ਤਾਜਾ ਖ਼ਬਰਾਂ


ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  6 minutes ago
ਲੀਮਾ, 20 ਅਪ੍ਰੈਲ- ਪੇਰੂ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੈਡਰੋ ਪਾਬਲੋ ਕੁਜਿੰਸਕੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪੇਰੂ ਦੀ ਜੁਡੀਸ਼ੀਅਲ ਅਥਾਰਿਟੀ ਵਲੋਂ ਟਵਿੱਟਰ 'ਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ...
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  24 minutes ago
ਨਵੀਂ ਦਿੱਲੀ, 20 ਅਪ੍ਰੈਲ- ਭਾਰਤ ਦੇ ਮੁੱਖ ਜਸਟਿਸ (ਸੀ. ਜੇ. ਆਈ.) ਰੰਜਨ ਗੋਗੋਈ ਨੇ ਖ਼ੁਦ 'ਤੇ ਇੱਕ ਔਰਤ ਵਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਆਨਲਾਈਨ ਮੀਡੀਆ 'ਚ ਇੱਕ ਔਰਤ ਵਲੋਂ ਕਥਿਤ ਤੌਰ 'ਤੇ ਇਨ੍ਹਾਂ ਦੋਸ਼ਾਂ ਨਾਲ ਜੁੜੀਆਂ ਖ਼ਬਰਾਂ ਤੋਂ...
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  53 minutes ago
ਨਵੀਂ ਦਿੱਲੀ, 20 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਭਾਜਪਾ ਉਮੀਦਵਾਰ ਜਯਾ ਪ੍ਰਦਾ ਵਿਰੁੱਧ ਇਤਰਾਜ਼ਯੋਗ ਬਿਆਨ ਦੇਣ 'ਤੇ ਚੋਣ ਕਮਿਸ਼ਨ ਵਲੋਂ ਲਾਈ ਪਾਬੰਦੀ ਖ਼ਤਮ ਹੋਣ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਆਜ਼ਮ ਖ਼ਾਨ ਲੰਘੇ ਦਿਨ ਇੱਕ ਚੋਣ ਰੈਲੀ...
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  about 1 hour ago
ਤਪਾ ਮੰਡੀ, 20 ਅਪ੍ਰੈਲ (ਵਿਜੇ ਸ਼ਰਮਾ)- ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਲੇਬਰ ਯੂਨੀਅਨ ਦੇ 200 ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਪਾਲ ਸਿੰਘ ਦੀ ਅਗਵਾਈ ਹੇਠ...
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  about 1 hour ago
ਪਟਨਾ, 20 ਅਪ੍ਰੈਲ- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਬੀਤੀ ਰਾਤ ਕੁਝ ਬਦਮਾਸ਼ਾਂ ਵਲੋਂ ਇੱਕ ਲੜਕੀ ਨਾਲ ਉਸ ਦੀ ਮਾਂ ਦੇ ਸਾਹਮਣੇ ਨਾ ਸਿਰਫ਼ ਛੇੜਛਾੜ ਕੀਤੀ ਗਈ, ਬਲਕਿ ਇਸ ਦਾ ਵਿਰੋਧ ਕਰਨ 'ਤੇ ਉਨ੍ਹਾਂ ਵਲੋਂ ਲੜਕੀ 'ਤੇ ਤੇਜ਼ਾਬ ਸੁੱਟਿਆ ਗਿਆ। ਘਟਨਾ ਜ਼ਿਲ੍ਹੇ ਦੇ...
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 20 ਅਪ੍ਰੈਲ- ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਅੱਜ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ ਕਰ ਰਹੀ ਹੈ। ਐੱਨ. ਆਈ. ਏ. ਦੇ ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਏਜੰਸੀ ਵਲੋਂ ਹੈਦਰਾਬਾਦ 'ਚ ਤਿੰਨ ਥਾਵਾਂ 'ਤੇ ਅਤੇ ਮਹਾਰਾਸ਼ਟਰ ਦੇ...
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  about 2 hours ago
ਭੋਪਾਲ, 20 ਅਪ੍ਰੈਲ- ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵੇਰੇ ਟਵੀਟ ਕਰਦਿਆਂ ਭੋਪਾਲ ਵਾਸੀਆਂ ਕੋਲੋਂ ਸਮਰਥਨ...
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ, 20 ਅਪ੍ਰੈਲ- ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਐੱਨ. ਡੀ. ਤਿਵਾੜੀ ਦੇ ਪੁੱਤਰ ਰੋਹਿਤ ਤਿਵਾੜੀ ਦੀ ਮੌਤ ਦੇ ਸਿਲਸਿਲੇ ਦੇ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਰੋਹਿਤ ਦੀ ਪਤਨੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਸ ਸਿਲਸਿਲੇ 'ਚ ਕ੍ਰਾਈਮ...
ਸੋਪੋਰ 'ਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 20 ਅਪ੍ਰੈਲ - ਜੰਮੂ ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਸਨਿੱਚਰਵਾਰ ਤੜਕੇ ਮੁੱਠਭੇੜ ਹੋਈ। ਇਸ ਦੌਰਾਨ ਕਈ ਰਾਊਂਡ ਗੋਲੀਆਂ ਚਲੀਆਂ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਇਲਾਕੇ ਨੂੰ ਘੇਰ ਕੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ...
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  about 4 hours ago
ਕਾਨਪੁਰ, 20 ਅਪ੍ਰੈਲ - ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਬੀਤੀ ਲੰਘੀ ਰਾਤ ਰੇਲ ਹਾਦਸਾ ਹੋ ਗਿਆ। ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਬੀ ਐਕਸਪੈੱ੍ਰਸ ਦੇ 12 ਡੱਬੇ ਲੀਹੋਂ ਲੱਥ ਗਏ, ਜਦਕਿ 4 ਡੱਬੇ ਪਲਟ ਗਏ। ਇਸ ਹਾਦਸੇ 'ਚ ਕਰੀਬ 20 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੇਨ...
ਹੋਰ ਖ਼ਬਰਾਂ..

ਖੇਡ ਜਗਤ

ਭਾਰਤੀ ਖੇਡ ਪ੍ਰਬੰਧਨ ਲਈ ਸੋਚਣ ਦੀ ਘੜੀ

ਪਹਿਲਵਾਨ ਰਿਤੂ ਫੋਗਾਟ ਦਾ ਹੈਰਾਨਕੁੰਨ ਸੰਨਿਆਸ

ਖੇਡ ਜਗਤ ਵਿਚ ਸੰਨਿਆਸ ਲੈਣ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਪਰ ਕੁਝ ਐਲਾਨ ਅਜਿਹੇ ਵੀ ਹੁੰਦੇ ਹਨ, ਜੋ ਬੇਹੱਦ ਹੈਰਾਨਕੁੰਨ ਹੁੰਦੇ ਹਨ। ਅਜਿਹਾ ਹੀ ਇਕ ਸੰਨਿਆਸ ਦਾ ਐਲਾਨ ਲੰਘੇ ਦਿਨੀਂ ਹੋਇਆ, ਜਿਸ ਰਾਹੀਂ ਇਕ ਨੌਜਵਾਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਖਿਡਾਰੀ ਨੇ ਖੇਡ ਨੂੰ ਉਸ ਵੇਲੇ ਅਲਵਿਦਾ ਕਿਹਾ ਹੈ ਜਦੋਂ ਉਸ ਦੀ ਵਿਸ਼ਵ ਖਿਤਾਬ ਵੱਲ ਦਾਅਵੇਦਾਰੀ ਵਾਲੀ ਉਮਰ ਸੀ। ਭਾਰਤ ਵਿਚ ਮਹਿਲਾ ਰੈਸਲਿੰਗ ਨੂੰ ਨਵੀਂ ਪਛਾਣ ਦੇਣ ਵਾਲੇ ਫੋਗਾਟ ਪਰਿਵਾਰ ਦੀ ਤੀਜੀ ਬੇਟੀ ਰਿਤੂ ਫੋਗਾਟ ਨੇ ਲੰਘੇ ਦਿਨੀਂ ਕੁਸ਼ਤੀ ਦੀ ਖੇਡ ਨੂੰ ਅਲਵਿਦਾ ਕਹਿ ਕੇ ਭਾਰਤੀ ਰੈਸਲਿੰਗ ਫੈਡਰੇਸ਼ਨ ਦੇ ਨਾਲ ਨਾਲ ਦੇਸ਼ ਦੇ ਸਮੁੱਚੇ ਖੇਡ ਢਾਂਚੇ ਨੂੰ ਵੀ ਇਕ ਜ਼ੋਰਦਾਰ ਝਟਕਾ ਦੇ ਦਿੱਤਾ ਹੈ। ਇਹ ਉਹ ਰਿਤੂ ਹੈ, ਜਿਸ ਦੇ ਪਰਿਵਾਰ ਦੀਆਂ ਦੋ ਵੱਡੀਆਂ ਭੈਣਾਂ ਭਾਵ ਗੀਤਾ ਅਤੇ ਬਬੀਤਾ ਦੀ ਕਾਮਯਾਬੀ ਉੱਤੇ 'ਦੰਗਲ' ਨਾਂਅ ਦੀ ਫਿਲਮ ਵੀ ਬਣ ਚੁੱਕੀ ਹੈ, ਜਿਸ ਵਿਚ ਮਸ਼ਹੂਰ ਅਦਾਕਾਰ ਆਮਿਰ ਖਾਨ ਨੇ ਉਨ੍ਹਾਂ ਦੇ ਪਿਤਾ ਦੀ ਭੂਮਿਕਾ ਨਿਭਾਈ ਸੀ। ਗੀਤਾ ਫੋਗਾਟ ਅਤੇ ਬਬੀਤਾ ਫੋਗਾਟ ਦੀ ਛੋਟੀ ਭੈਣ ਰਿਤੂ ਨੇ ਰੈਸਲਿੰਗ ਦੀ ਬਜਾਏ ਮਿਕਸਡ ਮਾਰਸ਼ਲ ਆਰਟ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਕਿ ਰਿਤੂ ਨੇ ਕੁਸ਼ਤੀ ਦੀ ਰਵਾਇਤੀ ਖੇਡ ਨੂੰ ਛੱਡ ਕੇ ਸਿੰਗਾਪੁਰ ਦੀ ਇਕ ਪ੍ਰਾਈਵੇਟ ਅਤੇ ਪੇਸ਼ੇਵਰ ਇਵਾਲਫ ਫਾਈਟ ਟੀਮ ਨਾਲ ਜੁੜਨ ਦਾ ਫੈਸਲਾ ਕਰ ਲਿਆ ਹੈ।
ਉਸ ਦੇ ਸੰਨਿਆਸ ਉੱਤੇ ਹੈਰਾਨੀ ਹੋਣ ਦੀ ਇਕ ਵੱਡੀ ਵਜ੍ਹਾ ਉਸ ਦੀ ਉਮਰ ਹੈ, ਕਿਉਂਕਿ ਰਿਤੂ ਨੇ ਮਹਿਜ਼ 24 ਸਾਲ ਦੀ ਉਮਰ ਵਿਚ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਹ ਕੋਈ ਸੱਟ ਵਗੈਰਾ ਤੋਂ ਵੀ ਨਹੀਂ ਸੀ ਜੂਝ ਰਹੀ ਅਤੇ ਉਸ ਦਾ ਖੇਡ ਜੀਵਨ ਵੀ ਠੀਕ-ਠਾਕ ਚੱਲ ਰਿਹਾ ਸੀ। ਏਨੀ ਨੌਜਵਾਨ, ਫਿੱਟ ਅਤੇ ਖੇਡ ਜੀਵਨ ਵਿਚ ਸਭ ਤੋਂ ਬਿਹਤਰੀਨ ਮੰਨੀ ਜਾਂਦੀ ਉਮਰ ਮੌਕੇ ਲਏ ਗਏ ਇਸ ਇਸ ਸੰਨਿਆਸ ਪਿੱਛੇ ਦੇ ਕਾਰਨਾਂ ਨੂੰ ਲੱਭਣ ਦੀ ਜੇਕਰ ਕੋਸ਼ਿਸ਼ ਕਰੀਏ ਤਾਂ ਇਹ ਵੀ ਲਗਦਾ ਹੈ ਕਿ ਭਾਰਤੀ ਖੇਡ ਢਾਂਚੇ ਵਿਚ ਕ੍ਰਿਕਟ ਤੋਂ ਛੁੱਟ ਬਾਕੀ ਖੇਡਾਂ ਨੂੰ ਹਾਲੇ ਵੀ ਚਰਚਾ ਪੱਖੋਂ ਪਿੱਛੇ ਹੀ ਰੱਖਿਆ ਜਾ ਰਿਹਾ ਹੈ ਅਤੇ ਇਸ ਨਾਲ ਕਈ ਵਾਰ ਇਹ ਵੇਖਣ ਵਿਚ ਆਇਆ ਹੈ ਕਿ ਹੋਰਨਾਂ ਖੇਡਾਂ ਦੇ ਖਿਡਾਰੀ ਪੇਸ਼ੇਵਰ ਲੀਗਾਂ ਸ਼ੁਰੂ ਹੋਣ ਦੇ ਬਾਵਜੂਦ ਆਪਣਾ ਲੰਮੇਰਾ ਭਵਿੱਖ ਰਵਾਇਤੀ ਖੇਡਾਂ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਭਾਰਤੀ ਖੇਡ ਪ੍ਰਬੰਧਨ ਅੰਦਰ ਹੁੰਦੀ ਸਿਆਸਤ ਅਤੇ ਅੰਦਰੂਨੀ ਖਿੱਚੋਤਾਣ ਵੀ ਖਿਡਾਰੀਆਂ ਨੂੰ ਕਈ ਵਾਰ ਅਗਾਂਹ ਲਈ ਉਤਸ਼ਾਹਿਤ ਹੋਣ ਤੋਂ ਵਾਂਝਾ ਕਰ ਦਿੰਦੀ ਹੈ।
ਪੇਸ਼ੇਵਰ ਅਤੇ ਪ੍ਰਾਈਵੇਟ ਖੇਡਾਂ ਦੀ ਚਮਕ-ਦਮਕ ਵੀ ਹੁਣ ਖਿਡਾਰੀਆਂ ਨੂੰ ਰਵਾਇਤੀ ਖੇਡਾਂ ਤੋਂ ਦੂਰ ਕਰ ਰਹੀ ਹੈ। ਇਸ ਸਭ ਕਾਸੇ ਦੇ ਬਾਵਜੂਦ ਸਭ ਤੋਂ ਵੱਡਾ ਕਾਰਨ ਭਾਰਤੀ ਖੇਡ ਢਾਂਚਾ ਹੀ ਨਜ਼ਰ ਆਉਂਦਾ ਹੈ, ਕਿਉਂਕਿ ਇਸ ਭਾਰਤੀ ਖੇਡ ਢਾਂਚੇ ਤੋਂ ਬਾਹਰ ਯਾਨੀ ਦੂਜੇ ਦੇਸ਼ਾਂ ਵਿਚ ਖਿਡਾਰੀਆਂ ਵਲੋਂ ਇਸ ਕਦਰ ਨੌਜਵਾਨ ਉਮਰੇ ਸੰਨਿਆਸ ਲੈਣ ਦੀਆਂ ਗੱਲਾਂ ਸਾਹਮਣੇ ਨਹੀਂ ਆਉਂਦੀਆਂ। ਜਿਸ ਵੇਲੇ ਰਿਤੂ ਨੇ ਸੰਨਿਆਸ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਉਸ ਵੇਲੇ ਭਾਰਤੀ ਕੁਸ਼ਤੀ ਅੰਦਰ ਆਲਮ ਇਹ ਸੀ ਕਿ ਰਿਤੂ ਨੂੰ ਇਕ ਬੇਹੱਦ ਪ੍ਰਤਿਭਾਸ਼ਾਲੀ ਮਹਿਲਾ ਰੈਸਲਰ ਮੰਨਿਆ ਜਾ ਰਿਹਾ ਸੀ। ਉਹ 48 ਕਿਲੋਗ੍ਰਾਮ ਦੇ ਵਰਗ ਵਿਚ ਅੰਡਰ 23 ਵਿਸ਼ਵ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਗਮਾ ਜਿੱਤ ਚੁੱਕੀ ਹੈ ਅਤੇ ਇਸੇ ਸਦਕਾ ਉਸ ਨੂੰ ਭਵਿੱਖ ਦਾ ਸੰਭਾਵਿਤ ਵਿਸ਼ਵ ਜੇਤੂ ਵੀ ਮੰਨਿਆ ਜਾ ਰਿਹਾ ਸੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਫੁੱਟਬਾਲ ਆਈ ਲੀਗ

ਚੇਨਈ ਐਫ.ਸੀ. ਨੇ ਜਿੱਤਿਆ ਪਲੇਠਾ ਖਿਤਾਬ

ਪਿਛਲੇ ਦਿਨੀਂ ਬਹੁ-ਚਰਚਿਤ ਫੁੱਟਬਾਲ ਆਈ ਲੀਗ ਦੀ ਖਿਤਾਬੀ ਬਾਦਸ਼ਾਹਤ ਦਾ ਫੈਸਲਾ ਹੋ ਗਿਆ। ਇਸ ਵਾਰ ਇਹ ਖਿਤਾਬ ਚੇਨਈ ਸਿਟੀ ਕਲੱਬ ਦੇ ਨਾਂਅ ਲਿਖਿਆ ਗਿਆ। ਪਿਛਲੀ ਵਾਰ ਦੀ ਵਿਜੇਤਾ ਮਿਨਰਵਾ ਪੰਜਾਬ ਨੂੰ 3-1 ਨਾਲ ਹਰਾ ਕੇ ਚੇਨਈ ਐਫ.ਸੀ. ਨੇ ਖਿਤਾਬ 'ਤੇ ਕਬਜ਼ਾ ਕੀਤਾ। ਇਸ ਪ੍ਰਾਪਤੀ ਨਾਲ ਹੀ ਚੇਨਈ ਐਫ. ਸੀ. ਆਈ.ਲੀਗ ਖਿਤਾਬ ਜਿੱਤਣ ਵਾਲੀ ਤਾਮਿਲਨਾਡੂ ਦੀ ਪਹਿਲੀ ਟੀਮ ਬਣ ਗਈ ਹੈ। ਪਲੇਠਾ ਖਿਤਾਬ ਜਿੱਤਣ ਵਾਲੀ ਇਸ ਟੀਮ ਨੇ ਕੁੱਲ 20 ਮੈਚ ਖੇਡੇ, 13 ਜਿੱਤੇ, 3 ਬਰਾਬਰ ਅਤੇ 4 ਹਾਰੇ, ਕੁੱਲ 43 ਅੰਕ ਹਾਸਲ ਕਰਕੇ ਅੱਵਲ ਰਹੀ, ਜਦ ਕਿ ਪੱਛਮੀ ਬੰਗਾਲ ਨੇ ਕੁੱਲ 20 ਮੈਚ ਖੇਡਦਿਆਂ 13 ਜਿੱਤੇ, 3 ਬਰਾਬਰ, 4 ਹਾਰੇ ਤੇ ਕੁੱਲ 42 ਅੰਕਾਂ ਨਾਲ ਦੂਜੇ ਨੰਬਰ 'ਤੇ ਰਿਹਾ, ਜਦ ਕਿ ਰੀਅਲ ਕਸ਼ਮੀਰ ਐਫ. ਸੀ. 36 ਅੰਕਾਂ ਨਾਲ ਤੀਜੇ ਨੰਬਰ 'ਤੇ ਰਿਹਾ। ਆਈ ਲੀਗ ਦੇ 12ਵੇਂ ਸੰਸਕਰਣ ਵਿਚ ਕੁੱਲ 11 ਟੀਮਾਂ ਚੇਨਈ ਸਿਟੀ, ਚਰਚਿੱਲ ਬਰਦਰਜ਼ ਪੱਛਮੀ ਬੰਗਾਲ, ਗੋਲੂਕਮ ਕੇਰਲਾ, ਇੰਡੀਅਨ ਏਰੋਜ, ਮਿਨਰਵਾ ਪੰਜਾਬ, ਮੋਹਣ ਬਗਾਨ, ਨੈਰੋਕਾ ਰੀਅਲ ਕਸ਼ਮੀਰ ਅਤੇ ਸ਼ਿਲਾਗ ਲਾਜੋਗ ਨੇ ਖਿਤਾਬੀ ਜ਼ੋਰ ਅਜ਼ਮਾਈ ਕੀਤੀ। ਭਾਰਤ 'ਚ ਪੇਸ਼ੇਵਰ ਆਈ ਲੀਗ ਦੀ ਸ਼ੁਰੂਆਤ 2007 'ਚ ਕੀਤੀ ਸੀ, ਦਰਅਸਲ ਦੇਸ਼ ਵਿਚ 1996-97 'ਚ ਨੈਸ਼ਨਲ ਫੁੱਟਬਾਲ ਲੀਗ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਅਰਧ ਪੇਸ਼ਾਵਰ ਵਜੋਂ ਜਾਣੀ ਜਾਂਦੀ ਸੀ, ਉਸੇ ਲੀਗ ਨੂੰ ਪੂਰਨ ਪੇਸ਼ੇਵਰ ਰੰਗ ਦਿੰਦਿਆਂ ਇਹ ਮੁਕਾਬਲੇ ਹੁਣ ਆਈ ਲੀਗ ਵਜੋਂ ਜਾਣੇ ਜਾਂਦੇ ਹਨ। ਆਈ ਲੀਗ 2018-19 ਦੇ ਸੀਜ਼ਨ ਦੇ ਮੈਚਾਂ ਦੀ ਖਾਸ ਗੱਲ ਇਹ ਰਹੀ ਕਿ ਇਹ ਵੱਕਾਰੀ ਖਿਤਾਬੀ ਮੁਕਾਬਲਾ ਆਖਰੀ ਮੈਚ ਤੱਕ ਬੇਹੱਦ ਦਿਲਚਸਪ ਬਣਿਆ ਰਿਹਾ। ਚੇਨਈ ਅਤੇ ਮਿਨਰਵਾ ਦਰਮਿਆਨ ਖੇਡਿਆ ਗਿਆ ਆਖਰੀ ਮੈਚ ਜਦੋਂ ਪਹਿਲੇ ਅੱਧ ਤੱਕ 1-0 ਦੇ ਫਰਕ ਨਾਲ ਮਿਨਰਵਾ ਪੰਜਾਬ ਦੇ ਹੱਕ ਵਿਚ ਜਾ ਰਿਹਾ ਸੀ ਤਾਂ ਕਿਆਸ ਅਰਾਈਆਂ ਅਤੇ ਅੰਕੜਿਆਂ ਦੀ ਉਧੇੜ-ਬੁਣ 'ਚ ਖਿਤਾਬ ਚੇਨਈ ਹੱਥੋਂ ਖਿਸਕਦਾ ਨਜ਼ਰ ਆ ਰਿਹਾ ਸੀ ਪਰ ਦੂਜੇ ਅੱਧ ਵਿਚ ਚੇਨਈ ਐਫ. ਸੀ. ਨੇ ਸ਼ਾਨਦਾਰ ਵਾਪਸੀ ਕਰਦਿਆਂ ਪੱਛਮੀ ਬੰਗਾਲ ਦੀ ਟੀਮ ਦੀਆਂ ਉਮੀਦਾਂ ਨੂੰ ਢਹਿ-ਢੇਰੀ ਕਰਦਿਆਂ, ਮਿਨਰਵਾ ਪੰਜਾਬ ਨੂੰ 3-1 ਨਾਲ ਹਰਾ ਕੇ ਪਲੇਠਾ ਖਿਤਾਬ ਆਪਣੇ ਨਾਂਅ ਕਰ ਲਿਆ, ਜਦ ਕਿ ਪੱਛਮੀ ਬੰਗਾਲ ਨੇ ਗੋਕੋਲਮ ਕੇਰਲਾ ਨੂੰ ਹਰਾ ਕੇ ਉਪ-ਵਿਜੇਤਾ ਵਜੋਂ ਆਪਣਾ ਨਾਂਅ ਅੰਕਿਤ ਕੀਤਾ।
ਆਈ ਲੀਗ ਦੇ ਖ਼ਤਮ ਹੋਏ ਸੀਜ਼ਨ ਵਿਚ ਇਸ ਵਾਰ ਕੁੱਲ 109 ਮੈਚ ਖੇਡੇ ਗਏ ਅਤੇ ਵੱਖ-ਵੱਖ ਟੀਮਾਂ 'ਚ ਖੇਡਦੇ ਖਿਡਾਰੀਆਂ ਦੇ ਪੈਰਾਂ ਵਿਚੋਂ ਕੁੱਲ 303 ਗੋਲ ਨਿਕਲੇ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਲੁਤਫ ਉਠਾਇਆ। ਔਸਤਨ ਪ੍ਰਤੀ ਮੈਚ 2.78 ਦਾ ਅੰਕੜਾ, ਆਈ ਲੀਗ ਦੇ ਤੇਜ਼-ਤਰਾਰ ਮੈਚਾਂ ਦਾ ਸੰਕੇਤ ਕਿਹਾ ਜਾ ਸਕਦਾ ਹੈ। ਗੋਲ ਦਾਗਣ ਦੇ ਮਾਮਲੇ ਵਿਚ ਇਸ ਵਾਰ ਵੀ ਵਿਦੇਸ਼ੀ ਖਿਡਾਰੀ ਮੋਹਰੀ ਰਹੇ। ਟਾਪ ਸਕੋਰਰ ਵਜੋਂ ਤ੍ਰਿਨੀਦਾਦ ਐਂਡ ਤੋਬਾਗੂ ਦੇ ਅੰਤਰਰਾਸ਼ਟਰੀ ਖਿਡਾਰੀ ਚਰਚੱਲ ਬ੍ਰਾਦਰਜ਼ ਵਲੋਂ ਖੇਡਦੇ ਵਿਲਜ਼ ਪਲਾਜ਼ਾ ਅਤੇ ਉਰੂਗਵੇ 'ਚ ਜਨਮੇ ਸਪੇਨ ਦੇ ਪੇਸ਼ਾਵਰ ਖਿਡਾਰੀ ਚੇਨਈ ਐਫ. ਸੀ. ਲਈ ਮੈਦਾਨ ਵਿਚ ਉਤਰੇ ਪੈਡਰੋ ਮਾਂਜੀ ਗੋਲ ਮਸ਼ੀਨ ਸਾਬਤ ਹੋਏ। ਦੋਵਾਂ ਨੇ 21 ਗੋਲ ਦਾਗੇ ਤੇ ਸਾਂਝੇ ਤੌਰ 'ਤੇ ਗੋਲਡਨ ਬੂਟ ਦੇ ਹੱਕਦਾਰ ਬਣੇ।
ਇਤਿਹਾਸ ਬਣੀ ਆਈ ਲੀਗ ਵਿਚ ਦਰਸ਼ਕਾਂ ਦਾ ਵੱਡੀ ਗਿਣਤੀ ਵਿਚ ਸਟੇਡੀਅਮ ਪਹੁੰਚਣਾ ਲੀਗ ਦੇ ਵਧਦੇ ਕਦਮਾਂ ਦੀ ਸ਼ਾਅਦੀ ਭਰਦਾ ਹੈ। ਔਸਤਨ ਹਰ ਮੈਚ ਵਿਚ 10,233 ਦਰਸ਼ਕ ਮੈਚ ਦੇਖਣ ਲਈ ਸਟੇਡੀਅਮ ਪਹੁੰਚੇ, ਜਦ ਕਿ ਰਵਾਇਤੀ ਟੀਮਾਂ ਪੱਛਮੀ ਬੰਗਾਲ ਅਤੇ ਮੋਹਣ ਬਗਾਨ ਵਿਚ ਦਰਸ਼ਕ ਅੰਕੜਾ 64887 ਰਿਹਾ। ਇਸ ਵਾਰ ਆਈ ਲੀਗ ਦੇ ਆਖਰੀ ਗੇੜ ਵਿਚ ਸਵਿਸ ਕਲੱਬ ਬੇਸਲ ਨੇ ਚੇਨਈ ਐਫ.ਸੀ. ਦੀ 26 ਫੀਸਦੀ ਹਿੱਸੇਦਾਰੀ ਖਰੀਦ ਲਈ ਹੈ, ਅਜਿਹੇ ਕਰਾਰ ਨਾਲ ਜਿਥੇ ਭਾਰਤੀ ਖਿਡਾਰੀਆਂ ਲਈ ਯੂਰਪੀਅਨ ਲੀਗ ਦੇ ਦਰਵਾਜ਼ੇ ਖੁੱਲ੍ਹ ਜਾਣਗੇ, ਉਥੇ ਭਾਰਤੀ ਫੁੱਟਬਾਲ ਨੂੰ ਵੀ ਵੱਡਾ ਹੁਲਾਰਾ ਮਿਲੇਗਾ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਮਿਅੰਕ ਮਾਰਕੰਡੇ ਗੁਗਲੀ ਦਾ ਨਵਾਂ ਜਾਦੂਗਰ

ਵਿਕਰਮ ਸ਼ਰਮਾ ਦੇ ਫੋਨ ਦੀ ਘੰਟੀ ਵੱਜੀ, ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਲੈੱਗ ਸਪਿਨਰ ਬੇਟਾ ਮਿਅੰਕ ਮਾਰਕੰਡੇ ਉਨ੍ਹਾਂ ਨੂੰ ਫਿਰ ਤੋਂ ਖੁਸ਼ਖ਼ਬਰੀ ਦੇਵੇਗਾ ਕਿ ਉਸ ਨੇ ਇਕ ਹੋਰ ਵਾਰ ਪੰਜ ਵਿਕਟ ਲੈ ਲਏ ਹਨ, ਜਿਸ ਤਰ੍ਹਾਂ ਉਸ ਨੇ ਇੰਡੀਆ-ਏ ਵਲੋਂ ਇੰਗਲੈਂਡ ਲਾਇੰਸ ਦੇ ਵਿਰੁੱਧ ਮੈਸੂਰ ਵਿਚ ਖੇਡਦੇ ਹੋਏ ਮੈਚ ਦੇ ਤੀਜੇ ਦਿਨ 31 ਦੌੜਾਂ ਦੇ ਕੇ ਦਿੱਤੇ ਸਨ। ਪਰ ਮਿਅੰਕ ਨੇ ਤਾਂ ਇਹ ਦੱਸਣ ਲਈ ਫੋਨ ਕੀਤਾ ਸੀ ਕਿ ਉਸ ਨੂੰ ਆਸਟ੍ਰੇਲੀਆ ਦੇ ਖਿਲਾਫ ਟੀ-20 ਸੀਰੀਜ਼ ਲਈ ਭਾਰਤ ਦੀ ਟੀਮ ਵਿਚ ਚੁਣਿਆ ਗਿਆ ਹੈ। ਧਿਆਨ ਰਹੇ ਕਿ ਸੀਰੀਜ਼ ਦੇ ਪਹਿਲੇ ਮੈਚ ਵਿਚ ਮਿਅੰਕ ਨੂੰ ਖੇਡਣ ਦਾ ਮੌਕਾ ਮਿਲਿਆ ਅਤੇ ਉਸ ਨੇ ਆਪਣੀ ਪ੍ਰਤਿਭਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ।
ਫਿਲਹਾਲ, ਭਾਰਤੀ ਟੀਮ ਵਿਚ ਚੁਣੇ ਜਾਣ ਦੀ ਖ਼ਬਰ ਨੂੰ ਸੁਣ ਕੇ ਬਿਕਰਮ ਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋਇਆ। ਬਿਕਰਮ ਖ਼ੁਦ ਰਾਸ਼ਟਰੀ ਪੱਧਰ ਦੇ ਅਥਲੀਟ ਸਨ, ਜਿਨ੍ਹਾਂ ਦਾ ਪੰਜਾਬ ਲਈ ਅੰਡਰ-16 ਦਾ ਰਿਕਾਰਡ (ਲੰਮੀ ਛਾਲ ਵਿਚ 6.19 ਮੀਟਰ) ਹਾਲੇ ਤੱਕ ਨਹੀਂ ਟੁੱਟਿਆ ਹੈ, ਪਰ ਪੈਰ 'ਤੇ ਸੱਟ ਲੱਗਣ ਕਾਰਨ ਉਨ੍ਹਾਂ ਦਾ ਕੈਰੀਅਰ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ। ਮਿਅੰਕ ਜਦੋਂ ਪੰਜ ਸਾਲ ਦਾ ਸੀ ਤਾਂ ਉਸ ਦੀ ਦੌੜ ਤੋਂ ਪ੍ਰਭਾਵਿਤ ਹੋ ਕੇ ਬਿਕਰਮ ਨੇ ਉਸ ਨੂੰ ਐਨ. ਆਈ. ਐਸ. ਪਟਿਆਲਾ ਅਥਲੈਟਿਕਸ ਕੋਚ ਦੇ ਕੋਲ ਲੈ ਕੇ ਗਏ ਸਨ, ਪਰ ਮਿਅੰਕ ਦੀ ਤਾਂ ਹਮੇਸ਼ਾ ਤੋਂ ਹੀ ਦਿਲਚਸਪੀ ਕ੍ਰਿਕਟ ਵਿਚ ਸੀ। ਉਸ ਦਾ ਭਾਰਤ ਲਈ ਖੇਡਣਾ ਵੱਡੀ ਉਪਲਬਧੀ ਹੈ ਅਤੇ ਉਸ ਦਾ ਪਰਿਵਾਰ ਖੁਸ਼ ਹੈ ਕਿ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਵਿਚ ਸਫਲ ਰਿਹਾ।
ਟੀ-20 ਫਾਰਮੈਟ ਵਿਚ ਲੈੱਗ ਸਪਿਨਰ ਹਮੇਸ਼ਾ ਹੀ ਘਾਤਕ ਹਥਿਆਰ ਹੁੰਦਾ ਹੈ। ਮਿਅੰਕ ਦੀ ਵਿਸ਼ੇਸ਼ਤਾ ਇਹ ਹੈ ਕਿ ਗੁਗਲੀ ਤੇਜ਼ ਸਪੀਡ ਨਾਲ ਆਉਂਦੀ ਹੈ ਅਤੇ ਸਮੇਂ ਦੇ ਨਾਲ ਉਸ ਦੀ ਕਲਾਈ ਜ਼ਿਆਦਾ ਮਜ਼ਬੂਤ ਹੋ ਗਈ ਹੈ, ਜਿਸ ਦਾ ਅਰਥ ਹੈ ਕਿ ਉਹ ਗੇਂਦ ਨੂੰ ਜ਼ਿਆਦਾ ਚੱਕਰ ਦੇਣ ਵਿਚ ਸਫਲ ਰਹਿੰਦਾ ਹੈ। ਇਹੀ ਕਾਰਨ ਹੈ ਕਿ ਪਿਛਲੇ ਸਾਲ ਆਈ. ਪੀ. ਐਲ. ਵਿਚ ਮੁੰਬਈ ਇੰਡੀਅਨਜ਼ ਲਈ ਚੇਨਈ ਸੁਪਰ ਕਿੰਗਸ ਵਿਰੁੱਧ ਆਪਣਾ ਪਹਿਲਾ ਮੈਚ ਖੇਡਦੇ ਹੋਏ ਉਸ ਨੇ ਪਹਿਲਾਂ ਅੰਬਾਤੀ ਰਾਇਡੂ ਨੂੰ ਫਿਲਪਰ ਨਾਲ ਆਊਟ ਕੀਤਾ ਅਤੇ ਫਿਰ ਐਮ. ਐਸ. ਧੋਨੀ ਦਾ ਵਿਕਟ ਤੇਜ਼ ਗੁਗਲੀ ਨਾਲ ਲਿਆ ਜੋ ਸਿਕਡ ਹੋਈ ਸੀ। ਆਈ. ਪੀ. ਐਲ. ਦੇ 14 ਮੈਚਾਂ ਵਿਚ ਉਸ ਨੇ ਕੁੱਲ 15 ਵਿਕਟ ਲਏ ਅਤੇ ਇਥੋਂ ਮਿਅਕਾਂ ਨੂੰ ਰਾਸ਼ਟਰੀ ਪਛਾਣ ਮਿਲਣੀ ਸ਼ੁਰੂ ਹੋਈ।
ਕੂਚ ਬਿਹਾਰ ਟ੍ਰਾਫੀ ਦੇ ਦੋ ਸਾਲਾਂ 2015-16, 2016-17 ਵਿਚ ਮਿਅੰਕ ਲਗਾਤਾਰ 25 ਤੇ 35 ਵਿਕਟਾਂ ਦੇ ਨਾਲ ਪੰਜਾਬ ਅੰਡਰ-19 ਲਈ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲਾ ਖਿਡਾਰੀ ਰਿਹਾ। ਪਿਛਲੇ ਛੇ ਮਹੀਨੇ ਵਿਚ ਮਿਅੰਕ ਨੇ ਰਣਜੀ ਟ੍ਰਾਫੀ ਖੇਡਣੀ ਸ਼ੁਰੂ ਕੀਤੀ ਅਤੇ ਸੱਤ ਫਰਸਟ ਕਲਾਸ ਮੈਚਾਂ ਵਿਚ ਉਸ ਨੇ ਕੁੱਲ 34 ਵਿਕਟਾਂ ਲਈਆਂ, ਜਿਨ੍ਹਾਂ ਵਿਚੋਂ ਤਿੰਨ ਵਾਰ ਪੰਜ ਵਿਕਟ ਲੈਣਾ ਵੀ ਸ਼ਾਮਿਲ ਹੈ।
ਮਿਅੰਕ ਕਹਿੰਦੇ ਹਨ, 'ਮੈਂ ਆਪਣੀ ਲੈੱਗ ਸਪਿਨਰ ਇਕ ਸਾਲ ਤੋਂ ਘੱਟ ਕਰ ਰਿਹਾ ਹਾਂ ਅਤੇ ਵਿਕਟਾਂ ਦੇ ਰੂਪ ਵਿਚ ਹੁਣ ਫਲ ਮਿਲਣ ਲੱਗਿਆ ਹੈ। ਆਪਣੀ ਸੱਟ ਦੀ ਵਜ੍ਹਾ ਨਾਲ ਮੇਰੇ ਪਿਤਾ ਭਾਰਤ ਦੀ ਅਗਵਾਈ ਨਹੀਂ ਕਰ ਸਕੇ ਸਨ, ਹੁਣ ਭਾਰਤ ਲੀ ਖੇਡ ਕੇ ਸ਼ਾਇਦ ਮੈਂ ਉਨ੍ਹਾਂ ਦਾ ਸੁਪਨਾ ਪੂਰਾ ਕਰ ਦਿੱਤਾ ਹੈ।' ਪੰਜਾਬ ਦੇ ਸਾਬਕਾ ਆਫ਼ ਸਪਿਨਰ ਮਹੇਸ਼ ਇੰਦਰ ਸਿੰਘ, ਜੋ ਭਾਰਤ ਦੇ ਸਾਬਕਾ ਆਲ ਰਾਊਂਡਰ ਰਤਿੰਦਰ ਸਿੰਘ ਸੋਢੀ ਦੇ ਪਿਤਾ ਵੀ ਹਨ, ਤੋਂ ਟ੍ਰੇਨਿੰਗ ਲੈਣ ਲਈ ਮਿਅੰਕ ਨੇ ਪਟਿਆਲਾ ਦੀ ਐਨ. ਆਈ. ਸੀ. ਐਸ. ਅਕਾਦਮੀ ਜੁਆਇਨ ਕੀਤੀ। ਮਿਅੰਕ ਨੇ ਤੇਜ਼ ਗੇਂਦਬਾਜ਼ੀ ਨਾਲ ਸ਼ੁਰੂਆਤ ਕੀਤੀ, ਪਰ ਸਿੰਘ ਨੇ ਲੈੱਗ ਸਪਿਨਰ 'ਤੇ ਧਿਆਨ ਦੇਣ ਲਈ ਕਿਹਾ। ਹਾਲਾਂਕਿ ਪਿਛਲੇ 7 ਸਾਲਾਂ ਤੋਂ ਮਿਅੰਕ ਇੰਡੀਆ ਅੰਡਰ-19 ਦੇ ਸਾਬਕਾ ਕੋਚ ਮੁਨੀਸ਼ ਬਾਲੀ ਤੋਂ ਟ੍ਰੇਨਿੰਗ ਲੈ ਰਿਹਾ ਹੈ, ਪਰ ਉਹ ਗਾਈਡੈਂਸ ਲਈ ਅਕਸਰ ਸਿੰਘ ਨੂੰ ਫੋਨ ਕਰਦਾ ਰਹਿੰਦਾ ਹੈ।
ਮਹੇਸ਼ ਇੰਦਰ ਸਿੰਘ ਦੱਸਦੇ ਹਨ, 'ਜਦੋਂ ਉਹ ਪਹਿਲੀ ਵਾਰ ਆਪਣੇ ਪਿਤਾ ਦੇ ਨਾਲ ਮੇਰੇ ਕੋਲ ਆਇਆ ਤਾਂ ਉਹ ਤੇਜ਼ ਗੇਂਦਬਾਜ਼ ਬਣਨਾ ਚਾਹੁੰਦਾ ਸੀ। ਉਸ ਨੂੰ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰਦੇ ਦੇਖ ਮੈਨੂੰ ਅਹਿਸਾਸ ਹੋਇਆ ਕਿ ਉਸ ਦਾ ਸਰੀਰ ਬਹੁਤ ਲਚੀਲਾ ਹੈ ਅਤੇ ਕਲਾਈ ਵੀ ਜੋ ਇਕ ਲੈੱਗ ਸਪਿਨਰ ਲਈ ਮੁੱਖ ਜ਼ਰੂਰਤ ਹੈ। ਉਸ ਦਾ ਫੁੱਟਵਰਕ ਵੀ ਬਹੁਤ ਤੇਜ਼ ਹੈ, ਏਨੇ ਲਚਕੀਲੇ ਸਰੀਰ ਦੇ ਬੱਚੇ ਦੁਰਲਭ ਹੁੰਦੇ ਹਨ। ਉਹ ਕਿ ਇਸ ਤਰ੍ਹਾਂ ਦੀ ਗੇਂਦ ਸੁੱਟਦਾ ਹੈ ਜੋ ਉਸ ਦੀ ਬੈਕ ਆਫ ਹੈਂਡ ਤੋਂ ਹੌਲੀ ਨਿਕਲਦੀ ਹੈ ਅਤੇ ਸਮੇਂ ਦੇ ਨਾਲ ਉਸ ਨੇ ਗੁਗਲੀ ਵੀ ਵਿਕਸਿਤ ਕਰ ਲਈ ਅਤੇ ਬੱਲੇਬਾਜ਼ੀ ਨੂੰ ਚਕਮਾ ਦੇਣ ਲਈ ਉਹ ਕ੍ਰੀਜ ਦੀ ਵਰਤੋਂ ਵੀ ਕਰਨ ਲੱਗਿਆ ਹੈ। ਉਹ ਅਨਿਲ ਕੁੰਬਲੇ ਤੇ ਸ਼ੇਨ ਵਾਰਨ ਦੇ ਵੀਡੀਓ ਦੇਖਦਾ ਹੈ, ਬਹੁਤ ਜਲਦੀ ਸਿੱਖਦਾ ਹੈ ਅਤੇ ਕਦੀ-ਕਦੀ ਮੇਰੇ ਨਾਲ ਵੀ ਚਰਚਾ ਕਰਦਾ ਹੈ। ਮੈਂ ਸਿਰਫ ਉਸ ਤੋਂ ਇਕ ਹੀ ਗੱਲ ਪਤਾ ਕਰਦਾ ਹਾਂ ਕਿ ਬੱਲੇਬਾਜ਼ ਨੂੰ ਚਕਮਾ ਦੇ ਕੇ ਕਿੰਨੇ ਵਿਕਟ ਮਿਲੇ?'
ਮਿਅੰਕ ਉਪਯੋਗੀ ਬੱਲੇਬਾਜ਼ ਵੀ ਹੈ। ਆਪਣੇ ਪਹਿਲੇ ਹੀ ਰਣਜੀ ਮੈਚ ਵਿਚ ਉਸ ਨੇ ਆਂਧਰ ਪ੍ਰਦੇਸ਼ ਦੇ ਵਿਰੁੱਧ 5 ਵਿਕਟਾਂ ਲੈਣ ਤੋਂ ਇਲਾਵਾ ਅਰਧ ਸੈਂਕੜਾ ਵੀ ਬਣਾਇਆ ਸੀ।


-ਫਿਊਚਰ ਮੀਡੀਆ ਨੈੱਟਵਰਕ

ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ

ਭਾਰਤ ਦੀ ਭਾਗਦਾਰੀ ਵਧੀ

ਆਲ ਇੰਗਲੈਂਡ ਬੈਡਮਿੰਟਨ ਦੀ ਸਦਾ ਹੀ ਉਡੀਕ ਰਹਿੰਦੀ ਹੈ ਕਿ ਇਸ ਵਰ੍ਹੇ ਕਿਹੜਾ ਦੇਸ਼ ਇਸ ਦੀਆਂ ਵੱਖ-ਵੱਖ ਵੰਨਗੀਆਂ ਵਿਚ ਇਸ 'ਤੇ ਆਪਣਾ ਕਬਜ਼ਾ ਕਰਦਾ ਹੈ ਤੇ ਖਾਸ ਤੌਰ 'ਤੇ ਸਾਇਨਾ ਨੇਹਵਾਲ ਤੇ ਪੀ.ਵੀ. ਸਿੰਧੂ ਨੂੰ ਲੈ ਕੇ ਮਹਿਲਾ ਸਿੰਗਲਜ਼ ਵਰਗ ਵਿਚ ਤਾਂ ਬਹੁਤ ਚਰਚੇ ਚੱਲ ਰਹੇ ਸਨ। ਇਸ ਸਾਲ ਖੇਡ ਪ੍ਰੇਮੀਆਂ ਨੂੰ ਜਿਥੋਂ ਤੱਕ ਭਾਰਤ ਦਾ ਸੁਆਲ ਹੈ, ਨਿਰਾਸ਼ਾ ਹੀ ਪੱਲੇ ਪਈ ਹੈ ਤੇ ਭਾਰਤ ਦੀ ਦੌੜ ਕੁਆਟਰ ਫਾਈਨਲ ਤੋਂ ਪਹਿਲਾਂ ਹੀ ਖਤਮ ਹੋ ਗਈ। ਇਹ ਨਿਰਾਸ਼ਾ ਉਸ ਸਮੇਂ ਘੋਰ ਨਿਰਾਸ਼ਾ ਤੱਕ ਪਹੁੰਚ ਗਈ ਜਦੋਂ ਜਿਹੜੀ ਆਸ ਦੀ ਪ੍ਰਬਲ ਕਿਰਨ ਸੀ ਕਿ ਪੀ.ਵੀ. ਸਿੰਧੂ ਇਸ ਵਾਰ ਆਲ ਇੰਗਲੈਂਡ ਬੈਡਮਿੰਟਨ ਭਾਰਤ ਦੀ ਝੋਲੀ ਵਿਚ ਪਾਵੇਗੀ ਤੇ ਭਾਰਤ ਦੀ ਪਹਿਲੀ ਮਹਿਲਾ ਇਹ ਖਿਤਾਬ ਜਿੱਤਣ ਵਾਲੀ ਬਣੇਗੀ, ਉਹ ਪਹਿਲੇ ਹੀ ਮੈਚ ਵਿਚ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਇਸ ਸਮੇਂ ਮਾਹਿਰਾਂ ਦਾ ਆਪਸ ਵਿਚ ਇੰਗਲੈਂਡ ਦੇ ਮੌਸਮ ਨੂੰ ਲੈ ਕੇ ਵਾਦ-ਵਿਵਾਦ ਵੀ ਚੱਲਿਆ ਤੇ ਇਕ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਪੀ.ਵੀ. ਸਿੰਧੂ ਇਸ ਕਰਕੇ ਹਾਰ ਗਈ ਕਿ ਉਸ ਨੂੰ ਦੇਸ਼ ਵਿਚੋਂ ਬਰਮਿੰਘਮ ਆਉਣ ਵਿਚ ਅਜੇ ਕੁੱਝ ਸਮਾਂ ਹੀ ਹੋਇਆ ਸੀ ਕਿ ਮੈਚ ਖੇਡਣਾ ਪਿਆ ਤੇ ਉਹ ਇੰਗਲੈਂਡ ਦੇ ਵਾਤਾਵਰਨ ਤੇ ਮੌਸਮ ਨਾਲ ਤਾਲਮੇਲ ਹੀ ਨਾ ਕਰ ਸਕੀ, ਪਰ ਕੁਝ ਨੇ ਇਸ ਕਾਰਨ ਨੂੰ ਬੇਬੁਨਿਆਦ ਦੱਸਿਆ ਤੇ ਕਿਹਾ ਮੌਸਮ ਸਭ ਲਈ ਬਰਾਬਰ ਸਨ। ਸਾਡੀ ਦੂਸਰੀ ਉਮੀਦ ਸਾਇਨਾ ਨੇਹਵਾਲ ਸੀ, ਜਿਸ ਬਾਰੇ ਹੁਣ ਇਹ ਕਿਹਾ ਜਾ ਰਿਹਾ ਸੀ ਕਿ ਪਿਛਲੇ ਸਾਲ ਦੇ ਆਖਰ ਵਿਚ ਅੰਤਰਰਾਸ਼ਟਰੀ ਟੂਰਨਾਮੈਂਟ ਵਰਲਡ ਟੂਰ ਚੈਂਪੀਅਨਸ਼ਿਪ ਵਿਚ, ਜਿਸ ਵਿਚ ਸਪੇਨ ਦੀ ਕਾਰੋਲੀਨਾ ਵੀ ਭਾਗ ਲੈ ਰਹੀ ਸੀ, ਜਿੱਤ ਕੇ ਫਿਰ ਖੇਡ ਵਿਚ ਵਾਪਸੀ ਕੀਤੀ ਹੈ ਤੇ ਸਾਲ ਦੇ ਰਾਸ਼ਟਰੀ ਟੂਰਨਾਮੈਂਟ ਵਿਚ ਉਸ ਨੇ ਪੀ.ਵੀ. ਸਿੰਧੂ ਨੂੰ ਹਰਾ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਹੁਣ ਉਸ ਨੇ ਮਜ਼ਬੂਤੀ ਨਾਲ ਆਪਣੀ ਸਰੀਰਕ ਸਮੱਰਥਾ ਵਿਚ ਵੀ ਨਾਲ ਸੁਧਾਰ ਕਰ ਲਿਆ ਹੈ। ਉਸ ਸਮੇਂ ਇਹ ਸਥਿਤੀ ਵੀ ਬਣ ਗਈ ਸੀ ਕਿ ਭਾਰਤ ਵਿਚ ਹੁਣ ਹਾਕੀ ਤੋਂ ਬਾਅਦ ਉਲੰਪਿਕ ਵਿਚ ਬੈਡਮਿੰਟਨ 'ਚੋਂ ਤਗਮਾ ਲੈਣ ਦੀ ਚਰਚਾ ਹੁੰਦੀ ਹੈ।
ਮਾਹਿਰਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਪੇਨ ਦੀ ਕਾਰੋਲੀਨਾ ਦੇ ਇਸ ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਲੱਤ 'ਤੇ ਸੱਟ ਲੱਗਣ ਕਰਕੇ ਇਸ ਵਿਚ ਭਾਗ ਨਾ ਲੈਣ ਕਾਰਨ ਇਹ ਸੁਨਹਿਰੀ ਮੌਕਾ ਹੈ ਕਿ ਕਿਸੇ ਵੀ ਖਿਡਾਰੀ ਪੀ.ਵੀ. ਸਿੰਧੂ ਜਾਂ ਸਾਇਨਾ ਨੇਹਵਾਲ ਦਾ ਇਸ ਵੱਕਾਰੀ ਟੂਰਨਾਮੈਂਟ ਜਿੱਤਣਾ ਸੰਭਵ ਹੋ ਸਕਦਾ ਹੈ। ਪਰ ਭਾਰਤ ਦੀਆਂ ਇਨ੍ਹਾਂ ਆਸਾਂ ਨੂੰ ਬੂਰ ਨਹੀਂ ਪਿਆ, ਜਿਸ ਦੇ ਵੀ ਕੁਝ ਕਾਰਨ ਹਨ, ਜਿਨ੍ਹਾਂ ਬਾਰੇ ਚਰਚਾ ਕੀਤੀ ਜਾ ਸਕਦੀ ਹੈ। ਪੁਰਸ਼ ਵੰਨਗੀ ਵਿਚ ਸ੍ਰੀ ਕਾਂਤ ਦਾ ਕੁਆਟਰ ਫਾਈਨਲ ਵਿਚ ਮੁਕਾਬਲਾ ਵਿਸ਼ਵ ਦੇ ਦੋ ਵਾਰ ਦੇ ਜੇਤੂ ਜਾਪਾਨ ਦੇ ਮੌਮਤਾ ਨਾਲ ਸੀ ਪਰ ਉਹ ਵੀ ਭਾਰਤ ਚੰਗੀ ਸੰਭਾਵਨਾ ਹੋਣ ਦੇ ਬਾਵਜੂਦ ਸਿੱਧੇ ਸੈੱਟਾਂ ਵਿਚ ਹਾਰ ਗਿਆ। ਇਸ ਖਿਡਾਰੀ ਨੇ ਆਖਰ ਵਿਚ ਇਹ ਖਿਤਾਬ ਜਿੱਤਿਆ।
ਦੁਨੀਆ ਵਿਚ ਬੈਡਮਿੰਟਨ ਦੀ ਖੇਡ ਵਿਚ ਆਲ ਇੰਡੀਆ ਬੈਡਮਿੰਟਨ ਟੂਰਨਾਮੈਂਟ ਨੂੰ ਸਭ ਤੋਂ ਪ੍ਰਤਿਸ਼ਠਤ ਸਵੀਕਾਰ ਕੀਤਾ ਜਾਂਦਾ ਹੈ। ਕੁਝ ਲੋਕਾਂ ਦਾ ਇਹ ਖਿਆਲ ਹੈ ਕਿ ਇਸ ਦੀ ਮਹੱਤਤਾ ਉਲੰਪਿਕ ਦੇ ਬਰਾਬਰ ਸਮਝੀ ਜਾਂਦੀ ਹੈ। ਮਾਹਿਰਾਂ ਦਾ ਇਹ ਖਿਆਲ ਹੈ ਕਿ ਇਸ ਆਲ ਇੰਗਲੈਂਡ ਵਿਚ ਨਿਰੋਲ ਬੈਡਮਿੰਟਨ ਹੀ ਖੇਡਿਆ ਜਾਂਦਾ ਹੈ ਤੇ ਜਿੱਥੇ ਉਲੰਪਿਕ ਵਿਚ ਸਾਰੀਆਂ ਹੀ ਖੇਡਾਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ। ਭਾਰਤ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਦੋਵਾਂ ਵਿਚ ਆਲ ਇੰਗਲੈਂਡ ਤੇ ਉਲੰਪਿਕ ਵਿਚ ਭਾਰਤ ਨੇ ਤਗਮੇ ਜਿੱਤੇ ਹਨ। ਜੇਕਰ ਆਲ ਇੰਗਲੈਂਡ ਦੀ ਗੱਲ ਕਰੀਏ ਤਾਂ ਭਾਰਤ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਭਾਰਤ ਨੇ ਦੋ ਵਾਰੀ ਇਸ ਨੂੰ ਜਿੱਤਿਆ ਹੈ। ਪਹਿਲੀ ਵਾਰੀ ਪ੍ਰਕਾਸ਼ ਪਾਦੋਕੋਨ ਨੇ ਇਹ ਵੱਕਾਰੀ ਟੂਰਨਾਮੈਂਟ ਭਾਰਤ ਦੀ ਝੋਲੀ ਵਿਚ ਪਾਇਆ ਤੇ ਇਸ ਨਾਲ ਹੀ ਭਾਰਤ ਦਾ ਇਸ ਦਾ ਸੁਨਹਿਰੀ ਯੁੱਗ ਦਾ ਆਰੰਭ ਸਮਝਿਆ ਜਾ ਸਕਦਾ ਹੈ। ਫਿਰ ਇਸ ਨੂੰ ਵਧੇਰੇ ਮਜ਼ਬੂਤ ਕਰਨ ਵਾਲਾ ਗੋਪੀ ਚੰਦ ਸੀ, ਜਿਸ ਨੇ 2001 ਵਿਚ ਇਹ ਪ੍ਰਤੀਯੋਗਤਾ ਜਿੱਤੀ। ਹੁਣ 18 ਸਾਲ ਦੇ ਸੋਕੇ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋਣੀ ਸੀ ਤੇ ਸਭ ਦੀਆਂ ਨਜ਼ਰਾਂ ਇਸ 'ਤੇ ਲੱਗੀਆਂ ਹੋਈਆਂ ਸਨ।
ਚਾਹੇ ਅਸੀਂ ਇਸ ਵੱਕਾਰੀ ਟੂਰਨਾਮੈਂਟ ਵਿਚ ਕੋਈ ਮਾਅਰਕਾ ਤਾਂ ਨਹੀਂ ਮਾਰ ਸਕੇ, ਪਰ ਹੁਣ ਇਸ ਸਮੇਂ ਵਿਚ ਆ ਕੇ ਭਾਰਤ ਦੀ ਇਸ ਆਲ ਇੰਗਲੈਂਡ ਟੂਰਨਾਮੈਂਟ ਵਿਚ ਭਾਗਦਾਰੀ ਵਧੀ ਹੈ। ਇਸ ਵਾਰੀ ਸਾਡੇ ਪੰਜ ਖਿਡਾਰੀ ਭਿੰਨ-ਭਿੰਨ ਵੰਨਗੀਆਂ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਸਨ। ਇਕ ਵਾਰ ਸਾਡੇ ਦੋ ਖਿਡਾਰੀ ਹੀ ਆਹਮੋ-ਸਾਹਮਣੇ ਸਨ। ਇਸ ਖੇਡ ਨਾਲ ਜੁੜੇ ਹੋਏ ਮਾਹਿਰਾਂ ਵਲੋਂ ਸੰਸਾਰ ਦੇ ਇਨ੍ਹਾਂ ਦੋ ਪ੍ਰਸਿੱਧ ਖਿਡਾਰੀਆਂ ਸਾਇਨਾ ਤੇ ਸਿੰਧੂ ਕਰਕੇ ਹੀ ਅੱਜ ਉਨ੍ਹਾਂ ਦੇਸ਼ਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਇਸ ਖੇਡ ਵਿਚ ਸਮੱਰਥ ਸਮਝਿਆ ਜਾਂਦਾ ਹੈ। ਹੁਣ ਇਸ ਖੇਡ ਵਿਚ ਸਾਡੀ ਬੈਂਚ ਪਾਵਰ ਵੀ ਵਧੀ ਹੈ ਤੇ ਨਵੇਂ ਖਿਡਾਰੀਆਂ ਤੋਂ ਇਹ ਆਸ ਕੀਤੀ ਜਾਂਦੀ ਹੀ ਕਿ ਉਹ ਕਿਸੇ ਸਮੇਂ ਕੋਈ ਇਤਿਹਾਸ ਸਿਰਜਣਗੇ। ਹੁਣ ਖੇਡ ਦਾ ਫਾਰਮੈਂਟ ਹੀ ਇਸ ਢੰਗ ਨਾਲ ਬਣਾਇਆ ਗਿਆ ਸੀ ਕਿ ਭਾਰਤ ਦਾ ਮੁਕਾਬਲਾ ਹੀ ਆਪਣੇ ਤੋਂ ਵਧੇਰੇ ਸਮਰੱਥ ਤੇ ਬਹੁਤ ਹੀ ਬਿਹਤਰ ਵਿਸ਼ਵ ਰੈਂਕਿੰਗ ਵਾਲੇ ਖਿਡਾਰੀਆਂ ਨਾਲ ਪੈ ਗਿਆ। ਕੁਝ ਸ਼ਟਲ ਡਿੱਗਣ ਦੀਆਂ ਜੱਜਮੈਂਟ ਦੀਆਂ ਗਲਤੀਆਂ ਸਾਨੂੰ ਬਹੁਤ ਮਹਿੰਗੀਆਂ ਪਈਆਂ।
ਇਤਫਾਕ ਵੱਸ ਖਾਸ ਤੌਰ 'ਤੇ ਸਾਇਨਾ ਨੂੰ ਵਿਸ਼ਵ ਦੀ ਨੰਬਰ ਇਕ ਖਿਡਾਰਨ ਤਾਈ ਜੂ ਯਿੰਗ ਨਾਲ ਤੀਜੇ ਮੈਚ ਵਿਚ ਖੇਡਣਾ ਪੈ ਗਿਆ। ਜੇਕਰ ਇਨ੍ਹਾਂ ਵਿਚਲੇ ਪਹਿਲਾਂ ਹੋਏ ਮੁਕਾਬਲਿਆਂ ਦੀ ਗੱਲ ਕੀਤੀ ਜਾਵੇ ਤਾਂ ਪਤਾ ਚਲਦਾ ਹੈ ਕਿ ਕੁੱਲ 20 ਮੁਕਾਬਲਿਆਂ ਵਿਚ ਭਾਰਤ ਨੇ ਕੇਵਲ ਪੰਜ ਵਿਚੋਂ ਸਾਇਨਾ ਨੇ ਤਾਈ ਜੂ ਯਿੰਗ ਕੋਲੋਂ ਜਿੱਤ ਹਾਸਲ ਕੀਤੀ ਹੈ ਤੇ ਤਾਈ ਨੇ 15 ਵਾਰ ਤੇ ਅਫਸੋਸ ਦੀ ਗੱਲ ਹੈ ਕਿ ਇਹ ਸਾਇਨਾ ਦੀ ਲਗਾਤਾਰ 11 ਵਾਰ ਹਾਰ ਸੀ। ਪਹਿਲੀ ਗੇਮ 21-15 ਤੇ ਦੂਜੀ ਗੇਮ ਵਿਚ ਸਾਇਨਾ ਨੇ ਮੱਧ ਵਿਚ ਲੀਡ ਵੀ ਲਈ ਸੀ ਪਰ ਵਿਰੋਧੀ ਖਿਡਾਰਨ ਨੇ ਵਧੀਆ ਪ੍ਰਦਰਸ਼ਨ ਕਰਕੇ ਮੈਚ ਆਪਣੇ ਨਾਂਅ 21-19 ਨਾਲ ਕਰ ਲਿਆ। ਜੇ ਇਸ ਵਾਰ ਹੋਏ ਮਕੁਾਬਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਦੋਵਾਂ ਵਿਚ ਮੁਕਾਬਲਾ ਇਕਪਾਸੜ ਹੀ ਰਿਹਾ ਤੇ ਉੱਤਮ ਖਿਡਾਰਨ ਤਾਈ ਯੂ ਜਿੰਗ ਜਿੱਤ ਹੋਈ। ਇਸ ਹਾਰ ਦਾ ਕਾਰਨ ਖੁਦ ਆਪ ਸਾਇਨਾ ਨੇ ਇਕ ਮੁਲਾਕਾਤ ਵਿਚ ਦੱਸਦੇ ਹੋਏ ਕਿਹਾ ਹੈ ਕਿ ਇਨ੍ਹਾਂ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਹੀ ਘੱਟ ਮਿਲਦਾ ਹੈ। ਇਸ ਲਈ ਅਗਲੇ ਸਾਲ ਖੇਡਾਂ ਦਾ ਮਹਾਂਕੁੰਭ ਉਲੰਪਿਕ ਜਾਪਾਨ ਵਿਚ ਟੋਕੀਓ ਵਿਚ ਹੋ ਰਿਹਾ ਹੈ। ਸਾਡੇ ਲਈ ਇਹ ਜ਼ਰੂਰੀ ਹੈ ਕਿ ਇਸ ਸਮੇਂ ਅਸੀ ਵੱਧ ਤੋਂ ਵੱਧ ਦੁਨੀਆ ਦੇ ਸ੍ਰੇਸ਼ਠ ਖਿਡਾਰੀਆਂ ਨਾਲ ਮੈਚ ਕਰਵਾ ਕੇ ਉਨ੍ਹਾਂ ਵਿਚ ਸਵੈ-ਵਿਸ਼ਵਾਸ ਪੈਦਾ ਕਰੀਏ।


-274-ਏ. ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਅਪਾਹਜ ਹੋਣ ਦੇ ਬਾਵਜੂਦ ਨਹੀਂ ਮੰਨੀ ਹਾਰ ਅਸ਼ਵਨੀ ਠਾਕਰ ਨੇ

ਅਸ਼ਵਨੀ ਠਾਕਰ ਪੈਰ ਤੋਂ ਅਪਾਹਜ ਹੈ ਪਰ ਉਸ ਨੇ ਜ਼ਿੰਦਗੀ ਤੋਂ ਕਦੇ ਹਾਰ ਨਹੀਂ ਮੰਨੀ ਅਤੇ ਹੈ ਹੌਸਲੇ ਦੀ ਵੱਡੀ ਮਿਸਾਲ। ਅਸ਼ਵਨੀ ਠਾਕਰ ਦਾ ਜਨਮ ਪ੍ਰਾਂਤ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਪਿੰਡ ਜਮਾਲਪੁਰ ਵਿਚ ਪਿਤਾ ਰਿਸ਼ੀਪਾਲ ਸਿੰਘ ਦੇ ਘਰ ਮਾਤਾ ਗੀਤਾ ਦੇਵੀ ਦੀ ਕੁੱਖੋਂ 2 ਅਪ੍ਰੈਲ, 1991 ਨੂੰ ਹੋਇਆ ਅਤੇ ਉਹ 3 ਭਰਾਵਾਂ 'ਚੋਂ ਸਭ ਤੋਂ ਛੋਟਾ ਅਤੇ ਲਾਡਲਾ ਹੈ ਅਤੇ ਜਨਮ ਤੋਂ ਹੀ ਇਕ ਪੈਰ ਤੋਂ ਅਪਾਹਜ ਹੈ ਅਤੇ ਲੰਗੜਾਅ ਕੇ ਚਲਦਾ ਹੈ। ਅਸ਼ਵਨੀ ਠਾਕਰ ਨੂੰ ਸਕੂਲ ਤੱਕ ਛੱਡਣ ਅਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਵੀ ਦੋਵੇਂ ਭਰਾਵਾਂ ਨੇ ਉਠਾਈ ਅਤੇ ਉਸ ਦਾ ਸਕੂਲੀ ਜੀਵਨ ਆਰੰਭ ਹੋਇਆ। ਅਸ਼ਵਨੀ ਠਾਕਰ ਨੇ ਐਮ. ਕਾਮ. ਦੀ ਪੜ੍ਹਾਈ ਉੱਤਰ ਪ੍ਰਦੇਸ਼ ਦੇ ਸ਼ਹਿਰ ਮੇਰਠ ਤੋਂ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਕੀਤੀ ਅਤੇ ਬਾਕੀ ਉੱਚ ਸਿੱਖਿਆ ਦੇਹਰਾਦੂਨ ਤੋਂ ਪ੍ਰਾਪਤ ਕੀਤੀ। ਅਸ਼ਵਨੀ ਠਾਕਰ ਭਾਵੇਂ ਅਪਾਹਜ ਸੀ ਪਰ ਉਸ ਨੂੰ ਖੇਡਾਂ ਖੇਡਣ ਦਾ ਜਨੂੰਨ ਵੀ ਹੱਦ ਤੋਂ ਪਰੇ ਸੀ ਅਤੇ ਅੱਜ ਉਹ ਜਿੱਥੇ ਇਕ ਤੇਜ਼ ਦੌੜਾਕ ਹੈ, ਉਥੇ ਉਹ ਬੈਡਮਿੰਟਨ ਦਾ ਵੀ ਚੰਗਾ ਖਿਡਾਰੀ ਹੈ ਅਤੇ ਉਹ ਲਗਾਤਾਰ ਜਿੱਤਾਂ ਵੱਲ ਵਧ ਰਿਹਾ ਹੈ।
ਉਸ ਦੇ ਖੇਡ ਕੈਰੀਅਰ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਉੱਤਰਾਖੰਡ ਦੇ ਪੈਰਾ ਉਲੰਪਿਕ ਪ੍ਰਧਾਨ ਪ੍ਰੇਮ ਕੁਮਾਰ ਦੀ ਨਜ਼ਰ ਉਸ 'ਤੇ ਪਈ ਅਤੇ ਉਨ੍ਹਾਂ ਦੀ ਮਿਲੀ ਰਹਿਨੁਮਾਈ ਅਤੇ ਆਪਣੀ ਕੋਚ ਮੈਡਮ ਮੀਨਾ ਵਲੋਂ ਕਰਵਾਈ ਤਿਆਰੀ ਸਦਕਾ ਉਹ 2016 ਤੋਂ ਲੈ ਕੇ 2019 ਤੱਕ ਹਰ ਪੈਰਾ ਖੇਡਾਂ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ 100 ਮੀਟਰ ਦੀ ਦੌੜ 'ਚੋਂ ਹਮੇਸ਼ਾ ਪਹਿਲੇ ਹੀ ਸਥਾਨ 'ਤੇ ਰਹਿੰਦਾ ਹੈ ਅਤੇ ਜੇਕਰ ਪੈਰਾ ਬੈਡਮਿੰਟਨ ਦੀ ਗੱਲ ਕਰੀਏ ਤਾਂ ਉਹ ਪੂਰੇ ਦੇਸ਼ ਦਾ ਮਾਣ ਅਰਜਨ ਐਵਾਰਡ ਵਿਜੇਤਾ ਮਨੋਜ ਸਰਕਾਰ ਦੀ ਦੇਖ-ਰੇਖ ਹੇਠ ਪੈਰਾ ਬੈਡਮਿੰਟਨ ਵਿਚ ਵੀ ਲਗਾਤਾਰ ਪ੍ਰਾਪਤੀਆਂ ਕਰ ਰਿਹਾ ਹੈ ਅਤੇ ਉਹ ਜਲਦੀ ਹੀ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਧਾਂਕ ਜਮਾਉਣ ਲਈ ਦਿਨ-ਰਾਤ ਇਕ ਕਰ ਰਿਹਾ ਹੈ ਅਤੇ ਉਹ ਭਾਰਤ ਦੀ ਵੀਲ੍ਹਚੇਅਰ ਕ੍ਰਿਕਟ ਟੀਮ ਦਾ ਹਿੱਸਾ ਬਣ ਕੇ ਕਈ ਅੰਤਰਰਾਸ਼ਟਰੀ ਪੱਧਰ 'ਤੇ ਮੈਚ ਖੇਡ ਕੇ ਆਪਣੀ ਖੇਡ ਕਲਾ ਦਾ ਲੋਹਾ ਮੰਨਵਾ ਰਿਹਾ ਹੈ। ਅਸ਼ਵਨੀ ਠਾਕਰ ਦਾ ਸੁਪਨਾ ਹੈ ਕਿ ਉਹ ਇਕ ਦਿਨ ਉਲੰਪਿਕ ਵਿਚ ਖੇੇਡ ਕੇ ਭਾਰਤ ਦਾ ਨਾਂਅ ਰੌਸ਼ਨ ਕਰੇਗਾ। ਅਸ਼ਵਨੀ ਆਖਦਾ ਹੈ ਕਿ, 'ਖੁਸ਼ੀ ਦੇਖੋ ਰੁਕਾਵਟੋਂ ਕੀ ਕਿ ਇਕ ਪੈਰ ਨਹੀਂ, ਪਰ ਹਮ ਨੇ ਭੀ ਠਾਨੀ ਹੈ ਕੁਝ ਕਰ ਵਿਖਾਨੇ ਕੀ।'


-ਮੋਬਾ: 98551-14484

ਕ੍ਰਿਕਟਰਾਂ ਲਈ ਇਸ਼ਤਿਹਾਰਬਾਜ਼ੀ 'ਚ ਚੁਣੌਤੀ ਬਣਨ ਲੱਗੇ ਹੋਰ ਖੇਡਾਂ ਵਾਲੇ

ਸਾਡੇ ਦੇਸ਼ 'ਚ ਅੱਜ ਤੋਂ ਕੁਝ ਸਾਲ ਪਹਿਲਾਂ ਵਪਾਰਕ ਘਰਾਣੇ ਆਪਣੇ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਲਈ ਚਰਚਿਤ ਫਿਲਮੀ ਸਿਤਾਰਿਆਂ ਜਾਂ ਕ੍ਰਿਕਟਰਾਂ ਨੂੰ ਹੀ ਚੁਣਦੇ ਸਨ। ਪਰ ਸਮੇਂ ਦੇ ਬਦਲਣ ਨਾਲ ਇਸ ਕਾਰੋਬਾਰ 'ਚ ਹੋਰਨਾਂ ਖੇਡਾਂ ਵਾਲਿਆਂ ਦਾ ਵੀ ਮੁੱਲ ਪੈਣ ਲੱਗਿਆ ਹੈ। ਇਸ਼ਤਿਹਬਾਜ਼ੀ 'ਚ ਕ੍ਰਿਕਟਰਾਂ ਤੋਂ ਇਲਾਵਾ ਹੋਰਨਾਂ ਖੇਡਾਂ ਮੁੱਕੇਬਾਜ਼ੀ, ਬੈਡਮਿੰਟਨ, ਕੁਸ਼ਤੀ, ਕਬੱਡੀ ਅਤੇ ਹਾਕੀ ਵਾਲੇ ਵੀ ਬਰਾਂਡ ਅੰਬੈਸਡਰਾਂ ਦੇ ਰੂਪ 'ਚ ਜਿੱਥੇ ਚਮਕਣ ਲੱਗੇ ਹਨ, ਉੱਥੇ ਮਸ਼ਹੂਰੀ ਪ੍ਰਚਾਰ ਲਈ ਇਨ੍ਹਾਂ ਨੂੰ ਚੋਖਾ ਮਿਹਨਤਾਨਾ ਵੀ ਮਿਲਣ ਲੱਗਾ ਹੈ। ਇਹ ਰੁਝਾਨ ਸਾਡੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਕਰਨ 'ਚ ਵੀ ਯੋਗਦਾਨ ਪਾਵੇਗਾ।
ਕ੍ਰਿਕਟਰਾਂ ਦੇ ਸਮਾਂਤਰ ਇਸ਼ਤਿਹਾਬਾਜ਼ੀ 'ਚ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਸਭ ਤੋਂ ਪਹਿਲਾਂ ਵਪਾਰਕ ਘਰਾਣਿਆਂ ਦੀ ਪਸੰਦ ਬਣਨੀ ਸ਼ੁਰੂ ਹੋਈ। ਮੁੱਕੇਬਾਜ਼ ਵਿਜੇਂਦਰ ਸਿੰਘ ਵਲੋਂ ਉਲੰਪਿਕ 'ਚ ਤਗਮਾ ਜਿੱਤਣ ਉਪਰੰਤ ਉਲੰਪਿਕ ਲਹਿਰ ਦੀਆਂ ਖੇਡਾਂ ਵਾਲਿਆਂ ਲਈ ਵਪਾਰਕ ਜਗਤ 'ਚ ਹੋਰ ਵੀ ਦੁਆਰ ਖੁੱਲ੍ਹ ਗਏ। ਵਿਜੇਂਦਰ ਸਿੰਘ ਕਈ ਉਤਪਾਦਾਂ ਦਾ ਬਰਾਂਡ ਅੰਬੈਸਡਰ ਬਣਿਆ। ਇਸ ਤੋਂ ਬਾਅਦ ਮੁੱਕੇਬਾਜ਼ ਮੈਰੀਕਾਮ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਪੀ.ਵੀ. ਸਿੰਧੂ, ਕਿਦੰਬੀ ਸ਼੍ਰੀਕਾਂਤ ਤੇ ਪਹਿਲਵਾਨ ਸੁਸ਼ੀਲ ਕੁਮਾਰ ਵੀ ਬਰਾਂਡ ਅੰਬੈਸਡਰ ਬਣੇ। ਰੀਓ ਉਲੰਪਿਕਸ ਅਤੇ ਵਿਸ਼ਵ ਚੈਂਪੀਅਨਸ਼ਿਪ 'ਚੋਂ ਚਾਂਦੀ ਦੇ ਤਗਮੇ ਜੇਤੂ ਪੀ.ਵੀ. ਸਿੰਧੂ ਇਸ ਵੇਲੇ ਵਪਾਰਕ ਘਰਾਣਿਆਂ ਦੀ ਚਹੇਤੀ ਬਣੀ ਹੋਈ ਹੈ। ਹਾਲ ਹੀ ਵਿਚ ਪੀ.ਵੀ. ਸਿੰਧੂ ਨਾਲ ਚੀਨ ਦੀ ਕੰਪਨੀ ਲੀ ਨਿੰਗ ਨੇ ਚਾਰ ਸਾਲਾਂ ਲਈ 50 ਕਰੋੜ ਰੁਪਏ ਦਾ ਇਕਰਾਰਨਾਮਾ ਕੀਤਾ ਹੈ, ਜੋ ਕਿ ਬਹੁਤ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੰਧੂ ਨੇ 3 ਸਾਲ ਲਈ ਯੌਨੈਕਸ ਕੰਪਨੀ ਨਾਲ 3.5 ਕਰੋੜ ਦਾ ਇਕਰਾਰਨਾਮਾ ਨਿਭਾਇਆ ਹੈ।
ਅੱਜਕਲ੍ਹ ਸ਼ੁਹਰਤ ਦੀਆਂ ਬੁਲੰਦੀਆਂ ਨੂੰ ਛੋਹ ਰਹੀ ਪੀ.ਵੀ. ਸਿੰਧੂ ਨੂੰ ਜੇਕਰ ਕਿਸੇ ਵਪਾਰਕ ਸਮਾਗਮ ਦੌਰਾਨ ਇਕ ਦਿਨ ਵਾਸਤੇ ਬੁਲਾਇਆ ਜਾਵੇ ਤਾਂ ਉਹ 1 ਤੋਂ 1.5 ਕਰੋੜ ਰੁਪਏ ਤੱਕ ਰਕਮ ਵਸੂਲਦੀ ਹੈ। ਦੇਖਿਆ ਜਾਵੇ ਤਾਂ ਉਸ ਦੀ ਇਕ ਦਿਨ ਦੀ ਕੀਮਤ ਫਿਲਮੀ ਸਿਤਾਰੇ ਰਣਬੀਰ ਸਿੰਘ (1.5 ਤੋਂ 2 ਕਰੋੜ) ਅਤੇ ਆਲੀਆ ਭੱਟ (1 ਕਰੋੜ) ਦੇ ਆਸ-ਪਾਸ ਪੁੱਜ ਗਈ ਹੈ। ਇਸ ਦੇ ਨਾਲ ਹੀ ਬੈਡਮਿੰਟਨ ਖਿਡਾਰੀ ਕਿਦੰਬੀ ਸ਼੍ਰੀਕਾਂਤ ਨਾਲ ਵੀ ਲੀ ਨਿੰਗ ਕੰਪਨੀ ਨੇ ਚਾਰ ਸਾਲ ਲਈ 35 ਕਰੋੜ ਰੁੁਪਏ 'ਚ ਇਕਰਾਰਨਾਮਾ ਕੀਤਾ ਹੈ। ਲੰਡਨ ਉਲੰਪਿਕ 'ਚੋਂ ਕਾਂਸੀ ਦਾ ਤਗਮਾ ਜੇਤੂ ਸਾਇਨਾ ਨੇਹਵਾਲ 25 ਕਰੋੜ ਰੁਪਏ ਦੀ ਰਾਸ਼ੀ ਦੇ ਇਵਜ਼ 'ਚ ਦੋ ਸਾਲ ਲਈ ਪੰਜ ਕੰਪਨੀਆਂ ਨਾਲ ਇਕਰਾਰਨਾਮਾ ਕਰ ਚੁੱਕੀ ਹੈ। 6 ਵਾਰ ਦੀ ਜੱਗ ਜੇਤੂ ਅਤੇ ਲੰਦਨ ਉਲੰਪਿਕ 'ਚੋਂ ਕਾਂਸੀ ਦਾ ਤਗਮਾ ਜੇਤੂ ਭਾਰਤੀ ਮੁੱਕੇਬਾਜ਼ ਮੈਰੀਕਾਮ ਇਸ ਵੇਲੇ ਬੀ.ਐਸ.ਐਨ.ਐਲ. ਸਮੇਤ ਕਈ ਅਦਾਰਿਆਂ ਦੀ ਮਸ਼ਹੂਰੀ ਕਰਦੀ ਨਜ਼ਰ ਆ ਰਹੀ ਹੈ। ਉਲੰਪੀਅਨ ਸੁਸ਼ੀਲ ਕੁਮਾਰ ਆਈਸ਼ਰ ਟਰੈਕਟਰ ਦਾ ਬਰਾਂਡ ਅੰਬੈਸਡਰ ਬਣ ਚੁੱਕਿਆ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪਟਿਆਲਾ। ਮੋਬਾ: 97795-90575


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX