ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਲੋਕ ਮੰਚ

ਜੀਵਨ ਵਿਚ ਵੱਡੀ ਅਹਿਮੀਅਤ ਰੱਖਦੇ ਹਨ ਚੰਗੇ ਸ਼ਬਦ

ਸਮਾਜ ਦੇ ਵਿਅਕਤੀ ਕੋਲ ਚਾਹੇ ਤਾਂ ਚੋਖੀ ਜਾਇਦਾਦ ਅਤੇ ਧਨ ਦੌਲਤ ਹੈ ਜਾਂ ਨਹੀਂ, ਪਰ ਹਰ ਵਿਅਕਤੀ ਕੋਲ ਇਕ ਪੂੰਜੀ ਜ਼ਰੂਰ ਹੁੰਦੀ ਹੈ, ਉਹ ਹੈ ਸ਼ਬਦਾਂ ਦੀ ਪੂੰਜੀ। ਇਕ ਬੱਚੇ ਦੇ ਜਨਮ ਲੈਣ ਉਪਰੰਤ ਉਸ ਦਾ ਪਹਿਲਾ ਗੁਰੁੂ ਉਸ ਦੀ ਮਾਂ ਹੁੰਦੀ ਹੈ ਜੋ ਕਿ ਉਸ ਨੂੰ ਬਚਪਨ ਵਿਚ ਹੀ ਭਾਸ਼ਾ ਸਿਖਾ ਦਿੰਦੀ ਹੈ। ਭਾਵ ਹਰ ਇਕ ਵਿਅਕਤੀ ਨੂੰ ਬਚਪਨ ਤੋਂ ਹੀ ਭਾਸ਼ਾ ਆਉਂਦੀ ਹੈ ਪਰ ਸ਼ਬਦਾਂ ਨੂੰ ਕਿਸ ਸਮੇਂ ਕਿੰਜ ਵਰਤਣਾ ਹੈ, ਇਸ ਹੁਨਰ ਨੂੰ ਪੂੰਜੀ ਕਿਹਾ ਜਾਂਦਾ ਹੈ। ਹਰ ਇਕ ਵਿਅਕਤੀ ਨੂੰ ਹਮੇਸ਼ਾ ਸੱਭਿਅਕ ਅਤੇ ਸਤਿਕਾਰਯੋਗ ਸ਼ਬਦਾਵਲੀ ਦੀ ਵਰਤੋਂ ਆਉਣੀ ਚਾਹੀਦੀ ਹੈ। ਕੁਝ ਸ਼ਬਦਾਂ ਨੂੰ ਸੁਣ ਕੇ ਸਰੋਤੇ ਤਾੜੀਆਂ ਵਜਾਉਂਦੇ ਹਨ, ਪਰ ਕੁਝ ਸ਼ਬਦਾਂ ਨਾਲ ਵਿਰੋਧਤਾ ਜਤਾਉਂਦੇ ਹਨ। ਉਦਾਹਰਨ ਦੇ ਤੌਰ 'ਤੇ ਜਿਵੇਂ ਅਸੀਂ ਇਕ ਬੱਚੇ ਨੂੰ ਬੁਲਾੳਂਦੇ ਹਾਂ 'ਓਏ ਇਧਰ ਆ'। ਪਰ ਦੂਜੇ ਪਾਸੇ ਜਦੋਂ ਅਸੀਂ ਸਤਿਕਾਰ ਨਾਲ ਬੱਚੇ ਨੂੰ ਬੁਲਾੳਂਦੇ ਹਾਂ 'ਬੇਟਾ ਇਧਰ ਆਓ'। ਦੋਵੇਂ ਤਰ੍ਹਾਂ ਦੀ ਸ਼ਬਦਾਵਲੀ ਦਾ ਬੱਚੇ ਦੀ ਮਾਨਸਿਕਤਾ ਉੱਪਰ ਵੱਖ-ਵੱਖ ਤਰੀਕੇ ਨਾਲ ਪ੍ਰਭਾਵ ਅਤੇ ਦੁਰਪ੍ਰਭਾਵ ਪੈਂਦਾ ਹੈ। ਸ਼ਬਦਾਂ ਦਾ ਪ੍ਰਯੋਗ ਜੇਕਰ ਉਚਿਤ ਢੰਗ ਅਤੇ ਸਤਿਕਾਰਯੋਗ ਤਰੀਕੇ ਨਾਲ ਕੀਤਾ ਜਾਵੇ ਤਾਂ ਇਹ ਅਨੇਕਾਂ ਗੁੰਝਲਦਾਰ ਪ੍ਰਸਥਿਤੀਆਂ ਨੂੰ ਸੁਲਝਾਉਣ ਦੀ ਸਮਰਥਾ ਰੱਖਦੇ ਹਨ ਅਤੇ ਵਿਅਕਤੀ ਨੂੰ 'ਸਿੰਘਾਸਨ' ਉੱਤੇ ਬਿਠਾਉਣ ਦੀ ਵੀ ਹੈਸੀਅਤ ਰੱਖਦੇ ਹਨ। ਇਸ ਲਈ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਸੌਣ ਸਮੇਂ ਸਾਰੇ ਦਿਨ ਵਿਚ ਵਰਤੇ ਗਏ ਸ਼ਬਦਾਂ ਦਾ ਚਿੰਤਨ ਕਰੇ ਕਿ ਉਸ ਵਲੋਂ ਵਰਤੇ ਗਏ ਸ਼ਬਦਾਂ ਨੇ ਕਿੰਨੇ ਲੋਕਾਂ ਨੂੰ ਸਕੂਨ ਪ੍ਰਦਾਨ ਕੀਤਾ ਅਤੇ ਕਿੰਨਿਆਂ ਦੀ ਮਾਨਸਿਕਤਾ ਉੱਪਰ ਮਦ ਪ੍ਰਭਾਵ ਪਾਇਆ। ਅਗਲੀ ਸਵੇਰ ਉੱਠ ਕੇ ਨਵੇਂ ਸਿਰੇ ਤੋਂ ਤਿਆਰੀ ਕਰਨੀ ਚਾਹੀਦੀ ਹੈ ਕਿ ਉਸ ਵਿਅਕਤੀ ਦੇ ਸ਼ਬਦ ਦੂਜਿਆਂ ਲਈ ਹਿਤਕਾਰੀ ਹੋਣ, ਹੌਸਲਾ ਅਤੇ ਪਿਆਰ-ਸਤਿਕਾਰ ਦੇਣ ਵਾਲੇ ਹੋਣ। ਕਿਉਂਕਿ ਇਹੋ ਹੌਸਲਾ ਅਤੇ ਪਿਆਰ-ਸਤਿਕਾਰ ਮੁੜ ਕੇ ਉਸ ਕੋਲ ਆਵੇਗਾ, ਜਿਸ ਨਾਲ ਉਸ ਦੇ ਜੀਵਨ ਵਿਚ ਖੁਸ਼ੀਆਂ ਆਉਣਗੀਆਂ।

-ਦਸਮੇਸ਼ ਖਾਲਸਾ ਕਾਲਜ, ਜ਼ੀਰਕਪੁਰ।


ਖ਼ਬਰ ਸ਼ੇਅਰ ਕਰੋ

ਨਕਲ ਹੋਣ ਨਹੀਂ ਦਿੰਦੀ ਸਫ਼ਲ

ਵਿਦਿਆਰਥੀਆਂ ਦੇ ਵਿੱਦਿਅਕ ਨਤੀਜੇ ਮਾੜੇ ਆਉਣ ਦੇ ਅਨੇਕਾਂ ਕਾਰਨ ਹਨ, ਜਿੱਥੇ ਕਿਤੇ ਨਾ ਕਿਤੇ ਮਾਪੇ ਜ਼ਿਆਦਾ ਦੋਸ਼ੀ ਸਾਬਤ ਹੁੰਦੇ ਹਨ, ਕਿਉਂਕਿ ਬੱਚਿਆਂ ਦੇ ਵਿਵਹਾਰ ਵਿਚ ਆਈਆਂ ਤਬਦੀਲੀਆਂ ਨੂੰ ਸੁਧਾਰਨ ਲਈ ਮਾਪਿਆਂ ਵਲੋਂ ਸਕੂਲ ਨੂੰ ਯੋਗਦਾਨ ਦੀ ਵੱਡੀ ਘਾਟ ਹੁੰਦੀ ਹੈ, ਕਿਉਂਕਿ ਬੱਚੇ ਪੜ੍ਹਾਈ ਵਿਚ ਰੁਚੀ ਨਹੀਂ ਦਿੰਦੇ ਅਤੇ ਮਾਪੇ ਉਨ੍ਹਾਂ ਨੂੰ ਸਮਝਾਉਣ ਤੋਂ ਅਸਮਰੱਥ ਹਨ। ਕਈ ਵਾਰ ਤਾਂ ਵੇਖਣ ਵਿਚ ਆਇਆ ਹੈ ਕਿ ਜਮਾਤ ਦੇ 80 ਫੀਸਦੀ ਵਿਦਿਆਰਥੀ ਕਿਤਾਬਾਂ ਹੀ ਨਹੀਂ ਲੈ ਕੇ ਆਉਂਦੇ, ਕਿਉਂਕਿ ਉਹ ਇਨ੍ਹਾਂ ਨੂੰ ਬੋਝ ਮੰਨਣ ਲੱਗ ਪਏ ਹਨ। ਜੇਕਰ ਅਧਿਆਪਕ ਉਨ੍ਹਾਂ ਨੂੰ ਝਿੜਕਦੇ ਵੀ ਹਨ ਤਾਂ ਛੁੱਟੀ ਹੋਣ ਤੋਂ ਬਾਅਦ ਉਹੀ ਪੜ੍ਹਾਕੂ ਸਕੂਲ ਤੋਂ ਬਾਹਰ ਉਨ੍ਹਾਂ ਨੂੰ ਘੇਰਨ ਦੀ ਤਿਆਰੀ ਕਰ ਲੈਂਦੇ ਹਨ। ਫਿਰ ਅਸੀਂ ਅਜਿਹੇ ਵਿਦਿਆਰਥੀਆਂ ਤੋਂ ਅੱਛੇ ਦਿਨ ਦੀ ਆਸ ਕਿਵੇ ਰੱਖ ਸਕਦੇ ਹਾਂ। ਕਈ ਸਕੂਲਾਂ ਵਿਚ ਤਾਂ ਅਧਿਆਪਕਾਂ ਦੀ ਐਨੀ ਘਾਟ ਹੈ ਕਿ ਇਕ ਅਧਿਆਪਕ ਨੂੰ ਹੀ ਕਈ-ਕਈ ਵਿਸ਼ੇ ਪੜ੍ਹਾਉਣੇ ਪੈ ਰਹੇ ਹਨ। ਕਈ ਵਿਦਿਆਰਥੀ ਤਾਂ ਇਸ ਵੱਡੀ ਗਲਤ-ਫਹਿਮੀ ਦੇ ਸ਼ਿਕਾਰ ਵੀ ਹੋ ਜਾਂਦੇ ਹਨ ਕਿ ਸਿਰਫ ਇਮਤਿਹਾਨਾਂ ਦੇ ਦਿਨਾਂ ਵਿਚ ਹੀ ਪੜ੍ਹਨ ਨਾਲ ਉਹ ਸਫ਼ਲ ਹੋ ਜਾਣਗੇ। ਇਸ ਸੋਚ ਨੂੰ ਲੈ ਕੇ ਉਹ ਸਾਰਾ ਸਾਲ ਕਿਤਾਬ ਨਹੀਂ ਖੋਲ੍ਹਦੇ। ਅਖੀਰ ਇਮਤਿਹਾਨਾਂ ਦੇ ਦਿਨਾਂ ਵਿਚ ਪੜ੍ਹਾਈ ਨੂੰ ਲੈ ਕੇ ਏਨੇ ਖੱਜਲ-ਖੁਆਰ ਹੁੰਦੇ ਹਨ ਕਿ ਉਹ ਪਾਸ ਹੋਣ ਲਈ ਅਨੇਕਾਂ ਹੱਥ-ਕੰਡੇ ਵਰਤਦੇ ਹਨ। ਇਮਤਿਹਾਨਾਂ ਦੇ ਦਿਨਾਂ ਵਿਚ ਪ੍ਰੀਖਿਆ ਕੇਂਦਰਾਂ ਕੋਲ ਵਿਦਿਆਰਥੀਆਂ ਨਾਲੋਂ ਮਾਪਿਆਂ ਦੀ ਭੀੜ ਜ਼ਿਆਦਾ ਵੇਖਣ ਨੂੰ ਮਿਲਦੀ ਹੈ ਅਤੇ ਇਕ ਅਧਿਆਪਕ ਕੋਲ ਕਈ-ਕਈ ਵਿਦਿਆਰਥੀਆਂ ਦੀਆਂ ਸਿਫਾਰਸ਼ਾਂ ਆ ਪਹੁੰਚਦੀਆਂ ਹਨ। ਇਸ ਤਰ੍ਹਾਂ ਕਈ ਵਾਰ ਤਾਂ ਸਿਫਾਰਸ਼ੀ ਹੀ ਸਾਰਾ ਸਾਲ ਮਿਹਨਤ ਕਰਨ ਵਾਲੇ ਵਿਦਿਆਰਥੀ ਤੋਂ ਜ਼ਿਆਦਾ ਅੰਕ ਲੈ ਕੇ ਸਫ਼ਲ ਹੋ ਜਾਂਦਾ ਹੈ। ਤੁਸੀਂ ਸੋਚ ਸਕਦੇ ਹੋ ਕਿ ਉਸ ਮਿਹਨਤ ਕਰਨ ਵਾਲੇ ਵਿਦਿਆਰਥੀ 'ਤੇ ਇਸ ਦਾ ਕੀ ਅਸਰ ਹੋਵੇਗਾ? ਕਈ ਵਾਰ ਤਾਂ ਵਿਦਿਆਰਥੀ ਨਕਲ ਦੇ ਚੱਕਰਾਂ ਵਿਚ ਪੈ ਕੇ ਆਪਣਾ ਭਵਿੱਖ ਬਣਾਉਣ ਦੀ ਬਜਾਏ ਵਿਗਾੜ ਲੈਂਦੇ ਹਨ, ਕਿਉਂਕਿ ਉਹ ਇਸ ਗੱਲ ਤੋਂ ਜਾਣੂ ਨਹੀਂ ਹੁੰਦੇ ਕਿ ਨਕਲ ਉਨ੍ਹਾਂ ਨੂੰ ਅਜਿਹੇ ਹਨੇਰੇ ਵੱਲ ਲੈ ਜਾਂਦੀ ਹੈ ਜਿਸ ਵਿਚ ਅੱਗੇ ਵਧਣ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਨਕਲ ਮਾਰ ਕੇ ਪਾਸ ਹੋਣ ਵਾਲਾ ਵਿਦਿਆਰਥੀ ਅੱਜ ਭਾਵੇਂ ਛਾਲਾਂ ਮਾਰ-ਮਾਰ ਕੇ ਅਗਲੀ ਜਮਾਤ ਵਿਚ ਪਹੁੰਚ ਰਿਹਾ ਹੈ ਪਰ ਬਾਅਦ ਵਿਚ ਜੇਕਰ ਉਹੀ ਵਿਦਿਆਰਥੀ ਕਿਸੇ ਮੁਕਾਬਲੇ ਦੀ ਪ੍ਰੀਖਿਆ ਵਿਚ ਬੈਠਦਾ ਹੈ ਤਾਂ ਰੇਤ ਦੀ ਕੰਧ ਵਾਂਗ ਢਹਿ ਜਾਂਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਪ੍ਰਾਇਮਰੀ ਪੱਧਰ ਦੀ ਸਿੱਖਿਆ ਤੋਂ ਹੀ ਪੜ੍ਹਾਈ ਵਿਚ ਰੁਚੀ ਰੱਖ ਕੇ ਮਿਹਨਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਸੁਭਾਅ ਵੀ ਮਿਹਨਤੀ ਬਣ ਜਾਵੇਗਾ ਅਤੇ ਜੋ ਬਾਅਦ ਵਿਚ ਉੱਚ-ਸਿੱਖਿਆ ਪ੍ਰਾਪਤ ਕਰਕੇ ਸਫਲਤਾ ਦੀਆਂ ਪੌੜੀਆਂ ਚੜ੍ਹਨਗੇ ਅਤੇ ਉੱਚ ਅਹੁਦਿਆਂ 'ਤੇ ਬਿਰਾਜਮਾਨ ਹੋਣਗੇ, ਉਹੀ ਆਪਣੇ ਪਿੰਡ, ਮਾਪੇ ਅਤੇ ਅਧਿਆਪਕਾਂ ਦਾ ਨਾਂਅ ਰੋਸ਼ਨ ਕਰਨਗੇ।

-ਇੰਚਾਰਜ, ਸ: ਐ: ਸਕੂਲ, ਰਾਜਗੜ੍ਹ (ਸਮਾਣਾ-2)। ਮੋਬਾ: 94175 43175

ਮਾਣ-ਮੱਤੇ ਅਧਿਆਪਕ-28

ਚੁਣੌਤੀਆਂ ਨੂੰ ਖਿੜੇ ਮੱਥੇ ਸਵੀਕਾਰ ਕਰਦੈ ਲਵਜੀਤ ਸਿੰਘ ਗਰੇਵਾਲ

ਆਪਣੇ ਕਿੱਤੇ ਨੂੰ ਪੂਰੀ ਤਰ੍ਹਾਂ ਸਰਮਪਿਤ ਹੋਣ ਦੀ ਭਾਵਨਾ ਜਿਨ੍ਹਾਂ ਸ਼ਖ਼ਸੀਅਤਾਂ ਵਿਚ ਹੁੰਦੀ ਹੈ, ਉਹ ਹਮੇਸ਼ਾ ਹੀ ਇਕ ਵੱਖਰੀ ਪੈੜ ਦੇ ਮਾਲਕ ਹੁੰਦੇ ਹਨ ਤੇ ਅਧਿਆਪਨ ਦਾ ਕਿੱਤਾ ਤਾਂ ਉਹ ਕਿੱਤਾ ਹੈ ਜਿਸ ਨੂੰ ਪੁਰਾਤਨ ਸਮੇਂ ਤੋਂ ਹੀ ਸਭ ਨਾਲੋਂ ਵੱਧ ਸਤਿਕਾਰ ਮਿਲਦਾ ਰਿਹਾ ਹੈ ਤੇ ਗੁਰੂ ਨੂੰ ਸਭ ਤੋਂ ਵੱਡਾ ਦਰਜਾ। ਇਕ ਚੰਗੇ ਅਧਿਆਪਕ ਅੰਦਰ ਆਪਣੇ ਵਿਦਿਆਰਥੀਆਂ ਲਈ ਸਭ ਕੁਝ ਕਰ ਗੁਜ਼ਰਨ ਦੀ ਇੱਛਾ ਹੁੰਦੀ ਹੈ। ਇਕ ਚੰਗਾ ਅਧਿਆਪਕ ਜਿੱਥੇ ਆਪਣੇ ਅੰਦਰ ਦਾ ਸਾਰਾ ਗਿਆਨ ਵਿਦਿਆਰਥੀਆਂ ਅੰਦਰ ਭਰਨ ਲਈ ਆਪਣੀ ਹਰ ਵਾਹ ਲਗਾ ਦਿੰਦਾ ਹੈ, ਉੱਥੇ ਸਮਾਜ ਲਈ ਵੀ ਕੁਝ ਚੰਗਾ ਕਰਨ ਲਈ ਤਤਪਰ ਰਹਿੰਦਾ ਹੈ। ਇਕ ਅਧਿਆਪਕ ਪੂਰੇ ਵਿਸ਼ਵ ਦੇ ਸੰਦਰਭ ਵਿਚ ਸੋਚਦਾ ਹੈ। ਇਹੋ ਜਿਹੀ ਹੀ ਸ਼ਖ਼ਸੀਅਤ ਦੇ ਮਾਲਕ ਹਨ ਸ: ਲਵਜੀਤ ਸਿੰਘ ਗਰੇਵਾਲ। ਇਨ੍ਹਾਂ ਦਾ ਜਨਮ 13 ਸਤੰਬਰ, 1978 ਨੂੰ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਆਵਾ ਵਿਚ ਪਿਤਾ ਸਰਦਾਰ ਸੁਲੱਖਣ ਸਿੰਘ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ। ਸ: ਗਰੇਵਾਲ ਦੇ ਪਿਤਾ ਮੰਡੀ ਬੋਰਡ ਵਿਚ ਸੇਵਾਵਾਂ ਨਿਭਾਉਂਦੇ ਸਨ ਅਤੇ ਮਾਤਾ ਜੀ ਸਿੱਖਿਆ ਵਿਭਾਗ ਵਿਚ ਹੀ ਸੈਂਟਰ ਹੈੱਡ ਟੀਚਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ। ਸ: ਗਰੇਵਾਲ ਨੇ ਦਸਵੀਂ ਅਤੇ ਬਾਰ੍ਹਵੀਂ ਦੀ ਸਿੱਖਿਆ ਡੀ.ਏ.ਵੀ. ਸਕੂਲ ਫਾਜ਼ਿਲਕਾ ਤੋਂ ਪ੍ਰਾਪਤ ਕਰਨ ਉਪਰੰਤ ਈ.ਟੀ.ਟੀ. ਦੀ ਸਿਖਲਾਈ ਜ਼ਿਲ੍ਹਾ ਫਿਰੋਜ਼ਪੁਰ ਦੀ ਡਾਇਟ ਤੋਂ 1997-1999 ਦੌਰਾਨ ਹਾਸਲ ਕੀਤੀ। ਇਸ ਉਪਰੰਤ ਗਿਆਨ ਦੀ ਵਡੇਰੀ ਤਾਂਘ ਤਹਿਤ ਉਨ੍ਹਾਂ ਨੇ ਬੀ.ਐੱਡ. ਅਤੇ ਐਮ.ਏ. ਪੰਜਾਬੀ ਦੀ ਉੱਚ ਸਿੱਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕਰਕੇ 2001 ਵਿਚ ਸਿੱਖਿਆ ਵਿਭਾਗ ਵਿਚ ਬਤੌਰ ਅਧਿਆਪਕ ਪਹਿਲਾ ਕਦਮ ਧਰਿਆ? ਆਪਣੇ ਪਹਿਲੇ ਸਕੂਲ ਪਿੰਡ ਤੇਜਾ ਰੁਹੇਲਾ ਜ਼ਿਲ੍ਹਾ ਫਾਜ਼ਿਲਕਾ ਜਿੱਥੇ ਸਰਹੱਦੀ ਇਲਾਕਾ ਹੋਣ ਕਰਕੇ ਚਾਰ-ਚੁਫੇਰਾ ਵਿਕਾਸ ਵੱਲ ਝਾਕਦਾ ਸੀ, ਅਜਿਹੇ ਥਾਂ ਨਵੀਂ ਨੌਕਰੀ, ਨਵਾਂ ਜੋਸ਼ ਤੇ ਦ੍ਰਿੜ੍ਹ ਇਰਾਦੇ ਵਾਲੇ ਲਵਜੀਤ ਸਿੰਘ ਗਰੇਵਾਲ ਨੇ ਪਹਿਲੇ ਦਿਨ ਤੋਂ ਹੀ ਵਿਦਿਆਰਥੀਆਂ ਤੇ ਸਕੂਲ ਦੀ ਸਮੁੱਚੀ ਭਲਾਈ ਲਈ ਦਿਨ-ਰਾਤ ਇਕ ਕਰਨ ਦਾ ਮਨ ਬਣਾ ਲਿਆ ਸੀ ਤੇ ਇਸੇ ਦਿਨ ਤੋਂ ਉਹ ਬੱਚਿਆਂ ਦੀ ਭਲਾਈ ਵਿਚ ਲੀਨ ਹੋ ਗਏ ਅਤੇ ਕਦੇ ਵੀ ਨਿੱਜੀ ਸਵਾਰਥ ਨੂੰ ਪਹਿਲ ਨਹੀਂ ਦਿੱਤੀ। 01.07.2006 ਤੋਂ ਹੁਣ ਤੱਕ ਫਾਜ਼ਿਲਕਾ ਦੇ ਸਰਹੱਦੀ ਪਿੰਡ ਜੋ ਪਾਕਿਸਤਾਨ ਤੋਂ ਥੋੜ੍ਹੀ ਦੂਰੀ 'ਤੇ ਹੀ ਵਸਿਆ ਹੋਇਆ ਹੈ, ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਵਿਖੇ ਬਤੌਰ ਮੁੱਖ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ। ਕਹਿੰਦੇ ਹਨ, ਜਿਨ੍ਹਾਂ ਨੇ ਸਮਾਜ ਲਈ ਕੁਝ ਕਰਨ ਦੀ ਠਾਣ ਲਈ ਹੁੰਦੀ ਹੈ, ਉਨ੍ਹਾਂ ਲਈ ਸਥਾਨ ਤੇ ਮੁਸ਼ਕਿਲਾਂ ਮਾਇਨੇ ਨਹੀਂ ਰੱਖਦੀਆਂ। ਇਸੇ ਇਰਾਦੇ ਨਾਲ ਗਰੇਵਾਲ ਨੇ ਇੱਥੇ ਵੀ ਚਾਰ ਚੰਨ ਲਗਾਏ। ਉਨ੍ਹਾਂ ਦਾ ਸਕੂਲ ਸਰਹੱਦੀ ਇਲਾਕੇ ਦੇ ਨਿੱਜੀ ਸਕੂਲਾਂ ਨੂੰ ਵੀ ਮਾਤ ਪਾਉਣ ਵਾਲੀ ਗੱਲ ਕਰਦਾ ਹੈ। ਸਕੂਲ ਦੀ ਇਮਾਰਤ ਬਹੁਤ ਵਧੀਆ ਹੈ। ਛੋਟੀਆਂ ਜਮਾਤਾਂ ਲਈ ਐਲ.ਈ.ਡੀ. ਅਤੇ ਸਮਾਰਟ ਲੈਬ ਦੀ ਸਹੂਲਤ ਹੈ। ਪੜ੍ਹਾਈ ਦਾ ਪੱਧਰ ਇਸ ਤਰ੍ਹਾਂ ਦਾ ਹੈ ਕਿ ਬੱਚੇ ਵੱਡੇ ਪਹਾੜੇ ਮਸ਼ੀਨ ਵਾਂਗ ਸੁਣਾ ਦਿੰਦੇ ਹਨ। ਸਾਲ 2008 ਵਿਚ ਸਕੂਲ ਦੀ ਵਿਦਿਆਰਥਣ ਸੰਤੋ ਬਾਈ ਨੇ 450 ਵਿਚੋਂ 446 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਭਰ ਵਿਚੋਂ ਨਾਂਅ ਰੌਸ਼ਨ ਕੀਤਾ ਸੀ। ਸਕੂਲ ਦੀ ਗਿੱਧੇ ਦੀ ਟੀਮ ਸੂਬਾ ਪੱਧਰ ਤੱਕ ਆਪਣੀ ਕਲਾ ਦਾ ਜੌਹਰ ਦਿਖਾ ਚੁੱਕੀ ਹੈ। ਸ: ਗਰੇਵਾਲ ਦਾ ਕਹਿਣਾ ਹੈ ਕਿ ਸਾਰੀਆਂ ਪ੍ਰਾਪਤੀਆਂ ਦੇ ਪਿੱਛੇ ਸਾਥੀ ਅਧਿਆਪਕਾਂ, ਪਿੰਡ ਵਾਸੀਆਂ ਦਾ ਵੱਡਾ ਸਹਿਯੋਗ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਕੱਲਾ ਵਿਅਕਤੀ ਕਦੇ ਵੀ ਕੁਝ ਨਹੀਂ ਕਰ ਸਕਦਾ। ਸਿੱਖਿਆ ਜਗਤ ਦੀ ਇਸ ਮਾਣਮੱਤੀ ਸ਼ਖ਼ਸੀਅਤ ਨੂੰ 5 ਸਤੰਬਰ, 2015 ਨੂੰ ਪੰਜਾਬ ਸਰਕਾਰ ਵਲੋਂ ਅਧਿਆਪਕ ਰਾਜ ਪੁਰਸਕਾਰ ਨਾਲ ਨਿਵਾਜਿਆ ਗਿਆ। ਸਾਲ 2017 ਵਿਚ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਸ: ਗਰੇਵਾਲ ਦੇ ਹਿੱਸੇ ਆਇਆ। ਸ: ਗਰੇਵਾਲ ਹੁਣ ਇਕ ਹੋਰ ਸਕੂਲ ਦੇ ਨਿਰਮਾਣ ਨੂੰ ਲੈ ਕੇ ਤਤਪਰ ਹਨ? ਆਪਣੇ ਕਿੱਤੇ ਨਾਲ ਪੂਰਨ ਇਨਸਾਫ ਕਰਨ ਵਾਲੇ ਸ: ਗਰੇਵਾਲ ਆਪਣੀ ਧਰਮਪਤਨੀ ਸ੍ਰੀਮਤੀ ਸਿਰਮਨਜੀਤ ਕੌਰ ਗਰੇਵਾਲ ਅਤੇ ਦੋ ਬੇਟੀਆਂ ਸੁਖਮਨਪ੍ਰੀਤ ਕੌਰ ਅਤੇ ਇਸ਼ਮਨਪ੍ਰੀਤ ਕੌਰ ਨਾਲ ਚੰਗਾ ਜੀਵਨ ਬਤੀਤ ਕਰ ਰਹੇ ਹਨ। ਅਕਾਲ ਪੁਰਖ ਉਨ੍ਹਾਂ ਨੂੰ ਹਮੇਸ਼ਾ ਤੰਦਰੁਸਤ ਰੱਖੇ, ਤਾਂ ਜੋ ਉਨ੍ਹਾਂ ਨੇ ਸਿੱਖਿਆ ਜਗਤ ਲਈ ਜਿਹੜੇ ਸੱਚੇ ਸੁਪਨੇ ਦਿਲ ਵਿਚ ਸਮਾ ਰੱਖੇ ਹਨ, ਉਹ ਸਾਕਾਰ ਹੋ ਸਕਣ।

-ਮੋਬਾ: 93565-52000

ਪਹਾੜ ਜਿੱਡੀਆਂ ਮੁਸ਼ਕਿਲਾਂ ਅੱਗੇ ਬੇਵੱਸ ਹੁੰਦਾ ਇਨਸਾਨ

ਇਹ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ ਇਸ ਸੰਸਾਰ 'ਚ ਕੋਈ ਇਨਸਾਨ ਮੁਸ਼ਕਿਲਾਂ ਜਾਂ ਠੋਕਰਾਂ ਦਾ ਸ਼ਿਕਾਰ ਨਾ ਹੋਇਆ ਹੋਵੇ। ਜ਼ਿੰਦਗੀ ਦਾ ਸਫਰ ਹਰ ਕੌੜੇ-ਮਿੱਠੇ ਤਜਰਬੇ ਦਾ ਅਹਿਸਾਸ ਕਰਵਾਉਂਦਿਆਂ ਨਿਰੰਤਰ ਚਲਦਾ ਹੈ। ਚੰਗਾ ਸਮਾਂ ਮਨ ਨੂੰ ਖੁਸ਼ੀ ਦਿੰਦਾ ਹੈ ਅਤੇ ਸਹਿਮੇ ਪਲ ਵਕਤੀ ਤੌਰ 'ਤੇ ਤਨ ਅਤੇ ਮਨ ਨੂੰ ਤਣਾਅਪੂਰਨ ਕਰ ਦਿੰਦੇ ਹਨ। ਇਨਸਾਨੀ ਦਿਮਾਗ ਅਤੇ ਮਨ ਦਾ ਬੋਝਲ ਹੋਣਾ ਰੋਜ਼ਾਨਾ ਖੁਦਕੁਸ਼ੀਆਂ ਦਾ ਕਾਰਨ ਬਣ ਰਿਹਾ ਹੈ। ਇਹ ਡੂੰਘੀ ਸੋਚ-ਵਿਚਾਰ ਦਾ ਵਿਸ਼ਾ ਹੈ ਕਿ ਉਹ ਵਿਅਕਤੀ ਕਿੰਨਾ ਤਣਾਅਪੂਰਨ ਹੋਵੇਗਾ, ਜਿਸ ਨੇ ਆਪਣੇ ਹੱਥੀਂ ਆਪਣੇ ਘੁੱਗ ਵਸਦੇ ਪਰਿਵਾਰਕ ਜੀਆਂ ਨੂੰ ਕਤਲ ਕਰਕੇ ਆਪ ਵੀ ਖੁਦਕੁਸ਼ੀ ਕਰ ਲਈ। ਪੈਰ-ਪੈਰ 'ਤੇ ਮੁਸ਼ਕਿਲਾਂ ਜ਼ਿੰਦਗੀ 'ਚ ਇਨਸਾਨ ਨੂੰ ਘੇਰਦੀਆਂ ਹਨ, ਇਨ੍ਹਾਂ ਤੋਂ ਤਣਾਅਗ੍ਰਸਤ ਹੋ ਕੇ ਆਪਣਾ ਘਰ ਹੀ ਉਜਾੜ ਲੈਣਾ ਕਿਥੋਂ ਦੀ ਸਿਆਣਪ ਹੈ? ਬਹਾਦਰੀ ਸਿਰ ਚੜ੍ਹੇ ਕਰਜ਼ੇ ਤੋਂ ਘਬਰਾ ਕੇ ਖੁਦਕੁਸ਼ੀ ਕਰਨ 'ਚ ਨਹੀਂ, ਬਲਕਿ ਯਤਨ ਕਰਕੇ ਉਸ ਨੂੰ ਉਤਾਰਨ 'ਚ ਹੈ। ਜਿਊਂਦੇ ਇਨਸਾਨ 'ਚ ਅਥਾਹ ਤਾਕਤ ਹੁੰਦੀ ਹੈ, ਉਹ ਕਿਸੇ ਵੀ ਚੁਣੌਤੀ ਨੂੰ ਟੱਕਰ ਦੇ ਕੇ ਉਸ ਨੂੰ ਠੱਲ੍ਹਣ ਦੀ ਤਾਕਤ ਰੱਖਦਾ ਹੈ। ਜੇਕਰ ਮਕੜੀ ਦੁਆਰਾ ਵਾਰ-ਵਾਰ ਕੀਤੀ ਕੋਸ਼ਿਸ਼ ਤੋਂ ਸੇਧ ਲੈ ਕੇ ਇਕ ਰਾਜਾ ਆਪਣੇ ਹਾਰੇ ਹੋਏ ਰਾਜਾਂ ਨੂੰ ਦੁਬਾਰਾ ਜਿੱਤਣ ਦੀ ਨਸੀਅਤ ਲੈ ਸਕਦਾ ਹੈ ਤਾਂ ਅਜੋਕਾ ਇਨਸਾਨ ਮੁਸ਼ਕਿਲਾਂ ਤੋਂ ਘਬਰਾ ਕੇ ਪਿੜ ਛੱਡਦਾ ਚੰਗਾ ਨਹੀਂ ਲਗਦਾ। ਇਕ ਸਕੂਲ ਮਾਸਟਰ ਨੇ ਸਰਕਾਰੀ ਨੌਕਰੀ ਅਪਲਾਈ ਕਰਨ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਸ ਦੀ ਕਿਸਮਤ 'ਚ ਸਰਕਾਰੀ ਨੌਕਰੀ ਨਹੀਂ। ਉਮਰ 'ਚ ਤਕਰੀਬਨ 40 ਸਾਲ ਦਾ ਇਹ ਵਿਅਕਤੀ ਅਧਿਆਪਕ ਲੱਗਣ ਦੀ ਉਮਰ ਹੱਦ ਪਾਰ ਕਰਨ ਦੇ ਬਿਲਕੁਲ ਨਜ਼ਦੀਕ ਸੀ। ਨਾਲ ਦੇ ਦੋਸਤਾਂ ਸਾਥੀਆਂ ਨੇ ਸਮਝਾ ਬੁਝਾ ਕੇ ਉਸ ਤੋਂ ਨੌਕਰੀ ਲਈ ਅਪਲਾਈ ਕਰਵਾ ਦਿੱਤਾ। ਜ਼ਿਲ੍ਹੇ ਵਾਰ ਬਣੀ ਮੈਰਿਟ ਸੂਚੀ 'ਚ ਉਸ ਦਾ ਆਖਰੀ ਨੰਬਰ ਸੀ ਤੇ ਨੌਕਰੀ ਲੱਗਣ ਲਈ ਉਸ ਦੀ ਚੋਣ ਹੋ ਚੁੱਕੀ ਸੀ। ਇਹ ਉਸ ਲਈ ਇਕ ਚਮਤਕਾਰ ਸੀ। ਕੋਸ਼ਿਸ਼ ਕਰਨ ਨਾਲ ਹੀ ਮਿੱਥੇ ਨਿਸ਼ਾਨਿਆਂ ਦੀ ਪੂਰਤੀ ਸੰਭਵ ਹੈ। ਸੰਘਰਸ਼ ਦਾ ਪਿੜ ਛੱਡ ਕੇ ਭੱਜਣਾ ਜਾਂ ਮਰਨਾ ਕਿਸੇ ਮੁਸ਼ਕਿਲ ਦਾ ਹੱਲ ਨਹੀਂ। ਦਲੇਰ, ਸਿਰੜੀ ਅਤੇ ਹਿੰਮਤੀ ਲੋਕ ਚੁਣੌਤੀਆਂ ਨੂੰ ਚੁਣੌਤੀਆਂ ਦਿੰਦੇ ਹਨ। ਉਹ ਇਨ੍ਹਾਂ ਅੱਗੇ ਗੋਡੇ ਨਹੀਂ ਟੇਕਦੇ। ਆਪ ਖੁਦਕੁਸ਼ੀ ਕਰਕੇ ਪਿੱਛੇ ਪਰਿਵਾਰ ਨੂੰ ਛੱਡ ਜਾਣਾ ਕਿੱਥੋਂ ਦੀ ਸਮਝਦਾਰੀ ਹੈ, ਸਗੋਂ ਪਰਿਵਾਰ ਵਿਚ ਅਜਿਹਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ ਕਿ ਮੁਸ਼ਕਿਲ ਸਮੇਂ ਸਾਰਾ ਪਰਿਵਾਰ ਇਕਜੁੱਟ ਹੋ ਜਾਵੇ। ਪਰਿਵਾਰਕ ਏਕੇ ਵਾਲੇ ਮਾਹੌਲ 'ਚ ਕੋਈ ਵੀ ਤਣਅ ਪੈਦਾ ਕਰਨ ਵਾਲੀ ਔਕੜ ਜਾਂ ਮੁਸ਼ਕਿਲ ਆਪਣਾ ਆਧਾਰ ਗਵਾ ਲੈਂਦੀ ਹੈ ਅਤੇ ਹੱਸਦਾ-ਵੱਸਦਾ ਪਰਿਵਾਰ ਅਜਿਹੀ ਸਥਿਤੀ 'ਤੇ ਬੜੀ ਆਸਾਨੀ ਨਾਲ ਕਾਬੂ ਪਾ ਲੈਂਦਾ ਹੈ। ਤੱਪੜ ਧਰਤੀ ਨੂੰ ਵਾਹ ਕੇ ਜੇਕਰ ਇਨਸਾਨ ਸੁਨਹਿਰੀ ਫਸਲਾਂ ਉਗਾ ਸਕਦਾ ਹੈ ਤਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਵੀ ਉਸ ਲਈ ਕੋਈ ਬਹੁਤਾ ਔਖਾ ਨਹੀਂ। ਰੋਜ਼ਾਨਾ ਘਰਾਂ 'ਚ ਵਿਛਦੇ ਸੱਥਰ ਕੋਈ ਚੰਗਾ ਸੰਕੇਤ ਨਹੀਂ। ਅੱਜ ਬੇਵਸੀ ਦੇ ਡੂੰਘੇ ਸਮੁੰਦਰ 'ਚੋਂ ਬਾਹਰ ਆ ਕੇ ਜਿਊਣ ਦੀ ਲੋੜ ਹੈ। ਹਰ ਚਣੌਤੀ ਦਾ ਸਾਹਮਣਾ ਕਰਦੇ ਹੋਏ ਚੰਗੇ ਨਤੀਜਿਆਂ ਦੀ ਆਸ ਕਰਨੀ ਹੋਵੇਗੀ, ਤਾਂ ਹੀ ਸਕਾਰਾਤਮਿਕ ਸੋਚ ਅਤੇ ਵਿਚਾਰ ਜ਼ਿੰਦਗੀ ਨੂੰ ਨਵੀਂ ਊਰਜਾ ਦੇਣ ਲਈ ਅਹਿਮ ਕਾਰਜ ਕਰਨਗੇ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਸ੍ਰੀ ਫ਼ਤਹਿਗੜ੍ਹ ਸਾਹਿਬ। ਮੋਬਾ: 94784-60084

ਰਾਜਨੀਤੀ ਰਾਹੀਂ ਹੋ ਰਿਹੈ ਸ਼ੋਸ਼ਣ

 ਭਾਰਤ ਦੀ ਆਜ਼ਾਦੀ ਸਮੇਂਰਾਜਨੀਤੀ ਦੇਸ਼ ਜਾਂ ਕੌਮ ਦੀ ਸੇਵਾ ਦਾ ਇਕ ਜ਼ਰੀਆ ਸੀ। ਦੇਸ਼ ਦਾ ਹਰੇਕ ਨਾਗਰਿਕ ਆਪਣੇ ਚੁਣੇ ਆਗੂਆਂ ਤੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਅਤੇ ਉਜਵਲ ਭਵਿੱਖ ਦੀ ਆਸ ਰੱਖਦਾ ਸੀ। ਪਰ ਅੱਜ ਰਾਜਨੀਤੀ ਸਿਆਸਤਦਾਨਾਂ ਦੀਆਂ ਕੋਝੀਆਂ ਤੇ ਲੋਕ-ਮਾਰੂ ਚਾਲਾਂ ਕਾਰਨ ਲੁੱਟ/ਸ਼ੋਸ਼ਣ ਦਾ ਸਾਧਨ ਬਣ ਚੁੱਕੀ ਹੈ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਭਾਰਤ ਭ੍ਰਿਸ਼ਟ ਸਿਆਸਤਦਾਨਾਂ ਦੀ ਚੁੰਗਲ ਵਿਚ ਬੁਰੀ ਤਰ੍ਹਾਂ ਫਸ ਚੁੱਕਾ ਹੈ। ਇਨ੍ਹਾਂ ਲਈ ਰਾਜਨੀਤੀ ਸੇਵਾ ਨਹੀਂ, ਸਗੋਂ ਧਨ ਕਮਾਉਣ ਦਾ ਸਾਧਨ ਬਣ ਚੁੱਕੀ ਹੈ। ਚੋਣਾਂ ਦਾ ਸਮਾਂ ਨਜ਼ਦੀਕ ਆਉਂਦਿਆਂ ਹੀ ਸਾਰੀਆਂ ਪਾਰਟੀਆਂ ਦੇ ਆਗੂ ਆਪਣੇ-ਆਪ ਨੂੰ ਆਮ ਆਦਮੀ ਦੇ ਸੇਵਕ ਦੱਸਦੇ ਹਨ, ਪਰ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਆਮ ਲੋਕਾਂ ਪ੍ਰਤੀ ਇਨ੍ਹਾਂ ਦਾ ਘਿਰਣਾਜਨਕ ਰਵੱਈਆ ਵੀ ਸਾਹਮਣੇ ਆਉਂਦਾ ਹੈ। ਇੱਥੇ ਇਹ ਕਹਿਣਾ ਬਿਲਕੁਲ ਦਰੁਸਤ ਹੋਵੇਗਾ ਕਿ 'ਰਾਜ ਨਹੀਂ ਸੇਵਾ' ਦੇ ਨਾਅਰੇ ਹੇਠ ਇਹ ਆਮ ਆਦਮੀਆਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ। ਇਸ ਤੋਂ ਇਲਾਵਾ ਪੈਸੇ ਦੇ ਜ਼ੋਰ ਉੱਤੇ ਅਪਰਾਧੀ ਬਿਰਤੀ ਦੇ ਲੋਕ ਵੀ ਰਾਜਨੀਤੀ ਵਿਚੋਂ ਮੁਨਾਫ਼ਾ ਕਮਾਉਂਦੇ ਨਜ਼ਰੀਂ ਪੈਂਦੇ ਹਨ। ਇੱਥੇ ਹਾਲਾਤ ਇਹ ਹਨ ਕਿ ਜੇਕਰ ਕਿਸੇ ਪਾਰਟੀ ਨਾਲ ਸਬੰਧਿਤ ਆਗੂ ਕੋਈ ਅਪਰਾਧ/ਘੁਟਾਲਾ ਵੀ ਕਰ ਦੇਵੇ ਤਾਂ ਅਜਿਹੀ ਸਥਿਤੀ ਵਿਚ ਉਹ ਜੇਲ੍ਹ ਜਾਣ ਮਗਰੋਂ ਵੀ ਵਿਧਾਇਕ ਜਾਂ ਸੰਸਦ ਦਾ ਮੈਂਬਰ ਹੀ ਰਹਿੰਦਾ ਹੈ ਅਤੇ ਜੇਲ੍ਹ ਅੰਦਰ ਵੀ. ਆਈ. ਪੀ. ਸਹੂਲਤਾਂ ਨੂੰ ਮਾਣਦਾ ਹੈ। ਇਨ੍ਹਾਂ ਆਗੂਆਂ ਦੀ ਚੋਣ ਲਈ ਲੋੜੀਂਦੀ ਵਿੱਦਿਅਕ ਯੋਗਤਾ, ਉਮਰ, ਚਰਿੱਤਰ ਆਦਿ ਸਬੰਧੀ ਵੀ ਖ਼ਾਸ ਪ੍ਰਤੀਮਾਨ ਸਾਹਮਣੇ ਨਹੀਂ ਆਉਂਦੇ। ਇਥੋਂ ਤੱਕ ਕਿ ਕੋਰਾ ਅਨਪੜ੍ਹ, ਬੁੱਢਾ ਅਤੇ ਅਪਰਾਧੀ ਵਿਅਕਤੀ ਵੀ ਦੇਸ਼ ਚਲਾਉਣ ਦੇ ਕਾਬਲ ਮੰਨਿਆ ਜਾਂਦਾ ਹੈ ਅਤੇ 'ਦੇਸ਼-ਸੇਵਾ' ਦੇ ਨਾਂਅ ਹੇਠ ਵੱਡੀ ਰਕਮ ਵੀ ਵਸੂਲਦਾ ਹੈ। ਤ੍ਰਾਸਦੀ ਇਹ ਹੈ ਕਿ ਜਿੱਥੇ ਮਿਹਨਤਕਸ਼ ਲੋਕ ਇਕ ਡੰਗ ਦੀ ਰੋਟੀ ਲਈ ਤਰਸ ਰਹੇ ਹੁੰਦੇ ਹਨ, ਉੱਥੇ ਹੀ ਇਕ ਵਿਅਕਤੀ ਕੌਂਸਲਰ, ਵਿਧਾਇਕ ਅਤੇ ਸੰਸਦ ਮੈਂਬਰ ਆਦਿ ਬਣਨ ਤੋਂ ਬਾਅਦ ਤਿੰਨ-ਤਿੰਨ ਪੈਨਸ਼ਨਾਂ 'ਤੇ ਆਪਣਾ ਜੱਦੀ ਹੱਕ ਸਮਝਦਾ ਹੈ। ਇਸ ਤਰ੍ਹਾਂ ਸਾਰੀਆਂ ਸਰਕਾਰੀ ਸਹੂਲਤਾਂ ਹਾਸਲ ਕਰਨ ਮਗਰੋਂ ਵੀ ਇਹ ਆਪਣੇ-ਆਪ ਨੂੰ ਸਮਾਜ-ਸੇਵਕ ਵਜੋਂ ਹੀ ਪੇਸ਼ ਕਰਦੇ ਹਨ। ਸਾਡੇ ਦੇਸ਼ ਦੇ ਪਛੜੇਪਣ ਦਾ ਵੀ ਇਹੋ ਕਾਰਨ ਹੈ ਕਿ ਆਜ਼ਾਦੀ ਦਾ ਲੰਮਾ ਸਮਾਂ ਬੀਤ ਜਾਣ ਮਗਰੋਂ ਵੀ ਅਸੀਂ ਵਿਕਸਿਤ ਦੇਸ਼ਾਂ ਵਿਚ ਆਪਣਾ ਨਾਂਅ ਸ਼ਾਮਿਲ ਨਹੀਂ ਕਰ ਸਕੇ। ਇੱਥੇ ਸਵਾਲ ਉੱਠਦਾ ਹੈ ਕਿ ਇਨ੍ਹਾਂ ਆਗੂਆਂ ਦੀ ਚੋਣ ਲਈ ਲੋੜੀਂਦੀ ਵਿੱਦਿਅਕ ਯੋਗਤਾ, ਉਮਰ ਅਤੇ ਚਰਿੱਤਰ ਆਦਿ ਨੂੰ ਅੱਖੋਂ ਉਹਲੇ ਕਰਨਾ ਕਿਥੋਂ ਤੱਕ ਸਹੀ ਹੈ? ਇੱਥੇ ਸੰਸਦ ਅਤੇ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਅਜਿਹੇ ਕਾਨੂੰਨ ਬਣਾਏ ਜਾਣ, ਜਿਸ ਅਨੁਸਾਰ ਸੰਵਿਧਾਨ-ਵਿਰੋਧੀ ਅਤੇ ਲੋਕ-ਮਾਰੂ ਨੀਤੀਆਂ 'ਤੇ ਚੱਲਦੇ ਆਗੂਆਂ/ਮੰਤਰੀਆਂ ਨੂੰ ਆਪਣੇ ਅਹੁਦੇ ਤੋਂ ਬਰਖਾਸਤ ਕੀਤਾ ਜਾ ਸਕੇ ਅਤੇ ਦੋਸ਼ ਸਾਬਤ ਹੋਣ ਮਗਰੋਂ ਮੁੜ ਰਾਜਨੀਤੀ ਵਿਚ ਆਉਣ 'ਤੇ ਪੱਕੀ ਰੋਕ ਲਗਾਈ ਜਾਵੇ। ਇਸ ਤੋਂ ਇਲਾਵਾ ਨੌਜਵਾਨ ਵਰਗ ਨੂੰ ਵੀ ਰਾਜਨੀਤੀ ਵਿਚ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਰਾਜਨੀਤੀ ਵਿਚਲੇ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।

-ਪਿੰਡ ਜੁਗਿਆਣਾ (ਲੁਧਿਆਣਾ)।
ਮੋਬਾ: 84378-94672

ਬੇਰੁਜ਼ਗਾਰੀ ਭੱਤਾ ਨਹੀਂ, ਮਿਹਨਤਦਾਰੀ ਕਹੋ

ਨਾ ਕੋਈ ਕੰਮ, ਨਾ ਧੰਦਾ, ਬਸ ਰੁਜ਼ਗਾਰ ਵਿਭਾਗ ਵਲੋਂ ਉਨ੍ਹਾਂ ਨਾਲ ਪੰਜੀਕ੍ਰਿਤ ਬੇਰੁਜ਼ਗਾਰ ਉਮੀਦਵਾਰਾਂ ਨੂੰ ਨਿਯਮਾਂ ਅਧੀਨ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ, ਜੋ ਕਿ ਇਵੇਂ ਲਗਦਾ ਹੈ ਜਿਵੇਂ ਖੈਰਾਤ ਦਿੱਤੀ ਜਾ ਰਹੀ ਹੋਵੇ। ਦੇਸ਼ ਵਿਚ ਭਾਵੇਂ ਅਗਲੀ ਲੋਕ ਸਭਾ ਦਾ ਚੁਣਾਵੀ ਮਹਾਂਭਾਰਤ ਹੋਣ ਜਾ ਰਿਹਾ ਹੈ। ਬੇਸ਼ੱਕ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਐਲਾਨ ਹੋਏ ਪਰ ਉਸ ਤੋਂ ਕਿਸਾਨਾਂ ਦੀ ਹਾਲਤ ਪੂਰੀ ਤਰ੍ਹਾਂ ਸੁਧਾਰੀ ਨਹੀਂ ਜਾ ਸਕੀ, ਠੀਕ ਉਸੇ ਤਰ੍ਹਾਂ ਨਾਲ ਅੱਜ ਦੇਸ਼ ਦੇ ਨੌਜਵਾਨਾਂ ਦੇ ਸਾਹਮਣੇ ਜਿਸ ਤਰ੍ਹਾਂ ਤੋਂ ਰੁਜ਼ਗਾਰ ਦਾ ਸੰਕਟ ਆ ਗਿਆ ਹੈ, ਉਸ ਨਾਲ ਨਜਿੱਠਣ ਲਈ ਵੀ ਅਸਥਾਈ ਰੂਪ ਤੋਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਹੈ। ਕਿਸੇ ਵੀ ਪ੍ਰਸਥਿਤੀ ਵਿਚ ਨੌਜਵਾਨਾਂ ਦੇ ਊਰਜਾਵਾਨ ਹੱਥਾਂ ਵਿਚ ਕੰਮ ਹੋਵੇ, ਇਸ ਤੋਂ ਕਿਸੇ ਵੀ ਰਾਜਨੀਤਕ ਦਲ ਨੂੰ ਮਨਾਹੀ ਨਹੀਂ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ ਇਹ ਸਭ ਕੇਵਲ ਚੋਣਾਂ ਵਿਚ ਹੀ ਸਾਹਮਣੇ ਆਉਂਦਾ ਹੈ ਅਤੇ ਜਦੋਂ ਸਰਕਾਰਾਂ ਬਣ ਜਾਂਦੀਆਂ ਹਨ ਤਾਂ ਇਸ ਸਮੱਸਿਆ ਨੂੰ ਠੰਢੇ ਬਸਤੇ ਵਿਚ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ। ਅੱਜ ਭਾਰਤ ਕੋਲ ਨੌਜਵਾਨਾਂ ਦੀ ਵੱਡੀ ਗਿਣਤੀ ਮੌਜੂਦ ਹੈ, ਜਿਸ ਵਿਚ ਕੁਸ਼ਲ ਕਾਮੇ ਅਤੇ ਵਰਤਮਾਨ ਅਤੇ ਭਵਿੱਖ ਦੀ ਲੋੜ ਦੇ ਅਨੁਸਾਰ ਰੁਜ਼ਗਾਰ ਹੋਣ ਪਰ ਉਨ੍ਹਾਂ ਲਈ ਉਚਿਤ ਮਨੁੱਖੀ ਸਾਧਨ ਦੇ ਰੂਪ ਵਿਚ ਵਿਕਸਿਤ ਕਰਨ ਦੀ ਦਿਸ਼ਾ ਵਿਚ ਕੋਈ ਸਾਰਥਕ ਕੋਸ਼ਿਸ਼ ਨਹੀਂ ਕਰ ਰਿਹਾ। ਅਖੀਰ ਕੀ ਕਾਰਨ ਹੈ ਕਿ ਸਰਕਾਰਾਂ ਅਤੇ ਰਾਜਨੀਤਕ ਦਲ ਇਸ ਦਿਸ਼ਾ ਵਿਚ ਸਾਰਥਿਕ ਪਹਿਲ ਕਰਨ ਵਿਚ ਬਹੁਤ ਪਿੱਛੇ ਵਿਖਾਈ ਦਿੰਦੇ ਹਨ ਅਤੇ ਨੌਜਵਾਨਾਂ ਦੀ ਸਮੱਸਿਆ ਉਥੇ ਦੀ ਉਥੇ ਹੀ ਰਹਿ ਜਾਂਦੀ ਹੈ? ਜੇਕਰ ਨੌਜਵਾਨਾਂ ਨੂੰ ਉਨ੍ਹਾਂ ਦੇ ਅਨੁਸਾਰ ਬੇਰੁਜ਼ਗਾਰੀ ਭੱਤਾ ਦੇਣ ਦੀ ਕੋਈ ਇੱਛਾ ਕਿਸੇ ਵੀ ਸਰਕਾਰ ਦੀ ਹੈ ਤਾਂ ਉਸ ਨੂੰ ਇਸ ਦੇ ਲਈ ਠੋਸ ਰੂਪ ਤਿਆਰ ਕਰਨਾ ਚਾਹੀਦਾ ਹੈ, ਜਿਸ ਵਿਚ ਨੌਜਵਾਨਾਂ ਦੀ ਰੁਚੀ ਦੇ ਮੁਤਾਬਿਕ ਅਤੇ ਵੱਖਰੇ ਖੇਤਰਾਂ ਵਿਚ ਸਥਾਪਤ ਛੋਟੇ ਅਤੇ ਘਰੇਲੂ ਉਦਯੋਗਾਂ ਲਈ ਜ਼ਰੂਰੀ ਮਨੁੱਖੀ ਸਾਧਨ ਦੇ ਵਿਕਾਸ ਦੀ ਨੀਤੀ ਬਣਾਉਣੀ ਚਾਹੀਦੀ ਹੈ। ਇਹ ਠੀਕ ਹੈ ਕਿ ਕੋਈ ਵੀ ਸਰਕਾਰ ਸਾਰਿਆਂ ਨੂੰ ਰੁਜ਼ਗਾਰ ਨਹੀਂ ਦੇ ਸਕਦੀ ਹੈ ਪਰ ਇਹ ਵੀ ਓਨਾ ਹੀ ਠੀਕ ਹੈ ਕਿ ਸਰਕਾਰ ਨੌਜਵਾਨਾਂ ਨੂੰ ਸਮਰਥਨ ਤਾਂ ਦੇ ਹੀ ਸਕਦੀ ਹੈ, ਜਿਸ ਨਾਲ ਉਹ ਆਪਣੇ ਖਰਚਿਆਂ ਲਈ ਪਰਿਵਾਰ 'ਤੇ ਘੱਟ ਨਿਰਭਰ ਰਹਿਣ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਲੋੜ ਦੇ ਅਨੁਰੂਪ ਕੌਸ਼ਲ ਵਿਕਾਸ ਯੋਜਨਾ ਵਰਗੇ ਪ੍ਰੋਗਰਾਮਾਂ ਰਾਹੀਂ ਸੀਮਤ ਗਿਣਤੀ ਵਿਚ ਨੌਜਵਾਨਾਂ ਨੂੰ ਵੱਖਰੇ ਕੰਮਾਂ ਲਈ ਸਿਖਲਾਈ ਦਿੱਤੀ ਜਾਣੀ ਚਾਹੀਦਾ ਹੈ, ਜਿਸ ਨਾਲ ਉਹ ਆਪਣੇ ਆਸ-ਪਾਸ ਹੀ ਕੁਝ ਦਿਨਾਂ ਲਈ ਰੁਜ਼ਗਾਰ ਪਾਉਣ ਵਿਚ ਸਫਲ ਹੋ ਸਕਣ। ਇਸ ਲਈ ਮਨਰੇਗਾ ਦਾ ਉਦਾਹਰਣ ਲਿਆ ਜਾ ਸਕਦਾ ਹੈ, ਜਿਸ ਰਾਹੀਂ ਪੇਂਡੂ ਭਾਰਤ ਦੀ ਮਾਲੀ ਹਾਲਤ ਨੂੰ ਉਸ ਸਮੇਂ ਵੀ ਬਣਾਈ ਰੱਖਣ ਵਿਚ ਸਫਲਤਾ ਮਿਲੀ ਸੀ, ਜਦੋਂ ਪੂਰੀ ਦੁਨੀਆ ਆਰਥਿਕ ਸੰਕਟ ਵਿਚ ਉਲਝੀ ਹੋਈ ਸੀ। ਇਸ ਨੀਤੀ ਵਿਚ ਡਾਕ, ਬੈਂਕ, ਰੋਡਵੇਜ਼, ਆਵਾਜਾਈ, ਨਗਰ ਵਿਕਾਸ, ਸਫਾਈ ਆਦਿ ਖੇਤਰਾਂ ਵਿਚ ਕੰਮ ਕਰਨ ਲਈ ਨੌਜਵਾਨਾਂ ਨੂੰ ਕੁਸ਼ਲ ਬਣਾਇਆ ਜਾ ਸਕਦਾ ਹੈ। ਇਸ ਤੋਂ ਜਿੱਥੇ ਸਮਾਜ ਵਿਚ ਕਾਰਜ ਕੁਸ਼ਲਤਾ ਵਧੇਗੀ, ਉਥੇ ਹੀ ਮਕਾਮੀ ਪ੍ਰਸ਼ਾਸਨ ਕੋਲ ਜ਼ਿਆਦਾ ਗਿਣਤੀ ਵਿਚ ਸਾਥੀ ਵੀ ਉਪਲਬਧ ਹੋ ਜਾਣਗੇ। ਇਸ ਯੋਜਨਾ ਅਨੁਸਾਰ ਕੰਮ ਕਰਨ ਵਾਲੇ ਨੌਜਵਾਨਾਂ ਦੇ ਸਾਹਮਣੇ ਸਨਮਾਨ ਨਾਲ ਜਿਊਣ ਦੇ ਰਸਤੇ ਵੀ ਖੁੱਲ੍ਹ ਸਕਣਗੇ ਅਤੇ ਉਹ ਵੀ ਭੱਤੇ ਦੇ ਇਵਜ਼ ਵਿਚ ਦੇਸ਼ ਲਈ ਆਪਣੇ ਕੁਝ ਦਿਨ ਲਗਾ ਕੇ ਖੁਸ਼ੀ ਮਹਿਸੂਸ ਕਰਨਗੇ। ਪਹਿਲਾਂ ਅਧਿਆਪਨ ਅਤੇ ਫਿਰ ਕੰਮ ਕਰਨ ਦੀ ਸੋਚ ਹੋਣ ਨਾਲ ਜਿੱਥੇ ਇਸ ਵਿਚ ਭ੍ਰਿਸ਼ਟਾਚਾਰ ਦੀਆਂ ਸੰਭਾਵਨਾਵਾਂ ਆਪਣੇ-ਆਪ ਹੀ ਘੱਟ ਹੋ ਜਾਣਗੀਆਂ, ਉਥੇ ਹੀ ਨੌਜਵਾਨਾਂ ਨੂੰ ਵੀ ਠੀਕ ਦਿਸ਼ਾ ਵਿਚ ਅੱਗੇ ਵਧਾਉਣ ਵਿਚ ਸਫਲਤਾ ਮਿਲ ਸਕੇਗੀ। ਪਰ ਦੇਸ਼ ਦੀ ਬਦਕਿਸਮਤੀ ਹੈ ਕਿ ਸਰਕਾਰਾਂ ਸਿਰਫ਼ ਚੋਣਾਵੀ ਲਾਭਾਂ ਨੂੰ ਵੇਖਦੇ ਹੋਏ ਹੀ ਫ਼ੈਸਲਾ ਲੈਂਦੀਆਂ ਹਨ, ਜਿਸ ਨਾਲ ਸਮਾਜ ਨੂੰ ਉਸ ਦਾ ਉਹ ਮੁਨਾਫ਼ਾ ਨਹੀਂ ਮਿਲਦਾ ਜੋ ਇਕ ਚੰਗੀ ਨੀਤੀ ਰਾਹੀਂ ਮਿਲ ਸਕਦਾ ਹੈ। ਇਸ ਨਾਲ ਦੇਣ ਵਾਲੇ ਨੂੰ ਵੀ ਸਕੂਨ ਤੇ ਲੈਣ ਵਾਲੇ ਦਾ ਵੀ ਮਾਣ ਬਣਿਆ ਰਹੇਗਾ।

-ਜ਼ਿਲ੍ਹਾ ਰੁਜ਼ਗਾਰ ਅਫਸਰ (ਸਾਬਕਾ), ਪਟਿਆਲਾ-147001.
ਮੋਬਾ: 98152-00134

ਕੀ ਬਾਇਓਮੀਟ੍ਰਿਕ ਮਸ਼ੀਨਾਂ ਲਗਾਉਣ ਨਾਲ ਸਰਕਾਰੀ ਸਕੂਲਾਂ 'ਚ ਕੋਈ ਸੁਧਾਰ ਹੋ ਸਕਦੈ?

ਸਰਕਾਰੀ ਸਕੂਲਾਂ ਦੇ ਲਗਾਤਾਰ ਡਿੱਗ ਰਹੇ ਆਰਥਿਕ ਮਿਆਰ ਕਾਰਨ ਪੰਜਾਬ ਦੇ ਸਕੂਲਾਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸਕੂਲਾਂ ਵਿਚ ਬਾਇਓਮੀਟ੍ਰਿਕ ਮਸ਼ੀਨਾਂ ਲਈ ਹੋ ਰਹੇ ਟੈਂਡਰ ਦਾ ਇਸ਼ਤਿਹਾਰ ਹਾਸੋ-ਹੀਣਾ ਜਿਹਾ ਪ੍ਰਤੀਤ ਹੋਇਆ ਹੈ। ਇਹ ਤਾਂ ਉਹ ਗੱਲ ਹੋ ਗਈ ਕਿ 'ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ' ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸਰਕਾਰ ਨੇ ਸਕੂਲਾਂ ਨੂੰ ਰੱਖ-ਰਖਾਵ ਜਾਂ ਕਿਸੇ ਹੋਰ ਕੰਮ ਲਈ ਕੋਈ ਗਰਾਂਟ ਨਹੀਂ ਪਾਈ। ਖਾਸ ਕਰਕੇ ਪ੍ਰਾਇਮਰੀ ਸਕੂਲ ਜੋ ਕਿ ਬਿਜਲੀ ਦੇ ਬਿੱਲ ਭਰਨ ਤੋਂ ਅਸਮਰੱਥ ਹਨ ਤੇ ਸਰਕਾਰ ਬਿਜਲੀ ਬਿੱਲ ਭਰਨ ਤੋਂ ਵੀ ਪੱਲਾ ਝਾੜ ਰਹੀ ਹੈ। ਫ਼ਿਰ ਦੱਸਿਆ ਜਾਵੇ ਕਿ ਬਾਇਓਮੀਟ੍ਰਿਕ ਮਸ਼ੀਨਾਂ ਸੋਲਰ ਸਿਸਟਮ ਨਾਲ ਚਲਾਈਆਂ ਜਾਣਗੀਆਂ? ਬੱਚੇ ਠੰਢ ਵਿਚ ਕੰਬਦੇ ਵੀ ਵੇਖੇ ਗਏ ਅਤੇ ਉਨ੍ਹਾਂ ਦੇ ਨੀਲੇ ਹੋਏ ਬੁੱਲ੍ਹ ਵੀ ਸਰਕਾਰਾਂ ਦਾ ਮੂੰਹ ਚਿੜਾਉਂਦੇ ਹੋਏ। ਇਹ ਵੱਖਰੀ ਗੱਲ ਹੈ ਕਿ ਅਧਿਆਪਕਾਂ ਦੇ ਯਤਨਾਂ ਸਦਕਾ ਅਤੇ ਸਮਾਜ ਸੇਵੀਆਂ ਦੇ ਉੱਦਮ ਨਾਲ ਬੂਟ, ਜ਼ੁਰਾਬਾਂ ਅਤੇ ਕੋਟੀਆਂ ਆਦਿ ਵੰਡੀਆਂ ਗਈਆਂ। ਸਿਤਮਜ਼ਰੀਫੀ ਇਹ ਹੈ ਕਿ ਸਰਕਾਰ ਅਧਿਆਪਕਾਂ ਨੂੰ ਚੋਰ ਸਾਬਤ ਕਰਨ 'ਤੇ ਲੱਗੀ ਹੋਈ ਹੈ। ਇਤਿਹਾਸ ਗਵਾਹ ਹੈ, ਜਿਸ ਦੇਸ਼ ਦੀ ਸਿੱਖਿਆ ਪ੍ਰਣਾਲੀ ਗਲਤ ਅਤੇ ਮਾੜੀ ਸੋਚ ਵਾਲੇ ਵਜ਼ੀਰਾਂ ਹੱਥ ਆ ਜਾਵੇ, ਉਸ ਦੇਸ਼ ਦਾ ਵਿਕਾਸ ਕਦੇ ਵੀ ਸੰਭਵ ਨਹੀਂ ਹੋ ਸਕਦਾ। ਇਕ ਅਧਿਆਪਕ ਪੁਰਜ਼ੋਰ ਕੋਸ਼ਿਸ਼ ਕਰਦਾ ਹੈ ਕਿ ਉਸ ਦੇ ਵਿਦਿਆਰਥੀ ਸੰਤੁਲਿਤ ਸਿੱਖਿਆ ਲੈ ਕੇ ਚੰਗੇ ਨਾਗਰਿਕ ਬਣਨ ਪਰ ਸਰਕਾਰਾਂ ਇਹ ਨਹੀਂ ਚਾਹੁੰਦੀਆਂ। ਇਸੇ ਕਰਕੇ ਹੀ ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕੰਮਾਂ ਵਿਚ ਉਲਝਾ ਕੇ ਉਨ੍ਹਾਂ ਨੂੰ ਅਸਲ ਕਰਮ ਭੂਮੀ ਤੋਂ ਦੂਰ ਕਰੀ ਰੱਖਦੀਆਂ ਹਨ। ਕੋਈ ਵਿਅਕਤੀ ਸਰਕਾਰ ਤੋਂ ਲੇਖਾ-ਜੋਖਾ ਮੰਗੇ ਕਿ ਸਾਲਾਨਾ ਦਾ ਕਿੰਨਾ ਖਰਚ ਸਕੂਲਾਂ ਨੂੰ ਦਿੱਤਾ ਜਾਂਦਾ ਹੈ? ਤਾਂ ਪ੍ਰਾਇਮਰੀ ਸਕੂਲਾਂ ਦੇ ਸਬੰਧ ਵਿਚ ਤਾਂ ਜੁਆਬ ਜ਼ੀਰੋ ਹੀ ਹੋਵੇਗਾ। ਪੁੱਛਣਾ ਬਣਦਾ ਹੈ ਕਿ ਸਕੂਲ ਵਿਚ ਛਾਪੇ ਮਾਰਨ ਵਾਲੀਆਂ ਟੀਮਾਂ ਦੀ ਕਦੇ ਸਫਾਈ ਚੈੱਕ ਕੀਤੀ ਹੈ ਕਿ ਕਿੰਨੇ ਸਕੂਲਾਂ ਵਿਚ, ਖਾਸ ਕਰ ਕੇ ਪ੍ਰਾਇਮਰੀ ਸਕੂਲਾਂ ਵਿਚ ਸਫ਼ਾਈ ਕਰਮਚਾਰੀ ਮੌਜੂਦ ਹਨ? ਕਿੰਨੇ ਸਕੂਲਾਂ ਵਿਚ ਚੌਕੀਦਾਰ ਹਨ? ਇਨ੍ਹਾਂ ਕਰਮਚਾਰੀਆਂ ਦੀ ਅਣਹੋਂਦ ਵਿਚ ਸਰਕਾਰ ਵਲੋਂ ਸਫ਼ਾਈ ਦਾ ਕੀ ਪ੍ਰਬੰਧ ਕੀਤਾ ਗਿਆ ਹੈ? ਸਕੂਲਾਂ ਵਿਚ ਪੂਰੇ ਕਮਰੇ ਨਹੀਂ, ਬੱਚਿਆਂ ਦੇ ਬੈਠਣ ਲਈ ਬੈਂਚ ਤਾਂ ਦੂਰ, ਤੱਪੜ ਤੱਕ ਸਰਕਾਰ ਨਹੀਂ ਦੇ ਸਕੀ। ਆਧੁਨਿਕ ਸਹੂਲਤਾਂ ਤਾਂ ਦੂਰ ਦੀ ਗੱਲ, ਹਰ ਜਮਾਤ ਲਈ ਵੱਖਰਾ ਬਲੈਕ ਬੋਰਡ ਨਹੀਂ। ਬਲੈਕ ਬੋਰਡ 'ਤੇ ਲਿਖਣ ਲਈ ਚਾਕ ਕਿੱਥੋਂ ਆਉਣ, ਇਸ ਦੀ ਸਰਕਾਰ ਨੂੰ ਸਾਰ ਨਹੀਂ। ਅਜਿਹੇ ਹਾਲਾਤ 'ਚ ਸੋਚਣਾ ਬਣਦਾ ਹੈ ਕਿ ਕੀ ਬਾਇਓਮੀਟ੍ਰਿਕ ਮਸ਼ੀਨਾਂ 'ਤੇ ਖਰਚ ਕਰਨ ਦਾ ਫੈਸਲਾ ਸਹੀ ਹੈ? ਕੀ ਇਸ ਤੋਂ ਪਹਿਲਾਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨਾ ਸਰਕਾਰ ਦਾ ਫਰਜ਼ ਨਹੀਂ ਬਣਦਾ? ਸਰਕਾਰ ਇਹੋ ਜਿਹੇ ਦਿਖਾਵੇ ਕਰਦੀ ਉਦੋਂ ਚੰਗੀ ਲੱਗੇਗੀ ਜਦੋਂ ਉਹ ਸਕੂਲਾਂ ਦੀਆਂ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰੇਗੀ, ਜੋ ਪੜ੍ਹਨ-ਪੜ੍ਹਾਉਣ, ਪ੍ਰਬੰਧ ਸੁਚਾਰੂ ਬਣਾਉਣ ਵਿਚ ਸਹਾਈ ਹੋ ਸਕਦੀਆਂ ਹਨ। ਲੋੜ ਸਮੇਂ ਦੇ ਹਾਕਮਾਂ ਨੂੰ ਸੋਚ ਬਦਲਣ ਦੀ ਹੈ ਤਾਂ ਕਿ ਸਾਰੇ ਵਰਗਾਂ ਨੂੰ ਸਿੱਖਿਆ ਇਕਸਾਰ ਦਿੱਤੀ ਜਾਵੇ।

-ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ), ਮਾਨਸਾ। ਮੋਬਾ: 98155-71529

ਸੱਭਿਆਚਾਰ 'ਤੇ ਮੀਡੀਆ ਦਾ ਪ੍ਰਭਾਵ

ਅੱਜ 21ਵੀਂ ਸਦੀ ਵਿਚ ਸੱਭਿਆਚਾਰ ਦਾ ਨਿਰਮਾਣ ਪਰੰਪਰਾਗਤ ਰੂਪ ਨਾਲ ਨਹੀਂ, ਸਗੋਂ ਮੀਡੀਆ ਰਾਹੀਂ ਹੋ ਰਿਹਾ ਹੈ। ਕਿਸ ਤਰ੍ਹਾਂ ਦੀਆਂ ਕਦਰਾਂ-ਕੀਮਤਾਂ ਹੋਣੀਆਂ ਚਾਹੀਦੀਆਂ ਹਨ ਤੇ ਕਿਸ ਤਰ੍ਹਾਂ ਦਾ ਰਹਿਣ-ਸਹਿਣ ਹੋਵੇ, ਸਭ ਮੀਡੀਆ ਹੀ ਤੈਅ ਕਰਦਾ ਹੈ। ਸੱਭਿਆਚਾਰ ਦੇ ਨਾਲ-ਨਾਲ ਹੋਰ ਕਲਾਵਾਂ ਤੇ ਸਿਰਜਣਾਵਾਂ ਵੀ ਮੰਡੀ ਵਿਚ ਤਬਦੀਲ ਹੁੰਦੀਆਂ ਜਾ ਰਹੀਆਂ ਹਨ। ਵਰਤਮਾਨ ਸਮੇਂ ਮੀਡੀਆ ਦਾ ਵਿਸਥਾਰ ਵਿਸ਼ਪਵਿਆਪੀ ਹੋ ਰਿਹਾ ਹੈ। ਇਸ ਮੀਡੀਆ ਨੇ ਸਾਰੇ ਸੰਸਾਰ ਵਿਚ ਗਤੀਸ਼ੀਲਤਾ ਦਾ ਪ੍ਰਸਾਰ ਕੀਤਾ ਹੈ. ਇਸ ਵਿਚ ਨਵੇਂ ਮੁੱਲ ਤੇ ਨਵੇਂ ਸੰਸਕਾਰ ਪੈਦਾ ਹੋ ਰਹੇ ਹਨ। ਮੀਡੀਆ ਦੇ ਕਾਰਨ ਆਮ ਆਦਮੀ ਇਕ ਕਠਪੁਤਲੀ ਦੇ ਸਮਾਨ ਬਣ ਕੇ ਰਹਿ ਗਿਆ ਹੈ, ਜਿਸ ਕਾਰਨ ਹਰ ਇਕ ਵਸਤੂ ਗੁਲਾਮ ਦੀ ਤਰ੍ਹਾਂ ਸਵੀਕਾਰ ਕੀਤੀ ਜਾ ਰਹੀ ਹੈ। ਵਰਤਮਾਨ ਸਮੇਂ ਭਾਸ਼ਾ ਵੀ ਸੱਭਿਆਚਾਰਕ ਨਹੀਂ, ਸਗੋ ਮੀਡੀਆ ਰਾਹੀਂ ਹੀ ਹੋਂਦ ਵਿਚ ਆਉਂਦੀ ਹੈ। ਸਾਡੇ ਸਾਹਮਣੇ ਭਾਸ਼ਾ ਦਾ ਬਹੁਤ ਹੀ ਸਰਲ ਰੂਪ ਸਾਹਮਣੇ ਆ ਰਿਹਾ ਹੈ, ਜਿਸ ਕਾਰਨ ਸਰੋਤੇ ਸਮਝਣ ਲਈ ਆਪਣੀ ਅਕਲ ਦੀ ਘੱਟ ਵਰਤੋਂ ਕਰ ਰਹੇ ਹਨ। ਸੱਭਿਆਚਾਰ ਉਪਰ ਸਭ ਤੋਂ ਜ਼ਿਆਦਾ ਪ੍ਰਭਾਵ ਮੀਡੀਆ ਦਾ ਹੀ ਪਿਆ ਹੈ। ਮੀਡੀਆ ਨੇ ਸਾਡੇ ਤੌਰ-ਤਰੀਕੇ, ਖਾਣ-ਪੀਣ, ਪਹਿਰਾਵੇ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ ਹੈ। ਨੌਜਵਾਨ ਕਈ-ਕਈ ਘੰਟੇ ਮੋਬਾਈਲ 'ਤੇ ਬਿਤਾ ਰਹੇ ਹਨ. ਜਿਸ ਕਾਰਨ ਉਹ ਵੱਡੇ-ਛੋਟੇ ਦਾ ਲਿਹਾਜ ਵੀ ਭੁੱਲ ਗਏ ਹਨ। ਅਜੋਕੇ ਬੱਚੇ ਤਾਂ ਸਰੀਰਕ ਖੇਡਾਂ ਭੁੱਲ ਕੇ ਸੋਸ਼ਲ ਮੀਡੀਆ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ। ਮੀਡੀਆ ਕਾਰਨ ਸਾਡੇ ਆਲੇ-ਦੁਆਲੇ ਇਕ ਅਜਿਹਾ ਸਮਾਜ ਬਣ ਗਿਆ ਹੈ ਜੋ ਕਿ ਨਾ ਤਾਂ ਪੂਰੀ ਤਰ੍ਹਾਂ ਗਲੋਬਲ ਹੈ ਤੇ ਨਾ ਹੀ ਘਰੇਲੂ ਕਿਸਮ ਦਾ। ਅਸ਼ਲੀਲ ਸਾਈਟਾਂ ਦੀ ਵਧੇਰੇ ਤੌਰ 'ਤੇ ਵਰਤੋਂ ਹੋ ਰਹੀ ਹੈ, ਜਿਸ ਕਾਰਨ ਸਾਡੀ ਨੌਜਵਾਨ ਪੀੜ੍ਹੀ ਭਟਕ ਰਹੀ ਹੈ। ਸੋ ਜਿਹੜਾ ਸਾਡੇ ਸੱਭਿਆਚਾਰ ਦਾ ਵਿਕਾਸ ਪਰੰਪਰਾਗਤ ਤਰੀਕੇ ਨਾਲ ਨਹੀਂ ਸਗੋਂ ਉਦਯੋਗ ਰਾਹੀਂ ਹੋ ਰਿਹਾ ਹੈ, ਅਜੋਕੇ ਸਮੇਂ ਮੀਡੀਆ ਦਾ ਪ੍ਰਭਾਵ ਸਮਾਜ ਉਪਰ ਸਕਾਰਾਤਮਕ ਘੱਟ ਤੇ ਨਕਾਰਾਤਮਕ ਵੱਧ ਪੈ ਰਿਹਾ ਹੈ। ਇਥੋਂ ਤੱਕ ਕਿ ਜੇ ਅਸੀਂ ਅੱਜ ਗੱਲ ਕਰੀਏ ਪੰਜਾਬੀ ਭਾਸ਼ਾ ਦੀ ਤਾਂ ਦੇਖਣ ਵਿਚ ਆ ਰਿਹਾ ਹੈ ਕਿ ਸ਼ਬਦਾਵਲੀ ਵਿਚ ਕਾਫੀ ਪਰਿਵਰਤਨ ਆਇਆ ਹੈ। ਇਹ ਭਾਸ਼ਾ ਅੰਗਰੇਜ਼ੀ ਮੂਲ ਵਾਲੀ ਹੈ ਮੋਬਾਈਲ, ਟੀ.ਵੀ., ਇੰਟਰਨੈੱਟ ਤੇ ਸਾਰੀ ਭਾਸ਼ਾ ਅੰਗਰੇਜ਼ੀ ਮੂਲ ਵਾਲੀ ਹੀ ਹੈ, ਜਿਸ ਕਾਰਨ ਅਸੀਂ ਆਪਣੀ ਮਾਤ ਭਾਸ਼ਾ ਨੂੰ ਹੋਰ ਵੀ ਪਛਾੜ ਰਹੇ ਹਾਂ। ਸੋ ਮੀਡੀਆ ਇਕ ਪ੍ਰਭਾਵਸ਼ਾਲੀ ਮਾਧਿਅਮ ਹੈ, ਜਿਸ ਰਾਹੀਂ ਅਸੀਂ ਗਿਆਨ ਹਾਸਲ ਕਰ ਸਕਦੇ ਹਾਂ ਪਰ ਜੇ ਇਸ ਦਾ ਸਾਡੇ ਸਮਾਜ 'ਤੇ ਨਕਾਰਾਤਮਕ ਪ੍ਰਭਾਵ ਪਵੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਕੁਰਾਹੇ ਪੈ ਜਾਵੇਗੀ।

-ਲੁਧਿਆਣਾ।
ਮੋਬਾ: 98886-90280


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX