ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਸਾਡੀ ਸਿਹਤ

ਮਾਮੂਲੀ ਤਿਲਕਣ ਵੀ ਹੈ ਖ਼ਤਰਨਾਕ

ਬਜ਼ੁਰਗਾਂ ਨੂੰ ਘਰ ਵਿਚ ਜਿਸ ਜਗ੍ਹਾ ਵਿਚ ਸਭ ਤੋਂ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ, ਉਹ ਹੈ ਘਰ ਦਾ ਬਾਥਰੂਮ। ਬਿਨਾਂ ਸ਼ੱਕ ਸੜਕ ਹਾਦਸਿਆਂ ਤੋਂ ਵੀ ਜ਼ਿਆਦਾ ਹਾਦਸੇ ਬਾਥਰੂਮ ਵਿਚ ਵਾਪਰਦੇ ਹਨ। ਬੁਢਾਪੇ ਵਿਚ ਸੱਟ ਲੱਗਣਾ ਜ਼ਿਆਦਾ ਖਤਰਨਾਕ ਇਸ ਲਈ ਮੰਨਿਆ ਜਾਂਦਾ ਹੈ, ਕਿਉਂਕਿ ਇਸ ਸਮੇਂ ਵਿਚ ਲੱਗੀਆਂ ਸੱਟਾਂ ਠੀਕ ਹੋਣੀਆਂ ਔਖੀਆਂ ਹੋ ਜਾਂਦੀਆਂ ਹਨ, ਠੀਕ ਹੋਣ ਵਿਚ ਸਮਾਂ ਵੀ ਜ਼ਿਆਦਾ ਲਗਦਾ ਹੈ।
ਬੁਢਾਪੇ ਵਿਚ ਡਿਗਣ 'ਤੇ ਹਿੱਪ ਫ੍ਰੈਕਚਰ, ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪੁੱਜਣਾ ਜਾਂ ਗੁੱਟਾਂ ਦਾ ਟੁੱਟਣਾ ਆਮ ਘਟਨਾਵਾਂ ਹਨ ਪਰ ਉਨ੍ਹਾਂ ਬਜ਼ੁਰਗਾਂ ਦੀਆਂ ਮੁਸੀਬਤਾਂ ਤਾਂ ਹੋਰ ਵੀ ਜ਼ਿਆਦਾ ਹਨ, ਜਿਨ੍ਹਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹਨ ਅਤੇ ਜੋ ਲੜਖੜਾਹਟ ਦੇ ਚਲਦਿਆਂ ਆਪਣੇ-ਆਪ ਨੂੰ ਸੰਤੁਲਤ ਨਹੀਂ ਕਰ ਸਕਦੇ। ਜਿਨ੍ਹਾਂ ਦੀ ਨਜ਼ਰ ਕਮਜ਼ੋਰ ਹੋ ਗਈ ਹੋਵੇ, ਮਾੜੀ ਖ਼ੁਰਾਕ ਕਾਰਨ ਜਿਨ੍ਹਾਂ ਦੀਆਂ ਹੱਡੀਆਂ ਵਿਚ ਤਾਕਤ ਨਾ ਹੋਵੇ, ਉਨ੍ਹਾਂ ਲਈ ਮਾਮੂਲੀ ਜਿਹੀ ਸੱਟ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਬਜ਼ੁਰਗ ਲੋਕ ਡਿਗਣ 'ਤੇ ਜ਼ਿਆਦਾਤਰ ਸਿਰ 'ਤੇ ਸੱਟ ਲਵਾਉਂਦੇ ਹਨ। ਇਸੇ ਤਰ੍ਹਾਂ ਦੇ ਕੇਵਲ 30 ਤੋਂ 35 ਫ਼ੀਸਦੀ ਹਾਦਸੇ ਹੀ ਸੜਕ ਹਾਦਸੇ ਹੁੰਦੇ ਹਨ।
ਛੋਟੀਆਂ-ਮੋਟੀਆਂ ਸੱਟਾਂ, ਡਿਗਣ-ਫਿਸਲਣ ਦੇ ਹਾਦਸੇ ਬਜ਼ੁਰਗਾਂ ਦੀ ਕਿਸਮਤ ਬਣ ਜਾਂਦੇ ਹਨ ਜੋ ਅਕਸਰ ਘਰਾਂ ਵਿਚ ਬਾਥਰੂਮ, ਪੌੜੀਆਂ, ਘਰ ਵਿਚ ਉੱਪਰ-ਹੇਠਾਂ ਦੇ ਡਿਜ਼ਾਈਨ ਅਤੇ ਘੱਟ ਰੌਸ਼ਨੀ ਆਦਿ ਕਰਕੇ ਹੁੰਦੇ ਹੀ ਰਹਿੰਦੇ ਹਨ।
ਚਿੰਤਾ ਵਾਲੀ ਗੱਲ ਇਹ ਹੈ ਕਿ ਬਜ਼ੁਰਗਾਂ ਦੀਆਂ ਛੋਟੀਆਂ ਸੱਟਾਂ ਵੀ ਅਸਾਨੀ ਨਾਲ ਠੀਕ ਨਹੀਂ ਹੁੰਦੀਆਂ। 60 ਤੋਂ ਉੱਪਰ ਵਾਲੇ ਵਿਅਕਤੀਆਂ ਵਿਚ ਡਾਕਟਰਾਂ ਅਨੁਸਾਰ ਹਿਪ ਫ੍ਰੈਕਚਰ ਅਤੇ ਰੀੜ੍ਹ ਦੀ ਹੱਡੀ ਵਿਚ ਸੱਟ ਲੱਗਣ ਨਾਲ ਕਾਰਜਸ਼ੀਲਤਾ ਵਿਚ ਕਮੀ ਅਤੇ ਡੂੰਘਾ ਤਣਾਅ ਹੋਣ ਨਾਲ ਜੀਵਨ ਦੀ ਆਸ਼ਾ ਵਿਚ ਕਮੀ ਆ ਜਾਂਦੀ ਹੈ।
ਬਜ਼ੁਰਗ ਲੋਕ ਸੱਟਾਂ ਅਤੇ ਹੱਡੀਆਂ ਦੀ ਟੁੱਟ-ਭੱਜ ਦੀ ਪੂਰਤੀ ਛੇਤੀ ਨਹੀਂ ਕਰ ਸਕਦੇ। ਮਹੀਨਿਆਂ ਤੱਕ ਬਿਸਤਰਿਆਂ ਨਾਲ ਬੱਝੇ ਰਹਿੰਦੇ ਹਨ, ਤੁਰ-ਫਿਰ ਵੀ ਨਹੀਂ ਸਕਦੇ, ਜਿਸ ਨਾਲ ਉਹ ਤਣਾਅ ਵਿਚ ਆ ਜਾਂਦੇ ਹਨ। ਇਹੀ ਨਹੀਂ, ਉਨ੍ਹਾਂ ਦੀਆਂ ਹੋਰ ਸਿਹਤ ਸਮੱਸਿਆਵਾਂ ਜਿਵੇਂ ਸ਼ੂਗਰ ਅਤੇ ਇਨਫੈਕਸ਼ਨ ਵੀ ਵਧ ਜਾਂਦੀਆਂ ਹਨ।
ਇਸ ਦੇ ਬਾਵਜੂਦ ਬਹੁਤ ਘੱਟ ਮਕਾਨਾਂ ਨੂੰ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਡਿਜ਼ਾਈਨ ਕੀਤਾ ਜਾਂਦਾ ਹੈ। ਫੈਸ਼ਨ ਅਤੇ ਦਿਖਾਵੇ ਨੂੰ ਹੀ ਜ਼ਿਆਦਾ ਮਹੱਤਵ ਦਿੰਦੇ ਹੋਏ ਤਿਲਕਣੇ ਫਰਸ਼ ਬਣਵਾਏ ਜਾਂਦੇ ਹਨ, ਫਿਰ ਚਾਹੇ ਘਰ ਦੇ ਬਜ਼ੁਰਗਾਂ ਲਈ ਉਹ ਜਿੰਨੇ ਮਰਜ਼ੀ ਖਤਰਨਾਕ ਕਿਉਂ ਨਾ ਸਾਬਤ ਹੋਣ। ਏਨੀ ਦੂਰਅੰਦੇਸ਼ੀ ਨਾਲ ਦੇਖਣ ਦਾ ਕਸ਼ਟ ਹੀ ਨਹੀਂ ਕੀਤਾ ਜਾਂਦਾ।
ਬਜ਼ੁਰਗਾਂ ਦੀ ਸਿਹਤ ਦਾ ਲਗਾਤਾਰ ਖਿਆਲ ਰੱਖਣਾ ਜ਼ਰੂਰੀ ਹੈ। ਆਰਥਰਾਈਟਿਸ, ਦ੍ਰਿਸ਼ਟੀਕੋਣ, ਘੱਟ ਸੁਣਨਾ ਅਤੇ ਸਾਈਕੋਟ੍ਰੋਪਿਕ ਦਵਾਈਆਂ ਦੀ ਖੁਰਾਕ 'ਤੇ ਲਗਾਤਾਰ ਨਜ਼ਰ ਰੱਖਦੇ ਹੋਏ ਮਾਹਿਰਾਂ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਸੰਤੁਲਤ ਭੋਜਨ ਅਤੇ ਗਤੀਸ਼ੀਲ ਜੀਵਨ ਸ਼ੈਲੀ ਉਨ੍ਹਾਂ ਲਈ ਫਾਇਦੇਮੰਦ ਹੋਵੇਗੀ। ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਅਤੇ ਵਿਟਾਮਿਨ 'ਡੀ' ਨਾਲ ਭਰਪੂਰ ਭੋਜਨ ਲੈਣਾ ਚਾਹੀਦਾ ਹੈ। ਸਾਡੇ ਸਰੀਰ ਨੂੰ ਇਕ ਗ੍ਰਾਮ ਕੈਲਸ਼ੀਅਮ ਦੀ ਰੋਜ਼ ਲੋੜ ਹੁੰਦੀ ਹੈ। ਅਕਸਰ ਸਾਡੇ ਰੋਜ਼ਮਰਾ ਦੇ ਭੋਜਨ ਤੋਂ ਇਹ ਪ੍ਰਾਪਤ ਨਹੀਂ ਹੁੰਦੀ, ਇਸ ਲਈ ਨਿਊਟ੍ਰੀਸ਼ੀਅਨ ਭੋਜਨ, ਖਾਸ ਕਰਕੇ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਅਤੇ ਡਾਕਟਰ ਦੁਆਰਾ ਸੁਝਾਏ ਗਏ ਹੋਰ ਸਪਲੀਮੈਂਟਸ ਮਦਦਗਾਰ ਹੋਣਗੇ।
ਹੱਡੀਆਂ 'ਤੇ ਇਕ ਤਾਜ਼ਾ ਖੋਜ ਅਨੁਸਾਰ 50 ਸਾਲ ਅਤੇ ਇਸ ਤੋਂ ਉੱਪਰ ਦੇ ਹਰ ਤਿੰਨ ਵਿਅਕਤੀਆਂ ਵਿਚੋਂ ਇਕ ਨੂੰ ਆਸਟਿਓਪੋਰੋਸਿਸ ਜਾਂ ਖਤਰਨਾਕ ਰੂਪ ਨਾਲ ਹੱਡੀਆਂ ਵਿਚ ਘੱਟ ਤਾਕਤ ਦੀ ਸਥਿਤੀ ਪਾਈ ਗਈ ਹੈ।
ਸਾਵਧਾਨੀਆਂ ਨਾਲ ਜਿਥੇ ਮਦਦ ਮਿਲਦੀ ਹੈ, ਪਰਿਵਾਰ ਦੇ ਜਵਾਨ ਮੈਂਬਰਾਂ ਦੁਆਰਾ ਕੀਤੀ ਜਾਣ ਵਾਲੀ ਸਿੱਧੀ ਨਿਗਰਾਨੀ ਦਾ ਕੋਈ ਮੁਕਾਬਲਾ ਹੀ ਨਹੀਂ। ਉਨ੍ਹਾਂ ਦੀ ਦੇਖ-ਰੇਖ ਨਾਲ ਹੀ ਬਜ਼ੁਰਗਾਂ ਦਾ ਜੀਵਨ ਸੁਖੀ ਰਹਿ ਸਕਦਾ ਹੈ। ਪੇਸ਼ ਹਨ ਡਿਗਣ ਅਤੇ ਹੱਡੀ ਦੇ ਟੁੱਟਣ ਤੋਂ ਬਚਣ ਲਈ ਕੁਝ ਸੁਝਾਅ-
* ਪੌੜੀਆਂ 'ਤੇ ਰੌਸ਼ਨੀ ਅਤੇ ਪੂਰੀ ਲੰਬਾਈ ਵਾਲੇ ਹੈਂਡਰੇਲਜ਼ ਹੋਣ।
* ਬਜ਼ੁਰਗਾਂ ਦੇ ਬਾਥਰੂਮ 'ਚ ਸਲਿਪ ਖੁਰਦਰਾ ਮੈਟ ਵਿਛਿਆ ਹੋਵੇ।
* ਨਹਾਉਣ ਵਾਲੇ ਟੱਬ ਦੇ ਚਾਰੇ ਪਾਸੇ ਫੜਨ ਲਈ ਹੈਂਡਲ ਹੋਣ।
* ਬਾਥਰੂਮ ਵਿਚ ਸਾਮਾਨ ਦੀ ਭੀੜ ਨਾ ਹੋਵੇ।
* ਬਿਜਲੀ ਤੇ ਟੈਲੀਫੋਨ ਦੀਆਂ ਤਾਰਾਂ ਰਾਹ ਵਿਚ ਨਾ ਹੋਣ।
* ਉਨ੍ਹਾਂ ਦੀ ਖ਼ੁਰਾਕ ਵਧੀਆ ਹੋਵੇ, ਖ਼ਾਸ ਕਰਕੇ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਜ਼ਰੂਰ ਲਓ।
* ਲੋੜ ਪੈਣ 'ਤੇ ਉਨ੍ਹਾਂ ਨੂੰ ਖੂੰਡੀ ਜਾਂ ਵਾਕਰ ਦੀ ਮਦਦ ਨਾਲ ਚੱਲਣ ਲਈ ਪ੍ਰੇਰਿਤ ਕਰੋ।
* ਉਨ੍ਹਾਂ ਦੀਆਂ ਅੱਖਾਂ ਦਾ ਟੈਸਟ ਕਰਾਓ। ਧੁੰਦਲੀ ਨਿਗ੍ਹਾ ਹੋਣ 'ਤੇ ਹਾਦਸਾ ਹੋ ਸਕਦਾ ਹੈ।
* ਹੱਡੀਆਂ ਦੇ ਨੁਕਸਾਨ ਤੋਂ ਬਚਣ ਲਈ ਉਨ੍ਹਾਂ ਨੂੰ ਲਗਾਤਾਰ ਕਸਰਤ ਲਈ ਪ੍ਰੇਰਿਤ ਕਰੋ। ਘੁੰਮਣਾ ਵਧੀਆ ਕਸਰਤ ਹੈ।
* ਉਨ੍ਹਾਂ ਨੂੰ ਕੁਝ ਦੇਰ ਸੂਰਜ ਦੀ ਰੌਸ਼ਨੀ ਲੈਣ ਦਿਓ। * ਉਨ੍ਹਾਂ ਦੀਆਂ ਡਾਕਟਰੀ ਸਮੱਸਿਆਵਾਂ ਸਬੰਧੀ ਡਾਕਟਰਾਂ ਕੋਲੋਂ ਸਲਾਹ ਲਓ।


ਖ਼ਬਰ ਸ਼ੇਅਰ ਕਰੋ

ਸਿਹਤ ਖ਼ਬਰਨਾਮਾ

ਲਿਵਰ ਕੈਂਸਰ ਤੋਂ ਬਚਾਉਂਦੀ ਹੈ ਪਾਲਕ

ਪਾਲਕ ਹਰੀ ਸਾਗ-ਸਬਜ਼ੀ ਪ੍ਰਜਾਤੀ ਦੀ ਹੈ। ਇਸ ਨੂੰ ਸਲਾਦ, ਸਬਜ਼ੀ ਅਤੇ ਸੂਪ ਵਿਚ ਵਰਤਿਆ ਜਾਂਦਾ ਹੈ। ਇਸ ਵਿਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵਾਂ ਤਰ੍ਹਾਂ ਦਾ ਰੇਸ਼ਾ (ਫਾਈਬਰ) ਹੈ ਜੋ ਪਾਚਣ ਤੰਤਰ ਲਈ ਸਭ ਤੋਂ ਵੱਧ ਫਾਇਦੇਮੰਦ ਹੈ। ਇਸ ਵਿਚ ਵਿਟਾਮਿਨ 'ਈ' ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਲਿਵਰ ਕੈਂਸਰ ਤੋਂ ਬਚਾਉਣ ਵਿਚ ਮਦਦਗਾਰ ਸਿੱਧ ਹੁੰਦਾ ਹੈ। ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿਚ ਲਿਵਰ ਕੈਂਸਰ ਤੀਜਾ ਸਭ ਤੋਂ ਵੱਡਾ ਮੌਤ ਦਾ ਕਾਰਨ ਹੈ।
ਇਸ ਤਰ੍ਹਾਂ ਦੇ ਕੈਂਸਰ ਤੋਂ ਬਚਾਅ ਦੇ ਮਾਮਲੇ ਵਿਚ ਪਾਲਕ ਦੇ ਪੱਤੇ, ਸੂਰਜਮੁਖੀ ਦੇ ਬੀਜ, ਐਵੋਕਡੋ ਅਤੇ ਐਪ੍ਰੀਕਾਟ ਨਾਮਕ ਵਿਦੇਸ਼ੀ ਫਲ ਮਦਦਗਾਰ ਸਿੱਧ ਹੁੰਦੇ ਹਨ। ਵਿਟਾਮਿਨ 'ਈ' ਨਾਲ ਲਿਵਰ ਕੈਂਸਰ ਦੀ ਸੰਭਾਵਨਾ ਖ਼ਤਮ ਹੁੰਦੀ ਹੈ। ਇਸ ਮਾਮਲੇ ਵਿਚ ਵਿਟਾਮਿਨ 'ਈ' ਦੀ ਗੋਲੀ ਦੀ ਬਜਾਏ ਭੋਜਨ ਤੋਂ ਪ੍ਰਾਪਤ ਵਿਟਾਮਿਨ 'ਈ' ਵਿਸ਼ੇਸ਼ ਰੂਪ ਨਾਲ ਲਾਭਦਾਇਕ ਹੁੰਦਾ ਹੈ। ਖੋਜ ਵਿਚ ਸ਼ੰਘਾਈ ਕੈਂਸਰ ਸੰਸਥਾਨ ਨੇ ਇਹ ਨਤੀਜਾ ਕੱਢਿਆ ਹੈ।
ਕੈਲਸ਼ੀਅਮ ਲੋੜ ਤੋਂ ਵੱਧ ਖਾਣਾ ਹਮੇਸ਼ਾ ਖ਼ਤਰਨਾਕ
ਕੈਲਸ਼ੀਅਮ ਜੀਵਨ ਲਈ ਜ਼ਰੂਰੀ ਖਣਿਜ ਤੱਤ ਹੈ। ਇਹ ਖਾਣ-ਪੀਣ ਦੀਆਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਮਿਲ ਜਾਂਦਾ ਹੈ। ਵਿਟਾਮਿਨ 'ਡੀ' ਦੇ ਸਹਿਯੋਗ ਨਾਲ ਕੈਲਸ਼ੀਅਮ ਨੂੰ ਸਾਡਾ ਸਰੀਰ ਗ੍ਰਹਿਣ ਕਰਦਾ ਹੈ। ਵਿਟਾਮਿਨ 'ਡੀ' ਦਾ ਪ੍ਰਮੁੱਖ ਸੋਰਤ ਸੂਰਜ ਪ੍ਰਕਾਸ਼ ਹੈ। ਕੈਲਸ਼ੀਅਮ ਦੁੱਧ, ਦਾਲ, ਅਨਾਜ ਆਦਿ ਵਿਚ ਮੌਜੂਦ ਹੁੰਦਾ ਹੈ। ਵਿਟਾਮਿਨ 'ਡੀ' ਰਾਹੀਂ ਸਰੀਰ ਨੂੰ ਮਿਲਿਆ ਕੈਲਸ਼ੀਅਮ ਮਾਸ, ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਖਾਣ-ਪੀਣ ਨਾਲ ਮਿਲੇ ਵਾਧੂ ਕੈਲਸ਼ੀਅਮ ਨੂੰ ਸਰੀਰ ਖੁਦ ਬਾਹਰ ਕੱਢ ਦਿੰਦਾ ਹੈ ਜਦੋਂ ਕਿ ਪੂਰਕ ਕੈਲਸ਼ੀਅਮ ਜੋ ਦਵਾਈਆਂ-ਗੋਲੀਆਂ ਰਾਹੀਂ ਸਰੀਰ ਨੂੰ ਮਿਲਦਾ ਹੈ, ਉਹ ਵਾਧੂ ਖਾਣ ਨਾਲ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵਾਧੂ ਕੈਲਸ਼ੀਅਮ ਨਾਲ ਪੱਥਰੀ ਬਣਨ ਦੀ ਸੰਭਾਵਨਾ ਵੀ ਵਧ ਜਾਂਦੀ ਹੈ।
ਦਿਲ ਅਤੇ ਦਿਮਾਗ ਲਈ ਲਾਭਦਾਇਕ ਅਲਸੀ

ਅਲਸੀ ਤਿਲਹਨ ਪ੍ਰਜਾਤੀ ਵਿਚੋਂ ਹੈ। ਇਸ ਵਿਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਖੂਨ ਨਾਲੀਆਂ ਵਿਚ ਕੋਲੈਸਟ੍ਰੋਲ ਜੰਮਣ ਨੂੰ ਰੋਕਦਾ ਹੈ। ਇਹ ਦਿਲ ਦੇ ਰੋਗ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਆਧੁਨਿਕ ਦੌੜ-ਭੱਜ ਵਾਲੀ ਜੀਵਨ ਸ਼ੈਲੀ ਦੇ ਕਾਰਨ ਖੂਨ ਦਾ ਦਬਾਅ ਅਤੇ ਦਿਲ ਦੇ ਰੋਗਾਂ ਦਾ ਖਤਰਾ ਵਧ ਗਿਆ ਹੈ। ਅਜਿਹੇ ਮਾਮਲੇ ਵਿਚ ਕਿਸੇ ਰੂਪ ਵਿਚ ਵੀ ਅਲਸੀ ਦੀ ਵਰਤੋਂ ਲਾਭਦਾਇਕ ਹੁੰਦੀ ਹੈ।

ਅਲਰਜੀ : ਰੋਗ ਅਤੇ ਇਲਾਜ

ਕੋਈ ਵੀ ਭੋਜਨ ਪਦਾਰਥ ਕਿਸੇ ਵੀ ਵਿਅਕਤੀ 'ਤੇ ਪ੍ਰਤੀਕਿਰਿਆ ਕਰ ਸਕਦਾ ਹੈ। ਇਹ ਉਸ ਵਿਅਕਤੀ ਵਿਸ਼ੇਸ਼ ਦੀ ਸਰੀਰਕ ਸੰਰਚਨਾ 'ਤੇ ਨਿਰਭਰ ਕਰਦਾ ਹੈ ਕਿ ਉਸ ਦੇ ਊਤਕ ਕਿਸ ਪਦਾਰਥ ਨਾਲ ਸੰਵੇਦਨਸ਼ੀਲ ਹੋ ਜਾਂਦੇ ਹਨ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਆਂਡਾ, ਦੁੱਧ, ਫਲ, ਅਨਾਜ, ਮੱਛੀ ਆਦਿ ਨਾਲ ਜ਼ਿਆਦਾ ਅਲਰਜੀ ਹੁੰਦੀ ਹੈ ਪਰ ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਮੰਨੀ ਜਾ ਸਕਦੀ। ਇਸ ਤੋਂ ਇਲਾਵਾ ਵੀ ਅਲਰਜੀ ਦੇ ਹੋਰ ਵੀ ਕਈ ਸਰੋਤ ਮੰਨੇ ਜਾਂਦੇ ਹਨ।
ਅਕਸਰ ਇਹ ਦੇਖਣ ਵਿਚ ਆਉਂਦਾ ਹੈ ਕਿ ਪੀਣ ਵਾਲੇ ਪਦਾਰਥਾਂ ਤੋਂ ਵੀ ਲੋਕਾਂ ਨੂੰ ਅਲਰਜੀ ਹੋ ਜਾਂਦੀ ਹੈ। ਸਰਵੇਖਣ ਦੌਰਾਨ ਇਸ ਤੱਥ ਦੀ ਪੁਸ਼ਟੀ ਹੋ ਚੁੱਕੀ ਹੈ। ਇਕ ਅਲਰਜੀ ਪੀੜਤ ਲੜਕੀ ਅਨੁਸਾਰ ਜਦੋਂ ਵੀ ਉਹ ਕੋਈ ਠੰਢਾ ਪੀਣ ਵਾਲਾ ਪਦਾਰਥ ਲੈਂਦੀ ਹੈ ਤਾਂ ਉਸ ਦਾ ਸਰੀਰ ਸੰਵੇਦਨਸ਼ੀਲ ਹੋ ਜਾਂਦਾ ਹੈ। ਨਤੀਜੇ ਵਜੋਂ ਉਸ ਦੇ ਸਰੀਰ ਵਿਚ ਕਈ ਤਰ੍ਹਾਂ ਦੇ ਵੱਖਰੇ ਲੱਛਣ ਪ੍ਰਗਟ ਹੋਣ ਲਗਦੇ ਹਨ ਜਿਵੇਂ ਖੁਜਲੀ ਹੋਣਾ, ਸਰੀਰ 'ਤੇ ਦਾਣੇ ਨਿਕਲ ਆਉਣੇ ਆਦਿ। ਪੀਣ ਵਾਲੇ ਪਦਾਰਥਾਂ ਤੋਂ ਇਲਾਵਾ ਹੋਰ ਵੀ ਅਜਿਹੇ ਕਾਰਕ ਹਨ ਜੋ ਅਲਰਜੀ ਕਰਦੇ ਹਨ। ਸੁਗੰਧਿਤ ਪਦਾਰਥ, ਫੁੱਲਾਂ ਦੇ ਪਰਾਗ, ਧੂੜ ਕਣ, ਪੈਟਰੋਲ ਜਾਂ ਮਿੱਟੀ ਦੇ ਤੇਲ ਦੀ ਸੁਗੰਧ, ਫਫੂੰਦੀ, ਦਰਦਨਿਵਾਰਕ ਗੋਲੀਆਂ ਆਦਿ ਇਸੇ ਕਿਸਮ ਵਿਚ ਆਉਂਦੇ ਹਨ।
ਅਲਰਜੀ ਦਾ ਪ੍ਰਭਾਵ ਸਰੀਰ 'ਤੇ ਕਦੇ-ਕਦੇ ਤਾਂ ਬਹੁਤ ਤੇਜ਼ੀ ਨਾਲ ਹੁੰਦਾ ਹੈ ਅਤੇ ਕਦੇ ਬਹੁਤ ਹੌਲੀ-ਹੌਲੀ ਹੁੰਦਾ ਹੈ। ਇਹ ਸਰੀਰ ਦੀ ਸੰਵੇਦਨਸ਼ੀਲਤਾ 'ਤੇ ਨਿਰਭਰ ਕਰਦਾ ਹੈ। ਘੱਟ ਸੰਵੇਦਨਸ਼ੀਲ ਵਿਅਕਤੀ 'ਤੇ ਕਈ ਦਿਨਾਂ ਤੱਕ ਇਕ ਹੀ ਖਾਧ ਪਦਾਰਥ ਦੇ ਸੇਵਨ ਤੋਂ ਬਾਅਦ ਅਲਰਜੀ ਦੇ ਲੱਛਣ ਦਿਖਾਈ ਦੇਣ ਲਗਦੇ ਹਨ ਤਾਂ ਬਹੁਤ ਜ਼ਿਆਦਾ ਸੰਵੇਦਨਸ਼ੀਲ ਵਿਅਕਤੀ 'ਤੇ ਇਸ ਦਾ ਪ੍ਰਭਾਵ ਇਕ ਜਾਂ ਦੋ ਘੰਟੇ ਵਿਚ ਹੀ ਸਪੱਸ਼ਟ ਰੂਪ ਵਿਚ ਦਿਖਾਈ ਦੇਣ ਲਗਦਾ ਹੈ।
ਡਾਕਟਰੀ ਵਿਗਿਆਨ ਅਨੁਸਾਰ ਅਲਰਜੀ ਖਾਨਦਾਨੀ ਵੀ ਹੋ ਸਕਦੀ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਕਿਸੇ ਵਿਸ਼ੇਸ਼ ਖਾਧ ਪਦਾਰਥ ਨਾਲ ਸੰਵੇਦਨਸ਼ੀਲਤਾ ਖਾਨਦਾਨੀ ਰੂਪ ਵਿਚ ਚੱਲੇ। ਆਮ ਤੌਰ 'ਤੇ ਅਲਰਜੀ ਕਿਸੇ ਇਕ ਚੀਜ਼ ਦੇ ਕਾਰਨ ਨਹੀਂ ਹੁੰਦੀ। ਇਸ ਦੇ ਇਕ ਤੋਂ ਜ਼ਿਆਦਾ ਕਾਰਨ ਹੋ ਸਕਦੇ ਹਨ। ਜੇ ਅਲਰਜੀ ਦੇ ਦੋ ਕਾਰਨ ਇਕੱਠੇ ਪ੍ਰਗਟ ਹੋ ਜਾਣ ਤਾਂ ਇਸ ਦੇ ਗੰਭੀਰ ਨਤੀਜੇ ਜਾਂ ਲੱਛਣ ਸਾਹਮਣੇ ਆਉਂਦੇ ਹਨ, ਇਸ ਲਈ ਇਸ ਦੇ ਹੱਲ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਸ ਵਾਸਤੇ ਸਭ ਤੋਂ ਪਹਿਲਾਂ ਅਲਰਜੀ ਪੀੜਤ ਵਿਅਕਤੀ ਦੇ ਵਿਅਕਤੀਗਤ ਇਤਿਹਾਸ ਨੂੰ ਜਾਣਨਾ ਕਾਫੀ ਜ਼ਰੂਰੀ ਹੁੰਦਾ ਹੈ। ਨਾਲ ਹੀ ਉਸ ਦੇ ਆਹਾਰ (ਠੋਸ ਜਾਂ ਤਰਲ) ਦੀ ਸੂਚੀ ਬਣਾ ਕੇ ਉਸ ਦੇ ਸੇਵਨ ਤੋਂ ਬਾਅਦ ਹੋਣ ਵਾਲੀਆਂ ਪ੍ਰਤੀਕਿਰਿਆਵਾਂ (ਸਰੀਰ ਵਿਚ) ਦਾ ਅਧਿਐਨ ਕਰਨਾ ਜ਼ਰੂਰੀ ਹੋ ਜਾਂਦਾ ਹੈ।
ਖਾਧ ਪਦਾਰਥਾਂ ਦੇ ਸੇਵਨ ਦੀ ਸੂਚੀ ਅਤੇ ਅਲਰਜੀ ਦੇ ਲੱਛਣ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਅਲਰਜੀ ਦਾ ਮੁੱਖ ਕਾਰਨ ਕੀ ਹੈ? ਇਸ ਵਿਸ਼ਲੇਸ਼ਣ ਵਿਚ ਦੋ ਜਾਂ ਤਿੰਨ ਸਾਲ ਵੀ ਲੱਗ ਸਕਦੇ ਹਨ ਜਾਂ 2-3 ਹਫਤੇ ਵਿਚ ਵੀ ਨਤੀਜਾ ਸਾਹਮਣੇ ਆ ਸਕਦਾ ਹੈ। ਇਹ ਵਿਅਕਤੀ ਦੇ ਸਰੀਰ ਦੀ ਸੰਵੇਦਨਸ਼ੀਲਤਾ 'ਤੇ ਨਿਰਭਰ ਕਰਦਾ ਹੈ।
ਦੂਜੇ ਤਰ੍ਹਾਂ ਦੇ ਪ੍ਰੀਖਣ ਵਿਚ ਚਮੜੀ ਦੀਆਂ ਪਰਤਾਂ ਵਿਚ ਪ੍ਰਤੀਜਨ ਦਾ ਟੀਕਾ ਲਗਾਇਆ ਜਾਂਦਾ ਹੈ। ਧੱਬਾ ਪ੍ਰੀਖਣ ਵਿਚ ਫਿਲਟਰ ਪੇਪਰ 'ਤੇ ਆਸ਼ੰਕਿਤ ਭੋਜ ਪਦਾਰਥ ਜਾਂ ਉਸ ਦੇ ਐਕਸਟ੍ਰੈਕਟ ਨੂੰ ਰੱਖ ਕੇ ਚਮੜੀ 'ਤੇ ਸੇਲੋਫੇਨ ਨਾਲ ਢਕ ਕੇ 24 ਘੰਟੇ ਤੱਕ ਰੱਖ ਦਿੱਤਾ ਜਾਂਦਾ ਹੈ। ਜੇ ਖਰੋਚ ਜਾਂ ਉਸ ਭੋਜ ਪਦਾਰਥ ਦੇ ਸੰਪਰਕ ਵਾਲੀ ਜਗ੍ਹਾ 'ਤੇ ਲਾਲਗੀ ਜਾਂ ਲਾਲ ਦਾਗ ਦਿਖਾਈ ਦੇਵੇ ਤਾਂ ਉਸ ਵਿਸ਼ੇਸ਼ ਭੋਜ ਪਦਾਰਥ ਵਿਚ ਅਲਰਜਨ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸੇ ਤਰ੍ਹਾਂ ਭੋਜਨ ਪ੍ਰੀਖਣ ਵਿਚ ਵੱਖ-ਵੱਖ ਭੋਜ ਪਦਾਰਥਾਂ ਨੂੰ ਇਕ ਹਫਤੇ ਤੱਕ ਨਿਯਮਤ ਰੂਪ ਨਾਲ ਦੇ ਕੇ ਸਰੀਰਕ ਲੱਛਣ ਦਾ ਅਧਿਐਨ ਕੀਤਾ ਜਾਂਦਾ ਹੈ।
ਜੇ ਅਲਰਜੀ ਦਾ ਕੋਈ ਲੱਛਣ ਸਾਹਮਣੇ ਆਉਂਦਾ ਹੈ ਤਾਂ ਹੋਰ 'ਪੱਕੇ ਟੈਸਟ' ਕੀਤੇ ਜਾਂਦੇ ਹਨ। ਦੂਜੀ ਵਿਧੀ ਵਿਚ ਅਲਰਜੀ ਕਾਰਨ ਭੋਜ ਪਦਾਰਥ ਰੋਗੀ ਨੂੰ ਇਕ ਹਫਤੇ ਤੱਕ ਨਹੀਂ ਦਿੱਤਾ ਜਾਂਦਾ। ਫਿਰ ਉਸ ਨਾਲ ਪੈਦਾ ਹੋਣ ਵਾਲੇ ਲੱਛਣਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆ ਲਗਾਤਾਰ ਕਈ ਹਫਤੇ ਤੱਕ ਦੁਹਰਾਈ ਜਾਂਦੀ ਹੈ ਅਤੇ ਪ੍ਰਾਪਤ ਅਧਿਐਨਾਂ ਦਾ ਦੁਬਾਰਾ ਤੁਲਨਾਤਮਕ ਅਧਿਐਨ ਕਰਕੇ ਨਤੀਜਾ ਕੱਢਿਆ ਜਾਂਦਾ ਹੈ ਅਤੇ ਉਸ ਅਨੁਸਾਰ ਇਲਾਜ ਕੀਤਾ ਜਾਂਦਾ ਹੈ।
ਅਸਲ ਵਿਚ ਅਲਰਜੀ ਕੋਈ ਰੋਗ ਹੈ ਹੀ ਨਹੀਂ। ਇਹ ਸਿਰਫ ਸਰੀਰਕ ਲੱਛਣਾਂ ਵਿਚ ਤਬਦੀਲੀ ਹੈ। ਇਸ ਦਾ ਹੱਲ ਅਸੀਂ ਚਾਹੀਏ ਤਾਂ ਥੋੜ੍ਹੀ ਜਿਹੀ ਸੂਝ-ਬੂਝ ਦੇ ਸਹਾਰੇ ਕਰ ਸਕਦੇ ਹਾਂ ਅਤੇ ਡਾਕਟਰੀ ਇਲਾਜ ਦੇ ਫਜ਼ੂਲ ਖਰਚੇ ਤੋਂ ਬਚ ਸਕਦੇ ਹਾਂ। ਇਸ ਲਈ ਸਿਰਫ ਆਪਣੇ ਭੋਜਨ 'ਤੇ ਜਾਂ ਅਜਿਹੇ ਪਦਾਰਥ, ਜਿਨ੍ਹਾਂ ਦੇ ਕਾਰਨ ਸਰੀਰ ਵਿਚ ਅਨਿਯਮਤਤਾ ਦੇ ਲੱਛਣ ਪ੍ਰਗਟ ਹੋਣ, ਉਸ 'ਤੇ ਕਾਬੂ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੰਤੁਲਿਤ ਆਹਾਰ ਦੇ ਸੇਵਨ ਦੁਆਰਾ ਵੀ ਇਸ ਸਮੱਸਿਆ ਦਾ ਹੱਲ ਕਾਫੀ ਹੱਦ ਤੱਕ ਕੀਤਾ ਜਾ ਸਕਦਾ ਹੈ।

ਪੇਟ ਦੀਆਂ ਬਿਮਾਰੀਆਂ

ਕਬਜ਼-ਅੰਤੜੀ ਦੀ ਸੋਜ

ਕਬਜ਼ : ਪਖਾਨਾ ਸਮੇਂ ਸਿਰ ਨਾ ਆਉਣਾ ਇਕ ਆਮ ਬਿਮਾਰੀ ਹੈ। ਕਬਜ਼ ਹੋਣ ਕਰਕੇ ਸਾਡੇ ਸਰੀਰ 'ਚ ਕਈ ਤਰ੍ਹਾਂ ਦੇ ਰੋਗ ਜਿਵੇਂ ਸਿਰਦਰਦ, ਪੇਟ ਵਿਚ ਹਲਕਾ ਦਰਦ, ਭੁੱਖ ਨਾ ਲੱਗਣਾ, ਸਰੀਰ ਸੁਸਤ ਤੇ ਪੇਟ ਵਿਚ ਅਫਾਰਾ ਤੇ ਗੈਸ ਬਣਨਾ ਆਦਿ ਹੋ ਸਕਦੇ ਹਨ। ਜਦੋਂ ਵੀ ਕਿਸੇ ਦੀ ਪਖਾਨਾ ਜਾਣ ਦੀ ਆਦਤ ਵਿਚ ਤਬਦੀਲੀ ਹੋ ਜਾਵੇ ਤਾਂ ਉਸ ਨੂੰ ਕਬਜ਼ ਦੀ ਤਕਲੀਫ ਕਿਹਾ ਜਾਂਦਾ ਹੈ। ਸਾਡੇ ਲੋਕਾਂ ਵਿਚ ਕਬਜ਼ ਬਾਰੇ ਕਈ ਧਾਰਨਾਵਾਂ ਹਨ। ਜੇਕਰ ਕਿਸੇ ਨੂੰ ਆਮ ਕਰਕੇ 2 ਜਾਂ 3 ਵਾਰ ਪਖਾਨਾ ਆਉਂਦਾ ਹੈ ਜਾਂ ਫਿਰ ਪਖਾਨਾ ਆਉਣ ਵੇਲੇ ਸਮਾਂ ਜ਼ਿਆਦਾ ਲਗਦਾ ਹੈ ਜਾਂ ਸਖ਼ਤ ਪਖਾਨਾ ਆਉਂਦਾ ਹੈ ਤਾਂ ਇਹ ਕੋਈ ਕਬਜ਼ ਦੀ ਨਿਸ਼ਾਨੀ ਨਹੀਂ। ਆਮ ਤੌਰ 'ਤੇ ਜਿਸ ਤਰ੍ਹਾਂ ਦਾ ਭੋਜਨ ਕਰਦੇ ਹਾਂ, ਉਸੇ ਤਰ੍ਹਾਂ ਦਾ ਹੀ ਮਲ ਪਦਾਰਥ ਸਾਡੇ ਸਰੀਰ ਅੰਦਰੋਂ ਬਾਹਰ ਨਿਕਲਦਾ ਹੈ। ਉਦਾਹਰਨ ਦੇ ਤੌਰ 'ਤੇ ਜੇ ਪਿਛਲੇ 8-10 ਸਾਲਾਂ ਤੋਂ 2-3 ਦਿਨ ਬਾਅਦ ਪਖਾਨਾ ਜਾਣ ਦੀ ਆਦਤ ਹੋਵੇ ਤਾਂ ਇਸ ਨੂੰ ਅਸੀਂ ਕਬਜ਼ ਨਹੀਂ ਕਹਿ ਸਕਦੇ। ਜੇਕਰ ਕਿਸੇ ਮਰੀਜ਼ ਦੀ ਪਖਾਨਾ ਜਾਣ ਦੀ ਆਦਤ ਵਿਚ ਇਕਦਮ ਤਬਦੀਲੀ ਆ ਜਾਵੇ ਤਾਂ ਉਸ ਨੂੰ ਅਸੀਂ ਕਬਜ਼ ਦੀ ਤਕਲੀਫ ਕਹਿ ਸਕਦੇ ਹਾਂ।
ਕਾਰਨ : ਕਬਜ਼ ਦੇ ਹੇਠ ਲਿਖੇ ਕਾਰਨ ਹਨ-
* ਸੁੱਕਾ ਭੋਜਨ ਖਾਣ ਕਰਕੇ ਭੋਜਨ ਪਦਾਰਥਾਂ ਵਿਚ ਤਰਲਤਾ ਦੀ ਕਮੀ। * ਭੋਜਨ ਵਿਚ ਹਰੀਆਂ ਸਬਜ਼ੀਆਂ ਤੇ ਸਲਾਦ ਦੀ ਕਮੀ। * ਅੰਤੜੀਆਂ ਦਾ ਘੱਟ ਕੰਮ ਕਰਨਾ। * ਜੋ ਲੋਕ ਜ਼ਿਆਦਾ ਚਿਰ ਬੈਠ ਕੇ ਕੰਮ ਕਰਦੇ ਹਨ, ਉਨ੍ਹਾਂ ਨੂੰ ਵੀ ਕਬਜ਼ ਹੋ ਜਾਂਦੀ ਹੈ। * ਚਿੰਤਾ, ਜ਼ਿਆਦਾ ਸੋਚਣਾ, ਨਾਜ਼ੁਕ ਜਿਹੇ ਸੁਭਾਅ ਦਾ ਹੋਣਾ। * ਅੰਤੜੀਆਂ ਜਾਂ ਪੇਟ ਦੀਆਂ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ। * ਕਈ ਤਰ੍ਹਾਂ ਦੀਆਂ ਦਵਾਈਆਂ ਜਿਵੇਂ ਜ਼ਿਆਦਾ ਦਰਦ ਨਿਵਾਰਕ ਗੋਲੀਆਂ ਦੀ ਵਰਤੋਂ, ਅਫੀਮ ਜਾਂ ਹੋਰ ਨਸ਼ੇ ਜਾਂ ਜ਼ਿਆਦਾ ਆਇਰਨ ਦੀਆਂ ਗੋਲੀਆਂ ਖਾਣ ਕਰਕੇ। * ਭੋਜਨ ਹਜ਼ਮ ਕਰਨ ਵਾਲੇ ਤੱਤਾਂ ਦੀ ਕਮੀ। * ਜਿਗਰ ਦੀ ਕਮਜ਼ੋਰੀ ਕਰਕੇ। * ਸਰੀਰ ਵਿਚੋਂ ਚਮੜੀ ਰਾਹੀਂ ਜਾਂ ਗੁਰਦੇ ਰਾਹੀਂ ਜ਼ਿਆਦਾ ਪਾਣੀ ਦੀ ਮਾਤਰਾ ਨਿਕਲਣ ਕਰਕੇ ਵੀ ਕਬਜ਼ ਹੋ ਜਾਂਦੀ ਹੈ।
ਅੰਤੜੀ ਦੀ ਸੋਜ : ਅੰਤੜੀਆਂ ਦਾ ਰੋਗ ਸਾਡੇ ਪੇਟ ਵਿਚ ਇਕ ਤਰ੍ਹਾਂ ਨਾਲ ਅੰਤੜੀਆਂ ਦੀ ਸੋਜ ਦਾ ਸਿੱਟਾ ਹੈ। ਸਾਡੇ ਪੇਟ ਚਿ ਕੀਟਾਣੂ ਗੰਦੇ ਪਾਣੀ ਦੁਆਰਾ ਚਲੇ ਜਾਂਦੇ ਹਨ। ਇਹ ਕੀਟਾਣੂ ਪੇਟ ਅੰਦਰ ਜਾ ਕੇ ਅੰਤੜੀਆਂ ਦੇ ਆਸ-ਪਾਸ ਲੱਗੀ ਝਿੱਲੀ ਅਤੇ ਅੰਤੜੀਆਂ 'ਚ ਜਾ ਕੇ ਪਨਪਦੇ ਹਨ, ਜਿਸ ਕਰਕੇ ਅੰਤੜੀਆਂ ਵਿਚ ਸੋਜ ਹੋ ਜਾਂਦੀ ਹੈ। ਅੰਤੜੀ ਦੀ ਸੋਜ ਦੇ ਮਰੀਜ਼ ਨੂੰ ਬਹੁਤ ਪਖਾਨਾ ਆਉਂਦਾ ਹੈ, ਵਾਰ-ਵਾਰ ਪਖਾਨੇ ਨਾਲ ਲੇਸ ਤੇ ਚਰਬੀ ਵੀ ਆਉਂਦੀ ਹੈ। ਪੇਟ ਵਿਚ ਹਲਕਾ-ਹਲਕਾ ਦਰਦ ਰਹਿੰਦਾ ਹੈ ਪਰ ਕਈ ਵਾਰ ਦਰਦ ਤੇਜ਼ ਵੀ ਹੋ ਜਾਂਦਾ ਹੈ। ਪਖਾਨੇ ਨਾਲ ਹਲਕਾ-ਹਲਕਾ ਖੂਨ ਵੀ ਨਿਕਲਦਾ ਹੈ। ਜਦ ਅੰਤੜੀਆਂ ਦੀ ਅੰਦਰਲੀ ਝਿੱਲੀ ਸੜ ਜਾਂਦੀ ਹੈ ਤਾਂ ਲੇਸ ਬਣ ਕੇ ਪਖਾਨੇ ਦੇ ਰਸਤੇ ਨਿਕਲਦੀ ਹੈ। ਪੇਟ ਵਿਚ ਕੁਝ ਵੀ ਨਹੀਂ ਪਚਦਾ ਅਤੇ ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਤਾਂ ਪੇਟ ਵਿਚ ਹਲਕਾ ਜਿਹਾ ਦਰਦ ਉਠਦਾ ਹੈ, ਦਿਲ ਘਬਰਾਉਂਦਾ ਹੈ ਅਤੇ ਉਲਟੀ ਆਉਣ ਨੂੰ ਕਰਦੀ ਹੈ।
ਇਲਾਜ : ਇਸ ਬਿਮਾਰੀ ਤੋਂ ਬਚਣ ਲਈ ਸਾਫ਼-ਸੁਥਰਾ ਪਾਣੀ ਉਬਾਲ ਕੇ, ਠੰਢਾ ਕਰਕੇ ਪੀਓ। ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖੋ। ਪਾਣੀ ਵਿਚ ਕਲੋਰੀਨ ਦੀ ਵਰਤੋਂ ਕਰੋ। ਜਿਨ੍ਹਾਂ ਇਲਾਕਿਆਂ ਵਿਚ ਇਹ ਬਿਮਾਰੀ ਹੋਵੇ, ਕੁਝ ਦੇਰ ਉਸ ਇਲਾਕੇ ਦਾ ਪਾਣੀ ਨਾ ਵਰਤੋ। ਹੈਂਡ ਪੰਪ ਦੁਆਰਾ ਪਾਣੀ ਖਿੱਚਣ ਨਾਲ ਸੀਵਰੇਜ ਦੀਆਂ ਨਾਲੀਆਂ ਦਾ ਪਾਣੀ 'ਤੇ ਜ਼ੋਰ ਪੈਣ ਨਾਲ ਕੀਟਾਣੂ ਤੇ ਗੰਦਾ ਪਾਣੀ ਸਾਫ਼ ਪਾਣੀ ਨਾਲ ਮਿਲ ਜਾਂਦਾ ਹੈ। ਜਦੋਂ ਵੀ ਕਿਸੇ ਨੂੰ ਇਸ ਰੋਗ ਦੇ ਲੱਛਣਾਂ ਬਾਰੇ ਪਤਾ ਲੱਗੇ ਤਾਂ ਉਸ ਤੋਂ ਘਬਰਾਉਣ ਦੀ ਲੋੜ ਨਹੀਂ। ਪੇਟ ਰੋਗਾਂ ਦੇ ਮਾਹਿਰ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਓ।


-ਜਸਵੰਤ ਹਸਪਤਾਲ, ਨਾਲ ਪੈਟਰੋਲ ਪੰਪ,
ਬਸਤੀ ਅੱਡਾ, ਜਲੰਧਰ।

ਸਿਹਤ ਸਾਹਿਤ

ਰੋਗਾਂ ਤੋਂ ਛੁਟਕਾਰਾ
ਲੇਖਕ : ਡਾ: ਹਰਪ੍ਰੀਤ ਸਿੰਘ ਭੰਡਾਰੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ।
ਪੰਨੇ : 112, ਮੁੱਲ : 150 ਰੁਪਏ
ਸੰਪਰਕ : 94174-56573


ਇਹ ਪੁਸਤਕ ਰੋਗਾਂ ਬਾਰੇ ਸਾਧਾਰਨ ਜਾਣਕਾਰੀ ਦੇਣ ਦੇ ਨਾਲ-ਨਾਲ ਵਿਅਕਤੀ ਨੂੰ ਯੋਗ ਅਤੇ ਕੁਦਰਤੀ ਇਲਾਜ ਪ੍ਰਣਾਲੀ ਬਾਰੇ ਸੁਚੇਤ ਕਰਦੀ ਹੈ। ਮਨੁੱਖ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਉਸ ਦੀ ਜੀਵਨ ਸ਼ੈਲੀ ਬਣਦੀ ਹੈ। ਜਦੋਂ ਉਸ ਦੇ ਜੀਵਨ ਵਿਚ ਸਹਿਜ ਅਤੇ ਸੰਤੁਲਨ ਨਹੀਂ ਰਹਿੰਦੇ ਤਾਂ ਉਹ ਅਸਹਿਜ ਅਤੇ ਅਸੰਤੁਲਿਤ ਹੋ ਜਾਂਦਾ ਹੈ। ਇਹੀ ਵਜ੍ਹਾ ਉਸ ਦੀ ਬਿਮਾਰੀ ਦਾ ਕਾਰਨ ਬਣਦੀ ਹੈ। ਮਨੁੱਖ ਦੀ ਵਿਡੰਬਨਾ ਇਹ ਹੈ ਕਿ ਉਹ ਆਪਣੀ ਜੀਵਨ ਸ਼ੈਲੀ ਨੂੰ ਸੁਧਾਰਨ-ਸੰਵਾਰਨ ਦੀ ਬਜਾਏ ਦਵਾਈਆਂ ਦੇ ਸੇਵਨ ਨਾਲ ਸਵਸਥ ਹੋਣ ਦੀ ਕੋਸ਼ਿਸ਼ ਕਰਦਾ ਹੈ। ਦਵਾਈਆਂ (ਖਾਸ ਕਰਕੇ ਅੰਗਰੇਜ਼ੀ) ਉਸ ਦੇ ਰੋਗ ਨੂੰ ਦਬਾਅ ਤਾਂ ਜ਼ਰੂਰ ਦਿੰਦੀਆਂ ਹਨ ਪਰ ਫਿਰ ਇਹ ਰੋਗ ਕਿਸੇ ਹੋਰ ਸੂਰਤ ਵਿਚ ਪ੍ਰਗਟ ਹੋ ਕੇ ਉਸ ਨੂੰ ਪ੍ਰੇਸ਼ਾਨ ਕਰਨ ਲਗਦਾ ਹੈ ਅਤੇ ਇਉਂ ਇਹ ਸਿਲਸਿਲਾ ਚਲਦਾ ਰਹਿੰਦਾ ਹੈ। ਡਾ: ਭੰਡਾਰੀ ਦਾ ਸੁਝਾਅ ਹੈ ਕਿ ਤੰਦਰੁਸਤ ਰਹਿਣ ਲਈ ਮਨੁੱਖ ਨੂੰ ਆਪਣੀ ਕੁਦਰਤੀ ਸ਼ਕਤੀ ਵਿਚ ਵਾਧਾ ਕਰਨਾ ਚਾਹੀਦਾ ਹੈ ਅਤੇ ਦਵਾਈਆਂ ਦੀ ਥਾਂ ਨੇਚਰੋਪੈਥੀ (ਕੁਦਰਤੀ ਇਲਾਜ ਪ੍ਰਣਾਲੀ) ਨੂੰ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਸ ਪੁਸਤਕ ਵਿਚ ਅਜੋਕੇ ਮਨੁੱਖ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਕੁਦਰਤੀ ਜਾਂ ਦੇਸੀ ਇਲਾਜ ਸੁਝਾਏ ਗਏ ਹਨ। ਕੋਲੈਸਟ੍ਰੋਲ, ਜੋੜਾਂ ਦਾ ਦਰਦ, ਔਰਤਾਂ ਦੇ ਰੋਗ, ਯੌਨ ਸਮੱਸਿਆਵਾਂ, ਨੀਂਦ ਨਾ ਆਉਣਾ, ਹੈਪੇਟਾਈਟਿਸ, ਮੂੰਹ ਦੇ ਛਾਲੇ, ਪੇਟ ਦੇ ਰੋਗ, ਸਾਹ ਪ੍ਰਣਾਲੀ ਅਤੇ ਦਿਲ ਦੇ ਰੋਗਾਂ ਸਬੰਧੀ ਇਸ ਪੁਸਤਕ ਵਿਚ ਬੜੀ ਸਟੀਕ ਜਾਣਕਾਰੀ ਅਤੇ ਉਨ੍ਹਾਂ ਦੇ ਇਲਾਜ ਸੁਝਾਏ ਗਏ ਹਨ। ਲੇਖਕ ਦਾ ਵਿਚਾਰ ਹੈ ਕਿ ਐਲੋਪੈਥੀ ਦਾ ਅੰਧਾਧੁੰਦ ਪ੍ਰਯੋਗ ਸਾਡੀ ਸਿਹਤ ਲਈ ਠੀਕ ਨਹੀਂ ਹੈ। ਸਾਨੂੰ ਨੇਚਰੋਪੈਥੀ ਅਤੇ ਯੋਗ ਵਿਰਸੇ ਵਿਚ ਮਿਲੇ ਹੋਏ ਹਨ।
ਲੇਖਕ ਪ੍ਰਾਣਾਯਾਮ ਵੱਲ ਧਿਆਨ ਦਿਵਾਉਂਦਾ ਹੈ। ਇਸ ਆਸਣ ਨਾਲ ਸਾਡੇ ਸਰੀਰ ਨੂੰ ਵੱਧ ਤੋਂ ਵੱਧ ਆਕਸੀਜਨ ਮਿਲਦੀ ਹੈ। ਇਹ ਨਾੜਾਂ ਦੇ ਨਾਲ-ਨਾਲ ਦਿਮਾਗ ਸਬੰਧੀ ਬਹੁਤ ਸਾਰੇ ਰੋਗ ਖ਼ਤਮ ਕਰਨ ਦੀ ਸ਼ਕਤੀ ਰੱਖਦਾ ਹੈ। ਵੱਡੀਆਂ ਇਲਾਇਚੀਆਂ, ਸੁੰਢ, ਸੌਂਫ, ਤੁਲਸੀ, ਕਾਲੀ ਮਿਰਚ, ਨਿੰਬੂ ਦਾ ਰਸ ਅਤੇ ਸੇਂਧਾ ਨਮਕ ਆਦਿ ਘਰ ਦੀ ਰਸੋਈ ਵਿਚ ਵਰਤਣ ਦੀਆਂ ਚੀਜ਼ਾਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਖ਼ਤਮ ਕਰ ਸਕਦੀਆਂ ਹਨ। ਅੰਤ ਵਿਚ ਉਹ ਇਹੀ ਸੁਝਾਅ ਦਿੰਦਾ ਹੈ ਕਿ ਅਜੋਕੀ ਜੀਵਨ ਸ਼ੈਲੀ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ। ਕੁਦਰਤੀ ਇਲਾਜ ਪ੍ਰਣਾਲੀ ਹੋਰ ਪ੍ਰਣਾਲੀਆਂ ਤੋਂ ਅਲੱਗ ਹੈ। ਇਹ ਰੋਗ ਨੂੰ ਦਬਾਉਂਦੀ ਨਹੀਂ, ਬਲਕਿ ਬਾਹਰ ਕੱਢਦੀ ਹੈ। ਇਸ ਕਾਰਨ ਇਸ ਨੂੰ ਅਪਣਾ ਲੈਣਾ ਚਾਹੀਦਾ ਹੈ।


-ਬ੍ਰਹਮਜਗਦੀਸ਼ ਸਿੰਘ

ਤਣਾਅ ਨੂੰ ਆਪਣੇ ਤੋਂ ਦੂਰ ਰੱਖੋ

ਸਾਡੀ ਸਾਰਿਆਂ ਦੀ ਜ਼ਿੰਦਗੀ ਵਿਚ ਕਦੇ-ਕਦੇ ਅਜਿਹੇ ਮੌਕੇ ਆ ਜਾਂਦੇ ਹਨ ਜਦੋਂ ਅਸੀਂ ਆਪਣੇ-ਆਪ ਨੂੰ ਉਦਾਸ ਅਤੇ ਦੁਖੀ ਮਹਿਸੂਸ ਕਰਦੇ ਹਾਂ ਅਤੇ ਕਦੇ-ਕਦੇ ਇਹ ਉਦਾਸੀ ਅਤੇ ਦੁੱਖ ਏਨਾ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ ਕਿ ਅਸੀਂ ਤਣਾਅ ਦੀ ਸਥਿਤੀ ਵਿਚ ਆ ਜਾਂਦੇ ਹਾਂ। ਤਣਾਅ ਕਾਰਨ ਅਸੀਂ ਆਪਣੇ ਕੰਮਾਂ ਨੂੰ ਠੀਕ ਤਰ੍ਹਾਂ ਨਹੀਂ ਕਰ ਸਕਦੇ। ਤਣਾਅ ਸਾਡੇ ਮੂਡ, ਵਿਵਹਾਰ ਅਤੇ ਸੋਚ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹੀ ਨਹੀਂ, ਜ਼ਿਆਦਾ ਤਣਾਅ ਦੇ ਕਾਰਨ ਸਿਰਦਰਦ, ਪਿੱਠਦਰਦ, ਕਮਜ਼ੋਰੀ, ਚਿੜਚਿੜਾਪਨ, ਉਨੀਂਦਰਾ, ਭੁੱਖ ਨਾ ਲੱਗਣਾ ਆਦਿ ਕਈ ਸਮਸਿਆਵਾਂ ਵੀ ਪੇਸ਼ ਆਉਂਦੀਆਂ ਹਨ।
ਗੰਭੀਰ ਤਣਾਅ ਦਾ ਕਾਰਨ ਵਿਅਕਤੀ ਦੀ ਜ਼ਿੰਦਗੀ ਵਿਚ ਬਹੁਤ ਦੁਖਦ ਘਟਨਾ, ਥਾਇਰਾਇਡ ਵਿਕਾਰ ਜਾਂ ਦਿਮਾਗ ਵਿਚ ਰਸਾਇਣਾਂ ਦਾ ਅਸੰਤੁਲਨ ਹੋ ਸਕਦਾ ਹੈ ਪਰ ਹਲਕੇ ਤਣਾਅ ਜਿਸ ਦੀ ਮਾਤਰਾ ਘੱਟ ਹੁੰਦੀ ਹੈ, ਦਾ ਕਾਰਨ ਭੋਜਨ ਵਿਚ ਪੋਸ਼ਕ ਤੱਤਾਂ ਦੀ ਕਮੀ, ਜੰਕ ਫੂਡ ਦਾ ਜ਼ਿਆਦਾ ਸੇਵਨ, ਖੂਨ ਵਿਚ ਸ਼ੱਕਰ ਦੀ ਮਾਤਰਾ ਘੱਟ ਹੋਣਾ, ਘੱਟ ਖੂਨ ਦਾ ਦਬਾਅ, ਤਣਾਅ ਜਾਂ ਖਾਨਦਾਨੀ ਹੁੰਦਾ ਹੈ। ਕਾਰਨ ਜੋ ਮਰਜ਼ੀ ਹੋਵੇ, ਇਹ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਇਸ ਲਈ ਸੁਰੱਖਿਆ ਅਤੇ ਇਲਾਜ ਬਹੁਤ ਜ਼ਰੂਰੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਵਿਅਕਤੀ ਦਾ ਭੋਜਨ ਸਾਡੇ ਸਰੀਰ ਅਤੇ ਦਿਮਾਗ ਦੋਵਾਂ 'ਤੇ ਅਸਰ ਪਾਉਂਦਾ ਹੈ। ਇਸ ਲਈ ਤਣਾਅ ਵਿਚ ਕੁਝ ਗੱਲਾਂ 'ਤੇ ਵਿਸ਼ੇਸ਼ ਧਿਆਨ ਦਿਓ-
* ਅਲਕੋਹਲ ਦਾ ਸੇਵਨ ਨਾ ਕਰੋ, ਕਿਉਂਕਿ ਇਹ ਤਣਾਅ ਦਿੰਦਾ ਹੈ। ਵਿਟਾਮਿਨ ਅਤੇ ਮਿਨਰਲ ਖਾਧ ਪਦਾਰਥਾਂ ਦਾ ਸੇਵਨ ਵੀ ਤਣਾਅ ਤੋਂ ਸੁਰੱਖਿਆ ਦਿੰਦਾ ਹੈ। ਵੱਖ-ਵੱਖ ਖੋਜਾਂ ਨਾਲ ਇਹ ਸਾਹਮਣੇ ਆਇਆ ਹੈ ਕਿ ਥਾਇਮਾਸਨ (ਬੀ1) ਅਤੇ ਰਿਬੋਫਲੇਵਿਨ (ਬੀ2) ਦੀ ਕਮੀ ਤਣਾਅ ਦਾ ਕਾਰਨ ਬਣਦੀ ਹੈ। ਇਹੀ ਨਹੀਂ, ਤਣਾਅ ਤੋਂ ਪੀੜਤ ਕਈ ਰੋਗੀਆਂ ਵਿਚ ਫੋਲਿਕ ਐਸਿਡ ਅਤੇ ਜਿੰਕ ਦੀ ਕਮੀ ਵੀ ਪਾਈ ਗਈ। ਇਸ ਲਈ ਇਨ੍ਹਾਂ ਤੱਤਾਂ ਦੇ ਚੰਗੇ ਸਰੋਤਾਂ ਦਾ ਸੇਵਨ ਕਰੋ।
* ਜੇ ਤੁਸੀਂ ਥੱਕੇ ਹੋਏ ਜਾਂ ਨਰਵਸ ਹੋ ਤਾਂ ਉਸ ਸਮੇਂ ਜ਼ਿਆਦਾ ਜਟਿਲ ਕਾਰਬੋਹਾਈਡ੍ਰੇਟ ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰੋ। ਇਸ ਨਾਲ ਤੁਸੀਂ ਬਹੁਤ ਆਰਾਮ ਮਹਿਸੂਸ ਕਰੋਗੇ। ਜਟਿਲ ਕਾਰਬੋਹਾਈਡ੍ਰੇਟ ਦੇ ਚੰਗੇ ਸਰੋਤ ਹਨ ਦਾਲਾਂ, ਆਲੂ, ਇਡਲੀ, ਸ਼ਕਰਕੰਦੀ, ਪਾਸਤਾ ਆਦਿ।
* ਬਹੁਤ ਜ਼ਿਆਦਾ ਤਲੇ ਹੋਏ ਭੋਜਨ ਦਾ ਸੇਵਨ ਘੱਟ ਕਰੋ, ਕਿਉਂਕਿ ਇਨ੍ਹਾਂ ਦੀ ਪਾਚਣ ਪ੍ਰਕਿਰਿਆ ਹੌਲੀ ਹੁੰਦੀ ਹੈ ਅਤੇ ਇਹ ਹੋਰ ਖਾਧ ਪਦਾਰਥਾਂ ਦੇ ਪਚਣ ਵਿਚ ਵੀ ਰੁਕਾਵਟ ਪਾਉਂਦੇ ਹਨ। ਇਸ ਕਾਰਨ ਕਰਕੇ ਮਾਨਸਿਕ ਚੁਸਤੀ ਦੀ ਕਮੀ ਵੀ ਹੋ ਸਕਦੀ ਹੈ।
* ਕਣਕ ਅਤੇ ਕਣਕ ਤੋਂ ਬਣੇ ਹੋਰ ਖਾਧ ਪਦਾਰਥਾਂ ਦਾ ਸੇਵਨ ਘੱਟ ਕਰੋ। ਇਸ ਵਿਚ ਪਾਇਆ ਜਾਣ ਵਾਲਾ ਗਲੂਟੇਨ ਵੀ ਤਣਾਅ ਦਾ ਕਾਰਨ ਬਣਦਾ ਹੈ।
* ਕਸਰਤ ਤਾਂ ਤਣਾਅ ਵਿਚ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਕਸਰਤ ਦੌਰਾਨ ਸਾਡੇ ਦਿਮਾਗ ਵਿਚ ਇੰਡਾਫਰਿਨ ਪੈਦਾ ਹੁੰਦਾ ਹੈ ਜੋ ਤਣਾਅ ਦੂਰ ਭਜਾਉਂਦਾ ਹੈ। ਇਸ ਤੋਂ ਇਲਾਵਾ ਸੂਰਜ ਦੀ ਰੌਸ਼ਨੀ ਨਾਲ ਸਰੀਰ ਦੁਆਰਾ ਮੇਲਾਟੋਨਿਨ ਨਾਮਕ ਇਕ ਹਾਰਮੋਨ ਜ਼ਿਆਦਾ ਪੈਦਾ ਹੁੰਦਾ ਹੈ। ਇਹ ਮੇਲਾਟੋਨਿਨ ਹਾਰਮੋਨ ਤਣਾਅ ਨੂੰ ਘੱਟ ਕਰਨ ਵਿਚ ਸਹਾਇਕ ਮੰਨਿਆ ਜਾਂਦਾ ਹੈ।
* ਇਸ ਤੋਂ ਇਲਾਵਾ ਲੋੜੀਂਦਾ ਆਰਾਮ ਅਤੇ ਆਸ਼ਾਵਾਦੀ ਹੋਣਾ ਤਣਾਅ ਨਾਲ ਲੜਨ ਵਿਚ ਸਹਾਇਤਾ ਦਿੰਦੇ ਹਨ। ਆਸ਼ਾਵਾਦੀ ਨਜ਼ਰੀਆ ਵਿਅਕਤੀ ਨੂੰ ਖੁਸ਼ ਅਤੇ ਤੰਦਰੁਸਤ ਰੱਖਦਾ ਹੈ, ਇਸ ਲਈ ਆਸ਼ਾਵਾਦੀ ਬਣੋ।
* ਕਈ ਲੋਕ ਜੋ ਉਦਾਸੀ ਦਾ ਸ਼ਿਕਾਰ ਹੁੰਦੇ ਹੋ, ਉਹ ਕੁਝ ਮਿੱਠਾ ਖਾਣ ਤੋਂ ਬਾਅਦ ਚੰਗਾ ਮਹਿਸੂਸ ਕਰਦੇ ਹਨ।

ਪੇਟ ਫੁੱਲਣਾ (ਬਲੋਟਿੰਗ) : ਇਕ ਆਮ ਸਮੱਸਿਆ

ਕਾਰਨ : * ਕਬਜ਼, ਭੋਜਨ ਤੋਂ ਅਲਰਜੀ ਆਦਿ ਕਾਰਨਾਂ ਨਾਲ ਪੇਟ ਫੁੱਲ ਜਾਂਦਾ ਹੈ। ਅਜਿਹੇ ਵਿਚ ਪਖਾਨਾ ਵੱਡੇ ਅੰਤੜੀ ਵਿਚ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਬਲੋਟਿੰਗ ਅਤੇ ਬੇਚੈਨੀ ਦੀ ਸਮੱਸਿਆ ਹੋਣ ਲਗਦੀ ਹੈ। ਇਸ ਸਥਿਤੀ ਵਿਚ ਪੇਟ ਵਿਚ ਜ਼ਿਆਦਾ ਗੈਸ ਇਕੱਠੀ ਹੋ ਜਾਂਦੀ ਹੈ।
* ਦੂਜਾ ਕਾਰਨ ਖਾਣ-ਪੀਣ ਦੀਆਂ ਗ਼ਲਤ ਆਦਤਾਂ ਨਾਲ ਇਹ ਸਮੱਸਿਆ ਹੁੰਦੀ ਹੈ। ਜੋ ਲੋਕ ਸਾਫਟ ਡ੍ਰਿੰਕਸ, ਚਾਹ-ਕੌਫੀ ਦਾ ਜ਼ਿਆਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਜ਼ਿਆਦਾ ਨਮਕ ਅਤੇ ਮਿੱਠਾ ਖਾਣ ਨਾਲ ਵੀ ਸਮੱਸਿਆ ਹੁੰਦੀ ਹੈ। ਵਾਟਰ ਰਿਟੇਂਯਸ਼ਨ ਅਤੇ ਹਾਰਮੋਨ ਸਬੰਧੀ ਬਦਲਾਅ ਵੀ ਇਸ ਸਮੱਸਿਆ ਦਾ ਕਾਰਨ ਹੈ।
ਕੀ ਕਰੀਏ? : ਪੇਟ ਦੀ ਮਾਲਿਸ਼ ਕਰੋ : ਪੇਟ ਦੀ ਮਾਲਿਸ਼ ਨਾਲ ਅੰਤੜੀਆਂ ਵਿਚ ਸਰਗਰਮੀ ਵਧਦੀ ਹੈ। ਅਜਿਹਾ ਕਰਨ ਨਾਲ ਵੱਡੀ ਅੰਤੜੀ ਨੂੰ ਰਾਹਤ ਮਿਲਦੀ ਹੈ। ਮਾਲਿਸ਼ ਹਲਕੇ ਹੱਥਾਂ ਨਾਲ ਦਬਾਅ ਦਿੰਦੇ ਹੋਏ ਕਰੋ। ਸੱਜੇ ਪੱਟ ਦੀ ਹੱਡੀ ਦੇ ਠੀਕ ਉੱਪਰ ਹੱਥ ਰੱਖ ਕੇ ਹਲਕਾ ਦਬਾਅ ਦਿੰਦੇ ਹੋਏ ਗੋਲ-ਗੋਲ ਘੁਮਾਓ।
ਥੋੜ੍ਹਾ ਟਹਿਲੋ : ਗੈਸ ਦੀ ਸਮੱਸਿਆ ਹੋਣ 'ਤੇ ਥੋੜ੍ਹਾ ਟਹਿਲੋ ਤਾਂ ਕਿ ਚੱਲਣ ਨਾਲ ਅੰਤੜੀਆਂ 'ਤੇ ਅਸਰ ਪਵੇ ਅਤੇ ਉਹ ਕਿਰਿਆਸ਼ੀਲ ਹੋ ਸਕਣ। ਗੈਸ ਵਿਚ ਤੁਰੰਤ ਆਰਾਮ ਮਿਲੇਗਾ। ਬਹੁਤੇ ਲੋਕ ਗਤੀਹੀਣ ਜੀਵਨ ਸ਼ੈਲੀ ਬਿਤਾਉਂਦੇ ਹਨ। ਗਤੀਸ਼ੀਲ ਰਹਿ ਕੇ ਤੁਸੀਂ ਆਪਣੀਆਂ ਅੰਤੜੀਆਂ ਨੂੰ ਵੀ ਗਤੀਸ਼ੀਲ ਕਰ ਸਕਦੇ ਹੋ ਅਤੇ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਕਸਰਤ ਅਤੇ ਯੋਗ ਆਸਣ ਕਰੋ : ਨਿਯਮਤ ਰੂਪ ਨਾਲ ਕਸਰਤ ਤੁਹਾਨੂੰ ਗਤੀਸ਼ੀਲ ਰੱਖਦੀ ਹੈ। ਅਜਿਹੇ ਲੋਕ ਬਲੋਟਿੰਗ ਦਾ ਸ਼ਿਕਾਰ ਘੱਟ ਹੁੰਦੇ ਹਨ। ਕੁਝ ਅਜਿਹੇ ਯੋਗ ਆਸਣ ਹਨ ਜੋ ਪੇਟ ਦੀਆਂ ਮਾਸਪੇਸ਼ੀਆਂ 'ਤੇ ਦਬਾਅ ਪਾਉਂਦੇ ਹਨ, ਜਿਸ ਨਾਲ ਵਾਧੂ ਗੈਸ ਅਸਾਨੀ ਨਾਲ ਬਾਹਰ ਨਿਕਲਦੀ ਹੈ ਅਤੇ ਪੇਟ ਵਿਚ ਹਲਕਾਪਨ ਮਹਿਸੂਸ ਹੁੰਦਾ ਹੈ। ਨਿਯਮਤ ਕਸਰਤ ਅਤੇ ਯੋਗ ਆਸਣ ਕਰਨ ਨਾਲ ਤੁਸੀਂ ਇਸ ਸਮੱਸਿਆ 'ਤੇ ਕਾਬੂ ਪਾ ਸਕਦੇ ਹੋ।
ਗਰਮ ਪਾਣੀ ਨਾਲ ਨਹਾਓ : ਕੋਸੇ ਪਾਣੀ ਨਾਲ ਇਸ਼ਨਾਨ ਕਰਨ 'ਤੇ ਸਰੀਰ ਨੂੰ ਰਾਹਤ ਮਿਲਦੀ ਹੈ ਅਤੇ ਤਣਾਅ ਵੀ ਘੱਟ ਹੁੰਦਾ ਹੈ।
ਨਿਯਮਿਤ ਸਮੇਂ 'ਤੇ ਖਾਓ : ਖਾਣਾ ਨਿਯਮਿਤ ਸਮੇਂ 'ਤੇ ਸੀਮਤ ਮਾਤਰਾ ਵਿਚ ਖਾਓ। ਜ਼ਿਆਦਾ ਖਾਣਾ ਖਾਣ 'ਤੇ ਵੀ ਪੇਟ ਫੁੱਲਦਾ ਹੈ, ਕਿਉਂਕਿ ਸਾਡੇ ਪਾਚਣ ਤੰਤਰ 'ਤੇ ਜ਼ਿਆਦਾ ਭਾਰ ਪੈਂਦਾ ਹੈ। ਛੇਤੀ-ਛੇਤੀ ਖਾਣ ਨਾਲ, ਸਟ੍ਰਾ ਨਾਲ ਪਾਣੀ ਪੀਣ ਨਾਲ ਵੀ ਪੇਟ ਫੁੱਲਦਾ ਹੈ। ਨਿਯਮਿਤ ਫਰਕ 'ਤੇ ਆਰਾਮ ਨਾਲ ਖਾਣਾ ਖਾਓ, ਚਬਾ-ਚਬਾ ਕੇ ਖਾਓ। ਖਾਣੇ ਵਿਚ ਪਾਣੀ ਨਾ ਪੀਓ।
ਨਾਸ਼ਤੇ ਵਿਚ ਫਾਈਬਰ ਦੀ ਮਾਤਰਾ ਵਧਾਓ : ਮਰਦਾਂ ਨੂੰ ਰੋਜ਼ਾਨਾ 35 ਗ੍ਰਾਮ ਫਾਈਬਰ ਅਤੇ ਔਰਤਾਂ ਨੂੰ 25 ਗ੍ਰਾਮ ਫਾਈਬਰ ਦੀ ਲੋੜ ਹੁੰਦੀ ਹੈ। ਨਾਸ਼ਤੇ ਵਿਚ ਫਾਈਬਰ ਵਾਲੇ ਖਾਧ ਪਦਾਰਥ ਲਓ ਜਿਵੇਂ ਦਲੀਆ, ਓਟਸ, ਦੁੱਧ, ਸਬਜ਼ੀਆਂ ਨਾਲ ਭਰੀ ਚਪਾਤੀ, ਸਬਜ਼ੀਆਂ ਵਾਲਾ ਸੈਂਡਵਿਚ, ਸੇਬ, ਕੇਲਾ, ਸਪਰਾਊਟਸ ਆਦਿ ਲਓ। ਅਜਿਹਾ ਕਰਨ ਨਾਲ ਪੇਟ ਨਿਯਮਿਤ ਸਾਫ਼ ਹੋਵੇਗਾ ਅਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਲੋੜ ਤੋਂ ਜ਼ਿਆਦਾ ਫਾਈਬਰ ਵੀ ਪੇਟ 'ਤੇ ਨਕਾਰਾਤਮਕ ਅਸਰ ਪਾਉਂਦਾ ਹੈ, ਇਸ ਲਈ ਸੀਮਤ ਮਾਤਰਾ ਵਿਚ ਫਾਈਬਰ ਲਓ ਅਤੇ ਹੌਲੀ-ਹੌਲੀ ਮਾਤਰਾ ਵਧਾਓ, ਤਾਂ ਕਿ ਪੇਟ ਉਸ ਨੂੰ ਅਡਜਸਟ ਕਰ ਸਕੇ।
ਇਸ ਤੋਂ ਇਲਾਵਾ ਦਹੀਂ ਦਾ ਸੇਵਨ ਕਰੋ। ਦਹੀਂ ਵਿਚ ਗੁੜ ਪ੍ਰੋਬਾਇਓਟਿਕਸ ਹੁੰਦੇ ਹਨ, ਜੋ ਪੇਟ ਨੂੰ ਸ਼ਾਂਤ ਰੱਖਦੇ ਹਨ। ਪ੍ਰੋਬਾਇਓਟਿਕਸ ਦੇ ਸੇਵਨ ਨਾਲ ਪੇਟ ਵਿਚ ਗੈਸ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਕਾਬੂ ਕਰਨ ਵਿਚ ਮਦਦ ਮਿਲਦੀ ਹੈ।
ਸੋਢਾ ਅਤੇ ਕਾਰਬੋਨੇਟਿਡ ਡ੍ਰਿੰਕਸ ਪੇਟ ਵਿਚ ਗੈਸ ਜ਼ਿਆਦਾ ਬਣਾਉਂਦੇ ਹਨ। ਇਨ੍ਹਾਂ ਦਾ ਸੇਵਨ ਨਾ ਕਰੋ। ਇਨ੍ਹਾਂ ਵਿਚ ਮੌਜੂਦ ਆਰਟੀਫਿਸ਼ਿਅਲ ਸਵੀਟਨਰ ਪੇਟ ਨੂੰ ਫੁਲਾਉਂਦੇ ਹਨ। ਚਿਉਂਗਮ ਦਾ ਸੇਵਨ ਕਰਨ ਨਾਲ ਵੀ ਪੇਟ ਫੁੱਲਦਾ ਹੈ ਅਤੇ ਗੈਸ ਦੀ ਸਮੱਸਿਆ ਹੁੰਦੀ ਹੈ, ਕਿਉਂਕਿ ਉਸ ਵਿਚ ਮੌਜੂਦ ਸ਼ੱਕਰ ਨੁਕਸਾਨ ਪਹੁੰਚਾਉਂਦੀ ਹੈ ਅਤੇ ਉਸ ਨੂੰ ਚਬਾਉਂਦੇ-ਚਬਾਉਂਦੇ ਹਵਾ ਵੀ ਪੇਟ ਵਿਚ ਜਾਂਦੀ ਹੈ, ਜਿਸ ਨਾਲ ਪੇਟ ਫੁੱਲਣ ਦੀ ਸਮੱਸਿਆ ਹੁੰਦੀ ਹੈ। ਨਮਕ ਦਾ ਜ਼ਿਆਦਾ ਸੇਵਨ ਵੀ ਸਰੀਰ ਵਿਚ ਵਾਟਰ ਰਿਟੇਂਸ਼ਨ ਕਰਦਾ ਹੈ, ਜਿਸ ਨਾਲ ਪੇਟ ਅਤੇ ਸਰੀਰ ਦੇ ਹੋਰ ਹਿੱਸੇ ਫੁੱਲ ਜਾਂਦੇ ਹਨ। ਨਮਕ ਦਾ ਸੇਵਨ ਵੀ ਘੱਟ ਕਰੋ। ਕੁਝ ਦਵਾਈਆਂ ਵੀ ਕਬਜ਼ ਕਰਦੀਆਂ ਹਨ। ਡਾਕਟਰ ਨਾਲ ਸੰਪਰਕ ਕਰਕੇ ਦੱਸੋ ਕਿ ਇਨ੍ਹਾਂ ਦਵਾਈਆਂ ਨਾਲ ਉਨ੍ਹਾਂ ਨੂੰ ਕੀ ਨੁਕਸਾਨ ਹੋ ਰਿਹਾ ਹੈ।

ਜਦੋਂ ਤੱਕ ਹੈ ਪਾਣੀ, ਉਦੋਂ ਤੱਕ ਜ਼ਿੰਦਗਾਨੀ

ਗਰਮੀ ਆਉਂਦੇ ਹੀ ਸਾਡੇ ਸਰੀਰ ਵਿਚ ਪਾਣੀ ਦੀ ਰੋਜ਼ਾਨਾ ਖ਼ਪਤ ਵਧ ਜਾਂਦੀ ਹੈ। ਸਰੀਰ ਦਾ ਤਾਪ ਕਾਬੂ ਅਤੇ ਕਾਰਜ ਪ੍ਰਣਾਲੀਆਂ ਸੁਚਾਰੂ ਰੂਪ ਨਾਲ ਚੱਲਣ ਲਈ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਮਾਤਰਾ ਵਿਚ ਪਾਣੀ ਖਰਚ ਕਰਨ ਲਗਦੀਆਂ ਹਨ। ਜੇ ਅਜਿਹੇ ਸਮੇਂ ਵਿਚ ਵਧੀ ਲੋੜ ਅਨੁਸਾਰ ਪਾਣੀ ਨਾ ਪੀਤਾ ਜਾਵੇ ਤਾਂ ਸਾਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੇ ਸਰੀਰ ਵਿਚ ਪਾਣੀ ਦੀ ਪੱਧਰ ਪੂਰੀ ਰਹੇਗੀ ਤਾਂ ਅਜਿਹੀਆਂ ਪ੍ਰੇਸ਼ਾਨੀਆਂ ਨਹੀਂ ਹੋਣਗੀਆਂ। ਚਮੜੀ ਵਿਚ ਨਿਖਾਰ ਆਵੇਗਾ। ਰੋਗ ਪ੍ਰਤੀਰੋਧਕ ਸਮਰੱਥਾ ਵਧੇਗੀ। ਊਰਜਾਵਾਨ ਮਹਿਸੂਸ ਕਰੋਗੇ। ਗਰਮੀ ਦੌਰਾਨ ਪਸੀਨੇ ਰਾਹੀਂ ਸਰੀਰ ਵਿਚੋਂ ਸੋਡੀਅਮ ਕਲੋਰਾਈਡ ਅਤੇ ਪੋਟਾਸ਼ੀਅਮ ਬਾਹਰ ਨਿਕਲ ਜਾਂਦੇ ਹਨ। ਇਸ ਦੀ ਭਰਪਾਈ ਪਰੰਪਰਾਗਤ ਘਰੇਲੂ ਪੀਣ ਵਾਲੇ ਪਦਾਰਥ ਵਧੀਆ ਕਰਦੇ ਹਨ ਜਦੋਂ ਚਾਹ, ਕੌਫੀ, ਕੋਕੋ, ਕੈਫੀਨ, ਕੋਲਡ ਡਰਿੰਕ ਜਾਂ ਅਨਰਜੀ ਡਰਿੰਕਸ, ਮਦਿਰਾ ਲੈਣ 'ਤੇ ਉਬਕਾਈ ਆਵੇਗੀ ਅਤੇ ਸਰੀਰ ਨੂੰ ਝਟਕੇ ਲੱਗਣਗੇ।
ਪਾਣੀ ਦਾ ਲਾਭ
* ਝੁਰੜੀਆਂ ਮਿਟਾਉਣੀਆਂ ਹੋਣ ਤਾਂ ਖੂਬ ਪਾਣੀ ਪੀਓ। ਇਸ ਨਾਲ ਚਮੜੀ ਦਾਗ-ਧੱਬਿਆਂ ਤੋਂ ਰਹਿਤ ਅਤੇ ਜਵਾਨ, ਖਿੜੀ-ਖਿੜੀ ਰਹੇਗੀ। ਇਹ ਐਂਟੀ-ਏਜਿੰਗ ਦਾ ਕੰਮ ਕਰਦਾ ਹੈ। ਇਸ ਨਾਲ ਚਮੜੀ ਲਚਕੀਲੀ ਰਹਿੰਦੀ ਹੈ।
* ਪਾਣੀ ਨਾਲ ਮਨਚਾਹਿਆ ਫਿੱਗਰ ਪਾਇਆ ਜਾ ਸਕਦਾ ਹੈ। ਇਹ ਚਰਬੀ ਦਾ ਅਵਸ਼ੋਸ਼ਣ ਕਰਦਾ ਹੈ।
* ਸਿਰਦਰਦ ਦੇ ਸਤਾਉਣ 'ਤੇ ਪਾਣੀ ਲਾਭ ਦਿੰਦਾ ਹੈ। ਲਗਪਗ 90 ਫੀਸਦੀ ਸਿਰਦਰਦ ਨਿਰਜਲੀਕਰਨ ਦੇ ਕਾਰਨ ਹੁੰਦੇ ਹਨ।
* ਥਕਾਨ ਹੋਣ 'ਤੇ ਪਾਣੀ ਰਾਹਤ ਦਿੰਦਾ ਹੈ। ਹੱਥ-ਮੂੰਹ ਧੋ ਕੇ ਪਾਣੀ ਪੀਣ ਨਾਲ ਤਾਜ਼ਗੀ ਮਿਲਦੀ ਹੈ। ਪਾਣੀ ਦੀ ਕਮੀ ਨਾਲ ਪਾਚਣ ਤੰਤਰ ਸੁਚਾਰੂ ਰੂਪ ਨਾਲ ਕੰਮ ਨਹੀਂ ਕਰਦਾ ਅਤੇ ਥਕਾਨ ਛੇਤੀ ਹੋਣ ਲਗਦੀ ਹੈ।
* ਮਲੇਰੀਆ ਦੀ ਹਾਲਤ ਵਿਚ ਠੰਢ ਲੱਗਣ 'ਤੇ ਕੋਸਾ ਪਾਣੀ ਪੀਣਾ ਲਾਭਦਾਇਕ ਹੁੰਦਾ ਹੈ।
* ਬੁਖਾਰ ਪੀੜਤ ਰੋਗੀ ਪਸੀਨਾ ਕੱਢਣ ਲਈ ਗਰਮ ਪਾਣੀ ਲੈਣ। ਇਸ ਨਾਲ ਲਾਭ ਮਿਲਦਾ ਹੈ।
* ਜ਼ੁਕਾਮ ਦੀ ਸਥਿਤੀ ਵਿਚ ਨਿੰਬੂ ਪਾਣੀ ਨਾਲ ਲਾਭ ਮਿਲਦਾ ਹੈ।
* ਪਾਣੀ ਪੱਥਰੀ ਨੂੰ ਕੱਢਦਾ ਹੈ ਅਤੇ ਪੱਥਰੀ ਹੋਣ ਤੋਂ ਰੋਕਦਾ ਹੈ।
* ਪਾਣੀ ਭਾਰ ਅਤੇ ਮੋਟਾਪਾ ਘਟਾਉਂਦਾ ਹੈ। ਇਹ ਖੂਨ ਦਾ ਦਬਾਅ, ਕੋਲੈਸਟ੍ਰੋਲ ਅਤੇ ਸ਼ੂਗਰ ਨੂੰ ਆਮ ਕਰਦਾ ਹੈ।
* ਇਹ ਦਿਲ, ਦਿਮਾਗ, ਚਮੜੀ, ਗੁਰਦਾ, ਕਾਇਆ, ਭਾਰ, ਪੇਟ ਮਾਸਪੇਸ਼ੀਆਂ, ਸਰੀਰ ਦਾ ਤਾਪਮਾਨ ਸਭ ਨੂੰ ਦਰੁਸਤ ਰੱਖਦਾ ਹੈ ਅਤੇ ਊਰਜਾਵਾਨ ਬਣਾਉਂਦਾ ਹੈ।


-ਸੀਤੇਸ਼ ਕੁਮਾਰ ਦਿਵੇਦੀ

ਚੰਗੀ ਯਾਦਾਸ਼ਤ ਲਈ ਚੰਗਾ ਖਾਣਾ ਚਾਹੀਦਾ

ਤੇਜ਼ ਦਿਮਾਗ ਅਤੇ ਚੰਗੀ ਯਾਦਾਸ਼ਤ ਸਾਡੀ ਸਫਲਤਾ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਅਜਿਹਾ ਨਹੀਂ ਹੈ ਕਿ ਇਹ ਸਭ ਸਾਨੂੰ ਜਨਮ ਤੋਂ ਹੀ ਮਿਲਦਾ ਹੈ। ਇਸ ਦੇ ਲਈ ਸਾਨੂੰ ਲਗਾਤਾਰ ਅਭਿਆਸ ਕਰਨ ਦੀ ਵੀ ਲੋੜ ਹੁੰਦੀ ਹੈ। ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਅਸੀਂ ਜੇ ਆਪਣੇ ਖਾਣੇ ਵਿਚ ਸ਼ਾਮਿਲ ਕਰੀਏ ਤਾਂ ਇਹ ਯਾਦਾਸ਼ਤ ਨੂੰ ਬਿਹਤਰ ਕਰਨ ਵਿਚ ਸਾਡੀ ਮਦਦ ਕਰਦੇ ਹਨ। ਦਿਮਾਗ ਨੂੰ ਤੇਜ਼ ਅਤੇ ਮਜ਼ਬੂਤ ਬਣਾਉਣ ਲਈ ਕੁਝ ਖਾਸ ਤਰ੍ਹਾਂ ਦੀ ਖੁਰਾਕ ਨਾਲ ਫਾਇਦਾ ਹੁੰਦਾ ਹੈ। ਦੇਖੋ ਕਿ ਆਪਣੇ ਖਾਣ-ਪੀਣ ਵਿਚ ਅਜਿਹਾ ਕੀ ਸ਼ਾਮਿਲ ਕਰੀਏ, ਜੋ ਤੁਹਾਡੀ ਯਾਦਾਸ਼ਤ ਨੂੰ ਸੁਧਾਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਸੋਇਆਬੀਨ ਦਾ ਆਟਾ ਖੁਰਾਕ ਵਿਚ ਸ਼ਾਮਿਲ ਕਰਨ ਨਾਲ ਯਾਦਾਸ਼ਤ ਸਬੰਧੀ ਸਮੱਸਿਆਵਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਲਾਫਬੋਰੋ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਅਧਿਐਨ ਵਿਚ ਪਾਇਆ ਕਿ ਸੋਇਆ ਤੋਂ ਬਣਿਆ ਆਟਾ ਡਿਮੇਂਸ਼ਿਆ ਵਰਗੇ ਰੋਗਾਂ ਤੋਂ ਬਚਾਅ ਕਰਦਾ ਹੈ ਅਤੇ ਦਿਮਾਗ ਦੀ ਸਿਹਤ ਨੂੰ ਦਰੁਸਤ ਰੱਖਦਾ ਹੈ। ਸੋਇਆ ਆਟੇ ਵਿਚ ਫਾਇਟੋਸਟ੍ਰੋਜੇਨ ਨਾਂਅ ਦਾ ਹਾਰਮੋਨ ਅਤੇ ਵਿਟਾਮਿਨ ਬੀ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਦਿਮਾਗ ਲਈ ਫਾਇਦੇਮੰਦ ਹੁੰਦਾ ਹੈ। ਯਾਦਾਸ਼ਤ ਚੰਗੀ ਕਰਦਾ ਹੈ।
ਪਾਲਕ, ਬ੍ਰੋਕਲੀ, ਗਾਜਰ ਅਤੇ ਬੰਦਗੋਭੀ ਆਦਿ ਤੋਂ ਬਣਿਆ ਹਰਾ ਸਲਾਦ ਦਿਮਾਗ ਨੂੰ ਤੇਜ਼ ਕਰਦਾ ਹੈ। ਸਲਾਦ ਵਿਚ ਵਰਤੀ ਜਾਣ ਵਾਲੀ ਇਸ ਫਾਈਬਰ ਯੁਕਤ ਸਮੱਗਰੀ ਵਿਚ ਵਿਟਾਮਿਨ 'ਸੀ' ਅਤੇ ਵਿਟਾਮਿਨ 'ਈ' ਦਿਮਾਗ ਨੂੰ ਮਜ਼ਬੂਤ ਅਤੇ ਤੇਜ਼ ਬਣਾਉਂਦੇ ਹਨ। ਤੁਸੀਂ ਚਾਹੋ ਤਾਂ ਇਨ੍ਹਾਂ ਦਾ ਸੂਪ ਵੀ ਬਣਾ ਸਕਦੇ ਹੋ।
ਬਦਾਮ ਯਾਦਾਸ਼ਤ ਤੇਜ਼ ਕਰਨ ਦਾ ਦਾਦੀ ਮਾਂ ਦਾ ਮਸ਼ਹੂਰ ਨੁਸਖਾ ਹੁੰਦਾ ਹੈ। ਬਦਾਮ ਵਿਚ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿਚ ਹੁੰਦੇ ਹਨ ਅਤੇ ਇਹ ਓਮੇਗਾ-3 ਫੈਟੀ ਐਸਿਡ ਦਾ ਵੀ ਚੰਗਾ ਸਰੋਤ ਹੁੰਦਾ ਹੈ। ਸੰਤੁਲਤ ਮਾਤਰਾ ਵਿਚ ਨਿਯਮਤ ਰੂਪ ਨਾਲ ਬਦਾਮ ਦਾ ਸੇਵਨ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ।
ਕਣਕ, ਜੌਂ, ਓਟਸ ਆਦਿ ਅਨਾਜ ਦੇ ਨਿਯਮਤ ਸੇਵਨ ਨਾਲ ਵੀ ਦਿਮਾਗ ਤੇਜ਼ ਹੁੰਦਾ ਹੈ। ਇਨ੍ਹਾਂ ਵਿਚ ਮੌਜੂਦ ਗੁਲੂਕੋਜ਼ ਦਿਮਾਗ ਦੀ ਕਾਰਜ ਸਮਰੱਥਾ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਰੋਜ਼ਾਨਾ 100 ਗ੍ਰਾਮ ਕਾਰਬੋਹਾਈਡ੍ਰੇਟ ਯੁਕਤ ਭੋਜਨ ਕਰਨ ਨਾਲ ਦਿਮਾਗ ਤੇਜ਼ ਕੰਮ ਕਰਦਾ ਹੈ।
ਦਹੀਂ ਵਿਚ ਅਮੀਨੋ ਐਸਿਡ ਹੁੰਦਾ ਹੈ, ਜੋ ਨਾ ਸਿਰਫ ਯਾਦਾਸ਼ਤ ਨੂੰ ਤੇਜ਼ ਕਰਦਾ ਹੈ, ਸਗੋਂ ਤਣਾਅ ਤੋਂ ਰਾਹਤ ਦਿਵਾਉਣ ਵਿਚ ਵੀ ਸਹਾਇਤਾ ਕਰਦਾ ਹੈ। ਤੁਸੀਂ ਚਾਹੋ ਤਾਂ ਇਸ ਵਿਚ ਆਪਣੀ ਪਸੰਦ ਦੇ ਫਲ ਮਿਲਾ ਕੇ ਇਸ ਨੂੰ ਇਕ ਲਜ਼ੀਜ਼ ਅਤੇ ਸਿਹਤ ਨਾਲ ਭਰਪੂਰ ਨਾਸ਼ਤੇ ਦੇ ਰੂਪ ਵਿਚ ਵੀ ਰੋਜ਼ਾਨਾ ਲੈ ਸਕਦੇ ਹੋ।
ਜਾਮਣ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਵਿਟਾਮਿਨ 'ਈ' ਵੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜਿਸ ਨਾਲ ਵਧਦੀ ਉਮਰ ਦੇ ਨਾਲ-ਨਾਲ ਹੋਣ ਵਾਲੀਆਂ ਮਾਨਸਿਕ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ। ਨਾਲ ਹੀ ਇਸ ਦਾ ਨਿਯਮਤ ਸੇਵਨ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਣ ਵਿਚ ਮਦਦਗਾਰ ਸਾਬਤ ਹੁੰਦਾ ਹੈ।

ਜਾਨ ਵੀ ਲੈ ਸਕਦਾ ਹੈ ਨਿਮੋਨੀਆ

ਨਿਮੋਨੀਆ ਬੈਕਟੀਰੀਆ ਰਾਹੀਂ ਫੈਲਣ ਵਾਲੀ ਅਜਿਹੀ ਬਿਮਾਰੀ ਹੈ, ਜਿਸ ਵਿਚ ਇਲਾਜ ਵਿਚ ਦੇਰੀ ਹੋਣ 'ਤੇ ਪੀੜਤ ਦੀ ਮੌਤ ਤੱਕ ਹੋ ਸਕਦੀ ਹੈ। ਵੈਸੇ ਆਪਣੇ ਇਥੇ ਬੱਚੇ ਇਸ ਦੀ ਪਕੜ ਵਿਚ ਜ਼ਿਆਦਾ ਆਉਂਦੇ ਹਨ। ਭਾਰਤ ਦੇ ਨਿਮੋਨੀਆ ਪੀੜਤਾਂ ਵਿਚ 50 ਫੀਸਦੀ ਬੱਚੇ ਹੁੰਦੇ ਹਨ, ਜੋ 5 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ। ਨਿਮੋਨੀਆ ਨੂੰ ਬੱਚਿਆਂ ਦਾ ਕਾਤਲ ਵੀ ਕਿਹਾ ਜਾਂਦਾ ਹੈ।
ਆਪਣੇ ਇਥੇ ਬੱਚਿਆਂ ਦੀ ਮੌਤ ਦਰ ਦੁਨੀਆ ਵਿਚ ਸਭ ਤੋਂ ਵੱਧ ਹੈ। ਨਿਮੋਨੀਆ ਇਨ੍ਹਾਂ ਦੀਆਂ ਮੌਤਾਂ ਦੇ ਪਿੱਛੇ ਮੁੱਖ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਭਾਰਤ ਵਿਚ ਹਰ ਸਾਲ 20 ਲੱਖ ਤੋਂ ਜ਼ਿਆਦਾ ਬੱਚੇ ਮੌਤ ਦੇ ਸ਼ਿਕਾਰ ਹੁੰਦੇ ਹਨ। ਇਨ੍ਹਾਂ ਵਿਚੋਂ 5 ਲੱਖ ਲਗਪਗ ਅਜਿਹੇ ਬੱਚੇ ਹੁੰਦੇ ਹਨ, ਜਿਨ੍ਹਾਂ ਦੀ ਮੌਤ ਨਿਮੋਨੀਆ ਵਰਗੀ ਬਿਮਾਰੀ ਦੇ ਕਾਰਨ ਹੁੰਦੀ ਹੈ।
ਨਿਮੋਨੀਆ ਕੀ ਹੈ : ਇਹ ਬੈਕਟੀਰੀਆ ਰਾਹੀਂ ਫੈਲਣ ਵਾਲੀ ਇਕ ਬਿਮਾਰੀ ਹੈ। ਇਹ ਬਿਮਾਰੀ ਜ਼ਿਆਦਾਤਰ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਫੇਫੜਿਆਂ ਵਿਚ ਸੰਕ੍ਰਮਣ, ਕਫ, ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ। ਇਹ ਬਿਮਾਰੀ ਇਕ ਤੋਂ ਦੂਜੇ ਤੱਕ ਫੈਲਦੀ ਹੈ। ਛਿੱਕ, ਸਾਹ, ਪਿਸ਼ਾਬ, ਖੂਨ ਰਾਹੀਂ ਇਹ ਦੂਜੇ ਤੱਕ ਫੈਲਦੀ ਹੈ। ਹਿਬ ਅਤੇ ਨਿਊਮੋਫੋਕਸ ਬੈਕਟੀਰੀਆ ਦੇ ਕਾਰਨ 50 ਫੀਸਦੀ ਨਿਮੋਨੀਆ ਦੀ ਬਿਮਾਰੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੁੰਦੀ ਹੈ।
ਜ਼ਿਆਦਾ ਉਮਰ ਦੇ ਲੋਕਾਂ ਨੂੰ ਨਿਮੋਨੀਆ ਦੀ ਬਿਮਾਰੀ ਹੁੰਦੀ ਹੈ ਪਰ ਵੱਡਿਆਂ ਨੂੰ ਸ਼ੂਗਰ, ਕੈਂਸਰ, ਏਡਜ਼ ਅਤੇ ਦਿਲ ਦੀਆਂ ਬਿਮਾਰੀਆਂ ਹੋਣ 'ਤੇ ਵੀ ਨਿਮੋਨੀਆ ਨਾਲ ਮਿਲਦੇ-ਜੁਲਦੇ ਲੱਛਣ ਪਾਏ ਜਾਂਦੇ ਹਨ।
ਨਿਮੋਨੀਆ ਵਿਸ਼ਵ ਸਿਹਤ ਸੰਗਠਨ ਦੀ ਨਜ਼ਰ ਵਿਚ : ਇਹ ਬਿਮਾਰੀ ਜ਼ਿਆਦਾਤਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੁੰਦੀ ਹੈ। ਇਸ ਤੋਂ ਇਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ। ਜਨਮ ਦੇ ਸਮੇਂ ਬੱਚਿਆਂ ਨੂੰ ਭਾਰ ਘੱਟ ਹੋਣ 'ਤੇ ਨਿਮੋਨੀਆ ਰੋਗ ਸੰਭਾਵਿਤ ਹੈ। ਇਹ ਨਿਮੋਨੀਆ ਕਈ ਤਰ੍ਹਾਂ ਦਾ ਹੁੰਦਾ ਹੈ ਪਰ ਇਨ੍ਹਾਂ ਵਿਚੋਂ ਕੁਝ ਅਜਿਹੇ ਹਨ, ਜਿਨ੍ਹਾਂ ਤੋਂ ਪੀੜਤ ਬੱਚਿਆਂ ਨੂੰ ਬਚਾਉਣਾ ਅਸੰਭਵ ਹੁੰਦਾ ਹੈ।
ਇਮਿਊਨ ਸਿਸਟਮ ਦੀ ਕਮਜ਼ੋਰੀ ਦੇ ਕਾਰਨ ਵੱਡਿਆਂ ਨੂੰ ਇਹ ਨਿਮੋਨੀਆ ਰੋਗ ਹੁੰਦਾ ਹੈ। ਦੁਨੀਆ ਵਿਚ ਹਰ ਸਾਲ 30 ਲੱਖ ਲੋਕ ਨਿਮੋਨੀਆ ਤੋਂ ਪੀੜਤ ਹੁੰਦੇ ਹਨ। ਇਨ੍ਹਾਂ ਵਿਚੋਂ 5 ਫੀਸਦੀ ਪੀੜਤ ਇਲਾਜ ਦੀ ਕਮੀ ਕਾਰਨ ਮਰ ਜਾਂਦੇ ਹਨ। ਇਹ ਮੌਤ ਦੇ 6 ਪ੍ਰਮੁੱਖ ਕਾਰਨਾਂ ਵਿਚੋਂ ਇਕ ਹੈ।
ਅਮਰੀਕਾ ਵੀ ਇਸ ਤੋਂ ਪੀੜਤ ਅਤੇ ਮੌਤ ਦੇ ਮਾਮਲਿਆਂ ਤੋਂ ਅਛੂਤਾ ਨਹੀਂ ਹੈ ਪਰ ਭਾਰਤ ਦੀ ਸਥਿਤੀ ਨਾਈਜੀਰੀਆ, ਇਥੋਪੀਆ, ਚੀਨ, ਕਾਂਗੋਂ ਆਦਿ ਕਈ ਦੇਸ਼ਾਂ ਨਾਲੋਂ ਬਦਤਰ ਹੈ। ਸਭ ਤੋਂ ਜ਼ਿਆਦਾ ਲੋਕ ਸਾਡੇ ਇਥੇ ਨਿਮੋਨੀਆ ਤੋਂ ਪੀੜਤ ਅਤੇ ਮਾਰੇ ਜਾਂਦੇ ਹਨ। ਨਿਮੋਨੀਆ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਦਾ ਇਲਾਜ ਹੈ। ਪੀੜਤ ਮਰੀਜ਼ ਸਮੇਂ ਸਿਰ ਹਸਪਤਾਲ ਵਿਚ ਪਹੁੰਚ ਜਾਵੇ ਤਾਂ ਉਸ ਨੂੰ ਬਚਾਇਆ ਜਾ ਸਕਦਾ ਹੈ।
ਬੱਚਿਆਂ ਦੀ ਨਿਮੋਨੀਆ ਤੋਂ ਸੁਰੱਖਿਆ ਦੇ ਉਪਾਅ : ਬੱਚੇ ਦੇ ਪੈਦਾ ਹੋਣ ਤੋਂ ਇਕ ਘੰਟੇ ਅੰਦਰ ਸਤਨਪਾਨ ਸ਼ੁਰੂ ਕਰਵਾਉਣ ਅਤੇ ਛੇ ਮਹੀਨੇ ਤੱਕ ਅੱਗੇ ਲਗਾਤਾਰ ਸਤਨਪਾਨ ਕਰਵਾਉਣ ਨਾਲ ਬੱਚਿਆਂ ਦੀ ਨਿਮੋਨੀਆ ਸਹਿਤ ਅਨੇਕ ਰੋਗਾਂ ਤੋਂ ਰੱਖਿਆ ਹੋ ਸਕਦੀ ਹੈ। ਇਸ ਦੌਰਾਨ ਮਾਂ ਦੇ ਦੁੱਧ ਵਿਚ ਲੋੜੀਂਦੇ ਪੋਸ਼ਣ ਅਤੇ ਅਨੇਕ ਰਕਸ਼ਣ ਘਟਕ ਮਿਲਦੇ ਹਨ। ਨਾਲ ਹੀ ਖਸਰੇ ਅਤੇ ਕੁਕੁਰ ਖੰਘ ਦਾ ਰੁਟੀਨ ਟੀਕਾ ਲਗਵਾਉਣ ਨਾਲ ਇਨ੍ਹਾਂ ਬਿਮਾਰੀਆਂ ਦੇ ਕਾਰਨ ਨਿਮੋਨੀਆ ਦੀਆਂ ਜਟਿਲਤਾਵਾਂ ਦੀ ਰੋਕਥਾਮ ਹੁੰਦੀ ਹੈ।
* ਛੇ ਮਹੀਨੇ ਸਤਨਪਾਨ ਤੋਂ ਬਾਅਦ ਉਸ ਨੂੰ ਬਾਹਰੀ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਦਿਓ।
* ਨਿਮੋਨੀਆ ਦੇ ਲੱਛਣ ਦਿਸਦੇ ਹੀ ਹਸਪਤਾਲ ਲੈ ਜਾਓ।
* ਉਸ ਨੂੰ ਵੈਕਸੀਨ ਦੇ ਸਹੀ ਡੋਜ਼ ਸਮੇਂ ਸਿਰ ਲਗਵਾਓ।
* ਸਰਦੀ, ਜ਼ੁਕਾਮ, ਖੰਘ, ਬੁਖਾਰ ਹੋਣ 'ਤੇ ਉਸ ਨੂੰ ਤੁਰੰਤ ਡਾਕਟਰ ਨੂੰ ਦਿਖਾਓ।
* ਖੰਘ ਆਉਣ 'ਤੇ ਮੂੰਹ 'ਤੇ ਰੁਮਾਲ ਰੱਖੋ।
* ਸਿਗਰਟ ਦੇ ਧੂੰਏਂ ਤੋਂ ਬਚੋ ਅਤੇ ਬਚਾਓ।
* ਵੱਡੇ ਵਿਅਕਤੀ ਤੰਬਾਕੂ ਦੇ ਸੇਵਨ ਤੋਂ ਬਚਣ।
* ਪ੍ਰਦੂਸ਼ਣ ਵਾਲੇ ਖੇਤਰ ਵਿਚ ਸੁਰੱਖਿਆ ਅਪਣਾਓ।

ਬਿਨਾਂ ਦਰਦ ਵਾਲਾ ਮਾਈਗ੍ਰੇਨ

ਬਹੁਤੇ ਲੋਕ ਮਾਈਗ੍ਰੇਨ ਦਾ ਮਤਲਬ ਤੇਜ਼ ਸਿਰਦਰਦ ਮੰਨਦੇ ਹਨ ਪਰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਿਨਾਂ ਦਰਦ ਵਾਲਾ ਵੀ ਮਾਈਗ੍ਰੇਨ ਹੋ ਸਕਦਾ ਹੈ। ਬਿਨਾਂ ਦਰਦ ਵਾਲੇ ਇਸ ਮਾਈਗ੍ਰੇਨ ਨੂੰ ਆਕਿਊਲਰ ਮਾਈਗ੍ਰੇਨ ਜਾਂ ਆਪਥੈਲਮਿਕ ਮਾਈਗ੍ਰੇਨ ਵੀ ਕਹਿੰਦੇ ਹਨ। ਇਹ ਇਕ ਤਰ੍ਹਾਂ ਦਾ 'ਸਾਈਲੈਂਟ ਮਾਈਗ੍ਰੇਨ' ਹੈ, ਜਿਸ ਵਿਚ ਦਰਦ ਨਹੀਂ ਹੁੰਦਾ। ਇਸ ਮਾਈਗ੍ਰੇਨ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅੱਖਾਂ 'ਤੇ ਪੈਂਦਾ ਹੈ। ਜੇ ਸਾਈਲੈਂਟ ਮਾਈਗ੍ਰੇਨ ਜ਼ਿਆਦਾ ਵਧ ਜਾਵੇ ਤਾਂ ਪੀੜਤ ਵਿਅਕਤੀ ਨੂੰ ਇਹ ਅੰਨ੍ਹਾ ਵੀ ਬਣਾ ਸਕਦਾ ਹੈ।
ਜੀਵਨਸ਼ੈਲੀ ਦੇ ਕਾਰਨ ਵਧ ਰਹੇ ਮਾਈਗ੍ਰੇਨ ਦੇ ਰੋਗੀ: ਮਾਈਗ੍ਰੇਨ ਨੂੰ ਆਮ ਬੋਲਚਾਲ ਦੀ ਭਾਸ਼ਾ ਵਿਚ ਇਕਤਰਫਾ ਦਰਦ ਜਾਂ ਅੱਧੇ ਸਿਰ ਦਾ ਦਰਦ ਵੀ ਕਿਹਾ ਜਾਂਦਾ ਹੈ। ਇਸ ਵਿਚ ਸਿਰ ਦਾ ਦਰਦ ਬਹੁਤ ਤੇਜ਼ ਅਤੇ ਤੜਫਾ ਦੇਣ ਵਾਲਾ ਹੁੰਦਾ ਹੈ। ਇਸ ਤੋਂ ਪੀੜਤ ਵਿਅਕਤੀ ਲਾਚਾਰ ਅਤੇ ਕਦੇ-ਕਦੇ ਬੇਹੋਸ਼ ਵੀ ਹੋ ਜਾਂਦਾ ਹੈ। ਉਲਟੀ ਆਉਂਦੀ ਹੈ। ਰੌਸ਼ਨੀ ਨਾਲ ਉਹ ਬੇਚੈਨ ਹੋ ਜਾਂਦਾ ਹੈ। ਕਿਸੇ ਵੀ ਕੰਮ ਵਿਚ ਮਨ ਨਹੀਂ ਲਗਦਾ। ਦਿਨੋ-ਦਿਨ ਦੁਨੀਆ ਭਰ ਵਿਚ ਇਸ ਦੇ ਰੋਗੀ ਵਧਦੇ ਜਾ ਰਹੇ ਹਨ। ਸਾਡਾ ਦੇਸ਼ ਵੀ ਇਸ ਤੋਂ ਬਚਿਆ ਨਹੀਂ ਹੈ।
ਇਸ ਦਾ ਸਭ ਤੋਂ ਵੱਡਾ ਕਾਰਨ ਭੱਜ-ਦੌੜ ਭਰੀ ਆਧੁਨਿਕ ਜ਼ਿੰਦਗੀ ਨੂੰ ਵੀ ਮੰਨਿਆ ਜਾਂਦਾ ਹੈ। ਇਹ ਤਣਾਅ ਨਾਲ ਭਰੀ ਆਧੁਨਿਕ ਜ਼ਿੰਦਗੀ ਹੁਣ ਸਭ ਦੇ ਜੀਵਨ ਦਾ ਅਤੁੱਟ ਅੰਗ ਬਣਦੀ ਜਾ ਰਹੀ ਹੈ ਅਤੇ ਲੋਕ ਇਸ ਨੂੰ ਬਦਲਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਉਲਟਾ ਲੋਕ ਇਸੇ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਂਦੇ ਹਨ। ਤਣਾਅ ਭਰੇ ਵਾਤਾਵਰਨ ਨਾਲ ਸਿਰਦਰਦ ਵਧਦਾ ਜਾਂਦਾ ਹੈ ਅਤੇ ਅੱਗੇ ਚੱਲ ਕੇ ਇਹੀ ਖੂਨ ਦੇ ਦਬਾਅ, ਦਿਲ ਦੇ ਰੋਗ, ਮਾਈਗ੍ਰੇਨ ਆਦਿ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਜੇ ਇਹ ਸਥਿਤੀ ਸਾਹਮਣੇ ਆਵੇ ਤਾਂ ਸਮਝੋ ਤੁਸੀਂ ਮਾਈਗ੍ਰੇਨ ਦੇ ਸ਼ਿਕਾਰ ਹੋ ਰਹੇ ਹੋ।
ਸਾਈਲੈਂਟ ਮਾਈਗ੍ਰੇਨ ਦੇ ਕਾਰਨ : ਬਿਨਾਂ ਦਰਦ ਵਾਲੇ ਮਾਈਗ੍ਰੇਨ ਨੂੰ ਲੱਛਣ ਦੇ ਅਨੁਸਾਰ ਸਾਈਲੈਂਟ ਮਾਈਗ੍ਰੇਨ ਕਹਿੰਦੇ ਹਨ। ਇਸ ਨੂੰ ਡਾਕਟਰੀ ਭਾਸ਼ਾ ਵਿਚ ਆਕਿਊਲਰ ਮਾਈਗ੍ਰੇਨ ਜਾਂ ਆਪਥੈਲਮਿਕ ਮਾਈਗ੍ਰੇਨ ਵੀ ਕਹਿੰਦੇ ਹਨ। ਇਹ ਮਾਈਗ੍ਰੇਨ ਦੀ ਇਕ ਕਿਸਮ ਹੈ। ਆਮ ਮਾਈਗ੍ਰੇਨ ਦੀ ਸ਼ੁਰੂਆਤ ਦਿਮਾਗ ਵਿਚ ਬੇਕਾਬੂ ਇਲੈਕਟ੍ਰੀਕਲ ਗਤੀਵਿਧੀਆਂ ਦੇ ਕਾਰਨ ਹੁੰਦੀ ਹੈ। ਇਸੇ ਤਰ੍ਹਾਂ ਸਾਈਲੈਂਟ ਮਾਈਗ੍ਰੇਨ ਦੀ ਸ਼ੁਰੂਆਤ ਵੀ ਹੁੰਦੀ ਹੈ। ਇਹ ਮਾਈਗ੍ਰੇਨ ਔਰਤਾਂ ਵਿਚ ਜ਼ਿਆਦਾ ਪਾਇਆ ਜਾਂਦਾ ਹੈ। ਇਸ ਤਰ੍ਹਾਂ ਦੇ ਮਾਈਗ੍ਰੇਨ ਦਾ ਕਾਰਨ ਆਧੁਨਿਕ ਜੀਵਨ ਸ਼ੈਲੀ ਹੈ। ਐਮ.ਐਸ.ਜੀ. ਮੋਨੋ ਸੋਡੀਅਮ ਗਲੁਟਾਮੇਟ ਵਾਲੇ ਭੋਜਨ ਦਾ ਜ਼ਿਆਦਾ ਸੇਵਨ, ਤੇਜ਼ ਰੌਸ਼ਨੀ ਵਿਚ ਕੰਮ ਕਰਨਾ, ਤਣਾਅ ਦੇ ਕਾਰਨ ਅਤੇ ਮੌਸਮ ਵਿਚ ਅਚਾਨਕ ਬਦਲਾਅ ਦੇ ਕਾਰਨ ਇਹ ਮਾਈਗ੍ਰੇਨ ਹੋ ਸਕਦਾ ਹੈ।
ਸਾਈਲੈਂਟ ਮਾਈਗ੍ਰੇਨ ਦੇ ਲੱਛਣ: ਇਸ ਮਾਈਗ੍ਰੇਨ ਵਿਚ ਵੈਸੇ ਤਾਂ ਦਰਦ ਨਹੀਂ ਹੁੰਦੀ, ਇਸ ਲਈ ਇਸ ਨੂੰ ਪਛਾਣਨਾ ਔਖਾ ਹੁੰਦਾ ਹੈ। ਇਸ ਤਰ੍ਹਾਂ ਦੇ ਮਾਈਗ੍ਰੇਨ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਅੱਖਾਂ 'ਤੇ ਪੈਂਦਾ ਹੈ। ਅਜਿਹੇ ਵਿਚ ਇਹ ਮਾਈਗ੍ਰੇਨ ਸ਼ੁਰੂ ਹੁੰਦੇ ਹੀ ਕਈ ਵਾਰ ਧੁੰਦਲਾ ਦਿਸਣ ਲਗਦਾ ਹੈ। ਅੱਖਾਂ ਵਿਚ ਚਿੱਤਰ ਦੇ ਅੱਗੇ ਧੱਬੇ ਦਿਸਣ ਲਗਦੇ ਹਨ। ਚਿੱਤਰਾਂ ਨੂੰ ਦੇਖਣ 'ਤੇ ਇਹ ਲਗਾਤਾਰ ਕਪਕਪਾਉਣ ਲਗਦਾ ਹੈ। ਬਹੁਤ ਤੇਜ਼ ਰੌਸ਼ਨੀ ਮਹਿਸੂਸ ਕਰਨਾ ਜਾਂ ਇਕ ਦੇ ਦੋ ਦਿਸਣੇ ਵਰਗੇ ਲੱਛਣ ਅਨੁਭਵ ਹੁੰਦੇ ਹਨ। ਹਾਲਾਂਕਿ ਅਜਿਹੇ ਮਾਈਗ੍ਰੇਨ ਦੇ ਲੱਛਣ 20-30 ਮਿੰਟ ਵਿਚ ਆਪਣੇ-ਆਪ ਠੀਕ ਵੀ ਹੋ ਜਾਂਦੇ ਹਨ ਪਰ ਫਿਰ ਵੀ ਇਹ ਖਤਰਨਾਕ ਬਿਮਾਰੀ ਹੈ, ਇਸ ਲਈ ਸਮੇਂ ਸਿਰ ਇਸ ਦਾ ਇਲਾਜ ਜ਼ਰੂਰ ਕਰਾਓ।
ਇਸ ਦਾ ਅੱਖਾਂ 'ਤੇ ਪ੍ਰਭਾਵ : ਆਮ ਤੌਰ 'ਤੇ ਇਹ ਮਾਈਗ੍ਰੇਨ ਸਿਰ ਦੀਆਂ ਖੂਨ ਵਹਿਣੀਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਆਕਿਊਲਰ ਸਾਈਲੈਂਟ ਮਾਈਗ੍ਰੇਨ ਰੇਟਿਨਾ ਦੀਆਂ ਖੂਨ ਵਹਿਣੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਅੱਖਾਂ ਤੋਂ ਦਿਸਣ ਸਬੰਧੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਅਸਲ ਵਿਚ ਅੱਖਾਂ ਵਿਚ ਰੇਟੀਨਾ ਦੇ ਪਿੱਛੇ ਬਹੁਤ ਬਰੀਕ ਖੂਨ ਵਹਿਣੀਆਂ ਹੁੰਦੀਆਂ ਹਨ। ਆਕਿਊਲਰ ਸਾਈਲੈਂਟ ਮਾਈਗ੍ਰੇਨ ਦੇ ਕਾਰਨ ਇਨ੍ਹਾਂ ਕੋਸ਼ਿਕਾਵਾਂ ਵਿਚ ਅਕੜਾਅ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਦਿਸਣ ਸਬੰਧੀ ਪ੍ਰੇਸ਼ਾਨੀ ਸ਼ੁਰੂ ਹੋਣ ਲਗਦੀ ਹੈ।
ਖ਼ਤਰੇ : ਜਿਨ੍ਹਾਂ ਨੂੰ ਨਿਯਮਤ ਰੂਪ ਨਾਲ ਇਸ ਤਰ੍ਹਾਂ ਦੇ ਮਾਈਗ੍ਰੇਨ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਦੀ ਇਕ ਅੱਖ ਦੀ ਰੌਸ਼ਨੀ ਪੱਕੇ ਤੌਰ 'ਤੇ ਵੀ ਜਾ ਸਕਦੀ ਹੈ। ਅੰਨ੍ਹਾਪਣ ਅੱਖਾਂ ਨੂੰ ਖੂਨ ਦਾ ਪ੍ਰਵਾਹ ਰੁਕਣ ਦੇ ਕਾਰਨ ਪੈਦਾ ਹੁੰਦਾ ਹੈ। ਇਹ ਲੱਛਣ ਅੱਖਾਂ ਦੀ ਖੂਨ ਵਹਿਣੀ ਵਿਚ ਆਉਣ ਵਾਲੀ ਕਿਸੇ ਸਥਾਈ-ਅਸਥਾਈ ਰੁਕਾਵਟ ਦੇ ਕਾਰਨ ਵੀ ਹੋ ਸਕਦਾ ਹੈ। ਇਸ ਲਈ ਇਸ ਤਰ੍ਹਾਂ ਦਾ ਲੱਛਣ ਜਾਂ ਸਥਿਤੀ ਦਿਸਣ ਲੱਗੇ ਜਾਂ ਦਿਸੇ, ਤਾਂ ਤੁਰੰਤ ਹੀ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਕਿ ਇਸ ਦੇ ਵਧਣ ਦੇ ਖ਼ਤਰੇ ਤੋਂ ਬਚਿਆ ਜਾ ਸਕੇ।

ਸਿਹਤ ਖ਼ਬਰਨਾਮਾ

ਲਿਵਰ ਕੈਂਸਰ ਤੋਂ ਬਚਾਉਂਦੀ ਹੈ ਪਾਲਕ

ਪਾਲਕ ਹਰੀ ਸਾਗ-ਸਬਜ਼ੀ ਪ੍ਰਜਾਤੀ ਦੀ ਹੈ। ਇਸ ਨੂੰ ਸਲਾਦ, ਸਬਜ਼ੀ ਅਤੇ ਸੂਪ ਵਿਚ ਵਰਤਿਆ ਜਾਂਦਾ ਹੈ। ਇਸ ਵਿਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵਾਂ ਤਰ੍ਹਾਂ ਦਾ ਰੇਸ਼ਾ (ਫਾਈਬਰ) ਹੈ ਜੋ ਪਾਚਣ ਤੰਤਰ ਲਈ ਸਭ ਤੋਂ ਵੱਧ ਫਾਇਦੇਮੰਦ ਹੈ। ਇਸ ਵਿਚ ਵਿਟਾਮਿਨ 'ਈ' ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਲਿਵਰ ਕੈਂਸਰ ਤੋਂ ਬਚਾਉਣ ਵਿਚ ਮਦਦਗਾਰ ਸਿੱਧ ਹੁੰਦਾ ਹੈ। ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿਚ ਲਿਵਰ ਕੈਂਸਰ ਤੀਜਾ ਸਭ ਤੋਂ ਵੱਡਾ ਮੌਤ ਦਾ ਕਾਰਨ ਹੈ।
ਇਸ ਤਰ੍ਹਾਂ ਦੇ ਕੈਂਸਰ ਤੋਂ ਬਚਾਅ ਦੇ ਮਾਮਲੇ ਵਿਚ ਪਾਲਕ ਦੇ ਪੱਤੇ, ਸੂਰਜਮੁਖੀ ਦੇ ਬੀਜ, ਐਵੋਕਡੋ ਅਤੇ ਐਪ੍ਰੀਕਾਟ ਨਾਮਕ ਵਿਦੇਸ਼ੀ ਫਲ ਮਦਦਗਾਰ ਸਿੱਧ ਹੁੰਦੇ ਹਨ। ਵਿਟਾਮਿਨ 'ਈ' ਨਾਲ ਲਿਵਰ ਕੈਂਸਰ ਦੀ ਸੰਭਾਵਨਾ ਖ਼ਤਮ ਹੁੰਦੀ ਹੈ। ਇਸ ਮਾਮਲੇ ਵਿਚ ਵਿਟਾਮਿਨ 'ਈ' ਦੀ ਗੋਲੀ ਦੀ ਬਜਾਏ ਭੋਜਨ ਤੋਂ ਪ੍ਰਾਪਤ ਵਿਟਾਮਿਨ 'ਈ' ਵਿਸ਼ੇਸ਼ ਰੂਪ ਨਾਲ ਲਾਭਦਾਇਕ ਹੁੰਦਾ ਹੈ। ਖੋਜ ਵਿਚ ਸ਼ੰਘਾਈ ਕੈਂਸਰ ਸੰਸਥਾਨ ਨੇ ਇਹ ਨਤੀਜਾ ਕੱਢਿਆ ਹੈ।
ਕੈਲਸ਼ੀਅਮ ਲੋੜ ਤੋਂ ਵੱਧ ਖਾਣਾ ਹਮੇਸ਼ਾ ਖ਼ਤਰਨਾਕ

ਕੈਲਸ਼ੀਅਮ ਜੀਵਨ ਲਈ ਜ਼ਰੂਰੀ ਖਣਿਜ ਤੱਤ ਹੈ। ਇਹ ਖਾਣ-ਪੀਣ ਦੀਆਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਮਿਲ ਜਾਂਦਾ ਹੈ। ਵਿਟਾਮਿਨ 'ਡੀ' ਦੇ ਸਹਿਯੋਗ ਨਾਲ ਕੈਲਸ਼ੀਅਮ ਨੂੰ ਸਾਡਾ ਸਰੀਰ ਗ੍ਰਹਿਣ ਕਰਦਾ ਹੈ। ਵਿਟਾਮਿਨ 'ਡੀ' ਦਾ ਪ੍ਰਮੁੱਖ ਸੋਰਤ ਸੂਰਜ ਪ੍ਰਕਾਸ਼ ਹੈ। ਕੈਲਸ਼ੀਅਮ ਦੁੱਧ, ਦਾਲ, ਅਨਾਜ ਆਦਿ ਵਿਚ ਮੌਜੂਦ ਹੁੰਦਾ ਹੈ। ਵਿਟਾਮਿਨ 'ਡੀ' ਰਾਹੀਂ ਸਰੀਰ ਨੂੰ ਮਿਲਿਆ ਕੈਲਸ਼ੀਅਮ ਮਾਸ, ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਖਾਣ-ਪੀਣ ਨਾਲ ਮਿਲੇ ਵਾਧੂ ਕੈਲਸ਼ੀਅਮ ਨੂੰ ਸਰੀਰ ਖੁਦ ਬਾਹਰ ਕੱਢ ਦਿੰਦਾ ਹੈ ਜਦੋਂ ਕਿ ਪੂਰਕ ਕੈਲਸ਼ੀਅਮ ਜੋ ਦਵਾਈਆਂ-ਗੋਲੀਆਂ ਰਾਹੀਂ ਸਰੀਰ ਨੂੰ ਮਿਲਦਾ ਹੈ, ਉਹ ਵਾਧੂ ਖਾਣ ਨਾਲ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵਾਧੂ ਕੈਲਸ਼ੀਅਮ ਨਾਲ ਪੱਥਰੀ ਬਣਨ ਦੀ ਸੰਭਾਵਨਾ ਵੀ ਵਧ ਜਾਂਦੀ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX