ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਲੋਕ ਮੰਚ

ਖ਼ਤਰਨਾਕ ਹੱਦ ਤੱਕ ਪਹੁੰਚ ਚੁੱਕੈ ਹਵਾ ਪ੍ਰਦੂਸ਼ਣ

ਸਾਫ਼ ਅਤੇ ਸ਼ੁੱਧ ਹਵਾ ਵਾਤਾਵਰਨ ਦਾ ਇਕ ਅਹਿਮ ਅੰਗ ਹੈ। ਜ਼ਹਿਰੀਲੇ ਅਤੇ ਅਣਚਾਹੇ ਪਦਾਰਥਾਂ ਅਤੇ ਗੈਸਾਂ ਦਾ ਜਮ੍ਹਾਂ ਹੋਣਾ ਇਸ ਨੂੰ ਜੀਵਿਤ ਪ੍ਰਾਣੀਆਂ ਲਈ ਹਾਨੀਕਾਰਕ ਬਣਾਉਂਦਾ ਹੈ। ਹਵਾ ਪ੍ਰਦੂਸ਼ਣ ਅਧੁਨਿਕ ਸਮਾਜ ਦੀਆਂ ਮੁੱਖ ਸਮੱਸਿਆਵਾਂ ਵਿਚੋਂ ਇਕ ਹੈ, ਜਿਸ ਦੇ ਬਹੁਤ ਸਾਰੇ ਕੁਦਰਤੀ ਅਤੇ ਮਨੁੱਖੀ ਕਾਰਨ ਹਨ। ਮਨੁੱਖੀ ਕਾਰਨਾਂ ਵਿਚੋਂ ਆਵਾਜਾਈ ਦੇ ਸਾਧਨਾਂ ਵਿਚੋਂ ਨਿਕਲਣ ਵਾਲਾ ਧੂੰਆਂ, ਘਰੇਲੂ ਅਤੇ ਉਦਯੋਗੀ ਕਾਰਜਾਂ ਲਈ ਵਰਤੇ ਜਾਣ ਵਾਲੇ ਪਥਰਾਟ ਬਾਲਣਾਂ ਦੇ ਬਲਣ ਨਾਲ ਪੈਦਾ ਹੋਈਆਂ ਗੈਸਾਂ ਜਿਵੇਂ ਕਿ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ ਅਤੇ ਸਲਫਰ ਟ੍ਰਾਈਆਕਸਾਈਡ ਆਦਿ ਹਵਾ ਵਿਚ ਮਿਲ ਕੇ ਇਸ ਨੂੰ ਦੂਸ਼ਿਤ ਕਰਦੇ ਹਨ। ਇਸੇ ਤਰ੍ਹਾਂ ਅਚਾਨਕ ਜੰਗਲਾਂ ਵਿਚ ਅੱਗ ਲੱਗਣਾ ਅਤੇ ਪਰਾਗ ਕਣ ਹਵਾ ਪ੍ਰਦੂਸ਼ਣ ਦੇ ਕੁਦਰਤੀ ਕਾਰਨ ਹਨ। ਖੇਤੀਬਾੜੀ ਗਤੀਵਿਧੀਆਂ ਜਿਨ੍ਹਾਂ ਵਿਚੋਂ ਫ਼ਸਲਾਂ ਦੇ ਵਾਧੂ ਪਦਾਰਥਾਂ ਨੂੰ ਜਲਾਉਣਾ ਅਤੇ ਕੀਟ-ਨਾਸ਼ਕਾਂ ਦਾ ਛਿੜਕਾਅ ਆਦਿ ਵੀ ਹਵਾ ਪ੍ਰਦੂਸ਼ਣ ਵਿਚ ਵਾਧਾ ਕਰ ਰਹੇ ਹਨ। ਇਸ ਪ੍ਰਦੂਸ਼ਣ ਦਾ ਮਨੁੱਖੀ ਸਿਹਤ 'ਤੇ ਬਹੁਤ ਹਾਨੀਕਾਰਕ ਪ੍ਰਭਾਵ ਹੁੰਦਾ ਹੈ। ਇਸ ਨਾਲ ਅਨੇਕਾਂ ਹੀ ਰੋਗ ਅਤੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਮੁੱਖ ਤੌਰ 'ਤੇ ਸਿਰ ਚਕਰਾਉਣਾ, ਸਿਰ ਵਿਚ ਦਰਦ, ਖਾਂਸੀ ਅਤੇ ਫੇਫੜਿਆਂ ਦਾ ਕੈਂਸਰ ਅਤੇ ਅੱਖਾਂ ਵਿਚ ਜਲਣ ਆਦਿ ਸ਼ਾਮਿਲ ਹਨ। ਮਨੁੱਖ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਪੌਦਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਹਵਾ ਵਿਚ ਮੌਜੂਦ ਧੂੜ ਦੇ ਕਣ ਪੱਤਿਆਂ 'ਤੇ ਡਿੱਗ ਕੇ ਪਰਣ ਛੇਕਾਂ ਨੂੰ ਬੰਦ ਕਰ ਦਿੰਦੇ ਹਨ, ਜਿਸ ਨਾਲ ਰੁੱਖਾਂ ਵਿਚ ਪ੍ਰਕਾਸ਼ ਸੰਸਲੇਸ਼ਣ ਅਤੇ ਗੈਸਾਂ ਦਾ ਆਦਾਨ-ਪ੍ਰਦਾਨ ਵਰਗੀਆਂ ਕਿਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ। ਹਵਾ ਪ੍ਰਦੂਸ਼ਣ ਜੋ ਕਿ ਅੱਜ ਦੀ ਜੀਵਨ ਸ਼ੈਲੀ ਦਾ ਅੰਗ ਬਣ ਚੁੱਕਾ ਹੈ, ਇਸ ਨੂੰ ਰੋਕਣ ਲਈ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਸਰਕਾਰਾਂ ਦੁਆਰਾ ਜਨ-ਜਾਗਰਣ ਮੁਹਿੰਮਾਂ ਨੂੰ ਚਲਾ ਕੇ ਜਨਤਾ ਨੂੰ ਹਵਾ ਪ੍ਰਦੂਸ਼ਣ ਅਤੇ ਉਸ ਦੇ ਬੁਰੇ ਨਤੀਜਿਆਂ ਬਾਰੇ ਜਾਗਰੂਕ ਕਰਨ ਦੀ ਲੋੜ ਹੈ। ਕਿਉਂਕਿ ਸ਼ੁੱਧ ਹਵਾ ਤੋਂ ਬਿਨਾਂ ਕੁਝ ਪਲ ਵੀ ਜ਼ਿੰਦਾ ਰਹਿਣਾ ਸੰਭਵ ਨਹੀਂ। ਸਾਡੀ ਸਾਰਿਆਂ ਦੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਪੂਰੀ ਇਮਾਨਦਾਰੀ ਨਾਲ ਆਪਣਾ ਸਹਿਯੋਗ ਦੇਈਏ।

-ਸੀਨੀਅਰ ਰਿਸਰਚ ਫੈਲੋ, ਕੈਮਿਸਟਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 81468-01772


ਖ਼ਬਰ ਸ਼ੇਅਰ ਕਰੋ

ਮਾਣ-ਮੱਤੇ ਅਧਿਆਪਕ-29

ਨਿੱਕੀ ਉਮਰੇ ਵੱਡੀਆਂ ਪੈੜਾਂ ਕਰਨ ਵਾਲਾ ਕੌਮੀ ਪੁਰਸਕਾਰ ਜੇਤੂ ਅਧਿਆਪਕ ਕਿਰਨਦੀਪ ਸਿੰਘ ਟਿਵਾਣਾ

ਸਖ਼ਤ ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲਿਆਂ ਲਈ ਕੁਝ ਵੀ ਮੁਸ਼ਕਿਲ ਨਹੀਂ ਹੁੰਦਾ। ਇਨ੍ਹਾਂ ਕਥਨਾਂ 'ਤੇ ਬਿਲਕੁਲ ਖਰੇ ਉਤਰਦੇ ਹਨ ਸਾਡੇ ਮਾਣਮੱਤੇ ਅਧਿਆਪਕ ਸ: ਕਿਰਨਦੀਪ ਸਿੰਘ ਟਿਵਾਣਾ ਜਿਨ੍ਹਾਂ ਨੇ ਛੋਟੀ ਉਮਰ ਵਿਚ ਹੀ ਪੂਰੇ ਸਿੱਖਿਆ ਜਗਤ ਵਿਚ ਵਿਸ਼ੇਸ਼ ਸਥਾਨ ਬਣਾ ਲਿਆ ਹੈ। ਪਿਤਾ ਸ: ਕਰਨੈਲ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਮੇਲ ਕੌਰ ਦੇ ਘਰ 2 ਦਸੰਬਰ, 1978 ਨੂੰ ਜਨਮੇ ਸ: ਕਿਰਨਦੀਪ ਸਿੰਘ ਟਿਵਾਣਾ ਮੈਨੂੰ ਮਹਾਨ ਗਣਿਤ ਵਿਗਿਆਨੀ ਸ੍ਰੀ ਨਿਵਾਸਾ ਰਾਮਾਨੁਜਨ ਦੇ ਵਾਰਿਸ ਜਾਪਦੇ ਹਨ। ਅੱਜਕਲ੍ਹ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਹੌੜਾ ਵਿਖੇ ਵਿੱਦਿਆ ਦੀ ਖੁਸ਼ਬੂ ਵੰਡ ਰਹੇ ਸ: ਕਿਰਨਦੀਪ ਸਿੰਘ ਦਾ ਬਚਪਨ ਪਿੰਡ ਰੱਬੋਂ ਉੱਚੀ, ਤਹਿਸੀਲ ਪਾਇਲ ਦੀ ਮਿੱਟੀ ਵਿਚ ਖੇਡਦਿਆਂ ਬੀਤਿਆ ਹੈ। ਆਪਣੇ ਅਧਿਆਪਨ ਦਾ ਸਫਰ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਾਂਗੇਵਾਲ, ਜ਼ਿਲ੍ਹਾ ਲੁਧਿਆਣਾ ਤੋਂ ਬਤੌਰ ਈ.ਟੀ.ਟੀ. ਅਧਿਆਪਕ ਸ਼ੁਰੂ ਕੀਤਾ ਸੀ ਅਤੇ 2006 ਤੋਂ ਉਹ ਬਤੌਰ ਗਣਿਤ ਅਧਿਆਪਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਹੌੜਾ ਵਿਖੇ ਹੀ ਸੇਵਾਵਾਂ ਨਿਭਾ ਰਹੇ ਹਨ। ਸ: ਕਿਰਨਦੀਪ ਸਿੰਘ ਨੇ ਇਸ ਸ਼ਿੱਦਤ ਨਾਲ ਬੱਚਿਆਂ ਲਈ ਕੰਮ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਆਪਣੇ ਟਵੀਟ ਰਾਹੀਂ ਸਲਾਹਿਆ ਗਿਆ ਹੈ। ਵੱਖ-ਵੱਖ ਪੱਧਰ 'ਤੇ ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਵਲੋਂ, ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਵਲੋਂ, ਡਿਪਟੀ ਕਮਿਸ਼ਨਰ ਸਾਹਿਬ ਵਲੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਿਆ ਹੈ। ਮਈ, 2018 ਵਿਚ ਉਨ੍ਹਾਂ ਨੂੰ ਮਾਲਤੀ ਗਿਆਨ ਪੀਠ ਪੁਰਸਕਾਰ ਦਿੱਤਾ ਜਾ ਚੁੱਕਾ ਹੈ। 2016 ਵਿਚ ਉਨ੍ਹਾਂ ਨੂੰ ਬਤੌਰ ਗਣਿਤ ਅਧਿਆਪਕ 'ਰਾਜ ਪੱਧਰੀ ਅਧਿਆਪਕ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਲੋਂ ਵੀ ਉਨ੍ਹਾਂ ਨੂੰ ਦੋ ਵਾਰ ਪ੍ਰਸੰਸਾ ਪੱਤਰ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵੀ ਉਨ੍ਹਾਂ ਦੇ ਕੰਮ ਨੂੰ ਹਰ ਪੱਧਰ 'ਤੇ ਸਰਾਹਿਆ ਗਿਆ ਹੈ। ਪੂਰੇ ਇਲਾਕੇ ਅਤੇ ਵਿਭਾਗ ਨੂੰ ਇਸ ਹੋਣਹਾਰ ਮਾਣਮੱਤੇ ਅਧਿਆਪਕ 'ਤੇ ਪੂਰਾ ਮਾਣ ਹੈ। ਉਨ੍ਹਾਂ ਵਲੋਂ ਤਿਆਰ ਕਰਵਾਏ ਗਏ ਮਾਡਲਾਂ ਨਾਲ ਵਿਦਿਆਰਥੀਆਂ ਨੇ ਕੌਮੀ ਪੱਧਰ ਤੱਕ ਨਾਮਣਾ ਖੱਟਿਆ ਹੈ। ਉਨ੍ਹਾਂ ਦੇ ਯਤਨਾਂ ਅਤੇ ਸਟਾਫ ਦੇ ਸਹਿਯੋਗ ਨਾਲ ਸਕੂਲ ਵਿਚ ਆਧੁਨਿਕ ਗਣਿਤ ਲੈਬ, ਗਣਿਤ ਪਾਰਕ, ਗਣਿਤ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ, ਜਿਸ ਨਾਲ ਵਿਦਿਆਰਥੀਆਂ ਵਲੋਂ ਔਖੇ ਸਮਝੇ ਜਾਂਦੇ ਗਣਿਤ ਵਰਗੇ ਵਿਸ਼ੇ ਨੂੰ ਵੀ ਸਿੱਖਣ ਵਿਚ ਬਹੁਤ ਆਸਾਨੀ ਹੋ ਗਈ। ਉਨ੍ਹਾਂ ਵਲੋਂ ਗਣਿਤ ਵਰਗੇ ਵਿਸ਼ੇ ਨੂੰ ਵੀ ਰੌਚਿਕ ਬਣਾ ਕੇ ਖੇਡ ਵਿਧੀ ਰਾਹੀਂ ਸਿਖਾਉਣ ਦਾ ਵੱਡਾ ਹੰਭਲਾ ਮਾਰਿਆ ਜਾ ਰਿਹਾ ਹੈ। ਉਹ ਗਣਿਤ ਦੇ ਰਾਜ ਪੱਧਰੀ ਰਿਸੋਰਸ ਗਰੁੱਪ ਮੈਂਬਰ ਅਤੇ ਵਿਸ਼ਾ ਮਾਹਿਰ ਵਜੋਂ ਸੇਵਾਵਾਂ ਦੇ ਕੇ ਆਪਣਾ ਗਿਆਨ ਪੂਰੇ ਪੰਜਾਬ ਦੇ ਤੱਕ ਪਹੁੰਚਾਉਣ ਲਈ ਵੀ ਯਤਨਸ਼ੀਲ ਹਨ। ਉਨ੍ਹਾਂ ਦਾ ਯਤਨ ਹੈ ਕਿ ਸਮਾਜ ਦੇ ਦਾਨੀਆਂ ਅਤੇ ਪ੍ਰਵਾਸੀ ਭਾਰਤੀਆਂ ਰਾਹੀਂ ਸਕੂਲ ਦੀ ਦਿੱਖ ਸੰਵਾਰਨ ਦਾ ਹੰਭਲਾ ਮਾਰਿਆ ਜਾਵੇ ਅਤੇ ਬੱਚਿਆਂ ਦੀ ਭਲਾਈ ਲਈ ਵੱਧ ਤੋਂ ਵੱਧ ਕੰਮ ਕੀਤਾ ਜਾਵੇ। ਹਮੇਸ਼ਾ ਸਮੇਂ ਦੀ ਕਦਰ ਕਰਨ ਵਾਲੇ ਸ: ਕਿਰਨਦੀਪ ਸਿੰਘ ਨੇ ਗਣਿਤ ਵਿਸ਼ੇ ਲਈ ਅਜਿਹਾ ਕੰਮ ਕੀਤਾ ਕਿ ਜ਼ਿਆਦਾਤਰ ਔਖਾ ਮੰਨਿਆ ਜਾਣ ਵਾਲਾ ਇਹ ਵਿਸ਼ਾ ਉਨ੍ਹਾਂ ਦੇ ਵਿਦਿਆਰਥੀਆਂ ਲਈ ਸੌਖਾ ਜਿਹਾ ਹੋ ਗਿਆ। ਆਪਣੇ ਵਿਦਿਆਰਥੀਆਂ ਦਾ ਹਰ ਪੱਖੋਂ ਹਾਮੀ ਹੋ ਗੁਜ਼ਰਨ ਵਾਲਾ ਸ: ਟਿਵਾਣਾ ਕਦੇ ਬੱਚਿਆਂ ਨਾਲ ਵਿੱਦਿਅਕ ਟੂਰ 'ਤੇ ਨਜ਼ਰ ਆਉਂਦਾ ਹੈ ਤੇ ਕਦੇ ਸਾਥੀ ਅਧਿਆਪਕਾਂ ਨਾਲ ਗਣਿਤ ਵਿਸ਼ੇ ਨੂੰ ਹੋਰ ਰੌਚਿਕ ਕਰਨ ਦੀਆਂ ਵਡਮੁੱਲੀਆਂ ਵਿਚਾਰਾਂ ਕਰਦਾ ਦਿਖਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੋਈ ਵੀ ਕੰਮ ਭਾਵੇਂ ਕਿੰਨਾ ਵੀ ਔਖਾ ਹੋਵੇ, ਤੁਸੀਂ ਇਮਾਨਦਾਰੀ ਅਤੇ ਦ੍ਰਿੜ੍ਹ ਇਰਾਦੇ ਨਾਲ ਉਸ ਵਿਚ ਖੁੱਭ ਜਾਵੋ, ਹਰ ਕਾਰਜ ਸੌਖਾ ਹੋ ਜਾਂਦਾ ਹੈ। ਅਕਾਲ ਪੁਰਖ ਅੱਗੇ ਇਹੀ ਅਰਦਾਸ ਹੈ ਕਿ ਸਿੱਖਿਆ ਜਗਤ ਦਾ ਇਹ ਚਮਕਦਾ ਸਿਤਾਰਾ ਹਮੇਸ਼ਾ ਤੰਦਰੁਸਤ ਰਹੇ, ਤਾਂ ਜੋ ਇਸ ਤੋਂ ਵੀ ਵਧ ਕੇ ਸੇਵਾ ਕਰਦੇ ਰਹਿਣ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)।
ਮੋਬਾ: 93565-52000

ਦੁਚਿੱਤੀ 'ਚ ਹਨ ਵੋਟਰ

ਵਿਸ਼ਵ ਦੇ ਸੱਭ ਤੋਂ ਵੱਡੇ ਲੋਕਤੰਤਰ 'ਭਾਰਤ' ਵਿਚ 17ਵੀਂ ਲੋਕ ਸਭਾ ਲਈ ਚੋਣਾਂ ਲਈ ਪੁੱਠੀ ਗਿਣਤੀ ਦੀ ਸ਼ੁਰੂਆਤ ਹੋ ਚੁੱਕੀ ਹੈ। ਚੀਨ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਇਸ ਦੇਸ਼ ਦੀ ਵਿਲੱਖਣਤਾ ਇਸ ਗੱਲ 'ਚ ਹੈ ਕਿ ਲੋਕਾਂ ਵਲੋਂ ਚੁਣੇ ਗਏ ਰਾਜਨੀਤਕ ਆਗੂਆਂ ਨੂੰ ਜ਼ਿਆਦਾ ਵਾਰ ਖੁੱਲ੍ਹਦਿਲੀ ਨਾਲ ਨਾ ਸਿਰਫ਼ ਚੁਣਿਆ ਗਿਆ, ਬਲਕਿ ਉਨ੍ਹਾਂ ਨੂੰ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕਈ ਵਾਰ ਸੱਤਾ 'ਚ ਆਉਣ ਦਾ ਮੌਕਾ ਵੀ ਪ੍ਰਦਾਨ ਕੀਤਾ ਗਿਆ। ਪਰ ਇਕ ਵੋਟਰ ਦੇ ਤੌਰ 'ਤੇ ਅੱਜ ਵੀ ਕੀ ਇਕ ਆਮ ਆਦਮੀ ਪੂਰੇ ਵਿਸ਼ਵਾਸ ਨਾਲ ਕਿਸੇ ਨੇਤਾ ਨੂੰ ਉਸ ਵਲੋਂ ਕੀਤੇ ਗਏ ਹਰੇਕ ਵਾਅਦੇ ਨੂੰ ਪੂਰਾ ਕੀਤੇ ਜਾਣ ਦਾ ਮਾਣ ਦੇ ਸਕਦਾ ਹੈ? ਰਾਜਨੀਤਕ ਪਾਰਟੀਆਂ ਨੇ ਚੋਣਾਂ ਦਾ ਮੌਸਮ ਆਉਣ ਤੋਂ ਪਹਿਲਾਂ ਹੀ ਆਪੋ-ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਟਿਕਟਾਂ ਦੀ ਖਾਤਰ ਦਲ ਬਦਲਣਾ ਤੇ ਦਲ ਬਦਲਣ ਤੋਂ ਬਾਅਦ ਪਿਛਲੀ ਪਾਰਟੀ ਦੀਆਂ ਕਮੀਆਂ ਨੂੰ ਲੋਕਾਂ ਅੱਗੇ ਲਿਆ ਕੇ ਨੇਤਾ ਖੁਦ ਹੀ ਆਪਣੀ ਪਾਰਟੀ ਦੀ ਬਣੀ ਬਣਾਈ ਲੋਕ ਤਸਵੀਰ ਵਿਚ ਅਵਿਸ਼ਵਾਸ ਦੇ ਬੇਰੰਗੇ ਫੁੱਲ ਉਲੀਕ ਦਿੰਦੇ ਹਨ। ਅਜਿਹੇ 'ਚ ਇਕ ਨੇਤਾ ਦੇ ਜ਼ਰੀਏ ਰਾਜਨੀਤਕ ਪਾਰਟੀ ਦੀ ਤਸਵੀਰ ਆਪਣੇ ਮਨ 'ਚ ਵਸਾਉਣ ਵਾਲੇ ਕਿਸੇ ਵੋਟਰ ਲਈ ਇਹ ਫੈਸਲਾ ਲੈਣਾ ਔਖਾ ਹੋ ਜਾਂਦਾ ਹੈ ਕਿ ਵੋਟ ਰਾਜਨੀਤਕ ਪਾਰਟੀ ਨੂੰ ਪਾਈ ਜਾਵੇ ਜਾਂ ਫਿਰ ਪਾਰਟੀ ਤੋਂ ਅਲੱਗ ਹੋਏ ਕਿਸੇ ਨੇਤਾ ਨੂੰ? ਵੋਟਰਾਂ ਦੇ ਮਨ 'ਚ ਸ਼ੰਕਾ ਪੈਦਾ ਕਰਨ ਵਾਲੀ ਅਗਲੀ ਕੜੀ ਉਨ੍ਹਾਂ ਲਫ਼ਜ਼ਾਂ ਨਾਲ ਜੁੜਦੀ ਹੈ, ਜੋ ਕਿ ਇਕੋ ਜਿਹੇ ਕੰਮ ਕਰਨ ਲਈ ਵੀ ਵੱਖੋ-ਵੱਖ ਸ਼ਬਦਾਵਲੀ ਦੀ ਵਰਤੋਂ ਕਰਦੀ ਹੈ। ਉਦਾਹਰਨ ਦੇ ਤੌਰ 'ਤੇ ਜਦੋਂ ਸੱਤਾਧਾਰੀ ਪਾਰਟੀ ਵੱਖੋ-ਵੱਖ ਰਾਜਾਂ 'ਚ ਚੋਣਾਂ ਲਈ ਸਾਥੀ ਪਾਰਟੀਆਂ ਦੀ ਭਾਲ 'ਚ ਜਾਂਦੀ ਹੈ ਤਾਂ ਇਸ ਨੂੰ ਚੋਣਾਂ ਦੀ ਤਿਆਰੀ ਕਿਹਾ ਜਾਂਦਾ ਹੈ, ਪਰ ਜਦੋਂ ਬਾਕੀ ਵਿਰੋਧੀ ਪਾਰਟੀਆਂ ਮਿਲ ਕੇ ਚੋਣਾਂ ਲਈ ਸਾਂਝ ਪਾਉਂਦੀਆਂ ਹਨ ਤਾਂ ਉਨ੍ਹਾਂ ਲਈ ਬਹੁਤ ਘਟੀਆ ਸ਼ਬਦ ਵਰਤੇ ਜਾਂਦੇ ਨੇ। ਹੁਣ ਇਨ੍ਹਾਂ ਸਾਰੇ ਹਾਲਾਤ ਨੂੰ ਵੇਖਦਿਆਂ ਵੋਟਰ ਕੀ ਫੈਸਲਾ ਲਵੇਗਾ, ਇਹ ਤਾਂ ਆਉਂਦੀ 23 ਮਈ ਨੂੰ ਤੈਅ ਹੋ ਜਾਵੇਗਾ, ਪਰ ਉਸ ਤੋਂ ਪਹਿਲਾਂ ਜ਼ਰੂਰਤ ਹੈ ਉਨ੍ਹਾਂ ਸਾਰੇ ਮਸਲਿਆਂ ਬਾਰੇ ਗੱਲ ਕਰਨ ਦੀ, ਜੋ ਸ਼ਾਇਦ ਇਕ ਆਮ ਵੋਟਰ ਦੀ ਸੋਚ 'ਚ ਵਸਦੇ ਹਨ।

-ਸਹਾਇਕ ਪ੍ਰੋਫੈਸਰ,
ਪੱਤਰਕਾਰੀ ਅਤੇ ਜਨਸੰਚਾਰ,
ਲਾਇਲਪੁਰ ਖਾਲਸਾ ਕਾਲਜ, ਜਲੰਧਰ।

ਮੁਸ਼ਕਿਲਾਂ ਦੀ ਦਲਦਲ ਵਿਚ ਘਿਰਿਆ ਪੰਜਾਬ

ਪਤਾ ਨਹੀਂ ਸਾਡੇ ਸਿਆਸੀ ਲੋਕਾਂ ਦੀਆਂ ਅੱਖਾਂ ਕਿਹੋ ਜਿਹੀਆਂ ਹਨ. ਜਿਨ੍ਹਾਂ ਨੂੰ ਵਿਨਾਸ਼ ਵੀ ਵਿਕਾਸ ਵਿਖਾਈ ਦਿੰਦਾ ਹੈ। ਪੰਜਾਬ ਦੇ ਅਨੇਕਾਂ ਨੌਜਵਾਨ ਨਸ਼ਿਆਂ ਦੀ ਤਸਕਰੀ ਕਾਰਨ ਜੇਲ੍ਹਾਂ ਵਿਚ ਬੈਠੇ ਹਨ. ਜਿਹੜੇ ਬਾਕੀ ਬਚੇ ਹਨ ਉਹ ਨਸ਼ਾ ਛੁਡਾਊ ਕੈਂਪਾਂ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਵੱਡੀ ਉਮਰ ਦੇ ਅਮਲੀ ਨਸ਼ਾ ਨਾ ਮਿਲਣ ਕਾਰਨ ਮੰਜਿਆਂ ਨਾਲ ਜੁੜੇ ਪਏ ਹਨ। ਬੀਬੀਆਂ ਮੌਕੇ ਦੀਆਂ ਸਰਕਾਰਾਂ ਨੂੰ ਪਾਣੀ ਪੀ-ਪੀ ਕੋਸ ਰਹੀਆਂ ਹਨ। ਜਿਹੜੇ ਨਸ਼ਾ ਕਰਕੇ ਦਿਹਾੜੀ-ਦੱਪਾ ਕਰਕੇ ਆਪਣੇ ਬੱਚਿਆਂ ਦੇ ਪੇਟ ਪਾਲ ਰਹੇ ਸਨ. ਉਨ੍ਹਾਂ ਦੀਆਂ ਪਤਨੀਆਂ ਦਿਹਾੜੀ-ਦੱਪਾ ਕਰਨ ਲਈ ਮਜਬੂਰ ਹਨ। ਕੁਝ ਨਸ਼ਾ ਵੇਚਣ ਵਾਲੇ ਹਾਲੇ ਵੀ ਘਟੀਆ ਕਿਸਮ ਦਾ ਮਿਲਾਵਟੀ ਨਸ਼ਾ ਅਮਲੀਆਂ ਦੀ ਕਮਜ਼ੋਰੀ ਕਾਰਨ ਮਹਿੰਗੇ ਮੁੱਲ ਵੇਚ ਜਾਂਦੇ ਹਨ। ਪੰਜਾਬ ਦੇ ਗੱਭਰੂ-ਮੁਟਿਆਰਾਂ ਜਿਨ੍ਹਾਂ ਦੀਆਂ ਸਿਫਤਾਂ ਕਰਦੇ ਕਿਸੇ ਸਮੇਂ ਲੇਖਕ ਥੱਕਦੇ ਨਹੀਂ ਸੀ, ਅੱਜ ਉਹੀ ਲੇਖਕ ਇਨ੍ਹਾਂ ਦੀ ਨਿਘਰਦੀ ਹਾਲਤ ਵੇਖ ਕੇ ਪੂਰੀ ਤਰ੍ਹਾਂ ਚਿੰਤਤ ਹਨ। ਅੱਜ ਪਹਿਲਾਂ ਵਾਲਾ ਰੰਗੀਲਾ ਪੰਜਾਬ ਪੂਰੀ ਤਰ੍ਹਾਂ ਨਸ਼ੀਲਾ ਹੋ ਚੁੱਕਾ ਹੈ। ਰੰਗਲਾ ਪੰਜਾਬ ਪੂਰੀ ਤਰ੍ਹਾਂ ਗੰਧਲਾ ਪੰਜਾਬ ਬਣ ਚੁੱਕਾ ਹੈ। ਪੂਰੇ ਪੰਜਾਬ ਦੀ ਇਕ ਵੀ ਗੱਲ ਅਜਿਹੀ ਨਹੀਂ ਜਿਸ ਦੀ ਸਿਫਤ ਕਰ ਸਕੀਏ। ਆਉਣ ਵਾਲੇ ਕੁਝ ਸਮੇਂ ਤੱਕ ਹੀ ਸਾਨੂੰ ਪਾਣੀ ਦੀ ਬਹੁਤ ਵੱਡੀ ਸਮੱਸਿਆ ਨਾਲ ਜੂਝਣਾ ਪੈਣਾ ਹੈ। ਅੰਨ੍ਹੇਵਾਹ ਸਪਰੇਆਂ, ਖਾਦਾਂ ਅਤੇ ਉਦਯੋਗਾਂ ਨਾਲ ਅਸੀਂ ਇਕੱਲਾ ਪਾਣੀ ਹੀ ਦੂਸ਼ਿਤ ਨਹੀਂ ਕੀਤਾ, ਬਲਕਿ ਧਰਤੀ ਐਨੀ ਜ਼ਹਿਰੀਲੀ ਕਰ ਦਿੱਤੀ ਹੈ ਕਿ ਸਾਰੀਆਂ ਜ਼ਹਿਰਾਂ ਖਾਣ-ਪੀਣ ਵਾਲੀਆਂ ਵਸਤਾਂ ਵਿਚ ਵੀ ਆ ਰਹੀਆਂ ਹਨ, ਜਿਸ ਕਰਕੇ ਪੂਰਾ ਪੰਜਾਬ ਇਕ ਹਸਪਤਾਲ ਬਣਿਆ ਹੋਇਆ ਹੈ। ਘਰ-ਘਰ ਦਵਾਈਆਂ ਦੀਆਂ ਸ਼ੀਸ਼ੀਆਂ ਅਤੇ ਪੱਤੇ ਪਏ ਹਨ। ਇਸੇ ਕਰਕੇ ਬਠਿੰਡਾ ਅਤੇ ਉਸ ਦੇ ਆਸ-ਪਾਸ ਦੇ ਜ਼ਿਲ੍ਹਿਆਂ ਵਿਚ ਕੈਂਸਰ ਦਾ ਕਹਿਰ ਜਾਰੀ ਹੈ। ਇਸੇ ਤਰ੍ਹਾਂ ਹੀ ਸਤਲੁਜ ਦਰਿਆ ਦੇ ਆਸੇ-ਪਾਸੇ ਪਿੰਡਾਂ ਵਿਚ ਕਾਲੇ ਪੀਲੀਏ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਕੈਂਸਰ, ਸ਼ੂਗਰ, ਕਾਲਾ ਪੀਲੀਆ ਆਦਿ ਰੋਗਾਂ ਵਿਚ ਮੇਰੇ ਦੇਸ਼ ਦੀ ਦੁਨੀਆ ਵਿਚ ਚਰਚਾ ਹੈ। ਸੜਕ ਹਾਦਸਿਆਂ ਵਿਚ ਵੀ ਮੇਰੇ ਦੇਸ਼ ਨੇ ਕਿਸੇ ਨੂੰ ਮੂਹਰੇ ਨਹੀਂ ਨਿਕਲਣ ਦਿੱਤਾ। ਹਰ ਰੋਜ਼ ਪਰਿਵਾਰਾਂ ਦੇ ਪਰਿਵਾਰ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਕਲੌਤੇ ਚਿਰਾਗ ਬੁਝ ਰਹੇ ਹਨ। ਲੱਖਾਂ ਲੜਕੇ ਲੜਕੀਆਂ ਵੱਡੀਆਂ -ਵੱਡੀਆਂ ਡਿਗਰੀਆਂ ਲੈ ਕੇ ਰੁਜ਼ਗਾਰ ਲਈ ਦਰ-ਦਰ ਦੇ ਧੱਕੇ ਖਾਣ ਲਈ ਮਜਬੂਰ ਹਨ ਜਦੋਂ ਕਿ ਸਾਰੇ ਮਹਿਕਮਿਆਂ ਵਿਚ ਲੱਖਾਂ ਅਸਾਮੀਆਂ ਖਾਲੀ ਪਈਆਂ ਹਨ। ਬਿਜਲੀ ਚੰਗੀ ਤਰ੍ਹਾਂ ਆ ਨਹੀਂ ਰਹੀ, ਬਿੱਲ ਜ਼ਰੂਰ ਵੱਡੇ-ਵੱਡੇ ਆ ਰਹੇ ਹਨ। ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਕਿਸਾਨ ਕਰਜ਼ੇ ਦੇ ਸਤਾਏ ਉਪਰੋਥਲੀ ਖ਼ੁਦਕੁਸ਼ੀਆਂ ਕਰ ਰਹੇ ਹਨ। ਕੁਝ ਕੁ ਨੂੰ ਛੱਡ ਕੇ ਬਾਕੀ ਕਲਾਕਾਰਾਂ ਨੇ ਪੰਜਾਬੀ ਸੱਭਿਆਚਾਰ ਦਾ ਘਾਣ ਕਰ ਛੱਡਿਆ ਹੈ, ਗੰਦੇ ਗੀਤ ਸੁਣ ਕੇ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਕੁਰਾਹੇ ਪੈ ਗਈ ਹੈ। ਲਿਖਤ ਲੰਬੀ ਹੋਣ ਦੇ ਡਰੋਂ ਆਪਣੇ ਇਕ ਸ਼ਿਅਰ ਨਾਲ ਲਿਖਤ ਬੰਦ ਕਰ ਰਿਹਾ ਹਾਂ। 'ਮਾਂ ਤੋਂ ਵਿਛੜੇ ਬੱਚੇ ਵਾਂਗੂੰ ਰੋਂਦਾ ਤੇ ਕੁਰਲਾਂਦਾ ਹੈ। ਪੰਜਾਬ ਦਰਦੀਓ ਪੰਜਾਬ ਬਚਾ ਲਵੋ, ਪੰਜਾਬ ਡੁੱਬਦਾ ਹੀ ਜਾਂਦਾ ਹੈ।'

ਗਿੱਲ ਨਗਰ, ਗਲੀ ਨੰ: 13. ਮੁੱਲਾਂਪੁਰ ਦਾਖ਼ਾ (ਲੁਧਿਆਣਾ)। ਮੋਬਾ: 94635-42896

ਅੰਮ੍ਰਿਤ ਤੋਂ ਜ਼ਹਿਰ ਬਣਦਾ ਜਾ ਰਿਹੈ ਦੁੱਧ

ਇਕ ਏਜੰਸੀ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਇਸ ਵੇਲੇ ਦੁੱਧ ਦੀ ਖਪਤ 64 ਕਰੋੜ ਲੀਟਰ ਪ੍ਰਤੀ ਦਿਨ ਹੈ। ਦੂਜੇ ਪਾਸੇ ਜੇਕਰ ਸਾਡੇ ਦੇਸ਼ ਅੰਦਰ ਪਾਲਤੂ ਪਸ਼ੂਆਂ ਤੋਂ ਦੁੱਧ ਦੀ ਪੈਦਾਵਾਰ ਨੂੰ ਵਾਚੀਏ ਤਾਂ ਹਰ ਪਸ਼ੂ ਪਾਲਣ ਅਤੇ ਦੁੱਧ ਪੀਣ ਵਾਲੇ ਸ਼ਖ਼ਸ ਦੇ ਮੱਥੇ 'ਤੇ ਤਿਊੜੀਆਂ ਉੱਭਰਨੀਆਂ ਲਾਜ਼ਮੀ ਹਨ। ਕੁੱਲ ਮਿਲਾ ਕੇ ਸਾਡੇ ਦੇਸ਼ ਅੰਦਰ ਸਾਰੇ ਦੁਧਾਰੂ ਪਸ਼ੂਆਂ ਤੋਂ ਦੁੱਧ ਦੀ ਆਮਦ ਦਾ ਅੰਕੜਾ ਪ੍ਰਤੀ ਦਿਨ 14 ਕਰੋੜ ਲੀਟਰ ਵੀ ਨਹੀਂ ਟੱਪ ਰਿਹਾ। ਹੁਣ ਸੁਆਲ ਇਹ ਉੱਠਦੈ ਕਿ ਇਹ ਵਿਚਕਾਰਲਾ 50 ਕਰੋੜ ਲੀਟਰ ਦੁੱਧ ਕਿੱਥੋਂ ਆ ਰਿਹੈ। ਮਤਲਬ ਸਾਫ ਹੈ ਕਿ ਇਹ ਦੁੱਧ ਨਕਲੀ ਹੈ। ਕਿਸੇ ਸਮੇਂ ਦੁੱਧ ਅਤੇ ਪੁੱਤ ਨੂੰ ਸਾਡੇ ਸਮਾਜ ਨੇ ਇਕੋ ਰੁਤਬਾ ਦੇ ਕੇ ਨਿਵਾਜਿਆ ਸੀ ਪਰ ਪੈਸੇ ਦੀ ਲਾਲਸਾ ਅਤੇ ਬਦਲੇ ਹਾਲਾਤ ਨੇ ਇਨਸਾਨ ਨੂੰ ਐਸੇ ਚੱਕਰਵਿਊ ਵਿਚ ਉਲਝਾਇਆ ਕਿ ਅੱਜ ਇਹ ਪਵਿੱਤਰ ਤਰਲ ਪਦਾਰਥ ਖੁਦ ਮੌਤ ਦੀ ਨਿਆਈ ਬਣ ਚੁੱਕਿਆ ਹੈ। ਅੰਕੜੇ ਸਮੇਂ ਦੇ ਫਿਰ ਨਾਲ ਕੁਝ ਘੱਟ-ਵੱਧ ਹੋ ਸਕਦੇ ਹਨ ਪਰ ਇਸ ਵੇਲੇ ਮੇਰੇ ਦੇਸ਼ ਦੀ ਦੁੱਧ ਮਾਰਕੀਟ ਅੰਦਰ ਜੋ ਦੁੱਧ ਅੰਮ੍ਰਿਤ ਕਹਿ ਕੇ ਵੇਚਿਆ ਜਾ ਰਿਹਾ ਹੈ, ਉਹ ਅਸਲ ਵਿਚ ਨਿਰੀ ਜ਼ਹਿਰ ਹੈ, ਜਿਸ ਨੂੰ ਪੀ ਕੇ ਮਾਸੂਮ ਬੱਚਿਆਂ ਤੋਂ ਲੈ ਕੇ ਜਵਾਨ, ਬਜ਼ੁਰਗਾਂ ਤੱਕ ਨੂੰ ਭਿਆਨਕ ਤੇ ਮਾਰੂ ਬਿਮਾਰੀਆਂ ਆਪਣੀ ਪਕੜ ਵਿਚ ਲੈ ਰਹੀਆਂ ਹਨ। ਪੰਜਾਬ ਵਿਚ ਵੀ ਇਸ ਚਿੱਟੇ ਅੰਮ੍ਰਿਤ ਦਾ ਕਾਲਾ ਕਾਰੋਬਾਰ ਸਿਖਰਾਂ ਨੂੰ ਛੂਹ ਰਿਹਾ ਹੈ। ਹੈਰਾਨੀ ਹੁੰਦੀ ਹੈ ਸਰਕਾਰ ਦੀ ਲਾਪ੍ਰਵਾਹੀ ਤੋਂ ਕਿ ਕਿੰਜ ਬੇਸ਼ਕੀਮਤੀ ਜਾਨਾਂ ਨੂੰ ਹੌਲੀ-ਹੌਲੀ ਮੌਤ ਦੀ ਗੋਦੀ ਵੱਲ ਤੋਰ ਰਹੇ ਇਸ ਧੰਦੇ ਨੂੰ ਕਰਨ ਵਾਲੇ ਲੋਕ ਬੇਖੌਫ ਹੋ ਕੇ ਮੋਟਾ ਰੁਪਿਆ ਕਮਾ ਕੇ ਸਰਕਾਰ ਤੇ ਆਮ ਜਨਤਾ ਦਾ ਮੂੰਹ ਚਿੜਾ ਰਹੇ ਹਨ। ਉਧਰ ਦੁਧਾਰੂ ਅਤੇ ਪਾਲਤੂ ਪਸ਼ੂਆਂ ਦੇ ਫਾਰਮਾਂ ਦੀ ਗਿਣਤੀ ਪ੍ਰਤੀ ਦਿਨ ਘਟ ਰਹੀ ਹੈ, ਜੋ ਇਸ ਕਿੱਤੇ ਨਾਲ ਜੁੜੇ ਲੋਕਾਂ ਤੇ ਸਮੁੱਚੇ ਬਾਜ਼ਾਰ ਲਈ ਖਤਰੇ ਦੀ ਘੰਟੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦੈ ਕਿ ਇਸ ਧੰਦੇ ਵਿਚ ਸ਼ਾਮਿਲ ਲੋਕਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮਾਂ ਤਿਆਰ ਕਰਕੇ ਉਨ੍ਹਾਂ ਨੂੰ ਪੂਰੇ ਅਧਿਕਾਰ ਦੇ ਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਪਿੰਡਾਂ ਤੇ ਸ਼ਹਿਰਾਂ ਵਿਚ ਸਪੈਸ਼ਲ ਡਿਊਟੀਆਂ ਲਾ ਕੇ ਸਮਾਜ ਲਈ ਘਾਤਕ ਹੋ ਰਹੇ ਮਾੜੇ ਅਨਸਰਾਂ ਨੂੰ ਸਖ਼ਤੀ ਨਾਲ ਰੋਕੇ ਜਾਣ ਦੀ ਅੱਜ ਵੱਡੀ ਲੋੜ ਹੈ।

-ਪ੍ਰਚਾਰ ਸਕੱਤਰ, ਵਿਸ਼ਵ ਪੰਜਾਬੀ ਲੇਖਕ ਮੰਚ।
ਮੋਬਾ: 94634-63136

ਜੇ ਬੋਲ ਸਕਦੈਂ ਤਾਂ ਬੋਲ!!

ਜ਼ਰੂਰਤ ਪੈਣ 'ਤੇ ਬੋਲਣ ਵਾਲੇ ਘੱਟ ਹੀ ਮਿਲਦੇ ਹਨ। ਸਮਾਂ ਲੰਘ ਜਾਣ ਤੋਂ ਬਾਅਦ ਕਿਸੇ ਦੀ ਹਮਾਇਤ 'ਚ ਕੋਈ ਬੋਲਿਆ ਤਾਂ ਕੀ ਬੋਲਿਆ। ਇਸ ਦੁਨੀਆ ਰੂਪੀ ਕਚਹਿਰੀ 'ਚ ਰੋਜ਼ਾਨਾ ਅਣਗਿਣਤ ਲੋਕ ਬੇਇਨਸਾਫੀ ਅਤੇ ਧੱਕੇ ਦਾ ਸ਼ਿਕਾਰ ਹੁੰਦੇ ਹਨ। ਤਕੜੇ ਵਲੋਂ ਮਾੜੇ ਨੂੰ ਦਬਕਾਉਣਾ ਜਾਂ ਡਰਾਉਣਾ ਇਕ ਆਮ ਜਿਹੀ ਗੱਲ ਹੋ ਗਈ ਹੈ। ਕਮਜ਼ੋਰ ਜਾਂ ਬੇਵੱਸ ਇਨਸਾਨ ਨਾਲ ਤਾਂ ਲੋੜ ਪਈ 'ਤੇ ਕੋਈ ਤੁਰਨ ਲਈ ਵੀ ਤਿਆਰ ਨਹੀਂ ਹੁੰਦਾ। ਇਸ ਸੱਭਿਅਕ ਸਮਾਜ 'ਚ ਰੋਜ਼ਾਨਾ ਕੁਕਰਮ ਹੁੰਦੇ ਹਨ ਪਰ ਆਮ ਜਨਤਾ ਇਹ ਸਭ ਚੁੱਪ ਕਰਕੇ ਦੇਖਦੀ ਹੈ। ਸੜਕਾਂ ਤੋਂ ਸ਼ਰ੍ਹੇਆਮ ਅਗਵਾ ਹੁੰਦੀਆਂ ਲੜਕੀਆਂ 21ਵੀਂ ਸਦੀ ਦੇ ਸਮਾਜ ਅਤੇ ਲੋਕਾਂ ਨੂੰ ਸ਼ਰਮਸਾਰ ਕਰਦੀਆਂ ਹਨ। ਜਦੋਂ ਕਿਸੇ ਕੌਮ ਜਾਂ ਦੇਸ਼ ਦੇ ਲੋਕਾਂ ਦੀ ਜ਼ਮੀਰ ਮਰ ਜਾਵੇ ਉਸ ਵਕਤ ਅਜਿਹੇ ਵਾਕਿਆ ਨੂੰ ਅੰਜਾਮ ਦੇਣ ਵਾਲੇ ਦਲੇਰ ਹੋ ਜਾਂਦੇ ਹਨ। ਦੇਸ਼ ਨੂੰ ਲੁੱਟ ਖਾਣ ਵਾਲਿਆਂ ਨੂੰ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਸਨ ਪਰ ਉਹ ਵਤਨ ਤੋਂ ਬਾਹਰ ਆਰਾਮਦਾਇਕ ਜ਼ਿੰਦਗੀ ਬਤੀਤ ਕਰ ਰਹੇ ਹਨ। ਦੋ ਵਕਤ ਦੀ ਰੋਟੀ ਦਾ ਮਿਹਨਤ ਮੁਸ਼ੱਕਤ ਕਰਕੇ ਹੀਲਾ ਕਰਨ ਵਾਲਾ ਆਮ ਇਨਸਾਨ ਸਮਾਜ ਵਿਚਲੇ ਲੋਭੀਆਂ ਦਾ ਸ਼ਿਕਾਰ ਬਣ ਚੁੱਕਾ ਹੈ। ਹਾਲਾਤ ਦੇਖ ਕੇ ਇਸ ਤਰ੍ਹਾਂ ਲਗਦੈ ਜਿਵੇਂ ਇਨ੍ਹਾਂ ਮਿਹਨਤਕਸ਼ ਲੋਕਾਂ ਦੀ ਹਮਾਇਤ 'ਚ ਦਿਲੋਂ ਬੋਲਣ ਵਾਲਾ ਅਜੇ ਤਾਈਂ ਕੋਈ ਨਹੀਂ ਜੰਮਿਆ। ਬਾਰਡਰ 'ਤੇ ਮਾਵਾਂ ਦੇ ਪੁੱਤ ਦੇਸ਼ ਦੀ ਰੱਖਿਆ ਕਰਦੇ ਪਿਛਲੇ ਕਈ ਦਹਾਕਿਆਂ ਤੋਂ ਸ਼ਹੀਦ ਹੋ ਰਹੇ ਹਨ, ਉਨ੍ਹਾਂ ਦੀ ਹਿਫਾਜਤ ਕੌਣ ਕਰੇਗਾ? ਇਹ ਇਕ ਵੱਡਾ ਪ੍ਰਸ਼ਨ ਹੈ। ਸਸਤੇ ਭਾਅ 'ਤੇ ਕਿਸਾਨ ਦੀ ਫਸਲ ਖਰੀਦ ਕੇ ਮਹਿੰਗੇ ਭਾਅ 'ਤੇ ਵੇਚਣ ਵਾਲੇ ਵਪਾਰੀ ਨੂੰ ਇਸ ਲੁੱਟ ਦਾ ਕਰਨ ਪੁੱਛਣ ਲਈ ਅਜੇ ਤੱਕ ਕੋਈ ਮੂੰਹ ਨਹੀਂ ਖੁੱਲ੍ਹਿਆ। ਕਿ ਇਹ ਸਭ ਕੁਝ ਭਾਰਤ ਦੇ ਆਮ ਲੋਕਾਂ ਦੇ ਹੀ ਹਿੱਸੇ ਆਇਐ? ਚੋਣਾਂ ਨੇੜੇ ਦੇਖ ਲੋਕਾਂ ਨੂੰ ਭਰਮਾਉਣ ਵਾਲੇ ਕੀਤੇ ਜਾਂਦੇ ਵਾਅਦੇ ਆਮ ਜਨਤਾ ਨਾਲ ਕੋਝਾ ਮਜ਼ਾਕ ਹਨ। ਅਸਲ 'ਚ ਗੁਲਾਮ ਮਾਨਸਿਕਤਾ ਨੂੰ ਗੁਲਾਮ ਵਿਚਾਰ ਜ਼ਿਆਦਾ ਪਸੰਦ ਹੁੰਦੇ ਹਨ। ਜੇਕਰ ਕੋਈ ਕੁਰਸੀ ਦੇ ਮਾਲਕ ਨੂੰ ਕੋਈ ਸਲਾਹ ਵੀ ਦੇ ਦੇਵੇ ਤਾਂ ਸਮਝਿਆ ਜਾਂਦਾ ਹੈ ਕਿ ਬੋਲਣ ਵਾਲੇ ਨੇ ਬਦਤਮੀਜ਼ੀ ਕੀਤੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਜ਼ਿਆਦਾ ਲੋਕ ਚੁੱਪ ਕਰਕੇ ਸਮਾਂ ਟਪਾਉਣ ਦੀ ਨੀਤੀ ਅਪਣਾਉਂਦੇ ਹਨ ਪਰ ਜੇਕਰ ਇਹ ਵਰਤਾਰਾ ਨਾ ਰੁਕਿਆ ਤਾਂ ਹੰਕਾਰੇ ਇਨਸਾਨ ਖਿਲਾਫ ਫਿਰ ਬੋਲੇਗਾ ਕੌਣ?ਸਭ ਕੁਝ ਹੋਣ ਦੇ ਬਾਵਜੂਦ ਵੀ ਇਨਸਾਨ ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਕਹਿਣ ਤੋਂ ਝਿਜਕਦਾ ਹੈ। ਸ਼ਾਇਦ ਇਹ ਉਸ ਦੀ ਮਜਬੂਰੀ ਬਣ ਗਿਆ ਹੈ। ਵਕਤ ਆ ਗਿਆ ਹੈ ਕਿ ਇਸ ਮਜਬੂਰੀ ਨੂੰ ਦਲੇਰੀ 'ਚ ਬਦਲੀਏ ਅਤੇ ਅੱਖਾਂ ਸਾਹਮਣੇ ਹੁੰਦੀਆਂ ਜ਼ਿਆਦਤੀਆਂ ਨੂੰ ਠੱਲ੍ਹਣ ਲਈ ਆਪਣੀ ਆਵਾਜ਼ ਬੁਲੰਦ ਕਰੀਏ। ਹੌਲੀ-ਹੌਲੀ ਹੱਥੋਂ ਨਿਕਲਦਾ ਸਮਾਂ ਮੁੜ ਵਾਪਸ ਨਹੀਂ ਆਵੇਗਾ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ (ਸ੍ਰੀ ਫਤਹਿਗੜ੍ਹ ਸਾਹਿਬ)। ਮੋਬਾ: 94784-60084

ਸਮਾਜ ਲਈ ਕਲੰਕ ਹਨ ਜਬਰ-ਜਨਾਹ ਦੀਆਂ ਵਾਰਦਾਤਾਂ

ਭਾਰਤ ਵਰਗੇ ਦੇਸ਼ ਜਿਸ ਵਿਚ ਲੜਕੀਆਂ ਨੂੰ ਦੇਵੀ ਦਾ ਰੂਪ ਸਮਝਕੇ ਪੂਜਿਆ ਜਾਂਦਾ ਹੈ, ਜਿਸ ਨਾਲ ਸਾਨੂੰ ਆਪਣੀ ਅਨਮੋਲ ਸੱਭਿਅਤਾ 'ਤੇ ਮਾਣ ਮਹਿਸੂਸ ਹੁੰਦਾ ਹੈ, ਉਥੇ ਹੀ ਅੱਜ ਸਮਾਜ ਅੰਦਰ ਵਾਪਰ ਰਹੀਆਂ ਜਬਰ-ਜਨਾਹ ਦੀਆਂ ਵਾਰਦਾਤਾਂ ਸਾਡੇ ਸਮਾਜ ਅਤੇ ਸਾਡੀ ਸੱਭਿਅਤਾ ਲਈ ਵੱਡਾ ਕਲੰਕ ਹਨ। ਕੁਝ ਸਾਲ ਪਹਿਲਾਂ ਦਿੱਲੀ ਵਿਖੇ ਇਕ ਲੜਕੀ ਨਾਲ ਚਲਦੀ ਬੱਸ ਵਿਚ ਅਜਿਹੀ ਹੀ ਘਟਨਾ ਨੂੰ ਦਿੱਤਾ ਗਿਆ ਅੰਜ਼ਾਮ ਇਨਸਾਨੀਅਤ ਦਾ ਕਤਲ ਸੀ, ਜਿਸ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਘਟਨਾ ਦੇ ਵਿਰੋਧ ਵਿਚ ਦੇਸ ਭਰ ਵਿਚ ਲੋਕਾਂ ਵਲੋਂ ਰੋਸ ਮੁਜ਼ਾਹਰੇ ਕੀਤੇ ਗਏ ਸਨ ਤੇ ਸਰਕਾਰ ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਸਰਕਾਰ ਵਲੋਂ ਵੀ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਬਣਾਏ ਗਏ ਕਾਨੂੰਨ ਵਿਚ ਸੁਧਾਰ ਕਰਕੇ ਇਸ ਨੂੰ ਹੋਰ ਸਖ਼ਤ ਕੀਤਾ ਗਿਆ। ਅਜਿਹੀ ਹੀ ਘਟਨਾ ਵਿਚ ਸ਼ਾਮਿਲ ਵਿਅਕਤੀ ਧਨੰਜਾ ਨੂੰ ਫਾਂਸੀ ਦੀ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ ਤੇ ਹੋਰ ਅਪਰਾਧੀ ਜੋ ਕਿ ਅਜਿਹੀਆਂ ਹੀ ਘਟਨਾਵਾਂ ਸਬੰਧੀ ਦੋਸ਼ੀ ਹਨ, ਜੇਲ੍ਹਾਂ ਵਿਚ ਲੰਬੀਆਂ ਸਜ਼ਾਵਾਂ ਭੁਗਤ ਰਹੇ ਹਨ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਪਰ ਹਾਂ, ਅਜਿਹੇ ਗ਼ੈਰ-ਸਮਾਜਿਕ ਲੋਕ ਗਵਾਹਾਂ ਦੀ ਘਾਟ ਜਾਂ ਹੋਰ ਸਬੂਤਾਂ ਦੀ ਘਾਟ ਕਾਰਨ ਬਰੀ ਹੋ ਜਾਂਦੇ ਹਨ ਪਰ ਸਭ ਤੋਂ ਵੱਡੀ ਚੁਣੌਤੀ ਸਾਡੇ ਸਮਾਜ ਅੱਗੇ ਇਹ ਹੈ ਕਿ ਇਨ੍ਹਾਂ ਹਾਲਤਾਂ ਤੋਂ ਕਿਵੇਂ ਨਜਿੱਠਿਆ ਜਾਵੇ ਕਿ ਅਜਿਹੀਆਂ ਵਾਰਦਾਤਾਂ ਨਾਲ ਸਾਡ ਸਮਾਜ ਗੰਦਾ ਨਾ ਹੋਵੇ। ਸੋ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਨਸਾਨ ਨੂੰ ਸਭ ਤੋਂ ਪਹਿਲਾਂ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਸੋਸ਼ਲ ਮੀਡੀਆ ਦਾ ਵਧ ਰਿਹਾ ਪ੍ਰਸਾਰ ਅਜਿਹੀਆਂ ਘਟਨਾਵਾਂ ਲਈ ਵੱਧ ਜ਼ਿੰਮੇਵਾਰ ਹੈ, ਜਿਸ ਵਿਚ ਸ਼ਰ੍ਹੇਆਮ ਨੰਗੇਜ਼ ਅਤੇ ਹੋਰ ਗ਼ਲਤ ਤਰੀਕਿਆਂ ਨਾਲ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਨੇ ਸਾਨੂੰ ਆਪਣੇ ਨਾਲ ਇਸ ਤਰ੍ਹਾਂ ਜਕੜ ਲਿਆ ਹੈ ਕਿ ਅਸੀਂ ਇਕ ਪਰਿਵਾਰ ਵਿਚ ਰਹਿ ਕੇ ਵੀ ਬਿਖਰ ਗਏ ਹਾਂ। ਹਰ ਕੋਈ ਵਟਸਐਪ ਅਤੇ ਸੋਸ਼ਲ ਮੀਡੀਆ 'ਤੇ ਰੁੱਝਾ ਹੋਇਆ ਹੈ। ਗੁਆਂਢੀਆਂ ਜਾਂ ਪਿੰਡ ਦੀ ਧੀ-ਭੈਣ ਨਾਲ ਆਪਣੇਪਨ ਦੀ ਨੇੜਤਾ ਤਾਂ ਦੂਰ ਦੀ ਗੱਲ, ਅਸੀਂ ਆਪਣੇ ਖੂਨ ਦੇ ਰਿਸ਼ਤਿਆਂ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਸਾਨੂੰ ਸਕੂਲਾਂ ਅਤੇ ਕਾਲਜਾਂ ਵਿਚ ਨੌਜਵਾਨਾਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਭਾਰਤ ਦੇ ਅਨਮੋਲ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਉਣ ਦੀ ਲੋੜ ਹੈ। ਕਿਉਂਕਿ ਚੰਗੀ ਸਿੱਖਿਆ ਹੀ ਚੰਗੇ ਵਿਚਾਰ ਪੈਦਾ ਕਰਦੀ ਹੈ। ਜੇਕਰ ਸਾਡੇ ਆਸ-ਪਾਸ ਜਬਰ ਜਨਾਹ ਵਰਗੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਦਬਾਉਣ ਦੀ ਬਜਾਏ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦਾ ਖੁੱਲ੍ਹ ਕੇ ਵਿਰੋਧ ਕਰਨਾ ਚਾਹੀਦਾ ਹੈ। ਅਜਿਹੇ ਇਨਸਾਨਾਂ ਦਾ ਸਮਾਜਿਕ ਬਾਈਕਾਟ ਕਰਨਾ ਸਮੇਂ ਦੀ ਮੁੱਖ ਲੋੜ ਹੈ।

-ਸ੍ਰੀ ਅਨੰਦਪੁਰ ਸਾਹਿਬ।
ਮੋਬਾ: 98786-21861

ਨਿੱਜੀ ਸਕੂਲਾਂ 'ਚ ਫੀਸਾਂ ਦੇ ਭਾਰ ਹੇਠ ਦੱਬੇ ਮਾਪੇ

ਅੱਜ ਦੇ ਨਿੱਜੀ ਸਕੂਲ ਹੁਣ ਸਕੂਲ ਨਹੀਂ, ਇਕ ਵਪਾਰਕ ਅਦਾਰੇ ਵਜੋਂ ਜਾਣੇ ਜਾਂਦੇ ਹਨ। ਚੰਗੀਆਂ ਕੰਪਨੀਆਂ ਤੇ ਪੈਸੇ ਵਾਲੇ ਬੰਦੇ ਸ਼ਹਿਰ 'ਚ ਇਕ ਕੌਮਾਂਤਰੀ, ਕੌਮੀ, ਏ.ਸੀ. ਸਕੂਲ ਖੋਲ੍ਹਦੇ ਹਨ ਜਿੱਥੇ ਪੜ੍ਹਾਈ ਦਾ ਵਪਾਰ ਪੈਸਿਆਂ ਰਾਹੀਂ ਕੀਤਾ ਜਾਣ ਲੱਗ ਪਿਆ। ਸੀ.ਬੀ.ਐਸ.ਈ., ਆਈ.ਸੀ.ਐਸ.ਸੀ. ਪ੍ਰਵਾਨਤ ਸਕੂਲ ਜਿਸ ਦੀਆਂ ਇਮਾਰਤਾਂ 'ਤੇ ਸੈਂਕੜੇ ਖਰਚ ਕੀਤਾ ਜਾਂਦਾ ਹੈ, ਜਿਸ ਤੋਂ ਸਾਡਾ ਸਮਾਜ ਇੰਨਾ ਪ੍ਰਭਾਵਤ ਹੋ ਜਾਂਦਾ ਹੈ ਕਿ ਹਰ ਕੋਈ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਉਸ ਸਕੂਲ 'ਚ ਦਾਖਲੇ ਲਈ ਹਰ ਤਰ੍ਹਾਂ ਦੀ ਮੁਸ਼ਕਿਲ ਸਹਿਣ ਲਈ ਤਿਆਰ ਹੁੰਦਾ ਹੈ। ਸ਼ਹਿਰ ਦੇ ਪੁਰਾਣੇ ਨਿੱਜੀ ਸਕੂਲਾਂ ਦੇ ਮਹਾਂਰਥੀ ਆਪਣੀ ਸੁਸਾਇਟੀ ਬਣਾ ਕੇ ਆਪਣੇ ਸਕੂਲਾਂ ਦੇ ਭਾਅ ਇੰਨੇ ਜ਼ਿਆਦਾ ਵਧਾ ਦਿੰਦੇ ਹਨ ਕਿ ਆਮ ਆਦਮੀ ਦੇ ਵਸੋਂ ਹੀ ਨਹੀਂ, ਸਗੋਂ ਚੰਗੇ-ਚੰਗੇ ਘਰਾਣਿਆਂ ਦੇ ਵੱਸ ਨਹੀਂ ਹੁੰਦਾ ਬੱਚਾ ਪੜ੍ਹਾਉਣਾ। ਵਿੱਦਿਆ ਦੇ ਮੰਦਰ 'ਚ ਅੱਜ ਵਿੱਦਿਆ ਦਾ ਸੌਦਾ ਆਮ ਹੁੰਦੇ ਵੇਖਿਆ ਜਾ ਰਿਹਾ ਹੈ। ਇਕ ਛੋਟੇ ਜਿਹੇ ਨਿੱਜੀ ਸਕੂਲ 'ਚ ਅਗਰ ਆਪਣਾ ਬੱਚਾ ਸਿਰਫ ਇਕ ਘੰਟਾ ਬੈਠਣ ਵਾਸਤੇ ਭੇਜਣਾ ਹੋਵੇ ਤਾਂ ਉਸ ਦੀ ਪਰ ਮਹੀਨੇ ਦੀ ਫੀਸ 500 ਤੋਂ 800 ਤੱਕ ਹੁੰਦੀ ਹੈ ਤੇ ਦਾਖਲਾ ਫੀਸ ਅਲੱਗ ਤੋਂ ਵਸੂਲ ਕੀਤੀ ਜਾਂਦੀ ਹੈ। ਕੀ ਇਹ ਜਾਇਜ਼ ਹੈ? ਉਸ ਤੋਂ ਬਾਅਦ ਜੇ ਉਹੀ ਬੱਚਾ ਨਰਸਰੀ 'ਚ ਭੇਜਣਾ ਹੋਵੇ ਤਾਂ ਉਸ ਦੀ ਦਾਖਲਾ ਫੀਸ ਅਲੱਗ, ਕਿਤਾਬਾਂ ਦੇ ਸੈੱਟ ਦੀ ਫੀਸ ਅਲੱਗ, ਵਰਦੀ ਵੀ ਸਕੂਲ ਵਿਚੋਂ ਲਈ ਜਾਵੇ, ਇਥੋਂ ਤੱਕ ਕਿ ਬੱਚੇ ਲਈ ਕਾਪੀ ਵੀ ਸਕੂਲ ਤੋਂ ਲੈਣੀ ਲਾਜ਼ਮੀ ਹੋ ਜਾਂਦੀ ਹੈ। ਜੋ ਕਿਤਾਬਾਂ ਬਾਹਰ ਦੁਕਾਨ 'ਚ ਅੱਧੇ ਭਾਅ 'ਤੇ ਮਿਲਦੀਆਂ ਹਨ, ਉਹ ਸਕੂਲਾਂ ਵਾਲੇ ਨਿੱਜੀ ਕੰਪਨੀਆਂ ਦੇ ਪ੍ਰਕਾਸ਼ਕਾਂ ਨਾਲ ਮਿਲ ਕੇ ਪੰਜ ਗੁਣਾਂ ਜ਼ਿਆਦਾ ਵਸੂਲ ਕਰਦੇ ਹਨ। ਇਸੇ ਤਰ੍ਹਾਂ ਸਕੂਲ ਵਰਦੀ 'ਚ ਵੀ ਬਹੁਤ ਜ਼ਿਆਦਾ ਕਮਾਈ ਨਿੱਜੀ ਸਕੂਲਾਂ ਵਾਲੇ ਕਰਦੇ ਹਨ। ਇਥੋਂ ਤੱਕ ਕਿ ਕਈ ਸਕੂਲਾਂ ਵਿਚ 'ਤੇ ਪੈੱਨ, ਪੈਨਸਿਲ ਵੀ ਅੰਦਰੋਂ ਹੀ ਲੈਣੇ ਪੈਂਦੇ ਹਨ। ਸਾਡੀਆਂ ਸਰਕਾਰਾਂ ਸਭ ਪਾਸੇ ਧਿਆਨ ਦਿੰਦਿਆਂ ਹਨ ਪਰ ਨਿੱਜੀ ਸਕੂਲਾਂ 'ਚ ਫੀਸਾਂ ਦੇ ਵਾਧੇ ਨੂੰ ਕਿਉਂ ਨਹੀਂ ਰੋਕਦੇ? ਕਿਉਂ ਮਾਪਿਆਂ ਦੀਆਂ ਮਿਹਨਤ ਦੀਆਂ ਕਮਾਈਆਂ ਨੂੰ ਲਗਾਤਾਰ ਲੁੱਟਣ 'ਚ ਮਸਰੂਫ ਨੇ ਨਿੱਜੀ ਸਕੂਲ ਦੇ ਮਹਾਂਰਥੀ? ਸਮਾਜ ਦੇ ਲੋਕਾਂ ਨੂੰ ਵੀ ਸੁਨੇਹਾ ਕਿ ਅਸੀਂ ਆਪ ਇਸ ਪ੍ਰਤੀ ਸੁਹਿਰਦ ਹੋਈਏ ਤੇ ਇਸ ਵਿੱਦਿਆ ਦੇ ਵਪਾਰ ਵਿਰੁੱਧ ਆਪਣੀ ਆਵਾਜ਼ ਲਾਮਬੰਦ ਕਰੀਏ।

-ਅੰਮ੍ਰਿਤਸਰ। ਮੋਬਾ: 62808-62514

ਆਓ ਬੱਚਤ ਕਰੀਏ

ਅਸੀਂ ਰੋਜ਼ਾਨਾ ਜੀਵਨ ਵਿਚ ਬਹੁਤ ਸਾਰੇ ਖਰਚੇ ਕਰਦੇ ਹਾਂ, ਜਿਵੇਂ ਖਾਣ-ਪੀਣ 'ਤੇ, ਕੱਪੜਿਆਂ 'ਤੇ, ਸੌਣ ਲਈ ਫਰਨੀਚਰ 'ਤੇ। ਇਨ੍ਹਾਂ 'ਤੇ ਖਰਚ ਕਰਦੇ ਸਮੇਂ ਵੀ ਅਸੀਂ ਕੱਲ੍ਹ ਲਈ ਬੱਚਤ ਕਰ ਸਕਦੇ ਹਾਂ। ਇਸ ਬੱਚਤ ਵਿਚੋਂ ਹੀ ਅਸੀਂ ਦਾਨ ਲਈ ਪੈਸੇ ਦੇ ਸਕਦੇ ਹਾਂ। ਬੱਚਤ ਕਰਨ ਨਾਲ ਅਸੀਂ ਕਈ ਬੁਰੀਆਂ ਆਦਤਾਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ। ਰੋਜ਼ਾਨਾ ਪੰਜ ਰੁਪਏ ਦੀ ਬੱਚਤ ਕਰਕੇ ਇਕ ਸੱਜਣ ਨੇ ਘੱਟੋ-ਘੱਟ 500 ਕਿਤਾਬਾਂ ਦੀ ਲਾਇਬ੍ਰੇਰੀ ਬਣਾ ਲਈ। ਇਸ ਧਰਤੀ 'ਤੇ ਰਹਿਣ ਵਾਲੇ ਹਰ ਜੀਵ ਨੂੰ ਕੰਮ ਤਾਂ ਕਰਨਾ ਹੀ ਪੈਂਦਾ ਹੈ। ਜੇਕਰ ਉਹ ਇਹ ਸੋਚੇ ਕਿ ਉਹਦੀ ਕਿਸਮਤ ਵਿਚ ਹੀ ਗਰੀਬੀ ਲਿਖੀ ਹੋਈ ਹੈ, ਉਹ ਓਨਾ ਹੀ ਕੰਮ ਕਰਦੇ ਹਨ ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਰਹੇ। ਉਸ ਨੇ ਜੋ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਬਣਾਈ ਹੈ ਤਾਂ ਉਹ ਛੋਟੀ ਹੀ ਰੱਖੇਗਾ। ਉਸ ਨੂੰ ਵਧਾਉਣ ਦੀ ਕੋਸ਼ਿਸ਼ ਹੀ ਨਹੀਂ ਕਰੇਗਾ। ਉਹ ਕੋਈ ਵੱਡੀ ਚੀਜ਼ ਵੀ ਨਹੀਂ ਖਰੀਦ ਸਕੇਗਾ। ਉਹ ਆਪਣੀ ਗਰੀਬੀ ਦਾ ਹਰ ਕਿਸੇ ਕੋਲ ਰੋਣਾ ਰੋਂਦੇ ਰਹਿੰਦੇ ਹਨ। ਉਹ ਕੁਝ ਮਦਦ ਕਰਨ ਲਈ ਤਰਲੇ ਲੈਂਦੇ ਹਨ। ਕਈ ਲੋਕ ਲੋਕਲਾਜ ਲਈ ਵਿਆਹਾਂ, ਸੋਗਮਈ ਰਸਮਾਂ 'ਤੇ ਬੇਤਹਾਸ਼ਾ ਖਰਚ ਕਰਜ਼ਾ ਲੈ ਕੇ ਕਰਦੇ ਹਨ। ਬੱਚਤ ਕਰਨ ਲਈ ਸਾਨੂੰ ਹਮੇਸ਼ਾ ਘਰ ਦਾ ਬਣਿਆ ਖਾਣਾ ਹੀ ਖਾਣਾ ਚਾਹੀਦਾ ਹੈ। ਕੱਪੜੇ ਵੀ ਅਸੀਂ ਬਹੁਤੇ ਮਹਿੰਗੇ ਨਾ ਖਰੀਦ ਕੇ ਬੱਚਤ ਕਰ ਸਕਦੇ ਹਾਂ। ਇਹ ਜ਼ਰੂਰੀ ਨਹੀਂ ਕਿ ਮਹਿੰਗੇ ਕੱਪੜੇ ਪਾ ਕੇ ਹੀ ਤੁਹਾਡੀ ਸ਼ਖ਼ਸੀਅਤ ਬਣਦੀ ਹੈ, ਬਲਕਿ ਸ਼ਖ਼ਸੀਅਤ ਤਾਂ ਸਿੱਖਿਆ ਗ੍ਰਹਿਣ ਕਰਨ ਤੇ ਉੱਚੇ ਵਿਚਾਰਾਂ ਨਾਲ ਬਣਦੀ ਹੈ। ਤੁਹਾਡੇ ਪਹਿਰਾਵੇ ਵਾਲੇ ਕੱਪੜੇ ਸਾਬਣ ਨਾਲ ਧੋਤੇ ਹੋਣੇ ਚਾਹੀਦੇ ਹਨ। ਖਾਣਾ ਵੀ ਤੁਹਾਡਾ ਸ਼ਾਕਾਹਾਰੀ ਹੋਣਾ ਚਾਹੀਦਾ ਹੈ, ਕਿਉਂਕਿ ਵਿਗਿਆਨਕਾਂ ਨੇ ਵੀ ਸ਼ਾਕਾਹਾਰੀ ਭੋਜਨ ਨੂੰ ਸੰਪੂਰਨ ਭੋਜਨ ਕਿਹਾ ਹੈ। ਸਫ਼ਰ ਹਮੇਸ਼ਾ ਹੀ ਰੇਲਗੱਡੀ 'ਤੇ ਕਰਨਾ ਚਾਹੀਦਾ ਹੈ। ਬਹੁਤੇ ਕੰਮ ਵੀ ਪੈਦਲ ਜਾਂ ਸਾਈਕਲ 'ਤੇ ਹੀ ਕਰਨੇ ਚਾਹੀਦੇ ਹਨ। ਘਰ ਦੇ ਸਾਰੇ ਕੰਮ ਖੁਦ ਕਰਨੇ ਚਾਹੀਦੇ ਹਨ। ਸਸਤੀ ਚੀਜ਼ ਹੋਣ 'ਤੇ ਚੀਜ਼ ਨਹੀਂ ਖਰੀਦਣੀ ਚਾਹੀਦੀ, ਸਗੋਂ ਚੀਜ਼ ਸਾਫ਼ ਤੇ ਟਿਕਾਊ ਹੀ ਖਰੀਦਣੀ ਚਾਹੀਦੀ ਹੈ, ਭਾਵੇਂ ਮਹਿੰਗੀ ਹੀ ਕਿਉਂ ਨਾ ਹੋਵੇ। ਖਰਚ ਆਮਦਨ ਦੇ ਹਿਸਾਬ ਨਾਲ ਹੀ ਕਰਨਾ ਚਾਹੀਦਾ ਹੈ। ਜਿਸ ਆਦਮੀ ਨੂੰ ਆਮਦਨ ਨਾਲੋਂ ਘੱਟ ਖਰਚ ਕਰਨ ਦਾ ਵੱਲ ਆ ਗਿਆ, ਉਹ ਕਦੇ ਵੀ ਗਰੀਬ ਨਹੀਂ ਹੋ ਸਕਦਾ। ਸ਼ਬਦਾਂ ਦਾ ਸੰਜਮ ਹਮੇਸ਼ਾ ਸੌਖਾ ਹੁੰਦਾ ਹੈ ਨਾਲ ਹੀ ਲਾਭਦਾਇਕ ਵੀ ਹੁੰਦਾ ਹੈ। ਪ੍ਰਸੰਨ ਦਿਲ ਅਤੇ ਆਸ਼ਾਵਾਦੀ ਸੋਚ ਨਾਲ ਧਨ ਦੀ ਬੱਚਤ ਹੁੰਦੀ ਹੈ, ਜਦੋਂ ਕਿ ਕੁੜ੍ਹ ਕੇ ਅਤੇ ਨਿਰਾਸ਼ਾਵਾਦੀ ਸੋਚ ਨਾਲ ਸਿਹਤ ਤੇ ਧਨ ਦੋਵਾਂ ਦਾ ਨੁਕਸਾਨ ਹੁੰਦਾ ਹੈ। ਕੁਦਰਤ ਵੀ ਫਜੂਲ ਖਰਚ ਨਹੀਂ ਕਰਦੀ। ਇਸ ਦੀ ਵੀ ਇਕ ਉਦਾਹਰਨ ਪੱਤਝੜ ਵਿਚ ਜਦੋਂ ਰੁੱਖਾਂ ਦੇ ਪੱਤੇ ਸੁੱਕ ਕੇ ਡਿੱਗ ਪੈਂਦੇ ਹਨ ਤਾਂ ਕੁਦਰਤ ਉਨ੍ਹਾਂ ਨੂੰ ਦੁਬਾਰਾ ਖਾਦ ਦੇ ਰੂਪ ਵਿਚ ਆਪਣੇ ਵਿਚ ਮਿਲਾ ਲੈਂਦੀ ਹੈ। ਇਸ ਲਈ ਸਾਨੂੰ ਕੁਦਰਤ ਤੋਂ ਵੀ ਧਨ ਦੀ ਬੱਚਤ ਕਰਨ ਦੀ ਸਿੱਖਿਆ ਲੈਣੀ ਚਾਹੀਦੀ ਹੈ। ਆਪਣੇ ਘਰ ਦੀ ਹਰੇਕ ਵਸਤੂ ਨੂੰ ਦੁਬਾਰਾ ਵਰਤੋਂ ਯੋਗ ਬਣਾਉਣਾ ਚਾਹੀਦਾ ਹੈ। ਇਸ ਕੰਮ ਵਿਚ ਘਰ ਦੇ ਸਾਰੇ ਮੈਂਬਰਾਂ ਨੂੰ ਲੱਗਣਾ ਪਵੇਗਾ ਤਾਂ ਹੀ ਬੱਚਤ ਹੋ ਸਕਦੀ ਹੈ।

-ਜਲਾਲਾਬਾਦ (ਪੱਛਮੀ)।
ਮੋਬਾ: 95010-33415

ਜੀਵਨ ਵਿਚ ਵੱਡੀ ਅਹਿਮੀਅਤ ਰੱਖਦੇ ਹਨ ਚੰਗੇ ਸ਼ਬਦ

ਸਮਾਜ ਦੇ ਵਿਅਕਤੀ ਕੋਲ ਚਾਹੇ ਤਾਂ ਚੋਖੀ ਜਾਇਦਾਦ ਅਤੇ ਧਨ ਦੌਲਤ ਹੈ ਜਾਂ ਨਹੀਂ, ਪਰ ਹਰ ਵਿਅਕਤੀ ਕੋਲ ਇਕ ਪੂੰਜੀ ਜ਼ਰੂਰ ਹੁੰਦੀ ਹੈ, ਉਹ ਹੈ ਸ਼ਬਦਾਂ ਦੀ ਪੂੰਜੀ। ਇਕ ਬੱਚੇ ਦੇ ਜਨਮ ਲੈਣ ਉਪਰੰਤ ਉਸ ਦਾ ਪਹਿਲਾ ਗੁਰੁੂ ਉਸ ਦੀ ਮਾਂ ਹੁੰਦੀ ਹੈ ਜੋ ਕਿ ਉਸ ਨੂੰ ਬਚਪਨ ਵਿਚ ਹੀ ਭਾਸ਼ਾ ਸਿਖਾ ਦਿੰਦੀ ਹੈ। ਭਾਵ ਹਰ ਇਕ ਵਿਅਕਤੀ ਨੂੰ ਬਚਪਨ ਤੋਂ ਹੀ ਭਾਸ਼ਾ ਆਉਂਦੀ ਹੈ ਪਰ ਸ਼ਬਦਾਂ ਨੂੰ ਕਿਸ ਸਮੇਂ ਕਿੰਜ ਵਰਤਣਾ ਹੈ, ਇਸ ਹੁਨਰ ਨੂੰ ਪੂੰਜੀ ਕਿਹਾ ਜਾਂਦਾ ਹੈ। ਹਰ ਇਕ ਵਿਅਕਤੀ ਨੂੰ ਹਮੇਸ਼ਾ ਸੱਭਿਅਕ ਅਤੇ ਸਤਿਕਾਰਯੋਗ ਸ਼ਬਦਾਵਲੀ ਦੀ ਵਰਤੋਂ ਆਉਣੀ ਚਾਹੀਦੀ ਹੈ। ਕੁਝ ਸ਼ਬਦਾਂ ਨੂੰ ਸੁਣ ਕੇ ਸਰੋਤੇ ਤਾੜੀਆਂ ਵਜਾਉਂਦੇ ਹਨ, ਪਰ ਕੁਝ ਸ਼ਬਦਾਂ ਨਾਲ ਵਿਰੋਧਤਾ ਜਤਾਉਂਦੇ ਹਨ। ਉਦਾਹਰਨ ਦੇ ਤੌਰ 'ਤੇ ਜਿਵੇਂ ਅਸੀਂ ਇਕ ਬੱਚੇ ਨੂੰ ਬੁਲਾੳਂਦੇ ਹਾਂ 'ਓਏ ਇਧਰ ਆ'। ਪਰ ਦੂਜੇ ਪਾਸੇ ਜਦੋਂ ਅਸੀਂ ਸਤਿਕਾਰ ਨਾਲ ਬੱਚੇ ਨੂੰ ਬੁਲਾੳਂਦੇ ਹਾਂ 'ਬੇਟਾ ਇਧਰ ਆਓ'। ਦੋਵੇਂ ਤਰ੍ਹਾਂ ਦੀ ਸ਼ਬਦਾਵਲੀ ਦਾ ਬੱਚੇ ਦੀ ਮਾਨਸਿਕਤਾ ਉੱਪਰ ਵੱਖ-ਵੱਖ ਤਰੀਕੇ ਨਾਲ ਪ੍ਰਭਾਵ ਅਤੇ ਦੁਰਪ੍ਰਭਾਵ ਪੈਂਦਾ ਹੈ। ਸ਼ਬਦਾਂ ਦਾ ਪ੍ਰਯੋਗ ਜੇਕਰ ਉਚਿਤ ਢੰਗ ਅਤੇ ਸਤਿਕਾਰਯੋਗ ਤਰੀਕੇ ਨਾਲ ਕੀਤਾ ਜਾਵੇ ਤਾਂ ਇਹ ਅਨੇਕਾਂ ਗੁੰਝਲਦਾਰ ਪ੍ਰਸਥਿਤੀਆਂ ਨੂੰ ਸੁਲਝਾਉਣ ਦੀ ਸਮਰਥਾ ਰੱਖਦੇ ਹਨ ਅਤੇ ਵਿਅਕਤੀ ਨੂੰ 'ਸਿੰਘਾਸਨ' ਉੱਤੇ ਬਿਠਾਉਣ ਦੀ ਵੀ ਹੈਸੀਅਤ ਰੱਖਦੇ ਹਨ। ਇਸ ਲਈ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਸੌਣ ਸਮੇਂ ਸਾਰੇ ਦਿਨ ਵਿਚ ਵਰਤੇ ਗਏ ਸ਼ਬਦਾਂ ਦਾ ਚਿੰਤਨ ਕਰੇ ਕਿ ਉਸ ਵਲੋਂ ਵਰਤੇ ਗਏ ਸ਼ਬਦਾਂ ਨੇ ਕਿੰਨੇ ਲੋਕਾਂ ਨੂੰ ਸਕੂਨ ਪ੍ਰਦਾਨ ਕੀਤਾ ਅਤੇ ਕਿੰਨਿਆਂ ਦੀ ਮਾਨਸਿਕਤਾ ਉੱਪਰ ਮਦ ਪ੍ਰਭਾਵ ਪਾਇਆ। ਅਗਲੀ ਸਵੇਰ ਉੱਠ ਕੇ ਨਵੇਂ ਸਿਰੇ ਤੋਂ ਤਿਆਰੀ ਕਰਨੀ ਚਾਹੀਦੀ ਹੈ ਕਿ ਉਸ ਵਿਅਕਤੀ ਦੇ ਸ਼ਬਦ ਦੂਜਿਆਂ ਲਈ ਹਿਤਕਾਰੀ ਹੋਣ, ਹੌਸਲਾ ਅਤੇ ਪਿਆਰ-ਸਤਿਕਾਰ ਦੇਣ ਵਾਲੇ ਹੋਣ। ਕਿਉਂਕਿ ਇਹੋ ਹੌਸਲਾ ਅਤੇ ਪਿਆਰ-ਸਤਿਕਾਰ ਮੁੜ ਕੇ ਉਸ ਕੋਲ ਆਵੇਗਾ, ਜਿਸ ਨਾਲ ਉਸ ਦੇ ਜੀਵਨ ਵਿਚ ਖੁਸ਼ੀਆਂ ਆਉਣਗੀਆਂ।

-ਦਸਮੇਸ਼ ਖਾਲਸਾ ਕਾਲਜ, ਜ਼ੀਰਕਪੁਰ।

ਨਕਲ ਹੋਣ ਨਹੀਂ ਦਿੰਦੀ ਸਫ਼ਲ

ਵਿਦਿਆਰਥੀਆਂ ਦੇ ਵਿੱਦਿਅਕ ਨਤੀਜੇ ਮਾੜੇ ਆਉਣ ਦੇ ਅਨੇਕਾਂ ਕਾਰਨ ਹਨ, ਜਿੱਥੇ ਕਿਤੇ ਨਾ ਕਿਤੇ ਮਾਪੇ ਜ਼ਿਆਦਾ ਦੋਸ਼ੀ ਸਾਬਤ ਹੁੰਦੇ ਹਨ, ਕਿਉਂਕਿ ਬੱਚਿਆਂ ਦੇ ਵਿਵਹਾਰ ਵਿਚ ਆਈਆਂ ਤਬਦੀਲੀਆਂ ਨੂੰ ਸੁਧਾਰਨ ਲਈ ਮਾਪਿਆਂ ਵਲੋਂ ਸਕੂਲ ਨੂੰ ਯੋਗਦਾਨ ਦੀ ਵੱਡੀ ਘਾਟ ਹੁੰਦੀ ਹੈ, ਕਿਉਂਕਿ ਬੱਚੇ ਪੜ੍ਹਾਈ ਵਿਚ ਰੁਚੀ ਨਹੀਂ ਦਿੰਦੇ ਅਤੇ ਮਾਪੇ ਉਨ੍ਹਾਂ ਨੂੰ ਸਮਝਾਉਣ ਤੋਂ ਅਸਮਰੱਥ ਹਨ। ਕਈ ਵਾਰ ਤਾਂ ਵੇਖਣ ਵਿਚ ਆਇਆ ਹੈ ਕਿ ਜਮਾਤ ਦੇ 80 ਫੀਸਦੀ ਵਿਦਿਆਰਥੀ ਕਿਤਾਬਾਂ ਹੀ ਨਹੀਂ ਲੈ ਕੇ ਆਉਂਦੇ, ਕਿਉਂਕਿ ਉਹ ਇਨ੍ਹਾਂ ਨੂੰ ਬੋਝ ਮੰਨਣ ਲੱਗ ਪਏ ਹਨ। ਜੇਕਰ ਅਧਿਆਪਕ ਉਨ੍ਹਾਂ ਨੂੰ ਝਿੜਕਦੇ ਵੀ ਹਨ ਤਾਂ ਛੁੱਟੀ ਹੋਣ ਤੋਂ ਬਾਅਦ ਉਹੀ ਪੜ੍ਹਾਕੂ ਸਕੂਲ ਤੋਂ ਬਾਹਰ ਉਨ੍ਹਾਂ ਨੂੰ ਘੇਰਨ ਦੀ ਤਿਆਰੀ ਕਰ ਲੈਂਦੇ ਹਨ। ਫਿਰ ਅਸੀਂ ਅਜਿਹੇ ਵਿਦਿਆਰਥੀਆਂ ਤੋਂ ਅੱਛੇ ਦਿਨ ਦੀ ਆਸ ਕਿਵੇ ਰੱਖ ਸਕਦੇ ਹਾਂ। ਕਈ ਸਕੂਲਾਂ ਵਿਚ ਤਾਂ ਅਧਿਆਪਕਾਂ ਦੀ ਐਨੀ ਘਾਟ ਹੈ ਕਿ ਇਕ ਅਧਿਆਪਕ ਨੂੰ ਹੀ ਕਈ-ਕਈ ਵਿਸ਼ੇ ਪੜ੍ਹਾਉਣੇ ਪੈ ਰਹੇ ਹਨ। ਕਈ ਵਿਦਿਆਰਥੀ ਤਾਂ ਇਸ ਵੱਡੀ ਗਲਤ-ਫਹਿਮੀ ਦੇ ਸ਼ਿਕਾਰ ਵੀ ਹੋ ਜਾਂਦੇ ਹਨ ਕਿ ਸਿਰਫ ਇਮਤਿਹਾਨਾਂ ਦੇ ਦਿਨਾਂ ਵਿਚ ਹੀ ਪੜ੍ਹਨ ਨਾਲ ਉਹ ਸਫ਼ਲ ਹੋ ਜਾਣਗੇ। ਇਸ ਸੋਚ ਨੂੰ ਲੈ ਕੇ ਉਹ ਸਾਰਾ ਸਾਲ ਕਿਤਾਬ ਨਹੀਂ ਖੋਲ੍ਹਦੇ। ਅਖੀਰ ਇਮਤਿਹਾਨਾਂ ਦੇ ਦਿਨਾਂ ਵਿਚ ਪੜ੍ਹਾਈ ਨੂੰ ਲੈ ਕੇ ਏਨੇ ਖੱਜਲ-ਖੁਆਰ ਹੁੰਦੇ ਹਨ ਕਿ ਉਹ ਪਾਸ ਹੋਣ ਲਈ ਅਨੇਕਾਂ ਹੱਥ-ਕੰਡੇ ਵਰਤਦੇ ਹਨ। ਇਮਤਿਹਾਨਾਂ ਦੇ ਦਿਨਾਂ ਵਿਚ ਪ੍ਰੀਖਿਆ ਕੇਂਦਰਾਂ ਕੋਲ ਵਿਦਿਆਰਥੀਆਂ ਨਾਲੋਂ ਮਾਪਿਆਂ ਦੀ ਭੀੜ ਜ਼ਿਆਦਾ ਵੇਖਣ ਨੂੰ ਮਿਲਦੀ ਹੈ ਅਤੇ ਇਕ ਅਧਿਆਪਕ ਕੋਲ ਕਈ-ਕਈ ਵਿਦਿਆਰਥੀਆਂ ਦੀਆਂ ਸਿਫਾਰਸ਼ਾਂ ਆ ਪਹੁੰਚਦੀਆਂ ਹਨ। ਇਸ ਤਰ੍ਹਾਂ ਕਈ ਵਾਰ ਤਾਂ ਸਿਫਾਰਸ਼ੀ ਹੀ ਸਾਰਾ ਸਾਲ ਮਿਹਨਤ ਕਰਨ ਵਾਲੇ ਵਿਦਿਆਰਥੀ ਤੋਂ ਜ਼ਿਆਦਾ ਅੰਕ ਲੈ ਕੇ ਸਫ਼ਲ ਹੋ ਜਾਂਦਾ ਹੈ। ਤੁਸੀਂ ਸੋਚ ਸਕਦੇ ਹੋ ਕਿ ਉਸ ਮਿਹਨਤ ਕਰਨ ਵਾਲੇ ਵਿਦਿਆਰਥੀ 'ਤੇ ਇਸ ਦਾ ਕੀ ਅਸਰ ਹੋਵੇਗਾ? ਕਈ ਵਾਰ ਤਾਂ ਵਿਦਿਆਰਥੀ ਨਕਲ ਦੇ ਚੱਕਰਾਂ ਵਿਚ ਪੈ ਕੇ ਆਪਣਾ ਭਵਿੱਖ ਬਣਾਉਣ ਦੀ ਬਜਾਏ ਵਿਗਾੜ ਲੈਂਦੇ ਹਨ, ਕਿਉਂਕਿ ਉਹ ਇਸ ਗੱਲ ਤੋਂ ਜਾਣੂ ਨਹੀਂ ਹੁੰਦੇ ਕਿ ਨਕਲ ਉਨ੍ਹਾਂ ਨੂੰ ਅਜਿਹੇ ਹਨੇਰੇ ਵੱਲ ਲੈ ਜਾਂਦੀ ਹੈ ਜਿਸ ਵਿਚ ਅੱਗੇ ਵਧਣ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਨਕਲ ਮਾਰ ਕੇ ਪਾਸ ਹੋਣ ਵਾਲਾ ਵਿਦਿਆਰਥੀ ਅੱਜ ਭਾਵੇਂ ਛਾਲਾਂ ਮਾਰ-ਮਾਰ ਕੇ ਅਗਲੀ ਜਮਾਤ ਵਿਚ ਪਹੁੰਚ ਰਿਹਾ ਹੈ ਪਰ ਬਾਅਦ ਵਿਚ ਜੇਕਰ ਉਹੀ ਵਿਦਿਆਰਥੀ ਕਿਸੇ ਮੁਕਾਬਲੇ ਦੀ ਪ੍ਰੀਖਿਆ ਵਿਚ ਬੈਠਦਾ ਹੈ ਤਾਂ ਰੇਤ ਦੀ ਕੰਧ ਵਾਂਗ ਢਹਿ ਜਾਂਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਪ੍ਰਾਇਮਰੀ ਪੱਧਰ ਦੀ ਸਿੱਖਿਆ ਤੋਂ ਹੀ ਪੜ੍ਹਾਈ ਵਿਚ ਰੁਚੀ ਰੱਖ ਕੇ ਮਿਹਨਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਸੁਭਾਅ ਵੀ ਮਿਹਨਤੀ ਬਣ ਜਾਵੇਗਾ ਅਤੇ ਜੋ ਬਾਅਦ ਵਿਚ ਉੱਚ-ਸਿੱਖਿਆ ਪ੍ਰਾਪਤ ਕਰਕੇ ਸਫਲਤਾ ਦੀਆਂ ਪੌੜੀਆਂ ਚੜ੍ਹਨਗੇ ਅਤੇ ਉੱਚ ਅਹੁਦਿਆਂ 'ਤੇ ਬਿਰਾਜਮਾਨ ਹੋਣਗੇ, ਉਹੀ ਆਪਣੇ ਪਿੰਡ, ਮਾਪੇ ਅਤੇ ਅਧਿਆਪਕਾਂ ਦਾ ਨਾਂਅ ਰੋਸ਼ਨ ਕਰਨਗੇ।

-ਇੰਚਾਰਜ, ਸ: ਐ: ਸਕੂਲ, ਰਾਜਗੜ੍ਹ (ਸਮਾਣਾ-2)। ਮੋਬਾ: 94175 43175

ਮਾਣ-ਮੱਤੇ ਅਧਿਆਪਕ-28

ਚੁਣੌਤੀਆਂ ਨੂੰ ਖਿੜੇ ਮੱਥੇ ਸਵੀਕਾਰ ਕਰਦੈ ਲਵਜੀਤ ਸਿੰਘ ਗਰੇਵਾਲ

ਆਪਣੇ ਕਿੱਤੇ ਨੂੰ ਪੂਰੀ ਤਰ੍ਹਾਂ ਸਰਮਪਿਤ ਹੋਣ ਦੀ ਭਾਵਨਾ ਜਿਨ੍ਹਾਂ ਸ਼ਖ਼ਸੀਅਤਾਂ ਵਿਚ ਹੁੰਦੀ ਹੈ, ਉਹ ਹਮੇਸ਼ਾ ਹੀ ਇਕ ਵੱਖਰੀ ਪੈੜ ਦੇ ਮਾਲਕ ਹੁੰਦੇ ਹਨ ਤੇ ਅਧਿਆਪਨ ਦਾ ਕਿੱਤਾ ਤਾਂ ਉਹ ਕਿੱਤਾ ਹੈ ਜਿਸ ਨੂੰ ਪੁਰਾਤਨ ਸਮੇਂ ਤੋਂ ਹੀ ਸਭ ਨਾਲੋਂ ਵੱਧ ਸਤਿਕਾਰ ਮਿਲਦਾ ਰਿਹਾ ਹੈ ਤੇ ਗੁਰੂ ਨੂੰ ਸਭ ਤੋਂ ਵੱਡਾ ਦਰਜਾ। ਇਕ ਚੰਗੇ ਅਧਿਆਪਕ ਅੰਦਰ ਆਪਣੇ ਵਿਦਿਆਰਥੀਆਂ ਲਈ ਸਭ ਕੁਝ ਕਰ ਗੁਜ਼ਰਨ ਦੀ ਇੱਛਾ ਹੁੰਦੀ ਹੈ। ਇਕ ਚੰਗਾ ਅਧਿਆਪਕ ਜਿੱਥੇ ਆਪਣੇ ਅੰਦਰ ਦਾ ਸਾਰਾ ਗਿਆਨ ਵਿਦਿਆਰਥੀਆਂ ਅੰਦਰ ਭਰਨ ਲਈ ਆਪਣੀ ਹਰ ਵਾਹ ਲਗਾ ਦਿੰਦਾ ਹੈ, ਉੱਥੇ ਸਮਾਜ ਲਈ ਵੀ ਕੁਝ ਚੰਗਾ ਕਰਨ ਲਈ ਤਤਪਰ ਰਹਿੰਦਾ ਹੈ। ਇਕ ਅਧਿਆਪਕ ਪੂਰੇ ਵਿਸ਼ਵ ਦੇ ਸੰਦਰਭ ਵਿਚ ਸੋਚਦਾ ਹੈ। ਇਹੋ ਜਿਹੀ ਹੀ ਸ਼ਖ਼ਸੀਅਤ ਦੇ ਮਾਲਕ ਹਨ ਸ: ਲਵਜੀਤ ਸਿੰਘ ਗਰੇਵਾਲ। ਇਨ੍ਹਾਂ ਦਾ ਜਨਮ 13 ਸਤੰਬਰ, 1978 ਨੂੰ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਆਵਾ ਵਿਚ ਪਿਤਾ ਸਰਦਾਰ ਸੁਲੱਖਣ ਸਿੰਘ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ। ਸ: ਗਰੇਵਾਲ ਦੇ ਪਿਤਾ ਮੰਡੀ ਬੋਰਡ ਵਿਚ ਸੇਵਾਵਾਂ ਨਿਭਾਉਂਦੇ ਸਨ ਅਤੇ ਮਾਤਾ ਜੀ ਸਿੱਖਿਆ ਵਿਭਾਗ ਵਿਚ ਹੀ ਸੈਂਟਰ ਹੈੱਡ ਟੀਚਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ। ਸ: ਗਰੇਵਾਲ ਨੇ ਦਸਵੀਂ ਅਤੇ ਬਾਰ੍ਹਵੀਂ ਦੀ ਸਿੱਖਿਆ ਡੀ.ਏ.ਵੀ. ਸਕੂਲ ਫਾਜ਼ਿਲਕਾ ਤੋਂ ਪ੍ਰਾਪਤ ਕਰਨ ਉਪਰੰਤ ਈ.ਟੀ.ਟੀ. ਦੀ ਸਿਖਲਾਈ ਜ਼ਿਲ੍ਹਾ ਫਿਰੋਜ਼ਪੁਰ ਦੀ ਡਾਇਟ ਤੋਂ 1997-1999 ਦੌਰਾਨ ਹਾਸਲ ਕੀਤੀ। ਇਸ ਉਪਰੰਤ ਗਿਆਨ ਦੀ ਵਡੇਰੀ ਤਾਂਘ ਤਹਿਤ ਉਨ੍ਹਾਂ ਨੇ ਬੀ.ਐੱਡ. ਅਤੇ ਐਮ.ਏ. ਪੰਜਾਬੀ ਦੀ ਉੱਚ ਸਿੱਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕਰਕੇ 2001 ਵਿਚ ਸਿੱਖਿਆ ਵਿਭਾਗ ਵਿਚ ਬਤੌਰ ਅਧਿਆਪਕ ਪਹਿਲਾ ਕਦਮ ਧਰਿਆ? ਆਪਣੇ ਪਹਿਲੇ ਸਕੂਲ ਪਿੰਡ ਤੇਜਾ ਰੁਹੇਲਾ ਜ਼ਿਲ੍ਹਾ ਫਾਜ਼ਿਲਕਾ ਜਿੱਥੇ ਸਰਹੱਦੀ ਇਲਾਕਾ ਹੋਣ ਕਰਕੇ ਚਾਰ-ਚੁਫੇਰਾ ਵਿਕਾਸ ਵੱਲ ਝਾਕਦਾ ਸੀ, ਅਜਿਹੇ ਥਾਂ ਨਵੀਂ ਨੌਕਰੀ, ਨਵਾਂ ਜੋਸ਼ ਤੇ ਦ੍ਰਿੜ੍ਹ ਇਰਾਦੇ ਵਾਲੇ ਲਵਜੀਤ ਸਿੰਘ ਗਰੇਵਾਲ ਨੇ ਪਹਿਲੇ ਦਿਨ ਤੋਂ ਹੀ ਵਿਦਿਆਰਥੀਆਂ ਤੇ ਸਕੂਲ ਦੀ ਸਮੁੱਚੀ ਭਲਾਈ ਲਈ ਦਿਨ-ਰਾਤ ਇਕ ਕਰਨ ਦਾ ਮਨ ਬਣਾ ਲਿਆ ਸੀ ਤੇ ਇਸੇ ਦਿਨ ਤੋਂ ਉਹ ਬੱਚਿਆਂ ਦੀ ਭਲਾਈ ਵਿਚ ਲੀਨ ਹੋ ਗਏ ਅਤੇ ਕਦੇ ਵੀ ਨਿੱਜੀ ਸਵਾਰਥ ਨੂੰ ਪਹਿਲ ਨਹੀਂ ਦਿੱਤੀ। 01.07.2006 ਤੋਂ ਹੁਣ ਤੱਕ ਫਾਜ਼ਿਲਕਾ ਦੇ ਸਰਹੱਦੀ ਪਿੰਡ ਜੋ ਪਾਕਿਸਤਾਨ ਤੋਂ ਥੋੜ੍ਹੀ ਦੂਰੀ 'ਤੇ ਹੀ ਵਸਿਆ ਹੋਇਆ ਹੈ, ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਵਿਖੇ ਬਤੌਰ ਮੁੱਖ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ। ਕਹਿੰਦੇ ਹਨ, ਜਿਨ੍ਹਾਂ ਨੇ ਸਮਾਜ ਲਈ ਕੁਝ ਕਰਨ ਦੀ ਠਾਣ ਲਈ ਹੁੰਦੀ ਹੈ, ਉਨ੍ਹਾਂ ਲਈ ਸਥਾਨ ਤੇ ਮੁਸ਼ਕਿਲਾਂ ਮਾਇਨੇ ਨਹੀਂ ਰੱਖਦੀਆਂ। ਇਸੇ ਇਰਾਦੇ ਨਾਲ ਗਰੇਵਾਲ ਨੇ ਇੱਥੇ ਵੀ ਚਾਰ ਚੰਨ ਲਗਾਏ। ਉਨ੍ਹਾਂ ਦਾ ਸਕੂਲ ਸਰਹੱਦੀ ਇਲਾਕੇ ਦੇ ਨਿੱਜੀ ਸਕੂਲਾਂ ਨੂੰ ਵੀ ਮਾਤ ਪਾਉਣ ਵਾਲੀ ਗੱਲ ਕਰਦਾ ਹੈ। ਸਕੂਲ ਦੀ ਇਮਾਰਤ ਬਹੁਤ ਵਧੀਆ ਹੈ। ਛੋਟੀਆਂ ਜਮਾਤਾਂ ਲਈ ਐਲ.ਈ.ਡੀ. ਅਤੇ ਸਮਾਰਟ ਲੈਬ ਦੀ ਸਹੂਲਤ ਹੈ। ਪੜ੍ਹਾਈ ਦਾ ਪੱਧਰ ਇਸ ਤਰ੍ਹਾਂ ਦਾ ਹੈ ਕਿ ਬੱਚੇ ਵੱਡੇ ਪਹਾੜੇ ਮਸ਼ੀਨ ਵਾਂਗ ਸੁਣਾ ਦਿੰਦੇ ਹਨ। ਸਾਲ 2008 ਵਿਚ ਸਕੂਲ ਦੀ ਵਿਦਿਆਰਥਣ ਸੰਤੋ ਬਾਈ ਨੇ 450 ਵਿਚੋਂ 446 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਭਰ ਵਿਚੋਂ ਨਾਂਅ ਰੌਸ਼ਨ ਕੀਤਾ ਸੀ। ਸਕੂਲ ਦੀ ਗਿੱਧੇ ਦੀ ਟੀਮ ਸੂਬਾ ਪੱਧਰ ਤੱਕ ਆਪਣੀ ਕਲਾ ਦਾ ਜੌਹਰ ਦਿਖਾ ਚੁੱਕੀ ਹੈ। ਸ: ਗਰੇਵਾਲ ਦਾ ਕਹਿਣਾ ਹੈ ਕਿ ਸਾਰੀਆਂ ਪ੍ਰਾਪਤੀਆਂ ਦੇ ਪਿੱਛੇ ਸਾਥੀ ਅਧਿਆਪਕਾਂ, ਪਿੰਡ ਵਾਸੀਆਂ ਦਾ ਵੱਡਾ ਸਹਿਯੋਗ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਕੱਲਾ ਵਿਅਕਤੀ ਕਦੇ ਵੀ ਕੁਝ ਨਹੀਂ ਕਰ ਸਕਦਾ। ਸਿੱਖਿਆ ਜਗਤ ਦੀ ਇਸ ਮਾਣਮੱਤੀ ਸ਼ਖ਼ਸੀਅਤ ਨੂੰ 5 ਸਤੰਬਰ, 2015 ਨੂੰ ਪੰਜਾਬ ਸਰਕਾਰ ਵਲੋਂ ਅਧਿਆਪਕ ਰਾਜ ਪੁਰਸਕਾਰ ਨਾਲ ਨਿਵਾਜਿਆ ਗਿਆ। ਸਾਲ 2017 ਵਿਚ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਸ: ਗਰੇਵਾਲ ਦੇ ਹਿੱਸੇ ਆਇਆ। ਸ: ਗਰੇਵਾਲ ਹੁਣ ਇਕ ਹੋਰ ਸਕੂਲ ਦੇ ਨਿਰਮਾਣ ਨੂੰ ਲੈ ਕੇ ਤਤਪਰ ਹਨ? ਆਪਣੇ ਕਿੱਤੇ ਨਾਲ ਪੂਰਨ ਇਨਸਾਫ ਕਰਨ ਵਾਲੇ ਸ: ਗਰੇਵਾਲ ਆਪਣੀ ਧਰਮਪਤਨੀ ਸ੍ਰੀਮਤੀ ਸਿਰਮਨਜੀਤ ਕੌਰ ਗਰੇਵਾਲ ਅਤੇ ਦੋ ਬੇਟੀਆਂ ਸੁਖਮਨਪ੍ਰੀਤ ਕੌਰ ਅਤੇ ਇਸ਼ਮਨਪ੍ਰੀਤ ਕੌਰ ਨਾਲ ਚੰਗਾ ਜੀਵਨ ਬਤੀਤ ਕਰ ਰਹੇ ਹਨ। ਅਕਾਲ ਪੁਰਖ ਉਨ੍ਹਾਂ ਨੂੰ ਹਮੇਸ਼ਾ ਤੰਦਰੁਸਤ ਰੱਖੇ, ਤਾਂ ਜੋ ਉਨ੍ਹਾਂ ਨੇ ਸਿੱਖਿਆ ਜਗਤ ਲਈ ਜਿਹੜੇ ਸੱਚੇ ਸੁਪਨੇ ਦਿਲ ਵਿਚ ਸਮਾ ਰੱਖੇ ਹਨ, ਉਹ ਸਾਕਾਰ ਹੋ ਸਕਣ।

-ਮੋਬਾ: 93565-52000

ਪਹਾੜ ਜਿੱਡੀਆਂ ਮੁਸ਼ਕਿਲਾਂ ਅੱਗੇ ਬੇਵੱਸ ਹੁੰਦਾ ਇਨਸਾਨ

ਇਹ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ ਇਸ ਸੰਸਾਰ 'ਚ ਕੋਈ ਇਨਸਾਨ ਮੁਸ਼ਕਿਲਾਂ ਜਾਂ ਠੋਕਰਾਂ ਦਾ ਸ਼ਿਕਾਰ ਨਾ ਹੋਇਆ ਹੋਵੇ। ਜ਼ਿੰਦਗੀ ਦਾ ਸਫਰ ਹਰ ਕੌੜੇ-ਮਿੱਠੇ ਤਜਰਬੇ ਦਾ ਅਹਿਸਾਸ ਕਰਵਾਉਂਦਿਆਂ ਨਿਰੰਤਰ ਚਲਦਾ ਹੈ। ਚੰਗਾ ਸਮਾਂ ਮਨ ਨੂੰ ਖੁਸ਼ੀ ਦਿੰਦਾ ਹੈ ਅਤੇ ਸਹਿਮੇ ਪਲ ਵਕਤੀ ਤੌਰ 'ਤੇ ਤਨ ਅਤੇ ਮਨ ਨੂੰ ਤਣਾਅਪੂਰਨ ਕਰ ਦਿੰਦੇ ਹਨ। ਇਨਸਾਨੀ ਦਿਮਾਗ ਅਤੇ ਮਨ ਦਾ ਬੋਝਲ ਹੋਣਾ ਰੋਜ਼ਾਨਾ ਖੁਦਕੁਸ਼ੀਆਂ ਦਾ ਕਾਰਨ ਬਣ ਰਿਹਾ ਹੈ। ਇਹ ਡੂੰਘੀ ਸੋਚ-ਵਿਚਾਰ ਦਾ ਵਿਸ਼ਾ ਹੈ ਕਿ ਉਹ ਵਿਅਕਤੀ ਕਿੰਨਾ ਤਣਾਅਪੂਰਨ ਹੋਵੇਗਾ, ਜਿਸ ਨੇ ਆਪਣੇ ਹੱਥੀਂ ਆਪਣੇ ਘੁੱਗ ਵਸਦੇ ਪਰਿਵਾਰਕ ਜੀਆਂ ਨੂੰ ਕਤਲ ਕਰਕੇ ਆਪ ਵੀ ਖੁਦਕੁਸ਼ੀ ਕਰ ਲਈ। ਪੈਰ-ਪੈਰ 'ਤੇ ਮੁਸ਼ਕਿਲਾਂ ਜ਼ਿੰਦਗੀ 'ਚ ਇਨਸਾਨ ਨੂੰ ਘੇਰਦੀਆਂ ਹਨ, ਇਨ੍ਹਾਂ ਤੋਂ ਤਣਾਅਗ੍ਰਸਤ ਹੋ ਕੇ ਆਪਣਾ ਘਰ ਹੀ ਉਜਾੜ ਲੈਣਾ ਕਿਥੋਂ ਦੀ ਸਿਆਣਪ ਹੈ? ਬਹਾਦਰੀ ਸਿਰ ਚੜ੍ਹੇ ਕਰਜ਼ੇ ਤੋਂ ਘਬਰਾ ਕੇ ਖੁਦਕੁਸ਼ੀ ਕਰਨ 'ਚ ਨਹੀਂ, ਬਲਕਿ ਯਤਨ ਕਰਕੇ ਉਸ ਨੂੰ ਉਤਾਰਨ 'ਚ ਹੈ। ਜਿਊਂਦੇ ਇਨਸਾਨ 'ਚ ਅਥਾਹ ਤਾਕਤ ਹੁੰਦੀ ਹੈ, ਉਹ ਕਿਸੇ ਵੀ ਚੁਣੌਤੀ ਨੂੰ ਟੱਕਰ ਦੇ ਕੇ ਉਸ ਨੂੰ ਠੱਲ੍ਹਣ ਦੀ ਤਾਕਤ ਰੱਖਦਾ ਹੈ। ਜੇਕਰ ਮਕੜੀ ਦੁਆਰਾ ਵਾਰ-ਵਾਰ ਕੀਤੀ ਕੋਸ਼ਿਸ਼ ਤੋਂ ਸੇਧ ਲੈ ਕੇ ਇਕ ਰਾਜਾ ਆਪਣੇ ਹਾਰੇ ਹੋਏ ਰਾਜਾਂ ਨੂੰ ਦੁਬਾਰਾ ਜਿੱਤਣ ਦੀ ਨਸੀਅਤ ਲੈ ਸਕਦਾ ਹੈ ਤਾਂ ਅਜੋਕਾ ਇਨਸਾਨ ਮੁਸ਼ਕਿਲਾਂ ਤੋਂ ਘਬਰਾ ਕੇ ਪਿੜ ਛੱਡਦਾ ਚੰਗਾ ਨਹੀਂ ਲਗਦਾ। ਇਕ ਸਕੂਲ ਮਾਸਟਰ ਨੇ ਸਰਕਾਰੀ ਨੌਕਰੀ ਅਪਲਾਈ ਕਰਨ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਸ ਦੀ ਕਿਸਮਤ 'ਚ ਸਰਕਾਰੀ ਨੌਕਰੀ ਨਹੀਂ। ਉਮਰ 'ਚ ਤਕਰੀਬਨ 40 ਸਾਲ ਦਾ ਇਹ ਵਿਅਕਤੀ ਅਧਿਆਪਕ ਲੱਗਣ ਦੀ ਉਮਰ ਹੱਦ ਪਾਰ ਕਰਨ ਦੇ ਬਿਲਕੁਲ ਨਜ਼ਦੀਕ ਸੀ। ਨਾਲ ਦੇ ਦੋਸਤਾਂ ਸਾਥੀਆਂ ਨੇ ਸਮਝਾ ਬੁਝਾ ਕੇ ਉਸ ਤੋਂ ਨੌਕਰੀ ਲਈ ਅਪਲਾਈ ਕਰਵਾ ਦਿੱਤਾ। ਜ਼ਿਲ੍ਹੇ ਵਾਰ ਬਣੀ ਮੈਰਿਟ ਸੂਚੀ 'ਚ ਉਸ ਦਾ ਆਖਰੀ ਨੰਬਰ ਸੀ ਤੇ ਨੌਕਰੀ ਲੱਗਣ ਲਈ ਉਸ ਦੀ ਚੋਣ ਹੋ ਚੁੱਕੀ ਸੀ। ਇਹ ਉਸ ਲਈ ਇਕ ਚਮਤਕਾਰ ਸੀ। ਕੋਸ਼ਿਸ਼ ਕਰਨ ਨਾਲ ਹੀ ਮਿੱਥੇ ਨਿਸ਼ਾਨਿਆਂ ਦੀ ਪੂਰਤੀ ਸੰਭਵ ਹੈ। ਸੰਘਰਸ਼ ਦਾ ਪਿੜ ਛੱਡ ਕੇ ਭੱਜਣਾ ਜਾਂ ਮਰਨਾ ਕਿਸੇ ਮੁਸ਼ਕਿਲ ਦਾ ਹੱਲ ਨਹੀਂ। ਦਲੇਰ, ਸਿਰੜੀ ਅਤੇ ਹਿੰਮਤੀ ਲੋਕ ਚੁਣੌਤੀਆਂ ਨੂੰ ਚੁਣੌਤੀਆਂ ਦਿੰਦੇ ਹਨ। ਉਹ ਇਨ੍ਹਾਂ ਅੱਗੇ ਗੋਡੇ ਨਹੀਂ ਟੇਕਦੇ। ਆਪ ਖੁਦਕੁਸ਼ੀ ਕਰਕੇ ਪਿੱਛੇ ਪਰਿਵਾਰ ਨੂੰ ਛੱਡ ਜਾਣਾ ਕਿੱਥੋਂ ਦੀ ਸਮਝਦਾਰੀ ਹੈ, ਸਗੋਂ ਪਰਿਵਾਰ ਵਿਚ ਅਜਿਹਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ ਕਿ ਮੁਸ਼ਕਿਲ ਸਮੇਂ ਸਾਰਾ ਪਰਿਵਾਰ ਇਕਜੁੱਟ ਹੋ ਜਾਵੇ। ਪਰਿਵਾਰਕ ਏਕੇ ਵਾਲੇ ਮਾਹੌਲ 'ਚ ਕੋਈ ਵੀ ਤਣਅ ਪੈਦਾ ਕਰਨ ਵਾਲੀ ਔਕੜ ਜਾਂ ਮੁਸ਼ਕਿਲ ਆਪਣਾ ਆਧਾਰ ਗਵਾ ਲੈਂਦੀ ਹੈ ਅਤੇ ਹੱਸਦਾ-ਵੱਸਦਾ ਪਰਿਵਾਰ ਅਜਿਹੀ ਸਥਿਤੀ 'ਤੇ ਬੜੀ ਆਸਾਨੀ ਨਾਲ ਕਾਬੂ ਪਾ ਲੈਂਦਾ ਹੈ। ਤੱਪੜ ਧਰਤੀ ਨੂੰ ਵਾਹ ਕੇ ਜੇਕਰ ਇਨਸਾਨ ਸੁਨਹਿਰੀ ਫਸਲਾਂ ਉਗਾ ਸਕਦਾ ਹੈ ਤਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਵੀ ਉਸ ਲਈ ਕੋਈ ਬਹੁਤਾ ਔਖਾ ਨਹੀਂ। ਰੋਜ਼ਾਨਾ ਘਰਾਂ 'ਚ ਵਿਛਦੇ ਸੱਥਰ ਕੋਈ ਚੰਗਾ ਸੰਕੇਤ ਨਹੀਂ। ਅੱਜ ਬੇਵਸੀ ਦੇ ਡੂੰਘੇ ਸਮੁੰਦਰ 'ਚੋਂ ਬਾਹਰ ਆ ਕੇ ਜਿਊਣ ਦੀ ਲੋੜ ਹੈ। ਹਰ ਚਣੌਤੀ ਦਾ ਸਾਹਮਣਾ ਕਰਦੇ ਹੋਏ ਚੰਗੇ ਨਤੀਜਿਆਂ ਦੀ ਆਸ ਕਰਨੀ ਹੋਵੇਗੀ, ਤਾਂ ਹੀ ਸਕਾਰਾਤਮਿਕ ਸੋਚ ਅਤੇ ਵਿਚਾਰ ਜ਼ਿੰਦਗੀ ਨੂੰ ਨਵੀਂ ਊਰਜਾ ਦੇਣ ਲਈ ਅਹਿਮ ਕਾਰਜ ਕਰਨਗੇ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਸ੍ਰੀ ਫ਼ਤਹਿਗੜ੍ਹ ਸਾਹਿਬ। ਮੋਬਾ: 94784-60084

ਰਾਜਨੀਤੀ ਰਾਹੀਂ ਹੋ ਰਿਹੈ ਸ਼ੋਸ਼ਣ

 ਭਾਰਤ ਦੀ ਆਜ਼ਾਦੀ ਸਮੇਂਰਾਜਨੀਤੀ ਦੇਸ਼ ਜਾਂ ਕੌਮ ਦੀ ਸੇਵਾ ਦਾ ਇਕ ਜ਼ਰੀਆ ਸੀ। ਦੇਸ਼ ਦਾ ਹਰੇਕ ਨਾਗਰਿਕ ਆਪਣੇ ਚੁਣੇ ਆਗੂਆਂ ਤੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਅਤੇ ਉਜਵਲ ਭਵਿੱਖ ਦੀ ਆਸ ਰੱਖਦਾ ਸੀ। ਪਰ ਅੱਜ ਰਾਜਨੀਤੀ ਸਿਆਸਤਦਾਨਾਂ ਦੀਆਂ ਕੋਝੀਆਂ ਤੇ ਲੋਕ-ਮਾਰੂ ਚਾਲਾਂ ਕਾਰਨ ਲੁੱਟ/ਸ਼ੋਸ਼ਣ ਦਾ ਸਾਧਨ ਬਣ ਚੁੱਕੀ ਹੈ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਭਾਰਤ ਭ੍ਰਿਸ਼ਟ ਸਿਆਸਤਦਾਨਾਂ ਦੀ ਚੁੰਗਲ ਵਿਚ ਬੁਰੀ ਤਰ੍ਹਾਂ ਫਸ ਚੁੱਕਾ ਹੈ। ਇਨ੍ਹਾਂ ਲਈ ਰਾਜਨੀਤੀ ਸੇਵਾ ਨਹੀਂ, ਸਗੋਂ ਧਨ ਕਮਾਉਣ ਦਾ ਸਾਧਨ ਬਣ ਚੁੱਕੀ ਹੈ। ਚੋਣਾਂ ਦਾ ਸਮਾਂ ਨਜ਼ਦੀਕ ਆਉਂਦਿਆਂ ਹੀ ਸਾਰੀਆਂ ਪਾਰਟੀਆਂ ਦੇ ਆਗੂ ਆਪਣੇ-ਆਪ ਨੂੰ ਆਮ ਆਦਮੀ ਦੇ ਸੇਵਕ ਦੱਸਦੇ ਹਨ, ਪਰ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਆਮ ਲੋਕਾਂ ਪ੍ਰਤੀ ਇਨ੍ਹਾਂ ਦਾ ਘਿਰਣਾਜਨਕ ਰਵੱਈਆ ਵੀ ਸਾਹਮਣੇ ਆਉਂਦਾ ਹੈ। ਇੱਥੇ ਇਹ ਕਹਿਣਾ ਬਿਲਕੁਲ ਦਰੁਸਤ ਹੋਵੇਗਾ ਕਿ 'ਰਾਜ ਨਹੀਂ ਸੇਵਾ' ਦੇ ਨਾਅਰੇ ਹੇਠ ਇਹ ਆਮ ਆਦਮੀਆਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ। ਇਸ ਤੋਂ ਇਲਾਵਾ ਪੈਸੇ ਦੇ ਜ਼ੋਰ ਉੱਤੇ ਅਪਰਾਧੀ ਬਿਰਤੀ ਦੇ ਲੋਕ ਵੀ ਰਾਜਨੀਤੀ ਵਿਚੋਂ ਮੁਨਾਫ਼ਾ ਕਮਾਉਂਦੇ ਨਜ਼ਰੀਂ ਪੈਂਦੇ ਹਨ। ਇੱਥੇ ਹਾਲਾਤ ਇਹ ਹਨ ਕਿ ਜੇਕਰ ਕਿਸੇ ਪਾਰਟੀ ਨਾਲ ਸਬੰਧਿਤ ਆਗੂ ਕੋਈ ਅਪਰਾਧ/ਘੁਟਾਲਾ ਵੀ ਕਰ ਦੇਵੇ ਤਾਂ ਅਜਿਹੀ ਸਥਿਤੀ ਵਿਚ ਉਹ ਜੇਲ੍ਹ ਜਾਣ ਮਗਰੋਂ ਵੀ ਵਿਧਾਇਕ ਜਾਂ ਸੰਸਦ ਦਾ ਮੈਂਬਰ ਹੀ ਰਹਿੰਦਾ ਹੈ ਅਤੇ ਜੇਲ੍ਹ ਅੰਦਰ ਵੀ. ਆਈ. ਪੀ. ਸਹੂਲਤਾਂ ਨੂੰ ਮਾਣਦਾ ਹੈ। ਇਨ੍ਹਾਂ ਆਗੂਆਂ ਦੀ ਚੋਣ ਲਈ ਲੋੜੀਂਦੀ ਵਿੱਦਿਅਕ ਯੋਗਤਾ, ਉਮਰ, ਚਰਿੱਤਰ ਆਦਿ ਸਬੰਧੀ ਵੀ ਖ਼ਾਸ ਪ੍ਰਤੀਮਾਨ ਸਾਹਮਣੇ ਨਹੀਂ ਆਉਂਦੇ। ਇਥੋਂ ਤੱਕ ਕਿ ਕੋਰਾ ਅਨਪੜ੍ਹ, ਬੁੱਢਾ ਅਤੇ ਅਪਰਾਧੀ ਵਿਅਕਤੀ ਵੀ ਦੇਸ਼ ਚਲਾਉਣ ਦੇ ਕਾਬਲ ਮੰਨਿਆ ਜਾਂਦਾ ਹੈ ਅਤੇ 'ਦੇਸ਼-ਸੇਵਾ' ਦੇ ਨਾਂਅ ਹੇਠ ਵੱਡੀ ਰਕਮ ਵੀ ਵਸੂਲਦਾ ਹੈ। ਤ੍ਰਾਸਦੀ ਇਹ ਹੈ ਕਿ ਜਿੱਥੇ ਮਿਹਨਤਕਸ਼ ਲੋਕ ਇਕ ਡੰਗ ਦੀ ਰੋਟੀ ਲਈ ਤਰਸ ਰਹੇ ਹੁੰਦੇ ਹਨ, ਉੱਥੇ ਹੀ ਇਕ ਵਿਅਕਤੀ ਕੌਂਸਲਰ, ਵਿਧਾਇਕ ਅਤੇ ਸੰਸਦ ਮੈਂਬਰ ਆਦਿ ਬਣਨ ਤੋਂ ਬਾਅਦ ਤਿੰਨ-ਤਿੰਨ ਪੈਨਸ਼ਨਾਂ 'ਤੇ ਆਪਣਾ ਜੱਦੀ ਹੱਕ ਸਮਝਦਾ ਹੈ। ਇਸ ਤਰ੍ਹਾਂ ਸਾਰੀਆਂ ਸਰਕਾਰੀ ਸਹੂਲਤਾਂ ਹਾਸਲ ਕਰਨ ਮਗਰੋਂ ਵੀ ਇਹ ਆਪਣੇ-ਆਪ ਨੂੰ ਸਮਾਜ-ਸੇਵਕ ਵਜੋਂ ਹੀ ਪੇਸ਼ ਕਰਦੇ ਹਨ। ਸਾਡੇ ਦੇਸ਼ ਦੇ ਪਛੜੇਪਣ ਦਾ ਵੀ ਇਹੋ ਕਾਰਨ ਹੈ ਕਿ ਆਜ਼ਾਦੀ ਦਾ ਲੰਮਾ ਸਮਾਂ ਬੀਤ ਜਾਣ ਮਗਰੋਂ ਵੀ ਅਸੀਂ ਵਿਕਸਿਤ ਦੇਸ਼ਾਂ ਵਿਚ ਆਪਣਾ ਨਾਂਅ ਸ਼ਾਮਿਲ ਨਹੀਂ ਕਰ ਸਕੇ। ਇੱਥੇ ਸਵਾਲ ਉੱਠਦਾ ਹੈ ਕਿ ਇਨ੍ਹਾਂ ਆਗੂਆਂ ਦੀ ਚੋਣ ਲਈ ਲੋੜੀਂਦੀ ਵਿੱਦਿਅਕ ਯੋਗਤਾ, ਉਮਰ ਅਤੇ ਚਰਿੱਤਰ ਆਦਿ ਨੂੰ ਅੱਖੋਂ ਉਹਲੇ ਕਰਨਾ ਕਿਥੋਂ ਤੱਕ ਸਹੀ ਹੈ? ਇੱਥੇ ਸੰਸਦ ਅਤੇ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਅਜਿਹੇ ਕਾਨੂੰਨ ਬਣਾਏ ਜਾਣ, ਜਿਸ ਅਨੁਸਾਰ ਸੰਵਿਧਾਨ-ਵਿਰੋਧੀ ਅਤੇ ਲੋਕ-ਮਾਰੂ ਨੀਤੀਆਂ 'ਤੇ ਚੱਲਦੇ ਆਗੂਆਂ/ਮੰਤਰੀਆਂ ਨੂੰ ਆਪਣੇ ਅਹੁਦੇ ਤੋਂ ਬਰਖਾਸਤ ਕੀਤਾ ਜਾ ਸਕੇ ਅਤੇ ਦੋਸ਼ ਸਾਬਤ ਹੋਣ ਮਗਰੋਂ ਮੁੜ ਰਾਜਨੀਤੀ ਵਿਚ ਆਉਣ 'ਤੇ ਪੱਕੀ ਰੋਕ ਲਗਾਈ ਜਾਵੇ। ਇਸ ਤੋਂ ਇਲਾਵਾ ਨੌਜਵਾਨ ਵਰਗ ਨੂੰ ਵੀ ਰਾਜਨੀਤੀ ਵਿਚ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਰਾਜਨੀਤੀ ਵਿਚਲੇ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।

-ਪਿੰਡ ਜੁਗਿਆਣਾ (ਲੁਧਿਆਣਾ)।
ਮੋਬਾ: 84378-94672

ਬੇਰੁਜ਼ਗਾਰੀ ਭੱਤਾ ਨਹੀਂ, ਮਿਹਨਤਦਾਰੀ ਕਹੋ

ਨਾ ਕੋਈ ਕੰਮ, ਨਾ ਧੰਦਾ, ਬਸ ਰੁਜ਼ਗਾਰ ਵਿਭਾਗ ਵਲੋਂ ਉਨ੍ਹਾਂ ਨਾਲ ਪੰਜੀਕ੍ਰਿਤ ਬੇਰੁਜ਼ਗਾਰ ਉਮੀਦਵਾਰਾਂ ਨੂੰ ਨਿਯਮਾਂ ਅਧੀਨ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ, ਜੋ ਕਿ ਇਵੇਂ ਲਗਦਾ ਹੈ ਜਿਵੇਂ ਖੈਰਾਤ ਦਿੱਤੀ ਜਾ ਰਹੀ ਹੋਵੇ। ਦੇਸ਼ ਵਿਚ ਭਾਵੇਂ ਅਗਲੀ ਲੋਕ ਸਭਾ ਦਾ ਚੁਣਾਵੀ ਮਹਾਂਭਾਰਤ ਹੋਣ ਜਾ ਰਿਹਾ ਹੈ। ਬੇਸ਼ੱਕ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਐਲਾਨ ਹੋਏ ਪਰ ਉਸ ਤੋਂ ਕਿਸਾਨਾਂ ਦੀ ਹਾਲਤ ਪੂਰੀ ਤਰ੍ਹਾਂ ਸੁਧਾਰੀ ਨਹੀਂ ਜਾ ਸਕੀ, ਠੀਕ ਉਸੇ ਤਰ੍ਹਾਂ ਨਾਲ ਅੱਜ ਦੇਸ਼ ਦੇ ਨੌਜਵਾਨਾਂ ਦੇ ਸਾਹਮਣੇ ਜਿਸ ਤਰ੍ਹਾਂ ਤੋਂ ਰੁਜ਼ਗਾਰ ਦਾ ਸੰਕਟ ਆ ਗਿਆ ਹੈ, ਉਸ ਨਾਲ ਨਜਿੱਠਣ ਲਈ ਵੀ ਅਸਥਾਈ ਰੂਪ ਤੋਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਹੈ। ਕਿਸੇ ਵੀ ਪ੍ਰਸਥਿਤੀ ਵਿਚ ਨੌਜਵਾਨਾਂ ਦੇ ਊਰਜਾਵਾਨ ਹੱਥਾਂ ਵਿਚ ਕੰਮ ਹੋਵੇ, ਇਸ ਤੋਂ ਕਿਸੇ ਵੀ ਰਾਜਨੀਤਕ ਦਲ ਨੂੰ ਮਨਾਹੀ ਨਹੀਂ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ ਇਹ ਸਭ ਕੇਵਲ ਚੋਣਾਂ ਵਿਚ ਹੀ ਸਾਹਮਣੇ ਆਉਂਦਾ ਹੈ ਅਤੇ ਜਦੋਂ ਸਰਕਾਰਾਂ ਬਣ ਜਾਂਦੀਆਂ ਹਨ ਤਾਂ ਇਸ ਸਮੱਸਿਆ ਨੂੰ ਠੰਢੇ ਬਸਤੇ ਵਿਚ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ। ਅੱਜ ਭਾਰਤ ਕੋਲ ਨੌਜਵਾਨਾਂ ਦੀ ਵੱਡੀ ਗਿਣਤੀ ਮੌਜੂਦ ਹੈ, ਜਿਸ ਵਿਚ ਕੁਸ਼ਲ ਕਾਮੇ ਅਤੇ ਵਰਤਮਾਨ ਅਤੇ ਭਵਿੱਖ ਦੀ ਲੋੜ ਦੇ ਅਨੁਸਾਰ ਰੁਜ਼ਗਾਰ ਹੋਣ ਪਰ ਉਨ੍ਹਾਂ ਲਈ ਉਚਿਤ ਮਨੁੱਖੀ ਸਾਧਨ ਦੇ ਰੂਪ ਵਿਚ ਵਿਕਸਿਤ ਕਰਨ ਦੀ ਦਿਸ਼ਾ ਵਿਚ ਕੋਈ ਸਾਰਥਕ ਕੋਸ਼ਿਸ਼ ਨਹੀਂ ਕਰ ਰਿਹਾ। ਅਖੀਰ ਕੀ ਕਾਰਨ ਹੈ ਕਿ ਸਰਕਾਰਾਂ ਅਤੇ ਰਾਜਨੀਤਕ ਦਲ ਇਸ ਦਿਸ਼ਾ ਵਿਚ ਸਾਰਥਿਕ ਪਹਿਲ ਕਰਨ ਵਿਚ ਬਹੁਤ ਪਿੱਛੇ ਵਿਖਾਈ ਦਿੰਦੇ ਹਨ ਅਤੇ ਨੌਜਵਾਨਾਂ ਦੀ ਸਮੱਸਿਆ ਉਥੇ ਦੀ ਉਥੇ ਹੀ ਰਹਿ ਜਾਂਦੀ ਹੈ? ਜੇਕਰ ਨੌਜਵਾਨਾਂ ਨੂੰ ਉਨ੍ਹਾਂ ਦੇ ਅਨੁਸਾਰ ਬੇਰੁਜ਼ਗਾਰੀ ਭੱਤਾ ਦੇਣ ਦੀ ਕੋਈ ਇੱਛਾ ਕਿਸੇ ਵੀ ਸਰਕਾਰ ਦੀ ਹੈ ਤਾਂ ਉਸ ਨੂੰ ਇਸ ਦੇ ਲਈ ਠੋਸ ਰੂਪ ਤਿਆਰ ਕਰਨਾ ਚਾਹੀਦਾ ਹੈ, ਜਿਸ ਵਿਚ ਨੌਜਵਾਨਾਂ ਦੀ ਰੁਚੀ ਦੇ ਮੁਤਾਬਿਕ ਅਤੇ ਵੱਖਰੇ ਖੇਤਰਾਂ ਵਿਚ ਸਥਾਪਤ ਛੋਟੇ ਅਤੇ ਘਰੇਲੂ ਉਦਯੋਗਾਂ ਲਈ ਜ਼ਰੂਰੀ ਮਨੁੱਖੀ ਸਾਧਨ ਦੇ ਵਿਕਾਸ ਦੀ ਨੀਤੀ ਬਣਾਉਣੀ ਚਾਹੀਦੀ ਹੈ। ਇਹ ਠੀਕ ਹੈ ਕਿ ਕੋਈ ਵੀ ਸਰਕਾਰ ਸਾਰਿਆਂ ਨੂੰ ਰੁਜ਼ਗਾਰ ਨਹੀਂ ਦੇ ਸਕਦੀ ਹੈ ਪਰ ਇਹ ਵੀ ਓਨਾ ਹੀ ਠੀਕ ਹੈ ਕਿ ਸਰਕਾਰ ਨੌਜਵਾਨਾਂ ਨੂੰ ਸਮਰਥਨ ਤਾਂ ਦੇ ਹੀ ਸਕਦੀ ਹੈ, ਜਿਸ ਨਾਲ ਉਹ ਆਪਣੇ ਖਰਚਿਆਂ ਲਈ ਪਰਿਵਾਰ 'ਤੇ ਘੱਟ ਨਿਰਭਰ ਰਹਿਣ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਲੋੜ ਦੇ ਅਨੁਰੂਪ ਕੌਸ਼ਲ ਵਿਕਾਸ ਯੋਜਨਾ ਵਰਗੇ ਪ੍ਰੋਗਰਾਮਾਂ ਰਾਹੀਂ ਸੀਮਤ ਗਿਣਤੀ ਵਿਚ ਨੌਜਵਾਨਾਂ ਨੂੰ ਵੱਖਰੇ ਕੰਮਾਂ ਲਈ ਸਿਖਲਾਈ ਦਿੱਤੀ ਜਾਣੀ ਚਾਹੀਦਾ ਹੈ, ਜਿਸ ਨਾਲ ਉਹ ਆਪਣੇ ਆਸ-ਪਾਸ ਹੀ ਕੁਝ ਦਿਨਾਂ ਲਈ ਰੁਜ਼ਗਾਰ ਪਾਉਣ ਵਿਚ ਸਫਲ ਹੋ ਸਕਣ। ਇਸ ਲਈ ਮਨਰੇਗਾ ਦਾ ਉਦਾਹਰਣ ਲਿਆ ਜਾ ਸਕਦਾ ਹੈ, ਜਿਸ ਰਾਹੀਂ ਪੇਂਡੂ ਭਾਰਤ ਦੀ ਮਾਲੀ ਹਾਲਤ ਨੂੰ ਉਸ ਸਮੇਂ ਵੀ ਬਣਾਈ ਰੱਖਣ ਵਿਚ ਸਫਲਤਾ ਮਿਲੀ ਸੀ, ਜਦੋਂ ਪੂਰੀ ਦੁਨੀਆ ਆਰਥਿਕ ਸੰਕਟ ਵਿਚ ਉਲਝੀ ਹੋਈ ਸੀ। ਇਸ ਨੀਤੀ ਵਿਚ ਡਾਕ, ਬੈਂਕ, ਰੋਡਵੇਜ਼, ਆਵਾਜਾਈ, ਨਗਰ ਵਿਕਾਸ, ਸਫਾਈ ਆਦਿ ਖੇਤਰਾਂ ਵਿਚ ਕੰਮ ਕਰਨ ਲਈ ਨੌਜਵਾਨਾਂ ਨੂੰ ਕੁਸ਼ਲ ਬਣਾਇਆ ਜਾ ਸਕਦਾ ਹੈ। ਇਸ ਤੋਂ ਜਿੱਥੇ ਸਮਾਜ ਵਿਚ ਕਾਰਜ ਕੁਸ਼ਲਤਾ ਵਧੇਗੀ, ਉਥੇ ਹੀ ਮਕਾਮੀ ਪ੍ਰਸ਼ਾਸਨ ਕੋਲ ਜ਼ਿਆਦਾ ਗਿਣਤੀ ਵਿਚ ਸਾਥੀ ਵੀ ਉਪਲਬਧ ਹੋ ਜਾਣਗੇ। ਇਸ ਯੋਜਨਾ ਅਨੁਸਾਰ ਕੰਮ ਕਰਨ ਵਾਲੇ ਨੌਜਵਾਨਾਂ ਦੇ ਸਾਹਮਣੇ ਸਨਮਾਨ ਨਾਲ ਜਿਊਣ ਦੇ ਰਸਤੇ ਵੀ ਖੁੱਲ੍ਹ ਸਕਣਗੇ ਅਤੇ ਉਹ ਵੀ ਭੱਤੇ ਦੇ ਇਵਜ਼ ਵਿਚ ਦੇਸ਼ ਲਈ ਆਪਣੇ ਕੁਝ ਦਿਨ ਲਗਾ ਕੇ ਖੁਸ਼ੀ ਮਹਿਸੂਸ ਕਰਨਗੇ। ਪਹਿਲਾਂ ਅਧਿਆਪਨ ਅਤੇ ਫਿਰ ਕੰਮ ਕਰਨ ਦੀ ਸੋਚ ਹੋਣ ਨਾਲ ਜਿੱਥੇ ਇਸ ਵਿਚ ਭ੍ਰਿਸ਼ਟਾਚਾਰ ਦੀਆਂ ਸੰਭਾਵਨਾਵਾਂ ਆਪਣੇ-ਆਪ ਹੀ ਘੱਟ ਹੋ ਜਾਣਗੀਆਂ, ਉਥੇ ਹੀ ਨੌਜਵਾਨਾਂ ਨੂੰ ਵੀ ਠੀਕ ਦਿਸ਼ਾ ਵਿਚ ਅੱਗੇ ਵਧਾਉਣ ਵਿਚ ਸਫਲਤਾ ਮਿਲ ਸਕੇਗੀ। ਪਰ ਦੇਸ਼ ਦੀ ਬਦਕਿਸਮਤੀ ਹੈ ਕਿ ਸਰਕਾਰਾਂ ਸਿਰਫ਼ ਚੋਣਾਵੀ ਲਾਭਾਂ ਨੂੰ ਵੇਖਦੇ ਹੋਏ ਹੀ ਫ਼ੈਸਲਾ ਲੈਂਦੀਆਂ ਹਨ, ਜਿਸ ਨਾਲ ਸਮਾਜ ਨੂੰ ਉਸ ਦਾ ਉਹ ਮੁਨਾਫ਼ਾ ਨਹੀਂ ਮਿਲਦਾ ਜੋ ਇਕ ਚੰਗੀ ਨੀਤੀ ਰਾਹੀਂ ਮਿਲ ਸਕਦਾ ਹੈ। ਇਸ ਨਾਲ ਦੇਣ ਵਾਲੇ ਨੂੰ ਵੀ ਸਕੂਨ ਤੇ ਲੈਣ ਵਾਲੇ ਦਾ ਵੀ ਮਾਣ ਬਣਿਆ ਰਹੇਗਾ।

-ਜ਼ਿਲ੍ਹਾ ਰੁਜ਼ਗਾਰ ਅਫਸਰ (ਸਾਬਕਾ), ਪਟਿਆਲਾ-147001.
ਮੋਬਾ: 98152-00134

ਕੀ ਬਾਇਓਮੀਟ੍ਰਿਕ ਮਸ਼ੀਨਾਂ ਲਗਾਉਣ ਨਾਲ ਸਰਕਾਰੀ ਸਕੂਲਾਂ 'ਚ ਕੋਈ ਸੁਧਾਰ ਹੋ ਸਕਦੈ?

ਸਰਕਾਰੀ ਸਕੂਲਾਂ ਦੇ ਲਗਾਤਾਰ ਡਿੱਗ ਰਹੇ ਆਰਥਿਕ ਮਿਆਰ ਕਾਰਨ ਪੰਜਾਬ ਦੇ ਸਕੂਲਾਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸਕੂਲਾਂ ਵਿਚ ਬਾਇਓਮੀਟ੍ਰਿਕ ਮਸ਼ੀਨਾਂ ਲਈ ਹੋ ਰਹੇ ਟੈਂਡਰ ਦਾ ਇਸ਼ਤਿਹਾਰ ਹਾਸੋ-ਹੀਣਾ ਜਿਹਾ ਪ੍ਰਤੀਤ ਹੋਇਆ ਹੈ। ਇਹ ਤਾਂ ਉਹ ਗੱਲ ਹੋ ਗਈ ਕਿ 'ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ' ਕਿਉਂਕਿ ਬਹੁਤ ਲੰਬੇ ਸਮੇਂ ਤੋਂ ਸਰਕਾਰ ਨੇ ਸਕੂਲਾਂ ਨੂੰ ਰੱਖ-ਰਖਾਵ ਜਾਂ ਕਿਸੇ ਹੋਰ ਕੰਮ ਲਈ ਕੋਈ ਗਰਾਂਟ ਨਹੀਂ ਪਾਈ। ਖਾਸ ਕਰਕੇ ਪ੍ਰਾਇਮਰੀ ਸਕੂਲ ਜੋ ਕਿ ਬਿਜਲੀ ਦੇ ਬਿੱਲ ਭਰਨ ਤੋਂ ਅਸਮਰੱਥ ਹਨ ਤੇ ਸਰਕਾਰ ਬਿਜਲੀ ਬਿੱਲ ਭਰਨ ਤੋਂ ਵੀ ਪੱਲਾ ਝਾੜ ਰਹੀ ਹੈ। ਫ਼ਿਰ ਦੱਸਿਆ ਜਾਵੇ ਕਿ ਬਾਇਓਮੀਟ੍ਰਿਕ ਮਸ਼ੀਨਾਂ ਸੋਲਰ ਸਿਸਟਮ ਨਾਲ ਚਲਾਈਆਂ ਜਾਣਗੀਆਂ? ਬੱਚੇ ਠੰਢ ਵਿਚ ਕੰਬਦੇ ਵੀ ਵੇਖੇ ਗਏ ਅਤੇ ਉਨ੍ਹਾਂ ਦੇ ਨੀਲੇ ਹੋਏ ਬੁੱਲ੍ਹ ਵੀ ਸਰਕਾਰਾਂ ਦਾ ਮੂੰਹ ਚਿੜਾਉਂਦੇ ਹੋਏ। ਇਹ ਵੱਖਰੀ ਗੱਲ ਹੈ ਕਿ ਅਧਿਆਪਕਾਂ ਦੇ ਯਤਨਾਂ ਸਦਕਾ ਅਤੇ ਸਮਾਜ ਸੇਵੀਆਂ ਦੇ ਉੱਦਮ ਨਾਲ ਬੂਟ, ਜ਼ੁਰਾਬਾਂ ਅਤੇ ਕੋਟੀਆਂ ਆਦਿ ਵੰਡੀਆਂ ਗਈਆਂ। ਸਿਤਮਜ਼ਰੀਫੀ ਇਹ ਹੈ ਕਿ ਸਰਕਾਰ ਅਧਿਆਪਕਾਂ ਨੂੰ ਚੋਰ ਸਾਬਤ ਕਰਨ 'ਤੇ ਲੱਗੀ ਹੋਈ ਹੈ। ਇਤਿਹਾਸ ਗਵਾਹ ਹੈ, ਜਿਸ ਦੇਸ਼ ਦੀ ਸਿੱਖਿਆ ਪ੍ਰਣਾਲੀ ਗਲਤ ਅਤੇ ਮਾੜੀ ਸੋਚ ਵਾਲੇ ਵਜ਼ੀਰਾਂ ਹੱਥ ਆ ਜਾਵੇ, ਉਸ ਦੇਸ਼ ਦਾ ਵਿਕਾਸ ਕਦੇ ਵੀ ਸੰਭਵ ਨਹੀਂ ਹੋ ਸਕਦਾ। ਇਕ ਅਧਿਆਪਕ ਪੁਰਜ਼ੋਰ ਕੋਸ਼ਿਸ਼ ਕਰਦਾ ਹੈ ਕਿ ਉਸ ਦੇ ਵਿਦਿਆਰਥੀ ਸੰਤੁਲਿਤ ਸਿੱਖਿਆ ਲੈ ਕੇ ਚੰਗੇ ਨਾਗਰਿਕ ਬਣਨ ਪਰ ਸਰਕਾਰਾਂ ਇਹ ਨਹੀਂ ਚਾਹੁੰਦੀਆਂ। ਇਸੇ ਕਰਕੇ ਹੀ ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕੰਮਾਂ ਵਿਚ ਉਲਝਾ ਕੇ ਉਨ੍ਹਾਂ ਨੂੰ ਅਸਲ ਕਰਮ ਭੂਮੀ ਤੋਂ ਦੂਰ ਕਰੀ ਰੱਖਦੀਆਂ ਹਨ। ਕੋਈ ਵਿਅਕਤੀ ਸਰਕਾਰ ਤੋਂ ਲੇਖਾ-ਜੋਖਾ ਮੰਗੇ ਕਿ ਸਾਲਾਨਾ ਦਾ ਕਿੰਨਾ ਖਰਚ ਸਕੂਲਾਂ ਨੂੰ ਦਿੱਤਾ ਜਾਂਦਾ ਹੈ? ਤਾਂ ਪ੍ਰਾਇਮਰੀ ਸਕੂਲਾਂ ਦੇ ਸਬੰਧ ਵਿਚ ਤਾਂ ਜੁਆਬ ਜ਼ੀਰੋ ਹੀ ਹੋਵੇਗਾ। ਪੁੱਛਣਾ ਬਣਦਾ ਹੈ ਕਿ ਸਕੂਲ ਵਿਚ ਛਾਪੇ ਮਾਰਨ ਵਾਲੀਆਂ ਟੀਮਾਂ ਦੀ ਕਦੇ ਸਫਾਈ ਚੈੱਕ ਕੀਤੀ ਹੈ ਕਿ ਕਿੰਨੇ ਸਕੂਲਾਂ ਵਿਚ, ਖਾਸ ਕਰ ਕੇ ਪ੍ਰਾਇਮਰੀ ਸਕੂਲਾਂ ਵਿਚ ਸਫ਼ਾਈ ਕਰਮਚਾਰੀ ਮੌਜੂਦ ਹਨ? ਕਿੰਨੇ ਸਕੂਲਾਂ ਵਿਚ ਚੌਕੀਦਾਰ ਹਨ? ਇਨ੍ਹਾਂ ਕਰਮਚਾਰੀਆਂ ਦੀ ਅਣਹੋਂਦ ਵਿਚ ਸਰਕਾਰ ਵਲੋਂ ਸਫ਼ਾਈ ਦਾ ਕੀ ਪ੍ਰਬੰਧ ਕੀਤਾ ਗਿਆ ਹੈ? ਸਕੂਲਾਂ ਵਿਚ ਪੂਰੇ ਕਮਰੇ ਨਹੀਂ, ਬੱਚਿਆਂ ਦੇ ਬੈਠਣ ਲਈ ਬੈਂਚ ਤਾਂ ਦੂਰ, ਤੱਪੜ ਤੱਕ ਸਰਕਾਰ ਨਹੀਂ ਦੇ ਸਕੀ। ਆਧੁਨਿਕ ਸਹੂਲਤਾਂ ਤਾਂ ਦੂਰ ਦੀ ਗੱਲ, ਹਰ ਜਮਾਤ ਲਈ ਵੱਖਰਾ ਬਲੈਕ ਬੋਰਡ ਨਹੀਂ। ਬਲੈਕ ਬੋਰਡ 'ਤੇ ਲਿਖਣ ਲਈ ਚਾਕ ਕਿੱਥੋਂ ਆਉਣ, ਇਸ ਦੀ ਸਰਕਾਰ ਨੂੰ ਸਾਰ ਨਹੀਂ। ਅਜਿਹੇ ਹਾਲਾਤ 'ਚ ਸੋਚਣਾ ਬਣਦਾ ਹੈ ਕਿ ਕੀ ਬਾਇਓਮੀਟ੍ਰਿਕ ਮਸ਼ੀਨਾਂ 'ਤੇ ਖਰਚ ਕਰਨ ਦਾ ਫੈਸਲਾ ਸਹੀ ਹੈ? ਕੀ ਇਸ ਤੋਂ ਪਹਿਲਾਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨਾ ਸਰਕਾਰ ਦਾ ਫਰਜ਼ ਨਹੀਂ ਬਣਦਾ? ਸਰਕਾਰ ਇਹੋ ਜਿਹੇ ਦਿਖਾਵੇ ਕਰਦੀ ਉਦੋਂ ਚੰਗੀ ਲੱਗੇਗੀ ਜਦੋਂ ਉਹ ਸਕੂਲਾਂ ਦੀਆਂ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰੇਗੀ, ਜੋ ਪੜ੍ਹਨ-ਪੜ੍ਹਾਉਣ, ਪ੍ਰਬੰਧ ਸੁਚਾਰੂ ਬਣਾਉਣ ਵਿਚ ਸਹਾਈ ਹੋ ਸਕਦੀਆਂ ਹਨ। ਲੋੜ ਸਮੇਂ ਦੇ ਹਾਕਮਾਂ ਨੂੰ ਸੋਚ ਬਦਲਣ ਦੀ ਹੈ ਤਾਂ ਕਿ ਸਾਰੇ ਵਰਗਾਂ ਨੂੰ ਸਿੱਖਿਆ ਇਕਸਾਰ ਦਿੱਤੀ ਜਾਵੇ।

-ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ), ਮਾਨਸਾ। ਮੋਬਾ: 98155-71529

ਸੱਭਿਆਚਾਰ 'ਤੇ ਮੀਡੀਆ ਦਾ ਪ੍ਰਭਾਵ

ਅੱਜ 21ਵੀਂ ਸਦੀ ਵਿਚ ਸੱਭਿਆਚਾਰ ਦਾ ਨਿਰਮਾਣ ਪਰੰਪਰਾਗਤ ਰੂਪ ਨਾਲ ਨਹੀਂ, ਸਗੋਂ ਮੀਡੀਆ ਰਾਹੀਂ ਹੋ ਰਿਹਾ ਹੈ। ਕਿਸ ਤਰ੍ਹਾਂ ਦੀਆਂ ਕਦਰਾਂ-ਕੀਮਤਾਂ ਹੋਣੀਆਂ ਚਾਹੀਦੀਆਂ ਹਨ ਤੇ ਕਿਸ ਤਰ੍ਹਾਂ ਦਾ ਰਹਿਣ-ਸਹਿਣ ਹੋਵੇ, ਸਭ ਮੀਡੀਆ ਹੀ ਤੈਅ ਕਰਦਾ ਹੈ। ਸੱਭਿਆਚਾਰ ਦੇ ਨਾਲ-ਨਾਲ ਹੋਰ ਕਲਾਵਾਂ ਤੇ ਸਿਰਜਣਾਵਾਂ ਵੀ ਮੰਡੀ ਵਿਚ ਤਬਦੀਲ ਹੁੰਦੀਆਂ ਜਾ ਰਹੀਆਂ ਹਨ। ਵਰਤਮਾਨ ਸਮੇਂ ਮੀਡੀਆ ਦਾ ਵਿਸਥਾਰ ਵਿਸ਼ਪਵਿਆਪੀ ਹੋ ਰਿਹਾ ਹੈ। ਇਸ ਮੀਡੀਆ ਨੇ ਸਾਰੇ ਸੰਸਾਰ ਵਿਚ ਗਤੀਸ਼ੀਲਤਾ ਦਾ ਪ੍ਰਸਾਰ ਕੀਤਾ ਹੈ. ਇਸ ਵਿਚ ਨਵੇਂ ਮੁੱਲ ਤੇ ਨਵੇਂ ਸੰਸਕਾਰ ਪੈਦਾ ਹੋ ਰਹੇ ਹਨ। ਮੀਡੀਆ ਦੇ ਕਾਰਨ ਆਮ ਆਦਮੀ ਇਕ ਕਠਪੁਤਲੀ ਦੇ ਸਮਾਨ ਬਣ ਕੇ ਰਹਿ ਗਿਆ ਹੈ, ਜਿਸ ਕਾਰਨ ਹਰ ਇਕ ਵਸਤੂ ਗੁਲਾਮ ਦੀ ਤਰ੍ਹਾਂ ਸਵੀਕਾਰ ਕੀਤੀ ਜਾ ਰਹੀ ਹੈ। ਵਰਤਮਾਨ ਸਮੇਂ ਭਾਸ਼ਾ ਵੀ ਸੱਭਿਆਚਾਰਕ ਨਹੀਂ, ਸਗੋ ਮੀਡੀਆ ਰਾਹੀਂ ਹੀ ਹੋਂਦ ਵਿਚ ਆਉਂਦੀ ਹੈ। ਸਾਡੇ ਸਾਹਮਣੇ ਭਾਸ਼ਾ ਦਾ ਬਹੁਤ ਹੀ ਸਰਲ ਰੂਪ ਸਾਹਮਣੇ ਆ ਰਿਹਾ ਹੈ, ਜਿਸ ਕਾਰਨ ਸਰੋਤੇ ਸਮਝਣ ਲਈ ਆਪਣੀ ਅਕਲ ਦੀ ਘੱਟ ਵਰਤੋਂ ਕਰ ਰਹੇ ਹਨ। ਸੱਭਿਆਚਾਰ ਉਪਰ ਸਭ ਤੋਂ ਜ਼ਿਆਦਾ ਪ੍ਰਭਾਵ ਮੀਡੀਆ ਦਾ ਹੀ ਪਿਆ ਹੈ। ਮੀਡੀਆ ਨੇ ਸਾਡੇ ਤੌਰ-ਤਰੀਕੇ, ਖਾਣ-ਪੀਣ, ਪਹਿਰਾਵੇ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ ਹੈ। ਨੌਜਵਾਨ ਕਈ-ਕਈ ਘੰਟੇ ਮੋਬਾਈਲ 'ਤੇ ਬਿਤਾ ਰਹੇ ਹਨ. ਜਿਸ ਕਾਰਨ ਉਹ ਵੱਡੇ-ਛੋਟੇ ਦਾ ਲਿਹਾਜ ਵੀ ਭੁੱਲ ਗਏ ਹਨ। ਅਜੋਕੇ ਬੱਚੇ ਤਾਂ ਸਰੀਰਕ ਖੇਡਾਂ ਭੁੱਲ ਕੇ ਸੋਸ਼ਲ ਮੀਡੀਆ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ। ਮੀਡੀਆ ਕਾਰਨ ਸਾਡੇ ਆਲੇ-ਦੁਆਲੇ ਇਕ ਅਜਿਹਾ ਸਮਾਜ ਬਣ ਗਿਆ ਹੈ ਜੋ ਕਿ ਨਾ ਤਾਂ ਪੂਰੀ ਤਰ੍ਹਾਂ ਗਲੋਬਲ ਹੈ ਤੇ ਨਾ ਹੀ ਘਰੇਲੂ ਕਿਸਮ ਦਾ। ਅਸ਼ਲੀਲ ਸਾਈਟਾਂ ਦੀ ਵਧੇਰੇ ਤੌਰ 'ਤੇ ਵਰਤੋਂ ਹੋ ਰਹੀ ਹੈ, ਜਿਸ ਕਾਰਨ ਸਾਡੀ ਨੌਜਵਾਨ ਪੀੜ੍ਹੀ ਭਟਕ ਰਹੀ ਹੈ। ਸੋ ਜਿਹੜਾ ਸਾਡੇ ਸੱਭਿਆਚਾਰ ਦਾ ਵਿਕਾਸ ਪਰੰਪਰਾਗਤ ਤਰੀਕੇ ਨਾਲ ਨਹੀਂ ਸਗੋਂ ਉਦਯੋਗ ਰਾਹੀਂ ਹੋ ਰਿਹਾ ਹੈ, ਅਜੋਕੇ ਸਮੇਂ ਮੀਡੀਆ ਦਾ ਪ੍ਰਭਾਵ ਸਮਾਜ ਉਪਰ ਸਕਾਰਾਤਮਕ ਘੱਟ ਤੇ ਨਕਾਰਾਤਮਕ ਵੱਧ ਪੈ ਰਿਹਾ ਹੈ। ਇਥੋਂ ਤੱਕ ਕਿ ਜੇ ਅਸੀਂ ਅੱਜ ਗੱਲ ਕਰੀਏ ਪੰਜਾਬੀ ਭਾਸ਼ਾ ਦੀ ਤਾਂ ਦੇਖਣ ਵਿਚ ਆ ਰਿਹਾ ਹੈ ਕਿ ਸ਼ਬਦਾਵਲੀ ਵਿਚ ਕਾਫੀ ਪਰਿਵਰਤਨ ਆਇਆ ਹੈ। ਇਹ ਭਾਸ਼ਾ ਅੰਗਰੇਜ਼ੀ ਮੂਲ ਵਾਲੀ ਹੈ ਮੋਬਾਈਲ, ਟੀ.ਵੀ., ਇੰਟਰਨੈੱਟ ਤੇ ਸਾਰੀ ਭਾਸ਼ਾ ਅੰਗਰੇਜ਼ੀ ਮੂਲ ਵਾਲੀ ਹੀ ਹੈ, ਜਿਸ ਕਾਰਨ ਅਸੀਂ ਆਪਣੀ ਮਾਤ ਭਾਸ਼ਾ ਨੂੰ ਹੋਰ ਵੀ ਪਛਾੜ ਰਹੇ ਹਾਂ। ਸੋ ਮੀਡੀਆ ਇਕ ਪ੍ਰਭਾਵਸ਼ਾਲੀ ਮਾਧਿਅਮ ਹੈ, ਜਿਸ ਰਾਹੀਂ ਅਸੀਂ ਗਿਆਨ ਹਾਸਲ ਕਰ ਸਕਦੇ ਹਾਂ ਪਰ ਜੇ ਇਸ ਦਾ ਸਾਡੇ ਸਮਾਜ 'ਤੇ ਨਕਾਰਾਤਮਕ ਪ੍ਰਭਾਵ ਪਵੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਕੁਰਾਹੇ ਪੈ ਜਾਵੇਗੀ।

-ਲੁਧਿਆਣਾ।
ਮੋਬਾ: 98886-90280






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX