ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  about 2 hours ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  about 2 hours ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 2 hours ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 3 hours ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 3 hours ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 3 hours ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 3 hours ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 4 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 3 hours ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁ: ਨਾਨਕਪੁਰੀ ਸਾਹਿਬ ਪੱਟੀ (ਤਰਨ ਤਾਰਨ)

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ 'ਚ ਨਾਨਕ ਨਾਮ ਲੇਵਾ ਸੰਗਤਾਂ ਪੂਰੀ ਸ਼ਰਧਾ ਭਾਵਨਾ ਨਾਲ 2019 'ਚ ਮਨਾ ਰਹੀਆਂ ਹਨ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਵੀ ਭਾਰਤ ਦੇ ਸਾਰੇ ਸੂਬਿਆਂ 'ਚ ਸਰਕਾਰੀ ਪੱਧਰ 'ਤੇ ਪ੍ਰਕਾਸ਼ ਦਿਹਾੜਾ ਮਨਾਉਣ ਦੇ ਕੀਤੇ ਗਏ ਐਲਾਨ ਅਤੇ ਫਿਰ ਪਾਕਿਸਤਾਨ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੇ ਕੀਤੇ ਗਏ ਇਤਿਹਾਸਕ ਫ਼ੈਸਲੇ ਕਾਰਨ ਸਿੱਖ ਸੰਗਤ ਦੇ ਮਨਾਂ 'ਚ ਖੁਸ਼ੀ ਦਾ ਖਿੜਾਓ ਆਇਆ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਸ਼ਹਿਰਾਂ-ਪਿੰਡਾਂ, ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਠਹਿਰਾਓ ਕੀਤਾ, ਦਾ ਸੁੰਦਰੀਕਰਨ ਕਰਕੇ ਉਨ੍ਹਾਂ ਪਿੰਡਾਂ ਦੇ ਗੁਰਦੁਆਰਾ ਸਾਹਿਬ 'ਚ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਜ਼ਿਲ੍ਹਾ ਤਰਨ ਤਾਰਨ ਦੇ ਸ਼ਹਿਰ ਪੱਟੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ ਨਾਲ ਦੋ ਵਾਰ ਆਏ ਸਨ ਤੇ ਇਕ ਵਾਰ ਰਾਤ ਨੂੰ ਠਹਿਰੇ ਤੇ ਇਕ ਵਾਰ ਬਗ਼ੈਰ ਠਹਿਰਨ ਤੋਂ ਹੀ ਸਿੱਧੇ ਰਾਇ ਭੋਇ ਦੀ ਤਲਵੰਡੀ ਪਾਕਿਸਤਾਨ ਨੂੰ ਚਲੇ ਗਏ, ਨੂੰ ਕੇਂਦਰ ਸਰਕਾਰ ਵੱਖਰੀ ਗ੍ਰਾਂਟ ਜਾਰੀ ਕਰਨ ਜਾ ਰਹੀ ਹੈ, ਤਾਂ ਕਿ ਸ਼ਹਿਰ ਦੀ ਦਿੱਖ ਦਾ ਸੁੰਦਰੀਕਰਨ ਕਰਕੇ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਪੱਟੀ ਵਿਖੇ ਸਰਕਾਰੀ ਪੱਧਰ 'ਤੇ ਮਨਾਇਆ ਜਾ ਸਕੇ।
ਇਤਿਹਾਸ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਚਾਰ ਉਦਾਸੀਆਂ ਦੌਰਾਨ ਸ਼ਹਿਰ ਪੱਟੀ ਦੇ ਚੜ੍ਹਦੇ ਪਾਸੇ ਰੋਹੀ ਪਾਸ ਭਾਈ ਮਰਦਾਨੇ ਨਾਲ ਇਕ ਰਾਤ ਠਹਿਰੇ ਸਨ। ਸ਼ਹਿਰ ਦੇ ਵਸਨੀਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਣਦੇਖਿਆਂ ਹੀ ਕਰ ਦਿੱਤਾ ਤੇ ਰਾਤ ਠਹਿਰਨ ਤੋਂ ਬਾਅਦ ਗੁਰੂ ਸਾਹਿਬ ਭਿੱਖੀਵਿੰਡ ਖਾਲੜਾ ਵੱਲ ਚਲੇ ਗਏ। ਇਸ ਫੇਰੀ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਇਕ ਵਾਰ ਪੱਟੀ ਦੇ ਰਸਤੇ ਲੰਘੇ, ਪਰ ਉਹ ਪੱਟੀ ਸ਼ਹਿਰ ਨਹੀਂ ਰੁਕੇ। ਇਤਿਹਾਸਕਾਰਾਂ ਮੁਤਾਬਕ ਜਿਸ ਜਗ੍ਹਾ 'ਤੇ ਗੁਰੂ ਸਾਹਿਬ ਰਾਤ ਠਹਿਰੇ ਸਨ, ਉਥੇ ਇਸ ਵਕਤ ਵਾਹੀਯੋਗ ਜ਼ਮੀਨ ਹੈ ਤੇ 1944 'ਚ ਉਸ ਜਗ੍ਹਾ 'ਤੇ ਮੁਸਲਮਾਨ ਪਰਿਵਾਰ ਚੌਲਾਂ ਦੀ ਦੇਗ ਦਿਆ ਕਰਦੇ ਸਨ ਕਿ ਸਾਡੇ ਪੀਰ ਇਸ ਜਗ੍ਹਾ 'ਤੇ ਰੁਕੇ ਸੀ। ਹੁਣ ਇਸ ਜਗ੍ਹਾ 'ਤੇ ਗੁਰਦੁਆਰਾ ਨਾਨਕਪੁਰੀ ਸਾਹਿਬ ਸੁਸ਼ੋਭਿਤ ਹੈ। 1984 'ਚ ਸਾਬਕਾ ਵਿਧਾਇਕ ਸਵਰਗੀ ਨਰੰਜਨ ਸਿੰਘ ਤੇ ਫੌਜਾ ਸਿੰਘ ਅਤੇ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਬਣਨੀ ਸ਼ੁਰੂ ਹੋਈ ਜੋ ਕਿ ਹੁਣ ਬਣ ਕੇ ਤਿਆਰ ਤਾਂ ਹੋ ਚੁੱਕੀ ਹੈ ਪਰ ਬਾਹਰੀ ਦਿੱਖ ਦਾ ਕੁਝ ਹਿੱਸਾ ਅਜੇ ਵੀ ਅਧੂਰਾ ਹੈ।
ਇਸ ਵਾਰ ਸਰਕਾਰੀ ਪੱਧਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਵੀ ਇਸ ਗੁਰਦੁਆਰਾ ਸਾਹਿਬ 'ਚ ਹੀ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪਰ ਸ਼੍ਰੋਮਣੀ ਕਮੇਟੀ ਵਲੋਂ 550ਵਾਂ ਪ੍ਰਕਾਸ਼ ਦਿਹਾੜਾ ਪੱਟੀ ਦੇ ਗੁਰਦੁਆਰਾ ਨਾਨਕਪੁਰੀ ਸਾਹਿਬ ਵਿਖੇ ਮਨਾਏ ਜਾਣ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਗੁਰਦੁਆਰਾ ਸਾਹਿਬ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ, ਸ਼ਮਸ਼ੇਰ ਸਿੰਘ, ਪ੍ਰਤਾਪ ਸਿੰਘ, ਬਲਦੇਵ ਸਿੰਘ ਆਦਿ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਅਵਤਾਰ ਪੁਰਬ ਨੂੰ ਮਨਾਉਣ ਸਬੰਧੀ ਕਮੇਟੀ ਵਲੋਂ ਹੁਣ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵਲੋਂ ਵੀ ਇਹ ਗੁਰਪੁਰਬ ਮਨਾਉਣ ਲਈ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਵਿਚ ਵੀ ਗੁਰੂ ਸਾਹਿਬ ਦਾ ਇਹ ਪਵਿੱਤਰ ਦਿਹਾੜਾ ਮਨਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


ਖ਼ਬਰ ਸ਼ੇਅਰ ਕਰੋ

ਦਾਸਤਾਂ ਕਾਲੇਪਾਣੀ ਦੇ ਕੈਦੀਆਂ ਦੀ...!

ਕਾਲੇਪਾਣੀ ਜੇਲ੍ਹ ਦਾ ਨਾਂਅ ਜ਼ਿਹਨ ਵਿਚ ਆਉਂਦੇ ਹੀ ਕਿੰਨੇ ਹੌਲਨਾਕ ਤਸੀਹੇ ਖਿਆਲ ਵਿਚੋਂ ਦੀ ਗੁਜ਼ਰ ਜਾਂਦੇ ਹਨ। ਇਸ ਜੇਲ੍ਹ ਵਿਚ ਜ਼ਿਆਦਾਤਰ ਦੇਸ਼ ਭਗਤ ਹੀ ਬੰਦੀ ਹੋਇਆ ਕਰਦੇ ਸਨ। ਇਨ੍ਹਾਂ ਵਿਚ ਮੁੱਖ ਰੂਪ ਵਿਚ ਜ਼ਿਆਦਾਤਰ ਕੈਦੀ ਭਾਰਤ ਦੇ ਦੋ ਸੂਬਿਆਂ ਪੰਜਾਬ ਅਤੇ ਬੰਗਾਲ 'ਚੋਂ ਹੋਇਆ ਕਰਦੇ ਸਨ। ਉਕਤ ਕੈਦੀਆਂ ਵਿਚੋਂ ਡਾ: ਦੀਵਾਨ ਸਿੰਘ, ਸ: ਸੋਹਣ ਸਿੰਘ, ਮੌਲਾਨਾ ਫਜ਼ਲ-ਏ-ਹੱਕ, ਜੋਗਿੰਦਰ ਸ਼ੁਕਲਾ, ਭੱਟਕੇਸ਼ਵਰ ਦੱਤ, ਮੌਲਾਨਾ ਅਹਿਮਦੂਲਾ, ਮੌਲਵੀ ਅਬਦੁਲ ਰਹੀਮ ਸਿਦਕੀ, ਚੰਦਰ ਚੈਟਰਜੀ, ਵਰਮਨ ਰਾਓ ਜੋਸ਼ੀ, ਨੰਦ ਗੋਪਾਲ ਦੇ ਨਾਂਅ ਇਤਿਹਾਸ ਦੇ ਸੁਨਹਿਰੇ ਰੂਪ ਵਿਚ ਦਰਜ ਹਨ।
ਕਿਉਂਕਿ ਉਕਤ ਜੇਲ੍ਹ ਵਿਚ ਵਧੇਰੇ ਗਿਣਤੀ ਪੰਜਾਬ ਅਤੇ ਪੱਛਮੀ ਬੰਗਾਲ ਦੇ ਯੋਧਿਆਂ ਦੀ ਸੀ, ਇਸ ਲਈ ਦੇਸ਼ ਦੇ ਹਰ ਨਾਗਰਿਕ ਵਿਸ਼ੇਸ਼ ਤੌਰ 'ਤੇ ਪੰਜਾਬੀਆਂ ਤੇ ਬੰਗਾਲੀਆਂ ਨੇ ਗਾਹੇ-ਬਗਾਹੇ ਅਕਸਰ ਹੀ ਕਾਲੇਪਾਣੀ ਦੀ ਜੇਲ੍ਹ ਦਾ ਨਾਂਅ ਸੁਣਿਆ ਹੋਵੇਗਾ। ਵੈਸੇ ਅਸੀਂ ਪੰਜਾਬ ਦੇ ਵਸਨੀਕ ਆਪਣੇ ਬਚਪਨ ਤੋਂ ਹੀ ਇਸ ਜੇਲ੍ਹ ਦਾ ਨਾਂਅ ਸੁਣਦੇ ਆਏ ਹਾਂ। ਪਰ ਇਸ ਕਾਲੇਪਾਣੀ ਦੀ ਜੇਲ੍ਹ ਦੇ ਸੰਦਰਭ ਵਿਚ ਜਦੋਂ ਕੁਝ ਦਿਨ ਪਹਿਲਾਂ ਪੜ੍ਹਿਆ ਤਾਂ ਇਸ ਵਿਚਕਾਰ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਖੁਲਾਸੇ ਸਾਹਮਣੇ ਆਏ, ਜਿਨ੍ਹਾਂ ਦੇ ਸਾਹਮਣੇ ਆਉਣ ਨਾਲ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਜ਼ਾਦੀ ਦੀ ਲੜਾਈ ਵਿਚ ਦੇਸ਼ ਦੇ ਪ੍ਰਵਾਨਿਆਂ ਨੇ ਕਿਸ ਕਾਲੇਪਾਣੀ ਦੀ ਜੇਲ੍ਹ ਜਿਸ ਨੂੰ ਸੈਲੂਲਰ ਜੇਲ੍ਹ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜੇਲ੍ਹ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਨੇੜੇ ਸਥਿਤ ਹੈ। ਇਸ ਦਾ ਨਿਰਮਾਣ 1896 ਅਤੇ 1906 ਦੇ ਵਿਚਕਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜਦੋਂ ਤੱਕ ਇਹ ਕਾਲੇਪਾਣੀ ਦੀ ਜੇਲ੍ਹ ਨਹੀਂ ਸੀ ਬਣੀ, ਉਦੋਂ ਕੈਦੀਆਂ ਨੂੰ ਖੁੱਲ੍ਹੇ ਆਸਮਾਨ ਹੇਠ ਵਾਈਪਰ ਆਈਲੈਂਡ (ਜੋ ਕਿ ਜ਼ਹਿਰੀਲੇ ਸੱਪਾਂ ਵਾਲੇ ਟਾਪੂ ਵਜੋਂ ਵੀ ਜਾਣਿਆ ਜਾਂਦਾ ਸੀ) ਉੱਤੇ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ। ਇਸ ਥਾਂ ਤੋਂ ਕਿਸੇ ਵੀ ਕੈਦੀ ਦੇ ਭੱਜ ਜਾਣ ਦਾ ਡਰ ਨਹੀਂ ਸੀ ਹੁੰਦਾ, ਕਿਉਂਕਿ ਇਸ ਦੇ 10 ਹਜ਼ਾਰ ਕਿਲੋਮੀਟਰ ਤੱਕ ਸਿਰਫ਼ ਸਮੁੰਦਰ ਹੀ ਸਮੁੰਦਰ ਸੀ।
ਇਸ ਟਾਪੂ ਉੱਤੇ ਦਿਨੇ ਤਾਂ ਕੈਦੀਆਂ ਤੋਂ ਜੇਲ੍ਹ ਬਣਾਉਣ ਲਈ ਲੋੜੀਂਦੀ ਲੱਕੜ ਕਟਵਾਈ ਜਾਂਦੀ ਤੇ ਰਾਤ ਪੈਂਦੇ ਹੀ ਉਨ੍ਹਾਂ ਨੂੰ ਭੁੱਖੇ-ਪਿਆਸਿਆਂ ਦਰੱਖਤਾਂ ਨਾਲ ਬੰਨ੍ਹ ਦਿੱਤਾ ਜਾਂਦਾ। ਇਸ ਦੌਰਾਨ ਵੱਡਾ ਦੁਖਾਂਤ ਇਹ ਵਾਪਰਦਾ ਕਿ ਸਵੇਰ ਹੋਣ ਤੱਕ ਵਧੇਰੇ ਕੈਦੀ ਸੱਪਾਂ ਦੇ ਡੰਗਣ ਨਾਲ ਮੌਤ ਦਾ ਲੁਕਮਾ ਬਣ ਜਾਂਦੇ। ਮਰ ਚੁੱਕੇ ਇਨ੍ਹਾਂ ਕੈਦੀਆਂ ਨੂੰ ਬਿਨਾਂ ਕਿਸੇ ਕਾਇਦੇ-ਕਾਨੂੰਨ ਦੇ ਹੀ ਸਮੁੰਦਰ ਵਿਚ ਰੋੜ੍ਹ ਦਿੱਤਾ ਜਾਂਦਾ, ਜਦੋਂ ਕਿ ਮੋਟੀਆਂ ਲੱਕੜਾਂ ਪਹਾੜੀ ਉੱਤੇ ਚੜ੍ਹਾਉਣ ਲਈ ਕੈਦੀਆਂ ਦੇ ਮਗਰ ਰੱਸੇ ਪਾ ਕੇ ਲੱਕੜੀਆਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਤੇ ਪਿੱਛੋਂ ਪਸ਼ੂਆਂ ਵਾਂਗ ਉਨ੍ਹਾਂ ਦੇ ਗਿੱਟਿਆਂ ਉੱਤੇ ਉਦੋਂ ਤੱਕ ਸੋਟੀਆਂ ਮਾਰੀਆਂ ਜਾਂਦੀਆਂ, ਜਦੋਂ ਤੱਕ ਉਹ ਲੱਕੜ ਨੂੰ ਖਿੱਚ ਕੇ ਪਹਾੜੀ ਉੱਪਰ ਚੜ੍ਹਾ ਨਹੀਂ ਸਨ ਦਿੰਦੇ। ਇਸ ਦੌਰਾਨ ਜੇਕਰ ਕੋਈ ਕੈਦੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਅਸਮਰੱਥ ਰਹਿੰਦਾ ਜਾਂ ਤਾਂ ਉਸ ਨੂੰ ਵੀ ਬੇਹੋਸ਼ ਹੋ ਜਾਣ ਤੱਕ ਕੁੱਟਿਆ ਜਾਂਦਾ।
ਕਾਲੇਪਾਣੀ ਦੀ ਉਕਤ ਸੈਲੂਲਰ ਜੇਲ੍ਹ ਨੂੰ ਪੁਖਤਾ ਤੇ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਬਣਤਰ ਪੱਖੋਂ ਇਸ ਕਦਰ ਗੋਪਨੀ ਬਣਾਇਆ ਗਿਆ ਹੈ ਕਿ ਇਕ ਕੈਦੀ ਦੂਜੇ ਕੈਦੀ ਦੀ ਸ਼ਕਲ ਤੱਕ ਨਹੀਂ ਸੀ ਵੇਖ ਸਕਦਾ।
ਕੈਦੀਆਂ ਲਈ ਜੋ ਕਾਲ ਕੋਠੜੀਆਂ ਜਾਂ ਸੈੱਲ ਬਣਾਏ ਗਏ ਹਨ, ਉਨ੍ਹਾਂ ਦੀ ਲੰਬਾਈ 13.5 ਫੁੱਟ ਅਤੇ ਚੌੜਾਈ 7 ਫੁੱਟ ਹੈ ਤੇ ਹਰ ਸੈੱਲ ਵਿਚ 10 ਫੁੱਟ ਲੰਬਾ ਅਤੇ ਇਕ ਫੁੱਟ ਚੌੜਾ ਰੌਸ਼ਨਦਾਨ ਬਣਾਇਆ ਹੋਇਆ ਹੈ। ਇਥੇ ਇਕ ਸੈੱਲ ਵਿਚ ਇਕ ਕੈਦੀ ਨੂੰ ਹੀ ਰੱਖਿਆ ਜਾਂਦਾ ਸੀ ਅਤੇ ਇਸ ਦੇ ਨਾਲ ਹੀ ਸੈੱਲ ਵਿਚ ਲੋਹੇ ਦਾ ਇਕ ਭਾਰਾ ਕੋਹਲੂ ਅਤੇ ਇਕ ਚੱਕੀ ਲਗਾਈ ਗਈ ਸੀ। ਕੈਦ ਬਾਮੁਸ਼ੱਕਤ ਦੌਰਾਨ ਹਰ ਕੈਦੀ ਲਈ ਰੋਜ਼ਾਨਾ 25 ਕਿਲੋ ਨਾਰੀਅਲ ਦਾ ਤੇਲ ਕੱਢਣਾ ਜ਼ਰੂਰੀ ਸੀ। ਜਿਹੜਾ ਕੈਦੀ ਕਿਸੇ ਦਿਨ 25 ਕਿਲੋ ਤੇਲ ਨਾ ਕੱਢ ਸਕਦਾ, ਉਸ ਨੂੰ ਬੇਤਹਾਸ਼ਾ ਮਾਰਿਆ-ਕੁੱਟਿਆ ਜਾਂਦਾ ਸੀ। ਸੈੱਲ ਭਾਵ ਕਾਲ ਕੋਠੜੀਆਂ ਵਿਚ ਬਿਜਲੀ ਦੀ ਰੌਸ਼ਨੀ ਦਾ ਕੋਈ ਇੰਤਜ਼ਾਮ ਨਹੀਂ ਸੀ। ਕਾਲ-ਕੋਠੜੀਆਂ ਵਿਚੋਂ ਕੈਦੀਆਂ ਨੂੰ ਉਦੋਂ ਹੀ ਕੱਢਿਆ ਜਾਂਦਾ ਸੀ, ਜਦੋਂ ਉਨ੍ਹਾਂ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਸੀ ਜਾਂ ਫਿਰ ਕੈਦੀਆਂ ਨੂੰ ਤਸੀਹੇ ਦੇਣੇ ਹੁੰਦੇ ਸਨ। ਜਦ ਵੀ ਕੋਈ ਕੈਦੀ ਮਾੜੇ ਖਾਣੇ ਜਾਂ ਮਾੜੇ ਜੇਲ੍ਹ ਪ੍ਰਬੰਧ ਬਾਰੇ ਇਤਰਾਜ਼ ਜਾਂ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਇਕ ਖਾਸ ਤਰ੍ਹਾਂ ਦੇ ਸ਼ਿਕੰਜੇ ਵਿਚ ਕੱਸ ਕੇ ਉਦੋਂ ਤੱਕ ਕੋੜੇ ਮਾਰੇ ਜਾਂਦੇ, ਜਦੋਂ ਤੱਕ ਉਸ ਦੀ ਪਿੱਠ ਦਾ ਮਾਸ ਨਹੀਂ ਸੀ ਉਧੜ ਜਾਂਦਾ।
ਜੇਲ੍ਹ ਵਿਚ ਹਰ ਇਕ ਕੈਦੀ ਨੂੰ ਸਿਰਫ ਦੋ ਭਾਂਡੇ ਹੀ ਦਿੱਤੇ ਜਾਂਦੇ-ਇਕ ਲੋਹੇ ਦਾ ਤੇ ਇਕ ਮਿੱਟੀ ਦਾ। ਲੋਹੇ ਦੇ ਭਾਂਡੇ ਵਿਚ ਖਾਣਾ ਦਿੱਤਾ ਜਾਂਦਾ, ਜਿਸ ਦੇ ਫਲਸਰੂਪ ਖਾਣਾ ਬਹੁਤ ਜਲਦੀ ਕਾਲਾ ਹੋ ਜਾਣ ਕਰਕੇ ਕੋਈ ਵੀ ਕੈਦੀ ਲੋੜ ਅਨੁਸਾਰ ਆਪਣੇ ਲਈ ਖਾਣੇ ਨੂੰ ਬਚਾਅ ਕੇ ਨਹੀਂ ਸੀ ਰੱਖ ਸਕਦਾ। ਦੂਜਾ ਮਿੱਟੀ ਦਾ ਭਾਂਡਾ ਮਲ-ਮੂਤਰ ਲਈ ਦਿੱਤਾ ਜਾਂਦਾ ਸੀ। ਸਭ ਤੋਂ ਘਿਨਾਉਣੀ ਗੱਲ ਇਹ ਸੀ ਕਿ ਇਹ ਭਾਂਡਾ ਵੀ ਕੈਦੀ ਨੂੰ ਆਪਣੇ ਨਾਲ ਕਾਲ-ਕੋਠੜੀ ਵਿਚ ਹੀ ਰੱਖਣਾ ਪੈਂਦਾ ਸੀ। ਇਸ ਭਾਂਡੇ ਨੂੰ ਕੈਦੀ ਉਦੋਂ ਹੀ ਸਾਫ਼ ਕਰ ਸਕਦਾ ਸੀ, ਜਦੋਂ ਸਰਕਾਰੀ ਹੁਕਮਾਂ ਅਨੁਸਾਰ ਉਸ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਦਾ ਸੀ।
ਸੈਲੂਲਰ ਜੇਲ੍ਹ ਵਿਚ ਕੈਦੀਆਂ ਨੂੰ ਪਹਿਨਣ ਲਈ ਪਟਸਨ ਦੀਆਂ ਬੋਰੀਆਂ ਦੇ ਬਣੇ ਕੱਪੜੇ ਹੀ ਦਿੱਤੇ ਜਾਂਦੇ ਸਨ ਤੇ ਨੰਗੇ ਪੈਰੀਂ ਹੀ ਰਹਿਣਾ ਪੈਂਦਾ ਸੀ। ਜੇਲ੍ਹ ਵਿਚ ਆਮ ਕੱਪੜੇ ਪਹਿਨਣ ਦੀ ਕੈਦੀਆਂ ਨੂੰ ਇਜਾਜ਼ਤ ਨਹੀਂ ਸੀ।
ਦੁਖਦਾਈ ਗੱਲ ਇਹ ਵੀ ਸੀ ਕਿ ਬਿਮਾਰੀ ਦੀ ਹਾਲਤ ਵਿਚ ਕਿਸੇ ਕੈਦੀ ਦਾ ਕੋਈ ਇਲਾਜ ਨਹੀਂ ਸੀ ਕਰਵਾਇਆ ਜਾਂਦਾ। ਇਥੋਂ ਤੱਕ ਕਿ ਜੇਕਰ ਕੋਈ ਕੈਦੀ ਬਿਮਾਰੀ ਦੀ ਹਾਲਤ ਵਿਚ ਮਰ ਵੀ ਜਾਂਦਾ ਤਾਂ ਉਸ ਦੀ ਲਾਸ਼ ਨੂੰ ਸਮੁੰਦਰ ਦੇ ਪਾਣੀ ਵਿਚ ਹੀ ਜਲਪ੍ਰਵਾਹ ਕਰ ਦਿੱਤਾ ਜਾਂਦਾ ਸੀ।
ਕਾਲੇਪਾਣੀ ਦੀ ਇਸ ਜੇਲ੍ਹ ਵਿਚ ਫ਼ਾਂਸੀ ਘਰ ਬਿਲਕੁਲ ਸਮੁੰਦਰ ਦੇ ਕੰਢੇ ਬਣਾਇਆ ਗਿਆ ਸੀ। ਤਿੰਨ-ਤਿੰਨ ਜਣਿਆਂ ਨੂੰ ਇਕੱਠਿਆਂ ਹੀ ਫ਼ਾਂਸੀ ਦਿੱਤੀ ਜਾਂਦੀ ਸੀ। ਲੱਕੜ ਦੀ ਮੋਟੀ ਸ਼ਤੀਰੀ ਨਾਲ ਲਟਕਦੇ ਤਿੰਨ ਮੋਟੇ-ਮੋਟੇ ਰੱਸੇ ਅੱਜ ਵੀ ਆਪਣੇ ਹੌਲਨਾਕ ਇਤਿਹਾਸ ਦੀਆਂ ਗਵਾਹੀਆਂ ਭਰਦੇ ਪ੍ਰਤੀਤ ਹੁੰਦੇ ਹਨ, ਜਿਨ੍ਹਾਂ ਨਾਲ ਦੇਸ਼ ਦੇ ਹਜ਼ਾਰਾਂ ਮਹਾਨ ਦੇਸ਼ ਯੋਧਿਆਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ। ਇਸ ਦੇ ਨਾਲ ਹੀ ਜੇਲ੍ਹ ਦੇ ਵਿਹੜੇ ਵਿਚ ਉਹ ਸਥਾਨ ਵੀ ਕਾਇਮ ਹੈ, ਜਿਥੇ ਫ਼ਾਂਸੀ ਦੇਣ ਤੋਂ ਪਹਿਲਾਂ ਕੈਦੀਆਂ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਸੀ।
ਪੋਰਟ ਬਲੇਅਰ ਨੇੜੇ ਹੀ ਇਕ ਗੁਰਦੁਆਰਾ ਡਾ: ਦੀਵਾਨ ਸਿੰਘ ਕਾਲੇਪਾਣੀ ਦੀ ਯਾਦ ਵਿਚ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਦੀਵਾਨ ਸਿੰਘ ਕਾਲੇਪਾਣੀ ਆਪਣੇ ਸਮੇਂ ਦੇ ਜਿਥੇ ਇਕ ਮਹਾਨ ਸਾਹਿਤਕਾਰ ਸਨ, ਉਥੇ ਹੀ ਉਹ ਇਕ ਪ੍ਰਸਿੱਧ ਡਾਕਟਰ ਵੀ ਸਨ। ਸਜ਼ਾ ਦੌਰਾਨ ਉਨ੍ਹਾਂ ਦੇ ਨਹੁੰ ਜਮੂਰ ਨਾਲ ਖਿੱਚੇ ਗਏ ਤੇ ਤਰ੍ਹਾਂ-ਤਰ੍ਹਾਂ ਦੇ ਹੋਰ ਤਸੀਹੇ ਦਿੱਤੇ ਗਏ। ਇਸੇ ਦੌਰਾਨ ਡਾਕਟਰ ਦੀਵਾਨ ਸਿੰਘ ਦੀ ਮੌਤ ਹੋ ਗਈ ਸੀ।
ਕਾਲੇਪਾਣੀ ਦੀ ਇਸ ਸੈਲੂਲਰ ਜੇਲ੍ਹ ਵਿਚ ਜੇਲ੍ਹਰ ਡੇਵਿਡ ਬੈਰੀਦ ਦੀ ਪੂਰੀ ਤਾਨਾਸ਼ਾਹੀ ਚਲਦੀ ਸੀ। ਉਹ ਕੈਦੀਆਂ 'ਤੇ ਜ਼ੁਲਮ ਤੇ ਤਸ਼ੱਦਦ ਕਰਦੇ ਸਮੇਂ ਸਾਰੇ ਹੱਦਾਂ-ਬੰਨੇ ਟੱਪ ਜਾਂਦਾ ਸੀ। ਕੈਦੀਆਂ ਨੂੰ ਕੋੜੇ ਮਾਰਨੇ ਉਸ ਦਾ ਮਾਮੂਲ ਸੀ ਅਤੇ ਗਾਲ੍ਹਾਂ ਦੇਣੀਆਂ ਉਸ ਦਾ ਜਿਵੇਂ ਤਕੀਯਾ ਕਲਾਮ ਬਣ ਚੁੱਕਾ ਸੀ। ਜੇਲ੍ਹ ਵਿਚ ਕੈਦੀਆਂ ਨਾਲ ਅਣਮਨੁੱਖੀ ਵਰਤਾਰਾ ਕੀਤਾ ਜਾਂਦਾ ਸੀ ਤੇ ਮਨੁੱਖੀ ਅਧਿਕਾਰਾਂ ਦਾ ਪੂਰੀ ਤਰ੍ਹਾਂ ਘਾਣ ਹੁੰਦਾ ਸੀ। ਇਥੇ ਇਹ ਵੀ ਵਰਨਣਯੋਗ ਹੈ ਕਿ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿਚ ਜੇਲ੍ਹਰ ਡੇਵਿਡ ਬੇਰੀ ਅਧਰੰਗ ਦਾ ਸ਼ਿਕਾਰ ਹੋ ਗਿਆ ਅਤੇ ਅੰਤ ਸਮੇਂ ਜਦੋਂ ਉਸ ਦੀ ਇੱਛਾ ਆਪਣੇ ਪਰਿਵਾਰ ਨੂੰ ਮਿਲਣ ਦੀ ਹੋਈ ਤਾਂ ਰਾਹ ਜਾਂਦਿਆਂ ਜਹਾਜ਼ ਵਿਚ ਹੀ ਉਹ ਆਪਣੇ ਪਰਿਵਾਰ ਨੂੰ ਮਿਲੇ ਬਿਨਾਂ ਹੀ ਮੌਤ ਦਾ ਸ਼ਿਕਾਰ ਹੋ ਗਿਆ। ਯਕੀਨਨ ਇਹ ਵੀ ਕੁਦਰਤ ਦਾ ਇਨਸਾਫ ਹੀ ਸੀ ਕਿ ਕੈਦੀਆਂ ਉੱਪਰ ਜ਼ੁਲਮ ਕਰਨ ਵਾਲਾ ਡੇਵਿਡ ਬੇਰੀ ਵੀ ਆਪਣੇ ਪਰਿਵਾਰ ਨਾਲੋਂ ਉਸੇ ਤਰ੍ਹਾਂ ਵਿਛੜ ਕੇ ਮਰਿਆ, ਜਿਵੇਂ ਉਸ ਨੇ ਦੇਸ਼ ਦੇ ਯੋਧਿਆਂ ਨੂੰ ਕਦੀ ਆਪਣੇ ਪਰਿਵਾਰਾਂ ਨਾਲੋਂ ਵਿਛੋੜਿਆ ਸੀ।


-ਮਲੇਰਕੋਟਲਾ। ਮੋਬਾ: 98552-59650
abbasdhaliwal72@gmail.com

ਗੁਰਸਿੱਖ ਰਬਾਬੀਆਂ ਦੀ ਗੁਰਮਤਿ ਸੰਗੀਤ ਨੂੰ ਲਾਸਾਨੀ ਦੇਣ

ਅੱਜ ਮੈਂ ਜਿਨ੍ਹਾਂ ਰਬਾਬੀਆਂ ਦਾ ਜ਼ਿਕਰ ਕਰਨ ਲੱਗਿਆ ਹਾਂ, ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਪੰਜਾਬ, ਭਾਰਤ ਅਤੇ ਦੇਸ਼-ਵਿਦੇਸ਼ ਵਿਚ ਉਦੋਂ ਤੋਂ ਲੈ ਕੇ ਅੱਜ ਤੱਕ ਕੀਰਤਨ ਦੀ ਮਹਾਨ ਸੇਵਾ ਕਰ ਰਹੇ ਹਨ। ਭਾਈ ਮਰਦਾਨਾ ਜੀ ਕਿਉਂਕਿ ਰਬਾਬ ਨਾਲ ਕੀਰਤਨ ਗਾਇਨ ਕਰਦੇ ਸਨ, ਇਸ ਲਈ ਉਥੋਂ 'ਰਬਾਬੀ' ਸ਼ਬਦ ਪ੍ਰਚਲਤ ਹੋਇਆ। ਆਓ! ਇਸ ਲੇਖ ਰਾਹੀਂ ਮੌਜੂਦਾ ਦੌਰ ਦੇ ਕੁਝ ਉੱਘੇ ਅਤੇ ਮਹਾਨ ਸਿੱਖ ਰਬਾਬੀ ਕੀਰਤਨਕਾਰਾਂ ਬਾਰੇ ਜਾਣੀਏ।
ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਭਾਈ ਮੇਹਰ ਸਿੰਘ ਤਾਨ ਆਪਣੇ ਜਥੇ ਸਮੇਤ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹਜ਼ੂਰੀ ਰਾਗੀ ਵਜੋਂ ਕਾਫੀ ਸਮਾਂ ਕੀਰਤਨ ਦੀ ਸੇਵਾ ਕਰਦੇ ਰਹੇ। 1947 ਵਿਚ ਉਹ ਪਟਿਆਲੇ ਆਣ ਵਸੇ ਅਤੇ ਕੀਰਤਨ ਦੀ ਸੇਵਾ ਜਾਰੀ ਰੱਖੀ। ਉਹ ਰਾਗਦਾਰੀ ਵਿਚ ਮਾਹਿਰ ਕੀਰਤਨੀਏ ਸਨ। ਅੱਜਕਲ੍ਹ ਉਨ੍ਹਾਂ ਦੇ ਪੋਤਰੇ ਭਾਈ ਅਮਰਜੀਤ ਸਿੰਘ ਤਾਨ ਸੁਰੀਲੇ ਕੰਠ ਨਾਲ ਕੀਰਤਨ ਦੀ ਉਸ ਪਰੰਪਰਾ ਨੂੰ ਅੱਗੇ ਤੋਰ ਰਹੇ ਹਨ। ਪ੍ਰੋਫੈਸਰ ਪ੍ਰਤਾਪ ਸਿੰਘ ਦਿੱਲੀ ਵਾਲੇ ਗੁਰਮਤਿ ਸੰਗੀਤ ਦੇ ਮਹਾਨ ਗਿਆਤਾ ਸਨ। ਉਨ੍ਹਾਂ ਦੇ ਜਥੇ ਦਾ ਨਾਂਅ ਪਹਿਲਾਂ ਭਾਈ ਨਾਮਾ-ਪ੍ਰਤਾਪਾ ਵੱਜਦਾ ਸੀ। ਅੱਜਕਲ੍ਹ ਭਾਈ ਪ੍ਰਤਾਪ ਸਿੰਘ ਦੇ ਸਪੁੱਤਰ ਭਾਈ ਮਹਿੰਦਰ ਪ੍ਰਤਾਪ ਸਿੰਘ-ਦੇਵਿੰਦਰ ਪ੍ਰਤਾਪ ਸਿੰਘ (ਅਮਰੀਕਾ) ਪੂਰੀ ਦੁਨੀਆ ਵਿਚ ਕਲਾਸੀਕਲ, ਨੀਮ ਕਲਾਸੀਕਲ ਕੀਰਤਨ ਅਤੇ ਵਾਦਨ ਰਾਹੀਂ ਆਪਣੀ ਸੇਵਾ ਬਾਖੂਬੀ ਨਿਭਾਅ ਰਹੇ ਹਨ। ਉਨ੍ਹਾਂ ਦੇ ਗਾਇਨ ਵਿਚ ਅੰਤਾਂ ਦਾ ਰਸ, ਲੈਅਕਾਰੀ, ਸਰਗਮਾਂ ਦੀ ਵਰਤੋਂ ਅਤੇ ਤਨਾਨਿਆਂ ਦੀ ਝਲਕ ਮਿਲਦੀ ਹੈ।
ਅਜੋਕੇ ਯੁੱਗ ਵਿਚ ਜਿਸ ਰਬਾਬੀ ਜਥੇ ਨੇ ਦੇਸ਼-ਵਿਦੇਸ਼ ਵਿਚ ਬਹੁਤ ਨਾਂਅ ਪੈਦਾ ਕੀਤਾ, ਉਹ ਹਨ ਸ਼੍ਰੋਮਣੀ ਰਾਗੀ ਸਵਰਗੀ ਭਾਈ ਦਿਲਬਾਗ ਸਿੰਘ-ਗੁਲਬਾਗ ਸਿੰਘ ਬੋਦਲ। ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਦੇ ਇਕ ਸਧਾਰਨ ਰਬਾਬੀ ਪਰਿਵਾਰ ਵਿਚੋਂ ਉੱਠ ਕੇ ਆਪਣੀ ਮਿਹਨਤ, ਲਗਨ ਅਤੇ ਰਾਗ ਦੀ ਡੂੰਘੀ ਸਮਝ ਅਤੇ ਰਿਆਜ਼ ਰਾਹੀਂ ਉਨ੍ਹਾਂ ਨੇ ਅਨੇਕਾਂ ਵੱਕਾਰੀ ਇਨਾਮ-ਸਨਮਾਨ ਹਾਸਲ ਕੀਤੇ, ਜਿਨ੍ਹਾਂ ਵਿਚ ਪੰਜਾਬ ਸਰਕਾਰ ਦਾ 5 ਲੱਖ ਰੁਪਏ ਦਾ ਸ਼੍ਰੋਮਣੀ ਰਾਗੀ ਐਵਾਰਡ, ਸੰਗੀਤ ਨਾਟਕ ਅਕੈਡਮੀ ਦਿੱਲੀ ਐਵਾਰਡ, ਤਾਨਸੈਨ ਐਵਾਰਡ ਅਤੇ ਹੋਰ ਅਨੇਕਾਂ ਸਨਮਾਨ ਸ਼ਾਮਿਲ ਹਨ। ਉਹ ਸ਼ਾਇਦ ਪਹਿਲੇ ਕੀਰਤਨਕਾਰ ਸਨ, ਜਿਨ੍ਹਾਂ ਨੂੰ ਜਲੰਧਰ ਵਿਚ ਹੁੰਦੇ ਆ ਰਹੇ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਵਿਚ ਗਾ ਕੇ ਆਪਣੀ ਧਾਂਕ ਜਮਾਉਣ ਦਾ ਮੌਕਾ ਮਿਲਿਆ। ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਤੋਂ ਉਹ ਕੀਰਤਨ ਦੇ ਨਾਲ-ਨਾਲ ਸ਼ੁੱਧ ਕਲਾਸੀਕਲ ਰਾਗ ਵੀ ਗਾਉਂਦੇ ਰਹੇ। ਭਾਈ ਦਿਲਬਾਗ ਸਿੰਘ ਦੇ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਛੋਟੇ ਭਰਾ ਭਾਈ ਗੁਲਬਾਗ ਸਿੰਘ ਅਮਰੀਕਾ ਜਾ ਵਸੇ ਹਨ। ਭਾਈ ਦਿਲਬਾਗ ਸਿੰਘ ਦੇ ਸਪੁੱਤਰ ਭਾਈ ਅਵਤਾਰ ਸਿੰਘ ਅਤੇ ਭਰਾ ਦਵਿੰਦਰ ਸਿੰਘ ਇਕਬਾਲ ਸਿੰਘ ਰੋਜ਼ੀ ਇਧਰ ਕੀਰਤਨ ਦੀ ਸੇਵਾ ਨਿਭਾਅ ਰਹੇ ਹਨ।
ਸ਼ਾਹੀ ਸ਼ਹਿਰ ਪਟਿਆਲਾ ਸਿੱਖ ਰਬਾਬੀਆਂ ਦਾ ਗੜ੍ਹ ਹੈ। ਭਾਈ ਗੁਰਮੁਖ ਸਿੰਘ-ਸਰਮੁੱਖ ਸਿੰਘ ਨੂੰ ਕੌਣ ਨਹੀਂ ਜਾਣਦਾ? ਉਹ ਕਮਾਲ ਦਾ ਕੀਰਤਨ ਕਰਦੇ ਸਨ। ਭਾਈ ਪ੍ਰਿਥੀਪਾਲ ਸਿੰਘ, ਭਾਈ ਮੋਹਨ ਪਾਲ ਸਿੰਘ, ਭਾਈ ਕਿਸ਼ਨ ਪਾਲ ਸਿੰਘ ਅਤੇ ਭਾਈ ਸ਼ਮਿੰਦਰ ਪਾਲ ਸਿੰਘ ਪਟਿਆਲੇ ਦੇ ਐਸੇ ਰਬਾਬੀ ਹੋਏ ਹਨ, ਜਿਨ੍ਹਾਂ ਦੀ ਕੀਰਤਨ ਸ਼ੈਲੀ ਸੰਗਤਾਂ ਨੂੰ ਕੀਲ ਕੇ ਰੱਖ ਲੈਂਦੀ ਸੀ। ਉਨ੍ਹਾਂ ਵਲੋਂ ਗਾਇਨ ਕੀਤਾ ਜਾਂਦਾ ਕੀਰਤਨ ਹਲਕੇ ਮੀਂਹ ਦੀ ਮਿੱਠੀ-ਮਿੱਠੀ ਫੁਹਾਰ ਵਰਗਾ ਸੀ। ਭਾਈ ਜੱਸਾ ਪਾਲਾ ਜੀ ਮਹਾਨ ਜਥਾ ਸ੍ਰੀ ਨਨਕਾਣਾ ਸਾਹਿਬ ਵੀ ਕੀਰਤਨ ਕਰਦਾ ਰਿਹਾ ਅਤੇ ਉਸ ਤੋਂ ਬਾਅਦ ਉਹ ਪਟਿਆਲੇ ਆ ਕੇ ਵਸ ਗਏ। ਉਨ੍ਹਾਂ ਦੇ ਨਾਲ ਭਾਈ ਗੁਲਜ਼ਾਰ ਸਿੰਘ, ਭਾਈ ਝੇਮਾ ਸਿੰਘ, ਭਾਈ ਹਰਨਾਮ ਸਿੰਘ, ਭਾਈ ਤੇਜਾ ਸਿੰਘ ਅਤੇ ਭਾਈ ਚਰਨਜੀਤ ਸਿੰਘ ਅੱਜਕਲ੍ਹ ਕੀਰਤਨ ਗਾਇਨ ਕਰ ਰਹੇ ਹਨ।
ਇਸੇ ਪਰਿਵਾਰ ਵਿਚੋਂ ਭਾਈ ਰਜਿੰਦਰ ਸਿੰਘ ਜਿੰਦੀ ਵਿਸ਼ਵ ਪ੍ਰਸਿੱਧ ਤਬਲਾ-ਵਾਦਕ ਹਨ ਅਤੇ ਅਮਰੀਕਾ ਰਹਿ ਰਹੇ ਹਨ। ਆਦਮਪੁਰ ਲਾਗਲੇ ਪਿੰਡ ਵਡਾਲਾ ਨਿਵਾਸੀ ਭਾਈ ਦਇਆ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਬਲਦੇਵ ਸਿੰਘ ਯੂ.ਕੇ. ਅਤੇ ਛੋਟੇ ਭਾਈ ਰਾਣਾ ਜੀ ਕੁਝ ਸਮਾਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੁਰੀਲੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨ ਉਪਰੰਤ ਅੱਜਕਲ੍ਹ ਇੰਗਲੈਂਡ ਜਾ ਕੇ ਵਸ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਗਾਇਨ ਅਤੇ ਖਾਸਕਰ ਕੀਰਤਨ ਨੂੰ ਮਹਾਨ ਦੇਣ ਹੈ। ਇਥੋਂ ਦੇ ਰਬਾਬੀ ਜਥਿਆਂ ਵਿਚ ਭਾਈ ਇੰਦਰਜੀਤ ਸਿੰਘ ਅਤੇ ਭਾਈ ਸਾਧੂ ਸਿੰਘ ਪ੍ਰਸਿੱਧ ਰਬਾਬੀ ਹੋਏ ਹਨ। ਅੱਜਕਲ੍ਹ ਭਾਈ ਅਵਤਾਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਾਲਿਆਂ ਦਾ ਜਥਾ ਬਹੁਤ ਪ੍ਰਸਿੱਧ ਹੈ, ਜਿਨ੍ਹਾਂ ਨੂੰ ਅਪ੍ਰਚਲਿਤ ਅਤੇ ਬਿਖੜੇ ਰਾਗਾਂ ਅਤੇ ਤਾਲਾਂ ਵਿਚ ਮੁਹਾਰਤ ਹਾਸਲ ਹੈ।
ਜਦੋਂ-ਜਦੋਂ ਵੀ ਸਰੋਦੀ ਅਤੇ ਆਤਮਾ ਨੂੰ ਟੁੰਬਣ ਵਾਲੇ ਕੀਰਤਨ ਦੀ ਗੱਲ ਚੱਲੇਗੀ ਤਾਂ ਇਕ ਨਾਂਅ ਖੁਦ-ਬ-ਖੁਦ ਜ਼ਬਾਨ ਉੱਤੇ ਆ ਜਾਵੇਗਾ ਅਤੇ ਉਹ ਨਾਂਅ ਹੈ ਸਵਰਗੀ ਭਾਈ ਜੋਗਿੰਦਰ ਸਿੰਘ-ਮੁਹਿੰਦਰ ਸਿੰਘ ਪਟਿਆਲਾ, ਜਿਨ੍ਹਾਂ ਦੀ ਗਾਇਕੀ ਬਿਆਨ ਕਰਨ ਵਾਸਤੇ ਮੇਰੇ ਕੋਲ ਢੁੱਕਵੇਂ ਲਫਜ਼ ਨਹੀਂ। ਦੋਵਾਂ ਭਰਾਵਾਂ ਦੀ ਜੁਗਲਬੰਦੀ ਕਮਾਲ ਦੀ ਸੀ। ਦੋਵਾਂ ਭਰਾਵਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿਚੋਂ ਭਾਈ ਗੁਰਪ੍ਰਤਾਪ ਸਿੰਘ ਆਪਣੇ ਪੁਰਖਿਆਂ ਦੇ ਨਕਸ਼ੇ ਕਦਮ ਉੱਤੇ ਚੱਲਦਿਆਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਬਤੌਰ ਹਜ਼ੂਰੀ ਰਾਗੀ ਸੇਵਾ ਕਰ ਰਹੇ ਹਨ।
ਕੀਰਤਨ ਖੇਤਰ ਵਿਚ ਪਟਿਆਲੇ ਦੇ ਹੀ ਫੱਕਰ ਭਰਾਵਾਂ ਦੇ ਯੋਗਦਾਨ ਨੂੰ ਭਲਾ ਕੌਣ ਭੁੱਲ ਸਕਦਾ ਹੈ? ਇਸ ਪਰਿਵਾਰ ਦੇ ਭਾਈ ਹਰਚਰਨ ਸਿੰਘ ਫੱਕਰ, ਭਾਈ ਹਰਿੰਦਰ ਸਿੰਘ ਫੱਕਰ ਅਤੇ ਦਲੀਪ ਸਿੰਘ ਫੱਕਰ ਦੇ ਜਥੇ ਗੁਰਬਾਣੀ ਦੀ ਪੁਰਾਤਨ ਅਤੇ ਰਾਗਬੱਧ ਕੀਰਤਨ ਪਰੰਪਰਾ ਨੂੰ ਪੂਰੀ ਤਰ੍ਹਾਂ ਪ੍ਰਣਾਏ ਹੋਏ ਹਨ। ਇਨ੍ਹਾਂ ਵਲੋਂ ਗਾਇਨ ਕੀਤੇ ਕੀਰਤਨ ਨੂੰ ਸੁਣ ਕੇ ਕੀਰਤਨ ਪ੍ਰੇਮੀ ਸਰਸ਼ਾਰ ਹੋ ਜਾਂਦੇ ਹਨ। ਗੁਰਸਿੱਖ ਰਬਾਬੀਆਂ ਵਿਚ ਇਕ ਉੱਘਾ ਨਾਂਅ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਹੈੱਡ ਰਾਗੀ ਭਾਈ ਗੁਰਬਚਨ ਸਿੰਘ ਦਾ ਹੈ, ਜਿਨ੍ਹਾਂ ਨੇ ਕਾਫੀ ਸਮਾਂ ਤਖ਼ਤ ਸਾਹਿਬ ਵਿਖੇ ਸੇਵਾ ਨਿਭਾਈ। ਹੁਸ਼ਿਆਰਪੁਰ ਦੇ ਇਕ ਪਿੰਡ ਵਿਚ ਜਨਮੇ ਭਾਈ ਜਾਗੀਰ ਸਿੰਘ, ਪਹਿਲਾਂ ਜਾਗੀਰ ਮੁਹੰਮਦ ਦੇ ਨਾਂਅ ਹੇਠ ਰੇਡੀਓ, ਟੀ.ਵੀ. ਅਤੇ ਸਟੇਜਾਂ ਤੋਂ ਲੋਕ-ਗੀਤਾਂ ਦੇ ਪ੍ਰੋਗਰਾਮ ਪੇਸ਼ ਕਰਕੇ ਨਾਂਅ ਬਣਾ ਚੁੱਕੇ ਸਨ। ਫਿਰ ਉਨ੍ਹਾਂ ਨੇ ਅੰਮ੍ਰਿਤਪਾਨ ਕਰਕੇ ਆਪਣਾ ਨਾਂਅ ਭਾਈ ਜਾਗੀਰ ਸਿੰਘ ਰੱਖ ਲਿਆ ਅਤੇ ਕੀਰਤਨ ਖੇਤਰ ਵਿਚ ਉੱਘਾ ਨਾਂਅ ਪੈਦਾ ਕੀਤਾ।
ਉਚੇਚੇ ਤੌਰ 'ਤੇ ਜ਼ਿਕਰ ਕਰਨਾ ਬਣਦਾ ਹੈ ਉੱਘੇ ਤਬਲਾਵਾਦਕ ਭਾਈ ਹਰਸ਼ਰਨ ਸਿੰਘ ਆਦਮਪੁਰ ਵਾਲਿਆਂ ਦੇ ਫ਼ਰਜ਼ੰਦ ਭਾਈ ਜਸਪਾਲ ਸਿੰਘ ਅਮਰੀਕਾ ਵਾਲਿਆਂ ਦਾ। ਉਹ ਜਦ ਕੀਰਤਨ ਕਰਦੇ ਹਨ ਤਾਂ ਸੰਗਤਾਂ ਅਗੰਮੀ ਆਨੰਦ ਵਿਚ ਝੂਮ ਉੱਠਦੀਆਂ ਹਨ। ਉਨ੍ਹਾਂ ਦੀ ਸਾਧੀ ਹੋਈ ਆਵਾਜ਼, ਲੈਅ, ਸੁਰ ਅਤੇ ਸੰਗੀਤਕ ਬਾਰੀਕੀਆਂ ਦਾ ਪੂਰਾ ਗਿਆਨ ਅਤੇ ਵਿਚ-ਵਿਚ ਸ਼ੁੱਧ ਅੰਗਰੇਜ਼ੀ ਸਮੇਤ ਪੰਜਾਬੀ ਅਤੇ ਹੋਰ ਭਾਸ਼ਾਵਾਂ ਵਿਚ ਵਿਆਖਿਆ ਇਕ ਅਨੋਖਾ ਸਮਾਂ ਬੰਨ੍ਹ ਦਿੰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਅਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ ਕੋਮਲ ਕੁਝ ਸਮਾਂ ਸੇਵਾ ਨਿਭਾ ਕੇ ਅੱਜਕਲ੍ਹ ਵਿਦੇਸ਼ ਜਾ ਵਸੇ ਹਨ। ਇਸੇ ਤਰ੍ਹਾਂ ਯੂ.ਕੇ ਨਿਵਾਸੀ ਭਾਈ ਬਹਾਦਰ ਸਿੰਘ ਰਾਕੇਟ ਦਾ ਵੀ ਗੁਰਮਤਿ ਸੰਗੀਤ ਵਿਚ ਉੱਘਾ ਨਾਂਅ ਹੈ। ਭਰਵੀਂ ਆਵਾਜ਼ ਅਤੇ ਰਾਗਾਂ ਉੱਤੇ ਪੂਰੀ ਪਕੜ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਦਿੰਦੀ ਹੈ। ਉਸਤਾਦ ਨਿਹਾਲ ਸਿੰਘ ਤਬਲਾਵਾਦਕ ਦੇ ਅਨੇਕ ਸ਼ਾਗਿਰਦ ਵੀ ਵੱਖ-ਵੱਖ ਜਥਿਆਂ ਨਾਲ ਸੇਵਾ ਨਿਭਾ ਰਹੇ ਹਨ। ਸੋ, ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜਿੱਥੇ 1947 ਤੋਂ ਪਹਿਲਾਂ ਮੁਸਲਮਾਨ ਰਬਾਬੀਆਂ ਨੇ ਗੁਰਬਾਣੀ ਕੀਰਤਨ ਦੇ ਖੇਤਰ ਵਿਚ ਮਹਾਨ ਸੇਵਾ ਕੀਤੀ, ਉਥੇ ਗੁਰਸਿੱਖ ਸਜੇ ਉਪਰੋਕਤ ਰਾਗੀ ਜਥੇ ਵੀ ਵਰਣਨਯੋਗ ਸੇਵਾ ਕਰ ਰਹੇ ਹਨ।


-ਪਿੰਡ ਤੇ ਡਾਕ: ਢਿਲਵਾਂ, ਜ਼ਿਲ੍ਹਾ ਜਲੰਧਰ। ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਾਈ ਮਨੀ ਸਿੰਘ

ਸਿੱਖ ਇਤਿਹਾਸ ਦੇ ਸ਼ਾਨਦਾਰ ਪਰ ਦਰਦਨਾਕ ਪੱਤਰਿਆਂ ਦੇ ਹਰ ਅੱਖਰ ਵਿਚੋਂ ਸ਼ਹੀਦਾਂ ਦਾ ਖੂਨ ਚੋਂਦਾ ਹੈ। ਸ਼ਹੀਦਾਂ ਦੇ ਮਾਣਮੱਤੇ ਇਤਿਹਾਸ ਵਿਚ ਸਭ ਤੋਂ ਵਿਲੱਖਣ ਸਥਾਨ ਭਾਈ ਮਨੀ ਸਿੰਘ ਦੇ ਪਰਿਵਾਰ ਦਾ ਹੈ, ਜਿਸ ਦੇ 70 ਗੁਰਸਿੱਖਾਂ ਨੇ ਅਕਹਿ ਅਤੇ ਅਸਹਿ ਕਸ਼ਟ ਸਹਾਰਦਿਆਂ ਹੋਇਆਂ ਸ਼ਹਾਦਤਾਂ ਦੇ ਜਾਮ ਪੀਤੇ। ਛੇਵੇਂ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰੂ-ਘਰ ਦਾ ਇਸ਼ਕ ਕਮਾ ਰਹੇ ਇਸ ਘਰਾਣੇ ਦੇ ਪਤੰਗੇ ਦੇਗਾਂ ਵਿਚ ਉਬਲੇ, ਪੁੱਠੀਆਂ ਖੱਲਾਂ ਵੀ ਲੁਹਾਈਆਂ, ਬੰਦ-ਬੰਦ ਵੀ ਕਟਵਾਏ, ਚਰਖੜੀਆਂ 'ਤੇ ਵੀ ਚੜ੍ਹੇ, ਬੱਚਿਆਂ ਦੇ ਟੋਟੇ ਵੀ ਕਰਵਾਏ, ਸਿੰਘਣੀਆਂ ਵੀ ਕੁਰਬਾਨ ਹੋਈਆਂ ਅਤੇ ਜੰਗਾਂ ਵਿਚ ਜੂਝ ਕੇ ਵੀਰਗਤੀ ਨੂੰ ਵੀ ਪ੍ਰਾਪਤ ਹੋਏ। ਭਾਈ ਮਨੀ ਸਿੰਘ ਦੇ ਵੱਡੇ ਭਰਾ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਕ ਵਿਚ ਦੇਗ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ। ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਲੇ ਭਾਈ ਬਚਿੱਤਰ ਸਿੰਘ ਅਤੇ ਸ਼ੇਰ ਦਾ ਸ਼ਿਕਾਰ ਕਰਨ ਵਾਲੇ ਭਾਈ ਉਦੈ ਸਿੰਘ, ਭਾਈ ਮਨੀ ਸਿੰਘ ਦੇ ਸਪੁੱਤਰ ਸਨ, ਜੋ ਸਰਸਾ ਕਿਨਾਰੇ ਜੂਝ ਕੇ ਸ਼ਹੀਦ ਹੋਏ। ਆਪ ਜੀ ਦੇ ਪੰਜ ਸਪੁੱਤਰ ਭਾਈ ਅਨਿਕ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਭਾਈ ਦਾਨ ਸਿੰਘ ਅਤੇ ਭਾਈ ਸੰਤ ਸਿੰਘ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਏ। ਆਪ ਦੀ ਸੁਪਤਨੀ ਬੀਬੀ ਬਸੰਤ ਕੌਰ ਨੇ ਵੀ ਲਾਹੌਰ ਦੀ ਜੇਲ੍ਹ ਵਿਚ ਸ਼ਹਾਦਤ ਪ੍ਰਾਪਤ ਕੀਤੀ। ਭਾਈ ਮਨੀ ਸਿੰਘ ਬਚਪਨ ਤੋਂ ਹੀ ਗੁਰੂ-ਘਰ ਦੀ ਸੇਵਾ ਵਿਚ ਸਨ। ਆਪ ਮਹਾਨ ਵਿਦਵਾਨ ਅਤੇ ਸ਼ਸਤਰਧਾਰੀ ਸੂਰਮੇ ਸਨ। ਆਪ ਜੀ ਨੇ ਭੰਗਾਣੀ, ਲੋਹਗੜ੍ਹ ਅਤੇ ਅਨੰਦਪੁਰ ਸਾਹਿਬ ਦੀਆਂ ਜੰਗਾਂ ਵਿਚ ਬੀਰਤਾ ਦੇ ਜੌਹਰ ਦਿਖਾਏ। ਪਰਿਵਾਰ ਵਿਛੋੜੇ ਸਮੇਂ ਸ੍ਰੀ ਕਲਗੀਧਰ ਜੀ ਦੇ ਆਦੇਸ਼ 'ਤੇ ਆਪ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਲੈ ਕੇ ਦਿੱਲੀ ਪਹੁੰਚੇ ਅਤੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਰਹੇ।
ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਦਸਮੇਸ਼ ਪਿਤਾ ਜੀ ਨੇ ਇਨ੍ਹਾਂ ਦੀ ਕਲਮ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਉਣ ਦੀ ਸੇਵਾ ਲਈ। ਆਪ ਜੀ ਨੂੰ ਕਈ ਪੋਥੀਆਂ, ਸਿੱਖ ਇਤਿਹਾਸ ਅਤੇ ਹੋਰ ਲਿਖਤਾਂ ਲਿਖਣ ਦਾ ਮਾਣ ਪ੍ਰਾਪਤ ਹੋਇਆ। ਆਪ ਜੀ ਗੁਰਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦੇ ਰਹੇ ਅਤੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਰਹੇ। ਸੰਨ 1721 ਈ: ਵਿਚ ਮਾਤਾ ਸੁੰਦਰੀ ਜੀ ਨੇ ਆਪ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਥਾਪਿਆ। ਕਈ ਸਾਲਾਂ ਤੋਂ ਤੁਰਕਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਦਾ ਜੋੜ ਮੇਲਾ ਬੰਦ ਕਰ ਦਿੱਤਾ ਸੀ। ਭਾਈ ਸਾਹਿਬ ਨੇ ਸੂਬਾ ਲਾਹੌਰ ਨੂੰ ਪੰਜ ਹਜ਼ਾਰ ਰੁਪਏ ਟੈਕਸ ਦੇਣਾ ਕਰਕੇ ਦੀਵਾਲੀ ਮੇਲੇ ਦੀ ਮਨਜ਼ੂਰੀ ਲਈ ਪਰ ਜ਼ਕਰੀਆ ਖ਼ਾਨ ਦੇ ਦਿਲ ਵਿਚ ਖੋਟ ਹੋਣ ਕਰਕੇ ਸੰਗਤਾਂ ਨੂੰ ਆਉਣ ਤੋਂ ਰੋਕ ਦਿੱਤਾ ਗਿਆ। ਹਕੂਮਤ ਨੇ ਭਾਈ ਸਾਹਿਬ ਨੂੰ ਟੈਕਸ ਭਰਨ ਲਈ ਕਿਹਾ ਪਰ ਆਪ ਨੇ ਨਿਰਭੈ ਹੋ ਕੇ ਦੱਸ ਦਿੱਤਾ ਕਿ ਤੁਸੀਂ ਤਾਂ ਸਿੰਘਾਂ ਦੇ ਇਕੱਠ 'ਤੇ ਹਮਲਾ ਕਰਕੇ ਮਾਰ ਮੁਕਾਉਣ ਦੀ ਵਿਉਂਤ ਬਣਾਈ ਸੀ, ਇਸ ਲਈ ਚੜ੍ਹਾਵਾ ਨਹੀਂ ਆਇਆ। ਸੂਬੇ ਨੇ ਭਾਈ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤਸੀਹੇ ਦੇ ਕੇ ਇਸਲਾਮ ਕਬੂਲਣ ਲਈ ਕਿਹਾ। ਇਨਕਾਰ ਕਰਨ 'ਤੇ 90 ਸਾਲ ਦੇ ਸੰਤ ਸਿਪਾਹੀ ਭਾਈ ਸਾਹਿਬ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਆਪ ਜੀ ਦੇ ਪਰਿਵਾਰ ਦੇ ਬੱਚਿਆਂ ਅਤੇ ਔਰਤਾਂ ਨੂੰ ਵੀ ਕਤਲ ਕਰ ਦਿੱਤਾ ਗਿਆ। ਭਾਈ ਮਨੀ ਸਿੰਘ ਦੀ ਯਾਦ ਵਿਚ ਲਾਹੌਰ ਵਿਚ ਗੁਰਦੁਆਰਾ ਸ਼ਹੀਦ ਗੰਜ ਸੁਸ਼ੋਭਿਤ ਹੈ।

ਹਰੀ ਸਿੰਘ ਉੱਪਲ ਕਿੰਝ ਬਣਿਆ 'ਨਲਵਾ' ਸਰਦਾਰ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਹਾਰਾਜਾ ਨੇ ਉਸੇ ਸਮੇਂ ਨਾਲ ਗਏ ਦਰਬਾਰੀ ਚਿੱਤਰਕਾਰ ਪੰਡਿਤ ਬਿਹਾਰੀ ਮੱਲ ਤੋਂ ਹਰੀ ਸਿੰਘ ਦੀ ਸ਼ੇਰ ਨਾਲ ਲੜਾਈ ਦੀ ਤਸਵੀਰ ਤਿਆਰ ਕਰਵਾਈ। ਇਸ ਦੇ ਦੋ ਉਤਾਰੇ ਮਹਾਰਾਜਾ ਨੇ ਹਰੀ ਸਿੰਘ ਨੂੰ ਦਿੱਤੇ ਅਤੇ ਇਕ ਆਪਣੇ ਪਾਸ ਰੱਖ ਲਿਆ। ਇਨ੍ਹਾਂ ਚਿੱਤਰਾਂ 'ਚੋਂ ਇਕ ਚਿੱਤਰ ਸ: ਨਲਵਾ ਨੇ 8 ਜਨਵਰੀ, 1821 ਨੂੰ ਬੈਰਨ ਹੂਗਲ ਨੂੰ ਦਿੱਤਾ, ਜਿਸ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਇਆ। ਉਸ ਨੇ ਇਸ ਦਾ ਜ਼ਿਕਰ ਆਪਣੀ ਪੁਸਤਕ 'ਟਰੈਵਲਜ਼ ਇਨ ਕਸ਼ਮੀਰ ਐਂਡ ਪੰਜਾਬ' ਦੇ ਸਫ਼ਾ 254 'ਤੇ ਕੀਤਾ ਹੈ। ਇਕ ਹੋਰ ਇਤਿਹਾਸਕਾਰ ਮਿ. ਵਿਜ਼ਨ ਲਿਖਦਾ ਹੈ ਕਿ ਉਸ ਨੂੰ ਸ: ਹਰੀ ਸਿੰਘ ਨਲਵਾ ਨੇ ਉਹ ਤਲਵਾਰ ਵਿਖਾਈ ਸੀ, ਜਿਸ ਨਾਲ ਉਸ ਨੇ ਇਕ ਵਾਰ ਵਿਚ ਹੀ ਸ਼ੇਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ।
ਮੌਲਾਨਾ ਅਹਿਮਦ ਦੀਨ 'ਮੁਕੰਮਲ ਤਾਰੀਖ਼ ਕਸ਼ਮੀਰ, ਜਿਲਦ 3, ਸਫਾ 18 'ਤੇ ਲਿਖਦੇ ਹਨ-'ਨਲਵਾ ਕੀ ਵਜਹਿ ਤਸਮੀਆ ਕੇ ਮੁਤੱਲਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਔਰ ਸ਼ੁਜ਼ਾਹ ਰਾਜਾ ਥਾ, ਲੋਗੋਂ ਨੇ ਉਸ (ਹਰੀ ਸਿੰਘ) ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ ਸ਼ੇਰ ਕੋ ਮਾਰਨੇ ਵਾਲਾ ਸ਼ੇਰ ਅਫ਼ਗ਼ਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ, ਇਸ ਲੀਏ ਉਸ ਕਾ ਨਾਮ ਨਲਵਾ ਮਸ਼ਹੂਰ ਹੂਆ।'
ਇਤਿਹਾਸਕਾਰ ਐਨ. ਕੇ. ਸਿਨਹਾ ਆਪਣੀ ਪੁਸਤਕ 'ਰਣਜੀਤ ਸਿੰਘ' ਦੇ ਸਫ਼ਾ 167-168 'ਤੇ ਲਿਖਦੇ ਹਨ ਕਿ ਹਰੀ ਸਿੰਘ ਨੂੰ 'ਨਲਵਾ' ਉਪਨਾਮ ਇਸ ਕਰਕੇ ਮਿਲਿਆ, ਕਿਉਂਕਿ ਸ਼ੇਰ ਦਾ ਸਿਰ ਉਸ ਨੇ ਆਪਣੇ ਹੱਥਾਂ ਨਾਲ ਮਰੋੜ ਕੇ ਉਸ ਨੂੰ ਮਾਰ ਸੁੱਟਿਆ ਸੀ।
ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅਫ਼ਗ਼ਾਨੀ ਹਮਲਿਆਂ ਤੋਂ ਬਾਅਦ ਸ: ਹਰੀ ਸਿੰਘ ਨਲਵਾ ਦੇ ਨਾਂਅ ਦਾ ਖ਼ੌਫ਼ ਅਫ਼ਗ਼ਾਨੀਆਂ ਵਿਚ ਇਸ ਹੱਦ ਤੱਕ ਫੈਲ ਗਿਆ ਸੀ ਕਿ ਅਫ਼ਗ਼ਾਨੀ ਔਰਤਾਂ ਆਪਣੇ ਬੱਚਿਆਂ ਨੂੰ ਸ: ਨਲਵਾ ਦਾ ਨਾਂਅ ਲੈ ਕੇ ਡਰਾਉਂਦੀਆਂ ਸਨ।
ਸੱਯਦ ਮੁਹੰਮਦ ਲਤੀਫ਼ 'ਹਿਸਟਰੀ ਆਫ਼ ਦੀ ਪੰਜਾਬ' 'ਚ ਸਫ਼ਾ 483 'ਤੇ ਲਿਖਦਾ ਹੈ ਕਿ ਸ: ਨਲਵਾ ਦਾ ਦਬਦਬਾ ਐਸਾ ਅਫ਼ਗ਼ਾਨਾਂ ਦੇ ਦਿਲਾਂ ਵਿਚ ਬੈਠ ਗਿਆ ਸੀ ਕਿ ਅੱਜ ਤੱਕ ਪਿਸ਼ਾਵਰ ਅਤੇ ਇਸ ਦੇ ਨਜ਼ਦੀਕੀ ਇਲਾਕਿਆਂ ਵਿਚ ਮਾਵਾਂ ਉਸ ਦਾ ਨਾਂਅ 'ਹਰੀਆ' (ਹਰੀ ਸਿੰਘ ਨਲਵਾ) ਲੈ ਕੇ ਆਪਣੇ ਪੁੱਤਰਾਂ ਨੂੰ ਡਰਾਉਂਦੀਆਂ ਹਨ। ਐਲਫ਼ ਕੈਰੋ ਅਨੁਸਾਰ ਅੱਜ ਵੀ ਪਠਾਣ ਔਰਤਾਂ ਆਪਣੇ ਸ਼ੈਤਾਨ ਬੱਚਿਆਂ ਨੂੰ 'ਹਰੀਆ ਰਾਗ਼ਲੇ' (ਹਰੀ ਸਿੰਘ ਆ ਗਿਆ) ਕਹਿ ਕੇ ਡਰਾਉਂਦੀਆਂ ਹਨ।
ਮੌਲਾਨਾ ਮੀਰ ਅਹਿਮਦ, 'ਤਾਰੀਖ਼ ਸਰਹੱਦੀ ਪਿਸ਼ਾਵਰ' ਦੇ ਸਫ਼ਾ 149 'ਤੇ ਲਿਖਦਾ ਹੈ-'ਇਸ (ਹਰੀ ਸਿੰਘ) ਕੇ ਨਾਮ ਸੇ ਲੋਗ ਡਰਾ ਕਰਤੇ ਥੇ। ਇਲਾਕਾ ਪਿਸ਼ਾਵਰ ਮੇਂ ਤੋ ਇਸ ਕਦਰ ਇਸ ਕਾ ਰੋਹਬ ਥਾ ਕਿ ਮਾਏਂ ਅਪਨੇ ਬੱਚੋਂ ਕੋ ਕਹਾ ਕਰਤੀ ਥੀਂ ਕਿ ਅਗਰ ਤੁਮ ਨੇਕ ਨਾ ਬਣੋਗੇ ਤੋ ਹਰੀ ਸਿੰਘ ਤੁਮ ਕੋ ਪਕੜ ਕਰ ਲੇ ਜਾਏਗਾ ਔਰ ਛੋਟੇ-ਛੋਟੇ ਬੱਚੇ ਤੋ ਹਰੀ ਸਿੰਘ ਕੋ ਏਕ ਹਊਆ ਖ਼ਿਆਲ ਕੀਆ ਕਰਤੇ ਥੇ।'
ਸ਼ਮਸ਼ੇਰ ਸਿੰਘ ਅਸ਼ੋਕ 'ਵੀਰ ਨਾਇਕ ਹਰੀ ਸਿੰਘ ਨਲਵਾ' ਦੇ ਸਫ਼ਾ 91 'ਤੇ ਲਿਖਦੇ ਹਨ ਕਿ ਪਠਾਣੀਆਂ ਆਪਣੇ ਨਿਆਣੇ ਪੁੱਤਰਾਂ ਨੂੰ, ਜੋ ਕਿਸੇ ਕਾਰਨ ਰੋਣਾ ਬੰਦ ਨਹੀਂ ਸਨ ਕਰਦੇ, ਇਹ ਆਖ ਕੇ ਚੁਪ ਕਰਾਇਆ ਕਰਦੀਆਂ ਸਨ-'ਚੁਪ ਸ਼ਾ ਬਚਿਆ, ਹਰੀਆ ਰਾਗ਼ਲੇ।'
ਖੈਰ, ਸ: ਹਰੀ ਸਿੰਘ ਨੂੰ ਸ਼ੇਰ-ਏ-ਪੰਜਾਬ ਦੁਆਰਾ ਦਿੱਤਾ 'ਨਲਵਾ' ਉਪਨਾਮ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਔਲਾਦ ਨੇ ਵੀ ਅਪਣਾਇਆ ਹੈ ਅਤੇ ਅੱਜ ਇਸ ਪਰਿਵਾਰ ਦੇ ਸਭ ਲੋਕ ਆਪਣੇ ਨਾਂਅ ਦੇ ਨਾਲ ਆਪਣੀ ਗੋਤ ਉੱਪਲ ਲਗਾਉਣ ਦੀ ਬਜਾਏ 'ਨਲਵਾ' ਹੀ ਲਿਖਦੇ ਹਨ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਹਰਿਆਣਾ, ਦਿੱਲੀ ਅਤੇ ਵਿਦੇਸ਼ 'ਚ ਵਸੇ ਕੁਝ ਹੋਰ ਲੋਕ ਵੀ ਆਪਣੇ ਨਾਂਅ ਨਾਲ 'ਨਲਵਾ' ਉਪਨਾਮ ਲਿਖ ਰਹੇ ਹਨ, ਜਿਨ੍ਹਾਂ ਦਾ ਹਰੀ ਸਿੰਘ ਨਲਵਾ ਦੇ ਖ਼ਾਨਦਾਨ ਨਾਲ ਕੋਈ ਸੰਬੰਧ ਨਹੀਂ ਹੈ। ਸੰਭਵ ਹੈ ਕਿ ਇਹ ਲੋਕ ਉਸ ਰਾਜਪੂਤ ਬਰਾਦਰੀ ਨਾਲ ਸਬੰਧਿਤ ਹੋਣਗੇ, ਜਿਨ੍ਹਾਂ ਨੂੰ ਬਹਾਦਰੀ ਸਦਕਾ 'ਨਲਵਾ' ਉਪਨਾਮ ਮਿਲਿਆ ਹੋਵੇਗਾ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ (ਰਾਜਪੂਤਾਂ) ਨੂੰ ਇਹ ਉਪਨਾਮ ਕਿਸ ਤੋਂ ਅਤੇ ਕਦੋਂ ਮਿਲਿਆ?


-ਅੰਮ੍ਰਿਤਸਰ।
ਮੋਬਾ: 93561-27771

ਜਨਮ ਦਿਨ 'ਤੇ ਵਿਸ਼ੇਸ਼

ਕਵੀ ਅਤੇ ਸ਼੍ਰੋਮਣੀ ਭਗਤ ਧੰਨਾ ਜੱਟ

ਸ਼੍ਰੋਮਣੀ ਭਗਤ ਧੰਨਾ ਜੱਟ ਰਾਜਸਥਾਨ ਟਾਂਕ ਇਲਾਕੇ ਦੇ ਧੂਆਨ ਪਿੰਡ ਵਿਖੇ 1415 ਈ: ਨੂੰ ਜੱਟ ਵੰਸ਼ ਵਿਚ ਪੈਦਾ ਹੋਏ। ਉਹ ਆਪਣੇ ਸਮੇਂ ਦੇ ਪ੍ਰਸਿੱਧ ਕਵੀ, ਸਮਾਜ ਸੇਵੀ, ਸਮਾਜ ਸੁਧਾਰਕ ਅਤੇ ਕਈ ਭਾਸ਼ਾਵਾਂ ਦੇ ਗਿਆਤਾ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੇ ਚਾਰ ਸ਼ਬਦ ਅੰਕਿਤ ਹਨ। ਇਨ੍ਹਾਂ ਸ਼ਬਦਾਂ ਵਿਚ ਉਨ੍ਹਾਂ ਨੇ ਇਨਸਾਨੀ ਕਦਰਾਂ-ਕੀਮਤਾਂ ਦੇ ਮੱਦੇਨਜ਼ਰ ਬਹੁਤ ਹੀ ਖੂਬਸੂਰਤ ਤੇ ਪ੍ਰਭਾਵਸ਼ਾਲੀ ਅਲੰਕਾਰ, ਪ੍ਰਤੀਕ ਅਤੇ ਬਿੰਬ (ਤਸ਼ਬੀਹਾਂ) ਦਾ ਇਸਤੇਮਾਲ ਕੀਤਾ ਹੈ।
ਸ਼੍ਰੋਮਣੀ ਭਗਤ ਧੰਨਾ ਜੀ ਜ਼ਿਮੀਂਦਾਰ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਸੀ। ਉਹ ਆਪਣੇ ਘਰ ਦਾ ਗੁਜ਼ਾਰਾ ਖੇਤੀਬਾੜੀ ਦੀ ਆਮਦਨ ਤੋਂ ਕਰਦੇ ਸਨ। ਬਚਪਨ ਤੋਂ ਹੀ ਉਹ ਦਿਆਲੂ, ਸੱਚ ਦੇ ਪੁਜਾਰੀ, ਇਮਾਨਦਾਰੀ ਦੇ ਪੰਚ, ਸਿੱਧੇ-ਸਾਦੇ ਅਤੇ ਸਰਲ ਸੁਭਾਅ ਦੇ ਮਾਲਕ ਸਨ। ਉਹ ਇਕ ਜਾਣਕਾਰ ਸ਼ਖ਼ਸੀਅਤ, ਭਗਤ ਤ੍ਰਿਲੋਚਨ, ਜੋ ਸਾਲਗਰਾਮ ਠਾਕੁਰ ਦੀ ਪੂਜਾ ਕਰਦੇ ਸਨ, ਉਨ੍ਹਾਂ ਦੇ ਸੰਪਰਕ ਵਿਚ ਆਏ ਤਾਂ ਭਗਤ ਧੰਨਾ ਜੀ ਨੇ ਭਗਤ ਤ੍ਰਿਲੋਚਨ ਜੀ ਨੂੰ ਕਿਹਾ ਕਿ ਉਹ ਵੀ ਠਾਕਰ ਦੀ ਪੂਜਾ ਕਰਨਾ ਚਾਹੁੰਦੇ ਹਨ। ਭਗਤ ਤ੍ਰਿਲੋਚਨ ਨੇ ਪੱਥਰ ਰੂਪੀ ਠਾਕੁਰ ਦੇਣ ਦੇ ਬਦਲੇ ਇਕ ਗਊ ਦੀ ਮੰਗ ਕੀਤੀ। ਉਨ੍ਹਾਂ ਨੇ ਤ੍ਰਿਲੋਚਨ ਨੂੰ ਗਾਂ ਦੇ ਦਿੱਤੀ ਅਤੇ ਪੱਥਰ ਰੂਪੀ ਠਾਕੁਰ ਲੈ ਗਏ। ਭਗਤ ਧੰਨਾ ਜੱਟ ਭੋਲੇ-ਭਾਲੇ ਅਤੇ ਸੱਚੇ ਇਨਸਾਨ ਸਨ। ਭਗਤ ਧੰਨਾ ਜੱਟ ਨੇ ਇਕਾਗਰਚਿੱਤ ਹੋ ਕੇ ਭਗਤੀ ਕੀਤੀ।
ਉਹ ਤਨ, ਮਨ, ਰੂਹ ਤੋਂ ਸ਼ੁੱਧ ਅਤੇ ਬਾਹਰੀ ਵਿਕਾਰਾਂ ਤੋਂ ਮੁਕਤ ਹੋ ਗਏ। ਉਹ ਲੋਕਾਂ ਦੀ ਸੇਵਾ ਵਿਚ ਜੁਟ ਗਏ ਅਤੇ ਇਲਾਕੇ ਵਿਚ ਭਗਤ ਧੰਨਾ ਜੱਟ ਦੇ ਭਗਤੀ-ਭਾਵ ਦੀ ਪ੍ਰਸੰਸਾ ਅਤੇ ਉਸਤਤ ਦੂਰ-ਦੂਰ ਤੱਕ ਹੋਣ ਲੱਗੀ। ਉਨ੍ਹਾਂ ਦੇ ਦਵਾਰ 'ਤੇ ਦੂਰ-ਦੂਰ ਤੋਂ ਬੁੱਧੀਜੀਵੀ, ਵਿਦਵਾਨ, ਸਾਧੂ-ਸੰਤ, ਮਹਾਤਮਾ ਧਰਮ ਚਰਚਾ ਲਈ ਆਉਣ ਲੱਗੇ। ਉਨ੍ਹਾਂ ਨੇ ਪ੍ਰਭੂ ਭਗਤੀ ਦੇ ਅਸ਼ੀਰਵਾਦ ਸਦਕਾ ਬਾਣੀ ਵੀ ਰਚੀ ਅਤੇ ਆਪਣੇ ਗਿਆਨ ਲੇਖਨ ਨੂੰ ਹੋਰ ਮਾਨਵਤਾਵਾਦੀ ਬਣਾਉਣ ਲਈ ਸਵਾਮੀ ਰਾਮਾਨੰਦ ਜੀ ਨੂੰ ਕਾਸ਼ੀ ਵਿਖੇ ਜਾ ਕੇ ਗੁਰੂ ਧਾਰ ਲਿਆ। ਰਾਮਾਨੰਦ ਤੋਂ ਕਈ ਸਾਲ ਸਿੱਖਿਆ ਲੈ ਕੇ ਬ੍ਰਹਮਗਿਆਨ ਨੂੰ ਪ੍ਰਾਪਤ ਹੋਏ। ਉਨ੍ਹਾਂ ਵੱਲੋਂ ਰਚਿਤ ਰਾਗਾਂ ਵਿਚ ਚਾਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਏਮਾਨ ਹਨ।
ਸ਼੍ਰੋਮਣੀ ਭਗਤ ਧੰਨਾ ਜੱਟ ਦੀ ਬਾਣੀ ਵਿਚ ਸਿਮਰਨ, ਭਗਤੀ, ਸਾਦਾ ਜੀਵਨ, ਪ੍ਰਭੂ ਕਿਰਪਾ, ਮਨ, ਨਿਰੰਕਾਰ ਦੀ ਭਗਤੀ, ਸ਼ਰਧਾ ਆਦਿ ਤੱਤਾਂ ਦਾ ਜ਼ਿਕਰ ਆਉਂਦਾ ਹੈ। ਇਨ੍ਹਾਂ ਦੇ ਚਾਰੇ ਸ਼ਬਦ 29 ਤੋਂ 32 ਮਾਤਰਾ ਦੀ ਬਹਿਰ ਵਿਚ ਸੰਪੂਰਨ ਹੁੰਦੇ ਹਨ। ਉਨ੍ਹਾਂ ਦਾ ਜਨਮ ਦਿਹਾੜਾ ਸਮਾਜ ਲਈ ਪਰਮਾਤਮਾ ਪ੍ਰਤੀ ਹਮੇਸ਼ਾ ਸ਼ਰਧਾ ਦਾ ਪ੍ਰਤੀਕ ਰਹੇਗਾ।


-ਉਂਕਾਰ ਨਗਰ, ਗੁਰਦਾਸਪੁਰ। ਮੋਬਾ: 98156-25409

ਪੁਰਾਤਨ ਪੰਜਾਬ ਨਾਲ ਹੀ ਮੀਨਾਕਾਰੀ ਯੁੱਗ ਦਾ ਵੀ ਹੋਇਆ ਅੰਤ

ਬੇਸ਼ੱਕ ਅੱਜ ਅਸੀਂ ਬਹੁਤ ਅਗਾਂਹ ਵਧੂ ਭਾਵ ਇੱਕੀਵੀਂ ਸਦੀ ਵਿਚ ਪੈਰ ਧਰ ਲਿਆ ਹੈ ਤੇ ਬਹੁਤ ਜ਼ਿਆਦਾ ਤਰੱਕੀ ਦੀਆਂ ਪੌੜੀਆਂ ਚੜ੍ਹ ਗਏ ਹਾਂ ਤੇ ਅੱਗੋਂ ਵੀ ਇਹ ਰੁਝਾਨ ਦਿਨੋ-ਦਿਨ ਵਧਦਾ ਹੀ ਜਾਂਦਾ ਹੈ, ਪਰ ਜੇਕਰ ਆਪਾਂ ਪੁਰਾਤਨ ਪੰਜਾਬ ਭਾਵ ਤਿੰਨ ਕੁ ਦਹਾਕੇ ਹੀ ਪਿੱਛੇ ਝਾਤੀ ਮਾਰੀਏ ਤਾਂ ਉਨ੍ਹਾਂ ਸਮਿਆਂ ਨੂੰ ਜੇਕਰ ਮੀਨਾਕਾਰੀ ਦਾ ਯੁੱਗ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ!
ਬੇਬੇ ਦੇ ਸੰਦੂਕ ਤੋਂ ਹੀ ਗੱਲ ਸ਼ੁਰੂ ਕਰੀਏ ਕਿ ਸ਼ੀਸ਼ਿਆਂ ਜੜੇ ਬੇਬੇ ਦੇ ਸੰਦੂਕ 'ਤੇ ਐਸੀ ਮੀਨਾਕਾਰੀ ਕੀਤੀ ਹੁੰਦੀ ਸੀ ਕਿ ਵੇਖਣ ਵਾਲੇ ਦੀਆ ਅੱਖਾਂ ਟੱਡੀਆ ਰਹਿ ਜਾਂਦੀਆਂ ਸਨ, ਛੋਟੇ ਛੋਟੇ ਸ਼ੀਸ਼ੇ ਪਿੱਤਲ ਦੀ ਝਾਲ ਵਾਲੀਆਂ ਸੁਨਿਹਿਰੀ ਭਾਅ ਮਾਰਦੀਆਂ ਤੇ ਸੁਨਿਹਿਰੇ ਹੀ ਕੋਕੇ ਜੜੇ ਹੁੰਦੇ ਸਨ ਜਿਸ ਨੂੰ ਵੇਖ ਕੇ ਵੇਖਣ ਵਾਲਾ ਓਸ ਕਾਰੀਗਰ ਨੂੰ ਦਾਦ ਦੇਣੋ ਨਹੀਂ ਸੀ ਰਹਿੰਦਾ! ਇਸੇ ਸੰਦੂਕ ਵਿਚ ਬੇਬੇ ਦਾ ਆਪਦਾ ਸਾਮਾਨ ਭਾਵ ਬਿਸਤਰੇ, ਚਤੱਈਆਂ, ਖੇਸ ਹੱਥੀਂ ਝੱਲਣ ਵਾਲੀਆਂ ਪੱਖੀਆਂ, ਪੱਖੇ ਤੇ ਇਥੋਂ ਤੱਕ ਕਿ ਇਹੀ ਸੰਦੂਕ ਹੀ ਉਨ੍ਹਾਂ ਸਮਿਆਂ ਵਿਚ ਅਲਮਾਰੀ ਦੇ ਕੰਮ ਵੀ ਦਿੰਦੇ ਸਨ ਭਾਵ ਘਰ ਦੀ ਸਾਰੀ ਨਕਦੀ ਟੂੰਮਾਂ ਗਹਿਣੇ ਆਦਿ ਸਾਰੀਆਂ ਚੀਜ਼ਾਂ ਨੂੰ ਹੀ ਇਹ ਸੰਦੂਕ ਸੰਭਾਲਿਆ ਕਰਦੇ ਸਨ ਤੇ ਇਸੇ ਤਰ੍ਹਾਂ ਅੱਗੇ ਘਰ ਦੀਆਂ ਧੀਆਂ ਭੈਣਾਂ ਲਈ ਵੀ ਇਹੇ ਸੰਦੂਕ ਕੰਮ ਦਿੰਦੇ ਰਹੇ ਹਨ, ਸਮੇਂ ਦੇ ਬਦਲਾਅ ਨਾਲ ਜਿਸਤੀ ਪੇਟੀਆਂ ਤੇ ਹੁਣ ਪਤਾ ਨਹੀਂ ਕੀ-ਕੀ ਚੱਲ ਪਿਆ ਹੈ!
ਪੁਰਾਤਨ ਹਵੇਲੀਆਂ ਨੂੰ ਲੱਗੇ ਲੱਕੜ ਦੇ ਬਹੁਤ ਭਾਰੇ ਗੇਟਾਂ 'ਤੇ ਵੀ ਬਹੁਤ ਹੀ ਸੁੰਦਰ ਕਿਸਮ ਦੇ ਡਿਜ਼ਾਇਨ ਪਾ ਕੇ ਆਕਰਸ਼ਿਤ ਮੀਨਾਕਾਰੀ ਕੀਤੀ ਹੁੰਦੀ ਸੀ, ਜੋ ਹੁਣ ਅਲੋਪ ਹੀ ਹੋ ਰਹੀ ਹੈ, ਹਾਂ ਕਿਸੇ ਕਿਸੇ ਪੁਰਾਣੇ ਬਜ਼ੁਰਗਾਂ ਨੇ ਆਪਣੀਆਂ ਬੇਸ਼ਕੀਮਤੀ ਵਿਰਸੇ ਦੀਆਂ ਇਨ੍ਹਾਂ ਨਿਸ਼ਾਨੀਆਂ ਨੂੰ ਹਾਲੇ ਵੀ ਆਪਣੇ ਜਿਉਂਦੇ ਜੀਅ ਸੰਭਾਲ ਕੇ ਰੱਖਿਆ ਹੋਇਆ ਹੈ, ਕਿਸੇ ਕਿਸੇ ਵਿਰਲੇ ਪਿੰਡ 'ਚ ਇਨ੍ਹਾਂ ਦੇ ਦਰਸ਼ਨ ਹੋ ਜਾਂਦੇ ਹਨ! ਇਹ ਉਪਰੋਕਤ ਗੱਲਾਂ ਤਾਂ ਉਨ੍ਹਾਂ ਸਮਿਆਂ ਦੇ ਬਹੁਤ ਹੀ ਮਿਹਨਤੀ ਕਾਰੀਗਰਾਂ ਦੀਆਂ ਮਿਹਨਤੀ ਨਿਸ਼ਾਨੀਆਂ ਸਨ ਜੋ ਉਨ੍ਹਾਂ ਦੀ ਕੀਤੀ ਹੋਈ ਮਿਹਨਤ ਦੀ ਹਾਮੀ ਭਰਦੀਆਂ ਹਨ! ਇਸ ਤੋਂ ਇਲਾਵਾ ਉਨ੍ਹਾਂ ਸਮਿਆਂ ਵਿਚ ਸਾਡੀਆਂ ਮਾਵਾਂ ਦਾਦੀਆਂ ਜਾਂ ਕਹਿ ਲਈਏ ਕਿ ਧੀਆਂ ਭੈਣਾਂ ਵੀ ਕਿਸੇ ਕਹਿੰਦੇ ਕਹਾਉਂਦੇ ਕਾਰੀਗਰ ਤੋਂ ਘੱਟ ਨਹੀਂ ਸਨ, ਕਿਉਂਕਿ ਘਰੇਲੂ ਚੁੱਲ੍ਹੇ ਚੌਂਕੇ, ਹਾਰਿਆਂ, ਭਾਂਡਿਆਂ ਵਾਲੀਆਂ ਪੜਛੱਤੀਆਂ ਨੂੰ ਐਸੀ ਮੀਨਾਕਾਰੀ ਕਰਦੀਆਂ ਸਨ, ਤੇ ਵਿਹੜੇ ਵਿਚ ਵੀ ਗੋਹਾ ਮਿੱਟੀ ਫੇਰਦੀਆਂ ਸਨ ਕਿ ਹੱਦੋਂ ਵੱਧ ਸਫ਼ਾਈ ਹੋਇਆ ਕਰਦੀ ਸੀ, ਉਨ੍ਹਾਂ ਸਮਿਆਂ ਵਿਚ ਅਕਸਰ ਹੀ ਕਿਹਾ ਜਾਂਦਾ ਸੀ ਕਿ ਭਾਵੇਂ ਭੁੰਜੇ ਰੱਖ ਕੇ ਖਾ ਲਈਏ ਭਾਵ ਸਿਰਫ਼ ਸਫ਼ਾਈ ਤੋਂ ਹੀ ਸੀ ਕਿ ਬਹੁਤ ਹੀ ਸਚਿਆਰਾ ਕੰਮ ਕੀਤਾ ਜਾਂਦਾ ਰਿਹਾ ਹੈ! ਪਰ ਹੁਣ ਇਹ ਸੱਭ ਗੱਲਾਂ ਬੀਤੇ ਦੀਆਂ ਯਾਦਾਂ ਤੇ ਬਾਤਾਂ ਹੋ ਕੇ ਰਹਿ ਗਈਆਂ ਹਨ, ਅਜੋਕੇ ਬਦਲੇ ਸਮੀਕਰਨਾਂ ਮੁਤਾਬਿਕ ਹੁਣ ਇਨ੍ਹਾਂ ਗੱਲਾਂ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਗਈ ਕਿਉਂਕਿ ਅਸੀਂ ਬਹੁਤ ਅਗਾਂਹ ਵਧੂ ਤੇ ਅਮੀਰੀ ਦੀ ਝਲਕ ਵਾਲੇ ਹੋ ਗਏ ਹਾਂ, ਪਰ ਸਾਡਾ ਅਸਲੀ ਵਿਰਸਾ ਤਾਂ ਇਹੀ ਸੀ! ਹੁਣ ਤਾਂ ਹੋਰ ਹੀ ਗੁੱਡੀਆਂ ਤੇ ਹੋਰ ਈ ਪਟੋਲੇ ਹੋ ਗਏ? ਹਨ! ਜੇਕਰ ਕਹਿ ਲਈਏ ਕਿ ਹੁਣ ਪੁਰਾਤਨ ਮੀਨਾਕਾਰੀ ਯੁੱਗ ਦਾ ਅੰਤ ਹੋ ਗਿਆ ਹੈ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ!


-ਜਸਵੀਰ ਸ਼ਰਮਾ ਦੱਧਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176 22046

ਸ਼ਬਦ ਵਿਚਾਰ

ਸਤਿਗੁਰਿ ਸੇਵਿਐ ਮਨੁ ਨਿਰਮਲਾ ਭਏ ਪਵਿਤੁ ਸਰੀਰ॥

ਸਿਰੀ ਰਾਗੁ ਮਹਲਾ ੩
ਸਤਿਗੁਰਿ ਸੇਵਿਐ ਮਨੁ ਨਿਰਮਲਾ
ਭਏ ਪਵਿਤੁ ਸਰੀਰ॥
ਮਨਿ ਆਨੰਦੁ ਸਦਾ ਸੁਖੁ ਪਾਇਆ
ਭੇਟਿਆ ਗਹਿਰ ਗੰਭੀਰੁ॥
ਸਚੀ ਸੰਗਤਿ ਬੈਸਣਾ
ਸਚਿ ਨਾਮਿ ਮਨੁ ਧੀਰ॥ ੧॥
ਮਨ ਰੇ ਸਤਿਗੁਰੁ ਸੇਵਿ ਨਿਸੰਗੁ॥
ਸਤਿਗੁਰੁ ਸੇਵਿਐ ਹਰਿ ਮਨਿ ਵਸੈ
ਲਗੈ ਨ ਮੈਲੁ ਪਤੰਗੁ॥ ੧॥ ਰਹਾਉ॥
ਸਚੈ ਸਬਦਿ ਪਤਿ ਊਪਜੈ
ਸਚੇ ਸਚਾ ਨਾਉ॥
ਜਿਨੀ ਹਉਮੈ ਮਾਰਿ ਪਛਾਣਿਆ
ਹਉ ਤਿਨ ਬਲਿਹਾਰੈ ਜਾਉ॥
ਮਨਮੁਖ ਸਚੁ ਨ ਜਾਣਨੀ
ਤਿਨ ਠਉਰ ਨ ਕਤਹੂ ਥਾਉ॥ ੨॥
ਸਚੁ ਖਾਣਾ ਸਚੁ ਪੈਨਣਾ
ਸਚੇ ਹੀ ਵਿਚਿ ਵਾਸੁ॥
ਸਦਾ ਸਚਾ ਸਾਲਾਹਣਾ
ਸਚੈ ਸਬਦਿ ਨਿਵਾਸੁ॥
ਸਭੁ ਆਤਮ ਰਾਮੁ ਪਛਾਣਿਆ
ਗੁਰਮਤੀ ਨਿਜ ਘਰਿ ਵਾਸੁ॥ ੩॥
ਸਚੁ ਵੇਖਣੁ ਸਚੁ ਬੋਲਣਾ
ਤਨੁ ਮਨੁ ਸਚਾ ਹੋਇ॥
ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ॥
ਜਿੰਨੀ ਸਚੁ ਵਿਸਾਰਿਆ
ਸੇ ਦੇਖੀਏ ਚਲੇ ਰੋਇ॥ ੪॥
ਸਤਿਗੁਰੁ ਜਿਨੀ ਨ ਸੇਵਿਓ
ਸੇ ਕਿਤੁ ਆਏ ਸੰਸਾਰਿ॥
ਜਮ ਦਰਿ ਬਧੇ ਮਾਰੀਅਹਿ
ਕੂਕ ਨ ਸੁਣੈ ਪੂਕਾਰ॥
ਬਿਰਥਾ ਜਨਮੁ ਗਵਾਇਆ
ਮਰਿ ਜੰਮਹਿ ਵਾਰੋ ਵਾਰ॥ ੫॥
ਏਹੁ ਜਗੁ ਜਲਤਾ ਦੇਖਿ ਕੈ
ਭਜਿ ਪਏ ਸਤਿਗੁਰ ਸਰਣਾ॥
ਸਤਿਗੁਰਿ ਸਚੁ ਦਿੜਾਇਆ
ਸਦਾ ਸਚਿ ਸੰਜਮਿ ਰਹਣਾ॥
ਸਤਿਗੁਰੂ ਸਚਾ ਹੈ ਬੋਹਿਥਾ
ਸਬਦੇ ਭਵਜਲੁ ਤਰਣਾ॥ ੬॥
ਲਖ ਚਉਰਾਸੀਹ ਫਿਰਦੇ ਰਹੇ
ਬਿਨੁ ਸਤਿਗੁਰ ਮੁਕਤਿ ਨ ਹੋਈ॥
ਪੜਿ ਪੜਿ ਪੰਡਿਤ ਮੋਨੀ ਥਕੇ
ਦੂਜੈ ਭਾਇ ਪਤਿ ਖੋਈ॥
ਸਤਿਗੁਰਿ ਸਬਦੁ ਸੁਣਾਇਆ
ਬਿਨੁ ਸਚੇ ਅਵਰੁ ਨ ਕੋਈ॥ ੭॥
ਜੋ ਸਚੈ ਲਾਏ ਸੇ ਸਚਿ ਲਗੇ
ਨਿਤ ਸਚੀ ਕਾਰ ਕਰੰਨਿ॥
ਤਿਨਾ ਨਿਜ ਘਰਿ ਵਾਸਾ ਪਾਇਆ
ਸਚੈ ਮਹਲਿ ਰਹੰਨਿ॥
ਨਾਨਕ ਭਗਤ ਸੁਖੀਏ ਸਦਾ
ਸਚੈ ਨਾਮਿ ਰਚੰਨਿ॥ ੮॥ ੧੭॥ ੮॥ ੨੫॥ (ਅੰਗ 69-70)
ਪਦ ਅਰਥ : ਨਿਰਮਲਾ-ਪਵਿੱਤਰ ਹੋ ਜਾਂਦਾ ਹੈ। ਪਵਿਤੁ-ਪਵਿਤਰ ਹੋ ਜਾਂਦਾ ਹੈ। ਭੇਟਿਆ-ਮਿਲ ਪੈਂਦਾ ਹੈ। ਗਹਿਰ-ਡੂੰਘਾ, ਅਥਾਹ। ਗੰਭੀਰੁ-ਵੱਡੇ ਜਿਗਰੇ ਵਾਲਾ ਪਰਮਾਤਮਾ। ਧੀਰ-ਧੀਰਜ, ਸ਼ਾਂਤੀ।
ਨਿਸੰਗੁ-ਬੇਝਿਜਕ ਹੋ ਕੇ। ਪਤੰਗੁ-ਰੰਚਕ ਮਾਤਰ ਵੀ, ਰਤਾ ਭਰ ਵੀ।
ਪਤਿ-ਇੱਜ਼ਤ। ਊਪਜੈ-ਉਪਜਦੀ ਹੈ, ਮਿਲਦੀ ਹੈ। ਸਚਾ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਪਛਾਣਿਆ-(ਪਰਮਾਤਮਾ ਦੇ ਗੁਣਾਂ ਦੀ) ਸੋਝੀ ਪੈ ਗਈ। ਹਉ ਤਿਨ-ਮੈਂ ਉਨ੍ਹਾਂ ਤੋਂ। ਮਨਮੁਖ-ਆਪਣੇ ਮਨ ਦੇ ਆਖੇ ਲੱਗਣ ਵਾਲੇ, ਤੁਰਨ ਵਾਲੇ। ਤਿਨ-ਉਨ੍ਹਾਂ ਨੂੰ। ਠਉਰ ਨ ਥਾਉ-ਥਾਂ ਟਿਕਾਣਾ ਨਹੀਂ ਮਿਲਦਾ। ਕਤਹੂ-ਕਿਧਰੇ ਵੀ।
ਸਚੁ ਖਾਣਾ-ਸਦਾ ਥਿਰ ਰਹਿਣ ਵਾਲਾ ਨਾਮ (ਜਿਨ੍ਹਾਂ ਦਾ) ਖਾਣਾ ਹੈ, ਖੁਰਾਕ ਹੈ। ਸਚੁ ਪੈਨਣਾ-ਪ੍ਰਭੂ ਦੇ ਸੱਚੇ ਨਾਮ ਦੀ (ਜਿਨ੍ਹਾਂ ਦੀ) ਪੁਸ਼ਾਕ ਹੈ। ਸਚੇ ਹੀ-ਸਦਾ ਥਿਰ ਪ੍ਰਭੂ ਵਿਚ ਹੀ। ਵਾਸੁ-ਜੁੜੀ ਰਹਿੰਦੀ ਹੈ, ਵਾਸਾ ਰਹਿੰਦਾ ਹੈ। ਸਦਾ ਸਾਲਾਹੁਣਾ-ਸਦਾ ਸਿਫ਼ਤ ਸਾਲਾਹ ਕਰਦੇ ਰਹਿੰਦੇ ਹਨ। ਸਚਾ-ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸਚੈ ਸਬਦਿ-ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਸ਼ਬਦ ਵਿਚ। ਨਿਵਾਸੁ-ਟਿਕਿਆ ਰਹਿੰਦਾ ਹੈ। ਸਭੁ-ਹਰ ਥਾਂ। ਆਤਮ ਰਾਮੁ-ਸਰਬ ਵਿਆਪਕ ਪਰਮਾਤਮਾ ਨੂੰ। ਪਛਾਣਿਆ-ਪਛਾਣ ਲਿਆ ਹੈ। ਗੁਰਮਤੀ-ਗੁਰੂ ਦੀ ਮੱਤ 'ਤੇ ਤੁਰ ਕੇ। ਨਿਜ ਘਰਿ-ਆਪਣੇ ਘਰ ਵਿਚ, ਅੰਤਰ ਆਤਮੇ। ਵਾਸੁ-ਟਿਕੀ ਰਹਿੰਦੀ ਹੈ।
ਸਚੁ ਵੇਖਣੁ-ਸਦਾ ਥਿਰ ਪ੍ਰਭੂ ਨੂੰ ਹੀ (ਹਰ ਥਾਂ) ਦੇਖਦਾ ਹੈ। ਸਚੁ ਬੋਲਣਾ-ਸਦਾ ਥਿਰ ਪ੍ਰਭੂ ਹੀ ਹਰ ਥਾਂ ਬੋਲਦਾ (ਦਿਖਾਈ ਦਿੰਦਾ ਹੈ)। ਸਚੀ ਸਾਖੀ-(ਉਸ ਦੀ) ਸਿੱਖਿਆ ਵੀ ਸੱਚੀ ਹੈ। ਸਚਾ ਹੋਇ-ਨਿਰਮਲ ਹੋ ਜਾਂਦੇ ਹਨ। ਸਾਖੀ-ਸਿੱਖਿਆ। ਉਪਦੇਸੁ ਸਚੁ-ਸਚਾ ਉਪਦੇਸ਼ ਹੀ ਸੁਣਦੇ ਹਨ। ਸਚੇ ਸਚੀ ਸੋਇ-ਉਸ ਸੱਚੇ ਮਨੁੱਖ ਦੀ ਸੱਚੀ ਸੱਚੀ (ਸੋਭਾ) ਬਣੀ ਰਹਿੰਦੀ ਹੈ। ਸਚੁ-ਸਦਾ ਥਿਰ ਪ੍ਰਭੂ ਨੂੰ। ਸੇ ਦੇਖੀਏ-ਉਹ ਦੁਖੀ ਲੋਕ। ਚਲੇ ਰੋਇ-ਰੋਂਦੇ ਹੀ ਇਥੋਂ ਤੁਰ ਜਾਂਦੇ ਹਨ।
ਗੁਰਬਾਣੀ ਇਸ ਗੱਲ ਦੀ ਸੂਚਕ ਹੈ ਕਿ ਜਿਨ੍ਹਾਂ ਨੇ ਸਦਾ ਥਿਰ ਪਰਮਾਤਮਾ ਨੂੰ ਅਰਾਧਿਆ ਹੈ, ਉਹ ਫਿਰ ਸਦਾ ਥਿਰ ਪਰਮਾਤਮਾ ਵਿਚ ਹੀ ਅਭੇਦ ਹੋ ਜਾਂਦੇ ਹਨ। ਗੁਰਵਾਕ ਹੈ-
ਸਚੁ ਸਚਾ ਜਿਨੀ ਅਰਾਧਿਆ
ਸੇ ਜਾਇ ਰਲੇ ਸਚ ਨਾਲੇ॥
(ਰਾਗੁ ਗਉੜੀ ਕੀ ਵਾਰ ਮਹਲਾ ੪,
ਅੰਗ 311)
ਆਪ ਜੀ ਦੇ ਹੋਰ ਬਚਨ ਹਨ ਕਿ ਉਨ੍ਹਾਂ ਸਚਿਆਰਿਆਂ ਦਾ ਜਨਮ ਧੰਨਤਾਯੋਗ ਹੈ, ਜਿਨ੍ਹਾਂ ਨੂੰ ਦਰਗਾਹੇ ਸੁਰਖਰੂ ਕੀਤਾ ਜਾਂਦਾ ਹੈ-
ਧਨੁ ਧੰਨੁ ਜਨਮੁ ਸਚਿਆਰੀਆ
ਮੁਖ ਉਜਲ ਸਚੁ ਕਰਿਜੈ॥
(ਅੰਗ 312)
ਦੂਜੇ ਬੰਨੇ ਜਿਨ੍ਹਾਂ ਨੇ ਸਦਾ ਥਿਰ ਪ੍ਰਭੂ ਦੀ ਸੇਵਾ ਭਗਤੀ ਨਹੀਂ ਕੀਤੀ, ਉਹ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖ ਮੂਰਖ ਤੇ ਭੂਤਨੇ ਹਨ, ਜੋ ਮੂੰਹ ਤੋਂ ਊਲ-ਜਲੂਲ ਬੋਲਦੇ ਹਨ, ਜਿਵੇਂ ਸ਼ਰਾਬ ਪੀਣ ਨਾਲ ਸ਼ਰਾਬੀ-
ਸਚੁ ਸਚਾ ਜਿਨੀ ਨ ਸੇਵਿਆ
ਸੇ ਮਨਮੁਖ ਮੂੜ ਬੇਤਾਲੇ॥
ਓਹ ਆਲੁ ਪਤਾਲੁ ਮੁਹਹੁ ਬੋਲਦੇ
ਜਿਉ ਪੀਤੈ ਮਦਿ ਮਤਵਾਲੇ॥
(ਅੰਗ 311)
ਮੂੜ-ਮੂਰਖ। ਸੇ-ਉਹ। ਆਲੁ ਪਤਾਲੁ-ਊਲ ਜਲੂਲ। ਮਦਿ-ਸ਼ਰਾਬ।
ਅੱਖਰੀਂ ਅਰਥ : ਸਤਗੁਰੂ ਦੀ ਸੇਵਾ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਸਰੀਰ ਵੀ ਨਿਰਮਲ ਹੋ ਜਾਂਦਾ ਹੈ ਭਾਵ ਦੇਹੀ ਹਰ ਤਰ੍ਹਾਂ ਦੀ ਮੈਲ ਤੋਂ ਰਹਿਤ ਹੋ ਜਾਂਦੀ ਹੈ। ਮਨ ਅੰਦਰ ਖ਼ੁਸ਼ੀ ਤੇ ਖੇੜਾ ਆ ਵਸਦਾ ਹੈ। ਇਸ ਪ੍ਰਕਾਰ ਮਨ ਅੰਦਰ ਸਦਾ ਅਨੰਦ ਬਣਿਆ ਰਹਿੰਦਾ ਹੈ ਅਤੇ ਸਦਾ ਲਈ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਅਥਾਹ ਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਸਦਾ ਥਿਰ ਰਹਿਣ ਵਾਲੀ ਸਤਿ ਸੰਗਤ ਵਿਚ ਬੈਠਣ ਨਾਲ ਮਨ ਵਿਚ ਸ਼ਾਂਤੀ ਆ ਵਸਦੀ ਹੈ।
ਹੇ ਮੇਰੇ ਮਨ, ਨਿਝੱਕ ਹੋ ਕੇ ਗੁਰੂ ਦੀ ਸੇਵਾ ਕਰ। ਸਤਿਗੁਰੂ ਦੀ ਸੇਵਾ ਕਰਨ ਨਾਲ ਪਰਮਾਤਮਾ ਮਨ ਵਿਚ ਆ ਵਸਦਾ ਹੈ ਅਤੇ ਰੰਚਕ ਮਾਤਰ ਵੀ ਮਨ ਨੂੰ ਪਾਪਾਂ ਦੀ ਮੈਲ ਨਹੀਂ ਲਗਦੀ। ਆਪ ਜੀ ਦੇ ਬਚਨ ਹਨ ਕਿ ਸਦਾ ਧਿਰ ਰਹਿਣ ਵਾਲੇ ਪ੍ਰਭੂ ਦੇ ਸ਼ਬਦ ਵਿਚ ਜੁੜਨ ਨਾਲ (ਲੋਕ ਪਰਲੋਕ ਵਿਚ) ਇੱਜ਼ਤ-ਮਾਣ ਮਿਲਦਾ ਹੈ। ਵਾਸਤਵ ਵਿਚ ਸੱਚੇ ਉਹੀ ਹਨ, ਜਿਨ੍ਹਾਂ ਕੋਲ ਸੱਚਾ ਨਾਮ ਹੈ, ਜਿਨ੍ਹਾਂ ਨੂੰ ਹਉਮੈ ਨੂੰ ਮਾਰ ਕੇ ਪਰਮਾਤਮਾ ਦੇ ਗੁਣਾਂ ਦੀ ਸੋਝੀ ਪੈ ਗਈ ਹੈ, ਮੈਂ ਉਨ੍ਹਾਂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖਾਂ ਨੂੰ ਪਰਮਾਤਮਾ ਦੇ ਗੁਣਾਂ ਬਾਰੇ ਸੋਝੀ ਨਹੀਂ ਹੁੰਦੀ। ਇਸ ਲਈ ਉਨ੍ਹਾਂ ਨੂੰ ਕਿਧਰੇ ਥਾਂ-ਟਿਕਾਣਾ ਨਹੀਂ ਮਿਲਦਾ।
ਸਦਾ ਥਿਰ ਨਾਮ ਜਿਨ੍ਹਾਂ ਦੀ ਖੁਰਾਕ ਹੈ ਭਾਵ ਪਰਮਾਤਮਾ ਦੇ ਨਾਮ ਦੀ ਜਿਨ੍ਹਾਂ ਨੂੰ ਭੁੱਖ ਲਗਦੀ ਹੈ ਅਤੇ ਪਰਮਾਤਮਾ ਦਾ ਨਾਮ ਹੀ ਜਿਨ੍ਹਾਂ ਦੀ ਪੁਸ਼ਾਕ ਹੈ, ਉਨ੍ਹਾਂ ਦੀ ਲਿਵ ਸਦਾ ਥਿਰ ਪ੍ਰਭੂ ਵਿਚ ਜੁੜੀ ਰਹਿੰਦੀ ਹੈ। ਅਜਿਹੇ ਜਗਿਆਸੂ ਸਦਾ ਥਿਰ ਪ੍ਰਭੂ ਦੀ ਹਰ ਵੇਲੇ ਸਿਫ਼ਤ ਸਾਲਾਹ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਸੁਰਤੀ ਪ੍ਰਭੂ ਦੇ ਸਦਾ ਥਿਰ ਸ਼ਬਦ ਵਿਚ ਜੁੜੀ ਰਹਿੰਦੀ ਹੈ। ਅਜਿਹੇ ਸਾਧਕਾਂ ਨੇ ਗੁਰੂ ਦੀ ਮਤ 'ਤੇ ਤੁਰ ਕੇ ਹਰ ਥਾਂ ਸਰਬ-ਵਿਆਪਕ ਪ੍ਰਭੂ ਨੂੰ ਪਛਾਣ ਲਿਆ ਹੈ ਅਤੇ ਗੁਰੂ ਦੀ ਮੱਤ 'ਤੇ ਤੁਰ ਕੇ ਉਨ੍ਹਾਂ ਦੀ ਸੁਰਤ ਅੰਤਰ-ਆਤਮੇ ਟਿਕੀ ਰਹਿੰਦੀ ਹੈ।
ਜਿਸ ਨੂੰ ਸਦਾ ਥਿਰ ਪ੍ਰਭੂ ਹੀ ਹਰ ਥਾਂ ਦਿਸਦਾ ਹੈ, ਸਦਾ ਥਿਰ ਪ੍ਰਭੂ ਹੀ ਹਰ ਥਾਂ ਬੋਲਦਾ ਜਾਪਦਾ ਹੈ, ਉਸ ਦੀ ਦੇਹੀ ਅਤੇ ਮਨ ਪਵਿੱਤਰ ਹੋ ਜਾਂਦੇ ਹਨ। ਉਹ ਫਿਰ ਸੱਚੀ ਸਿੱਖਿਆ ਅਤੇ ਸੱਚਾ ਉਪਦੇਸ਼ ਹੀ ਸੁਣਦੇ ਹਨ, ਜਿਸ ਸਦਕਾ ਅਜਿਹੇ ਮਨੁੱਖ ਦੀ ਸੱਚੀ ਸੋਭਾ ਸਦਾ ਕਾਇਮ ਰਹਿੰਦੀ ਹੈ ਅਰਥਾਤ ਬਣੀ ਰਹਿੰਦੀ ਹੈ।
ਪਰ ਜਿਨ੍ਹਾਂ ਨੇ ਸਦਾ ਥਿਰ ਪ੍ਰਭੂ ਨੂੰ ਵਿਸਾਰ ਛੱਡਿਆ ਹੈ, ਉਹ ਦੁਖੀ ਹੋ ਕੇ ਅੰਤ ਨੂੰ ਰੋਂਦੇ ਜਾਂਦੇ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਰੀਰ ਰੂਪੀ ਰੱਥ ਦਾ ਸੁਆਮੀ ਹੈ 'ਮੈਂ'

ਸਾਡੀਆਂ ਸਾਰੀਆਂ ਸਰੀਰਕ ਅਤੇ ਮਾਨਸਿਕ ਕਿਰਿਆਵਾਂ ਜਿਵੇਂ ਮੈਂ ਖਾਂਦਾ ਹਾਂ, ਮੈਂ ਦੇਖਦਾ ਹਾਂ, ਮੈਂ ਬੋਲਦਾ ਹਾਂ, ਮੈਂ ਸੁਣਦਾ ਹਾਂ, ਮੈਂ ਸੋਚਦਾ ਹਾਂ, ਮੈਂ ਉਲਝਣ ਵਿਚ ਹਾਂ ਆਦਿ ਨੂੰ ਘੁਮੰਡ ਜਾਂ ਮੈਂ-ਬੋਧ ਕਹਿੰਦੇ ਹਨ। ਸਵਾਮੀ ਵਿਵੇਕਾਨੰਦ 'ਸ਼ਖ਼ਸੀਅਤ ਦੇ ਵਿਕਾਸ' ਵਿਚ ਲਿਖਦੇ ਹਨ ਕਿ ਜਦ ਤੱਕ ਇਹ 'ਮੈਂ' ਆਪਣੇ-ਆਪ ਨੂੰ ਦੇਹ-ਮਨ ਨਾਲ ਜੋੜ ਲੈਂਦਾ ਹੈ, ਤਦ ਤੱਕ ਮਨੁੱਖੀ ਜੀਵਨ ਦੁਨਿਆਵੀ ਘਟਨਾਵਾਂ ਅਤੇ ਹਾਲਾਤ ਨਾਲ ਚਲਦਾ ਹੈ। ਇਸ ਦੇ ਸਿੱਟੇ ਵਜੋਂ ਅਸੀਂ ਸੁਖਾਵੇਂ ਹਾਲਾਤ ਜਾਂ ਚੰਗੀਆਂ ਘਟਨਾਵਾਂ ਵਿਚ ਸੁਖ ਅਨੁਭਵ ਕਰਦੇ ਹਾਂ ਅਤੇ ਮਾੜੀਆਂ ਘਟਨਾਵਾਂ ਵਿਚ ਦੁਖੀ ਹੁੰਦੇ ਹਾਂ। ਸਾਡਾ ਮਨ ਜਿੰਨਾ ਸ਼ੁੱਧ ਅਤੇ ਨਿਯੰਤ੍ਰਿਤ ਹੁੰਦਾ ਜਾਂਦਾ ਹੈ, ਓਨਾ ਹੀ ਸਾਨੂੰ 'ਮੈਂ-ਬੋਧ' ਦੇ ਮੂਲ ਸਰੋਤ ਦਾ ਪਤਾ ਲਗਦਾ ਜਾਂਦਾ ਹੈ ਅਤੇ ਉਸੇ ਅਨੁਸਾਰ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਸੰਤੁਲਿਤ ਅਤੇ ਸਾਧਾਰਨ ਜੀਵਨ ਨੂੰ ਪ੍ਰਾਪਤ ਹੁੰਦੇ ਹਾਂ। ਅਜਿਹਾ ਵਿਅਕਤੀ ਫਿਰ ਘਟਨਾਵਾਂ ਅਤੇ ਹਾਲਾਤ ਤੋਂ ਵਿਚਲਿਤ ਨਹੀਂ ਹੁੰਦਾ। ਚਿੰਤਨ (ਚੇਤਨਾ) ਬੁੱਧੀ ਚਿੱਤ ਅਤੇ ਅਹੰਕਾਰ ਮਨ ਦੇ ਅਲੱਗ-ਅਲੱਗ ਵਿਭਾਗ ਨਹੀਂ, ਸਗੋਂ ਮਨ ਦੀਆਂ ਵੱਖ-ਵੱਖ ਕਿਰਿਆਵਾਂ ਅਨੁਸਾਰ ਭਿੰਨ-ਭਿੰਨ ਨਾਂਅ ਦਿੱਤੇ ਹਨ। 'ਮੈਂ' ਉਸ ਰੱਥ ਦਾ ਸੁਆਮੀ ਹੈ ਜਿਸ ਨੂੰ 'ਸਰੀਰ' ਕਹਿੰਦੇ ਹਨ ਅਤੇ 'ਬੁੱਧੀ' ਇਸ ਦੀ ਸਾਰਥੀ ਹੈ। ਚਿੰਤਨ ਉਹ ਲਗਾਮ ਹੈ, ਜਿਸ ਨਾਲ ਨੱਕ, ਕੰਨ, ਚਮੜੀ, ਜੀਭ ਅਤੇ ਅੱਖਾਂ ਸਾਰੀਆਂ ਗਿਆਨ ਇੰਦਰੀਆਂ ਜੁੜੀਆਂ ਹਨ। ਇਹ ਗਿਆਨ ਇੰਦਰੀਆਂ ਹੀ ਸੰਸਾਰਿਕ ਗਿਆਨ ਦੇਣ ਦੀਆਂ ਪੰਜ ਖਿੜਕੀਆਂ ਹਨ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਗੁਰੂ ਨਾਨਕ ਸਾਹਿਬ ਦਾ ਰਾਜਨੀਤਕ ਫ਼ਲਸਫ਼ਾ-4

ਇਸ ਦੇ ਪ੍ਰਮੁੱਖ ਸਿਧਾਂਤਾਂ ਦੀ ਸਮਕਾਲੀ ਅਹਿਮੀਅਤ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪ੍ਰਮੁੱਖ ਰਾਜਨੀਤਕ ਸਿਧਾਂਤ
ਗੁਰੂ ਨਾਨਕ ਦੇਵ ਜੀ ਦੇ ਰਾਜਸੀ ਫ਼ਲਸਫ਼ੇ ਵਿਚੋਂ ਉਪਜਦੇ ਅਤੇ ਵਿਗਸਦੇ ਰਾਜਨੀਤਕ ਸਿਧਾਂਤਾਂ ਨੇ ਲੋਕਾਂ ਨੂੰ ਹਿੰਦੁਸਤਾਨ ਦੀਆਂ ਔਖਿਆਈਆਂ ਅਤੇ ਨਾਜ਼ੁਕਤਾ ਵਾਲੀਆਂ ਸਥਿਤੀਆਂ ਵਿਚੋਂ ਨਿਕਲ ਕੇ ਸਮੇਂ-ਸਮੇਂ ਅਗਾਂਹ ਵਧਣ ਲਈ ਦਿਸ਼ਾ-ਦ੍ਰਿਸ਼ਟੀ ਅਤੇ ਅਗਵਾਈ ਦਿੱਤੀ। ਇਹ ਸਿਧਾਂਤ ਮਾਨਵਤਾ ਲਈ ਵੀ ਵਿਆਪਕ ਚਾਨਣ ਮੁਨਾਰੇ ਹਨ, ਕਿਉਂਕਿ ਇਨ੍ਹਾਂ ਦਾ ਆਧਾਰ ਸਰਬੱਤ ਦਾ ਭਲਾ, ਮਨੁੱਖੀ ਸਾਂਝੀਵਾਲਤਾ, ਕਲਿਆਣਕਾਰੀ ਕਿਰਤ, ਰੂਹਾਨੀ ਤੇ ਬੌਧਿਕ ਵਿਕਾਸ ਦੀਆਂ ਬੁਨਿਆਦਾਂ 'ਤੇ ਖੜੋਣ ਵਾਲੀਆਂ ਉੱਚੀਆਂ ਕਦਰਾਂ-ਕੀਮਤਾਂ ਅਤੇ ਸਦਾਚਾਰਕ ਵਰਤਾਰਾ ਹੈ। ਗੁਰੂ ਸਾਹਿਬ ਦੇ ਸਿਧਾਂਤ ਹਰ ਸਮਾਜ ਨੂੰ, ਹਰ ਥਾਂ, ਹਰ ਸਮੇਂ ਅਤੇ ਹਰ ਸਥਿਤੀ ਵਿਚ ਸਾਫ਼ ਮਾਰਗ ਦਰਸ਼ਕ ਬਣਾਉਣ ਦੇ ਸਮਰੱਥ ਹਨ।
ਗੁਰੂ ਫ਼ਲਸਫ਼ਾ ਰਾਜਸੀ ਸੰਦਰਭ ਵਿਚ ਸੰਵਾਦ ਅਤੇ ਸੰਗਤ ਰਾਹੀਂ ਸਿਧਾਂਤਕ ਰਾਜ ਸ਼ਕਤੀ ਪੈਦਾ ਕਰਨ ਦੇ ਸਮਰੱਥ ਹੋਇਆ। 15ਵੀਂ-16ਵੀਂ ਸਦੀ ਦਾ ਇਹ ਰਾਜਸੀ ਫ਼ਲਸਫ਼ਾ ਤੇ ਇਸ ਦੇ ਸਿਧਾਂਤ ਕ੍ਰਾਂਤੀਕਾਰੀ ਜਾਗ੍ਰਿਤੀ ਦੇ ਸਬੱਬ ਬਣੇ। ਇਨ੍ਹਾਂ 17ਵੀਂ-18ਵੀਂ ਸਦੀ ਵਿਚ ਮੀਰੀ-ਪੀਰੀ ਅਤੇ ਸੰਤ-ਸਿਪਾਹੀ ਅਮਲਾਂ ਨੂੰ ਪ੍ਰਚੰਡ ਕੀਤਾ। 19ਵੀਂ-20ਵੀਂ ਸਦੀ ਵਿਚ ਇਹੋ ਸਿਧਾਂਤ ਹਿੰਦੁਸਤਾਨ ਨੂੰ ਲੁੱਟਦੇ ਹਮਲਾਵਰਾਂ ਅਤੇ ਸਾਮਰਾਜੀਆਂ ਤੋਂ ਮੁਕਤ ਕਰਵਾਉਣ ਵਿਚ ਸਫ਼ਲ ਹੋਏ। ਮੁਗ਼ਲਾਂ ਅਤੇ ਪੱਛਮੀ ਬਸਤੀਵਾਦੀ ਤਾਕਤਾਂ ਤੋਂ ਸੁਤੰਤਰਤਾ ਲੈਣ ਮਗਰੋਂ ਇਹੋ ਰਾਜਨੀਤਕ ਸਿਧਾਂਤ, ਹਿੰਦੁਸਤਾਨ ਵਿਚ ਕੇਂਦਰਿਤ ਹੋ ਰਹੀ ਸ਼ਕਤੀ ਦਾ ਇਨਸਾਫ਼, ਬਰਾਬਰਤਾ ਅਤੇ ਵਿਕਾਸ ਲਈ ਵਿਕੇਂਦਰੀਕਰਨ ਵਾਸਤੇ ਹੌਸਲਾ ਅਤੇ ਅਗਵਾਈ ਦੇ ਰਹੇ ਹਨ। ਇਨ੍ਹਾਂ ਦੀ ਸਮਕਾਲੀ ਅਹਿਮੀਅਤ, ਇਤਿਹਾਸਕ ਲੋੜਾਂ ਤੋਂ ਵਧ ਰਹੀ ਹੈ, ਕਿਉਂਕਿ ਗੁਰੂ ਸਾਹਿਬ ਦੇ ਰਾਜਸੀ ਫ਼ਲਸਫ਼ੇ ਅਤੇ ਰਾਜਨੀਤਕ ਸਿਧਾਂਤਾਂ ਵਿਚ ਨਿਰੰਤਰ ਸੰਗਰਾਮ ਅਤੇ ਵਿਕਾਸ ਦਾ ਉਪਦੇਸ਼ ਹੈ।
ਸਿੱਖ ਲਹਿਰ ਦੇ ਮੁਕਾਬਲੇ ਵਿਚ ਪ੍ਰੋਟੈਸਟੈਂਟ ਲਹਿਰ ਦੇ ਰਾਜਸੀ ਫ਼ਲਸਫ਼ੇ ਅਤੇ ਸਿਧਾਂਤਾਂ ਨੂੰ ਅੰਗਰੇਜ਼ੀ ਸੱਭਿਅਤਾ ਦੇ ਬਰਤਾਨਵੀ ਬਸਤੀਵਾਦ ਦੇ ਪਸਾਰੇ ਕਾਰਨ ਇਕ ਵਿਸ਼ਵ-ਵਿਆਪੀ ਮੰਚ ਮਿਲ ਗਿਆ। ਪ੍ਰੋਟੈਸਟੈਂਟ ਸੁਧਾਰ ਲਹਿਰ ਦੇ ਫ਼ਲਸਫ਼ੇ ਅਤੇ ਅਮਲਾਂ ਵਿਚੋਂ ਉਪਜੇ ਰਾਜਸੀ ਸਿਧਾਂਤਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਨਿਰਮਾਣ ਨੇ ਖੁੱਲ੍ਹਾ ਮੌਕਾ ਦਿੱਤਾ। 19-20ਵੀਂ ਸਦੀ ਵਿਚ ਵਿਸ਼ਵ ਦੀ ਰਾਜਨੀਤਕ ਭਾਸ਼ਾ ਦਾ ਵੱਡਾ ਆਧਾਰ, ਪ੍ਰੋਟੈਸਟੈਂਟ ਫ਼ਲਸਫ਼ੇ ਰਾਹੀਂ ਉਪਜੀ ਨਵ-ਈਸਾਈ ਸੰਸਕ੍ਰਿਤੀ ਬਣੀ। ਅੰਗਰੇਜ਼ੀ ਭਾਸ਼ਾ ਰਾਜਨੀਤਕ ਸਿਧਾਂਤਾਂ ਦੇ ਅਮਲਾਂ ਅਤੇ ਵਿਕਾਸ ਦਾ ਵਿਸ਼ਵ ਵਿਆਪੀ ਸਾਧਨ ਬਣ ਗਈ। ਗੁਰੂ ਨਾਨਕ ਨਾਮ ਲੇਵਾ ਲੋਕ ਅੰਗਰੇਜ਼ੀ ਸੰਸਕ੍ਰਿਤੀ, ਇਸ ਦੇ ਰਾਜਸੀ ਪ੍ਰਕਰਣਾਂ ਤੇ ਸਿੱਟਿਆਂ ਕਾਰਨ ਦੁਨੀਆ ਭਰ ਵਿਚ ਵਸਦੇ ਹਨ। ਇਹ ਭਾਸ਼ਾ ਸਿੱਖ ਫ਼ਲਸਫ਼ੇ ਅਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਨੂੰ ਘੋਖਣ, ਵਿਸ਼ਲੇਸ਼ਣ ਅਤੇ ਸਮਝਣ ਲਈ ਇਕ ਹੋਰ ਆਧੁਨਿਕ ਭਾਸ਼ਾਈ ਸਾਧਨ ਹੈ। ਸਿੱਖ ਰਾਜਸੀ ਫ਼ਲਸਫ਼ਾ ਅਤੇ ਸਿਧਾਂਤ ਅਜੇ ਸਮਕਾਲੀ ਅਧਿਐਨ, ਖੋਜ ਅਤੇ ਪ੍ਰਕਾਸ਼ਨਾਵਾਂ ਪੱਖੋਂ ਇਕ ਵੱਡੀ ਵੰਗਾਰ ਦਾ ਵਿਸ਼ਾ ਹਨ। ਇਸੇ ਪ੍ਰਸੰਗ ਵਿਚ ਗੁਰੂ ਨਾਨਕ ਸਾਹਿਬ ਦੇ ਰਾਜਸੀ ਫ਼ਲਸਫ਼ੇ ਅਤੇ ਸਿਧਾਂਤਾਂ ਦੀਆਂ ਪ੍ਰਮੁੱਖ ਪਰਤਾਂ ਨੂੰ ਖੋਲ੍ਹਣ ਦਾ ਯਤਨ ਕੀਤਾ ਗਿਆ, ਜੋ ਇਸ ਪ੍ਰਕਾਰ ਹਨ-
1. ਆਪਣੀ ਧਰਤੀ, ਆਪਣੇ ਲੋਕਾਂ ਅਤੇ ਸੋਮਿਆਂ ਦੀ ਰਾਖੀ ਲਈ ਰਾਜ-ਸ਼ਕਤੀ, ਸੁਰੱਖਿਆ, ਭਲਾਈ ਅਤੇ ਵਿਕਾਸ ਨੂੰ ਯਕੀਨਨ ਬਣਾਉਣਾ-ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਹਿੰਦੋਸਤਾਨ ਤੇ ਇਸ ਦੇ ਲੋਕਾਂ ਲਈ ਦੁੱਖ-ਦਰਦ ਪ੍ਰਗਟ ਕੀਤਾ ਹੈ।
ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਲਈ ਬਾਣੀ ਰਚੀ, ਉਦਾਸੀਆਂ ਕੀਤੀਆਂ, ਸੰਗਤਾਂ ਨਾਲ ਸੰਵਾਦ ਰਚਾਏ। ਪਰ ਗੁਰੂ ਸਾਹਿਬ ਦੇ, ਬਾਬਰ ਅਤੇ ਖੁਰਾਸਾਨੀ ਹਮਲਿਆਂ ਸਬੰਧੀ ਮੁਗ਼ਲਾਂ, ਤੁਰਕਾਂ ਅਤੇ ਅਫ਼ਗਾਨੀਆਂ ਆਦਿ ਵਲੋਂ ਇਸ ਧਰਤੀ 'ਤੇ ਇਸ ਦੇ ਸੋਮਿਆਂ ਦੀ ਲੁੱਟ ਬਾਰੇ ਸੰਦੇਹ ਸਪੱਸ਼ਟ ਹਨ। ਆਪਣੇ ਲੋਕਾਂ 'ਤੇ ਹੁੰਦੇ ਜ਼ੁਲਮਾਂ ਅਤੇ ਰੁਲਦੀ ਆਬਰੂ ਬਾਰੇ ਜਾਗ੍ਰਿਤੀ ਫੈਲਾਈ, ਜਿਸ ਕਰਕੇ ਉਨ੍ਹਾਂ ਜੇਲ੍ਹ ਵੀ ਕੱਟੀ ਸੀ। ਗੁਰੂ ਸਾਹਿਬ ਦੇ ਸੰਦੇਸ਼ੇ ਸਾਫ਼ ਅਗਵਾਈ ਦਿੰਦੇ ਹਨ ਕਿ ਲੋਕ ਸਵੈ-ਸ਼ਕਤੀ, ਰਾਜਨੀਤਕ ਚੇਤਨਤਾ ਅਤੇ ਹਿੰਮਤ ਬਿਨਾਂ ਆਪਣੀ ਧਰਤੀ, ਇਸ ਦੇ ਸੋਮੇ, ਸਵੈ-ਮਾਣ ਅਤੇ ਸੰਸਕ੍ਰਿਤਕ ਪਛਾਣ ਸੁਰੱਖਿਅਤ ਨਹੀਂ ਬਣਾ ਸਕਦੇ। ਇਸ ਪਹਿਲੂ ਨੂੰ ਵਿਅਕਤੀਗਤ, ਪਰਿਵਾਰਕ, ਭਾਈਚਾਰਕ, ਕੌਮੀ ਅਤੇ ਕੌਮਾਂਤਰੀ ਪੱਧਰਾਂ 'ਤੇ ਅਗਵਾਈ ਅਤੇ ਸੇਧ ਵਾਸਤੇ ਸਿੱਖਿਆ ਅਤੇ ਅਮਲ ਵਿਚ ਲਿਆਂਦਾ ਜਾਂਦਾ ਰਿਹਾ ਹੈ (ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 360, 623, 722... ਸਿੰਘ ਫ, 1969/ਸਿੰਘ ਜੀ, 1979/ਸਿੰਘ ਜੀ, 1979/ਗਰੇਵਾਲ, 1990/ਸਿੰਘ ਜੇ-ਸਿੱਖ ਫਿਲਾਸਫੀ, 2018)। ਸਮਕਾਲੀ ਸੇਧ ਲਈ ਹੋਰ ਖੋਜ ਅਧਿਐਨ ਦੀ ਲੋੜ ਹੈ।
2. ਸਰਕਾਰ, ਰਾਜ ਪ੍ਰਬੰਧ, ਪ੍ਰਸ਼ਾਸਨਕ ਅਤੇ ਇਨਸਾਫ਼ ਵਿਵਸਥਾਵਾਂ ਦਾ ਚਰਿੱਤਰ, ਇਨ੍ਹਾਂ ਦਾ ਲੋਕਾਂ ਪ੍ਰਤੀ ਵਰਤਾਰਾ ਅਤੇ ਅਧਿਕਾਰ ਆਦਿ ਮਿਆਰੀ ਯੋਗਤਾ ਵਾਲੇ ਹੋਣ। ਲੋਕਾਂ ਦੀ ਉਮੀਦ, ਲੋੜਾਂ ਅਤੇ ਸਮਾਜਿਕ ਉੱਨਤੀ ਪੱਖੋਂ ਖਰੇ ਉਤਰਨ। ਲੋਕ ਤਦੇ ਇਨ੍ਹਾਂ ਨੂੰ ਸਹਿਣ ਕਰਨ, ਸਹਿਯੋਗ ਅਤੇ ਹਮਾਇਤ ਦੇਣ। ਇਹ ਸਬੰਧ ਚੇਤਨਤਾ, ਬਰਾਬਰਤਾ ਅਤੇ ਅਧਿਕਾਰਤ ਹੱਕਾਂ ਉੱਪਰ ਆਧਾਰਿਤ ਹੋਣ।
ਗੁਰੂ ਨਾਨਕ ਸਾਹਿਬ ਦਾ ਸ਼ਾਸਕਾਂ ਅਤੇ ਕਾਰਜਕਰਮੀਆਂ ਬਾਰੇ ਸੰਕਲਪ ਅਤੇ ਲੋਕਾਂ ਉੱਪਰ ਉਨ੍ਹਾਂ ਦੇ ਵਰਤਾਰੇ ਅਤੇ ਕੰਮਾਂ ਬਾਰੇ ਪ੍ਰਭਾਵ, ਗੁਰੂ ਕਾਲ ਦੀਆਂ ਰਾਜਸੀ, ਪ੍ਰਬੰਧਕੀ ਅਤੇ ਇਨਸਾਫ਼ ਸਥਿਤੀਆਂ ਬਾਰੇ ਸਖ਼ਤ ਨਿਰੀਖਣ ਉੱਪਰ ਆਧਾਰਤ ਹੈ। ਬਾਣੀ ਵਿਚ ਰਾਜਿਆਂ-ਮੁਕੱਦਮਾਂ ਅਤੇ ਉਨ੍ਹਾਂ ਦੇ ਕੁਕਰਮਾਂ ਬਾਰੇ ਸਖਤ ਦ੍ਰਿਸ਼ਟੀਕੋਣ ਹੈ। ਉਨ੍ਹਾਂ ਲੋਕਾਂ ਨੂੰ ਵਿਦਿਅਤ ਕੀਤਾ ਕਿ ਉਹ ਮਾਰਾਂ-ਧਾੜਾਂ, ਬੇਇਨਸਾਫ਼ੀਆਂ ਅਤੇ ਲੁੱਟ ਬਰਦਾਸ਼ਤ ਨਾ ਕਰਦੇ ਹੋਏ ਰਾਜ ਪ੍ਰਬੰਧ ਉਨ੍ਹਾਂ ਹੱਥੀਂ ਦੇਣ, ਜੋ ਇਸ ਦੇ ਯੋਗ, ਕਿਰਦਾਰ ਅਤੇ ਆਪਣੇ ਕਿੱਤਿਆਂ ਵਿਚ ਪੂਰੇ ਉਤਰਨ ਵਾਲੇ ਹੋਣ। ਗੁਰੂ ਸਾਹਿਬ ਨਿਰੰਤਰ ਸੁਧਾਰ ਅਤੇ ਲੋਕ ਕਲਿਆਣ ਦੇ ਮਸਲੇ ਉਭਾਰਨ ਹਿਤ, ਸੰਗਤੀ-ਸੰਵਾਦ ਲਈ ਦੇਸ਼ਾਂ-ਦੇਸ਼ਾਂਤਰਾਂ ਵਿਚ ਵਿਚਰੇ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 767, 1045, 1288... ਸਿੰਘ ਕ, 1999/ਸਿੰਘ ੫ ਅਤੇ ਫੈਨੇਚ, 2014)।
3. ਕਿਰਤ, ਵਣਜ-ਵਪਾਰ, ਖੇਤੀ, ਸਰਬੱਤ ਦੀ ਭਲਾਈ, ਸੰਗਤ ਅਤੇ ਸਿਮਰਨ : ਸਭ ਲਈ ਸਾਂਝੇ ਅਤੇ ਬੁਨਿਆਦੀ ਗੁਣ ਹੋਣੇ ਮੁਢਲੀ ਲੋੜ ਹੈ।
ਗੁਰੂ ਨਾਨਕ ਸਾਹਿਬ ਨੇ ਅਮਲੀ ਅਤੇ ਵਿੱਦਿਅਕ ਰੂਪ ਵਿਚ ਕਿਰਤ, ਸੇਵਾ ਅਤੇ ਸਿਮਰਨ ਨੂੰ ਪ੍ਰਚਾਰਿਆ। ਸਭ ਲੋਕਾਂ ਨੂੰ ਇਹ ਅਸੂਲ ਅਪਣਾਉਣ ਅਤੇ ਅਮਲ ਵਿਚ ਲਿਆਉਣ ਲਈ ਪ੍ਰੇਰਿਆ। ਉਨ੍ਹਾਂ ਕਿਰਤ, ਸੇਵਾ ਅਤੇ ਸਿਮਰਨ ਵਿਚ ਬਿਨਾਂ ਭਿੰਨ-ਭੇਦ, ਜਾਤ-ਪਾਤ, ਊਚ-ਨੀਚ ਆਦਿ ਦੇ, ਸਭ ਨੂੰ ਬਰਾਬਰਤਾ ਅਤੇ ਅਧਿਕਾਰਤ ਤੌਰ 'ਤੇ ਸ਼ਾਮਿਲ ਹੋਣ ਲਈ ਉਪਦੇਸ਼ ਦਿੱਤਾ। ਔਰਤਾਂ ਨੂੰ ਮਰਦਾਂ ਬਰਾਬਰ ਵਿਚਰਨ ਅਤੇ ਸਤਿਕਾਰ ਲਈ ਆਵਾਜ਼ ਉਠਾਈ। ਗੁਰੂ ਸਾਹਿਬ ਦੀ ਬਾਣੀ ਵਿਅਕਤੀਗਤ ਅਤੇ ਸਮਾਜਿਕ ਵਿਕਾਸ ਲਈ ਸਭ ਦੀ ਸ਼ਮੂਲੀਅਤ ਲੋੜੀਂਦੀ ਹੈ। ਉਨ੍ਹਾਂ ਹਰ ਪਹਿਲੂ ਤੋਂ ਸਭ ਦੀ ਹੱਕੀ ਬਰਾਬਰਤਾ, ਮਨੁੱਖੀ ਅਧਿਕਾਰਾਂ ਅਤੇ ਭਲਾਈ ਲਈ ਪ੍ਰਚਾਰ ਕੀਤਾ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 97, 356, 1245... ਸਿੰਘ ਅ, 1970/ਸਿੰਘ ਆਈ, 2005/ਸੋਢੀ ਟ ਸ, 1993)
4. ਆਗੂ, ਅਗਵਾਈ, ਦਿਸ਼ਾ ਅਤੇ ਦ੍ਰਿਸ਼ਟੀ ਮੌਲਿਕ ਜ਼ਰੂਰਤਾਂ ਹਨ ਸਾਂਝੀ ਸੇਧ ਨਾਲ ਅਗਾਂਹ ਵਧਣ ਲਈ।
ਗੁਰੂ ਨਾਨਕ ਸਾਹਿਬ ਨੇ ਆਗੂਆਂ, ਉਨ੍ਹਾਂ ਦੀ ਅਗਵਾਈ, ਦਿਸ਼ਾ-ਦ੍ਰਿਸ਼ਟੀ ਆਦਿ ਨੂੰ ਚੰਗੀ ਸਾਂਝੀ ਸੇਧ ਵਿਚ ਅਗਾਂਹ ਵਧਣ ਅਤੇ ਤਰੱਕੀ ਕਰਨ ਲਈ, ਮੌਲਿਕ ਜ਼ਰੂਰਤਾਂ ਦੱਸਦਿਆਂ ਸੰਦੇਸ਼ ਦਿੱਤਾ ਹੈ ਕਿ ਇਹ ਲੋਕਾਂ ਦੀ ਮੁਢਲੀ ਆਸ ਅਤੇ ਹੱਕ ਹੋਣਾ ਚਾਹੀਦਾ ਹੈ। ਆਗੂ ਅਤੇ ਅਗਵਾਈ ਸੱਚ 'ਤੇ ਹੀ ਨਹੀਂ, ਇਸ ਤੋਂ ਵੀ ਅਗਾਂਹ ਸੱਭਿਆਚਾਰ ਅਤੇ ਸਾਫ਼-ਸੁਥਰੇ ਵਰਤਾਰੇ ਉੱਪਰ ਨਿਰਭਰ ਹੋਵੇ। ਗੁਰੂ ਨਾਨਕ ਸਾਹਿਬ ਨੇ ਆਪਣੇ ਸਮਿਆਂ ਅਤੇ ਸਥਿਤੀਆਂ ਵਿਚ ਰਾਜਸੀ, ਧਾਰਮਿਕ, ਪ੍ਰਬੰਧਕੀ ਅਤੇ ਇਨਸਾਫ਼ ਪ੍ਰਣਾਲੀ ਦੇ ਆਗੂਆਂ ਦੀ ਅਗਵਾਈ, ਉਨ੍ਹਾਂ ਦੇ ਗੁਣਾਂ-ਔਗੁਣਾਂ ਅਤੇ ਚੰਗਿਆਈਆਂ-ਬੁਰਾਈਆਂ ਨੂੰ ਛਾਣਿਆ-ਪਰਖਿਆ। ਗੁਰੂ ਸਾਹਿਬ ਨੇ ਆਪਣੇ-ਆਪ ਨੂੰ ਕਥਿਤ ਨੀਚਾਂ ਤੋਂ ਨੀਚ ਗਿਣਦਿਆਂ ਰਾਜ ਪ੍ਰਬੰਧ, ਸਮਾਜ ਅਤੇ ਧਰਮਾਂ ਦੇ ਆਗੂਆਂ ਅਤੇ ਉਨ੍ਹਾਂ ਦੀ ਅਗਵਾਈ ਦੇ ਲੱਛਣਾਂ ਨੂੰ ਬਾਣੀ ਵਿਚ ਵਿਚਾਰਿਆ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 62, 229, 662, 776... ਸਿੰਘ ਕ, 1999/ਸਿੰਘ ਜ, 1999/ਸੰਘਾ 2010)।
5. ਸੋਹਣੇ, ਸਭ ਦੀ ਸ਼ਮੂਲੀਅਤ ਅਤੇ ਇਨਸਾਫ਼ ਪਸੰਦ ਸਮਾਜ ਦੀ ਸਿਰਜਣਾ ਲਈ ਸਾਂਝੀ ਕਾਮਨਾ ਆਧਾਰਿਤ ਲਹਿਰ ਬਣੇ।
ਗੁਰੂ ਨਾਨਕ ਸਾਹਿਬ ਦੇ ਉਪਦੇਸ਼, ਵਿਅਕਤੀਗਤ ਅਤੇ ਸਮਾਜ ਦੀ ਜਜ਼ਬਾਤੀ, ਬੌਧਿਕ, ਰੂਹਾਨੀ ਅਤੇ ਅਧਿਆਤਮਿਕ ਸੁਤੰਤਰਤਾ ਨੂੰ ਮਨੁੱਖੀ ਅਤੇ ਮਾਨਵਤਾ ਦੀ ਸਾਂਝੀ ਤਮੰਨਾ ਮੰਨਦੇ ਹਨ। ਵਿੱਦਿਆ ਅਤੇ ਚੇਤਨਤਾ ਇਸ ਦੇ ਰਾਹ ਹਨ। ਸੰਵਾਦ ਅਤੇ ਸੰਗਤ ਰਾਹੀਂ ਮਾਨਸਿਕਤਾ, ਬਿਰਤੀ, ਸਮਾਜਿਕ ਸੋਚ ਅਤੇ ਅਮਲਾਂ ਨੂੰ ਸੁਧਾਰਿਆ ਜਾ ਸਕਦਾ ਹੈ। ਸਿਹਤ-ਸੰਭਾਲ, ਵਿੱਦਿਅਕ ਪਸਾਰੇ ਅਤੇ ਸਾਂਝੀ ਭਲਾਈ ਦੇ ਉੱਦਮ ਉਪਰਾਲਿਆਂ ਲਈ ਸੰਸਥਾਤਮਕ ਨਿਰਮਾਣ ਹੋਣੇ ਜ਼ਰੂਰੀ ਹਨ, ਜਿਨ੍ਹਾਂ ਰਾਹੀਂ ਇਨ੍ਹਾਂ ਨੂੰ ਚਲਦਿਆਂ ਅਤੇ ਵਿਗਸਦੇ ਰੱਖਿਆ ਜਾ ਸਕਦਾ ਹੈ। ਨਿਸ਼ਕਾਮ ਸੇਵਾ, ਕਿਰਤ ਅਤੇ ਸੱਚੇ ਵਣਜ-ਵਪਾਰ ਰਾਹੀਂ ਉਸਾਰੀ ਅਤੇ ਸਰਬੱਤ ਦਾ ਭਲਾ ਯਕੀਨਨ ਬਣਾਇਆ ਜਾ ਸਕਦਾ ਹੈ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 25, 468, 474, 663, 942... ਸਿੰਘ ਵ, 1981/ਸਿੰਘ 7, 1998/ਡਿਊਜ਼ੈਨਬਰੀ ਅਤੇ ਤਾਤਲਾ, 2010/ਸਿੰਘ ਆਈ, 2014)। (ਸਮਾਪਤ)


E-mail : sujinder.sangha@gmail.com

ਧਾਰਮਿਕ ਸਾਹਿਤ

ਗੁਰਮਤਿ ਦ੍ਰਿਸ਼ਟਾਂਤ ਕੋਸ਼
(ਸੰਦਰਭ, ਅਧਿਐਨ ਅਤੇ ਬਹੁ-ਅੰਗੀ ਵਿਆਖਿਆ) (ਸਚਿੱਤਰ)
ਲੇਖਕ : ਭੁਪਿੰਦਰ ਸਿੰਘ ਮਹਿਮਦਪੁਰ
ਪ੍ਰਕਾਸ਼ਕ : ਸਿੱਖ ਚਿੰਤਨ ਪਬਲੀਕੇਸ਼ਨ, ਜਲੰਧਰ।
ਭੇਟਾ : 400 ਰੁਪਏ, ਸਫ਼ੇ : 192
ਸੰਪਰਕ : 82848-09808


ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਹੋਰ ਅਨੇਕਾਂ ਸਿੱਖ ਧਾਰਮਿਕ, ਇਤਿਹਾਸਕ ਗ੍ਰੰਥਾਂ 'ਤੇ ਆਧਾਰਭੂਤ ਬਹੁਤ ਸਾਰੇ ਕੋਸ਼ ਜਿਵੇਂ ਮਹਾਨਕੋਸ਼, ਵਿਸ਼ਵਕੋਸ਼, ਵਿਚਾਰ ਕੋਸ਼, ਸੰਕੇਤ-ਕੋਸ਼, ਮਿਥਿਹਾਸਕ ਹਵਾਲਿਆਂ ਨਾਲ ਸਬੰਧਿਤ ਕੋਸ਼, ਨਾਵਾਂ-ਥਾਵਾਂ ਦੇ ਕੋਸ਼ ਅਤੇ ਪਰਿਭਾਸ਼ਾ ਕੋਸ਼ ਪਾਠਕਾਂ, ਵਿਦਿਆਰਥੀਆਂ, ਉਸਤਾਦਾਂ ਤੇ ਵਿਦਵਾਨਾਂ ਦੇ ਸਨਮੁਖ ਪੇਸ਼ ਹੋ ਚੁੱਕੇ ਹਨ ਪਰ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ। ਹਥਲੀ ਪੁਸਤਕ 'ਗੁਰਮਤਿ ਦ੍ਰਿਸ਼ਟਾਂਤ ਕੋਸ਼' ਨੂੰ ਪੇਸ਼ ਕਰਨ ਤੋਂ ਪਹਿਲਾਂ ਵਿਦਵਾਨ ਲੇਖਕ ਵਲੋਂ ਸਖ਼ਤ ਘਾਲਣਾ ਘਾਲੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਗ੍ਰੰਥਾਵਲੀ ਵਿਚ ਸਮੁੱਚੀ ਮਨੁੱਖਤਾ, ਜੀਵ-ਜੰਤੂਆਂ, ਕੁਦਰਤ ਤੇ ਬ੍ਰਹਿਮੰਡ ਦੇ ਭਲੇ ਲਈ ਬਹੁਮੁੱਲੇ ਵਿਚਾਰ ਤੇ ਸਿੱਖਿਆਵਾਂ ਹਰ ਇਨਸਾਨ ਨੂੰ ਯੋਗ ਅਗਵਾਈ ਦਿੰਦੀਆਂ ਹਨ। ਸੁਹਿਰਦ ਲੇਖਕ ਦਾ ਵਿਸ਼ਾ ਭਾਵੇਂ ਦ੍ਰਿਸ਼ਟਾਂਤ ਨਾਲ ਸਬੰਧਿਤ ਹੈ ਪਰ ਉਸ ਨੇ ਇਸ ਕੋਸ਼ ਵਿਚ ਆਤਮਿਕ ਤੌਰ 'ਤੇ ਮਨੁੱਖੀ ਹਲੂਣਾ ਦੇਣ ਵਾਲੇ ਰੂਪਕ ਅਤੇ ਉਪਮਾ ਅਲੰਕਾਰ ਵੀ ਪੇਸ਼ ਕੀਤੇ ਹਨ, ਜੋ ਮਨੁੱਖੀ ਮਨ ਨੂੰ ਚੋਭ ਲਾ ਕੇ ਬਾਣੀਕਾਰਾਂ ਵਲੋਂ ਵਰਤੇ ਗਏ ਦ੍ਰਿਸ਼ਟਾਂਤ ਸਹਿਜ-ਸੁਭਾਅ ਬ੍ਰਹਿਮੰਡੀ ਵਰਤਾਰੇ, ਪ੍ਰਕਿਰਤੀ ਨਾਲ ਜੋੜਨ ਦਾ ਕਾਰਜ ਕਰ ਜਾਂਦੇ ਹਨ।
ਸਾਡੇ ਆਲੇ-ਦੁਆਲੇ ਪ੍ਰਕਿਰਤੀ ਵਿਚੋਂ ਅਲੋਪ ਹੋ ਰਹੇ ਅਤੇ ਲੋਕ-ਜੀਵਨ ਤੋਂ ਦੂਰ ਹੋ ਚੁੱਕੇ ਪਸ਼ੂ, ਪੰਛੀ, ਵਿਰਾਸਤੀ ਚੀਜ਼ਾਂ, ਵਸਤਾਂ ਦਾ ਵੇਰਵਾ ਦੇ ਕੇ ਸਲਾਹੁਣਯੋਗ ਕਾਰਜ ਕੀਤਾ ਹੈ, ਜਿਨ੍ਹਾਂ ਵਿਚ ਵਿਸ਼ੇਸ਼ ਕਰਕੇ ਢੀਂਗਲੀ, ਕੋਹਲੂ, ਹਲਟ, ਘੁਮਿਆਰ, ਬਾਜ਼, ਸ਼ਿਕਰੇ, ਕੂੰਜਾਂ. ਚਕਵੀ, ਚਕੋਰ ਆਦਿ ਭਾਵਪੂਰਤ ਵਰਨਣ ਕੀਤਾ ਹੈ। ਨਾਲ ਹੀ ਇਨ੍ਹਾਂ ਦੇ ਚਿੱਤਰ ਦੇ ਕੇ ਦ੍ਰਿਸ਼ਟਾਂਤ ਕੋਸ਼ ਨੂੰ ਸੰਪੂਰਨਤਾ ਦਾ ਜਾਮਾ ਪਹਿਨਾਉਣ ਦਾ ਵੀ ਸਫ਼ਲ ਉਪਰਾਲਾ ਕੀਤਾ ਹੈ। ਅਲੋਪ ਹੋ ਚੁੱਕੇ ਦ੍ਰਿਸ਼ਟਾਂਤਾਂ, ਉਦਾਹਰਣਾਂ ਨੂੰ ਨੇੜ ਭਵਿੱਖ ਵਿਚ ਆਉਣ ਵਾਲੀਆਂ ਪੀੜ੍ਹੀਆਂ ਦੇ ਰੂਬਰੂ ਅਤੇ ਦ੍ਰਿਸ਼ਟੀਗੋਚਰ ਕਰਕੇ ਸਰਬਪੱਖੀ ਗਿਆਨ ਵਿਚ ਵਾਧਾ ਕਰਨ ਦਾ ਵੀ ਸਫ਼ਲ ਯਤਨ ਹੈ। ਕਾਵਿ-ਵਿਧਾ ਵਿਚ ਵਰਤੇ ਛੰਦ ਬੱਧ ਅਲੰਕਾਰ ਪਾਵਨ ਗੁਰਬਾਣੀ ਨੂੰ ਸਰਲਤਾ ਨਾਲ ਮਨੁੱਖੀ ਹਿਰਦੇ ਤੱਕ ਪਹੁੰਚਾਉਣ ਦਾ ਸੁਹਾਵਣਾ ਸਫ਼ਰ ਹੈ। ਪੁਸਤਕ ਦੇ ਅੰਤ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਿਤੀ ਗਈ ਹੈ।
ਜਿਥੇ ਲੇਖਕ ਨੇ ਇਸ ਕੋਸ਼ ਨੂੰ ਪਾਠਕਾਂ ਤੇ ਖੋਜਾਰਥੀਆਂ ਕੋਲ ਪਹੁੰਚਾਉਣ ਲਈ ਸਖ਼ਤ ਮਿਹਨਤ ਕੀਤੀ ਹੈ, ਉਥੇ ਗੁਰਮਤਿ ਦੇ ਦੋ ਉੱਘੇ ਵਿਦਵਾਨਾਂ ਸਿੰਘ ਸਾਹਿਬ ਗਿ: ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬ ਗਿ: ਹਰਪਾਲ ਸਿੰਘ ਹੈੱਡ ਗ੍ਰੰਥੀ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਪੁਸਤਕ ਦੇ ਆਰੰਭ ਵਿਚ ਦੋ ਸ਼ਬਦ ਲਿਖ ਕੇ ਲੇਖਕ ਨੂੰ ਉਤਸ਼ਾਹਤ ਕੀਤਾ ਹੈ। ਗੁਰਮਤਿ ਖੋਜੀਆਂ ਲਈ ਇਹ ਪੁਸਤਕ ਸਾਂਭਣਯੋਗ ਸੌਗਾਤ ਹੈ।


-ਭਗਵਾਨ ਸਿੰਘ ਜੌਹਲ
ਮੋਬਾ: 98143-24040

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ

ਗੁ: ਵੈਰੋਵਾਲ ਬਾਵਿਆਂ

ਗੁਰਦੁਆਰਾ ਬਾਬਾ ਮਾਣਕਚੰਦ ਵੈਰੋਵਾਲ ਬਾਵਿਆਂ ਦਾ ਸੰਖੇਪ ਇਤਿਹਾਸ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਪੁਰਾਤਨ ਸਮੇਂ ਅੰਦਰ ਇਥੇ ਬਿਆਸ ਦਰਿਆ ਉਪਰ ਇਕ ਬੇੜੀਆਂ ਵਾਲਾ ਪੁਲ ਬਣਿਆ ਹੁੰਦਾ ਸੀ, ਜੋ ਲਾਹੌਰ ਅਤੇ ਦਿੱਲੀ ਨੂੰ ਆਪਸ ਵਿਚ ਜੋੜਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਇਸੇ ਰਸਤੇ ਹੀ ਦਰਿਆ ਪਾਰ ਕਰਕੇ ਸੁਲਤਾਨਪੁਰ ਲੋਧੀ ਜਾਇਆ ਕਰਦੇ ਸਨ ਅਤੇ ਇਥੇ ਪੜਾਅ ਕਰਿਆ ਕਰਦੇ ਸਨ। ਆਪਣੇ ਪੜਾਅ ਦੌਰਾਨ ਸਿੱਖੀ ਦਾ ਉਪਦੇਸ਼ ਦਿੰਦੇ ਸਨ। ਇਸ ਤੋਂ ਇਲਾਵਾ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਬਾ ਮਾਣਕਚੰਦ ਅਤੇ ਭਾਈ ਬੱਲੋ ਜੀ ਨਾਲ ਜੁੜਿਆ ਹੋਇਆ ਹੈ। ਪਿੰਡ ਵੈਰੋਵਾਲ ਬਾਵਿਆਂ ਬਾਬਾ ਮਾਣਕਚੰਦ ਅਤੇ ਭਾਈ ਬੱਲੋ ਜੀ ਦਾ ਪਿੰਡ ਸੀ ਅਤੇ ਇਹ ਦੋਵੇਂ ਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਸੱਚੇ ਸੇਵਕ ਸਨ। ਇਤਿਹਾਸ ਵਿਚ ਜ਼ਿਕਰ ਹੁੰਦਾ ਹੈ ਕਿ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦੀ ਖੁਦਾਈ ਕਰ ਰਹੇ ਸਨ ਤਾਂ ਬਾਉਲੀ ਸਾਹਿਬ ਵਿਚ ਕੜ ਆ ਜਾਣ ਕਾਰਨ ਖੁਦਾਈ ਵਿਚਾਲੇ ਹੀ ਰੁਕ ਗਈ ਸੀ, ਜਿਸ ਨੂੰ ਬਾਬਾ ਮਾਣਕਚੰਦ ਨੇ ਗੁਰੂ ਸਾਹਿਬ ਵਲੋਂ ਕੀਤੇ ਗਏ ਹੁਕਮਾਂ 'ਤੇ ਛੈਣੀ ਅਤੇ ਵਦਾਣ ਨਾਲ ਤੋੜਿਆ ਸੀ। ਇਸ ਗੁਰਦੁਆਰਾ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇ: ਸੁਖਵਿੰਦਰ ਸਿੰਘ ਅਤੇ ਪਿੰਡ ਦੇ ਮੁਹਤਬਰ ਆਗੂ ਵਰਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ 550 ਸਾਲਾ ਗੁਰਪੁਰਬ ਮਨਾਉਣ ਲਈ ਉਨ੍ਹਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੀ ਸੇਵਾ ਜ਼ੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਸ ਪਵਿੱਤਰ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

ਭਾਰਤ ਵਿਚ ਸ਼ਾਸਨ ਕਰਨ ਵਾਲੇ ਅਫ਼ਰੀਕੀ

ਭਾਰਤ ਵਿਚ ਅਨੇਕਾਂ ਨਸਲਾਂ, ਜਾਤਾਂ ਅਤੇ ਧਰਮਾਂ ਦੇ ਲੋਕ ਵਸਦੇ ਹਨ। ਭਾਰਤੀਆਂ ਦੀ ਇਹ ਸੰਸਕ੍ਰਿਤੀ ਰਹੀ ਹੈ ਕਿ ਇਹ ਸਭ ਨੂੰ ਗਲ ਨਾਲ ਲਾਉਂਦੇ ਹਨ। ਆਰੀਅਨ, ਪਾਰਸੀ ਅਤੇ ਅਰਬ ਆਦਿ ਕਈ ਨਸਲਾਂ ਦੇ ਲੋਕ ਸਮੇਂ-ਸਮੇਂ 'ਤੇ ਭਾਰਤ ਵੱਲ ਪ੍ਰਵਾਸ ਕਰਦੇ ਰਹੇ ਹਨ। ਭਾਰਤ ਵਿਚ ਅਫਰੀਕੀ, ਜਿਨ੍ਹਾਂ ਨੂੰ ਆਮ ਬੋਲ-ਚਾਲ ਦੀ ਭਾਸ਼ਾ ਵਿਚ ਹਬਸ਼ੀ ਕਿਹਾ ਜਾਂਦਾ ਸੀ, ਦੀ ਆਮਦ ਸਿੰਧ 'ਤੇ ਮੁਹੰਮਦ ਬਿਨ ਕਾਸਿਮ ਦੇ ਹਮਲੇ (712 ਈਸਵੀ) ਨਾਲ ਹੀ ਹੋ ਗਈ ਸੀ। ਉਹ ਮੁਹੰਮਦ ਬਿਨ ਕਾਸਿਮ ਨਾਲ ਸੈਨਿਕਾਂ ਅਤੇ ਗੁਲਾਮਾਂ ਦੇ ਰੂਪ ਵਿਚ ਆਏ ਸਨ। ਅਰਬ ਦੇਸ਼ਾਂ ਵਿਚ ਹਬਸ਼ੀਆਂ ਨੂੰ ਆਮ ਹੀ ਗੁਲਾਮਾਂ ਦੇ ਤੌਰ 'ਤੇ ਵੇਚਿਆ-ਖ਼ਰੀਦਿਆ ਜਾਂਦਾ ਸੀ। ਇਸ ਤੋਂ ਬਾਅਦ ਉਹ ਵਪਾਰੀਆਂ, ਮਲਾਹਾਂ, ਨੌਕਰਾਂ, ਗੁਲਾਮਾਂ ਅਤੇ ਸੈਨਿਕਾਂ ਦੇ ਰੂਪ ਵਿਚ ਭਾਰਤ ਆਉਣ ਲੱਗ ਪਏ ਤੇ ਹੌਲੀ-ਹੌਲੀ ਪਰਿਵਾਰਾਂ ਸਮੇਤ ਭਾਰਤ ਵਿਚ ਹੀ ਵਸਣ ਲੱਗ ਪਏ। ਉਨ੍ਹਾਂ ਦੇ ਵਾਰਸਾਂ ਨੂੰ ਹੁਣ ਸਿੱਧੀ ਕਿਹਾ ਜਾਂਦਾ ਹੈ। ਅੱਜ ਭਾਰਤ ਵਿਚ ਸਿੱਧੀਆਂ ਦੀ ਆਬਾਦੀ 60,000 ਤੇ ਪਾਕਿਸਤਾਨ ਵਿਚ 80,000 ਦੇ ਕਰੀਬ ਹੈ। ਭਾਰਤ ਵਿਚ ਸਿੱਧੀ ਮੁੱਖ ਤੌਰ 'ਤੇ ਕਰਨਾਟਕ, ਗੁਜਰਾਤ, ਗੋਆ ਅਤੇ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਵੱਸਦੇ ਹਨ।
ਇਹ ਸੱਚ ਹੈ ਕਿ ਹਬਸ਼ੀਆਂ ਨੇ ਅਫਰੀਕਾ ਤੋਂ ਬਾਹਰ ਸਿਰਫ ਭਾਰਤ ਵਿਚ ਹੀ ਰਾਜ ਕੀਤਾ ਹੈ। ਉਹ ਆਪਣੀ ਮਿਹਨਤ ਅਤੇ ਅਕਲਮੰਦੀ ਕਾਰਨ ਭਾਰਤ ਦੇ ਅਲੱਗ-ਅਲੱਗ ਰਾਜਾਂ ਵਿਚ ਨਵਾਬ, ਪ੍ਰਧਾਨ ਮੰਤਰੀ ਅਤੇ ਮਿਲਟਰੀ ਕਮਾਂਡਰਾਂ ਦੇ ਤੌਰ 'ਤੇ ਕੰਮ ਕਰਦੇ ਰਹੇ। ਭਾਰਤ ਦੇ ਕੁਝ ਪ੍ਰਸਿੱਧ ਹਬਸ਼ੀ ਸ਼ਾਸਕ ਇਸ ਪ੍ਰਕਾਰ ਹਨ।
ਯਾਕੂਤ : ਯਾਕੂਤ (ਜਮਾਲੁਦੀਨ ਯਾਕੂਤ) ਇਥੋਪੀਆ ਦਾ ਰਹਿਣ ਵਾਲਾ ਸੀ ਤੇ ਉਸ ਨੂੰ ਬਚਪਨ ਵਿਚ ਹੀ ਗੁਲਾਮ ਦੇ ਤੌਰ 'ਤੇ ਵੇਚ ਦਿੱਤਾ ਗਿਆ ਸੀ। ਹੱਥੀਂ-ਹੱਥੀਂ ਵਿਕਦਾ ਹੋਇਆ ਉਹ ਅਖੀਰ ਸੁਲਤਾਨ ਇਲਤੁਤਮਿਸ਼ ਦੇ ਦਰਬਾਰ ਵਿਚ ਪਹੁੰਚ ਗਿਆ ਤੇ ਉਸ ਦਾ ਨਿੱਜੀ ਨੌਕਰ ਨਿਯੁਕਤ ਕੀਤਾ ਗਿਆ। ਇਲਤੁਤਮਿਸ਼ ਦੀ ਮੌਤ (28 ਅਪ੍ਰੈਲ, 1236 ਈਸਵੀ) ਤੋਂ ਬਾਅਦ ਉਸ ਦੀ ਬੇਟੀ ਰਜ਼ੀਆ ਸੁਲਤਾਨਾ ਤਖ਼ਤ 'ਤੇ ਬੈਠੀ। ਰਜ਼ੀਆ ਯਾਕੂਤ 'ਤੇ ਜ਼ਰੂਰਤ ਤੋਂ ਕੁਝ ਜ਼ਿਆਦਾ ਹੀ ਮਿਹਰਬਾਨ ਸੀ। ਦੋਵਾਂ ਦੇ ਇਸ਼ਕ ਦੇ ਕਿੱਸੇ ਦਿੱਲੀ ਦੀਆਂ ਗਲੀਆਂ-ਕੂਚਿਆਂ ਵਿਚ ਗੂੰਜਣ ਲੱਗੇ। ਰਜ਼ੀਆ ਨੇ ਉਸ ਨੂੰ ਪਹਿਲਾਂ ਸ਼ਾਹੀ ਅਸਤਬਲਾਂ ਦਾ ਇੰਚਾਰਜ ਬਣਾਇਆ ਤੇ ਜਲਦੀ ਹੀ ਅਮੀਰੇ ਉਮਰਾ (ਅਮੀਰਾਂ ਦਾ ਅਮੀਰ) ਦੀ ਉੱਚ ਪਦਵੀ ਨਾਲ ਨਿਵਾਜ਼ ਦਿੱਤਾ। ਅਮੀਰੇ ਉਮਰਾ ਦੀ ਪਦਵੀ ਸਿਰਫ ਤੁਰਕ ਸਰਦਾਰਾਂ ਲਈ ਰਾਖਵੀਂ ਸੀ। ਉਹ ਰਜ਼ੀਆ ਦੇ ਇਸ ਕਦਮ ਨਾਲ ਸੜ-ਭੁੱਜ ਗਏ ਤੇ ਸਾਜਿਸ਼ਾਂ ਬਣਾਉਣ ਲੱਗ ਪਏ। ਉਨ੍ਹਾਂ ਦੀ ਸ਼ਹਿ 'ਤੇ ਬਠਿੰਡੇ ਦੇ ਗਵਰਨਰ ਮਲਿਕ ਅਖਤਿਆਰੁਦੀਨ ਅਲਤੂਨੀਆ ਨੇ ਬਗਾਵਤ ਕਰ ਦਿੱਤੀ। ਰਜ਼ੀਆ ਅਤੇ ਯਾਕੁਤ ਨੇ ਫ਼ੌਜ ਲੈ ਕੇ ਉਸ 'ਤੇ ਚੜ੍ਹਾਈ ਕੀਤੀ ਪਰ ਬਠਿੰਡੇ ਦੇ ਨਜ਼ਦੀਕ ਹੋਈ ਜੰਗ (1240 ਈਸਵੀ) ਵਿਚ ਰਜ਼ੀਆ ਦੀ ਫ਼ੌਜ ਬੁਰੀ ਤਰ੍ਹਾਂ ਹਾਰ ਗਈ। ਉਸ ਨੂੰ ਕੈਦ ਕਰ ਲਿਆ ਗਿਆ ਤੇ ਯਾਕੂਤ ਨੂੰ ਕਤਲ ਕਰ ਦਿੱਤਾ ਗਿਆ। ਯਾਕੂਤ ਦੀ ਕਬਰ ਬਠਿੰਡੇ ਵਿਖੇ ਬਣੀ ਹੋਈ ਹੈ।
ਸੈਫਉਦੀਨ ਫਿਰੋਜ਼ ਸ਼ਾਹ : 1413 ਈਸਵੀ ਨੂੰ ਦਿੱਲੀ ਵਿਚ ਤੁਗਲਕ ਵੰਸ਼ ਦੇ ਖਤਮ ਹੋ ਜਾਣ ਕਾਰਨ ਕੇਂਦਰੀ ਹਕੂਮਤ ਕਮਜ਼ੋਰ ਪੈ ਗਈ ਤੇ ਭਾਰਤ ਵਿਚ ਜਗ੍ਹਾ-ਜਗ੍ਹਾ ਬਗਾਵਤਾਂ ਫੈਲ ਗਈਆਂ। ਉਸ ਦਾ ਲਾਭ ਉਠਾ ਕੇ ਦਿੱਲੀ ਸਲਤਨਤ ਦੇ ਇਕ ਹਬਸ਼ੀ ਜਰਨੈਲ ਸੈਫਉਦੀਨ ਫਿਰੋਜ਼ ਸ਼ਾਹ ਨੇ ਬੰਗਾਲ 'ਤੇ ਕਬਜ਼ਾ ਜਮਾ ਲਿਆ। ਇਹ ਹਬਸ਼ੀ ਜਰਨੈਲ ਬੰਗਾਲ ਦੇ ਹੁਣ ਤੱਕ ਦੇ ਸਾਰੇ ਸੂਬੇਦਾਰਾਂ ਨਾਲੋਂ ਵੱਧ ਯੋਗ ਸਾਬਤ ਹੋਇਆ। ਉਸ ਨੇ ਸਰਕਾਰੀ ਖਜ਼ਾਨੇ ਦੇ ਦਰਵਾਜ਼ੇ ਗਰੀਬਾਂ ਲਈ ਖੋਲ੍ਹ ਦਿੱਤੇ ਤੇ ਅਨੇਕਾਂ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ। ਉਸ ਨੇ ਫਿਰੋਜ਼ ਮੀਨਾਰ ਨਾਮਕ ਮਦਰੱਸਾ ਅਤੇ ਇਕ ਸ਼ਾਨਦਾਰ ਮਸਜਿਦ ਦਾ ਨਿਰਮਾਣ ਕਰਵਾਇਆ, ਜੋ ਜਲਦੀ ਹੀ ਇਸਲਾਮੀ ਵਿੱਦਿਆ ਦੇ ਕੇਂਦਰ ਬਣ ਗਏ। ਪਰ ਬਦਕਿਸਮਤੀ ਨੂੰ ਫਿਰੋਜ਼ ਸ਼ਾਹ ਦੇ ਵਾਰਸ ਬਹੁਤੇ ਕਾਬਲ ਨਾ ਨਿਕਲੇ। ਉਸ ਦੀ ਮੌਤ ਤੋਂ ਜਲਦੀ ਹੀ ਬਾਅਦ ਵਿਚ ਉਨ੍ਹਾਂ ਦਾ ਰਾਜ ਖਤਮ ਹੋ ਗਿਆ।
ਮਲਿਕ ਸਰਵਰ : ਮਲਿਕ ਸਰਵਰ ਤੁਗਲਕ ਰਾਜਵੰਸ਼ ਅਧੀਨ ਜੌਨਪੁਰ ਦਾ ਹਬਸ਼ੀ ਗਵਰਨਰ ਸੀ। ਜਦੋਂ ਤੁਗਲਕ ਰਾਜ ਖਤਮ ਹੋਇਆ ਤਾਂ ਮੌਕੇ ਦਾ ਫਾਇਦਾ ਉਠਾ ਕੇ ਉਸ ਨੇ ਜੌਨਪੁਰ ਅਤੇ ਆਸ-ਪਾਸ ਦੇ ਇਲਾਕੇ 'ਤੇ ਕਬਜ਼ਾ ਕਰ ਲਿਆ। ਉਸ ਨੇ ਮਾਲਕ ਉ ਸ਼ਰਕ ਦਾ ਲਕਬ ਧਾਰਨ ਕੀਤਾ ਤੇ ਸ਼ਰਕੀ ਰਾਜ ਵੰਸ਼ ਦੀ ਨੀਂਹ ਰੱਖੀ। ਉਸ ਦੇ ਵੰਸ਼ ਨੇ ਅਗਲੇ 100 ਸਾਲ ਤੱਕ ਜੌਨਪੁਰ 'ਤੇ ਰਾਜ ਕੀਤਾ ਤੇ ਜੌਨਪੁਰ ਨੂੰ ਇਕ ਖੁਸ਼ਹਾਲ, ਵਿੱਦਿਅਕ, ਧਾਰਮਿਕ, ਕਲਾ, ਵਪਾਰ ਅਤੇ ਸੱਭਿਆਚਾਰ ਦੇ ਕੇਂਦਰ ਵਜੋਂ ਵਿਕਸਿਤ ਕੀਤਾ। ਉੱਤਰ ਪ੍ਰਦੇਸ਼ ਦੇ ਇਸ ਸ਼ਹਿਰ ਵਿਚ ਅਜੇ ਵੀ ਸ਼ਰਕੀ ਰਾਜ ਦਾ ਪ੍ਰਭਾਵ ਦਿਸਦਾ ਹੈ।
ਮਲਿਕ ਅੰਬਰ : ਦੱਖਣੀ ਭਾਰਤ ਦੇ ਸਭ ਤੋਂ ਪ੍ਰਸਿੱਧ ਹਬਸ਼ੀ ਸਿਆਸਤਦਾਨ ਮਲਿਕ ਅੰਬਰ ਦਾ ਜਨਮ 1548 ਈਸਵੀ ਨੂੰ ਇਥੋਪੀਆ ਦੇ ਸ਼ਹਿਰ ਕੰਬਾਟਾ ਵਿਚ ਹੋਇਆ ਸੀ। ਗਰੀਬੀ ਕਾਰਨ ਉਸ ਦੇ ਮਾਪਿਆਂ ਨੇ ਹੀ ਉਸ ਨੂੰ ਗੁਲਾਮੀ ਲਈ ਵੇਚ ਦਿੱਤਾ। ਯਮਨ, ਬਗਦਾਦ, ਬਸਰਾ ਅਤੇ ਮੱਕਾ ਵਿਚ ਕਈ ਵਾਰ ਵਿਕਣ ਤੋਂ ਬਾਅਦ ਉਹ ਦੱਖਣੀ ਭਾਰਤ ਪਹੁੰਚ ਗਿਆ। ਉਹ ਅਹਿਮਦਨਗਰ ਦੀ ਫ਼ੌਜ ਵਿਚ ਭਰਤੀ ਹੋ ਗਿਆ ਤੇ ਤਰੱਕੀ ਕਰਦਾ ਹੋਇਆ 1607 ਈਸਵੀ ਵਿਚ ਪ੍ਰਧਾਨ ਮੰਤਰੀ ਬਣ ਗਿਆ ਤੇ 1626 ਤੱਕ ਇਸ ਪਦਵੀ 'ਤੇ ਰਿਹਾ। ਉਸ ਦੀ ਅਗਵਾਈ ਹੇਠ ਅਹਿਮਦ ਨਗਰ ਦੇ ਸੁਲਤਾਨ ਮੁਰਤਜ਼ਾ ਨਿਜ਼ਾਮ ਸ਼ਾਹ ਦੀ ਤਾਕਤ ਵਿਚ ਭਾਰੀ ਵਾਧਾ ਹੋਇਆ। ਸ਼ਿਵਾ ਜੀ ਮਰਾਠਾ ਦਾ ਪਿਤਾ ਸ਼ਾਹ ਜੀ ਭੌਂਸਲੇ ਮਲਿਕ ਅੰਬਰ ਦਾ ਭਰੋਸੇਮੰਦ ਸਾਥੀ ਸੀ।
ਮਲਿਕ ਅੰਬਰ ਨੂੰ ਸਾਰੀ ਉਮਰ ਮੁਗ਼ਲਾਂ ਨਾਲ ਸੰਘਰਸ਼ ਕਰਨਾ ਪਿਆ। ਉਸ ਦੀ ਅਗਵਾਈ ਹੇਠ ਅਹਿਮਦਨਗਰ ਨੇ ਵਾਰ-ਵਾਰ ਅਕਬਰ ਅਤੇ ਜਹਾਂਗੀਰ ਵਲੋਂ ਭੇਜੀ ਮੁਗ਼ਲ ਸੈਨਾ ਨੂੰ ਹਰਾਇਆ। ਉਸ ਨੂੰ ਗੁਰਿਲਾ ਜੰਗ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸ ਨੇ ਮਰਾਠਿਆਂ ਦੀ ਮਦਦ ਨਾਲ ਛਾਪਾਮਾਰ ਜੰਗ ਦੁਆਰਾ ਮੁਗ਼ਲਾਂ ਨੂੰ ਬੇਹੱਦ ਤੰਗ ਕੀਤਾ। ਬਾਦਸ਼ਾਹ ਜਹਾਂਗੀਰ ਉਸ ਨੂੰ ਬੇਹੱਦ ਨਫਰਤ ਕਰਦਾ ਸੀ। ਉਸ ਨੇ ਆਪਣੀ ਜੀਵਨੀ ਤੁਜ਼ਕੇ ਜਹਾਂਗੀਰੀ ਵਿਚ ਮਲਿਕ ਅੰਬਰ ਨੂੰ ਬੇਹੱਦ ਕਰੜੇ ਸ਼ਬਦਾਂ ਨਾਲ ਯਾਦ ਕੀਤਾ ਹੈ। 1610 ਈਸਵੀ ਵਿਚ ਮਲਿਕ ਅੰਬਰ ਨੇ ਖਿਰਕੀ ਨਾਮਕ ਸ਼ਹਿਰ ਵਸਾਇਆ ਅਤੇ ਉਸ ਨੂੰ ਪਾਣੀ ਸਪਲਾਈ ਕਰਨ ਲਈ ਵਿਗਿਆਨਕ ਤਰੀਕੇ ਦਾ ਨਹਿਰੀ ਸਿਸਟਮ ਤਿਆਰ ਕਰਵਾਇਆ। ਖਿਰਕੀ ਦਾ ਨਾਂਅ ਬਾਅਦ ਵਿਚ ਔਰੰਗਜ਼ੇਬ ਨੇ ਬਦਲ ਕੇ ਔਰੰਗਾਬਾਦ ਕਰ ਦਿੱਤਾ। 1626 ਈਸਵੀ ਨੂੰ ਮਲਿਕ ਅੰਬਰ ਦੀ ਮੌਤ ਹੋ ਗਈ। ਉਸ ਦੇ ਮਰਨ ਤੋਂ 10 ਸਾਲ ਦੇ ਅੰਦਰ ਹੀ ਅਹਿਮਦ ਨਗਰ 'ਤੇ ਮੁਗ਼ਲਾਂ ਦਾ ਕਬਜ਼ਾ ਹੋ ਗਿਆ।
ਯਾਕੂਤ ਖ਼ਾਨ : ਯਾਕੂਤ ਖ਼ਾਨ ਮੁਗ਼ਲਾਂ ਅਧੀਨ ਸਮੁੰਦਰੀ ਫ਼ੌਜ ਦਾ ਹਬਸ਼ੀ ਕਮਾਂਡਰ ਸੀ। ਉਸ ਦਾ ਅਸਲ ਨਾਂਅ ਕਾਸਿਮ ਖ਼ਾਨ ਸੀ ਪਰ ਉਸ ਦੀ ਕਾਬਲੀਅਤ ਵੇਖ ਕੇ ਔਰੰਗਜ਼ੇਬ ਨੇ ਉਸ ਨੂੰ ਯਾਕੂਤ ਖ਼ਾਨ ਦਾ ਲਕਬ ਦਿੱਤਾ। 1689 ਈਸਵੀ ਨੂੰ ਈਸਟ ਇੰਡੀਆ ਕੰਪਨੀ ਨੇ ਮੁਗ਼ਲਾਂ ਦੇ ਸੂਰਤ ਵੱਲ ਜਾ ਰਹੇ ਸਮੁੰਦਰੀ ਜਹਾਜ਼ ਜ਼ਬਤ ਕਰ ਲਏ। ਇਸ 'ਤੇ ਯਾਕੂਤ ਖ਼ਾਨ ਨੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਈਸਟ ਇੰਡੀਆ ਕੰਪਨੀ ਦੀ ਵਪਾਰਕ ਬਸਤੀ ਬੰਬਈ ਨੂੰ ਘੇਰਾ ਪਾ ਲਿਆ ਤੇ ਅੰਗਰੇਜ਼ ਫ਼ੌਜ ਨੂੰ ਬੁਰੀ ਤਰ੍ਹਾਂ ਹਰਾਇਆ। ਅੰਗਰੇਜ਼ ਗਵਰਨਰ ਸਰ ਜਾਹਨ ਚਾਈਲਡ ਵਲੋਂ ਸਮਝੌਤੇ ਦੀ ਬੇਨਤੀ ਕਰਨ 'ਤੇ ਫਰਵਰੀ, 1690 ਈਸਵੀ ਨੂੰ ਔਰੰਗਜ਼ੇਬ ਨੇ ਹਮਲਾ ਰੋਕ ਦਿੱਤਾ। ਅੰਗਰੇਜ਼ਾਂ ਨੂੰ 1,50,000 ਰੁਪਏ ਜੁਰਮਾਨਾ ਲਗਾਇਆ ਜੋ ਕਿ ਅੱਜ ਦੇ 10 ਕਰੋੜ ਡਾਲਰ (7 ਅਰਬ ਰੁਪਏ) ਦੇ ਬਰਾਬਰ ਸੀ। ਯਾਕੂਤ ਖ਼ਾਨ ਨੇ ਇਸ ਸਮਝੌਤੇ ਦਾ ਵਿਰੋਧ ਕੀਤਾ, ਕਿਉਂਕਿ ਉਹ ਬੰਬਈ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਹੱਕ ਵਿਚ ਸੀ। 17 ਅਗਸਤ, 1710 ਈਸਵੀ ਨੂੰ ਪੁਰਤਗਾਲੀ ਜਲ ਸੈਨਾ ਨਾਲ ਲੜਦੇ ਸਮੇਂ ਗੋਲੀ ਵੱਜਣ ਕਾਰਨ ਉਸ ਦੀ ਮੌਤ ਹੋ ਗਈ।
ਜਨਰਲ ਹੋਸ਼ ਮੁਹੰਮਦ ਸਿੱਧੀ ਕੰਬਰਾਨੀ ਉਰਫ਼ ਹੋਸ਼ੂ ਸਿੱਧੀ : ਹੋਸ਼ੂ ਸਿੱਧੀ ਦਾ ਜਨਮ 1801 ਈਸਵੀ ਨੂੰ ਸਿੰਧ (ਪਾਕਿਸਤਾਨ) ਵਿਖੇ ਇਕ ਆਮ ਪਰਿਵਾਰ ਵਿਚ ਹੋਇਆ। ਜਵਾਨ ਹੋਣ 'ਤੇ ਉਸ ਨੂੰ ਸਿੰਧ ਦੇ ਨਵਾਬ ਮੀਰ ਸ਼ੇਰ ਮੁਹੰਮਦ ਖ਼ਾਨ ਦੇ ਘਰੇਲੂ ਨੌਕਰ ਵਜੋਂ ਨੌਕਰੀ ਮਿਲ ਗਈ। ਪਰ ਜਲਦੀ ਹੀ ਉਹ ਤਰੱਕੀ ਕਰਦਾ ਹੋਇਆ ਸਿੰਧ ਦੀ ਫ਼ੌਜ ਦੇ ਸੈਨਾਪਤੀ ਦੇ ਅਹੁਦੇ ਤੱਕ ਪਹੁੰਚ ਗਿਆ। ਇਸੇ ਸਮੇਂ ਅੰਗਰੇਜ਼ਾਂ ਨੇ ਸਿੰਧ 'ਤੇ ਕਬਜ਼ਾ ਕਰਨ ਦੀਆਂ ਗੋਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ। 24 ਮਾਰਚ, 1843 ਈਸਵੀ ਨੂੰ ਸਰ ਚਾਰਲਸ ਨੇਪੀਅਰ ਦੀ ਅਗਵਾਈ ਹੇਠਾਂ ਅੰਗਰੇਜ਼ ਫ਼ੌਜ ਅਤੇ ਹੋਸ਼ੂ ਸਿੱਧੀ ਦੀ ਅਗਵਾਈ ਹੇਠ ਸਿੰਧੀ ਫ਼ੌਜ ਦੀ ਦਾਬੋ ਦੇ ਮੈਦਾਨ ਵਿਚ ਗਹਿਗੱਚ ਲੜਾਈ ਹੋਈ। ਇਸ ਜੰਗ ਵਿਚ ਹੋਸ਼ੂ ਸਿੱਧੀ ਲੜਦਾ ਹੋਇਆ ਮਾਰਿਆ ਗਿਆ ਤੇ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ। ਸਿੰਧੀ ਹੋਸ਼ੂ ਸਿੱਧੀ ਦੀ ਬਹੁਤ ਇੱਜ਼ਤ ਕਰਦੇ ਹਨ। ਉਸ ਦਾ ਮਕਬਰਾ ਹੈਦਰਾਬਾਦ ਤੋਂ 10 ਕਿ: ਮੀ: ਦੂਰ ਡੱਬੀ ਨਾਮਕ ਪਿੰਡ ਵਿਚ ਬਣਿਆ ਹੋਇਆ ਹੈ।
ਇਖਲਾਸ ਖ਼ਾਨ : ਇਖਲਾਸ ਖ਼ਾਨ ਦਾ ਅਸਲੀ ਨਾਂਅ ਮਲਿਕ ਰੇਹਾਨ ਹਬਸ਼ੀ ਸੀ। ਉਹ ਬੀਜਾਪੁਰ ਦੇ ਦਰਬਾਰ ਵਿਚ ਇਕ ਆਮ ਕਲਰਕ ਵਜੋਂ ਭਰਤੀ ਹੋਇਆ ਤੇ ਤਰੱਕੀ ਕਰਦਾ ਹੋਇਆ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਿਆ। ਉਹ ਵੀ ਪਿੱਛੋਂ ਇਥੋਪੀਆ ਦਾ ਰਹਿਣ ਵਾਲਾ ਇਕ ਗੁਲਾਮ ਸੀ। ਉਹ ਬੀਜਾਪੁਰ ਦੇ ਸੁਲਤਾਨ ਮੁਹੰਮਦ ਆਦਿਲ ਸ਼ਾਹ ਦੇ ਅਧੀਨ 1627 ਤੋਂ 1656 ਈਸਵੀ ਤੱਕ ਬੀਜਾਪੁਰ ਦਾ ਪ੍ਰਧਾਨ ਮੰਤਰੀ ਤੇ ਸੈਨਾਪਤੀ ਰਿਹਾ। ਉਸ ਨੇ ਸ਼ਾਹ ਜਹਾਨ ਅਤੇ ਔਰੰਗਜ਼ੇਬ ਦੇ ਰਾਜ ਦੌਰਾਨ ਬੀਜਾਪੁਰ 'ਤੇ ਹਮਲਾ ਕਰਨ ਵਾਲੀ ਮੁਗ਼ਲ ਫ਼ੌਜ ਨੂੰ ਸਖ਼ਤ ਟੱਕਰ ਦਿੱਤੀ। ਉਸ ਦੀ ਮੌਤ ਤੋਂ ਇਕ ਸਾਲ ਬਾਅਦ ਹੀ, 1657 ਈਸਵੀ ਨੂੰ ਔਰੰਗਜ਼ੇਬ ਨੇ ਬੀਜਾਪੁਰ 'ਤੇ ਮੁਕੰਮਲ ਅਧਿਕਾਰ ਜਮਾ ਲਿਆ।


-ਪੰਡੋਰੀ ਸਿੱਧਵਾਂ। ਮੋਬਾ: 95011-00062

ਰਾਗਬੱਧ ਕੀਰਤਨ ਦਰਬਾਰਾਂ ਦਾ ਸਿਰਜਕ-ਪਿੰਡ ਢਿੱਲਵਾਂ

ਭਾਵੇਂ ਕਿ ਅੱਜਕਲ੍ਹ ਨਿੱਤ ਦਿਨ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਨਾਲ-ਨਾਲ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ ਦਰਬਾਰ ਹੁੰਦੇ ਰਹਿੰਦੇ ਹਨ, ਜੋ ਕਿ ਚੰਗੀ ਗੱਲ ਹੈ, ਪਰ ਸਮੇਂ ਦੇ ਬਦਲਣ ਨਾਲ ਕੀਰਤਨ ਦਰਬਾਰਾਂ ਦਾ ਪੱਧਰ ਉਹ ਨਹੀਂ ਰਿਹਾ, ਜੋ ਪਿਛਲੇ ਸਮੇਂ ਦੌਰਾਨ ਹੁੰਦਾ ਸੀ। ਇਸ ਦੇ ਦੋ ਵੱਡੇ ਕਾਰਨ ਹਨ : ਪਹਿਲਾ-ਸੰਗਤਾਂ ਵਲੋਂ ਕਲਾਸੀਕਲ ਜਾਂ ਰਾਗਬੱਧ ਕੀਰਤਨ ਕਰਨ ਵਾਲੇ ਰਾਗੀ ਜਥਿਆਂ ਪ੍ਰਤੀ ਉਦਾਸੀਨਤਾ ਅਤੇ ਦੂਜਾ-ਰਾਗੀ ਜਥਿਆਂ ਵਲੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਾਂ ਦੇ ਗਾਇਨ ਪ੍ਰਤੀ ਅਵੇਸਲਾ ਹੋਣਾ। ਇਥੇ ਮੈਂ ਖਿਮਾ ਜਾਚਨਾ ਨਾਲ ਇਹ ਅਰਜ਼ ਕਰਨੀ ਚਾਹੁੰਦਾ ਹਾਂ ਕਿ ਅੱਜਕਲ੍ਹ ਕੀਰਤਨ ਰਸ ਦੀ ਥਾਂ ਕੰਨ ਰਸ ਪ੍ਰਧਾਨ ਹੋ ਗਿਆ ਹੈ। ਜ਼ਿਆਦਾਤਰ ਰਾਗੀ ਜਥੇ ਕੁਝ ਇਕ ਰਾਗਾਂ ਅਤੇ 2-4 ਤਾਲਾਂ ਤੱਕ ਹੀ ਸੀਮਤ ਹੋ ਕੇ ਕੰਮ ਚਲਾਈ ਜਾ ਰਹੇ ਹਨ, ਕਿਉਂਕਿ ਸਰੋਤੇ/ਸੰਗਤਾਂ ਇਸੇ ਨੂੰ ਹੀ ਪਸੰਦ ਕਰਦੀਆਂ ਹਨ। ਕੋਈ ਵੇਲਾ ਸੀ ਜਦੋਂ ਮੈਂ ਆਪਣੇ ਬਚਪਨ ਅਤੇ ਜਵਾਨੀ ਸਮੇਂ ਰਾਗੀ ਜਥਿਆਂ ਨੂੰ ਘੰਟਿਆਂਬੱਧੀ ਰਿਆਜ਼ ਕਰਦੇ ਦੇਖਿਆ। ਉਹ ਫਰੋਦਸਤ, ਦੀਪਚੰਦੀ, ਆੜਾਚਉਤਾਲ, ਜੈਤਾਲ, ਸੂਲਫਾਖਤ, ਚਾਰਤਾਲ, ਰੂਪਕਤਾਲ ਆਦਿ ਬਿਖੜੇ ਤਾਲਾਂ ਵਿਚ ਕੀਰਤਨ ਕਰਕੇ ਸਮਾਂ ਬੰਨ੍ਹ ਦਿੰਦੇ ਸਨ ਅਤੇ ਸੰਗਤਾਂ ਅਨੰਦਿਤ ਹੋ ਉੱਠਦੀਆਂ ਸਨ।
ਹੁਣ ਗੱਲ ਕਰਦੇ ਹਾਂ-ਜਲੰਧਰ ਛਾਉਣੀ ਦੀ ਕੁੱਖ ਵਿਚ ਵਸਦੇ ਪਿੰਡ ਢਿੱਲਵਾਂ ਦੀ, ਜਿਸ ਨੇ ਉਸ ਸਮੇਂ ਪੰਜਾਬ ਵਿਚ ਕਲਾਸੀਕਲ ਅਤੇ ਪੁਰਾਤਨ ਸ਼ੈਲੀ ਮੁਤਾਬਿਕ ਕੀਰਤਨ ਦਰਬਾਰ ਕਰਾਉਣ ਦਾ ਬੀੜਾ ਚੁੱਕਿਆ, ਜਦੋਂ ਵਿਰਲੇ ਟਾਵੇਂ ਕੀਰਤਨ ਦਰਬਾਰ ਹੀ ਹੁੰਦੇ ਸਨ, ਪਰ ਉਨ੍ਹਾਂ ਦਾ ਪੱਧਰ ਬਹੁਤ ਉੱਚਾ ਹੁੰਦਾ ਸੀ। ਗੱਲ 1977 ਦੀ ਹੈ, ਜਦੋਂ ਮੈਂ ਐੱਮ.ਏ. ਕਰਕੇ ਹਟਿਆ ਹੀ ਸੀ ਤਾਂ ਇਕ ਦਿਨ ਮੈਂ ਆਪਣੇ ਪਿਤਾ ਜੀ (ਆਪਣੇ ਸਮੇਂ ਦੇ ਭਾਰਤੀ ਫੌਜ ਦੇ ਹਾਕੀ ਦੇ ਮਹਾਨ ਖਿਡਾਰੀ ਲੈਫਟੀਨੈਂਟ ਨਰੰਜਣ ਸਿੰਘ) ਨੂੰ ਆਪਣੇ ਪਿੰਡ ਵਿਚ ਕਲਾਸੀਕਲ ਕੀਰਤਨ ਦਰਬਾਰ ਸ਼ੁਰੂ ਕਰਨ ਲਈ ਬੇਨਤੀ ਕੀਤੀ। ਉਹ ਗੁਰਦੁਆਰਾ ਸਾਹਿਬ ਦੇ ਮੁਖੀ ਸਨ। ਉਨ੍ਹਾਂ ਮੈਨੂੰ ਝਾੜਦਿਆਂ ਕਿਹਾ ਕਿ ਪੱਕੇ ਰਾਗਾਂ ਵਿਚ ਅਤੇ ਉਹ ਵੀ ਇਕ ਪਿੰਡ ਅੰਦਰ ਕੀਰਤਨ ਦਰਬਾਰ ਸਫ਼ਲ ਕਿਵੇਂ ਹੋਵੇਗਾ ਅਤੇ ਸੰਗਤ ਕਿੱਥੋਂ ਆਵੇਗੀ? ਤਾਂ ਮੈਂ ਪਿਤਾ ਜੀ ਅੱਗੇ ਉਨ੍ਹਾਂ 500 ਕੀਰਤਨ ਪ੍ਰੇਮੀਆਂ ਦੀ ਲਿਸਟ ਰੱਖ ਦਿੱਤੀ, ਜਿਹੜੀ ਮੈਂ ਕਈ ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤੀ ਸੀ। ਪਿੰਡ ਦੇ ਮੁਹਤਬਰ ਸੱਜਣਾਂ, ਨੰਬਰਦਾਰ ਜਗਤ ਸਿੰਘ ਅਤੇ ਸਰਦਾਰ ਹਰਮਿੰਦਰ ਸਿੰਘ ਦੀ ਰਾਇ ਨਾਲ ਪਲੇਠਾ ਕੀਰਤਨ ਦਰਬਾਰ ਅਕਤੂਬਰ, 1977 ਦੇ ਤੀਜੇ ਹਫ਼ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕਰਵਾਇਆ ਗਿਆ। ਇਸ ਤੋਂ ਬਾਅਦ 1982 ਤੱਕ ਕਰਵਾਏ ਸਾਰੇ ਕੀਰਤਨ ਦਰਬਾਰ ਅਕਤੂਬਰ ਦੀ ਮਿੱਠੀ ਰੁੱਤ ਦੌਰਾਨ ਹੀ ਕਰਵਾਏ ਗਏ। ਪਹਿਲੇ ਹੀ ਕਲਾਸੀਕਲ ਕੀਰਤਨ ਦਰਬਾਰ ਨੂੰ ਸੰਗਤਾਂ ਵਲੋਂ ਏਨਾ ਹੁੰਗਾਰਾ ਮਿਲਿਆ ਕਿ ਸਾਡੇ ਸਾਰਿਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਫੌਜੀ ਅਫ਼ਸਰ ਹੋਣ ਕਾਰਨ ਪਿਤਾ ਜੀ ਸਮੁੱਚੇ ਪ੍ਰਬੰਧਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਤਰਤੀਬ ਦਿੰਦੇ ਸਨ, ਜਿਵੇਂ ਸਵੇਰੇ ਆਈ ਸੰਗਤ ਲਈ ਦੋ ਘੰਟੇ ਚਾਹ ਨਾਸ਼ਤਾ ਚੱਲਦਾ ਅਤੇ ਦੁਪਹਿਰ 12 ਵਜੇ ਲੰਗਰ ਖੋਲ੍ਹ ਦਿੱਤਾ ਜਾਂਦਾ। ਇਨ੍ਹਾਂ ਕੀਰਤਨ ਦਰਬਾਰਾਂ ਵਿਚ ਜਿਹੜਾ ਸਰੋਤਾ ਇਕ ਵਾਰ ਆ ਕੇ ਦੀਵਾਨ ਵਿਚ ਸਜ ਜਾਂਦਾ, ਉਹ ਸਮਾਪਤੀ 'ਤੇ ਹੀ ਧੰਨ ਕਬੀਰ ਧੰਨ ਕਬੀਰ ਕਰਦਾ ਉੱਠਦਾ।
ਸ਼ਿਰਕਤ ਕਰਨ ਵਾਲੇ ਮਹਾਨ ਤੇ ਪ੍ਰਸਿੱਧ ਰਾਗੀ ਰਬਾਬੀ : ਇਸ ਕੀਰਤਨ ਦਰਬਾਰ ਦੀ ਖ਼ਾਸ ਗੱਲ ਇਹ ਸੀ ਕਿ ਹਿੱਸਾ ਲੈਣ ਵਾਲੇ ਰਾਗੀ ਜਥੇ ਇਕ-ਇਕ ਮਹੀਨਾ ਪਹਿਲਾਂ ਗਾਇਨ ਕੀਤੇ ਜਾਣ ਵਾਲੇ ਰਾਗਾਂ ਦੀ ਡਟ ਕੇ ਤਿਆਰੀ ਕਰਦੇ ਅਤੇ ਪੂਰਾ ਤਾਣ ਲਾ ਕੇ ਗਾਉਂਦੇ। ਹਰ ਜਥਾ ਆਪਣੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਅਗਲੇ ਜਥੇ ਨੂੰ ਬੈਠ ਕੇ ਸੁਣਦਾ ਅਤੇ ਦਾਦ ਵੀ ਦਿੰਦਾ। ਇਹ ਸੀ ਉਸ ਸਮੇਂ ਦੇ ਰਾਗੀਆਂ ਦਾ ਕਿਰਦਾਰ। ਇਕ ਵਾਰ ਭਾਰਤ ਦੇ ਕੇਂਦਰੀ ਮੰਤਰੀ ਸ: ਸਵਰਨ ਸਿੰਘ ਨੇ ਜਦੋਂ ਹਾਜ਼ਰੀ ਭਰੀ ਤਾਂ ਗਦਗਦ ਹੁੰਦਿਆਂ ਆਪਣੇ ਸੰਬੋਧਨ ਵਿਚ ਆਖਿਆ, 'ਆਫਰੀਨ, ਇਸ ਪਿੰਡ ਨੇ ਇਸ ਕੀਰਤਨ ਦਰਬਾਰ ਰਾਹੀਂ ਜਲੰਧਰ ਵਿਚ ਹੁੰਦੇ ਮਹਾਨ ਹਰਿਵੱਲਭ ਸੰਗੀਤ ਸੰਮੇਲਨ ਦਾ ਰੂਪ ਧਾਰਨ ਕਰ ਲੈਣਾ ਹੈ, ਐਸਾ ਮੇਰਾ ਪੱਕਾ ਯਕੀਨ ਹੈ।' ਇਸੇ ਤਰ੍ਹਾਂ ਦੇ ਵਿਚਾਰ ਪੰਜਾਬ ਪੁਲਿਸ ਦੇ ਰਹਿ ਚੁੱਕੇ ਮੁਖੀ ਪਦਮਸ੍ਰੀ ਅਸ਼ਵਨੀ ਕੁਮਾਰ ਨੇ ਵੀ ਪ੍ਰਗਟ ਕੀਤੇ।
ਕੀਰਤਨ ਦਰਬਾਰਾਂ ਦੀ ਇਹ ਲੜੀ 1977 ਤੋਂ ਲੈ ਕੇ 1982 ਤੱਕ ਨਿਰੰਤਰ ਚਲਦੀ ਰਹੀ। ਉਸ ਸਮੇਂ ਦੇ ਜਿਨ੍ਹਾਂ ਮਹਾਨਤਮ ਰਾਗੀਆਂ-ਰਬਾਬੀਆਂ ਨੇ ਇਨ੍ਹਾਂ 6 ਉੱਚ ਕੋਟੀ ਦੇ ਕਲਾਤਮਕ ਤੇ ਕਲਾਸੀਕਲ ਕੀਰਤਨ ਦਰਬਾਰਾਂ ਵਿਚ ਬੇਜੋੜ ਗੁਰਬਾਣੀ ਗਾਇਨ ਪੇਸ਼ ਕੀਤਾ, ਉਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ : ਪਦਮਸ੍ਰੀ ਸ: ਸੋਹਨ ਸਿੰਘ, ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ, ਸ਼੍ਰੋਮਣੀ ਰਾਗੀ ਪ੍ਰੋਫੈਸਰ ਹਰਚੰਦ ਸਿੰਘ ਲੁਧਿਆਣਾ, ਮਹਾਨ ਰਬਾਬੀ ਭਾਈ ਚਾਂਦ ਦੇ ਸ਼ਾਗਿਰਦ ਭਾਈ ਬਲਵੰਤ ਸਿੰਘ ਕਲਕੱਤਾ, ਸ਼੍ਰੋਮਣੀ ਰਾਗੀ ਪ੍ਰਿੰਸੀਪਲ ਚੰਨਣ ਸਿੰਘ ਮਜਬੂਰ, ਗੁਰਦੇਵ ਸਿੰਘ ਫੁੱਲ, ਸੰਤ ਸਰਵਣ ਸਿੰਘ ਗੰਧਰਬ ਡੁਮੇਲੀ, ਸੁਜਾਨ ਕੀਰਤਨੀਏ ਭਾਈ ਅਮਰੀਕ ਸਿੰਘ, ਮਿਸਾਲੀ ਕੀਰਤਨੀਏ ਅਤੇ ਵਿਆਖਿਆਕਾਰ ਭਾਈ ਧਰਮ ਸਿੰਘ ਜ਼ਖ਼ਮੀ, ਪ੍ਰੋਫੈਸਰ ਦੀਦਾਰ ਸਿੰਘ ਨੰਗਲ ਖੁਰਦ, ਸ਼੍ਰੋਮਣੀ ਰਾਗੀ ਭਾਈ ਦਿਲਬਾਗ ਸਿੰਘ, ਗੁਲਬਾਗ ਸਿੰਘ ਬੋਦਲ, ਭਾਈ ਰੇਸ਼ਮ ਸਿੰਘ ਰਸੀਲਾ, ਸ਼੍ਰੋਮਣੀ ਰਾਗੀ ਭਾਈ ਬਖਸ਼ੀਸ਼ ਸਿੰਘ ਪਟਿਆਲਾ, ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਹੈੱਡ ਰਾਗੀ ਭਾਈ ਜੋਗਿੰਦਰ ਸਿੰਘ ਮਹਿੰਦਰ ਸਿੰਘ, ਪ੍ਰੋਫੈਸਰ ਗੀਤਾ ਦੱਤ, ਭਾਈ ਗੁਰਦੇਵ ਸਿੰਘ ਕੋਇਲ (ਭਰਾਤਾ ਮਹਾਨ ਕਵੀ ਸੰਤ ਰਾਮ ਉਦਾਸੀ), ਪ੍ਰੋਫੈਸਰ ਬੀਬੀ ਜੈਵੰਤ ਬਾਜਵਾ, ਭਾਈ ਜਸਪਾਲ ਸਿੰਘ ਇਕਬਾਲ ਸਿੰਘ, ਪ੍ਰੋਫੈਸਰ ਮਨਮੋਹਨ ਕੌਰ ਨੰਗਲ ਟਾਊਨਸ਼ਿਪ, ਭਾਈ ਚਤਰ ਸਿੰਘ ਸ਼ਾਗਿਰਦ ਸ਼੍ਰੋਮਣੀ ਰਾਗੀ ਭਾਈ ਸਮੁੰਦ ਸਿੰਘ, ਸ਼੍ਰੋਮਣੀ ਰਾਗੀ ਭਾਈ ਦੇਵਿੰਦਰ ਸਿੰਘ ਗੁਰਦਾਸਪੁਰ, ਭਾਈ ਦਇਆ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਪਟਨਾ ਸਾਹਿਬ, ਲਾਇਲਪੁਰ ਖ਼ਾਲਸਾ ਕਾਲਜ ਫਾਰ ਵੁਮੈਨ ਜਲੰਧਰ ਦਾ ਜਥਾ, ਪ੍ਰਿੰਸੀਪਲ ਬਲਦੇਵ ਸਿੰਘ ਅਤੇ ਸੰਤ ਬਹਾਦਰ ਸਿੰਘ ਗੁਰਮੁਖ ਸਿੰਘ ਜਲੰਧਰ।
ਇਨ੍ਹਾਂ ਕਲਾਸੀਕਲ ਕੀਰਤਨ ਦਰਬਾਰਾਂ ਦੀ ਇਕ ਵੱਡੀ ਦੇਣ ਸੁਨਹਿਰੀ ਅੱਖ਼ਰਾਂ ਵਿਚ ਲਿਖਣਯੋਗ ਹੈ ਕਿ ਵਿਦਵਾਨ ਰਾਗੀਆਂ ਦੀ ਸਲਾਹ ਨਾਲ ਉਸ ਸਮੇਂ ਇਨ੍ਹਾਂ ਕੀਰਤਨ ਦਰਬਾਰਾਂ ਵਿਚ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ ਜਾਂਦਾ ਸੀ। ਭਾਈ ਚਤਰ ਸਿੰਘ, ਭਾਈ ਪਾਲ ਸਿੰਘ, ਭਾਈ ਅਮਰੀਕ ਸਿੰਘ ਜ਼ਖ਼ਮੀ ਤੇ ਪ੍ਰੋਫੈਸਰ ਅਸ਼ਵਨੀ ਕੁਮਾਰ ਵਰਗੇ ਗੁਣੀਜਨ ਸਾਜ਼ਿੰਦਿਆਂ ਦੀ ਸੰਗਤ ਨਾਲ ਇਕ ਅਲੌਕਿਕ ਸਮਾਂ ਸਿਰਜਿਆ ਜਾਂਦਾ। ਉਸਤਾਦ ਨਿਹਾਲ ਸਿੰਘ, ਉਸਤਾਦ ਤਰਲੋਕ ਸਿੰਘ ਅਕਾਸ਼ਵਾਣੀ ਸ਼ਿਮਲਾ ਅਤੇ ਭਾਈ ਮਹਿੰਦਰ ਸਿੰਘ ਵਰਗੇ ਮਹਾਂਰਥੀ ਤਬਲਾਵਾਦਕਾਂ ਨੇ ਵੀ ਸਮੇਂ-ਸਮੇਂ ਹਾਜ਼ਰੀ ਭਰੀ। ਇਸ ਤਰ੍ਹਾਂ ਢਿੱਲਵਾਂ ਦੇ ਰਾਗ-ਬੱਧ ਕੀਰਤਨ ਦਰਬਾਰਾਂ ਨੇ ਗੁਰਮਤਿ ਸੰਗੀਤ ਦੀ ਪੁਰਾਤਨ ਸ਼ੈਲੀ ਦੀ ਬਹਾਲੀ ਵਿਚ ਜਿੱਥੇ ਅਹਿਮ ਹਿੱਸਾ ਪਾਇਆ, ਉੱਥੇ ਅਨੇਕ ਵਿਅਕਤੀਆਂ ਨੂੰ ਕੀਰਤਨਕਾਰ ਬਣਨ ਦੀ ਪ੍ਰੇਰਨਾ ਮਿਲੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੌਜੂਦਾ ਨਾਮਵਰ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਅਕਸਰ ਆਖ਼ਦੇ ਹਨ ਕਿ ਉਨ੍ਹਾਂ ਨੂੰ ਕੀਰਤਨ ਕਰਨ ਦੀ ਚੇਟਕ ਢਿੱਲਵਾਂ ਕੀਰਤਨ ਦਰਬਾਰ ਵਿਚ ਹਾਜ਼ਰੀਆਂ ਭਰ ਕੇ ਹੀ ਲੱਗੀ। ਰਾਗ ਗਾਇਨ ਦੇ ਨਾਲ-ਨਾਲ ਰਾਗੀ ਜਥੇ ਸੁਗ਼ਮ ਸੰਗੀਤ ਸ਼ੈਲੀ ਵਿਚ ਵੀ ਕੀਰਤਨ ਗਾਇਨ ਕਰਦੇ ਤਾਂ ਕਿ ਆਮ ਸੰਗਤ ਵੀ ਕੀਰਤਨ ਦਾ ਅਨੰਦ ਮਾਣ ਸਕੇ। 1982 ਵਿਚ ਮੇਰੇ ਅਕਾਸ਼ਵਾਣੀ ਦਿੱਲੀ ਲਈ ਨਿਊਜ਼ ਰੀਡਰ ਚੁਣੇ ਜਾਣ ਕਾਰਨ ਦਿੱਲੀ ਜਾ ਵਸਣ ਕਰਕੇ ਇਹ ਲੜੀ 1982 ਵਿਚ ਸਮਾਪਤ ਹੋ ਗਈ, ਪਰ ਅੱਜ ਵੀ ਕੀਰਤਨ ਪ੍ਰੇਮੀਆਂ ਦੇ ਮਨਾਂ ਵਿਚ ਉਨ੍ਹਾਂ ਰਸ ਗੁੱਝੇ ਕੀਰਤਨ ਦਰਬਾਰਾਂ ਦੀ ਯਾਦ ਸਮਾਈ ਹੋਈ ਹੈ।
ਅੰਤਿਕਾ : ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਤਕਰੀਬਨ ਇਸੇ ਸਮਾਂ ਕਾਲ ਦੌਰਾਨ ਹੀ ਆਈ.ਏ.ਐੱਸ. ਅਧਿਕਾਰੀ ਸਰਦਾਰ ਕੰਵਲਜੀਤ ਸਿੰਘ ਬੈਂਸ ਨੇ ਉੱਘੇ ਰਾਗੀ ਭਾਈ ਦਵਿੰਦਰ ਸਿੰਘ ਗੁਰਦਾਸਪੁਰੀ ਦੀ ਸਲਾਹ ਤੇ ਉੱਦਮ ਨਾਲ ਮਾਡਲ ਟਾਊਨ ਜਲੰਧਰ ਦੇ ਸਿੰਘ ਸਭਾ ਗੁਰਦੁਆਰੇ ਦੇ ਪਿਛਵਾੜੇ, ਗਰਾਊਂਡ ਵਿਚ ਕੀਰਤਨ ਦਰਬਾਰਾਂ ਦੀ ਲੜੀ ਸ਼ੁਰੂ ਕੀਤੀ, ਜੋ ਬੇਹੱਦ ਸਫ਼ਲ ਰਹੀ। ਭਾਈ ਸਾਹਿਬ ਦੇ ਬੇਵਕਤ ਚਲਾਣੇ ਕਾਰਨ ਉਹ ਕੀਰਤਨ ਦਰਬਾਰ ਵੀ ਬੀਤੇ ਦੀ ਗੱਲ ਹੋ ਕੇ ਰਹਿ ਗਏ ਹਨ।


-ਮੈਂਬਰ, ਕੀਰਤਨ ਸਬ-ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮ੍ਰਿਤਸਰ।
ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਾਈ ਸਤੀਦਾਸ

ਆਪ ਛਿੱਬਰ ਘਰਾਣੇ ਦੇ ਕੁਲਦੀਪਕ, ਬਾਬਾ ਕਬੂਲਦਾਸ ਦੇ ਸਪੁੱਤਰ ਅਤੇ ਭਾਈ ਮਤੀਦਾਸ ਦੇ ਛੋਟੇ ਵੀਰ ਸਨ। ਭਾਈ ਮਤੀਦਾਸ ਨੌਵੇਂ ਪਾਤਸ਼ਾਹ ਦੇ ਦਰਬਾਰੀ ਦੀਵਾਨ ਸਨ ਅਤੇ ਭਾਈ ਸਤੀਦਾਸ ਘਰਬਾਰੀ ਦੀਵਾਨ ਸਨ। ਆਪ ਫਾਰਸੀ ਦੇ ਵਿਦਵਾਨ ਸਨ ਅਤੇ ਮਹਾਰਾਜ ਜੀ ਦੇ ਬਚਨ ਅਤੇ ਬਾਣੀ ਫਾਰਸੀ ਅੱਖਰਾਂ ਵਿਚ ਲਿਖ ਕੇ ਸੰਭਾਲ ਲੈਂਦੇ ਸਨ। ਚਿੱਠੀ-ਪੱਤਰ ਦਾ ਕੰਮ ਵੀ ਇਨ੍ਹਾਂ ਦੇ ਜ਼ਿੰਮੇ ਸੀ। ਬੰਸਾਵਲੀਨਾਮਾ ਵਿਚ ਲਿਖਤੀ ਪ੍ਰਮਾਣ ਹੈ-
ਬਾਣੀ ਜੀ ਸਾਹਿਬ ਕਰਨ ਉਚਾਰ
ਸੋ ਸਤੀਦਾਸ ਨਿਤ ਕਰੇ ਫਾਰਸੀ ਵਿਚ ਉਤਾਰ।
ਭਾਈ ਸਾਹਿਬ ਨੇ ਸੱਤਵੇਂ, ਅੱਠਵੇਂ ਅਤੇ ਨੌਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਸੇਵਾ ਕੀਤੀ। ਜਦੋਂ ਨੌਵੇਂ ਪਾਤਸ਼ਾਹ ਜੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸ਼ਹਾਦਤ ਦੇਣ ਦਿੱਲੀ ਵੱਲ ਚੱਲੇ ਤਾਂ ਵੀ ਇਹ ਮਹਾਰਾਜ ਜੀ ਦੇ ਨਾਲ ਸਨ। ਆਗਰੇ ਤੋਂ ਦਿੱਲੀ ਜਾਣ ਲੱਗਿਆਂ ਮਹਾਰਾਜ ਜੀ ਨੇ ਸਾਥੀ ਸਿੱਖਾਂ ਨੂੰ ਕਿਹਾ ਕਿ ਅਸੀਂ ਹੁਣ ਧਰਮ ਦੀ ਰੱਖਿਆ ਲਈ ਕੁਰਬਾਨ ਹੋਣ ਚੱਲੇ ਹਾਂ। ਸਾਡੇ ਵਲੋਂ ਆਗਿਆ ਹੈ ਕਿ ਤੁਸੀਂ ਘਰਾਂ ਨੂੰ ਚਲੇ ਜਾਓ, ਕਿਉਂਕਿ ਤੁਹਾਨੂੰ ਵੀ ਤਕਲੀਫਾਂ ਝੱਲਣੀਆਂ ਪੈਣਗੀਆਂ। ਇਹ ਸੁਣ ਕੇ ਇਨ੍ਹਾਂ ਪਰਵਾਨਿਆਂ ਨੇ ਕਿਹਾ-
ਜਿਸ ਦਿਨ ਆਏ ਸਿਖ ਹਮ ਥੀਏ।
ਸੀਸ ਭੇਟ ਉਸ ਹੀ ਦਿਨ ਕੀਏ।
ਅਬਿ ਹਮਰੋ ਦਾਵਾ ਕੁਛ ਨਾਹੀ।
ਤਨ ਮਨ ਧਨ ਰਾਵਾਰ ਕਾ ਆਹੀ। (ਪੰਥ ਪ੍ਰਕਾਸ਼)
ਇਉਂ ਇਹ ਮਰਜੀਵੜੇ ਮੌਤ ਵਿਹਾਜਣ ਲਈ ਸਤਿਗੁਰਾਂ ਦੇ ਨਾਲ ਹੀ ਤੁਰ ਪਏ। ਭਾਈ ਮਤੀਦਾਸ ਅਤੇ ਭਾਈ ਦਿਆਲਾ ਜੀ ਦੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਸ਼ਹਾਦਤ ਤੋਂ ਬਾਅਦ ਭਾਈ ਸਤੀਦਾਸ ਜੀ ਦੀ ਵਾਰੀ ਆਈ। ਇਨ੍ਹਾਂ ਨੇ ਆਖਰੀ ਸਮੇਂ ਦਾ ਸਾਰਾ ਬਿਰਤਾਂਤ ਅਤੇ ਅੱਖੀਂ ਦੇਖਿਆ ਹਾਲ ਲਿਖਿਆ ਪਰ ਉਹ ਲਿਖਤ ਅਹਿਲਕਾਰਾਂ ਨੇ ਖੋਹ ਲਈ। ਇਨ੍ਹਾਂ ਦੇ ਅੱਗੇ ਵੀ ਇਸਲਾਮ ਧਾਰਨ ਕਰਨ ਦੀ ਗੱਲ ਦੁਹਰਾਈ ਗਈ, ਜੋ ਇਨ੍ਹਾਂ ਨੇ ਨਾਮਨਜ਼ੂਰ ਕੀਤੀ। ਆਪ ਜੀ ਦਾ ਕੋਰਾ ਜਵਾਬ ਸੁਣ ਕੇ ਕਾਜ਼ੀ ਨੇ ਫਤਵਾ ਲਾਇਆ ਕਿ ਇਨ੍ਹਾਂ ਨੂੰ ਜਿਊਂਦੇ-ਜੀਅ ਅੱਗ ਵਿਚ ਸਾੜ ਦਿੱਤਾ ਜਾਵੇ। ਆਪ ਦੇ ਸਰੀਰ ਦੁਆਲੇ ਰੂੰ ਲਪੇਟ ਕੇ ਅੱਗ ਲਾ ਦਿੱਤੀ ਗਈ। ਅੰਤਲੇ ਸਾਹ ਤੱਕ ਇਨ੍ਹਾਂ ਦੇ ਅੰਦਰੋਂ ਨਾਮ ਬਾਣੀ ਦੀ ਆਵਾਜ਼ ਆਉਂਦੀ ਰਹੀ। ਅੰਤ ਇਹ ਵੀ ਆਪਣੇ ਵੱਡੇ ਵੀਰ ਦੀ ਤਰ੍ਹਾਂ ਹੱਸ ਕੇ ਸ਼ਹੀਦੀ ਜਾਮ ਪੀ ਗਏ। ਇਨ੍ਹਾਂ ਦੀ ਸ਼ਾਨਦਾਰ ਸ਼ਹੀਦੀ ਉਦਾਸੀ ਨਹੀਂ, ਸਗੋਂ ਜੈ ਜੈਕਾਰ ਦੀ ਧੁਨੀ ਪੈਦਾ ਕਰ ਗਈ-
ਧੁਖਦੀ ਅੱਗ ਤੋਂ ਪੁੱਛਿਆ ਕਿਸੇ ਆ ਕੇ,
ਸਤੀਦਾਸ ਕੀ ਸੜ ਕੇ ਮਰ ਗਿਆ ਏ?
ਬੁਝਦੀ ਅੱਗ ਨੇ ਅੱਗੋਂ ਜਵਾਬ ਦਿੱਤਾ,
ਉਹ ਤਾਂ ਮੈਨੂੰ ਵੀ ਠੰਢਿਆਂ ਕਰ ਗਿਆ ਏ।

ਹਰੀ ਸਿੰਘ ਉੱਪਲ ਕਿੰਝ ਬਣਿਆ 'ਨਲਵਾ' ਸਰਦਾਰ?

ਸ: ਹਰੀ ਸਿੰਘ ਨੂੰ ਆਪਣਾ ਖ਼ਿਦਮਤਗਾਰ ਨਿਯੁਕਤ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਨੂੰ ਸ਼ਿਕਾਰ 'ਤੇ ਜਾਣ ਸਮੇਂ ਆਪਣੇ ਨਾਲ ਰੱਖਦੇ ਸਨ। ਦੱਸਿਆ ਜਾਂਦਾ ਹੈ ਕਿ ਇਕ ਵਾਰ ਜਦੋਂ ਮਹਾਰਾਜਾ ਜੰਗਲ 'ਚ ਸ਼ਿਕਾਰ ਲਈ ਜਾ ਰਹੇ ਸਨ ਤਾਂ ਇਕ ਸ਼ੇਰ ਨੇ ਅਚਾਨਕ ਹਰੀ ਸਿੰਘ 'ਤੇ ਝਪਟਾ ਮਾਰ ਕੇ ਉਨ੍ਹਾਂ ਨੂੰ ਘੋੜੇ ਤੋਂ ਹੇਠਾਂ ਸੁੱਟ ਲਿਆ। ਸ਼ੇਰ ਨੇ ਇਹ ਸਭ ਐਨੀ ਫੁਰਤੀ ਨਾਲ ਕੀਤਾ ਕਿ ਹਰੀ ਸਿੰਘ ਮਿਆਨ 'ਚੋਂ ਆਪਣੀ ਤਲਵਾਰ ਵੀ ਨਾ ਕੱਢ ਸਕੇ। ਇਸ ਦੇ ਬਾਵਜੂਦ ਇਸ ਬਹਾਦਰ ਯੋਧੇ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਦੋਵੇਂ ਹੱਥਾਂ ਨਾਲ ਸ਼ੇਰ ਨੂੰ ਜਬਾੜੇ ਤੋਂ ਫੜ ਕੇ ਜ਼ੋਰ ਦੀ ਭਵਾਂਟੀ ਦੇ ਦਿੱਤੀ, ਜਿਸ ਨਾਲ ਸ਼ੇਰ ਦੀ ਪਕੜ ਛੁੱਟ ਗਈ ਅਤੇ ਹਰੀ ਸਿੰਘ ਨੇ ਤਲਵਾਰ ਮਿਆਨ 'ਚੋਂ ਕੱਢ ਕੇ ਅੱਖ ਝਮਕਦਿਆਂ ਸ਼ੇਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਇਸ ਬਾਰੇ ਦੀਵਾਨ ਅਮਰਨਾਥ 'ਜਫਰਨਾਮਾਇ ਰਣਜੀਤ ਸਿੰਘ' ਦੇ ਸਫ਼ਾ 31 'ਤੇ ਇਸ ਪ੍ਰਕਾਰ ਲਿਖਦੇ ਹਨ-'ਹਰੀ ਸਿੰਘ ਅਜ ਖ਼ਿਦਮਤਗਾਰੀ ਮਜ਼ੂਲ ਨਮੂਦਾ ਦਰ ਖ਼ਿਤਾਬ ਸਰਦਾਰੀ ਦਬਾ ਤਜ਼ਰਾ ਅਜ ਹਸ਼ਤ ਸਦ ਸਵਾਰ ਵਾਪਿਯਾਦਾ ਚਰਾਰ ਬਰ ਨਵ੍ਹਾ ਰਖਤੰਦ।' ਭਾਵ ਮਹਾਰਾਜਾ ਨੇ ਹਰੀ ਸਿੰਘ ਤੋਂ ਖ਼ਿਦਮਤਗਾਰੀ ਦਾ ਅਹੁਦਾ ਛੁਡਾ ਕੇ ਸਰਦਾਰੀ ਦਾ ਮਰਤਬਾ ਬਖ਼ਸ਼ ਦਿੱਤਾ ਤੇ ਅੱਠ ਸੌ ਸਵਾਰ ਅਤੇ ਪੈਦਲ ਸੈਨਾ ਦਾ ਅਫ਼ਸਰ ਥਾਪ ਕੇ ਇੱਜ਼ਤ ਅਫ਼ਜ਼ਾਈ ਕੀਤੀ।
ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਚਿੱਤਰਕਾਰ ਦੁਆਰਾ ਰਾਜਾ ਨਲ (ਮਹਾਨ ਕੋਸ਼ 'ਚ ਭਾਈ ਕਾਨ੍ਹ ਸਿੰਘ ਨਾਭਾ ਰਾਜਾ ਨਲ ਬਾਰੇ ਲਿਖਦੇ ਹਨ ਕਿ ਇਹ ਨਿਸ਼ਧ ਦੇਸ਼ ਦੇ ਚੰਦਰਵੰਸ਼ੀ ਰਾਜਾ ਬੀਰ ਸੇਨ ਦਾ ਪੁੱਤਰ ਸੀ ਅਤੇ ਇਸ ਦਾ ਵਿਆਹ ਵਿਦਰਭਪਤੀ ਭੀਮ ਦੀ ਪੁੱਤਰੀ ਦਮਯੰਤੀ ਨਾਲ ਹੋਇਆ) ਦੀ ਬਣਾਈ ਹੋਈ ਉਹ ਤਸਵੀਰ ਵੇਖੀ ਹੋਈ ਸੀ, ਜਿਸ ਵਿਚ ਰਾਜਾ ਨਲਨੇ ਹਰੀ ਸਿੰਘ ਵਾਂਗ ਹੀ ਸ਼ੇਰ ਦਾ ਸ਼ਿਕਾਰ ਆਪਣੀ ਤਲਵਾਰ ਨਾਲ ਕੀਤਾ ਸੀ। ਇਸ ਮੌਕੇ ਮਹਾਰਾਜਾ ਨੇ ਹਰੀ ਸਿੰਘ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਕਿਹਾ-'ਅੱਜ ਤੋਂ ਤੂੰ ਵੀ ਸਾਡਾ 'ਨਲਵਾ' ਸਰਦਾਰ ਹੀ ਹੈਂ।' ਅਗਲੇ ਹੀ ਦਿਨ ਮਹਾਰਾਜਾ ਨੇ ਹਰੀ ਸਿੰਘ ਨਲਵਾ ਨੂੰ ਸ਼ੇਰ-ਦਿਲ ਰਜਮੈਂਟ ਦਾ ਸਰਦਾਰ-ਆਹਲਾ ਮੁਕੱਰਰ ਕਰ ਦਿੱਤਾ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਗੁਰੂ ਨਾਨਕ ਸਾਹਿਬ ਦਾ ਰਾਜਨੀਤਕ ਫ਼ਲਸਫ਼ਾ-3

ਪ੍ਰਮੁੱਖ ਸਿਧਾਂਤਾਂ ਦੀ ਸਮਕਾਲੀ ਅਹਿਮੀਅਤ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਇਤਿਹਾਸਕ ਪ੍ਰਸੰਗ ਵਿਚ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋਈ ਸਿੱਖ ਲਹਿਰ ਦਾ ਅਸਰ ਮਹੱਤਵ ਵਾਲਾ ਹੈ, ਪਰ ਇਸ ਦੇ ਰਾਜਨੀਤਕ, ਸਮਾਜਿਕ, ਅਧਿਆਤਮਿਕ ਅਤੇ ਸੱਭਿਆਚਾਰਕ ਸਿੱਟਿਆਂ ਬਾਰੇ ਖੋਜ ਵਿਸ਼ਲੇਸ਼ਣ, ਯੂਰਪ ਵਿਚ ਪ੍ਰੋਟੈਸਟੈਂਟ ਲਹਿਰ ਵਾਂਗ ਅਜੇ ਨਹੀਂ ਹੋ ਸਕਿਆ। ਪਰੋਟੈਸਟੈਂਟ ਰਾਜਨੀਤਕ ਫ਼ਲਸਫ਼ੇ ਦਾ ਬਰਤਾਨਵੀ ਸਾਮਰਾਜ ਦੇ ਵਿਸ਼ਵ-ਵਿਆਪੀ ਪਸਾਰੇ ਕਾਰਨ ਵੱਡਾ ਬੋਲਬਾਲਾ ਬਣਦਾ ਗਿਆ। ਸਿੱਖ ਲਹਿਰ ਪਹਿਲਾਂ ਮੁਗਲ ਸਾਮਰਾਜ, ਫਿਰ ਬਰਤਾਨਵੀ ਸਾਮਰਾਜ ਨਾਲ ਲੋਹਾ ਲੈਂਦੀ ਉੱਤਰੀ ਭਾਰਤ ਵਿਚ ਪੰਜਾਬ ਤੱਕ ਸੀਮਤ ਹੋ ਗਈ। ਇਸ ਕਰਕੇ ਇਤਿਹਾਸ ਵਿਚ ਪ੍ਰੋਟੈਸਟੈਂਟ ਰਾਜਸੀ ਫ਼ਲਸਫ਼ਾ ਰਾਜ ਕਰਨ ਦੀਆਂ ਵਿਧੀਆਂ, ਵਿਧਾਨਾਂ ਅਤੇ ਵਾਧੇ 'ਤੇ ਵਧੇਰੇ ਕੇਂਦਰਿਤ ਹੋ ਗਿਆ, ਜਦਕਿ ਸਿੱਖ ਰਾਜਸੀ ਫ਼ਲਸਫ਼ਾ, ਅੱਤਿਆਚਾਰ ਅਤੇ ਦਾਬੇ ਨੂੰ ਰੋਕਣ ਲਈ ਢਾਲ ਬਣਨ ਤੇ ਆਜ਼ਾਦੀ ਵਿਚ ਅਹਿਮ ਇਤਿਹਾਸਕ ਹਿੱਸਾ ਹੈ, ਜਿਸ ਬਾਰੇ ਖੋਜ-ਵਿੱਦਿਆ ਅਜੇ ਆਰੰਭਕ ਪੜਾਅ 'ਤੇ ਹੀ ਹੈ।
ਫ਼ਲਸਫ਼ੇ ਦੀਆਂ ਪਰਤਾਂ ਸੋਮਾ
ਗੁਰੂ ਨਾਨਕ ਸਾਹਿਬ ਦੇ ਰਾਜਨੀਤਕ ਫ਼ਲਸਫ਼ੇ ਦੀਆਂ ਪ੍ਰਮੁੱਖ ਪਰਤਾਂ ਦਾ ਪ੍ਰਮਾਣਿਕ ਸੋਮਾ ਉਨ੍ਹਾਂ ਦੀ ਬਾਣੀ ਹੈ। ਗੁਰਬਾਣੀ ਜਿਥੇ ਰੁਹਾਨੀਅਤ, ਅਧਿਆਤਮਕ, ਸਮਾਜਿਕ, ਇਤਿਹਾਸਕ ਅਤੇ ਸੱਭਿਆਚਾਰਕ ਪਹਿਲੂਆਂ ਤੋਂ ਅਗਵਾਈ ਦਾ ਸੋਮਾ ਹੈ, ਉਥੇ ਰਾਜਨੀਤਕ ਫ਼ਲਸਫ਼ੇ ਅਤੇ ਸਿਧਾਂਤਾਂ ਦਾ ਵੀ ਵਡਮੁੱਲਾ ਖਜ਼ਾਨਾ ਹੈ। ਗੁਰੂ ਸਾਹਿਬਾਨ ਦੇ ਸੰਦੇਸ਼ਾਂ ਅਤੇ ਸਿੱਖਿਆਵਾਂ ਨੂੰ ਪੜ੍ਹਨ, ਸੁਣਨ, ਸਮਝਣ, ਵਿਆਖਣ ਅਤੇ ਵਿਸ਼ਲੇਸ਼ਣ ਵਿਚ ਲਿਆਉਣ ਲਈ ਗੁਰੂ ਕਾਲ ਦੀ ਭਾਸ਼ਾ, ਪ੍ਰਸੰਗ ਅਤੇ ਹਾਲਤਾਂ ਨੂੰ ਵੀ ਜਾਣਨਾ ਜ਼ਰੂਰੀ ਹੈ। ਗੁਰੂ ਸ਼ਬਦ ਸਦੀਵੀ ਅਤੇ ਵਿਆਪਕ ਹੈ ਪਰ ਇਨ੍ਹਾਂ ਦੀ ਰਚਨਾ ਪਿੱਛੇ ਰੁਹਾਨੀ ਅਤੇ ਸਮਾਜੀ ਅਨੁਭਵ ਨਾਲ, ਸਮੇਂ, ਸਥਿਤੀਆਂ ਅਤੇ ਲੋਕਾਂ ਦੀਆਂ ਜੀਵਨ ਲੋੜਾਂ ਨੂੰ ਸਾਹਮਣੇ ਰੱਖਿਆ ਗਿਆ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਇਕ ਮਹਾਨ ਮਨੁੱਖੀ ਮਿਸ਼ਨ ਵੀ ਲਪੇਟਿਆ ਹੋਇਆ ਹੈ।
ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿਚ ਖੁਰਾਸਾਨੀ ਹਮਲਾਵਰ ਬਾਬਰ ਨੂੰ ਉਸ ਦੇ ਅਤੇ ਉਸ ਦੀਆਂ ਫੌਜਾਂ ਦੇ ਕੁਕਰਮਾਂ ਅਤੇ ਅੱਤਿਆਚਾਰਾਂ ਕਾਰਨ ਲੋਕਾਂ ਅਤੇ ਅਕਾਲ ਪੁਰਖ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਉਨ੍ਹਾਂ ਦੇ ਜ਼ੁਲਮੋ-ਸਿਤਮ ਨੂੰ ਸਿੱਧੇ ਰੂਪ ਵਿਚ ਭੰਡਿਆ ਅਤੇ ਇਸ ਦਾ ਵਿਰੋਧ ਕੀਤਾ। 'ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 360)। ਸੰਨ 1524 ਦਾ ਇਹ ਹਮਲਾ ਅਤੇ ਇਸ ਦੇ ਭਿਆਨਕ ਸਿੱਟੇ ਗੁਰੂ ਸਾਹਿਬ ਲਈ ਦੁਖਦਾਈ ਸਨ। ਉਨ੍ਹਾਂ ਇਹ ਆਪਣੇ ਮਨ, ਤਨ, ਆਤਮਾ ਅਤੇ ਸਮਾਜਿਕ ਸੰਕਟ ਦੇ ਰੂਪ ਵਿਚ ਹੰਢਾਏ ਅਤੇ ਜੇਲ੍ਹ ਵੀ ਕੱਟੀ। ਬਾਬਰ ਤੇ ਉਸ ਦੀ ਫੌਜ, ਖੁਰਾਸਾਨ ਤੋਂ ਧਾੜਵੀ ਬਣ ਕੇ ਆਏ ਸਨ। ਖੁਰਾਸਾਨ ਉੱਤਰ-ਪੂਰਬੀ ਮੱਧ-ਪੂਰਬ ਸਮੇਤ ਅਫ਼ਗਾਨਿਸਤਾਨ, ਈਰਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦਾ ਇਲਾਕਾ ਸੀ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਹਿੰਦੁਸਤਾਨ ਵਾਸਤੇ ਇਸ ਦੀ ਅੰਦਰੂਨੀ-ਬਹਿਰੂਨੀ ਹੋਂਦ ਅਤੇ ਇਸ ਦੇ ਲੋਕਾਂ ਪ੍ਰਤੀ ਡੂੰਘੀ ਚਿੰਤਾ ਪ੍ਰਗਟ ਕੀਤੀ ਕਿ ਇਸ ਦੀ ਹਸਤੀ ਨੂੰ ਖੁਰਦ-ਬੁਰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਦੀ ਰਾਖੀ ਅਤੇ ਸਾਂਭ-ਸੰਭਾਲ ਲਈ ਆਵਾਜ਼ ਦਿੱਤੀ।
ਡਾ: ਜੋਧ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਉਪ-ਕੁਲਪਤੀ ਅਤੇ ਇਨਸਾਈਕਲੋਪੀਡੀਆ ਆਫ ਸਿਖਿਜ਼ ਦੇ ਸੰਪਾਦਕ ਲਿਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲੇ ਧਾਰਮਿਕ ਗ੍ਰੰਥ ਹਨ, ਜਿਸ ਵਿਚ ਹਿੰਦੁਸਤਾਨ ਸ਼ਬਦ ਦੀ ਵਰਤੋਂ ਕੀਤੀ ਗਈ (ਸਿੱਖ ਫਿਲਾਸਫ਼ੀ, 2018)। ਪਰਸ਼ੀਅਨ ਵਿਚ ਸਿੰਧ ਘਾਟੀ ਦੇ ਲੋਕਾਂ ਨੂੰ ਹਿੰਦੁਸਤਾਨੀ ਅਤੇ ਇਸ ਧਰਤੀ ਨੂੰ ਹਿੰਦੁਸਤਾਨ ਕਿਹਾ ਜਾਂਦਾ ਸੀ। (ਇਨਸਾਈਕਲੋਪੀਡੀਆ ਬ੍ਰਿਟੈਨਿਕਾ, 1977)। ਹਿੰਦੁਸਤਾਨ ਸ਼ਬਦ ਵੇਦਾਂ, ਪੁਰਾਣਾਂ ਜਾਂ ਉਪਨਿਸ਼ਧਾਂ ਵਿਚ ਨਹੀਂ ਵਰਤਿਆ ਗਿਆ, ਨਾ ਹੀ ਪੁਰਾਤਨ ਹਿੰਦੂ ਮਿਥਿਹਾਸ ਵਿਚੋਂ ਸੀ। ਭਾਰਤੀ ਭਾਸ਼ਾਵਾਂ ਅਤੇ ਧਰਮ ਗ੍ਰੰਥਾਂ ਵਿਚੋਂ ਸਭ ਤੋਂ ਪਹਿਲਾਂ ਗੁਰਮੁਖੀ ਲਿਪੀ ਅਤੇ ਪੰਜਾਬ ਵਿਚ ਗੁਰੂ ਨਾਨਕ ਸਾਹਿਬ ਨੇ ਵਰਤਿਆ। ਭਾਈ ਕਾਨ੍ਹ ਸਿੰਘ ਨਾਭਾ ਨੇ ਹਿੰਦੁਸਤਾਨ ਨੂੰ ਹਿਮਾਲਿਆ ਪਰਬਤ ਤੋਂ ਸਮੁੰਦਰਾਂ ਤੱਕ 1900×1500 ਮੀਲ ਦਾ ਰਕਬਾ ਲਿਖਿਆ। 1921 ਦੇ ਸੈਂਸਜ਼ ਵਿਚ ਹਿੰਦੋਸਤਾਨੀਆਂ 'ਚ ਆਦਿ ਵਾਸੀ, ਬੋਧੀ, ਇਸਾਈ, ਹਿੰਦੂ, ਜੈਨੀ, ਯਹੂਦੀ, ਮੁਸਲਮਾਨ, ਪਾਰਸੀ, ਸਿੱਖ ਅਤੇ ਹੋਰਨਾਂ ਭਾਈਚਾਰਿਆਂ ਨੂੰ ਗਿਣਿਆ ਗਿਆ ਹੈ। ਹਿੰਦੋਸਤਾਨੀ ਧਰਤੀ ਅਤੇ ਹਿੰਦੋਸਤਾਨੀ ਲੋਕ ਵਿਸ਼ਾਲ ਦੇਸ਼ ਅਤੇ ਸਮਿਲਤ ਸੰਸਕ੍ਰਿਤੀ ਵਾਲੇ ਹਨ। ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਸਭ ਲਈ ਸੀ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦਾ ਰਾਜਨੀਤਕ ਫ਼ਲਸਫ਼ਾ ਅਤੇ ਇਸ ਦੇ ਮੁਢਲੇ ਸਿਧਾਂਤ, ਸਮਕਾਲੀ ਕੌਮੀ ਅਤੇ ਕੌਮਾਂਤਰੀ ਰਾਜਨੀਤਕ ਪ੍ਰਸੰਗ ਵਿਚ ਵੱਡੀ ਅਹਿਮੀਅਤ ਵਾਲੇ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


E-mail : sujinder.sangha@gmail.com

ਵਿਸ਼ਵ ਪ੍ਰਸਿੱਧ 'ਪਸ਼ੂਪਤੀ ਨਾਥ ਮੰਦਰ' ਕਾਠਮੰਡੂ (ਨਿਪਾਲ)

ਨਿਪਾਲ ਦੇਸ਼ ਦੀ ਪਵਿੱਤਰ ਧਰਤੀ ਮਨੁੱਖ ਦੀ ਜ਼ਿੰਦਗੀ ਦੇ ਅਧਿਆਤਮਿਕ ਪਹਿਲੂਆਂ ਨਾਲ ਜੁੜੀ ਹੋਈ ਹੈ। ਇਥੇ ਦੇ ਅਨੇਕਾਂ ਮੰਦਰ ਨਿਪਾਲ ਦੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੇ ਦਰਸ਼ਨ ਕਰਵਾਉਂਦੇ ਹਨ। ਇਸ ਦੇਸ਼ ਵਿਚ ਹੀ ਸਥਿਤ ਹੈ ਵਿਸ਼ਵ ਪ੍ਰਸਿੱਧ ਮੰਦਰ ਪਸ਼ੂਪਤੀ ਨਾਥ ਜੋ ਨਿਪਾਲ ਦੀ ਰਾਜਧਾਨੀ ਕਾਠਮੰਡੂ ਤੋਂ 4 ਕਿਲੋਮੀਟਰ ਉੱਤਰ-ਪੂਰਬ ਦਿਸ਼ਾ ਵਿਚ ਬਾਗਮਤੀ ਨਦੀ ਦੇ ਕਿਨਾਰੇ ਉੱਪਰ ਬਣਿਆ ਹੋਇਆ ਹੈ। ਪਸ਼ੂਪਤੀ ਨਾਥ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ (ਪਸ਼ੂ+ਪਤੀ ਨਾਥ)। ਪਸ਼ੂ ਤੋਂ ਅਰਥ ਹੈ ਸਮੁੱਚੇ ਪ੍ਰਾਣੀਆਂ ਦਾ ਜੀਵਨ ਅਤੇ ਪਤੀ ਨਾਥ ਤੋਂ ਭਾਵ ਹੈ ਜੀਵਨ ਦੀ ਰੱਖਿਆ ਕਰਨ ਵਾਲਾ, ਜਿਸ ਅਨੁਸਾਰ ਭਗਵਾਨ ਸ਼ਿਵ ਹੀ ਇਸ ਸ੍ਰਿਸ਼ਟੀ ਦੇ ਜੀਵਾਂ ਦੀ ਰੱਖਿਆ ਕਰਦੇ ਹਨ। ਸ਼ਿਵ ਜੀ ਭਗਵਾਨ ਦੇ 12 ਜੋਤਰ ਲਿੰਗਾਂ ਵਿਚੋਂ ਇਕ ਪੰਜ ਮੁੱਖ ਸ਼ਿਵ ਲਿੰਗ ਇਥੇ ਸਥਿਤ ਹੈ। ਇਤਿਹਾਸਕ ਤੇ ਮਿਥਿਹਾਸਕ ਹਵਾਲਿਆਂ ਅਨੁਸਾਰ ਇਸ ਦਾ ਸਬੰਧ 'ਮਹਾਂਭਾਰਤ' ਨਾਲ ਵੀ ਜੋੜਿਆ ਜਾਂਦਾ ਹੈ। ਮਹਾਂਭਾਰਤ ਦਾ ਯੁੱਧ 18 ਦਿਨ ਚੱਲਿਆ ਸੀ ਤੇ ਪਾਂਡਵ ਭਰਾ ਇਸ ਯੁੱਧ ਵਿਚ ਜੇਤੂ ਰਹੇ ਸਨ। ਪਾਂਡਵਾਂ ਨੇ ਆਪਣੇ ਸਕੇ ਸਬੰਧੀਆਂ ਦਾ ਬੇਤਹਾਸ਼ਾ ਖੂਨ ਵਹਾਇਆ ਸੀ, ਜਿਸ ਤੋਂ ਭਗਵਾਨ ਸ਼ਿਵ ਪਾਂਡਵਾਂ ਨਾਲ ਨਾਰਾਜ਼ ਹੋ ਗਏ ਸਨ।
ਭਗਵਾਨ ਕ੍ਰਿਸ਼ਨ ਨੇ ਪਾਂਡਵਾਂ ਨੂੰ ਭਗਵਾਨ ਸ਼ਿਵ ਤੋਂ ਮੁਆਫ਼ੀ ਮੰਗਣ ਲਈ ਭੇਜਿਆ ਸੀ। ਪਾਂਡਵ ਭਰਾ ਭਗਵਾਨ ਸ਼ਿਵ ਤੋਂ ਮੁਆਫ਼ੀ ਮੰਗਣ ਲਈ ਕਾਂਸ਼ੀ ਪਹੁੰਚੇ ਸਨ ਪਰ ਸ਼ਿਵ ਜੀ ਕੇਦਾਰਨਾਥ ਚਲੇ ਗਏ। ਪਾਂਡਵ ਵੀ ਉਨ੍ਹਾਂ ਪਿੱਛੇ ਕੇਦਾਰਨਾਥ ਪਹੁੰਚ ਗਏ। ਪਾਂਡਵਾਂ ਨੂੰ ਦੇਖ ਕੇ ਸ਼ਿਵ ਜੀ ਨੇ ਇਕ ਬੈਲ ਦਾ ਰੂਪ ਧਾਰਨ ਕਰ ਲਿਆ ਸੀ। ਪਾਂਡਵਾਂ ਨੇ ਭਗਵਾਨ ਸ਼ਿਵ ਨੂੰ ਪਛਾਣ ਲਿਆ ਸੀ। ਭਗਵਾਨ ਸ਼ਿਵ ਜੀ ਬੈਲ ਰੂਪ ਵਿਚ ਹੀ ਧਰਤੀ ਵਿਚ ਅਲੋਪ ਹੋ ਗਏ ਸਨ ਪਰ ਉਨ੍ਹਾਂ ਦੇ ਸਰੀਰ ਦਾ ਕੁਝ ਹਿੱਸਾ ਬਾਹਰ ਹੋਣ ਕਾਰਨ ਭੀਮ ਨੇ ਉਨ੍ਹਾਂ ਨੂੰ ਬਾਹਰ ਖਿੱਚ ਲਿਆ ਸੀ। ਇਸ ਤੋਂ ਬਾਅਦ ਤਤਕਾਲ ਹੀ ਉਨ੍ਹਾਂ ਨੇ ਪਾਂਡਵਾਂ ਨੂੰ ਦਰਸ਼ਨ ਦਿੱਤੇ ਅਤੇ ਉਨ੍ਹਾਂ ਨੂੰ ਪਾਪ ਤੋਂ ਮੁਕਤ ਕਰ ਦਿੱਤਾ। ਇਸ ਦੌਰਾਨ ਹੀ ਉਨ੍ਹਾਂ ਦਾ ਧੜ ਦਾ ਉਪਰਲਾ ਹਿੱਸਾ ਕਾਠਮੰਡੂ ਵਿਚ ਪ੍ਰਗਟ ਹੋਇਆ ਸੀ, ਜਿਥੇ ਅੱਜ ਪਸ਼ੂਪਤੀ ਨਾਥ ਮੰਦਰ ਸਥਿਤ ਹੈ। ਕੇਦਾਰਨਾਥ ਨੂੰ ਸ਼ਿਵ ਜੀ ਦੀ ਪਿੱਠ ਵਜੋਂ ਪੂਜਿਆ ਜਾਂਦਾ ਹੈ। ਇਸ ਤਰ੍ਹਾਂ ਕੇਦਾਰਨਾਥ ਅਤੇ ਪਸ਼ੂਪਤੀ ਮੰਦਰ ਦਾ ਆਪਸ ਵਿਚ ਬਹੁਤ ਸਬੰਧ ਮੰਨਿਆ ਗਿਆ ਹੈ। ਇਹ ਦੋਵੇਂ ਤੀਰਥ ਸਥਾਨ ਇਕ-ਦੂਜੇ ਤੋਂ ਬਿਨਾਂ ਅਧੂਰੇ ਮੰਨੇ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਮੰਦਰ ਨੂੰ ਪਹਿਲੀ ਵਾਰ 15ਵੀਂ ਸਦੀ ਵਿਚ ਲੱਛਵੀ ਤੇ ਰਾਜਾ ਸੰਪੂਸਵਾ ਨੇ ਪੈਕਾਡਾਸੈਲ ਵਿਚ ਬਣਾਇਆ ਸੀ। ਇਸ ਮੰਦਰ ਦੀ ਉਚਾਈ 23 ਮੀਟਰ ਹੈ ਅਤੇ ਇਸ ਦੇ 4 ਦਰਵਾਜ਼ੇ ਹਨ। ਪਸ਼ੂਪਤੀ ਮੰਦਰ ਵਿਚ ਹਰ ਸਾਲ ਮਹਾਸ਼ਿਵਰਾਤਰੀ, ਚਤੁਰਥੀ ਅਤੇ ਤੀਜ ਦੇ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਅੱਜ ਤੱਕ ਲੱਖਾਂ ਸ਼ਰਧਾਲੂ ਇਸ ਪ੍ਰਸਿੱਧ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ। ਸੰਸਾਰ ਭਰ ਵਿਚ ਪ੍ਰਸਿੱਧ ਇਸ ਮੰਦਰ ਨੂੰ ਯੂਨੈਸਕੋ ਵਲੋਂ ਵਿਸ਼ਵ ਹੈਰੀਟੇਜ ਦਾ ਦਰਜਾ ਵੀ ਪ੍ਰਾਪਤ ਹੈ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਭਗਤਾ ਮਨਿ ਆਨੰਦੁ ਹੈ ਸਚੈ ਸਬਦਿ ਰੰਗਿ ਰਾਤੇ॥

ਸਿਰੀਰਾਗੁ ਮਹਲਾ ੩
ਭਗਤਾ ਮਨਿ ਆਨੰਦੁ ਹੈ
ਸਚੈ ਸਬਦਿ ਰੰਗਿ ਰਾਤੇ॥
ਅਨਦਿਨੁ ਗੁਣ ਗਾਵਹਿ ਸਦ ਨਿਰਮਲ
ਸਹਜੇ ਨਾਮਿ ਸਮਾਤੇ॥ ੫॥
ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ
ਸਭ ਆਤਮ ਰਾਮੁ ਪਛਾਣੀ॥
ਏਕੋ ਸੇਵਨਿ ਏਕੁ ਅਰਾਧਹਿ
ਗੁਰਮੁਖਿ ਅਕਥ ਕਹਾਣੀ॥ ੬॥
ਸਚਾ ਸਾਹਿਬ ਸੇਵੀਐ
ਗੁਰਮੁਖਿ ਵਸੈ ਮਨਿ ਆਇ॥
ਸਦਾ ਰੰਗਿ ਰਾਤੇ ਸਚ ਸਿਉ
ਅਪੁਨੀ ਕਿਰਪਾ ਕਰੇ ਮਿਲਾਇ॥ ੭॥
ਆਪੇ ਕਰੇ ਕਰਾਏ ਆਪੇ
ਇਕਨਾ ਸੁਤਿਆ ਦੇਇ ਜਗਾਇ॥
ਆਪੇ ਮੇਲਿ ਮਿਲਾਇਦਾ
ਨਾਨਕ ਸਬਦਿ ਸਮਾਇ॥ ੮॥ ੭॥ ੨੪॥
(ਅੰਗ 69)
ਪਦ ਅਰਥ : ਸਚੈ ਸਬਦਿ-ਸਦਾ ਥਿਰ ਪ੍ਰਭੂ ਦੇ ਸਿਫਤ ਸਾਲਾਹ ਦੇ ਸ਼ਬਦ ਵਿਚ। ਰੰਗਿ ਰਾਤੇ-ਪ੍ਰੇਮ ਵਿਚ ਰੰਗੇ ਰਹਿੰਦੇ ਹਨ। ਅਨਦਿਨੁ-ਰਾਤ ਦਿਨ, ਹਰ ਵੇਲੇ। ਸਦ-ਸਦਾ। ਨਿਰਮਲ-ਪਵਿੱਤਰ। ਸਹਜੇ-ਸਹਜ ਅਵਸਥਾ। ਨਾਮਿ ਸਮਾਤੇ-ਨਾਮ ਵਿਚ ਸਮਾਏ ਰਹਿੰਦੇ ਹਨ, ਲੀਨ ਰਹਿੰਦੇ ਹਨ। ਅੰਮ੍ਰਿਤ ਬਾਣੀ-ਆਤਮਿਕ ਜੀਵਨ ਦੇਣ ਵਾਲੀ ਪ੍ਰਭੂ ਦੀ ਬਾਣੀ। ਬੋਲਹਿ-ਬੋਲਦੇ ਹਨ, (ਮੁੱਖੋਂ) ਉਚਾਰਦੇ ਹਨ। ਪਛਾਣੀ-ਪਛਾਣ ਕੇ। ਸੇਵਨਿ-ਸਵੇਂਵਦੇ ਹਨ, ਸਿਮਰਦੇ ਹਨ। ਅਰਾਧਹਿ-ਅਰਾਧਦੇ ਹਨ। ਅਕਥ-ਜਿਸ ਨੂੰ ਕਥਿਆ ਨਾ ਜਾ ਸਕੇ, ਬਿਆਨ ਕੀਤਾ ਨਾ ਜਾ ਸਕੇ।
ਸਚਾ-ਸਦਾ ਥਿਰ ਰਹਿਣ ਵਾਲਾ। ਸਾਹਿਬੁ-ਮਾਲਕ ਪ੍ਰਭੂ। ਸੇਵੀਐ-ਸਿਮਰਦੇ ਹਨ। ਵਸੈ ਮਨਿ ਆਇ-ਮਨ ਵਿਚ ਆ ਵਸਦਾ ਹੈ। ਰੰਗਿ ਰਾਤੇ-ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ। ਸਚ ਸਿਉ-ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ। ਅਪੁਨੀ ਕਿਰਪਾ ਕਰੇ ਮਿਲਾਇ-ਆਪਣੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ। ਆਪੇ ਕਰੇ-ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ। ਕਰਾਏ ਆਪੇ-ਆਪ ਹੀ (ਜੀਵਾਂ ਪਾਸੋਂ) ਕਰਵਾਉਂਦਾ ਹੈ। ਇਕਨਾ ਸੁਤਿਆ-ਕਈਆਂ ਨੂੰ ਗਫਲਤ ਦੀ ਨੀਂਦ ਵਿਚ ਸੁੱਤਿਆਂ ਹੋਇਆਂ ਨੂੰ। ਦੇਇ ਜਗਾਇ-ਜਗਾ ਦਿੰਦਾ ਹੈ। ਮੇਲ ਮਿਲਾਇਦਾ-ਆਪਣੇ ਨਾਲ ਮਿਲਾ ਲੈਂਦਾ ਹੈ। ਸਬਦਿ ਸਮਾਇ-ਗੁਰੂ ਦੇ ਸ਼ਬਦ ਵਿਚ ਲੀਨ ਕਰਕੇ, ਜੋੜ ਕੇ।
ਗੁਰਬਾਣੀ ਵਿਚ ਪਰਮਾਤਮਾ ਨੂੰ 'ਭਗਤਿ ਵਛਲੁ' ਕਰਕੇ ਗਰਦਾਨਿਆ ਗਿਆ ਹੈ ਅਤੇ ਭਗਤ ਜਨਾਂ ਦੀ ਬੜੀ ਵਡਿਆਈ ਕੀਤੀ ਗਈ ਹੈ, ਜੋ ਆਪਣੀ ਲਿਵ ਨੂੰ ਸਦਾ ਪ੍ਰਭੂ ਚਰਨਾਂ ਵਿਚ ਜੋੜੀ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਦੇ ਮਨ ਅੰਦਰ ਫਿਰ ਅਨੰਦਮਈ ਅਵਸਥਾ ਬਣੀ ਰਹਿੰਦੀ ਹੈ। ਗੁਰਵਾਕ ਹੈ-
ਭਗਤਾ ਮਨਿ ਅਨੰਦੁ ਭਇਆ
ਹਰਿ ਨਾਮਿ ਰਹੇ ਲਿਵ ਲਾਏ ਰਾਮ॥
(ਰਾਗੁ ਸੂਹੀ ਮਹਲਾ ੩, ਅੰਗ 770)
ਗੁਰੂ ਦੁਆਰਾ ਪ੍ਰਭੂ ਦੇ ਪਵਿੱਤਰ ਗੁਣਾਂ ਨੂੰ ਗਾ-ਗਾ ਕੇ ਉਨ੍ਹਾਂ ਦਾ ਮਨ ਵੀ ਪਵਿੱਤਰ ਹੋ ਜਾਂਦਾ ਹੈ-
ਗੁਰਮੁਖੇ ਮਨੁ ਨਿਰਮਲੁ ਹੋਆ
ਨਿਰਮਲ ਹਰਿ ਗੁਣ ਗਾਏ ਰਾਮ॥
(ਅੰਗ 770)
ਇਸ ਤਰ੍ਹਾਂ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਹ (ਭਵਜਲ 'ਚੋਂ) ਤਰ ਕੇ ਪਾਰ ਲੰਘ ਜਾਂਦੇ ਹਨ ਅਤੇ ਉਨ੍ਹਾਂ ਨੂੰ ਫਿਰ ਗੁਰੂ ਦੇ ਸ਼ਬਦ ਸਦਕਾ ਹਰੇਕ ਹਿਰਦੇ ਅੰਦਰ ਪਰਮਾਤਮਾ ਹੀ ਵਸਦਾ ਦਿਖਾਈ ਦਿੰਦਾ ਹੈ-
ਜਿਨ੍ਰ ਮਨਿ ਵਸਿਆ
ਸੇਈ ਜਨ ਨਿਸਤਰੇ
ਘਟਿ ਘਟਿ ਸਬਦਿ ਸਮਾਣੀ॥
(ਅੰਗ 770-71)
ਘਟਿ ਘਟਿ-ਹਰੇਕ ਹਿਰਦੇ ਵਿਚ।
ਆਪ ਜੀ ਦੇ ਹੋਰ ਬਚਨ ਹਨ ਕਿ ਗੁਰੂ ਦੇ ਸਨਮੁਖ ਰਹਿਣ ਵਾਲਾ ਗੁਰਮੁਖ ਜਨ ਜੋ ਗੁਰੂ ਦੇ ਦਰਸਾਏ ਮਾਰਗ 'ਤੇ ਚਲਦਾ ਹੈ, ਉਹੀ ਭਗਤ ਹੈ, ਜੋ ਫਿਰ ਆਪਣੀ ਅੰਦਰਲੀ ਹਉਮੈ ਨੂੰ ਗੁਰੂ ਦੇ ਸ਼ਬਦ ਦੁਆਰਾ ਸਾੜ ਸੁੱਟਦਾ ਹੈ-
ਸੋ ਭਗਤ ਜੋ ਗੁਰਮੁਖਿ ਹੋਵੈ
ਹਉਮੈ ਸਬਦਿ ਜਲਾਇਆ ਰਾਮ॥
(ਅੰਗ 768)
ਭਗਤਾਂ ਦੀ ਜੀਵਨ ਜੁਗਤ ਬਾਕੀਆਂ ਨਾਲ ਭਿੰਨ ਅਰਥਾਤ ਵੱਖਰੀ ਹੁੰਦੀ ਹੈ, ਜੋ ਬਿਖੜੇ (ਕਠਨ) ਮਾਰਗਾਂ ਦੇ ਪਾਂਧੀ ਹੁੰਦੇ ਹਨ। ਉਹ ਲਬ ਲੋਭ, ਹੰਕਾਰ, ਮਾਇਆ ਦੀ ਤ੍ਰਿਸ਼ਨਾ ਨੂੰ ਤਿਆਗ ਕੇ ਇਨ੍ਹਾਂ ਬਾਰੇ ਬੋਲਦੇ ਨਹੀਂ ਅਰਥਾਤ ਆਪਣੇ ਵਡੱਪਣ ਦਾ ਪ੍ਰਗਟਾਵਾ ਨਹੀਂ ਕਰਦੇ ਗੁਰਵਾਕ ਹੈ-
ਭਗਤਾ ਕੀ ਚਾਲ ਨਿਰਾਲੀ॥
ਚਾਲਾ ਨਿਰਾਲੀ ਭਗਤਾਹ ਕੇਰੀ
ਬਿਖਮ ਮਾਰਗਿ ਚਲਣਾ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ
ਬਹੁਤੁ ਨਾਹੀ ਬੋਲਣਾ॥
(ਰਾਗੁ ਰਾਮਕਲੀ ਮਹਲਾ ੩ ਅਨੰਦ, ਅੰਗ 918)
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਅਜਿਹੇ ਮਾਰਗ 'ਤੇ ਚੱਲਣਾ ਬੜਾ ਕਠਿਨ ਹੈ, ਕਿਉਂਕਿ ਇਹ ਮਾਰਗ ਖੰਡੇ ਦੀ ਧਾਰ ਨਾਲੋਂ ਤਿੱਖਾ ਅਤੇ ਵਾਲ ਨਾਲੋਂ ਵੀ ਪਤਲਾ ਹੈ-
ਖੰਨਿਅਹੁ ਤਿਖੀ ਵਾਲਹੁ ਨਿਕੀ
ਏਤੁ ਮਾਰਗਿ ਜਾਣਾ॥
(ਅੰਗ 918)
ਖੰਨਿਅਹੁ-ਖੰਡੇ ਨਾਲੋਂ। ਵਾਲਹੁ ਨਿਕੀ-ਵਾਲ ਨਾਲੋਂ ਵੀ ਪਤਲਾ)
ਗੁਰਮੁਖ ਦੀ ਗੁਰਬਾਣੀ ਵਿਚ ਬਹੁਤ ਵਡਿਆਈ ਕੀਤੀ ਗਈ ਹੈ। ਇਕੱਲੀ ਬਾਣੀ 'ਸਿਧ ਗੋਸਟਿ' ਵਿਚ ਹੀ ਜਗਤ ਗੁਰੂ ਬਾਬਾ ਦੀਆਂ ਗੁਰਮੁਖ ਸਬੰਧੀ ਉਚਾਰੀਆਂ ਹੋਈਆਂ ਪੂਰੀਆਂ 15 ਪਉੜੀਆਂ ਹਨ।
ਗੁਰਮੁਖ ਦੀ ਸੁਰਤੀ ਪ੍ਰਭੂ ਚਰਨਾਂ ਵਿਚ ਜੁੜੀ ਰਹਿਣ ਕਰਕੇ ਉਸ ਦਾ ਮਨ ਅਤੇ ਤਨ ਸਭ ਪਰਮਾਤਮਾ ਨੂੰ ਸਮਰਪਣ ਹੁੰਦੇ ਹਨ, ਜਿਸ ਕਰਕੇ ਉਸ ਅੰਦਰ ਕਿਸੇ ਤਰ੍ਹਾਂ ਦੀ ਚਿੰਤਾ ਜਾਂ ਸੰਸਾ ਨਹੀਂ ਰਹਿੰਦੀ। ਨਾਮ ਰਸ ਨਾਲ ਉਸ ਦਾ ਹਿਰਦਾ ਸਦਾ ਸ਼ਾਂਤ ਰਹਿੰਦਾ ਹੈ। ਰਾਗੁ ਕਾਨੜਾ ਕੀ ਵਾਰ ਮਹਲਾ ੪ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਗੁਰਮੁਖਿ ਅੰਤਰਿ ਸਾਂਤਿ ਹੈ
ਮਨਿ ਤਨਿ ਨਾਮਿ ਸਮਾਇ॥
ਨਾਮ ਚਿਤਵੈ ਨਾਮੋ ਪੜੈ
ਨਾਮਿ ਰਹੈ ਲਿਵ ਲਾਇ॥
ਨਾਮੁ ਪਦਾਰਥੁ ਪਾਈਐ
ਚਿੰਤਾ ਗਈ ਬਿਲਾਇ॥
(ਅੰਗ 1317)
ਇੰਜ ਪਰਮਾਤਮਾ ਵਿਚ ਲਿਵ ਜੋੜ ਕੇ ਗੁਰਮੁਖ ਕੇਵਲ ਆਪ ਹੀ ਭਵ-ਸਾਗਰ 'ਚੋਂ ਪਾਰ ਨਹੀਂ ਹੁੰਦਾ, ਸਗੋਂ ਸ਼ਬਦ ਦੁਆਰਾ ਦੂਜਿਆਂ ਦਾ ਵੀ ਪਾਰਉਤਾਰਾ ਕਰ ਦਿੰਦਾ ਹੈ-
ਗੁਰਮੁਖਿ ਤਾਰੇ ਪਾਰਿ ਉਤਾਰੇ॥
ਨਾਨਕ ਗੁਰਮੁਖਿ ਸਬਦਿ ਨਿਸਤਾਰੇ॥
(ਰਾਗੁ ਰਾਮਕਲੀ ਸਿਧ ਗੋਸਟਿ ਮਹਲਾ ੧, ਅੰਗ 941)
ਅੱਖਰੀਂ ਅਰਥ : ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਜਨਾਂ ਦੇ ਮਨ ਵਿਚ ਹਰ ਵੇਲੇ ਅਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹ ਸਦਾ ਪ੍ਰਭੂ ਦੇ ਸ਼ਬਦ ਵਿਚ ਹਰ ਵੇਲੇ ਰੰਗੇ ਰਹਿੰਦੇ ਹਨ। ਅਜਿਹੇ ਭਗਤ ਜਨ ਸਦਾ ਪਵਿੱਤਰ ਪ੍ਰਭੂ ਦੇ ਗੁਣ ਗਾਉਂਦੇ ਹਨ, ਜਿਸ ਸਦਕਾ ਫਿਰ ਉਹ ਸਹਿਜ ਅਵਸਥਾ ਵਿਚ ਲੀਨ ਹੋ ਕੇ ਪਰਮਾਤਮਾ ਦੇ ਨਾਮ ਵਿਚ ਲਿਵ ਨੂੰ ਜੋੜੀ ਰੱਖਦੇ ਹਨ।
ਇਸੇ ਤਰ੍ਹਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਮੁਖ ਜਨ ਸਭਨਾਂ ਅੰਦਰ ਪਰਮਾਤਮਾ ਨੂੰ ਵਸਦਾ ਪਛਾਣ ਕੇ ਆਤਮਿਕ ਜੀਵਨ ਦੇਣ ਵਾਲੀ ਪਰਮਾਤਮਾ ਦੀ ਬਾਣੀ ਹੀ ਸਦਾ (ਮੁੱਖ ਤੋਂ) ਉਚਾਰਦੇ ਹਨ। ਉਹ ਇਕ ਪ੍ਰਭੂ ਨੂੰ ਹੀ ਸਿਮਰਦੇ ਹਨ, ਇਕ ਪਰਮਾਤਮਾ ਦੀ ਹੀ ਅਰਾਧਨਾ ਕਰਦੇ ਹਨ ਅਤੇ ਅਕੱਥ ਪ੍ਰਭੂ ਦੀਆਂ ਕਥਾ-ਕਹਾਣੀਆਂ ਹੀ ਕਥਨ ਕਰਦੇ ਹਨ।
ਹੇ ਭਾਈ, ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਹੀ ਸਦਾ ਸਿਮਰਨਾ ਚਾਹੀਦਾ ਹੈ ਜਿਹੜੇ ਵੀ ਗੁਰੂ ਦੀ ਸਰਨ ਪੈ ਕੇ ਗੁਰਮੁਖ ਜਨ ਉਸ ਨੂੰ (ਪ੍ਰਭੂ ਨੂੰ) ਸਿਮਰਦੇ ਹਨ, ਉਨ੍ਹਾਂ ਦੇ ਮਨਾਂ ਅੰਦਰ ਸਾਹਿਬ (ਪਰਮਾਤਮਾ) ਆ ਵਸਦਾ ਹੈ। ਇਸ ਤਰ੍ਹਾਂ ਜਿਹੜੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ। ਪਰਮਾਤਮਾ ਕਿਰਪਾ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਹੈ ਅਤੇ ਜੀਵਾਂ ਪਾਸੋਂ ਸਭ ਕੁਝ ਆਪ ਹੀ ਕਰਾਉਂਦਾ ਹੈ ਅਤੇ ਕਈਆਂ ਨੂੰ ਸ਼ਬਦ ਵਿਚ ਜੋੜ ਕੇ ਮਾਇਆ ਦੀ ਨੀਂਦ ਵਿਚ ਸੁੱਤਿਆਂ ਹੋਇਆਂ ਨੂੰ ਵੀ ਆਪ ਹੀ ਜਗਾਉਂਦਾ ਹੈ। ਉਨ੍ਹਾਂ ਨੂੰ ਫਿਰ ਸ਼ਬਦ ਵਿਚ ਜੋੜ ਕੇ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਕੋਈ ਵੀ 'ਕਰਮ' ਫਲਹੀਣ ਨਹੀਂ ਰਹਿੰਦਾ

ਜਦ ਕੋਈ ਵੀ ਵਿਅਕਤੀ ਕੰਮ ਕਰਦਾ ਹੈ ਤਾਂ ਬੁਰੇ ਵਿਚਾਰਾਂ ਦੀਆਂ ਤਰੰਗਾਂ ਉਸ ਦੇ ਦਿਮਾਗ ਵਿਚ ਘੁਸ ਜਾਂਦੀਆਂ ਹਨ। ਉਸ ਦੇ ਸੁਰ ਬੁਰੇ ਵਿਚਾਰਾਂ ਨਾਲ ਮਿਲਦੇ ਹਨ। ਇਹ ਹੀ ਕਾਰਨ ਹੈ ਕਿ ਉਹ ਬੁਰਾਈ ਕਰਦਾ ਜਾਂਦਾ ਹੈ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਬੁਰੇ ਕਰਮ ਕਰਨ ਵਾਲੇ ਦੀ ਵਿਚਾਰਧਾਰਾ ਹੋਰ ਵੀ ਕੱਟੜ ਹੁੰਦੀ ਜਾਂਦੀ ਹੈ। ਇਹ ਗੱਲ ਸਤਕਰਮ (ਚੰਗੇ ਕਰਮ) ਕਰਨ ਵਾਲੇ 'ਤੇ ਵੀ ਲਾਗੂ ਹੁੰਦੀ ਹੈ। ਉਹ ਆਪਣਾ ਮਨ ਵਾਤਾਵਰਨ ਦੀਆਂ ਸਾਰੀਆਂ ਸ਼ੁੱਭ ਤਰੰਗਾਂ ਲਈ ਖੋਲ੍ਹ ਦਿੰਦਾ ਹੈ। ਇਸ ਨਾਲ ਉਸ ਦੇ ਸਤਕਰਮ ਹੋਰ ਵੀ ਤਾਕਤਵਰ ਹੁੰਦੇ ਜਾਂਦੇ ਹਨ। ਅਸਲ ਵਿਚ ਦੁਸ਼ਕਰਮ ਕਰਨ ਵਾਲਾ ਡਰਪੋਕ ਕਿਸਮ ਦਾ ਵਿਅਕਤੀ ਹੁੰਦਾ ਹੈ। ਉਹ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਅਤੇ ਲੋਕਾਂ ਤੋਂ ਡਰਦਾ ਹੈ ਤੇ ਇਹ ਡਰ ਹੀ ਉਸ ਦੀ ਬੁਰਾਈ ਦਾ ਕਾਰਨ ਬਣਦਾ ਹੈ। ਇਸ ਨਾਲ ਇਕ ਤਾਂ ਉਸ ਦਾ ਮਨ ਬਾਹਰੀ ਬੁਰਾਈ/ਬੁਰੀਆਂ ਤਰੰਗਾਂ ਨੂੰ ਸੱਦਾ ਦਿੰਦਾ ਹੈ ਤੇ ਦੂਜਾ ਉਸ ਦੇ ਆਪਣੇ ਮਨ ਵਿਚ ਵੀ ਅਜਿਹੀ ਵਿਚਾਰਧਾਰਾ ਨੂੰ ਪੈਦਾ ਹੋਣ ਦਿੰਦਾ ਹੈ। ਇਸ ਦਾ ਪ੍ਰਭਾਵ ਕੇਵਲ ਉਸ 'ਤੇ ਹੀ ਨਹੀਂ, ਸਗੋਂ ਹੋਰਾਂ 'ਤੇ ਵੀ ਪੈਂਦਾ ਹੈ ਤੇ ਉਹ ਆਪਣੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੇ ਹੋਰ ਲੋਕਾਂ ਦਾ ਵੀ ਨੁਕਸਾਨ ਕਰਦਾ ਹੈ। ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਕਰਮ ਦੇ ਨਾਲ ਉਸ ਦਾ ਫਲ ਜੁੜਿਆ ਹੈ। ਕੁਦਰਤ ਦੀ ਕੋਈ ਵੀ ਸ਼ਕਤੀ ਕਿਸੇ ਵੀ ਕਰਮ ਨੂੰ ਫਲਹੀਣ ਨਹੀਂ ਕਰ ਸਕਦੀ। ਜੇ ਮੈਂ ਜਾਂ ਤੁਸੀਂ ਕੋਈ ਨੇਕ ਕਰਮ ਕਰਦੇ ਹੋ ਤਾਂ ਅਜਿਹੀ ਕੋਈ ਸ਼ਕਤੀ ਨਹੀਂ ਜੋ ਉਸ ਦਾ ਫਲ ਰੋਕੇ। ਡਰਪੋਕ ਨਹੀਂ, ਸਗੋਂ ਬਹਾਦਰ ਬਣੋ ਤੇ ਨੇਕ ਵਿਚਾਰ ਪੈਦਾ ਕਰਕੇ ਸ਼ੁੱਭ ਕਰਮ ਕਰੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 62805-75943

ਧਾਰਮਿਕ ਸਾਹਿਤ

ਯੋਧਿਆਂ ਦੀ ਧਰਤੀ ਭਦੌੜ
ਲੇਖਕ : ਮੇਜਰ ਬਸੰਤ ਕੁਮਾਰ
ਪ੍ਰਕਾਸ਼ਕ : ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਬਠਿੰਡਾ।
ਮੁੱਲ : 100 ਰੁਪਏ, ਸਫ਼ੇ 104
ਸੰਪਰਕ : 95306-95244


ਹਥਲੀ ਪੁਸਤਕ ਦਾ ਲੇਖਕ ਇਕ ਅਜਿਹਾ ਵਿਅਕਤੀ ਹੈ, ਜਿਸ ਨੇ ਆਪਣੇ ਜੀਵਨ ਦੇ ਦੌਰਾਨ ਅਨੇਕਾਂ ਦੁੱਖਾਂ-ਤਕਲੀਫਾਂ ਨੂੰ ਹੰਢਾਇਆ ਹੈ। ਉਸ ਨੇ ਲੰਮਾ ਸਮਾਂ ਅਧਿਆਪਨ ਦੇ ਕਿੱਤੇ ਨੂੰ ਜ਼ਿੰਮੇਵਾਰੀ ਨਾਲ ਨਿਭਾਇਆ ਹੈ। ਪਿੰਡ ਭਦੌੜ ਸਬੰਧੀ ਲਿਖੀ ਪੁਸਤਕ ਵਿਚ ਰਿਆਸਤ ਰਹੇ ਕਸਬਾ ਭਦੌੜ ਦੀਆਂ ਵਿਲੱਖਣ ਯਾਦਾਂ ਨੂੰ ਸੰਭਾਲਿਆ ਹੈ, ਜਿਸ ਵਿਚ ਦੇਸ਼ ਭਗਤਾਂ ਦੀਆਂ ਜੀਵਨੀਆਂ, ਰਾਜਿਆਂ-ਮਹਾਰਾਜਿਆਂ ਦੇ ਦੌਰ ਵਿਚ ਆਮ ਲੁਕਾਈ ਉੱਤੇ ਕੀਤੇ ਜ਼ੁਲਮ, ਲੋਕਾਂ ਦੀ ਹੂਕ ਵਿਚੋਂ ਉਠਦੀਆਂ ਹਕੂਮਤ-ਵਿਰੋਧੀ ਸੁਰਾਂ ਦੇ ਲਹਿਰਾਂ ਨੂੰ ਪੜ੍ਹ ਕੇ ਪਾਠਕ ਧੁਰ ਅੰਦਰ ਤੋਂ ਹਲੂਣਿਆ ਜਾਂਦਾ ਹੈ। ਮੇਜਰ ਬਸੰਤ ਕੁਮਾਰ ਨੂੰ ਇਕ ਲੇਖਕ ਦੇ ਰੂਪ ਵਿਚ ਪੇਸ਼ ਕਰਨ ਸਮੇਂ ਪੁਸਤਕ ਦੇ ਆਰੰਭ ਵਿਚ ਉੱਘੇ ਕਹਾਣੀਕਾਰ ਅਤਰਜੀਤ ਵਲੋਂ ਲਿਖੇ ਦੋ ਸ਼ਬਦਾਂ ਵਿਚ ਲੇਖਕ ਦੀ ਸੰਵੇਦਨਸ਼ੀਲਤਾ, ਸਿੱਖਿਆ ਦੇ ਖੇਤਰ ਨਾਲ ਹਿਰਦੇ ਤੋਂ ਪਿਆਰ, ਸਮਾਜਿਕ ਤੇ ਰਾਜਨੀਤਕ ਸਰੋਕਾਰਾਂ ਪ੍ਰਤੀ ਚੇਤਨਤਾ ਅਤੇ ਪ੍ਰਤੀਬਧਤਾ ਦੇ ਕਾਰਨ ਹੀ ਉਸ ਦਾ ਇਸ ਨਗਰ ਭਦੌੜ ਪ੍ਰਤੀ ਜਾਣਕਾਰੀ ਇਕੱਠੀ ਕਰਨਾ ਕਿਸੇ ਵੱਡੀ ਸੰਸਥਾ ਦੇ ਕੰਮ ਤੋਂ ਘੱਟ ਨਹੀਂ। ਭਦੌੜ ਸਾਧੂ-ਸੰਤਾਂ, ਸਾਹਿਤਕਾਰਾਂ, ਵਿਦਵਾਨਾਂ, ਬੁੱਧੀਜੀਵੀਆਂ, ਤਰਕਸ਼ੀਲਾਂ ਤੇ ਕਰਮਯੋਗੀਆਂ ਦੀ ਧਰਤੀ ਹੈ।
ਲੇਖਕ ਨੇ ਭਦੌੜ ਨਾਲ ਸਬੰਧਤ ਘਟਨਾਵਾਂ, ਥਾਵਾਂ ਤੇ ਮਹਾਨ ਸ਼ਖ਼ਸੀਅਤਾਂ, ਵੱਖ-ਵੱਖ ਸਮੇਂ ਚੱਲੀਆਂ ਲੋਕ-ਪੱਖੀ ਲਹਿਰਾਂ, ਪਰਜਾ ਮੰਡਲ ਲਹਿਰ, ਆਜ਼ਾਦ ਹਿੰਦ ਫੌਜ, ਪੈਪਸੂ ਮੁਜ਼ਾਰਾ ਲਹਿਰ, ਨਕਸਲਬਾੜੀ ਲਹਿਰ, ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਜੇਲ੍ਹ ਭਰੋ ਅੰਦੋਲਨ ਵਿਚ ਇਸ ਨਗਰ ਦਾ ਯੋਗਦਾਨ ਅਤੇ ਸ਼ਮੂਲੀਅਤ ਦਾ ਜ਼ਿਕਰ ਬੜੇ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਇਸ ਤੋਂ ਇਲਾਵਾ ਇਥੋਂ ਦੇ ਸਾਹਿਤਕਾਰਾਂ, ਤਰਕਸ਼ੀਲ ਲਹਿਰ ਦੇ ਆਗੂਆਂ, ਦੇਸ਼ ਭਗਤਾਂ, ਸਮਾਜ ਸੇਵੀਆਂ, ਸਿੱਖਿਆ ਪ੍ਰੇਮੀਆਂ ਦਾ ਵਰਨਣ ਵੀ ਵਿਸਥਾਰ ਨਾਲ ਕੀਤਾ ਹੈ। ਸਮੁੱਚੇ ਰੂਪ ਵਿਚ ਭਦੌੜ ਦੇ ਇਤਿਹਾਸ ਨੂੰ ਇਕੋ ਸਮੇਂ ਵਿਚ ਨਹੀਂ ਬਿਆਨਿਆ, ਸਗੋਂ ਬੀਤੇ ਤੇ ਅਜੋਕੇ ਸਮੇਂ ਦੇ ਨਗਰ ਵਾਸੀਆਂ ਵਲੋਂ ਆਪਣੀ ਜਨਮ ਭੂਮੀ ਪ੍ਰਤੀ ਨਿਭਾਏ ਫਰਜ਼ ਨੂੰ ਬਾਖੂਬੀ ਬਿਆਨਿਆ ਹੈ। ਲੇਖਕ ਨੂੰ ਇਕ ਝੋਰਾ ਵੀ ਹੈ ਕਿ ਇਸ ਸ਼ਹਿਰ ਨੂੰ ਅਰਜਨ ਸਿੰਘ ਵਰਗਾ ਵਿਧਾਇਕ ਮੁੜ ਕਦੇ ਵੀ ਨਸੀਬ ਨਹੀਂ ਹੋਣਾ। ਪੁਸਤਕ ਨੂੰ 47 ਭਾਗਾਂ ਵਿਚ ਵੰਡ ਕੇ ਇਕ ਸਫ਼ਲ ਲੇਖਕ ਵਜੋਂ ਆਪਣੇ ਵਿਚਾਰਾਂ ਦੀ ਲੜੀ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋਇਆ ਹੈ। ਅੰਤਲੇ ਭਾਗ ਵਿਚ ਫੂਲਕੀਆ ਵੰਸ਼ ਦਾ ਕੁਰਸੀਨਾਮਾ ਦੇ ਕੇ ਵੱਡੇ ਫਰਜ਼ ਦੀ ਪੂਰਤੀ ਵੀ ਕੀਤੀ ਹੈ। ਇਹ ਪੁਸਤਕ ਇਕ ਨਗਰ ਦਾ ਇਤਿਹਾਸ ਨਹੀਂ, ਸਗੋਂ ਪੰਜਾਬ ਦੇ ਇਤਿਹਾਸ ਦਾ ਇਕ ਸੁਨਹਿਰੀ ਚੈਪਟਰ ਕਿਹਾ ਜਾ ਸਕਦਾ ਹੈ।


-ਭ. ਸ. ਜੌਹਲ

ਸਿੱਖ ਭਾਵਨਾਵਾਂ 'ਤੇ ਕਿੰਨੀ ਕੁ ਖ਼ਰੀ ਉਤਰੀ ਹੈ ਸ਼੍ਰੋਮਣੀ ਕਮੇਟੀ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕੇਵਲ ਸਿੱਖ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹੀ ਸਰਕਾਰੀ ਦੇਖ-ਰੇਖ ਹੇਠ ਹੋਈਆਂ ਚੋਣਾਂ ਅਨੁਸਾਰ ਹੁੰਦਾ ਹੈ। ਅੰਗਰੇਜ਼ ਰਾਜ ਸਮੇਂ 1925 ਈ: ਵਿਚ ਬਣੇ ਐਕਟ ਵਿਚ ਧਰਮ ਪ੍ਰਚਾਰ ਦੀ ਕੋਈ ਵਿਵਸਥਾ ਨਹੀਂ ਸੀ। ਪੈਪਸੂ ਦੇ ਪੰਜਾਬ ਵਿਚ ਸ਼ਾਮਿਲ ਹੋਣ ਤੋਂ ਬਾਅਦ ਧਰਮ ਪ੍ਰਚਾਰ ਲਈ 15 ਫੀਸਦੀ ਬਜਟ ਵੱਖ ਰੱਖਣ ਤੇ ਧਰਮ ਪ੍ਰਚਾਰ ਕਮੇਟੀ ਦੇ ਗਠਨ ਨੂੰ ਕਾਨੂੰਨੀ ਮਾਨਤਾ ਮਿਲੀ ਹੈ। ਪਿਛਲੀ ਵਾਰ ਧਰਮ ਪ੍ਰਚਾਰ ਕਮੇਟੀ ਦਾ ਬਜਟ 76 ਕਰੋੜ ਸੀ। ਪਰ ਬਹੁਤਾ ਪੈਸਾ ਗੈਰ-ਜ਼ਰੂਰੀ ਟਰੱਸਟਾਂ, ਜਿਨ੍ਹਾਂ ਰਾਹੀਂ ਸਿੱਖ ਧਰਮ ਦੇ ਪ੍ਰਚਾਰ ਵੱਲ ਕੋਈ ਉੱਦਮ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਨੂੰ ਹੀ ਦਿੱਤਾ ਜਾ ਰਿਹਾ ਹੈ। ਪ੍ਰਚਾਰ ਦੇ ਖੇਤਰ ਵਿਚ ਸਾਲ 2012 ਵਿਚ 55 ਹੋਰ ਪ੍ਰਚਾਰਕ ਭਰਤੀ ਕਰਕੇ ਕੁੱਲ ਪ੍ਰਚਾਰਕਾਂ ਦੀ ਗਿਣਤੀ 140 ਹੋ ਗਈ ਸੀ। ਪਰ ਇਨ੍ਹਾਂ ਪ੍ਰਚਾਰਕਾਂ ਦੀ ਪਹੁੰਚ ਆਮ ਸਿੱਖ ਸੰਗਤ ਨਾਲ ਮੇਲ-ਮਿਲਾਪ ਦੇ ਰੂਪ ਵਿਚ ਕਿਧਰੇ ਨਜ਼ਰ ਨਹੀਂ ਆਉਂਦੀ, ਜਿਸ ਕਾਰਨ ਸਿੱਖ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਘੱਟ ਹੀ ਪਤਾ ਲਗਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰਫ 2 ਸਾਲਾਨਾ ਇਜਲਾਸ ਕੇਵਲ ਇਕ-ਇਕ ਦਿਨ ਲਈ ਹੀ ਪ੍ਰਧਾਨ ਤੇ ਅਹੁਦੇਦਾਰ ਚੁਣਨ ਤੇ ਬਜਟ ਪਾਸ ਕਰਨ ਲਈ ਹੁੰਦੇ ਹਨ। ਇਹ ਹੀ ਇਕ ਅਜਿਹੀ ਪਾਰਲੀਮੈਂਟ ਹੈ, ਜਿੱਥੇ ਕਦੇ ਕੋਈ ਮਤਾ ਕਿਸੇ ਮੈਂਬਰ ਵਲੋਂ ਪੇਸ਼ ਨਹੀਂ ਕੀਤਾ ਗਿਆ, ਨਾ ਚਰਚਾ ਹੋਈ ਅਤੇ ਨਾ ਹੀ ਪ੍ਰਵਾਨ ਹੋਇਆ। ਇਸ ਪਾਰਲੀਮੈਂਟ ਦਾ ਕੋਈ ਆਪਣਾ ਹਾਉੂਸ ਵੀ ਨਹੀਂ, ਜਿੱਥੇ ਲੋਕਤੰਤਰਿਕ ਢੰਗ ਨਾਲ ਸਿੱਖ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਹੋਰ ਲੋਕਤੰਤਰੀ ਵਿਧਾਨਕ ਸੰਸਥਾਵਾਂ ਵਾਂਗ ਚਰਚਾ ਹੋ ਸਕੇ, ਮਤੇ ਪਾਸ ਕਰਕੇ ਜਥੇਦਾਰ ਤਖ਼ਤ ਸਾਹਿਬਾਨ ਨੂੰ ਵਿਚਾਰ ਲਈ ਭੇਜੇ ਜਾਣ। ਇਜਲਾਸ ਵਿਚ ਪਾਸ ਕੀਤੇ ਜਾਂਦੇ ਮਤੇੇ ਕੇਵਲ ਇਕ ਪੱਖ ਵਲੋਂ ਤਿਆਰ ਹੋ ਕੇ ਪ੍ਰਵਾਨ ਕਰਵਾਏ ਜਾਂਦੇ ਹਨ, ਜਿਨ੍ਹਾਂ ਦੀਆਂ ਨਕਲਾਂ ਕਈ ਵਾਰ ਤਾਂ ਇਕ ਦਿਨ ਪਹਿਲਾਂ ਹੀ ਖੁਫੀਆ ਵਿਭਾਗ ਦੇ ਅਧਿਕਾਰੀਆਂ ਕੋਲ ਪਹੁੰਚ ਜਾਂਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਕਰਨ ਦੇ ਢੰਗ ਵਿਚ ਊਣਤਾਈਆਂ ਕਾਰਨ ਪੰਥਕ ਵਿਵਾਦ ਵਧ ਰਹੇ ਹਨ। ਤਖ਼ਤਾਂ ਦੇ ਜਥੇਦਾਰ ਜਾਂ ਸਿੰਘ ਸਾਹਿਬਾਨ ਵਲੋਂ ਆਮ ਸੰਗਤ ਨੂੰ ਭਰੋਸੇ ਵਿਚ ਲਏ ਬਿਨਾਂ ਕੀਤੇ ਫ਼ੈਸਲੇ ਵੀ ਅਸਲ ਨੀਅਤ ਤੇ ਸਾਰਥਿਕਤਾ ਬਾਰੇ ਸ਼ੱਕ ਪੈਦਾ ਕਰਦੇ ਹਨ।
ਤਖ਼ਤਾਂ ਦੇ ਜਥੇਦਾਰ, ਸਿੰਘ ਸਾਹਿਬਾਨ ਦੀ ਸੰਸਥਾ ਦੀ ਪਹੁੰਚ ਵੀ ਦੂਜੇ ਰਾਜਾਂ ਵਿਚ ਵਸਦੇ ਸਿੱਖਾਂ ਤੱਕ ਨਹੀਂ ਹੈ। ਵਿਵਾਦਾਂ ਤੇ ਆਪਸੀ ਝਗੜਿਆਂ ਦੇ ਫ਼ੈਸਲੇ ਕਰਦੇ ਉਹ ਧਾਰਮਿਕ ਆਗੂ ਦੀ ਥਾਂ ਆਪਣੇ-ਆਪ ਨੂੰ ਅਦਾਲਤੀ ਅਧਿਕਾਰੀਆਂ ਵਜੋਂ ਪੇਸ਼ ਕਰ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਭਰ ਦੇ ਸਿੱਖਾਂ ਦੀ ਰਹਿਨੁਮਾਈ ਦਾ ਦਾਅਵਾ ਕਰਦੀ ਹੈ, ਪਰ ਦੁਨੀਆ ਭਰ, ਭਾਰਤ ਦੇ ਹੋਰ ਸੂਬਿਆਂ ਵਿਚ ਵਸਦੇ ਸਿੱਖਾਂ ਨਾਲ ਮੇਲ-ਜੋਲ, ਧਰਮ ਪ੍ਰਚਾਰ, ਧਾਰਮਿਕ ਖੋਜ ਤੇ ਲਿਟਰੇਚਰ ਦੀ ਵੰਡ ਵੱਲ ਕੋਈ ਉੱਦਮ ਕਰਦੀ ਲੋਕਾਂ ਸਾਹਮਣੇ ਨਹੀਂ ਆਉਂਦੀ। ਅਜਿਹੇ ਹਾਲਾਤ ਕਾਰਨ ਹੀ ਰਾਜਸਥਾਨ ਤੇ ਜੰਮੂ-ਕਸ਼ਮੀਰ ਵਿਚ ਵਸਦੇ ਸਿੱਖ ਵੀ ਵੱਖਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਮੰਗ ਕਰਨ ਲੱਗ ਪਏ ਹਨ।
ਧਾਰਮਿਕ ਸਥਾਨਾਂ ਦੇ ਪ੍ਰਬੰਧ ਲਈ ਰਾਜਨੀਤਕ ਧੜੇਬੰਦੀ ਦੇ ਭਾਰੂ ਹੋਣ ਨਾਲ ਸਭ ਜਗ੍ਹਾ ਰਾਜਨੀਤੀ ਧਰਮ 'ਤੇ ਭਾਰੂ ਹੋ ਚੁੱਕੀ ਹੈ, ਜਿਸ ਕਾਰਨ ਧਰਮ ਦੀ ਖੋਜ ਤੇ ਪ੍ਰਚਾਰ ਵਿਚ ਖੜੋਤ ਜਾਂ ਗਿਰਾਵਟ ਆ ਰਹੀ ਹੈ। ਧਰਮ, ਏਕਤਾ, ਇਕਸੁਰਤਾ, ਵਿਸ਼ਵਾਸ, ਸ਼ਰਧਾ, ਸੇਵਾ ਤੇ ਭਾਈਚਾਰੇ ਨਾਲ ਹੀ ਮਜ਼ਬੂਤ ਹੁੰਦਾ ਹੈ। ਮਰਿਆਦਾ, ਡੇਰਾਵਾਦ ਤੇ ਹੋਰ ਵਖਰੇਵੇਂ ਇਕ-ਦੂਜੇ ਨਾਲੋਂ ਦੂਰ ਕਰਦੇ ਹਨ। ਸਿੱਖ ਧਰਮ ਦੁਨੀਆ ਦਾ ਨਵੀਨਤਮ ਧਰਮ ਹੈ, ਜੋ ਕਰਮ-ਕਾਂਡਾਂ ਤੇ ਪੁਜਾਰੀਵਾਦ ਨੂੰ ਮਾਨਤਾ ਨਹੀਂ ਦਿੰਦਾ। 'ਆਪਣਾ ਮੀਤ ਹਮ ਸਭ ਕੋ ਕੀਨਾ ਹਮ ਸਭਨਾ ਕੇ ਸਾਜਨ' ਦੇ ਹੁਕਮ ਮੰਨਣ ਵਾਲਿਆਂ ਅੰਦਰ ਜੇਕਰ ਆਪਸ ਵਿਚ ਹੀ ਏਕਤਾ ਨਾ ਰਹੇ ਤਾਂ ਇਹ ਗੰਭੀਰ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ।
ਪੰਥਕ ਸਮੱਸਿਆਵਾਂ ਲਈ ਜੇਕਰ ਕਿਸੇ ਇਕ ਸੰਸਥਾ ਨੂੰ ਜ਼ਿੰਮੇਵਾਰ ਮੰਨਿਆ ਜਾਵੇ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਹੈ। ਮਹਾਨ ਕੋਸ਼ ਵਿਚ ਇਸ ਕਮੇਟੀ ਤੋਂ ਆਸ ਕੀਤੀ ਗਈ ਸੀ, ਸ਼੍ਰੋਮਣੀ ਕਮੇਟੀ ਪੰਥ ਦੇ ਵਿਚਾਰਵਾਨ, ਸਾਰੇ ਜਥੇ ਅਤੇ ਸਿੱਖ ਸਮਾਜ ਦਿਲੋਂ ਚਾਹੁੰਦੇ ਹਨ ਕਿ ਗੁਰਦੁਆਰਿਆਂ ਦਾ ਪ੍ਰਬੰਧ ਹੋਰਨਾਂ ਲਈ ਉਦਾਹਰਨ ਰੂਪ ਹੋਵੇ। ਜਿਸ ਲਈ :
(ੳ) ਗੁਰਦੁਆਰਿਆਂ ਦੇ ਸੇਵਕ ਗੁਰਮਤਿ ਦੇ ਪੂਰੇ ਗਿਆਤਾ, ਵਿਦਵਾਨ ਅਤੇ ਸਦਾਚਾਰੀ ਹੋਣ।
(ਅ) ਜਦ ਤੱਕ ਉਦਾਸੀ, ਨਿਹੰਗ, ਨਿਰਮਲੇ, ਨਾਮਧਾਰੀ ਆਦਿ ਫਿਰਕੇ ਤੁਅਸਬ ਛੱਡ ਕੇ ਆਪਣੇ ਤਾਈਂ ਇਕ ਪਿਤਾ ਦੇ ਪੁੱਤਰ ਜਾਣ ਕੇ ਭਰਾਤਰੀ ਭਾਵ ਦਾ ਵਰਤਾਓ ਨਹੀਂ ਕਰਦੇ।
(ੲ) ਜਦੋਂ ਤੱਕ ਮਾਇਆ ਦੇ ਜਾਲ ਤੋਂ ਮੁਕਤ ਹੋ ਕੇ ਨਿਸ਼ਕਾਮ ਸੇਵਾ ਨੂੰ ਆਪਣਾ ਆਦਰਸ਼ ਨਹੀਂ ਬਣਾਉਂਦੇ, ਤਦ ਤੱਕ 'ਸੁਧਾਰ' ਅਤੇ 'ਪ੍ਰਬੰਧ' ਸ਼ਬਦ ਕੇਵਲ ਲਿਖਣ ਅਤੇ ਬੋਲਣ ਵਿਚ ਹੀ ਰਹਿਣਗੇ।
ਭਾਈ ਕਾਹਨ ਸਿੰਘ ਨਾਭਾ ਜੀ ਦੀ ਆਸ 'ਤੇ ਵੀ ਸਾਰੇ ਪੰਥ ਵਾਂਗ, ਇਹ ਸੰਸਥਾ ਪੂਰੀ ਨਹੀਂ ਉਤਰੀ।
(ਸਮਾਪਤ)

ਅੱਜ ਲਈ ਵਿਸ਼ੇਸ਼

ਸਿੱਖ ਵਿਦਵਾਨ ਪ੍ਰੋ: ਗੁਰਬਚਨ ਸਿੰਘ ਤਾਲਿਬ ਨੂੰ ਯਾਦ ਕਰਦਿਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕਰਨ ਕਰਕੇ ਸਮੁੱਚੇ ਵਿਸ਼ਵ ਵਿਚ ਸਤਿਕਾਰ ਪ੍ਰਾਪਤ ਕਰਨ ਵਾਲੇ ਪ੍ਰਸਿੱਧ ਸਿੱਖ ਚਿੰਤਕ ਤੇ ਉੱਘੇ ਵਿਦਵਾਨ ਸਨ ਪ੍ਰੋ: ਗੁਰਬਚਨ ਸਿੰਘ ਤਾਲਿਬ। ਇਸੇ ਅਨੁਵਾਦ ਸਦਕਾ ਹੀ ਸਮੁੱਚੇ ਸੰਸਾਰ ਵਿਚ ਗੁਰਮਤਿ ਪ੍ਰਚਾਰ ਕਰਕੇ ਉਨ੍ਹਾਂ ਦੀ ਅੰਤਰਰਾਸ਼ਟਰੀ ਪੱਧਰ 'ਤੇ ਸਾਰੇ ਧਰਮਾਂ ਦੇ ਵਿਦਵਾਨਾਂ ਵਿਚੋਂ ਸਿੱਖ ਧਰਮ ਦੇ ਵਿਦਵਾਨ ਵਜੋਂ ਜਾਣ-ਪਛਾਣ ਬਣੀ। ਪ੍ਰੋ: ਗੁਰਬਚਨ ਸਿੰਘ ਦਾ ਜਨਮ ਜੀਂਦ ਰਿਆਸਤ ਦੇ ਮੂਣਕ ਕਸਬੇ ਵਿਚ ਸ: ਕਰਤਾਰ ਸਿੰਘ ਦੇ ਘਰ ਮਾਤਾ ਜੈ ਕੌਰ ਦੀ ਕੁੱਖ ਤੋਂ 7 ਅਪ੍ਰੈਲ, 1911 ਈ: ਵਿਚ ਹੋਇਆ। ਪ੍ਰੋ: ਤਾਲਿਬ ਨੇ 1927 ਈ: ਵਿਚ ਸਟੇਟ ਹਾਈ ਸਕੂਲ, ਸੰਗਰੂਰ ਵਿਚੋਂ ਵਜ਼ੀਫੇ ਸਹਿਤ ਦਸਵੀਂ ਪਾਸ ਕੀਤੀ, ਜਿਥੇ ਇਨ੍ਹਾਂ ਦੇ ਪਿਤਾ ਜੀ ਰਿਆਸਤ ਵਿਚ ਸਰਕਾਰੀ ਨੌਕਰੀ ਕਰਦੇ ਸਨ। ਇਸ ਤੋਂ ਪਿੱਛੋਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ 1933 ਈ: ਵਿਚ ਪੰਜਾਬ ਯੂਨੀਵਰਸਿਟੀ ਤੋਂ ਪਹਿਲੇ ਸਥਾਨ 'ਤੇ ਰਹਿ ਕੇ ਐਮ. ਏ. ਅੰਗਰੇਜ਼ੀ ਪਾਸ ਕੀਤੀ। ਇਸ ਕਾਲਜ ਵਿਚ ਅੰਗਰੇਜ਼ੀ ਦੇ ਲੈਕਚਰਾਰ ਲੱਗ ਕੇ ਵਿਦਵਤਾ ਦੇ ਪੱਖ ਤੋਂ ਖੂਬ ਨਾਮਣਾ ਖੱਟਿਆ।
1940 ਈ: ਵਿਚ ਪ੍ਰੋ: ਤਾਲਿਬ ਨੇ ਖਾਲਸਾ ਕਾਲਜ ਛੱਡ ਕੇ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਅੰਗਰੇਜ਼ੀ ਲੈਕਚਰਾਰ ਵਜੋਂ ਸੇਵਾ ਸ਼ੁਰੂ ਕੀਤੀ। 1969 ਤੋਂ 1973 ਈ: ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਗੁਰੂ ਨਾਨਕ ਚੇਅਰ ਵਿਚ ਸਿੱਖ ਧਰਮ ਦੇ ਅਧਿਐਨ ਦੇ ਪ੍ਰੋਫੈਸਰ ਰਹੇ। ਕੁਝ ਸਮੇਂ ਲਈ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਗੁਰੂ ਨਾਨਕ ਚੇਅਰ ਲਈ ਵੀ ਫਰਜ਼ ਨਿਭਾਏ। 1976 ਈ: ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਰੇਜ਼ੀ ਅਨੁਵਾਦ ਦਾ ਕਾਰਜ ਸ਼ੁਰੂ ਕੀਤਾ। 1985 ਈ: ਵਿਚ ਭਾਰਤ ਸਰਕਾਰ ਵਜੋਂ ਪਦਮ ਭੂਸ਼ਣ ਦਾ ਸਨਮਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਇੰਡੀਅਨ ਕੌਂਸਲ ਆਫ ਹਿਸਟੋਰੀਅਲ ਰਿਸਰਚ, ਨਵੀਂ ਦਿੱਲੀ ਵੱਲੋਂ ਰਾਸ਼ਟਰੀ ਫੈਲੋਸ਼ਿਪ ਪ੍ਰਾਪਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਨੁਵਾਦ ਕਰਕੇ ਚਾਰ ਭਾਗਾਂ ਵਿਚ ਇਸ ਕਾਰਜ ਨੂੰ ਸੰਪੂਰਨ ਕੀਤਾ।
ਸਮੁੱਚੇ ਵਿਸ਼ਵ ਵਿਚ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੀ ਇਹ ਮਹਾਨ ਸ਼ਖ਼ਸੀਅਤ 9 ਅਪ੍ਰੈਲ, 1986 ਨੂੰ ਪਟਿਆਲੇ ਸ਼ਹਿਰ ਵਿਚ ਹੀ ਦਿਲ ਦਾ ਦੌਰਾ ਪੈਣ ਕਰਕੇ ਆਪਣੇ ਅਨੇਕਾਂ ਸਨੇਹੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ।


bhagwansinghjohal@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX