ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਫ਼ਿਲਮ ਅੰਕ

ਕਲਕੀ

ਫਿਰ ਸਰਗਰਮ

ਚਾਹੇ ਕਿੰਨੀ ਵੀ ਪ੍ਰਤਿਭਾਵਾਨ ਕਲਕੀ ਕੋਚਲਿਨ ਹੈ ਪਰ ਉਸ ਦੇ ਵਿਚਾਰ ਨੇ ਕਿ ਸੋਚ-ਵਿਚਾਰ ਕੇ ਚੰਗੇ ਕਿਰਦਾਰ ਲੱਭਣੇ ਤੇ ਇਥੇ ਸੁਰੱਖਿਅਤ ਥਾਂ ਲੱਭਣੀ ਬਹੁਤ ਹੀ ਔਖਾ ਕੰਮ ਹੈ। ਚੰਗੇ ਕੰਮ ਦਾ ਦਬਾਅ ਇਥੇ 'ਦੇਵ ਡੀ' ਵਾਲੀ ਕਲਕੀ ਨੇ ਮਹਿਸੂਸ ਕੀਤਾ ਹੈ। ਹੁਣੇ ਜਿਹੇ ਹੀ 'ਗਲੀ ਬੁਆਏ' ਨੇ ਫਿਰ ਉਸ ਨੂੰ ਸੁਰਖੀਆਂ ਦਾ ਸ਼ਿੰਗਾਰ ਬਣਾਇਆ ਹੈ। ਵੈੱਬ ਸੀਰੀਜ਼ 'ਮੇਡ ਇਨ ਹੈਵਨ' 'ਚ ਕਲਕੀ ਨੇ ਕੰਮ ਕੀਤਾ ਹੈ। ਇਸ ਸਮੇਂ ਇਸ ਦਾ ਪ੍ਰਸਾਰਨ ਅਮੇਜ਼ਨ ਨੇ ਸ਼ੁਰੂ ਕਰ ਦਿੱਤਾ ਹੈ। ਇਕ ਗੱਲ ਇਹ ਵੀ ਹੈ ਕਿ ਪ੍ਰਤਿਭਾਵਾਨ ਹੋਣ ਦੇ ਬਾਵਜੂਦ ਉਹ ਆਪਣੇ ਦਮ 'ਤੇ ਇਕ ਵੀ ਹਿੱਟ ਸੋਲੋ ਫ਼ਿਲਮ ਨਹੀਂ ਦੇ ਸਕੀ। ਬਾਕੀ ਕਲਕੀ ਅੱਜ ਤੱਕ ਸਹੀ ਤਰ੍ਹਾਂ ਨਾਲ ਨੱਚਣਾ ਨਹੀਂ ਸਿੱਖ ਸਕੀ। ਇਹੀ ਕਾਰਨ ਹੈ ਕਿ ਗੀਤ 'ਨਾਚ ਬਸੰਤੀ' ਸਮੇਂ ਉਸ ਨੇ 100 ਤੋਂ ਵੱਧ ਰੀਟੇਕ ਦਿੱਤੇ ਸਨ ਤੇ ਨਿਰਦੇਸ਼ਕ ਤੋਂ ਝਿੜਕਾਂ ਖਾਧੀਆਂ ਸਨ। 'ਜੀਆ ਔਰ ਜੀਆ', 'ਦੇਵ ਡੀ', 'ਮਾਰਗਰੇਟ' ਆਦਿ ਫ਼ਿਲਮਾਂ ਵਾਲੀ ਕਲਕੀ ਨੂੰ ਨਵਾਂ ਜੀਵਨ ਹੁਣ 'ਗਲੀ ਬੁਆਏ' ਨੇ ਹੀ ਦਿੱਤਾ ਹੈ। ਕਲਕੀ ਜੋ ਸ਼ਕਲ ਤੋਂ ਹੀ ਮੇਮ ਲਗਦੀ ਹੈ, ਨੂੰ ਪੱਛਮੀ ਪਹਿਰਾਵਾ ਤੇ ਸੱਭਿਅਤਾ ਬਹੁਤ ਪਸੰਦ ਹੈ। ਨਸੀਰੂਦੀਨ ਸ਼ਾਹ ਨਾਲ ਉਸ ਦੀ ਫ਼ਿਲਮ 'ਵੇਟਿੰਗ' ਨੂੰ ਸਲਾਹਿਆ ਗਿਆ ਹੈ ਪਰ ਕਲਕੀ ਨੂੰ ਜੇ ਹੁਣ ਲਾਭ ਮਿਲਣਾ ਹੈ ਤਾਂ 'ਗਲੀ ਬੁਆਏ' ਹੀ ਦਿਵਾਏਗੀ। ਤਿੰਨ ਸਾਲ ਪਹਿਲਾਂ ਅਨੁਰਾਗ ਕਸ਼ਯਪ ਤੋਂ ਉਸ ਨੇ ਤਲਾਕ ਲਿਆ ਪਰ ਹਾਲੇ ਵੀ ਜਦ ਉਸ ਨੂੰ ਮਿਲਦੀ ਹੈ ਤਾਂ ਪੂਰੀ ਗਰਮਜੋਸ਼ੀ ਨਾਲ ਮਿਲਦੀ ਹੈ। ਗੱਲ 'ਗਲੀ ਬੁਆਏ' ਦੀ ਤਾਂ ਇਸ ਫ਼ਿਲਮ ਨੇ ਉਸ ਲਈ ਰਾਹ ਫਿਰ ਦਿਖਾ ਦਿੱਤੀ ਹੈ। ਕਲਕੀ ਦਾ ਕਹਿਣਾ ਹੈ ਕਿ ਸ਼ਤਰੰਜ ਦੇ ਵੱਡੇ ਖਿਡਾਰੀਆਂ 'ਚ ਉਹ ਬਾਲੀਵੁੱਡ 'ਚ ਮਾਮੂਲੀ ਪਿਆਦਾ ਹੈ। ਖ਼ੈਰ 'ਮੇਡ ਇਨ ਹੈਵਨ' ਵੈੱਬ ਸੀਰੀਜ਼ ਨੇ ਉਸ ਨੂੰ ਕੰਮ ਵੀ ਦਿੱਤਾ ਹੈ, ਸੰਤੁਸ਼ਟੀ ਵੀ ਤੇ ਇਹ ਧਾਰਨਾ ਬਣ ਗਈ ਹੈ ਕਿ ਕਲਕੀ ਕੋਚਲਿਨ ਫਿਰ ਸਰਗਰਮ ਹੈ ਤੇ ਉਹ ਇਸ ਮਾਇਆ ਨਗਰੀ ਲਈ ਹੀ ਬਣੀ ਹੈ।


ਖ਼ਬਰ ਸ਼ੇਅਰ ਕਰੋ

ਅਦਿਤੀ ਰਾਓ ਹੈਦਰੀ

ਹਿੰਮਤ ਕਾਇਮ

ਪੁੰਨਦਾਨ ਦਾ ਕਾਰਜ ਅਦਿਤੀ ਰਾਓ ਹੈਦਰੀ ਅੱਜਕਲ੍ਹ ਖੂਬ ਕਰ ਰਹੀ ਹੈ। ਚੈਰਿਟੀ ਲਈ ਉਹ ਰੈਂਪ ਵਾਕ ਤੱਕ ਕਰ ਰਹੀ ਹੈ। ਰਹੀ ਫ਼ਿਲਮੀ ਕੰਮ ਦੀ ਗੱਲ ਤਾਂ ਧਾਨੁਸ਼ ਨਾਲ ਉਹ ਇਕ ਤਾਮਿਲ ਫ਼ਿਲਮ ਕਰ ਰਹੀ ਹੈ। ਅਦਿਤੀ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਹੈ। ਇਸ ਗੱਲ ਲਈ ਕਿ ਚਾਹੇ ਉਸ ਦੇ ਪਿਓ ਨੇ ਉਸ ਦੀ ਮਾਂ 'ਤੇ ਅੰਨ੍ਹੇ ਜ਼ੁਲਮ ਢਾਹੇ ਪਰ ਉਸ ਨੇ ਕਦੇ ਵੀ ਉਸ ਨੂੰ ਪਿਓ ਦੇ ਖਿਲਾਫ਼ ਭੜਕਾਇਆ ਨਹੀਂ। ਇਸ ਵਾਰ 'ਪੁਲਵਾਮਾ' ਹਮਲੇ ਕਾਰਨ ਅਦਿਤੀ ਕਹਿੰਦੀ ਹੈ ਉਸ ਨੂੰ ਹੋਲੀ ਖੇਡਣੀ ਪਸੰਦ ਨਹੀਂ। ਸ਼ਾਹੀ ਘਰਾਣੇ ਨਾਲ ਸਬੰਧਿਤ ਅਦਿਤੀ 30 ਸਾਲ ਨੂੰ ਪਾਰ ਕਰ ਚੁੱਕੀ ਹੈ। ਇਕ ਮੈਗਜ਼ੀਨ ਲਈ ਕਰਵਾਏ ਫੋਟੋ ਸੈਸ਼ਨ ਤੋਂ ਤਾਂ ਲਗਦਾ ਹੈ ਜਿਵੇਂ ਉਸ 'ਤੇ ਜਵਾਨੀ ਹੀ ਹੁਣ ਆਈ ਹੋਵੇ। 2009 'ਚ ਸਹਿਮਾਦੀਪ ਮਿਸਰਾ ਨਾਲ ਕੀਤਾ ਵਿਆਹ ਉਸ ਦੀ ਜ਼ਿੰਦਗੀ ਬੇਰੰਗ ਕਰ ਗਿਆ ਸੀ। ਜੀਵਨ ਦੇ ਵਿਆਹ ਦੇ ਨਾਂਅ 'ਤੇ ਕੀਤੇ ਚਾਰ ਸਾਲ ਬਰਬਾਦ ਅਦਿਤੀ ਨੂੰ 4 ਸਾਲ ਹੋਰ ਪਿੱਛੇ ਪਾ ਗਏ। 'ਬੇਬਸ ਜ਼ਿੰਦਗੀ' ਉਸ ਦੀ ਫ਼ਿਲਮ ਦਾ ਟਾਈਟਲ ਉਸ 'ਤੇ ਹੀ ਢੁਕ ਗਿਆ। ਖ਼ੈਰ 'ਰਾਕਸਟਾਰ', 'ਮਰਡਰ-3', 'ਖ਼ੂਬਸੂਰਤ', 'ਵਜ਼ੀਰ', 'ਫ਼ਤੂਰ' ਤੇ 'ਭੂਮੀ' ਆਦਿ ਫ਼ਿਲਮਾਂ ਨੇ ਉਸ ਨੂੰ ਗੁੰਮਨਾਮ ਹੋਣ ਤੋਂ ਬਚਾ ਲਿਆ। ਟਾਪਲੈਸ ਫੋਟੋਆਂ ਕਰਵਾ ਕੇ ਆਲੋਚਨਾ ਸਹਿਣ ਵਾਲੀ ਅਦਿਤੀ ਰਾਓ ਅਨੁਸਾਰ ਇਥੇ ਰਹਿਣ ਲਈ ਇਹੋ ਜਿਹੇ ਕਾਰਨ ਕੋਈ ਵੱਡੀ ਗੱਲ ਨਹੀਂ ਹੈ। ਦੁੱਖ, ਮੁਸੀਬਤਾਂ, ਸ਼ਾਹੀ ਘਰਾਣਾ, ਮੌਜਾਂ ਪਰ ਧੋਖੇ ਸਭ ਚੀਜ਼ਾਂ ਨਾਲ ਅਦਿਤੀ ਦਾ ਵਾਹ ਪੈ ਚੁੱਕਾ ਹੈ। ਅਦਿਤੀ ਨੂੰ ਗਮ ਸਹਿਣ ਦੀ ਆਦਤ ਪੈ ਗਈ ਹੈ। ਇਸ ਦੇ ਬਾਵਜੂਦ ਅਦਿਤੀ ਦਲੇਰ ਤੇ ਹਿੰਮਤ ਵਾਲੀ ਹੈ। ਹਿੰਦੀ ਨਹੀਂ ਤੇ ਖੇਤਰੀ ਹੀ ਸਹੀ, ਫ਼ਿਲਮਾਂ ਕਰਕੇ ਉਹ ਇਥੇ ਟਿਕੀ ਹੋਈ ਹੈ।

'ਲਵ ਆਜ ਕੱਲ੍ਹ' ਦੇ ਵਿਸਤਾਰ ਦਾ ਹਿੱਸਾ ਬਣਿਆ ਕਾਰਤਿਕ ਆਰੀਅਨ

ਛੋਟੇ ਸ਼ਹਿਰ ਗਵਾਲੀਅਰ ਅਤੇ ਗ਼ੈਰ-ਫ਼ਿਲਮੀ ਪਰਿਵਾਰ ਨਾਲ ਸਬੰਧਿਤ ਕਾਰਤਿਕ ਨੇ ਬਾਲੀਵੁੱਡ ਵਿਚ ਆਪਣੀ ਅਲੱਗ ਪਛਾਣ ਬਣਾਈ ਹੈ। ਹੁਣ ਕਾਰਤਿਕ ਥੋੜ੍ਹਾ-ਬਹੁਤ ਤਾਂ ਸਟਾਰਡਮ ਦੀਆਂ ਪੌੜੀਆਂ ਚੜ੍ਹ ਹੀ ਚੁੱਕਿਆ ਹੈ। ਅਜੇ ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਕਾਰਤਿਕ ਦੀ ਫ਼ਿਲਮ 'ਲੁਕਾ ਛਿਪੀ' ਵੀ ਟਿਕਟ ਖਿੜਕੀ 'ਤੇ ਕਾਫ਼ੀ ਚੰਗੀ ਸਾਬਤ ਹੋਈ। ਫ਼ਿਲਮ ਨੇ ਆਪਣੇ ਪਹਿਲੇ ਹਫਤੇ ਵਿਚ ਵੀ ਕਈ ਰਿਕਾਰਡ ਸਥਾਪਤ ਕੀਤੇ। ਤਰੁਣ ਆਦਰਸ਼ ਜੋ ਕਿ ਕਾਰਤਿਕ ਦੀ ਫ਼ਿਲਮ 'ਲੁਕਾ ਛਿਪੀ' ਦਾ ਡਾਇਰੈਕਟਰ ਹੈ, ਦਾ ਕਹਿਣਾ ਹੈ ਕਿ ਕਾਰਤਿਕ ਦੇ ਕਰੀਅਰ ਦੀ ਇਹ ਸਭ ਤੋਂ ਹਿੱਟ ਫ਼ਿਲਮ ਹੈ। ਕਾਰਤਿਕ ਹੁਣ ਇਮਤਿਆਜ਼ ਅਲੀ ਦੀ ਫ਼ਿਲਮ 'ਲਵ ਆਜ ਕੱਲ੍ਹ' ਦੇ ਵਿਸਤਾਰ ਵਿਚ ਵੀ ਨਜ਼ਰ ਆਉਣ ਵਾਲਾ ਹੈ। ਪਹਿਲੀ ਸੀਰੀਜ਼ ਵਿਚ ਯਾਨੀ ਪਹਿਲੀ ਫ਼ਿਲਮ 'ਲਵ ਆਜ ਕੱਲ੍ਹ' ਵਿਚ ਸੈਫ਼ ਅਤੇ ਦੀਪਿਕਾ ਸਨ। ਪਰ ਹੁਣ ਇਸ ਫ਼ਿਲਮ ਦਾ ਵਿਸਤਾਰ ਬਣਨ ਜਾ ਰਿਹਾ ਹੈ, ਜਿਸ ਵਿਚ ਕਾਰਤਿਕ ਅਤੇ ਸਾਰਾ ਅਲੀ ਖ਼ਾਨ ਮੁੱਖ ਭੂਮਿਕਾ ਨਿਭਾਉਣਗੇ। ਪ੍ਰੋਡਕਸ਼ਨ ਦਿਨੇਸ਼ ਵੀਜਾਨ ਦਾ ਹੈ। ਕਾਰਤਿਕ ਵੀ ਇਸ ਨਵੇਂ ਪ੍ਰਾਜੈਕਟ ਨੂੰ ਲੈ ਕੇ ਕਾਫ਼ੀ ਖੁਸ਼ ਹੈ ਕਿਉਂਕਿ ਕਾਰਤਿਕ ਦਾ ਸੁਪਨਾ ਸੀ ਇਮਤਿਆਜ਼ ਅਲੀ ਦੇ ਨਾਲ ਕੰਮ ਕਰੇ ਕਿਉਂਕਿ ਉਹ ਉਸ ਦਾ ਪਸੰਦੀਦਾ ਡਾਇਰੈਕਟਰ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲਈ ਦਿੱਲੀ ਅਤੇ ਪੰਜਾਬ ਦੀਆਂ ਲੋਕੇਸ਼ਨਾਂ ਨੂੰ ਚੁਣਿਆ ਗਿਆ ਹੈ, ਜਲਦੀ ਹੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ।

ਕ੍ਰਿਤੀ ਸੇਨਨ ਘਰ ਵਾਪਸੀ

'ਲੁਕਾ ਛਿਪੀ' ਦੀ ਸਫ਼ਲਤਾ ਤੇ ਕ੍ਰਿਤੀ ਸੇਨਨ ਪਰਮਾਤਮਾ ਦਾ ਅਪਾਰ ਸ਼ੁਕਰੀਆ ਅਦਾ ਕਰਨ ਲਈ ਮੁੰਬਈ ਦੇ ਸ਼ਿਵ ਮੰਦਰ ਗਈ ਤੇ ਪਹਿਲੇ ਹੀ ਦਿਨ 8 ਕਰੋੜ ਦੀ ਕਮਾਈ ਹੋਣ 'ਤੇ ਕ੍ਰਿਤੀ ਨੇ ਭਗਵਾਨ ਦਾ ਬਹੁਤ ਧੰਨਵਾਦ ਕੀਤਾ ਤੇ ਮੰਦਰ 'ਚ ਕਾਫੀ ਦੇਰ ਬੈਠੀ ਰਹੀ। ਕ੍ਰਿਤੀ ਨੇ ਖ਼ੁਸ਼ੀ 'ਚ ਪ੍ਰਸਾਦ ਵੀ ਵੰਡਿਆ। ਹੁਣ ਕ੍ਰਿਤੀ ਦੀਆ 'ਅਰਜਨ ਪਟਿਆਲਾ', 'ਹਾਊਸਫੁਲ-4', 'ਪਾਨੀਪਤ' ਆਉਣਗੀਆਂ। 'ਪਾਨੀਪਤ' ਦੀ ਸ਼ੂਟਿੰਗ ਵਿਚੇ ਹੀ ਛੱਡ ਕੇ ਕ੍ਰਿਤੀ ਬਾਕਾਇਦਾ 'ਲੁਕਾ ਛਿਪੀ' ਦੀ ਪਾਰਟੀ 'ਚ ਪਹੁੰਚੀ ਜੋ ਕਾਮਯਾਬੀ ਦੇ ਜਸ਼ਨ ਲਈ ਦਿੱਤੀ ਗਈ ਸੀ। 'ਅਰਜਨ ਪਟਿਆਲਾ' ਦਾ ਪੋਸਟਰ ਵੀ ਆ ਗਿਆ ਹੈ। ਭੂਸ਼ਨ ਕੁਮਾਰ ਦੀ ਇਹ ਫ਼ਿਲਮ ਰੋਹਿਤ ਜੁਗਰਾਜ ਡਾਇਰੈਕਟ ਕਰ ਰਿਹਾ ਹੈ ਤੇ ਕ੍ਰਿਤੀ ਦੇ ਨਾਲ ਹੀਰੋ ਦਿਲਜੀਤ ਦੁਸਾਂਝ ਹੈ। ਇਹ ਫ਼ਿਲਮ ਮਈ 'ਚ ਆਏਗੀ। 'ਬਰੇਲੀ ਕੀ ਬਰਫ਼ੀ' ਦੀ ਹੁਣ ਵੱਡੇ ਪਰਦੇ 'ਤੇ 'ਹੀਰੋਪੰਤੀ' ਚੱਲ ਪਈ ਹੈ। 'ਦਿਲਵਾਲੇ' ਵੀ ਕ੍ਰਿਤੀ ਨਾਲ 'ਰਾਬਤਾ' ਕਾਇਮ ਕਰ ਰਹੇ ਹਨ। ਕ੍ਰਿਤੀ ਲਿਵ ਇਨ ਰਿਲੇਸ਼ਨਸ਼ਿਪ ਦੇ ਹੱਕ 'ਚ ਹੈ। ਪਹਿਲਾਂ ਨਾਲੋਂ ਕਾਫੀ ਬਦਲ ਗਈ ਹੈ ਕ੍ਰਿਤੀ। ਇਕ ਸਮੇਂ ਜਦ ਲੈਂਡਲਾਈਨ ਫੋਨ ਸਨ ਤਾਂ ਉਸ ਦਾ ਫੋਨ ਉਸ ਦੀ ਮੰਮੀ ਦੇ ਫੋਨ ਨਾਲ ਸਬੰਧਿਤ ਸੀ। ਸੁਸ਼ਾਂਤ ਸਿੰਘ ਨੂੰ ਉਹ ਅਜੇ ਵੀ ਮਾੜਾ ਨਹੀਂ ਰਹਿੰਦੀ। ਕ੍ਰਿਤੀ ਹੁਣ ਸੰਤੁਸ਼ਟ ਹੈ ਕਿ 'ਲੁਕਾ ਛਿਪੀ' ਨੇ ਕਮਾਲ ਕਰ ਦਿੱਤਾ ਹੈ ਤੇ ਮਾਲਦੀਵ ਜਾ ਕੇ ਉਹ ਕੁਝ ਦਿਨ ਖ਼ੁਸ਼ੀ 'ਚ ਮਸਤੀ ਕਰਨਾ ਚਾਹੁੰਦੀ ਹੈ। ਕਾਰਤਿਕ ਆਰੀਅਨ ਨਾਲ ਉਸ ਦੀ ਜੋੜੀ ਜਚ ਗਈ ਹੈ। ਸਾਜਿਦ ਨਾਡੀਆਡਵਾਲਾ ਨੂੰ ਉਹ ਇਸ ਖੇਤਰ 'ਚ ਆਪਣਾ ਗੁਰੂ ਮੰਨਦੀ ਹੈ। ਇਸ ਲਈ ਹੀ 'ਹਾਊਸਫੁਲ-4' ਕਰਨੀ ਉਸ ਨੂੰ ਘਰ ਵਾਪਸੀ ਲੱਗ ਰਿਹਾ ਹੈ। ਤਰ੍ਹਾਂ-ਤਰ੍ਹਾਂ ਦੀਆਂ ਫ਼ਿਲਮਾਂ ਤੇ ਲੋਕ ਪਰ ਸਾਜਿਦ ਨਾਲ ਫ਼ਿਲਮ ਤਾਂ ਘਰ ਵਾਪਸੀ ਹੋਣ 'ਤੇ ਖ਼ੁਸ਼ੀ ਜੱਗ ਜ਼ਾਹਿਰ ਹੈ। ਆਪਣਿਆਂ ਨਾਲ ਕੰਮ ਕਰਨਾ ਹਮੇਸ਼ਾ ਚੰਗਾ ਹੁੰਦਾ ਹੈ। 'ਪਾਨੀਪਤ', 'ਅਰਜਨ ਪਟਿਆਲਾ' ਵੱਡੀਆਂ ਫ਼ਿਲਮਾਂ ਹਨ ਪਰ ਸਾਜਿਦ ਦੀ 'ਹਾਊਸਫੁਲ-4' ਕਰਨੀ ਘਰੇ ਆ ਕੇ ਆਪ ਹਿੱਟ ਸ਼ੈਅ ਦਾ ਪ੍ਰੋਗਰਾਮ ਬਣਾਉਣ ਵਾਲੀ ਗੱਲ ਹੈ ਉਸ ਅਨੁਸਾਰ ਤੇ ਕ੍ਰਿਤੀ ਲਈ ਇਹੀ ਜ਼ਿਆਦਾ ਖ਼ੁਸ਼ੀ ਹੈ।


-ਸੁਖਜੀਤ ਕੌਰ

ਸਾਫ਼-ਸੁਥਰੀ ਫ਼ਿਲਮ ਦਾ ਮਜ਼ਾ ਹੀ ਕੁਝ ਹੋਰ ਹੈ : ਤਾਰਾ ਅਲੀਸ਼ਾ ਬੇਰੀ

ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਤਾਰਾ ਅਲੀਸ਼ਾ ਬੇਰੀ ਨੇ 'ਲਵ ਗੇਮਜ਼' ਸਮੇਤ ਕੁਝ ਇਸ ਤਰ੍ਹਾਂ ਦੀਆਂ ਫ਼ਿਲਮਾਂ ਕੀਤੀਆਂ ਜੋ ਬੋਲਡ ਵਿਸ਼ੇ 'ਤੇ ਆਧਾਰਿਤ ਸਨ। ਉਦੋਂ ਤੇਲਗੂ ਫ਼ਿਲਮਾਂ ਤੋਂ ਹਿੰਦੀ ਫ਼ਿਲਮਾਂ ਵਿਚ ਆਈ ਇਹ ਅਭਿਨੇਤਰੀ ਬਾਲੀਵੁੱਡ ਦੇ ਢੰਗਾਂ ਤੋਂ ਅਣਜਾਣ ਸੀ ਪਰ ਹੁਣ ਤਾਰਾ ਨੇ ਸਾਫ-ਸੁਥਰੀਆਂ ਫ਼ਿਲਮਾਂ ਨੂੰ ਤਵੱਜੋ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਨਤੀਜੇ ਵਜੋਂ ਉਹ ਜਲਦ ਹੀ 'ਮਰੁਧਰ ਐਕਸਪ੍ਰੈੱਸ' ਵਿਚ ਸ਼ਾਲੀਨ ਭੂਮਿਕਾ ਵਿਚ ਦਿਖਾਈ ਦਵੇਗੀ।
ਵਿਸ਼ਾਲ ਮਿਸ਼ਰਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਇਸ ਵਿਚ ਮੇਰੇ ਕਿਰਦਾਰ ਦਾ ਨਾਂਅ ਚਿਤਰਾ ਹੈ। ਇਹ ਛੋਟੇ ਸ਼ਹਿਰ ਦੀ ਕੁੜੀ ਹੈ ਪਰ ਉਸ ਦੇ ਵਿਚਾਰ ਸੌੜੇ ਨਹੀਂ ਹਨ। ਫ਼ਿਲਮ ਵਿਚ ਚਿਤਰਾ ਦੇ ਪਿਆਰ ਦੀ ਕਹਾਣੀ ਪੇਸ਼ ਕੀਤੀ ਗਈ ਹੈ ਅਤੇ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਇਥੇ ਪਿਆਰ ਦੇ ਨਾਂਅ 'ਤੇ ਗੰਦਗੀ ਬਿਲਕੁਲ ਪੇਸ਼ ਨਹੀਂ ਕੀਤੀ ਗਈ ਹੈ।'
* ਇਸ ਤਰ੍ਹਾਂ ਦੀ ਫ਼ਿਲਮ ਵਿਚ ਕੰਮ ਕਰਨ ਦਾ ਅਨੁਭਵ ਕਿਸ ਤਰ੍ਹਾਂ ਦਾ ਰਿਹਾ?
-ਜਦੋਂ ਨਿਰਦੇਸ਼ਕ ਵਿਸ਼ਾਲ ਮਿਸ਼ਰਾ ਨੇ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਉਦੋਂ ਹੀ ਇਹ ਸਾਫ ਕਰ ਦਿੱਤਾ ਸੀ ਕਿ ਇਹ ਸਾਫ਼ ਫ਼ਿਲਮ ਹੈ। ਇਹ ਸੁਣਦੇ ਹੀ ਮੈਂ ਨਿਸਚਿੰਤ ਹੋ ਗਈ ਸੀ। ਇਸ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਵਿਚ ਕੀਤੀ ਗਈ ਹੈ ਅਤੇ ਮੈਂ ਤਣਾਅ-ਰਹਿਤ ਹੋ ਕੇ ਸੈੱਟ 'ਤੇ ਜਾਇਆ ਕਰਦੀ ਸੀ। ਮਨ ਵਿਚ ਇਹ ਤਣਾਅ ਬਿਲਕੁਲ ਨਹੀਂ ਸੀ ਕਿ ਅੱਜ ਸੈੱਟ 'ਤੇ ਕਿਸ ਤਰ੍ਹਾਂ ਦੇ ਕੱਪੜੇ ਪਾਉਣ ਨੂੰ ਮਿਲਣਗੇ ਜਾਂ ਸੰਵਾਦ ਦੇ ਨਾਂਅ 'ਤੇ ਕੀ ਕੁਝ ਬੋਲਣਾ ਪਵੇਗਾ ਜਾਂ ਮੇਰੇ 'ਤੇ ਕਿਸ ਤਰ੍ਹਾਂ ਦਾ ਦ੍ਰਿਸ਼ ਫ਼ਿਲਮਾਇਆ ਜਾਵੇਗਾ। ਸੱਚ ਕਹਾਂ ਤਾਂ ਸਾਫ਼-ਸੁਥਰੀ ਫ਼ਿਲਮ ਦਾ ਮਜ਼ਾ ਹੀ ਕੁਝ ਹੋਰ ਹੈ।'
* ਤੁਸੀਂ ਮੁੰਬਈ ਦੇ ਮਹਿੰਗੇ ਇਲਾਕੇ ਵਿਚ ਰਹਿੰਦੇ ਹੋ। ਇਸ ਤਰ੍ਹਾਂ ਛੋਟੇ ਸ਼ਹਿਰ ਦੀ ਕੁੜੀ ਦੇ ਕਿਰਦਾਰ ਲਈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਪਈਆਂ ਸਨ?
-ਮੇਰੇ ਨਾਲ ਇਸ ਫ਼ਿਲਮ ਵਿਚ ਕੁਨਾਲ ਰਾਏ ਕਪੂਰ ਹੈ ਅਤੇ ਉਹ ਵੀ ਦੱਖਣੀ ਮੁੰਬਈ ਦੇ ਪੋਸ਼ ਇਲਾਕੇ ਦੇ ਵਾਸੀ ਹਨ। ਸਾਡੇ ਲਈ ਚੰਗੀ ਗੱਲ ਇਹ ਰਹੀ ਕਿ ਵਿਸ਼ਾਲ ਜੀ ਕਾਨਪੁਰ ਦੇ ਵਾਸੀ ਹਨ। ਉਹ ਉਥੋਂ ਦੇ ਲੋਕਾਂ ਦੇ ਢੰਗ-ਤਰੀਕੇ ਤੋਂ ਜਾਣੂ ਹਨ। ਨਾਲ ਹੀ ਫ਼ਿਲਮ ਦੇ ਕਈ ਯੂਨਿਟ ਵਾਲੇ ਵੀ ਉਥੋਂ ਦੇ ਸਨ। ਇਨ੍ਹਾਂ ਸਾਰਿਆਂ ਨੇ ਸਾਨੂੰ ਆਪਣੇ ਕਿਰਦਾਰ ਵਿਚ ਢਾਲਣ ਵਿਚ ਕਾਫੀ ਮਦਦ ਕੀਤੀ ਸੀ।
* ਇਸ ਤੋਂ ਬਾਅਦ ਤੁਹਾਡੀਆਂ ਹੋਰ ਫ਼ਿਲਮਾਂ?
-ਫ਼ਿਲਮਾਂ ਦੇ ਨਾਲ-ਨਾਲ ਮੈਂ ਵੈੱਬ-ਸੀਰੀਜ਼ ਵੀ ਕਰ ਰਹੀ ਹਾਂ। ਅਨੁਰਾਗ ਬਾਸੂ ਨੇ 'ਸਟੋਰੀਜ਼ ਬਾਏ ਰਵਿੰਦਰਨਾਥ ਟੈਗੋਰ' ਵੈੱਬ ਸੀਰੀਜ਼ ਵਿਚ ਮੈਨੂੰ ਕਾਸਟ ਕੀਤਾ ਸੀ। 'ਲਵ ਲਸਟ ਐਂਡ ਕੰਫਿਊਜ਼ਨ' ਦਾ ਦੂਜਾ ਹਿੱਸਾ ਵੀ ਆ ਗਿਆ ਹੈ। ਇਕ ਲਘੂ ਫ਼ਿਲਮ 'ਮਿਰਚੀ ਮਾਲਿਨੀ' ਵੀ ਹੁਣ ਵੈੱਬ ਬਾਜ਼ਾਰ ਵਿਚ ਆ ਗਈ ਹੈ। ਨਾਲ ਹੀ ਤਾਮਿਲ ਫ਼ਿਲਮ 'ਏ ਵਨ' ਵੀ ਰਿਲੀਜ਼ ਲਈ ਤਿਆਰ ਹੈ। ਚਾਰ ਸਾਲ ਪਹਿਲਾਂ ਮੈਂ ਹਿੰਦੀ ਫ਼ਿਲਮ 'ਗਨ ਪੇ ਡਨ' ਕੀਤੀ ਸੀ। ਉਹ ਵੀ ਹੁਣ ਪ੍ਰਦਰਸ਼ਨ ਲਈ ਤਿਆਰ ਹੈ।'

ਰਾਣੀ ਮੁਖਰਜੀ

'ਮਰਦਾਨੀ' ਦੀ ਦੁਖਦੀ ਰਗ

ਇੰਤਜ਼ਾਰ ਤਕਰੀਬਨ ਖ਼ਤਮ ਤੇ ਰਾਣੀ ਮੁਖਰਜੀ ਹੁਣ 'ਮਰਦਾਨੀ-2' 'ਚ ਆ ਰਹੀ ਹੈ। ਇਸ ਦੀ ਸ਼ੂਟਿੰਗ ਸਮਝੋ ਕਿ ਅਦਿਤਯ ਚੋਪੜਾ ਨੇ ਸ਼ੁਰੂ ਕਰ ਦਿੱਤੀ ਹੈ। ਇਸ ਵਾਰ 'ਮਰਦਾਨੀ' ਰਾਣੀ ਫ਼ਿਲਮ 'ਚ 21 ਸਾਲ ਦੇ ਖਲਨਾਇਕ ਨਾਲ ਪੇਚਾ ਪਾ ਰਹੀ ਹੈ ਤੇ ਉਸ ਦੀ ਬੁਰੀ ਤਰ੍ਹਾਂ ਖ਼ਬਰ ਲਵੇਗੀ। ਜ਼ਾਹਿਰ ਹੈ ਰਾਣੀ ਦੀ ਇਹ ਦੂਸਰੀ 'ਮਰਦਾਨੀ' ਜ਼ਬਰਦਸਤ ਐਕਸ਼ਨ ਭਰਪੂਰ ਫ਼ਿਲਮ ਹੋਵੇਗੀ। ਰਾਣੀ ਦੀ ਫ਼ਿਲਮ 'ਹਿਚਕੀ' ਨੇ ਚੀਨ 'ਚ ਜ਼ਬਰਦਸਤ ਕਮਾਈ ਕੀਤੀ ਸੀ। ਬਾਕੀ ਸਭ ਠੀਕ ਹੈ ਪਰ ਰਾਣੀ ਨੂੰ ਦੀਪਿਕਾ ਤੇ ਅਨੁਸ਼ਕਾ ਨੇ ਨੀਵਾਂ ਦਿਖਾਉਣ 'ਚ ਤਦ ਕੋਈ ਕਸਰ ਨਹੀਂ ਛੱਡੀ ਜਦ ਰਾਣੀ ਨੇ ਕਿਹਾ ਕਿ ਕੁੜੀਆਂ ਕਰਾਟੇ ਸਿੱਖਣ, ਮਾਰਸ਼ਲ ਆਰਟ ਸਿੱਖਣ ਤਾਂ ਜੋ ਅਪਰਾਧੀ ਅਨਸਰਾਂ ਨਾਲ ਨਿਪਟ ਸਕਣ ਤਾਂ ਦੀਪੀ ਤੇ ਅਨੂ ਨੇ ਕਿਹਾ ਕਿ ਨੌਬਤ ਆਏ ਹੀ ਕਿਉਂ? ਕੋਈ ਅੱਖ ਮਾੜੀ ਨਾਲ ਤੱਕੇ ਹੀ ਕਿਉਂ, ਕੁੜੀਆਂ ਨੂੰ ਤੇ ਵਿਚਾਰੀ ਰਾਣੀ ਇਕੱਲੀ ਚੁੱਪ-ਚਾਪ ਗੁੱਸਾ ਪੀ ਗਈ, ਆਖਿਰ ਇਥੇ 'ਮਰਦਾਨੀ' ਬਣ ਉਹ 'ਔਰਤ ਦੀ ਦੁਸ਼ਮਣ ਔਰਤ' ਕਹਾਵਤ ਸਹੀ ਨਹੀਂ ਸੀ ਕਰਨਾ ਚਾਹੁੰਦੀ। ਰਾਣੀ ਨੇ ਜਦ ਆਪਣੀ ਬੇਟੀ ਆਕਿਰਾ ਦਾ ਜਨਮ ਦਿਨ ਮਨਾਇਆ ਤਦ ਇਨ੍ਹਾਂ ਦੋਵਾਂ ਨੂੰ ਉਚੇਚਾ ਸੱਦਾ ਦੇ ਕੇ ਉੱਪਰ ਦੀ ਹੱਥ ਰੱਖ ਲਿਆ। 'ਮਰਦਾਨੀ' ਰਾਣੀ ਦੇ ਮੁਕਾਬਲੇ ਵੈਸੇ ਇਹ ਦੋਵੇਂ ਅਭਿਨੇਤਰੀਆਂ ਪਾਸਕੂ ਵੀ ਨਹੀਂ ਹਨ। ਰਾਣੀ ਦੀ ਬੇਟੀ ਆਕਿਰਾ ਤਿੰਨ ਸਾਲ ਦੀ ਹੋ ਗਈ ਹੈ। ਰਾਣੀ ਦਾ ਰਿਸ਼ਤੇ 'ਚ ਤਾਂ ਕੁਝ ਨਹੀਂ ਲਗਦਾ ਮਿਥੁਨ ਚੱਕਰਵਰਤੀ ਪਰ ਉਹ ਉਸ ਨੂੰ ਮਾਮਾ ਜੀ ਕਹਿ ਕੇ ਸੰਬੋਧਿਤ ਹੁੰਦੀ ਹੈ। ਰਾਣੀ ਲਈ ਅਭਿਸ਼ੇਕ ਬੱਚਨ ਉਸ ਦੀ ਦੁਖਦੀ ਰਗ ਹੈ। ਕਦੇ ਉਸ ਦਾ ਨਾਂਅ ਨਾ ਹੀ ਲਵੋ ਨਹੀਂ ਤਾਂ ਰਾਣੀ ਨੂੰ ਯਾਦ ਆਉਣਗੇ ਉਹ ਦਿਨ ਜਦ ਗੱਲ ਵਿਆਹ ਤੱਕ ਗਈ ਸੀ ਪਰ ਰਾਣੀ ਨੂੰ ਜਯਾ ਬੱਚਨ ਨਹੀਂ ਸੀ ਪਸੰਦ ਕਰਦੀ ਤੇ ਰਾਣੀ ਨੂੰ ਅਭਿਸ਼ੇਕ ਨਾਲ ਵਿਆਹੁਣਾ ਕੀ ਸੀ, ਸਦਾ ਲਈ ਪਰੇ ਰੱਖ ਦਿੱਤਾ ਬੱਚਨ ਪਰਿਵਾਰ ਨੇ...।

ਸਟਾਰਡਮ ਦੀ ਭਾਲ ਜਾਰੀ ਹੈ

ਅਨੀਸਾ ਬੱਟ

ਲੰਡਨ ਵਿਚ ਜੰਮੀ ਤੇ ਪਲੀ ਅਨੀਸਾ ਨੇ 12 ਸਾਲ ਦੀ ਉਮਰ ਵਿਚ ਹੀ ਤੈਅ ਕਰ ਲਿਆ ਸੀ ਕਿ ਵੱਡੀ ਹੋ ਕੇ ਉਸ ਨੇ ਹੀਰੋਇਨ ਬਣਨਾ ਹੈ। ਅੱਗੇ ਚੱਲ ਕੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਮਕਸਦ ਲਈ ਉਸ ਨੂੰ ਮਾਂ ਦਾ ਸਾਥ ਮਿਲਿਆ ਤੇ ਪਿਤਾ ਦੀ ਨਾਰਾਜ਼ਗੀ ਵੀ, ਪਰ ਹੁਣ ਪਿਤਾ ਦੀ ਨਾਰਾਜ਼ਗੀ ਦੂਰ ਹੋ ਗਈ ਹੈ ਕਿਉਂਕਿ ਅਨੀਸਾ ਆਪਣੇ ਦਮ 'ਤੇ 'ਜ਼ਿੰਦਗੀ ਨਾ ਮਿਲੇਗੀ ਦੁਬਾਰਾ', 'ਯੇ ਜਵਾਨੀ ਹੈ ਦੀਵਾਨੀ', 'ਹਾਫ ਗਰਲਫਰੈਂਡ' ਫ਼ਿਲਮਾਂ ਵਿਚ ਭੂਮਿਕਾ ਹਾਸਲ ਕਰਨ ਵਿਚ ਕਾਮਯਾਬ ਰਹੀ, ਨਾਲ ਹੀ 'ਬਾਤ ਬਨ ਗਈ' ਵਿਚ ਉਹ ਨਾਇਕਾ ਦੀ ਮੁੱਖ ਭੂਮਿਕਾ ਹਾਸਲ ਕਰਨ ਵਿਚ ਵੀ ਸਫਲ ਰਹੀ।
ਹਾਂ, ਅਨੀਸਾ ਨੂੰ ਇਹ ਅਫ਼ਸੋਸ ਜ਼ਰੂਰ ਹੈ ਕਿ ਫ਼ਿਲਮ 'ਆਲਵੇਜ਼ ਕਭੀ ਕਭੀ' ਵਿਚ ਉਸ ਨੂੰ ਮੁੱਖ ਭੂਮਿਕਾ ਵਿਚ ਕਾਸਟ ਕੀਤਾ ਗਿਆ ਸੀ ਪਰ ਬਾਅਦ ਵਿਚ ਉਸ ਦੀ ਥਾਂ 'ਤੇ ਬ੍ਰਾਜ਼ੀਲੀਅਨ ਗਿਸ਼ੇਲ ਮੋਂਟੇਰੀਓ ਨੂੰ ਲਿਆ ਗਿਆ। 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਵਿਚ ਵੀ ਉਸ ਨੂੰ ਮੁੱਖ ਭੂਮਿਕਾ 'ਚ ਲਿਆ ਗਿਆ ਸੀ ਪਰ ਬਾਅਦ ਵਿਚ ਕਲਕੀ ਕੋਚਲਿਨ ਨੂੰ ਇਸ ਲਈ ਲਿਆ ਗਿਆ ਕਿਉਂਕਿ ਨਿਰਦੇਸ਼ਿਕਾ ਜ਼ੋਇਆ ਅਖ਼ਤਰ ਨੂੰ ਵੱਡੇ ਨਾਂਅ ਵਾਲੀ ਹੀਰੋਇਨ ਚਾਹੀਦੀ ਸੀ ਅਤੇ ਅਨੀਸਾ ਨੂੰ ਸਾਈਡ ਭੂਮਿਕਾ ਵਿਚ ਲਿਆ ਗਿਆ।
ਅਨੀਸਾ ਅਨੁਸਾਰ ਇਥੇ ਉਸ ਦਾ ਨਾ ਕੋਈ ਮਾਰਗ-ਦਰਸ਼ਕ ਹੈ ਤੇ ਨਾ ਹੀ ਗਾਡ ਫਾਦਰ। ਸੋ, ਇਸ ਤਰ੍ਹਾਂ ਉਹ ਪਰਦੇ ਦੇ ਪਿੱਛੇ ਖੇਡੇ ਜਾਂਦੇ ਖੇਡ ਨੂੰ ਸਮਝ ਨਹੀਂ ਸਕੀ। ਇਹੀ ਵਜ੍ਹਾ ਹੈ ਕਿ ਬਾਲੀਵੁੱਡ ਦੇ ਢੰਗ-ਤਰੀਕਿਆਂ ਤੋਂ ਨਿਰਾਸ਼ ਹੋ ਕੇ ਉਹ ਵਾਪਸ ਲੰਡਨ ਵੀ ਚਲੀ ਗਈ ਸੀ।
ਇਹ 2009 ਦੀ ਗੱਲ ਹੈ ਜਦੋਂ ਉਹ ਹਿੰਦੀ ਫ਼ਿਲਮਾਂ ਵਿਚ ਕੰਮ ਕਰਨ ਦੇ ਇਰਾਦੇ ਨਾਲ ਲੰਡਨ ਤੋਂ ਇਥੇ ਆਈ ਸੀ। ਪਰ ਗੱਲ ਨਾ ਬਣਦੀ ਦੇਖ ਕੇ 2010 ਵਿਚ ਵਾਪਸ ਗਈ ਸੀ। ਉਸ ਨੂੰ ਵਾਪਸ ਆਈ ਦੇਖ ਕੇ ਪਿਤਾ ਨੂੰ ਲੱਗਿਆ ਕਿ ਬੇਟੀ ਦੇ ਸਿਰ ਤੋਂ ਹੀਰੋਇਨ ਬਣਨ ਦਾ ਭੂਤ ਉਤਰ ਗਿਆ ਹੋਵੇਗਾ, ਪਰ ਇਹ ਉਨ੍ਹਾਂ ਦਾ ਭਰਮ ਸੀ। ਅਨੀਸਾ ਲੰਡਨ ਰਹਿ ਕੇ ਖ਼ੁਦ ਨੂੰ ਹੀਰੋਇਨ ਦੇ ਰੂਪ ਵਿਚ ਤਿਆਰ ਕਰਨ ਵਿਚ ਲੱਗ ਗਈ ਅਤੇ ਫਿਰ ਤੋਂ ਮੁੰਬਈ ਲਈ ਉਡਾਣ ਭਰ ਲਈ।
ਤਿਆਰੀਆਂ ਦੀ ਬਦੌਲਤ ਉਸ ਵਿਚ ਆਤਮ-ਵਿਸ਼ਵਾਸ ਆ ਗਿਆ ਸੀ ਅਤੇ ਇਸ ਆਤਮ-ਵਿਸ਼ਵਾਸ ਦੀ ਵਜ੍ਹਾ ਨਾਲ ਉਹ ਸ਼ਾਹਰੁਖ ਖਾਨ ਦੇ ਨਾਲ ਇਕ ਐਡ ਫ਼ਿਲਮ ਕਰਨ ਵਿਚ ਕਾਮਯਾਬ ਰਹੀ। ਇਹ ਉਸੇ ਆਤਮ-ਵਿਸ਼ਵਾਸ ਦਾ ਨਤੀਜਾ ਕਿਹਾ ਜਾਵੇਗਾ ਕਿ ਹੁਣ ਉਸ ਦੇ ਖਾਤੇ ਵਿਚ 'ਨਾਈਟ ਐਨਕਾਊਂਟਰਜ਼' ਦੇ ਰੂਪ ਵਿਚ ਸੁਪਰ ਨੈਚੁਰਲ ਵਿਸ਼ੇ 'ਤੇ ਆਧਾਰਿਤ ਫ਼ਿਲਮ ਹੈ ਤੇ ਬਾਲਾਜੀ ਦੀ ਵੈੱਬ ਸੀਰੀਜ਼ 'ਦ ਵਰਡਿਕਟ' ਵੀ ਹੈ।


-ਮੁੰਬਈ ਪ੍ਰਤੀਨਿਧ

ਭਾਗਿਆਸ੍ਰੀ ਦੇ ਬੇਟੇ ਅਭਿਮੰਨਿਊ ਦਾ ਆਗਮਨ

ਇਕ ਪਾਸੇ ਜਿਥੇ ਮੋਹਨੀਸ਼ ਬਹਿਲ ਦੀ ਬੇਟੀ ਪਰਨੂਤਨ 'ਨੋਟਬੁਕ' ਜ਼ਰੀਏ ਬਾਲੀਵੁੱਡ ਵਿਚ ਦਾਖਲਾ ਲੈ ਰਹੀ ਹੈ, ਉਥੇ ਭਾਗਿਆਸ੍ਰੀ ਦੇ ਬੇਟੇ ਅਭਿਮੰਨਿਊ ਨੇ 'ਮਰਦ ਕੋ ਦਰਦ ਨਹੀਂ ਹੋਤਾ' ਰਾਹੀਂ ਬਾਲੀਵੁੱਡ ਵਿਚ ਆਪਣਾ ਆਗਮਨ ਕਰ ਲਿਆ ਹੈ। ਸੰਯੋਗ ਦੀ ਗੱਲ ਇਹ ਹੈ ਕਿ ਮੋਹਨੀਸ਼ ਤੇ ਭਾਗਿਆਸ੍ਰੀ ਨੇ ਇਕੱਠਿਆਂ 'ਮੈਂਨੇ ਪਿਆਰ ਕੀਆ' ਵਿਚ ਕੰਮ ਕੀਤਾ ਸੀ ਅਤੇ ਹੁਣ ਇਨ੍ਹਾਂ ਦੀ ਔਲਾਦ ਅਭਿਨੈ ਦੇ ਖੇਤਰ ਵਿਚ ਆ ਗਈ ਹੈ।
ਫ਼ਿਲਮ 'ਮਰਦ' ਵਿਚ ਦਾਰਾ ਸਿੰਘ ਤੇ ਅਮਿਤਾਭ ਵਲੋਂ ਬੋਲੇ ਗਏ ਯਾਦਗਾਰੀ ਸੰਵਾਦ ਤੋਂ ਪ੍ਰੇਰਿਤ ਟਾਈਟਲ ਵਾਲੀ 'ਮਰਦ ਕੋ ਦਰਦ ਨਹੀਂ ਹੋਤਾ' ਦਾ ਨਿਰਦੇਸ਼ਨ ਵਾਸਨ ਬਾਲਾ ਵਲੋਂ ਕੀਤਾ ਗਿਆ ਹੈ ਅਤੇ ਇਸ ਵਿਚ ਅਭਿਮੰਨਿਊ ਦੀ ਨਾਇਕਾ ਹੈ ਰਾਧਿਕਾ ਮਦਾਨ ਜੋ 'ਪਟਾਖਾ' ਰਾਹੀਂ ਵੱਡੇ ਪਰਦੇ 'ਤੇ ਆ ਚੁੱਕੀ ਹੈ।
ਆਪਣੀ ਇਸ ਪਹਿਲੀ ਫ਼ਿਲਮ ਵਿਚ ਅਭਿਮੰਨਿਊ ਵਲੋਂ ਸੂਰਿਆ ਦਾ ਕਿਰਦਾਰ ਨਿਭਾਇਆ ਗਿਆ ਹੈ। ਸੂਰਿਆ ਅਨੋਖੀ ਤਰ੍ਹਾਂ ਦੀ ਬਿਮਾਰੀ ਨਾਲ ਪੀੜਤ ਹੈ। ਇਸ ਬਿਮਾਰੀ ਰਾਹੀਂ ਉਸ ਦੀਆਂ ਸਰੀਰਕ ਸੰਵੇਦਨਾਵਾਂ ਮਰ ਚੁੱਕੀਆਂ ਹਨ ਅਤੇ ਸੱਟ ਲੱਗਣ 'ਤੇ ਵੀ ਉਸ ਨੂੰ ਦਰਦ ਨਹੀਂ ਹੁੰਦਾ। ਇਸ ਤਰ੍ਹਾਂ ਦੇ ਅਨੋਖੇ ਕਿਰਦਾਰ ਬਾਰੇ ਉਹ ਕਹਿੰਦੇ ਹਨ, 'ਇਸ ਤਰ੍ਹਾਂ ਦਾ ਕਿਰਦਾਰ ਹਿੰਦੀ ਫ਼ਿਲਮਾਂ ਵਿਚ ਪਹਿਲੀ ਵਾਰ ਆ ਰਿਹਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਸ ਵੱਖਰੇ ਜਿਹੇ ਕਿਰਦਾਰ ਰਾਹੀਂ ਮੇਰਾ ਬਾਲੀਵੁੱਡ ਵਿਚ ਦਾਖਲਾ ਹੋਇਆ ਹੈ। ਜਦੋਂ ਤੋਂ ਫ਼ਿਲਮ ਦਾ ਪ੍ਰੋਮੋ ਬਾਹਰ ਆਇਆ ਹੈ, ਮੈਨੂੰ ਬੱਚਿਆਂ ਤੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਜਦੋਂ ਮੈਂ ਫ਼ਿਲਮ ਵਿਚ ਕੰਮ ਕਰ ਰਿਹਾ ਸੀ, ਉਦੋਂ ਸੋਚਿਆ ਨਹੀਂ ਸੀ ਕਿ ਇਸ ਕਿਰਦਾਰ ਨੂੰ ਬੱਚਿਆਂ ਵਿਚ ਏਨੀ ਹਰਮਨਪਿਆਰਤਾ ਮਿਲੇਗੀ।
ਅਭਿਮੰਨਿਊ ਨੂੰ ਇਹ ਫ਼ਿਲਮ ਆਪਣੇ ਦਮ 'ਤੇ ਮਿਲੀ ਹੈ। ਰਾਧਿਕਾ ਵੀ ਇਸ ਗੱਲ ਤੋਂ ਅਣਜਾਨ ਸੀ ਕਿ ਉਹ ਕਿਸ ਦੇ ਬੇਟੇ ਹਨ। ਇਕ ਦਿਨ ਰਾਧਿਕਾ ਨੇ ਅਭਿਮੰਨਿਊ ਦੇ ਪਰਸ ਵਿਚ ਭਾਗਿਆਸ੍ਰੀ ਦੀ ਤਸਵੀਰ ਦੇਖੀ ਅਤੇ ਉਸ ਨੇ ਸੋਚਿਆ ਕਿ ਉਹ ਉਸ ਦੇ ਪ੍ਰਸੰਸਕ ਹੋਣਗੇ। ਬਾਅਦ ਵਿਚ ਜਦੋਂ ਭਾਗਿਆਸ੍ਰੀ ਬਾਰੇ ਪੁੱਛਿਆ ਗਿਆ ਉਦੋਂ ਉਸ ਦੱਸਿਆ ਕਿ ਉਹ ਉਸ ਦੇ ਬੇਟੇ ਹਨ।
ਅਭਿਮੰਨਿਊ ਅਨੁਸਾਰ ਉਹ ਬਚਪਨ ਤੋਂ ਖੇਡਾਂ ਵਿਚ ਹਿੱਸਾ ਲੈਂਦਾ ਰਿਹਾ ਹੈ ਅਤੇ ਸੂਬਾ ਪੱਧਰ ਦਾ ਫੁੱਟਬਾਲ ਖਿਡਾਰੀ ਵੀ ਰਿਹਾ ਹੈ। ਸਪੋਰਟਸਮੈਨ ਹੋਣ ਦੀ ਵਜ੍ਹਾ ਨਾਲ ਇਹ ਕਿਰਦਾਰ ਨਿਭਾਉਣ ਵਿਚ ਸੌਖ ਰਹੀ ਕਿਉਂਕਿ ਇਥੇ ਉਨ੍ਹਾਂ ਨੂੰ ਬਹੁਤ ਨੱਚਣਾ-ਟੱਪਣਾ ਪਿਆ ਸੀ।
ਉਹ ਇਸ ਫ਼ਿਲਮ ਨੂੰ ਐਕਸ਼ਨ, ਕਾਮੇਡੀ ਫ਼ਿਲਮ ਕਰਾਰ ਦਿੰਦੇ ਹਨ ਅਤੇ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਹ ਦਰਸ਼ਕਾਂ ਦੇ ਮਨੋਰੰਜਨ ਦੀ ਕਸੌਟੀ 'ਤੇ ਖਰੀ ਉਤਰੇਗੀ।


-ਪੰਨੂੰ

ਮਿਰਾਜ ਦੀ ਫ਼ਿਲਮ ਵਿਚ ਨੀਲ ਨੀਤਿਨ ਮੁਕੇਸ਼

ਫ਼ਿਲਮ ਪ੍ਰਦਰਸ਼ਨ ਦੇ ਖੇਤਰ ਵਿਚ ਮਿਰਾਜ ਗਰੁੱਪ ਦਾ ਨਾਂਅ ਤੇਜ਼ੀ ਨਾਲ ਉੱਭਰ ਰਿਹਾ ਹੈ। ਦੇਸ਼ ਵਿਚ ਸਿਨੇਮਾ ਘਰਾਂ ਦੀ ਗਿਣਤੀ ਦੇ ਮਾਮਲੇ ਵਿਚ ਇਸ ਗਰੁੱਪ ਵਲੋਂ ਹਾਲ ਹੀ ਵਿਚ ਸੌ ਦੇ ਅੰਕੜੇ ਨੂੰ ਪਾਰ ਕਰ ਲਿਆ ਗਿਆ ਹੈ। ਪ੍ਰਦਰਸ਼ਨ ਦੇ ਨਾਲ-ਨਾਲ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਵੀ ਮਿਰਾਜ ਗਰੁੱਪ ਆਪਣੇ ਕਦਮ ਅੱਗੇ ਵਧਾ ਰਿਹਾ ਹੈ। ਇਸ ਗਰੁੱਪ ਵਲੋਂ ਪਹਿਲੀ ਫ਼ਿਲਮ 'ਮਦਾਰੀ' ਬਣਾਈ ਗਈ ਸੀ, ਜਿਸ ਵਿਚ ਇਰਫਾਨ ਖਾਨ ਹੀਰੋ ਸਨ। ਹੁਣ ਮਿਰਾਜ ਵਲੋਂ ਦੂਜੀ ਫ਼ਿਲਮ 'ਬਾਈਪਾਸ ਰੋਡ' ਬਣਾਈ ਜਾ ਰਹੀ ਹੈ।
ਇਸ ਫ਼ਿਲਮ ਬਾਰੇ ਮਿਰਾਜ ਦੇ ਕਰਤਾ-ਧਰਤਾ ਅਮਿਤ ਸ਼ਰਮਾ ਜਾਣਕਾਰੀ ਦਿੰਦੇ ਹੋਏ ਕਹਿੰਦੇ ਹਨ, 'ਇਸ ਵਿਚ ਨੀਲ ਨੀਤਿਨ ਮੁਕੇਸ਼ ਹੀਰੋ ਹਨ ਅਤੇ ਨੀਲ ਦੇ ਭਰਾ ਨਮਨ ਨਿਤਿਨ ਮੁਕੇਸ਼ ਇਸ ਦੇ ਨਿਰਦੇਸ਼ਕ ਹਨ। ਫ਼ਿਲਮ ਵਿਚ ਦੋ ਨਾਇਕਾਵਾਂ ਹਨ ਅਤੇ ਇਹ ਹਨ ਅਦਾ ਸ਼ਰਮਾ ਤੇ ਗੁਲ ਪਨਾਗ। ਇਹ ਥ੍ਰਿਲਰ ਫ਼ਿਲਮ ਹੈ ਅਤੇ ਇਸ ਦੀ ਸ਼ੂਟਿੰਗ ਮੁੰਬਈ ਤੇ ਅਲੀਬਾਗ ਵਿਚ ਕੀਤੀ ਗਈ ਹੈ। ਜਦੋਂ ਨੀਲ ਨੇ ਸਾਡੇ ਗਰੁੱਪ ਦੇ ਚੇਅਰਮੈਨ ਮਦਨ ਜੀ ਨੂੰ ਫ਼ਿਲਮ ਦੀ ਕਹਾਣੀ ਸੁਣਾਈ ਤਾਂ ਇਸ ਵਿਚ ਪੇਸ਼ ਕੀਤੇ ਗਏ ਕਈ ਰੋਮਾਂਚਕ ਮੋੜ ਦੇਖ ਕੇ ਲੱਗਿਆ ਕਿ ਇਸ ਵਿਚ ਦਰਸ਼ਕਾਂ ਨੂੰ ਬੰਨ੍ਹੀ ਰੱਖਣ ਦੇ ਸਾਰੇ ਗੁਣ ਮੌਜੂਦ ਹਨ। ਸੋ, ਇਸ ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਤਰ੍ਹਾਂ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਉਹ ਵੀ ਆਪਣਾ ਆਗਮਨ ਕਰ ਰਹੇ ਹਨ।
ਅਮਿਤ ਸ਼ਰਮਾ ਅਨੁਸਾਰ ਬਾਲੀਵੁੱਡ ਵਿਚ ਮਸਾਲਾ ਫ਼ਿਲਮਾਂ ਤਾਂ ਬਹੁਤ ਬਣਦੀਆਂ ਹਨ ਪਰ ਥ੍ਰਿਲਰ ਵਿਸ਼ੇ 'ਤੇ ਕਦੀ-ਕਦਾਈਂ ਹੀ ਫ਼ਿਲਮਾਂ ਬਣਦੀਆਂ ਹਨ। ਦੇਸ਼ ਦੇ ਦਰਸ਼ਕ ਚੰਗੀ ਥ੍ਰਿਲਰ ਫ਼ਿਲਮ ਦੇਖਣਾ ਪਸੰਦ ਕਰਦੇ ਹਨ ਪਰ ਫਿਰ ਵੀ ਇਸ ਤਰ੍ਹਾਂ ਦੇ ਵਿਸ਼ੇ ਵਾਲੀਆਂ ਫ਼ਿਲਮਾਂ ਘੱਟ ਹੀ ਬਣਦੀਆਂ ਹਨ। ਥ੍ਰਿਲਰ ਫ਼ਿਲਮਾਂ ਦੀ ਘਾਟ ਨੂੰ ਦੇਖ ਕੇ ਉਨ੍ਹਾਂ ਨੂੰ ਬਤੌਰ ਨਿਰਮਾਤਾ ਇਸ ਤਰ੍ਹਾਂ ਦੇ ਵਿਸ਼ੇ 'ਤੇ ਹੱਥ ਅਜ਼ਮਾਉਣਾ ਸਹੀ ਲੱਗਿਆ।


-ਮੁੰਬਈ ਪ੍ਰਤੀਨਿਧ

ਰੋਹਿਤ ਸ਼ੈਟੀ 'ਤੇ ਪੂਰਾ ਭਰੋਸਾ ਹੈ : ਅਸ਼ੋਕ ਸਮਰਥ

ਪਹਿਲਾਂ 'ਸਿੰਘਮ' ਅਤੇ ਹੁਣ 'ਸਿੰਬਾ' ਦੀ ਵਜ੍ਹਾ ਨਾਲ ਅਸ਼ੋਕ ਸਮਰਥ ਬਾਲੀਵੁੱਡ ਵਿਚ ਆਪਣੀ ਪਹਿਚਾਣ ਬਣਾਉਣ ਵਿਚ ਕਾਮਯਾਬ ਹੋ ਗਏ ਹਨ। ਉਂਝ, ਪਹਿਲਾਂ ਉਨ੍ਹਾਂ ਨੇ 'ਏਕ ਚਾਲੀਸ ਕੀ ਲਾਸਟ ਲੋਕਲ', 'ਗਲੀ ਗਲੀ ਚੋਰ ਹੈ', 'ਇਨਸਾਨ', 'ਫੈਮਿਲੀ', 'ਰਾਈਟ ਯਾ ਰਾਂਗ' ਆਦਿ ਫ਼ਿਲਮਾਂ ਕੀਤੀਆਂ ਪਰ ਨਿਰਦੇਸ਼ਕ ਰੋਹਿਤ ਸ਼ੈਟੀ ਦੀਆਂ ਦੋ ਫ਼ਿਲਮਾਂ ਦੀ ਬਦੌਲਤ ਅੱਜ ਉਨ੍ਹਾਂ ਦਾ ਨਾਂਅ ਕਾਫ਼ੀ ਵੱਡਾ ਹੋ ਗਿਆ ਹੈ।
ਰੋਹਿਤ ਸ਼ੈਟੀ ਦਾ ਅਭਾਰ ਪ੍ਰਗਟ ਕਰਦੇ ਹੋਏ ਉਹ ਕਹਿੰਦੇ ਹਨ, 'ਅੱਜ ਮੇਰੀ ਜੋ ਪਛਾਣ ਬਣੀ ਹੈ, ਉਹ ਰੋਹਿਤ ਸ਼ੈਟੀ ਦੀ ਬਦੌਲਤ ਹੈ। ਪਹਿਲਾਂ ਵੀ ਕਈ ਹਿੰਦੀ ਤੇ ਮਰਾਠੀ ਫ਼ਿਲਮਾਂ ਕੀਤੀਆਂ ਸਨ ਪਰ ਆਪਣੀ ਪਛਾਣ ਬਣਾਉਣ ਦੀ ਜੋ ਲਲਕ ਸੀ ਉਹ 'ਸਿੰਘਮ' ਅਤੇ 'ਸਿੰਬਾ' ਦੀ ਬਦੌਲਤ ਪੂਰੀ ਹੋਈ ਹੈ। ਸਫਲ ਫ਼ਿਲਮਾਂ ਦੀ ਬਦੌਲਤ ਹੁਣ ਉਹ ਉਸ ਥਾਂ 'ਤੇ ਹੈ ਜਿਥੇ ਉਹ ਆਪਣੀ ਪਸੰਦ ਦੇ ਹਿਸਾਬ ਨਾਲ ਫ਼ਿਲਮ ਲਈ ਹਾਂ ਕਹਿੰਦੇ ਹਨ। ਇਹ ਉਸ ਪਸੰਦ ਦਾ ਹੀ ਨਤੀਜਾ ਸੀ ਕਿ ਉਨ੍ਹਾਂ ਨੇ 'ਬੈਲਕਬੋਰਡ ਵਰਸੇਸ ਵ੍ਹਾਈਟ ਬੋਰਡ' ਵਰਗੀ ਛੋਟੇ ਬਜਟ ਦੀ ਫ਼ਿਲਮ ਲਈ ਵੀ ਹਾਂ ਕੀਤੀ। ਰੋਹਿਤ ਸ਼ੈਟੀ ਦੇ ਨਾਲ ਅਗਲੀ ਫ਼ਿਲਮ ਬਾਰੇ ਪੁੱਛਣ 'ਤੇ ਉਹ ਕਹਿੰਦੇ ਹਨ, 'ਰੋਹਿਤ ਨੇ ਮੈਨੂੰ 'ਗੋਲਮਾਲ-4' ਦੀ ਪੇਸ਼ਕਸ਼ ਕੀਤੀ ਸੀ ਪਰ ਜਦੋਂ ਕਹਾਣੀ ਦਾ ਢਾਂਚਾ ਤਿਆਰ ਕੀਤਾ ਜਾਣ ਲੱਗਿਆ ਤਾਂ ਰੋਹਿਤ ਨੂੰ ਲੱਗਿਆ ਕਿ ਅਸ਼ੋਕ ਲਈ ਇਸ ਵਿਚ ਸਹੀ ਭੂਮਿਕਾ ਨਹੀਂ ਹੈ ਤੇ ਉਨ੍ਹਾਂ ਮੈਨੂੰ ਨਾਂਹ ਕਹਿ ਦਿੱਤੀ। ਮੈਨੂੰ ਰੋਹਿਤ ਸ਼ੈਟੀ 'ਤੇ ਪੂਰਾ ਭਰੋਸਾ ਹੈ। ਉਹ ਮੈਨੂੰ ਉਦੋਂ ਕਾਸਟ ਕਰਨਗੇ ਜਦੋਂ ਮੇਰੇ ਲਾਇਕ ਦਮਦਾਰ ਭੂਮਿਕਾ ਹੋਵੇਗੀ। ਉਨ੍ਹਾਂ ਨੇ ਮੇਰੇ ਕਰੀਅਰ ਨੂੰ ਸੰਵਾਰਿਆ ਹੈ। ਕਮਜ਼ੋਰ ਭੂਮਿਕਾ ਦੇ ਕੇ ਉਹ ਥੋੜ੍ਹਾ ਮੇਰੇ ਕਰੀਅਰ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁਣਗੇ। ਭਾਵ ਉਨ੍ਹਾਂ ਦੇ ਨਾਲ ਜਦੋਂ ਕਦੀ ਮੈਂ ਤੀਜੀ ਫ਼ਿਲਮ ਕਰਾਂਗਾ, ਉਸ ਵਿਚ ਕੁਝ ਤਾਂ ਗੱਲ ਹੋਵੇਗੀ ਹੀ' ਉਹ ਵਿਸ਼ਵਾਸ ਨਾਲ ਕਹਿੰਦੇ ਹਨ।


-ਮੁੰਬਈ ਪ੍ਰਤੀਨਿਧ

ਸ਼ਾਹਜਹਾਂ ਦੀ ਲਘੂ ਫ਼ਿਲਮ

ਡਾਈਟ ਪਲਾਨ

ਲੰਡਨ ਵਿਚ ਰਹਿ ਕੇ ਉਥੇ ਕੁਝ ਲੜੀਵਾਰਾਂ ਵਿਚ ਅਭਿਨੈ ਕਰਨ ਤੋਂ ਬਾਅਦ ਅਭਿਨੇਤਾ ਸ਼ਾਹਜਹਾਂ ਨੇ ਬਾਲੀਵੁੱਡ ਵਿਚ ਆ ਕੇ ਨਾਂਅ ਕਮਾਉਣ ਦਾ ਮਨ ਬਣਾਇਆ ਅਤੇ ਉਹ ਮੁੰਬਈ ਆ ਗਏ। ਇਥੇ ਆ ਕੇ ਖ਼ੁਦ ਨੂੰ ਸਥਾਪਿਤ ਕਰਨ ਲਈ ਲਘੂ ਫ਼ਿਲਮ ਬਣਾਉਣ ਬਾਰੇ ਸੋਚਿਆ ਅਤੇ ਇਸ ਨੂੰ ਅੰਜਾਮ ਦਿੰਦੇ ਹੋਏ 'ਡਾਈਟ ਪਲਾਨ' ਬਣਾਈ ਜੋ ਅਸ਼ੋਕ ਪਟੇਲ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ।
ਬਿਮਾਰੀ ਦੀ ਵਜ੍ਹਾ ਕਰਕੇ ਜਾਂ ਵਜ਼ਨ ਕਾਬੂ ਰੱਖਣ ਲਈ ਆਮ ਤੌਰ 'ਤੇ ਡਾਈਟੀਸ਼ੀਅਨ ਵਲੋਂ ਕਿਸੇ ਵਿਅਕਤੀ ਨੂੰ ਡਾਈਟ ਪਲਾਨ ਦਿੱਤਾ ਜਾਂਦਾ ਹੈ। ਪਰ ਇਸ ਲਘੂ ਫ਼ਿਲਮ ਵਿਚ ਕਿਸੇ ਬਿਮਾਰੀ ਦੀ ਕਹਾਣੀ ਨਹੀਂ ਪੇਸ਼ ਕੀਤੀ ਗਈ ਹੈ। ਇਸ ਵਿਚ ਖ਼ੁਦ ਸ਼ਾਹਜਹਾਂ ਵਲੋਂ ਕੋਚ ਦੀ ਭੂਮਿਕਾ ਨਿਭਾਈ ਗਈ ਹੈ ਜੋ ਜਿੰਮ ਚਲਾ ਰਿਹਾ ਹੁੰਦਾ ਹੈ। ਫ਼ਿਲਮ ਵਿਚ ਕੰਮ ਲੈਣ ਦੇ ਚਾਹਵਾਨ ਨੇਹਾ ਤੇ ਇਕ ਹੋਰ ਕੁੜੀ ਮੇਘਾ ਜਿੰਮ ਵਿਚ ਆਉਂਦੇ ਹਨ ਅਤੇ ਕੋਚ ਦੀ ਨਿਗਰਾਨੀ ਹੇਠ ਟ੍ਰੇਨਿੰਗ ਲੈਣਾ ਸ਼ੁਰੂ ਕਰ ਦਿੰਦੇ ਹਨ। ਕੋਚ ਆਪਣੇ ਡਾਈਟ ਪਲਾਨ ਹੇਠ ਇਨ੍ਹਾਂ ਨੂੰ ਕੀ ਖਾਣ ਤੇ ਕੀ ਨਾ ਖਾਣ ਦੀ ਸਲਾਹ ਵੀ ਦਿੰਦਾ ਹੈ। ਕੋਚ ਦਾ ਆਪਣਾ ਭੂਤਕਾਲ ਹੈ, ਜਿਥੇ ਉਸ ਦੇ ਮਾਸੂਮ ਬੇਟੇ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਉਸ ਦੀ ਆਤਮਾ ਦੀ ਸ਼ਾਂਤੀ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਦਾ ਰਹਿੰਦਾ ਹੈ। ਉਹ ਉਪਾਅ ਕੀ ਹੁੰਦੇ ਹਨ, ਉਹ ਕਹਾਣੀ ਦਾ ਅਹਿਮ ਹਿੱਸਾ ਹੈ।
ਇਸ ਲਘੂ ਫ਼ਿਲਮ ਬਾਰੇ ਸ਼ਾਹਜਹਾਂ ਕਹਿੰਦੇ ਹਨ, 'ਮੈਂ ਬਾਲੀਵੁੱਡ ਵਿਚ ਆਪਣੀ ਪਛਾਣ ਬਣਾਉਣੀ ਸੀ ਅਤੇ ਇਥੇ ਕੋਚ ਦੀ ਭੂਮਿਕਾ ਵਿਚ ਜੋ ਵੱਖ-ਵੱਖ ਸ਼ੇਡਸ ਹਨ, ਉਸ ਨੂੰ ਦੇਖ ਕੇ ਲੱਗਿਆ ਕਿ ਮੇਰੀ ਪਛਾਣ ਨੂੰ ਮਜ਼ਬੂਤੀ ਦੇਣ ਲਈ ਇਹ ਫ਼ਿਲਮ ਸਹੀ ਰਹੇਗੀ। ਇਥੇ ਕੋਚ ਦੀ ਭੂਮਿਕਾ ਹੇਠ ਸ਼ੌਕ ਵੈਲਿਊ ਵੀ ਪੇਸ਼ ਕੀਤੀ ਗਈ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਫ਼ਿਲਮ ਬਾਲੀਵੁੱਡ ਵਿਚ ਮੈਨੂੰ ਸਥਾਪਿਤ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ।'
ਉਂਜ ਇਹ ਫ਼ਿਲਮ ਉਹ ਕਈ ਅੰਤਰਰਾਸ਼ਟਰੀ ਫ਼ਿਲਮ ਸਮਾਰੋਹਾਂ ਵਿਚ ਦਿਖਾ ਚੁੱਕੇ ਹਨ ਅਤੇ ਉਥੇ ਮਿਲੇ ਹੁੰਗਾਰੇ ਨੂੰ ਦੇਖ ਕੇ ਹੁਣ ਉਹ ਹਿੰਦੀ ਫੀਚਰ ਫ਼ਿਲਮ ਦੇ ਨਿਰਮਾਣ ਦੀ ਯੋਜਨਾ ਵੀ ਬਣਾ ਰਹੇ ਹਨ ਜਿਸ ਨੂੰ ਅਸ਼ੋਕ ਪਟੇਲ ਹੀ ਨਿਰਦੇਸ਼ਿਤ ਕਰਨਗੇ। ਸ਼ਾਹਜਹਾਂ ਦੇ ਨਾਲ ਇਸ ਲਘੂ ਫ਼ਿਲਮ ਵਿਚ ਸਿਮਰਨ ਬਖਸ਼ੀ, ਰਿਧਿਮਾ ਬੇਦੀ, ਸੁਸ਼ੀਲਾ ਥਾਪਾ ਤੇ ਦੇਵਯਾਨੀ ਦਗਾਓਕਰ ਨੇ ਵੀ ਅਭਿਨੈ ਕੀਤਾ ਹੈ ਅਤੇ ਫ਼ਿਲਮ ਦੀ ਇਕ ਅਭਿਨੇਤਰੀ ਰਿਧਿਮਾ ਬੇਦੀ ਦੀ ਅਹਿਮ ਪਛਾਣ ਇਹ ਹੈ ਕਿ ਉਹ ਕਾਮੇਡੀਅਨ ਰਾਕੇਸ਼ ਬੇਦੀ ਦੀ ਬੇਟੀ ਹੈ। ਉਹੀ ਰਾਕੇਸ਼ ਬੇਦੀ ਜਿਨ੍ਹਾਂ ਨੂੰ ਆਪਣੇ ਗੋਲ-ਮਟੋਲ ਸਰੀਰ ਨੂੰ ਕਾਬੂ ਵਿਚ ਰੱਖਣ ਲਈ ਅਕਸਰ ਡਾਈਟ ਪਲਾਨ ਦੀ ਜ਼ਰੂਰਤ ਪੈਂਦੀ ਹੈ।


-ਮੁੰਬਈ ਪ੍ਰਤੀਨਿਧ

ਸਾਂਝੇ ਪੰਜਾਬ ਦੇ ਤਿੰਨ ਯਾਰਾਂ ਦੀ ਕਹਾਣੀ 'ਯਾਰਾ ਵੇ...'

ਪੰਜਾਬੀ ਸਿਨੇਮਾ ਮਨੋਰੰਜਨ ਦੇ ਨਾਲ ਨਾਲ ਮਨੁੱਖੀ ਕਦਰਾਂ ਕੀਮਤਾਂ ਦੀ ਹਾਮੀ ਭਰਨ ਵਿਚ ਵੀ ਹਮੇਸ਼ਾ ਆਪਣਾ ਯੋਗਦਾਨ ਪਾਉਂਦਾ ਰਿਹਾ ਹੈ। ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਹਨ ਜਿਨ੍ਹਾਂ ਨੇ ਵੱੱਖ-ਵੱਖ ਕਹਾਣੀਆਂ ਨੂੰ ਆਧਾਰ ਬਣਾ ਕੇ ਦੇਸ਼ ਦੇ ਬਟਵਾਰੇ ਅਤੇ 1984 ਦੇ ਦਿੱਲੀ ਦੰਗਿਆਂ ਵਰਗੇ ਇਤਿਹਾਸਕ ਪੰਨਿਆਂ ਨੂੰ ਫਰੋਲਿਆ ਹੈ। ਗੋਲਡਨ ਬਰਿੱਜ ਫ਼ਿਲਮਜ਼ ਅਤੇ ਫਰੈਸ਼ਲੀ ਗਰਾਊਂਡ ਦੇ ਬੈਨਰ ਹੇਠ ਨਿਰਮਾਤਾ ਬੱਲੀ ਸਿੰਘ ਕੱਕੜ ਤੇ ਨਿਰਦੇਸ਼ਕ ਰਾਕੇਸ਼ ਮਹਿਤਾ ਦੀ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਯਾਰਾ ਵੇ' 1947 ਦੇ ਵੰਡ ਸਮਿਆਂ ਨਾਲ ਸਬੰਧਿਤ ਕਹਾਣੀ 'ਤੇ ਆਧਾਰਤ ਹੈ। ਇਸ ਫ਼ਿਲਮ ਵਿਚ ਤਿੰਨ ਯਾਰਾਂ ਦੀ ਸੱਚੀ ਸੁੱਚੀ ਯਾਰੀ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜੋ ਦੇਸ਼ ਦੀ ਵੰਡ ਸਮੇਂ ਵੱਖ-ਵੱਖ ਧਰਮਾਂ, ਜਾਤਾਂ ਵਿਚ ਵੰਡੀ ਜਾਂਦੀ ਹੈ ਤੇ ਇਨ੍ਹਾਂ ਦਾ ਦੁਬਾਰਾ ਮਿਲਣਾ ਫ਼ਿਲਮ ਦੀ ਕਹਾਣੀ ਵਿਚ ਕਈ ਦਿਲਚਸਪ ਮੋੜ ਪੈਦਾ ਕਰਦਾ ਹੈ। ਇਸ ਫ਼ਿਲਮ ਵਿਚ ਯੁਵਰਾਜ ਹੰਸ, ਗਗਨ ਕੋਕਰੀ ਅਤੇ ਰਘੁਬੀਰ ਬੋਲੀ ਤਿੰਨ ਦੋਸਤਾਂ ਦੀ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਫ਼ਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਦੱਸਿਆ ਕਿ ਪੀਰੀਅਡ ਫ਼ਿਲਮ ਹੋਣ ਕਰਕੇ ਫ਼ਿਲਮ ਹਰੇਕ ਦ੍ਰਿਸ਼, ਪਹਿਰਾਵੇ ਵਹੀਕਲਾਂ ਅਤੇ ਬੋਲੀ ਆਦਿ ਪ੍ਰਤੀ ਬੜੇ ਧਿਆਨ ਨਾਲ ਕੰਮ ਕੀਤਾ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਵੀ ਉਨ੍ਹਾਂ ਖੁਦ ਲਿਖੀ ਹੈ ਤੇ ਸਕਰੀਨ ਪਲੇਅ, ਡਾਇਲਾਗ ਰੁਪਿੰਦਰ ਇੰਦਰਜੀਤ ਸਿੰਘ ਨੇ ਲਿਖੇ ਹਨ। ਗਗਨ ਕੋਕਰੀ, ਯੁਵਰਾਜ ਹੰਸ, ਰਘਬੀਰ ਬੋਲੀ, ਮੋਨਿਕਾ ਗਿੱਲ, ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਮਲਕੀਤ ਰੌਣੀ, ਹੌਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਤੇ ਬੀ. ਐਨ. ਸ਼ਰਮਾ ਨੇ ਫ਼ਿਲਮ ਵਿਚ ਅਹਿਮ ਕਿਰਦਾਰ ਨਿਭਾਏ ਹਨ।


-ਸੁਰਜੀਤ ਜੱਸਲ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX