ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  10 minutes ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  12 minutes ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  27 minutes ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  50 minutes ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 1 hour ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 1 hour ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 1 hour ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 1 hour ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 minute ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 1 hour ago
ਹੋਰ ਖ਼ਬਰਾਂ..

ਲੋਕ ਮੰਚ

ਖ਼ਤਰਨਾਕ ਹੱਦ ਤੱਕ ਪਹੁੰਚ ਚੁੱਕੈ ਹਵਾ ਪ੍ਰਦੂਸ਼ਣ

ਸਾਫ਼ ਅਤੇ ਸ਼ੁੱਧ ਹਵਾ ਵਾਤਾਵਰਨ ਦਾ ਇਕ ਅਹਿਮ ਅੰਗ ਹੈ। ਜ਼ਹਿਰੀਲੇ ਅਤੇ ਅਣਚਾਹੇ ਪਦਾਰਥਾਂ ਅਤੇ ਗੈਸਾਂ ਦਾ ਜਮ੍ਹਾਂ ਹੋਣਾ ਇਸ ਨੂੰ ਜੀਵਿਤ ਪ੍ਰਾਣੀਆਂ ਲਈ ਹਾਨੀਕਾਰਕ ਬਣਾਉਂਦਾ ਹੈ। ਹਵਾ ਪ੍ਰਦੂਸ਼ਣ ਅਧੁਨਿਕ ਸਮਾਜ ਦੀਆਂ ਮੁੱਖ ਸਮੱਸਿਆਵਾਂ ਵਿਚੋਂ ਇਕ ਹੈ, ਜਿਸ ਦੇ ਬਹੁਤ ਸਾਰੇ ਕੁਦਰਤੀ ਅਤੇ ਮਨੁੱਖੀ ਕਾਰਨ ਹਨ। ਮਨੁੱਖੀ ਕਾਰਨਾਂ ਵਿਚੋਂ ਆਵਾਜਾਈ ਦੇ ਸਾਧਨਾਂ ਵਿਚੋਂ ਨਿਕਲਣ ਵਾਲਾ ਧੂੰਆਂ, ਘਰੇਲੂ ਅਤੇ ਉਦਯੋਗੀ ਕਾਰਜਾਂ ਲਈ ਵਰਤੇ ਜਾਣ ਵਾਲੇ ਪਥਰਾਟ ਬਾਲਣਾਂ ਦੇ ਬਲਣ ਨਾਲ ਪੈਦਾ ਹੋਈਆਂ ਗੈਸਾਂ ਜਿਵੇਂ ਕਿ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ ਅਤੇ ਸਲਫਰ ਟ੍ਰਾਈਆਕਸਾਈਡ ਆਦਿ ਹਵਾ ਵਿਚ ਮਿਲ ਕੇ ਇਸ ਨੂੰ ਦੂਸ਼ਿਤ ਕਰਦੇ ਹਨ। ਇਸੇ ਤਰ੍ਹਾਂ ਅਚਾਨਕ ਜੰਗਲਾਂ ਵਿਚ ਅੱਗ ਲੱਗਣਾ ਅਤੇ ਪਰਾਗ ਕਣ ਹਵਾ ਪ੍ਰਦੂਸ਼ਣ ਦੇ ਕੁਦਰਤੀ ਕਾਰਨ ਹਨ। ਖੇਤੀਬਾੜੀ ਗਤੀਵਿਧੀਆਂ ਜਿਨ੍ਹਾਂ ਵਿਚੋਂ ਫ਼ਸਲਾਂ ਦੇ ਵਾਧੂ ਪਦਾਰਥਾਂ ਨੂੰ ਜਲਾਉਣਾ ਅਤੇ ਕੀਟ-ਨਾਸ਼ਕਾਂ ਦਾ ਛਿੜਕਾਅ ਆਦਿ ਵੀ ਹਵਾ ਪ੍ਰਦੂਸ਼ਣ ਵਿਚ ਵਾਧਾ ਕਰ ਰਹੇ ਹਨ। ਇਸ ਪ੍ਰਦੂਸ਼ਣ ਦਾ ਮਨੁੱਖੀ ਸਿਹਤ 'ਤੇ ਬਹੁਤ ਹਾਨੀਕਾਰਕ ਪ੍ਰਭਾਵ ਹੁੰਦਾ ਹੈ। ਇਸ ਨਾਲ ਅਨੇਕਾਂ ਹੀ ਰੋਗ ਅਤੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਮੁੱਖ ਤੌਰ 'ਤੇ ਸਿਰ ਚਕਰਾਉਣਾ, ਸਿਰ ਵਿਚ ਦਰਦ, ਖਾਂਸੀ ਅਤੇ ਫੇਫੜਿਆਂ ਦਾ ਕੈਂਸਰ ਅਤੇ ਅੱਖਾਂ ਵਿਚ ਜਲਣ ਆਦਿ ਸ਼ਾਮਿਲ ਹਨ। ਮਨੁੱਖ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਪੌਦਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਹਵਾ ਵਿਚ ਮੌਜੂਦ ਧੂੜ ਦੇ ਕਣ ਪੱਤਿਆਂ 'ਤੇ ਡਿੱਗ ਕੇ ਪਰਣ ਛੇਕਾਂ ਨੂੰ ਬੰਦ ਕਰ ਦਿੰਦੇ ਹਨ, ਜਿਸ ਨਾਲ ਰੁੱਖਾਂ ਵਿਚ ਪ੍ਰਕਾਸ਼ ਸੰਸਲੇਸ਼ਣ ਅਤੇ ਗੈਸਾਂ ਦਾ ਆਦਾਨ-ਪ੍ਰਦਾਨ ਵਰਗੀਆਂ ਕਿਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ। ਹਵਾ ਪ੍ਰਦੂਸ਼ਣ ਜੋ ਕਿ ਅੱਜ ਦੀ ਜੀਵਨ ਸ਼ੈਲੀ ਦਾ ਅੰਗ ਬਣ ਚੁੱਕਾ ਹੈ, ਇਸ ਨੂੰ ਰੋਕਣ ਲਈ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਸਰਕਾਰਾਂ ਦੁਆਰਾ ਜਨ-ਜਾਗਰਣ ਮੁਹਿੰਮਾਂ ਨੂੰ ਚਲਾ ਕੇ ਜਨਤਾ ਨੂੰ ਹਵਾ ਪ੍ਰਦੂਸ਼ਣ ਅਤੇ ਉਸ ਦੇ ਬੁਰੇ ਨਤੀਜਿਆਂ ਬਾਰੇ ਜਾਗਰੂਕ ਕਰਨ ਦੀ ਲੋੜ ਹੈ। ਕਿਉਂਕਿ ਸ਼ੁੱਧ ਹਵਾ ਤੋਂ ਬਿਨਾਂ ਕੁਝ ਪਲ ਵੀ ਜ਼ਿੰਦਾ ਰਹਿਣਾ ਸੰਭਵ ਨਹੀਂ। ਸਾਡੀ ਸਾਰਿਆਂ ਦੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਪੂਰੀ ਇਮਾਨਦਾਰੀ ਨਾਲ ਆਪਣਾ ਸਹਿਯੋਗ ਦੇਈਏ।

-ਸੀਨੀਅਰ ਰਿਸਰਚ ਫੈਲੋ, ਕੈਮਿਸਟਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 81468-01772


ਖ਼ਬਰ ਸ਼ੇਅਰ ਕਰੋ

ਮਾਣ-ਮੱਤੇ ਅਧਿਆਪਕ-29

ਨਿੱਕੀ ਉਮਰੇ ਵੱਡੀਆਂ ਪੈੜਾਂ ਕਰਨ ਵਾਲਾ ਕੌਮੀ ਪੁਰਸਕਾਰ ਜੇਤੂ ਅਧਿਆਪਕ ਕਿਰਨਦੀਪ ਸਿੰਘ ਟਿਵਾਣਾ

ਸਖ਼ਤ ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲਿਆਂ ਲਈ ਕੁਝ ਵੀ ਮੁਸ਼ਕਿਲ ਨਹੀਂ ਹੁੰਦਾ। ਇਨ੍ਹਾਂ ਕਥਨਾਂ 'ਤੇ ਬਿਲਕੁਲ ਖਰੇ ਉਤਰਦੇ ਹਨ ਸਾਡੇ ਮਾਣਮੱਤੇ ਅਧਿਆਪਕ ਸ: ਕਿਰਨਦੀਪ ਸਿੰਘ ਟਿਵਾਣਾ ਜਿਨ੍ਹਾਂ ਨੇ ਛੋਟੀ ਉਮਰ ਵਿਚ ਹੀ ਪੂਰੇ ਸਿੱਖਿਆ ਜਗਤ ਵਿਚ ਵਿਸ਼ੇਸ਼ ਸਥਾਨ ਬਣਾ ਲਿਆ ਹੈ। ਪਿਤਾ ਸ: ਕਰਨੈਲ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਮੇਲ ਕੌਰ ਦੇ ਘਰ 2 ਦਸੰਬਰ, 1978 ਨੂੰ ਜਨਮੇ ਸ: ਕਿਰਨਦੀਪ ਸਿੰਘ ਟਿਵਾਣਾ ਮੈਨੂੰ ਮਹਾਨ ਗਣਿਤ ਵਿਗਿਆਨੀ ਸ੍ਰੀ ਨਿਵਾਸਾ ਰਾਮਾਨੁਜਨ ਦੇ ਵਾਰਿਸ ਜਾਪਦੇ ਹਨ। ਅੱਜਕਲ੍ਹ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਹੌੜਾ ਵਿਖੇ ਵਿੱਦਿਆ ਦੀ ਖੁਸ਼ਬੂ ਵੰਡ ਰਹੇ ਸ: ਕਿਰਨਦੀਪ ਸਿੰਘ ਦਾ ਬਚਪਨ ਪਿੰਡ ਰੱਬੋਂ ਉੱਚੀ, ਤਹਿਸੀਲ ਪਾਇਲ ਦੀ ਮਿੱਟੀ ਵਿਚ ਖੇਡਦਿਆਂ ਬੀਤਿਆ ਹੈ। ਆਪਣੇ ਅਧਿਆਪਨ ਦਾ ਸਫਰ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਾਂਗੇਵਾਲ, ਜ਼ਿਲ੍ਹਾ ਲੁਧਿਆਣਾ ਤੋਂ ਬਤੌਰ ਈ.ਟੀ.ਟੀ. ਅਧਿਆਪਕ ਸ਼ੁਰੂ ਕੀਤਾ ਸੀ ਅਤੇ 2006 ਤੋਂ ਉਹ ਬਤੌਰ ਗਣਿਤ ਅਧਿਆਪਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਹੌੜਾ ਵਿਖੇ ਹੀ ਸੇਵਾਵਾਂ ਨਿਭਾ ਰਹੇ ਹਨ। ਸ: ਕਿਰਨਦੀਪ ਸਿੰਘ ਨੇ ਇਸ ਸ਼ਿੱਦਤ ਨਾਲ ਬੱਚਿਆਂ ਲਈ ਕੰਮ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਆਪਣੇ ਟਵੀਟ ਰਾਹੀਂ ਸਲਾਹਿਆ ਗਿਆ ਹੈ। ਵੱਖ-ਵੱਖ ਪੱਧਰ 'ਤੇ ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਵਲੋਂ, ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਵਲੋਂ, ਡਿਪਟੀ ਕਮਿਸ਼ਨਰ ਸਾਹਿਬ ਵਲੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਿਆ ਹੈ। ਮਈ, 2018 ਵਿਚ ਉਨ੍ਹਾਂ ਨੂੰ ਮਾਲਤੀ ਗਿਆਨ ਪੀਠ ਪੁਰਸਕਾਰ ਦਿੱਤਾ ਜਾ ਚੁੱਕਾ ਹੈ। 2016 ਵਿਚ ਉਨ੍ਹਾਂ ਨੂੰ ਬਤੌਰ ਗਣਿਤ ਅਧਿਆਪਕ 'ਰਾਜ ਪੱਧਰੀ ਅਧਿਆਪਕ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਲੋਂ ਵੀ ਉਨ੍ਹਾਂ ਨੂੰ ਦੋ ਵਾਰ ਪ੍ਰਸੰਸਾ ਪੱਤਰ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵੀ ਉਨ੍ਹਾਂ ਦੇ ਕੰਮ ਨੂੰ ਹਰ ਪੱਧਰ 'ਤੇ ਸਰਾਹਿਆ ਗਿਆ ਹੈ। ਪੂਰੇ ਇਲਾਕੇ ਅਤੇ ਵਿਭਾਗ ਨੂੰ ਇਸ ਹੋਣਹਾਰ ਮਾਣਮੱਤੇ ਅਧਿਆਪਕ 'ਤੇ ਪੂਰਾ ਮਾਣ ਹੈ। ਉਨ੍ਹਾਂ ਵਲੋਂ ਤਿਆਰ ਕਰਵਾਏ ਗਏ ਮਾਡਲਾਂ ਨਾਲ ਵਿਦਿਆਰਥੀਆਂ ਨੇ ਕੌਮੀ ਪੱਧਰ ਤੱਕ ਨਾਮਣਾ ਖੱਟਿਆ ਹੈ। ਉਨ੍ਹਾਂ ਦੇ ਯਤਨਾਂ ਅਤੇ ਸਟਾਫ ਦੇ ਸਹਿਯੋਗ ਨਾਲ ਸਕੂਲ ਵਿਚ ਆਧੁਨਿਕ ਗਣਿਤ ਲੈਬ, ਗਣਿਤ ਪਾਰਕ, ਗਣਿਤ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ, ਜਿਸ ਨਾਲ ਵਿਦਿਆਰਥੀਆਂ ਵਲੋਂ ਔਖੇ ਸਮਝੇ ਜਾਂਦੇ ਗਣਿਤ ਵਰਗੇ ਵਿਸ਼ੇ ਨੂੰ ਵੀ ਸਿੱਖਣ ਵਿਚ ਬਹੁਤ ਆਸਾਨੀ ਹੋ ਗਈ। ਉਨ੍ਹਾਂ ਵਲੋਂ ਗਣਿਤ ਵਰਗੇ ਵਿਸ਼ੇ ਨੂੰ ਵੀ ਰੌਚਿਕ ਬਣਾ ਕੇ ਖੇਡ ਵਿਧੀ ਰਾਹੀਂ ਸਿਖਾਉਣ ਦਾ ਵੱਡਾ ਹੰਭਲਾ ਮਾਰਿਆ ਜਾ ਰਿਹਾ ਹੈ। ਉਹ ਗਣਿਤ ਦੇ ਰਾਜ ਪੱਧਰੀ ਰਿਸੋਰਸ ਗਰੁੱਪ ਮੈਂਬਰ ਅਤੇ ਵਿਸ਼ਾ ਮਾਹਿਰ ਵਜੋਂ ਸੇਵਾਵਾਂ ਦੇ ਕੇ ਆਪਣਾ ਗਿਆਨ ਪੂਰੇ ਪੰਜਾਬ ਦੇ ਤੱਕ ਪਹੁੰਚਾਉਣ ਲਈ ਵੀ ਯਤਨਸ਼ੀਲ ਹਨ। ਉਨ੍ਹਾਂ ਦਾ ਯਤਨ ਹੈ ਕਿ ਸਮਾਜ ਦੇ ਦਾਨੀਆਂ ਅਤੇ ਪ੍ਰਵਾਸੀ ਭਾਰਤੀਆਂ ਰਾਹੀਂ ਸਕੂਲ ਦੀ ਦਿੱਖ ਸੰਵਾਰਨ ਦਾ ਹੰਭਲਾ ਮਾਰਿਆ ਜਾਵੇ ਅਤੇ ਬੱਚਿਆਂ ਦੀ ਭਲਾਈ ਲਈ ਵੱਧ ਤੋਂ ਵੱਧ ਕੰਮ ਕੀਤਾ ਜਾਵੇ। ਹਮੇਸ਼ਾ ਸਮੇਂ ਦੀ ਕਦਰ ਕਰਨ ਵਾਲੇ ਸ: ਕਿਰਨਦੀਪ ਸਿੰਘ ਨੇ ਗਣਿਤ ਵਿਸ਼ੇ ਲਈ ਅਜਿਹਾ ਕੰਮ ਕੀਤਾ ਕਿ ਜ਼ਿਆਦਾਤਰ ਔਖਾ ਮੰਨਿਆ ਜਾਣ ਵਾਲਾ ਇਹ ਵਿਸ਼ਾ ਉਨ੍ਹਾਂ ਦੇ ਵਿਦਿਆਰਥੀਆਂ ਲਈ ਸੌਖਾ ਜਿਹਾ ਹੋ ਗਿਆ। ਆਪਣੇ ਵਿਦਿਆਰਥੀਆਂ ਦਾ ਹਰ ਪੱਖੋਂ ਹਾਮੀ ਹੋ ਗੁਜ਼ਰਨ ਵਾਲਾ ਸ: ਟਿਵਾਣਾ ਕਦੇ ਬੱਚਿਆਂ ਨਾਲ ਵਿੱਦਿਅਕ ਟੂਰ 'ਤੇ ਨਜ਼ਰ ਆਉਂਦਾ ਹੈ ਤੇ ਕਦੇ ਸਾਥੀ ਅਧਿਆਪਕਾਂ ਨਾਲ ਗਣਿਤ ਵਿਸ਼ੇ ਨੂੰ ਹੋਰ ਰੌਚਿਕ ਕਰਨ ਦੀਆਂ ਵਡਮੁੱਲੀਆਂ ਵਿਚਾਰਾਂ ਕਰਦਾ ਦਿਖਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੋਈ ਵੀ ਕੰਮ ਭਾਵੇਂ ਕਿੰਨਾ ਵੀ ਔਖਾ ਹੋਵੇ, ਤੁਸੀਂ ਇਮਾਨਦਾਰੀ ਅਤੇ ਦ੍ਰਿੜ੍ਹ ਇਰਾਦੇ ਨਾਲ ਉਸ ਵਿਚ ਖੁੱਭ ਜਾਵੋ, ਹਰ ਕਾਰਜ ਸੌਖਾ ਹੋ ਜਾਂਦਾ ਹੈ। ਅਕਾਲ ਪੁਰਖ ਅੱਗੇ ਇਹੀ ਅਰਦਾਸ ਹੈ ਕਿ ਸਿੱਖਿਆ ਜਗਤ ਦਾ ਇਹ ਚਮਕਦਾ ਸਿਤਾਰਾ ਹਮੇਸ਼ਾ ਤੰਦਰੁਸਤ ਰਹੇ, ਤਾਂ ਜੋ ਇਸ ਤੋਂ ਵੀ ਵਧ ਕੇ ਸੇਵਾ ਕਰਦੇ ਰਹਿਣ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)।
ਮੋਬਾ: 93565-52000

ਦੁਚਿੱਤੀ 'ਚ ਹਨ ਵੋਟਰ

ਵਿਸ਼ਵ ਦੇ ਸੱਭ ਤੋਂ ਵੱਡੇ ਲੋਕਤੰਤਰ 'ਭਾਰਤ' ਵਿਚ 17ਵੀਂ ਲੋਕ ਸਭਾ ਲਈ ਚੋਣਾਂ ਲਈ ਪੁੱਠੀ ਗਿਣਤੀ ਦੀ ਸ਼ੁਰੂਆਤ ਹੋ ਚੁੱਕੀ ਹੈ। ਚੀਨ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਇਸ ਦੇਸ਼ ਦੀ ਵਿਲੱਖਣਤਾ ਇਸ ਗੱਲ 'ਚ ਹੈ ਕਿ ਲੋਕਾਂ ਵਲੋਂ ਚੁਣੇ ਗਏ ਰਾਜਨੀਤਕ ਆਗੂਆਂ ਨੂੰ ਜ਼ਿਆਦਾ ਵਾਰ ਖੁੱਲ੍ਹਦਿਲੀ ਨਾਲ ਨਾ ਸਿਰਫ਼ ਚੁਣਿਆ ਗਿਆ, ਬਲਕਿ ਉਨ੍ਹਾਂ ਨੂੰ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕਈ ਵਾਰ ਸੱਤਾ 'ਚ ਆਉਣ ਦਾ ਮੌਕਾ ਵੀ ਪ੍ਰਦਾਨ ਕੀਤਾ ਗਿਆ। ਪਰ ਇਕ ਵੋਟਰ ਦੇ ਤੌਰ 'ਤੇ ਅੱਜ ਵੀ ਕੀ ਇਕ ਆਮ ਆਦਮੀ ਪੂਰੇ ਵਿਸ਼ਵਾਸ ਨਾਲ ਕਿਸੇ ਨੇਤਾ ਨੂੰ ਉਸ ਵਲੋਂ ਕੀਤੇ ਗਏ ਹਰੇਕ ਵਾਅਦੇ ਨੂੰ ਪੂਰਾ ਕੀਤੇ ਜਾਣ ਦਾ ਮਾਣ ਦੇ ਸਕਦਾ ਹੈ? ਰਾਜਨੀਤਕ ਪਾਰਟੀਆਂ ਨੇ ਚੋਣਾਂ ਦਾ ਮੌਸਮ ਆਉਣ ਤੋਂ ਪਹਿਲਾਂ ਹੀ ਆਪੋ-ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਟਿਕਟਾਂ ਦੀ ਖਾਤਰ ਦਲ ਬਦਲਣਾ ਤੇ ਦਲ ਬਦਲਣ ਤੋਂ ਬਾਅਦ ਪਿਛਲੀ ਪਾਰਟੀ ਦੀਆਂ ਕਮੀਆਂ ਨੂੰ ਲੋਕਾਂ ਅੱਗੇ ਲਿਆ ਕੇ ਨੇਤਾ ਖੁਦ ਹੀ ਆਪਣੀ ਪਾਰਟੀ ਦੀ ਬਣੀ ਬਣਾਈ ਲੋਕ ਤਸਵੀਰ ਵਿਚ ਅਵਿਸ਼ਵਾਸ ਦੇ ਬੇਰੰਗੇ ਫੁੱਲ ਉਲੀਕ ਦਿੰਦੇ ਹਨ। ਅਜਿਹੇ 'ਚ ਇਕ ਨੇਤਾ ਦੇ ਜ਼ਰੀਏ ਰਾਜਨੀਤਕ ਪਾਰਟੀ ਦੀ ਤਸਵੀਰ ਆਪਣੇ ਮਨ 'ਚ ਵਸਾਉਣ ਵਾਲੇ ਕਿਸੇ ਵੋਟਰ ਲਈ ਇਹ ਫੈਸਲਾ ਲੈਣਾ ਔਖਾ ਹੋ ਜਾਂਦਾ ਹੈ ਕਿ ਵੋਟ ਰਾਜਨੀਤਕ ਪਾਰਟੀ ਨੂੰ ਪਾਈ ਜਾਵੇ ਜਾਂ ਫਿਰ ਪਾਰਟੀ ਤੋਂ ਅਲੱਗ ਹੋਏ ਕਿਸੇ ਨੇਤਾ ਨੂੰ? ਵੋਟਰਾਂ ਦੇ ਮਨ 'ਚ ਸ਼ੰਕਾ ਪੈਦਾ ਕਰਨ ਵਾਲੀ ਅਗਲੀ ਕੜੀ ਉਨ੍ਹਾਂ ਲਫ਼ਜ਼ਾਂ ਨਾਲ ਜੁੜਦੀ ਹੈ, ਜੋ ਕਿ ਇਕੋ ਜਿਹੇ ਕੰਮ ਕਰਨ ਲਈ ਵੀ ਵੱਖੋ-ਵੱਖ ਸ਼ਬਦਾਵਲੀ ਦੀ ਵਰਤੋਂ ਕਰਦੀ ਹੈ। ਉਦਾਹਰਨ ਦੇ ਤੌਰ 'ਤੇ ਜਦੋਂ ਸੱਤਾਧਾਰੀ ਪਾਰਟੀ ਵੱਖੋ-ਵੱਖ ਰਾਜਾਂ 'ਚ ਚੋਣਾਂ ਲਈ ਸਾਥੀ ਪਾਰਟੀਆਂ ਦੀ ਭਾਲ 'ਚ ਜਾਂਦੀ ਹੈ ਤਾਂ ਇਸ ਨੂੰ ਚੋਣਾਂ ਦੀ ਤਿਆਰੀ ਕਿਹਾ ਜਾਂਦਾ ਹੈ, ਪਰ ਜਦੋਂ ਬਾਕੀ ਵਿਰੋਧੀ ਪਾਰਟੀਆਂ ਮਿਲ ਕੇ ਚੋਣਾਂ ਲਈ ਸਾਂਝ ਪਾਉਂਦੀਆਂ ਹਨ ਤਾਂ ਉਨ੍ਹਾਂ ਲਈ ਬਹੁਤ ਘਟੀਆ ਸ਼ਬਦ ਵਰਤੇ ਜਾਂਦੇ ਨੇ। ਹੁਣ ਇਨ੍ਹਾਂ ਸਾਰੇ ਹਾਲਾਤ ਨੂੰ ਵੇਖਦਿਆਂ ਵੋਟਰ ਕੀ ਫੈਸਲਾ ਲਵੇਗਾ, ਇਹ ਤਾਂ ਆਉਂਦੀ 23 ਮਈ ਨੂੰ ਤੈਅ ਹੋ ਜਾਵੇਗਾ, ਪਰ ਉਸ ਤੋਂ ਪਹਿਲਾਂ ਜ਼ਰੂਰਤ ਹੈ ਉਨ੍ਹਾਂ ਸਾਰੇ ਮਸਲਿਆਂ ਬਾਰੇ ਗੱਲ ਕਰਨ ਦੀ, ਜੋ ਸ਼ਾਇਦ ਇਕ ਆਮ ਵੋਟਰ ਦੀ ਸੋਚ 'ਚ ਵਸਦੇ ਹਨ।

-ਸਹਾਇਕ ਪ੍ਰੋਫੈਸਰ,
ਪੱਤਰਕਾਰੀ ਅਤੇ ਜਨਸੰਚਾਰ,
ਲਾਇਲਪੁਰ ਖਾਲਸਾ ਕਾਲਜ, ਜਲੰਧਰ।

ਮੁਸ਼ਕਿਲਾਂ ਦੀ ਦਲਦਲ ਵਿਚ ਘਿਰਿਆ ਪੰਜਾਬ

ਪਤਾ ਨਹੀਂ ਸਾਡੇ ਸਿਆਸੀ ਲੋਕਾਂ ਦੀਆਂ ਅੱਖਾਂ ਕਿਹੋ ਜਿਹੀਆਂ ਹਨ. ਜਿਨ੍ਹਾਂ ਨੂੰ ਵਿਨਾਸ਼ ਵੀ ਵਿਕਾਸ ਵਿਖਾਈ ਦਿੰਦਾ ਹੈ। ਪੰਜਾਬ ਦੇ ਅਨੇਕਾਂ ਨੌਜਵਾਨ ਨਸ਼ਿਆਂ ਦੀ ਤਸਕਰੀ ਕਾਰਨ ਜੇਲ੍ਹਾਂ ਵਿਚ ਬੈਠੇ ਹਨ. ਜਿਹੜੇ ਬਾਕੀ ਬਚੇ ਹਨ ਉਹ ਨਸ਼ਾ ਛੁਡਾਊ ਕੈਂਪਾਂ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਵੱਡੀ ਉਮਰ ਦੇ ਅਮਲੀ ਨਸ਼ਾ ਨਾ ਮਿਲਣ ਕਾਰਨ ਮੰਜਿਆਂ ਨਾਲ ਜੁੜੇ ਪਏ ਹਨ। ਬੀਬੀਆਂ ਮੌਕੇ ਦੀਆਂ ਸਰਕਾਰਾਂ ਨੂੰ ਪਾਣੀ ਪੀ-ਪੀ ਕੋਸ ਰਹੀਆਂ ਹਨ। ਜਿਹੜੇ ਨਸ਼ਾ ਕਰਕੇ ਦਿਹਾੜੀ-ਦੱਪਾ ਕਰਕੇ ਆਪਣੇ ਬੱਚਿਆਂ ਦੇ ਪੇਟ ਪਾਲ ਰਹੇ ਸਨ. ਉਨ੍ਹਾਂ ਦੀਆਂ ਪਤਨੀਆਂ ਦਿਹਾੜੀ-ਦੱਪਾ ਕਰਨ ਲਈ ਮਜਬੂਰ ਹਨ। ਕੁਝ ਨਸ਼ਾ ਵੇਚਣ ਵਾਲੇ ਹਾਲੇ ਵੀ ਘਟੀਆ ਕਿਸਮ ਦਾ ਮਿਲਾਵਟੀ ਨਸ਼ਾ ਅਮਲੀਆਂ ਦੀ ਕਮਜ਼ੋਰੀ ਕਾਰਨ ਮਹਿੰਗੇ ਮੁੱਲ ਵੇਚ ਜਾਂਦੇ ਹਨ। ਪੰਜਾਬ ਦੇ ਗੱਭਰੂ-ਮੁਟਿਆਰਾਂ ਜਿਨ੍ਹਾਂ ਦੀਆਂ ਸਿਫਤਾਂ ਕਰਦੇ ਕਿਸੇ ਸਮੇਂ ਲੇਖਕ ਥੱਕਦੇ ਨਹੀਂ ਸੀ, ਅੱਜ ਉਹੀ ਲੇਖਕ ਇਨ੍ਹਾਂ ਦੀ ਨਿਘਰਦੀ ਹਾਲਤ ਵੇਖ ਕੇ ਪੂਰੀ ਤਰ੍ਹਾਂ ਚਿੰਤਤ ਹਨ। ਅੱਜ ਪਹਿਲਾਂ ਵਾਲਾ ਰੰਗੀਲਾ ਪੰਜਾਬ ਪੂਰੀ ਤਰ੍ਹਾਂ ਨਸ਼ੀਲਾ ਹੋ ਚੁੱਕਾ ਹੈ। ਰੰਗਲਾ ਪੰਜਾਬ ਪੂਰੀ ਤਰ੍ਹਾਂ ਗੰਧਲਾ ਪੰਜਾਬ ਬਣ ਚੁੱਕਾ ਹੈ। ਪੂਰੇ ਪੰਜਾਬ ਦੀ ਇਕ ਵੀ ਗੱਲ ਅਜਿਹੀ ਨਹੀਂ ਜਿਸ ਦੀ ਸਿਫਤ ਕਰ ਸਕੀਏ। ਆਉਣ ਵਾਲੇ ਕੁਝ ਸਮੇਂ ਤੱਕ ਹੀ ਸਾਨੂੰ ਪਾਣੀ ਦੀ ਬਹੁਤ ਵੱਡੀ ਸਮੱਸਿਆ ਨਾਲ ਜੂਝਣਾ ਪੈਣਾ ਹੈ। ਅੰਨ੍ਹੇਵਾਹ ਸਪਰੇਆਂ, ਖਾਦਾਂ ਅਤੇ ਉਦਯੋਗਾਂ ਨਾਲ ਅਸੀਂ ਇਕੱਲਾ ਪਾਣੀ ਹੀ ਦੂਸ਼ਿਤ ਨਹੀਂ ਕੀਤਾ, ਬਲਕਿ ਧਰਤੀ ਐਨੀ ਜ਼ਹਿਰੀਲੀ ਕਰ ਦਿੱਤੀ ਹੈ ਕਿ ਸਾਰੀਆਂ ਜ਼ਹਿਰਾਂ ਖਾਣ-ਪੀਣ ਵਾਲੀਆਂ ਵਸਤਾਂ ਵਿਚ ਵੀ ਆ ਰਹੀਆਂ ਹਨ, ਜਿਸ ਕਰਕੇ ਪੂਰਾ ਪੰਜਾਬ ਇਕ ਹਸਪਤਾਲ ਬਣਿਆ ਹੋਇਆ ਹੈ। ਘਰ-ਘਰ ਦਵਾਈਆਂ ਦੀਆਂ ਸ਼ੀਸ਼ੀਆਂ ਅਤੇ ਪੱਤੇ ਪਏ ਹਨ। ਇਸੇ ਕਰਕੇ ਬਠਿੰਡਾ ਅਤੇ ਉਸ ਦੇ ਆਸ-ਪਾਸ ਦੇ ਜ਼ਿਲ੍ਹਿਆਂ ਵਿਚ ਕੈਂਸਰ ਦਾ ਕਹਿਰ ਜਾਰੀ ਹੈ। ਇਸੇ ਤਰ੍ਹਾਂ ਹੀ ਸਤਲੁਜ ਦਰਿਆ ਦੇ ਆਸੇ-ਪਾਸੇ ਪਿੰਡਾਂ ਵਿਚ ਕਾਲੇ ਪੀਲੀਏ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਕੈਂਸਰ, ਸ਼ੂਗਰ, ਕਾਲਾ ਪੀਲੀਆ ਆਦਿ ਰੋਗਾਂ ਵਿਚ ਮੇਰੇ ਦੇਸ਼ ਦੀ ਦੁਨੀਆ ਵਿਚ ਚਰਚਾ ਹੈ। ਸੜਕ ਹਾਦਸਿਆਂ ਵਿਚ ਵੀ ਮੇਰੇ ਦੇਸ਼ ਨੇ ਕਿਸੇ ਨੂੰ ਮੂਹਰੇ ਨਹੀਂ ਨਿਕਲਣ ਦਿੱਤਾ। ਹਰ ਰੋਜ਼ ਪਰਿਵਾਰਾਂ ਦੇ ਪਰਿਵਾਰ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਕਲੌਤੇ ਚਿਰਾਗ ਬੁਝ ਰਹੇ ਹਨ। ਲੱਖਾਂ ਲੜਕੇ ਲੜਕੀਆਂ ਵੱਡੀਆਂ -ਵੱਡੀਆਂ ਡਿਗਰੀਆਂ ਲੈ ਕੇ ਰੁਜ਼ਗਾਰ ਲਈ ਦਰ-ਦਰ ਦੇ ਧੱਕੇ ਖਾਣ ਲਈ ਮਜਬੂਰ ਹਨ ਜਦੋਂ ਕਿ ਸਾਰੇ ਮਹਿਕਮਿਆਂ ਵਿਚ ਲੱਖਾਂ ਅਸਾਮੀਆਂ ਖਾਲੀ ਪਈਆਂ ਹਨ। ਬਿਜਲੀ ਚੰਗੀ ਤਰ੍ਹਾਂ ਆ ਨਹੀਂ ਰਹੀ, ਬਿੱਲ ਜ਼ਰੂਰ ਵੱਡੇ-ਵੱਡੇ ਆ ਰਹੇ ਹਨ। ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਕਿਸਾਨ ਕਰਜ਼ੇ ਦੇ ਸਤਾਏ ਉਪਰੋਥਲੀ ਖ਼ੁਦਕੁਸ਼ੀਆਂ ਕਰ ਰਹੇ ਹਨ। ਕੁਝ ਕੁ ਨੂੰ ਛੱਡ ਕੇ ਬਾਕੀ ਕਲਾਕਾਰਾਂ ਨੇ ਪੰਜਾਬੀ ਸੱਭਿਆਚਾਰ ਦਾ ਘਾਣ ਕਰ ਛੱਡਿਆ ਹੈ, ਗੰਦੇ ਗੀਤ ਸੁਣ ਕੇ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਕੁਰਾਹੇ ਪੈ ਗਈ ਹੈ। ਲਿਖਤ ਲੰਬੀ ਹੋਣ ਦੇ ਡਰੋਂ ਆਪਣੇ ਇਕ ਸ਼ਿਅਰ ਨਾਲ ਲਿਖਤ ਬੰਦ ਕਰ ਰਿਹਾ ਹਾਂ। 'ਮਾਂ ਤੋਂ ਵਿਛੜੇ ਬੱਚੇ ਵਾਂਗੂੰ ਰੋਂਦਾ ਤੇ ਕੁਰਲਾਂਦਾ ਹੈ। ਪੰਜਾਬ ਦਰਦੀਓ ਪੰਜਾਬ ਬਚਾ ਲਵੋ, ਪੰਜਾਬ ਡੁੱਬਦਾ ਹੀ ਜਾਂਦਾ ਹੈ।'

ਗਿੱਲ ਨਗਰ, ਗਲੀ ਨੰ: 13. ਮੁੱਲਾਂਪੁਰ ਦਾਖ਼ਾ (ਲੁਧਿਆਣਾ)। ਮੋਬਾ: 94635-42896

ਅੰਮ੍ਰਿਤ ਤੋਂ ਜ਼ਹਿਰ ਬਣਦਾ ਜਾ ਰਿਹੈ ਦੁੱਧ

ਇਕ ਏਜੰਸੀ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਇਸ ਵੇਲੇ ਦੁੱਧ ਦੀ ਖਪਤ 64 ਕਰੋੜ ਲੀਟਰ ਪ੍ਰਤੀ ਦਿਨ ਹੈ। ਦੂਜੇ ਪਾਸੇ ਜੇਕਰ ਸਾਡੇ ਦੇਸ਼ ਅੰਦਰ ਪਾਲਤੂ ਪਸ਼ੂਆਂ ਤੋਂ ਦੁੱਧ ਦੀ ਪੈਦਾਵਾਰ ਨੂੰ ਵਾਚੀਏ ਤਾਂ ਹਰ ਪਸ਼ੂ ਪਾਲਣ ਅਤੇ ਦੁੱਧ ਪੀਣ ਵਾਲੇ ਸ਼ਖ਼ਸ ਦੇ ਮੱਥੇ 'ਤੇ ਤਿਊੜੀਆਂ ਉੱਭਰਨੀਆਂ ਲਾਜ਼ਮੀ ਹਨ। ਕੁੱਲ ਮਿਲਾ ਕੇ ਸਾਡੇ ਦੇਸ਼ ਅੰਦਰ ਸਾਰੇ ਦੁਧਾਰੂ ਪਸ਼ੂਆਂ ਤੋਂ ਦੁੱਧ ਦੀ ਆਮਦ ਦਾ ਅੰਕੜਾ ਪ੍ਰਤੀ ਦਿਨ 14 ਕਰੋੜ ਲੀਟਰ ਵੀ ਨਹੀਂ ਟੱਪ ਰਿਹਾ। ਹੁਣ ਸੁਆਲ ਇਹ ਉੱਠਦੈ ਕਿ ਇਹ ਵਿਚਕਾਰਲਾ 50 ਕਰੋੜ ਲੀਟਰ ਦੁੱਧ ਕਿੱਥੋਂ ਆ ਰਿਹੈ। ਮਤਲਬ ਸਾਫ ਹੈ ਕਿ ਇਹ ਦੁੱਧ ਨਕਲੀ ਹੈ। ਕਿਸੇ ਸਮੇਂ ਦੁੱਧ ਅਤੇ ਪੁੱਤ ਨੂੰ ਸਾਡੇ ਸਮਾਜ ਨੇ ਇਕੋ ਰੁਤਬਾ ਦੇ ਕੇ ਨਿਵਾਜਿਆ ਸੀ ਪਰ ਪੈਸੇ ਦੀ ਲਾਲਸਾ ਅਤੇ ਬਦਲੇ ਹਾਲਾਤ ਨੇ ਇਨਸਾਨ ਨੂੰ ਐਸੇ ਚੱਕਰਵਿਊ ਵਿਚ ਉਲਝਾਇਆ ਕਿ ਅੱਜ ਇਹ ਪਵਿੱਤਰ ਤਰਲ ਪਦਾਰਥ ਖੁਦ ਮੌਤ ਦੀ ਨਿਆਈ ਬਣ ਚੁੱਕਿਆ ਹੈ। ਅੰਕੜੇ ਸਮੇਂ ਦੇ ਫਿਰ ਨਾਲ ਕੁਝ ਘੱਟ-ਵੱਧ ਹੋ ਸਕਦੇ ਹਨ ਪਰ ਇਸ ਵੇਲੇ ਮੇਰੇ ਦੇਸ਼ ਦੀ ਦੁੱਧ ਮਾਰਕੀਟ ਅੰਦਰ ਜੋ ਦੁੱਧ ਅੰਮ੍ਰਿਤ ਕਹਿ ਕੇ ਵੇਚਿਆ ਜਾ ਰਿਹਾ ਹੈ, ਉਹ ਅਸਲ ਵਿਚ ਨਿਰੀ ਜ਼ਹਿਰ ਹੈ, ਜਿਸ ਨੂੰ ਪੀ ਕੇ ਮਾਸੂਮ ਬੱਚਿਆਂ ਤੋਂ ਲੈ ਕੇ ਜਵਾਨ, ਬਜ਼ੁਰਗਾਂ ਤੱਕ ਨੂੰ ਭਿਆਨਕ ਤੇ ਮਾਰੂ ਬਿਮਾਰੀਆਂ ਆਪਣੀ ਪਕੜ ਵਿਚ ਲੈ ਰਹੀਆਂ ਹਨ। ਪੰਜਾਬ ਵਿਚ ਵੀ ਇਸ ਚਿੱਟੇ ਅੰਮ੍ਰਿਤ ਦਾ ਕਾਲਾ ਕਾਰੋਬਾਰ ਸਿਖਰਾਂ ਨੂੰ ਛੂਹ ਰਿਹਾ ਹੈ। ਹੈਰਾਨੀ ਹੁੰਦੀ ਹੈ ਸਰਕਾਰ ਦੀ ਲਾਪ੍ਰਵਾਹੀ ਤੋਂ ਕਿ ਕਿੰਜ ਬੇਸ਼ਕੀਮਤੀ ਜਾਨਾਂ ਨੂੰ ਹੌਲੀ-ਹੌਲੀ ਮੌਤ ਦੀ ਗੋਦੀ ਵੱਲ ਤੋਰ ਰਹੇ ਇਸ ਧੰਦੇ ਨੂੰ ਕਰਨ ਵਾਲੇ ਲੋਕ ਬੇਖੌਫ ਹੋ ਕੇ ਮੋਟਾ ਰੁਪਿਆ ਕਮਾ ਕੇ ਸਰਕਾਰ ਤੇ ਆਮ ਜਨਤਾ ਦਾ ਮੂੰਹ ਚਿੜਾ ਰਹੇ ਹਨ। ਉਧਰ ਦੁਧਾਰੂ ਅਤੇ ਪਾਲਤੂ ਪਸ਼ੂਆਂ ਦੇ ਫਾਰਮਾਂ ਦੀ ਗਿਣਤੀ ਪ੍ਰਤੀ ਦਿਨ ਘਟ ਰਹੀ ਹੈ, ਜੋ ਇਸ ਕਿੱਤੇ ਨਾਲ ਜੁੜੇ ਲੋਕਾਂ ਤੇ ਸਮੁੱਚੇ ਬਾਜ਼ਾਰ ਲਈ ਖਤਰੇ ਦੀ ਘੰਟੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦੈ ਕਿ ਇਸ ਧੰਦੇ ਵਿਚ ਸ਼ਾਮਿਲ ਲੋਕਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮਾਂ ਤਿਆਰ ਕਰਕੇ ਉਨ੍ਹਾਂ ਨੂੰ ਪੂਰੇ ਅਧਿਕਾਰ ਦੇ ਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਪਿੰਡਾਂ ਤੇ ਸ਼ਹਿਰਾਂ ਵਿਚ ਸਪੈਸ਼ਲ ਡਿਊਟੀਆਂ ਲਾ ਕੇ ਸਮਾਜ ਲਈ ਘਾਤਕ ਹੋ ਰਹੇ ਮਾੜੇ ਅਨਸਰਾਂ ਨੂੰ ਸਖ਼ਤੀ ਨਾਲ ਰੋਕੇ ਜਾਣ ਦੀ ਅੱਜ ਵੱਡੀ ਲੋੜ ਹੈ।

-ਪ੍ਰਚਾਰ ਸਕੱਤਰ, ਵਿਸ਼ਵ ਪੰਜਾਬੀ ਲੇਖਕ ਮੰਚ।
ਮੋਬਾ: 94634-63136

ਜੇ ਬੋਲ ਸਕਦੈਂ ਤਾਂ ਬੋਲ!!

ਜ਼ਰੂਰਤ ਪੈਣ 'ਤੇ ਬੋਲਣ ਵਾਲੇ ਘੱਟ ਹੀ ਮਿਲਦੇ ਹਨ। ਸਮਾਂ ਲੰਘ ਜਾਣ ਤੋਂ ਬਾਅਦ ਕਿਸੇ ਦੀ ਹਮਾਇਤ 'ਚ ਕੋਈ ਬੋਲਿਆ ਤਾਂ ਕੀ ਬੋਲਿਆ। ਇਸ ਦੁਨੀਆ ਰੂਪੀ ਕਚਹਿਰੀ 'ਚ ਰੋਜ਼ਾਨਾ ਅਣਗਿਣਤ ਲੋਕ ਬੇਇਨਸਾਫੀ ਅਤੇ ਧੱਕੇ ਦਾ ਸ਼ਿਕਾਰ ਹੁੰਦੇ ਹਨ। ਤਕੜੇ ਵਲੋਂ ਮਾੜੇ ਨੂੰ ਦਬਕਾਉਣਾ ਜਾਂ ਡਰਾਉਣਾ ਇਕ ਆਮ ਜਿਹੀ ਗੱਲ ਹੋ ਗਈ ਹੈ। ਕਮਜ਼ੋਰ ਜਾਂ ਬੇਵੱਸ ਇਨਸਾਨ ਨਾਲ ਤਾਂ ਲੋੜ ਪਈ 'ਤੇ ਕੋਈ ਤੁਰਨ ਲਈ ਵੀ ਤਿਆਰ ਨਹੀਂ ਹੁੰਦਾ। ਇਸ ਸੱਭਿਅਕ ਸਮਾਜ 'ਚ ਰੋਜ਼ਾਨਾ ਕੁਕਰਮ ਹੁੰਦੇ ਹਨ ਪਰ ਆਮ ਜਨਤਾ ਇਹ ਸਭ ਚੁੱਪ ਕਰਕੇ ਦੇਖਦੀ ਹੈ। ਸੜਕਾਂ ਤੋਂ ਸ਼ਰ੍ਹੇਆਮ ਅਗਵਾ ਹੁੰਦੀਆਂ ਲੜਕੀਆਂ 21ਵੀਂ ਸਦੀ ਦੇ ਸਮਾਜ ਅਤੇ ਲੋਕਾਂ ਨੂੰ ਸ਼ਰਮਸਾਰ ਕਰਦੀਆਂ ਹਨ। ਜਦੋਂ ਕਿਸੇ ਕੌਮ ਜਾਂ ਦੇਸ਼ ਦੇ ਲੋਕਾਂ ਦੀ ਜ਼ਮੀਰ ਮਰ ਜਾਵੇ ਉਸ ਵਕਤ ਅਜਿਹੇ ਵਾਕਿਆ ਨੂੰ ਅੰਜਾਮ ਦੇਣ ਵਾਲੇ ਦਲੇਰ ਹੋ ਜਾਂਦੇ ਹਨ। ਦੇਸ਼ ਨੂੰ ਲੁੱਟ ਖਾਣ ਵਾਲਿਆਂ ਨੂੰ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਸਨ ਪਰ ਉਹ ਵਤਨ ਤੋਂ ਬਾਹਰ ਆਰਾਮਦਾਇਕ ਜ਼ਿੰਦਗੀ ਬਤੀਤ ਕਰ ਰਹੇ ਹਨ। ਦੋ ਵਕਤ ਦੀ ਰੋਟੀ ਦਾ ਮਿਹਨਤ ਮੁਸ਼ੱਕਤ ਕਰਕੇ ਹੀਲਾ ਕਰਨ ਵਾਲਾ ਆਮ ਇਨਸਾਨ ਸਮਾਜ ਵਿਚਲੇ ਲੋਭੀਆਂ ਦਾ ਸ਼ਿਕਾਰ ਬਣ ਚੁੱਕਾ ਹੈ। ਹਾਲਾਤ ਦੇਖ ਕੇ ਇਸ ਤਰ੍ਹਾਂ ਲਗਦੈ ਜਿਵੇਂ ਇਨ੍ਹਾਂ ਮਿਹਨਤਕਸ਼ ਲੋਕਾਂ ਦੀ ਹਮਾਇਤ 'ਚ ਦਿਲੋਂ ਬੋਲਣ ਵਾਲਾ ਅਜੇ ਤਾਈਂ ਕੋਈ ਨਹੀਂ ਜੰਮਿਆ। ਬਾਰਡਰ 'ਤੇ ਮਾਵਾਂ ਦੇ ਪੁੱਤ ਦੇਸ਼ ਦੀ ਰੱਖਿਆ ਕਰਦੇ ਪਿਛਲੇ ਕਈ ਦਹਾਕਿਆਂ ਤੋਂ ਸ਼ਹੀਦ ਹੋ ਰਹੇ ਹਨ, ਉਨ੍ਹਾਂ ਦੀ ਹਿਫਾਜਤ ਕੌਣ ਕਰੇਗਾ? ਇਹ ਇਕ ਵੱਡਾ ਪ੍ਰਸ਼ਨ ਹੈ। ਸਸਤੇ ਭਾਅ 'ਤੇ ਕਿਸਾਨ ਦੀ ਫਸਲ ਖਰੀਦ ਕੇ ਮਹਿੰਗੇ ਭਾਅ 'ਤੇ ਵੇਚਣ ਵਾਲੇ ਵਪਾਰੀ ਨੂੰ ਇਸ ਲੁੱਟ ਦਾ ਕਰਨ ਪੁੱਛਣ ਲਈ ਅਜੇ ਤੱਕ ਕੋਈ ਮੂੰਹ ਨਹੀਂ ਖੁੱਲ੍ਹਿਆ। ਕਿ ਇਹ ਸਭ ਕੁਝ ਭਾਰਤ ਦੇ ਆਮ ਲੋਕਾਂ ਦੇ ਹੀ ਹਿੱਸੇ ਆਇਐ? ਚੋਣਾਂ ਨੇੜੇ ਦੇਖ ਲੋਕਾਂ ਨੂੰ ਭਰਮਾਉਣ ਵਾਲੇ ਕੀਤੇ ਜਾਂਦੇ ਵਾਅਦੇ ਆਮ ਜਨਤਾ ਨਾਲ ਕੋਝਾ ਮਜ਼ਾਕ ਹਨ। ਅਸਲ 'ਚ ਗੁਲਾਮ ਮਾਨਸਿਕਤਾ ਨੂੰ ਗੁਲਾਮ ਵਿਚਾਰ ਜ਼ਿਆਦਾ ਪਸੰਦ ਹੁੰਦੇ ਹਨ। ਜੇਕਰ ਕੋਈ ਕੁਰਸੀ ਦੇ ਮਾਲਕ ਨੂੰ ਕੋਈ ਸਲਾਹ ਵੀ ਦੇ ਦੇਵੇ ਤਾਂ ਸਮਝਿਆ ਜਾਂਦਾ ਹੈ ਕਿ ਬੋਲਣ ਵਾਲੇ ਨੇ ਬਦਤਮੀਜ਼ੀ ਕੀਤੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਜ਼ਿਆਦਾ ਲੋਕ ਚੁੱਪ ਕਰਕੇ ਸਮਾਂ ਟਪਾਉਣ ਦੀ ਨੀਤੀ ਅਪਣਾਉਂਦੇ ਹਨ ਪਰ ਜੇਕਰ ਇਹ ਵਰਤਾਰਾ ਨਾ ਰੁਕਿਆ ਤਾਂ ਹੰਕਾਰੇ ਇਨਸਾਨ ਖਿਲਾਫ ਫਿਰ ਬੋਲੇਗਾ ਕੌਣ?ਸਭ ਕੁਝ ਹੋਣ ਦੇ ਬਾਵਜੂਦ ਵੀ ਇਨਸਾਨ ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਕਹਿਣ ਤੋਂ ਝਿਜਕਦਾ ਹੈ। ਸ਼ਾਇਦ ਇਹ ਉਸ ਦੀ ਮਜਬੂਰੀ ਬਣ ਗਿਆ ਹੈ। ਵਕਤ ਆ ਗਿਆ ਹੈ ਕਿ ਇਸ ਮਜਬੂਰੀ ਨੂੰ ਦਲੇਰੀ 'ਚ ਬਦਲੀਏ ਅਤੇ ਅੱਖਾਂ ਸਾਹਮਣੇ ਹੁੰਦੀਆਂ ਜ਼ਿਆਦਤੀਆਂ ਨੂੰ ਠੱਲ੍ਹਣ ਲਈ ਆਪਣੀ ਆਵਾਜ਼ ਬੁਲੰਦ ਕਰੀਏ। ਹੌਲੀ-ਹੌਲੀ ਹੱਥੋਂ ਨਿਕਲਦਾ ਸਮਾਂ ਮੁੜ ਵਾਪਸ ਨਹੀਂ ਆਵੇਗਾ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ (ਸ੍ਰੀ ਫਤਹਿਗੜ੍ਹ ਸਾਹਿਬ)। ਮੋਬਾ: 94784-60084

ਸਮਾਜ ਲਈ ਕਲੰਕ ਹਨ ਜਬਰ-ਜਨਾਹ ਦੀਆਂ ਵਾਰਦਾਤਾਂ

ਭਾਰਤ ਵਰਗੇ ਦੇਸ਼ ਜਿਸ ਵਿਚ ਲੜਕੀਆਂ ਨੂੰ ਦੇਵੀ ਦਾ ਰੂਪ ਸਮਝਕੇ ਪੂਜਿਆ ਜਾਂਦਾ ਹੈ, ਜਿਸ ਨਾਲ ਸਾਨੂੰ ਆਪਣੀ ਅਨਮੋਲ ਸੱਭਿਅਤਾ 'ਤੇ ਮਾਣ ਮਹਿਸੂਸ ਹੁੰਦਾ ਹੈ, ਉਥੇ ਹੀ ਅੱਜ ਸਮਾਜ ਅੰਦਰ ਵਾਪਰ ਰਹੀਆਂ ਜਬਰ-ਜਨਾਹ ਦੀਆਂ ਵਾਰਦਾਤਾਂ ਸਾਡੇ ਸਮਾਜ ਅਤੇ ਸਾਡੀ ਸੱਭਿਅਤਾ ਲਈ ਵੱਡਾ ਕਲੰਕ ਹਨ। ਕੁਝ ਸਾਲ ਪਹਿਲਾਂ ਦਿੱਲੀ ਵਿਖੇ ਇਕ ਲੜਕੀ ਨਾਲ ਚਲਦੀ ਬੱਸ ਵਿਚ ਅਜਿਹੀ ਹੀ ਘਟਨਾ ਨੂੰ ਦਿੱਤਾ ਗਿਆ ਅੰਜ਼ਾਮ ਇਨਸਾਨੀਅਤ ਦਾ ਕਤਲ ਸੀ, ਜਿਸ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਘਟਨਾ ਦੇ ਵਿਰੋਧ ਵਿਚ ਦੇਸ ਭਰ ਵਿਚ ਲੋਕਾਂ ਵਲੋਂ ਰੋਸ ਮੁਜ਼ਾਹਰੇ ਕੀਤੇ ਗਏ ਸਨ ਤੇ ਸਰਕਾਰ ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਸਰਕਾਰ ਵਲੋਂ ਵੀ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਬਣਾਏ ਗਏ ਕਾਨੂੰਨ ਵਿਚ ਸੁਧਾਰ ਕਰਕੇ ਇਸ ਨੂੰ ਹੋਰ ਸਖ਼ਤ ਕੀਤਾ ਗਿਆ। ਅਜਿਹੀ ਹੀ ਘਟਨਾ ਵਿਚ ਸ਼ਾਮਿਲ ਵਿਅਕਤੀ ਧਨੰਜਾ ਨੂੰ ਫਾਂਸੀ ਦੀ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ ਤੇ ਹੋਰ ਅਪਰਾਧੀ ਜੋ ਕਿ ਅਜਿਹੀਆਂ ਹੀ ਘਟਨਾਵਾਂ ਸਬੰਧੀ ਦੋਸ਼ੀ ਹਨ, ਜੇਲ੍ਹਾਂ ਵਿਚ ਲੰਬੀਆਂ ਸਜ਼ਾਵਾਂ ਭੁਗਤ ਰਹੇ ਹਨ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਪਰ ਹਾਂ, ਅਜਿਹੇ ਗ਼ੈਰ-ਸਮਾਜਿਕ ਲੋਕ ਗਵਾਹਾਂ ਦੀ ਘਾਟ ਜਾਂ ਹੋਰ ਸਬੂਤਾਂ ਦੀ ਘਾਟ ਕਾਰਨ ਬਰੀ ਹੋ ਜਾਂਦੇ ਹਨ ਪਰ ਸਭ ਤੋਂ ਵੱਡੀ ਚੁਣੌਤੀ ਸਾਡੇ ਸਮਾਜ ਅੱਗੇ ਇਹ ਹੈ ਕਿ ਇਨ੍ਹਾਂ ਹਾਲਤਾਂ ਤੋਂ ਕਿਵੇਂ ਨਜਿੱਠਿਆ ਜਾਵੇ ਕਿ ਅਜਿਹੀਆਂ ਵਾਰਦਾਤਾਂ ਨਾਲ ਸਾਡ ਸਮਾਜ ਗੰਦਾ ਨਾ ਹੋਵੇ। ਸੋ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਨਸਾਨ ਨੂੰ ਸਭ ਤੋਂ ਪਹਿਲਾਂ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਸੋਸ਼ਲ ਮੀਡੀਆ ਦਾ ਵਧ ਰਿਹਾ ਪ੍ਰਸਾਰ ਅਜਿਹੀਆਂ ਘਟਨਾਵਾਂ ਲਈ ਵੱਧ ਜ਼ਿੰਮੇਵਾਰ ਹੈ, ਜਿਸ ਵਿਚ ਸ਼ਰ੍ਹੇਆਮ ਨੰਗੇਜ਼ ਅਤੇ ਹੋਰ ਗ਼ਲਤ ਤਰੀਕਿਆਂ ਨਾਲ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਨੇ ਸਾਨੂੰ ਆਪਣੇ ਨਾਲ ਇਸ ਤਰ੍ਹਾਂ ਜਕੜ ਲਿਆ ਹੈ ਕਿ ਅਸੀਂ ਇਕ ਪਰਿਵਾਰ ਵਿਚ ਰਹਿ ਕੇ ਵੀ ਬਿਖਰ ਗਏ ਹਾਂ। ਹਰ ਕੋਈ ਵਟਸਐਪ ਅਤੇ ਸੋਸ਼ਲ ਮੀਡੀਆ 'ਤੇ ਰੁੱਝਾ ਹੋਇਆ ਹੈ। ਗੁਆਂਢੀਆਂ ਜਾਂ ਪਿੰਡ ਦੀ ਧੀ-ਭੈਣ ਨਾਲ ਆਪਣੇਪਨ ਦੀ ਨੇੜਤਾ ਤਾਂ ਦੂਰ ਦੀ ਗੱਲ, ਅਸੀਂ ਆਪਣੇ ਖੂਨ ਦੇ ਰਿਸ਼ਤਿਆਂ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਸਾਨੂੰ ਸਕੂਲਾਂ ਅਤੇ ਕਾਲਜਾਂ ਵਿਚ ਨੌਜਵਾਨਾਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਭਾਰਤ ਦੇ ਅਨਮੋਲ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਉਣ ਦੀ ਲੋੜ ਹੈ। ਕਿਉਂਕਿ ਚੰਗੀ ਸਿੱਖਿਆ ਹੀ ਚੰਗੇ ਵਿਚਾਰ ਪੈਦਾ ਕਰਦੀ ਹੈ। ਜੇਕਰ ਸਾਡੇ ਆਸ-ਪਾਸ ਜਬਰ ਜਨਾਹ ਵਰਗੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਦਬਾਉਣ ਦੀ ਬਜਾਏ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦਾ ਖੁੱਲ੍ਹ ਕੇ ਵਿਰੋਧ ਕਰਨਾ ਚਾਹੀਦਾ ਹੈ। ਅਜਿਹੇ ਇਨਸਾਨਾਂ ਦਾ ਸਮਾਜਿਕ ਬਾਈਕਾਟ ਕਰਨਾ ਸਮੇਂ ਦੀ ਮੁੱਖ ਲੋੜ ਹੈ।

-ਸ੍ਰੀ ਅਨੰਦਪੁਰ ਸਾਹਿਬ।
ਮੋਬਾ: 98786-21861

ਨਿੱਜੀ ਸਕੂਲਾਂ 'ਚ ਫੀਸਾਂ ਦੇ ਭਾਰ ਹੇਠ ਦੱਬੇ ਮਾਪੇ

ਅੱਜ ਦੇ ਨਿੱਜੀ ਸਕੂਲ ਹੁਣ ਸਕੂਲ ਨਹੀਂ, ਇਕ ਵਪਾਰਕ ਅਦਾਰੇ ਵਜੋਂ ਜਾਣੇ ਜਾਂਦੇ ਹਨ। ਚੰਗੀਆਂ ਕੰਪਨੀਆਂ ਤੇ ਪੈਸੇ ਵਾਲੇ ਬੰਦੇ ਸ਼ਹਿਰ 'ਚ ਇਕ ਕੌਮਾਂਤਰੀ, ਕੌਮੀ, ਏ.ਸੀ. ਸਕੂਲ ਖੋਲ੍ਹਦੇ ਹਨ ਜਿੱਥੇ ਪੜ੍ਹਾਈ ਦਾ ਵਪਾਰ ਪੈਸਿਆਂ ਰਾਹੀਂ ਕੀਤਾ ਜਾਣ ਲੱਗ ਪਿਆ। ਸੀ.ਬੀ.ਐਸ.ਈ., ਆਈ.ਸੀ.ਐਸ.ਸੀ. ਪ੍ਰਵਾਨਤ ਸਕੂਲ ਜਿਸ ਦੀਆਂ ਇਮਾਰਤਾਂ 'ਤੇ ਸੈਂਕੜੇ ਖਰਚ ਕੀਤਾ ਜਾਂਦਾ ਹੈ, ਜਿਸ ਤੋਂ ਸਾਡਾ ਸਮਾਜ ਇੰਨਾ ਪ੍ਰਭਾਵਤ ਹੋ ਜਾਂਦਾ ਹੈ ਕਿ ਹਰ ਕੋਈ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਉਸ ਸਕੂਲ 'ਚ ਦਾਖਲੇ ਲਈ ਹਰ ਤਰ੍ਹਾਂ ਦੀ ਮੁਸ਼ਕਿਲ ਸਹਿਣ ਲਈ ਤਿਆਰ ਹੁੰਦਾ ਹੈ। ਸ਼ਹਿਰ ਦੇ ਪੁਰਾਣੇ ਨਿੱਜੀ ਸਕੂਲਾਂ ਦੇ ਮਹਾਂਰਥੀ ਆਪਣੀ ਸੁਸਾਇਟੀ ਬਣਾ ਕੇ ਆਪਣੇ ਸਕੂਲਾਂ ਦੇ ਭਾਅ ਇੰਨੇ ਜ਼ਿਆਦਾ ਵਧਾ ਦਿੰਦੇ ਹਨ ਕਿ ਆਮ ਆਦਮੀ ਦੇ ਵਸੋਂ ਹੀ ਨਹੀਂ, ਸਗੋਂ ਚੰਗੇ-ਚੰਗੇ ਘਰਾਣਿਆਂ ਦੇ ਵੱਸ ਨਹੀਂ ਹੁੰਦਾ ਬੱਚਾ ਪੜ੍ਹਾਉਣਾ। ਵਿੱਦਿਆ ਦੇ ਮੰਦਰ 'ਚ ਅੱਜ ਵਿੱਦਿਆ ਦਾ ਸੌਦਾ ਆਮ ਹੁੰਦੇ ਵੇਖਿਆ ਜਾ ਰਿਹਾ ਹੈ। ਇਕ ਛੋਟੇ ਜਿਹੇ ਨਿੱਜੀ ਸਕੂਲ 'ਚ ਅਗਰ ਆਪਣਾ ਬੱਚਾ ਸਿਰਫ ਇਕ ਘੰਟਾ ਬੈਠਣ ਵਾਸਤੇ ਭੇਜਣਾ ਹੋਵੇ ਤਾਂ ਉਸ ਦੀ ਪਰ ਮਹੀਨੇ ਦੀ ਫੀਸ 500 ਤੋਂ 800 ਤੱਕ ਹੁੰਦੀ ਹੈ ਤੇ ਦਾਖਲਾ ਫੀਸ ਅਲੱਗ ਤੋਂ ਵਸੂਲ ਕੀਤੀ ਜਾਂਦੀ ਹੈ। ਕੀ ਇਹ ਜਾਇਜ਼ ਹੈ? ਉਸ ਤੋਂ ਬਾਅਦ ਜੇ ਉਹੀ ਬੱਚਾ ਨਰਸਰੀ 'ਚ ਭੇਜਣਾ ਹੋਵੇ ਤਾਂ ਉਸ ਦੀ ਦਾਖਲਾ ਫੀਸ ਅਲੱਗ, ਕਿਤਾਬਾਂ ਦੇ ਸੈੱਟ ਦੀ ਫੀਸ ਅਲੱਗ, ਵਰਦੀ ਵੀ ਸਕੂਲ ਵਿਚੋਂ ਲਈ ਜਾਵੇ, ਇਥੋਂ ਤੱਕ ਕਿ ਬੱਚੇ ਲਈ ਕਾਪੀ ਵੀ ਸਕੂਲ ਤੋਂ ਲੈਣੀ ਲਾਜ਼ਮੀ ਹੋ ਜਾਂਦੀ ਹੈ। ਜੋ ਕਿਤਾਬਾਂ ਬਾਹਰ ਦੁਕਾਨ 'ਚ ਅੱਧੇ ਭਾਅ 'ਤੇ ਮਿਲਦੀਆਂ ਹਨ, ਉਹ ਸਕੂਲਾਂ ਵਾਲੇ ਨਿੱਜੀ ਕੰਪਨੀਆਂ ਦੇ ਪ੍ਰਕਾਸ਼ਕਾਂ ਨਾਲ ਮਿਲ ਕੇ ਪੰਜ ਗੁਣਾਂ ਜ਼ਿਆਦਾ ਵਸੂਲ ਕਰਦੇ ਹਨ। ਇਸੇ ਤਰ੍ਹਾਂ ਸਕੂਲ ਵਰਦੀ 'ਚ ਵੀ ਬਹੁਤ ਜ਼ਿਆਦਾ ਕਮਾਈ ਨਿੱਜੀ ਸਕੂਲਾਂ ਵਾਲੇ ਕਰਦੇ ਹਨ। ਇਥੋਂ ਤੱਕ ਕਿ ਕਈ ਸਕੂਲਾਂ ਵਿਚ 'ਤੇ ਪੈੱਨ, ਪੈਨਸਿਲ ਵੀ ਅੰਦਰੋਂ ਹੀ ਲੈਣੇ ਪੈਂਦੇ ਹਨ। ਸਾਡੀਆਂ ਸਰਕਾਰਾਂ ਸਭ ਪਾਸੇ ਧਿਆਨ ਦਿੰਦਿਆਂ ਹਨ ਪਰ ਨਿੱਜੀ ਸਕੂਲਾਂ 'ਚ ਫੀਸਾਂ ਦੇ ਵਾਧੇ ਨੂੰ ਕਿਉਂ ਨਹੀਂ ਰੋਕਦੇ? ਕਿਉਂ ਮਾਪਿਆਂ ਦੀਆਂ ਮਿਹਨਤ ਦੀਆਂ ਕਮਾਈਆਂ ਨੂੰ ਲਗਾਤਾਰ ਲੁੱਟਣ 'ਚ ਮਸਰੂਫ ਨੇ ਨਿੱਜੀ ਸਕੂਲ ਦੇ ਮਹਾਂਰਥੀ? ਸਮਾਜ ਦੇ ਲੋਕਾਂ ਨੂੰ ਵੀ ਸੁਨੇਹਾ ਕਿ ਅਸੀਂ ਆਪ ਇਸ ਪ੍ਰਤੀ ਸੁਹਿਰਦ ਹੋਈਏ ਤੇ ਇਸ ਵਿੱਦਿਆ ਦੇ ਵਪਾਰ ਵਿਰੁੱਧ ਆਪਣੀ ਆਵਾਜ਼ ਲਾਮਬੰਦ ਕਰੀਏ।

-ਅੰਮ੍ਰਿਤਸਰ। ਮੋਬਾ: 62808-62514

ਆਓ ਬੱਚਤ ਕਰੀਏ

ਅਸੀਂ ਰੋਜ਼ਾਨਾ ਜੀਵਨ ਵਿਚ ਬਹੁਤ ਸਾਰੇ ਖਰਚੇ ਕਰਦੇ ਹਾਂ, ਜਿਵੇਂ ਖਾਣ-ਪੀਣ 'ਤੇ, ਕੱਪੜਿਆਂ 'ਤੇ, ਸੌਣ ਲਈ ਫਰਨੀਚਰ 'ਤੇ। ਇਨ੍ਹਾਂ 'ਤੇ ਖਰਚ ਕਰਦੇ ਸਮੇਂ ਵੀ ਅਸੀਂ ਕੱਲ੍ਹ ਲਈ ਬੱਚਤ ਕਰ ਸਕਦੇ ਹਾਂ। ਇਸ ਬੱਚਤ ਵਿਚੋਂ ਹੀ ਅਸੀਂ ਦਾਨ ਲਈ ਪੈਸੇ ਦੇ ਸਕਦੇ ਹਾਂ। ਬੱਚਤ ਕਰਨ ਨਾਲ ਅਸੀਂ ਕਈ ਬੁਰੀਆਂ ਆਦਤਾਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ। ਰੋਜ਼ਾਨਾ ਪੰਜ ਰੁਪਏ ਦੀ ਬੱਚਤ ਕਰਕੇ ਇਕ ਸੱਜਣ ਨੇ ਘੱਟੋ-ਘੱਟ 500 ਕਿਤਾਬਾਂ ਦੀ ਲਾਇਬ੍ਰੇਰੀ ਬਣਾ ਲਈ। ਇਸ ਧਰਤੀ 'ਤੇ ਰਹਿਣ ਵਾਲੇ ਹਰ ਜੀਵ ਨੂੰ ਕੰਮ ਤਾਂ ਕਰਨਾ ਹੀ ਪੈਂਦਾ ਹੈ। ਜੇਕਰ ਉਹ ਇਹ ਸੋਚੇ ਕਿ ਉਹਦੀ ਕਿਸਮਤ ਵਿਚ ਹੀ ਗਰੀਬੀ ਲਿਖੀ ਹੋਈ ਹੈ, ਉਹ ਓਨਾ ਹੀ ਕੰਮ ਕਰਦੇ ਹਨ ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਰਹੇ। ਉਸ ਨੇ ਜੋ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਬਣਾਈ ਹੈ ਤਾਂ ਉਹ ਛੋਟੀ ਹੀ ਰੱਖੇਗਾ। ਉਸ ਨੂੰ ਵਧਾਉਣ ਦੀ ਕੋਸ਼ਿਸ਼ ਹੀ ਨਹੀਂ ਕਰੇਗਾ। ਉਹ ਕੋਈ ਵੱਡੀ ਚੀਜ਼ ਵੀ ਨਹੀਂ ਖਰੀਦ ਸਕੇਗਾ। ਉਹ ਆਪਣੀ ਗਰੀਬੀ ਦਾ ਹਰ ਕਿਸੇ ਕੋਲ ਰੋਣਾ ਰੋਂਦੇ ਰਹਿੰਦੇ ਹਨ। ਉਹ ਕੁਝ ਮਦਦ ਕਰਨ ਲਈ ਤਰਲੇ ਲੈਂਦੇ ਹਨ। ਕਈ ਲੋਕ ਲੋਕਲਾਜ ਲਈ ਵਿਆਹਾਂ, ਸੋਗਮਈ ਰਸਮਾਂ 'ਤੇ ਬੇਤਹਾਸ਼ਾ ਖਰਚ ਕਰਜ਼ਾ ਲੈ ਕੇ ਕਰਦੇ ਹਨ। ਬੱਚਤ ਕਰਨ ਲਈ ਸਾਨੂੰ ਹਮੇਸ਼ਾ ਘਰ ਦਾ ਬਣਿਆ ਖਾਣਾ ਹੀ ਖਾਣਾ ਚਾਹੀਦਾ ਹੈ। ਕੱਪੜੇ ਵੀ ਅਸੀਂ ਬਹੁਤੇ ਮਹਿੰਗੇ ਨਾ ਖਰੀਦ ਕੇ ਬੱਚਤ ਕਰ ਸਕਦੇ ਹਾਂ। ਇਹ ਜ਼ਰੂਰੀ ਨਹੀਂ ਕਿ ਮਹਿੰਗੇ ਕੱਪੜੇ ਪਾ ਕੇ ਹੀ ਤੁਹਾਡੀ ਸ਼ਖ਼ਸੀਅਤ ਬਣਦੀ ਹੈ, ਬਲਕਿ ਸ਼ਖ਼ਸੀਅਤ ਤਾਂ ਸਿੱਖਿਆ ਗ੍ਰਹਿਣ ਕਰਨ ਤੇ ਉੱਚੇ ਵਿਚਾਰਾਂ ਨਾਲ ਬਣਦੀ ਹੈ। ਤੁਹਾਡੇ ਪਹਿਰਾਵੇ ਵਾਲੇ ਕੱਪੜੇ ਸਾਬਣ ਨਾਲ ਧੋਤੇ ਹੋਣੇ ਚਾਹੀਦੇ ਹਨ। ਖਾਣਾ ਵੀ ਤੁਹਾਡਾ ਸ਼ਾਕਾਹਾਰੀ ਹੋਣਾ ਚਾਹੀਦਾ ਹੈ, ਕਿਉਂਕਿ ਵਿਗਿਆਨਕਾਂ ਨੇ ਵੀ ਸ਼ਾਕਾਹਾਰੀ ਭੋਜਨ ਨੂੰ ਸੰਪੂਰਨ ਭੋਜਨ ਕਿਹਾ ਹੈ। ਸਫ਼ਰ ਹਮੇਸ਼ਾ ਹੀ ਰੇਲਗੱਡੀ 'ਤੇ ਕਰਨਾ ਚਾਹੀਦਾ ਹੈ। ਬਹੁਤੇ ਕੰਮ ਵੀ ਪੈਦਲ ਜਾਂ ਸਾਈਕਲ 'ਤੇ ਹੀ ਕਰਨੇ ਚਾਹੀਦੇ ਹਨ। ਘਰ ਦੇ ਸਾਰੇ ਕੰਮ ਖੁਦ ਕਰਨੇ ਚਾਹੀਦੇ ਹਨ। ਸਸਤੀ ਚੀਜ਼ ਹੋਣ 'ਤੇ ਚੀਜ਼ ਨਹੀਂ ਖਰੀਦਣੀ ਚਾਹੀਦੀ, ਸਗੋਂ ਚੀਜ਼ ਸਾਫ਼ ਤੇ ਟਿਕਾਊ ਹੀ ਖਰੀਦਣੀ ਚਾਹੀਦੀ ਹੈ, ਭਾਵੇਂ ਮਹਿੰਗੀ ਹੀ ਕਿਉਂ ਨਾ ਹੋਵੇ। ਖਰਚ ਆਮਦਨ ਦੇ ਹਿਸਾਬ ਨਾਲ ਹੀ ਕਰਨਾ ਚਾਹੀਦਾ ਹੈ। ਜਿਸ ਆਦਮੀ ਨੂੰ ਆਮਦਨ ਨਾਲੋਂ ਘੱਟ ਖਰਚ ਕਰਨ ਦਾ ਵੱਲ ਆ ਗਿਆ, ਉਹ ਕਦੇ ਵੀ ਗਰੀਬ ਨਹੀਂ ਹੋ ਸਕਦਾ। ਸ਼ਬਦਾਂ ਦਾ ਸੰਜਮ ਹਮੇਸ਼ਾ ਸੌਖਾ ਹੁੰਦਾ ਹੈ ਨਾਲ ਹੀ ਲਾਭਦਾਇਕ ਵੀ ਹੁੰਦਾ ਹੈ। ਪ੍ਰਸੰਨ ਦਿਲ ਅਤੇ ਆਸ਼ਾਵਾਦੀ ਸੋਚ ਨਾਲ ਧਨ ਦੀ ਬੱਚਤ ਹੁੰਦੀ ਹੈ, ਜਦੋਂ ਕਿ ਕੁੜ੍ਹ ਕੇ ਅਤੇ ਨਿਰਾਸ਼ਾਵਾਦੀ ਸੋਚ ਨਾਲ ਸਿਹਤ ਤੇ ਧਨ ਦੋਵਾਂ ਦਾ ਨੁਕਸਾਨ ਹੁੰਦਾ ਹੈ। ਕੁਦਰਤ ਵੀ ਫਜੂਲ ਖਰਚ ਨਹੀਂ ਕਰਦੀ। ਇਸ ਦੀ ਵੀ ਇਕ ਉਦਾਹਰਨ ਪੱਤਝੜ ਵਿਚ ਜਦੋਂ ਰੁੱਖਾਂ ਦੇ ਪੱਤੇ ਸੁੱਕ ਕੇ ਡਿੱਗ ਪੈਂਦੇ ਹਨ ਤਾਂ ਕੁਦਰਤ ਉਨ੍ਹਾਂ ਨੂੰ ਦੁਬਾਰਾ ਖਾਦ ਦੇ ਰੂਪ ਵਿਚ ਆਪਣੇ ਵਿਚ ਮਿਲਾ ਲੈਂਦੀ ਹੈ। ਇਸ ਲਈ ਸਾਨੂੰ ਕੁਦਰਤ ਤੋਂ ਵੀ ਧਨ ਦੀ ਬੱਚਤ ਕਰਨ ਦੀ ਸਿੱਖਿਆ ਲੈਣੀ ਚਾਹੀਦੀ ਹੈ। ਆਪਣੇ ਘਰ ਦੀ ਹਰੇਕ ਵਸਤੂ ਨੂੰ ਦੁਬਾਰਾ ਵਰਤੋਂ ਯੋਗ ਬਣਾਉਣਾ ਚਾਹੀਦਾ ਹੈ। ਇਸ ਕੰਮ ਵਿਚ ਘਰ ਦੇ ਸਾਰੇ ਮੈਂਬਰਾਂ ਨੂੰ ਲੱਗਣਾ ਪਵੇਗਾ ਤਾਂ ਹੀ ਬੱਚਤ ਹੋ ਸਕਦੀ ਹੈ।

-ਜਲਾਲਾਬਾਦ (ਪੱਛਮੀ)।
ਮੋਬਾ: 95010-33415


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX