ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  about 2 hours ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  about 2 hours ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 2 hours ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 3 hours ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 3 hours ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 3 hours ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 3 hours ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 4 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 3 hours ago
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਲਾਲਚੀ ਮਿੱਤਰਾਂ ਦਾ ਅੰਤ

ਪਿਆਰੇ ਬੱਚਿਓ! ਲੋਭ-ਲਾਲਚ ਮਨੱੁਖ ਲਈ ਕਿੰਨਾ ਘਾਤਕ ਹੈ, ਬਾਰੇ ਦੱਸਣ ਵਾਲੀ ਇਸ ਕਹਾਣੀ ਅਨੁਸਾਰ ਮਦਾਰਪੁਰ ਨਾਂਅ ਦੇ ਇਕ ਪਿੰਡ ਵਿਚ ਚਾਰ ਮਿੱਤਰ ਰਹਿੰਦੇ ਸਨ, ਜੋ ਆਪੋ-ਆਪਣੇ ਪਰਿਵਾਰਾਂ ਨੂੰ ਮਿਹਨਤ-ਮਜ਼ਦੂਰੀ ਕਰਕੇ ਪਾਲਦੇ ਸਨ | ਉਨ੍ਹਾਂ ਚਾਰਾਂ ਦੀ ਆਪਸ ਵਿਚ ਬੜੀ ਗਹਿਰੀ ਦੋਸਤੀ ਸੀ | ਹਮੇਸ਼ਾ ਇਕੱਠੇ ਰਹਿੰਦੇ ਸਨ | ਉਹ ਇਕੋ ਜਿਹਾ ਸੋਚਦੇ, ਇਕੋ ਜਿਹਾ ਕਰਦੇ ਅਤੇ ਇਕੋ ਜਿਹਾ ਖਾਂਦੇ ਸਨ | ਉਨ੍ਹਾਂ ਨੂੰ ਆਪਣੀ ਦੋਸਤੀ 'ਤੇ ਬੜਾ ਮਾਣ ਸੀ | ਇਕ ਦਿਨ ਉਹ ਕੰਮਾਂ ਤੋਂ ਵਿਹਲੇ ਸਨ | ਉਨ੍ਹਾਂ ਕੁਝ ਦੂਰੀ 'ਤੇ ਪੈਂਦੇ ਜੰਗਲ ਦੀ ਸੈਰ ਕਰਨ ਦੀ ਸਲਾਹ ਬਣਾਈ | ਜੰਗਲ ਦੇ ਰਸਤੇ ਵਿਚ ਉਨ੍ਹਾਂ ਅਚਾਨਕ ਇਕ ਝਾੜੀ ਤੱਕੀ | ਇਕ ਮਿੱਤਰ ਕਹਿਣ ਲੱਗਾ, 'ਦੋਸਤੋ, ਮੈਨੂੰ ਤਾਂ ਇਹ ਸੋਨੇ ਦੀ ਝਾੜੀ ਲਗਦੀ ਹੈ |' ਦੂਜੇ ਨੇ ਉਸ ਝਾੜੀ ਨੂੰ ਛੂਹ ਕੇ ਦੇਖਿਆ ਤੇ ਕਹਿਣ ਲੱਗਾ, 'ਹਾਂ, ਇਹ ਤਾਂ ਸ਼ੱੁਧ ਸੋਨੇ ਦੀ ਝਾੜੀ ਹੈ |' 'ਜੇ ਇਹ ਬੂਟਾ ਪੱੁਟ ਕੇ ਘਰ ਲੈ ਜਾਈਏ ਤਾਂ ਸਾਰੀ ਉਮਰ ਅਮੀਰੀ ਵਿਚ ਲੰਘੇਗੀ | ਸਾਡੇ ਬੱਚੇ ਵੀ ਐਸ਼ ਭਰੀ ਜ਼ਿੰਦਗੀ ਜਿਊਣਗੇ', ਤੀਜਾ ਮਿੱਤਰ ਬੋਲਿਆ | ਚੌਥੇ ਮਿੱਤਰ ਨੇ ਜ਼ੋਰ ਪਾ ਕੇ ਕਿਹਾ, 'ਇਹ ਬੂਟਾ ਹੁਣੇ ਪੱੁਟ ਲਓ | ਮਤੇ ਕਿਸੇ ਹੋਰ ਦੀ ਨਜ਼ਰ ਪੈ ਜਾਵੇ |'
ਚਾਰੇ ਮਿੱਤਰ ਛੇਤੀ-ਛੇਤੀ ਸੋਨੇ ਦੀ ਉਹ ਝਾੜੀ ਪੱੁਟਣ ਲੱਗੇ | ਬੂਟੇ ਦੀ ਜੜ੍ਹ ਬੜੀ ਡੰੂਘੀ ਸੀ | ਦੁਪਹਿਰ ਤੱਕ ਇਹ ਸਾਰੇ ਥੱਕ ਗਏ ਅਤੇ ਭੱੁਖ ਵੀ ਬੜੀ ਤੇਜ਼ ਮਹਿਸੂਸ ਹੋ ਰਹੀ ਸੀ | ਦੋ ਦੋਸਤ ਪਿੰਡੋਂ ਰੋਟੀ ਲੈਣ ਚਲੇ ਗਏ ਅਤੇ ਦੋ ਸੋਨੇ ਦੇ ਬੂਟੇ ਦੀ ਰਾਖੀ ਕਰਨ ਬੈਠ ਗਏ | ਪਿੰਡ ਗਏ ਦੋਸਤਾਂ ਨੇ ਪਹਿਲਾਂ ਆਪ ਰੋਟੀ ਖਾਧੀ ਅਤੇ ਫਿਰ ਰਾਖੀ ਕਰਨ ਵਾਲੇ ਦੋਸਤਾਂ ਲਈ ਰੋਟੀ ਪਕਵਾਉਣ ਲੱਗੇ | ਇਕਦਮ ਉਨ੍ਹਾਂ ਦੇ ਮਨ ਵਿਚ ਿਖ਼ਆਲ ਆਇਆ ਕਿ ਕਿਉਂ ਨਾ ਉਹ ਝਾੜੀ ਨੂੰ ਚਾਰਾਂ ਵਿਚ ਵੰਡਣ ਦੀ ਥਾਂ ਦੋਵੇਂ ਵੰਡ ਲੈਣ | ਲੋਭ-ਲਾਲਚ ਨੇ ਉਨ੍ਹਾਂ ਨੂੰ ਅੰਨ੍ਹਾ ਕਰ ਦਿੱਤਾ ਸੀ | ਰਾਖੀ ਕਰ ਰਹੇ ਦੋਵੇਂ ਮਿੱਤਰਾਂ ਨੇ ਉਨ੍ਹਾਂ ਨੂੰ ਮਾਰਨ ਲਈ ਉਨ੍ਹਾਂ ਦੀਆਂ ਰੋਟੀਆਂ ਵਿਚ ਜ਼ਹਿਰ ਮਿਲਾ ਦਿੱਤੀ | ਸੋ, ਜ਼ਹਿਰ ਵਾਲੀਆਂ ਰੋਟੀਆਂ ਲੈ ਕੇ ਉਹ ਚੱਲ ਪਏ | ਉਧਰ ਝਾੜੀ ਦੀ ਰਾਖੀ ਕਰ ਰਹੇ ਮਿੱਤਰਾਂ ਦੇ ਮਨ ਵਿਚ ਵੀ ਇਸ ਲੋਭ-ਲਾਲਚ ਨੇ ਹਿੰਸਾ ਭਰ ਦਿੱਤੀ | ਉਨ੍ਹਾਂ ਨੇ ਵੀ ਸਲਾਹ ਬਣਾਈ ਕਿ ਰੋਟੀ ਲੈਣ ਗਏ ਮਿੱਤਰਾਂ ਨੂੰ ਉਹ ਮਾਰ ਦੇਣਗੇ ਅਤੇ ਝਾੜੀ ਦਾ ਸੋਨਾ ਅੱਧਾ-ਅੱਧਾ ਵੰਡ ਲੈਣਗੇ | ਇਸ ਤਰ੍ਹਾਂ ਜਦੋਂ ਪਿੰਡ ਗਏ ਮਿੱਤਰ ਰੋਟੀ ਲੈ ਕੇ ਪਹੁੰਚੇ ਤਾਂ ਸਕੀਮ ਮੁਤਾਬਿਕ ਰਾਖੀ ਕਰਨ ਵਾਲੇ ਮਿੱਤਰਾਂ ਨੇ ਉਨ੍ਹਾਂ ਨੂੰ ਮਾਰ ਮੁਕਾਇਆ | ਮਿੱਤਰਾਂ ਦੀਆਂ ਲਾਸ਼ਾਂ ਨੂੰ ਦਫਨਾ ਕੇ ਜਦੋਂ ਉਨ੍ਹਾਂ ਜ਼ਹਿਰ ਵਾਲੀ ਰੋਟੀ ਖਾਧੀ ਤਾਂ ਕੁਝ ਦੇਰ ਬਾਅਦ ਉਹ ਵੀ ਸਦਾ ਦੀ ਨੀਂਦ ਸੌਾ ਚੱੁਕੇ ਸਨ | ਸੋਨੇ ਦੀ ਝਾੜੀ ਕਿਸੇ ਇਕ ਦੇ ਵੀ ਕੰਮ ਨਾ ਆਈ |

-ਮੋਬਾ: 98146-81444


ਖ਼ਬਰ ਸ਼ੇਅਰ ਕਰੋ

ਧੌਲਾਧਾਰ ਦੀਆਂ ਪਹਾੜੀਆਂ ਵਿਚ ਅਨੋਖੀ ਸੈਰਗਾਹ ਹੈ 'ਨੱਢੀ'

ਪਰਬਤ ਹਮੇਸ਼ਾ ਹੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਦੇ ਆਏ ਹਨ | ਬਹੁਤ ਸਾਰੇ ਦੇਸੀ ਅਤੇ ਵਿਦੇਸ਼ੀ ਸੈਲਾਨੀ ਹਮੇਸ਼ਾ ਹੀ ਪਹਾੜੀ ਨਜ਼ਾਰਿਆਂ ਲਈ ਤਤਪਰ ਰਹਿੰਦੇ ਹਨ | ਜਿਥੇ ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬੇਹੱਦ ਸੁਹਾਵਣਾ ਅਤੇ ਠੰਢਾ ਹੁੰਦਾ ਹੈ, ਉਥੇ ਸਰਦੀਆਂ ਵਿਚ ਪਹਾੜਾਂ ਉੱਪਰ ਪੈਂਦੀ ਬਰਫ਼ ਦਾ ਲਾਸਾਨੀ ਨਜ਼ਾਰਾ ਨਾ ਭੱੁਲਣ ਵਾਲੀ ਘਟਨਾ ਸਮਾਨ ਹੁੰਦਾ ਹੈ | ਮਿਡਲ ਹਿਮਾਚਲ ਵਿਚ ਗੋਲਧਾਰ ਦੀਆਂ ਪਹਾੜੀਆਂ ਉੱਪਰ ਅਜਿਹੀਆਂ ਬਹੁਤ ਸਾਰੀਆਂ ਸੈਰਗਾਹਾਂ ਹਨ, ਜਿਨ੍ਹਾਂ ਉੱਪਰ ਬੱਸ ਜਾਂ ਆਪਣੀ ਗੱਡੀ ਉੱਪਰ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ | ਇਸ ਖੇਤਰ ਵਿਚ ਹੀ ਸਥਿਤ ਹੈ ਧੌਲਾਧਾਰ ਪਹਾੜਾਂ ਵਿਚ ਵਸਦੀ ਸੈਰਗਾਹ 'ਨੱਢੀ' | ਇਸ ਸੈਰਗਾਹ 'ਤੇ ਪਹੁੰਚਣ ਲਈ ਸਾਨੂੰ ਧਰਮਸ਼ਾਲਾ ਲਈ ਆਰਾਮ ਨਾਲ ਬੱਸ ਮਿਲ ਸਕਦੀ ਹੈ | ਧਰਮਸ਼ਾਲਾ ਤੋਂ 9 ਕਿਲੋਮੀਟਰ ਦੀ ਦੂਰੀ 'ਤੇ ਹੈ ਮੈਕਲੋਡਗੰਜ, ਜਿਸ ਨੂੰ ਦਲਾਈਲਾਮਾ ਤੇ ਤਿੱਬਤੀ ਲੋਕਾਂ ਦੇ ਤੀਰਥ ਸਥਾਨ ਕਰਕੇ ਵੀ ਜਾਣਿਆ ਜਾਂਦਾ ਹੈ | ਮੈਕਲੋਡਗੰਜ ਟੋਪਲ ਰੋਡ 'ਤੇ ਹੀ ਸਥਿਤ ਹੀ ਦਲਾਈਲਾਮਾ ਦਾ ਵਿਸ਼ਵ ਪ੍ਰਸਿੱਧ ਮੰਦਰ | ਮੈਕਲੋਡਗੰਜ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਉੱਤਰ-ਪੱਛਮ ਦਿਸ਼ਾ ਵਿਚ ਸਥਿਤ ਹੈ ਹਿਮਾਲਿਆ ਪਰਬਤ ਦੀ ਗੋਦ ਵਿਚ ਵਸਦੀ ਸੈਰਗਾਹ 'ਨੱਢੀ', ਜਿਸ ਨੂੰ ਕੁਦਰਤ ਦੇ ਅਥਾਹ ਨਜ਼ਾਰਿਆਂ ਲਈ ਜਾਣਿਆ ਜਾਂਦਾ ਹੈ | ਸਮੁੰਦਰੀ ਤਲ ਤੋਂ 2180 ਮੀਟਰ ਅਰਥਾਤ 7152 ਫੱੁਟ ਦੀ ਉਚਾਈ 'ਤੇ ਸਥਿਤ ਇਸ ਸੈਰਗਾਹ ਦੇ ਸਾਹਮਣੇ ਹਿਮਾਲਾ ਪਰਬਤ ਇਕ ਦੀਵਾਰ ਦੀ ਤਰ੍ਹਾਂ ਖੜ੍ਹਾ ਦਿਖਾਈ ਦਿੰਦਾ ਹੈ | ਹਿਮਾਲਿਆ ਪਰਬਤ ਦੀਆਂ ਬਰਫ਼ਾਨੀ ਚੋਟੀਆਂ ਦਾ ਨਜ਼ਾਰਾ ਇਥੋਂ ਖੱੁਲ੍ਹੀਆਂ ਅੱਖਾਂ ਨਾਲ ਮਾਣਿਆ ਜਾ ਸਕਦਾ ਹੈ | ਬੇਸ਼ੁਮਾਰ ਹੋਟਲਾਂ ਨਾਲ ਘਿਰਿਆ ਇਹ ਛੋਟਾ ਜਿਹਾ ਕਸਬਾ ਆਪਣੀ ਖੂਬਸੂਰਤੀ ਆਪ ਬਿਆਨ ਕਰਦਾ ਹੈ | ਦੁਨੀਆ ਭਰ ਦੇ ਸੈਲਾਨੀ ਇਸ ਖੂਬਸੂਰਤ ਸੈਰਗਾਹ ਦਾ ਅਨੰਦ ਮਾਨਣ ਲਈ ਇਸ ਸਥਾਨ ਦੀ ਯਾਤਰਾ ਕਰਦੇ ਹਨ | ਇਕ ਹਜ਼ਾਰ ਤੋਂ ਦੋ ਹਜ਼ਾਰ ਵਿਚਕਾਰ ਇਥੇ ਹੋਟਲਾਂ ਵਿਚ ਵਧੀਆ ਕਮਰੇ ਮਿਲ ਜਾਂਦੇ ਹਨ | ਕੁਦਰਤੀ ਸੁਹੱਪਣ ਅਤੇ ਸ਼ਾਂਤ ਵਾਤਾਵਰਨ ਜਿਹਾ ਸੁੰਦਰ ਨਜ਼ਾਰਾ ਸਾਨੂੰ ਸਵਰਗ ਵਰਗੀ ਦੁਨੀਆ ਦਾ ਅਹਿਸਾਸ ਕਰਵਾ ਜਾਂਦਾ ਹੈ | ਇਸ ਸੁੰਦਰ ਸੈਰਗਾਹ 'ਤੇ ਹੀ ਸਥਿਤ ਹੈ ਐਚ.ਐਚ. ਮਾਤਾ ਜੀ ਸ੍ਰੀ ਨਿਰਮਲਾ ਦੇਵੀ ਦਾ ਸਹਜ ਯੋਗਾ ਆਸ਼ਰਮ, ਜਿਥੇ ੈਸੈਲਾਨੀਆਂ ਨੂੰ ਮੁਫ਼ਤ ਵਿਚ ਹੀ ਮੈਜੀਟੇਸ਼ਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ | ਪਿਆਰੇ ਬੱਚਿਓ, ਇਸ ਲਾਸਾਨੀ ਸੈਰਗਾਹ ਦਾ ਆਨੰਦ ਸਾਡੀ ਜ਼ਿੰਦਗੀ ਦਾ ਸਦੀਵੀ ਸਹਾਰਾ ਬਣ ਸਕਦਾ ਹੈ | ਆਓ, ਇਸ ਦਾ ਅਨੰਦ ਮਾਣੀਏ |

-ਕੇ. ਐਸ. ਅਮਰ,
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343

ਡਾਕੀਆ

ਭਾਰਤ ਵਿਚ ਡਾਕ ਸੇਵਾ ਦੀ ਸ਼ੁਰੂਆਤ 1 ਅਪ੍ਰੈਲ, 1854 ਤੋਂ ਹੋਈ ਹੈ | ਉਸ ਸਮੇਂ ਤੋਂ ਹੀ ਭਾਰਤੀ ਡਾਕ ਦੇ ਖੇਤਰ ਵਿਚ ਡਾਕੀਆ ਆਪਣੀ ਸੇਵਾ ਨਿਭਾਉਂਦਾ ਆ ਰਿਹਾ ਹੈ | ਅੱਜ ਦਾ ਸਮਾਂ ਅਜਿਹਾ ਸਮਾਂ ਹੈ ਕਿ ਮੇਰੇ ਹਿਸਾਬ ਮੁਤਾਬਿਕ ਪੜ੍ਹੇ-ਲਿਖੇ ਲੋਕਾਂ ਨੂੰ ਵੀ ਅੱਜਕਲ੍ਹ ਚਿੱਠੀ ਲਿਖਣੀ ਹੀ ਨਹੀਂ ਆਉਂਦੀ ਹੈ | ਜਦੋਂ ਭਾਰਤੀ ਡਾਕ ਸੇਵਾ ਸ਼ੁਰੂ ਹੋਈ ਤਾਂ ਉਸ ਸਮੇਂ ਤੋਂ ਡਾਕੀਆ ਵਿਚਾਰਾ ਜਦੋਂ ਕਿਸੇ ਦੀ ਕੋਈ ਚਿੱਠੀ ਆਉਂਦੀ ਸੀ ਤਾਂ ਇਹ ਪੈਦਲ ਹੀ ਕਈ ਮੀਲ ਤੱਕ ਸਫ਼ਰ ਤੈਅ ਕਰਕੇ ਚਿੱਠੀ ਘਰਾਂ ਤੱਕ ਪਹੁੰਚਦੀ ਕਰਦਾ ਸੀ | ਫਿਰ ਹੌਲੀ-ਹੌਲੀ ਸਮਾਂ ਬਦਲਿਆ, ਡਾਕੀਆ ਆਪਣੀ ਡਾਕ ਵੰਡਣ ਸਾਈਕਲ 'ਤੇ ਆਉਣ ਲੱਗ ਪਿਆ | ਬਹੁਤੇ ਡਾਕੀਏ ਅੱਜ ਦੇ ਸਮੇਂ ਵਿਚ ਵੀ ਆਪਣੀ ਡਾਕ ਸਾਈਕਲ 'ਤੇ ਹੀ ਵੰਡਦੇ ਹਨ | ਗੱਲ ਕਰਦੇ ਹਾਂ ਅੱਜ ਤੋਂ 30-35 ਸਾਲ ਪਹਿਲਾਂ ਦੀ, ਜਦੋਂ ਡਾਕੀਆ ਕਿਸੇ ਦੀ ਖੁਸ਼ੀ-ਗ਼ਮੀ ਦੀ ਕੋਈ ਚਿੱਠੀ ਲੈ ਕੇ ਆਉਂਦਾ ਤਾਂ ਜ਼ਿਆਦਾਤਰ ਘਰ ਦੇ ਮੈਂਬਰ ਚਿੱਠੀ ਪੜ੍ਹਨ ਲਈ ਵੀ ਡਾਕੀਏ ਨੂੰ ਹੀ ਕਹਿੰਦੇ ਕਿ ਭਾਈ ਤੰੂ ਹੀ ਪੜ੍ਹ ਕੇ ਦੱਸ ਕਿ ਕੀ ਲਿਖਿਆ ਹੈ? ਜਦੋਂ ਡਾਕੀਏ ਨੇ ਆਉਣਾ ਤਾਂ ਕਈ ਵਾਰੀ ਤਾਂ ਆਂਢੀਆਂ-ਗੁਆਂਢੀਆਂ ਨੇ ਇਕੱਠੇ ਹੋ ਜਾਣਾ ਅਤੇ ਡਾਕੀਏ ਵਲੋਂ ਪੜ੍ਹੀ ਜਾਣ ਵਾਲੀ ਚਿੱਠੀ ਨੂੰ ਬੜੇ ਧਿਆਨ ਨਾਲ ਸੁਣਨਾ | ਜਦੋਂ ਡਾਕੀਏ ਨੇ ਘਰ ਦੇ ਬਾਹਰ ਆ ਕੇ ਆਪਣੇ ਸਾਈਕਲ ਦੀ ਘੰਟੀ ਵਜਾਉਣੀ ਤਾਂ ਘਰ ਦੇ ਛੋਟੇ ਬੱਚਿਆਂ ਨੇ ਆਵਾਜ਼ਾਂ ਲਗਾਉਣੀਆਂ ਕਿ 'ਡਾਕੀਆ ਆਇਆ, ਡਾਕੀਆ ਆਇਆ... |' ਅੱਜ ਦੇ ਆਧੁਨਿਕ ਸਮੇਂ ਵਿਚ ਭਾਵੇਂ ਡਾਕ ਰਾਹੀਂ ਚਿੱਠੀਆਂ ਆਉਣੀਆਂ ਨਾਮਾਤਰ ਹੋ ਗਈਆਂ ਹਨ ਪਰ ਸਰਕਾਰੀ ਡਾਕ ਨੂੰ ਸਹੀ ਜਗ੍ਹਾ ਪਹੁੰਚਾਉਣ ਦਾ ਕੰਮ ਅੱਜ ਵੀ ਡਾਕੀਏ ਹੀ ਕਰਦੇ ਹਨ | ਡਾਕ ਰਾਹੀਂ ਬੈਂਕਾਂ ਦੀ ਡਾਕ, ਆਧਾਰ ਕਾਰਡ, ਵਿਦਿਆਰਥੀਆਂ ਦੇ ਰੋਲ ਨੰਬਰ, ਪੈਨ ਕਾਰਡ ਆਦਿ ਹਰ ਤਰ੍ਹਾਂ ਦੀ ਸਰਕਾਰੀ-ਅਰਧ ਸਰਕਾਰੀ ਡਾਕ ਵੰਡਣ ਦਾ ਕੰਮ ਡਾਕੀਏ ਕਰਦੇ ਹਨ |

-ਪਿੰਡ ਤੇ ਡਾਕ: ਜੌੜਕੀ ਅੰਧੇ ਵਾਲੀ, ਤਹਿ: ਤੇ ਜ਼ਿਲ੍ਹਾ ਫਾਜ਼ਿਲਕਾ | ਮੋਬਾ: 82838-30069

ਬੁਝਾਰਤਾਂ

1. ਕੰਧ ਉੱਤੇ ਦੋ ਟੰਗਾ ਬੈਠਾ, ਉਸ ਦੀ ਗਰਦਨ ਕਾਲੀ,
ਜਿਹੜਾ ਮੇਰੀ ਬਾਤ ਨਾ ਬੱੁਝੇ, ਰੱਖ ਦਏ ਰੁਪਈਏ ਚਾਲੀ |
2. ਚਾਰ ਡਰਾਈਵਰ ਇਕ ਸਵਾਰੀ, ਪਿੱਛੇ ਦੁਨੀਆ ਸਾਰੀ |
3. ਬੱਸ, ਟਰੱਕ, ਰੇਲ ਤੇ ਜਹਾਜ਼ ਨਾ ਕਾਰ,
ਜਿੰਨੀ ਤੇਜ਼ ਹੈ ਉਹ ਮੁਟਿਆਰ |
4. ਕਾਲਾ ਸੀ ਕਲਿੱਤਰ ਸੀ, ਕਾਲੇ ਪਿਓ ਦਾ ਪੱੁਤਰ ਸੀ,
ਸਿਰ ਦੇ ਵਾਲ ਚਰਦਾ ਸੀ, ਭੱਜ ਗੁਥਲੀ ਵਿਚ ਵੜਦਾ ਸੀ |
5. ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਵੇ ਭਾਈ ਕਾਕੜਿਆ,
ਇਕ ਸ਼ਖ਼ਸ ਮੈਂ ਐਸਾ ਡਿੱਠਾ, ਧੌਣ ਲੰਮੀ ਸਿਰ ਆਕੜਿਆ |
6. ਆਰ ਢਾਂਗਾ ਉਜਾੜ ਢਾਂਗਾ, ਵਿਚ ਲਹੂ ਦਾ ਤੁਪਕਾ |
7. ਨਾ ਉਹ ਦੇਖੇ, ਨਾ ਉਹ ਬੋਲੇ, ਫਿਰ ਵੀ ਭੇਦ ਉਸ ਦਾ ਖੋਲ੍ਹੇ |
8. ਦੱਸੋ ਉਹ ਹੈ ਪੰਛੀ ਕਿਹੜਾ, ਜਿਸ ਨਾਲ ਹੋਵੇ ਦਿਨੇ ਹਨੇਰਾ |
9. ਐਡੀ ਕੁ ਡਾਕਟਰਨੀ, ਪੀਲੇ ਕੱਪੜੇ ਪਾਉਂਦੀ,
ਬਿਨਾਂ ਪੈਸੇ ਲਏ, ਚੰਗੀ ਤਰ੍ਹਾਂ ਜਾਂਚ ਕੇ ਟੀਕਾ ਲਗਾਉਂਦੀ |
ਉੱਤਰ : (1) ਕਬੂਤਰ, (2) ਅਰਥੀ, (3) ਬਿਜਲੀ, (4) ਉਸਤਰਾ, (5) ਊਠ, (6) ਵੀਰ ਵਹੁਟੀ (ਚੀਚ ਵਹੁਟੀ), (7) ਚਿੱਠੀ, (8) ਉੱਲੂ, (9) ਭਰਿੰਡ |

-ਪਿੰਡ ਦੀਵਾਲਾ, ਤਹਿ: ਸਮਰਾਲਾ (ਲੁਧਿਆਣਾ) | ਮੋਬਾ: 98763-22677

ਬਾਲ ਨਾਵਲ-107: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਦਿਨੋ-ਦਿਨ ਪ੍ਰੀਤੀ ਦੇ ਦਿਲ ਵਿਚ ਹਰੀਸ਼ ਅਤੇ ਉਸ ਦੀ ਨਿਸ਼ਕਾਮ ਸੇਵਾ-ਭਾਵ ਪ੍ਰਤੀ ਖਿੱਚ ਵਧਣੀ ਸ਼ੁਰੂ ਹੋ ਗਈ | ਪ੍ਰੀਤੀ ਸ਼ੁਰੂ ਤੋਂ ਹੀ ਅਗਾਂਹਵਧੂ ਖਿਆਲਾਂ ਵਾਲੀ ਸੀ, ਇਸ ਕਰਕੇ ਉਸ ਨੂੰ ਇਹ ਸਾਰਾ ਕੁਝ ਚੰਗਾ-ਚੰਗਾ ਲੱਗ ਰਿਹਾ ਸੀ | ਇਸ ਜ਼ਮਾਨੇ ਵਿਚ ਬਹੁਤੇ ਲੋਕ, ਉਹ ਭਾਵੇਂ ਕਿਸੇ ਵੀ ਕਿੱਤੇ ਵਿਚ ਹੋਣ, ਪੈਸੇ ਦੀ ਚਮਕ ਪਿੱਛੇ ਹੀ ਦੌੜਦੇ ਹਨ | ਕੋਈ ਵਿਰਲਾ ਇਨਸਾਨ ਹੀ ਹੁੰਦਾ ਹੈ, ਜਿਹੜਾ ਹਰੀਸ਼ ਜਾਂ ਪ੍ਰੀਤੀ ਵਰਗੇ ਵਿਚਾਰ ਰੱਖਦਾ ਹੋਵੇ |
ਹਸਪਤਾਲ ਦੀ ਉਸਾਰੀ ਦਾ ਕੰਮ ਜਦੋਂ ਮੁਕੰਮਲ ਹੋਣ 'ਤੇ ਆ ਗਿਆ ਤਾਂ ਸਿਧਾਰਥ ਨੇ ਮਾਤਾ ਜੀ ਨਾਲ ਸਲਾਹ ਕਰਕੇ ਉਦਘਾਟਨ ਦੀ ਤਰੀਕ ਨਿਯਤ ਕਰ ਲਈ | ਇਸ ਦਾ ਕਾਰਨ ਇਹ ਸੀ ਕਿ ਮਾਤਾ ਜੀ ਦੇ ਪਰਿਵਾਰ ਦੇ ਮੈਂਬਰਾਂ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ, ਜਿਹੜੇ ਵਿਦੇਸ਼ ਰਹਿੰਦੇ ਸਨ, ਨੂੰ ਹਸਪਤਾਲ ਦੇ ਉਦਘਾਟਨ ਦੀ ਠੀਕ ਤਰੀਕ ਦੱਸਣੀ ਸੀ ਤਾਂ ਜੋ ਜਿਹੜੇ ਵੀ ਆਉਣਾ ਚਾਹੁਣ, ਉਨ੍ਹਾਂ ਦੀ ਹਵਾਈ ਜਹਾਜ਼ ਦੀ ਬੁਕਿੰਗ ਵੇਲੇ ਸਿਰ ਹੋ ਜਾਵੇ |
ਸਿਧਾਰਥ ਨੇ ਹਰੀਸ਼ ਕੋਲੋਂ ਡਾ: ਪ੍ਰੀਤੀ ਦਾ ਫੋਨ ਨੰਬਰ ਲੈ ਕੇ ਉਸ ਨੂੰ ਵੀ ਉਦਘਾਟਨ 'ਤੇ ਆਉਣ ਦਾ ਅਤੇ ਆਪਣੇ ਮਾਤਾ-ਪਿਤਾ ਨੂੰ ਨਾਲ ਲੈ ਕੇ ਆਉਣ ਦਾ ਸੱਦਾ ਦਿੱਤਾ |
ਪ੍ਰੀਤੀ ਜਦੋਂ ਦੀ ਅੰਮਿ੍ਤਸਰ ਤੋਂ ਹਰੀਸ਼ ਦਾ ਤਿੰਨ ਕਮਰਿਆਂ ਵਾਲਾ ਹਸਪਤਾਲ ਦੇਖ ਕੇ ਆਈ ਸੀ, ਉਦੋਂ ਤੋਂ ਹੀ ਉਸ ਦੇ ਦਿਲੋ-ਦਿਮਾਗ ਵਿਚ ਇਕ ਕਸ਼ਮਕਸ਼ ਚੱਲ ਰਹੀ ਸੀ | ਉਹ ਵੀ ਡਾ: ਹਰੀਸ਼ ਨਾਲ ਗਰੀਬ ਮਰੀਜ਼ਾਂ ਦੀ ਸੇਵਾ ਕਰਕੇ ਕੋਈ ਸੱਚਾ-ਸੱੁਚਾ ਕੰਮ ਕਰਨਾ ਚਾਹੁੰਦੀ ਸੀ |
ਉਸ ਨੂੰ ਜਿਸ ਦਿਨ ਸਿਧਾਰਥ ਦੇ ਹਸਪਤਾਲ ਦੇ ਉਦਘਾਟਨ ਦਾ ਸੱਦਾ ਆਇਆ, ਉਸ ਨੇ ਆਪਣੇ ਦਿਲ ਦੀ ਕਸ਼ਮਕਸ਼ ਦਾ ਇਕਦਮ ਫੈਸਲਾ ਕਰ ਲਿਆ | ਅਗਲੇ ਦਿਨ ਹੀ ਉਸ ਨੇ ਹਸਪਤਾਲ ਵਾਲਿਆਂ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ | ਉਸ ਦੇ ਅਸਤੀਫ਼ੇ ਦੇ ਨੋਟਿਸ ਦਾ ਸਮਾਂ, ਹਰੀਸ਼ ਦੇ ਹਸਪਤਾਲ ਦੇ ਉਦਘਾਟਨ ਤੋਂ ਕੁਝ ਦਿਨ ਪਹਿਲਾਂ ਹੀ ਪੂਰਾ ਹੋਣਾ ਸੀ | ਅਸਤੀਫੇ ਬਾਰੇ ਪ੍ਰੀਤੀ ਨੇ ਆਪਣੇ ਮਾਤਾ-ਪਿਤਾ ਅਤੇ ਡਾ: ਹਰੀਸ਼ ਨੂੰ ਵੀ ਦੱਸ ਦਿੱਤਾ |
ਡਾ: ਪ੍ਰੀਤੀ ਹਸਪਤਾਲ ਦੇ ਉਦਘਾਟਨ ਤੋਂ ਦੋ ਦਿਨ ਪਹਿਲਾਂ ਅੰਮਿ੍ਤਸਰ ਪਹੁੰਚ ਗਈ | ਉਸ ਨੇ ਆ ਕੇ ਸਾਰਾ ਦਿਨ ਨਵੇਂ ਹਸਪਤਾਲ ਦੀ ਸੈਟਿੰਗ ਕੀਤੀ | ਸ਼ਾਮ ਨੂੰ ਵਿਹਲੇ ਹੋ ਕੇ ਉਹ ਮਾਤਾ ਜੀ ਕੋਲ ਗਈ ਤਾਂ ਮੇਘਾ ਵੀ ਉਸ ਦੇ ਨਾਲ ਆ ਗਈ | ਥੋੜ੍ਹੀ ਦੇਰ ਬਾਅਦ ਸਿਧਾਰਥ ਅਤੇ ਹਰੀਸ਼ ਵੀ ਆਪਣਾ ਕੰਮ ਮੁਕਾ ਕੇ ਆ ਗਏ | ਰਾਤੀਂ ਸਾਰਿਆਂ ਨੇ ਇਕੱਠਿਆਂ ਖਾਣਾ ਖਾਧਾ | ਖਾਣਾ ਖਾਣ ਤੋਂ ਬਾਅਦ ਪ੍ਰੀਤੀ ਨੇ ਸਾਰਿਆਂ ਨੂੰ ਦੱਸਿਆ ਕਿ ਉਹ ਹੁਣ ਅੰਮਿ੍ਤਸਰ ਹੀ ਰਹੇਗੀ | ਉਸ ਨੂੰ ਉਸੇ ਵੱਡੇ ਹਸਪਤਾਲ ਵਿਚ ਨੌਕਰੀ ਮਿਲ ਗਈ ਹੈ, ਜਿਥੋਂ ਹਰੀਸ਼ ਨੇ ਅਸਤੀਫਾ ਦਿੱਤਾ ਸੀ | ਉਥੋਂ ਆ ਕੇ ਬਾਕੀ ਸਾਰਾ ਵਕਤ ਉਹ ਇਸ ਆਪਣੇ ਹਸਪਤਾਲ ਵਿਚ ਸੇਵਾ ਕਰੇਗੀ |
ਪ੍ਰੀਤੀ ਦੀ ਗੱਲ ਸੁਣ ਕੇ ਸਾਰੇ ਹੀ ਬਹੁਤ ਖੁਸ਼ ਹੋਏ | ਹਰੀਸ਼ ਭਾਵੇਂ ਆਪਣੀ ਖੁਸ਼ੀ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੇ ਚਿਹਰੇ ਦੇ ਹਾਵ-ਭਾਵ ਸਭ ਕੁਝ ਦੱਸ ਰਹੇ ਸਨ | ਮਾਤਾ ਜੀ, ਸਿਧਾਰਥ ਅਤੇ ਮੇਘਾ ਦੀ ਖੁਸ਼ੀ ਵੀ ਮਿਉਂਦੀ ਨਹੀਂ ਸੀ |
ਪਿਛਲੇ ਦਿਨਾਂ ਵਿਚ ਹਰੀਸ਼ ਅਤੇ ਪ੍ਰੀਤੀ ਦੀਆਂ ਫੋਨ ਉੱਪਰ ਲੰਬੀਆਂ ਗੱਲਾਂ ਹੁੰਦੀਆਂ ਰਹੀਆਂ ਸਨ | ਹਰੀਸ਼ ਨੇ ਖੱਟੀਆਂ-ਮਿੱਠੀਆਂ ਗੋਲੀਆਂ ਵੇਚਣ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਕਹਾਣੀ ਉਸ ਨੂੰ ਸੁਣਾ ਦਿੱਤੀ ਸੀ | ਪ੍ਰੀਤੀ ਨੇ ਵੀ ਆਪਣਾ ਸਾਰਾ ਪਿਛੋਕੜ, ਆਪਣੇ ਪਰਿਵਾਰ ਦੀ ਅਤੇ ਆਪਣੀ ਸੰਘਰਸ਼ਮਈ ਜ਼ਿੰਦਗੀ ਬਾਰੇ ਹਰੀਸ਼ ਨੂੰ ਸਾਫ਼-ਸਾਫ਼ ਦੱਸ ਦਿੱਤਾ ਸੀ |
ਦੋਵਾਂ ਨੂੰ ਇਕ-ਦੂਜੇ ਦੀ ਹਰ ਗੱਲ ਪਸੰਦ ਸੀ | ਇਸ ਕਰਕੇ ਦੋਵਾਂ ਨੇ ਵਿਆਹ-ਬੰਧਨ ਵਿਚ ਬੱਝਣ ਦਾ ਫੈਸਲਾ ਕਰ ਲਿਆ | ਪ੍ਰੀਤੀ ਨੇ ਆਪਣੇ ਮਾਤਾ-ਪਿਤਾ ਨਾਲ ਵੀ ਗੱਲ ਕਰ ਲਈ | ਉਨ੍ਹਾਂ ਨੂੰ ਆਪਣੀ ਬੇਟੀ 'ਤੇ ਪੂਰਾ ਭਰੋਸਾ ਸੀ, ਇਸ ਕਰਕੇ ਉਨ੍ਹਾਂ ਨੇ ਆਪਣੀ ਸਹਿਮਤੀ ਦੇ ਦਿੱਤੀ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001.
ਮੋਬਾ: 98889-24664

ਬੁਝਾਰਤ (44)

ਜਿੱਥੇ ਕਿਤੇ ਮੈਂ ਹਾਜ਼ਰ ਹੋਵਾਂ,
ਦੇਸ਼ ਦਾ ਬਾਰਡਰ ਬਣ ਖਲੋਵਾਂ |
ਵੈਰੀ ਅੰਦਰ ਵੜਨ ਨਾ ਦੇਵਾਂ,
ਉਸ ਨੂੰ ਹਮਲਾ ਕਰਨ ਨਾ ਦੇਵਾਂ |
ਸਰਦੀ ਪਿੱਛੋਂ ਜਦ ਆਵੇ ਗਰਮੀ,
ਵਧ ਜਾਂਦੀ ਮੇਰੀ ਸਰਗਰਮੀ |
ਸਾਇੰਸ ਤਰੱਕੀ ਕਰਦੀ ਜਾਂਦੀ,
ਮੇਰੀ ਲੋੜ ਹੈ ਘਟਦੀ ਜਾਂਦੀ |
ਉੱਤੇ ਪੈਂਦੀ ਜਾਂਦੀ ਹੈ ਰਾਤ,
ਭਲੂਰੀਏ ਦੀ ਹੁਣ ਬੁੱਝੋ ਬਾਤ |
ਸਰ ਜੀ ਬਾਤ ਹੈ ਔਖੀ ਡਾਢੀ,
ਅਜੇ ਏਨੀ ਅਕਲ ਨੀ ਸਾਡੀ |
ਸਾਡੀ ਬੇਨਤੀ ਮੰਨੋ ਜਨਾਬ,
ਆਪ ਹੀ ਇਸ ਦਾ ਦਿਓ ਜਵਾਬ |
--0--
ਜਵਾਬ ਲਿਖ ਲਓ ਫੜ ਕੇ ਕਾਨੀ,
ਇਹ ਹੈ ਬੱਚਿਓ ਮੱਛਰਦਾਨੀ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਜਾਨਵਰ ਜੀਭ ਨਾਲ ਸਰੀਰ ਕਿਉਂ ਚੱਟਦੇ ਹਨ?

ਬੱਚਿਓ, ਕੁਦਰਤ ਨੇ ਮਨੱੁਖ ਨੂੰ ਆਪਣਾ ਸਰੀਰ ਸਾਫ਼ ਰੱਖਣ ਲਈ ਹੱਥ ਅਤੇ ਕੰਮ ਕਰਨ ਲਈ ਪੈਰ ਦਿੱਤੇ ਹਨ ਪਰ ਜਾਨਵਰਾਂ ਦੇ ਕੋਲ ਇਹ ਅੰਗ ਨਹੀਂ ਹਨ | ਜਾਨਵਰਾਂ ਦੇ ਪੈਰ ਹੁੰਦੇ ਹਨ | ਉਹ ਆਪਣੇ ਸਰੀਰ ਨੂੰ ਸਾਫ਼ ਰੱਖਣ ਲਈ ਪੈਰਾਂ ਦੀ ਵਰਤੋਂ ਨਹੀਂ ਕਰ ਸਕਦੇ | ਉਹ ਆਪਣੀ ਜੀਭ ਨਾਲ ਸਰੀਰ ਨੂੰ ਚੱਟ ਕੇ ਕੁਝ ਹੱਦ ਤੱਕ ਸਾਫ਼ ਕਰ ਸਕਦੇ ਹਨ |
ਜਾਨਵਰਾਂ ਦੇ ਸਰੀਰ ਉੱਪਰ ਕਿਸੇ ਅੰਗ 'ਤੇ ਖਾਰਸ਼ ਹੋਣ ਜਾਂ ਕਿਸੇ ਜੀਵ ਦੇ ਵੱਢਣ ਨਾਲ ਜਾਂ ਕਿਸੇ ਕਾਰਨ ਸਰੀਰ 'ਤੇ ਜ਼ਖ਼ਮ ਹੋਣ 'ਤੇ ਜਾਨਵਰ ਆਪਣੀ ਜੀਭ ਨਾਲ ਚੱਟਦੇ ਹਨ | ਜ਼ਖ਼ਮ ਨੂੰ ਆਰਾਮ ਆ ਜਾਂਦਾ ਹੈ | ਜਾਨਵਰਾਂ ਦੀ ਲਾਰ ਵਿਚ ਕੁਝ ਐਾਟੀ-ਬਾਡੀ ਹੁੰਦੇ ਹਨ | ਇਹ ਹਾਨੀਕਾਰਕ ਵਿਸ਼ਾਣੂਆਂ ਅਤੇ ਜੀਵਾਣੂਆਂ ਨੂੰ ਨਸ਼ਟ ਕਰਦੇ ਹਨ | ਕੁਝ ਪਸ਼ੂ ਸਰੀਰ ਦੀ ਸਫ਼ਾਈ ਕਰਨ ਲਈ ਜੀਭ ਦੀ ਵਰਤੋਂ ਕਰਦੇ ਹਨ | ਬਿੱਲੀ ਸਰੀਰ ਨੂੰ ਸਾਫ਼ ਕਰਨ ਲਈ ਜੀਭ ਦੀ ਵਰਤੋਂ ਕਰਦੀ ਹੈ | ਕੁਝ ਪਸ਼ੂ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣ ਲਈ ਜੀਭ ਨਾਲ ਸਰੀਰ ਨੂੰ ਗਿੱਲਾ ਕਰਦੇ ਹਨ | ਕੰਗਾਰੂ ਆਪਣੇ ਸਰੀਰ ਦੇ ਤਾਪਮਾਨ ਨੂੰ ਸਹੀ ਰੱਖਣ ਲਈ ਆਪਣੀਆਂ ਅਗਲੀਆਂ ਲੱਤਾਂ ਜੀਭ ਨਾਲ ਚੱਟਦਾ ਹੈ |

-ਸਾਇੰਸ ਮਾਸਟਰ, ਖ਼ਾਲਸਾ ਸਕੂਲ, ਖੰਨਾ | ਮੋਬਾ: 79864-99563

ਅਣਮੋਲ ਬਚਨ

• ਬੋਲਣ ਤੋਂ ਪਹਿਲਾਂ ਹੀ ਸੋਚ ਲਓ, ਕਿਉਂਕਿ ਬੋਲਣ ਤੋਂ ਬਾਅਦ ਸੋਚਿਆ ਨਹੀਂ, ਸਿਰਫ਼ ਪਛਤਾਇਆ ਹੀ ਜਾ ਸਕਦਾ ਹੈ |
• ਮੈਦਾਨ ਵਿਚ ਹਾਰਿਆ ਹੋਇਆ ਇਨਸਾਨ ਤਾਂ ਫਿਰ ਤੋਂ ਜਿੱਤ ਸਕਦਾ ਹੈ ਪਰ ਮਨ ਤੋਂ ਹਾਰਿਆ ਇਨਸਾਨ ਕਦੇ ਨਹੀਂ ਜਿੱਤ ਸਕਦਾ |
• ਜਿੱਤਣ ਦਾ ਮਜ਼ਾ ਉਦੋਂ ਆਉਂਦਾ ਹੈ ਜਦੋਂ ਸਾਰੇ ਤੁਹਾਡੇ ਹਾਰਨ ਦਾ ਇੰਤਜ਼ਾਰ ਕਰ ਰਹੇ ਹੋਣ |
• ਉੱਡਣ ਵਿਚ ਕੋਈ ਬੁਰਾਈ ਨਹੀਂ ਪਰ ਓਨਾ ਹੀ ਉਡੋ, ਜਿਥੋਂ ਜ਼ਮੀਨ ਸਾਫ਼ ਦਿਖਾਈ ਦਿੰਦੀ ਹੋਵੇ |
• ਇਕ ਸੁਪਨੇ ਦੇ ਟੱੁਟ ਜਾਣ ਤੋਂ ਬਾਅਦ ਵੀ ਦੂਜਾ ਸੁਪਨਾ ਦੇਖਣ ਦੇ ਹੌਸਲੇ ਨੂੰ ਹੀ ਜ਼ਿੰਦਗੀ ਕਹਿੰਦੇ ਹਨ |
• ਜਦੋਂ ਤੱਕ ਕੋਈ ਕੰਮ ਤੁਸੀਂ ਕਰ ਨਹੀਂ ਲੈਂਦੇ, ਉਦੋਂ ਤੱਕ ਅਸੰਭਵ ਹੀ ਲੱਗਦਾ ਹੈ |
• ਅਸੀਂ ਕੋਈ ਵੀ ਕੰਮ ਕਿਸੇ ਤੋਂ ਵੀ ਕਰਵਾ ਸਕਦੇ ਹਾਂ ਪਰ ਆਪਣੇ-ਆਪ ਨੂੰ ਸੁਧਾਰਨ ਦਾ ਕੰਮ ਅਸੀਂ ਖ਼ੁਦ ਹੀ ਕਰ ਸਕਦੇ ਹਾਂ |
• ਜ਼ਿੰਦਗੀ ਦੀ ਮਹਾਨਤਾ ਇਸ ਵਿਚ ਨਹੀਂ ਕਿ ਤੁਸੀਂ ਕਿੰਨਾ ਪੈਸਾ ਕਮਾਇਆ ਹੈ, ਬਲਕਿ ਇਸ ਵਿਚ ਹੈ ਕਿ ਤੁਸੀਂ ਦੂਜਿਆਂ ਨੂੰ ਕੀ ਦਿੱਤਾ ਹੈ?

-ਬਲਵਿੰਦਰਜੀਤ ਬਾਜਵਾ,
ਪਿੰਡ ਚੱਕਲਾਂ (ਰੋਪੜ) | 5-mail : balwinderjitbajwa9876@gmail.com

ਬਾਲ ਗੀਤ: ਕਾਟੋ

ਉੱਚੀਆਂ-ਲੰਮੀਆਂ ਛਾਲਾਂ ਮਾਰਦੀ,
ਹਰ ਇਕ ਨੂੰ ਹੈ ਭਾਂਦੀ ਕਾਟੋ |
ਲਗਦੀ ਬੜੀ ਪਿਆਰੀ ਉਦੋਂ,
ਜਦੋਂ ਟਕ-ਟਕ ਕਰਕੇ ਖਾਂਦੀ ਕਾਟੋ |
ਚੁਸਤ ਤੇ ਚਲਾਕ ਲਗਦੀ ਹੈ,
ਜਦ ਦੇਖ ਕੇ ਭੱਜ ਜਾਂਦੀ ਕਾਟੋ |
ਐਧਰ ਓਧਰ ਭੱਜ-ਨੱਠ ਕੇ,
ਹੰਭ-ਹਾਰ ਫਿਰ ਜਾਂਦੀ ਕਾਟੋ |
ਚੁਪਕੇ-ਚੁਪਕੇ ਜਦੋਂ ਦੌੜਦੀ,
ਲਗਦੀ ਹੁੰਦੀ ਸ਼ਰਮਾਂਦੀ ਕਾਟੋ |
ਰਾਮ ਨੇ ਇਸ ਨੂੰ ਥਾਪੀ ਦਿੱਤੀ,
ਤਾਂ ਹੀ ਫੱੁਲੀ ਨਹੀਂ ਸਮਾਂਦੀ ਕਾਟੋ |
ਫ਼ਸਲਾਂ ਵਿਚੋਂ ਚੁਗ-ਚੁਗ ਕੇ,
ਬੱਚਿਆਂ ਨੂੰ ਖੁਆਂਦੀ ਕਾਟੋ |

-ਪ੍ਰੋ: ਮਹਿੰਦਰ ਪਾਲ ਸਿੰਘ 'ਘੁਡਾਣੀ',
ਮ: ਨੰ: 165, ਗਲੀ ਨੰ: 7, ਐਮ. ਕੇ. ਰੋਡ, ਜੇਠੀ ਨਗਰ, ਖੰਨਾ (ਲੁਧਿਆਣਾ) |
ਮੋਬਾ: 98147-39531

ਚੁਟਕਲੇ

• ਸੋਨੂੰ-ਤੰੂ ਏਨਾ ਪ੍ਰੇਸ਼ਾਨ ਕਿਉਂ ਏਾ?
ਮੋਨੂੰ-ਮੈਂ ਆਪਣੀ ਦੋਸਤ ਨੂੰ ਦੋ ਵੱਡੇ-ਵੱਡੇ ਟੈਡੀਬੀਅਰ ਤੋਹਫ਼ੇ 'ਚ ਦਿੱਤੇ ਸਨ |
ਸੋਨੂੰ-ਫਿਰ ਪ੍ਰੇਸ਼ਾਨੀ ਦੀ ਕੀ ਵਜ੍ਹਾ ਹੈ?
ਮੋਨੂੰ-ਉਸ ਦੀ ਮਾਂ ਨੇ ਦੋਵਾਂ ਵਿਚੋਂ ਰੰੂ ਕਢਵਾ ਕੇ ਸਿਰਹਾਣੇ ਬਣਾ ਲਏ |
• ਅਧਿਆਪਕ-ਚੱਲ ਪੱਪੂ, ਦੱਸ ਕਿ 10 ਵਿਅਕਤੀਆਂ ਵਿਚਕਾਰ 8 ਅੰਬ ਕਿਵੇਂ ਵੰਡੇ ਜਾਣਗੇ?
ਪੱਪੂ-ਸਰ, ਮੈਂਗੋ ਸ਼ੇਕ ਬਣਾ ਕੇ |
• ਲੜਕਾ (ਲੜਕੀ ਨੂੰ )-ਅਮੀਰ ਤੋਂ ਅਮੀਰ ਆਦਮੀ ਵੀ ਮੇਰੇ ਪਾਪਾ ਅੱਗੇ ਕਟੋਰੀ ਲੈ ਕੇ ਖੜ੍ਹਾ ਰਹਿੰਦਾ ਹੈ |
ਲੜਕੀ-ਫਿਰ ਤਾਂ ਤੇਰੇ ਪਿਤਾ ਜੀ ਬਹੁਤ ਅਮੀਰ ਹੋਣਗੇ |
ਲੜਕਾ-ਨਹੀਂ, ਉਹ ਗੋਲ-ਗੱਪੇ ਦੀ ਰੇਹੜੀ ਲਗਾਉਂਦੇ ਹਨ |

-ਹਰਜਿੰਦਰਪਾਲ ਸਿੰਘ ਬਾਜਵਾ,
ਵਿਜੈ ਨਗਰ, ਹੁਸ਼ਿਆਰਪੁਰ |

ਵਿਸਾਖੀ 'ਤੇ ਵਿਸ਼ੇਸ਼

ਆ ਗਈਆਂ ਵਾਢੀਆਂ

ਆ ਗਈਆਂ ਹੁਣ ਵਾਢੀਆਂ,
ਹੋ ਜਾਓ ਸਭ ਤਿਆਰ |
ਦਾਤੀਆਂ ਨੂੰ ਦੰਦੇ ਕਢਵਾ ਲਓ,
ਤਿੱਖੀ ਕਰੋ ਉਨ੍ਹਾਂ ਦੀ ਧਾਰ |
ਅਸੀਂ ਹੱਥਾਂ ਨਾਲ ਵਾਢੀ ਕਰਨੀ,
ਕੀਤਾ ਪੱਕਾ ਮਨ ਇਸ ਵਾਰ |
ਨਾ ਆਸ ਕੰਬਾਈਨ ਦੀ ਰੱਖਣੀ,
ਮਿਹਨਤ ਕਰੂ, ਪੂਰਾ ਪਰਿਵਾਰ |
ਕਹਿੰਦੇ ਵਾਢੀ ਲੋਕ, ਜੋ ਕਰਦੇ,
ਹੋਣ ਨਾ ਸਾਰਾ ਸਾਲ ਬਿਮਾਰ |
ਮੇਰੀ ਦਾਤੀ ਨੂੰ ਲਵਾ ਦਿਓ ਘੁੰਗਰੂ,
ਕਹੇ ਪਿੰਡ ਦੀ ਹਰ ਮੁਟਿਆਰ |
ਐਵੇਂ ਪਿੱਛੇ ਪਏ ਆਰਾਮ ਦੇ,
ਭੱੁਲ ਬੈਠੀਏ ਨਾ ਸੱਭਿਆਚਾਰ |
ਪਾਣੀ ਠੰਢਾ-ਠਾਰ ਪੀਣ ਲਈ,
ਘੜੇ ਲਈ, ਕਹਿ ਆਇਆ ਘੁਮਿਆਰ |
ਖੇਤਾਂ ਵਿਚ ਪਾਣੀ ਪਿਲਾਉਣ ਲਈ,
ਚਾਚੇ ਕਰਤਾਰੇ, ਕਰ ਲਈ ਮਸ਼ਕ ਤਿਆਰ |
ਖਾਣ ਲਈ ਗੁੜ ਵੀ ਸਾਂਭਿਆ,
ਮਿੱਟੀ-ਘੱਟਾ ਨਾ ਕਰੇ ਖੁਆਰ |
ਕਸ਼ਟ ਥੋੜ੍ਹੇ ਦਿਨਾਂ ਦਾ ਜਾਪਦਾ,
ਸਾਰਾ ਸਾਲ ਮੌਜ ਕਰੇ ਸੰਸਾਰ |
ਸੋਨੇ ਰੰਗੀਆਂ ਕਣਕਾਂ ਦੀਆਂ ਬੱਲੀਆਂ,
ਕਰੋ ਮਿਹਨਤ, ਕਹਿਣ ਪੁਕਾਰ |
ਲੱਸੀ-ਲੋਟੀ ਭੱਤਾ ਲੈ ਜਾਵਣਾ,
ਸੁਆਣੀ ਹਰ ਘਰ ਹੋਈ ਹੁਸ਼ਿਆਰ |

-ਬਹਾਦਰ ਸਿੰਘ ਗੋਸਲ,
ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ |
ਮੋਬਾ: 98764-52223

ਬਾਲ ਕਹਾਣੀ: ਇਨਸਾਨੀ ਫਰਜ਼

ਵਿਜੈ ਸੁੰਦਰ ਅੰਬਾਲੇ ਤੋਂ ਲੁਧਿਆਣੇ ਜਾਣ ਲਈ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਅੰਬਾਲੇ ਤੋਂ ਲੁਧਿਆਣੇ ਜਾਣ ਵਾਲੀ ਗੱਡੀ ਪਲੇਟਫਾਰਮ 'ਤੇ ਖੜ੍ਹੀ ਸੀ | ਉਸ ਨੇ ਕਾਹਲੀ-ਕਾਹਲੀ ਟਿਕਟ ਖਰੀਦੀ ਤੇ ਗੱਡੀ ਚੜ੍ਹਨ ਲਈ ਆਪਣੇ ਤੇਜ਼ੀ ਨਾਲ ਕਦਮ ਵਧਾਏ | ਅਜੇ ਉਸ ਨੇ ਆਪਣੇ ਪੈਰ ਗੱਡੀ ਵਿਚ ਰੱਖੇ ਹੀ ਸਨ ਕਿ ਗੱਡੀ ਚੱਲ ਪਈ |
ਗੱਡੀ ਥੋੜ੍ਹੀ ਦੂਰ ਹੀ ਗਈ ਸੀ ਕਿ ਟੀ. ਟੀ. ਸਾਹਿਬ ਟਿਕਟਾਂ ਚੈੱਕ ਕਰਨ ਲਈ ਆ ਗਏ | ਉਨ੍ਹਾਂ ਨੇ ਸਾਰੀਆਂ ਸਵਾਰੀਆਂ ਦੀਆਂ ਟਿਕਟਾਂ ਚੈੱਕ ਕੀਤੀਆਂ | ਜਿਹੜੇ ਬੰਦੇ ਬਿਨਾਂ ਟਿਕਟ ਦੇ ਸਨ, ਉਨ੍ਹਾਂ ਦੀਆਂ ਜੁਰਮਾਨੇ ਲਗਾ ਕੇ ਟਿਕਟਾਂ ਕੱਟ ਦਿੱਤੀਆਂ | ਉਨ੍ਹਾਂ ਨੇ ਵਿਜੈ ਸੁੰਦਰ ਨੂੰ ਵੀ ਆਪਣੀ ਟਿਕਟ ਦਿਖਾਉਣ ਲਈ ਕਿਹਾ | ਉਸ ਨੇ ਆਪਣੀ ਟੋਕਰੀ ਵਿਚ ਪਰਸ ਦੇਖਿਆ, ਸੀਟ ਦੇ ਉੱਪਰ-ਥੱਲੇ ਤੇ ਇਧਰੋਂ-ਉਧਰੋਂ ਵੀ ਪਰਸ ਦੇਖਿਆ ਪਰ ਪਰਸ ਕਿਤੇ ਵੀ ਨਾ ਮਿਲਿਆ | ਉਹ ਪਰਸ ਨਾ ਮਿਲਣ ਕਰਕੇ ਬਹੁਤ ਪ੍ਰੇਸ਼ਾਨ ਹੋਈ | ਉਸ ਦਾ ਪਰਸ ਸ਼ਾਇਦ ਕਾਹਲੀ-ਕਾਹਲੀ ਗੱਡੀ ਚੜ੍ਹਨ ਵੇਲੇ ਡਿਗ ਪਿਆ ਸੀ |
ਟੀ.ਟੀ. ਸਾਹਿਬ ਨੇ ਵਿਜੈ ਸੁੰਦਰ ਨੂੰ ਪੱੁਛ ਕੇ ਅੰਬਾਲੇ ਤੋਂ ਲੁਧਿਆਣੇ ਦੀ ਟਿਕਟ ਕੱਟ ਕੇ ਉਸ ਦੇ ਹੱਥ ਫੜਾ ਦਿੱਤੀ ਪਰ ਵਿਜੈ ਸੁੰਦਰ ਨੇ ਕਿਹਾ, 'ਵੀਰ ਜੀ, ਮੇਰਾ ਪਰਸ ਕਿਤੇ ਡਿਗ ਪਿਆ ਹੈ, ਮੈਂ ਤੁਹਾਨੂੰ ਟਿਕਟ ਦੇ ਪੈਸੇ ਨਹੀਂ ਦੇ ਸਕਦੀ |' ਟੀ. ਟੀ. ਨੇ ਕਿਹਾ, 'ਭੈਣ ਜੀ, ਮੈਂ ਤੁਹਾਡੀ ਮਜਬੂਰੀ ਸਮਝਦਾ ਹਾਂ ਪਰ ਇਹ ਪੈਸੇ ਮੈਂ ਆਪਣੇ ਕੋਲੋਂ ਦੇ ਰਿਹਾ ਹਾਂ, ਤਾਂ ਜੋ ਮੈਂ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਾਂ | ਜੇ ਮੈਂ ਹੋਰਾਂ ਸਵਾਰੀਆਂ ਦੀ ਟਿਕਟ ਕੱਟੀ ਹੈ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪ ਜੀ ਕੋਲੋਂ ਵੀ ਪੈਸੇ ਲੈ ਕੇ ਟਿਕਟ ਕੱਟਾਂ, ਕਾਰਨ ਕੋਈ ਵੀ ਹੋਵੇ |' ਅਜਿਹਾ ਕਹਿ ਕੇ ਟੀ. ਟੀ. ਨੇ ਆਪਣੀ ਜੇਬ ਵਿਚੋਂ ਇਕ ਹੋਰ 100 ਦਾ ਨੋਟ ਕੱਢ ਕੇ ਕਿਹਾ, 'ਲਓ ਭੈਣ ਜੀ, ਤੁਸੀਂ ਇਹ ਰੱਖ ਲਓ, ਤੁਸੀਂ ਸਟੇਸ਼ਨ ਤੋਂ ਅੱਗੇ ਘਰ ਵੀ ਤਾਂ ਜਾਣਾ ਹੈ | ਤੁਹਾਨੂੰ ਪੈਸਿਆਂ ਦੀ ਲੋੜ ਤਾਂ ਪਵੇਗੀ ਹੀ |' ਵਿਜੈ ਸੁੰਦਰ ਬੜੀ ਹੈਰਾਨੀ ਨਾਲ ਟੀ. ਟੀ. ਦੇ ਮੰੂਹ ਵੱਲ ਦੇਖ ਰਹੀ ਸੀ ਤੇ ਸੋਚ ਰਹੀ ਸੀ ਕਿ ਦੁਨੀਆ ਵਿਚ ਇਹੋ ਜਿਹੇ ਵੀ ਲੋਕ ਹਨ, ਜੋ ਕਿਸੇ ਦੀ ਮਜਬੂਰੀ ਸਮਝ ਕੇ ਉਨ੍ਹਾਂ ਦੀ ਮਦਦ ਕਰਦੇ ਹਨ | ਵਿਜੈ ਸੁੰਦਰ ਨੇ ਸੌ ਦਾ ਨੋਟ ਫੜ ਕੇ ਕਿਹਾ, 'ਵੀਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ | ਤੁਸੀਂ ਮੈਨੂੰ ਆਪਣਾ ਟੈਲੀਫੋਨ ਨੰਬਰ ਦੇ ਦਿਓ ਤੇ ਘਰ ਦਾ ਪਤਾ ਵੀ ਦੱਸ ਦਿਓ, ਮੈਂ ਤੁਹਾਡੇ ਬਣਦੇ ਪੈਸੇ ਮਨੀਆਰਡਰ ਰਾਹੀਂ ਭੇਜ ਦੇਵਾਂਗੀ | ਟੀ. ਟੀ. ਨੇ ਬੜੇ ਨਰਮ ਲਹਿਜ਼ੇ ਨਾਲ ਕਿਹਾ, 'ਨਹੀਂ ਭੈਣ ਜੀ, ਇਸ ਦੀ ਕੋਈ ਲੋੜ ਨਹੀਂ | ਮੈਂ ਤੁਹਾਡੇ ਕੋਲੋਂ ਪੈਸੇ ਵਾਪਸ ਨਹੀਂ ਲੈਣੇ | ਤੁਹਾਡੀ ਮਦਦ ਕਰਨਾ ਮੇਰਾ ਇਨਸਾਨੀ ਫਰਜ਼ ਸੀ, ਜੋ ਮੈਂ ਨਿਭਾਇਆ ਹੈ | ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ |' ਅਜਿਹਾ ਕਹਿ ਕੇ ਉਹ ਅਗਲੇ ਡੱਬੇ ਵਿਚ ਚੈਕਿੰਗ ਕਰਨ ਲਈ ਚਲੇ ਗਏ | ਸਾਰੀਆਂ ਸਵਾਰੀਆਂ ਉਨ੍ਹਾਂ ਦੀ ਪ੍ਰਸੰਸਾ ਕਰ ਰਹੀਆਂ ਸਨ | ਟੀ. ਟੀ. ਸਾਹਿਬ ਵੀ ਦਿਲੋਂ ਖੁਸ਼ ਸਨ ਕਿ ਉਨ੍ਹਾਂ ਨੇ ਕਿਸੇ ਲੋੜਵੰਦ ਦੀ ਮਦਦ ਕੀਤੀ |

-ਬੀ.ਐਕਸ.ਐਕਸ.ਵੀ, 216/2, ਗੁਰਸਾਗਰ ਵਿਹਾਰ, ਸਲੇਮ ਟਾਬਰੀ, ਲੁਧਿਆਣਾ | ਮੋਬਾ: 97800-32199

ਕੀ ਹੈ ਵੀ. ਵੀ. ਪੈਟ

ਬੱਚਿਓ, ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ | ਇਸ ਮਸ਼ੀਨ 'ਤੇ ਸ਼ੰਕੇ ਪੈਦਾ ਹੋਏ ਸਨ | ਇਨ੍ਹਾਂ ਸ਼ੰਕਿਆਂ ਨੂੰ ਦੂਰ ਕਰਨ ਲਈ ਇਸ ਮਸ਼ੀਨ ਨਾਲ ਵੀ. ਵੀ. ਪੈਟ ਜੋੜਿਆ ਗਿਆ ਹੈ | ਵੀ. ਵੀ. ਪੈਟ ਦਾ ਅਰਥ ਵੋਟਰ ਵੈਰੀਫਾਈਡ ਪੇਪਰ ਆਡਿ ਟ੍ਰੇਲ ਹੈ | ਵੀ. ਵੀ. ਪੈਟ ਇਕ ਮਸ਼ੀਨ ਹੈ | ਇਸ ਨੂੰ ਵੋਟਿੰਗ ਮਸ਼ੀਨ ਨਾਲ ਜੋੜਿਆ ਜਾਂਦਾ ਹੈ |
ਵੋਟਿੰਗ ਮਸ਼ੀਨ ਵਿਚ ਜਿਸ ਉਮੀਦਵਾਰ ਨੂੰ ਵੋਟ ਪਾਉਣੀ ਹੈ, ਉਸ ਦੇ ਚੋਣ ਨਿਸ਼ਾਨ ਦੇ ਸਾਹਮਣੇ ਦਾ ਬਟਨ ਦਬਾਉਣ 'ਤੇ ਵੋਟ ਪੈ ਜਾਂਦੀ ਹੈ | ਵੋਟਿੰਗ ਮਸ਼ੀਨ ਦਾ ਬਟਨ ਦਬਾਉਣ ਤੋਂ ਬਾਅਦ ਵੀ. ਵੀ. ਪੈਟ 'ਤੇ ਇਕ ਪਰਚੀ ਬਣਦੀ ਹੈ | ਇਸ ਪਰਚੀ 'ਤੇ ਜਿਸ ਉਮੀਦਵਾਰ ਨੂੰ ਵੋਟ ਪਾਈ ਹੈ, ਉਸ ਦਾ ਨਾਂਅ ਅਤੇ ਚੋਣ ਨਿਸ਼ਾਨ ਲਿਖਿਆ ਹੁੰਦਾ ਹੈ | ਇਹ ਪਰਚੀ ਵੀ. ਵੀ. ਪੈਟ ਮਸ਼ੀਨ 'ਤੇ ਲੱਗੀ ਸਕਰੀਨ 'ਤੇ ਦੇਖੀ ਜਾ ਸਕਦੀ ਹੈ | ਇਹ ਪਰਚੀ ਕੇਵਲ 7 ਸੈਕਿੰਡ ਲਈ ਦਿਖਾਈ ਦਿੰਦੀ ਹੈ | ਇਸ ਪਰਚੀ ਨੂੰ ਦੇਖ ਕੇ ਮਤਦਾਤਾ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਜਿਸ ਉਮੀਦਵਾਰ ਨੂੰ ਵੋਟ ਪਾਈ ਹੈ, ਉਹ ਵੋਟ ਉਸੇ ਉਮੀਦਵਾਰ ਨੂੰ ਪਈ ਹੈ | ਇਹ ਪਰਚੀ ਤੁਹਾਨੂੰ ਨਹੀਂ ਮਿਲੇਗੀ | ਇਹ ਪਰਚੀ ਡਰਾਪ ਬਾਕਸ ਵਿਚ ਡਿਗ ਜਾਂਦੀ ਹੈ | ਗਿਣਤੀ ਦੇ ਸਮੇਂ ਵੋਟਿੰਗ ਮਸ਼ੀਨ ਦੇ ਰਜਿਸਟਰ ਨਾਲ ਇਨ੍ਹਾਂ ਪਰਚੀਆਂ ਦੀ ਮੈਚਿੰਗ ਕੀਤੀ ਜਾਵੇਗੀ | ਵੀ. ਵੀ. ਪੈਟ ਮਸ਼ੀਨ ਦਾ ਮਕਸਦ ਗ਼ਲਤੀ ਦੀ ਗੁੰਜਾਇਸ਼ ਨੂੰ ਦੂਰ ਕਰਨਾ ਹੈ |

-ਸਾਇੰਸ ਮਾਸਟਰ, ਖ਼ਾਲਸਾ ਸਕੂਲ, ਖੰਨਾ | ਮੋਬਾ: 79864-99563

ਚੁਟਕਲੇ

• ਦੋ ਅਮਲੀਆਂ ਨੇ ਨਸ਼ਾ ਵੱਧ ਕਰ ਲਿਆ ਤੇ ਪਹਿਲਾ ਅਮਲੀ ਅਸਮਾਨ ਵੱਲ ਇਸ਼ਾਰਾ ਕਰਕੇ ਦੂਜੇ ਨੂੰ ਪੱੁਛਣ ਲੱਗਾ, 'ਇਹ ਸੂਰਜ ਹੈ ਜਾਂ ਚੰਦ?'
ਦੂਜਾ ਅਮਲੀ-ਪਤਾ ਨ੍ਹੀਂ ਯਾਰ, ਮੈਂ ਤਾਂ ਇਸ ਸ਼ਹਿਰ ਵਿਚ ਨਵਾਂ ਹਾਂ |
• ਪਤਨੀ-ਹੁਣ ਤਾਂ ਕਿਸੇ 'ਤੇ ਵਿਸ਼ਵਾਸ ਨਹੀਂ ਰਿਹਾ, ਚੋਰੀਆਂ ਵਧ ਗਈਆਂ |
ਪਤੀ-ਹੁਣ ਕੀ ਹੋਇਆ ਭਾਗਵਾਨੇ?
ਪਤਨੀ-ਦੇਖੋ ਜੀ, ਜੋ ਆਪਾਂ ਦੋ ਤੌਲੀਏ ਸ਼ਿਮਲੇ ਹੋਟਲ ਅਤੇ ਦਿੱਲੀ ਹੋਟਲ ਤੋਂ ਲਿਆਏ ਸੀ, ਦੋਵੇਂ ਹੀ ਗਾਇਬ ਹਨ |
• ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਡਾਇਰੈਕਟਰ ਨੇ ਹੀਰੋ ਨੂੰ ਕਿਹਾ ਕਿ 20 ਫੱੁਟ ਉਚਾਈ ਤੋਂ ਸਵਿਮਿੰਗ ਪੂਲ ਵਿਚ ਛਾਲ ਮਾਰਨੀ ਹੈ, ਓ. ਕੇ.?
ਹੀਰੋ-ਪਰ ਮੈਨੂੰ ਤਾਂ ਤੈਰਨਾ ਨਹੀਂ ਆਉਂਦਾ |
ਡਾਇਰੈਕਟਰ-ਕੋਈ ਗੱਲ ਨਹੀਂ, ਫਿਕਰ ਨਾ ਕਰ, ਸਵਿਮਿੰਗ ਪੂਲ ਵਿਚ ਪਾਣੀ ਵੀ ਨਹੀਂ ਹੈ |
• ਡਾਕਟਰ-ਮੋਟਾਪੇ ਦਾ ਇਕੋ-ਇਕ ਇਲਾਜ ਹੈ, ਬਸ ਇਕ ਰੋਟੀ ਖਾਇਆ ਕਰ |
ਰਾਣੋ-ਡਾਕਟਰ ਸਾਹਿਬ ਇਹ ਇਕ ਰੋਟੀ, ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿਚ |

-ਅਮਨਦੀਪ ਮਾਨ ਭੰੂਦੜੀ,
ਕੈਲੋਨਾ ਬਿ੍ਟਿਸ਼ ਕੋਲੰਬੀਆ, ਕੈਨੇਡਾ | ਫੋਨ : +1(647) 9675565

ਬਾਲ ਨਾਵਲ-106: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਹਰੀਸ਼ ਦੇ ਅੰਮਿ੍ਤਸਰ ਆਉਣ ਤੋਂ ਬਾਅਦ ਉਨ੍ਹਾਂ ਦੀ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਸੀ | ਜਦੋਂ ਹਰੀਸ਼ ਨੇ ਸਕੂਲ ਦੇ ਇਕ ਕਮਰੇ ਵਿਚ ਆਪਣਾ ਪਹਿਲਾ ਕਲੀਨਿਕ ਖੋਲਿ੍ਹਆ ਤਾਂ ਉਸ ਨੇ ਇਸ ਬਾਰੇ ਡਾ: ਪ੍ਰੀਤੀ ਨੂੰ ਦੱਸਿਆ | ਡਾ: ਪ੍ਰੀਤੀ ਕੁਝ ਛੱੁਟੀਆਂ ਲੈ ਕੇ ਜਦੋਂ ਜਲੰਧਰ ਆਪਣੇ ਘਰ ਆਈ ਤਾਂ ਇਕ ਦਿਨ ਉਹ ਅੰਮਿ੍ਤਸਰ ਡਾ: ਹਰੀਸ਼ ਨੂੰ ਮਿਲਣ ਅਤੇ ਉਸ ਦਾ ਨਵਾਂ ਕਲੀਨਿਕ ਦੇਖਣ ਆ ਗਈ | ਉਹ ਸਕੂਲ ਦਾ ਵਾਤਾਵਰਨ ਦੇਖ ਕੇ ਅਤੇ ਮਾਤਾ ਜੀ, ਸਿਧਾਰਥ ਤੇ ਮੇਘਾ ਨੂੰ ਮਿਲ ਕੇ ਬਹੁਤ ਪ੍ਰਭਾਵਿਤ ਹੋਈ | ਉਹ ਕਦੇ ਸੋਚ ਵੀ ਨਹੀਂ ਸੀ ਸਕਦੀ ਕਿ ਅੱਜ ਦੇ ਸਮੇਂ ਵਿਚ ਐਨੇ ਸੇਵਾ-ਭਾਵ ਵਾਲੇ ਲੋਕ ਵੀ ਹੋ ਸਕਦੇ ਹਨ |
ਉਹ ਆਈ ਤਾਂ ਦੋ-ਚਾਰ ਘੰਟਿਆਂ ਲਈ ਸੀ ਪਰ ਮਾਤਾ ਜੀ, ਸਿਧਾਰਥ ਅਤੇ ਮੇਘਾ ਨੇ ਉਸ ਨੂੰ ਰਾਤ ਰੁਕਣ ਵਾਸਤੇ ਮਨਾ ਲਿਆ | ਉਸ ਰਾਤ ਸਿਧਾਰਥ ਅਤੇ ਮੇਘਾ ਵੀ ਮਾਤਾ ਜੀ ਵੱਲ ਰੁਕ ਗਏ | ਮਾਤਾ ਜੀ ਅਤੇ ਮੇਘਾ ਅੱਧੀ ਰਾਤ ਤੱਕ ਪ੍ਰੀਤੀ ਨਾਲ ਗੱਲਾਂਬਾਤਾਂ ਕਰਦੇ ਰਹੇ |
ਸਵੇਰੇ ਉਠ ਕੇ ਸਾਰੇ ਆਪੋ-ਆਪਣੇ ਕੰਮਾਂ 'ਤੇ ਚਲੇ ਗਏ | ਪ੍ਰੀਤੀ ਵੀ ਵਾਪਸ ਜਾਣ ਲਈ ਤਿਆਰ ਸੀ | ਮਾਤਾ ਜੀ ਨੇ ਹਰੀਸ਼ ਨੂੰ ਕਿਹਾ, 'ਜਾਹ ਬੇਟਾ, ਕੁੜੀ ਨੂੰ ਸਕੂਟਰ 'ਤੇ ਬੱਸ ਸਟੈਂਡ ਛੱਡ ਆ |'
'ਉਹ ਆਪੇ ਚਲੀ ਜਾਵੇਗੀ ਮਾਤਾ ਜੀ, ਮੈਂ ਹਸਪਤਾਲ ਲੇਟ ਹੋ ਜਾਵਾਂਗਾ |'
'ਕੋਈ ਨਹੀਂ ਲੇਟ ਹੁੰਦਾ, ਅੱਧਾ ਘੰਟਾ ਲੇਟ ਹੋ ਵੀ ਜਾਏਾਗਾ ਤਾਂ ਕੋਈ ਆਖਰ ਨਹੀਂ ਆ ਚੱਲੀ | ਮੈਂ ਕੁੜੀ ਨੂੰ ਇਕੱਲਿਆਂ ਬੱਸ ਸਟੈਂਡ ਨਹੀਂ ਭੇਜਣਾ |' ਮਾਤਾ ਜੀ ਨੇ ਬੜੇ ਰੋਹਬ ਨਾਲ ਹਰੀਸ਼ ਨੂੰ ਕਿਹਾ |
'ਠੀਕ ਐ ਮਾਤਾ ਜੀ, ਜਿਵੇਂ ਤੁਹਾਡਾ ਹੁਕਮ', ਕਹਿ ਕੇ ਉਹ ਸਕੂਟਰ ਸਟਾਰਟ ਕਰਨ ਲੱਗ ਪਿਆ |
ਪ੍ਰੀਤੀ, ਮਾਤਾ ਜੀ ਨੂੰ ਮਿਲ ਕੇ ਜਦੋਂ ਹਰੀਸ਼ ਦੇ ਸਕੂਟਰ ਦੇ ਪਿੱਛੇ ਬੈਠੀ ਤਾਂ ਮਾਤਾ ਜੀ ਦੇ ਚਿਹਰੇ 'ਤੇ ਅਨੋਖੀ ਖੁਸ਼ੀ ਝਲਕ ਰਹੀ ਸੀ | ਉਹ ਦਿਲ ਹੀ ਦਿਲ ਵਿਚ ਸੋਚ ਰਹੇ ਸਨ ਕਿ 'ਦੋਵਾਂ ਦੀ ਜੋੜੀ ਬੜੀ ਫਬ ਰਹੀ ਹੈ |'
ਮਾਤਾ ਜੀ ਨੂੰ ਡਾ: ਪ੍ਰੀਤੀ ਕੁਝ ਜ਼ਿਆਦਾ ਹੀ ਪਸੰਦ ਆ ਗਈ ਲਗਦੀ ਸੀ | ਉਹ ਸਾਰਾ ਦਿਨ ਹਰੀਸ਼ ਅਤੇ ਪ੍ਰੀਤੀ ਦੀ ਜੋੜੀ ਬਾਰੇ ਹੀ ਸੋਚਦੇ ਰਹੇ | ਸੋਚ ਹੀ ਸੋਚ ਵਿਚ ਉਹ ਉਨ੍ਹਾਂ ਬਾਰੇ ਕਈ ਤਰ੍ਹਾਂ ਦੇ ਸੁਪਨੇ ਦੇਖੀ ਗਏ |
ਹਫ਼ਤੇ-ਦਸੀਂ ਦਿਨੀਂ ਮਾਤਾ ਜੀ ਹਰੀਸ਼ ਨੂੰ ਜ਼ਰੂਰ ਪੱੁਛਦੇ, 'ਪ੍ਰੀਤੀ ਦਾ ਕੋਈ ਫੋਨ ਆਇਐ?'
'ਨਹੀਂ ਮਾਤਾ ਜੀ', ਹਰੀਸ਼ ਸੰਖੇਪ ਵਿਚ ਜਵਾਬ ਦਿੰਦਾ |
'ਉਸ ਦਾ ਜੇ ਕੋਈ ਫੋਨ ਨਹੀਂ ਆਇਆ ਤਾਂ ਤੰੂ ਫੋਨ ਕਰਕੇ ਉਸ ਦਾ ਹਾਲ-ਚਾਲ ਪੱੁਛ ਲੈਂਦਾ |'
'ਵਕਤ ਨਹੀਂ ਮਿਲਿਆ, ਮਾਤਾ ਜੀ |'
ਮਾਤਾ ਜੀ ਉਸ ਦਾ ਜਵਾਬ ਸੁਣ ਕੇ ਨਿਰਾਸ਼ ਜਿਹੇ ਹੋ ਜਾਂਦੇ | ਜੇ ਕਦੇ ਹਰੀਸ਼ ਕਹਿ ਦਿੰਦਾ ਕਿ ਉਸ ਦਾ ਫੋਨ ਆਇਆ ਸੀ ਅਤੇ ਉਹ ਠੀਕ-ਠਾਕ ਹੈ ਤਾਂ ਮਾਤਾ ਜੀ ਦੇ ਚਿਹਰੇ 'ਤੇ ਰੌਣਕ ਆ ਜਾਂਦੀ |
ਸਿਧਾਰਥ ਅਤੇ ਮੇਘਾ ਜਦੋਂ ਵੀ ਮਾਤਾ ਜੀ ਕੋਲ ਆਉਂਦੇ, ਮਾਤਾ ਜੀ ਡਾ: ਪ੍ਰੀਤੀ ਦਾ ਜ਼ਿਕਰ ਜ਼ਰੂਰ ਕਰਦੇ | ਸਿਧਾਰਥ ਅਤੇ ਮੇਘਾ ਨੂੰ ਵੀ ਪ੍ਰੀਤੀ ਬੜੀ ਚੰਗੀ ਲੱਗੀ ਸੀ ਪਰ ਉਹ ਹਰੀਸ਼ ਤੋਂ ਪੱੁਛੇ ਬਿਨਾਂ ਕੋਈ ਕਦਮ ਨਹੀਂ ਸੀ ਚੱੁਕਣਾ ਚਾਹੁੰਦੇ |
ਹਰੀਸ਼ ਨੇ ਜਦੋਂ ਇਕ ਕਮਰੇ ਵਾਲੇ ਕਲੀਨਿਕ ਤੋਂ ਤਿੰਨ ਕਮਰਿਆਂ ਵਾਲੇ ਹਸਪਤਾਲ ਵਿਚ ਸ਼ਿਫਟ ਕੀਤਾ ਤਾਂ ਉਦੋਂ ਵੀ ਇਕ ਵਾਰੀ ਪ੍ਰੀਤੀ ਅੰਮਿ੍ਤਸਰ ਆਈ | ਉਹ ਤਾਂ ਹਰੀਸ਼ ਦੀ ਮਰੀਜ਼ਾਂ ਪ੍ਰਤੀ ਨਿਸ਼ਕਾਮ ਸੇਵਾ ਦੇਖ ਕੇ ਪਹਿਲਾਂ ਨਾਲੋਂ ਵੀ ਜ਼ਿਆਦਾ ਪ੍ਰਭਾਵਿਤ ਹੋਈ | ਉਹ ਹੈਰਾਨ ਹੁੰਦੀ ਸੀ ਕਿ ਕਿਵੇਂ ਅੱਜ ਦੇ ਸਮੇਂ ਵਿਚ ਸਾਰੇ ਜਣੇ ਬਿਨਾਂ ਕਿਸੇ ਲਾਲਚ ਦੇ ਐਨੇ ਮਹਾਨ ਕੰਮ ਵਿਚ ਲੱਗੇ ਹੋਏ ਹਨ | ਉਸ ਨੇ ਮਾਤਾ ਜੀ ਨੂੰ ਆਪਣੇ ਵਲੋਂ ਕੁਝ ਪੈਸੇ ਹਸਪਤਾਲ ਦੀ ਉਸਾਰੀ ਵਾਸਤੇ ਦਿੱਤੇ | ਮਾਤਾ ਜੀ ਨੇ ਉਸ ਕੋਲੋਂ ਪੈਸੇ ਲੈਣ ਤੋਂ ਬੜੀ ਨਾਂਹ-ਨੱੁਕਰ ਕੀਤੀ ਪਰ ਪ੍ਰੀਤੀ ਨਾ ਮੰਨੀ | ਅਖੀਰ ਮਾਤਾ ਜੀ ਨੂੰ ਪ੍ਰੀਤੀ ਦੀ ਗੱਲ ਮੰਨਣੀ ਪਈ |

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ (43)

ਇਕ ਨਿੱਕਾ ਜਿਹਾ ਸਕਿਉਰਟੀ ਗਾਰਡ,
ਜਿਸ ਦੀ ਬਾਡੀ ਬਹੁਤ ਹੀ ਹਾਰਡ |
ਘਰਾਂ, ਦੁਕਾਨਾਂ ਦੀ ਰਾਖੀ ਕਰਦਾ,
ਗਰਮੀ-ਸਰਦੀ ਉਹ ਤਨ 'ਤੇ ਜਰਦਾ |
ਨਾ ਤਨਖਾਹ ਨਾ ਹੀ ਭੱਤਾ ਲੈਂਦਾ,
ਪਰ ਬੂਹੇ ਅੱਗੇ ਉਹ ਡਟਿਆ ਰਹਿੰਦਾ |
ਮਾਲਕ ਦੇ ਆਉਣ ਤੱਕ ਨਾ ਛੱਡਦਾ,
ਕੁੰਡੇ ਨੂੰ ਜੱਫੀ ਪਾ ਕੇ ਰੱਖਦਾ |
ਜਦ ਕੋਈ ਚੋਰ-ਉਚੱਕਾ ਆਉਂਦਾ,
ਕੱਟਿਆ ਜਾਂਦਾ ਪਰ ਫਰਜ਼ ਨਿਭਾਉਂਦਾ |
ਅਲੀਗੜ੍ਹ ਇਹਦੇ ਪੁਰਖੇ ਰਹਿੰਦੇ,
ਫਰਜ਼ ਨਿਭਾਉਣ ਲਈ ਜੋ ਨੇ ਕਹਿੰਦੇ |
ਭਲੂਰੀਏ ਇਹ ਬਾਤ ਹੈ ਜੋੜੀ,
ਦਿਮਾਗੀ ਕਸਰਤ ਕਰੋ ਹੁਣ ਥੋੜ੍ਹੀ |
--0--
ਸੋਨੀ ਕਹਿੰਦਾ ਦੱਸ ਹੁਣ ਬਿੰਦਰਾ,
ਬਿੰਦਰ ਕਹਿੰਦਾ ਇਹ ਹੈ ਜਿੰਦਰਾ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਮੈਂ ਪੈਸਾ ਹਾਂ

• ਮੈਂ ਲੂਣ ਦੀ ਤਰ੍ਹਾਂ ਹਾਂ, ਜੋ ਜ਼ਰੂਰੀ ਤਾਂ ਹੈ ਪਰ ਜੇਕਰ ਜ਼ਰੂਰਤ ਤੋਂ ਜ਼ਿਆਦਾ ਹੋਵੇ ਤਾਂ ਜ਼ਿੰਦਗੀ ਦਾ ਸੁਆਦ ਵਿਗਾੜ ਦਿੰਦਾ ਹਾਂ |
• ਮੈਂ ਰੱਬ ਨਹੀਂ ਹਾਂ ਪਰ ਲੋਕ ਮੈਨੂੰ ਰੱਬ ਵਾਂਗ ਪੂਜਦੇ ਹਨ | ਮੱਥਾ ਟੇਕਦੇ ਹਨ, ਚੁੰਮਦੇ ਹਨ, ਮੱਥੇ ਨਾਲ ਲਾਉਂਦੇ ਹਨ, ਧੂਫ ਧੁਖਾਉਂਦੇ ਹਨ |
• ਮਰਨ ਤੋਂ ਬਾਅਦ ਲੋਕ ਮੈਨੂੰ ਉੱਪਰ ਨਹੀਂ ਲਿਜਾ ਸਕਦੇ ਪਰ ਜਿਊਾਦੇ ਜੀਅ ਮੈਂ ਤੁਹਾਨੂੰ ਬਹੁਤ ਉੱਪਰ ਤੱਕ ਲਿਜਾ ਸਕਦਾ ਹਾਂ |
• ਮੈਂ ਨਵੀਆਂ-ਨਵੀਆਂ ਰਿਸ਼ਤੇਦਾਰੀਆਂ ਬਣਾਉਂਦਾ ਹਾਂ ਪਰ ਅਸਲੀ ਅਤੇ ਪੁਰਾਣੀਆਂ ਰਿਸ਼ਤੇਦਾਰੀਆਂ, ਸਾਂਝਾਂ, ਦੋਸਤੀਆਂ ਨੂੰ ਵਿਗਾੜ ਵੀ ਦਿੰਦਾ ਹਾਂ |
• ਮੈਂ ਕੁਝ ਵੀ ਨਹੀਂ ਹਾਂ ਪਰ ਮੈਂ ਨਿਰਧਾਰਤ ਕਰਦਾ ਹਾਂ ਕਿ ਲੋਕ ਤੁਹਾਨੂੰ ਕਿੰਨੀ ਇੱਜ਼ਤ ਦਿੰਦੇ ਹਨ |
• ਮੈਨੂੰ ਪਸੰਦ ਕਰੋ, ਸਿਰਫ ਇਸ ਹੱਦ ਤੱਕ ਕਿ ਲੋਕ ਤੁਹਾਨੂੰ ਨਾਪਸੰਦ ਨਾ ਕਰਨ ਲੱਗਣ |
• ਮੈਂ ਸਾਰੇ ਫਸਾਦ ਦੀ ਜੜ੍ਹ ਹਾਂ ਪਰ ਫਿਰ ਵੀ ਪਤਾ ਨਹੀਂ ਕਿਉਂ ਸਭ ਮੇਰੇ ਪਿੱਛੇ ਪਾਗਲ ਹਨ |
• ਮੈਂ ਸ਼ੈਤਾਨ ਨਹੀਂ ਹਾਂ ਪਰ ਲੋਕ ਅਕਸਰ ਮੇਰੇ ਕਰਕੇ ਗੁਨਾਹ ਕਰਦੇ ਹਨ |
• ਮੈਂ ਤੀਜਾ ਵਿਅਕਤੀ ਨਹੀਂ ਹਾਂ ਪਰ ਮੇਰੀ ਵਜ੍ਹਾ ਨਾਲ ਪਤੀ-ਪਤਨੀ ਵੀ ਆਪਸ ਵਿਚ ਉਲਝ ਪੈਂਦੇ ਹਨ |
• ਮੈਂ ਕਦੇ ਕਿਸੇ ਲਈ ਕੁਰਬਾਨੀ ਨਹੀਂ ਦਿੱਤੀ ਪਰ ਕਈ ਲੋਕ ਮੇਰੇ ਲਈ ਆਪਣੀ ਜਾਨ ਦੇ ਰਹੇ ਹਨ |
• ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਲਈ ਸਭ ਕੁਝ ਖਰੀਦ ਸਕਦਾ ਹਾਂ, ਤੁਹਾਡੇ ਲਈ ਦਵਾਈਆਂ ਲਿਆ ਸਕਦਾ ਹਾਂ ਪਰ ਤੁਹਾਡੀ ਉਮਰ ਨਹੀਂ ਵਧਾ ਸਕਦਾ |
• ਜਦੋਂ ਤੁਹਾਡੀ ਮੌਤ ਹੋਵੇਗੀ ਤਾਂ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ ਅਤੇ ਤੁਹਾਨੂੰ ਆਪਣੇ ਪਾਪਾਂ ਦੀ ਸਜ਼ਾ ਭੁਗਤਣ ਲਈ ਇਕੱਲਾ ਛੱਡ ਦੇਵਾਂਗਾ ਅਤੇ ਇਹ ਸਥਿਤੀ ਕਦੇ ਵੀ ਆ ਸਕਦੀ ਹੈ |
• ਇਤਿਹਾਸ ਵਿਚ ਕਈ ਇਹੋ ਜਿਹੀਆਂ ਉਦਾਹਰਨਾਂ ਹਨ, ਜਿਨ੍ਹਾਂ ਦੇ ਕੋਲ ਮੈਂ ਬੇਸ਼ੁਮਾਰ ਸਾਂ ਪਰ ਫਿਰ ਵੀ ਉਹ ਮਰੇ ਤਾਂ ਉਨ੍ਹਾਂ ਨੂੰ ਰੋਣ ਵਾਲਾ ਕੋਈ ਨਹੀਂ ਸੀ |
• ਇਕ ਵਾਰ ਫਿਰ ਦੱਸ ਦੇਵਾਂ ਕਿ ਮੈਂ ਭਗਵਾਨ ਨਹੀਂ ਅਤੇ ਹਾਂ, ਮੈਨੂੰ ਆਜ਼ਾਦ ਰਹਿਣ ਦੀ ਆਦਤ ਹੈ, ਮੈਨੂੰ ਜਿੰਦਰੇ ਵਿਚ ਬੰਦ ਕਰਕੇ ਨਾ ਰੱਖੋ |

-ਰਾਮ ਤੀਰਥ (ਅੰਮਿ੍ਤਸਰ) | ਮੋਬਾ: 97813-76990

ਅਨਮੋਲ ਬਚਨ

• ਉਸ ਮੋਮਬੱਤੀ ਨੇ ਉਹੀ ਹੱਥ ਸਾੜ ਦਿੱਤਾ, ਜਿਹੜਾ ਹਵਾ ਦੇ ਬੱੁਲੇ ਤੋਂ ਬਚਾ ਰਿਹਾ ਸੀ |
• ਖੁਸ਼ੀਆਂ ਤਾਂ ਮੁਫ਼ਤ ਵਿਚ ਮਿਲ ਜਾਂਦੀਆਂ ਹਨ ਇਸ ਦੁਨੀਆ ਅੰਦਰ ਪਰ ਲੱਭਣ ਵਾਲੇ ਮਹਿੰਗੀਆਂ ਦੁਕਾਨਾਂ ਵਿਚ ਲੱਭ ਰਹੇ ਹਨ |
• ਜਿਸ ਦੇ ਲਫਜ਼ਾਂ ਵਿਚੋਂ ਸਾਨੂੰ ਆਪਣਾ ਅਕਸ ਮਿਲਦਾ ਹੈ, ਬੜੇ ਨਸੀਬਾਂ ਨਾਲ ਸਾਨੂੰ ਉਹ ਸ਼ਖ਼ਸ ਮਿਲਦਾ ਹੈ |
• ਦੁਨੀਆ 'ਚ ਹਰ ਚੀਜ਼ ਠੋਕਰ ਲੱਗਣ 'ਤੇ ਟੱੁਟ ਜਾਂਦੀ ਹੈ ਪਰ ਸਿਰਫ ਕਾਮਯਾਬੀ ਠੋਕਰਾਂ ਲੱਗਣ 'ਤੇ ਮਿਲਦੀ ਹੈ |
• ਵਕਤ ਦਾ ਖਾਸ ਹੋਣਾ ਜ਼ਰੂਰੀ ਨਹੀਂ ਪਰ ਕਿਸੇ ਖਾਸ ਲਈ ਵਕਤ ਦਾ ਹੋਣਾ ਬਹੁਤ ਜ਼ਰੂਰੀ ਹੈ |
• ਕਦੇ-ਕਦੇ ਉਹ ਲੋਕ ਵੀ ਰਿਸ਼ਤਿਆਂ ਦੀ ਕੀਮਤ ਸਮਝਾ ਦਿੰਦੇ ਹਨ, ਜਿਨ੍ਹਾਂ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਹੁੰਦਾ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) | ਮੋਬਾ: 95018-10181

ਬਾਲ ਕਵਿਤਾ: ਗਿਆਨ ਦਾ ਚਸ਼ਮਾ

ਬੱਚਿਓ ਬਸਤੇ ਮੋਢੇ ਪਾ ਲਓ,
ਗਿਆਨ ਦੇ ਦੀਪ ਜਗਾ ਲਓ |
ਤੀਜੇ ਨੇਤਰ ਕੋਲ ਲਿਆਵੋ,
ਜ਼ਿੰਦਗੀ ਨੂੰ ਖੁਸ਼ਹਾਲ ਬਣਾਵੋ |
ਨਾਲ ਕਿਤਾਬਾਂ ਕਰ ਲਓ ਕੁਸ਼ਤੀ,
ਸੁਸਤੀ ਛੱਡ ਕੇ ਫੜ ਲਓ ਚੁਸਤੀ |
ਅਨਪੜ੍ਹਤਾ ਦੀ ਪੱੁਟ ਦਿਓ ਜੜ੍ਹ,
ਗੱੁਡੀ ਅਸਮਾਨੀਂ ਜਾਊਗੀ ਚੜ੍ਹ |
ਮਾਸਟਰ ਜੀ ਨੂੰ ਫ਼ਤਹਿ ਬੁਲਾਇਓ,
ਖਜ਼ਾਨਾ ਝੋਲੀ ਭਰ ਲਿਆਇਓ |
ਵਿੱਦਿਅਕ ਨੁਕਤੇ ਲਵੋਗੇ ਸਿੱਖ,
ਸੁਨਹਿਰੀ ਬਣ ਜਾਊਗਾ ਭਵਿੱਖ |
ਅੱਜ ਦਾ ਕੰਮ ਨਾ ਹੋਵੇ ਕੱਲ੍ਹ,
ਅਨਪੜ੍ਹਤਾ ਚਿੱਕੜ ਦਲਦਲ |
ਊੜੇ-ਐੜੇ ਦੀ ਵਗਾ ਦਿਓ ਛੱਲ,
ਕੁਰਸੀ ਤੁਸੀਂ ਲਵੋਗੇ ਮੱਲ |
ਡਾਕਟਰ ਬਣਨਾ, ਮਾਸਟਰ ਬਣਨਾ,
ਵੱਡੇ-ਵੱਡੇ ਸਾਗਰ ਤਰਨਾ |
'ਲੰਗੇਆਣੀਏ' ਕੋਲੋਂ ਸਾਹਿਤ ਵੀ ਸਿੱਖਿਓ,
ਕਹਾਣੀ, ਕਵਿਤਾ-ਲੇਖ ਵੀ ਲਿਖਿਓ |

-ਡਾ: ਸਾਧੂ ਰਾਮ ਲੰਗੇਆਣਾ,
ਪਿੰਡ ਲੰਗੇਆਣਾ ਕਲਾਂ (ਮੋਗਾ) |
ਮੋਬਾ: 98781-17285


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX