ਤਾਜਾ ਖ਼ਬਰਾਂ


ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  0 minutes ago
ਲੀਮਾ, 20 ਅਪ੍ਰੈਲ- ਪੇਰੂ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪੈਡਰੋ ਪਾਬਲੋ ਕੁਜਿੰਸਕੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪੇਰੂ ਦੀ ਜੁਡੀਸ਼ੀਅਲ ਅਥਾਰਿਟੀ ਨੇ ਟਵਿੱਟਰ 'ਤੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ...
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  17 minutes ago
ਨਵੀਂ ਦਿੱਲੀ, 20 ਅਪ੍ਰੈਲ- ਭਾਰਤ ਦੇ ਮੁੱਖ ਜਸਟਿਸ (ਸੀ. ਜੇ. ਆਈ.) ਰੰਜਨ ਗੋਗੋਈ ਨੇ ਖ਼ੁਦ 'ਤੇ ਇੱਕ ਔਰਤ ਵਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਆਨਲਾਈਨ ਮੀਡੀਆ 'ਚ ਇੱਕ ਔਰਤ ਵਲੋਂ ਕਥਿਤ ਤੌਰ 'ਤੇ ਇਨ੍ਹਾਂ ਦੋਸ਼ਾਂ ਨਾਲ ਜੁੜੀਆਂ ਖ਼ਬਰਾਂ ਤੋਂ...
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  46 minutes ago
ਨਵੀਂ ਦਿੱਲੀ, 20 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਭਾਜਪਾ ਉਮੀਦਵਾਰ ਜਯਾ ਪ੍ਰਦਾ ਵਿਰੁੱਧ ਇਤਰਾਜ਼ਯੋਗ ਬਿਆਨ ਦੇਣ 'ਤੇ ਚੋਣ ਕਮਿਸ਼ਨ ਵਲੋਂ ਲਾਈ ਪਾਬੰਦੀ ਖ਼ਤਮ ਹੋਣ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਆਜ਼ਮ ਖ਼ਾਨ ਲੰਘੇ ਦਿਨ ਇੱਕ ਚੋਣ ਰੈਲੀ...
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  about 1 hour ago
ਤਪਾ ਮੰਡੀ, 20 ਅਪ੍ਰੈਲ (ਵਿਜੇ ਸ਼ਰਮਾ)- ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਲੇਬਰ ਯੂਨੀਅਨ ਦੇ 200 ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਪਾਲ ਸਿੰਘ ਦੀ ਅਗਵਾਈ ਹੇਠ...
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  about 1 hour ago
ਪਟਨਾ, 20 ਅਪ੍ਰੈਲ- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ 'ਚ ਬੀਤੀ ਰਾਤ ਕੁਝ ਬਦਮਾਸ਼ਾਂ ਵਲੋਂ ਇੱਕ ਲੜਕੀ ਨਾਲ ਉਸ ਦੀ ਮਾਂ ਦੇ ਸਾਹਮਣੇ ਨਾ ਸਿਰਫ਼ ਛੇੜਛਾੜ ਕੀਤੀ ਗਈ, ਬਲਕਿ ਇਸ ਦਾ ਵਿਰੋਧ ਕਰਨ 'ਤੇ ਉਨ੍ਹਾਂ ਵਲੋਂ ਲੜਕੀ 'ਤੇ ਤੇਜ਼ਾਬ ਸੁੱਟਿਆ ਗਿਆ। ਘਟਨਾ ਜ਼ਿਲ੍ਹੇ ਦੇ...
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 20 ਅਪ੍ਰੈਲ- ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਅੱਜ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ ਕਰ ਰਹੀ ਹੈ। ਐੱਨ. ਆਈ. ਏ. ਦੇ ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਏਜੰਸੀ ਵਲੋਂ ਹੈਦਰਾਬਾਦ 'ਚ ਤਿੰਨ ਥਾਵਾਂ 'ਤੇ ਅਤੇ ਮਹਾਰਾਸ਼ਟਰ ਦੇ...
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  about 2 hours ago
ਭੋਪਾਲ, 20 ਅਪ੍ਰੈਲ- ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵੇਰੇ ਟਵੀਟ ਕਰਦਿਆਂ ਭੋਪਾਲ ਵਾਸੀਆਂ ਕੋਲੋਂ ਸਮਰਥਨ...
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ, 20 ਅਪ੍ਰੈਲ- ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਐੱਨ. ਡੀ. ਤਿਵਾੜੀ ਦੇ ਪੁੱਤਰ ਰੋਹਿਤ ਤਿਵਾੜੀ ਦੀ ਮੌਤ ਦੇ ਸਿਲਸਿਲੇ ਦੇ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਰੋਹਿਤ ਦੀ ਪਤਨੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਸ ਸਿਲਸਿਲੇ 'ਚ ਕ੍ਰਾਈਮ...
ਸੋਪੋਰ 'ਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 20 ਅਪ੍ਰੈਲ - ਜੰਮੂ ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਸਨਿੱਚਰਵਾਰ ਤੜਕੇ ਮੁੱਠਭੇੜ ਹੋਈ। ਇਸ ਦੌਰਾਨ ਕਈ ਰਾਊਂਡ ਗੋਲੀਆਂ ਚਲੀਆਂ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਇਲਾਕੇ ਨੂੰ ਘੇਰ ਕੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ...
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  about 4 hours ago
ਕਾਨਪੁਰ, 20 ਅਪ੍ਰੈਲ - ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਬੀਤੀ ਲੰਘੀ ਰਾਤ ਰੇਲ ਹਾਦਸਾ ਹੋ ਗਿਆ। ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਬੀ ਐਕਸਪੈੱ੍ਰਸ ਦੇ 12 ਡੱਬੇ ਲੀਹੋਂ ਲੱਥ ਗਏ, ਜਦਕਿ 4 ਡੱਬੇ ਪਲਟ ਗਏ। ਇਸ ਹਾਦਸੇ 'ਚ ਕਰੀਬ 20 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੇਨ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਪੰਜਾਬ ਦੀ ਪੁਰਾਣੀ ਲੋਕ-ਕਲਾ : ਨਕਲਾਂ

ਸੰਨ 1950 ਦੇ ਕਰੀਬ ਨਕਲਾਂ ਪੰਜਾਬੀ ਲੋਕਾਂ ਦੇ ਮਨੋਰੰਜਨ ਦਾ ਮੁੱਖ ਤੇ ਮਹੱਤਵਪੂਰਨ ਸਾਧਨ ਸਨ | ਬਿਨਾਂ ਕਿਸੇ ਸਟੇਜ, ਮਾਈਕ ਤੇ ਹੋਰ ਖਿਲਾਰੇ ਦੇ ਦਿਨ ਨੰੂ ਬਿਰਛਾਂ ਹੇਠ ਤੇ ਰਾਤ ਨੂੰ ਚੌਪਾਲਾਂ ਤੇ ਸੱਥਾਂ ਵਿਚ ਨਕਲਾਂ ਦੇ ਅਖਾੜੇ ਜੁੜ ਜਾਂਦੇ ਸਨ |
ਪੰਜਾਬ ਦੇ ਪਿੰਡਾਂ ਵਿਚ ਜਦੋਂ ਰਾਤ ਨੂੰ ਲੋਕ ਖਾਣੇਂ ਪੀਣੇਂ ਦੇ ਕੰਮ ਤੋਂ ਵਿਹਲੇ ਹੋ ਜਾਂਦੇਂ ਤਾਂ ਪਿੰਡ 'ਚ ਕਿਸੇ ਖਾਲੀ ਥਾਂ ਪਹੁੰਚ ਕੇ ਨਕਲੀਆਂ ਦੀ ਟੀਮ ਧਾਮਾਂ (ਤਬਲਾ) ਰੱਖ ਕੇ ਬੈਠ ਜਾਂਦੀ ਤੇ ਜਦੋਂ ਲੋਕਾਂ ਨੂੰ ਖੁੱਲ੍ਹਾ ਸੱਦਾ ਦੇਣ ਲਈ ਤਬਲੇ ਵਾਲਾ ਤਬਲੇ 'ਤੇ ਹੱਥ ਮਾਰਦਾ ਤਾਂ ਨਕਲਾਂ ਵੇਖਣ ਲਈ ਲੋਕਾਂ ਦੇ ਦਿਲ ਧੜਕ ਉਠਦੇ |
ਇਸ ਇਤਿਹਾਸਕ ਲੋਕ ਕਲਾ ਦੇ ਵੀ ਤਿੰਨ ਰੂਪ ਹੁੰਦੇ ਸਨ | ਸਾਲ, ਰਾਸ ਤੇ ਨਕਲਾਂ | ਸਾਲ ਕਰਵਾਉਣ ਸਮੇਂ ਪੰਜਾਬ ਦੇ ਇਕ ਵਿਸ਼ੇਸ਼ ਵਰਗ ਦੇ ਲੋਕ ਪਿੰਡ ਦੇ ਨੇੜੇ ਛੱਪੜ ਵਿਚ ਕਾਗਜਾਂ ਤੇ ਹੋਰ ਲੋੜੀਂਦੀ ਸਮੱਗਰੀ ਤੋਂ ਤਿਆਰ ਕੀਤਾ ਗਿਆ ਬੇੜਾ ਤਾਰਦੇ ਸਨ ਤੇ ਖਾਣੇਂ ਪੀਣੇਂ ਤੋਂ ਵਿਹਲੇ ਹੋ ਕੇ ਕਿਸੇ ਖੁੱਲ੍ਹੀ ਜਗ੍ਹਾ ਵਿਚ ਸਾਲ ਸ਼ੁਰੂ ਹੋ ਜਾਂਦਾ ਸੀ |
ਸਾਲ ਵਿਚ ਬਾਕੀ ਸਭ ਕੁਝ ਤਾਂ ਨਕਲਾਂ ਵਰਗਾ ਹੀ ਹੁੰਦਾ ਸੀ ਪਰ ਇਸ ਵਿਚ ਲੰਮੇ ਡਰਾਮੇ ਵੀ ਪੇਸ਼ ਕੀਤੇ ਜਾਂਦੇ ਸਨ, ਜਿਵੇਂ ਰਾਜਾ ਰਸਾਲੂ, ਪੂਰਨ ਭਗਤ, ਲੈਲਾ ਮਜਨੂੰ, ਮਿਰਜਾ ਸਾਹਿਬਾਂ, ਹੀਰ ਰਾਝਾਂ ਤੇ ਸੋਹਣੀ ਮਹੀਂਵਾਲ ਆਦਿ | ਸਾਲ ਵਿਚ ਕਈ ਇਤਿਹਾਸਕ ਤੇ ਮਿਥਿਹਾਸਕ ਝਾਕੀਆਂ ਵੀ ਕੱਢੀਆਂ ਜਾਂਦੀਆਂ ਸਨ, ਦੁਆਬੇ ਵਿਚ ਸਾਲਾਂ ਦੀ ਕਲਾ ਨੂੰ ਜਿਉਂਦਿਆਂ ਰੱਖਣ ਵਾਲਾ ਕਲਾਕਾਰ ਬੱਗੜ ਮੇਰੇ ਜੱਦੀ ਪਿੰਡ ਦੋਸਾਂਝ ਕਲਾਂ ਤੋਂ ਸੀ ਤੇ ਇਹ ਮੇਰੇ ਸੁਹਰੇ ਪਿੰਡ ਬਾੜੀਆਂ ਕਲਾਂ ਵਿਆਹਿਆ ਹੋਇਆ ਸੀ | ਇਨ੍ਹਾਂ ਦਾ ਲੱਗਪਗ ਸਾਰਾ ਪਰਵਾਰ ਨਕਲਾਂ ਦੇ ਸੱਭਿਆਚਾਰ ਨਾਲ ਜੁੜਿਆ ਹੋਇਆ ਸੀ |
ਦੁਆਬੇ ਵਿਚ ਰਾਸਧਾਰੀਆਂ ਦੀ ਬਹੁਤ ਮਸ਼ਹੂਰ ਤੇ ਪੁਰਾਣੀ ਟੀਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਰੜ ਅੱਛਰਵਾਲ ਦੀ ਹੁੰਦੀ ਸੀ, ਰਾਸ ਅਕਸਰ ਰਾਤ ਨੂੰ ਪਾਈ ਜਾਂਦੀ ਸੀ ਤੇ ਰਾਸ ਵੇਖਣ ਲਈ ਦਸ ਦਸ ਪੰਦਰਾਂ ਪੰਦਰਾਂ ਮੀਲਾਂ ਤੋਂ ਲੋਕ ਪੈਦਲ ਚੱਲ ਕੇ ਉਤਸ਼ਾਹ ਨਾਲ ਪਹੁੰਚਦੇ ਤੇ ਰਾਸ ਵੇਖਣ ਦਾ ਆਨੰਦ ਮਾਣਦੇ ਸਨ |
ਰਾਸ ਵਿਚ ਵੀ ਨੱਚਣ ਗਾਉਣ ਦੇ ਨਾਲ ਨਾਲ ਲੰਮੇ ਡਰਾਮੇ ਪੇਸ਼ ਕੀਤੇ ਜਾਂਦੇ ਸਨ ਜਿਵੇਂ, ਰਾਜਾ ਮਾਨਧਾਤਾ, ਰਾਜਾ ਹਰੀ ਚੰਦ, ਰਾਜਾ ਭਰਥਰੀ, ਰਾਜਾ ਰਸਾਲੂ ਆਦਿ, ਰਾਸਧਾਰੀਆਂ ਦੀ ਇਸ ਟੀਮ ਵਿਚ ਇਕ ਪਾਤਰ ਹੁੰਦਾ ਸੀ ਮਨਸੁੱਖਾ | ਮਨਸੁੱਖਾ ਰਾਸ ਦੇ ਸ਼ੁਰੂ ਵਿਚ ਦੋਵਾਂ ਹੱਥਾਂ ਵਿਚ ਕੀਲੀਆਂ ਫੜ ਕੇ ਸਖੀਆਂ ਦੇ ਨਾਲ ਕੀਲੀਆਂ ਦੀ ਲੜਾਈ ਦੀ ਖੇਡ ਖੇਡਦਾ ਸੀ ਸਖੀਆਂ ਵੀ ਇਕ ਗੋਲ ਘੇਰੇ ਵਿਚ ਘੁੰਮਦੀਆਂ ਤੇ ਇਕ ਦੂਜੇ ਦੀਆਂ ਕੀਲੀਆਂ ਨਾਲ ਕੀਲੀਆਂ ਮਾਰਦੀਆਂ, ਕੀਲੀਆਂ ਮਾਰਨ ਦੀ ਰਫਤਾਰ ਤੇਜ਼ ਹੋ ਜਾਂਦੀ ਤਾਂ ਮਨਸੁੱਖਾ ਨੇੜੇ ਦੀ ਸਖੀ ਦੇ ਗੁੱਟ 'ਤੇ ਚੋਟ ਮਾਰ ਕੇ ਆਖਦਾ ਐਸੇ ਨੀ ਸਖੀ ਐਸੇ!
ਕੁੜੀਆਂ ਵਹੁਟੀਆਂ ਵਾਲੇ ਕੱਪੜੇ ਪਾ ਕੇ ਨੌਜਵਾਨ ਹੀ ਸਖੀਆਂ ਬਣੇ ਹੁੰਦੇ ਸਨ, ਇਨ੍ਹਾਂ ਸਖੀਆਂ ਵਿਚ ਊਧੋ ਤੇ ਚੰਨਣ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੁੰਦੇ ਸਨ, ਰਾਸ ਦੇ ਡਰਾਮੇ ਵਿਚ ਜਦ ਵੀ ਕਿਤੇ ਕੋਈ ਦੁਖਾਂਤਮਈ ਸੀਨ ਆਉਂਦਾ ਤਾਂ ਊਧੋ ਦਰਦਮਈ ਤੇ ਜ਼ੋਰਦਾਰ ਭੁੱਬ ਮਾਰਦਾ ਤੇ ਇਕ ਭੁੱਬ ਦੀ ਅਵਾਜ਼ ਰਾਤ ਦੇ ਸ਼ਾਂਤਮਈ ਹਨੇਰੇ ਵਿਚੋਂ ਲੰਘ ਕੇ ਅਕਸਰ ਨੇੜੇ ਦੇ ਪਿੰਡਾਂ ਤੱਕ ਪਹੁੰਚ ਜਾਂਦੀ ਸੀ |
ਊਧੋ ਰਾਸ ਅੰਦਰ ਸੰਨ 1947 ਦੀ ਵੰਡ ਦੇ ਦਰਦ ਨਾਲ ਭਰਿਆ ਇਕ ਗੀਤ ਵੀ ਅਕਸਰ ਗਾਇਆ ਕਰਦਾ ਸੀ |
ਸਾਥੋਂ ਪਿੰਡੀ, ਅਟਕ, ਕਸੂਰ ਗਿਆ |
ਸਾਡਾ ਕਿੱਧਰ ਲੰਘ ਕੇ ਪੂਰ ਗਿਆ |
ਮਨਸੁੱਖਾ ਇਕ ਵਿਲੱਖਣ ਤੇ ਪ੍ਰਵੀਨ ਕਲਾਕਾਰ ਹੁੰਦਾ ਸੀ, ਜੋ ਬਿਨਾਂ ਕਿਸੇ ਅਸ਼ਲੀਲ ਛੋਹ ਦੇ ਆਪਣੀਆਂ ਗੱਲਾਂ ਤੇ ਟਾਂਚਾਂ ਨਾਲ ਹਸਾ ਹਸਾ ਕੇ ਸਰੋਤਿਆਂ ਦੇ ਢਿੱਡੀ ਪੀੜਾਂ ਪੁਆ ਦੇਣ ਦੀ ਸਮਰੱਥਾ ਰੱਖਦਾ ਸੀ | ਕੁੜੀਆਂ ਵਾਲੇ ਕੱਪੜੇ ਪਾ ਕੇ ਨੱਚਣ ਤੇ ਗੀਤ ਗਾਉਣ ਵਾਲਾ ਰਾਸਧਾਰੀਆਂ ਦੀ ਟੀਮ ਦਾ ਇਕ ਨੌਜਵਾਨ ਮੈਂਬਰ ਕਿ੍ਸ਼ਨ ਆਪਣੀ ਖ਼ੂਬਸੂਰਤੀ ਕਰਕੇ ਅਕਸਰ ਪੇਂਡੂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੁੰਦਾ ਸੀ |
ਨਕਲਾਂ ਦੇ ਅਖਾੜੇ ਵਿਚ ਅਕਸਰ ਲਿੱਚ ਘੜਿਚੀਆਂ ਤੇ ਹਾਸੇ ਮਖੌਲ ਚਲਦੇ ਸਨ, ਭਾਵੇਂ ਨਕਲਾਂ ਵਿਚ ਮਾਂ ਦਾ ਦਿਲ ਖੂਨੀ ਲੜਕੀ ਤੇ ਹੋਰ ਕਈ ਛੋਟੇ ਛੋਟੇ ਨਾਟਕ ਵੀ ਪੇਸ਼ ਕੀਤੇ ਜਾਂਦੇ ਸਨ ਪਰ ਨਕਲਾਂ ਦੀ ਕਲਾ ਬਹੁਤੀ ਹਾਸੇ ਮਖੌਲ ਤੇ ਟਿੱਚਰਾਂ 'ਤੇ ਹੀ ਕੇਂਦਰਿਤ ਹੁੰਦੀ ਸੀ |
ਦੁਆਬੇ ਵਿਚ ਨਕਲੀਆਂ ਦੇ ਕਈ ਗਰੁੱਪ ਸਨ, ਇੰਨ੍ਹਾਂ ਵਿਚੋਂ ਇਕ ਗਰੁੱਪ ਜ਼ਿਲ੍ਹਾ ਜਲੰਧਰ ਦੇ ਪਿੰਡ ਸੱਲ੍ਹਾਂ ਦਾ ਹੁੰਦਾ ਸੀ | ਇਸ ਦਾ ਮੁਖੀ ਸੱਲ੍ਹਾਂ ਦਾ ਪੰਡਤ ਹੁੰਦਾ ਸੀ, ਕੁੜੀਆਂ ਵਹੁਟੀਆਂ ਵਾਲੇ ਕੱਪੜੇ ਪਾ ਕੇ ਚਿਹਰਿਆਂ ਦੀ ਖ਼ੂਬਸੂਰਤੀ ਬਿਖੇਰਨ ਤੇ ਨਾਚ ਨਾਲ ਗੀਤ ਗਾਉਣ ਵਾਲਿਆਂ ਵਿਚ ਸੱਲਾਂ ਦਾ ਪ੍ਰੀਤਾ, ਨਵਾਂ ਸ਼ਹਿਰ ਦਾ ਦੁਰਗਾ ਤੇ ਪਿੰਡ ਢਾਹਾਂ ਦਾ ਸੋਹਣ ਬਹੁਤ ਮਸ਼ਹੂਰ ਹੁੰਦੇ ਸਨ |
-0-
ਦੁਰਗਾ ਜਦੋਂ ਜ਼ੋਰਦਾਰ ਢੰਗ ਨਾਲ ਜ਼ਮੀਨ 'ਤੇ ਅੱਡੀਆਂ ਮਾਰਕੇ ਪੈਰਾਂ ਨਾਲ ਬੰਨ੍ਹੀਆਂ ਝਾਂਜਰਾਂ ਛਣਕਾਉਂਦਾ ਤੇ ਨਾਚ ਸ਼ੁਰੂ ਕਰਦਾ ਤਾਂ ਜਿਵੇਂ ਧਰਤੀ ਹਿਲਾ ਦਿੰਦਾ, ਤੇ ਉਸ ਦਾ ਇਹ ਗੀਤ ਸਰੋਤੇ ਬਹੁਤ ਰੀਝ ਨਾਲ ਸੁਣਦੇ ਸਨ-
ਚੱਲਾਂ ਮੋਰਨੀ ਦੀ ਚਾਲ! ਚੱਲਾਂ ਮੋਰਨੀ ਦੀ ਚਾਲ!!
ਖੇਡਾਂ ਪਿਆਰ ਮੇਰੇ ਨਾਲ,
ਓਓਓ ਅੱਜ ਮੇਰੀ ਅੱਖ ਲੜ ਗਈ!!
ਨਕਲਾਂ ਦੇ ਵਿਚ ਅਕਸਰ ਪੁਰਾਣੀਆਂ ਫਿਲਮਾਂ ਦੇ ਗੀਤ ਗਾਏ ਜਾਂਦੇ ਸਨ | ਅਜਿਹਾ ਹੀ ਗੀਤ ਸੱਲ੍ਹਾਂ ਵਾਲਾ ਪੰਡਿਤ ਆਪਣੇ ਖੱਬੇ ਕੰਨ 'ਤੇ ਹੱਥ ਰੱਖ ਕੇ ਸ਼ੁਰੂ ਕਰਦਾ ਹੁੰਦਾ ਸੀ-
ਨੀ ਗੱਲ ਸੁਣ ਸੋਹਣੀਏ! ਨੀ ਮਨ ਮੇਰਾ ਮੋਹਣੀਏ'!!
ਮੁਟਿਆਰੇ ਨੀ ਤੂੰ ਨੀ ਜਾਣਦੀ
ਪ੍ਰਦੇਸੀਆਂ ਦੇ ਪਿਆਰ ਨੂੰ ਓ ਬੱਲੇ !!!
ਜਵਾਬ ਵਿਚ ਪ੍ਰੀਤਾ ਨਚਾਰ ਆਪਣੇ ਪੈਰਾਂ ਵਿਚ ਬੰਨ੍ਹੀਆਂ ਝਾਂਜਰਾਂ ਛਣਕਾ ਕੇ ਖੜ੍ਹਾ ਹੋ ਜਾਂਦਾ ਤੇ ਗੀਤ ਨੂੰ ਅੱਗੇ ਤੋਰਦਾ-
ਗੱਲ ਸੁਣ ਸੋਹਣਿਆਂ ਵੇ ਮਨ ਮੇਰਾ ਮੋਹਣਿਆਂ
ਸਰਦਾਰਾ ਵੇ ਤੂੰ ਕੀ ਜਾਣਦਾ
ਸੋਹਣਿਆਂ ਦੇ ਪਿਆਰ ਨੂੰ ਓ ਬੱਲੇ!!
ਨਾਚ ਦੀ ਦਿਲਖਿੱਚ ਕਲਾ ਨਾਲ ਨਕਲਾਂ ਦੇ ਅਖਾੜੇ ਵਿਚ ਗਾਇਆ ਸੋਹਣ ਢਾਹਾਂ ਦਾ ਇਹ ਗੀਤ ਪੇਂਡੂ ਲੋਕ ਅਕਸਰ ਸ਼ੌਕ ਨਾਲ ਸੁਣਦੇ ਸਨ-
ਸਾਰੀ ਰਾਤ ਤੇਰਾ ਤੱਕਦੀ ਆਂ ਰਾਹ
ਤਾਰਿਆਂ ਤੋਂ ਪੁੱਛ ਚੰਨ ਵੇ,
ਵੇ ਮੈਂ ਤੇਰੇ ਪਿੱਛੇ ਹੋਈ ਆਂ ਤਬਾਹ
ਲਾਰਿਆਂ ਤੋਂ ਪੁੱਛ ਚੰਨ ਵੇ,
ਵਿਚ ਵਿਚਾਲੇ ਵੇਲਾਂ ਦੇ ਪੈਸੇ ਫੜ ਕੇ ਨਚਾਰ ਫਿਰ ਆਪਣੇ ਗੀਤ ਦਾ ਅਗਲੀ ਸਤਰਾਂ ਸ਼ੁਰੂ ਕਰ ਲੈਂਦਾ-
ਸਾਰੀ ਸਾਰੀ ਰਾਤ ਵੇ ਮੈਂ ਬਾਰੀ 'ਚ ਖਲੋਨੀ ਆਂ
ਨਾਲੇ ਭਰਦੀਆਂ ਠੰਢੇ ਠੰਢੇ ਸਾਹ
ਤਾਰਿਆਂ ਤੋਂ ਪੁੱਛ ਚੰਨ ਵੇ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਸੰਪਰਕ : 94631-33991


ਖ਼ਬਰ ਸ਼ੇਅਰ ਕਰੋ

ਕੀ ਹੈ ਵੱਡੇ ਗੈਸੀ ਗ੍ਰਹਿਆਂ, ਕਾਮੇਟਾਂ ਅਤੇ ਉਨ੍ਹਾਂ ਤੋਂ ਪਾਰ?

ਸਾਡੇ ਸੂਰਜ ਪਰਿਵਾਰ ਦੇ ਨਿੱਕੇ ਜਿਹੇ ਘੇਰੇ ਨੂੰ ਵਿਸਤਾਰਨ ਦੀ ਪਹਿਲ ਗੈਲੀਲੀਓ ਨੇ ਕੀਤੀ | ਜਨਵਰੀ 1610 ਵਿਚ ਉਸ ਨੇ ਆਪਣਾ ਟੈਲੀਸਕੋਪ ਆਕਾਸ਼ ਵੱਲ ਕਰ ਕੇ ਚਰਚ ਵਲੋਂ ਬ੍ਰਹਿਮੰਡੀ ਪਸਾਰੇ ਬਾਰੇ ਬਣਾਈਆਂ ਫੈਲਾਈਆਂ ਧਾਰਨਾਵਾਂ ਨੂੰ ਤੋੜ ਭੰਨ ਦਿੱਤਾ | ਜੁਪੀਟਰ ਵੱਲ ਟੈਲੀਸਕੋਪ ਮੋੜਿਆ | ਚਾਰ ਉਪ-ਗ੍ਰਹਿ ਉਸ ਦੁਆਲੇ ਚਕਰ ਕੱਟ ਰਹੇ ਸਨ | ਧਰਤੀ ਦੁਆਲੇ ਸੂਰਜ ਨੇ ਕੀ ਭੌਣਾ ਸੀ, ਇਥੇ ਤਾਂ ਜੁਪੀਟਰ ਹੀ ਦਰਬਾਰ ਲਾਈ ਬੈਠਾ ਸੀ | ਅਗਲੇ ਵਰ੍ਹੇ ਰੋਮ ਗਿਆ ਤਾਂ ਗੈਲੀਲੀਓ ਦਾ ਸਵਾਗਤ ਆਮ ਲੋਕਾਂ ਨੇ ਤਾਂ ਹੀਰੋ ਵਾਂਗ ਕੀਤਾ ਪਰ ਚਰਚ ਨੇ ਉਸ ਦੇ ਵਿਚਾਰਾਂ ਦਾ ਵਿਰੋਧ ਕੀਤਾ ਅਤੇ ਆਪਣੀਆਂ ਧਾਰਨਾਵਾਂ ਵਾਪਸ ਲੈਣ ਲਈ ਮਜਬੂਰ ਕੀਤਾ | ਗੈਲੀਲੀਓ ਨੇ ਬਥੇਰਾ ਕਿਹਾ ਭਲੇ ਮਾਣਸੋ ਧਰਮ ਦਾ ਸਬੰਧ ਨੈਤਿਕਤਾ ਨਾਲ ਹੁੰਦਾ ਹੈ ਤੇ ਬ੍ਰਹਿਮੰਡੀ ਵਰਤਾਰੇ ਵਿਗਿਆਨ ਦੇ ਨੇਮਾਂ ਅਨੁਸਾਰ ਚੱਲ ਰਹੇ ਹਨ | ਕਿਸੇ ਨੇ ਉਸ ਦੀ ਇਕ ਨਾ ਸੁਣੀ | ਉਸ ਨੂੰ ਬਰੂਨੋ ਦਾ ਹਸ਼ਰ ਚੇਤੇ ਕਰਾਇਆ | ਮੁਕੱਦਮੇ ਚਲਾਏ |ਜੇਲ੍ਹਾਂ ਵਿਚ ਸੁੱਟਿਆ | ਅੱਜ ਚਾਰ ਸਦੀਆਂ ਬਾਅਦ ਵਿਗਿਆਨੀ ਜੁਪੀਟਰ ਤੇ ਹੋਰ ਵੱਡੇ ਗ੍ਰਹਿਆਂ ਦੇ ਉਪ-ਗ੍ਰਹਿਆਂ ਦੀ ਫਰੋਲਾ-ਫਰਾਲੀ ਕਰ ਕੇ ਬ੍ਰਹਿਮੰਡ ਵਿਚ ਜੀਵਨ ਦੇ ਰਹੱਸਾਂ ਨੂੰ ਸਮਝਣ ਦਾ ਯਤਨ ਕਰ ਰਹੇ ਹਨ |
1979 ਤੋਂ 1989 ਤੱਕ ਵੋਏਜਰ ਪੁਲਾੜੀ ਜਹਾਜ਼ਾਂ ਨੇ ਸਪੱਸ਼ਟ ਕਰ ਦਿੱਤਾ ਕਿ ਵੱਡੇ ਗੈਸੀ ਗ੍ਰਹਿ ਮੁੱਖ ਰੂਪ ਵਿਚ ਹਾਈਡ੍ਰੋਜਨ ਤੇ ਹੀਲੀਅਮ ਦੇ ਬਣੇ ਹੋਏ ਹਨ | ਦੋਵਾਂ ਦਾ ਅਨੁਪਾਤ 4:1 ਦਾ ਹੈ | ਸਾਡੇ ਚੱਟਾਨੀ ਗ੍ਰਹਿ ਸੂਰਜ ਦੁਆਲੇ ਦੇ ਧੂੜ ਤੇ ਗੈਸ ਦੇ ਬੱਦਲ ਦੇ ਹੌਲੀ-ਹੌਲੀ ਹੋਈ ਜਮਾਅ ਦੀ ਦੇਣ ਹਨ | ਮਰਕਰੀ, ਵੀਨਸ, ਧਰਤੀ ਤੇ ਮੰਗਲ ਹਨ ਇਹ | ਦੁਰੇਡੇ ਗ੍ਰਹਿ ਚੱਟਾਨੀ ਤੇ ਬਰਫੀਲੇ ਹਨ | ਬਰਫ਼ ਇਨ੍ਹਾਂ ਵਿਚ ਗੰੂਦ ਦਾ ਕੰਮ ਕਰਦੀ ਰਹੀ ਹੈ | ਬਰਫ਼ੀਲੇ ਗ੍ਰਹਿਆਂ ਦੀਆਂ ਨਾਭੀਆਂ ਚੱਟਾਨੀ ਗ੍ਰਹਿਆਂ ਤੋਂ ਦਸ-ਦਸ ਗੁਣਾ ਭਾਰੀਆਂ ਹੋ ਗਈਆਂ | ਇਨ੍ਹਾਂ ਦੀ ਵੱਡੀ ਗੁਰੂਤਾ ਖਿੱਚ ਨੇ ਇਨ੍ਹਾਂ ਨੂੰ ਇਸ ਯੋਗ ਬਣਾਇਆ ਕਿ ਇਹ ਆਸ-ਪਾਸ ਦੀ ਸਾਰੀ ਹਾਈਡ੍ਰੋਜਨ ਚੂਸ ਲੈਣ | ਇਸ ਲਈ ਪ੍ਰਤੀਤ ਹੁੰਦਾ ਹੈ ਕਿ ਵੱਡੇ ਗੈਸੀ ਗ੍ਰਹਿਆਂ ਦੀ ਬਾਹਰਲੀ ਮੋਟੀ ਗੈਸੀ ਪਰਤ ਹੇਠਾਂ ਤਰਲ ਹਾਈਡ੍ਰੋਜਨ ਲਹਿਰਾ ਰਹੀ ਹੈ | ਉਸ ਹੇਠਾਂ ਠੋਸ ਬਰਫ਼ ਵਾਂਗ ਜੰਮੀ ਹਾਈਡ੍ਰੋਜਨ ਹੈ | ਜੁਪੀਟਰ ਏਡਾ ਵੱਡਾ ਹੈ ਕਿ ਇਸ ਦੇ ਢਿੱਡ ਵਿਚ 1300 ਧਰਤੀਆਂ ਸਮਾ ਜਾਣ | ਇਸ ਬਾਰੇ ਬਹੁਤੀ ਜਾਣਕਾਰੀ ਸਾਨੂੰ ਗੈਲੀਲੀਓ ਪੁਲਾੜੀ ਜਹਾਜ਼ ਨੇ ਦਿੱਤੀ ਹੈ ਜੋ 2003 ਵਿਚ ਆਪ ਜੁਪੀਟਰ ਦੀ ਗੋਦ ਵਿਚ ਜਾ ਸੁੱਤਾ | ਮਰਦਾ-ਮਰਦਾ ਵੀ ਇਹ ਰੇਡੀਓ ਸੰਦੇਸ਼ ਭੇਜਦਾ-ਭੇਜਦਾ ਤਰਲ ਹਾਈਡ੍ਰੋਜਨ ਦੇ ਸਾਗਰ ਵਿਚ ਜਾ ਡੁੱਬਾ |
ਜੁਪੀਟਰ ਦੁਆਲੇ ਮਾਰੂ ਰੇਡੀਏਸ਼ਨ ਦਾ ਘੇਰਾ ਹੈ | ਜੁਪੀਟਰ ਉਤੇ ਜਾਣ ਵਾਲੇ ਯਾਤਰੀ ਨੂੰ ਇਸ ਰੇਡੀਏਸ਼ਨ ਤੋਂ ਬਚਾਣ ਦੀ ਜ਼ਰੂਰਤ ਹੈ | ਜੁਪੀਟਰ ਦੀ ਭਾਰੀ ਗੁਰੂਤਾ ਖਿੱਚ ਨੇ ਇਸ ਦੇ ਆਸ-ਪਾਸ ਦੇ ਪੁਲਾੜੀ ਕਚਰੇ ਨੂੰ ਖਿੱਚ ਕੇ ਆਪਣੇ ਅੰਦਰ ਹੀ ਸਮੋਅ ਲਿਆ ਹੈ | ਇਹ ਨਾ ਹੁੰਦਾ ਤਾਂ ਇਸ ਕਚਰੇ ਵਿਚੋਂ ਕਈ ਕੁਝ ਧਰਤੀ ਉਤੇ ਬੰਬਾਂ ਵਾਂਗ ਪਤਾ ਨਹੀਂ ਕਦੋਂ ਵਰ੍ਹੀ ਜਾਂਦਾ | ਹੋਰ ਗੱਲਾਂ ਛੱਡੋ ਧਰਤੀ ਤਾਂ ਇਸ ਦੀ ਕਿਰਪਾ ਨਾਲ ਵਸ ਗਈ, ਪਰ ਜੁਪੀਟਰ ਆਪ ਕਦੇ ਜੀਵਨ ਨਾਲ ਨਹੀਂ ਧੜਕ ਸਕਦਾ | ਗੈਸੀ ਸਾਗਰ, ਗੈਸਾਂ ਤੇ ਬਰਫ਼ਾਂ | ਜੀਵਨ ਦੀ ਕੋਈ ਸੰਭਾਵਨਾ ਨਹੀਂ ਬਚਦੀ, ਇਨ੍ਹਾਂ ਕਾਰਨ | ਇਹੀ ਹਾਲ ਸ਼ਨੀ ਦਾ ਹੈ | ਹਾਂ, ਇਨ੍ਹਾਂ ਦੋਵਾਂ ਦੇ ਉਪ-ਗ੍ਰਹਿਆਂ ਉਤੇ ਜੀਵਨ ਦੀ ਸੰਭਾਵਨਾ ਬਾਰੇ ਸੋਚਿਆ ਜਾ ਸਕਦਾ ਹੈ | ਅੱਜ ਜੁਪੀਟਰ ਦੇ 69 ਤੇ ਸ਼ਨੀ ਦੇ 62 ਉਪ-ਗ੍ਰਹਿ ਇਸ ਪਖੋਂ ਫਰੋਲੇ ਜਾ ਰਹੇ ਹਨ | ਸਭ ਤੋਂ ਦਿਲਚਸਪ ਗੈਲੀਲੀਓ ਦੁਆਰਾ ਲੱਭਿਆ ਯੂਰੋਪਾ ਹੈ | ਬਰਫ਼ਾਂ ਨਾਲ ਕੱਜਿਆ ਯੂਰੋਪਾ, ਕੋਈ ਜਵਾਲਾਮੁਖੀ, ਕੋਈ ਖੱਡਾ, ਕੋਈ ਪਹਾੜ ਨਹੀਂ | ਬਸ ਬਰਫ਼ ਦੀ ਮੋਟੀ ਚਾਦਰ ਜਿਸ ਵਿਚ ਕਿਤੇ-ਕਿਤੇ ਤਰੇੜਾਂ ਹਨ | ਵਿਗਿਆਨੀਆਂ ਇਹ ਜਾਣ ਕੇ ਖ਼ੁਸ਼ ਹਨ ਕਿ ਇਸ ਬਰਫ਼ੀਲੀ ਚਾਦਰ ਹੇਠ ਪਾਣੀ ਦੇ ਵਿਸ਼ਾਲ ਸਾਗਰ ਹਨ, ਜਿਨ੍ਹਾਂ ਵਿਚ ਧਰਤੀ ਦੇ ਸਾਗਰਾਂ ਤੋਂ ਦੁੱਗਣਾ-ਤਿੱਗਣਾ ਪਾਣੀ ਹੋ ਸਕਦਾ ਹੈ | ਪਾਣੀ ਵਿਚ ਜੀਵਨ ਦੀ ਰਬਾਬ ਵੱਜ ਸਕਦੀ ਹੈ | ਦੋ ਅਰਬ ਡਾਲਰ ਲਾ ਕੇ 2022 ਵਿਚ ਯੂਰੋਪਾ ਕਲਿਪਰ ਮਿਸ਼ਨ ਇਨ੍ਹਾਂ ਸੰਭਾਵਨਾਵਾਂ ਦੇ ਵਿਸ਼ਲੇਸ਼ਣ ਲਈ ਲਾਂਚ ਕੀਤਾ ਜਾ ਰਿਹਾ ਹੈ | ਯੂਰੋਪਾ ਜੁਪੀਟਰ ਦੀ ਰੇਡੀਏਸ਼ਨ ਪੱਟੀ ਵਿਚ ਹੈ | ਇਸ ਲਈ ਕਲਿਪਰ ਨੂੰ ਇਸ ਪੱਟੀ ਤੋਂ ਬਾਹਰ ਰਹਿ ਕੇ ਹੀ ਯੂਰੋਪਾ ਨੂੰ ਜਾਣਨਾ ਸਮਝਣਾ ਪਵੇਗਾ | ਕਲਿਪਰ ਮਿਸ਼ਨ ਦੀ ਸਫ਼ਲਤਾ ਉਪਰੰਤ ਯੂਰੋਪਾ ਉਤੇ ਕੋਈ ਪਰੋਬ ਉਤਾਰਨ, ਬਰਫ਼ੀਲੀ ਚਾਦਰ ਤੋੜ ਕੇ ਹੇਠਾਂ ਵਗਦੇ ਪਾਣੀ ਦੇ ਸਾਗਰਾਂ ਦੇ ਰਹੱਸ ਸਮਝਣ ਦੀ ਕਾਰਵਾਈ ਸ਼ੁਰੂ ਹੋ ਸਕਦੀ ਹੈ | ਹੋ ਸਕਦਾ ਹੈ ਇਸ ਸਾਗਰ ਵਿਚ ਆਰਗੈਨਿਕ ਰਸਾਇਣ ਹੋਣ ਅਤੇ ਮਾਈਕ੍ਰੋਬੀਅਲ ਭਾਵ ਸੂਖਮ ਜੀਵ ਵੀ ਹੋਣ | ਲਗਪਗ ਇਹੀ ਸਥਿਤੀ ਸ਼ਨੀ ਦੇ ਉਪ-ਗ੍ਰਹਿ ਐਨਸੀਲੇਡਸ ਦੀ ਹੈ | ਉਸ ਉਤੇ ਵੀ ਬਰਫ਼ੀਲੀ ਤਹਿ ਹੇਠ ਪਾਣੀ ਦੇ ਸਾਗਰ ਦੇ ਸੰਕੇਤ ਮਿਲੇ ਹਨ |
ਵਿਗਿਆਨੀ ਵਡਆਕਾਰੀ ਗੈਸੀ ਗ੍ਰਹਿਆਂ ਦੁਆਲੇ ਬਣੇ ਛੱਲਿਆਂ ਦੇ ਰਹੱਸ ਫਰੋਲਣ ਲਈ ਵੀ ਬਜ਼ਿੱਦ ਹਨ | ਬਰਫ਼ ਚੱਟਾਨ ਤੇ ਧੂੜ ਦੇ ਛੱਲੇ ਹਨ ਇਹ | ਛੱਲੇ ਸਾਰੇ ਵੱਡੇ ਗ੍ਰਹਿਆਂ ਦੁਆਲੇ ਹਨ ਪੰ੍ਰਤੂ ਸ਼ਨੀ ਦੇ ਛੱਲੇ ਸਭ ਤੋਂ ਵੱਡੇ ਹਨ | ਵਿਗਿਆਨੀ ਇਹ ਸਮਝਦੇ ਹਨ ਕਿ ਇਹ ਛੱਲੇ ਸਬੰਧਿਤ ਗ੍ਰਹਿ ਦੇ ਕਿਸੇ ਨਾ ਕਿਸੇ ਉਪ-ਗ੍ਰਹਿ ਦੇ ਉਸ ਦੇ ਬਹੁਤ ਨੇੜੇ ਆਉਣ ਸਮੇਂ ਬਣੇ | ਮੂਲ ਗ੍ਰਹਿ ਨੇ ਉਸ ਉਪ-ਗ੍ਰਹਿ (ਚੰਨ) ਦੇ ਕੁਝ ਹਿੱਸੇ ਨੂੰ ਆਪਣੀ ਗੁਰੂਤਾ ਖਿੱਚ ਕਰਕੇ ਚੀਰ ਕੇ ਵੱਖ ਕਰ ਲਿਆ |
ਸ਼ਨੀ ਦਾ ਉਪ-ਗ੍ਰਹਿ ਟਾਈਟਨ ਸਾਡੇ ਸੂਰਜ ਪਰਿਵਾਰ ਵਿਚ ਜੁਪੀਟਰ ਦੇ ਉਪ-ਗ੍ਰਹਿ ਗੈਨੀਮੀਡ ਤੋਂ ਬਾਅਦ ਸਭ ਤੋਂ ਵੱਡਾ ਉਪਗ੍ਰਹਿ ਹੈ | ਇਸ ਦੁਆਲੇ ਮੋਟੇ ਵਾਯੂਮੰਡਲ ਨੇ ਵਿਗਿਆਨੀਆਂ ਦਾ ਧਿਆਨ ਆਕਰਸ਼ਿਤ ਕਰ ਰੱਖਿਆ ਹੈ | ਹਾਈਜਨਜ਼ ਪਰੋਬ ਤੇ ਕੈਸੀਨੀ ਮਿਸ਼ਨ ਨੇ ਟਾਈਟਨ ਦੀਆਂ ਤਸਵੀਰਾਂ ਕਈ ਕੋਨਾਂ ਤੋਂ ਲੈ ਕੇ ਸੰਕੇਤ ਕੀਤੇ ਹਨ ਕਿ ਇਸ ਉਤੇ ਧਰਤ ਟੋਟੇ, ਛੱਪੜ, ਝੀਲਾਂ ਤੇ ਬਰਫ਼ੀਲੀ ਚਾਦਰ ਕਈ ਕੁਝ ਹੈ | ਟਾਈਟਨ ਉਤੇ ਬੱਦਲ ਵੀ ਹਨ | ਧਰਤੀ ਵਾਂਗ ਢੇਰ ਨਾਈਟ੍ਰੋਜਨ ਹੈ | ਮੀਥੇਨ ਤੇ ਈਥੇਨ ਦੀਆਂ ਝੀਲਾਂ ਹਨ | ਮੀਥੇਨ ਨੂੰ ਰਤਾ ਕੁ ਚਿੰਗਾੜੀ ਮਿਲੇ ਤਾਂ ਅੱਗ ਦੇ ਭਾਂਬੜ ਮਚ ਉੱਠਦੇ ਹਨ | ਟਾਈਟਨ ਉਤੇ ਇਕ ਤਾਂ ਆਕਸੀਜਨ ਨਹੀਂ | ਦੂਜਾ ਇਥੇ ਤਾਪਮਾਨ ਵੀ ਮਨਫ਼ੀ, 180 ਦਰਜੇ ਸੈਂਟੀਗ੍ਰੇਡ ਹੈ | ਇਸ ਲਈ ਮੀਥੇਨ ਦੇ ਵਿਸਫੋਟਾਂ ਤੋਂ ਬਚਾਅ ਰਹਿੰਦਾ ਹੈ | ਸਿਧਾਂਤਕ ਪਖੋਂ ਬਰਫ਼/ਪਾਣੀ ਨੂੰ ਤੋੜ ਕੇ ਆਕਸੀਜਨ/ਹਾਈਡ੍ਰੋਜਨ ਮਿਲ ਸਕਦੀ ਹੈ | ਇਸ ਆਕਸੀਜਨ ਤੇ ਮੀਥੇਨ ਨਾਲ ਊਰਜਾ ਪੈਦਾ ਕਰਨ ਦੇ ਜੁਗਾੜ ਹੋ ਸਕਦੇ ਹਨ | ਬਰਫ਼ੀਲੀ ਠੰਢ ਵਿਚ ਬੰਦੇ ਦੇ ਰਹਿਣ ਜੋਗਾ ਨਿੱਘ ਅਤੇ ਸਾਹ ਲੈਣ ਜੋਗੀ ਆਕਸੀਜਨ ਮਿਲ ਸਕਦੀ ਹੈ | ਇਸ ਦੇ ਬਾਵਜੂਦ ਇੰਨੀ ਦੂਰ ਟਾਈਟਨ ਨੂੰ ਵਸਣਯੋਗ ਬਣਾਉਣਾ ਅੱਜ ਦੇ ਦਿਨ ਅਸੰਭਵ ਕਲਪਨਾ ਹੀ ਪ੍ਰਤੀਤ ਹੁੰਦੀ ਹੈ | ਇਹ ਵੱਖਰੀ ਗੱਲ ਹੈ ਕਿ ਟਾਈਟਨ ਉਤੇ ਵਾਯੂਮੰਡਲ ਦਾ ਦਬਾਅ ਧਰਤੀ ਨਾਲੋਂ 45 ਫ਼ੀਸਦੀ ਵੱਧ ਹੋਣ ਕਾਰਨ ਇਸ ਉਤੇ ਸਪੇਸ ਸੂਟ ਲਾਹ ਕੇ ਵੀ ਆਦਮੀ ਦਾ ਸਰੀਰ ਫਟੇਗਾ ਨਹੀਂ | ਸਾਹ ਲਈ ਆਕਸੀਜਨ ਮਾਸਕ ਤੇ ਠੰਢ ਤੋਂ ਬਚਣ ਲਈ ਹੋਰ ਪ੍ਰਬੰਧ ਜ਼ਰੂਰ ਕਰਨੇ ਪੈਣਗੇ | ਟਾਈਟਨ ਉਤੇ ਸੂਰਜ ਦਾ ਸੇਕ ਨਾਮਾਤਰ ਹੈ | ਇਸ ਲਈ ਸਾਰੀ ਊਰਜਾ/ਰੌਸ਼ਨੀ ਜੈਨਰੇਟਰਾਂ ਉਤੇ ਨਿਰਭਰ ਹੋਵੇਗੀ | ਕਿੰਨੀ ਦੇਰ ਚਲਾਵਾਂਗੇ ਜੈਨਰੇਟਰ | ਨਾ ਆਕਸੀਜਨ ਹੈ ਉਥੇ ਤੇ ਨਾ ਹੀ ਕਾਰਬਨ ਡਾਈਆਕਸਾਈਡ | ਇਸ ਲਈ ਨਾ ਉਥੇ ਮਨੁੱਖ ਤੇ ਹੋਰ ਜੀਵ-ਜੰਤੂ ਜੀ ਸਕਦੇ ਹਨ | ਨਾ ਬਨਸਪਤੀ ਤੇ ਰੁੱਖ਼ ਉੱਗ ਸਕਦੇ ਹਨ | ਉਥੋਂ ਧਰਤੀ ਨਾਲ ਸੰਚਾਰ ਸਬੰਧ ਵੀ ਸੌਖਾ ਨਹੀਂ | ਇਕੋ ਰੇਡੀਓ ਸੁਨੇਹੇ ਦੇ ਆਣ-ਜਾਣ ਨੂੰ ਹੀ ਕਈ ਘੰਟੇ ਚਾਹੀਦੇ ਹੋਣਗੇ | ਟਾਈਟਨ ਦੀ ਗੁਰੂਤਾ ਧਰਤੀ ਦੀ ਗੁਰੂਤਾ ਦੀ ਸਿਰਫ਼ ਪੰਦਰਾਂ ਫ਼ੀਸਦੀ ਹੈ | ਇਸ ਕਾਰਨ ਉਥੇ ਹੱਡੀਆਂ ਤੇ ਪੱਠੇ ਕਮਜ਼ੋਰ ਹੋ ਜਾਣਗੇ | ਇਹ ਸਾਰਾ ਕੁਝ ਟਾਈਟਨ ਉਤੇ ਕਿਸੇ ਬਸਤੀ ਦੀ ਸੰਭਾਵਨਾ ਉਤੇ ਸਵਾਲੀਆ ਨਿਸ਼ਾਨ ਲਾਉਣ ਲਈ ਕਾਫ਼ੀ ਹੈ | ਹਾਂ, ਟਾਈਟਨ ਪੁਲਾੜ ਵਿਚ ਥੋੜ੍ਹੇ ਸਮੇਂ ਦੀ ਠਾਹਰ, ਰੀਫਿਊਲਿੰਗ ਸਟੇਸ਼ਨ ਦਾ ਕੰਮ ਦੇ ਸਕਦਾ ਹੈ | ਆਕਸੀਜਨ ਦੇ ਸਕਦਾ ਹੈ | ਖਣਿੱਜ ਤੇ ਕੱਚੀਆਂ ਧਾਤਾਂ ਦੇ ਸਕਦਾ ਹੈ | ਇਹ ਸਾਰਾ ਕੁਝ ਉਥੋਂ ਧਰਤੀ ਉਤੇ ਲਿਆਣਾ ਤਾਂ ਮਹਿੰਗਾ ਪਵੇਗਾ | ਪੁਲਾੜ ਵਿਚ ਹੀ ਇਸ ਦੀ ਨੇੜੇ-ਤੇੜੇ, ਇਧਰ-ਉਧਰ ਢੋਆ-ਢੁਆਈ ਹੋ ਸਕਦੀ ਹੈ |
ਵੱਡੇ ਗੈਸੀ ਗ੍ਰਹਿਆਂ ਤੇ ਉਨ੍ਹਾਂ ਦੇ ਉਪ-ਗ੍ਰਹਿਆਂ ਦੀ ਜੀਵਨ ਰੌਾਅ ਪਖੋਂ ਸੰਭਾਵਨਾ ਪਖੋਂ ਫਰੋਲਾ-ਫਰਾਲੀ ਦੇ ਮੁੱਖ ਬਿੰਦੂ ਤਾਂ ਇਹੀ ਹਨ | ਜੁਪੀਟਰ/ਸ਼ਨੀ ਤੇ ਇਨ੍ਹਾਂ ਦੇ ਪ੍ਰਤੀਨਿਧ ਉਪ-ਗ੍ਰਹਿਆਂ ਨਾਲੋਂ ਬਹੁਤਾ ਕੁਝ ਵੱਖਰਾ ਸਾਨੂੰ ਕਿਤੇ ਸ਼ਾਇਦ ਹੀ ਮਿਲੇ | ਹੁਣ ਗੱਲ ਕਰੀਏ ਕਾਮੇਟਾਂ ਦੀ | ਇਨ੍ਹਾਂ ਦੀ ਗਿਣਤੀ ਅਰਬਾਂ ਵਿਚ ਹੈ | ਇਹ ਦੂਜੇ ਤਾਰਿਆਂ ਦੇ ਗ੍ਰਹਿਆਂ/ਉਪ-ਗ੍ਰਹਿਆਂ ਦੀ ਪੌੜੀ ਬਣ ਸਕਦੇ ਹਨ | ਇਹ ਸਾਰਾ ਕੁਝ ਸਦੀਆਂ ਦਾ ਕੰਮ ਹੈ | ਵਰਿ੍ਹਆਂ ਦਾ ਨਹੀਂ | ਇਕ ਥਾਂ ਵਸਾਓ, ਉਥੇ ਪੈਰ ਜਮਾ ਕੇ ਅਗਲਾ ਕਦਮ ਪੁੱਟੋ | ਕਦਮ-ਦਰ-ਕਦਮ ਪੁਲਾੜ ਵਿਚ ਦੂਰ ਤੋਂ ਦੂਰ ਤੁਰੇ ਜਾਣ ਦੇ ਨਿਸ਼ਾਨੇ ਸਦੀਆਂ ਵਿਚ ਹੀ ਪੂਰੇ ਹੋ ਸਕਦੇ ਹਨ |
ਕਾਮੇਟ ਜਾਂ ਪੂਛਲ ਤਾਰੇ ਕਿਸੇ ਸਮੇਂ ਆਫ਼ਤ ਦੀ ਆਮਦ ਦੇ ਸੰਕੇਤ ਮੰਨੇ ਜਾਂਦੇ ਸਨ | ਬਦਸ਼ਗਨ | ਹੁਣ ਅਜਿਹਾ ਨਹੀਂ ਮੰਨਿਆ ਜਾਂਦਾ | ਇਹ ਬ੍ਰਹਿਮੰਡੀ ਪਿੰਡ ਹਨ | ਬਰਫ਼, ਚੱਟਾਨ ਤੇ ਧੂੜ ਦੇ ਗੋਲੇ | ਇਨ੍ਹਾਂ ਦੇ ਜਨਮ ਸਥਾਨ ਦੋ ਹਨ : ਕਿਊਪਰ ਬੈਲਟ ਤੇ ਊਰਟ ਕਲਾਊਡ | ਕਿਊਪਰ ਬੈਲਟ ਨੈਪਚੂਨ ਤੋਂ ਪਾਰ ਦਾ ਖੇਤਰ ਹੈ | ਊਰਟ ਕਲਾਊਡ ਸਾਡੇ ਸਾਰੇ ਸੂਰਜ ਵਿਹੜੇ ਦਾ ਬਾਹਰਲਾ ਖੇਤਰ | ਇਹ ਊਰਟ ਬੱਦਲ ਸਾਡੇ ਸੂਰਜ ਦੇ ਵਿਹੜੇ ਤੋਂ ਪਾਰ ਲਗਪਗ ਤਿੰਨ ਪ੍ਰਕਾਸ਼ ਵਰ੍ਹੇ ਦੂਰ ਤੱਕ ਪਸਰੇ ਹੋਣ ਦੀ ਸੰਭਾਵਨਾ ਹੈ | ਇਉਂ ਕਹੋ ਕਿ ਇਹ ਸਾਡੀ ਆਕਾਸ਼ ਗੰਗਾ ਦੇ ਸਭ ਤੋਂ ਨੇੜਲੇ ਸੈਂਟੁਰੀ ਤਾਰਿਆਂ ਦੇ ਪ੍ਰਭਾਵ ਖੇਤਰ ਨੂੰ ਜਾ ਛੰੂਹਦਾ ਹੈ | ਇਹ ਤਾਰੇ ਸਾਡੇ ਤੋਂ ਸਵਾ ਚਾਰ/ਸਾਢੇ ਚਾਰ ਪ੍ਰਕਾਸ਼ ਵਰ੍ਹੇ ਤੱਕ ਦੂਰ ਹਨ | ਇਥੇ ਪਹੁੰਚ ਕੇ ਸੈਂਟੁਰੀ ਤਾਰਿਆਂ ਦੇ ਕਾਮੇਟ ਪਰਿਵਾਰ ਨਾਲ ਜਾ ਮਿਲਾਂਗੇ ਅਸੀਂ | ਕਾਮੇਟਾਂ ਦੀ ਪੌੜੀ ਸਾਡੇ ਸੂਰਜ ਪਰਿਵਾਰ ਨੂੰ ਸੈਂਟੁਰੀ ਨਾਲ ਜਾ ਜੋੜੇਗੀ |

ਫੋਨ : 0175-2372010, 2372998

ਕੱਲ੍ਹ ਲਈ ਵਿਸ਼ੇਸ਼

ਹਲਕੇ ਫੁਲਕੇ ਹਾਸੇ ਮਜ਼ਾਕ ਤੱਕ ਸੀਮਤ ਰਹੇ 'ਐਪ੍ਰਲ ਫੂਲ'

ਇਨਸਾਨੀ ਜ਼ਿੰਦਗੀ ਵਿਚ ਮਜ਼ਾਕ ਦਾ ਆਪਣਾ ਸਥਾਨ ਹੈ | ਮਜ਼ਾਕ ਇਕ ਤਰ੍ਹਾਂ ਨਾਲ ਇਨਸਾਨੀ ਮਨ ਦੇ ਖੇੜੇ ਦਾ ਵੀ ਪ੍ਰਤੀਕ ਹੈ, ਕਿਉਂਕਿ ਕੋਈ ਵੀ ਇਨਸਾਨ ਮਜ਼ਾਕ ਉਸ ਸਮੇਂ ਹੀ ਕਰਦਾ ਹੈ ਜਦੋਂ ਉਹ ਖ਼ੁਸ਼ ਹੋਵੇ | ਦੁਖੀ ਮਨ ਨੂੰ ਮਜ਼ਾਕ ਨਹੀਂ ਭਾਉਂਦਾ | ਪੰਜਾਬੀ ਜਨ ਜੀਵਨ ਨਾਲ ਮਿਲਦਾ-ਜੁਲਦਾ ਪਰ ਪੱਛਮ ਵਲੋਂ ਆਇਆ ਅਜਿਹਾ ਹੀ ਇਕ ਦਿਵਸ ਹੈ 'ਐਪ੍ਰਲ ਫੂਲ' | ਇਸ ਦਿਵਸ ਨੂੰ 'ਆਲ ਫੂਲਜ਼ ਡੇ' ਵੀ ਕਿਹਾ ਜਾਂਦਾ ਹੈ | ਇਸ ਦਿਨ ਆਪਣੇ ਸਨੇਹੀਆਂ ਅਤੇ ਦੋਸਤਾਂ ਮਿੱਤਰਾਂ ਨੂੰ ਗ਼ਲਤ ਜਾਣਕਾਰੀ ਦੇ ਕੇ ਮੂਰਖ ਬਣਾਉਣਾ ਹੁੰਦਾ ਹੈ ਅਤੇ ਖ਼ੁਦ ਮੂਰਖ ਬਣਨ ਤੋਂ ਬਚਣਾ ਹੁੰਦਾ ਹੈ | ਗ਼ਲਤ ਜਾਣਕਾਰੀ ਦੇ ਕੇ ਬਾਅਦ ਵਿਚ 'ਹੈਪੀ ਐਪ੍ਰਲ ਫੂਲ' ਕਹਿਣਾ ਹੀ ਇਸ ਦਿਨ ਦਾ ਸਭ ਤੋਂ ਵੱਡਾ ਗਿਫ਼ਟ ਮੰਨਿਆ ਜਾਂਦਾ ਹੈ | ਪਹਿਲੀ ਅਪ੍ਰੈਲ ਨੂੰ ਮਨਾਏ ਜਾਣ ਵਾਲੇ ਇਸ ਦਿਵਸ ਦੀ ਕੋਈ ਧਾਰਮਿਕ ਜਾਂ ਇਤਿਹਾਸਕ ਅਹਿਮੀਅਤ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ | ਜਾਣਕਾਰੀ ਅਨੁਸਾਰ ਇਸ ਦਿਵਸ ਦੀ ਸ਼ੁਰੂਆਤ ਸੋਲ੍ਹਵੀਂ ਸਦੀ ਵਿਚ ਫਰਾਂਸ ਤੋਂ ਹੋਈ | ਕਿਹਾ ਜਾਂਦਾ ਹੈ ਕਿ ਉਨ੍ਹਾਂ ਸਮਿਆਂ ਵਿਚ ਨਵਾਂ ਵਰ੍ਹਾ ਪਹਿਲੀ ਅਪ੍ਰੈਲ ਤੋਂ ਹੀ ਸ਼ੁਰੂ ਹੁੰਦਾ ਸੀ ਅਤੇ ਨਵੇਂ ਵਰ੍ਹੇ ਦੇ ਜਸ਼ਨ ਲੋਕ ਇਕ ਦੂਜੇ ਨੂੰ ਮਜ਼ਾਕ ਕਰਕੇ ਮਨਾਉਂਦੇ ਸਨ | ਸਮਾਂ ਪੈਣ 'ਤੇ ਨਿਯਮਾਂ ਦੀ ਤਬਦੀਲੀ ਨਾਲ ਨਵੇਂ ਵਰ੍ਹੇ ਦੀ ਸ਼ੁਰੂਆਤ ਪਹਿਲੀ ਜਨਵਰੀ ਤੋਂ ਮੰਨੀ ਜਾਣ ਲੱਗੀ ਅਤੇ ਵਿਸ਼ਵ ਵਿਚ ਨਵਾਂ ਵਰ੍ਹਾ ਪਹਿਲੀ ਜਨਵਰੀ ਤੋਂ ਮਨਾਇਆ ਜਾਣ ਲੱਗਿਆ | ਪਰ ਕਈ ਲੋਕਾਂ ਨੇ ਨਵਾਂ ਵਰ੍ਹਾ ਪਹਿਲੀ ਅਪ੍ਰੈਲ ਨੂੰ ਹੀ ਮਨਾਉਣਾ ਜਾਰੀ ਰੱਖਿਆ ਅਤੇ ਇਸ ਦਿਨ ਪੁਰਾਤਨ ਸਮਿਆਂ ਵਾਂਗ ਹੀ ਇਕ ਦੂਜੇ ਨੂੰ ਮੂਰਖ ਬਣਾਉਣ ਦੀ ਪ੍ਰਥਾ ਜਾਰੀ ਰੱਖੀ | ਜਿਵੇਂ ਕਿ ਸਾਡੇ ਮੁਲਕ ਵਿਚ ਵਿੱਤੀ ਵਰ੍ਹਾ ਹਾਲੇ ਵੀ ਪਹਿਲੀ ਅਪ੍ਰੈਲ ਤੋਂ ਹੀ ਸ਼ੁਰੂ ਹੁੰਦਾ ਹੈ |
ਇਸ ਦਿਵਸ ਨੂੰ ਵੱਖ-ਵੱਖ ਮੁਲਕਾਂ ਵਿਚ ਮਨਾਉਣ ਦਾ ਤਰੀਕਾ ਤਾਂ ਬੇਸ਼ੱਕ ਇਕੋ ਜਿਹਾ ਹੀ ਹੈ, ਪਰ ਮਾਨਤਾਵਾਂ ਸਾਰੇ ਦੇਸ਼ਾਂ ਦੀਆਂ ਵੱਖ-ਵੱਖ ਹਨ | ਕਈ ਮੁਲਕਾਂ ਵਿਚ ਬਾਰਾਂ ਵਜੇ ਤੋਂ ਬਾਅਦ ਇਕ ਦੂਜੇ ਨੂੰ ਮਜ਼ਾਕ ਕਰਕੇ ਮੂਰਖ ਬਣਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ | ਕਈ ਮੁਲਕਾਂ ਵਿਚ ਇਹ ਮਾਨਤਾ ਵੀ ਹੈ ਕਿ ਜੇਕਰ ਇਸ ਦਿਨ ਕਿਸੇ ਪੁਰਸ਼ ਨੂੰ ਕੋਈ ਸੁੰਦਰ ਲੜਕੀ 'ਐਪ੍ਰਲ ਫੂਲ' ਬਣਾਉਂਦੀ ਹੈ ਤਾਂ ਪੁਰਸ਼ ਦਾ ਉਸ ਲੜਕੀ ਨਾਲ ਵਿਆਹ ਹੋ ਜਾਂਦਾ ਹੈ | ਜੇਕਰ ਵਿਆਹ ਸੰਭਵ ਨਾ ਹੋਵੇ ਤਾਂ ਉਸ ਸੁੰਦਰ ਲੜਕੀ ਦੀ ਦੋਸਤੀ ਜ਼ਰੂਰ ਨਸੀਬ ਹੁੰਦੀ ਹੈ | ਇਸ ਦਿਨ ਵਿਆਹ ਸ਼ਾਦੀਆਂ ਵੀ ਬਹੁਤ ਘੱਟ ਕੀਤੀਆਂ ਜਾਂਦੀਆਂ ਹਨ | ਪੁਰਸ਼ ਇਸ ਦਿਨ ਸ਼ਾਦੀ ਕਰਵਾਉਣਾ ਪਸੰਦ ਨਹੀਂ ਕਰਦੇ | ਇਕ ਧਾਰਨਾ ਅਨੁਸਾਰ ਇਸ ਦਿਨ ਵਿਆਹ ਕਰਵਾਉਣ ਵਾਲੇ ਪੁਰਸ਼ਾਂ ਨੂੰ ਸਾਰੀ ਉਮਰ ਔਰਤ ਦੇ ਅਧੀਨ ਰਹਿਣਾ ਪੈਂਦਾ ਹੈ | ਕਈ ਮੁਲਕਾਂ ਦੀਆਂ ਅਖ਼ਬਾਰਾਂ ਇਸ ਦਿਨ ਝੂਠੀਆਂ ਅਚੰਭਿਤ ਖ਼ਬਰਾਂ ਵੀ ਪ੍ਰਕਾਸ਼ਿਤ ਕਰਦੀਆਂ ਹਨ | ਇਸ ਖ਼ਬਰ ਦੇ ਸਿਰਫ਼ ਮਜ਼ਾਕ ਹੋਣ ਦੀ ਪੁਸ਼ਟੀ ਜਾਂ ਤਾਂ ਉਸੇ ਦਿਨ ਹੀ ਉਸ ਖ਼ਬਰ ਦੇ ਥੱਲੇ ਜਾਂ ਕਿਸੇ ਹੋਰ ਪੰਨੇ 'ਤੇ ਕਰ ਦਿੱਤੀ ਜਾਂਦੀ ਹੈ ਅਤੇ ਜਾਂ ਫਿਰ ਅਗਲੇ ਦਿਨ ਇਸ ਦੀ ਪੁਸ਼ਟੀ ਕਰ ਦਿੱਤੀ ਜਾਂਦੀ ਹੈ | ਕਈ ਲੋਕ ਇਸ ਦਿਨ ਬਹੁਤ ਹੀ ਖ਼ਤਰਨਾਕ ਜਾਂ ਦੂਸਰੇ ਨੂੰ ਸਦਮੇ ਅਤੇ ਉਲਝਣ ਵਿਚ ਪਾ ਦੇਣ ਵਾਲੇ ਮਜ਼ਾਕ ਵੀ ਕਰ ਦਿੰਦੇ ਹਨ | ਜੋ ਕਿ ਠੀਕ ਨਹੀਂ ਹੈ | ਮਜ਼ਾਕ ਸਿਰਫ਼ ਮਜ਼ਾਕ ਹੀ ਹੋਣਾ ਚਾਹੀਦਾ ਹੈ |
ਮਜ਼ਾਕ ਦੀ ਅਹਿਮੀਅਤ ਦਾ ਪਹਿਲਾਂ ਹੀ ਬਾਖ਼ੂਬੀ ਇਲਮ ਸੀ | ਇਸੇ ਲਈ ਗ੍ਰਹਿਸਥੀ ਜੀਵਨ ਦੀ ਸ਼ੁਰੂਆਤ ਲਾੜੇ ਨੂੰ ਸਾਲੀਆਂ ਵਲੋਂ ਮਜ਼ਾਕਾਂ ਨਾਲ ਕੀਤੀ ਜਾਂਦੀ ਹੈ | ਪੰਜਾਬੀ ਜਨ-ਜੀਵਨ ਵਿਚ ਬਹੁਤ ਸਾਰੇ ਰਿਸ਼ਤੇ-ਨਾਤੇ ਜਿਵੇਂ ਜੀਜਾ-ਸਾਲੀ, ਦਿਉਰ-ਭਰਜਾਈ ਆਦਿ ਵਿਚਲਾ ਮਜ਼ਾਕ ਦਾ ਬੋਲਬਾਲਾ ਇਨਸਾਨੀ ਜੀਵਨ ਵਿਚ ਰੰਗੀਨੀ ਭਰਦਾ ਰਹਿੰਦਾ ਹੈ | ਪਿੰਡਾਂ ਵਿਚ ਬਹੁਤ ਸਾਰੇ ਪਾਤਰ ਅਜਿਹੇ ਮਿਲਦੇ ਹਨ ਜਿਨ੍ਹਾਂ ਦੀ ਹਰ ਗੱਲ ਮਜ਼ਾਕ ਵਰਗੀ ਹੁੰਦੀ ਹੈ | ਜਿਥੇ ਮਜ਼ਾਕ ਕਰਨਾ ਇਕ ਕਲਾ ਹੈ, ਉਥੇ ਮਜ਼ਾਕ ਪਿੱਛੇ ਛੁਪੇ ਪਿਆਰ ਨੂੰ ਹਜ਼ਮ ਕਰਨਾ ਉਸ ਤੋਂ ਵੀ ਵੱਡੀ ਗੱਲ ਹੈ | ਕਈ ਵਿਅਕਤੀ ਕਿਸੇ ਦੂਜੇ ਵਲੋਂ ਕੀਤੇ ਛੋਟੇ ਜਿਹੇ ਮਜ਼ਾਕ 'ਤੇ ਲੋਹੇ ਲਾਖੇ ਹੋ ਜਾਂਦੇ ਹਨ | ਵੈਸੇ ਅਪ੍ਰੈਲ ਦਿਵਸ ਹਮੇਸ਼ਾ ਹੀ ਇਕ ਸੀਮਾ ਵਿਚ ਰਹਿ ਕੇ ਮਨਾਇਆ ਜਾਣਾ ਚਾਹੀਦਾ ਹੈ | ਕਈ ਲੋਕ ਹਾਦਸੇ ਆਦਿ ਦੀ ਝੂਠੀ ਖ਼ਬਰ ਸੁਣਾ ਕੇ ਮਜ਼ਾਕ ਕਰਦੇ ਹਨ, ਜੋ ਕਿ ਦਰੁੱਸਤ ਨਹੀਂ | ਇਸ ਦਿਵਸ ਦਾ ਮੁੱਖ ਮਨੋਰਥ ਤਾਂ ਦੂਜੇ ਨੂੰ ਮੂਰਖ ਬਣਾ ਕੇ ਹਾਸੇ ਬਿਖੇਰਨਾ ਹੀ ਹੈ | ਜੇਕਰ ਤੁਹਾਡਾ ਕੀਤਾ ਮਜ਼ਾਕ ਕਿਸੇ ਲਈ ਬਿਪਤਾ ਬਣ ਜਾਵੇ ਤਾਂ ਇਸ ਦਿਵਸ ਦਾ ਮੂਲ ਮਨੋਰਥ ਹੀ ਵਿਅਰਥ ਹੋ ਜਾਂਦਾ ਹੈ | ਪ੍ਰਮਾਤਮਾ ਸਭ ਨੂੰ ਮੂਰਖ ਬਣ ਕੇ ਆਪਣਿਆਂ ਦਾ ਪਿਆਰ ਨਸੀਬ ਕਰਨ ਦੇ ਅਵਸਰ ਅਤੇ ਤਾਕਤ ਬਖ਼ਸ਼ੇ |

-ਗਲੀ ਨੰ: 1, ਸ਼ਕਤੀ ਨਗਰ, ਬਰਨਾਲਾ | ਮੋਬਾਈਲ : 98786-05965

ਹੈਰਾਨ ਕਰਦਾ ਹੈ ਅਨਪੜ੍ਹ ਬੰਦੇ ਦਾ ਮਾਸਟਰ ਆਫ਼ ਮੈਡੀਸਨ ਬਣਨਾ!

ਕੈਪਟਾਊਨ ਦੀ ਮੈਡੀਕਲ ਯੂਨੀਵਰਸਿਟੀ ਜਿਸ ਨੂੰ ਦੁਨੀਆ ਦਾ ਸਭ ਤੋਂ ਪਹਿਲਾ ਬਾਈਪਾਸ ਆਪ੍ਰੇਸ਼ਨ ਕਰਨ ਦਾ ਮਾਣ ਹਾਸਲ ਹੈ, ਨੇ ਸੰਨ 2003 ਵਿਚ ਇਕ ਅਜਿਹੇ ਵਿਅਕਤੀ ਨੂੰ ਮਾਸਟਰ ਆਫ਼ ਮੈਡੀਸਨ ਦੀ ਡਿਗਰੀ ਨਾਲ ਨਿਵਾਜ਼ਿਆ ਜਿਸ ਨੇ ਜ਼ਿੰਦਗੀ ਵਿਚ ਕਦੇ ਸਕੂਲ ਦਾ ਮੂੰਹ ਤੱਕ ਨਹੀਂ ਵੇਖਿਆ ਸੀ | ਉਸ ਨੂੰ ਅੰਗਰੇਜ਼ੀ ਦਾ ਇਕ ਸ਼ਬਦ ਵੀ ਪੜ੍ਹਨਾ ਨਹੀਂ ਸੀ ਆਉਂਦਾ ਪ੍ਰੰਤੂ ਆਪਣੇ ਰਵੱਈਏ, ਕੰਮ ਪ੍ਰਤੀ ਲਗਨ ਅਤੇ ਮਿਹਨਤ ਸਦਕਾ ਉਸ ਨੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਸਰਜਨ ਪੈਦਾ ਕੀਤੇ | ਇਸ ਵਿਅਕਤੀ ਦਾ ਨਾਮ ਹੈਮਿਲਟਨ ਸੀ ਜੋ ਕਿ ਅਫ਼ਰੀਕਾ ਦੇ ਇਕ ਨਿੱਕੇ ਜਿਹੇ ਪਿੰਡ ਵਿਚ ਪੈਦਾ ਹੋਇਆ | ਉਹ ਬੱਕਰੀਆਂ ਚਰਾਉਂਦਾ ਸੀ ਪ੍ਰੰਤੂ ਆਪਣੇ ਪਿਓ ਦੀ ਬਿਮਾਰੀ ਕਾਰਨ ਉਹ ਪਿੰਡ ਛੱਡ ਕੈਪਟਾਊਨ ਆ ਗਿਆ | ਉਨ੍ਹਾਂ ਦਿਨਾਂ 'ਚ ਕੈਪਟਾਊਨ ਯੂਨੀਵਰਸਿਟੀ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ | ਉਹ ਯੂਨੀਵਰਸਿਟੀ ਵਿਚ ਮਜ਼ਦੂਰ ਭਰਤੀ ਹੋ ਗਿਆ | ਸਾਰੇ ਦਿਨ ਦੀ ਸਖ਼ਤ ਮਿਹਨਤ ਮਗਰੋਂ ਉਹ ਜੋ ਕਮਾਉਂਦਾ ਉਸ ਨੂੰ ਘਰ ਭੇਜ ਦਿੰਦਾ ਅਤੇ ਆਪ ਛੋਲਿਆਂ ਦੇ ਦਾਣੇ ਖਾ ਕੇ ਖੁੱਲ੍ਹੇ ਅਸਮਾਨ ਹੇਠਾਂ ਸੌਾ ਜਾਂਦਾ | ਉਸਾਰੀ ਦਾ ਕੰਮ ਖ਼ਤਮ ਹੋਣ ਮਗਰੋਂ ਉਹ ਇਸੇ ਯੂਨਿਵਰਸਿਟੀ ਵਿਚ ਮਾਲੀ ਭਰਤੀ ਹੋ ਗਿਆ | ਤਿੰਨ ਸਾਲਾਂ ਤੱਕ ਉਹ ਘਾਹ ਕੱਟਦਾ ਰਿਹਾ | ਫਿਰ ਉਸ ਦੀ ਜ਼ਿੰਦਗੀ 'ਚ ਇਕ ਅਜੀਬ ਮੋੜ ਆਇਆ ਜਿਸ ਨੇ ਉਸ ਨੂੰ ਮੈਡੀਕਲ ਸਾਇੰਸ ਦੇ ਸਿਖਰ ਤੱਕ ਪਹੁੰਚਾ ਦਿੱਤਾ |
ਇਕ ਸਵੇਰ ਪ੍ਰੋਫ਼ੈਸਰ ਰਾਬਰਟ ਜੋ ਕਿ ਜਿਰਾਫ਼ 'ਤੇ ਰਿਸਰਚ ਕਰ ਰਹੇ ਸਨ, ਨੇ ਇਕ ਜਿਰਾਫ਼ ਨੂੰ ਬੇਹੋਸ਼ ਕਰ ਕੇ ਆਪ੍ਰੇਸ਼ਨ ਥਿਏਟਰ 'ਚ ਲਿਟਾਇਆ ਪ੍ਰੰਤੂ ਜਿਵੇਂ ਹੀ ਆਪ੍ਰੇਸ਼ਨ ਸ਼ੁਰੂ ਕੀਤਾ, ਜਿਰਾਫ਼ ਨੇ ਗਰਦਨ ਹਿਲਾ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਅਜਿਹੇ ਵਿਅਕਤੀ ਦੀ ਜ਼ਰੂਰਤ ਪਈ ਜੋ ਆਪ੍ਰੇਸ਼ਨ ਦੌਰਾਨ ਜਿਰਾਫ਼ ਦੀ ਗਰਦਨ ਪਕੜ ਕੇ ਰੱਖ ਸਕੇ | ਪ੍ਰੋਫ਼ੈਸਰ ਆਪ੍ਰੇਸ਼ਨ ਥਿਏਟਰ 'ਚੋਂ ਬਾਹਰ ਆਏ | ਸਾਹਮਣੇ ਹੈਮਿਲਟਨ ਘਾਹ ਕੱਟ ਰਿਹਾ ਸੀ | ਉਨ੍ਹਾਂ ਨੇ ਉਸ ਨੂੰ ਇਸ਼ਾਰੇ ਨਾਲ ਬੁਲਾਇਆ ਅਤੇ ਜਿਰਾਫ਼ ਦੀ ਗਰਦਨ ਫੜ ਕੇ ਰੱਖਣ ਲਈ ਕਿਹਾ | ਹੈਮਿਲਟਨ ਨੇ ਗਰਦਨ ਫੜ ਲਈ ਅਤੇ ਉਹ ਆਪ੍ਰੇਸ਼ਨ ਅੱਠ ਘੰਟਿਆਂ ਤੱਕ ਚੱਲਿਆ | ਇਸ ਦੌਰਾਨ ਪ੍ਰੋਫ਼ੈਸਰ ਨੇ ਕਈ ਵਾਰ ਚਾਹ, ਕਾਫੀ ਪੀਤੀ ਪ੍ਰੰਤੂ ਹੈਮਿਲਟਨ ਨਿਰੰਤਰ ਅੱਠ ਘੰਟੇ ਜਿਰਾਫ਼ ਦੀ ਗਰਦਨ ਫੜ ਕੇ ਖੜੋਤਾ ਰਿਹਾ | ਆਪ੍ਰੇਸ਼ਨ ਖ਼ਤਮ ਹੋਣ ਉਪਰੰਤ ਉਹ ਚੁੱਪਚਾਪ ਬਾਹਰ ਨਿਕਲਿਆ ਅਤੇ ਜਾ ਕੇ ਘਾਹ ਕੱਟਣਾ ਸ਼ੁਰੂ ਕਰ ਦਿੱਤਾ | ਅਗਲੇ ਦਿਨ ਵੀ ਉਹ ਜਿਰਾਫ਼ ਦੀ ਗਰਦਨ ਫੜ ਕੇ ਖੜੋਤਾ ਰਿਹਾ | ਫਿਰ ਇਹ ਉਸ ਦਾ ਹਰ ਰੋਜ਼ ਦਾ ਕੰਮ ਹੋ ਗਿਆ | ਉਹ ਯੂਨੀਵਰਸਿਟੀ ਆਉਂਦਾ, ਆਪ੍ਰੇਸ਼ਨ ਥਿਏਟਰ 'ਚ 8-10 ਘੰਟੇ ਜਾਨਵਰਾਂ ਨੂੰ ਫੜਦਾ ਅਤੇ ਬਾਅਦ ਵਿਚ ਟੈਨਿਸ ਕੋਰਟ ਦਾ ਘਾਹ ਕੱਟਦਾ | ਕਈ ਮਹੀਨਿਆਂ ਤੱਕ ਉਹ ਦੂਹਰਾ ਕੰਮ ਕਰਦਾ ਰਿਹਾ ਪ੍ਰੰਤੂ ਇਸ ਕੰਮ ਲਈ ਨਾ ਉਸ ਨੇ ਕਦੇ ਤਨਖ਼ਾਹ ਵਧਾਉਣ ਲਈ ਕਿਹਾ ਅਤੇ ਨਾ ਹੀ ਕਿਸੇ ਕਿਸਮ ਦੀ ਸ਼ਿਕਾਇਤ ਕੀਤੀ | ਪ੍ਰੋਫ਼ੈਸਰ ਰਾਬਰਟ ਉਸ ਦੇ ਇਸ ਰਵੱਈਏ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਹੈਮਿਲਟਨ ਨੂੰ ਮਾਲੀ ਤੋਂ ਲੈਬ ਸਹਾਇਕ ਬਣਾ ਦਿੱਤਾ | ਹੁਣ ਉਸ ਦਾ ਕੰਮ ਲੈਬ ਵਿਚ ਸਰਜਨਾਂ ਦੀ ਮਦਦ ਕਰਨਾ ਸੀ ਜੋ ਉਹ ਕਈ ਸਾਲਾਂ ਤੱਕ ਕਰਦਾ ਰਿਹਾ |
ਸੰਨ 1958 'ਚ ਉਸ ਦੀ ਜ਼ਿੰਦਗੀ ਵਿਚ ਇਕ ਦੂਜਾ ਅਹਿਮ ਮੋੜ ਆਇਆ | ਇਸ ਸਾਲ ਡਾ: ਬਰਨਾਰਡ ਯੂਨੀਵਰਸਿਟੀ ਆਏ ਅਤੇ ਉਨ੍ਹਾਂ ਨੇ ਦਿਲ ਦੇ ਟਰਾਂਸਪਲਾਂਟੇਸ਼ਨ ਦੇ ਆਪ੍ਰੇਸ਼ਨ ਸ਼ੁਰੂ ਕੀਤੇ | ਹੈਮਿਲਟਨ ਉਨ੍ਹਾਂ ਦਾ ਅਸਿਸਟੈਂਟ ਬਣ ਗਿਆ ਅਤੇ ਉਹ ਡਾ: ਬਰਨਾਰਡ ਦੇ ਕੰਮ ਨੂੰ ਧਿਆਨ ਨਾਲ ਵੇਖਦਾ ਰਿਹਾ | ਡਾਕਟਰ ਨੇ ਉਸ ਨੂੰ ਟਾਂਕੇ ਲਗਾਉਣ ਦੀ ਜ਼ਿੰਮੇਵਾਰੀ ਸੌਾਪੀ ਜਿਸ ਨੂੰ ਉਸ ਨੇ ਬਾਖੂਬੀ ਨਿਭਾਇਆ | ਇਕ ਸਮਾਂ ਆਇਆ ਜਦੋਂ ਉਹ ਦਿਨ ਵਿਚ 50-50 ਲੋਕਾਂ ਨੂੰ ਟਾਂਕੇ ਲਗਾਉਂਦਾ ਸੀ | ਆਪ੍ਰੇਸ਼ਨ ਥਿਏਟਰ 'ਚ ਕੰਮ ਕਰਦਿਆਂ ਉਹ ਇਨਸਾਨੀ ਜਿਸਮ ਨੂੰ ਡਾਕਟਰਾਂ ਤੋਂ ਵਧੇਰੇ ਸਮਝਣ ਲੱਗ ਪਿਆ ਜਿਸ ਕਾਰਨ ਵੱਡੇ ਡਾਕਟਰਾਂ ਨੇ ਉਸ ਨੂੰ ਛੋਟੇ ਡਾਕਟਰਾਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਸੌਾਪ ਦਿੱਤੀ | ਹੌਲੀ-ਹੌਲੀ ਉਸ ਦਾ ਪ੍ਰਭਾਵ ਪੂਰੀ ਯੂਨੀਵਰਸਿਟੀ 'ਚ ਫੈਲ ਗਿਆ |
ਸੰਨ 1970 'ਚ ਉਸ ਦੀ ਜ਼ਿੰਦਗੀ 'ਚ ਇਕ ਤੀਸਰਾ ਮੋੜ ਆਇਆ | ਉਸ ਸਾਲ ਜਿਗਰ 'ਤੇ ਖੋਜ ਸ਼ੁਰੂ ਹੋਈ ਅਤੇ ਹੈਮਿਲਟਨ ਨੇ ਇਕ ਆਪ੍ਰੇਸ਼ਨ ਦੌਰਾਨ ਜਿਗਰ ਦੀ ਇਕ ਅਜਿਹੀ ਨਾੜੀ ਦੀ ਨਿਸ਼ਾਨਦੇਹੀ ਕਰ ਦਿੱਤੀ ਜਿਸ ਕਾਰਨ ਜਿਗਰ ਦੀ ਟ੍ਰਾਂਸਪਲਾਂਟੇਸ਼ਨ ਆਸਾਨ ਹੋ ਗਈ | ਉਸ ਦੀ ਇਸ ਨਿਸ਼ਾਨਦੇਹੀ ਨੇ ਮੈਡੀਕਲ ਸਾਇੰਸ ਨੂੰ ਹੈਰਾਨ ਕਰ ਦਿੱਤਾ | ਅੱਜ ਦੁਨੀਆ 'ਚ ਕਿਸੇ ਵੀ ਹਸਪਤਾਲ 'ਚ ਜੇਕਰ ਜਿਗਰ ਦਾ ਆਪ੍ਰੇਸ਼ਨ ਹੁੰਦਾ ਹੈ ਅਤੇ ਆਪ੍ਰੇਸ਼ਨ ਮਗਰੋਂ ਜਦੋਂ ਮਰੀਜ਼ ਅੱਖਾਂ ਖੋਲ੍ਹ ਕੇ ਰੌਸ਼ਨੀ ਵੇਖਦਾ ਹੈ ਤਾਂ ਇਸ ਕਾਮਯਾਬ ਆਪ੍ਰੇਸ਼ਨ ਦਾ ਸਿਹਰਾ ਹੈਮਿਲਟਨ ਨੂੰ ਜਾਂਦਾ ਹੈ | ਹੈਮਿਲਟਨ ਨੇ ਇਹ ਰੁਤਬਾ ਕਿਸੇ ਕਾਗਜ਼ੀ ਡਿਗਰੀ ਨਾਲ ਨਹੀਂ ਸਗੋਂ ਨਿਰੰਤਰ ਯਤਨ, ਦਿ੍ੜ੍ਹਤਾ ਅਤੇ ਅਣਥੱਕ ਮਿਹਨਤ ਸਦਕਾ ਹਾਸਲ ਕੀਤਾ | ਉਹ ਰਾਤ ਨੂੰ 3 ਵਜੇ ਘਰੋਂ ਨਿਕਲਦਾ, 14 ਮੀਲ ਤੁਰਦਾ ਅਤੇ 6 ਵਜੇ ਆਪ੍ਰੇਸ਼ਨ ਥਿਏਟਰ 'ਚ ਦਾਖਲ ਹੋ ਜਾਂਦਾ | ਯੂਨੀਵਰਸਿਟੀ ਵਿਚ ਆਪਣੇ 50 ਵਰਿ੍ਹਆਂ ਦੇ ਕਰੀਅਰ ਦੌਰਾਨ ਉਸ ਨੇ ਬਗ਼ੈਰ ਕਾਰਨ ਤੋਂ ਨਾ ਕਦੇ ਛੁੱਟੀ ਲਈ, ਨਾ ਕਦੇ ਤਨਖ਼ਾਹ ਵਧਾਉਣ ਲਈ ਕਿਹਾ ਅਤੇ ਨਾ ਕਦੇ ਘੱਟ ਸਹੂਲਤਾਂ ਮਿਲਣ ਦੀ ਸ਼ਿਕਾਇਤ ਕੀਤੀ | ਫਿਰ ਉਸ ਦੀ ਜ਼ਿੰਦਗੀ ਵਿਚ ਇਕ ਅਜਿਹਾ ਸਮਾਂ ਆਇਆ ਜਦੋਂ ਉਸ ਦੀ ਤਨਖ਼ਾਹ ਅਤੇ ਮਿਲਣ ਵਾਲੀਆਂ ਸਹੂਲਤਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੋਂ ਵੀ ਵਧੇਰੇ ਸਨ ਅਤੇ ਉਸ ਨੂੰ ਉਹ ਰੁਤਬਾ ਹਾਸਲ ਹੋਇਆ ਜੋ ਮੈਡੀਕਲ ਸਾਇੰਸ ਦੀ ਦੁਨੀਆ ਵਿਚ ਅੱਜ ਤੱਕ ਕਿਸੇ ਵਿਅਕਤੀ ਨੇ ਹਾਸਲ ਨਹੀਂ ਕੀਤਾ | ਉਹ ਮੈਡੀਕਲ ਸਾਇੰਸ ਦਾ ਪਹਿਲਾ ਅਨਪੜ੍ਹ ਉਸਤਾਦ ਸੀ | ਉਹ ਪਹਿਲਾ ਅਨਪੜ੍ਹ ਸਰਜਨ ਸੀ ਜਿਸ ਨੇ 30,000 ਸਰਜਨਾਂ ਨੂੰ ਟ੍ਰੇਨਿੰਗ ਦਿੱਤੀ | ਉਸ ਦੀ ਮੌਤ ਮਗਰੋਂ ਉਸ ਨੂੰ ਉਸੇ ਯੂਨੀਵਰਸਿਟੀ ਵਿਚ ਦਫ਼ਨਾਇਆ ਗਿਆ |
ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਆਮ ਮੁਲਾਜ਼ਮਾਂ ਵਾਂਗ ਹੈਮਿਲਟਨ ਉਸ ਦਿਨ ਜਿਰਾਫ਼ ਦੀ ਗਰਦਨ ਪਕੜਣ ਨੂੰ ਇਹ ਕਹਿ ਕੇ ਮਨ੍ਹਾਂ ਕਰ ਦਿੰਦਾ ਕਿ ਮੈਂ ਤਾਂ ਮਾਲੀ ਹਾਂ ਅਤੇ ਮੇਰਾ ਕੰਮ ਜਿਰਾਫ਼ਾਂ ਦੀ ਗਰਦਨ ਨੂੰ ਫੜਨਾ ਨਹੀਂ ਤਾਂ ਉਹ ਮਰਨ ਤੱਕ ਮਾਲੀ ਹੀ ਰਹਿੰਦਾ | ਇਹ ਉਸ ਦੀ ਹਾਂ ਅਤੇ 8 ਘੰਟਿਆਂ ਦੀ ਦਿਲੋਂ ਕੀਤੀ ਜੱਦੋ-ਜਹਿਦ ਦਾ ਕਮਾਲ ਸੀ ਜਿਸ ਨੇ ਉਸ ਲਈ ਕਾਮਯਾਬੀ ਦੇ ਬੂਹੇ ਖੋਲ੍ਹ ਦਿੱਤੇ ਅਤੇ ਉਹ ਸਰਜਨਾਂ ਦਾ ਸਰਜਨ ਬਣ ਗਿਆ | ਸਮਝਣ ਵਾਲੀ ਗੱਲ ਇਹ ਹੈ ਕਿ ਸਾਡੇ ਵਿਚੋਂ ਜ਼ਿਆਦਾਤਰ ਲੋਕ ਜ਼ਿੰਦਗੀ ਭਰ ਨੌਕਰੀ ਦੀ ਭਾਲ ਵਿਚ ਲੱਗੇ ਰਹਿੰਦੇ ਹਨ ਜਦਕਿ ਜ਼ਰੂਰਤ ਕੰਮ ਨੂੰ ਲੱਭਣ ਦੀ ਹੈ | ਹਰ ਨੌਕਰੀ ਦਾ ਕੋਈ ਨਾ ਕੋਈ ਮਾਪਦੰਡ ਹੁੰਦਾ ਹੈ ਅਤੇ ਇਹ ਨੌਕਰੀ ਕੇਵਲ ਉਸ ਵਿਅਕਤੀ ਨੂੰ ਮਿਲਦੀ ਹੈ ਜੋ ਉਸ ਮਾਪਦੰਡ 'ਤੇ ਖਰਾ ਉਤਰਦਾ ਹੈ | ਪਰੰਤੂ ਕੰਮ ਦਾ ਕੋਈ ਮਾਪਦੰਡ ਨਹੀਂ ਹੁੰਦਾ | ਜੇਕਰ ਅੱਜ ਅਸੀਂ ਚਾਹੀਏ ਤਾਂ ਦੁਨੀਆ ਦਾ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹਾਂ ਅਤੇ ਉਸ ਨੂੰ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਕਰ ਸਕਦੇ ਹਾਂ | ਹੈਮਿਲਟਨ ਇਸ ਰਾਜ਼ ਨੂੰ ਪਹਿਚਾਣ ਗਿਆ ਸੀ ਜਿਸ ਕਾਰਨ ਉਸ ਨੇ ਨੌਕਰੀ ਦੀ ਬਜਾਏ ਕੰਮ ਨੂੰ ਤਰਜੀਹ ਦਿੱਤੀ ਅਤੇ ਮੈਡੀਕਲ ਸਾਇੰਸ ਵਿਚ ਧੁੰਮਾਂ ਪਾ ਛੱਡੀਆਂ | ਸੋਚੋ, ਜੇਕਰ ਉਹ ਸਰਜਨ ਦੀ ਨੌਕਰੀ ਲਈ ਅਰਜ਼ੀ ਦਿੰਦਾ ਤਾਂ ਕੀ ਉਹ ਸਰਜਨ ਬਣ ਸਕਦਾ ਸੀ? ਪਰ ਉਸ ਨੇ ਖੁਰਪਾ ਹੇਠਾਂ ਰੱਖਿਆ, ਜਿਰਾਫ਼ ਦੀ ਗਰਦਨ ਫੜੀ ਅਤੇ ਸਰਜਨਾਂ ਦਾ ਸਰਜਨ ਬਣ ਨਿਕਲਿਆ |
ਅੱਜ ਦੀ ਪੀੜ੍ਹੀ ਨੂੰ ਜ਼ਰੂਰਤ ਸੋਚ ਵਿਚ ਤਬਦੀਲੀ ਲਿਆਉਣ ਦੀ ਹੈ ਅਤੇ ਨੌਕਰੀ ਦੀ ਥਾਂ ਕੰਮ ਦੀ ਭਾਲ ਕਰਨ ਦੀ ਹੈ ਅਤੇ ਉਸ ਕੰਮ ਨੂੰ ਪੂਰੀ ਸ਼ਿੱਦਤ ਨਾਲ ਕਰਨ ਦੀ ਹੈ | ਨੌਜਵਾਨ ਨੌਕਰੀ ਦੀ ਭਾਲ ਵਿਚ ਹਨ ਜਦਕਿ ਅਦਾਰਿਆਂ ਨੂੰ ਕਾਮਿਆਂ ਦੀ ਜ਼ਰੂਰਤ ਹੈ | ਤਨਖ਼ਾਹ ਤੋਂ ਵਧੇਰੇ ਕੰਮ ਕਰਨ ਵਾਲੇ ਬਹੁਤ ਜਲਦੀ ਕੰਮ ਤੋਂ ਵਧੇਰੇ ਤਨਖ਼ਾਹ ਲੈਣ ਲੱਗ ਪੈਂਦੇ ਹਨ | ਜੋ ਨਿਗਰਾਨ ਤੋਂ ਬਗ਼ੈਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਸਕਦੇ ਹਨ ਉਹ ਬਹੁਤ ਜਲਦੀ ਦੂਜਿਆਂ ਉੱਪਰ ਨਿਗਰਾਨ ਲਗਾ ਦਿੱਤੇ ਜਾਂਦੇ ਹਨ, ਜਿਸ ਦਿਨ ਇਹ ਗੱਲ ਸਾਨੂੰ ਸਮਝ ਪੈ ਜਾਵੇਗੀ ਉਸ ਦਿਨ ਅਸੀਂ ਵੀ ਹੈਮਿਲਟਨ ਵਾਂਗ ਕਾਮਯਾਬ ਹੋ ਨਿੱਬੜਾਂਗੇ |

-ਮੋਬਾਈਲ: 9888376923.

ਅਣਵੰਡੇ ਪੰਜਾਬ ਦੀ ਭੁੱਲੀ ਦਾਸਤਾਨ ਮਰਾਸੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜੇਕਰ ਰੰਧਾਵੇ ਗੋਤ ਦੇ ਜੱਟਾਂ ਨੇ ਕਿੱਧਰੇ ਕੋਈ ਹੋਰ ਥਾਂ ਪਿੰਡ ਵਸਾ ਲਿਆ ਜਾਂ ਖਿਲਰ ਗਏ ਤਾਂ ਕੁਝ ਮਰਾਸੀ ਉਨ੍ਹਾਂ ਨਾਲ ਚੱਲੇ ਜਾਂਦੇ ਸਨ | ਜਦੋਂ ਬਾਰਾਂ ਵਿਚ ਜੱਟ ਜਾ ਵੱਸੇ ਤਾਂ ਕੁਝ ਮਰਾਸੀ ਤੇ ਕਾਮਿਆਂ ਨੂੰ ਨਾਲ ਲੈ ਗਏ | ਇਸ ਤਰ੍ਹਾਂ ਇਹ ਮਰਾਸੀ ਉਨ੍ਹਾਂ ਨਾਲ ਰਹਿੰਦੇ ਸਨ ਤੇ ਇਨ੍ਹਾਂ ਕੋਲ ਉਸ ਪਰਿਵਾਰ ਦਾ ਸਾਰਾ ਲੇਖਾ-ਜੋਖਾ ਹੁੰਦਾ ਸੀ | ਜਦੋਂ ਨਾਦਰ ਸ਼ਾਹ ਨੇ ਦਿੱਲੀ ਫਤਿਹ ਕੀਤੀ ਤੇ ਉਸਨੇ ਜ਼ਬਰਦਸਤੀ ਆਪਣੇ ਬੇਟੇ ਦੀ ਸ਼ਾਦੀ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਦੀ ਬੇਟੀ ਨਾਲ ਕਰ ਦਿੱਤੀ | ਕਿਉਂਕਿ ਮੁਗਲ ਇਥੇ ਬੜੇ ਅਰਸੇ ਤੋਂ ਰਾਜ ਕਰ ਰਹੇ ਸਨ | ਉਨ੍ਹਾਂ ਨੇ ਇਥੋਂ ਦੇ ਰੀਤੀ-ਰਿਵਾਜਾਂ ਨੂੰ ਧਾਰਨ ਕਰ ਲਿਆ ਸੀ | ਇਸ ਲਈ ਸ਼ਾਦੀ ਦੇ ਮੌਕੇ ਉਨ੍ਹਾਂ ਨੇ ਆਪਣਾ ਮਰਾਸੀ ਕਲਾਨ (ਖਾਨਦਾਨ ਦੀ ਜਾਣਕਾਰੀ) ਕਰਨ ਲਈ ਖੜ੍ਹਾ ਕਰ ਦਿੱਤਾ | ਮਰਾਸੀ ਨੇ ਕਲਾਨ ਕੀਤੀ ਤੇ ਮੁਗਲਾਂ ਦਾ ਛਜਰਾਂ ਤੈਮੂਰ ਤੋਂ ਲੈ ਕੇ ਮੁਹੰਮਦ ਸ਼ਾਹ ਤੱਕ ਬਿਆਨ ਕਰ ਦਿੱਤਾ | ਕਿਉਂਕਿ ਮੁਗਲਾਂ ਨੂੰ ਪਤਾ ਸੀ ਕਿ ਨਾਦਰ ਸ਼ਾਹ ਦਾ ਖਾਨਦਾਨ ਕੋਈ ਖਾਸ ਨਹੀਂ ਇਹ ਤਾਂ ਭੇਡਾਂ, ਬੱਕਰੀਆਂ ਚਾਰਨ ਵਾਲਾ ਖਾਨਦਾਨ ਹੈ | ਨਾਦਰ ਸ਼ਾਹ ਨੇ ਆਪਣੀ ਵਾਰੀ ਤੇ ਪਹਿਲਾਂ ਆਪਣੇ ਬੇਟੇ ਦਾ ਨਾਂਅ ਲਿਆ ਤੇ ਫਿਰ ਆਪਣਾ ਨਾਂਅ ਲਿਆ ਤੇ ਫਿਰ ਤਲਵਾਰ ਕੱਢੀ ਤੇ ਫਿਰ ਕਿਹਾ ਇਬਨੇ ਸ਼ਮਸ਼ੀਰ, ਇਬਨੇ ਸ਼ਮਸ਼ੀਰ ਮਤਲਬ ਨਾਦਰ ਸ਼ਾਹ ਦਾ ਪਿਉ ਤਲਵਾਰ, ਉਸ ਦਾ ਪਿਉ ਤਲਵਾਰ |
ਇਕ ਅੰਗਰੇਜ਼ ਲਿਖਾਰੀ ਡੇਨਜ਼ਿਲ ਇਬਟਸਨ ਨੇ 1882 ਵਿਚ 'ਇਥਨੌਲੋਜਿਕਲ ਇਨਕੁਆਰੀ ਇਨ ਪੰਜਾਬ' ਨਾਂਅ ਦੀ ਕਿਤਾਬ ਵਿਚ ਲਿਖਿਆ ਕਿ ਜੇਕਰ ਕਿਸੇ ਖਾਨਦਾਨ ਦੀ ਪ੍ਰਵਾਸ ਨੂੰ ਸਹੀ ਢੰਗ ਨਾਲ ਜਾਣਨਾ ਹੋਵੇ ਤਾਂ ਉਸ ਖਾਨਦਾਨ ਦੇ ਪ੍ਰੋਹਿਤ, ਨਾਈ ਜਾਂ ਮਰਾਸੀ ਤੋਂ ਉਸਦੀ ਪ੍ਰਵਾਸ ਬਾਰੇ ਪਤਾ ਲੱਗ ਸਕਦਾ ਹੈ ਕਿ ਉਹ ਉਠ ਕੇ ਕਿੱਥੋਂ ਆਏ ਸੀ? ਉਹ ਲਿਖਦਾ ਹੈ ਕਿ ਭਾਟ, ਜਾਗਾ, ਚਾਰਣ ਤੇ ਮਰਾਸੀ ਛਜਰਿਆ ਦੇ ਮਾਹਿਰ ਹੁੰਦੇ ਸਨ ਤੇ ਇਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਕਿਹੜਾ ਬੰਦਾ ਕਿਥੋਂ ਉੱਠ ਕੇ ਆਇਆ ਹੈ | ਇਸ ਲਈ ਇਨ੍ਹਾਂ ਨੂੰ ਆਪਣੇ ਹੱਥ ਵਿਚ ਰੱਖਣਾ ਚਾਹੀਦਾ ਹੈ | ਇਹ ਲੋਕਾਂ ਬਾਰੇ ਬੜਾ ਜਾਣਦੇ ਨੇ |
ਸੰਨ 1865, ਨੂੰ ਜ਼ਿਲ੍ਹਾ ਗੁਜਰਾਤ (ਲਹਿੰਦੇ ਪੰਜਾਬ) ਦੀ ਬੰਦੋਬਸਤ ਰਿਪੋਰਟ ਵਿਚ ਇਨ੍ਹਾਂ ਦੇ ਫਰਜ਼ ਇਸ ਤਰ੍ਹਾਂ ਲਿਖੇ ਗਏ ਜਿਸ ਅਨੁਸਾਰ :-
1) ਜਿਸ ਟੱਬਰ ਦਾ ਕੋਈ ਮਰਾਸੀ ਜਾਂ ਭਾਟ ਹੋਵੇ ਉਸ ਦਾ ਛਜਰਾ (ਵੰਸ਼ਾਵਲੀ) ਜਾਂ ਨਵਜਨਾਮਾਂ ਯਾਦ ਰੱਖੇ ਜਾ ਲਿਖ ਕੇ ਰੱਖੇ |
2) ਜੇਕਰ ਕਿਸੇ ਖਾਨਦਾਨ ਦੀ ਜਾਇਦਾਦ ਦਾ ਕੋਈ ਝਗੜਾ ਪਵੇ ਤਾਂ ਉਨ੍ਹਾਂ ਦੇ ਬਜ਼ੁਰਗਾਂ ਜਾਂ ਹਿੱਸਿਆਂ ਦਾ ਵੇਰਵਾ ਦੱਸੇ |
3) ਮਾਲਕਾਂ ਦੇ ਪ੍ਰਾਹੁਣਿਆਂ ਦਾ ਖਿਆਲ ਰਖੇ |
4) ਖੁਸ਼ੀ ਜਾਂ ਗਮੀ ਦੇ ਮੌਕੇ ਉਹ ਜਜ਼ਮਾਨਾਂ ਦੇ ਨਾਲ ਜਾਵੇ |
5) ਰਿਸ਼ਤੇਦਾਰ ਤੋਂ ਪੈਗਾਮ ਲੈ ਕੇ ਆਵੇ ਤੇ ਜਾਏ |
6) ਬਹੂ ਤੇ ਬੇਟੀਆਂ (ਨਵੀਆਂ ਵਿਆਹੀਆਂ) ਦੇ ਪੇਕੇ ਤੇ ਸੁਸਰਾਲ ਜਾਣ ਸਮੇਂ ਨਾਲ ਜਾਵੇ |
7) ਮਰਾਸੀ ਦੀ ਬੀਵੀ ਦੀ ਜ਼ਿੰਮੇਵਾਰੀ ਹੈ ਕਿ ਉਹ ਸ਼ਾਦੀ ਦੇ ਦਿਨ ਤੋਂ 20 ਦਿਨ ਪਹਿਲਾਂ ਘਰ ਵਿਚ ਬਾਰਾਤ ਦੇ ਲਈ ਖਾਣ ਪੀਣ ਦੇ ਸਾਮਾਨ ਨੂੰ ਪੂਰਾ ਕਰਕੇ ਰੱਖੇ |
8) ਮਰਾਸੀ ਸ਼ਾਦੀ ਸਮੇਂ ਗੰਢਾਂ ਲੈ ਕੇ ਜਾਵੇ |
9) ਘਰ ਵਿਚ ਰਿਸ਼ਤੇਦਾਰ ਆਉਣ 'ਤੇ ਮਰਾਸੀ ਉਨ੍ਹਾਂ ਦੀ ਦੇਖਭਾਲ ਕਰੇ |
10) ਕਿਸੇ ਘਰ ਵਿਚ ਕੋਈ ਮੌਤ ਹੋਣ 'ਤੇ ਅਰਥੀ ਸੰਸਕਾਰ ਜਾਂ ਜਨਾਜ਼ੇ ਦੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਮਰਾਸੀ ਦੀ ਹੈ |
11) ਜੇਕਰ ਕੋਈ ਮਰਾਸੀ ਇਹ ਫਰਜ਼ ਪੂਰੇ ਨਹੀਂ ਕਰਦਾ ਤਾਂ ਉਸ ਜਗ੍ਹਾਂ ਨਵਾਂ ਮਰਾਸੀ ਲੈ ਲਿਆ ਜਾਵੇ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਲਿੱਪੀਅੰਤਰ : ਜੇ.ਐਸ. ਭੱਟੀ
ਮੋਬਾਈਲ : 79860-37268

ਗੁਲ-ਗੁਲਸ਼ਨ-ਗੁਲਫਾਮ ਵਰਤੇ ਜਾ ਚੁੱਕੇ ਸਾਮਾਨ ਦੀ ਬਗੀਚੀ ਵਿਚ ਵਰਤੋਂ

ਬਗੀਚੀ ਬਣਾਉਣਾ ਤਕਨੀਕੀ ਕੰਮ ਹੋਣ ਦੇ ਨਾਲ-ਨਾਲ ਕਲਾਕਾਰੀ ਵੀ ਹੈ | ਜੇਕਰ ਅਸੀਂ ਰੁੱਖ-ਪੌਦਿਆਂ ਅਤੇ ਬਗੀਚੀ ਵਿਚਲੇ ਹੋਣ ਵਾਲੇ ਇਮਾਰਤਸਾਜ਼ੀ ਵਰਗੇ ਕੰਮਾਂ ਬਾਰੇ ਪੂਰਨ ਗਿਆਨ ਰੱਖਦੇ ਹੋਏ, ਕਲਾ ਦਾ ਤੜਕਾ ਲਾ ਦੇਈਏ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ | ਬਗੀਚੀ ਨੂੰ ਸਜਾਉਣਾ ਉਸ ਵਿਚ ਜਾਨ ਪਾਉਣ ਵਾਲਾ ਕੰਮ ਹੁੰਦਾ ਹੈ ਅਤੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਬਗੀਚੀ ਸਜਾਉਣ ਖਾਤਰ ਮਹਿੰਗਾ ਫਰਨੀਚਰ, ਫੁਹਾਰੇ, ਲਾਈਟਾਂ ਆਦਿ ਦੀ ਵਰਤੋਂ ਕਰੋ | ਤਕਰੀਬਨ 60 ਸਾਲ ਪਹਿਲਾਂ ਸ੍ਰੀ ਨੇਕ ਚੰਦ ਦੁਆਰਾ ਸ਼ੁਰੂ ਕੀਤੇ ਰੌਕ ਗਾਰਡਨ ਦੀ ਉਦਾਹਰਨ ਸਾਹਮਣੇ ਮੌਜੂਦ ਹੈ | ਹਾਲਾਂਕਿ ਹੁਣ ਤਾਂ ਪਿਛਲੇ ਪੰਜਾਹ-ਸੱਠ ਸਾਲਾਂ ਨਾਲੋਂ ਸਾਡੇ ਘਰਾਂ ਅਤੇ ਆਸ-ਪਾਸ ਮਿਲਣ ਵਾਲੇ ਬੇਕਾਰ ਜਾਂ ਵਰਤ ਕੇ ਬੇਕਾਰ ਹੋਏ ਸਾਮਾਨ ਦੀ ਮਾਤਰਾ ਕਿੰਨੇ ਗੁਣਾ ਵਧ ਚੁੱਕੀ ਹੈ | ਘਰਾਂ ਜਾਂ ਸੰਸਥਾਵਾਂ ਵਿਚ ਸਾਡੀ ਰੋਜ਼ਮਰ੍ਹਾ ਵਰਤੋਂ ਵਿਚ ਆਉਣ ਵਾਲਾ ਸਾਮਾਨ, ਕੁਝ ਸਮਾਂ ਪਾ ਕੇ ਕਬਾੜੀਏ ਕੋਲ ਜਾ ਪੁੱਜਦਾ ਹੈ | ਅਨੇਕਾਂ ਹੀ ਮਟੀਰੀਅਲ ਵਿਚ ਮੌਜੂਦ ਸਾਮਾਨ ਮਿਹਨਤ ਅਤੇ ਕਲਾ ਦੇ ਸੁਮੇਲ ਨਾਲ ਬਗੀਚੀ ਵਿਚ ਸ਼ਿੰਗਾਰ ਦਾ ਸਬਬ ਬਣ ਜਾਂਦਾ ਹੈ | ਅਨੇਕਾਂ ਹੀ ਵੰਨਗੀਆਂ ਦੇ ਇਸ ਸਾਮਾਨ ਨੂੰ ਪੌਦਿਆਂ ਜਾਂ ਸ਼ਿੰਗਾਰ ਲਈ ਵਰਤਣ ਖਾਤਰ ਤਕਨੀਕੀ ਪੱਖਾਂ ਦਾ ਪਤਾ ਹੋਣਾ ਲਾਜ਼ਮੀ ਹੁੰਦਾ ਹੈ, ਨਹੀਂ ਤਾਂ ਸਮਾਂ ਪਾ ਕੇ ਮਿਹਨਤ ਵੀ ਬੇਕਾਰ ਹੋ ਜਾਂਦੀ ਹੈ ਅਤੇ ਸ਼ਿੰਗਾਰ ਵਸਤੂ ਭੱਦੀ ਵਸਤੂ ਦਾ ਰੂਪ ਲੈ ਲੈਂਦੀ ਹੈ |
ਦੁਨੀਆ ਉਤੇ ਸ਼ੌਕੀਨ ਲੋਕਾਂ ਦੀ ਕਮੀ ਬਿਲਕੁਲ ਵੀ ਨਹੀਂ ਹੈ | ਸੋਸ਼ਲ ਮੀਡੀਆ ਤੇ ਇੰਟਰਨੈੱਟ ਦੇ ਯੁੱਗ ਵਿਚ ਤੁਸੀਂ ਸਕਿੰਟਾਂ ਵਿਚ ਤਸਵੀਰਾਂ ਤੇ ਵੀਡੀਓ ਪ੍ਰਾਪਤ ਕਰ ਸਕਦੇ ਹੁੰਦੇ ਹੋ, ਜਿਹੜੀਆਂ ਵਰਤੇ ਹੋਏ ਸਾਮਾਨ ਨੂੰ ਬਗੀਚੀ ਵਿਚ ਪੁਨਰ ਵਰਤੋਂ ਕਰਕੇ ਚਾਰ-ਚੰਨ ਲਾ ਰਹੀਆਂ ਹੁੰਦੀਆਂ ਹਨ | ਖੂਬਸੂਰਤ ਤਸਵੀਰ ਨੂੰ ਅਮਲੀ ਰੂਪ ਦੇਣ ਲਈ ਬਾਰੀਕੀਆਂ ਤੇ ਤਕਨੀਕੀ ਪੱਖਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ | ਸਭ ਤੋਂ ਅਹਿਮ ਗੱਲ ਇਹ ਹੁੰਦੀ ਹੈ ਕਿ ਕਿਹੜੇ ਸਾਮਾਨ ਨੂੰ ਕਿਸ ਰੂਪ ਵਿਚ ਕਿੰਝ ਵਰਤਣਾ ਹੈ? ਉਸ ਵਿਚ ਕਿਸ ਤਰ੍ਹਾਂ ਦੇ ਪੌਦੇ ਲਾਉਣੇ ਹਨ? ਜੇਕਰ ਸਾਮਾਨ ਲੋਹੇ ਦਾ ਹੈ ਤਾਂ ਜੰਗਾਲ ਲੱਗਣ ਤੋਂ ਬਚਾਅ, ਲੱਕੜ ਦਾ ਹੈ ਤਾਂ ਸਿਉਂਕ ਲੱਗਣ ਤੋਂ ਬਚਾਅ ਆਦਿ ਗੱਲਾਂ ਬਾਰੇ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਹੋਣੀ ਚਾਹੀਦੀ ਹੈ | ਕਿਸੇ ਵੀ ਵੰਨਗੀ ਦੇ ਸਾਮਾਨ ਵਿਚ ਲੱਗੇ ਪੌਦੇ ਨੂੰ ਸਾਰਾ ਸਾਲ ਲੋੜ ਅਨੁਸਾਰ ਪਾਣੀ ਕਿਸ ਵਿਧੀ ਰਾਹੀਂ ਪਹੁੰਚਣਾ ਅਤੇ ਵਾਧੂ ਪਾਣੀ ਦਾ ਨਿਕਾਸ ਕਿੰਝ ਕਰਨਾ? ਅਨੇਕਾਂ ਸਵਾਲ ਭੰਬਲ-ਭੂਸੇ ਵਿਚ ਪਾਉਂਦੇ ਹਨ |
ਪਲਾਸਟਿਕ ਸਾਡੀ ਜ਼ਿੰਦਗੀ ਵਿਚ ਬੁਰੀ ਤਰ੍ਹਾਂ ਘਰ ਕਰ ਚੁੱਕੀ ਹੋਣ ਕਾਰਨ, ਪਲਾਸਟਿਕ ਦੀਆਂ ਅਨੇਕਾਂ ਵਸਤਾਂ ਜਿਨ੍ਹਾਂ ਵਿਚ ਖਾਸ ਕਰ ਬੋਤਲਾਂ ਤਾਂ ਸਾਡੇ ਆਸ-ਪਾਸ ਬਹੁਤਾਤ ਵਿਚ ਮਿਲਦੀਆਂ ਹਨ | ਠੰਢਿਆਂ ਜਾਂ ਹੋਰਨਾਂ ਕੰਮਾਂ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਪੌਦੇ ਲਾਉਣ ਤੋਂ ਲੈ ਕੇ ਸਜਾਵਟੀ ਵਸਤਾਂ, ਪਰਗੋਲੇ ਜਾਂ ਪੁਲ-ਕਿਸ਼ਤੀਆਂ ਤੱਕ ਬਣਾਉਣ ਵਿਚ ਵਰਤੀਆਂ ਜਾਂਦੀਆਂ ਹਨ | ਪਲਾਸਟਿਕ ਜਾਂ ਪਲਾਸਟਿਕ ਵਰਗੇ ਮਟੀਰੀਅਲ ਦੀਆਂ ਬਾਲਟੀਆਂ, ਡਰੰਮ, ਖਿਡੌਣੇ, ਸਾਮਾਨ ਰੱਖਣ ਵਾਲੇ ਬਰਤਨ ਆਦਿ ਬੇਸ਼ੁਮਾਰ ਚੀਜ਼ਾਂ ਨੂੰ ਬੜੀ ਬਾਖੂਬੀ ਬਗੀਚੀ ਵਿਚ ਵਰਤਿਆ ਜਾ ਸਕਦਾ ਹੈ |
ਪੁਨਰ-ਵਰਤੋਂ ਵਾਲੇ ਸਾਮਾਨ ਵਿਚ ਵਹੀਕਲਾਂ ਦੇ ਪੁਰਾਣੇ ਟਾਇਰਾਂ ਦਾ ਬਹੁਤ ਵੱਡਾ ਯੋਗਦਾਨ ਹੈ | ਜੇਕਰ ਤੁਸੀਂ ਮਿਹਨਤ ਕਰਕੇ ਕਲਾ ਦੀ ਪੁੱਠ ਚਾੜ੍ਹ ਦਿਓ ਤਾਂ ਟਾਇਰਾਂ ਵਿਚ ਤਾਂ ਮੌਸਮੀ ਫੁੱਲ, ਭੌਾ ਕੱਜਣੇ ਪੌਦੇ ਅਤੇ ਅਨੇਕਾਂ ਤਰ੍ਹਾਂ ਦੇ ਹੋਰ ਫੁੱਲ-ਪੌਦਿਆਂ ਨੂੰ ਲਾ ਸਕਦੇ ਹੁੰਦੇ ਹੋ | ਟਾਇਰਾਂ ਨੂੰ ਕੱਟ ਕੇ ਪੰਛੀ-ਜਾਨਵਰਾਂ ਦਾ ਰੂਪ ਦੇ ਦਿੱਤਾ ਜਾਂਦਾ ਹੈ | ਤਸਵੀਰਾਂ ਵਿਚ ਮਿਲਣ ਵਾਲੀਆਂ ਸਭ ਵਸਤਾਂ ਵਿਚ ਟਾਇਰਾਂ ਤੋਂ ਬਣੀਆਂ ਕਲਾ-ਕ੍ਰਿਤੀਆਂ ਮੁੱਖ ਰੂਪ ਵਿਚ ਨਜ਼ਰ ਆਉਂਦੀਆਂ ਹਨ | ਟਾਇਰਾਂ ਨੂੰ ਤਾਂ ਲੋਕ ਪੁਰਾਣੇ ਖੂਹਾਂ ਜਾਂ ਬੈਠਣ ਲਈ ਫਰਨੀਚਰ ਵਰਗੀਆਂ ਵਸਤਾਂ ਆਦਿ ਤੱਕ ਦੀ ਦਿੱਖ ਦੇ ਲੈਂਦੇ ਹਨ | ਟਾਇਰਾਂ ਤੋਂ ਇਲਾਵਾ ਰਬੜ ਅਤੇ ਚਮੜੇ ਆਦਿ ਦੀਆਂ ਅਨੇਕਾਂ ਵਸਤਾਂ ਵੀ ਅਜਿਹੇ ਕੰਮਾਂ ਵਿਚ ਵਰਤੀਆਂ ਜਾਂਦੀਆਂ ਹਨ |
ਲੋਹੇ ਦੇ ਡਰੰਮ-ਡਰੰਮੀਆਂ, ਪੀਪੇ-ਢੋਲ ਆਦਿ ਨੂੰ ਖੂਬ ਸਜਾ ਕੇ ਅਨੇਕਾਂ ਵੰਨਗੀਆਂ ਦੇ ਪੌਦਿਆਂ ਨੂੰ ਲਾਉਣ ਦੇ ਨਾਲ-ਨਾਲ ਸਜਾਵਟ ਵਜੋਂ ਬਾਖੂਬੀ ਵਰਤਿਆ ਜਾਂਦਾ ਹੈ | ਵੱਡੇ ਡਰੰਮਾਂ ਨੂੰ ਪੇਂਟ ਕਰਕੇ ਪੌਦੇ ਲਾਉਣ ਦੇ ਨਾਲ-ਨਾਲ ਸੋਹਣੀ ਦਿੱਖ ਵੀ ਦਿੱਤੀ ਜਾਂਦੀ ਹੈ | ਲੋਹੇ ਤੋਂ ਇਲਾਵਾ ਟੀਨ ਜਾਂ ਐਲੂਮੀਨੀਅਮ ਵਰਗੀਆਂ ਹੋਰਨਾਂ ਧਾਤਾਂ ਦੇ ਡੱਬਿਆਂ ਨੂੰ ਆਸਾਨੀ ਨਾਲ ਵਰਤਿਆ ਜਾਂਦਾ ਹੈ | ਲੋਹੇ ਅਤੇ ਹੋਰਨਾਂ ਧਾਤਾਂ ਨੂੰ ਪਾਣੀ ਨਾਲ ਜੰਗਾਲ ਜਾਂ ਗਲਣ ਤੋਂ ਬਚਾਉਣ ਦਾ ਪ੍ਰਬੰਧ ਕਰਨਾ ਜ਼ਰੂਰੀ ਹੁੰਦਾ ਹੈ | ਧਾਤਾਂ ਤੋਂ ਇਲਾਵਾ ਸਾਡੇ ਆਸ-ਪਾਸ ਕੱਚ ਦੀਆਂ ਅਨੇਕਾਂ ਵਸਤਾਂ ਕਬਾੜ ਵਿਚ ਮਿਲ ਜਾਂਦੀਆਂ ਹਨ, ਜਿਨ੍ਹਾਂ ਵਿਚ ਬੋਤਲਾਂ, ਸ਼ਰਾਬ ਜਾਂ ਬੀਅਰ ਵਾਲੀਆਂ ਬੋਤਲਾਂ ਅਨੇਕਾਂ ਵੰਨਗੀਆਂ ਦੇ ਜਾਰ ਅਤੇ ਗਿਲਾਸ ਵਰਗੀਆਂ ਕੱਚ ਦੀਆਂ ਵਸਤਾਂ ਨੂੰ ਪੌਦੇ ਲਾਉਣ ਅਤੇ ਸਜਾਉਣ ਲਈ ਵਰਤਿਆ ਜਾਂਦਾ ਹੈ | ਅਨੇਕਾਂ ਰੰਗਾਂ ਵਿਚ ਮਿਲਣ ਵਾਲੀਆਂ ਕੱਚ ਦੀਆਂ ਵਸਤਾਂ ਬਗੀਚੀ ਵਿਚ ਰੰਗ ਭਰਨ ਦਾ ਕੰਮ ਵੀ ਕਰ ਦਿੰਦੀਆਂ ਹਨ |
ਲੱਕੜ ਦਾ ਬਗੀਚੀ ਨਾਲ ਬੜਾ ਗੂੜ੍ਹਾ ਸਬੰਧ ਵੀ ਹੈ ਅਤੇ ਵਰਤੋਂ ਵੀ ਅਨੇਕਾਂ ਵਿਧੀਆਂ ਰਾਹੀਂ ਕਰ ਲਈ ਜਾਂਦੀ ਹੈ | ਸੁੱਕੇ ਦਰੱਖਤਾਂ ਦੇ ਮੁੱਢ ਤੋਂ ਲੈ ਕੇ ਘਰੇਲੂ ਫਰਨੀਚਰ, ਪੁਰਾਣੇ ਸਾਜ਼, ਪੌੜੀਆਂ ਆਦਿ ਨੂੰ ਬਗੀਚੀ ਦੇ ਡਿਜ਼ਾਈਨ ਵਿਚ ਸਹੀ ਵਿਉਂਤਬੰਦੀ ਨਾਲ ਫਿੱਟ ਕੀਤਾ ਜਾ ਸਕਦਾ ਹੁੰਦਾ ਹੈ | ਦਰਵਾਜ਼ੇ ਅਤੇ ਖੇਤੀ ਸੰਦ ਆਦਿ ਜਿਨ੍ਹਾਂ ਵਿਚ ਪੌਦਿਆਂ ਨੂੰ ਲਾ ਕੇ ਸਜਾ ਲਿਆ ਜਾਂਦਾ ਹੈ | ਸਾਈਕਲ ਦੇ ਚੱਕਿਆਂ ਅਤੇ ਲੱਕੜ ਦੇ ਪਹੀਆਂ ਤੋਂ ਵੀ ਸੋਹਣੇ ਦਿ੍ਸ਼ ਸਿਰਜੇ ਜਾ ਸਕਦੇ ਹੁੰਦੇ ਹਨ | ਲੱਕੜ ਤੋਂ ਇਲਾਵਾ ਪੱਥਰ-ਬੱਜਰੀ ਵੀ ਬਗੀਚੀ ਦਾ ਅਹਿਮ ਅੰਗ ਹੁੰਦੇ ਹਨ | ਪੱਥਰਾਂ ਨੂੰ ਵਿਲੱਖਣ ਦਿੱਖ ਅਤੇ ਬੱਜਰੀ ਨੂੰ ਰੁੱਖ-ਪੌਦਿਆਂ ਹੇਠ ਡਿਜ਼ਾਈਨ ਵਿਚ ਵਰਤ ਲਿਆ ਜਾਂਦਾ ਹੈ | ਪੱਥਰਾਂ ਦੇ ਨਾਲ-ਨਾਲ ਮਿੱਟੀ ਦੇ ਭਾਂਡੇ ਅਤੇ ਹੋਰ ਵਸਤਾਂ ਆਪਣੇ ਰੰਗ ਅਤੇ ਦਿੱਖ ਨਾਲ ਬਗੀਚੀ ਵਿਚ ਯੋਗਦਾਨ ਪਾਉਂਦੇ ਹਨ | ਇਲੈਕਟ੍ਰਾਨਿਕਸ ਦੀਆਂ ਸੀ.ਡੀ. ਵਰਗੀਆਂ ਬੇਕਾਰ ਵਸਤਾਂ ਤੋਂ ਮੋਰ-ਪੰਖ ਆਦਿ ਬਣਾਏ ਜਾਂਦੇ ਹਨ |
ਅਜੋਕੇ ਸਮੇਂ ਵਿਚ ਵਰਤੀਆਂ ਜਾਣ ਵਾਲੀਆਂ ਬਿਜਲੀ ਦੀਆਂ ਵਸਤਾਂ ਜਿਵੇਂ ਬਲਬ, ਟਿਊਬਾਂ ਆਦਿ ਨੂੰ ਸਜਾਵਟ ਵਿਚ ਵਰਤਣ ਦੇ ਨਾਲ-ਨਾਲ ਬਿਜਲੀ ਦੀਆਂ ਵੱਡੀਆਂ-ਮੋਟੀਆਂ ਤਾਰਾਂ ਲਪੇਟਣ ਵਾਲੀਆਂ ਚੱਕਰੀਆਂ ਨੂੰ ਟੇਬਲ ਜਾਂ ਬੈਠਣ ਲਈ ਮੂੜੇ੍ਹ ਵਾਂਗ ਵਰਤੋਂ ਵਿਚ ਲਿਆਂਦਾ ਜਾਂਦਾ ਹੈ | ਦਰਅਸਲ ਜੇਕਰ ਵਸਤਾਂ ਦੀ ਗੱਲ ਕਰੀਏ ਤਾਂ ਸੂਚੀ ਨਾ ਮੁੱਕਣ ਵਾਲੀ ਬਣ ਸਕਦੀ ਹੈ ਕਿਉਂਕਿ ਵਰਤਣਵਾਲੇ ਤਾਂ ਪੁਰਾਣੇ ਬੂਟ, ਕੱਪੜੇ, ਬਾਥਰੂਮ ਦੇ ਟੱਬ, ਮਸ਼ੀਨਰੀ ਦੇ ਪੁਰਜੇ, ਪੁਰਾਣੇ ਪਿੰਜਰੇ, ਛੱਤਰੀਆਂ, ਫਲਾਂ ਵਾਲੇ ਕਰੇਟ, ਭਾਂਡੇ ਆਦਿ ਅਨੇਕਾਂ ਵਸਤਾਂ ਨੂੰ ਵਰਤ ਲੈਂਦੇ ਹਨ | ਕੁੱਲ ਮਿਲਾ ਕੇ ਵਰਤੀ ਜਾ ਚੁੱਕੀ ਵਸਤੂ ਨੂੰ ਪੁਨਰ ਵਰਤੋਂ ਵਿਚ ਲਿਆਉਣ ਖਾਤਰ ਤੁਹਾਨੂੰ ਤਕਨੀਕੀ ਜਾਣਕਾਰੀ ਤੇ ਕਲਾ ਦੀ ਸਮਝ ਹੋਣੀ ਲਾਜ਼ਮੀ ਹੁੰਦੀ ਹੈ | ਬੇਕਾਰ ਵਸਤਾਂ ਦੀ ਸਾਡੇ ਕੋਲ ਕੋਈ ਕਮੀ ਨਹੀਂ | ਬਸ ਲੋੜ ਹੈ ਤਾਂ ਸਾਡੇ ਦਿਮਾਗ ਦੀ ਬੱਤੀ ਜਗਾਉਣ ਦੀ |

-ਮੋਬਾਈਲ : 98142-39041.
landscapingpeople@rediffmail.com

ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਕਰਨ ਦੇ ਮਹੱਤਵਪੂਰਨ ਨੁਕਤੇ

ਆਧੁਨਿਕ ਯੁੱਗ ਵਿਚ ਲਗਪਗ ਹਰ ਕੰਮ ਇੰਟਰਨੈੱਟ 'ਤੇ ਹੀ ਹੋ ਰਿਹਾ ਹੈ | ਗੱਲਬਾਤ, ਪੜ੍ਹਾਈ ਤੋਂ ਲੈ ਕੇ ਵਪਾਰ ਅਤੇ ਮੀਟਿੰਗ ਤੱਕ | ਇਸ ਲਈ ਜਦੋਂ ਸਾਰਾ ਸਮਾਂ ਇੰਟਰਨੈੱਟ ਸਰਫ ਹੁੰਦਾ ਹੈ ਤਾਂ ਇਸ ਪ੍ਰੋਸੈਸ ਵਿਚ ਕਈ ਤਰ੍ਹਾਂ ਦੇ ਵਾਇਰਸ ਅਤੇ ਹੋਰ ਨੈੱਟਵਰਕ ਅਟੈਕ ਸਾਡੇ ਕੰਪਿਊਟਰ ਉਤੇ ਹੋ ਜਾਂਦੇ ਹਨ, ਜਿਸ ਦੇ ਬਾਰੇ ਬਹੁਤ ਸਾਰੇ ਯੂਜ਼ਰ ਨਹੀਂ ਜਾਣਦੇ ਅਤੇ ਇਸ ਲਈ ਉਨ੍ਹਾਂ ਨੂੰ ਇੰਟਰਨੈੱਟ ਸੁਰੱਖਿਆ ਬਾਰੇ ਕੁਝ ਨੁਕਤੇ ਦੱਸਣਾ ਜ਼ਰੂਰੀ ਹੈ | ਆਓ ਜਾਣੀਏ:
• ਆਪਣਾ ਪਾਸਵਰਡ ਹਮੇਸ਼ਾ ਗੁਪਤ ਰੱਖੋ ਭਾਵੇਂ ਉਹ ਈਮੇਲ ਦਾ ਹੋਵੇ, ਨੈੱਟ ਬੈਂਕਿੰਗ ਦਾ, ਕਿਸੇ ਵੀ ਵੈੱਬ ਪੋਰਟਲ ਦਾ ਹੋਵੇ, ਕਿਉਂਕਿ ਜੇ ਇਹ ਕਿਸੇ ਮਾੜੇ ਵਿਅਕਤੀ ਕੋਲ ਚਲਾ ਜਾਵੇ ਤਾਂ ਉਸ ਨਾਲ ਉਹ ਤੁਹਾਡੇ ਡਾਟੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ | ਪਾਸਵਰਡ ਹਮੇਸ਼ਾ ਵਿਲੱਖਣ ਅਤੇ ਔਖਾ ਰੱਖਣਾ ਚਾਹੀਦਾ ਹੈ ਅਤੇ ਉਸ ਨੂੰ ਸਮੇਂ-ਸਮੇਂ 'ਤੇ ਬਦਲਦੇ ਰਹਿਣਾ ਚਾਹੀਦਾ ਹੈ, ਤਾਂ ਕਿ ਜੇਕਰ ਕੋਸ਼ਿਸ਼ ਵੀ ਕਰਨ ਤਾਂ ਉਹ ਪਾਸਵਰਡ ਲੱਭਣ ਵਿਚ ਕਾਮਯਾਬ ਨਾ ਹੋਣ |
• ਵਾਈ-ਫਾਈ ਜੋ ਮੁਫ਼ਤ ਵਿਚ ਉਪਲਬੱਧ ਹੋਵੇ, ਉਸ ਨੂੰ ਵਰਤਣ ਤੋਂ ਪ੍ਰਹੇਜ਼ ਕਰੋ, ਕਿਉਂਕਿ ਉਹ ਅਸੁਰੱਖਿਅਤ ਕੁਨੈਕਸ਼ਨ ਹੁੰਦੇ ਹਨ, ਜਿਨ੍ਹਾਂ ਰਾਹੀਂ ਘੁਸਪੈਠੀਏ (ਇਨਟਰੂਡਰ) ਤੁਹਾਡੀ ਡਿਵਾਈਸ ਜਾਂ ਕੰਪਿਊਟਰ ਜਾਂ ਕੰਪਿਊਟਰ ਹੈਕ ਕਰਕੇ ਡਾਟਾ ਚੋਰੀ ਕਰ ਸਕਦੇ ਹਨ ਜਾਂ ਉਸ ਉਤੇ ਕੰਟਰੋਲ ਕਰ ਸਕਦੇ ਹਨ, ਜੋ ਤੁਹਾਡੀ ਅਤੇ ਤੁਹਾਡੇ ਡਾਟੇ ਦੀ ਨਿਜ਼ਤਾ ਲਈ ਖ਼ਤਰਨਾਕ ਹੈ | ਜੇ ਤੁਸੀਂ ਘਰ ਵਿਚ ਜਾਂ ਦਫ਼ਤਰ ਵਿਚ ਵਾਈ-ਫਾਈ ਵਰਤਦੇ ਹੋ ਤਾਂ ਉਸ ਨੂੰ ਪਾਸਵਰਡ ਲਗਾ ਕੇ ਸੁਰੱਖਿਅਤ ਕਰਨਾ ਚਾਹੀਦਾ ਹੈ |
• ਈਮੇਲ ਦੀ ਵਰਤੋਂ ਕਰਦੇ ਸਮੇਂ ਜੇਕਰ ਤੁਹਾਨੂੰ ਅਜਿਹਾ ਲੱਗੇ ਕਿ ਕੋਈ ਅਣਪਛਾਤੇ ਵਿਅਕਤੀ/ਵਿਅਕਤੀਆਂ ਦੁਆਰਾ ਤੁਹਾਨੂੰ ਈਮੇਲ ਭੇਜੀ ਜਾ ਰਹੀ ਹੈ, ਖਾਸ ਕਰ ਜੋ ਤੁਹਾਡੇ ਤੋਂ ਨਿੱਜੀ ਜਾਣਕਾਰੀ ਮੰਗਦੀ ਹੋਵੇ ਤਾਂ ਅਜਿਹੀ ਈਮੇਲ ਦਾ ਕਦੇ ਜਵਾਬ ਨਾ ਦਿਓ ਨਹੀਂ ਤਾਂ ਇਸ ਰਸਤੇ ਵੀ ਤੁਹਾਡਾ ਡਾਟਾ ਚੋਰੀ ਹੋ ਸਕਦਾ ਹੈ | ਤਕਨੀਕੀ ਭਾਸ਼ਾ ਵਿਚ ਇਸ ਨੂੰ ਫਿਸ਼ਿੰਗ ਸਕੈਮ ਕਹਿੰਦੇ ਹਨ |
• ਇੰਟਰਨੈੱਟ ਚਲਾਉਣ ਸਮੇਂ ਸਿਰਫ਼ ਸੁਰੱਖਿਅਤ ਕੁਨੈਕਸ਼ਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਦੀ ਵੈੱਬਸਾਈਟ ਦਾ ਐਡਰੈੱਸ ਐਚ ਟੀ ਟੀ ਐਸ:// ਤੋਂ ਸੁਰੂ ਹੋਵੇ ਅਤੇ ਐਡਰੈੱਸ ਬਾਰੇ ਉਹ ਹਰੇ ਰੰਗ ਵਿਚ ਦਿਸੇ ਉਹ ਵੈੱਬਸਾਈਟ ਸੁਰੱਖਿਅਤ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਸਰਫ ਕਰਨ ਉਪਰੰਤ ਸਾਡੇ ਕੰਪਿਊਟਰ ਨੂੰ ਨੁਕਸਾਨ ਨਹੀਂ ਹੁੰਦਾ |
• ਹਰ ਡਿਵਾਈਸ/ਕੰਪਿਊਟਰ ਦੀ ਇਨਬਿਲਟ ਸੁਰੱਖਿਆ ਪ੍ਰਣਾਲੀ ਹੁੰਦੀ ਹੈ, ਜਿਸ ਨੂੰ ਫਾਈਰਵਾਲ ਕਹਿੰਦੇ ਹਨ | ਉਸ ਦੀਆਂ ਸੈਟਿੰਗਜ਼ ਹਮੇਸ਼ਾ ਚਾਲੂ (ਆਨ) ਰੱਖਣੀਆਂ ਚਾਹੀਦੀਆਂ ਹਨ, ਕਿਉਂਕਿ ਜੇ ਕਿਸੇ ਸਿਸਟਮ ਵਿਚ ਐਾਟੀਵਾਈਰਸ ਇੰਸਟਾਲ ਨਾ ਵੀ ਹੋਇਆ ਤਾਂ ਵੀ ਇਹ ਕਾਫ਼ੀ ਹੱਦ ਤੱਕ ਕੰਪਿਊਟਰ ਦੀ ਵਾਇਰਸ ਤੋਂ ਰੱਖਿਆ ਕਰਦਾ ਹੈ |
• ਹਮੇਸ਼ਾ ਵਧੀਆ ਸੁਰੱਖਿਆ ਦੇਣ ਵਾਲੇ ਨਵੀਨਤਮ ਐਾਟੀਵਾਈਰਸ (ਕੇ 7, ਕੈਸਪਰਸਕਾਈ, ਨੋਰਟਨ, ਕੁਇਕ ਹੀਲ ਆਦਿ) ਦੀ ਵਰਤੋਂ ਕਰਨੀ ਚਾਹੀਦੀ ਹੈ | ਹਫ਼ਤੇ ਵਿਚ ਇਕ ਵਾਰ ਆਪਣੇ ਸਿਸਟਮ ਨੂੰ ਐਾਟੀਵਾਇਰਸ ਨਾਲ ਚੰਗੀ ਤਰ੍ਹਾਂ ਸਕੈਨ ਕਰਨਾ ਚਾਹੀਦਾ ਹੈ ਅਤੇ ਜੋ ਵੀ ਵਾਇਰਸ, ਵਰਮ, ਟਰੋਜਨ ਆਦਿ ਡਿਟੈਕਟ ਹੁੰਦੇ ਹਨ, ਉਨ੍ਹਾਂ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ | ਹਰ ਐਾਟੀਵਾਇਰਸ ਦਾ ਸਾਲ ਬਾਅਦ ਲਾਇਸੈਂਸ ਰੀਨਿਊ ਕਰਨਾ ਚਾਹੀਦਾ ਹੈ ਅਤੇ ਲੇਟੈਸਟ ਪੈਚ ਨੂੰ ਵੀ ਅਪਡੇਟ ਕਰਦੇ ਰਹਿਣਾ ਜ਼ਰੂਰੀ ਹੈ, ਤਾਂ ਕਿ ਤੁਹਾਡਾ ਐਾਟੀਵਾਇਰਸ ਨਵੇਂ ਤੋਂ ਨਵੇਂ ਵਾਰਿਸ ਨੂੰ ਫੜਨ ਵਿਚ ਅਤੇ ਉਨ੍ਹਾਂ ਨੂੰ ਡਿਸਇਨਫੈਕਟ ਕਰਨ ਵਿਚ ਸਮਰੱਥ ਰਹੇ |

-ਕੰਪਿਊਟਰ ਫੈਕਲਟੀ ਸ.ਹ.ਸ. ਕਲਿਆਣਪੁਰ (ਜਲੰਧਰ) |
ਮੋਬਾਈਲ : 98764-89369.

ਭੁੱਲੀਆਂ ਵਿਸਰੀਆਂ ਯਾਦਾਂ

ਰਾਮਦਾਸ ਵਿਖੇ ਬਾਬਾ ਬੁੱਢਾ ਸਾਹਿਬ ਦੇ ਤਪ ਅਸਥਾਨ 'ਤੇ ਸ: ਸ਼ਾਮ ਸਿੰਘ ਨੰਬਰਦਾਰ ਨੇ ਇਕ ਕਵੀ ਦਰਬਾਰ ਕਰਵਾਇਆ ਸੀ | ਉਸ ਕਵੀ ਦਰਬਾਰ ਵਿਚ ਸ: ਮੇਦਨ ਸਿੰਘ 'ਮੇਦਨ', ਸ: ਤੇਜਾ ਸਿੰਘ ਸੁਤੰਤਰ ਦਾ ਛੋਟਾ ਭਾਈ, ਸ: ਗੁਰਬਚਨ ਸਿੰਘ ਪ੍ਰਵਾਨਾ, ਸ: ਅਜੀਤ ਸਿੰਘ 'ਆਸ', ਰਾਜਪਾਲ ਤੇ ਸ਼ਾਮ ਸਿੰਘ ਤੇ ਹੋਰ ਕਵੀ ਆਏ ਸਨ | ਤੁਰਨ ਲੱਗਿਆਂ ਉਨ੍ਹਾਂ ਨੂੰ ਮਿਲਟਰੀ ਵਿਚੋਂ ਸੇਵਾਮੁਕਤ ਹੋਇਆ ਸ: ਹਰਬੰਸ ਸਿੰਘ ਹੌਲਦਾਰ ਮਿਲ ਪਿਆ | ਇਹ ਸਾਰੇ ਉਸ ਨੂੰ ਬੀਤੇ ਸਮੇਂ 'ਚ ਲੜਾਈਆਂ ਦੀਆਂ ਗੱਲਾਂ ਪੁੱਛਣ ਲੱਗ ਪਏ | ਇਨ੍ਹਾਂ ਸਾਰਿਆਂ ਮੈਂਬਰਾਂ ਵਿਚੋਂ ਇਕ ਰਾਜਪਾਲ ਤੋਂ ਇਲਾਵਾ ਬਾਕੀ ਸਾਰੇ ਮੈਂਬਰ ਇਸ ਦੁਨੀਆ 'ਚ ਨਹੀਂ ਹਨ, ਸਿਰਫ਼ ਇਹ ਤਸਵੀਰ ਯਾਦ ਦੇ ਰੂਪ 'ਚ ਸਾਡੇ ਕੋਲ ਹੈ |

-ਮੋਬਾਈਲ : 98767-41231


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX