ਵੀ ਕਰਦੇ ਸਨ। 1757 ਈ: ਵਿਚ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ। ਇਹ ਸੁਣਦਿਆਂ ਹੀ ਬਿਰਧ ਉਮਰ ਵਿਚ ਵੀ ਆਪ ਜੀ ਦਾ ਖੂਨ ਖੌਲ ਉੱਠਿਆ ਅਤੇ ਆਪ ਜੀ ਜਥੇ ਸਮੇਤ ਸ੍ਰੀ ਅੰਮ੍ਰਿਤਸਰ ਨੂੰ ਚੱਲ ਪਏ। ਰਸਤੇ ਵਿਚ ਇਨ੍ਹਾਂ ਨਾਲ ਹੋਰ ਸਿੰਘ ਰਲ ਗਏ ਅਤੇ ਮਰਜੀਵੜਿਆਂ ਦੀ ਗਿਣਤੀ ਪੰਜ ਹਜ਼ਾਰ ਹੋ ਗਈ। ਬਾਬਾ ਜੀ ਨੇ ਇਕ ਲੀਕ ਵਾਹ ਕੇ ਕਿਹਾ ਕਿ ਸਿਰਫ ਉਹੀ ਸੂਰਮੇ ਇਸ ਲੀਕ ਦੇ ਪਾਰ ਆਉਣ, ਜਿਨ੍ਹਾਂ ਨੂੰ ਜੂਝ ਮਰਨ ਦਾ ਚਾਅ ਹੈ। ਖੰਡੇ ਨਾਲ ਖਿੱਚੀ ਲਕੀਰ ਨੂੰ ਸਭ ਨੇ ਪਾਰ ਕੀਤਾ। ਬਾਬਾ ਜੀ ਨੇ ਅਰਦਾਸ ਕੀਤੀ ਸੀ ਕਿ ਆਪਣਾ ਸੀਸ ਸ੍ਰੀ ਦਰਬਾਰ ਸਾਹਿਬ ਜਾ ਕੇ ਅਰਪਣ ਕਰਨਾ ਹੈ। ਰਸਤੇ ਵਿਚ ਗਹਿਗੱਚ ਲੜਾਈ ਹੋਈ। ਅੰਤਾਂ ਦੀ ਬਹਾਦਰੀ ਦਿਖਾਉਂਦੇ ਹੋਏ ਬਾਬਾ ਜੀ ਨੇ ਇਹੋ ਜਿਹਾ ਖੰਡਾ ਖੜਕਾਇਆ ਕਿ ਦੁਸ਼ਮਣਾਂ ਨੂੰ ਖਦੇੜ ਦਿੱਤਾ। ਅੰਤ ਸਮਾਂ ਆਉਣ 'ਤੇ ਆਪ ਜੀ ਨੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਭੇਟ ਕੀਤਾ, ਜਿਥੇ ਅੱਜ ਵੀ ਅਸੀਂ ਨਤਮਸਤਕ ਹੁੰਦੇ ਹਾਂ। ਜਿਥੇ ਆਪ ਜੀ ਦਾ ਧੜ ਡਿੱਗਾ, ਉਥੇ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਸੁਭਾਇਮਾਨ ਹੈ। ਇਨ੍ਹਾਂ ਦੀ ਅਦੁੱਤੀ ਸ਼ਹਾਦਤ ਨੂੰ ਵਾਰ-ਵਾਰ ਨਮਸਕਾਰ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX