ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  about 2 hours ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  about 2 hours ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 2 hours ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 3 hours ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 3 hours ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 3 hours ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 3 hours ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 4 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 3 hours ago
ਹੋਰ ਖ਼ਬਰਾਂ..

ਖੇਡ ਜਗਤ

ਫ਼ੈਸਲਾਕੁੰਨ ਗੇੜ ਵਿਚ ਪਹੁੰਚਿਆ ਫੁੱਟਬਾਲ ਦਾ ਸੀਜ਼ਨ

ਕਲੱਬ ਫੁੱਟਬਾਲ ਦਾ ਮੌਜੂਦਾ ਸੀਜ਼ਨ ਯਾਨੀ 2018/19 ਇਸ ਵੇਲੇ ਆਪਣੇ ਫੈਸਲਾਕੁਨ ਗੇੜ ਵਿਚ ਪਹੁੰਚ ਚੁੱਕਾ ਹੈ ਭਾਵ ਆਉਂਦੇ ਕੁਝ ਕੁ ਦਿਨਾਂ ਤੱਕ ਸੀਜ਼ਨ ਦੇ ਖਿਤਾਬ ਜੇਤੂਆਂ ਦਾ ਪਤਾ ਲੱਗ ਜਾਵੇਗਾ। ਸਾਡੇ ਭਾਰਤ ਦੇਸ਼ ਵਿਚ ਭਾਵੇਂ ਸੀਜ਼ਨ ਮੁੱਕ ਗਿਆ ਹੈ ਪਰ ਦੁਨੀਆ ਦੀਆਂ ਪ੍ਰਮੁੱਖ ਲੀਗਾਂ ਵਿਚ ਹੁਣ ਮੁਕਾਬਲੇ ਫੈਸਲਾਕੁਨ ਗੇੜ ਵਿਚ ਪਹੁੰਚ ਗਏ ਹਨ, ਜਿੱਥੇ ਇਕ-ਇਕ ਅੰਕ ਕਰੋੜਾਂ ਵਰਗਾ ਮਹਿਸੂਸ ਹੁੰਦਾ ਹੈ। ਆਓ ਵੇਖਦੇ ਹਾਂ ਕਿ ਦੁਨੀਆ ਦੀਆਂ ਸਭ ਤੋਂ ਚਰਚਿਤ ਅਤੇ ਮਸ਼ਹੂਰ ਲੀਗਾਂ ਵਿਚ ਇਸ ਫੈਸਲਾਕੁਨ ਅਤੇ ਦਿਲਚਸਪ ਵੇਲੇ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ। ਸਪੇਨ ਦੀ ਫੁੱਟਬਾਲ ਲੀਗ-'ਸਪੈਨਿਸ਼ ਲਾ ਲੀਗਾ' ਵਿਚ ਹੁਣ ਅਖੀਰਲੇ ਗੇੜ ਤੱਕ ਬਾਰਸੀਲੋਨਾ ਨੇ ਦਬਦਬਾ ਬਣਾਉਂਦੇ ਹੋਏ ਅੰਕ ਸੂਚੀ ਵਿਚ ਚੋਟੀ ਦੇ ਸਥਾਨ ਉੱਤੇ ਅੱਠ ਅੰਕਾਂ ਦੀ ਅਗੇਤ ਬਣਾਈ ਹੋਈ ਹੈ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹੀ ਅਗੇਤ ਬਾਰਸੀਲੋਨਾ ਕਲੱਬ ਨੂੰ ਸਪੇਨ ਦੇ ਖਿਤਾਬ ਤੱਕ ਲੈ ਜਾਵੇਗੀ। ਇਕੋ ਸਾਲ ਵਿਚ ਤਿੰਨ ਕੋਚ ਬਦਲਣ ਮਗਰੋਂ ਹੁਣ ਆਪਣੇ ਸਾਬਕਾ ਮੈਨੇਜਰ ਜ਼ੀਨੇਡੀਨ ਜ਼ੀਡਾਨ ਨੂੰ ਵਾਪਸ ਬੁਲਾਉਣ ਉੱਤੇ ਮਜਬੂਰ ਹੋਏ ਰਿਆਲ ਮੈਡ੍ਰਿਡ ਨੂੰ ਬਾਰਸੀਲੋਨਾ ਮਗਰੋਂ ਦੂਜਾ ਸਥਾਨ ਵੀ ਹਾਸਲ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਦੋਵਾਂ ਟੀਮਾਂ ਦਰਮਿਆਨ ਐਟਲੈਟਿਕੋ ਮੈਡ੍ਰਿਡ ਕਲੱਬ ਦੂਜੇ ਸਥਾਨ ਉੱਤੇ ਕਾਬਜ਼ ਹੈ। ਇਟਲੀ ਦੀ 'ਇਟਾਲੀਅਨ ਲੀਗ' ਵਿਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲੀਗ ਖਿਤਾਬ ਜਿੱਤਣ ਵਾਲੀ ਜੁਵੈਂਟਸ ਦੀ ਟੀਮ ਐਤਕੀਂ ਵੀ ਖ਼ਿਤਾਬ ਲਗਪਗ ਜਿੱਤ ਹੀ ਚੁੱਕੀ ਹੈ, ਜਦਕਿ ਬੜੇ ਲੰਮੇ ਅਰਸੇ ਬਾਅਦ ਇਟਲੀ ਵਿਚ ਦੋ ਰਵਾਇਤੀ ਟੀਮਾਂ ਇੰਟਰ ਮਿਲਾਨ ਅਤੇ ਏ.ਸੀ. ਮਿਲਾਨ ਐਤਕੀਂ ਚੋਟੀ ਦੇ ਚਾਰ ਸਥਾਨਾਂ ਵਿਚ ਆ ਰਹੇ ਲਗਦੇ ਹਨ।
ਜਰਮਨੀ ਦੀ ਰਾਸ਼ਟਰੀ ਲੀਗ ਵਿਚ ਉਥੋਂ ਦੇ ਸਭ ਤੋਂ ਵੱਡੇ ਕਲੱਬ ਮੌਜੂਦਾ ਜੇਤੂ ਅਤੇ ਤਜਰਬੇਕਾਰ ਖਿਡਾਰੀਆਂ ਦੀ ਟੀਮ ਬਾਇਰਨ ਮਿਊਨਿਖ ਦੀ ਨੌਜਵਾਨ ਖਿਡਾਰੀਆਂ ਵਾਲੀ ਬਰੂਸ਼ਿਆ ਡਾਰਟਮੰਡ ਕਲੱਬ ਟੀਮ ਨਾਲ ਖਿਤਾਬ ਲਈ ਫਸਵੀਂ ਟੱਕਰ ਚੱਲ ਰਹੀ ਹੈ ਅਤੇ ਅੰਤਿਮ ਮੁਕਾਬਲਾ ਵੀ ਫਸਵਾਂ ਹੀ ਹੋਵੇਗਾ। ਜਰਮਨੀ ਦੇ ਗੁਆਂਢੀ ਦੇਸ਼ ਹਾਲੈਂਡ ਦੀ 'ਡੱਚ ਲੀਗ' ਵਿਚ ਵੀ ਠੀਕ ਇਸੇ ਤਰ੍ਹਾਂ, ਇਤਿਹਾਸਕ ਕਲੱਬ ਆਈਜੈਕਸ ਦਾ ਪੀ.ਐੱਸ.ਵੀ. ਆਈਂਡਹੋਵਨ ਵਰਗੀ ਮਜ਼ਬੂਤ ਟੀਮ ਨਾਲ ਮੁਕਾਬਲਾ ਨੱਕੋ-ਨੱਕ ਚੱਲ ਰਿਹਾ ਹੈ ਅਤੇ ਦੋਵਾਂ ਵਿਚੋਂ ਕੋਈ ਵੀ ਖਿਤਾਬ ਜਿੱਤ ਸਕਦਾ ਹੈ। ਫਰਾਂਸ ਦੀ ਲੀਗ ਵਿਚ ਜੇਤੂ ਦਾ ਫੈਸਲਾ ਹੋ ਗਿਆ ਹੈ, ਜਿਥੇ ਮੌਜੂਦਾ ਜੇਤੂ ਪੀ.ਐੱਸ.ਜੀ. ਦੀ ਟੀਮ ਨੇ 20 ਅੰਕਾਂ ਦੀ ਅਗੇਤ ਨਾਲ ਅਜੇਤੂ ਦਬਦਬਾ ਕਾਇਮ ਰੱਖਿਆ ਹੈ। ਦੁਨੀਆ ਦੀ ਸਭ ਤੋਂ ਆਕਰਸ਼ਕ ਫੁੱਟਬਾਲ ਲੀਗ, ਇੰਗਲੈਂਡ ਦੀ 'ਪ੍ਰੀਮੀਅਰ ਲੀਗ' ਦੇ ਖ਼ਿਤਾਬ ਲਈ ਅੰਕ ਸੂਚੀ ਵਿਚ ਪੈੱਪ ਗੁਆਰਡੀਓਲਾ ਦੀ ਮੌਜੂਦਾ ਜੇਤੂ ਟੀਮ ਮੈਨਚੈਸਟਰ ਸਿਟੀ ਨੂੰ ਲਿਵਰਪੂਲ ਕੋਲੋਂ ਜ਼ਬਰਦਸਤ ਟੱਕਰ ਮਿਲ ਰਹੀ ਹੈ ਪਰ ਮੌਜੂਦਾ ਜੇਤੂ ਹੋਣ ਕਰਕੇ ਅਤੇ ਖਿਡਾਰੀਆਂ ਦੀ ਜ਼ਿਆਦਾ ਸੰਖਿਆ ਕਰਕੇ ਮੈਨਚੈਸਟਰ ਸਿਟੀ ਦਾ ਪੱਲੜਾ ਥੋੜ੍ਹਾ ਭਾਰਾ ਲੱਗ ਰਿਹਾ ਹੈ। ਫਿਰ ਵੀ ਫੈਸਲਾਕੁਨ ਗੇੜ ਵਿਚ ਹੁਣ ਖਿਤਾਬ ਲਈ ਦੋਵਾਂ ਟੀਮਾਂ ਦੀ ਟੱਕਰ ਕਾਫੀ ਦਿਲਚਸਪ ਸਾਬਤ ਹੋ ਰਹੀ ਹੈ। ਇਸ ਤੋਂ ਇਲਾਵਾ ਇਸ ਲੀਗ ਦੇ ਪਹਿਲੇ ਚਾਰ ਵੱਕਾਰੀ ਸਥਾਨਾਂ ਵਿਚ ਆਉਣ ਲਈ ਉਪਰੋਕਤ ਦੋਵਾਂ ਟੀਮਾਂ ਤੋਂ ਬਾਅਦ ਚੈਲਸੀ, ਟੌਟਨਹਮ ਹੌਟਸਪਰ, ਆਰਸਨਲ ਅਤੇ ਮੈਨਚੈਸਟਰ ਯੂਨਾਈਟਡ ਦੀ ਕਸ਼ਮਕਸ਼ ਵੀ ਬੇਹੱਦ ਦਿਲਚਸਪ ਬਣੀ ਹੋਈ ਹੈ, ਕਿਉਂਕਿ ਇਨ੍ਹਾਂ ਸਾਰੀਆਂ ਟੀਮਾਂ ਵਿਚੋਂ ਹਾਲੇ ਤੱਕ ਸਪੱਸ਼ਟ ਅਗੇਤ ਕਿਸੇ ਦੀ ਨਹੀਂ ਬਣ ਰਹੀ ਭਾਵ ਮੁਕਾਬਲਾ ਗਹਿਗੱਚ ਹੈ।
ਕਲੱਬ ਫੁੱਟਬਾਲ ਦੇ ਸਭ ਤੋਂ ਵੱਡੇ ਖਿਤਾਬ ਯੂਏਫਾ ਚੈਂਪੀਅਨਜ਼ ਲੀਗ ਦੇ ਕੁਆਰਟਰਫ਼ਾਈਨਲ ਗੇੜ ਵਿਚ ਬਾਰਸੀਲੋਨਾ, ਜੁਵੈਂਟਸ, ਮੈਨਚੈਸਟਰ ਸਿਟੀ, ਟੌਟਨਹਮ ਹੌਟਸਪਰ, ਐਫ.ਸੀ. ਪੋਰਟੋ, ਆਈਜੈਕਸ, ਲਿਵਰਪੂਲ ਅਤੇ ਮੈਨਚੈਸਟਰ ਯੂਨਾਈਟਡ ਵਰਗੇ ਚੋਟੀ ਦੇ ਕਲੱਬਾਂ ਦਾ ਭੇੜ ਹੋਣ ਲਈ ਤਿਆਰ ਹੈ। ਖਿਡਾਰੀਆਂ ਦੀ ਜੇਕਰ ਗੱਲ ਹੋਵੇ ਤਾਂ ਬਾਰਸੀਲੋਨਾ ਦੇ ਲਿਓਨਲ ਮੈਸੀ, ਜੁਵੈਂਟਸ ਦੇ ਕ੍ਰਿਸਟਿਆਨੋ ਰੋਨਾਲਡੋ ਅਤੇ ਟੌਟਨਹਮ ਹੌਟਸਪਰ ਦੇ ਹੈਰੀ ਕੇਨ ਆਪੋ-ਆਪਣੀ ਟੀਮ ਲਈ ਫੈਸਲਾਕੁਨ ਗੇੜ ਦੇ ਪ੍ਰਮੁੱਖ ਕਾਰਕ ਸਾਬਤ ਹੋਣਗੇ। ਇਹ ਸੀ ਮੌਜੂਦਾ ਫੁੱਟਬਾਲ ਸੀਜ਼ਨ ਦੀ ਤਾਜ਼ਾ-ਤਰੀਨ ਸਥਿਤੀ ਜਦਕਿ ਰੋਮਾਂਚ ਦਾ ਅਸਲ ਨਜ਼ਾਰਾ ਹੁਣ ਸੀਜ਼ਨ ਦੇ ਅਖੀਰਲੇ ਦਿਨਾਂ ਯਾਨੀ ਆਉਂਦੇ ਦਿਨਾਂ ਵਿਚ ਵੀ ਬਾਖ਼ੂਬੀ ਵਿਖੇਗਾ, ਜਿਸ ਉੱਪਰ ਸਾਰੇ ਫੁੱਟਬਾਲ ਪ੍ਰਸੰਸਕਾਂ ਦੀ ਨਜ਼ਰ ਟਿਕੀ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023


ਖ਼ਬਰ ਸ਼ੇਅਰ ਕਰੋ

ਕੀ ਭਾਰਤ ਤੀਜੀ ਵਾਰ ਕ੍ਰਿਕਟ ਵਿਸ਼ਵ ਕੱਪ ਜਿੱਤ ਸਕਦਾ ਹੈ?

ਆਈ. ਸੀ. ਸੀ. ਵਿਸ਼ਵ-2019 ਦਾ ਪੁੱਠੀ ਗਿਣਤੀ ਸ਼ੁਰੂ ਹੋਏ ਵੀ ਇਕ ਚੌਥਾਈ ਦਿਨ ਲੰਘ ਚੁੱਕੇ ਹਨ। 30 ਮਈ, 2019 ਤੋਂ ਸ਼ੁਰੂ ਹੋ ਕੇ 14 ਜੁਲਾਈ 2019 ਤੱਕ ਖੇਡਿਆ ਜਾਣ ਵਾਲਾ ਇਸ ਵਾਰ ਦਾ ਕ੍ਰਿਕਟ ਵਿਸ਼ਵ ਕੱਪ ਇੰਗਲੈਂਡ ਅਤੇ ਵੈਲਸ ਵਿਚ ਹੋਵੇਗਾ। ਜੇਕਰ ਇਕ ਮਹੀਨਾ ਪਹਿਲਾਂ ਕ੍ਰਿਕਟ ਦੀ ਦੁਨੀਆ ਦੇ ਕਿਸੇ ਵੀ ਕੋਨੇ ਵਿਚ, ਕਿਸੇ ਕ੍ਰਿਕਟ ਜਾਣਕਾਰ ਤੋਂ ਸਵਾਲ ਕੀਤਾ ਜਾਂਦਾ ਹੈ ਕਿ ਕੀ ਭਾਰਤ ਤੀਜੀ ਵਾਰ ਵਿਸ਼ਵ ਕੱਪ ਜਿੱਤ ਲਵੇਗਾ? ਤਾਂ ਜਵਾਬ ਦੇਣ ਵਾਲੇ ਨੂੰ 'ਹਾਂ' ਕਹਿਣ ਲਈ ਬਹੁਤ ਸੋਚਣਾ ਨਹੀਂ ਪੈਂਦਾ। ਪਰ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਆਖਰੀ ਲੜੀ ਭਾਰਤ ਜਿਸ ਤਰ੍ਹਾਂ ਨਾਲ ਆਸਟ੍ਰੇਲੀਆ ਹੱਥੋਂ ਹਾਰਿਆ ਹੈ, ਉਸ ਤੋਂ ਬਾਅਦ ਹੁਣ ਭਾਰਤ ਦੇ ਕੱਟੜ ਸਮਰੱਥਕਾਂ ਨੂੰ ਵੀ ਇਕ ਵਾਰ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ, ਕੀ ਵਾਕਈ ਭਾਰਤ ਸਾਲ 2019 ਵਿਚ ਤੀਜੀ ਵਾਰ ਵਿਸ਼ਵ ਕੱਪ ਜਿੱਤ ਸਕੇਗਾ?
ਵਰਣਨਯੋਗ ਹੈ ਕਿ ਅਸੀਂ 1983 ਵਿਚ ਪਹਿਲੀ ਵਾਰ ਇੰਗਲੈਂਡ ਵਿਚ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ ਦੂਜੀ ਵਾਰ ਸਾਲ 2011 ਵਿਚ ਆਪਣੇ ਹੀ ਦੇਸ਼ ਵਿਚ ਇਸ ਨੂੰ ਜਿੱਤਿਆ। ਇਕ ਵਾਰ ਦੱਖਣੀ ਅਫ਼ਰੀਕਾ ਵਿਚ ਵੀ ਅਸੀਂ ਫਾਈਨਲ ਤੱਕ ਪਹੁੰਚੇ ਸੀ, ਪਰ ਅਖੀਰ ਫਾਈਨਲ ਵਿਚ ਆਸਟ੍ਰੇਲੀਆ ਹੱਥੋਂ ਹਾਰ ਗਏ ਸੀ। ਪਿਛਲੇ ਦੋ ਸਾਲਾਂ ਤੋਂ ਭਾਰਤੀ ਟੀਮ ਨੇ ਜਿਸ ਤਰ੍ਹਾਂ ਦੁਨੀਆ ਦੇ ਹਰ ਕੋਨੇ ਵਿਚ ਧਮਾਕੇਦਾਰ ਪੇਸ਼ਕਾਰੀ ਕੀਤੀ, ਉਸ ਦੇ ਚੱਲਦਿਆਂ ਹਾਲੇ ਇਕ ਮਹੀਨੇ ਪਹਿਲਾਂ ਤੱਕ ਇਹੀ ਮੰਨਿਆ ਜਾ ਰਿਹਾ ਸੀ ਕਿ ਇਸ ਵਿਸ਼ਵ ਕੱਪ ਦੇ ਦੋ ਵੱਡੇ ਦਾਅਵੇਦਾਰ ਹਨ ਇਕ ਭਾਰਤ ਅਤੇ ਦੂਜਾ ਇੰਗਲੈਂਡ। ਕਿਹਾ ਜਾ ਰਿਹਾ ਸੀ ਕਿ ਭਾਰਤ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਦੀ ਤਾਕਤ ਰੱਖਦਾ ਹੈ ਤਾਂ ਇੰਗਲੈਂਡ ਨੂੰ ਹਾਲੇ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਣਾ ਹੈ।
ਪਰ ਜਿਸ ਤਰ੍ਹਾਂ ਨਾਲ ਆਸਟ੍ਰੇਲੀਆ ਦੇ ਹੱਥੋਂ ਅਖੀਰ ਭਾਰਤ ਨੇ ਆਪਣੀ ਆਖ਼ਿਰੀ ਲੜੀ 3 ਦੇ ਮੁਕਾਬਲੇ 2 ਮੈਚ ਜਿੱਤ ਕੇ ਗਵਾਈ ਹੈ, ਉਸ ਤੋਂ ਬਾਅਦ ਹਰ ਕਿਸੇ ਨੂੰ ਲੱਗਣ ਲੱਗਿਆ ਹੈ ਕਿ ਕੀ ਇਸ ਤਰ੍ਹਾਂ ਨਾਲ ਭਾਰਤ ਦੇ ਕੋਲ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਦੀ ਤਾਕਤ ਹੈ?
ਆਈ. ਪੀ. ਐਲ. ਨੇ ਇਕ ਹੋਰ ਪੱਧਰ 'ਤੇ ਭਾਰਤ ਲਈ ਸੰਕਟ ਖੜ੍ਹਾ ਕੀਤਾ ਹੈ, ਖਿਡਾਰੀ ਵਿਸ਼ਵ ਕੱਪ ਲਈ ਰਵਾਨਾ ਹੋਣ ਤੋਂ ਪਹਿਲਾਂ ਆਈ. ਪੀ. ਐਲ. ਵਿਚ ਖੇਡ ਰਹੇ ਹੋਣਗੇ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ 20 ਓਵਰ ਦਾ ਇਹ ਤਾਕਤਵਰ ਖੇਡ ਕਿਸ ਹੱਦ ਤੱਕ ਖਿਡਾਰੀਆਂ ਦੀ ਤਾਕਤ ਅਤੇ ਸ਼ਕਤੀ ਸੋਕ ਲੈਂਦਾ ਹੈ। ਇਸ ਤਰ੍ਹਾਂ ਖੇਡ ਕੇ ਥੱਕੇ ਖਿਡਾਰੀ ਕੀ ਵਿਸ਼ਵ ਕੱਪ ਦੀ ਟਰਾਫੀ ਚੁੱਕ ਸਕਣਗੇ? ਇਹ ਵੀ ਇਕ ਵੱਡਾ ਸਵਾਲ ਬਣ ਗਿਆ ਹੈ। ਹੋਲੀ ਤੋਂ ਤੁਰੰਤ ਬਾਅਦ ਭਾਵ 23 ਮਾਰਚ, 2019 ਤੋਂ ਆਈ. ਪੀ. ਐਲ. ਦੇ ਮੈਚ ਸ਼ੁਰੂ ਹੋ ਚੁੱਕੇ ਹਨ। ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਵਿਸ਼ਵ ਕੱਪ ਸਿਰ 'ਤੇ ਦੇਖਦੇ ਹੋਏ ਸ਼ਾਇਦ ਆਈ. ਸੀ. ਸੀ., ਬੀ. ਸੀ. ਸੀ. ਆਈ ਤੋਂ ਵਿਸ਼ਵ ਕੱਪ ਦੇ ਠੀਕ ਪਹਿਲਾਂ ਆਈ. ਪੀ. ਐਲ. ਦੇ ਪ੍ਰੋਗਰਾਮ ਵਿਚ ਫੇਰਦਲ ਕਰਨ ਦਾ ਸੁਝਾਅ ਦੇ ਦਿੱਤਾ ਜਾਂ ਫਿਰ ਬੀ. ਸੀ. ਆਈ. ਖ਼ੁਦ ਇਸ ਤਰ੍ਹਾਂ ਦੀਆਂ ਸਥਿਤੀਆਂ ਤੋਂ ਖ਼ੁਦ ਸਮਝ ਲਵੇ। ਪਰ ਹੁਣ ਖੇਡ ਸਿਰਫ ਖੇਡ ਨਹੀਂ ਹੁੰਦੀ, ਉਨ੍ਹਾਂ ਪਿੱਛੇ ਅਣਗਿਣਤ ਦਾਅ-ਪੇਚ ਅਤੇ ਭਾਰੀ ਪੈਸਾ ਵੀ ਜੁੜਿਆ ਹੋਇਆ ਹੈ, ਇਸ ਵਜ੍ਹਾ ਨਾਲ ਕਿਸੇ ਟੂਰਨਾਮੈਂਟ ਦਾ ਰੱਦ ਹੋਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਫਿਰ ਆਈ. ਪੀ. ਐਲ. ਤਾਂ ਉਂਜ ਵੀ ਦੁਨੀਆ ਦੇ ਸਭ ਤੋਂ ਜ਼ਿਆਦਾ ਕਮਾਊ ਟੂਰਨਾਮੈਂਟਾਂ ਵਿਚੋਂ ਇਕ ਹੈ। ਇਸ ਲਈ ਇਸ ਦਾ ਰੱਦ ਹੋਣਾ ਤਾਂ ਸੰਭਵ ਨਹੀਂ ਸੀ।
ਇਸ ਤਰ੍ਹਾਂ ਹੁਣ ਸਾਨੂੰ ਸਾਰੇ ਕਿੰਤੂ-ਪ੍ਰੰਤੂ ਨੂੰ ਛੱਡ ਕੇ ਇਸ ਗੱਲ 'ਤੇ ਧਿਆਨ ਦੇਣਾ ਹੋਵੇਗਾ ਕਿ ਕਿਵੇਂ ਇਕ ਵਾਰ ਫਿਰ ਵਿਸ਼ਵ ਕੱਪ ਜਿੱਤ ਜਾਈਏ? ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਵਿਸ਼ਵ ਕੱਪ ਵਿਚ ਮੁੱਖ ਤੌਰ 'ਤੇ ਦੋ ਵਾਰ ਜੇਤੂ ਭਾਰਤ ਅਤੇ ਹੁਣ ਆਪਣੀ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਿਹਾ ਇੰਗਲੈਂਡ ਵਿਸ਼ਵ ਕੱਪ ਦੇ ਸਭ ਤੋਂ ਵੱਡੇ ਦਾਅਵੇਦਾਰ ਹੋਣਗੇ। ਪਰ ਜਿਸ ਤਰ੍ਹਾਂ ਭਾਰਤ ਦੇ ਨਾਲ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਆਪਣੀ ਆਖਰੀ ਇਕ ਦਿਨਾ ਲੜੀ ਵਿਚ 4 ਵਾਰ ਦੇ ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਨੇ ਪੂਰੀ ਤਾਕਤ ਨਾਲ ਵਾਪਸੀ ਕੀਤੀ ਹੈ, ਉਸ ਤੋਂ ਨਹੀਂ ਲਗਦਾ ਕਿ ਇਸ ਵਾਰ ਦੀਆਂ ਗਰਮੀਆਂ ਵਿਚ ਵਿਸ਼ਵ ਕੱਪ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਸੌਖਾ ਹੋਣ ਵਾਲਾ ਹੈ।
ਭਾਰਤੀ ਟੀਮ ਦੀ ਆਖਰੀ ਸਮੇਂ ਵਿਚ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਦੀ ਪੁਰਾਣੀ ਖਾਮੀ ਉੱਭਰ ਕੇ ਸਾਹਮਣੇ ਆਈ, ਉਸ ਤੋਂ ਜੋ ਟੀਮ ਦੋ ਸਾਲ ਪਹਿਲਾਂ ਤੇਂਦੁਲਕਰ ਅਤੇ ਗਵਾਸਕਰ ਦੇ ਜ਼ਮਾਨੇ ਦੀ ਟੀਮ ਤੋਂ ਅੱਗੇ ਨਿਕਲ ਆਈ ਸੀ (ਜਦੋਂ ਕੋਈ ਇਕ ਖਿਡਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਂਦਾ ਸੀ), ਹੁਣ ਫਿਰ ਤੋਂ ਪੁਰਾਣੇ ਦੌਰ ਵਿਚ ਵਾਪਸ ਆਉਂਦੀ ਦਿਸ ਰਹੀ ਹੈ, ਜਿਸ ਕਾਰਨ ਵਿਰਾਟ ਕੋਹਲੀ 'ਤੇ ਜਿੱਤ ਦਾ ਬਹੁਤ ਜ਼ਿਆਦਾ ਭਾਰ ਟਿਕਿਆ ਹੈ। ਪਿਛਲੇ ਕੁਝ ਮਹੀਨਿਆਂ ਵਿਚ ਜਿਸ ਤਰ੍ਹਾਂ ਸਾਡੀ ਟੀਮ ਵਿਰਾਟ ਕੋਹਲੀ ਅਤੇ ਧੋਨੀ ਦੀ ਕਾਰਗੁਜ਼ਾਰੀ 'ਤੇ ਨਿਰਭਰ ਹੁੰਦੀ ਦਿਸਣ ਲੱਗੀ ਹੈ, ਉਸ ਤੋਂ ਡਰ ਲੱਗਣ ਲੱਗਿਆ ਹੈ ਕਿ ਵਿਸ਼ਵ ਕੱਪ ਵਿਚ ਜੇਕਰ ਇਹੀ ਹਾਲ ਰਿਹਾ ਤਾਂ ਜਿੱਤਣਾ ਤਾਂ ਦੂਰ ਕੀ ਅਸੀਂ ਸੈਮੀਫਾਈਨਲ ਤੱਕ ਵੀ ਪਹੁੰਚ ਸਕਾਂਗੇ?

ਮਲੇਸ਼ੀਆ ਬੈਡਮਿੰਟਨ ਓਪਨ ਦਾ ਲੇਖਾ-ਜੋਖਾ

ਕੁਆਟਰ ਫ਼ਾਈਨਲ ਵਿਚ ਭਾਰਤ ਦੀ ਚੁਣੌਤੀ ਖ਼ਤਮ

ਮਿਤੀ 7 ਅਪ੍ਰੈਲ ਨੂੰ ਖਤਮ ਹੋਏ ਮਲੇਸ਼ੀਆ ਬੈਡਮਿੰਟਨ ਓਪਨ ਵਿਚ ਚੀਨ ਨੇ ਸੱਚਮੁੱਚ ਚੀਨ ਦੀ ਦੀਵਾਰ ਬਣ ਕੇ 5 ਵੰਨਗੀਆਂ ਵਿਚੋਂ 4 'ਤੇ ਕਬਜ਼ਾ ਕਰਕੇ ਸਾਰੇ ਸੰਸਾਰ ਨੂੰ ਦਿਖਾ ਦਿੱਤਾ ਹੈ ਕਿ ਉਹ ਸੰਸਾਰ ਵਿਚ ਦੁਬਾਰਾ ਸਰਬੋਤਮ ਇਸ ਖੇਡ ਵਿਚ ਤਾਕਤ ਬਣਨ ਜਾ ਰਿਹਾ ਹੈ। ਮਾਹਿਰਾਂ ਦਾ ਇਹ ਕਹਿਣਾ ਹੈ ਕਿ ਚੀਨ ਦੀਆਂ ਨਜ਼ਰਾਂ ਅਗਲੇ ਸਾਲ ਹੋਣ ਵਾਲੀਆਂ ਉਲੰਪਿਕ 'ਤੇ ਹਨ। ਭਾਰਤ ਦੀ ਚੁਣੌਤੀ ਕੁਆਟਰ ਫਾਈਨਲ ਤੱਕ ਹੀ ਸੀਮਤ ਰਹੀ।
ਖੇਡ ਮਾਹਿਰਾਂ ਅਨੁਸਾਰ ਬੈਡਮਿੰਟਨ ਦੀ ਖੇਡ ਸਾਰੇ ਸੰਸਾਰ ਵਿਚ ਦਿਨੋ-ਦਿਨ ਵਧੇਰੇ ਵਿਕਸਤ ਹੋ ਰਹੀ ਹੈ। ਇਹ ਹੀ ਕਾਰਨ ਹੈ ਕਿ ਕਈ ਵਾਰੀ ਇਕ ਟੂਰਨਾਮੈਂਟ ਖਤਮ ਹੁੰਦਾ ਹੈ ਤੇ ਅਗਲੇ ਦਿਨ ਦੂਸਰਾ ਸ਼ੁਰੂ ਹੋ ਜਾਂਦਾ ਹੈ। ਕੁਝ ਦਿਨ ਹੋਏ, ਆਲ ਇੰਗਲੈਂਡ ਸਮਾਪਤ ਹੋਇਆ ਤੇ ਨਾਲ ਹੀ ਆਲ ਓਪਨ ਇੰਡੀਆ ਓਪਨ ਸ਼ੁਰੂ ਹੋ ਗਿਆ, ਇਸ ਦੀ ਸਮਾਪਤੀ ਤੋਂ ਬਾਅਦ ਹੀ ਮਲੇਸ਼ੀਆ ਓਪਨ ਟੂਰਨਾਮੈਂਟ ਆਰੰਭ ਹੋ ਗਿਆ।
ਜਦੋਂ ਵੀ ਇਹ ਮੈਚ ਹੁੰਦੇ ਹਨ ਤਾਂ ਸਭ ਦੀਆਂ ਨਜ਼ਰਾਂ ਵਿਸ਼ੇਸ਼ ਕਰਕੇ ਭਾਰਤ ਦੀ ਸਾਡੀ ਵਿਸ਼ਵ ਦੀ ਕਦੇ ਨੰਬਰ ਇਕ ਰਹਿ ਚੁੱਕੀ ਖਿਡਾਰਨ ਸਾਇਨਾ ਨੇਹਵਾਲ 'ਤੇ ਰਹਿੰਦੀਆਂ ਹਨ, ਇਸ ਤਰ੍ਹਾਂ ਹੀ ਸਾਡੀ ਹੋਣਹਾਰ ਤੇ ਉਲੰਪਿਕ ਵਿਚ ਪਹਿਲਾ ਚਾਂਦੀ ਦਾ ਤਗਮਾ ਲੈਣ ਵਾਲੀ ਤੇ ਹੁਣ ਈ.ਐਸ.ਪੀ.ਐਨ. 2018 ਦੀ ਸਭ ਤੋਂ ਉੱਤਮ ਖਿਡਾਰਨ ਬਣਨ ਵਾਲੀ ਪੀ.ਵੀ. ਸਿੰਧੂ ਦੀ ਖੇਡ ਵੀ ਦਰਸ਼ਕਾਂ ਦੀ ਖਿੱਚ ਦਾ ਕਾਰਨ ਬਣਦੀ ਹੈ।
ਇਸ ਤਰ੍ਹਾਂ ਹੀ ਪੁਰਸ਼ ਵਰਗ ਵਿਚ ਕੇਦਾਂਬੀ ਸ਼੍ਰੀ ਕਾਂਤ 'ਤੇ ਨਜ਼ਰਾਂ ਟਿਕੀਆਂ ਹੁੰਦੀਆਂ ਹਨ ਕਿ ਉਸ ਦੀ ਪੇਸ਼ਕਾਰੀ ਕਿਸ ਪ੍ਰਕਾਰ ਦੀ ਰਹੀ ਹੈ। ਅਜਿਹਾ ਨਹੀਂ ਕਿ ਲੋਕ ਕੇਵਲ ਭਾਰਤੀ ਖਿਡਾਰੀਆਂ ਨੂੰ ਹੀ ਦੇਖਦੇ ਹਨ, ਸਗੋਂ ਸਪੇਨ ਦੀ ਕਾਰੋਲੀਨਾ, ਜਾਪਾਨ ਦੀ ਯਾਮਾ ਗੁਚੀ ਤੇ ਇਸ ਤਰ੍ਹਾਂ ਜਾਪਾਨ ਦਾ ਮੋਂਮਟੋ, ਚੀਨ ਦੀ ਮਜ਼ਬੂਤ ਦੀਵਾਰ ਬਣੇ ਚਿਨ ਲੇਨ ਤੇ ਚੇਨ ਲੋਂਗ ਤੇ ਡੈਨਮਾਰਕ ਦਾ ਸੇਨ ਵਿਸ਼ੇਸ਼ ਤੌਰ 'ਤੇ ਸਾਡੇ ਧਿਆਨ ਦਾ ਕਾਰਨ ਬਣਦੇ ਹਨ।
ਇਸ ਪ੍ਰਸੰਗ ਵਿਚ ਦੱਸਣਾਯੋਗ ਹੋਵੇਗਾ ਕਿ ਇਸ ਸਮੇਂ ਥਾਈਲੈਂਡ, ਇੰਡੋਨੇਸ਼ੀਆ, ਮਲੇਸ਼ੀਆ ਦੇ ਖਿਡਾਰੀ ਸੰਸਾਰ ਵਿਚ ਛਾਏ ਹੋਏ ਹਨ ਤੇ ਭਾਰਤ ਦੇ ਖਿਡਾਰੀ ਇਨ੍ਹਾਂ ਵਿਚੋਂ ਇਕ ਹਨ। ਇਸ ਵੇਲੇ ਕੋਈ ਦੇਸ਼ ਇਸ ਗੱਲ ਦਾ ਅਭਿਮਾਨ ਨਹੀਂ ਕਰ ਸਕਦਾ ਕਿ ਉਸ ਦੀ ਇਸ ਖੇਡ ਵਿਚ ਇਜ਼ਾਰੇਦਾਰੀ ਹੈ। ਮਲੇਸ਼ੀਆ ਓਪਨ ਵਿਚ ਜਦੋਂ ਇਹ ਟੂਰਨਾਮੈਂਟ ਆਰੰਭ ਹੋਇਆ ਤਾਂ ਪਹਿਲੇ ਦੌਰ ਵਿਚ ਪੀ. ਵੀ. ਸਿੰਧੂ ਤੇ ਕਿਂਦਾਬੀ ਨੇ ਅਗਲੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਪੀ.ਵੀ. ਸਿੰਧੂ ਨੇ ਇਕ ਪਾਸੜ ਬਣੇ ਮੈਚ ਵਿਚ ਮਹਿਜ਼ 38 ਮਿੰਟਾਂ ਵਿਚ ਜਾਪਾਨ ਨੂੰ ਸਿੱਧੇ ਸੈੱਟਾਂ ਵਿਚ 22-20 ਤੇ 21-12 ਵਿਚ ਹਰਾ ਦਿੱਤਾ। ਇਸੇ ਤਰ੍ਹਾਂ ਸ੍ਰੀ ਕਾਂਤ ਨੇ ਜੋ ਕੇਵਲ ਦੋ ਦਿਨ ਪਹਿਲਾਂ ਇੰਡੀਅਨ ਓਪਨ ਵਿਚ ਹਾਰ ਦਾ ਮੂੰਹ ਦੇਖਿਆ ਸੀ, ਉਸ ਨੇ ਫਿਰ ਖੇਡ ਵਿਚ ਵਾਪਸੀ ਕੀਤੀ ਤੇ ਮੁਸਤਫਾ ਨੂੰ 21-18, 21-16 ਨਾਲ ਹਰਾ ਦਿੱਤਾ।
ਭਾਰਤ ਦਾ ਸਭ ਤੋਂ ਮੁਸ਼ਕਿਲ ਤੇ ਸਖ਼ਤ ਮੁਕਾਬਲਾ ਸ੍ਰੀ ਕਾਂਤ ਦਾ ਕੁਆਟਰ ਫਾਈਨਲ ਵਿਚ ਚੀਨ ਦੇ ਚੇਨ ਲੌਗ ਨਾਲ ਸੀ, ਜੋ ਕਿਸੇ ਸਮੇਂ ਦਾ ਵਿਸ਼ਵ ਚੈਂਪੀਅਨ ਤੇ ਉਲੰਪਕ ਜੇਤੂ ਰਿਹਾ ਹੈ। ਮਾਹਿਰਾਂ ਦਾ ਇਹ ਕਹਿਣਾ ਹੈ ਕਿ ਚਾਹੇ ਇਹ ਮੁਕਾਬਲਾ ਸ੍ਰੀ ਕਾਂਤ ਸਿੱਧੇ ਸੈੱਟਾਂ ਵਿਚ ਹਾਰ ਗਿਆ ਪਰ ਇਹ ਮੁਕਾਬਲਾ ਬਹੁਤ ਸੰਘਰਸ਼ਮਈ ਕਿਹਾ ਜਾ ਸਕਦਾ ਹੈ।
ਜੇਕਰ ਅਸੀਂ ਇਸ ਯਾਦਗਾਰੀ ਮੈਚ ਦਾ ਸਿਲਸਲੇਵਾਰ ਜ਼ਿਕਰ ਕਰੀਏ ਤਾਂ ਪਤਾ ਚਲਦਾ ਹੈ ਕਿ ਇਕ ਵਕਤ ਸ਼੍ਰੀ ਕਾਂਤ ਨੇ ਮੈਚ ਦੇ ਆਰੰਭ ਵਿਚ ਹੀ 11-6 ਨਾਲ ਅਗੇਤ ਲੈ ਲਈ ਸੀ ਤੇ ਇਵੇਂ ਇਕ ਸਮੇਂ ਇਹ ਜਾਪਣ ਲੱਗ ਪਿਆ ਸੀ ਕਿ ਮੈਚ ਭਾਰਤ ਦੀ ਝੋਲੀ ਵਿਚ ਜ਼ਰੂਰ ਪਵੇਗਾ।
ਪਰ ਇਸ ਸਮੇਂ ਚੇਨ ਨੇ ਆਪਣੇ ਅਨੁਭਵ ਤੋਂ ਕੰਮ ਲਿਆ ਤੇ ਸ੍ਰੀ ਕਾਂਤ ਦੀਆਂ ਗਲਤੀਆਂ ਦਾ ਭਰਪੂਰ ਲਾਭ ਲਿਆ। ਕੁਝ ਸਮੇਂ ਤੱਕ ਸਕੋਰ ਬਰਾਬਰ ਚਲਦਾ ਰਿਹਾ ਪਰ ਅੱਗੇ ਚੀਨ ਦੀ ਦੀਵਾਰ ਬਣੇ ਚੇਨ ਨੇ ਪਹਿਲੀ ਗੇਮ ਸ਼੍ਰੀ ਕਾਂਤ ਤੋਂ 21-18 ਨਾਲ ਖੋਹ ਲਈ। ਦੂਸਰੀ ਗੇਮ ਵਿਚ ਵੀ ਇਹ ਇਤਿਹਾਸ ਦੁਹਰਾਇਆ ਗਿਆ।
ਦੋਵੇਂ ਖਿਡਾਰੀ ਇਕ-ਦੂਜੇ ਨਾਲ ਬਰਾਬਰ ਦੀ ਟੱਕਰ ਦੇ ਰਹੇ ਸਨ ਤੇ ਇਵੇਂ ਜਾਪਣ ਲੱਗ ਪਿਆ ਸੀ ਕਿ ਮੈਚ ਤੀਜੀ ਗੇਮ ਵਿਚ ਚਲਾ ਜਾਵੇਗਾ। ਪਰ ਇੱਥੇ ਭਾਰਤ ਆਪਣੀ ਰਵਾਇਤੀ ਗਲਤੀ ਮਾਨਸਿਕ ਦਬਾਓ ਦਾ ਸ਼ਿਕਾਰ ਹੋ ਗਿਆ ਤੇ ਭਾਰਤ ਸੰਘਰਸ਼ਮਈ ਖੇਡ ਖੇਡਣ ਦੇ ਬਾਵਜੂਦ ਹਾਰ ਗਿਆ। ਇਸ ਵੰਨਗੀ ਵਿਚ ਸੋਨੇ ਤੇ ਚਾਂਦੀ ਦੇ ਦੋਵੇਂ ਤਗਮੇ ਚੀਨ ਦੇ ਲਿਨ ਡੇਨ ਤੇ ਚੇਨ ਲੋਂਗ ਦੇ ਨਾਂਅ ਰਹੇ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ।
ਮੋਬਾ: 98152-55295

ਚੋਣਾਂ 'ਚ ਖੇਡਾਂ ਵੀ ਇਕ ਚੋਣ ਮੁੱਦਾ ਬਣਨ

...ਹੁਣ ਭਾਰਤ ਵਿਚ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਜ਼ੋਰਾਂ 'ਤੇ ਹਨ। ਚੋਣ ਮੈਦਾਨ 'ਚ ਉਤਰੇ ਉਮੀਦਵਾਰ ਅਵਾਮ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਰਹੇ ਹਨ, ਆਪੋ-ਆਪਣੇ ਇਲਾਕਿਆਂ ਦੀ ਤਰੱਕੀ ਅਤੇ ਵਿਕਾਸ ਦੇ ਨਾਂਅ 'ਤੇ। ਪਰ ਇਕ ਗੱਲ ਜੋ ਬਹੁਤ ਹੀ ਹੈਰਾਨੀਜਨਕ ਹੈ, ਉਹ ਇਹ ਹੈ ਕਿ ਕਿਸੇ ਵੀ ਰਾਜਨੀਤਕ ਪਾਰਟੀ ਦਾ ਕੋਈ ਉਮੀਦਵਾਰ ਉਸ ਇਲਾਕੇ ਦੇ ਖੇਡਾਂ ਪੱਖੋਂ ਵਿਕਾਸ ਨੂੰ ਲੈ ਕੇ ਗੰਭੀਰ ਨਹੀਂ ਦਿਸ ਰਿਹਾ। ਇਹ ਨਹੀਂ ਕਿ ਆਪਣੇ ਇਲਾਕੇ ਦੀਆਂ ਖੇਡ ਜ਼ਰੂਰਤਾਂ ਨੂੰ ਉਹ ਜਾਣਦਾ ਨਹੀਂ, ਇਲਾਕੇ ਦੇ ਖੇਡਾਂ ਪੱਖੋਂ ਪਛੜੇਪਣ ਦੇ ਕਾਰਨਾਂ ਤੋਂ ਉਹ ਬੇਖ਼ਬਰ ਹੈ ਪਰ ਇਸ ਸਭ ਕਾਸੇ ਬਾਰੇ ਭਰਪੂਰ ਵਾਕਫੀਅਤ ਹੋਣ ਦੇ ਬਾਵਜੂਦ ਉਸ ਦੇ ਚੋਣ ਪ੍ਰਚਾਰ 'ਚ ਇਲਾਕੇ ਦੇ ਖੇਡ ਵਿਕਾਸ ਨੂੰ ਲੈ ਕੇ ਕੋਈ ਮੁੱਦਾ ਨਹੀਂ ਉੱਠ ਰਿਹਾ। ਖੇਡਾਂ ਪੱਖੋਂ ਵਿਕਾਸ ਨੂੰ ਲੈ ਕੇ ਉਦਾਸੀਨਤਾ ਦੇ ਆਲਮ ਦੀ ਇਸ ਦੇਸ਼ ਵਿਚ ਇਹ ਕਹਾਣੀ ਦਹਾਕਿਆਂ ਦੀ ਦੁਹਰਾਈ ਜਾ ਰਹੀ ਹੈ। ਨਹੀਂ ਬਦਲੀ ਇਹ ਗਾਥਾ, ਚੋਣਾਂ ਚਾਹੇ ਵਿਧਾਨ ਸਭਾ ਦੀਆਂ ਹੋਣ, ਚਾਹੇ ਲੋਕ ਸਭਾ ਦੀਆਂ ਜਾਂ ਕਿਸੇ ਹੋਰ ਛੋਟੇ ਪੱਧਰ ਦੀਆਂ। ਰਾਜਨੀਤਕ ਲੋਕ, ਰਾਜਨੀਤੀ ਦੇ ਖਿਡਾਰੀ, ਰਾਜਨੀਤੀ ਦੀ ਖੇਡ 'ਚ ਖੇਡਾਂ ਵਾਲਾ ਇਹ ਅਹਿਮ ਖੇਤਰ ਅਕਸਰ ਜਾਣਬੁੱਝ ਕੇ ਭੁੱਲਦੇ ਦੇਖੇ ਗਏ ਹਨ। ਸਾਨੂੰ ਸਮਝ ਨਹੀਂ ਆਉਂਦੀ ਕਿ ਚੋਣ ਪ੍ਰਚਾਰ 'ਚ ਵੀ ਖੇਡ ਵਿਕਾਸ ਦਾ ਪ੍ਰਹੇਜ਼ ਕਿਉਂ?
ਪਰ ਇਹ ਸਭ ਕੁਝ ਆਖਰ ਕਦ ਤੱਕ ਚਲਦਾ ਰਹੇਗਾ? ਜੇ ਸਾਡੇ ਮਨਾਂ 'ਚ ਖੇਡ ਸੰਸਾਰ ਨਾਲ ਥੋੜ੍ਹੀ-ਬਹੁਤੀ ਵੀ ਸਾਂਝ ਹੈ ਤਾਂ ਸਾਨੂੰ ਬਦਲਣਾ ਹੋਵੇਗਾ, ਖੇਡਾਂ ਪ੍ਰਤੀ ਲਾਪ੍ਰਵਾਹੀ ਦਾ ਇਹ ਰੁਝਾਨ। ਹੁਣ ਮੌਕਾ ਹੈ ਖੇਡ ਜਗਤ ਨਾਲ ਜੁੜੀਆਂ ਸਾਰੀਆਂ ਹਸਤੀਆਂ ਲਈ, ਖੇਡ ਪ੍ਰੇਮੀਆਂ ਵਾਸਤੇ ਅਤੇ ਆਮ ਜਨਤਾ ਲਈ ਕਿ ਰਾਜਨੀਤਕ ਪਾਰਟੀਆਂ ਨੂੰ ਖੇਡਾਂ ਨੂੰ ਆਮ ਜਨਤਾ ਲਈ ਚੋਣ ਮੁੱਦਾ ਬਣਾਉਣ ਲਈ ਮਜਬੂਰ ਕਰਨ। ਇਹ ਹਕੀਕਤ ਹੈ ਕਿ ਜਦੋਂ ਤੱਕ ਖੇਡਾਂ ਜਨਤਕ ਤੌਰ 'ਤੇ ਖੇਡ ਮੁੱਦਾ ਨਹੀਂ ਬਣਦੀਆਂ, ਉਦੋਂ ਤੱਕ ਭਾਰਤੀ ਖੇਡ ਜਗਤ ਦਾ ਮਿਆਰ ਉੱਚਾ ਨਹੀਂ ਹੋ ਸਕਦਾ।
ਖੇਡਾਂ ਪੱਖੋਂ ਬਹੁਤ ਮਹਾਨ ਦਾ, ਜੋ ਮਿਆਰ ਹੈ, ਉਹ ਕਿਸੇ ਕੋਲੋਂ ਛੁਪਿਆ ਹੋਇਆ ਨਹੀਂ ਪਰ ਇਸ ਦੇ ਮੁਕਾਬਲੇ ਚੀਨ, ਰੂਸ, ਅਮਰੀਕਾ, ਆਸਟ੍ਰੇਲੀਆ ਆਦਿ ਦੇਸ਼ ਜਿਨ੍ਹਾਂ ਦੀ ਖੇਡ ਦੇ ਖੇਤਰ ਵਿਚ ਸਰਦਾਰੀ ਹੈ, ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵਾਂਗ ਜੇ ਦੇਸ਼ ਵਿਚ ਖੇਡ ਕ੍ਰਾਂਤੀ ਲਿਆਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀਆਂ ਹਨ। ਆਪਣੇ ਬਜਟ ਦਾ ਵੱਡਾ ਹਿੱਸਾ ਉਹ ਖੇਡਾਂ ਦੇ ਵਿਕਾਸ ਲਈ ਰੱਖਦੀਆਂ ਹਨ। ਸਾਡੇ ਸੰਭਾਵਿਤ ਰਾਜਨੀਤਕ ਆਗੂਆਂ ਨੂੰ ਵੀ ਹੁਣ ਤੋਂ ਇਸ ਪੱਖੋਂ ਸੁਚੇਤ ਤੇ ਗੰਭੀਰ ਹੋਣ ਦੀ ਲੋੜ ਹੈ। ਕੇਂਦਰ ਵਿਚ ਬਣਨ ਵਾਲੀ ਸਰਕਾਰ ਹੀ ਰਾਜ ਸਰਕਾਰਾਂ ਲਈ ਪ੍ਰੇਰਨਾ ਸਰੋਤ ਬਣ ਸਕਦੀ ਹੈ। ਸਾਨੂੰ ਤਾਂ ਇੰਜ ਲਗਦਾ ਆ ਰਿਹਾ ਕਿ ਖੇਡਾਂ ਸਾਡੀ ਕੇਂਦਰ ਤੇ ਰਾਜ ਸਰਕਾਰ 'ਤੇ ਹਮੇਸ਼ਾ ਇਹ ਬੋਝ ਜਾਂ ਭਾਰ ਦੀ ਤਰ੍ਹਾਂ ਹਨ, ਜਿਨ੍ਹਾਂ ਦੇ ਵਿਕਾਸ ਲਈ ਨਾ ਤਾਂ ਚੋਣ ਪ੍ਰਚਾਰ 'ਚ ਹੀ ਕੋਈ ਮੁੱਦਾ ਉਠਾਉਣ ਲਈ ਰਾਜ਼ੀ ਹੈ, ਨਾ ਹੋਂਦ 'ਚ ਆਈ ਸਰਕਾਰ ਹੀ ਇਨ੍ਹਾਂ ਪ੍ਰਤੀ ਕੋਈ ਬਹੁਤੀ ਗੰਭੀਰ ਨਜ਼ਰ ਆਉਂਦੀ ਹੈ। ਇੰਜ ਜਿਵੇਂ ਖੇਡ ਖੇਤਰ ਕੌਮ ਦੇ ਪ੍ਰਾਥਮਿਕ ਹਿਤਾਂ 'ਚ ਸ਼ੁਮਾਰ ਕਰਨ ਦਾ ਰਿਵਾਜ ਹੀ ਨਹੀਂ ਸਾਡੇ ਦੇਸ਼ ਵਿਚ। ਕਦੇ 'ਸੋਨੇ ਦੀ ਚਿੜੀ' ਕਹਾਉਣ ਵਾਲੇ ਇਸ ਦੇਸ਼ ਦੀ ਫਿਜ਼ਾ 'ਚ ਇਹੀ ਆਵਾਜ਼ ਜਿਵੇਂ ਆਉਂਦੀ ਹੈ ਕਿ ਉਲੰਪਿਕ ਤਗਮਿਆਂ ਜਾਂ ਵਿਸ਼ਵ ਕੱਪ ਜਿੱਤਣ ਨਾਲ ਨਾ ਦੇਸ਼ ਦੀ ਗਰੀਬੀ ਦੂਰ ਹੋਣੀ ਹੈ, ਨਾ ਲੋਕਾਂ ਦਾ ਢਿੱਡ ਭਰਨਾ ਹੈ। ਇਸ ਲਈ ਜ਼ਿਆਦਾ ਖੇਡ ਮੈਦਾਨ ਬਣਾਉਣ ਨਾਲ ਜਾਂ ਖੇਡ ਜ਼ਰੂਰਤਾਂ 'ਤੇ ਪੈਸਾ ਖਰਚ ਕਰਨ ਨਾਲ ਸਾਰਥਿਕ ਕੀਮਤੀ ਨਤੀਜੇ ਸਾਹਮਣੇ ਨਹੀਂ ਆਉਣੇ, ਆਮ ਲੋਕਾਂ ਦੇ ਹਿਤ ਜਿਨ੍ਹਾਂ ਨਾਲ ਜੁੜੇ ਹੋਣ। ਨਰੋਈ ਸਿਹਤ, ਸਿਹਤਮੰਦ ਸਮਾਜ, ਤੰਦਰੁਸਤ ਸਰੀਰ ਤੇ ਤੰਦਰੁਸਤ ਦਿਮਾਗ ਅਤੇ ਕਈ ਤਰ੍ਹਾਂ ਦੇ ਨਸ਼ਿਆਂ ਤੋਂ ਦੂਰੀ ਖੇਡਾਂ ਅਤੇ ਖੇਡ ਮੈਦਾਨਾਂ ਦੀ ਬਦੌਲਤ ਹੀ ਤਾਂ ਹੁੰਦੀ ਹੈ। ਅਸੀਂ ਇਹ ਭੁੱਲ ਜਾਂਦੇ ਹਾਂ। ਇਹ ਗੱਲ ਸਾਡੇ ਮਨ ਵਿਚ ਨਹੀਂ ਆਉਂਦੀ ਕਿ ਖੇਡਾਂ ਦੀ ਬਦੌਲਤ ਸਾਡੇ ਦੇਸ਼ ਵਿਚ ਹਰ ਖੇਤਰ ਵਿਚ ਸਿਹਤਮੰਦ ਹੁਨਰ ਮਿਲੇਗਾ, ਜਿਸ ਨਾਲ ਸਾਡੇ ਦੇਸ਼ ਅਤੇ ਸਮਾਜ ਦਾ ਵਿਕਾਸ ਹਰ ਪੱਖੋਂ, ਹਰ ਖੇਤਰ ਵਿਚ ਹੋਰ ਤੇਜ਼ ਗਤੀ ਨਾਲ ਹੋਵੇਗਾ। ਇਸ ਦੇ ਨਾਲ-ਨਾਲ ਕੌਮਾਂਤਰੀ ਖੇਡ ਪੱਧਰ 'ਤੇ ਵੀ ਸਾਡੇ ਦੇਸ਼ ਨੂੰ ਹੋਰ ਇੱਜ਼ਤ ਤੇ ਮਾਣ ਨਾਲ ਜਾਣਿਆ ਜਾਵੇਗਾ।
ਇਸ ਪੱਖੋਂ ਜਦੋਂ ਅਸੀਂ ਭਾਰਤੀ ਖੇਡ ਜਗਤ ਦਾ ਸੁਨਹਿਰੀ ਭਵਿੱਖ 'ਚ ਨਾਂਅ ਲਿਖਵਾਉਣ ਵਾਲੀਆਂ ਕੁਝ ਖੇਡ ਹਸਤੀਆਂ ਨਾਲ ਸੰਪਰਕ ਕੀਤਾ ਤਾਂ ਉਹ ਰਾਜਨੀਤਕ ਲੀਡਰਾਂ ਦੇ ਖੇਡਾਂ ਪ੍ਰਤੀ ਲਾਪ੍ਰਵਾਹੀ ਵਾਲੇ ਰਵੱਈਏ ਤੋਂ ਬਹੁਤ ਨਾਰਾਜ਼ ਨਜ਼ਰ ਆਏ। ਉਨ੍ਹਾਂ ਸੰਭਾਵਿਤ ਰਾਜ ਨੇਤਾਵਾਂ ਨੂੰ ਖੇਡਾਂ ਪ੍ਰਤੀ ਵੀ ਸੰਜੀਦਾ ਹੋਣ ਦਾ ਸੁਝਾਅ ਦਿੱਤਾ। ਹਕੀਕਤ ਇਹ ਹੈ ਕਿ ਪੰਜਾਬ ਵਿਚ ਹੀ ਨਹੀਂ, ਸਗੋਂ ਅੱਜ ਲੋੜ ਹੈ ਕਿ ਵੱਖ-ਵੱਖ ਰਾਜਾਂ ਦਾ ਖਿਡਾਰੀ ਵਰਗ ਰਾਜ ਭਰ ਵਿਚ ਛੋਟੇ-ਛੋਟੇ ਯੂਨਿਟ ਬਣਾ ਕੇ ਇਕ ਸਾਂਝੇ ਮੰਚ ਹੇਠ ਜੁੜੇ, ਇਕੱਠਾ ਹੋਵੇ ਤਾਂ ਕਿ ਉਹ ਖੇਡਾਂ ਦੇ ਖੇਤਰ ਵਿਚ ਹੋ ਰਹੀਆਂ ਨਾਇਨਸਾਫੀਆਂ, ਬੇਪ੍ਰਵਾਹੀਆਂ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਸਕੇ। ਰਾਜਨੀਤਕ ਲੀਡਰਾਂ ਨੂੰ ਪੁੱਛੇ ਕਿ ਉਹ ਕਿਉਂ ਖੇਡ ਖੇਤਰ ਦੀ ਅਣਦੇਖੀ ਕਰ ਰਹੇ ਹਨ? ਤਾਂ ਕਿ ਸੰਭਾਵਿਤ ਰਾਜਨੀਤਕ ਨੇਤਾ ਖੇਡ ਖੇਤਰ ਨੂੰ ਗੰਭੀਰਤਾ ਨਾਲ ਲੈਣ। ਸਾਡਾ ਵਿਚਾਰ ਹੈ ਕਿ ਇਨ੍ਹਾਂ ਚੋਣਾਂ ਤੋਂ ਪਹਿਲਾਂ ਜੇ ਖਿਡਾਰੀ ਵਰਗ ਵਲੋਂ ਆਪੋ-ਆਪਣੇ ਇਲਾਕਿਆਂ ਦੇ ਉਮੀਦਵਾਰਾਂ 'ਤੇ ਕੋਈ ਇਸ ਪੱਖੋਂ ਦਬਾਅ ਪਵੇਗਾ ਤਾਂ ਹੀ ਭਵਿੱਖ ਵਿਚ ਖੇਡਾਂ ਦੀ ਮਾੜੀ ਹਾਲਤ 'ਤੇ ਸੰਸਦ ਵਿਚ ਚਰਚਾ ਵੀ ਛਿੜੇਗੀ ਤੇ ਇਲਾਕਿਆਂ ਦਾ ਵਿਕਾਸ ਵੀ ਹੋਵੇਗਾ। ਸਾਨੂੰ ਅਫਸੋਸ ਹੈ ਕਿ ਕੁਝ ਲੋਕ ਖੇਡਾਂ ਦੇ ਬਲ 'ਤੇ ਹੀ ਰਾਜਨੀਤੀ 'ਚ ਪ੍ਰਵੇਸ਼ ਕਰਦੇ ਹਨ ਪਰ ਪਿੱਛੋਂ ਇਸੇ ਖੇਤਰ ਨਾਲ ਆਪਣੀ ਵਚਨਬੱਧਤਾ ਭੁੱਲ ਜਾਂਦੇ ਹਨ, ਇਹ ਬਹੁਤ ਹੀ ਨਿੰਦਣਯੋਗ ਹੈ। ਆਓ! ਖੇਡ ਜਗਤ ਨਾਲ ਸਾਂਝ ਰੱਖਣ ਵਾਲੇ ਅਸੀਂ ਸਾਰੇ ਆਪੋ-ਆਪਣੇ ਯਤਨਾਂ ਨਾਲ, ਆਪੋ-ਆਪਣੇ ਇਲਾਕਿਆਂ ਵਿਚ ਇਕ ਅਜਿਹੀ ਖੇਡ ਮੁਹਿੰਮ ਚਲਾਈਏ ਕਿ ਲੋਕ ਸਭਾ ਚੋਣਾਂ ਵਿਚ ਖੇਡਾਂ ਵੀ ਇਕ ਚੋਣ ਮੁੱਦਾ ਬਣਨ। ਰਾਜਨੀਤਕ ਲੀਡਰਾਂ ਅਤੇ ਚੋਣ ਮੈਦਾਨ ਵਿਚ ਉਤਰੇ ਉਮੀਦਵਾਰ ਖਿਡਾਰੀ ਵਰਗ ਦੀ ਸ਼ਕਤੀ ਨੂੰ ਪਹਿਚਾਨਣ ਕਿ ਇਹ ਵੀ ਵਕਤ ਆਉਣ 'ਤੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨਾ ਜਾਣਦੇ ਹਨ। ਖੇਡ ਪ੍ਰੇਮੀਓ! ਕੀ ਤੁਸੀਂ ਸਭ ਤਿਆਰ ਹੋ?


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਕਬੱਡੀ ਦਾ ਦੇਵਪੁਰਸ਼ ਦੇਬਾ ਭੰਡਾਲ

ਦੇਬੇ ਦਾ ਜਨਮ ਸੰਨ 1968 ਦੇ ਅਖੀਰਲੇ ਦਿਨ ਭਾਵ ਦਸੰਬਰ ਮਹੀਨੇ ਦੀ 31 ਤਰੀਕ ਨੂੰ ਪਿਤਾ ਮਲਕੀਅਤ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਪਿੰਡ ਭੰਡਾਲ ਦੋਨਾ, ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ। ਉਸ ਦਾ ਦਾਦਾ ਪਿੰਡ ਦਾ ਲੰਬੜਦਾਰ ਸੀ। ਦਾਦੀ ਪੁੰਨਾ ਨੇ ਪੁੰਨ ਹੀ ਕੀਤੇ ਹੋਣਗੇ, ਜੋ ਉਸ ਨੇ ਪੰਜ ਪੋਤਿਆਂ ਨੂੰ ਗੋਦ ਖਿਡਾਇਆ। ਜਿਵੇਂ ਮਹਾਂਭਾਰਤ ਵਿਚ ਪੰਜ ਪਾਂਡਵ ਬਹਾਦਰ, ਦਲੇਰ ਤੇ ਮੋਹ ਪਿਆਰ ਵਾਲੇ ਸਨ, ਉਵੇਂ ਦੇਬੇ ਹੁਰੀਂ ਵੀ ਪੰਜੇ ਭਰਾ ਮਾਂ-ਖੇਡ ਕਬੱਡੀ ਦੇ ਸੂਰਮੇ ਤੇ ਸਰਵਣ ਪੁੱਤਰ ਸਨ। ਵੱਡੇ ਭਾਈ ਸੁਖਵਿੰਦਰ ਸਿੰਘ ਦੀ ਗੱਲ ਕਰਦਿਆਂ ਅੱਜ ਵੀ ਅੱਖਾਂ ਨਮ ਕਰ ਲੈਂਦਾ ਹੈ। ਆਖਰ ਉਹਦੇ ਪਾਏ ਪੂਰਨਿਆਂ 'ਤੇ ਹੀ ਤਾਂ ਅੱਖਾਂ ਮੀਟ ਕੇ ਤੁਰ ਪਿਆ ਸੀ ਤੇ ਕਬੱਡੀ ਦੇ ਰਾਹੇ ਪੈ ਗਿਆ ਸੀ।
ਦੇਬਾ ਕਬੱਡੀ ਦੇ ਸ਼ਾਹ ਰਾਹ 'ਤੇ ਸਿੱਧਾ ਨਹੀਂ ਚੜ੍ਹਿਆ, ਸਗੋਂ ਉਸ ਨੂੰ ਡੰਡੀਆਂ, ਪਗਡੰਡੀਆਂ ਉੱਤੇ ਲੰਮਾ ਪੈਂਦਾ ਤੁਰਨਾ ਪਿਆ ਹੈ। ਉਹ ਛੇਵੀਂ ਵਿਚ ਪੜ੍ਹਦਾ ਸੀ, ਜਦੋਂ 30 ਕਿਲੋ ਭਾਰ ਵਰਗ ਵਿਚ ਖੇਡਣ ਲੱਗ ਪਿਆ। 30 ਕਿਲੋ ਭਾਰ ਤੋਂ ਬਾਅਦ 35 ਤੇ ਫਿਰ 40 ਵਿਚ ਖੇਡ-ਖੇਡ ਉਸ ਨੇ ਕਬੱਡੀ ਦੇ ਮਹੱਲ ਦੀ ਨੀਂਹ ਵਾਹਵਾ ਪੱਕੀ ਕਰ ਲਈ ਸੀ। ਸਕੂਲ ਪੜ੍ਹਦਿਆਂ ਪੀ.ਟੀ.ਆਈ. ਸੋਹਣ ਲਾਲ ਤੇ ਕੋਚ ਸ਼ੇਰ ਸਿੰਘ ਨੇ ਉਸ ਦੇ ਅੱਖੜਖਾਂਦ ਤੇ ਹੁੰਦਲਹੇੜ ਸਰੀਰ ਵਿਚੋਂ ਮਸਤੇ ਖਿਡਾਰੀ ਨੂੰ ਪਛਾਣ ਲਿਆ। ਜਿਵੇਂ ਕੋਈ ਮਿਸਤਰੀ ਇੱਟ ਨੂੰ ਭੰਨ-ਘੜ ਕੇ ਕੰਧ ਵਿਚ ਲੱਗਣ ਦੇ ਯੋਗ ਬਣਾ ਦਿੰਦਾ ਹੈ, ਇਵੇਂ ਇਨ੍ਹਾਂ ਦੇ ਦੇਬੇ ਨੂੰ ਇਕ ਪਿੰਡ ਓਪਨ ਖੇਡਣ ਦੇ ਯੋਗ ਬਣਾ ਦਿੱਤਾ। 10+1 ਪੜ੍ਹਦਿਆਂ ਦੇਬੇ ਨੇ ਤ੍ਰਿਪੁਰਾ ਰਾਜ ਦੇ ਅਗਰਤਲਾ ਸ਼ਹਿਰ ਵਿਚ ਸਕੂਲ ਨੈਸ਼ਨਲ ਖੇਡੀ।
10+2 ਜਮਾਤ ਵਿਚ ਉਸ ਨੇ ਸਪੋਰਟਸ ਕਾਲਜ ਜਲੰਧਰ ਪੜ੍ਹਦਿਆਂ ਇੰਟਰਵਰਸਿਟੀ ਖੇਡੀ। ਉਹ ਡੀ.ਏ.ਵੀ. ਕਾਲਜ ਜਲੰਧਰ ਦਾ ਵਿਦਿਆਰਥੀ ਸੀ, ਜਦੋਂ ਉਸ ਨੇ ਦੋ ਵਾਰ ਇੰਟਰ 'ਵਰਸਿਟੀ ਅਤੇ ਦੋ ਵਾਰ ਆਲ ਇੰਡੀਆ ਇੰਟਰ 'ਵਰਸਿਟੀ ਵਿਚ ਧੁੰਮਾਂ ਪਾਈਆਂ। 1989 ਦੇ ਸਾਲ ਆਲ ਇੰਡੀਆ ਇੰਟਰ 'ਵਰਸਿਟੀ ਖੇਡਣ ਸਮੇਂ ਉਹ ਟੀਮ ਦਾ ਕਪਤਾਨ ਸੀ। ਸਾਲ 1991 ਤੋਂ 1995 ਤੱਕ ਦੇਬਾ ਪੰਜ ਕੈਨੇਡਾ ਕੱਪ ਖੇਡਿਆ। 1991 ਤੋਂ 1993 ਤੱਕ ਇੰਡੀਆ ਦੀ ਟੀਮ ਦੀ ਨੁਮਾਇੰਦਗੀ ਕੀਤੀ। 1994 ਤੋਂ 1995 ਦਾ ਕੱਪ ਉਹ ਬ੍ਰਿਟਿਸ਼ ਕੋਲੰਬੀਆ ਵਲੋਂ ਤੇ 1995 ਦਾ ਕੱਪ ਅਮਰੀਕਾ ਦੀ ਟੀਮ ਵਲੋਂ ਖੇਡਿਆ। ਦੇਬੇ ਨੇ 1994 ਤੋਂ 1995 ਦੋ ਸਾਲ ਅਮਰੀਕਾ ਕੱਪ ਖੇਡ ਕੇ ਇੰਡੀਆ ਦੀ ਟੀਮ ਦੀ ਬੱਲੇ-ਬੱਲੇ ਕਰਵਾਈ ਹੈ। 1994 ਵਿਚ ਉਹ ਵਰਲਡ ਕੱਪ ਇੰਗਲੈਂਡ ਖੇਡਿਆ। ਜਦੋਂ ਇੰਗਲੈਂਡ ਦੀ ਮਲਿਕਾ ਦੀ ਮੂਰਤ ਵਾਲੇ ਨੋਟ ਪੰਜਾਬੀਆਂ ਨੇ ਉਸ ਦੇ ਜੱਫਿਆਂ ਤੋਂ ਖੁਸ਼ ਹੋ ਕੇ ਵਾਰੇ ਤਾਂ ਉਸ ਨੂੰ ਦੋਨੇ ਦੀ ਲਾਲ ਭੁਰਭੁਰੀ ਮਿੱਟੀ ਨਾਲ ਪੈਰਾਂ ਥੱਲਿਓਂ ਲੱਥਾ ਮਾਸ ਯਾਦ ਆ ਗਿਆ ਸੀ। ਸੰਨ 2000 ਵਿਚ ਦਸਮੇਸ਼ ਕਲੱਬ ਦਾ ਗਠਨ ਕਰ ਲਿਆ। ਉਸ ਦੀ ਅਣਥੱਕ ਮਿਹਨਤ ਨੇ ਸੈਂਕੜੇ ਖਿਡਾਰੀ ਕਬੱਡੀ ਦੇ ਹੀਰੇ ਬਣਾਏ। ਡਾਲੀ ਪੱਡਾ, ਕੁਲਜੀਤਾ ਮਲਸੀਆਂ, ਸੰਦੀਪ ਸੁਰਖਪੁਰ, ਜਗਤਾਰ ਪੱਡਾ, ਸੁੱਖਾ ਭੰਡਾਲ, ਪਾਲਾ ਜਲਾਲ ਅੱਜ ਵੀ ਦੇਬੇ ਦੇ ਪੈਰਾਂ ਨੂੰ ਛੂਹ ਕੇ ਸਕੂਨ ਮਹਿਸੂਸ ਕਰਦੇ ਹਨ।


-ਲੈਕਚਰਾਰ ਇੰਦਰਜੀਤ ਸਿੰਘ ਪੱਡਾ,
ਪਿੰਡ ਤੇ ਡਾਕ: ਲੱਖਣ ਕੇ ਪੱਡਾ (ਕਪੂਰਥਲਾ)। ਮੋਬਾ: 98159-67462

ਕਰਨਾਟਕ ਦਾ ਮਾਣ ਹੈ ਵੀਲ੍ਹਚੇਅਰ ਟੈਨਿਸ ਖਿਡਾਰਨ ਸ਼ਿਲਪਾ ਕੇ.ਪੀ.

ਕਰਨਾਟਕਾ ਪ੍ਰਾਂਤ ਦਾ ਮਾਣ ਹੈ ਵੀਲ੍ਹਚੇਅਰ ਟੈਨਿਸ ਖਿਡਾਰਨ ਸ਼ਿਲਪਾ ਕੇ. ਪੀ. ਜਿਸ ਦੀਆਂ ਟੈਨਸ ਦੇ ਖੇਤਰ ਵਿਚ ਉਪਲਭਦੀਆਂ ਦੀ ਲਾਈਨ ਲੰਬੀ ਹੈ ਅਤੇ ਉਹ ਲਗਾਤਾਰ ਇਸ ਖੇਤਰ ਵਿਚ ਅੱਗੇ ਵੱਲ ਵਧ ਰਹੀ ਹੈ। ਉਸ ਦਾ ਸੁਪਨਾ ਹੈ ਕਿ ਉਹ ਆਪਣੇ ਪ੍ਰਾਂਤ ਦਾ ਹੀ ਨਹੀਂ, ਸਗੋਂ ਦੇਸ਼ ਦਾ ਵੀ ਨਾਂਅ ਉੱਚਾ ਕਰੇ। ਸ਼ਿਲਪਾ ਪਰਿਵਾਰ ਵਿਚੋਂ ਸਭ ਤੋਂ ਵੱਡੀ ਅਤੇ ਹੈ ਵੀ ਲਾਡਲੀ। ਉਸ ਦਾ ਜਨਮ ਕਰਨਾਟਕ ਪ੍ਰਾਂਤ ਦੇ ਜ਼ਿਲ੍ਹਾ ਮਾਂਡੀਆ ਦੇ ਇਕ ਪਿੰਡ ਕਾਡੂਕਥਾਨਾ ਹਾਲੀ ਵਿਚ ਪਿਤਾ ਪੁੱਟਾ ਰਾਜਾ ਦੇ ਘਰ ਮਾਤਾ ਜਾਵਾਮਾ ਦੀ ਕੁੱਖੋਂ ਹੋਇਆ ਅਤੇ ਉਸ ਦਾ ਪਰਿਵਾਰ ਕਿਸਾਨੀ ਨਾਲ ਸਬੰਧ ਰੱਖਦਾ ਹੈ। ਸ਼ਿਲਪਾ ਨੂੰ ਬਚਪਨ ਵਿਚ ਹੀ ਪੋਲੀਓ ਹੋ ਗਿਆ ਅਤੇ ਪੋਲੀਓ ਨਾਲ ਉਸ ਦੀਆਂ ਦੋਵੇਂ ਲੱਤਾਂ ਖੜ੍ਹ ਗਈਆਂ ਅਤੇ ਉਹ ਕੈਲੀਪਰ ਜਾਣੀ ਬੈਸਾਖੀਆਂ ਦੇ ਸਹਾਰੇ ਤੁਰਨ ਲੱਗੀ ਪਰ ਉਸ ਦੀ ਜ਼ਿੰਦਗੀ ਰੁਕੀ ਨਹੀਂ, ਸਗੋਂ ਉਸ ਨੇ ਉਹ ਪ੍ਰਾਪਤੀਆਂ ਕਰਨੀਆਂ ਸ਼ੁਰੂ ਕੀਤੀਆਂ, ਜਿਹੜੀਆਂ ਆਮ ਜਾਂ ਪੂਰਨ ਰੂਪ ਵਿਚ ਮਨੁੱਖ ਵੀ ਸ਼ਾਇਦ ਨਹੀਂ ਕਰ ਸਕਦੇ। ਪੜ੍ਹਾਈ ਦੇ ਨਾਲ-ਨਾਲ ਉਸ ਨੂੰ ਖੇਡਾਂ ਦਾ ਵੀ ਸ਼ੌਕ ਸੀ ਅਤੇ ਉਹ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਟੈਨਿਸ ਦੇ ਮੈਦਾਨ ਵਿਚ ਉੱਤਰੀ ਅਤੇ ਅੱਜ ਉਹ ਟੈਨਿਸ ਦੀ ਚੋਟੀ ਦੀ ਵੀਲ੍ਹਚੇਅਰ ਖਿਡਾਰਨ ਹੈ ਅਤੇ ਸ਼ਿਲਪਾ ਆਖਦੀ ਹੈ ਕਿ, 'ਜਦ ਮੈਂ ਪਹਿਲੀ ਵਾਰ ਟੈਨਿਸ ਖੇਡਣੀ ਸ਼ੁਰੂ ਕੀਤੀ ਤਾਂ ਉਸ ਦੀ ਜ਼ਿੰਦਗੀ ਵਿਚ ਬਹਾਰ ਆ ਗਈ ਅਤੇ ਉਹ ਅਪਾਹਜ ਹੋਣ ਕਰਕੇ ਪਹਿਲਾਂ ਨਿਰਾਸ਼ ਹੋ ਜਾਂਦੀ ਸੀ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਜ਼ਿੰਦਗੀ ਨਿਰਾਸ਼ਾਵਾਦੀ ਨਹੀਂ, ਸਗੋਂ ਆਸ਼ਾਵਾਦੀ ਹੈ ਅਤੇ ਹੁਣ ਉਹ ਆਪਣੀ ਸੁਤੰਤਰ ਜ਼ਿੰਦਗੀ ਜਿਊਣ ਲੱਗੀ। ਸ਼ਿਲਪਾ ਹੁਣ ਤੱਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਅਨੇਕ ਟੂਰਨਾਮੈਂਟ ਖੇਡ ਚੁੱਕੀ ਹੈ ਅਤੇ ਕਈ ਤਗਮੇ ਆਪਣੇ ਨਾਂਅ ਕਰ ਚੁੱਕੀ ਹੈ ਅਤੇ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਏਸ਼ੀਆ ਖੇਡਾਂ ਵਿਚ ਖੇਡ ਕੇ ਆਪਣੀ ਝੋਲੀ ਸੋਨ ਤਗਮਾ ਵੀ ਪਾਇਆ ਅਤੇ ਉਸ ਦਾ ਨਿਸ਼ਾਨਾ ਹੈ ਕਿ ਸਾਲ 2020 ਤੱਕ ਟੈਨਿਸ ਵਿਚ 100 ਪੁਆਇੰਟ ਪੂਰੇ ਕਰਕੇ ਇਕ ਰਿਕਾਰਡ ਕਾਇਮ ਕਰੇ ਅਤੇ ਇਸ ਨਿਸ਼ਾਨੇ ਨੂੰ ਪੂਰਾ ਕਰਨ ਲਈ ਉਹ ਜਿਮ ਜਾਣ ਦੇ ਨਾਲ-ਨਾਲ ਪੂਰੇ ਦਿਨ ਵਿਚ 7 ਘੰਟੇ ਦੇ ਕਰੀਬ ਅਭਿਆਸ ਵੀ ਕਰਦੀ ਹੈ ਅਤੇ ਯੋਗਾ ਅਤੇ ਮੈਡੀਟੇਸ਼ਨ ਕਰਨਾ ਵੀ ਉਸ ਦੀ ਹਰ ਰੋਜ਼ ਦੀ ਰੁਟੀਨ ਹੈ। ਸ਼ਿਲਪਾ ਨੇ ਕਿਹਾ ਕਿ, 'ਉਹ ਚਾਹੁੰਦੀ ਹੈ ਕਿ ਉਸ ਵਾਂਗ ਹੋਰ ਵੀ ਜੋ ਅਪਾਹਜ ਜ਼ਿੰਦਗੀਆਂ ਹਨ, ਉਨ੍ਹਾਂ ਲਈ ਉਹ ਪ੍ਰੇਰਨਾ ਸਰੋਤ ਬਣ ਕੇ ਉਨ੍ਹਾਂ ਨੂੰ ਵੀ ਉਸ ਵਾਂਗ ਜ਼ਿੰਦਗੀ ਜਿਊਣ ਦੀ ਜਾਚ ਸਿਖਾਵੇ, ਉਨ੍ਹਾਂ ਨੂੰ ਉਤਸ਼ਾਹਿਤ ਕਰ ਉਨ੍ਹਾਂ ਲਈ ਮਾਰਗ-ਦਰਸ਼ਕ ਬਣੇ। ਸ਼ਿਲਪਾ ਆਪਣੇ-ਆਪ ਵਿਚ ਇਕ ਮਾਣ ਹੀ ਨਹੀਂ, ਸਗੋਂ ਇਕ ਸੰਸਥਾ ਹੈ, ਜਿਸ ਤੋਂ ਹੋਰ ਲੋਕ ਵੀ ਬੜਾ ਕੁਝ ਸਿੱਖ ਸਕਦੇ ਹਨ।


-ਪਿੰਡ ਬੁੱਕਣ ਵਾਲਾ, ਮੋਗਾ ਮੋਬਾ: 98551-14484

ਕੁਸ਼ਤੀ ਹੁਣ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਨਹੀਂ ਰਹੀ

ਅਕਸਰ ਕਿਹਾ ਜਾਂਦਾ ਸੀ ਕਿ ਕੁਸ਼ਤੀ ਸੰਪੰਨ ਵਰਗ ਦੇ ਲੋਕਾਂ ਦੀ ਖੇਡ ਨਹੀਂ ਹੈ ਤੇ ਇਹ ਵੀ ਸੱਚ ਹੈ ਕਿ ਜ਼ਿਆਦਾਤਰ ਪਹਿਲਵਾਨ ਮੱਧ ਵਰਗੀ ਪਰਿਵਾਰਾਂ ਨਾਲ ਹੀ ਸਬੰਧ ਰੱਖਦੇ ਹਨ, ਸ਼ਾਇਦ ਇਹੀ ਕਾਰਨ ਸੀ ਕਿ ਨਾਮੀ ਪਹਿਲਵਾਨ ਮਲਵਾ ਨੂੰ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਗਮਾ ਜਿੱਤਣ ਦੇ ਬਾਵਜੂਦ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਲਈ ਸੜਕਾਂ 'ਤੇ ਰੇੜ੍ਹੀ ਲਾਉਣੀ ਪਈ ਸੀ ਪਰ ਅੱਜ ਦ੍ਰਿਸ਼ ਪੂਰੀ ਤਰ੍ਹਾਂ ਬਦਲ ਗਿਆ ਹੈ। ਅੱਜ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ 'ਤੇ ਪਹਿਲਵਾਨ ਨੂੰ 55 ਤੋਂ 75 ਲੱਖ ਦੀ ਸਾਲਾਨਾ ਆਮਦਨ ਹੋ ਜਾਂਦੀ ਹੈ। ਕੇਂਦਰ ਸਰਕਾਰ ਦੀ ਇਨਾਮੀ ਰਕਮ ਰਾਜ ਸਰਕਾਰ ਅਤੇ ਪਹਿਲਵਾਨਾਂ ਦੇ ਸਬੰਧਿਤ ਮਹਿਕਮਿਆਂ ਤੋਂ ਮਿਲਣ ਵਾਲੀ ਇਨਾਮੀ ਰਾਸ਼ੀ ਇਸ ਵਿਚ ਜੋੜ ਦਿੱਤੀ ਜਾਵੇ ਤਾਂ ਇਹ ਰਕਮ ਦੋ ਕਰੋੜ ਰੁਪਏ ਸਾਲਾਨਾ ਤੱਕ ਅੱਪੜ ਜਾਂਦੀ ਹੈ। ਅੱਜ ਭਾਰਤੀ ਕੁਸ਼ਤੀ ਸੰਘ ਦੇ ਟਾਟਾ ਮੋਟਰਜ਼ ਨਾਲ ਕਰਾਰ ਅਤੇ ਪ੍ਰੋ: ਰੈਸਲਿੰਗ ਲੀਗ ਦੀ ਵਜ੍ਹਾ ਕਰਕੇ ਪਹਿਲਵਾਨਾਂ ਦੀ ਆਰਥਿਕ ਸਥਿਤੀ 'ਚ ਕਾਫੀ ਸੁਧਾਰ ਹੋਇਆ ਹੈ।
ਅੱਜ ਕ੍ਰਿਕਟ ਤੋਂ ਬਾਅਦ ਕੁਸ਼ਤੀ ਅਜਿਹੀ ਖੇਡ ਹੈ, ਜਿਸ ਵਿਚ ਖਿਡਾਰੀਆਂ ਲਈ ਸਾਲਾਨਾ ਕਰਾਰ ਰਾਸ਼ੀ ਤੈਅ ਕੀਤੀ ਗਈ ਹੈ, ਜਿਸ ਦੇ ਤਹਿਤ ਭਾਰਤੀ ਕੁਸ਼ਤੀ ਸੰਘ ਨੇ ਖਿਡਾਰੀਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਪੰਜ ਸ਼੍ਰੇਣੀਆਂ ਵਿਚ ਵੰਡਿਆ ਹੈ ਅਤੇ ਉਨ੍ਹਾਂ ਨੂੰ ਸਾਲਾਨਾ ਰਕਮ ਮੁਹੱਈਆ ਕਰਵਾਈ ਗਈ ਹੈ। ਇਹ ਰਕਮ ਉਨ੍ਹਾਂ ਦੇ ਹੋਰ ਦੂਜੇ ਸਰੋਤਾਂ ਤੋਂ ਹਾਸਲ ਹੋਣ ਵਾਲੀ ਰਾਸ਼ੀ ਤੋਂ ਅਲੱਗ ਹੈ। ਗਰੇਡ 'ਏ' 'ਚ ਹਾਲ ਹੀ ਵਿਚ ਬਲਗਾਰੀਆ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਸਮੇਤ ਸੁਸ਼ੀਲ ਕੁਮਾਰ, ਵਿਨੇਸ਼ ਫੋਗਟ, ਪੂਜਾ ਢਾਡਾ ਅਤੇ ਸਾਖਸ਼ੀ ਮਲਿਕ ਨੂੰ ਰੱਖਿਆ ਗਿਆ ਹੈ। ਇਥੋਂ ਇਨ੍ਹਾਂ ਨੂੰ ਸਾਲਾਨਾ 30 ਲੱਖ ਰੁਪਏ ਦੀ ਆਮਦਨ ਹੁੰਦੀ ਹੈ। ਗਰੇਡ 'ਬੀ' 'ਚ ਕਿਸੇ ਵੀ ਪਹਿਲਵਾਨ ਨੂੰ ਨਹੀਂ ਰੱਖਿਆ ਗਿਆ ਹੈ, ਜਦ ਕਿ ਗਰੇਡ 'ਸੀ' 'ਚ ਏਸ਼ੀਆਈ ਖੇਡਾਂ ਦੀ ਕਾਂਸੀ ਤਗਮਾ ਜੇਤੂ ਦਿਵਿਆ ਕਾਕਰਾਨ ਅਤੇ ਅੰਡਰ-23 ਵਿਸ਼ਵ ਚੈਂਪੀਅਨ ਦੀ ਚਾਂਦੀ ਤਗਮਾ ਜੇਤੂ ਰਿਤੂ ਫੋਗਟ ਅਤੇ ਸੱਤ ਖਿਡਾਰੀਆਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਨੂੰ 10 ਲੱਖ ਰੁਪਏ ਸਾਲਾਨਾ ਰਾਸ਼ੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪ੍ਰੋ: ਰੈਸਲਿੰਗ ਲੀਗ ਨੇ ਹੀ ਪਹਿਲਵਾਨਾਂ ਦੀ ਆਰਥਿਕ ਹਾਲਤ ਵਿਚ ਅੱਛਾ ਖਾਸਾ ਸੁਧਾਰ ਕੀਤਾ ਹੈ। ਇਸ ਲੀਗ ਤੋਂ ਪਿਛਲੇ ਦਿਨੀਂ ਬਜਰੰਗ ਪੂਨੀਆ ਨੂੰ 30 ਲੱਖ, ਵਿਨੇਸ਼ ਫੋਗਟ ਅਤੇ ਸਾਖਸ਼ੀ ਮਲਿਕ ਨੂੰ 25-25 ਲੱਖ ਰੁਪਏ ਅਤੇ ਪੂਜਾ ਢਾਡਾ ਨੂੰ 20 ਲੱਖ ਰੁਪਏ ਮਿਲੇ। ਪ੍ਰੋ: ਰੈਸਲਿੰਗ ਲੀਗ ਸੀਜ਼ਨ ਇਕ ਤੋਂ ਯੋਗੇਸ਼ਵਰ ਦੱਤ ਨੂੰ 42 ਲੱਖ, ਸੀਜ਼ਨ ਦੋ 'ਚ ਬਜਰੰਗ ਪੂਨੀਆ ਨੂੰ 38 ਅਤੇ ਰਿਤੂ ਫੋਗਟ ਨੂੰ 36 ਲੱਖ ਅਤੇ ਸੀਜ਼ਨ ਤਿੰਨ 'ਚ ਵਿਨੇਸ਼ ਫੋਗਟ ਨੂੰ 40 ਲੱਖ ਰੁਪਏ ਮਿਲੇ। ਚਾਰ ਸਾਲ ਪਹਿਲਾਂ ਰੈਸਲਿੰਗ ਦੀ ਸ਼ੁਰੂਆਤ ਸਮੇਂ ਕੁਝ ਹੀ ਘੰਟਿਆਂ ਵਿਚ ਪਹਿਲਵਾਨਾਂ ਦੀ ਖਰੀਦੋ-ਫਰੋਖਤ 12 ਕਰੋੜ ਤੱਕ ਪਹੁੰਚ ਗਈ ਸੀ। ਨਿਰਸੰਦੇਹ ਉਦੋਂ ਤੋਂ ਹੁਣ ਤੱਕ ਪਹਿਲਵਾਨਾਂ ਦੀ ਆਰਥਿਕ ਸਥਿਤੀ ਵਿਚ ਜ਼ਬਰਦਸਤ ਸੁਧਾਰ ਹੋਇਆ ਹੈ। ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਜੋ ਧਨ ਰਾਸ਼ੀ, ਕੇਂਦਰ, ਰਾਜ ਅਤੇ ਪਹਿਲਵਾਨਾਂ ਦੇ ਸਬੰਧਿਤ ਮਹਿਕਮਿਆਂ ਤੋਂ ਮਿਲਦੀ ਹੈ, ਉਹ ਇਸ ਤੋਂ ਅਲੱਗ ਹੈ। ਇਕੱਲੀ ਹਰਿਆਣਾ ਸਰਕਾਰ ਰਾਸ਼ਟਲ ਮੰਡਲ ਖੇਡਾਂ 'ਚ ਸੋਨ ਤਗਮਾ ਨੂੰ ਡੇਢ ਕਰੋੜ, ਚਾਂਦੀ ਜਿੱਤਣ ਦੇ 75 ਲੱਖ ਅਤੇ ਕਾਂਸੀ ਤਗਮਾ ਜਿੱਤਣ 'ਤੇ 50 ਲੱਖ ਇਨਾਮ ਵਜੋਂ ਦਿੰਦੀ ਹੈ। ਇਸੇ ਤਰ੍ਹਾਂ ਖੇਡ ਮੰਤਰਾਲੇ ਦੀ ਟਾਪਸ ਸਕੀਮ ਉਲੰਪਿਕ ਗੋਲਡ ਕੋਸਟ, ਜੇ. ਐਸ. ਡਬਲਿਊ. ਆਦਿ ਤਮਾਮ ਯੋਜਨਾਵਾਂ ਤੋਂ ਆਰਥਿਕ ਮਦਦ ਮਿਲਦੀ ਹੈ। ਜੇ ਅਜਿਹੇ ਸਭ ਇਨਾਮ, ਸਨਮਾਨ ਨੂੰ ਇਨਾਮੀ ਰਾਸ਼ੀ 'ਚ ਜੋੜ ਦਿੱਤਾ ਜਾਵੇ ਤਾਂ ਪਹਿਲੇ ਦਰਜੇ ਦੇ ਪਹਿਲਵਾਨਾਂ ਦੀ ਸਾਲਾਨਾ ਕਮਾਈ ਤਕਰੀਬਨ 2 ਕਰੋੜ ਹੋ ਜਾਂਦੀ ਹੈ। ਜੇਕਰ ਸਰਕਾਰੀ ਇਨਾਮੀ ਰਾਸ਼ੀ ਨੂੰ ਸਾਲਾਨਾ ਆਮਦਨ ਤੋਂ ਅਲੱਗ ਵੀ ਕਰ ਦਿੱਤਾ ਜਾਵੇ ਤਾਂ ਵੀ 50 ਤੋਂ 70 ਲੱਖ ਰੁਪਏ ਮਿਲਣਾ ਤੈਅ ਹੈ। ਪਹਿਲਵਾਨ ਸੁਸ਼ੀਲ ਕੁਮਾਰ ਅਤੇ ਸਾਖਸ਼ੀ ਮਲਿਕ ਨੂੰ ਉਲੰਪਿਕ ਤਗਮੇ ਜਿੱਤਣ ਤੋਂ ਬਾਅਦ ਜੋ ਵਿਗਿਆਪਨ ਮਿਲੇ, ਉਹ ਆਮਦਨ ਅਲੱਗ ਹੈ। ਇਸ ਤੋਂ ਇਲਾਵਾ ਪਹਿਲਵਾਨਾਂ ਨੂੰ ਦੇਸ਼ ਭਰ ਵਿਚ ਹੋਣ ਵਾਲੇ ਦੰਗਲਾਂ ਤੋਂ ਵੀ ਲੱਖਾਂ ਰੁਪਏ ਦੀ ਕਮਾਈ ਹੋ ਜਾਂਦੀ ਹੈ। ਹਰਿਆਣਾ ਸਰਕਾਰ ਵਲੋਂ ਕਰਵਾਏ ਗਏ ਸ਼ਹੀਦੀ ਦੰਗਲ ਵਿਚ ਪਹਿਲਵਾਨਾਂ ਨੂੰ ਪੁਰਸ਼ਾਂ ਦੇ 5 ਅਤੇ ਔਰਤਾਂ ਦੇ 5 ਭਾਰ ਵਰਗ 'ਚ ਜੇਤੂ ਰਹਿਣ ਵਾਲੇ ਨੂੰ 10-10 ਲੱਖ ਰੁਪਏ ਅਤੇ ਉਪ-ਵਿਜੇਤਾ ਨੂੰ 5-5 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਂਦੇ ਹਨ।
ਖੈਰ, ਬਿਨਾਂ ਸ਼ੱਕ ਅੱਜ ਕੁਸ਼ਤੀ ਭਾਵੇਂ 'ਘਰ ਫੂਕ ਤਮਾਸ਼ਾ ਦੇਖਣ' ਵਾਲੀ ਗੱਲ ਨਹੀਂ ਰਹੀ, ਬੇਸ਼ੱਕ ਪਹਿਲਵਾਨਾਂ ਦਾ ਮਾਣ-ਸਨਮਾਨ ਅਤੇ ਉਨ੍ਹਾਂ ਦੀ ਆਮਦਨ ਸਭ ਕੁਝ ਵਧੀ ਹੈ ਪਰ ਪਹਿਲੇ ਦਰਜੇ ਦੇ ਟੈਨਿਸ ਅਤੇ ਬੈਡਮਿੰਟਨ ਖਿਡਾਰੀਆਂ ਤੋਂ ਉਨ੍ਹਾਂ ਦੀ ਆਮਦਨ ਅੱਜ ਵੀ ਬਹੁਤ ਘੱਟ ਹੈ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204

ਅਜਲਾਨ ਸ਼ਾਹ ਹਾਕੀ ਕੱਪ

ਭਾਰਤ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ

ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਸਮਾਪਤ ਹੋ ਚੁੱਕਾ ਹੈ। ਭਾਰਤ ਨੂੰ ਚਾਂਦੀ ਦਾ ਤਗਮਾ ਮਿਲਿਆ। ਮਲੇਸ਼ੀਆ ਦੇ ਸ਼ਹਿਰ ਇਪੋਹ ਵਿਚ ਚੱਲੇ ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਪਰ ਇਹ ਚੰਗਾ ਪ੍ਰਦਰਸ਼ਨ ਕਿਸੇ ਨੂੰ, ਕਿਸੇ ਟੀ. ਵੀ. ਚੈਨਲ ਨੂੰ ਨਜ਼ਰ ਨਹੀਂ ਆਇਆ। ਸੋ, ਅੱਜ ਸਾਡੀ ਕਲਮ ਭਾਰਤੀ ਟੀਮ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਨਹੀਂ ਛੇੜੇਗੀ, ਦੇਸ਼ ਦੀ ਕੌਮੀ ਖੇਡ ਦੀ ਹੋ ਰਹੀ ਬੇਕਦਰੀ ਦਾ ਕਿੱਸਾ ਸੁਣਾਏਗੀ। ਬੇਕਦਰੀ ਕਰਨ ਵਾਲੀਆਂ ਧਿਰਾਂ ਵਿਚ ਹਾਕੀ ਪ੍ਰੇਮੀ, ਮੀਡੀਆ, ਸਰਕਾਰ ਹਾਕੀ ਫੈਡਰੇਸ਼ਨਾਂ, ਹਾਕੀ ਸੰਸਥਾਵਾਂ ਨੇ ਤਾਂ ਪਤਾ ਨਹੀਂ ਇਸ ਬੇਕਦਰੀ ਦਾ ਭੂਗੋਲ ਦਿਨੋ-ਦਿਨ ਵਧਦਾ ਹੀ ਕਿਉਂ ਜਾ ਰਿਹਾ ਹੈ?
ਹਾਕੀ ਦੀ ਬੇਕਦਰੀ ਦੀ ਕਹਾਣੀ ਨਿਰੰਤਰ ਤੁਰੀ ਆ ਰਹੀ ਹੈ। ਮੇਜਰ ਧਿਆਨ ਚੰਦ ਅਤੇ ਸ: ਬਲਬੀਰ ਸਿੰਘ ਦੀਆਂ ਪ੍ਰਾਪਤੀਆਂ ਲਾਜਵਾਬ ਹਨ ਪਰ ਉਸ ਵੇਲੇ ਮੀਡੀਆ ਏਨਾ ਵਿਕਸਿਤ ਨਹੀਂ ਸੀ ਹੋਇਆ। ਜਦੋਂ ਮੀਡੀਆ ਵਿਕਸਿਤ ਹੋਇਆ ਤਾਂ ਉਹ ਸਰਮਾਏਦਾਰਾਂ ਦੀ ਖੇਡ ਕ੍ਰਿਕਟ ਨੂੰ ਹੱਲਾਸ਼ੇਰੀ ਦੇਣ ਲਈ ਮੈਦਾਨ 'ਚ ਉਤਰਿਆ, ਇਸ਼ਤਿਹਾਰਾਂ ਦੀ ਖੇਡ ਨੂੰ ਲੈ ਕੇ। ਹਾਕੀ ਸਾਡੀ ਫਿਰ ਫਿੱਚੇ ਪੈਂਦੀ ਰਹੀ ਪਰ ਦੂਜੇ ਪਾਸੇ ਮੀਡੀਆ ਨੇ ਕ੍ਰਿਕਟ ਨੂੰ ਭਾਰਤੀ ਦਿਲਾਂ ਦੀ ਧੜਕਣ ਬਣਾ ਦਿੱਤਾ, ਜਿਨ੍ਹਾਂ ਦੇ ਖੂਨ 'ਚ ਹਾਕੀ ਦਾ ਰੰਗ ਸੀ, ਨਸ-ਨਸ ਵਿਚ ਹਾਕੀ ਸੀ, ਸਾਰੀ ਭਾਵੁਕਤਾ ਹਾਕੀ ਨਾਲ ਜੁੜੀ ਹੋਈ ਸੀ। ਮੀਡੀਏ ਦੇ ਆਪਣੇ ਨਿੱਜੀ ਹਿਤ ਕ੍ਰਿਕਟ ਖੇਡ ਨਾਲ ਜ਼ਿਆਦਾ ਮੇਚ ਖਾਧੇ, ਮੀਡੀਆ ਕ੍ਰਿਕਟ ਦਾ ਹੋ ਗਿਆ ਅਤੇ ਕ੍ਰਿਕਟ ਮੀਡੀਏ ਵਲੋਂ ਹਾਕੀ ਬੁਰੀ ਤਰ੍ਹਾਂ ਨਜ਼ਰਅੰਦਾਜ਼ ਹੁੰਦੀ ਰਹੀ। ਇਸ ਬੇਕਦਰੀ ਦੇ ਕਿੱਸੇ ਦੀ ਕਹਾਣੀ ਅਜੇ ਤੱਕ ਨਹੀਂ ਬਦਲੀ। ਹਾਕੀ ਦਾ ਕੋਈ ਵੀ ਮੈਚ ਹੋਵੇ, ਮੀਡੀਏ ਨੂੰ ਕੋਈ ਖ਼ਬਰਸਾਰ ਨਹੀਂ। ਸਿੱਧਾ ਪ੍ਰਸਾਰਨ ਤਾਂ ਇਕ ਪਾਸੇ, ਹਾਕੀ ਦੀ ਖ਼ਬਰ ਦੇਣ ਤੋਂ ਵੀ ਮੀਡੀਆ ਗੁਰੇਜ਼ ਕਰਦਾ ਹੈ। ਹਾਲ ਹੀ ਵਿਚ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੀ ਮੀਡੀਏ ਵਲੋਂ ਜੋ ਬੇਕਦਰੀ ਹੋਈ, ਉਹ ਸਾਰੀਆਂ ਹੱਦਾਂ ਪਾਰ ਕਰ ਗਈ। ਸਾਨੂੰ ਯਾਦ ਹੈ ਕਿ ਭਾਰਤੀ ਹਾਕੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕੇ.ਪੀ.ਐਸ. ਗਿੱਲ ਦੇ ਯਤਨਾਂ ਨਾਲ ਹੀ ਹਾਕੀ ਥੋੜ੍ਹੀ-ਬਹੁਤੀ ਮੀਡੀਏ 'ਚ ਆਉਣੀ ਸ਼ੁਰੂ ਹੋਈ ਸੀ, ਭਾਵੇਂ ਬੇਕਦਰੀ ਦਾ ਆਲਮ ਨਿਰੰਤਰ ਚਲਦਾ ਆ ਰਿਹਾ ਹੈ।
ਅਖ਼ਬਾਰਾਂ ਦੇ ਖੇਡ ਪੰਨੇ ਫੁੱਟਬਾਲ ਵਿਸ਼ਵ ਕੱਪ ਵਿਸ਼ੇਸ਼ ਬਣ ਰਹੇ ਹੁੰਦੇ ਹਨ ਪਰ ਵਿਸ਼ਵ ਕੱਪ ਹਾਕੀ ਵੇਲੇ ਭਾਵੇਂ ਉਹ ਆਪਣੇ ਦੇਸ਼ ਵਿਚ ਹੀ ਕਿਉਂ ਨਾ ਹੋਵੇ, ਮੀਡੀਆ ਇਸ ਟੂਰਨਾਮੈਂਟ ਨੂੰ ਉਹ ਮਹੱਤਤਾ ਨਹੀਂ ਦਿੰਦਾ। ਆਖਰ ਇਹ ਸਭ ਕੁਝ ਕਦ ਤੱਕ ਚਲਦਾ ਰਹੇਗਾ?
ਹਾਕੀ ਦੀ ਬੇਕਦਰੀ ਕਰਨ ਵਾਲਿਆਂ 'ਚ ਦੂਜੀ ਵੱਡੀ ਧਿਰ ਹਾਕੀ ਪ੍ਰੇਮੀਆਂ ਦੀ ਹੈ, ਜੋ ਕੁਝ ਵੀ ਕਰਨ ਜੋਗੇ ਨਹੀਂ ਹਨ, ਸਿਰਫ ਟੀ. ਵੀ. 'ਤੇ ਮੈਚ ਖੇਡਣ ਦੇ ਚਾਹਵਾਨ ਹਨ। ਹਾਕੀ ਪ੍ਰੇਮੀਆਂ ਦੇ ਪੱਲੇ ਜੇ ਹਾਕੀ ਪ੍ਰਤੀ ਸੱਚਾ ਜਜ਼ਬਾ ਹੁੰਦਾ ਤਾਂ ਦੇਸ਼ ਦੀ ਕੌਮੀ ਖੇਡ ਦਾ ਅੱਜ ਇਹ ਹਾਲ ਨਾ ਹੁੰਦਾ। ਤੁਸੀਂ ਸੁਣਿਆ ਕਿ ਕਦੇ ਮੀਡੀਆ ਦੇ ਵਿਰੋਧ 'ਚ, ਸਰਕਾਰ ਦੇ ਵਿਰੋਧ 'ਚ, ਹਾਕੀ ਫੈਡਰੇਸ਼ਨਾਂ ਦੇ ਵਿਰੋਧ 'ਚ ਕਿਸੇ ਸ਼ਹਿਰ, ਕਿਸੇ ਪਿੰਡ ਵਿਚ ਕੋਈ ਐਸੀ ਰੈਲੀ ਹੋਈ ਹੋਵੇ, ਕੋਈ ਐਸਾ ਇਕੱਠ ਹੋਇਆ ਹੋਵੇ, ਜਿਸ ਵਿਚ ਹਾਕੀ ਮੈਚ ਦੇ ਸਿੱਧੇ ਪ੍ਰਸਾਰਨ ਦੀ ਮੰਗ ਨੂੰ ਲੈ ਕੇ ਕੋਈ ਵੱਡੇ ਪੱਧਰ 'ਤੇ ਹੰਗਾਮਾ ਹੋਇਆ ਹੋਵੇ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਡੋਪ ਟੈਸਟਿੰਗ ਨੇ ਕਬੱਡੀ ਜਗਤ ਨੂੰ ਹਲੂੂਣਿਆ

ਹਾਲ ਹੀ ਵਿਚ ਨੇਪਰੇ ਚੜ੍ਹੇ ਕਬੱਡੀ ਸੀਜ਼ਨ ਦੌਰਾਨ ਪੰਜਾਬ ਦੀਆਂ ਦੋ ਸਿਰਕੱਢ ਕਬੱਡੀ ਫੈਡਰੇਸ਼ਨਾਂ ਵਲੋਂ ਕੀਤੇ ਗਏ ਡੋਪ ਟੈਸਟਾਂ ਨਾਲ ਇਸ ਖੇਡ ਦੇ ਵਿਗੜ ਰਹੇ ਅਕਸ ਨੂੰ ਸੰਭਾਲਣ ਲਈ ਇਕ ਸ਼ਲਾਘਾਯੋਗ ਅਤੇ ਨਵੀਂ ਸ਼ੁਰੂਆਤ ਹੋਈ ਹੈ। ਇਸ ਦੇ ਨਾਲ ਹੀ ਡੋਪ ਟੈਸਟਿੰਗ ਸਬੰਧੀ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਨੇ ਕਬੱਡੀ ਜਗਤ ਨੂੰ ਹਲੂਣ ਕੇ ਰੱਖ ਦਿੱਤਾ ਹੈ। ਜਿੱਥੇ ਡੋਪ ਟੈਸਟਿੰਗ ਦੀ ਸ਼ਲਾਘਾ ਹੋ ਰਹੀ ਹੈ, ਉੱਥੇ ਇਸ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ਵੀ ਅਵਾਜ਼ਾਂ ਉੱਠ ਰਹੀਆਂ ਹਨ।
ਕਿਉਂ ਕਰਦੇ ਹਨ ਖਿਡਾਰੀ ਡੋਪਿੰਗ : ਕਬੱਡੀ ਅਜਿਹੀ ਖੇਡ ਹੈ, ਜਿਸ ਦੇ ਦੁਨੀਆ ਦੀਆਂ ਸਭ ਤੋਂ ਵੱਧ ਖੇਡੀਆਂ ਜਾਣ ਵਾਲੀਆਂ ਖੇਡਾਂ ਵਾਂਗ ਟੂਰਨਾਮੈੈਂਟ ਹੁੰਦੇ ਹਨ। ਇਸ ਖੇਡ ਦੇ ਵੱਡੀ ਤਦਾਦ 'ਚ ਹੁੰਦੇ ਟੂਰਨਾਮੈਂਟ ਡੋਪਿੰਗ ਦੀ ਸਭ ਤੋਂ ਵੱਡੀ ਵਜ੍ਹਾ ਹਨ। ਖਿਡਾਰੀਆਂ ਨੂੰ ਸੀਜ਼ਨ ਦੌਰਾਨ ਅਰਾਮ ਕਰਨ ਦਾ ਮੌਕਾ ਨਹੀਂ ਮਿਲਦਾ ਅਤੇ ਉਹ ਹਰ ਰੋਜ਼ ਖੇਡਣ ਲਈ ਤਾਕਤਵਰਧਕ ਤੇ ਘਾਤਕ ਪਦਾਰਥਾਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਦੇ ਮਾੜੇ ਸਿੱਟਿਆਂ ਤੋਂ ਵਾਕਿਫ਼ ਹੋਣ ਦੇ ਬਾਵਜੂਦ ਵੀ ਉਹ ਕਮਾਈ ਕਰਨ ਦੇ ਲਾਲਚ 'ਚ ਡੋਪਿੰਗ ਦੇ ਬੁਰੇ ਪ੍ਰਭਾਵ ਨੂੰ ਨਜ਼ਰਅੰਦਾਜ਼ ਕਰਦੇ ਹਨ। ਦੂਸਰੀ ਗੱਲ ਕਬੱਡੀ ਖਿਡਾਰੀਆਂ ਨੂੰ ਪੜ੍ਹਾਈ ਕਰਨ ਦੀ ਬਹੁਤ ਘੱਟ ਕੋਚ ਅਤੇ ਮਾਪੇ ਸਲਾਹ ਦਿੰਦੇ ਹਨ। ਖੇਡ ਮੈਦਾਨਾਂ 'ਚ ਗੂੰਜਦੇ ਨਾਵਾਂ ਦੀ ਚਕਾਚੌਂਧ ਕਬੱਡੀ ਖਿਡਾਰੀਆਂ ਨੂੰ ਅਜਿਹੇ ਰੰਗ 'ਚ ਰੰਗ ਦਿੰਦੀ ਹੈ ਕਿ ਉਹ ਨਾ ਆਪਣੇ ਸਰੀਰ ਵੱਲ ਧਿਆਨ ਦਿੰਦੇ ਹਨ ਅਤੇ ਨਾ ਹੀ ਆਪਣੇ ਭਵਿੱਖ ਵੱਲ। ਉਨ੍ਹਾਂ ਨੂੰ ਆਪਣਾ ਸਭ ਕੁਝ ਕਬੱਡੀ 'ਚ ਦਿਖਾਈ ਦਿੰਦਾ ਹੈ, ਜਿਸ ਕਾਰਨ ਉਹ ਰਾਤੋ-ਰਾਤ ਸਿਤਾਰੇ ਬਣਨ ਲਈ ਹਰ ਹਰਬਾ ਵਰਤਣ ਨੂੰ ਤਿਆਰ ਹੋ ਜਾਂਦੇ ਹਨ।
ਡੋਪਿੰਗ ਰੋਕਣ ਲਈ ਉਪਰਾਲੇ : ਕਬੱਡੀ 'ਚ ਡੋਪਿੰਗ ਰੋਕਣ ਲਈ ਸਮੇਂ-ਸਮੇਂ ਸਿਰ ਯਤਨ ਹੁੰਦੇ ਰਹੇ ਹਨ। ਸੀਜ਼ਨ 2008 ਦੌਰਾਨ ਇੰਗਲੈਂਡ ਤੇ ਕੈਨੇਡਾ 'ਚ ਹੋਏ ਡੋਪ ਟੈਸਟਾਂ ਦੌਰਾਨ ਕਬੱਡੀ ਇਤਿਹਾਸ 'ਚ ਸਭ ਤੋਂ ਵੱਡੀ ਗਿਣਤੀ 'ਚ ਖਿਡਾਰੀਆਂ ਦੇ ਡੋਪ ਟੈਸਟ ਪਾਜ਼ੇਟਿਵ ਪਾਏ ਗਏ। ਇੰਗਲੈਂਡ ਵਾਲਿਆਂ ਨੇ 2014 'ਚ ਵੀ ਖਿਡਾਰੀ ਡੋਪ ਟੈਸਟ ਕਰਕੇ ਸੱਦੇ। ਪੰਜਾਬ ਸਰਕਾਰ ਵਲੋਂ ਕਰਵਾਏ ਗਏ ਵਿਸ਼ਵ ਕੱਪਾਂ ਦੌਰਾਨ ਵੀ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਗਏ ਅਤੇ ਕਾਫੀ ਖਿਡਾਰੀਆਂ ਦੇ ਡੋਪ ਟੈਸਟ ਪਾਜ਼ੇਟਿਵ ਪਾਏ ਗਏ। ਪਹਿਲੀ ਵਿਸ਼ਵ ਕਬੱਡੀ ਲੀਗ ਦੌਰਾਨ ਵੀ ਸੰਜੀਦਗੀ ਨਾਲ ਡੋਪ ਟੈਸਟ ਕੀਤੇ ਗਏ ਅਤੇ ਵੱਡੀ ਗਿਣਤੀ 'ਚ ਖਿਡਾਰੀਆਂ ਦੇ ਟੈਸਟ ਪਾਜ਼ੇਟਿਵ ਪਾਏ ਗਏ। ਪਿਛਲੇ ਵਰ੍ਹੇ ਓਂਟਾਰੀਓ ਕਬੱਡੀ ਫੈਡਰੇਸ਼ਨ ਵਲੋਂ ਪ੍ਰਧਾਨ ਦਲਜੀਤ ਸਿੰਘ ਸਹੋਤਾ ਦੀ ਅਗਵਾਈ 'ਚ ਮੁੜ ਡੋਪ ਟੈਸਟ ਕੀਤੇ ਗਏ, ਜਿਸ ਦੌਰਾਨ 6 ਖਿਡਾਰੀਆਂ ਦੇ ਟੈਸਟ ਪਾਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਮੌਜੂਦਾ ਕਬੱਡੀ ਸੀਜ਼ਨ ਦੌਰਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਅਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਵਲੋਂ ਕਰਵਾਏ ਗਏ ਡੋਪ ਟੈਸਟਾਂ ਦੌਰਾਨ ਕ੍ਰਮਵਾਰ 52 ਅਤੇ 39 ਖਿਡਾਰੀ ਡੋਪਿੰਗ ਦੇ ਜਾਲ 'ਚ ਫਸ ਗਏ। ਅਫਸੋਸ ਦੀ ਗੱਲ ਇਹ ਹੈ ਕਿ ਡੋਪ ਟੈਸਟਿੰਗ ਸਬੰਧੀ ਮਤਭੇਦਾਂ ਕਾਰਨ ਦੁਨੀਆ ਦੇ ਕਈ ਮੁਲਕਾਂ 'ਚ ਕਬੱਡੀ ਜਥੇਬੰਦੀਆਂ ਦੋਫਾੜ ਵੀ ਹੋਈਆ।
ਡੋਪ ਟੈਸਟਿੰਗ ਮੰਗਦੀ ਏ ਪਾਰਦਰਸ਼ਤਾ : ਕਬੱਡੀ ਨੂੰ ਡੋਪ ਮੁਕਤ ਕਰਨ ਲਈ ਸਭ ਤੋਂ ਪਹਿਲਾਂ ਡੋਪ ਟੈਸਟ ਕਰਨ, ਨਤੀਜਾ ਜਾਰੀ ਕਰਨ ਅਤੇ ਸਜ਼ਾ ਸਬੰਧੀ ਇਕ ਵਿਧੀ-ਵਿਧਾਨ ਬਣਾਉਣ ਦੀ ਜ਼ਰੂਰਤ ਹੈ, ਜਿਸ ਤਹਿਤ ਮੈਚਾਂ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਦੋਵਾਂ ਟੀਮਾਂ ਦੇ ਘੱਟੋ-ਘੱਟ 3-3 ਜਾਫੀਆਂ ਤੇ ਧਾਵੀਆਂ 'ਚੋਂ ਲਾਟਰੀ ਰਾਹੀਂ 2-2 ਖਿਡਾਰੀਆਂ ਦੇ ਟੈਸਟ ਕੀਤੇ ਜਾਣ ਨਾ ਕਿ ਸਾਰੀ ਟੀਮ ਦੇ ਖਿਡਾਰੀਆਂ ਦੀ ਪਰਚੀਆਂ ਪਾ ਕੇ, ਟੈਸਟਿੰਗ ਲਈ ਖਿਡਾਰੀ ਚੁਣੇ ਜਾਣ। ਅਜਿਹਾ ਕਰਨ ਨਾਲ ਕਈ ਅਜਿਹੇ ਖਿਡਾਰੀਆਂ ਦਾ ਟੈਸਟ ਹੋ ਜਾਂਦਾ ਹੈ, ਜੋ ਮੈਚ 'ਚ ਖੇਡਿਆ ਹੀ ਨਹੀਂ ਹੁੰਦਾ ਜਾਂ ਇਕ-ਦੋ ਧਾਵੇ ਬੋਲੇ ਹੁੰਦੇ ਹਨ ਜਾਂ ਜਾਫੀ ਵਜੋਂ ਕੋਸ਼ਿਸ਼ਾਂ ਕੀਤੀਆਂ ਹੁੰਦੀਆਂ ਹਨ। ਦੂਸਰੀ ਗੱਲ ਜਦੋਂ ਵੀ ਖਿਡਾਰੀ ਦੇ ਡੋਪ ਟੈਸਟ ਦਾ ਨਤੀਜਾ ਪਾਜ਼ੇਟਿਵ ਆਉਂਦਾ ਹੈ ਤਾਂ ਉਸ 'ਤੇ ਤੁਰੰਤ ਪਾਬੰਦੀ ਲਗਾਈ ਜਾਵੇ, ਨਾ ਕਿ ਸਾਰਾ ਸੀਜ਼ਨ ਖੇਡਣ ਉਪਰੰਤ ਟੈਸਟਾਂ ਦੇ ਨਤੀਜੇ ਕੱਢੇ ਜਾਣ। ਸੀਜ਼ਨ ਬਾਅਦ ਡੋਪ ਟੈਸਟਾਂ ਦੇ ਨਤੀਜੇ ਐਲਾਨਣ ਨਾਲ ਸਜ਼ਾ ਦੇਣ ਸਬੰਧੀ ਜ਼ਿੰਮੇਵਾਰੀ ਹੋਰਨਾਂ ਜਥੇਬੰਦੀਆਂ 'ਤੇ ਸੁੱਟਣ ਵਾਲੀ ਗੱਲ ਹੋ ਜਾਂਦੀ ਹੈ। ਤੀਸਰੀ ਗੱਲ ਡੋਪਿੰਗ ਦੌਰਾਨ ਖਿਡਾਰੀਆਂ ਦੇ ਨਮੂਨਿਆਂ 'ਚ ਪਾਏ ਗਏ ਪਾਬੰਦੀਸ਼ੁਦਾ ਪਦਾਰਥਾਂ ਦੀ ਮਾਤਰਾ ਤੇ ਕਿਸਮ ਅਨੁਸਾਰ ਖਿਡਾਰੀਆਂ ਨੂੰ ਪਾਬੰਦੀ ਜਾਂ ਜੁਰਮਾਨੇ ਦੇ ਰੂਪ 'ਚ ਸਜ਼ਾ ਦਿੱਤੀ ਜਾਵੇ। ਦੁਨੀਆ ਭਰ ਦੀਆਂ ਕਬੱਡੀ ਨਾਲ ਸਬੰਧਤ ਜਥੇਬੰਦੀਆਂ ਖਿਡਾਰੀਆਂ ਨੂੰ ਸਜ਼ਾ ਦੇਣ ਦੇ ਮਾਮਲੇ 'ਤੇ ਇਕਜੁੱਟ ਹੋਣ ਭਾਵ ਸਜ਼ਾਯਾਫਤਾ ਖਿਡਾਰੀਆਂ ਨੂੰ ਪਾਬੰਦੀ ਦੇ ਸਮੇਂ ਦੌਰਾਨ ਖੇਡਣ ਨਾ ਦੇਣ। ਕਬੱਡੀ ਜਥੇਬੰਦੀਆਂ ਤੋਂ ਇਲਾਵਾ ਪੇਂਡੂ ਟੂਰਨਾਮੈਂਟਾਂ ਦੇ ਪ੍ਰਬੰਧਕਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਡੋਪਗ੍ਰਸਤ ਖਿਡਾਰੀਆਂ ਨੂੰ ਆਪਣੇ ਟੂਰਨਾਮੈਂਟਾਂ 'ਤੇ ਖੇਡਣ ਤੋਂ ਰੋਕਣ। ਅਜਿਹੇ ਯਤਨ ਹੀ ਪੰਜਾਬੀਆਂ ਦੇ ਖੂਨ 'ਚ ਰਚੀ ਖੇਡ ਕਬੱਡੀ ਦੇ ਮਿਆਰ ਨੂੰ ਕਾਇਮ ਰੱਖ ਸਕਦੇ ਹਨ।


-ਪਟਿਆਲਾ। ਮੋਬਾ: 97795-90575

ਸਨਰਾਈਜ਼ ਇੰਡੀਅਨ ਓਪਨ ਬੈਡਮਿੰਟਨ

ਖੇਡ ਵਿਚ ਸੁਧਾਰ, ਕਿਦਾਂਬੀ ਬਣਿਆ ਉਪ-ਜੇਤੂ

ਭਾਰਤ ਵਿਚ ਨਵੀ ਦਿੱਲੀ ਵਿਚ ਮਾਰਚ ਦੇ ਆਖਰੀ ਦਿਨ ਸਮਾਪਤ ਹੋਏ ਸਨਰਾਈਜ਼ ਇੰਡੀਅਨ ਓਪਨ ਬੈਡਮਿੰਟਨ ਵਿਚ ਇਕ ਖਾਸ ਪ੍ਰਾਪਤੀ ਇਹ ਰਹੀ ਕਿ ਜਿਸ ਢੰਗ ਨਾਲ ਸ੍ਰੀਕਾਂਤ ਕਿਦਾਂਬੀ ਨੇ ਪਹਿਲੀ ਖੇਡ ਹਾਰਨ ਤੋਂ ਬਾਅਦ ਦੂਜੀ ਖੇਡ ਵਿਚ ਜੁਝਾਰੂ ਪ੍ਰਦਰਸ਼ਨ ਕੀਤਾ, ਉਸ ਦੀ ਪ੍ਰਸੰਸਾ ਕਰਨੀ ਬਣਦੀ ਹੈ।
ਇਸ ਖੇਡ ਵਿਚ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਜਿਥੇ ਪਹਿਲੀ ਖੇਡ ਵਿਚ ਬਿਨਾਂ ਕੋਈ ਜਦੋ-ਜਹਿਦ ਕਰਨ ਕਰਕੇ ਕਿਦਾਂਬੀ ਕੇਵਲ 7 ਅੰਕ ਹੀ ਬਟੋਰ ਸਕੇ ਸਨ, ਪਰ ਦੂਜੀ ਖੇਡ ਵਿਚ ਇਵੇਂ ਲੱਗਣ ਲੱਗ ਪਿਆ ਸੀ ਕਿ ਇਹ ਖੇਡ ਸ੍ਰੀਕਾਂਤ ਦੀ ਹੋਵੇਗੀ। ਇਕ ਅਜਿਹਾ ਸਮਾਂ ਵੀ ਆਇਆ ਕਿ ਡੈਨਮਾਰਕ ਦੇ ਇਕਸਲੇਸਨ ਨੇ ਲੀਡ ਵੀ ਲੈ ਲਈ ਸੀ ਪਰ ਜਿਸ ਢੰਗ ਨਾਲ ਸ੍ਰੀਕਾਂਤ ਨੇ ਵਾਪਸੀ ਕੀਤੀ ਤੇ ਪਹਿਲਾ ਖੇਡ ਪੁਆਇੰਟ, ਸਕੋਰ 20-18 ਹੋਣ ਕਰਕੇ ਸ੍ਰੀ ਕਾਂਤ ਨੂੰ ਮਿਲਿਆ ਪਰ ਇਸ ਗੱਲ ਨੂੰ ਇਤਫਾਕ ਹੀ ਸਮਝਣਾ ਚਾਹੀਦਾ ਹੈ ਕਿ ਦੂਜੀ ਖੇਡ ਸ੍ਰੀਕਾਂਤ ਜਿੱਤ ਨਾ ਸਕਿਆ। ਇਸ ਖੇਡ ਦੇ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਦੂਸਰੀ ਖੇਡ ਇਸ ਤਰ੍ਹਾਂ ਖੇਡਣ ਨਾਲ ਕਿਦਾਂਬੀ ਦਾ ਹੌਸਲਾ ਹੋਰ ਵਧੇਗਾ, ਉਹ ਪੁਰਸ਼ ਸਿੰਗਲਜ਼ ਵਿਚ ਉਪ-ਜੇਤੂ ਬਣਿਆ ਹੈ, ਜਿਸ ਦੀ ਪ੍ਰਸੰਸਾ ਕਰਨੀ ਬਣਦੀ ਹੈ। ਉਸ ਨੂੰ ਚਾਂਦੀ ਦਾ ਤਗਮਾ ਮਿਲਿਆ ਹੈ। ਮਾਹਿਰਾਂ ਦਾ ਇਹ ਕਹਿਣਾ ਹੈ ਕਿ ਜੇਕਰ ਉਸ ਨੂੰ ਡੈਨਮਾਰਕ ਦੇ 6 ਫੁੱਟ 4 ਇੰਚ ਲੰਮੇ ਇਸ ਖਿਡਾਰੀ ਨਾਲ ਖੇਡਣ ਦੇ ਮੌਕੇ ਮਿਲਣ ਤਾਂ ਕੋਈ ਕਾਰਨ ਨਹੀਂ ਕਿ ਇਕ ਦਿਨ ਉਹ ਉਸ ਨੂੰ ਹਰਾ ਵੀ ਦੇਵੇਗਾ। ਇਸ ਸਮੇਂ ਤਾਂ ਭਾਰਤ ਨੂੰ ਪੁਰਸ਼ ਸਿੰਗਲਜ਼ ਵਿਚ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਇਸ ਖੇਡ ਨਾਲ ਜੁੜੇ ਹੋਏ ਖੇਡ ਮਾਹਿਰ ਇਸ ਗੱਲ ਨਾਲ ਤਸੱਲੀ ਪ੍ਰਗਟ ਕਰਦੇ ਹਨ ਕਿ ਇਸ ਸਾਲ ਇਸ ਖੇਡ ਵਿਚ ਕਈ ਪੱਧਰਾਂ 'ਤੇ ਵਿਕਾਸ ਹੋਇਆ ਹੈ। ਪਹਿਲਾਂ ਆਲ ਇੰਗਲੈਂਡ ਵਿਚ ਭਾਰਤ ਦੀ ਭਾਗੀਦਾਰੀ ਵਧੀ ਤੇ ਹੁਣ ਸਨਰਾਈਜ਼ ਭਾਰਤ ਓਪਨ ਟੂਰਨਾਮੈਂਟ ਵਿਚ ਇਸ ਵਿਚ ਹੋਰ ਵਿਕਾਸ ਹੋਇਆ ਹੈ।
ਇਸ ਵਿਚ ਹਰ ਭਾਰਤੀ ਖਿਡਾਰੀ ਨੇ ਆਪਣੀ ਖੇਡ ਵਿਚ ਵਿਕਾਸ ਕੀਤਾ ਹੈ ਤੇ ਇਕ ਚਾਂਦੀ ਦਾ ਤਗਮਾ ਵੀ ਭਾਰਤ ਦੀ ਝੋਲੀ ਵਿਚ ਪਾਇਆ ਹੈ। ਇਸ ਵਿਚ ਇਕ ਖਾਸ ਪ੍ਰਾਪਤੀ ਇਹ ਦੇਖੀ ਗਈ ਕਿ ਪੀ ਕੇਸ਼ਯਪ ਨੇ ਆਪਣੀ ਖੇਡ ਵਿਚ ਬਹੁਤ ਸੁਧਾਰ ਕਰਦੇ ਹੋਏ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਇਸ ਤਰ੍ਹਾਂ ਭਾਰਤ ਦੇ ਹੀ ਇਨ੍ਹਾਂ ਦੋ ਖਿਡਾਰੀਆਂ ਵਿਚ ਮੈਚ ਨੂੰ ਭਾਰਤ ਦੀ ਇਕ ਖਾਸ ਪ੍ਰਾਪਤੀ ਸਵੀਕਾਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਸ੍ਰੀਕਾਂਤ ਨੇ ਆਪਣੇ ਸਖਤ ਹੋਣ ਵਾਲੇ ਮੈਚ ਲਈ ਚੀਨ ਦੀ ਦੀਵਾਰ ਬਣੇ ਹੁਆਂਗ ਯੂਕਿਸਤਾਨ ਨਾਲ ਇਕ ਅਗਲੇ ਹੋਣ ਵਾਲੇ ਮੈਚ ਲਈ ਤਿਆਰ ਕਰ ਲਿਆ।
ਦੂਸਰੇ ਪੀ ਕੇਸ਼ਯਪ ਦੀ ਇਸ ਗੱਲ ਤੋਂ ਸਲਾਹੁਣਾ ਕੀਤੀ ਜਾ ਰਹੀ ਹੈ ਕਿ ਕੇਵਲ 35 ਮਿੰਟਾਂ ਵਿਚ ਹੀ ਕੇਸ਼ਯਪ ਨੇ ਬਹੁਤ ਆਸਾਨੀ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜੇ ਕੁਆਰਟਰ ਫਾਈਨਲ ਵਿਚ ਤਾਈਵਾਨ ਦੇ ਵੈਂਗ ਨੂੰ 21-16, 21-18 ਨਾਲ ਹਰਾ ਕੇ ਮੈਚ ਆਪਣੀ ਝੋਲੀ ਵਿਚ ਪਾ ਲਿਆ। ਇਸ ਤਰ੍ਹਾਂ ਕੁਲ ਮਿਲਾ ਕੇ ਭਾਰਤ ਨੇ ਇਸ ਖੇਡ ਵਿਚ ਨਿਸਚੇ ਹੀ ਸੁਧਾਰ ਕੀਤਾ ਹੈ। ਸਾਡੇ ਡਬਲਜ਼ ਖਿਡਾਰੀਆਂ ਨੇ ਵੀ ਮੁਢਲੇ ਦੌਰ ਦੇ ਮੈਚ ਜਿੱਤੇ ਹਨ। ਸਾਈਨਾ ਨੇਹਵਾਲ ਨੇ ਇਸ ਵਿਚ ਭਾਗ ਨਹੀਂ ਲਿਆ। ਅਗਲੇ ਟੂਰਨਾਮੈਂਟ ਦੇ ਮੈਚਾਂ ਵਿਚ ਭਾਰਤ ਦੀ ਇਸ ਖੇਡ ਵਿਚ ਸੁਧਾਰ ਹੋਣ ਦਾ ਪ੍ਰਦਰਸ਼ਨ ਦੇਖਣ ਨੂੰ ਜ਼ਰੂਰ ਮਿਲੇਗਾ।


-274-ਏ. ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਰਿਕਾਰਡ-ਦਰ-ਰਿਕਾਰਡ ਤੋੜਨ ਵਾਲੀ ਸ਼ਾਟਪੁੱਟ ਖਿਡਾਰਨ

ਜੈਸਮੀਨ ਕੌਰ

ਜੈਸਮੀਨ ਨੇ ਫਰਵਰੀ, 2017 ਵਿਚ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵਲੋਂ ਪੂਨੇ ਵਿਖੇ ਆਯੋਜਿਤ ਸਕੂਲੀ ਖੇਡਾਂ ਦੌਰਾਨ 14 ਸਾਲਾ ਵਰਗ ਵਿਚ ਪੰਜਾਬ ਵਲੋਂ ਸ਼ਾਟਪੁੱਟ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਤੋਂ ਬਾਅਦ ਜੈਸਮੀਨ ਨੇ ਮੁੜ ਪਿਛਾਂਹ ਨਹੀਂ ਤੱਕਿਆ। ਸੰਨ 2018 ਵਿਚ ਰਾਂਚੀ (ਝਾਰਖੰਡ) ਵਿਖੇ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (169) ਵਲੋਂ ਕਰਵਾਏ ਮੁਕਾਬਲਿਆਂ ਵਿਚ ਜੈਸਮੀਨ ਨੇ 16 ਸਾਲਾ ਵਰਗ ਲੜਕੀਆਂ ਸ਼ਾਟਪੁੱਟ ਵਿਚ ਕੌਮੀ ਰਿਕਾਰਡ ਤੋੜ ਕੇ ਸੋਨ ਤਗਮਾ ਹਾਸਲ ਕੀਤਾ। ਇਹ ਨੈਸ਼ਨਲ ਰਿਕਾਰਡ 14.21 ਮੀਟਰ ਸੀ, ਜਿਸ ਨੂੰ ਤੋੜ ਕੇ ਜੈਸਮੀਨ 14.27 ਮੀਟਰ ਤੱਕ ਲੈ ਆਈ। ਫਿਰ ਨਵੰਬਰ, 2018 ਵਿਚ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵਲੋਂ ਦਿੱਲੀ ਵਿਖੇ ਆਯੋਜਿਤ ਸਕੂਲੀ ਖੇਡਾਂ ਦੌਰਾਨ 17 ਸਾਲਾ ਵਰਗ ਦਾ ਰਾਸ਼ਟਰੀ ਰਿਕਾਰਡ ਤੋੜ ਕੇ 13.88 ਮੀਟਰ ਤੋਂ 13.96 ਤੱਕ ਲੈ ਗਈ ਅਤੇ ਸੋਨ ਤਗਮੇ 'ਤੇ ਕਬਜ਼ਾ ਕੀਤਾ। ਜਨਵਰੀ, 2019 ਵਿਚ ਪੂਨੇ (ਮਹਾਂਰਾਸ਼ਟਰ) ਵਿਖੇ 'ਖੇਲੋ ਇੰਡੀਆ' ਯੂਥ ਗੇਮਜ਼ ਦਾ ਆਯੋਜਨ ਕੀਤਾ ਗਿਆ। ਇਹ ਟੂਰਨਾਮੈਂਟ ਭਾਰਤ ਦੇ ਵੱਡੇ ਟੂਰਨਾਮੈਂਟਾਂ ਵਿਚ ਸ਼ੁਮਾਰ ਹੈ।
ਜਦੋਂ ਜੈਸਮੀਨ ਨੂੰ ਉਸ ਦੇ ਅਗਲੇ ਨਿਸ਼ਾਨੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਫਰਵਰੀ, 2019 ਵਿਚ ਰਾਏਪੁਰ (ਛੱਤੀਸਗੜ੍ਹ) ਵਿਖੇ ਹੋ ਰਹੀਆਂ ਖੇਡਾਂ ਵਿਚ 18 ਸਾਲਾ ਵਰਗ ਲੜਕੀਆਂ ਸ਼ਾਟਪੁੱਟ ਲਈ ਤਿਆਰੀ ਵਿਚ ਜੁਟੀ ਹੋਈ ਹੈ। ਮਾਰਚ, 2019 ਵਿਚ ਹਾਂਗਕਾਂਗ ਵਿਖੇ ਹੋ ਰਹੇ 'ਯੂਥ ਏਸ਼ੀਆ' ਮੁਕਾਬਲੇ ਵਿਚ ਮੱਲਾਂ ਮਾਰਨ ਦੀ ਚਾਹਵਾਨ ਅਤੇ ਆਸਵੰਦ ਹੈ।
ਬਲਵਿੰਦਰ ਅਨੁਸਾਰ ਲੋਕ ਜੈਸਮੀਨ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੇਖ ਕੇ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਕਿ ਉਸ ਨੇ ਇਹ ਸਭ ਘਰ ਤੋਂ ਹੀ ਸਿੱਖਿਆ ਹੈ। ਲੋਕ ਸਮਝਦੇ ਹਨ ਕਿ ਜੈਸਮੀਨ ਦੀਆਂ ਪ੍ਰਾਪਤੀਆਂ ਪਿੱਛੇ ਕੋਈ ਹੰਢਿਆ ਹੋਇਆ ਮਹਿੰਗਾ ਕੋਚ ਹੈ। ਪਰ ਸੱਚ ਇਹ ਹੈ ਕਿ ਇਸ ਸਭ ਪਿੱਛੇ ਬਲਵਿੰਦਰ ਅਤੇ ਉਸ ਦੇ ਪਰਿਵਾਰ ਦੀ 12 ਵਰ੍ਹਿਆਂ ਦੀ ਤਪੱਸਿਆ ਹੈ। ਜੈਸਮੀਨ ਦੱਸਦੀ ਹੈ ਕਿ ਮੇਰੇ ਪਾਪਾ ਦੀ ਰੂਹ ਸੀ ਕਿ ਮੈਂ ਖਿਡਾਰਨ ਬਣਾਂ। ਨੌਕਰੀ ਜਾਂ ਕਿਸੇ ਅਹੁਦੇ ਲਈ ਨਹੀਂ, ਸਗੋਂ ਉਹ ਸੋਚਦੇ ਸਨ ਕਿ ਧਰਤੀ 'ਤੇ ਕਰੀਬ 12 ਕਰੋੜ ਪੰਜਾਬੀ ਵਸਦੇ ਹਨ ਪਰ ਉਲੰਪਿਕ ਜਿਹੀਆਂ ਵੱਡੇ ਪੱਧਰ ਦੀਆਂ ਖੇਡਾਂ ਵਿਚ ਉਨ੍ਹਾਂ ਦੀ ਗੈਰ-ਹਾਜ਼ਰੀ ਰੜਕਦੀ ਹੈ। ਉਸ ਦੇ ਦੱਸਣ ਮੁਤਾਬਕ ਉਸ ਦੀ ਛੋਟੀ ਭੈਣ ਗੁਰਲੀਨ ਉਸ ਦੇ ਪਿੱਛੇ-ਪਿੱਛੇ ਦੌੜ ਰਹੀ ਹੈ, ਇਸ ਗੱਲ 'ਤੇ ਅੜੀ ਹੋਈ ਹੈ ਕਿ ਉਹ ਜੈਸਮੀਨ ਦਾ ਰਿਕਾਰਡ ਤੋੜੇਗੀ।


-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)। ਮੋਬਾ: 94638-51568

ਵੀਲ੍ਹਚੇਅਰ ਬਾਸਕਟਬਾਲ ਖਿਡਾਰਨ : ਸਾਕਸ਼ੀ ਚੌਹਾਨ

'ਜਿਸਮ ਮੇਂ ਕਮੀਆਂ ਆ ਗਈ ਹੈਂ ਬੇਸ਼ੱਕ, ਮਾਨਾ ਮੈਂ ਮੁਕੰਮਲ ਸਾਰੀ ਨਹੀਂ ਹੂੰ, ਬੇਹੱਦ ਟੂਟ ਚੁੱਕੇ ਹੈਂ ਸਪਨੇ, ਲੇਕਿਨ ਅਭੀ ਹਾਰੀ ਨਹੀਂ ਹੂੰ।' ਉੱਤਰਾਖੰਡ ਦੀ ਸ਼ਾਨਾਮੱਤੀ ਵੀਲ੍ਹਚੇਅਰ ਖਿਡਾਰਨ ਸਾਕਸ਼ੀ ਚੌਹਾਨ ਉੱਤਰਾਖੰਡ ਦੀ ਧਰਤੀ 'ਤੇ ਯੂਥ ਆਈਕਨ ਕਰਕੇ ਜਾਣੀ ਜਾਂਦੀ ਹੈ ਅਤੇ ਉਸ ਨੂੰ ਅੰਤਰਰਾਸ਼ਟਰੀ ਖਿਡਾਰਨ ਹੋਣ ਦਾ ਵੀ ਮਾਣ ਹਾਸਲ ਹੈ। ਦੇਵ ਭੂਮੀ ਉੱਤਰਾਖੰਡ ਦੇ ਜ਼ਿਲ੍ਹਾ ਟੀਹਰੀ ਗੜ੍ਹਵਾਲ ਦੇ ਪਿੰਡ ਬਗਸਾਰੀ ਵਿਚ 4 ਜੂਨ, 1996 ਨੂੰ ਪਿਤਾ ਵਿਨੋਦ ਚੌਹਾਨ ਦੇ ਘਰ ਮਾਤਾ ਸੁਨੈਨਾ ਚੌਹਾਨ ਦੀ ਕੁੱਖੋਂ ਜਨਮੀ ਸਾਕਸ਼ੀ ਚੌਹਾਨ ਨੂੰ ਬਚਪਨ ਤੋਂ ਹੀ ਖੇਡਣ-ਕੁੱਦਣ ਦਾ ਚਾਅ ਸੀ ਅਤੇ ਉਹ ਇਕ ਚੰਗੀ ਦੌੜਾਕ ਵੀ ਸੀ ਅਤੇ ਹਰ ਵਾਰ ਉਹ ਇਸ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਦੀ ਸੀ ਪਰ ਅਫਸੋਸ, ਸਾਲ 2005 ਉਸ ਲਈ ਐਸਾ ਮਨਹੂਸ ਚੜ੍ਹਿਆ ਕਿ ਉਹ ਬੱਸ ਦੀ ਲਪੇਟ ਵਿਚ ਆ ਗਈ ਅਤੇ ਉਸ ਦੀ ਖੱਬੀ ਲੱਤ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਮਜਬੂਰਨ ਉਸ ਦੀ ਜ਼ਿੰਦਗੀ ਬਚਾਉਣ ਲਈ ਉਸ ਦੀ ਲੱਤ ਕੱਟਣੀ ਪਈ। ਸਾਕਸ਼ੀ ਚੌਹਾਨ ਲਈ ਇਹ ਸਦਮਾ ਅਸਹਿ ਸੀ ਅਤੇ ਉਸ ਦਾ ਸਦਮੇ ਵਿਚ ਚਲੇ ਜਾਣਾ ਵੀ ਸੁਭਾਵਿਕ ਸੀ, ਕਿਉਂਕਿ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੀ ਅਤੇ ਜ਼ਿੰਦਗੀ ਵੀਲ੍ਹਚੇਅਰ 'ਤੇ ਆ ਟਿਕੀ ਪਰ ਉਸ ਨੇ ਹਾਦਸਾ ਹੋਣ ਦੇ ਬਾਵਜੂਦ ਵੀ ਆਪਣੇ-ਆਪ ਨੂੰ ਸੰਭਾਲਿਆ। ਇਨ੍ਹਾਂ ਸਤਰਾਂ ਵਾਂਗ 'ਕੁਛ ਤੋ ਹੁਨਰ ਹੋਗਾ ਤੁਝਮੇ ਤੂ ਖੁਦ ਮੇ ਤਲਾਸ਼ ਤੋ ਕਰ, ਨਾ ਗਿਨ ਮੰਜ਼ਿਲ ਕੀ ਸੀੜ੍ਹੀਆਂ, ਤੂ ਮੇਹਨਤ ਬੇਸ਼ੁਮਾਰ ਤੋ ਕਰ, ਮੰਜ ਆਏਗੀ ਝੁਕ ਕਰ ਤੇਰੇ ਕਦਮੋਂ ਮੇਂ ਏਕ ਦਿਨ।' ਸਾਕਸ਼ੀ ਚੌਹਾਨ ਨੂੰ ਰੋਟੀ ਬੈਂਕ ਦੇ ਹਿਮਾਂਸ਼ੂ ਪੁੰਡੀਰ ਦਾ ਸਹਿਯੋਗ ਮਿਲਿਆ ਅਤੇ ਉਸ ਨੇ ਉਸ ਅੰਦਰ ਪਨਪ ਰਹੀ ਫਿਰ ਤੋਂ ਖੇਡਣ-ਕੁੱਦਣ ਦੀ ਰੀਝ ਤੱਕੀ ਤਾਂ ਉਨ੍ਹਾਂ ਨੇ ਸਾਕਸ਼ੀ ਚੌਹਾਨ ਨੂੰ ਦੇਹਰਾਦੂਨ ਦੇ ਇਕ ਜਿਮ ਵਿਚ ਅਭਿਆਸ ਵਾਸਤੇ ਦਾਖਲਾ ਦਿਵਾ ਦਿੱਤਾ ਅਤੇ ਸਾਕਸ਼ੀ ਨੇ ਬਚਪਨ ਵਿਚ ਲਏ ਸੁਪਨਿਆ ਨੂੰ ਮੁੜ ਤੋਂ ਬਹਾਲ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਸ ਦੀ ਮੁਲਾਕਾਤ ਜਾਵੇਦ ਚੌਧਰੀ ਬਾਸਕਟਬਾਲ ਖਿਡਾਰੀ ਨਾਲ ਹੋਈ।
ਉਸ ਨੇ ਸਾਕਸ਼ੀ ਨੂੰ ਵੀਲ੍ਹਚੇਅਰ 'ਤੇ ਬਾਸਕਟਬਾਲ ਖੇਡਣ ਲਈ ਪ੍ਰੇਰਿਤ ਕੀਤਾ। ਸਾਲ 2018 ਵਿਚ ਤਾਮਿਲਨਾਡੂ ਖੇਡਣ ਗਈ ਅਤੇ ਅਤੇ ਉੱਤਰਾਖੰਡ ਦੀ ਪਹਿਲੀ ਵੀਲ੍ਹਚੇਅਰ ਬਾਸਕਟਬਾਲ ਖਿਡਾਰਨ ਬਣੀ। 9 ਦਸੰਬਰ, 2018 ਨੂੰ ਦਿੱਲੀ ਸੁਪਰ ਸਿੱਖ ਮੈਰਾਥਨ ਵਿਚ 5 ਕਿਲੋਮੀਟਰ ਦੌੜ ਵਿਚ ਹਿੱਸਾ ਲਿਆ ਅਤੇ ਤਗਮਾ ਜਿੱਤਿਆ। ਉੱਤਰਾਖੰਡ ਵਿਚ 21 ਫਰਵਰੀ, 2019 ਨੂੰ ਪ੍ਰਦੇਸ਼ਕ ਖੇਡਾਂ ਪੈਰਾ ਖੇਡਾਂ ਹੋਈਆਂ, ਜਿਸ ਵਿਚ ਸਾਕਸ਼ੀ ਚੌਹਾਨ ਨੇ ਗੋਲਾ ਸੁੱਟਣ ਵਿਚ ਚਾਂਦੀ ਅਤੇ ਜੈਵਲਿਨ ਥ੍ਰੋਅ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਇਹ ਸਾਬਤ ਕਰ ਦਿੱਤਾ ਕਿ ਉਹ ਭਾਵੇਂ ਅਪਾਹਜ ਹੈ ਪਰ ਫਿਰ ਵੀ ਹੈ ਜਾਂਬਾਜ਼। ਇਸ ਜਾਂਬਾਜ ਖਿਡਾਰਨ ਨੇ ਥਾਈਲੈਂਡ ਵਿਚ ਹੋਈਆਂ ਪੈਰਾ ਖੇਡਾਂ ਵਿਚ ਪੂਰੇ ਭਾਰਤ ਵਜੋਂ ਖੇਡਣ ਦਾ ਮਾਣ ਵੀ ਪ੍ਰਾਪਤ ਕੀਤਾ। ਸਾਕਸ਼ੀ ਚੌਹਾਨ ਨੂੰ ਖੇਡਾਂ ਦੇ ਨਾਲ-ਨਾਲ ਕਵਿਤਾ ਲਿਖਣ ਦਾ ਵੀ ਸ਼ੌਕ ਹੈ ਅਤੇ ਉਹ ਕਵਿਤਾ ਦੇ ਖੇਤਰ ਵਿਚ ਵੀ ਇਕ ਚੰਗੀ ਕਵਿਤਰੀ ਵਜੋਂ ਜਾਣੀ ਜਾਂਦੀ ਹੈ ਅਤੇ ਉਸ ਦੀਆਂ ਕਵਿਤਾਵਾਂ ਉੱਤਰਾਖੰਡ ਦੇ ਅਖ਼ਬਾਰਾਂ ਦੇ ਪੰਨਿਆਂ 'ਤੇ ਅਕਸਰ ਵੇਖੀਆਂ ਜਾਂਦੀਆਂ ਹਨ। ਦੇਵਤਿਆਂ ਦੀ ਵਰੋਸਾਈ ਧਰਤੀ ਉੱਤਰਾਖੰਡ ਦੀ ਸ਼ਾਨਾਮੱਤੀ ਧੀ ਸਾਕਸ਼ੀ ਚੌਹਾਨ ਨੂੰ ਕਈ ਐਵਾਰਡਾਂ ਨਾਲ ਸਨਮਾਨਿਆ ਜਾ ਚੁੱਕਾ ਹੈ। ਮਹਿਲਾ ਦਿਵਸ ਉਪਰ ਉਸ ਨੂੰ 'ਉੱਤਰਾਖੰਡ ਦੀ ਧੀ ਐਵਾਰਡ' ਅਤੇ 3 ਫਰਵਰੀ, 2019 ਨੂੰ ਉਸ ਨੂੰ 'ਉੱਤਰਖੰਡ ਯੂਥ ਆਈਕੋਨ ਐਵਾਰਡ' ਨਾਲ ਸਨਮਾਨਿਆ ਗਿਆ। ਸਾਕਸ਼ੀ ਚੌਹਾਨ ਦਾ ਸਫ਼ਰ ਨਿਰੰਤਰ ਜਾਰੀ ਹੈ।

-ਮੋਬਾ: 98551-14484


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX