ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  about 2 hours ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  about 2 hours ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 2 hours ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 3 hours ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 3 hours ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 3 hours ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 3 hours ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 4 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 3 hours ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਨਵੇਂ ਯੁੱਗ ਦਾ ਆਗਾਜ਼ ਸੀ ਖਾਲਸਾ ਪੰਥ ਦੀ ਸਿਰਜਣਾ

ਖ਼ਾਲਸਾ ਪੰਥ ਦੀ ਸਿਰਜਣਾ ਨਾਲ ਇਕ ਨਵੇਂ ਯੁੱਗ ਦਾ ਆਗਾਜ਼ ਹੋਇਆ ਸੀ | ਸਾਰੀ ਦੁਨੀਆ ਜਾਣਦੀ ਹੈ ਕਿ 1699 ਦੇ ਇਤਿਹਾਸਕ ਵਿਸਾਖੀ ਵਾਲੇ ਦਿਨ ਹਜ਼ਾਰਾਂ ਸੰਗਤਾਂ ਦੇ ਇਕੱਠ ਸਾਹਮਣੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਤਾਂ ਉਨ੍ਹਾਂ ਦੇ ਚਿਹਰੇ 'ਤੇ ਅਦੁੱਤੀ ਜਲਾਲ ਸੀ ਅਤੇ ਹੱਥ ਵਿਚ ਨੰਗੀ ਤਲਵਾਰ | ਆਪਣੇ ਮਨ-ਮੰਦਰ ਵਿਚ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਅਨੁਸਾਰ ਉਨ੍ਹਾਂ ਨੇ ਆਪਣੇ ਸਿੱਖਾਂ ਪਾਸੋਂ ਇਕ ਸਿਰ ਦੀ ਮੰਗ ਕੀਤੀ | ਸਾਰਾ ਇਕੱਠ ਇਸ ਵਿਚਿੱਤਰ ਮੰਗ ਨੂੰ ਸੁਣ ਕੇ ਇਕ ਵਾਰ ਤ੍ਰਬਕ ਗਿਆ, ਸਨਸਨੀ ਛਾ ਗਈ, ਪਰ ਇਕ ਸਿੱਖ ਉੱਠਿਆ ਤੇ ਉਸ ਨੇ ਆਪਣਾ ਆਪ ਗੁਰੂ ਜੀ ਨੂੰ ਭੇਟ ਕਰ ਦਿੱਤਾ | ਗੁਰੂ ਸਾਹਿਬ ਉਸ ਨੂੰ ਨਾਲ ਲੱਗੇ ਤੰਬੂ ਵਿਚ ਲੈ ਗਏ | ਥੋੜ੍ਹੀ ਦੇਰ ਬਾਅਦ ਤੰਬੂ ਤੋਂ ਬਾਹਰ ਆਏ ਅਤੇ ਇਕ ਹੋਰ ਸਿਰ ਦੀ ਮੰਗ ਕੀਤੀ | ਦੂਜੀ ਵਾਰ ਫਿਰ ਸੰਗਤ ਵਿਚ ਸਨਸਨੀ ਛਾ ਗਈ, ਪਰ ਇਸ ਵਾਰ ਵੀ ਇਕ ਗੁਰੂ ਕਾ ਸਿੱਖ ਤੁਰ ਪਿਆ ਆਪਣਾ ਸੀਸ ਭੇਟ ਕਰਨ ਲਈ | ਇਸ ਤਰ੍ਹਾਂ ਪੰਜ ਵਾਰ ਗੁਰੂ ਸਾਹਿਬ ਨੇ ਸੰਗਤਾਂ ਦੇ ਇਕੱਠ ਵਿਚ ਸੀਸ ਦੀ ਮੰਗ ਕੀਤੀ ਅਤੇ ਪੰਜੇ ਵਾਰ ਗੁਰੂ ਦੀ ਸੰਗਤ ਪ੍ਰੀਖਿਆ ਵਿਚੋਂ ਪਾਸ ਹੋਈ | ਆਿਖ਼ਰ, ਗੁਰੂ ਜੀ ਆਪਣੇ ਪੰਜਾਂ ਸਿੱਖਾਂ - ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਨਾਲ ਤੰਬੂ ਵਿਚੋਂ ਬਾਹਰ ਨਿਕਲੇ | ਖੰਡੇ ਬਾਟੇ ਦਾ ਅੰਮਿ੍ਤ ਤਿਆਰ ਕੀਤਾ ਗਿਆ ਅਤੇ ਇਨ੍ਹਾਂ ਪੰਜ ਮਰਜ਼ੀਵਿੜਿਆਂ ਨੂੰ ਅੰਮਿ੍ਤ ਪਾਨ ਕਰਾ ਕੇ ਪੰਜ ਪਿਆਰਿਆਂ ਦਾ ਿਖ਼ਤਾਬ ਦੇ ਦਿੱਤਾ ਗਿਆ |
ਜਦੋਂ ਪੰਜਾਂ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਪਾਸੋਂ ਅੰਮਿ੍ਤ ਦੀ ਦਾਤ ਪ੍ਰਾਪਤ ਕਰ ਲਈ ਤਾਂ ਗੁਰੂ ਸਾਹਿਬ ਨੇ 'ਪੰਜਾਂ ਪਿਆਰਿਆਂ' ਨੂੰ ਇਕ ਹੋਰ ਅੰਮਿ੍ਤ ਦਾ ਬਾਟਾ ਤਿਆਰ ਕਰਨ ਲਈ ਕਿਹਾ | ਅੰਮਿ੍ਤ ਤਿਆਰ ਹੋ ਜਾਣ 'ਤੇ ਗੁਰੂ ਸਾਹਿਬ ਆਪਣੇ ਹੀ ਸਿੱਖਾਂ ਅੱਗੇ ਹੱਥ ਬੰਨ੍ਹ ਕੇ ਖੜ੍ਹੇ ਹੋ ਗਏ ਅਤੇ ਬੇਨਤੀ ਕੀਤੀ ਕਿ ਮੈਨੂੰ ਵੀ ਅੰਮਿ੍ਤ ਦੀ ਦਾਤ ਬਖ਼ਸ਼ੋ | ਇਕ ਵਾਰ ਫਿਰ ਸੰਨਾਟਾ ਛਾ ਗਿਆ | ਬੜੀ ਹੈਰਾਨੀ ਨਾਲ ਪੰਜਾਂ ਪਿਆਰਿਆਂ ਨੇ ਅੰਮਿ੍ਤ ਦੇ ਦਾਤੇ ਵੱਲ ਸਵਾਲੀਆ ਨਿਗਾਹਾਂ ਨਾਲ ਤੱਕਿਆ | ਗੁਰੂ ਸਾਹਿਬ ਨੇ ਉਨ੍ਹਾਂ ਦੀਆਂ ਸ਼ੰਕਾਵਾਂ ਨਿਵਿਰਤ ਕਰਦਿਆਂ ਫ਼ਰਮਾਇਆ ਕਿ ਖ਼ਾਲਸਾ ਅਕਾਲ ਪੁਰਖ ਦੇ ਹੁਕਮ ਅਨੁਸਾਰ ਪ੍ਰਗਟ ਹੋਇਆ ਹੈ ਅਤੇ ਉਨ੍ਹਾਂ ਦਾ ਵੀ ਇਸ ਵਿਚ ਸ਼ਾਮਿਲ ਹੋਣਾ ਲਾਜ਼ਮੀ ਹੈ | ਖ਼ਾਲਸਾ ਉਨ੍ਹਾਂ ਦੀ ਜਾਤੀ ਜਮਾਤ ਨਹੀਂ, ਸਗੋਂ ਅਕਾਲ ਪੁਰਖ ਦੀ ਫ਼ੌਜ ਹੈ ਅਤੇ ਉਹ ਆਪ ਇਸ ਫ਼ੌਜ ਦਾ ਹਿੱਸਾ ਬਣਨਾ ਚਾਹੁੰਦੇ ਹਨ | ਫਿਰ 'ਆਪੇ ਗੁਰ ਚੇਲਾ' ਕਹਾਉਣ ਵਾਲੇ ਗੁਰੂ ਨੇ 'ਪੰਜਾਂ ਪਿਆਰਿਆਂ' ਪਾਸੋਂ ਅੰਮਿ੍ਤ ਦੀ ਦਾਤ ਪ੍ਰਾਪਤ ਕੀਤੀ ਅਤੇ ਆਪਣੇ-ਆਪ ਨੂੰ ਖ਼ਾਲਸੇ ਵਿਚ ਅਭੇਦ ਕਰ ਲਿਆ |
ਅਸਲ ਵਿਚ, ਖ਼ਾਲਸਾ ਪੰਥ ਦੀ ਸਿਰਜਣਾ ਦਾ ਸੰਕਲਪ ਸਿੱਖ ਪਰੰਪਰਾ ਦਾ ਇਕ ਅਦੁੱਤੀ ਸੰਕਲਪ ਹੈ ਅਤੇ ਇਹੋ ਜਿਹੇ ਇਨਕਲਾਬੀ ਸੰਕਲਪ ਦੀ ਹੋਰ ਕੋਈ ਮਿਸਾਲ ਸਾਨੂੰ ਦੁਨੀਆ ਦੇ ਇਤਿਹਾਸ ਵਿਚ ਨਹੀਂ ਮਿਲਦੀ | ਇਸ ਸੰਦਰਭ ਵਿਚ ਦੋ ਉਚੇਚੇ ਨੁਕਤੇ ਸਾਂਝੇ ਕਰਨਾ ਚਾਹੁੰਦਾ ਹਾਂ | ਪਹਿਲਾ ਨੁਕਤਾ, ਜਿਸ ਦੀ ਚਰਚਾ ਕਰਨਾ ਚਾਹੁੰਦਾ ਹਾਂ, ਉਹ ਇਹ ਹੈ ਕਿ ਜੋ ਇਤਿਹਾਸਕ ਚਮਤਕਾਰ 1699 ਦੀ ਵਿਸਾਖੀ ਨੂੰ ਵਾਪਰਿਆ ਉਸ ਦੇ ਪਿਛੋਕੜ ਵਿਚ ਸਮੁੱਚੀ ਗੁਰੂ ਪਰੰਪਰਾ ਖੜ੍ਹੀ ਹੈ | ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਨਿਰੰਤਰਤਾ ਨਾਲ ਖ਼ਾਲਸਾ ਪੰਥ ਦੀ ਸਿਰਜਣਾ ਦਾ ਕਾਰਜ ਚੱਲ ਰਿਹਾ ਸੀ, ਜਿਸ ਨੂੰ ਅੰਤਿਮ ਛੋਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ | ਅਮਲੀ ਰੂਪ ਵਿਚ ਗੁਰੂ ਨਾਨਕ ਦੇਵ ਦੇ ਮਾਰਗ ਨੂੰ ਹੀ ਖ਼ਾਲਸਾ ਪੰਥ ਦੀ ਸਿਰਜਣਾ ਕਰ ਕੇੇ ਪਰਤੱਖ ਰੂਪ ਵਿਚ ਪ੍ਰਗਟ ਕੀਤਾ ਗਿਆ ਸੀ |
ਇਸ ਹਕੀਕਤ ਦੇ ਸਮਰਥਨ ਵਿਚ ਸਭ ਤੋਂ ਅਹਿਮ ਤਰਕ ਇਹ ਦਿੱਤਾ ਜਾ ਸਕਦਾ ਹੈ ਕਿ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਚਲ ਕੇ ਤਕਰੀਬਨ 80 ਹਜ਼ਾਰ ਲੋਕ ਇਸ ਮੌਕੇ 'ਤੇ ਅਨੰਦਪੁਰ ਸਾਹਿਬ ਪਹੁੰਚੇ ਸਨ | ਇਹ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਤੋਂ ਬਾਅਦ ਸਮੁੱਚੀ ਗੁਰੂ ਪਰੰਪਰਾ ਦੇ ਯਤਨਾਂ ਦੁਆਰਾ ਸਿੱਖੀ ਦਾ ਪ੍ਰਸਾਰ ਪੂਰੇ ਹਿੰਦੁਸਤਾਨ ਵਿਚ ਹੋ ਚੁੱਕਾ ਸੀ | ਕੋਈ ਸ਼ੱਕ ਨਹੀਂ ਕਿ ਇਹ ਇਕੱਠ ਉਸੇ ਸਿੱਖੀ ਦਾ ਸੀ, ਜਿਹੜੀ ਸਿੱਖੀ ਗੁਰੂ ਪਰੰਪਰਾ ਦੇ ਨਿਰੰਤਰ ਦੋ ਸਦੀਆਂ ਦੇ ਪ੍ਰਚਾਰ ਨਾਲ ਫੈਲੀ ਸੀ | ਫਿਰ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੀਤੀ ਗਈ ਸਿਰਾਂ ਦੀ ਮੰਗ ਸੰਗਤਾਂ ਦੇ ਇਕੱਠ ਵਿਚੋਂ ਪੂਰੀ ਹੋਈ, ਉਸ ਨਾਲ ਇਸ ਤੱਥ ਦੀ ਪ੍ਰੋੜ੍ਹਤਾ ਹੁੰਦੀ ਹੈ ਕਿ ਉਦੋਂ ਤੱਕ ਸਿੱਖ ਸਮਾਜ ਕੁਰਬਾਨੀ ਦਾ ਪਾਠ ਪੜ੍ਹ ਚੁੱਕਿਆ ਸੀ | ਸਪੱਸ਼ਟ ਹੈ ਕਿ ਜੋ ਕੁਝ ਵਿਚਿੱਤਰ, ਵਿਹਾਰਕ ਰੂਪ ਵਿਚ 1699 ਦੀ ਵਿਸਾਖੀ ਨੂੰ ਵਾਪਰਿਆ, ਉੁਹ ਬੀਜ ਰੂਪ ਵਿਚ ਇਕ ਸਿਧਾਂਤ ਦੀ ਤਰ੍ਹਾਂ ਪਹਿਲਾਂ ਤੋਂ ਮੌਜੂਦ ਸੀ |
ਦੂਜਾ ਨੁਕਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਸ ਦਿ੍ੜ੍ਹ ਇਰਾਦੇ ਤੇ ਪ੍ਰਤੀਬੱਧਤਾ ਬਾਰੇ ਹੈ, ਜਿਹੜਾ ਖ਼ਾਲਸਾ ਪੰਥ ਦੀ ਸਿਰਜਣਾ ਪਿੱਛੇ ਕਾਰਜਸ਼ੀਲ ਸੀ | ਇਤਿਹਾਸਕ ਪ੍ਰਵਾਹ ਸਾਨੂੰ ਦੱਸਦਾ ਹੈ ਕਿ ਗੁਰੂ ਸਾਹਿਬ ਦੀ ਸਾਰੀ ਸੋਚ ਦਾ ਕੇਂਦਰੀ ਬਿੰਦੂ ਸੀ - ਸਦੀਆਂ ਤੋਂ ਸ਼ੋਸ਼ਣ ਤੇ ਵਿਤਕਰਿਆਂ ਦੀ ਸ਼ਿਕਾਰ ਆਮ ਜਨਤਾ, ਜਿਸ ਨੂੰ ਭਾਰਤੀ ਸਮਾਜੀ ਵਿਵਸਥਾ ਨੇ ਪੈਰਾਂ ਥੱਲੇ ਰੌਾਦਿਆਂ ਸੀ, ਨੂੰ ਸੱਤਾ ਦੇ ਸਿੰਘਾਸਨ 'ਤੇ ਪਹੁੰਚਾਉਣਾ | ਉਨ੍ਹਾਂ ਦੀ ਪਾਤਸ਼ਾਹੀ ਸਥਾਪਿਤ ਕਰਨੀ, ਜਿਨ੍ਹਾਂ ਨੇ ਰਾਜਨੀਤਕ ਸੱਤਾ ਵਿਚ ਭਾਗੀਦਾਰੀ ਦਾ ਸੁੱਖ ਤਾਂ ਕੀ ਭੋਗਣਾ ਸੀ, ਕਦੇ ਸਮਾਜ ਵਿਚ ਸਮਾਨਤਾ ਦੇ ਅਹਿਸਾਸ ਦਾ ਸੁੱਖ ਵੀ ਨਹੀਂ ਸੀ ਭੋਗਿਆ | ਤਿ੍ਸਕਾਰ ਤੇ ਬੇਪੱਤੀ ਜਿਨ੍ਹਾਂ ਦੇ ਜੀਵਨ ਦੀ ਜ਼ਰੂਰੀ ਸ਼ਰਤ ਸੀ | ਆਪਣੇ ਨਾਲ ਹੋ ਰਹੇ ਅਨਿਆਂ ਨੂੰ ਜਿਨ੍ਹਾਂ ਆਪਣੀ ਕਿਸਮਤ ਤੇ ਰੱਬੀ ਇੱਛਾ ਮੰਨ ਲਿਆ ਸੀ | ਕੁਇਰ ਸਿੰਘ ਦੇ ਗੁਰ ਬਿਲਾਸ ਵਿਚ ਗੁਰੂ ਗੋਬਿੰਦ ਸਿੰਘ ਦੇ ਇਸ ਦਿ੍ੜ੍ਹ ਇਰਾਦੇ ਦਾ ਜ਼ਿਕਰ ਮਿਲਦਾ ਹੈ | ਜੇ ਬਾਜ ਚਿੜੀ ਨੂੰ ਮਾਰੇ ਤਾਂ ਇਹ ਕੋਈ ਪ੍ਰਭੂਤਾ ਵਾਲੀ ਗੱਲ ਨਹੀਂ, ਮੇਰਾ ਇਰਾਦਾ ਤਾਂ ਚਿੜੀਆਂ ਪਾਸੋਂ ਬਾਜ ਤੁੜਾਉਣ ਦਾ ਹੈ :
ਮੈ ਅਸਪਾਨਿਜ ਤਬ ਲਖੋ ਕਰੋ ਐਸ ਯੋ ਕਾਮ |
ਚਿੜੀਅਨ ਬਾਜ ਤੁਰਾਯ ਹੋਂ ਸਸੇ ਕਰੋ ਸਿੰਘ ਸਾਮ |
ਬਾਜ ਚਿੜੀ ਕਹੁ ਮਾਰ ਹੈ ਏ ਪ੍ਰਭੁਤਾ ਕਛੁ ਨਾਹ |
ਤਾਤੈ ਕਾਜ ਕੀਓ ਇਹੈ ਬਾਜ ਹਨੈ ਚਿੜੀਆਹ |

ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਦੀਆਂ ਇਹ ਸਤਰਾਂ ਧਿਆਨ ਦੇਣ ਵਾਲੀਆਂ ਹਨ :
ਜਿਨ ਕੀ ਜਾਤਿ ਔਰ ਕੁਲ ਮਾਹੀ,
ਸਰਦਾਰੀ ਨਹਿ ਭਈ ਕਦਾਹੀਂ |
ਇਨ ਹੀ ਕੋ ਸਰਦਾਰ ਬਨਾਵੋਂ,
ਤਬੈ ਗੋਬਿੰਦ ਸਿੰਘ ਨਾਮ ਕਹਾਵੋਂ |

ਪਰ ਭਾਰਤੀ ਸਮਾਜ ਦੀ ਬਦਕਿਸਮਤੀ ਇਹ ਸੀ ਕਿ ਉਹ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਹੋਇਆ ਸੀ ਅਤੇ ਉਸ ਨੂੰ ਇਹ ਗੁਲਾਮੀ ਓਪਰੀ ਨਹੀਂ ਸੀ ਜਾਪਦੀ | ਅਜਿਹੀ ਸਥਿਤੀ ਵਿਚ, ਗੁਰੂ ਸਾਹਿਬ ਦਾ ਕਹਿਣਾ ਸੀ ਕਿ ਮਨੁੱਖੀ ਸੁਭਾਅ ਵਿਚ ਇਕ ਬੁਨਿਆਦੀ ਤਬਦੀਲੀ ਦੀ ਲੋੜ ਹੈ | ਇਕ ਅਜਿਹੇ ਮਨੁੱਖ ਦੀ ਸਿਰਜਣਾ ਅਤਿ ਜ਼ਰੂਰੀ ਹੈ, ਜਿਸ ਨੂੰ ਪਹਿਲਾ ਤਾਂ ਜੀਵਨ ਦਾ ਮੋਹ ਨਾ ਹੋਵੇ ਅਤੇ ਦੂਜਾ ਮੌਤ ਦਾ ਭੈਅ ਨਾ ਵਿਆਪਦਾ ਹੋਵੇ | ਜ਼ਿਹਨੀ ਤੇ ਜਿਸਮਾਨੀ ਗੁਲਾਮੀ ਤੋਂ ਛੁਟਕਾਰਾ ਇਹੋ ਜਿਹਾ ਮਨੁੱਖ ਹੀ ਦੁਆ ਸਕਦਾ ਹੈ | ਮੌਤ ਦਾ ਭੈਅ ਰੱਖਣ ਵਾਲੇ ਨੂੰ ਤਾਂ ਸਿੱਖੀ ਵਿਚ ਦਾਖ਼ਲਾ ਹੀ ਨਹੀਂ ਮਿਲਦਾ | ਸਿਰ ਦੇ ਕੇ ਸਿੱਖੀ ਮਿਲਦੀ ਹੈ | ਮੌਤ ਨੂੰ ਕਬੂਲ ਕਰਨਾ ਹੀ ਸਿੱਖੀ ਦੀ ਪਹਿਲੀ ਅਤੇ ਲਾਜ਼ਮੀ ਸ਼ਰਤ ਹੈ | ਇਹੋ ਅਸਲ ਸਾਰ-ਤੱਤ ਹੈ, ਵਿਸਾਖੀ ਵਾਲੇ ਦਿਨ, ਪੰਜ ਸਿਰਾਂ ਦੀ ਮੰਗ ਕਰ ਕੇ 'ਖ਼ਾਲਸਾ ਪੰਥ' ਦੀ ਸਿਰਜਣਾ ਦੇ ਇਤਿਹਾਸ ਦਾ |
ਇਕ ਗੱਲ ਹੋਰ | ਗੁਰੂ ਗੋਬਿੰਦ ਸਿੰਘ ਜੀ ਦਾ ਸਪੱਸ਼ਟ ਇਰਾਦਾ ਸੀ ਕਿ ਉਨ੍ਹਾਂ ਦੇ ਸਿੱਖ ਪੁਰਾਣੇ ਭਾਰਤੀ ਸਮਾਜ ਦੇ ਵਿਧੀ-ਵਿਧਾਨ ਨਾਲੋਂ ਮੁਕੰਮਲ ਤੌਰ 'ਤੇ ਨਾਤਾ ਤੋੜ ਲੈਣ ਅਤੇ ਇਕ ਅਜਿਹੇ ਨਵੇਂ ਆਦਰਸ਼ਕ ਸਮਾਜ ਦੇ ਰੂਪ ਵਿਚ ਸੰਗਠਿਤ ਹੋ ਜਾਣ ਜਿਹੜਾ ਜਾਤ-ਪਾਤ ਦੇ ਵਿਤਕਰਿਆਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ | ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਅਨੁਸਾਰ ਪੰਜ ਪਿਆਰਿਆਂ ਦੇ ਅੰਮਿ੍ਤ ਸਸਕਾਰ ਤੋਂ ਬਾਅਦ ਆਪਣੇ ਇਰਾਦੇ ਦਾ ਖੁਲਾਸਾ ਕਰਦਿਆਂ ਗੁਰੂ ਸਾਹਿਬ ਨੇ ਫ਼ਰਮਾਇਆ ਸੀ :
ਗੁਰ ਘਰ ਜਨਮ ਤੁਮਾਰੇ ਹੋਏ |
ਪਿਛਲੇ ਜਾਤਿ ਵਰਣ ਸਬ ਖੋਏ |
ਜਨਮ ਕੇਸ ਗੜ੍ਹ ਵਾਸਿ ਅਨੰਦ ਪੁਰ |
ਹੋਏ ਪੂਤ ਜਾਤਿ ਤੁਮ ਸਤਿਗੁਰ |
ਚਾਰ ਵਰਣ ਕੇ ਏਕੋ ਭਾਈ |
ਧਰਮ ਖਾਲਸਾ ਪਦਵੀ ਪਾਈ |
ਹਿੰਦੂ ਤੁਰਕ ਤੈ ਯਾਹਿ ਨਿਆਰਾ |
ਸਿੰਘ ਮਜਬ ਅਬ ਤੁਮਨੇ ਧਾਰਾ |

ਬਹੁਤ ਸਪੱਸ਼ਟ ਹੈ, ਸਾਰੀ ਗੁਰੂ ਪਰੰਪਰਾ ਖ਼ਾਲਸਾ ਦੀ ਪੰਥ ਸਿਰਜਣਾ ਦੀ ਮੁਹਿੰਮ ਵਿਚ ਸ਼ਾਮਿਲ ਸੀ | ਫਿਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਖ਼ਾਲਸਾ ਪੰਥ ਦੇ ਰੂਪ ਵਿਚ ਜਥੇਬੰਦ ਕੀਤਾ ਸੀ | ਇਹ ਇਸੇ ਦਾ ਨਤੀਜਾ ਸੀ ਕਿ 1699 ਦੀ ਵਿਸਾਖੀ 'ਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ, ਸਿੱਖੀ ਦੇ ਬੁਨਿਆਦੀ ਅਸੂਲਾਂ 'ਤੇ ਪਹਿਰਾ ਦੇਣ ਵਾਲਾ ਇਨਕਲਾਬੀ, ਮਰਜ਼ੀਵੜਾ, ਖ਼ੁਦਮੁਖਤਿਆਰ ਖ਼ਾਲਸਾ ਪੰਥ ਹੋਂਦ ਵਿਚ ਆਇਆ ਸੀ | ਸੁਆਮੀ ਵਿਵੇਕਾਨੰਦ ਦੀਆਂ ਇਨ੍ਹਾਂ ਸਤਰਾਂ ਨਾਲ ਲੇਖ ਦੀ ਸਮਾਪਤੀ ਕਰਨਾ ਚਾਹੁੰਦਾ ਹਾਂ | ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਅਕੀਦਤ ਭੇਟ ਕਰਦਿਆਂ, ਉਨ੍ਹਾਂ ਨੇ ਕਿਹਾ ਸੀ : 'ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਦੀਛਾ (ਅੰਮਿ੍ਤ ਦੀ ਦਾਤ) ਦਿੱਤੀ ਸੀ, ਜਿਸ ਨਾਲ ਉਨ੍ਹਾਂ ਵਿਚ ਸ਼ਕਤੀ ਦਾ ਸੰਚਾਰ ਹੋ ਗਿਆ ਸੀ | ਭਾਰਤ ਵਿਚ, ਉਸ ਦੇ ਇਤਿਹਾਸ ਵਿਚ ਇਸ ਵਰਗਾ ਦਿ੍ਸ਼ਟਾਂਤ ਵਿਰਲਾ ਹੀ ਮਿਲੇਗਾ, ਜੋ ਗੁਰੂ ਗੋਬਿੰਦ ਸਿੰਘ ਨੇ ਕੀਤਾ ਸੀ |'

-0-


ਖ਼ਬਰ ਸ਼ੇਅਰ ਕਰੋ

ਖ਼ਾਲਸਾ ਪੰਥ ਦੀ ਗੌਰਵਮਈ ਦਾਸਤਾਨ

ਸੰਨ 1699 ਦੀ ਵਿਸਾਖੀ ਦਾ ਦਿਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿਰਜੇ ਖ਼ਾਲਸੇ ਕਾਰਨ ਦੁਨੀਆ ਦੇ ਇਤਿਹਾਸ ਅੰਦਰ ਇਕ ਨਿਵੇਕਲਾ ਅਧਿਆਇ ਸਿਰਜ ਗਿਆ | ਇਹ ਗੁਰੂ ਸਾਹਿਬ ਦੀ ਇਕ ਨਿਰਾਲੀ ਯਾਦ ਵਜੋਂ ਸਿੱਖ ਇਤਿਹਾਸ ਅੰਦਰ ਸਦਾ ਤਾਜ਼ਾ ਹੈ | ਗੁਰੂ ਸਾਹਿਬ ਵਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮਵਿਸ਼ਵਾਸੀ ਬਣਾ ਕੇ ਅਰਸ਼ 'ਤੇ ਪਹੁੰਚਾ ਦਿੱਤਾ | ਜੇਕਰ ਇਹ ਆਖ ਲਈਏ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਦਾ ਦਿਨ ਜ਼ੁਲਮ, ਬੇਇਨਸਾਫੀ, ਵਿਤਕਰੇ, ਜਬਰ, ਝੂਠ, ਪਖੰਡ, ਅਨਿਆਂ ਆਦਿ ਵਿਰੁੱਧ ਇਕ ਸੰਘਰਸ਼ ਦਾ ਬਿਗਲ ਬਣਿਆ, ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਡਰੇ ਅਤੇ ਸਹਿਮੇ ਹੋਏ ਲੋਕ ਮਨਾਂ ਅੰਦਰ ਏਕਤਾ, ਕੁਰਬਾਨੀ, ਦਲੇਰੀ ਤੇ ਜ਼ੁਲਮ ਵਿਰੁੱਧ ਡਟਣ ਦੀ ਭਾਵਨਾ ਪੈਦਾ ਕੀਤੀ | ਉਨ੍ਹਾਂ ਨੇ ਸਾਰੀਆਂ ਜਾਤਾਂ ਤੇ ਵਰਗਾਂ ਦੇ ਲੋਕਾਂ ਨੂੰ ਏਕਤਾ ਦੇ ਸੂਤਰ ਵਿਚ ਪਰੋ ਲੈਣ ਦਾ ਅਦੁੱਤੀ ਤੇ ਮਹਾਨ ਕਾਰਜ ਕੀਤਾ | ਖ਼ਾਲਸਾ ਪੰਥ ਦੀ ਸਿਰਜਣਾ ਕਰਨ ਸਮੇਂ ਉਨ੍ਹਾਂ ਨੇ ਪੰਜ ਪਿਆਰਿਆਂ ਵਿਚ ਭਿੰਨ-ਭਿੰਨ ਜਾਤਾਂ ਦੇ ਲੋਕਾਂ ਨੂੰ ਸ਼ਾਮਿਲ ਕੀਤਾ | 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦੇ ਸਿਧਾਂਤ ਨੂੰ ਅਮਲ ਵਿਚ ਲਿਆ ਕੇ ਪੰਜਾਂ ਪਿਆਰਿਆਂ ਨੂੰ ਇਕੋ ਹੀ ਬਾਟੇ 'ਚੋਂ ਅੰਮਿ੍ਤ ਛਕਾਇਆ ਅਤੇ ਊਚ-ਨੀਚ ਤੇ ਇਲਾਕਿਆਂ ਦਾ ਭੇਦ-ਭਾਵ ਮਿਟਾ ਕੇ ਲਿਤਾੜੀ ਤੇ ਨਿਮਾਣੀ ਕੌਮ ਦੇ ਲੋਕਾਂ ਵਿਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ ਕਿ ਉਹ ਗਿੱਦੜਾਂ ਤੋਂ ਸ਼ੇਰ ਬਣ ਸਵਾ-ਸਵਾ ਲੱਖ ਅੱਤਿਆਚਾਰੀਆਂ ਨਾਲ ਟੱਕਰ ਲੈਣ ਦੇ ਸਮਰੱਥ ਬਣ ਗਏ | ਉਨ੍ਹਾਂ ਨੇ ਏਕਤਾ, ਸਮਾਨਤਾ ਤੇ ਨਿਆਂ ਦਾ ਝੰਡਾ ਬੁਲੰਦ ਰੱਖਣ ਲਈ ਸਮੇਂ ਦੀ ਵੱਡੀ ਤੋਂ ਵੱਡੀ ਤਾਕਤ ਨਾਲ ਟੱਕਰ ਵੀ ਲਈ |
ਦਸਮ ਪਾਤਸ਼ਾਹ ਨੇ 'ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ' ਦੇ ਮਹਾਨ ਸਿਧਾਂਤ ਨੂੰ ਸਨਮੁਖ ਰੱਖਦਿਆਂ ਇਹੀ ਜਜ਼ਬਾ ਪੂਰੇ ਖ਼ਾਲਸਾ ਪੰਥ ਵਿਚ ਭਰਿਆ | ਆਪ ਨੇ ਖ਼ਾਲਸਾ ਪੰਥ ਦੀ ਸ਼ਕਤੀ ਦੇ ਸਹਾਰੇ ਸ਼ਕਤੀਸ਼ਾਲੀ, ਅੱਤਿਆਚਾਰੀ ਤੇ ਅਨਿਆਈ ਮੁਗ਼ਲ ਸ਼ਾਸਨ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ | ਇੱਥੇ ਹੀ ਬਸ ਨਹੀਂ, ਸਗੋਂ ਆਪ ਪੰਜਾਂ ਪਿਆਰਿਆਂ ਤੋਂ ਅੰਮਿ੍ਤ ਛਕ ਕੇ ਉਨ੍ਹਾਂ ਦੇ ਚੇਲੇ ਬਣ ਗਏ | ਇਹ ਗੁਰੂ-ਚੇਲੇ ਦਾ ਕੌਤਕ ਵਾਹ-ਵਾਹ ਦੇ ਯੋਗ ਸੀ:
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ¨
ਪ੍ਰੋ: ਪਿਆਰਾ ਸਿੰਘ ਪਦਮ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਇਸ ਲਈ ਵਾਹ-ਵਾਹ ਦੇ ਯੋਗ ਹੋਏ, ਕਿਉਂਕਿ ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਨੂੰ ਸਿੰਘਾਸਨ 'ਤੇ ਬਿਠਾਇਆ ਤੇ ਉਜਲੇ ਮੁੱਖ ਵਾਲੇ ਤੇ ਸਰਬੱਤ ਦੇ ਰਾਖੇ ਬਣਾਇਆ | ਮਨੁੱਖ ਦੀ ਬਾਹਰਲੀ ਜੋਤਿ ਨੂੰ ਜਗਾ ਕੇ ਅੰਧਕਾਰੀ ਸੰਸਾਰ ਨੂੰ ਜਗਮਗਾ ਦੇਣਾ, ਉਸ ਦੀ ਮਹਾਨ ਸ਼ਕਤੀ ਸੀ |
ਗੁਰੂ ਸਾਹਿਬ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਇਸ ਦੀ ਰਹਿਣੀ ਵੀ ਦੁਨੀਆ ਨਾਲੋਂ ਨਿਰਾਲੀ ਬਖਸ਼ਿਸ਼ ਕੀਤੀ | ਖ਼ਾਲਸੇ ਦਾ ਅਰਥ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ ਤੋਂ ਹੈ | ਖ਼ਾਲਸਾ ਝੂਠ, ਬੇਈਮਾਨੀ, ਵਲ਼ ਫਰੇਬ ਤੋਂ ਦੂਰ ਮਨੁੱਖਤਾ ਦਾ ਹਮਦਰਦ ਹੈ | ਖ਼ਾਲਸਾ ਇਕ ਅਕਾਲ ਪੁਰਖ ਦਾ ਪੁਜਾਰੀ ਹੈ | ਪੰਜ-ਕਕਾਰੀ ਰਹਿਤ ਰੱਖਣੀ, ਪੰਜਾਂ ਬਾਣੀਆਂ ਦਾ ਪਾਠ ਕਰਨਾ, ਸਦਾ ਸੱਚਾ ਤੇ ਧਰਮੀ ਜੀਵਨ ਜਿਊਣਾ ਖ਼ਾਲਸੇ ਦਾ ਨੇਮ ਹੈ | ਉੱਚੀ-ਸੁੱਚੀ ਜੀਵਨ-ਜਾਚ ਅਨੁਸਾਰੀ ਹੋਣਾ ਹੀ ਖ਼ਾਲਸੇ ਦਾ ਪਰਮ ਧਰਮ ਕਰਤੱਵ ਹੈ |
ਖ਼ਾਲਸਾ ਸਾਜਨਾ ਦੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਇਸ ਕਾਰਜ ਦੀ ਸੰਪੂਰਨਤਾ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਰਾਜਸੀ, ਸਮਾਜਿਕ ਤੇ ਧਾਰਮਿਕ ਪੜਚੋਲ ਤੋਂ ਪਿੱਛੋਂ 1699 ਈ: ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਇਕੱਠ ਲਈ ਸੰਗਤਾਂ ਨੂੰ ਵਿਸ਼ੇਸ਼ ਸੱਦੇ ਭੇਜੇ | ਆਪ ਜੀ ਦੇ ਇਸ ਸੱਦੇ 'ਤੇ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ, ਜਿਥੇ ਸੰਗਤਾਂ ਦੇ ਭਾਰੀ ਇਕੱਠ ਵਿਚ ਪਾਤਸ਼ਾਹ ਨੇ ਖ਼ਾਲਸੇ ਦੀ ਸਾਜਨਾ ਕੀਤੀ | ਆਪ ਜੀ ਨੇ ਵਾਰੀ-ਵਾਰੀ ਪੰਜ ਸੀਸ ਮੰਗੇ, ਜਿਸ 'ਤੇ ਖਰਾ ਉੱਤਰਦਿਆਂ ਪੰਜ ਮਰਜੀਵੜਿਆਂ ਨੇ ਆਪਣੇ ਸੀਸ ਭੇਟ ਕੀਤੇ | ਸਤਿਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਅੰਮਿ੍ਤ ਛਕਾ ਕੇ ਪੰਜ ਪਿਆਰਿਆਂ ਦੀ ਉਪਾਧੀ ਬਖ਼ਸ਼ਿਸ਼ ਕੀਤੀ | ਇਹ ਪੰਜ ਪਿਆਰੇ ਵੱਖ-ਵੱਖ ਇਲਾਕਿਆਂ, ਫਿਰਕਿਆਂ ਨਾਲ ਸਬੰਧਿਤ ਸਨ | ਗੁਰੂ ਸਾਹਿਬ ਨੇ ਇਨ੍ਹਾਂ ਦੇ ਨਾਂਅ ਨਾਲ 'ਸਿੰਘ' ਲਗਾਇਆ ਅਤੇ ਬਚਨ ਕੀਤਾ ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ, ਤੁਹਾਡੀਆਂ ਪਿਛਲੀਆਂ ਜਾਤਾਂ-ਗੋਤਾਂ ਸਭ ਖ਼ਤਮ ਤੇ ਅੱਜ ਤੋਂ ਤੁਸੀਂ ਵਾਹਿਗੁਰੂ ਜੀ ਦਾ ਖ਼ਾਲਸਾ ਹੋ | ਇਸ ਤਰ੍ਹਾਂ ਖ਼ਾਲਸਾ ਪੰਥ ਦੀ ਸਿਰਜਣਾ ਆਤਮਿਕ ਏਕਤਾ ਤੇ ਇਕਸੁਰਤਾ ਦੇ ਨਾਲ-ਨਾਲ ਸਮਾਜਿਕ ਬਰਾਬਰੀ ਅਤੇ ਸਦਭਾਵਨਾ ਦੀ ਪ੍ਰਤੀਕ ਮੰਨੀ ਜਾਂਦੀ ਹੈ |
ਖ਼ਾਲਸੇ ਦੀ ਸਾਜਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਮਹਾਨ ਕਾਰਜ ਸੀ, ਜਿਸ ਨੂੰ ਵਿਦਵਾਨਾਂ ਨੇ ਵਡਿਆਇਆ ਹੈ | ਖ਼ਾਲਸੇ ਦੀ ਮਹਿਮਾ ਵੀ ਵਿਲੱਖਣ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਵਿਚ ਖ਼ਾਲਸੇ ਦੀ ਮਹਿਮਾ ਕਰਦੇ ਹੋਏ ਫੁਰਮਾਨ ਕਰਦੇ ਹਨ:
ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ¨
ਅਘ ਅਉਘ ਟਰੈ ਇਨ ਹੀ ਕੇ ਪ੍ਰਸਾਦਿ ਇਨ ਹੀ ਕੀ ਕਿ੍ਪਾ ਫੁਨ ਧਾਮ ਭਰੇ¨
ਇਨ ਹੀ ਕੇ ਪ੍ਰਸਾਦਿ ਸੁ ਬਿੱਦਿਆ ਲਈ ਇਨ ਹੀ ਕੀ ਕਿ੍ਪਾ ਸਭ ਸ਼ੱਤ੍ਰ ਮਰੇ¨
ਇਨ ਹੀ ਕੀ ਕਿ੍ਪਾ ਕੇ ਸਜੇ ਹਮ ਹੈ ਨਹੀ ਮੋਸੋ ਗਰੀਬ ਕਰੋਰ ਪਰੇ¨2¨

ਸੋ ਖ਼ਾਲਸਾ ਸਿਰਜਣਾ ਦਿਵਸ ਗੁਰੂ ਆਸ਼ੇ ਅਨੁਸਾਰੀ ਹੋ ਕੇ ਜੀਵਨ ਜਿਊਣ ਦੀ ਪ੍ਰੇਰਨਾ ਵਜੋਂ ਹੈ | ਇਸ ਇਤਿਹਾਸਕ ਅਵਸਰ 'ਤੇ ਆਓ! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ਿਸ਼ ਕੀਤੀ ਖੰਡੇ-ਬਾਟੇ ਦੀ ਪਾਹੁਲ ਛਕ ਕੇ, ਗੁਰਮਤਿ ਦੇ ਧਾਰਨੀ ਬਣੀਏ ਅਤੇ 'ਧਰਮ ਦਾ ਜੈਕਾਰ' ਦੇ ਮਿਸ਼ਨ ਨੂੰ ਸਾਕਾਰ ਕਰਦੇ ਹੋਏ ਆਪਣਾ ਜੀਵਨ ਸਫਲਾ ਕਰੀਏ | ਹਰ ਇਕ ਗੁਰਸਿੱਖ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ, ਰਹਿਤ ਦੀ ਪਰਪੱਕਤਾ ਅਤੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਉਸ ਦੇ ਖ਼ਾਲਸਈ ਜੀਵਨ ਦਾ ਅਹਿਮ ਵਿਧਾਨ ਹੈ | ਭਵਿੱਖ ਦੀ ਨਵੀਂ ਪੀੜ੍ਹੀ ਨੂੰ ਅਜਿਹੇ ਗੌਰਵਮਈ ਵਿਰਸੇ ਨਾਲ ਜੋੜਨ ਅਤੇ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਬਣਾਉਣ ਲਈ ਮਾਤਾ-ਪਿਤਾ ਦਾ ਵੱਡਾ ਯੋਗਦਾਨ ਹੁੰਦਾ ਹੈ | ਇਸ ਕਾਰਜ ਲਈ ਹਰ ਗੁਰਸਿੱਖ ਨੂੰ ਵਿਅਕਤੀਗਤ ਰੂਪ ਵਿਚ ਤੇ ਹਰ ਸੰਸਥਾ ਨੂੰ ਸੰਸਥਾਗਤ ਰੂਪ ਵਿਚ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ | ਸਮੂਹ ਗੁਰੂ ਨਾਨਕ ਨਾਮ-ਲੇਵਾ ਗੁਰਸਿੱਖਾਂ ਨੂੰ ਆਪਣੇ ਮਹਾਨ ਤੇ ਅਮੀਰ ਵਿਰਸੇ ਨੂੰ ਪਹਿਚਾਣਦੇ ਹੋਏ ਰਹਿਤਵਾਨ ਸਿੱਖ ਤੋਂ ਕੁਰਬਾਨ ਜਾਂਦਿਆਂ ਗੁਰੂ ਸਾਹਿਬ ਦਾ ਫ਼ਰਮਾਨ ਹੈ :
ਜਬ ਲਗ ਖ਼ਾਲਸਾ ਰਹੇ ਨਿਆਰਾ |
ਤਬ ਲਗ ਤੇਜ ਦੀਓ ਮੈਂ ਸਾਰਾ |
ਜਬ ਇਹ ਗਹੈ ਬਿਪਰਨ ਕੀ ਰੀਤ |
ਮੈਂ ਨ ਕਰੋਂ ਇਨ ਕੀ ਪਰਤੀਤ |

-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ |

ਪੰਜਾਬੀ ਲੋਕ-ਜੀਵਨ ਵਿਚ ਵਾਢੀਆਂ ਦਾ ਮਹੱਤਵ

ਪੰਜਾਬ ਦੀ ਧਰਤੀ ਰਿਸ਼ੀਆਂ-ਮੁਨੀਆਂ, ਗੁਰੂਆਂ, ਪੀਰਾਂ, ਫਕੀਰਾਂ, ਕਿਰਤੀ ਕਿਸਾਨਾਂ, ਯੋਧਿਆਂ ਅਤੇ ਸੂਰਬੀਰਾਂ ਦੀ ਧਰਤੀ ਹੈ | ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਕੁਦਰਤੀ ਖੁਸ਼ਹਾਲੀ ਪ©ਾਪਤ ਹੈ | ਹਰੇਕ ਰੁੱਤ ਤੇ ਮੌਸਮ ਨੇ ਪੰਜਾਬ ਦੀ ਧਰਤੀ ਨੂੰ ਸ਼ਿੰਗਾਰਿਆ, ਸਵਾਰਿਆ ਅਤੇ ਜ਼ਰਖੇਜ਼ ਕੀਤਾ ਹੈ | ਨਿੱਤ ਦੀਆਂ ਮੁਹਿੰਮਾਂ ਚੜ੍ਹਨ ਸਦਕਾ ਪੰਜਾਬੀ ਲੋਕ ਹਰ ਦੁਖਦ ਅਤੇ ਸੁਖਦ ਪਲਾਂ ਤੋਂ ਵਾਕਫ਼ ਹਨ | ਇਤਿਹਾਸ ਅਤੇ ਮਿਥਿਹਾਸ ਦੇ ਕਾਲ-ਖੰਡਾਂ ਵਿਚ ਇਨ੍ਹਾਂ ਨੇ ਬਹੁਤ ਕੁਝ ਖੱਟਿਆ, ਕਮਾਇਆ, ਹੰਢਾਇਆ, ਗੁਆਇਆ, ਲੁਟਾਇਆ ਅਤੇ ਮੁੜ ਪਾਇਆ ਹੈ | ਇਹ ਸਭ ਕੁਝ ਮਿਹਨਤ, ਲਗਨ, ਬਹਾਦਰੀ ਅਤੇ ਨਿਸ਼ਠਾ ਕਾਰਨ ਸੰਭਵ ਹੋਇਆ ਹੈ | ਅਨੇਕਾਂ ਮੌਜ-ਮਸਤੀਆਂ, ਤਿਥ- ਤਿਉਹਾਰ ਅਤੇ ਮੇਲੇ ਆਦਿ ਦੀ ਸਿਰਜਣਾ ਕਰਕੇ ਇਨ੍ਹਾਂ ਨੇ ਉਨ੍ਹਾਂ ਨੂੰ ਖੂਬ ਮਾਣਿਆ ਹੈ | ਫ਼ਸਲਾਂ ਦਾ ਬੀਜਣਾ, ਪਾਲਣਾ, ਵੱਢਣਾ ਅਤੇ ਇਨ੍ਹਾਂ ਨੂੰ ਘਰ ਲਿਆਉਣਾ ਪੰਜਾਬੀਆਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ | ਇਸੇ ਕਰਕੇ ਹਰ ਫ਼ਸਲ ਦੀ ਕਟਾਈ-ਵਢਾਈ ਸਮੇਂ ਇਹ ਲੋਕ ਨੱਚਦੇ, ਟੱਪਦੇ, ਗਾਉਂਦੇ ਹੋਏ ਖੁਸ਼ੀਆਂ ਮਨਾਉਂਦੇ ਹਨ | ਧਨੀ ਰਾਮ ਚਾਤਿ©ਕ ਦੀ ਇਹ ਸੱਦ ਅਜਿਹਾ ਹੀ ਦਿ©ਸ਼ ਸਾਕਾਰ ਕਰਦੀ ਹੈ:
ਪੱਕ ਪਈਆਂ ਕਣਕਾਂ ਲੁਕਾਠ ਰਸਿਆ,
ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ |
ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ,
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ |
ਸਾਈਾ ਦੀ ਨਿਗਾਹ ਜੱਗ ਤੇ ਸਵੱਲੀ ਏ,
ਚੱਲ ਨੀ ਪ©ੇਮੀਏ ਵਿਸਾਖੀ ਚੱਲੀਏ |

ਕਿਸਾਨੀ ਜੀਵਨ ਦੀ ਸਮੁੱਚੀ ਆਰਥਿਕਤਾ ਅਤੇ ਸਮਾਜਕਤਾ ਖੇਤੀ ਦੀ ਪੈਦਾਵਾਰ 'ਤੇ ਨਿਰਭਰ ਕਰਦੀ ਹੈ | ਜੇ ਪੱਕੀ ਫ਼ਸਲ ਘਰ ਆ ਜਾਵੇ ਤਾਂ ਹੀ ਉਸ ਨੂੰ ਆਪਣੀ ਜਾਨਣਾ ਚਾਹੀਦਾ ਹੈ | ਅਜਿਹੇ ਮੌਕੇ ਕਿਸਾਨ ਮਾਨਸਿਕ ਤੌਰ 'ਤੇ ਜਿਹੜੇ ਤੌਖਲੇ ਹੰਢਾ ਰਿਹਾ ਹੁੰਦਾ ਹੈ, ਦਾ ਜ਼ਿਕਰ ਕਰਨਾ ਵੀ ਵਾਜਬ ਹੈ:
ਤਨ ਟੰਗਿਆ ਵਿਚ ਕਾਰ ਦੇ, ਜਾਨ ਟੰਗੀ ਅਸਮਾਨ,
ਮੁੱਠ ਵਿਚ ਤੇਰੇ ਕਾਲਜਾ, ਬੱਦਲਾਂ ਵਿਚ ਧਿਆਨ |
ਰੱਖ ਲਏ ਰੱਬ ਜੇ ਸੋਕਿਓਾ, ਤਦ ਝਖ਼ੜੋਂ ਸੁਕਦਾ ਸਾਹ,
ਗੜਿਓਾ, ਅਹਿਣੋਂ, ਕੁੰਗੀਓਾ, ਪੈਂਦਾ ਨਹੀਂ ਵਿਸਾਹ |
ਸੁੱਖ ਸੁੱਖ ਲੱਖ ਸਰੀਣੀਆਂ, ਪੱਕਣ ਚਾਰ ਕਸੀਰ,
ਤਦ ਭੀ ਸੁਣ ਸੁਣ ਕਹਿਬਤਾਂ, ਤੈਨੂੰ ਆਉਂਦਾ ਨਹੀਂ ਖਲੀਰ |
ਪੱਕੀ ਖੇਤੀ ਵੇਖ ਕੇ ਗਰਬ ਕਰੇ ਕਿਰਸਾਨ,
ਵਾਓਾ, ਝੱਖ਼ੜ-ਝੋਲਿਓਾ, ਘਰ ਆਵੇ ਤਾਂ ਜਾਣ |

ਜੋਬਨ ਰੁੱਤੇ ਆਈਆਂ ਫ਼ਸਲਾਂ ਕਿਸਾਨ ਨੂੰ 'ਵਾਜਾਂ ਮਾਰਦੀਆਂ ਹੋਈਆਂ ਖੁਸ਼ੀਆਂ-ਖੇੜੇ ਪ©ਦਾਨ ਕਰਦੀਆਂ ਪ©ਤੀਤ ਹੁੰਦੀਆਂ ਹਨ | ਇਸੇ ਖੇੜੇ ਵਿਚੋਂ ਇਨ੍ਹਾਂ ਬੋਲਾਂ ਨੇ ਜਨਮ ਲਿਆ”
ਹੁਣ ਵਾਢੀਆਂ ਦੇ ਵੱਜ ਗਏ ਨੇ ਢੋਲ,
ਚੰਨਾ ਬੋਲ ਤੇ ਭਾਵੇਂ ਨਾ ਬੋਲ!
ਵੱਸ ਅਖੀਆਂ ਦੇ ਕੋਲ!
ਇਕ ਲੋਕ-ਗੀਤ ਦੇ ਬੋਲ ਹਨ:
ਤਾਰਾ-ਮੀਰਾ ਪਾਵੇ ਬੋਲੀਆਂ,
ਘੁੰਡ ਸਰ੍ਹੋਂ ਨੂੰ ਨਾ ਕੱਢਣਾ ਆਵੇ |

ਪੰਜਾਬ ਨਿਵਾਸੀਆਂ ਦੀ ਜੀਵਨ ਚਾਲ ਵਿਚ ਵਾਢੀਆਂ ਦੇ ਦਿਨਾਂ ਦੀ ਅਹਿਮੀਅਤ ਵੇਖਦਿਆਂ ਹੀ ਬਣਦੀ ਹੈ | ਲੱਖਾਂ ਸੱਧਰਾਂ, ਲੋੜਾਂ, ਕਾਮਨਾਵਾਂ ਅਤੇ ਚਾਹਤਾਂ ਉਮੜ ਉਮੜ ਪੈਂਦੀਆਂ ਹਨ | ਧੀਆਂ ਭੈਣਾਂ ਦੇ ਸ਼ੁੱਭ ਕਾਰਜ ਕਰਨ ਵਾਸਤੇ ਫ਼ਸਲਾਂ ਤੋਂ ਕਮਾਈ ਆਉਣੀ ਜ਼ਰੂਰੀ ਹੁੰਦੀ ਹੈ | ਇਸੇ ਹੀ ਪ©ਸੰਗਤਾ ਵਿਚ ਕਿਸੇ ਨਿਸਚਿੰਤ ਸੁੱਤੇ ਬਾਬਲ ਨੂੰ , ਉਸਦੀ ਧੀ ਵਲੋਂ ਕੁਝ ਅਜਿਹੇ ਸਵਾਲ-ਜਵਾਬ ਵਰਗੇ ਬੋਲ ਸੁਣਨੇ ਜਾਂ ਸੁਣਾਉਣੇ ਪੈਂਦੇ ਹਨ:
ਵੇ ਬਾਬਲ ਸੁੱਤਿਆ
ਤੈਨੂੰ ਆਈ ਬਨੇਰੇ ਦੀ ਛਾਂ,
ਤੂੰ ਸੁੱਤਾ ਜੱਗ ਜਾਗਦਾ,
ਘਰ ਬੇਟੀ ਤਾਂ ਹੋਈ ਏ ਜਵਾਨ |
ਪੱਕਣ ਦੇ ਧੀਏ ਕਣਕਾਂ ਤੇ ਰਸਣ ਦੇ ਨੀ ਕਮਾਦ |

ਵਾਢੀ ਕਣਕ, ਜੌਾ, ਛੋਲੇ, ਮਸਰ, ਮੱਕੀ, ਬਾਜਰਾ, ਝੋਨਾ-ਬਾਸਮਤੀ, ਮਾਂਹ-ਮੂੰਗੀ, ਮੋਠ, ਤਿਲ, ਕਮਾਦ, ਕਪਾਹ ਆਦਿ ਕਿਸੇ ਫ਼ਸਲ ਦੀ ਵੀ ਕਿਉਂ ਨਾ ਹੋਵੇ, ਪੰਜਾਬੀਆਂ ਨੇ ਸਭਨਾਂ ਫ਼ਸਲਾਂ ਸੰਬੰਧੀ ਗੀਤ ਸਿਰਜੇ ਹੋਏ ਹਨ ਪਰ ਕਣਕ ਦੀ ਵਾਢੀ ਹੋਰਨਾਂ ਫ਼ਸਲਾਂ ਦੀ ਵਾਢੀ ਤੋਂ ਵਧੇਰੇ ਧਿਆਨ-ਖਿੱਚੂ ਅਤੇ ਮੁਸ਼ੱਕਤ ਵਾਲੀ ਮੰਨੀ ਜਾਂਦੀ ਹੈ | ਇਸ ਸੰਬੰਧੀ ਬਹੁਤ ਸਾਰੇ ਗੀਤ ਅਤੇ ਲੋਕ-ਗੀਤ ਪ©ਚਲਿਤ ਹਨ, ਉਨ੍ਹਾਂ ਵਿਚੋਂ ਕੁਝ ਬੋਲ ਦਿਲਚਸਪੀ ਹਿੱਤ ਪੇਸ਼ ਹਨ:
ਹੋਲੀ ਕਣਕਾਂ ਰੰਗ ਕੇ ਲੰਘ 'ਗੀ, ਰੰਗਿਆ ਰੂਪ ਸੁਨਹਿਰੀ,
ਜੱਟ ਦੀ ਮਿਹਨਤ ਨੂੰ ਫਲ ਲੱਗੇ,
ਖਿੜ 'ਗੀ ਸਿਖਰ ਦੁਪਹਿਰੀ |
ਮੁੱਕਿਆ ਚੇਤ ਵਿਸਾਖੀ ਆਈ,
ਕਣਕਾਂ ਜੋਬਨ ਚੜਿ੍ਹਆ,
ਸਾਰੇ ਪਾਸੇ ਪਸਰ ਗਈਆਂ,
ਸੋਨ-ਸੁਨਹਿਰੀ ਲੜੀਆਂ |
ਛੋਲੇ ਪੱਕੇ, ਸਰ੍ਹੋਂਆਂ ਪੱਕੀਆਂ
ਜੱਟੀ ਨੱਚ ਨੱਚ ਗਾਵੇ,
ਰੱਬ ਤਕ ਕਰੇ ਅਰਜੋਈ,
ਰੱਬਾ! ਫ਼ਸਲ ਛੇਤੀ ਘਰ ਆਵੇ |
ਢੋਲ ਢਮੱਕੇ ਦੇ ਵਿਚ ਯਾਰੋ! ਪੈ ਗਈ ਵਾਢੀ ਸਾਰੇ,
ਆਏ ਥਰੈਸ਼ਰ ਘੀਂ-ਘੀਂ ਕਰਦੇ, ਫੁੱਲਾਂ ਨਾਲ ਸ਼ਿੰਗਾਰੇ |

ਵਧੇਰੇ ਰੁਝੇਵਿਆਂ ਸਦਕਾ ਵਾਢੀ ਦੇ ਦਿਨੀਂ ਅੰਗ-ਸਾਕ ਇਕ ਦੂਜੇ ਰਿਸ਼ਤੇਦਾਰ ਕੋਲ ਜਾਣੋਂ ਗੁਰੇਜ਼ ਕਰਦੇ ਹਨ ਕਿਉਂਕਿ ਸਭਨਾਂ ਨੇ ਆਪਣੀ ਮਹੀਨਿਆਂ ਬੱਧੀ ਕੀਤੀ ਕਿਰਤ ਦੀ ਕਮਾਈ ਨੂੰ ਸੰਭਾਲਣਾ ਹੁੰਦਾ ਹੈ | ਕਈ ਨੇੜਲੇ ਰਿਸ਼ਤੇਦਾਰ ਜਿਨ੍ਹਾਂ ਦੇ ਸਾਹ ਨਾਲ ਸਾਹ ਸਾਂਝੇ ਹੁੰਦੇ ਹਨ, ਜਿਵੇਂ ਮਾਂ—ਧੀ, ਪਿਉ-ਧੀ, ਭੈਣ-ਭਰਾ ਹੈ, ਇਨ੍ਹਾਂ ਨੂੰ ਵੀ ਕੁਝ ਚਿਰ ਲਈ ਵਿਸਾਰ ਦਿੱਤਾ ਜਾਂਦਾ ਹੈ ਪਰ ਧੀ-ਭੈਣ ਇਸ ਵਿਸਾਰੇ ਜਾਣ ਨੂੰ ਸਹਿਣ ਨਹੀਂ ਕਰਦੀ | ਲੋਕ-ਗੀਤ ਇਸ ਗਵਾਹੀ ਦਾ ਸਾਰਥਕ ਪਰਗਟਾਵਾ ਕਰਦੇ ਹਨ | ਇਕ ਲੋਕ-ਗੀਤ ਦਾ ਮੁਖੜਾ ਹੈ:
ਕਣਕਾਂ ਨਿੱਸਰੀਆਂ,
ਧੀਆਂ ਕਿਉਂ ਵਿੱਸਰੀਆਂ ਨੀ ਮਾਏ |
ਮਾਵਾਂ ਤੇ ਧੀਆਂ ਦੀ ਦੋਸਤੀ ਨੀ ਮਾਏ ,
ਕੋਈ ਟੁੱਟਦੀ ਏ ਕਹਿਰਾਂ ਦੇ ਨਾਲ,
ਕਣਕਾਂ ਨਿੱਸਰੀਆਂ,
ਧੀਆਂ ਕਿਉਂ ਵਿੱਸਰੀਆਂ ਨੀਂ ਮਾਏ |

ਹੌਾਸਲਾ ਬੁਲੰਦ ਕਰਕੇ ਉਹ ਅਹਿਸਾਸ ਕਰ ਲੈਂਦੀ ਹੈ ਕਿ ਅਜਿਹਾ ਉਦਰੇਵਾਂ ਉਸ ਨੂੰ ਝੱਲਣਾ ਹੀ ਪੈਣਾ ਹੈ ਅਤੇ ਉਸ ਨੂੰ ਆਪਣੇ ਘਰ ਹੀ ਚਿੱਤ ਲਾਉਣਾ ਪੈਣਾ ਹੈ ਪਰ ਇਨ੍ਹਾਂ ਪੱਕੀਆਂ ਰਸੀਆਂ ਅਤੇ ਵੱਢਣਯੋਗ ਫ਼ਸਲਾਂ ਦੇ ਬਿੰਬ ਉਸਾਰ ਕੇ ਉਹ ਫਿਰ ਦਿਲ ਦੀ ਭੜਾਸ ਕੱਢਦੀ ਹੈ--
ਕਣਕ ਛੋਲਿਆਂ ਦਾ ਖੇਤ,
ਹੌਲੀ ਹੌਲੀ ਨਿੱਸਰ ਗਿਆ,
ਬਾਬਲ ਧਰਮੀ ਦਾ ਦੇਸ ,
ਹੌਲੀ ਹੌਲੀ ਵਿਸਰ ਗਿਆ |
ਭਾਬੋ ਨਾ ਬੋਲ ਮੰਦੜੇ ਬੋਲ,
ਅਸੀਂ ਤੇਰੇ ਨਾ ਆਂਵਾਂਗੇ,
ਵੀਰੇ ਧਰਮੀ ਦੇ ਦੇਸ ,
ਕਦੇ ਫੇਰਾ ਪਾ ਜਾਂਵਾਂਗੇ........

ਸਮਾਜਕ ਜ਼ਿੰਮੇਵਾਰੀਆਂ ਨੂੰ ਕੁਝ ਚਿਰ ਲਈ ਪਿੱਛੇ ਪਾ ਕੇ ਕਿਸਾਨੀ ਪਰਿਵਾਰ ਦਾ ਹਰੇਕ ਜੀਅ ਵਾਢੀਆਂ ਵਿਚ ਜੁਟ ਪੈਂਦਾ ਹੈ | ਗਰਮੀ ਦੀ ਪ©ਵਾਹ ਕੀਤੇ ਬਿਨਾਂ, ਨੱਚਦਿਆਂ-ਟੱਪਦਿਆਂ, ਗਾਉਂਦਿਆਂ ਹੋਇਆਂ ਮੁਸ਼ੱਕਤ ਭਰੀ ਕਾਰਜ ਸ਼ੈਲੀ ਨੂੰ ਰੌਚਕ ਬਣਾਇਆ ਜਾਂਦਾ ਹੈ ਕਿਉਂ ਜੋ ਘਰ ਨਵੇਂ ਦਾਣੇ ਜੋ ਆਉਣੇ ਹੁੰਦੇ ਹਨ | ਚਾਵਾਂ ਨੂੰ ਉਮਡਦਿਆਂ ਭਾਪਣ ਲਈ ਇਹ ਬੋਲ ਮਾਣੋ:
ਪੱਕ ਗਈ ਕਣਕ ਆਓ ਕਣਕ ਵੱਢੀਏ,
ਵੱਢੀਏ ਤੇ ਨਾਲ- ਨਾਲ ਦਾਣੇ ਕੱਢੀਏ |
ਕੱਢ-ਕੱਢ ਦਾਣਿਆਂ ਦੇ ਲਾਉਣੇ ਢੇਰ ਨੇ,
ਬੱਕਰੇ ਬੁਲਾਉਣੇ ਵੇਖੀਂ ਜੱਟਾਂ ਫੇਰ ਨੇ |

ਵਾਢੀਆਂ ਦਾ ਕਾਰਜ ਸਧਾਰਨ ਅਤੇ ਸੌਖਾ ਨਹੀਂ ਹੈ | ਇਹ ਸਿਰੜੀ, ਤਕੜਿਆਂ ਅਤੇ ਅਣਥੱਕ ਪ©ਾਣੀਆਂ ਦਾ ਕਾਰਜ ਹੈ | ਕਿਸਾਨੀ ਪਰਿਵਾਰ ਤੋਂ ਇਲਾਵਾ ਖੇਤੀ ਦੇ ਸਹਾਇਕ ਧੰਦਿਆਂ ਨਾਲ ਜੁੜੇ ਪਰਿਵਾਰਾਂ ਦੇ ਜੀਅ ਵੀ ਇਸ ਕਾਰਜ ਵਿਚ ਭਰਵਾਂ ਸਹਿਯੋਗ ਦਿੰਦੇ ਹਨ | ਦੂਰ-ਦੁਰੇਡੇ ਹਰ ਥਾਂ ਰਲ ਮਿਲ ਕੇ ਵਾਢੀ ਵਿਚ ਜੁਟਿਆ ਜਾਂਦਾ ਹੈ, ਪੂਰੀ ਤਿਆਰੀ ਦੀ ਇਕ ਝਲਕ ਹੈ:
ਜੋ ਲੋੜੀਂਦੇ ਹੈ ਸਨ, ਉਹ ਸੰਦ ਬਣਾ ਲਏ ਨੇ,
ਲੁਹਾਰ ਦੇ ਕੋਲੋਂ ਦਾਤੀ ਨੂੰ
ਦੰਦੇ ਕਢਵਾ ਲਏ ਨੇ |
ਵੱਢ ਵੱਢ ਕਣਕਾਂ ਦੇ ਢੇਰ ਲਾਉਣੇ,
ਭਾਵੇਂ ਆਏ ਹੋਣ ਪਰਾਹੁਣੇ,
ਉਹ ਵੀ ਆਪਣੇ ਨਾਲ ਹੀ ਡਾਹੁਣੇ
ਚਾਹੇ ਧੀ-ਜਵਾਈ ਏ,
ਵੇਖ ਵਿਸਾਖੀ ਜੱਟਾਂ ਨੇ, ਆ ਵਾਢੀ ਪਾਈ ਏ |

ਵਰਤਮਾਨ ਸਮੇਂ ਵਿਚ ਵਾਢੀ ਦੇ ਤੇਵਰ ਬਦਲ ਗਏ ਹਨ, ਮਸ਼ੀਨੀਕਰਨ ਭਾਰੂ ਹੋ ਗਿਆ ਹੈ ਪਰ ਫਿਰ ਵੀ ਦਾਤੀ ਦੀ ਮਹਾਨਤਾ ਨਹੀਂ ਘਟੀ | ਇਹ ਬੋਲ ਵਾਚੋ :-
ਖੇਤਾਂ ਵਿਚ ਕਣਕਾਂ ਪੱਕੀਆਂ ਨੇ,
ਜੱਟਾਂ ਨੇ ਦਾਤੀਆਂ ਚੱਕੀਆਂ ਨੇ |

ਪਿਆਰ, ਮਹੱਬਤ ਦੇ ਅਨੇਕਾਂ ਗੀਤ ਅਤੇ ਲੋਕ-ਗੀਤ ਹਨ ਜਿਨ੍ਹਾਂ ਵਿਚ ਪਤੀ ਵਲੋਂ ਪਤਨੀ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਦੇ ਵਾਅਦੇ, ਘਰੇਲੂ ਤੰਗੀਆਂ-ਤੁਰਸ਼ੀਆਂ ਸਦਕਾ ਕਈ ਵਾਅਦੇ ਵਫਾ ਹੋ ਜਾਣ 'ਤੇ ਕਈ ਫੇਰ ਅਗਲੀ ਫ਼ਸਲ ਦੀ ਆਮਦ ਤੱਕ ਲਾਰਾ ਬਣ ਕੇ ਵੀ ਰਹਿ ਜਾਂਦੇ ਹਨ, ਆਦਿ ਦਾ ਜ਼ਿਕਰ ਖੂਬ ਮਿਲਦਾ ਹੈ |
ਛੋਟੀ ਕਿਸਾਨੀ ਆਪਣੇ ਹੱਥੀਂ ਵਢਾਈ ਦਾ ਕਾਰਜ ਕਰਦੀ ਹੈ | ਇਸੇ ਬਿਰਤੀ ਵਿਚੋਂ ਇਨ੍ਹਾਂ ਬੋਲਾਂ ਨੇ ਜਨਮ ਲਿਆ ਸੀ ਕਿ 'ਵਾਢੀ ਕਰੂੰਗੀ ਬਰੋਬਰ ਤੇਰੇ, ਦਾਤੀ ਨੂੰ ਲਵਾ ਦੇ ਘੁੰਗਰੂ' ਪਰ ਕਈ ਵਾਰ ਮਜਬੂਰੀਵੱਸ ਮੁਟਿਆਰ ਇਹ ਵੀ ਕਹਿ ਲੈਂਦੀ ਹੈ:
ਸੱਸ ਕੋਲੋਂ ਸੰਗ ਲੱਗਦੀ ਉਹਨੂੰ ,
ਦੱਸ ਮੈਂ ਕਿਵੇਂ ਸਮਝਾਵਾਂ,
ਵੇ ਢੋਲਾ ਮੇਰਾ ਜੀਅ ਕਰਦਾ,
ਵਾਢੀ ਨਾਲ ਮੈਂ ਤੇਰੇ ਕਰ ਆਂਵਾਂ |

ਇਹ ਤਾਂ ਹੋਈ ਸਾਂਝੇ ਦਿਲਾਂ ਦੀ ਇਕ ਧੜਕਣ ਨੂੰ ਟੋਹਣ ਦੀ ਗੱਲ ਪਰ ਮਨ ਵਿਚ ਜੇ ਹਾਰ ਸ਼ਿੰਗਾਰ ਨੂੰ ਬਰਕਰਾਰ ਰੱਖਣ ਦੀ ਲਾਲਸਾ ਹੋਵੇ ਤਾਂ ਇਹੋ ਮੁਟਿਆਰ ਆਪਣੇ ਲਾਡਲੇ ਦਿਓਰ ਨੂੰ ਉਸਦੇ ਕਹਿਣ 'ਤੇ ਕਿ ਭਾਬੀ ਬਾਜਰੇ ਦੀ ਰਾਖੀ ਕਰੇ, ਠੁਕਰਾਉਂਦੀ ਹੋਈ ਕਹਿ ਦਿੰਦੀ ਹੈ:
ਤੇਰੇ ਬਾਜਰੇ ਦੀ ਰਾਖੀ ਦਿਓਰਾ
ਮੈਂ ਨਾ ਬਹਿੰਦੀ ਵੇ,
ਜੇ ਮੈਂ ਤਾੜੀ ਮਾਰ ਉਡਾਵਾਂ,
ਮੇਰੀ ਮਹਿੰਦੀ ਲਹਿੰਦੀ ਵੇ,
ਜੇ ਮੈਂ ਸੀਟੀ ਮਾਰ ਉਡਾਵਾਂ,
ਮੇਰੀ ਸੁਰਖੀ ਲਹਿੰਦੀ ਵੇ...... |

ਪੰਜਾਬੀਆਂ ਦੀ ਇਹ ਖਾਸੀਅਤ ਹੈ ਕਿ ਇਨ੍ਹਾਂ ਨੇ ਦੱਬ ਕੇ ਵਾਹਿਆ ਹੈ, ਰੱਜ ਕੇ ਖਾਧਾ ਹੈ ਅਤੇ ਖੁਸ਼ੀਆਂ ਮਨਾਈਆਂ ਹਨ | ਇਨ੍ਹਾਂ ਸਭਨਾਂ ਖੁਸ਼ੀਆਂ ਦੀ ਚਰਮ ਸੀਮਾ ਉਦੋਂ ਹੁੰਦੀ ਹੈ ਜਦੋਂ ਵਾਢੀਆਂ ਕਰਦੇ ਜਾਂ ਵਾਢੀਆਂ ਕਰ ਹਟਣ ਮਗਰੋਂ ਗੱਭਰੂ ਭੰਗੜੇ ਪਾਉਂਦੇ ਨਹੀਂ ਥੱਕਦੇ ਅਤੇ ਮੁਟਿਆਰਾਂ ਗਿੱਧੇ ਪਾਉਂਦੀਆਂ ਨਹੀਂ ਥੱਕਦੀਆਂ | ਇਨ੍ਹਾਂ ਖੁਸ਼ੀਆਂ—ਖੇੜਿਆਂ ਅਤੇ ਨੱਚਣ-ਟੱਪਣ ਦੇ ਸਮੇਂ ਜਿਹੜੇ ਗੀਤ ਜਾਂ ਜਿਹੜੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਉਨ੍ਹਾਂ ਵਿਚੋਂ ਫ਼ਸਲਾਂ ਦੀ ਵਢਾਈ-ਕਟਾਈ ਦੀ ਮਹੱਤਤਾ ਦੇ ਰਸ ਭਰੇ ਬੋਲ ਸੁਣਨ ਨੂੰ ਮਿਲਦੇ ਹਨ ਜਿਨ੍ਹਾਂ ਵਿਚੋਂ ਪੰਜਾਬ ਦੀ ਰਸੀਲੀ ਅਤੇ ਮਘਦੀ ਹੋਈ ਜੀਵਨ ਤੋਰ ਦਾ ਪਤਾ ਲਗਦਾ ਹੈ |
ਸ਼ਾਲਾ ! ਪੰਜਾਬੀ ਲੋਕ ਆਪਣੀ ਫ਼ਸਲ ਹੱਥੀਂ ਬੀਜਣ, ਪਾਲਣ ਅਤੇ ਵੱਢਣ!!

-ਮੋਬਾਈਲ : 98142-09732

ਤਾਰਾ-ਖਿੱਤੀਆਂ ਦੇ ਪਾਰ ਮੌਜੂਦ ਹਨ ਅਣਗਿਣਤ ਗਲੈਕਸੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਗਰਮ ਨੀਲਾ-ਚਿੱਟਾ ਤਾਰੇ ਦਾ ਵਰਗ 'W' ਹੈ, ਨੀਲਾ ਚਿੱਟਾ 'O', ਨੀਲਾ '2', ਚਿੱਟਾ '1' ਠੰਢਾ-ਚਿੱਟਾ '6', ਪੀਲਾ '7', ਸੰਤਰੀ 'K' ਅਤੇ ਲਾਲ 'M' ਹੁੰਦਾ ਹੈ | ਵਰਗ 'O' ਤਾਰੇ ਦਾ ਸਤ੍ਹਈ ਤਾਪਮਾਨ 50,000 ਦਰਜਾ ਸੈਂਟੀਗ੍ਰੇਡ ਹੁੰਦਾ ਹੈ, ਜੋ ਕਿ ਕ੍ਰਮਵਾਰ ਘਟਦਾ-ਘਟਦਾ ਲਾਲ ਤਾਰੇ 'M' ਵਾਸਤੇ ਮਹਿਜ਼ 3000 ਦਰਜੇ ਤੱਕ ਰਹਿ ਜਾਂਦਾ ਹੈ | ਇਨ੍ਹਾਂ ਤੋਂ ਹੋਰ ਠੰਢੇ ਲਾਲ ਤਾਰੇ ਵੀ ਆਕਾਸ਼ ਗੰਗਾ ਵਿਚ ਹਨ ਜਿਨ੍ਹਾਂ ਦੇ ਵਰਗ 'R, N ਤੇ S' ਹਨ | ਦਸ ਸੂਰਜੀ ਆਕਾਰ ਤੋਂ ਲੈ ਕੇ ਦਸਵਾਂ ਹਿੱਸਾ ਸੂਰਜੀ ਆਕਾਰ ਵਾਲੇ ਤਾਰਿਆਂ ਨੂੰ 'ਸਧਾਰਨ ਲੜੀ' ਦੇ ਤਾਰੇ ਕਿਹਾ ਜਾਂਦਾ ਹੈ ਤੇ ਸਾਡੀ ਗਲੈਕਸੀ ਵਿਚ ਕਰੀਬ 90% 'ਸਧਾਰਨ ਲੜੀ' ਦੇ ਤਾਰੇ ਹੀ ਹਨ | ਇਨ੍ਹਾਂ ਦਾ ਸਤ੍ਹਈ ਤਾਪਮਾਨ ਭਾਵੇਂ ਕੁਝ ਹਜ਼ਾਰ ਦਰਜੇ ਹੀ ਹੁੰਦਾ ਹੈ, ਪ੍ਰੰਤੂ ਅੰਦਰੂਨੀ ਤਾਪਮਾਨ 1 ਤੋਂ 3 ਕਰੋੜ ਦਰਜੇ ਸੈਂਟੀਗ੍ਰੇਡ ਤੱਕ ਹੋ ਸਕਦਾ ਹੈ | ਬਾਕੀ ਦਸ ਪ੍ਰਤੀਸ਼ਤ ਤਾਰਿਆਂ ਵਿਚ ਵੱਡੇ ਸੰਘਣੇ ਤਾਰਾ-ਗੁੱਛੇ, ਰੰਗ ਬਦਲਦੇ ਤਾਰੇ ਜਾਂ ਬਹੁਤ ਜ਼ਿਆਦਾ ਗਰਮ ਤਾਰੇ ਹਨ ਜੋ ਨੋਵਾ ਅਤੇ ਮਹਾ-ਨੋਵਾ ਬਣ ਕੇ ਫਟਦੇ ਰਹਿੰਦੇ ਹਨ | ਨੋਵਾ ਤਾਰੇ 20 ਤੋਂ 30 ਸੂਰਜੀ-ਆਕਾਰਾਂ ਦੇ ਤੁਲ ਹੁੰਦੇ ਹਨ ਅਤੇ ਸੌ ਸੂਰਜਾਂ ਤੋਂ ਜ਼ਿਆਦਾ ਚਮਕ ਰੱਖਦੇ ਹਨ | ਮਹਾ-ਨੋਵਾ ਬਣਨ ਲੱਗਾ ਤਾਰਾ 300 ਤੋਂ 800 ਸੂਰਜਾਂ ਦਾ ਆਕਾਰ ਧਾਰਨ ਕਰ ਲੈਂਦਾ ਹੈ ਤੇ 10 ਹਜ਼ਾਰ ਸੂਰਜਾਂ ਜਿੰਨੀ ਸ਼ਕਤੀ ਪੈਦਾ ਕਰਦਾ ਹੈ |
ਤਾਰੇ ਸਾਡੇ ਸੂਰਜ ਦੇ ਹਿਸਾਬ ਨਾਲ ਤੁਰਦੇ ਵੀ ਹਨ ਅਤੇ ਆਪਣੀਆਂ ਸਥਿਤੀਆਂ ਬਦਲਦੇ ਰਹਿੰਦੇ ਹਨ | ਇਸ ਦਾ ਮਤਲਬ ਇਹ ਹੋਇਆ ਕਿ ਤਾਰਾ-ਖਿਤੀਆਂ ਦਾ ਰੂਪ ਸਦਾ ਇਕੋ ਨਹੀਂ ਰਹਿੰਦਾ | ਪਰ ਫਿਰ ਵੀ ਸਾਡੇ ਜਿਊਾਦੇ ਜੀਅ ਤੇ ਸਾਰੀ ਮਾਨਵ ਜਾਤੀ ਦੇ ਆਰੰਭ ਹੋਣ ਤੋਂ ਲੈ ਕੇ ਸ਼ਾਇਦ ਖ਼ਤਮ ਹੋਣ ਤੱਕ ਵੀ ਖਿੱਤੀਆਂ ਲਗਪਗ ਇਸੇ ਰੂਪ ਵਿਚ ਦਿਸਦੀਆਂ ਰਹਿਣਗੀਆਂ, ਕਿਉਂਕਿ ਉਨ੍ਹਾਂ ਵਿਚਲੇ ਤਾਰੇ ਸਾਥੋਂ ਬਹੁਤ ਦੂਰ ਹਨ | ਸਾਡਾ ਸੂਰਜ ਆਪਣੇ ਗ੍ਰਹਿ ਪਰਿਵਾਰ ਸਮੇਤ ਸਾਰੀ ਆਕਾਸ਼ ਗੰਗਾ ਦੇ ਧੁਰੇ ਦੁਆਲੇ ਕਰੀਬ 320 ਕਿ: ਮੀ: ਪ੍ਰਤੀ ਸੈਕਿੰਡ ਦੀ ਦਰ ਨਾਲ ਚੱਲ ਰਿਹਾ ਹੈ ਤੇ ਦੂਜੇ ਤਾਰੇ ਵੀ ਇੰਜ ਹੀ ਤੁਰਦੇ ਰਹਿੰਦੇ ਹਨ | ਜੇ ਅਸੀਂ ਸਪਤਰਿਸ਼ੀ ਤਾਰਾ-ਖਿੱਤੀ ਵੱਲ ਦੇਖੀਏ ਤਾਂ ਇਹ ਸੈਂਕੜੇ ਜਾਂ ਕੁਝ ਹਜ਼ਾਰ ਸਾਲ ਤੋਂ ਤਾਂ ਇਵੇਂ ਹੀ ਦਿਸ ਰਹੀ ਹੈ ਪਰ ਇਸਦੇ ਤਾਰੇ ਇਕ-ਦੂਜੇ ਦੇ ਹਿਸਾਬ ਨਾਲ ਇੰਜ ਟੁਰਦੇ ਹਨ ਕਿ ਇਕ ਲੱਖ ਸਾਲ ਬਾਅਦ ਇਸਦਾ ਰੂਪ ਕੁਝ ਹੋਰ ਹੀ ਹੋਵੇਗਾ | ਉਦੋਂ ਧਰਤੀ 'ਤੇ ਆਦਮੀ ਦਾ ਕਿਹੋ ਜਿਹਾ ਵਿਕਸਿਤ ਰੂਪ ਹੋਵੇਗਾ, ਪਤਾ ਨਹੀਂ ਮਨੁੱਖ ਬਚਿਆ ਵੀ ਹੋਵੇਗਾ ਕਿ ਨਹੀਂ!
ਅੱਜ ਅਸੀਂ ਇਨ੍ਹਾਂ ਸੱਤ ਤਾਰਿਆਂ ਦੀ ਖਿੱਤੀ ਬਾਰੇ ਵਿਗਿਆਨਕ ਤੌਰ 'ਤੇ ਬਹੁਤ ਕੁਝ ਜਾਣਦੇ ਹਾਂ, ਪਰੰਤੂ ਕੁਝ ਸੌ ਸਾਲ ਪਹਿਲਾਂ ਜਦੋਂ ਲੋਕ ਤਾਰਿਆਂ ਬਾਰੇ ਕਈ ਤਰਾਂ ਦੀਆਂ ਅਜੀਬੋ-ਗਰੀਬ ਧਾਰਨਾਵਾਂ ਰੱਖਦੇ ਸਨ, ਉਦੋਂ ਇਸ ਨਾਲ ਤੇ ਹੋਰ ਤਾਰਾ-ਖਿੱਤੀਆਂ ਨਾਲ ਸਾਰੇ ਵਿਸ਼ਵ ਵਿਚ ਕਈ ਕਲਪਿਤ ਤੇ ਮਿਥਿਹਾਸਕ ਕਹਾਣੀਆਂ ਜੁੜੀਆਂ ਹੋਈਆਂ ਸਨ | ਇਹ ਸੱਤ ਤਾਰੇ ਸਾਡੇ ਲਈ ਸੱਤ ਰਿਸ਼ੀ ਸਨ ਧਰੂ ਭਗਤ (ਧਰੂ ਤਾਰਾ) ਦੀ ਪਰਿਕਰਮਾ ਕਰ ਰਹੇ ਹਨ | ਧਰੂ ਇਕੋ ਸਥਾਨ 'ਤੇ ਖੜ੍ਹਾ ਭਗਵਾਨ ਦੀ ਭਗਤੀ ਵਿਚ ਲੀਨ ਹੈ ਤੇ ਸੱਤ ਰਿਸ਼ੀ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਲਗਾਤਾਰ ਪਰਿਕਰਮਾ ਕਰੀ ਜਾ ਰਹੇ ਹਨ | ਯੂਨਾਨ ਵਿਚ ਸਪਤ-ਰਿਸ਼ੀ ਖਿੱਤੀ ਨੂੰ 'ਉਰਸਾ ਮੇਜਰ' (ਮਹਾਨ ਰਿੱਛ) ਕਿਹਾ ਜਾਂਦਾ ਹੈ ਤੇ ਤਾਰਾ ਵਿਗਿਆਨ ਵਿਚ ਰੋਚਕਤਾ ਵਜੋਂ ਇਸ ਖਿਤੀ ਵਾਸਤੇ ਇਹੋ ਸ਼ਬਦ ਵਰਤਿਆ ਜਾ ਰਿਹਾ ਹੈ | ਕਹਾਣੀ ਇਹ ਹੈ ਕਿ ਕਿਸੇ ਸਮੇਂ ਅਕਾਰਦੀਆ ਵਿਚ ਲਿਕਾਉਂ ਰਾਜ ਕਰਦਾ ਸੀ | ਉਸ ਦੀ ਇਕ ਸੁੰਦਰ ਸ਼ਹਿਜਾਦੀ ਸੀ 'ਕੈਲਿਸਟੋ' | ਕੈਲਿਸਟੋ ਨੇ ਦੇਵਤਿਆਂ ਦੀ ਰਾਣੀ 'ਹੇਰਾ' ਦੇ ਪਤੀ 'ਜਿਉਸ' ਨਾਲ ਦੋਸਤੀ ਕਰਕੇ ਹੇਰਾ ਨਾਲ ਦੁਸ਼ਮਣੀ ਮੁੱਲ ਲੈ ਲਈ | ਹੇਰਾ ਨੇ ਗੁੱਸੇ ਵਿਚ ਆ ਕੇ ਕੈਲਿਸਟੋ ਨੂੰ ਸਰਾਪ ਦਿੱਤਾ ਤੇ ਉਸਨੂੰ ਰਿੱਛਣੀ ਬਣਾ ਦਿੱਤਾ | ਜਦੋਂ ਕੈਲਿਸਟੋ ਦਾ ਪੁੱਤਰ 'ਅਰਕਾਸ' ਸ਼ਿਕਾਰ ਖੇਡ ਕੇ ਵਾਪਸ ਆਇਆ ਤਾਂ ਉਸ ਨੇ ਆਪਣੇ ਬੂਹੇ ਅੱਗੇ ਰਿੱਛਣੀ ਬੈਠੀ ਦੇਖ ਕੇ ਉਸ ਦਾ ਸ਼ਿਕਾਰ ਕਰਨਾ ਚਾਹਿਆ, ਪਰ ਐਨ ਮੌਕੇ ਤੇ ਜਿਉਸ ਨੇ ਦੇਖ ਲਿਆ ਤੇ ਸਥਿਤੀ ਨੂੰ ਸੰਭਾਲਣ ਵਾਸਤੇ ਰਿੱਛਣੀ ਨੂੰ ਪੂਛ ਤੋਂ ਫੜ ਕੇ ਆਕਾਸ਼ ਵੱਲ ਵਗਾਹ ਮਾਰਿਆ | ਉਹ ਰਿੱਛਣੀ ਆਕਾਸ਼ ਵਿਚ ਇਕ ਖੂਬਸੂਰਤ ਤਾਰਾ-ਖਿਤੀ ਬਣ ਗਈ, ਜਿਸ ਨੂੰ ਅਜੇ ਵੀ 'ਮਹਾਨ ਰਿੱਛ' ਕਰਕੇ ਜਾਣਿਆ ਜਾਂਦਾ ਹੈ | ਕੈਲਿਸਟੋ ਦਾ ਕੁੱਤਾ ਵੀ ਵਫਾਦਾਰੀ ਕਾਰਨ ਮਗਰੇ ਹੀ ਚਲਾ ਗਿਆ ਤੇ ਆਕਾਸ਼ ਵਿਚ ਜੜਿਆ ਗਿਆ | ਉਸ ਨੂੰ 'ਉਰਸਾ ਮਾਈਨਰ' ਦਾ ਨਾਂਅ ਦਿੱਤਾ ਗਿਆ, ਜਿਸ ਦਾ ਸੱਤਵਾਂ ਤਾਰਾ ਧਰੂ ਤਾਰਾ ਹੈ | ਇਹ ਤਾਂ ਮਿਥਿਹਾਸਕ ਕਥਾਵਾਂ ਹਨ ਪਰ ਅਸਲੀਅਤ ਕੁਝ ਹੋਰ ਹੀ ਹੁੰਦੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ :9814348697

ਓਸਬੋਰਨ ਹਾਊਸ ਦੀ ਯਾਤਰਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦੂਜੀ ਮੰਜ਼ਿਲ : ਨਰਸਰੀ ਵਿੰਗ ਦਾ ਬਾਲ ਸੰਸਾਰ : ਇਸ ਤੋਂ ਬਾਅਦ ਅਸੀਂ ਵਿਸ਼ਾਲ ਗਰੈਂਡ ਸਟੇਅਰ ਕੇਸ ਤੋਂ ਦੂਜੀ ਮੰਜ਼ਿਲ 'ਤੇ ਬਣੇ ਬੱਚਿਆਂ ਦੇ ਕਮਰਿਆਂ ਵਾਲੇ, ਨਰਸਰੀ ਵਿੰਗ ਨੂੰ ਦੇਖਣ ਗਏ | ਰਾਜ-ਪਰਿਵਾਰ ਦੀ ਪਰੰਪਰਾ ਅਨੁਸਾਰ 6 ਸਾਲ ਦੀ ਉਮਰ ਤੱਕ ਦੇ ਬੱਚੇ ਇਸ ਮੰਜ਼ਿਲ 'ਤੇ ਰਹਿੰਦੇ ਸਨ ਅਤੇ ਇਸ ਦੇ ਹੇਠਾਂ ਪਹਿਲੀ ਮੰਜ਼ਿਲ 'ਤੇ ਮਹਾਰਾਣੀ ਅਤੇ ਪਿ੍ੰਸ-ਰਾਜ ਜੋੜੇ ਦੇ ਨਿੱਜੀ ਕਮਰੇ ਸਨ ਤਾਂ ਕਿ ਉਹ ਸੌਖਿਆਂ ਹੀ ਬੱਚਿਆਂ ਤੱਕ ਵੀ ਪਹੁੰਚ ਸਕਣ ਅਤੇ ਨਾਲ ਹੀ ਉਨ੍ਹਾਂ ਦੀ ਨਿੱਜੀ ਏਕਾਂਤਤਾ ਵੀ ਬਣੀ ਰਹੇ | ਨਰਸਰੀ ਕਮਰਿਆਂ ਵਿਚ ਅਨੇਕ ਤਰ੍ਹਾਂ ਦੇ ਕਮਰੇ ਸਨ | ਬੱਚਿਆਂ ਦਾ, ਗਵਰਨੈੱਸ ਦਾ, ਰਸੋਈ ਘਰ ਅਤੇ ਸਕੂਲ ਕਮਰੇ | ਦੀਵਾਰਾਂ 'ਤੇ ਪਰਿਵਾਰਿਕ ਫੋਟੋਗ੍ਰਾਫਸ, ਚਿੱਤਰ ਅਤੇ ਵੰਸ਼-ਦਰੱਖਤ ਵੀ ਰੋਚਕ ਢੰਗ ਪ੍ਰਦਰਸ਼ਨ ਹੈ | ਸਾਨੂੰ ਵੋਲੰਟੀਅਰ ਨੇ ਦੱਸਿਆ ਕਿ ਨਰਸੀ ਵਿੰਗ ਦੇ ਕਮਰਿਆਂ ਨੂੰ 1870 ਵਿਚ ਲਈ ਗਈ ਤਸਵੀਰ ਦੀ ਸਹਾਇਤਾ ਨਾਲ ਦੁਬਾਰਾ ਬਣਾਇਆ ਗਿਆ ਹੈ | ਨਾਲ ਹੀ, ਹੋਰ ਕਮਰਿਆਂ ਦੇ ਪੁਰਾਣੇ ਚਿੱਤਰ ਦੇਖ ਕੇ ਉਨ੍ਹਾਂ ਨੂੰ ਵੀ ਦੁਬਾਰਾ ਸਜਾਇਆ ਗਿਆ ਹੈ |
ਦੀਵਾਰ 'ਤੇ ਲੱਗੇ ਇਕ ਵੱਡੇ ਪੋਸਟਰ ਅਨੁਸਾਰ ਮਹਾਰਾਣੀ ਵਿਕਟੋਰੀਆ 'ਗ੍ਰੈਂਡਮਾਮਾ ਆਫ ਯੂਰੋਪ' (ਯੂਰਪ ਦੀਪ ਦੀ ਨਾਨੀ-ਦਾਦੀ) ਕਹਾਉਂਦੀ ਸੀ | ਉਨ੍ਹਾਂ ਦੇ ਵੰਸ਼ਜ਼ ਅਤੇ ਰਿਸ਼ਤੇਦਾਰ ਯੂਰਪ ਦੇ ਅਨੇਕਾਂ ਦੇਸ਼ਾਂ ਦੇ ਸਿੰਘਾਸਨਾਂ 'ਤੇ ਬਿਰਾਜਮਾਨ ਸਨ ਜਿਵੇਂ ਜਰਮਨੀ, ਗ੍ਰੀਸ, ਮਹਾਨ ਬਰਤਾਨੀਆ, ਨਾਰਵੇ, ਸਵੀਡਨ, ਰੂਸ, ਰੋਮਾਨੀਆ, ਡੈਨਮਾਰਕ ਅਤੇ ਸਪੇਨ |
ਪਹਿਲੀ ਮੰਜ਼ਿਲ 'ਤੇ ਵਾਪਸ : ਜਦੋਂ ਅਸੀਂ ਗ੍ਰੈਂਡ ਸਟੇਅਰ ਕੇਸ ਤੋਂ ਹੇਠਾਂ ਆ ਰਹੇ ਸੀ ਤਾਂ ਮਨ ਵਿਚ ਉਤਸੁਕਤਾ ਸੀ ਕਿ ਰਾਜ ਜੋੜੇ ਮਹਾਰਾਣੀ ਅਤੇ ਪਿ੍ੰਸ ਦੇ ਕਮਰੇ ਕਿਸ ਤਰ੍ਹਾਂ ਦੇ ਹੋਣਗੇ |
ਪਿ੍ੰਸ ਦਾ ਕੱਪੜੇ ਬਦਲਣ ਵਾਲਾ ਅਤੇ ਲਿਖਣ ਵਾਲਾ ਕਮਰਾ : ਜਿਵੇਂ ਦਾ ਕਮਰੇ ਦਾ ਨਾਂਅ ਹੈ, ਉਸ ਅਨੁਸਾਰ ਕਮਰੇ ਵਿਚ ਪਿ੍ੰਸ ਐਲਬਰਟ ਦਾ ਨਿੱਜੀ ਕੰਮਕਾਜੀ ਮੇਜ਼ ਸਜਿਆ ਹੋਇਆ ਸੀ ਅਤੇ ਦੂਜੇ ਪਾਸੇ ਵਿਸ਼ਾਲ ਕੱਪੜਿਆਂ ਦੀ ਅਲਮਾਰੀ ਵੀ ਸੀ | ਮਹਾਰਾਣੀ ਦੇ ਜਾਗਣ ਤੋਂ ਪਹਿਲਾਂ ਉਹ ਇਥੇ ਪੜ੍ਹਨ ਜਾਂ ਲਿਖਣ ਆ ਜਾਂਦੇ ਸਨ ਅਤੇ ਉਸ ਸਮੇਂ ਨੂੰ 'ਸੁਨਹਿਰੀ ਸਵੇਰ' ਕਿਹਾ ਜਾਂਦਾ ਸੀ | ਵੋਲੰਟੀਅਰ ਨੇ ਮਹਾਰਾਣੀ ਵਲੋਂ ਖ਼ੁਦ ਬਣਾਏ ਚਿੱਤਰ ਵੀ ਸਾਨੂੰ ਦਿਖਾਏ | ਪਿ੍ੰਸ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਮਹਾਰਾਣੀ ਨੇ ਇਹ ਕਮਰਾ ਅਤੇ ਪਿ੍ੰਸ ਦਾ ਨਿੱਜੀ ਬਾਥਰੂਮ ਉਨ੍ਹਾਂ ਦੀ ਯਾਦ ਵਿਚ ਜਿਉਂ ਦਾ ਤਿਉਂ ਰੱਖਿਆ ਅਤੇ ਇਥੇ ਸਾਲਾਂ ਤੱਕ ਕੋਈ ਬਦਲਾਅ ਨਹੀਂ ਕੀਤਾ ਗਿਆ |
ਮਹਾਰਾਣੀ ਦਾ ਬੈਠਣ ਵਾਲਾ ਕਮਰਾ (ਬੈਠਕ) : ਮਹਾਰਾਣੀ ਦੀ ਬੈਠਕ ਦੀਆਂ ਵਿਸ਼ਾਲ ਖਿੜਕੀਆਂ ਤੋਂ ਬਾਹਰ ਟੈਰਸਿਸ ਅਤੇ ਪਾਰਕਲੈਂਡ ਦੇ ਸੁੰਦਰ ਦਿ੍ਸ਼ ਦਿਸਦੇ ਹਨ | ਮਹਾਰਾਣੀ ਅਤੇ ਪਿ੍ੰਸ ਦੇ ਦੋ ਕੰਮਕਾਜੀ ਮੇਜ਼ ਜਾਂ ਲਿਖਣ ਵਾਲੇ ਮੇਜ਼ ਨਾਲ-ਨਾਲ ਰੱਖੇ ਗਏ ਸਨ ਤਾਂ ਕਿ ਉਹ ਦੋਵੇਂ ਇਕੱਠੇ ਕੰਮ ਕਰ ਸਕਣ | ਇਸ ਤੋਂ ਉਨ੍ਹਾਂ ਦੇ ਰਿਸ਼ਤੇ ਦੀ ਨੇੜਤਾ ਵੀ ਸਪੱਸ਼ਟ ਝਲਕਦੀ ਹੈ |
ਮਹਾਰਾਣੀ ਦਾ ਤਿਆਰ ਹੋਣ ਵਾਲਾ ਕਮਰਾ : ਉਤਸੁਕਤਾ ਨਾਲ ਅਸੀਂ ਮਹਾਰਾਣੀ ਵਿਕਟੋਰੀਆ ਦੇ ਤਿਆਰ ਹੋਣ ਵਾਲੇ ਕਮਰੇ ਵਿਚ ਦਾਖਲ ਹੋਏ | ਇਕ ਪਾਸੇ ਮਿਨਟਨ ਪੋਰਸਲੇਨ ਦਾ ਫਿਰੋਜ਼ੀ ਸਜਾਣ ਵਾਲਾ ਮੇਜ਼ ਸੈੱਟ ਸਜਿਆ ਸੀ ਜੋ ਉਨ੍ਹਾਂ ਦੇ ਪਤੀ ਪਿ੍ੰਸ ਐਲਬਰਟ ਨੇ ਉਨ੍ਹਾਂ ਨੂੰ 1853 ਵਿਚ ਕ੍ਰਿਸਮਸ ਮੌਕੇ ਤੋਹਫ਼ੇ ਵਜੋਂ ਦਿੱਤਾ ਸੀ | ਕਲਪਨਾ ਦੇ ਸੰਸਾਰ ਵਿਚ ਜਾ ਕੇ ਮੈਂ ਦੇਖਿਆ ਕਿ ਵੱਖ-ਵੱਖ ਮੌਕਿਆਂ ਅਨੁਸਾਰ ਇਕ ਹੀ ਦਿਨ ਵਿਚ ਮਹਾਰਾਣੀ ਅਨੇਕ ਵਾਰ ਕੱਪੜੇ ਬਦਲਦੀ ਸੀ | ਏਨੇ ਸਾਰੇ ਕੱਪੜੇ ਅਤੇ ਸਹਾਇਕ ਔਰਤਾਂ ਹੁੰਦੇ ਹੋਏ ਵੀ ਇਹ ਕੋਈ ਸੌਖਾ ਕੰਮ ਨਹੀਂ ਸੀ—ਲੰਬੀ ਭਾਰੀ ਗਾਊਨ, ਉਨ੍ਹਾਂ ਦੀਆਂ ਅਨੇਕਾਂ ਤਹਿਆਂ ਅਤੇ ਨਾਲ ਮਿਲਦੇ ਗਹਿਣੇ |
ਮਹਾਰਾਣੀ ਦਾ ਸੌਣ ਵਾਲਾ ਕਮਰਾ : ਕੁਝ ਦੇਰ ਬਾਅਦ ਅਸੀਂ ਜਾਣਨ ਦੀ ਇੱਛਾ ਨਾਲ ਮਹਾਰਾਣੀ ਵਿਕਟੋਰੀਆ ਦੇ ਸੌਣ ਵਾਲੇ ਕਮਰੇ ਵਿਚ ਗਏ | ਕਿਉਂਕਿ ਅਸੀਂ ਦੇਖਣਾ ਚਾਹੁੰਦੇ ਸੀ ਕਿ ਉਸ ਸਮੇਂ ਵਿਚ ਵਿਸ਼ਵ ਦੇ ਅਨੇਕਾਂ ਦੇਸ਼ਾਂ ਅਤੇ ਬਰਤਾਨਵੀ ਸਾਮਰਾਜ ਦੀ ਮਹਾਰਾਣੀ ਦਾ ਸੌਣ ਵਾਲਾ ਕਮਰਾ ਕਿਸ ਤਰ੍ਹਾਂ ਦਾ ਹੋਵੇਗਾ | ਸਾਧਾਰਨ, ਔਸਤ ਸਾਈਜ਼ ਦੇ ਕਮਰੇ ਨੂੰ ਦੇਖ ਕੇ ਸਾਨੂੰ ਹੈਰਾਨੀ ਹੋਈ ਕਿ ਮਹਾਰਾਣੀ ਦਾ ਸੁਭਾਅ ਸਹਿਜ ਅਤੇ ਸਾਧਾਰਨ ਸੀ | ਛੋਟੇ ਪਿ੍ੰਟ ਵਾਲੇ ਪਰਦੇ ਅਤੇ ਨਾਲ ਮਿਲਦੇ 'ਬੈੱਡ ਹੈਂਗਿੰਗ', ਮਹਾਨ ਚਿੱਤਰ ਅਤੇ ਸਾਰਿਆਂ ਪਾਸਿਆਂ ਤੋਂ ਸਜੀਆਂ ਮੁੱਲਵਾਨ ਵਸਤੂਆਂ, ਕਮਰੇ ਨੂੰ ਰਾਜਸੀ ਦਿਖ ਪ੍ਰਦਾਨ ਕਰ ਰਹੀਆਂ ਸਨ |
ਚਾਰ ਪੋਸਟਰ ਸੁੰਦਰ ਪਲੰਘ ਦੇ ਉੱਪਰ ਵਲ ਕਾਂਸੇ ਦੀ ਸਮਾਰਕ ਪੱਟੀ ਲੱਗੀ ਹੋਈ ਸੀ | ਮਹਾਰਾਣੀ ਦੇ ਸੰਸਾਰ ਤੋਂ ਜਾਣ 'ਤੇ ਇਥੇ ਪਰਿਵਾਰ ਲਈ ਇਕ ਪੂਜਾ ਵਾਲੀ ਥਾਂ ਬਣਾਈ ਗਈ ਸੀ ਜੋ ਪਰਿਵਾਰਕ ਪੂਜਾ ਸਥਲ ਕਹਾਉਂਦਾ ਸੀ | ਫਿਰ 50 ਸਾਲਾਂ ਤੋਂ ਵੀ ਬਾਅਦ ਵਰਤਮਾਨ ਮਹਾਰਾਣੀ ਐਲਿਜ਼ਾਬੈਥ ਦੂਜੀ ਨੇ ਇਸ ਕਮਰੇ ਨੂੰ ਜਨਤਕ ਰੂਪ ਵਿਚ ਖੋਲ੍ਹਣ ਦੀ ਆਗਿਆ ਦੇ ਦਿੱਤੀ |
ਟਾਈਮ ਮਸ਼ੀਨ ਵਿਚ ਸਵਾਰ ਮੈਂ ਆਪਣੇ-ਆਪ ਨੂੰ 22 ਜਨਵਰੀ 1901 ਵਿਚ ਮਹਿਸੂਸ ਕੀਤਾ ਜਦੋਂ ਮਹਾਰਾਣੀ ਵਿਕਟੋਰੀਆ ਆਪਣੀ ਆਖਰੀ ਸਾਹ ਲੈ ਰਹੀ ਸੀ | ਫੋਰ ਪੋਸਟਰ ਪਲੰਘ ਦੇ ਚਾਰੇ ਪਾਸੇ ਉਨ੍ਹਾਂ ਦੇ ਪਰਿਵਾਰ ਵਾਲੇ ਖੜ੍ਹੇ ਸਨ | ਤਦੇ ਉਨ੍ਹਾਂ ਦੇ ਪਸੰਦੀਦਾ ਹਿੰਦੁਸਤਾਨੀ ਫੁਟਮੈਨ ਅਬਦੁਲ ਕਰੀਮ ਨੂੰ ਵੀ ਅੰਦਰ ਬੁਲਾਇਆ ਅਤੇ ਉਸ ਦੇ ਨਾਲ ਅਨੇਕ ਪਲ ਬਿਤਾਏ |
24 ਜਨਵਰੀ, ਦੋ ਦਿਨ ਬਾਅਦ ਮਹਾਰਾਣੀ ਦੇ ਮਿ੍ਤ ਸਰੀਰ ਦਾ ਅਲੌਕਿਕ ਵਾਟਰ ਕਲਰ ਦਾ ਚਿੱਤਰ ਬਣਾਇਆ ਗਿਆ, ਜਿਸ ਵਿਚ ਉਨ੍ਹਾਂ ਨੇ ਵਿਆਹ ਵਾਲੇ ਕੱਪੜੇ ਨਾਲ ਘੁੰਡ ਕੱਢਿਆ ਹੋਇਆ ਸੀ ਜਿਸ 'ਤੇ ਚਿੱਟੀ ਲਿਲੀ ਦੇ ਫੁੱਲ ਸੱਜੇ ਹੋਏ ਸਨ |
ਉਦੋਂ ਸਾਡਾ 'ਓਸਬੋਰਨ ਹਾਊਸ ਦੇ ਪੈਵੀਲੀਅਨ' ਦਾ ਦੌਰਾ ਖ਼ਤਮ ਹੋਇਆ ਜਿਸ ਦੇ ਹਰ ਮੋੜ 'ਤੇ ਲਗਦਾ ਸੀ ਜਿਵੇਂ ਅਸੀਂ ਮਹਾਰਾਣੀ ਵਿਕਟੋਰੀਆ ਦੇ ਯੁੱਗ ਵਿਚ ਦਾਖਲ ਹੋ ਗਏ ਹੋਈਏ | ਚਾਹੇ ਉਹ ਲਲਿਤਪੂਰਨ ਤਿੰਨ ਮਨੋਰੰਜਕ ਕਮਰੇ ਹੋਣ, ਰਾਜ ਜੋੜੇ ਦੇ ਕਮਰੇ ਹੋਣ ਜਾਂ ਰਾਜਸੀ ਨਰਸਰੀ ਵਾਲੇ ਕਮਰੇ ਹੋਣ | (ਸਮਾਪਤ)

seemaanandchopra@gmail.com

ਭੁੱਲੀਆਂ ਵਿਸਰੀਆਂ ਯਾਦਾਂ

ਲੋਕ ਲਿਖਾਰੀ ਸਭਾ ਅੰਮਿ੍ਤਸਰ ਵਲੋਂ ਆਪਣੇ ਇਕ ਸਾਲਾਨਾ ਪ੍ਰੋਗਰਾਮ ਵਿਚ ਸਨਮਾਨ ਕਰਨ ਲਈ ਜੰਮੂ-ਕਸ਼ਮੀਰ ਤੋਂ ਸ: ਸਰਨ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਸੀ | ਤਸਵੀਰ ਵਿਚ ਸ: ਪਿਆਰਾ ਸਿੰਘ ਨਿਊਜ਼ ਏਜ਼ ਬੁੱਕ ਸੈਂਟਰ ਤੇ ਡਾ: ਕਰਨੈਲ ਸਿੰਘ ਥਿੰਦ ਉਨ੍ਹਾਂ ਦਾ ਸਨਮਾਨ ਕਰ ਰਹੇ ਸਨ | ਸਭਾ ਵਲੋਂ ਅਜਿਹੇ ਪ੍ਰੋਗਰਾਮਾਂ 'ਤੇ ਸਨਮਾਨ ਬੜੇ ਉਤਸ਼ਾਹ ਨਾਲ ਕੀਤੇ ਜਾਂਦੇ ਸਨ |

-ਮੋਬਾਈਲ : 98767-41231

ਕਿੱਸੇ ਝੂਠ ਦੇ

ਹਰ ਇਕ ਧਰਮ ਤੇ ਸਮਾਜ ਕਹਿੰਦਾ ਹੈ ਕਿ ਸਦਾ ਸੱਚ ਬੋਲੋ, ਝੂਠ ਤੋਂ ਬਚੋ | ਲੋਕਾਂ ਨਾਲ ਪਿਆਰ ਤੇ ਹਮਦਰਦੀ ਨਾਲ ਰਹੋ | ਸਾਡੇ ਦੇਸ਼ ਦੇ ਕੌਮੀ ਕਥਨ 'ਸਤਿਆ ਮੇਵ ਜਯਤੇ' ਦਾ ਮਤਲਬ ਹੈ ਕਿ ਸਚਾਈ ਦੀ ਹਮੇਸ਼ਾ ਜਿੱਤ ਹੁੁੰਦੀ ਹੈ | ਇਹ ਸਾਰੀਆਂ ਗੱਲਾਂ ਠੀਕ ਹਨ ਪਰ ਹਕੀਕਤ ਕੀ ਹੈ?
ਹਕੀਕਤ ਇਹ ਹੈ ਕਿ ਸਾਨੂੰ ਬਚਪਨ ਤੋਂ ਹੀ ਸਦਾਚਾਰ ਦੇ ਸਾਏ ਵਿਚ ਝੂਠ ਬੋਲਣਾ ਸਿਖਾਇਆ ਜਾਂਦਾ ਹੈ | ਜਦੋਂ ਛੋਟੇ-ਛੋਟੇ ਬੱਚੇ ਅਪਣੇ ਮਾਂ-ਬਾਪ ਨਾਲ ਕਿਸੇ ਦੇ ਘਰ ਜਾਣ ਲੱਗਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਸਮਝਾਇਆ ਜਾਂਦਾ ਹੈ ਕਿ ਉਥੇ ਜੇਕਰ ਖਾਣ ਨੂੰ ਕੁਝ ਦਿੱਤਾ ਜਾਵੇਗਾ ਤਾਂ ਫਟਾਫਟ ਖਾਣਾ ਸ਼ੁਰੂ ਨਾ ਹੋ ਜਾਣਾ | ਅੱਵਲ ਤਾਂ ਨਾਂਹ ਕਰ ਦੇਣਾ ਜਾਂ ਫਿਰ ਥੋੜ੍ਹਾ ਬਹੁਤਾ ਖਾ ਲੈਣਾ | ਬੱਚਿਆਂ ਦਾ ਤਾਂ ਦਿਲ ਕਰਦਾ ਹੈ ਕਿ ਸਮੋਸਿਆਂ ਤੇ ਮਠਿਆਈਆਂ 'ਤੇ ਟੁੱਟ ਕੇ ਪੈ ਜਾਣ ਪਰ ਮਾਂ ਬਾਪ ਦੀ ਸਿੱਖਿਆ ਹੈ ਜੋ ਸਮਾਜਿਕ ਸਦਾਚਾਰ ਦਾ ਹਿੱਸਾ ਹੈ | ਬੱਚੇ ਬਿਨਾਂ ਕੁਝ ਖਾਧੇ ਹੀ ਘਰ ਆ ਜਾਂਦੇ ਹਨ | ਇਥੇ ਹੀ ਬਸ ਨਹੀਂ, ਕਈ ਵਾਰੀ ਮਾਂ-ਬਾਪ ਦਾ ਕਿਸੇ ਨੂੰ ਮਿਲਣ ਦਾ ਦਿਲ ਨਹੀਂ ਕਰਦਾ | ਸੋ, ਛੋਟੇ ਜਿਹੇ ਬੱਚੇ ਨੂੰ ਬਾਹਰ ਭੇਜਦੇ ਹਨ ਕਿ ਜਾ ਕਹਿ ਦੇ 'ਪਾਪਾ ਘਰ ਨਹੀਂ' | ਪਰ ਜੇ ਬੱਚਾ ਆਪਣੀ ਮਾਸੂਮੀਅਤ ਵਿਚ ਇਹ ਕਹਿ ਆਏ, 'ਪਾਪਾ ਕਹਿੰਦੇ ਹਨ ਕਿ ਉਹ ਘਰ ਨਹੀਂ ਹਨ' ਤਾਂ ਬਸ ਫਿਰ ਬੱਚੇ ਦੀ ਲਗਦੀ ਹੈ ਕਲਾਸ | 'ਬੇਵਕੂਫ ਤੈਨੂੂੰੰ ਠੀਕ ਤਰ੍ਹਾਂ ਝੂਠ ਵੀ ਨਹੀਂ ਬੋਲਣਾ ਆਉਂਦਾ' ਤੇ ਫਿਰ ਸਿਖਾਇਆ ਜਾਂਦਾ ਹੈ ਝੂਠ ਬੋਲਣ ਦਾ ਸਹੀ ਤਰੀਕਾ |
ਜਦੋਂ ਬੱਚੇ ਥੋੜੇ ਵੱਡੇ ਹੁੰਦੇ ਹਨ ਤੇ ਸਕੂਲਾਂ ਵਿਚ ਜਾਂਦੇ ਹਨ ਤਾਂ ਉਸਤਾਦ ਉਨ੍ਹਾਂ ਦੇ ਸੱਚ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦੇ | ਜੇ ਬੱਚਾ ਜੋ ਇਕ-ਦੋ ਦਿਨ ਸਕੂਲ ਨਹੀਂ ਆਇਆ ਤੇ ਅਧਿਆਪਕ ਦੇ ਪੁੱਛਣ 'ਤੇ ਕਹੇ ਕਿ 'ਮੇਰਾ ਦਿਲ ਨਹੀਂ ਕਰਦਾ ਸੀ ਸਕੂਲ ਆਉਣ ਨੂੰ ' ਤਾਂ ਸ਼ੂੂਰੂ ਹੋ ਜਾਏਗੀ ਡਾਂਟ ਤੇ ਫਿਟਕਾਰ | ਪਰ ਜੇ ਉਹ ਝੂਠ ਬੋਲ ਕੇ ਕਹੇ 'ਮੈਡਮ ਜੀ ਮੈਂ ਬਹੁਤ ਬਿਮਾਰ ਹੋ ਗਿਆ ਸੀ' ਤਾਂ ਮੈਡਮ ਨੇ ਕੁਝ ਨਹੀਂ ਕਹਿਣਾ | ਸੋ, ਬਚਾ ਲਿਆ ਝੂਠ ਨੇ ਉਸ ਨੂੰ ਡਾਂਟ ਤੋਂ |
ਫਿਰ ਜਦੋਂ ਬੱਚੇ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਦੇ ਹਨ ਤਾਂ ਕੁਦਰਤੀ ਹੈ ਕੁੜੀਆਂ ਤੇ ਮੁੰਡਿਆਂ ਵਿਚ ਇਕ-ਦੂਜੇ ਲਈ ਆਕਰਸ਼ਣ ਵਧਦਾ ਹੈ ਤੇ ਕਈ ਵਾਰੀ ਦੋਸਤੀਆਂ ਵੀ ਪੈ ਜਾਂਦੀਆਂ ਹਨ ਪਰ ਲੁਕ-ਛਿੱਪ ਕੇ ਤੇ ਝੂਠ ਬੋਲ ਕੇ ਤੇ ਅੱਜਕਲ੍ਹ ਮੋਬਾਈਲ ਫੋਨ ਦੇ ਕਾਰਨ ਤਾਂ ਮਾਂ-ਬਾਪ ਨੂੰ ਇਹ ਪਤਾ ਲੱਗਣਾ ਹੀ ਮੁਸ਼ਕਿਲ ਹੈ ਕਿ ਉਨ੍ਹਾਂ ਦੀ ਬੇਟੀ ਜਾਂ ਬੇਟੇ ਦੀ ਦੋਸਤੀ ਕਿਸ ਦੇ ਨਾਲ ਚਲ ਰਹੀ ਹੈ | ਪਰ ਜੇ ਕੋਈ ਲੜਕਾ ਜਾਂ ਖਾਸ ਕਰਕੇ ਲੜਕੀ ਆਪਣੇ ਮਾਂ-ਬਾਪ ਨਾਲ ਇਹ ਗੱਲ ਸਾਂਝੀ ਕਰ ਲੈਂਦੀ ਹੈ ਤਾਂ ਘਰ ਵਿਚ ਤੂਫਾਨ ਉਠ ਖੜ੍ਹਦਾ ਹੈ | ਉਸ ਦੀ ਰੱਜ ਕੇ ਲਾਹ-ਪਾਹ ਕੀਤੀ ਜਾਂਦੀ ਹੈ | ਉਸ ਨੂੰ ਘਰ ਵਿਚ ਬੰਦ ਕਰਨ ਤੇ ਮੋਬਾਈਲ ਖੋਹਣ ਦਾ ਡਰਾਵਾ ਦਿੱਤਾ ਜਾਂਦਾ ਹੈ | ਕਈ ਘਰਾਂ ਵਿਚ ਤਾਂ ਕੁੱਟ -ਮਾਰ ਦੀ ਨੌਬਤ ਵੀ ਆ ਜਾਂਦੀ ਹੈ | ਪਰ ਕਦੇ ਵੀ ਕਿਸੇ ਮਾਂ-ਬਾਪ ਨੇ ਪਿਆਰ ਨਾਲ ਆਪਣੇ ਬੱਚੇ ਨੂੰ ਨਹੀਂ ਸਮਝਾਇਆ ਕਿ ਇਸ ਉਮਰ ਵਿਚ ਆਕਰਸ਼ਣ ਸੁਭਾਵਿਕ ਹੈ ਪਰ ਹਾਲੀ ਉਸ ਦੀ ਉਮਰ ਨਿਆਣੀ ਹੈ ਤੇ ਪੜ੍ਹਾਈ ਵੀ ਪੂਰੀ ਨਹੀਂ ਹੋਈ | ਪਹਿਲਾਂ ਸਿਆਣੀ ਹੋ ਜਾਵੇ, ਪੜ੍ਹਾਈ ਖਤਮ ਕਰ ਲਵੇ ਫਿਰ ਗੱਲਬਾਤ ਕੀਤੀ ਜਾ ਸਕਦੀ ਹੈ | ਸੋ, ਮਾਂ-ਬਾਪ ਅਣਜਾਣੇ ਵਿਚ ਹੀ ਬੱਚੇ ਨੂੰ ਝੂਠ ਵਲ ਧੱਕ ਦਿੰਦੇ ਹਨ |
ਹੁਣ ਚੱਲੀਏ ਪਰਿਵਾਰਾਂ ਵੱਲ | ਪਰਿਵਾਰ ਵਿਚ ਚੰਗੀ ਉਮਰ ਦੇ ਸਮਝਦਾਰ ਮੈਂਬਰਾਂ ਵਲੋਂ ਸੈਂਕੜੇ ਝੂਠ ਬੋਲੇ ਜਾਂਦੇ ਹਨ | ਕਈ ਵਾਰੀ ਤਾਂ ਘਰ ਵਿਚ ਸ਼ਾਂਤੀ ਬਣਾਈ ਰੱਖਣ ਲਈ, ਕਈ ਬੱਚਿਆਂ ਦੀਆਂ ਗ਼ਲਤੀਆਂ 'ਤੇ ਪਰਦਾ ਪਾਉਣ ਲਈ ਜਾਂ ਪਰਿਵਾਰ ਦੀ ਸਮਾਜ ਵਿਚ ਝੂਠੀ ਇੱਜ਼ਤ ਕਾਇਮ ਰੱਖਣ ਲਈ ਝੂਠ 'ਤੇ ਝੂਠ ਬੋਲੇ ਜਾਂਦੇ ਹਨ | ਪਰ ਬਹੁਤੀ ਵਾਰ ਅਪਣੇ ਫਾਇਦੇ ਲਈ ਜਾਂ ਫਿਰ ਪਰਿਵਾਰ ਦੇ ਦੂਸਰੇ ਮੈਂਬਰਾਂ ਦਾ ਨੁਕਸਾਨ ਕਰਨ ਲਈ ਵਾਧੂ ਝੂਠ ਬੋਲੇ ਜਾਂਦੇ ਹਨ | ਕਈ ਗ਼ਲਤ-ਫਹਿਮੀਆਂ ਪੈਦਾ ਕੀਤੀਆਂ ਜਾਂਦੀਆਂ ਹਨ |
ਹੁਣ ਵੇਖੀਏ ਦਫ਼ਤਰਾਂ ਨੂੰ | ਬੌਸ ਨੂੰ ਖੁਸ਼ ਕਰਨ ਲਈ ਤੇ ਜਲਦੀ ਤਰੱਕੀ ਲੈਣ ਲਈ ਝੂਠੀ ਚਾਪਲੂਸੀ ਦੇ ਪੁਲ ਬੰਨ੍ਹੇ ਜਾਂਦੇ ਹਨ | ਰਿਸ਼ਵਤ ਲੈਣ ਲਈ ਆਮ ਲੋਕਾਂ ਦੇ ਜਾਇਜ਼ ਕੰਮਾਂ ਲਈ ਵੀ ਆਮ ਲੋਕਾਂ ਨੂੰ ਝੂਠ ਦੇ ਗਧੀਗੇੜ ਵਿਚ ਪਾ ਕੇ ਦਫਤਰ ਦੇ ਚੱਕਰ ਲਾਉੇਣ 'ਤੇ ਮਜਬੂਰ ਕੀਤਾ ਜਾਂਦਾ ਹੈ | ਕੋਰਟ ਕਚਹਿਰੀਆਂ ਦੀ ਗੱਲ ਨਾ ਕਰਨਾ ਝੂਠ ਦੀ ਦੁਨੀਆ ਦੇ ਇਕ ਅਹਿਮ ਸਚਾਈ ਨੂੰ ਨਜ਼ਰਅੰਦਾਜ਼ ਕਰਨਾ ਹੈ | ਕਹਿੰਦੇ ਹਨ ਕਾਨੂੰਨ ਅੰਨ੍ਹਾ ਹੈ | ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੈ | ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ | ਪਰ ਇਥੇ ਵੀ ਕਈ ਵਾਰ ਸੱਚ ਝੂਠ ਦਾ ਮੁਹਤਾਜ਼ ਹੋ ਜਾਂਦਾ ਹੈ | ਝੂਠੇ ਹਲਫੀਆ ਬਿਆਨ ਤੇ ਗਵਾਹੀਆਂ ਦੇ ਸਿਰ 'ਤੇ ਮੁਕੱਦਮੇ ਕੀਤੇ 'ਤੇ ਜਿੱਤੇ ਵੀ ਜਾਂਦੇ ਹਨ |
...ਤੇ ਹੁਣ ਆਈਏ ਰਾਜਨੀਤੀ ਵੱਲ | ਇਕ ਮੰਨੇ-ਪ੍ਰਮੰਨੇ ਰਾਜਨੀਤਕ ਆਗੂ ਦਾ ਕਹਿਣਾ ਹੈ ਕਿ ਰਾਜਨੀਤੀ ਖਲਨਾਇਕਾਂ ਦੀ ਖੇਡ ਹੈ | ਇਥੇ ਤਾਂ ਪੂਰੇ ਹੀ ਝੂਠ ਤੇ ਛਲ ਦਾ ਬੋਲ ਬਾਲਾ ਹੈ | ਝੂਠੇ ਵਾਅਦੇ, ਝੂਠੇ ਦਿਲਾਸੇ ਤੇ ਝੁੂਠੇ ਸੁਪਨੇ ਦਿਖਾ ਕੇ ਵੋਟਾਂ ਲੈਣ ਲਈ ਹਰ ਨੇਤਾ ਇਕ-ਦੂਜੇ ਤੋਂ ਅੱਗੇ ਹੈ | ਵੋਟਾਂ ਲਈ ਪੈਸੇ, ਜਾਤਪਾਤ ਤੇ ਧਰਮ ਤੇ ਝੂਠ ਦਾ ਸਹਾਰਾ ਲਿਆ ਜਾਂਦਾ ਹੈ | ਪਰ ਝੂਠ ਸਭ ਤੋਂ ਅੱਗੇ ਹੈ | ਝੂਠੇ ਬਿਆਨ, ਝੂਠੀਆਂ ਤੇ ਮਨਘੜਤ ਖ਼ਬਰਾਂ, ਮਿਲਾਵਟੀ ਆਂਕੜੇ ਟੀ. ਵੀ. ਤੇ ਸੋਸ਼ਲ ਮੀਡੀਆ 'ਤੇ ਵਾਰ-ਵਾਰ ਦਿਖਾਏ ਜਾਂਦੇ ਹਨ | ਰਾਜਨੀਤੀ ਵਿਚ ਝੂਠ ਦੀ ਕੋਈ ਸੀਮਾ ਨਹੀਂ | ਤਿਰੰਗੇ ਤੇ ਰਾਸ਼ਟਰੀ ਚਿੰਨ੍ਹ 'ਸਤਿਆ ਮੇਵ ਜਯਤੇ' ਦੇ ਹੇਠ ਖੜੇ੍ਹ ਹੋ ਕੇ ਛਾਤੀ ਠੋਕ ਕੇ ਝੂਠ 'ਤੇ ਝੂਠ ਬੋਲਿਆ ਜਾਂਦਾ ਹੈ | ਵੋੋਟਰ ਨੂੰ ਹਰ ਇਕ ਨੇਤਾ ਸਮਝਦਾਰ ਤੇ ਸਿਆਣਾ ਆਖਦਾ ਹੈ | ਪਰ ਇਸ ਵਿਚ ਵੀ ਝੂਠ ਲੁਕਿਆ ਹੈ ਕਿਉਂਕਿ ਹਰ ਨੇਤਾ ਜਾਣਦਾ ਹੈ ਕਿ ਜ਼ਿਆਦਾਤਰ ਵੋਟਰ ਲੋੜਵੰਦ, ਸਿੱਧੇ-ਸਾਦੇ ਭਾਵੁਕ ਤੇ ਅਨਪੜ੍ਹ ਆਮ ਲੋਕ ਹਨ ਜੋ ਰਾਜਨੀਤਕ ਮਕੜੀ ਦੇ ਬੁਣੇ ਝੂਠੇ ਜਾਲ ਵਿਚ ਫਸ ਜਾਂਦੇ ਹਨ ਤੇ ਝੂਠ ਨੂੰ ਸੱਚ ਮੰਨ ਕੇ ਵੋਟਾਂ ਪਾ ਦਿੰਦੇ ਹਨ |
ਹੁਣ ਕਰੀਏ ਤਾਂ ਕੀ ਕਰੀਏ | ਅਸੀਂ ਕੋਸ਼ਿਸ਼ ਕਰਨ ਦੇ ਬਾਬਜੂਦ ਸਮਾਜ ਨੂੰ 'ਝੂਠ ਮੁਕਤ' ਨਹੀਂ ਬਣਾ ਸਕਦੇ ਕਿਉਂਕਿ ਝੂਠ ਦੀਆਂ ਜੜ੍ਹਾਂ ਬਹੁਤ ਡੂੰਘੀਆਂ, ਮਜ਼ਬੂਤ ਤੇ ਫੈਲੀਆਂ ਹੋਈਆਂ ਹਨ | ਸੱਚ ਇਹ ਵੀ ਹੈ ਕਿ ਬਹੁਤੇ ਲੋਕਾਂ ਦੀਆਂ ਅੱਖਾਂ ਸੱਚ ਦੀ ਰੌਸ਼ਨੀ ਅਗੇ ਚੁੰਧਿਆ ਜਾਂਦੀਆਂ ਹਨ ਤੇ ਉਹ ਸੱਚ ਬਰਦਾਸ਼ਤ ਹੀ ਨਹੀਂ ਕਰ ਸਕਦੇ | ਆਖਿਰ ਵਿਚ ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਝੂਠ ਕਿਉਂ ਬੋਲਦੇ ਹਾਂ | ਕਿਸੇ ਚੰਗੇ ਕੰਮ ਲਈ ਬੋਲਦੇ ਹਾਂ ਜਾਂ ਫਿਰ ਮਾੜੇ ਕੰਮ ਲਈ? ਲੜਾਈ ਝਗੜੇ ਕਰਵਾਉਣ ਤੇ ਨਫਰਤ ਵਧਾਉਣ ਲਈ ਜਾਂ ਇਨਸਾਨੀਅਤ ਦਾ ਗਲਾ ਘੁੱਟਣ ਲਈ? ਕੀ ਸਾਡੀ ਅੰਤਰ ਆਤਮਾ ਬਿਲਕੁਲ ਹੀ ਮਰ ਚੁੱਕੀ ਹੈ ਜਾਂ ਫਿਰ ਸੁੱਤੀ ਹੋਈ ਹੈ ਜਦ ਝੂਠ ਬੋਲਿਆ ਜਾਂਦਾ ਹੈ? ਤੇ ਜਦੋਂ ਇਹ ਆਤਮਾ ਜਾਗ ਪੈਂਦੀ ਹੈ ਤਾਂ ਫਿਰ ਅਸੀਂ ਆਪਣੇ ਆਪ ਨੂੰ ਅਪਰਾਧੀ ਸਮਝ ਕੇ ਅੰਦਰ ਹੀ ਅੰਦਰ ਕਿਉਂ ਘੁਲਦੇ ਰਹਿੰਦੇ ਹਾਂ? ਇਹ ਸੁਆਲ ਹਰ ਇਨਸਾਨ ਨੂੰ ਅਪਣੇ-ਆਪ ਤੋਂ ਪੁੱਛਣੇ ਚਾਹੀਦੇ ਹਨ | ਸ਼ਾਇਦ ਠੀਕ ਜਵਾਬ ਮਿਲ ਜਾਵੇ |

# 46 ਕਰਤਾਰਪੁਰ, ਡਾਕਖਾਨਾ ਸੂਲਰ , ਪਟਿਆਲਾ | ਫੋਨ : 95015-31277.

ਪਾਲੀਵੁੱਡ ਝਰੋਖਾ: ਪਾਲੀਵੁੱਡ ਦਾ ਸੁਪਰ ਸਟਾਰ : ਵਰਿੰਦਰ

ਵਰਿੰਦਰ ਨਾਲ ਮੇਰੀ ਜਾਣ-ਪਛਾਣ ਸਰਦਾਰ ਭਾਗ ਸਿੰਘ ਦੇ ਮਾਧਿਅਮ ਰਾਹੀਂ ਹੋਈ ਸੀ, ਭਾਗ ਸਿੰਘ ਉਸ ਵੇਲੇ ਪੰਜਾਬ ਸਰਕਾਰ ਦੇ ਡਰਾਮਾ ਵਿਭਾਗ 'ਚ ਕੰਮ ਕਰਦੇ ਹੁੰਦੇ ਸਨ | ਵਰਿੰਦਰ ਉਨ੍ਹਾਂ ਦੇ ਕੋਲ ਅਭਿਨੈ ਤੋਂ ਲੈ ਕੇ ਪਟਕਥਾ ਲਿਖਣ ਦੇ ਨੁਕਤੇ ਸਮਝਣ ਲਈ ਅਕਸਰ ਆਇਆ ਕਰਦਾ ਸੀ |
ਭਾਗ ਸਿੰਘ ਹੁਰਾਂ ਪ੍ਰਤੀ ਵਰਿੰਦਰ ਦੀ ਇੰਨੀ ਨਿਸ਼ਠਾ ਸੀ ਕਿ ਉਹ ਹਰ ਹਫ਼ਤੇ ਆਪਣੇ ਮੋਟਰ ਸਾਈਕਲ 'ਤੇ ਫਗਵਾੜੇ ਤੋਂ ਚੰਡੀਗੜ੍ਹ ਦੇ ਸੈਕਟੇਰੀਏਟ ਪਹੁੰਚਦਾ ਅਤੇ ਕਈ ਵਾਰ ਦੋ-ਦੋ ਘੰਟੇ ਬਾਹਰ ਖੜ੍ਹਾ ਹੋ ਕੇ ਭਾਗ ਸਿੰਘ ਦੇ ਦਫਤਰ 'ਚੋਂ ਵਿਹਲੇ ਹੋ ਕੇ ਆਉਣ ਦਾ ਇੰਤਜ਼ਾਰ ਕਰਦਾ ਰਹਿੰਦਾ | ਭਾਗ ਸਿੰਘ ਹੁਰਾਂ ਦੀ ਇਕ ਪੱਕੀ ਆਦਤ ਸੀ, ਉਹ ਦਫਤਰ ਤੋਂ ਆਪਣੇ ਘਰ ਤੱਕ ਪੈਦਲ ਆਇਆ ਕਰਦੇ ਸਨ | ਵਰਿੰਦਰ ਵੀ ਉਨ੍ਹਾਂ ਦੇ ਨਾਲ ਤੁਰ ਪੈਂਦਾ ਅਤੇ ਆਪਣੇ ਮੋਟਰਸਾਈਕਲ ਨੂੰ ਵੀ ਨਾਲ ਹੀ ਖਿਚਦਾ ਆਉਂਦਾ ਸੀ |
ਇਸ ਤੋਂ ਬਾਅਦ ਇੰਦਰਜੀਤ ਹਸਨਪੁਰੀ ਦੀ ਫ਼ਿਲਮ 'ਤੇਰੀ ਮੇਰੀ ਇਕ ਜਿੰਦੜੀ' ਦੇ ਸੈੱਟ 'ਤੇ ਇਕ ਅਜਿਹੀ ਘਟਨਾ ਵਾਪਰੀ ਕਿ ਵਰਿੰਦਰ ਦੀ ਮੇਰੇ ਨਾਲ ਨੇੜਤਾ ਵਧਦੀ ਹੀ ਗਈ | ਇਸ ਫ਼ਿਲਮ 'ਚ ਵਰਿੰਦਰ ਦੀ ਭੂਮਿਕਾ ਇਕ ਅਜਿਹੇ ਗ਼ਰੀਬ ਨੌਜਵਾਨ ਦੀ ਸੀ ਜਿਹੜਾ ਕਿ ਇਕ ਅਮੀਰ ਲੜਕੀ ਦੇ ਪਿਆਰ 'ਚ ਜਕੜਿਆ ਜਾਂਦਾ ਹੈ | ਸੀਨ ਦੇ ਅਨੁਸਾਰ ਵਰਿੰਦਰ ਨੇ ਆਪਣੀ ਨਾਇਕਾ (ਦਲਜੀਤ ਕੌਰ) ਨੂੰ ਕੁਝ ਸੰਵਾਦ ਕਹਿਣੇ ਸਨ | ਪਰ ਆਪਣੀ ਪਹਿਲੀ ਫ਼ਿਲਮ ਹੋਣ ਕਰਕੇ ਉਹ ਇਸ ਹੱਦ ਤੱਕ ਘਬਰਾ ਰਿਹਾ ਸੀ ਕਿ ਉਸ ਦੇ ਹੱਥ ਕੰਬਣ ਲੱਗ ਪਏ ਸਨ | ਇਹ ਸਥਿਤੀ ਦੇਖ ਕੇ ਮੈਂ ਹਸਨਪੁਰੀ (ਨਿਰਮਾਤਾ) ਨੂੰ ਸੁਝਾਅ ਦਿੱਤਾ ਕਿ ਵਰਿੰਦਰ ਵਾਲੇ ਸੰਵਾਦ ਨਾਇਕਾ ਦਲਜੀਤ ਕੌਰ ਨੂੰ ਦੇ ਦਿੱਤੇ ਜਾਣ ਅਤੇ ਵਰਿੰਦਰ ਦੀ ਘਬਰਹਾਟ ਨੂੰ ਹੀ ਸਿਰਫ਼ ਪਰਦੇ 'ਤੇ ਦਿਖਾਇਆ ਜਾਵੇ | ਮੇਰਾ ਇਹ ਸੁਝਾਅ ਮੰਨ ਲਿਆ ਗਿਆ ਅਤੇ ਇਸ ਤਰ੍ਹਾਂ ਵਰਿੰਦਰ ਦੇ ਫ਼ਿਲਮੀ ਕੈਰੀਅਰ ਦਾ ਇਹ ਪਹਿਲਾ ਸ਼ਾਟ ਓ. ਕੇ. ਹੋ ਗਿਆ | ਬਾਅਦ 'ਚ ਇਸੇ ਹੀ ਵਰਿੰਦਰ ਨੇ ਸਫ਼ਲ ਨਾਇਕ ਦੇ ਤੌਰ 'ਤੇ ਹੀ ਨਹੀਂ ਬਲਕਿ ਬਤੌਰ ਨਿਰਦੇਸ਼ਕ ਦੇ ਵੀ ਅਸੀਮਤ ਸਫ਼ਲਤਾ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਦਰਜ ਕੀਤੀ |
ਵਰਿੰਦਰ ਦਾ ਅਸਲੀ ਨਾਂਅ ਵਰਿੰਦਰ ਸਿੰਘ ਸੀ | ਉਸ ਦਾ ਜਨਮ 15 ਅਗਸਤ, 1948 ਨੂੰ ਫਗਵਾੜਾ (ਜ਼ਿਲ੍ਹਾ ਕਪੂਰਥਲਾ) 'ਚ ਹੋਇਆ ਸੀ | ਧਰਮਿੰਦਰ ਦਾ ਉਹ ਨਜ਼ਦੀਕੀ ਰਿਸ਼ਤੇਦਾਰ ਸੀ | ਉਹ ਅਕਸਰ ਦੱਸਿਆ ਕਰਦਾ ਸੀ ਕਿ ਧਰਮ ਭਾਅ ਜੀ ਦਾ ਅਤੇ ਉਸ ਦਾ ਜਨਮ ਇਕ ਹੀ ਘਰ 'ਚ ਹੋਇਆ ਸੀ | ਵਰਿੰਦਰ ਦੇ ਪਰਿਵਾਰ ਦਾ ਸਨਾਤਨ ਧਰਮ ਪ੍ਰਤੀ ਕਾਫ਼ੀ ਝੁਕਾਅ ਸੀ | ਪਰ ਧਰਮਿੰਦਰ ਦੇ ਫ਼ਿਲਮੀ ਦੁਨੀਆ 'ਚ ਪ੍ਰਵੇਸ਼ ਕਰਨ ਦੇ ਨਾਲ ਵਰਿੰਦਰ ਦੀ ਸੋਚ ਵੀ ਨਾਟਕੀ ਢੰਗ ਨਾਲ ਬਦਲ ਗਈ ਸੀ ਅਤੇ ਉਹ ਵੀ ਸੁਨਹਿਰੀ ਪਰਦੇ 'ਤੇ ਆਉਣ ਦੇ ਸੁਪਨੇ ਦੇਖਣ ਲੱਗ ਪਿਆ ਸੀ |
ਇਸ ਸਿਲਸਿਲੇ 'ਚ ਜਦੋਂ ਉਸ ਦੀ ਮੁਲਾਕਾਤ ਭਾਗ ਸਿੰਘ ਅਤੇ ਇੰਦਰਜੀਤ ਹਸਨਪੁਰੀ ਵਰਗੀਆਂ ਹਸਤੀਆਂ ਨਾਲ ਹੋਈ ਤਾਂ ਉਸ ਨੂੰ ਪ੍ਰਤੀਤ ਹੋਇਆ ਕਿ ਮੰਜ਼ਿਲ ਦੂਰ ਨਹੀਂ ਹੈ | ਫ਼ਿਲਮ 'ਮੇਰੀ ਤੇਰੀ ਇਕ ਜ਼ਿੰਦੜੀ' (1975) ਤੋਂ ਹੋਇਆ ਉਸ ਦਾ ਇਹ ਫ਼ਿਲਮੀ ਕੈਰੀਅਰ ਅੰਤਿਮ ਸਾਹਾਂ ਤੱਕ ਉਸ ਦੇ ਨਾਲ ਨਾਲ ਹੀ ਚਲਦਾ ਅਤੇ ਪ੍ਰਫੁਲਤ ਹੁੰਦਾ ਰਿਹਾ | ਉਸ ਨੇ ਆਪਣੇ 12 ਸਾਲ ਦੇ ਸੰਖੇਪ ਕੈਰੀਅਰ 'ਚ 25 ਫ਼ਿਲਮਾਂ 'ਚ ਆਪਣਾ ਕਿਸੇ ਨਾ ਕਿਸੇ ਤਰ੍ਹਾਂ ਯੋਗਦਾਨ ਦਿੱਤਾ |
ਵਰਿੰਦਰ ਦੀਆਂ ਫ਼ਿਲਮਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਉਸ ਨੇ ਇਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਬਣਾਇਆ | ਲਿਹਾਜ਼ਾ 'ਧਰਮਜੀਤ' (1975), 'ਟਾਕਰਾ' (1976), 'ਗਿੱਧਾ' (1978), 'ਜ਼ਿੰਦੜੀ ਯਾਰ ਦੀ' (1978), 'ਕੁਆਰਾ ਮਾਮਾ' (1979), 'ਲੰਬੜਦਾਰਨੀ' (1979), 'ਸੈਦਾ ਜੋਗਨ' (1979), 'ਬਲਬੀਰੋ ਭਾਬੀ' (1981), 'ਰਾਣੋ' (1982), 'ਟਾਕਰਾ' (1982), 'ਸਰਦਾਰਾ ਕਰਤਾਰਾ' (1983), 'ਲਾਜੋ' (1983), 'ਜਿਗਰੀ ਯਾਰ' (1984), 'ਯਾਰੀ ਜੱਟ ਦੀ' (1984), 'ਰਾਂਝਣ ਮੇਰਾ ਯਾਰ' (1984), 'ਨਿੰਮੋ' (1984), 'ਜੱਟ ਸੂਰਮੇ' (1985), 'ਗੁੱਡੋ' (1985),'ਵੈਰੀ ਜੱਟ' (1985), 'ਜੱਟ ਦੇ ਜ਼ਮੀਨ' (1987), 'ਦੁਸ਼ਮਣੀ ਦੀ ਅੱਗ' (1990) ਅਤੇ 'ਸਰਪੰਚ' ਆਦਿ ਫ਼ਿਲਮਾਂ 'ਚ ਉਸ ਨੇ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਰੰਗਾਂ ਨੂੰ ਪੇਸ਼ ਕੀਤਾ |
ਪੰਜਾਬੀ ਸਿਨੇਮਾ ਦੇ ਇਤਿਹਾਸ ਵਿਚ ਇਹ ਬਹੁਰੰਗੀ ਸੱਭਿਆਚਾਰਕ ਨਜ਼ਾਰਾ ਪਹਿਲੀ ਵਾਰ ਯਥਾਰਥਵਾਦੀ ਸੰਦਰਭਾਂ ਅਨੁਸਾਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ | ਇਸ ਤੋਂ ਪਹਿਲਾਂ ਪੰਜਾਬੀ ਸਿਨੇਮਾ ਨੂੰ ਸਿਰਫ਼ ਕਾਮੇਡੀ ਅਤੇ ਧਾਰਮਿਕਤਾ ਦੇ ਤਰਾਜੂ ਵਿਚ ਹੀ ਤੋਲਿਆ ਜਾਂਦਾ ਸੀ | ਪਰ ਵਰਿੰਦਰ ਨੇ ਇਸ ਨੂੰ ਸਾਧਾਰਨ ਜਨ-ਜੀਵਨ ਦੇ ਨਜ਼ਦੀਕ ਲਿਆਉਣ ਦੀ ਕੋਸ਼ਿਸ਼ ਕੀਤੀ | ਇਸ ਲਈ ਉਸ ਦੀਆਂ ਫ਼ਿਲਮਾਂ 'ਚ ਪੰਜਾਬ ਦੇ ਹਰੇ-ਭਰੇ ਖੇਤਾਂ ਦਾ ਨਜ਼ਾਰਾ ਵੇਖਣ ਨੂੰ ਮਿਲਿਆ | ਉਸ ਨੇ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਨੂੰ ਸਾਰਥਿਕਤਾ ਦਾ ਜਾਮਾ ਪਹਿਨਾਇਆ | ਪੰਜਾਬ ਦੇ ਨੱਚਦੇ-ਗਾਉਂਦੇ ਲੋਕਾਂ ਨੂੰ ਵੀ ਉਸ ਨੇ ਕੈਮਰੇ 'ਚ ਕੈਦ ਕੀਤਾ |
ਪੰਜਾਬੀ ਸੱਭਿਆਚਾਰ ਦੇ ਕੁਝ ਆਲੋਚਾਤਮਿਕ ਪੱਖਾਂ ਨੂੰ ਵੀ ਉਸ ਨੇ ਨਿਧੜਕ ਹੋ ਕੇ ਆਪਣਾ ਨਿਸ਼ਾਨਾ ਬਣਾਇਆ | ਮਿਸਾਲ ਦੇ ਤੌਰ 'ਤੇ 'ਸਰਪੰਚ' ਵਿਚ ਉਸ ਨੇ ਪੰਜਾਬੀਆਂ ਦੇ ਸ਼ਰਾਬ ਪ੍ਰਤੀ ਰੁਝਾਨ ਦੀ ਸੁਹਜਾਤਮਿਕ ਢੰਗ ਨਾਲ ਆਲੋਚਨਾ ਕੀਤੀ | ਇਸੇ ਤਰ੍ਹਾਂ ਹੀ 'ਲੰਬੜਦਾਰਨੀ' ਵਿਚ ਪੰਜਾਬੀਆਂ ਦੇ ਝਗੜਾਲੂ ਅਤੇ ਜੁਝਾਰੂ ਸੁਭਾਅ ਨੂੰ ਉਸ ਨੇ ਨਵੇਂ ਅਰਥ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ |
ਵਰਿੰਦਰ ਨੂੰ ਪੰਜਾਬੀ ਸੰਗੀਤ ਦੀ ਬੜੀ ਸੂਝ ਸੀ | ਇਸ ਲਈ ਉਸ ਨੇ ਉਸ ਸਮੇਂ ਦੇ ਕਈ ਪ੍ਰਸਿੱਧ ਗਾਇਕਾਂ ਨੂੰ ਵੀ ਪੰਜਾਬੀ ਫ਼ਿਲਮਾਂ ਦੇ ਨਾਲ ਜੋੜਿਆ | ਇਨ੍ਹਾਂ 'ਚੋਂ ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਦੇ ਨਾਂਅ ਖਾਸ ਤੌਰ 'ਤੇ ਲਏ ਜਾ ਸਕਦੇ ਹਨ | ਇਹ ਦੋਵੇਂ ਹੀ ਗਾਇਕ ਵਰਿੰਦਰ ਦੀ ਪ੍ਰਤੀਬੱਧਤਾ ਤੋਂ ਏਨੇ ਜ਼ਿਆਦਾ ਪ੍ਰਭਾਵਿਤ ਹੋਏ ਸਨ ਕਿ ਬਾਅਦ 'ਚ ਇਨ੍ਹਾਂ ਨੇ ਵੀ ਨਿੱਜੀ ਤੌਰ 'ਤੇ ਫ਼ਿਲਮ ਨਿਰਮਾਣ ਵੱਲ ਕਦਮ ਵਧਾ ਲਏ ਸਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾ : 099154-93043.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX