ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਗਰਮ ਰੁੱਤ ਦੀਆਂ ਦਾਲਾਂ ਤੋਂ ਮੁਨਾਫ਼ਾ ਕਿਵੇਂ ਕਮਾਈਏ?

ਦਾਲਾਂ ਦੇਸ਼ ਦੀ ਪੋਸ਼ਣ ਸੁਰੱਖਿਆ ਵਿਚ ਇਕ ਅਹਿਮ ਰੋਲ ਅਦਾ ਕਰਦੀਆਂ ਹਨ। ਦਾਲਾਂ ਪ੍ਰੋਟੀਨ, ਰੇਸ਼ੇ ਅਤੇ ਹੋਰ ਜ਼ਰੂਰੀ ਤੱਤਾਂ ਦਾ ਚੰਗਾ ਸਰੋਤ ਹਨ ਜੋ ਕਿ ਸ਼ਾਕਾਹਾਰੀ ਲੋਕਾਂ ਦੀ ਸੰਤੁਲਿਤ ਖੁਰਾਕ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ। ਇਹ ਔਰਤਾਂ ਅਤੇ ਬੱਚਿਆਂ ਲਈ ਬਹੁਤ ਲਾਭਦਾਇਕ ਹਨ। ਦਾਲਾਂ ਕੈਂਸਰ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੀਆਂ ਹਨ। ਪੰਜਾਬ ਵਿਚ ਝੋਨਾ-ਕਣਕ ਫ਼ਸਲੀ ਚੱਕਰ ਪ੍ਰਚਲਿਤ ਹੋਣ ਕਾਰਨ ਦਾਲਾਂ ਦਾ ਰਕਬਾ ਕਾਫ਼ੀ ਹੱਦ ਤੱਕ ਘੱਟ ਗਿਆ ਹੈ। ਝੋਨੇ-ਕਣਕ ਫ਼ਸਲੀ ਚੱਕਰ ਦੀ ਲਗਾਤਾਰ ਕਾਸ਼ਤ ਕਰਨ ਨਾਲ ਦੇਸ਼ ਦੇ ਅੰਨ ਭੰਡਾਰ ਵਿਚ ਤਾਂ ਵਾਧਾ ਹੋ ਗਿਆ ਹੈ ਪਰ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ। ਸੰਸਾਰ ਵਿਚ ਭਾਰਤ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਹੈ। ਵੱਧਦੀ ਆਬਾਦੀ ਦੇ ਕਾਰਨ, ਦਾਲਾਂ ਦੀ ਉਪਲੱਬਧਤਾ ਘੱਟ ਕੇ ਤਕਰੀਬਨ 16 ਕਿਲੋਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਸਾਲ ਰਹਿ ਗਈ ਹੈ। ਪਿਛਲੇ ਦੋ ਦਹਾਕਿਆਂ ਤੋਂ ਦਾਲਾਂ ਦਾ ਉਤਪਾਦਨ ਤਕਰੀਬਨ ਸਥਿਰ ਹੋ ਗਿਆ ਹੈ ਅਤੇ ਘਰੇਲੂ ਵਰਤੋਂ ਨੂੰ ਪੂਰੀ ਕਰਨ ਲਈ ਦਾਲਾਂ ਦਾ ਆਯਾਤ ਕੀਤਾ ਜਾਦਾਂ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਦਾਲਾਂ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਹੁਣ ਤਾਂ ਪੁਰਾਣੀ ਕਹਾਵਤ 'ਘਰ ਦੀ ਮੁਰਗੀ ਦਾਲ ਬਰਾਬਰ' ਵੀ ਗ਼ਲਤ ਜਿਹੀ ਲੱਗਣ ਲਗ ਪਈ ਹੈ ਕਿਉਂਕਿ ਦਾਲਾਂ ਦੇ ਭਾਅ ਅਸਮਾਨ ਛੂਹ ਰਹੇ ਹਨ ਅਤੇ ਮਾਸਾਹਾਰੀ ਭੋਜਨ ਸਸਤਾ ਹੋ ਗਿਆ ਹੈ। ਦਾਲਾਂ ਜ਼ਮੀਨ ਦੀ ਸਿਹਤ ਅਤੇ ਕੁਦਰਤੀ ਸੋਮਿਆਂ ਨੂੰ ਸੁਧਾਰਨ ਵਿਚ ਜ਼ਰੂਰੀ ਰੋਲ ਅਦਾ ਕਰਦੀਆਂ ਹਨ। ਦਾਲਾਂ ਦੀ ਲੋੜ ਦੀ ਪੂਰਤੀ ਲਈ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਫ਼ਸਲੀ ਚੱਕਰ ਵਿਚ ਘੱਟ ਸਮਾਂ ਲੈਣ ਵਾਲੀਆਂ ਦਾਲਾ ਜਿਵੇਂ ਕਿ ਗਰਮ ਰੁੱਤ ਦੀ ਮੂੰਗੀ ਅਤੇ ਮਾਂਹ ਵੱਧ ਮੁਨਾਫ਼ਾ ਦੇ ਸਕਦੀਆਂ ਹਨ। ਗਰਮ ਰੁੱਤ ਦੀ ਦਾਲ ਦੀ ਫ਼ਸਲ ਵਧੇਰੇ ਝਾੜ ਦੇ ਕੇ ਵਧੀਆ ਮੁਨਾਫ਼ੇ ਵਾਲੀ ਅਤੇ ਖਾਦਾਂ ਦੀ ਘੱਟ ਵਰਤੋਂ ਕਰਨ ਵਾਲੀ ਢੁੱਕਵੀਂ ਫ਼ਸਲ ਹੈ। ਗਰਮ ਰੁੱਤ ਦੀ ਮੂੰਗੀ ਦੀਆਂ ਫ਼ਲੀਆਂ ਤੋੜ ਕੇ ਮੂੰਗੀ ਨੂੰ ਖੇਤ ਵਿਚ ਵਾਹੁਣ ਨਾਲ ਅਗਲੀ ਝੋਨੇ ਦੀ ਫ਼ਸਲ ਵਿਚ 1/3 ਫ਼ੀਸਦੀ ਨਾਈਟ੍ਰੋਜਨ ਦੀ ਬੱਚਤ ਕੀਤੀ ਜਾ ਸਕਦੀ ਹੈ। ਉੱਨਤ ਕਿਸਮਾਂ ਅਤੇ ਚੰਗੀਆਂ ਉਤਪਾਦਨ ਤਕਨੀਕਾਂ ਅਪਣਾ ਕੇ ਕਿਸਾਨ ਗਰਮ ਰੁੱਤ ਦੀਆਂ ਦਾਲਾਂ ਦਾ ਝਾੜ ਅਤੇ ਉਤਪਾਦਨ ਵਧਾ ਸਕਦੇ ਹਨ। ਗਰਮ ਰੁੱਤ ਦੀਆਂ ਦਾਲਾਂ (ਮੂੰਗੀ ਅਤੇ ਮਾਂਹ) ਤੋਂ ਜ਼ਿਆਦਾ ਪੈਦਾਵਾਰ ਲੈਣ ਲਈ ਕਿਸਾਨਾਂ ਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
ਉੱਨਤ ਕਿਸਮਾਂ: ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਲਈ ਟੀ.ਐਮ.ਬੀ 37, ਐਸ.ਐਮ.ਐਲ 832 ਅਤੇ ਐਸ.ਐਮ.ਐਲ 668 ਢੁੱਕਵੀਆਂ ਕਿਸਮਾਂ ਹਨ। ਮਾਂਹ ਦੀਆਂ ਉੱਨਤ ਕਿਸਮਾਂ, ਮਾਂਹ 1008 ਅਤੇ ਮਾਂਹ 218 ਗਰਮ ਰੁੱਤ ਦੀ ਬਿਜਾਈ ਲਈ ਢੁੱਕਵੀਆਂ ਹਨ। ਗਰਮ ਰੁੱਤ ਦੀ ਮੂੰਗੀ ਦੀਆਂ ਕਿਸਮਾਂ ਤਕਰੀਬਨ 60 ਦਿਨਾਂ ਵਿਚ ਪੱਕ ਜਾਂਦੀਆਂ ਹਨ ਅਤੇ ਇਹਨਾਂ ਦਾ ਔਸਤਨ ਝਾੜ 4.5-4.9 ਕੁਇੰਟਲ ਪ੍ਰਤੀ ਏਕੜ ਹੈ। ਗਰਮ ਰੁੱਤ ਦੇ ਮਾਂਹ 72-75 ਦਿਨਾਂ ਵਿਚ ਪੱਕ ਜਾਂਦੇ ਹਨ ਅਤੇ ਇਹਨਾਂ ਦਾ ਔਸਤਨ ਝਾੜ 4.0-4.5 ਕੁਇੰਟਲ ਪ੍ਰਤੀ ਏਕੜ ਹੈ।
ਜ਼ਮੀਨ ਦੀ ਤਿਆਰੀ: ਬੀਜ ਨੂੰ ਚੰਗੀ ਤਰ੍ਹਾਂ ਉੱਗਣ ਲਈ ਖੇਤ ਨੂੰ 2-3 ਵਾਰ ਵਾਹ ਕੇ ਅਤੇ ਹਰ ਵਾਰ ਸੁਹਾਗਾ ਮਾਰ ਕੇ ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਖੇਤ ਪੱਧਰਾ ਅਤੇ ਘਾਹ ਫ਼ੂਸ ਤੋਂ ਰਹਿਤ ਹੋਵੇ।
ਬਿਜਾਈ ਦਾ ਸਮਾਂ: ਪੂਰਾ ਝਾੜ ਲੈਣ ਲਈ ਬਿਜਾਈ ਸਹੀ ਸਮੇਂ 'ਤੇ ਹੋਣੀ ਬਹੁਤ ਜ਼ਰੂਰੀ ਹੈ। ਗਰਮ ਰੁੱਤ ਦੀ ਮੂੰਗੀ ਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤੱਕ ਅਤੇ ਮਾਂਹ ਦੀ 15 ਮਾਰਚ ਤੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ। ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਵੀ ਕੀਤੀ ਜਾ ਸਕਦੀ ਹੈ ਪ੍ਰੰਤੂ ਪਿਛੇਤੀ ਬਿਜਾਈ ਵਿਚ ਇਸ ਦੇ ਪੱਕਣ ਸਮੇਂ ਮੀਂਹ ਪੈਣ ਦਾ ਖ਼ਤਰਾ ਰਹਿੰਦਾ ਹੈ।
ਬੀਜ ਦੀ ਮਾਤਰਾ: ਗਰਮ ਰੁੱਤ ਦੀ ਮੂੰਗੀ ਦੀ ਕਿਸਮ ਐਸ.ਐਮ.ਐਲ 668 ਲਈ 15 ਕਿਲੋ, ਟੀ.ਐਮ.ਬੀ 37 ਅਤੇ ਐਸ.ਐਮ.ਐਲ 832 ਲਈ 12 ਕਿਲੋ ਬੀਜ ਪ੍ਰਤੀ ਏਕੜ ਬਿਜਾਈ ਲਈ ਕਾਫ਼ੀ ਹੁੰਦਾ ਹੈ। ਗਰਮ ਰੁੱਤ ਦੇ ਮਾਂਹ ਲਈ 20 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ।
ਬਿਜਾਈ ਦਾ ਢੰਗ: ਮੂੰਗੀ ਅਤੇ ਮਾਂਹ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 22.5 ਸੈਂਟੀਮੀਟਰ ਹੋਣਾ ਚਾਹੀਦਾ ਹੈ। ਗਰਮ ਰੁੱਤ ਦੀ ਮੂੰਗੀ ਲਈ ਬੂਟੇ ਤੋਂ ਬੂਟੇ ਦਾ ਫ਼ਾਸਲਾ 7 ਸੈਂਟੀਮੀਟਰ ਅਤੇ ਮਾਂਹ ਲਈ 4-5 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਬਿਜਾਈ ਡਰਿੱਲ ਜਾਂ ਕੇਰੇ ਜਾਂ ਪੋਰੇ ਨਾਲ 4-6 ਸੈਂਟੀਮੀਟਰ ਡੂੰਘਾਈ 'ਤੇ ਕਰਨੀ ਚਾਹੀਦੀ ਹੈ। ਕਣਕ ਦੀ ਵਾਢੀ ਤੋਂ ਬਾਅਦ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਸਮੇਂ ਸਿਰ ਕਰਨ ਲਈ ਇਸ ਦੀ ਬਿਜਾਈ ਬਿਨਾਂ ਵਹਾਈ ਜ਼ੀਰੋ ਟਿੱਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਜੇ ਕਣਕ ਦਾ ਨਾੜ ਖੇਤ ਵਿਚ ਹੋਵੇ ਤਾਂ ਮੂੰਗੀ ਦੀ ਬਿਜਾਈ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ। ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਉੱਤੇ ਮੂੰਗੀ ਦੀ ਬਿਜਾਈ ਬੈੱਡ ਉੱਤੇ ਕੀਤੀ ਜਾ ਸਕਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਡਾਇਰੈਕਟੋਰੇਟ ਆਫ਼ ਐਕਸਟੈਂਸ਼ਨ ਐਜ਼ੂਕੇਸ਼ਨ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਚੰਗੀ ਆਮਦਨ ਲਈ ਖਰਬੂਜ਼ੇ ਦੀ ਖੇਤੀ ਲਾਹੇਵੰਦ

ਖਰਬੂਜ਼ਾ ਗਰਮੀ ਰੁੱਤ ਦੀ ਫ਼ਸਲ ਹੈ ਅਤੇ ਕੋਰਾ ਸਹਿਣ ਨਹੀਂ ਕਰ ਸਕਦਾ। ਗਰਮ ਖੁਸ਼ਕ ਮੌਸਮ ਵਿਚ ਫ਼ਲ ਮਿੱਠੇ, ਖੁਸ਼ਬੂਦਾਰ ਅਤੇ ਮੰਡੀਕਰਨ ਲਈ ਢੁਕਵੇਂ ਹੁੰਦੇ ਹਨ। ਗਰਮ ਦਿਨ ਅਤੇ ਠੰਢੀਆਂ ਰਾਤਾਂ ਖਰਬੂਜ਼ਿਆਂ ਦੀ ਮਿਠਾਸ ਵਧਾਉਣ ਵਿਚ ਸਹਾਈ ਹੁੰਦੇ ਹਨ।
ਉੱਨਤ ਕਿਸਮਾਂ : ਹਾਈਬ੍ਰਿਡ
ਐਮ ਐਚ-51: ਵੇਲਾਂ ਕਾਫ਼ੀ ਵਾਧੇ ਵਾਲੀਆਂ ਅਤੇ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਸਦੇ ਫ਼ਲ ਗੋਲ ਅਤੇ ਗੂੜ੍ਹੀ ਹਰੀ ਧਾਰੀ ਵਾਲੇ ਹੁੰਦੇ ਹਨ। ਇਸਦੇ ਫ਼ਲ ਦਾ ਗੁੱਦਾ ਮੋਟਾ, ਸੁਨਹਿਰੀ ਰੰਗ ਦਾ, ਰਸਿਆ ਹੋਇਆ ਅਤੇ ਮਹਿਕ ਭਰਿਆ ਹੁੰਦਾ ਹੈ, ਇਸਦੇ ਰਸ ਵਿਚ ਮਿਠਾਸ ਦੀ ਮਾਤਰਾ 12.2 ਪ੍ਰਤੀਸ਼ਤ ਹੁੰਦੀ ਹੈ। ਇਹ ਇਕ ਅਗੇਤੀ ਕਿਸਮ ਹੈ ਜੋ ਲਵਾਈ ਤੋਂ 62ਦਿਨਾਂ ਬਾਅਦ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਫ਼ਲ ਦਾ ਔਸਤ ਭਾਰ 890 ਗ੍ਰਾਮ ਹੁੰਦਾ ਹੈ। ਇਸ ਦਾ ਔਸਤ ਝਾੜ 89 ਕੁਇੰਟਲ ਪ੍ਰਤੀ ਏਕੜ ਹੈ।
ਐਮ ਐਚ-27 : ਇਹ ਇਕ ਦੋਗਲੀ ਕਿਸਮ ਹੈ। ਇਸ ਦੀਆਂ ਵੇਲਾਂ ਕਾਫ਼ੀ ਵਧਦੀਆਂ ਹਨ ਅਤੇ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਦੇ ਫ਼ਲ ਗੋਲ, ਧਾਰੀ ਵਾਲੇ ਅਤੇ ਜਾਲੀਦਾਰ ਹੁੰਦੇ ਹਨ। ਇਸ ਦਾ ਗੁੱਦਾ ਮੋਟਾ, ਸੁਨਹਿਰੀ ਰੰਗ ਦਾ ਤੇ ਘੱਟ ਰਸ ਵਾਲਾ ਅਤੇ ਮਹਿਕ ਭਰਿਆ ਹੁੰਦਾ ਹੈ, ਜਿਸ ਵਿਚ ਰਸ ਦੀ ਮਾਤਰਾ 12.5 ਪ੍ਰਤੀਸ਼ਤ ਹੁੰਦੀ ਹੈ। ਇਸ ਦੀ ਪਹਿਲੀ ਤੁੜਾਈ ਲਾਉਣ ਤੋਂ 63 ਦਿਨ ਬਾਅਦ ਹੁੰਦੀ ਹੈ। ਇਕ ਫ਼ਲ ਦਾ ਔਸਤ ਭਾਰ 860 ਗ੍ਰਾਮ ਹੁੰਦਾ ਹੈ। ਇਸ ਦਾ ਔਸਤ ਝਾੜ 87.5 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਹਾਈਬ੍ਰਿਡ : ਇਸ ਦੀਆਂ ਵੇਲਾਂ ਕਾਫ਼ੀ ਵਧਦੀਆਂ ਹਨ ਅਤੇ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ। ਫ਼ਲ ਵੇਲ ਦੇ ਮੁੱਢੀਂ ਲਗਦੇ ਹਨ ਅਤੇ ਛੇਤੀ ਪੱਕਦੇ ਹਨ। ਇਸ ਕਿਸਮ ਦੇ ਫ਼ਲ ਗੋਲ, ਫਿੱਕੀ ਹਰੀ ਧਾਰੀ ਵਾਲੇ ਅਤੇ ਜਾਲੀਦਾਰ ਹੁੰਦੇ ਹਨ। ਇਸ ਦਾ ਗੁੱਦਾ ਮੋਟਾ, ਸੁਨਹਿਰੀ, ਰਸਿਆ ਹੋਇਆ ਅਤੇ ਮਹਿਕ ਭਰਿਆ ਹੁੰਦਾ ਹੈ, ਜਿਸ ਦੇ ਰਸ ਵਿਚ ਮਿਠਾਸ ਦੀ ਮਾਤਰਾ 12 ਪ੍ਰਤੀਸ਼ਤ ਹੁੰਦੀ ਹੈ। ਇਸ ਦੇ ਫ਼ਲ ਪੱਕ ਕੇ ਆਪਣੇ ਆਪ ਡੰਡੀ ਤੋਂ ਵੱਖ ਹੋ ਜਾਂਦੇ ਹਨ। ਇਕ ਫ਼ਲ ਦਾ ਔਸਤ ਭਾਰ 800 ਗ੍ਰਾਮ ਹੁੰਦਾ ਹੈ। ਇਸ ਦਾ ਔਸਤ ਝਾੜ 65 ਕੁਇੰਟਲ ਪ੍ਰਤੀ ਏਕੜ ਹੈ।
ਕਿਸਮਾਂ
ਪੰਜਾਬ ਸੁਨਹਿਰੀ : ਇਸ ਦੀ ਵੇਲ ਦਾ ਵਾਧਾ ਦਰਮਿਆਨਾ ਹੁੰਦਾ ਹੈ। ਇਸ ਦਾ ਫ਼ਲ ਗਲੋਬ ਵਾਂਗ ਗੋਲ ਅਤੇ ਛਿਲਕੇ ਉੱਤੇ ਧਾਰੀਆਂ ਨਹੀਂ ਹੁੰਦੀਆਂ। ਇਸ ਦਾ ਛਿਲਕਾ ਉਪਰੋਂ ਜਾਲੀ ਵਾਂਗ ਸਖ਼ਤ ਉਣਿਆ ਅਤੇ ਹਲਕੇ ਭੂਰੇ ਰੰਗ ਦਾ ਹੁੰਦਾ ਹੈ। ਇਸ ਦਾ ਗੁੱਦਾ ਮੋਟਾ, ਸੁਨਹਿਰੀ, ਰਸ ਭਰਪੂਰ ਤੇ ਖੁਸ਼ਬੂਦਾਰ ਹੁੰਦਾ ਹੈ। ਇਸ ਦੀ ਛਿੱਲ ਦਾ ਅੰਦਰਲਾ ਹਿੱਸਾ ਹਰਾ ਹੁੰਦਾ ਹੈ। ਇਸ ਦੇ ਫ਼ਲ ਦਾ ਔਸਤ ਭਾਰ 700-800 ਗ੍ਰਾਮ ਹੁੰਦਾ ਹੈ। ਇਹ ਕਿਸਮ ਹਰਾ ਮਧੂ ਤੋਂ 12 ਦਿਨ ਪਹਿਲਾਂ ਤਿਆਰ ਹੋ ਜਾਂਦੀ ਹੈ। ਇਸ ਦੇ ਫ਼ਲ ਪੱਕ ਕੇ ਆਪਣੇ ਆਪ ਡੰਡੀ ਤੋਂ ਵੱਖ ਹੋ ਜਾਂਦੇ ਹਨ। ਇਸ ਕਿਸਮ ਦੇ ਫ਼ਲ ਕਾਫ਼ੀ ਦੇਰ ਤੱਕ ਸੁਰੱਖਿਅਤ ਰੱਖੇ ਜਾ ਸਕਦੇ ਹਨ। ਇਸ ਤੇ ਫ਼ਲ ਦੀ ਮੱਖੀ ਦਾ ਘੱਟ ਹਮਲਾ ਹੁੰਦਾ ਹੈ ਅਤੇ ਔਸਤਨ 65 ਕੁਇੰਟਲ ਪ੍ਰਤੀ ਏਕੜ ਉਪਜ ਦਿੰਦੀ ਹੈ।
ਹਰਾ ਮੱਧੂ : ਇਹ ਕਿਸਮ ਪੱਕਣ ਵਿਚ ਪਛੇਤੀ ਹੈ। ਇਸ ਦਾ ਫ਼ਲ ਕਾਫੀ ਵੱਡਾ ਹੁੰਦਾ ਹੈ, ਜਿਸਦਾ ਔਸਤ ਭਾਰ ਇਕ ਕਿਲੋ ਦੇ ਕਰੀਬ ਹੁੰਦਾ ਹੈ। ਇਹ ਬਹੁਤ ਮਿੱਠੀ ਕਿਸਮ ਹੈ, ਜਿਸ ਦੇ ਰਸ ਵਿਚ ਮਿੱਠੇ ਦੀ ਮਾਤਰਾ ਔਸਤਨ 13 ਪ੍ਰਤੀਸ਼ਤ ਹੈ। ਫ਼ਲ ਆਕਾਰ ਵਿਚ ਗੋਲ ਤੇ ਡੰਡੀ ਵਲੋਂ ਕੁਝ ਉਭਰਿਆ ਹੁੰਦਾ ਹੈ। ਫ਼ਲ ਦਾ ਛਿਲਕਾ ਹਲਕੇ ਪੀਲੇ ਰੰਗ ਦਾ ਅਤੇ ਹਰੇ ਰੰਗ ਦੀਆਂ ਧਾਰੀਆਂ ਵਾਲਾ ਹੁੰਦਾ ਹੈ। ਇਸ ਦਾ ਗੁੱਦਾ ਬਹੁਤ ਮੋਟਾ, ਹਰੇ ਰੰਗ ਦਾ ਤੇ ਰਸ ਭਰਪੂਰ ਹੁੰਦਾ ਹੈ। ਬੀਜ ਥੋੜ੍ਹੀ ਥਾਂ ਵਿਚ ਹੁੰਦੇ ਹਨ। ਇਸ ਕਿਸਮ ਦੀ ਔਸਤ ਪੈਦਾਵਾਰ 50 ਕੁਇੰਟਲ ਪ੍ਰਤੀ ਏਕੜ ਹੈ।
ਬੀਜ ਦੀ ਮਾਤਰਾ : ਇਕ ਏਕੜ ਵਾਸਤੇ ਚੋਕੇ ਨਾਲ ਲਾਉਣ ਲਈ 400 ਗ੍ਰਾਮ ਬੀਜ ਕਾਫ਼ੀ ਹੈ।
ਬਿਜਾਈ ਦਾ ਢੰਗ : ਹਰਾ ਮਧੂ ਕਿਸਮ ਲਈ 4 ਮੀਟਰ ਚੌੜੀਆਂ ਖੇਲਾਂ ਬਣਾਓ ਅਤੇ ਇਨ੍ਹਾਂ ਦੇ ਸਿਰਿਆਂ ਉਪਰ ਲਾਈਨਾਂ ਵਿਚ ਦੋ-ਦੋ ਬੀਜ ਇਕ ਥਾਂ ਬੀਜੋ। ਐਮ ਐਚ 27, ਪੰਜਾਬ ਹਾਈਬ੍ਰਿਡ ਅਤੇ ਪੰਜਾਬ ਸੁਨਹਿਰੀ ਕਿਸਮਾਂ ਲਈ ਖੇਲਾਂ 3 ਮੀਟਰ ਚੌੜੀਆਂ ਬਣਾਓ ਅਤੇ ਸਾਰੀਆਂ ਕਿਸਮਾਂ ਲਈ ਬੀਜ ਤੋਂ ਬੀਜ ਦਾ ਫ਼ਾਸਲਾ 60 ਸੈਂਟੀਮੀਟਰ ਰੱਖੋ।
ਖਾਦਾਂ : ਖੇਤ ਵਿਚ ਸਿੱਧੀ ਬੀਜੀ ਫ਼ਸਲ ਲਈ 10 ਤੋਂ 15 ਟਨ ਗਲੀ ਸੜੀ ਰੂੜੀ ਅਤੇ 110 ਕਿਲੋ ਯੂਰੀਆ,155 ਕਿਲੋ ਸੁਪਰਫ਼ਾਸਫੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਰੂੜੀ ਦੀ ਖਾਦ ਬਿਜਾਈ ਤੋਂ 10-15 ਦਿਨ ਪਹਿਲਾਂ ਪਾ ਦਿਓ। ਸਾਰੀ ਫ਼ਾਸਫ਼ੋਰਸ, ਪੋਟਾਸ਼ ਅਤੇ ਇਕ ਤਿਹਾਈ ਨਾਈਟ੍ਰੋਜਨ ਵਾਲੀ ਖਾਦ ਬੀਜ ਬੀਜਣ ਤੋਂ ਪਹਿਲਾਂ, ਖੇਲਾਂ ਦੇ ਨਿਸ਼ਾਨ ਦੇ ਦੋਵੀਂ ਪਾਸੀਂ 45 ਸੈਂਟੀਮੀਟਰ ਦੂਰੀ ਤੇ ਸਮਾਨਅੰਤਰ ਕਤਾਰਾਂ ਵਿਚ ਪਾ ਦਿਓ ਅਤੇ ਖਾਦ ਦੀਆਂ ਕਤਾਰਾਂ ਵਿਚਕਾਰ ਖਾਲੀਆਂ ਬਣਾ ਦਿਓ। ਬਾਕੀ ਦੀ ਨਾਈਟ੍ਰੋਜਨ ਫ਼ਸਲ ਉੱਗਣ ਤੋਂ 3-4 ਹਫ਼ਤਿਆਂ ਬਾਅਦ ਮੁੱਢਾਂ ਦੇ ਆਲੇ-ਦੁਆਲੇ ਪਾ ਕੇ ਮਿੱਟੀ ਵਿਚ ਮਿਲਾ ਦਿਓ।
ਸਿੰਚਾਈ : ਜ਼ਮੀਨ ਦੀ ਕਿਸਮ ਅਤੇ ਮੌਸਮ ਅਨੁਸਾਰ 9-11 ਪਾਣੀਆਂ ਦੀ ਲੋੜ ਪੈਂਦੀ ਹੈ ਪਰ ਜਦੋਂ ਫ਼ਸਲ ਪੱਕਣ ਵਾਲੀ ਹੋਵੇ ਤਾਂ ਪਾਣੀ ਕੇਵਲ ਉਸ ਵੇਲੇ ਦਿਓ ਜਦੋਂ ਅਤਿਅੰਤ ਲੋੜ ਪਵੇ। ਪਾਣੀ ਹਲਕਾ ਦਿਓ ਤਾਂ ਕਿ ਪਾਣੀ ਖੇਲਾਂ ਦੇ ਉੱਪਰ ਨਾ ਚੜ੍ਹੇ ਅਤੇ ਫ਼ਲ ਨੂੰ ਬਿਲਕੁਲ ਨਾ ਲੱਗੇ ਨਹੀਂ ਤਾਂ ਫ਼ਲ ਗਲਣਾ ਸ਼ੁਰੂ ਹੋ ਜਾਵੇਗਾ।
ਤੁੜਾਈ : ਹਰਾ ਮਧੂ ਕਿਸਮ ਦਾ ਫ਼ਲ ਉਸ ਵੇਲੇ ਤੋੜ ਲਓ ਜਦੋਂ ਇਹ ਪੀਲੇ ਰੰਗ ਦਾ ਹੋ ਜਾਵੇ। ਦੂਰ-ਦੁਰਾਡੇ ਭੇਜਣ ਲਈ ਦੂਸਰੀਆਂ ਕਿਸਮਾਂ ਦਾ ਫ਼ਲ ਜਦ ਪੂਰੇ ਆਕਾਰ ਦਾ ਅਤੇ ਹਰੇ ਰੰਗ ਦਾ ਹੀ ਹੋਵੇ, ਤੋੜ ਲਓ। ਨੇੜੇ ਦੀਆਂ ਮੰਡੀਆਂ ਲਈ ਅੱਧ ਪੱਕੀ ਹਾਲਤ ਵਿਚ ਤੋੜੋ। ਫ਼ਲ ਨੂੰ ਗਲਣ ਤੋਂ ਬਚਾਉਣ ਲਈ ਵਰਖਾ ਜਾਂ ਪਾਣੀ ਲਾਉਣ ਪਿੱਛੋਂ ਫ਼ਲ ਦਾ ਪਾਸਾ ਬਦਲ ਦਿਓ। ਜਦ ਜ਼ਮੀਨ ਗਿੱਲੀ ਹੋਵੇ ਤਾਂ ਫ਼ਲ ਹੇਠ ਸੁੱਕਾ ਘਾਹ-ਫੂਸ ਰੱਖੋ ਜਾਂ ਫ਼ਲ ਨੂੰ ਵੇਲਾਂ ਉਪਰ ਕਰ ਦਿਓ।


-ਅਜੈ ਕੁਮਾਰ
ਯੂਨੀਵਰਸਿਟੀ ਬੀਜ ਫਾਰਮ ਉਸਮਾਂ (ਤਰਨਤਾਰਨ)

ਫਾਲਤੂ ਚੀਜ਼ਾਂ ਦੀ ਵਰਤੋਂ

ਹਰ ਘਰ ਦੇ ਵਿਚ ਬਹੁਤ ਸਾਰੀਆਂ ਫਾਲਤੂ ਚੀਜ਼ਾਂ ਪਈਆਂ ਹੁੰਦੀਆਂ ਹਨ। ਖਾਸ ਕਰਕੇ ਖੇਤੀ ਨਾਲ ਸਬੰਧਿਤ ਚੀਜ਼ਾਂ ਜਿਵੇਂ ਪੁਰਾਣੇ ਡਰੰਮ, ਟੁੱਟੇ ਸੰਦ, ਬੇਕਾਰ ਪੁਰਜੇ, ਟਰੈਕਟਰਾਂ ਦੇ ਅੰਗ, ਪੁਰਾਣੇ ਟਾਇਰ, ਲੱਕੜ ਦੇ ਖੁੰਡ, ਪਾਟੀਆਂ ਬੋਰੀਆਂ, ਜੰਮਿਆ ਸੀਮੈਂਟ, ਪੁੱਟੇ ਹੋਏ ਥੜ੍ਹੇ, ਪੁਰਾਣੇ ਟੋਕੇ, ਵੇਲਣੇ, ਟੁੱਟੇ ਮੰਜੇ, ਪੁਰਾਣੇ ਟੀ.ਵੀ. ਆਦਿ। ਇਹ ਕਬਾੜ ਹਰ ਘਰ ਦੀ ਕਹਾਣੀ ਹਨ। ਉਤੋਂ ਇਹ ਵਿਕਦੇ ਮਿੱਟੀ ਦੇ ਭਾਅ ਵੀ ਨਹੀਂ। ਇਹ ਸਿਰਫ਼ ਥਾਂ ਹੀ ਨਹੀਂ ਘੇਰਦੇ, ਸਗੋਂ ਰਾਹਾਂ ਵਿਚ ਅੜਿੱਕਾ ਵੀ ਬਣਦੇ ਹਨ। ਹੁਣ ਜੇਕਰ ਅਸੀਂ ਥੋੜ੍ਹਾ ਜਿਹਾ ਆਪਣਾ ਦਿਮਾਗ ਲਾਈਏ ਤਾਂ ਇਹੀ ਚੀਜ਼ਾਂ ਸਾਡੇ ਕੰਮ ਆ ਸਕਦੀਆਂ ਹਨ। ਜਿਵੇਂ ਪੁਰਾਣੇ ਡਰੰਮ ਵਿਚ ਕੁਝ ਕਿੱਲਾਂ ਤੇ ਟਾਂਕੇ ਲਾ ਕੇ ਵਧੀਆ ਬੈਠਣਯੋਗ ਬੈਂਚ ਬਣਾਇਆ ਜਾ ਸਕਦਾ ਹੈ। ਥੋੜ੍ਹੀ ਬਹੁਤੀ ਕਲਾਕਾਰੀ ਕਰ ਕੇ, ਹਰ ਬੇਕਾਰ ਵਸਤੂ ਦਾ ਕੁਝ ਨਾ ਕੁਝ ਬਣ ਸਕਦਾ ਹੈ। ਤੁਹਾਡੇ ਘਰੇ ਆਉਣ ਵਾਲੇ ਪ੍ਰਾਹੁਣੇ ਸ਼ਰਤੀਆ ਇਨ੍ਹਾਂ ਨੂੰ ਪਸੰਦ ਕਰਨਗੇ। ਇਸ ਦੇ ਨਾਲ ਹੀ ਤੁਸੀਂ ਵਾਤਾਵਰਨ ਨੂੰ ਸ਼ੁੱਧ ਰੱਖਣ ਵਿਚ ਆਪਣਾ ਯੋਗਦਾਨ ਵੀ ਪਾਓਗੇ। ਆਓ, ਕਰੋ ਦਿਮਾਗੀ ਕਸਰਤ ਤੇ ਦੁਨੀਆ ਨੂੰ ਦਿਖਾਈਏ ਪੰਜਾਬੀਆਂ ਦੀ ਕਲਾਕਾਰੀ।

-ਮੋਬਾ: 98159-45018

ਭਵਿੱਖ 'ਚ ਖੇਤੀ ਖੇਤਰ ਦੀਆਂ ਚੁਣੌਤੀਆਂ

ਖੇਤੀ 47 ਫ਼ੀਸਦੀ ਆਬਾਦੀ ਨੂੰ ਰੁਜ਼ਗਾਰ ਮੁਹੱਈਆ ਕਰਦੀ ਹੈ ਅਤੇ 65 ਫ਼ੀਸਦੀ ਲੋਕ ਆਰਥਿਕ ਤੌਰ 'ਤੇ ਇਸ 'ਤੇ ਨਿਰਭਰ ਹਨ। ਜੋ ਖੇਤੀ ਵਿਕਾਸ ਦਰ ਡਿਗ ਰਹੀ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਪਿਛਲੇ ਦਹਾਕੇ ਦੇ ਅੰਤ ਵਿਚ ਡਾ: ਮਨਮੋਹਨ ਸਿੰਘ ਦੀ ਸਰਕਾਰ ਦੇ ਕਾਰਜਕਾਲ ਵਿਚ ਇਹ ਵਿਕਾਸ ਦਰ 4.3 ਫ਼ੀਸਦੀ ਸੀ ਜੋ ਹੁਣ 2.9 ਫ਼ੀਸਦੀ 'ਤੇ ਆ ਗਈ ਹੈ। ਇਸ ਦੇ ਬਾਵਜੂਦ ਨਰਿੰਦਰ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਖੇਤੀ ਵਿਕਾਸ ਦਰ 10. 4 ਫ਼ੀਸਦੀ ਸਾਲਾਨਾ ਲੋੜੀਂਦਾ ਹੈ। ਸਾਲ 2015 -16 ਤੋਂ ਲੈ ਕੇ ਹੁਣ ਤੱਕ ਵਿਕਾਸ ਦਰ 'ਚ ਕੋਈ ਇਜ਼ਾਫਾ ਨਹੀਂ ਹੋਇਆ ਸਗੋਂ ਇਹ ਘਟਿਆ ਹੈ। ਖੇਤੀ ਦਾ ਭਵਿੱਖ ਖੇਤੀ ਜਿਣਸਾਂ ਦੀਆਂ ਕੀਮਤਾਂ ਨਾ ਵਧਣ ਅਤੇ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਭਾਅ ਨਾ ਮਿਲਣ ਕਾਰਨ ਧੁੰਦਲਾ ਨਜ਼ਰ ਆਉਂਦਾ ਹੈ। ਖੇਤੀ ਆਮਦਨ ਵਧਾਉਣ ਲਈ ਕਈ ਚੁਣੌਤੀਆਂ ਸਾਹਮਣੇ ਹਨ ਜੋ ਅਬੂਰ ਕਰਨੀਆਂ ਪੈਣਗੀਆਂ। ਖੇਤੀ ਖੋਜ 'ਚ ਤਬਦੀਲੀ ਲਿਆਉਣ ਦੀ ਲੋੜ ਹੈ। ਖੋਜ ਕਣਕ, ਝੋਨੇ ਤੋਂ ਇਲਾਵਾ ਹੋਰ ਸਮੱਸਿਆਵਾਂ ਤੇ ਫ਼ਸਲਾਂ 'ਤੇ ਵਧੇਰੇ ਕੀਤੀ ਜਾਣੀ ਚਾਹੀਦੀ ਹੈ। ਪਹਿਲੇ ਸਬਜ਼ ਇਨਕਲਾਬ ਦੌਰਾਨ ਸਫ਼ਲਤਾ ਪ੍ਰਾਪਤ ਕਰ ਕੇ ਹੁਣ ਇਹ ਸਥਿਤੀ ਹੋ ਗਈ ਹੈ ਕਿ ਭਾਰਤ ਅਨਾਜ (ਕਣਕ ਤੇ ਚੌਲ) ਸਗੋਂ ਬਰਾਮਦ ਕਰ ਰਿਹਾ ਹੈ। ਹੁਣ ਲੋੜ ਅੰਨ ਸੁਰੱਖਿਆ ਦੀ ਨਹੀਂ, ਪੌਸ਼ਟਿਕ ਸੁਰੱਖਿਆ ਦੀ ਹੈ। ਖੋਜਕਾਰਾਂ ਨੂੰ ਪਸ਼ੂ ਪਾਲਣ, ਬਾਗ਼ਬਾਨੀ ਤੇ ਸਬਜ਼ੀਆਂ ਦੀ ਕਾਸ਼ਤ, ਮਛਲੀਆਂ ਦੀ ਪੈਦਾਵਾਰ ਅਤੇ ਤੇਲ ਬੀਜ ਫ਼ਸਲਾਂ ਆਦਿ ਦੀ ਖੋਜ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਖੇਤਰਾਂ 'ਚ ਪੈਦਾਵਾਰ ਵਧੇ। ਗੁਣਵੱਤਾ (ਕੁਆਲਟੀ) ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਏ।
ਭਵਿੱਖ ਵਿਚ ਵਿਆਪਕ ਤਪਸ਼ ਇਕ ਵੱਡੀ ਸਮੱਸਿਆ ਦਿਖਾਈ ਦੇ ਰਹੀ ਹੈ। ਵਾਤਾਵਰਨ ਗਰਮ ਹੋਣ ਨਾਲ ਪਹਾੜਾਂ 'ਚ ਗਲੇਸ਼ੀਅਰ ਪਿਘਲ ਜਾਂਦੇ ਹਨ, ਜੋ ਸਿੰਜਾਈ ਲਈ ਪਾਣੀ ਮੁਹੱਈਆ ਕਰਨ ਦਾ ਸੋਮਾ ਹਨ। ਮਾਹਿਰਾਂ ਦੇ ਅਨੁਮਾਨ ਅਨੁਸਾਰ ਤਪਸ਼ ਵਿਚ 1 ਡਿਗਰੀ ਸੇੈਲਸੀਅਸ ਵਾਤਾਵਰਨ ਵਿਚ ਤਪਸ਼ ਵਧਣ ਨਾਲ ਚੌਲਾਂ ਦਾ ਉਤਪਾਦਨ 10 ਫ਼ੀਸਦੀ ਘਟ ਜਾਵੇਗਾ। ਵਿਸ਼ਵ ਦੀ ਦੋ-ਤਿਹਾਈ ਆਬਾਦੀ ਖੁਰਾਕ ਲਈ ਚੌਲਾਂ 'ਤੇ ਨਿਰਭਰ ਹੈ। ਸਾਲ 2050 ਤੱਕ ਤਪਸ਼ 1-2 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ। ਖੋਜ ਨੂੰ ਅਜਿਹੇ ਵਾਤਾਵਰਨ ਨੂੰ ਧਿਆਨ ਵਿਚ ਰੱਖਣਾ ਪਵੇਗਾ ਅਤੇ ਕਿਸਾਨਾਂ ਨੂੰ ਵੀ ਆਪਣਾ ਫਸਲੀ - ਚੱਕਰ ਅਤੇ ਸਿੰਜਾਈ ਦੇ ਸਾਧਨ ਇਸ ਨੂੰ ਮੁੱਖ ਰੱਖਦਿਆਂ ਅਪਣਾਉਣੇ ਪੈਣਗੇ। ਫ਼ਸਲ ਵਿਚ ਪਾਣੀ ਖੜ੍ਹਾ ਰੱਖਣ ਅਤੇ ਵਧੇਰੇ ਪਾਣੀ ਦੇਣ ਦੀ ਥਾਂ ਤੁਪਕਾ ਤੇ ਛਿੜਕਾਅ ਸਿੰਜਾਈ ਦੇ ਸਾਧਨ ਵਰਤਣੇ ਪੈਣਗੇ, ਜਿਸ ਉਪਰੰਤ ਪਾਣੀ ਦੀ ਬੱਚਤ ਹੋਵੇਗੀ ਅਤੇ ਉਤਪਾਦਕਤਾ ਵਿਚ ਵਾਧਾ ਹੋਵੇਗਾ। ਮਾਹਿਰ ਇਹ ਸਲਾਹ ਦਿੰਦੇ ਹਨ ਕਿ ਪਾਣੀ ਦੀ ਖਪਤ ਘਟਾਉਣ ਲਈ ਟਿਊਬਵੈੱਲਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਬਿਜਲੀ ਦੀ ਸਹੁੂਲੀਅਤ ਖ਼ਤਮ ਕਰਨ ਦੀ ਲੋੜ ਹੈ। ਇਸ ਨਾਲ ਪਾਣੀ ਵੱਡੀ ਮਾਤਰਾ ਵਿਚ ਜ਼ਾਇਆ ਹੁੰਦਾ ਹੈ। ਪ੍ਰੰਤੂ ਅਜਿਹਾ ਰਾਜਨੀਤਕ ਪ੍ਰਸ਼ਾਸਕਾਂ ਲਈ ਕਰਨਾ ਸੰਭਵ ਨਹੀਂ। ਪਿੱਛੇ ਜਿਹੇ ਜਦੋਂ ਇਸ ਸਬੰਧੀ ਬਣੀ ਮਾਹਿਰਾਂ ਦੀ ਕਮੇਟੀ ਵਲੋਂ ਇਹ ਸਿਫਾਰਸ਼ ਕੀਤੀ ਗਈ ਤਾਂ ਉਸ ਸਮੇਂ ਦੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਇਸ ਸਿਫਾਰਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਮਜਬੂਰੀ ਜ਼ਾਹਰ ਕੀਤੀ। ਲੋੜ ਨਾਲੋਂ ਵੱਧ ਫ਼ਸਲਾਂ 'ਚ ਨਾਈਟ੍ਰੋਜਨ ਦੇਣ ਨਾਲ ਪਾਣੀ ਪ੍ਰਦੂਸ਼ਿਤ ਹੋਣ ਦੀ ਸਮੱਸਿਆ ਹੈ। ਯੂਰੀਏ 'ਤੇ ਭਾਰੀ ਸਬਸਿਡੀ ਹੋਣ ਕਾਰਨ ਕਿਸਾਨ ਫ਼ਸਲ 'ਚ ਯੂਰੀਆ ਮਾਹਿਰਾਂ ਦੀ ਸਿਫਾਰਸ਼ਾਂ ਨਾਲੋਂ ਵੱਧ ਦਰ 'ਤੇ ਪਾਈ ਜਾ ਰਹੇ ਹਨ। ਕਣਕ ਵਿਚ 110 ਕਿਲੋ ਯੂਰੀਆ ਲੋੜੀਂਦਾ ਹੈ ਜਦੋਂ ਕਿ ਕਿਸਾਨ 200-225 ਕਿੱਲੋ ਪ੍ਰਤੀ ਏਕੜ ਤੱਕ ਯੂਰੀਆ ਫ਼ਸਲ ਨੂੰ ਦੇ ਰਹੇ ਹਨ। ਇਸ ਸਬੰਧੀ ਚੀਨ ਤੇ ਯੂਰਪੀਅਨ ਯੂਨੀਅਨ ਨੇ ਵੀ ਯੂਰੀਏ ਦੀ ਖਪਤ ਘਟਾਉਣ ਲਈ ਕਦਮ ਚੁੱਕੇ ਹਨ। ਪੰਜਾਬ ਵਿਚ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰੂ ਨੇ ਇਸ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਿਸ ਦੇ ਨਤੀਜੇ ਅਜੇ ਪ੍ਰਤੱਖ ਹੋਣੇ ਹਨ। ਭਾਰਤ ਸਰਕਾਰ ਨੇ ਵੀ 50 ਕਿੱਲੋ ਯੂਰੀਆ ਥੈਲੇ 'ਚ ਪਾਉਣ ਦੀ ਬਜਾਏ 45 ਕਿਲੋ ਯੂਰੀਆ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਕਿਸਾਨ ਘੱਟੋ ਘੱਟ ਇਕ ਥੈਲਾ ਪ੍ਰਤੀ ਏਕੜ ਘਟਾ ਦੇਣ। ਇਸ ਵੇਲੇ ਭਾਰਤ ਯੂਰੀਆ ਵਿਦੇਸ਼ਾਂ ਤੋਂ ਮੰਗਵਾ ਰਿਹਾ ਹੈ। ਇਸ ਦੀ ਖਪਤ ਘਟਣ ਨਾਲ ਵਿਦੇਸ਼ੀ ਮੁਦਰਾ ਦੀ ਵੀ ਬਚੱਤ ਹੋਵੇਗੀ। ਭਾਰਤ ਦੇ ਕੈਬਨਿਟ ਮੰਤਰੀ ਨਿਤਿਨ ਗਡਕਰੀ ਨੇ ਸੁਝਾਅ ਦਿੱਤਾ ਹੈ ਕਿ ਮੂਤਰ ਇੱਕਠਾ ਕਰ ਕੇ ਵੀ ਫ਼ਸਲਾਂ ਨੂੰ ਨਾਈਟ੍ਰੋਜਨ ਮੁਹੱਈਆ ਕੀਤੀ ਜਾ ਸਕਦੀ ਹੈ ਅਤੇ ਯੂਰੀਆ ਦੀ ਦਰਾਮਦ ਤੋਂ ਮੁਕਤ ਹੋਇਆ ਜਾ ਸਕਦਾ ਹੈ।
ਪੰਜਾਬ ਵਿਚ ਅਜੇ ਤੱਕ ਫ਼ਸਲੀ ਵਿਭਿੰਨਤਾ ਸਬੰਧੀ ਕੋਈ ਪ੍ਰਾਪਤੀ ਨਹੀਂ ਹੋ ਸਕੀ। ਹਰ ਸਾਲ ਝੋਨੇ ਦੀ ਕਾਸ਼ਤ ਥੱਲੇ ਰਕਬਾ ਵਧਦਾ ਜਾ ਰਿਹਾ ਹੈ ਜੋ ਇਸ ਸਾਲ 30 ਲੱਖ ਹੈਕਟੇਅਰ ਨੂੰ ਟੱਪ ਗਿਆ। ਕਣਕ ਦੀ ਕਾਸ਼ਤ ਬਾਦਸਤੂਰ 35 ਲੱਖ ਹੈਕਟੇਅਰ ਰਕਬੇ 'ਤੇ ਹਰ ਸਾਲ ਕੀਤੀ ਜਾ ਰਹੀ ਹੈ। ਫ਼ਸਲੀ-ਵਿਭਿੰਨਤਾ ਲਿਆਉਣ ਦੀ ਸਖ਼ਤ ਲੋੜ ਹੈ। ਖੇਤੀ ਖੋਜ ਵਿਚ ਇਸ ਸਬੰਧੀ ਖੜੋਤ ਆ ਗਈ ਜਾਪਦੀ ਹੈ। ਕਿਸਾਨਾਂ ਨੂੰ ਕਣਕ - ਝੋਨੇ ਦੇ ਫ਼ਸਲੀ ਚੱਕਰ ਜਿੰਨੀ ਆਮਦਨ ਦੇਣ ਵਾਲੀਆਂ ਫ਼ਸਲਾਂ ਦੀਆਂ ਯੋਗ ਕਿਸਮਾਂ ਵਿਕਸਿਤ ਕਰ ਕੇ ਦੇਣ ਦੀ ਲੋੜ ਹੈ। ਭਾਰਤ ਆਏ ਸਾਲ ਤੇਲ ਬੀਜ ਫ਼ਸਲਾਂ 'ਤੇ ਤੇਲ ਦਰਾਮਦ ਕਰ ਰਿਹਾ ਹੈ। ਇਸ 'ਤੇ ਵਿਦੇਸ਼ੀ ਮੁਦਰਾ ਖਰਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜੀ ਐਮ ਤਕਨੀਕ ਵਿਧੀ ਅਪਣਾਉਣ ਦੀ ਲੋੜ ਹੈ, ਜਿਸ ਨਾਲ ਸਰੋਂ੍ਹ ਅਤੇ ਤੇਲ ਬੀਜ, ਆਦਿ ਫ਼ਸਲਾਂ ਦੀ ਉਤਪਾਦਕਤਾ 20 ਫ਼ੀਸਦੀ ਤੱਕ ਵਧ ਜਾਵੇਗੀ। ਨਰਮੇ ਵਿਚ ਇਹ ਤਕਨੀਕ ਅਪਣਾਉਣ ਦੇ ਨਤੀਜੇ ਸਾਹਮਣੇ ਹਨ। ਹੁਣ ਬੀ ਟੀ ਨਰਮੇ 'ਤੇ 12 - 13 ਦਵਾਈਆਂ ਦੇ ਛਿੜਕਾਵਾਂ ਦੀ ਥਾਂ 2 ਛਿੜਕਾਅ ਹੀ ਕਰਨੇ ਪੈਂਦੇ ਹਨ। ਇਸ ਤਕਨੀਕ ਦੇ ਆਉਣ ਨਾਲ ਉਤਪਾਦਕਤਾ ਵੀ ਵਧੀ ਹੈ।
ਕਿਸਾਨਾਂ ਦਾ ਮੁਨਾਫਾ ਵਧਣ ਦੀ ਬਜਾਏ ਘਟ ਰਿਹਾ ਹੈ। ਫ਼ਸਲਾਂ ਦੀ ਉਤਪਾਦਕਤਾ 'ਚ ਆਈ ਖੜੋਤ 'ਤੇ ਕਾਬੂ ਪਾਉਣ ਦੀ ਲੋੜ ਹੈ। ਇਸ ਵੇਲੇ 1 ਫ਼ੀਸਦੀ ਉਤਪਾਦਕਤਾ ਵੀ ਨਹੀਂ ਵਧ ਰਹੀ ਜਦੋਂ ਕਿ ਖੇਤੀ ਖਰਚਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਖੇਤੀ ਕਿੱਤੇ ਵਿਚ ਅੱਧੀ ਆਬਾਦੀ ਲੱਗੀ ਹੋਈ ਹੈ। ਤਕਰੀਬਨ 16 - 17 ਫ਼ੀਸਦੀ ਆਬਾਦੀ ਗ਼ਰੀਬੀ ਦੇ ਪੱਧਰ 'ਤੇ ਹੈ, ਜਿਨ੍ਹਾਂ ਨੂੰ ਢਿੱਡ ਭਰ ਕੇ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਅਤੇ ਉਹ ਭੁੱਖੇ ਹੀ ਸੌਂ ਜਾਂਦੇ ਹਨ। ਇਹ ਨਹੀਂ ਕਿ ਭਾਰਤ ਵਿਚ ਹੋਏ ਉਤਪਾਦਨ ਵਿਚੋਂ ਉਨ੍ਹਾਂ ਨੂੰ ਖੁਰਾਕ ਮੁਹੱਈਆ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਵਿਚ ਖਰੀਦ ਸ਼ਕਤੀ ਨਹੀਂ। ਜਿਸ ਨੂੰ ਵਧਾਉਣ ਦੀ ਲੋੜ ਹੈ। ਮਨਰੇਗਾ ਪ੍ਰੋਗਰਾਮ ਵਜੂਦ 'ਚ ਹੋਣ ਦੇ ਬਾਵਜੂਦ ਗ਼ਰੀਬੀ ਦੀ ਸਮੱਸਿਆ ਹੈ। ਜਦੋਂ ਕਿ ਪੰਜਾਬ ਦੇ ਖੇਤੀ ਘਰਾਣੇ ਦੀ ਆਮਦਨ 23133 ਰੁਪਏ ਮਹੀਨਾ ਹੈ, ਇਹ ਆਮਦਨ ਉੱਤਰ ਪ੍ਰਦੇਸ਼ 'ਚ 6668 ਰੁਪਏ ਹੈ ਅਤੇ ਭਾਰਤ ਦੀ ਔਸਤ 8931 ਰੁਪਏ ਪ੍ਰਤੀ ਮਹੀਨੇ ਦੀ ਹੈ। ਜੋ ਖੇਤੀ ਕਿੱਤੇ 'ਤੇ ਲੋਕ ਲੱਗੇ ਹੋਏ ਹਨ, ਉਨ੍ਹਾਂ ਨੂੰ ਇਸ ਤੋਂ ਬਾਹਰ ਕੱਢ ਕੇ ਹੋਰ ਕਿੱਤਿਆਂ 'ਚ ਰੁਜ਼ਗਾਰ ਦੇਣ ਦੀ ਲੋੜ ਹੈ। ਖੇਤੀ ਲਈ ਖੇਤ ਪਹਿਲਾਂ ਹੀ ਛੋਟੇ ਹਨ ਜੋ ਬਦਲਵੇਂ ਹਾਲਾਤ ਵਿਚ ਵਿਹਾਰਕ ਨਹੀਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਛੋਟੇ ਤੇ ਦਰਮਿਆਨੇ 2 ਹੈਕਟੇਅਰ ਤੱਕ ਦੇ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਸਾਲ ਦਾ ਭੱਤਾ ਦੇਣ ਦਾ ਫੈਸਲਾ ਕੀਤਾ ਹੈ, ਉਸ ਲਈ ਕਿਹੜੇ ਸਾਧਨਾਂ ਤੋਂ ਪੈਸਾ ਆਵੇਗਾ ਇਸ ਦਾ ਫੈਸਲਾ ਕਰਨਾ ਵੀ ਆਉਣ ਵਾਲੀ ਭਵਿੱਖ ਦੀ ਸਰਕਾਰ ਲਈ ਜ਼ਰੂਰੀ ਹੋਵੇਗਾ। ਬਹੁਤੇ ਕਿਸਾਨ ਵੀ ਇਹੀ ਸਮਝਦੇ ਹਨ ਕਿ ਲੋਕ ਸਭਾ ਦੀਆਂ ਚੋਣਾਂ ਕਾਰਨ ਇਹ ਐਲਾਨ ਕੀਤਾ ਗਿਆ ਹੈ ਜੋ ਹੰਢਣਸਾਰ ਨਹੀਂ। ਇਸ ਭੱਤੇ ਅਤੇ ਕਰਜ਼ਿਆਂ ਦੀ ਮੁਆਫੀ ਦੇ ਬਾਵਜੂਦ ਇਸੇ ਲਈ ਕਿਸਾਨਾਂ ਵਿਚ ਗੁੱਸਾ ਤੇ ਨਿਰਾਸ਼ਾ ਹੈ। ਜੋ ਵੀ ਪਾਰਟੀ ਹੁਣ ਸੱਤਾ 'ਚ ਆਉਂਦੀ ਹੈ, ਉਸ ਨੂੰ ਸਾਰੇ ਢਾਂਚੇ ਦਾ ਪੁਨਰਗਠਨ, ਮਾਰਕਿਟ ਐਕਟ ਵਿਚ ਸੋਧ, ਕੀਮਿਆਈ ਖਾਦ, ਸਿੰਜਾਈ ਅਤੇ ਕਰਜ਼ਿਆਂ ਦੀ ਮੁਆਫੀ ਸਬੰਧੀ ਹੰਢਣਸਾਰ ਨੀਤੀ ਬਣਾਉਣੀ ਪਵੇਗੀ ਤਾਂ ਜੋ ਖੇਤੀ ਕਿੱਤੇ 'ਚ ਉਤਪਾਦਕਤਾ ਵਧੇ ਅਤੇ ਇਹ ਲਾਹੇਵੰਦ ਤੇ ਵਪਾਰਕ ਧੰਦਾ ਹੋਵੇ।


-ਮੋਬਾਈਲ : 98152-36307

ਬਹਾਰ ਰੁੱਤ ਵਿਚ ਮੱਕੀ ਦੀ ਸਫ਼ਲ ਕਾਸ਼ਤ ਸਬੰਧੀ ਨੁਕਤੇ

ਮੱਕੀ ਸੰਸਾਰ ਵਿਚ ਅਨਾਜ ਵਾਲੀਆਂ ਫ਼ਸਲਾਂ ਵਿਚੋਂ ਤੀਜੀ ਪ੍ਰਮੁੱਖ ਫ਼ਸਲ ਹੈ। ਮੱਕੀ ਦੀ ਕਾਸ਼ਤ ਬਹਾਰ ਰੁੱਤ ਵਿਚ ਵੀ ਕੀਤੀ ਜਾ ਸਕਦੀ ਹੈ। ਇਸ ਫ਼ਸਲ ਦਾ ਝਾੜ ਸਾਉਣੀ ਦੀ ਫ਼ਸਲ ਨਾਲੋਂ ਵੱਧ ਹੁੰਦਾ ਹੈ ਅਤੇ ਇਹ ਫ਼ਸਲ ਤਕਰੀਬਨ ਪੱਕਣ ਲਈ ਚਾਰ ਮਹੀਨਿਆਂ ਦਾ ਸਮਾਂ ਲੈਂਦੀ ਹੈ। ਬਹਾਰ ਰੁੱਤ ਵਿਚ ਮੱਕੀ ਦੀਆਂ ਪੀ ਐਮ ਐਚ 10, ਪੀ ਐਮ ਐਚ 8, ਪੀ ਐਮ ਐਚ 7, ਡੀ ਕੇ ਸੀ 9108 ਅਤੇ ਪੀ ਐਮ ਐਚ 1 ਕਿਸਮਾਂ ਦੀ ਬਿਜਾਈ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਮੱਕੀ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ 4-5 ਵਾਰ ਚੰਗੀ ਤਰ੍ਹਾਂ ਵਾਹਿਆ ਜਾਵੇ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰੋ। ਖੇਤ ਨੂੰ ਚੰਗੀ ਤਰ੍ਹਾਂ ਪੱਧਰਾ ਕਰੋ ਅਤੇ ਖੇਤ ਵਿਚ ਕੋਈ ਘਾਹ ਫੂਸ, ਨਦੀਨ ਨਹੀਂ ਹੋਣਾ ਚਾਹੀਦਾ ਹੈ। ਹਲਕੀਆਂ ਅਤੇ ਦਰਮਿਆਨੀਆਂ ਜ਼ਮੀਨਾਂ ਵਿਚ ਜਿੱਥੇ ਨਦੀਨ ਆਦਿ ਨਾ ਹੋਣ ਉੱਥੇ ਮੁਢਲੀ ਵਾਹੀ ਦੀ ਲੋੜ ਨਹੀਂ ਅਤੇ ਰੌਣੀ ਜਾਂ ਮੀਂਹ ਪਿੱਛੋਂ ਮੱਕੀ ਸਿੱਧੇ ਤੌਰ 'ਤੇ ਬੀਜੀ ਜਾ ਸਕਦੀ ਹੈ। ਇਸ ਸਿਫ਼ਾਰਸ਼ ਨਾਲ ਵਾਹੀ ਉੱਪਰ ਹੋਣ ਵਾਲਾ ਖ਼ਰਚ ਘਟੇਗਾ।
ਮੱਕੀ ਦਾ 10 ਕਿਲੋ ਪ੍ਰਤੀ ਏਕੜ ਬੀਜ ਪਾਉ। ਸ਼ਾਖ ਦੀ ਮੱਖੀ ਦੀ ਰੋਕਥਾਮ ਲਈ ਬੀਜ ਨੂੰ ਗਾਚੋ (ਇਮੀਡਾਕਲੋਪਰਿਡ) 600 ਐਫ ਐਸ 6 ਮਿਲੀਲਿਟਰ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ। ਗਾਚੋ ਨਾਲ ਸੋਧੇ ਹੋਏ ਬੀਜ ਨੂੰ 3 ਗ੍ਰਾਮ ਬਾਵਿਸਟਨ ਜਾਂ ਡੈਰੋਸਲ ਜਾਂ ਐਗਰੋਜ਼ਿਮ 50 ਡਬਲਯੂ ਪੀ (ਕਾਰਬੈਂਡਾਜ਼ਿਮ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧੋ ਅਤੇ ਸੋਧੇ ਹੋਏ ਬੀਜ ਨੂੰ 14 ਦਿਨਾਂ ਦੇ ਅੰਦਰ-ਅੰਦਰ ਬੀਜ ਦਿਓ। ਬਿਜਾਈ ਪੂਰਬ-ਪੱਛਮ ਦਿਸ਼ਾ ਵਿਚ 60 ਸੈਂਟੀਮੀਟਰ ਦੀ ਵਿੱਥ 'ਤੇ ਵੱਟਾਂ ਬਣਾ ਕੇ ਜਾਂ 67.5 ਸੈਂਟੀਮੀਟਰ ਦੀ ਵਿੱਥ 'ਤੇ ਬੈੱਡ ਬਣਾ ਕੇ, ਉਨ੍ਹਾਂ ਦੇ ਦੱਖਣ ਵਾਲੇ ਪਾਸੇ 6-7 ਸੈਂਟੀਮੀਟਰ ਦੀ ਉਚਾਈ 'ਤੇ ਚੋਕੇ ਲਾ ਕੇ ਕਰੋ। ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖੋ। ਬੈੱਡਾਂ 'ਤੇ ਬਿਜਾਈ ਵੇਲੇ ਬੂਟੇ ਤੋਂ ਬੂਟੇ ਦਾ ਫ਼ਾਸਲਾ 18 ਸੈਂਟੀਮੀਟਰ ਰੱਖੋ ਅਤੇ ਬੈੱਡ ਬਣਾਉਣ ਲਈ ਕਣਕ ਵਾਲੇ ਬੈੱਡ ਪਲਾਂਟਰ ਦੀ ਵਰਤੋਂ ਕਰੋ। ਬੈੱਡਾਂ 'ਤੇ ਬਿਜਾਈ ਨਾਲ ਸਿੰਚਾਈ ਪਾਣੀ ਦੀ ਬੱਚਤ ਹੁੰਦੀ ਹੈ। ਪਹਿਲੀ ਗੋਡੀ ਸਮੇਂ ਬੂਟੇ ਵਿਰਲੇ ਕਰ ਦਿਉ ਅਤੇ ਬੂਟਿਆਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ।
ਮੱਕੀ ਬੀਜਣ ਤੋਂ ਪਹਿਲਾਂ ਰੂੜੀ ਖਾਦ ਦੀ ਵਰਤੋਂ ਬਹੁਤ ਫਾਇਦੇਮੰਦ ਹੈ। ਮੱਕੀ ਨੂੰ 6 ਟਨ ਪ੍ਰਤੀ ਏਕੜ ਤੋਂ ਵੱਧ ਚੰਗੀ ਗਲੀ ਸੜੀ ਰੂੜੀ ਹਰ ਸਾਲ ਪਾਉ ਇਸ ਨਾਲ ਬਿਜਾਈ ਸਮੇਂ ਮੱਕੀ ਨੂੰ ਕਿਸੇ ਖਾਦ ਦੀ ਲੋੜ ਨਹੀਂ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ 'ਤੇ ਕਰੋ ਤਾਂ ਕਿ ਲੋੜੀਂਦੇ ਤੱਤ ਪੂਰੇ ਪਾਏ ਜਾ ਸਕਣ। ਜੇਕਰ ਮਿੱਟੀ ਦੀ ਪਰਖ ਨਾ ਕਰਵਾਈ ਹੋਵੇ ਤਾਂ ਦਰਮਿਆਨੀਆਂ ਜ਼ਮੀਨਾਂ ਵਿਚ ਪੀ ਐਮ ਐਚ 10, ਪੀ ਐਮ ਐਚ 8, ਡੀ ਕੇ ਸੀ 9108 ਅਤੇ ਪੀ ਐਮ ਐਚ 1 ਕਿਸਮਾਂ ਲਈ 50 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ), 24 ਕਿਲੋ ਫ਼ਾਸਫ਼ੋਰਸ (150 ਕਿਲੋ ਸੁਪਰਫ਼ਾਸਫ਼ੇਟ) ਅਤੇ 8 ਕਿਲੋ ਪੋਟਾਸ਼ (15 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ। ਮੱਕੀ ਦੀ ਪੀ ਐਮ ਐਚ 7 ਕਿਸਮ ਲਈ 35 ਕਿਲੋ ਨਾਈਟ੍ਰੋਜਨ (75 ਕਿਲੋ ਯੂਰੀਆ), 12 ਕਿਲੋ ਫ਼ਾਸਫ਼ੋਰਸ (75 ਕਿਲੋ ਸੁਪਰਫ਼ਾਸਫ਼ੇਟ) ਅਤੇ 8 ਕਿਲੋ ਪੋਟਾਸ਼ (15 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ। ਸਾਰੀ ਫ਼ਾਸਫ਼ੋਰਸ, ਪੋਟਾਸ਼ ਅਤੇ ਤੀਜਾ ਹਿੱਸਾ ਨਾਈਟ੍ਰੋਜਨ ਵਾਲੀ ਖਾਦ ਮੱਕੀ ਦੀ ਬਿਜਾਈ ਸਮੇਂ ਪਾਓ। ਬਾਕੀ ਰਹਿੰਦੀ ਨਾਈਟ੍ਰੋਜਨ ਵਾਲੀ ਖਾਦ ਦੋ ਬਰਾਬਰ ਹਿੱਸਿਆਂ ਵਿਚ ਪਾਓ। ਇਕ ਹਿੱਸਾ ਉਸ ਵੇਲੇ ਪਾਓ ਜਦ ਫ਼ਸਲ ਗੋਡੇ-ਗੋਡੇ ਹੋ ਜਾਵੇ ਅਤੇ ਦੂਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦਿਓ।
ਜ਼ਿੰਕ ਦੀ ਘਾਟ ਵਾਲੀਆਂ ਜ਼ਮੀਨਾਂ ਵਿਚ ਮੱਕੀ ਦੇ ਉੱਗਣ ਤੋਂ ਦੋ ਹਫ਼ਤਿਆਂ ਵਿਚਕਾਰ ਬੂਟੇ ਦੇ ਉੱਪਰੋਂ ਦੂਜੇ ਜਾਂ ਤੀਜੇ ਪੱਤੇ ਦੇ ਮੁੱਢ ਵੱਲ ਸਫ਼ੈਦ ਜਾਂ ਹਲਕਾ ਪੀਲਾ ਪੱਟੀ ਨੁਮਾ ਧੱਬਾ ਪੈ ਜਾਂਦਾ ਹੈ ਅਤੇ ਮੁੱਖ ਨਾੜ ਦੇ ਦੋਵੀਂ ਪਾਸੀਂ ਲਾਲ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ। ਇਹ ਸਫ਼ੈਦ ਪੱਟੀ ਨੁਮਾ ਧੱਬਾ ਬਾਅਦ ਵਿਚ ਪੱਤੇ ਦੇ ਸਿਰ ਵੱਲ, ਮੁੱਖ ਨਾੜ ਦੇ ਸਮਾਨੰਤਰ, ਵਧਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਜ਼ਿੰਕ ਦੀ ਘਾਟ ਮਾਮੂਲੀ ਹੋਵੇ ਤਾਂ ਪਰ ਬਾਬੂ ਝੰਡਿਆਂ ਦਾ ਬੂਰ ਅਤੇ ਛੱਲੀਆਂ ਦਾ ਸੂਤ ਦੇਰ ਨਾਲ ਨਿਕਲਦਾ ਹੈ। ਘਾਟ ਵਾਲੀਆਂ ਜ਼ਮੀਨਾਂ ਵਿਚ ਬਿਜਾਈ ਸਮੇਂ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ। ਜੇਕਰ ਜ਼ਿੰਕ ਸਲਫੇਟ ਦੀ ਵਰਤੋਂ ਬਿਜਾਈ ਸਮੇਂ ਨਾ ਕੀਤੀ ਗਈ ਹੋਵੇ ਅਤੇ ਮੱਕੀ ਦੀ ਫ਼ਸਲ ਵਿਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ 'ਤੇ ਵੀ ਜ਼ਿੰਕ ਦੀ ਉੱਪਰ ਦੱਸੀ ਮਾਤਰਾ ਨੂੰ ਬਰਾਬਰ ਮਾਤਰਾ ਵਿਚ ਮਿੱਟੀ ਵਿਚ ਰਲਾ ਕੇ ਮੱਕੀ ਦੀਆਂ ਕਤਾਰਾਂ ਦੇ ਨਾਲ-ਨਾਲ ਪਾਉ। ਜ਼ਿੰਕ ਪਾਉਣ ਉਪਰੰਤ ਗੋਡੀ ਕਰੋ ਅਤੇ ਬਾਅਦ ਵਿਚ ਪਾਣੀ ਲਾ ਦਿਉ। ਜੇ ਜ਼ਿੰਕ ਦੀ ਘਾਟ ਦਾ ਪਤਾ ਅਜਿਹੇ ਸਮੇਂ ਲੱਗੇ ਜਦੋਂ ਗੋਡੀ ਕਰਨੀ ਮੁਸ਼ਕਿਲ ਹੋਵੇ ਤਾਂ 1.2 ਕਿਲੋ ਜ਼ਿੰਕ ਸਲਫੇਟ (ਹੈਪਟਾਹਾਈਡ੍ਰੇਟ), 600 ਗ੍ਰਾਮ ਅਣਬੁਝਿਆ ਚੂਨਾ ਜਾਂ 750 ਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ, 375 ਗ੍ਰਾਮ ਅਣਬੁਝਿਆ ਚੂਨਾ ਅਤੇ 200 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕੀਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ ਇਕ-ਇਕ ਮਹੀਨੇ ਦੇ ਫ਼ਰਕ ਨਾਲ 3-4 ਗੋਡੀਆਂ ਕਰਕੇ ਕੀਤੀ ਜਾ ਸਕਦੀ ਹੈ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ 800 ਗ੍ਰਾਮ ਪ੍ਰਤੀ ਏਕੜ ਐਟਰਾਟਾਫ਼ 50 ਡਬਲਯੂ ਪੀ (ਐਟਰਾਜ਼ੀਨ) ਅਤੇ 500 ਗ੍ਰਾਮ ਹਲਕੀਆਂ ਜ਼ਮੀਨਾਂ ਵਿਚ ਬਿਜਾਈ ਤੋਂ 10 ਦਿਨਾਂ ਦੇ ਅੰਦਰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜਾਂ 250 ਗ੍ਰਾਮ ਫ਼ਸਲ ਦੀਆਂ ਕਤਾਰਾਂ 'ਤੇ 20 ਸੈਂਟੀਮੀਟਰ ਚੌੜੀ ਪੱਟੀ ਵਿਚ ਛਿੜਕਾਅ ਕਰੋ ਅਤੇ ਕਤਾਰਾਂ ਵਿਚ ਬਾਕੀ ਰਹਿੰਦੀ ਜਗ੍ਹਾ ਦੀ 15-30 ਦਿਨਾਂ ਬਾਅਦ ਗੋਡੀ ਕਰ ਦਿਓ। ਇਹ ਨਦੀਨ ਨਾਸ਼ਕ ਚੌੜੇ ਪੱਤਿਆਂ ਵਾਲੇ ਨਦੀਨਾਂ ਖਾਸ ਤੌਰ 'ਤੇ ਇਟਸਿਟ ਅਤੇ ਘਾਹ ਵਰਗੇ ਨਦੀਨਾਂ ਦੀ ਰੋਕਥਾਮ ਕਰਦੀ ਹੈ । ਖਾਦ ਦੀ ਦੂਜੀ ਕਿਸ਼ਤ ਪਾਉਣ ਮਗਰੋਂ ਵੱਟਾਂ 'ਤੇ ਬੀਜੀ ਫ਼ਸਲ ਨੂੰ ਮਿੱਟੀ ਚੜ੍ਹਾਉਣੀ ਚਾਹੀਦੀ ਹੈ।
ਜਦੋਂ ਟਾਂਡੇ ਅਤੇ ਪੱਤੇ ਜ਼ਰਾ ਹਰੇ ਹੀ ਹੋਣ ਪਰ ਪਰਦੇ ਸੁੱਕੇ ਹੋਏ ਹੋਣ ਤਾਂ ਫ਼ਸਲ ਵੱਢਣ ਲਈ ਤਿਆਰ ਹੁੰਦੀ ਹੈ। ਜਦੋਂ ਦਾਣਿਆਂ ਵਿਚ ਨਮੀ 15-20 ਪ੍ਰਤੀਸ਼ਤ ਹੋਵੇ ਤਾਂ ਛੱਲੀਆਂ ਤੋਂ ਦਾਣੇ ਕੱਢ ਲਓ। ਦਾਣੇ ਕੱਢਣ ਲਈ ਮੱਕੀ ਦੇ ਪਰਦੇ ਲਾਹੁਣ ਵਾਲੀ ਮਸ਼ੀਨ ਅਤੇ ਕੰਬਾਈਨਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਤੋੜਨ ਮਗਰੋਂ ਛੱਲੀਆਂ ਨੂੰ 3-4 ਦਿਨ ਸੁਕਾਅ ਲਓ।


-ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ
ਫੋਨ : 94654-20097
balwinderdhillon.pau@gmail.com

ਫਿਰੋਜ਼ਪੁਰ ਖੇਤਰ ਵਿਚ ਵਾਤਾਵਰਨ ਪੱਖੀ ਖੇਤੀ ਦੇ ਪੈਰੋਕਾਰ ਗੁਰਸਾਹਿਬ ਸਿੰਘ ਹੋਰ ਕਿਸਾਨਾਂ ਲਈ ਬਣਿਆ ਮਿਸਾਲ

ਗੁਰਸਾਹਿਬ ਸਿੰਘ ਸੰਧੂ ਸਪੁੱਤਰ ਜੱਜ ਸਿੰਘ ਪਿੰਡ ਬੂਲੇ, ਬਲਾਕ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਹੈ। ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਨਾਲ ਸਾਲ 2015 ਤੋਂ ਜੁੜਿਆ ਹੋਇਆ ਹੈ। ਇਹ ਤਕਰੀਬਨ ਪਿਛਲੇ ਤਿੰਨ ਸਾਲਾਂ ਤੋਂ ਹੈਪੀ ਸੀਡਰ ਮਸ਼ੀਨ ਵਰਤ ਰਿਹਾ ਹੈ ਅਤੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਰਿਹਾ ਹੈ। ਇਸ ਸਾਲ (2018) ਵਿਚ ਇਸ ਨੇ ਆਪਣੇ ਸਾਰੀ ਕਣਕ ਦੀ ਬਿਜਾਈ (ਕੁੱਲ 15 ਏਕੜ) ਹੈਪੀ ਸੀਡਰ ਮਸ਼ੀਨ ਨਾਲ ਕੀਤੀ ਹੈ। ਇਸ ਦੇ ਨਾਲ-ਨਾਲ ਇਸ ਨੇ ਲਗਪਗ 124 ਏਕੜ ਕਣਕ ਦੀ ਕਿਰਾਏ 'ਤੇ ਬਿਜਾਈ ਵੀ ਆਪਣੀ ਹੈਪੀ ਸੀਡਰ ਮਸ਼ੀਨ ਨਾਲ 1500 ਰੁਪੈ/ਕਿੱਲਾ ਦੇ ਹਿਸਾਬ ਨਾਲ ਕੀਤੀ ਹੈ। ਇਸ ਮਸ਼ੀਨ ਦੀ ਵਰਤੋਂ ਕਰ ਕੇ ਫ਼ਸਲ ਦੀ ਬਿਜਾਈ ਕਰਨ ਲਈ ਇਹ ਮੁੱਖ ਪ੍ਰੇਰਨਾ ਸਰੋਤ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਨੂੰ ਮੰਨਦੇ ਹਨ ਅਤੇ ਇਸ ਦੇ ਨਾਲ ਨਾਲ ਆਪਣਾ ਇਕ ਵੈਟਸਐਪ ਗਰੁਪ 'ਜੈ ਜਵਾਨ ਜੈ ਕਿਸਾਨ' ਵੀ ਬਣਾਇਆ ਹੈ ਜਿਸ ਦੇ 257 ਤੋਂ ਵਧ ਮੈਂਬਰ ਹਨ ਜੋ ਕਿ ਬਹੁਤ ਕਿਸਾਨਾਂ ਲਈ ਪ੍ਰੇਰਨਾ ਦਾ ਕਾਰਨ ਬਣਿਆ ਹੈ। ਕਿਸਾਨਾਂ ਨੂੰ ਮਿਲਣ 'ਤੇ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਆਪਣਾ ਤਜਰਬਾ ਬਾਕਮਾਲ ਹੈ। ਹੋਰ ਕਿਸਾਨ ਵੀਰ ਜੋ ਇਸ ਤਕਨੀਕ ਨੂੰ ਆਪਣਾ ਚੁੱਕੇ ਹਨ ਉਨ੍ਹਾਂ ਵਿਚ ਵੀ ਇਸ ਤੋਂ ਮਿਲਣ ਵਾਲੇ ਨਤੀਜਿਆ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ। ਸ਼ੂਰੁਆਤ ਵਿਚ ਇਸ ਮਸ਼ੀਨ ਦੀ ਵਰਤੋਂ ਕਰਨ ਵਿਚ ਕਿਸਾਨ ਭਰਾਵਾਂ ਨੂੰ ਇਸ ਦੀ ਤਕਨੀਕੀ ਜਾਣਕਾਰੀ ਦੀ ਘਾਟ ਸੀ ਜਿਸ ਕਾਰਨ ਕਈ ਉਲਝਣਾਂ ਦਾ ਸਾਹਮਣਾ ਕਰਨਾ ਪਿਆ ਪਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਦੀ ਸੇਧ ਅਤੇ ਤਕਨੀਕੀ ਜਾਣਕਾਰੀ ਅਨੁਸਾਰ ਇਸ ਮਸ਼ੀਨ ਦੀ ਵਰਤੋਂ ਸਹੀ ਤਰੀਕੇ ਕਰਨ ਕਰਕੇ ਨਤੀਜੇ ਅੱਗੇ ਨਾਲੋਂ ਵਧੀਆ ਅਤੇ ਲਾਹੇਵੰਦ ਆਏ ਹਨ ਜਿਸ ਕਾਰਨ ਹੋਰ ਲਾਗਲੇ ਕਿਸਾਨ ਭਰਾ ਵੀ ਇਨ੍ਹਾਂ ਤੋਂ ਪ੍ਰੇਰਿਤ ਹੋ ਰਹੇ ਹਨ। ਇਸ ਤਕਨੀਕ ਦੀ ਵਰਤੋਂ ਕਰ ਕੇ ਫ਼ਸਲ ਦੀ ਬਿਜਾਈ ਕਰਨ ਨਾਲ ਬਹੁਤ ਲਾਭ ਮਿਲਦਾ ਹੈ ਜਿੱਥੇ ਪੈਸੇ ਦੀ ਬੱਚਤ ਹੁੰਦੀ ਹੈ ਉਥੇ ਨਾਲ-ਨਾਲ ਭੂਮੀ ਦੀ ਸਿਹਤ ਤੰਦਰੁਸਤ ਅਤੇ ਉਪਜਾਊ ਸ਼ਕਤੀ ਵਧਦੀ ਹੈ ਜਿਸ ਨਾਲ ਝਾੜ ਵਿਚ ਵੀ ਵਾਧਾ ਹੁੰਦਾ ਹੈ। ਇਸ ਹੈਪੀ ਸੀਡਰ ਮਸ਼ੀਨ ਦੀ ਕਾਢ ਕਰਕੇ ਅਸੀਂ ਇਕ ਕਦਮ ਹੋਰ ਉਨਤੀ ਵੱਲ ਪਹੁੰਚ ਗਏ ਹਾਂ। ਗੁਰਸਾਹਿਬ ਸਿੰਘ ਸੰਧੂ ਦੀ ਹਿੰਮਤ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਵਲੋਂ ਲਗਾਤਾਰ ਦਿੱਤੇ ਗਏ ਸਹਿਯੋਗ ਅਤੇ ਜਾਣਕਾਰੀ ਸਦਕਾ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ :
ਬੇਹਿੰਮਤੇ ਨੇ ਜਿਹੜੇ ਬਹਿ ਕੇ
ਸ਼ਿਕਵਾ ਕਰਨ ਮੁਕੱਦਰਾਂ ਦਾ,
ਉਗਣ ਵਾਲੇ ਉਗ ਪੈਂਦੇ ਸੀਨਾ
ਪਾੜ ਕੇ ਪੱਥਰਾਂ ਦਾ।


-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX