ਤਾਜਾ ਖ਼ਬਰਾਂ


ਸ੍ਰੀਲੰਕਾ ਧਮਾਕਾ : ਕੋਲੰਬੋ 'ਚ ਕਰਫ਼ਿਊ ਲਾਉਣ ਦੇ ਹੁਕਮ
. . .  12 minutes ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਰਾਜਧਾਨੀ ਕੋਲੰਬੋ 'ਚ ਰਾਤੀਂ 8 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਕਰਫ਼ਿਊ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਸਭ ਤੋਂ ਵੱਧ ਧਮਾਕੇ ਕੋਲੰਬੋ 'ਚ ਹੋਏ ਸਨ ਅਤੇ ਅੱਜ ਵੀ...
ਅਕਾਲੀ ਦਲ ਭਲਕੇ ਕਰੇਗਾ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ
. . .  23 minutes ago
ਸੰਗਰੂਰ, 22 ਅਪ੍ਰੈਲ (ਦਮਨਜੀਤ, ਬਿੱਟਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਅਤੇ ਫ਼ਿਰੋਜ਼ਪੁਰ ਸੀਟਾਂ 'ਤੇ ਅਕਾਲੀ ਉਮੀਦਵਾਰਾਂ ਦਾ ਐਲਾਨ ਕੱਲ੍ਹ ਸਵੇਰੇ ਕਰ ਦਿੱਤਾ ਜਾਵੇਗਾ। ਸੰਗਰੂਰ ਦੇ ਅਕਲੀ ਵਰਕਰਾਂ ਨੂੰ ਮਿਲਣ ....
ਚੱਲਦੀ ਗੱਡੀ 'ਚ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਬਜ਼ੁਰਗ ਜੋੜਾ
. . .  32 minutes ago
ਚੰਡੀਗੜ੍ਹ, 22 ਅਪ੍ਰੈਲ- ਚੰਡੀਗੜ੍ਹ ਦੇ ਸੈਕਟਰ 7-8 ਦੇ ਚੌਕ 'ਚ ਅੱਜ ਇੱਕ ਚੱਲਦੀ ਗੱਡੀ 'ਚ ਅਚਾਲਕ ਅੱਗ ਲੱਗ ਗਈ। ਇਸ ਹਾਦਸੇ 'ਚ ਕਾਰ ਸਵਾਰ ਬਜ਼ੁਰਗ ਜੋੜਾ ਵਾਲ-ਵਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ 'ਚੋਂ ਪਹਿਲਾਂ ਅਚਾਨਕ ਧੂੰਆ ਨਿਕਲਣ...
ਪਟਿਆਲਾ 'ਚ ਵਾਹਨ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ
. . .  38 minutes ago
ਪਟਿਆਲਾ, 22 ਅਪ੍ਰੈਲ (ਅਮਨ)- ਇੱਥੇ ਅੱਜ ਪਟਿਆਲਾ ਪੁਲਿਸ ਨੇ ਸ਼ਹਿਰ ਅੰਦਰੋਂ ਵਾਹਨ ਚੋਰੀ ਕਰ ਕੇ ਮਲੇਰਕੋਟਲਾ ਅਤੇ ਆਲੇ-ਦੁਆਲੇ ਵੇਚਣ ਵਾਲੇ ਨੂੰ ਗ੍ਰਿਫ਼ਤਾਰ ਕਰ ਕੇ 52 ਵਾਹਨ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਦੀ ....
ਭਾਜਪਾ ਨੂੰ ਲੱਗਾ ਵੱਡਾ ਝਟਕਾ : ਸੁਰੇਸ਼ ਚੰਦੇਲ ਕਾਂਗਰਸ 'ਚ ਹੋਏ ਸ਼ਾਮਲ
. . .  48 minutes ago
ਨਵੀਂ ਦਿੱਲੀ, 22 ਅਪ੍ਰੈਲ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਤਿੰਨ ਬਾਰ ਸੰਸਦ ਮੈਂਬਰ ਰਹੇ ਭਾਜਪਾ ਆਗੂ ਸੁਰੇਸ਼ ਚੰਦੇਲ ਦਿੱਲੀ 'ਚ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਦੇਸ਼ ਪ੍ਰਧਾਨ ....
ਟਿਕ ਟਾਕ ਮਾਮਲੇ 'ਤੇ 24 ਅਪ੍ਰੈਲ ਤੱਕ ਮਦਰਾਸ ਹਾਈਕੋਰਟ ਕਰੇ ਵਿਚਾਰ- ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 22 ਅਪ੍ਰੈਲ - ਭਾਰਤ 'ਚ ਟਿਕ-ਟਾਕ ਐਪ 'ਤੇ ਬੈਨ ਦੇ ਮਾਮਲੇ 'ਚ ਕੰਪਨੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੋਮਵਾਰ ਨੂੰ ਇਸ ਮਾਮਲੇ 'ਤੇ ਹੋਈ ਸੁਣਵਾਈ ਦੇ ਦੌਰਾਨ ਕੰਪਨੀ ਨੇ ਕੋਰਟ 'ਚ ਕਿਹਾ ਹੈ ਕਿ ਮਦਰਾਸ ਹਾਈਕੋਰਟ ਨੇ ਬਿਨਾਂ ਸਾਡਾ ਪੱਖ ..../
ਕੈਪਟਨ ਅਤੇ ਕੇ.ਪੀ. ਦੀ ਹਾਜ਼ਰੀ 'ਚ ਚੌਧਰੀ ਸੰਤੋਖ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
. . .  54 minutes ago
ਜਲੰਧਰ, 22 ਅਪ੍ਰੈਲ (ਚਿਰਾਗ਼)- ਲੋਕ ਸਭਾ ਚੋਣਾਂ ਦੇ ਚੱਲਦਿਆਂ ਜਲੰਧਰ ਵਿਖੇ ਅੱਜ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਿੰਦਰ ਸਿੰਘ ....
ਸੜਕ 'ਤੇ ਪਲਟਿਆ ਟਰੈਕਟਰ-ਟਰਾਲੀ, ਆਵਾਜਾਈ ਹੋਈ ਠੱਪ
. . .  about 1 hour ago
ਗੁਰੂਹਰਸਹਾਏ , 22 ਅਪ੍ਰੈਲ(ਹਰਚਰਨ ਸਿੰਘ ਸੰਧੂ)- ਫ਼ਿਰੋਜ਼ਪੁਰ ਜਲਾਲਾਬਾਦ ਸੜਕ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਨੇੜੇ ਦੋ ਟਰੈਕਟਰ - ਟਰਾਲੀਆਂ ਦੇ ਅਚਾਨਕ ਪਲਟ ਜਾਣ ਕਾਰਨ ਆਵਾਜਾਈ ਠੱਪ ਹੋ ਗਈ। ਇਹ ਦੋਵੇਂ ਟਰੈਕਟਰ ਟਰਾਲੀ 'ਤੇ ਫ਼ਿਰੋਜ਼ਪੁਰ ਤੋਂ ਬਰਾਦਾ ....
ਦਿੱਲੀ 'ਚ ਮਨੋਜ ਤਿਵਾੜੀ ਨੇ ਕੀਤਾ ਰੋਡ ਸ਼ੋਅ
. . .  about 1 hour ago
ਨਵੀਂ ਦਿੱਲੀ, 22 ਅਪ੍ਰੈਲ- ਉੱਤਰ ਪੂਰਬੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ ਵੱਲੋਂ ਦਿੱਲੀ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਵਿਜੇ ਗੋਇਲ ਅਤੇ ਅਦਾਕਾਰਾ ਸਪਨਾ ਚੌਧਰੀ ਵੀ ਮੌਜੂਦ.....
ਮੋਗਾ ਦੇ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ 'ਚੋਂ ਲੱਖਾਂ ਦੀ ਨਗਦੀ ਸਮੇਤ ਸੋਨਾ ਚੋਰੀ
. . .  about 2 hours ago
ਮੋਗਾ, 22 ਅਪ੍ਰੈਲ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ ਆਫ਼ ਇੰਡੀਆ 'ਚੋਂ ਚੋਰਾਂ ਵੱਲੋਂ ਕੈਸ਼ ਵਾਲੀ ਸੇਫ਼ ਖੋਲ੍ਹ ਕੇ ਉਸ 'ਚੋਂ 17.65 ਹਜ਼ਾਰ ਰੁਪਏ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਇਸ ਦੇ ....
ਹੋਰ ਖ਼ਬਰਾਂ..

ਦਿਲਚਸਪੀਆਂ

ਚੁਟਕਲੇ

ਪਤੀ-ਪਤਨੀ ਇਕ ਪਾਰਟੀ ਵਿੱਚ ਗਏ,ਪਤਨੀ ਨੇ ਦੇਖਿਆ ਕਿ ਇਕ ਸੋਹਣੀ ਕੁੜੀ ਪਤੀ ਨਾਲ ਗੱਲਾਂ ਕਰ ਰਹੀ ਸੀ, ਪਤਨੀ ਕੋਲ ਆਈ ਤੇ ਬੋਲੀ
ਪਤਨੀ-ਚਲੋ ਹੁਣ ਘਰ ਚੱਲ ਕੇ ਤੁਹਾਡੀ ਸੱਟ 'ਤੇ ਦਵਾਈ ਲਾ ਦੇਵਾਂ |
ਪਤੀ-ਪਰ ਮੈਨੂੰ ਤਾਂ ਕੋਈ ਸੱਟ ਨਹੀਂ ਲੱਗੀ |
ਪਤਨੀ-ਹਾਲੇ ਆਪਾਂ ਘਰ ਵੀ ਕਿੱਥੇ ਪਹੁੰਚੇ ਆਂ |
• ਪਤਨੀ-ਵਿਆਹ ਤੋਂ ਪਹਿਲਾਂ ਤੁਸੀਂ ਮੰਦਰਾਂ ਵਿਚ ਬਹੁਤ ਜਾਂਦੇ ਹੁੰਦੇ ਸੀ ਤੇ ਹੁਣ ਕੀ ਹੋ ਗਿਆ?
ਪਤੀ-ਤੇਰੇ ਨਾਲ ਵਿਆਹ ਹੋਣ ਤੋਂ ਬਾਅਦ ਰੱਬ ਤੋਂ ਮੇਰਾ ਭਰੋਸਾ ਹੀ ਉੱਡ ਗਿਆ |
• ਵਿਆਹ ਤੋਂ ਬਾਅਦ ਸੱਸ ਨੇ ਜਵਾਈ ਨੂੰ ਫੋਨ ਕੀਤਾ
ਸੱਸ-ਕੀ ਹਾਲ ਐ ਬੇਟਾ ?
ਜਵਾਈ-ਸਾਡੀ ਗੱਲ ਤਾਂ ਛੱਡੋ,ਤੁਹਾਡੇ ਘਰ ਤਾਂ ਹੁਣ ਸ਼ਾਂਤੀ ਹੋਵੇਗੀ |
• ਪਹਿਲਾ ਦੋਸਤ-ਮੈਂ ਸਵੇਰੇ ਅਖਬਾਰ ਤੇ ਆਪਣਾ ਰਾਸ਼ੀਫਲ ਦੇਖ ਕੇ ਕੰਮ ਦੀ ਸ਼ੁਰੂਆਤ ਕਰਦਾ ਹਾਂ |
ਦੂਜਾ-ਮੈਂ ਤਾਂ ਘਰਵਾਲੀ ਦਾ ਮੂੰਹ ਦੇਖ ਕੇ ਹੀ ਅੰਦਾਜ਼ਾ ਲਾ ਲੈਣਾ ਕਿ ਦਿਨ ਕਿਹੋ ਜਿਹਾ ਲੰਘੇਗਾ |

-ਮਨਜੀਤ ਪਿਉਰੀ
ਨੇੜੇ ਭਾਰੂ ਗੇਟ ਗਿੱਦੜਬਾਹਾ |
ਮੋਬਾਈਲ : 94174 47986


ਖ਼ਬਰ ਸ਼ੇਅਰ ਕਰੋ

ਰੈਸਟ ਦੀ ਲੋੜ

ਇਕ ਔਰਤ ਡਾਕਟਰ ਕੋਲ ਗਈ ਤਾਂ ਕਹਿਣ ਲੱਗੀ, 'ਡਾਕਟਰ ਸਾਹਿਬ, ਮੈਨੂੰ ਕੁਝ ਹਰਾਰਤ ਜਿਹੀ ਮਹਿਸੂਸ ਹੋ ਰਹੀ ਹੈ, ਜ਼ਰਾ ਨਬਜ਼ ਵੇਖ ਕੇ ਦੱਸੋ ਕੀ ਬਿਮਾਰੀ ਹੈ?'
ਡਾਕਟਰ (ਨਬਜ਼ ਵੇਖ ਕੇ) : ਕੋਈ ਖਾਸ ਗੱਲ ਨਹੀਂ ਹੈ, ਬਸ ਇਕ-ਦੋ ਦਿਨ ਬੈੱਡ ਰੈਸਟ ਲੈਣ ਨਾਲ ਤਬੀਅਤ ਇਕਦਮ ਠੀਕ ਹੋ ਜਾਵੇਗੀ |
ਔਰਤ (ਜੀਭ ਕੱਢ ਕੇ) : ਜ਼ਰਾ ਮੇਰੀ ਜੀਭ ਵੀ ਚੈੱਕ ਕਰੋ ਨਾ |
ਡਾਕਟਰ : ਇਸ ਨੂੰ ਵੀ ਰੈਸਟ ਦੀ ਲੋੜ ਹੈ |

-ਪਿੰਡ ਤੇ ਡਾਕ: ਖੋਸਾ ਪਾਂਡੋ, (ਮੋਗਾ)-142048.

ਬੰਦੇ

ਕਈ ਦਿਨਾਂ ਤੋਂ ਭਾਨ ਸਿਹੰੁ ਉਦਾਸ ਜਿਹਾ ਚਲ ਰਿਹਾ ਸੀ | ਸਵਰਨ ਨੇ ਅੱਜ ਭਾਨ ਸਿਹੰੁ ਤੋਂ ਪ੍ਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਭਾਨ ਸਿਹੰੁ ਅੱਗੋਂ ਬੋਲਿਆ, 'ਕੀ ਦੱਸਾਂ ਕਾਕਾ ਸ਼ਹਿਰ ਸਰਕਾਰੀ ਦਫ਼ਤਰ 'ਚੋਂ ਇਕ ਕੰਮ ਕਰਵਾਉਣਾ ਪਰ ਕਲਰਕ ਆਖ ਛੱਡਦਾ, ਕਦੇ ਸਾਬ ਨਹੀਂ ਆਏ, ਕਦੇ ਕੁਝ ਤੇ ਕਦੇ ਕੁਝ | ਚਾਚਾ ਸਰਕਾਰੀ ਕੰਮਾਂ ਲਈ ਜੇਬ ਢਿੱਲੀ ਕਰਨੀ ਪੈਂਦੀ ਏ, ਚੱਲ ਅੱਜ ਮੈਂ ਚਲਦਾਂ ਤੇਰੇ ਨਾਲ, ਤੇਰਾ ਕੰਮ ਕਰਵਾ ਕੇ ਦਿੰਦਾਂ, ਉਹ ਦੋਵੇਂ ਦਫਤਰ ਪਹੁੰਚ ਕੇ ਕਲਰਕ ਨੂੰ ਮਿਲੇ, ਗੱਲ 3500 'ਚ ਨਿਬੜ ਗਈ | ਕਲਰਕ ਨੇ ਢੇਰ ਵਿਚੋਂ ਭਾਨ ਸਿਹੰੁ ਵਾਲੀ ਫਾਈਲ ਕੱਢੀ 15 ਕੁ ਮਿੰਟਾਂ 'ਚ ਫਾਈਲ ਕੰਪਲੀਟ ਕਰ ਕੇ ਭਾਨ ਸਿਹੰੁ ਦੇ ਹੱਥ ਫੜਾ ਦਿੱਤੀ, ਭਾਨ ਸਿਹੰੁ ਦੋ-ਦੋ ਹਜ਼ਾਰ ਦੇ ਦੋ ਨੋਟ ਕਲਰਕ ਨੂੰ ਦੇ ਦਿੱਤੇ, ਕਲਰਕ ਨੇ ਵੀ ਸੌ-ਸੌ ਦੇ ਤਹਿ ਲੱਗੇ ਨੋਟ ਬਗੈਰ ਗਿਣਿਆਂ ਮੋੜ ਦਿੱਤੇ | ਨੋਟਾਂ ਦੀ ਤਹਿ ਖੋਲ੍ਹ ਕੇ ਜਿਉਂ ਹੀ ਨੋਟ ਗਿਣੇ, ਉਹ ਨੋਟ ਪੰਜ ਦੀ ਬਜਾਏ ਸੱਤ ਸਨ | ਦੋ ਨੋਟ ਕਲਰਕ ਨੂੰ ਵਾਪਸ ਕਰਦਿਆਂ ਭਾਨ ਸਿਹੰੁ ਨੇ ਆਖਿਆ, 'ਕਾਕਾ, ਪੈਸੇ ਗਿਣ ਕੇ ਲਿਆ ਦਿਆ ਕਰੋ |' ਨੋਟ ਜੇਬ੍ਹ 'ਚ ਪਾਉਂਦਾ ਹੋਇਆ ਕਲਰਕ ਭਾਨ ਸਿਹੰੁ ਦੇ ਮਾਸੂਮ ਚਿਹਰੇ ਵੱਲ ਤੱਕ ਕੇ ਆਖਣ ਲੱਗਾ, 'ਬਾਈ ਜੀ ਤੁਹਾਡੇ ਵਰਗੇ ਇਮਾਨਦਾਰ ਬੰਦੇ ਅੱਜਕਲ੍ਹ ਘੱਟ ਹੀ ਮਿਲਦੇ ਆ |'
ਸਰਕਾਰੀ ਮੁਲਾਜ਼ਮਾਂ ਦੀ ਰਗਰਗ ਤੋਂ ਵਾਕਿਫ਼ ਸਵਰਨ ਬੋਲਿਆ, 'ਹਾਂ ਭਰਾਵਾ ਇਹਦੇ ਵਰਗੇ ਬੰਦੇ ਤਾਂ ਵਾਕਿਆ ਹੀ ਘੱਟ ਮਿਲਦੇ ਆ ਪਰ ਤੁਹਾਡੇ ਵਰਗੇ ਬੰਦੇ ਸਰਕਾਰੀ ਦਫ਼ਤਰਾਂ 'ਚ ਬੜੀ ਆਸਾਨੀ ਨਾਲ ਮਿਲ ਜਾਂਦੈ ਆ |'

-ਮੋਬਾਈਲ : 94639-88918.

ਮਿੰਨੀ ਕਹਾਣੀ: ਅਮਲ

ਭੀੜ ਭਰੀ ਬੱਸ ਵਿਚ ਚੜ੍ਹਦਿਆਂ ਹੀ ਗੁਰਦਾਸ ਸਿੰਘ ਦੀ ਨਿਗ੍ਹਾ ਅੱਗੇ ਵਾਲੀ ਸੀਟ 'ਤੇ ਬੈਠੇ ਮੰੁਡੇ 'ਤੇ ਪਈ ਜੋ ਮੋਬਾਈਲ 'ਤੇ ਪ੍ਰਵਚਨ ਸੁਣ ਰਿਹਾ ਸੀ | ਦੇਖ ਕੇ ਚੰਗਾ ਲੱਗਿਆ | ਇੰਨੇ ਨੂੰ ਅਗਲੇ ਬੱਸ ਸਟਾਪ 'ਤੇ ਇਕ ਔਰਤ ਗੋਦੀ ਵਿਚ ਜਵਾਕ ਚੁੱਕੀ ਅਤੇ ਹੱਥ ਵਿਚ ਬੈਗ ਫੜੀ ਭੀੜ ਭਰੀ ਬੱਸ ਵਿਚ ਚੜ੍ਹੀ | ਸੀਟ ਨਾ ਮਿਲਣ ਦੀ ਬੇਬਸੀ ਉਸ ਦੇ ਚਿਹਰੇ 'ਤੇ ਸੀ | ਉਸ ਨੇ ਦਰਵਾਜ਼ੇ ਕੋਲ ਬੈਠੇ ਉਸ ਮੰੁਡੇ ਨੂੰ ਕਿਹਾ, 'ਵੀਰ ਜੀ, ਬੈਠਣ ਲਈ ਥੋੜ੍ਹੀ ਸੀਟ ਤਾਂ ਦੇ ਦਿਓ |' ਉਹ ਮੰੁਡਾ ਖਿਝ ਕੇ ਬੋਲਿਆ, 'ਤੈਨੂੰ ਦਿਖਦਾ ਨਹੀਂ, ਮੈਂ ਪ੍ਰਵਚਨ ਸੁਣ ਰਿਹਾ ਹਾਂ |' ਉਹ ਔਰਤ ਉਸ ਮੰੁਡੇ ਦੀ ਝਾੜ ਸੁਣ ਕੇ ਪਿੱਛੇ ਹੋ ਗਈ |
ਇੰਨੇ ਨੂੰ ਪ੍ਰਵਚਨ ਸੁਣਨ ਵਾਲੇ ਮੰੁਡੇ ਦੇ ਨਾਲ ਵਾਲਾ ਮੰਡਾ ਖੜ੍ਹਾ ਹੋਇਆ ਤੇ ਉਸ ਨੇ ਆਪਣੀ ਸੀਟ ਉਸ ਔਰਤ ਨੂੰ ਛੱਡ ਦਿੱਤੀ |

-ਮੋਬਾਈਲ : 94174-51074.
ਈਮੇਲ : amritfrombarnala@gmail.com

ਯਾਰ ਅਫ਼ਸਰ ਨਵਾਂ ਆਇਆ ਹੈ

ਹਰ ਰੋਜ਼ ਦਫ਼ਤਰ ਦੇਰ ਨਾਲ ਜਾਣ ਵਾਲੇ, ਛੁੱਟੀ ਤੋਂ ਪਹਿਲਾਂ ਘਰ ਨੂੰ ਦੌੜਨ ਵਾਲੇ ਅਤੇ ਦਫ਼ਤਰ ਸਮੇਂ ਵਿਚ ਆਪਣੇ ਕੰਮਕਾਜ ਨਿਪਟਾਉਣ ਵਾਲੇ ਇਕ ਸੱਜਣ ਤੋਂ ਉਸ ਦੇ ਆਂਢੀ-ਗੁਆਂਢੀ ਅਤੇ ਜਾਣਕਾਰ ਲੋਕ ਬਹੁਤ ਹੈਰਾਨ ਸਨ ਕਿਉਂਕਿ ਉਸ ਨੇ ਸਮੇਂ ਸਿਰ ਦਫ਼ਤਰ ਜਾਣਾ ਆਰੰਭ ਕਰ ਦਿੱਤਾ ਸੀ | ਛੁੱਟੀ ਤੋਂ ਪਹਿਲਾਂ ਘਰ ਨੂੰ ਭੱਜਣਾ ਬੰਦ ਕਰ ਦਿੱਤਾ ਸੀ | ਦਫ਼ਤਰੀ ਸਮੇਂ ਵਿਚ ਘਰ ਦੇ ਕੰਮਕਾਰ ਕਰਨੇ ਬੰਦ ਕਰ ਦਿੱਤੇ ਸਨ | ਥੋੜ੍ਹੇ ਦਿਨ ਤਾਂ ਲੋਕ ਉਸ ਦੇ ਸੁਭਾਅ ਵਿਚ ਆਏ ਅਚਨਚੇਤ ਬਦਲਾਅ ਨੂੰ ਵੇਖਦੇ ਰਹੇ ਪਰ ਇਕ ਦਿਨ ਉਸ ਦੇ ਇਕ ਨਜ਼ਦੀਕੀ ਮਿੱਤਰ ਨੇ ਉਸ ਨੂੰ ਪੁੱਛ ਹੀ ਲਿਆ, 'ਯਾਰ, ਆਪਾਂ ਕਈ ਦਿਨ ਤੋਂ ਵੇਖ ਰਹੇ ਹਾਂ ਕਿ ਤੂੰ ਦਫ਼ਤਰ ਨੂੰ ਸਮੇਂ ਸਿਰ ਜਾਣ ਲੱਗ ਪਿਐਾ | ਘਰ ਨੂੰ ਵੀ ਹੁਣ ਤੂੰ ਛੁੱਟੀ ਤੋਂ ਪਹਿਲਾਂ ਨਹੀਂ ਆਉਂਦਾ? ਹੁਣ ਤੈਨੂੰ ਦਫ਼ਤਰੀ ਸਮੇਂ ਵਿਚ ਘਰ ਦੇ ਕੰਮ ਵੀ ਕਰਦੇ ਨਹੀਂ ਵੇਖਿਆ | ਕੀ ਗੱਲ ਹੁਣ ਤੂੰ ਆਪਣੇ ਅਫਸਰਾਂ ਤੋਂ ਡਰਨ ਲੱਗ ਪਿਐਾ?'
ਆਪਣੇ ਨਜ਼ਦੀਕੀ ਮਿੱਤਰ ਵਲੋਂ ਪੁੱਛੇ ਪ੍ਰਸ਼ਨਾਂ ਦਾ ਜਵਾਬ ਦਿੰਦੇ ਹੋਏ ਉਹ ਬੋਲਿਆ,' ਯਾਰ, ਡਰੇ ਤਾਂ ਆਪਾਂ ਕਿਸੇ ਅਫ਼ਸਰ ਕੋਲੋਂ ਨਹੀਂ | ਅਸਲ ਵਿਚ ਗੱਲ ਇਹ ਹੈ ਕਿ ਅਫ਼ਸਰ ਨਵਾਂ-ਨਵਾਂ ਆਇਆ ਹੈ | ਉਸ ਉਤੇ ਚੰਗਾ ਪ੍ਰਭਾਵ ਪਾਉਣ ਲਈ ਇਹ ਡਰਾਮਾ ਕਰਨਾ ਹੀ ਪੈਂਦਾ ਹੈ | ਥੋੜ੍ਹੇ ਦਿਨਾਂ ਮਗਰੋਂ ਆਪਾਂ ਪਹਿਲਾਂ ਵਾਲੀ ਚਾਲ ਚੱਲਣੀ ਸ਼ੁਰੂ ਕਰ ਦੇਣੀ ਹੈ | ਇਕ ਵੇਰ ਬੰਦੇ ਦਾ ਚੰਗਾ ਪ੍ਰਭਾਵ ਬਣ ਗਿਆ, ਫਿਰ ਕੌਣ ਪੁੱਛਦੈ | ਆਪਾਂ ਬਹਾਨੇ ਬਣਾਉਣ ਦੀ ਤਾਂ ਪੀ.ਐਚ.ਡੀ. ਕੀਤੀ ਹੋਈ ਹੈ | ਥੋੜ੍ਹੇ ਦਿਨ ਤਾਂ ਆਪਾਂ ਨੂੰ ਇਹ ਅੱਕ ਚੱਬਣਾ ਹੀ ਪੈਣਾ ਹੈ |'

-ਮਾਧਵ ਨਗਰ, ਨੰਗਲ ਟਾਊਨਸ਼ਿਪ (ਰੋਪੜ) |
ਮੋਬਾਈਲ : 98726-27136.

ਸਿਆਣਪ ਵੋਟਰਾਂ ਦੀ

• ਬਿਸ਼ੰਬਰ ਅਵਾਂਖੀਆ •
ਸਿਆਣਪ ਵੋਟਰਾਂ ਦੀ ਲੀਡਰਾਂ ਨੂੰ ਖਟਕਦੀ ਰਹਿੰਦੀ,
ਕਿ ਤਾਂ ਹੀ ਯੋਜਨਾ ਵਿਦਿਆ ਸਬੰਧਿਤ ਲਟਕਦੀ ਰਹਿੰਦੀ |
ਕਮਾਉਂਦੇ ਲੋਕ ਪੈਸੇ ਮਿਹਨਤਾਂ ਕਰਕੇ, ਇਨ੍ਹਾਂ ਦੀ ਪਰ
ਕਮਾਈ ਘਪਲਿਆਂ ਦੇ ਵਿਚ ਸਿਆਸਤ ਗਟਕਦੀ ਰਹਿੰਦੀ |
ਗ਼ਰੀਬਾਂ ਨੂੰ ਗ਼ਰੀਬੀ ਦੀ ਅਲਾਮਤ ਲਾਉਣ ਦੇ ਮਗਰੋਂ,
ਇਹ ਆਜ਼ਾਦੀ ਅਮੀਰਾਂ ਦੇ ਘਰੀਂ ਹੀ ਭਟਕਦੀ ਰਹਿੰਦੀ |
ਸਿਆਸਤ ਦੇ ਉਕਾਵਾਂ ਨੇ ਹਵਾ ਦੇ ਕੰਨ ਭਰੇ ਲੱਗਦੇ,
ਇਹ ਚਿੜੀਆਂ ਆਸਮਾਨਾਂ ਤੋਂ ਜ਼ਮੀਂ ਤੇ ਪਟਕਦੀ ਰਹਿੰਦੀ |
ਕੋਈ ਵੀ ਵਕਤ ਮੇਰੇ ਸ਼ਹਿਰ ਦਾ ਚੰਗਾ ਨਹੀਂ ਲੰਘਦਾ,
ਕਿ ਦਹਿਸ਼ਤ ਜਾਨਲੇਵਾ ਹਰ ਜਗ੍ਹਾ ਹੀ ਫਟਕਦੀ ਰਹਿੰਦੀ |
ਮੁਹੱਬਤ ਨੇ ਖ਼ੁਸ਼ੀ ਦੀ ਥਾਂ ਗ਼ਮਾਂ ਦੇ ਢੇਰ ਦਿੱਤੇ ਨੇ,
ਕਿ ਯਾਦਾਂ ਦੀ ਕੋਈ ਤਲਵਾਰ ਦਿਲ ਨੂੰ ਝਟਕਦੀ ਰਹਿੰਦੀ |
'ਬਿਸ਼ੰਬਰ' ਦਰਦ ਦਿਲ ਦਾ ਕਾਗਜ਼ਾਂ 'ਤੇ ਰੋੜ੍ਹ ਦਿੰਦਾ ਏ,
ਕਿ 'ਗਰ ਬੋਲੇ ਜ਼ੁਬਾਂ ਉਸ ਦੀ ਸਦਾ ਹੀ ਅਟਕਦੀ ਰਹਿੰਦੀ |

-ਪਿੰਡ ਤੇ ਡਾਕ: ਅਵਾਂਖਾ, ਜ਼ਿਲ੍ਹਾ+ਤਹਿਸੀਲ ਗੁਰਦਾਸਪੁਰ |
ਮੋਬਾਈਲ : 97818-25255.

ਤੀਰ ਤੁੱਕਾ- 'ਤੇ ਉਹ ਠੱਗਿਆ ਗਿਆ

ਜ਼ਮਾਨਾ ਬਦਲ ਗਿਆ ਹੈ, ਹੁਣ ਦੋਸਤ ਬਣਾਉਣ ਲਈ ਤਰਲੇ ਨਹੀਂ ਕਰਨੇ ਪੈਂਦੇ, ਸਗੋਂ ਫੇਸ ਬੁੱਕ ਦੇ ਸਹਾਰੇ ਵਿਸ਼ਵ ਵਿਆਪੀ ਦੋਸਤ ਲੱਭੇ ਜਾਂਦੇ ਹਨ | ਸਮੰੁਦਰੋਂ ਪਾਰਲੇ ਦੋਸਤਾਂ ਮਿੱਤਰਾਂ ਨਾਲ ਸਮਾਰਟ ਫ਼ੋਨ ਰਾਹੀਂ ਹੀ ਸੰਪਰਕ ਰੱਖਿਆ ਜਾਂਦਾ ਹੈ, ਖ਼ਤ ਲਿਖ ਕੇ ਡਾਕ ਰਾਹੀਂ ਪਾਉਣੇ ਤੇ ਉਸ ਦਾ ਵਰਿ੍ਹਆਂ ਤਕ ਇੰਤਜ਼ਾਰ ਕਰਨਾ ਹੁਣ ਪੁਰਾਣੀ ਸਦੀ ਦੀਆਂ ਗੱਲਾਂ ਹੋ ਗਈਆਂ ਹਨ | ਕਿਹਰ ਸਿੰਘ ਨੇ ਵੀ ਫੇਸ ਬੁੱਕ ਚਲਾਉਣੀ ਸਿੱਖ ਲਈ | ਉਸ ਨੂੰ ਨਿੱਤ ਨਵੀਆਂ ਦੋਸਤ ਬਣਨ ਦੀਆਂ ਬੇਨਤੀਆਂ ਆਉਂਦੀਆਂ, ਉਹ ਹਰ ਪ੍ਰੋਫਾਈਲ ਦੇਖਦਾ ਤੇ ਫਿਰ ਝੱਟ ਦੋਸਤੀ ਨੂੰ ਸਵੀਕਾਰ ਕਰ ਲੈਂਦਾ | ਮੁੰਡੇ ਕੁੜੀਆਂ , ਸੋਹਣੀਆਂ ਸੁਨੱਖੀਆਂ ਨਾਰਾਂ ਉਸ ਦੀਆਂ ਦੋਸਤ ਬਣ ਗਈਆਂ ਸਨ | ਦੋਸਤੀ ਦਾ ਦਾਇਰਾ ਵਿਸ਼ਾਲ ਹੋ ਗਿਆ ਸੀ | ਉਹ ਪਿੰਡ ਦੀ ਜੂਹ ਤੋਂ ਬਾਹਰ ਨਿਕਲ ਗਿਆ ਸੀ | ਕਿਹਰ ਸਿੰਘ ਨੂੰ ਲਗਦਾ ਸੀ ਕਿ ਉਹ ਫੇਸ ਬੁੱਕ ਰਾਹੀਂ ਆਪਣੇ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਕੇ ਖੁੱਲੇ੍ਹ ਅੰਬਰਾਂ ਵਿਚ ਉਡਾਰੀਆਂ ਭਰ ਰਿਹਾ ਹੈ |
ਕੁਝ ਮਹੀਨੇ ਪਹਿਲਾਂ ਬਣੀ ਉਸ ਦੀ ਵਿਦੇਸ਼ੀ ਮਹਿਲਾ ਦੋਸਤ ਨਾਲ ਦੋਸਤੀ ਦੀ ਪੀਂਘ ਪੀਢੀ ਹੁੰਦੀ ਜਾ ਰਹੀ ਸੀ | ਗੱਲ ਕੀ ਮਹਿਲਾ ਮਿੱਤਰ ਹਰ ਪਲ ਉਸ ਨਾਲ ਤਾਲਮੇਲ ਰੱਖਦੀ, ਕੀ ਖਾਧਾ ਹੈ ਤੇ ਕੀ ਖਾਣਾ ਹੈ ਤਕ ਸਾਂਝ ਉਸ ਨਾਲ ਪਾਉਂਦੀ | ਕਿਹਰ ਸਿੰਘ ਵੀ ਖ਼ੁਸ਼ੀ ਵਿਚ ਝੂਮਦਾ, ਉੱਡਦਾ ਫਿਰਦਾ, ਉਸ ਦੇ ਦਿਨ ਵਿਆਹ ਵਾਲੇ ਦਿਨਾਂ ਵਾਂਗ ਲੰਘਣ ਲੱਗੇ | ਫਿਰ ਕੀ ਔਰਤ ਨੇ ਦੱਸਿਆ ਕਿ ਉਸ ਨੇ ਉਸ ਨੂੰ ਜਨਮ ਦਿਨ ਤੇ ਮਹਿੰਗਾ ਤੋਹਫ਼ਾ ਭੇਜਿਆ ਹੈ, ਸਰਪ੍ਰਾਈਜ਼ ਹੈ | ਕੁਝ ਦਿਨਾਂ ਬਾਅਦ ਕਿਹਰ ਸਿੰਘ ਨੂੰ ਇੱਕ ਵਿਅਕਤੀ ਦਾ ਫ਼ੋਨ ਆਇਆ ਕਿ ਵਿਦੇਸ਼ ਤੋਂ ਉਨ੍ਹਾਂ ਦੇ ਨਾਂਅ 'ਤੇ ਡੇਢ ਲੱਖ ਦੀ ਕੀਮਤ ਤੋਂ ਵੱਧ ਦਾ ਪਾਰਸਲ ਆਇਆ ਹੈ, 'ਮੈਂ ਕਸਟਮ ਵਿਭਾਗ ਤੋਂ ਬੋਲ ਰਿਹਾ ਹਾਂ ਤੁਸੀਂ ਕਸਟਮ ਡਿਊਟੀ ਵਜੋਂ 30 ਹਜ਼ਾਰ ਰੁਪਏ ਸਾਨੂੰ ਅਦਾ ਕਰੋ, ਅਸੀਂ ਤੁਹਾਡਾ ਕਸਟਮ ਰਿਲੀਜ਼ ਕਰ ਦਿਆਂਗੇ, ਨਹੀਂ ਤਾਂ ਇਸ ਪਾਰਸਲ ਨੂੰ ਵਾਪਸ ਭੇਜਣਾ ਪੈਣਾ ਹੈ |' ਕਿਹਰ ਸਿੰਘ ਨੇ ਤੁਰੰਤ ਤੀਹ ਹਜ਼ਾਰ ਦਾ ਪ੍ਰਬੰਧ ਕਰਕੇ ਆਪਣੇ-ਆਪ ਨੂੰ ਕਸਟਮ ਕਰਮਚਾਰੀ ਦਸਣ ਵਾਲੇ ਵਿਅਕਤੀ ਦੇ ਖਾਤੇ ਵਿਚ ਪਾ ਦਿੱਤੇ | ਉਸ ਤੋਂ ਬਾਅਦ ਉਸ ਵਿਅਕਤੀ ਦਾ ਫ਼ੋਨ ਵੀ ਨਹੀਂ ਆਇਆ ਤੇ ਮਹਿਲਾ ਮਿੱਤਰ ਵੀ ਫੇਸ ਬੁੱਕ ਤੋਂ ਖਹਿੜਾ ਛੁਡਾ ਗਈ | ਕਿਹਰ ਸਿੰਘ ਠਗਿਆ ਗਿਆ ਸੀ |
ਹੌਸਲਾ ਕਰਕੇ ਉਹ ਆਪਣੇ ਥਾਣੇਦਾਰ ਮਿੱਤਰ ਕੋਲ ਗਿਆ ਤਾਂ ਥਾਣੇਦਾਰ ਮੁਸਕੜੀਆਂ ਹੱਸਦਾ ਹੋਇਆ ਸਿਰਫ਼ ਏਨਾ ਹੀ ਬੋਲਿਆ, 'ਵੀਰ ਤੁਸੀਂ ਸਾਈਬਰ ਕ੍ਰਾਈਮ ਦੀ ਠੱਗੀ ਦਾ ਸ਼ਿਕਾਰ ਹੋ ਗਏ ਹੋ, ਹੋਰ ਲੋਕ ਵੀ ਹੋ ਰਹੇ ਹਨ, ਇਸ ਸਬੰਧੀ ਸਾਨੂੰ ਲਿਖਤੀ ਸ਼ਿਕਾਇਤ ਦੇ ਦਿਓ, ਅਸੀਂ ਸਾਈਬਰ ਕ੍ਰਾਈਮ ਸੈੱਲ ਰਾਹੀਂ ਇਸ ਨੂੰ ਹੱਲ ਕਰਨ ਵਿਚ ਪੂਰੀ ਕੋਸ਼ਿਸ਼ ਕਰਾਂਗੇ, ਪਰ ਫ਼ਰਜ਼ੀ ਫੇਸ ਬੁੱਕ ਦੋਸਤਾਂ ਤੋਂ ਸੁਚੇਤ ਰਹੋ, ਤੁਸੀਂ ਦੋਸਤੀ ਦੇ ਝਾਂਸੇ ਵਿਚ ਤੀਹ ਹਜ਼ਾਰ ਦੇ ਦਿੱਤਾ ਜੇਕਰ ਸਾਡੀ ਭਰਜਾਈ ਪੈਸੇ ਮੰਗੇ ਤਾਂ ਤੁਸੀਂ 100 ਰੁਪਇਆ ਜੇਬੋਂ ਕੱਢਣ ਵੇਲੇ ਵੀ ਨੱਕ ਬੁੱਲ੍ਹ ਕੱਢਦੇ ਹੋ |'

-ਕ੍ਰਿਸ਼ਨਾ ਕਾਲੋਨੀ ਗੁਰਾਇਆ, ਜ਼ਿਲ੍ਹਾ ਜਲੰਧਰ |
ਫੋਨ-9417058020

ਹਰਕਤ ਵਿਚ ਬਰਕਤ

ਨੱਥਾ ਸਿੰਘ ਕਮਾਦ ਦਾ ਲੱਦਿਆ ਗੱਡਾ ਲੈ ਕੇ ਸ਼ੂਗਰ ਮਿੱਲ ਵੱਲ ਜਾ ਰਿਹਾ ਸੀ | ਘਰੋਂ ਮੰੂਹ ਹਨੇਰੇ ਹੀ ਚੱਲ ਪਿਆ ਸੀ | ਘਰ ਵਾਲੀ ਨੇ ਨਾਸ਼ਤੇ ਵਿਚ ਮੱਕੀ ਦੀ ਰੋਟੀ ਅਤੇ ਸਾਗ ਪਰੋਸ ਦਿੱਤਾ ਸੀ | ਸਾਗ ਵਿਚ ਦੇਸੀ ਘਿਓ ਪਾਣੀ ਦੀ ਤਰ੍ਹਾਂ ਤਰ ਰਿਹਾ ਸੀ | ਨੱਥਾ ਸਿੰਘ ਨੇ ਇਸ ਦਾ ਭਰਪੂਰ ਆਨੰਦ ਮਾਣਿਆ ਅਤੇ ਜ਼ਰੂਰਤ ਤੋਂ ਜ਼ਿਆਦਾ ਛਕ ਲਿਆ ਸੀ | ਕੜਾਕੇ ਦੀ ਠੰਢ ਸੀ | ਜਦੋਂ ਉਹ ਗੱਡੇ ਦੇ ਜੂਲੇ 'ਤੇ ਬੈਠਿਆ ਤਾਂ ਉਸ ਨੇ ਵਾਹਵਾ ਮੋਟਾ ਕੰਬਲ ਲੈ ਲਿਆ ਸੀ | ਪਿੰਡ ਤੋਂ ਮੇਨ ਰੋਡ 'ਤੇ ਪਹੁੰਚਣ ਲਈ, ਸੜਕ ਦਾ ਚਾਰ-ਪੰਜ ਕਿਲੋਮੀਟਰ ਦਾ ਟੋਟਾ ਸੀ | ਇਸ ਟੋਟੇ ਵਿਚ ਕਈ ਟੋਏ-ਟਿੱਬੇ ਸਨ | ਨੱਥਾ ਸਿੰਘ ਨੂੰ ਇਕ ਕੰਬਲ ਦਾ ਨਿੱਘ ਅਤੇ ਦੂਜੀ ਦੇਸੀ ਘਿਓ ਦੀ ਗਰਮਾਇਸ਼ ਹੋਣ ਕਰਕੇ ਕਦੇ-ਕਦੇ ਉਸ ਦੀ ਝੋਕ ਲੱਗਣੀ ਸ਼ੁਰੂ ਹੋ ਗਈ | ਪਰ ਟੋਏ-ਟਿੱਬੇ ਦੇ ਝਟਕਿਆਂ ਕਾਰਨ ਝੋਕ ਟੁੱਟ ਜਾਂਦੀ | ਹਿਚਕੋਲੇ ਖਾਂਦਾ ਉਹ ਮੇਨ ਸੜਕ 'ਤੇ ਆ ਗਿਆ, ਇਹ ਸੜਕ ਸਾਫ਼ ਅਤੇ ਪੱਧਰੀ ਸੀ | ਇਕ ਵਾਰ ਉਸ ਦੀ ਝਪਕੀ ਲੱਗ ਗਈ | ਬਲਦ, ਕਾਫ਼ੀ ਦੂਰੀ ਤੱਕ ਸਲਾਮਤ ਚਲਦੇ ਗਏ | ਪਰ ਕੰਟਰੋਲ ਨਾ ਹੋਣ ਕਾਰਨ ਗੱਡਾ, ਮੇਨ ਸੜਕ ਤੋਂ ਉੱਤਰ ਗਿਆ ਅਤੇ ਸੜਕ ਦੇ ਕੰਢੇ ਇਕ ਟੋਏ ਵਿਚ ਉਸ ਦਾ ਇਕ ਪਹੀਆ ਫਸ ਗਿਆ | ਨੱਥਾ ਸਿੰਘ ਦੀ ਝਪਕੀ ਉਦੋਂ ਟੁੱਟੀ ਜਦੋਂ ਉਸ ਨੂੰ ਝਟਕਾ ਲੱਗਿਆ | ਹਾਲੇ ਵੀ ਘੁਸਮਸਾ ਸੀ | ਉਹ ਗੱਡੇ ਤੋਂ ਉਤਰਿਆ, ਹਾਲੇ ਸੜਕ 'ਤੇ ਲੋਕਾਂ ਦੀ ਆਵਾਜਾਈ ਬਹੁਤ ਘੱਟ ਸੀ | ਉਸ ਨੇ ਦੋ-ਤਿੰਨ ਸਾਈਕਲਾਂ ਵਾਲਿਆਂ ਨੂੰ ਅਤੇ ਦੋ-ਤਿੰਨ ਮੋਟਰਸਾਈਕਲ ਵਾਲਿਆਂ ਨੂੰ ਹੱਥ ਦਿੱਤਾ | ਪਰ ਇਸ ਦੌੜ ਭਰੀ ਜ਼ਿੰਦਗੀ ਵਿਚ ਠਹਿਰਣ ਦਾ ਸਮਾਂ ਕੀਹਦੇ ਕੋਲ? ਵੀਹ-ਪੰਝੀ ਮਿੰਟ ਤੋਂ ਬਾਅਦ ਉਹਦਾ ਧਿਆਨ, ਸੜਕ ਤੋਂ ਥੋੜ੍ਹਾ ਦੂਰ ਹਟ ਕੇ ਇਕ ਰੁੱਖ ਥੱਲੇ ਬਲਦੀ ਅੱਗ 'ਤੇ ਪਿਆ | ਉਸ ਨੇ ਸੋਚਿਆ ਕਿ ਥੋੜ੍ਹੀ ਜਿਹੀ ਅੱਗ ਸੇਕ ਲਈ ਜਾਵੇ ਅਤੇ ਨਾਲੇ ਦਿਨ ਵੀ ਚੜ੍ਹ ਜਾਵੇਗਾ | ਉਹ ਅੱਗ ਦੇ ਕੋਲ ਚਲਿਆ ਗਿਆ | ਉਥੇ ਇਕ ਬਜ਼ੁਰਗ ਆਦਮੀ ਬੈਠਾ ਸੀ, ਉਸ ਨੇ ਨੱਥਾ ਸਿੰਘ ਨੂੰ ਆਖਿਆ, 'ਭਲਿਆ ਲੋਕਾ, ਮੈਂ ਕਾਫ਼ੀ ਦੇਰ ਤੋਂ ਦੇਖ ਰਿਹਾ ਹਾਂ ਕਿ ਕਾਫ਼ੀ ਸਮੇਂ ਤੋਂ ਤੇਰੀ ਸਹਾਇਤਾ ਕਰਨ ਲਈ ਕੋਈ ਵੀ ਖੜ੍ਹਾ ਨਹੀਂ ਹੁੰਦਾ | ਕੀ ਮੈਂ ਤੇਰੀ ਸਹਾਇਤਾ ਕਰਾਂ?' ਨੱਥਾ ਸਿੰਘ ਨੇ ਉਸ ਬਜ਼ੁਰਗ ਵੱਲ ਪੂਰੀ ਘੋਖ ਪੜਤਾਲ ਨਾਲ ਦੇਖਿਆ | ਮਨ ਵਿਚ ਆਖਣ ਲੱਗਾ, 'ਲੋਕਾਂ ਨੇ ਸਹੀ ਤੱਤ ਕੱਢਿਆ ਹੈ ਕਿ ਬਜ਼ੁਰਗ ਸੱਤਰ-ਬਹੱਤਰ ਜਾਂਦੇ ਹਨ ਅਤੇ ਇਨ੍ਹਾਂ ਦੀ ਅਕਲ ਮਾਰੀ ਜਾਂਦੀ ਹੈ |' ਉਹ, ਉਸ ਬਜ਼ੁਰਗ ਨੂੰ ਆਖਣ ਲੱਗਾ, 'ਬਜ਼ੁਰਗਾ, ਤੈਥੋਂ ਖੜ੍ਹੇ 'ਤੇ ਹੋਇਆ ਨਹੀਂ ਜਾਂਦਾ, ਤੂੰ ਮੇਰੀ ਸਹਾਇਤਾ ਕੀ ਕਰਨੀ ਹੈ?' ਬਜ਼ੁਰਗ ਨੇ ਅੱਗੋਂ ਜਵਾਬ ਦਿੱਤਾ, 'ਤੂੰ ਬੜਾ ਹੀ ਬੇਸਬਰਾ ਏਾ, ਤੂੰ ਮੇਰੀ ਪੂਰੀ ਗੱਲ ਤਾਂ ਸੁਣੀ ਨਹੀਂ, ਅੱਗੋਂ ਹੀ ਬੋਲ ਪਿਆਂ |' ਨੱਥਾ ਸਿੰਘ ਨੇ ਆਖਿਆ, 'ਚੱਲ ਦਸ |' ਬਜ਼ੁਰਗ ਨੇ ਉਸ ਨੂੰ ਆਖਿਆ, 'ਪਹਿਲਾਂ ਗੱਡੇ ਦੇ ਪਿੱਛੇ ਹੋ ਕੇ ਆਪ ਧੱਕਾ ਲਾ |' ਨੱਥਾ ਸਿੰਘ ਨੂੰ ਬਹੁਤ ਗੁੱਸਾ ਆਇਆ ਅਤੇ ਬੁੜਬੁੜਾਇਆ, 'ਇਸ ਦੀ ਹੋਸ਼ ਟਿਕਾਣੇ ਨਹੀਂ |' ਚੁੱਪ-ਚਾਪ ਅੱਗ ਸੇਕਦਾ ਰਿਹਾ | ਜਦੋਂ ਥੋੜ੍ਹੀ ਜਿਹੀ ਰੌਸ਼ਨੀ ਹੋ ਗਈ ਤਾਂ ਉਹ ਗੱਡੇ ਵੱਲ ਚਲ ਪਿਆ | ਚਲਦਿਆਂ-ਚਲਦਿਆਂ ਉਹਦੇ ਮਨ ਵਿਚ ਵਿਚਾਰ ਆਇਆ ਕਿ ਸ਼ਾਇਦ ਇਹ ਬਜ਼ੁਰਗ ਕੋਈ ਫੱਕਰ ਹੋਵੇ ਅਤੇ ਫੱਕਰਾਂ ਦੀ ਗੱਲ ਵਿਚ ਕਾਫ਼ੀ ਵਜ਼ਨ ਹੁੰਦਾ ਹੈ | ਮੈਂ ਧੱਕਾ ਲਾ ਕੇ ਦੇਖ ਹੀ ਲੈਂਦਾ ਹਾਂ | ਉਹ ਗੱਡੇ ਦੇ ਪਿੱਛੇ ਖੜ੍ਹਾ ਹੋ ਕੇ ਧੱਕਾ ਲਾਉਣ ਲੱਗ ਪਿਆ | ਹਾਲੇ ਦੋ-ਤਿੰਨ ਮਿੰਟ ਹੋਏ ਹੋਣਗੇ, ਇਕ ਸਾਈਕਲ ਵਾਲਾ ਉਸ ਦੇ ਕੋਲ ਦੀ ਲੰਘਿਆ | ਉਸ ਨੇ ਦੇਖਿਆ ਕਿ ਭਲਾ ਲੋਕ, ਇਕੱਲਿਆਂ ਹੀ ਧੱਕਾ ਲਾ ਰਿਹਾ ਹੈ | ਉਸ ਨੇ ਸਾਈਕਲ ਖੜ੍ਹੀ ਕੀਤੀ ਤੇ ਉਹ ਵੀ ਉਸ ਨਾਲ ਧੱਕਾ ਲਾਉਣ ਲੱਗ ਪਿਆ | ਦੇਖਦਿਆਂ ਹੀ ਦੇਖਦਿਆਂ ਦੋ ਮੋਟਰਸਾਈਕਲ ਸਵਾਰ ਆ ਗਏ | ਉਹ ਵੀ ਧੱਕਾ ਲਾਉਣ ਲੱਗ ਪਏ | ਏਨੇ ਵਿਚ ਲੱਕੜ ਮੰਡੀ ਦੀ ਲੇਬਰ ਦੇ ਕੁਝ ਬੰਦੇ ਆ ਗਏ | ਉਹ ਖੜ੍ਹੇ ਹੋ ਗਏ | ਹੁਣ ਦਸ-ਬਾਰ੍ਹਾਂ ਬੰਦੇ ਹੋ ਗਏ | ਲੇਬਰ ਦੇ ਬੰਦਿਆਂ ਵਿਚੋਂ ਇਕ ਕਾਫ਼ੀ ਸਿਆਣਾ ਅਤੇ ਅਨੁਭਵੀ ਸੀ | ਉਸ ਨੇ ਨੱਥਾ ਸਿੰਘ ਨੂੰ ਆਖਿਆ ਕਿ ਉਹ ਜਾ ਕੇ ਗੱਡੇ ਦੇ ਜੂਲੇ 'ਤੇ ਬੈਠ ਜਾਵੇ | ਉਹ ਬਾਕੀ ਦੇ ਬੰਦਿਆਂ ਨੂੰ ਆਖਣ ਲੱਗਾ ਕਿ ਜਦ ਮੈਂ ਇਹ ਆਖਾਂਗਾ ਕਿ ਲਾ ਕੇ ਧੱਕਾ 'ਹਈਸ਼ਾ' ਤਾਂ ਆਪਾਂ ਸਾਰਿਆਂ ਨੇ ਇਕੱਠੇ ਧੱਕਾ ਲਾਉਣਾ ਹੈ | ਉਸ ਨੇ ਨੱਥਾ ਸਿੰਘ ਨੂੰ ਵੀ ਆਖਿਆ 'ਹਈਸ਼ਾ' 'ਤੇ ਉਸ ਨੇ ਉਸ ਬਲਦ ਤੋਂ ਜ਼ੋਰ ਲਵਾਉਣਾ ਹੈ ਜਿਹੜਾ ਟੋਏ ਵਾਲੇ ਪਾਸੇ ਹੋਵੇ | ਨੱਥਾ ਸਿੰਘ ਜੂਲੇ 'ਤੇ ਜਾ ਕੇ ਬੈਠ ਗਿਆ | ਧੱਕੇ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ, ਬੜੀ ਉੱਚੀ ਆਵਾਜ਼ ਵਿਚ ਹਈਸ਼ਾ ਦਾ ਸ਼ਬਦ ਗੰੂਜਿਆ | ਇਕ ਮੁਸ਼ਤ ਧੱਕਾ ਲੱਗਿਆ, ਬੰਦਿਆਂ ਦਾ ਵੀ ਅਤੇ ਬਲਦ ਦਾ ਵੀ | ਗੱਡੇ ਦਾ ਪਹੀਆ ਟੋਏ ਤੋਂ ਬਾਹਰ ਸੀ | ਸਾਰਿਆਂ ਦੇ ਚਿਹਰੇ ਖਿੜ੍ਹੇ ਹੋਏ ਸੀ | ਇਕ-ਦੂਜੇ ਤੋਂ ਅਲਵਿਦਾ ਲੈ ਕੇ ਸਾਰੇ ਆਪਣੇ-ਆਪਣੇ ਕੰਮਾਂ-ਕਾਰਾਂ ਨੂੰ ਚਲੇ ਗਏ | ਨੱਥਾ ਸਿੰਘ ਨੇ ਗੱਡੇ ਨੂੰ ਸੜਕ ਦੇ ਇਕ ਪਾਸੇ ਖੜ੍ਹਾ ਕਰ ਦਿੱਤਾ ਅਤੇ ਰੁੱਖ ਥੱਲੇ ਬੈਠੇ ਬਜ਼ੁਰਗ ਦਾ ਧੰਨਵਾਦ ਕਰਨ ਲਈ ਗਿਆ | ਜਦੋਂ ਨੱਥਾ ਸਿੰਘ ਰੁੱਖ ਦੇ ਨੇੜੇ ਪੁੱਜਿਆ ਤਾਂ ਉਸ ਨੇ ਦੇਖਿਆ ਕਿ ਬਜ਼ੁਰਗ ਹੇਕ ਨਾਲ ਗਾ ਰਿਹਾ ਸੀ, 'ਜ਼ਿੰਦਗੀ ਹਰਕਤ ਵਿਚ ਲਿਆ, ਫੇਰ ਤਮਾਸ਼ਾ ਦੇਖ ਲੈ |' ਨੱਥਾ ਸਿੰਘ ਖੜ੍ਹਾ ਹੋ ਕੇ ਚੁੱਪਚਾਪ ਸੁਣਦਾ ਰਿਹਾ | ਜਦ ਬਜ਼ੁਰਗ ਚੁੱਪ ਹੋ ਗਿਆ ਤਾਂ ਉਸ ਨੇ ਬਜ਼ੁਰਗ ਨੂੰ ਆਖਿਆ, 'ਮੈਂ ਤਮਾਸ਼ਾ ਵੀ ਦੇਖ ਲਿਆ ਹੈ ਅਤੇ ਅਚੰਭਾ ਵੀ ਅਤੇ ਨਾਲ ਹੀ ਮੈਨੂੰ ਬਹੁਤ ਵੱਡੀ ਸਮਝ ਵੀ ਆ ਗਈ ਹੈ | ਉਹ ਇਹ ਹੈ, 'ਹਰਕਤ ਵਿਚ ਬਰਕਤ |' ਤੇ ਉਹ ਬਜ਼ੁਰਗ ਤੋਂ ਅਲਵਿਦਾ ਲੈ ਕੇ ਆਪਣੀ ਮੰਜ਼ਿਲ ਵੱਲ ਚਲ ਪਿਆ |

-ਸੇਵਾ-ਮੁਕਤ ਲੈਕਚਰਾਰ, ਕਰਤਾਰਪੁਰ, ਜਲੰਧਰ | ਮੋਬਾਈਲ : 98726-10035.

ਸਵਾਲ

ਪਿੰਡ ਦੇ ਸਰਪੰਚ ਵਲੋਂ ਸਕੂਲ ਦੀ ਸਫਾਈ ਲਈ ਅੱਜ ਨਰੇਗਾ ਸਕੀਮ ਵਾਲੇ ਮਜ਼ਦੂਰ ਲਾਏ ਹੋਏ ਸਨ | ਜਦੋਂ ਮੈਂ ਦਫ਼ਤਰ ਵਿਚੋਂ ਹਾਜ਼ਰੀ ਲਾ ਕੇ ਬਾਹਰ ਨਿਕਲਿਆ ਤਾਂ ਪਿਛਲੇ ਸਾਲ 12ਵੀਂ ਜਮਾਤ ਪਾਸ ਕਰ ਕੇ ਗਈ ਇਕ ਲੜਕੀ ਨੇ ਆ ਕੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ |
'ਸਤਿ ਸ੍ਰੀ ਅਕਾਲ ਬੇਟਾ | ਹੋਰ ਸੁਣਾ ਹੁਣ ਕਿੱਥੇ ਪੜ੍ਹਦੀ ਹੈਂ?'
'ਪੜ੍ਹਨਾਂ ਕੀ ਏ ਸਰ |' ਮੇਰਾ ਬਾਰਵੀ੍ਹਾ ਦਾ ਨਤੀਜਾ ਆਉਣ ਤੋਂ ਕੁਝ ਦਿਨ ਬਾਅਦ ਹੀ ਪਾਪਾ ਦੀ ਪੈੜ ਤੋਂ ਡਿਗ ਜਾਣ ਕਾਰਨ ਮੌਤ ਹੋ ਗਈ ਸੀ | ਉਸ ਤੋਂ ਬਾਅਦ ਮੰਮੀ ਨੇ ਆਪਣਾ ਤੇ ਮੇਰਾ ਨਾਂਅ ਨਰੇਗਾ ਦੀ ਲਿਸਟ ਵਿਚ ਲਿਖਵਾ ਦਿੱਤਾ | ਛੋਟਾ ਭਰਾ ਹਾਲੇ ਛੇਵੀਂ ਜਮਾਤ ਵਿਚ ਪੜ੍ਹਦਾ ਹੈ | ਸਾਡੀ ਦੋਵਾਂ ਦੀ ਕਮਾਈ ਨਾਲ ਹੀ ਘਰ ਦਾ ਮਾੜਾ ਮੋਟਾ ਗੁਜ਼ਾਰਾ ਚੱਲਦਾ ਹੈ | '
'ਓਹ ਬੇਟਾ, ਇਹ ਤਾਂ ਬਹੁਤ ਮਾੜੀ ਗੱਲ ਹੋਈ | ਪਰ ਫਿਰ ਵੀ ਜੇ ਤੂੰ ਅੱਗੇ ਕਿਸੇ ਕਾਲਜ ਵਿਚ ਪੜ੍ਹਨਾ ਚਾਹੁੰਦੀ ਹੈਂ ਤਾਂ ਮੈਨੂੰ ਦੱਸ ਦੇਵੀਂ | ਜਿੰਨੀਂ ਕੁ ਵੀ ਤੇਰੀ ਬਣਦੀ ਸਰਦੀ ਮਦਦ ਹੋਈ, ਮੈਂ ਆਪਣੇ ਵਲੋਂ ਜ਼ਰੂਰ ਕਰਾਂਗਾ |'
'ਸਰ ਫਿਰ ਪੜ੍ਹ-ਲਿਖ ਕੇ ਵੀ ਕਿਹੜਾ ਕੋਈ ਢੰਗ-ਸਿਰ ਦੀ ਨੌਕਰੀ ਮਿਲ ਜਾਣੀ ਹੈ | ਨਾਲੇ ਤੁਸੀਂ ਵੀ ਕਿੰਨਾਂ ਕੁ ਸਮਾਂ ਮੇਰੀ ਮਦਦ ਕਰਦੇ ਰਹੋਗੇ...ਅੱਛਾ ਸਰ ਚਲਦੀ ਹਾਂ... |' ਤੇ ਜਾਂਦੀ ਹੋਈ ਉਹ ਅਜਿਹਾ ਸਵਾਲ ਮੇਰੇ ਜ਼ਿਹਨ 'ਤੇ ਛੱਡ ਗਈ ਸੀ ਜੋ ਹਮੇਸ਼ਾ ਮੇਰੇ ਲਈ ਇਕ ਸਵਾਲ ਹੀ ਬਣਿਆ ਰਹੇਗਾ |

- ਜਗਰਾਉਂ | ਮੋ: 94179-85058.

ਫੂਕ

ਇਕ ਸਾਹਿਤਕ ਸਮਾਗਮ ਦੀ ਸਮਾਪਤੀ ਉਪਰੰਤ ਰੋਟੀ-ਪਾਣੀ ਛਕ ਕੇ ਕੁਝ ਲੇਖਕ ਸਮਾਗਮ ਦੀ ਸਫ਼ਲਤਾ ਦੀਆਂ ਅਜੇ ਗੱਲਾਂ ਹੀ ਕਰ ਰਹੇ ਸਨ ਕਿ ਇਕ ਨਵਾਂ ਲੇਖਕ ਕੋਲ ਆ ਕੇ ਇਕ ਆਲੋਚਕ ਨੂੰ ਕਹਿੰਦਾ ਹੈ, 'ਜਨਾਬ! ਅੱਜ ਤਾਂ ਕਮਾਲ ਕਰਤੀ, ਦਾਸ ਦੀ ਤੁਸਾਂ ਇੰਨੀ ਤਾਰੀਫ਼ ਕਰ 'ਤੀ ਜਿਸ ਦੇ ਮੈਂ ਕਾਬਲ ਵੀ ਨਹੀਂ |' ਇਸ ਤੋਂ ਪਹਿਲਾਂ ਕਿ ਸਬੰਧਿਤ ਆਲੋਚਕ ਕੁਝ ਬੋਲਦਾ, ਇਕ ਹੋਰ ਲੇਖਕ ਬੋਲ ਪਿਆ, ਜਿਸ ਦੀ ਵਾਰੀ ਚਾਹ ਮੁੱਕ ਗਈ ਸੀ, ਕਹਿੰਦਾ, 'ਕੋਈ ਨੀ ਕੋਈ ਨੀ, ਜਵਾਨਾ, ਪਾਤਰ ਨੇ 'ਸੂਰਜ ਮੰਦਰ ਦੀਆਂ ਪੌੜੀਆਂ' ਵਿਚ ਲਿਖਿਆ ਹੈ ਕਿ 'ਸਾਈਕਲ ਦਾ ਤਾਂ ਫੂਕ ਤੋਂ ਬਿਨਾਂ ਸਰ ਸਕਦਾ ਹੈ ਪਰ ਬੰਦੇ ਦਾ ਨਹੀਂ ਸਰਦਾ |'

-ਪਿੰਡ ਖੁਰਦਪੁਰ, ਡਾਕ: ਆਦਮਪੁਰ, ਜ਼ਿਲ੍ਹਾ ਜਲੰਧਰ |
ਮੋਬਾਈਲ : 98155-05287.

ਲਾਲਚ

ਭੋਲਾ ਪਿੰਡ ਵਿਚ ਮਿਹਨਤ-ਮਜ਼ਦੂਰੀ ਕਰਦਾ ਸੀ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ | ਉਸ ਦੇ ਘਰ ਵਿਚ ਹੋਰ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਸੀ | ਭਾਵੇਂ ਉਹ ਮਿਹਨਤ-ਮਜ਼ਦੂਰੀ ਕਰਕੇ ਕਾਫ਼ੀ ਧਨ ਕਮਾ ਲੈਂਦਾ ਪਰ ਉਸ ਦੀ ਭੁੱਖ ਨਾ ਮਿਟਦੀ |
ਭੋਲਾ ਨੰਬਰਦਾਰ ਉਂਕਾਰ ਸਿੰਘ ਦੇ ਘਰ ਮਜ਼ਦੂਰੀ ਕਰਨ ਗਿਆ ਤਾਂ ਉਸ ਨੇ ਨੰਬਰਦਾਰ ਦੇ ਘਰੋਂ ਗਹਿਣੇ ਚੋਰੀ ਕਰ ਲਏ | ਉਂਕਾਰ ਸਿੰਘ ਦੇ ਗਹਿਣੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਾ ਮਿਲੀ | ਆਖਰਕਾਰ ਸ਼ੱਕ ਦੀ ਸੂਈ ਭੋਲੇ 'ਤੇ ਗਈ | ਜਦ ਭੋਲੇ ਨੂੰ ਗਹਿਣਿਆਂ ਬਾਰੇ ਪੁੱਛਿਆ ਤਾਂ ਪਹਿਲਾਂ ਉਸ ਨੇ ਨਾਂਹ-ਨੁੱਕਰ ਕੀਤੀ | ਜਦ ਉਸ 'ਤੇ ਸਖਤੀ ਵਰਤੀ ਗਈ ਤਾਂ ਉਹ ਮੰਨ ਗਿਆ ਅਤੇ ਸਾਰੇ ਗਹਿਣੇ ਵਾਪਸ ਕਰ ਦਿੱਤੇ | ਗਲਤੀ ਲਈ ਮੁਆਫ਼ੀ ਮੰਗੀ ਅਤੇ ਅੱਗੇ ਤੋਂ ਅਜਿਹੀ ਹਰਕਤ ਨਾ ਕਰਨ ਦਾ ਵਾਅਦਾ ਕੀਤਾ |
ਅੱਜ ਭੋਲਾ ਕਿਸੇ ਕੰਮ ਲਈ ਸ਼ਹਿਰ ਜਾ ਰਿਹਾ ਸੀ | ਉਸ ਨੂੰ ਰਸਤੇ ਵਿਚ ਇਕ ਬੈਗ ਲੱਭਾ | ਭੋਲੇ ਬੈਗ ਚੁੱਕਿਆ ਤੇ ਘਰ ਲੈ ਆਇਆ ਜਦ ਭੋਲੇ ਨੇ ਘਰ ਜਾ ਕੇ ਬੈਗ ਖੋਲਿ੍ਹਆ ਤੇ ਉਸ ਵਿਚ ਬਹੁਤ ਸਾਰੇ ਪੈਸੇ ਸਨ | ਭੋਲੇ ਦੀ ਨੀਅਤ ਫਿਰ ਫਿਟ ਗਈ, ਭੋਲਾ ਪੈਸੇ ਲੈ ਕੇ ਕਿਧਰੇ ਫਰਾਰ ਹੋ ਗਿਆ |
ਫਿਰ ਇਕ ਦਿਨ ਭੋਲਾ ਨਸ਼ਾ ਕਰਕੇ ਉੱਚੀ-ਉੱਚੀ ਗਲੀਆਂ ਵਿਚ ਰੌਲਾ ਪਾਉਣ ਲੱਗਾ ਅਤੇ ਕਹਿਣ ਲੱਗਾ | ਮੇਰੇ ਕੋਲ ਸਭ ਕੁਝ ਹੈ, ਮੈਂ ਤਾਂ ਉਂਕਾਰ ਵਰਗੇ ਬੰਦੇ ਨੂੰ ਖਰੀਦ ਲਵਾਂ | ਇਸ ਤਰ੍ਹਾਂ ਕਰਨ 'ਤੇ ਪੁਲਿਸ ਨੂੰ ਭੋਲੇ 'ਤੇ ਸ਼ੱਕ ਹੋ ਗਿਆ | ਆਖਰਕਾਰ ਕੁਝ ਸਮੇਂ ਬਾਅਦ ਹੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਕਿਉਂਕਿ ਉਸ ਕੋਲ ਆਪਣੀ ਸਚਾਈ ਦਾ ਕੋਈ ਸਬੂਤ ਨਹੀਂ ਸੀ | ਅੱਜ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੈਠ ਕੇ ਸੋਚ ਰਿਹਾ ਸੀ ਕਿ ਕਾਸ਼ ਇਹ ਬੈਗ ਪਹਿਲਾਂ ਹੀ ਪੁਲਿਸ ਦੇ ਹਵਾਲੇ ਕੀਤਾ ਹੁੰਦਾ ਤਾਂ ਉਹ ਅੱਜ ਜੇਲ੍ਹ ਵਿਚ ਨਾ ਹੁੰਦਾ |

-ਮੋਬਾਈਲ : 97790-99315.

ਕਾਵਿ-ਵਿਅੰਗ: ਅਸਲੀ ਧਰਮ

• ਨਵਰਾਹੀ ਘੁਗਿਆਣਵੀ •
ਅਸਲੀ ਧਰਮ, ਮਨੁੱਖ ਦਾ ਭਲਾ ਕਰਨਾ,
ਗੱਲਾਂ ਦੂਜੀਆਂ ਹੈਨ ਫ਼ਜ਼ੂਲ ਸੱਭੇ |
ਹੱਕ ਸੱਚ ਦੇ ਲਈ ਆਵਾਜ਼ ਉਠੇ,
ਇਸ ਤੋਂ ਉਰ੍ਹੇ ਨੇ ਨਿਯਮ ਅਸੂਲ ਸੱਭੇ |
ਬੜੇ ਲੋਕ ਕੁਝ ਕਰਨ ਦਾ ਯਤਨ ਕਰਦੇ,
ਹੋ ਸਕਦੇ ਨਹੀਂ ਮਕਬੂਲ ਸੱਭੇ |
ਜਦੋਂ ਜੰਗ ਅਸੂਲਾਂ ਦੀ ਪਏ ਲੜਨੀ,
ਵਾਰਨ ਜਿੰਦੜੀਆਂ ਮਰਦ ਸਰਦੂਲ ਸੱਭੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਅਸਲ ਖਜ਼ਾਨਾ

ਜੀਤਾ ਮੱਛੀ ਮੋਟਰ ਲਾ ਕੇ ਪਾਈਪ ਨਾਲ ਗੱਡੀ ਧੋ ਰਿਹਾ ਸੀ | ਪਾਣੀ ਦੀ ਉਹ ਅਕਸਰ ਦੁਰਵਰਤੋਂ ਕਰਦਾ ਰਹਿੰਦਾ ਸੀ | ਕੋਲੋਂ ਲੰਘਦੇ ਮੀਤੂ ਨੂੰ ਕਹਿਣ ਲੱਗਾ, 'ਮੀਤੂ ਆ ਸ਼ਹਿਰ ਚੱਲੀਏ ਪੋਤਰੀ ਦੇ ਬੈਂਕ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਉਣੇ ਨੇ, ਉਹਦੇ ਚੰਗੇ ਭਵਿੱਖ ਲਈ |' ਫਜ਼ੂਲ ਵਿਚ ਡੁੱਲ੍ਹਦਾ ਪਾਣੀ ਵੇਖ ਮੀਤੂ ਬੇਝਿਜਕ ਬੋਲਿਆ, 'ਆਹੋ ਪੈਸੇ ਜੋੜੀ ਚੱਲੋ ਤਾਂ ਕਿ ਆਹੀ ਪਾਣੀ ਜਿਸ ਦੀ ਤੂੰ ਹੁਣ ਨਾਜਾਇਜ਼ ਵਰਤੋਂ ਕਰ ਰਿਹਾ ਏਾ ਇਹੀ ਪਾਣੀ ਪੋਤਰੀ ਨੂੰ ਅੱਗੇ ਜਾ ਕੇ ਮੁੱਲ ਲੈਣਾ ਪਵੇ | ਇਹ ਸੀਮਤ ਕੁਦਰਤੀ ਸੋਮੇ ਦੀ ਕਦਰ ਕਰਨੀ ਸਿੱਖ ਲੈ ਪਹਿਲਾਂ |' ਇਹ ਸੁਣ ਜੀਤੇ ਦਾ ਚਿਹਰਾ ਉੱਤਰ ਗਿਆ, ਉਸ ਨੂੰ ਅਹਿਸਾਸ ਹੋਇਆ ਕਿ ਭਵਿੱਖ ਲਈ ਪੈਸੇ ਹੀ ਨਹੀਂ ਪਾਣੀ ਦਾ ਖਜ਼ਾਨਾ ਵੀ ਸਾਂਭਣਾ ਪਵੇਗਾ, ਨਹੀਂ ਤਾਂ ਪਾਣੀ ਬਿਨਾਂ ਭਵਿੱਖ ਕਾਹਦਾ |

-ਪਿੰਡ ਲਖਣਪੁਰੀ, ਤਹਿ: ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ |
ਮੋਬਾਈਲ : 88724-88769.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX