ਤਾਜਾ ਖ਼ਬਰਾਂ


ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  8 minutes ago
ਲੀਮਾ, 20 ਅਪ੍ਰੈਲ- ਪੇਰੂ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੈਡਰੋ ਪਾਬਲੋ ਕੁਜਿੰਸਕੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪੇਰੂ ਦੀ ਜੁਡੀਸ਼ੀਅਲ ਅਥਾਰਿਟੀ ਵਲੋਂ ਟਵਿੱਟਰ 'ਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ...
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  26 minutes ago
ਨਵੀਂ ਦਿੱਲੀ, 20 ਅਪ੍ਰੈਲ- ਭਾਰਤ ਦੇ ਮੁੱਖ ਜਸਟਿਸ (ਸੀ. ਜੇ. ਆਈ.) ਰੰਜਨ ਗੋਗੋਈ ਨੇ ਖ਼ੁਦ 'ਤੇ ਇੱਕ ਔਰਤ ਵਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਆਨਲਾਈਨ ਮੀਡੀਆ 'ਚ ਇੱਕ ਔਰਤ ਵਲੋਂ ਕਥਿਤ ਤੌਰ 'ਤੇ ਇਨ੍ਹਾਂ ਦੋਸ਼ਾਂ ਨਾਲ ਜੁੜੀਆਂ ਖ਼ਬਰਾਂ ਤੋਂ...
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  55 minutes ago
ਨਵੀਂ ਦਿੱਲੀ, 20 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਭਾਜਪਾ ਉਮੀਦਵਾਰ ਜਯਾ ਪ੍ਰਦਾ ਵਿਰੁੱਧ ਇਤਰਾਜ਼ਯੋਗ ਬਿਆਨ ਦੇਣ 'ਤੇ ਚੋਣ ਕਮਿਸ਼ਨ ਵਲੋਂ ਲਾਈ ਪਾਬੰਦੀ ਖ਼ਤਮ ਹੋਣ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਆਜ਼ਮ ਖ਼ਾਨ ਲੰਘੇ ਦਿਨ ਇੱਕ ਚੋਣ ਰੈਲੀ...
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  about 1 hour ago
ਤਪਾ ਮੰਡੀ, 20 ਅਪ੍ਰੈਲ (ਵਿਜੇ ਸ਼ਰਮਾ)- ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਲੇਬਰ ਯੂਨੀਅਨ ਦੇ 200 ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਪਾਲ ਸਿੰਘ ਦੀ ਅਗਵਾਈ ਹੇਠ...
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  about 1 hour ago
ਪਟਨਾ, 20 ਅਪ੍ਰੈਲ- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਬੀਤੀ ਰਾਤ ਕੁਝ ਬਦਮਾਸ਼ਾਂ ਵਲੋਂ ਇੱਕ ਲੜਕੀ ਨਾਲ ਉਸ ਦੀ ਮਾਂ ਦੇ ਸਾਹਮਣੇ ਨਾ ਸਿਰਫ਼ ਛੇੜਛਾੜ ਕੀਤੀ ਗਈ, ਬਲਕਿ ਇਸ ਦਾ ਵਿਰੋਧ ਕਰਨ 'ਤੇ ਉਨ੍ਹਾਂ ਵਲੋਂ ਲੜਕੀ 'ਤੇ ਤੇਜ਼ਾਬ ਸੁੱਟਿਆ ਗਿਆ। ਘਟਨਾ ਜ਼ਿਲ੍ਹੇ ਦੇ...
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 20 ਅਪ੍ਰੈਲ- ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਅੱਜ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ ਕਰ ਰਹੀ ਹੈ। ਐੱਨ. ਆਈ. ਏ. ਦੇ ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਏਜੰਸੀ ਵਲੋਂ ਹੈਦਰਾਬਾਦ 'ਚ ਤਿੰਨ ਥਾਵਾਂ 'ਤੇ ਅਤੇ ਮਹਾਰਾਸ਼ਟਰ ਦੇ...
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  about 2 hours ago
ਭੋਪਾਲ, 20 ਅਪ੍ਰੈਲ- ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵੇਰੇ ਟਵੀਟ ਕਰਦਿਆਂ ਭੋਪਾਲ ਵਾਸੀਆਂ ਕੋਲੋਂ ਸਮਰਥਨ...
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ, 20 ਅਪ੍ਰੈਲ- ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਐੱਨ. ਡੀ. ਤਿਵਾੜੀ ਦੇ ਪੁੱਤਰ ਰੋਹਿਤ ਤਿਵਾੜੀ ਦੀ ਮੌਤ ਦੇ ਸਿਲਸਿਲੇ ਦੇ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਰੋਹਿਤ ਦੀ ਪਤਨੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਸ ਸਿਲਸਿਲੇ 'ਚ ਕ੍ਰਾਈਮ...
ਸੋਪੋਰ 'ਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 20 ਅਪ੍ਰੈਲ - ਜੰਮੂ ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਸਨਿੱਚਰਵਾਰ ਤੜਕੇ ਮੁੱਠਭੇੜ ਹੋਈ। ਇਸ ਦੌਰਾਨ ਕਈ ਰਾਊਂਡ ਗੋਲੀਆਂ ਚਲੀਆਂ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਇਲਾਕੇ ਨੂੰ ਘੇਰ ਕੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ...
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  about 4 hours ago
ਕਾਨਪੁਰ, 20 ਅਪ੍ਰੈਲ - ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਬੀਤੀ ਲੰਘੀ ਰਾਤ ਰੇਲ ਹਾਦਸਾ ਹੋ ਗਿਆ। ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਬੀ ਐਕਸਪੈੱ੍ਰਸ ਦੇ 12 ਡੱਬੇ ਲੀਹੋਂ ਲੱਥ ਗਏ, ਜਦਕਿ 4 ਡੱਬੇ ਪਲਟ ਗਏ। ਇਸ ਹਾਦਸੇ 'ਚ ਕਰੀਬ 20 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੇਨ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਨਹਿਲੇ 'ਤੇ ਦਹਿਲਾ ਬਾਲੜੀ ਦੀਆਂ ਗੱਲਾਂ

ਕਹਿਣ ਨੂੰ ਬਾਲੜੀ ਅਣਜਾਣ ਬੱਚਾ ਹੀ ਹੁੰਦਾ ਹੈ ਪਰ ਇਨ੍ਹਾਂ ਦੀਆਂ ਅਣਜਾਣ ਉਮਰ ਵਿਚ ਕੀਤੀਆਂ ਟਿੱਪਣੀਆਂ, ਮਜ਼ਾਕ ਅਤੇ ਟਿੱਚਰਾਂ ਇਨਸਾਨ ਦੀ ਯਾਦਦਾਸ਼ਤ ਦੇ ਖਜ਼ਾਨੇ ਦੀ ਅਮੁੱਲ ਦੌਲਤ ਬਣ ਜਾਂਦੀ ਹੈ | ਸੁੱਚੇ ਹੀਰਿਆਂ ਵਰਗੀਆਂ ਇਨ੍ਹਾਂ ਦੀਆਂ ਗੱਲਾਂ ਜਦ ਵੀ ਸੁਣੋ, ਮਨ ਮਹਿਕ ਟਹਿਕ ਉੱਠਦਾ ਹੈ | ਇਨ੍ਹਾਂ ਦੀਆਂ ਇਨ੍ਹਾਂ ਗੱਲਾਂ ਵਿਚ ਹਾਜ਼ਰ ਜਵਾਬੀ ਦਾ ਰੰਗ ਵੀ ਭਰਪੂਰ ਹੁੰਦਾ ਹੈ | ਮੇਰੇ ਮਕਾਨ ਤੋਂ ਦੋ ਘਰ ਅੱਗੇ ਇਕ ਪਰਿਵਾਰ ਰਹਿੰਦਾ ਹੈ ਜਿਨ੍ਹਾਂ ਦੀ ਕੇਵਲ ਇਕ ਹੀ ਬੇਟੀ ਕੰਗਨਾ ਹੈ ਜੋ ਪਹਿਲੀ ਜਮਾਤ ਵਿਚ ਪੜ੍ਹਦੀ ਹੈ | ਸਕੂਲ ਤੋਂ ਆ ਕੇ ਉਹ ਜਦੋਂ ਖਾ-ਪੀ ਕੇ ਆਰਾਮ ਕਰ ਲੈਂਦੀ ਹੈ ਤਾਂ ਆਪਣੇ ਘਰ ਦੇ ਸਾਹਮਣੇ ਇਕੱਲੀ ਹੀ ਡਾਂਸ, ਐਕਸ਼ਨ ਆਦਿ ਸ਼ੁਰੂ ਕਰ ਦਿੰਦੀ ਹੈ | ਆਪਣੇ ਇਸ ਕੰਮ ਵਿਚ ਉਹ ਕਿਸੇ ਦੀ ਦਖਲਅੰਦਾਜ਼ੀ ਤੋਂ ਦੁਖੀ ਨਹੀਂ ਹੁੰਦੀ | ਇਕ ਐਕਸ਼ਨ ਛੱਡ ਹੋਰ ਐਕਸ਼ਨ ਫੜ ਲੈਂਦੀ ਹੈ | ਉਹ ਮੈਨੂੰ ਦਾਦੂ ਕਹਿ ਕੇ ਬੁਲਾਉਂਦੀ ਹੈ | ਇਕ ਦਿਨ ਆਪਣਾ ਐਕਸ਼ਨ ਪੂਰਾ ਕਰਕੇ ਮੇਰੇ ਕੋਲ ਆਈ | ਮੈਂ ਆਪਣੇ ਘਰ ਦੇ ਗੇਟ ਦੇ ਬਾਹਰ ਕੁਰਸੀ 'ਤੇ ਬੈਠਾ ਹੋਇਆ ਸਾਂ, ਮੈਨੂੰ ਕਹਿਣ ਲੱਗੀ, 'ਦਾਦੂ ਕੋਕਾ-ਕੋਲਾ ਪੀਣਾ ਏ?' ਮੈਂ ਉਸ ਦੇ ਦੋਵੇਂ ਹੱਥ ਵੇਖ ਕੇ ਕਿਹਾ, 'ਹਾਂ ਪੀ ਲਾਂਗਾ |' ਉਸ ਨੇ ਝੱਟ ਪਾਸਾ ਵੱਟਿਆ | ਮੇਰੇ ਵੱਲ ਪਿੱਠ ਕੀਤੀ ਅਤੇ ਆਪਣੇ ਹੱਥ ਨੂੰ ਇਕ-ਦੂਜੇ 'ਤੇ ਧਰ ਕੇ ਮੰੂਹ ਵਿਚੋਂ 'ਸ਼ੰੂ' ਦੀ ਆਵਾਜ਼ ਕੱਢੀ ਜਿਵੇਂ ਕੋਕਾ-ਕੋਲਾ ਦੀ ਬੋਤਲ ਦਾ ਢੱਕਣ ਖੋਲ੍ਹਣ ਲੱਗਿਆਂ 'ਸ਼ੰੂ' ਦੀ ਆਵਾਜ਼ ਆਉਂਦੀ ਹੈ | ਫਿਰ ਮੇਰੇ ਵੱਲ ਦੋਵੇਂ ਹੱਥ ਅੱਗੇ ਕਰਕੇ ਕਹਿਣ ਲੱਗੀ, 'ਲਓ ਦਾਦੂ ਪੀ ਲਓ |' ਮੈਂ ਬਾਲੜੀ ਦੇ ਇਸ ਐਕਸ਼ਨ ਤੋਂ ਬਹੁਤ ਖੁਸ਼ ਹੋਇਆ |
ਮੇਰੇ ਘਰ ਦੇ ਸਾਹਮਣੇ ਇਕ ਵੱਡਾ ਮਕਾਨ ਹੈ ਜਿਸ ਦੇ ਗੇਟ 'ਤੇ ਮਕਾਨ ਦਾ ਨਾਂਅ ਤੇ ਨੰਬਰ ਲਿਖਿਆ ਹੈ | ਮਕਾਨ ਦਾ ਨਾਂਅ ਅੰਗਰੇਜ਼ੀ ਵਿਚ ਲਿਖਿਆ ਹੈ 'ਕਾਜਾਲਾ ਹਾਊਸ' ਕੰਗਨਾ ਹੱਥ ਵਿਚ ਛੋਟੀ ਸੋਟੀ ਲਈ ਮੇਰੇ ਕੋਲ ਆਈ ਤੇ ਕਹਿਣ ਲੱਗੀ, 'ਦਾਦੂ ਅੰਗਰੇਜ਼ੀ ਆਉਂਦੀ ਆ?' ਮੈਂ ਕਿਹਾ 'ਹਾਂ', ਕਹਿਣ ਲੱਗੀ, 'ਔਹ ਸਾਹਮਣੇ ਕੀ ਲਿਖਿਆ ਏ? ਪੜ੍ਹ ਕੇ ਦੱਸੋ |' ਮੈਂ ਕਹਿਣਾ ਸ਼ੁਰੂ ਕੀਤਾ 'ਕੇ' ਉਹ ਬੋਲੀ ਅੱਗੇ' ਮੈਂ ਕਿਹਾ 'ਏ', ਉਹ ਬੋਲੀ ਅੱਗੇ? ਮੈਂ ਕਿਹਾ, 'ਮੈਨੂੰ ਨਹੀਂ ਆਉਂਦਾ |' ਕੰਗਨਾ ਨੇ ਹੱਥ ਫੜੀ ਸੋਟੀ ਘੁਮਾਈ ਅਤੇ ਜ਼ੋਰ ਨਾਲ ਕਿਹਾ, 'ਚੱਲ ਦਾਦੂ ਮੇਰੀ ਕਲਾਸ ਤੋਂ ਬਾਹਰ ਹੋ ਜਾ |' ਮੈਂ ਹੱਸਦਾ-ਹੱਸਦਾ ਕਮਲਾ ਹੁੰਦਾ ਮਹਿਸੂਸ ਕਰ ਰਿਹਾ ਸਾਂ ਅਤੇ ਦੋਸਤੋ ਫਿਰ ਦੋ-ਤਿੰਨ ਦਿਨ ਬਾਅਦ ਜੋ ਐਕਸ਼ਨ ਉਸ ਨੇ ਕੀਤਾ, ਉਹ ਮੇਰੀਆਂ ਯਾਦਾਂ ਵਿਚ ਸਦਾ ਤਾਜ਼ਾ ਰਹੇਗਾ |
ਮੈਂ ਹਮੇਸ਼ਾ ਵਾਂਗ ਆਪਣੇ ਘਰ ਦੇ ਸਾਹਮਣੇ ਕੁਰਸੀ 'ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ | ਮੈਂ ਕੰਗਨਾ ਦੀ ਆਵਾਜ਼ ਸੁਣ ਕੇ ਅਖ਼ਬਾਰ ਰੱਖ ਦਿੱਤੀ ਅਤੇ ਉਹਦੇ ਵੱਲ ਵੇਖਿਆ | ਇਕ ਤੌਲੀਏ ਨੂੰ ਲਪੇਟ ਕੇ ਗੋਲ ਕਰਕੇ ਦੋਵਾਂ ਹੱਥਾਂ ਵਿਚ ਫੜੀ ਮੇਰੇ ਕੋਲ ਆਈ, ਉਹਨੇ ਤੌਲੀਏ ਨੂੰ ਇਸ ਤਰ੍ਹਾਂ ਲਪੇਟਿਆ ਹੋਇਆ ਸੀ ਕਿ ਜਿਵੇਂ ਨਵਜੰਮੇ ਬੱਚੇ ਨੂੰ ਰੱਖਿਆ ਜਾਂਦਾ ਹੈ | ਮੈਂ ਉਹਦੀ ਗੱਲ ਸੁਣ ਕੇ ਸੰੁਨ ਹੋ ਗਿਆ ਸਾਂ | ਉਸ ਨੇ ਮੈਨੂੰ ਤੌਲੀਏ ਵਾਲਾ ਬਾਲ ਫੜਾਉਂਦੀ ਹੋਈ ਨੇ ਕਿਹਾ, 'ਦਾਦੂ ਮੇਰੇ ਮੰੁਡੇ ਨੂੰ ਫੜ ਲੈ | ਮੈਂ ਇਹਦੇ ਲਈ ਦੁੱਧ ਗਰਮ ਕਰ ਲਿਆਵਾਂ |'
ਮੈਂ ਹੱਸ-ਹੱਸ ਦੁਹਰਾ ਹੋ ਗਿਆ | ਮੈਨੂੰ ਪਿਆਰੀ ਕੰਗਨਾ ਦੀ ਇਕ ਗੱਲ ਬੜੀ ਹਸਾਉਂਦੀ ਹੈ |
ਸਾਡੇ ਗੁਆਂਢੀਆਂ ਦੇ ਪੋਤਾ ਹੋਇਆ ਹੈ, ਉਹਨੂੰ ਭੁੱਖ ਲੱਗੇ ਜਾਂ ਤੇਹ, ਉਹ ਰੋਂਦਾ ਹੈ ਪਰ ਦੁੱਧ ਪੀ ਕੇ ਜਾਂ ਪਾਣੀ ਪੀ ਕੇ ਫਿਰ ਰੋਣ ਲੱਗ ਜਾਂਦਾ ਹੈ | ਉਹ ਕਿਸੇ ਤਰ੍ਹਾਂ ਵਰਾਇਆਂ ਚੁੱਪ ਨਹੀਂ ਕਰਦਾ | ਇਕ ਦਿਨ ਉਹ ਉੱਚੀ-ਉੱਚੀ ਰੋ ਰਿਹਾ ਸੀ, ਉਹਦੀ ਦਾਦੀ ਗੋਦੀ ਵਿਚ ਲਈ ਚੁੱਪ ਕਰਾਂਦੀ ਸੀ ਪਰ ਚੁੱਪ ਨਹੀਂ ਸੀ ਕਰਦਾ | ਕੰਗਨਾ ਉਹਦੀ ਦਾਦੀ ਕੋਲ ਜਾ ਕੇ ਕਹਿੰਦੀ ਹੈ, 'ਦਾਦੀ ਜੀ ਕਾਕੇ ਨੂੰ ਮੈਨੂੰ ਦੇਵੋ ਮੈਂ ਏਹਨੂੰ ਚੁੱਪ ਕਰਾ ਦੇਂਦੀ ਹਾਂ |' ਕੰਗਨਾ ਨੇ ਕਾਕੇ ਨੂੰ ਝੋਲੀ ਵਿਚ ਬਿਠਾ ਲਿਆ ਤੇ ਕਿਹਾ, 'ਚੁੱਪ ਕਰ ਜਾ ਨਹੀਂ ਤੇ ਮੈਂ ਤੇਰਾ ਵਿਆਹ ਕਰ ਦੰੂ |' ਮੰੁਡਾ ਚੁੱਪ ਹੋ ਗਿਆ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.


ਖ਼ਬਰ ਸ਼ੇਅਰ ਕਰੋ

ਬੀਬੀ ਪਿੰਨੀਆਂ ਵਾਲੀ

ਇਕ ਵੇਲਾ ਸੀ, ਜਦੋਂ ਮੋਹ ਦੀਆਂ ਤੰਦਾਂ ਗੂੜ੍ਹੀਆਂ ਕਰਨ ਦੇ ਲਈ ਕਿਸੇ ਨਾ ਕਿਸੇ ਜ਼ਰੀਏ, ਮੁਲਾਕਾਤਾਂ ਹੁੰਦੀਆਂ ਸੀ | ਚੀਜ਼ਾਂ ਦਾ ਅਦਾਨ-ਪ੍ਰਦਾਨ ਹੁੰਦਾ ਸੀ | ਉਦੋਂ ਰਿਸ਼ਤਿਆਂ ਦੇ ਨਾਂਅ ਪੁਕਾਰਨ ਦਾ ਅੰਦਾਜ਼ ਵੀ ਬੜਾ ਹੀ ਵੱਖਰਾ ਹੁੰਦਾ ਸੀ | ਜਿਵੇਂ 'ਦਾਦੀ ਮਾਂ' ਨੂੰ 'ਬੀਬੀ' ਅਤੇ 'ਦਾਦਾ ਜੀ' ਨੂੰ 'ਪਾਪਾ' ਆਖ ਪੁਕਾਰਦੇ ਸਾਂ | ਉਸ ਵੇਲੇ ਦੀ ਗੱਲ ਚੇਤੇ ਕਰਦਿਆਂ, ਮੇਰੇ ਖਿਆਲਾਂ ਵਾਲੇ ਰਾਹ 'ਚ ਬੀਬੀ ਪਿੰਨੀਆਂ ਵਾਲਾ ਪੀਪਾ ਲਈ ਆਉਂਦੀ ਹੈ |
ਚੜ੍ਹੇ ਸਿਆਲ ਪਿੰਡੋਂ ਲਾਰੀ ਆਉਂਦੀ,
ਵਿਚੋਂ ਨਿਕਲ ਬੀਬੀ ਪਿਆਰੀ ਆਉਂਦੀ |
ਹੱਥ 'ਚ ਪੀਪਾ ਹੁੰਦਾ ਪਿੰਨੀਆਂ ਦਾ,
ਭੁੱਲਦੀਆਂ ਨੀਂ ਯਾਦਾਂ ਵਿਸਰੀਆਂ ਕਿੰਨੀਆਂ ਦਾ |
ਧੰੁਦਾਂ ਪੈਣੀਆਂ ਸ਼ੁਰੂ ਹੁੰਦੀਆਂ | ਬੀਬੀ ਸ਼ਾਲ ਦੀ ਬੁੱਕਲ ਜਿਹੀ ਮਾਰ ਆਪਣੇ ਸ਼ਹਿਰ ਵਸਦੇ, ਪੁੱਤ ਦੀ ਯਾਦ ਵਿਚ ਨਿੱਘ ਜਿਹਾ ਮਾਣਦੀ | ਉਸ ਵੇਲੇ ਟਾਵੇਂ-ਟਾਵੇਂ ਕੋਲ ਹੁੰਦੇ ਸੀ ਫੋਨ | ਬੀਬੀ ਸਾਂਝੀ ਕੰਧ ਵਾਲੇ ਗੁਆਂਢੀਆਂ ਨੈਬ ਸਿੰਘ ਦੇ ਘਰ ਜਾਂਦੀ, ਆਪਣੇ ਸ਼ਹਿਰੀ ਪੁੱਤ ਨਾਲ ਫੋਨ 'ਤੇ ਗੱਲ ਕਰਨ ਲਈ | ਪੁੱਤਰ ਨੂੰ ਨਿੱਕੇ ਜਿਹੇ ਹੁੰਦਿਆਂ ਹੀ ਘਰ ਦੀ ਕਿਸੇ ਕਮਜ਼ੋਰੀ ਕਾਰਨ ਸ਼ਹਿਰ ਛੱਡ ਆਈ ਸੀ, ਤੇ ਹੁਣ ਨੂੰ ਹ-ਪੁੱਤ, ਪੋਤਾ-ਪੋਤੀ ਸਭ ਸ਼ਹਿਰੀ ਹੋ ਗਏ ਸਨ | ਬੀਬੀ-ਪਾਪਾ ਨੂੰ ਪੋਤਾ-ਪੋਤੀ ਨਾਲ ਬੜਾ ਹੀ ਮੋਹ ਸੀ | ਉਹ ਚੜ੍ਹਦੇ ਸਿਆਲ ਹੀ ਪਿੰਨੀਆਂ ਦੇਣ ਬਹਾਨੇ ਉਨ੍ਹਾਂ ਨੂੰ ਮਿਲ ਆਉਂਦੀ ਸੀ | 'ਪਾਪਾ' ਪਿੰਡ ਵਾਲੇ ਘਰ ਦੀ ਬਾਹਰਲੀ ਬੈਠਕ 'ਚੋਂ ਬੀਬੀ ਨੂੰ ਆਵਾਜ਼ ਦਿੰਦਾ, 'ਓ ਮੈਖਿਆ ਜਵਾਕਾਂ ਵਾਸਤੇ ਖੋਆ ਕੱਢ ਲਓ | ਉਧਰ ਬੀਬੀ ਤਾਂ ਤਿਆਰ ਈ ਬੈਠੀ ਹੁੰਦੀ ਸੀ | ਬੀਬੀ ਵਿਹੜੇ 'ਚ ਡੰੂਘਾ ਜਿਹਾ ਟੋਆ ਪੁੱਟ ਕੇ ਖੁੱਲ੍ਹਾ ਚੁੱਲ੍ਹਾ ਬਣਾਉਂਦੀ | ਪਹਿਲਾਂ ਖੋਆ ਕੱਢਦੀ, ਫਿਰ ਉਸ ਨੂੰ ਘਿਓ 'ਚ ਰਲਾਉਂਦੀ | ਬੀਬੀ ਚਾਅ-ਚਾਅ 'ਚ ਤਿੰਨ ਪੀਪੇ ਭਰ ਲੈਂਦੀ | ਪਿੰਨੀਆਂ ਦਾ ਵਿਆਹ ਜਿੰਨਾ ਚਾਅ ਚੜਿ੍ਹਆ ਹੁੰਦਾ ਸੀ, ਬੀਬੀ ਨੂੰ ਕਿਉਂਕਿ ਆਪਣੇ ਜਿਗਰ ਦੇ ਟੋਟਿਆਂ ਨੂੰ ਮਿਲਣ ਜੋ ਜਾਣਾ ਹੁੰਦਾ ਸੀ | ਫਿਰ ਬੀਬੀ ਪੀਪਾ ਲੈ ਕੇ ਬੈਠ ਜਾਇਆ ਕਰਦੀ | ਪਿੰਡ ਵਾਲੇ ਅੱਡੇ 'ਚ ਇੰਨੇ ਨੂੰ ਬੱਸ ਆ ਜਾਂਦੀ ਤੇ ਪੀਪਾ ਲੈ ਕੇ ਚੱਲ ਪਿਆ ਕਰਦੀ ਸ਼ਹਿਰੀ ਰਸਤੇ | ਉਧਰੋਂ ਪੋਤਾ-ਪੋਤੀ ਨੂੰ ਵੀ ਪਤਾ ਹੁੰਦਾ ਸੀ ਕਿ ਬੀਬੀ ਨੇ ਆਉਣਾ, ਘਰ ਪਿੰਨੀਆਂ ਲੈ ਕੇ | ਸਕੂਲੋਂ ਆ ਕੇ ਜਦੋਂ ਅੰਦਰ ਕਮਰੇ 'ਚ ਵੇਖਦੇ ਅਗਾਂਹ ਬੀਬੀ ਬੈਠੀ ਹੁੰਦੀ | ਬੀਬੀ ਦਾ ਉਹ ਨੂਰੀ ਚਿਹਰਾ ਜੋ ਸਾਨੂੰ ਵੇਖ ਚਮਕਦਾ ਸੀ, ਅੱਜ ਵੀ ਨਹੀਂ ਭੁੱਲਦਾ | ਫਿਰ ਆਪਣੇ ਹੱਥੀਂ ਪਿੰਨੀਆਂ ਖਵਾਉਂਦੀ | ਖੌਰੇ ਕੀ ਪਾਉਂਦੀ ਸੀ, ਪਿੰਨੀਆਂ 'ਚ ਜਾਂ ਰੱਬੀ ਬਾਣੀ ਪੜ੍ਹਦੀ | ਪਿੰਨੀਆਂ 'ਚ ਵੱਖਰੇ ਕਿਸਮ ਦਾ ਸਵਾਦ ਹੁੰਦਾ ਸੀ | ਅੱਜ ਵਰ੍ਹੇ ਹੀ ਬੀਤ ਗਏ ਸੀ, ਮੋਹ ਦੀਆਂ ਤੱਦਾਂ ਉਸੇ ਤਰ੍ਹਾਂ ਬਰਕਰਾਰ ਸਨ, ਪਰ ਹੁਣ ਨਾ ਤਾਂ ਕਦੇ ਪਿੰਡੋਂ ਉਹ ਲਾਰੀ ਆਈ ਤੇ ਨਾ ਹੀ ਬੀਬੀ |
ਖੌਰੇ ਕਿਹੜੇ ਸਵਰਗੀਂ ਗਈ
ਉਹ ਬੀਬੀ ਪਿੰਨੀਆਂ ਵਾਲੀ ਜੀ |
ਉਹ ਪੀਪਾ ਵੀ ਲਕੋ ਗਈ,
ਕਿਸੇ ਮਹਿਲ ਕਿਨਾਰੀਂ ਜੀ |
ਹੁਣ ਮਿੱਟੀ-ਘੱਟਾ ਕਦੇ ਉਡਿਆ ਨੀਂ,
ਜਿਹੜੇ ਪਿੰਡ ਦੀ ਉਹ ਲਾਰੀ ਸੀ |
ਹੁਣ ਵਰ੍ਹੇ ਬੀਤ ਗਏ ਕੌਰੇ ਸਮੇਤ,
ਗੰੁਮ ਗਈ ਬੀਬੀ ਪਿੰਨੀਆਂ ਵਾਲੀ ਸੀ |

-ਬੁਢਲਾਡਾ (ਮਾਨਸਾ) | ਮੋਬਾਈਲ : 97797-16174.

ਸਬੂਤ ਚਾਹੀਦੈ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪਾਕਿਸਤਾਨ ਨੂੰ ਡਰ ਤਾਂ ਲੱਗਾ ਸੀ ਕਿ ਭਾਰਤ ਕੋਈ ਫ਼ੌਜੀ ਕਾਰਵਾਈ ਨਾ ਕਰ ਦਏ, ਉਨ੍ਹਾਂ ਨੇ ਇਕ ਜ਼ਬਾਨੀ ਹਵਾਈ ਛੱਡੀ ਸੀ ਕਿ 'ਅਸਾਂ ਵੀ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ, ਇੰਡੀਆ ਕੁਝ ਕਰਕੇ ਤਾਂ ਵਿਖਾਏ |' ਇੰਡੀਆ ਨੇ ਸੱਚਮੁੱਚ ਹਵਾਈ ਹੱਲਾ ਬੋਲ ਦਿੱਤਾ, ਸਿਰਫ਼ ਅੱਤਵਾਦੀਆਂ ਦੇ ਅੱਡਿਆਂ 'ਤੇ ਜਿਵੇਂ ਵਿਧਵਾ ਹੋਈ ਸੁਹਾਗਣ, ਚੂੜੀਆਂ ਆਪੇ ਹੀ ਤੋੜ ਦਿੰਦੀ ਹੈ, ਵਿਚਾਰਿਆਂ ਨੂੰ ਲੱਗਾ ਕਿ ਵਿਧਵਾ ਹੋਣ ਨਾਲੋਂ ਚੰਗੈ, ਚੂੜੀਆਂ ਛਣਕਾ ਦਈਏ | 'ਸਾਡੇ ਕੋਲ ਵੀ ਜਹਾਜ਼ ਹੈਗੇ ਨੇ, ਤੁਹਾਡੇ ਕੋਲ ਮਿਗ ਨੇ ਤਾਂ ਸਾਡੇ ਕੋਲ ਤੁਹਾਡੇ ਤੋਂ ਵਧੀਆ ਅਮਰੀਕਾ ਵਾਲੇ ਐਫ-16 ਨੇ, ਉਡਾਏ ਜਹਾਜ਼ ਭਾਰਤੀ ਮਿਗਾਂ ਨੇ ਹਵਾ 'ਚੋਂ ਹੀ ਵਾਪਸ ਭੱਜਣ 'ਤੇ ਮਜਬੂਰ ਕਰ ਦਿੱਤਾ | ਮਸ਼ੀਨਾਂ ਨਹੀਂ ਲੜਦੀਆਂ ਮਸ਼ੀਨਾਂ ਚਲਾਉਣ ਵਾਲੇ ਜਾਂਬਾਜ਼ ਲੜਦੇ ਨੇ | ਸਾਡੇ ਇਕ ਜਾਂਬਾਜ਼ ਪਾਇਲਟ ਅਭਿਨੰਦਨ ਨੇ ਆਪਣੇ ਮਿਗ-21 ਨਾਲ, ਉਨ੍ਹਾਂ ਦੇ ਇਕ ਐਫ-16 ਨੂੰ ਹਵਾ 'ਚ ਹੀ ਮਾਰ ਸੁੱਟਿਆ | ਸੰਯੋਗ ਹੀ ਆਖਾਂਗੇ ਕਿ ਜਹਾਜ਼ ਡਿੱਗਾ ਪਾਕਿਸਤਾਨੀ ਸਰਹੱਦ 'ਚ ਹੀ | ਅਭਿਨੰਦਨ ਨੂੰ ਪੈਰਾਸ਼ੂਟ ਰਾਹੀਂ ਉਤਰਨਾ ਪਿਆ ਪਾਕਿਸਤਾਨੀ ਇਲਾਕੇ 'ਚ, ਨਾਲ ਹੀ ਉਨ੍ਹਾਂ ਦੇ ਇਕ ਪਾਇਲਟ ਨੂੰ , ਜਿਸ ਨੇ ਮਿੱਗ ਢਾਹਿਆ ਸੀ, ਉਸ ਨੂੰ ਵੀ ਆਪਣੇ ਹੀ ਪਾਕਿਸਤਾਨ ਦੀ ਧਰਤੀ 'ਤੇ ਉਤਰਨਾ ਪਿਆ | ਉਥੋਂ ਦੇ ਇਲਾਕਾ ਨਿਵਾਸੀਆਂ, ਪਾਕਿਸਤਾਨੀਆਂ ਨੇ ਦੋਵਾਂ ਪਾਇਲਟਾਂ ਨੂੰ ਫੜ ਲਿਆ, ਅਲੱਗ-ਅਲੱਗ ਥਾਵਾਂ 'ਤੇ | ਦੋਵਾਂ ਥਾਵਾਂ 'ਤੇ ਉਨ੍ਹਾਂ ਸਮਝਿਆ ਕਿ ਦੋਵੇਂ ਭਾਰਤੀ ਹਵਾਈ ਸੈਨਾ ਦੇ ਪਾਇਲਟ ਹਨ | ਇਨ੍ਹਾਂ ਨੇ ਕੁੱਟ-ਕੁੱਟ ਆਪਣਾ ਹੀ ਪਾਇਲਟ ਮਾਰ ਸੁੱਟਿਆ | ਅਭਿਨੰਦਨ ਨੂੰ ਤਾਂ ਪਛਾਣ ਦੀ ਲੋੜ ਹੀ ਨਹੀਂ ਸੀ, ਉਹ ਪਾਕਿਸਤਾਨੀ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ | ਬਿਨਾਂ ਸਬੂਤ ਦੇ ਪਾਕਿਸਤਾਨੀਆਂ ਨੇ ਆਪਣਾ ਹੀ ਪਾਇਲਟ ਪਾਰ ਬੁਲਾ ਦਿੱਤਾ ਤੇ ਅਭਿਨੰਦਨ ਨੂੰ ਭਾਰਤੀ ਸਰਕਾਰ ਨੇ ਇਮਰਾਨ ਖ਼ਾਨ ਦੀ ਪਾਕਿਸਤਾਨੀ ਸਰਕਾਰ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਲਈ ਮਜਬੂਰ ਕਰ ਦਿੱਤਾ |
ਇਕ ਪਾਕਿਸਤਾਨੀ ਬੰਦਾ ਮਰਿਆ,
ਇਕ ਪਾਕਿਸਤਾਨੀ ਜਹਾਜ਼ ਮਰਿਆ |
ਇਕ ਪਾਕਿਸਤਾਨੀ ਪਾਇਲਟ ਮਰਿਆ,
ਹੋਰ ਕੀ ਸਬੂਤ ਚਾਹੀਦਾ?
ਜਿਹੜਾ ਵੀ ਬੰਦਾ ਮਰਿਆ, ਜਿਹੜਾ ਵੀ ਪਾਇਲਟ ਮਰਿਆ, ਉਹਦੇ ਲਈ ਤਾਂ ਤਾਬੂਤ ਚਾਹੀਦਾ |
ਹੋਰ ਕੀ ਸਬੂਤ ਚਾਹੀਦਾ?
ਇਕ ਫਿਲਮ ਆਈ ਸੀ ਨਾ 'ਬੰਬੇ ਟੂ ਗੋਆ' ਉਸ ਵਿਚ ਗੋਆ ਨੂੰ ਜਾਂਦੀ ਬੱਸ 'ਚ ਕਈ ਯਾਤਰੀ ਸਵਾਰ ਸਨ | ਉਸ 'ਚ ਇਕ ਮਾਈ ਲਲਿਤਾ ਪਵਾਰ ਆਪਣੇ ਪੁੱਤਰ ਨਾਲ ਬੈਠੀ ਸੀ, ਉਸ ਨੇ ਪੁੱਤ ਦੇ ਮੰੂਹ 'ਤੇ ਇਕ ਕੱਪੜਾ ਬੰਨਿ੍ਹਆ ਹੋਇਆ ਸੀ, ਲੋਕਾਂ ਨੇ ਪੁੱਛਿਆ, 'ਮਾਈ ਇਸ ਦੇ ਮੰੂਹ 'ਤੇ ਕੱਪੜਾ ਕਿਉਂ ਬੰਨਿ੍ਹਆ ਈ?' ਉਹਨੇ ਕਿਹਾ, 'ਏਹਨੂੰ ਐਦਾਂ ਹੀ ਬੱਧਾ ਰਹਿਣ ਦਿਓ, ਜਿਥੇ ਇਸ ਨੇ ਪਕੌੜਾ ਵੇਖਿਆ, ਇਹਨੇ ਰੌਲਾ ਪਾ ਦੇਣੈ 'ਪਕੌੜਾ... ਪਕੌੜਾ...', ਸੱਚਮੁੱਚ ਜਦ ਇਕ ਢਾਬੇ 'ਤੇ ਬੱਸ ਰੁਕੀ ਤਾਂ ਮੰੁਡੇ ਨੇ ਸਾਹਮਣੇ ਪਕੌੜਿਆਂ ਭਰਿਆ ਥਾਲ ਵੇਖ ਕੇ 'ਪਕੌੜਾ... ਪਕੌੜਾ' ਦਾ ਰੌਲਾ ਪਾ ਕੇ, ਪਕੌੜਿਆਂ 'ਤੇ ਟੁੱਟ ਪਿਆ | ਜਿਸ ਐਕਟਰ ਨੇ ਉਸ ਬੱਚੇ ਦਾ ਰੋਲ ਕੀਤਾ ਸੀ, ਉਸ ਦਾ ਨਾਂਅ ਸੀ 'ਕਾਦਰ' ਫਿਰ ਉਹ ਕਾਦਰ ਪਕੌੜਾ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ |
ਆਪਣੇ ਕਾਂਗਰਸ ਵਾਲੇ ਵੀ ਜਦ ਵੀ ਮੰੂਹ ਖੋਲ੍ਹਦੇ 'ਰਫੇਲ... ਰਫੇਲ...' ਦਾ ਰੌਲਾ ਸ਼ੋਰਾ ਪਾ ਦਿੰਦੇ | ਚੌਕੀਦਾਰ 'ਤੇ ਚੋਰ ਦਾ ਵਾਰ ਕਰਦੇ ਜਾਂ ਚੌਕੀਦਾਰ ਨੇ ਪਾਕਿਸਤਾਨ ਦੇ ਅੱਤਵਾਦੀਆਂ ਤੇ ਹਵਾਈ ਹੱਲਾ ਬੋਲਿਆ, 'ਕੁਝ ਦਿਨ ਲਈ ਕਾਂਗਰਸੀਆਂ ਦਾ ਮੰੂਹ ਬੰਦ ਰਿਹਾ | ਥੋੜ੍ਹੇ ਦਿਨ ਇਹੀ ਆਵਾਜ਼ ਆਈ, 'ਹਮ ਮੋਦੀ ਸਰਕਾਰ ਕੇ ਸਾਥ ਹੈਾ', ਪਰ ਹੁਣ ਥਾਂ-ਥਾਂ ਘਰ-ਘਰ 'ਮੋਦੀ-ਮੋਦੀ' ਦੀ ਜੈ ਜੈਕਾਰ ਹੋ ਉਠੀ ਤਾਂ 'ਕਾਦਰ ਪਕੌੜਾ' ਦੀ ਯਾਦ ਫਿਰ ਤਾਜ਼ਾ ਕਰ ਦਿੱਤੀ, 'ਰਫੇਲ... ਰਫੇਲ...' ਜ਼ੋਰ ਨਾਲੇ, ਚੌਕੀਦਾਰ ਨੇ 30 ਹਜ਼ਾਰ ਕਰੋੜ ਰੁਪਏ ਆਪਣੇ ਦੋਸਤ ਅਨਿਲ ਅੰਬਾਨੀ ਨੂੰ ਦੇ ਦਿੱਤੇ ਹਨ |
ਕਿੰਨੇ ਚਿਰ ਤੋਂ ਸਭੇ ਪੁੱਛ ਰਹੇ ਹਨ ਕਿ ਰਾਹੁਲ ਜੀ 'ਜੋ ਇਲਜ਼ਾਮ ਲਾ ਰਹੇ ਹੋ, ਉਹਦਾ ਸਬੂਤ ਕੀ ਹੈ?' ਕਾਂ ਸਬੂਤ ਥੋੜ੍ਹਾ ਦਿੰਦੇ ਹਨ, ਕਾਵਾਂ ਰੌਲੀ ਪਾਉਂਦੇ ਹਨ |
ਸਬੂਤ ਦੇਣ ਲਈ 56 ਇੰਚ ਦਾ ਸੀਨਾ ਚਾਹੀਦਾ ਹੈ... ਪਿਆਰਿਓ...
••

ਮਿੰਨੀ ਕਹਾਣੀਆਂ

ਓਦਣ ਤੇ ਅੱਜ
ਵੋਟਾਂ ਤੋਂ ਪਹਿਲਾਂ ਜਿਹੜੇ ਲੀਡਰ ਹੱਥ ਜੋੜੀ ਨਿਮਾਣੇ ਜਿਹੇ ਹੋ ਕੇ ਅਰਜ਼ਾਂ ਕਰਦੇ ਲੋਕਾਂ ਦੇ ਘਰੀਂ ਤੁਰੇ ਫਿਰਦੇ ਸੀ ਓਹੀ ਜਿੱਤਣ ਤੋਂ ਬਾਅਦ ਕੁਰਸੀ ਮਿਲਣ ਤੇ ਏਅਰਕੰਡੀਸਨ ਵਿਚ ਬੈਠੇ ਉਨ੍ਹਾਂ ਹੀ ਲੋਕਾਂ ਤੋਂ ਹੱਥ ਜੁੜਾ ਕੇ ਹਿਸਾਬ ਬਰਾਬਰ ਕਰ ਰਹੇ ਸੀ | ਜੀਵਨ ਸਿਉਂ ਵੀ ਅੱਜ ਇਲਾਕੇ ਦੇ ਐੱਮ.ਐੱਲ.ਏ. ਤੋਂ ਮੰਤਰੀ ਬਣੇ ਲੀਡਰ ਦੀ ਕੋਠੀ ਮੂਹਰੇ ਲੱਗੀ ਭੀੜ ਵਿਚ ਬੜੀ ਦੇਰ ਤੋਂ ਬੈਠਾ ਸੀ | ਉਹ ਸੰਤਰੀ ਨੂੰ ਕਈ ਵਾਰੀ ਅਰਜ਼ ਕਰ ਚੁੱਕਿਆ ਸੀ ਅੰਦਰ ਜਾਣ ਲਈ | ਜਾਣ ਪਛਾਣ ਵਾਸਤੇ ਉਸ ਨੇ ਦੱਸਿਆ ਸੀ ਕਿ, ਮੰਤਰੀ ਜੀ ਨੂੰ ਦੱਸ ਦਿਓ ਕਿ ਢੋਲਪੁਰ ਤੋਂ ਜੀਵਨ ਸਿੰਘ ਆਇਆ ਹੈ, ਜਿਸ ਦੇ ਘਰ ਤੁਸੀਂ ਖੁਦ ਗਏ ਸੀ | 'ਕਦੋਂ ਗਏ ਸੀ?' ਸੰਤਰੀ ਨੇ ਪੁੱਛ ਲਿਆ | 'ਜੀ ਵੋਟਾਂ ਤੋਂ ਪਹਿਲਾਂ' | ਜੀਵਨ ਸਿੰਘ ਨੇ ਝੱਟ ਜਵਾਬ ਦਿੱਤਾ | 'ਅੱਛਾ ਠੀਕ ਐ, ਬੈਠ ਜਾਓ ਹਾਲੇ | ਉਹ ਜ਼ਰੂਰੀ ਕੰਮ ਕਰਦੇ ਨੇ |' ਸੰਤਰੀ ਨੇ ਖਚਰੀ ਜਿਹੀ ਮੁਸਕਰਾਹਟ ਦਿੰਦੇ ਹੋਏ ਕਿਹਾ | ਉਡੀਕ ਹੋਰ ਲੰਮੀ ਹੋ ਗਈ | ਜੀਵਨ ਸਿਉਂ ਨੂੰ ਪਿਆਸ ਲੱਗੀ ਪਰ ਉਹ ਪਾਣੀ ਪੀਣ ਲਈ ਵੀ ਨਹੀਂ ਉੱਠਿਆ | ਉਸ ਨੂੰ ਡਰ ਸੀ ਕਿ ਕਿਧਰੇ ਵਾਰੀ ਹੀ ਨਾ ਕੱਟੀ ਜਾਵੇ | ਅਚਾਨਕ ਉਸ ਨੂੰ ਭੀੜ ਵਿੱਚ ਘਿਰੇ ਮੰਤਰੀ ਜੀ ਕਮਰੇ 'ਚੋਂ ਬਾਹਰ ਆਉਂਦੇ ਦਿਖਾਈ ਦਿੱਤੇ ਤਾਂ ਬਾਕੀ ਭੀੜ ਦੇ ਨਾਲ ਹੀ ਉਹ ਵੀ ਤੇਜ਼ੀ ਨਾਲ ਉਨ੍ਹਾਂ ਦੇ ਸਾਹਮਣੇ ਹੋ ਗਿਆ | 'ਸਾ ਸਰੀ ਕਾਲ ਜੀ ਮੈਂ ਢੋਲਪੁਰ ਤੋਂ ਆਂ ਜੀਵਨ, ਤੁਸੀਂ ਸਰਪੰਚ ਸਾਹਿਬ ਨਾਲ ਗਏ ਸੀ ਮੇਰੇ ਘਰ | ਮੇਰੀ ਬੇਟੀ ਤੋਂ ਅਰਜ਼ੀ ਵੀ ਲਿਖਵਾ ਕੇ ਲਿਆਏ ਸੀ | ਓਹੀ ਜੀ ਜਿਹਦੀ ਅਰਜ਼ੀ ਦੇਖ ਕੇ ਤੁਸੀਂ ਕਿਹਾ ਸੀ ਕਿ ਐਨੀਆਂ ਜਮਾਤਾਂ ਪੜ੍ਹ ਕੇ ਵੀ ਧੀਏ ਤੂੰ ਵਿਹਲੀ ਐਾ | ਕੋਈ ਨਾ ਹੁਣ ਸਰਕਾਰ ਬਣ ਜਾਣ ਦੇ ਸਭ ਤੋਂ ਪਹਿਲਾਂ ਤੇਰੀ ਵਾਰੀ ਲਾਵਾਂਗੇ | ਤੁਸੀਂ ਉਹ ਅਰਜ਼ੀ ਅਪਣੇ ਨਾਲ ਦੇ ਬੰਦੇ ਨੂੰ ਫੜਾ ਕੇ ਮੇਰੇ ਸਾਹਮਣੇ ਹੀ ਕਹਿ ਦਿੱਤਾ ਸੀ ਕਿ ਧੀ ਧਿਆਣੀ ਦਾ ਕੰਮ ਐ ਸਭ ਤੋਂ ਪਹਿਲਾ ਨੰਬਰ ਲਾ ਦਿਓ | ਤੁਸੀਂ ਤਾਂ ਜੀ ਸਾਡੇ ਘਰ ਮੰਜੇ 'ਤੇ ਬੈਠ ਕੇ ਚਾਹ ਵੀ ਪੀ ਕੇ ਆਏ ਸੀ' | ਜੀਵਨ ਸਿੰਘ ਨੇ ਆਪਣੇ ਦਿਮਾਗ ਵਿਚ ਵਾਰ ਵਾਰ ਤਰਾਸ਼ ਕੇ ਜਮ੍ਹਾਂ ਕੀਤੀ ਸਾਰੀ ਗੱਲ ਬਿਨਾ ਰੁਕੇ, ਛੇਤੀ-ਛੇਤੀ ਮੰਤਰੀ ਜੀ ਨੂੰ ਯਾਦ ਕਰਾਉਣੀ ਚਾਹੀ | ਫੋਨ ਤੇ ਗੱਲ ਕਰਦੇ ਹੋਏ ਮੰਤਰੀ ਨੇ ਅੱਧ ਪਚੱਧ ਸੁਣੀ ਗੱਲ ਦਾ ਜਵਾਬ ਦਿੱਤਾ, 'ਓ ਭਾਈ ਜੀਵਨ ਸਿਆਂ, ਹਾਲੇ ਤਾਂ ਤਰਸ ਦੇ ਆਧਾਰ ਵਾਲਿਆਂ ਦੀ ਵਾਰੀ ਲੱਗੀ ਹੋਈ ਐ | ਓਸ ਤੋਂ ਪਿੱਛੋਂ ਦੇਖਾਂਗੇ' | ਮੰਤਰੀ ਜੀ ਗੱਲ ਮੁਕਾ ਕੇ ਤੇਜ਼ੀ ਨਾਲ ਤੁਰਨ ਲੱਗੇ | 'ਉਹ ਕਿਵੇਂ ਜੀ, ਮੈਂ ਸਮਝਿਆ ਨੀ, ਇਹ ਕੀ ਹੁੰਦੈ?' ਜੀਵਨ ਫੇਰ ਮੂਹਰੇ ਹੋ ਗਿਆ | 'ਜਿਨ੍ਹਾਂ ਬੱਚਿਆਂ ਦੇ ਮਾਪੇ ਨੌਕਰੀ ਕਰਨ ਦੌਰਾਨ ਮਰ ਜਾਂਦੇ ਨੇ ਉਹਨਾਂ ਨੂੰ ਸਰਕਾਰ ਨੂੰ ਤਰਸ ਖਾ ਕੇ ਪਹਿਲਾਂ ਨੌਕਰੀ ਦੇਣੀ ਪੈਂਦੀ ਐ |' ਮੰਤਰੀ ਨੇ ਕਾਹਲੀ ਨਾਲ ਖਹਿੜਾ ਛੁਡਾਉਣਾ ਚਾਹਿਆ | ਪਰ ਜੀਵਨ ਧੱਕੇ ਨਾਲ ਹੀ ਫਿਰ ਇੱਕਦਮ ਉਸ ਦੇ ਅੱਗੇ ਹੋ ਗਿਆ, 'ਫੇਰ ਸਾਡੇ ਤਾਂ ਮਰਨ ਦਾ ਵੀ ਕੋਈ ਫਾਇਦਾ ਨੀ ਜੀ, ਅਸੀਂ ਕਿਹੜਾ ਨੌਕਰੀ ਕਰਦੇ ਹਾਂ?' ਮੰਤਰੀ ਜੀ ਨੇ ਜੀਵਨ ਸਿੰਘ ਦੇ 'ਪੁੱਠੇ ਜਿਹੇ' ਲੱਗਦੇ ਸਵਾਲ ਨੂੰ ਅਣਸੁਣਿਆ ਕਰ ਦਿੱਤਾ | ਕਾਰ ਦੀ ਤਾਕੀ ਬੰਦ ਹੋਣ ਸਾਰ ਹੀ ਹੂਟਰ ਵੱਜਣੇ ਸ਼ੁਰੂ ਹੋ ਗਏ ਅਤੇ ਜੀਵਨ ਸਿਉਂ ਓਦਣ ਤੇ ਅੱਜ ਦੇ ਫ਼ਰਕ 'ਚ ਉਲਝਿਆ ਖੜ੍ਹਾ ਰਹਿ ਗਿਆ |

-ਜਗਮੀਤ ਸਿੰਘ ਪੰਧੇਰ
ਪਿੰਡ ਤੇ ਡਾਕ : ਕਲਾਹੜ (ਲੁਧਿਅਣਾ) –141117
ਸੰਪਰਕ : 9878337222

ਅਰਮਾਨ
ਗੋਲਡੀ ਦੇ ਜਨਮ ਦਿਨ 'ਤੇ ਘਰ ਨੂੰ ਗੁਬਾਰੇ ਤੇ ਫੁੱਲਾਂ ਦੀਆਂ ਲੜੀਆਂ ਨਾਲ ਖੂਬ ਸਜਾਇਆ ਗਿਆ | ਮਹਿਮਾਨ ਬੁਲਾਏ ਗਏ ਜੋ ਉਸ ਦੇ ਲਈ ਤਰ੍ਹਾਂ-ਤਰ੍ਹਾਂ ਦੀਆਂ ਸੌਗਾਤਾਂ ਲੈ ਕੇ ਆਏ | ਕੇਕ ਕੱਟਿਆ ਗਿਆ, ਬੱਚਿਆਂ ਨੇ ਤਰ੍ਹਾਂ-ਤਰ੍ਹਾਂ ਦੇ ਮਖੌਟੇ ਲਾ ਕੇ ਫੋਟੋ ਖਿਚਾਈਆਂ, ਗੀਤ ਗਾਣੇ ਗਾਏ ਗਏ | ਗੋਲਡੀ ਦੇ ਪਾਪਾ ਕ੍ਰਿਸ਼ਨ ਲਾਲ ਨੇ ਉਸ ਨੂੰ ਨਵੇਂ ਕੱਪੜੇ ਅਤੇ ਬੈਟਰੀ ਨਾਲ ਚੱਲਣ ਵਾਲੀ ਕਾਰ ਤੇ ਬਾਈਕ ਲਿਆ ਕੇ ਦਿੱਤੇ | ਇਕ ਮਹਿੰਗਾ ਜਿਹਾ ਛੋਟਾ ਸਾਈਕਲ ਵੀ ਲਿਆ ਕੇ ਦਿੱਤਾ | ਗੋਲਡੀ ਤੋਹਫ਼ੇ 'ਚ ਮਿਲਿਆ ਸਾਮਾਨ ਆਪਣੇ ਦੋਸਤਾਂ ਨੂੰ ਬੜੇ ਚਾਅ ਨਾਲ ਵਿਖਾ ਰਿਹਾ ਸੀ |
ਗੋਲਡੀ ਦੇ ਘਰ ਕੰਮ ਕਰਨ ਵਾਲੀ ਸ਼ੀਲੋ ਦੇ ਨਾਲ ਅੱਜ ਉਸ ਦਾ ਬੇਟਾ ਸੋਨੂੰ ਵੀ ਆਇਆ ਸੀ, ਜੋ ਇਹ ਸਾਰਾ ਕੁਝ ਬੜੀ ਗੌਰ ਨਾਲ ਵੇਖ ਰਿਹਾ ਸੀ |
'ਮੰਮੀ, ਗੋਲਡੀ ਘਰ ਐਨੇ ਜਣੇ ਤੇ ਬੱਚੇ ਕਿਉਂ ਆਏ ਸੀ...?' ਘਰ ਵਾਪਸ ਜਾਂਦਿਆਂ ਸੋਨੂੰ ਨੇ ਸ਼ੀਲਾ ਤੋਂ ਪੁੱਛਿਆ |
'ਗੋਲਡੀ ਦਾ ਬਰਥ-ਡੇ ਸੀ ਬੇਟਾ... |'
'ਮੰਮੀ ਉਹ ਕੀ ਹੁੰਦੈ...?'
'ਜਨਮ ਦਿਨ... |'
'ਆਪਾਂ ਆਪਣੇ ਘਰ ਸਾਰਿਆਂ ਨੂੰ ਕਦੋਂ ਬੁਲਾਵਾਂਗੇ ਮੰਮੀ...? ਮੈਨੂੰ ਵੀ ਤੂੰ ਐਨਾ ਕੁਝ ਲੈ ਕੇ ਦੇਵੇਂਗੀ ਉਦੋਂ...?'
'ਚੱਲ, ਚੱਲ ਸੋਨੂੰ ਜਲਦੀ ਚੱਲ, ਤੇਰੇ ਪਾਪਾ ਨੂੰ ਰੋਟੀ ਪਕਾ ਕੇ ਦੇਣੀ ਐ, ਵੇਖ ਰਾਤ ਪੈਣ ਲੱਗੀ ਐ...', ਬੱਚੇ ਦੇ ਸਵਾਲ ਦਾ ਜਿਵੇਂ ਉਸ ਕੋਲ ਕੋਈ ਜਵਾਬ ਨਹੀਂ ਸੀ | ਚੰੁਨੀ ਦੇ ਲੜ ਬੰਨ੍ਹੇ ਵੀਹ ਰੁਪਈਆਂ ਨੂੰ ਸ਼ੀਲੋ ਟੋਂਹਦੀ ਜਾ ਰਹੀ ਸੀ, ਜੋ ਉਸ ਨੇ ਗੋਲਡੀ ਦੀ ਮੰਮੀ ਤੋਂ ਆਟਾ ਲੈਣ ਲਈ ਉਧਾਰੇ ਫੜੇ ਸਨ | ਡੁਸਕਦੇ ਸੋਨੂੰ ਨੂੰ ਉਹ ਬਾਹੋਂ ਫੜ ਕੇ ਜਿਵੇਂ ਘਸੀਟੀ ਜਾ ਰਹੀ ਸੀ | ਪਰ ਉਸ ਦੇ ਦਿਲ ਦੇ ਅਰਮਾਨ ਅੱਖਾਂ ਰਾਹੀਂ ਹੰਝੂ ਬਣ ਕੇ ਕਿਰ ਰਹੇ ਸਨ |

-ਲਾਲ ਸਿੰਘ ਕਲਸੀ
ਫਰੀਦਕੋਟ |
ਮੋਬਾਈਲ : 98149-76639.

ਮਾਪੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਪੰਜਾਬੀ ਦੀ ਪ੍ਰਸਿੱਧ ਕਹਾਵਤ ਹੈ, 'ਮਾਂ ਪਿਓ ਦੀਆਂ ਗਾਲਾਂ, ਘਿਓ ਦੀਆਂ ਨਾਲਾਂ |'
• ਮੰਦਰ, ਗੁਰਦੁਆਰੇ ਰੋਜ਼ ਜਾਣਾ ਚੰਗਾ ਹੈ ਪਰ ਮਾਂ-ਬਾਪ ਦੀ ਸੇਵਾ ਵੀ ਓਨੀ ਹੀ ਜ਼ਰੂਰੀ ਹੈ |
• ਜਿਸ ਨੇ ਮਾਂ-ਬਾਪ ਨੂੰ ਰੋਟੀ ਨਹੀਂ ਦਿੱਤੀ, ਉਸ ਨੂੰ ਲੰਗਰ ਲਗਾਉਣ ਦਾ ਕੋਈ ਹੱਕ ਨਹੀਂ |
• ਜਿਸ ਨੇ ਮਾਂ-ਬਾਪ ਨੂੰ ਪਾਣੀ ਨਾ ਪਿਆਇਆ, ਉਸ ਨੂੰ ਛਬੀਲ ਲਾਉਣ ਦਾ ਕੋਈ ਹੱਕ ਨਹੀਂ |
• ਜਿਸ ਨੇ ਮਾਂ-ਬਾਪ ਦਾ ਤਨ ਨਹੀਂ ਢਕਿਆ, ਉਸ ਨੂੰ ਲੱਖਾਂ ਦਾਨ ਕਰਨ ਦਾ ਕੋਈ ਹੱਕ ਨਹੀਂ |
• ਭਗਵਾਨ ਨੂੰ ਵੀ ਪੂਜਣਾ ਚਾਹੀਦਾ ਹੈ, ਮਾਂ-ਬਾਪ ਦੇ ਚਰਨਾਂ ਨੂੰ ਵੀ ਪੂਜਣਾ ਚਾਹੀਦਾ ਹੈ |
• ਜੋ ਜਿਊਾਦੇ ਮਾਂ-ਬਾਪ ਨੂੰ ਗਾਲਾਂ ਕੱਢਦਾ ਹੈ, ਉਸ ਨੂੰ ਮਾਂ-ਬਾਪ ਮਰਿਆਂ ਤੇ ਰੋਣ ਦਾ ਕੋਈ ਹੱਕ ਨਹੀਂ |
• ਮਾਤਾ-ਪਿਤਾ ਦੀ ਸੇਵਾ ਕਰੋ | ਇਨ੍ਹਾਂ ਤੋਂ ਵੱਡਾ ਧਨ ਦੁਨੀਆ ਵਿਚ ਨਹੀਂ ਹੈ | ਇਨ੍ਹਾਂ ਦੀ ਕੀਮਤ ਦਾ ਪਤਾ ਉਦੋਂ ਚਲਦਾ ਹੈ ਜਦੋਂ ਉਹ ਦੁਨੀਆ ਤੋਂ ਚਲੇ ਜਾਂਦੇ ਹਨ |
• ਮਾਪਿਆਂ ਤੋਂ ਵੱਡਾ ਤੇ ਉੱਚਾ ਕੋਈ ਧਰਮ ਸਥਾਨ ਤੇ ਤੀਰਥ ਨਹੀਂ ਹੈ |
• ਪੰਜਾਬੀ ਦੀ ਪ੍ਰਸਿੱਧ ਕਹਾਵਤ ਹੈ,'ਮਾਂ-ਪਿਓ ਨੂੰ ਘਰ 'ਚੋਂ ਕੱਢੀਏ ਨਾ, ਪੁੱਤ ਵਿਆਹੁਣ ਵੇਲੇ ਮੰੂਹ ਅੱਡੀਏ ਨਾ |'
• ਮਾਂ-ਪਿਓ ਦੀ ਸੇਵਾ ਨਾ ਕਰਨ ਵਾਲੇ ਨੂੰ ਪਵਿੱਤਰ ਗੁਰਬਾਣੀ ਨੇ ਬੇਈਮਾਨ ਦਾ ਦਰਜਾ ਦਿੱਤਾ ਹੈ |
• ਮਾਤਾ-ਪਿਤਾ ਦੀ ਸੇਵਾ ਕਰਨ ਨਾਲ ਮਨੁੱਖ ਦਾ ਗੌਰਵ ਵਧਦਾ ਹੈ | ਬੁੱਧੀ ਅਤੇ ਉਮਰ ਵਿਚ ਵਾਧਾ ਹੁੰਦਾ ਹੈ ਅਤੇ ਘਰ ਵਿਚ ਬਹਕਤ ਬਣੀ ਰਹਿੰਦੀ ਹੈ | ਇਨ੍ਹਾਂ ਤੋਂ ਵਧ ਕੇ ਸੰਸਾਰ ਵਿਚ ਸਾਡਾ ਕੋਈ ਹਮਦਰਦ ਨਹੀਂ ਹੈ |
• ਮਾਤਾ-ਪਿਤਾ ਦੇ ਕੋਲ ਬੈਠਣ ਦੇ ਦੋ ਫਾਇਦੇ ਹਨ-ਤੁਸੀਂ ਕਦੇ ਵੱਡੇ ਨਹੀਂ ਹੁੰਦੇ ਅਤੇ ਮਾਤਾ-ਪਿਤਾ ਕਦੇ ਬੁੱਢੇ ਨਹੀਂ ਹੁੰਦੇ |
• ਪਤਾ ਨਹੀਂ ਕਿਵੇਂ ਪੱਥਰ ਦੀ ਮੂਰਤੀ ਦੇ ਲਈ ਜਗ੍ਹਾ ਬਣਾ ਲੈਂਦੇ ਹਨ ਘਰ ਵਿਚ ਉਹ ਲੋਕ ਜਿਨ੍ਹਾਂ ਦੇ ਘਰ ਵਿਚ ਮਤਾ-ਪਿਤਾ ਦੇ ਲਈ ਕੋਈ ਸਥਾਨ ਨਹੀਂ ਹੁੰਦਾ |
• ਸਾਨੂੰ ਕੋਈ ਅਜਿਹਾ ਮਾੜਾ ਕੰਮ ਜਾਂ ਘਟੀਆ ਕਾਰਵਾਈ ਆਦਿ ਨਹੀਂ ਕਰਨੀ ਚਾਹੀਦੀ ਜਿਸ ਤੋਂ ਮਾਪਿਆਂ ਨੂੰ ਮਜਬੂਰ ਹੋ ਕੇ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰਨਾ ਪਵੇ |
• ਮਾਪਿਆਂ ਨੂੰ ਇਕ ਨੇਕ ਸਲਾਹ ਹੈ ਕਿ ਉਹ ਮਮਤਾ ਦੇ ਵੇਗ ਵਿਚ ਵਹਿ ਕੇ ਆਪਣਾ ਸਭ ਕੁਝ ਔਲਾਦ ਦੇ ਹਵਾਲੇ ਨਾ ਕਰ ਦੇਣ, ਸਗੋਂ ਬੁਢਾਪੇ ਵਿਚ ਆਪਣੇ ਗੁਜ਼ਾਰੇ ਲਈ ਕੁਝ ਨਾ ਕੁਝ ਆਪਣੇ ਪਾਸ ਵੀ ਰੱਖਣ ਕਿਉਂਕਿ ਬੱਚਿਆਂ ਵਲੋਂ ਅਣਗਹਿਲੀ ਦੀ ਸੂਰਤ ਵਿਚ ਇਹ ਬ੍ਰਹਮ-ਅਸਤਰ ਸਾਬਤ ਹੋ ਸਕਦਾ ਹੈ |
• ਜੇ ਅਸੀਂ ਆਪਣੇ ਬੱਚਿਆਂ ਦੀ ਮੁਢਲੀ ਪਰਵਰਿਸ਼ ਤੇ ਸੰਭਾਲ ਹੀ ਨਹੀਂ ਕਰ ਸਕਦੇ ਤਾਂ ਸਾਨੂੰ ਮਾਪੇ ਬਣਨ ਜਾਂ ਮਾਪੇ ਕਹਾਉਣ ਦਾ ਕੋਈ ਹੱਕ ਨਹੀਂ | ਕਿਉਂਕਿ ਬੱਚੇ ਦੀ ਸ਼ਖ਼ਸੀਅਤ ਦੀ ਉਸਾਰੀ ਹੀ ਬੁਨਿਆਦ ਘਰ ਹੈ |
• ਉਹ ਮਾਪੇ ਸਹੀ ਰੂਪ ਵਿਚ ਸਨਮਾਨ ਯੋਗ ਹੁੰਦੇ ਹਨ ਜੋ ਨਾ ਤਾਂ ਖੁਦ ਨਸ਼ੇ ਕਰਦੇ ਹਨ ਤੇ ਨਾ ਹੀ ਆਪਣੇ ਬੱਚਿਆਂ ਨੂੰ ਨਸ਼ਿਆਂ ਦਾ ਸ਼ਿਕਾਰ ਹੋਣ ਦਿੰਦੇ ਹਨ |
• ਮਾਪਿਆਂ ਨੂੰ ਚਾਹੀਦਾ ਹੈ ਕਿ ਧੀਆਂ-ਪੁੱਤਰਾਂ ਵਿਚ ਫਰਕ ਨਾ ਸਮਝਣ | ਦੋਵੇਂ ਪਰਮਾਤਮਾ ਦੀਆਂ ਦਾਤਾਂ ਹੁੰਦੀਆਂ ਹਨ | ਬਾਕੀ ਸੁੱਖ ਤਾਂ ਕਰਮਾਂ ਦੇ ਹੁੰਦੇ ਹਨ | ਜ਼ਰੂਰੀ ਨਹੀਂ ਕਿ ਉਹ ਪੁੱਤਾਂ ਤੋਂ ਹੀ ਮਿਲਣ | ਧੀਆਂ ਵੀ ਮਾਪਿਆਂ ਲਈ ਜਾਨਾਂ ਦਿੰਦੀਆਂ ਹਨ |
• ਬੱਚੇ ਨੂੰ ਨਾ ਪੜ੍ਹਾਉਣ ਵਾਲੀ ਮਾਤਾ ਦੁਸ਼ਮਣ ਅਤੇ ਪਿਤਾ ਵੈਰੀ ਹੁੰਦੇ ਹਨ | ਅਨਪੜ੍ਹ ਆਦਮੀ ਪੜਿ੍ਹਆ-ਲਿਖਿਆਂ ਵਿਚਕਾਰ ਹੰਸਾਂ 'ਚ ਘਿਰੇ ਕਾਂ ਵਾਂਗ ਕਦੇ ਆਦਰ-ਮਾਣ ਹਾਸਲ ਨਹੀਂ ਕਰ ਸਕਦਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਬਾਂਦਰ ਤੋਂ ਮਨੁੱਖ ਤੱਕ ਦਾ ਸਫ਼ਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਹ ਸਾਧਾਰਨ ਰੂਪ ਵਿਚ ਬਾਹਰੀ ਉਤੇਜਨਾਵਾਂ (Stimuli) ਨੂੰ ਅਧੀਨਤਾ (Passive) ਵਾਲੇ ਜਵਾਬ ਸਨ ਜੋ ਕਿ ਦੋਵੇਂ ਪਹਿਲੀ ਸੰਕੇਤ ਪ੍ਰਣਾਲੀ ਹੇਠ ਆਉਂਦੇ ਹਨ | ਪ੍ਰੰਤੂ ਬੱਚੇ ਨੇ ਜਦੋਂ ਘੰਟੀ ਸ਼ਬਦ ਦੀ ਆਵਾਜ਼, ਦਿ੍ਸ਼ ਅਤੇ ਸੋਚ ਪ੍ਰਤੀ ਪ੍ਰਤੀਕਿਰਿਆ ਕੀਤੀ ਤਾਂ ਜਵਾਬ ਵੱਖਰੇ ਸਨ | ਇਨ੍ਹਾਂ ਕੇਸਾਂ ਵਿਚ ਬੱਚੇ ਨੇ ਸ਼ਬਦ ਦੇ ਵੱਖੋ-ਵੱਖ ਰੂਪਾਂ ਵਿਚ ਇਸਤੇਮਾਲ ਨੂੰ ਕਰੰਟ ਦੇ ਵਰਤਾਰੇ ਨਾਲ ਜੋੜ (7eneralise) ਲਿਆ | ਸ਼ਬਦ ਕੇਵਲ ਇਕ ਸੰਕੇਤ ਨਹੀਂ ਹੈ ਬਲਕਿ ਇਹ ਸੰਕੇਤਾਂ ਦਾ ਸੰਕੇਤ ਹੈ | ਇਸ ਤਰ੍ਹਾਂ ਦੀ ਜਵਾਬੀ ਕਾਰਵਾਈ ਦੂਜੀ ਸੰਕੇਤ ਪ੍ਰਣਾਲੀ ਨਾਲ ਸੰਬੰਧਿਤ ਹੈ | ਜਿਸ ਵਿਚ ਵਿਸ਼ੇਸ਼ ਉਤੇਜਨਾ (3hararterstic Stimulus) ਇਨ੍ਹਾਂ ਸੰਵੇਦਨਸ਼ੀਲ ਅੰਗਾਂ ਉਪਰ ਕੰਮ ਕਰ ਰਿਹਾ ਕੋਈ ਉਦੇਸ਼ਾਤਮਿਕ ਕੁਦਰਤੀ ਵਰਤਾਰਾ ਨਹੀਂ ਬਲਕਿ ਸਮਾਜਿਕ ਤੌਰ 'ਤੇ ਵਿਅਕਤੀਗਤ ਕਦਰਾਂ ਨਾਲ ਭਰੀ ਇਕ ਨਕਲੀ ਆਵਾਜ਼ (Sound) ਹੈ | 'ਘੰਟੀ' ਸ਼ਬਦ ਦੇ ਉਚਾਰਨ ਵਿਚ ਅਜਿਹਾ ਕੁਝ ਨਹੀਂ ਜਿਸ ਨਾਲ ਇਹ ਕੇਵਲ ਉਹ ਹੀ ਅਰਥ ਦੇਵੇ ਜੋ ਬੱਚੇ ਨੇ ਸਮਝ ਲਏ ਹਨ ਬਲਕਿ ਦੂਜੇ ਪਾਸੇ ਹੋਰ ਭਾਸ਼ਾਵਾਂ ਵਿਚ 'ਘੰਟੀ' ਲਈ ਵੱਖਰੇ ਸ਼ਬਦ ਵਰਤੇ ਜਾਂਦੇ ਹਨ ਅਤੇ ਜਿਵੇਂ ਇਸ ਦਾ ਰੂਪ (6orm) ਸਮਾਜਿਕ ਤੌਰ 'ਤੇ ਨਿਰਧਾਰਿਤ ਹੈ, ਉਵੇਂ ਹੀ ਇਸਦੀ ਸਮੱਗਰੀ (3ontent) ਵੀ ਸਮਾਜਿਕ ਹੀ ਹੈ | ਘੰਟੀ ਦੀ ਅਵਾਜ਼ ਤੋਂ ਬਿਨਾਂ ਸ਼ਬਦ 'ਘੰਟੀ' ਕੇਵਲ ਇਹੋ ਹੀ ਨਹੀਂ ਹੋਰ ਘੰਟੀਆਂ ਦੀ ਵੀ ਬਣਤਰ ਤੇ ਕਾਰਜ ਦਾ ਪ੍ਰਗਟਾਵਾ ਕਰਦਾ ਹੈ | ਇਹ ਉਨ੍ਹਾਂ ਸਾਰੀਆਂ ਖੂਬੀਆਂ ਦਾ ਪ੍ਰਗਟਾਵਾ ਕਰਦਾ ਹੈ ਜੋ ਖਾਸ ਘੰਟੀਆਂ ਦੇ ਠੋਸ ਗੁਣਾਂ ਤੋਂ ਲਈਆਂ ਗਈਆਂ ਹਨ | ਸੰਖੇਪ ਵਿਚ ਇਹ ਇਕ ਸੰਕਲਪ (3oncept) ਹੈ |
ਪਾਵਲੋਵ ਤੇ ਉਸ ਦੇ ਅਧਿਐਨ ਸਕੂਲ ਨੇ ਲੈਨਿਨ ਦੇ ਪ੍ਰਤੀਬਿੰਬ ਸਿਧਾਂਤ (Theory of Reflection) ਦਾ ਇਕ ਪ੍ਰਯੋਗਾਤਮਕ ਸਬੂਤ ਪੇਸ਼ ਕੀਤਾ ਹੈ:
ਹਰੇਕ ਵਿਗਿਆਨੀ ਲਈ ਜੋ ਕਦੇ ਕਿੱਤਾ-ਮੁਖੀ ਫਿਲਾਸਫ਼ੀ ਦੇ ਕੁਰਾਹੇ ਨਹੀਂ ਪਿਆ ਅਤੇ ਨਾਲ ਹੀ ਹਰੇਕ ਪਦਾਰਥਵਾਦੀ ਲਈ ਸੰਵੇਦਨਾ ਚੇਤਨਾ ਅਤੇ ਬਾਹਰੀ ਸੰਸਾਰ ਵਿਚਕਾਰ ਸਿੱਧੇ ਸੰਬੰਧ ਦਾ ਨਤੀਜਾ ਹੈ | ਇਹ ਬਾਹਰੀ ਉਤੇਜਨਾ ਦੀ ਊਰਜਾ ਦਾ ਚੇਤਨਾ ਦੇ ਤੱਥ ਵਿਚ ਵੱਟ ਜਾਣਾ ਹੈ | (L3W 14.51.)
ਸਹਿਯੋਗ
ਦੂਜੀ ਸੰਕੇਤ ਪ੍ਰਣਾਲੀ ਦਾ ਵਿਕਾਸ ਸਾਫ਼ ਤੌਰ 'ਤੇ ਦਿਮਾਗ ਦੇ ਅਗਾਂਹਵਧੂ ਪਾਸਾਰ ਨਾਲ ਜੁੜਿਆ ਹੋਇਆ ਹੈ ਜੋ ਕਿ ਅਸੀਂ ਪਹਿਲਾਂ ਹੀ ਉਚ-ਪੱਧਰੀ ਥਣਧਾਰੀ ਜੀਵਾਂ ਵਿਚ ਨੋਟ ਕਰ ਚੁੱਕੇ ਹਾਂ | ਇਹ ਨੁਕਤਾ ਅਗਲੇ ਤੱਥਾਂ ਰਾਹੀਂ ਹੋਰ ਸਪੱਸ਼ਟ ਹੋ ਜਾਂਦਾ ਹੈ |
ਖੁਰਾਂ ਵਾਲੇ ਬਹੁਤ ਸਾਰੇ ਜਾਨਵਰ ਬਹੁਤ ਤੇਜ਼ੀ ਨਾਲ ਵਧਦੇ-ਫੁਲਦੇ ਹਨ | ਦੂਜੇ ਪਾਸੇ ਮਾਸਾਹਾਰੀ ਜਨਮ ਤੋਂ ਹੀ ਬੇਸਹਾਰਾ ਹੁੰਦੇ ਹਨ ਅਤੇ ਕਈ ਮਹੀਨਿਆਂ ਲਈ ਪਰ-ਨਿਰਭਰ ਰਹਿੰਦੇ ਹਨ | ਮੁਢਲਿਆਂ ਵਿਚੋਂ ਔਰੰਗੁਟਾਨ (Orang-utang—ਲੰਗੂਰ ਦੀ ਇਕ ਕਿਸਮ) ਆਪਣੇ ਜਨਮ ਦਾ ਪਹਿਲਾ ਮਹੀਨਾ ਆਪਣੀ ਪਿੱਠ ਆਸਰੇ ਗੁਜ਼ਾਰਦਾ ਹੈ, ਫੇਰ ਹੌਲੀ ਹੌਲੀ ਚੱਲਣਾ ਸਿੱਖਦਾ ਹੈ, ਤਿੰਨ ਸਾਲਾਂ ਵਿਚ ਸਵੈ-ਨਿਰਭਰ ਹੁੰਦਾ ਹੈ ਅਤੇ ਦਸ ਤੋਂ ਗਿਆਰਾਂ ਸਾਲਾਂ ਵਿਚ ਸੰਪੂਰਨ ਵਿਕਸਤ ਹੁੰਦਾ ਹੈ | ਮਨੁੱਖੀ ਸਰੀਰ ਲਗਪਗ ਪਹਿਲੇ ਸਾਲ ਦੇ ਅੰਤ ਤੋਂ ਪਹਿਲਾਂ ਚੱਲਣਾ ਸ਼ੁਰੂ ਕਰ ਦਿੰਦਾ ਹੈ |
ਸਿਰਫ਼ ਇਹੋ ਨਹੀਂ ਕਿ ਮੁੱਢਲੇ (ਉੱਚ ਪੱਧਰੀ ਜੀਵ—Primates) ਜੀਵ ਹੇਠਲੀਆਂ ਸ਼੍ਰੇਣੀਆਂ ਨਾਲੋਂ ਲੰਮੇ ਸਮੇਂ ਵਿਚ ਪਰਪੱਕ (Mature) ਹੁੰਦੇ ਹਨ ਪ੍ਰੰਤੂ ਉਨ੍ਹਾਂ ਦੇ ਸਰੀਰਕ ਅੰਗਾਂ ਵਿਚੋਂ ਸਭ ਤੋਂ ਪਹਿਲਾਂ ਪਰਪੱਕ ਹੋਣ ਵਾਲਾ ਅੰਗ ਦਿਮਾਗ ਹੁੰਦਾ ਹੈ | ਮਨੁੱਖ ਵਿਚ ਇਹ ਵਖਰੇਵਾਂ ਹੋਰ ਵੀ ਵੱਡਾ ਹੈ | ਦਿਮਾਗ ਦਾ ਵਜ਼ਨ ਹੋਰ ਅੰਗਾਂ ਨਾਲੋਂ ਤੇਜ਼ੀ ਨਾਲ ਵਧਦਾ ਹੈ ਅਤੇ ਇਸਦਾ ਫੈਲਾਓ ਮੁੱਖ ਤੌਰ 'ਤੇ ਇਸ ਕਰਕੇ ਪਿੱਛੇ ਹੁੰਦਾ ਹੈ ਕਿਉਂਕਿ ਚੇਤਨਾ (3ortex) ਦੇ ਕੁਝ ਹਿੱਸਿਆਂ (ਖਾਸ ਕਰਕੇ ਦੋ ਭਾਗ ਜੋ ਹੱਥ ਅਤੇ ਉਂਗਲਾਂ ਅਤੇ ਜੀਭ ਅਤੇ ਬੁੱਲ੍ਹਾਂ ਨੂੰ ਨਿਯਮਿਤ ਕਰਦੇ ਹਨ) ਅਤੇ ਰੇਸ਼ੇ ਵਿਚਕਾਰ ਤੰਤਰ—ਪੂਰਾ ਤੰਤਰ ਹੌਲੀ-ਹੌਲੀ ਵਿਕਸਤ ਹੁੰਦਾ ਹੈ | ਇਹ ਭਾਗ ਪ੍ਰੇਰਕ ਪੇਸ਼ੀਆਂ (Motor 1reas) ਨਾਲੋਂ ਅਨੁਪਾਤ ਵਿਚ ਬਹੁਤ ਵੱਡੇ ਹੁੰਦੇ ਹਨ ਅਤੇ ਗ਼ੈਰ-ਮਨੁੱਖੀ ਮੁੱਢਲੇ ਪ੍ਰਮੁੱਖ ਜੀਵਾਂ (Primates) ਦੇ ਅਜਿਹੇ ਭਾਗਾਂ ਨਾਲੋਂ ਤਾਂ ਬਹੁਤ ਹੀ ਜ਼ਿਆਦਾ ਵੱਡੇ | ਅਪਰਪੱਕਤਾ ਦੇ ਸਮੇਂ ਦੌਰਾਨ ਜਦੋਂ ਇਹ ਤੰਤਰ ਬਣ ਰਿਹਾ ਹੁੰਦਾ ਹੈ ਤਦ ਸਭ ਤੋਂ ਲੰਮਾ ਸਮਾਂ ਚੱਲਣ ਵਾਲੇ ਨਿਰਧਾਰਤ ਪ੍ਰਤੀਬਿੰਬ ਸਥਾਪਿਤ ਹੁੰਦੇ ਹਨ | ਅਸੀਂ ਪਹਿਲਾਂ ਹੀ ਚਿੰਨ੍ਹਤ ਕਰ ਚੁੱਕੇ ਹਾਂ ਕਿ ਆਪਣੇ ਦਿਮਾਗ ਤੋਂ ਇਲਾਵਾ ਸ਼ੁਰੂਆਤੀ ਮਨੁੱਖ ਸਰੀਰਕ ਸੁਰੱਖਿਆ ਲਈ ਬੇਆਸਰਾ ਸੀ ਅਤੇ ਅਸੀਂ ਅੱਜ ਵੀ ਇਹ ਲਿਖ ਸਕਦੇ ਹਾਂ ਕਿ ਮਨੁੱਖ ਨੂੰ ਆਪਣੇ ਬੇਆਸਰਾ ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਲੰਮਾ ਸਮਾਂ ਲਗਾਉਣਾ ਪੈਂਦਾ ਹੈ | ਇਨ੍ਹਾਂ ਹਾਲਤਾਂ ਨੇ ਔਜ਼ਾਰਾਂ ਅਤੇ ਬੋਲੀ ਦੀ ਵਰਤੋਂ ਨਾਲ ਸਾਂਝੀ ਕਿਰਤ ਦੀ ਲੋੜ ਪੈਦਾ ਕੀਤੀ ਅਤੇ ਇਸ ਦੇ ਵਿਕਾਸ ਵਿਚ ਸਹਾਈ ਸਿੱਧ ਹੋਏ |
ਨਿਰਧਾਰਿਤ ਪ੍ਰਤੀਬਿੰਬਾਂ (Reflexes) ਦੀ ਬਣਤਰ ਨੂੰ ਸਰੀਰਵਾਦੀ (Physiological) ਸੰਕਲਪਾਂ ਵਿਚ ਅਸੀਂ ਸਿੱਖਣਾ ਕਹਿੰਦੇ ਹਾਂ | ਇਕ ਛੋਟਾ ਜੀਵ ਨਕਲ ਰਾਹੀਂ ਸਿੱਖਦਾ ਹੈ | ਇਹ ਆਪਣੀ ਮਾਂ ਨੂੰ ਚਿੰਬੜਦਾ ਹੈ, ਉਸਦੇ ਪਿੱਛੇ ਰਹਿੰਦਾ ਹੈ ਅਤੇ ਉਸਦੀ ਨਕਲ ਕਰਦਾ ਹੈ | ਇਹ ਸਮਰੱਥਾ ਬਹੁਤੇ ਪੱਖੋਂ ਪਰਪੱਕਤਾ ਦੇ ਸਮੇਂ ਤੱਕ ਸੀਮਿਤ ਅਤੇ ਅਵਚੇਤ ਹੁੰਦੀ ਹੈ | ਜਦੋਂ ਜੀਵ ਪੂਰਾ ਵਿਕਸਿਤ ਹੋ ਜਾਂਦਾ ਹੈ ਤਾਂ ਉਹ ਇਹ ਸਭ ਸੌਖੀਆਂ ਚੀਜ਼ਾਂ ਸਿੱਖਣ ਵਿਚ ਬਹੁਤ ਧੀਮਾ ਹੋ ਜਾਂਦਾ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਉਹ ਪਹਿਲਾਂ ਅਸਾਨੀ ਨਾਲ ਸਿੱਖ ਸਕਦਾ ਸੀ ਹੁਣ ਉਸਦੀ ਪਹੁੰਚ ਤੋਂ ਬਾਹਰ ਹੋ ਜਾਂਦੀਆਂ ਹਨ | ਪ੍ਰੰਤੂ ਇਸ ਨਿਯਮ ਵਿਚ ਇਕ ਮਹੱਤਵਪੂਰਨ ਛੋਟ (5xception) ਹੈ | ਬਾਂਦਰ ਚੇਤੰਨ ਤੌਰ 'ਤੇ ਨਕਲ ਕਰਦੇ ਹਨ | ਮੁਢਲਿਆਂ (Primetes) ਵਿਚ ਇਹ ਵਿਕਾਸ ਬਿਨਾਂ ਸ਼ੱਕ ਉਨ੍ਹਾਂ ਦੀ ਇਕੱਠੇ ਰਹਿਣ ਦੀ ਪ੍ਰਵਿਰਤੀ ਦਾ ਨਤੀਜਾ ਸੀ ਜਿਸ ਵਿਚ ਮੁੱਖ ਤੌਰ 'ਤੇ ਮਾਦਾਵਾਂ ਅਤੇ ਉਨ੍ਹਾਂ ਦੇ ਬੱਚੇ ਹੁੰਦੇ ਸਨ | ਚੇਤੰਨ ਤੌਰ 'ਤੇ ਕੀਤੀ ਗਈ ਨਕਲ ਸਹਿਯੋਗ ਲਈ ਮੁੱਢਲਾ ਕਦਮ ਹੈ | ਇਹ ਬੱਚਿਆਂ ਵਿਚ ਦੇਖਿਆ ਜਾ ਸਕਦਾ ਹੈ | ਇਕ ਬਾਲਗ ਦੇ ਕਾਰਜ ਦੀ ਕੇਵਲ ਉਂਝ ਹੀ ਨਕਲ ਕਰਨ ਸਿੱਖਣ ਤੋਂ ਬਾਅਦ ਬੱਚਾ ਹੌਲੀ-ਹੌਲੀ ਸਮੇਂ ਅਨੁਸਾਰ ਉਸ ਕਾਰਜ ਦੇ ਮੰਤਵ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ ਅਤੇ ਫਿਰ ਲੋੜ ਅਨੁਸਾਰ ਆਪਣੀ ਨਕਲ ਵਿਚ ਤਬਦੀਲੀਆਂ ਕਰਦਾ ਹੋਇਆ ਸਹਿਯੋਗ ਸਿੱਖਦਾ ਹੈ | ਇਹ ਮੰਨਿਆ ਜਾ ਸਕਦਾ ਹੈ ਕਿ ਚੇਤੰਨ ਨਕਲ ਦੀ ਸਮਰੱਥਾ ਦੇ ਵਿਕਸਿਤ ਹੋਣ ਤੋਂ ਬਾਅਦ ਸਹਿਯੋਗ ਆਉਣਾ ਜ਼ਰੂਰੀ ਹੈ | ਪ੍ਰੰਤੂ ਅਜਿਹਾ ਨਹੀਂ ਹੁੰਦਾ | ਲੰਗੂਰ ਅਤੇ ਬਾਂਦਰ ਬਹੁਤ ਵੱਡੇ ਨਕਲਚੀ ਹਨ ਪ੍ਰੰਤੂ ਕੁਝ ਕੁ ਨੂੰ ਛੱਡ ਕੇ ਉਹ ਕਦੇ ਸਹਿਯੋਗ ਨਹੀਂ ਕਰਦੇ |
ਇਥੇ ਇਹ ਤਰਕ ਦਿੱਤਾ ਜਾ ਸਕਦਾ ਹੈ ਕਿ ਸਹਿਯੋਗ ਦਾ ਵਿਕਾਸ ਔਜ਼ਾਰਾਂ ਦੇ ਇਸਤੇਮਾਲ ਅਤੇ ਬੋਲੀ ਨਾਲ ਡੂੰਘੇ ਤੌਰ 'ਤੇ ਜੁੜਿਆ ਹੋਇਆ ਹੈ | ਸਹਿਯੋਗ ਤੋਂ ਬਿਨਾਂ ਕੋਈ ਬੋਲੀ ਨਹੀਂ ਹੋ ਸਕਦੀ ਕਿਉਂਕਿ ਇਹ ਇਸ ਦਾ ਮਾਧਿਅਮ ਹੈ | ਫੇਰ ਸਹਿਯੋਗ ਦਾ ਕਾਰਜ ਕੀ ਹੈ? ਉਤਰ ਬੜਾ ਸਧਾਰਣ ਹੈ ਕਿ ਕਈ ਦਿਮਾਗ ਇਕੱਲੇ ਨਾਲੋਂ ਅਕਸਰ ਬੇਹਤਰ ਹੁੰਦੇ ਹਨ | ਸਿੱਧੀ ਸਰੀਰਕ ਬਣਤਰ ਅਤੇ ਬੌਧਿਕ ਵਿਕਾਸ ਵਿਚ ਸਾਡੇ ਲੰਗੂਰ/ਬਾਂਦਰ ਵਰਗੇ ਪੂਰਵਜ ਨਵੇਂ ਪੜਾਅ ਵਿਚ ਦਾਖਲ ਹੋਏ ਜਿਸ ਵਿਚ ਇਸ ਅੰਗ ਦੇ ਹੋਰ ਵਿਕਾਸ ਨਾਲ ਹੀ ਜੀਵਨ ਸੰਭਵ ਸੀ | ਉਨ੍ਹਾਂ ਨੂੰ ਅੱਗੇ ਵਧਣਾ ਪੈਣਾ ਸੀ ਜਾਂ ਅੰਤ ਸੀ ਅਤੇ ਜਿਵੇਂ ਪੁਰਾਤਤਵ (1rchaeological) ਰਿਕਾਰਡ ਦੱਸਦਾ ਹੈ ਉਨ੍ਹਾਂ ਦੀਆਂ ਬਹੁਤ ਸਾਰੀਆਂ ਨਸਲਾਂ ਦਾ ਨਾਸ਼ ਹੋ ਗਿਆ | ਉਨ੍ਹਾਂ ਨੂੰ ਆਪਣੀ ਬੌਧਿਕ ਸ਼ਕਤੀ ਕੁਦਰਤੀ ਹੱਦਾਂ ਤੋਂ ਵਧਾਉਣੀ ਪਈ | ਉਨ੍ਹਾਂ ਨੇ ਮਿਲ ਕੇ ਇਸ ਨੂੰ ਸੰਗਠਿਤ ਕੀਤਾ | ਇਸ ਨਾਲ ਉਨ੍ਹਾਂ ਨੂੰ ਇਕ ਨਵਾਂ ਹਥਿਆਰ ਮਿਲਿਆ | ਆਪਣੇ ਵਾਤਾਵਰਨ ਦੇ ਅਨੁਕੂਲ ਹੋਣ ਲਈ ਉਨ੍ਹਾਂ ਨੇ ਕੇਵਲ ਇਸਨੂੰ ਬਦਲਣ ਦੀ ਬਜਾਇ ਆਪਣੀਆਂ ਲੋੜਾਂ ਅਨੁਸਾਰ ਚੇਤੰਨ ਤੌਰ 'ਤੇ ਜਿਊਣ ਦੇ ਸਾਧਨ ਪੈਦਾ ਕਰਦੇ ਹੋਏ ਇਸਨੂੰ ਬਦਲਣਾ ਸ਼ੁਰੂ ਕੀਤਾ | ਇਸ ਤਰ੍ਹਾਂ ਜਿਹੜੀਆਂ ਤਿੰਨ ਵਿਸ਼ੇਸ਼ਤਾਵਾਂ (3haracterstics) ਔਜ਼ਾਰ, ਬੋਲੀ ਅਤੇ ਸਹਿਯੋਗ ਜੋ ਅਸੀਂ ਵਖਰਾਈਆਂ ਹਨ ਉਹ ਇਕਹਿਰੀ ਪ੍ਰਕਿਰਿਆ (Process), ਉਤਪਾਦਨ ਦੀ ਕਿਰਤ, ਦਾ ਹੀ ਹਿੱਸਾ ਹਨ | ਇਹ ਪ੍ਰਕਿਰਿਆ ਮਨੁੱਖੀ ਹੈ ਅਤੇ ਇਸ ਨੂੰ ਸੰਗਠਿਤ ਕਰਨ ਵਾਲਾ ਸਾਡਾ ਸਮਾਜ ਹੈ |
ਬਾਂਦਰਾਂ ਵਿਚ ਬੋਲੀ ਅਤੇ ਸੋਚ
ਬੋਲੀ ਅਤੇ ਸੋਚ ਇਕ ਦੂਸਰੇ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਸਾਨੂੰ ਲੱਗ ਸਕਦਾ ਹੈ ਕਿ ਉਹ ਸ਼ੁਰੂਆਤ ਤੋਂ ਹੀ ਇਕ ਦੂਜੇ ਤੋਂ ਅਨਿਖੜਵੇਂ ਹਨ, ਪ੍ਰੰਤੂ ਅਜਿਹਾ ਨਹੀਂ |
ਭਾਵੇਂ ਕਿ ਉਹ ਉਚਾਰ ਨਹੀਂ ਸਕਦੇ, ਬਾਂਦਰ ਦਾ ਆਪਣਾ ਇਕ ਲੰਮਾ ਚੌੜਾ ਧੁੰਨੀ-ਸ਼ਾਸਤਰ ਹੈ ਜਿਸਨੂੰ ਉਹ ਪੂਰਨ ਤੌਰ 'ਤੇ ਵਰਤਦੇ ਹਨ | ਉਹ ਬਹੁਤ ਬੋਲਦੇ ਹਨ | ਬੇਸ਼ੱਕ ਉਨ੍ਹਾਂ ਦਾ ਉਚਾਰਨ ਬਹੁਤ ਕੁਝ ਬਿਆਨ ਕਰਦਾ ਹੈ ਪ੍ਰੰਤੂ ਇਹ ਅਕਰਮਕ (Passive) ਹੈ | ਉਹ ਡੂੰਘੇ ਅਹਿਸਾਸ ਜਿਵੇਂ ਕਿ ਗੁੱਸਾ, ਡਰ, ਇੱਛਾ ਅਤੇ ਸੰਤੁਸ਼ਟੀ ਨੂੰ ਹੀ ਬਿਆਨ ਕਰ ਸਕਦੇ ਹਨ | ਇਨ੍ਹਾਂ ਸਾਧਨਾ ਰਾਹੀਂ ਉਹ ਲਗਾਤਾਰ ਅਤੇ ਸੁਰਜੀਤ ਗੱਲਾਂ ਕਰ ਸਕਦੇ ਹਨ | ਇਹ ਬੋਲੀ ਦਾ ਇਕ ਮੌਲਿਕ ਰੂਪ ਹੈ ਪ੍ਰੰਤੂ ਨਾਲ ਹੀ ਉਤੇਜਿਤ ਕਰਨ ਵਾਲਾ ਅਤੇ ਸੋਚ ਨਾਲੋਂ ਟੁੱਟਿਆ ਹੋਇਆ ਹੈ |
ਭਾਵੇਂ ਕਿ ਉਹ ਬਹੁਤ ਸੌਖੇ ਸੰਕਲਪ ਵੀ ਨਹੀਂ ਬਣਾ ਸਕਦੇ ਪ੍ਰੰਤੂ ਕੁਦਰਤੀ ਚੀਜ਼ਾਂ ਨਾਲ ਦੋ-ਚਾਰ ਹੋਣ ਦੌਰਾਨ ਜਿਵੇਂ ਕਿ ਸੋਟੀ ਬਣਾ ਕੇ ਉਸ ਨਾਲ ਪਹੁੰਚ ਤੋਂ ਬਾਹਰ ਵਾਲਾ ਕੇਲਾ ਤੋੜਨਾ ਵਰਗੀਆਂ ਵਿਵਹਾਰਿਕ ਸਮੱਸਿਆਵਾਂ ਨਾਲ ਜੂਝਣ ਦੀ ਯੋਗਤਾ ਰੱਖਦੇ ਹਨ | ਇਹ ਸੋਚ ਦਾ ਮੌਲਿਕ ਰੂਪ ਹੈ ਜੋ ਬੋਲੀ ਨਾਲੋਂ ਟੁੱਟਿਆ ਹੋਇਆ ਹੈ |
ਇਸੇ ਤਰ੍ਹਾਂ ਦੀ ਵੱਖਰਤਾ ਬੱਚਿਆਂ ਵਿਚ ਵੀ ਦੇਖੀ ਜਾ ਸਕਦੀ ਹੈ | ਉਨ੍ਹਾਂ ਦੇ ਵੀ ਮੁਢਲੇ ਪੜਾਅ ਦੌਰਾਨ ਬੋਲੀ ਅਤੇ ਸੋਚ ਇਕ ਦੂਸਰੇ ਤੋਂ ਸਵੈ-ਨਿਰਭਰ ਹੁੰਦੀਆਂ ਹਨ | ਅਗਲੇਰੇ ਪੜਾਵਾਂ ਉਪਰ ਬੋਲੀ ਤਰਕਸੰਗਤ ਹੋ ਜਾਂਦੀ ਹੈ ਅਤੇ ਵਿਚਾਰ ਸ਼ਾਬਦਿਕ |
ਆਓ ਹੁਣ ਸੰਕੇਤ-ਤੰਤਰ (7esticulation) ਦੀ ਗੱਲ ਕਰੀਏ | ਬੱਚਿਆਂ ਵਿਚ ਦੋ ਕਿਸਮ ਦੇ ਸੰਕੇਤ ਪਾਏ ਜਾਂਦੇ ਹਨ | ਇਕ ਹੈ ਨਕਲਚੀ ਸੰਕੇਤ (Mimetic 7esture) ਜਿਸ ਵਿਚ ਬੱਚਾ ਇੱਛੁਤ ਕਾਰਜ ਦੀ ਨਕਲ ਕਰਦਾ ਹੈ | ਉਦਾਹਰਣ ਦੇ ਤੌਰ 'ਤੇ ਉਪਰ ਚੁੱਕੇ ਜਾਣ ਦੀ ਇੱਛਾ ਤਹਿਤ ਉਹ ਆਪਣੀਆਂ ਬਾਹਵਾਂ ਅਤੇ ਲੱਤਾਂ ਚੁੱਕਦਾ ਹੈ ਜਿਵੇਂ ਕਿ ਉਹ ਚੁਕਿਆ ਜਾ ਰਿਹਾ ਹੋਵੇ | ਅਜਿਹੇ ਸੰਕੇਤ ਬਹੁਤ ਹੀ ਛੋਟੀ ਉਮਰ ਵਿਚ ਵਿਕਸਤ ਹੁੰਦੇ ਹਨ | ਦੂਜੀ ਕਿਸਮ ਤਦ ਤਕ ਨਹੀਂ ਉਭਰਦੀ ਜਦੋਂ ਤੱਕ ਲੋੜੀਂਦੀ ਬੋਲਚਾਲ ਦਾ ਵਿਕਾਸ ਨਾ ਹੋਇਆ ਹੋਵੇ | ਇਸ ਨੂੰ ਇਸ਼ਾਰੇ ਵਾਲਾ ਸੰਕੇਤ (Pointing 7esture) ਕਹਿੰਦੇ ਹਨ | ਬੱਚਾ ਕਿਸੇ ਵਸਤੂ ਵੱਲ ਇਸ਼ਾਰਾ ਕਰ ਕੇ ਇਸ ਪ੍ਰਤੀ ਧਿਆਨ ਖਿੱਚਦਾ ਹੈ | ਬਾਅਦ ਵਿਚ ਕਿਸੇ ਕੰਮ ਨੂੰ ਸ਼ਬਦ ਨਾਲ ਜੋੜ ਕੇ ਉਹ ਉਸ ਨੂੰ ਨਾਮ ਪ੍ਰਦਾਨ ਕਰਦਾ ਹੈ | ਇਸ ਤਰ੍ਹਾਂ ਇਸ਼ਾਰਾ ਸ਼ਬਦਾਂ ਵਿਚ ਵਟ ਜਾਂਦਾ ਹੈ | ਅਗਲੇ ਪੜਾਅ ਵਿਚ ਬੱਚਾ ਆਪਣੇ ਨਕਲਚੀ ਸੰਕੇਤਾਂ ਨੂੰ ਇਸੇ ਤਰੀਕੇ ਰਾਹੀਂ ਭਾਸ਼ਾਬੱਧ ਕਰ ਦਿੰਦਾ ਹੈ | ਹੱਥਾਂ ਅਤੇ ਬੋਲੀ ਦਾ ਸਾਂਝਾ ਕਾਰਜ ਸੰਕਲਪਾਂ ਦੀ ਰਚਨਾ ਕਰਦਾ ਹੈ |
ਨਕਲਚੀ ਸੰਕੇਤ ਬਾਂਦਰਾਂ ਵਿਚ ਆਮ ਹਨ | ਉਦਾਹਰਨ ਦੇ ਤੌਰ 'ਤੇ ਇਕ ਬਾਂਦਰ ਦੂਜੇ ਨੂੰ ਆਪਣੀ ਮੁਠੀ ਬੰਦ ਕਰ ਕੇ ਹਵਾ ਵਿਚ ਹਿਲਾਉਂਦੇ ਹੋਏ ਕੇਲੇ ਦੀ ਗੁਜਾਰਿਸ਼ ਕਰਦਾ ਹੈ | ਇੱਦਾਂ ਦੇ ਇਸ਼ਾਰੇ ਉਤੇਜਕ ਹੁੰਦੇ ਹਨ ਪ੍ਰੰਤੂ ਉਸ ਸਮੇਂ ਉਪਰ ਉਨ੍ਹਾਂ ਦਾ ਇਕ ਲਕਸ਼ ਹੁੰਦਾ ਹੈ | ਇਹ ਅਣਬੋਲੇ ਹੁਕਮ ਹੁੰਦੇ ਹਨ | ਦੂਜੇ ਪਾਸੇ ਇਸ਼ਾਰੇ ਵਾਲਾ ਸੰਕੇਤ ਬਾਂਦਰਾਂ ਵਿਚਕਾਰ ਬਹੁਤ ਘੱਟ ਹੁੰਦਾ ਹੈ |
ਇਨ੍ਹਾਂ ਸਬੂਤਾਂ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਔਜ਼ਾਰਾਂ ਦੇ ਇਸਤੇਮਾਲ ਵਿਚ ਜੋ ਸਹਿਯੋਗ ਦਾ ਵਿਕਾਸ ਹੋਇਆ ਉਹ ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿਚ ਮਹੱਤਵਪੂਰਨ ਰੋਲ ਨਿਭਾਉਂਦਾ ਹੈ | ਪੁਨਰ-ਮਨੁੱਖੀ ਪੜਾਅ ਉਪਰ ਚੀਕਾਂ ਅਤੇ ਇਸ਼ਾਰੇ ਸਾਂਝੀ ਕਿਰਤ ਵਿਚ ਜੁੜ ਕੇ ਸਹਿਯੋਗ ਕਰਦੇ ਹੋਏ ਗੱਲਬਾਤ ਦਾ ਇਕ ਨਵਾਂ ਢੰਗ ਸਿਰਜਦੇ ਹਨ ਜਿਸ ਵਿਚ ਅਧਾਰਭੂਤ ਇਕਾਈ ਬੋਲਚਾਲ ਦਾ ਸ਼ਬਦ ਸੀ ਜੋ ਇੰਦਰੀਆਂ ਰਾਹੀਂ ਮਹਿਸੂਸ ਕੀਤੀ ਗਈ ਬਾਹਰੀ ਦੁਨੀਆ ਦਾ ਸਧਾਰਨੀਕ੍ਰਿਤ ਪ੍ਰਤੀਬਿੰਬ ਸੀ | ਇਸ ਨੂੰ ਬੋਲੀ ਦੀ ਉਤਪਤੀ ਦਾ ਕਿਰਤ ਸਿਧਾਂਤ ਆਖਿਆ ਜਾ ਸਕਦਾ ਹੈ:
ਪਹਿਲਾਂ, ਕਿਰਤ; ਵੀ ਇਸ ਤੋਂ ਬਾਅਦ ਅਤੇ ਇਸ ਨਾਲ, ਬੋਲੀ-ਇਹ ਉਹ ਬਹੁਤ ਹੀ ਜ਼ਰੂਰੀ ਪ੍ਰੇਰਨਾਵਾਂ (Stimuli) ਸਨ ਜਿਨ੍ਹਾਂ ਦੇ ਪ੍ਰਭਾਵ ਹੇਠ ਬਾਂਦਰ ਦਾ ਦਿਮਾਗ਼ ਹੌਲੀ-ਹੌਲੀ ਮਨੁੱਖ ਦੇ ਦਿਮਾਗ ਵਿਚ ਬਦਲਿਆ ਜੋ ਸਮਰੂਪਤਾ ਵਿਚ ਬਹੁਤ ਵੱਡਾ ਅਤੇ ਜ਼ਿਆਦਾ ਸੰਪੂਰਨ ਸੀ | (M5 3.69.) (ਸਮਾਪਤ)

-ਅਨੁਵਾਦ: ਵਿਨੋਦ ਮਿੱਤਲ (ਡਾ.)
ਮੋਬਾਈਲ : 94631-53296
vinodpru@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX