ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  about 2 hours ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  about 2 hours ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 2 hours ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 3 hours ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 3 hours ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 3 hours ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 3 hours ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 4 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 3 hours ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਬੇਰਾਂ ਦੀ ਤੁੜਾਈ ਅਤੇ ਸਾਂਭ-ਸੰਭਾਲ

ਬੇਰ ਭਾਰਤ ਦਾ ਇਕ ਬਹੁਤ ਪ੍ਰਾਚੀਨ ਅਤੇ ਪ੍ਰਸਿੱਧ ਫਲ ਹੈ। ਬੇਰ ਬਹੁਤ ਹੀ ਵਿਸ਼ਾਲ ਅਨੁਕੂਲਤਾ ਰੱਖਦਾ ਹੈ, ਜਿਸ ਕਰਕੇ ਇਸ ਨੂੰ ਨਾ-ਮਾਤਰ ਪੌਣ-ਪਾਣੀ ਵਾਲੀਆਂ ਹਾਲਤਾਂ ਵਿਚ ਵੀ ਉਗਾਇਆ ਜਾ ਸਕਦਾ ਹੈ, ਜਿੱਥੇ ਦੂਜੇ ਫਲਦਾਰ ਬੂਟੇ ਉਗਾਉਣ 'ਤੇ ਫੇਲ੍ਹ ਹੋ ਜਾਂਦੇ ਹਨ। ਇਸ ਦੀ ਕਾਸ਼ਤ ਅਮਲੀ ਤੌਰ 'ਤੇ ਸਾਰੇ ਭਾਰਤ ਵਿਚ ਖਾਸ ਕਰਕੇ ਭਾਰਤੀ ਉਪ-ਮਹਾਂਦੀਪ ਦੇ ਖੁਸ਼ਕ ਇਲਾਕਿਆਂ ਵਿਚ ਤਾਜ਼ੇ ਫਲ ਦੇ ਤੌਰ 'ਤੇ ਕੀਤੀ ਜਾਂਦੀ ਹੈ। ਬੇਰ ਨੂੰ ਮੱਧ-ਗਰਮ, ਖੁਸ਼ਕ ਅਤੇ ਗਰਮ ਤੇ ਤਰ ਪੌਣ-ਪਾਣੀ 'ਚ ਕਾਸ਼ਤ ਕੀਤਾ ਜਾ ਸਕਦਾ ਹੈ।
ਬੇਰ ਇਕ ਬਹੁਤ ਹੀ ਗੁਣਕਾਰੀ ਫਲ ਹੈ। ਇਸ ਦੀਆਂ ਵੱਖ-ਵੱਖ ਕਿਸਮਾਂ ਦੇ ਪੱਕੇ ਹੋਏ ਫਲਾਂ ਚ ਕੁੱਲ ਠੋਸ ਪਦਾਰਥ 13 ਤੋਂ 20 ਪ੍ਰਤੀਸ਼ਤ ਅਤੇ ਖਟਾਸ 0.20 ਤੋਂ 0.80 ਪ੍ਰਤੀਸ਼ਤ ਹੁੰਦੀ ਹੈ। ਇਹ ਵਿਟਾਮਿਨ 'ਸੀ' ਦਾ ਇਕ ਉੱਤਮ ਸੋਮਾ ਹੈ। ਆਮਲੇ ਅਤੇ ਅਮਰੂਦ ਤੋਂ ਬਾਅਦੂ ਨਿੰਬੂ-ਜਾਤੀ ਅਤੇ ਸੇਬ ਨਾਲੋਂ ਵੱਧ ਹੁੰਦਾ ਹੈ। ਪੱਕੇ ਹੋਏ ਬੇਰਾਂ ਵਿਚ ਪ੍ਰਤੀ 100 ਗ੍ਰਾਮ ਪਿੱਛੇ 120 ਮਿਲੀਗ੍ਰਾਮ ਵਿਟਾਮਿਨ 'ਸੀ' ਹੁੰਦਾ ਹੈ। ਬੇਰ ਦੇ ਫਲ 'ਚ ਵਿਟਾਮਿਨ 'ਏ' 100 ਗ੍ਰਾਮ ਫਲ 'ਚ 81 ਮਾਈਕ੍ਰੋਗ੍ਰਾਮ ਹੁੰਦਾ ਹੈ। ਬੇਰਾਂ ਵਿਚ ਧਾਤਾਂ ਅਤੇ ਪ੍ਰੋਟੀਨ ਵੀ ਕਾਫੀ ਹੁੰਦੇ ਹਨ। ਪੱਕੇ ਹੋੋਏ ਬੇਰ ਵਿਚ ਕੈਲਸ਼ੀਅਮ, ਗੰਧਕ ਅਤੇ ਲੋਹਾ ਚੰਗੀ ਮਾਤਰਾ ਵਿਚ ਪਾਏ ਜਾਦੇ ਹਨ।
ਬੇਰ ਫਲ ਲੱਗਣ ਤੋਂ ਪੱਕਣ ਤੱਕ 22-26 ਹਫ਼ਤੇ ਲੈਂਦਾ ਹੈ। ਉੱਤਰੀ ਭਾਰਤ ਵਿਚ ਬੇਰਾਂ ਦੀ ਤੁੜਾਈ ਦਾ ਮੁੱਖ ਸਮਾਂ ਅੱਧ-ਮਾਰਚ ਤੋਂ ਅੱਧ ਅਪ੍ਰੈਲ ਹੈ, ਪ੍ਰੰਤੂ ਕੁਝ ਅਗੇਤੀਆਂ ਕਿਸਮਾਂ ਫਰਵਰੀ ਦੇ ਅਖੀਰ 'ਚ ਪੱਕ ਜਾਂਦੀਆਂ ਹਨ। ਇਹ ਸਮਾਂ ਦੂਜੇ ਫਲਾਂ ਦੀ ਮੱਠੀ ਰੁੱਤ ਹੋਣ ਕਰਕੇ, ਬੇਰ ਚੰਗੇ ਮੁੱਲ 'ਤੇ ਸੌਖਾ ਹੀ ਵਿਕ ਜਾਂਦਾ ਹੈ। ਬੇਰ ਹਮੇਸ਼ਾ ਪੂਰੀ ਪਕਾਈ 'ਤੇ ਹੀ ਤੋੜਨੇ ਚਾਹੀਦੇ ਹਨ। ਇਹ ਨਾ ਹੀ ਘੱਟ ਪੱਕੇ ਅਤੇ ਨਾ ਹੀ ਬਹੁਤੇ ਪੱਕੇ ਹੋਣ। ਇਹ ਉਸ ਵੇਲੇ ਹੀ ਤੋੜਨੇੇ ਚਾਹੀਦੇ ਹਨ, ਜਦੋਂ ਇਨ੍ਹਾਂ ਨੇ ਢੁਕਵਾਂ ਅਕਾਰ ਅਤੇ ਖਾਸ ਰੰਗ ਅਖਤਿਆਰ ਕਰ ਲਿਆ ਹੋਵੇ, ਜਿਵੇਂ ਕਿ ਉਮਰਾਨ ਕਿਸਮ ਵਿਚ ਗੂੜਾ ਸੁਨਹਿਰੀ ਪੀਲਾ ਰੰਗ। ਆਮ ਤੌਰ 'ਤੇ 4-5 ਤੁੜਾਈਆਂ ਕਰਨੀਆਂ ਪੈਦੀਆਂ ਹਨ ਕਿਉਂਕਿ ਸਾਰੇ ਫਲ ਦਰੱਖਤ 'ਤੇ ਇਕੋ ਸਮੇਂ ਨਹੀਂ ਪੱਕਦੇ। ਦਰੱਖਤ 'ਤੇ ਫਲਾਂ ਦੇ ਰੰਗ ਦਾ ਨਿਖਾਰ ਤੁੜਾਈ ਲਈ ਇਕ ਵਧੀਆ ਸੰਕੇਤ ਹੈ। ਕਿਸੇ ਵੀ ਹਾਲਤ ਵਿਚ ਫਲਾਂ ਨੂੰ ਬੂਟੇ 'ਤੇ ਜ਼ਿਆਦਾ ਨਹੀਂ ਪੱਕਣ ਦੇਣਾ ਚਾਹੀਦਾ, ਕਿਉਂਕਿ ਅਜਿਹਾ ਹੋਣ ਨਾਲ ਇਨ੍ਹਾਂ ਦਾ ਸੁਆਦ ਅਤੇ ਗੁਣ ਨਸ਼ਟ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਮੰਡੀ 'ਚ ਘੱਟ ਮੁੱਲ ਪੈਂਦਾ ਹੈ। ਐਥੀਫੋਨ 400 ਪੀ. ਪੀ. ਐਮ. ਦੇ ਛਿੜਕਾਅ ਨਾਲ ਫਲ ਇਕਸਾਰ ਪੱਕ ਜਾਂਦੇ ਹਨ।
ਮੰਡੀਕਰਨ ਕਰਨ ਤੋਂ ਪਹਿਲਾਂ ਫਲਾਂ ਦੀ ਲਗਾਤਾਰ ਦਰਜਾ-ਬੰਦੀ ਕਰਨੀ ਚਾਹੀਦੀ ਹੈ, ਤਾਂ ਜੋ ਇਹ ਵੱਧ ਕੀਮਤ ਨਾਲ ਵਿਕ ਸਕਣ। ਬੇਰਾਂ ਦੀ ਚਾਰ ਗਰੇਡਾ ਵਿਚ ਦਰਜਾ - ਬੰਦੀ ਕਰਨੀ ਚਾਹੀਦੀ ਹੈ। ਜਿਵੇਂਕਿ 'ਏ' ਗਰੇਡ-ਵੱਡੇ ਫਲ, 'ਬੀ' ਗਰੇਡ - ਦਰਮਿਆਨੇ ਫਲ, 'ਸੀ' ਗਰੇਡ-ਛੋਟੇ ਫਲ ਅਤੇ 'ਡੀ' ਗਰੇਡ-ਕੱਚੇ, ਵੱਧ ਪੱਕੇ, ਬੇਢੰਗੇ ਅਤੇ ਦਾਗੀ ਫਲ। 'ਏ' ਅਤੇ 'ਬੀ' ਗਰੇਡ ਫਲ ਕੁਲ ਝਾੜ ਦੇ 60% ਹੁੰਦੇ ਹਨ, ਜੋ ਗੂੜੇ ਸੁਨਹਿਰੀ ਪੀਲੇ ਰੰਗ ਦੇ ਹੋਣ ਕਰਕੇ ਗਾਹਕਾਂ ਨੂੰ ਵਧੇਰੇ ਪਸੰਦ ਹੁੰਦੇ ਹਨ ਅਤੇ ਮੰਡੀਕਰਨ ਲਈ ਵਧੀਆ ਮੰਨੇ ਜਾਂਦੇ ਹਨ। ਬੇਰਾਂ ਨੂੰ ਉਨ੍ਹਾਂ ਦੇ ਗਰੇਡ ਮੁਤਾਬਿਕ ਨਾਲੀਦਾਰ ਗੱਤੇ ਦੇ ਡੱਬਿਆਂ, ਲੱਕੜ ਦੀਆਂ ਪੇਟੀਆਂ, ਪੌਲੀਨੈੱਟ, ਟੋਕਰੀਆਂ ਅਤੇ ਢੁੱਕਵੇਂ ਆਕਾਰ ਦੀਆਂ ਬੋਰੀਆਂ 'ਚ ਠੀਕ ਤਰ੍ਹਾਂ ਪੈਕ ਕਰਨ ਤੋਂ ਤਰੁੰਤ ਬਾਅਦ ਮੰਡੀ ਭੇਜ ਦੇਣਾ ਚਾਹੀਦਾ ਹੈ।


-ਸਹਾਇਕ ਪ੍ਰੋਫੈਸਰ, ਖੇਤੀਬਾੜੀ, ਫਤਹਿਗੜ੍ਹ ਸਾਹਿਬ।
ਮੋਬਾਈਲ : 98723-78006.


ਖ਼ਬਰ ਸ਼ੇਅਰ ਕਰੋ

ਬਹੁਤਾ ਜ਼ੋਰ-ਅਜ਼ਮਾਈ ਵਾਲਾ ਕੰਮ ਨਹੀਂ ਰਿਹਾ ਹੁਣ 'ਵਾਢੀ' ਦਾ

ਕਣਕ ਦੀ ਹੱਥੀਂ ਵਾਢੀ ਦਾਤੀ ਨਾਲ਼ ਕਰਨ ਦਾ ਰੁਝਾਨ ਅਜੋਕੇ ਮਸ਼ੀਨੀਕਰਨ ਦੇ ਦੌਰ 'ਚ ਬਹੁਤ ਜ਼ਿਆਦਾ ਘੱਟ ਗਿਆ ਹੈ। ਵਾਢੀ ਦੇ ਕੰਮ 'ਚ ਕੇਵਲ ਕਣਕ ਵੱਢਣਾ ਹੀ ਸ਼ਾਮਿਲ ਨਹੀਂ ਹੈ, ਸਗੋਂ ਇਸ ਵਿਚ ਕਣਕ ਨੂੰ ਵੱਢਣ, ਮੰਡੀ 'ਚ ਵੇਚਣ, ਤੂੜੀ ਬਣਾਉਣ, ਤੂੜੀ ਨੂੰ ਘਰਾਂ ਅਤੇ ਬਾਹਰ ਖੇਤ 'ਚ ਧੜ, ਕੁੱਪ ਲਾ ਕੇੇ ਲਿਪਣ ਤੱਕ ਦੇ ਸਾਰੇ ਕੰਮ ਸ਼ਾਮਿਲ ਹਨ। ਤੂੜੀ ਦੇ ਕੁੱਪ ਬੰਨ੍ਹਣ ਦਾ ਰੁਝਾਨ ਪਹਿਲਾਂ ਨਾਲੋਂ ਘੱਟ ਗਿਆ ਹੈ। ਇਸ ਦੇ ਬਦਲ ਵਜੋਂ ਤੂੜੀ ਨੂੰ ਜਿਸ ਵੀ ਥਾਂ 'ਤੇ ਪਈ ਹੁੰਦੀ ਹੈ, ਓਥੇ ਹੀ ਧੜ ਬਣਾ ਲਿਪ ਦਿੱਤਾ ਜਾਂਦਾ ਹੈੇ। ਇਹ ਕੰਮ ਪਹਿਲਾਂ ਕਾਫ਼ੀ ਮੁਸ਼ੱਕਤ ਵਾਲਾ ਹੁੰਦਾ ਸੀ, ਪਰ ਹੁਣ ਮਸ਼ੀਨੀਕਰਨ ਨੇ ਇਸ ਨੂੰ ਕਾਫ਼ੀ ਜ਼ਿਆਦਾ ਆਸਾਨ ਬਣਾ ਦਿੱਤਾ ਹੈ। ਇਵੇਂ ਹੀ ਪਹਿਲਾਂ ਸਮੁੱਚੀ ਕਣਕ ਦੀ ਵਾਢੀ ਦਾ ਸਾਰਾ ਕੰਮ ਦਾਤੀ ਨਾਲ਼ ਹੀ ਕੀਤਾ ਜਾਂਦਾ ਸੀ। ਹੱਥੀਂ ਕੰਮ ਹੋਣ ਕਾਰਨ ਲਗਭਗ ਮਹੀਨਾ ਭਰ ਇਹ ਸੀਜ਼ਨ ਚੱਲਦਾ ਸੀ। ਕਿਉਂ ਜੋ ਕਣਕ ਨੂੰ ਥਰੈਸ਼ਰ ਨਾਲ ਕੱਢਣ 'ਤੇ ਵੀ ਕੁਝ ਦਿਨ ਲੱਗ ਜਾਂਦੇ ਸਨ। ਫ਼ਿਰ ਅੰਤ 'ਚ ਵਾਰੀ ਆਉਂਦੀ ਸੀ ਤੂੜੀ ਸੰਭਾਲਣ ਦੀ। ਲੰਬਾ ਸਮਾਂ ਚੱਲਣ ਵਾਲੇ ਵਾਢੀ ਦੇ ਕੰਮ ਨੂੰ ਮੁਕਾਉਣ ਲਈ ਕਿਸਾਨ ਅਤੇ ਮਜ਼ਦੂਰ ਲਗਾਤਾਰ ਯਤਨਸ਼ੀਲ ਰਹਿੰਦੇ ਸਨ। ਇਸ ਕੰਮ 'ਚ ਘਰੇਲੂ ਸੁਆਣੀਆਂ, ਮਜ਼ਦੂਰ ਔਰਤਾਂ ਅਤੇ ਬੱਚੇ ਵੀ ਆਪਣਾ ਬਣਦਾ ਯੋਗਦਾਨ ਪਾਉਂਦੇ ਸਨ। ਉਦੋਂ ਕੰਮ ਕਰਨ 'ਚ ਫੁਰਤੀਲੇ ਅਤੇ ਸਰੀਰਕ ਸ਼ਕਤੀ ਵਾਲੇ ਕਾਮਿਆਂ ਦੀ ਕਦਰ ਹੁੰਦੀ ਸੀ। ਸਾਡੀ ਪਹਿਲੀ ਪੀੜ੍ਹੀ ਦੇ ਬਜ਼ੁਰਗ ਦੱਸਦੇ ਹਨ ਕਿ ਇਸ ਤੋਂ ਪਹਿਲੇ ਸਮਿਆਂ 'ਚ ਕਣਕ ਦੀ ਕਢਾਈ ਦਾ ਕੰਮ ਪਿੜਾਂ 'ਚ ਕੀਤਾ ਜਾਂਦਾ ਸੀ, ਉਦੋਂ ਵਾਢੀ ਦਾ ਸੀਜ਼ਨ ਹੋਰ ਵੀ ਲੰਬਾ ਹੁੰਦਾ ਸੀ। ਲੋਕ ਕਣਕ ਦੀ ਵਾਢੀ ਦੇੇ ਕੰਮ ਨੂੰ ਗੰਭੀਰਤਾ ਨਾਲ ਲੈਂਦੇ ਸਨ। ਸਾਰੇ ਦਾ ਸਾਰਾ ਕੰਮ ਹੱਥੀਂ ਹੋਣ ਕਰਕੇੇ ਵਾਢੀ ਦੇੇ ਕਿੱਤੇੇ ਨਾਲ ਜੁੜੇ ਕਿਸਾਨਾਂ-ਮਜ਼ਦੂਰਾਂ ਨੂੰ ਸਾਧ ਬਣਨਾ ਪੈਂਦਾ ਸੀ। ਸਾਰਾ ਦਿਨ ਧੂੜ, ਮਿੱਟੀ-ਘੱਟੇੇ 'ਚ ਕੰਮ ਕਰਨ ਕਰਕੇ ਸਾਹ ਰਾਹੀਂ ਉਨ੍ਹਾਂ ਦੇ ਮੂੰਹ 'ਚ ਬਹੁੁਤ ਜ਼ਿਆਦਾ ਮਿੱਟੀ-ਘੱਟਾ ਚਲਾ ਜਾਂਦਾ ਸੀ। ਉਨ੍ਹਾਂ ਦੇ ਕੱਪੜੇ ਕਾਲਖ ਨਾਲ ਕਾਲ਼ੇ ਹੋ ਜਾਂਦੇ ਸਨ ਅਤੇੇ ਇਕ ਵਾਰ ਧੋਣ ਨਾਲ਼ ਸਾਫ਼ ਨਹੀਂ ਹੁੰਦੇ ਸਨ। ਕੰਮ ਕਰਦੇ ਸਮੇਂ ਉਨ੍ਹਾਂ ਦੇ ਸਿਰਾਂ 'ਤੇ ਪਰਨਿਆਂ (ਸਾਫ਼ੇ ) ਦੇ ਮੁੜ੍ਹਾਸੇੇ ਮਾਰੇੇ ਹੁੰਦੇ ਸਨ। ਦੇਰ ਰਾਤ ਨੂੰ ਜਦ ਕੰਮ ਕਰਕੇ ਉਹ ਆਪਣੇ ਘਰੀਂ ਵਾਪਸ ਪਰਤਦੇ ਸਨ ਤਾਂ ਉਨ੍ਹਾਂ ਨੂੰ ਦਿਨ ਭਰ ਦੀ ਥਕਾਵਟ ਉਤਾਰਨ ਲਈ ਗੁੜ, ਸ਼ੱਕਰ, ਦੁੱਧ ਵਗੈਰਾ ਦਿੱਤਾ ਜਾਂਦਾ ਸੀ। ਬੜੀ ਹੈਰਾਨੀ ਦੀ ਗੱਲ ਹੈ ਕਿ ਸਾਰਾ ਦਿਨ ਖੇਤਾਂ 'ਚ ਕੰਮ ਕਰਨ ਉਪਰੰਤ ਵੀ ਰਾਤ ਸਮੇਂ ਕਾਮਿਆਂ ਨੂੰ ਆਪਣੇ ਘਰਾਂ ਵਿਚ ਜਾ ਕੇ ਵੀ ਕੁਝ ਕੰਮ ਲਾਜ਼ਮੀ ਕਰਨੇ ਪੈਂਦੇ ਸਨ। ਕਿੰਨੇ ਸਿਰੜੀ, ਮਿਹਨਤੀ ਅਤੇ ਚੀੜ੍ਹੇ ਬੰਦੇ ਹੋਣਗੇ ਉਹ! ਉਦੋਂ ਸਰੀਰਕ ਤਾਕਤ ਵਜੋਂ ਰਾਤ ਦੀ ਰੋਟੀ ਨਾਲ਼ ਸ਼ੱਕਰ-ਘਿਉ 'ਚ ਮਿਲਾ ਦੇ ਚੂਰੀ ਕੁੱਟ ਕੇ ਖਾਧੀ ਜਾਂਦੀ ਸੀ। ਪਿਛਲੇ ਤਿੰਨ ਦਹਾਕਿਆਂ ਤੋਂ ਮਸ਼ੀਨੀਕਰਨ ਦੀ ਆਮਦ ਨਾਲ ਕਣਕ ਦੀ ਵਾਢੀ ਦੇ ਕੰਮ 'ਚ ਹੈਰਾਨੀਜਨਕ ਤਬਦੀਲੀ ਆਈ ਹੈ। ਥਰੈਸ਼ਰਾਂ (ਹੜੰਬੇ) ਦਾ ਕੰਮ ਕੰਬਾਈਨਾਂ ਅਤੇ ਤੂੜੀ ਬਣਾਉਣ ਵਾਲੇ ਰੀਪਰਾਂ ਨੇ ਲਗਭਗ ਖ਼ਤਮ ਕਰ ਦਿੱਤਾ ਹੈ। ਅਜੋਕੇ ਸਮੇਂ 'ਚ ਵਾਢੀ ਦਾ ਸੀਜ਼ਨ ਥੋੜ੍ਹੇੇੇ ਦਿਨਾਂ ਤੱਕ ਸਿਮਟ ਕੇ ਰਹਿ ਗਿਆ ਹੈ। ਹੁਣ ਮੁੜ੍ਹਾਸੇ ਮਾਰ ਕੇ ਬਹੁਤੇ ਦਿਨ ਹੱਥੀਂ ਕੰਮ ਕਰਨ ਦੀ ਲੋੜ ਨਹੀਂ ਰਹੀ, ਨਾ ਫ਼ਸਲ ਸੰਭਾਲਣ ਦੀ ਚਿੰਤਾ ਅਤੇ ਨਾ ਹੀ ਪਹਿਲਾਂ ਵਾਂਗ ਵਾਢੀ ਦਾ ਸੀਜ਼ਨ ਖ਼ਤਮ ਲਈ ਲਈ ਜ਼ੋਰ-ਅਜਮਾਈ।


-ਪਿੰਡ : ਸਿਰਸੜੀ, ਨੇੜੇ : ਕੋਟਕਪੂਰਾ (ਫ਼ਰੀਦਕੋਟ)-151207.
ਮੋਬਾਈਲ : 98156-59110.

ਸਾਂਝੀ ਕੰਧ

ਪਿੰਡਾਂ ਵਿਚ ਸਾਂਝੀ ਕੰਧ ਦੀ ਬਹੁਤ ਅਹਿਮੀਅਤ ਹੈ। ਇਹ ਆਪਸੀ ਪਿਆਰ ਤੋਂ ਲੈ ਕੇ ਪਰਿਵਾਰਾਂ ਦੇ ਉਜਾੜੇ ਤੱਕ ਦਾ ਕਾਰਨ ਬਣ ਜਾਂਦੀ ਹੈ। ਪੁਸ਼ਤ-ਦਰ-ਪੁਸ਼ਤ ਜ਼ਮੀਨਾਂ ਦੀ ਵੰਡ ਤੋਂ ਲੈ ਕੇ, ਵਿਹੜਿਆਂ ਨੂੰ ਸੁੰਗੜ ਜਾਣ ਲਈ ਮਜਬੂਰ ਕਰ ਦਿੰਦੀ ਹੈ। ਕਦੇ ਸਮਾਂ ਸੀ ਪਰਿਵਾਰਾਂ ਦੀ ਬਾਹਰਲੀ ਕੰਧ ਉਤੇ ਰੰਗ-ਬਰੰਗੇ ਕੱਚ ਦੇ ਟੁਕੜੇ ਲਗਾਏ ਜਾਂਦੇ ਸਨ ਤਾਂ ਕਿ ਜੰਗਲੀ ਜਾਨਵਰ, ਅਵਾਰਾ ਕੁੱਤੇ, ਚੋਰ-ਉਚੱਕੇ ਜਾਂ ਵਿਰੋਧੀ ਸਰੀਕੇ ਵਾਲੇ ਰਾਤ ਬਰਾਤੇ ਹਮਲਾ ਨਾ ਕਰ ਸਕਣ। ਪਰ ਜਿਵੇਂ-ਜਿਵੇਂ ਪਰਿਵਾਰਾਂ ਦੀ ਵੰਡ ਹੁੰਦੀ ਗਈ, ਘਰ ਤੇ ਵਿਹੜੇ ਵੀ ਵੰਡੇ ਗਏ। ਸਾਂਝੀ ਕੰਧ ਪਾਉਂਦੇ ਹੋਏ, ਕਈ ਵਾਰੀ ਪੋਟਾ ਥਾਂ ਲਈ ਕਤਲ ਤੱਕ ਹੋ ਗਏ। ਲੋਕ ਚੰਗੇ ਗੁਆਂਢੀ ਵਾਂਗ ਰਹਿਣਾ ਹੀ ਨਹੀਂ ਭੁੱਲੇ, ਸਗੋਂ ਇਕ-ਦੂਜੇ ਦੀ ਲੋੜ ਵੇਲੇ ਕੰਮ ਆਉਣ ਦੀ ਥਾਂ, 'ਮੈਂ ਕੀ' ਤੱਕ ਪਹੁੰਚ ਗਏ ਹਨ। ਇਸੇ ਲਈ ਹੁਣ ਲੋਕੀਂ ਸਾਂਝੀ ਕੰਧ 'ਤੇ ਵੀ ਕੱਚ ਦੇ ਟੁਕੜੇ ਲਾਉਣ ਲੱਗ ਪਏ ਹਨ। ਜਿਥੇ ਆਰਥਿਕ, ਸਿਆਸੀ ਤੇ ਸਮਾਜਿਕ ਰੁਤਬੇ ਦੇ ਵਖਰੇਵੇਂ ਵੱਧ ਹਨ, ਉਥੇ ਇਹ ਨਫ਼ਰਤ ਜ਼ਿਆਦਾ ਹੈ। ਆਪਸੀ ਭਾਈਚਾਰੇ ਵਾਲੀ ਸਾਂਝੀ ਕੰਧ ਕੱਚ ਰਹਿਤ ਤਾਂ ਹੁੰਦੀ ਹੀ ਹੈ, ਨੀਵੀਂ ਵੀ ਹੁੰਦੀ ਹੈ। ਕਦੇ-ਕਦੇ ਮਹਿਸੂਸ ਹੁੰਦਾ ਹੈ ਕਿ ਜਿਸ ਮਨੁੱਖ ਦੇ ਅੰਦਰ ਕੱਚ ਹੋਵੇਗਾ, ਬਸ ਉਸੇ ਦੀ ਕੰਧ 'ਤੇ ਕੱਚ ਹੋਵੇਗਾ।


-ਮੋਬਾ: 98159-45018

ਨਰਮੇ-ਕਪਾਹ ਦੀ ਕਾਸ਼ਤ ਥੱਲੇ ਰਕਬਾ ਘਟਣ ਦੇ ਕੀ ਹਨ ਕਾਰਨ?

ਨਰਮਾ-ਕਪਾਹ ਪੰਜਾਬ 'ਚ ਸਾਉਣੀ ਦੀ ਅਹਿਮ ਫ਼ਸਲ ਹੈ। ਕਿਸੇ ਵੇਲੇ ਇਹ ਰਾਜ ਦੀ ਖੇਤੀ ਅਧਾਰਿਤ ਆਰਥਿਕਤਾ ਦੀ ਪੌੜੀ ਮੰਨੀ ਜਾਂਦੀ ਸੀ। ਇਸ ਦੀ ਉਤਪਾਦਕਤਾ ਘਟਣ ਕਾਰਨ ਇਸ ਦੀ ਕਾਸ਼ਤ ਥੱਲੇ ਰਕਬਾ ਸਾਲ-ਦਰ-ਸਾਲ ਘਟਦਾ ਗਿਆ। ਸੰ: 1991-92 ਵਿਚ ਉਤਪਾਦਕਤਾ 7463 ਕਿਲੋ ਪ੍ਰਤੀ ਹੈਕਟੇਅਰ ਸੀ, ਜੋ ਘਟ ਕੇ ਸੰ: 2016-17 ਦੌਰਾਨ 304 ਕਿਲੋ ਪ੍ਰਤੀ ਹੈਕਟੇਅਰ ਰਹਿ ਗਈ ਤੇ ਕਾਸ਼ਤ-ਅਧੀਨ ਰਕਬਾ ਇਸੇ ਦੌਰਾਨ 7.01 ਲੱਖ ਹੈਕਟੇਅਰ ਤੋਂ ਘਟ ਕੇ 2.78 ਲੱਖ ਹੈਕਟੇਅਰ 'ਤੇ ਆ ਗਿਆ, ਭਾਵੇਂ ਪਿਛਲੇ ਸਾਲ ਚਿੱਟੀ ਮੱਖੀ 'ਤੇ ਕਾਬੂ ਪਾਉਣ ਲਈ ਕੀਤੇ ਗਏ ਉਪਰਾਲਿਆਂ ਉਪਰੰਤ ਕੁਝ ਥੋੜ੍ਹਾ ਜਿਹਾ ਰਕਬਾ ਵਧਿਆ ਤੇ 2.84 ਲੱਖ ਹੈਕਟੇਅਰ ਹੋ ਗਿਆ। ਪੰਜਾਬ ਸਰਕਾਰ ਨੇ ਇਸ ਸਾਲ ਕਾਸ਼ਤ ਦੇ ਰਕਬੇ ਦਾ ਟੀਚਾ 3.5 ਲੱਖ ਹੈਕਟੇਅਰ ਰੱਖਿਆ ਹੈ। ਇਸ ਦੀ ਪ੍ਰਾਪਤੀ ਮੁੱਖ ਤੌਰ 'ਤੇ ਬਠਿੰਡਾ, ਮਾਨਸਾ, ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਚ ਕੀਤੀ ਜਾਵੇਗੀ। ਭਾਵੇਂ ਬਰਨਾਲਾ, ਮੋਗਾ, ਫਰੀਦਕੋਟ ਅਤੇ ਸੰਗਰੂਰ ਜ਼ਿਲ੍ਹੇ ਵੀ ਇਸ ਦੀ ਕਾਸ਼ਤ ਹੇਠ ਲਿਆਂਦੇ ਜਾਣਗੇ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ: ਸੁਤੰਤਰ ਕੁਮਾਰ ਐਰੀ ਅਨੁਸਾਰ ਇਹ ਵੱਧ ਰਕਬੇ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਮੁੱਖ ਖੇਤੀਬਾੜੀ ਅਫ਼ਸਰਾਂ ਦੀਆਂ ਬੈਠਕਾਂ ਕਰਕੇ ਉਨ੍ਹਾਂ ਨੂੰ ਟੀਚੇ ਦੇ ਦਿੱਤੇ ਗਏ ਹਨ। ਵਿਭਾਗ ਵਲੋਂ ਇਹ ਉਪਰਾਲੇ ਕੀਤੇ ਜਾ ਰਹੇ ਹਨ ਕਿ ਕਿਸਾਨ ਉਹੀ ਬੀਜ ਬੀਜਣ ਜੋ ਸਫ਼ਲ ਰਹਿਣ ਅਤੇ ਬਿਮਾਰੀ-ਰਹਿਤ ਹੋਣ। ਇਸ ਲਈ ਮੁੱਖ ਖੇਤੀਬਾੜੀ ਅਫ਼ਸਰ, ਸਬੰਧਿਤ ਕਰਮਚਾਰੀ ਅਤੇ ਵਰਤੇ ਜਾਣੇ ਵਾਲੀ ਕਿਸਮ ਦੇ ਬੀਜ ਦੀ ਨਿਰਮਾਤਾ ਕੰਪਨੀ ਅਤੇ ਸਥਾਨਕ ਬੀਜ ਵਿਕਰੇਤਾ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਇਸ ਕਿਸਮ ਦੀਆਂ ਵਿਸ਼ੇਸ਼ਤਾਵਾਂ ਦੱਸਣਗੇ ਅਤੇ ਉਨ੍ਹਾਂ ਵਲੋਂ ਉਠਾਏ ਜਾਣ ਵਾਲੇ ਪ੍ਰਸ਼ਨਾਂ ਦਾ ਜਵਾਬ ਦੇ ਕੇ ਉਨ੍ਹਾਂ ਦੀ ਤਸੱਲੀ ਕਰਨਗੇ। ਇਸ ਤੋਂ ਇਲਾਵਾ ਡਾ: ਐਰੀ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਤੇ ਅਫ਼ਸਰ ਸਟੇਸ਼ਨਾਂ 'ਤੇ ਜਾ ਕੇ ਇਹ ਨਿਗਰਾਨੀ ਰੱਖ ਰਹੇ ਹਨ ਕਿ ਕੋਈ ਨਕਲੀ ਬੀਜ ਬਾਹਰੋਂ ਆ ਕੇ ਇਸਤੇਮਾਲ ਨਾ ਹੋਵੇ।
ਨਹਿਰੀ ਪਾਣੀ ਦੀ ਸਪਲਾਈ ਕਿਸਾਨਾਂ ਨੂੰ 24 ਅਪ੍ਰੈਲ ਤੋਂ ਬਾਅਦ ਸ਼ੁਰੂ ਹੋ ਜਾਵੇਗੀ। ਇਸ ਸਾਲ ਕਣਕ ਦੀ ਵਾਢੀ 'ਚ ਫ਼ਸਲ ਦੇਰੀ ਨਾਲ ਪੱਕਣ ਕਾਰਨ ਅਤੇ ਮੌਸਮ ਠੰਢਾ ਰਹਿਣ ਕਾਰਨ ਕੁਝ ਦੇਰੀ ਹੋ ਰਹੀ ਹੈ। ਇਸ ਲਈ ਨਰਮੇ ਦੀ ਕਾਸ਼ਤ ਵੀ ਕੁਝ ਪਛੇਤੀ ਹੀ ਪੈ ਗਈ ਹੈ। ਇਸ ਦੇ 20 ਅਪ੍ਰੈਲ ਤੋਂ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ ਖੇਤੀਬਾੜੀ ਵਿਭਾਗ ਵਲੋਂ ਕਾਫੀ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਕਾਸ਼ਤ-ਅਧੀਨ ਰਕਬਾ ਨਿਸ਼ਾਨੇ ਤੋਂ ਨਾ ਘਟੇ। ਕਣਕ-ਝੋਨੇ ਦਾ ਫ਼ਸਲੀ ਚੱਕਰ ਤੋੜਨ ਲਈ ਕਪਾਹ-ਨਰਮਾ ਹੀ ਇਕ ਮਹੱਤਵਪੂਰਨ ਫ਼ਸਲ ਹੈ। ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਜੋੜ ਕੇ ਖੇਤੀਬਾੜੀ ਵਿਭਾਗ ਨੇ ਰਕਬਿਆਂ 'ਚੋਂ ਵੀ ਨਦੀਨਾਂ ਦੀ ਸਫਾਈ ਕਰਵਾ ਦਿੱਤੀ ਹੈ।
ਬਹੁਤ ਕਿਸਾਨ ਪਿਛਲੇ ਕੁਝ ਸਾਲਾਂ ਦੌਰਾਨ ਕਮਾਹ-ਨਰਮੇ ਨਾਲੋਂ ਚੌਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਮੁਨਾਫਾ ਹੋਣ ਕਾਰਨ ਨਰਮੇ ਦੀ ਖੇਤੀ ਛੱਡਣ ਲਈ ਮਜਬੂਰ ਹਨ। ਜੋ ਨਰਮੇ ਦੀ ਕਾਸ਼ਤ ਥੱਲੇ ਰਕਬਾ ਘਟਣ ਦਾ ਮੁੱਖ ਕਾਰਨ ਬਣਿਆ ਹੈ।
ਨਰਮੇ ਦੀ ਕਾਸ਼ਤ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੀ ਹੈ। ਉਤਪਾਦਕਾਂ ਨੂੰ ਕਾਸ਼ਤ ਸਮੇਂ ਦਿਨ ਦਾ ਔਸਤ ਤਾਪਮਾਨ 16 ਡਿਗਰੀ ਸੈਂਟੀਗ੍ਰੇਡ ਅਤੇ ਫ਼ਸਲ ਦੇ ਵਾਧੇ ਲਈ 21 ਤੋਂ 27 ਡਿਗਰੀ ਸੈਂਟੀਗ੍ਰੇਡ ਹੋਣ ਦਾ ਧਿਆਨ ਰੱਖਣਾ ਚਾਹੀਦਾ ਹੈ। ਫ਼ਲ ਪੈਣ ਸਮੇਂ ਤਾਪਮਾਨ 27 ਤੋਂ 32 ਡਿਗਰੀ ਸੈਂਟੀਗ੍ਰੇਡ ਅਤੇ ਰਾਤਾਂ ਠੰਢੀਆਂ ਹੋਣੀਆਂ ਚਾਹੀਦੀਆਂ ਹਨ। ਸਤੰਬਰ ਤੋਂ ਨਵੰਬਰ ਤੱਕ ਧੁੱਪ ਦਾ ਪੈਣਾ ਜ਼ਰੂਰੀ ਹੈ, ਤਾਂ ਜੋ ਨਰਮੇ ਦੀ ਕਿਸਮ ਚੰਗੀ ਬਣ ਜਾਵੇ। ਉਤਪਾਦਕਾਂ ਨੂੰ ਖੇਤ ਤਿਆਰ ਕਰਨ ਤੋਂ ਪਹਿਲਾਂ 1 ਮੀਟਰ ਦੀ ਦੂਰੀ 'ਤੇ ਦੋ-ਤਰਫਾ ਡੂੰਘੀ ਵਹਾਈ ਕਰਨੀ ਚਾਹੀਦੀ ਹੈ। ਡੂੰਘਾ ਵਾਹੁਣ ਨਾਲ ਜ਼ਮੀਨ ਹੇਠਾਂ ਬਣੀ ਸਖ਼ਤ ਤਹਿ ਟੁੱਟ ਜਾਂਦੀ ਹੈ, ਜਿਸ ਨਾਲ ਪਾਣੀ ਦੀ ਜੀਰਣ ਸ਼ਕਤੀ ਵਧਦੀ ਹੈ। ਬਿਜਾਈ ਲਈ ਜ਼ਮੀਨ ਪੋਲੀ ਅਤੇ ਭੁਰਭਰੀ ਹੋਣੀ ਚਾਹੀਦੀ ਹੈ। ਕਣਕ ਦੀ ਕਟਾਈ ਪਿੱਛੋਂ ਖੇਤ ਨੂੰ 2-3 ਵਾਰ ਡਿਸਕਾਂ ਨਾਲ ਵਾਹ ਕੇ ਭਾਰੀ ਰੌਣੀ ਕਰ ਦੇਣੀ ਚਾਹੀਦੀ ਹੈ। ਬੀਜ ਦੀ ਸੋਧ ਬਿਮਾਰੀਆਂ ਰੋਕਣ ਲਈ ਬੜੀ ਜ਼ਰੂਰੀ ਹੈ। ਇਸ ਲਈ ਲੂੰਈ ਵਾਲੇ ਸੁੱਕੇ ਬੀਜ ਨੂੰ 8 ਘੰਟੇ ਦਵਾਈਆਂ ਵਾਲੇ ਘੋਲ ਵਿਚ ਭਿਉਂ ਦੇਣਾ ਲੋੜੀਂਦਾ ਹੈ। ਬੀਜਣ ਤੋਂ ਪਹਿਲਾਂ ਲੂੰਈ ਵਾਲੇ ਭਿੱਜੇ ਬੀਜ ਨੂੰ ਬਰੀਕ ਮਿੱਟੀ, ਗੋਹੇ ਜਾਂ ਸੁਆਹ ਨਾਲ ਮਲ ਕੇ ਨਿਖੇੜ ਲੈਣਾ ਚਾਹੀਦਾ ਹੈ, ਤਾਂ ਜੋ ਇਕਸਾਰ ਬੀਜਿਆ ਜਾ ਸਕੇ। ਬਿਜਾਈ 15-20 ਮਈ ਤੱਕ ਖ਼ਤਮ ਹੋ ਜਾਣੀ ਚਾਹੀਦੀ ਹੈ।
ਪਾਣੀ ਨੂੰ ਬਚਾਉਣ ਲਈ ਨਰਮਾ ਬੀਜਣ ਵਾਲੀ ਮਸ਼ੀਨ ਨਾਲ ਵੱਟਾਂ ਉੱਪਰ ਬਿਜਾਈ ਵੀ ਕੀਤੀ ਜਾ ਸਕਦੀ ਹੈ ਅਤੇ ਖੇਲਾਂ ਰਾਹੀਂ ਪਾਣੀ ਦਿੱਤਾ ਜਾ ਸਕਦਾ ਹੈ। ਬੂਟਿਆਂ ਦੀ ਗਿਣਤੀ ਪੂਰੀ ਕਰਨ ਲਈ 3 ਹਫ਼ਤੇ ਦੀ ਪਨੀਰੀ ਲਾਈ ਜਾ ਸਕਦੀ ਹੈ। ਲੁਆਈ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਕਰਨੀ ਜ਼ਰੂਰੀ ਹੈ। ਭਾਵੇਂ ਗੋਡੀ ਨਾਲ, ਭਾਵੇਂ ਜ਼ਹਿਰਾਂ ਦੇ ਪ੍ਰਯੋਗ ਨਾਲ ਕਰ ਲਈ ਜਾਵੇ। ਭਿੰਡੀ, ਮੂੰਗੀ, ਅਰਹਰ, ਜੰਤਰ ਅਤੇ ਅਰਿੰਡ ਨਰਮੇ-ਕਪਾਹ ਦੇ ਖੇਤਾਂ ਵਿਚ ਜਾਂ ਆਲੇ-ਦੁਆਲੇ ਨਹੀਂ ਬੀਜਣਾ ਚਾਹੀਦਾ। ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਹੀਂ ਪਾਉਣੀ ਚਾਹੀਦੀ ਅਤੇ ਜੇ ਕਣਕ ਨੂੰ ਪੂਰਾ ਫਾਸਫੋਰਸ ਪਾਇਆ ਹੋਵੇ, ਨਰਮੇ ਦੀ ਫ਼ਸਲ ਨੂੰ ਫਾਸਫੋਰਸ ਪਾਉਣ ਦੀ ਲੋੜ ਨਹੀਂ। ਸਵੈ ਬਣਾਏ ਕੀਟਨਾਸ਼ਕਾਂ ਦੇ ਮਿਸ਼ਰਣ ਨਹੀਂ ਵਰਤਣੇ ਚਾਹੀਦੇ।


-ਮੋਬਾਈਲ : 98152-36307

ਗੀਤ

ਬਦਲਿਆ ਜ਼ਮਾਨਾ ਹੁਣ

ਦਿਸਦੇ ਨਾ ਕਿਧਰੇ ਹੁਣ ਖੂਹ ਵਗਦੇ
ਬੰਬੀਆਂ 'ਤੇ ਬਲਬ ਕਿਤੇ-ਕਿਤੇ ਜਗਦੇ।

ਬਦਲਿਆ ਜ਼ਮਾਨਾ ਹੁਣ ਖੂਹ ਦੀਆਂ ਟਿੰਡਾਂ ਦਾ।
ਬਦਲ ਗਿਆ ਰੂਪ ਕਿੰਨਾ, ਸਾਰਿਆਂ ਹੀ ਪਿੰਡਾਂ ਦਾ।
ਪਾਣੀਆਂ ਦੇ ਲਈ ਸਬਮਰਸੀਬਲ ਲਗਦੇ।
ਦਿਸਦੇ ਨਾ ਕਿਧਰੇ ਹੁਣ ਖੂਹ ਵਗਦੇ।

ਗੰਡ, ਬੈੜ, ਗਾਧੀ ਕਿਥੇ, ਦਿਸਣ ਨਾ ਗਦਾਲ਼ੀਆਂ।
ਗੱਡੇ ਗੱਡੀਆਂ ਨਾ ਰਹੇ, ਨਾ ਹਲ ਤੇ ਪੰਜਾਲ਼ੀਆਂ।
ਓਧਰੇ ਮਨਾਂ ਦੇ ਨਾਲ, ਚਿਹਰੇ ਵੀ ਨਾ ਦਗ਼ਦੇ।
ਬੰਬੀਆਂ 'ਤੇ ਬਲਬ ਕਿਤੇ ਕਿਤੇ ਜਗਦੇ।

ਟਰੈਕਟਰ ਟਰਾਲੀਆਂ, ਧੁੰਮਾਂ ਹੁਣ ਪਾਉਂਦੇ ਨੇ।
ਤੜਕੇ ਨਾ ਜੋਗਾਂ ਜੋੜ, ਹਾਲ਼ੀ ਕੋਈ ਲਿਆਉਂਦੇ ਨੇ।
ਬੈਂਕਾਂ ਵਾਲੇ ਹੋਈ ਜਾਂਦੇ, ਵਾਕਫ਼ ਰਗ਼-ਰਗ਼ ਦੇ।
ਦਿਸਦੇ ਨਾ ਕਿਧਰੇ ਹੁਣ, ਖੂਹ ਵਗਦੇ।

ਖੇਤੀ ਦਿਆਂ ਨਵੇਂ ਸੰਦਾਂ, ਜੱਟ ਉਲਝਾ ਲਿਆ।
ਇਨ੍ਹਾਂ ਹਰ ਪਾਸੇ ਪੂਰਾ, ਗ਼ਲਬਾ ਹੈ ਪਾ ਲਿਆ।
ਨਵੇਂ ਨੇ ਔਜ਼ਾਰ ਸਭ, ਪਹਿਲਾਂ ਤੋਂ ਅਲੱਗ ਦੇ।
ਬੰਬੀਆਂ 'ਤੇ ਬਲਬ ਕਿਤੇ ਕਿਤੇ ਜਗਦੇ।

ਕਿਸੇ ਕਿਸੇ ਜੱਟ ਕੋਲ, ਰਹਿ ਗਈ ਹੁਣ ਤੰਗਲ਼ੀ।
ਚਾਟੀਆਂ 'ਚ ਫਿਰੇ ਨਾ, ਮਧਾਣੀ ਹੁਣ ਰੰਗਲ਼ੀ।
'ਆਤਮਾ ਸਿੰਘ ਚਿੱਟੀ' ਦੇ ਨੇ ਗੀਤ ਮਘਦੇ।
ਦਿਸਦੇ ਨਾ ਕਿਧਰੇ ਹੁਣ ਖੂਹ ਵਗਦੇ।


-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ।
ਮੋਬਾਈਲ : 99884-69564.

ਸੂਰਜਮੁਖੀ ਦੀ ਕਾਸ਼ਤ ਦੇ ਉੱਨਤ ਢੰਗ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਖ਼ਾਦਾਂ: ਜਿਥੋਂ ਤੱਕ ਸੰਭਵ ਹੋਵੇ, ਖਾਦਾਂ ਦੀ ਵਰਤੋਂ ਮਿੱਟੀ ਪਰਖ ਅਤੇ ਪਿਛਲੀ ਫ਼ਸਲ ਵਿਚ ਵਰਤੀ ਗਈ ਖਾਦ ਦੀ ਮਾਤਰਾ ਦੇ ਆਧਾਰ 'ਤੇ ਕਰੋ।
ਨਦੀਨਾਂ ਦੀ ਰੋਕਥਾਮ: ਪਹਿਲੀ ਗੋਡੀ ਉੱਗਣ ਤੋਂ 2-3 ਹਫ਼ਤੇ ਅਤੇ ਦੂਜੀ ਗੋਡੀੇ ਜੇਕਰ ਲੋੜ ਪਵੇ ਤਾਂ ਉਸ ਤੋਂ 3 ਹਫ਼ਤੇ ਪਿੱਛੋਂ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਸਿੰਚਾਈ: ਬਹਾਰ ਰੁੱਤ ਦੀ ਸੂਰਜਮੁਖੀ ਦੀ ਫ਼ਸਲ ਨੂੰ ਵਧੇਰੇ ਸਿੰਚਾਈ ਦੀ ਲੋੜ ਪੈਂਦੀ ਹੈ। ਸਿੱਧੀ ਬੀਜੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਦਿਉ। ਵੱਟਾਂ 'ਤੇ ਬੀਜੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 3-4 ਦਿਨਾਂ ਮਗਰੋਂ ਅਤੇ ਦੂਜਾ ਪਾਣੀ ਲਗਭਗ ਇਕ ਮਹੀਨੇ ਬਾਅਦ ਲਗਾਓ। ਅਗਲੀਆਂ ਸਿੰਚਾਈਆਂ 2 ਤੋਂ 3 ਹਫਤਿਆਂ ਦੇ ਅੰਤਰ ਦੇ ਕਰੋ। ਮਾਰਚ ਦੇ ਮਹੀਨੇ ਵਿਚ 2 ਹਫਤਿਆਂ ਦੇ ਵਕਫ਼ੇ ਤੋਂ ਬਾਅਦ ਅਤੇ ਅਪ੍ਰੈਲ-ਮਈ ਦੇ ਮਹੀਨੇ ਵਿਚ 8-10 ਦਿਨਾਂ ਬਾਅਦ ਸਿੰਚਾਈ ਕਰੋੋ। ਮੌਸਮ ਦੇ ਹਿਸਾਬ ਨਾਲ ਵਕਫ਼ਾ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਫ਼ਸਲ ਨੂੰ 50 ਫੀਸਦੀ ਫੁੱਲ ਪੈਣ ਸਮੇਂ, ਦਾਣੇ ਬਣਨ ਸਮੇਂ ਅਤੇ ਦਾਣਿਆਂ ਦੇ ਨਰਮ ਅਤੇ ਸਖ਼ਤ ਦੋਧੇ ਹੋਣ ਦੀ ਅਵਸਥਾ ਤੇ ਸਿੰਚਾਈ ਜ਼ਰੂਰ ਕਰੋ। ਫ਼ਸਲ ਵੱਢਣ ਤੋਂ ਲਗਪਗ ਦੋ ਹਫਤੇ ਪਹਿਲਾਂ ਸਿੰਚਾਈ ਬੰਦ ਕਰ ਦਿਓ।
ਤੁਪਕਾ ਸਿੰਚਾਈ ਵਿਧੀ ਅਪਣਾ ਕੇ ਲਗਭਗ 20 ਫੀਸਦੀ ਪਾਣੀ ਅਤੇ ਖਾਦਾਂ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਸਿੰਚਾਈ ਵਿਧੀ ਨਾਲ ਖੇਤ ਵਿਚ ਨਦੀਨ ਵੀ ਘੱਟ ਹੁੰਦੇ ਹਨ ਅਤੇ ਝਾੜ ਵਿਚ ਵਾਧਾ ਹੁੰਦਾ ਹੈ।
ਪੰਛੀਆਂ ਤੋਂ ਬਚਾਅ: ਬੀਜ ਪੁੰਗਰਨ ਵੇਲੇ ਕਾਂ ਫ਼ਸਲ ਦਾ ਕਾਫ਼ੀ ਨੁਕਸਾਨ ਕਰਦੇ ਹਨ। ਇਨ੍ਹਾਂ ਤੋਂ ਬਚਾਅ ਲਈ ਬੀਜ ਜੰਮਣ ਦੌਰਾਨ ਕੁਝ ਦਿਨਾਂ ਤੱਕ ਸਵੇਰੇ-ਸ਼ਾਮ ਖੇਤ ਦੀ ਰਾਖੀ ਜ਼ਰੂਰੀ ਹੈ। ਦਾਣੇ ਬਣਨ ਤੋਂ ਫ਼ਸਲ ਪੱਕਣ ਦੌਰਾਨ ਤੋਤੇ ਫ਼ਸਲ ਦਾ ਕਾਫ਼ੀ ਨੁਕਸਾਨ ਕਰਦੇ ਹਨ। ਡਰਨੇ ਲਗਾ ਕੇ, ਸਵੇਰੇ ਅਤੇ ਸ਼ਾਮ ਦੇ ਸਮੇਂ ਉੱਚੀ ਆਵਾਜ਼ ਵਿਚ ਚਿਤਾਵਨੀ ਭਰੀਆਂ ਰਿਕਾਰਡ ਕੀਤੀਆਂ ਅਵਾਜ਼ਾਂ, ਪੰਛੀ ਉਡਾਉਣ ਵਾਲੀ ਮਸ਼ੀਨ, ਬੰਦੂਕ ਜਾਂ ਪਟਾਕਿਆਂ ਦੇ ਧਮਾਕੇ ਵਰਗੇ ਉਪਰਾਲੇ ਕਰਕੇ ਇਨ੍ਹਾਂ ਤੋਂ ਫ਼ਸਲ ਨੂੰ ਬਚਾਇਆ ਜਾ ਸਕਦਾ ਹੈ। ਡਰਨੇ ਦੀ ਉਚਾਈ ਫ਼ਸਲ ਤੋਂ ਘੱਟੋ-ਘੱਟ ਇਕ ਮੀਟਰ ਉਚੀ ਰੱਖੋ। ਡਰਨੇ ਦੀ ਥਾਂ, ਦਿਸ਼ਾ ਅਤੇ ਪੁਸ਼ਾਕ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਬਦਲ਼ਦੇ ਰਹੋ।
ਕਟਾਈ ਅਤੇ ਗਹਾਈ: ਹੇਠਲੇ ਪਾਸਿਉਂ ਸਿਰਾਂ ਦਾ ਰੰਗ ਬਦਲ ਕੇ ਪੀਲਾ-ਭੂਰਾ ਹੋ ਜਾਣਾ ਅਤੇ ਬਾਹਰਲੇ ਪਾਸੋਂ ਡਿਸਕ ਦੇ ਸੁੱਕਣ ਦੀ ਸ਼ੁਰੂਆਤ ਫ਼ਸਲ ਦੇ ਪੱਕਣ ਦੀਆਂ ਨਿਸ਼ਾਨਿਆਂ ਹਨ। ਇਸ ਸਮੇਂ ਬੀਜ ਪੂਰੀ ਤਰ੍ਹਾਂ ਪੱਕ ਕੇ ਕਾਲੇ ਰੰਗ ਦੇ ਹੋ ਜਾਂਦੇ ਹਨ। ਕਟਾਈ ਕਰਨ ਉਪਰੰਤ ਗਹਾਈ ਤੋਂ ਪਹਿਲਾਂ ਸੂਰਜਮੁਖੀ ਦੇ ਸਿਰਾਂ ਨੂੰ ਚੰਗੀ ਤਰ੍ਹਾਂ ਸੁਕਾਓ। ਪਰ ਥਰੈਸ਼ਰ ਨਾਲ ਗਹਾਈ ਸੂਰਜਮੁਖੀ ਦੇ ਸਿਰਾਂ ਦੀ ਕਟਾਈ ਤੋਂ ਤੁਰੰਤ ਬਾਅਦ ਕੀਤੀ ਜਾ ਸਕਦੀ ਹੈ। ਗਹਾਈ ਤੋਂ ਬਾਅਦ ਦਾਣਿਆਂ ਨੂੰ ਉੱਲੀ ਤੋਂ ਬਚਾਉਣ ਲਈ ਵੀ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾਓ। (ਸਮਾਪਤ)


-ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ

ਆਪਣੇ ਕਿੱਤੇ ਨਾਲ ਇਨਸਾਫ਼ ਕਰਨ ਵਾਲਾ ਵੈਟਰਨਰੀ ਅਫ਼ਸਰ ਡਾ: ਰਜਿੰਦਰਪਾਲ ਕਾਂਸਲ

ਇਨਸਾਨ ਇਸ ਤਰ੍ਹਾਂ ਦੇ ਜ਼ਿੰਦਾਦਿਲ ਹੁੰਦੇ ਹਨ ਜੋ ਆਪਣੀ ਕਾਰਜ ਸ਼ੈਲੀ, ਵਾਕ ਸ਼ੈਲੀ ਤੇ ਮਿਲਾਪੜੇ ਸੁਭਾਅ ਕਾਰਨ ਸਦਾ ਲਈ ਲੋਕ ਚੇਤਿਆਂ ਵਿਚ ਵਸ ਜਾਂਦੇ ਹਨ। ਅਜਿਹੇ ਲੋਕ ਜਿੱਥੇ ਆਪਣੇ ਕਿੱਤੇ ਨਾਲ ਪੂਰਾ ਇਨਸਾਫ ਕਰਦੇ ਹਨ, ਉੱਥੇ ਹੀ ਲੋੜਵੰਦਾਂ ਲਈ ਮਸੀਹਾ ਵੀ ਹੋ ਨਿਬੜਦੇ ਹਨ। ਆਟੇ ਵਿਚ ਲੂਣ ਦੇ ਬਰਾਬਰ ਗਿਣਤੀ ਵਾਲੇ ਅਜਿਹੇ ਲੋਕਾਂ ਵਿਚੋਂ ਹੀ ਇਕ ਹਨ ਵੈਟਰਨਰੀ ਡਾਕਟਰ ਰਜਿੰਦਰਪਾਲ ਕਾਂਸਲ।
ਪਿੰਡ ਜੋਗਾ ਜ਼ਿਲ੍ਹਾ ਮਾਨਸਾ ਦੀ ਪਸ਼ੂ ਡਿਸਪੈਂਸਰੀ ਵਿਚ ਜੂਨ 1988 ਵਿਚ ਪਿੰਡ ਘੁੜਾਮ ਜ਼ਿਲ੍ਹਾ ਪਟਿਆਲਾ ਤੋਂ ਬਦਲ ਕੇ ਆਏ ਡਾਕਟਰ ਕਾਂਸਲ ਨੇ ਬਤੌਰ ਵੈਟਰਨਰੀ ਡਾਕਟਰ ਆਪਣੀ ਸੇਵਾ ਸ਼ੁਰੂ ਕੀਤੀ ਸੀ ਅਤੇ ਲਗਾਤਾਰ 24 ਸਾਲ ਤੱਕ ਇਸੇ ਪਿੰਡ ਵਿਚ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ। ਇਸ ਲੰਮੇ ਅਰਸੇ ਦੌਰਾਨ ਉਨ੍ਹਾਂ ਨੇ ਲੋਕ ਮਨਾਂ ਵਿਚ ਅਜਿਹੀ ਥਾਂ ਬਣਾਈ ਜਿਸ ਸਦਕਾ ਉਹ (ਜੁਲਾਈ 2012 ਵਿਚ ਇੱਥੋਂ ਬਦਲੀ ਹੋਣ ਤੋਂ ਬਾਅਦ) ਅੱਜ ਵੀ ਪਿੰਡ ਦੇ ਲੋਕਾਂ ਦੇ ਦੁੱਖ-ਸੁੱਖ ਦੇ ਸੀਰੀ ਬਣ ਕੇ ਵਿਚਰਦੇ ਹਨ।
ਉਹ ਆਪਣੇ ਮਿਸ਼ਨ ਲਈ ਇੰਨੇ ਸਮਰਪਿਤ ਸਨ ਕਿ ਜੇਕਰ ਪਿੰਡ ਵਿਚ ਕਿਸੇ ਦਾ ਪਸ਼ੂ ਬਿਮਾਰ ਹੁੰਦਾ ਤਾਂ ਉਨ੍ਹਾਂ ਨੇ ਕਦੇ ਦਿਨ ਜਾਂ ਰਾਤ ਦੀ ਪਰਵਾਹ ਨਹੀਂ ਸੀ ਕੀਤੀ। ਕਈ ਵਾਰ ਜਦੋਂ ਬਿਮਾਰ ਪਸ਼ੂ ਨੂੰ ਹਸਪਤਾਲ ਵਿਚ ਲਿਆਉਣ ਵਾਲਾ ਕੋਈ ਆਦਮੀ ਘਰ ਵਿਚ ਨਾ ਹੁੰਦਾ ਤਾਂ ਮਹਿਜ਼ ਘਰ ਦੀਆਂ ਔਰਤਾਂ ਵਲੋਂ ਭੇਜੇ ਕਿਸੇ ਛੋਟੇ ਬੱਚੇ ਦਾ ਸੁਨੇਹਾ ਵੀ ਉਹ ਖਿੜੇ ਮੱਥੇ ਪ੍ਰਵਾਨ ਕਰਦੇ ਤੇ ਬੱਚੇ ਨੂੰ ਆਪਣੇ ਸਕੂਟਰ ਦੇ ਪਿੱਛੇ ਬਿਠਾ ਕੇ ਤੁਰੰਤ ਉਸ ਘਰ ਵੱਲ ਚਾਲੇ ਪਾ ਦਿੰਦੇ ਸਨ।
ਪਸ਼ੂਆਂ ਦਾ ਇਲਾਜ ਕਰਨ ਵਿਚ ਤਾਂ ਉਨ੍ਹਾਂ ਨੂੰ ਮੁਹਾਰਤ ਹੈ ਹੀ ਸੀ, ਉਹ ਹਰ ਤਰ੍ਹਾਂ ਦਾ ਵਾਹਨ ਚਲਾਉਣ ਵਿਚ ਵੀ ਬੜੇ ਮਾਹਰ ਸਨ। ਆਲੇ-ਦੁਆਲੇ ਦੇ ਪਿੰਡਾਂ ਵਿਚੋਂ ਜੇਕਰ ਕੋਈ ਵਿਅਕਤੀ ਆਪਣੇ ਬਿਮਾਰ ਪਸ਼ੂ ਦਾ ਇਲਾਜ ਕਰਵਾਉਣ ਲਈ ਡਾਕਟਰ ਕੋਲ ਆਉਂਦਾ ਤਾਂ ਉਹ ਜਿਸ ਵੀ ਵਾਹਨ ਰਾਹੀਂ (ਟਰੈਕਟਰ, ਘੜੁੱਕਾ, ਪੀਟਰ ਰੇਹੜਾ, ਮੋਟਰਸਾਈਕਲ) ਆਇਆ ਹੁੰਦਾ ਤਾਂ ਉਹ ਉਸ ਵਿਅਕਤੀ ਨੂੰ ਪਾਸੇ ਬਿਠਾ ਕੇ ਉਸ ਦਾ ਵਾਹਨ ਆਪ ਚਲਾ ਕੇ ੳਨ੍ਹਾਂ ਦੇ ਘਰ ਜਾਂਦੇ ਸਨ।
ਜੇਕਰ ਕੋਈ ਗਰੀਬ ਵਿਅਕਤੀ ਆਪਣੇ ਬਿਮਾਰ ਪਸ਼ੂ ਦਾ ਇਲਾਜ ਕਰਵਾਉਣ ਤੋਂ ਅਸਮਰਥ ਹੁੰਦਾ ਤਾਂ ਉਸ ਦੇ ਪਸ਼ੂ ਦਾ ਮੁਫਤ ਇਲਾਜ ਕਰਨਾ ਉਹ ਆਪਣਾ ਧਰਮ ਸਮਝਦੇ ਸਨ। ਇਸ ਪਿੰਡ ਵਿਚ ਆਪਣੀ 24 ਸਾਲ ਦੀ ਸੇਵਾ ਦੌਰਾਨ ਉਨ੍ਹਾਂ ਨੇ ਕਦੇ ਇਹ ਬਹਾਨਾ ਨਹੀਂ ਸੀ ਬਣਾਇਆ ਕਿ ਅੱਜ ਐਤਵਾਰ ਜਾਂ ਸਰਕਾਰੀ ਛੁੱਟੀ ਹੈ।
ਇੱਥੋਂ ਬਦਲੀ ਹੋਣ ਤੋਂ ਬਾਅਦ ਹੁਣ ਵੀ ਉਹ ਪਿੰਡ ਦੇ ਲੋਕਾਂ ਵਲੋਂ ਕਰਵਾਏ ਜਾਂਦੇ ਪਰਿਵਾਰਕ ਸਮਾਗਮਾਂ ਅਤੇ ਪਿੰਡ ਵਿਚ ਹੁੰਦੇ ਸਮਾਜਿਕ ਸਮਾਗਮਾਂ ਵਿਚ ਹਾਜ਼ਰੀ ਲਗਵਾਉਣ ਜ਼ਰੂਰ ਆਉਂਦੇ ਹਨ, ਕਿਉਂਕਿ ਪਿੰਡ ਦੇ ਲੋਕ ਅਜੇ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਹਰ ਦੁੱਖ-ਸੁੱਖ ਦੀ ਸਾਂਝ ਰੱਖਦੇ ਆ ਰਹੇ ਹਨ। ਡਾਕਟਰ ਰਜਿੰਦਰਪਾਲ ਵੀ ਇਸ ਪਿੰਡ ਵਿਚ ਕੀਤੀ ਗਈ 24 ਸਾਲ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਸੁਨਹਿਰੀ ਸਮਾਂ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ 24 ਸਾਲਾਂ ਵਿਚ ਪਿੰਡ ਦੇ ਲੋਕਾਂ ਵਲੋਂ ਦਿੱਤਾ ਗਿਆ ਪਿਆਰ ਅਤੇ ਸਤਿਕਾਰ ਉਨ੍ਹਾਂ ਲਈ ਸਭ ਤੋਂ ਵੱਡਾ ਸਰਮਾਇਆ ਹੈ ਜਿਸ ਨੂੰ ਉਹ ਕਦੇ ਵੀ ਨਹੀਂ ਭੁਲਾ ਸਕਦੇ।
ਅੱਜਕਲ੍ਹ ਉਹ ਬਤੌਰ ਸੀਨੀਅਰ ਵੈਟਰਨਰੀ ਅਫਸਰ ਕਮ ਸਹਾਇਕ ਡਾਇਰੈਕਟਰ ਬਰਨਾਲਾ ਵਿਖੇ ਸੇਵਾਵਾਂ ਨਿਭਾਅ ਰਹੇ ਹਨ। ਪਿੰਡ ਵਾਸੀਆਂ ਦੀ ਕਾਮਨਾ ਹੈ ਕਿ ਡਾ: ਕਾਂਸਲ ਇਸੇ ਤਰ੍ਹਾਂ ਹੀ ਨਿਰਸਵਾਰਥ ਦੀ ਭਾਵਨਾ ਨਾਲ ਆਪਣੀਆਂ ਸੇਵਾਵਾਂ ਦਿੰਦੇ ਰਹਿਣ। ਆਮੀਨ!


-ਮੋਬਾਈਲ : 94178-30981

ਸਾਉਣੀ ਦੇ ਚਾਰਿਆਂ ਦੀ ਅਚਾਰ ਬਣਾ ਕੇ ਸੰਭਾਲ ਕਰੋ

ਹਰੇ ਚਾਰੇ ਦੁਧਾਰੂ ਪਸ਼ੂਆਂ ਦੀ ਖੁਰਾਕ ਦਾ ਮੁੱਖ ਹਿੱਸਾ ਹਨ ਅਤੇ ਡੇਅਰੀ ਉਦਯੋਗ ਦੀ ਸਫਲਤਾ ਕਾਫ਼ੀ ਹੱਦ ਤੱਕ ਹਰੇ ਚਾਰੇ ਦੇ ਉਤਪਾਦਨ ਉਤੇ ਨਿਰਭਰ ਕਰਦੀ ਹੈ। ਦੁਧਾਰੂ ਪਸ਼ੂ ਆਪਣੀ ਖੁਰਾਕੀ ਤੱਤਾਂ ਦੀ ਲੋੜ ਹਰੇ ਚਾਰਿਆਂ ਤੋਂ ਪੂਰੀ ਕਰਦੇ ਹਨ। ਹਰੇ ਚਾਰਿਆਂ ਨੂੰ ਅਸੀਂ ਦੋ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ:
ਫ਼ਲੀਦਾਰ ਅਤੇ ਗ਼ੈਰ-ਫ਼ਲੀਦਾਰ ਚਾਰੇ : ਪੰਜਾਬ ਵਿਚ ਸਾਉਣੀ ਦੇ ਮੁੱਖ ਗ਼ੈਰ-ਫ਼ਲੀਦਾਰ ਚਾਰੇ ਹਨ-ਮੱਕੀ, ਚਰ੍ਹੀ ਅਤੇ ਬਾਜਰਾ। ਮੱਕੀ ਦੀ ਚਾਰੇ ਵਾਲੀ ਫ਼ਸਲ 50-60 ਦਿਨਾਂ ਵਿਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਦੁੱਧ ਦੇਣ ਵਾਲੇ ਪਸ਼ੂਆਂ ਲਈ ਇਸ ਨੂੰ ਬਹੁਤ ਚੰਗਾ ਸਮਝਿਆ ਜਾਂਦਾ ਹੈ। ਚਰ੍ਹੀ ਦੀ ਚਾਰੇ ਵਾਲੀ ਫ਼ਸਲ ਕਿਸਾਨਾਂ ਵਲੋਂ ਬਹੁਤ ਪਸੰਦ ਕੀਤੀ ਜਾਂਦੀ ਹੈ ਅਤੇ ਇਹ ਮੱਕੀ ਅਤੇ ਬਾਜਰੇ ਨਾਲੋਂ ਬਹੁਤ ਦੇਰ ਤੱਕ ਹਰੀ ਰਹਿੰਦੀ ਹੈ ਅਤੇ ਪਸ਼ੂ ਵੀ ਵਧੇਰੇ ਖੁਸ਼ ਹੋ ਕੇ ਖਾਂਦੇ ਹਨ। ਬਾਜਰਾ ਚਾਰੇ ਦੀ ਬਹੁਤ ਸਖ਼ਤ ਫ਼ਸਲ ਹੈ ਅਤੇ ਇਹ ਖ਼ਰਾਬ ਜਲਵਾਯੂ ਵਿਚ ਵੀ ਚੰਗੀ ਹੋ ਜਾਂਦੀ ਹੈ। ਇਹ ਹਲਕੀਆਂ ਅਤੇ ਘੱਟ ਸਿੱਲ੍ਹ ਵਾਲੀਆਂ ਜ਼ਮੀਨਾਂ ਵਿਚ ਵੀ ਉਗਾਇਆ ਜਾ ਸਕਦਾ ਹੈ। ਇਹ ਗਰਮ ਅਤੇ ਖੁਸ਼ਕ ਮੌਸਮ ਨੂੰ ਵੀ ਸਹਾਰ ਸਕਦਾ ਹੈ।
ਦੁਧਾਰੂ ਪਸ਼ੂਆਂ ਤੋਂ ਦੁੱਧ ਦੀ ਪੂਰੀ ਪੈਦਾਵਾਰ ਲੈਣ ਲਈ ਅਤੇ ਸਸਤੇ ਭਾਅ ਦੁੱਧ ਉਤਾਪਦਨ ਲਈ ਪੂਰਾ ਸਾਲ ਚਾਰੇ ਦੀ ਲੋੜ ਪੈਂਦੀ ਹੈ। ਪਰੰਤੂ ਨਵੰਬਰ-ਦਸੰਬਰ ਅਤੇ ਮਈ-ਜੂਨ ਦੇ ਮਹੀਨਿਆਂ ਵਿਚ ਪਸ਼ੂਆਂ ਲਈ ਹਰੇ ਚਾਰੇ ਦੀ ਸਖ਼ਤ ਘਾਟ ਹੁੰਦੀ ਹੈ। ਇਸ ਘਾਟ ਨੂੰ ਚਾਰੇ ਦੇ ਅਚਾਰ ਨਾਲ ਪੂਰਾ ਕੀਤਾ ਜਾ ਸਕਦਾ ਹੈ। ਵਧੀਆ ਕਿਸਮ ਦਾ ਅਚਾਰ ਤਿਆਰ ਕਰਨ ਲਈ ਸਾਉਣੀ ਦੇ ਉਪਰ ਦੱਸੇ ਗ਼ੈਰ-ਫ਼ਲੀਦਾਰ ਚਾਰੇ ਮੱਕੀ, ਚਰ੍ਹੀ ਅਤੇ ਬਾਜਰਾ ਜਿਨ੍ਹਾਂ ਵਿਚ ਨਿਸ਼ਾਸ਼ਤਾ ਜ਼ਿਆਦਾ ਅਤੇ ਪ੍ਰੋਟੀਨ ਘੱਟ ਮਾਤਰਾ ਵਿਚ ਹੁੰਦੀ ਹੈ, ਸਭ ਤੋਂ ਉਤਮ ਹਨ।
ਅਚਾਰ ਬਣਾਉਣ ਲਈ ਟੋਆ ਭਰਨਾ: ਠੀਕ ਸਮੇਂ ਸਿਰ ਕੱਟੀ ਹੋਈ ਫਸਲ ਜਿਸ ਵਿਚ 30 ਤੋਂ 35 ਪ੍ਰਤੀਸ਼ਤ ਸੁਕਾ ਮਾਦਾ ਹੋਵੇ ਟੋਆ ਭਰਨ ਲਈ ਤਿਆਰ ਹੈ। ਇਹ ਦੇਖਿਆ ਗਿਆ ਹੈ ਕਿ 10 ਮੀਟਰ ਲੰਬੇ, 3 ਮੀਟਰ ਚੌੜੇ ਅਤੇ 1.5 ਮੀਟਰ ਡੂੰਘੇ ਟੋਏ ਵਿਚ 300-400 ਕੁਇੰਟਲ ਹਰੇ ਚਾਰੇ ਦਾ ਆਚਾਰ ਬਣਾਇਆ ਜਾ ਸਕਦਾ ਹੈ। ਟੋਏ ਦੀ ਲੰਬਾਈ ਜਾਂ ਚੌੜਾਈ ਘੱਟ ਜਾਂ ਵੱਧ ਕੀਤੀ ਜਾ ਸਕਦੀ ਹੈ, ਪਰ ਟੋਏ ਦੀ ਡੂੰਘਾਈ ਦੋ ਮੀਟਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਕੱਚੇ ਟੋਏ ਵਿਚ ਪਲਾਸਟਿਕ ਦੀ ਸ਼ੀਟ ਜ਼ਰੂਰ ਵਿਛਾਉ। ਕੱਟੀ ਹੋਈ ਫਸਲ ਦਾ 2-3 ਇੰਚ ਲੰਬਾ ਕੁਤਰਾ ਕਰੋ। ਕੁਤਰਾ ਕੀਤੇ ਚਾਰੇ ਨੂੰ ਇਕ-ਇਕ ਫੁਟ ਦੀਆਂ ਤਹਿਆਂ ਵਿਚ ਟੋਏ ਵਿਚ ਪਾਉ ਅਤੇ ਹਰ ਤੈਅ ਨੂੰ ਪੈਰਾਂ ਨਾਲ ਚੰਗੀ ਤਰਾਂ ਲਤਾੜੋ ਤਾਂ ਜੋ ਸਾਰੀ ਹਵਾ ਬਾਹਰ ਨਿਕਲ ਜਾਵੇ। ਜਿੰਨਾ ਜਿਆਦਾ ਦਬਾਉਗੇ ਉਨ੍ਹਾਂ ਹੀ ਵਧੀਆ ਅਚਾਰ ਬਣੇਗਾ। ਟੋਏ ਨੂੰ ਜ਼ਮੀਨ ਤੋਂ ਅੱਧਾ ਮੀਟਰ ਉੱਚਾ ਭਰੋ ਤੇ ਉਪਰੋਂ ਇਸ ਨੂੰ ਗੁੰਬਦ ਦੀ ਸ਼ਕਲ ਦਾ ਬਣਾਉ ਤਾਂ ਜੋ ਪਾਣੀ ਨਾ ਖੜ੍ਹ ਸਕੇ। ਇਸ ਟੋਏ ਨੂੰ ਉਪਰੋਂ ਤੂੜੀ ਜਾਂ ਪਰਾਲੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢਕ ਦਿਉ। ਫਿਰ ਇਸ ਉੱਪਰ ਗਿੱਲੀ ਮਿੱਟੀ ਦਾ ਲੇਪ ਕਰੋ ਤਾਂ ਕਿ ਹਵਾ ਬਿਲਕੁਲ ਅੰਦਰ ਨਾ ਜਾ ਸਕੇ। ਇਸ ਟੋਏ ਦੀ ਪੂਰੀ ਨਿਗਰਾਨੀ ਰੱਖਣੀ ਚਾਹੀਦੀ ਹੈ। ਕਈ ਵਾਰ ਗਾਰੇ ਵਿਚ ਤਰੇੜ ਪੈ ਜਾਂਦੀ ਹੈ ਜਾਂ ਚੂਹੇ ਮੋਰੀਆਂ ਕਰ ਦਿੰਦੇ ਹਨ। ਜੇਕਰ ਅਜਿਹਾ ਹੋਵੇ ਤਾਂ ਇਨਾਂ ਤਰੇੜਾਂ ਜਾਂ ਮੋਰੀਆਂ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਡੇਢ ਮਹੀਨੇ (45 ਦਿਨਾਂ) ਬਾਅਦ ਅਚਾਰ ਤਿਆਰ ਹੋ ਜਾਂਦਾ ਹੈ। ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ। ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ। ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ।
ਵਧੀਆ ਅਚਾਰ ਦੀ ਪਛਾਣ ਕਿਵੇਂ? : * ਚੰਗਾ ਅਚਾਰ ਚਮਕਦਾਰ ਅਤੇ ਹਰੇ ਪੀਲੇ ਰੰਗ ਦਾ ਹੁੰਦਾ ਹੈ। * ਇਸ ਅਚਾਰ ਦੀ ਸੁਗੰਧ ਸਿਰਕੇ ਵਰਗੀ ਹੁੰਦੀ ਹੈ । * ਚੰਗਾ ਅਚਾਰ ਨਾ ਬਹੁਤਾ ਗਿੱਲਾ ਅਤੇ ਨਾ ਬਹੁਤਾ ਸੁੱਕਾ ਹੁੰਦਾ ਹੈ।
ਪਸ਼ੂਆਂ ਨੂੰ ਅਚਾਰ ਖਵਾਉਣਾ: ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ। ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ। ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ । ਕਿਸਾਨ ਵੀਰ ਅਚਾਰ ਬਣਾ ਕੇ ਇਸ ਨੂੰ ਹਰੇ ਚਾਰੇ ਦੀ ਘਾਟ ਸਮੇਂ (ਮਈ-ਜੂਨ ਜਾਂ ਨਵੰਬਰ-ਦਸੰਬਰ) ਵਰਤ ਸਕਦੇ ਹਨ।


-ਚਾਰਾ ਅਤੇ ਮਿੱਲਟ ਸੈਕਸ਼ਨ, ਪਲਾਂਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ। ਫੋਨ. 9988032271

ਸੂਰਜਮੁਖੀ ਦੀ ਕਾਸ਼ਤ ਦੇ ਉੱਨਤ ਢੰਗ

ਰੋਸ਼ਨੀ ਅਤੇ ਤਾਪਮਾਨ ਪ੍ਰਤੀ ਅਸੰਵੇਦਨਸ਼ੀਲ ਸੂਰਜਮੁਖੀ ਇਕ ਅਜਿਹੀ ਫ਼ਸਲ ਹੈ ਜਿਸ ਦੀ ਕਾਸ਼ਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਾਰਾ ਸਾਲ ਕੀਤੀ ਜਾ ਸਕਦੀ ਹੈ। ਪਰ ਪੰਜਾਬ ਸਮੇਤ ਸਾਰੇ ਉੱਤਰ ਭਾਰਤ ਵਿਚ ਬਹਾਰ ਰੁੱਤ ਇਸ ਦੀ ਕਾਸ਼ਤ ਲਈ ਸਭ ਤੋਂ ਢੁਕਵਾਂ ਸਮਾਂ ਹੈ। ਇਸ ਰੁਤ ਵਿਚ ਸ਼ਹਦ ਦੀਆਂ ਮੱਖੀਆਂ ਦਾ ਵਧੇਰੀ ਗਿਣਤੀ ਵਿਚ ਹੋਣਾ ਪਰ-ਪਰਾਗਣ ਵਾਲੀ ਇਸ ਫ਼ਸਲ ਦੀ ਪਰਾਗਣ ਕ੍ਰਿਆ ਅਤੇ ਬੀਜ ਬਣਾਉਣ ਵਿਚ ਸਹਾਈ ਹੁੰਦਾ ਹੈ। ਇਸ ਤੋਂ ਇਲਾਵਾ ਬਹਾਰ ਰੁੱਤ ਵਿਚ ਫ਼ਸਲ ਕੋਰਾ, ਪਾਲਾ, ਬਾਰਿਸ਼, ਬਿਮਾਰੀਆਂ, ਕੀੜੇ ਜਾਂ ਨਦੀਨਾਂ ਤੋਂ ਵੀ ਬਚੀ ਰਹਿੰਦੀ ਹੈ। ਸੂਰਜਮੁਖੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਇਸ ਦੇ ਘੱਟੋ-ਘੱਟ ਸਮਰਥਨ ਮੁੱਲ (ਰੁ: 5388 ਪ੍ਰਤੀ ਕੁਇੰਟਲ) ਵਿਚ ਪਿਛਲੇ ਸਾਲ ਦੇ ਮੁਕਾਬਲੇ ਲਗਪਗ ਰੁਪਏ 1500 ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ ਜੋ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਰੁ: 1840 ਪ੍ਰਤੀ ਕੁਇੰਟਲ) ਤੋਂ 2.9 ਗੁਣਾ ਜ਼ਿਆਦਾ ਹੈ।
ਅਨੁਕੂਲ ਵਾਤਾਵਰਨ, ਸਿੰਚਾਈ ਦੇ ਸਾਧਨ, ਵੱਧ ਝਾੜ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਦੀ ਉਪਲਬਧਤਾ ਦੇ ਬਾਵਜੂਦ, ਸੂਰਜਮੁਖੀ ਦੀ ਵਰਤਮਾਨ ਪੈਦਾਵਾਰ (7.2 ਕੁਇੰਟਲ ਪ੍ਰਤੀ ਏਕੜ), ਭਾਵੇਂ ਦੇਸ਼ ਦੀ ਔਸਤ ਪੈਦਾਵਾਰ ਤੋਂ ਲਗਪਗ ਢਾਈ ਗੁਣਾ ਹੈ, ਪਰ ਇਹ ਇਸ ਦੀ ਝਾੜ ਸਮਰਥਾ (12-14 ਕੁਇੰਟਲ ਪ੍ਰਤੀ ਏਕੜ) ਤੋਂ ਕਾਫ਼ੀ ਘੱਟ ਹੈ। ਇਸ ਦੇ ਮੁੱਖ ਕਾਰਨ ਸਮੇਂ ਸਿਰ ਬਿਜਾਈ ਨਾ ਕਰਨਾ, ਦੋਗਲੀਆਂ ਕਿਸਮਾਂ ਦੀ ਸਹੀ ਚੋਣ ਨਾ ਕਰਨਾ, ਬੀਜ ਨੂੰ ਬਗੈਰ ਸੋਧੇ ਬੀਜਣਾ, ਅਪ੍ਰਮਾਣਿਤ ਕਿਸਮਾਂ ਦੀ ਕਾਸ਼ਤ ਕਾਰਨ ਵਧ ਰਹੀਆਂ ਪੰਜਾਬ ਖੇਤੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਵਿਕਸਤ ਦੋਗਲੀਆਂ ਕਿਸਮਾਂ ਅਤੇ ਕਾਸ਼ਤ ਦੀਆਂ ਉੱਨਤ ਤਕਨੀਕਾਂ ਨੂੰ ਅਪਣਾ ਕੇ ਸੂਰਜਮੁਖੀ ਦਾ ਝਾੜ ਵਧਾਇਆ ਜਾ ਸਕਦਾ ਹੈ।
ਫ਼ਸਲੀ ਚੱਕਰ: ਫ਼ਸਲੀ ਵਿਭਿੰਨਤਾ ਵਿਚ ਸੂਰਜਮੁਖੀ ਦਾ ਮਹੱਤਵਪੂਰਨ ਯੋਗਦਾਨ ਹੈ। ਲਗਪਗ 95-110 ਦਿਨਾਂ) ਵਿਚ ਤਿਆਰ ਹੋ ਜਾਣ ਵਾਲੀ ਇਹ ਫ਼ਸਲ ਵਖ-ਵੱਖ ਫ਼ਸਲੀ ਚੱਕਰਾਂ ਲਈ ਢੁੱਕਵੀਂ ਹੈ ਅਤੇ ਬਹਾਰ ਰੁੱਤ ਦੀ ਇਹ ਫ਼ਸਲ ਪਛੇਤੀ ਬੀਜੀ ਗਈ (ਦਸੰਬਰ-ਜਨਵਰੀ) ਕਣਕ ਦੀ ਫ਼ਸਲ ਨਾਲੋਂ ਵਧ ਮੁਨਾਫਾ ਦਿੰਦੀ ਹੈ ਅਤੇ ਇਸ ਨੂੰ ਝੋਨਾ/ਮੱਕੀ-ਆਲੂ-ਸੂਰਜਮੁਖੀ, ਝੋਨਾ-ਤੋਰੀਆ-ਸੂਰਜਮੁਖੀ, ਸਾਉਣੀ ਦਾ ਚਾਰਾ-ਤੋਰੀਆ-ਸੂਰਜਮੁਖੀ, ਬਾਸਮਤੀ-ਸੂਰਜਮੁਖੀ, ਸੋਇਆਬੀਨ-ਸੂਰਜਮੁਖੀ, ਕਮਾਦ-ਮੋਢਾ ਕਮਾਦ-ਸੂਰਜਮੁਖੀ ਆਦਿ ਫ਼ਸਲੀ ਚੱਕਰਾਂ ਵਿਚ ਬੀਜਿਆ ਜਾ ਸਕਦਾ ਹੈ। ਆਲੂਆਂ ਤੋਂ ਬਾਅਦ ਸੂਰਜਮੁਖੀ ਦੀ ਫ਼ਸਲ ਲਈ ਵਾਹੀ ਦਾ ਖਰਚਾ ਘੱਟ ਹੁੰਦਾ ਹੈ ਅਤੇ ਆਲੂਆਂ ਨੂੰ ਪਾਈ ਹੋਈ ਖਾਦ ਦੀ ਵੀ ਸੁਚੱਜੀ ਵਰਤੋਂ ਹੁਂਦੀ ਹੈ।
ਉੱਨਤ ਕਿਸਮਾਂ: ਬਹੁ-ਫ਼ਸਲੀ ਚੱਕਰ, ਗਰਮ ਰੁੱਤ, ਵਾਤਾਵਰਣ ਵਿਚ ਘੱਟ ਨਮੀਂ ਅਤੇੇ ਪਾਣੀ ਦੀ ਬੱਚਤ ਦੇ ਮਕਸਦ ਨੂੰ ਧਿਆਨ ਵਿਚ ਰੱਖਦੇ ਹੋਏ, ਸੂਰਜਮੁਖੀ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਦੋਗਲੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ।
ਜ਼ਮੀਨ ਦੀ ਚੋਣ ਅਤੇ ਤਿਆਰੀ: ਹਲਕਿਆਂ ਮੈਰਾ ਤੋਂ ਦਰਮਿਆਨੀਆਂ ਭਾਰੀਆਂ ਜ਼ਮੀਨਾਂ ਸੂਰਜਮੁਖੀ ਦੀ ਕਾਸ਼ਤ ਲਈ ਸਭ ਤੋਂ ਢੁਕਵੀਆਂ ਹਨ। ਕਲਰਾਠੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਢੁਕਵੀਆਂ ਨਹੀਂ। ਪਾਣੀ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਹੇਣਾ ਚਾਹੀਦਾ ਹੈ ਤਾਂ ਜੋ ਖੇਤ ਵਿਚ ਵਾਧੂ ਪਾਣੀ ਖੜ੍ਹਾ ਨਾ ਰਹੇ। ਖੇਤ ਵਿਚ ਨਦੀਨ ਅਤੇ ਪਿਛਲੀ ਫ਼ਸਲ ਦੀ ਰਹਿੰਦ-ਖੂੰਹਦ ਨਾ ਰਹਿਣ ਦਿਓ। ਦੋ-ਤਿੰਨ ਵਾਹੀਆਂ ਅਤੇ ਹਰੇਕ ਵਾਹੀ ਪਿਛੋਂ ਸੁਹਾਗਾ ਫੇਰ ਕੇ ਬਿਜਾਈ ਯੋਗ ਖੇਤ ਤਿਆਰ ਕੀਤਾ ਜਾ ਸਕਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ,
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ

ਰਿਕਾਰਡ ਉਤਪਾਦਨ ਦੇ ਬਾਵਜੂਦ ਉਤਪਾਦਕਤਾ ਦੇ ਅੰਤਰ ਘਟਾਉਣ ਦੀ ਲੋੜ

ਇਸ ਸਾਲ ਕਣਕ ਕੁਝ ਦੇਰ ਨਾਲ ਪੱਕੇਗੀ। ਆਮ ਖੇਤਾਂ ਵਿਚ ਖੜ੍ਹੀ ਕਣਕ ਦੀ ਵਾਢੀ ਇਸੇ ਹਫ਼ਤੇ ਕੁਝ ਦਿਨਾਂ 'ਚ ਸ਼ੁਰੂ ਹੋ ਜਾਵੇਗੀ। ਪਿਛਲੇ ਕੁਝ ਸਾਲਾਂ 'ਚ ਵਾਢੀ ਛੇਤੀ ਸ਼ੁਰੂ ਹੁੰਦੀ ਰਹੀ ਹੈ। ਇਸ ਵੇਲੇ ਤਾਂ ਪੂਰੇ ਜੋਬਨ 'ਚ ਹੁੰਦੀ ਸੀ। ਦਦਹੇੜੇ ਦੀ ਉਮਰ ਰਸੀਦਾ 'ਸਾਨੋ' ਬਾਜ਼ੀਗਰ ਨੂੰ ਦੇਰੀ ਨਾਲ ਵਾਢੀ ਹੋਣ ਨੇ ਵਿਸਾਖੀ ਦੀਆਂ ਖੁਸ਼ੀਆਂ ਦੀ ਯਾਦ ਲਿਆ ਦਿੱਤੀ, ਜਦੋਂ ਪੁਰਾਣੇ ਸਮਿਆਂ 'ਚ ਸਬਜ਼ ਇਨਕਲਾਬ ਵੇਲੇ ਜਾਂ ਉਸ ਤੋਂ ਪਹਿਲਾਂ ਵਿਸਾਖੀ ਨੂੰ ਹੀ ਕਣਕ 'ਚ ਦਾਤੀ ਪੈਂਦੀ ਸੀ ਅਤੇ 'ਸਾਨੋ' ਇਸ ਵੇਲੇ ਖੁਸ਼ੀ ਨਾਲ ਫੁੱਲੀ ਨਹੀਂ ਸੀ ਸਮਾਉਦੀ ਕਿ ਘਰ ਦਾਣੇ ਆਉਣਗੇ। ਉਸ ਵੇਲੇ ਵਾਢੀ ਹੱਥੀਂ ਹੁੰਦੀ ਸੀ ਅਤੇ ਸਾਨੋ ਉਦੋਂ ਤੋਂ ਹੀ ਹਾੜ੍ਹੀ ਵੱਢਦੀ ਆ ਰਹੀ ਹੈ। ਭਾਵੇਂ ਹੁਣ ਕਣਕ ਕੰਬਾਈਨਾਂ ਨਾਲ ਸਮੇਟੀ ਜਾਂਦੀ ਹੈ ਪਰ ਸਾਨੋ ਅਤੇ ਉਸ ਦੇ ਸਬੰਧੀਆਂ ਨੂੰ ਅੱਜ ਵੀ ਹੱਥੀਂ ਕੱਟਣ 'ਤੇ ਦਿਹਾੜੀ ਮਿਲਦੀ ਹੈ, ਕਿਉਂਕਿ ਕੁਝ ਕਿਸਾਨ ਤੂੜੀ ਦੀ ਚਾਹ 'ਚ ਅੱਜ ਵੀ ਕਣਕ ਹੱਥੀਂ ਵੱਢਵਾਉਂਦੇ ਹਨ।
ਵਾਢੀ ਲੇਟ ਹੋਣ ਦੇ ਬਾਵਜੂਦ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਅਨੁਸਾਰ ਇਸ ਸਾਲ ਕਣਕ ਦਾ ਉਤਪਾਦਨ ਇਕ ਰਿਕਾਰਡ ਹੋਵੇਗਾ। ਵਿਭਾਗ ਵਲੋਂ ਲਾਏ ਗਏ ਅਨੁਮਾਨ ਅਨੁਸਾਰ ਉਤਪਾਦਨ ਦੇ 182 ਲੱਖ ਟਨ ਤੱਕ ਜਾਣ ਦੀ ਸੰਭਾਵਨਾ ਹੈ। ਜਦੋਂ ਕਿ ਪਿਛਲੇ ਸਾਲ ਦਾ ਉਤਪਾਦਨ 178.50 ਲੱਖ ਟਨ ਸੀ ਅਤੇ ਹੁਣ ਤੱਕ ਦਾ ਰਿਕਾਰਡ 180 ਲੱਖ ਟਨ ਦਾ ਹੈ। ਉਤਪਾਦਨ 'ਚ ਇਹ ਵਾਧਾ ਕਣਕ ਦੀ ਕਾਸ਼ਤ ਥੱਲੇ ਰਕਬੇ 'ਚ ਘਟਣ ਦੇ ਬਾਵਜੂਦ ਹੋਵੇਗਾ। ਇਸ ਸਾਲ ਕਣਕ ਦੀ ਕਾਸ਼ਤ 35.02 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ, ਜਦੋਂ ਕਿ ਪਿਛਲੇ ਸਾਲ ਇਹ ਰਕਬਾ 35.12 ਲੱਖ ਹੈਕਟੇਅਰ ਸੀ। ਇਸ ਤਰ੍ਹਾਂ ਰਕਬੇ ਵਿਚ 10,000 ਹੈਕਟੇਅਰ ਦੀ ਕਮੀ ਆਈ ਹੈ। ਡਾਇਰੈਕਟਰ ਐਰੀ ਅਨੁਸਾਰ ਮੌਸਮ ਦਾ ਅਨੁਕੂਲ ਰਹਿਣਾ, ਠੰਢ ਦਾ ਲੰਮੇ ਸਮੇਂ ਤੱਕ ਪੈਣਾ ਅਤੇ ਵਧੇਰੇ ਝਾੜ ਦੇਣ ਵਾਲੀਆਂ ਐਚ. ਡੀ. - 3086 ਅਤੇ ਐਚ. ਡੀ.-2967 ਜਿਹੀਆਂ ਕਿਸਮਾਂ ਦੀ ਕਾਸ਼ਤ ਥੱਲੇ ਵਿਸ਼ਾਲ ਰਕਬਾ ਹੋਣ ਵਜੋਂ ਹੈ। ਇਸ ਸਾਲ ਕਣਕ ਦੀ ਫ਼ਸਲ 'ਤੇ ਬਿਮਾਰੀਆਂ ਦਾ ਹਮਲਾ ਵੀ ਮੁਕਾਬਲਤਨ ਘੱਟ ਹੋਇਆ ਹੈ ਅਤੇ ਫ਼ਸਲ ਪੀਲੀ ਕੁੰਗੀ ਦੇ ਹਮਲੇ ਤੋਂ ਬਚੀ ਰਹੀ ਹੈ।
ਪੰਜਾਬ 'ਚ ਹੀ ਰਿਕਾਰਡ ਉਤਪਾਦਨ ਨਹੀਂ, ਆਈ ਸੀ. ਏ. ਆਰ. - ਭਾਰਤੀ ਕਣਕ ਅਤੇ ਜੌਂਆਂ ਦੀ ਖੋਜ ਸੰਸਥਾਨ ਦੇ ਨਿਰਦੇਸ਼ਕ ਡਾ: ਗਿਆਨਇੰਦਰ ਪ੍ਰਤਾਪ ਸਿੰਘ ਕਹਿੰਦੇ ਹਨ ਕਿ ਭਾਰਤ 'ਚ ਵੀ ਇਸ ਸਾਲ ਕਣਕ ਦਾ ਰਿਕਾਰਡ ਉਤਪਾਦਨ ਹੋਣ ਦੀ ਸੰਭਾਵਨਾ ਹੈ। ਲਾਏ ਗਏ ਇਕ ਅਨੁਮਾਨ ਅਨੁਸਾਰ ਉਤਪਾਦਨ 100.05 ਮਿਲੀਅਨ ਟਨ ਤੋਂ ਲੈ ਕੇ 102 ਮਿਲੀਅਨ ਟਨ ਤੱਕ ਹੋਣ ਦੀ ਆਸ ਹੈ। ਪਿਛਲੇ ਸਾਲ ਦਾ ਰਿਕਾਰਡ 99.7 ਮਿਲੀਅਨ ਟਨ ਦਾ ਸੀ। ਉਤਪਾਦਕਤਾ 3371 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਸੀ, ਜਦੋਂ ਕਿ ਪੰਜਾਬ ਦੀ ਔਸਤ ਉਤਪਾਦਕਤਾ 5090 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਸੀ। ਜੜ੍ਹੀਆ ਫਾਰਮ ਧਰਮਗੜ੍ਹ (ਅਮਲੋਹ), ਯੰਗ ਫਾਰਮ ਰੱਖੜਾ, ਸਟੇਟ ਅਵਾਰਡੀ ਕਾਲੇਕਾ ਫਾਰਮ ਬਿਸ਼ਨਪੁਰ ਛੰਨਾ (ਪਟਿਆਲਾ) ਅਤੇ ਇਲਾਕੇ ਦੇ ਕੁਝ ਹੋਰ ਪਿੰਡਾਂ ਦੀ ਫ਼ਸਲ ਤੋਂ ਅਨੁਮਾਨ ਲਾ ਕੇ ਡਾ: ਗਿਆਨਇੰਦਰ ਪ੍ਰਤਾਪ ਸਿੰਘ ਕਹਿੰਦੇ ਹਨ ਕਿ ਪੰਜਾਬ ਦੇ ਪਿੰਡਾਂ 'ਚ ਵਧੇਰੇ ਝਾੜ ਦੇਣ ਵਾਲੀਆਂ ਵਿਕਸਿਤ ਕਿਸਮਾਂ ਦੇ ਲਹਿਲਹਾਉਂਦੇ ਖੇਤ ਵੇਖ ਕੇ ਉਤਪਾਦਨ ਦਾ ਭਾਰਤ ਸਰਕਾਰ ਦਾ ਅਨੁਮਾਨ ਹੋਰ ਉੱਪਰ ਹੋ ਜਾਂਦਾ ਹੈ। ਉਨ੍ਹਾਂ ਅਨੁਸਾਰ ਉੱਤਰੀ ਭਾਰਤ 'ਚ ਵਿਸ਼ੇਸ਼ ਕਰ ਕੇ ਪੰਜਾਬ, ਹਰਿਆਣਾ ਰਾਜਾਂ 'ਚ ਤਾਪਮਾਨ ਦਾ ਘੱਟ ਰਹਿਣਾ, ਠੰਢਾ ਮੌਸਮ ਦੇਰ ਤੱਕ ਚਲਣਾ, ਕਿਸਾਨਾਂ ਨੂੰ ਨਵੀਂ ਤਕਨਾਲੋਜੀ ਦਾ ਤੇਜ਼ੀ ਨਾਲ ਹੋ ਰਹੇ ਗਿਆਨ ਅਤੇ ਕਣਕ ਦੀਆਂ ਕਿਸਮਾਂ 'ਚ ਵਾਪਰ ਰਹੀ ਵਿਭਿੰਨਤਾ, ਆਦਿ ਭਰਪੂਰ ਹਾੜ੍ਹੀ ਵੱਢਣ ਦਾ ਵਿਸ਼ਵਾਸ ਬੰਨ੍ਹਦੀਆਂ ਹਨ।
ਡਾ: ਗਿਆਨਇੰਦਰ ਪ੍ਰਤਾਪ ਸਿੰਘ ਕਹਿੰਦੇ ਹਨ ਕਿ ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ, ਪੱਛਮੀ ਬੰਗਾਲ, ਉੱਤਰਾਖੰਡ ਅਤੇ ਬਿਹਾਰ ਕਣਕ ਪੈਦਾ ਕਰਨ ਵਾਲੇ ਮੁੱਖ ਰਾਜ ਹਨ। ਹਰਿਆਣਾ ਦੀ ਉਤਪਾਦਕਤਾ 4412 ਕਿਲੋਗ੍ਰਾਮ ਦੂਜੇ ਨੰਬਰ 'ਤੇ ਹੈ ਫੇਰ ਯੂ ਪੀ ਦੀ 3269 ਕਿਲੋਗ੍ਰਾਮ, ਜਦੋਂ ਕਿ ਭਾਰਤ ਦੀ ਔਸਤ ਉਤਪਾਦਕਤਾ 3371 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੈ। ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ। ਇਸ ਦੀ ਕਾਸ਼ਤ ਥੱਲੇ 30 ਮਿਲੀਅਨ ਹੈਕਟੇਅਰ ਰਕਬਾ ਹੈ। ਡਾ: ਗਿਆਨਇੰਦਰ ਪ੍ਰਤਾਪ ਸਿੰਘ ਅਨੁਸਾਰ ਕਣਕ ਦੀ ਕਾਸ਼ਤ ਥੱਲੇ 5 ਮਿਲੀਅਨ ਹੈਕਟੇਅਰ ਕਰਬਾ ਘਟਾਉਣ ਦੀ ਲੋੜ ਹੈ। ਭਾਵੇਂ ਸਰਕਾਰ ਇਸ ਸਬੰਧੀ ਫ਼ਸਲੀ-ਵਿਭਿੰਨਤਾ ਲਈ ਯੋਜਨਾਬੰਦੀ ਵਿਚ ਪਿਛਲੇ ਸਾਲਾਂ ਦੌਰਾਨ ਉਪਰਾਲੇ ਕਰਦੀ ਰਹੀ ਹੈ, ਪ੍ਰੰਤੂ ਸਫ਼ਲਤਾ ਨਹੀਂ ਮਿਲੀ। ਸੰਨ 2016 - 17 ਵਿਚ 30.8 ਮਿਲੀਅਨ ਹੈਕਟੇਅਰ ਰਕਬਾ ਕਣਕ ਦੀ ਕਾਸ਼ਤ ਥੱਲੇ ਸੀ ਅਤੇ ਪਿਛਲੇ ਸਾਲ 29.6 ਮਿਲੀਅਨ ਹੈਕਟੇਅਰ ਸੀ। ਇਸ ਤਰ੍ਹਾਂ ਰਕਬਾ 30 ਮਿਲੀਅਨ ਹੈਕਟੇਅਰ ਨੇੜੇ ਘੁੰਮਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਚੋਣਾਂ ਤੋਂ ਬਾਅਦ ਆਉਣ ਵਾਲੀ ਸਰਕਾਰ ਐਮ. ਐਸ. ਪੀ. ਦੀ ਸਹੂਲੀਅਤ ਖ਼ਤਮ ਕਰ ਦੇਵੇਗੀ। ਇਹ ਸਹੂਲੀਅਤ ਮਸਾਂ 30 ਪ੍ਰਤੀਸ਼ਤ ਨੂੰ ਲਾਭ ਪਹੁੰਚਾ ਰਹੀ ਹੈ। ਸਰਕਾਰ ਵਲੋਂ ਅਜਿਹਾ ਕੀਤੇ ਜਾਣ ਉਪਰੰਤ (ਜੇ. ਐਮ. ਐਸ. ਪੀ. ਖ਼ਤਮ ਕਰ ਦਿੱਤੀ ਜਾਂਦੀ ਹੈ) ਕਣਕ, ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਣਾ ਲਾਜ਼ਮੀ ਹੈ। ਇਸ ਉਪਰੰਤ ਪੰਜਾਬ, ਹਰਿਆਣਾ ਦੇ ਕਿਸਾਨਾਂ ਲਈ ਵਿਸ਼ੇਸ਼ ਕਰਕੇ ਜੋ ਕਣਕ ਤੇ ਝੋਨੇ ਦੇ ਮੰਡੀਕਰਨ ਦੀ ਸਮੱਸਿਆ ਪੈਦਾ ਹੋ ਜਾਵੇਗੀ, ਉਸ ਦਾ ਹੱਲ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਮਦਦ ਵਜੋਂ ਰਕਮਾਂ ਦਾ ਟਰਾਂਸਫਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਐਮ. ਐਸ. ਪੀ. ਦਾ ਲਾਭ ਪੰਜਾਬ, ਹਰਿਆਣਾ ਦੇ ਮੁਕਾਬਲੇ ਯ.ੂ ਪੀ., ਬਿਹਾਰ ਅਤੇ ਹੋਰ ਰਾਜਾਂ ਵਿਚ ਲਗਪਗ ਨਾਬੂਦ ਹੀ ਰਿਹਾ ਹੈ। ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਮੱਧ ਪ੍ਰਦੇਸ਼ ਵਿਚ ਗ਼ਰੀਬੀ ਵਧੇਰੇ ਹੋਣ ਕਾਰਨ ਘੱਟੋ - ਘੱਟ ਆਮਦਨ ਯਕੀਨੀ ਬਣਾਉਣ ਦੀ ਯੋਜਨਾ ਥੱਲੇ ਗ਼ਰੀਬੀ ਪੱਧਰ ਦੀ 20 ਪ੍ਰਤੀਸ਼ਤ ਆਬਾਦੀ ਨੂੰ ਵਿਸ਼ੇਸ਼ ਤੌਰ 'ਤੇ ਫਾਇਦਾ ਪਹੁੰਚਣ ਦੀ ਸੰਭਾਵਨਾ ਹੈ। ਪਿਛਲੇ 10 ਸਾਲਾਂ ਵਿਚ 29 ਕਰੋੜ ਵਿਅਕਤੀ ਗ਼ਰੀਬੀ ਦੀ ਸੀਮਾ ਤੋਂ ਨਿਕਲ ਗਏ। ਫੇਰ ਵੀ ਬਿਹਾਰ ਜਿਹੇ ਰਾਜ ਵਿਚ ਬਹੁਮਤ ਅਜੇ ਵੀ ਗ਼ਰੀਬੀ ਦੀ ਦਲਦਲ 'ਚ ਫਸੀ ਹੋਈ ਹੈ। ਉੱਤਰ ਪ੍ਰਦੇਸ਼ ਨੇ ਤਾਂ ਇਸ ਸਾਲ ਰਾਜ ਦੇ ਉਤਪਾਦਕਾਂ ਨੂੰ ਕਣਕ ਦੀ ਐਮ. ਐਸ. ਪੀ. ਤੇ 50 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦੇਣਾ ਵੀ ਐਲਾਨ ਕੀਤਾ ਹੋਇਆ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀ ਸਰਕਾਰ ਨੇ ਵੀ ਅਜਿਹਾ ਬੋਨਸ ਦੇਣਾ ਪ੍ਰਵਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਣਕ ਦੇ ਖੇਤਰ 'ਚ ਖੋਜ ਤਾਂ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਪ੍ਰੰਤੂ ਉਹ ਕਿਸਾਨਾਂ ਤੱਕ ਨਹੀਂ ਪਹੁੰਚ ਰਹੀ। ਇਸੇ ਕਰਕੇ ਛੋਟੇ ਤੇ ਦਰਮਿਆਨੇ ਕਿਸਾਨ ਜਿਹੜੇ ਅੰਦਰਲੇ ਪਿੰਡਾਂ ਵਿਚ ਰਹਿੰਦੇ ਹਨ, ਘੱਟ ਉਤਪਾਦਕਤਾ ਪ੍ਰਾਪਤ ਕਰ ਰਹੇ ਹਨ। ਖੇਤੀ ਪ੍ਰਸਾਰ ਸੇਵਾ ਢਾਂਚੇ ਦੀ ਨਜ਼ਰਸ਼ਾਨੀ ਕਰ ਕੇ ਇਸ ਨੂੰ ਨਵਾਂ ਰੂਪ ਦੇਣ ਦੀ ਲੋੜ ਹੈ। ਇਸ ਨਾਲ ਜਦੋਂ ਨਵਾਂ ਗਿਆਨ ਤੇ ਤਕਨਾਲੋਜੀ ਇਸ ਤੋਂ ਵਾਂਝੇ ਰਹੇ ਕਿਸਾਨਾਂ ਤੱਕ ਪਹੁੰਚੇਗੀ, ਉਤਪਾਦਕਤਾ ਦੇ ਅੰਤਰ ਵੀ ਖਤਮ ਹੋ ਜਾਣਗੇ।

-ਮੋਬਾਈਲ : 98152-36307

ਕਿਹੜੇ ਸ਼ਹਿਰ ਚੱਲੀਏ?

ਜਲਦੀ ਹੀ ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਹਨ। ਹਰ ਪਰਿਵਾਰ ਦੀ ਇੱਛਾ ਹੁੰਦੀ ਹੈ ਕਿ ਬੱਚਿਆਂ ਨੂੰ ਕਿਸੇ ਰਮਣੀਕ ਥਾਂ 'ਤੇ ਘੁੰਮਣ ਲੈ ਕੇ ਜਾਣ। ਜਿਨ੍ਹਾਂ ਕੋਲ ਚੋਖੀ ਮਾਇਆ ਹੁੰਦੀ ਹੈ, ਉਹ ਤਾਂ ਵਿਦੇਸ਼ਾਂ ਨੂੰ ਵੀ ਚਲੇ ਜਾਂਦੇ ਹਨ। ਪਰ ਆਮ ਕੰਮਕਾਜੀ ਪਰਿਵਾਰ ਲਈ ਪੈਸਾ ਤੇ ਸਮਾਂ ਕੱਢਣਾ ਮੁਸ਼ਕਿਲ ਹੁੰਦਾ ਹੈ ਪਰ ਫਿਰ ਵੀ ਜੇ ਥੋੜ੍ਹੀ ਸਕੀਮ ਘੜ ਲਈ ਜਾਵੇ ਤਾਂ ਕਾਫ਼ੀ ਖਰਚਾ ਬਚ ਸਕਦਾ ਹੈ। ਪੰਜਾਬ ਦੇ ਲਾਗੇ ਹਿਮਾਚਲ ਦੇ ਕਈ ਸ਼ਹਿਰ ਤੇ ਕਸਬੇ ਹਨ, ਜਿਥੇ ਰੇਲ ਵੀ ਜਾਂਦੀ ਹੈ, ਇਹ ਕਾਫ਼ੀ ਸਸਤੀ ਹੈ, 60 ਸਾਲ ਤੋਂ ਉੱਤੇ ਦੀ ਸਵਾਰੀ ਨੂੰ ਕਿਰਾਏ ਵਿਚ ਤੀਜਾ ਹਿੱਸਾ ਛੋਟ ਵੀ ਮਿਲ ਜਾਂਦੀ ਹੈ। ਉਥੇ ਹਰ ਸ਼ਹਿਰ ਕਸਬੇ ਵਿਚ ਕਈ-ਕਈ ਸਰਾਵਾਂ ਹੁੰਦੀਆਂ ਹਨ, ਬਹੁਤ ਸਾਰੀਆਂ ਥਾਵਾਂ 'ਤੇ ਧਾਰਮਿਕ ਸਰਾਵਾਂ ਵੀ ਹਨ। ਇਥੇ ਕਿਰਾਇਆ ਨਾਮਾਤਰ ਹੁੰਦਾ ਹੈ, ਬਹੁਤ ਥਾਵਾਂ 'ਤੇ ਮੁਫ਼ਤ ਕਮਰੇ ਦੇ ਨਾਲ ਲੰਗਰ ਵੀ ਮਿਲ ਜਾਂਦਾ ਹੈ। ਜਿਨ੍ਹਾਂ ਕੋਲ ਜਾਣ ਦੇ ਆਪਣੇ ਸਾਧਨ ਹਨ ਉਹ ਕੋਸ਼ਿਸ਼ ਕਰ ਕੇ ਵੱਡੇ ਸ਼ਹਿਰ ਤੋਂ ਦੋ ਚਾਰ ਮੀਲ ਪਹਿਲੋਂ ਜਾਂ ਬਾਅਦ ਰੁਕਣ, ਇਥੇ ਹੋਟਲਾਂ ਦਾ ਕਿਰਾਇਆ ਤਿੰਨ ਤੋਂ ਚਾਰ ਗੁਣਾ ਘੱਟ ਹੁੰਦਾ ਹੈ। ਜੇ ਤੁਰਨ ਲੱਗੇ ਆਪਣੇ ਨਾਲ ਸੁੱਕੀ ਸਬਜ਼ੀ ਤੇ ਪਰੌਂਠੇ ਬਣਾ ਕੇ ਲੈ ਜਾਵੋ ਤਾਂ ਇਹ ਬਹੁਤ ਕੰਮ ਆਉਂਦੇ ਹਨ। ਇਕ ਚਾਹ ਬਣਾਉਣ ਵਾਲੀ ਕੇਤਲੀ, ਸੁੱਕਾ ਦੁੱਧ ਤੇ ਚਾਹ ਪੱਤੀ ਵੀ ਲਿਜਾਣਾ ਨਾ ਭੁੱਲੋ। ਸਫ਼ਰ ਵਿਚ ਫਾਲਤੂ ਤੇ ਸੁੰਦਰ ਦਿਸਦੀਆਂ ਚੀਜ਼ਾਂ ਖਾਣ ਨਾਲ ਬੱਚੇ ਬਿਮਾਰ ਹੋ ਸਕਦੇ ਹਨ। ਜੇ ਮੌਸਮ ਸੋਹਣਾ ਹੋਵੇ ਤਾਂ ਸ਼ਹਿਰ ਸਾਰੇ ਸੁੰਦਰ ਹਨ। ਆਲੇ-ਦੁਆਲੇ ਤੁਰ ਕੇ ਜਾਣ ਨਾਲ ਬੱਚਿਆਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ ਤੇ ਕੁਦਰਤ ਨਾਲ ਪਿਆਰ ਵੀ ਵਧਦਾ ਹੈ। ਲਓ, ਫਿਰ ਕਰ ਲਓ ਤਿਆਰੀ, ਹਾਂ ਸੱਚ ਪਹਾੜ 'ਚੋਂ ਕਦੇ ਗਰਮ ਕੱਪੜਾ ਨਾ ਖਰੀਦੋ, ਇਹ ਸਭ ਲੁਧਿਆਣਿਓਂ ਹੀ ਬਣ ਕੇ ਜਾਂਦਾ ਹੈ ਤੇ ਪਹਾੜਾਂ 'ਤੇ ਤਿੱਗਣੇ ਭਾਅ ਵਿਕਦਾ ਹੈ।

-ਮੋਬਾ: 98159-45018

ਬੱਕਰੀ ਫਾਰਮ ਨੂੰ ਸਫ਼ਲਤਾ ਪੂਰਵਕ ਢੰਗ ਨਾਲ ਚਲਾਉਣ ਵਾਲਾ ਕਿਸਾਨ : ਗੁਰਜੀਤ ਸਿੰਘ

ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਪਾਤੜਾਂ ਨੇੜੇ ਪੈਂਦੇ ਪਿੰਡ ਦੁਗਾਲ ਨੇੜੇ ਕਦੇ ਟਿੱਬਿਆਂ ਵਾਲੀ ਜਾਣੀ ਜਾਂਦੀ ਧਰਤੀ 'ਤੇ ਬੱਕਰੀ ਫਾਰਮ ਖੋਲ੍ਹ ਕੇ ਸਫਲਤਾ ਵੱਲ ਵਧ ਰਹੇ ਕਿਸਾਨ ਗੁਰਜੀਤ ਸਿੰਘ ਪੁੱਤਰ ਕਮਿੱਕਰ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 1990 ਵਿਚ ਵਧੀਆ ਨਸਲ ਦੇ ਸੂਰ ਪਾਲਣ ਦਾ ਕੰਮ ਵੀ ਸ਼ੁਰੂ ਕੀਤਾ ਸੀ। ਪਰ ਉਹ ਕੰਮ ਰਾਸ ਨਹੀਂ ਆਇਆ ਕਿਉਂਕਿ ਸੂਰਾਂ ਦੀ ਖੁਰਾਕ ਜ਼ਿਆਦਾ ਅਤੇ ਕਮਾਈ ਘੱਟ ਸੀ। ਫਿਰ ਉਸ ਨੇ ਆਪਣੇ ਘਰ ਦਾ ਖਰਚਾ ਤੋਰਨ ਲਈ ਕਣਕ-ਝੋਨੇ ਦਾ ਖਹਿੜਾ ਛੱਡ ਕੇ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਉਸ ਵੇਲੇ ਇਲਾਕੇ ਵਿਚ ਬਹੁਤ ਘੱਟ ਕਿਸਾਨ ਸਬਜ਼ੀ ਦੀ ਖੇਤੀ ਕਰਦੇ ਸਨ ਅਤੇ ਮੰਡੀ ਵਿਚ ਸਬਜ਼ੀਆਂ ਦੀ ਕੀਮਤ ਵਧੀਆ ਮਿਲਣ ਦੇ ਨਾਲ ਹੀ ਖਰਚਾ ਵੀ ਘੱਟ ਸੀ। ਸਬਜ਼ੀਆਂ ਦੀ ਕਾਸ਼ਤ ਕਰਕੇ ਬਹੁਤ ਕਮਾਈ ਕੀਤੀ। ਪਰ ਇਸ ਇਲਾਕੇ ਦੇ ਖੇਤਾਂ ਵਿਚ ਸਬਜ਼ੀ ਕਾਸ਼ਤਕਾਰਾਂ ਦੀ ਗਿਣਤੀ ਵਧਣ ਕਰਕੇ ਸਬਜ਼ੀਆਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਜਿਸ ਕਰਕੇ ਸਬਜ਼ੀ ਦੀ ਕਾਸ਼ਤ ਵੀ ਛੱਡਣੀ ਪਈ। ਦੋ ਕੁ ਸਾਲ ਪਹਿਲਾਂ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਸੀ। ਜਿਹੜਾ ਪੂਰੀ ਸਫਲਤਾ ਨਾਲ ਚੱਲ ਰਿਹਾ ਹੈ। ਕਿੳਂੁਕਿ ਅੱਧ ਤੋਂ ਜ਼ਿਆਦਾ ਖੁਰਾਕ ਖੇਤਾਂ ਵਿਚੋਂ ਹੀ ਪੈਦਾ ਹੋ ਜਾਂਦੀ ਹੈ। ਜਿਸ ਕਰਕੇ ਖਾਧ ਖੁਰਾਕ ਦਾ ਖਰਚਾ ਘਟਣ ਕਰਕੇ ਬੱਕਰੀ ਪਾਲਣ ਦੇ ਧੰਦੇ ਵਿਚੋਂ ਕਮਾਈ ਵੱਧ ਹੋ ਜਾਂਦੀ ਹੈ। ਉਸ ਦੇ ਫਾਰਮ ਵਿਚ ਚਾਲੀ ਦੇ ਕਰੀਬ ਬੱਕਰੀਆਂ ਹਨ। ਜਾਨਵਰਾਂ ਦੀ ਵੇਚ ਵੱਟ ਹੋਣ ਕਰਕੇ ਗਿਣਤੀ ਘਟਦੀ ਵਧਦੀ ਰਹਿੰਦੀ ਹੈ। ਗਾਂਵਾਂ-ਮੱਝਾਂ ਦੇ ਮੁਕਾਬਲੇ ਬੱਕਰੀ ਦਾ ਕੱਦ ਛੋਟਾ ਹੋਣ ਕਰਕੇ ਜਿੱਥੇ ਸੰਭਾਲ ਕਰਨੀ ਸੌਖੀ ਹੈ ਉਥੇ ਹੀ ਖੁਰਾਕ ਦਾ ਖਰਚਾ ਵੀ ਘੱਟ ਹੈ ਅਤੇ ਡੇਢ ਕੁ ਸਾਲ ਵਿਚ ਦੋ ਵਾਰ ਬੱਚੇ ਦੇ ਦਿੰਦੀ ਹੈ। ਜਿਹੜੇ ਇਕ ਸਾਲ ਬਾਅਦ ਵੇਚਣ ਵਾਲੇ ਹੋ ਜਾਂਦੇ ਹਨ। ਮਤਲਬ ਕਿ ਇਕ ਬੱਕਰੀ ਕੋਲੋਂ ਇਕ ਸਾਲ ਵਿਚ 10 ਤੋਂ 12 ਹਜ਼ਾਰ ਰੁਪਏ ਦੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਗੁਰਜੀਤ ਸਿੰਘ ਨੇ ਬੱਕਰੀਆਂ ਦੇ ਰੱਖ ਰਖਾਵ ਬਾਰੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਬਰਸਾਤਾਂ ਦੇ ਮੌਸਮ ਵਿਚ ਥੋੜੀ-ਬਹੁਤ ਮੁਸ਼ਕਿਲ ਪੈਦਾ ਹੁੰਦੀ ਹੈ। ਵੈਸੇ ਬੱਕਰੀ ਨੂੰ ਕੋਈ ਜ਼ਿਆਦਾ ਬੀਮਾਰੀ ਨਹੀਂ ਪੈਂਦੀ। ਜੇਕਰ ਬੱਕਰੀ ਪਾਲਕ ਖੁਦ ਹੀ ਟੀਕੇ ਵਗੈਰਾ ਲਗਾਉਣਾ ਜਾਣਦਾ ਹੋਵੇ ਤਾਂ ਡਾਕਟਰ ਦਾ ਖਰਚਾ ਹੋਰ ਵੀ ਘਟ ਜਾਂਦਾ ਹੈ। ਪਰ ਪੰਜਾਬ ਵਿਚ ਚਰਾਂਦਾ ਘਟਣ ਕਰਕੇ ਬੱਕਰੀ ਪਾਲਕਾਂ ਨੂੰ ਕੁਦਰਤੀ ਖੁਰਾਕ ਪੱਖੋਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਹਿੰਦੀ ਖੂੰਹਦੀ ਕਸਰ ਮਨਰੇਗਾ ਵਾਲਿਆਂ ਨੇ ਕੱਢ ਦਿੱਤੀ। ਜਿਹੜੇ ਸੜਕਾਂ ਅਤੇ ਹੋਰ ਰਸਤਿਆਂ ਨੇੜੇ ਖੜ੍ਹੇ ਘਾਹ ਨੂੰ ਸਾਫ ਕਰਨ 'ਤੇ ਲੱਗੇ ਰਹਿੰਦੇ ਹਨ। ਇਹ ਘਾਹ ਬੱਕਰੀਆਂ, ਭੇਡਾਂ ਅਤੇ ਹੋਰ ਦੂਸਰੇ ਪਸ਼ੂਆਂ ਲਈ ਖੁਰਾਕ ਦੇ ਕੰਮ ਆਉਂਦਾ ਸੀ। ਆਪਣੇ ਖੇਤਾਂ ਨੇੜੇ ਖੜ੍ਹੇ ਘਾਹ 'ਤੇ ਕਿਸਾਨ ਦਵਾਈ ਦਾ ਛਿੜਕਾਅ ਕਰ ਦਿੰਦੇ ਹਨ। ਜਿਸ ਨਾਲ ਪਸ਼ੂਆਂ ਨੂੰ ਕੁਦਰਤੀ ਤੌਰ 'ਤੇ ਮਿਲਣ ਵਾਲੀ ਖੁਰਾਕ ਖਤਮ ਹੋ ਰਹੀ ਹੈ ਅਤੇ ਪੰਜਾਬ ਵਿਚ ਬੱਕਰੀਆਂ ਦੇ ਇੱਜੜਾਂ ਦੀ ਬਜਾਏ ਫਾਰਮ ਖੁੱਲ੍ਹਦੇ ਜਾ ਰਹੇ ਹਨ। ਜਿਸ ਕਰਕੇ ਬੱਕਰੀ ਪਾਲਣ ਦੇ ਧੰਦੇ ਨੂੰ ਪੰਜਾਬ ਵਿਚ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਨੂੰ ਅਜਿਹੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।


-ਕਾਹਨਗੜ੍ਹ ਰੋਡ ਪਾਤੜਾਂ ਜਿਲ੍ਹਾ ਪਟਿਆਲਾ।
ਮੋਬਾਈਲ : 98761-01698

ਖੇਤੀ ਕਲਾ ਕਿਰਤ-ਬੇੜ ਵੱਟਣੇ

ਅਲੋਪ ਹੋ ਗਏ ਵਿਰਾਸਤੀ ਖੇਤੀ ਸੰਦ

ਸਾਡੇ ਪੁਰਖੇ, ਮੇਰੇ ਵੱਡੇ ਵਡੇਰੇ, ਦਾਦੇ, ਬਾਪੂ, ਤਾਏ, ਚਾਚੇ ਅਤੇ ਸਾਡੇ ਖੇਤੀ ਕਾਮੇ ਆਦਿ ਕਿਰਤੀ ਜਿਨ੍ਹਾਂ ਦੀ ਮੇਰੇ ਸਮੇਤ ਸਾਡੇ ਸਾਰੇ ਹਾਣੀ ਦੋਸਤ ਬੜੇ ਅਦਬ ਨਾਲ ਉਨ੍ਹਾਂ ਦੀ ਹੱਡ ਭੰਨਵੀਂ ਮਿਹਨਤ ਨੂੰ ਨਤਮਸਤਕ ਹੁੰਦੇ ਸੀ। ਉਹ ਸਾਰੇ ਧਰਤੀ ਪੁੱਤਰ, ਖੇਤਾਂ ਤੇ ਫ਼ਸਲਾਂ ਦੇ ਪਾਲਕ ਅਤੇ ਹੱਥੀਂ ਕੰਮ ਕਰਨ 'ਚ ਯਕੀਨ ਰੱਖਣ ਵਾਲੇ ਦਰਵੇਸ਼ ਬਾਬੇ ਸਨ। ਉਹ ਪੋਹ-ਮਾਘ ਦੀਆਂ ਹੱਡ ਚੀਰਵੀਆਂ ਠੰਢੀਆਂ ਰਾਤਾਂ ਨੂੰ ਖੂਹ ਜੋੜਦੇ, ਬਰਫ਼ੀਲਾ ਨਹਿਰੀ ਪਾਣੀ ਲਾਉਂਦੇ, ਨੱਕੇ ਮੋੜਦੇ ਅਤੇ ਕਿਆਰੇ ਭਰਦੇ ਸਨ। ਇਸੇ ਤਰ੍ਹਾਂ ਭਾਦੋਂ ਦਿਆਂ ਚਮਾਸਿਆਂ 'ਚ ਖੇਤਾਂ 'ਚ ਕੱਦੂ ਕਰਨੇ ਅਤੇ ਕੀਤੇ ਕੱਦੂ ਦੇ ਸੜਦੇ ਪਾਣੀ ਵਿਚ ਝੋਨੇ ਲਾਉਣੇ, ਗੋਡੀਆਂ ਕਰਨੀਆਂ, ਫਾਲਤੂ ਘਾਹ ਫੂਸ ਆਦਿ ਕੱਢਣਾ ਆਦਿ ਸਖ਼ਤ ਕੰਮਾਂ 'ਚ ਬਹੁਤ ਲਹੂ ਪਸੀਨਾ ਵਹਾਉਂਦੇ ਸਨ। ਲੋਕ ਮੁਹਾਵਰਾ ਪ੍ਰਚਲਤ ਹੁੰਦਾ ਸੀ ਕਿ, 'ਭਾਦੋਂ ਦੇ ਚਮਾਸਿਆਂ ਤੋਂ ਡਰਦਾ ਜੱਟ ਸਾਧ ਹੋ ਜਾਂਦਾ ਸੀ। '
ਅਸੀਂ ਬਾਬਿਆਂ ਨੂੰ ਹਲ ਵਾਹ, ਪੈਲੀ ਬਣਾ, ਹੱਥੀਂ ਕਣਕ ਆਦਿ ਹਾੜ੍ਹੀ ਦੀ ਫ਼ਸਲ ਬੀਜਣ, ਗਾਹੁਣ ਅਤੇ ਅਨਾਜ ਅਤੇ ਤੂੜੀ ਸਾਂਭਣ ਤੱਕ ਸਭ ਕੰਮ ਹੱਥੀਂ ਕਰਦੇ ਵੇਖਦੇ ਸੀ। ਉਨ੍ਹਾਂ ਸਮਿਆਂ 'ਚ ਅੱਜ ਵਾਂਗ ਪਲਾਸਟਿਕ ਦੀਆਂ ਰੱਸੀਆਂ ਨਹੀਂ ਸਨ ਹੁੰਦੀਆਂ ਸੋ ਵਾਢੀ ਬੈਠਣ ਤੋਂ ਪਹਿਲਾਂ ਖੂਹ ਦੇ ਔਲੂ ਦੇ ਪਾਣੀ ਵਿਚ ਭਿਉਂ ਕੇ ਰੱਖੀ ਪਰਾਲੀ ਜਾਂ ਦੱਭ ਕੁੱਟ ਕੇ ਉਸ ਦੇ ਬੇੜ ਵੱਟ ਲੈਂਦੇ ਸਨ ਤਾਂ ਕਿ ਬੇੜਾਂ ਜਾਂ ਖੱਬੜਾਂ ਨਾਲ ਕਣਕ ਦੀਆਂ ਭਰੀਆਂ ਬੰਨ੍ਹੀਆਂ ਜਾ ਸਕਣ। ਇਸ ਲਈ ਝੋਨੇ ਦੀ ਪਰਾਲ਼ੀ ਦੀਆਂ ਦੋ ਤਿੰਨ ਪੰਡਾਂ ਕਿਸੇ ਦਰੱਖ਼ਤ ਦੇ ਸਾਂਘਣ ਵਿਚ ਟਿਕਾ ਸਾਂਭ ਲੈਂਦੇ ਸੀ। ਖੁਲ੍ਹੀ ਜਗ੍ਹਾ ਚਾਰ-ਪੰਜ ਇੱਟਾਂ ਦਾ ਥੜ੍ਹਾ ਬਣਾ ਜਾਂ ਕੋਈ ਪਟੜਾ ਰੱਖ ਉਸ 'ਤੇ ਬੈਠ ਕੇ ਕਾਮਾ ਦੂਸਰੇ ਦੇ ਹੱਥ ਪਰਾਲੀ ਦੱਥੀ ਵਲੇਟ ਡੰਡਾ ਫੜਾਉਂਦਾ ਅਤੇ ਉਹ ਵਟਦਾ ਵਟਦਾ ਪਿੱਛੇ ਹਟਦਾ ਜਾਂਦਾ। ਇਸ ਤਰਾਂ ਲੋੜ ਅਨੁਸਾਰ ਲੰਮੇ ਬੇੜ ਵੱਟ ਲਏ ਜਾਂਦੇ ਸਨ। ਵਾਢੀ ਕਰ ਵਾਢੈ ਕਣਕ ਦੀਆਂ ਢੇਰੀਆਂ ਨੂੰ ਇਕੱਠਾ ਕਰ ਬੇੜਾਂ ਨਾਲ ਪੰਡਾਂ ਬੰਨ੍ਹ ਖਲ਼ਵਾੜੇ ਜਾ ਲਾਉਂਦੇ। ਨਿਰਸੰਦੇਹ ਬੇੜ, ਖੱਬੜ੍ਹ ਤੇ ਸੁਭੜ ਸਾਡੀ ਵਿਰਾਸਤੀ ਕਲਾ ਕਿਰਤ ਸੀ ਪਰ ਅਧੁਨਿਕ ਯੁੱਗ ਦੀ ਮਾਰ ਨੇ ਬੇੜ ਵਟਣ ਵਰਗੀ ਕਿਸਾਨੀ ਧਰੋਹਰ ਨੂੰ ਅਲੋਪ ਕਰ ਦਿੱਤਾ ਹੈ।


-ਪ੍ਰੀਤ ਨਗਰ-143109 (ਅੰਮ੍ਰਿਤਸਰ)।
ਮੋਬਾਈਲ : 98140-82217


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX