ਤਾਜਾ ਖ਼ਬਰਾਂ


ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਜਲੰਧਰ , 18 ਅਕਤੂਬਰ -ਗੁਰੂ ਨਾਨਕ ਮਿਸ਼ਨ ਹਸਪਤਾਲ ਨਜ਼ਦੀਕ ਇਕ ਪੱਤਰਕਾਰ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ।
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਸਰਬੱਤ ਖ਼ਾਲਸਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਪਹਿਲਾਂ ਜ਼ਮਾਨਤ ਦੇਣ ਦੇ ਹੁਕਮਾਂ ਉਪਰੰਤ ਜ਼ਮਾਨਤ ਦੇ ਭਰੇ ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੀ ਗੱਲ ਕਰਦਿਆਂ ਨੈਬ ...
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  1 day ago
ਬੱਧਨੀ ਕਲਾਂ, 18 ਅਕਤੂਬਰ {ਸੰਜੀਵ ਕੋਛੜ }-ਮੋਗਾ ਬਰਨਾਲਾ ਨੈਸ਼ਨਲ ਹਾਈ ਵੇਅ 'ਤੇ ਪਿੰਡ ਬੋਡੇ ਨਜ਼ਦੀਕ ਸੜਕ ਹਾਦਸੇ 'ਚ ਬੱਸ ਅਤੇ ਕਾਰ ਦੀ ਟੱਕਰ 'ਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਗੰਭੀਰ ਫੱਟੜ ...
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  1 day ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਅੱਜ ਸਵੇਰੇ ਤਲਵੰਡੀ ਸਾਬੋ ਤੋਂ 3 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਰਬੱਤ ਖ਼ਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਦੇਰ ਸ਼ਾਮ 107/151 ਤਹਿਤ ਨੈਬ ...
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  1 day ago
ਜਲੰਧਰ, 18 ਅਕਤੂਬਰ- ਜਲੰਧਰ ਦੇ ਥਾਣਾ ਲਾਂਬੜਾ ਦੀ ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ 161 ਗ੍ਰਾਮ ਹੈਰੋਇਨ, ਇਕ ਐਕਟਿਵਾ ਅਤੇ ਦੋ ਇਲੈੱਕਟ੍ਰਾਨਿਕ ਕੰਡੇ ਸਮੇਤ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮਾਮਲਾ...
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  1 day ago
ਤਪਾ ਮੰਡੀ,18 ਅਕਤੂਬਰ (ਪ੍ਰਵੀਨ ਗਰਗ) - ਸਥਾਨਕ ਸਦਰ ਬਾਜ਼ਾਰ ਵਿਖੇ ਤਿਉਹਾਰਾਂ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੇ ਮੁਲਾਜ਼ਮ ...
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫ਼ਟੀ ...
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਸਰਕਾਰਾਂ ਵੱਲੋਂ...
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 18 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟਵੀਟ ਕੀਤਾ। ਇਸ ਟਵੀਟ ਦੇ ਜਰੀਏ ਕੈਪਟਨ ਨੇ ਇਮਰਾਨ ਖਾਨ ਨੂੰ...
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਜਲਾਲਾਬਾਦ, 18 ਅਕਤੂਬਰ (ਪ੍ਰਦੀਪ ਕੁਮਾਰ)- 21 ਤਾਰੀਖ਼ ਨੂੰ ਇਕ ਨਵਾਂ ਮੋੜ ਪੰਜਾਬ ਦੀ ਸਿਆਸਤ 'ਚ ਪੈਣਾ ਹੈ। ਇਹ ਸ਼ਬਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਦੇ ਸਾਂਸਦ ਸੁਖਬੀਰ ਸਿੰਘ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਪੈਸੇ ਦਾ ਪੁੱਤ

ਜਗਨ ਨਾਥ ਪਟਵਾਰੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਸੀ | ਵਿਦਾਇਗੀ ਪਾਰਟੀ ਬਹੁਤੀ ਪ੍ਰਭਾਵਸ਼ਾਲੀ ਨਹੀਂ ਸੀ, ਕਿਉਂਕਿ ਇਹ ਬੰਦਾ ਸਾਰੀ ਨੌਕਰੀ ਦੌਰਾਨ ਪੈਸਾ-ਪੈਸਾ ਕਰਦਾ ਰਿਹਾ | ਜ਼ਿਮੀਂਦਾਰਾਂ ਨੂੰ ਫਰਦ ਦੇਣ ਤੱਕ ਦੀ ਵੀ ਰਿਸ਼ਵਤ ਲੈਂਦਾ ਸੀ | ਸੁੱਖ ਨਾਲ ਏਦਾਂ ਹੀ ਪੈਸਾ ਚੰਗਾ ਇਕੱਠਾ ਕਰ ਲਿਆ ਸੀ | ਜਗਨ ਨਾਥ ਦੇ ਚਾਰ ਪੁੱਤਰ ਸਨ ਪਰ ਜਗਨ ਨਾਥ ਲਈ ਪੈਸਾ ਪਹਿਲਾਂ ਅਤੇ ਪੁੱਤਰ ਬਾਅਦ ਵਿਚ ਸਨ | ਕਿਉਂਕਿ ਜਿਵੇਂ ਸਿਆਣੇ ਕਹਿੰਦੇ ਹਨ ਕਿ ਪੈਸੇ ਦਾ ਪੁੱਤ ਹੋਰ ਕਿਸੇ ਦਾ ਵੀ ਪੁੱਤ ਨਹੀਂ ਹੁੰਦਾ ਜਾਂ ਹੋਰ ਕਿਸੇ ਵੀ ਰਿਸ਼ਤੇ ਨੂੰ ਮਹੱਤਤਾ ਨਹੀਂ ਦਿੰਦਾ ਹੁੰਦਾ | ਇਸੇ ਕਰਕੇ ਜਗਨ ਨਾਥ ਦੇ ਘਰ ਵਾਲੀ ਰਾਮ ਪਿਆਰੀ ਜਗਨ ਨਾਥ ਤੋਂ ਵਧੇਰੇ ਕਰਕੇ ਦੁਖੀ ਹੀ ਰਹਿੰਦੀ ਸੀ |
ਅਜੇ ਦੋ ਕੁ ਸਾਲ ਹੀ ਸੇਵਾਮੁਕਤ ਹੋਏ ਨੂੰ ਹੋਏ ਹੋਣਗੇ ਕਿ ਜਗਨ ਨਾਥ ਦਾ ਬਟੂਆ ਗੁਆਚ ਗਿਆ | ਘਰ ਵਿਚ ਤਰਥੱਲੀ ਮਚ ਗਈ | ਬਟੂਆ ਲੱਭੇ ਨਾ | ਵਿਚਾਰੀ ਰਾਮ ਪਿਆਰੀ ਦੀ ਭਾਅ ਦੀ ਬਣੀ ਰਹੀ ਕਿ 'ਤੂੰ ਚੁੱਕਿਆ, ਤੂੰ ਗੁਆਇਆ' | ਇਸ ਬਟੂਆ ਗੁਆਚਣ ਦੀ ਟੈਂਸ਼ਨ 'ਚ ਜਗਨ ਨਾਥ ਬਿਮਾਰ ਹੋ ਗਿਆ | ਪੂਰਾ 1600 ਰੁਪਈਆ ਹਸਪਤਾਲ ਵਿਚ ਲੱਗਾ | ਜਦੋਂ ਘਰ ਆਇਆ ਤਾਂ ਬਟੂਆ ਪੜਛੱਤੀ ਵਿਚੋਂ ਲੱਭ ਪਿਆ | ਕਮਾਲ ਸੀ ਕਿ ਬਟੂਏ ਵਿਚ ਸਿਰਫ 17 ਰੁਪਏ ਸਨ ਤੇ ਡਾਕਟਰਾਂ ਨੂੰ 1600 ਭਰਿਆ ਜਾ ਚੁੱਕਾ ਸੀ | ਚਾਰੇ ਪੁੱਤਰ ਜਗਨ ਨਾਥ ਤੋਂ ਦੁਖੀ ਰਹਿੰਦੇ ਸਨ | ਨੂੰ ਹਾਂ ਘਰ ਆਈਆਂ ਤਾਂ ਉਨ੍ਹਾਂ ਨੂੰ ਵੀ ਲੱਗਾ ਕਿ ਇਹ ਬਾਪੂ ਸਾਡਾ ਵੀ ਨਹੀਂ ਬਣੇਗਾ | ਸਾਰਾ ਟੱਬਰ ਸਣੇ ਰਾਮ ਪਿਆਰੀ ਦੇ ਜਗਨ ਨਾਥ ਦੀ ਬਹੁਤ ਸੇਵਾ ਕਰਦਾ ਸੀ, ਪਰ ਉਹ ਪੈਸੇ ਤੋਂ ਅੱਗੇ ਤੁਰਦਾ ਹੀ ਨਹੀਂ ਸੀ | ਆਖਰ ਇਕ-ਇਕ ਕਰਕੇ ਚਾਰੇ ਪੁੱਤਰ ਜਗਨ ਨਾਥ ਤੋਂ ਅਲੱਗ ਹੋ ਗਏ ਤੇ ਪੁਰਾਣੇ ਘਰ ਵਿਚ ਰਹਿ ਗਏ 'ਕੱਲੇ ਜਗਨ ਨਾਥ ਤੇ ਰਾਮ ਪਿਆਰੀ | ਹੁਣ ਉਹ ਦੋਵੇਂ ਜੀਅ, ਜੀਅ ਨਹੀਂ ਰਹੇ ਸਨ, ਜ਼ਿੰਦਗੀ ਨੂੰ ਖਿੱਚ ਰਹੇ ਸਨ | ਪਰ ਜਗਨ ਨਾਥ ਘਰ ਵਾਲੀ ਨੂੰ ਵੀ ਪੈਸੇ ਦਾ ਕੋਈ ਭੇਤ ਨਹੀਂ ਦੇਣਾ ਚਾਹੁੰਦਾ ਸੀ | ਇਕ ਦਿਨ ਵਿਚਾਰੀ ਰਾਮ ਪਿਆਰੀ ਵੀ ਰਾਮ ਨੂੰ ਪਿਆਰੀ ਹੋ ਗਈ | ਰਹਿ ਗਿਆ 'ਕੱਲਾ ਘਰ ਵਿਚ ਜਗਨ ਨਾਥ | ਲੋਕ ਲੱਜ ਨੂੰ ਪੁੱਤ ਦੋ ਬੁਰਕੀਆਂ ਰੋਟੀ ਦੀਆਂ ਫੜਾ ਜਾਂਦੇ | ਜਗਨ ਨਾਥ ਇਸ ਫਿਕਰ 'ਚ ਰਹਿਣ ਲੱਗ ਪਿਆ ਕਿ 'ਹਾਇਓ ਰੱਬਾ, ਜੇ ਮੈਂ ਮਰ ਗਿਆ ਤਾਂ ਪੈਸੇ ਦਾ ਕੀ ਬਣੇਗਾ?' ਉਹ ਹਫਦਾ ਗਿਆ, ਲਫਦਾ ਗਿਆ | ਇਕ ਦਿਨ ਉਸ ਨੇ ਸੋਚਿਆ ਕਿ ਬੈਂਕ 'ਚ ਪੈਸੇ ਪਏ ਦਾ ਕੀ ਫਾਇਦਾ? ਪੈਸਾ ਆਪਣੇ ਕੋਲ ਲਿਆ ਕੇ ਰੱਖਦਾਂ | ਹੌਲੀ-ਹੌਲੀ ਬੈਂਕ ਗਿਆ ਤੇ ਸਾਰਾ ਪੈਸਾ ਕਢਾ ਲਿਆਇਆ | ਆਪ ਮੰਗ ਕੇ ਕੈਸ਼ੀਅਰ ਤੋਂ ਛੋਟੇ ਨੋਟ ਲਏ | ਸਾਰੇ ਪੈਸੇ ਲਿਆ ਕੇ ਇਕ ਬੋਰੇ 'ਚ ਪਾ ਲਏ ਤੇ ਉਹ ਰਾਤ ਵੇਲੇ, ਦਿਨ ਵੇਲੇ ਬੋਰਾ ਨਾਲ ਹੀ ਮੰਜੇ 'ਤੇ ਪਾ ਕੇ ਰੱਖਦਾ ਕਿ ਕੁਝ ਇਧਰ-ਉੱਧਰ ਨਾ ਹੋ ਜਾਵੇ |
ਚਾਰੇ ਪਾਸੇ ਪਤਾ ਸੀ ਕਿ ਜਗਨ ਨਾਥ ਕੋਲ ਪੈਸਾ ਹੈ ਪਰ ਇਹ ਕੰਜੂਸ ਹੈ | ਇਹ ਪੈਸਾ ਏਦਾਂ ਹੀ ਛੱਡ ਕੇ ਜਾਵੇਗਾ | ਕਿਤੇ ਇਕ ਰਾਤ ਘਰ 'ਚ ਚੋਰ ਆ ਗਏ | ਘਰ ਫਰੋਲ ਮਾਰਿਆ | ਜਿਸ ਕਮਰੇ 'ਚ ਜਗਨ ਨਾਥ ਸੌਾਦਾ ਸੀ, ਉਸ ਦੇ ਦਰਵਾਜ਼ੇ ਨੂੰ ਕੰਨ ਲਾ ਕੇ ਚੋਰਾਂ ਨੇ ਬਿੜਕ ਲਈ ਕਿ ਅੰਦਰ ਕੋਈ ਹੈ ਤਾਂ ਨਹੀਂ | ਤਾਂ ਹੈਰਾਨ ਹੋਏ ਕਿ ਅੰਦਰੋਂ ਇਕ ਬਜ਼ੁਰਗ ਬੋਲ ਰਿਹਾ ਸੀ ਤੇ ਉਹ ਕਹਿ ਰਿਹਾ ਸੀ, 'ਬਸ ਹੁਣ ਤੂੰ ਹੀ ਮੇਰਾ ਮਾਂ-ਬਾਪ ਐਾ, ਤੂੰ ਮੇਰੇ ਤੋਂ ਪਰੇ੍ਹ ਨਾ ਹੋਈਾ ਤੇ ਘੁੱਟ ਕੇ ਮੇਰੀ ਛਾਤੀ ਨਾਲ ਲੱਗ ਜਾ' | ਚੋਰਾਂ ਨੇ ਸੋਚਿਆ ਕਿ ਸ਼ਾਇਦ ਬਜ਼ੁਰਗ ਨਾਲ ਇਹਦਾ ਕੋਈ ਪੁੱਤ ਸੁੱਤਾ ਪਿਆ | ਪਹਿਲਾਂ ਤਾਂ ਉਹ ਡਰ ਗਏ ਪਰ ਮੂਹਰਿਓਾ ਕੋਈ ਆਵਾਜ਼ ਨਾ ਆਉਂਦੀ ਦੇਖ ਕੇ ਉਨ੍ਹਾਂ ਨੇ ਦਰਵਾਜ਼ਾ ਖੋਲ੍ਹ ਈ ਲਿਆ | ਬਜ਼ੁਰਗ ਦੇ ਨਾਲ ਪਿਆ ਬੋਰਾ ਉਹ ਚੁੱਕ ਕੇ ਰਫੂ ਚੱਕਰ ਹੋ ਗਏ | ਜਗਨ ਨਾਥ ਦੀ ਆਵਾਜ਼ ਨਾ ਨਿਕਲੇ, ਇਕ ਚੋਰ ਇਕ ਪੈਸਾ ਗਿਆ | ਸਵੇਰੇ ਪੁੱਤ ਆਏ | ਗਲੀ-ਮੁਹੱਲਾ ਇਕੱਠਾ ਹੋ ਗਿਆ, ਫਿਰ ਦੱਸਿਆ ਕਿ ਮੈਂ ਲੁੱਟਿਆ ਗਿਆਂ | ਪੁੱਤਾਂ ਨੂੰ ਭੁਲੇਖੇ ਪਾ ਕੇ ਪੈਸੇ ਦਾ ਲੋਭੀ ਕਹੇ, 'ਪੁੱਤਰੋ ਪੈਸਾ ਮੈਂ ਬੈਂਕ 'ਚੋਂ ਕਢਾ ਕੇ ਲਿਆਇਆ ਸੀ ਥੋਨੂੰ ਵੰਡ ਦਿਆਂਗਾ, ਪਰ ਚੋਰ ਲੈ ਗਏ, ਕੀ ਕਰਾਂ?' ਤੇ ਉੱਚੀ-ਉੱਚੀ ਰੋਣ ਲੱਗ ਪਿਆ | ਬਸ ਇਸੇ ਗਮ 'ਚ ਜਗਨ ਨਾਥ ਦਿਨਾਂ 'ਚ ਹੀ ਸੁੱਕ ਕੇ ਤਵੀਤ ਹੋ ਗਿਆ, ਮੰਜੇ ਨਾਲ ਲੱਗ ਗਿਆ | ਨਾ ਕੁਝ ਖਾਵੇ, ਨਾ ਪੀਵੇ, ਨਾ ਜਾਨ ਨਿਕਲੇ | ਏਦਾਂ ਲੱਗਦਾ ਸੀ ਕਿ ਪ੍ਰਾਣ ਘੰਡ 'ਚ ਫਸ ਗਏ ਨੇ | ਬਾਪੂ ਨੂੰ ਬਹੁਤ ਔਖਾ ਦੇਖ ਕੇ ਪੁੱਤਰਾਂ ਨੇ ਪਾਠ ਵੀ ਸੁਣਾਏ ਪਰ ਜਾਨ ਨਾ ਨਿਕਲੇ | ਅਖੀਰ ਛੋਟੇ ਪੁੱਤ ਨੂੰ ਯਾਦ ਆਇਆ ਕਿ ਇਕ ਵਾਰ ਮੈਂ ਪੰਜ ਹਜ਼ਾਰ ਰੁਪਏ ਬਾਪੂ ਕੋਲੋਂ ਲਏ ਸੀ, ਕਿਤੇ ਉਹਦਾ ਨਾ ਰੌਲਾ ਹੋਵੇ! ਉਹ ਕਹਿਣ ਲੱਗਾ, 'ਬਾਪੂ ਅੱਖਾਂ ਖੋਲ੍ਹ, ਜਿਹੜਾ ਪੈਸਾ ਜਾਣਾ ਸੀ ਚਲਾ ਗਿਆ, ਗਮ ਨਾ ਕਰ, ਤੇਰਾ ਪੰਜ ਹਜ਼ਾਰ ਰੁਪਈਆ ਮੇਰੇ ਕੋਲ ਹੈਗਾ!'
ਕਮਾਲ ਦੇਖੋ, ਬਾਪੂ ਦੀਆਂ ਅੱਖਾਂ 'ਚ ਰੌਣਕ ਪਰਤੀ | ਅੱਖਾਂ ਖੋਲ੍ਹੀਆਂ, ਆਖਣ ਲੱਗਾ, 'ਪੁੱਤਰਾ ਓਹੀ ਲਿਆ ਦੇ, ਮਨ ਨੂੰ ਧਰਵਾਸ ਆ ਜੂ |'
ਛੋਟੇ ਪੁੱਤ ਨੇ ਜੇਬ ਵਿਚੋਂ ਪੰਜ ਹਜ਼ਾਰ ਰੁਪਈਆ ਕੱਢ ਕੇ ਜਿਉਂ ਹੀ ਉਸ ਦੇ ਹੱਥ 'ਤੇ ਰੱਖਿਆ ਤਾਂ ਪ੍ਰਾਣ ਪੰਖੇਰੂ ਹੋ ਗਏ ਤੇ ਪੈਸੇ ਦਾ ਪੁੱਤ, ਪੈਸੇ ਨਾਲ ਹੀ ਰਿਸ਼ਤੇਦਾਰੀ ਨਿਭਾਅ ਗਿਆ |


ਖ਼ਬਰ ਸ਼ੇਅਰ ਕਰੋ

ਮੌਸਮ ਵਿਚ ਤਬਦੀਲੀ ਕਰਨ ਵਾਲੇ ਕਾਰਕ

ਬੱਚਿਓ, ਹਵਾਵਾਂ, ਵਰਖਾ, ਬਰਫ਼, ਧੁੰਦ, ਕੋਰਾ ਅਤੇ ਸੂਰਜ ਦੀ ਰੌਸ਼ਨੀ ਵਾਯੂ ਮੰਡਲ ਦੇ ਮਿਜਾਜ਼ 'ਤੇ ਡੰੂਘਾ ਪ੍ਰਭਾਵ ਪਾਉਂਦੇ ਹਨ | ਇਨ੍ਹਾਂ ਰਾਹੀਂ ਕੀਤੀ ਜਾ ਰਹੀ ਤਬਦੀਲੀ ਨੂੰ ਮੌਸਮ ਕਹਿੰਦੇ ਹਨ | ਹਵਾ ਦਾ ਦਬਾਅ, ਹਵਾ ਦਾ ਤਾਪਮਾਨ ਅਤੇ ਸਿੱਲ੍ਹ ਅਜਿਹੇ ਕਾਰਕ ਹਨ, ਜੋ ਮੌਸਮ ਦੀ ਤਬਦੀਲੀ ਵਿਚ ਅਹਿਮ ਰੋਲ ਅਦਾ ਕਰਦੇ ਹਨ | ਜਿਵੇਂ ਕਿ-
• ਹਵਾ ਦਾ ਦਬਾਅ : ਹਵਾ ਦਾ ਦਬਾਅ ਮੌਸਮ ਨੂੰ ਖੁਸ਼ਕ ਤੋਂ ਤੇਜ਼ ਤੂਫ਼ਾਨ ਵਿਚ ਬਦਲਣ ਦੀ ਸਮਰੱਥਾ ਰੱਖਦਾ ਹੈ | ਹਵਾ ਵਿਚ ਛੋਟੇ-ਛੋਟੇ ਪ੍ਰਮਾਣੂ ਹਮੇਸ਼ਾ ਮੌਜੂਦ ਰਹਿੰਦੇ ਹਨ, ਜੋ ਹਵਾ ਦਾ ਦਬਾਅ ਪੈਦਾ ਕਰਦੇ ਹਨ | ਜਿੰਨੇ ਜ਼ਿਆਦਾ ਪ੍ਰਮਾਣੂ ਹਵਾ ਵਿਚ ਹੋਣਗੇ, ਓਨਾ ਹੀ ਜ਼ਿਆਦਾ ਹਵਾ ਦਾ ਦਬਾਅ ਹੋਵੇਗਾ | ਗਰਮ ਹਵਾ ਵਾਯੂ ਮੰਡਲ ਨੂੰ ਹਲਕਾ ਅਤੇ ਦਬਾਅ ਨੂੰ ਘੱਟ ਕਰਦੀ ਹੈ | ਜਦੋਂ ਠੰਢੀ ਹਵਾ ਸੁੰਗੜਦੀ ਹੈ ਤਾਂ ਦਬਾਅ ਵਿਚ ਤਬਦੀਲੀ ਆਉਂਦੀ ਹੈ ਤੇ ਮੌਸਮ ਵੀ ਤਬਦੀਲ ਹੁੰਦਾ ਹੈ | ਹਵਾ ਦੇ ਦਬਾਅ ਨੂੰ ਬੈਰੋਮੀਟਰ ਨਾਲ ਮਿਣਿਆ ਜਾਂਦਾ ਹੈ | ਜੇਕਰ ਬੈਰੋਮੀਟਰ ਵਿਚ ਦਬਾਅ ਇਕਦਮ ਗਿਰ ਜਾਵੇ ਤਾਂ ਤੂਫ਼ਾਨ ਆਉਣ ਦਾ ਖ਼ਤਰਾ ਬਣ ਜਾਂਦਾ ਹੈ | ਅੱਜਕਲ੍ਹ ਮੌਸਮ ਦੇ ਨਕਸ਼ਿਆਂ ਉੱਪਰ ਆਈਸੋਬਾਰਜ ਰਾਹੀਂ ਵੀ ਦਬਾਅ ਮਿਣਿਆ ਜਾ ਸਕਦਾ ਹੈ |
• ਹਵਾ ਦਾ ਤਾਪਮਾਨ : ਤਾਪਮਾਨ ਵਿਚ ਆਈ ਤਬਦੀਲੀ ਨਾਲ ਕੋਰਾ ਪੈ ਸਕਦਾ ਹੈ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ | ਤਾਪਮਾਨ ਗਰਮ ਇਲਾਕਿਆਂ ਵਿਚ ਵੱਧ ਹੁੰਦਾ ਹੈ | ਮੌਸਮ ਵਿਗਿਆਨੀ ਇਸ ਨੂੰ ਛਾਂ ਵਿਚ ਰੱਖੇ ਦੋਹਰੇ ਸਿਰਿਆਂ ਵਾਲੇ ਥਰਮਾਮੀਟਰਾਂ ਰਾਹੀਂ ਜ਼ਿਆਦਾ ਅਤੇ ਘੱਟ ਤਾਪਮਾਨ ਹਰ ਰੋਜ਼ ਮਿਣਦੇ ਹਨ |
• ਸਿੱਲ੍ਹ (ਨਮੀ) : ਬੱਦਲਾਂ ਵਿਚ ਮੌਜੂਦ ਨਮੀ ਨੂੰ ਹੁੰਮਸ ਵੀ ਕਹਿੰਦੇ ਹਨ | ਨਮੀ ਹਵਾ ਵਿਚ ਤੁਪਕਿਆਂ ਦੇ ਰੂਪ ਵਿਚ ਲਗਪਗ ਹਰੇਕ ਸਮੇਂ ਰਹਿੰਦੀ ਹੈ ਪਰ ਇਹ ਸਾਨੂੰ ਦਿਖਦੀ ਨਹੀਂ | ਜਦੋਂ ਹਵਾ ਠੰਢੀ ਹੋ ਜਾਂਦੀ ਹੈ ਤਾਂ ਪਾਣੀ ਦੀ ਭਾਫ਼ ਤੁਪਕਿਆਂ ਵਿਚ ਤਬਦੀਲ ਹੋ ਜਾਂਦੀ ਹੈ, ਜਿਸ ਨਾਲ ਬੱਦਲ, ਧੁੰਦ, ਇਥੋਂ ਤੱਕ ਕਿ ਵਰਖਾ ਵੀ ਹੋ ਸਕਦੀ ਹੈ | ਨਮੀ ਨੂੰ ਗਿੱਲੇ ਅਤੇ ਖੁਸ਼ਕ ਹਾਈਗਰੋਅ ਮੀਟਰਾਂ ਰਾਹੀਂ ਮਿਣਿਆ ਜਾਂਦਾ ਹੈ |

-ਨਿਊ ਕੁੰਦਨਪੁਰੀ, ਲੁਧਿਆਣਾ

ਤਾਸ਼ ਦੇ 52 ਪੱਤਿਆਂ ਦੀ ਕਹਾਣੀ

ਤਾਸ਼ ਭਾਰਤ ਦੇ ਹਰੇਕ ਹਿੱਸੇ ਵਿਚ ਖੇਡੀ ਜਾਂਦੀ ਹੈ | ਪੰਜਾਬ ਦੇ ਪਿੰਡਾਂ ਦੇ ਬਹੁਤੇ ਲੋਕ ਆਪਣਾ ਵਾਧੂ ਸਮਾਂ ਸੱਥਾਂ ਵਿਚ ਤਾਸ਼ ਖੇਡ ਕੇ ਬਿਤਾਉਂਦੇ ਹਨ | ਸੋ, ਜਿਥੇ ਤਾਸ਼ ਖੇਡਣਾ ਮਨੋਰੰਜਨ ਦਾ ਸਾਧਨ ਹੈ, ਉਥੇ ਤਾਸ਼ ਖੇਡਣ ਨਾਲ ਬੁਰੀਆਂ ਆਦਤਾਂ ਵੀ ਪੈ ਜਾਂਦੀਆਂ ਹਨ | ਇਸ ਲਈ ਬੱਚਿਆਂ ਨੂੰ ਇਸ ਖੇਡ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ | ਤਾਸ਼ ਦੇ 52 ਪੱਤੇ ਹੁੰਦੇ ਹਨ, ਜਿਨ੍ਹਾਂ ਦੀ ਕਹਾਣੀ ਇਸ ਤਰ੍ਹਾਂ ਹੈ-
ਅਸਲ ਵਿਚ ਤਾਸ਼ ਇਕ ਸਾਲ ਦਾ ਕੈਲੰਡਰ ਹੈ | ਇਸ ਦੇ 52 ਪੱਤੇ ਦੱਸਦੇ ਹਨ ਕਿ ਇਕ ਸਾਲ ਵਿਚ 52 ਹਫ਼ਤੇ ਹੁੰਦੇ ਹਨ | ਇਹ ਪੱਤੇ ਚਾਰ ਰੰਗਾਂ ਦੇ ਹੁੰਦੇ ਹਨ-ਹੁਕਮ, ਚਿੜੀਆ, ਪਾਨ ਅਤੇ ਇੱਟ, ਜੋ ਇਹ ਦੱਸਦੇ ਹਨ ਕਿ ਇਕ ਸਾਲ ਵਿਚ ਚਾਰ ਰੱੁਤਾਂ ਆਉਂਦੀਆਂ ਹਨ | ਹਰ ਰੰਗ ਦੇ 13 ਪੱਤੇ ਹੁੰਦੇ ਹਨ, ਜੋ ਇਸ ਗੱਲ ਦੀ ਜਾਣਕਾਰੀ ਦਿੰਦੇ ਹਨ ਕਿ ਹਰ ਰੱੁਤ 13 ਹਫ਼ਤੇ ਰਹਿੰਦੀ ਹੈ | ਜੇਕਰ 52 ਪੱਤਿਆਂ ਦੇ ਕੱੁਲ ਅੰਕਾਂ ਦਾ ਜੋੜ ਅਤੇ ਜੋਕਰ ਦਾ 1 ਅੰਕ ਮੰਨ ਕੇ ਜੋੜ ਕੀਤਾ ਜਾਵੇ ਤਾਂ ਇਨ੍ਹਾਂ ਦਾ ਜੋੜ 365 ਹੋਵੇਗਾ, ਜਿਸ ਤੋਂ ਪਤਾ ਲਗਦਾ ਹੈ ਕਿ ਇਕ ਸਾਲ ਵਿਚ 365 ਦਿਨ ਹੁੰਦੇ ਹਨ | ਹੁਕਮ ਅਤੇ ਚਿੜੀਆ ਰਾਤ ਦੇ ਪ੍ਰਤੀਕ ਹਨ | ਪਾਨ ਅਤੇ ਇੱਟ ਦਿਨ ਦੇ ਪ੍ਰਤੀਕ ਹਨ | ਇਸ ਤਰ੍ਹਾਂ ਤਾਸ਼ ਵਿਚ ਇਕ ਸਾਲ ਦੀਆਂ ਸਾਰੀਆਂ ਰੱੁਤਾਂ, ਹਫ਼ਤੇ, ਦਿਨਾਂ ਦੀ ਗਿਣਤੀ ਅਤੇ ਰਾਤ-ਦਿਨ ਬਾਰੇ ਬੜੇ ਹੀ ਰੌਚਕ ਢੰਗ ਨਾਲ ਦੱਸਿਆ ਗਿਆ ਹੈ |

-ਸਿਮਰਨ ਔਲਖ
ਬੀ.ਏ.-2, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ |
simranaulakh2001@icloud.com

ਚੁਟਕਲੇ

• ਰਾਜੀਵ (ਨੌਕਰ ਨੂੰ )-ਜਾਹ ਯਾਰ, ਸਹਮਣੇ ਵਾਲੀ ਦੁਕਾਨ ਤੋਂ ਚਾਹ ਦਾ ਕੱਪ ਲੈ ਕੇ ਆ |
ਨੌਕਰ-ਜੀ ਪੈਸੇ?
ਰਾਜੀਵ-ਪੈਸਿਆਂ ਨਾਲ ਤਾਂ ਸਾਰੇ ਲੈ ਆਉਂਦੇ ਹਨ, ਤੰੂ ਬਿਨਾਂ ਪੈਸਿਆਂ ਦੇ ਲਿਆ ਕੇ ਦਿਖਾ |
ਨੌਕਰ ਖਾਲੀ ਕੱਪ ਅਤੇ ਪਲੇਟ ਲੈ ਕੇ ਆਉਂਦਾ ਹੈ |
ਰਾਜੀਵ-ਇਹ ਕੀ?
ਨੌਕਰ-ਭਰਿਆ ਹੋਇਆ ਕੱਪ ਤਾਂ ਸਾਰੇ ਪੀਂਦੇ ਹਨ, ਅੱਜ ਤੁਸੀਂ ਖਾਲੀ ਪੀ ਕੇ ਦਿਖਾਓ |
• ਇਕ ਨੌਜਵਾਨ ਜੋ ਪੇਸ਼ੇ ਤੋਂ ਡਾਕਟਰ ਸੀ, ਉਸ ਦੀ ਮੰਗਣੀ ਹੋ ਰਹੀ ਸੀ | ਅੰਗੂਠੀ ਪਾਉਣ ਲਈ ਜਿਵੇਂ ਹੀ ਉਸ ਨੇ ਲੜਕੀ ਦਾ ਹੱਥ ਫੜਿਆ ਤਾਂ ਬੋਲਿਆ, 'ਹੁਣ ਬੁਖਾਰ ਕਿਵੇਂ ਹੈ?'
• ਕਿਰਾਏਦਾਰ (ਮਾਸਟਰ ਬਲਵਿੰਦਰ ਨੂੰ )-ਤੁਸੀਂ ਤਾਂ ਕਹਿੰਦੇ ਸੀ ਇਹ ਮੁਹੱਲਾ ਬਹੁਤ ਸਾਫ਼-ਸੁਥਰਾ ਹੈ, ਇਥੇ ਕੋਈ ਬਿਮਾਰ ਕਦੇ ਨਹੀਂ ਹੁੰਦਾ ਪਰ ਇਹ ਮਰੀਅਲ ਤੇ ਬਿਮਾਰ ਜਿਹਾ ਆਦਮੀ ਕੌਣ ਹੈ?
ਮਾਸਟਰ ਬਲਵਿੰਦਰ-ਇਹ ਸਾਡੇ ਮੁਹੱਲੇ ਦਾ ਮਸ਼ਹੂਰ ਡਾਕਟਰ ਹੈ |
• ਤਮੰਨਾ (ਰੇਖਾ ਨੂੰ )-ਭੈਣ, ਤੇਰਾ ਬੇਟਾ ਚੱੁਪਚਾਪ ਸੁਭਾਅ ਦਾ ਕਿਉਂ ਹੈ?
ਰੇਖਾ-ਭੈਣ, ਸ਼ਾਇਦ ਤੈਨੂੰ ਪਤਾ ਨਹੀਂ, ਇਸ ਦਾ ਜਨਮ ਉਸ ਸਮੇਂ ਹੋਇਆ, ਜਦੋਂ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਲਾਗੂ ਕਰਵਾ ਦਿੱਤੀ ਸੀ |

-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ | ਮੋਬਾ: 98140-97917

ਬਾਲ ਨਾਵਲ-1: ਨਾਨਕਿਆਂ ਦਾ ਪਿੰਡ

'ਮੰਮੀ, ਮੰਮੀ, ਐਤਕੀਂ ਗਰਮੀਆਂ ਦੀਆਂ ਛੁੱਟੀਆਂ ਵਿਚ ਅਸੀਂ ਆਪਣੇ ਨਾਨਾ ਜੀ-ਨਾਨੀ ਜੀ ਕੋਲ ਪਿੰਡ ਜ਼ਰੂਰ ਜਾਣੈ | ਦਸੰਬਰ ਦੀਆਂ ਛੁੱਟੀਆਂ ਵਿਚ ਪਾਪਾ ਨੇ ਪਿੰਡ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿ ਸਰਦੀ ਬਹੁਤ ਐ', ਸੁਖਮਨੀ ਨੇ ਸਕੂਲੋਂ ਆਉਂਦਿਆਂ ਹੀ ਮੰਮੀ ਨੂੰ ਕਿਹਾ |
'ਠੀਕ ਐ, ਬੇਟਾ | ਜ਼ਰੂਰ ਚੱਲਾਂਗੇ, ਭਾਵੇਂ ਥੋੜ੍ਹੇ ਦਿਨਾਂ ਲਈ ਹੀ ਜਾਈਏ | ਮੇਰਾ ਆਪਣਾ ਬੜਾ ਜੀਅ ਕਰ ਰਿਹੈ, ਬੀਜੀ-ਪਾਪਾ ਜੀ ਨੂੰ ਮਿਲਣ ਦਾ |'
'ਥੋੜ੍ਹੇ ਦਿਨਾਂ ਲਈ ਅਸੀਂ ਨਹੀਂ ਜਾਣਾ | ਅਸੀਂ ਤੇ ਐਦਕੀਂ ਪੂਰੀਆਂ ਛੁੱਟੀਆਂ ਆਪਣੇ ਨਾਨਕੇ ਪਿੰਡ ਰਹਿਣੈ |'
'ਚਲੋ, ਜਿੰਨੇ ਦਿਨ ਵੀ ਰਹਿਣੈ | ਮੈਂ ਤੁਹਾਡੇ ਪਾਪਾ ਨੂੰ ਕਹਾਂਗੀ ਕਿ ਉਹ ਵੀ ਥੋੜ੍ਹੇ ਦਿਨ ਕੰਮ 'ਚੋਂ ਵਿਹਲ ਕੱਢ ਕੇ ਸਾਡੇ ਨਾਲ ਪਿੰਡ ਚੱਲਣ |'
'ਸਾਨੂੰ ਨਹੀਂ ਪਤਾ, ਪਾਪਾ ਜਾਣ ਭਾਵੇਂ ਨਾ ਜਾਣ, ਅਸੀਂ ਤਾਂ ਛੁੱਟੀਆਂ ਵਿਚ ਜ਼ਰੂਰ ਜਾਣੈ | ਨਾਨਾ ਜੀ ਨੇ ਸਾਨੂੰ ਕਿਹਾ ਸੀ, ਐਦਕੀਂ ਗਰਮੀਆਂ ਦੀਆਂ ਛੁੱਟੀਆਂ ਵਿਚ ਜਦੋਂ ਤੁਸੀਂ ਆਓਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਕਹਾਣੀਆਂ ਸੁਣਾਵਾਂਗਾ |'
'ਵਾਹ ਬਈ ਵਾਹ!! ਮੈਨੂੰ ਤੇ ਪਤਾ ਈ ਨਹੀਂ ਕਿ ਤੁਸੀਂ ਨਾਨਾ ਜੀ ਕੋਲੋਂ ਕਹਾਣੀਆਂ ਵੀ ਸੁਣਦੇ ਹੁੰਦੇ ਹੋ', ਮੰਮੀ ਨੇ ਹੈਰਾਨ ਹੁੰਦਿਆਂ ਕਿਹਾ | 'ਮੈਂ ਤੇ ਸਮਝਿਆ ਸੀ ਕਿ ਅਸੀਂ ਹੀ ਦੋਵੇਂ ਭੈਣਾਂ ਆਪਣੇ ਪਾਪਾ ਕੋਲੋਂ ਕਹਾਣੀਆਂ ਸੁਣਦੀਆਂ ਰਹੀਆਂ ਹਾਂ |'
'ਤੁਸੀਂ ਵੀ ਮੰਮੀ, ਸਾਡੇ ਨਾਨਾ ਜੀ ਕੋਲੋਂ ਕਹਾਣੀਆਂ ਸੁਣਦੇ ਰਹੇ ਹੋ?'
'ਹਾਂ ਜੀ, ਮੈਂ ਤੇ ਤੁਹਾਡੀ ਮਾਸੀ ਦੋਵੇਂ ਕਦੀ-ਕਦੀ ਕਹਾਣੀ ਸੁਣਦੇ ਸਾਂ |'
'ਤੁਸੀਂ ਤੇ ਸਾਨੂੰ ਕਦੀ ਕਹਾਣੀ ਸੁਣਾਈ ਨਹੀਂ ਅਤੇ ਨਾ ਹੀ ਕਦੀ ਪਾਪਾ ਨੇ ਸੁਣਾਈ ਐ', ਸੁਖਮਨੀ ਨੇ ਉਲਾਂਭਾ ਦਿੱਤਾ |
'ਮੈਨੂੰ ਤੇ ਪਤਾ ਈ ਨਹੀਂ ਕਿ ਤੁਹਾਨੂੰ ਵੀ ਕਹਾਣੀਆਂ ਸੁਣਨ ਦਾ ਸ਼ੌਕ ਐ |'
'ਤੁਸੀਂ ਕਦੀ ਸਾਡੇ ਕੋਲ ਬੈਠ ਕੇ ਪੁੱ ਛਿਆ ਹੋਵੇ ਤਾਂ ਪਤਾ ਹੋਵੇ |'
'ਮੈਂ ਤਾਂ ਤੁਹਾਡੇ ਕੋਲ ਈ ਹੁੰਦੀ ਆਂ |'
'ਤੁਸੀਂ ਘਰ ਹੋਵੋ ਤਾਂ ਟੀ.ਵੀ. ਦੇ ਡਰਾਮੇ ਜਾਂ ਸਹੇਲੀਆਂ ਨਾਲ ਫ਼ੋਨ 'ਤੇ ਗੱਪਾਂ | ਸ਼ਾਮੀਂ ਕਦੀ ਤੁਹਾਡੀਆਂ ਸਹੇਲੀਆਂ ਘਰ ਆ ਜਾਂਦੀਆਂ ਹਨ ਅਤੇ ਕਦੀ ਤੁਸੀਂ ਚਲੇ ਜਾਂਦੇ ਹੋ | ਤੁਹਾਡੇ ਕੋਲ ਸਾਨੂੰ ਕੁੁਝ ਪੁੱਛਣ ਜਾਂ ਦੱਸਣ ਦਾ ਵਕਤ ਈ ਨਹੀਂ | ਪਾਪਾ ਹਰ ਵੇਲੇ ਆਪਣੇ ਕੰਮ ਵਿਚ ਰੱੁਝੇ ਰਹਿੰਦੇ ਨੇ | ਇਸੇ ਕਰਕੇ ਅਸੀਂ ਵਿਹਲੇ ਵਕਤ ਮੋਬਾਈਲ 'ਤੇ ਗੇਮਾਂ ਖੇਡਦੇ ਰਹਿੰਦੇ ਹਾਂ ਜਾਂ ਟੀ.ਵੀ. ਉੱਪਰ ਕਾਰਟੂਨ ਵੇਖਣ ਲਈ ਕਹਿੰਦੇ ਹਾਂ | ਤੁਸੀਂ ਸਾਨੂੰ ਉਹ ਵੀ ਮਨ੍ਹਾਂ ਕਰਦੇ ਰਹਿੰਦੇ ਹੋ |' ਸੁਖਮਨੀ ਅੱਜ ਆਪਣੇ ਦਿਲ ਦੀ ਭੜਾਸ ਕੱਢ ਰਹੀ ਸੀ |
'ਹੁਣ ਤੁਸੀਂ ਬਹੁਤੀਆਂ ਗੱਲਾਂ ਨਾ ਕਰੋ ਤੇ ਕੱਪੜੇ ਬਦਲ ਕੇ ਮੂੰਹ-ਹੱਥ ਧੋ ਲਵੋ | ਓਨੀ ਦੇਰ ਵਿਚ ਮੈਂ ਤੁਹਾਡਾ ਖਾਣਾ ਗਰਮ ਕਰ ਦੇਂਦੀ ਆਂ |'
'ਠੀਕ ਐ ਮੰਮੀ', ਕਹਿੰਦਿਆਂ ਉਹ ਦੋਵੇਂ ਭੈਣ-ਭਰਾ ਅੰਦਰ ਕਮਰੇ ਵਿਚ ਚਲੇ ਗਏ |
...  ...  ...

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001
ਮੋਬਾਈਲ : 98889-24664

ਪੰਛੀ

ਅਣਭੋਲ ਜਿਹੇ, ਇਹ ਸੋਹਲ ਜਿਹੇ,
ਆਪਣੇ ਆਹਰੀਂ ਲੱਗੇ ਰਹਿੰਦੇ ਨੇ |
ਧੱੁਪ-ਛਾਂ ਦਾ ਫਿਕਰ ਨਾ ਕੋਈ,
ਸਾਰੀ ਹੀ ਦਿਹਾੜੀ ਲੱਗੇ ਰਹਿੰਦੇ ਨੇ |
ਮਹਿਕਦੇ ਇਹ ਮਲੂਕੜੇ ਜਿਹੇ,
ਖੰਭਾਂ ਨਾਲ ਉਡਾਰੀ ਲੱਗੇ ਰਹਿੰਦੇ ਨੇ |
ਦਰੱਖਤਾਂ ਦੀਆਂ ਟਹਿਣੀਆਂ 'ਤੇ,
ਮੇਲੇ ਬੜੇ ਭਾਰੀ ਲੱਗੇ ਰਹਿੰਦੇ ਨੇ |
ਅੰਬਰਾਂ ਦੀ ਹਿੱਕ ਜਿਹੀ 'ਤੇ,
ਇਕੇ ਹੀ ਕਿਤਾਬੀ ਲੱਗੇ ਰਹਿੰਦੇ ਨੇ |
ਜੇਠ-ਹਾੜ੍ਹ ਦੀ ਲੋਅ ਸਹਿੰਦੇ,
ਪੋਹ ਦੀ ਠੰਢ 'ਚ ਠਾਰੀ ਲੱਗੇ ਰਹਿੰਦੇ ਨੇ |
ਬੋਲੀ ਮਿੱਠੀ ਸ਼ਹਿਦ ਜਿਹੀ,
ਬਸ ਆੜੀ-ਆੜੀ ਲੱਗੇ ਰਹਿੰਦੇ ਨੇ |
ਕੁਦਰਤ ਦੇ ਨਜ਼ਾਰਿਆਂ 'ਚ,
ਸਦਾ ਕਰਮਚਾਰੀ ਲੱਗੇ ਰਹਿੰਦੇ ਨੇ |
ਐ ਬੰਦਿਆ ਨਾ ਸਾਨੂੰ ਤਾਅੜੀਂ,
ਨਾ ਜਾਨੋਂ ਮਾਰੀਂ ਲੱਗੇ ਰਹਿੰਦੇ ਨੇ |

-ਕਰਮਜੀਤ ਕੌਰ 'ਚਾਨੀ',
ਬਰਗਾੜੀ | ਮੋਬਾ: 94638-93443

ਬਾਲ ਸਾਹਿਤ

ਚਾਨਣ ਦਾ ਮੋਹ
ਲੇਖਕ : ਸੁਰਜੀਤ ਦੇਵਲ
ਸਫੇ : 40, ਮੱੁਲ : 90 ਰੁਪਏ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਸੰਪਰਕ : 92563-67202
ਸੁਰਜੀਤ ਦੇਵਲ ਲਗਾਤਾਰ ਪੰਜਾਬੀ ਬਾਲ ਸਾਹਿਤ ਲਿਖ ਰਿਹਾ ਹੈ | ਇਹ ਉਸ ਦੀ ਚੌਥੀ ਕਾਵਿ ਪੁਸਤਕ ਹੈ | ਲੇਖਕ ਨੇ ਆਪਣੀਆਂ ਕਵਿਤਾਵਾਂ ਵਿਚ ਹਰ ਵਿਸ਼ੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ | ਇਸ ਪੁਸਤਕ ਦੀਆਂ ਕਵਿਤਾਵਾਂ 8 ਤੋਂ 15 ਸਾਲ ਉਮਰ ਜੱੁਟ ਲਈ ਹਨ | ਇਸ ਲਈ ਸ਼ਬਦਾਂ ਦੀ ਚੋਣ ਬਾਲਾਂ ਦੇ ਮਾਨਸਿਕ ਪੱਧਰ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ | 'ਚਾਨਣ ਦਾ ਮੋਹ' ਪੁਸਤਕ ਸੱਚਮੱੁਚ ਬਾਲਾਂ ਨੂੰ ਚਾਨਣ ਵੰਡਦੀ ਹੈ | ਵਾਤਾਵਰਨ, ਦੇਸ਼ ਪਿਆਰ, ਪਾਣੀ ਦੀ ਸੰਭਾਲ, ਪੰਛੀਆਂ ਨਾਲ ਮੋਹ, ਵੱਡਿਆਂ ਤੇ ਅਧਿਆਪਕਾਂ ਦਾ ਸਤਿਕਾਰ ਤੇ ਦੇਸ਼ ਭਗਤੀ ਦੇ ਜਜ਼ਬੇ ਵਾਲੀਆਂ ਕਵਿਤਾਵਾਂ ਦਿਲ ਨੂੰ ਟੁੰਬਦੀਆਂ ਹਨ |
'ਕੰਮ ਵਤਨ ਦੇ ਆਈਏ ਪੜ੍ਹ-ਲਿਖ,
ਦੇ ਦਾਤਾ ਵਰਦਾਨ |
ਅਸੀਂ ਸ਼ਹੀਦਾਂ ਦੇ ਸੁਪਨਿਆਂ ਦਾ,
ਸਿਰਜੀਏ ਹਿੰਦੁਸਤਾਨ |'... (ਦੇ ਦਾਤਾ ਵਰਦਾਨ)
ਬਾਲ ਸਾਹਿਤ ਲਿਖਣ ਦਾ ਉਦੇਸ਼ ਹੁੰਦਾ ਹੈ ਬਾਲ ਪਾਠਕਾਂ ਨੂੰ ਸਾਹਿਤ ਪੜ੍ਹਨ ਲਈ ਉਤਸ਼ਾਹਿਤ ਕਰਨਾ, ਉਨ੍ਹਾਂ ਅੰਦਰ ਸਾਹਿਤ ਲਈ ਮੋਹ ਪੈਦਾ ਕਰਨਾ | ਇਸ ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਜਿਥੇ ਰੌਚਕ ਹਨ, ਉਥੇ ਉਹ ਬਾਲ ਪਾਠਕਾਂ ਨੂੰ ਨਵਾਂ ਸੁਨੇਹਾ ਵੀ ਦਿੰਦੀਆਂ ਹਨ | ਇਸ ਤਰ੍ਹਾਂ ਦੀਆਂ ਪੁਸਤਕਾਂ ਸਕੂਲ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਜ਼ਰੂਰ ਬਣਨ | ਲੇਖਕ ਨੇ ਪੰਜਾਬੀ ਬਾਲ ਸਾਹਿਤ ਦੇ ਭੰਡਾਰ ਨੂੰ ਵਿਸ਼ਾਲ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ | 'ਚਾਨਣ ਦਾ ਮੋਹ' ਪੁਸਤਕ ਪੜ੍ਹਨ ਤੇ ਸਾਂਭਣਯੋਗ ਹੈ | ਪੰਜਾਬੀ ਬਾਲ ਸਾਹਿਤ ਵਿਚ ਪੁਸਤਕ ਦਾ ਸਵਾਗਤ ਹੈ |
-ਅਵਤਾਰ ਸਿੰਘ ਸੰਧੂ
ਮੋਬਾ: 99151-82971

ਬਾਲ ਗੀਤ: ਕਰੜੀ ਮਿਹਨਤ ਤੋਂ ਨਾ...

ਮੰਜ਼ਿਲਾਂ ਉੱਚੀਆਂ ਨੂੰ ਜੇ,
ਤੁਸੀਂ ਪਾਉਣਾ ਬੱਚਿਓ |
ਕਰੜੀ ਮਿਹਨਤ ਤੋਂ ਨਾ,
ਕੰਨੀ ਕਤਰਾਉਣਾ ਬੱਚਿਓ |
ਮਿਹਨਤਾਂ ਨੂੰ ਲਗਦੇ ਨੇ,
ਸਦਾ ਮਿੱਠੇ-ਮਿੱਠੇ ਫਲ |
ਔਖੇ ਵੱਡੇ ਕੰਮਾਂ ਦਾ ਹੈ,
ਇਕੋ ਮਿਹਨਤ ਹੀ ਹੱਲ |
ਹਰੇਕ ਕੰਮ ਸਮੇਂ ਸਿਰ,
ਹੈ ਮੁਕਾਉਣਾ ਬੱਚਿਓ |
ਕਰੜੀ ਮਿਹਨਤ ਤੋਂ ਨਾ.... |
ਉੱਚੇ-ਵੱਡੇ ਅਹੁਦਿਆਂ 'ਤੇ,
ਮਿਹਨਤ ਹੈ ਪੁਚਾਂਵਦੀ |
ਦੁਨੀਆ ਤੋਂ ਸਲਾਮਾਂ ਇਹ,
ਮਿਹਨਤ ਹੀ ਕਰਾਂਵਦੀ |
ਵਕਤ ਬੀਤਿਆ ਨਾ ਫਿਰ,
ਹੱਥ ਆਉਣਾ ਬੱਚਿਓ |
ਕਰੜੀ ਮਿਹਨਤ ਤੋਂ ਨਾ..... |
ਜਿਹੜੇ ਬੱਚੇ ਮਿਹਨਤ ਤੋਂ,
ਕੰਨੀਂ ਪਏ ਕੁਤਰਾਂਦੇ ਨੇ |
ਓਹੀ ਬੱਚੇ ਪੜ੍ਹਾਈ ਵਿਚ,
ਸਦਾ ਪਿੱਛੇ ਰਹਿ ਜਾਂਦੇ ਨੇ |
'ਤਲਵੰਡੀ' ਸਰ ਦੀ ਗੱਲ,
ਦਿਲ 'ਚ ਵਸਾਉਣਾ ਬੱਚਿਓ,
ਕਰੜੀ ਮਿਹਨਤ ਤੋਂ ਨਾ.... |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: 94635-42896

ਬਾਲ ਗੀਤ: ਬੀਬੇ ਬਾਲ

ਅਸੀਂ ਸਿਆਣੇ ਬੱਚੇ ਅਖਵਾਉਂਦੇ ਹਾਂ
ਸਭ ਨੂੰ ਇੱਜ਼ਤ ਨਾਲ ਬੁਲਾਉਂਦੇ ਹਾਂ
ਅਸੀਂ ਬੀਬੇ ਬਾਲ ਅਖਵਾਉਂਦੇ ਹਾਂ....
ਉੱਠ ਸਵੇਰੇ ਜਲਦੀ ਜਾਈਏ
ਸਭ ਨੂੰ ਸਤਿ ਸ੍ਰੀ ਅਕਾਲ ਬੁਲਾਈਏ
ਬੁਰਸ਼ ਨਾਲ ਦੰਦ ਚਮਕਾਈਏ
ਵਿਚ ਬਾਥਰੂਮ ਦੋ ਨੰਬਰ ਜਾਈਏ
ਹੱਥ ਸਾਬਣ ਨਾਲ ਅਸੀਂ ਧੋਂਦੇ ਹਾਂ
ਅਸੀਂ ਬੀਬੇ ਬਾਲ ਅਖਵਾਉਂਦੇ ਹਾਂ
ਇਸ਼ਨਾਨ ਕਰੀਏ, ਵਰਦੀ ਵੀ ਪਾਈਏ
ਤੇਲ ਲਗਾ ਵਾਲ ਵੀ ਵਾਹੀਏ
ਬੂਟਾਂ ਨਾਲ ਜੁਰਾਬਾਂ ਪਾਈਏ
ਸੋਹਣੇ-ਸੋਹਣੇ ਤਿਆਰ ਹੋ ਜਾਈਏ
ਫਿਰ ਦੋ ਪਰਾਉਂਠੇ ਖਾਂਦੇ ਹਾਂ
ਅਸੀਂ ਸਿਆਣੇ ਬੱਚੇ ਅਖਵਾਉਂਦੇ ਹਾਂ....
ਲੈ ਕੇ ਬੈਗ ਸਕੂਲੇ ਜਾਈਏ
ਪੜ੍ਹੀਏ, ਲਿਖੀਏ, ਪਾਠ ਸੁਣਾਈਏ
ਅੱਧੀ ਛੱੁਟੀ ਖਾਣਾ ਖਾਈਏ
ਖੇਡੀਏ ਖੇਡਾਂ ਤੇ ਨੱਚੀਏ-ਗਾਈਏ
ਸਭ ਦੇ ਮਨ ਨੂੰ ਭਾਉਂਦੇ ਹਾਂ
ਅਸੀਂ ਸਿਆਣੇ ਬੱਚੇ ਅਖਵਾਉਂਦੇ ਹਾਂ
ਅਸੀਂ ਬੀਬੇ ਬਾਲ ਅਖਵਾਉਂਦੇ ਹਾਂ |

-ਗੌਰਵ ਸ਼ਰਮਾ,
ਸਟੇਟ ਐਵਾਰਡੀ, ਧਰਮਕੋਟ |
ਮੋਬਾ: 95920-97855

ਬਾਲ ਗੀਤ: ਕਦਰ ਸਮੇਂ ਦੀ ਕਰਨਾ

ਕਦਰ ਸਮੇਂ ਦੀ ਕਰਨਾ ਬੱਚਿਓ,
ਪਛਤਾਓਗੇ ਵਰਨਾ ਬੱਚਿਓ |
ਨਾਲ ਸਮੇਂ ਦੇ ਜੋ ਵੀ ਚੱਲੇ,
ਕਰਕੇ ਤਰੱਕੀ ਕੁਰਸੀ ਮੱਲੇ |
ਗਿਆਨ ਸਾਗਰ ਵਿਚ ਤਰਨਾ ਬੱਚਿਓ,
ਕਦਰ ਸਮੇਂ ਦੀ ਕਰਨਾ ਬੱਚਿਓ |
ਇਮਾਨਦਾਰ ਬਣ ਡਟ ਕੇ ਰਹਿਣਾ,
ਰੋਅਬ ਕਿਸੇ ਦਾ ਕਦੇ ਨਾ ਸਹਿਣਾ |
ਐਵੇਂ ਨਾ ਤੁਸੀਂ ਡਰਨਾ ਬੱਚਿਓ,
ਕਦਰ ਸਮੇਂ ਦੀ ਕਰਨਾ ਬੱਚਿਓ |
ਜੇ ਕਰੋਗੇ ਮਿਹਨਤ ਸੁਖੀ ਰਹੋਗੇ,
ਪੌੜੀ ਸਫਲਤਾ ਦੀ ਚੜ੍ਹੋਗੇ |
ਹੱਥ 'ਤੇ ਹੱਥ ਧਰ ਨਹੀਂ ਸਰਨਾ ਬੱਚਿਓ,
ਕਦਰ ਸਮੇਂ ਦੀ ਕਰਨਾ ਬੱਚਿਓ |
'ਗੋਗੀ ਜ਼ੀਰਾ' ਕਰੇ ਦੁਆਵਾਂ,
ਮਿਲਣ ਤੁਹਾਨੂੰ ਸਭ ਨੂੰ ਰਾਹਵਾਂ |
ਲਗਨ ਨਾਲ ਤੁਸੀਂ ਪੜ੍ਹਨਾ ਬੱਚਿਓ,
ਕਦਰ ਸਮੇਂ ਦੀ ਕਰਨਾ ਬੱਚਿਓ |

-ਗੋਗੀ ਜ਼ੀਰਾ,
ਮੁਹੱਲਾ ਕੰਬੋਆਂ, ਜ਼ੀਰਾ (ਫ਼ਿਰੋਜ਼ਪੁਰ) | ਮੋਬਾ: 97811-36240

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX