ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸਮਾਂ ਉਹ ਵੀ ਸੀ ਜਦੋਂ ਕਣਕਾਂ ਦੀ ਵਾਢੀ ਹੱਥੀਂ ਕਰਦੇ ਸਾਂ

1970 ਦੇ ਦਹਾਕੇ ਦੀ ਸ਼ੁਰੂਆਤ ਹੋਈ ਸੀ, ਜਦੋਂ ਦਾਤਰੀਆਂ ਨੂੰ ਦੰਦੇ ਕਢਵਾ ਕੇ ਅਸੀਂ ਚਾਰੇ ਭਰਾ ਆਪਣੇ ਪਿਤਾ ਨਾਲ ਆਪਣੀ ਕਣਕ ਵੱਢਣ ਜਾਂਦੇ, ਉਦੋਂ ਮੇਰੀ ਉਮਰ 14 ਸਾਲ ਦੀ ਸੀ ਅਤੇ ਕਣਕ ਦੀ ਵਾਢੀ ਸਮੇਂ ਸਕੂਲਾਂ ਵਿਚ ਛੁੱਟੀਆਂ ਪੈ ਜਾਂਦੀਆਂ ਸਨ। ਸਾਰਾ ਦਿਨ ਕਣਕ ਵੱਢਣੀ ਅਤੇ ਕਦੀ-ਕਦੀ ਉਠ ਕੇ ਪਿੰਡ ਵੱਲ ਵੇਖਦੇ ਰਹਿਣਾ ਕੇ ਸਾਡੇ ਬੀਜੀ ਕਦੋਂ ਰੋਟੀ-ਲੱਸੀ, ਆਦਿ ਲੈ ਕੇ ਆਉਂਦੇ ਹਨ। ਕਣਕ ਵੱਢਣ ਲਈ ਮੰਗ (ਆਵਤ) ਵੀ ਪਾਈ ਜਾਂਦੀ, ਜੋ ਕਿ ਆਪਸੀ ਸਾਂਝ ਦਾ ਪ੍ਰਤੀਕ ਵੀ ਹੁੰਦਾ ਸੀ। ਘਰ ਵਿਚ ਉਸ ਸਮੇਂ ਵਿਆਹ ਵਰਗਾ ਹੀ ਮਾਹੌਲ ਹੁੰਦਾ ਅਤੇ ਕਣਕ ਵੱਢਦੇ ਸਮੇਂ ਹਾਸਾ-ਠੱਠਾ ਵੀ ਕਰਦੇ ਰਹਿੰਦੇ ਅਤੇ ਸੁਆਣੀਆਂ ਰੋਟੀ ਆਦਿ ਤਿਆਰ ਕਰਨ ਵਿਚ ਲੱਗ ਜਾਂਦੀਆਂ। ਦੁਪਹਿਰ ਨੂੰ ਨਹਿਰ ਦੇ ਕੰਢੇ ਛਾਵੇਂ ਖੱਬੜ (ਬੇੜ) ਵੱਟਣੇ ਅਤੇ ਬਾਅਦ ਦੁਪਹਿਰ ਫਿਰ ਵਾਢੀ ਸ਼ੁਰੂ ਹੋ ਜਾਣੀ। ਸ਼ਾਮ ਨੂੰ ਕਣਕ ਖੱਬੜਾਂ ਵਿਚ ਬੰਨ੍ਹ ਲੈਣੀ ਤਾਂ ਜੋ ਹਨੇਰੀ ਆਦਿ ਤੋਂ ਬਚਾਈ ਜਾ ਸਕੇ। ਪੇਂਡੂ ਮਜ਼ਦੂਰਾਂ ਦੀ ਸਹਾਇਤਾ ਨਾਲ ਵੀ ਕਣਕ ਵੱਢੀ ਜਾਂਦੀ, ਜਿਸ ਨਾਲ ਕਾਫ਼ੀ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਜਾਂਦਾ। ਫਿਰ ਕਣਕ ਦੀਆਂ ਭਰੀਆਂ ਬੰਨ੍ਹ ਕੇ ਇਕ ਥਾਂ ਇਕੱਠੀਆਂ ਕੀਤੀਆਂ ਜਾਂਦੀਆਂ ਜਿਸ ਨੂੰ ਖਲਵਾੜਾ ਕਹਿੰਦੇ ਸਨ। 2-3 ਮਹੀਨੇ ਫਲੇ ਚਲਾ ਕੇ ਕਣਕ ਦੀ ਗਹਾਈ ਕੀਤੀ ਜਾਂਦੀ (ਫਲੇ ਕਿੱਕਰ/ਬੇਰੀ ਆਦਿ ਦੇ ਛਾਪੇ ਇਕੱਠੇ ਕਰਕੇ ਬਣਾਏ ਜਾਂਦੇ ਸਨ)। 20-25 ਭਰੀਆਂ ਦਾ ਇਹ ਗਾਹ ਪਾਇਆ ਜਾਂਦਾ ਅਤੇ ਬਲਦਾਂ ਮਗਰ ਫਲੇ ਪਾ ਕੇ ਗਹਾਈ ਕੀਤੀ ਜਾਂਦੀ। ਫਲੇ 'ਤੇ ਬੈਠ ਕੇ ਬੱਚੇ ਝੂਟੇ ਵੀ ਲਿਆ ਕਰਦੇ ਸਨ। ਗਰਮੀ ਤੋਂ ਬਚਣ ਲਈ ਸੱਤੂ ਵੀ ਪੀਤੇ ਜਾਂਦੇ। ਇਕ ਦਿਨ ਵਿਚ ਮਸਾਂ 2 ਕੁ ਗਹਾ ਦੀ ਗਹਾਈ ਹੁੰਦੀ, ਜੇਕਰ ਮੌਸਮ ਬਾਰਿਸ਼ ਵਾਲਾ ਹੋ ਜਾਵੇ ਤਾਂ ਗਹਾਈ ਬੰਦ। ਫਿਰ ਉਸਨੂੰ ਸੁਕਾ ਕੇ ਫਿਰ ਗਹਾਈ ਕੀਤੀ ਜਾਂਦੀ। ਜਿਸ ਨਾਲ ਕਾਫੀ ਸਮਾਂ ਲੱਗ ਜਾਂਦਾ। ਗਹਾਈ ਤੋਂ ਬਾਅਦ ਛੱਜਾਂ ਨਾਲ ਉਡਾ ਕੇ ਕਣਕ ਵੱਖਰੀ ਕੀਤੀ ਜਾਂਦੀ ਅਤੇ ਤੂੜੀ ਵੱਖਰੀ। ਉਦੋਂ ਛੱਜ ਵੇਚਣ ਵਾਲੇ ਆਮ ਹੀ ਮਿਲ ਜਾਂਦੇ ਸਨ। ਫਲੇ ਦੀ ਗਹਾਈ ਨਾਲ ਤੂੜੀ ਮੋਟੀ ਬਣਦੀ।
ਬਾਅਦ ਵਿਚ ਸਮੇਂ ਨੇ ਕਰਵਟ ਲਈ, ਕਣਕ ਗਹਾਉਣ ਵਾਲੀਆਂ ਮਸ਼ੀਨਾਂ (ਡਰੰਮੀਆਂ) ਚੱਲੀਆਂ ਜੋ ਤੂੜੀ ਵੱਖਰੀ ਕਰਦੀਆਂ, ਪ੍ਰੰਤੂ ਦਾਣੇ ਅਤੇ ਕੁੰਢੀਆਂ ਇਕੱਠੀਆਂ ਹੀ ਹੇਠਾਂ ਸੁੱਟ ਦਿੰਦੀਆਂ। ਉਨ੍ਹਾਂ ਨਾਲ ਕਾਫੀ ਸਮਾਂ ਲਗਦਾ। ਫਿਰ ਕੁਝ ਤਰੱਕੀ ਹੋਰ ਹੋਈ, ਕਣਕ ਕੁਤਰਨ ਦੀਆਂ ਵੱਡੀਆਂ ਮਸ਼ੀਨਾਂ ਚੱਲੀਆਂ। ਉਹ ਬੰਬੀ ਦੀਆਂ ਮੋਟਰਾਂ 'ਤੇ ਹੀ ਚਲਦੀਆਂ ਸਨ। ਜਦੋਂ ਬਿਜਲੀ ਬੰਦ ਤਾਂ ਗਹਾਈ ਬੰਦ। ਇਸ ਵਿਚ ਵੀ ਕਾਫੀ ਸਮਾਂ ਲਗਦਾ ਸੀ। ਪਰ ਜਦੋਂ ਬਿਜਲੀ ਬੰਦ ਹੁੰਦੀ ਉਦੋਂ ਮਜ਼ਦੂਰਾਂ ਦੀ ਸਹਾਇਤਾ ਨਾਲ ਤੂੜੀ ਸਾਂਭ ਲੈਣੀ। ਸਭ ਤੋਂ ਪਹਿਲਾਂ ਡੰਗਰਾਂ ਵਾਲੇ ਅੰਦਰ ਭਰਨੇ ਫਿਰ ਮੂਸਲ (ਕੁੱਪ) ਬੰਨ੍ਹਣੇ, ਜਿਸ ਨਾਲ ਕਾਫੀ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ। ਫਿਰ ਚੱਲੀਆਂ ਟਰੈਕਟਰ ਨਾਲ ਚੱਲਣ ਵਾਲੇ ਹੜੰਬੇ, ਤੂੜੀ ਬਣਾਉਣ ਵਾਲੇ ਰੀਪਰ ਜੋ ਕਿ ਪਿੰਡ ਵਿਚ ਆਮ ਹੀ ਮਿਲਣੇ ਸ਼ੁਰੂ ਹੋ ਗਏ। ਫਿਰ ਚੱਲ ਪਈਆਂ ਕੰਬਾਈਨਾਂ ਜੋ ਕਿ ਮਿੰਟਾਂ ਵਿਚ ਤੂੜੀ ਤੇ ਦਾਣੇ ਬਣਾ ਕੇ ਫੁਰਰ ਹੋ ਜਾਂਦੀਆਂ ਹਨ। ਇਸ ਤਰ੍ਹਾਂ ਮਹੀਨਿਆਂ ਦਾ ਕੰਮ ਦਿਨਾਂ ਵਿਚ ਅਤੇ ਦਿਨਾਂ ਦਾ ਕੰਮ ਕੁਝ ਘੰਟਿਆਂ 'ਚ ਹੋਣ ਲੱਗ ਪਿਆ।
ਭਾਵੇਂ ਮਸ਼ੀਨੀਕਰਨ ਵਧ ਗਿਆ, ਕੰਮ ਵਿਚ ਵੀ ਤੇਜ਼ੀ ਆਈ ਹੈ, ਤਰੱਕੀ ਵੀ ਬਹੁਤ ਹੋਈ ਹੈ ਅਤੇ ਪੁਰਾਣੇ ਸਮੇਂ ਵਿਚ ਜਿਮੀਂਦਾਰਾਂ ਨੂੰ ਆਮਦਨ ਘੱਟ ਹੋਣ ਦੇ ਬਾਵਜੂਦ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰਦਾ ਸੀ ਕਿਉਂਕਿ ਸ਼ੌਕ ਬਹੁਤ ਹੀ ਸੀਮਤ ਸਨ ਤੇ ਗੁਜ਼ਾਰਾ ਘਰ ਦੀਆਂ ਵਸਤਾਂ 'ਤੇ ਹੀ ਨਿਰਭਰ ਸੀ, ਇਸ ਲਈ ਕਰਜ਼ੇ ਦੀ ਨੌਬਤ ਨਹੀਂ ਸੀ ਆਉਂਦੀ। ਵਾਜਬ ਖਰਚੇ ਸਨ। ਹੁਣ ਏਨੀ ਆਮਦਨ ਹੋਣ ਦੇ ਬਾਵਜੂਦ ਕਿਸਾਨ ਕਰਜ਼ਈ ਹੈ। ਰੋਜ਼ ਖੁਦਕੁਸ਼ੀਆਂ ਹੋ ਰਹੀਆਂ ਹਨ। ਆਪਸੀ ਪਿਆਰ ਘਟ ਰਿਹਾ ਹੈ। ਉਦੋਂ ਕੋਈ ਨਸ਼ਾ ਨਹੀਂ ਕਰਦਾ ਸੀ। ਪਿੰਡਾਂ ਦੇ ਮੁੰਡੇ ਕੁਸ਼ਤੀਆਂ, ਕਬੱਡੀ ਖੇਡਦੇ ਸੀ। ਹੁਣ ਨੌਜਵਾਨ ਵਿਹਲਾ ਹੈ, ਬੇਰੁਜ਼ਗਾਰ ਹੈ। ਕਾਲੇ/ਚਿੱਟੇ ਦਾ ਬੋਲਬਾਲਾ ਹੋ ਗਿਆ ਹੈ ਜੋ ਕਿ ਅਜੋਕੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ, ਜਿਸ ਤੋਂ ਲਗਦਾ ਹੈ ਕਿ ਪੰਜਾਬ ਤਰੱਕੀ ਨਹੀਂ ਸਗੋਂ ਵਿਨਾਸ਼ ਵੱਲ ਵਧ ਰਿਹਾ ਹੈ।


-ਸ਼ਾਹਬਾਦੀਆ, 15 ਰਮਨੀਕ ਨਗਰ, ਮਿੱਠਾਪੁਰ ਰੋਡ, ਜਲੰਧਰ।
ਮੋਬਾਈਲ : 98723-51838.


ਖ਼ਬਰ ਸ਼ੇਅਰ ਕਰੋ

ਭਿੰਡੀ ਦੀ ਕਾਸ਼ਤ ਅਤੇ ਬੀਜ ਉਤਪਾਦਨ ਕਿਵੇਂ?

ਉੱਨਤ ਕਿਸਮਾਂ
ਪੰਜਾਬ ਸੁਹਾਵਨੀ : ਇਸ ਕਿਸਮ ਦੇ ਬੂਟੇ ਦਰਮਿਆਨੇ ਉੱਚੇ ਅਤੇ ਡੰਡੀ ਉਤੇ ਜ਼ਾਮਨੀ ਰੰਗ ਦੇ ਡੱਬ ਹੁੰਦੇ ਹਨ। ਪੱਤੇ ਡੂੰਘੇ ਕਟਵੇਂ, ਗੂੜ੍ਹੇ ਹਰੇ ਰੰਗ ਦੇ ਅਤੇ ਕਿਨਾਰੇ ਦੰਦਿਆਂ ਵਾਲੇ ਹੁੰਦੇ ਹਨ। ਪੱਤੇ, ਤਣੇ ਅਤੇ ਡੰਡੀ ਉਤੇ ਲੂੰ ਹੁੰਦੇ ਹਨ। ਇਸ ਦੇ ਫਲ ਦਰਮਿਆਨੇ ਲੰਮੇ, ਗੂੜੇ ਹਰੇ, ਨਰਮ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ। ਇਹ ਕਿਸਮ ਵਿਚ ਪੀਲੀਏ ਰੋਗ ਨੂੰ ਸਹਾਰ ਸਕਣ ਦੀ ਸਮੱਰਥਾ ਹੁੰਦੀ ਹੈ। ਇਸ ਦਾ ਔਸਤ ਝਾੜ 49 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ-8: ਇਸ ਕਿਸਮ ਦੇ ਬੂਟੇ ਦਰਮਿਆਨੇ ਉਚੇ ਅਤੇ ਤਣੇ 'ਤੇ ਜਾਮਣੀ ਰੰਗ ਦੇ ਧੱਬੇ ਹੁੰਦੇ ਹਨ। ਇਸ ਦੇ ਪੱਤੇ ਡੂੰਘੇ ਕੱਟਵੇਂ ਅਤੇ ਕਿਨਾਰੇ ਘੱਟ ਦੰਦਿਆਂ ਵਾਲੇ ਹੁੰਦੇ ਹਨ। ਪੱਤੇ, ਤਣੇ ਅਤੇ ਡੰਡੀ ਉਤੇ ਘੱਟ ਲੂੰ ਹੁੰਦੇ ਹਨ। ਇਸ ਦੇ ਫਲ ਪਤਲੇ, ਲੰਮੇ, ਗੂੜ੍ਹੇ ਹਰੇ ਰੰਗ ਦੇ ਅਤੇ ਪੰਜ ਨੁਕਰਾਂ ਵਾਲੇ ਹੁੰਦੇ ਹਨ। ਇਸ ਕਿਸਮ ਵਿਚ ਪੀਲੀਏ (ਵਿਸ਼ਾਣੂ ਰੋਗ) ਨੂੰ ਸਹਿਣ ਦੀ ਸਮਰੱਥਾ ਹੈ। ਇਹ ਕਿਸਮ ਡੱਬਾਬੰਦੀ ਵਾਸਤੇ ਚੰਗੀ ਹੈ। ਇਸ ਦਾ ਔਸਤ ਝਾੜ 55 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਪਦਮਨੀ: ਇਸ ਦੇ ਫਲ ਤੇਜ਼ੀ ਨਾਲ ਵੱਧਣ ਵਾਲੇ, ਗੂੜ੍ਹੇ ਹਰੇ, ਪਤਲੇ, ਲੰਮੇ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ ਜੋ ਕਿ ਜ਼ਿਆਦਾ ਦੇਰ ਤਕ ਨਰਮ ਰਹਿੰਦੇ ਹਨ। ਇਸ ਕਿਸਮ ਨੂੰ ਪੀਲੀਏ ਦੀ ਬਿਮਾਰੀ ਘਟ ਲਗਦੀ ਹੈ ਅਤੇ ਇਸ ਦੀ ਨਵੀਂ ਫੋਟ 'ਤੇ ਵਿਸ਼ਾਣੂ ਰੋਗ ਦੀਆਂ ਨਿਸ਼ਾਨੀਆਂ ਕਾਫੀ ਦੇਰ ਬਾਅਦ ਆਉਦੀਆਂ ਹਨ। ਇਹ ਕਿਸਮ ਪਹਿਲੀ ਤੁੜਾਈ ਲਈ 60 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤ ਝਾੜ 45 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ 7: ਇਸ ਦੇ ਬੂਟੇ ਦਰਮਿਆਨੇ ਉੱਚੇ ਅਤੇ ਤਣੇ 'ਤੇ ਜਾਮਨੀ ਰੰਗ ਦੇ ਧੱਬੇ ਹੁੰਦੇ ਹਨ। ਇਸਦੇ ਪੱਤੇ, ਡੂੰਘੇ, ਕਟਵੇ ਅਤੇ ਕਿਨਾਰੇ ਘੱਟ ਦੰਦਿਆਂ ਵਾਲੇ ਹੁੰਦੇ ਹਨ। ਡੰਡੀ ਦਾ ਹੇਠਲਾ ਹਿੱਸਾ ਗੂੜ੍ਹਾ ਜਾਮਨੀ ਰੰਗ ਦਾ ਹੁੰਦਾ ਹੈ। ਤਣੇ ਪੱਤਿਆਂ ਅਤੇ ਡੰਡੀ ਉਤੇ ਲੂੰ ਹੁੰਦੇ ਹਨ। ਇਸ ਕਿਸਮ ਦੇ ਫਲ ਦਰਮਿਆਨੇ ਲੰਮੇ, ਹਰੇ, ਨਰਮ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ। ਫਲ ਦੀ ਨੋਕ ਖੁੰਢੀ ਹੁੰਦੀ ਹੈ। ਇਸ ਕਿਸਮ ਵਿਚ ਪੀਲੀਏ (ਵਿਸ਼ਾਣੂ ਰੋਗ) ਨੂੰ ਸਹਿਣ ਦੀ ਸਮਰੱਥਾ ਹੈ। ਇਸ ਦਾ ਔਸਤ ਝਾੜ 45 ਕੁਇੰਟਲ ਪ੍ਰਤੀ ਏਕੜ ਹੈ।
ਬਿਜਾਈ ਦਾ ਢੰਗ: ਪੰਦਰਾਂ ਤੋਂ ਅਠਾਰਾਂ ਕਿਲੋ ਬੀਜ ਪ੍ਰਤੀ ਏਕੜ ਅੱਧ ਫ਼ਰਵਰੀ ਦੀ ਬਿਜਾਈ ਵਾਸਤੇ, 8-10 ਕਿਲੋ ਬੀਜ ਮਾਰਚ ਦੀ ਬਿਜਾਈ ਵਾਸਤੇ ਅਤੇ 4-6 ਕਿਲੋ ਬੀਜ ਜੂਨ-ਜੁਲਾਈ ਵਾਸਤੇ ਕਾਫੀ ਹੈ। ਬੀਜ ਨੂੰ 24 ਘੰਟੇ ਪਹਿਲਾਂ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਫਿਰ ਬੀਜੋ। ਇਹ ਫ਼ਸਲ ਖੇਤ ਵਿਚ ਪੱਧਰੀ ਬੀਜੀ ਜਾ ਸਕਦੀ ਹੈ। ਬਿਜਾਈ ਸਮੇਂ ਕਤਾਰਾਂ ਵਿਚਕਾਰ ਫਾਸਲਾ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਰੱਖੋ। ਪਛੇਤੀ ਬਿਜਾਈ ਲਈ ਕਤਾਰਾਂ ਅਤੇ ਬੂਟਿਆਂ-ਵਿਚਕਾਰ ਫਾਸਲਾ ਵਧਾਇਆ ਜਾ ਸਕਦਾ ਹੈ।
ਖਾਦਾਂ ਅਤੇ ਨਦੀਨ: 15-20 ਟਨ ਗਲੀ-ਸੜੀ ਰੂੜੀ ਦੀ ਖਾਦ ਨੂੰ ਚੰਗੀ ਤਰ੍ਹਾਂ ਬਿਜਾਈ ਤੋਂ ਪਹਿਲਾਂ ਜ਼ਮੀਨ ਵਿਚ ਰਲਾਉਣਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਫ਼ਸਲ ਉੱਗਣ ਤੋਂ ਦੋ ਹਫਤੇ ਪਿੱਛੋਂ ਕਰੋ। ਇਸ ਪਿੱਛੋਂ ਗੋਡੀਆਂ 15 ਦਿਨ ਦੇ ਵਕਫੇ 'ਤੇ ਕਰਦੇ ਰਹੋ। ਨਦੀਨਾ ਦੀ ਰੋਕਥਾਮ ਨਦੀਨ ਨਾਸ਼ਕ ਦਵਾਈਆਂ ਨਾਲ ਵੀ ਕੀਤੀ ਜਾ ਸਕਦੀ ਹੈ।
ਪਾਣੀ: ਬਿਜਾਈ ਠੀਕ ਵੱਤਰ ਵਾਲੀ ਜ਼ਮੀਨ ਵਿਚ ਕਰੋ। ਗਰਮੀਆਂ ਵਿਚ ਪਹਿਲਾ ਪਾਣੀ 4-5 ਦਿਨਾਂ ਬਾਅਦ ਅਤੇ ਫਿਰ 6-7 ਦਿਨ ਦੇ ਵਕਫੇ 'ਤੇ ਲਾਓ। ਬਹਾਰ ਰੁੱਤ ਵਿਚ 10-12 ਦਿਨ ਬਾਅਦ ਅਤੇ ਬਰਸਾਤ ਵਿਚ ਘੱਟ ਸਿੰਚਾਈ ਦੀ ਜ਼ਰੂਰਤ ਹੈ। ਕੁਲ 10-12 ਪਾਣੀਆਂ ਦੀ ਲੋੜ ਹੈ।
ਬੀਜ ਉਤਪਾਦਨ : ਬੀਜ ਦੇ ਉਤਪਾਦਨ ਵਾਸਤੇ ਭਿੰਡੀ ਦੀਆਂ ਕਿਸਮਾਂ ਵਿਚਕਾਰ ਘੱਟੋ-ਘੱਟ 200 ਮੀਟਰ ਦਾ ਫ਼ਾਸਲਾ ਰੱਖਿਆ ਜਾਣਾ ਜ਼ਰੂਰੀ ਹੈ। ਇਕ ਏਕੜ ਵਾਸਤੇ 5-6 ਕਿਲੋ ਬੀਜ ਦੀ ਜ਼ਰੂਰਤ ਹੁੰਦੀ ਹੈ। ਬਿਜਾਈ ਪੱਧਰੀ ਜ਼ਮੀਨ 'ਤੇ ਕਤਾਰ ਤੋਂ ਕਤਾਰ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ 25 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ ਕਰਨੀ ਚਾਹੀਦੀ ਹੈ। ਸ਼ੁੱਧ ਬੀਜ ਦੀ ਪ੍ਰਾਪਤੀ ਲਈ ਘੱਟੋ-ਘੱਟ ਤਿੰਨ ਨਿਰੀਖਣ, ਪਹਿਲਾ ਫੁੱਲ ਆਉਣ ਤੋਂ ਪਹਿਲਾਂ, ਦੂਸਰਾ ਫੁੱਲ ਆਉਣ 'ਤੇ ਅਤੇ ਤੀਸਰਾ ਫ਼ਸਲ ਦੀ ਤੁੜਾਈ ਸਮੇਂ ਕਰੋ। ਗੈਰ ਅਤੇ ਬਿਮਾਰ ਬੂਟੇ ਪੁੱਟ ਕੇ ਨਸ਼ਟ ਕਰ ਦਿਓ। ਬੀਜ ਵਾਲੀ ਫ਼ਸਲ 90-100 ਦਿਨਾਂ ਵਿਚ ਪੱਕ ਜਾਂਦੀ ਹੈ। ਪੱਕਣ ਦੇ ਮੁਤਾਬਕ ਭਿੰਡੀਆਂ ਨੂੰ 3-4 ਵਾਰੀ ਤੋੜਨਾ ਚਾਹੀਦਾ ਹੈ। ਤੋੜੀਆਂ ਹੋਈਆਂ ਭਿੰਡੀਆਂ ਨੂੰ ਧੁੱਪ ਵਿਚ ਸੁਕਾ ਕੇ ਬੀਜ ਕੱਢ ਕੇ ਸਾਫ਼ ਕਰ ਲਵੋ। ਇਕ ਏਕੜ ਵਿਚੋਂ ਤਕਰੀਬਨ 5-6 ਕੁਇੰਟਲ ਬੀਜ ਦੀ ਪੈਦਾਵਾਰ ਹੁੰਦੀ ਹੈ।


-ਯੂਨੀਵਰਸਿਟੀ ਬੀਜ ਫਾਰਮ ਉਸਮਾਂ (ਤਰਨਤਾਰਨ)

ਵਹੀ ਖਾਤਾ ਤੇ ਕਿਸਾਨ

ਦੁਨੀਆ ਵਿਚ ਤਕਰੀਬਨ ਹਰ ਕੋਈ, ਆਪਣੀ ਆਮਦਨ ਤੇ ਖਰਚ ਦਾ ਹਿਸਾਬ ਰੱਖਦਾ ਹੈ, ਪਰ ਪੰਜਾਬ ਦੇ ਕਿਸੇ ਵੀ ਕਿਸਾਨ ਨੂੰ ਪੁੱਛ ਕੇ ਦੇਖੋ ਕਿ ਕੀ ਉਸ ਨੇ ਕਦੇ ਆਪਣੀ ਆਮਦਨ ਖਰਚ ਦਾ ਕੋਈ ਵਹੀ ਖਾਤਾ ਬਣਾਇਆ ਹੈ? ਤਾਂ ਜੇ ਜਵਾਬ ਹਾਂ ਵਿਚ ਮਿਲ ਜਾਵੇ ਤਾਂ ਸਮਝੋ ਤੁਸੀਂ ਕਿਸੇ ਦੇਵਤੇ ਨੂੰ ਹੀ ਮਿਲ ਰਹੇ ਹੋ। ਪੰਜਾਬ ਦੇ ਕਿਸਾਨ, ਆਪਣੀ ਖੇਤੀ ਜਿਣਸ ਤੋਂ ਹੁੰਦੀ ਆਮਦਨ ਦਾ ਹਿਸਾਬ ਰੱਖਣ ਵਿਚ ਫਾਡੀ ਹਨ। ਇਸੇ ਤਰ੍ਹਾਂ ਉਸ ਨੇ ਖਰਚ ਕਿੰਨਾ ਤੇ ਕਿਥੇ ਕੀਤਾ, ਇਸ ਦਾ ਤਾਂ ਉਹ ਕੋਈ ਹਿਸਾਬ ਹੀ ਨਹੀਂ ਰੱਖਦਾ। ਆਪਣੀ ਆਮਦਨ ਤੇ ਖਰਚ ਦਾ ਕੋਈ ਹਿਸਾਬ ਨਾ ਰੱਖਣਾ, ਇਕ ਬਹੁਤ ਹੀ ਮਾੜੀ ਆਦਤ ਹੈ। ਜੇਕਰ ਅਸੀਂ ਹਿਸਾਬ ਰੱਖਾਂਗੇ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਅਸੀਂ ਕਿਉਂ ਤੇ ਕਿਥੇ ਘਾਟਾ ਖਾ ਰਹੇ ਹਾਂ ਅਤੇ ਕਿਥੇ ਫਜ਼ੂਲ ਖਰਚ ਕਰ ਰਹੇ ਹਾਂ। 60 ਸਾਲ ਪਹਿਲਾਂ ਖੇਤੀ ਮਾਹਿਰਾਂ ਨੇ ਇਕ 50 ਸਫੇ ਦਾ ਵਹੀ ਖਾਤਾ ਬਣਾਇਆ ਸੀ, ਪਰ ਠੰਢੇ ਬਸਤੇ ਵਿਚ ਪਿਆ ਰਿਹਾ। ਹੁਣ ਇਕ ਅਮਰੀਕਾ ਤੋਂ ਆਏ ਕਿਸਾਨ ਨੇ ਤਿੰਨ ਸਫੇ ਦਾ ਦਾ ਸੌਖਾ ਜਿਹਾ ਵਹੀ ਖਾਤਾ ਤਿਆਰ ਕਰ ਕੇ ਮੁਫ਼ਤ ਜਾਰੀ ਕੀਤਾ ਹੈ, ਜੋ ਅੱਜ ਦੇ ਯੁੱਗ ਅਨੁਸਾਰ ਹੈ। ਇਸ ਨੂੰ ਆਰਾਮ ਨਾਲ ਕਾਪੀ ਕੀਤਾ ਜਾ ਸਕਦਾ ਹੈ। ਇਸ ਦਾ ਇਕ ਹੋਰ ਫਾਇਦਾ ਹੋਵੇਗਾ ਕਿ ਖੇਤੀ ਵਿਚ ਪੈ ਰਹੇ ਘਾਟੇ ਨੂੰ ਕਲਮਬੱਧ ਕਰ ਕੇ, ਸਰਕਾਰੀ ਤੰਤਰ ਨੂੰ ਇਕ ਸਬੂਤ ਵਾਂਗ ਦਿੱਤਾ ਜਾ ਸਕੇਗਾ ਅਤੇ ਇਹ ਖੇਤੀ ਨੀਤੀਆਂ ਨੂੰ ਕਿਸਾਨ ਪੱਖੀ ਬਣਾਉਣ ਵਿਚ ਸਹਾਈ ਹੀ ਹੋਵੇਗਾ।


-ਮੋਬਾ: 98159-45018

ਵਧੇਰੇ ਝਾੜ ਲਈ ਨਵੀਆਂ ਵਿਧੀਆਂ ਨੂੰ ਅਪਣਾਓ

ਪਿਛਲੇ ਦਿਨੀਂ ਪੰਜਾਬ ਖੇਤੀ ਯੂਨੀਵਰਸਿਟੀ ਅਤੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਵੱਖੋ-ਵੱਖ ਥਾਵਾਂ 'ਤੇ ਲਾਏ ਗਏ ਕਿਸਾਨ ਮੇਲਿਆਂ ਵਿਚ ਜਿਨ੍ਹਾਂ ਕਿਸਾਨਾਂ ਨੇ ਸ਼ਿਰਕਤ ਕੀਤੀ, ਉਨ੍ਹਾਂ ਦੀ ਬਹੁ-ਗਿਣਤੀ ਤੋਂ ਇਹ ਪ੍ਰਤੱਖ ਸੀ ਕਿ ਇਸ ਸਾਲ ਵੀ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਣ ਦੀ ਕੋਈ ਸੰਭਾਵਨਾ ਨਹੀਂ। ਸਭ ਫ਼ਸਲਾ ਨਾਲੋਂ ਵੱਧ ਮਾਤਰਾ 'ਚ ਕਿਸਾਨ ਝੋਨੇ ਤੇ ਬਾਸਮਤੀ ਦੇ ਬੀਜ ਖਰੀਦ ਰਹੇ ਸਨ ਅਤੇ ਇਨ੍ਹਾਂ ਦੋਵੇਂ ਫ਼ਸਲਾਂ ਸਬੰਧੀ ਖੋਜ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਉਤਾਵਲੇ ਸਨ। ਬਾਸਮਤੀ ਦੀ ਕਾਸ਼ਤ ਇਸ ਸਾਲ ਕਾਫ਼ੀ ਵੱਡੇ ਰਕਬੇ 'ਤੇ ਹੋਣ ਦੀ ਆਸ ਹੈ ਕਿਉਂਕਿ ਪਿਛਲੇ ਸਾਲ ਉਤਪਾਦਕਾਂ ਨੂੰ ਮੰਡੀ ਵਿਚ ਬਾਸਮਤੀ ਕਿਸਮਾਂ ਦੀ ਉਪਜ ਦਾ ਮੁੱਲ ਲਾਹੇਵੰਦ ਮਿਲਿਆ। ਨਵੀਆਂ ਪ੍ਰਕਾਸ਼ ਅੰਸਵੇਦਨਸ਼ੀਲ ਬਾਸਮਤੀ ਦੀਆਂ ਕਿਸਮਾਂ ਵਿਕਸਿਤ ਹੋਣ ਨਾਲ ਇਨ੍ਹਾਂ ਕਿਸਮਾਂ ਤੋਂ ਉਤਪਾਦਕਤਾ ਵੀ ਵਧੀਆ ਮਿਲ ਰਹੀ ਹੈ। ਫਿਰ ਪੂਸਾ ਬਾਸਮਤੀ-1121 ਕਿਸਮ ਜੋ ਸਭ ਕਿਸਮਾਂ ਨਾਲੋਂ ਵੱਧ ਬੀਜੀ ਜਾਂਦੀ ਹੈ ਅਤੇ ਲਗਭਗ ਹਰ ਕਿਸਾਨ ਇਸ ਕਿਸਮ ਨੂੰ ਲਾਉਂਦਾ ਹੈ, ਇਸ ਦਾ ਬਦਲ ਪੂਸਾ ਬਾਸਮਤੀ-1718 ਹੁਣ ਉਪਲਬਧ ਹੈ ਜੋ ਝੁਲਸ ਰੋਗ ਦੇ ਜੀਵਾਣੂ ਦੀਆਂ ਪੰਜਾਬ ਵਿਚ ਪਾਈਆ ਜਾਂਦੀਆਂ ਸਭ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਨਵੀਂ ਕਿਸਮ ਦੇ ਚੌਲ ਪੂਸਾ ਬਾਸਮਤੀ-1121 ਵਾਂਗ ਹੀ ਲੰਮੇ ਤੇ ਪਤਲੇ ਬਣਦੇ ਹਨ। ਜੋ ਪਕਾਉਣ ਤੇ ਖਾਣ ਵਿਚ ਬੜੇ ਸਵਾਦੀ ਹਨ। ਇਸ ਨਵੀਂ ਕਿਸਮ ਦਾ ਝਾੜ ਵੀ ਪੂਸਾ ਬਾਸਮਤੀ-1121 ਕਿਸਮ ਦੇ ਮੁਕਾਬਲੇ ਵੱਧ ਹੈ। ਇਸ ਕਿਸਮ ਤੇ ਕੀਟਨਾਸ਼ਕਾਂ ਦੇ ਛਿੜਕਾਅ ਵੀ ਪੂਸਾ ਬਾਸਮਤੀ-1121 ਦੇ ਮੁਕਾਬਲੇ ਘੱਟ ਕਰਨੇ ਪੈਂਦੇ ਹਨ। ਇਸ ਕਿਸਮ ਦੇ ਬੀਜ ਦੀ ਦੂਜੀਆਂ ਸਭ ਬਾਸਮਤੀ ਕਿਸਮਾਂ ਨਾਲੋਂ ਵੱਧ ਮੰਗ ਕਿਸਾਨਾਂ ਵਲੋਂ ਕੀਤੀ ਜਾਂਦੀ ਰਹੀ।
ਚੌਲ ਦੀ ਗੁਣਵੱਤਾ ਅਤੇ ਸਵਾਦ ਪੱਖੋਂ ਪੂਸਾ ਬਾਸਮਤੀ-6 (ਪੂਸਾ 1401) ਕਿਸਮ ਦੀ ਮੰਗ ਸੀ। ਇਸ ਦਾ ਵੀ ਬਦਲ ਉਪਲਬਧ ਹੈ। ਭਾਰਤੀ ਖੇਤੀ ਖੋਜ ਸੰਸਥਾਨ ਦੇ ਵਿਗਿਆਨੀਆਂ ਵਲੋਂ ਪੂਸਾ ਬਾਸਮਤੀ 1728 ਕਿਸਮ ਵਿਕਸਿਤ ਕੀਤੀ ਗਈ ਹੈ। ਪੂਸਾ 1401 ਕਿਸਮ ਪੱਕਣ ਨੂੰ ਲੰਮਾ ਸਮਾਂ ਲੈਂਦੀ ਹੈ ਅਤੇ ਇਸ ਤੇ ਸਪਰੇਅ ਵੀ ਕਈ ਕਰਨੇ ਪੈਂਦੇ ਹਨ। ਨਵੀਂ ਪੂਸਾ ਬਾਸਮਤੀ 1728 ਕਿਸਮ ਤੇ ਸਪਰੇਅ ਘੱਟ ਕਰਨੇ ਪੈਂਦੇ ਹਨ ਅਤੇ ਬਿਮਾਰੀ ਜਿਵੇਂ ਝੁਲਸ ਰੋਗ ਆਦਿ ਦਾ ਹਮਲਾ ਘੱਟ ਹੁੰਦਾ ਹੈ। ਪੂਸਾ 1401 ਕਿਸਮ ਤੋਂ ਕਈ ਅਗਾਂਹਵਧੂ ਕਿਸਾਨਾਂ ਨੇ 30-32 ਕੁਇੰਟਲ ਪ੍ਰਤੀ ਏਕੜ ਤੱਕ ਦੀ ਉਤਪਾਦਕਤਾ ਪ੍ਰਾਪਤ ਕੀਤੀ ਹੈ। ਇਸ ਕਿਸਮ ਦਾ ਮੰਡੀ 'ਚ ਭਾਅ ਪਿਛਲੇ ਸਾਲ ਭਾਵੇਂ ਪੂਸਾ ਬਾਸਮਤੀ-1121 ਦੇ ਮੁਕਾਬਲੇ 100-200 ਰੁਪਏ ਪ੍ਰਤੀ ਕੁਇੰਟਲ ਘੱਟ ਮਿਲਿਆ ਹੈ। ਪ੍ਰੰਤੂ ਇਸ ਦੇ ਚੌਲ ਗੁਣਵੱਤਾ ਪੱਖੋਂ ਅਤੇ ਪਕਾ ਕੇ ਬਣਨ ਤੋਂ ਬਾਅਦ ਪੂਸਾ ਬਾਸਮਤੀ -1121 ਦੇ ਮੁਕਾਬਲੇ ਕੁਝ ਥੋੜ੍ਹਾ-ਬਹੁਤਾ ਜ਼ਿਆਦਾ ਸੁਆਦਲੇ ਤੇ ਇਕਸਾਰ ਬਣਦੇ ਹਨ ਅਤੇ ਇਸ ਕਿਸਮ ਦੇ ਚੌਲਾਂ ਵਿਚ ਖੁਸ਼ਬੂ ਵੀ ਹੈ। ਸ਼ੈੱਲਰਾਂ ਅਤੇ ਖਪਤਕਾਰਾਂ ਨੇ ਇਸ ਕਿਸਮ ਦੇ ਚੌਲ ਬੜੇ ਪੰਸਦ ਕੀਤੇ ਹਨ। ਪ੍ਰੰਤੂ ਪੂਸਾ ਬਾਸਮਤੀ-1121 ਕਿਸਮ ਖਾੜੀ ਅਤੇ ਹੋਰ ਦੂਜੇ ਮੁਲਕਾਂ ਵਿਚ ਬੜੀ ਮਨਭਾਉਂਦੀ ਬਣ ਚੁੱਕੀ ਹੈ ਅਤੇ ਆਮ ਬਰਾਮਦ ਹੋ ਰਹੀ ਹੈ। ਪਿਛਲੇ ਸਾਲ ਕਈ ਬਰਾਮਦਕਾਰਾਂ ਨੇ ਤਾਂ ਪੂਸਾ ਬਾਸਮਤੀ-1401 ਦਾ ਚੌਲ ਵੀ ਪੂਸਾ ਬਾਸਮਤੀ-1121 ਬ੍ਰਾਂਡ ਥੱਲੇ ਹੀ ਬਰਾਮਦ ਕੀਤਾ ਜੋ ਦੂਜੇ ਮੁਲਕਾਂ ਦੇ ਦਰਾਮਦਕਾਰਾਂ ਨੇ ਪ੍ਰਵਾਨ ਕਰ ਲਿਆ।
ਇਕ ਹੋਰ ਕਿਸਮ ਜੋ ਕਿਸਾਨਾਂ ਦੀ ਪੰਸਦ ਬਣ ਚੁੱਕੀ ਹੈ, ਉਹ ਪੂਸਾ ਬਾਮਸਤੀ-1509 ਹੈ। ਇਹ ਕਿਸਮ ਪੱਕਣ ਨੂੰ 115-120 ਦਿਨ ਲੈਂਦੀ ਹੈ ਅਤੇ ਔਸਤਨ ਕੱਦ 90-92 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ ਵੀ ਲੰਮੇ ਅਤੇ ਪਤਲੇ ਹਨ ਅਤੇ ਇਸ ਕਿਸਮ ਦੇ ਚੌਲਾਂ ਵਿਚ ਖ਼ੁਸ਼ਬੂ ਵੀ ਹੈ। ਇਸ ਦੀ ਪਨੀਰੀ ਦੀ ਉਮਰ ਲਾਉਣ ਲੱਗਿਆਂ 25 ਦਿਨ ਤੋਂ ਵੱਧ ਨਹੀਂ ਹੋਣੀ ਚਾਹੀਦੀ। ਅਗਾਂਹਵਧੂ ਕਿਸਾਨਾਂ ਨੇ ਇਸ ਕਿਸਮ ਦਾ 25 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਪ੍ਰਾਪਤ ਕੀਤਾ ਹੈ। ਹਰਿਆਣਾ ਵਿਚ ਅਤੇ ਕਈ ਥਾਵਾਂ ਤੇ ਪੰਜਾਬ ਵਿਚ ਵੀ ਇਸ ਕਿਸਮ ਦੀਆਂ ਖਰੀਫ ਦੌਰਾਨ ਕੁਝ ਕਿਸਾਨ ਦੋ ਫ਼ਸਲਾਂ ਲੈ ਰਹੇ ਹਨ। ਮਾਹਿਰਾਂ ਵਲੋਂ ਇਸ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ। ਇਸ ਦੀ ਟਰਾਂਸਪਲਾਂਟਿੰਗ ਜੁਲਾਈ ਦੇ ਦੂਜੇ ਪੰਦਰਵਾੜੇ 'ਚ ਕੀਤੇ ਜਾਣ ਦੀ ਸਿਫਾਰਸ਼ ਹੈ। ਜਿਸ ਉਪਰੰਤ ਇਸ ਕਿਸਮ ਦੇ ਚੌਲ ਦੀ ਗੁਣਵੱਤਾ ਬਣੇਗੀ ਅਤੇ ਖੁਸ਼ਬੂ ਵੀ ਪਵੇਗੀ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਗੇਤੀ ਫ਼ਸਲ ਲੈ ਕੇ ਇਸ ਕਿਸਮ ਦਾ ਲਾਹਾ ਨਾ ਲੈਣ। ਜਿਨ੍ਹਾਂ ਕਿਸਾਨਾਂ ਨੇ ਆਲੂ ਜਾਂ ਮਟਰ ਲਾਉਣੇ ਹਨ, ਉਨ੍ਹਾਂ ਲਈ ਇਹ ਕਿਸਮ ਵਧੇਰੇ ਅਨੁਕੂਲ ਹੈ। ਇਕ ਹੋਰ ਕਿਸਮ ਪੂਸਾ ਬਾਸਮਤੀ-1637 ਵਿਕਸਿਤ ਕੀਤੀ ਗਈ ਹੈ ਜੋ ਪੂਸਾ ਬਾਸਮਤੀ-1 ਕਿਸਮ ਦਾ ਬਦਲ ਹੈ। ਇਹ ਕਿਸਮ ਭੁਰੜ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦੇ ਚੌਲ ਲੰਮੇ ਤੇ ਪਤਲੇ ਹਨ। ਹਰਿਆਣਾ ਦੇ ਕਿਸਾਨਾਂ ਨੇ ਇਹ ਕਿਸਮ ਵਧੇਰੇ ਪੰਸਦ ਕੀਤੀ ਹੈ ਤੇ ਪੰਜਾਬ ਦੇ ਕਿਸਾਨਾਂ ਦੀ ਬਹੁ-ਗਿਣਤੀ ਨੇ ਇਸ ਨੂੰ ਨਹੀਂ ਅਪਣਾਇਆ।
ਦੂਜੀਆਂ ਹੋਰ ਪ੍ਰਕਾਸ਼ ਸੰਵੇਦਨਸ਼ੀਲ ਕਿਸਮਾਂ ਜਿਵੇਂ ਪੰਜਾਬ ਬਾਸਮਤੀ-5, ਪੰਜਾਬ ਬਾਸਮਤੀ-4, ਪੰਜਾਬ ਬਾਸਮਤੀ-3, ਪੰਜਾਬ ਬਾਸਮਤੀ-2 ਦੀ ਕਿਸਾਨਾਂ 'ਚ ਉੱਕਾ ਹੀ ਮੰਗ ਨਹੀਂ ਸੀ। ਆਈ. ਸੀ. ਏ. ਆਰ. - ਸੈਂਟਰਲ ਸੁਆਇਲ ਸੈਲੀਨਿਟੀ ਰਿਸਰਚ ਇੰਸਟੀਚਿਊਟ ਵਲੋਂ ਵਿਕਸਿਤ ਬਾਸਮਤੀ ਦੀ ਸੀ ਐਸ. ਆਰ.-30 ਕਿਸਮ ਦੀ ਵੀ ਕੁੱਝ ਕਿਸਾਨ ਕਾਸ਼ਤ ਕਰਦੇ ਹਨ। ਇਹ ਕੱਲਰੀ ਜ਼ਮੀਨਾਂ ਲਈ ਵਧੇਰੇ ਅਨੁਕੂਲ ਹੈ। ਇਹ ਕਿਸਮ ਪੱਕ ਕੇ 142 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਔਸਤ ਕੱਦ ਤਕਰੀਬਨ 147 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ ਲੰਮੇ ਤੇ ਪਤਲੇ ਹਨ ਅਤੇ ਆਪਸ ਵਿਚ ਜੁੜਦੇ ਨਹੀਂ। ਇਸ ਕਿਸਮ ਦੇ ਚੌਲਾਂ ਵਿਚ ਖ਼ੁਸ਼ਬੂ ਵੀ ਹੈ ਅਤੇ ਖਾਣ ਵਿਚ ਸੁਆਦਲੇ ਹਨ।
ਇਸ ਸਾਲ ਕਿਸਾਨਾਂ ਵਲੋਂ ਝੋਨੇ ਦੀ ਪੂਸਾ-44 ਕਿਸਮ ਦੇ ਬੀਜ ਦੀ ਬੜੀ ਮੰਗ ਕੀਤੀ ਜਾ ਰਹੀ ਹੈ। ਇਸ ਕਿਸਮ ਤੋਂ ਉਪਲੱਬਧ ਹੋ ਰਹੇ ਝਾੜ ਤੱਕ ਹੋਰ ਕੋਈ ਦੂਜੀ ਕਿਸਮ ਨਹੀਂ ਪਹੁੰਚ ਸਕੀ। ਕਿਸਾਨ ਇਸ ਕਿਸਮ ਤੋਂ ਔਸਤਨ 33-35 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਲੈ ਰਹੇ ਹਨ ਜਦੋਂ ਕਿ ਕੁੱਝ ਅਗਾਂਹਵਧੂ ਕਿਸਾਨਾਂ ਨੇ 36-38 ਕੁਇੰਟਲ ਪ੍ਰਤੀ ਏਕੜ ਦੀ ਉਤਪਾਦਕਤਾ ਪ੍ਰਾਪਤ ਕੀਤੀ ਹੈ। ਇਕ ਕੈਬਨਿਟ ਮੰਤਰੀ ਵਲੋਂ ਕੀਤੇ ਗਏ ਐਲਾਨ ਕਿ ਪੰਜਾਬ ਸਰਕਾਰ ਇਸ ਸਾਲ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ, 2009 ਥੱਲੇ ਝੋਨੇ ਦੀ ਲੁਆਈ ਲਈ ਪਿਛਲੇ ਸਾਲ ਮੁਕਰਰ ਕੀਤੀ 20 ਜੂਨ ਨੂੰ ਬਦਲ ਕੇ 10 ਜਾਂ 15 ਜੁੂਨ ਕਰਨ ਤੇ ਵਿਚਾਰ ਕਰ ਰਹੀ ਹੈ, ਉਪਰੰਤ ਇਸ ਕਿਸਮ ਦੇ ਬੀਜ ਦੀ ਮੰਗ ਹੋਰ ਵੀ ਵਧ ਗਈ। ਇਹ ਕਿਸਮ ਪੱਕਣ ਨੂੰ ਲੰਮਾ ਸਮਾਂ ਜ਼ਰੂਰ ਲੈਂਦੀ ਹੈ। ਜਿਸ ਉਪਰੰਤ ਇਸ ਦੀ ਪਾਣੀ ਦੀ ਲੋੜ ਦੂਜੀਆਂ ਸਿਫਾਰਸ਼ ਕੀਤੀਆਂ ਜਾ ਰਹੀਆਂ ਪੀ. ਆਰ.-127, ਪੀ. ਆਰ.- 126, ਪੀ. ਆਰ. - 124, ਪੀ. ਆਰ. - 123, ਪੀ. ਆਰ. - 122, ਪੀ. ਆਰ.-121 ਤੇ ਪੀ. ਆਰ.-114 ਕਿਸਮਾਂ ਨਾਲੋਂ ਵੱਧ ਦੱਸੀ ਜਾਂਦੀ ਹੈ, ਜਦੋਂ ਕਿ ਸਟੇਟ ਐਵਾਰਡੀ ਅਤੇ ਝੋਨੇ ਦੀ ਸਭ ਤੋਂ ਵੱਧ ਪੂਸਾ-44 ਕਿਸਮ ਰਾਹੀਂ ਰਾਜ ਭਰ 'ਚ ਉਤਪਾਦਕਤਾ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਨਾਲ ਕ੍ਰਿਸ਼ੀ ਕਰਮਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਰਾਜਮੋਹਨ ਸਿੰਘ ਕਾਲੇਕਾ ਬਿਸ਼ਨਪੁਰ ਛੰਨਾ (ਪਟਿਆਲਾ) ਅਤੇ ਕੁੱਝ ਹੋਰ ਕਿਸਾਨਾਂ ਵਲੋਂ ਕੀਤੀ ਖੋਜ ਅਨੁਸਾਰ ਇਸ ਕਿਸਮ ਦੀ ਪਾਣੀ ਦੀ ਲੋੜ ਕੋਈ ਨੁਮਾਇਆ ਤੌਰ 'ਤੇ ਵੱਧ ਨਹੀਂ।
ਪਾਣੀ ਦੀ ਬੱਚਤ ਲਈ ਕਿਸਾਨਾਂ ਨੂੰ ਲੇਜ਼ਰ ਕਰਾਹੇ ਨਾਲ ਖੇਤ ਪੱਧਰ ਕਰਵਾ ਲੈਣੇ ਚਾਹੀਦੇ ਹਨ। ਇਸ ਨਾਲ ਖਾਦ ਪਦਾਰਥਾਂ ਦੀ ਵੀ ਲਾਹੇਵੰਦ ਤੇ ਸੁਚੱਜੀ ਵਰਤੋਂ ਹੋ ਸਕੇਗੀ। ਖਾਦਾਂ ਦੀ ਵਰਤੋਂ ਜ਼ਮੀਨ ਪਰਖ ਦੇ ਆਧਾਰ 'ਤੇ ਹੀ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਸਿੰਥੈਟੀਕ ਪੈਰਾਥਰਾਇਡ ਜ਼ਹਿਰਾਂ ਦੀ ਵਰਤੋਂ ਤੋਂ ਸੰਕੋਚ ਕਰਨਾ ਚਾਹੀਦਾ ਹੈ। ਇਨ੍ਹਾਂ ਨਾਲ ਚਿੱਟੀ ਪਿੱਠ ਵਾਲੇ ਤੇ ਭੂਰੇ ਟਿੱਡਿਆਂ ਦੀ ਗਿਣਤੀ ਵਧ ਜਾਂਦੀ ਹੈ। ਝੋਨਾ ਲਾਉਣ ਲੱਗਿਆਂ ਪਨੀਰੀ ਦੀ ਉਮਰ ਵਿਗਿਆਨੀਆਂ ਵਲੋਂ ਕੀਤੀ ਗਈ ਸਿਫਾਰਸ਼ ਅਨੁਸਾਰ ਹੀ ਹੋਣੀ ਚਾਹੀਦੀ ਹੈ। ਇਨ੍ਹਾਂ ਵਿਧੀਆਂ ਦੀ ਵਰਤੋਂ ਨਾਲ ਕਿਸਾਨਾਂ ਨੂੰ ਵਧੇਰੇ ਝਾੜ ਦੀ ਪ੍ਰਾਪਤੀ ਹੋ ਸਕੇਗੀ।


-ਮੋਬਾਈਲ : 98152-36307

ਗਰਮ ਰੁੱਤ ਦੀਆਂ ਦਾਲਾਂ ਤੋਂ ਮੁਨਾਫ਼ਾ ਕਿਵੇਂ ਕਮਾਈਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਖਾਦਾਂ: ਫ਼ਸਲ ਦੇ ਸ਼ੁਰੂਆਤੀ ਵਾਧੇ ਲਈ ਖੁਰਾਕੀ ਤੱਤਾਂ ਜਿਵੇਂਕਿ ਨਾਈਟ੍ਰੋਜਨ ਅਤੇ ਫ਼ਾਸਫੋਰਸ ਦੀ ਬਹੁਤ ਲੋੜ ਹੁੰਦੀ ਹੈ। ਦਾਲਾਂ ਵਿਚ ਜ਼ਿਆਦਾ ਨਾਈਟ੍ਰੋਜਨ ਪਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਹ ਫ਼ਸਲਾਂ ਹਵਾ ਵਿਚੋਂ ਨਾਈਟ੍ਰੋਜਨ ਪ੍ਰਾਪਤ ਕਰਨ ਦੀ ਸਮਰੱਥਾ ਰੱਖਦੀਆਂ ਹਨ।
ਨਦੀਨਾਂ ਦੀ ਰੋਕਥਾਮ: ਜੇਕਰ ਨਦੀਨਾਂ ਦੀ ਸਹੀ ਸਮੇਂ 'ਤੇ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਫ਼ਸਲ ਦਾ ਤਕਰੀਬਨ 30-50% ਤੱਕ ਝਾੜ ਘਟਾ ਦਿੰਦੇ ਹਨ। ਨਦੀਨਾਂ ਦੀ ਰੋਕਥਾਮ ਕਰਨ ਲਈ ਗਰਮ ਰੁੱਤ ਦੀ ਮੂੰਗੀ ਵਿਚ ਦੋ ਗੋਡੀਆਂ ਬਿਜਾਈ ਤੋਂ 4 ਅਤੇ 6 ਹਫ਼ਤੇ ਬਾਅਦ ਅਤੇ ਮਾਂਹ ਵਿਚ ਇਕ ਗੋਡੀ ਬਿਜਾਈ ਤੋਂ 4 ਹਫ਼ਤੇ ਬਾਅਦ ਕਰਨੀ ਚਾਹੀਦੀ ਹੈ।
ਸਿੰਚਾਈ: ਗਰਮ ਰੁੱਤ ਦੀਆਂ ਦਾਲਾਂ ਨੂੰ ਮੌਸਮ, ਜ਼ਮੀਨ ਦੀ ਪਾਣੀ ਸੰਭਾਲਣ ਦੀ ਸਮਰੱਥਾਂ ਅਤੇ ਬਾਰਿਸ਼ ਅਨੁਸਾਰ 3-5 ਪਾਣੀ ਲਾਉਣ ਦੀ ਲੋੜ ਪੈਂਦੀ ਹੈ। ਫ਼ਸਲ ਦੇ ਇਕਸਾਰ ਪਕਾਅ ਲਈ ਗਰਮ ਰੁੱਤ ਦੀ ਮੂੰਗੀ ਨੂੰ ਅਖੀਰਲਾ ਪਾਣੀ ਬਿਜਾਈ ਤੋਂ 55 ਦਿਨਾਂ ਅਤੇ ਮਾਂਹ ਨੂੰ 60 ਦਿਨਾਂ 'ਤੇ ਲਾ ਦੇਣਾ ਚਾਹੀਦਾ ਹੈ।
ਕੀੜਿਆਂ ਦੀ ਰੋਕਥਾਮ: ਗਰਮ ਰੁੱਤ ਦੀ ਮੂੰਗੀ 'ਤੇ ਥਰਿੱਪ ਦਾ ਹਮਲਾ ਬੜਾ ਗੰਭੀਰ ਹੁੰਦਾ ਹੈ । ਇਹ ਕੀੜਾ ਬਹੁਤ ਛੋਟਾ, ਗੂੜ੍ਹੇ ਭੂਰੇ ਰੰਗ ਦਾ ਹੁੰਦਾ ਹੈ ਜੋ ਕਿ ਫੁੱਲਾਂ ਦਾ ਰਸ ਚੂਸਦਾ ਹੈ । ਇਸ ਦੇ ਹਮਲੇ ਨਾਲ ਫੁੱਲ ਖੁੱਲ੍ਹਣ ਤੋਂ ਪਹਿਲਾਂ ਹੀ ਝੜ ਜਾਂਦੇ ਹਨ । ਫ਼ਲੀਆਂ ਘੱਟ ਪੈਂਦੀਆਂ ਹਨ ਅਤੇ ਕਈ ਵਾਰ ਪੂਰੀ ਫ਼ਸਲ ਹੀ ਤਬਾਹ ਹੋ ਜਾਂਦੀ ਹੈ। ਫ਼ਲੀ ਛੇਦਕ ਸੁੰਡੀ ਫ਼ਸਲ ਦੇ ਪੱਤੇ, ਡੋਡੀਆਂ ਅਤੇ ਫ਼ੁੱਲਾਂ ਨੂੰ ਖਾਂਦੀ ਹੈ ਅਤੇ ਫ਼ਸਲ ਦਾ ਭਾਰੀ ਨੁਕਸਾਨ ਕਰਦੀ ਹੈ । ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤੇ, ਫ਼ਲੀਆਂ ਵਿਚ ਮੋਰੀਆਂ, ਬੂਟਿਆਂ ਹੇਠਾਂ ਜ਼ਮੀਨ ਉਤੇ ਗੂੜ੍ਹੇ ਹਰੇ ਰੰਗ ਦੀਆਂ ਵਿੱਠਾਂ ਤੋਂ ਲੱਗਦਾ ਹੈ । ਚਿੱਟੀ ਮੱਖੀ ਦੇ ਬਾਲਗ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਫ਼ਸਲ ਵਿਚ ਮੂੰਗੀ ਦਾ ਚਿੱਤਕਬਰਾ ਰੋਗ ਵੀ ਫੈਲਾਉਂਦੇ ਹਨ। ਤੰਬਾਕੂ ਸੁੰਡੀ ਇਕ ਬਹੁ-ਫ਼ਸਲੀ ਕੀੜਾ ਹੈ ਅਤੇ ਪੱਤਿਆਂ ਨੂੰ ਛਾਨਣੀ ਕਰ ਦਿੰਦੀਆਂ ਹਨ। ਬਾਅਦ ਵਿਚ ਵੱਡੀਆਂ ਸੁੰਡੀਆਂ ਸਾਰੇ ਖੇਤ ਵਿਚ ਖਿੱਲਰ ਕੇ ਨੁਕਸਾਨ ਕਰਦੀਆਂ ਹਨ। ਪੱਤਿਆਂ ਦੇ ਨਾਲ ਇਹ ਡੋਡੀਆਂ, ਫੁੱਲ ਅਤੇ ਫ਼ਲੀਆਂ ਦਾ ਨੁਕਸਾਨ ਵੀ ਕਰਦੀਆਂ ਹਨ। ਇਸ ਕੀੜੇ ਦੀ ਰੋਕਥਾਮ ਲਈ ਫ਼ਸਲ ਦੀ ਬਿਜਾਈ ਸਮੇਂ ਸਿਰ ਕਰੋ। ਨਦੀਨ, ਖਾਸ ਤੌਰ 'ਤੇ ਇਟਸਿਟ/ਚਪੱਤੀ ਦੀ ਰੋਕਥਾਮ ਕਰੋ ਕਿਉਂਕਿ ਇਹ ਨਦੀਨ ਤੰਬਾਕੂ ਸੁੰਡੀ ਲਈ ਬਦਲਵੇਂ ਮੇਜ਼ਬਾਨ ਪੌਦੇ ਦੇ ਤੌਰ 'ਤੇ ਕੰਮ ਕਰਦਾ ਹੈ। ਤੰਬਾਕੂ ਸੁੰਡੀ ਦੇ ਆਂਡੇ ਅਤੇ ਛੋਟੀਆਂ ਸੁੰਡੀਆਂ ਜੋ ਕਿ ਪੱਤਿਆਂ ਨੂੰ ਝੁੰਡਾਂ ਵਿਚ ਖਾਂਦੀਆਂ ਹਨ, ਨੂੰ ਪੱਤਿਆਂ ਸਮੇਤ ਨਸ਼ਟ ਕਰ ਦਿਉ।
ਫ਼ਸਲ ਦੀ ਵਾਢੀ: ਗਰਮੀ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਵਾਢੀ ਉਸ ਵੇਲੇ ਕਰੋ ਜਦੋਂ ਤਕਰੀਬਨ 80% ਫ਼ਲੀਆਂ ਪੱਕ ਜਾਣ। ਮਈ-ਜੂਨ ਦੇ ਮਹੀਨਿਆਂ ਵਿਚ ਗਰਮੀ ਜ਼ਿਆਦਾ ਪੈਣ ਕਾਰਨ ਫ਼ਲੀਆਂ ਤਿੜਕਣ ਲੱਗ ਪੈਂਦੀਆਂ ਹਨ ਇਸ ਲਈ ਫ਼ਲੀਆਂ ਦੀ ਚੁਗਾਈ ਸਮੇਂ ਸਿਰ ਕਰ ਲੈਣੀ ਚਾਹੀਦੀ ਹੈ। ਜੁਲਾਈ ਦੇ ਮਹੀਨੇ ਵਿਚ ਮੀਂਹ ਪੈਣ ਕਾਰਨ ਫ਼ਸਲ ਦੇ ਪੱਕਣ ਸਮੇਂ ਬਹੁਤ ਨੁਕਸਾਨ ਹੋ ਸਕਦਾ ਹੈ ਅਤੇ ਇਸ ਤੋਂ ਬਚਣ ਲਈ ਸਮੇਂ ਸਿਰ ਬਿਜਾਈ ਕਰਨੀ ਬਹੁਤ ਜ਼ਰੂਰੀ ਹੈ। (ਸਮਾਪਤ)


-ਡਾਇਰੈਕਟੋਰੇਟ ਆਫ਼ ਐਕਸਟੈਂਸ਼ਨ ਐਜ਼ੂਕੇਸ਼ਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

ਬਹੁਕਿੱਤੇ ਅਪਣਾਉਣ ਵਾਲੀ ਮਮਤਾ ਠਾਕੁਰ

ਮਮਤਾ ਠਾਕੁਰ (30 ਸਾਲ) ਬਹੁਤ ਹੀ ਮਿਹਨਤੀ, ਸਿਰੜੀ ਅਤੇ ਅਗਾਂਹਵਧੂ ਵਿਚਾਰਾਂ ਦੀ ਮਾਲਕ ਹੈ। ਉਹ ਗਣੇਸ਼ਾ ਬਸਤੀ, ਬਠਿੰਡਾ ਵਿਖੇ ਆਪਣੇ ਛੋਟੇ ਜਿਹੇ ਜੱਦੀ ਘਰ ਵਿਚ ਪਸ਼ੂ ਰੱਖ ਕੇ, ਦੁੱਧ ਵੇਚ ਕੇ ਗ੍ਰਹਿਸਥੀ ਚਲਾਉਂਦੀ ਹੈ। ਉਸ ਦੇ ਤਿੰਨ ਬੱਚੇ ਹਨ ਅਤੇ ਉਸ ਦਾ ਪਤੀ ਬਿਮਾਰ ਰਹਿੰਦਾ ਹੈ ਜਿਸ ਕਰਕੇ ਉਹ ਜ਼ਿਆਦਾ ਕੰਮ ਨਹੀਂ ਕਰ ਸਕਦਾ, ਇਸ ਕਰਕੇ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਧਾਰਾਂ ਆਦਿ ਕੱਢਣ ਦਾ ਕੰਮ ਮਮਤਾ ਖੁਦ ਹੀ ਕਰਦੀ ਹੈ। ਉਹ ਘਰ ਵਿਚ ਹੀ ਕੋਈ ਅਜਿਹਾ ਹਲਕਾ ਕੰਮ ਕਰਨਾ ਚਾਹੁੰਦੀ ਸੀ ਜਿਸ ਵਿਚ ਉਸ ਦਾ ਬਿਮਾਰ ਪਤੀ ਉਸ ਦੀ ਕੁਝ ਮਦਦ ਕਰ ਸਕੇ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਉਸ ਦੀ ਇਹ ਉਦਮੀ ਸੋਚ ਉਸ ਨੂੰ ਇਕ ਦਿਨ ਕੇ.ਵੀ.ਕੇ. ਬਠਿੰਡਾ ਲੈ ਆਈ। ਉਸ ਨੇ ਜੂਨ 2016 ਵਿਚ ਇਥੇ ਇਕ ਹਫ਼ਤੇ ਦੀ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਸਬੰਧੀ ਸਿਖਲਾਈ ਲੈਣ ਉਪਰੰਤ ਘਰ ਵਿਚ ਹੀ ਆਚਾਰ, ਚਟਣੀਆਂ, ਜੈਮ, ਸ਼ਕਾਇਸ਼ ਆਦਿ ਬਣਾਉਣ ਦਾ ਕੰਮ ਸ਼ੁਰੂ ਕੀਤਾ। ਉਸ ਦੇ ਘਰੋਂ ਦੁੱਧ ਲਿਜਾਣ ਵਾਲੇ ਗਾਹਕਾਂ ਨੇ ਉਸ ਦੇ ਬਣਾਏ ਅਚਾਰ, ਚਟਣੀਆਂ, ਜੈਮ, ਸ਼ਕਾਇਸ਼ ਆਦਿ ਬਹੁਤ ਪਸੰਦ ਕੀਤੇ ਅਤੇ ਛੇਤੀ ਹੀ ਉਸ ਨੂੰ ਇਸ ਸਬੰਧੀ ਆਰਡਰ ਬੁੱਕ ਹੋਣ ਲੱਗੇ। ਇਸ ਤਰ੍ਹਾਂ ਉਸ ਨੂੰ ਚੰਗੀ ਕਮਾਈ ਹੋਣ ਲੱਗੀ ਅਤੇ ਇਸ ਕਿੱਤੇ ਸਬੰਧੀ ਉਸ ਦੀ ਰੁਚੀ ਹੋਰ ਵਧ ਗਈ।
ਸਰਦੀਆਂ ਦੇ ਮੌਸਮੀ ਫਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਸਿੱਖਣ ਦੀ ਮਨਸ਼ਾ ਨਾਲ ਜਨਵਰੀ 2017 ਵਿਚ ਉਸ ਨੇ ਫਿਰ ਆਰਿਆ ਪ੍ਰੋਜੈਕਟ ਅਧੀਨ ਇਕ ਹਫਤੇ ਦੀ ਫਲ, ਸਬਜ਼ੀਆਂ ਅਤੇ ਦੁੱਧ ਦੀ ਪ੍ਰੋਸੈਸਿੰਗ ਸਬੰਧੀ ਸਿਖਲਾਈ ਲਈ ਅਤੇ ਇਸ ਤਰ੍ਹਾਂ ਉਹ ਵੱਖ-ਵੱਖ ਤਰ੍ਹਾਂ ਦੇ ਅਚਾਰ ਜਿਵੇਂ ਕਿ ਗੋਭੀ, ਗਾਜਰ, ਸ਼ਲਗਮ ਦਾ ਰਲਿਆ ਮਿਲਿਆ ਅਚਾਰ, ਕੱਦੂ/ਗਾਜਰ ਦੀ ਚਟਣੀ, ਆਂਵਲਾ ਮੁਰੱਬਾ, ਨਿੰਬੂ ਦਾ ਅਚਾਰ ਤੇ ਸੁਕੈਸ਼, ਮਿਰਚ ਤੇ ਅਦਰਕ ਦਾ ਆਚਾਰ, ਅੰਬ ਦਾ ਅਚਾਰ ਅਤੇ ਚਟਣੀ ਆਦਿ ਵੇਚ ਕੇ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਰਹੀ ਹੈ। ਇਥੇ ਹੀ ਬੱਸ ਨਹੀਂ ਮਈ 2017 ਵਿਚ ਉਸ ਨੇ ਹੁਣ ਕੇ.ਵੀ.ਕੇ. ਤੋਂ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਵੀ ਲਈ। ਇਹ ਟ੍ਰੇਨਿੰਗ ਲੈਣ ਤੋਂ ਬਾਅਦ ਉਸ ਨੇ 4 ਮੱਝਾਂ ਅਤੇ 2 ਗਾਵਾਂ ਹੋਰ ਖਰੀਦ ਲਈਆਂ। ਇਸ ਵਾਸਤੇ ਉਸ ਨੇ ਬੈਂਕ ਅਤੇ ਇਕ ਹੋਰ ਪ੍ਰਾਈਵੇਟ ਕੰਪਨੀ ਤੋਂ ਸਵਾ ਦੋ ਲੱਖ ਰੁਪਏ ਦਾ ਕਰਜ਼ਾ ਲਿਆ। ਉਹ 30 ਕਿੱਲੋ ਦੁੱਧ 50 ਰੁਪਏ ਕਿੱਲੋ ਦੇ ਹਿਸਾਬ ਨਾਲ ਰੋਜ਼ ਵੇਚਦੀ ਹੈ ਅਤੇ ਹੁਣ ਉਹ ਦੁੱਧ ਵੇਚਣ ਦੇ ਨਾਲ-ਨਾਲ ਪਨੀਰ, ਖੋਆ ਅਤੇ ਲੱਸੀ ਆਦਿ ਵੀ ਆਰਡਰ 'ਤੇ ਬਣਾ ਕੇ ਵੇਚਦੀ ਹੈ। ਇਸ ਤਰ੍ਹਾਂ ਸਾਰੇ ਖਰਚੇ ਆਦਿ ਕੱਢ ਕੇ 13,000 ਰੁਪਏ ਪ੍ਰਤੀ ਮਹੀਨਾ ਇਸ ਕਿੱਤੇ ਤੋਂ ਬਚਾ ਲੈਂਦੀ ਹੈ। ਮਈ 2018 ਵਿਚ ਉਸ ਨੇ ਕੇ.ਵੀ.ਕੇ. ਪਹੁੰਚ ਕੇ ਸਫਾਈ ਦੇ ਕੰਮਾਂ ਨਾਲ ਜੁੜੇ ਪਦਾਰਥ (ਸਰਫ, ਫਿਨਾਇਲ, ਨੀਲ ਆਦਿ) ਬਣਾਉਣ ਸਬੰਧੀ ਸਿਖਲਾਈ ਲਈ ਅਤੇ ਇਹ ਪਦਾਰਥ ਵੀ ਘਰ ਬਣਾ ਕੇ ਵੇਚ ਰਹੀ ਹੈ, ਜਿਸ ਨਾਲ ਉਸ ਦੀ ਆਮਦਨ ਵਿਚ 3000 ਰੁਪਏ ਪ੍ਰਤੀ ਮਹੀਨਾ ਹੋਰ ਵਾਧਾ ਹੋ ਗਿਆ। ਉਸ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਕੇ.ਵੀ.ਕੇ. ਬਠਿੰਡਾ ਨਾਲ ਜੁੜ ਕੇ ਉਹ ਕੁੱਲ ਮਿਲਾ ਕੇ 28,000 ਰੁਪਏ ਪ੍ਰੀਤ ਮਹੀਨਾ ਕਮਾ ਰਹੀ ਹੈ। ਉਸ ਨੇ ਆਪਣੇ ਥੋੜ੍ਹੇ ਜਿਹੇ ਥਾਂ ਵਿਚ ਖੁੱਡਾ ਬਣਾ ਕੇ 7-8 ਮੁਰਗੀਆਂ ਵੀ ਸ਼ੌਕੀਆ ਤੌਰ 'ਤੇ ਘਰੇਲੂ ਲੋੜ ਲਈ ਰੱਖੀਆਂ ਹੋਈਆਂ ਹਨ। ਉਸ ਦਾ ਕਹਿਣਾ ਹੈ ਕਿ ਸਿਖਲਾਈ ਲੈ ਕੇ ਉਹ ਇਸ ਕੰਮ ਨੂੰ ਹੋਰ ਵੀ ਵਧਾਏਗੀ।
ਉਸ ਨੇ ਕੇ.ਵੀ.ਕੇ. ਬਠਿੰਡਾ ਵਿਖੇ ਹੋਰ ਸਿਖਿਆਰਥਣਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਕੇ.ਵੀ.ਕੇ. ਬਠਿੰਡਾ ਨੇ ਉਸ ਨੂੰ ਇਕ ਵਧੀਆ ਰੁਜ਼ਗਾਰ ਦਿੱਤਾ ਹੈ ਅਤੇ ਉਸ ਨੂੰ ਆਪਣੀ ਇਸ ਸਫਲਤਾ ਉਤੇ ਮਾਣ ਹੈ। ਚਾਹਵਾਨ ਅਤੇ ਲੋੜਵੰਦ ਔਰਤਾਂ ਜੋ ਆਪਣੇ ਘਰੇਲੂ ਆਰਥਿਕਤਾ ਸੁਧਾਰਨ ਲਈ ਕੋਈ ਕਿੱਤਾ ਅਪਣਾਉਣਾ ਚਾਹੁੰਦੀਆਂ ਹਨ ਆਪਣੇ ਨਾਲ ਲਗਦੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਸੰਪਰਕ ਕਰ ਕੇ 'ਤੇ ਇਸ ਵਿਚ ਮੁਫ਼ਤ ਦਿੱਤੀ ਜਾਣ ਵਾਲੀ ਕਿੱਤਾਮੁਖੀ ਸਿਖਲਾਈ ਲਈ ਨਾਂਅ ਦਰਜ ਕਰਵਾ ਸਕਦੀਆਂ ਹਨ। ਇਹ ਵੱਖ-ਵੱਖ ਜ਼ਿਲ੍ਹਿਆਂ 'ਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਆਈ.ਸੀ.ਏ.ਆਰ. ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੰਮ ਕਰਦੇ ਹਨ ਅਤੇ ਹਰ ਸਿਖਿਆਰਥੀ ਨੂੰ ਸਫ਼ਲਤਾਪੂਰਵਕ ਪੂਰੇ ਕੀਤੇ ਗਏ ਕਿੱਤਾਮੁਖੀ ਸਿਖਲਾਈ ਕੋਰਸ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ।


-ਜਸਵਿੰਦਰ ਕੌਰ ਬਰਾੜ
ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ।
ਮੋਬਾਈਲ : 98152-54371.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX