ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਪੰਜਾਬ ਦੀ ਪੁਰਾਣੀ ਲੋਕ-ਕਲਾ : ਨਕਲਾਂ

ਸੰਨ 1950 ਦੇ ਕਰੀਬ ਨਕਲਾਂ ਪੰਜਾਬੀ ਲੋਕਾਂ ਦੇ ਮਨੋਰੰਜਨ ਦਾ ਮੁੱਖ ਤੇ ਮਹੱਤਵਪੂਰਨ ਸਾਧਨ ਸਨ | ਬਿਨਾਂ ਕਿਸੇ ਸਟੇਜ, ਮਾਈਕ ਤੇ ਹੋਰ ਖਿਲਾਰੇ ਦੇ ਦਿਨ ਨੰੂ ਬਿਰਛਾਂ ਹੇਠ ਤੇ ਰਾਤ ਨੂੰ ਚੌਪਾਲਾਂ ਤੇ ਸੱਥਾਂ ਵਿਚ ਨਕਲਾਂ ਦੇ ਅਖਾੜੇ ਜੁੜ ਜਾਂਦੇ ਸਨ |
ਪੰਜਾਬ ਦੇ ਪਿੰਡਾਂ ਵਿਚ ਜਦੋਂ ਰਾਤ ਨੂੰ ਲੋਕ ਖਾਣੇਂ ਪੀਣੇਂ ਦੇ ਕੰਮ ਤੋਂ ਵਿਹਲੇ ਹੋ ਜਾਂਦੇਂ ਤਾਂ ਪਿੰਡ 'ਚ ਕਿਸੇ ਖਾਲੀ ਥਾਂ ਪਹੁੰਚ ਕੇ ਨਕਲੀਆਂ ਦੀ ਟੀਮ ਧਾਮਾਂ (ਤਬਲਾ) ਰੱਖ ਕੇ ਬੈਠ ਜਾਂਦੀ ਤੇ ਜਦੋਂ ਲੋਕਾਂ ਨੂੰ ਖੁੱਲ੍ਹਾ ਸੱਦਾ ਦੇਣ ਲਈ ਤਬਲੇ ਵਾਲਾ ਤਬਲੇ 'ਤੇ ਹੱਥ ਮਾਰਦਾ ਤਾਂ ਨਕਲਾਂ ਵੇਖਣ ਲਈ ਲੋਕਾਂ ਦੇ ਦਿਲ ਧੜਕ ਉਠਦੇ |
ਇਸ ਇਤਿਹਾਸਕ ਲੋਕ ਕਲਾ ਦੇ ਵੀ ਤਿੰਨ ਰੂਪ ਹੁੰਦੇ ਸਨ | ਸਾਲ, ਰਾਸ ਤੇ ਨਕਲਾਂ | ਸਾਲ ਕਰਵਾਉਣ ਸਮੇਂ ਪੰਜਾਬ ਦੇ ਇਕ ਵਿਸ਼ੇਸ਼ ਵਰਗ ਦੇ ਲੋਕ ਪਿੰਡ ਦੇ ਨੇੜੇ ਛੱਪੜ ਵਿਚ ਕਾਗਜਾਂ ਤੇ ਹੋਰ ਲੋੜੀਂਦੀ ਸਮੱਗਰੀ ਤੋਂ ਤਿਆਰ ਕੀਤਾ ਗਿਆ ਬੇੜਾ ਤਾਰਦੇ ਸਨ ਤੇ ਖਾਣੇਂ ਪੀਣੇਂ ਤੋਂ ਵਿਹਲੇ ਹੋ ਕੇ ਕਿਸੇ ਖੁੱਲ੍ਹੀ ਜਗ੍ਹਾ ਵਿਚ ਸਾਲ ਸ਼ੁਰੂ ਹੋ ਜਾਂਦਾ ਸੀ |
ਸਾਲ ਵਿਚ ਬਾਕੀ ਸਭ ਕੁਝ ਤਾਂ ਨਕਲਾਂ ਵਰਗਾ ਹੀ ਹੁੰਦਾ ਸੀ ਪਰ ਇਸ ਵਿਚ ਲੰਮੇ ਡਰਾਮੇ ਵੀ ਪੇਸ਼ ਕੀਤੇ ਜਾਂਦੇ ਸਨ, ਜਿਵੇਂ ਰਾਜਾ ਰਸਾਲੂ, ਪੂਰਨ ਭਗਤ, ਲੈਲਾ ਮਜਨੂੰ, ਮਿਰਜਾ ਸਾਹਿਬਾਂ, ਹੀਰ ਰਾਝਾਂ ਤੇ ਸੋਹਣੀ ਮਹੀਂਵਾਲ ਆਦਿ | ਸਾਲ ਵਿਚ ਕਈ ਇਤਿਹਾਸਕ ਤੇ ਮਿਥਿਹਾਸਕ ਝਾਕੀਆਂ ਵੀ ਕੱਢੀਆਂ ਜਾਂਦੀਆਂ ਸਨ, ਦੁਆਬੇ ਵਿਚ ਸਾਲਾਂ ਦੀ ਕਲਾ ਨੂੰ ਜਿਉਂਦਿਆਂ ਰੱਖਣ ਵਾਲਾ ਕਲਾਕਾਰ ਬੱਗੜ ਮੇਰੇ ਜੱਦੀ ਪਿੰਡ ਦੋਸਾਂਝ ਕਲਾਂ ਤੋਂ ਸੀ ਤੇ ਇਹ ਮੇਰੇ ਸੁਹਰੇ ਪਿੰਡ ਬਾੜੀਆਂ ਕਲਾਂ ਵਿਆਹਿਆ ਹੋਇਆ ਸੀ | ਇਨ੍ਹਾਂ ਦਾ ਲੱਗਪਗ ਸਾਰਾ ਪਰਵਾਰ ਨਕਲਾਂ ਦੇ ਸੱਭਿਆਚਾਰ ਨਾਲ ਜੁੜਿਆ ਹੋਇਆ ਸੀ |
ਦੁਆਬੇ ਵਿਚ ਰਾਸਧਾਰੀਆਂ ਦੀ ਬਹੁਤ ਮਸ਼ਹੂਰ ਤੇ ਪੁਰਾਣੀ ਟੀਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਰੜ ਅੱਛਰਵਾਲ ਦੀ ਹੁੰਦੀ ਸੀ, ਰਾਸ ਅਕਸਰ ਰਾਤ ਨੂੰ ਪਾਈ ਜਾਂਦੀ ਸੀ ਤੇ ਰਾਸ ਵੇਖਣ ਲਈ ਦਸ ਦਸ ਪੰਦਰਾਂ ਪੰਦਰਾਂ ਮੀਲਾਂ ਤੋਂ ਲੋਕ ਪੈਦਲ ਚੱਲ ਕੇ ਉਤਸ਼ਾਹ ਨਾਲ ਪਹੁੰਚਦੇ ਤੇ ਰਾਸ ਵੇਖਣ ਦਾ ਆਨੰਦ ਮਾਣਦੇ ਸਨ |
ਰਾਸ ਵਿਚ ਵੀ ਨੱਚਣ ਗਾਉਣ ਦੇ ਨਾਲ ਨਾਲ ਲੰਮੇ ਡਰਾਮੇ ਪੇਸ਼ ਕੀਤੇ ਜਾਂਦੇ ਸਨ ਜਿਵੇਂ, ਰਾਜਾ ਮਾਨਧਾਤਾ, ਰਾਜਾ ਹਰੀ ਚੰਦ, ਰਾਜਾ ਭਰਥਰੀ, ਰਾਜਾ ਰਸਾਲੂ ਆਦਿ, ਰਾਸਧਾਰੀਆਂ ਦੀ ਇਸ ਟੀਮ ਵਿਚ ਇਕ ਪਾਤਰ ਹੁੰਦਾ ਸੀ ਮਨਸੁੱਖਾ | ਮਨਸੁੱਖਾ ਰਾਸ ਦੇ ਸ਼ੁਰੂ ਵਿਚ ਦੋਵਾਂ ਹੱਥਾਂ ਵਿਚ ਕੀਲੀਆਂ ਫੜ ਕੇ ਸਖੀਆਂ ਦੇ ਨਾਲ ਕੀਲੀਆਂ ਦੀ ਲੜਾਈ ਦੀ ਖੇਡ ਖੇਡਦਾ ਸੀ ਸਖੀਆਂ ਵੀ ਇਕ ਗੋਲ ਘੇਰੇ ਵਿਚ ਘੁੰਮਦੀਆਂ ਤੇ ਇਕ ਦੂਜੇ ਦੀਆਂ ਕੀਲੀਆਂ ਨਾਲ ਕੀਲੀਆਂ ਮਾਰਦੀਆਂ, ਕੀਲੀਆਂ ਮਾਰਨ ਦੀ ਰਫਤਾਰ ਤੇਜ਼ ਹੋ ਜਾਂਦੀ ਤਾਂ ਮਨਸੁੱਖਾ ਨੇੜੇ ਦੀ ਸਖੀ ਦੇ ਗੁੱਟ 'ਤੇ ਚੋਟ ਮਾਰ ਕੇ ਆਖਦਾ ਐਸੇ ਨੀ ਸਖੀ ਐਸੇ!
ਕੁੜੀਆਂ ਵਹੁਟੀਆਂ ਵਾਲੇ ਕੱਪੜੇ ਪਾ ਕੇ ਨੌਜਵਾਨ ਹੀ ਸਖੀਆਂ ਬਣੇ ਹੁੰਦੇ ਸਨ, ਇਨ੍ਹਾਂ ਸਖੀਆਂ ਵਿਚ ਊਧੋ ਤੇ ਚੰਨਣ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੁੰਦੇ ਸਨ, ਰਾਸ ਦੇ ਡਰਾਮੇ ਵਿਚ ਜਦ ਵੀ ਕਿਤੇ ਕੋਈ ਦੁਖਾਂਤਮਈ ਸੀਨ ਆਉਂਦਾ ਤਾਂ ਊਧੋ ਦਰਦਮਈ ਤੇ ਜ਼ੋਰਦਾਰ ਭੁੱਬ ਮਾਰਦਾ ਤੇ ਇਕ ਭੁੱਬ ਦੀ ਅਵਾਜ਼ ਰਾਤ ਦੇ ਸ਼ਾਂਤਮਈ ਹਨੇਰੇ ਵਿਚੋਂ ਲੰਘ ਕੇ ਅਕਸਰ ਨੇੜੇ ਦੇ ਪਿੰਡਾਂ ਤੱਕ ਪਹੁੰਚ ਜਾਂਦੀ ਸੀ |
ਊਧੋ ਰਾਸ ਅੰਦਰ ਸੰਨ 1947 ਦੀ ਵੰਡ ਦੇ ਦਰਦ ਨਾਲ ਭਰਿਆ ਇਕ ਗੀਤ ਵੀ ਅਕਸਰ ਗਾਇਆ ਕਰਦਾ ਸੀ |
ਸਾਥੋਂ ਪਿੰਡੀ, ਅਟਕ, ਕਸੂਰ ਗਿਆ |
ਸਾਡਾ ਕਿੱਧਰ ਲੰਘ ਕੇ ਪੂਰ ਗਿਆ |
ਮਨਸੁੱਖਾ ਇਕ ਵਿਲੱਖਣ ਤੇ ਪ੍ਰਵੀਨ ਕਲਾਕਾਰ ਹੁੰਦਾ ਸੀ, ਜੋ ਬਿਨਾਂ ਕਿਸੇ ਅਸ਼ਲੀਲ ਛੋਹ ਦੇ ਆਪਣੀਆਂ ਗੱਲਾਂ ਤੇ ਟਾਂਚਾਂ ਨਾਲ ਹਸਾ ਹਸਾ ਕੇ ਸਰੋਤਿਆਂ ਦੇ ਢਿੱਡੀ ਪੀੜਾਂ ਪੁਆ ਦੇਣ ਦੀ ਸਮਰੱਥਾ ਰੱਖਦਾ ਸੀ | ਕੁੜੀਆਂ ਵਾਲੇ ਕੱਪੜੇ ਪਾ ਕੇ ਨੱਚਣ ਤੇ ਗੀਤ ਗਾਉਣ ਵਾਲਾ ਰਾਸਧਾਰੀਆਂ ਦੀ ਟੀਮ ਦਾ ਇਕ ਨੌਜਵਾਨ ਮੈਂਬਰ ਕਿ੍ਸ਼ਨ ਆਪਣੀ ਖ਼ੂਬਸੂਰਤੀ ਕਰਕੇ ਅਕਸਰ ਪੇਂਡੂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੁੰਦਾ ਸੀ |
ਨਕਲਾਂ ਦੇ ਅਖਾੜੇ ਵਿਚ ਅਕਸਰ ਲਿੱਚ ਘੜਿਚੀਆਂ ਤੇ ਹਾਸੇ ਮਖੌਲ ਚਲਦੇ ਸਨ, ਭਾਵੇਂ ਨਕਲਾਂ ਵਿਚ ਮਾਂ ਦਾ ਦਿਲ ਖੂਨੀ ਲੜਕੀ ਤੇ ਹੋਰ ਕਈ ਛੋਟੇ ਛੋਟੇ ਨਾਟਕ ਵੀ ਪੇਸ਼ ਕੀਤੇ ਜਾਂਦੇ ਸਨ ਪਰ ਨਕਲਾਂ ਦੀ ਕਲਾ ਬਹੁਤੀ ਹਾਸੇ ਮਖੌਲ ਤੇ ਟਿੱਚਰਾਂ 'ਤੇ ਹੀ ਕੇਂਦਰਿਤ ਹੁੰਦੀ ਸੀ |
ਦੁਆਬੇ ਵਿਚ ਨਕਲੀਆਂ ਦੇ ਕਈ ਗਰੁੱਪ ਸਨ, ਇੰਨ੍ਹਾਂ ਵਿਚੋਂ ਇਕ ਗਰੁੱਪ ਜ਼ਿਲ੍ਹਾ ਜਲੰਧਰ ਦੇ ਪਿੰਡ ਸੱਲ੍ਹਾਂ ਦਾ ਹੁੰਦਾ ਸੀ | ਇਸ ਦਾ ਮੁਖੀ ਸੱਲ੍ਹਾਂ ਦਾ ਪੰਡਤ ਹੁੰਦਾ ਸੀ, ਕੁੜੀਆਂ ਵਹੁਟੀਆਂ ਵਾਲੇ ਕੱਪੜੇ ਪਾ ਕੇ ਚਿਹਰਿਆਂ ਦੀ ਖ਼ੂਬਸੂਰਤੀ ਬਿਖੇਰਨ ਤੇ ਨਾਚ ਨਾਲ ਗੀਤ ਗਾਉਣ ਵਾਲਿਆਂ ਵਿਚ ਸੱਲਾਂ ਦਾ ਪ੍ਰੀਤਾ, ਨਵਾਂ ਸ਼ਹਿਰ ਦਾ ਦੁਰਗਾ ਤੇ ਪਿੰਡ ਢਾਹਾਂ ਦਾ ਸੋਹਣ ਬਹੁਤ ਮਸ਼ਹੂਰ ਹੁੰਦੇ ਸਨ |
-0-
ਦੁਰਗਾ ਜਦੋਂ ਜ਼ੋਰਦਾਰ ਢੰਗ ਨਾਲ ਜ਼ਮੀਨ 'ਤੇ ਅੱਡੀਆਂ ਮਾਰਕੇ ਪੈਰਾਂ ਨਾਲ ਬੰਨ੍ਹੀਆਂ ਝਾਂਜਰਾਂ ਛਣਕਾਉਂਦਾ ਤੇ ਨਾਚ ਸ਼ੁਰੂ ਕਰਦਾ ਤਾਂ ਜਿਵੇਂ ਧਰਤੀ ਹਿਲਾ ਦਿੰਦਾ, ਤੇ ਉਸ ਦਾ ਇਹ ਗੀਤ ਸਰੋਤੇ ਬਹੁਤ ਰੀਝ ਨਾਲ ਸੁਣਦੇ ਸਨ-
ਚੱਲਾਂ ਮੋਰਨੀ ਦੀ ਚਾਲ! ਚੱਲਾਂ ਮੋਰਨੀ ਦੀ ਚਾਲ!!
ਖੇਡਾਂ ਪਿਆਰ ਮੇਰੇ ਨਾਲ,
ਓਓਓ ਅੱਜ ਮੇਰੀ ਅੱਖ ਲੜ ਗਈ!!
ਨਕਲਾਂ ਦੇ ਵਿਚ ਅਕਸਰ ਪੁਰਾਣੀਆਂ ਫਿਲਮਾਂ ਦੇ ਗੀਤ ਗਾਏ ਜਾਂਦੇ ਸਨ | ਅਜਿਹਾ ਹੀ ਗੀਤ ਸੱਲ੍ਹਾਂ ਵਾਲਾ ਪੰਡਿਤ ਆਪਣੇ ਖੱਬੇ ਕੰਨ 'ਤੇ ਹੱਥ ਰੱਖ ਕੇ ਸ਼ੁਰੂ ਕਰਦਾ ਹੁੰਦਾ ਸੀ-
ਨੀ ਗੱਲ ਸੁਣ ਸੋਹਣੀਏ! ਨੀ ਮਨ ਮੇਰਾ ਮੋਹਣੀਏ'!!
ਮੁਟਿਆਰੇ ਨੀ ਤੂੰ ਨੀ ਜਾਣਦੀ
ਪ੍ਰਦੇਸੀਆਂ ਦੇ ਪਿਆਰ ਨੂੰ ਓ ਬੱਲੇ !!!
ਜਵਾਬ ਵਿਚ ਪ੍ਰੀਤਾ ਨਚਾਰ ਆਪਣੇ ਪੈਰਾਂ ਵਿਚ ਬੰਨ੍ਹੀਆਂ ਝਾਂਜਰਾਂ ਛਣਕਾ ਕੇ ਖੜ੍ਹਾ ਹੋ ਜਾਂਦਾ ਤੇ ਗੀਤ ਨੂੰ ਅੱਗੇ ਤੋਰਦਾ-
ਗੱਲ ਸੁਣ ਸੋਹਣਿਆਂ ਵੇ ਮਨ ਮੇਰਾ ਮੋਹਣਿਆਂ
ਸਰਦਾਰਾ ਵੇ ਤੂੰ ਕੀ ਜਾਣਦਾ
ਸੋਹਣਿਆਂ ਦੇ ਪਿਆਰ ਨੂੰ ਓ ਬੱਲੇ!!
ਨਾਚ ਦੀ ਦਿਲਖਿੱਚ ਕਲਾ ਨਾਲ ਨਕਲਾਂ ਦੇ ਅਖਾੜੇ ਵਿਚ ਗਾਇਆ ਸੋਹਣ ਢਾਹਾਂ ਦਾ ਇਹ ਗੀਤ ਪੇਂਡੂ ਲੋਕ ਅਕਸਰ ਸ਼ੌਕ ਨਾਲ ਸੁਣਦੇ ਸਨ-
ਸਾਰੀ ਰਾਤ ਤੇਰਾ ਤੱਕਦੀ ਆਂ ਰਾਹ
ਤਾਰਿਆਂ ਤੋਂ ਪੁੱਛ ਚੰਨ ਵੇ,
ਵੇ ਮੈਂ ਤੇਰੇ ਪਿੱਛੇ ਹੋਈ ਆਂ ਤਬਾਹ
ਲਾਰਿਆਂ ਤੋਂ ਪੁੱਛ ਚੰਨ ਵੇ,
ਵਿਚ ਵਿਚਾਲੇ ਵੇਲਾਂ ਦੇ ਪੈਸੇ ਫੜ ਕੇ ਨਚਾਰ ਫਿਰ ਆਪਣੇ ਗੀਤ ਦਾ ਅਗਲੀ ਸਤਰਾਂ ਸ਼ੁਰੂ ਕਰ ਲੈਂਦਾ-
ਸਾਰੀ ਸਾਰੀ ਰਾਤ ਵੇ ਮੈਂ ਬਾਰੀ 'ਚ ਖਲੋਨੀ ਆਂ
ਨਾਲੇ ਭਰਦੀਆਂ ਠੰਢੇ ਠੰਢੇ ਸਾਹ
ਤਾਰਿਆਂ ਤੋਂ ਪੁੱਛ ਚੰਨ ਵੇ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਸੰਪਰਕ : 94631-33991


ਖ਼ਬਰ ਸ਼ੇਅਰ ਕਰੋ

ਕੀ ਹੈ ਵੱਡੇ ਗੈਸੀ ਗ੍ਰਹਿਆਂ, ਕਾਮੇਟਾਂ ਅਤੇ ਉਨ੍ਹਾਂ ਤੋਂ ਪਾਰ?

ਸਾਡੇ ਸੂਰਜ ਪਰਿਵਾਰ ਦੇ ਨਿੱਕੇ ਜਿਹੇ ਘੇਰੇ ਨੂੰ ਵਿਸਤਾਰਨ ਦੀ ਪਹਿਲ ਗੈਲੀਲੀਓ ਨੇ ਕੀਤੀ | ਜਨਵਰੀ 1610 ਵਿਚ ਉਸ ਨੇ ਆਪਣਾ ਟੈਲੀਸਕੋਪ ਆਕਾਸ਼ ਵੱਲ ਕਰ ਕੇ ਚਰਚ ਵਲੋਂ ਬ੍ਰਹਿਮੰਡੀ ਪਸਾਰੇ ਬਾਰੇ ਬਣਾਈਆਂ ਫੈਲਾਈਆਂ ਧਾਰਨਾਵਾਂ ਨੂੰ ਤੋੜ ਭੰਨ ਦਿੱਤਾ | ਜੁਪੀਟਰ ਵੱਲ ਟੈਲੀਸਕੋਪ ਮੋੜਿਆ | ਚਾਰ ਉਪ-ਗ੍ਰਹਿ ਉਸ ਦੁਆਲੇ ਚਕਰ ਕੱਟ ਰਹੇ ਸਨ | ਧਰਤੀ ਦੁਆਲੇ ਸੂਰਜ ਨੇ ਕੀ ਭੌਣਾ ਸੀ, ਇਥੇ ਤਾਂ ਜੁਪੀਟਰ ਹੀ ਦਰਬਾਰ ਲਾਈ ਬੈਠਾ ਸੀ | ਅਗਲੇ ਵਰ੍ਹੇ ਰੋਮ ਗਿਆ ਤਾਂ ਗੈਲੀਲੀਓ ਦਾ ਸਵਾਗਤ ਆਮ ਲੋਕਾਂ ਨੇ ਤਾਂ ਹੀਰੋ ਵਾਂਗ ਕੀਤਾ ਪਰ ਚਰਚ ਨੇ ਉਸ ਦੇ ਵਿਚਾਰਾਂ ਦਾ ਵਿਰੋਧ ਕੀਤਾ ਅਤੇ ਆਪਣੀਆਂ ਧਾਰਨਾਵਾਂ ਵਾਪਸ ਲੈਣ ਲਈ ਮਜਬੂਰ ਕੀਤਾ | ਗੈਲੀਲੀਓ ਨੇ ਬਥੇਰਾ ਕਿਹਾ ਭਲੇ ਮਾਣਸੋ ਧਰਮ ਦਾ ਸਬੰਧ ਨੈਤਿਕਤਾ ਨਾਲ ਹੁੰਦਾ ਹੈ ਤੇ ਬ੍ਰਹਿਮੰਡੀ ਵਰਤਾਰੇ ਵਿਗਿਆਨ ਦੇ ਨੇਮਾਂ ਅਨੁਸਾਰ ਚੱਲ ਰਹੇ ਹਨ | ਕਿਸੇ ਨੇ ਉਸ ਦੀ ਇਕ ਨਾ ਸੁਣੀ | ਉਸ ਨੂੰ ਬਰੂਨੋ ਦਾ ਹਸ਼ਰ ਚੇਤੇ ਕਰਾਇਆ | ਮੁਕੱਦਮੇ ਚਲਾਏ |ਜੇਲ੍ਹਾਂ ਵਿਚ ਸੁੱਟਿਆ | ਅੱਜ ਚਾਰ ਸਦੀਆਂ ਬਾਅਦ ਵਿਗਿਆਨੀ ਜੁਪੀਟਰ ਤੇ ਹੋਰ ਵੱਡੇ ਗ੍ਰਹਿਆਂ ਦੇ ਉਪ-ਗ੍ਰਹਿਆਂ ਦੀ ਫਰੋਲਾ-ਫਰਾਲੀ ਕਰ ਕੇ ਬ੍ਰਹਿਮੰਡ ਵਿਚ ਜੀਵਨ ਦੇ ਰਹੱਸਾਂ ਨੂੰ ਸਮਝਣ ਦਾ ਯਤਨ ਕਰ ਰਹੇ ਹਨ |
1979 ਤੋਂ 1989 ਤੱਕ ਵੋਏਜਰ ਪੁਲਾੜੀ ਜਹਾਜ਼ਾਂ ਨੇ ਸਪੱਸ਼ਟ ਕਰ ਦਿੱਤਾ ਕਿ ਵੱਡੇ ਗੈਸੀ ਗ੍ਰਹਿ ਮੁੱਖ ਰੂਪ ਵਿਚ ਹਾਈਡ੍ਰੋਜਨ ਤੇ ਹੀਲੀਅਮ ਦੇ ਬਣੇ ਹੋਏ ਹਨ | ਦੋਵਾਂ ਦਾ ਅਨੁਪਾਤ 4:1 ਦਾ ਹੈ | ਸਾਡੇ ਚੱਟਾਨੀ ਗ੍ਰਹਿ ਸੂਰਜ ਦੁਆਲੇ ਦੇ ਧੂੜ ਤੇ ਗੈਸ ਦੇ ਬੱਦਲ ਦੇ ਹੌਲੀ-ਹੌਲੀ ਹੋਈ ਜਮਾਅ ਦੀ ਦੇਣ ਹਨ | ਮਰਕਰੀ, ਵੀਨਸ, ਧਰਤੀ ਤੇ ਮੰਗਲ ਹਨ ਇਹ | ਦੁਰੇਡੇ ਗ੍ਰਹਿ ਚੱਟਾਨੀ ਤੇ ਬਰਫੀਲੇ ਹਨ | ਬਰਫ਼ ਇਨ੍ਹਾਂ ਵਿਚ ਗੰੂਦ ਦਾ ਕੰਮ ਕਰਦੀ ਰਹੀ ਹੈ | ਬਰਫ਼ੀਲੇ ਗ੍ਰਹਿਆਂ ਦੀਆਂ ਨਾਭੀਆਂ ਚੱਟਾਨੀ ਗ੍ਰਹਿਆਂ ਤੋਂ ਦਸ-ਦਸ ਗੁਣਾ ਭਾਰੀਆਂ ਹੋ ਗਈਆਂ | ਇਨ੍ਹਾਂ ਦੀ ਵੱਡੀ ਗੁਰੂਤਾ ਖਿੱਚ ਨੇ ਇਨ੍ਹਾਂ ਨੂੰ ਇਸ ਯੋਗ ਬਣਾਇਆ ਕਿ ਇਹ ਆਸ-ਪਾਸ ਦੀ ਸਾਰੀ ਹਾਈਡ੍ਰੋਜਨ ਚੂਸ ਲੈਣ | ਇਸ ਲਈ ਪ੍ਰਤੀਤ ਹੁੰਦਾ ਹੈ ਕਿ ਵੱਡੇ ਗੈਸੀ ਗ੍ਰਹਿਆਂ ਦੀ ਬਾਹਰਲੀ ਮੋਟੀ ਗੈਸੀ ਪਰਤ ਹੇਠਾਂ ਤਰਲ ਹਾਈਡ੍ਰੋਜਨ ਲਹਿਰਾ ਰਹੀ ਹੈ | ਉਸ ਹੇਠਾਂ ਠੋਸ ਬਰਫ਼ ਵਾਂਗ ਜੰਮੀ ਹਾਈਡ੍ਰੋਜਨ ਹੈ | ਜੁਪੀਟਰ ਏਡਾ ਵੱਡਾ ਹੈ ਕਿ ਇਸ ਦੇ ਢਿੱਡ ਵਿਚ 1300 ਧਰਤੀਆਂ ਸਮਾ ਜਾਣ | ਇਸ ਬਾਰੇ ਬਹੁਤੀ ਜਾਣਕਾਰੀ ਸਾਨੂੰ ਗੈਲੀਲੀਓ ਪੁਲਾੜੀ ਜਹਾਜ਼ ਨੇ ਦਿੱਤੀ ਹੈ ਜੋ 2003 ਵਿਚ ਆਪ ਜੁਪੀਟਰ ਦੀ ਗੋਦ ਵਿਚ ਜਾ ਸੁੱਤਾ | ਮਰਦਾ-ਮਰਦਾ ਵੀ ਇਹ ਰੇਡੀਓ ਸੰਦੇਸ਼ ਭੇਜਦਾ-ਭੇਜਦਾ ਤਰਲ ਹਾਈਡ੍ਰੋਜਨ ਦੇ ਸਾਗਰ ਵਿਚ ਜਾ ਡੁੱਬਾ |
ਜੁਪੀਟਰ ਦੁਆਲੇ ਮਾਰੂ ਰੇਡੀਏਸ਼ਨ ਦਾ ਘੇਰਾ ਹੈ | ਜੁਪੀਟਰ ਉਤੇ ਜਾਣ ਵਾਲੇ ਯਾਤਰੀ ਨੂੰ ਇਸ ਰੇਡੀਏਸ਼ਨ ਤੋਂ ਬਚਾਣ ਦੀ ਜ਼ਰੂਰਤ ਹੈ | ਜੁਪੀਟਰ ਦੀ ਭਾਰੀ ਗੁਰੂਤਾ ਖਿੱਚ ਨੇ ਇਸ ਦੇ ਆਸ-ਪਾਸ ਦੇ ਪੁਲਾੜੀ ਕਚਰੇ ਨੂੰ ਖਿੱਚ ਕੇ ਆਪਣੇ ਅੰਦਰ ਹੀ ਸਮੋਅ ਲਿਆ ਹੈ | ਇਹ ਨਾ ਹੁੰਦਾ ਤਾਂ ਇਸ ਕਚਰੇ ਵਿਚੋਂ ਕਈ ਕੁਝ ਧਰਤੀ ਉਤੇ ਬੰਬਾਂ ਵਾਂਗ ਪਤਾ ਨਹੀਂ ਕਦੋਂ ਵਰ੍ਹੀ ਜਾਂਦਾ | ਹੋਰ ਗੱਲਾਂ ਛੱਡੋ ਧਰਤੀ ਤਾਂ ਇਸ ਦੀ ਕਿਰਪਾ ਨਾਲ ਵਸ ਗਈ, ਪਰ ਜੁਪੀਟਰ ਆਪ ਕਦੇ ਜੀਵਨ ਨਾਲ ਨਹੀਂ ਧੜਕ ਸਕਦਾ | ਗੈਸੀ ਸਾਗਰ, ਗੈਸਾਂ ਤੇ ਬਰਫ਼ਾਂ | ਜੀਵਨ ਦੀ ਕੋਈ ਸੰਭਾਵਨਾ ਨਹੀਂ ਬਚਦੀ, ਇਨ੍ਹਾਂ ਕਾਰਨ | ਇਹੀ ਹਾਲ ਸ਼ਨੀ ਦਾ ਹੈ | ਹਾਂ, ਇਨ੍ਹਾਂ ਦੋਵਾਂ ਦੇ ਉਪ-ਗ੍ਰਹਿਆਂ ਉਤੇ ਜੀਵਨ ਦੀ ਸੰਭਾਵਨਾ ਬਾਰੇ ਸੋਚਿਆ ਜਾ ਸਕਦਾ ਹੈ | ਅੱਜ ਜੁਪੀਟਰ ਦੇ 69 ਤੇ ਸ਼ਨੀ ਦੇ 62 ਉਪ-ਗ੍ਰਹਿ ਇਸ ਪਖੋਂ ਫਰੋਲੇ ਜਾ ਰਹੇ ਹਨ | ਸਭ ਤੋਂ ਦਿਲਚਸਪ ਗੈਲੀਲੀਓ ਦੁਆਰਾ ਲੱਭਿਆ ਯੂਰੋਪਾ ਹੈ | ਬਰਫ਼ਾਂ ਨਾਲ ਕੱਜਿਆ ਯੂਰੋਪਾ, ਕੋਈ ਜਵਾਲਾਮੁਖੀ, ਕੋਈ ਖੱਡਾ, ਕੋਈ ਪਹਾੜ ਨਹੀਂ | ਬਸ ਬਰਫ਼ ਦੀ ਮੋਟੀ ਚਾਦਰ ਜਿਸ ਵਿਚ ਕਿਤੇ-ਕਿਤੇ ਤਰੇੜਾਂ ਹਨ | ਵਿਗਿਆਨੀਆਂ ਇਹ ਜਾਣ ਕੇ ਖ਼ੁਸ਼ ਹਨ ਕਿ ਇਸ ਬਰਫ਼ੀਲੀ ਚਾਦਰ ਹੇਠ ਪਾਣੀ ਦੇ ਵਿਸ਼ਾਲ ਸਾਗਰ ਹਨ, ਜਿਨ੍ਹਾਂ ਵਿਚ ਧਰਤੀ ਦੇ ਸਾਗਰਾਂ ਤੋਂ ਦੁੱਗਣਾ-ਤਿੱਗਣਾ ਪਾਣੀ ਹੋ ਸਕਦਾ ਹੈ | ਪਾਣੀ ਵਿਚ ਜੀਵਨ ਦੀ ਰਬਾਬ ਵੱਜ ਸਕਦੀ ਹੈ | ਦੋ ਅਰਬ ਡਾਲਰ ਲਾ ਕੇ 2022 ਵਿਚ ਯੂਰੋਪਾ ਕਲਿਪਰ ਮਿਸ਼ਨ ਇਨ੍ਹਾਂ ਸੰਭਾਵਨਾਵਾਂ ਦੇ ਵਿਸ਼ਲੇਸ਼ਣ ਲਈ ਲਾਂਚ ਕੀਤਾ ਜਾ ਰਿਹਾ ਹੈ | ਯੂਰੋਪਾ ਜੁਪੀਟਰ ਦੀ ਰੇਡੀਏਸ਼ਨ ਪੱਟੀ ਵਿਚ ਹੈ | ਇਸ ਲਈ ਕਲਿਪਰ ਨੂੰ ਇਸ ਪੱਟੀ ਤੋਂ ਬਾਹਰ ਰਹਿ ਕੇ ਹੀ ਯੂਰੋਪਾ ਨੂੰ ਜਾਣਨਾ ਸਮਝਣਾ ਪਵੇਗਾ | ਕਲਿਪਰ ਮਿਸ਼ਨ ਦੀ ਸਫ਼ਲਤਾ ਉਪਰੰਤ ਯੂਰੋਪਾ ਉਤੇ ਕੋਈ ਪਰੋਬ ਉਤਾਰਨ, ਬਰਫ਼ੀਲੀ ਚਾਦਰ ਤੋੜ ਕੇ ਹੇਠਾਂ ਵਗਦੇ ਪਾਣੀ ਦੇ ਸਾਗਰਾਂ ਦੇ ਰਹੱਸ ਸਮਝਣ ਦੀ ਕਾਰਵਾਈ ਸ਼ੁਰੂ ਹੋ ਸਕਦੀ ਹੈ | ਹੋ ਸਕਦਾ ਹੈ ਇਸ ਸਾਗਰ ਵਿਚ ਆਰਗੈਨਿਕ ਰਸਾਇਣ ਹੋਣ ਅਤੇ ਮਾਈਕ੍ਰੋਬੀਅਲ ਭਾਵ ਸੂਖਮ ਜੀਵ ਵੀ ਹੋਣ | ਲਗਪਗ ਇਹੀ ਸਥਿਤੀ ਸ਼ਨੀ ਦੇ ਉਪ-ਗ੍ਰਹਿ ਐਨਸੀਲੇਡਸ ਦੀ ਹੈ | ਉਸ ਉਤੇ ਵੀ ਬਰਫ਼ੀਲੀ ਤਹਿ ਹੇਠ ਪਾਣੀ ਦੇ ਸਾਗਰ ਦੇ ਸੰਕੇਤ ਮਿਲੇ ਹਨ |
ਵਿਗਿਆਨੀ ਵਡਆਕਾਰੀ ਗੈਸੀ ਗ੍ਰਹਿਆਂ ਦੁਆਲੇ ਬਣੇ ਛੱਲਿਆਂ ਦੇ ਰਹੱਸ ਫਰੋਲਣ ਲਈ ਵੀ ਬਜ਼ਿੱਦ ਹਨ | ਬਰਫ਼ ਚੱਟਾਨ ਤੇ ਧੂੜ ਦੇ ਛੱਲੇ ਹਨ ਇਹ | ਛੱਲੇ ਸਾਰੇ ਵੱਡੇ ਗ੍ਰਹਿਆਂ ਦੁਆਲੇ ਹਨ ਪੰ੍ਰਤੂ ਸ਼ਨੀ ਦੇ ਛੱਲੇ ਸਭ ਤੋਂ ਵੱਡੇ ਹਨ | ਵਿਗਿਆਨੀ ਇਹ ਸਮਝਦੇ ਹਨ ਕਿ ਇਹ ਛੱਲੇ ਸਬੰਧਿਤ ਗ੍ਰਹਿ ਦੇ ਕਿਸੇ ਨਾ ਕਿਸੇ ਉਪ-ਗ੍ਰਹਿ ਦੇ ਉਸ ਦੇ ਬਹੁਤ ਨੇੜੇ ਆਉਣ ਸਮੇਂ ਬਣੇ | ਮੂਲ ਗ੍ਰਹਿ ਨੇ ਉਸ ਉਪ-ਗ੍ਰਹਿ (ਚੰਨ) ਦੇ ਕੁਝ ਹਿੱਸੇ ਨੂੰ ਆਪਣੀ ਗੁਰੂਤਾ ਖਿੱਚ ਕਰਕੇ ਚੀਰ ਕੇ ਵੱਖ ਕਰ ਲਿਆ |
ਸ਼ਨੀ ਦਾ ਉਪ-ਗ੍ਰਹਿ ਟਾਈਟਨ ਸਾਡੇ ਸੂਰਜ ਪਰਿਵਾਰ ਵਿਚ ਜੁਪੀਟਰ ਦੇ ਉਪ-ਗ੍ਰਹਿ ਗੈਨੀਮੀਡ ਤੋਂ ਬਾਅਦ ਸਭ ਤੋਂ ਵੱਡਾ ਉਪਗ੍ਰਹਿ ਹੈ | ਇਸ ਦੁਆਲੇ ਮੋਟੇ ਵਾਯੂਮੰਡਲ ਨੇ ਵਿਗਿਆਨੀਆਂ ਦਾ ਧਿਆਨ ਆਕਰਸ਼ਿਤ ਕਰ ਰੱਖਿਆ ਹੈ | ਹਾਈਜਨਜ਼ ਪਰੋਬ ਤੇ ਕੈਸੀਨੀ ਮਿਸ਼ਨ ਨੇ ਟਾਈਟਨ ਦੀਆਂ ਤਸਵੀਰਾਂ ਕਈ ਕੋਨਾਂ ਤੋਂ ਲੈ ਕੇ ਸੰਕੇਤ ਕੀਤੇ ਹਨ ਕਿ ਇਸ ਉਤੇ ਧਰਤ ਟੋਟੇ, ਛੱਪੜ, ਝੀਲਾਂ ਤੇ ਬਰਫ਼ੀਲੀ ਚਾਦਰ ਕਈ ਕੁਝ ਹੈ | ਟਾਈਟਨ ਉਤੇ ਬੱਦਲ ਵੀ ਹਨ | ਧਰਤੀ ਵਾਂਗ ਢੇਰ ਨਾਈਟ੍ਰੋਜਨ ਹੈ | ਮੀਥੇਨ ਤੇ ਈਥੇਨ ਦੀਆਂ ਝੀਲਾਂ ਹਨ | ਮੀਥੇਨ ਨੂੰ ਰਤਾ ਕੁ ਚਿੰਗਾੜੀ ਮਿਲੇ ਤਾਂ ਅੱਗ ਦੇ ਭਾਂਬੜ ਮਚ ਉੱਠਦੇ ਹਨ | ਟਾਈਟਨ ਉਤੇ ਇਕ ਤਾਂ ਆਕਸੀਜਨ ਨਹੀਂ | ਦੂਜਾ ਇਥੇ ਤਾਪਮਾਨ ਵੀ ਮਨਫ਼ੀ, 180 ਦਰਜੇ ਸੈਂਟੀਗ੍ਰੇਡ ਹੈ | ਇਸ ਲਈ ਮੀਥੇਨ ਦੇ ਵਿਸਫੋਟਾਂ ਤੋਂ ਬਚਾਅ ਰਹਿੰਦਾ ਹੈ | ਸਿਧਾਂਤਕ ਪਖੋਂ ਬਰਫ਼/ਪਾਣੀ ਨੂੰ ਤੋੜ ਕੇ ਆਕਸੀਜਨ/ਹਾਈਡ੍ਰੋਜਨ ਮਿਲ ਸਕਦੀ ਹੈ | ਇਸ ਆਕਸੀਜਨ ਤੇ ਮੀਥੇਨ ਨਾਲ ਊਰਜਾ ਪੈਦਾ ਕਰਨ ਦੇ ਜੁਗਾੜ ਹੋ ਸਕਦੇ ਹਨ | ਬਰਫ਼ੀਲੀ ਠੰਢ ਵਿਚ ਬੰਦੇ ਦੇ ਰਹਿਣ ਜੋਗਾ ਨਿੱਘ ਅਤੇ ਸਾਹ ਲੈਣ ਜੋਗੀ ਆਕਸੀਜਨ ਮਿਲ ਸਕਦੀ ਹੈ | ਇਸ ਦੇ ਬਾਵਜੂਦ ਇੰਨੀ ਦੂਰ ਟਾਈਟਨ ਨੂੰ ਵਸਣਯੋਗ ਬਣਾਉਣਾ ਅੱਜ ਦੇ ਦਿਨ ਅਸੰਭਵ ਕਲਪਨਾ ਹੀ ਪ੍ਰਤੀਤ ਹੁੰਦੀ ਹੈ | ਇਹ ਵੱਖਰੀ ਗੱਲ ਹੈ ਕਿ ਟਾਈਟਨ ਉਤੇ ਵਾਯੂਮੰਡਲ ਦਾ ਦਬਾਅ ਧਰਤੀ ਨਾਲੋਂ 45 ਫ਼ੀਸਦੀ ਵੱਧ ਹੋਣ ਕਾਰਨ ਇਸ ਉਤੇ ਸਪੇਸ ਸੂਟ ਲਾਹ ਕੇ ਵੀ ਆਦਮੀ ਦਾ ਸਰੀਰ ਫਟੇਗਾ ਨਹੀਂ | ਸਾਹ ਲਈ ਆਕਸੀਜਨ ਮਾਸਕ ਤੇ ਠੰਢ ਤੋਂ ਬਚਣ ਲਈ ਹੋਰ ਪ੍ਰਬੰਧ ਜ਼ਰੂਰ ਕਰਨੇ ਪੈਣਗੇ | ਟਾਈਟਨ ਉਤੇ ਸੂਰਜ ਦਾ ਸੇਕ ਨਾਮਾਤਰ ਹੈ | ਇਸ ਲਈ ਸਾਰੀ ਊਰਜਾ/ਰੌਸ਼ਨੀ ਜੈਨਰੇਟਰਾਂ ਉਤੇ ਨਿਰਭਰ ਹੋਵੇਗੀ | ਕਿੰਨੀ ਦੇਰ ਚਲਾਵਾਂਗੇ ਜੈਨਰੇਟਰ | ਨਾ ਆਕਸੀਜਨ ਹੈ ਉਥੇ ਤੇ ਨਾ ਹੀ ਕਾਰਬਨ ਡਾਈਆਕਸਾਈਡ | ਇਸ ਲਈ ਨਾ ਉਥੇ ਮਨੁੱਖ ਤੇ ਹੋਰ ਜੀਵ-ਜੰਤੂ ਜੀ ਸਕਦੇ ਹਨ | ਨਾ ਬਨਸਪਤੀ ਤੇ ਰੁੱਖ਼ ਉੱਗ ਸਕਦੇ ਹਨ | ਉਥੋਂ ਧਰਤੀ ਨਾਲ ਸੰਚਾਰ ਸਬੰਧ ਵੀ ਸੌਖਾ ਨਹੀਂ | ਇਕੋ ਰੇਡੀਓ ਸੁਨੇਹੇ ਦੇ ਆਣ-ਜਾਣ ਨੂੰ ਹੀ ਕਈ ਘੰਟੇ ਚਾਹੀਦੇ ਹੋਣਗੇ | ਟਾਈਟਨ ਦੀ ਗੁਰੂਤਾ ਧਰਤੀ ਦੀ ਗੁਰੂਤਾ ਦੀ ਸਿਰਫ਼ ਪੰਦਰਾਂ ਫ਼ੀਸਦੀ ਹੈ | ਇਸ ਕਾਰਨ ਉਥੇ ਹੱਡੀਆਂ ਤੇ ਪੱਠੇ ਕਮਜ਼ੋਰ ਹੋ ਜਾਣਗੇ | ਇਹ ਸਾਰਾ ਕੁਝ ਟਾਈਟਨ ਉਤੇ ਕਿਸੇ ਬਸਤੀ ਦੀ ਸੰਭਾਵਨਾ ਉਤੇ ਸਵਾਲੀਆ ਨਿਸ਼ਾਨ ਲਾਉਣ ਲਈ ਕਾਫ਼ੀ ਹੈ | ਹਾਂ, ਟਾਈਟਨ ਪੁਲਾੜ ਵਿਚ ਥੋੜ੍ਹੇ ਸਮੇਂ ਦੀ ਠਾਹਰ, ਰੀਫਿਊਲਿੰਗ ਸਟੇਸ਼ਨ ਦਾ ਕੰਮ ਦੇ ਸਕਦਾ ਹੈ | ਆਕਸੀਜਨ ਦੇ ਸਕਦਾ ਹੈ | ਖਣਿੱਜ ਤੇ ਕੱਚੀਆਂ ਧਾਤਾਂ ਦੇ ਸਕਦਾ ਹੈ | ਇਹ ਸਾਰਾ ਕੁਝ ਉਥੋਂ ਧਰਤੀ ਉਤੇ ਲਿਆਣਾ ਤਾਂ ਮਹਿੰਗਾ ਪਵੇਗਾ | ਪੁਲਾੜ ਵਿਚ ਹੀ ਇਸ ਦੀ ਨੇੜੇ-ਤੇੜੇ, ਇਧਰ-ਉਧਰ ਢੋਆ-ਢੁਆਈ ਹੋ ਸਕਦੀ ਹੈ |
ਵੱਡੇ ਗੈਸੀ ਗ੍ਰਹਿਆਂ ਤੇ ਉਨ੍ਹਾਂ ਦੇ ਉਪ-ਗ੍ਰਹਿਆਂ ਦੀ ਜੀਵਨ ਰੌਾਅ ਪਖੋਂ ਸੰਭਾਵਨਾ ਪਖੋਂ ਫਰੋਲਾ-ਫਰਾਲੀ ਦੇ ਮੁੱਖ ਬਿੰਦੂ ਤਾਂ ਇਹੀ ਹਨ | ਜੁਪੀਟਰ/ਸ਼ਨੀ ਤੇ ਇਨ੍ਹਾਂ ਦੇ ਪ੍ਰਤੀਨਿਧ ਉਪ-ਗ੍ਰਹਿਆਂ ਨਾਲੋਂ ਬਹੁਤਾ ਕੁਝ ਵੱਖਰਾ ਸਾਨੂੰ ਕਿਤੇ ਸ਼ਾਇਦ ਹੀ ਮਿਲੇ | ਹੁਣ ਗੱਲ ਕਰੀਏ ਕਾਮੇਟਾਂ ਦੀ | ਇਨ੍ਹਾਂ ਦੀ ਗਿਣਤੀ ਅਰਬਾਂ ਵਿਚ ਹੈ | ਇਹ ਦੂਜੇ ਤਾਰਿਆਂ ਦੇ ਗ੍ਰਹਿਆਂ/ਉਪ-ਗ੍ਰਹਿਆਂ ਦੀ ਪੌੜੀ ਬਣ ਸਕਦੇ ਹਨ | ਇਹ ਸਾਰਾ ਕੁਝ ਸਦੀਆਂ ਦਾ ਕੰਮ ਹੈ | ਵਰਿ੍ਹਆਂ ਦਾ ਨਹੀਂ | ਇਕ ਥਾਂ ਵਸਾਓ, ਉਥੇ ਪੈਰ ਜਮਾ ਕੇ ਅਗਲਾ ਕਦਮ ਪੁੱਟੋ | ਕਦਮ-ਦਰ-ਕਦਮ ਪੁਲਾੜ ਵਿਚ ਦੂਰ ਤੋਂ ਦੂਰ ਤੁਰੇ ਜਾਣ ਦੇ ਨਿਸ਼ਾਨੇ ਸਦੀਆਂ ਵਿਚ ਹੀ ਪੂਰੇ ਹੋ ਸਕਦੇ ਹਨ |
ਕਾਮੇਟ ਜਾਂ ਪੂਛਲ ਤਾਰੇ ਕਿਸੇ ਸਮੇਂ ਆਫ਼ਤ ਦੀ ਆਮਦ ਦੇ ਸੰਕੇਤ ਮੰਨੇ ਜਾਂਦੇ ਸਨ | ਬਦਸ਼ਗਨ | ਹੁਣ ਅਜਿਹਾ ਨਹੀਂ ਮੰਨਿਆ ਜਾਂਦਾ | ਇਹ ਬ੍ਰਹਿਮੰਡੀ ਪਿੰਡ ਹਨ | ਬਰਫ਼, ਚੱਟਾਨ ਤੇ ਧੂੜ ਦੇ ਗੋਲੇ | ਇਨ੍ਹਾਂ ਦੇ ਜਨਮ ਸਥਾਨ ਦੋ ਹਨ : ਕਿਊਪਰ ਬੈਲਟ ਤੇ ਊਰਟ ਕਲਾਊਡ | ਕਿਊਪਰ ਬੈਲਟ ਨੈਪਚੂਨ ਤੋਂ ਪਾਰ ਦਾ ਖੇਤਰ ਹੈ | ਊਰਟ ਕਲਾਊਡ ਸਾਡੇ ਸਾਰੇ ਸੂਰਜ ਵਿਹੜੇ ਦਾ ਬਾਹਰਲਾ ਖੇਤਰ | ਇਹ ਊਰਟ ਬੱਦਲ ਸਾਡੇ ਸੂਰਜ ਦੇ ਵਿਹੜੇ ਤੋਂ ਪਾਰ ਲਗਪਗ ਤਿੰਨ ਪ੍ਰਕਾਸ਼ ਵਰ੍ਹੇ ਦੂਰ ਤੱਕ ਪਸਰੇ ਹੋਣ ਦੀ ਸੰਭਾਵਨਾ ਹੈ | ਇਉਂ ਕਹੋ ਕਿ ਇਹ ਸਾਡੀ ਆਕਾਸ਼ ਗੰਗਾ ਦੇ ਸਭ ਤੋਂ ਨੇੜਲੇ ਸੈਂਟੁਰੀ ਤਾਰਿਆਂ ਦੇ ਪ੍ਰਭਾਵ ਖੇਤਰ ਨੂੰ ਜਾ ਛੰੂਹਦਾ ਹੈ | ਇਹ ਤਾਰੇ ਸਾਡੇ ਤੋਂ ਸਵਾ ਚਾਰ/ਸਾਢੇ ਚਾਰ ਪ੍ਰਕਾਸ਼ ਵਰ੍ਹੇ ਤੱਕ ਦੂਰ ਹਨ | ਇਥੇ ਪਹੁੰਚ ਕੇ ਸੈਂਟੁਰੀ ਤਾਰਿਆਂ ਦੇ ਕਾਮੇਟ ਪਰਿਵਾਰ ਨਾਲ ਜਾ ਮਿਲਾਂਗੇ ਅਸੀਂ | ਕਾਮੇਟਾਂ ਦੀ ਪੌੜੀ ਸਾਡੇ ਸੂਰਜ ਪਰਿਵਾਰ ਨੂੰ ਸੈਂਟੁਰੀ ਨਾਲ ਜਾ ਜੋੜੇਗੀ |

ਫੋਨ : 0175-2372010, 2372998

ਕੱਲ੍ਹ ਲਈ ਵਿਸ਼ੇਸ਼

ਹਲਕੇ ਫੁਲਕੇ ਹਾਸੇ ਮਜ਼ਾਕ ਤੱਕ ਸੀਮਤ ਰਹੇ 'ਐਪ੍ਰਲ ਫੂਲ'

ਇਨਸਾਨੀ ਜ਼ਿੰਦਗੀ ਵਿਚ ਮਜ਼ਾਕ ਦਾ ਆਪਣਾ ਸਥਾਨ ਹੈ | ਮਜ਼ਾਕ ਇਕ ਤਰ੍ਹਾਂ ਨਾਲ ਇਨਸਾਨੀ ਮਨ ਦੇ ਖੇੜੇ ਦਾ ਵੀ ਪ੍ਰਤੀਕ ਹੈ, ਕਿਉਂਕਿ ਕੋਈ ਵੀ ਇਨਸਾਨ ਮਜ਼ਾਕ ਉਸ ਸਮੇਂ ਹੀ ਕਰਦਾ ਹੈ ਜਦੋਂ ਉਹ ਖ਼ੁਸ਼ ਹੋਵੇ | ਦੁਖੀ ਮਨ ਨੂੰ ਮਜ਼ਾਕ ਨਹੀਂ ਭਾਉਂਦਾ | ਪੰਜਾਬੀ ਜਨ ਜੀਵਨ ਨਾਲ ਮਿਲਦਾ-ਜੁਲਦਾ ਪਰ ਪੱਛਮ ਵਲੋਂ ਆਇਆ ਅਜਿਹਾ ਹੀ ਇਕ ਦਿਵਸ ਹੈ 'ਐਪ੍ਰਲ ਫੂਲ' | ਇਸ ਦਿਵਸ ਨੂੰ 'ਆਲ ਫੂਲਜ਼ ਡੇ' ਵੀ ਕਿਹਾ ਜਾਂਦਾ ਹੈ | ਇਸ ਦਿਨ ਆਪਣੇ ਸਨੇਹੀਆਂ ਅਤੇ ਦੋਸਤਾਂ ਮਿੱਤਰਾਂ ਨੂੰ ਗ਼ਲਤ ਜਾਣਕਾਰੀ ਦੇ ਕੇ ਮੂਰਖ ਬਣਾਉਣਾ ਹੁੰਦਾ ਹੈ ਅਤੇ ਖ਼ੁਦ ਮੂਰਖ ਬਣਨ ਤੋਂ ਬਚਣਾ ਹੁੰਦਾ ਹੈ | ਗ਼ਲਤ ਜਾਣਕਾਰੀ ਦੇ ਕੇ ਬਾਅਦ ਵਿਚ 'ਹੈਪੀ ਐਪ੍ਰਲ ਫੂਲ' ਕਹਿਣਾ ਹੀ ਇਸ ਦਿਨ ਦਾ ਸਭ ਤੋਂ ਵੱਡਾ ਗਿਫ਼ਟ ਮੰਨਿਆ ਜਾਂਦਾ ਹੈ | ਪਹਿਲੀ ਅਪ੍ਰੈਲ ਨੂੰ ਮਨਾਏ ਜਾਣ ਵਾਲੇ ਇਸ ਦਿਵਸ ਦੀ ਕੋਈ ਧਾਰਮਿਕ ਜਾਂ ਇਤਿਹਾਸਕ ਅਹਿਮੀਅਤ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ | ਜਾਣਕਾਰੀ ਅਨੁਸਾਰ ਇਸ ਦਿਵਸ ਦੀ ਸ਼ੁਰੂਆਤ ਸੋਲ੍ਹਵੀਂ ਸਦੀ ਵਿਚ ਫਰਾਂਸ ਤੋਂ ਹੋਈ | ਕਿਹਾ ਜਾਂਦਾ ਹੈ ਕਿ ਉਨ੍ਹਾਂ ਸਮਿਆਂ ਵਿਚ ਨਵਾਂ ਵਰ੍ਹਾ ਪਹਿਲੀ ਅਪ੍ਰੈਲ ਤੋਂ ਹੀ ਸ਼ੁਰੂ ਹੁੰਦਾ ਸੀ ਅਤੇ ਨਵੇਂ ਵਰ੍ਹੇ ਦੇ ਜਸ਼ਨ ਲੋਕ ਇਕ ਦੂਜੇ ਨੂੰ ਮਜ਼ਾਕ ਕਰਕੇ ਮਨਾਉਂਦੇ ਸਨ | ਸਮਾਂ ਪੈਣ 'ਤੇ ਨਿਯਮਾਂ ਦੀ ਤਬਦੀਲੀ ਨਾਲ ਨਵੇਂ ਵਰ੍ਹੇ ਦੀ ਸ਼ੁਰੂਆਤ ਪਹਿਲੀ ਜਨਵਰੀ ਤੋਂ ਮੰਨੀ ਜਾਣ ਲੱਗੀ ਅਤੇ ਵਿਸ਼ਵ ਵਿਚ ਨਵਾਂ ਵਰ੍ਹਾ ਪਹਿਲੀ ਜਨਵਰੀ ਤੋਂ ਮਨਾਇਆ ਜਾਣ ਲੱਗਿਆ | ਪਰ ਕਈ ਲੋਕਾਂ ਨੇ ਨਵਾਂ ਵਰ੍ਹਾ ਪਹਿਲੀ ਅਪ੍ਰੈਲ ਨੂੰ ਹੀ ਮਨਾਉਣਾ ਜਾਰੀ ਰੱਖਿਆ ਅਤੇ ਇਸ ਦਿਨ ਪੁਰਾਤਨ ਸਮਿਆਂ ਵਾਂਗ ਹੀ ਇਕ ਦੂਜੇ ਨੂੰ ਮੂਰਖ ਬਣਾਉਣ ਦੀ ਪ੍ਰਥਾ ਜਾਰੀ ਰੱਖੀ | ਜਿਵੇਂ ਕਿ ਸਾਡੇ ਮੁਲਕ ਵਿਚ ਵਿੱਤੀ ਵਰ੍ਹਾ ਹਾਲੇ ਵੀ ਪਹਿਲੀ ਅਪ੍ਰੈਲ ਤੋਂ ਹੀ ਸ਼ੁਰੂ ਹੁੰਦਾ ਹੈ |
ਇਸ ਦਿਵਸ ਨੂੰ ਵੱਖ-ਵੱਖ ਮੁਲਕਾਂ ਵਿਚ ਮਨਾਉਣ ਦਾ ਤਰੀਕਾ ਤਾਂ ਬੇਸ਼ੱਕ ਇਕੋ ਜਿਹਾ ਹੀ ਹੈ, ਪਰ ਮਾਨਤਾਵਾਂ ਸਾਰੇ ਦੇਸ਼ਾਂ ਦੀਆਂ ਵੱਖ-ਵੱਖ ਹਨ | ਕਈ ਮੁਲਕਾਂ ਵਿਚ ਬਾਰਾਂ ਵਜੇ ਤੋਂ ਬਾਅਦ ਇਕ ਦੂਜੇ ਨੂੰ ਮਜ਼ਾਕ ਕਰਕੇ ਮੂਰਖ ਬਣਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ | ਕਈ ਮੁਲਕਾਂ ਵਿਚ ਇਹ ਮਾਨਤਾ ਵੀ ਹੈ ਕਿ ਜੇਕਰ ਇਸ ਦਿਨ ਕਿਸੇ ਪੁਰਸ਼ ਨੂੰ ਕੋਈ ਸੁੰਦਰ ਲੜਕੀ 'ਐਪ੍ਰਲ ਫੂਲ' ਬਣਾਉਂਦੀ ਹੈ ਤਾਂ ਪੁਰਸ਼ ਦਾ ਉਸ ਲੜਕੀ ਨਾਲ ਵਿਆਹ ਹੋ ਜਾਂਦਾ ਹੈ | ਜੇਕਰ ਵਿਆਹ ਸੰਭਵ ਨਾ ਹੋਵੇ ਤਾਂ ਉਸ ਸੁੰਦਰ ਲੜਕੀ ਦੀ ਦੋਸਤੀ ਜ਼ਰੂਰ ਨਸੀਬ ਹੁੰਦੀ ਹੈ | ਇਸ ਦਿਨ ਵਿਆਹ ਸ਼ਾਦੀਆਂ ਵੀ ਬਹੁਤ ਘੱਟ ਕੀਤੀਆਂ ਜਾਂਦੀਆਂ ਹਨ | ਪੁਰਸ਼ ਇਸ ਦਿਨ ਸ਼ਾਦੀ ਕਰਵਾਉਣਾ ਪਸੰਦ ਨਹੀਂ ਕਰਦੇ | ਇਕ ਧਾਰਨਾ ਅਨੁਸਾਰ ਇਸ ਦਿਨ ਵਿਆਹ ਕਰਵਾਉਣ ਵਾਲੇ ਪੁਰਸ਼ਾਂ ਨੂੰ ਸਾਰੀ ਉਮਰ ਔਰਤ ਦੇ ਅਧੀਨ ਰਹਿਣਾ ਪੈਂਦਾ ਹੈ | ਕਈ ਮੁਲਕਾਂ ਦੀਆਂ ਅਖ਼ਬਾਰਾਂ ਇਸ ਦਿਨ ਝੂਠੀਆਂ ਅਚੰਭਿਤ ਖ਼ਬਰਾਂ ਵੀ ਪ੍ਰਕਾਸ਼ਿਤ ਕਰਦੀਆਂ ਹਨ | ਇਸ ਖ਼ਬਰ ਦੇ ਸਿਰਫ਼ ਮਜ਼ਾਕ ਹੋਣ ਦੀ ਪੁਸ਼ਟੀ ਜਾਂ ਤਾਂ ਉਸੇ ਦਿਨ ਹੀ ਉਸ ਖ਼ਬਰ ਦੇ ਥੱਲੇ ਜਾਂ ਕਿਸੇ ਹੋਰ ਪੰਨੇ 'ਤੇ ਕਰ ਦਿੱਤੀ ਜਾਂਦੀ ਹੈ ਅਤੇ ਜਾਂ ਫਿਰ ਅਗਲੇ ਦਿਨ ਇਸ ਦੀ ਪੁਸ਼ਟੀ ਕਰ ਦਿੱਤੀ ਜਾਂਦੀ ਹੈ | ਕਈ ਲੋਕ ਇਸ ਦਿਨ ਬਹੁਤ ਹੀ ਖ਼ਤਰਨਾਕ ਜਾਂ ਦੂਸਰੇ ਨੂੰ ਸਦਮੇ ਅਤੇ ਉਲਝਣ ਵਿਚ ਪਾ ਦੇਣ ਵਾਲੇ ਮਜ਼ਾਕ ਵੀ ਕਰ ਦਿੰਦੇ ਹਨ | ਜੋ ਕਿ ਠੀਕ ਨਹੀਂ ਹੈ | ਮਜ਼ਾਕ ਸਿਰਫ਼ ਮਜ਼ਾਕ ਹੀ ਹੋਣਾ ਚਾਹੀਦਾ ਹੈ |
ਮਜ਼ਾਕ ਦੀ ਅਹਿਮੀਅਤ ਦਾ ਪਹਿਲਾਂ ਹੀ ਬਾਖ਼ੂਬੀ ਇਲਮ ਸੀ | ਇਸੇ ਲਈ ਗ੍ਰਹਿਸਥੀ ਜੀਵਨ ਦੀ ਸ਼ੁਰੂਆਤ ਲਾੜੇ ਨੂੰ ਸਾਲੀਆਂ ਵਲੋਂ ਮਜ਼ਾਕਾਂ ਨਾਲ ਕੀਤੀ ਜਾਂਦੀ ਹੈ | ਪੰਜਾਬੀ ਜਨ-ਜੀਵਨ ਵਿਚ ਬਹੁਤ ਸਾਰੇ ਰਿਸ਼ਤੇ-ਨਾਤੇ ਜਿਵੇਂ ਜੀਜਾ-ਸਾਲੀ, ਦਿਉਰ-ਭਰਜਾਈ ਆਦਿ ਵਿਚਲਾ ਮਜ਼ਾਕ ਦਾ ਬੋਲਬਾਲਾ ਇਨਸਾਨੀ ਜੀਵਨ ਵਿਚ ਰੰਗੀਨੀ ਭਰਦਾ ਰਹਿੰਦਾ ਹੈ | ਪਿੰਡਾਂ ਵਿਚ ਬਹੁਤ ਸਾਰੇ ਪਾਤਰ ਅਜਿਹੇ ਮਿਲਦੇ ਹਨ ਜਿਨ੍ਹਾਂ ਦੀ ਹਰ ਗੱਲ ਮਜ਼ਾਕ ਵਰਗੀ ਹੁੰਦੀ ਹੈ | ਜਿਥੇ ਮਜ਼ਾਕ ਕਰਨਾ ਇਕ ਕਲਾ ਹੈ, ਉਥੇ ਮਜ਼ਾਕ ਪਿੱਛੇ ਛੁਪੇ ਪਿਆਰ ਨੂੰ ਹਜ਼ਮ ਕਰਨਾ ਉਸ ਤੋਂ ਵੀ ਵੱਡੀ ਗੱਲ ਹੈ | ਕਈ ਵਿਅਕਤੀ ਕਿਸੇ ਦੂਜੇ ਵਲੋਂ ਕੀਤੇ ਛੋਟੇ ਜਿਹੇ ਮਜ਼ਾਕ 'ਤੇ ਲੋਹੇ ਲਾਖੇ ਹੋ ਜਾਂਦੇ ਹਨ | ਵੈਸੇ ਅਪ੍ਰੈਲ ਦਿਵਸ ਹਮੇਸ਼ਾ ਹੀ ਇਕ ਸੀਮਾ ਵਿਚ ਰਹਿ ਕੇ ਮਨਾਇਆ ਜਾਣਾ ਚਾਹੀਦਾ ਹੈ | ਕਈ ਲੋਕ ਹਾਦਸੇ ਆਦਿ ਦੀ ਝੂਠੀ ਖ਼ਬਰ ਸੁਣਾ ਕੇ ਮਜ਼ਾਕ ਕਰਦੇ ਹਨ, ਜੋ ਕਿ ਦਰੁੱਸਤ ਨਹੀਂ | ਇਸ ਦਿਵਸ ਦਾ ਮੁੱਖ ਮਨੋਰਥ ਤਾਂ ਦੂਜੇ ਨੂੰ ਮੂਰਖ ਬਣਾ ਕੇ ਹਾਸੇ ਬਿਖੇਰਨਾ ਹੀ ਹੈ | ਜੇਕਰ ਤੁਹਾਡਾ ਕੀਤਾ ਮਜ਼ਾਕ ਕਿਸੇ ਲਈ ਬਿਪਤਾ ਬਣ ਜਾਵੇ ਤਾਂ ਇਸ ਦਿਵਸ ਦਾ ਮੂਲ ਮਨੋਰਥ ਹੀ ਵਿਅਰਥ ਹੋ ਜਾਂਦਾ ਹੈ | ਪ੍ਰਮਾਤਮਾ ਸਭ ਨੂੰ ਮੂਰਖ ਬਣ ਕੇ ਆਪਣਿਆਂ ਦਾ ਪਿਆਰ ਨਸੀਬ ਕਰਨ ਦੇ ਅਵਸਰ ਅਤੇ ਤਾਕਤ ਬਖ਼ਸ਼ੇ |

-ਗਲੀ ਨੰ: 1, ਸ਼ਕਤੀ ਨਗਰ, ਬਰਨਾਲਾ | ਮੋਬਾਈਲ : 98786-05965

ਹੈਰਾਨ ਕਰਦਾ ਹੈ ਅਨਪੜ੍ਹ ਬੰਦੇ ਦਾ ਮਾਸਟਰ ਆਫ਼ ਮੈਡੀਸਨ ਬਣਨਾ!

ਕੈਪਟਾਊਨ ਦੀ ਮੈਡੀਕਲ ਯੂਨੀਵਰਸਿਟੀ ਜਿਸ ਨੂੰ ਦੁਨੀਆ ਦਾ ਸਭ ਤੋਂ ਪਹਿਲਾ ਬਾਈਪਾਸ ਆਪ੍ਰੇਸ਼ਨ ਕਰਨ ਦਾ ਮਾਣ ਹਾਸਲ ਹੈ, ਨੇ ਸੰਨ 2003 ਵਿਚ ਇਕ ਅਜਿਹੇ ਵਿਅਕਤੀ ਨੂੰ ਮਾਸਟਰ ਆਫ਼ ਮੈਡੀਸਨ ਦੀ ਡਿਗਰੀ ਨਾਲ ਨਿਵਾਜ਼ਿਆ ਜਿਸ ਨੇ ਜ਼ਿੰਦਗੀ ਵਿਚ ਕਦੇ ਸਕੂਲ ਦਾ ਮੂੰਹ ਤੱਕ ਨਹੀਂ ਵੇਖਿਆ ਸੀ | ਉਸ ਨੂੰ ਅੰਗਰੇਜ਼ੀ ਦਾ ਇਕ ਸ਼ਬਦ ਵੀ ਪੜ੍ਹਨਾ ਨਹੀਂ ਸੀ ਆਉਂਦਾ ਪ੍ਰੰਤੂ ਆਪਣੇ ਰਵੱਈਏ, ਕੰਮ ਪ੍ਰਤੀ ਲਗਨ ਅਤੇ ਮਿਹਨਤ ਸਦਕਾ ਉਸ ਨੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਸਰਜਨ ਪੈਦਾ ਕੀਤੇ | ਇਸ ਵਿਅਕਤੀ ਦਾ ਨਾਮ ਹੈਮਿਲਟਨ ਸੀ ਜੋ ਕਿ ਅਫ਼ਰੀਕਾ ਦੇ ਇਕ ਨਿੱਕੇ ਜਿਹੇ ਪਿੰਡ ਵਿਚ ਪੈਦਾ ਹੋਇਆ | ਉਹ ਬੱਕਰੀਆਂ ਚਰਾਉਂਦਾ ਸੀ ਪ੍ਰੰਤੂ ਆਪਣੇ ਪਿਓ ਦੀ ਬਿਮਾਰੀ ਕਾਰਨ ਉਹ ਪਿੰਡ ਛੱਡ ਕੈਪਟਾਊਨ ਆ ਗਿਆ | ਉਨ੍ਹਾਂ ਦਿਨਾਂ 'ਚ ਕੈਪਟਾਊਨ ਯੂਨੀਵਰਸਿਟੀ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ | ਉਹ ਯੂਨੀਵਰਸਿਟੀ ਵਿਚ ਮਜ਼ਦੂਰ ਭਰਤੀ ਹੋ ਗਿਆ | ਸਾਰੇ ਦਿਨ ਦੀ ਸਖ਼ਤ ਮਿਹਨਤ ਮਗਰੋਂ ਉਹ ਜੋ ਕਮਾਉਂਦਾ ਉਸ ਨੂੰ ਘਰ ਭੇਜ ਦਿੰਦਾ ਅਤੇ ਆਪ ਛੋਲਿਆਂ ਦੇ ਦਾਣੇ ਖਾ ਕੇ ਖੁੱਲ੍ਹੇ ਅਸਮਾਨ ਹੇਠਾਂ ਸੌਾ ਜਾਂਦਾ | ਉਸਾਰੀ ਦਾ ਕੰਮ ਖ਼ਤਮ ਹੋਣ ਮਗਰੋਂ ਉਹ ਇਸੇ ਯੂਨਿਵਰਸਿਟੀ ਵਿਚ ਮਾਲੀ ਭਰਤੀ ਹੋ ਗਿਆ | ਤਿੰਨ ਸਾਲਾਂ ਤੱਕ ਉਹ ਘਾਹ ਕੱਟਦਾ ਰਿਹਾ | ਫਿਰ ਉਸ ਦੀ ਜ਼ਿੰਦਗੀ 'ਚ ਇਕ ਅਜੀਬ ਮੋੜ ਆਇਆ ਜਿਸ ਨੇ ਉਸ ਨੂੰ ਮੈਡੀਕਲ ਸਾਇੰਸ ਦੇ ਸਿਖਰ ਤੱਕ ਪਹੁੰਚਾ ਦਿੱਤਾ |
ਇਕ ਸਵੇਰ ਪ੍ਰੋਫ਼ੈਸਰ ਰਾਬਰਟ ਜੋ ਕਿ ਜਿਰਾਫ਼ 'ਤੇ ਰਿਸਰਚ ਕਰ ਰਹੇ ਸਨ, ਨੇ ਇਕ ਜਿਰਾਫ਼ ਨੂੰ ਬੇਹੋਸ਼ ਕਰ ਕੇ ਆਪ੍ਰੇਸ਼ਨ ਥਿਏਟਰ 'ਚ ਲਿਟਾਇਆ ਪ੍ਰੰਤੂ ਜਿਵੇਂ ਹੀ ਆਪ੍ਰੇਸ਼ਨ ਸ਼ੁਰੂ ਕੀਤਾ, ਜਿਰਾਫ਼ ਨੇ ਗਰਦਨ ਹਿਲਾ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਅਜਿਹੇ ਵਿਅਕਤੀ ਦੀ ਜ਼ਰੂਰਤ ਪਈ ਜੋ ਆਪ੍ਰੇਸ਼ਨ ਦੌਰਾਨ ਜਿਰਾਫ਼ ਦੀ ਗਰਦਨ ਪਕੜ ਕੇ ਰੱਖ ਸਕੇ | ਪ੍ਰੋਫ਼ੈਸਰ ਆਪ੍ਰੇਸ਼ਨ ਥਿਏਟਰ 'ਚੋਂ ਬਾਹਰ ਆਏ | ਸਾਹਮਣੇ ਹੈਮਿਲਟਨ ਘਾਹ ਕੱਟ ਰਿਹਾ ਸੀ | ਉਨ੍ਹਾਂ ਨੇ ਉਸ ਨੂੰ ਇਸ਼ਾਰੇ ਨਾਲ ਬੁਲਾਇਆ ਅਤੇ ਜਿਰਾਫ਼ ਦੀ ਗਰਦਨ ਫੜ ਕੇ ਰੱਖਣ ਲਈ ਕਿਹਾ | ਹੈਮਿਲਟਨ ਨੇ ਗਰਦਨ ਫੜ ਲਈ ਅਤੇ ਉਹ ਆਪ੍ਰੇਸ਼ਨ ਅੱਠ ਘੰਟਿਆਂ ਤੱਕ ਚੱਲਿਆ | ਇਸ ਦੌਰਾਨ ਪ੍ਰੋਫ਼ੈਸਰ ਨੇ ਕਈ ਵਾਰ ਚਾਹ, ਕਾਫੀ ਪੀਤੀ ਪ੍ਰੰਤੂ ਹੈਮਿਲਟਨ ਨਿਰੰਤਰ ਅੱਠ ਘੰਟੇ ਜਿਰਾਫ਼ ਦੀ ਗਰਦਨ ਫੜ ਕੇ ਖੜੋਤਾ ਰਿਹਾ | ਆਪ੍ਰੇਸ਼ਨ ਖ਼ਤਮ ਹੋਣ ਉਪਰੰਤ ਉਹ ਚੁੱਪਚਾਪ ਬਾਹਰ ਨਿਕਲਿਆ ਅਤੇ ਜਾ ਕੇ ਘਾਹ ਕੱਟਣਾ ਸ਼ੁਰੂ ਕਰ ਦਿੱਤਾ | ਅਗਲੇ ਦਿਨ ਵੀ ਉਹ ਜਿਰਾਫ਼ ਦੀ ਗਰਦਨ ਫੜ ਕੇ ਖੜੋਤਾ ਰਿਹਾ | ਫਿਰ ਇਹ ਉਸ ਦਾ ਹਰ ਰੋਜ਼ ਦਾ ਕੰਮ ਹੋ ਗਿਆ | ਉਹ ਯੂਨੀਵਰਸਿਟੀ ਆਉਂਦਾ, ਆਪ੍ਰੇਸ਼ਨ ਥਿਏਟਰ 'ਚ 8-10 ਘੰਟੇ ਜਾਨਵਰਾਂ ਨੂੰ ਫੜਦਾ ਅਤੇ ਬਾਅਦ ਵਿਚ ਟੈਨਿਸ ਕੋਰਟ ਦਾ ਘਾਹ ਕੱਟਦਾ | ਕਈ ਮਹੀਨਿਆਂ ਤੱਕ ਉਹ ਦੂਹਰਾ ਕੰਮ ਕਰਦਾ ਰਿਹਾ ਪ੍ਰੰਤੂ ਇਸ ਕੰਮ ਲਈ ਨਾ ਉਸ ਨੇ ਕਦੇ ਤਨਖ਼ਾਹ ਵਧਾਉਣ ਲਈ ਕਿਹਾ ਅਤੇ ਨਾ ਹੀ ਕਿਸੇ ਕਿਸਮ ਦੀ ਸ਼ਿਕਾਇਤ ਕੀਤੀ | ਪ੍ਰੋਫ਼ੈਸਰ ਰਾਬਰਟ ਉਸ ਦੇ ਇਸ ਰਵੱਈਏ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਹੈਮਿਲਟਨ ਨੂੰ ਮਾਲੀ ਤੋਂ ਲੈਬ ਸਹਾਇਕ ਬਣਾ ਦਿੱਤਾ | ਹੁਣ ਉਸ ਦਾ ਕੰਮ ਲੈਬ ਵਿਚ ਸਰਜਨਾਂ ਦੀ ਮਦਦ ਕਰਨਾ ਸੀ ਜੋ ਉਹ ਕਈ ਸਾਲਾਂ ਤੱਕ ਕਰਦਾ ਰਿਹਾ |
ਸੰਨ 1958 'ਚ ਉਸ ਦੀ ਜ਼ਿੰਦਗੀ ਵਿਚ ਇਕ ਦੂਜਾ ਅਹਿਮ ਮੋੜ ਆਇਆ | ਇਸ ਸਾਲ ਡਾ: ਬਰਨਾਰਡ ਯੂਨੀਵਰਸਿਟੀ ਆਏ ਅਤੇ ਉਨ੍ਹਾਂ ਨੇ ਦਿਲ ਦੇ ਟਰਾਂਸਪਲਾਂਟੇਸ਼ਨ ਦੇ ਆਪ੍ਰੇਸ਼ਨ ਸ਼ੁਰੂ ਕੀਤੇ | ਹੈਮਿਲਟਨ ਉਨ੍ਹਾਂ ਦਾ ਅਸਿਸਟੈਂਟ ਬਣ ਗਿਆ ਅਤੇ ਉਹ ਡਾ: ਬਰਨਾਰਡ ਦੇ ਕੰਮ ਨੂੰ ਧਿਆਨ ਨਾਲ ਵੇਖਦਾ ਰਿਹਾ | ਡਾਕਟਰ ਨੇ ਉਸ ਨੂੰ ਟਾਂਕੇ ਲਗਾਉਣ ਦੀ ਜ਼ਿੰਮੇਵਾਰੀ ਸੌਾਪੀ ਜਿਸ ਨੂੰ ਉਸ ਨੇ ਬਾਖੂਬੀ ਨਿਭਾਇਆ | ਇਕ ਸਮਾਂ ਆਇਆ ਜਦੋਂ ਉਹ ਦਿਨ ਵਿਚ 50-50 ਲੋਕਾਂ ਨੂੰ ਟਾਂਕੇ ਲਗਾਉਂਦਾ ਸੀ | ਆਪ੍ਰੇਸ਼ਨ ਥਿਏਟਰ 'ਚ ਕੰਮ ਕਰਦਿਆਂ ਉਹ ਇਨਸਾਨੀ ਜਿਸਮ ਨੂੰ ਡਾਕਟਰਾਂ ਤੋਂ ਵਧੇਰੇ ਸਮਝਣ ਲੱਗ ਪਿਆ ਜਿਸ ਕਾਰਨ ਵੱਡੇ ਡਾਕਟਰਾਂ ਨੇ ਉਸ ਨੂੰ ਛੋਟੇ ਡਾਕਟਰਾਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਸੌਾਪ ਦਿੱਤੀ | ਹੌਲੀ-ਹੌਲੀ ਉਸ ਦਾ ਪ੍ਰਭਾਵ ਪੂਰੀ ਯੂਨੀਵਰਸਿਟੀ 'ਚ ਫੈਲ ਗਿਆ |
ਸੰਨ 1970 'ਚ ਉਸ ਦੀ ਜ਼ਿੰਦਗੀ 'ਚ ਇਕ ਤੀਸਰਾ ਮੋੜ ਆਇਆ | ਉਸ ਸਾਲ ਜਿਗਰ 'ਤੇ ਖੋਜ ਸ਼ੁਰੂ ਹੋਈ ਅਤੇ ਹੈਮਿਲਟਨ ਨੇ ਇਕ ਆਪ੍ਰੇਸ਼ਨ ਦੌਰਾਨ ਜਿਗਰ ਦੀ ਇਕ ਅਜਿਹੀ ਨਾੜੀ ਦੀ ਨਿਸ਼ਾਨਦੇਹੀ ਕਰ ਦਿੱਤੀ ਜਿਸ ਕਾਰਨ ਜਿਗਰ ਦੀ ਟ੍ਰਾਂਸਪਲਾਂਟੇਸ਼ਨ ਆਸਾਨ ਹੋ ਗਈ | ਉਸ ਦੀ ਇਸ ਨਿਸ਼ਾਨਦੇਹੀ ਨੇ ਮੈਡੀਕਲ ਸਾਇੰਸ ਨੂੰ ਹੈਰਾਨ ਕਰ ਦਿੱਤਾ | ਅੱਜ ਦੁਨੀਆ 'ਚ ਕਿਸੇ ਵੀ ਹਸਪਤਾਲ 'ਚ ਜੇਕਰ ਜਿਗਰ ਦਾ ਆਪ੍ਰੇਸ਼ਨ ਹੁੰਦਾ ਹੈ ਅਤੇ ਆਪ੍ਰੇਸ਼ਨ ਮਗਰੋਂ ਜਦੋਂ ਮਰੀਜ਼ ਅੱਖਾਂ ਖੋਲ੍ਹ ਕੇ ਰੌਸ਼ਨੀ ਵੇਖਦਾ ਹੈ ਤਾਂ ਇਸ ਕਾਮਯਾਬ ਆਪ੍ਰੇਸ਼ਨ ਦਾ ਸਿਹਰਾ ਹੈਮਿਲਟਨ ਨੂੰ ਜਾਂਦਾ ਹੈ | ਹੈਮਿਲਟਨ ਨੇ ਇਹ ਰੁਤਬਾ ਕਿਸੇ ਕਾਗਜ਼ੀ ਡਿਗਰੀ ਨਾਲ ਨਹੀਂ ਸਗੋਂ ਨਿਰੰਤਰ ਯਤਨ, ਦਿ੍ੜ੍ਹਤਾ ਅਤੇ ਅਣਥੱਕ ਮਿਹਨਤ ਸਦਕਾ ਹਾਸਲ ਕੀਤਾ | ਉਹ ਰਾਤ ਨੂੰ 3 ਵਜੇ ਘਰੋਂ ਨਿਕਲਦਾ, 14 ਮੀਲ ਤੁਰਦਾ ਅਤੇ 6 ਵਜੇ ਆਪ੍ਰੇਸ਼ਨ ਥਿਏਟਰ 'ਚ ਦਾਖਲ ਹੋ ਜਾਂਦਾ | ਯੂਨੀਵਰਸਿਟੀ ਵਿਚ ਆਪਣੇ 50 ਵਰਿ੍ਹਆਂ ਦੇ ਕਰੀਅਰ ਦੌਰਾਨ ਉਸ ਨੇ ਬਗ਼ੈਰ ਕਾਰਨ ਤੋਂ ਨਾ ਕਦੇ ਛੁੱਟੀ ਲਈ, ਨਾ ਕਦੇ ਤਨਖ਼ਾਹ ਵਧਾਉਣ ਲਈ ਕਿਹਾ ਅਤੇ ਨਾ ਕਦੇ ਘੱਟ ਸਹੂਲਤਾਂ ਮਿਲਣ ਦੀ ਸ਼ਿਕਾਇਤ ਕੀਤੀ | ਫਿਰ ਉਸ ਦੀ ਜ਼ਿੰਦਗੀ ਵਿਚ ਇਕ ਅਜਿਹਾ ਸਮਾਂ ਆਇਆ ਜਦੋਂ ਉਸ ਦੀ ਤਨਖ਼ਾਹ ਅਤੇ ਮਿਲਣ ਵਾਲੀਆਂ ਸਹੂਲਤਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੋਂ ਵੀ ਵਧੇਰੇ ਸਨ ਅਤੇ ਉਸ ਨੂੰ ਉਹ ਰੁਤਬਾ ਹਾਸਲ ਹੋਇਆ ਜੋ ਮੈਡੀਕਲ ਸਾਇੰਸ ਦੀ ਦੁਨੀਆ ਵਿਚ ਅੱਜ ਤੱਕ ਕਿਸੇ ਵਿਅਕਤੀ ਨੇ ਹਾਸਲ ਨਹੀਂ ਕੀਤਾ | ਉਹ ਮੈਡੀਕਲ ਸਾਇੰਸ ਦਾ ਪਹਿਲਾ ਅਨਪੜ੍ਹ ਉਸਤਾਦ ਸੀ | ਉਹ ਪਹਿਲਾ ਅਨਪੜ੍ਹ ਸਰਜਨ ਸੀ ਜਿਸ ਨੇ 30,000 ਸਰਜਨਾਂ ਨੂੰ ਟ੍ਰੇਨਿੰਗ ਦਿੱਤੀ | ਉਸ ਦੀ ਮੌਤ ਮਗਰੋਂ ਉਸ ਨੂੰ ਉਸੇ ਯੂਨੀਵਰਸਿਟੀ ਵਿਚ ਦਫ਼ਨਾਇਆ ਗਿਆ |
ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਆਮ ਮੁਲਾਜ਼ਮਾਂ ਵਾਂਗ ਹੈਮਿਲਟਨ ਉਸ ਦਿਨ ਜਿਰਾਫ਼ ਦੀ ਗਰਦਨ ਪਕੜਣ ਨੂੰ ਇਹ ਕਹਿ ਕੇ ਮਨ੍ਹਾਂ ਕਰ ਦਿੰਦਾ ਕਿ ਮੈਂ ਤਾਂ ਮਾਲੀ ਹਾਂ ਅਤੇ ਮੇਰਾ ਕੰਮ ਜਿਰਾਫ਼ਾਂ ਦੀ ਗਰਦਨ ਨੂੰ ਫੜਨਾ ਨਹੀਂ ਤਾਂ ਉਹ ਮਰਨ ਤੱਕ ਮਾਲੀ ਹੀ ਰਹਿੰਦਾ | ਇਹ ਉਸ ਦੀ ਹਾਂ ਅਤੇ 8 ਘੰਟਿਆਂ ਦੀ ਦਿਲੋਂ ਕੀਤੀ ਜੱਦੋ-ਜਹਿਦ ਦਾ ਕਮਾਲ ਸੀ ਜਿਸ ਨੇ ਉਸ ਲਈ ਕਾਮਯਾਬੀ ਦੇ ਬੂਹੇ ਖੋਲ੍ਹ ਦਿੱਤੇ ਅਤੇ ਉਹ ਸਰਜਨਾਂ ਦਾ ਸਰਜਨ ਬਣ ਗਿਆ | ਸਮਝਣ ਵਾਲੀ ਗੱਲ ਇਹ ਹੈ ਕਿ ਸਾਡੇ ਵਿਚੋਂ ਜ਼ਿਆਦਾਤਰ ਲੋਕ ਜ਼ਿੰਦਗੀ ਭਰ ਨੌਕਰੀ ਦੀ ਭਾਲ ਵਿਚ ਲੱਗੇ ਰਹਿੰਦੇ ਹਨ ਜਦਕਿ ਜ਼ਰੂਰਤ ਕੰਮ ਨੂੰ ਲੱਭਣ ਦੀ ਹੈ | ਹਰ ਨੌਕਰੀ ਦਾ ਕੋਈ ਨਾ ਕੋਈ ਮਾਪਦੰਡ ਹੁੰਦਾ ਹੈ ਅਤੇ ਇਹ ਨੌਕਰੀ ਕੇਵਲ ਉਸ ਵਿਅਕਤੀ ਨੂੰ ਮਿਲਦੀ ਹੈ ਜੋ ਉਸ ਮਾਪਦੰਡ 'ਤੇ ਖਰਾ ਉਤਰਦਾ ਹੈ | ਪਰੰਤੂ ਕੰਮ ਦਾ ਕੋਈ ਮਾਪਦੰਡ ਨਹੀਂ ਹੁੰਦਾ | ਜੇਕਰ ਅੱਜ ਅਸੀਂ ਚਾਹੀਏ ਤਾਂ ਦੁਨੀਆ ਦਾ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹਾਂ ਅਤੇ ਉਸ ਨੂੰ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਕਰ ਸਕਦੇ ਹਾਂ | ਹੈਮਿਲਟਨ ਇਸ ਰਾਜ਼ ਨੂੰ ਪਹਿਚਾਣ ਗਿਆ ਸੀ ਜਿਸ ਕਾਰਨ ਉਸ ਨੇ ਨੌਕਰੀ ਦੀ ਬਜਾਏ ਕੰਮ ਨੂੰ ਤਰਜੀਹ ਦਿੱਤੀ ਅਤੇ ਮੈਡੀਕਲ ਸਾਇੰਸ ਵਿਚ ਧੁੰਮਾਂ ਪਾ ਛੱਡੀਆਂ | ਸੋਚੋ, ਜੇਕਰ ਉਹ ਸਰਜਨ ਦੀ ਨੌਕਰੀ ਲਈ ਅਰਜ਼ੀ ਦਿੰਦਾ ਤਾਂ ਕੀ ਉਹ ਸਰਜਨ ਬਣ ਸਕਦਾ ਸੀ? ਪਰ ਉਸ ਨੇ ਖੁਰਪਾ ਹੇਠਾਂ ਰੱਖਿਆ, ਜਿਰਾਫ਼ ਦੀ ਗਰਦਨ ਫੜੀ ਅਤੇ ਸਰਜਨਾਂ ਦਾ ਸਰਜਨ ਬਣ ਨਿਕਲਿਆ |
ਅੱਜ ਦੀ ਪੀੜ੍ਹੀ ਨੂੰ ਜ਼ਰੂਰਤ ਸੋਚ ਵਿਚ ਤਬਦੀਲੀ ਲਿਆਉਣ ਦੀ ਹੈ ਅਤੇ ਨੌਕਰੀ ਦੀ ਥਾਂ ਕੰਮ ਦੀ ਭਾਲ ਕਰਨ ਦੀ ਹੈ ਅਤੇ ਉਸ ਕੰਮ ਨੂੰ ਪੂਰੀ ਸ਼ਿੱਦਤ ਨਾਲ ਕਰਨ ਦੀ ਹੈ | ਨੌਜਵਾਨ ਨੌਕਰੀ ਦੀ ਭਾਲ ਵਿਚ ਹਨ ਜਦਕਿ ਅਦਾਰਿਆਂ ਨੂੰ ਕਾਮਿਆਂ ਦੀ ਜ਼ਰੂਰਤ ਹੈ | ਤਨਖ਼ਾਹ ਤੋਂ ਵਧੇਰੇ ਕੰਮ ਕਰਨ ਵਾਲੇ ਬਹੁਤ ਜਲਦੀ ਕੰਮ ਤੋਂ ਵਧੇਰੇ ਤਨਖ਼ਾਹ ਲੈਣ ਲੱਗ ਪੈਂਦੇ ਹਨ | ਜੋ ਨਿਗਰਾਨ ਤੋਂ ਬਗ਼ੈਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਸਕਦੇ ਹਨ ਉਹ ਬਹੁਤ ਜਲਦੀ ਦੂਜਿਆਂ ਉੱਪਰ ਨਿਗਰਾਨ ਲਗਾ ਦਿੱਤੇ ਜਾਂਦੇ ਹਨ, ਜਿਸ ਦਿਨ ਇਹ ਗੱਲ ਸਾਨੂੰ ਸਮਝ ਪੈ ਜਾਵੇਗੀ ਉਸ ਦਿਨ ਅਸੀਂ ਵੀ ਹੈਮਿਲਟਨ ਵਾਂਗ ਕਾਮਯਾਬ ਹੋ ਨਿੱਬੜਾਂਗੇ |

-ਮੋਬਾਈਲ: 9888376923.

ਅਣਵੰਡੇ ਪੰਜਾਬ ਦੀ ਭੁੱਲੀ ਦਾਸਤਾਨ ਮਰਾਸੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜੇਕਰ ਰੰਧਾਵੇ ਗੋਤ ਦੇ ਜੱਟਾਂ ਨੇ ਕਿੱਧਰੇ ਕੋਈ ਹੋਰ ਥਾਂ ਪਿੰਡ ਵਸਾ ਲਿਆ ਜਾਂ ਖਿਲਰ ਗਏ ਤਾਂ ਕੁਝ ਮਰਾਸੀ ਉਨ੍ਹਾਂ ਨਾਲ ਚੱਲੇ ਜਾਂਦੇ ਸਨ | ਜਦੋਂ ਬਾਰਾਂ ਵਿਚ ਜੱਟ ਜਾ ਵੱਸੇ ਤਾਂ ਕੁਝ ਮਰਾਸੀ ਤੇ ਕਾਮਿਆਂ ਨੂੰ ਨਾਲ ਲੈ ਗਏ | ਇਸ ਤਰ੍ਹਾਂ ਇਹ ਮਰਾਸੀ ਉਨ੍ਹਾਂ ਨਾਲ ਰਹਿੰਦੇ ਸਨ ਤੇ ਇਨ੍ਹਾਂ ਕੋਲ ਉਸ ਪਰਿਵਾਰ ਦਾ ਸਾਰਾ ਲੇਖਾ-ਜੋਖਾ ਹੁੰਦਾ ਸੀ | ਜਦੋਂ ਨਾਦਰ ਸ਼ਾਹ ਨੇ ਦਿੱਲੀ ਫਤਿਹ ਕੀਤੀ ਤੇ ਉਸਨੇ ਜ਼ਬਰਦਸਤੀ ਆਪਣੇ ਬੇਟੇ ਦੀ ਸ਼ਾਦੀ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਦੀ ਬੇਟੀ ਨਾਲ ਕਰ ਦਿੱਤੀ | ਕਿਉਂਕਿ ਮੁਗਲ ਇਥੇ ਬੜੇ ਅਰਸੇ ਤੋਂ ਰਾਜ ਕਰ ਰਹੇ ਸਨ | ਉਨ੍ਹਾਂ ਨੇ ਇਥੋਂ ਦੇ ਰੀਤੀ-ਰਿਵਾਜਾਂ ਨੂੰ ਧਾਰਨ ਕਰ ਲਿਆ ਸੀ | ਇਸ ਲਈ ਸ਼ਾਦੀ ਦੇ ਮੌਕੇ ਉਨ੍ਹਾਂ ਨੇ ਆਪਣਾ ਮਰਾਸੀ ਕਲਾਨ (ਖਾਨਦਾਨ ਦੀ ਜਾਣਕਾਰੀ) ਕਰਨ ਲਈ ਖੜ੍ਹਾ ਕਰ ਦਿੱਤਾ | ਮਰਾਸੀ ਨੇ ਕਲਾਨ ਕੀਤੀ ਤੇ ਮੁਗਲਾਂ ਦਾ ਛਜਰਾਂ ਤੈਮੂਰ ਤੋਂ ਲੈ ਕੇ ਮੁਹੰਮਦ ਸ਼ਾਹ ਤੱਕ ਬਿਆਨ ਕਰ ਦਿੱਤਾ | ਕਿਉਂਕਿ ਮੁਗਲਾਂ ਨੂੰ ਪਤਾ ਸੀ ਕਿ ਨਾਦਰ ਸ਼ਾਹ ਦਾ ਖਾਨਦਾਨ ਕੋਈ ਖਾਸ ਨਹੀਂ ਇਹ ਤਾਂ ਭੇਡਾਂ, ਬੱਕਰੀਆਂ ਚਾਰਨ ਵਾਲਾ ਖਾਨਦਾਨ ਹੈ | ਨਾਦਰ ਸ਼ਾਹ ਨੇ ਆਪਣੀ ਵਾਰੀ ਤੇ ਪਹਿਲਾਂ ਆਪਣੇ ਬੇਟੇ ਦਾ ਨਾਂਅ ਲਿਆ ਤੇ ਫਿਰ ਆਪਣਾ ਨਾਂਅ ਲਿਆ ਤੇ ਫਿਰ ਤਲਵਾਰ ਕੱਢੀ ਤੇ ਫਿਰ ਕਿਹਾ ਇਬਨੇ ਸ਼ਮਸ਼ੀਰ, ਇਬਨੇ ਸ਼ਮਸ਼ੀਰ ਮਤਲਬ ਨਾਦਰ ਸ਼ਾਹ ਦਾ ਪਿਉ ਤਲਵਾਰ, ਉਸ ਦਾ ਪਿਉ ਤਲਵਾਰ |
ਇਕ ਅੰਗਰੇਜ਼ ਲਿਖਾਰੀ ਡੇਨਜ਼ਿਲ ਇਬਟਸਨ ਨੇ 1882 ਵਿਚ 'ਇਥਨੌਲੋਜਿਕਲ ਇਨਕੁਆਰੀ ਇਨ ਪੰਜਾਬ' ਨਾਂਅ ਦੀ ਕਿਤਾਬ ਵਿਚ ਲਿਖਿਆ ਕਿ ਜੇਕਰ ਕਿਸੇ ਖਾਨਦਾਨ ਦੀ ਪ੍ਰਵਾਸ ਨੂੰ ਸਹੀ ਢੰਗ ਨਾਲ ਜਾਣਨਾ ਹੋਵੇ ਤਾਂ ਉਸ ਖਾਨਦਾਨ ਦੇ ਪ੍ਰੋਹਿਤ, ਨਾਈ ਜਾਂ ਮਰਾਸੀ ਤੋਂ ਉਸਦੀ ਪ੍ਰਵਾਸ ਬਾਰੇ ਪਤਾ ਲੱਗ ਸਕਦਾ ਹੈ ਕਿ ਉਹ ਉਠ ਕੇ ਕਿੱਥੋਂ ਆਏ ਸੀ? ਉਹ ਲਿਖਦਾ ਹੈ ਕਿ ਭਾਟ, ਜਾਗਾ, ਚਾਰਣ ਤੇ ਮਰਾਸੀ ਛਜਰਿਆ ਦੇ ਮਾਹਿਰ ਹੁੰਦੇ ਸਨ ਤੇ ਇਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਕਿਹੜਾ ਬੰਦਾ ਕਿਥੋਂ ਉੱਠ ਕੇ ਆਇਆ ਹੈ | ਇਸ ਲਈ ਇਨ੍ਹਾਂ ਨੂੰ ਆਪਣੇ ਹੱਥ ਵਿਚ ਰੱਖਣਾ ਚਾਹੀਦਾ ਹੈ | ਇਹ ਲੋਕਾਂ ਬਾਰੇ ਬੜਾ ਜਾਣਦੇ ਨੇ |
ਸੰਨ 1865, ਨੂੰ ਜ਼ਿਲ੍ਹਾ ਗੁਜਰਾਤ (ਲਹਿੰਦੇ ਪੰਜਾਬ) ਦੀ ਬੰਦੋਬਸਤ ਰਿਪੋਰਟ ਵਿਚ ਇਨ੍ਹਾਂ ਦੇ ਫਰਜ਼ ਇਸ ਤਰ੍ਹਾਂ ਲਿਖੇ ਗਏ ਜਿਸ ਅਨੁਸਾਰ :-
1) ਜਿਸ ਟੱਬਰ ਦਾ ਕੋਈ ਮਰਾਸੀ ਜਾਂ ਭਾਟ ਹੋਵੇ ਉਸ ਦਾ ਛਜਰਾ (ਵੰਸ਼ਾਵਲੀ) ਜਾਂ ਨਵਜਨਾਮਾਂ ਯਾਦ ਰੱਖੇ ਜਾ ਲਿਖ ਕੇ ਰੱਖੇ |
2) ਜੇਕਰ ਕਿਸੇ ਖਾਨਦਾਨ ਦੀ ਜਾਇਦਾਦ ਦਾ ਕੋਈ ਝਗੜਾ ਪਵੇ ਤਾਂ ਉਨ੍ਹਾਂ ਦੇ ਬਜ਼ੁਰਗਾਂ ਜਾਂ ਹਿੱਸਿਆਂ ਦਾ ਵੇਰਵਾ ਦੱਸੇ |
3) ਮਾਲਕਾਂ ਦੇ ਪ੍ਰਾਹੁਣਿਆਂ ਦਾ ਖਿਆਲ ਰਖੇ |
4) ਖੁਸ਼ੀ ਜਾਂ ਗਮੀ ਦੇ ਮੌਕੇ ਉਹ ਜਜ਼ਮਾਨਾਂ ਦੇ ਨਾਲ ਜਾਵੇ |
5) ਰਿਸ਼ਤੇਦਾਰ ਤੋਂ ਪੈਗਾਮ ਲੈ ਕੇ ਆਵੇ ਤੇ ਜਾਏ |
6) ਬਹੂ ਤੇ ਬੇਟੀਆਂ (ਨਵੀਆਂ ਵਿਆਹੀਆਂ) ਦੇ ਪੇਕੇ ਤੇ ਸੁਸਰਾਲ ਜਾਣ ਸਮੇਂ ਨਾਲ ਜਾਵੇ |
7) ਮਰਾਸੀ ਦੀ ਬੀਵੀ ਦੀ ਜ਼ਿੰਮੇਵਾਰੀ ਹੈ ਕਿ ਉਹ ਸ਼ਾਦੀ ਦੇ ਦਿਨ ਤੋਂ 20 ਦਿਨ ਪਹਿਲਾਂ ਘਰ ਵਿਚ ਬਾਰਾਤ ਦੇ ਲਈ ਖਾਣ ਪੀਣ ਦੇ ਸਾਮਾਨ ਨੂੰ ਪੂਰਾ ਕਰਕੇ ਰੱਖੇ |
8) ਮਰਾਸੀ ਸ਼ਾਦੀ ਸਮੇਂ ਗੰਢਾਂ ਲੈ ਕੇ ਜਾਵੇ |
9) ਘਰ ਵਿਚ ਰਿਸ਼ਤੇਦਾਰ ਆਉਣ 'ਤੇ ਮਰਾਸੀ ਉਨ੍ਹਾਂ ਦੀ ਦੇਖਭਾਲ ਕਰੇ |
10) ਕਿਸੇ ਘਰ ਵਿਚ ਕੋਈ ਮੌਤ ਹੋਣ 'ਤੇ ਅਰਥੀ ਸੰਸਕਾਰ ਜਾਂ ਜਨਾਜ਼ੇ ਦੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਮਰਾਸੀ ਦੀ ਹੈ |
11) ਜੇਕਰ ਕੋਈ ਮਰਾਸੀ ਇਹ ਫਰਜ਼ ਪੂਰੇ ਨਹੀਂ ਕਰਦਾ ਤਾਂ ਉਸ ਜਗ੍ਹਾਂ ਨਵਾਂ ਮਰਾਸੀ ਲੈ ਲਿਆ ਜਾਵੇ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਲਿੱਪੀਅੰਤਰ : ਜੇ.ਐਸ. ਭੱਟੀ
ਮੋਬਾਈਲ : 79860-37268

ਗੁਲ-ਗੁਲਸ਼ਨ-ਗੁਲਫਾਮ ਵਰਤੇ ਜਾ ਚੁੱਕੇ ਸਾਮਾਨ ਦੀ ਬਗੀਚੀ ਵਿਚ ਵਰਤੋਂ

ਬਗੀਚੀ ਬਣਾਉਣਾ ਤਕਨੀਕੀ ਕੰਮ ਹੋਣ ਦੇ ਨਾਲ-ਨਾਲ ਕਲਾਕਾਰੀ ਵੀ ਹੈ | ਜੇਕਰ ਅਸੀਂ ਰੁੱਖ-ਪੌਦਿਆਂ ਅਤੇ ਬਗੀਚੀ ਵਿਚਲੇ ਹੋਣ ਵਾਲੇ ਇਮਾਰਤਸਾਜ਼ੀ ਵਰਗੇ ਕੰਮਾਂ ਬਾਰੇ ਪੂਰਨ ਗਿਆਨ ਰੱਖਦੇ ਹੋਏ, ਕਲਾ ਦਾ ਤੜਕਾ ਲਾ ਦੇਈਏ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ | ਬਗੀਚੀ ਨੂੰ ਸਜਾਉਣਾ ਉਸ ਵਿਚ ਜਾਨ ਪਾਉਣ ਵਾਲਾ ਕੰਮ ਹੁੰਦਾ ਹੈ ਅਤੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਬਗੀਚੀ ਸਜਾਉਣ ਖਾਤਰ ਮਹਿੰਗਾ ਫਰਨੀਚਰ, ਫੁਹਾਰੇ, ਲਾਈਟਾਂ ਆਦਿ ਦੀ ਵਰਤੋਂ ਕਰੋ | ਤਕਰੀਬਨ 60 ਸਾਲ ਪਹਿਲਾਂ ਸ੍ਰੀ ਨੇਕ ਚੰਦ ਦੁਆਰਾ ਸ਼ੁਰੂ ਕੀਤੇ ਰੌਕ ਗਾਰਡਨ ਦੀ ਉਦਾਹਰਨ ਸਾਹਮਣੇ ਮੌਜੂਦ ਹੈ | ਹਾਲਾਂਕਿ ਹੁਣ ਤਾਂ ਪਿਛਲੇ ਪੰਜਾਹ-ਸੱਠ ਸਾਲਾਂ ਨਾਲੋਂ ਸਾਡੇ ਘਰਾਂ ਅਤੇ ਆਸ-ਪਾਸ ਮਿਲਣ ਵਾਲੇ ਬੇਕਾਰ ਜਾਂ ਵਰਤ ਕੇ ਬੇਕਾਰ ਹੋਏ ਸਾਮਾਨ ਦੀ ਮਾਤਰਾ ਕਿੰਨੇ ਗੁਣਾ ਵਧ ਚੁੱਕੀ ਹੈ | ਘਰਾਂ ਜਾਂ ਸੰਸਥਾਵਾਂ ਵਿਚ ਸਾਡੀ ਰੋਜ਼ਮਰ੍ਹਾ ਵਰਤੋਂ ਵਿਚ ਆਉਣ ਵਾਲਾ ਸਾਮਾਨ, ਕੁਝ ਸਮਾਂ ਪਾ ਕੇ ਕਬਾੜੀਏ ਕੋਲ ਜਾ ਪੁੱਜਦਾ ਹੈ | ਅਨੇਕਾਂ ਹੀ ਮਟੀਰੀਅਲ ਵਿਚ ਮੌਜੂਦ ਸਾਮਾਨ ਮਿਹਨਤ ਅਤੇ ਕਲਾ ਦੇ ਸੁਮੇਲ ਨਾਲ ਬਗੀਚੀ ਵਿਚ ਸ਼ਿੰਗਾਰ ਦਾ ਸਬਬ ਬਣ ਜਾਂਦਾ ਹੈ | ਅਨੇਕਾਂ ਹੀ ਵੰਨਗੀਆਂ ਦੇ ਇਸ ਸਾਮਾਨ ਨੂੰ ਪੌਦਿਆਂ ਜਾਂ ਸ਼ਿੰਗਾਰ ਲਈ ਵਰਤਣ ਖਾਤਰ ਤਕਨੀਕੀ ਪੱਖਾਂ ਦਾ ਪਤਾ ਹੋਣਾ ਲਾਜ਼ਮੀ ਹੁੰਦਾ ਹੈ, ਨਹੀਂ ਤਾਂ ਸਮਾਂ ਪਾ ਕੇ ਮਿਹਨਤ ਵੀ ਬੇਕਾਰ ਹੋ ਜਾਂਦੀ ਹੈ ਅਤੇ ਸ਼ਿੰਗਾਰ ਵਸਤੂ ਭੱਦੀ ਵਸਤੂ ਦਾ ਰੂਪ ਲੈ ਲੈਂਦੀ ਹੈ |
ਦੁਨੀਆ ਉਤੇ ਸ਼ੌਕੀਨ ਲੋਕਾਂ ਦੀ ਕਮੀ ਬਿਲਕੁਲ ਵੀ ਨਹੀਂ ਹੈ | ਸੋਸ਼ਲ ਮੀਡੀਆ ਤੇ ਇੰਟਰਨੈੱਟ ਦੇ ਯੁੱਗ ਵਿਚ ਤੁਸੀਂ ਸਕਿੰਟਾਂ ਵਿਚ ਤਸਵੀਰਾਂ ਤੇ ਵੀਡੀਓ ਪ੍ਰਾਪਤ ਕਰ ਸਕਦੇ ਹੁੰਦੇ ਹੋ, ਜਿਹੜੀਆਂ ਵਰਤੇ ਹੋਏ ਸਾਮਾਨ ਨੂੰ ਬਗੀਚੀ ਵਿਚ ਪੁਨਰ ਵਰਤੋਂ ਕਰਕੇ ਚਾਰ-ਚੰਨ ਲਾ ਰਹੀਆਂ ਹੁੰਦੀਆਂ ਹਨ | ਖੂਬਸੂਰਤ ਤਸਵੀਰ ਨੂੰ ਅਮਲੀ ਰੂਪ ਦੇਣ ਲਈ ਬਾਰੀਕੀਆਂ ਤੇ ਤਕਨੀਕੀ ਪੱਖਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ | ਸਭ ਤੋਂ ਅਹਿਮ ਗੱਲ ਇਹ ਹੁੰਦੀ ਹੈ ਕਿ ਕਿਹੜੇ ਸਾਮਾਨ ਨੂੰ ਕਿਸ ਰੂਪ ਵਿਚ ਕਿੰਝ ਵਰਤਣਾ ਹੈ? ਉਸ ਵਿਚ ਕਿਸ ਤਰ੍ਹਾਂ ਦੇ ਪੌਦੇ ਲਾਉਣੇ ਹਨ? ਜੇਕਰ ਸਾਮਾਨ ਲੋਹੇ ਦਾ ਹੈ ਤਾਂ ਜੰਗਾਲ ਲੱਗਣ ਤੋਂ ਬਚਾਅ, ਲੱਕੜ ਦਾ ਹੈ ਤਾਂ ਸਿਉਂਕ ਲੱਗਣ ਤੋਂ ਬਚਾਅ ਆਦਿ ਗੱਲਾਂ ਬਾਰੇ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਹੋਣੀ ਚਾਹੀਦੀ ਹੈ | ਕਿਸੇ ਵੀ ਵੰਨਗੀ ਦੇ ਸਾਮਾਨ ਵਿਚ ਲੱਗੇ ਪੌਦੇ ਨੂੰ ਸਾਰਾ ਸਾਲ ਲੋੜ ਅਨੁਸਾਰ ਪਾਣੀ ਕਿਸ ਵਿਧੀ ਰਾਹੀਂ ਪਹੁੰਚਣਾ ਅਤੇ ਵਾਧੂ ਪਾਣੀ ਦਾ ਨਿਕਾਸ ਕਿੰਝ ਕਰਨਾ? ਅਨੇਕਾਂ ਸਵਾਲ ਭੰਬਲ-ਭੂਸੇ ਵਿਚ ਪਾਉਂਦੇ ਹਨ |
ਪਲਾਸਟਿਕ ਸਾਡੀ ਜ਼ਿੰਦਗੀ ਵਿਚ ਬੁਰੀ ਤਰ੍ਹਾਂ ਘਰ ਕਰ ਚੁੱਕੀ ਹੋਣ ਕਾਰਨ, ਪਲਾਸਟਿਕ ਦੀਆਂ ਅਨੇਕਾਂ ਵਸਤਾਂ ਜਿਨ੍ਹਾਂ ਵਿਚ ਖਾਸ ਕਰ ਬੋਤਲਾਂ ਤਾਂ ਸਾਡੇ ਆਸ-ਪਾਸ ਬਹੁਤਾਤ ਵਿਚ ਮਿਲਦੀਆਂ ਹਨ | ਠੰਢਿਆਂ ਜਾਂ ਹੋਰਨਾਂ ਕੰਮਾਂ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਪੌਦੇ ਲਾਉਣ ਤੋਂ ਲੈ ਕੇ ਸਜਾਵਟੀ ਵਸਤਾਂ, ਪਰਗੋਲੇ ਜਾਂ ਪੁਲ-ਕਿਸ਼ਤੀਆਂ ਤੱਕ ਬਣਾਉਣ ਵਿਚ ਵਰਤੀਆਂ ਜਾਂਦੀਆਂ ਹਨ | ਪਲਾਸਟਿਕ ਜਾਂ ਪਲਾਸਟਿਕ ਵਰਗੇ ਮਟੀਰੀਅਲ ਦੀਆਂ ਬਾਲਟੀਆਂ, ਡਰੰਮ, ਖਿਡੌਣੇ, ਸਾਮਾਨ ਰੱਖਣ ਵਾਲੇ ਬਰਤਨ ਆਦਿ ਬੇਸ਼ੁਮਾਰ ਚੀਜ਼ਾਂ ਨੂੰ ਬੜੀ ਬਾਖੂਬੀ ਬਗੀਚੀ ਵਿਚ ਵਰਤਿਆ ਜਾ ਸਕਦਾ ਹੈ |
ਪੁਨਰ-ਵਰਤੋਂ ਵਾਲੇ ਸਾਮਾਨ ਵਿਚ ਵਹੀਕਲਾਂ ਦੇ ਪੁਰਾਣੇ ਟਾਇਰਾਂ ਦਾ ਬਹੁਤ ਵੱਡਾ ਯੋਗਦਾਨ ਹੈ | ਜੇਕਰ ਤੁਸੀਂ ਮਿਹਨਤ ਕਰਕੇ ਕਲਾ ਦੀ ਪੁੱਠ ਚਾੜ੍ਹ ਦਿਓ ਤਾਂ ਟਾਇਰਾਂ ਵਿਚ ਤਾਂ ਮੌਸਮੀ ਫੁੱਲ, ਭੌਾ ਕੱਜਣੇ ਪੌਦੇ ਅਤੇ ਅਨੇਕਾਂ ਤਰ੍ਹਾਂ ਦੇ ਹੋਰ ਫੁੱਲ-ਪੌਦਿਆਂ ਨੂੰ ਲਾ ਸਕਦੇ ਹੁੰਦੇ ਹੋ | ਟਾਇਰਾਂ ਨੂੰ ਕੱਟ ਕੇ ਪੰਛੀ-ਜਾਨਵਰਾਂ ਦਾ ਰੂਪ ਦੇ ਦਿੱਤਾ ਜਾਂਦਾ ਹੈ | ਤਸਵੀਰਾਂ ਵਿਚ ਮਿਲਣ ਵਾਲੀਆਂ ਸਭ ਵਸਤਾਂ ਵਿਚ ਟਾਇਰਾਂ ਤੋਂ ਬਣੀਆਂ ਕਲਾ-ਕ੍ਰਿਤੀਆਂ ਮੁੱਖ ਰੂਪ ਵਿਚ ਨਜ਼ਰ ਆਉਂਦੀਆਂ ਹਨ | ਟਾਇਰਾਂ ਨੂੰ ਤਾਂ ਲੋਕ ਪੁਰਾਣੇ ਖੂਹਾਂ ਜਾਂ ਬੈਠਣ ਲਈ ਫਰਨੀਚਰ ਵਰਗੀਆਂ ਵਸਤਾਂ ਆਦਿ ਤੱਕ ਦੀ ਦਿੱਖ ਦੇ ਲੈਂਦੇ ਹਨ | ਟਾਇਰਾਂ ਤੋਂ ਇਲਾਵਾ ਰਬੜ ਅਤੇ ਚਮੜੇ ਆਦਿ ਦੀਆਂ ਅਨੇਕਾਂ ਵਸਤਾਂ ਵੀ ਅਜਿਹੇ ਕੰਮਾਂ ਵਿਚ ਵਰਤੀਆਂ ਜਾਂਦੀਆਂ ਹਨ |
ਲੋਹੇ ਦੇ ਡਰੰਮ-ਡਰੰਮੀਆਂ, ਪੀਪੇ-ਢੋਲ ਆਦਿ ਨੂੰ ਖੂਬ ਸਜਾ ਕੇ ਅਨੇਕਾਂ ਵੰਨਗੀਆਂ ਦੇ ਪੌਦਿਆਂ ਨੂੰ ਲਾਉਣ ਦੇ ਨਾਲ-ਨਾਲ ਸਜਾਵਟ ਵਜੋਂ ਬਾਖੂਬੀ ਵਰਤਿਆ ਜਾਂਦਾ ਹੈ | ਵੱਡੇ ਡਰੰਮਾਂ ਨੂੰ ਪੇਂਟ ਕਰਕੇ ਪੌਦੇ ਲਾਉਣ ਦੇ ਨਾਲ-ਨਾਲ ਸੋਹਣੀ ਦਿੱਖ ਵੀ ਦਿੱਤੀ ਜਾਂਦੀ ਹੈ | ਲੋਹੇ ਤੋਂ ਇਲਾਵਾ ਟੀਨ ਜਾਂ ਐਲੂਮੀਨੀਅਮ ਵਰਗੀਆਂ ਹੋਰਨਾਂ ਧਾਤਾਂ ਦੇ ਡੱਬਿਆਂ ਨੂੰ ਆਸਾਨੀ ਨਾਲ ਵਰਤਿਆ ਜਾਂਦਾ ਹੈ | ਲੋਹੇ ਅਤੇ ਹੋਰਨਾਂ ਧਾਤਾਂ ਨੂੰ ਪਾਣੀ ਨਾਲ ਜੰਗਾਲ ਜਾਂ ਗਲਣ ਤੋਂ ਬਚਾਉਣ ਦਾ ਪ੍ਰਬੰਧ ਕਰਨਾ ਜ਼ਰੂਰੀ ਹੁੰਦਾ ਹੈ | ਧਾਤਾਂ ਤੋਂ ਇਲਾਵਾ ਸਾਡੇ ਆਸ-ਪਾਸ ਕੱਚ ਦੀਆਂ ਅਨੇਕਾਂ ਵਸਤਾਂ ਕਬਾੜ ਵਿਚ ਮਿਲ ਜਾਂਦੀਆਂ ਹਨ, ਜਿਨ੍ਹਾਂ ਵਿਚ ਬੋਤਲਾਂ, ਸ਼ਰਾਬ ਜਾਂ ਬੀਅਰ ਵਾਲੀਆਂ ਬੋਤਲਾਂ ਅਨੇਕਾਂ ਵੰਨਗੀਆਂ ਦੇ ਜਾਰ ਅਤੇ ਗਿਲਾਸ ਵਰਗੀਆਂ ਕੱਚ ਦੀਆਂ ਵਸਤਾਂ ਨੂੰ ਪੌਦੇ ਲਾਉਣ ਅਤੇ ਸਜਾਉਣ ਲਈ ਵਰਤਿਆ ਜਾਂਦਾ ਹੈ | ਅਨੇਕਾਂ ਰੰਗਾਂ ਵਿਚ ਮਿਲਣ ਵਾਲੀਆਂ ਕੱਚ ਦੀਆਂ ਵਸਤਾਂ ਬਗੀਚੀ ਵਿਚ ਰੰਗ ਭਰਨ ਦਾ ਕੰਮ ਵੀ ਕਰ ਦਿੰਦੀਆਂ ਹਨ |
ਲੱਕੜ ਦਾ ਬਗੀਚੀ ਨਾਲ ਬੜਾ ਗੂੜ੍ਹਾ ਸਬੰਧ ਵੀ ਹੈ ਅਤੇ ਵਰਤੋਂ ਵੀ ਅਨੇਕਾਂ ਵਿਧੀਆਂ ਰਾਹੀਂ ਕਰ ਲਈ ਜਾਂਦੀ ਹੈ | ਸੁੱਕੇ ਦਰੱਖਤਾਂ ਦੇ ਮੁੱਢ ਤੋਂ ਲੈ ਕੇ ਘਰੇਲੂ ਫਰਨੀਚਰ, ਪੁਰਾਣੇ ਸਾਜ਼, ਪੌੜੀਆਂ ਆਦਿ ਨੂੰ ਬਗੀਚੀ ਦੇ ਡਿਜ਼ਾਈਨ ਵਿਚ ਸਹੀ ਵਿਉਂਤਬੰਦੀ ਨਾਲ ਫਿੱਟ ਕੀਤਾ ਜਾ ਸਕਦਾ ਹੁੰਦਾ ਹੈ | ਦਰਵਾਜ਼ੇ ਅਤੇ ਖੇਤੀ ਸੰਦ ਆਦਿ ਜਿਨ੍ਹਾਂ ਵਿਚ ਪੌਦਿਆਂ ਨੂੰ ਲਾ ਕੇ ਸਜਾ ਲਿਆ ਜਾਂਦਾ ਹੈ | ਸਾਈਕਲ ਦੇ ਚੱਕਿਆਂ ਅਤੇ ਲੱਕੜ ਦੇ ਪਹੀਆਂ ਤੋਂ ਵੀ ਸੋਹਣੇ ਦਿ੍ਸ਼ ਸਿਰਜੇ ਜਾ ਸਕਦੇ ਹੁੰਦੇ ਹਨ | ਲੱਕੜ ਤੋਂ ਇਲਾਵਾ ਪੱਥਰ-ਬੱਜਰੀ ਵੀ ਬਗੀਚੀ ਦਾ ਅਹਿਮ ਅੰਗ ਹੁੰਦੇ ਹਨ | ਪੱਥਰਾਂ ਨੂੰ ਵਿਲੱਖਣ ਦਿੱਖ ਅਤੇ ਬੱਜਰੀ ਨੂੰ ਰੁੱਖ-ਪੌਦਿਆਂ ਹੇਠ ਡਿਜ਼ਾਈਨ ਵਿਚ ਵਰਤ ਲਿਆ ਜਾਂਦਾ ਹੈ | ਪੱਥਰਾਂ ਦੇ ਨਾਲ-ਨਾਲ ਮਿੱਟੀ ਦੇ ਭਾਂਡੇ ਅਤੇ ਹੋਰ ਵਸਤਾਂ ਆਪਣੇ ਰੰਗ ਅਤੇ ਦਿੱਖ ਨਾਲ ਬਗੀਚੀ ਵਿਚ ਯੋਗਦਾਨ ਪਾਉਂਦੇ ਹਨ | ਇਲੈਕਟ੍ਰਾਨਿਕਸ ਦੀਆਂ ਸੀ.ਡੀ. ਵਰਗੀਆਂ ਬੇਕਾਰ ਵਸਤਾਂ ਤੋਂ ਮੋਰ-ਪੰਖ ਆਦਿ ਬਣਾਏ ਜਾਂਦੇ ਹਨ |
ਅਜੋਕੇ ਸਮੇਂ ਵਿਚ ਵਰਤੀਆਂ ਜਾਣ ਵਾਲੀਆਂ ਬਿਜਲੀ ਦੀਆਂ ਵਸਤਾਂ ਜਿਵੇਂ ਬਲਬ, ਟਿਊਬਾਂ ਆਦਿ ਨੂੰ ਸਜਾਵਟ ਵਿਚ ਵਰਤਣ ਦੇ ਨਾਲ-ਨਾਲ ਬਿਜਲੀ ਦੀਆਂ ਵੱਡੀਆਂ-ਮੋਟੀਆਂ ਤਾਰਾਂ ਲਪੇਟਣ ਵਾਲੀਆਂ ਚੱਕਰੀਆਂ ਨੂੰ ਟੇਬਲ ਜਾਂ ਬੈਠਣ ਲਈ ਮੂੜੇ੍ਹ ਵਾਂਗ ਵਰਤੋਂ ਵਿਚ ਲਿਆਂਦਾ ਜਾਂਦਾ ਹੈ | ਦਰਅਸਲ ਜੇਕਰ ਵਸਤਾਂ ਦੀ ਗੱਲ ਕਰੀਏ ਤਾਂ ਸੂਚੀ ਨਾ ਮੁੱਕਣ ਵਾਲੀ ਬਣ ਸਕਦੀ ਹੈ ਕਿਉਂਕਿ ਵਰਤਣਵਾਲੇ ਤਾਂ ਪੁਰਾਣੇ ਬੂਟ, ਕੱਪੜੇ, ਬਾਥਰੂਮ ਦੇ ਟੱਬ, ਮਸ਼ੀਨਰੀ ਦੇ ਪੁਰਜੇ, ਪੁਰਾਣੇ ਪਿੰਜਰੇ, ਛੱਤਰੀਆਂ, ਫਲਾਂ ਵਾਲੇ ਕਰੇਟ, ਭਾਂਡੇ ਆਦਿ ਅਨੇਕਾਂ ਵਸਤਾਂ ਨੂੰ ਵਰਤ ਲੈਂਦੇ ਹਨ | ਕੁੱਲ ਮਿਲਾ ਕੇ ਵਰਤੀ ਜਾ ਚੁੱਕੀ ਵਸਤੂ ਨੂੰ ਪੁਨਰ ਵਰਤੋਂ ਵਿਚ ਲਿਆਉਣ ਖਾਤਰ ਤੁਹਾਨੂੰ ਤਕਨੀਕੀ ਜਾਣਕਾਰੀ ਤੇ ਕਲਾ ਦੀ ਸਮਝ ਹੋਣੀ ਲਾਜ਼ਮੀ ਹੁੰਦੀ ਹੈ | ਬੇਕਾਰ ਵਸਤਾਂ ਦੀ ਸਾਡੇ ਕੋਲ ਕੋਈ ਕਮੀ ਨਹੀਂ | ਬਸ ਲੋੜ ਹੈ ਤਾਂ ਸਾਡੇ ਦਿਮਾਗ ਦੀ ਬੱਤੀ ਜਗਾਉਣ ਦੀ |

-ਮੋਬਾਈਲ : 98142-39041.
landscapingpeople@rediffmail.com

ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਕਰਨ ਦੇ ਮਹੱਤਵਪੂਰਨ ਨੁਕਤੇ

ਆਧੁਨਿਕ ਯੁੱਗ ਵਿਚ ਲਗਪਗ ਹਰ ਕੰਮ ਇੰਟਰਨੈੱਟ 'ਤੇ ਹੀ ਹੋ ਰਿਹਾ ਹੈ | ਗੱਲਬਾਤ, ਪੜ੍ਹਾਈ ਤੋਂ ਲੈ ਕੇ ਵਪਾਰ ਅਤੇ ਮੀਟਿੰਗ ਤੱਕ | ਇਸ ਲਈ ਜਦੋਂ ਸਾਰਾ ਸਮਾਂ ਇੰਟਰਨੈੱਟ ਸਰਫ ਹੁੰਦਾ ਹੈ ਤਾਂ ਇਸ ਪ੍ਰੋਸੈਸ ਵਿਚ ਕਈ ਤਰ੍ਹਾਂ ਦੇ ਵਾਇਰਸ ਅਤੇ ਹੋਰ ਨੈੱਟਵਰਕ ਅਟੈਕ ਸਾਡੇ ਕੰਪਿਊਟਰ ਉਤੇ ਹੋ ਜਾਂਦੇ ਹਨ, ਜਿਸ ਦੇ ਬਾਰੇ ਬਹੁਤ ਸਾਰੇ ਯੂਜ਼ਰ ਨਹੀਂ ਜਾਣਦੇ ਅਤੇ ਇਸ ਲਈ ਉਨ੍ਹਾਂ ਨੂੰ ਇੰਟਰਨੈੱਟ ਸੁਰੱਖਿਆ ਬਾਰੇ ਕੁਝ ਨੁਕਤੇ ਦੱਸਣਾ ਜ਼ਰੂਰੀ ਹੈ | ਆਓ ਜਾਣੀਏ:
• ਆਪਣਾ ਪਾਸਵਰਡ ਹਮੇਸ਼ਾ ਗੁਪਤ ਰੱਖੋ ਭਾਵੇਂ ਉਹ ਈਮੇਲ ਦਾ ਹੋਵੇ, ਨੈੱਟ ਬੈਂਕਿੰਗ ਦਾ, ਕਿਸੇ ਵੀ ਵੈੱਬ ਪੋਰਟਲ ਦਾ ਹੋਵੇ, ਕਿਉਂਕਿ ਜੇ ਇਹ ਕਿਸੇ ਮਾੜੇ ਵਿਅਕਤੀ ਕੋਲ ਚਲਾ ਜਾਵੇ ਤਾਂ ਉਸ ਨਾਲ ਉਹ ਤੁਹਾਡੇ ਡਾਟੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ | ਪਾਸਵਰਡ ਹਮੇਸ਼ਾ ਵਿਲੱਖਣ ਅਤੇ ਔਖਾ ਰੱਖਣਾ ਚਾਹੀਦਾ ਹੈ ਅਤੇ ਉਸ ਨੂੰ ਸਮੇਂ-ਸਮੇਂ 'ਤੇ ਬਦਲਦੇ ਰਹਿਣਾ ਚਾਹੀਦਾ ਹੈ, ਤਾਂ ਕਿ ਜੇਕਰ ਕੋਸ਼ਿਸ਼ ਵੀ ਕਰਨ ਤਾਂ ਉਹ ਪਾਸਵਰਡ ਲੱਭਣ ਵਿਚ ਕਾਮਯਾਬ ਨਾ ਹੋਣ |
• ਵਾਈ-ਫਾਈ ਜੋ ਮੁਫ਼ਤ ਵਿਚ ਉਪਲਬੱਧ ਹੋਵੇ, ਉਸ ਨੂੰ ਵਰਤਣ ਤੋਂ ਪ੍ਰਹੇਜ਼ ਕਰੋ, ਕਿਉਂਕਿ ਉਹ ਅਸੁਰੱਖਿਅਤ ਕੁਨੈਕਸ਼ਨ ਹੁੰਦੇ ਹਨ, ਜਿਨ੍ਹਾਂ ਰਾਹੀਂ ਘੁਸਪੈਠੀਏ (ਇਨਟਰੂਡਰ) ਤੁਹਾਡੀ ਡਿਵਾਈਸ ਜਾਂ ਕੰਪਿਊਟਰ ਜਾਂ ਕੰਪਿਊਟਰ ਹੈਕ ਕਰਕੇ ਡਾਟਾ ਚੋਰੀ ਕਰ ਸਕਦੇ ਹਨ ਜਾਂ ਉਸ ਉਤੇ ਕੰਟਰੋਲ ਕਰ ਸਕਦੇ ਹਨ, ਜੋ ਤੁਹਾਡੀ ਅਤੇ ਤੁਹਾਡੇ ਡਾਟੇ ਦੀ ਨਿਜ਼ਤਾ ਲਈ ਖ਼ਤਰਨਾਕ ਹੈ | ਜੇ ਤੁਸੀਂ ਘਰ ਵਿਚ ਜਾਂ ਦਫ਼ਤਰ ਵਿਚ ਵਾਈ-ਫਾਈ ਵਰਤਦੇ ਹੋ ਤਾਂ ਉਸ ਨੂੰ ਪਾਸਵਰਡ ਲਗਾ ਕੇ ਸੁਰੱਖਿਅਤ ਕਰਨਾ ਚਾਹੀਦਾ ਹੈ |
• ਈਮੇਲ ਦੀ ਵਰਤੋਂ ਕਰਦੇ ਸਮੇਂ ਜੇਕਰ ਤੁਹਾਨੂੰ ਅਜਿਹਾ ਲੱਗੇ ਕਿ ਕੋਈ ਅਣਪਛਾਤੇ ਵਿਅਕਤੀ/ਵਿਅਕਤੀਆਂ ਦੁਆਰਾ ਤੁਹਾਨੂੰ ਈਮੇਲ ਭੇਜੀ ਜਾ ਰਹੀ ਹੈ, ਖਾਸ ਕਰ ਜੋ ਤੁਹਾਡੇ ਤੋਂ ਨਿੱਜੀ ਜਾਣਕਾਰੀ ਮੰਗਦੀ ਹੋਵੇ ਤਾਂ ਅਜਿਹੀ ਈਮੇਲ ਦਾ ਕਦੇ ਜਵਾਬ ਨਾ ਦਿਓ ਨਹੀਂ ਤਾਂ ਇਸ ਰਸਤੇ ਵੀ ਤੁਹਾਡਾ ਡਾਟਾ ਚੋਰੀ ਹੋ ਸਕਦਾ ਹੈ | ਤਕਨੀਕੀ ਭਾਸ਼ਾ ਵਿਚ ਇਸ ਨੂੰ ਫਿਸ਼ਿੰਗ ਸਕੈਮ ਕਹਿੰਦੇ ਹਨ |
• ਇੰਟਰਨੈੱਟ ਚਲਾਉਣ ਸਮੇਂ ਸਿਰਫ਼ ਸੁਰੱਖਿਅਤ ਕੁਨੈਕਸ਼ਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਦੀ ਵੈੱਬਸਾਈਟ ਦਾ ਐਡਰੈੱਸ ਐਚ ਟੀ ਟੀ ਐਸ:// ਤੋਂ ਸੁਰੂ ਹੋਵੇ ਅਤੇ ਐਡਰੈੱਸ ਬਾਰੇ ਉਹ ਹਰੇ ਰੰਗ ਵਿਚ ਦਿਸੇ ਉਹ ਵੈੱਬਸਾਈਟ ਸੁਰੱਖਿਅਤ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਸਰਫ ਕਰਨ ਉਪਰੰਤ ਸਾਡੇ ਕੰਪਿਊਟਰ ਨੂੰ ਨੁਕਸਾਨ ਨਹੀਂ ਹੁੰਦਾ |
• ਹਰ ਡਿਵਾਈਸ/ਕੰਪਿਊਟਰ ਦੀ ਇਨਬਿਲਟ ਸੁਰੱਖਿਆ ਪ੍ਰਣਾਲੀ ਹੁੰਦੀ ਹੈ, ਜਿਸ ਨੂੰ ਫਾਈਰਵਾਲ ਕਹਿੰਦੇ ਹਨ | ਉਸ ਦੀਆਂ ਸੈਟਿੰਗਜ਼ ਹਮੇਸ਼ਾ ਚਾਲੂ (ਆਨ) ਰੱਖਣੀਆਂ ਚਾਹੀਦੀਆਂ ਹਨ, ਕਿਉਂਕਿ ਜੇ ਕਿਸੇ ਸਿਸਟਮ ਵਿਚ ਐਾਟੀਵਾਈਰਸ ਇੰਸਟਾਲ ਨਾ ਵੀ ਹੋਇਆ ਤਾਂ ਵੀ ਇਹ ਕਾਫ਼ੀ ਹੱਦ ਤੱਕ ਕੰਪਿਊਟਰ ਦੀ ਵਾਇਰਸ ਤੋਂ ਰੱਖਿਆ ਕਰਦਾ ਹੈ |
• ਹਮੇਸ਼ਾ ਵਧੀਆ ਸੁਰੱਖਿਆ ਦੇਣ ਵਾਲੇ ਨਵੀਨਤਮ ਐਾਟੀਵਾਈਰਸ (ਕੇ 7, ਕੈਸਪਰਸਕਾਈ, ਨੋਰਟਨ, ਕੁਇਕ ਹੀਲ ਆਦਿ) ਦੀ ਵਰਤੋਂ ਕਰਨੀ ਚਾਹੀਦੀ ਹੈ | ਹਫ਼ਤੇ ਵਿਚ ਇਕ ਵਾਰ ਆਪਣੇ ਸਿਸਟਮ ਨੂੰ ਐਾਟੀਵਾਇਰਸ ਨਾਲ ਚੰਗੀ ਤਰ੍ਹਾਂ ਸਕੈਨ ਕਰਨਾ ਚਾਹੀਦਾ ਹੈ ਅਤੇ ਜੋ ਵੀ ਵਾਇਰਸ, ਵਰਮ, ਟਰੋਜਨ ਆਦਿ ਡਿਟੈਕਟ ਹੁੰਦੇ ਹਨ, ਉਨ੍ਹਾਂ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ | ਹਰ ਐਾਟੀਵਾਇਰਸ ਦਾ ਸਾਲ ਬਾਅਦ ਲਾਇਸੈਂਸ ਰੀਨਿਊ ਕਰਨਾ ਚਾਹੀਦਾ ਹੈ ਅਤੇ ਲੇਟੈਸਟ ਪੈਚ ਨੂੰ ਵੀ ਅਪਡੇਟ ਕਰਦੇ ਰਹਿਣਾ ਜ਼ਰੂਰੀ ਹੈ, ਤਾਂ ਕਿ ਤੁਹਾਡਾ ਐਾਟੀਵਾਇਰਸ ਨਵੇਂ ਤੋਂ ਨਵੇਂ ਵਾਰਿਸ ਨੂੰ ਫੜਨ ਵਿਚ ਅਤੇ ਉਨ੍ਹਾਂ ਨੂੰ ਡਿਸਇਨਫੈਕਟ ਕਰਨ ਵਿਚ ਸਮਰੱਥ ਰਹੇ |

-ਕੰਪਿਊਟਰ ਫੈਕਲਟੀ ਸ.ਹ.ਸ. ਕਲਿਆਣਪੁਰ (ਜਲੰਧਰ) |
ਮੋਬਾਈਲ : 98764-89369.

ਭੁੱਲੀਆਂ ਵਿਸਰੀਆਂ ਯਾਦਾਂ

ਰਾਮਦਾਸ ਵਿਖੇ ਬਾਬਾ ਬੁੱਢਾ ਸਾਹਿਬ ਦੇ ਤਪ ਅਸਥਾਨ 'ਤੇ ਸ: ਸ਼ਾਮ ਸਿੰਘ ਨੰਬਰਦਾਰ ਨੇ ਇਕ ਕਵੀ ਦਰਬਾਰ ਕਰਵਾਇਆ ਸੀ | ਉਸ ਕਵੀ ਦਰਬਾਰ ਵਿਚ ਸ: ਮੇਦਨ ਸਿੰਘ 'ਮੇਦਨ', ਸ: ਤੇਜਾ ਸਿੰਘ ਸੁਤੰਤਰ ਦਾ ਛੋਟਾ ਭਾਈ, ਸ: ਗੁਰਬਚਨ ਸਿੰਘ ਪ੍ਰਵਾਨਾ, ਸ: ਅਜੀਤ ਸਿੰਘ 'ਆਸ', ਰਾਜਪਾਲ ਤੇ ਸ਼ਾਮ ਸਿੰਘ ਤੇ ਹੋਰ ਕਵੀ ਆਏ ਸਨ | ਤੁਰਨ ਲੱਗਿਆਂ ਉਨ੍ਹਾਂ ਨੂੰ ਮਿਲਟਰੀ ਵਿਚੋਂ ਸੇਵਾਮੁਕਤ ਹੋਇਆ ਸ: ਹਰਬੰਸ ਸਿੰਘ ਹੌਲਦਾਰ ਮਿਲ ਪਿਆ | ਇਹ ਸਾਰੇ ਉਸ ਨੂੰ ਬੀਤੇ ਸਮੇਂ 'ਚ ਲੜਾਈਆਂ ਦੀਆਂ ਗੱਲਾਂ ਪੁੱਛਣ ਲੱਗ ਪਏ | ਇਨ੍ਹਾਂ ਸਾਰਿਆਂ ਮੈਂਬਰਾਂ ਵਿਚੋਂ ਇਕ ਰਾਜਪਾਲ ਤੋਂ ਇਲਾਵਾ ਬਾਕੀ ਸਾਰੇ ਮੈਂਬਰ ਇਸ ਦੁਨੀਆ 'ਚ ਨਹੀਂ ਹਨ, ਸਿਰਫ਼ ਇਹ ਤਸਵੀਰ ਯਾਦ ਦੇ ਰੂਪ 'ਚ ਸਾਡੇ ਕੋਲ ਹੈ |

-ਮੋਬਾਈਲ : 98767-41231

ਸਾਡਾ ਸੂਝਵਾਨ ਮਨ ਅਸ਼ਾਂਤ ਕਿਉਂ ਰਹਿੰਦਾ ਹੈ?

ਧਰਤੀ ਉੱਪਰ ਅੱਜ ਤੋਂ ਲਗਪਗ ਸਾਢੇ ਤਿੰਨ ਅਰਬ ਵਰ੍ਹੇ ਪਹਿਲਾਂ ਜੀਵਨ ਪੁੰਗਰਿਆ, ਜਿਸ ਦਾ ਬੀਤਦੇ ਸਮੇਂ ਨਾਲ ਭਿੰਨ-ਭਿੰਨ ਜੀਵ-ਨਸਲਾਂ 'ਚ ਵਿਕਾਸ ਹੋਇਆ | ਹੋਏ ਵਿਕਾਸ ਦੇ ਫਲਸਰੂਪ ਅਸੀਂ ਵੀ, ਸੂਝਵਾਨ ਦਿਮਾਗ਼ 'ਚੋਂ ਪੁੰਗਰੇ ਮਨ ਸਹਿਤ, ਸੰਸਾਰ 'ਚ ਪ੍ਰਵੇਸ਼ ਕੀਤਾ | ਸਾਡਾ ਇਹ ਮਨ ਓਨਾ ਖਿੜਿਆ ਨਹੀਂ ਵਿਚਰਦਾ, ਜਿੰਨਾ ਅਸ਼ਾਂਤ ਮਨ ਵਿਚਰਦਾ ਹੈ | ਫਿਰ, ਮੰਦੇ ਰਉਂ 'ਚ ਉਲਝ ਕੇ ਉਦਾਸੀਆਂ-ਦਿਲਗੀਰੀਆਂ ਦਾ ਸ਼ਿਕਾਰ ਵੀ ਇਹ ਹੁੰਦਾ ਰਹਿੰਦਾ ਹੈ | ਮੁਰਝਾਏ ਮਨ ਨਾਲ ਉਦਾਸ ਰਹਿ ਰਿਹਾ ਵਿਅਕਤੀ ਇਕ ਤਰ੍ਹਾਂ ਦੋਜ਼ਖ਼ ਭੋਗ ਰਿਹਾ ਹੁੰਦਾ ਹੈ | ਉਸ ਦਾ ਕੁਝ ਵੀ ਕਰਨ ਨੂੰ ਜੀਅ ਨਹੀਂ ਕਰਦਾ ਅਤੇ ਹੋਰਨਾਂ ਨਾਲ ਮਿਲ ਬੈਠਣਾ ਵੀ ਉਸ ਨੂੰ ਮੁਸੀਬਤ ਲੱਗਣ ਲਗਦਾ ਹੈ | ਆਪਣੇ-ਆਪ ਨਾਲ ਕੁਝ ਚੰਗਾ ਬੀਤਣ ਦੀ ਆਸ ਵੀ ਉਹ ਗੁਆ ਬੈਠਦਾ ਹੈ | ਟਾਂਵਿਆਂ-ਟਾਂਵਿਆਂ ਨੂੰ ਪ੍ਰਭਾਵਿਤ ਕਰ ਰਹੀ ਅਜਿਹੀ ਹੀ ਸਥਿਤੀ 'ਚੋਂ ਪਾਰ ਹੋ ਰਹੇ ਗ਼ਾਲਿਬ ਦਾ ਅਨੁਭਵ ਸੀ :
'ਰਹੀ ਨਾ ਤਾਕਤ-ਏ ਗੁਫ਼ਤਾਰ, ਔਰ ਅਗਰ ਹੋ ਭੀ,
ਤੋ ਕਿਸ ਉਮੀਦ ਪੇ ਕਹੀਏ ਕਿ ਆਰਜ਼ੂ ਕਿਆ ਹੈ |'
ਅਜਿਹੀ ਘੋਰ ਗੰਭੀਰ ਮਾਨਸਿਕ ਅਵਸਥਾ, ਚਿਰ ਸਥਾਈ ਬਣੀ ਨਹੀਂ ਰਹਿੰਦੀ : ਸਮੇਂ ਨਾਲ ਢੈਲੀ ਪੈਂਦੀ-ਪੈਂਦੀ ਛੇਕੜ ਇਹ ਆਲੋਪ ਹੋ ਜਾਂਦੀ ਹੈ | ਮਨ ਦੀ ਇਕ ਹੋਰ ਅਵਸਥਾ ਅਜਿਹੀ ਹੈ, ਜਿਸ ਦੇ ਸੱਭ, ਕਿਸੇ ਨਾ ਕਿਸੇ ਸਮੇਂ, ਸ਼ਿਕਾਰ ਹੁੰਦੇ ਰਹਿੰਦੇ ਹਨ | ਇਹ ਹੈ ਮਾਨਸਿਕ ਤਣਾਓ, ਜਿਸ ਦਾ ਉਸ ਰੁਚੀ 'ਚੋਂ ਜਨਮ ਹੁੰਦਾ ਹੈ, ਜਿਹੜੀ ਸਾਨੂੰ ਇਕ ਦੂਜੇ ਤੋਂ ਅਗਾਂਹ ਵਧਦੇ ਰਹਿਣ ਲਈ ਉਕਸਾਉਂਦੀ ਰਹਿੰਦੀ ਹੈ | ਇਹ ਰੁਚੀ ਗਿਣੇ-ਚੁਣੇ ਦੋ ਚਾਰ ਜੀਨਾਂ ਦੀ ਸਾਨੂੰ ਦੇਣ ਹੈ ਅਤੇ ਇਸੇ ਕਾਰਨ ਇਹ ਹਰ ਇਕ ਦੇ ਘੱਟ ਜਾਂ ਵੱਧ ਹਿੱਸੇ ਆ ਰਹੀ ਹੈ |
ਹਰ ਇਕ ਵਿਅਕਤੀ ਮਾਨਸਿਕ ਤਣਾਓ ਨਾਲ ਆਪਣੇ ਹੀ ਵੱਖਰੇ ਢੰਗ ਨਾਲ ਭੁਗਤ ਰਿਹਾ ਹੈ | ਕਈ ਤਾਂ ਤਣਾਓ ਕਾਰਨ ਮਾਮੂਲੀ ਪਰੇਸ਼ਾਨ ਰਹਿੰਦੇ ਹਨ ਜਦ ਕਿ ਕਈ ਇਸ ਸਦਕਾ ਹੁਸੜੇ, ਨੀਂਦਰ ਗੁਆ ਬੈਠਦੇ ਹਨ ਅਤੇ ਲਹੂ ਦੇ ਵਧੇ ਦਬਾਓ ਦਾ ਰੋਗ ਸਹੇੜ ਬੈਠਦੇ ਹਨ | ਇਸ ਅਵਸਥਾ ਦੌਰਾਨ ਮਨਚਾਹੇ ਰੁਝੇਵੇਂ ਦੀ ਅਣਹੋਂਦ ਵੀ ਪਰੇਸ਼ਾਨੀ 'ਚ ਵਾਧਾ ਹੁੰਦੇ ਰਹਿਣ ਦਾ ਕਾਰਨ ਬਣਦੀ ਰਹਿੰਦੀ ਹੈ | ਇਸੇ ਕਾਰਨ, ਅਜਿਹੀ ਅਵਸਥਾ 'ਚ ਉਪਰਾਮ ਹੋ ਕੇ ਕੁਝ ਵੀ ਨਾ ਕਰਨ ਨਾਲੋਂ, ਰੁਝੇ ਰਹਿਣਾ ਹੀ ਉੱਚਿਤ ਹੈ |
ਅਸੀਂ ਸਿਆਣੇ ਪ੍ਰਾਣੀ ਹਾਂ, ਸੂਝ-ਸਮਝ ਦੇ ਮਾਲਿਕ | ਸਮਝਦਾਰ ਹੋ ਕੇ ਵੀ ਸਾਡਾ ਮਨ ਅਸ਼ਾਂਤ ਰਹਿੰਦਾ ਹੈ | ਕਿਉਂ? ਇਸ ਦੇ ਭਿੰਨ ਭਿੰਨ ਕਈ ਕਾਰਨ ਹਨ, ਜਦ ਕਿ ਮੁੱਖ ਕਾਰਨ ਸਾਡਾ ਅਪਣਾਇਆ ਜੀਵਨ-ਢੰਗ ਹੈ, ਜਿਸ 'ਚ ਸੂਝ ਨਾਲੋਂ ਭਾਵਨਾਵਾਂ ਦਾ ਕਿਧਰੇ ਵੱਧ ਦਖ਼ਲ ਹੈ | ਭਾਵਨਾਵਾਂ ਦੁਆਰਾ ਮਧੋਲਿਆ ਜਾ ਰਿਹਾ ਸਾਡਾ ਮਨ ਬੇ-ਸਿਰ-ਪੈਰ ਦੇ ਵਿਚਾਰਾਂ 'ਚ ਉਲਝਿਆ ਰਹਿੰਦਾ ਹੈ | ਬਚਪਨ ਬਿਤਾਉਂਦਿਆਂ ਅਸੀਂ ਵੱਡਿਆਂ ਵਾਂਗ ਖੁਦਸਿਰ ਹੋ ਕੇ ਵਿਚਰਨਾ ਲੋਚਦੇ ਰਹਿੰਦੇ ਹਾਂ ਅਤੇ ਜਦ ਵੱਡੇ ਹੋ ਜਾਂਦੇ ਹਾਂ, ਤਦ ਬਚਪਨ 'ਚ ਪਰਤ ਜਾਣ ਲਈ ਤਾਂਘਣ ਲਗਦੇ ਹਾਂ | ਹਰ ਸਮੇਂ, ਉਸ ਨਾਲੋਂ ਵੱਖਰੇ ਕੁਝ ਨੂੰ ਪ੍ਰਾਪਤ ਕਰਨ ਲਈ ਅਸੀਂ ਬਿਹਬਲ ਰਹਿੰਦੇ ਹਾਂ | ਜੋ ਕੋਲ ਨਹੀਂ ਹੁੰਦਾ ਅਤੇ ਜੋ ਸਾਡੇ ਕੁੋਲ ਹੁੰਦਾ ਹੈ, ਭਾਵੇਂ ਉਹ ਕਿੰਨਾ ਵੀ ਅਨਮੋਲ ਕਿਉਂ ਨਾ ਹੋਵੇ, ਉਸ ਨਾਲ ਅਸੀਂ ਸੰਤੁਸ਼ਟ ਨਹੀਂ ਹੁੰਦੇ | ਉੱਚੀ ਤੋਂ ਉੱਚੀ ਪਦਵੀ 'ਤੇ ਬਿਰਾਜਮਾਨ ਹੋ ਕੇ ਵੀ ਹੋਰ ਉਤਾਂਹ ਜਾਣ ਲਈ ਅਸੀਂ ਸਟਪਟਾਉਂਦੇ ਰਹਿੰਦੇ ਹਾਂ | ਅਜਿਹੇ ਭਾਵਹੀਣ ਵਿਚਾਰਾਂ 'ਚ ਘਿਰਿਆ ਮਨ ਸ਼ਾਂਤ ਕਿਵੇਂ ਰਹਿ ਸਕਦਾ ਹੈ ?
ਇਹ ਵੀ ਹੈ ਕਿ ਦੌਲਤ ਇਕੱਤਰ ਕਰਦਿਆਂ ਅਸੀਂ ਅਰੋਗਤਾ ਪ੍ਰਤੀ ਲਾਪ੍ਰਵਾਹ ਹੋਏ, ਇਸ ਨੂੰ ਗੁਆ ਬੈਠਦੇ ਹਾਂ ਅਤੇ ਫਿਰ ਗੁਆਚੀ ਅਰੋਗਤਾ ਨੂੰ ਮੁੜ ਪ੍ਰਾਪਤ ਕਰਨ ਲਈ ਅਸੀਂ ਇਕੱਤਰ ਕੀਤੀ ਦੌਲਤ ਨੂੰ ਦੋਵੀਂ ਹੱਥੀ ਲੁਟਾਉਣ ਵੀ ਲਗਦੇ ਹਾਂ | ਹੋਰ ਇਹ ਵੀ ਕਿ ਵਰਤਮਾਨ 'ਚ ਵਿਚਰਦਿਆਂ ਸਾਨੂੰ ਭਵਿੱਖ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ | ਉਸ ਭਵਿਖ਼ ਦੀ ਜਿਹੜਾ ਕਦੀ ਕਿਸੇ ਦੇ ਹੱਥ ਨਹੀਂ ਆਉਂਦਾ | ਮਨ ਨੂੰ ਟਿਕੇ ਨਾ ਰਹਿਣ ਦੇਣ ਵਾਲੀ ਅਜਿਹੀ ਵਿਚਾਰਧਾਰਾ ਅਸੀਂ ਨਾ ਚਹੁੰਦਿਆਂ ਵੀ ਇਸ ਲਈ ਅਪਣਾ ਰੱਖੀ ਹੈ, ਕਿਉਂਕਿ ਇਹ ਸਾਨੂੰ ਵਿਰਸੇ 'ਚ ਮਿਲ ਰਹੀਆਂ ਭਾਵਨਾਵਾਂ ਦੀ ਦੇਣ ਹੈ | ਭਾਵਨਾਵਾਂ ਹੀ ਹਨ, ਜਿਹੜੀਆਂ ਅਸਾਨੂੰ ਸਦਾ ਸੁਆਰਥ ਦੀ ਚਾਸ਼ਣੀ 'ਚ ਡੁਬੋਈ ਰੱਖਦੀਆਂ ਹਨ, ਜਿਸ ਕਾਰਨ ਮਨ ਚਿੰਤਾਵਾਂ 'ਚ ਘਿਰੇ ਰਹਿਣ ਦਾ ਆਦੀ ਬਣ ਗਿਆ ਹੈ | ਅਸੀਂ ਪ੍ਰਚਾਰ ਭਾਵੇਂ ਕਿੰਨਾ ਵੀ ਸੂਝ-ਸਮਝ ਦੀ ਅਗਵਾਈ ਸਵੀਕਾਰ ਕਰਨ ਦਾ ਕਰੀਏ ਅਤੇ ਕਿੰਨੀ ਵੀ ਤਰਕ ਆਧਾਰਿਤ ਫ਼ਲਸਫ਼ੇ ਦੀ ਹਾਮੀ ਭਰੀਏ, ਪਰ ਜੋ ਵੀ ਕਰਦੇ ਹਾਂ, ਉਹ ਭਾਵਨਾਵਾਂ ਦੇ ਗ਼ੁਲਾਮ ਬਣੇ, ਇਨ੍ਹਾਂ ਦੇ ਇਸ਼ਾਰਿਆਂ 'ਤੇ ਨੱਚਦੇ ਹੋਏ ਕਰਦੇ ਰਹਿੰਦੇ ਹਾਂ | ਅਜਿਹਾ ਇਸ ਲਈ ਹੈ, ਕਿਉਂਕਿ ਸੂਝ ਨਾਲੋਂ ਸਾਡੀ ਮਾਨਸਿਕਤਾ 'ਚ ਭਾਵਨਾਵਾਂ ਵੱਧ ਡੂੰਘੀਆਂ ਖੁੱਭੀਆਂ ਹੋਈਆਂ ਹਨ | ਸਿਆਸਤਦਾਨਾਂ ਨੇ ਇਸ ਸਥਿਤੀ ਨੂੰ ਸਮਝ ਕੇ, ਭਲੀ ਪ੍ਰਕਾਰ ਪੱਲ੍ਹੇ ਬੰਨ੍ਹ ਲਿਆ ਹੈ ਅਤੇ ਇਸ ਦਾ ਭਰਪੂਰ ਲਾਭ ਲੈ ਵੀ ਰਹੇ ਹਨ |
ਅਸੀਂ ਆਪਣੀਆਂ ਲੋੜਾਂ ਦੀ ਸੂਚੀ 'ਚ ਵਾਧਾ ਕਰਦੇ ਰਹਿਣ ਪ੍ਰਤੀ ਵੀ ਅਤੀ ਉਦਾਰ ਹਾਂ | ਇਕ ਲੋੜ ਪੂਰੀ ਹੁੰਦੀ ਨਹੀਂ ਕਿ ਦੂਜੀ ਨਾਲ ਅਸੀਂ ਆਸ਼ਨਾਈ ਗੰਢ ਲੈਂਦੇ ਹਾਂ | ਸਿਰ 'ਤੇ ਖਲੋਤੀਆਂ ਲੋੜਾਂ ਪੂਰੀਆਂ ਕਰਨ ਦੀ ਚਿੰਤਾ ਨਾਲ ਵੀ ਮਨ ਵੱਖ ਪਰੇਸ਼ਾਨ ਰਹਿ ਰਿਹਾ ਹੈ | ਸਮਝਦਾਰ ਹੁੰਦੇ ਹੋਏ ਵੀ ਅਸੀਂ ਕਿਉਂ ਨਹੀਂ ਸਮਝ ਰਹੇ ਕਿ ਲੋੜਾਂ ਘਟਾਇਆਂ ਹੀ ਲੋੜਵੰਦ ਹੋਣ ਦੀ ਚਿੰਤਾ ਤੋਂ ਮੁਕਤੀ ਮਿਲ ਸਕਦੀ ਹੈ ਅਤੇ ਨਾਲ ਹੀ ਨਿਰਮੂਲ ਲੋੜਾਂ ਪੂਰੀਆਂ ਕਰਨ ਦੀ ਚਿੰਤਾ ਤੋਂ ਵੀ | ਅਜਿਹੀ ਅਵਸਥਾ ਨੂੰ ਪੁੱਜਾ ਵਿਅਕਤੀ ਹੀ ਸਤਿਕਾਰ ਸਹਿਤ ਜੀਵਨ ਭੋਗ ਰਿਹਾ ਹੈ | ਇਸ ਦੇ ਬਾਵਜੂਦ ਜੇਕਰ ਅਸੀਂ ਲੋੜਾਂ ਘੱਟ ਨਹੀਂ ਕਰ ਰਹੇ, ਤਦ ਇਸ ਲਈ, ਕਿਉਂਕਿ ਅਸੀਂ ਸੰਬੰਧੀਆਂ ਅਤੇ ਗੁਆਂਢੀਆਂ ਦੇ ਟਾਕਰੇ ਵੱਧ ਖ਼ੁਸ਼ਹਾਲ ਲੱਗਣ ਲਈ ਲਲਚਾਉਂਦੇ ਰਹਿੰਦੇ ਹਾਂ |
ਸਾਡੀ ਮਾਨਸਿਕ ਅਵਸਥਾ ਦੇ ਸਹਿਮੇ-ਸਿਮਟੇ ਰਹਿਣ ਦਾ ਕਾਰਨ ਇਹ ਵੀ ਹੈ ਕਿ ਜਿਸ ਕੁਦਰਤੀ ਵਾਤਾਵਰਨ 'ਚ ਵਣਮਾਨਸ ਮਨੁੱਖ ਬਣਿਆ ਅਤੇ ਸੂਝ ਨਾਲ ਪ੍ਰਣਾਇਆ ਗਿਆ, ਅੱਜ ਅਸੀਂ ਉਸੇ ਤੋਂ ਪਰਾਏ ਬਣੇ ਵਿਚਰ ਰਹੇ ਹਾਂ | ਸਾਡੀ ਕੁਦਰਤ ਤੋਂ ਬੇਗਾਨਗੀ ਵੀ ਸਾਡੇ ਮਨਾਂ ਨੂੰ ਸ਼ਾਂਤ ਨਹੀਂ ਰਹਿਣ ਦੇ ਰਹੀ | ਹਰੇ ਭਰੇ, ਰੁੱਖਾਂ-ਪੌਦਿਆਂ ਨਾਲ ਲਹਿ-ਲਹਾ ਰਹੇ ਜਿਸ ਵਾਤਾਵਰਨ 'ਚ ਸਾਡਾ ਦਿਮਾਗ਼ ਸੂਝ ਨਾਲ ਪ੍ਰਣਾਇਆ ਗਿਆ ਅਤੇ ਉਸ 'ਚੋਂ ਮਨ ਪੁੰਗਰਿਆ, ਉਸ 'ਚ ਪੰਛੀਆਂ ਦਾ ਸੰਗੀਤ ਸੀ ਅਤੇ ਆਕਾਸ਼ 'ਚ ਬੱਦਲਾਂ-ਘਟਾਵਾਂ ਦੀ ਗਹਿਮਾ-ਗਹਿਮੀ ਸੀ | ਅੱਜ, ਇਸੇ ਕਾਰਨ, ਕੰਧਾਂ-ਛੱਤਾਂ ਦੇ ਸੌੜੇਪਣ 'ਚ ਘਿਰ ਕੇ ਗੁੰਮ-ਸੁੰਮ ਹੋਇਆ ਸਾਡਾ ਮਨ ਮੋਕਲੇ ਆਲੇ-ਦੁਆਲੇ 'ਚ ਵਿਚਰਨ ਲਈ ਤਾਂਘ ਰਿਹਾ ਹੈ | ਉਦਾਸੀਆਂ-ਦਿਲਗੀਰੀਆਂ ਦੀ ਦਲਦਲ 'ਚ ਫਾਥੇ ਆਪਣੇ ਮਨ ਨੂੰ ਜੇਕਰ ਅਸੀਂ ਸੁਤੰਤਰ ਹੋਂਦ ਦਾ ਅਹਿਸਾਸ ਕਰਵਾਉਣ ਦੇ ਚਾਹਵਾਨ ਹਾਂ, ਤਦ ਅਸਨੂੰ ਆਕਾਸ਼ 'ਚ ਤੈਰਦੇ ਬੱਦਲਾਂ ਨਾਲ, ਆਕਾਸ਼ੀਂ ਉਮਡਦੀਆਂ ਘਟਾਵਾਂ ਨਾਲ, ਰੁੱਖਾਂ-ਪੌਦਿਆਂ ਨਾਲ ਆਫ਼ਰੇ ਵਣਾਂ ਨਾਲ, ਬਰਫਾਨੀ ਚੋਟੀਆਂ ਅਤੇ ਇਨ੍ਹਾਂ ਵਿਚਕਾਰ ਵਿਛੀਆਂ ਵਾਦੀਆਂ ਨਾਲ ਅਤੇ ਵਗਦੇ ਪਾਣੀਆਂ ਦੀ ਰਵਾਨੀ ਨਾਲ ਮੋਹ ਪਾਉਣ ਦੀ ਲੋੜ ਹੈ | ਬੇਹਿਰਸ ਹੋਈਆਂ ਆਪਣੀਆਂ ਰੁਚੀਆਂ ਨੂੰ ਉਤੇਜਿਤ ਕਰਨ ਲਈ ਅਤੇ ਸੁੰਨ ਹੋਈ ਆਪਣੀ ਕਲਪਨਾ ਨੂੰ ਪ੍ਰਵਾਜ਼ ਦੇ ਯੋਗ ਬਣਾਉਣ ਲਈ ਸਾਨੂੰ ਵਿਸ਼ਾਲ ਕੁਦਰਤੀ ਵਾਤਾਵਰਨ ਨਾਲ ਜੁੜ ਜਾਣ ਦੀ ਲੋੜ ਹੈ |
ਅੱਜ, ਪਰ, ਸਾਨੂੰ ਗਲੇਫ ਰਿਹਾ ਸੌੜਾਪਣ, ਮੋਕਲਾ ਹੋਣ ਦੀ ਬਜਾਏ ਪਲੋ-ਪਲ ਸੰਘਣਾ ਹੋਈ ਜਾ ਰਿਹਾ ਹੈ | ਹਰ ਬੀਤ ਰਹੇ ਪਲ ਸਾਡੀ ਗਿਣਤੀ ਵਧ ਰਹੀ ਹੈ ਅਤੇ ਜਿਸ ਗਤੀ ਨਾਲ ਇਹ ਵਧ ਰਹੀ ਹੈ, ਉਸੇ ਗਤੀ ਨਾਲ ਕੁਦਰਤ ਸੁੰਗੜਦੀ-ਸਿਮਟਦੀ ਜਾ ਰਹੀ ਹੈ | ਇਸ ਕਾਰਨ ਸਾਡੇ ਕੁਦਰਤ ਨਾਲ ਸਬੰਧ ਦਿਨੋਂ-ਦਿਨ ਨਿੱਘੇ ਹੋਣ ਦੀ ਥਾਂ ਫਿੱਕੇ ਪੈ ਰਹੇ ਹਨ | ਸਾਡੀ ਵਧਦੀ ਜਾ ਰਹੀ ਗਿਣਤੀ ਦੇ ਨਾਲ ਨਾਲ ਅਜਿਹੇ ਵਿਅਕਤੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ, ਜਿਨ੍ਹਾਂ ਕੋਲ ਕਰਨ ਨੂੰ ਕੁਝ ਨਹੀਂ | ਆਹਰ-ਪਾਹਰ ਬਿਨਾਂ ਜੀਵਨ ਨਿਰਮੰਤਵ, ਅਪੂਰਣ ਅਤੇ ਖੜ੍ਹ-ਸੁੱਕ ਬੀਤਣ ਲਗਦਾ ਹੈ | ਜਿਨ੍ਹਾਂ ਨੂੰ ਕੋਈ ਨਾ ਕੋਈ ਸ਼ੌਕ ਹੈ ਅਤੇ ਕੋਲ ਸਾਧਨ ਵੀ ਹਨ, ਉਹ ਜੀਵਨ ਨੂੰ ਸਾਹਿਤ ਪੜ੍ਹਦਿਆਂ, ਸੰਗੀਤ ਮਾਣਦਿਆਂ, ਨਵੀਂ ਭਾਸ਼ਾ ਸਿੱਖਦਿਆਂ, ਗਿਆਨ ਗ੍ਰਹਿਣ ਕਰਦਿਆਂ ਰੌਚਿਕਤਾ ਅਰਪਣ ਕਰ ਸਕਦੇ ਹਨ | ਜੀਵਨ ਨੂੰ ਸੰਤੁਸ਼ਟ ਅਤੇ ਸੁਆਦਲਾ ਮਾਣਨ ਲਈ ਰਚਨਾਤਮਿਕ ਰੁਝੇਵੇਂ ਅਤੀ ਜ਼ਰੂਰੀ ਹਨ, ਜਦ ਕਿ ਰੁਝੇਵਿਆਂ ਲਈ ਤਾਂਘ ਰਹੇ ਵਿਅਕਤੀਆਂ ਦੀ ਗਿਣਤੀ, ਸਾਡੀ ਵਧਦੀ ਜਾ ਰਹੀ ਵਸੋਂ ਦੇ ਨਾਲ ਨਾਲ ਵਧਦੀ ਜਾ ਰਹੀ ਹੈ | ਬਰਨਾਰਡ ਸ਼ਾਅ ਤੋਂ ਜਦ ਪੁੱਛਿਆ ਗਿਆ ਕਿ ਕੀ ਉਹ ਆਪਣੇ ਜੀਵਨ ਤੋਂ ਖੁਸ਼ ਹੈ ? ਤਾਂ ਉਸ ਦਾ ਉ ੱਤਰ ਸੀ :
'ਮੈਂ ਇੰਨਾ ਰੁਝਾ ਹੋਇਆ ਹਾਂ ਕਿ ਮੈਂਨੂੰ ਇਹ ਸੋਚਣ ਦੀ ਵੀ ਵਿਹਲ ਨਹੀਂ ਕਿ ਮੈਂ ਖੁਸ਼ ਹਾਂ ਜਾਂ ਨਹੀਂ |'
ਮਾਸ-ਪੇਸ਼ੀਆਂ ਦੀ ਹਰਕਤ ਦੁਆਰਾ ਵੀ ਮਨ ਨੂੰ ਉਦਾਸੀਆਂ 'ਚੋਂ ਉਭਾਰਿਆ ਜਾ ਸਕਦਾ ਹੈ | ਕਸਰਤ ਕਰਦਿਆਂ ਤੇਜ਼ ਵਗ ਰਿਹਾ ਲਹੂ ਸਰੀਰ ਦੀ ਹਰ ਇਕ ਨੁਕਰ ਸਿੰਜਣ ਲਗਦਾ ਹੈ ਅਤੇ ਤਦ ਦਿਮਾਗ਼ ਨੂੰ ਵੀ ਜੋ ਚਾਹੀਦਾ ਹੈ, ਉਹ ਭਰਪੂਰ ਮਾਤਰਾ 'ਚ ਮਿਲਣ ਲਗਦਾ ਹੈ | ਕਸਰਤ ਕਰਦਿਆਂ ਦਿਮਾਗ਼ ਅੰਦਰ ਖੁਸ਼ੀ ਦਾ ਅਨੁਭਵ ਕਰਵਾਉਂਦੇ ਐਾਡਾਰਫਿਨ ਵੀ ਰਿਸਣ ਲਗਦੇ ਹਨ ਅਤੇ ਸਿੱਟੇ ਵਜੋਂ ਮਨ ਚਿੰਤਾਵਾਂ ਤੋਂ ਮੁਕਤ ਹੋਇਆ ਅਨੁਭਵ ਕਰਨ ਲਗਦਾ ਹੈ | ਮਾਸ-ਪੇਸ਼ੀਆਂ ਦੀ ਲਗਾਤਾਰ ਹਰਕਤ ਲਈ ਕੋਈ ਵੀ ਸਾਧਨ ਵਰਤਿਆ ਜਾ ਸਕਦਾ ਹੈ : ਪੈਦਲ ਤੋਰਾ-ਫੇਰਾ ਜਾਂ ਫਿਰ ਸੁਸਤ ਚਾਲ ਦੀ ਦੌੜ; ਪੌੜੀਆਂ ਚੜ੍ਹਨਾ ਅਤੇ ਉਤਰਨਾ, ਸਾਈਕਲ ਦੀ ਸਵਾਰੀ; ਬਾਗ਼ਬਾਨੀ ਅਤੇ ਜਾਂ ਫਿਰ ਕੋਈ ਨਾ ਕੋਈ ਖੇਡ |
ਮਨ ਨੂੰ ਤਣਾਓ ਤੋਂ ਮੁਕਤ ਕਰਵਾਉਣ ਦਾ ਅਤੇ ਸੰਤੁਸ਼ਟਤਾ ਦਾ ਸਹਿਜ ਅਨੁਭਵ ਕਰਵਾਉਣ ਦਾ ਅਨੋਖਾ ਸਾਧਨ, ਹੋਰਨਾਂ ਦਾ ਭਲਾ ਕਰਨ ਦਾ ਕੋਈ ਨਾ ਕੋਈ ਰਾਹ ਅਪਣਾ ਲੈਣਾ ਵੀ ਹੈ | ਹੋਰਨਾਂ ਦਾ ਕੇਵਲ ਭਲਾ ਚਾਹੁਣ ਨਾਲ ਖੇੜੇ ਦਾ ਉਹ ਅਨੁਭਵ ਨਹੀਂ ਹੁੰਦਾ, ਜਿਹੋ ਜਿਹਾ ਹੋਰਨਾਂ ਲਈ ਕੁਝ ਨਾ ਕੁਝ ਕਰਕੇ ਹੁੰਦਾ ਹੈ | ਕਈਆਂ 'ਚ ਇਹ ਰੁਚੀ ਅਤੀ ਪ੍ਰਬਲ ਹੁੰਦੀ ਹੈ | ਅਜਿਹੇ ਵਿਅਕਤੀ ਸਭਿਆਚਾਰ ਦੀ ਅਤੇ ਸੇਵਾ ਕਰਦੀਆਂ ਸੰਸਥਾਵਾਂ ਦੀ ਧਰੋਹਰ ਬਣਦੇ ਰਹੇ ਹਨ ਅਤੇ ਮਾਨਵੀ ਆਦਰਸ਼ਾਂ ਦੀ ਪਾਲਣਾ ਕਰਨ 'ਚ ਵੀ ਇਹ ਅਗਾਂਹ ਰਹਿੰਦੇ ਰਹੇ ਹਨ |
ਉਪਰੋਕਤ ਸੁਝਾਅ, ਦੌਲਤ ਸਮੇਟਣ 'ਚ ਰੁੱਝੀ ਸਾਡੀ ਸੋਚ ਨਾਲੋਂ ਹਟਵੇਂ ਹੋਣ ਕਰਕੇ ਅਮਲ ਅਧੀਨ ਲਿਆਉਣੇ ਸਹਿਲ ਨਹੀਂ | ਜੇਕਰ ਉੱਖੜੇ-ਉਲਝੇ, ਚਿੰਤਾਵਾਂ-ਗ੍ਰਸੇ ਮਨ ਨੂੰ ਸ਼ਾਂਤ ਅਵਸਥਾ ਅਰਪਣ ਕਰਨ ਦੀ ਚਾਹ ਹੈ ਤਾਂ ਇਨ੍ਹਾਂ ਉਪਰ ਅਮਲ ਕਰਨਾ ਬਣਦਾ ਹੀ ਹੈ | ਦਵਾ-ਦਾਰੂ ਦੁਆਰਾ ਅਜਿਹਾ ਕਰ ਸਕਣਾ ਸੰਭਵ ਨਹੀਂ | ਇਕ ਤਾਂ ਮਨ ਉਪਰ ਦਵਾ-ਦਾਰੂ ਦਾ ਪਿਆ ਪ੍ਰਭਾਵ ਥੋੜ੍ਹ-ਚਿਰਾ, ਆਰਜ਼ੀ ਹੁੰਦਾ ਹੈ ਅਤੇ ਦੂਜਾ, ਮਨ ਨੂੰ ਪ੍ਰਭਾਵਿਤ ਕਰਨ ਯੋਗ ਦਵਾਈਆਂ ਦਾ ਨਸ਼ੀਲਾ ਸੁਭਾਅ ਹੋਣ ਕਾਰਨ, ਇਨ੍ਹਾਂ ਦੀ ਆਦਤ ਪੈ ਜਾਣ ਦੀ ਵੀ ਸੰਭਾਵਨਾਂ ਹੁੰਦੀ ਹੈ |
ਸਾਡਾ ਮਨ ਸਰਪਟ ਭੱਜੇ ਜਾ ਰਹੇ ਘੋੜੇ ਵਾਂਗ ਹੈ, ਜਿਸ ਦੀ ਨਾ ਲਗਾਮ ਸਾਡੇ ਹੱਥ ਹੈ ਅਤੇ ਨਾ ਰਕਾਬ 'ਚ ਸਾਡੇ ਪੈਰ ਹਨ | ਇਸੇ ਸਥਿਤੀ ਦਾ ਪ੍ਰਤੀਕ ਗ਼ਾਲਿਬ ਦਾ ਇਹ ਸ਼ਿਅਰ ਹੈ :
'ਰੌ ਮੇਂ ਹੈ ਰਖ਼ਸ਼-ਏ ਉਮਰ, ਕਹਾਂ ਦੇਖੀਏ ਥਮੇਂ,
ਨਾ ਹਾਥ ਬਾਗ ਪਰ ਹੈ, ਨਾ ਪਾ ਹੈ ਰਕਾਬ ਮੇਂ'

-ਸੰਪਰਕ : 0175-2214547

ਭੁੱਲ-ਵਿੱਸਰ ਰਹੀਆਂ ਨੇ ਹੁਣ ਲੋਰੀਆਂ

'ਲੋਰੀ' ਲੋਕ-ਗੀਤਾਂ ਦੀ ਇਕ ਪ੍ਰਮੁੱਖ ਵੰਨਗੀ ਹੈ | ਲੋਰੀਆਂ ਓਨੀਆ ਹੀ ਪੁਰਾਣੀਆਂ ਹਨ, ਜਿੰਨਾ ਮਨੁੱਖੀ ਜੀਵਨ ਪੁਰਾਣਾ ਹੈ | ਮਨੁੱਖ ਜਾਤੀ ਦੀ ਉਤਪਤੀ ਦੇ ਨਾਲ ਹੀ 'ਲੋਰੀ' ਨੇ ਜਨਮ ਲਿਆ | ਇਹ ਉਹ ਮੌਕਾ ਸੀ, ਜਦੋਂ ਮਨੁੱਖੀ ਜੀਵ ਨੇ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਬੋਲੀ ਨੂੰ ਮਾਧਿਅਮ ਵਜੋਂ ਅਪਣਾਇਆ ਸੀ | ਉਹ (ਮਾਂ ਦੇ ਰੂਪ ਵਿਚ) ਆਪਣੇ ਨਵ-ਜਾਤ (ਬੱਚੇ) ਨੂੰ ਜਦੋਂ ਉਹ ਚੀਕਦਾ, ਰੋਂਦਾ ਜਾਂ ਆਮ ਤੌਰ 'ਤੇ ਸਾਧਾਰਨ ਅਵਸਥਾ ਵਿਚ ਆਪਣੇ ਆਪ ਨੂੰ ਨਾ-ਖ਼ੁਸ਼ ਮਹਿਸੂਸ ਕਰਦਾ ਤਾਂ ਇਸ ਦਾ ਅਨੁਭਵ ਜਦੋਂ ਮਾਂ ਨੂੰ ਹੁੰਦਾ, ਉਸ ਵਕਤ ਉਹ ਆਪਣੇ ਬੱਚੇ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਆਪਣੇ ਸੁਭਾਵਕ ਆਚਾਰ ਜਾਂ ਸੰਕੇਤ ਲਹਿਜ਼ੇ ਤੋਂ ਥੋੜ੍ਹੀ ਜਿਹੀ ਹਟਵੀਂ ਸਹਿਜ ਰੂਪ ਵਿਚ ਕੋਈ ਹੇਕ ਕੱਢਦੀ ਹੈ ਤਾਂ ਬੱਚਾ ਆਰਾਮ ਮਹਿਸੂਸ ਕਰਨ ਦੇ ਨਾਲ-ਨਾਲ ਆਮ ਅਵਸਥਾ 'ਚ ਆ ਕੇ ਆਰਾਮ ਨਾਲ ਸੌਾ ਜਾਂਦਾ ਸੀ ਜਾਂ ਪਰਚ ਜਾਂਦਾ ਸੀ |
ਇਹੋ ਹੀ ਮੁੱਢਲੀ ਕਿਸਮ ਦੀ ਲੋਰੀ ਸੀ, ਜੋ ਅੱਜ ਦੇ ਸਮਿਆਂ ਵਿਚ ਦੁਨੀਆ ਦੇ ਹਰ ਕੋਨੇ ਵਿਚ ਮਾਨਵ ਜਾਤੀ ਦੇ ਬੱਚਿਆਂ ਨੂੰ ਪਿਆਰ ਭਰੇ ਅੰਦਾਜ਼ 'ਚ, ਨਵਜਾਤ ਜਾਂ ਹੋਸ਼ ਸੰਭਾਲ ਰਹੇ ਜਾਂ ਤੁਰਨ ਦੀ ਅਵਸਥਾ ਤੋਂ ਪਹਿਲੀ ਅਵਸਥਾ ਵਿਚ ਹੋਵੇ, ਨੂੰ ਦਿੱਤੀ ਜਾਂਦੀ ਹੈ ਅਤੇ ਦਿੱਤੀ ਜਾਂਦੀ ਰਹੇਗੀ |
ਦੁਨੀਆਂ ਦਾ ਕੋਈ ਖੇਤਰ, ਇਨ੍ਹਾਂ ਰਸ ਤੇ ਮੋਹ ਭਿੰਨੀਆਂ ਲੋਰੀਆਂ ਤੋਂ ਸੱਖਣਾ ਨਹੀਂ ਹੈ | ਭਾਵੇਂ ਭਾਰਤ ਦਾ ਪੰਜਾਬ ਹੋਵੇ ਜਾਂ ਕੋਈ ਹੋਰ ਦੇਸ਼, ਗੱਲ ਕੀ ਦੁਨੀਆਂ ਦੇ ਹਰ ਖਿੱਤੇ ਵਿਚ ਵਸਣ ਵਾਲੇ ਲੋਕ ਆਪੋ-ਆਪਣੇ ਅੰਦਾਜ਼ ਅਤੇ ਸੁਰ ਵਿਚ ਆਪਣੇ ਬੱਚਿਆਂ ਨੂੰ ਵਰਾਉਣ, ਪ੍ਰਚਾਉਣ, ਲਾਡ-ਲਡਾਉਣ ਅਤੇ ਸਲਾਉਣ ਵਾਸਤੇ ਇਸ ਪਿਆਰੇ ਕਾਵਿ-ਰੂਪ ਲੋਰੀ ਦਾ ਸੁਰ ਅਲਾਪਦੇ ਹਨ |
ਲੋਰੀ ਦੀ ਮਿੱਠੀ ਰਸ-ਭਿੰਨੀ, ਪਿਆਰ-ਪਰੁੱਤੀ ਅਤੇ ਹਿਰਦੇ ਵੇਦਕ ਸੁਰ ਹਮੇਸ਼ਾ ਸੰਬੋਧਨੀ ਰੂਪ ਵਿਚ ਹੁੰਦੀ ਹੈ ਅਤੇ ਵਿਸ਼ੇਸ਼ ਪ੍ਰਕਾਰ ਦੇ ਲੋਰ ਵਿਚ ਅਲਾਪੀ ਜਾਂਦੀ ਹੈ | ਇਥੇ ' ਲੋਰ ' ਤੋਂ ਭਾਵ ਦਿਲ ਵਿਚ ਉੱਠੀ ਲਹਿਰ ਅਥਵਾ ਤਰੰਗ, ਚਾਅ , ਬਿਹਬਲਤਾ ਅਥਵਾ ਨਸ਼ੇ ਜਿਹੀ ਪੂਰਨ ਝੋਕ ਤੋਂ ਲਿਆ ਜਾ ਸਕਦਾ ਹੈ | ਇਸ ਝੋਕ ਦੀ ਪ੍ਰਕਿਰਤੀ ਲਾਡਾਂ-ਚਾਵਾਂ, ਮਲਾਰਾਂ ਅਤੇ ਉਮੰਗਾਂ ਵਾਲੀ ਹੁੰਦੀ ਹੈ | ਇਸ ਵਿਚ ਛਲ-ਕਪਟ ਨੂੰ ਕੋਈ ਥਾਂ ਨਹੀਂ ਹੁੰਦੀ | ਬਸ ਪਿਆਰ ਹੀ ਪਿਆਰ ਹੁੰਦਾ ਹੈ | ਇਸ ਪ੍ਰਕਾਰ ਦੇ ਭਾਵਾਂ ਅਤੇ ਉਪਭਾਵਾਂ ਦੇ ਸੰਬੋਧਨ ਦਾ ਵਾਹਕ ਬੱਚੇ ਦੀ ਮਾਂ, ਵੱਡੀ ਭੈਣ, ਨਾਨੀ, ਦਾਦੀ, ਚਾਚੀ, ਤਾਈ, ਭੂਆ, ਮਾਸੀ, ਮਾਮੀ, ਆਂਢਣ-ਗੁਆਂਢਣ ਜਾਂ ਖਿਡਾਵੀ ਆਦਿ ਵਿਚੋਂ ਕੋਈ ਵੀ ਹੋ ਸਕਦੀ ਹੈ |
ਲੋਰੀ-ਗੀਤ ਦੀ ਸ਼ਾਬਦਿਕ ਬਣਤਰ ਵੱਖਰੇ-ਵੱਖਰੇ ਭਾਸ਼ਾਈ ਸੱਭਿਆਚਾਰਕ ਖੇਤਰਾਂ, ਪ੍ਰਾਤਾਂ ਜਾਂ ਦੇਸ਼ਾਂ ਆਦਿ ਵਿਚ ਇਕੋ ਜਿਹੀ ਨਹੀਂ ਹੁੰਦੀ | ਸਗੋਂ ਸਥਾਨਕ, ਇਲਾਕਾਈ ਰੰਗਣ ਇਸ ਵਿਚ ਵਿਆਪਕ ਰੂਪ ਵਿਚ ਆਪਣੀ ਉਚਾਰ ਅਤੇ ਧੁਨੀਆਤਮਕ ਟੋਨ ਦੀ ਪੱਧਰ ਉੱਤੇ ਪੱਸਰੀ ਹੋਈ ਹੁੰਦੀ ਹੈ | ਇਹ ਪ੍ਰਵਿਰਤੀ ਬਿਲਕੁਲ ਉਸੇ ਤਰ੍ਹਾਂ ਸਮਿਲਤ ਹੁੰਦੀ ਹੈ ਜਿਸ ਤਰ੍ਹਾਂ ਕਿਸੇ ਖੇਤਰ ਜਾਂ ਦੇਸ਼ ਦੇ ਸੱਭਿਆਚਾਰ ਵਿਚਲੇ ਹੋਰ ਮਾਂਗਲਿਕ ਅਤੇ ਸੋਗਮਈ ਲੋਕ-ਕਾਵਿ ਰੂਪਾਂ ਵਿਚ | ਉਦਾਹਰਣ ਵਜੋਂ ਅਸੀਂ ਸੁਹਾਗ, ਘੋੜੀਆਂ, ਸਿੱਠਣੀਆਂ, ਕੀਰਨੇ-ਅਲਾਹੁਣੀਆਂ ਆਦਿ ਵੇਖ ਸਕਦੇ ਹਾਂ | ਪਰੰਤੂ ਲੋਰੀ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਹ ਹਮੇਸ਼ਾਂ ਛੋਟੇ ਬੱਚੇ ਨੂੰ ਹੀ ਸੰਬੋਧਨੀ ਰੂਪ ਵਿਚ ਦਿੱਤੀ ਜਾਂਦੀ ਹੈ | ਰੋਂਦੇ ਹੋਏ ਬੱਚੇ ਨੂੰ ਮਾਂ ਅਕਸਰ ਇਸ ਤਰ੍ਹਾਂ ਆਖਦੀ ਹੈ—
ਸੌਾ ਜਾ ਮੇਰੇ ਨਿੱਕੇ,
ਸੌਾ ਜਾ... ਅ... ਅ
ਸੁਹਣੇ ਕੱਪੜੇ ਪਾਵਾਂਗੇ, ਨਾਨਕਿਆਂ ਨੂੰ ਜਾਵਾਂਗੇ |
ਖੀਰਾਂ ਪੂੜੇ ਖਾਵਾਂਗੇ, ਮੋਟ ੇ ਹੋ ਕੇ ਆਵਾਂਗੇ |
ਸੌਾ ਜਾ....ਊਾ.... ਊਾ...., ਸੌਾ....ਜਾ.. ਊਾ....ਊਾ.... |
ਲੋਰੀ ਉਚਾਰਕਾਂ ਦੇ ਇਸ ਪ੍ਰਕਾਰ ਦੇ ਮਨੋਵੇਗਾਂ ਅਤੇ ਉਪਭਾਵਾਂ ਦਾ ਸੰਚਾਰ ਰੋਜ਼ਾਨਾ ਜੀਵਨ ਦੇ ਵੱਖ-ਵੱਖ ਪਲਾਂ ਅਤੇ ਰੁਝੇਵਿਆਂ ਵਿਚੋਂ ਆਪ ਹੁਦਰੇ ਹੀ ਹੋਈ ਜਾਂਦਾ ਹੈ | ਕਸੀਦਾ ਕੱਢਦੀ ਮੁਟਿਆਰ, ਆਟਾ ਗੁੰਨ੍ਹਦੀ ਸਵਾਣੀ, ਪੀਹਣ ਕਰਦੀ ਦਾਦੀ ਜਾਂ ਚੱਕੀ ਪੀਂਹਦੀ ਮਾਂ ਆਪਣੇ ਛੋਟੇ ਲਾਲੜੇ ਨੂੰ ਭਾਵੇਂ ਉਹ ਕਿਸੇ ਪੰਘੂੜੇ ਵਿਚ ਪਾਇਆ ਹੋਵੇ ਜਾਂ ਚਾਦਰ ਦੀ ਝਲੂੰਗੀ ਜਾਂ ਝੋਲੀ ਜੋ ਭਾਵੇਂ ਮੰਜੇ ਦੀ ਬਾਹੀ ਨਾਲ ਹੀ ਕਿਉਂ ਨਾ ਬੱਧੀ ਹੋਵੇ, ਉਸ ਨੂੰ ਹਿਲਾਈ ਜਾਂਦੀਆਂ ਹਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਏ-9, ਚਾਹਲ ਨਗਰ, ਫਗਵਾੜਾ-144401
ਮੋਬਾਈਲ : 98142-09732.

ਖੇਲਾਂ, ਖੇਡੀਏ ਤੇ ਜਿੱਤੀਏ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਿਆਣਿਆ ਦੇ ਕਹੇ ਅਨੁਸਾਰ ਸੋਚੀਏ ਤਾ ਕੁਝ ਗੱਲਾਂ ਧਿਆਨ ਮੰਗਦੀਆਂ ਹਨ | ਜਿਵੇਂ ਕਿ ਪਹਿਲਾਂ, ਹਰ ਮਨੁੱਖ ਸਰੀਰਕ ਪੱਖੋਂ ਹੀ ਨਹੀਂ ਕਲਾਤਮਿਕ ਪੱਖੋਂ ਵੀ ਭਿੰਨ ਹੁੰਦਾ ਹੈ | ਦੂਜੀ ਸਿਹਤ ਤੇ ਤੰਦਰੁਸਤੀ ਇਸ ਸਰੀਰ ਦਾ ਮੂਲ ਆਧਾਰ ਹਨ ਅਤੇ ਤੀਜਾ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ | ਭਾਵ ਖੇਡਾਂ ਲਈ ਕਲਾਵਾਂ, ਸਿਹਤ, ਤੰਦਰੁਸਤੀ ਅਤੇ ਸੱਟਾਂ ਫੇਟਾਂ ਤੋਂ ਬਚਾਅ ਕੀਤਿਆਂ ਹੀ ਖੇਡ-ਮੁਕਾਬਲਿਆਂ ਵਿਚ ਹਿੱਸਾ ਤੇ ਹਿੱਸੇਦਾਰੀ ਕੀਤੀ ਜਾ ਸਕਦੀ ਹੈ | ਨਰੋਏ ਸਰੀਰ, ਨਰੋਏ ਮਨ ਅਤੇ ਸੂਖਮ-ਸਹਿਜ ਭਰੀ ਕਲਾਤਮਿਕ ਪੇਸ਼ਕਾਰੀ ਹੀ ਖਿਡਾਰੀ ਨੂੰ ਸਿਖਰ ਦੀਆਂ ਮੰਜ਼ਿਲਾਂ ਉਪਰ ਲਿਜਾ ਸਕਦੀ ਹੈ | ਕਹਿੰਦੇ ਹਨ ਕਿ ਉਠਣਾ ਤੇ ਡਿਗਣਾ ਇਕੱਠੇ ਸਿੱਖੀਦੈ, ਜਿੱਤਣਾ ਤੇ ਹਾਰਨਾ ਵੀ ਇਕੋ ਵਾਰ ਵਿਚ ਹੀ ਸਮਝ ਆ ਜਾਂਦਾ ਹੈ | ਅਗਲਾ ਕਦਮ ਵੀ ਇਕੋ ਵਾਰ ਵਿਚ ਹੀ ਸਮਝ ਆ ਜਾਂਦਾ ਹੈ ਕਿ ਅਗਲਾ ਕਦਮ ਚੁੱਕਣ ਲਈ ਪਿਛਲਾ ਕਦਮ ਬਹੁਤ ਅਹਿਮੀਅਤ ਵਾਲਾ ਹੋਣਾ ਲੋਚਦਾ ਹੈ | ਖਿਡਾਰੀ ਲਈ ਬਹੁਤ ਜ਼ਰੂਰੀ ਹੈ ਕਿ ਉਹ ਸਿਹਤਮੰਦ ਹੋਵੇ, ਤੰਦਰੁਸਤ ਵੀ ਅਤੇ ਸਰੀਰਕ ਕਲਾਵਾਂ ਦੀਆਂ ਸਿਖਰਾਂ ਛੂਹਣ ਲਈ ਸੱਟਾਂ ਬਿਮਾਰੀਆਂ ਤੋਂ ਬਚਿਆ ਰਹੇ | ਇਸ ਕਾਰਜ ਲਈ ਖੇਡਾਂ ਅਤੇ ਖੇਡ-ਮੁਕਾਬਲਿਆਂ ਨੂੰ ਵਿਗਿਆਨਕ ਦਿ੍ਸ਼ਟੀ ਤੋਂ ਸਮਝਣਾ ਅੱਜ ਦੀ ਮੁੱਖ ਲੋੜ ਹੈ | ਖਿਡਾਰੀ ਨੂੰ ਸਰੀਰਕ ਪੱਖੋਂ, ਮਾਨਸਿਕ ਪੱਖੋਂ, ਸਮਾਜਿਕ ਪੱਖੋਂ, ਸੁਭਾਅ ਪੱਖੋਂ ਲਬਰੇਜ਼ ਕਰਨਾ ਹੋਵੇਗਾ ਤਾਂ ਜੋ ਉਹ ਆਪਣਾ ਪ੍ਰਦਰਸ਼ਨ ਅਤੇ ਜਿੱਤਾਂ ਨੂੰ ਦਰਜ ਕਰਵਾਉਣ ਦੇ ਯੋਗ ਹੋ ਸਕੇੇ |
ਖੇਲਾਂ ਲਈ ਮਾਹੌਲ, ਖੇਡਾਂ ਲਈ ਸਾਮੱਗਰੀ, ਸਾਜ਼ੋ-ਸਮਾਨ ਅਤੇ ਖੇਡ-ਮੁਕਾਬਲਿਆਂ ਲਈ ਪੁਖਤਾ ਪ੍ਰਬੰਧ ਕਰਨ ਲਈ ਸਿੱਖਿਆ, ਸਮਾਜ ਤੇ ਸਰਕਾਰ ਨੂੰ ਨਿੱਠ ਕੇ ਸੋਚਣਾ ਪਵੇਗਾ | ਅੱਜ ਸੰਚਾਰ-ਸੂਚਨਾ ਦੇ ਯੁੱਗ ਵਿਚ ਅਜਿਹਾ ਕਰਨਾ ਬਹੁਤ ਸੌਖਾ ਹੈ, ਜੇ ਨੀਅਤ ਭਲੀ ਹੋਵੇ, ਨਹੀਂ ਤਾਂ ਸਭ ਕੁਝ ਹੁੰਦਿਆਂ ਵੀ ਕੁਝ ਨਹੀਂ ਹੋ ਸਕਦਾ | ਖੋਜਾਂ, ਨਜ਼ਰ ਗੋਚੀਰੀਆਂ ਹਨ ਕਿ ਖਿਡਾਰੀ, ਵਿਦਵਾਨ, ਸੂਝਵਾਨ ਅਤੇ ਲੀਡਰ ਲੋਕ ਸਮੂਹਾਂ ਵਿਚੋਂ ਉਸ ਵਕਤ ਹੀ ਪੈਦਾ ਹੋ ਸਕਦੇ ਹਨ ਜਦੋਂ ਇਸ ਸਬੰਧੀ ਵਹੀਰਾਂ ਘੱਤ ਲਈਆਂ ਜਾਣ | ਸਿਰ ਗੱਡ ਕੇ ਅਕਲ ਤੇ ਹੋਸ਼ ਨਾਲ ਸਮੇਂ ਦੀਆਂ ਗੱਲਾਂ ਕੀਤੀਆਂ ਜਾਣ | ਨਸ਼ਾ ਕਰਨਾ, ਸ਼ਰਾਰਤਾਂ ਕਰਨਾ ਵਿਹਲੇ ਤੇ ਅਸ਼ਾਂਤ ਮਨ ਦੀਆਂ ਖਰਮਸਤੀਆਂ ਹਨ, ਜਿਸ ਨੂੰ ਪ੍ਰੇਰਣਾਦਾਇਕ ਤਰੀਕੇ ਨਾਲ ਸਰੀਰਕ ਮਸ਼ਕਾਂ, ਖੇਡਾਂ ਅਤੇ ਸਮਾਜਿਕ ਵਸੀਲਿਆਂ ਵਿਚ ਵਰਤ ਕੇ ਕੁਝ ਨਵਾਂ ਕਰਨ ਦਾ ਮੌਕਾ ਹੈ ਅਤੇ ਇਹ ਸਦਾ ਹੀ ਰਹੇਗਾ | ਅਜਿਹਾ ਸਿਰਫ ਇਕ-ਪਾਸੜ ਯਤਨਾਂ ਨਾਲ ਨਹੀਂ ਸਗੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਕੇਵਲ ਅਕਾਦਮਿਕ ਪੱਖ ਤੋਂ ਹੀ ਨਹੀਂ, ਸਗੋਂ ਹਰ ਪੱਖ ਤੋਂ ਲਾਹੇਵੰਦ ਸਾਬਿਤ ਹੋਵੇਗਾ | ਭਾਵ ਸਿਰਫ ਖਿਡਾਰੀ ਹੀ ਨਹੀਂ, ਕੋਚ ਵੀ ਇਸ ਵਿਚ ਬਰਾਬਰ ਦੇ ਹਿੱਸੇਦਾਰ ਹੋਣਗੇ | ਗਰਾਊਾਡ ਦੇ ਕਾਮੇ ਵੀ ਤੇ ਸਮਾਜ ਵੀ ਇਸ ਦਾ ਭਾਗੀਦਾਰ ਬਣਦਾ ਹੈ | ਵਿਦਿਆਰਥੀਆਂ ਦੇ ਹੁਨਰਾਂ ਨੂੰ ਪਹਿਚਾਣ ਕੇ, ਨਿਖਾਰ ਕੇ ਤਰਤੀਬ-ਬਾਰ ਸਿੱਖਿਅਤ ਕਰਕੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣਾ ਹੀ ਠੀਕ ਕਿੱਤਾਕਾਰੀ ਹੈ | ਮਨੁੱਖੀ ਸਰੀਰ ਦੀਆਂ ਸਿੱਖਣ ਦੀਆਂ ਸੀਮਾਵਾਂ ਅਸੀਮ ਹਨ ਅਤੇ ਖਾਸ ਕਰਕੇ ਸਰੀਰਕ, ਮਾਨਸਿਕ ਸੀਮਾਵਾਂ | ਇਕ ਕਦਮ ਦਾ ਰਾਹੀ ਕਈ ਮੀਲਾਂ ਦਾ ਪੈਂਡਾ ਤੈਅ ਕਰ ਸਕਦਾ ਹੈ | ਲੋੜ ਹੈ ਕਦਮ-ਦਰ-ਕਦਮ ਤੁਰ ਪੈਣ ਦੀ | ਵਿਗਿਆਨ ਦੇ ਸਾਰੇ ਅਜਿਹੇ ਖੇਤਰ ਕਦਮਾਂ ਦੀ ਪਹਿਚਾਣ, ਪੜਚੋਲ ਅਤੇ ਪਹਿਰੇਦਾਰੀ ਕਰ ਸਕਦੇ ਹਨ | ਅੱਜ ਦੇ ਤਕਨੀਕੀ ਯੁੱਗ ਵਿਚ ਜਦੋਂ ਹਰ ਖੇਤਰ ਵਿਚ ਕੰਪਿਊਟਰ ਦਾ ਸਹਿਯੋਗ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਖੇਡਾਂ ਵਿਚ ਕਿਉਂ ਨਹੀਂ ਕੀਤਾ ਜਾ ਸਕਦਾ? ਅੱਜ ਜਦੋਂ ਅਸੀਂ ਅਜੇ ਵਿਗਿਆਨਕ ਲੀਹਾਂ ਰਾਹੀਂ ਖੇਡਣ ਦੀ ਗੱਲ ਕਰਨ ਲੱਗੇ ਹਾਂ, ਜਦ ਕਿ ਸੰਸਾਰ ਵਿਚ ਕੰਪਿਊਟਰਯੁਕਤ ਖੇਡਾਂ, ਖੇਡ-ਮੁਕਾਬਲਿਆਂ ਦੀ ਗੱਲ ਹੋ ਰਹੀ ਹੈ | ਖਿਡਾਰੀਆਂ ਦੀ ਸਰੀਰਕ ਕਾਬਲੀਅਤ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ | ਜ਼ਿੰਦਗੀ ਦੀ ਸ਼ੁਰੂਆਤ ਇਕ ਸਰੀਰਕ ਅਜ਼ਮਾਇਸ਼ ਹੈ ਅਤੇ ਜ਼ਿੰਦਗੀ ਦਾ ਅੰਤ ਇਸ ਹਰਕਤ ਦਾ ਰੁਕਣਾ | ਕਦੇ ਸਮਾਂ ਸੀ ਜਦੋਂ ਖੇਡਣਾ ਇਕ ਲਗਾਤਾਰ ਕੀਤਾ ਜਾਣ ਵਾਲਾ ਅਭਿਆਸ ਸੀ ਅਤੇ ਇਸ ਨੂੰ ਬਰਕਰਾਰ ਰੱਖਣਾ ਇਸ ਨੂੰ ਦਿੱਤੀ ਜਾਣ ਵਾਲੀ ਖੁਰਾਕ ਦਾ ਅਨਿੱਖੜਵਾਂ ਅੰਗ ਸੀ | ਅੱਜ ਦੇ ਵਿਗਿਆਨਕ ਯੁੱਗ ਵਿਚ ਸਥਿਤੀਆਂ ਨੇ ਬਹੁਤ ਹੀ ਵੱਡਾ ਬਦਲ ਪੈਦਾ ਕੀਤਾ ਹੈ ਤੇ ਵਿਗਿਆਨ ਦੀ ਹੋਂਦ ਰਾਹੀਂ ਖਿਡਾਰੀਆਂ ਦੀ ਸਿਹਤ-ਸੰਭਾਲ ਨੂੰ ਸਮੇਟਦੇ ਹੋਏ ਉਨ੍ਹਾਂ ਦੀਆਂ ਖੇਲ ਕਲਾਵਾਂ ਨੂੰ ਸਿਖਰਾਂ ਵੱਲ ਲਿਜਾਇਆ ਜਾ ਰਿਹਾ ਹੈ | ਸਰੀਰ ਦੇ ਕੁਲ ਊਰਜਾ ਸਰੋਤਾਂ ਨੂੰ ਖੇਡ ਦੀਆਂ ਸਥਿਤੀਆਂ ਪ੍ਰਸਥਿਤੀਆਂ ਨਾਲ ਜੋੜ ਕੇ, ਬਿਨਾਂ ਸੱਟ-ਫੇਟ ਖਾਧੇ, ਅਸੀਮ ਤਰ੍ਹਾਂ ਦੀਆਂ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ | ਖਿਡਾਰੀਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਇਕ ਵਿਅਕਤੀ ਤੱਕ ਭਾਵ ਕੋਚ ਤੱਕ ਸੀਮਿਤ ਨਹੀਂ ਰਹਿ ਗਈ | ਇਕ ਖਿਡਾਰੀ ਜਾਂ ਇਕ ਟੀਮ ਨੂੰ ਤਿਆਰ ਕਰਨ ਵਾਲੀ ਇਕ ਹੋਰ ਟੀਮ ਹੈ ਜਿਸ ਵਿਚ ਲੋੜ ਅਨੁਸਾਰ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਹਨ ਅਤੇ ਉਨ੍ਹਾਂ ਦੀ ਸਮੂਹਿਕ ਪ੍ਰਾਪਤੀ ਹੈ ਇਕ ਖਿਡਾਰੀ ਜਾਂ ਇਕ ਪੂਰੀ ਟੀਮ | ਨਵੀਨ ਸਮੇਂ ਦਾ ਖੇਡ ਸੱਭਿਆਚਾਰਕ ਢਾਂਚਾ ਬਹੁਤ ਹੀ ਨਿਵੇਕਲਾ ਹੈ, ਜਿਸ ਵਿਚ ਵਿਗਿਆਨ, ਸਮਾਜ ਤੇ ਫ਼ਲਸਫ਼ੇ ਦਾ ਅਜੀਬ ਮਿਲਗੋਭਾ ਕੰਮ ਵਿਚ ਲੱਗਾ ਹੋਇਆ ਹੈ ਅਤੇ ਵੱਖ-ਵੱਖ ਮੁਕਾਬਲਿਆਂ ਰਾਹੀਂ ਪ੍ਰਾਪਤੀਆਂ ਦਾ ਮੁੱਢ ਬੱਝ ਰਿਹਾ ਹੈ |
ਖੇਲਾਂ ਖੇਡਣੀਆਂ, ਖੇਡਾਂ ਦਾ ਪ੍ਰਬੰਧ ਕਰਨਾ ਅਤੇ ਖੇਡ-ਮੁਕਾਬਲਿਆਂ ਦਾ ਸੰਸਾਰ ਪੱਧਰੀ ਪ੍ਰਦਰਸ਼ਨ ਬਹੁਤ ਸਾਰੇ ਸਵਾਲ ਅਤੇ ਜਵਾਬ ਮੂੰਹ ਅੱਡੀ ਖੜ੍ਹੇ ਹਨ | ਉਪਦੇਸ਼ ਦੇਣਾ ਬਹੁਤ ਸੌਖਾ ਹੁੰਦਾ ਹੈ ਪਰ ਉਪਦੇਸ਼ ਨੂੰ ਜੀਉਣਾ ਬਹੁਤ ਔਖਾ ਹੁੰਦਾ ਹੈ | ਸਮਾਜ ਵਿਚ ਖੇਲਾਂ ਪ੍ਰਤੀ ਜਾਗਰੂਕਤਾ ਰਾਹੀਂ ਕੀਤੇ ਜਾਣ ਵਾਲੇ ਬਹੁਤ ਸਾਰੇ ਪ੍ਰਬੰਧਾਂ ਜਿਵੇਂ ਖੇਡਾਂ ਦੀ ਤਕਨੀਕੀ, ਸਿਖਲਾਈ, ਖਿਡਾਰੀਆਂ ਦੀ ਖੁਰਾਕ, ਖੇਡ ਮੈਦਾਨਾਂ, ਸਾਜ਼ੋ-ਸਮਾਨ ਆਦਿ ਬਹੁਤ ਹੀ ਅਹਿਮੀਅਤ ਦੇ ਮੁੱਦੇ ਹਨ |
ਖੇਲਾਂ ਨੂੰ ਖੇਡਾਂ ਦੀ ਭਾਵਨਾ ਨਾਲ ਖੇਡਣਾ, ਖੇਡਾਂ ਵਿਚ ਵਿਗਿਆਨਕ ਲੋੜਾਂ, ਖੇਡਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨਾ, ਖੇਡਾਂ ਦੀ ਵਿਉਂਤਬੰਦੀ ਕਰਨਾ, ਖੇਡਾਂ ਦੀ ਮਾਨਸਿਕ ਉਤੇਜਨਾ, ਖੇਡਾਂ ਤੇ ਸਮਾਜਿਕ ਢਾਂਚੇ ਦੀ ਬਣਤਰ ਕੁਝ ਅਜਿਹੇ ਵਿਸ਼ੇ ਹਨ ਜਿਨ੍ਹਾਂ ਨੂੰ ਬਹੁਤ ਗੌਰ ਨਾਲ ਸਮਝਣਾ ਅਤੇ ਅਪਣਾਉਣਾ ਪਵੇਗਾ | ਜਦ ਤੱਕ ਅਜੋਕੇ 'ਖੇਡ-ਸੱਭਿਆਚਾਰ' ਬਾਰੇ ਭਾਵ ਸੰਸਾਰੀਕਰਨ ਤੋਂ ਬਾਅਦ ਵਿਚ ਪੈਦਾ ਹੋਏ 'ਸਮਾਜਿਕ ਤੰਤਰੀਕਰਨ' ਨੂੰ ਛੱਡ ਕੇ ਨਹੀਂ ਸੋਚਿਆ ਜਾਂਦਾ, ਵੱਡੀਆਂ ਪ੍ਰਾਪਤੀਆਂ ਸੰਭਵ ਹੀ ਨਹੀਂ | ਖੇਲੋ ਇੰਡੀਆ ਵਿਚ ਪੰਜਾਬ ਦੀਆਂ ਪ੍ਰਾਪਤੀਆਂ ਕਿਸੇ ਤੋਂ ਲੁਕੀਆਂ ਨਹੀਂ ਕਿ ਕਿਵੇਂ ਅਸੀਂ ਦਰਜਾ-ਬ-ਦਰਜਾ ਹੇਠਾਂ ਨੂੰ ਖਿਸਕੇ ਹਾਂ | ਇਹ ਪੜਚੋਲਣਾ ਅਤੇ ਖੋਜਣਾ ਪਵੇਗਾ ਕਿ ਕੀ ਅਸੀਂ ਸਰੀਰਕ ਪੱਖੋਂ ਜਾਂ ਮਾਨਸਿਕ ਪੱਖੋਂ ਜਾਂ ਸੁਭਾਅ ਪੱਖੋਂ ਤੇ ਜਾਂ ਫਿਰ ਸਮਾਜ ਪੱਖੋਂ ਹੀ, ਇਸ ਕਾਬਿਲ ਨਹੀਂ ਰਹੇ ਕਿ ਅਸੀਂ ਖੇਡ-ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕਰ ਸਕੀਏ | ਦੇਸ਼ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਸਰਵੇਖਣ ਇਹ ਸਿੱਧ ਕਰਦੇ ਹਨ ਕਿ ਖਿਡਾਰੀਆਂ ਦੀ ਖੇਡ ਕਲਾ ਵਿਚ ਊਣਤਾਈਆਂ ਘੱਟ ਹਨ ਬਸ਼ਰਤੇ ਇਸ ਦੇ ਕਿ ਸਾਡੇ ਪ੍ਰਬੰਧਾਂ, ਸਿਖਲਾਈ, ਬਚਾਅ ਪ੍ਰਬੰਧਾਂ ਵਿਚ ਸੁਧਾਰ ਲਿਆਂਦਾ ਜਾਵੇ ਅਤੇ ਪੂਰੀ ਇਮਾਨਦਾਰੀ ਨਾਲ ਖਿਡਾਰੀਆਂ ਦੀਆਂ ਖੇਡ ਕਲਾਵਾਂ ਨੂੰ ਸਮੇਂ ਸਿਰ ਪਹਿਚਾਣਿਆ ਜਾਵੇ ਅਤੇ ਯੋਗ ਖਿਡਾਰੀਆਂ ਨੂੰ ਅੱਗੇ ਲਿਆਂਦਾ ਜਾਵੇ | ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਮ ਮਨੁੱਖ ਦੀ ਸਿਹਤ ਜਾਗਰੂਕਤਾ ਇਸ ਗੱਲ ਦਾ ਮੁੱਢ ਬੰਨ੍ਹਦੀ ਹੈ ਕਿ ਸਮਾਜਿਕ ਸਿਹਤ ਕਿਹੋ ਜਿਹੀ ਹੈ | ਖਿਡਾਰੀ ਦੀ ਸਿਹਤ, ਕਲਾ-ਕੁਸ਼ਲਤਾ, ਖੁਰਾਕ ਅਤੇ ਸੁਚੱਜੇ ਖੇਡ ਤੇ ਬਚਾਅ ਪ੍ਰਬੰਧ ਇਹ ਨਿਯਤ ਕਰਦੇ ਹਨ ਕਿ ਸਮਾਜ ਵਿਚ ਖੇਡ-ਪ੍ਰਬੰਧ ਅਤੇ ਖੇਡ-ਸੱਭਿਆਚਾਰ ਹੈ ਜਾਂ ਨਹੀਂ | ਫਿੱਟਨੈਸ ਸੈਂਟਰ ਜਾਂ ਜਿੰਮ ਪ੍ਰਬੰਧ ਸਮੁੱਚਾ ਖੇਡ-ਸਭਿਆਚਾਰ ਨਹੀਂ ਹੈ, ਖਿਡਾਰੀ, ਖਿਡਾਰੀਆਂ ਦਾ ਪੱਧਰ, ਖੇਡਾਂ ਦੇ ਪ੍ਰਬੰਧ, ਕੋਚਾਂ ਦੀ ਜਾਣਕਾਰੀ ਤੇ ਤਜ਼ਰਬਾ, ਸਵੇਰੇ-ਸ਼ਾਮ ਖੇਡਾਂ ਦਾ ਰੁਝਾਨ, ਹਫ਼ਤਾਵਾਰੀ ਮਹੀਨੇ-ਵਾਰ ਖੇਡਾਂ ਜਾਂ ਖੇਡ-ਮੁਕਾਬਲੇ (ਭਾਵੇਂ ਘਰੇਲੂ ਹੋਣ, ਦੋਸਤਾਨਾ ਹੋਣ ਜਾਂ ਪ੍ਰਬੰਧਕੀ ਮੁਕਾਬਲੇ ਹੋਣ) ਇਹ ਸੁਨਿਸਚਿਤ ਕਰਦੇ ਹਨ ਕਿ ਸਮਾਜ ਖੇਡਾਂ ਲਈ ਤਿਆਰ ਹੈ ਅਤੇ ਸਮਾਜ ਦੀ ਖੇਡ ਸੱਭਿਆਚਾਰਕ ਚੇਤਨਾ ਕਿਹੋ ਜਿਹੀ ਹੈ | ਪਰ ਇਸ ਵਿਚ ਸੰਭਾਵਨਾਵਾਂ ਅੱਜ ਵੀ ਬਹੁਤ ਹਨ | ਜੇਕਰ ਇਸ ਨੂੰ ਨਿੱਠ ਕੇ ਪ੍ਰਫੁੱਲਿਤ ਕਰਨ ਹਿੱਤ ਉਪਰਾਲੇ, ਖੇਡਾਂ ਨੂੰ ਇਕ ਖਾਸ ਨਜ਼ਰੀਏ ਰਾਹੀਂ ਸਮਝ ਕੇ (ਅੰਤਰ ਰਾਸ਼ਟਰੀ ਦਰਜਾਬੰਦੀ ਨੂੰ ਧਿਆਨ ਵਿਚ ਰੱਖ ਕੇ) ਖਿਡਾਰੀਆਂ ਦੀਆਂ ਸਰੀਰਕ, ਮਾਨਸਿਕ, ਸਮਾਜਿਕ ਤੇ ਭਾਵਨਾਤਮਿਕ ਲੋੜਾਂ ਦੇ ਵਿਗਿਆਨਕ ਸਬੰਧ ਅਤੇ ਟੀਚੇ ਮੁਤਾਬਿਕ ਸਮਾਂਬੱਧ ਪ੍ਰਦਰਸ਼ਨਾਂ ਨੂੰ ਸਚਿਆਇਆ ਜਾਵੇ | ਫਿਰ ਉਹ ਦਿਨ ਦੂਰ ਨਹੀਂ ਅਸੀਂ ਖੇਲਾਂ ਵੀ ਖੇਡਾਂਗੇ ਤੇ ਜਿੱਤਾਂ ਵੀ ਦਰਜ ਕਰਾਵਾਂਗੇ, ਉਨ੍ਹਾਂ ਖੇਡ-ਮੁਕਾਬਲਿਆਂ ਵਿਚ ਜਿਨ੍ਹਾਂ ਵਿਚ ਅਸੀਂ ਪਹਿਲਾਂ ਤੋਂ ਹਾਂ ਅਤੇ ਉਨ੍ਹਾਂ ਵਿਚ ਵੀ ਜਿਨ੍ਹਾਂ ਬਾਰੇ ਸਾਡੇ ਖਿਡਾਰੀਆਂ ਨੇ ਆਪਣੇ ਸੁਪਨੇ ਬਣਾਏ ਹੋਏ ਹਨ |
(ਸਮਾਪਤ)

-ਸਪੋਰਟਸ ਸਾਇੰਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਫੋਨ : 0175-3046185 tparamvir@yahoo.com

ਅਣਵੰਡੇ ਪੰਜਾਬ ਦੀ ਭੁੱਲੀ ਦਾਸਤਾਨ ਮਰਾਸੀ

ਅੱਜ ਅਸੀਂ ਅਣਵੰਡੇ ਪੰਜਾਬ ਦੇ ਉਨ੍ਹਾਂ ਲੋਕਾਂ ਦੀ ਦਾਸਤਾਨ ਬਿਆਨ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਤੋਂ ਬਗ਼ੈਰ ਪੰਜਾਬੀ ਭਾਈਚਾਰੇ ਦੀ ਸੰਪੂਰਨਤਾ ਨਹੀਂ ਹੁੰਦੀ ਅਤੇ ਇਹ ਇਸ ਭਾਈਚਾਰੇ ਦਾ ਅਨਿੱਖੜਵਾਂ ਅੰਗ ਰਹੇ ਹਨ | ਨਵੀਂ ਦੁਨੀਆ ਵਿਚ ਇਨ੍ਹਾਂ ਦਾ ਨਾਂਅ ਮਿਟਦਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਦਾ ਕੰਮ ਖ਼ਤਮ ਹੋ ਗਿਆ ਹੈ | ਪੰਜਾਬੀ ਸੱਭਿਆਚਾਰ ਵਿਚ ਇਨ੍ਹਾਂ ਨੂੰ ਮਰਾਸੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਇਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਸੀ | ਜਿਵੇਂ ਕਿ ਮੀਰਜ਼ਾਦਾ, ਡੂਮ, ਭੱਟ, ਮਰਾਸੀ ਅਤੇ ਦਾਦਾ | ਦਿੱਲੀ ਦੇ ਲਾਗੇ ਲੋਹਾਰੂ ਰਿਆਸਤ ਸੀ | ਇੱਥੇ ਇਨ੍ਹਾਂ ਨੂੰ ਢਡੀ ਕਿਹਾ ਜਾਂਦਾ ਸੀ | ਉਥੋਂ ਦੇ ਸ਼ੇਰਵਾਨ ਜੱਟ ਇਨ੍ਹਾਂ ਨੂੰ ਦਾਦਾ ਕਹਿੰਦੇ ਸਨ | ਦਾਦਾ ਸ਼ਬਦ ਅਸਲ ਵਿਚ ਕੋਈ ਵੱਖਰਾ ਸ਼ਬਦ ਨਹੀਂ ਸਗੋਂ ਮੀਰਜ਼ਾਦੇ ਸ਼ਬਦ ਵਿਚੋਂ ਮੀਰ ਕਢ ਕੇ ਜ਼ਾਦਾ ਤੇ ਜ਼ਾਦਾ ਨੂੰ ਲੋਕਾਂ ਨੇ ਦਾਦਾ ਬਣਾ ਲਿਆ ਹੈ ਅਤੇ ਜਿਹੜਾ ਮੀਰਜ਼ਾਦਾ ਸ਼ਬਦ ਹੈ ਉਹ ਅਸਲ ਵਿਚ ਅਮੀਰਜ਼ਾਦਾ ਹੈ ਜਿਸ ਦਾ ਮਤਲਬ ਅਮੀਰ ਦਾ ਬੇਟਾ | ਜਿਸ ਤਰ੍ਹਾਂ ਸਾਹਿਬਜ਼ਾਦਾ-ਸਾਹਿਬ ਦਾ ਬੇਟਾ, ਨਵਾਬਜ਼ਾਦਾ-ਨਵਾਬ ਦਾ ਬੇਟਾ ਅਤੇ ਸ਼ਹਿਜ਼ਾਦਾ-ਸ਼ਾਹ ਦਾ ਬੇਟਾ ਆਦਿ ਇਹ ਸਾਰੇ ਫਾਰਸੀ ਦੇ ਲਫ਼ਜ਼ ਹਨ | ਮਰਾਸੀ ਲਫ਼ਜ਼ ਅਰਬੀ ਦੇ ਮਰਾਸ ਲਫ਼ਜ਼ ਤੋਂ ਨਿਕਲਿਆ ਹੈ ਜਿਸ ਦਾ ਮਤਲਬ ਹੈ 'ਜਾਇਦਾਦ' | ਕਿਉਂਕਿ ਜਾਇਦਾਦ ਕਿਸੇ ਬੰਦੇ, ਬਜ਼ੁਰਗ ਜਾਂ ਪਰਿਵਾਰ ਦੀ ਹੁੰਦੀ ਹੈ ਤੇ ਮਰਾਸੀ ਉਨ੍ਹਾਂ ਪਰਿਵਾਰਾਂ ਦੇ ਛਜਰੇ ਯਾਨੀ ਵੰਸ਼ਾਵਲੀ (ਕੁਰਸੀਨਾਮਾ) ਨੂੰ ਜਾਂ ਤੇ ਲਿਖ ਕੇ ਰਖਦੇ ਸਨ ਜਾਂ ਜ਼ਾਬਾਨੀ ਯਾਦ ਰੱਖਦੇ ਸਨ | ਅੰਗਰੇਜ਼ਾਂ ਨੇ ਵੀ ਇਨ੍ਹਾਂ ਬਾਰੇ ਬਹੁਤ ਲਿਖਿਆ ਹੈ | ਉਦਾਹਰਨ ਦੇ ਤੌਰ 'ਤੇ ਇਕ ਅੰਗਰੇਜ਼ ਲਿਖਾਰੀ ਏ.ਐਚ. ਰੋਜ਼ ਨੇ ਆਪਣੀ ਕਿਤਾਬ 'ਏ ਗਲੋਸਰੀ ਆਫ਼ ਟਰਾਈਬ ਐਾਡ ਕਾਸਟ ਇਨ ਪੰਜਾਬ ਐਾਡ ਨੌਰਥ ਵੈਸਟ ਪਰੋਵਿਨਸ' ਵਿਚ ਲਿਖਿਆ ਹੈ ਕਿ ਮਰਾਸੀ ਵੰਸ਼ਾਵਲੀ ਦੇ ਮਾਹਿਰ ਹੁੰਦੇ ਸਨ | ਭਾਵ ਮਰਾਸੀ ਅਰਬੀ ਵਿਚ ਮਤਲਬ ਮੂਰਸੀ ਜਾਂ ਮਰਾਸ ਹੋਣਾ | ਇਹ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਖਾਨਦਾਨਾਂ ਦਾ ਇੱਕਠ ਹੁੰਦਾ ਸੀ ਤੇ ਇਹ ਕਈ ਖਾਨਦਾਨਾਂ ਨਾਲ ਸਬੰਧ ਰੱਖਦੇ ਸਨ ਬਲਕਿ ਇਹ ਕਈ ਕਿੱਤਿਆਂ ਵਿਚ ਕੰਮ ਕਰਦੇ ਸਨ | ਭਾਵ ਕਿ ਦੁਕਾਨਦਾਰ, ਮੁਲਾਜ਼ਮਤ ਜਾਂ ਕੋਈ ਹੋਰ ਕੰਮ ਪਰ ਇਨ੍ਹਾਂ ਨੂੰ ਮਰਾਸੀ ਹੀ ਕਿਹਾ ਜਾਂਦਾ ਸੀ | ਹਾਲਾਂਕਿ ਇਹ ਕੋਈ ਕੌਮ ਜਾਂ ਜਾਤ ਨਹੀਂ |
ਪਿਛੋਕੜ : ਕਿਉਂਕਿ ਪੰਜਾਬ ਵਿਚ ਤਿੰਨ ਧਰਮਾਂ ਦੇ ਲੋਕ ਵੱਸਦੇ ਹਨ | ਇਸ ਲਈ ਮਰਾਸੀ ਵੀ ਤਿੰਨ ਧਰਮਾਂ ਵਿਚ ਵੰਡੇ ਹੋਏ ਸਨ | ਮਰਾਸੀ ਜਿਸ ਧਰਮ ਦੇ ਵੀ ਹੋਣ ਉਹ ਆਪਣਾ ਪਿਛੋਕੜ ਆਪਣੇ ਧਰਮ ਗੁਰੂਆਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ | ਮਰਾਸੀ ਮੁਸਲਮਾਨ ਧਰਮ ਦੇ ਹੋਣ ਤਾਂ ਆਪਣਾ ਪਿਛੋਕੜ ਮੁਹੰਮਦ ਸਾਹਿਬ ਜੀ ਤੇ ਹਿੰਦੂ ਹੋਣ ਤਾਂ ਰਾਮ ਚੰਦਰ ਜੀ ਨਾਲ ਤੇ ਸਿੱਖ ਹੋਣ ਤਾਂ ਭਾਈ ਮਰਦਾਨਾ ਜੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ | ਮਰਾਸੀਆਂ ਵਿਚੋਂ 95 ਫ਼ੀਸਦੀ ਲੋਕ ਇਸਲਾਮ ਧਰਮ ਨਾਲ ਸਬੰਧ ਰੱਖਦੇ ਹਨ | ਹਿੰਦੋਸਤਾਨ ਦੇ ਮੁਸਲਮਾਨ ਮਰਾਸੀ ਇਥੋਂ ਦੇ ਹੀ ਵਾਸੀ ਹਨ ਪਰ ਇਨ੍ਹਾਂ ਵਿਚੋਂ ਕੁਝ ਇਕ ਨੇ ਆਪਣੇ-ਆਪ ਬਾਰੇ ਅਰਬ ਮੁਲਕਾਂ ਨਾਲ ਸਬੰਧਤ ਹੋਣ ਦਾ ਦਾਅਵਾ ਵੀ ਕੀਤਾ ਹੋਇਆ ਹੈ, ਤਾਂ ਕਿ ਇਹ ਲੋਕ ਆਪਣੇ-ਆਪ ਨੂੰ ਮੁਹੰਮਦ ਸਾਹਿਬ ਜੀ ਨਾਲ ਜੋੜ ਸਕਣ | ਇਸ ਗੱਲ ਦੀ ਪੁਸ਼ਟੀ ਕਿਤਾਬਾਂ ਵਿਚ ਮਿਲਦੀ ਹੈ | ਇਨ੍ਹਾਂ ਦੀ ਬਣਾਈ ਹੋਈ ਵੰਸ਼ਾਵਲੀ (ਛਜਰੇ) ਦੇ ਮੁਤਾਬਕ ਅਰਬ ਵਿਚ ਇਕ ਅਬਦੁਲ ਬਿਨਾਫ ਨਾਂਅ ਦਾ ਬੰਦਾ ਸੀ ਜਿਹੜਾ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਪੜਦਾਦਾ ਸੀ | ਅਬਦੁਲ ਬਿਨਾਫ ਦੇ ਬੇਟੇ ਮਤਲਬ ਕਿ ਦੋ ਬੇਟੇ ਅਬਦੁੱਲਾ ਤੇ ਅਬੂਤਾਲਿਬ ਸਨ ਪਰ ਮਰਾਸੀਆਂ ਨੇ ਇਕ ਹੋਰ ਨਾਂਅ ਨਾਲ ਜੋੜ ਲਿਆ ਜਿਸ ਦਾ ਨਾਂਅ ਆਮੀਨ ਸੀ | ਅਬੂਤਾਲਿਬ ਦੇ ਬੇਟੇ ਦਾ ਨਾਂਅ ਅਲੀ ਸੀ ਤੇ ਉਸਦੇ ਦੋ ਬੇਟੇ ਹਸਨ ਤੇ ਹੁਸੈਨ ਸਨ ਜਿਹੜੇ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਦੋਤਰੇ ਸਨ | ਮੁਸਲਮਾਨ ਮਰਾਸੀ ਆਪਣਾ ਛਜ਼ਰਾ ਆਮੀਨ ਤੋਂ ਤੋਰਦੇ ਹਨ ਤੇ ਆਮੀਨ ਦਾ ਬੇਟਾ ਉਕਾਸਾ ਤੇ ਉਕਾਸਾ ਦਾ ਬੇਟਾ ਅਬਦੁਲ ਨਬੀ, ਅਬਦੁਲ ਨਬੀ ਦਾ ਬੇਟਾ ਅਬਦੁਲ ਖਾਲਿਕ ਤੇ ਇਸ ਦਾ ਬੇਟਾ ਪਹਾੜ, ਤੇ ਪਹਾੜ ਦਾ ਬੇਟਾ ਬਾਗੜਾ, ਤੇ ਬਾਗੜਾ ਦਾ ਬੇਟਾ ਪੱਸੀ ਤੇ ਪੱਸੀ ਦੇ ਤਿੰਨ ਬੇਟੇ ਕਾਲੂ, ਉਮਰਦੀਨ ਤੇ ਵਾਹਿਦ | ਇਹ ਆਪਣਾ ਛਜਰਾ ਵਾਹਿਦ ਤੋਂ ਤੋਰਦੇ ਹਨ | ਪਰ ਇਨ੍ਹਾਂ ਤੱਥਾਂ ਦੀ ਇਤਿਹਾਸਕ ਤੌਰ 'ਤੇ ਪੁਸ਼ਟੀ ਨਹੀਂ ਹੁੰਦੀ | ਇਸ ਤਰ੍ਹਾਂ ਜੱਟਾਂ ਤੇ ਰਾਜਪੂਤਾਂ ਦੇ ਚਲੇ ਆ ਰਹੇ ਛਜਰਿਆਂ ਵਿਚ ਵੀ ਬਹੁਤ ਸਾਰੀ ਕਲਪਤ ਸਮੱਗਰੀ ਸ਼ਾਮਿਲ ਹੋ ਜਾਂਦੀ ਰਹੀ ਹੈ | ਮਰਾਸੀਆਂ ਨੂੰ ਇਨ੍ਹਾਂ ਦੀਆਂ 5/7 ਪੁਸ਼ਤਾਂ ਹੀ ਜ਼ਬਾਨੀ ਯਾਦ ਹੁੰਦੀਆਂ ਸਨ ਬਾਕੀ ਸਾਰੀ ਕਲਪਨਾ ਹੀ ਹੁੰਦੀ ਸੀ ਕਿਉਂਕਿ ਮਰਾਸੀ ਅਨਪੜ੍ਹ ਹੁੰਦੇ ਸਨ | ਇਹ ਛਜਰੇ ਰਾਮਚੰਦਰ ਜੀ ਨਾਲ ਵੀ ਮਿਲਾਣ ਕਰ ਦਿੰਦੇ ਸਨ ਜੋ ਕਿ ਲਗਪਗ 4000 ਸਾਲ ਪੁਰਾਣਾ ਹੈ, ਉਦੋਂ ਇਤਿਹਾਸ ਲਿਖਿਆ ਹੋਇਆ ਨਹੀਂ ਹੁੰਦਾ ਸੀ |
ਹੁੰਦਾ ਇਸ ਤਰ੍ਹਾਂ ਸੀ ਕਿ ਜਦੋਂ ਕਿਸੇ ਮਰਾਸੀ ਦਾ ਪਿਉ ਮਰਦਾ ਸੀ ਤੇ ਜਿੰਨੀਆਂ ਪੁਸ਼ਤਾਂ ਉਸ ਨੂੰ ਯਾਦ ਹੁੰਦੀਆਂ ਸਨ ਉਸ ਦਾ ਇਲਮ ਉਹ ਆਪਣੇ ਪੁੱਤਰ ਨੂੰ ਦੇ ਦਿੰਦਾ ਸੀ | ਪੁੱਤਰ ਅਗਲੀਆਂ ਪੁਸ਼ਤਾਂ ਉਨ੍ਹਾਂ ਵਿਚ ਜੋੜ ਕੇ ਤੇ ਪਿਛਲੀਆਂ ਜਿੰਨੀਆਂ ਉਸ ਨੂੰ ਯਾਦ ਹੁੰਦੀਆਂ ਸਨ, ਰੱਖ ਲੈਂਦਾ ਸੀ | ਅਗਲੀਆਂ ਪੁਸ਼ਤਾਂ ਵਿਚ ਜੋੜ ਕੇ ਪਿਛਲੀਆਂ ਭੁੱਲ ਜਾਂਦਾ ਸੀ | ਜਦੋਂ ਮਰਾਸੀ ਆਪਸ ਵਿਚ ਮਿਲਦੇ-ਜੁਲਦੇ ਸਨ ਤੇ ਜਾਅਲੀ ਨਾਂਅ ਇਕ ਦੂਜੇ ਤੋਂ ਉਧਾਰ ਲੈ ਲੈਂਦੇ ਸਨ | ਇਸੇ ਲਈ ਲਗਭਗ ਵੀਹ ਪੁਸ਼ਤਾਂ ਤੋਂ ਪਿੱਛੋਂ ਸਾਰੇ ਨਾਂਅ ਇਕੋ ਜਿਹੇ ਹੁੰਦੇ ਸਨ | ਮਿ. ਰੋਜ਼ ਲਿਖਦਾ ਹੈ ਕਿ ਮੁਸਲਮਾਨ ਮਰਾਸੀ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਉਹ ਅਰਬ ਵਿਚੋਂ ਆਏ ਹਨ | ਇਸ ਸਬੰਧੀ ਉਨ੍ਹਾਂ ਵਿਚ ਮੁਹੰਮਦ ਸਾਹਿਬ ਨਾਲ ਸਬੰਧਤ ਕਈ ਕਹਾਣੀਆਂ ਪ੍ਰਚਲਤ ਹਨ |
ਮਰਾਸੀਆਂ ਦੀਆਂ ਸਮਾਜਿਕ ਜ਼ਿੰਮੇਦਾਰੀਆਂ : ਮਰਾਸੀ ਸਾਡੇ ਸਮਾਜ ਦੇ ਕੰਮ ਆਉਣ ਵਾਲੇ ਮੈਂਬਰ ਸਨ ਕਿਉਂਕਿ ਪੁਰਾਣੇ ਜ਼ਮਾਨੇ ਵਿਚ ਆਵਾਜਾਈ, ਸੜਕਾਂ, ਟੈਲੀਫੋਨ ਤੇ ਹੋਰ ਸੁਖ ਸਹੂਲਤਾਂ ਦੀ ਘਾਟ ਸੀ ਤੇ ਪਿੰਡ ਸ਼ਹਿਰਾਂ ਨਾਲੋਂ ਦੂਰ-ਦੁਰਾਡੇ ਹੁੰਦੇ ਸਨ | ਇਸ ਲਈ ਸ਼ਹਿਰ ਵਿਚਲੇ ਕੰਮ ਜਾਂ ਕਚਹਿਰੀਆਂ ਤੇ ਸਰਕਾਰੀ ਕੰਮ ਆਦਿ ਇਨ੍ਹਾਂ ਨੂੰ ਦਿੱਤੇ ਜਾਂਦੇ ਸਨ | ਇਹ ਲੋਕਾਂ ਦੇ ਰਿਸ਼ਤੇ ਨਾਤੇ ਵੀ ਕਰਵਾਉਂਦੇ ਸਨ | ਇਹ ਜ਼ਿੰਮੀਦਾਰਾਂ ਦੀਆਂ ਬਹੁ-ਬੇਟੀਆਂ ਨਾਲ ਖੁਸ਼ੀ ਜਾਂ ਗਮੀ ਦੇ ਮੌਕੇ ਵੀ ਜਾਂਦੇ ਸਨ, ਕਿਉਂਕਿ ਘਰ ਦਾ ਮਰਦ ਨਾਲ ਨਹੀਂ ਜਾਂਦਾ ਸੀ | ਮੁਸਲਮਾਨਾਂ ਦੇ ਘਰਾਂ ਵਿਚ ਤੇ ਖਾਸ ਕਰਕੇ ਰਾਜਪੂਤਾਂ ਦੇ ਘਰਾਂ ਵਿਚ ਪਰਦਾ ਕਾਫੀ ਹੁੰਦਾ ਸੀ ਤੇ ਗ਼ੈਰ ਬੰਦਾ ਆਪ ਵੀ ਉਨ੍ਹਾਂ ਦੇ ਜ਼ਨਾਨਾਖਾਨੇ ਵਿਚ, ਜਿੱਥੇ ਔਰਤਾਂ ਰਹਿੰਦੀਆਂ ਸਨ, ਨਹੀਂ ਜਾ ਸਕਦਾ ਸੀ | ਉਥੇ ਮਰਾਸੀਆਂ ਨੂੰ ਜਾਣ ਦੀ ਇਜਾਜ਼ਤ ਹੁੰਦੀ ਸੀ ਤੇ ਇਹ ਇਸ ਗੱਲ ਦਾ ਲਿਹਾਜ਼ ਵੀ ਰੱਖਦੇ ਸਨ ਤੇ ਕਦੀ ਕੋਈ ਐਸੀ ਗੱਲ ਨਹੀਂ ਨਿਕਲੀ ਕਿ ਇਨ੍ਹਾਂ ਨੇ ਕੋਈ ਬਦਤਮਿਜ਼ੀ ਕੀਤੀ ਹੋਵੇ | ਇਸ ਲਈ ਇਹ ਘਰਾਂ ਵਿਚ ਕੰਮ ਵੀ ਕਰਦੇ ਸਨ ਤੇ ਜਦੋਂ ਕਦੇ ਬਾਹਰ ਦੇ ਕੰਮ ਦੀ ਲੋੜ ਪੈਂਦੀ ਤਾਂ ਇਨ੍ਹਾਂ ਨੂੰ ਉਸ ਕੰਮ ਲਈ ਭੇਜਿਆ ਜਾਂਦਾ ਸੀ | ਇਹ ਲੋਕਾਂ ਦੇ ਰਿਸ਼ਤੇ ਵੀ ਕਰਵਾਉਂਦੇ ਸਨ ਤੇ ਇਨ੍ਹਾਂ ਦੇ ਦੱਸੇ ਹੋਏ ਰਿਸ਼ਤਿਆਂ 'ਤੇ ਯਕੀਨ ਕੀਤਾ ਜਾਂਦਾ ਸੀ ਕਿਉਂਕਿ ਇਹ ਬੜੇ ਇਤਬਾਰੀ ਤੇ ਇਮਾਨਦਾਰ ਸਨ |
ਅੰਗਰੇਜ਼ਾਂ ਦੇ ਰਾਜ ਵਿਚ ਜਦੋਂ ਕਿੱਤੇ ਕਿਸੇ ਪਰਿਵਾਰ ਦਾ ਜਾਇਦਾਦ, ਜ਼ਮੀਨ ਦਾ ਝਗੜਾ ਕਚਹਿਰੀ ਵਿਚ ਆਉਂਦਾ ਤਾਂ ਅਦਾਲਤ ਵਿਚ ਮਰਾਸੀ ਦੀ ਗਵਾਹੀ ਨੂੰ ਸਹੀ ਮੰਨਿਆ ਜਾਂਦਾ ਸੀ | ਮਰਾਸੀ ਦੱਸਦਾ ਸੀ ਕਿ ਕੌਣ ਕਿਸਦਾ ਪੁੱਤਰ ਹੈ ਤੇ ਕੌਣ ਕਿਸਦੀ ਧੀ ਹੈ ਤੇ ਇਸਦੀ ਗਵਾਹੀ ਨੂੰ ਪੱਕਾ ਮੰਨਿਆ ਜਾਂਦਾ ਸੀ | ਅੰਗਰੇਜ਼ ਰਾਜ ਦੌਰਾਨ ਪਿੰਡਾਂ ਦੀਆਂ ਜ਼ਮੀਨਾਂ ਜਾਇਦਾਦ ਦੀਆਂ ਫਾਈਲਾਂ ਤਿਆਰ ਹੋਈਆਂ ਤੇ ਉਨ੍ਹਾਂ ਨੇ ਛਜਰੇ ਵੀ ਤਿਆਰ ਕੀਤੇ | ਪਹਿਲੀ ਬੰਦੋਬਸਤ 1881 ਸੰਨ ਵਿਚ ਹੋਈ | ਉਸਦੀਆਂ ਕਿਤਾਬਾਂ ਮੈਂ ਦੇਖੀਆਂ ਹਨ | ਉਸ ਵਿਚ ਜਿਥੇ ਥੱਲੇ ਛਜਰਾ ਹੁੰਦਾ ਹੈ, ਉਥੇ ਮਰਾਸੀ ਦਾ ਨਾਂਅ ਹੁੰਦਾ ਸੀ ਅਤੇ ਇਹ ਲਿਖਦੇ ਸਨ ਕਿ ਇਹ ਛਜਰਾ ਫਲਾਣੇ ਮਰਾਸੀ ਨੇ ਤਸਦੀਕ ਕੀਤਾ ਤੇ ਉਹ ਮਰਾਸੀ ਉਸੇ ਖਾਨਦਾਨ ਨਾਲ ਸੰਬੰਧ ਰੱਖਦਾ ਹੈ | ਹਰ ਜਾਤ ਦੇ ਮਰਾਸੀ ਵੱਖ-ਵੱਖ ਹੁੰਦੇ ਸਨ | ਜਿਵੇਂ ਰਾਜਪੂਤ, ਜੱਟ, ਡੋਗਰ, ਸੈਣੀ ਤੇ ਗੁੱਜਰ ਤੇ ਹੋਰ ਬਹੁਤ ਸਾਰੇ ਕਬੀਲੇ ਹਨ ਸਭ ਦੇ ਮਰਾਸੀ ਵੱਖ-ਵੱਖ ਸਨ | ਇਥੋਂ ਤੱਕ ਹਰ ਜਾਤ ਦੀ ਗੋਤ ਦਾ ਮਰਾਸੀ ਵੀ ਵੱਖ-ਵੱਖ ਸੀ | ਉਦਾਹਰਣ ਦੇ ਤੌਰ ਤੇ ਜੱਟਾਂ ਦਾ ਗੋਤ ਰੰਧਾਵੇ ਦਾ ਮਰਾਸੀ ਵੀ ਵੱਖਰਾ ਸੀ ਤੇ ਅੱਗੋਂ ਨਸਲ ਦਰ ਨਸਲ ਇਹ ਰੰਧਾਵੇ ਗੋਤ ਦੇ ਜੱਟਾਂ ਨਾਲ ਹੀ ਸੰਬੰਧ ਰੱਖਦੇ ਸਨ | ਉਨ੍ਹਾਂ ਦੇ ਛਜਰੇ ਵੀ ਉਨ੍ਹਾਂ ਦੇ ਮਰਾਸੀਆਂ ਕੋਲ ਹੁੰਦੇ ਸਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਲਿੱਪੀਅੰਤਰ : ਜੇ.ਐਸ. ਭੱਟੀ
ਮੋਬਾਈਲ : 07696994800

ਬਰਸੀ 'ਤੇ ਵਿਸ਼ੇਸ਼

ਜੁਝਾਰਵਾਦੀ ਕਵੀ ਅਵਤਾਰ ਪਾਸ਼

ਪੰਜਾਬੀ ਦੀ ਜੁਝਾਰਵਾਦੀ ਕਾਵਿ-ਧਾਰਾ ਦੇ ਪ੍ਰਮੁੱਖ ਕਵੀ ਅਵਤਾਰ ਪਾਸ਼ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਤਲਵੰਡੀ ਸਲੇਮ ਵਿਖੇ 9 ਸਤੰਬਰ, 1950 ਨੂੰ ਹੋਇਆ | ਪਾਸ਼ ਦਾ ਜੀਵਨ ਨਕਸਲਵਾਦੀ ਲਹਿਰ ਤੋਂ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਇਆ | ਉਸ ਨੇ ਇਸ ਵਿਚਾਰਧਾਰਾ ਦਾ ਪ੍ਰਭਾਵ ਕਬੂਲਿਆ ਅਤੇ ਦੇਸ਼ ਦੀਆਂ ਫਿਰਕੂਪ੍ਰਸਤ ਤਾਕਤਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਸਦਕਾ ਉਸ ਦਾ ਵਧੇਰੇ ਜੀਵਨ ਜੇਲ੍ਹ ਦੀ ਚਾਰਦੀਵਾਰੀ ਅੰਦਰ ਹੀ ਗੁਜ਼ਰਿਆ | ਪੰਜਾਬ ਦੇ ਨਾਖੁਸ਼ਗਵਾਰ ਹਾਲਾਤ ਅਤੇ ਸਮਾਜ ਅੰਦਰ ਵਧ ਰਹੀ ਨਾ ਬਰਾਬਰੀ ਨੇ ਉਸ ਨੂੰ ਪੰਜਾਬ ਛੱਡਣ ਲਈ ਮਜਬੂਰ ਕਰ ਦਿੱਤਾ | ਉਹ ਅਮਰੀਕਾ ਚਲਾ ਗਿਆ ਪਰੰਤੂ ਉੱਥੇ ਵੀ ਉਸ ਦਾ ਮਨ ਨਾ ਲੱਗਿਆ ਅਤੇ ਉਹ ਛੇਤੀ ਹੀ ਵਤਨ ਪਰਤ ਆਇਆ | ਪੰਜਾਬ ਵਿਚ ਖਾੜਕੂ ਦੌਰ ਸਮੇਂ ਪਾਸ਼ ਦੀ ਕਲਮ ਸਰਕਾਰ ਦੀਆਂ ਨੀਤੀਆਂ ਅਤੇ ਬੇਕਸੂਰ ਲੋਕਾਂ ਦੇ ਹੋ ਰਹੇ ਕਤਲੇਆਮ ਦਾ ਡਟ ਕੇ ਵਿਰੋਧ ਕਰਦੀ ਰਹੀ | ਅੰਤ ਵਿਚ 23 ਮਾਰਚ, 1988 ਨੂੰ ਅਣਪਛਾਤੇ ਵਿਅਕਤੀਆਂ ਵਲੋਂ ਪਾਸ਼ ਦਾ ਕਤਲ ਕਰ ਕੇ ਉਸ ਦੀ ਕਲਮ ਨੂੰ ਸਦਾ ਲਈ ਚੁੱਪ ਕਰਾ ਦਿੱਤਾ ਗਿਆ |
ਪਾਸ਼ ਸੱਤਵੇਂ ਦਹਾਕੇ ਦੌਰਾਨ ਚੱਲੀ ਜੁਝਾਰਵਾਦੀ ਕਾਵਿ-ਧਾਰਾ ਦਾ ਪ੍ਰਮੁੱਖ ਕਵੀ ਸੀ | ਛੋਟੀ ਉਮਰ ਵਿਚ ਹੀ ਉਸ ਨੇ ਇਸ ਵਿਚਾਰਧਾਰਾ ਦੇ ਕਵੀਆਂ ਵਿਚ ਉੱਚਾ ਮੁਕਾਮ ਹਾਸਲ ਕੀਤਾ | ਇਸ ਕਾਵਿ–ਧਾਰਾ ਨਾਲ ਸਬੰਧਤ ਉਸਦੇ ਤਿੰਨ ਕਾਵਿ–ਸੰਗ੍ਰਹਿ 'ਲੋਹ ਕਥਾ'(1970), 'ਉਡਦੇ ਬਾਜ਼ਾਂ ਮਗਰ' (1974) ਅਤੇ 'ਸਾਡੇ ਸਮਿਆਂ ਵਿਚ' (1978) 'ਚ ਪ੍ਰਕਾਸ਼ਿਤ ਹੋਏ | ਪਾਸ਼ ਦੀ ਮੌਤ ਮਗਰੋਂ ਉਸਦੀਆਂ ਅਣਛਪੀਆਂ ਕਵਿਤਾਵਾਂ ਅਮਰਜੀਤ ਚੰਦਨ ਨੇ 'ਖਿਲਰੇ ਹੋਏ ਵਰਕੇ' ਸਿਰਲੇਖ ਅਧੀਨ 1989 ਵਿਚ ਛਪਵਾਈਆਂ | ਪਾਸ਼ ਮੈਮੋਰੀਅਲ ਟਰੱਸਟ ਵਲੋਂ ਵੀ ਉਸਦੀਆਂ ਚਿੱਠੀਆਂ ਅਤੇ ਡਾਇਰੀ ਨੂੰ ਚੋਣਵੀਂ ਕਵਿਤਾ ਦਾ ਰੂਪ ਦੇ ਕੇ 'ਅੱਖਰ-ਅੱਖਰ' ਸਿਰਲੇਖ ਅਧੀਨ ਪ੍ਰਕਾਸ਼ਿਤ ਕਰਵਾਇਆ ਗਿਆ | ਪਾਸ਼ ਨੇ ਥੋੜੀ ਕਵਿਤਾ ਲਿਖ ਕੇ ਇਸ ਕਾਵਿ-ਧਾਰਾ ਦੀ ਮੁਹਰਲ਼ੀ ਕਤਾਰ ਵਿਚ ਆਪਣਾ ਨਾਂਅ ਦਰਜ ਕਰਵਾਇਆ |
ਪਾਸ਼ ਦੀ ਸਮੱਚੀ ਕਵਿਤਾ ਪੰਜਾਬੀ ਲੋਕ ਜੀਵਨ, ਪੰਜਾਬ ਦੀ ਧਰਤੀ, ਆਰਥਕ ਅਸਮਾਨਤਾ, ਸੰਘਰਸ਼, ਕ੍ਰਾਂਤੀਕਾਰੀ ਨਜ਼ਰੀਆ, ਸੱਭਿਆਚਾਰਕ ਸਾਂਝ, ਰਾਜਨੀਤਕ ਕੋਹਜ ਅਤੇ ਜਾਤ-ਪਾਤ ਨੂੰ ਲੈ ਕੇ ਤੰਗਦਿਲੀ ਦਿ੍ਸ਼ਟੀਕੋਣ ਦੀ ਪੇਸ਼ਕਾਰੀ ਕਰਦੀ ਹੈ | ਪਾਸ਼ ਸਾਧਾਰਨ ਵਰਗ ਦਾ ਕਵੀ ਹੈ | ਉਸਨੇ ਸੰਤਾਪ ਭੋਗ ਰਹੇ ਲੋਕਾਂ ਅਤੇ ਦੱਬੀ ਕੁਚਲੀ ਮਾਨਸਿਕਤਾ ਦੀ ਸਫਲਤਾਪੂਰਵਕ ਪੇਸ਼ਕਾਰੀ ਕੀਤੀ ਹੈ |
ਪਾਸ਼ ਬਿਨਾਂ ਕਿਸੇ ਡਰ ਤੋਂ ਬੇਬਾਕ ਹੋ ਕੇ ਸੱਤਾਧਾਰੀ ਵਰਗ ਨੂੰ ਬੇਨਕਾਬ ਕਰਨ ਦਾ ਯਤਨ ਕਰਦਾ ਹੈ | ਉਸ ਨੇ ਆਪਣੀ ਕਵਿਤਾ ਰਾਹੀਂ ਸਮਾਜ ਅੰਦਰ ਇਕ ਨਵੀਂ ਕਾਂ੍ਰਤੀ ਦੀ ਚਿਣਗ ਪੈਦਾ ਕਰਨ ਦਾ ਉਪਰਾਲਾ ਕੀਤਾ ਹੈ | ਪਾਸ਼ ਨੇ ਅਜਿਹੇ ਹਲਾਤ ਨਾਲ ਨਿਪਟਣ ਲਈ ਇਕੋ- ਇਕ ਹੱਲ ਸੰਘਰਸ਼ ਕਰਨ ਨੂੰ ਮੰਨਿਆ ਹੈ | ਉਸਦਾ ਮੰਨਣਾ ਹੈ ਕਿ ਸਮਾਜਿਕ ਢਾਂਚੇ ਨੂੰ ਬਦਲਣ ਲਈ ਕ੍ਰਾਂਤੀ ਹੀ ਸਭ ਤੋਂ ਵੱਡਾ ਹਥਿਆਰ ਜਾਪਦਾ ਹੈ:
ਕ੍ਰਾਂਤੀ ਕੋਈ ਦਾਅਵਤ ਨਹੀਂ,
ਨੁਮਾਇਸ਼ ਵਿਚ ਵਗਦਾ ਦਰਿਆ ਨਹੀਂ |
ਵਰਗਾਂ ਦਾ, ਰੁਚੀਆਂ ਦਾ, ਦਰਿੰਦਰਾਨਾ ਭਿੜਨਾ ਹੈ |
ਮਰਨਾ ਹੈ, ਮਾਰਨਾ ਹੈ ਤੇ ਮੌਤ ਨੂੰ ਖਤਮ ਕਰਨਾ ਹੈ |
ਪਾਸ਼ ਸਮਾਜ ਅੰਦਰ ਕਿਰਤੀ, ਕਿਸਾਨਾਂ ਅਤੇ ਨਿਮਨ ਵਰਗ ਦੀ ਹੋ ਰਹੀ ਲੁੱਟ ਖਸੁੱਟ ਨੂੰ ਬਰਦਾਸ਼ਤ ਨਹੀਂ ਕਰਦਾ | ਇਸੇ ਲਈ ਉਸਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਾਧਾਰਨ ਮਨੁੱਖ ਨੂੰ ਸੰਘਰਸ਼ ਕਰਨ ਲਈ ਪ੍ਰੇਰਿਆ | ਉਹ ਅਜਿਹੇ ਵਰਗ ਲਈ ਲਿਖੀ ਗਈ ਕਵਿਤਾ ਵਿਚ ਯੁੱਧ, ਬੰਦੂਕਾਂ, ਗੋਲੀਆਂ, ਸਟੇਨਗੰਨਾਂ ਵਰਗੀ ਸ਼ਬਦਾਵਲੀ ਵਰਤ ਕੇ ਨਵੀਂ ਚੇਤਨਾ ਪੈਦਾ ਕਰਦਾ ਹੈ | ਉਸਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦਾ ਰਾਹ ਚੁਣਿਆ ਹੈ:
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ |
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ |
ਅਸੀਂ ਲੜਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ ਲਈ |
ਪਾਸ਼ ਨੂੰ ਭਾਵੇਂ ਅਸੀਂ ਕ੍ਰਾਂਤੀਕਾਰੀ ਕਵੀ ਵਜੋਂ ਵੇਖਦੇ ਹਾਂ ਪਰੰਤੂ ਇਸਦੇ ਬਾਵਜੂਦ ਕਿਧਰੇ–ਕਿਧਰੇ ਉਸਦੀ ਕਵਿਤਾ ਵਿਚ ਰੁਮਾਂਟਿਕ ਰੰਗ ਵੀ ਵੇਖਣ ਨੂੰ ਮਿਲਦਾ ਹੈ | ਪਾਸ਼ ਭਾਵੇਂ ਕਿਸੇ ਵੀ ਹਾਲਾਤ ਵਿਚੋਂ ਗੁਜ਼ਰ ਰਿਹਾ ਹੋਵੇ ਉਸ ਨੇ ਕ੍ਰਾਂਤੀ ਦਾ ਪੱਲਾ ਕਦੇ ਵੀ ਨਹੀਂ ਛੱਡਿਆ | ਆਪਣੀ ਲੋਕਮੁਖੀ ਵਿਚਾਰਧਾਰਾ ਸਦਕਾ ਉਹ ਸਾਧਾਰਨ ਮਨੁੱਖ ਦਾ ਕਵੀ ਹੋ ਨਿਬੜਦਾ ਹੈ | ਨਿਸਚੇ ਹੀ ਉਹ ਜੁਝਾਰਵਾਦੀ ਕਾਵਿ-ਧਾਰਾ ਦਾ ਇਕ ਸਫਲ ਕਵੀ ਹੈ |

-ਡੀ.ਏ.ਵੀ.ਕਾਲਜ, ਹੁਸ਼ਿਆਰਪੁਰ |

ਸ਼ੈਲੇਂਦਰ ਉਰਫ਼ ਮਾਰੇ ਗਏ ਗੁਲਫ਼ਾਮ

ਮੱਖਣ ਜੀਨ ਦੀ ਪੈਂਟ, ਜਿਸ ਨੂੰ ਆਰ-52 ਕਹਿੰਦੇ ਹਨ, ਬੋਸਕੀ ਦੀ ਕਮੀਜ਼ ਅਤੇ ਗੋਲਡ ਫਲੇਕ ਦਾ ਡੱਬਾ, ਪੰਜਾਹ ਸਿਗਰਟਾਂ ਦਾ ਇਹ ਸ਼ੈਲੇਂਦਰ ਦੀ ਚੰਗੇ ਦਿਨਾਂ ਦੀ ਤਸਵੀਰ ਹੈ | ਪੈਰਾਂ ਵਿਚ ਚੱਪਲ, ਸ਼ਾਇਦ ਕੋਲ੍ਹਾਪੁਰੀ | ਚੰਗੀ ਤਰ੍ਹਾਂ ਯਾਦ ਨਹੀਂ...... ਗੂੜ੍ਹਾ ਸਾਂਵਲਾਂ ਰੰਗ ਉਸ 'ਤੇ ਲਿਸ਼ਕਦੀ ਨਿਮੀਂ-ਨਿਮੀਂ ਮੁਸਕਾਨ ਉਨ੍ਹਾਂ ਦੇ ਆਪਣੇ ਹੀ ਕਿਸੇ ਮਿਸਰੇ ਵਾਂਗ |
ਉਦੋਂ ਉਸ ਦੇ ਟ੍ਰੇਡ ਯੂਨੀਅਨ ਦੇ ਪਿਛੋਕੜ ਬਾਰੇ ਮੈਂ ਰਾਜ ਕਪੂਰ ਸਾਅਬ ਤੋਂ ਸੁਣਿਆ ਸੀ | ਪਰ ਮੈਂ ਜਦੋਂ ਉਨ੍ਹਾਂ ਨੂੰ ਮਿਲਿਆ ਉਨ੍ਹੀ ਦਿਨੀਂ ਉਹ ਫ਼ਿਲਮਾਂ ਲਈ ਲਿਖ ਰਹੇ ਸਨ | ਰੇਡੀਓ 'ਤੇ ਸੈਲੇਂਦਰ ਅਤੇ ਲਤਾ ਮੰਗੇਸ਼ਕਰ, ਸ਼ੰਕਰ ਜੈ ਕਿਸ਼ਨ ਅਜਿਹੇ ਨਾਂਅ ਸਨ ਜੋ ਸਾਰਾ ਦਿਨ ਤਸਬੀ ਦੇ ਦਾਣਿਆਂ ਵਾਂਗ ਦੋਹਰਾਏ ਜਾਂਦੇ ਸਨ | ਲਗਦਾ ਸੀ ਮਾਲਾ ਦਾ ਜਾਪ ਹੋ ਰਿਹਾ ਹੈ | ਹਸਰਤ ਜੈ ਪੁਰੀ ਨਾਲ ਜੋੜੀ ਸੀ ਉਨ੍ਹਾਂ ਦੀ, ਪਰ ਇੰਝ ਲੱਗਦਾ ਸੀ, ਸ਼ੰਕਰ ਜੈ ਕਿਸ਼ਨ ਦੇ ਉੱਥੇ ਜ਼ਿਆਦਾ ਉਹੀ ਲਿਖ ਰਹੇ ਸਨ |
ਮੇਰੀ ਇਕ ਮੁਲਾਕਾਤ ਪਤਾ ਨਹੀਂ ਉਹ ਪਹਿਲੀ ਸੀ ਜਾਂ ਨਹੀਂ ਪਰ ਮੋਹਰਲੀਆਂ ਮੁਲਾਕਾਤਾਂ ਵਿਚੋਂ ਹੀ ਸੀ.... ਬਾਪੂ ਨਿਵਾਸ ਵਿਚ ਹੋਈ |
ਇਕ ਨਿੱਕੀ ਜਿਹੀ ਥਾਂ, ਇਕ ਕਮਰਾ, ਇਕ ਕਿਚਨ, ਇਕ ਵਰਾਂਡਾ.... ਜਿੱਥੇ ਬਾਸੂ, ਦੀਬੂ ਅਤੇ ਹਿਮਾਕਰੀ ਇਕ ਪੇਂਟਰ ਸਨ, ਇਹ ਤਿੰਨੋਂ ਰਹਿੰਦੇ ਸਨ | ਥਾਂ ਸ਼ੈਲੇਂਦਰ ਨੇ ਕਿਰਾਏ 'ਤੇ ਲਈ ਸੀ | ਇਕਾਂਤ ਵਿਚ ਬਹਿ ਕੇ ਲਿਖਣ ਲਈ ਬਾਸੂ ਅਤੇ ਦੀਬੂ ਵਿਮਲ-ਦਾ ਦੇ ਅਸਿਸਟੈਂਟ ਸਨ | ਰਹਿਣ ਲਈ ਥਾਂ ਨਹੀਂ ਸੀ ਇਸ ਲਈ ਸੈਲੇਂਦਰ ਨੇ ਆਰਜ਼ੀ ਤੌਰ 'ਤੇ ਇਨ੍ਹਾਂ ਤਿੰਨਾਂ ਨੂੰ ਰਹਿਣ ਲਈ ਦੇ ਦਿੱਤੀ ਸੀ |
ਜਿੱਥੇ ਸਲਿਲ ਚੌਧਰੀ ਸਮਾਂ ਕੱਟਣ ਲਈ ਆਉਂਦੇ ਰਹਿੰਦੇ ਸਨ (ਜਾਂ ਦਾਰੂ ਪੀਣ ਲਈ ਜਾਂ ਸ਼ੈਲੇਂਦਰ ਨੂੰ ਲੱਭਣ) ਕੁਝ ਸਟ੍ਰਗਲਰਜ਼ ਸਨ | ਮੁਕੁਲ ਦੱਤ ਵਿਮਲ ਦੱਤ ਉਹ ਵੀ ਅਕਸਰ ਉੱਥੇ ਹੀ ਪਏ ਰਹਿੰਦੇ ਸਨ ਅਤੇ ਜੋ ਬੰਦਾ ਖਾਣਾ ਬਣਾਉਂਦਾ ਸੀ ਉਸ ਦੇ ਪਿੰਡ ਤੋਂ ਆਏ ਲੋਕ ਵੀ | ਕੱਛੇ ਬਨੈਣਾਂ ਤੋਂ ਲੈ ਕੇ ਧੋਤੀ ਕੁਰਤਾ, ਚਾਦਰਾਂ ਅਤੇ ਦਰੀਆਂ ਤੱਕ ਉਥੇ ਸੁੱਕਣ ਲਈ ਟੰਗੀਆਂ ਰਹਿੰਦੀਆਂ ਸਨ |
ਸਲਿਲ-ਦਾ ਦੇ 2ombay youth chair ਦੀਆਂ ਮੀਟਿੰਗਾਂ ਵੀ ਅਕਸਰ ਇੱਥੇ ਹੀ ਹੁੰਦੀਆਂ ਸਨ | ਰੋਮਾਂ ਗਾਂਗੁਲੀ ਕਿਸ਼ੋਰ ਕੁਮਾਰ ਦੀ ਪਤਨੀ ਉਸ ਦੀ ਪਰੈਜ਼ੀਡੈਂਟ ਜਾਂ ਸੈਕਰੇਟਰੀ ਕੁਝ ਸੀ | ਚਾਹ ਦੁੱਧ ਸ਼ੱਕਰ ਦਾ ਸਟਾਕ ਕਿਉਂਕਿ ਜਲਦੀ ਮੁੱਕ ਜਾਂਦਾ ਸੀ | ਇਸ ਲਈ ਇਹ ਜ਼ਿੰਮੇਵਾਰੀ ਅਕਸਰ ਗੁਆਂਢੀਆਂ 'ਤੇ ਸੁੱਟੀ ਜਾਂਦੀ ਸੀ |
ਇਹ ਉਹ ਇਕੱਲ ਦੀ ਥਾਂ ਸੀ ਜਿੱਥੇ ਸ਼ੈਲੇਂਦਰ ਲਿਖਣ ਲਈ ਆਇਆ ਕਰਦੇ ਸਨ | ਉਥੇ ਸਾਰੇ ਰਹਿੰਦੇ ਸਨ, ਕਿਰਾਇਆ ਸ਼ੈਲੇਂਦਰ ਹੀ ਦਿੰਦੇ ਸਨ | ਦੂਜੇ ਵਿਸ਼ਵ ਯੁੱਧ, ਯੂ. ਐਨ. ਏ. ਤੋਂ ਲੈ ਕੇ ਰੂਸ ਚੀਨ ਸਭ 'ਤੇ ਬਹਿਸ ਹੁੰਦੀ ਸੀ | ਮਹਾਦੇਵੀ ਵਰਮਾਂ, ਸੁਭਾਸ਼ ਮੁਖੋਧਿਆਇ, ਫੈਜ਼, ਨਰੂਦਾ, ਹਾਵਰਡ ਫਾਸਟ, ਮਹਾਸ਼ਵੇਤਾ ਦੇਵੀ, ਯਸ਼ਪਾਲ, ਮੰਟੋ ਇਨ੍ਹਾਂ ਸਾਰਿਆਂ ਦੀਆਂ ਨਜ਼ਮਾਂ ਅਫਸਾਨਿਆਂ 'ਤੇ ਜੰਗਾਂ ਹੁੰਦੀਆਂ ਸਨ |
ਫ਼ਿਲਮਾਂ ਦੇ ਗਾਣੇ, ਸ਼ੈਲੇਂਦਰ ਕਦੋਂ ਅਤੇ ਕਿਵੇਂ ਲਿਖਦੇ ਸਨ, ਹੁਣ ਤੱਕ ਭੇਤ ਹੈ | ਇਕ ਵਾਰ ਮੈਨੂੰ ਉਨ੍ਹਾਂ ਕਿਹਾ 'ਸਵੇਰ ਤੋਂ ਲੈ ਕੇ ਲੰਚ ਤੱਕ ਦਾ ਸਮਾਂ ਸ਼ੰਕਰ ਜੈ ਕਿਸ਼ਨ ਲਈ ਹੈ, ਉਹ ਅਨੁਸ਼ਾਸਨ ਟੁੱਟ ਨਹੀਂ ਸਕਦਾ | ਉਹ ਟੁੱਟ ਗਿਆ ਤਾਂ ਮੁਸ਼ਕਿਲ ਹੋ ਜਾਵੇਗੀ |'
'ਪਰਖ' ਦੇ ਡਾਇਲਗ ਲਿਖੇ ਸਨ | ਫਿਰ 'ਪਿੰਜਰੇ ਦੇ ਪੰਛੀ' ਵਿਚ ਤੈਅ ਹੋਇਆ ਸੀ ਕਿ ਉਹ ਸਕਰਿਪਟ ਲਿਖਣਗੇ, ਮੈਂ ਗਾਣੇ ਲਿਖਾਂਗਾ | ਪਰ ਵਕਤ ਦੀ ਕਿੱਲਤ ਨੇ ਫੈਸਲਾ ਬਦਲ ਦਿੱਤਾ | ਮੈਂ ਸਕਰਿਪਟ ਲਿਖੀ 'ਤੇ ਸ਼ੈਲੇਂਦਰ ਦੇ ਗਾਣੇ ਲਿਖੇ |
ਫਿਰ ਇਕ ਫ਼ਿਲਮ ਬਣਾਈ ਸ਼ੈਲੇਂਦਰ ਨੇ 'ਤੀਸਰੀ ਕਸਮ' | ਰੇਣੂ ਜੀ ਦੀ ਕਹਾਣੀ ਇਕ ਵਾਰ ਸ਼ਾਇਦ 'ਮਾਰੇ ਗਏ ਗੁਲਫਾਮ' ਦੇ ਨਾਂਅ ਤੋਂ ਬਾਪੂ ਨਿਵਾਸ ਵਿਚ ਪੜ੍ਹੀ ਗਈ ਸੀ |'
ਫ਼ਿਲਮਾਂ ਦੇ ਮਾਹੌਲ ਵਿਚ ਰਹਿੰਦਿਆਂ, ਸ਼ੈਲੇਂਦਰ ਦੇ ਮਾਹੌਲ ਵਿਚ ਸਾਹਿਤ ਲਗਾਤਾਰ ਮਹਿਕਦਾ ਰਿਹਾ | ਇਕ ਆਮ ਅਤੇ ਮਾਮੂਲੀ ਕਿਸਮ ਦੀ ਸਿਚੁਏਸ਼ਨ ਵਿਚ ਗਾਣੇ ਨੂੰ ਸਾਹਿਤ ਦਾ ਦਰਜਾ ਦੇ ਦੇਣਾ, ਸ਼ੈਲੇਂਦਰ ਦਾ ਹਿੱਸਾ ਸੀ | ਮੈਂ ਕਈ ਥਾਵਾਂ 'ਤੇ ਕਹਿ ਚੁੱਕਿਆ ਹਾਂ ਕਿ ...
Shailendra is the best lyricist, ever happened to the 8indi 6ilm industry.
ਨਜ਼ਮ ਅਤੇ ਨਗ਼ਮੇ ਦਾ ਫਰਕ ਉਹ ਜਾਣਦੇ ਸਨ | ਨਜ਼ਮ ਕਿਵੇਂ ਨਗ਼ਮਾ ਬਣਦੀ ਹੈ, ਉਨ੍ਹਾਂ ਨੂੰ ਉਸਦੀ ਖ਼ਬਰ ਸੀ | ਉਸ ਲਈ ਲੋਕਾਂ ਦੇ ਨਾਲ, ਲੋਕ ਕਲਾਵਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ | ਮਾਮੂਲੀ ਜਿਹੀ ਸਿਚੁਏਸ਼ਨ ਵਿਚ, ਮਾਮੂਲੀ ਜਿਹੇ ਸ਼ਬਦਾਂ ਵਿਚ ਵੱਡੀ ਗੱਲ ਕਹਿ ਜਾਣਾ, ਸ਼ੈਲੇਂਦਰ ਦੀ ਖ਼ਾਸੀਅਤ ਸੀ | ਇਕ ਆਮ ਮਨੁੱਖ, ਆਮ ਬਾਸ਼ਿੰਦੇ ਦੇ ਪਛਾਣ ਵੇਖੋ:-
ਹੋਵਾਂਗੇ ਰਾਜੇ ਰਾਜ ਕੁਮਾਰ
ਅਸੀਂ ਵਿਗੜੇ ਦਿਲ ਸ਼ਹਿਜ਼ਾਦੇ
ਅਸੀਂ ਸਿੰਘਾਸਨ 'ਤੇ ਜਾ ਬੈਠੇ
ਜਦੋਂ-ਜਦੋਂ ਕੀਤੇ ਇਰਾਦੇ
ਸੂਰਤ ਹੈ ਜਾਣੀ-ਪਛਾਣੀ
ਦੁਨੀਆਂ ਨੂੰ ਹੈਰਾਨੀ
ਸਿਰ 'ਤੇ ਲਾਲ ਟੋਪੀ ਰੂਸੀ
ਫਿਰ ਭੀ ਦਿਲ ਹੈ ਹਿੰਦੁਸਤਾਨੀ |
ਉਨ੍ਹਾਂ ਦੀ ਆਪਣੀ ਵਿਚਾਰਧਾਰਾ ਹੱਥ ਵਿਚ ਹੱਥ ਪਾ ਉਨ੍ਹਾਂ ਦੇ ਨਾਲ ਤੁਰਦੀ ਹੈ | ਤੇਜ਼ ਹਯੂਮਰ |
ਸੀਧੀ ਸੀ ਬਾਤ ਨਾ ਮਿਰਚ ਮਸਾਲਾ
ਕਹਿ ਕੇ ਰਹੇਗਾ ਕਹਿਨੇ ਵਾਲਾ....
ਉਨ ਕੀ ਕਲਪਨਾ, ਉਨ ਕੀ ਜੁਬਾਨ....
ਚਿੱਠੀਆਂ ਹੋ ਤੋਂ ਹਰ ਕੋਈ ਬਾਂਜੇ,
ਭਾਗ ਨਾ ਬਾਂਜੇ ਕੋਇ |
ਔ ਪੰਛੀ ਪਿਆਰੇ, ਸਾਂਝ ਸਕਾਰੇ,
ਬੋਲੇ ਤੂ ਕੋਨ ਸੀ ਬੋਲੀ |
ਅਬ ਕੇ ਬਰਸ ਭੇਜ ਭੈਯਾ ਕੋ ਬਾਬੁਲ,
ਸਾਵਨ ਮੇਂ ਲੀਜੋ ਬੁਲਾਇ ਰੇ |
ਸਚਿਨ-ਦਾ ਅਤੇ ਐਸ.ਡੀ. ਬਰਮਨ ਦੀ ਆਪਸ ਵਿਚ ਇਕ ਵਾਰ ਨਰਾਜ਼ਗੀ ਹੋ ਗਈ | ਦੀਬੂ ਨੇ ਮੈਨੂੰ ਕਿਹਾ ਕਿ 'ਵਿਮਲ-ਦਾ ਨੂੰ ਮਿਲੋ | ਇਕ ਗੀਤ ਲਿਖਵਾਉਣਾ ਹੈ' ਮੈਂ ਮਨ੍ਹਾਂ ਕਰ ਦਿੱਤਾ |
ਸ਼ੈਲੇਂਦਰ ਨੇ ਮੱਲੋ-ਮੱਲੀ ਮੈਨੂੰ ਭੇਜ ਦਿੱਤਾ | 'ਜਾ ਜਾ ਤੇਰਾ ਮੋਟਰ ਗੈਰੇਜ ਨਹੀਂ ਛੁੱਟ ਜਾਵੇਗਾ |' ਮੈਂ ਉਨ੍ਹਾਂ ਦਿਨਾਂ ਵਿਚ ਮੋਟਰ ਗੈਰੇਜ ਵਿਚ ਕੰਮ ਕਰਦਾ ਸੀ |
ਮੈਂ ਫ਼ਿਲਮ ਵਿਚ ਆਪਣਾ ਪਹਿਲਾ ਗੀਤ ਲਿਖਿਆ |
ਮੇਰਾ ਗੋਰਾ ਅੰਗ ਲਈ ਲੇ,
ਮੋਹੇ ਸ਼ਾਮ ਰੰਗ ਦੇਈਦੇ |
ਮੇਰੇ ਪਹਿਲੇ ਗਾਣੇ ਦੀ ਥਾਂ ਸ਼ੈਲੇਂਦਰ ਨੇ ਥੋੜੇ ਸਮੇਂ ਵਿਚ ਖ਼ਾਲੀ ਕਰ ਦਿੱਤੀ ਸੀ ਅਤੇ ਕਿਹਾ 'ਜ਼ਰਾ ਇਸ ਸੀਟ 'ਤੇ ਬਹਿ, ਮੈਂ ਹੁਣੇ ਆਉਂਦਾ ਹਾਂ |'
ਸ਼ੈਲੇਂਦਰ ਉਸ ਫ਼ਿਲਮ ਵਿਚ ਵਾਪਸ ਵੀ ਆਏ 'ਤੇ ਤੁਰ ਵੀ ਪਏ | ਮੈਂ ਹਾਲੇ ਵੀ ਇਸ ਸੀਟ 'ਤੇ ਖਲੋਤਾ ਉਡੀਕ ਕਰ ਰਿਹਾ ਹਾਂ | ਕਿਸੇ ਦੀ ਕੀ ਮਜਾਲ ਕਿ ਕੋਈ ਸੈਲੇਂਦਰ ਦੀ ਥਾਂ ਭਰ ਸਕੇ | ਕੋਈ ਹੋਰ ਇਸ ਸੀਟ 'ਤੇ ਬਹਿ ਹੀ ਨਹੀਂ ਸਕਦਾ |

-ਅਨੁਵਾਦ : ਭੁਪਿੰਦਰ ਕੌਰ 'ਪ੍ਰੀਤ'
ਮੋਬਾ. 98141-77954

ਕੰਪਿਊਟਰ ਦੀ ਵਰਤੋਂ ਕਰਨ ਦੇ ਮਹੱਤਵਪੂਰਨ ਨੁਕਤੇ

ਆਧੁਨਿਕ ਯੁਗ ਵਿਚ ਹਰ ਉਮਰ ਦਾ, ਵਰਗ ਦਾ ਇਨਸਾਨ ਵੱਖ-ਵੱਖ ਤਰ੍ਹਾਂ ਨਾਲ ਕੰਪਿਊਟਰ, ਸਮਾਰਟਫੋਨ, ਲੈਪਟਾਪ, ਨੋਟਬੁੱਕ ਦੀ ਵਰਤੋਂ ਕਰਦਾ ਹੈ ਅਤੇ ਕੋਈ ਵੀ ਕੰਮ ਹੋਵੇ, ਕੁਝ ਹੀ ਸਕਿੰਟਾਂ ਵਿਚ ਕੰਪਿਊਟਰ ਰਾਹੀਂ ਕਰ ਲੈਂਦਾ ਹੈ | ਕੰਪਿਊਟਰ ਉਤੇ ਕੰਮ ਕਰਨਾ ਆਸਾਨ ਤਾਂ ਹੈ ਪਰ ਬਹੁਤ ਘੱਟ ਲੋਕ ਹੀ ਇਸ ਨੂੰ ਚਲਾਉਣ ਦੇ ਸਹੀ ਤਰੀਕੇ ਜਾਣਦੇ ਹਨ | ਆਓ ਜਾਣੀਏ ਕੰਪਿਊਟਰ ਨੂੰ ਵਰਤਣ ਅਤੇ ਚਲਾਉਣ ਦੇ ਮਹੱਤਵਪੂਰਨ ਨੁਕਤੇ:
• ਜਿਸ ਵੀ ਕਮਰੇ ਵਿਚ ਕੰਪਿਊਟਰ ਹੋਵੇ, ਉਸ ਵਿਚ ਹਵਾ ਦਾ ਆਉਣਾ-ਜਾਣਾ ਸਹੀ ਢੰਗ ਨਾਲ ਹੋਣਾ ਚਾਹੀਦਾ ਹੈ ਅਤੇ ਰੋਸ਼ਨੀ ਵੀ ਸਹੀ ਮਾਤਰਾ ਵਿਚ ਹੋਣੀ ਚਾਹੀਦੀ ਹੈ | ਜ਼ਿਆਦਾ ਸਮੇਂ ਤੱਕ ਚੱਲਣ ਕਾਰਨ ਕੰਪਿਊਟਰ ਗਰਮੀ ਛੱਡਦੇ ਹਨ ਜਿਸ ਨਾਲ ਕਮਰੇ ਦਾ ਤਾਪਮਾਨ ਆਮ ਨਾਲੋਂ ਕੁਝ ਵਧੇਰੇ ਹੁੰਦਾ ਹੈ ਜੋ ਕੰਪਿਊਟਰ ਵਰਤਣ ਵਾਲੇ ਦੀ ਸਿਹਤ ਲਈ ਸਹੀ ਨਹੀਂ | ਇਸ ਲਈ ਕੰਪਿਊਟਰ ਵਾਲੇ ਕਮਰੇ ਵਿਚ ਹਵਾ ਦੀ ਆਵਾਜਾਈ ਠੀਕ ਹੋਣੀ ਚਾਹੀਦੀ ਹੈ ਅਤੇ ਏ.ਸੀ. ਦੀ ਸਹੂਲਤ ਹੋਣੀ ਲਾਜ਼ਮੀ ਹੈ |
• ਕੰਪਿਊਟਰ ਮੁਹਰੇ ਬੈਠ ਕੇ ਕੰਮ ਕਰਨ ਸਮੇਂ ਰੀੜ ਦੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ ਤੇ ਪੈਰ ਜ਼ਮੀਨ ਤੇ ਸਿੱਧੇ ਰੱਖੇ ਹੋਏ ਹੋਣੇ ਚਾਹੀਦੇ ਅਤੇ ਕੰਪਿਊਟਰ ਟੇਬਲ ਦੀ ਉਚਾਈ ਸਹੀ ਹੋਣੀ ਚਾਹੀਦੀ ਹੈ, ਨਹੀਂ ਤਾਂ ਗਲਤ ਪੋਸਚਰ ਭਾਵ ਗ਼ਲਤ ਢੰਗ ਨਾਲ ਬੈਠਣ ਕਾਰਨ ਬਹੁਤ ਸਾਰੇ ਸਿਹਤ ਦੇ ਵਿਕਾਰ ਪੈਦਾ ਹੋ ਜਾਂਦੇ ਹਨ |
• ਮੋਨੀਟਰ ਉਤੇ ਐਾਟੀ ਗਲੇਅਰ ਸਕਰੀਨ ਗਾਰਡ ਲਗਾਉਣਾ ਚਾਹੀਦਾ ਹੈ ਜਾਂ ਫਿਰ ਐਾਟੀ ਗਲੇਅਰ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਕੰਪਿਊਟਰ ਉਤੇ ਕੰਮ ਕਰਦੇ ਸਮੇਂ ਉਸ ਵਿਚੋਂ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਦਾ ਅੱਖਾਂ ਉਤੇ ਮਾੜਾ ਪ੍ਰਭਾਵ ਨਾ ਪਵੇ |
• ਲਗਾਤਾਰ 15 ਮਿੰਟ ਤੋਂ ਵੱਧ ਕੰਪਿਊਟਰ 'ਤੇ ਬੈਠ ਕੇ ਕੰਮ ਨਹੀਂ ਕਰਨਾ ਚਾਹੀਦਾ ਹੈ | ਉਠ ਕੇ ਥੋੜ੍ਹਾ ਘੰੁਮ ਕੇ ਆ ਕੇ ਬੈਠ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਅੱਖਾਂ ਉਤੇ ਹੱਥਾਂ ਨੂੰ ਰਗੜ ਕੇ ਰੱਖਣਾ ਲਾਹੇਵੰਦ ਹੁੰਦਾ ਹੈ | ਜੇਕਰ ਅੱਖਾਂ ਵਿਚ ਰੁੱਖਾਪਨ ਲੱਗੇ ਤਾਂ ਤਾਜੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ ਜਾਂ ਫਿਰ ਫਿਊ ਡਰਾਪ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ |
• ਕੰਪਿਊਟਰ ਨਾਲ ਜੁੜੇ ਸਾਰੇ ਉਪਕਰਨਾਂ ਦਾ ਪਾਣੀ ਤੋਂ, ਧੂੜ ਮਿੱਟੀ ਤੋਂ ਬਾਚਅ ਕਰਨਾ ਚਾਹੀਦਾ ਹੈ ਕਿਉਂਕਿ ਮਿੱਟੀ ਦੇ ਨਾਲ ਸੰਵੇਦਨਸ਼ੀਲ ਅਤੇ ਬਰੀਕ ਸਰਕਟਾਂ ਵਿਚ ਖਰਾਬੀ ਪੈ ਜਾਂਦੀ ਹੈ |
• ਕੰਪਿਊਟਰ ਨੂੰ ਸਾਫ਼, ਨਰਮ ਸੂਤੀ ਕੱਪੜੇ ਨਾਲ ਰੋਜ਼ਾਨਾ ਸਾਫ਼ ਕਰਨਾ ਚਾਹੀਦਾ ਹੈ | ਕਦੇ ਵੀ ਗਿੱਲੇ ਕੱਪੜੇ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਅਤੇ ਜੇਕਰ ਕੰਪਿਊਟਰ ਨੂੰ ਕਵਰ ਕਰਕੇ ਰੱਖਦੇ ਹੋ ਤਾਂ ਕੰਪਿਊਟਰ ਨੂੰ ਚਲਾਉਣ ਤੋਂ ਪਹਿਲਾਂ ਉਸ ਦੇ ਕਵਰ ਹਟਾਉਣੇ ਜ਼ਰੂਰੀ ਹੁੰਦੇ ਹਨ ਕਿਉਂਕਿ ਸੀ.ਪੀ.ਯੂ. ਅਤੇ ਮੋਨੀਟਰ ਵਿਚੋਂ ਗਰਮੀ ਦਾ ਨਿਕਾਸ ਹੋ ਰਿਹਾ ਹੁੰਦਾ ਹੈ, ਜਿਸ ਨੂੰ ਪਲਾਸਟਿਕ ਜਾਂ ਕੱਪੜੇ ਦਾ ਕਵਰ ਬਾਹਰ ਕੱਢਣ ਵਿਚ ਰੁਕਾਵਟ ਪੈਦਾ ਕਰਦਾ ਹੈ | ਕੰਪਿਊਟਰ ਨੂੰ ਬੰਦ ਕਰਨ ਤੋਂ ਬਾਅਦ ਮਿੱਟੀ ਤੋਂ ਬਚਾਉਣ ਲਈ ਕਵਰ ਪਾ ਕੇ ਰੱਖਣਾ ਚਾਹੀਦਾ ਹੈ |
• ਕੰਪਿਊਟਰ ਦੇ ਨੇੜੇ ਬੈਠ ਕੇ ਕੁਝ ਵੀ ਖਾਣਾ/ਪੀਣਾ ਨਹੀਂ ਚਾਹੀਦਾ ਕਿਉਂਕਿ ਜੇ ਖਾਣ ਲੱਗੇ ਕੁਝ ਇਸ ਉਤੇ ਡਿੱਗ ਜਾਵੇ ਤਾਂ ਉਹ ਭਾਗ ਖਰਾਬ ਹੋ ਸਕਦਾ ਹੈ |
• ਵਿੰਡੋ ਨੂੰ ਕਰੱਪਟ ਹੋਣ ਤੋਂ ਬਚਾਉਣ ਲਈ ਸਹੀ ਸਟੈੱਪ ਅਪਣਾ ਕੇ ਕੰਪਿਊਟਰ ਨੂੰ ਸਟਾਰਟ/ਸਟਾਪ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਸਿੱਧੇ ਸਵਿੱਚ ਤੋਂ ਕੰਪਿਊਟਰ ਬੰਦ ਕਰ ਦੇਵਾਂਗੇ ਤਾਂ ਆਪਰੇਟਿੰਗ ਸਿਸਟਮ ਵਿਚ ਨੁਕਸ ਪੈ ਜਾਂਦਾ ਹੈ |
• ਲੈਬ ਵਿਚ ਅਰਥਿੰਗ ਸਹੀ ਤਰ੍ਹਾਂ ਨਾਲ ਹੋਣੀ ਜ਼ਰੂਰੀ ਹੈ ਤਾਂ ਕਿ ਵਧੇਰੇ ਵੋਲਟੇਜ ਆਉਣ 'ਤੇ ਕੰਪਿਊਟਰ ਸਿਸਟਮ ਨੂੰ ਸੜਨ ਤੋਂ ਬਚਾਇਆ ਜਾ ਸਕੇ | ਯੂ.ਪੀ.ਐਸ. ਅਤੇ ਸਟੈਬਲਾਈਜ਼ਰ ਦੀ ਵਰਤੋਂ ਕਰਨੀ ਲਾਜ਼ਮੀ ਹੈ ਕਿਉਂਕਿ ਇਹ ਵੋਲਟੇਜ ਘਟਣ-ਵਧਣ ਤੋਂ ਕੰਪਿਊਟਰ ਨੂੰ ਬਚਾਉਂਦੇ ਹਨ | ਕਦੇ ਵੀ ਕੰਪਿਊਟਰ ਨੂੰ ਸਿੱਧਾ ਬਿਜਲੀ ਕੁਨੈਕਸ਼ਨ ਨਹੀਂ ਦੇਣਾ ਚਾਹੀਦਾ ਹੈ |
• ਕੰਪਿਊਟਰ ਦੀਆਂ ਤਾਰਾਂ ਨੂੰ ਖਿੱਚਣਾ ਜਾਂ ਮਰੋੜਨਾ ਨਹੀਂ ਚਾਹੀਦਾ | ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਉਸ ਭਾਗ ਵਿਚ ਖਰਾਬੀ ਆ ਜਾਂਦੀ ਹੈ ਅਤੇ ਉਹ ਚੱਲਣਾ ਬੰਦ ਹੋ ਜਾਂਦਾ ਹੈ |

-ਕੰਪਿਊਟਰ ਫੈਕਲਟੀ ਸ.ਹ.ਸ. ਕਲਿਆਣਪੁਰ (ਜਲੰਧਰ) | ਮੋਬਾਈਲ : 98764-89369.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਜਦੋਂ ਸ੍ਰੀਨਗਰ (ਕਸ਼ਮੀਰ) 'ਚ ਪੰਜਾਬੀ ਕਾਨਫਰੰਸ ਹੋਈ ਸੀ, ਉਸ ਵਕਤ ਖਿੱਚੀ ਗਈ ਸੀ | ਉਦੋਂ ਸ੍ਰੀ ਗੁਲਾਮ ਨਬੀ ਆਜ਼ਾਦ ਸੂਬੇ ਦੇ ਮੁੱਖ ਮੰਤਰੀ ਸਨ | ਉਸ ਕਾਨਫਰੰਸ ਵਿਚ ਮੁੱਖ ਮਹਿਮਾਨ ਡਾ: ਜੈ ਰੂਪ ਸਿੰਘ ਸਨ ਕਿਉਂਕਿ ਉਹ ਉਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ. ਸਨ | ਤਸਵੀਰ ਵਿਚ ਗੁਲਾਮ ਨਬੀ ਆਜ਼ਾਦ ਨਾਲ ਡਾ: ਸੰਧੂ ਗੱਲਬਾਤ ਕਰ ਰਹੇ ਹਨ |

-ਮੋਬਾਈਲ : 98767-41231






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX