ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  about 2 hours ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  about 2 hours ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 2 hours ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 3 hours ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 3 hours ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 3 hours ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 3 hours ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 4 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 3 hours ago
ਹੋਰ ਖ਼ਬਰਾਂ..

ਨਾਰੀ ਸੰਸਾਰ

ਨਾਰੀ ਦੀ ਸੰਪੂਰਨਤਾ ਮਾਂ ਬਣਨ ਤੋਂ ਬਾਅਦ

ਮਾਂ ਬਣਨ ਦਾ ਅਹਿਸਾਸ ਦੁਨੀਆ ਦੀਆਂ ਸਭ ਗਹਿਰਾਈਆਂ ਤੋਂ ਵੱਖਰਾ ਹੀ ਹੈ। ਹਰ ਨਾਰੀ ਮਾਂ ਬਣ ਕੇ ਆਪਣੇ-ਆਪ ਵਿਚ ਸੰਪੂਰਨ ਹੋ ਜਾਂਦੀ ਹੈ। ਇਕ ਨਾਰੀ ਜਦੋਂ ਬੇਟੀ, ਭੈਣ, ਪਤਨੀ ਤੋਂ ਬਾਅਦ ਮਾਂ ਬਣਦੀ ਹੈ ਤਾਂ ਜੋ ਖੁਸ਼ੀ ਉਸ ਨਾਰੀ ਨੂੰ ਮਿਲਦੀ ਹੈ, ਉਹ ਸਿਰਫ ਉਹ ਹੀ ਬਿਆਨ ਕਰ ਸਕਦੀ ਹੈ। ਕਿਉਂਕਿ ਉਸ ਨੇ ਸੌਂਦੇ, ਜਾਗਦੇ ਆਪਣੇ ਖਵਾਬਾਂ ਵਿਚੋਂ ਬੱਚੇ ਦੀ ਤਸਵੀਰ ਦੇਖ-ਦੇਖ ਕੇ 9 ਮਹੀਨੇ ਦਾ ਸਮਾਂ ਲੰਘਾਇਆ ਹੁੰਦਾ ਹੈ। ਪਰ ਬੱਚੇ ਦੀ ਪਹਿਲੀ ਝਲਕ ਹੀ ਮਾਂ ਨੂੰ ਪਰਮਾਤਮਾ ਦੇ ਦਰਸ਼ਨ ਕਰਵਾ ਦਿੰਦੀ ਹੈ। ਇਕ ਨਾਰੀ ਜਦੋਂ ਬੱਚਾ ਪੈਦਾ ਕਰਦੀ ਹੈ, ਬੱਚੇ ਦੇ ਨਾਲ-ਨਾਲ ਮਾਂ ਦਾ ਵੀ ਦੂਸਰਾ ਜਨਮ ਹੁੰਦਾ ਹੈ। ਪਰ ਆਪਣੇ ਬੱਚੇ ਨੂੰ ਦੇਖਣ ਸਾਰ ਹੀ ਮਾਂ ਸਾਰੇ ਦੁੱਖ ਭੁੱਲ ਕੇ ਬੱਚੇ ਨੂੰ ਛਾਤੀ ਨਾਲ ਲਾ ਜਿਵੇਂ ਸਵਰਗਾਂ ਦਾ ਝੂਟਾ ਲੈਂਦੀ ਹੈ। ਮਾਂ ਬੱਚੇ ਨੂੰ ਨਹਾਰਦੀ, ਦੁਲਾਰਦੀ ਤੇ ਪਿਆਰ ਕਰਦੀ ਹੈ ਤੇ ਵੇਖਣ ਨੂੰ ਜਿਵੇਂ ਲੱਗ ਰਿਹਾ ਹੋਵੇ ਕਿ ਮਾਂ-ਬੱਚੇ ਵਿਚ ਕੋਈ ਚੁੱਪ-ਚੁਪੀਤੇ ਹੀ ਡੂੰਘੀ ਵਾਰਤਾਲਾਪ ਚੱਲ ਰਹੀ ਹੋਵੇ ਤੇ ਮਾਂ ਬੱਚੇ ਨਾਲ ਆਪਣੇ ਸਾਰੇ ਦੁੱਖ-ਸੁੱਖ ਸਾਂਝੇ ਕਰ ਰਹੀ ਹੋਵੇ। ਯਾਦ ਰੱਖੋ ਕਿ ਇਕ ਮਾਂ ਜਦੋਂ ਬੱਚੇ ਦਾ ਪਾਲਣ-ਪੋਸ਼ਣ ਕਰਦੀ ਹੈ, ਬਿਲਕੁਲ ਨਿਰਸਵਾਰਥ ਹੋ ਕੇ ਕਰਦੀ ਹੈ ਤੇ ਆਪਣੀ ਹਰ ਖੁਸ਼ੀ ਬੱਚੇ 'ਤੇ ਨਿਸ਼ਾਵਰ ਕਰ ਦਿੰਦੀ ਹੈ। ਜੇਕਰ ਦੂਸਰੇ ਪਾਸੇ ਦੇਖੀਏ ਤਾਂ ਬੱਚਾ ਵੀ ਮਾਂ ਦੇ ਨਾਲ-ਨਾਲ ਓਨੀ ਹੀ ਕੁਰਬਾਨੀ ਕਰਦਾ ਹੈ, ਜਿੰਨੀ ਕੁਰਬਾਨੀ ਮਾਂ ਕਰਦੀ ਹੈ, ਕਿਉਂਕਿ ਬੱਚਾ ਵੀ 9 ਮਹੀਨੇ ਮਾਂ ਦੇ ਗਰਭ ਵਿਚ ਪੁੱਠਾ ਲਟਕਦਾ ਹੈ ਤੇ ਅਰਦਾਸ ਕਰਦਾ ਹੈ, 'ਵਾਹਿਗੁਰੂ ਜੀ, ਮੈਨੂੰ ਵੀ ਦੁਨੀਆ ਦਿਖਾਓ।' ਬੱਚੇ ਦੇ ਜਨਮ ਨਾਲ ਸਹੁਰੇ ਘਰ ਨਾਰੀ ਦਾ ਮਾਣ-ਸਨਮਾਨ ਵੱਧ ਹੋ ਜਾਂਦਾ ਹੈ, ਕਿਉਂਕਿ ਘਰ ਦੀ ਅਗਲੀ ਪੀੜ੍ਹੀ ਜੋ ਸ਼ੁਰੂ ਹੋ ਜਾਂਦੀ ਹੈ। ਬੱਚਾ ਸਾਰੇ ਘਰ ਪਰਿਵਾਰ ਵਿਚ ਰੌਣਕ ਬਣਾਈ ਰੱਖਦਾ ਹੈ।
ਮਾਂ ਨੂੰ ਇਸ ਲਈ ਰੱਬ ਦਾ ਨਾਂਅ ਕਿਹਾ ਜਾਂਦਾ ਹੈ, ਕਿਉਂਕਿ ਇਕ ਮਾਂ ਹੀ ਆਪਣੇ ਬੱਚੇ ਦੇ ਬਿਨਾਂ ਬੋਲੇ, ਬਿਨਾਂ ਕਹੇ ਸਿਰਫ ਰੋਣ ਦੀ ਆਵਾਜ਼ ਸੁਣ ਕੇ ਹੀ ਆਪਣੇ ਬੱਚੇ ਦੀਆਂ ਭਾਵਨਾਵਾਂ ਨੂੰ ਸਮਝਦੀ ਹੈ ਤੇ ਹਰ ਜ਼ਰੂਰਤ ਪੂਰੀ ਕਰਦੀ ਹੈ। ਇਕ ਮਾਂ ਸਾਰੀ ਦਿਹਾੜੀ ਘਰ ਦੇ ਕੰਮ ਕਰਦੀ ਫਿਰ ਵੀ ਥਕਾਵਟ ਮਹਿਸੂਸ ਨਹੀਂ ਕਰਦੀ ਤੇ ਖੁਸ਼ੀ-ਖੁਸ਼ੀ ਆਪਣੇ ਬੱਚੇ ਦੀਆਂ ਸਾਰੀਆਂ ਲੋੜਾਂ ਸਮੇਂ ਸਿਰ ਪੂਰੀਆਂ ਕਰਦੀ ਹੈ। ਜੋ ਅੰਮ੍ਰਿਤਮਈ ਦੁੱਧ ਬੱਚੇ ਦੇ ਜਨਮ ਤੋਂ ਬਾਅਦ ਮਾਂ ਦੀ ਛਾਤੀ ਵਿਚੋਂ ਨਿਕਲਦਾ ਹੈ, ਉਹ ਬੱਚੇ ਦੀ ਪਹਿਲੀ ਤੇ ਸੰਪੂਰਨ ਖੁਰਾਕ ਹੁੰਦੀ ਹੈ। ਇਹ ਕੁਦਰਤ ਦਾ ਇਕ ਅਜੀਬ ਤੋਹਫ਼ਾ ਹੈ। ਮਾਂ ਦੇ ਦੁੱਧ ਦਾ ਕਰਜ਼ ਆਪਾਂ ਸਾਰੀ ਉਮਰ ਨਹੀਂ ਲਾਹ ਸਕਦੇ। ਮਾਂ ਬਣ ਕੇ ਇਕ ਨਾਰੀ ਵਿਚ ਇੰਨੀ ਕੁ ਸ਼ਕਤੀ ਪੈਦਾ ਹੁੰਦੀ ਹੈ ਕਿ ਉਹ ਆਪਣੇ ਬੱਚੇ ਨੂੰ ਅੱਗ, ਪਾਣੀ, ਧੁੱਪ ਅਤੇ ਦੁਨੀਆ ਦੇ ਮਾੜੇ ਕੰਮਾਂ ਤੋਂ ਬਚਾਉਣ ਦੀ ਸਮਰੱਥਾ ਰੱਖਦੀ ਹੈ। ਮਾਂ ਆਪਣੇ ਬੱਚੇ ਨੂੰ ਵਧਦਾ-ਫੁੱਲਦਾ ਵੇਖ ਕੇ ਬਹੁਤ ਖੁਸ਼ ਹੁੰਦੀ ਹੈ ਤੇ ਬੱਚੇ ਨਾਲ ਖੇਡ ਕੇ ਮਾਂ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਮਾਂ ਆਪ ਦੁੱਖ ਸਹਾਰ ਕੇ ਬੱਚਿਆਂ ਲਈ ਹਰ ਤਰ੍ਹਾਂ ਦਾ ਸੁੱਖ ਪੈਦਾ ਕਰਦੀ ਹੈ। ਪੜ੍ਹਾ-ਲਿਖਾ ਕੇ ਸਮਾਜ ਵਿਚ ਆਪਣੇ ਬੱਚੇ ਦਾ ਚੰਗਾ ਰੁਤਬਾ, ਚੰਗਾ ਕਾਰੋਬਾਰ ਸਥਾਪਿਤ ਕਰਦੀ ਹੈ। ਸੋ, ਬੱਚਿਓ ਤਹਾਨੂੰ ਵੀ ਚਾਹੀਦਾ ਹੈ ਕਿ ਆਪਣੀਆਂ ਮਾਵਾਂ ਦੀਆਂ ਭਾਵਨਾਵਾਂ ਨੂੰ ਸਮਝੋ ਤੇ ਮਾਂ ਦੀਆਂ ਬੁਢਾਪੇ ਦੌਰਾਨ ਹਰ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰਕੇ ਅਸੀਸਾਂ ਦੇ ਪਾਤਰ ਬਣੋ। ਫਿਰ ਮਾਂ ਤੋਂ ਲਵੋ ਇਹ ਅਸੀਸ ਕਿ ਬੱਚੇ ਤੇਰੇ ਉੱਤੇ ਰੱਬ ਦੀ ਕਿਰਪਾ ਹੋ ਜਾਏ, ਖੁਸ਼ੀਆਂ ਮਿਲਣ ਇੰਨੀਆਂ ਕਿ ਦੁੱਖ ਸ਼ਬਦ ਹੀ ਜ਼ਿੰਦਗੀ 'ਚੋਂ ਫਨਾ ਹੋ ਜਾਏ।


-ਭਗਤਾ ਭਾਈ ਕਾ। ਮੋਬਾ: 94786-58384


ਖ਼ਬਰ ਸ਼ੇਅਰ ਕਰੋ

ਸ਼ਰਬਤ ਬਣਾਉਣ ਦੀ ਆਸਾਨ ਵਿਧੀ

ਗਰਮੀ ਅਤੇ ਬਰਸਾਤ ਦੇ ਮੌਸਮ ਵਿਚ ਸ਼ਰਬਤ ਲੋਕਾਂ ਲਈ ਅੰਮ੍ਰਿਤ ਬਰਾਬਰ ਪੀਣ ਵਾਲਾ ਪਦਾਰਥ ਹੈ। ਇਕ ਗਿਲਾਸ ਸ਼ਰਬਤ ਜਿਥੇ ਪਿਆਸ ਨੂੰ ਮਿਟਾਉਂਦਾ ਹੈ, ਉਥੇ ਦੂਜੇ ਪਾਸੇ ਸਾਨੂੰ ਜ਼ਿਆਦਾ ਸਮੇਂ ਤੱਕ ਬਿਨਾਂ ਪਾਣੀ ਪੀਤੇ ਰਹਿਣ ਦੀ ਸਮਰੱਥਾ ਵੀ ਪ੍ਰਦਾਨ ਕਰਦਾ ਹੈ।
ਅੱਜਕਲ੍ਹ ਨਾਰੰਗੀ, ਅੰਬ, ਸੇਬ, ਅੰਗੂਰ ਆਦਿ ਅਨੇਕਾਂ ਫਲਾਂ ਦੇ ਸ਼ਰਬਤ ਬੋਤਲਾਂ ਅਤੇ ਬੰਦ ਬੋਤਲਾਂ ਵਿਚ ਉਪਲਬਧ ਹਨ। ਜੇ ਤੁਸੀਂ ਚਾਹੋ ਤਾਂ ਅਨੇਕਾਂ ਫਲਾਂ ਦੇ ਸ਼ਰਬਤ ਆਪਣੇ ਘਰਾਂ ਵਿਚ ਖੁਦ ਬਣਾ ਸਕਦੇ ਹੋ। ਪੇਸ਼ ਹੈ ਸ਼ਰਬਤ ਬਣਾਉਣ ਦੀ ਆਸਾਨ ਵਿਧੀ-
ਅਨੇਕਾਂ ਤਰ੍ਹਾਂ ਦੇ ਰਸਦਾਰ ਫਲ ਜਿਵੇਂ ਅੰਬ, ਅਨਾਰ, ਜਾਮਣ ਅਤੇ ਅੰਗੂਰ ਆਦਿ ਲਏ ਜਾ ਸਕਦੇ ਹਨ। ਇਨ੍ਹਾਂ ਫਲਾਂ ਨੂੰ ਨਮਕ ਦੇ ਤੇਜ਼ਾਬ ਦੇ ਹਲਕੇ ਘੋਲ ਵਿਚ ਸਾਫ਼ ਕਰਕੇ ਚੰਗੀ ਤਰ੍ਹਾਂ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ਤਾਂ ਕਿ ਫਲ ਵਿਚੋਂ ਰਸ ਨਿਚੋੜਨ ਵਿਚ ਆਸਾਨੀ ਹੋਵੇ।
ਫਲਾਂ ਨੂੰ ਚੰਗੀ ਤਰ੍ਹਾਂ ਪਿਲਪਿਲਾ ਕਰ ਲੈਣ ਤੋਂ ਬਾਅਦ ਗੁੱਦੇ ਨੂੰ ਮੋਟੇ ਕੱਪੜਿਆਂ ਵਿਚ ਬੰਨ੍ਹ ਕੇ ਛੋਟੇ-ਛੋਟੇ ਬਾਸਕਿਟ ਪ੍ਰੈੱਸ ਵਿਚ ਦਬਾਅ ਕੇ ਨਿਚੋੜੋ। ਦੁਬਾਰਾ ਬਚੇ ਹੋਏ ਫੋਗ ਨੂੰ ਇਕ-ਦੋ ਵਾਰ ਪਾਣੀ ਵਿਚ ਮਿਲਾ ਕੇ ਫਿਰ ਨਿਚੋੜੋ। ਵੈਸੇ ਰਸ ਕੱਢਦੇ ਸਮੇਂ ਉਨ੍ਹਾਂ ਨੂੰ ਗਰਮ ਵੀ ਕੀਤਾ ਜਾ ਸਕਦਾ ਹੈ। ਪੂਰਾ ਰਸ ਨਿਚੋੜ ਲੈਣ ਤੋਂ ਬਾਅਦ ਪਤਲੇ ਸਾਫ਼ ਕੱਪੜੇ ਨਾਲ ਛਾਣ ਲਓ। ਹੁਣ ਰਸ ਵਿਚ ਹੇਠ ਲਿਖੀਆਂ ਚੀਜ਼ਾਂ ਸਹੀ ਮਾਤਰਾ ਵਿਚ ਤੋਲ ਕੇ ਮਿਲਾਓ-
ਫਲਾਂ ਦਾ ਰਸ : 500 ਗ੍ਰਾਮ
ਖੰਡ : 500 ਗ੍ਰਾਮ
ਨਿੰਬੂ ਦਾ ਰਸ : 8-10 ਗ੍ਰਾਮ
ਯਾਦ ਰੱਖੋ : ਨਿੰਬੂ ਦਾ ਰਸ ਸਿਰਫ਼ ਅੰਗੂਰ ਅਤੇ ਜਾਮਣ ਦੇ ਸ਼ਰਬਤਾਂ ਵਿਚ ਵੀ ਵਰਤੋ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਰੱਖ ਲਓ। ਲੋੜ ਅਨੁਸਾਰ ਸ਼ਰਬਤ ਨੂੰ ਹਲਕਾ ਗਰਮ ਵੀ ਕੀਤਾ ਜਾ ਸਕਦਾ ਹੈ।
ਜੇ ਤੁਸੀਂ ਇਨ੍ਹਾਂ ਸ਼ਰਬਤਾਂ ਨੂੰ ਜ਼ਿਆਦਾ ਸਮੇਂ ਤੱਕ ਰੱਖਣਾ ਚਾਹੁੰਦੇ ਹੋ ਤਾਂ ਇਕ ਕਿਲੋਗ੍ਰਾਮ ਸ਼ਰਬਤ ਵਿਚ ਇਕ ਗ੍ਰਾਮ ਸੋਡੀਅਮ ਬੇਨਜੋਏਟ ਮਿਲਾ ਦਿਓ। ਸੋਡੀਅਮ ਬੇਨਜੋਏਟ ਨਾਲ ਸ਼ਰਬਤ ਛੇਤੀ ਖਰਾਬ ਨਹੀਂ ਹੁੰਦੇ। ਕਿਸੇ ਵੀ ਦਵਾਈਆਂ ਵਾਲੀ ਦੁਕਾਨ 'ਤੇ ਸੋਡੀਅਮ ਬੇਨਜੋਏਟ ਮਿਲ ਜਾਵੇਗਾ।
ਹੁਣ ਤੁਸੀਂ ਇਨ੍ਹਾਂ ਸ਼ਰਬਤਾਂ ਨੂੰ ਲੋੜ ਅਨੁਸਾਰ ਪਾਣੀ ਨਾਲ ਮਿਲਾ ਕੇ ਵਰਤੋਂ ਵਿਚ ਲਿਆਓ।

ਘਰ ਨੂੰ ਖ਼ੂਬਸੂਰਤ ਬਣਾਉਂਦੀ ਹੈ ਫੁੱਲਾਂ ਦੀ ਕਿਆਰੀ

ਕੁਦਰਤ ਨੇ ਇਨਸਾਨ ਨੂੰ ਬਹੁਤ ਸਾਰੀਆਂ ਨਿਆਮਤਾਂ ਬਖਸ਼ੀਆਂ ਹਨ। ਉਨ੍ਹਾਂ ਵਿਚੋਂ ਫੁੱਲਾਂ ਦੀ ਆਪਣੀ ਹੀ ਮਹੱਤਤਾ ਹੈ। ਜਦੋਂ ਵੀ ਅਸੀਂ ਕਿਤੇ ਫੁੱਲ ਉੱਗੇ ਦੇਖਦੇ ਹਾਂ ਤਾਂ ਸਾਡੀ ਨਜ਼ਰ ਆਪਮੁਹਾਰੇ ਉਨ੍ਹਾਂ 'ਤੇ ਜਾ ਟਿਕਦੀ ਹੈ ਅਤੇ ਦਿਲ ਕਰਦਾ ਹੈ ਦੇਖਦੇ ਹੀ ਰਹੀਏ। ਫੁੱਲਾਂ ਦਾ ਸਾਡੀ ਜ਼ਿੰਦਗੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਜਨਮ ਦਿਨ ਹੋਵੇ ਜਾਂ ਕੋਈ ਖੁਸ਼ੀ ਦਾ ਸਮਾਗਮ ਤਾਂ ਫੁੱਲਾਂ ਦੇ ਗੁਲਦਸਤੇ ਵੀ ਭੇਟ ਕੀਤੇ ਜਾਂਦੇ ਹਨ। ਫੁੱਲਾਂ ਦਾ ਮਨੁੱਖ ਨਾਲ ਜ਼ਿੰਦਗੀ ਭਰ ਦਾ ਸਾਥ ਹੈ। ਫੁੱਲਾਂ ਦੀ ਖੁਸ਼ਬੂ ਤੋਂ ਕੌਣ ਜਾਣੂ ਨਹੀਂ, ਖਾਸ ਕਰਕੇ ਗੁਲਾਬ ਅਤੇ ਕਲੀਆਂ (ਜੈਸਮੀਨ) ਦੀ ਮਹਿਕ ਦਾ ਤਾਂ ਕੋਈ ਜਵਾਬ ਹੀ ਨਹੀਂ। ਇਹ ਸਾਨੂੰ ਖੁਸ਼ਬੂ ਦੇ ਕੇ ਇਕ ਸੰਦੇਸ਼ ਵੀ ਦਿੰਦੇ ਹਨ ਕਿ ਇਨਸਾਨ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਅਤੇ ਦੂਜਿਆਂ ਦੀ ਭਲਾਈ ਕਰਨ ਲਈ ਹਰ ਵਕਤ ਤਤਪਰ ਰਹਿਣਾ ਚਾਹੀਦਾ ਹੈ। ਫੁੱਲ ਖੁਸ਼ਬੂਆਂ ਵੰਡਦੇ ਹਨ ਪਰ ਕਿਸੇ ਕੋਲੋਂ ਕੁਝ ਨਹੀਂ ਮੰਗਦੇ। ਰੰਗ-ਬਰੰਗੇ ਫੁੱਲਾਂ ਦਾ ਗੁਲਦਸਤਾ ਹੋਰ ਵੀ ਸੋਹਣਾ ਲਗਦਾ ਹੈ, ਇਹ ਸਾਨੂੰ ਸਭ ਨੂੰ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੰਦਾ ਹੈ। ਕਾਸ਼! ਸਾਡੇ ਭਾਰਤ ਦੇ ਲੋਕ ਇਸ ਤਰ੍ਹਾਂ ਹੀ ਮਿਲਜੁਲ ਕੇ ਰਹਿਣ। ਘਰ ਦੇ ਅੰਦਰ ਜਾਂ ਬਾਹਰ ਜੇ ਕੁਝ ਥਾਂ ਮਿਲ ਸਕੇ ਤਾਂ ਸਾਨੂੰ ਫੁੱਲ ਜ਼ਰੂਰ ਬੀਜਣੇ ਚਾਹੀਦੇ ਹਨ। ਇਸ ਨਾਲ ਘਰ ਦੀ ਖੂਬਸੂਰਤੀ ਵਿਚ ਵਾਧਾ ਹੁੰਦਾ ਹੈ। ਵਿਹਲੇ ਸਮੇਂ ਤੁਸੀਂ ਫੁੱਲਾਂ ਕੋਲ ਬੈਠ ਸਕਦੇ ਹੋ, ਇਹ ਤੁਹਾਡੇ ਨਾਲ ਗੱਲਾਂ ਵੀ ਕਰਨਗੇ। ਫੁੱਲ ਗਮਲਿਆਂ ਵਿਚ ਉਗਾਏ ਜਾ ਸਕਦੇ ਹਨ। ਸ਼ਹਿਰਾਂ ਵਿਚ ਤਾਂ ਲੋਕਾਂ ਨੇ ਛੱਤਾਂ ਉੱਪਰ ਫੁੱਲ ਅਤੇ ਸਬਜ਼ੀਆਂ ਦੀ ਬਗੀਚੀ ਬਣਾ ਰੱਖੀ ਹੈ। ਬਸ ਗੱਲ ਸਿਰਫ ਸ਼ੌਕ ਦੀ ਹੈ।


-ਮਹਿੰਦਰ ਸਿੰਘ ਬਾਜਵਾ,
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ। ਮੋਬਾ: 99157-31345

ਘਰ ਵਿਚ ਹੀ ਹੈ ਬਿਊਟੀ ਪਾਰਲਰ

ਅੱਖਾਂ ਦੇ ਆਸ-ਪਾਸ ਕਾਲਾਪਨ : ਟਮਾਟਰ ਦਾ ਰਸ ਇਕ ਚਮਚ, ਨਿੰਬੂ ਦਾ ਰਸ ਅੱਧਾ ਚਮਚ, ਇਕ ਚੁਟਕੀ ਹਲਦੀ ਦਾ ਬਰੀਕ ਚੂਰਨ ਅਤੇ ਥੋੜ੍ਹਾ ਜਿਹਾ ਬੇਸਣ ਮਿਲਾ ਕੇ ਸੰਘਣਾ ਲੇਪ ਬਣਾ ਲਓ। ਕੁਝ ਦਿਨ ਤੱਕ ਰੋਜ਼ ਇਕ ਵਾਰ ਅੱਖਾਂ ਦੇ ਚਾਰੋ ਪਾਸੇ ਕਾਲੇ ਘੇਰਿਆਂ 'ਤੇ ਲੇਪ ਕਰਕੇ 10 ਤੋਂ 15 ਮਿੰਟ ਤੱਕ ਲੱਗਾ ਰਹਿਣ ਦਿਓ। ਸੁੱਕਣ ਤੋਂ ਪਹਿਲਾਂ ਹੀ ਹੌਲੀ-ਹੌਲੀ ਮਲਣ ਤੋਂ ਬਾਅਦ ਸਾਧਾਰਨ ਪਾਣੀ ਨਾਲ ਚਿਹਰੇ ਨੂੰ ਧੋ ਲਓ। ਕਾਲੇ ਘੇਰੇ ਮਿਟਾਉਣ ਦਾ ਇਹ ਪ੍ਰਭਾਵਸ਼ਾਲੀ ਇਲਾਜ ਹੈ। ਅੱਖਾਂ ਅੰਦਰ ਨੂੰ ਧਸਦੀਆਂ ਜਾ ਰਹੀਆਂ ਹੋਣ ਤਾਂ ਬਦਾਮ ਦਾ ਤੇਲ ਅਤੇ ਸ਼ਹਿਦ ਬਰਾਬਰ ਮਾਤਰਾ ਵਿਚ ਮਿਲਾ ਕੇ ਹੌਲੀ-ਹੌਲੀ ਮਲੋ। ਇਸ ਦੀ ਵਰਤੋਂ ਇਕ ਮਹੀਨਾ ਕਰਨੀ ਚਾਹੀਦੀ ਹੈ। ਬਦਾਮ ਦਾ ਤੇਲ ਅਤੇ ਸ਼ਹਿਦ ਦੀ ਜਗ੍ਹਾ 'ਤੇ ਸਿਰਫ ਜੈਤੂਨ ਦਾ ਤੇਲ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
ਚਿਹਰੇ ਦੇ ਦਾਗ-ਧੱਬੇ ਅਤੇ ਸਾਂਵਲਾਪਨ : ਹਰ ਰੋਜ਼ ਇਕ ਪੱਕੇ ਟਮਾਟਰ ਦੇ ਗੁੱਦੇ ਵਿਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਕੇ ਸਵੇਰੇ ਅਤੇ ਸ਼ਾਮ ਚਿਹਰੇ 'ਤੇ ਮਲੋ। ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ। ਅਜਿਹਾ ਕਰਦੇ ਰਹਿਣ ਨਾਲ ਕੁਝ ਹੀ ਦਿਨਾਂ ਵਿਚ ਚਿਹਰਾ ਦਾਗ-ਰਹਿਤ ਅਤੇ ਚਮਕੀਲਾ ਹੋ ਜਾਂਦਾ ਹੈ। ਚਿਹਰੇ ਦੇ ਧੱਬਿਆਂ, ਕਿੱਲਾਂ ਅਤੇ ਝੁਰੜੀਆਂ 'ਤੇ ਰਾਤ ਨੂੰ ਨਿੰਬੂ ਦਾ ਰਸ ਮਿਲਾ ਕੇ ਇਕ ਗਿਲਾਸ ਪਾਣੀ ਦਾ ਸੇਵਨ ਕਰੋ। ਲਗਾਤਾਰ 2-3 ਹਫ਼ਤੇ ਵਰਤੋਂ ਕਰਨ ਨਾਲ ਚਿਹਰੇ ਦੇ ਦਾਗ-ਧੱਬੇ ਆਦਿ ਦੂਰ ਹੋ ਜਾਂਦੇ ਹਨ।
ਝੁਰੜੀਆਂ ਨੂੰ ਦੂਰ ਕਰੋ : ਦੁੱਧ ਦੀ ਠੰਢੀ ਮਲਾਈ ਅੱਧਾ ਚਮਚ ਵਿਚ ਨਿੰਬੂ ਦੀਆਂ 5-6 ਬੂੰਦਾਂ ਮਿਲਾ ਕੇ ਝੁਰੜੀਆਂ 'ਤੇ ਸੌਣ ਸਮੇਂ ਚੰਗੀ ਤਰ੍ਹਾਂ ਮਲ ਕੇ ਫਿਰ ਕੋਸੇ ਪਾਣੀ ਨਾਲ ਚਿਹਰਾ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਸਾਦੀ ਮਲਾਈ ਚਿਹਰੇ 'ਤੇ (ਝੁਰੜੀਆਂ 'ਤੇ) ਉਦੋਂ ਤੱਕ ਮਲੋ ਜਦੋਂ ਤੱਕ ਮਲਾਈ ਘੁਲ ਕੇ ਚਮੜੀ ਵਿਚ ਰਮ ਨਾ ਜਾਵੇ। ਅੱਧੇ ਘੰਟੇ ਬਾਅਦ ਪਾਣੀ ਨਾਲ ਧੋ ਕੇ ਪਾਓ ਪਰ ਸਾਬਣ ਨਾ ਲਗਾਓ। ਇਕ ਮਹੀਨੇ ਦੀ ਨਿਯਮਤ ਵਰਤੋਂ ਨਾਲ ਝੁਰੜੀਆਂ ਦੂਰ ਹੁੰਦੀਆਂ ਹਨ।
ਅੱਧਾ ਗਿਲਾਸ ਗਾਜਰ ਦਾ ਰਸ ਹਰ ਰੋਜ਼ ਸ਼ਾਮ ਨੂੰ ਘੱਟੋ-ਘੱਟ ਦੋ ਹਫਤੇ ਤੱਕ ਪੀਣ ਨਾਲ ਚਮੜੀ ਦੀਆਂ ਝੁਰੜੀਆਂ ਦੂਰ ਹੁੰਦੀਆਂ ਹਨ। ਕੱਚ ਜਾਂ ਚੀਨੀ ਮਿੱਟੀ ਦੇ ਭਾਂਡੇ ਵਿਚ 900 ਗ੍ਰਾਮ ਕੱਚੇ ਦੁੱਧ ਵਿਚ ਨਿੰਬੂ ਦੇ ਰਸ ਦੀਆਂ ਏਨੀਆਂ ਕੁ ਬੂੰਦਾਂ ਪਾਓ ਕਿ ਦੁੱਧ ਫਟ ਜਾਵੇ। ਇਸ ਨੂੰ ਚਮੜੀ 'ਤੇ ਹੌਲੀ-ਹੌਲੀ ਮਲੋ। ਉਸ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਤੇਲੀ ਚਮੜੀ ਕੋਮਲ ਅਤੇ ਕਾਂਤੀਅਮ ਹੋ ਜਾਵੇਗੀ।
ਕੱਚੇ ਦੁੱਧ ਜਾਂ ਦੁੱਧ ਦੀ ਝੱਗ ਨੂੰ ਰੂੰ 'ਤੇ ਲਗਾ ਕੇ ਚਮੜੀ 'ਤੇ ਮਲਣ ਅਤੇ 15-20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਲੈਣ ਨਾਲ ਖੁਸ਼ਕ ਅਤੇ ਰੁੱਖੀ ਚਮੜੀ ਸਿਨਗਧ ਅਤੇ ਕੋਮਲ ਹੋ ਜਾਂਦੀ ਹੈ ਅਤੇ ਮੁਖਮੰਡਲ ਦੀ ਸ਼ੋਭਾ ਅਤੇ ਕਾਂਤੀ ਵਧਦੀ ਹੈ ਅਤੇ ਰੰਗ ਨਿਖਰਦਾ ਹੈ। ਇਕ ਔਲੇ ਦਾ ਮੁਰੱਬਾ ਹਰ ਰੋਜ਼ ਸਵੇਰੇ ਖਾਲੀ ਪੇਟ 3-4 ਮਹੀਨੇ ਤੱਕ ਖਾਣ ਨਾਲ ਚਮੜੀ ਦਾ ਰੰਗ ਨਿਖਰਨ ਲਗਦਾ ਹੈ।
ਨਹੁੰਆਂ ਦੀ ਸੁੰਦਰਤਾ ਅਤੇ ਚਮਕ ਲਈ : ਰੂੰ ਦੇ ਫਹੇ 'ਤੇ ਨਿੰਬੂ ਦੇ ਰਸ ਨੂੰ ਲਗਾ ਕੇ ਜਾਂ ਨਿੰਬੂ ਦੀ ਛਿੱਲ ਨੂੰ ਨਹੁੰਆਂ 'ਤੇ ਰਗੜੋ। ਕੁਝ ਦੇਰ ਬਾਅਦ ਹੱਥ ਧੋ ਲਓ। ਦੋ ਹਫ਼ਤੇ ਹਰ ਰੋਜ਼ ਨਿਯਮਤ ਵਰਤੋਂ ਕਰਨ ਨਾਲ ਅਤੇ ਬਾਅਦ ਵਿਚ ਹਫ਼ਤੇ ਵਿਚ ਸਿਰਫ ਇਕ ਵਾਰ ਹੀ ਵਰਤੋਂ ਕਰਦੇ ਰਹਿਣ ਨਾਲ ਨਹੁੰਆਂ ਦਾ ਭੱਦਾਪਨ ਅਤੇ ਕਮਜ਼ੋਰੀ ਦੂਰ ਹੋ ਕੇ ਉਨ੍ਹਾਂ ਵਿਚ ਕੁਦਰਤੀ ਚਮਕ ਪੈਦਾ ਹੋਵੇਗੀ ਅਤੇ ਉਹ ਮਜ਼ਬੂਤ ਬਣਨਗੇ। ਜੇ ਨਹੁੰ ਨਹੀਂ ਵਧਦੇ ਹਨ ਤਾਂ ਗਰਮ ਪਾਣੀ ਵਿਚ ਨਿੰਬੂ ਦਾ ਰਸ ਪਾ ਕੇ 5 ਮਿੰਟ ਤੱਕ ਆਪਣੀਆਂ ਉਂਗਲੀਆਂ ਡੁਬੋਈ ਰੱਖੋ। ਫਿਰ ਇਨ੍ਹਾਂ ਨੂੰ ਤੁਰੰਤ ਠੰਢੇ ਪਾਣੀ ਵਿਚ ਪਾ ਦਿਓ।
ਵਾਲਾਂ ਵਿਚ ਚਮਕ ਅਤੇ ਨਿਖਾਰ ਲਈ : ਨਿੰਬੂ ਦੀਆਂ ਛਿੱਲਾਂ ਨੂੰ ਨਾਰੀਅਲ ਦੇ ਤੇਲ ਵਿਚ ਡੁਬੋ ਕੇ ਦੋ ਹਫਤੇ ਧੁੱਪ ਵਿਚ ਰੱਖੋ, ਹੁਣ ਇਨ੍ਹਾਂ ਨੂੰ ਪੁਣ ਕੇ ਇਸ ਤੇਲ ਨਾਲ ਵਾਲਾਂ ਦੀਆਂ ਜੜ੍ਹਾਂ ਵਿਚ ਹੌਲੀ-ਹੌਲੀ ਮਾਲਿਸ਼ ਕਰੋ। ਵਾਲ ਕਾਲੇ ਅਤੇ ਸੰਘਣੇ ਰਹਿਣਗੇ।
ਬੁੱਲ੍ਹਾਂ ਦੀ ਸੁੰਦਰਤਾ ਲਈ : ਬੁੱਲ੍ਹ ਫਟ ਜਾਣ ਤਾਂ ਉਨ੍ਹਾਂ 'ਤੇ ਇਕ ਚਮਚ ਦੁੱਧ ਦੀ ਮਲਾਈ ਵਿਚ ਇਕ ਚੁਟਕੀ ਹਲਦੀ ਦੇ ਚੂਰਨ ਦੀ ਮਿਲਾ ਕੇ ਹੌਲੀ-ਹੌਲੀ ਮਲਣ ਅਤੇ ਲਗਾਉਣ ਨਾਲ ਬੁੱਲ੍ਹ ਚਿਕਣੇ ਅਤੇ ਮੁਲਾਇਮ ਹੋ ਜਾਂਦੇ ਹਨ। ਬੁੱਲ੍ਹਾਂ ਦੀ ਲਾਲੀ ਲਈ ਦਹੀਂ ਦੇ ਮੱਖਣ ਵਿਚ ਕੇਸਰ ਮਿਲਾ ਕੇ ਬੁੱਲ੍ਹਾਂ 'ਤੇ ਮਲਣਾ ਚਾਹੀਦਾ ਹੈ ਜਾਂ ਦੇਸੀ ਗੁਲਾਬ ਦੀਆਂ ਪੰਖੜੀਆਂ ਨੂੰ ਪੀਸ ਕੇ ਉਸ ਵਿਚ ਥੋੜ੍ਹੀ ਜਿਹੀ ਗਲਿਸਰੀਨ ਮਿਲਾ ਕੇ ਇਸ ਨੂੰ ਨਿਯਮਤ ਰੂਪ ਨਾਲ ਬੁੱਲ੍ਹਾਂ 'ਤੇ ਲਗਾਉਣਾ ਚਾਹੀਦਾ ਹੈ। ਨਿੰਬੂ ਨਿਚੋੜੀ ਹੋਈ ਫੰਕ ਨਾਲ ਬੁੱਲ੍ਹਾਂ ਨੂੰ ਰਗੜੋ। ਕੁਝ ਦਿਨਾਂ ਦੀ ਨਿਯਮਤ ਵਰਤੋਂ ਨਾਲ ਬੁੱਲ੍ਹਾਂ ਦਾ ਕਾਲਾਪਨ ਦੂਰ ਹੋਵੇਗਾ।

ਇੰਜ ਰੱਖੋ ਆਪਣੀ ਫਰਿੱਜ ਨੂੰ ਠੀਕ

ਫਰਿੱਜ ਦੀ ਸਹੀ ਦੇਖਭਾਲ ਅਤੇ ਰੱਖ-ਰਖਾਓ ਸਮੇਤ ਫਲ-ਸਬਜ਼ੀਆਂ, ਦੁੱਧ, ਮਾਸ ਅਤੇ ਹੋਰ ਪੱਕੇ ਹੋਏ ਖਾਧ ਪਦਾਰਥਾਂ ਨੂੰ ਫਰਿੱਜ ਵਿਚ ਸੁਰੱਖਿਅਤ ਰੱਖਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਜਾਣਕਾਰੀ ਫਰਿੱਜ ਦੇ ਮਾਲਕਾਂ ਨੂੰ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਸਬੰਧਤ ਮਾਮਲਿਆਂ ਵਿਚ ਬਿਹਤਰ ਤਰਕੀਬਾਂ ਦੀ ਜਾਣਕਾਰੀ ਹੋਣ ਨਾਲ ਕੋਈ ਜ਼ਿਆਦਾ ਖਰਚ ਕੀਤੇ ਬਗੈਰ ਤੁਹਾਡੀ ਫਰਿੱਜ ਹਮੇਸ਼ਾ ਠੀਕ ਰਹਿ ਕੇ ਆਪਣਾ ਕੰਮ ਕਰਦੀ ਰਹੇਗੀ।
ਫਰਿੱਜ ਦੀ ਉਪਯੋਗਤਾ ਫਰਿੱਜ ਦੀ ਸਹੀ ਵਰਤੋਂ ਕਰਨ ਦੀ ਤੁਹਾਡੀ ਯੋਗਤਾ ਅਤੇ ਸਵੈ-ਵਿਵੇਕ 'ਤੇ ਪੂਰੀ ਤਰ੍ਹਾਂ ਨਿਰਭਰ ਕਰਦੀ ਹੈ। ਫਰਿੱਜ ਖਰੀਦਣ ਤੋਂ ਪਹਿਲਾਂ ਇਹ ਸਾਵਧਾਨੀ ਅਪਣਾਓ ਕਿ ਬਿਜਲੀ ਦੇ ਵੋਲਟੇਜ ਵਿਚ ਉਤਰਾਅ-ਚੜ੍ਹਾਅ ਨਾਲ ਫਰਿੱਜ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਤੋਂ ਬਚਣ ਲਈ ਸਭ ਤੋਂ ਘੱਟ ਵੋਲਟੇਜ 'ਤੇ ਚੱਲਣ ਵਾਲੀ ਅਤੇ ਵੱਧ ਤੋਂ ਵੱਧ ਵੋਲਟੇਜ ਸਹਿਣ ਕਰਨ ਵਾਲੀ ਫਰਿੱਜ ਹੀ ਖਰੀਦੋ।
ਫਰਿੱਜ ਦੀ ਖਰੀਦ ਤੋਂ ਬਾਅਦ ਵਾਰੰਟੀ ਦੇ ਸਮੇਂ ਵਿਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਆਉਣ 'ਤੇ ਆਪ ਹੀ ਠੀਕ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਉਸ ਨੂੰ ਸਿੱਧੇ ਵਿਕਰੇਤਾ ਜਾਂ ਕੰਪਨੀ ਦੇ ਅਧਿਕਾਰਤ ਮਕੈਨਿਕ ਨੂੰ ਹੀ ਦਿਖਾਉਣਾ ਚਾਹੀਦਾ ਹੈ।
ਫਰਿੱਜ ਨੂੰ ਕੰਧ ਨਾਲ ਜੋੜ ਕੇ ਕਦੇ ਵੀ ਨਹੀਂ ਰੱਖਣਾ ਚਾਹੀਦਾ। ਇਸ ਨੂੰ ਹਵਾਦਾਰ ਜਗ੍ਹਾ 'ਤੇ ਹੀ ਰੱਖਣ ਦੀ ਵਿਵਸਥਾ ਕਰੋ। ਫਰਿੱਜ ਦੀ ਪਿਛਲੀ ਕੰਧ ਤੋਂ ਦੂਰੀ ਘੱਟੋ-ਘੱਟ 6 ਇੰਚ ਅਤੇ ਆਲੇ-ਦੁਆਲੇ ਦੀਆਂ ਕੰਧਾਂ ਤੋਂ ਦੂਰੀ ਘੱਟੋ-ਘੱਟ 4 ਇੰਚ ਜ਼ਰੂਰ ਹੋਣੀ ਚਾਹੀਦੀ ਹੈ। ਸੂਰਜ ਦੀ ਕੜਾਕੇਦਾਰ ਰੌਸ਼ਨੀ ਅਤੇ ਗੈਸ ਦੇ ਚੁੱਲ੍ਹੇ ਦੀ ਗਰਮੀ ਨਾਲ ਫਰਿੱਜ ਪ੍ਰਭਾਵਿਤ ਨਾ ਹੋਵੇ, ਇਸ ਦਾ ਧਿਆਨ ਜ਼ਰੂਰ ਰੱਖੋ।
ਹਰੇਕ ਹਫਤੇ ਫਰਿੱਜ ਦੀ ਸਫ਼ਾਈ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਫਰਿੱਜ ਦੀ ਸਫ਼ਾਈ ਕਰਨ ਤੋਂ ਪਹਿਲਾਂ ਫਰਿੱਜ ਬੰਦ ਕਰ ਦਿਓ। ਫਿਰ ਚਿਲਰ ਟਰੇਅ ਅਤੇ ਹੋਰ ਬਾਹਰ ਕੱਢਣ ਵਾਲੇ ਸਾਰੇ ਸਮਾਨ ਨੂੰ ਕੱਢ ਲਓ। ਹੁਣ ਇਕ ਚਮਚ ਬੇਕਿੰਗ ਪਾਊਡਰ ਲੈ ਕੇ ਦੋ ਲਿਟਰ ਪਾਣੀ ਵਿਚ ਮਿਲਾ ਕੇ ਸਾਧਾਰਨ ਗਰਮ ਕਰ ਲਓ।
ਫਰਿੱਜ ਦੇ ਕੈਬਨਿਟ ਦੇ ਅੰਦਰੂਨੀ ਹਿੱਸੇ ਨੂੰ ਇਸੇ ਘੋਲ ਜਾਂ ਕਿਸੇ ਡਿਟਰਜੈਂਟ ਘੋਲ (ਕੋਲਿਨ ਆਦਿ) ਨਾਲ ਮੁਲਾਇਮ ਅਤੇ ਸਾਫ਼ ਕੱਪੜੇ ਦੀ ਮਦਦ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ ਅਤੇ ਬਾਹਰ ਕੱਢੇ ਗਏ ਸਮਾਨ ਦੀ ਵੀ ਇਸੇ ਘੋਲ ਨਾਲ ਸਫ਼ਾਈ ਕਰ ਲਓ। ਇਸ ਸਮੇਂ ਸਾਵਧਾਨੀ ਇਹ ਰੱਖੋ ਕਿ ਫਰਿੱਜ ਦੇ ਅੰਦਰ ਦੇ ਲਾਈਟ ਬਲਬ, ਸਾਕਟ 'ਤੇ ਪਾਣੀ ਨਾ ਪੈ ਜਾਵੇ ਅਤੇ ਫਰਿੱਜ ਦੇ ਹੇਠਲੇ ਹਿੱਸੇ ਵਿਚ ਪਾਣੀ ਨਾ ਜੰਮ ਜਾਵੇ।
ਚੰਗੀ ਤਰ੍ਹਾਂ ਸਾਫ਼ ਕਰਨ ਅਤੇ ਉਸ ਨੂੰ ਸੁਕਾ ਲੈਣ ਤੋਂ ਬਾਅਦ ਸੈਲਫ ਵਿਚ ਇਕ ਕਿਨਾਰੇ 'ਤੇ ਬੇਕਿੰਗ ਸੋਢੇ ਦਾ ਥੋੜ੍ਹਾ ਖੁੱਲ੍ਹਾ ਪੈਕੇਟ ਰੱਖ ਦਿਓ, ਤਾਂ ਕਿ ਹਵਾ ਸ਼ੁੱਧੀਕਰਨ ਦਾ ਕੰਮ ਇਹ ਪਾਊਡਰ ਬਾਖੂਬੀ ਕਰ ਸਕੇ। ਇਹ ਪਾਊਡਰ ਭੋਜ ਪਦਾਰਥਾਂ ਦੀ ਗੰਧ ਨੂੰ ਵੀ ਸ਼ੋਸ਼ਿਤ ਕਰ ਲੈਂਦਾ ਹੈ। ਇਸ ਨਾਲ ਫਰਿੱਜ ਦੇ ਅੰਦਰ ਖੁਸ਼ਬੂ ਵੀ ਬਣੀ ਰਹਿੰਦੀ ਹੈ। ਹਰੇਕ ਦੋ ਮਹੀਨੇ ਵਿਚ ਬੇਕਿੰਗ ਪਾਊਡਰ ਦੇ ਡੱਬੇ ਨੂੰ ਹਿਲਾ ਕੇ ਉੱਪਰ-ਹੇਠਾਂ ਜ਼ਰੂਰ ਕਰ ਲਓ। ਛੇ ਮਹੀਨੇ ਬਾਅਦ ਪੈਕੇਟ ਨੂੰ ਬਦਲ ਦਿਓ।
ਫਰਿੱਜ ਦੇ ਬਾਹਰੀ ਭਾਗਾਂ ਨੂੰ ਸਰਫ ਜਾਂ ਸਾਬਣ ਦਾ ਘੋਲ ਬਣਾ ਕੇ ਗਰਮ ਕਰਕੇ ਸਾਫ਼ ਕਰਨਾ ਚਾਹੀਦਾ ਹੈ। ਇਹ ਧਿਆਨ ਰੱਖੋ ਕਿ ਫਰਿੱਜ ਦੇ ਬਾਹਰੀ ਹਿੱਸੇ ਨੂੰ ਸਾਫ਼ ਕਰਨ ਵਿਚ ਬੇਕਿੰਗ ਸੋਢਾ, ਬਰਤਨ ਮਾਂਜਣ ਵਾਲੇ ਪਾਊਡਰ, ਅਮਲ ਜਾਂ ਕਿਸੇ ਪਾਲਿਸ਼ ਕਰਨ ਵਾਲੇ ਪਦਾਰਥ ਦੀ ਵਰਤੋਂ ਕਦੇ ਨਾ ਕਰੋ। ਇਸ ਨਾਲ ਫਰਿੱਜ ਦੇ ਰੰਗ 'ਤੇ ਬੁਰਾ ਅਸਰ ਪਵੇਗਾ। ਜੇ ਇਕ ਹਫ਼ਤੇ ਲਈ ਕਿਤੇ ਬਾਹਰ ਜਾ ਰਹੇ ਹੋ ਤਾਂ ਫਰਿੱਜ ਦੇ ਕੁਨੈਕਸ਼ਨ ਨੂੰ ਕੱਟ ਕੇ ਪੂਰੀ ਤਰ੍ਹਾਂ ਸਾਫ਼ ਕਰਕੇ ਸੁਕਾ ਲਓ।
ਫਰਿੱਜ ਵਿਚ ਜ਼ਿਆਦਾ ਗਰਮ ਖਾਧ ਪਦਾਰਥ ਕਦੇ ਨਾ ਰੱਖੋ। ਫਲਾਂ ਅਤੇ ਸਬਜ਼ੀਆਂ ਨੂੰ ਵੱਖ-ਵੱਖ ਰੱਖੋ। ਬਹੁਤ ਜ਼ਿਆਦਾ ਪੱਕੇ ਫਲ ਨਾ ਰੱਖੋ। ਪੱਕੇ ਹੋਏ ਭੋਜ ਪਦਾਰਥਾਂ ਨੂੰ ਢੱਕਣ ਵਾਲੇ ਭਾਂਡੇ ਵਿਚ ਹੀ ਬੰਦ ਕਰਕੇ ਰੱਖੋ। ਪੱਕੇ ਹੋਏ ਭੋਜਨ ਨੂੰ ਇਕ ਦਿਨ ਤੋਂ ਜ਼ਿਆਦਾ ਫਰਿੱਜ ਵਿਚ ਰੱਖਣ 'ਤੇ ਉਸ ਦੀ ਗੁਣਵੱਤਾ ਖ਼ਤਮ ਹੋ ਜਾਂਦੀ ਹੈ।
ਵੱਡੇ ਭਾਂਡਿਆਂ ਵਿਚ ਸਾਮਾਨ ਰੱਖ ਕੇ ਫਰਿੱਜ ਵਿਚ ਰੱਖਣ ਦੀ ਆਦਤ ਤੋਂ ਬਚਣਾ ਚਾਹੀਦਾ ਹੈ। ਫਰਿੱਜ ਵਿਚ ਅਖ਼ਬਾਰ ਜਾਂ ਵੱਡੇ ਪਲਾਸਟਿਕ ਸ਼ੀਟਾਂ ਨਾਲ ਵੀ ਖਾਧ ਪਦਾਰਥਾਂ ਨੂੰ ਨਾ ਢਕੋ। ਫਰਿੱਜ ਵਿਚ ਵੱਡੇ ਭਾਂਡਿਆਂ ਦੇ ਰੱਖਣ 'ਤੇ ਉਸ ਦੀ ਠੰਢਾ ਕਰਨ ਦੀ ਸਮਰੱਥਾ ਘਟਦੀ ਹੈ। ਸੋਡਾਵਾਟਰ ਜਾਂ ਸੋਡਾਯੁਕਤ ਪੀਣ ਵਾਲੇ ਪਦਾਰਥਾਂ ਨੂੰ ਫਰੀਜਰ ਵਿਚ ਨਹੀਂ ਰੱਖਣਾ ਚਾਹੀਦਾ।
ਫਰਿੱਜ ਵਿਚ ਇਕ ਵਾਰ ਬਰਫ਼ ਬਣ ਜਾਣ ਤੋਂ ਬਾਅਦ ਉਸ ਦੀ ਵਰਤੋਂ ਕਰ ਲਓ ਜਾਂ ਸੁੱਟ ਦਿਓ ਪਰ ਇਸ ਦੇ ਪਿਘਲ ਜਾਣ ਤੋਂ ਬਾਅਦ ਦੁਬਾਰਾ ਬਰਫ ਬਣਨ 'ਤੇ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਫਰਿੱਜ ਦੇ ਚਾਲੂ ਰਹਿਣ 'ਤੇ ਦਰਵਾਜ਼ਾ ਜ਼ਿਆਦਾ ਦੇਰ ਤੱਕ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ। ਇਸ ਨਾਲ ਫਰਿੱਜ ਦੇ ਅੰਦਰ ਦਾ ਤਾਪਮਾਨ ਵਧ ਸਕਦਾ ਹੈ। ਦਰਵਾਜ਼ਿਆਂ ਨੂੰ ਪੂਰੀ ਤਰ੍ਹਾਂ ਚਿਪਕਾ ਦੇਣਾ ਚਾਹੀਦਾ ਹੈ, ਨਹੀਂ ਤਾਂ ਤਿਲਚੱਟੇ ਜਾਂ ਕੀੜੀਆਂ ਵੜ ਜਾਂਦੀਆਂ ਹਨ।
ਫਰਿੱਜ ਦੀ ਸਹੀ ਤਰ੍ਹਾਂ ਵਰਤੋਂ ਨਾ ਕਰਨ 'ਤੇ ਉਹ ਵਾਰ-ਵਾਰ ਖਰਾਬ ਹੋਣ ਲਗਦੀ ਹੈ। ਅਜਿਹੀ ਬਿਮਾਰ ਫਰਿੱਜ ਦੀ ਮਿਆਦ ਜ਼ਿਆਦਾ ਦਿਨਾਂ ਤੱਕ ਨਹੀਂ ਹੁੰਦੀ। ਵਾਰ-ਵਾਰ ਦੀ ਖਰਾਬੀ ਅਤੇ ਕੰਮ ਠੀਕ ਨਾ ਕਰ ਸਕਣ ਦੀ ਲਾਚਾਰੀ ਤੋਂ ਬਚੇ ਰਹਿਣ ਲਈ ਇਹ ਜ਼ਰੂਰੀ ਹੈ ਕਿ ਉਸ ਦਾ ਰੱਖ-ਰਖਾਓ ਠੀਕ ਰੱਖਿਆ ਜਾਵੇ।
**

ਘਰੇਲੂ ਕੰਮਾਂ ਵਿਚ ਤੁਸੀਂ ਥਕਾਵਟ ਨੂੰ ਲੈ ਕੇ ਪ੍ਰੇਸ਼ਾਨ ਤਾਂ ਨਹੀਂ ਹੋ ਰਹੇ?

ਹਰ ਘਰੇਲੂ ਸੁਆਣੀ ਨੂੰ ਆਪਣੇ ਰੁਝੇਵਿਆਂ ਵਿਚਕਾਰ ਵਾਰ-ਵਾਰ ਹੇਠਾਂ ਝੁਕਣ, ਖਲੋਣ ਅਤੇ ਸਰੀਰ ਨੂੰ ਸੱਜੇ-ਖੱਬੇ ਮੋੜਨ ਦੀ ਲੋੜ ਪੈਂਦੀ ਹੈ। ਇਨ੍ਹਾਂ ਵੱਖੋ-ਵੱਖਰੀਆਂ ਹਰਕਤਾਂ ਦਾ ਉਸ ਦੇ ਸਰੀਰ ਦੇ ਅੰਗਾਂ 'ਤੇ ਸੁਖਾਵਾਂ ਪ੍ਰਭਾਵ ਪੈਂਦਾ ਹੈ ਅਤੇ ਸੁਭਾਵਿਕ ਲਚਕ ਅਤੇ ਨਿਰੋਗਤਾ ਕਾਇਮ ਰਹਿੰਦੀ ਹੈ। ਉਸ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ-ਕਾਰਾਂ ਨੂੰ ਦਿਲਚਸਪ ਬਣਾਉਣ ਅਤੇ ਬਗੈਰ ਕਿਸੇ ਥਕਾਵਟ ਦੇ ਲਈ ਹੇਠ ਲਿਖੇ ਸਾਧਨ ਅਪਣਾਉਣੇ ਹੋਣਗੇ :
* ਸਰੀਰ ਨੂੰ ਠੀਕ ਰੱਖਣ, ਸਹੀ ਕੋਨਾਂ ਨਾਲ ਅੱਗੇ-ਪਿੱਛੇ ਮੋੜਨ ਜਾਂ ਸੱਜੇ-ਖੱਬੇ ਹਰਕਤ ਦੇਣ ਨਾਲ ਅੰਗਾਂ ਦੀ ਸੁਭਾਵਿਕ ਲਚਕ ਤੇ ਸ਼ਕਤੀ ਨਸ਼ਟ ਨਹੀਂ ਹੋਵੇਗੀ। ਇਸ ਲਈ ਆਪਣੇ ਚੱਲਣ-ਫਿਰਨ ਅਤੇ ਬੈਠਣ ਦੇ ਢੰਗ ਦਾ ਆਲੋਚਨਾਤਮਕ ਨਿਰੀਖਣ ਕਰੋ ਕਿ ਕਿਹੜੀ-ਕਿਹੜੀ ਸਰੀਰਕ ਹਰਕਤ ਨੂੰ ਸੁਖਾਵੇਂ ਤੇ ਨਵੇਂ ਅੰਦਾਜ਼ ਵਿਚ ਢਾਲਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ 'ਤੇ ਰੱਸੀ 'ਤੇ ਕੱਪੜੇ ਟੰਗਣ ਜਾਂ ਬਿਸਤਰੇ ਵਿਛਾਉਣ ਸਮੇਂ ਬਾਹਵਾਂ ਨੂੰ ਹਰਕਤ ਦੇਣ ਤੋਂ ਪਹਿਲਾਂ ਡੂੰਘਾ ਸਾਹ ਲਵੋ। ਇਸ ਤਰ੍ਹਾਂ ਫੇਫੜਿਆਂ ਵਿਚ ਹਵਾ ਭਰਨ ਤੋਂ ਬਾਅਦ ਤੁਸੀਂ ਆਪਣੇ-ਆਪ ਨੂੰ ਹੌਲਾ-ਫੁੱਲ ਅਨੁਭਵ ਕਰੋਗੇ।
* ਘਰ 'ਚ ਝਾੜੂ ਦੇਣ, ਸਫ਼ਾਈ, ਭਾਂਡੇ ਧੋਣ ਜਾਂ ਭਾਰ ਚੁੱਕਣ ਦਾ ਕੋਈ ਕੰਮ ਹੋਵੇ, ਉਸ ਨੂੰ ਸਦਾ ਹਲਕੇ-ਫੁਲਕੇ ਅੰਦਾਜ਼ 'ਚ ਡੂੰਘੇ ਸਾਹ ਦੇ ਉਤਰਾਅ-ਚੜ੍ਹਾਅ ਨਾਲ ਪੂਰਾ ਕਰਨ ਦਾ ਯਤਨ ਕਰੋ। ਸ਼ੁਰੂ 'ਚ ਸ਼ਾਇਦ ਇਹ ਗੱਲ ਤੁਹਾਨੂੰ ਅਜੀਬ ਜਿਹੀ ਲੱਗੇ, ਪਰ ਘਬਰਾਓ ਨਾ। ਆਪਣੇ ਚੱਲਣ-ਫਿਰਨ ਅਤੇ ਉੱਠਣ-ਬੈਠਣ ਦੇ ਅੰਦਾਜ਼ ਬਦਲਣ ਦੇ ਸੰਕਲਪ ਵਿਚ ਡਟੇ ਰਹੋ। ਇਕ ਵਾਰ ਇਹ ਗੱਲ ਦਿਮਾਗ 'ਚ ਬੈਠ ਗਈ ਤਾਂ ਸਰੀਰਕ ਹਰਕਤਾਂ ਆਪਣੇ-ਆਪ ਇਸ ਦੇ ਅਧੀਨ ਹੋ ਜਾਣਗੀਆਂ।
* ਦਿਨ ਦੀ ਸਮਾਪਤੀ 'ਤੇ ਥਕਾਵਟ ਜਾਂ ਬੋਰੀਅਤ ਦਾ ਸ਼ਿਕਾਰ ਹੋ ਜਾਵੋ, ਤਾਂ ਆਪਣੀ ਯੋਜਨਾ ਦਾ ਆਲੋਚਨਾਤਮਕ ਜਾਇਜ਼ਾ ਲਵੋ ਕਿ ਤੁਹਾਡੀ ਸ਼ਕਤੀ ਕਿਹੜੇ-ਕਿਹੜੇ ਕੰਮਾਂ 'ਚ ਨਿਰਉਦੇਸ਼ ਖਰਚ ਹੋਈ ਹੈ। ਕਿਧਰੇ ਅਜਿਹਾ ਤਾਂ ਨਹੀਂ ਕਿ ਕੰਮ ਦੇ ਸ਼ੌਂਕ 'ਚ ਤੁਸੀਂ ਅਜਿਹਾ ਪ੍ਰੋਗਰਾਮ ਬਣਾਇਆ, ਜਿਸ 'ਤੇ ਅਮਲ ਸੰਭਵ ਨਾ ਹੋਵੇ।
* ਪ੍ਰੋਗਰਾਮ ਬਣਾਉਂਦੇ ਸਮੇਂ ਸਭ ਤੋਂ ਪਹਿਲਾਂ ਦਿਨ ਦੇ ਜ਼ਰੂਰੀ ਕੰਮਾਂ ਦਾ ਸਮਾਂ ਨਿਸ਼ਚਿਤ ਕਰੋ, ਜਿਵੇਂ ਦੁਪਹਿਰ ਦਾ ਭੋਜਨ ਖਾਣਾ ਹੈ। ਇਸ ਬਾਰੇ ਤੁਹਾਨੂੰ ਸਮੇਂ ਤੋਂ ਪਹਿਲਾਂ ਪਤਾ ਹੁੰਦਾ ਹੈ ਕਿ ਕਿਹੜੇ ਸਮੇਂ ਕਿਹੜਾ ਭੋਜਨ ਖਾਧਾ ਜਾਵੇਗਾ ਅਤੇ ਇਸ ਲਈ ਕੀ ਕੁਝ ਪਕਾਉਣਾ ਹੈ।
* ਖਾਣੇ ਦੇ ਮੀਨੂੰ ਵਾਂਗ ਘਰ ਦੇ ਦੂਸਰੇ ਕੰਮ ਵੀ ਸੁਘੜ ਤਰੀਕੇ ਨਾਲ ਪੂਰੇ ਕਰਨੇ ਜ਼ਰੂਰੀ ਹਨ। ਇਸ ਲਈ ਪੂਰੇ ਦਿਨ ਦਾ ਪ੍ਰੋਗਰਾਮ ਇਸ ਪ੍ਰਕਾਰ ਬਣਾਓ ਕਿ ਤੁਹਾਨੂੰ ਨੀਰਸਤਾ ਦਾ ਸ਼ਿਕਾਰ ਨਾ ਹੋਣਾ ਪਵੇ। ਮਿਸਾਲ ਵਜੋਂ ਝਾੜ-ਪੂੰਝ ਜਾਂ ਕਮਰਿਆਂ ਆਦਿ ਦੀ ਸਫ਼ਾਈ ਵਿਚਕਾਰ ਤੁਹਾਨੂੰ ਵਾਰ-ਵਾਰ ਝੁਕਣਾ ਪੈਂਦਾ ਹੈ। ਠੀਕ ਇਹੀ ਹੈ ਕਿ ਝਾੜ-ਪੂੰਝ ਤੋਂ ਨਿੱਬੜ ਕੇ ਅਜਿਹਾ ਕੰਮ ਸ਼ੁਰੂ ਕਰੋ, ਜਿਸ 'ਚ ਤੁਹਾਨੂੰ ਬੈਠ ਕੇ ਜ਼ਰਾ ਸੁਸਤਾਉਣ ਦਾ ਮੌਕਾ ਮਿਲ ਸਕੇ, ਅਰਥਾਤ ਸਿਲਾਈ-ਕਢਾਈ ਕੀਤੀ ਜਾ ਸਕਦੀ ਹੈ ਜਾਂ ਕੱਪੜਿਆਂ ਦੇ ਬਟਨ ਲਗਾਉਣ, ਸਵੈਟਰ ਬਣਾਉਣ ਆਦਿ ਕੋਈ ਵੀ ਹਲਕਾ-ਫੁਲਕਾ ਕੰਮ ਕੀਤਾ ਜਾ ਸਕਦਾ ਹੈ।
* ਨਿੱਤਨੇਮ ਇਸ ਪ੍ਰਕਾਰ ਬਣਾਓ ਕਿ ਦਿਨ-ਪ੍ਰਤੀ-ਦਿਨ ਇਕੋ ਹੀ ਅੰਦਾਜ਼ ਵਿਚ ਕੰਮ ਦਾ ਆਰੰਭ ਨਾ ਕਰਨਾ ਪਵੇ, ਅਦਲ-ਬਦਲ ਕੇ ਵੱਖੋ-ਵੱਖਰੇ ਕੰਮਾਂ ਨੂੰ ਪਹਿਲ ਦਿਓ।
ਉਪਰੋਕਤ ਸਾਧਨਾਂ ਨੂੰ ਅਮਲ ਵਿਚ ਲਿਆ ਕੇ ਤੁਸੀਂ ਨਿੱਤ ਦੇ ਘਰੇਲੂ ਕੰਮਾਂ ਵਿਚ ਆਉਂਦੀਆਂ ਪ੍ਰੇਸ਼ਾਨੀਆਂ ਅਤੇ ਥਕਾਵਟ ਤੋਂ ਆਪਣੇ-ਆਪ ਨੂੰ ਬਚਾਅ ਕੇ ਰੱਖ ਸਕਦੇ ਹੋ।


-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਸੋਸ਼ਲ ਮੀਡੀਆ 'ਤੇ ਕਿਤੇ ਅੰਨ੍ਹਾ ਭਰੋਸਾ ਤਾਂ ਨਹੀਂ ਕਰਦੇ?

ਤਕਨੀਕ ਇਕ ਦੋ-ਧਾਰੀ ਤਲਵਾਰ ਹੁੰਦੀ ਹੈ। ਇਹ ਜਿਥੇ ਕਈ ਕੰਮ ਆਸਾਨ ਬਣਾਉਂਦੀ ਹੈ, ਉਥੇ ਕਈ ਅਸਾਨ ਕੰਮਾਂ ਨੂੰ ਔਖੇ ਬਣਾ ਦਿੰਦੀ ਹੈ। ਪਿਛਲੇ ਕੁਝ ਸਾਲਾਂ ਵਿਚ ਅਣਗਿਣਤ ਅਪਰਾਧਾਂ ਦੇ ਅੰਤਿਮ ਸਿਰੇ ਜਾ ਕੇ ਸੋਸ਼ਲ ਮੀਡੀਆ ਵਿਚ ਮਿਲੇ ਹਨ। ਅਜਿਹਾ ਨਹੀਂ ਹੈ ਕਿ ਸੋਸ਼ਲ ਮੀਡੀਆ ਵਿਚ ਸਭ ਕੁਝ ਖਰਾਬ ਅਤੇ ਨਕਾਰਾਤਮਿਕ ਹੀ ਹੋਵੇ। ਇਥੇ ਅਨੇਕਾਂ ਚੰਗੀਆਂ ਗੱਲਾਂ ਵੀ ਹੋ ਰਹੀਆਂ ਹਨ, ਚੰਗੀਆਂ ਮੁਲਾਕਾਤਾਂ ਵੀ ਹੋ ਰਹੀਆਂ ਹਨ, ਨਵੀਂ ਕਿਸਮ ਦੇ ਰਿਸ਼ਤੇ ਵੀ ਬਣ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਸੋਸ਼ਲ ਮੀਡੀਆ ਨੂੰ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਬਣਾਉਣ 'ਤੇ ਲਗਾਤਾਰ ਸੁਚੇਤ ਰਹਿਣ ਦੀ ਵੀ ਲੋੜ ਹੁੰਦੀ ਹੈ ਨਹੀਂ ਤਾਂ ਕਿੰਨੀਆਂ ਹੀ ਚੰਗੀਆਂ ਉਦਾਹਰਨਾਂ ਕਿਉਂ ਨਾ ਮੌਜੂਦ ਹੋਣ, ਹਮੇਸ਼ਾ ਕਿਸੇ ਮੁਸ਼ਕਿਲ ਵਿਚ ਫਸਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਕੀ ਕਿਹਾ, ਤੁਹਾਡੇ ਨਾਲ ਅਜਿਹਾ ਕੁਝ ਨਹੀਂ ਹੋਵੇਗਾ? ਆਓ ਪਰਖ ਲੈਂਦੇ ਹਾਂ-
1. ਤੁਹਾਡੇ ਵੱਟਸਐਪ ਵਿਚ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਤੁਸੀਂ ਇਸ ਖ਼ਬਰ ਨੂੰ ਨਾ ਤਾਂ ਅਖ਼ਬਾਰਾਂ ਵਿਚ ਪੜ੍ਹਿਆ ਹੈ ਅਤੇ ਨਾ ਹੀ ਟੈਲੀਵਿਜ਼ਨ ਚੈਨਲਾਂ 'ਤੇ ਦੇਖਿਆ ਹੈ। ਅਜਿਹੇ ਵਿਚ-(ਕ) ਇਸ ਝੰਜੋੜ ਦੇਣ ਵਾਲੀ ਖ਼ਬਰ ਦੀ ਅਸਲੀਅਤ ਦਾ ਪਤਾ ਲਗਾਏ ਬਿਨਾਂ ਹੀ ਇਸ ਨੂੰ ਆਪਣੀਆਂ ਸਹੇਲੀਆਂ ਅਤੇ ਰਿਸ਼ਤੇਦਾਰਾਂ ਨੂੰ ਅੱਗੇ ਭੇਜ ਦਿਓਗੇ। (ਖ) ਖ਼ਬਰ ਚਾਹੇ ਜਿੰਨੀ ਮਰਜ਼ੀ ਹੈਰਾਨ ਕਰਨ ਵਾਲੀ ਹੋਵੇ, ਇਕ ਵਾਰ ਇਹ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰੋਗੇ ਕਿ ਆਖਰ ਇਸ ਦੀ ਅਸਲੀਅਤ ਕੀ ਹੈ? (ਗ) ਬਸ ਖ਼ਬਰ ਪੜ੍ਹ ਲਓਗੇ, ਅੱਗੇ ਉਸ ਨਾਲ ਕੋਈ ਨਾਤਾ ਨਹੀਂ ਰੱਖੋਗੇ, ਨਾ ਕਿਸੇ ਨੂੰ ਭੇਜੋਗੇ।
2. ਤੁਹਾਡੇ ਕਿਸੇ ਰਿਸ਼ਤੇਦਾਰ ਦਾ ਫੋਨ ਆਉਂਦਾ ਹੈ, ਤੁਹਾਨੂੰ ਪਤਾ ਲਗਦਾ ਹੈ ਕਿ ਉਹ ਕਈ ਦਿਨਾਂ ਤੋਂ ਬਿਮਾਰ ਹੈ। ਤੁਸੀਂ ਉਨ੍ਹਾਂ ਨਾਲ ਹਮਦਰਦੀ ਜਤਾਉਂਦੇ ਹੋਏ ਤੁਰੰਤ ਗੂਗਲ ਸਰਚ ਕਰਦੇ ਹੋ ਅਤੇ-
(ਕ) ਆਪਣੇ ਰਿਸ਼ਤੇਦਾਰ ਨੂੰ ਉਨ੍ਹਾਂ ਦੀ ਬਿਮਾਰੀ ਨਾਲ ਸਬੰਧਤ ਦਰਜਨਾਂ ਨੁਸਖਿਆਂ ਦੀ ਉਨ੍ਹਾਂ 'ਤੇ ਬੁਛਾੜ ਕਰ ਦਿੰਦੇ ਹੋ।
(ਖ) ਹਾਲਚਾਲ ਜਾਣਨ ਤੋਂ ਬਾਅਦ ਰਿਸ਼ਤੇਦਾਰ ਨੂੰ ਸਲਾਹ ਦਿੰਦੇ ਹੋ ਕਿ ਉਹ ਕਿਸੇ ਹਸਪਤਾਲ ਵਿਚ ਜਾ ਕੇ ਚੰਗੇ ਡਾਕਟਰ ਨੂੰ ਦਿਖਾਏ।
(ਗ) ਰਿਸ਼ਤੇਦਾਰ ਦੀਆਂ ਬਿਮਾਰੀਆਂ ਨਾਲ ਮੇਰਾ ਕੀ ਲੈਣਾ-ਦੇਣਾ, ਇਹ ਸੋਚ ਕੇ ਇਕ ਕੰਨ ਰਾਹੀਂ ਸੁਣਦੇ ਹੋ ਅਤੇ ਦੂਜੇ ਕੰਨ ਰਾਹੀਂ ਕੱਢ ਦਿੰਦੇ ਹੋ।
3. ਤੁਹਾਡਾ ਛੋਟਾ ਬੇਟਾ ਤੁਹਾਡੇ ਤੋਂ ਕਿਸੇ ਸਵਾਲ ਦਾ ਜਵਾਬ ਪੁੱਛ ਰਿਹਾ ਹੈ ਪਰ ਤੁਸੀਂ ਟੀ. ਵੀ. ਦੇਖਣ ਵਿਚ ਮਸਤ ਹੋ, ਅਜਿਹੇ ਵਿਚ-
(ਕ) ਉਸ ਨੂੰ ਕਹੋਗੇ ਜਾ ਕੇ ਗੂਗਲ ਵਿਚੋਂ ਦੇਖ ਲੈ। (ਖ) ਉਸ ਨੂੰ ਕਹੋਗੇ ਅਜੇ ਮੇਰੇ ਕੋਲ ਸਮਾਂ ਨਹੀਂ ਹੈ। (ਗ) ਟੀ. ਵੀ. ਬੰਦ ਕਰਕੇ ਉਸ ਨੂੰ ਨਾ ਸਿਰਫ ਉਸ ਦੇ ਸਵਾਲ ਦਾ ਜਵਾਬ ਦਿਓਗੇ, ਸਗੋਂ ਉਸ ਸਬੰਧ ਵਿਚ ਉਸ ਨੂੰ ਹੋਰ ਵੀ ਕਈ ਗੱਲਾਂ ਦੱਸ ਦਿਓਗੇ।
4. ਹਾਲ ਹੀ ਵਿਚ ਤੁਹਾਡੀ ਫੇਸਬੁੱਕ ਵਿਚ ਕਿਸੇ ਨਾਲ ਦੋਸਤੀ ਹੋਈ ਹੈ, ਹੌਲੀ-ਹੌਲੀ ਤੁਹਾਡੇ ਦੋਵਾਂ ਵਿਚ ਕਈ ਨਿੱਜੀ ਗੱਲਾਂ ਦਾ ਵੀ ਆਦਾਨ-ਪ੍ਰਦਾਨ ਹੋ ਗਿਆ ਹੈ, ਜਿਸ ਨਾਲ ਹੁਣ ਦੋਸਤੀ ਗੂੜ੍ਹੀ ਮੰਨੀ ਜਾਣ ਲੱਗੀ ਹੈ। ਅਜਿਹੇ ਵਿਚ ਤੁਹਾਡਾ ਫੇਸਬੁੱਕ ਦੋਸਤ ਕਿਸੇ ਦਿਨ ਤੁਹਾਡੇ ਨਾਲ ਅਸਲ ਵਿਚ ਮੁਲਾਕਾਤ ਕਰਨ ਦਾ ਇੱਛੁਕ ਹੈ ਅਤੇ ਸਪੱਸ਼ਟ ਰੂਪ ਨਾਲ ਕਹਿੰਦਾ ਹੈ ਕਿ ਤੁਸੀਂ ਉਸ ਨੂੰ ਇਕੱਲੇ ਅਤੇ ਇਕਾਂਤ ਵਿਚ ਹੀ ਮਿਲੋ ਤਾਂ ਕਿ ਦੋਵਾਂ ਨੂੰ ਕੋਈ ਜਾਣਕਾਰ ਨਾ ਦੇਖ ਸਕੇ-
(ਕ) ਤੁਸੀਂ ਸਪੱਸ਼ਟ ਕਹਿ ਦਿਓਗੇ ਕਿ ਮੈਨੂੰ ਅਜਿਹੀਆਂ ਮੁਲਾਕਾਤਾਂ ਵਿਚ ਕੋਈ ਦਿਲਚਸਪੀ ਨਹੀਂ ਹੈ।
(ਖ) ਟਾਲ ਦਿਓਗੇ ਕਿ ਫਿਰ ਕਦੇ ਮਿਲਾਂਗੇ।
(ਗ) ਥੋੜ੍ਹੀ ਝਿਜਕ ਤੋਂ ਬਾਅਦ ਤਿਆਰ ਹੋ ਜਾਓਗੇ, ਇਹ ਸੋਚ ਕੇ ਕਿ ਦੁਨੀਆ ਵਿਚ ਹਰ ਕੋਈ ਖਰਾਬ ਹੀ ਥੋੜ੍ਹੋਂ ਹੁੰਦਾ ਹੈ।
5. ਸੋਸ਼ਲ ਮੀਡੀਆ ਵਿਚ ਕੋਈ ਸ਼ਖ਼ਸ ਤੁਹਾਡੀ ਹਰ ਪੋਸਟ ਨੂੰ ਲਾਈਕ ਕਰਦਾ ਹੈ, ਉਸ ਦੀ ਵਧ-ਚੜ੍ਹ ਕੇ ਤਾਰੀਫ ਕਰਦਾ ਹੈ, ਤੁਸੀਂ ਇਸ ਤਾਰੀਫ ਨਾਲ ਅਭਿਭੂਤ ਰਹਿੰਦੀ ਹੋ ਅਤੇ ਕੋਈ ਵੀ ਪੋਸਟ ਕਰਨ ਤੋਂ ਪਹਿਲਾਂ-
(ਕ) ਇਹ ਉਮੀਦ ਰੱਖਦੇ ਹੋ ਕਿ ਉਹ ਸ਼ਖ਼ਸ ਇਸ ਨੂੰ ਜ਼ਰੂਰ ਦੇਖੇ ਅਤੇ ਪਸੰਦ ਕਰੇ।
(ਖ) ਉਸ ਦੀ ਪਸੰਦਗੀ ਦਾ ਅਨੁਮਾਨ ਲਗਾ ਕੇ ਉਸ ਅਨੁਸਾਰ ਹੀ ਪੋਸਟ ਪਾਉਣ ਦੀ ਕੋਸ਼ਿਸ਼ ਕਰਦੇ ਹੋ।
(ਗ) ਕਿਸੇ ਦਾ ਕਿਸੇ ਵੀ ਤਰ੍ਹਾਂ ਨਾਲ ਧਿਆਨ ਕੀਤੇ ਬਗੈਰ ਇਮਾਨਦਾਰੀ ਨਾਲ ਜੋ ਲਿਖਣਾ ਚਾਹੁੰਦੇ ਹੋ, ਉਹੀ ਲਿਖਦੇ ਹੋ।
ਅੰਕ ਸੂਚੀ
ਲੜੀ ਨੰ: ਕ ਖ ਗ
1. 0 5 2
2. 1 5 1
3. 1 0 5
4. 5 2 0
5. 2 0 5
ਨਤੀਜਾ : ਜੇ ਤੁਸੀਂ ਇਸ ਪ੍ਰਸ਼ਨੋਤਰੀ ਦੇ ਸਾਰੇ ਸਾਰੇ ਪ੍ਰਸ਼ਨਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਇਸ ਤੋਂ ਬਾਅਦ ਤੁਸੀਂ ਉੱਤਰ ਦੇ ਰੂਪ ਵਿਚ ਉਸੇ ਬਦਲ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ ਜੋ ਬਿਲਕੁਲ ਤੁਹਾਡੀ ਸੋਚ ਦੇ ਅਨੁਰੂਪ ਹੈ ਤਾਂ ਹੁਣ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਹਾਡੇ 'ਤੇ ਸੋਸ਼ਲ ਮੀਡੀਆ ਦਾ ਕੋਈ ਮਾੜਾ ਚੱਕਰ ਤਾਂ ਨਹੀਂ ਹੈ।
ਕ-ਜੇ ਤੁਹਾਡੇ ਕੁੱਲ ਹਾਸਲ ਅੰਕ ਵੱਧ ਤੋਂ ਵੱਧ 10 ਜਾਂ ਇਸ ਤੋਂ ਘੱਟ ਹਨ ਤਾਂ ਤੁਸੀਂ ਖ਼ਤਰੇ ਦੀ ਲਾਈਨ ਨਾਲ ਲੱਗੇ ਖੜ੍ਹੇ ਹੋ, ਭਾਵੇਂ ਲਾਈਨ ਦੇ ਅੰਦਰ ਨਹੀਂ ਹੋ ਪਰ ਸੋਸ਼ਲ ਮੀਡੀਆ ਦਾ ਫੰਦਾ ਤੁਹਾਨੂੰ ਕਦੇ ਵੀ ਆਪਣੇ ਲਪੇਟੇ ਵਿਚ ਲੈ ਸਕਦਾ ਹੈ।
ਖ-ਜੇ ਤੁਹਾਡੇ ਕੁੱਲ ਹਾਸਲ ਅੰਕ 10 ਤੋਂ ਵੱਧ ਪਰ 15 ਜਾਂ ਇਸ ਤੋਂ ਘੱਟ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਸੋਸ਼ਲ ਮੀਡੀਆ ਦੇ ਖ਼ਤਰਿਆਂ ਨੂੰ ਪਛਾਣਦੇ ਹੋ, ਪਰ ਬਹੁਤ ਛੁਪੇ ਖ਼ਤਰਿਆਂ ਨੂੰ ਨਹੀਂ ਜਾਣਦੇ। ਅਜਿਹੇ ਵਿਚ ਜੇ ਕਦੇ ਧੋਖਾ ਖਾ ਜਾਓ ਤਾਂ ਹੈਰਾਨੀ ਨਹੀਂ ਹੈ।
ਗ-ਜੇ ਤੁਹਾਡੇ ਹਾਸਲ ਅੰਕ 15 ਤੋਂ ਜ਼ਿਆਦਾ ਹਨ ਤਾਂ ਭਾਵੇਂ ਤੁਸੀਂ ਕਿੰਨੇ ਵੀ ਸੋਸ਼ਲ ਮੀਡੀਆ ਮਿੱਤਰਤਾਪੂਰਨ ਹੋਵੋ ਪਰ ਇਸ ਦੇ ਖ਼ਤਰਿਆਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ।


-ਪਿੰਕੀ ਅਰੋੜਾ

ਗੱਲਬਾਤ ਦਾ ਸਲੀਕਾ ਵੀ ਇਕ ਕਲਾ ਹੈ

ਰੋਜ਼ਮਰ੍ਹਾ ਦੇ ਜੀਵਨ ਵਿਚ ਮਨੁੱਖ ਦਾ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੇ ਲੋਕਾਂ ਨਾਲ ਵਾਹ ਪੈਂਦਾ ਹੈ। ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਸਰਕਾਰੀ ਮੁਲਾਜ਼ਮਾਂ, ਸਫਰ ਕਰਦੇ ਸਮੇਂ ਮੁਸਾਫ਼ਰਾਂ ਤੇ ਰਸਤੇ ਵਿਚ ਜਾਂਦਿਆਂ-ਆਉਂਦਿਆਂ ਸਵੇਰ ਤੋਂ ਸ਼ਾਮ ਤੱਕ ਅਨੇਕਾਂ ਹੀ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲਦਾ ਹੈ। ਗੱਲਬਾਤ ਕਰਨੀ ਪੈਂਦੀ ਹੈ। ਹਰੇਕ ਸ਼ਖ਼ਸੀਅਤ ਦੀ ਵੰਨ-ਸੁਵੰਨਤਾ ਦੀ ਝਲਕ ਪੈਂਦੀ ਹੈ। ਪਰ ਹਰ ਇਕ ਦਾ ਗੱਲਬਾਤ ਕਰਨ ਦਾ ਢੰਗ ਵੱਖਰਾ ਹੀ ਹੁੰਦਾ ਹੈ। ਇਹ ਸਲੀਕਾ ਹਰ ਕਿਸੇ ਨੂੰ ਨਹੀਂ ਆਉਂਦਾ। ਇਹ ਵੀ ਇਕ ਕਲਾ ਹੈ।
ਜਿਨ੍ਹਾਂ ਲੋਕਾਂ ਨੂੰ ਗੱਲਬਾਤ ਦਾ ਸਲੀਕਾ ਆਉਂਦਾ ਹੈ, ਉਹ ਸਫਲਤਾ ਦੀਆਂ ਉੱਪਰਲੀਆਂ ਟੀਸੀਆਂ 'ਤੇ ਪਹੁੰਚ ਜਾਂਦੇ ਹਨ। ਕਈ ਵਾਰ ਸਰਕਾਰੀ ਦਫਤਰਾਂ ਵਿਚ ਕੋਈ ਕੰਮ ਦੇ ਨਿਪਟਾਰੇ ਲਈ ਕਈ-ਕਈ ਗੇੜੇ ਮਾਰਨੇ ਪੈਂਦੇ ਹਨ। ਕੁਰਸੀਆਂ 'ਤੇ ਬੈਠੇ ਬਾਬੂ ਵੀ ਕਈ ਵਾਰ ਕਿਸੇ ਦੀ ਗੱਲ ਸੁਣਨ ਨੂੰ ਰਾਜ਼ੀ ਨਹੀਂ ਹੁੰਦੇ। ਇਹ ਇਕ ਸਾਡੀ ਗੱਲਬਾਤ ਵਿਚ ਸਲੀਕਾ ਹੀ ਹੈ, ਜਿਹੜਾ ਔਖੇ ਤੋਂ ਔਖਾ ਕੰਮ ਵੀ ਕਰਾ ਜਾਂਦਾ ਹੈ।
ਕਈ ਆਦਮੀ ਅਜਿਹੇ ਵੀ ਹੁੰਦੇ ਹਨ, ਜਿਹੜੇ ਨਿੱਕੀਆਂ-ਮੋਟੀਆਂ ਗੱਲਾਂ ਤੋਂ ਵੱਡੇ-ਵੱਡੇ ਝਗੜੇ-ਝਮੇਲੇ ਖੜ੍ਹੇ ਕਰ ਬੈਠਦੇ ਹਨ। ਲੜਾਈ ਤੱਕ ਨੌਬਤ ਆ ਜਾਂਦੀ ਹੈ। ਗੱਲ ਕਚਹਿਰੀਆਂ ਤੱਕ ਅੱਪੜ ਜਾਂਦੀ ਹੈ। ਗੁਆਂਢੀਆਂ ਨਾਲ ਟੌਹਰ-ਟਪੱਕੇ ਦੀ ਲੜਾਈ ਕਰਕੇ ਜੇਲ੍ਹਾਂ ਤੱਕ ਚਲੇ ਜਾਂਦੇ ਹਨ। ਪਰ ਇਥੇ ਇਹ ਸਮਝਣ ਦੀ ਲੋੜ ਹੈ ਕਿ ਬਹੁਤੇ ਮਸਲਿਆਂ ਦਾ ਹੱਲ ਸਿਰਫ ਗੱਲਬਾਤ ਰਾਹੀਂ ਹੋ ਸਕਦਾ ਹੈ। ਫਿਰ ਇਹੋ ਜਿਹੇ ਝਮੇਲਿਆਂ ਦੀ ਨੌਬਤ ਨਹੀਂ ਆਉਂਦੀ।
ਵਿੱਦਿਆ ਇਕ ਵਡਮੁੱਲਾ ਖਜ਼ਾਨਾ ਹੈ। ਪਰ ਸਿੱਖਿਆ ਦਾ ਨਿਰਾ ਇਹੋ ਅਰਥ ਨਹੀਂ ਕਿ ਕਿਸੇ ਇਕ ਵਿਸ਼ੇ ਵਿਚ ਡਿਗਰੀ ਪ੍ਰਾਪਤ ਕਰ ਲਈ ਤੇ ਸਮਝੋ ਮਨੁੱਖ ਪੜ੍ਹ-ਲਿਖ ਗਿਆ। ਸਿੱਖਿਆ ਦਾ ਅਸਲ ਮਨੋਰਥ ਤਾਂ ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਹੁੰਦਾ ਹੈ। ਕਈ ਪੜ੍ਹੇ-ਲਿਖੇ ਵੀ ਸੰਸਾਰਿਕ ਜੀਵਨ ਵਿਚ ਅਸਫਲ ਰਹਿੰਦੇ ਹਨ। ਉਹ ਬੁਲਾਰੇ ਹੀ ਬਣੇ ਰਹਿੰਦੇ ਹਨ, ਸਰੋਤੇ ਬਣਦੇ ਹੀ ਨਹੀਂ। ਕੁਝ ਅਨਪੜ੍ਹ ਆਦਮੀ ਵੀ ਗੁਣਾਂ ਦੀਆਂ ਗੁਥਲੀਆਂ ਹੁੰਦੇ ਹਨ। ਭਾਵੇਂ ਉਨ੍ਹਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਹੁੰਦਾ। ਕੁਝ ਲੋਕਾਂ ਦੀ ਸਰੀਰਕ ਸੁੰਦਰਤਾ ਨਹੀਂ ਹੁੰਦੀ ਪਰ ਉਨ੍ਹਾਂ ਦਾ ਅੰਦਰਲਾ ਸੁਹੱਪਣ ਉਨ੍ਹਾਂ ਦੇ ਗੁਣਾਂ ਕਰਕੇ ਅਸੀਮ ਹੁੰਦਾ ਹੈ। ਉਹ ਆਪਣੇ ਬੋਲਚਾਲ ਨਾਲ ਦੂਜਿਆਂ ਨੂੰ ਆਪਣੇ ਵੱਲ ਖਿੱਚ ਲੈਂਦੇ ਹਨ। ਮੂਰਖ ਲੋਕ ਆਪਣੇ ਬੋਲ-ਕੁਬੋਲਾਂ ਨਾਲ ਆਪਣਾ ਬਣਿਆ ਕੰਮ ਵਿਗਾੜ ਲੈਂਦੇ ਹਨ ਤੇ ਉਹ ਨਫਰਤ ਦਾ ਪਾਤਰ ਬਣ ਜਾਂਦੇ ਹਨ। ਇਸ ਧਰਤੀ 'ਤੇ ਮਨੁੱਖ ਕੁਦਰਤ ਦੀ ਸਭ ਤੋਂ ਉੱਤਮ ਰਚਨਾ ਹੈ। ਮਨੁੱਖੀ ਜੀਵਨ ਇਕੋ ਵਾਰ ਹੀ ਮਿਲਦਾ ਹੈ। ਅਜੇ ਵੀ ਵਿਕਸਤ ਸਮਾਜ ਵਿਚ ਮਨੁੱਖ ਵਿਚ ਪਸ਼ੂ ਬਿਰਤੀ ਕਦੇ ਹਾਵੀ ਹੋ ਜਾਂਦੀ ਹੈ। ਪਰ ਹਰੇਕ ਮਨੁੱਖ ਨੂੰ ਬਿਹਤਰ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ, ਨਿਮਰਤਾ, ਠਰ੍ਹੰਮੇ ਤੇ ਗੱਲਬਾਤ ਦੇ ਸਲੀਕੇ ਨਾਲ ਹਰੇਕ ਮਨੁੱਖ ਆਪਣੇ ਜੀਵਨ ਨੂੰ ਸ਼ਾਨਦਾਰ ਢੰਗ ਨਾਲ ਬਸਰ ਕਰ ਸਕਦਾ ਹੈ।


-ਸਾਇੰਸ ਮਿਸਟ੍ਰੈੱਸ, ਸ: ਹਾ: ਸਕੂਲ, ਝੰਡੇਰ। ਮੋਬਾ: 97797-30174

ਸੰਪੂਰਨ ਅਤੇ ਲੰਬੇ ਸਮੇਂ ਤੱਕ ਲਿਪਸਟਿਕ ਨੂੰ ਕਿਵੇਂ ਬਣਾਈ ਰੱਖੀਏ?

ਲਿਪਸਟਿਕ ਇਸ ਲਈ ਜ਼ਰੂਰੀ ਹੈ, ਕਿਉਂ ਜੋ ਇਹ ਮੇਕਅਪ ਨੂੰ ਪੂਰਾ ਕਰਦੀ ਹੈ ਤੇ ਚਿਹਰੇ ਦੀ ਸੁੰਦਰਤਾ ਵਧਾਉਂਦੀ ਹੈ। ਲਿਪਸਟਿਕ ਅੱਜਕਲ੍ਹ ਹਰ ਵਰਗ ਦੀਆਂ ਔਰਤਾਂ ਲਗਾਉਂਦੀਆਂ ਹਨ। ਕਾਲਜ ਦੀਆਂ ਕੁੜੀਆਂ ਵੀ ਇਸ ਦਾ ਆਮ ਇਸਤੇਮਾਲ ਕਰਦੀਆਂ ਹਨ। ਜ਼ਰਾ ਜਿੰਨਾ ਮੇਕਅਪ ਤੇ ਹਲਕੀ ਜਿਹੀ ਲਿਪਸਟਿਕ ਤੁਹਾਡੇ ਚਿਹਰੇ ਨੂੰ ਰੌਣਕ ਦਿੰਦੀ ਹੈ। ਲਿਪਸਟਿਕ ਦੀ ਵਰਤੋਂ ਪਾਰਟੀ ਜਾਂ ਫੰਕਸ਼ਨ ਵੇਲੇ ਕਰਨੀ ਜ਼ਰੂਰੀ ਹੈ। ਅਜਿਹੇ ਮੌਕਿਆਂ 'ਤੇ ਜੇਕਰ ਲਿਪਸਟਿਕ ਦੀ ਚੋਣ ਸਹੀ ਹੋਵੇ ਤਾਂ ਤੁਸੀਂ ਸਾਰੀ ਪਾਰਟੀ ਦੀ ਸ਼ਾਨ ਬਣ ਸਕਦੇ ਹੋ। ਮੌਕੇ ਅਨੁਸਾਰ ਤੇ ਕੱਪੜਿਆਂ ਅਨੁਸਾਰ ਲਗਾਈ ਲਿਪਸਟਿਕ ਹੀ ਫ਼ਬਦੀ ਹੈ। ਵਧੇਰੇ ਲੋੜ ਹੁੰਦੀ ਹੈ ਅਜਿਹੇ ਮੌਕਿਆਂ 'ਤੇ ਲਿਪਸਟਿਕ ਦੇ ਟਿਕਾਊ ਰਹਿਣ ਦੀ। ਇਸ ਵਾਸਤੇ ਤੁਸੀਂ ਹੇਠ ਲਿਖੇ ਕੁਝ ਉਪਾਅ ਵਰਤ ਸਕਦੇ ਹੋ-
* ਸਭ ਤੋਂ ਪਹਿਲਾਂ ਵੈਸਲੀਨ ਦੀ ਵਰਤੋਂ ਕਰੋ ਤੇ ਇਸ ਨੂੰ ਬੁਰਸ਼ ਜਾਂ ਉਂਗਲ ਦੀ ਮਦਦ ਨਾਲ ਬੁੱਲ੍ਹਾਂ 'ਤੇ ਫੈਲਾ ਲਓ।
* ਹੁਣ ਹੇਠਲੇ ਬੁੱਲ੍ਹ 'ਤੇ ਕੁਝ ਦੂਰੀ 'ਤੇ ਫਾਊਂਡੇਸ਼ਨ ਦੀਆਂ 3 ਬੂੰਦਾਂ ਲਗਾਓ ਅਤੇ ਇਸ ਨੂੰ ਬੁਰਸ਼ ਨਾਲ ਫੈਲਾ ਲਓ। * ਹੁਣ ਪੈਨਸਿਲ ਦੀ ਮਦਦ ਨਾਲ ਉੱਪਰਲੇ ਬੁੱਲ੍ਹ ਦੇ ਵਿਚਕਾਰਲੇ ਭਾਗ 'ਤੇ ਕ੍ਰਾਸ ਦਾ ਚਿੰਨ੍ਹ ਬਣਾਉਂਦੇ ਹੋਏ ਆਊਟਲਾਈਨ ਕਰੋ।
* ਉੱਪਰਲੇ ਬੁੱਲ੍ਹ ਤੋਂ ਬਾਅਦ ਹੇਠਲੇ ਦੀ ਆਊਟਲਾਈਨ ਕਰੋ।
* ਹੁਣ ਲਿਪਸਟਿਕ ਲਗਾਓ ਤੇ ਉਸੇ ਸ਼ੇਡ ਦੀ ਪੱਕੀ (ਬੁਰਸ਼ ਵਾਲੀ) ਲਿਪਸਟਿਕ ਲਗਾਓ। * ਇਸ ਤੋਂ ਬਾਅਦ ਫਾਊਂਡੇਸ਼ਨ ਦੀ ਵਰਤੋਂ ਠੋਡੀ ਤੇ ਬੁੱਲ੍ਹਾਂ ਦੇ ਆਲੇ-ਦੁਆਲੇ ਦੇ ਭਾਗ 'ਤੇ ਕਰੋ। ਇਹ ਹਾਈ ਲਾਈਟ ਕਰਨ ਦਾ ਕੰਮ ਕਰੇਗਾ।
* ਦੁਬਾਰਾ ਪੈਨਸਿਲ ਦੀ ਵਰਤੋਂ ਫਿਨਿਸ਼ਿੰਗ ਲਈ ਕੀਤੀ ਜਾ ਸਕਦੀ ਹੈ।


-ਸਿਮਰਨਜੀਤ ਕੌਰ

ਬੂਟੇ ਖ਼ਰੀਦਦੇ ਸਮੇਂ ਧਿਆਨ ਰੱਖੋ

ਪੌਦੇ ਖਰੀਦਣ ਤੋਂ ਪਹਿਲਾਂ ਇਹ ਜਾਂਚ ਲੈਣਾ ਜ਼ਰੂਰੀ ਹੁੰਦਾ ਹੈ ਕਿ ਪੌਦੇ ਗਮਲਿਆਂ ਵਿਚ ਲਗਾਉਣੇ ਹਨ ਜਾਂ ਕਿਆਰੀਆਂ ਵਿਚ। ਗਮਲੇ ਕਿਥੇ ਜਾਂ ਕਿਸ ਜਗ੍ਹਾ 'ਤੇ ਰੱਖਣੇ ਹਨ? ਕਿਆਰੀਆਂ ਕਿਥੇ ਬਣਾਉਣੀਆਂ ਹਨ। ਕੀ ਗਮਲਿਆਂ ਨੂੰ ਧੁੱਪ ਲੱਗ ਸਕੇਗੀ ਜਾਂ ਕਿਆਰੀਆਂ ਤੱਕ ਧੁੱਪ ਪਹੁੰਚ ਸਕੇਗੀ। ਗਮਲਿਆਂ ਲਈ ਪਾਣੀ ਦੀ ਕੀ ਵਿਵਸਥਾ ਹੈ? ਕਿਆਰਿਆਂ ਲਈ ਵੀ ਪਾਣੀ ਦੀ ਵਿਵਸਥਾ ਨੂੰ ਪਹਿਲਾਂ ਹੀ ਜਾਂਚ ਲਓ। ਉਥੇ ਮੌਸਮ ਕਿਹੋ ਜਿਹਾ ਹੈ। ਗਮਲਿਆਂ ਦੀ ਮਿੱਟੀ ਕਿਹੋ ਜਿਹੀ ਹੈ। ਕਿਆਰਿਆਂ ਦੀ ਮਿੱਟੀ ਨੂੰ ਵੀ ਦੇਖ ਲਓ ਕਿ ਉਹ ਪੌਦੇ ਲਗਾਉਣ ਦੇ ਯੋਗ ਹੈ ਜਾਂ ਨਹੀਂ।
ਜਦੋਂ ਵੀ ਤੁਸੀਂ ਪੌਦੇ ਖਰੀਦਣ ਨਰਸਰੀ ਵਿਚ ਜਾਓ ਤਾਂ ਉਹ ਹੀ ਪੌਦੇ ਖਰੀਦੋ ਜੋ ਤੁਸੀਂ ਪਹਿਲਾਂ ਤੋਂ ਸੋਚ-ਵਿਚਾਰ ਕਰਕੇ ਆਏ ਹੋ। ਉਥੇ ਤੁਹਾਨੂੰ ਕੁਝ ਪੌਦੇ ਜ਼ਿਆਦਾ ਆਕਰਸ਼ਕ ਲੱਗਣਗੇ ਅਤੇ ਤੁਹਾਡਾ ਧਿਆਨ ਆਪਣੇ ਵੱਲ ਖਿੱਚਣਗੇ। ਅਜਿਹੇ ਪੌਦਿਆਂ ਦੇ ਮੋਹਜਾਲ ਵਿਚ ਨਾ ਫਸੋ। ਇਸ ਤੋਂ ਇਲਾਵਾ ਜੋ ਪੌਦੇ ਤੁਸੀਂ ਖਰੀਦੋ, ਉਨ੍ਹਾਂ ਦੇ ਵਿਸ਼ੇ ਵਿਚ ਇਹ ਜ਼ਰੂਰ ਪਤਾ ਕਰ ਲਓ ਕਿ ਉਹ ਕਿਸ ਕਿਸਮ ਦੇ ਪੌਦੇ ਹਨ ਅਤੇ ਉਨ੍ਹਾਂ ਨੂੰ ਕਿੰਨੀ ਧੁੱਪ, ਕਿੰਨੇ ਪਾਣੀ ਦੀ ਲੋੜ ਹੈ? ਕਿੰਨੇ ਸਮੇਂ 'ਤੇ ਖਾਦ ਦੀ ਲੋੜ ਹੁੰਦੀ ਹੈ? ਇਹ ਸਭ ਗੱਲਾਂ ਪੌਦੇ ਨੂੰ ਖਰੀਦਦੇ ਸਮੇਂ ਜਾਣ ਲੈਣੀਆਂ ਜ਼ਰੂਰੀ ਹੁੰਦੀਆਂ ਹਨ, ਜਿਸ ਨਾਲ ਅੱਗੇ ਉਸ ਨੂੰ ਨੁਕਸਾਨ ਨਹੀਂ ਹੋਵੇਗਾ।
ਜੇ ਘਰ ਵਿਚ ਕਿਆਰੀਆਂ ਦੇ ਯੋਗ ਜਗ੍ਹਾ ਨਾ ਹੋਵੇ ਅਤੇ ਘਰ ਵਿਚ ਜਗ੍ਹਾ ਵੀ ਘੱਟ ਹੋਵੇ, ਤਾਂ ਘਰ ਵਿਚ ਗਮਲੇ ਹਿਸਾਬ ਨਾਲ ਲਗਾਓ। ਗਮਲਿਆਂ ਵਿਚ ਲਗਾਉਣ ਲਈ ਪੌਦੇ ਛੋਟੇ ਹੀ ਖ਼ਰੀਦੋ, ਵੱਡੇ ਨਾ ਖਰੀਦੋ। ਗਮਲੇ ਲਈ ਖਰੀਦਿਆ ਗਿਆ ਪੌਦਾ ਅਜਿਹਾ ਨਾ ਹੋਵੇ, ਜੋ ਹੌਲੀ-ਹੌਲੀ ਵੱਡਾ ਹੋ ਕੇ ਗਮਲੇ ਨੂੰ ਹੀ ਤੋੜ ਦੇਵੇ। ਗਮਲਿਆਂ ਵਿਚ ਅਜਿਹੇ ਸਜਾਵਟੀ ਅਤੇ ਆਕਰਸ਼ਕ ਪੌਦੇ ਲਗਾਓ, ਜਿਨ੍ਹਾਂ ਵਿਚ ਫੁੱਲ ਵੀ ਆਉਂਦੇ ਹੋਣ ਅਤੇ ਜਿਨ੍ਹਾਂ ਨਾਲ ਘਰ ਵਿਚ ਹਰਿਆਲੀ ਵੀ ਰਹੇ।
ਗਮਲੇ ਵਿਚ ਅਜਿਹੇ ਪੌਦੇ ਲਗਾਓ ਜੋ ਛਾਂ ਵਿਚ ਵੀ ਰੱਖੇ ਜਾ ਸਕਣ, ਜਿਸ ਨਾਲ ਘੱਟ ਜਗ੍ਹਾ ਹੁੰਦੇ ਹੋਏ ਵੀ ਗਮਲਿਆਂ ਨਾਲ ਘਰ ਨੂੰ ਸਜਾਇਆ ਜਾ ਸਕੇ। ਛਾਂਦਾਰ ਪੌਦਿਆਂ ਦੇ ਗਮਲਿਆਂ ਨੂੰ ਬਾਲਕੋਨੀ, ਡਰਾਇੰਗਰੂਮ, ਪੌੜੀਆਂ ਆਦਿ 'ਤੇ ਰੱਖਿਆ ਜਾ ਸਕਦਾ ਹੈ। ਇਸ ਨਾਲ ਘੱਟ ਜਗ੍ਹਾ ਵਿਚ ਵੀ ਤੁਹਾਡਾ ਸ਼ੌਕ ਪੂਰਾ ਹੋ ਜਾਵੇਗਾ ਅਤੇ ਘਰ ਦੀ ਸਜਾਵਟ ਵਿਚ ਵੀ ਚਾਰ ਚੰਦ ਲੱਗ ਜਾਣਗੇ ਪਰ ਸਜਾਵਟੀ ਪੌਦਿਆਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ, ਇਸ ਦਾ ਖਾਸ ਖਿਆਲ ਰੱਖੋ।
ਪੌਦੇ ਖਰੀਦਦੇ ਸਮੇਂ ਇਹ ਜ਼ਰੂਰ ਦੇਖ ਲਓ ਕਿ ਉਸ ਪੌਦੇ ਦਾ ਤਣਾ, ਪੱਤੇ ਚੰਗੀ ਤਰ੍ਹਾਂ ਫਲ-ਫੁੱਲ ਰਹੇ ਹਨ ਜਾਂ ਨਹੀਂ। ਕਿਤੇ ਪੌਦੇ ਵਿਚ ਕੋਈ ਬਿਮਾਰੀ ਨਾ ਲੱਗੀ ਹੋਵੇ। ਉਸ ਦੇ ਤਣੇ ਆਦਿ ਵਿਚ ਕੋਈ ਕੀੜਾ ਨਾ ਲੱਗਿਆ ਹੋਵੇ। ਜੇ ਕਿਸੇ ਆਕਰਸ਼ਣ ਕਾਰਨ ਬਿਮਾਰੀ ਵਾਲਾ ਪੌਦਾ ਖਰੀਦ ਲਿਆ ਤਾਂ ਕੁਝ ਹੀ ਦਿਨਾਂ ਬਾਅਦ ਇਹ ਮੁਰਝਾ ਜਾਵੇਗਾ ਜਾਂ ਸੁੱਕ ਜਾਵੇਗਾ। ਨਾਲ ਹੀ ਉਸ ਨੂੰ ਜੋ ਬਿਮਾਰੀ ਹੈ, ਉਹ ਹੋਰ ਗਮਲਿਆਂ ਦੇ ਪੌਦਿਆਂ ਵਿਚ ਵੀ ਫੈਲ ਜਾਵੇਗੀ।
ਗਮਲਿਆਂ ਵਿਚ ਲਗਾਉਣ ਲਈ ਅਜਿਹੀਆਂ ਪੌਦੇ ਅਤੇ ਵੇਲਾਂ ਖ਼ਰੀਦੋ, ਜਿਨ੍ਹਾਂ ਨਾਲ ਬੇਕਾਰ ਦੀ ਜਗ੍ਹਾ ਨਾ ਘਿਰੇ ਅਤੇ ਉਹ ਸੁੰਦਰ ਵੀ ਲੱਗਣ। ਅਜਿਹੀਆਂ ਵੇਲਾਂ ਘਰ ਦੇ ਉਸ ਕੋਨੇ ਵਿਚ ਰੱਖੋ, ਜਿਸ ਨੂੰ ਛੁਪਾਉਣਾ ਚਾਹੁੰਦੇ ਹੋ। ਪੌਦੇ ਖਰੀਦ ਕੇ ਘਰ ਲਗਾਉਂਦੇ ਸਮੇਂ ਸਾਵਧਾਨੀ ਵਰਤੋ, ਜਿਸ ਨਾਲ ਉਨ੍ਹਾਂ ਦੇ ਕਿਸੇ ਅੰਗ ਨੂੰ ਪ੍ਰੇਸ਼ਾਨੀ ਨਾ ਪਹੁੰਚੇ।
**

ਜਾਗਰੂਕ ਹੋ ਰਹੇ ਹਨ ਪਰਿਵਾਰ

ਅਜੋਕੇ ਸੰਯੁਕਤ ਪਰਿਵਾਰ ਦੇ ਲਾਭ

ਅੱਜ ਸਾਨੂੰ ਅਜੋਕੇ ਸੰਯੁਕਤ ਪਰਿਵਾਰ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਪਰਿਵਾਰਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਬਦਲਦੇ ਸਮੇਂ ਨੇ ਜਾਗਰੂਕ ਅਤੇ ਪੜ੍ਹੇ-ਲਿਖੇ ਲੋਕਾਂ ਨੂੰ ਇਕ ਨਵੀਂ ਸੋਚ ਦਿੱਤੀ-
'ਕੁਝ ਤੁਸੀਂ ਬਦਲੋ, ਕੁਝ ਅਸੀਂ ਬਦਲੀਏ,
ਆਓ ਰਿਸ਼ਤਿਆਂ ਨੂੰ ਬਚਾਉਣ ਲਈ ਪਹਿਲ ਕਰੀਏ।'
ਇਹ ਸੋਚ ਲੈ ਕੇ ਮਾਂ-ਬਾਪ ਅਤੇ ਨੂੰਹ-ਪੁੱਤਰ ਸਭ ਇਕ-ਦੂਜੇ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਥੇ ਪਤੀ-ਪਤਨੀ ਦੋਵੇਂ ਨੌਕਰੀ ਪੇਸ਼ੇ ਵਾਲੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਬੱਚਿਆਂ ਲਈ ਦਾਦਾ-ਦਾਦੀ ਜਾਂ ਨਾਨਾ-ਨਾਨੀ ਤੋਂ ਵੱਡਾ ਕੋਈ ਹਿਤਕਾਰੀ ਨਹੀਂ ਹੋ ਸਕਦਾ। ਉਹ ਉਨ੍ਹਾਂ ਕੋਲ ਹੀ ਸੁਰੱਖਿਅਤ ਰਹਿ ਸਕਦੇ ਹਨ। ਏਕਲ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਇਹ ਸਮਝ ਆ ਚੁੱਕੀ ਹੈ ਕਿ ਵੱਡਿਆਂ ਦੀ ਛਾਂ ਹੇਠਾਂ ਸੁਖ ਹੀ ਸੁਖ ਹੈ। ਦੂਜੇ ਪਾਸੇ ਮਾਂ-ਬਾਪ ਵੀ ਸਮੇਂ ਨਾਲ ਬਦਲ ਰਹੇ ਹਨ। ਉਹ ਵੀ ਸਮਝ ਗਏ ਹਨ ਕਿ ਜੇ ਆਪਸ ਵਿਚ ਥੋੜ੍ਹਾ ਜਿਹਾ ਸੰਤੁਲਨ ਬਣਾ ਲਿਆ ਜਾਵੇ ਤਾਂ ਸਭ ਇਕ-ਦੂਜੇ ਦੇ ਹਮਦਰਦ ਬਣ ਸਕਦੇ ਹਨ, ਜਿਸ ਦਾ ਸਭ ਤੋਂ ਜ਼ਿਆਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਵੇਗਾ।
ਹੁਣ ਸਿਰਫ ਨੂੰਹਾਂ-ਧੀਆਂ ਹੀ ਨਹੀਂ ਪੜ੍ਹੀਆਂ-ਲਿਖੀਆਂ, ਸਗੋਂ ਮਾਵਾਂ ਵੀ ਪੜ੍ਹੀਆਂ-ਲਿਖੀਆਂ ਹੋਣ ਕਰਕੇ ਚੰਗੇ ਅਹੁਦਿਆਂ ਤੋਂ ਰਿਟਾਇਰ ਹੋ ਰਹੀਆਂ ਹਨ। ਉਹ ਛੋਟੇ ਬੱਚਿਆਂ ਨੂੰ ਸੰਸਕਾਰ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਪੜ੍ਹਾਉਣ ਵਿਚ ਮਦਦ ਕਰ ਰਹੀਆਂ ਹਨ। ਸੱਸਾਂ ਆਪਣੀਆਂ ਨੂੰਹਾਂ ਦੇ ਹੁਨਰ ਨੂੰ ਨਿਖਾਰਨ ਵਿਚ ਵੀ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਆਤਮਨਿਰਭਰ ਬਣਾ ਰਹੀਆਂ ਹਨ। ਇਸ ਲਈ ਤਾਂ ਕਹਿੰਦੇ ਹਨ ਕਿ ਜੇ ਹਰ ਕੋਈ ਆਪਣਾ ਅਹਿਮ ਅਤੇ ਹੰਕਾਰ ਛੱਡ ਕੇ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇ ਤਾਂ ਬਹੁਤ ਸਾਰੇ ਸੰਯੁਕਤ ਪਰਿਵਾਰ ਜਨਮ ਲੈ ਸਕਦੇ ਹਨ। ਇਸ ਤਰ੍ਹਾਂ ਦੇ ਪਰਿਵਾਰ ਤਿੰਨਾਂ ਪੀੜ੍ਹੀਆਂ ਲਈ ਵਰਦਾਨ ਸਿੱਧ ਹੋ ਰਹੇ ਹਨ। ਛੋਟੇ ਬੱਚਿਆਂ ਨੂੰ ਬਜ਼ੁਰਗਾਂ ਕੋਲੋਂ ਅਨੁਭਵ ਅਤੇ ਸੰਸਕਾਰ ਮਿਲ ਰਹੇ ਹਨ। ਯੁਵਾ ਪੀੜ੍ਹੀ ਕਈ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਰਹੀ ਹੈ, ਕਿਉਂਕਿ ਬਜ਼ੁਰਗਾਂ ਨੂੰ ਉਸ ਨੂੰ ਨਿਭਾਉਣ ਦੀ ਕੋਸ਼ਿਸ਼ ਕਰਕੇ ਆਪਣੇ ਬੱਚਿਆਂ ਨੂੰ ਤਣਾਅਮੁਕਤ ਦੇਖਣਾ ਚਾਹੁੰਦੇ ਹਨ। ਨੂੰਹਾਂ ਵੀ ਸੱਸਾਂ ਵਲੋਂ ਮਾਂ ਵਰਗਾ ਮਿਲਦਾ ਪਿਆਰ ਦੇਖ ਕੇ ਧੀ ਬਣਨ ਦੀ ਕੋਸ਼ਿਸ਼ ਕਰ ਰਹੀਆਂ ਹੈ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਨੰਦ ਮਾਣ ਰਹੀਆਂ ਹਨ। ਘਰ ਵਿਚ ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਹਰ ਕਿਸੇ ਦੇ ਚਿਹਰੇ 'ਤੇ ਖੁਸ਼ੀ ਦੀ ਚਮਕ ਦੇਖੀ ਜਾ ਸਕਦੀ ਹੈ।
ਇਸ ਤਰ੍ਹਾਂ ਦੇ ਪਰਿਵਾਰਾਂ ਵਿਚ ਸਭ ਤੋਂ ਜ਼ਿਆਦਾ ਲਾਭ ਸਾਡੇ ਭਵਿੱਖ ਨੂੰ ਹੋਇਆ ਹੈ, ਜਿਹੜੇ ਏਕਲ ਪਰਿਵਾਰ ਵਿਚ ਨੌਕਰਾਂ ਦੇ ਹੱਥਾਂ ਵਿਚ ਪਲ ਰਹੇ ਸਨ। ਬਚਪਨ ਵਿਚ ਹੀ ਇਸ ਤਰ੍ਹਾਂ ਦਾ ਮਾਹੌਲ ਮਿਲਣ ਕਰਕੇ ਬੱਚਿਆਂ ਦਾ ਉਸ ਤਰ੍ਹਾਂ ਦਾ ਵਿਕਾਸ ਨਹੀਂ ਹੁੰਦਾ, ਜਿਸ ਤਰ੍ਹਾਂ ਸੁਪਨਾ ਉਨ੍ਹਾਂ ਦੇਖਿਆ ਸੀ।
ਬਹੁਤ ਲੋਕਾਂ ਦਾ ਵਿਚਾਰ ਹੈ ਕਿ ਪਰਿਵਾਰਾਂ ਵਿਚ ਬਦਲਾਅ ਆ ਰਿਹਾ ਹੈ ਅਤੇ ਮੇਲ-ਮਿਲਾਪ ਵਧਿਆ ਹੈ, ਜਿਸ ਕਾਰਨ ਸਭ ਇਕ-ਦੂਜੇ ਦੀਆਂ ਸਹੂਲਤਾਂ ਅਤੇ ਮਜਬੂਰੀਆਂ ਨੂੰ ਸਮਝਣ ਲੱਗੇ ਹਨ। ਘਰਾਂ ਵਿਚੋਂ ਬੰਦਸ਼ਾਂ ਘਟ ਰਹੀਆਂ ਹਨ, ਜਿਹੜੀਆਂ ਤਰੱਕੀ ਦੀ ਰਾਹ ਵਿਚ ਰੁਕਾਵਟ ਬਣਦੀਆਂ ਹਨ। ਵਿੱਦਿਆ ਦੇ ਪ੍ਰਸਾਰ ਨੇ ਲਿੰਗ ਭੇਦ ਨੂੰ ਕਾਫੀ ਖ਼ਤਮ ਕਰ ਦਿੱਤਾ ਹੈ, ਧੀਆਂ-ਪੁੱਤਰਾਂ ਨੂੰ ਬਰਾਬਰ ਸਹੂਲਤਾਂ ਮਿਲ ਰਹੀਆਂ ਹਨ। ਹਰ ਕੋਈ ਬੱਚਿਆਂ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦਾ ਹੈ, ਜਿਹੜਾ ਕਿ ਸੰਯੁਕਤ ਪਰਿਵਾਰ ਵਿਚ ਹੀ ਸੰਭਵ ਹੈ। ਪਰਿਵਾਰ ਦੇ ਸਭ ਮੈਂਬਰ ਜਾਣ ਚੁੱਕੇ ਹਨ ਕਿ ਅਲਗਾਵ ਸਭ 'ਤੇ ਭਾਰੀ ਹੈ, ਫਿਰ ਕਿਉਂ ਨਾ ਮਾਂ-ਬਾਪ ਦੀ ਛਾਂ ਹੇਠਾਂ ਸਾਰਾ ਪਰਿਵਾਰ ਇਕੱਠਾ ਕਰਕੇ ਮੌਜਾਂ ਮਾਣੀਏ। ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਅਤੇ ਤਬਦੀਲੀਆਂ ਨਾਲ ਜੀਵਨ ਨੂੰ ਸੌਖਾ ਕੀਤਾ ਜਾ ਸਕਦਾ ਹੈ। ਅੱਜ ਪੜ੍ਹੀਆਂ-ਲਿਖੀਆਂ ਮਾਵਾਂ-ਧੀਆਂ ਨੂੰ ਆਪਣੇ ਸਹੁਰਾ ਪਰਿਵਾਰ ਨਾਲ ਤਾਲਮੇਲ ਬਿਠਾਉਣ ਦੀ ਸਲਾਹ ਦੇ ਰਹੀਆਂ ਹਨ। ਲੜਕੀਆਂ ਖੁਦ ਵੀ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਹੋ ਰਹੀਆਂ ਹਨ। ਇਕ-ਦੂਜੇ ਵਲੋਂ ਵਧਾਏ ਗਏ ਛੋਟੇ-ਛੋਟੇ ਕਦਮ ਸਭ ਨੂੰ ਸਫਲ ਹੋਣ ਦੀ ਦਿਸ਼ਾ ਵੱਲ ਲੈ ਕੇ ਜਾ ਰਹੇ ਹਨ ਅਤੇ ਪਰਿਵਾਰਾਂ ਦੇ ਹਾਲਾਤ ਬਦਲ ਦਿੰਦੇ ਹਨ, ਜਿਥੇ ਸੁਖ ਦਾ ਵਾਸ ਹੁੰਦਾ ਹੈ, ਖੁਸ਼ੀਆਂ ਦੇ ਦਰਿਆ ਵਗਦੇ ਹਨ ਅਤੇ ਲਕਸ਼ਮੀ ਦਾ ਵਾਸ ਹੁੰਦਾ ਹੈ। ਬੱਚਿਆਂ ਦਾ ਭਵਿੱਖ ਅਤੇ ਬਜ਼ੁਰਗਾਂ ਦਾ ਬੁਢਾਪਾ ਸੰਵਾਰਿਆ ਜਾਂਦਾ ਹੈ। ਯੁਵਾ ਪੀੜ੍ਹੀ ਵੀ ਤਣਾਅ ਅਤੇ ਬੋਝਾਂ ਤੋਂ ਮੁਕਤ ਹੋ ਕੇ ਵੱਡਿਆਂ ਦੇ ਅਸ਼ੀਰਵਾਦ ਨਾਲ ਆਪਣੀ ਮੰਜ਼ਿਲ ਪ੍ਰਾਪਤ ਕਰਨ ਵਿਚ ਸਫਲ ਹੋ ਰਹੀ ਹੈ ਪਰ ਇਹ ਸਭ ਕੁਝ ਸਹਿਯੋਗ ਅਤੇ ਭਾਈਚਾਰੇ ਨਾਲ ਅਜੋਕੇ ਸੰਯੁਕਤ ਪਰਿਵਾਰ ਵਿਚ ਹੀ ਦੇਖਣ ਨੂੰ ਮਿਲ ਸਕਦਾ ਹੈ।


-ਮੋਬਾ: 98782-49944

ਜੁੱਤੀਆਂ ਦੀ ਕਰੋ ਸਹੀ ਦੇਖਭਾਲ

...ਤਾਂ ਕਿ ਇਹ ਚੱਲਣ ਸਾਲੋ-ਸਾਲ

ਸਸਤੀਆਂ ਅਤੇ ਹਲਕੀਆਂ ਜੁੱਤੀਆਂ ਦੀ ਕਿਸਮ ਚੰਗੀ ਨਾ ਹੋਣ ਕਾਰਨ ਭਾਵੇਂ ਹੀ ਉਹ ਫੈਸ਼ਨ ਦੇ ਅਨੁਕੂਲ ਹੋਣ ਪਰ ਉਨ੍ਹਾਂ ਦੇ ਹਰ ਸਮੇਂ ਟੁੱਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪੈਦਲ ਚਲਦੇ ਸਮੇਂ ਜੇ ਇਹ ਟੁੱਟ ਜਾਣ ਤਾਂ ਕਾਫੀ ਮੁਸ਼ਕਿਲ ਹੁੰਦੀ ਹੈ। ਜੁੱਤੀ ਮਹਿੰਗੀ ਅਤੇ ਚੰਗੀ ਕੰਪਨੀ ਦੀ ਹੋਣੀ ਚਾਹੀਦੀ ਹੈ। ਮਹਿੰਗੇ ਬੂਟਾਂ ਦੀ ਦੇਖਭਾਲ ਵੀ ਜ਼ਰੂਰੀ ਹੈ। ਸਹੀ ਦੇਖਭਾਲ ਨਾਲ ਇਹ ਸਾਲੋ-ਸਾਲ ਚਲਦੇ ਹਨ।
ਜੁੱਤੀਆਂ ਵਾਲਾ ਟਰੇਅ ਖਰੀਦੋ : ਬੂਟ ਜੇ ਚਮੜੇ ਦੇ ਹੋਣ ਤਾਂ ਚਮੜਾ ਸੁੰਗੜਦਾ ਹੈ ਅਤੇ ਇਸ ਦੀ ਸਤਹ ਤੇ ਲਕੀਰਾਂ ਪੈ ਜਾਂਦੀਆਂ ਹਨ। ਇਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਲੱਕੜੀ ਦਾ ਬਣਿਆ ਹੋਇਆ ਜੁੱਤੀਆਂ ਰੱਖਣ ਵਾਲਾ ਟਰੇਅ ਖਰੀਦਣਾ ਚਾਹੀਦਾ ਹੈ। ਇਸ ਨਾਲ ਬੂਟਾਂ ਦਾ ਆਕਾਰ ਵੀ ਸਹੀ ਰਹਿੰਦਾ ਹੈ ਅਤੇ ਚਮੜੀ 'ਤੇ ਪੈਣ ਵਾਲੀਆਂ ਲਕੀਰਾਂ ਤੋਂ ਵੀ ਇਨ੍ਹਾਂ ਨੂੰ ਬਚਾਉਣਾ ਆਸਾਨ ਹੁੰਦਾ ਹੈ। ਜੁੱਤੀਆਂ ਵਾਲੀ ਟਰੇਅ ਅਜਿਹੀ ਹੋਣੀ ਚਾਹੀਦੀ ਹੈ ਕਿ ਜੋ ਬੂਟਾਂ ਦੀ ਅੱਡੀ ਨੂੰ ਆਸਰਾ ਦੇਵੇ, ਕਿਉਂਕਿ ਇਸ ਨਾਲ ਉਨ੍ਹਾਂ ਵਿਚ ਆਉਣ ਵਾਲੀ ਨਮੀ ਅਤੇ ਪਸੀਨੇ ਨੂੰ ਸੁਕਾ ਕੇ ਇਨ੍ਹਾਂ ਨੂੰ ਸਹੀ ਆਕਾਰ ਵਿਚ ਰੱਖਿਆ ਜਾ ਸਕਦਾ ਹੈ ਤਾਂ ਕਿ ਇਹ ਪੈਰਾਂ ਵਿਚ ਸਹੀ ਤਰ੍ਹਾਂ ਫਿੱਟ ਹੋ ਸਕਣ।
ਜੁੱਤੀਆਂ ਦੀ ਦੇਖਭਾਲ : ਸੀਤੇ ਹੋਏ ਤੇ ਖੱਲ ਦੇ ਬੂਟ ਇਕ-ਦੂਜੇ ਤੋਂ ਵੱਖਰੇ ਰੱਖੋ। ਇਨ੍ਹਾਂ ਦੀ ਫਿਟਿੰਗ ਵੀ ਅਲੱਗ ਹੁੰਦੀ ਹੈ ਅਤੇ ਇਨ੍ਹਾਂ ਨੂੰ ਅਲੱਗ ਤਰ੍ਹਾਂ ਦੀ ਦੇਖਭਾਲ ਦੀ ਲੋੜ ਹੁੰਦੀ ਹੈ। ਸੀਤੇ ਬੂਟ (ਸਿਊਡ ਸ਼ੂਜ਼) ਨੂੰ ਪਾਲਿਸ਼ ਨਹੀਂ ਕੀਤਾ ਜਾਂਦਾ। ਇਨ੍ਹਾਂ ਨੂੰ ਸਾਫ਼ ਰੱਖਣ ਲਈ ਸਿਊਡ ਇਰੇਜ਼ਰ ਨਾਲ ਰਗੜਿਆ ਜਾਂਦਾ ਹੈ ਅਤੇ ਇਨ੍ਹਾਂ 'ਤੇ ਲੱਗੇ ਦਾਗ ਅਤੇ ਲਕੀਰਾਂ ਹਟਾਈਆਂ ਜਾਂਦੀਆਂ ਹਨ। ਇਨ੍ਹਾਂ ਨੂੰ ਪਾਲਿਸ਼ ਕਰਨ ਲਈ ਅਲੱਗ ਬੁਰਸ਼ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਇਸ ਦੀ ਸਫ਼ਾਈ ਵੀ ਹੋ ਜਾਂਦੀ ਹੈ। ਇਹ ਪਾਣੀ ਪੈਣ 'ਤੇ ਖਰਾਬ ਵੀ ਹੋ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਪਾਣੀ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ।
ਜ਼ੁਰਾਬਾਂ : ਪੈਰਾਂ ਵਿਚ ਪਸੀਨਾ ਆਉਣ ਦੌਰਾਨ ਬੂਟਾਂ ਵਿਚੋਂ ਬਦਬੂ ਆਉਣ ਲਗਦੀ ਹੈ। ਇਸ ਲਈ ਹਮੇਸ਼ਾ ਜ਼ੁਰਾਬਾਂ ਰੋਜ਼ ਧੋਵੋ ਤਾਂ ਕਿ ਪਸੀਨੇ ਨਾਲ ਬੂਟ ਵੀ ਖਰਾਬ ਨਾ ਹੋਣ।
ਬੰਦ ਕੈਬਨਿਟ ਵਿਚ ਨਾ ਰੱਖੋ : ਬੂਟਾਂ ਨੂੰ ਜੇ ਬੰਦ ਕੈਬਨਿਟ ਵਿਚ ਰੱਖਿਆ ਗਿਆ ਹੈ ਤਾਂ ਇਨ੍ਹਾਂ ਨੂੰ ਵਿਚ-ਵਿਚ ਹਵਾ ਲਗਵਾਉਂਦੇ ਰਹੋ। ਇਸ ਤੋਂ ਬਾਅਦ ਉਨ੍ਹਾਂ ਨੂੰ ਉਥੇ ਹੀ ਰੱਖ ਦਿਓ।
ਧੁੱਪ ਤੋਂ ਬਚਾਓ : ਬੂਟਾਂ ਨੂੰ ਸੁਕਾਉਣ ਲਈ ਉਨ੍ਹਾਂ ਨੂੰ ਧੁੱਪ ਵਿਚ ਰੱਖਣ ਦੀ ਬਜਾਏ ਛਾਂਦਾਰ ਜਗ੍ਹਾ 'ਤੇ ਰੱਖੋ, ਕਿਉਂਕਿ ਸੂਰਜ ਦੀ ਸਿੱਧੀ ਰੌਸ਼ਨੀ ਵਿਚ ਇਨ੍ਹਾਂ ਦਾ ਚਮੜਾ ਖਰਾਬ ਹੋ ਸਕਦਾ ਹੈ। ਇਨ੍ਹਾਂ ਨੂੰ ਸੁਕਾਉਣ ਲਈ ਪੱਖੇ ਦੀ ਹਵਾ ਵਿਚ ਰੱਖੋ।


-ਨੀਲੋਫਰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX