ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਖੇਡ ਜਗਤ

ਭਾਰਤੀ ਖੇਡ ਪ੍ਰਬੰਧਨ ਲਈ ਸੋਚਣ ਦੀ ਘੜੀ

ਪਹਿਲਵਾਨ ਰਿਤੂ ਫੋਗਾਟ ਦਾ ਹੈਰਾਨਕੁੰਨ ਸੰਨਿਆਸ

ਖੇਡ ਜਗਤ ਵਿਚ ਸੰਨਿਆਸ ਲੈਣ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਪਰ ਕੁਝ ਐਲਾਨ ਅਜਿਹੇ ਵੀ ਹੁੰਦੇ ਹਨ, ਜੋ ਬੇਹੱਦ ਹੈਰਾਨਕੁੰਨ ਹੁੰਦੇ ਹਨ। ਅਜਿਹਾ ਹੀ ਇਕ ਸੰਨਿਆਸ ਦਾ ਐਲਾਨ ਲੰਘੇ ਦਿਨੀਂ ਹੋਇਆ, ਜਿਸ ਰਾਹੀਂ ਇਕ ਨੌਜਵਾਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਖਿਡਾਰੀ ਨੇ ਖੇਡ ਨੂੰ ਉਸ ਵੇਲੇ ਅਲਵਿਦਾ ਕਿਹਾ ਹੈ ਜਦੋਂ ਉਸ ਦੀ ਵਿਸ਼ਵ ਖਿਤਾਬ ਵੱਲ ਦਾਅਵੇਦਾਰੀ ਵਾਲੀ ਉਮਰ ਸੀ। ਭਾਰਤ ਵਿਚ ਮਹਿਲਾ ਰੈਸਲਿੰਗ ਨੂੰ ਨਵੀਂ ਪਛਾਣ ਦੇਣ ਵਾਲੇ ਫੋਗਾਟ ਪਰਿਵਾਰ ਦੀ ਤੀਜੀ ਬੇਟੀ ਰਿਤੂ ਫੋਗਾਟ ਨੇ ਲੰਘੇ ਦਿਨੀਂ ਕੁਸ਼ਤੀ ਦੀ ਖੇਡ ਨੂੰ ਅਲਵਿਦਾ ਕਹਿ ਕੇ ਭਾਰਤੀ ਰੈਸਲਿੰਗ ਫੈਡਰੇਸ਼ਨ ਦੇ ਨਾਲ ਨਾਲ ਦੇਸ਼ ਦੇ ਸਮੁੱਚੇ ਖੇਡ ਢਾਂਚੇ ਨੂੰ ਵੀ ਇਕ ਜ਼ੋਰਦਾਰ ਝਟਕਾ ਦੇ ਦਿੱਤਾ ਹੈ। ਇਹ ਉਹ ਰਿਤੂ ਹੈ, ਜਿਸ ਦੇ ਪਰਿਵਾਰ ਦੀਆਂ ਦੋ ਵੱਡੀਆਂ ਭੈਣਾਂ ਭਾਵ ਗੀਤਾ ਅਤੇ ਬਬੀਤਾ ਦੀ ਕਾਮਯਾਬੀ ਉੱਤੇ 'ਦੰਗਲ' ਨਾਂਅ ਦੀ ਫਿਲਮ ਵੀ ਬਣ ਚੁੱਕੀ ਹੈ, ਜਿਸ ਵਿਚ ਮਸ਼ਹੂਰ ਅਦਾਕਾਰ ਆਮਿਰ ਖਾਨ ਨੇ ਉਨ੍ਹਾਂ ਦੇ ਪਿਤਾ ਦੀ ਭੂਮਿਕਾ ਨਿਭਾਈ ਸੀ। ਗੀਤਾ ਫੋਗਾਟ ਅਤੇ ਬਬੀਤਾ ਫੋਗਾਟ ਦੀ ਛੋਟੀ ਭੈਣ ਰਿਤੂ ਨੇ ਰੈਸਲਿੰਗ ਦੀ ਬਜਾਏ ਮਿਕਸਡ ਮਾਰਸ਼ਲ ਆਰਟ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਕਿ ਰਿਤੂ ਨੇ ਕੁਸ਼ਤੀ ਦੀ ਰਵਾਇਤੀ ਖੇਡ ਨੂੰ ਛੱਡ ਕੇ ਸਿੰਗਾਪੁਰ ਦੀ ਇਕ ਪ੍ਰਾਈਵੇਟ ਅਤੇ ਪੇਸ਼ੇਵਰ ਇਵਾਲਫ ਫਾਈਟ ਟੀਮ ਨਾਲ ਜੁੜਨ ਦਾ ਫੈਸਲਾ ਕਰ ਲਿਆ ਹੈ।
ਉਸ ਦੇ ਸੰਨਿਆਸ ਉੱਤੇ ਹੈਰਾਨੀ ਹੋਣ ਦੀ ਇਕ ਵੱਡੀ ਵਜ੍ਹਾ ਉਸ ਦੀ ਉਮਰ ਹੈ, ਕਿਉਂਕਿ ਰਿਤੂ ਨੇ ਮਹਿਜ਼ 24 ਸਾਲ ਦੀ ਉਮਰ ਵਿਚ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਹ ਕੋਈ ਸੱਟ ਵਗੈਰਾ ਤੋਂ ਵੀ ਨਹੀਂ ਸੀ ਜੂਝ ਰਹੀ ਅਤੇ ਉਸ ਦਾ ਖੇਡ ਜੀਵਨ ਵੀ ਠੀਕ-ਠਾਕ ਚੱਲ ਰਿਹਾ ਸੀ। ਏਨੀ ਨੌਜਵਾਨ, ਫਿੱਟ ਅਤੇ ਖੇਡ ਜੀਵਨ ਵਿਚ ਸਭ ਤੋਂ ਬਿਹਤਰੀਨ ਮੰਨੀ ਜਾਂਦੀ ਉਮਰ ਮੌਕੇ ਲਏ ਗਏ ਇਸ ਇਸ ਸੰਨਿਆਸ ਪਿੱਛੇ ਦੇ ਕਾਰਨਾਂ ਨੂੰ ਲੱਭਣ ਦੀ ਜੇਕਰ ਕੋਸ਼ਿਸ਼ ਕਰੀਏ ਤਾਂ ਇਹ ਵੀ ਲਗਦਾ ਹੈ ਕਿ ਭਾਰਤੀ ਖੇਡ ਢਾਂਚੇ ਵਿਚ ਕ੍ਰਿਕਟ ਤੋਂ ਛੁੱਟ ਬਾਕੀ ਖੇਡਾਂ ਨੂੰ ਹਾਲੇ ਵੀ ਚਰਚਾ ਪੱਖੋਂ ਪਿੱਛੇ ਹੀ ਰੱਖਿਆ ਜਾ ਰਿਹਾ ਹੈ ਅਤੇ ਇਸ ਨਾਲ ਕਈ ਵਾਰ ਇਹ ਵੇਖਣ ਵਿਚ ਆਇਆ ਹੈ ਕਿ ਹੋਰਨਾਂ ਖੇਡਾਂ ਦੇ ਖਿਡਾਰੀ ਪੇਸ਼ੇਵਰ ਲੀਗਾਂ ਸ਼ੁਰੂ ਹੋਣ ਦੇ ਬਾਵਜੂਦ ਆਪਣਾ ਲੰਮੇਰਾ ਭਵਿੱਖ ਰਵਾਇਤੀ ਖੇਡਾਂ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਭਾਰਤੀ ਖੇਡ ਪ੍ਰਬੰਧਨ ਅੰਦਰ ਹੁੰਦੀ ਸਿਆਸਤ ਅਤੇ ਅੰਦਰੂਨੀ ਖਿੱਚੋਤਾਣ ਵੀ ਖਿਡਾਰੀਆਂ ਨੂੰ ਕਈ ਵਾਰ ਅਗਾਂਹ ਲਈ ਉਤਸ਼ਾਹਿਤ ਹੋਣ ਤੋਂ ਵਾਂਝਾ ਕਰ ਦਿੰਦੀ ਹੈ।
ਪੇਸ਼ੇਵਰ ਅਤੇ ਪ੍ਰਾਈਵੇਟ ਖੇਡਾਂ ਦੀ ਚਮਕ-ਦਮਕ ਵੀ ਹੁਣ ਖਿਡਾਰੀਆਂ ਨੂੰ ਰਵਾਇਤੀ ਖੇਡਾਂ ਤੋਂ ਦੂਰ ਕਰ ਰਹੀ ਹੈ। ਇਸ ਸਭ ਕਾਸੇ ਦੇ ਬਾਵਜੂਦ ਸਭ ਤੋਂ ਵੱਡਾ ਕਾਰਨ ਭਾਰਤੀ ਖੇਡ ਢਾਂਚਾ ਹੀ ਨਜ਼ਰ ਆਉਂਦਾ ਹੈ, ਕਿਉਂਕਿ ਇਸ ਭਾਰਤੀ ਖੇਡ ਢਾਂਚੇ ਤੋਂ ਬਾਹਰ ਯਾਨੀ ਦੂਜੇ ਦੇਸ਼ਾਂ ਵਿਚ ਖਿਡਾਰੀਆਂ ਵਲੋਂ ਇਸ ਕਦਰ ਨੌਜਵਾਨ ਉਮਰੇ ਸੰਨਿਆਸ ਲੈਣ ਦੀਆਂ ਗੱਲਾਂ ਸਾਹਮਣੇ ਨਹੀਂ ਆਉਂਦੀਆਂ। ਜਿਸ ਵੇਲੇ ਰਿਤੂ ਨੇ ਸੰਨਿਆਸ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਉਸ ਵੇਲੇ ਭਾਰਤੀ ਕੁਸ਼ਤੀ ਅੰਦਰ ਆਲਮ ਇਹ ਸੀ ਕਿ ਰਿਤੂ ਨੂੰ ਇਕ ਬੇਹੱਦ ਪ੍ਰਤਿਭਾਸ਼ਾਲੀ ਮਹਿਲਾ ਰੈਸਲਰ ਮੰਨਿਆ ਜਾ ਰਿਹਾ ਸੀ। ਉਹ 48 ਕਿਲੋਗ੍ਰਾਮ ਦੇ ਵਰਗ ਵਿਚ ਅੰਡਰ 23 ਵਿਸ਼ਵ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਗਮਾ ਜਿੱਤ ਚੁੱਕੀ ਹੈ ਅਤੇ ਇਸੇ ਸਦਕਾ ਉਸ ਨੂੰ ਭਵਿੱਖ ਦਾ ਸੰਭਾਵਿਤ ਵਿਸ਼ਵ ਜੇਤੂ ਵੀ ਮੰਨਿਆ ਜਾ ਰਿਹਾ ਸੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਫੁੱਟਬਾਲ ਆਈ ਲੀਗ

ਚੇਨਈ ਐਫ.ਸੀ. ਨੇ ਜਿੱਤਿਆ ਪਲੇਠਾ ਖਿਤਾਬ

ਪਿਛਲੇ ਦਿਨੀਂ ਬਹੁ-ਚਰਚਿਤ ਫੁੱਟਬਾਲ ਆਈ ਲੀਗ ਦੀ ਖਿਤਾਬੀ ਬਾਦਸ਼ਾਹਤ ਦਾ ਫੈਸਲਾ ਹੋ ਗਿਆ। ਇਸ ਵਾਰ ਇਹ ਖਿਤਾਬ ਚੇਨਈ ਸਿਟੀ ਕਲੱਬ ਦੇ ਨਾਂਅ ਲਿਖਿਆ ਗਿਆ। ਪਿਛਲੀ ਵਾਰ ਦੀ ਵਿਜੇਤਾ ਮਿਨਰਵਾ ਪੰਜਾਬ ਨੂੰ 3-1 ਨਾਲ ਹਰਾ ਕੇ ਚੇਨਈ ਐਫ.ਸੀ. ਨੇ ਖਿਤਾਬ 'ਤੇ ਕਬਜ਼ਾ ਕੀਤਾ। ਇਸ ਪ੍ਰਾਪਤੀ ਨਾਲ ਹੀ ਚੇਨਈ ਐਫ. ਸੀ. ਆਈ.ਲੀਗ ਖਿਤਾਬ ਜਿੱਤਣ ਵਾਲੀ ਤਾਮਿਲਨਾਡੂ ਦੀ ਪਹਿਲੀ ਟੀਮ ਬਣ ਗਈ ਹੈ। ਪਲੇਠਾ ਖਿਤਾਬ ਜਿੱਤਣ ਵਾਲੀ ਇਸ ਟੀਮ ਨੇ ਕੁੱਲ 20 ਮੈਚ ਖੇਡੇ, 13 ਜਿੱਤੇ, 3 ਬਰਾਬਰ ਅਤੇ 4 ਹਾਰੇ, ਕੁੱਲ 43 ਅੰਕ ਹਾਸਲ ਕਰਕੇ ਅੱਵਲ ਰਹੀ, ਜਦ ਕਿ ਪੱਛਮੀ ਬੰਗਾਲ ਨੇ ਕੁੱਲ 20 ਮੈਚ ਖੇਡਦਿਆਂ 13 ਜਿੱਤੇ, 3 ਬਰਾਬਰ, 4 ਹਾਰੇ ਤੇ ਕੁੱਲ 42 ਅੰਕਾਂ ਨਾਲ ਦੂਜੇ ਨੰਬਰ 'ਤੇ ਰਿਹਾ, ਜਦ ਕਿ ਰੀਅਲ ਕਸ਼ਮੀਰ ਐਫ. ਸੀ. 36 ਅੰਕਾਂ ਨਾਲ ਤੀਜੇ ਨੰਬਰ 'ਤੇ ਰਿਹਾ। ਆਈ ਲੀਗ ਦੇ 12ਵੇਂ ਸੰਸਕਰਣ ਵਿਚ ਕੁੱਲ 11 ਟੀਮਾਂ ਚੇਨਈ ਸਿਟੀ, ਚਰਚਿੱਲ ਬਰਦਰਜ਼ ਪੱਛਮੀ ਬੰਗਾਲ, ਗੋਲੂਕਮ ਕੇਰਲਾ, ਇੰਡੀਅਨ ਏਰੋਜ, ਮਿਨਰਵਾ ਪੰਜਾਬ, ਮੋਹਣ ਬਗਾਨ, ਨੈਰੋਕਾ ਰੀਅਲ ਕਸ਼ਮੀਰ ਅਤੇ ਸ਼ਿਲਾਗ ਲਾਜੋਗ ਨੇ ਖਿਤਾਬੀ ਜ਼ੋਰ ਅਜ਼ਮਾਈ ਕੀਤੀ। ਭਾਰਤ 'ਚ ਪੇਸ਼ੇਵਰ ਆਈ ਲੀਗ ਦੀ ਸ਼ੁਰੂਆਤ 2007 'ਚ ਕੀਤੀ ਸੀ, ਦਰਅਸਲ ਦੇਸ਼ ਵਿਚ 1996-97 'ਚ ਨੈਸ਼ਨਲ ਫੁੱਟਬਾਲ ਲੀਗ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਅਰਧ ਪੇਸ਼ਾਵਰ ਵਜੋਂ ਜਾਣੀ ਜਾਂਦੀ ਸੀ, ਉਸੇ ਲੀਗ ਨੂੰ ਪੂਰਨ ਪੇਸ਼ੇਵਰ ਰੰਗ ਦਿੰਦਿਆਂ ਇਹ ਮੁਕਾਬਲੇ ਹੁਣ ਆਈ ਲੀਗ ਵਜੋਂ ਜਾਣੇ ਜਾਂਦੇ ਹਨ। ਆਈ ਲੀਗ 2018-19 ਦੇ ਸੀਜ਼ਨ ਦੇ ਮੈਚਾਂ ਦੀ ਖਾਸ ਗੱਲ ਇਹ ਰਹੀ ਕਿ ਇਹ ਵੱਕਾਰੀ ਖਿਤਾਬੀ ਮੁਕਾਬਲਾ ਆਖਰੀ ਮੈਚ ਤੱਕ ਬੇਹੱਦ ਦਿਲਚਸਪ ਬਣਿਆ ਰਿਹਾ। ਚੇਨਈ ਅਤੇ ਮਿਨਰਵਾ ਦਰਮਿਆਨ ਖੇਡਿਆ ਗਿਆ ਆਖਰੀ ਮੈਚ ਜਦੋਂ ਪਹਿਲੇ ਅੱਧ ਤੱਕ 1-0 ਦੇ ਫਰਕ ਨਾਲ ਮਿਨਰਵਾ ਪੰਜਾਬ ਦੇ ਹੱਕ ਵਿਚ ਜਾ ਰਿਹਾ ਸੀ ਤਾਂ ਕਿਆਸ ਅਰਾਈਆਂ ਅਤੇ ਅੰਕੜਿਆਂ ਦੀ ਉਧੇੜ-ਬੁਣ 'ਚ ਖਿਤਾਬ ਚੇਨਈ ਹੱਥੋਂ ਖਿਸਕਦਾ ਨਜ਼ਰ ਆ ਰਿਹਾ ਸੀ ਪਰ ਦੂਜੇ ਅੱਧ ਵਿਚ ਚੇਨਈ ਐਫ. ਸੀ. ਨੇ ਸ਼ਾਨਦਾਰ ਵਾਪਸੀ ਕਰਦਿਆਂ ਪੱਛਮੀ ਬੰਗਾਲ ਦੀ ਟੀਮ ਦੀਆਂ ਉਮੀਦਾਂ ਨੂੰ ਢਹਿ-ਢੇਰੀ ਕਰਦਿਆਂ, ਮਿਨਰਵਾ ਪੰਜਾਬ ਨੂੰ 3-1 ਨਾਲ ਹਰਾ ਕੇ ਪਲੇਠਾ ਖਿਤਾਬ ਆਪਣੇ ਨਾਂਅ ਕਰ ਲਿਆ, ਜਦ ਕਿ ਪੱਛਮੀ ਬੰਗਾਲ ਨੇ ਗੋਕੋਲਮ ਕੇਰਲਾ ਨੂੰ ਹਰਾ ਕੇ ਉਪ-ਵਿਜੇਤਾ ਵਜੋਂ ਆਪਣਾ ਨਾਂਅ ਅੰਕਿਤ ਕੀਤਾ।
ਆਈ ਲੀਗ ਦੇ ਖ਼ਤਮ ਹੋਏ ਸੀਜ਼ਨ ਵਿਚ ਇਸ ਵਾਰ ਕੁੱਲ 109 ਮੈਚ ਖੇਡੇ ਗਏ ਅਤੇ ਵੱਖ-ਵੱਖ ਟੀਮਾਂ 'ਚ ਖੇਡਦੇ ਖਿਡਾਰੀਆਂ ਦੇ ਪੈਰਾਂ ਵਿਚੋਂ ਕੁੱਲ 303 ਗੋਲ ਨਿਕਲੇ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਲੁਤਫ ਉਠਾਇਆ। ਔਸਤਨ ਪ੍ਰਤੀ ਮੈਚ 2.78 ਦਾ ਅੰਕੜਾ, ਆਈ ਲੀਗ ਦੇ ਤੇਜ਼-ਤਰਾਰ ਮੈਚਾਂ ਦਾ ਸੰਕੇਤ ਕਿਹਾ ਜਾ ਸਕਦਾ ਹੈ। ਗੋਲ ਦਾਗਣ ਦੇ ਮਾਮਲੇ ਵਿਚ ਇਸ ਵਾਰ ਵੀ ਵਿਦੇਸ਼ੀ ਖਿਡਾਰੀ ਮੋਹਰੀ ਰਹੇ। ਟਾਪ ਸਕੋਰਰ ਵਜੋਂ ਤ੍ਰਿਨੀਦਾਦ ਐਂਡ ਤੋਬਾਗੂ ਦੇ ਅੰਤਰਰਾਸ਼ਟਰੀ ਖਿਡਾਰੀ ਚਰਚੱਲ ਬ੍ਰਾਦਰਜ਼ ਵਲੋਂ ਖੇਡਦੇ ਵਿਲਜ਼ ਪਲਾਜ਼ਾ ਅਤੇ ਉਰੂਗਵੇ 'ਚ ਜਨਮੇ ਸਪੇਨ ਦੇ ਪੇਸ਼ਾਵਰ ਖਿਡਾਰੀ ਚੇਨਈ ਐਫ. ਸੀ. ਲਈ ਮੈਦਾਨ ਵਿਚ ਉਤਰੇ ਪੈਡਰੋ ਮਾਂਜੀ ਗੋਲ ਮਸ਼ੀਨ ਸਾਬਤ ਹੋਏ। ਦੋਵਾਂ ਨੇ 21 ਗੋਲ ਦਾਗੇ ਤੇ ਸਾਂਝੇ ਤੌਰ 'ਤੇ ਗੋਲਡਨ ਬੂਟ ਦੇ ਹੱਕਦਾਰ ਬਣੇ।
ਇਤਿਹਾਸ ਬਣੀ ਆਈ ਲੀਗ ਵਿਚ ਦਰਸ਼ਕਾਂ ਦਾ ਵੱਡੀ ਗਿਣਤੀ ਵਿਚ ਸਟੇਡੀਅਮ ਪਹੁੰਚਣਾ ਲੀਗ ਦੇ ਵਧਦੇ ਕਦਮਾਂ ਦੀ ਸ਼ਾਅਦੀ ਭਰਦਾ ਹੈ। ਔਸਤਨ ਹਰ ਮੈਚ ਵਿਚ 10,233 ਦਰਸ਼ਕ ਮੈਚ ਦੇਖਣ ਲਈ ਸਟੇਡੀਅਮ ਪਹੁੰਚੇ, ਜਦ ਕਿ ਰਵਾਇਤੀ ਟੀਮਾਂ ਪੱਛਮੀ ਬੰਗਾਲ ਅਤੇ ਮੋਹਣ ਬਗਾਨ ਵਿਚ ਦਰਸ਼ਕ ਅੰਕੜਾ 64887 ਰਿਹਾ। ਇਸ ਵਾਰ ਆਈ ਲੀਗ ਦੇ ਆਖਰੀ ਗੇੜ ਵਿਚ ਸਵਿਸ ਕਲੱਬ ਬੇਸਲ ਨੇ ਚੇਨਈ ਐਫ.ਸੀ. ਦੀ 26 ਫੀਸਦੀ ਹਿੱਸੇਦਾਰੀ ਖਰੀਦ ਲਈ ਹੈ, ਅਜਿਹੇ ਕਰਾਰ ਨਾਲ ਜਿਥੇ ਭਾਰਤੀ ਖਿਡਾਰੀਆਂ ਲਈ ਯੂਰਪੀਅਨ ਲੀਗ ਦੇ ਦਰਵਾਜ਼ੇ ਖੁੱਲ੍ਹ ਜਾਣਗੇ, ਉਥੇ ਭਾਰਤੀ ਫੁੱਟਬਾਲ ਨੂੰ ਵੀ ਵੱਡਾ ਹੁਲਾਰਾ ਮਿਲੇਗਾ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਮਿਅੰਕ ਮਾਰਕੰਡੇ ਗੁਗਲੀ ਦਾ ਨਵਾਂ ਜਾਦੂਗਰ

ਵਿਕਰਮ ਸ਼ਰਮਾ ਦੇ ਫੋਨ ਦੀ ਘੰਟੀ ਵੱਜੀ, ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਲੈੱਗ ਸਪਿਨਰ ਬੇਟਾ ਮਿਅੰਕ ਮਾਰਕੰਡੇ ਉਨ੍ਹਾਂ ਨੂੰ ਫਿਰ ਤੋਂ ਖੁਸ਼ਖ਼ਬਰੀ ਦੇਵੇਗਾ ਕਿ ਉਸ ਨੇ ਇਕ ਹੋਰ ਵਾਰ ਪੰਜ ਵਿਕਟ ਲੈ ਲਏ ਹਨ, ਜਿਸ ਤਰ੍ਹਾਂ ਉਸ ਨੇ ਇੰਡੀਆ-ਏ ਵਲੋਂ ਇੰਗਲੈਂਡ ਲਾਇੰਸ ਦੇ ਵਿਰੁੱਧ ਮੈਸੂਰ ਵਿਚ ਖੇਡਦੇ ਹੋਏ ਮੈਚ ਦੇ ਤੀਜੇ ਦਿਨ 31 ਦੌੜਾਂ ਦੇ ਕੇ ਦਿੱਤੇ ਸਨ। ਪਰ ਮਿਅੰਕ ਨੇ ਤਾਂ ਇਹ ਦੱਸਣ ਲਈ ਫੋਨ ਕੀਤਾ ਸੀ ਕਿ ਉਸ ਨੂੰ ਆਸਟ੍ਰੇਲੀਆ ਦੇ ਖਿਲਾਫ ਟੀ-20 ਸੀਰੀਜ਼ ਲਈ ਭਾਰਤ ਦੀ ਟੀਮ ਵਿਚ ਚੁਣਿਆ ਗਿਆ ਹੈ। ਧਿਆਨ ਰਹੇ ਕਿ ਸੀਰੀਜ਼ ਦੇ ਪਹਿਲੇ ਮੈਚ ਵਿਚ ਮਿਅੰਕ ਨੂੰ ਖੇਡਣ ਦਾ ਮੌਕਾ ਮਿਲਿਆ ਅਤੇ ਉਸ ਨੇ ਆਪਣੀ ਪ੍ਰਤਿਭਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ।
ਫਿਲਹਾਲ, ਭਾਰਤੀ ਟੀਮ ਵਿਚ ਚੁਣੇ ਜਾਣ ਦੀ ਖ਼ਬਰ ਨੂੰ ਸੁਣ ਕੇ ਬਿਕਰਮ ਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋਇਆ। ਬਿਕਰਮ ਖ਼ੁਦ ਰਾਸ਼ਟਰੀ ਪੱਧਰ ਦੇ ਅਥਲੀਟ ਸਨ, ਜਿਨ੍ਹਾਂ ਦਾ ਪੰਜਾਬ ਲਈ ਅੰਡਰ-16 ਦਾ ਰਿਕਾਰਡ (ਲੰਮੀ ਛਾਲ ਵਿਚ 6.19 ਮੀਟਰ) ਹਾਲੇ ਤੱਕ ਨਹੀਂ ਟੁੱਟਿਆ ਹੈ, ਪਰ ਪੈਰ 'ਤੇ ਸੱਟ ਲੱਗਣ ਕਾਰਨ ਉਨ੍ਹਾਂ ਦਾ ਕੈਰੀਅਰ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ। ਮਿਅੰਕ ਜਦੋਂ ਪੰਜ ਸਾਲ ਦਾ ਸੀ ਤਾਂ ਉਸ ਦੀ ਦੌੜ ਤੋਂ ਪ੍ਰਭਾਵਿਤ ਹੋ ਕੇ ਬਿਕਰਮ ਨੇ ਉਸ ਨੂੰ ਐਨ. ਆਈ. ਐਸ. ਪਟਿਆਲਾ ਅਥਲੈਟਿਕਸ ਕੋਚ ਦੇ ਕੋਲ ਲੈ ਕੇ ਗਏ ਸਨ, ਪਰ ਮਿਅੰਕ ਦੀ ਤਾਂ ਹਮੇਸ਼ਾ ਤੋਂ ਹੀ ਦਿਲਚਸਪੀ ਕ੍ਰਿਕਟ ਵਿਚ ਸੀ। ਉਸ ਦਾ ਭਾਰਤ ਲਈ ਖੇਡਣਾ ਵੱਡੀ ਉਪਲਬਧੀ ਹੈ ਅਤੇ ਉਸ ਦਾ ਪਰਿਵਾਰ ਖੁਸ਼ ਹੈ ਕਿ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਵਿਚ ਸਫਲ ਰਿਹਾ।
ਟੀ-20 ਫਾਰਮੈਟ ਵਿਚ ਲੈੱਗ ਸਪਿਨਰ ਹਮੇਸ਼ਾ ਹੀ ਘਾਤਕ ਹਥਿਆਰ ਹੁੰਦਾ ਹੈ। ਮਿਅੰਕ ਦੀ ਵਿਸ਼ੇਸ਼ਤਾ ਇਹ ਹੈ ਕਿ ਗੁਗਲੀ ਤੇਜ਼ ਸਪੀਡ ਨਾਲ ਆਉਂਦੀ ਹੈ ਅਤੇ ਸਮੇਂ ਦੇ ਨਾਲ ਉਸ ਦੀ ਕਲਾਈ ਜ਼ਿਆਦਾ ਮਜ਼ਬੂਤ ਹੋ ਗਈ ਹੈ, ਜਿਸ ਦਾ ਅਰਥ ਹੈ ਕਿ ਉਹ ਗੇਂਦ ਨੂੰ ਜ਼ਿਆਦਾ ਚੱਕਰ ਦੇਣ ਵਿਚ ਸਫਲ ਰਹਿੰਦਾ ਹੈ। ਇਹੀ ਕਾਰਨ ਹੈ ਕਿ ਪਿਛਲੇ ਸਾਲ ਆਈ. ਪੀ. ਐਲ. ਵਿਚ ਮੁੰਬਈ ਇੰਡੀਅਨਜ਼ ਲਈ ਚੇਨਈ ਸੁਪਰ ਕਿੰਗਸ ਵਿਰੁੱਧ ਆਪਣਾ ਪਹਿਲਾ ਮੈਚ ਖੇਡਦੇ ਹੋਏ ਉਸ ਨੇ ਪਹਿਲਾਂ ਅੰਬਾਤੀ ਰਾਇਡੂ ਨੂੰ ਫਿਲਪਰ ਨਾਲ ਆਊਟ ਕੀਤਾ ਅਤੇ ਫਿਰ ਐਮ. ਐਸ. ਧੋਨੀ ਦਾ ਵਿਕਟ ਤੇਜ਼ ਗੁਗਲੀ ਨਾਲ ਲਿਆ ਜੋ ਸਿਕਡ ਹੋਈ ਸੀ। ਆਈ. ਪੀ. ਐਲ. ਦੇ 14 ਮੈਚਾਂ ਵਿਚ ਉਸ ਨੇ ਕੁੱਲ 15 ਵਿਕਟ ਲਏ ਅਤੇ ਇਥੋਂ ਮਿਅਕਾਂ ਨੂੰ ਰਾਸ਼ਟਰੀ ਪਛਾਣ ਮਿਲਣੀ ਸ਼ੁਰੂ ਹੋਈ।
ਕੂਚ ਬਿਹਾਰ ਟ੍ਰਾਫੀ ਦੇ ਦੋ ਸਾਲਾਂ 2015-16, 2016-17 ਵਿਚ ਮਿਅੰਕ ਲਗਾਤਾਰ 25 ਤੇ 35 ਵਿਕਟਾਂ ਦੇ ਨਾਲ ਪੰਜਾਬ ਅੰਡਰ-19 ਲਈ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲਾ ਖਿਡਾਰੀ ਰਿਹਾ। ਪਿਛਲੇ ਛੇ ਮਹੀਨੇ ਵਿਚ ਮਿਅੰਕ ਨੇ ਰਣਜੀ ਟ੍ਰਾਫੀ ਖੇਡਣੀ ਸ਼ੁਰੂ ਕੀਤੀ ਅਤੇ ਸੱਤ ਫਰਸਟ ਕਲਾਸ ਮੈਚਾਂ ਵਿਚ ਉਸ ਨੇ ਕੁੱਲ 34 ਵਿਕਟਾਂ ਲਈਆਂ, ਜਿਨ੍ਹਾਂ ਵਿਚੋਂ ਤਿੰਨ ਵਾਰ ਪੰਜ ਵਿਕਟ ਲੈਣਾ ਵੀ ਸ਼ਾਮਿਲ ਹੈ।
ਮਿਅੰਕ ਕਹਿੰਦੇ ਹਨ, 'ਮੈਂ ਆਪਣੀ ਲੈੱਗ ਸਪਿਨਰ ਇਕ ਸਾਲ ਤੋਂ ਘੱਟ ਕਰ ਰਿਹਾ ਹਾਂ ਅਤੇ ਵਿਕਟਾਂ ਦੇ ਰੂਪ ਵਿਚ ਹੁਣ ਫਲ ਮਿਲਣ ਲੱਗਿਆ ਹੈ। ਆਪਣੀ ਸੱਟ ਦੀ ਵਜ੍ਹਾ ਨਾਲ ਮੇਰੇ ਪਿਤਾ ਭਾਰਤ ਦੀ ਅਗਵਾਈ ਨਹੀਂ ਕਰ ਸਕੇ ਸਨ, ਹੁਣ ਭਾਰਤ ਲੀ ਖੇਡ ਕੇ ਸ਼ਾਇਦ ਮੈਂ ਉਨ੍ਹਾਂ ਦਾ ਸੁਪਨਾ ਪੂਰਾ ਕਰ ਦਿੱਤਾ ਹੈ।' ਪੰਜਾਬ ਦੇ ਸਾਬਕਾ ਆਫ਼ ਸਪਿਨਰ ਮਹੇਸ਼ ਇੰਦਰ ਸਿੰਘ, ਜੋ ਭਾਰਤ ਦੇ ਸਾਬਕਾ ਆਲ ਰਾਊਂਡਰ ਰਤਿੰਦਰ ਸਿੰਘ ਸੋਢੀ ਦੇ ਪਿਤਾ ਵੀ ਹਨ, ਤੋਂ ਟ੍ਰੇਨਿੰਗ ਲੈਣ ਲਈ ਮਿਅੰਕ ਨੇ ਪਟਿਆਲਾ ਦੀ ਐਨ. ਆਈ. ਸੀ. ਐਸ. ਅਕਾਦਮੀ ਜੁਆਇਨ ਕੀਤੀ। ਮਿਅੰਕ ਨੇ ਤੇਜ਼ ਗੇਂਦਬਾਜ਼ੀ ਨਾਲ ਸ਼ੁਰੂਆਤ ਕੀਤੀ, ਪਰ ਸਿੰਘ ਨੇ ਲੈੱਗ ਸਪਿਨਰ 'ਤੇ ਧਿਆਨ ਦੇਣ ਲਈ ਕਿਹਾ। ਹਾਲਾਂਕਿ ਪਿਛਲੇ 7 ਸਾਲਾਂ ਤੋਂ ਮਿਅੰਕ ਇੰਡੀਆ ਅੰਡਰ-19 ਦੇ ਸਾਬਕਾ ਕੋਚ ਮੁਨੀਸ਼ ਬਾਲੀ ਤੋਂ ਟ੍ਰੇਨਿੰਗ ਲੈ ਰਿਹਾ ਹੈ, ਪਰ ਉਹ ਗਾਈਡੈਂਸ ਲਈ ਅਕਸਰ ਸਿੰਘ ਨੂੰ ਫੋਨ ਕਰਦਾ ਰਹਿੰਦਾ ਹੈ।
ਮਹੇਸ਼ ਇੰਦਰ ਸਿੰਘ ਦੱਸਦੇ ਹਨ, 'ਜਦੋਂ ਉਹ ਪਹਿਲੀ ਵਾਰ ਆਪਣੇ ਪਿਤਾ ਦੇ ਨਾਲ ਮੇਰੇ ਕੋਲ ਆਇਆ ਤਾਂ ਉਹ ਤੇਜ਼ ਗੇਂਦਬਾਜ਼ ਬਣਨਾ ਚਾਹੁੰਦਾ ਸੀ। ਉਸ ਨੂੰ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰਦੇ ਦੇਖ ਮੈਨੂੰ ਅਹਿਸਾਸ ਹੋਇਆ ਕਿ ਉਸ ਦਾ ਸਰੀਰ ਬਹੁਤ ਲਚੀਲਾ ਹੈ ਅਤੇ ਕਲਾਈ ਵੀ ਜੋ ਇਕ ਲੈੱਗ ਸਪਿਨਰ ਲਈ ਮੁੱਖ ਜ਼ਰੂਰਤ ਹੈ। ਉਸ ਦਾ ਫੁੱਟਵਰਕ ਵੀ ਬਹੁਤ ਤੇਜ਼ ਹੈ, ਏਨੇ ਲਚਕੀਲੇ ਸਰੀਰ ਦੇ ਬੱਚੇ ਦੁਰਲਭ ਹੁੰਦੇ ਹਨ। ਉਹ ਕਿ ਇਸ ਤਰ੍ਹਾਂ ਦੀ ਗੇਂਦ ਸੁੱਟਦਾ ਹੈ ਜੋ ਉਸ ਦੀ ਬੈਕ ਆਫ ਹੈਂਡ ਤੋਂ ਹੌਲੀ ਨਿਕਲਦੀ ਹੈ ਅਤੇ ਸਮੇਂ ਦੇ ਨਾਲ ਉਸ ਨੇ ਗੁਗਲੀ ਵੀ ਵਿਕਸਿਤ ਕਰ ਲਈ ਅਤੇ ਬੱਲੇਬਾਜ਼ੀ ਨੂੰ ਚਕਮਾ ਦੇਣ ਲਈ ਉਹ ਕ੍ਰੀਜ ਦੀ ਵਰਤੋਂ ਵੀ ਕਰਨ ਲੱਗਿਆ ਹੈ। ਉਹ ਅਨਿਲ ਕੁੰਬਲੇ ਤੇ ਸ਼ੇਨ ਵਾਰਨ ਦੇ ਵੀਡੀਓ ਦੇਖਦਾ ਹੈ, ਬਹੁਤ ਜਲਦੀ ਸਿੱਖਦਾ ਹੈ ਅਤੇ ਕਦੀ-ਕਦੀ ਮੇਰੇ ਨਾਲ ਵੀ ਚਰਚਾ ਕਰਦਾ ਹੈ। ਮੈਂ ਸਿਰਫ ਉਸ ਤੋਂ ਇਕ ਹੀ ਗੱਲ ਪਤਾ ਕਰਦਾ ਹਾਂ ਕਿ ਬੱਲੇਬਾਜ਼ ਨੂੰ ਚਕਮਾ ਦੇ ਕੇ ਕਿੰਨੇ ਵਿਕਟ ਮਿਲੇ?'
ਮਿਅੰਕ ਉਪਯੋਗੀ ਬੱਲੇਬਾਜ਼ ਵੀ ਹੈ। ਆਪਣੇ ਪਹਿਲੇ ਹੀ ਰਣਜੀ ਮੈਚ ਵਿਚ ਉਸ ਨੇ ਆਂਧਰ ਪ੍ਰਦੇਸ਼ ਦੇ ਵਿਰੁੱਧ 5 ਵਿਕਟਾਂ ਲੈਣ ਤੋਂ ਇਲਾਵਾ ਅਰਧ ਸੈਂਕੜਾ ਵੀ ਬਣਾਇਆ ਸੀ।


-ਫਿਊਚਰ ਮੀਡੀਆ ਨੈੱਟਵਰਕ

ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ

ਭਾਰਤ ਦੀ ਭਾਗਦਾਰੀ ਵਧੀ

ਆਲ ਇੰਗਲੈਂਡ ਬੈਡਮਿੰਟਨ ਦੀ ਸਦਾ ਹੀ ਉਡੀਕ ਰਹਿੰਦੀ ਹੈ ਕਿ ਇਸ ਵਰ੍ਹੇ ਕਿਹੜਾ ਦੇਸ਼ ਇਸ ਦੀਆਂ ਵੱਖ-ਵੱਖ ਵੰਨਗੀਆਂ ਵਿਚ ਇਸ 'ਤੇ ਆਪਣਾ ਕਬਜ਼ਾ ਕਰਦਾ ਹੈ ਤੇ ਖਾਸ ਤੌਰ 'ਤੇ ਸਾਇਨਾ ਨੇਹਵਾਲ ਤੇ ਪੀ.ਵੀ. ਸਿੰਧੂ ਨੂੰ ਲੈ ਕੇ ਮਹਿਲਾ ਸਿੰਗਲਜ਼ ਵਰਗ ਵਿਚ ਤਾਂ ਬਹੁਤ ਚਰਚੇ ਚੱਲ ਰਹੇ ਸਨ। ਇਸ ਸਾਲ ਖੇਡ ਪ੍ਰੇਮੀਆਂ ਨੂੰ ਜਿਥੋਂ ਤੱਕ ਭਾਰਤ ਦਾ ਸੁਆਲ ਹੈ, ਨਿਰਾਸ਼ਾ ਹੀ ਪੱਲੇ ਪਈ ਹੈ ਤੇ ਭਾਰਤ ਦੀ ਦੌੜ ਕੁਆਟਰ ਫਾਈਨਲ ਤੋਂ ਪਹਿਲਾਂ ਹੀ ਖਤਮ ਹੋ ਗਈ। ਇਹ ਨਿਰਾਸ਼ਾ ਉਸ ਸਮੇਂ ਘੋਰ ਨਿਰਾਸ਼ਾ ਤੱਕ ਪਹੁੰਚ ਗਈ ਜਦੋਂ ਜਿਹੜੀ ਆਸ ਦੀ ਪ੍ਰਬਲ ਕਿਰਨ ਸੀ ਕਿ ਪੀ.ਵੀ. ਸਿੰਧੂ ਇਸ ਵਾਰ ਆਲ ਇੰਗਲੈਂਡ ਬੈਡਮਿੰਟਨ ਭਾਰਤ ਦੀ ਝੋਲੀ ਵਿਚ ਪਾਵੇਗੀ ਤੇ ਭਾਰਤ ਦੀ ਪਹਿਲੀ ਮਹਿਲਾ ਇਹ ਖਿਤਾਬ ਜਿੱਤਣ ਵਾਲੀ ਬਣੇਗੀ, ਉਹ ਪਹਿਲੇ ਹੀ ਮੈਚ ਵਿਚ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਇਸ ਸਮੇਂ ਮਾਹਿਰਾਂ ਦਾ ਆਪਸ ਵਿਚ ਇੰਗਲੈਂਡ ਦੇ ਮੌਸਮ ਨੂੰ ਲੈ ਕੇ ਵਾਦ-ਵਿਵਾਦ ਵੀ ਚੱਲਿਆ ਤੇ ਇਕ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਪੀ.ਵੀ. ਸਿੰਧੂ ਇਸ ਕਰਕੇ ਹਾਰ ਗਈ ਕਿ ਉਸ ਨੂੰ ਦੇਸ਼ ਵਿਚੋਂ ਬਰਮਿੰਘਮ ਆਉਣ ਵਿਚ ਅਜੇ ਕੁੱਝ ਸਮਾਂ ਹੀ ਹੋਇਆ ਸੀ ਕਿ ਮੈਚ ਖੇਡਣਾ ਪਿਆ ਤੇ ਉਹ ਇੰਗਲੈਂਡ ਦੇ ਵਾਤਾਵਰਨ ਤੇ ਮੌਸਮ ਨਾਲ ਤਾਲਮੇਲ ਹੀ ਨਾ ਕਰ ਸਕੀ, ਪਰ ਕੁਝ ਨੇ ਇਸ ਕਾਰਨ ਨੂੰ ਬੇਬੁਨਿਆਦ ਦੱਸਿਆ ਤੇ ਕਿਹਾ ਮੌਸਮ ਸਭ ਲਈ ਬਰਾਬਰ ਸਨ। ਸਾਡੀ ਦੂਸਰੀ ਉਮੀਦ ਸਾਇਨਾ ਨੇਹਵਾਲ ਸੀ, ਜਿਸ ਬਾਰੇ ਹੁਣ ਇਹ ਕਿਹਾ ਜਾ ਰਿਹਾ ਸੀ ਕਿ ਪਿਛਲੇ ਸਾਲ ਦੇ ਆਖਰ ਵਿਚ ਅੰਤਰਰਾਸ਼ਟਰੀ ਟੂਰਨਾਮੈਂਟ ਵਰਲਡ ਟੂਰ ਚੈਂਪੀਅਨਸ਼ਿਪ ਵਿਚ, ਜਿਸ ਵਿਚ ਸਪੇਨ ਦੀ ਕਾਰੋਲੀਨਾ ਵੀ ਭਾਗ ਲੈ ਰਹੀ ਸੀ, ਜਿੱਤ ਕੇ ਫਿਰ ਖੇਡ ਵਿਚ ਵਾਪਸੀ ਕੀਤੀ ਹੈ ਤੇ ਸਾਲ ਦੇ ਰਾਸ਼ਟਰੀ ਟੂਰਨਾਮੈਂਟ ਵਿਚ ਉਸ ਨੇ ਪੀ.ਵੀ. ਸਿੰਧੂ ਨੂੰ ਹਰਾ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਹੁਣ ਉਸ ਨੇ ਮਜ਼ਬੂਤੀ ਨਾਲ ਆਪਣੀ ਸਰੀਰਕ ਸਮੱਰਥਾ ਵਿਚ ਵੀ ਨਾਲ ਸੁਧਾਰ ਕਰ ਲਿਆ ਹੈ। ਉਸ ਸਮੇਂ ਇਹ ਸਥਿਤੀ ਵੀ ਬਣ ਗਈ ਸੀ ਕਿ ਭਾਰਤ ਵਿਚ ਹੁਣ ਹਾਕੀ ਤੋਂ ਬਾਅਦ ਉਲੰਪਿਕ ਵਿਚ ਬੈਡਮਿੰਟਨ 'ਚੋਂ ਤਗਮਾ ਲੈਣ ਦੀ ਚਰਚਾ ਹੁੰਦੀ ਹੈ।
ਮਾਹਿਰਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਪੇਨ ਦੀ ਕਾਰੋਲੀਨਾ ਦੇ ਇਸ ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਲੱਤ 'ਤੇ ਸੱਟ ਲੱਗਣ ਕਰਕੇ ਇਸ ਵਿਚ ਭਾਗ ਨਾ ਲੈਣ ਕਾਰਨ ਇਹ ਸੁਨਹਿਰੀ ਮੌਕਾ ਹੈ ਕਿ ਕਿਸੇ ਵੀ ਖਿਡਾਰੀ ਪੀ.ਵੀ. ਸਿੰਧੂ ਜਾਂ ਸਾਇਨਾ ਨੇਹਵਾਲ ਦਾ ਇਸ ਵੱਕਾਰੀ ਟੂਰਨਾਮੈਂਟ ਜਿੱਤਣਾ ਸੰਭਵ ਹੋ ਸਕਦਾ ਹੈ। ਪਰ ਭਾਰਤ ਦੀਆਂ ਇਨ੍ਹਾਂ ਆਸਾਂ ਨੂੰ ਬੂਰ ਨਹੀਂ ਪਿਆ, ਜਿਸ ਦੇ ਵੀ ਕੁਝ ਕਾਰਨ ਹਨ, ਜਿਨ੍ਹਾਂ ਬਾਰੇ ਚਰਚਾ ਕੀਤੀ ਜਾ ਸਕਦੀ ਹੈ। ਪੁਰਸ਼ ਵੰਨਗੀ ਵਿਚ ਸ੍ਰੀ ਕਾਂਤ ਦਾ ਕੁਆਟਰ ਫਾਈਨਲ ਵਿਚ ਮੁਕਾਬਲਾ ਵਿਸ਼ਵ ਦੇ ਦੋ ਵਾਰ ਦੇ ਜੇਤੂ ਜਾਪਾਨ ਦੇ ਮੌਮਤਾ ਨਾਲ ਸੀ ਪਰ ਉਹ ਵੀ ਭਾਰਤ ਚੰਗੀ ਸੰਭਾਵਨਾ ਹੋਣ ਦੇ ਬਾਵਜੂਦ ਸਿੱਧੇ ਸੈੱਟਾਂ ਵਿਚ ਹਾਰ ਗਿਆ। ਇਸ ਖਿਡਾਰੀ ਨੇ ਆਖਰ ਵਿਚ ਇਹ ਖਿਤਾਬ ਜਿੱਤਿਆ।
ਦੁਨੀਆ ਵਿਚ ਬੈਡਮਿੰਟਨ ਦੀ ਖੇਡ ਵਿਚ ਆਲ ਇੰਡੀਆ ਬੈਡਮਿੰਟਨ ਟੂਰਨਾਮੈਂਟ ਨੂੰ ਸਭ ਤੋਂ ਪ੍ਰਤਿਸ਼ਠਤ ਸਵੀਕਾਰ ਕੀਤਾ ਜਾਂਦਾ ਹੈ। ਕੁਝ ਲੋਕਾਂ ਦਾ ਇਹ ਖਿਆਲ ਹੈ ਕਿ ਇਸ ਦੀ ਮਹੱਤਤਾ ਉਲੰਪਿਕ ਦੇ ਬਰਾਬਰ ਸਮਝੀ ਜਾਂਦੀ ਹੈ। ਮਾਹਿਰਾਂ ਦਾ ਇਹ ਖਿਆਲ ਹੈ ਕਿ ਇਸ ਆਲ ਇੰਗਲੈਂਡ ਵਿਚ ਨਿਰੋਲ ਬੈਡਮਿੰਟਨ ਹੀ ਖੇਡਿਆ ਜਾਂਦਾ ਹੈ ਤੇ ਜਿੱਥੇ ਉਲੰਪਿਕ ਵਿਚ ਸਾਰੀਆਂ ਹੀ ਖੇਡਾਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ। ਭਾਰਤ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਦੋਵਾਂ ਵਿਚ ਆਲ ਇੰਗਲੈਂਡ ਤੇ ਉਲੰਪਿਕ ਵਿਚ ਭਾਰਤ ਨੇ ਤਗਮੇ ਜਿੱਤੇ ਹਨ। ਜੇਕਰ ਆਲ ਇੰਗਲੈਂਡ ਦੀ ਗੱਲ ਕਰੀਏ ਤਾਂ ਭਾਰਤ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਭਾਰਤ ਨੇ ਦੋ ਵਾਰੀ ਇਸ ਨੂੰ ਜਿੱਤਿਆ ਹੈ। ਪਹਿਲੀ ਵਾਰੀ ਪ੍ਰਕਾਸ਼ ਪਾਦੋਕੋਨ ਨੇ ਇਹ ਵੱਕਾਰੀ ਟੂਰਨਾਮੈਂਟ ਭਾਰਤ ਦੀ ਝੋਲੀ ਵਿਚ ਪਾਇਆ ਤੇ ਇਸ ਨਾਲ ਹੀ ਭਾਰਤ ਦਾ ਇਸ ਦਾ ਸੁਨਹਿਰੀ ਯੁੱਗ ਦਾ ਆਰੰਭ ਸਮਝਿਆ ਜਾ ਸਕਦਾ ਹੈ। ਫਿਰ ਇਸ ਨੂੰ ਵਧੇਰੇ ਮਜ਼ਬੂਤ ਕਰਨ ਵਾਲਾ ਗੋਪੀ ਚੰਦ ਸੀ, ਜਿਸ ਨੇ 2001 ਵਿਚ ਇਹ ਪ੍ਰਤੀਯੋਗਤਾ ਜਿੱਤੀ। ਹੁਣ 18 ਸਾਲ ਦੇ ਸੋਕੇ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋਣੀ ਸੀ ਤੇ ਸਭ ਦੀਆਂ ਨਜ਼ਰਾਂ ਇਸ 'ਤੇ ਲੱਗੀਆਂ ਹੋਈਆਂ ਸਨ।
ਚਾਹੇ ਅਸੀਂ ਇਸ ਵੱਕਾਰੀ ਟੂਰਨਾਮੈਂਟ ਵਿਚ ਕੋਈ ਮਾਅਰਕਾ ਤਾਂ ਨਹੀਂ ਮਾਰ ਸਕੇ, ਪਰ ਹੁਣ ਇਸ ਸਮੇਂ ਵਿਚ ਆ ਕੇ ਭਾਰਤ ਦੀ ਇਸ ਆਲ ਇੰਗਲੈਂਡ ਟੂਰਨਾਮੈਂਟ ਵਿਚ ਭਾਗਦਾਰੀ ਵਧੀ ਹੈ। ਇਸ ਵਾਰੀ ਸਾਡੇ ਪੰਜ ਖਿਡਾਰੀ ਭਿੰਨ-ਭਿੰਨ ਵੰਨਗੀਆਂ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਸਨ। ਇਕ ਵਾਰ ਸਾਡੇ ਦੋ ਖਿਡਾਰੀ ਹੀ ਆਹਮੋ-ਸਾਹਮਣੇ ਸਨ। ਇਸ ਖੇਡ ਨਾਲ ਜੁੜੇ ਹੋਏ ਮਾਹਿਰਾਂ ਵਲੋਂ ਸੰਸਾਰ ਦੇ ਇਨ੍ਹਾਂ ਦੋ ਪ੍ਰਸਿੱਧ ਖਿਡਾਰੀਆਂ ਸਾਇਨਾ ਤੇ ਸਿੰਧੂ ਕਰਕੇ ਹੀ ਅੱਜ ਉਨ੍ਹਾਂ ਦੇਸ਼ਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਇਸ ਖੇਡ ਵਿਚ ਸਮੱਰਥ ਸਮਝਿਆ ਜਾਂਦਾ ਹੈ। ਹੁਣ ਇਸ ਖੇਡ ਵਿਚ ਸਾਡੀ ਬੈਂਚ ਪਾਵਰ ਵੀ ਵਧੀ ਹੈ ਤੇ ਨਵੇਂ ਖਿਡਾਰੀਆਂ ਤੋਂ ਇਹ ਆਸ ਕੀਤੀ ਜਾਂਦੀ ਹੀ ਕਿ ਉਹ ਕਿਸੇ ਸਮੇਂ ਕੋਈ ਇਤਿਹਾਸ ਸਿਰਜਣਗੇ। ਹੁਣ ਖੇਡ ਦਾ ਫਾਰਮੈਂਟ ਹੀ ਇਸ ਢੰਗ ਨਾਲ ਬਣਾਇਆ ਗਿਆ ਸੀ ਕਿ ਭਾਰਤ ਦਾ ਮੁਕਾਬਲਾ ਹੀ ਆਪਣੇ ਤੋਂ ਵਧੇਰੇ ਸਮਰੱਥ ਤੇ ਬਹੁਤ ਹੀ ਬਿਹਤਰ ਵਿਸ਼ਵ ਰੈਂਕਿੰਗ ਵਾਲੇ ਖਿਡਾਰੀਆਂ ਨਾਲ ਪੈ ਗਿਆ। ਕੁਝ ਸ਼ਟਲ ਡਿੱਗਣ ਦੀਆਂ ਜੱਜਮੈਂਟ ਦੀਆਂ ਗਲਤੀਆਂ ਸਾਨੂੰ ਬਹੁਤ ਮਹਿੰਗੀਆਂ ਪਈਆਂ।
ਇਤਫਾਕ ਵੱਸ ਖਾਸ ਤੌਰ 'ਤੇ ਸਾਇਨਾ ਨੂੰ ਵਿਸ਼ਵ ਦੀ ਨੰਬਰ ਇਕ ਖਿਡਾਰਨ ਤਾਈ ਜੂ ਯਿੰਗ ਨਾਲ ਤੀਜੇ ਮੈਚ ਵਿਚ ਖੇਡਣਾ ਪੈ ਗਿਆ। ਜੇਕਰ ਇਨ੍ਹਾਂ ਵਿਚਲੇ ਪਹਿਲਾਂ ਹੋਏ ਮੁਕਾਬਲਿਆਂ ਦੀ ਗੱਲ ਕੀਤੀ ਜਾਵੇ ਤਾਂ ਪਤਾ ਚਲਦਾ ਹੈ ਕਿ ਕੁੱਲ 20 ਮੁਕਾਬਲਿਆਂ ਵਿਚ ਭਾਰਤ ਨੇ ਕੇਵਲ ਪੰਜ ਵਿਚੋਂ ਸਾਇਨਾ ਨੇ ਤਾਈ ਜੂ ਯਿੰਗ ਕੋਲੋਂ ਜਿੱਤ ਹਾਸਲ ਕੀਤੀ ਹੈ ਤੇ ਤਾਈ ਨੇ 15 ਵਾਰ ਤੇ ਅਫਸੋਸ ਦੀ ਗੱਲ ਹੈ ਕਿ ਇਹ ਸਾਇਨਾ ਦੀ ਲਗਾਤਾਰ 11 ਵਾਰ ਹਾਰ ਸੀ। ਪਹਿਲੀ ਗੇਮ 21-15 ਤੇ ਦੂਜੀ ਗੇਮ ਵਿਚ ਸਾਇਨਾ ਨੇ ਮੱਧ ਵਿਚ ਲੀਡ ਵੀ ਲਈ ਸੀ ਪਰ ਵਿਰੋਧੀ ਖਿਡਾਰਨ ਨੇ ਵਧੀਆ ਪ੍ਰਦਰਸ਼ਨ ਕਰਕੇ ਮੈਚ ਆਪਣੇ ਨਾਂਅ 21-19 ਨਾਲ ਕਰ ਲਿਆ। ਜੇ ਇਸ ਵਾਰ ਹੋਏ ਮਕੁਾਬਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਦੋਵਾਂ ਵਿਚ ਮੁਕਾਬਲਾ ਇਕਪਾਸੜ ਹੀ ਰਿਹਾ ਤੇ ਉੱਤਮ ਖਿਡਾਰਨ ਤਾਈ ਯੂ ਜਿੰਗ ਜਿੱਤ ਹੋਈ। ਇਸ ਹਾਰ ਦਾ ਕਾਰਨ ਖੁਦ ਆਪ ਸਾਇਨਾ ਨੇ ਇਕ ਮੁਲਾਕਾਤ ਵਿਚ ਦੱਸਦੇ ਹੋਏ ਕਿਹਾ ਹੈ ਕਿ ਇਨ੍ਹਾਂ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਹੀ ਘੱਟ ਮਿਲਦਾ ਹੈ। ਇਸ ਲਈ ਅਗਲੇ ਸਾਲ ਖੇਡਾਂ ਦਾ ਮਹਾਂਕੁੰਭ ਉਲੰਪਿਕ ਜਾਪਾਨ ਵਿਚ ਟੋਕੀਓ ਵਿਚ ਹੋ ਰਿਹਾ ਹੈ। ਸਾਡੇ ਲਈ ਇਹ ਜ਼ਰੂਰੀ ਹੈ ਕਿ ਇਸ ਸਮੇਂ ਅਸੀ ਵੱਧ ਤੋਂ ਵੱਧ ਦੁਨੀਆ ਦੇ ਸ੍ਰੇਸ਼ਠ ਖਿਡਾਰੀਆਂ ਨਾਲ ਮੈਚ ਕਰਵਾ ਕੇ ਉਨ੍ਹਾਂ ਵਿਚ ਸਵੈ-ਵਿਸ਼ਵਾਸ ਪੈਦਾ ਕਰੀਏ।


-274-ਏ. ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਅਪਾਹਜ ਹੋਣ ਦੇ ਬਾਵਜੂਦ ਨਹੀਂ ਮੰਨੀ ਹਾਰ ਅਸ਼ਵਨੀ ਠਾਕਰ ਨੇ

ਅਸ਼ਵਨੀ ਠਾਕਰ ਪੈਰ ਤੋਂ ਅਪਾਹਜ ਹੈ ਪਰ ਉਸ ਨੇ ਜ਼ਿੰਦਗੀ ਤੋਂ ਕਦੇ ਹਾਰ ਨਹੀਂ ਮੰਨੀ ਅਤੇ ਹੈ ਹੌਸਲੇ ਦੀ ਵੱਡੀ ਮਿਸਾਲ। ਅਸ਼ਵਨੀ ਠਾਕਰ ਦਾ ਜਨਮ ਪ੍ਰਾਂਤ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਪਿੰਡ ਜਮਾਲਪੁਰ ਵਿਚ ਪਿਤਾ ਰਿਸ਼ੀਪਾਲ ਸਿੰਘ ਦੇ ਘਰ ਮਾਤਾ ਗੀਤਾ ਦੇਵੀ ਦੀ ਕੁੱਖੋਂ 2 ਅਪ੍ਰੈਲ, 1991 ਨੂੰ ਹੋਇਆ ਅਤੇ ਉਹ 3 ਭਰਾਵਾਂ 'ਚੋਂ ਸਭ ਤੋਂ ਛੋਟਾ ਅਤੇ ਲਾਡਲਾ ਹੈ ਅਤੇ ਜਨਮ ਤੋਂ ਹੀ ਇਕ ਪੈਰ ਤੋਂ ਅਪਾਹਜ ਹੈ ਅਤੇ ਲੰਗੜਾਅ ਕੇ ਚਲਦਾ ਹੈ। ਅਸ਼ਵਨੀ ਠਾਕਰ ਨੂੰ ਸਕੂਲ ਤੱਕ ਛੱਡਣ ਅਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਵੀ ਦੋਵੇਂ ਭਰਾਵਾਂ ਨੇ ਉਠਾਈ ਅਤੇ ਉਸ ਦਾ ਸਕੂਲੀ ਜੀਵਨ ਆਰੰਭ ਹੋਇਆ। ਅਸ਼ਵਨੀ ਠਾਕਰ ਨੇ ਐਮ. ਕਾਮ. ਦੀ ਪੜ੍ਹਾਈ ਉੱਤਰ ਪ੍ਰਦੇਸ਼ ਦੇ ਸ਼ਹਿਰ ਮੇਰਠ ਤੋਂ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਕੀਤੀ ਅਤੇ ਬਾਕੀ ਉੱਚ ਸਿੱਖਿਆ ਦੇਹਰਾਦੂਨ ਤੋਂ ਪ੍ਰਾਪਤ ਕੀਤੀ। ਅਸ਼ਵਨੀ ਠਾਕਰ ਭਾਵੇਂ ਅਪਾਹਜ ਸੀ ਪਰ ਉਸ ਨੂੰ ਖੇਡਾਂ ਖੇਡਣ ਦਾ ਜਨੂੰਨ ਵੀ ਹੱਦ ਤੋਂ ਪਰੇ ਸੀ ਅਤੇ ਅੱਜ ਉਹ ਜਿੱਥੇ ਇਕ ਤੇਜ਼ ਦੌੜਾਕ ਹੈ, ਉਥੇ ਉਹ ਬੈਡਮਿੰਟਨ ਦਾ ਵੀ ਚੰਗਾ ਖਿਡਾਰੀ ਹੈ ਅਤੇ ਉਹ ਲਗਾਤਾਰ ਜਿੱਤਾਂ ਵੱਲ ਵਧ ਰਿਹਾ ਹੈ।
ਉਸ ਦੇ ਖੇਡ ਕੈਰੀਅਰ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਉੱਤਰਾਖੰਡ ਦੇ ਪੈਰਾ ਉਲੰਪਿਕ ਪ੍ਰਧਾਨ ਪ੍ਰੇਮ ਕੁਮਾਰ ਦੀ ਨਜ਼ਰ ਉਸ 'ਤੇ ਪਈ ਅਤੇ ਉਨ੍ਹਾਂ ਦੀ ਮਿਲੀ ਰਹਿਨੁਮਾਈ ਅਤੇ ਆਪਣੀ ਕੋਚ ਮੈਡਮ ਮੀਨਾ ਵਲੋਂ ਕਰਵਾਈ ਤਿਆਰੀ ਸਦਕਾ ਉਹ 2016 ਤੋਂ ਲੈ ਕੇ 2019 ਤੱਕ ਹਰ ਪੈਰਾ ਖੇਡਾਂ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ 100 ਮੀਟਰ ਦੀ ਦੌੜ 'ਚੋਂ ਹਮੇਸ਼ਾ ਪਹਿਲੇ ਹੀ ਸਥਾਨ 'ਤੇ ਰਹਿੰਦਾ ਹੈ ਅਤੇ ਜੇਕਰ ਪੈਰਾ ਬੈਡਮਿੰਟਨ ਦੀ ਗੱਲ ਕਰੀਏ ਤਾਂ ਉਹ ਪੂਰੇ ਦੇਸ਼ ਦਾ ਮਾਣ ਅਰਜਨ ਐਵਾਰਡ ਵਿਜੇਤਾ ਮਨੋਜ ਸਰਕਾਰ ਦੀ ਦੇਖ-ਰੇਖ ਹੇਠ ਪੈਰਾ ਬੈਡਮਿੰਟਨ ਵਿਚ ਵੀ ਲਗਾਤਾਰ ਪ੍ਰਾਪਤੀਆਂ ਕਰ ਰਿਹਾ ਹੈ ਅਤੇ ਉਹ ਜਲਦੀ ਹੀ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਧਾਂਕ ਜਮਾਉਣ ਲਈ ਦਿਨ-ਰਾਤ ਇਕ ਕਰ ਰਿਹਾ ਹੈ ਅਤੇ ਉਹ ਭਾਰਤ ਦੀ ਵੀਲ੍ਹਚੇਅਰ ਕ੍ਰਿਕਟ ਟੀਮ ਦਾ ਹਿੱਸਾ ਬਣ ਕੇ ਕਈ ਅੰਤਰਰਾਸ਼ਟਰੀ ਪੱਧਰ 'ਤੇ ਮੈਚ ਖੇਡ ਕੇ ਆਪਣੀ ਖੇਡ ਕਲਾ ਦਾ ਲੋਹਾ ਮੰਨਵਾ ਰਿਹਾ ਹੈ। ਅਸ਼ਵਨੀ ਠਾਕਰ ਦਾ ਸੁਪਨਾ ਹੈ ਕਿ ਉਹ ਇਕ ਦਿਨ ਉਲੰਪਿਕ ਵਿਚ ਖੇੇਡ ਕੇ ਭਾਰਤ ਦਾ ਨਾਂਅ ਰੌਸ਼ਨ ਕਰੇਗਾ। ਅਸ਼ਵਨੀ ਆਖਦਾ ਹੈ ਕਿ, 'ਖੁਸ਼ੀ ਦੇਖੋ ਰੁਕਾਵਟੋਂ ਕੀ ਕਿ ਇਕ ਪੈਰ ਨਹੀਂ, ਪਰ ਹਮ ਨੇ ਭੀ ਠਾਨੀ ਹੈ ਕੁਝ ਕਰ ਵਿਖਾਨੇ ਕੀ।'


-ਮੋਬਾ: 98551-14484

ਕ੍ਰਿਕਟਰਾਂ ਲਈ ਇਸ਼ਤਿਹਾਰਬਾਜ਼ੀ 'ਚ ਚੁਣੌਤੀ ਬਣਨ ਲੱਗੇ ਹੋਰ ਖੇਡਾਂ ਵਾਲੇ

ਸਾਡੇ ਦੇਸ਼ 'ਚ ਅੱਜ ਤੋਂ ਕੁਝ ਸਾਲ ਪਹਿਲਾਂ ਵਪਾਰਕ ਘਰਾਣੇ ਆਪਣੇ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਲਈ ਚਰਚਿਤ ਫਿਲਮੀ ਸਿਤਾਰਿਆਂ ਜਾਂ ਕ੍ਰਿਕਟਰਾਂ ਨੂੰ ਹੀ ਚੁਣਦੇ ਸਨ। ਪਰ ਸਮੇਂ ਦੇ ਬਦਲਣ ਨਾਲ ਇਸ ਕਾਰੋਬਾਰ 'ਚ ਹੋਰਨਾਂ ਖੇਡਾਂ ਵਾਲਿਆਂ ਦਾ ਵੀ ਮੁੱਲ ਪੈਣ ਲੱਗਿਆ ਹੈ। ਇਸ਼ਤਿਹਬਾਜ਼ੀ 'ਚ ਕ੍ਰਿਕਟਰਾਂ ਤੋਂ ਇਲਾਵਾ ਹੋਰਨਾਂ ਖੇਡਾਂ ਮੁੱਕੇਬਾਜ਼ੀ, ਬੈਡਮਿੰਟਨ, ਕੁਸ਼ਤੀ, ਕਬੱਡੀ ਅਤੇ ਹਾਕੀ ਵਾਲੇ ਵੀ ਬਰਾਂਡ ਅੰਬੈਸਡਰਾਂ ਦੇ ਰੂਪ 'ਚ ਜਿੱਥੇ ਚਮਕਣ ਲੱਗੇ ਹਨ, ਉੱਥੇ ਮਸ਼ਹੂਰੀ ਪ੍ਰਚਾਰ ਲਈ ਇਨ੍ਹਾਂ ਨੂੰ ਚੋਖਾ ਮਿਹਨਤਾਨਾ ਵੀ ਮਿਲਣ ਲੱਗਾ ਹੈ। ਇਹ ਰੁਝਾਨ ਸਾਡੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਕਰਨ 'ਚ ਵੀ ਯੋਗਦਾਨ ਪਾਵੇਗਾ।
ਕ੍ਰਿਕਟਰਾਂ ਦੇ ਸਮਾਂਤਰ ਇਸ਼ਤਿਹਾਬਾਜ਼ੀ 'ਚ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਸਭ ਤੋਂ ਪਹਿਲਾਂ ਵਪਾਰਕ ਘਰਾਣਿਆਂ ਦੀ ਪਸੰਦ ਬਣਨੀ ਸ਼ੁਰੂ ਹੋਈ। ਮੁੱਕੇਬਾਜ਼ ਵਿਜੇਂਦਰ ਸਿੰਘ ਵਲੋਂ ਉਲੰਪਿਕ 'ਚ ਤਗਮਾ ਜਿੱਤਣ ਉਪਰੰਤ ਉਲੰਪਿਕ ਲਹਿਰ ਦੀਆਂ ਖੇਡਾਂ ਵਾਲਿਆਂ ਲਈ ਵਪਾਰਕ ਜਗਤ 'ਚ ਹੋਰ ਵੀ ਦੁਆਰ ਖੁੱਲ੍ਹ ਗਏ। ਵਿਜੇਂਦਰ ਸਿੰਘ ਕਈ ਉਤਪਾਦਾਂ ਦਾ ਬਰਾਂਡ ਅੰਬੈਸਡਰ ਬਣਿਆ। ਇਸ ਤੋਂ ਬਾਅਦ ਮੁੱਕੇਬਾਜ਼ ਮੈਰੀਕਾਮ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਪੀ.ਵੀ. ਸਿੰਧੂ, ਕਿਦੰਬੀ ਸ਼੍ਰੀਕਾਂਤ ਤੇ ਪਹਿਲਵਾਨ ਸੁਸ਼ੀਲ ਕੁਮਾਰ ਵੀ ਬਰਾਂਡ ਅੰਬੈਸਡਰ ਬਣੇ। ਰੀਓ ਉਲੰਪਿਕਸ ਅਤੇ ਵਿਸ਼ਵ ਚੈਂਪੀਅਨਸ਼ਿਪ 'ਚੋਂ ਚਾਂਦੀ ਦੇ ਤਗਮੇ ਜੇਤੂ ਪੀ.ਵੀ. ਸਿੰਧੂ ਇਸ ਵੇਲੇ ਵਪਾਰਕ ਘਰਾਣਿਆਂ ਦੀ ਚਹੇਤੀ ਬਣੀ ਹੋਈ ਹੈ। ਹਾਲ ਹੀ ਵਿਚ ਪੀ.ਵੀ. ਸਿੰਧੂ ਨਾਲ ਚੀਨ ਦੀ ਕੰਪਨੀ ਲੀ ਨਿੰਗ ਨੇ ਚਾਰ ਸਾਲਾਂ ਲਈ 50 ਕਰੋੜ ਰੁਪਏ ਦਾ ਇਕਰਾਰਨਾਮਾ ਕੀਤਾ ਹੈ, ਜੋ ਕਿ ਬਹੁਤ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੰਧੂ ਨੇ 3 ਸਾਲ ਲਈ ਯੌਨੈਕਸ ਕੰਪਨੀ ਨਾਲ 3.5 ਕਰੋੜ ਦਾ ਇਕਰਾਰਨਾਮਾ ਨਿਭਾਇਆ ਹੈ।
ਅੱਜਕਲ੍ਹ ਸ਼ੁਹਰਤ ਦੀਆਂ ਬੁਲੰਦੀਆਂ ਨੂੰ ਛੋਹ ਰਹੀ ਪੀ.ਵੀ. ਸਿੰਧੂ ਨੂੰ ਜੇਕਰ ਕਿਸੇ ਵਪਾਰਕ ਸਮਾਗਮ ਦੌਰਾਨ ਇਕ ਦਿਨ ਵਾਸਤੇ ਬੁਲਾਇਆ ਜਾਵੇ ਤਾਂ ਉਹ 1 ਤੋਂ 1.5 ਕਰੋੜ ਰੁਪਏ ਤੱਕ ਰਕਮ ਵਸੂਲਦੀ ਹੈ। ਦੇਖਿਆ ਜਾਵੇ ਤਾਂ ਉਸ ਦੀ ਇਕ ਦਿਨ ਦੀ ਕੀਮਤ ਫਿਲਮੀ ਸਿਤਾਰੇ ਰਣਬੀਰ ਸਿੰਘ (1.5 ਤੋਂ 2 ਕਰੋੜ) ਅਤੇ ਆਲੀਆ ਭੱਟ (1 ਕਰੋੜ) ਦੇ ਆਸ-ਪਾਸ ਪੁੱਜ ਗਈ ਹੈ। ਇਸ ਦੇ ਨਾਲ ਹੀ ਬੈਡਮਿੰਟਨ ਖਿਡਾਰੀ ਕਿਦੰਬੀ ਸ਼੍ਰੀਕਾਂਤ ਨਾਲ ਵੀ ਲੀ ਨਿੰਗ ਕੰਪਨੀ ਨੇ ਚਾਰ ਸਾਲ ਲਈ 35 ਕਰੋੜ ਰੁੁਪਏ 'ਚ ਇਕਰਾਰਨਾਮਾ ਕੀਤਾ ਹੈ। ਲੰਡਨ ਉਲੰਪਿਕ 'ਚੋਂ ਕਾਂਸੀ ਦਾ ਤਗਮਾ ਜੇਤੂ ਸਾਇਨਾ ਨੇਹਵਾਲ 25 ਕਰੋੜ ਰੁਪਏ ਦੀ ਰਾਸ਼ੀ ਦੇ ਇਵਜ਼ 'ਚ ਦੋ ਸਾਲ ਲਈ ਪੰਜ ਕੰਪਨੀਆਂ ਨਾਲ ਇਕਰਾਰਨਾਮਾ ਕਰ ਚੁੱਕੀ ਹੈ। 6 ਵਾਰ ਦੀ ਜੱਗ ਜੇਤੂ ਅਤੇ ਲੰਦਨ ਉਲੰਪਿਕ 'ਚੋਂ ਕਾਂਸੀ ਦਾ ਤਗਮਾ ਜੇਤੂ ਭਾਰਤੀ ਮੁੱਕੇਬਾਜ਼ ਮੈਰੀਕਾਮ ਇਸ ਵੇਲੇ ਬੀ.ਐਸ.ਐਨ.ਐਲ. ਸਮੇਤ ਕਈ ਅਦਾਰਿਆਂ ਦੀ ਮਸ਼ਹੂਰੀ ਕਰਦੀ ਨਜ਼ਰ ਆ ਰਹੀ ਹੈ। ਉਲੰਪੀਅਨ ਸੁਸ਼ੀਲ ਕੁਮਾਰ ਆਈਸ਼ਰ ਟਰੈਕਟਰ ਦਾ ਬਰਾਂਡ ਅੰਬੈਸਡਰ ਬਣ ਚੁੱਕਿਆ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪਟਿਆਲਾ। ਮੋਬਾ: 97795-90575

ਭਾਰਤੀ ਕ੍ਰਿਕਟ ਟੀਮ ਦੀ ਵਿਸ਼ਵ ਕੱਪ ਦਾਅਵੇਦਾਰੀ ਨੂੰ ਲੱਗਿਆ ਝਟਕਾ

ਮਈ ਦੇ ਅਖੀਰ 'ਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਕ੍ਰਿਕਟ 'ਚ ਭਾਰਤੀ ਟੀਮ ਦੀ ਖਿਤਾਬੀ ਦਾਅਵੇਦਾਰੀ ਨੂੰ ਆਸਟ੍ਰੇਲੀਆ ਨੇ ਜ਼ਬਰਦਸਤ ਝਟਕਾ ਦਿੱਤਾ ਹੈ। ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਭਾਰਤੀ ਟੀਮ ਨੇ ਪ੍ਰਦਰਸ਼ਨ ਕੀਤਾ ਅਤੇ ਦਰਜਾਬੰਦੀ 'ਚ ਪਹਿਲੀਆਂ ਥਾਵਾਂ 'ਚ ਲਗਾਤਾਰ ਜਗ੍ਹਾ ਬਣਾਈ ਰੱਖੀ ਸੀ, ਇਥੋਂ ਤੱਕ ਕਿ ਵਿਦੇਸ਼ਾਂ 'ਚ ਜਾ ਕੇ ਵੀ ਜਿੱਤ ਦੇ ਝੰਡੇ ਗੱਡੇ ਸਨ, ਉਸ ਤੋਂ ਲਗਦਾ ਸੀ ਕਿ ਵਿਸ਼ਵ ਕੱਪ ਤਾਂ ਵੱਟ 'ਤੇ ਹੀ ਪਿਆ ਹੈ ਪਰ ਆਸਟ੍ਰੇਲੀਆ ਵਿਰੁੱਧ ਆਪਣੇ ਹੀ ਘਰ 'ਚ ਜਿਸ ਤਰ੍ਹਾਂ ਪਹਿਲੇ ਦੋ ਮੈਚ ਜਿੱਤਣ ਤੋਂ ਬਾਅਦ ਪੰਜ ਮੈਚਾਂ ਦੀ ਲੜੀ 3-2 ਨਾਲ ਗੁਆਈ, ਉਸ ਨਾਲ ਟੀਮ ਦੇ ਅੰਦਰੋਂ ਖੋਖਲਾਪਨ ਨਜ਼ਰ ਆਉਣ ਲੱਗ ਪਿਆ ਹੈ। ਇੰਜ ਲੱਗਣ ਲੱਗ ਪਿਆ ਹੈ ਕਿ ਟੀਮ 3-4 ਖਿਡਾਰੀਆਂ ਦੇ ਦੁਆਲੇ ਹੀ ਘੁੰਮ ਰਹੀ ਹੈ।
ਭਾਰਤੀ ਕਪਤਾਨ ਵਿਰਾਟ ਕੋਹਲੀ ਲੜੀ ਖ਼ਤਮ ਹੋਣ ਤੋਂ ਬਾਅਦ ਚਾਹੇ ਲੱਖ ਕਹੀ ਜਾਵੇ ਕਿ ਲੜੀ ਗੁਆਉਣ ਦੇ ਬਾਵਜੂਦ ਉਨ੍ਹਾਂ ਦੇ ਹੌਸਲੇ ਬੁਲੰਦ ਹਨ ਪਰ ਅਸਲੀਅਤ ਇਹ ਹੈ ਕਿ ਰਾਂਚੀ 'ਚ ਸਾਡੇ ਬੱਲੇਬਾਜ਼ 313 ਦੌੜਾਂ ਦਾ ਟੀਚਾ ਹਾਸਲ ਨਹੀਂ ਕਰ ਪਾਏ। ਮੁਹਾਲੀ 'ਚ ਜੇ ਰੋਹਿਤ ਤੇ ਸ਼ਿਖਰ ਧਵਨ ਦਾ ਬੱਲਾ ਚੱਲਿਆ ਅਤੇ ਟੀਮ ਨੇ 358 ਦੌੜਾਂ ਦਾ ਪਹਾੜ ਵੀ ਖੜ੍ਹਾ ਕਰ ਲਿਆ ਤਾਂ ਵੀ ਭਾਰਤੀ ਗੇਂਦਬਾਜ਼ ਇਸ ਦੀ ਰੱਖਿਆ ਨਹੀਂ ਕਰ ਪਾਏ। ਕਸੂਰ ਗੇਂਦਬਾਜ਼ਾਂ ਦਾ ਨਹੀਂ ਹੈ। ਵਾਰ-ਵਾਰ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ, ਚਾਹਲ ਨੂੰ ਲੈਅ 'ਚ ਹੋਣ ਅਤੇ ਵਿਕਟਾਂ ਲੈਣ ਦੇ ਬਾਵਜੂਦ ਬਾਕੀ ਗੇਂਦਬਾਜ਼ਾਂ ਨੂੰ ਪਰਖਣ ਦੇ ਨਾਂਅ 'ਤੇ ਬਾਹਰ ਬਿਠਾਉਣਾ ਦਾ ਹੀ ਨਤੀਜਾ ਹੈ ਕਿ ਇਨ੍ਹਾਂ ਦਾ ਆਤਮਵਿਸ਼ਵਾਸ ਡਾਵਾਂਡੋਲ ਹੋਇਆ। ਵਿਸ਼ਵ ਕੱਪ ਵਿਦੇਸ਼ੀ ਧਰਤੀ 'ਤੇ ਹੋਣਾ ਹੈ ਪਰ ਬੁਮਰਾਹ ਨੂੰ ਵਿਦੇਸ਼ਾਂ 'ਚ ਵੀ 'ਆਰਾਮ' ਦੇ ਕੇ ਵਿਦੇਸ਼ੀ ਪਿੱਚਾਂ ਦਾ ਅਨੁਭਵ ਲੈਣ ਤੋਂ ਵਾਂਝੇ ਕੀਤਾ ਗਿਆ। ਚਾਹਲ ਤੇ ਕੁਲਦੀਪ ਯਾਦਵ ਜੇ ਮੈਚ ਜਿਤਾਉਣ ਵਾਲੀ ਗੇਂਦਬਾਜ਼ੀ ਲਗਾਤਾਰ ਕਰ ਰਹੇ ਸਨ ਤਾਂ ਇਨ੍ਹਾਂ ਵਿਚੋਂ ਇਕ ਨੂੰ ਅੰਦਰ-ਬਾਹਰ ਕਰਨ ਦਾ ਕੋਈ ਤੁਕ ਨਹੀਂ ਹੈ। ਪਰਖਣ ਦੇ ਚੱਕਰ ਵਿਚ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵੇਂ ਪਾਸੇ ਅਜਿਹੇ ਚੱਕਰ ਪਾਏ ਗਏ ਕਿ ਪੂਰੀ ਟੀਮ ਦਾ ਤਾਣਾ-ਬਾਣਾ ਹੀ ਉਲਝ ਕੇ ਰਹਿ ਗਿਆ। ਲੜੀ ਜਦੋਂ 2-2 ਨਾਲ ਬਰਾਬਰ ਸੀ ਤਾਂ 'ਮਜ਼ਬੂਤ' ਭਾਰਤੀ ਬੱਲੇਬਾਜ਼ੀ, ਜਿਹੜੀ ਕਿ ਅੱਜਕਲ੍ਹ 'ਚੇਜ਼ ਮਾਸਟਰ' ਕਹਾਉਂਦੀ ਹੈ, ਉਹ 272 ਦਾ ਅੰਕੜਾ ਵੀ 35 ਦੌੜਾਂ ਨਾਲ ਛੂਹ ਨਾ ਸਕੀ।
ਕਪਤਾਨ ਕੋਹਲੀ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਵਿਚ ਕਿਹੜੇ 11 ਖਿਡਾਰੀ ਖੇਡਣਗੇ, ਇਹ ਲਗਪਗ ਤੈਅ ਹੈ। ਇਕ ਆਲਰਾਊਂਡਰ ਤੇ ਦੂਜੇ ਵਿਕਟਕੀਪਰ ਨੂੰ ਲੈ ਕੇ ਕੁਝ ਦੁਚਿੱਤੀ ਹੈ ਪਰ ਲਗਦਾ ਹੈ ਕਿ ਇਹ ਮਸਲਾ ਵੀ ਹੁਣ ਸੁਲਝ ਗਿਆ ਹੈ। ਕੋਹਲੀ ਦੇ ਮਨ ਵਿਚ ਕੀ ਹੈ, ਇਹ ਤਾਂ ਉਹੀ ਜਾਣਦਾ ਹੈ ਪਰ ਮੌਜੂਦਾ ਲੜੀ ਤੋਂ ਬਾਅਦ ਹਾਲੇ ਵੀ ਲਗਦਾ ਹੈ ਕਿ ਪਹਿਲੀਆਂ 3 ਥਾਵਾਂ ਤੋਂ ਬਾਅਦ ਚੌਥੇ, ਪੰਜਵੇਂ, ਛੇਵੇਂ ਨੰਬਰ 'ਤੇ ਕੌਣ ਖੇਡੇਗਾ, ਇਹ ਪੱਕਾ ਨਹੀਂ ਹੈ। ਅੰਬਾਤੀ ਰਾਇਡੂ ਨੂੰ ਚੌਥੇ ਨੰਬਰ 'ਤੇ ਵਾਰ-ਵਾਰ ਭੇਜਿਆ ਗਿਆ ਪਰ ਇਕ-ਦੋ ਚੰਗੀਆਂ ਪਾਰੀਆਂ ਤੋਂ ਇਲਾਵਾ ਉਸ ਨੇ ਨਿਰਾਸ਼ ਕੀਤਾ। ਆਲਰਾਊਂਡਰ ਵਿਜੈ ਸ਼ੰਕਰ ਨੇ ਕੁਝ ਮੈਚਾਂ 'ਚ ਚੌਥੇ ਨੰਬਰ 'ਤੇ ਵਧੀਆ ਖੇਡ ਦਿਖਾਈ ਹੈ ਅਤੇ ਲਗਦਾ ਵੀ ਹੈ ਕਿ ਇਸ ਥਾਂ ਲਈ ਉਸ 'ਤੇ ਹੀ ਦਾਅ ਖੇਡਿਆ ਜਾਵੇਗਾ। ਪੰਜਵੇਂ-ਛੇਵੇਂ ਲਈ ਧੋਨੀ ਤੇ ਕੇਦਾਰ ਯਾਦਵ ਨੂੰ ਮੌਕੇ ਮਿਲ ਰਹੇ ਹਨ ਅਤੇ ਕਦੇ-ਕਦਾਈਂ ਰਿਸ਼ਭ ਪੰਤ ਤੇ ਕੇ. ਐਲ. ਰਾਹੁਲ ਵੀ ਇਨ੍ਹਾਂ ਥਾਵਾਂ ਲਈ ਨਜ਼ਰਾਂ ਵਿਚ ਹਨ। ਪੰਤ ਕਰਕੇ ਦਿਨੇਸ਼ ਕਾਰਤਿਕ ਨੁੱਕਰੇ ਲੱਗ ਰਿਹਾ ਹੈ ਜਦ ਕਿ ਉਹ ਆਪਣੀ ਬੱਲੇਬਾਜ਼ੀ ਦੇ ਸਿਰ 'ਤੇ ਟੀਮ 'ਚ ਟਿਕਿਆ ਹੋਇਆ ਸੀ। ਹੇਠਲੇ ਕ੍ਰਮ 'ਚ ਆਲਰਾਊਂਡਰ ਦੀ ਥਾਂ ਹਾਰਦਿਕ ਪਾਂਡੇ ਦੇ ਖਾਤੇ 'ਚ ਜਾਵੇਗੀ।
ਵਿਸ਼ਵ ਕੱਪ ਤੋਂ ਪਹਿਲਾਂ ਲਗਪਗ ਦੋ ਮਹੀਨੇ ਆਈ.ਪੀ.ਐਲ. ਦਾ ਰੁਝੇਵਿਆਂ ਭਰਿਆ ਸੀਜ਼ਨ ਹੋਵੇਗਾ। ਭਾਵੇਂ ਕਿ ਇਹ ਟਵੰਟੀ-20 ਦੀ ਤਰਜ਼ 'ਤੇ ਖੇਡਿਆ ਜਾਂਦਾ ਹੈ ਪਰ ਫਿਰ ਵੀ ਇਥੋਂ ਨਿਖਰ ਕੇ ਸਾਹਮਣੇ ਆਉਣ ਵਾਲੇ ਹੀ ਕੌਮੀ ਟੀਮ ਦਾ ਦਰਵਾਜ਼ਾ ਖੜਕਾਉਂਦੇ ਹਨ। ਸ਼੍ਰੇਅਸ ਅਈਅਰ, ਮਯੰਕ ਅਗਰਵਾਲ, ਪ੍ਰਿਥਵੀ ਸ਼ਾਹ, ਸ਼ੁਭਮਨ ਗਿੱਲ ਤੇ ਕੁਝ ਹੋਰ ਖਿਡਾਰੀਆਂ ਨੂੰ ਚਾਹੇ ਪਿਛਲੇ ਸਮੇਂ ਵਿਚ ਸੰਭਾਵੀ ਖਿਡਾਰੀ ਨਾ ਮੰਨਦੇ ਹੋਏ ਮੌਕਾ ਨਹੀਂ ਮਿਲਿਆ ਪਰ ਆਈ.ਪੀ.ਐਲ. 'ਚ ਧਾਕੜ ਪ੍ਰਦਰਸ਼ਨ ਹਾਲੇ ਵੀ ਇਨ੍ਹਾਂ ਸਮੇਤ ਕਿਸੇ ਵੀ ਖਿਡਾਰੀ ਲਈ ਰਸਤਾ ਖੋਲ੍ਹ ਸਕਦਾ ਹੈ।


-'ਸਹਿ-ਪ੍ਰੇਮ' ਨਿਵਾਸ, 63, ਪ੍ਰੋਫੈਸਰ ਕਾਲੋਨੀ, ਰਾਮਾਮੰਡੀ, ਜਲੰਧਰ।

ਚੈਂਪੀਅਨਜ਼ ਲੀਗ :

ਨਾਕ ਆਊਟ ਗੇੜ ਵਿਚ ਹੋਏ ਵੱਡੇ ਉਲਟਫੇਰ

ਫੁੱਟਬਾਲ 'ਚ ਕਲੱਬ ਮੁਕਾਬਲਿਆਂ ਦਾ ਮਹਾਂਕੁੰਭ ਕਹੇ ਜਾਣ ਵਾਲੇ 'ਚੈਂਪੀਅਨਜ਼ ਲੀਗ' ਦੇ ਨਾਕਆਊਟ ਗੇੜ ਦੀ ਸ਼ੁਰੂਆਤ ਹੋ ਚੁੱਕੀ ਹੈ। ਚੈਂਪੀਅਨਜ਼ ਲੀਗ ਦੇ ਇਨ੍ਹਾਂ ਮੁਕਾਬਲਿਆਂ ਨੂੰ ਅਨਿਸਚਿਤਾਵਾਂ ਭਰਪੂਰ ਮੰਨਿਆ ਜਾਂਦਾ ਹੈ ਅਤੇ ਆਪਣੀ ਇਸੇ ਕਵਾਇਦ 'ਤੇ ਇਹ ਮੁਕਾਬਲੇ ਖਰੇ ਵੀ ਉਤਰੇ। ਪਿਛਲੇ ਤਿੰਨ ਸੰਸਕਰਣਾਂ ਦੀ ਜੇਤੂ ਟੀਮ ਰੀਅਡ ਮੈਡਰਿਡ ਸਮੇਤ ਬੇਰਨ ਮਿਊਨਿਖ ਤੇ ਪੈਰਿਸ ਸੇਂਟ ਜਰਮੇਨ ਜਿਹੀਆਂ ਧਾਕੜ ਟੀਮਾਂ ਨੂੰ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ। ਇਤਿਹਾਸਕ ਹੋ ਨਿਬੜੇ ਇਸ ਗੇੜ ਦੇ ਮੁਕਾਬਲਿਆਂ ਵਿਚ ਕਈ ਹੋਰ ਵੀ ਉਤਰਾਅ-ਚੜ੍ਹਾਅ ਦੇਖੇ ਗਏ।
ਇਨ੍ਹਾਂ ਮੁਕਾਬਲਿਆਂ ਵਿਚੋਂ ਸਭ ਤੋਂ ਅਹਿਮ ਮਨਚੈਸਟਰ ਯੂਨਾਈਟਿਡ ਤੇ ਪੈਰਿਸ ਸੇਂਟ ਜਰਮੇਨ ਵਿਚਕਾਰ ਹੋਏ ਮੁਕਾਬਲੇ ਨੂੰ ਮੰਨਿਆ ਜਾ ਰਿਹਾ ਹੈ। ਪਹਿਲੇ ਮੈਚ ਵਿਚ ਆਪਣੇ ਘਰੇਲੂ ਮੈਦਾਨ 'ਤੇ ਮਨਚੈਸਟਰ ਦੀ ਟੀਮ ਨੂੰ 2 ਗੋਲਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਤੱਕ ਦੇ ਇਤਿਹਾਸ ਵਿਚ ਵਿਰੋਧੀ ਦੇ ਘਰੇਲੂ ਮੈਦਾਨ 'ਤੇ 2 ਗੋਲਾਂ ਦੇ ਫਰਕ ਨੂੰ ਕਦੇ ਵੀ ਜਿੱਤ ਵਿਚ ਤਬਦੀਲ ਨਹੀਂ ਸੀ ਕੀਤਾ ਗਿਆ। ਪੈਰਿਸ ਸੇਂਟ ਜਰਮੇਨ ਜਿਹੀ ਟੀਮ ਨੂੰ ਉਸ ਦੇ ਘਰੇਲੂ ਮੈਦਾਨ 'ਤੇ 1-3 ਗੋਲਾਂ ਦੇ ਫਰਕ ਨਾਲ ਹਰਾ ਕੇ ਮਨਚੈਸਟਰ ਦੀ ਟੀਮ ਨੇ ਇਤਿਹਾਸ ਸਿਰਜ ਦਿੱਤਾ। ਭਾਵੇਂ ਕਿ ਦੋਵੇਂ ਟੀਮਾਂ ਦੋਵਾਂ ਮੈਚਾਂ ਬਾਅਦ 3-3 ਗੋਲਾਂ ਦੀ ਬਰਾਬਰੀ 'ਤੇ ਰਹੀਆਂ ਪਰ ਗੋਲ ਪ੍ਰਣਾਲੀ ਦੇ ਨਿਯਮਾਂ ਅਨੁਸਾਰ ਮਨਚੈਸਟਰ ਦੀ ਝੋਲੀ ਜਿੱਤ ਪਈ। ਇਨ੍ਹਾਂ ਦੇ ਨਾਲ ਹੀ ਹੋਏ ਦੂਜੇ ਮੁਕਾਬਲੇ ਵਿਚ ਏ.ਐਸ. ਰੋਮਾ ਦੀ ਟੀਮ ਐਫ.ਸੀ. ਪੋਰਤੋ 'ਤੇ ਪਹਿਲੇ ਮੈਚ ਦੀ 2-1 ਦੀ ਬੜ੍ਹਤ ਕਾਇਮ ਨਾ ਰੱਖ ਸਕੀ ਅਤੇ ਦੂਜੇ ਮੁਕਾਬਲੇ ਵਿਚ ਉਸ ਨੂੰ 3-1 ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸਾਲ ਬਾਰਸੀਲੋਨਾ ਜਿਹੀ ਮਜ਼ਬੂਤ ਟੀਮ ਨੂੰ ਹਰਾਉਣ ਵਾਲੀ ਰੋਮਾ ਇਸ ਵਾਰ ਪੋਰਤੋ ਹੱਥੋਂ 4-3 ਗੋਲਾਂ ਦੇ ਫਰਕ ਨਾਲ ਹਾਰ ਕੇ ਇਸ ਵੱਕਾਰੀ ਮੁਕਾਬਲੇ 'ਚੋਂ ਬਾਹਰ ਹੋ ਗਈ।
ਟੂਰਨਾਮੈਂਟ ਦਾ ਇਕ ਹੋਰ ਵੱਡਾ ਉਲਟਫੇਰ ਅਜੈਕਸ ਐਮਟਰਡੈਮ ਕਲੱਬ ਵਲੋਂ ਕੀਤਾ ਗਿਆ। ਮਜ਼ਬੂਤ ਵਿਰੋਧੀ ਰੀਅਡ ਮੈਡਰਿਡ ਹੱਥੋਂ ਪਹਿਲਾ ਮੈਚ ਆਪਣੇ ਘਰੇਲੂ ਮੈਦਾਨ 'ਤੇ 2-1 ਦੇ ਫਰਕ ਨਾਲ ਹਾਰਨ ਤੋਂ ਬਾਅਦ ਅਜੈਕਸ ਕਲੱਬ ਵਲੋਂ ਕੀਤੀ ਗਈ ਵਾਪਸੀ ਨੇ ਫੁੱਟਬਾਲ ਜਗਤ ਨੂੰ ਹੈਰਾਨ ਕਰ ਦਿੱਤਾ। ਰੀਅਲ ਮੈਡਰਿਡ ਜਿਹੀ ਮਜ਼ਬੂਤ ਟੀਮ ਨੂੰ ਉਸ ਦੇ ਹੀ ਘਰੇਲੂ ਮੈਦਾਨ ਵਿਚ ਅਜੈਕਸ ਨੇ 4-1 ਦੀ ਵੱਡੀ ਜਿੱਤ ਦਰਜ ਕੀਤੀ ਅਤੇ ਪਿਛਲੇ 3 ਵਾਰ ਦੀ ਚੈਂਪੀਅਨ ਰੀਅਡ ਮੈਡਰਿਡ ਨੂੰ ਨਮੋਸ਼ੀਜਨਕ ਹਾਰ ਨਾਲ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾਇਆ। ਹੋਰ ਮੁਕਾਬਲੇ 'ਚ ਟੋਟਨਹੈਮ ਹੋਸਟਪਰ ਨੇ ਅਸਾਨੀ ਨਾਲ ਬੋਰਸੀਆ ਡੌਰਟਮੰਡ ਨੂੰ ਹਰਾ ਕੇ ਅਗਲੇ ਗੇੜ ਵਿਚ ਦਾਖਲਾ ਪਾਇਆ। ਇਸ ਤੋਂ ਇਲਾਵਾ ਲਿਓਨ ਦੀ ਟੀਮ ਨੇ ਬਾਰਸੀਲੋਨਾ ਨੂੰ ਕਿਸੇ ਤਰ੍ਹਾਂ ਪਹਿਲੇ ਮੁਕਾਬਲੇ 'ਚ ਤਾਂ ਗੋਲ ਰਹਿਤ ਬਰਾਬਰੀ 'ਤੇ ਰੋਕ ਲਿਆ ਪਰ ਦੂਜੇ ਮੁਕਾਬਲੇ ਵਿਚ ਸਟਾਰ ਫੁੱਟਬਾਲਰ ਮੈਸੀ ਦੀ ਸ਼ਾਨਦਾਰ ਖੇਡ ਸਦਕਾ ਬਾਰਸੀਲੋਨਾ ਨੇ 5-1 ਦੀ ਵੱਡੀ ਜਿੱਤ ਦਰਜ ਕੀਤੀ। ਕੁਝ ਇਸੇ ਤਰ੍ਹਾਂ ਦੀ ਖੇਡ ਮਨਚੈਸਟਰ ਸਿਟੀ ਨੇ ਵੀ ਦਿਖਾਈ। ਪਹਿਲੇ ਮੁਕਾਬਲੇ ਵਿਚ ਸਾਹਲਕੇ 04 'ਤੇ 3-2 ਦੀ ਕਰੀਬੀ ਜਿੱਤ ਤੋਂ ਬਾਅਦ ਮਨਚੈਸਟਰ ਨੇ ਦੂਜੇ ਮੈਚ 'ਚ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ। ਸਾਹਲਕੇ 04 ਦੀ ਟੀਮ 7-0 ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਗੇੜ ਦੇ ਦਿਲਚਸਪ ਮੁਕਾਬਲੇ ਲੀਵਰਪੂਲ ਤੇ ਬੇਅਰਨ ਮਿਊਨਿਖ ਦਰਮਿਆਨ ਅਤੇ ਜੂਵੈਨਟਸ ਤੇ ਅਟਲੈਟਿਕੋ ਮੈਡਰਿਡ ਦਰਮਿਆਨ ਕਿਆਸੇ ਗਏ ਸਨ ਅਤੇ ਇਹ ਮੁਕਾਬਲੇ ਫੁੱਟਬਾਲ ਮਾਹਿਰਾਂ ਦੀ ਕਸੌਟੀ 'ਤੇ ਖਰੇ ਵੀ ਉਤਰੇ। ਆਪਣੇ ਘਰੇਲੂ ਮੈਦਾਨ 'ਤ ਖੇਡਦੇ ਹੋਏ ਅਟਲੈਟਿਕੋ ਨੇ 2 ਗੋਲਾਂ ਦੀ ਬੜਤ ਹਾਸਲ ਕਰਦਿਆਂ ਜੂਵੈਨਟਸ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ ਸੀ ਪਰ ਜੂਵੈਨਟਸ ਦੀ ਟੀਮ ਨੇ ਆਪਣੇ ਘਰੇਲੂ ਮੈਦਾਨ ਵਿਚ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੀ ਸ਼ਾਨਦਾਰ ਹੈਟ੍ਰਿਕ 'ਤੇ ਸਵਾਰ ਹੁੰਦਿਆਂ ਇਸ ਚੁਣੌਤੀ ਨੂੰ ਪਾਰ ਕਰ ਲਿਆ। ਚੈਂਪੀਅਨਜ਼ ਲੀਗ ਵਿਚ ਸ਼ਾਨਦਾਰ ਖੇਡ ਸਦਕਾ ਜਾਣੇ ਜਾਂਦੇ ਰੋਨਾਲਡੋ ਦੀ ਇਹ 8ਵੀਂ ਹੈਟ੍ਰਿਕ ਸੀ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਰੋਨਾਲਡੋ ਦੇ ਨਾਂਅ ਹੀ ਹੈ। ਦੂਜੇ ਮੁਕਾਬਲੇ ਲਿਵਰਪੂਲ ਤੇ ਬੇਅਰਨ ਮਿਊਨਿਖ 'ਤੇ ਵੀ ਸਭ ਦੀਆਂ ਨਜ਼ਰਾਂ ਸਨ। ਪਹਿਲਾ ਮੈਚ ਗੋਲ ਰਹਿਤ ਬਰਾਬਰ ਰਹਿਣ ਕਾਰਨ ਦੋਵਾਂ ਟੀਮਾਂ 'ਤੇ ਵੱਡਾ ਦਬਾਅ ਸੀ। ਇਸ ਮੁਕਾਬਲੇ ਵਿਚ ਲੀਵਰਪੂਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੇਅਰਨ ਮਿਊਨਿਖ ਨੂੰ ਉਸ ਦੇ ਹੀ ਘਰੇਲੂ ਮੈਦਾਨ ਵਿਚ 1 ਦੇ ਮੁਕਾਬਲੇ 3 ਗੋਲ ਦਾਗ ਕੇ ਬਾਹਰ ਦਾ ਰਸਤਾ ਦਿਖਾਇਆ।
ਭਾਵੇਂ ਜੂਵੈਨਟਸ, ਬਾਰਸੀਲੋਨਾ ਤੇ ਲੀਵਰਪੂਲ ਦੀਆਂ ਟੀਮਾਂ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਹੋਰਾਂ ਟੀਮਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਕੁਆਟਰ ਫਾਈਨਲ ਮੁਕਾਬਲਿਆਂ ਵਿਚ ਵੀ ਫੁੱਟਬਾਲ ਪ੍ਰੇਮੀਆਂ ਨੂੰ ਹੋਰ ਵੀ ਚੰਗੇ ਮੁਕਾਬਲੇ ਦੇਖਣ ਨੂੰ ਮਿਲਣਗੇ।


- ਪਿੰਡ ਭੀਖੀ ਖੱਟੜਾ, ਜ਼ਿਲ੍ਹਾ ਲੁਧਿਆਣਾ। ਮੋਬਾਈਲ : 96532-96535

ਛੋਟੀ ਉਮਰੇ ਉੱਭਰਦਾ ਨਿਸ਼ਾਨੇਬਾਜ਼

ਟਿੱਕਾ ਜੈ ਸਿੰਘ ਸੋਢੀ

ਜਿਸ ਉਮਰ ਵਿਚ ਬੱਚੇ ਆਪਣਾ ਸਕੂਲ ਦਾ ਕੰਮ ਕਰ ਰਹੇ ਹੁੰਦੇ ਹਨ ਜਾਂ ਇਮਤਿਹਾਨਾਂ ਦੀ ਤਿਆਰੀ ਵਿਚ ਰੁੱਝੇ ਹੁੰਦੇ ਹਨ ਜਾਂ ਆਪਣੇ ਦੋਸਤਾਂ-ਮਿੱਤਰਾਂ ਨਾਲ ਮੌਜ-ਮਸਤੀ ਕਰਨਾ ਪਸੰਦ ਕਰਦੇ ਹਨ, ਉਸ ਉਮਰ ਵਿਚ ਮੁਹਾਲੀ ਦੇ ਨੌਜਵਾਨ ਟਿੱਕਾ ਜੈ ਸਿੰਘ ਨੇ ਸਖ਼ਤ ਮਿਹਨਤ ਕਰਕੇ ਇਕ ਸਾਲ ਵਿਚ 31 ਤਗਮੇ ਜਿੱਤੇ ਤੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਇੰਡੀਆ ਨੇ 2019 ਲਈ ਉਸ ਦੀ ਚੋਣ ਅੰਤਰਰਾਸ਼ਟਰੀ ਸ਼ੂਟਿੰਗ ਮੁਕਾਬਲਿਆਂ ਲਈ ਕੀਤੀ ਹੈ। ਟਿੱਕਾ ਸੋਢੀ ਦਾ ਨਿਸ਼ਾਨਾ 2024 ਵਿਚ ਪੈਰਿਸ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਹਨ। ਟਿੱਕੇ ਨੂੰ ਬਚਪਨ ਤੋਂ ਹੀ ਸ਼ੂਟਿੰਗ ਦਾ ਸ਼ੌਕ ਸੀ। ਉਹ ਕਰੀਬ 10 ਸਾਲ ਦਾ ਸੀ, ਜਦੋਂ ਉਸ ਨੇ 2012 ਲੰਡਨ ਉਲੰਪਿਕ ਖੇਡਾਂ ਟੈਲੀਵਿਜ਼ਨ 'ਤੇ ਵੇਖੀਆਂ, ਜਿਸ ਵਿਚ ਭਾਰਤੀ ਨਿਸ਼ਾਨੇਬਾਜ਼ ਵਿਜੇ ਕੁਮਾਰ ਨੂੰ 'ਬੁੱਲ ਆਈ' ਹਿੱਟ ਕਰਦਿਆਂ ਵੇਖ ਕੇ ਹੈਰਾਨੀ ਹੁੰਦੀ ਸੀ ਤੇ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਉਸ ਨੂੰ ਗੋਲਫਰ ਬਣਾਉਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਉਸ ਨੂੰ ਚੰਡੀਗੜ੍ਹ ਗੋਲਫ ਐਸੋਸੀਏਸ਼ਨ ਦਾ ਮੈਂਬਰ ਬਣਵਾ ਕੇ ਟ੍ਰੇਨਿੰਗ ਵੀ ਦਿਵਾਈ ਪਰ ਗੋਲਫ ਵਿਚ ਉਸ ਦੀ ਰੁਚੀ ਨਹੀਂ ਬਣੀ।ਟਿੱਕਾ ਸੋਢੀ ਕੁਝ ਵੱਖਰਾ ਪ੍ਰਾਪਤ ਕਰਨਾ ਚਾਹੁੰਦਾ ਸੀ ਤੇ ਇਸ ਲਈ ਬਹੁਤ ਸਖ਼ਤ ਮਿਹਨਤ ਦੀ ਲੋੜ ਸੀ ਅਤੇ ਉਹ ਪਿਛਲਾ ਸਾਰਾ ਸਾਲ ਦਿੱਲੀ ਵਿਚ ਫਲੈਟ ਕਿਰਾਏ 'ਤੇ ਲੈ ਕੇ ਇਕੱਲਾ ਰਿਹਾ, ਕਿਉਂਕਿ ਡਾ: ਕਰਨੀ ਸਿੰਘ ਸ਼ੂਟਿੰਗ ਰੇਂਜ ਦਿੱਲੀ ਵਿਚ ਸਾਰੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮਿਲਦੀਆਂ ਹਨ ਤੇ ਇਸ ਸਮੇਂ ਭਾਰਤ ਦੇ ਨਾਮਵਰ ਕੋਚ ਸ੍ਰੀ ਸੁਭਾਸ਼ ਰਾਣਾ ਤੋਂ ਕੋਚਿੰਗ ਲੈ ਰਿਹਾ ਹੈ। 16 ਸਾਲ ਦੀ ਉਮਰ ਵਿਚ ਉਹ ਪਰਿਵਾਰ ਤੋਂ ਦੂਰ ਰਿਹਾ, ਸਖ਼ਤ ਮਿਹਨਤ ਕੀਤੀ, ਤਾਂ ਜੋ ਉਸ ਦੇ ਮਾਪੇ ਫ਼ਖਰ ਮਹਿਸੂਸ ਕਰ ਸਕਣ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਦਾ ਨਾਂਅ ਰੌਸ਼ਨ ਕਰ ਰਿਹਾ ਹੈ।
ਟਿੱਕਾ ਜੈ ਸਿੰਘ ਸੋਢੀ ਦੇ ਕੋਚ ਸੁਭਾਸ਼ ਰਾਣਾ ਦੀ ਸੋਚ ਹੈ ਕਿ 18 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਜੇਕਰ ਟਿੱਕਾ ਨੇ ਨੈਸ਼ਨਲ ਸਕੁਐਡ ਵਿਚ ਥਾਂ ਬਣਾਈ ਹੈ, ਜਿਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਅੰਦਰ ਕੋਈ ਕਲਾ ਹੈ। ਉਨ੍ਹਾਂ ਦੱਸਿਆ ਕਿ ਟਿੱਕਾ ਦਾ ਸਭ ਤੋਂ ਵੱਡਾ ਹਥਿਆਰ ਉਸ ਦੇ ਮਾਪੇ ਹਨ, ਜਿਨ੍ਹਾਂ ਦਾ ਉਸ ਦੀ ਸਫ਼ਲਤਾ ਪਿੱਛੇ ਬਹੁਤ ਵੱਡਾ ਹੱਥ ਹੈ। ਰਾਣਾ ਅਨੁਸਾਰ ਅਭਿਨਵ ਬਿੰਦਰਾ ਦੀ ਸਫ਼ਲਤਾ ਦਾ ਕਾਰਨ ਵੀ ਉਸ ਦੇ ਮਾਮਿਆਂ ਦੀ ਉਸ ਦੇ ਨਾਲ ਕੀਤੀ ਸਖ਼ਤ ਮਿਹਨਤ ਸੀ, ਜਿਸ ਨੂੰ ਨਿਸ਼ਾਨੇਬਾਜ਼ ਜਾਂ ਉਸ ਦਾ ਪਰਿਵਾਰ ਹੀ ਸਮਝ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟਿੱਕਾ ਸੋਢੀ ਦੇ ਪਿਤਾ ਅਰੁਨਜੋਤ ਸਿੰਘ ਸੋਢੀ ਆਪਣਾ ਸਾਰਾ ਕਾਰੋਬਾਰ ਆਦਿ ਪਿੱਛੇ ਛੱਡ ਕੇ ਕੇਵਲ ਆਪਣੇ ਪੁੱਤਰ ਨੂੰ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਬਣਾਉਣ 'ਤੇ ਲੱਗੇ ਹੋਏ ਹਨ। ਟਿੱਕਾ ਦੀ ਵੱਡੀ ਭੈਣ ਤਰੰਨੁਮ ਕੌਰ ਪੂਨਾ ਵਿਖੇ ਪੜ੍ਹਾਈ ਕਰ ਰਹੀ ਹੈ ਅਤੇ ਉਸ ਦੀ ਮਾਤਾ ਹਰਜੀਤ ਕੌਰ ਪੰਜਾਬ ਨੈਸ਼ਨਲ ਬੈਂਕ ਮੁਹਾਲੀ ਵਿਖੇ ਮੈਨੇਜਰ ਹੈ। ਉਸ ਦੇ ਦਾਦਾ ਜੀ ਸ: ਮਨਜਿੰਦਰ ਸਿੰਘ ਸੋਢੀ ਸੇਵਾਮੁਕਤ ਲੈਕਚਰਾਰ ਹਨ ਅਤੇ ਪਿੱਛੋਂ ਉਹ ਮੁਕਤਸਰ ਜ਼ਿਲ੍ਹੇ ਦੇ ਸ਼ਹਿਰ ਮਲੋਟ ਦੇ ਰਹਿਣ ਵਾਲੇ ਹਨ। ਇਸ ਸਮੇਂ ਟਿੱਕਾ ਜੈ ਸਿੰਘ ਮੁਹਾਲੀ ਦੇ ਲਰਨਿੰਗ ਪਾਥਸ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਹੈ। ਪਿਛਲੇ ਸਾਲ ਉਹ ਹੈਨੋਵਰ, ਜਰਮਨੀ ਵਿਖੇ ਹੋਏ ਅੰਤਰਰਾਸ਼ਟਰੀ ਸ਼ੂਟਿੰਗ ਮੁਕਾਬਲਿਆਂ ਵਿਚ ਭਾਗ ਲੈਣ ਲਈ ਗਿਆ ਸੀ, ਜਿੱਥੇ ਉਸ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ ਤੇ ਇਸ ਸਾਲ ਉਹ ਦੁਬਾਰਾ ਮਈ ਮਹੀਨੇ ਵਿਚ ਜਰਮਨ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਮੁਕਾਬਲੇ ਵਿਚ ਜਾ ਰਿਹਾ ਹੈ।
ਜਰਮਨੀ ਦੇਸ਼ ਉਸ ਲਈ ਲੱਕੀ ਹੈ, ਕਿਉਂਕਿ ਉਥੋਂ ਉਸ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਅੰਤਰਰਾਸ਼ਟਰੀ ਤਗਮਾ ਜਿੱਤਿਆ ਸੀ ਅਤੇ ਇਸ ਵਾਰ ਉਹ ਸੋਨ ਤਗਮਾ ਜਿੱਤ ਕੇ ਲਿਆਵੇਗਾ। ਟਿੱਕਾ ਦਾ ਮੁੱਖ ਨਿਸ਼ਾਨਾ 2024 ਵਿਚ ਪੈਰਿਸ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਤਗਮਾ ਜਿੱਤਣਾ ਹੈ ਤੇ ਇਸ ਸਮੇਂ ਉਹ ਠਰ੍ਹੰਮੇ ਨਾਲ ਪੌੜੀਆਂ ਚੜ੍ਹ ਰਿਹਾ ਹੈ ਤੇ ਉਹ ਆਪਣਾ ਮੁਕਾਮ ਹਾਸਲ ਕਰਨ ਵਿਚ ਕਾਮਯਾਬ ਹੋ ਜਾਵੇਗਾ। ਟਿੱਕਾ ਸੋਢੀ ਨੇ ਆਪਣੀ ਸਫ਼ਲਤਾ ਦਾ ਰਾਜ਼ ਦੱਸਿਆ ਕਿ ਚੰਗਾ ਨਿਸ਼ਾਨੇਬਾਜ਼ ਬਣਨ ਲਈ ਸ਼ਾਂਤ ਦਿਮਾਗ ਅਤੇ ਤੰਦਰੁਸਤ ਸਰੀਰ ਦੀ ਜ਼ਰੂਰਤ ਹੈ, ਜਿਸ ਲਈ ਸਭ ਤੋਂ ਅਹਿਮ ਯੋਗਾ ਅਭਿਆਸ ਅਤੇ ਸਰੀਰਕ ਕਸਰਤ ਹੈ। ਕੇਰਲ ਵਿਖੇ ਹੋਈਆਂ 61ਵੀਆਂ ਰਾਸ਼ਟਰੀ ਖੇਡਾਂ ਵਿਚ ਚੰਗੇ ਪ੍ਰਦਰਸ਼ਨ ਕਰਕੇ ਟਿੱਕਾ ਸੋਢੀ ਦੀ ਚੋਣ 25 ਮੀਟਰ ਸਟੈਂਡਰਡ ਪਿਸਟਲ ਅਤੇ 25 ਮੀਟਰ ਸਪੋਰਟਸ ਪਿਸਟਲ ਲਈ ਕੀਤੀ ਗਈ ਹੈ। ਟਿੱਕਾ ਸੋਢੀ ਨੇ ਸਾਲ 2018 ਵਿਚ ਵੱਖ-ਵੱਖ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਰਾਜ ਪੱਧਰੀ ਮੁਕਾਬਲਿਆਂ ਵਿਚ 31 ਤਗਮੇ ਹਾਸਲ ਕੀਤੇ ਹਨ ਤੇ 26 ਜਨਵਰੀ, 2019 ਨੂੰ ਗਣਤੰਤਰਤਾ ਦਿਵਸ ਮੌਕੇ ਉਸ ਨੂੰ ਪੰਜਾਬ ਸਰਕਾਰ ਵਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।


-ਮੋਬਾ: 98729-78781

ਕੁਸ਼ਤੀ ਵਿਚ ਪਿੰਡ ਭੋਮਾ ਦਾ ਨਾਂਅ ਪੂਰੀ ਦੁਨੀਆ 'ਚ ਚਮਕਾਉਣ ਵਾਲਾ ਗੁਰਪਾਲ ਸਿੰਘ ਪੱਡਾ ਉਰਫ਼ ਪ੍ਰਿੰਸ ਮਾਨ ਸਿੰਘ

ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਨਜ਼ਦੀਕ ਛੋਟਾ ਜਿਹਾ ਪਿੰਡ ਹੈ ਭੋਮਾ, ਜਿੱਥੋਂ ਦੇ ਜੰਮਪਲ ਗੁਰਪਾਲ ਸਿੰਘ ਪੱਡਾ ਨੇ ਆਪਣੇ ਬਲਬੂਤੇ 'ਤੇ ਕੁਸ਼ਤੀ ਦੇ ਖੇਤਰ 'ਚ ਆਪਣਾ ਤੇ ਆਪਣੇ ਪਿੰਡ ਦਾ ਨਾਂਅ ਪੂਰੀ ਦੁਨੀਆ 'ਚ ਚਮਕਾਇਆ। ਗੁਰਪਾਲ ਸਿੰਘ ਦਾ ਜਨਮ 12 ਅਕਤੂਬਰ, 1941 ਨੂੰ ਪਿੰਡ ਭੋਮਾ ਵਿਖੇ ਮਾਤਾ ਚਰਨ ਕੌਰ ਦੀ ਕੁੱਖੋਂ ਤੇ ਪਿਤਾ ਸੰਤਾ ਸਿੰਘ ਦੇ ਘਰ ਹੋਇਆ। 1952 ਵਿਚ ਆਪਣੇ ਪਰਿਵਾਰ ਨਾਲ ਸਿੰਘਾਪੁਰ ਜਾ ਵੱਸੇ ਤੇ ਸਕੂਲ 'ਚ ਪੜ੍ਹਦੇ-ਪੜ੍ਹਦੇ ਮਿੱਟੀ ਵਾਲੀਆਂ ਕੁਸ਼ਤੀਆਂ ਦੇ ਸ਼ੌਕੀਨ ਹੋਣ ਕਰਕੇ ਸਿੰਘਾਪੁਰ ਵਿਚ ਨਾਮੀ ਪਹਿਲਵਾਨ ਗਾਮੇ ਪਹਿਲਵਾਨ ਦੇ ਭਤੀਜੇ ਪਹਿਲਵਾਨ ਹਰੀ ਪ੍ਰਸਾਦ ਗੋਰਖਪੁਰ ਦੇ ਅਖਾੜੇ ਵਿਚ ਜਾਣਾ ਤੇ ਕੁਸ਼ਤੀ ਸਿੱਖਣੀ ਹੌਲੀ-ਹੌਲੀ ਇਹ ਸ਼ੌਕ ਜਨੂੰਨ ਬਣ ਗਿਆ। ਗੁਰਪਾਲ ਸਿੰਘ ਪੱਡਾ ਨੇ ਆਪਣੀ ਜ਼ਿੰਦਗੀ ਦੇ ਲਮਹਿਆਂ ਨੂੰ ਸਾਂਝੇ ਕਰਦਿਆਂ ਦੱਸਿਆ ਕਿ 1952 ਤੋਂ 20 ਦਸੰਬਰ, 1959 ਤੱਕ ਸਿੰਘਾਪੁਰ ਰਹੇ। 20 ਦਸੰਬਰ ਨੂੰ ਸ਼ਿਪ ਰਾਹੀਂ ਯੂ.ਕੇ. (ਲੰਡਨ) ਚਲਾ ਗਿਆ। 10 ਜਨਵਰੀ, 1960 ਨੂੰ ਮੈਂ ਨੌਕਰੀ 'ਤੇ ਲੱਗਾ ਤੇ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਅੰਗਰੇਜ਼ਾਂ ਨਾਲ ਪਹਿਲਵਾਨੀ ਸ਼ੁਰੂ ਕੀਤੀ। 1966 ਵਿਚ ਦਾਰਾ ਸਿੰਘ, ਸਰਦਾਰਾ ਸਿੰਘ ਤੇ ਸੌਦਾਗਰ ਸਿੰਘ ਪਹਿਲਵਾਨਾਂ ਜੋ ਧਰਮੁਚੱਕ (ਅੰੰਮ੍ਰਿਤਸਰ) ਦੇ ਲੰਡਨ ਵਿਚ ਸਨ, ਨਾਲ ਇਕੱਠਿਆਂ ਕੁਸ਼ਤੀ ਲੜਨੀ ਸ਼ੁਰੂ ਕੀਤੀ। ਇਸੇ ਦੌਰਾਨ ਹੀ ਲੰਡਨ ਦੇ ਰਾਇਲ ਐਲਬਟ ਹਾਲ 'ਚ 6 ਫੁੱਟ 4 ਇੰਚ ਕੱਦ ਵਾਲੇ ਨਾਮੀ ਪਹਿਲਵਾਨ ਪੈਟ ਰੋਚ ਇੰਗਲੈਂਡ ਨਾਲ ਪ੍ਰੋਫ਼ੈਸ਼ਨਲ ਮੁਫ਼ਤ ਸਟਾਈਲ ਕੁਸ਼ਤੀ ਹੋਈ, ਜਿਸ 'ਚ ਜਿੱਤ ਹਾਸਲ ਹੋਈ। ਇਸੇ ਤਰ੍ਹਾਂ 1977 ਵਿਚ ਪੰਜਾਬ ਪੁਲਿਸ ਵਲੋਂ ਬਠਿੰਡਾ 'ਚ ਕੁਸ਼ਤੀਆਂ ਕਰਵਾਈਆਂ ਗਈਆਂ, ਜਿਸ ਵਿਚ ਕੁਸ਼ਤੀ ਰੁਸਤਮੇ ਹਿੰਦ ਦਾਰਾ ਸਿੰਘ ਨਾਲ ਹੋਈ, ਜਿਸ ਵਿਚ ਬਰਾਬਰ ਰਹੇ।
ਉਨ੍ਹਾਂ ਦੱਸਿਆ ਕਿ ਮੇਰਾ ਵਿਆਹ ਦਾਰਾ ਸਿੰਘ ਨੇ ਵਿਚੋਲਾ ਬਣ ਕੇ ਪਹਿਲਵਾਨ ਸੌਦਾਗਰ ਸਿੰਘ ਦੀ ਭਾਣਜੀ ਅਮਰਜੀਤ ਕੌਰ ਨਾਲ 1967 ਵਿਚ ਪਿੰਡ ਕੱਸੋਆਣਾ ਜ਼ੀਰਾ (ਫਿਰੋਜ਼ਪੁਰ) ਨਾਲ ਕਰਵਾਇਆ। ਉਨ੍ਹਾਂ ਦੱਸਿਆ ਕਿ 1972 ਵਿਚ ਜਦੋਂ ਦਾਰਾ ਸਿੰਘ ਨਾਲ ਮੋਰੇਸ਼ੀਅਸ ਗਏ ਤਾਂ ਉਸ ਸਮੇਂ ਤੋਂ ਹੀ ਲੋਕ ਮੈਨੂੰ ਪ੍ਰਿੰਸ ਦੇ ਨਾਂਅ ਨਾਲ ਬੁਲਾਉਣ ਲੱਗੇ। ਇਸ ਦੌਰਾਨ 1978 ਵਿਚ ਇਕ ਵਾਰ ਫਿਰ ਕੋਲਕਾਤਾ ਵਿਚ ਦਾਰਾ ਸਿੰਘ ਨਾਲ ਕੁਸ਼ਤੀ ਹੋਈ। ਦੁਬਈ ਦੇ ਅਲਨਾਸਰ ਸਟੇਡੀਅਮ ਵਿਚ 1981 ਵਿਚ ਹੋਈਆਂ ਕੁਸ਼ਤੀਆਂ ਨੂੰ ਗੁਰਪਾਲ ਅੱਜ ਵੀ ਆਪਣੀ ਜ਼ਿੰਦਗੀ ਦੀ ਵਿਸ਼ੇਸ਼ ਪ੍ਰਾਪਤੀ ਮੰਨਦਾ ਹੋਇਆ ਦੱਸਦਾ ਹੈ ਕਿ ਉਸ ਸਮੇਂ ਲੋਕਾਂ ਵਲੋਂ ਇਹ ਜ਼ਿੱਦ ਕੀਤੀ ਗਈ ਸੀ ਕਿ ਜੇ ਪ੍ਰਿੰਸ ਮਾਨ ਸਿੰਘ ਕੁਸ਼ਤੀ ਲੜੇਗਾ ਤਾਂ ਹੀ ਟਿਕਟ ਖਰੀਦਣਗੇ। ਗੁਰਪਾਲ ਦੱਸਦਾ ਹੈ ਕਿ ਕੁਸ਼ਤੀ ਦੀ ਇਹ ਚੇਟਕ ਉਸ ਨੂੰ ਆਪਣੇ ਜੱਦੀ ਪਿੰਡ ਭੋਮਾ ਵਿਖੇ ਪੈਂਦੀ ਸਾਲਾਨਾ ਛਿੰਝ ਤੋਂ ਹੀ ਲੱਗੀ ਸੀ ਤੇ ਏਨੀਆਂ ਪ੍ਰਾਪਤੀਆਂ ਤੋਂ ਬਾਅਦ ਨੌਜਵਾਨ ਪਹਿਲਵਾਨਾਂ ਨੂੰ ਸੇਧ ਦੇਣ ਲਈ 2003 ਤੋਂ ਆਪਣੇ ਪਿੰਡ ਵਿਚ ਹੀ ਪਦਮਸ੍ਰੀ ਕਰਤਾਰ ਸਿੰਘ ਆਈ.ਜੀ. (ਪੰਜਾਬ ਪੁਲਿਸ) ਦੀ ਮਦਦ ਨਾਲ ਅੰਤਰਰਾਸ਼ਟਰੀ ਮੇਲਾ ਕਰਵਾਉਣਾ ਆਰੰਭ ਕਰ ਦਿੱਤਾ। ਅੱਜ ਇਹ ਮੇਲਾ ਪੰਜਾਬ ਦੇ ਨਾਮਵਰ ਮੇਲਿਆਂ ਵਿਚ ਆਪਣਾ ਨਾਂਅ ਦਰਜ ਕਰਵਾ ਚੁੱਕਾ ਹੈ। ਹਰ ਸਾਲ ਫੱਗਣ ਦੀ ਸੰਗਰਾਂਦ ਤੋਂ ਸ਼ੁਰੂ ਹੋਣ ਵਾਲੇ ਇਸ ਮੇਲੇ ਦੀ ਤਿਆਰੀ ਲਈ ਗੁਰਪਾਲ ਪਰਿਵਾਰ ਸਮੇਤ ਯੂ.ਕੇ. ਤੋਂ ਇਕ ਮਹੀਨਾ ਪਹਿਲਾਂ ਹੀ ਆਪਣੇ ਪਿੰਡ ਭੋਮਾ ਵਿਖੇ ਆ ਕੇ ਤਿਆਰੀਆਂ ਸ਼ੁਰੂ ਕਰ ਦਿੰਦਾ ਹੈ।


-ਘੁਮਾਣ।

ਅਪਾਹਜ ਹੋ ਕੇ ਵੀ ਬੁਲੰਦੀਆਂ ਛੂਹ ਰਿਹਾ ਹੈ ਦਿਗਵਿਜੇ ਸਿੰਘ ਉੱਤਰਾਖੰਡ

ਅਪਾਹਜ ਅਥਲੀਟ ਦਿਗਵਿਜੇ ਸਿੰਘ ਉੱਤਰਾਖੰਡ ਪ੍ਰਾਂਤ ਦੇ ਸਵਰਗ ਦੁਆਰ ਮੰਨੇ ਜਾਂਦੇ ਸ਼ਹਿਰ ਹਰਿਦੁਆਰ ਦੇ ਨਾਲ ਲਗਦੇ ਇਕ ਪਿੰਡ ਦਾਬਕੀ ਕਲਾਂ ਨਾਲ ਸਬੰਧ ਰੱਖਦਾ ਹੈ ਅਤੇ ਉਹ ਸਿਰਫ ਦੋ ਕੁ ਸਾਲ ਦਾ ਸੀ ਕਿ ਉਸ ਨੂੰ ਤੇਜ਼ ਬੁਖਾਰ ਹੋਣ ਕਾਰਨ ਉਹ ਸਾਰੇ ਸਰੀਰ ਤੋਂ ਪੋਲੀਓ ਗ੍ਰਸਤ ਹੋ ਗਿਆ ਪਰ ਪਿਤਾ ਜਤਿੰਦਰ ਸਿੰਘ ਨੇ ਹਾਰ ਨਾ ਮੰਨੀ ਅਤੇ ਉਹ ਦਿਗਵਿਜੇ ਸਿੰਘ ਨੂੰ ਕੁੱਛੜ ਚੁੱਕ ਡਾਕਟਰਾਂ ਕੋਲ ਲੈ ਗਿਆ ਅਤੇ ਬੜੇ ਲੰਮੇ ਇਲਾਜ ਤੋਂ ਬਾਅਦ ਉਸ ਦੀ ਗਰਦਨ ਅਤੇ ਦੋਵੇਂ ਹੱਥਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਉਸ ਦੇ ਦੋਵੇਂ ਪੈਰ ਸਹੀ ਨਹੀਂ ਹੋ ਸਕੇ ਅਤੇ ਉਹ ਹਮੇਸ਼ਾ ਲਈ ਵੀਲ੍ਹਚੇਅਰ ਜਾਂ ਬੈਸਾਖੀਆਂ ਦੇ ਸਹਾਰੇ ਚੱਲਣ ਲਈ ਮਜਬੂਰ ਹੋ ਗਿਆ ਪਰ ਜਿਵੇਂ ਬਾਪ ਨੇ ਹਿੰਮਤ ਨਹੀਂ ਹਾਰੀ, ਉਸੇ ਤਰ੍ਹਾਂ ਦਿਗਵਿਜੇ ਸਿੰਘ ਨੇ ਵੀ ਹਿੰਮਤ ਨਹੀਂ ਹਾਰੀ, ਭਾਵੇਂ ਕਿ ਜ਼ਿੰਦਗੀ ਮੁਸ਼ਕਿਲਾਂ ਭਰੀ ਸੀ। ਦਿਗਵਿਜੇ ਸਿੰਘ ਦਾ ਸਕੂਲ ਜਾਣਾ ਬੇਹੱਦ ਕਠਿਨ ਸੀ, ਇਸ ਲਈ ਉਸ ਦੀ ਪੜ੍ਹਾਈ ਘਰ ਸੀ ਸ਼ੁਰੂ ਕਰ ਦਿੱਤੀ ਗਈ ਅਤੇ ਇਸੇ ਤਰ੍ਹਾਂ ਉਸ ਦਾ ਬਚਪਨ ਬੀਤਿਆ ਅਤੇ ਜਦ ਉਸ ਨੇ ਜਵਾਨੀ ਵਿਚ ਪੈਰ ਧਰਿਆ ਤਾਂ ਉਹ ਆਮ ਲੋਕਾਂ ਵਾਂਗ ਹੀ ਆਮ ਜ਼ਿੰਦਗੀ ਜਿਊਣ ਦਾ ਇਛੁਕ ਸੀ ਅਤੇ ਉਹ ਆਪਣੀ ਅਪਾਹਜਤਾ ਨੂੰ ਪਿੱਛੇ ਛੱਡ ਉਹ ਕੰਮ ਕਰਨ ਲੱਗਿਆ, ਜਿਹੜੇ ਆਮ ਆਦਮੀ ਤਾਂ ਕਰ ਹੀ ਸਕਦੇ ਹਨ ਪਰ ਇਕ ਅਪਾਹਜ ਨੌਜਵਾਨ ਲਈ ਅਸੰਭਵ ਸੀ।
ਦਿਗਵਿਜੇ ਸਿੰਘ ਜਿੱਥੇ ਮੁਸ਼ਕਿਲਾਂ ਨਾਲ ਲੜਦਾ ਜ਼ਿੰਦਗੀ ਦੀ ਦੌੜ ਵਿਚ ਅੱਗੇ ਵਧਦਾ ਗਿਆ, ਉਥੇ 12ਵੀਂ ਤੱਕ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਪੋਲੀਟੈਕਨਿਕ ਵੀ ਕਰ ਲਈ ਅਤੇ ਹੁਣ ਉਹ ਪੋਸਟ ਗ੍ਰੈਜ਼ੂਏਸ਼ਨ ਵੀ ਨਾਲੋ-ਨਾਲ ਕਰ ਰਿਹਾ ਹੈ। ਦਿਗਵਿਜੇ ਸਿੰਘ ਨੇ ਖੇਡਾਂ ਦੇ ਖੇਤਰ ਵਿਚ ਪੈਰ ਧਰਿਆ ਅਤੇ ਉਹ ਵੀਲ੍ਹਚੇਅਰ 'ਤੇ ਪਾਵਰਲੈਫਟਿੰਗ ਕਰਨ ਲੱਗਿਆ ਪਰ ਅਫਸੋਸ ਕਿ ਉਸ ਦੇ ਬਾਪ ਜਤਿੰਦਰ ਸਿੰਘ ਦੀ ਅਚਾਨਕ ਮੌਤ ਹੋ ਗਈ, ਜੋ ਦਿਗਵਿਜੇ ਸਿੰਘ ਲਈ ਇਕ ਸਦਮਾ ਤਾਂ ਸੀ ਪਰ ਰੋਜ਼ੀ-ਰੋਟੀ ਲਈ ਵੀ ਇਕ ਵੱਡੀ ਚੁਣੌਤੀ ਸੀ ਪਰ ਉਸ ਦੀ ਜੀਵਨ ਸਾਥੀ ਨੇ ਅਜਿਹਾ ਸਾਥ ਨਿਭਾਇਆ ਕਿ ਦਿਗਵਿਜੇ ਸਿੰਘ ਨੇ ਛੇਤੀ ਹੀ ਸਾਰੀਆਂ ਚੁਣੌਤੀਆਂ ਨੂੰ ਪਾਰ ਕਰ ਲਿਆ ਅਤੇ ਅੱਜ ਉਹ ਉੱਤਰਾਖੰਡ ਦੀ ਵੀਲ੍ਹਚੇਅਰ ਕ੍ਰਿਕਟ ਟੀਮ ਦਾ ਨੈਸ਼ਨਲ ਖਿਡਾਰੀ ਹੈ ਅਤੇ 'ਖੇਲੋ ਇੰਡੀਆ' ਅਤੇ 'ਖੇਲ ਮਹਾਂ-ਕੁੰਭ' ਵਰਗੇ ਵੱਡੇ ਮੁਕਾਬਲਿਆਂ ਵਿਚ ਤਗਮੇ ਜਿੱਤ ਚੁੱਕਾ ਹੈ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਉੱਤਰਾਖੰਡ ਸਰਕਾਰ ਉਸ ਨੂੰ 'ਦਕਸ ਖਿਡਾਰੀ ਪੁਰਸਕਾਰ' ਨਾਲ ਸਨਮਾਨਿਤ ਕਰ ਚੁੱਕੀ ਹੈ ਅਤੇ ਯੰਗ ਇੰਡੀਆ ਆਰਗੇਨਾਈਜੇਸ਼ਨ ਉਸ ਨੂੰ ਦਿਵਿਆਂਗ ਰਤਨ ਨਾਲ ਸਨਮਾਨਿਤ ਕਰ ਚੁੱਕੀ ਹੈ। ਦਿਗਵਿਜੇ ਸਿੰਘ ਆਖਦਾ ਹੈ ਕਿ, 'ਕੋਈ ਬਾਤ ਨਹੀਂ, ਤੁਮਾਰੇ ਪਾਸ ਕਮ ਵਕਤ ਬਚਾ ਹੈ ਪਰ ਐਸੀ ਸਥਿਤੀ ਮੇਂ ਹੀ ਲੋਗੋਂ ਨੇ ਇਤਿਹਾਸ ਰਚਾ ਹੈ।'


-ਮੋਬਾ: 98551-14484

ਸਿੱਖ ਜਗਤ ਦੀ ਸ਼ਾਨ ਕੇਸਾਧਾਰੀ ਹਾਕੀ ਖਿਡਾਰੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਖਡੂਰ ਸਾਹਿਬ, ਨਾਮਧਾਰੀ ਇਲੈਵਨ ਭੈਣੀ ਸਾਹਿਬ, ਸ਼ਾਹਬਾਦ ਹਰਿਆਣਾ ਪੀ.ਆਈ.ਐਸ. ਹਾਕੀ ਅਕੈਡਮੀ ਮੁਹਾਲੀ, ਪੀ.ਆਈ.ਐਸ. ਹਾਕੀ ਅਕੈਡਮੀ ਲੁਧਿਆਣਾ ਦੇ 128 ਜੂੜੇ ਵਾਲੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਨੀਲੀ ਐਸਟਰੋਟਰਫ 'ਤੇ ਖੇਡਦਿਆਂ ਸਿੱਖੀ ਦੀ ਸ਼ਾਨ ਨੂੰ ਚਾਰ ਚੰਦ ਲਾਏ। ਪੂਰੇ ਭਾਰਤ 'ਚ ਖੇਡੇ ਜਾਂਦੇ ਗੋਲਡ ਕੱਪ ਹਾਕੀ ਟੂਰਨਾਮੈਂਟ 'ਚ ਇਹ ਗੋਲਡ ਕੱਪ ਆਕਾਰ 'ਚ ਸਭ ਤੋਂ ਵੱਡਾ ਸੀ ਯਾਨੀ ਢਾਈ ਫੁੱਟ ਦਾ ਸੀ। ਟੂਰਨਾਮੈਂਟ ਪ੍ਰਬੰਧਕਾਂ ਨੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਮੈਨ ਆਫ ਦੀ ਮੈਚ, ਪਲੇਅਰ ਆਫ ਦਾ ਟੂਰਨਾਮੈਂਟ, ਟਾਪ ਸਕੋਰਰ, ਵਧੀਆ ਗੋਲਕੀਪਰ ਆਦਿ ਨਿਵਾਜਿਆ, ਕੌਂਸਲ ਵਲੋਂ ਇਕ-ਇਕ ਟੀ-ਸ਼ਰਟ ਵੀ ਦਿੱਤੀ ਗਈ। ਅੰਤਰਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਵਲੋਂ ਇਹ ਟੂਰਨਾਮੈਂਟ ਪਹਿਲਾ ਯਤਨ ਸੀ, ਕੁਝ ਖਾਮੀਆਂ ਦਾ ਰਹਿ ਜਾਣਾ ਵੀ ਯਕੀਨਨ ਸੀ। ਸਭ ਤੋਂ ਵੱਡੀ ਖਾਮੀ ਸਾਨੂੰ ਇਹ ਦਿਸੀ ਕਿ ਪਲੇਠੇ ਟੂਰਨਾਮੈਂਟ 'ਚ ਪ੍ਰਭਾਵਸ਼ਾਲੀ ਸਾਬਤ-ਸੂਰਤ ਸਿੱਖ ਦੇ ਸਰੂਪ 'ਚ ਖੇਡਣ ਵਾਲੇ ਖਿਡਾਰੀਆਂ ਲਈ ਕੋਈ ਵਿਸ਼ੇਸ਼ ਇਨਾਮਾਂ ਦਾ ਪ੍ਰਬੰਧ ਨਹੀਂ ਸੀ, ਜਦੋਂ ਕਿ ਇਹ ਸੰਸਥਾ ਇਸੇ ਨਿਸ਼ਾਨੇ ਨੂੰ ਲੈ ਕੇ ਚੱਲੀ ਸੀ। ਇਸ ਲਈ ਵਿਸ਼ੇਸ਼ ਇਨਾਮਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਕਿਸਮ ਦੇ ਮਿਸ਼ਨਰੀ ਹਾਕੀ ਟੂਰਨਾਮੈਂਟ 'ਚ ਸਿੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਵੀ ਯਕੀਨੀ ਬਣਾਈ ਜਾਵੇ। ਅਸੀਂ ਚਾਹੁੰਦੇ ਹਾਂ ਕਿ ਇਸ ਕਿਸਮ ਦੇ ਟੂਰਨਾਮੈਂਟਾਂ ਦੀ ਕੁਮੈਂਟਰੀ ਲਈ ਬੁਲਾਰਾ ਉਹ ਹੋਵੇ, ਜਿਸ ਨੂੰ ਸਿੱਖ ਜਗਤ ਅਤੇ ਹਾਕੀ ਜਗਤ ਦੀ ਜਾਣਕਾਰੀ ਦਾ ਸੁਮੇਲ ਕਰਨਾ ਆਉਂਦਾ ਹੋਵੇ। ਟੂਰਨਾਮੈਂਟ ਦੇ ਨਾਲ-ਨਾਲ ਸਿੱਖ ਸਾਹਿਤ ਦੀ ਪ੍ਰਦਰਸ਼ਨੀ ਵੀ ਲੱਗ ਜਾਵੇ ਤਾਂ ਬਹੁਤ ਬਿਹਤਰ। ਮੁਹਾਲੀ ਵਾਲਾ ਕੇਸਾਧਾਰੀ ਹਾਕੀ ਟੂਰਨਾਮੈਂਟ ਦੇਸ਼ ਦੀਆਂ ਬਾਕੀ ਸਿੱਖ ਸੰਸਥਾਵਾਂ ਨੂੰ ਵੀ ਇਸ ਪੱਖੋਂ ਪ੍ਰੇਰਿਤ ਕਰੇਗਾ ਅਤੇ ਆਉਣ ਵਾਲੇ ਸਮੇਂ ਵਿਚ ਇਸ ਕਿਸਮ ਦੇ ਯਤਨ ਬਾਕੀ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਵਲੋਂ ਵੀ ਹੋਣੇ ਚਾਹੀਦੇ ਹਨ। ਸਾਡੀ ਵਿਸ਼ਵ ਸਿੱਖ ਭਾਈਚਾਰੇ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਅੰਤਰਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਦੀ ਆਰਥਿਕ ਪੱਖੋਂ ਸਹਾਇਤਾ ਕਰੇ ਤਾਂ ਕਿ ਇਹ ਕੌਂਸਲ ਆਉਣ ਵਾਲੇ ਸਮੇਂ ਵਿਚ ਇਸ ਤੋਂ ਵਧੀਆ ਅਤੇ ਵੱਡੇ ਪੱਧਰ 'ਤੇ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾ ਸਕਣ। ਸੁਝਾਅ ਹੈ ਕਿ ਜੋ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਅਜਿਹੇ ਟੂਰਨਾਮੈਂਟ ਕਰਵਾਉਣ ਦੀ ਪਹਿਲ ਨਹੀਂ ਕਰ ਸਕਦੀਆਂ, ਉਨ੍ਹਾਂ ਨੂੰ ਕੌਮਾਂਤਰੀ ਸਿੱਖ ਸਪੋਰਟਸ ਕੌਂਸਲ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਸਾਰੇ ਮਿਲ-ਜੁਲ ਕੇ ਖੇਡਾਂ ਦੇ ਖੇਤਰ ਵਿਚ, ਵਿਸ਼ੇਸ਼ ਕਰਕੇ ਹਾਕੀ ਦੇ ਖੇਤਰ ਵਿਚ ਸਿੱਖ ਜਗਤ ਦੀ ਬੁਲੰਦੀ ਲਈ ਆਪਣੇ ਉਪਰਾਲੇ ਬਰਕਰਾਰ ਰੱਖ ਸਕਣ। ਸਿੱਖਾਂ ਦੀ ਧਾਰਮਿਕ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ 'ਤੇ ਅਜਿਹੇ ਟੂਰਨਾਮੈਂਟਾਂ ਨੂੰ ਸਪਾਂਸਰ ਕਰੇ। (ਸਮਾਪਤ)


-ਡੀ.ਏ.ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX