ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰਦੁਆਰਾ ਪਹਿਲੀ ਪਾਤਸ਼ਾਹੀ ਖਾਲੜਾ (ਤਰਨ ਤਾਰਨ)

ਜਗਤ ਗੁਰੂ ਬਾਬਾ, ਜ਼ਾਹਰ ਪੀਰ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਅਤੇ ਉਸ ਅਕਾਲ ਪੁਰਖ ਦੇ ਉਪਦੇਸ਼ ਨੂੰ ਸੰਸਾਰ ਤੱਕ ਪਹੁੰਚਾਉਣ ਵਾਸਤੇ ਪ੍ਰਚਾਰ ਫੇਰੀਆਂ (ਉਦਾਸੀਆਂ) ਦੀ ਆਰੰਭਤਾ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ, 'ਚੜਿਆ ਸੋਧਣਿ ਧਰਤਿ ਲੁਕਾਈ।' ਇਨ੍ਹਾਂ ਪ੍ਰਚਾਰ ਫੇਰੀਆਂ ਦੌਰਾਨ ਹੀ ਜਗਤ ਨੂੰ ਤਾਰਦੇ ਹੋਏ ਅਤੇ ਸੱਚ ਦਾ ਚਾਨਣ ਵੰਡਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪੂਰਬ ਦੀ ਫੇਰੀ ਦੌਰਾਨ 1501 ਈ: ਵਿਚ ਸਰਹੱਦੀ ਕਸਬਾ ਖਾਲੜਾ ਵਿਖੇ ਪਹੁੰਚੇ। ਇਸ ਸਬੰਧੀ ਵੱਖ-ਵੱਖ ਵਿਦਵਾਨਾਂ ਦੀਆਂ ਲਿਖਤਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਲਿਖੇ 'ਮਹਾਨ ਕੋਸ਼' ਅਨੁਸਾਰ ਖਾਲੜਾ ਜ਼ਿਲ੍ਹਾ ਲਾਹੌਰ ਦਾ ਇਕ ਥਾਣਾ, ਜੋ ਕਿ ਰੇਲਵੇ ਸਟੇਸ਼ਨ ਜੱਲੋ ਤੋਂ 13 ਮੀਲ ਨੈਰਤ ਹੈ, ਇਸ ਥਾਂ ਗੁਰੂ ਨਾਨਕ ਦੇਵ ਜੀ ਬਿਰਾਜੇ ਸਨ। ਇਥੇ ਧਰਮਸ਼ਾਲਾ ਬਣੀ ਹੈ, ਨਾਲ 40 ਵਿੱਘੇ ਜ਼ਮੀਨ ਹੈ। ਗੁਰੂ ਨਾਨਕ ਦੇਵ ਜੀ ਦੇ ਖਾਲੜਾ ਪਧਾਰਨ ਦੀ ਗੱਲ ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ, ਪਟਿਆਲਾ ਵਲੋਂ ਛਪੀ ਪੁਸਤਕ ਐਟਲਾਸ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਫ਼ਰ (ਫੌਜਾ ਸਿੰਘ-ਕਿਰਪਾਲ ਸਿੰਘ) ਵਿਚ ਵੀ ਕੀਤੀ ਗਈ ਹੈ। ਹਵਾਲਾ ਪੁਸਤਕ ਪੰਨਾ ਨੰਬਰ-61 ਅਨੁਸਾਰ ਲਾਹੌਰ ਤੋਂ ਗੁਰੂ ਸਾਹਿਬ ਜੀ ਸੁਲਤਾਨਪੁਰ ਨੂੰ ਚੱਲ ਪਏ, ਰਸਤੇ ਵਿਚ ਉਹ ਘੁਵਿੰਡੀ, ਖਾਲੜਾ ਅਤੇ ਪੱਟੀ (ਤਰਨ ਤਾਰਨ) ਠਹਿਰੇ।
ਉਹ ਅੱਗੇ ਲਿਖਦੇ ਹਨ ਕਿ ਘੁਵਿੰਡੀ ਅਤੇ ਖਾਲੜਾ ਦੇ ਨਗਰਾਂ ਵਿਚ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਇਤਿਹਾਸਕ ਗੁਰਦੁਆਰੇ ਮੌਜੂਦ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪਹਿਲੀ ਪਾਤਸ਼ਾਹੀ ਪਿੰਡ ਖਾਲੜਾ ਵਿਖੇ ਸੁਭਾਇਮਾਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਾਲੜਾ ਫੇਰੀ ਦੌਰਾਨ ਸਮੂਹ ਸੰਗਤ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੰਦਿਆਂ ਧਰਮਸ਼ਾਲਾ ਕਾਇਮ ਕੀਤੀ ਸੀ, ਜਿਥੇ ਹੁਣ ਵੀ ਰੋਜ਼ਾਨਾ ਸੰਗਤ ਜੁੜਦੀ ਹੈ ਅਤੇ ਅੰਮ੍ਰਿਤ ਵੇਲੇ ਨਿਤਨੇਮ ਉਪਰੰਤ ਕੀਰਤਨ ਅਤੇ ਕਥਾ ਦਾ ਪ੍ਰਵਾਹ ਚਲਦਾ ਹੈ। ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੈਕਸ਼ਨ 87 ਅਧੀਨ ਸਥਾਨਕ ਕਮੇਟੀ ਬਣਾਈ ਹੋਈ ਹੈ। ਤਰਾਸਦੀ ਦੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ 40 ਵਿੱਘੇ ਤੋਂ ਘਟ ਕੇ 4 ਏਕੜ ਰਹਿ ਗਈ ਹੈ, ਜਿਸ ਦੀ ਪੜਤਾਲ ਕਰਾਉਣਾ ਵੀ ਸ਼੍ਰੋਮਣੀ ਕਮੇਟੀ ਨੇ ਜ਼ਰੂਰੀ ਨਹੀਂ ਸਮਝਿਆ। ਸਥਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੋਪਾਲ ਸਿੰਘ, ਸਾਬਕਾ ਪ੍ਰਧਾਨ ਮੇਜਰ ਸਿੰਘ, ਗ੍ਰੰਥੀ ਬਾਬਾ ਜੁਗਰਾਜ ਸਿੰਘ ਅਤੇ ਮੈਂਬਰ ਪ੍ਰਗਟ ਸਿੰਘ ਹੁਰਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਨਗਰ ਕੀਰਤਨ ਸਜਾਏ ਜਾਂਦੇ ਹਨ ਅਤੇ ਇਸ ਮੌਕੇ ਸਮੂਹ ਇਲਾਕੇ ਦੀ ਸੰਗਤ ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪਿੰਡ ਖਾਲੜਾ ਨੂੰ ਸੁੰਦਰਗ੍ਰਾਮ ਯੋਜਨਾ ਅਧੀਨ ਲਿਆਉਣ ਦਾ ਐਲਾਨ ਕੀਤਾ ਗਿਆ ਹੈ ਪਰ ਉੱਚ ਅਧਿਕਾਰੀਆਂ ਵਲੋਂ ਗੁਰਦੁਆਰਾ ਕਮੇਟੀ ਨੂੰ ਅਣਗੌਲਿਆ ਕਰਦਿਆਂ ਵਿਕਾਸ ਦੇ ਕੰਮ ਉਲੀਕੇ ਜਾ ਰਹੇ ਹਨ। ਪਿੰਡ ਵਾਸੀਆਂ ਵਲੋਂ 30 ਬਿਸਤਰਿਆਂ ਵਾਲਾ ਹਸਪਤਾਲ, ਪਾਰਕ, ਸੀਵਰੇਜ, ਗਲੀਆਂ ਵਿਚ ਲੌਕਿੰਗ ਟਾਈਲ ਅਤੇ ਸੜਕਾਂ ਦੀ ਮੁਰੰਮਤ ਕਰਨ ਦੀ ਮੰਗ ਰੱਖੀ ਗਈ ਹੈ, ਜਦੋਂ ਕਿ ਗੁਰਦੁਆਰਾ ਕਮੇਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਦੀਵਨ ਹਾਲ, ਲੰਗਰ ਹਾਲ ਆਦਿ ਇਮਾਰਤਾਂ ਬਣਾਉਣ ਲਈ ਕਰੀਬ ਇਕ ਕਰੋੜ ਰੁਪਏ ਦੀ ਗ੍ਰਾਂਟ ਵੱਖਰੀ ਦਿੱਤੀ ਜਾਵੇ। ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਸਬਿਆਂ, ਪਿੰਡਾਂ ਨੂੰ ਸੁੰਦਰ ਬਣਾਉਣ ਦਾ ਐਲਾਨ ਤਾਂ ਕਰ ਚੁੱਕੀ ਹੈ ਪਰ ਇਹ ਪਿੰਡ ਤਾਂ ਹੀ ਸੁੰਦਰ ਬਣਨਗੇ ਜੇਕਰ ਸਰਕਾਰ ਕੀਤੇ ਐਲਾਨਾਂ 'ਤੇ ਅਮਲ ਸ਼ੁਰੂ ਕਰੇ ਅਤੇ ਸਿਆਸਤ ਨੂੰ ਇਸ ਤੋਂ ਵੱਖ ਕਰਦਿਆਂ ਪਿੰਡਾਂ ਦਾ ਵਿਕਾਸ ਕਰਾਵੇ।


ਖ਼ਬਰ ਸ਼ੇਅਰ ਕਰੋ

ਗੁਰੂ ਨਾਨਕ ਸਾਹਿਬ ਦਾ ਰਾਜਨੀਤਕ ਫ਼ਲਸਫ਼ਾ

ਇਸ ਦੇ ਪ੍ਰਮੁੱਖ ਸਿਧਾਂਤਾਂ ਦੀ ਸਮਕਾਲੀ ਅਹਿਮੀਅਤ

ਇਹ ਲੇਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਗੁਰੂ ਸਾਹਿਬ ਬਾਰੇ ਅਧਿਆਤਮਕ, ਜੀਵਨ-ਗਾਥਾਵਾਂ ਅਤੇ ਇਤਿਹਾਸਕ ਰੂਪਾਂ ਵਿਚ ਬਹੁਤ ਸਾਰਾ ਸਾਹਿਤ ਰਚਿਆ ਜਾ ਚੁੱਕਾ ਹੈ। ਅਗਾਂਹ ਹੋਰ ਖੋਜ ਅਤੇ ਤਰਜਮਾਨੀ ਦੇਸ਼-ਵਿਦੇਸ਼ਾਂ ਵਿਚ ਜਾਰੀ ਹੈ। ਪਰ ਗੁਰੂ ਨਾਨਕ ਸਾਹਿਬ ਦੀ ਸਵੈ-ਰਚਿਤ ਬਾਣੀ, ਸਭ ਤੋਂ ਉੱਤਮ ਅਤੇ ਅਧਿਆਕਾਰਤ ਸੋਮਾ ਹੈ (ਆਦਿ ਗ੍ਰੰਥ/ਗੁਰੂ ਗ੍ਰੰਥ, 1604/1708-ਗਰੇਵਾਲ, 1990)। ਜਿਸ ਤੋਂ ਵੱਖ-ਵੱਖ ਪਹਿਲੂਆਂ ਬਾਰੇ ਸੇਧ ਲੈ ਕੇ ਅਗਾਂਹ ਵਧਿਆ ਜਾ ਸਕਦਾ ਹੈ। ਗੁਰੂ ਸਾਹਿਬ ਨੇ ਆਪਣੀ ਰਚਨਾ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਵਿਚ ਕਰਕੇ 15ਵੀਂ-16ਵੀਂ ਸਦੀ ਦੇ ਭਾਰਤ ਵਿਚ ਇਕ ਨਵੀਂ ਪਰੰਪਰਾ ਦੀ ਸਥਾਪਨਾ ਕੀਤੀ ਸੀ। ਉਸ ਵੇਲੇ ਤੱਕ ਭਾਰਤੀ ਸੰਸਕ੍ਰਿਤੀ ਅਤੇ ਫ਼ਲਸਫ਼ੇ ਵਾਸਤੇ ਸੰਸਕ੍ਰਿਤ ਅਤੇ ਰਾਜ ਭਾਸ਼ਾ ਲਈ ਫ਼ਾਰਸੀ ਨੂੰ ਪ੍ਰਧਾਨ ਭਾਸ਼ਾਵਾਂ 'ਚ ਗਿਣਿਆ ਜਾਂਦਾ ਸੀ। ਗੁਰੂ ਸਾਹਿਬ ਆਪ ਇਨ੍ਹਾਂ ਪ੍ਰਧਾਨ ਭਾਸ਼ਾਵਾਂ ਤੋਂ ਵਾਕਿਫ਼ ਸਨ ਅਤੇ ਉਨ੍ਹਾਂ ਆਪਣੀਆਂ ਉਦਾਸੀਆਂ-ਯਾਤਰਾਵਾਂ ਦੌਰਾਨ ਸੰਵਾਦ ਲਈ, ਉਨ੍ਹਾਂ ਨੂੰ ਵਰਤਿਆ (ਭਾਰਦਵਾਜ਼, 2013)।
ਗੁਰੂ ਨਾਨਕ ਸਾਹਿਬ ਦੇ ਰਾਜਨੀਤਕ ਫ਼ਲਸਫ਼ੇ ਅਤੇ ਇਸ ਦੇ ਪ੍ਰਮੁੱਖ ਸਿਧਾਂਤਾਂ ਨੂੰ ਸਮਝਣ ਅਤੇ ਵਿਸ਼ਲੇਸ਼ਣ ਵਿਚ ਲਿਆਉਣ ਲਈ ਕੁਝ ਤੁਲਨਾਤਮਕ ਵਿਧੀ ਵਰਤੀ ਗਈ ਹੈ। ਇਹ ਪਰਖਣ ਦਾ ਯਤਨ ਕੀਤਾ ਗਿਆ ਹੈ ਕਿ ਸਿੱਖ ਰਾਜਨੀਤਕ ਫ਼ਲਸਫ਼ੇ ਅਤੇ ਪ੍ਰੋਟੈਸਟੈਂਟ ਰਾਜਨੀਤਕ ਫ਼ਲਸਫ਼ੇ ਭਾਰਤ ਅਤੇ ਯੂਰਪ ਵਿਚ, ਕਿਉਂ ਅਤੇ ਕਿਵੇਂ ਉੱਭਰੇ? ਖ਼ਾਸ ਕਰਕੇ ਦੋਵਾਂ ਫ਼ਲਸਫ਼ਿਆਂ ਦੇ ਮੁੱਖ ਸਿਧਾਂਤਾਂ ਦਾ ਵਿਸ਼ਵ ਦੇ ਦੋਵਾਂ ਖਿੱਤਿਆਂ ਵਿਚ ਵਿਕਾਸ ਅਤੇ ਪ੍ਰਭਾਵ ਕਿਉਂ ਅਤੇ ਕਿਵੇਂ ਉੱਭਰਿਆ? ਦੋਵਾਂ ਫ਼ਲਸਫ਼ਿਆਂ ਅਤੇ ਇਨ੍ਹਾਂ ਤੋਂ ਨਿਕਲੇ ਸਿਧਾਂਤਾਂ ਨੇ ਕਿਵੇਂ ਸਮਕਾਲੀ ਰਾਜਨੀਤੀ ਅਤੇ ਰਾਜਨੀਤਕ ਭਾਸ਼ਾ ਨੂੰ ਪ੍ਰਭਾਵਿਤ ਕੀਤਾ? ਗੁਰੂ ਨਾਨਕ ਸਾਹਿਬ ਦੀ ਬਾਣੀ ਰੂਹਾਨੀ, ਸਮਾਜਿਕ ਅਤੇ ਮਨੁੱਖਤਾ ਦੇ ਕਲਿਆਣਕਾਰੀ ਗੁਣਾਂ ਨਾਲ ਸਿਰਜੀ ਹੋਈ ਹੈ, ਜਿਸ ਦੀ ਪੜਚੋਲ ਨੂੰ ਸਮੇਂ, ਲੋਕਾਂ ਦੇ ਹਾਲ ਅਤੇ ਸਥਿਤੀਆਂ ਨੂੰ ਸਾਹਮਣੇ ਰੱਖਦਿਆਂ ਵਿਸਥਾਰਿਆ ਜਾ ਸਕਦਾ ਹੈ। (ਮੰਡੇਰ, ਸਿੰਘ ਅਤੇ ਫੈਨੇਚਤ, 2014)। ਸੰਭਾਵਿਤ ਹੀ ਇਸ ਲੇਖ ਦਾ ਵਿਸ਼ਾ ਅਤੇ ਵਸਤੂ ਆਮ ਦਿਲਚਸਪੀ ਤੋਂ ਅਗਾਂਹ, ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਵੀ ਖਿੱਚ ਪੈਦਾ ਕਰ ਸਕਦਾ ਹੈ, ਕਿਉਂਕਿ ਇਸ 'ਤੇ ਵੱਡੀ ਖੋਜ ਵਿਵਸਥਾ ਦੀ ਲੋੜ ਹੈ।
ਭਾਰਤ ਅਤੇ ਯੂਰਪ ਵਿਚ ਸਿੱਖ ਅਤੇ ਪ੍ਰੋਟੈਸਟੈਂਟ ਲਹਿਰਾਂ ਦਾ ਉਭਾਰ ਅਤੇ ਵਿਕਾਸ, ਵੱਖੋ-ਵੱਖਰਾ ਸੀ ਪਰ ਇਨ੍ਹਾਂ ਦੀ ਜੜ੍ਹ ਅਤੇ ਪੈਦਾਵਾਰ ਤਕਰੀਬਨ ਇਤਿਹਾਸਕ ਤੌਰ 'ਤੇ ਸਮਕਾਲੀ ਸਨ। ਦੋਵਾਂ ਨੇ ਹੀ ਆਪੋ-ਆਪਣੇ ਸੰਦਰਭ ਵਿਚ ਵੱਡੀਆਂ ਪੈੜਾਂ ਪਾਈਆਂ ਅਤੇ ਵਿਕਾਸ ਸੇਧਾਂ ਮਿਥੀਆਂ। ਪਰ ਸਿੱਖ ਅਤੇ ਪ੍ਰੋਟੈਸਟੈਂਟ ਲਹਿਰਾਂ ਦਾ ਸਿੱਧਾ ਸੰਪਰਕ ਅਤੇ ਸੰਵਾਦ-ਵਿਵਾਦ, ਆਰੰਭ ਤੋਂ ਤਿੰਨ ਸਦੀਆਂ ਬਾਅਦ ਹੋਇਆ ਸੀ। ਵਿਸ਼ਵ ਇਤਿਹਾਸ ਵਿਚ ਇਹ ਲਾਸਾਨੀ ਸਮਾਨੰਤਰ ਘਟਨਾਵਾਂ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਪ੍ਰਕਾਸ਼ਨਾ 17ਵੀਂ ਸਦੀ ਦੇ ਆਰੰਭ ਵਿਚ ਹੋਈ। ਪਵਿੱਤਰ ਬਾਈਬਲ ਦੀ ਅੰਗਰੇਜ਼ੀ ਭਾਸ਼ਾ ਵਿਚ ਪ੍ਰਕਾਸ਼ਨਾ ਵੀ 17ਵੀਂ ਸਦੀ ਦੇ ਆਰੰਭ ਵਿਚ ਹੀ ਹੋਈ ਸੀ। 1604 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਪ੍ਰਕਾਸ਼ ਵਰ੍ਹੇ ਦੌਰਾਨ ਹੀ ਲੰਡਨ ਵਿਚ, ਕਿੰਗ ਜੇਮਜ਼ ਨੇ ਬਾਈਬਲ ਦੀ ਤਿਆਰੀ ਆਰੰਭ ਕਰਵਾਈ (ਬਰੈਗ, 2011 ਗਰੇਵਾਲ, 1990)। ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਵਿਚ ਇਕ ਪਹਿਲੀ ਮਹੱਤਵਪੂਰਨ ਪ੍ਰਕਾਸ਼ਨਾ ਸੀ, ਉਥੇ ਬਾਈਬਲ ਵੀ ਹੀਬਰਿਊ ਅਤੇ ਗਰੀਕ ਭਾਸ਼ਾਵਾਂ ਤੋਂ ਪਹਿਲੀ ਅਹਿਮ ਪ੍ਰਕਾਸ਼ਨਾ ਸੀ ਅੰਗਰੇਜ਼ੀ ਭਾਸ਼ਾ ਵਿਚ। ਪਰ ਪਵਿੱਤਰ ਬਾਈਬਲ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਰਾਜੇ, ਰਾਜ ਜਾਂ ਸਲਤਨਤ ਵਲੋਂ ਨਹੀਂ ਸੀ ਸੰਪਾਦਤ ਕਰਵਾਏ ਗਏ। ਇਹ ਗੁਰੂਆਂ, ਰੂਹਾਨੀ ਸੰਤਾਂ, ਭਗਤਾਂ, ਪੀਰਾਂ ਅਤੇ ਫ਼ਕੀਰਾਂ ਦੀ ਅਦੁੱਤੀ ਦੇਣ ਹੈ ਪਰ ਦੋਵਾਂ ਹੀ ਧਾਰਮਿਕ ਗ੍ਰੰਥਾਂ ਨੇ ਇਤਿਹਾਸ ਅਤੇ ਸਮਾਜ ਬਦਲ ਦਿੱਤੇ। ਭਾਰਤ ਵਿਚ ਮੁਗਲੀਆ ਸਥਾਪਤੀ ਅਤੇ ਯੂਰਪ ਵਿਚ ਕੈਥੋਲਿਕ ਸਥਾਪਤੀ ਨੂੰ ਜੜ੍ਹਾਂ ਤੋਂ ਉਖੇੜ ਦਿੱਤਾ। ਇਹ ਘਟਨਾਵਾਂ ਨਵੇਂ ਇਤਿਹਾਸ ਦੀ ਸਿਰਜਣਾ ਦਾ ਆਧਾਰ ਬਣੀਆਂ।
ਇਨਕਲਾਬੀ ਜਾਗ੍ਰਿਤੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਰਜਾਂ, ਫ਼ਲਸਫ਼ੇ ਅਤੇ ਅਧਿਆਤਮਕ ਅਗਵਾਈ ਨੇ ਉੱਤਰੀ ਭਾਰਤ ਤੋਂ ਇਕ ਇਨਕਲਾਬੀ ਜਾਗ੍ਰਿਤੀ ਦਾ ਮੁੱਢ ਬੰਨ੍ਹਿਆ। ਉਨ੍ਹਾਂ ਆਪਣੇ ਹਿੰਦੂ ਅਤੇ ਮੁਸਲਮਾਨ ਸਾਥੀਆਂ ਭਾਈ ਬਾਲਾ ਅਤੇ ਭਾਈ ਮਰਦਾਨਾ ਨੂੰ ਨਾਲ ਲੈ ਕੇ ਦੇਸ਼-ਦੇਸ਼ਾਂਤਰਾਂ ਦੀ ਸੰਵਾਦਕ, ਸੰਗਤੀ ਅਤੇ ਰੁਹਾਨੀ ਯਾਤਰਾ ਕੀਤੀ। ਗੁਰੂ ਸਾਹਿਬ ਨੇ ਵਿੱਦਿਆ ਦੇ ਪਸਾਰੇ, ਸੱਚ ਤੇ ਸੱਚੇ ਆਚਾਰ, ਇਕੋ ਅਕਾਲ ਪੁਰਖ ਦੀ ਭਗਤੀ ਅਤੇ ਸਰਬੱਤ ਦੇ ਭਲੇ ਨੂੰ ਇਨਕਲਾਬੀ ਜਾਗ੍ਰਿਤੀ ਦਾ ਆਧਾਰ ਬਣਾਇਆ। ਨਿਸ਼ਾਨਾ ਅਨਪੜ੍ਹਤਾ, ਅਧੋਗਤੀ, ਫਰੇਬਾਂ, ਅੱਤਿਆਚਾਰਾਂ ਅਤੇ ਸਮਾਜਿਕ ਪਾੜਿਆਂ ਨੂੰ ਖ਼ਤਮ ਕਰਨਾ ਮਿਥਿਆ। ਇਹੋ ਆਰੰਭ (1469-1708) ਹੀ 239 ਵਰ੍ਹਿਆਂ 'ਚ, ਗੁਰੂ-ਘਾਲਣਾ ਅਤੇ ਅਗਵਾਈ ਸਦਕਾ, ਭਗਤੀ ਲਹਿਰ ਤੋਂ ਅਗਾਂਹ ਸਿੱਖ ਲਹਿਰ ਦਾ ਥੰਮ੍ਹ ਬਣਿਆ। ਗੁਰੂ ਸੰਦੇਸ਼ਾਂ ਦੇ ਕਿਰਤ, ਕੁਰਬਾਨੀ, ਸੇਵਾ, ਭਗਤੀ ਅਤੇ ਸਮਾਜਿਕ ਬਰਾਬਰਤਾ, ਮੁੱਖ ਪਹਿਲੂ ਬਣ ਜਾਗ੍ਰਿਤ ਹੋਏ। ਸਾਂਝੀ ਅਤੇ ਸਰਬੱਤ ਦੀ ਭਲਾਈ ਦੇ ਨਾਲ-ਨਾਲ, ਧਰਮ, ਵਿਸ਼ਵਾਸ ਅਤੇ ਮਨੁੱਖੀ ਆਜ਼ਾਦੀ ਨੂੰ ਪ੍ਰਚਾਰਿਆ। ਖੋਖਲੇ ਵਹਿਮਾਂ-ਭਰਮਾਂ, ਰਹੁ-ਰੀਤਾਂ ਅਤੇ ਕਰਮਾਂ-ਕਾਂਡਾਂ ਤੋਂ ਸੁਤੰਤਰਤਾ ਦਾ ਸੁਨੇਹਾ ਦਿੱਤਾ। ਗੁਰੂ ਸਾਹਿਬਾਨ ਨੇ ਵਿਅਕਤੀਗਤ, ਪਰਿਵਾਰਕ ਅਤੇ ਸਮਾਜਿਕ ਜ਼ਿੰਦਗੀ ਵਿਚ ਵਧੀਆ ਇਖਲਾਕੀ ਅਸੂਲਾਂ ਅਤੇ ਸਦਾਚਾਰ ਨੂੰ ਅਹਿਮੀਅਤ ਦਿੱਤੀ ਕਿ ਇਨ੍ਹਾਂ ਅਸੂਲਾਂ ਨੇ ਹੀ ਭਲਾ, ਸਵੈ-ਪਹਿਚਾਣ ਅਤੇ ਸਾਂਝੀ ਸੁਰੱਖਿਅਤਾ ਸਿਰਜਣੀ ਹੈ।
ਯੂਰਪ ਦੇ ਇਤਿਹਾਸ ਵਿਚ ਗੁਰੂ ਨਾਨਕ ਕਾਲ ਵੇਲੇ ਹੀ ਵੱਡੀਆਂ ਤਬਦੀਲੀਆਂ ਦਾ ਮੁੱਢ ਬੱਝ ਰਿਹਾ ਸੀ। ਰੋਮਨ ਕੈਥੋਲਿਕ ਸਥਾਪਤੀ ਦੇ ਕੁਰੀਤੀਆਂ ਵੱਲ ਨੂੰ ਵਧ ਰਹੇ ਰੁਝਾਨਾਂ ਅਤੇ ਕੁਕਰਮਾਂ ਨੂੰ ਪ੍ਰੋਟੈਸਟੈਂਟ ਲਹਿਰ ਨੇ ਵੰਗਾਰਿਆ। ਜਰਮਨ ਈਸਾਈ ਵਿਦਵਾਨ, ਇਨਕਲਾਬੀ ਧਾਰਮਿਕ ਆਗੂ ਅਤੇ ਪ੍ਰਚਾਰਕ, ਮਾਰਟਨ ਲੂਥਰ (1483-1546) ਨੇ ਵੀ ਜਾਗ੍ਰਿਤੀ ਅਤੇ ਤਬਦੀਲੀ ਵਾਸਤੇ ਸੰਘਰਸ਼ ਛੇੜਿਆ। ਗੁਰੂ ਨਾਨਕ ਸਾਹਿਬ ਨੇ ਜਿਵੇਂ ਮੁਗਲ ਜਬਰ ਨੂੰ ਚੁਣੌਤੀ ਦਿੱਤੀ, ਉਸੇ ਤਰ੍ਹਾਂ ਹੀ ਮਾਰਟਨ ਲੂਥਰ ਨੇ ਰੋਮਨ ਕੈਥੋਲਿਕ ਦਾਬੇ ਅਤੇ ਸਾਮਰਾਜੀ ਵਤੀਰੇ ਨੂੰ ਲੋਕ ਕਟਹਿਰੇ ਵਿਚ ਪੇਸ਼ ਕੀਤਾ। ਉੱਤਰੀ ਭਾਰਤ ਅਤੇ ਉੱਤਰੀ ਯੂਰਪ ਦੇ ਬਹੁਤੇ ਤਵਾਰੀਖੀ ਪੱਖ, ਸਮਾਨਅੰਤਰ ਹਨ। ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਜੇਲ੍ਹ ਵਿਚ ਬੰਦ ਕਰਕੇ ਸਖ਼ਤ ਮੁਸ਼ੱਕਤ ਦੀ ਸਜ਼ਾ ਲਾ ਦਿੱਤੀ ਸੀ, ਇਸੇ ਤਰ੍ਹਾਂ ਹੀ ਮਾਰਟਨ ਲੂਥਰ ਦੇ ਵਿਦ੍ਰੋਹੀ ਰਵੱਈਏ ਨੂੰ ਦਬਾਉਣ ਲਈ ਪੋਪ ਲਿਓ ਨੇ ਉਸ ਨੂੰ ਕੈਥੋਲਿਕ ਚਰਚ ਵਿਚੋਂ ਛੇਕ ਕੇ ਪਾਬੰਦੀਆਂ ਲਾ ਦਿੱਤੀਆਂ ਸਨ। ਪਰ ਅਲਾਮਾ ਇਕਬਾਲ ਦੇ ਸ਼ਬਦਾਂ ਵਿਚ ਜਿਵੇਂ ਗੁਰੂ ਸਾਹਿਬ ਨੇ ਸੁੱਤੇ ਭਾਰਤ ਨੂੰ ਜਗਾ ਦਿੱਤਾ ਸੀ, ਉਸੇ ਤਰ੍ਹਾਂ ਮਾਰਟਨ ਲੂਥਰ ਨੇ ਕਿਰਸਾਨੀ ਤੇ ਈਸਾਈਅਤ ਅੰਦੋਲਨ ਰਾਹੀਂ ਯੂਰਪ ਨੂੰ ਪ੍ਰੋਟੈਸਟੈਂਟ ਲਹਿਰ ਰਾਹੀਂ ਝੰਜੋੜ ਦਿੱਤਾ ਸੀ। ਦੋਵਾਂ ਦੀ ਅਗਵਾਈ 'ਸ਼ਬਦ ਗੁਰੂ' ਅਤੇ 'ਬਾਈਬਲ ਸਿੱਖਿਆ' ਬਣੇ ਸਨ।
ਯੂਰਪ ਵਿਚ ਮਾਰਟਨ ਲੂਥਰ ਦਾ ਸੰਦੇਸ਼ਾ, ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਵਰਗਾ ਹੀ ਸੀ। ਗੁਰੂ ਸਾਹਿਬ ਨੇ ਵਿੱਦਿਆ ਨੂੰ ਵਿਚਾਰ ਅਤੇ ਭਲਾਈ ਦਾ ਮੁੱਖ ਮਾਧਿਅਮ ਦੱਸਿਆ (ਗੁਰੂ ਗ੍ਰੰਥ, ਅੰਗ 356)। ਸਿੱਖ ਲਹਿਰ ਨੂੰ ਜਿਵੇਂ ਗੁਰੂਆਂ, ਭਗਤਾਂ ਅਤੇ ਰੂਹਾਨੀ ਮਹਾਂਪੁਰਸ਼ਾਂ ਨੇ ਸਿਰਜਿਆ, ਇਸੇ ਤਰ੍ਹਾਂ ਯੂਰਪ ਵਿਚ ਪ੍ਰੋਟੈਸਟੈਂਟ ਲਹਿਰ ਨੂੰ ਧਾਰਮਿਕ, ਵਿੱਦਿਅਕ, ਸੱਭਿਆਚਾਰਕ ਅਤੇ ਸੁਧਾਰਕ ਆਗੂਆਂ ਨੇ ਹੋਂਦ ਵਿਚ ਲਿਆਂਦਾ। ਇਸੇ ਹੀ ਪ੍ਰੋਟੈਸਟੈਂਟ ਲਹਿਰ ਦੇ ਬੌਧਿਕ, ਰੂਹਾਨੀ ਅਤੇ ਜਜ਼ਬਾਤੀ ਉਭਾਰ ਵਿਚੋਂ ਆਧੁਨਿਕ ਰਾਜਸੀ ਫ਼ਲਸਫ਼ਾ ਨਿਕਲਿਆ (ਬਰੈਗ, 2011) (ਬ੍ਰਿਟੈਨਿਕਾ, 1977) (ਲੈਵੇਨ, 2017) ਅਤੇ ਵਾਟਸਨ (2000) ਪ੍ਰਕਾਸ਼ਨਾਵਾਂ ਵਿਚੋਂ ਹੋਰ ਖੋਜ ਕੀਤੀ ਜਾ ਸਕਦੀ ਹੈ। ਇਰਾਸਮਸ (1466-1536) ਨੇ ਚਰਚਾਂ ਦੀ ਸਥਾਪਤੀ ਤੋਂ ਮੁਕਤ ਹੋ ਕੇ ਵਿੱਦਿਆ, ਪ੍ਰਚਾਰ ਅਤੇ ਧਰਮ ਸ਼ਾਸਤਰਾਂ ਦੀ ਸਮੀਖਿਆ ਕਰਦਿਆਂ ਰਸਮਾਂ ਅਤੇ ਰਸਮੀ ਪ੍ਰੰਪਰਾਵਾਂ ਨੂੰ ਸੰਵਾਦ-ਵਿਵਾਦ ਦੇ ਘੇਰੇ ਵਿਚ ਲਿਆਂਦਾ। ਸਾਥੀ ਵਿਦਵਾਨਾਂ ਅਤੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਤੇ ਨਿਰੀਖਣ ਪ੍ਰਕਾਸ਼ਤ ਕਰਨੇ ਆਰੰਭੇ। ਮੈਕੀਆਵੇਲੀ (1469-1527) ਫਰਾਂਸ ਦੇ 12ਵੇਂ ਲੂਇਸ, ਫਲੋਰੈਂਟੀਨ ਗਣਤੰਤਰ ਅਤੇ 11ਵੇਂ ਪੋਪ ਜੂਲੀਅਸ ਆਦਿ ਦੇ ਅੰਦਰੂਨੀ, ਬਹਿਰੂਨੀ ਪ੍ਰਬੰਧਾਂ, ਪ੍ਰਸ਼ਾਸਨਿਕ ਵਿਧੀਆਂ, ਨੀਤੀਆਂ ਅਤੇ ਕੰਮਾਂ ਦਾ ਜਾਣੂ ਸੀ। ਉਸ ਨੇ ਰਾਜ-ਸ਼ਕਤੀ ਬਾਰੇ ਫ਼ਲਸਫ਼ੇ ਨੂੰ ਪ੍ਰਚੱਲਤ ਕੀਤਾ ਕਿ ਰਾਜਸੀ ਸ਼ਕਤੀ ਕਿਵੇਂ ਗ੍ਰਹਿਣ ਕਰਕੇ, ਕਿਵੇਂ ਸੰਭਾਲੀ ਜਾ ਸਕਦੀ ਹੈ ਪਰ ਮੈਕੀਆਵੇਲੀਅਨ ਫ਼ਲਸਫ਼ੇ ਪਿੱਛੇ ਰਾਜਸੀ ਭਾਵਨਾਵਾਂ ਬਾਰੇ ਬੜੇ ਕਿੰਤੂ-ਪ੍ਰੰਤੂ ਵੀ ਸਮੇਂ ਦੇ ਵਿਵਾਦ ਦਾ ਹਿੱਸਾ ਬਣੇ। ਗੁਰੂ ਨਾਨਕ ਸਾਹਿਬ ਦੀ ਸਿਧਾਂਤਕ ਅਤੇ ਅਮਲੀ ਅਗਵਾਈ ਦਾ ਆਧਾਰ 239 ਵਰ੍ਹਿਆਂ ਦਾ ਗੁਰੂ-ਕਾਲ ਬਣਿਆ।


E-mail : sujinder.sangha@gmail.com

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਮਾਈ ਭਾਗੋ

ਸਿੱਖ ਇਤਿਹਾਸ ਬੇਮਿਸਾਲ ਕੁਰਬਾਨੀਆਂ, ਮਾਣਮੱਤੀਆਂ ਸ਼ਹਾਦਤਾਂ ਅਤੇ ਗੌਰਵਸ਼ਾਲੀ ਕਾਰਨਾਮਿਆਂ ਨਾਲ ਸੁਸੱਜਿਤ ਹੈ। ਸਮਾਂ ਆਉਣ 'ਤੇ ਸਿੱਖ ਬੀਬੀਆਂ ਵੀ ਅਦੁੱਤੀ ਬਹਾਦਰੀ ਨਾਲ ਰਣਭੂਮੀ ਵਿਚ ਸ਼ੀਹਣੀਆਂ ਬਣ ਕੇ ਗੱਜੀਆਂ। ਮਾਈ ਭਾਗੋ ਇਸਤਰੀ ਜਾਮੇ ਦੀ ਪਹਿਲੀ ਸਿੱਖ ਜਰਨੈਲ ਬਣੀ, ਜਿਸ ਦੀ ਮਿਸਾਲ ਸਦਾ ਹੀ ਪ੍ਰੇਰਨਾ ਸਰੋਤ ਰਹੇਗੀ। ਇਨ੍ਹਾਂ ਦਾ ਪਰਿਵਾਰ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਸਿੱਖੀ ਕਮਾ ਰਿਹਾ ਸੀ। ਭਾਈ ਮਾਲੋ ਦੀ ਇਹ ਹੋਣਹਾਰ ਸਪੁੱਤਰੀ ਬਚਪਨ ਤੋਂ ਹੀ ਰੱਬੀ ਇਸ਼ਕ ਵਿਚ ਰੰਗੀ ਰੂਹ ਸੀ। ਉਸ ਨੇ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸਨ। ਮਹਾਰਾਜ ਜੀ ਦੀ ਸ਼ਹਾਦਤ ਨੇ ਉਸ ਦੇ ਦਿਲ 'ਤੇ ਡੂੰਘਾ ਅਸਰ ਕੀਤਾ ਅਤੇ ਉਹ ਆਪਣੇ ਪਰਿਵਾਰ ਨਾਲ ਸ੍ਰੀ ਦਸਮੇਸ਼ ਜੀ ਦੇ ਗੁਰਗੱਦੀ ਅਵਸਰ 'ਤੇ ਪਹੁੰਚੀ। ਉਸ ਵਿਚ ਅਥਾਹ ਜੋਸ਼, ਨਿਰਭੈਤਾ ਅਤੇ ਧਰਮ ਯੁੱਧ ਦਾ ਚਾਅ ਭਰ ਗਿਆ। ਉਸ ਨੇ ਘਰ ਆ ਕੇ ਨੇਜੇਬਾਜ਼ੀ ਦਾ ਅਭਿਆਸ ਸ਼ੁਰੂ ਕਰ ਦਿੱਤਾ। ਉਹ ਆਪਣੇ ਪੂਰੇ ਬਾਹੂਬਲ ਨਾਲ ਦਰੱਖਤਾਂ ਵਿਚ ਸਾਂਗ ਮਾਰ ਕੇ ਅਭਿਆਸ ਕਰਦੀ ਰਹੀ। ਪਿੰਡ ਝਬਾਲ ਦੀ ਢਿੱਲੋਂ ਗੋਤ ਦੀ ਇਹ ਬੀਬੀ ਉੱਚੇ-ਲੰਮੇ ਕੱਦ, ਸ਼ੇਰਨੀ ਵਰਗੀ ਗਰਜ ਅਤੇ ਨਿਰਭੈਤਾ ਦੀ ਮਾਲਕ ਸੀ। ਉਹ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਵਿਚ ਨਿਪੁੰਨ ਸੀ।
ਸ੍ਰੀ ਕਲਗੀਧਰ ਪਾਤਸ਼ਾਹ ਜੀ ਦੇ ਪਰਉਪਕਾਰਾਂ ਪ੍ਰਤੀ ਲੋਕਾਈ ਦੇ ਦਿਲਾਂ ਵਿਚ ਅਥਾਹ ਪਿਆਰ, ਸਤਿਕਾਰ ਅਤੇ ਸ਼ਰਧਾ ਸੀ। ਅਨੰਦਪੁਰ ਸਾਹਿਬ ਦੇ ਲੰਮੇ ਘੇਰੇ ਸਮੇਂ ਕੁਝ ਸਿੰਘ ਭੁੱਖ ਅਤੇ ਦੁੱਖ ਤੋਂ ਤੰਗ ਆ ਕੇ ਮਹਾਰਾਜ ਜੀ ਨੂੰ ਛੱਡ ਕੇ ਆ ਗਏ। ਇਨ੍ਹਾਂ ਬੇਦਾਵੀਏ ਸਿੰਘਾਂ ਨੂੰ ਉਨ੍ਹਾਂ ਦੀਆਂ ਮਾਵਾਂ, ਭੈਣਾਂ, ਪਤਨੀਆਂ ਅਤੇ ਧੀਆਂ ਵਲੋਂ ਲਾਹਣਤਾਂ ਅਤੇ ਫਿਟਕਾਰਾਂ ਪਾਈਆਂ ਗਈਆਂ ਅਤੇ ਉਹ ਪਛਤਾਵੇ ਵਿਚ ਝੂਰਨ ਲੱਗੇ। ਇਸ ਕਲੰਕ ਨੂੰ ਧੋਣ ਲਈ ਅਤੇ ਗੁਰੂ ਸਾਹਿਬ ਤੋਂ ਭੁੱਲ ਬਖਸ਼ਾਉਣ ਲਈ ਮਾਈ ਭਾਗੋ ਨੇ ਘੋੜੇ 'ਤੇ ਸਵਾਰ ਹੋ ਕੇ ਪੱਲੂ ਫੇਰਿਆ ਅਤੇ ਸਿੰਘਾਂ-ਸਿੰਘਣੀਆਂ ਨੂੰ ਧਰਮ ਯੁੱਧ ਵਿਚ ਜੂਝ ਮਰਨ ਲਈ ਪ੍ਰੇਰਿਆ। ਉਸ ਦੀ ਸ਼ੀਹਣੀ ਲਲਕਾਰ ਨੇ ਸਭ ਦੀਆਂ ਰਗਾਂ ਵਿਚ ਬੀਰ ਰਸ ਭਰ ਦਿੱਤਾ ਅਤੇ ਉਹ ਮਾਲਵੇ ਵੱਲ ਚੱਲ ਪਏ। ਜਥੇ ਦੀ ਕਮਾਨ ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਸੰਭਾਲ ਰਹੇ ਸਨ। ਰਸਤੇ ਵਿਚ ਇਨ੍ਹਾਂ ਨੂੰ ਪਤਾ ਲੱਗਾ ਕਿ 5 ਹਜ਼ਾਰ ਮੁਗ਼ਲ ਫ਼ੌਜ ਸ੍ਰੀ ਦਸਮੇਸ਼ ਜੀ ਦਾ ਪਿੱਛਾ ਕਰ ਰਹੀ ਹੈ। ਇਨ੍ਹਾਂ ਨੇ ਉਥੇ ਹੀ ਲੜਨ-ਮਰਨ ਦਾ ਫ਼ੈਸਲਾ ਕਰ ਲਿਆ। ਖਿਦਰਾਣੇ ਦੀ ਢਾਬ ਨੇੜੇ ਮਰਦਾਵੇਂ ਭੇਸ ਵਿਚ ਮਾਈ ਭਾਗੋ ਦੁਸ਼ਮਣਾਂ ਦੇ ਆਹੂ ਲਾਹ ਰਹੀ ਸੀ। ਬਾਕੀ ਸਿੰਘ ਵੀ ਪਿਆਰੇ ਪਾਤਸ਼ਾਹ ਤੋਂ ਘੋਲ ਘੁਮਾਉਂਦੇ ਹੋਏ ਸ਼ਹੀਦੀਆਂ ਪਾ ਰਹੇ ਸਨ। ਸ੍ਰੀ ਦਸਮੇਸ਼ ਜੀ ਉੱਚੀ ਟਿੱਬੀ ਤੋਂ ਤੀਰਾਂ ਦੀ ਵਰਖਾ ਕਰ ਰਹੇ ਸਨ।
ਆਖਰ ਗਰਮੀ, ਪਾਣੀ ਦੀ ਤੰਗੀ ਅਤੇ ਸਿੰਘਾਂ ਦੀ ਬਹਾਦਰੀ ਅੱਗੇ ਮੁਗ਼ਲ ਸੈਨਾ ਦੀ ਪੇਸ਼ ਨਾ ਗਈ ਅਤੇ ਉਹ ਪਿੱਛੇ ਨੂੰ ਭੱਜ ਗਏ। ਮਝੈਲ ਸਿੰਘ ਸ਼ਹੀਦ ਹੋ ਚੁੱਕੇ ਸਨ, ਸਿਰਫ ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਸਹਿਕ ਰਹੇ ਸਨ। ਪਾਤਸ਼ਾਹ ਜੀ ਨੇ ਸਾਰੇ ਸ਼ਹੀਦਾਂ 'ਤੇ ਮਿਹਰ ਦੀ ਨਦਰਿ ਪਾਈ, ਭਾਈ ਮਹਾਂ ਸਿੰਘ ਦੀ ਬੇਨਤੀ 'ਤੇ ਬੇਦਾਵੇ ਵਾਲਾ ਕਾਗਜ਼ ਪਾੜ ਦਿੱਤਾ ਅਤੇ ਸਾਰੇ ਸਿੰਘਾਂ ਨੂੰ ਮੁਕਤਿਆਂ ਦੀ ਪਦਵੀ ਬਖਸ਼ੀ। ਮਾਈ ਭਾਗੋ ਦੀ ਸਾਂਭ-ਸੰਭਾਲ ਕਰਵਾ ਕੇ ਜੀਵਨ ਪਦ ਬਖਸ਼ਿਆ। ਇਸ ਉਪਰੰਤ ਅੰਤਿਮ ਸਮੇਂ ਤੱਕ ਮਾਈ ਗੁਰੂ-ਘਰ ਦੀ ਸੇਵਾ ਵਿਚ ਰਹੀ। ਮਹਾਰਾਜ ਜੀ ਦੇ ਸੱਚਖੰਡ ਪਿਆਨੇ ਉਪਰੰਤ ਮਾਈ ਜੀ ਨੇ ਲੰਮੇ ਸਮੇਂ ਤੱਕ ਬਿਦਰ ਦੇ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕੀਤਾ। ਸਰੀਰਕ ਅਤੇ ਆਤਮਿਕ ਬਲ, ਤਪ, ਤੇਜ, ਬੰਦਗੀ, ਨਿਸ਼ਕਾਮ ਸੇਵਾ ਅਤੇ ਬੀਰਤਾ ਦੀ ਪੁੰਜ ਮਾਈ ਨੇ ਜਨਵਾੜੇ ਵਿਖੇ ਸਰੀਰ ਤਿਆਗਿਆ। ਉਸ ਦੇ ਵੱਡਆਕਾਰੀ ਬਰਛੇ ਦਾ ਇਕ ਫਾਲਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ੋਭਨੀਕ ਹੋ ਰਿਹਾ ਹੈ। ਹਰ ਸਾਲ ਮਾਘੀ ਦੇ ਪਵਿੱਤਰ ਅਵਸਰ 'ਤੇ ਜਿਥੇ ਅਸੀਂ ਸਾਹਿਬੇ ਕਮਾਲ ਨੂੰ ਯਾਦ ਕਰਦੇ ਹਾਂ, ਉਥੇ 40 ਮੁਕਤਿਆਂ ਅਤੇ ਮਾਈ ਭਾਗੋ ਨੂੰ ਵੀ ਸ਼ਰਧਾਂਜਲੀ ਅਰਪਣ ਕਰਦੇ ਹਾਂ।

ਗੁਰਮਤਿ ਸੰਗੀਤ ਵਿਚ ਵਰਤੇ ਜਾਂਦੇ ਤੰਤੀ ਸਾਜ਼

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਸਮੁੱਚੀ ਬਾਣੀ (ਜਪੁਜੀ ਸਾਹਿਬ) ਨੂੰ ਛੱਡ ਕੇ, ਰਾਗ-ਬੱਧ ਹੈ। ਗੁਰਬਾਣੀ ਦੇ ਸੰਦੇਸ਼ ਨੂੰ ਜਨ ਸਧਾਰਨ ਤੱਕ ਪੁੱਜਦਾ ਕਰਨ ਲਈ ਕੀਰਤਨ ਦੀ ਵਿਧੀ ਅਪਣਾਈ ਗਈ। ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਗੁਰਮਤਿ ਵਿਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਂਅ ਕੀਰਤਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋਈ ਇਸ ਮਹਾਨ ਕੀਰਤਨ ਪਰੰਪਰਾ ਨੂੰ ਸਾਰੇ ਗੁਰੂ ਸਾਹਿਬਾਨ ਨੇ ਕਾਇਮ ਹੀ ਨਹੀਂ ਰੱਖਿਆ, ਬਲਕਿ ਇਸ ਦਾ ਵਿਸਤਾਰ ਵੀ ਕੀਤਾ। ਬਾਣੀ ਵਿਚ ਰਾਗਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਇਸ ਤਰ੍ਹਾਂ ਲਿਖਿਆ ਗਿਆ ਹੈ :
ਸਭਨਾਂ ਰਾਗਾਂ ਵਿਚਿ ਸੋ ਭਲਾ
ਭਾਈ ਜਿਤੁ ਵਸਿਆ ਮਨਿ ਆਇ॥
ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ॥
(ਅੰਗ : 1423)
ਸ਼ਬਦ ਕੀਰਤਨ ਨੂੰ ਗਾਇਨ ਕਰਨਾ ਅਤੇ ਸੁਣਨਾ ਗੁਰਬਾਣੀ ਦੇ ਪ੍ਰੇਮੀਆਂ ਨੂੰ ਅਨੰਦ ਦੀ ਅਵਸਥਾ ਵਿਚ ਲੈ ਜਾਂਦਾ ਹੈ। ਗੁਰਮਤਿ ਸੰਗੀਤ ਵਿਚ ਭਾਵੇਂ ਸਾਜ਼ਾਂ ਨੂੰ ਸੁਤੰਤਰ ਤੌਰ 'ਤੇ ਕੋਈ ਵੱਖਰਾ ਸਥਾਨ ਪ੍ਰਾਪਤ ਨਹੀਂ ਅਤੇ ਵਾਦਨ ਨੂੰ ਗਾਇਨ ਦੇ ਅਧੀਨ ਹੀ ਰੱਖਿਆ ਗਿਆ ਹੈ, ਫਿਰ ਵੀ ਸਾਜ਼ਾਂ ਦੇ ਪ੍ਰਸੰਗ ਵਿਚ ਗੁਰਬਾਣੀ ਅੰਦਰ ਅਨੇਕਾਂ ਪੰਕਤੀਆਂ ਦਰਜ ਹਨ। ਕੀਰਤਨ ਦੀ ਸੰਗਤ ਲਈ ਮੁੱਖ ਤੌਰ 'ਤੇ ਰਬਾਬ, ਸਰੰਦਾ, ਤਾਊਸ, ਦਿਲਰੁਬਾ, ਪਖਾਵਜ, ਮ੍ਰਿਦੰਗ, ਤਬਲਾ, ਢੋਲਕ ਆਦਿ ਸਾਜ਼ਾਂ ਦੀ ਵਰਤੋਂ ਮੁੱਢੋਂ ਹੁੰਦੀ ਆ ਰਹੀ ਹੈ। ਗੁਰੂ ਸਾਹਿਬਾਨ ਦੇ ਸਮੇਂ ਉਪਰੋਕਤ ਸਾਜ਼ਾਂ ਦੀ ਹੀ ਵਰਤੋਂ ਹੁੰਦੀ ਰਹੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਸਾਜ਼ ਤਾਰਾਂ ਵਾਲੇ ਹੋਣ ਕਰਕੇ ਇਨ੍ਹਾਂ ਨੂੰ ਤੰਤੀ ਸਾਜ਼ ਦਾ ਨਾਂਅ ਦਿੱਤਾ ਗਿਆ। ਆਓ! ਕੁਝ ਸਾਜ਼ਾਂ ਬਾਰੇ ਜਾਣਕਾਰੀ ਸਾਂਝੀ ਕਰੀਏ।
1. ਰਬਾਬ : ਰਬਾਬ ਗੁਰਮਤਿ ਸੰਗਤ ਦਾ ਪ੍ਰਮੁੱਖ ਤੰਤੀ ਸਾਜ਼ ਹੈ। ਇਕ ਤਾਰ ਵਾਲਾ ਸਾਜ਼ ਹੋਣ ਕਰਕੇ ਇਸ ਦੀ ਆਵਾਜ਼ ਬੜੀ ਭਰਵੀਂ ਅਤੇ ਮਧੁਰ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ 'ਤੇ ਜਾਣ ਸਮੇਂ ਆਪਣਾ ਸੰਗੀ ਭਾਈ ਮਰਦਾਨੇ ਨੂੰ ਚੁਣਿਆ। ਪ੍ਰਸਿੱਧ ਵਿਦਵਾਨ ਪ੍ਰੋਫੈਸਰ ਤਾਰਾ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੀ ਢੰਗ ਦਾ ਇਕ ਸਾਜ਼ ਰਬਾਬ ਈਯਾਦ ਕੀਤਾ ਅਤੇ ਭਾਈ ਮਰਦਾਨੇ ਨੂੰ ਫਿਰੰਦੇ ਕੋਲੋਂ ਤਾਲੀਮ ਦਿਵਾਈ। ਭਾਈ ਮਰਦਾਨਾ ਮਹਾਨ ਰਬਾਬੀ ਹੋਏ ਹਨ, ਜਿਨ੍ਹਾਂ ਬਾਰੇ ਭਾਈ ਗੁਰਦਾਸ ਲਿਖਦੇ ਹਨ ਕਿ-
ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ॥
ਅਤੇ
ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ
ਗੁਰੂ ਅੰਗਦ ਦੇਵ ਜੀ ਦੇ ਸਮੇਂ ਭਾਈ ਸੱਤਾ ਅਤੇ ਬਲਵੰਡ ਰਬਾਬੀ ਹੋਏ ਹਨ, ਜਿਨ੍ਹਾਂ ਦੀ ਇਕ ਵਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੁਰੂ ਰਾਮ ਦਾਸ ਤੇ ਗੁਰੂ ਅਰਜਨ ਦੇਵ ਜੀ ਨੇ ਵੀ ਕੀਰਤਨ ਦੌਰਾਨ ਰਬਾਬ ਦੀ ਸੰਗਤ ਨੂੰ ਜਾਰੀ ਰੱਖਿਆ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਖ ਵਾਕ ਹੈ-
ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ
ਲੀਏ ਸੁਰ ਸਾਜ਼ ਮਿਲਾਵੈ॥
ਸਮੇਂ ਦੇ ਨਾਲ-ਨਾਲ ਰਬਾਬ ਦੇ ਦੋ ਨਵੇਂ ਰੂਪ ਸਾਹਮਣੇ ਆਏ, ਜਿਨ੍ਹਾਂ ਨੂੰ ਸੁਰ ਸ਼ਿੰਗਾਰ ਅਤੇ ਸਰੋਦ ਦਾ ਨਾਂਅ ਦਿੱਤਾ ਗਿਆ। ਅਫਸੋਸ ਦੀ ਗੱਲ ਹੈ ਕਿ ਵਰਤਮਾਨ ਸਮੇਂ ਵਿਚ ਰਬਾਬੀ ਕੀਰਤਨਕਾਰਾਂ ਦੀ ਪਰੰਪਰਾ ਨੂੰ ਖੋਰਾ ਲੱਗਾ ਹੈ, ਪਰ ਜਥੇਦਾਰ ਅਵਤਾਰ ਸਿੰਘ ਦੇ ਪ੍ਰਧਾਨਗੀ ਕਾਲ ਸਮੇਂ ਗੁਣੀਜਨਾਂ ਦੀ ਬੇਨਤੀ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਚ ਰਾਗੀ ਜਥਿਆਂ ਦੇ ਨਾਲ ਤੰਤੀ ਸਾਜ਼ ਵਜਾਉਣ ਵਾਲਿਆਂ ਦੀ ਵੀ ਸੇਵਾ ਲਾਉਣੀ ਸ਼ੁਰੂ ਕੀਤੀ ਗਈ ਸੀ।
2. ਸਰੰਦਾ : ਇਸ ਨੂੰ ਸਾਰਿੰਦਾ ਵੀ ਕਿਹਾ ਜਾਂਦਾ ਹੈ ਅਤੇ ਇਹ ਸਾਜ਼ ਗਜ਼ ਨਾਲ ਵਜਾਇਆ ਜਾਂਦਾ ਹੈ। ਗੁਰਮਤਿ ਸੰਗੀਤ ਵਿਚ ਗੁਰੂ ਅਮਰਦਾਸ ਜੀ ਦੇ ਸਮੇਂ ਸਰੰਦਾ ਸਾਜ਼ ਪ੍ਰਚੱਲਿਤ ਹੋਇਆ। ਕਿਹਾ ਜਾਂਦਾ ਹੈ ਕਿ ਇਹ ਸਾਜ਼ ਗੁਰੂ ਅਮਰਦਾਸ ਜੀ ਨੇ ਆਪ ਤਿਆਰ ਕੀਤਾ ਸੀ। ਸਿੱਖ ਅਜਾਇਬਘਰ ਅੰਮ੍ਰਿਤਸਰ ਵਿਖੇ ਰੱਖੇ ਹੋਏ ਸਰੰਦੇ ਨੂੰ ਗੁਰੂ ਅਮਰਦਾਸ ਜੀ ਦਾ ਸਰੰਦਾ ਦੱਸਿਆ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਦੇ ਇਕ ਇਤਿਹਾਸਕ ਗੁਰਦੁਆਰੇ ਵਿਚ ਰੱਖੇ ਗਏ ਸਰੰਦੇ ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਣਾਇਆ ਸਰੰਦਾ ਸਮਝਿਆ ਜਾਂਦਾ ਹੈ। ਮਹੰਤ ਸ਼ਾਮ ਸਿੰਘ 70 ਸਾਲ ਤੱਕ ਇਸ ਸਾਜ਼ ਨਾਲ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਦੇ ਰਹੇ।
3. ਤਾਊਸ : ਕੁਝ ਸੰਗੀਤਕ ਵਿਦਵਾਨਾਂ ਅਨੁਸਾਰ ਇਸ ਸਾਜ਼ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਇਸ ਨੂੰ ਪ੍ਰਾਚੀਨ ਮਯੂਰ ਵੀਣਾ ਵੀ ਕਿਹਾ ਜਾਂਦਾ ਸੀ। ਇਹ ਸਾਜ਼ ਵੀ ਗਜ਼ ਨਾਲ ਵਜਾਇਆ ਜਾਂਦਾ ਹੈ। ਤਾਊਸ ਅਰਬੀ ਜ਼ਬਾਨ ਦਾ ਸ਼ਬਦ ਹੈ, ਜਿਸ ਦੇ ਅਰਥ ਹਨ, ਮੋਰ। ਇਸ ਸਾਜ਼ ਦਾ ਹੇਠਲਾ ਹਿੱਸਾ, ਜਿਸ ਨੂੰ ਤੂੰਬਾ ਕਿਹਾ ਜਾਂਦਾ ਹੈ, ਮੋਰ ਦੀ ਸ਼ਕਲ ਦਾ ਹੁੰਦਾ ਹੈ। ਇਸ ਦੀ ਬਨਾਵਟ ਦਿਲਰੁਬਾ ਅਤੇ ਇਸਰਾਜ਼ ਸਾਜ਼ਾਂ ਨਾਲ ਮਿਲਦੀ ਹੈ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੇ ਦਰਬਾਰ ਵਿਚ ਉਸ ਸਮੇਂ ਦੇ ਮੰਨੇ-ਪ੍ਰਮੰਨੇ ਕਲਾਕਾਰ ਮਹੰਤ ਗਜਾ ਸਿੰਘ ਤਾਊਸ ਵਜਾਉਣ ਦੇ ਮਹਾਨ ਕਲਾਕਾਰ ਸਨ। ਉਹ ਆਪਣੀ ਕਲਾ ਨਾਲ ਸਰੋਤਿਆਂ ਨੂੰ ਕੀਲ ਲੈਂਦੇ ਸਨ। ਪਟਿਆਲਾ ਦੇ ਸਰਦਾਰ ਹਰਨਾਮ ਸਿੰਘ ਵੀ ਪ੍ਰਸਿੱਧ ਤਾਊਸ ਵਾਦਕ ਹੋਏ ਹਨ, ਪਰ ਅੱਜਕਲ੍ਹ ਇਸ ਸਾਜ਼ ਨੂੰ ਵਜਾਉਣ ਵਾਲੇ ਕਲਾਕਾਰ ਉਂਗਲਾਂ 'ਤੇ ਗਿਣਨ ਜੋਗੇ ਹੀ ਹਨ।
4. ਦਿਲਰੁਬਾ : ਇਸ ਦਾ ਪ੍ਰਚਲਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਇਆ। ਤਾਊਸ ਦੀ ਬਣਤਰ ਵਿਚ ਕੁਝ ਤਬਦੀਲੀਆਂ ਕਰਕੇ ਦਿਲਰੁਬਾ ਨਾਂਅ ਦਾ ਨਵਾਂ ਸਾਜ਼ ਈਜਾਦ ਕੀਤਾ ਗਿਆ। ਗਜ਼ ਨਾਲ ਵਜਾਇਆ ਜਾਣ ਵਾਲਾ ਇਹ ਸਾਜ਼ ਬੰਗਾਲੀ ਸਾਜ਼ ਇਸਰਾਜ ਵਰਗਾ ਹੈ, ਜਿਸ ਦੀ ਆਵਾਜ਼ ਬਹੁਤ ਸਕੂਨ ਬਖਸ਼ਦੀ ਹੈ। ਪ੍ਰਸਿੱਧ ਰਬਾਬੀ ਭਾਈ ਚਾਂਦ ਆਪਣੀ ਚੌਂਕੀ ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿਚ ਇਸ ਸਾਜ਼ ਦੀ ਵਰਤੋਂ ਕਰਦੇ ਸਨ। ਪਿੱਛੋਂ ਉਨ੍ਹਾਂ ਦੇ ਸ਼ਾਗਿਰਦ ਭਾਈ ਗੁਰਮੁੱਖ ਸਿੰਘ, ਭਾਈ ਹਰਸਾ ਅਤੇ ਭਾਈ ਉੱਤਮ ਸਿੰਘ ਨੇ ਇਸ ਸਾਜ਼ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਕੀਤਾ। ਨਾਮਧਾਰੀ ਪੰਥ ਵਿਚ ਸਤਿਗੁਰੂ ਪ੍ਰਤਾਪ ਸਿੰਘ ਅਤੇ ਸਤਿਗੁਰੂ ਜਗਜੀਤ ਸਿੰਘ ਦਿਲਰੁਬਾ ਨਾਲ ਕੀਰਤਨ ਕਰਕੇ ਸਮਾਂ ਬੰਨ੍ਹ ਦਿੰਦੇ ਸਨ। ਇਸ ਵੇਲੇ ਭਾਈ ਬਲਜੀਤ ਸਿੰਘ ਨਾਮਧਾਰੀ ਇਸ ਸਾਜ਼ ਨਾਲ ਕੀਰਤਨ ਕਰਦੇ ਹਨ। ਸ਼੍ਰੋਮਣੀ ਕਮੇਟੀ ਵਲੋਂ ਗੁਰਮਤਿ ਸੰਗੀਤ ਅਕੈਡਮੀ ਅਨੰਦਪੁਰ ਸਾਹਿਬ ਵਿਚ ਵੀ ਇਹ ਸਾਜ਼ ਸਿਖਾਇਆ ਜਾਂਦਾ ਹੈ।
ਸਮੇਂ ਦੀ ਤੋਰ ਨਾਲ ਸਿਤਾਰ, ਮੈਂਡੋਲਿਨ ਤੇ ਵਾਇਲਨ ਦੇ ਨਾਲ-ਨਾਲ ਜਰਮਨ ਸਾਜ਼ ਵਾਜੇ (ਹਰਮੋਨੀਅਮ) ਦੀ ਵਰਤੋਂ ਹੁਣ ਆਮ ਗੱਲ ਹੈ। ਪੁਰਾਣੇ ਰਾਗੀ ਆਟੇ ਵਾਲਾ ਧਾਮਾ ਵਰਤਦੇ ਸਨ, ਜਦਕਿ ਹੁਣ ਵਾਲੇ ਜਥੇ ਆਧੁਨਿਕ ਤਕਨੀਕ ਨਾਲ ਬਣੇ ਤਬਲੇ ਦੀ ਵਰਤੋਂ ਕਰਦੇ ਹਨ। ਆਟੇ ਵਾਲੇ ਕਈ ਤਬਲਾਵਾਦਕ ਧਰੁਪਦ ਧਮਾਰ ਸ਼ੈਲੀ ਦੇ ਮਾਹਿਰ ਸਨ।
ਤੰਤੀ ਸਾਜ਼ਾਂ ਦੇ ਪ੍ਰਚਲਨ ਨੂੰ ਮੁੜ ਹਰਮਨ ਪਿਆਰਾ ਬਣਾਉਣ ਲਈ ਜਵੱਦੀ ਟਕਸਾਲ ਲੁਧਿਆਣਾ ਦੇ ਬਾਨੀ ਸਵਰਗੀ ਸੰਤ ਸੁੱਚਾ ਸਿੰਘ ਦਾ ਅਹਿਮ ਰੋਲ ਰਿਹਾ ਹੈ ਅਤੇ ਉਨ੍ਹਾਂ ਦੇ ਜਾਨਸ਼ੀਨ ਬਾਬਾ ਅਮੀਰ ਸਿੰਘ ਵੀ ਉਥੇ ਸਥਾਪਤ ਗੁਰਸ਼ਬਦ ਸੰਗੀਤ ਅਕੈਡਮੀ ਰਾਹੀਂ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਸਿਖਲਾਈ ਦੇ ਕੇ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇਸੇ ਤਰ੍ਹਾਂ, ਸ੍ਰੀ ਭੈਣੀ ਸਾਹਿਬ ਵਿਖੇ ਨਾਮਧਾਰੀ ਪੰਥ ਵਲੋਂ ਵੀ ਸਮੁੱਚਾ ਕੀਰਤਨ ਤੰਤੀ ਸਾਜ਼ਾਂ ਨਾਲ ਹੀ ਕੀਤਾ ਜਾਂਦਾ ਹੈ। ਉਥੇ ਵੀ ਸਿਖਲਾਈ ਕੇਂਦਰ ਬਕਾਇਦਾ ਚੱਲ ਰਿਹਾ ਹੈ। ਗੁਰਮਤਿ ਸੰਗੀਤ ਅਕੈਡਮੀ ਅਨੰਦਪੁਰ ਸਾਹਿਬ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਇਸ ਬੰਨੇ ਸ਼ਲਾਘਾਯੋਗ ਉਪਰਾਲੇ ਕਰ ਰਹੇ ਹਨ। ਇਹ ਚੰਗੀ ਗੱਲ ਹੈ ਕਿ ਅਕਾਸ਼ਵਾਣੀ ਉੱਤੇ ਐਡੀਸ਼ਨ ਸਮੇਂ ਵਾਜੇ ਦੀ ਵਰਤੋਂ ਦੀ ਮਨਾਹੀ ਹੈ ਅਤੇ ਟੈਸਟ ਤਾਨਪੂਰੇ ਸਮੇਤ ਤੰਤੀ ਸਾਜ਼ਾਂ ਨਾਲ ਹੀ ਲਿਆ ਜਾਂਦਾ ਹੈ। ਤੰਤੀ ਸਾਜ਼ਾਂ ਦੀ ਪੁਨਰ ਸੁਰਜੀਤੀ ਲਈ ਇਹ ਸ਼ੁੱਭ ਸੰਕੇਤ ਹੈ।


-ਮੈਂਬਰ ਕੀਰਤਨ ਸਬ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ)। ਮੋਬਾ: 9815461710

ਲੁਪਤ ਹੁੰਦੀ ਜਾ ਰਹੀ ਹੈ ਸ਼ੇਰ-ਏ-ਪੰਜਾਬ ਦੀ ਬਾਰਾਂਦਰੀ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਆਪਣੇ ਰਾਜ ਦੌਰਾਨ ਬਣਵਾਈਆਂ ਆਲੀਸ਼ਾਨ ਬਾਰਾਂਦਰੀਆਂ 'ਚੋਂ ਲਾਹੌਰ ਵਿਚਲੇ ਸ਼ਾਹੀ ਕਿਲ੍ਹੇ ਦੇ ਸਾਹਮਣੇ ਹਜ਼ੂਰੀ ਬਾਗ਼ ਵਾਲੀ ਬਾਰਾਂਦਰੀ ਅਤੇ ਅੰਮ੍ਰਿਤਸਰ ਦੇ ਪਿੰਡ ਧਨੋਏ ਕਲਾਂ ਵਾਲੀ ਬਾਰਾਂਦਰੀ ਵਧੇਰੇ ਖ਼ੂਬਸੂਰਤ ਹੋਣ ਕਾਰਨ ਮੁੱਢ ਤੋਂ ਵਿਦੇਸ਼ੀ ਯਾਤਰੂਆਂ ਦੀ ਖਿੱਚ ਦਾ ਕੇਂਦਰ ਰਹੀਆਂ ਹਨ। ਮਹਾਰਾਜਾ ਵਲੋਂ ਲਾਹੌਰ 'ਚ ਬਣਵਾਈ ਹਜ਼ੂਰੀ ਬਾਗ਼ ਵਾਲੀ ਬਾਰਾਂਦਰੀ ਦੀਆਂ ਤਾਂ ਅੱਜ ਵੀ ਸ਼ਾਨਾਂ ਜਿਉਂ ਦੀਆਂ ਤਿਉਂ ਕਾਇਮ ਹਨ, ਜਦਕਿ ਅੰਮ੍ਰਿਤਸਰ ਵਿਚਲੀ ਧਨੋਏ ਕਲਾਂ ਵਾਲੀ ਬਾਰਾਂਦਰੀ ਸੇਵਾ ਸੰਭਾਲ ਨਾ ਹੋਣ ਕਰਕੇ ਚੰਦ ਕੁ ਮਹੀਨਿਆਂ, ਹਫ਼ਤਿਆਂ ਜਾਂ ਦਿਨਾਂ ਦੀ ਹੀ ਪ੍ਰਾਹੁਣੀ ਰਹਿ ਗਈ ਹੈ।
ਅੰਮ੍ਰਿਤਸਰ-ਅਟਾਰੀ ਸੜਕ 'ਤੇ ਅਟਾਰੀ ਤੋਂ ਕੋਈ ਡੇਢ-ਦੋ ਕਿਲੋਮੀਟਰ ਅੱਗੇ ਸੱਜੇ ਹੱਥ ਇਕ ਪੱਕੀ ਸੜਕ ਸਿੱਧੀ ਪਿੰਡ ਧਨੋਏ ਕਲਾਂ ਨੂੰ ਜਾਂਦੀ ਹੈ। ਹਿੰਦ-ਪਾਕਿ ਸਰਹੱਦ ਦੇ ਨਾਲ ਲਗਦੇ ਇਸ ਪਿੰਡ ਦੇ ਜਿਸ ਹਿੱਸੇ 'ਚ ਮਹਾਰਾਜੇ ਵਲੋਂ ਬਾਰਾਂਦਰੀ ਬਣਵਾਈ ਗਈ, ਇਹ ਲਾਹੌਰ-ਅੰਮ੍ਰਿਤਸਰ ਦਾ ਲਗਪਗ ਅੱਧ ਹੈ। ਇੱਥੋਂ ਜਿੰਨੀ ਦੂਰੀ 'ਤੇ ਲਾਹੌਰ ਆਬਾਦ ਹੈ, ਓਨੀ ਹੀ ਦੂਰੀ 'ਤੇ ਅੰਮ੍ਰਿਤਸਰ ਵਸਿਆ ਹੋਇਆ ਹੈ। ਬਾਰਾਂਦਰੀ ਵਾਲੇ ਸਥਾਨ 'ਤੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਅੰਮ੍ਰਿਤਸਰ ਆਉਂਦੇ ਹੋਏ ਜਾਂ ਵਾਪਸ ਪਰਤਦੇ ਹੋਏ ਪੜਾਅ ਰੱਖਦੇ ਅਤੇ ਵਿਸ਼ਰਾਮ ਕਰਦੇ ਸਨ। ਬਾਰਾਂਦਰੀ ਦੇ ਉੱਤਰ ਵਲੋਂ ਇਕ ਹੰਸਲੀ (ਨਹਿਰ) ਲੰਘਦੀ ਸੀ, ਜੋ ਬਾਦਸ਼ਾਹ ਸ਼ਾਹ ਜਹਾਨ ਨੇ ਸ਼ਾਲਾਮਾਰ ਬਾਗ਼ ਦੀ ਸਿੰਚਾਈ ਲਈ ਮਾਧੋਪੁਰ 'ਚੋਂ ਕਢਵਾਈ ਸੀ। ਅੱਜ ਵੀ ਇਹ ਬਾਰਾਂਦਰੀ ਵਾਲਾ ਸਥਾਨ ਸ਼ਾਲਾਮਾਰ ਬਾਗ਼ (ਲਾਹੌਰ) ਤੋਂ ਬਿਲਕੁਲ ਨੱਕ ਦੀ ਸੇਧ 'ਤੇ ਹੈ।
ਦੱਸਦੇ ਹਨ ਕਿ ਇਕ ਵਾਰ ਪਿੰਡ ਮੱਖਣ ਪੁਰ (ਮੌਜੂਦਾ ਸਮੇਂ ਇਹ ਪਿੰਡ ਧਨੋਏ ਕਲਾਂ ਤੋਂ 5-6 ਕਿੱਲੋਮੀਟਰ ਦੂਰ ਭਾਰਤੀ ਸਰਹੱਦ ਦੇ ਬਿਲਕੁਲ ਨਾਲ ਵਸਿਆ ਹੋਇਆ ਹੈ। ਬਹੁਤੇ ਲੇਖਕਾਂ ਨੇ ਭੁੱਲ ਨਾਲ ਇਸ ਪਿੰਡ ਦਾ ਨਾਂਅ ਮਖੱਣਵਿੰਡੀ ਲਿਖਿਆ ਹੈ, ਜਦਕਿ ਮਖੱਣਵਿੰਡੀ ਅਸਲ ਵਿਚ ਇੱਥੋਂ 45 ਕੁ ਕਿੱਲੋਮੀਟਰ ਦੂਰ ਵੇਰਕਾ ਦੇ ਪਾਸ ਹੈ) ਦੀ ਰਹਿਣ ਵਾਲੀ ਕਸ਼ਮੀਰੀ ਮੁਸਲਮਾਨ ਨ੍ਰਿਤਕੀ ਮੋਰਾਂ (ਬਾਅਦ ਵਿਚ ਰਾਣੀ ਮੋਰਾਂ ਬਣੀ) ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਮਨੋਰੰਜਨ ਲਈ ਉਪਰੋਕਤ ਬਾਰਾਂਦਰੀ ਦੇ ਸਥਾਨ 'ਤੇ ਨ੍ਰਿਤ ਪੇਸ਼ ਕਰਨ ਲਈ ਆ ਰਹੀ ਸੀ ਤਾਂ ਨਹਿਰ ਪਾਰ ਕਰਦੇ ਹੋਏ ਉਸ ਦੀ ਪਾਇਲ (ਕਈਆਂ ਨੇ ਪਾਇਲ ਦੀ ਜਗ੍ਹਾ ਜੁੱਤੀ ਲਿਖਿਆ ਹੈ) ਨਹਿਰ ਵਿਚ ਡਿਗ ਗਈ। ਤਦ ਮੋਰਾਂ ਨੇ ਮਹਾਰਾਜਾ ਨੂੰ ਉਲਾਂਭਾ ਦਿੰਦੇ ਹੋਏ ਕਿਹਾ ਕਿ ਉਹ ਉਦੋਂ ਤੱਕ ਨ੍ਰਿਤ ਨਹੀਂ ਕਰੇਗੀ, ਜਦੋਂ ਤੱਕ ਨਹਿਰ 'ਤੇ ਪੁਲ ਨਹੀਂ ਬਣ ਜਾਂਦਾ। ਮੋਰਾਂ ਦੀ ਫ਼ਰਮਾਇਸ਼ 'ਤੇ ਮਹਾਰਾਜਾ ਨੇ ਪੁਲ ਬਣਵਾ ਦਿੱਤਾ, ਜੋ ਬਾਅਦ ਵਿਚ 'ਪੁਲ ਕੰਜਰੀ' ਦੇ ਨਾਂਅ ਨਾਲ ਜਾਣਿਆ ਜਾਣ ਲੱਗਾ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਸਿੱਖੀ ਦੇ ਪ੍ਰਚਾਰ ਅਤੇ ਮਾਨਵ ਸੇਵਾ ਦਾ ਕੇਂਦਰ ਗੁਰਦੁਆਰਾ ਸੰਤਸਰ ਸਾਹਿਬ ਸੈਕਟਰ 38 ਵੈਸਟ ਚੰਡੀਗੜ੍ਹ

ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਕਰਤਾਰ ਸਿੰਘ ਭੈਰੋਂਮਾਜਰੇ ਵਾਲਿਆਂ ਤੋਂ ਇਲਾਵਾ ਹੋਰ ਵੀ ਸੰਤਾਂ-ਮਹਾਂਪੁਰਸ਼ਾਂ ਦੀ ਪ੍ਰੇਰਨਾ ਸਦਕਾ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਨੇ ਗੁਰਦੁਆਰਾ ਸੰਤਸਰ ਸਾਹਿਬ ਸੈਕਟਰ 38 ਵੈਸਟ ਚੰਡੀਗੜ੍ਹ ਵਿਖੇ ਅਸਥਾਨ ਦੀ ਕਾਰ ਸੇਵਾ ਆਰੰਭ ਕਰਵਾਈ ਅਤੇ ਇਸ ਦਾ ਨਾਂਅ ਵੀ ਗੁਰਦੁਆਰਾ ਸੰਤਸਰ ਸਾਹਿਬ ਹੀ ਰੱਖਿਆ ਗਿਆ। ਅੱਜ ਇਹ ਅਸਥਾਨ ਇਕ ਸਿੱਖ ਧਰਮ ਦੇ ਪ੍ਰਚਾਰ ਦਾ ਹੀ ਕੇਂਦਰ ਨਹੀਂ ਰਿਹਾ, ਬਲਕਿ ਦੀਨ-ਦੁਖੀਆਂ ਦੀ ਮਦਦ ਅਤੇ ਦੁਖੀ ਮਨੁੱਖਤਾ ਦੀ ਭਲਾਈ ਦਾ ਕੇਂਦਰ ਬਣਦਾ ਜਾ ਰਿਹਾ ਹੈ। ਸਿੱਖੀ ਦੇ ਪ੍ਰਚਾਰ ਅਤੇ ਮਨੁੱਖਤਾ ਦੀ ਭਲਾਈ ਲਈ ਸੰਤਾਂ ਨੇ ਨਾ ਸਿਰਫ ਗੁਰਮਤਿ ਦਾ ਪ੍ਰਚਾਰ ਕੀਤਾ, ਸਗੋਂ ਕਈਂ ਗੁਰੂ-ਘਰਾਂ ਦਾ ਸੇਵਾ ਕਾਰਜ ਵੀ ਸ਼ੁਰੂ ਕੀਤਾ ਅਤੇ ਦੇਸ਼-ਵਿਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਗੁਰੂ-ਘਰਾਂ ਦੀ ਸਥਾਪਨਾ ਕਰਵਾਈ ਅਤੇ ਸੇਵਾਵਾਂ ਲਗਾਤਾਰ ਚੱਲ ਰਹੀਆਂ ਹਨ।
ਸੰਤਾਂ ਵਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਹਰ ਸਾਲ ਲੋੜਵੰਦ ਪਰਿਵਾਰਾਂ ਦੇ ਵਿਆਹ ਸਮਾਗਮ ਕਰਵਾਏ ਜਾ ਰਹੇ ਹਨ, ਤਾਂ ਜੋ ਉਹ ਆਪਣੇ ਵਿਆਹੁਤਾ ਜੀਵਨ ਦੀ ਨਵੀਂ ਸ਼ੁਰੂਆਤ ਕਰ ਸਕਣ। ਗੁਰਦੁਆਰਾ ਸੰਤਸਰ ਸਾਹਿਬ ਸੈਕਟਰ 38 ਵੈਸਟ ਚੰਡੀਗੜ੍ਹ ਵਿਖੇ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਦੀ ਯੋਗ ਅਗਵਾਈ ਵਿਚ ਬਿਰਧ ਆਸ਼ਰਮ, ਯਤੀਮ ਆਸ਼ਰਮ, ਸਕੂਲ, ਚੈਰੀਟੇਬਲ ਹਸਪਤਾਲ, ਯਾਤਰੀ ਨਿਵਾਸ , ਲੰਗਰ, ਲਾਇਬ੍ਰੇਰੀ ਅਤੇ ਡਿਸਪੈਂਸਰੀ ਆਦਿ ਦੀਆਂ ਸੇਵਾਵਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿਖੇ ਇਕ ਵੱਡਾ ਹਸਪਤਾਲ ਸੰਗਤ ਦੀ ਸੇਵਾ ਲਈ ਚੈਰੀਟੇਬਲ ਸਹਾਇਤਾ ਪ੍ਰਦਾਨ ਕਰ ਰਿਹਾ ਹੈ, ਜਿਥੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ 1536 ਵਾਰ ਅੰਮ੍ਰਿਤ ਸੰਚਾਰ ਕਰਵਾ ਕੇ ਵੱਡੀ ਗਿਣਤੀ ਵਿਚ ਸੰਗਤ ਨੂੰ ਅਮ੍ਰਿਤ ਛਕਾਇਆ। ਹਰ ਸਾਲ ਸੰਤਾਂ ਵਲੋਂ ਉਪਰਾਲਾ ਕੀਤਾ ਜਾਂਦਾ ਹੈ ਅਤੇ ਵਿਸ਼ਾਲ ਅੱਖਾਂ ਦਾ ਕੈਂਪ ਲਾ ਕੇ ਮੁਫਤ ਆਪ੍ਰੇਸ਼ਨ ਕਰਵਾਏ ਜਾ ਰਹੇ ਹਨ, ਉਥੇ ਲੋੜਵੰਦਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਜਿਥੇ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਵਲੋਂ ਦੇਸ਼-ਵਿਦੇਸ਼ ਵਿਚ ਧਾਰਮਿਕ ਖੇਤਰ ਵਿਚ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਦੁਨਿਆਵੀ ਖੇਤਰ ਵਿਚ ਲੋੜਵੰਦਾਂ ਦੇ ਭਲੇ ਵਾਸਤੇ ਥਾਂ-ਥਾਂ 'ਤੇ ਮੁਫਤ ਕੈਂਪ ਅਤੇ ਹੋਰ ਬਿਮਾਰੀਆਂ ਦੇ ਮੁਫਤ ਇਲਾਜ ਵੀ ਕਰਵਾਏ ਜਾ ਰਹੇ ਹਨ।
ਗੁਰਦੁਆਰਾ ਸੰਤਸਰ ਸਾਹਿਬ ਸੈਕਟਰ 38 ਵੈਸਟ ਚੰਡੀਗੜ੍ਹ ਵਿਖੇ '25ਵਾਂ ਪ੍ਰਗਟਿਓ ਖਾਲਸਾ'ਦੇ ਸਬੰਧ 'ਚ ਸਾਲਾਨਾ ਗੁਰਮਤਿ ਸਮਾਗਮ 31 ਮਾਰਚ ਤੋਂ7 ਅਪ੍ਰੈਲ ਤੱਕ ਧਰਮ ਦੇ ਪ੍ਰਚਾਰਕ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਇਸ ਵਿਚ 31 ਮਾਰਚ ਤੋਂ 7 ਅਪ੍ਰੈਲ ਤੱਕ ਰੋਜ਼ਾਨਾ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਾਮ 7 ਤੋਂ ਰਾਤ 9 ਵਜੇ ਤੱਕ ਗੁਰਮਤਿ ਸਮਾਗਮ ਹੋਣਗੇ। ਇਸ ਤੋਂ ਇਲਾਵਾ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ 5 ਅਪ੍ਰੈਲ ਨੂੰ, ਦਸਤਾਰਬੰਦੀ ਮੁਕਾਬਲਾ ਮੁਕਾਬਲਾ 6 ਅਪ੍ਰੈਲ, ਅੰਮ੍ਰਿਤ ਸੰਚਾਰ 6 ਅਪ੍ਰੈਲ ਅਤੇ ਖੂਨਦਾਨ ਕੈਂਪ 7 ਅਪ੍ਰੈਲ ਨੂੰ ਲਾਇਆ ਜਾਵੇਗਾ। ਸਮੁੱਚੀ ਸੰਗਤ ਦੇ ਆਉਣ ਅਤੇ ਜਾਣ ਲਈ ਅਸਥਾਨ ਵਲੋਂ ਮੁਫਤ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।


-ਮੁਹਾਲੀ। ਮੋਬਾ: 98157-07865

ਸੁਜਾਖੇ-ਸੂਰਮੇ ਭਾਈ ਗੁਰਮੇਜ ਸਿੰਘ ਨੂੰ ਸਿਜਦਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ
ਦਾ ਅੰਕ ਦੇਖੋ)
ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਈ ਪਾਲਾ ਤੇ ਭਾਈ ਜੱਸਾ ਰਬਾਬੀ ਸਿੰਘ ਵੀ ਕੀਰਤਨ ਕਰਦੇ ਸਨ। ਕਦੇ-ਕਦੇ ਕਿਸੇ ਜਥੇ ਦੇ ਸਾਥੀ ਦੀ ਛੁੱਟੀ ਦੌਰਾਨ ਕੀਰਤਨ ਕਰਨ ਦਾ ਇਨ੍ਹਾਂ ਨੂੰ ਸਹਾਇਕ ਸਾਥੀ ਵਜੋਂ ਮੌਕਾ ਪ੍ਰਾਪਤ ਹੋ ਜਾਂਦਾ। ਸੈਂਟਰਲ ਖ਼ਾਲਸਾ ਯਤੀਮਖਾਨੇ ਵਿਚ ਭਾਈ ਸਾਹਿਬ ਨੇ ਰਾਗ ਆਸਾ ਜੋ ਸਵੇਰ-ਸ਼ਾਮ ਦਾ ਰਾਗ ਹੈ ਤੇ ਜਿਸ ਵਿਚ ਆਸਾ ਦੀ ਵਾਰ ਗਾਈ ਜਾਂਦੀ ਹੈ, ਤੋਂ ਇਲਾਵਾ ਰਾਗ ਭੈਰਉ, ਕਲਿਆਣ, ਸਾਰੰਗ ਆਦਿ 10-12 ਰਾਗ ਸਿੱਖੇ ਅਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਰੀਤਾਂ-ਬੰਦਸ਼ਾਂ 'ਚ ਕੀਰਤਨ ਕਰਨਾ ਸਿੱਖਿਆ।
ਸੈਂਟਰਲ ਖ਼ਾਲਸਾ ਯਤੀਮਖਾਨੇ 'ਚ ਜਿਸ ਸਮੇਂ ਭਾਈ ਸਾਹਿਬ ਦਾ ਰਾਗੀ ਜਥਾ ਤਿਆਰ ਹੋ ਗਿਆ ਤਾਂ ਕਦੇ-ਕਦੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਾਜ਼ਰੀ ਭਰਨ ਲਈ ਹਾਜ਼ਰ ਹੁੰਦੇ। 1958 ਈ: ਵਿਚ ਭਾਈ ਗੁਰਮੇਜ ਸਿੰਘ ਨੇ ਭਰ-ਜੁਆਨੀ 'ਚ ਆਪਣਾ ਜਥਾ ਬਣਾ ਕੇ ਗੁਰਦੁਆਰਾ ਨਾਨਕਸਰ ਵੇਰਕਾ 'ਚ ਕੀਰਤਨ ਸੇਵਾ ਸ਼ੁਰੂ ਕੀਤੀ। ਵੇਰਕੇ ਤੋਂ ਬਾਅਦ ਭਾਈ ਸਾਹਿਬ ਦੇਹਰਾਦੂਨ ਚਲੇ ਗਏ ਜਿੱਥੇ 1960 ਈ: ਤੋਂ 1971 ਈ: ਤੱਕ ਲਗਾਤਾਰ 11 ਸਾਲ ਕੀਰਤਨ ਸੇਵਾ ਕਰਦੇ ਰਹੇ। ਭਾਈ ਸਾਹਿਬ ਆਮ ਕਰਕੇ ਨਿਰਧਾਰਿਤ ਰਾਗਾਂ, ਸਧਾਰਨ ਰੀਤਾਂ ਤੇ ਬੰਦਸ਼ਾਂ ਰਾਹੀਂ ਕੀਰਤਨ ਕਰਦੇ ਰਹੇ। ਫ਼ਿਲਮੀ ਤਰਜ਼ਾਂ 'ਤੇ ਗਾਣਿਆਂ ਦੀ ਗਾਇਨ ਸ਼ੈਲੀ ਤੋਂ ਹਮੇਸ਼ਾ ਪ੍ਰਹੇਜ਼ ਕੀਤਾ। ਇਕ ਵਿਸ਼ੇ ਨਾਲ ਸਬੰਧਿਤ ਗੁਰਬਾਣੀ ਸ਼ਬਦਾਂ ਦੀ ਚੋਣ, ਉਸ ਤਰ੍ਹਾਂ ਹੀ ਪ੍ਰਮਾਣਾਂ ਦੀ ਵਰਤੋਂ ਕਰਕੇ, ਇਨ੍ਹਾਂ ਦੀ ਅਲੱਗ ਗਾਇਨ ਸ਼ੈਲੀ ਬਣ ਗਈ, ਜਿਸ ਨੂੰ ਲੋਕਾਂ ਖੂਬ ਸੁਣਿਆ-ਸਲਾਹਿਆ।
ਸੰਨ 1971 'ਚ ਭਾਈ ਗੁਰਮੇਜ ਸਿੰਘ ਦੀ ਚੋਣ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਹੋ ਗਈ। ਚੋਣ ਕਮੇਟੀ 'ਚ ਮੁੱਖ ਗ੍ਰੰਥੀ, ਸ੍ਰੀ ਹਰਿਮੰਦਰ ਸਾਹਿਬ, ਹਜ਼ੂਰੀ ਰਾਗੀ ਭਾਈ ਹਰੀ ਸਿੰਘ, ਭਾਈ ਵਰਿਆਮ ਸਿੰਘ, ਭਾਈ ਜੋਧ ਸਿੰਘ ਰੇਡੀਓ ਸਟੇਸ਼ਨ, ਜਲੰਧਰ ਦੇ ਸਨ। ਸੰਨ 1971 ਤੋਂ 1998 ਤੱਕ ਨਿਰੰਤਰ ਹਜ਼ੂਰੀ ਰਾਗੀ ਸਿੰਘ ਵਜੋਂ ਕੀਰਤਨ ਸੇਵਾ ਕੀਤੀ। ਇਸ ਸਮੇਂ ਦੌਰਾਨ ਭਾਈ ਨਿਰਮਲ ਸਿੰਘ, ਭਾਈ ਸਰਬਜੀਤ ਸਿੰਘ ਲਾਡੀ, ਭਾਈ ਸ਼ੌਕੀਨ ਸਿੰਘ, ਭਾਈ ਜਗਤਾਰ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਕਿਰਪਾਲ ਸਿੰਘ ਨੇ ਸਹਾਇਕ ਰਾਗੀ ਵਜੋਂ ਸੇਵਾ ਨਿਭਾਈ। ਭਾਈ ਸਾਹਿਬ ਦੇ ਕਾਰਜ ਕਾਲ ਸਮੇਂ ਹੀ ਜੂਨ, 1984 ਦਾ ਭਿਆਨਕ ਘੱਲੂਘਾਰਾ ਵਾਪਰਿਆ, ਇਨ੍ਹਾਂ ਭਿਆਨਕ ਦਿਨਾਂ ਵਿਚ 6 ਜੂਨ ਨੂੰ ਕੀਰਤਨ ਸੇਵਾ ਨਹੀਂ ਕਰ ਸਕੇ। ਭਾਈ ਗੁਰਮੇਜ ਸਿੰਘ ਦਾ ਘਰ ਘੰਟਾ-ਘਰ ਬਾਹੀ 'ਤੇ ਪਰਿਕਰਮਾ ਦੇ ਉੱਪਰ ਸੀ, 'ਭਾਰਤੀ ਫ਼ੌਜ' ਇਨ੍ਹਾਂ ਦੇ ਘਰ ਦੇ ਸਾਮਾਨ ਦੀ 'ਸੇਵਾ' ਵੀ ਕਰ ਗਈ।
ਕੀਰਤਨ ਕਰਨ ਵਾਸਤੇ ਭਾਈ ਗੁਰਮੇਜ ਸਿੰਘ ਨੂੰ ਦੇਸ਼-ਪ੍ਰਦੇਸ਼ ਦੇ ਕੋਨੇ-ਕੋਨੇ ਤੋਂ ਬੁਲਾਇਆ ਗਿਆ। ਪਾਕਿਸਤਾਨ, ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਡ, ਥਾਈਲੈਂਡ, ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਵੀ ਭਾਈ ਸਾਹਿਬ ਕੀਰਤਨ ਸੇਵਾ ਕਰ ਚੁੱਕੇ ਹਨ।
ਭਾਈ ਸਾਹਿਬ ਦਾ ਅਨੰਦ ਕਾਰਜ ਸੰਨ 1965 ਵਿਚ ਬੀਬੀ ਬਲਬੀਰ ਕੌਰ ਨਾਲ ਹੋਇਆ। ਭਾਈ ਸਾਹਿਬ ਦੇ ਦੋ ਸਪੁੱਤਰ ਤੇ ਦੋ ਸਪੁੱਤਰੀਆਂ ਹਨ। ਇਕ ਬੀਬੀ ਸਤਨਾਮ ਕੌਰ ਨਿਊਜ਼ੀਲੈਂਡ ਤੇ ਬੀਬੀ ਜਗਜੀਤ ਕੌਰ ਹੁਸ਼ਿਆਰਪੁਰ ਵਿਆਹੀ ਹੋਈ ਹੈ। ਇਨ੍ਹਾਂ ਦੇ ਸਪੁੱਤਰ ਭਾਈ ਗੁਰਪ੍ਰੀਤ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਹਨ, ਜੋ ਦੋਵੋਂ ਹੀ ਪ੍ਰਸਿੱਧ ਤਬਲਾਵਾਦਕ ਹਨ। ਭਾਈ ਹਰਪ੍ਰੀਤ ਸਿੰਘ (ਭਗਤ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਹੀ ਪ੍ਰਸਿੱਧ ਰਾਗੀ ਭਾਈ ਰਵਿੰਦਰ ਸਿੰਘ ਨਾਲ ਤਬਲੇ ਦੀ ਸੇਵਾ ਕਰਦੇ ਹਨ।
ਜਿਸ ਸਮੇਂ ਭਾਈ ਗੁਰਮੇਜ ਸਿੰਘ ਹਜ਼ੂਰੀ ਰਾਗੀ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਦੀ ਸੇਵਾ ਨਿਭਾਉਂਦੇ ਸਨ, ਉਸ ਸੇਵਾ ਸਮੇਂ ਕੈਸਿਟ ਕੰਪਨੀਆਂ ਕੀਰਤਨ ਦੀ ਰਿਕਾਰਡਿੰਗ ਕਰਕੇ ਗੁਰਬਾਣੀ ਤੇ ਆਵਾਜ਼ ਦੀ ਸੰਭਾਲ ਕਰਦੀਆਂ ਸਨ। ਭਾਈ ਸਾਹਿਬ ਦੀ ਪਹਿਲੀ ਕੈਸਿਟ ਮਿਊਜ਼ਿਕ ਟੂਡੇ ਨੇ ਰਿਕਾਰਡ ਕੀਤੀ। ਇਸ ਤੋਂ ਇਲਾਵਾ 14-15 ਕੈਸਿਟਾਂ ਹੋਰ ਰਿਕਾਰਡ ਹੋਈਆਂ। ਸ੍ਰੀ ਦਰਬਾਰ ਸਾਹਿਬ ਕੀਰਤਨ ਕਰਦਿਆਂ ਦੀ ਜੋ ਰਿਕਾਰਡਿੰਗ ਹੋਈ, ਉਹ ਅਲੱਗ ਹੈ।
ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਦੇ 500-ਸਾਲਾ ਪ੍ਰਕਾਸ਼ ਗੁਰਪੁਰਬ ਸਮੇਂ ਭਾਈ ਗੁਰਮੇਜ ਸਿੰਘ ਦੇਹਰਾਦੂਨ 'ਚ ਜਥੇ ਸਮੇਤ ਕੀਰਤਨ ਦੀ ਸੇਵਾ ਕਰਦੇ ਸਨ। ਭਾਈ ਸਾਹਿਬ ਦੇ ਦੱਸਣ ਅਨੁਸਾਰ ਉਸ ਸਮੇਂ ਦੇਸ਼ ਭਰ 'ਚੋਂ ਨੇਤਰਹੀਣਾਂ ਨੂੰ ਇਕੱਤਰ ਕਰਕੇ ਉਨ੍ਹਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ ਤਾਂ ਕਿ ਦਾਨ ਵਿਚ ਆਈਆਂ ਅੱਖਾਂ ਲਗਾ ਕੇ ਰੌਸ਼ਨੀ ਪ੍ਰਦਾਨ ਕੀਤੀ ਜਾ ਸਕੇ। ਭਾਈ ਸਾਹਿਬ ਦੀਆਂ ਅੱਖਾਂ ਦੀ ਰੌਸ਼ਨੀ ਤਾਂ ਆ ਨਹੀਂ ਸੀ ਸਕਦੀ। ਭਾਈ ਸਾਹਿਬ ਨੇ ਫ਼ੈਸਲਾ ਕੀਤਾ ਕਿ ਜਿਨ੍ਹਾਂ ਅੰਧਿਆਂ-ਸੂਰਮਿਆਂ ਦੀਆਂ ਅੱਖਾਂ ਨਹੀਂ ਬਦਲੀਆਂ ਜਾ ਸਕਦੀਆਂ, ਉਨ੍ਹਾਂ ਨੂੰ ਗਿਆਨ ਦੀਆਂ ਅੱਖਾਂ ਬਰੇਲ ਲਿਪੀ ਵਿਚ ਗੁਰਬਾਣੀ ਪੜ੍ਹਨ ਦੀ ਸੂਝ-ਸਹੂਲਤ ਦਿੱਤੀ ਜਾਵੇ। ਇਸ ਤੋਂ ਪਹਿਲਾਂ ਗੁਰਬਾਣੀ ਨੂੰ ਸੁਣ ਕੇ ਯਾਦ ਕੀਤਾ ਜਾਂਦਾ ਸੀ। ਸੂਰਮੇ ਸਿੰਘ ਵਜੋਂ ਭਾਈ ਸਾਹਿਬ ਨੇ ਸੈਂਟਰਲ ਖ਼ਾਲਸਾ ਯਤੀਮਖਾਨੇ ਅੰਮ੍ਰਿਤਸਰ ਵਿਚ 'ਬਰੇਲ ਲਿਪੀ' ਪੜ੍ਹੀ ਸੀ। ਦੇਹਰਾਦੂਨ ਵਿਚ ਉਸ ਸਮੇਂ ਭਾਰਤ ਸਰਕਾਰ ਦੀ ਬਰੇਲ ਪ੍ਰੈੱਸ ਸਥਾਪਤ ਸੀ।
ਭਾਈ ਗੁਰਮੇਜ ਸਿੰਘ ਬਰੇਲ ਪ੍ਰੈੱਸ ਵਿਚ ਗਏ ਤੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਗੁਰਪੁਰਬ ਸਮੇਂ ਅਸੀਂ 500 ਸੁਖਮਨੀ ਸਾਹਿਬ ਦੇ ਗੁਟਕੇ 'ਬਰੇਲ ਲਿਪੀ' ਵਿਚ ਛਾਪ ਕੇ ਵੰਡਣੇ ਹਨ, ਛਾਪ ਦਿਉ। ਭਾਰਤ ਨੇਤਰਹੀਣ ਸੁਸਾਇਟੀ ਲੁਧਿਆਣਾ ਵਲੋਂ ਮਨਜ਼ੂਰੀ ਲੈ ਕੇ ਭਾਈ ਸਾਹਿਬ ਨੇ ਇਹ ਕਾਰਜ ਆਰੰਭ ਕਰਕੇ, ਸੰਪੂਰਨ ਕਰਵਾਇਆ। ਬਰੇਲ ਲਿਪੀ 'ਚ ਸੁਧਾਈ, ਪਰੂਫ਼-ਰੀਡਿੰਗ ਦਾ ਕਠਿਨ ਕਾਰਜ ਭਾਈ ਸਾਹਿਬ ਨੇ ਖ਼ੁਦ ਕੀਤਾ। ਸੁਖਮਨੀ ਸਾਹਿਬ ਦਾ ਪਹਿਲਾ ਬਰੇਲ ਲਿਪੀ ਵਿਚ ਗੁਟਕਾ ਤਿਆਰ ਕਰਵਾ ਕੇ ਵੰਡਣ ਦੀ ਸੇਵਾ ਸਦਕਾ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਹਜ਼ੂਰੀ ਰਾਗੀ ਵਜੋਂ ਕੀਰਤਨ ਕਰਨ ਦੀ ਸੇਵਾ-ਸਨਮਾਨ-ਸਤਿਕਾਰ ਪ੍ਰਾਪਤ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਸ਼ਤਾਬਦੀ ਸਮੇਂ ਭਾਈ ਗੁਰਮੇਜ ਸਿੰਘ ਨੇ ਬਰੇਲ ਲਿਪੀ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪ੍ਰਕਾਸ਼ਿਤ ਕਰਵਾ ਕੇ ਵੰਡਣ ਦਾ ਇਤਿਹਾਸਕ ਕਾਰਜ ਕੀਤਾ।
ਗੁਰੂ ਅਮਰਦਾਸ ਜੀ ਦੇ 500 ਸਾਲਾ ਪ੍ਰਕਾਸ਼ ਗੁਰਪੁਰਬ ਸਮੇਂ ਸੰਨ 1979 ਵਿਚ ਭਾਈ ਗੁਰਮੇਜ ਸਿੰਘ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਨਿਤਨੇਮ ਦੀਆਂ ਬਾਣੀਆਂ ਦਾ ਗੁਟਕਾ ਬਰੇਲ ਲਿਪੀ ਵਿਚ ਛਾਪ ਕੇ 'ਸੂਰਮੇ ਸਿੰਘਾਂ' ਨੂੰ ਵੰਡਣ ਦੀ ਸਲਾਹ ਦਿੱਤੀ, ਜੋ ਉਨ੍ਹਾਂ ਪ੍ਰਵਾਨ ਕਰਦਿਆਂ ਹਰ ਤਰ੍ਹਾਂ ਦੇ ਖਰਚੇ ਕਰਨ ਦੀ ਮਨਜ਼ੂਰੀ ਦਿੱਤੀ। ਨਿਤਨੇਮ ਦੀਆਂ ਬਾਣੀਆਂ ਦਾ ਗੁਟਕਾ 500 ਦੀ ਗਿਣਤੀ ਵਿਚ ਛਾਪ ਕੇ ਸੂਰਮੇ ਸਿੰਘਾਂ ਨੂੰ ਵੰਡਿਆ ਗਿਆ ਤਾਂ ਕਿ ਗੁਰਬਾਣੀ ਖ਼ੁਦ ਪੜ੍ਹ ਕੇ ਯਾਦ ਕਰ ਸਕਣ। ਬਰੇਲ ਲਿਪੀ ਦੀ ਮੁਹਾਰਤ ਹੋਣ ਕਰਕੇ ਇਹ ਕਾਰਜ ਭਾਈ ਗੁਰਮੇਜ ਸਿੰਘ ਸਮੇਂ-ਸਮੇਂ ਕਰਦੇ ਰਹੇ। ਭਾਈ ਗੁਰਮੇਜ ਸਿੰਘ ਦੀ ਸੂਝ-ਸਮਝ, ਸਿਰੜ ਸਦਕਾ ਹੀ ਜੂਨ, 1984 ਤੋਂ ਪਹਿਲਾਂ ਪੰਜ ਸ਼ਬਦੀ ਆਸਾ ਦੀ ਵਾਰ (1981), ਭਗਤ ਬਾਣੀ ਦੋ ਭਾਗਾਂ ਵਿਚ (1983) ਵੀ ਬਰੇਲ ਲਿਪੀ ਵਿਚ ਲਿਪੀਅੰਤਰਣ ਕਰਕੇ ਛਪ ਚੁੱਕੀ ਸੀ। ਗੁਰਬਾਣੀ ਦੀਆਂ ਇਹ ਪੋਥੀਆਂ ਕੁਝ ਤਾਂ ਵੰਡੀਆਂ ਜਾ ਚੁੱਕੀਆਂ ਸਨ ਤੇ ਬਾਕੀ ਜੂਨ, 1984 ਦੇ ਘੱਲੂਘਾਰੇ ਦੌਰਾਨ ਅਗਨ-ਭੇਟ ਹੋ ਗਈਆਂ। ਇਹ ਦੁਖਾਂਤ ਵਾਪਰਨ ਕਰਕੇ ਭਾਈ ਗੁਰਮੇਜ ਸਿੰਘ ਵੀ ਇਸ ਕਾਰਜ ਨੂੰ ਅੱਗੇ ਨਾ ਵਧਾ ਸਕੇ।
ਭਾਈ ਗੁਰਮੇਜ ਸਿੰਘ ਜੀ ਨੇ ਸੰਨ 1971 ਤੋਂ ਸੰਨ 1998 ਤੱਕ ਨਿਰੰਤਰ ਸ੍ਰੀ ਹਰਿਮੰਦਰ ਸਾਹਿਬ ਹਜ਼ੂਰੀ ਰਾਗੀ ਵਜੋਂ ਭੈ-ਭਾਵਨੀ ਨਾਲ ਹਾਜ਼ਰੀ ਭਰੀ। ਸਿਹਤ ਸਾਜਗਾਰ ਨਾ ਹੋਣ ਕਾਰਨ ਇਨ੍ਹਾਂ ਨੇ ਆਪ ਸੇਵਾ-ਮੁਕਤੀ ਲਈ, ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਨੂੰ ਸੇਵਾ-ਮੁਕਤ ਨਹੀਂ ਕੀਤਾ। ਕੀਰਤਨ ਸੇਵਾ ਦੀ ਨਿਰੰਤਰ ਹਾਜ਼ਰੀ ਛੱਡ ਕੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਨੇ 1969 ਈ: ਆਰੰਭ ਕੀਤੇ ਸਦਾਬਹਾਰ, ਸਦੀਆਂ ਤੱਕ ਤੋੜ ਨਿਭਣ ਵਾਲੇ ਕਾਰਜ ਨੂੰ ਸੰਪੂਰਨ ਕਰਨ ਲਈ ਆਪਣੇ ਜੀਵਨ ਨੂੰ ਸਮਰਪਿਤ ਕਰ ਦਿੱਤਾ। ਸੰਨ 1984 ਤੋਂ 1998 ਤੱਕ ਗੁਰਬਾਣੀ ਨੂੰ ਬਰੇਲ ਲਿਪੀ ਵਿਚ ਲਿਪੀਅੰਤਰਣ ਕਰਨ ਦਾ ਕਾਰਜ ਬੰਦ ਪਿਆ ਸੀ, ਨੂੰ ਦੁਬਾਰਾ ਸ਼ੁਰੂ ਕੀਤਾ। ਵੈਸੇ ਤਾਂ ਕਿਸੇ ਵੀ ਭਾਸ਼ਾ ਵਿਚ ਕਿਸੇ ਸਾਹਿਤ ਨੂੰ ਬਰੇਲ ਲਿਪੀ ਵਿਚ ਲਿਖਣਾ ਕਠਿਨ ਕਾਰਜ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਪਵਿੱਤਰ-ਬਾਣੀ ਨੂੰ ਬਰੇਲ ਭਾਸ਼ਾ ਵਿਚ ਲਿਪੀਆਂਤਰਣ ਕਰਨਾ ਤਾਂ ਪਿੰਗਲੇ ਦਾ ਸੁਮੇਰ ਪਰਬਤ ਸਰ ਕਰਨ ਬਰਾਬਰ ਹੈ। ਕਾਰਨ ਗੁਰਬਾਣੀ ਵਿਆਕਰਣ ਅਨੁਸਾਰ ਜੇਕਰ ਕੋਈ ਲਗਾ-ਮਾਤਰਾ ਵਧ-ਘਟ ਜਾਵੇ ਤਾਂ ਅਰਥ ਮੂਲ ਰੂਪ ਵਿਚ ਬਦਲ ਜਾਂਦੇ ਹਨ। ਇਸ ਕਾਰਨ ਗੁਰਬਾਣੀ ਦੀ ਛਪਾਈ ਸਮੇਂ ਬਹੁਤ ਹੀ ਸੁਹਿਰਦਤਾ ਨਾਲ ਸੋਧ ਕੀਤੀ ਜਾਂਦੀ ਹੈ। ਬਰੇਲ ਲਿਪੀ ਉਹ ਲਿਪੀ ਹੈ, ਜਿਸ ਨੂੰ 'ਸੂਰਮੇ ਸਿੰਘ' ਜਾਂ ਅੱਖਾਂ ਦੀ ਰੌਸ਼ਨੀ ਤੋਂ ਰਹਿਤ ਮਨੁੱਖ ਉਂਗਲ ਨਾਲ ਟੋਹ ਕੇ, ਮਹਿਸੂਸ ਕਰਕੇ, ਅਨੁਭਵ ਨਾਲ ਪੜ੍ਹਦੇ ਹਨ, ਜਿਸ ਵਾਸਤੇ ਬਹੁਤ ਹੀ ਇਕਾਗਰਤਾ ਦੀ ਜ਼ਰੂਰਤ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ ਦੇਖੋ)


-ਮੋਬਾ: 98146-37979
E-mail : roopsz@yahoo.com

ਸ਼ਬਦ ਵਿਚਾਰ

ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ॥

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਸਿਰੀਰਾਗ ਮਹਲਾ ੩
ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ
ਤ੍ਰੈ ਗੁਣ ਭਰਮਿ ਭੁਲਾਇ॥
ਪੜੀਐ ਗੁਣੀਐ ਕਿਆ ਕਥੀਐ
ਜਾ ਮੁੰਢਹੁ ਘੁਥਾ ਜਾਇ॥
ਚਉਥੇ ਪਦ ਮਹਿ ਸਹਜੁ ਹੈ
ਗੁਰਮੁਖਿ ਪਲੈ ਪਾਇ॥ ੬॥
ਨਿਰਗੁਣ ਨਾਮੁ ਨਿਧਾਨੁ ਹੈ
ਸਹਜੇ ਸੋਝੀ ਹੋਇ॥
ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ॥
ਭੁਲਿਆ ਸਹਜਿ ਮਿਲਾਇਸੀ
ਸਬਦਿ ਮਿਲਾਵਾ ਹੋਇ॥ ੭॥
ਬਿਨ ਸਹਜੈ ਸਭੁ ਅੰਧੁ ਹੈ
ਮਾਇਆ ਮੋਹੁ ਗੁਬਾਰੁ॥
ਸਹਜੇ ਹੀ ਸੋਝੀ ਪਈ
ਸਚੈ ਸਬਦਿ ਅਪਾਰਿ॥
ਆਪੇ ਬਖਸਿ ਮਿਲਾਇਅਨੁ
ਪੂਰੇ ਗੁਰ ਕਰਤਾਰਿ॥ ੮॥
ਸਹਜੇ ਅਦਿਸਟੁ ਪਛਾਣੀਐ
ਨਿਰਭਉ ਜੋਤਿ ਨਿਰੰਕਾਰੁ॥
ਸਭਨਾ ਜੀਆ ਕਾ ਇਕੁ ਦਾਤਾ
ਜੋਤੀ ਜੋਤਿ ਮਿਲਾਵਣਹਾਰੁ॥
ਪੂਰੈ ਸਬਦਿ ਸਾਲਾਹੀਐ
ਜਿਸ ਦਾ ਅੰਤੁ ਨ ਪਾਰਾਵਾਰੁ॥ ੯॥
ਗਿਆਨੀਆ ਕਾ ਧਨੁ ਨਾਮੁ ਹੈ
ਸਹਜਿ ਕਰਹਿ ਵਾਪਾਰੁ॥
ਅਨਦਿਨੁ ਲਾਹਾ ਹਰਿ ਨਾਮੁ ਲੈਨਿ
ਅਖੁਟ ਭਰੇ ਭੰਡਾਰ॥
ਨਾਨਕ ਤੋਟਿ ਨ ਆਵਈ
ਦੀਏ ਦੇਵਣਹਾਰਿ॥ ੧੦॥ ੬॥ ੨੩॥
(ਅੰਗ 68-69)
ਪਦ ਅਰਥ : ਤ੍ਰਿਹੁ ਗੁਣਾ-ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ)। ਸਹਜੁ-ਸਹਿਜ ਅਵਸਥਾ। ਭਰਮਿ-ਭਟਕਣਾ। ਭੁਲਾਇ-ਭੁਲਾਈ ਰੱਖਦਾ ਹੈ, ਕੁਰਾਹੇ ਪਿਆ ਰਹਿੰਦਾ ਹੈ। ਗੁਣੀਐ-ਵਿਚਾਰਨ ਦਾ। ਕਿਆ ਕਥੀਐ-ਸੁਣਾਉਣ ਦਾ ਕੀ ਲਾਭ। ਜਾ-ਜਦੋਂ। ਮੁੰਢਹੁ-ਮੂਲ ਪ੍ਰਭੂ। ਘੁਥਾ ਜਾਇ-ਖੁੰਝ ਕੇ ਕੁਰਾਹੇ ਪੈ ਜਾਂਦਾ ਹੈ। ਚਉਥੇ ਪਦ ਮਹਿ ਸਹਜੁ ਹੈ-ਮਾਇਆ ਦੇ ਤਿੰਨਾਂ ਗੁਣਾਂ ਤੋਂ ਅਗਲਾ ਚੌਥਾ ਗੁਣ ਅਰਥਾਤ ਸਹਿਜ ਅਵਸਥਾ ਹੈ। ਗੁਰਮੁਖਿ ਪਲੈ ਪਾਇ-ਗੁਰੂ ਦੁਆਰਾ ਪ੍ਰਾਪਤ ਹੁੰਦੀ ਹੈ।
ਨਿਰਗੁਣ-ਮਾਇਆ ਦੇ ਤਿੰਨਾਂ ਗੁਣਾਂ ਤੋਂ ਨਿਰਲੇਪ। ਨਿਧਾਨੁ-ਖਜ਼ਾਨਾ। ਗੁਣਵੰਤੀ-ਗੁਣਾਂ ਵਾਲੇ ਜਗਿਆਸੂ। ਭੁਲਿਆ-ਕੁਰਾਹੇ ਪਿਆਂ ਹੋਇਆਂ ਨੂੰ ਵੀ। ਮਿਲਾਇਸੀ-ਮਿਲਾ ਦੇਵੇਗਾ। ਸਬਦਿ ਮਿਲਾਵਾ ਹੋਇ-ਗੁਰੂ ਦੇ ਸ਼ਬਦ ਦੁਆਰਾ ਮਿਲਾਪ ਹੁੰਦਾ ਹੈ। ਅੰਧੁ-ਹਨੇਰਾ, ਅਗਿਆਨਤਾ। ਗੁਬਾਰੁ-ਘੁੱਪ ਹਨੇਰਾ। ਮਿਲਾਇਅਨੁ-ਮਿਲਾ ਲਿਆ ਹੈ, ਮਿਲਾ ਲਿਆ ਹੁੰਦਾ ਹੈ।
ਸਹਜੇ-ਸਹਿਜ ਅਵਸਥਾ। ਅਦਿਸਟੁ-ਜੋ (ਅੱਖਾਂ ਨਾਲ) ਦੇਖਿਆ ਨਹੀਂ ਜਾ ਸਕਦਾ। ਨਿਰਭਉ-ਡਰ ਤੋਂ ਰਹਿਤ, ਜਿਸ ਨੂੰ ਕਿਸੇ ਦਾ ਡਰ ਨਹੀਂ। ਜੋਤਿ-ਚਾਨਣ ਸਰੂਪ, ਪ੍ਰਕਾਸ਼ ਰੂਪ। ਨਿਰੰਕਾਰੁ-ਨਿਰਾਕਾਰ। ਪੂਰੈ ਸਬਦਿ-ਪੂਰੇ ਗੁਰੂ ਦੇ ਸ਼ਬਦ ਦੁਆਰਾ। ਸਾਲਾਹੀਐ-ਸਾਲਾਉਣਾ ਚਾਹੀਦਾ ਹੈ, ਸਿਫਤ ਸਾਲਾਹ ਕਰਨੀ ਚਾਹੀਦੀ ਹੈ। ਪਾਰਾਵਾਰੁ-ਉਰਲਾ ਪਾਰਲਾ ਬੰਨਾ।
ਗਿਆਨੀਆ ਕਾ-ਗਿਆਨਵਾਨ ਪੁਰਖਾਂ ਦਾ। ਧਨੁ-ਧਨ ਦੌਲਤ, ਸਰਮਾਇਆ। ਸਹਜਿ ਕਰਹਿ ਵਾਪਾਰੁ-ਸਹਜ ਅਵਸਥਾ ਵਿਚ ਟਿਕ ਕੇ ਨਾਮ ਧਨ ਦਾ ਵਪਾਰ ਕਰਦੇ ਹਨ। ਅਨਦਿਨੁ-ਹਰ ਦਿਨ, ਹਰ ਵੇਲੇ। ਲਾਹਾ ਲੈਨਿ-ਲਾਭ ਲੈਂਦੇ ਹਨ, ਲਾਭ ਖੱਟਦੇ ਹਨ। ਅਖੁਟ-ਨਾ ਮੁੱਕਣ ਵਾਲੇ। ਭੰਡਾਰ-ਖਜ਼ਾਨੇ।
ਮਨ ਦੀ ਹਰ ਪੱਧਰ 'ਤੇ ਜੋ ਹਾਲਤ ਹੁੰਦੀ ਹੈ, ਉਸ ਨੂੰ ਅਵਸਥਾ ਆਖਦੇ ਹਨ। ਆਮ ਤੌਰ 'ਤੇ ਮਨੁੱਖੀ ਮਨ ਤਿੰਨ ਵੱਖ-ਵੱਖ ਅਵਸਥਾਵਾਂ ਵਿਚ ਵਿਚਰਦਾ ਹੈ। ਉਹ ਹਨ ਤਮੋ ਗੁਣ, ਰਜੋ ਗੁਣ ਅਤੇ ਸਤੋ ਗੁਣ। ਤਮੋ ਗੁਣ ਭਾਵ ਤਾਮਸ ਗੁਣ ਵਾਲੀ ਅਵਸਥਾ ਵਿਚ ਮਨੁੱਖ ਅਹੰਕਾਰ ਅਤੇ ਹਉਮੈ ਵੱਸ ਹੋ ਕੇ ਅਗਿਆਨਤਾ ਦੇ ਹਨੇਰੇ ਵਿਚ ਟੱਕਰਾਂ ਮਾਰਦਾ ਹੈ ਭਾਵ ਮਨ ਹਰ ਵੇਲੇ ਭਟਕਦਾ ਰਹਿੰਦਾ ਹੈ। ਸੁਖ ਲਈ ਦੁਨਿਆਵੀ ਖਾਹਿਸ਼ਾਂ ਜਾਂ ਲਾਲਸਾਵਾਂ ਦੇ ਵੇਗ ਵਿਚ ਗ੍ਰਹਸੇ ਰਹਿਣਾ ਰਜੋ ਗੁਣ ਅਖਵਾਉਂਦਾਹੈ। ਇਸ ਤੋਂ ਅੱਗੇ ਸਤੋ ਗੁਣ ਹੈ। ਜਦੋਂ ਮਨੁੱਖ ਸੰਸਾਰਕ ਝਮੇਲਿਆਂ ਤੋਂ ਉੱਪਰ ਉੱਠ ਕੇ ਸ਼ਾਂਤੀ ਪ੍ਰਾਪਤ ਕਰਨ ਲਈ ਆਪਣੀ ਲਿਵ ਨੂੰ ਪ੍ਰਭੂ ਵਿਚ ਜੋੜਦਾ ਹੈ। ਇਨ੍ਹਾਂ ਤਿੰਨਾਂ ਤੋਂ ਉੱਪਰ ਚੌਥੀ ਅਵਸਥਾ ਹੈ ਜਿਸ ਨੂੰ ਸਹਿਜ ਅਵਸਥਾ ਦਾ ਨਾਂਅ ਦਿੱਤਾ ਗਿਆ ਹੈ-
ਚਉਥੇ ਪਦ ਮਹਿ ਸਹਜੁ ਹੈ
ਗੁਰਮੁਖਿ ਪਲੈ ਪਾਇ॥
ਇਸ ਪ੍ਰਕਾਰ ਸਹਿਜ ਅਵਸਥਾ ਮਨ ਦੀ ਪੂਰੇ ਟਿਕਾਓ ਵਾਲੀ ਅਵਸਥਾ ਹੈ। ਜਦੋਂ ਸਾਰੇ ਰੋਗ, ਚਿੰਤਾਵਾਂ ਤੇ ਲਾਲਸਾਵਾਂ ਖ਼ਤਮ ਹੋ ਜਾਂਦੀਆਂ ਹਨ ਤਾਂ ਸਹਿਜ ਸੁਖ ਦੀ ਪ੍ਰਾਪਤੀ ਹੁੰਦੀ ਹੈ-
ਸੂਖ ਸਹਜ ਅਰੁ ਘਨੋ ਅਨੰਦਾ
ਗੁਰ ਤੇ ਪਾਇਓ ਨਾਮੁ ਹਰੀ॥
(ਰਾਗੁ ਬਿਲਾਵਲੁ ਮਹਲਾ ੫, ਅੰਗ 822-23)
ਰਾਗੁ ਮਾਝ ਵਿਚ ਸਤਿਗੁਰਾਂ ਦਾ ਫ਼ਰਮਾਨ ਹੈ ਕਿ ਸਹਿਜ ਅਵਸਥਾ ਮਨੁੱਖ ਦੇ ਅੰਤਰ ਆਤਮਾ ਦੀ ਅਵਸਥਾ ਹੈ। ਇਹ ਬਾਹਰਮੁਖੀ ਵਸਤੂ ਨਹੀਂ। ਇਸ ਨੂੰ ਮਾਣਿਆ ਤਾਂ ਜਾ ਸਕਦਾ ਹੈ, ਵਰਨਣ ਕੀਤਾ ਨਹੀਂ ਜਾ ਸਕਦਾ-
ਸਹਜ ਸਮਾਧਿ ਲਗੀ ਲਿਵ ਅੰਤਰਿ
ਸੋ ਰਸੁ ਸੋਈ ਜਾਣੈ ਜੀਉ॥ (ਅੰਗ 106)
ਇਸ ਅਵਸਥਾ 'ਤੇ ਪਹੁੰਚ ਕੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਮਨੁੱਖ ਦੀ ਸਾਰੀ ਭਟਕਣਾ ਜਾਂਦੀ ਰਹਿੰਦੀ ਹੈ। ਬਿਰਤੀ ਮਾਲਕ-ਪ੍ਰਭੂ ਨਾਲ ਜੁੜ ਜਾਂਦੀ ਹੈ। ਪ੍ਰਾਣੀ ਮੋਹ-ਮਾਇਆ ਅਤੇ ਸਾਰੇ ਵਿਕਾਰਾਂ ਤੋਂ ਨਿਰਲੇਪ ਹੋ ਜਾਂਦਾ ਹੈ। ਮਨ ਅੰਦਰ ਆਨੰਦ ਹੀ ਆਨੰਦ ਆ ਵਸਦਾ ਹੈ। ਫਿਰ ਮਨੁੱਖ ਅਤੇ ਪਰਮਾਤਮਾ ਵਿਚਕਾਰ ਕਿਸੇ ਪ੍ਰਕਾਰ ਦੀ ਦੂਰੀ ਨਹੀਂ ਰਹਿ ਜਾਂਦੀ। ਜੀਵ-ਆਤਮਾ ਅਤੇ ਪਰਮਾਤਮਾ ਇਕ ਰੂਪ ਹੋ ਜਾਂਦੇ ਹਨ ਜਾਂ ਇੰਜ ਕਹਿ ਲਓ ਕਿ ਪ੍ਰਾਣੀ ਨੂੰ ਪਰਮਪਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਰਜ ਗੁਣ ਤਮ ਗੁਣ ਸਤ ਗੁਣ ਕਹੀਐ
ਇਹ ਤੇਰੀ ਸਭ ਮਾਇਆ॥
ਚਉਥੇ ਪਦ ਕਉ ਜੋ ਨਰੁ ਚੀਨੈ੍ਰ
ਤਿਨ੍ਰ ਹੀ ਪਰਮਪਦੁ ਪਾਇਆ॥
(ਰਗੁ ਕੇਦਾਰਾ ਭਗਤ ਕਬੀਰ ਜੀ, ਅੰਗ 1123)
ਅੱਖਰੀਂ ਅਰਥ : ਮਾਇਆ ਦੇ ਤਿੰਨ ਗੁਣਾਂ (ਤਮੋ, ਰਜੋ, ਸਤੋ) ਦੇ ਕਾਰਨ ਜੀਵ ਨੂੰ ਸਹਜ ਅਵਸਥਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਮਾਇਆ ਦੇ ਇਨ੍ਹਾਂ ਤਿੰਨੇ ਗੁਣਾਂ ਦੇ ਕਾਰਨ ਜੀਵ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਮਾਰਗ ਤੋਂ ਕੁਰਾਹੇ ਪਿਆ ਰਹਿੰਦਾ ਹੈ। ਧਾਰਮਿਕ ਪੁਸਤਕਾਂ ਨੂੰ ਪੜ੍ਹਨ, ਵਿਚਾਰਨ ਜਾਂ ਉਨ੍ਹਾਂ ਦੇ ਵਿਖਿਆਨ ਕਰਨ ਦਾ ਕੀ ਲਾਭ ਜਦੋਂ ਪ੍ਰਾਣੀ ਆਪਣੇ ਮੂਲ ਭਾਵ ਪ੍ਰਭੂ ਤੋਂ ਹੀ ਖੁੰਝ ਕੇ (ਭਟਕਣਾ ਵਿਚ ਪੈ ਗਿਆ)। ਤ੍ਰੈਗੁਣੀ ਮਾਇਆ ਤੋਂ ਅਗਲੀ ਚੌਥੀ ਸਹਿਜ ਅਵਸਥਾ ਵੀ ਹੈ, ਜਿਸ (ਸਹਿਜ ਅਵਸਥਾ) ਦੀ ਪ੍ਰਾਪਤੀ ਗੁਰੂ ਦੀ ਸਰਨੀ ਲੱਗਿਆਂ ਹੁੰਦੀ ਹੈ।
ਤਿੰਨਾਂ ਗੁਣਾਂ ਤੋਂ ਨਿਰਲੇਪ ਪਰਮਾਤਮਾ ਦਾ ਨਾਮ (ਇਕ ਅਜਿਹਾ ਅਨਮੋਲ) ਖਜ਼ਾਨਾ ਹੈ, ਜਿਸ ਦੀ ਸੋਝੀ ਸਹਿਜ ਅਵਸਥਾ ਵਿਚ ਹੀ ਹੁੰਦੀ ਹੈ। ਜਿਨ੍ਹਾਂ ਜੀਵਾਂ ਨੇ ਗੁਣਾਂ ਵਾਲੇ ਪਰਮਾਤਮਾ ਨੂੰ ਸਾਲਾਹਿਆ ਹੈ, ਉਹ ਦਾ ਥਿਰ ਪ੍ਰਭੂ ਦਾ ਹੀ ਰੂਪ ਹੋ ਜਾਂਦੇ ਹਨ। ਉਸ ਸੱਚੇ ਦੀ ਸੋਭਾ ਵੀ ਸੱਚੀ ਹੁੰਦੀ ਹੈ। ਪ੍ਰਭੂ ਤਾਂ ਕੁਰਾਹੇ ਪਏ ਹੋਇਆਂ ਨੂੰ ਵੀ ਸਹਿਜ ਅਵਸਥਾ ਵਿਚ ਮਿਲਾਉਣ ਵਾਲਾ ਹੈ ਪਰ ਇਹ ਮਿਲਾਪ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਹੁੰਦਾ ਹੈ।
ਸਹਿਜ ਤੋਂ ਬਿਨਾਂ ਹਰ ਥਾਂ ਅਗਿਆਨਤਾ ਦਾ ਹਨੇਰਾ ਹੈ ਅਤੇ ਮਾਇਆ ਦੇ ਮੋਹ ਦਾ ਗੁਬਾਰ ਛਾਇਆ ਰਹਿੰਦਾ ਹੈ ਪਰ ਜੋ ਸਦਾ ਥਿਰ ਅਪਾਰ ਪ੍ਰਭੂ ਦੇ ਸ਼ਬਦ ਵਿਚ ਲਿਵ ਨੂੰ ਜੋੜੀ ਰੱਖਦਾ ਹੈ, ਉਸ ਨੂੰ ਸਹਿਜੇ ਹੀ ਪ੍ਰਭੂ ਦੇ ਗੁਣਾਂ ਦੀ ਸੋਝੀ ਪੈ ਜਾਂਦੀ ਹੈ ਅਤੇ ਪੂਰਾ ਗੁਰੂ ਕਰਤਾਰ ਉਸ 'ਤੇ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ।
ਸਹਿਜ ਦੀ ਪ੍ਰਾਪਤੀ ਹੋਣ ਨਾਲ ਨਾ ਦਿਸਣ ਵਾਲਾ ਪਰਮਾਤਮਾ ਜੋ ਨਿਰਆਕਾਰ ਹੈ (ਆਕਾਰ ਤੋਂ ਰਹਿਤ), ਜਿਸ ਨੂੰ ਕਿਸੇ ਦਾ ਭੈਅ ਨਹੀਂ ਅਤੇ ਜੋਤਿ ਸਰੂਪ ਹੈ, ਉਸ ਨਾਲ ਜਾਣ-ਪਛਾਣ ਪੈ ਜਾਂਦੀ ਹੈ, ਜੋ ਸਭ ਜੀਵਾਂ ਨੂੰ ਰਿਜਕ ਦੇਣ ਵਾਲਾ ਹੈ ਅਤੇ ਸਭ ਦੀ ਜੋਤਿ ਨੂੰ ਆਪਣੀ ਜੋਤੀ ਵਿਚ ਮਿਲਾਉਣ ਵਾਲਾ ਹੈ। ਜਿਸ ਪਰਮਾਤਮਾ ਦਾ ਕੋਈ ਆਰਲਾ-ਪਾਰਲਾ ਬੰਨਾ ਨਹੀਂ, ਉਸ ਦੀ ਪੂਰੇ ਗੁਰੂ ਦੁਆਰਾ ਸਿਫਤ ਸਾਲਾਹ ਕਰਨੀ ਚਾਹੀਦੀ ਹੈ।
ਗਿਆਨਵਾਨ ਲੋਕਾਂ ਦੀ ਨਾਮ ਹੀ ਰਾਸ ਪੂੰਜੀ ਹੈ, ਜਿਸ ਦਾ ਵਪਾਰ ਉਹ ਸਹਿਜ ਅਡੋਲਤਾ ਵਿਚ ਟਿਕ ਕੇ ਕਰਦੇ ਹਨ। ਉਹ ਦਿਨ-ਰਾਤ ਭਾਵ ਹਰ ਵੇਲੇ ਪ੍ਰਭੂ ਦੇ ਨਾਮ ਦਾ ਹੀ ਲਾਹਾ ਖੱਟਦੇ ਹਨ। ਉਨ੍ਹਾਂ ਦੇ ਨਾਮ ਧਨ ਨਾਲ ਭਰੇ ਖਜ਼ਾਨੇ ਕਦੇ ਮੁੱਕਦੇ ਨਹੀਂ। (ਕਿਉਂਕਿ) ਇਹ ਖਜ਼ਾਨੇ ਦੇਣਹਾਰ ਪਰਮਾਤਮਾ ਦੇ ਦਿੱਤੇ ਹੋਏ ਹਨ, ਇਸ ਲਈ ਇਨ੍ਹਾਂ ਵਿਚ ਕਦੇ ਤੋਟ ਨਹੀਂ ਆਉਂਦੀ, ਕਦੇ ਮੁੱਕਦੇ ਨਹੀਂ ਹਨ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਾਡੇ ਵਿਚਾਰ ਹੀ ਸਾਡੇ ਕਰਮ ਨੂੰ ਪ੍ਰਭਾਵਿਤ ਕਰਦੇ ਹਨ

ਦਿਮਾਗ ਵਿਚੋਂ ਨਿਕਲਿਆ ਹਰ ਵਿਚਾਰ ਤਦ ਤੱਕ ਤਰੰਗਾਂ ਦੇ ਰੂਪ ਵਿਚ ਗਤੀਸ਼ੀਲ ਰਹਿੰਦਾ ਹੈ ਜਦ ਤੱਕ ਇਹ ਕਿਸੇ ਕਰਮ ਵਿਚ ਨਹੀਂ ਬਦਲ ਜਾਂਦਾ। ਹਰ ਖੁੱਲ੍ਹਾ ਦਿਮਾਗ ਵਿਚਾਰਾਂ ਨੂੰ ਬੜੀ ਛੇਤੀ ਗ੍ਰਹਿਣ ਕਰ ਲੈਂਦਾ ਹੈ ਪਰ ਜਦੋਂ ਕੋਈ ਵਿਅਕਤੀ ਬੁਰੇ ਕਾਰਜ ਵਿਚ ਰੁੱਝਿਆ ਹੁੰਦਾ ਹੈ ਤਾਂ ਉਸ ਦਾ ਦਿਮਾਗ ਅਜਿਹੇ ਵਿਚਾਰਾਂ ਨੂੰ ਗ੍ਰਹਿਣ ਕਰਦਾ ਹੈ ਜੋ ਬੁਰਾਈ ਤੋਂ ਪ੍ਰੇਰਿਤ ਹੁੰਦੇ ਹਨ। ਦੂਜੇ ਪਾਸੇ ਜਿਹੜਾ ਵਿਅਕਤੀ ਨੇਕ ਕਾਰਜਾਂ ਵਿਚ ਰੁੱਝਿਆ ਹੁੰਦਾ ਹੈ, ਉਹ ਕੇਵਲ ਚੰਗੇ ਵਿਚਾਰਾਂ ਨੂੰ ਹੀ ਗ੍ਰਹਿਣ ਕਰਦਾ ਹੈ। ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਕਿਰਦਾਰ ਬਾਰੇ ਲਿਖਦੇ ਹਨ ਕਿ ਸਾਡੇ ਵਿਚਾਰ ਹੀ ਸਾਡੇ ਕਰਮ ਨੂੰ ਪ੍ਰਭਾਵਿਤ ਕਰਦੇ ਹਨ। ਇਹ ਵਿਚਾਰ ਭਾਵੇਂ ਸਾਡੇ ਆਪਣੇ ਮਨ ਦੀ ਉਪਜ ਹੋਣ ਜਾਂ ਫਿਰ ਗ੍ਰਹਿਣ ਕੀਤੇ ਹੋਣ। ਇਹੀ ਕਾਰਨ ਹੈ ਕਿ ਬੁਰਾਈ ਭਰਪੂਰ ਵਿਅਕਤੀ ਹਮੇਸ਼ਾ ਬੁਰੇ ਕਰਮਾਂ ਵਿਚ ਹੀ ਉਲਝਿਆ ਰਹਿੰਦਾ ਹੈ। ਜਦ ਚੰਗੇ ਵਿਚਾਰਾਂ ਵਾਲਾ ਵਿਅਕਤੀ ਚੰਗੇ ਕਰਮ ਕਰਦਾ ਹੈ। ਕਰਮ ਕਰਨ ਲਈ ਭੌਤਿਕ ਸ਼ਕਤੀ ਭਾਵੇਂ ਸਰੀਰ ਤੋਂ ਪ੍ਰਾਪਤ ਹੁੰਦੀ ਹੈ ਪਰ ਇਸ ਲਈ ਪ੍ਰੇਰਨਾ ਦਾ ਸਰੋਤ ਸਾਡਾ ਦਿਮਾਗ ਹੀ ਹੁੰਦਾ ਹੈ। ਪਰ ਸਾਡੇ ਦਿਮਾਗ ਵਿਚ ਅਜਿਹੇ ਵਿਚਾਰ ਬਚਪਨ ਤੋਂ ਨਹੀਂ ਹੁੰਦੇ, ਇਹ ਤਾਂ ਬਾਅਦ ਵਿਚ ਪੈਦਾ ਹੁੰਦੇ ਹਨ ਜਾਂ ਵਾਤਾਵਰਨ ਤੋਂ ਪ੍ਰਾਪਤ ਹੁੰਦੇ ਹਨ। ਜੇ ਅਸੀਂ ਇਕ ਵਾਰ ਨੇਕ ਵਿਚਾਰਾਂ ਨੂੰ ਗ੍ਰਹਿਣ ਕਰ ਲਈਏ ਤਾਂ ਦਿਮਾਗ ਸਰੀਰ ਨੂੰ ਵੀ ਨੇਕ ਕਰਮ ਕਰਨ ਲਈ ਕਹਿੰਦਾ ਹੈ। ਕੇਵਲ ਇਕ ਵਾਰ ਚੰਗੇ ਵਿਚਾਰ ਪੈਦਾ ਕਰਨ ਦੀ ਲੋੜ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 62805-75943

ਮੇਲੇ 'ਤੇ ਵਿਸ਼ੇਸ਼

ਇਤਿਹਾਸਕ ਗੁ: ਗੁਰੂ ਤੇਗ ਬਹਾਦਰ ਸਾਹਿਬ ਮੱਖਣਵਿੰਡੀ (ਅੰਮ੍ਰਿਤਸਰ)

1664 ਈਸਵੀ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ 'ਤੇ ਬਿਰਾਜਮਾਨ ਹੋਣ ਪਿੱਛੋਂ ਭਾਈ ਮੱਖਣ ਸ਼ਾਹ ਲੁਭਾਣਾ, ਭਾਈ ਦਵਾਰਕਾ ਦਾਸ ਅਤੇ ਭਾਈ ਗੜ੍ਹੀਆ ਦੇ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਸਿੱਖੀ ਦੇ ਮਹਾਨ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਪਹੁੰਚੇ। ਆਪ ਨੇ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕੀਤਾ। ਉਸ ਸਮੇਂ ਦੇ ਪ੍ਰਬੰਧਕ ਮੀਣੇ ਬਾਬਾ ਸ੍ਰੀ ਪ੍ਰਿਥੀ ਚੰਦ ਦਾ ਪੋਤਰਾ ਹਰਿ ਜੀ ਸੋਢੀ ਬਾਬਾ ਬਕਾਲਾ ਵਿਖੇ ਬਾਬਾ ਧੀਰ ਮੱਲ ਦੀ ਦੁਰਦਸ਼ਾ ਹੋਈ ਵੇਖ ਚੁੱਕਾ ਸੀ। ਇਸ ਲਈ ਡਰ ਦੇ ਮਾਰੇ ਉਹ ਹਰਿਮੰਦਰ ਸਾਹਿਬ ਦੇ ਦਰਸ਼ਨੀ ਦਰਵਾਜ਼ੇ ਬੰਦ ਕਰਕੇ ਚਾਬੀਆਂ ਸਰੋਵਰ 'ਚ ਸੁੱਟ ਕੇ ਆਪਣੇ ਪਿੰਡ ਹੇਰ ਚਲਾ ਗਿਆ। ਗੁਰੂ ਜੀ ਬਾਹਰੋਂ ਹੀ ਮੱਥਾ ਟੇਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਜੇ ਹੱਥ ਇਕ ਪਾਸੇ ਬੇਰੀ ਦੇ ਹੇਠਾਂ ਕੁਝ ਪਲ ਬੈਠ ਕੇ ਵੱਲ੍ਹਾ ਵਿਖੇ ਆ ਗਏ। ਇਥੇ ਮਾਈ ਹਰੋ ਜੀ ਅਤੇ ਹੋਰ ਪ੍ਰੇਮੀਆਂ ਤੇ ਸਿੱਖ ਬੀਬੀਆਂ ਦੀ ਸੇਵਾ ਤੇ ਪ੍ਰੇਮਾ ਭਗਤੀ ਤੋਂ ਖੁਸ਼ ਹੋ ਆਪ ਉਨ੍ਹਾਂ ਨੂੰ ਤਾਰਦੇ ਹੋਏ ਏਥੋਂ 10 ਕਿੱਲੋਮੀਟਰ ਦੇ ਕਰੀਬ ਉਤਰ ਵੱਲ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੱਖਣਵਿੰਡੀ ਵਿਖੇ ਥੇਹ 'ਤੇ ਆਣ ਬਿਰਾਜੇ:- ਗੁਰਵਾਕ ਅਨੁਸਾਰ 'ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥' ਉਸ ਸਮੇਂ ਇਸ ਪਿੰਡ ਦਾ ਨਾਂਅ 'ਚੱਕ' ਸੀ, ਜਦ ਪਿੰਡ ਦੀਆਂ ਮਾਈਆਂ ਨੂੰ ਪਤਾ ਲੱਗਾ ਕਿ ਗੁਰੂ ਜੀ ਸਾਡੇ ਪਿੰਡ ਆਏ ਹਨ ਤਾਂ ਮਾਈਆਂ ਖੁਸ਼ੀ-ਖੁਸ਼ੀ ਲੱਸੀ ਅਤੇ ਮੱਖਣ ਦੇ ਭਰੇ ਹੋਏ ਕਟੋਰੇ ਲੈ ਕੇ ਗੁਰੂ ਜੀ ਦੀ ਸੇਵਾ 'ਚ ਹਾਜ਼ਰ ਹੋਈਆਂ। ਗੁਰੂ ਜੀ ਮੱਖਣ ਛਕ ਕੇ ਨਿਹਾਲ ਹੋ ਗਏ ਅਤੇ ਉਨ੍ਹਾਂ ਨੇ ਮਾਈਆਂ ਨੂੰ ਪਿੰਡ ਦਾ ਨਾਂਅ ਪੁੱਛਿਆ ਤਾਂ ਮਾਈਆਂ ਨੇ ਦੱਸਿਆ ਕਿ ਇਸ ਪਿੰਡ ਦਾ ਅਸਲ ਨਾਂਅ ਕੋਈ ਨਹੀਂ ਹੈ। ਗੁਰੂ ਜੀ ਨੇ ਮਾਈਆਂ ਦੀ ਸੇਵਾ ਤੋਂ ਖੁਸ਼ ਹੋ ਕਿ ਕਿਹਾ ਕਿ ਅੱਜ ਤੋਂ ਇਸ ਦਾ ਨਾਂਅ 'ਮੱਖਣਵੰਡੀ' ਹੈ, ਜੋ ਕਿ ਅੱਜ 'ਮੱਖਣਵਿੰਡੀ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਇਥੇ ਜਿਸ ਜਗ੍ਹਾ 'ਤੇ ਉਦੋਂ ਆਪ ਬਿਰਾਜੇ ਸਨ, ਅੱਜ ਉਸ ਥਾਂ 'ਤੇ ਸੁੰਦਰ ਗੁਰਦੁਆਰਾ ਸੁਸ਼ੋਭਿਤ ਹੈ, ਜਿਸ ਦੀ ਕਾਰ ਸੇਵਾ ਮੁੱਖ ਸੇਵਾਦਾਰ ਸੰਤ ਬਾਬਾ ਅਜੈਬ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਆਪਣੇ ਹੱਥੀਂ ਕਰਵਾਈ। ਗੁਰਦੁਆਰਾ ਸਮੂਹ 'ਚ ਬਣੇ ਵਿਸ਼ਾਲ ਲੰਗਰ ਹਾਲ ਤੇ ਦੀਵਾਨ ਹਾਲ 'ਚ ਜਿੱਥੇ ਸੈਂਕੜਿਆਂ ਦੀ ਗਿਣਤੀ 'ਚ ਸੰਗਤਾਂ ਸ਼ਬਦ ਗੁਰੂ ਤੇ ਲੰਗਰ ਨਾਲ ਤਨ ਤੇ ਮਨ ਦੀ ਤ੍ਰਿਪਤੀ ਮਿਟਾਉਂਦੀਆਂ ਹਨ, ਉਥੇ ਹੀ ਅੰਮ੍ਰਿਤ ਸਰੋਵਰ 'ਚ ਵਿਸ਼ਵਾਸ ਦੀ ਟੁੱਬੀ ਲਾ ਉਹ ਤਨ-ਮਨ ਦੀ ਮੈਲ ਵੀ ਮਿਟਾਉਂਦੀਆਂ ਹਨ। 22 ਮਾਰਚ ਤੋਂ 29 ਮਾਰਚ ਤੱਕ ਸੰਤ ਬਾਬਾ ਅਜੈਬ ਸਿੰਘ ਦੀ ਅਗਵਾਈ 'ਚ ਇਥੇ ਹੋਲੇ-ਮਹੱਲੇ 'ਤੇ ਲੱਗਣ ਵਾਲੇ ਸਾਲਾਨਾ ਧਾਰਮਿਕ ਦੀਵਾਨਾਂ 'ਚ ਪੰਥ ਪ੍ਰਸਿੱਧ ਕਥਾਕਾਰ, ਢਾਡੀ, ਕਵੀਸ਼ਰੀ ਅਤੇ ਰਾਗੀ ਜਥੇ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਨਗੇ ਅਤੇ ਸੰਤ-ਮਹਾਪੁਰਸ਼ ਦੀਵਾਨਾਂ 'ਚ ਹਾਜ਼ਰੀ ਭਰਨਗੇ।


-ਨਵਾਂ ਪਿੰਡ (ਅੰਮ੍ਰਿਤਸਰ)। ਮੋਬਾ: 98726-09257

ਧਾਰਮਿਕ ਸਾਹਿਤ

ਸਿਧ ਗੋਸਟਿ
(ਦਰਸ਼ਨ ਅਤੇ ਵਿਆਖਿਆ)
ਲੇਖਕ : ਪ੍ਰੋ: ਹਰਨਾਮ ਦਾਸ
ਸੰਪਾਦਕ : ਡਾ: ਅੰਮ੍ਰਿਤ ਕੌਰ ਰੈਣਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ।
ਪੰਨੇ : 118, ਮੁੱਲ : 250 ਰੁਪਏ
ਸੰਪਰਕ : 91-172-5027427


ਪ੍ਰੋ: ਹਰਨਾਮ ਸਿੰਘ ਗੁਰਮਤਿ ਅਤੇ ਗੁਰਬਾਣੀ ਦੇ ਪ੍ਰਕਾਂਡ ਵਿਦਵਾਨ ਸਨ। ਆਪ ਨੂੰ ਸਿੱਖ ਧਰਮ ਦੀਆਂ ਪ੍ਰਮੁੱਖ ਬਾਣੀਆਂ (ਜਪੁਜੀ, ਆਨੰਦ, ਸੁਖਮਨੀ, ਆਸਾ ਦੀ ਵਾਰ, ਰਹਿਰਾਸ... ਆਦਿ) ਦੇ ਨਾਲ-ਨਾਲ ਅੱਧੇ ਤੋਂ ਬਹੁਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੌਖਿਕ ਰੂਪ ਵਿਚ ਕੰਠ ਸੀ। ਆਪ ਦਾ ਸਬੰਧ ਇਕ ਸਹਿਜਧਾਰੀ ਗੁਰਸਿੱਖ ਪਰਿਵਾਰ ਨਾਲ ਸੀ ਅਤੇ ਆਪ ਨੇ ਆਪਣੇ ਜੀਵਨ ਦਾ ਚਾਰ ਦਹਾਕਿਆਂ ਦਾ ਸਮਾਂ ਪੱਛਮੀ ਪੰਜਾਬ ਵਿਚ ਬਿਤਾਇਆ ਸੀ। ਦੇਸ਼ ਦੀ ਵੰਡ ਸਮੇਂ ਉਹ ਇਧਰ ਪੂਰਬੀ ਪੰਜਾਬ ਵਿਚ ਆ ਗਏ ਸਨ ਅਤੇ ਕਾਫੀ ਸਮਾਂ ਉਨ੍ਹਾਂ ਨੇ ਐਸ. ਡੀ. ਕਾਲਜ ਅੰਬਾਲਾ ਕੈਂਟ ਦੇ ਪੰਜਾਬੀ ਵਿਭਾਗ ਵਿਚ ਅਧਿਅਕਸ਼ ਵਜੋਂ ਸੇਵਾਵਾਂ ਪ੍ਰਦਾਨ ਕੀਤੀਆਂ ਸਨ। ਉਨ੍ਹਾਂ ਨੇ ਗੁਰਮਤਿ ਕਾਵਿ ਦੀਆਂ ਬਹੁਤ ਸਾਰੀਆਂ ਬਾਣੀਆਂ ਬਾਰੇ ਵਿਸ਼ਲੇਸ਼ਣਾਤਮਕ ਪੁਸਤਕਾਂ ਲਿਖੀਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਦੀ ਬੇਟੀ ਡਾ: ਅੰਮ੍ਰਿਤ ਕੌਰ ਰੈਣਾ ਨੇ ਉਨ੍ਹਾਂ ਦੀ ਮੌਤ ਉਪਰੰਤ ਸੰਪਾਦਿਕ ਕਰਕੇ ਪ੍ਰਕਾਸ਼ਿਤ ਕਰਵਾਇਆ ਹੈ। 'ਸਿਧ ਗੋਸਟਿ' ਦਾ ਵਿਆਖਿਆਤਮਕ ਪਾਠ ਵੀ ਡਾ: ਰੈਣਾ ਦੇ ਉੱਦਮ ਦੁਆਰਾ ਪ੍ਰਕਾਸ਼ਿਤ ਹੋਇਆ ਹੈ।
ਰਾਮਕਲੀ ਰਾਗ ਵਿਚ ਅੰਕਿਤ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਨਾਥ ਜੋਗੀਆਂ (ਸਿੱਧਾਂ) ਨਾਲ ਹੋਈ ਇਕ ਗੋਸ਼ਟੀ ਦਾ ਕਾਵਿ-ਰੂਪਾਂਤਰ ਹੈ। ਗੁਰੂ ਨਾਨਕ ਸਾਹਿਬ ਦੇ ਯੁੱਗ ਵਿਚ ਪੰਜਾਬ ਵਿਚ ਹਿੰਦੂ ਅਤੇ ਮੁਸਲਮਾਨ ਦੇ ਨਾਲ-ਨਾਲ ਤੀਜੀ ਮਜ਼ਬੂਤ ਧਿਰ ਨਾਲ ਜੋਗੀਆਂ ਦੀ ਸੀ। ਗੁਰੂ ਸਾਹਿਬ ਇਨ੍ਹਾਂ ਤਿੰਨਾਂ ਧਿਰਾਂ ਨਾਲ ਸੰਵਾਦ ਰਚਾਉਂਦੇ ਹੋਏ ਇਕ ਆਦਰਸ਼ਕ ਅਤੇ ਪ੍ਰਮਾਣਿਕ ਮਨੁੱਖ ਦਾ ਸਰੂਪ ਉਲੀਕਦੇ ਹਨ। ਇਸ ਬਾਣੀ ਵਿਚ ਗੁਰੂ ਸਾਹਿਬ ਇਨ੍ਹਾਂ ਤਿੰਨਾਂ ਮਜ਼੍ਹਬਾਂ ਵਿਚ ਆਏ ਉਲਾਰਾਂ-ਵਿਕਾਰਾਂ ਬਾਰੇ ਟਿੱਪਣੀ ਕਰਦੇ ਹੋਏ ਫ਼ਰਮਾਉਂਦੇ ਹਨ-
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਉਜਾੜੇ ਕਾ ਬੰਧੁ॥ (ਅੰਗ ੬੬੨)
ਜਪੁ ਜੀ ਵਾਂਗ ਸਿਧ ਗੋਸਟਿ ਵੀ, ਪਉੜੀਆਂ ਵਿਚ ਲਿਖਿਆ ਇਕ ਪ੍ਰਬੰਧ-ਕਾਵਿ ਹੈ। ਇਸ ਰਚਨਾ ਦੀਆਂ ਕੁੱਲ 73 ਪਉੜੀਆਂ ਹਨ। ਪਹਿਲੀ ਪਉੜੀ ਵਿਚ ਗੁਰੂ ਸਾਹਿਬ ਦੀ ਸਿੱਧ ਜੋਗੀਆਂ ਨਾਲ ਮੁਲਾਕਾਤ ਦਾ ਪ੍ਰਸੰਗ ਬਿਆਨ ਕੀਤਾ ਗਿਆ ਹੈ। ਦੂਜੀ ਤੋਂ 72ਵੀਂ ਪਉੜੀ ਤੱਕ ਦਾਰਸ਼ਨਿਕ ਵਾਦ-ਵਿਵਾਦ ਹੈ। ਸਿੱਧ ਲੋਕ ਗੁਰੂ ਸਾਹਿਬ ਨੂੰ ਉਨ੍ਹਾਂ ਦੀ ਫਿਲਾਸਫੀ ਬਾਰੇ ਕੁਝ ਪ੍ਰਸ਼ਨ ਕਰਦੇ ਹਨ ਅਤੇ ਗੁਰੂ ਸਾਹਿਬ ਸਿੱਧਾਂ ਦੀਆਂ ਜਗਿਆਸਾਵਾਂ ਦੇ ਸਟੀਕ ਉੱਤਰ ਦਿੰਦੇ ਹਨ। ਪ੍ਰਸ਼ਨ ਕਰਤਿਆਂ ਵਿਚ ਚਰਪਟ ਨਾਥ ਅਤੇ ਗੋਰਖਪੁੱਤਰ-ਲੋਹਾਰੀਪਾ ਦਾ ਜ਼ਿਕਰ ਆਉਂਦਾ ਹੈ। ਇਕ ਪ੍ਰਸ਼ਨ ਵਿਚ ਨਾਥ ਜੋਗੀ ਗੁਰੂ ਸਾਹਿਬ ਦੀ ਪਰੰਪਰਾ ਅਤੇ ਸ਼ਨਾਖਤ ਆਦਿ ਬਾਰੇ ਵੀ ਸਵਾਲ ਕਰਦੇ ਹਨ, ਜਿਨ੍ਹਾਂ ਦੇ ਉੱਤਰ ਗੁਰੂ ਸਾਹਿਬ ਬੜੇ ਸੁਦ੍ਰਿੜ੍ਹ ਅੰਦਾਜ਼ ਵਿਚ ਦਿੰਦੇ ਹਨ। ਪ੍ਰੋ: ਹਰਨਾਮਦਾਸ ਜੀ ਨੇ ਪਉੜੀਆਂ ਦੀ ਵਿਆਖਿਆ ਤੋਂ ਪਹਿਲੇ ਤਿੰਨ ਕਾਂਡਾਂ ਵਿਚ ਸ਼ਬਦ ਗੁਰੂ, ਨਾਮ ਮਹਿਮਾ ਅਤੇ ਸੁੰਨ ਬਨਾਮ ਸਹਿਜ ਅਵਸਥਾ ਆਦਿ ਸੰਕਲਪਾਂ ਬਾਰੇ ਵੀ 13-14 ਪੰਨਿਆਂ ਚਿ ਸੰਖੇਪ ਚਰਚਾ ਕੀਤੀ ਹੈ। ਬਾਅਦ ਵਿਚ ਸਿਧ ਗੋਸਟਿ ਦੀਆਂ ਵਿਭਿੰਨ ਪਉੜੀਆਂ ਦੀ ਕ੍ਰਮ ਅਨੁਸਾਰ ਵਿਆਖਿਆ ਕੀਤੀ ਗਈ ਹੈ। ਇਹ ਅਕਾਦਮਿਕ ਸ਼੍ਰੇਣੀ ਦਾ ਖੋਜ ਕਾਰਜ ਹੈ ਅਤੇ ਗੁਰੂ ਸਾਹਿਬ ਦੀ ਬਾਣੀ ਵਿਚ ਦਿਲਚਸਪੀ ਰੱਖਣ ਵਾਲਾ ਹਰ ਪਾਠਕ ਇਸ ਤੋਂ ਯਥਾਯੋਗ ਲਾਭ ਉਠਾ ਸਕਦਾ ਹੈ।


-ਬ੍ਰਹਮਜਗਦੀਸ਼ ਸਿੰਘ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX