ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  about 2 hours ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  about 2 hours ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 2 hours ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 3 hours ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 3 hours ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 3 hours ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 3 hours ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 4 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 3 hours ago
ਹੋਰ ਖ਼ਬਰਾਂ..

ਲੋਕ ਮੰਚ

ਨਸ਼ਿਆਂ ਦੇ ਦਰਿਆ 'ਚ ਡੁੱਬਦਾ ਜਾ ਰਿਹਾ ਭਵਿੱਖ

ਪਿਛਲੇ ਕੁਝ ਕੁ ਦਹਾਕਿਆਂ ਤੋਂ ਨਸ਼ਾਖੋਰੀ ਦੀ ਆਦਤ ਕਾਰਨ ਪੰਜਾਬ ਰਾਜ ਬੁਰੀ ਤਰ੍ਹਾਂ ਬਦਨਾਮ ਹੋ ਚੁੱਕਆ ਹੈ। ਅਜਿਹੀ ਕੋਈ ਗੱਲ ਨਹੀਂ ਹੈ ਕਿ ਇਸ ਤੋਂ ਪਹਿਲਾਂ ਇੱਥੇ ਕੋਈ ਨਸ਼ਾ ਨਹੀਂ ਸੀ ਪਰ ਉਦੋਂ ਲੋਕ ਮਰਦੇ ਨਹੀਂ ਸੀ। ਪੋਸਤ, ਅਫੀਮ ਅਤੇ ਭੰਗ ਦਾ ਪ੍ਰਯੋਗ ਆਮ ਹੁੰਦਾ ਸੀ। ਜ਼ੁਕਾਮ, ਅਧਰੰਗ 'ਚ ਅਫੀਮ ਇਕ ਦਵਾਈ ਦੇ ਰੂਪ ਵਿਚ ਦਿੱਤੀ ਜਾਂਦੀ ਸੀ। ਮਾਤਾਵਾਂ ਕੰਮ ਦੇ ਬੋਝ ਕਾਰਨ ਆਪਣੇ ਛੋਟੇ ਬੱਚਿਆਂ ਨੂੰ ਸਲਾਉਣ ਲਈ ਅਫੀਮ ਦੇ ਦਿੰਦੀਆਂ ਸਨ। ਰਾਜਿਆਂ ਅਤੇ ਬਾਦਸ਼ਾਹਾਂ ਦੇ ਦਰਬਾਰ ਵਿਚ ਇਨ੍ਹਾਂ ਵਸਤਾਂ ਦੀ ਵਰਤੋਂ ਆਮ ਜਿਹੀ ਗੱਲ ਸੀ। ਸਾਡੇ ਦੇਸ਼ ਵਿਚ ਅਨੇਕਾਂ ਸੂਬਿਆਂ ਵਿਚ ਪੋਸਤ ਦੀ ਕਾਸ਼ਤ ਅਜੇ ਵੀ ਸਰਕਾਰਾਂ ਦੇ ਕੰਟਰੋਲ ਹੇਠ ਕੀਤੀ ਜਾ ਰਹੀ ਹੈ। ਉਥੇ ਸਰਕਾਰੀ ਠੇਕੇ ਖੁੱਲ੍ਹੇ ਹਨ ਅਤੇ ਅੱਜ ਵੀ ਅਫੀਮ ਬਹੁਤ ਸਾਰੀਆਂ ਦਵਾਈਆਂ ਵਿਚ ਵਰਤੀ ਜਾਂਦੀ ਹੈ। ਅਫਸੋਸ ਕਿ ਨਸ਼ੇ ਦੇ ਨਾਂਅ 'ਤੇ ਸਿੰਥੈਟਿਕ ਨਸ਼ਾ ਚਿੱਟਾ ਸ਼ਰ੍ਹੇਆਮ ਵੇਚਿਆ ਜਾ ਰਿਹਾ ਹੈ। ਇਹ ਜਾਨਲੇਵਾ ਸਾਬਤ ਹੋ ਰਿਹਾ ਹੈ। ਇਹ ਵਰਤਾਰਾ ਨੌਜਵਾਨਾਂ ਨੂੰ ਮੌਤ ਵੱਲ ਧੱਕ ਰਿਹਾ ਹੈ ਅਤੇ ਮਾਤਾ-ਪਿਤਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਤਸਕਰਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ ਤਸਕਰਾਂ ਨੂੰ ਲਗਪਗ ਇਕ ਲੱਖ ਰੁਪਏ ਜੁਰਮਾਨਾ ਅਤੇ 10 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਕਿਤੇ ਤਾਂ ਕੋਈ ਕਮੀ ਹੈ! ਇਸ ਸਮੇਂ ਸਾਡੀ ਨੌਜਵਾਨ ਪੀੜ੍ਹੀ ਖਾਤਮੇ ਦੀ ਕਗਾਰ ਉੱਤੇ ਹੈ। ਇਸ ਸਮੱਸਿਆ 'ਤੇ ਕਿਸੇ ਇਕ ਧਿਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ। ਸਰਕਾਰਾਂ 'ਤੇ ਪੂਰੀ ਜ਼ਿੰਮੇਵਾਰੀ ਪਾਉਣ ਨਾਲ ਇਸ ਅਤਿ ਗੰਭੀਰ ਸਮੱਸਿਆ ਤੋਂ ਬਚਿਆ ਨਹੀਂ ਜਾ ਸਕਦਾ। ਪੂਰਾ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੋ ਸਕਦਾ। ਮੈਡੀਕਲ ਨਸ਼ਿਆਂ ਦਾ ਜ਼ਿਕਰ ਵੀ ਇੱਥੇ ਜ਼ਰੂਰੀ ਹੈ। ਦੁਕਾਨਦਾਰ ਦਵਾਈਆਂ ਨੂੰ ਨਸ਼ੀਲੇ ਪਦਾਰਥਾਂ ਵਜੋਂ ਵੇਚ ਰਹੇ ਹਨ। ਟੀਕੇ ਖੁੱਲ੍ਹੇ ਰੂਪ ਵਿਚ ਵਿਕ ਰਹੇ ਹਨ। ਸਿੰਥੈਟਿਕ ਡਰੱਗਜ਼ ਦੀ ਮਾਤਰਾ ਦਾ ਪਤਾ ਨਹੀਂ ਚਲਦਾ। ਟੀਕੇ ਦੁਆਰਾ ਇਸ ਦੀ ਖੁਰਾਕ ਨੌਜਵਾਨਾਂ ਲਈ ਘਾਤਕ ਸਾਬਤ ਹੋ ਰਹੀ ਹੈ। ਇਸ ਨਾਲ ਰੋਜ਼ਾਨਾ ਹੀ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਨੌਜਵਾਨਾਂ, ਮੀਡੀਆ, ਸਮਾਜ ਸੇਵੀ ਸੰਗਠਨਾਂ, ਸਮੂਹ ਸਿਆਸਤਦਾਨਾਂ ਅਤੇ ਪ੍ਰਸ਼ਾਸਨ ਨੂੰ ਪਹਿਲ ਕਰਨੀ ਚਾਹੀਦੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਕਾਰਨ ਖੋਖਲੀ ਹੁੰਦੀ ਜਾ ਰਹੀ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇੱਥੇ ਸਾਡਾ ਸਭ ਦਾ ਨੈਤਿਕ ਫਰਜ਼ ਹੈ ਕਿ ਅਸੀਂ ਆਪਣੇ ਰਾਜ ਦੇ ਅਮੀਰ ਵਿਰਸੇ ਸੱਭਿਆਚਾਰ, ਨੌਜਵਾਨਾਂ ਦੇ ਸੁਨਹਿਰੀ ਭਵਿੱਖ ਨੂੰ ਬਚਾਉਣ ਦਾ ਭਰਪੂਰ ਯਤਨ ਕਰੀਏ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ। ਨੌਜਵਾਨਾਂ ਨੂੰ ਖੇਡਾਂ, ਸੱਭਿਆਚਾਰ 'ਤੇ ਆਪਣਾ ਪੂਰਾ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਤੰਦਰੁਸਤ ਸਰੀਰ 'ਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ। ਸਿਹਤਮੰਦ ਜ਼ਿੰਦਗੀ ਜਿਊਣ ਲਈ ਸਾਨੂੰ ਸਾਰਿਆਂ ਨੂੰ ਪਹਿਲਾਂ ਆਪ ਅਤੇ ਫਿਰ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੋਵੇਗਾ, ਤਾਂ ਹੀ ਅਸੀਂ ਨੌਜਵਾਨ ਪੀੜ੍ਹੀ ਦੇ ਨਸ਼ਿਆਂ ਰੂਪੀ ਛੇਵੇਂ ਦਰਿਆ ਵਿਚ ਡੁੱਬਦੇ ਭਵਿੱਖ ਨੂੰ ਬਚਾਉਣ 'ਚ ਸਫਲ ਹੋ ਸਕਦੇ ਹਾਂ। ਇਸ 'ਚ ਸਾਰਿਆਂ ਦਾ ਭਲਾ ਹੈ। ਆਓ! ਹੁਣ ਹੋਰ ਦੇਰ ਨਾ ਕਰੀਏ। ਇਸ ਵਿਕਰਾਲ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਯਤਨਸ਼ੀਲ ਹੋਈਏ।

-ਧਰਮਕੋਟ, ਜ਼ਿਲ੍ਹਾ ਮੋਗਾ। ਮੋਬਾ: 94172-80333


ਖ਼ਬਰ ਸ਼ੇਅਰ ਕਰੋ

ਨਾਂਹ-ਪੱਖੀ ਦ੍ਰਿਸ਼ਟੀਕੋਣ ਵੱਲ ਵਧ ਰਹੇ ਹਨ ਨੌਜਵਾਨੀ ਦੇ ਕਦਮ

ਕੋਈ ਵੀ ਇਨਸਾਨ ਜਨਮ ਤੋਂ ਹਾਂ-ਪੱਖੀ ਜਾਂ ਨਾਂਹ-ਪੱਖੀ ਨਹੀਂ ਹੁੰਦਾ, ਸਗੋਂ ਉਸ ਦੇ ਨਜ਼ਰੀਏ ਨੂੰ ਕਈ ਕਾਰਨਾਂ ਵਸ ਹਾਂ-ਪੱਖੀ ਜਾਂ ਨਾਂਅ-ਪੱਖੀ ਬਣਾ ਦਿੱਤਾ ਜਾਂਦਾ ਹੈ ਜਾਂ ਬਣਨਾ ਪੈਂਦਾ ਹੈ। ਇਸੇ ਤਰ੍ਹਾਂ ਜੇ ਪੰਜਾਬ ਦੀ ਨੌਜਵਾਨੀ ਭਵਿੱਖ ਦੀ ਗੱਲ ਕਰੀਏ ਤਾਂ ਅੱਜ ਦੇ ਜੋ ਹਾਲਾਤ ਹਨ, ਉਹ ਬਹੁਤੇ ਸੁਖਾਵੇਂ ਪ੍ਰਤੀਤ ਨਹੀਂ ਹੋ ਰਹੇ, ਜਿਸ ਕਾਰਨ ਬਹੁਤੀ ਨੌਜਵਾਨ ਪੀੜ੍ਹੀ ਨਾਂਹ-ਪੱਖੀ ਵਿਚਾਰਾਂ ਦੀ ਧਾਰਨੀ ਬਣਦੀ ਜਾ ਰਹੀ ਹੈ, ਜਿਸ ਕਾਰਨ ਸੂਬੇ ਵਿਚ ਆਪਣੇ-ਆਪ ਵਿਚ ਨਵੀਆਂ ਹੀ ਸਮੱਸਿਆਵਾਂ ਨਿੱਤ ਦੀਆਂ ਪੈਦਾ ਹੋ ਰਹੀਆਂ ਹਨ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਸੰਭਵ ਹੱਲ ਅਜੇ ਸਫਲ ਨਹੀਂ ਹੋ ਰਹੇ, ਨੌਜਵਾਨਾਂ ਦੀਆਂ ਸਮੱਸਿਆਵਾਂ ਨਵਾਂ ਹੀ ਰੂਪ ਧਾਰਦੀਆਂ ਜਾ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਦੇ ਅਨੇਕਾਂ ਕਾਰਨ ਹਨ। ਉਦਾਰਹਨ ਦੇ ਤੌਰ 'ਤੇ ਜਿਵੇਂ ਸਮਾਜਿਕ, ਰਾਜਨੀਤਕ, ਸਿੱਖਿਆ, ਸਿਹਤ ਸਹੂਲਤਾਂ, ਚੌਗਿਰਦਾ, ਹੀਣ ਭਾਵਨਾ, ਮੀਡੀਆ, ਬੇਰੁਜ਼ਗਾਰੀ, ਨਸ਼ਾ, ਸੱਭਿਆਚਾਰ, ਪਿਛੋਕੜ ਅਤੇ ਧਰਮ ਆਦਿ ਇਹੋ ਜਿਹੇ ਸਭ ਕਾਰਨ ਹੀ ਮਨੁੱਖੀ ਸੋਚ ਦੀ ਉਚਾਈ ਅਤੇ ਨੀਵਾਣਤਾ ਨੂੰ ਕੀਲਦੇ ਹਨ। ਵਿਦੇਸ਼ਾਂ ਦੇ ਚੰਗੇ ਵਾਤਾਵਰਨ ਤੇ ਸਭ ਸੁੱਖ-ਸਹੂਲਤਾਂ ਕਾਰਨ ਸਮੱਸਿਆਵਾਂ ਪੈਦਾ ਹੋਣ ਦੇ ਹਾਲਾਤ ਹੀ ਨਹੀਂ ਬਣਦੇ ਜਦਕਿ ਸਾਡੇ ਮੁਲਕ ਵਿਚ ਬੇਈਮਾਨੀ ਭਰੇ ਮਾਹੌਲ ਵਿਚ ਚੰਗੇ ਵਿਅਕਤੀ ਦੀ ਕੰਮ ਕਰਨ ਦੀ ਕਾਰਜ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਹਰ ਕਰਮਚਾਰੀ ਚਾਹੇ ਸਰਕਾਰੀ ਹੈ ਜਾ ਪ੍ਰਾਈਵੇਟ, ਉੱਪਰ ਕਿਸੇ ਨਾ ਕਿਸੇ ਤਰੀਕੇ 80 ਫੀਸਦੀ ਮਾਨਸਿਕ ਤਣਾਅ ਦਾ ਦਬਦਬਾ ਬਣਿਆ ਰਹਿੰਦਾ ਹੈ। ਅੱਜ ਸਾਡਾ ਵਾਤਾਵਰਨ ਅਜਿਹਾ ਨਕਾਰਾਤਮਕਤਾ ਭਰਿਆ ਤਿਆਰ ਹੋ ਚੁੱਕਿਆ ਹੈ ਕਿ ਹਰ ਨੌਜਵਾਨ ਵਿਦੇਸ਼ਾਂ ਨੂੰ ਜਾਣ ਦੇ ਹੀਲੇ ਵਸੀਲੇ ਕਰ ਰਿਹਾ ਹੈ। ਹਰ ਕਾਂਡ ਵਿਚ ਪ੍ਰਸ਼ਾਸਨ ਅਤੇ ਪੁਲਿਸ ਦੀ ਕਾਰਵਾਈ 'ਤੇ ਉਂਗਲੀ ਉੱਠਦੀ ਨਜ਼ਰ ਆਉਂਦੀ ਹੈ। ਅਜਿਹੇ ਮਾਹੌਲ ਵਿਚ ਫਿਰ ਕਿਵੇਂ ਕੋਈ ਹਾਂ-ਪੱਖੀ ਨਜ਼ਰੀਏ ਵਾਲਾ ਇਕ ਚੰਗਾ ਇਨਸਾਨ ਬਣ ਸਕਦਾ ਹੈ? ਅਜਿਹੇ ਹਾਲਾਤ ਵਿਚ ਸਾਨੂੰ ਹਰ ਸਮੇਂ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਸਾਡਾ ਮਨੋਬਲ, ਹੌਸਲਾ ਅਤੇ ਦ੍ਰਿੜ੍ਹਤਾ ਦਾ ਡਿੱਗਣਾ ਯਕੀਨੀ ਬਣ ਜਾਂਦਾ ਹੈ। ਹੁਣ ਤੱਕ ਰਾਜਨੀਤਕ ਪ੍ਰਣਾਲੀ ਨੇ ਮੌਜੂਦਾ ਸਮੱਸਿਆਵਾਂ ਦੇ ਹੱਲਾਂ ਨੂੰ ਛੱਡ ਕੇ ਗੈਰ-ਜ਼ਰੂਰੀ ਉਦੇਸ਼ਾਂ ਨੂੰ ਪੂਰਾ ਕਰਨ ਵਿਚ ਹੀ ਖਾਸ ਯਤਨ ਕੀਤੇ ਹਨ। ਇਸੇ ਕਾਰਨ ਹੀ ਦੇਸ਼ ਦੇ ਬਹੁਤੇ ਰਾਜਾਂ ਨੂੰ ਅਵਿਕਸਿਤ ਰਹਿਣਾ ਪੈ ਰਿਹਾ ਹੈ। ਜਦੋਂ ਹਰ 5 ਸਾਲ ਬਾਅਦ ਆਮ ਜਨਤਾ ਵਲੋਂ ਸਿਆਸੀ ਪਾਰਟੀਆਂ ਨੂੰ ਸੂਬਿਆਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਵਲੋਂ ਸਭ ਸਮੱਸਿਆਵਾਂ ਦੇ ਸੰਭਵ ਹੱਲ ਕੱਢ ਲਏ ਗਏ ਹਨ ਸ਼ਬਦਾਂ ਨੂੰ ਹਰ 5 ਸਾਲ ਬਾਅਦ ਦੁਹਰਾਇਆ ਜਾਂਦਾ ਹੈ ਪਰ ਭਾਰਤ ਦੀਆਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ, ਕਿਉਂਕਿ ਸਿਆਸੀ ਪਾਰਟੀਆਂ ਸਿਸਟਮ ਬਦਲਣਾ ਨਹੀਂ ਚਾਹੁੰਦੀਆਂ ਅਤੇ ਇਸੇ ਕਾਰਨ ਵੱਸ ਹੀ ਇਨ੍ਹਾਂ ਸਮੱਸਿਆਵਾਂ ਨੂੰ ਵਿਰੋਧੀ ਪਾਰਟੀ ਦੇ ਸਿਰ ਥੋਪ ਕੇ ਸਮਾਂ ਹੋਰ ਹੀ ਖਾਕਾ ਤਿਆਰ ਕਰਨ ਦੇ ਯਤਨਾਂ ਵਿਚ ਲੰਘਾ ਦਿੱਤਾ ਜਾਂਦਾ ਹੈ। ਬਾਕੀ ਦੇਸ਼ਾਂ ਨਾਲੋਂ ਸਭ ਤੋਂ ਵੱਧ ਸਮੱਸਿਆਵਾਂ ਭਾਰਤ ਦੀ ਝੋਲੀ ਵਿਚ ਹੀ ਕਿਉਂ ਹਨ? ਕਿਉਂਕਿ ਭਾਰਤ ਦੀ ਸਿਆਸਤ ਵਿਚ ਸਮੱਸਿਆਵਾਂ ਤੋਂ ਬਚਿਆ ਜਾ ਰਿਹਾ ਹੈ ਜਦਕਿ ਇਨ੍ਹਾਂ ਦੇ ਹੱਲ ਦੇ ਸਾਧਨ ਜੁਟਾਉਣਾ ਫਰਜ਼ ਹੈ। ਜੇਕਰ ਅੱਜ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਤਰੱਕੀ ਹੋਵੇ ਤਾਂ ਇਸ ਲਈ ਸਾਨੂੰ ਕਿਸੇ ਸਰਕਾਰ ਜਾਂ ਪ੍ਰਸ਼ਾਸਨ ਦੇ ਹੱਥ ਵਿਚ ਜਾਦੂ ਦੀ ਛੜੀ ਫੜਾਉਣ ਦੀ ਲੋੜ ਨਹੀਂ, ਸਗੋਂ ਲੋਕਾਂ ਦੀ ਸੋਚ ਵਿਚ ਬਦਲਾਅ ਲਿਆਉਣ ਦੀ ਲੋੜ ਹੈ।

 

ਮਾਣ-ਮੱਤੇ ਅਧਿਆਪਕ-32

ਗਿਆਨ ਤੇ ਵਿਗਿਆਨ ਦਾ ਸੂਰਜ ਹੈ ਪ੍ਰੇਮ ਸਿੰਘ ਮਾਣਕ ਮਾਜਰਾ

ਅਧਿਆਪਨ ਸਿਰਫ ਆਪਣੇ ਵਿਦਿਆਰਥੀਆਂ ਨੂੰ ਚੰਗੀ ਸ਼ਖ਼ਸੀਅਤ ਬਣਾਉੇਣ ਜਾਂ ਫਿਰ ਰੁਜ਼ਗਾਰ ਪ੍ਰਾਪਤੀ ਕਰਨ ਯੋਗ ਬਣਾਉਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਅੰਦਰ ਮਨੁੱਖਤਾ ਅਤੇ ਕੁਦਰਤ ਵਿਚ ਸਮਤੋਲ ਰੱਖਣ ਦੀ ਜਗਿਆਸਾ ਪੈਦਾ ਕਰਨਾ ਹੈ। ਅਜਿਹੇ ਵਿਚਾਰ ਰੱਖਣ ਵਾਲੇ 22 ਜੂਨ, 1972 ਨੂੰ ਪਿਤਾ ਚੇਤ ਸਿੰਘ ਅਤੇ ਮਾਤਾ ਕਰਨੈਲ ਕੌਰ ਦੀ ਕੁੱਖੋਂ ਪਿੰਡ ਮਾਣਕ ਮਾਜਰਾ ਵਿਖੇ ਜਨਮੇ ਸੂਬਾ ਅਤੇ ਕੌਮੀ ਪੁਰਸਕਾਰੀ ਅਧਿਆਪਕ ਪ੍ਰੇਮ ਸਿੰਘ ਮਾਣਕ ਮਾਜਰਾ ਹਨ। ਸ: ਸੀ: ਸੈ: ਸਕੂਲ ਭੋਗੀਵਾਲ ਵਿਖੇ ਲੈਕਚਰਾਰ ਫਿਜ਼ਿਕਸ ਵਜੋਂ ਸੇਵਾ ਨਿਭਾ ਰਹੇ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਸੋਚ ਨੂੰ ਸੂਖਮ ਅਣੂਆਂ ਤੋਂ ਲੈ ਕੇ ਬ੍ਰਹਿਮੰਡ ਨਾਲ ਜੋੜਨ ਦਾ ਕੰਮ ਕਰ ਰਹੇ ਹਨ। ਸਰਕਾਰੀ ਹਾਈ ਸਕੂਲ ਮਾਣਕ ਮਾਜਰਾ ਤੋਂ ਦਸਵੀਂ ਕਰਨ ਤੋਂ ਬਆਦ ਏਅਰਫੋਰਸ ਵਿਚ ਪਾਇਲਟ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਤਾਂ ਉਸ ਵੇਲੇ ਪੰਜਾਬ ਦੇ ਹਾਲਾਤ ਦੀ ਭੇਟ ਚੜ੍ਹ ਗਿਆ ਪਰ ਅਧਿਆਪਨ ਕਿੱਤੇ ਦੌਰਾਨ ਉਨ੍ਹਾਂ ਸਮਾਜ ਨੂੰ ਚੰਗੇ ਅਫਸਰ, ਡਾਕਟਰ, ਇੰਜੀਨੀਅਰ ਅਤੇ ਵਕੀਲ ਦਿੱਤੇ ਹਨ। 5 ਫਰਵਰੀ, 1997 ਤੋਂ ਸ: ਸੀ: ਸੈ: ਸਕੂਲ ਲਸੋਈ, ਬਨਭੋਰਾ ਅਤੇ ਸਰਕਾਰੀ ਮਿਡਲ ਸਕੂਲ ਰਟੋਲਾਂ ਹੁੰਦੇ ਹੋਏ ਸਾਲ 2012 ਵਿਚ ਉਨ੍ਹਾਂ ਨੂੰ ਵਿਗਿਆਨ ਅਤੇ ਸਮਾਜ ਦੇ ਖੇਤਰ ਵਿਚ ਚੰਗੀਆਂ ਸੇਵਾਵਾਂ ਬਦਲੇ ਸੂਬਾਈ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਸਟੀਫਨ ਹਾਕਿੰਗਜ਼ ਦੀਆਂ ਲਿਖਤਾਂ ਤੋਂ ਪ੍ਰਭਵਿਤ ਹੋ ਕੇ ਅਤੇ ਸ਼ੁਰੂ ਤੋਂ ਹੀ ਬ੍ਰਹਿਮੰਡ ਦੇ ਪਸਾਰ ਬਾਰੇ ਸੋਚਣ ਵਾਲੇ ਅਧਿਆਪਕ ਪ੍ਰੇਮ ਸਿੰਘ ਮਾਣਕ ਮਾਜਰਾ ਨੇ ਰਿਜਨਲ ਸਪੇਸ ਉਲੰਪੀਆਡ ਦੌਰਾਨ ਚੰਦਰਮਾ ਦੇ ਪਹਿਲੇ ਆਰਬਿਟ ਵਿਚ ਸਪੇਸ ਕਾਲੋਨੀ ਦਾ ਮਾਡਲ ਪੇਸ਼ ਕਰਕੇ ਅਧਿਆਪਕ ਵਰਗ ਵਿਚ ਪਹਿਲਾ ਇਨਾਮ ਜਿੱਤਿਆ। ਉਨ੍ਹਾਂ ਦੇ ਸੈਂਕੜੇ ਵਿਦਿਆਰਥੀ ਰਾਜ ਪੱਧਰ ਤੱਕ ਸਾਇੰਸ ਮਾਡਲ ਪੇਸ਼ ਕਰਕੇ ਚਚੰਗੇ ਸਥਾਨ ਹਾਸਲ ਕਰ ਚੁੱਕੇ ਹਨ। ਆਪਣੇ ਮਾਤਾ-ਪਿਤਾ ਅਤੇ ਦੋਸਤਾਂ ਨੂੰ ਪ੍ਰੇਰਨਾ ਸ੍ਰੋਤ ਸਮਝਣ ਵਾਲੇ ਅਧਿਆਪਕ ਪ੍ਰੇਮ ਸਿੰਘ ਮਾਣਕ ਮਾਜਰਾ ਨੇ 2011 ਵਿਚ ਆਈ.ਆਈ.ਟੀ. ਕਾਨਪੁਰ ਵਿਖੇ ਡਾ: ਐਚ.ਸੀ. ਵਰਮਾ (ਭੌਤਿਕ ਵਿਗਿਆਨ ਲੇਖਕ) ਨੂੰ ਗੁਰੂ ਧਾਰ ਲਿਆ ਅਤੇ ਉਨ੍ਹਾਂ ਤੋਂ ਆਈ.ਆਈ.ਟੀ. ਕਾਨਪੁਰ ਦੀਆਂ ਪ੍ਰਯੋਗਸ਼ਾਲਾਵਾਂ ਵਿਚ ਮੁਢਲੀਆਂ ਧਾਰਨਾਵਾਂ ਜਾਣਨ ਉਪਰੰਤ ਉਨ੍ਹਾਂ ਦੀ ਸ਼ਖ਼ਸੀਅਤ ਨੈਸ਼ਨਲ ਰਿਸੋਰਸ ਪਰਸਨ ਫਿਜ਼ਿਕਸ ਵਜੋਂ ਉੱਭਰੀ। ਉਹ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਯੂਨੀਵਰਸੀਟੀਆਂ, ਇੰਜੀਨੀਅਰਿੰਗ ਕਾਲਜਾਂ, ਮੈਡੀਕਲ ਕਾਲਜਾਂ ਅਤੇ ਸਕੂਲਾਂ ਵਿਚ ਹੁਣ ਤੱਕ 150 ਤੋਂ ਵੱਧ ਵਰਕਸ਼ਾਪਾਂ ਵਿਚ ਨੈਸ਼ਨਲ ਰਿਸੋਰਸ ਪਰਸਨ ਫਿਜ਼ਿਕਸ ਵਜੋਂ ਸਫਲਤਾਪੂਰਵਕ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ 'ਤੇ ਪੰਜਵੀਂ ਏਸ਼ੀਆ ਪੈਸੀਫਿਕ ਯੁਵਾ ਵਿਗਿਆਨਕ ਕਾਨਫੰਰਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰ ਚੁੱਕੇ ਹਨ। ਡਿਪਾਰਟਮੈਂਟ ਆਫ ਸਾਇੰਸ ਅਤੇ ਟੈਕਨਾਲੋਜੀ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ 2015 ਵਿਚ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਵਿਗਿਆਨ ਅਤੇ ਟੈਕਨਾਲੋਜੀ ਦੇ ਨਾਲ-ਨਾਲ ਸਾਹਿਤ ਦੇ ਖੇਤਰ ਵਿਚ ਰੁਚੀ ਰੱਖਦੇ ਹੋਏ ਉਨ੍ਹਾਂ ਦੇ ਵਿਦਿਆਰਥੀ ਸ: ਜਸਵੀਰ ਰਾਣਾ ਦੇ ਲਿਖੇ ਨਾਟਕ 'ਇਥੋਂ ਰੇਗਿਸਤਾਨ ਦਿਸਦਾ ਹੈ' ਦੀ ਪੇਸ਼ਕਾਰੀ ਵੱਖ-ਵੱਖ ਸਟੇਜਾਂ ਤੋਂ ਕਰ ਚੁੱਕੇ ਹਨ। ਵਿਗਿਆਨ ਵਿਸ਼ੇ ਦੀ ਚੇਤਨਾ ਜਗਾਉਣ ਦੇ ਨਾਲ-ਨਾਲ ਸਰਾਕਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਸੁੰਦਰ ਬਣਾਉਣਾ, ਵਿਦਿਆਰਥੀਆਂ ਨੂੰ ਸੱਭਿਆਚਾਰ ਅਤੇ ਮਾਂ-ਬੋਲੀ ਦੇ ਨਾਲ ਜੋੜਨਾ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਉਹ ਆਪਣਾ ਫਰਜ਼ ਸਮਝਦੇ ਹਨ। ਹੋਰਨਾਂ ਅਧਿਆਪਕਾਂ ਲਈ ਪ੍ਰੇਰਨਾ ਸਰੋਤ ਬਣਨ ਵਾਲੇ ਸਿਰੜੀ ਸ: ਪ੍ਰੇਮ ਸਿੰਘ ਦੇ ਕਦਮ ਇਸੇ ਤਰ੍ਹਾਂ ਚਲਦੇ ਰਹਿਣ, ਤਾਂ ਜੋ ਉਨ੍ਹਾਂ ਦੇ ਆਪਣੇ ਵਿਦਿਆਰਥੀਆਂ ਲਈ ਖੁੱਲ੍ਹੀ ਅੱਖ ਨਾਲ ਵੇਖੇ ਸੁਪਨੇ ਪੂਰੇ ਹੋ ਸਕਣ।

-ਮੋਬਾ: 93565-52000

ਕੀ ਹੈ ਸਿੱਖਿਆ ਦਾ ਅਸਲੀ ਮਕਸਦ?

ਸਿੱਖਿਆ ਦਾ ਅਸਲੀ ਮਕਸਦ ਬੱਚੇ ਦਾ ਸਰਬਪੱਖੀ ਵਿਕਾਸ ਕਰਨਾ ਹੈ ਅਤੇ ਉਸ ਦੀ ਸਮਾਜਿਕ, ਬੌਧਿਕ ਅਤੇ ਸਰੀਰਕ ਸਿੱਖਿਆ ਦਾ ਵਿਕਾਸ ਕਰਨਾ ਹੈ। ਅਸੀਂ ਸਾਖਰ ਵਿਅਕਤੀ ਨੂੰ ਹਰ ਪੱਖੋਂ ਸਿੱਖਿਅਤ ਨਹੀਂ ਕਹਿ ਸਕਦੇ। ਸਿੱਖਿਆ ਤਾਂ ਨੈਤਿਕ ਉਸਾਰੂ ਕਿਰਿਆ ਹੈ, ਜੋ ਚੰਗੇ ਇਨਸਾਨ ਬਣਨ ਦੀ ਪ੍ਰੇਰਨਾ ਦਿੰਦੀ ਹੈ। ਪਰ ਅੱਜ ਸਿੱਖਿਆ ਦੇ ਖੇਤਰ ਵਿਚ ਨੰਬਰ ਪ੍ਰਾਪਤ ਕਰਨ ਨੂੰ ਸਿੱਖਿਆ ਕਿਹਾ ਜਾਣ ਲੱਗਾ ਹੈ। ਬੱਚੇ ਨੂੰ ਕਿਤਾਬੀ ਕੀੜਾ ਬਣਨ ਲਈ ਮਜਬੂਰ ਕੀਤਾ ਜਾਣ ਲੱਗਾ ਹੈ। ਬੇਸ਼ੱਕ ਉਹ ਮਾਤਾ-ਪਿਤਾ ਹੋਣ ਜਾਂ ਹੋਰ ਸਤਿਕਾਰਤ ਮੈਂਬਰ, ਇਸ ਤੋਂ ਇਲਾਵਾ ਸਕੂਲਾਂ ਦਾ ਨਤੀਜਾ ਸ਼ਤ-ਪ੍ਰਤੀਸ਼ਤ ਲਿਆਉਣ ਵਾਲੇ ਅਧਿਆਪਕਾਂ ਤੇ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਵਧੀਆ ਕਿਹਾ ਜਾਂਦਾ ਹੈ। ਸ਼ਾਇਦ ਇਹ ਧਾਰਨਾ ਪੂਰਨ ਤੌਰ 'ਤੇ ਠੀਕ ਨਹੀਂ ਹੈ। ਕਿਉਂਕਿ ਬੱਚੇ ਦੇ ਨੰਬਰ ਕਿਸ ਤਰ੍ਹਾਂ ਆਏ, ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਬੇਸ਼ੱਕ ਉਹ ਕਿਸੇ ਤਰ੍ਹਾਂ ਵੀ ਆਏ ਹੋਣ। ਸਿੱਖਿਆ ਦਾ ਅਸਲੀ ਮਕਸਦ ਬੱਚੇ ਦੇ ਅੰਦਰ ਛੁਪੀਆਂ ਉਸ ਦੀਆਂ ਯੋਗਤਾਵਾਂ ਨੂੰ ਪਛਾਨਣਾ ਤੇ ਵਿਕਸਤ ਕਰਨਾ ਹੈ। ਇਹ ਜ਼ਰੂਰੀ ਨਹੀਂ ਕਿ ਬੱਚੇ ਨੂੰ ਡਾਕਟਰ ਹੀ ਬਣਾਉਣਾ ਹੈ। ਉਹ ਚੰਗਾ ਖਿਡਾਰੀ, ਚੰਗਾ ਕਲਾਕਾਰ, ਚਿੱਤਰਕਾਰ, ਲੇਖਕ, ਕਲਾਕਾਰ, ਚੰਗਾ ਬੁਲਾਰਾ ਆਦਿ ਵੀ ਹੋ ਸਕਦਾ ਹੈ। ਸਭ ਤੋਂ ਜ਼ਰੂਰੀ ਬੱਚੇ ਦਾ ਚਰਿੱਤਰ ਨਿਰਮਾਣ ਕਰਨਾ ਹੀ ਮੰਨਿਆ ਜਾਂਦਾ ਹੈ। ਬੱਚੇ ਦੇ ਮਾਂ-ਬਾਪ, ਅਧਿਆਪਕ ਅਤੇ ਸਰਕਾਰਾਂ, ਸਿੱਖਿਆ ਦਾ ਅਸਲੀ ਮਕਸਦ ਭੁੱਲਦੀਆਂ ਜਾ ਰਹੀਆਂ ਹਨ। ਜੇਕਰ ਇਕ ਵਿਦਿਆਰਥੀ ਪੜ੍ਹਿਆ-ਲਿਖਿਆ ਹੈ ਪਰ ਉਹ ਵਿਦਿਆਰਥੀ ਅਨੈਤਿਕ ਅਤੇ ਮਾੜੇ ਕੰਮ ਕਰਦਾ ਹੈ ਤੇ ਦੂਜਾ ਵਿਦਿਆਰਥੀ ਸਿਰਫ ਪੰਜਵੀਂ ਕਲਾਸ ਪੜ੍ਹਿਆ ਹੈ, ਉੇਹ ਮਿਹਨਤੀ, ਨੇਕ, ਇਮਾਨਦਾਰ, ਦਿਆਲੂ, ਦੂਜਿਆਂ ਦਾ ਚੰਗਾ ਸੋਚਦਾ ਹੈ, ਮਿਹਨਤ ਕਰਕੇ ਪੈਸੇ ਕਮਾਉਂਦਾ ਹੈ, ਹਰ ਇਕ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦਾ ਹੈ, ਪੜ੍ਹੇ-ਲਿਖੇ ਵਿਦਿਆਰਥੀ ਤੋਂ ਲੱਖ ਦਰਜੇ ਚੰਗਾ ਹੈ। ਸਿੱਖਿਆ ਦਾ ਮੰਤਵ ਸਿਰਫ ਚੰਗੇ ਨੰਬਰ ਲੈ ਕੇ ਨੌਕਰੀ ਪ੍ਰਾਪਤ ਕਰਕੇ ਪੈਸੇ ਕਮਾਉੇਣਾ ਹੀ ਨਹੀਂ ਹੈ, ਸਗੋਂ ਆਪਣਾ ਨਿਸ਼ਾਨਾ ਪ੍ਰਾਪਤ ਕਰਨਾ ਹੈ। ਬਿਨਾਂ ਸ਼ੱਕ ਉਹ ਕਿਸੇ ਵੀ ਖੇਤਰ ਵਿਚ ਹੋਵੇ। ਕਈ ਉਦਾਹਰਨਾਂ ਹਨ, ਜੋ ਘੱਟ ਪੜ੍ਹੇ-ਲਿਖੇ ਹੋਣ ਕਾਰਨ ਵੀ ਅੱਜ ਚੰਗੇ ਮੁਕਾਮ ਹਾਸਲ ਕਰ ਚੁੱਕੇ ਹਨ। ਸਿਰਫ ਅੰਗਰੇਜ਼ੀ ਬੋਲਣ ਜਾਂ ਚੰਗੇ ਕੱਪੜੇ ਪਾਉਣ ਨਾਲ ਵੀ ਮਨੁੱਖ ਪੜ੍ਹਿਆ-ਲਿਖਿਆ ਸਾਬਤ ਨਹੀਂ ਹੁੰਦਾ, ਉਸ ਕੋਲ ਚੰਗੇ ਸੰਸਕਾਰ, ਚੰਗੀ ਬੋਲਚਾਲ, ਚੰਗਾ ਆਚਰਣ ਆਦਿ ਦਾ ਹੋਣਾ ਵੀ ਜ਼ਰੂਰੀ ਹੈ। ਬੱਚਾ ਇਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ। ਉਸ ਦੇ ਸਰਬਪੱਖੀ ਵਿਕਾਸ ਲਈ ਮਾਪਿਆਂ, ਸਮਾਜ ਅਤੇ ਅਧਿਆਪਕਾਂ ਦਾ ਬਹੁਤ ਯੋਗਦਾਨ ਹੁੰਦਾ ਹੈ। ਪਰ ਇਸ ਲਈ ਬੱਚੇ ਦੀ ਅੰਦਰੂਨੀ ਯੋਗਤਾ ਨੂੰ ਪਛਾਨਣ ਦੀ ਲੋੜ ਹੈ। ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣਾ ਵੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਬੱਚਿਆਂ ਨੂੰ ਪੰਜਾਬੀ ਸਾਹਿਤ ਪੜ੍ਹਨ ਲਈ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ। ਸਕੂਲ ਵਿਚ ਬੱਚੇ ਦਾ ਪੜ੍ਹਾਈ ਤੋਂ ਇਲਾਵਾ ਅਨੇਕਾਂ ਪ੍ਰਕਾਰ ਦੀਆਂ ਗਤੀਵਿਧੀਆਂ ਰਾਹੀਂ ਵੀ ਸਰਵਪੱਖੀ ਵਿਕਾਸ ਹੁੰਦਾ ਹੈ। ਪਰ ਅੱਜ ਦਾ ਯੁੱਗ ਤੇਜ਼ੀ ਦਾ ਹੋਣ ਕਾਰਨ ਵਿਦਿਆਰਥੀਆਂ ਦੀ ਇੱਛਾ ਜਾਣਨ ਦੀ ਬਜਾਏ ਉਸ ਉਪਰ ਮਾਤਾ-ਪਿਤਾ ਦੇ ਸੁਪਨੇ ਭਾਰੀ ਪੈਂਦੇ ਹਨ। ਆਪਣੀਆਂ ਇੱਛਾਵਾਂ ਥੋਪਣ ਦੀ ਬਜਾਏ ਬੱਚੇ ਨੂੰ ਆਤਮਵਿਸ਼ਵਾਸ ਨਾਲ ਰਸਤਾ ਆਪ ਚੁਣਨ ਦੇਣਾ ਚਾਹੀਦਾ ਹੈ, ਤਾਂ ਕਿ ਬੱਚਾ ਆਪਣੀਆਂ ਬੁਲੰਦੀਆਂ ਛੂਹਣ ਵਿਚ ਕਾਮਯਾਬ ਹੋ ਸਕੇ। ਬੱਚੇ ਦਾ ਆਤਮ-ਵਿਸ਼ਵਾਸ ਉਸ ਦੇ ਸਰਵਪੱਖੀ ਵਿਕਾਸ ਵਿਚ ਚਾਰ ਚੰਨ ਲਾਉਂਦਾ ਹੈ। ਇਹ ਹੀ ਸਿੱਖਿਆ ਦਾ ਅਸਲੀ ਮਕਸਦ ਹੈ।

-ਮੋਬਾ: 94631-48284

ਅੰਧ-ਵਿਸ਼ਵਾਸ ਵੀ ਅਪਰਾਧਿਕ ਸ਼੍ਰੇਣੀ ਵਿਚ ਸ਼ਾਮਿਲ ਹੋਵੇ

ਅਸੀਂ ਭਾਵੇਂ ਅੱਜ 21ਵੀਂ ਸਦੀ ਵਿਚ ਵਿਗਿਆਨ ਦੀਆਂ ਹੈਰਾਨੀਜਨਕ ਖੋਜਾਂ ਟਿਊਬਾਂ ਵਿਚ ਬੱਚਾ ਪੈਦਾ ਕਰਨ, ਜਹਾਜ਼, ਕੰਪਿਊਟਰ, ਮੋਬਾਈਲ, ਸੈਟੇਲਾਈਟ ਚੈਨਲਾਂ ਤੋਂ ਲੈ ਕੇ ਅਨੇਕਾਂ ਗੰਭੀਰ ਬਿਮਾਰੀਆਂ ਦਾ ਪੱਕਾ ਇਲਾਜ ਕਰਨ ਤੱਕ ਦੀਆਂ ਪ੍ਰਾਪਤੀਆਂ ਕਰ ਲਈਆਂ ਹਨ ਪਰ ਇਸ ਸਾਰੀ ਸਥਿਤੀ ਦਾ ਦੂਜਾ ਪਹਿਲੂ ਇਹ ਹੈ ਕਿ ਸਾਡੀ ਮਾਨਸਿਕਤਾ ਨੇ ਕੋਈ ਰੱਤੀ ਭਰ ਵੀ ਵਿਕਾਸ ਤੇ ਉੱਨਤੀ ਨਹੀਂ ਕੀਤੀ। ਅੱਜ ਵੀ ਸਾਡੀ ਮਾਨਸਿਕਤਾ ਹਜ਼ਾਰਾਂ ਸਾਲ ਪੁਰਾਣੀ ਸਿੰਧੂ ਘਾਟੀ ਦੀ ਸੱਭਿਅਤਾ ਵੇਲੇ ਦੀ ਹੈ। ਅਸੀਂ ਅੱਜ ਵੀ ਆਪਣੇ ਦੁੱਖਾਂ-ਤਕਲੀਫਾਂ ਦਾ ਹੱਲ ਅਨਪੜ੍ਹ, ਅਖੌਤੀ ਸਾਧ-ਬੂਬਨਿਆਂ ਦੇ ਡੇਰਿਆਂ ਤੋਂ ਲੱਭਦੇ ਫਿਰ ਰਹੇ ਹਾਂ। ਅਸੀਂ ਅੱਜ ਵੀ ਪਾਖੰਡੀ ਜੋਤਸ਼ੀਆਂ-ਤਾਂਤ੍ਰਿਕਾਂ ਦੇ ਧਾਗੇ-ਤਬੀਤਾਂ ਰਾਹੀਂ ਆਪਣੀਆਂ ਬਿਮਾਰੀਆਂ ਠੀਕ ਕਰਾਉਣ ਦੇ ਨਾਂਅ ਹੇਠ ਲੁੱਟੇ ਜਾ ਰਹੇ ਹਾਂ। ਅੱਜ ਵੀ ਸਾਡੀਆਂ ਧੀਆਂ-ਭੈਣਾਂ ਪੁੱਤਰ ਪ੍ਰਾਪਤੀਆਂ ਲਈ ਢੌਂਗੀ ਬਾਬਿਆਂ ਦੇ ਆਰਥਿਕ ਤੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। ਅੱਜ ਵੀ ਅਸੀਂ ਆਪਣੇ ਹਰ ਕੰਮ-ਸਮਾਗਮ ਦੀ ਟੇਵਾ-ਕੁੰਡਲੀ ਮਿਲਾਉਣਾ ਜ਼ਰੂਰੀ ਸਮਝਦੇ ਹਾਂ। ਹੁਣ ਤਾਂ ਕਈ ਸਾਧ-ਪਾਖੰਡੀਆਂ ਦੇ ਡੇਰੇ ਲੋਕਾਂ ਨੂੰ ਨਸ਼ਈ-ਵਿਹਲੜ, ਨਿਕੰਮੇ ਤੇ ਅਪਰਾਧੀ ਬਣਾਉਣ ਵਿਚ ਵੀ ਆਪਣਾ ਭਰਪੂਰ ਯੋਗਦਾਨ ਪਾਉਣ ਲੱਗ ਪਏ ਹਨ। ਅਜਿਹੇ ਡੇਰਿਆਂ 'ਤੇ ਸ਼ਰਧਾ ਵੱਸ ਹਾਜ਼ਰੀ ਭਰਨ ਗਈਆਂ ਲੜਕੀਆਂ ਨਾਲ ਜਬਰ ਜਨਾਹ, ਕਤਲ ਦੀਆਂ ਘਟਨਾਵਾਂ-ਖ਼ਬਰਾਂ ਅਸੀਂ-ਤੁਸੀਂ ਅਕਸਰ ਹੀ ਪੜ੍ਹਦੇ-ਸੁਣਦੇ ਰਹਿੰਦੇ ਹਾਂ। ਇਸ ਸਭ ਦੇ ਬਾਵਜੂਦ ਸਾਡੀ ਇਨ੍ਹਾਂ ਪਾਖੰਡੀਆਂ ਪ੍ਰਤੀ ਅੰਨ੍ਹੀ ਸ਼ਰਧਾ ਦਿਨੋ-ਦਿਨ ਵਧਦੀ ਜਾ ਰਹੀ ਹੈ। ਦਿਖਾਵਾ ਵੱਡੇ ਧਰਮੀ ਪੁਰਸ਼ ਦਾ ਕਰਨ ਅਤੇ ਸਾਡੀ ਮਾਨਸਿਕਤਾ ਇਕ-ਦੂਜੇ ਨੂੰ ਠਿੱਬੀ ਲਗਾਉਣ ਦੀ ਬਣ ਚੁੱਕੀ ਹੈ। ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਹੈ ਕਿ ਪਾਖੰਡੀ ਕਿਸਮ ਦੇ ਬੂਬਨਿਆਂ ਨੂੰ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਥਾਪੜਾ ਪ੍ਰਾਪਤ ਹੁੰਦਾ ਹੈ, ਕਿਉਂਕਿ ਜਿਥੇ ਸਾਧ ਬੂਬਨੇ ਆਪਣੇ ਸ਼ਰਧਾਲੂਆਂ ਨੂੰ ਰਾਜਨੀਤਕ ਨੇਤਾਵਾਂ ਦੇ ਵੋਟ ਬੈਂਕ ਵਜੋਂ ਵਰਤਦੇ ਹਨ, ਉਥੇ ਨੇਤਾ ਅਖੌਤੀ ਸਾਧਾਂ ਦੇ ਅਪਰਾਧਾਂ 'ਤੇ ਪਰਦੇ ਪਾ ਕੇ ਇਨ੍ਹਾਂ ਨੂੰ ਆਪਣੀ ਛਤਰ-ਛਾਇਆ ਦੇਣ ਦਾ ਕੰਮ ਕਰਦੇ ਹਨ। ਅਜਿਹੇ ਅਨਪੜ੍ਹ ਪਾਖੰਡੀਆਂ ਕੋਲ ਜਾਣ ਤੋਂ ਪਹਿਲਾਂ ਅਸੀਂ ਇਹ ਨਹੀਂ ਸੋਚਦੇ ਕਿ ਜੇਕਰ ਇਨ੍ਹਾਂ ਵਿਚ ਐਨੀ ਹੀ ਤਾਕਤ ਤੇ ਸਮਰੱਥਾ ਹੋਵੇ ਤਾਂ ਫਿਰ ਇਨ੍ਹਾਂ ਜੋਕਾਂ ਨੂੰ ਸਾਡੇ ਮ੍ਹਾਤੜ ਲੋਕਾਂ ਦਾ ਖੂਨ ਚੂਸਣ ਦੀ ਕੀ ਲੋੜ ਹੈ? ਜੇਕਰ ਇਨ੍ਹਾਂ ਸਾਧ-ਬੂਬਨਿਆਂ ਦੇ ਧਾਗੇ-ਤਬੀਤ ਵੱਡੀਆਂ-ਵੱਡੀਆਂ ਕਰਾਮਾਤਾਂ ਕਰ ਸਕਦੇ ਹੋਣ ਤਾਂ ਫਿਰ ਸਰਕਾਰਾਂ ਨੂੰ ਦੇਸ਼ ਦੀ ਰੱਖਿਆ ਲਈ ਅਰਬਾਂ-ਖਰਬਾਂ ਦੇ ਬਜਟ ਵਾਲੇ ਵੱਡੇ-ਵੱਡੇ ਹਥਿਆਰ, ਐਟਮ ਬੰਬ ਬਣਾਉਣ ਦੀ ਕੀ ਲੋੜ ਹੈ। ਸਰਕਾਰਾਂ ਇਨ੍ਹਾਂ ਦੇ ਧਾਗਿਆਂ-ਤਬੀਤਾਂ ਤੋਂ ਹੀ ਐਟਮ ਬੰਬਾਂ ਦਾ ਕੰਮ ਲੈ ਲਿਆ ਕਰੇ। ਜੇਕਰ ਇਹ ਬੂਬਨੇ ਭਵਿੱਖ ਦੱਸਣ ਦੇ ਐਨੇ ਹੀ ਮਾਹਿਰ ਹੋਣ ਤਾਂ ਸਰਕਾਰਾਂ ਨੂੰ ਸੂਹੀਆ ਏਜੰਸੀਆਂ ਦੀ ਵੱਡੀ ਫੌਜ ਰੱਖਣ ਦੀ ਕੀ ਲੋੜ ਹੈ। ਕਿਸੇ ਇਕ ਜੋਤਸ਼ੀ-ਤਾਂਤਰਿਕ ਨੂੰ ਰੱਖ ਕੇ ਤਨਖਾਹ ਦੇ ਸਕਦੀ ਹੈ। ਕਿਉਂ ਇਨ੍ਹਾਂ ਦੀਆਂ ਦੁਨੀਆ ਖ਼ਤਮ ਹੋਣ ਦੀਆਂ ਭਵਿੱਖ ਬਾਣੀਆਂ ਹਰ ਵਾਰ ਝੂਠੀਆਂ ਸਿੱਧ ਹੁੰਦੀ ਹਨ? ਇਨ੍ਹਾਂ ਸਭ ਘਟਨਾਵਾਂ/ਮਿਸਾਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੰਤ ਵਿਚ ਇਹੀ ਕਹਿਣਾ ਚਾਹਾਂਗਾ ਕਿ ਕਤਲ, ਲੁੱਟ-ਖੋਹ ਤੇ ਹੋਰ ਦੂਜੇ ਅਪਰਾਧਾਂ ਵਾਂਗ ਪਾਖੰਡਵਾਦ ਤੇ ਅੰਧਵਿਸ਼ਵਾਸ ਫੈਲਾਉਣ ਨੂੰ ਅਪਰਾਧਿਕ ਸ਼੍ਰੇਣੀ ਵਿਚ ਸ਼ਾਮਿਲ ਕਰਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇ। ਜਿਸ ਅਧੀਨ ਪਾਖੰਡ ਫੈਲਾਉਣ ਵਾਲੇ ਪਾਖੰਡੀਆਂ ਲਈ ਸਖ਼ਤ ਸਜ਼ਾ ਤੇ ਜੁਰਮਾਨੇ ਦਾ ਪ੍ਰਬੰਧ ਹੋਵੇ। ਤਦ ਹੀ ਨਰੋਆ ਤੇ ਸਮਝਦਾਰ ਸਮਾਜ ਉਸਰ ਸਕਦਾ ਹੈ।

-ਪਿੰਡ ਤੇ ਡਾਕ: ਗੁੱਜਰਵਾਲ (ਲੁਧਿਆਣਾ)। ਮੋਬਾ: 99149-28048

ਪੰਚਾਇਤਾਂ ਅਤੇ ਆਮ ਇਜਲਾਸ

ਪੰਜਾਬ ਪੰਚਾਇਤੀ ਰਾਜ ਐਕਟ 1994 ਅਨੁਸਾਰ ਗ੍ਰਾਮ ਪੰਚਾਇਤਾਂ ਦੇ ਨਾਲ ਗ੍ਰਾਮ ਸਭਾਵਾਂ ਦੀ ਵਿਵਸਥਾ ਵੀ ਕੀਤੀ ਗਈ ਹੈ। ਜਿਥੇ ਗ੍ਰਾਮ ਪੰਚਾਇਤ ਦੀ ਚੋਣ ਪਿੰਡ ਦੇ ਵੋਟਰਾਂ ਦੁਆਰਾ ਕੀਤੀ ਜਾਂਦੀ ਹੈ, ਉਥੇ ਗ੍ਰਾਮ ਸਭਾ ਵਿਚ ਉਹ ਹਰ ਨਾਗਰਿਕ ਸ਼ਾਮਿਲ ਹੈ ਜੋ ਪਿੰਡ ਦੀ ਵੋਟਰ ਸੂਚੀ ਵਿਚ ਸ਼ਾਮਿਲ ਹੈ ਭਾਵ 18 ਸਾਲ ਤੋਂ ਵੱਡੀ ਉਮਰ ਵਾਲਾ ਹਰ ਨਾਗਰਿਕ ਗ੍ਰਾਮ ਸਭਾ ਦਾ ਮੈਂਬਰ ਹੁੰਦਾ ਹੈ। ਪੰਚਾਇਤੀ ਰਾਜ ਵਿਚ ਇਹ ਵਿਵਸਥਾ ਇਸ ਲਈ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਦੀ ਭਾਗੀਦਾਰੀ ਵੀ ਪਿੰਡ ਦੇ ਵਿਕਾਸ ਅਤੇ ਯੋਜਨਾਵਾਂ ਲਈ ਬਣਾਈ ਜਾ ਸਕੇ। ਗ੍ਰਾਮ ਸਭਾ ਦੀਆਂ ਦੋ ਇਕੱਤਰਤਾਵਾਂ ਹਾੜ੍ਹੀ ਅਤੇ ਸਾਉਣੀ ਦੀਆਂ ਹੁੰਦੀਆਂ ਹਨ। ਇਹ ਇਕੱਤਰਤਾਵਾਂ ਜੂਨ ਅਤੇ ਦਸੰਬਰ ਮਹੀਨੇ ਵਿਚ ਹੁੰਦੀਆਂ ਹਨ, ਜਦ ਕਿ ਗ੍ਰਾਮ ਸਭਾ ਦੀਆਂ ਦੋ ਇਕੱਤਰਤਾਵਾਂ 26 ਜਨਵਰੀ ਅਤੇ 2 ਅਕਤੂਬਰ ਨੂੰ ਕੀਤੀਆਂ ਜਾਂਦੀਆਂ ਹਨ। ਹਾੜ੍ਹੀ ਦੇ ਆਮ ਇਜਲਾਸ ਵਿਚ ਗ੍ਰਾਮ ਪੰਚਾਇਤ ਦੇ ਪਿਛਲੇ ਵਿੱਤੀ ਸਾਲ ਦੇ ਲੇਖਿਆਂ ਸਬੰਧੀ ਆਮਦਨ ਖਰਚ ਦਾ ਵੇਰਵਾ ਦੱਸਿਆ ਜਾਂਦਾ ਹੈ ਅਤੇ ਚਾਲੂ ਸਾਲ ਦੌਰਾਨ ਹੋਏ ਕੰਮਾਂ ਦੀ ਪ੍ਰਗਤੀ ਨੂੰ ਵਾਚਿਆ ਜਾਂਦਾ ਹੈ, ਜਦਕਿ ਸਾਉਣੀ ਦੇ ਆਮ ਇਜਲਾਸ ਵਿਚ ਗ੍ਰਾਮ ਪੰਚਾਇਤ ਦੀ ਅਗਲੇ ਸਾਲ ਲਈ ਆਮਦਨ ਅਤੇ ਖਰਚ ਸਬੰਧੀ ਬਜਟ ਅਨੁਮਾਨ ਅਤੇ ਅਗਲੇ ਆਉਣ ਵਾਲੇ ਅਪ੍ਰੈਲ ਦੇ ਪਹਿਲੇ ਦਿਨ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਲਈ ਵਿਕਾਸ ਪ੍ਰੋਗਰਾਮਾਂ ਦੀ ਸਾਲਾਨਾ ਯੋਜਨਾ ਨੂੰ ਗ੍ਰਾਮ ਸਭਾ ਵਲੋਂ ਪ੍ਰਵਾਨਗੀ ਦਿੱਤੀ ਜਾਣੀ ਹੁੰਦੀ ਹੈ। ਜੋ ਦੋ ਵਿਸ਼ੇਸ਼ ਆਮ ਇਜਲਾਸ 26 ਜਨਵਰੀ ਅਤੇ 2 ਅਕਤੂਬਰ ਨੂੰ ਕੀਤੇ ਜਾਣੇ ਹੁੰਦੇ ਹਨ, ਇਨ੍ਹਾਂ ਵਿਚ ਵੱਖ-ਵੱਖ ਯਜੋਨਾਵਾਂ ਅਧੀਨ ਲਾਭਪਾਤਰੀਆਂ ਦੀ ਚੋਣ ਅਤੇ ਮਗਨਰੇਗਾ ਸਬੰਧੀ ਕੰਮਾਂ ਦਾ ਲੇਖਾ-ਜੋਖਾ ਆਦਿ ਮੁੱਦੇ ਵੀ ਵਿਚਾਰੇ ਜਾ ਸਕਦੇ ਹਨ। ਗ੍ਰਾਮ ਸਭਾ ਦੀ ਮੀਟਿੰਗ ਭਾਵ ਆਮ ਇਜਲਾਸ ਬੁਲਾਉਣ ਦੀ ਜ਼ਿੰਮੇਵਾਰੀ ਗ੍ਰਾਮ ਪੰਚਾਇਤ ਦੇ ਸਰਪੰਚ ਦੀ ਹੁੰਦੀ ਹੈ। ਇਸ ਬਾਰੇ ਸਰਪੰਚ ਪਿੰਡ ਵਿਚ ਢੋਲ ਜਾਂ ਪੀਪਾ ਵਜਾ ਕੇ ਮੁਨਾਦੀ ਰਾਹੀਂ ਜਾਂ ਸਪੀਕਰ ਰਾਹੀਂ ਆਮ ਲੋਕਾਂ ਨੂੰ ਜਾਣਕਾਰੀ ਦੇਵੇਗਾ। ਸਰਪੰਚ ਵਲੋਂ ਆਮ ਇਜਲਾਸ ਬਾਰੇ ਨੋਟਿਸ ਕੱਢਣਾ ਵੀ ਜ਼ਰੂਰੀ ਹੈ। ਇਹ ਨੋਟਿਸ ਆਮ ਸਥਾਨ ਜਿਵੇਂ ਪੰਚਾਇਤ ਘਰ, ਧਰਮਸ਼ਾਲਾ, ਗੁਰਦੁਆਰਾ ਆਦਿ ਸਥਾਨ 'ਤੇ ਲਗਾਇਆ ਜਾ ਸਕਦਾ ਹੈ। ਇਸ ਨੋਟਿਸ ਵਿਚ ਮਿਤੀ, ਸਥਾਨ, ਸਮਾਂ ਅਤੇ ਏਜੰਡਾ ਹੁੰਦਾ ਹੈ। ਆਮ ਇਜਲਾਸ ਦੌਰਾਨ ਗ੍ਰਾਮ ਸਭਾ ਦੇ ਮੈਂਬਰਾਂ ਦਾ ਪੰਜਵਾਂ ਹਿੱਸਾ ਭਾਵ 20 ਫੀਸਦੀ ਮੈਂਬਰ ਹਾਜ਼ਰ ਹੋਣ 'ਤੇ ਕੋਰਮ ਪੂਰਾ ਹੋਵੇਗਾ ਭਾਵ ਜੇਕਰ ਗ੍ਰਾਮ ਸਭਾ ਦੇ ਮੈਂਬਰ 1000 ਹਨ ਤਾਂ 200 ਮੈਂਬਰਾਂ ਦੀ ਹਾਜ਼ਰੀ ਨਾਲ ਕੋਰਮ ਪੂਰਾ ਹੋਵੇਗਾ। ਸਭ ਤੋਂ ਪਹਿਲਾਂ ਮੌਜੂਦ ਮੈਂਬਰਾਂ ਦੀ ਹਾਜ਼ਰੀ ਲਗਾਉਣੀ ਜ਼ਰੂਰੀ ਹੁੰਦੀ ਹੈ, ਜੇਕਰ ਪਹਿਲੀ ਨਿਯਤ ਮਿਤੀ 'ਤੇ ਕੋਰਮ ਪੂਰਾ ਨਹੀਂ ਹੁੰਦਾ ਤਾਂ ਦੂਜੀ ਵਾਰ ਆਮ ਇਜਲਾਸ ਬੁਲਾਉਣ ਤੇ ਗ੍ਰਾਮ ਸਭਾ ਦੇ ਮੈਂਬਰਾਂ ਦੇ ਦਸਵੇਂ ਹਿੱਸੇ ਬਰਾਬਰ ਹਾਜ਼ਰੀ ਨਾਲ ਕੋਰਮ ਪੂਰਾ ਮੰਨਿਆ ਜਾਵੇਗਾ ਭਾਵ ਜੇਕਰ ਗ੍ਰਾਮ ਸਭਾ ਦੇ ਮੈਂਬਰਾਂ ਦੀ ਗਿਣਤੀ 1000 ਹੈ ਤਾਂ 100 ਮੈਂਬਰਾਂ ਦੀ ਹਾਜ਼ਰੀ ਨਾਲ ਕੋਰਮ ਪੂਰਾ ਮੰਨਿਆ ਜਾਵੇਗਾ। ਗ੍ਰਾਮ ਸਭਾ ਦੇ ਆਮ ਇਜਲਾਸ ਦੀ ਪ੍ਰਧਾਨਗੀ ਸਰਪੰਚ ਕਰੇਗਾ। ਸਰਪੰਚ ਦੀ ਗ਼ੈਰ-ਹਾਜ਼ਰੀ ਵਿਚ ਗ੍ਰਾਮ ਪੰਚਾਇਤ ਵਲੋਂ ਕੋਈ ਵੀ ਅਧਿਕਾਰਤ ਪੰਚ ਕਰ ਸਕਦਾ ਹੈ। ਗ੍ਰਾਮ ਸਭਾ ਵਲੋਂ ਜੋ ਵੀ ਮਤੇ ਪਾਸ ਹੋਣਗੇ, ਉਹ ਹਾਜ਼ਰ ਮੈਂਬਰਾਂ ਦੀ ਬਹੁ-ਸੰਮਤੀ ਨਾਲ ਹੋਣਗੇ। ਪਿੰਡ ਦੇ ਲੋਕਾਂ ਦੀ ਪਿੰਡ ਦੇ ਵਿਕਾਸ ਅਤੇ ਯੋਜਨਾਵਾਂ ਵਿਚ ਭਾਗੀਦਾਰੀ ਬਣਾਉਣ ਲਈ ਆਮ ਇਜਲਾਸ ਬਹੁਤ ਕਾਰਗਰ ਸਿੱਧ ਹੁੰਦੇ ਹਨ।

-ਸੁਪਰਡੈਂਟ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ। ਬਾਸਰਕੇ ਹਾਊਸ, ਭੱਲਾ ਕਾਲੋਨੀ, ਛੇਹਰਟਾ-143105. ਮੋਬਾ: 99147-16616

ਨੌਜਵਾਨੀ ਦੇ ਭਵਿੱਖ ਨੂੰ ਤਬਾਹ ਕਰ ਰਹੀ ਹੈ ਲੱਚਰ ਗਾਇਕੀ

ਕੋਈ ਸਮਾਂ ਸੀ ਜਦ ਪੰਜਾਬ ਦੀ ਸੰਗੀਤਕ ਫਿਜ਼ਾ ਅੰਦਰ ਢੋਲੇ ਮਾਹੀਏ, ਰਿਸ਼ਤੇ-ਨਾਤੇ ਅਤੇ ਲੋਕ ਕਿੱਸਿਆਂ ਨਾਲ ਭਰਪੂਰ ਗੀਤ ਗੂੰਜਦੇ ਸਨ ਤੇ ਪਿੱਛੋਂ ਦੀ ਠੰਢੀ ਹਵਾ ਦੇ ਬੁੱਲੇ ਵਰਗਾ ਸੰਗੀਤ ਮਨੁੱਖੀ ਰੂਹਾਂ ਨੂੰ ਤਰੋ-ਤਾਜ਼ਾ ਕਰਕੇ ਸਕੂਨ ਦੀ ਦੁਨੀਆ ਦੇ ਦਰਵਾਜ਼ੇ ਤੱਕ ਪਹੁੰਚਦਾ ਕਰ ਦਿੰਦਾ ਸੀ। ਸਮਾਂ ਬਦਲਦਿਆਂ ਇਸ ਪੁਰਾਣੇੇ ਤੇ ਸ਼ਾਨਾਮੱਤੇ ਗੀਤ-ਸੰਗੀਤ ਨੂੰ ਵਪਾਰਕ ਸੋਚ, ਦੌਲਤ, ਸ਼ੁਹਰਤ ਅਤੇ ਲੱਚਰਤਾ ਦੇ ਦੈਂਤ ਨੇ ਨਿਗਲਣਾ ਸ਼ੁਰੂ ਕੀਤਾ ਤਾਂ ਸਾਡੀ ਸੱਭਿਅਤਾ ਦਾ ਮਜ਼ਬੂਤ ਕਿਲ੍ਹਾ ਜਿਸ ਨੂੰ ਲੰਘੇ ਸਮੇਂ ਸਾਡੇ ਪੁਰਖਿਆਂ ਨੇ ਭਰਵੇਂ ਸੱਭਿਆਚਾਰ ਦੀ ਹੋਂਦ ਦੇ ਮਕਸਦ ਨਾਲ ਉਸਾਰਿਆ ਸੀ, ਇਨ੍ਹਾਂ ਚਾਰ ਪਹਿਲੂਆਂ ਅੱਗੇ ਕਮਜ਼ੋਰ ਪੈ ਕੇ ਢਹਿ-ਢੇਰੀ ਹੋ ਗਿਆ। ਲੱਚਰਤਾ ਦੀ ਹਨੇਰੀ ਨੇ ਸੱਭਿਅਤਾ ਦੀ ਚਿੱਟੀ ਚਾਦਰ ਨੂੰ ਲੀਰੋ-ਲੀਰ ਕਰਕੇ ਸੌਦਾਗਰਾਂ ਦੇ ਘਰੀਂ ਪੁੱਜਦਾ ਕਰਕੇ ਸਾਹ ਲਿਆ। ਨਤੀਜਨ, ਜੋ ਗੀਤ-ਸੰਗੀਤ ਸਮਾਜ ਦੀਆਂ ਚਾਰੇ ਕੂੰਟਾਂ ਅੰਦਰ ਆਪਣੀ ਮਹਿਕ ਖਿਲਾਰਨ ਦਾ ਦਮ ਭਰਦਾ ਸੀ, ਉਹ ਸੁੰਗੜ ਕੇ ਸਿਰਫ ਬੌਧਿਕ ਸੋਚ ਤੱਕ ਸੀਮਿਤ ਹੋ ਗਿਆ। ਲੱਚਰਤਾ ਤੇ ਹੋਰ ਮਾੜੀਆਂ ਅਲਾਮਤਾਂ ਨਾਲ ਭਰਪੂਰ ਗੀਤਾਂ ਨੂੰ ਨੌਜਵਾਨੀ ਨੇ ਮਾਨਤਾ ਦੇ ਕੇ ਖੁਦ ਆਪਣੇ ਪੈਰਾਂ 'ਤੇ ਕੁਹਾੜੀ ਮਾਰ ਲਈ। ਉਸ ਸਮੇਂ ਇਕ ਵੱਡੇ ਚੱਕਰਵਿਊ ਵਿਚ ਉਲਝੀ ਸਾਡੀ ਨੌਜਵਾਨੀ ਇਹ ਫ਼ੈਸਲਾ ਨਾ ਲੈ ਸਕੀ ਕਿ ਜਿਸ ਗਾਇਕੀ ਨੂੰ ਅਸੀਂ ਅਪਣਾ ਰਹੇ ਹਾਂ, ਉਹ ਸਾਡੀ ਸੰਸਕ੍ਰਿਤੀ, ਸਾਡਾ ਇਤਿਹਾਸ ਅਤੇ ਸਮਾਜਿਕ ਰਹੁ-ਰੀਤਾਂ ਨੂੰ ਤਹਿਸ-ਨਹਿਸ ਕਰ ਇਕ ਐਸਾ ਸਾਮਰਾਜ ਉਸਾਰ ਦੇਵੇਗੀ, ਜਿਸ ਨੂੰ ਆਉਂਦੇ ਸਮੇਂ ਪੁੱਟ ਸੁੱਟਣਾ ਮੁਸ਼ਕਿਲ ਹੀ ਨਹੀਂ, ਅਸੰਭਵ ਹੋਵੇਗਾ। ਇਕ ਸਮਾਂ ਅਜਿਹਾ ਵੀ ਆਇਆ ਕਿ ਜੋ ਗੀਤ-ਸੰਗੀਤ ਇਨਸਾਨੀ ਜ਼ਿੰਦਗੀਆਂ ਲਈ ਖੁਰਾਕ ਦਾ ਕੰਮ ਕਰਦਾ ਸੀ, ਉਹ ਮੌਤ ਵੰਡਣ ਲੱਗ ਪਿਆ, ਵਿਆਹ-ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਪ੍ਰੋਗਰਾਮਾਂ ਸਮੇਂ ਮਾੜੇ ਗੀਤਾਂ ਤੋਂ ਉਕਸਾਹਟ ਵਿਚ ਆ ਕੇ ਚਲਾਈਆਂ ਗੋਲੀਆਂ ਨਾਲ ਕਿੰਨੇ ਹੀ ਘਰਾਂ ਦੇ ਚਿਰਾਗ ਬੁਝ ਗਏ। ਸਮੇਂ ਦੀ ਸਿਤਮ ਜ਼ਰੀਫ਼ੀ ਵੇਖੋ, ਇਸ ਕਾਤਲ ਗੀਤ-ਸੰਗੀਤ ਨੇ ਕਈ ਅਭਾਗਿਆਂ ਨੂੰ ਇਸ ਸੰਸਾਰ ਵਿਚ ਆਉਣ ਤੋਂ ਪਹਿਲਾਂ ਹੀ ਸਿਵਿਆਂ ਦੀ ਆਗੋਸ਼ ਵਿਚ ਪਹੁੰਚਾ ਦਿੱਤਾ। ਜਿਸ ਗਾਇਕੀ ਨੇ ਹੱਸਦੇ-ਵਸਦੇ ਪਰਿਵਾਰਾਂ ਨੂੰ ਤਬਾਹ ਕਰ ਚੁੱਲ੍ਹਿਆਂ ਵਿਚ ਘਾਹ ਉੱਗਣ ਲਾ ਦਿੱਤਾ ਹੋਵੇ, ਉਸ ਨੂੰ ਗਾਇਕੀ ਨਹੀਂ ਆਖ ਸਕਦੇ। ਨੌਜਵਾਨੀ ਦਾ ਆਪਣੇ ਪਰਿਵਾਰਾਂ ਤੋਂ ਅਲੱਗ ਹੋ ਕੇ ਆਪਣੇ ਰਸਤੇ ਦੇ ਰਾਹੀ ਬਣਨ ਵਿਚ ਵੀ ਇਸ ਬੇਲਗਾਮ ਗਾਇਕੀ ਦਾ ਵੱਡਾ ਰੋਲ ਹੈ। ਬਿਨਾਂ ਸ਼ੱਕ ਇਕ ਚੰਗੇ ਸਮਾਜ ਦੀ ਕਾਮਨਾ ਨੂੰ ਲੈ ਕੇ ਕਲਾਕਾਰੀ ਦੇ ਖੇਤਰ ਵਿਚ ਵਿਚਰਦੇ ਕਈ ਗਾਇਕਾਂ ਨੇ ਆਪਣੀ ਕੋਸ਼ਿਸ਼ ਇਸ ਮਾੜੇ ਸਮੇਂ ਅੰਦਰ ਵੀ ਜਾਰੀ ਰੱਖੀ ਹੈ ਪਰ ਅਜੇ ਤਾਂ ਸ਼ੁਹਰਤ, ਦੌਲਤ ਤੇ ਲੱਚਰਤਾ ਦਾ ਪੱਖ ਭਾਰੀ ਹੈ। ਸਰਕਾਰ ਨੇ ਬੀਤੇ ਸਮੇਂ ਸੱਭਿਆਚਾਰ ਦੀ ਮਿੱਟੀ ਪੁੱਟ ਰਹੇ ਕੁਝ ਅਖੌਤੀ ਗਵੱਈਆਂ ਦੇ ਖਿਲਾਫ਼ ਮੁਹਿੰਮ ਜ਼ਰੂਰ ਸ਼ੁਰੂ ਕੀਤੀ ਸੀ, ਉਹ ਵੀ ਠੱਪ ਹੋ ਕੇ ਰਹਿ ਗਈ। ਸਾਹਿਤਕ ਜਥੇਬੰਦੀਆਂ ਨੂੰ ਉਸਾਰੂ ਗੀਤ-ਸੰਗੀਤ ਦੇ ਹੱਕ ਵਿਚ ਆਵਾਜ਼ ਬੁਲੰਦ ਅਤੇ ਨੌਜਵਾਨਾਂ ਨੂੰ ਚੰਗੇ-ਮੰਦੇ ਦੀ ਪਰਖ ਕਰਨ ਦੇ ਨਾਲ-ਨਾਲ ਆਪਣੇ ਵਿਰਸੇ ਤੇ ਸੱਭਿਆਚਾਰ ਦੀ ਮਿੱਟੀ ਪਲੀਤ ਕਰਨ ਵਾਲੇ ਗੀਤਾਂ ਨੂੰ ਨਕਾਰ ਕੇ ਸਮਾਜਿਕ ਸਰੋਕਾਰਾਂ ਤੇ ਨੈਤਿਕ ਕਦਰਾਂ-ਕੀਮਤਾਂ ਦੀ ਗੱਲ ਕਰਦੇ ਗੀਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ, ਤਾਂ ਕਿ ਸਾਡੇ ਪੰਜਾਬੀ ਸਮਾਜ ਦੇ ਮੱਥੇ 'ਤੇ ਲੱਗਿਆ ਲੱਚਰ ਗਾਇਕੀ ਦਾ ਬਦਨੁਮਾ ਦਾਗ਼ ਧੋਤਾ ਜਾ ਸਕੇ।

-ਪ੍ਰਚਾਰ ਸਕੱਤਰ, ਵਿਸ਼ਵ ਪੰਜਾਬੀ ਲੇਖਕ ਮੰਚ।
ਮੋਬਾ: 94634 63136

ਢਾਂਚੇ 'ਚ ਵਿਗਾੜ ਬਣਦਾ ਜਾ ਰਿਹੈ ਜਾਨ ਦਾ ਖੌਅ

ਜ਼ਿੰਦਗੀ ਦੀ ਬਾਜ਼ੀ ਕਿਸ ਨੇ ਹਾਰੀ ਤੇ ਕਿਸ ਨੇ ਜਿੱਤੀ, ਕੌਣ ਅੱਗੇ ਤੇ ਕੌਣ ਪਿੱਛੇ, ਖਿਲਵਾੜ ਜਾਂ ਫਿਰ ਬੇਪ੍ਰਵਾਹੀ, ਕੁਝ ਵੀ ਕਹਿ ਲਓ, ਵੱਖੋ-ਵੱਖ ਅੱਖਾਂ ਦੇ ਵੱਖੋ-ਵੱਖਰੇ ਨਜ਼ਰੀਏ। ਆਪੇ ਰੱਬ ਬਣੀ ਬੈਠੇ ਤੇ ਫੈਸਲਾ ਕਰਨ ਲੱਗਿਆਂ ਇਹ ਵੀ ਨਹੀਂ ਦੇਖਦੇ ਕਿ ਇਸ ਦੇ ਨਤੀਜੇ ਕੀ ਨਿਕਲਣੇ ਤੇ ਖਮਿਆਜ਼ਾ ਕੌਣ ਭੁਗਤੇਗਾ। ਕੁਦਰਤੀ ਸੰਤੁਲਨ ਦਾ ਵਿਗਾੜ ਬਣਦਾ ਜਾ ਰਿਹਾ ਹੈ ਜਾਨ ਦਾ ਖੌਅ। ਹੋਣੀ ਨੂੰ ਕਰਮਾਂ ਦਾ ਲੇਖਾ ਜਾਂ ਭਾਣਾ ਸਮਝ ਲੈਣਾ ਮਨ ਨੂੰ ਢਾਰਸ ਦੇਣ ਵਾਲੀ ਗੱਲ ਹੈ। ਮਨ ਉਦਾਸ ਹੋ ਗਿਆ ਜਦੋਂ ਖਬਰਾਂ ਵਿਚ ਇਕ ਖਬਰ ਇਹ ਵੀ ਸੀ ਕਿ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਬਾਬੂ ਰਾਮ ਨੂੰ ਕੁੱਤਿਆਂ ਨੇ ਨੋਚ ਖਾਧਾ। ਅਜਿਹੀ ਘਟਨਾ ਕਈ ਵਾਰ ਕਈ ਥਾਂਈਂ ਵਾਪਰੀ। ਕਈ ਵਾਰ ਤਾਂ ਨਿੱਕੇ-ਨਿੱਕੇ ਬੱਚੇ ਵੀ ਇਸ ਦੁਰਗਤੀ ਦਾ ਸ਼ਿਕਾਰ ਹੋਏ। ਹੁਣ ਤਾਂ ਹਾਲਾਤ ਇਹ ਬਣ ਗਏ ਹਨ ਕਿ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ ਤੇ ਨਾਂਅ ਦਿੱਤਾ ਜਾਂਦਾ ਹੈ ਸ਼ਾਇਦ ਇਸ ਤਰ੍ਹਾਂ ਹੀ ਹੋਣਾ ਸੀ। ਦਿਨ-ਬਦਿਨ ਅਵਾਰਾ ਕੁੱਤਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਪਿਛਲੇ ਦੋ ਸਾਲਾਂ ਵਿਚ ਪ੍ਰਤੀ ਦਿਨ ਕੁੱਤੇ ਦੇ ਕੱਟਣ ਦੇ 300 ਕੇਸ ਦਰਜ ਹੋਏ ਹਨ। ਆਰਟੀਕਲ 7.7.8 ਦੇ ਆਧਾਰ 'ਤੇ ਲੋਕਲ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਅਵਾਰਾ ਕੁੱਤਿਆਂ ਦੀ ਜਨ-ਸੰਖਿਆ ਨੂੰ ਕਿਸੇ ਹੱਦ ਤੱਕ ਕੰਟਰੋਲ ਕਰਨ ਲਈ ਪ੍ਰੋਗਰਾਮ ਉਲੀਕਣ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ। ਰੇਬੀਜ ਕੰਟਰੋਲ ਪ੍ਰੋਗਰਾਮ ਵੀ ਇਸੇ ਮੁਹਿੰਮ ਦਾ ਇਕ ਹਿੱਸਾ ਹਨ। ਭਾਰਤ ਵਿਚ ਹਰ ਸਾਲ 15 ਮਿਲੀਅਨ ਕੇਸਾਂ ਨੂੰ ਕੁੱਤੇ ਦੇ ਕੱਟਣ ਤੋਂ ਬਾਅਦ ਹਲਕਾਅ ਦੇ ਡਰ ਤੋਂ ਇਲਾਜ ਕੀਤਾ ਜਾਂਦਾ ਹੈ ਤੇ 55,000 ਕੇਸ ਹਲਕਾਅ ਦਾ ਸ਼ਿਕਾਰ ਹੋ ਜਾਂਦੇ ਹਨ। ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ (ਵਿਕਾਸਸ਼ੀਲ ਦੇਸ਼) ਵਿਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਪਗ 30 ਮਿਲੀਅਨ ਦੇ ਕਰੀਬ ਪਾਈ ਜਾਂਦੀ ਹੈ, ਜਿਸ ਦਾ ਵੱਡਾ ਕਾਰਨ ਗਲੀਆਂ-ਮੁਹੱਲਿਆਂ ਵਿਚ ਫੈਲਿਆ ਹੋਇਆ ਕੂੜਾ-ਕਰਕਟ ਹੈ, ਜਦ ਕਿ ਇਸ ਦੇ ਮੁਕਾਬਲੇ ਕੰਟਰੋਲ ਕਰਨ ਲਈ ਕੁਝ ਹੀ ਸਰਕਾਰੀ ਤੇ ਗੈਰ-ਸਰਕਾਰੀ ਅਦਾਰੇ ਮੌਜੂਦ ਹਨ। ਇਹ ਠੀਕ ਹੈ ਕਿ ਸਾਨੂੰ ਬੇਜ਼ਬਾਨ ਜਾਨਵਰਾਂ ਪ੍ਰਤੀ ਹਮਦਰਦੀ ਦਾ ਰਵੱਈਆ ਅਪਣਾਉਣਾ ਚਾਹੀਦਾ ਹੈ, ਪਰ ਇਸ ਤਰ੍ਹਾਂ ਦਾ ਮਾਹੌਲ ਨਾ ਸਿਰਜਿਆ ਜਾਵੇ ਕਿ ਇਕ ਨਸਲ ਦੂਸਰੀ ਨਸਲ 'ਤੇ ਭਾਰੂ ਹੋ ਜਾਵੇ ਤੇ ਰਹਿਣਾ ਮੁਸ਼ਕਿਲ ਹੋ ਜਾਵੇ। ਨਵੀਂ ਨੀਤੀ ਮੁਤਾਬਿਕ ਇਨ੍ਹਾਂ ਖੂੰਖਾਰ, ਅਵਾਰਾ ਤੇ ਪਾਗਲ ਕੁੱਤਿਆਂ ਦੀ ਗਿਣਤੀ ਵਧਣ ਲੱਗ ਪਈ ਹੈ ਤੇ ਇਹ ਮਨੁੱਖਾਂ ਨੂੰ ਹੀ ਸ਼ਿਕਾਰ ਬਣਾਉਣ ਲੱਗ ਪਏ ਹਨ। ਇਸ ਤਰ੍ਹਾਂ ਹੀ ਕੁਦਰਤ ਦਾ ਵਰਤਾਰਾ ਇਕ ਲੜੀ ਦੇ ਸੰਤੁਲਨ ਵਿਚ ਬੱਝਾ ਹੋਇਆ ਹੈ, ਮਣਕੇ 'ਚ ਪਰੋਏ ਮੋਤੀਆਂ ਦੀ ਤਰ੍ਹਾਂ ਜੇ ਇਕ ਮੋਤੀ ਵੀ ਨਿਕਲ ਜਾਵੇ ਤਾਂ ਮਾਲਾ ਖਿੱਲਰ ਜਾਂਦੀ ਹੈ ਤੇ ਫਿਰ ਇਸ ਸਭ ਕਾਸੇ ਨੂੰ ਸਮੇਟਣਾ ਔਖਾ ਹੋ ਜਾਂਦਾ ਹੈ। ਇਕ ਕੜੀ ਦਾ ਟੁੱਟਣਾ ਜਾਂ ਗੁਆਚਣਾ ਪੂਰੀ ਕਾਇਨਾਤ ਵਿਚ ਹਲਚਲ ਦਾ ਕਾਰਨ ਬਣ ਸਕਦੀ ਹੈ। ਸ਼ਹਿਰਾਂ ਤੇ ਪਿੰਡਾਂ ਥਾਂਵਾਂ 'ਤੇ ਮਹਿਕਮਿਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਅਵਾਰਾ ਜਾਨਵਰਾਂ ਨੂੰ ਖਤਮ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਮੁੜ ਕੋਈ ਬੱਚਾ ਜਾਂ ਬਜ਼ੁਰਗ ਇਸ ਦਾ ਸ਼ਿਕਾਰ ਨਾ ਹੋ ਸਕੇ।

-ਸ: ਸੀ: ਸੈ: ਸਕੂਲ, ਡਿਹਰੀਵਾਲਾ, ਅੰਮ੍ਰਿਤਸਰ। ਮੋਬਾ: 98155-24349

ਰੰਗਲਾ ਨਹੀਂ ਰਿਹਾ ਹੁਣ ਪੰਜਾਬ

ਪੰਜਾਬ ਪੰਜ ਦਰਿਆਵਾਂ ਦੀ ਧਰਤੀ। ਪੰਜ+ਆਬ ਤੋਂ ਬਣਿਆ ਪੰਜਾਬ। ਸਮੇਂ ਨਾਲ ਦਰਿਆ ਵੀ ਘਟ ਕੇ ਤਿੰਨ ਹੋ ਗਏ। ਰੰਗਲਾ ਪੰਜਾਬ ਵੀ ਹੁਣ ਰੰਗਲਾ ਨਾ ਰਹਿ ਕੇ ਬਣ ਗਿਆ ਗੰਧਲਾ ਪੰਜਾਬ। ਕੋਈ ਸਮਾਂ ਸੀ, ਜਦੋਂ ਪੰਜਾਬ ਨੂੰ ਇੱਥੋਂ ਦੇ ਰੰਗਲੇ ਸੱਭਿਆਚਾਰ ਕਰਕੇ ਪੂਰੀ ਦੁਨੀਆ ਵਿਚ ਵਿਸ਼ੇਸ਼ ਰੁਤਬਾ ਪ੍ਰਾਪਤ ਸੀ। ਗਿੱਧਾ ਅਤੇ ਭੰਗੜਾ ਪੰਜਾਬੀਆਂ ਦੀ ਰੂਹ ਦੀ ਖ਼ੁਰਾਕ ਸੀ। ਹਰ ਖ਼ੁਸ਼ੀ ਦੇ ਮੌਕੇ 'ਤੇ ਜਾਂ ਇਹ ਕਹਿ ਲਈਏ ਕਿ ਹਰ ਮੌਕੇ ਨੂੰ ਖ਼ੁਸ਼ੀ ਵਿਚ ਬਦਲਣ ਵਾਲੇ ਪੰਜਾਬੀ ਗਿੱਧੇ ਅਤੇ ਭੰਗੜੇ ਰਾਹੀਂ ਆਪਣੇ ਭਾਵਾਂ ਨੂੰ ਵਿਅਕਤ ਕਰਨ ਲਈ ਉਤਾਵਲੇ ਰਹਿੰਦੇ ਸਨ। ਪਰ ਹੁਣ ਇਹ ਭੰਗੜਾ ਅਤੇ ਗਿੱਧਾ ਸਿਰਫ਼ ਮੁਕਾਬਲਿਆਂ ਵਿਚ ਮੰਚ 'ਤੇ ਕਰਨ ਵਾਲੀ ਇਕ ਆਈਟਮ ਹੋ ਨਿੱਬੜਿਆ ਹੈ। ਹੁਣ ਨੌਜਵਾਨਾਂ ਅਤੇ ਮੁਟਿਆਰਾਂ ਦੇ ਦਿਲਾਂ ਵਿਚ ਭੰਗੜੇ ਅਤੇ ਗਿੱਧਾ ਦੀ ਥਾਂ ਪੱਛਮੀ ਡਾਂਸ ਨੇ ਲੈ ਲਈ ਹੈ। ਜਿੱਥੋਂ ਤੱਕ ਪੰਜਾਬੀਆਂ ਦੇ ਪਹਿਰਾਵੇ ਦੀ ਗੱਲ ਹੈ, ਪੰਜਾਬੀ ਆਦਮੀ ਕੁੜਤਾ-ਪਜਾਮਾ, ਕੁੜਤਾ-ਚਾਦਰਾ ਅਤੇ ਔਰਤਾਂ ਸਲਵਾਰ ਸੂਟ ਪਾਉਂਦੀਆਂ ਸਨ। ਪਰ ਸਮੇਂ ਦੀ ਮਾਰ ਅਤੇ ਪੱਛਮੀ ਸੱਭਿਆਚਾਰ ਦਾ ਵੱਡਾ ਪ੍ਰਭਾਵ ਵੀ ਪੰਜਾਬੀਆਂ ਦੇ ਪਹਿਰਾਵੇ ਉੱਪਰ ਪਿਆ ਹੈ। ਹੁਣ ਗੱਭਰੂ ਅਤੇ ਮੁਟਿਆਰਾਂ ਉੱਚੀਆਂ ਅਤੇ ਥਾਂ-ਥਾਂ ਤੋਂ ਪਾਟੀਆਂ ਪੈਂਟਾਂ ਪਾ ਕਾ ਵਧੇਰੇ ਖ਼ੁਸ਼ ਹੁੰਦੇ ਹਨ ਅਤੇ ਆਪਣੇ-ਆਪ ਨੂੰ ਸਮੇਂ ਦਾ ਹਾਣੀ ਮੰਨਦੇ ਹਨ। ਜਦੋਂ ਵੀ ਪੰਜਾਬ ਦੀ ਗੱਲ ਕਰਦੇ ਸੀ ਤਾਂ ਹਮੇਸ਼ਾ ਦਿਮਾਗ ਵਿਚ ਉੱਚੇ-ਲੰਬੇ ਗੱਭਰੂ ਅਤੇ ਮੁਿਟਆਰਾਂ ਦਾ ਧਿਆਨ ਆਉਂਦਾ ਸੀ। ਇਸ ਦਾ ਵੱਡਾ ਕਾਰਨ ਹਮੇਸ਼ਾ ਖ਼ੁਸ਼ ਰਹਿਣਾ ਅਤੇ ਵਧੀਆ ਖਾਣਾ ਸੀ। ਖਾਣੇ ਵਿਚ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ ਪੰਜਾਬੀਆਂ ਦੀ ਵਿਸ਼ਵ ਪ੍ਰਸਿੱਧ ਖੁਰਾਕ ਸੀ। ਪਰ ਅੱਜ ਦੀ ਪੀੜ੍ਹੀ ਜੰਕ ਫੂਡ ਖਾ ਕੇ ਵਧੇਰੇ ਖ਼ੁਸ਼ ਹੈ, ਜਿਸ ਨਾਲ ਉੱਚੇ-ਲੰਬੇ ਗੱਭਰੂ ਅਤੇ ਮੁਟਿਆਰਾਂ ਦੀ ਥਾਂ ਹੁਣ ਛੋਟੇ ਕੱਦ ਅਤੇ ਪਤਲੇ, ਮਰੀਅਲ ਤੇ ਮਾੜਕੂ ਜਿਹੇ ਸਰੀਰਾਂ ਵਾਲੇ ਮੁੰਡਿਆਂ ਅਤੇ ਕੁੜੀਆਂ ਨੇ ਲੈ ਲਈ ਹੈ। ਤਿਉਹਾਰ ਮਨਾਉਣ ਵਿਚ ਜਾਂ ਇਹ ਕਹਿ ਲਈਏ ਕਿ ਬਹਾਨੇ ਨਾਲ ਤਿਉਹਾਰ ਮਨਾਉਣ ਵਿਚ ਪੰਜਾਬੀਆਂ ਦਾ ਕੋਈ ਸਾਨੀ ਨਹੀਂ ਸੀ। ਪਰ ਅੱਜ ਦੇ ਸਮੇਂ ਵਿਚ ਪੈਦਾ ਕੀਤੀਆਂ ਪ੍ਰੇਸ਼ਾਨੀਆਂ ਅਤੇ ਗੁੰਝਲਦਾਰ ਰੁਝੇਵਿਆਂ ਭਰੀ ਜ਼ਿੰਦਗੀ ਕਰਕੇ ਭਾਈਚਾਰਕ ਸਾਂਝ ਲਈ ਜਾਣੇ ਜਾਂਦੇ ਤਿਉਹਾਰ ਵੀ ਸਿਰਫ ਸੋਸ਼ਲ ਮੀਡੀਆ ਰਾਹੀਂ ਵਧਾਈ ਸੰਦੇਸ਼ ਭੇਜਣ ਤੱਕ ਸੀਮਿਤ ਰਹਿ ਗਏ ਹਨ। ਤਿਉਹਾਰਾਂ ਦੀ ਰੌਣਕ ਖ਼ਤਮ ਹੁੰਦੀ ਜਾ ਰਹੀ ਹੈ। ਖੁੱਲ੍ਹੇ ਅਤੇ ਸਾਫ਼ ਵਾਤਾਵਰਨ ਲਈ ਜਾਣਿਆ ਜਾਂਦਾ ਪੰਜਾਬ ਅੱਜ ਪ੍ਰਦੂਸ਼ਣ ਦੀ ਲਿਪਟ ਵਿਚ ਪੂਰੀ ਤਰ੍ਹਾਂ ਜਕੜਿਆ ਗਿਆ ਹੈ। ਪੁਰਾਣੇ ਸਮੇਂ ਵਿਚ ਬੱਚੇ ਆਪਣੇ ਦਾਦਾ-ਦਾਦੀ ਤੋਂ ਰਾਤ ਨੂੰ ਪਰੀਆਂ, ਸੂਰਮਿਆਂ ਆਦਿ ਦੀਆਂ ਕਹਾਣੀਆਂ ਸੁਣੇ ਬਿਨਾਂ ਸੌਂਦੇ ਨਹੀਂ ਸਨ ਪਰ ਅੱਜ ਦੇ ਸਮੇਂ ਵਿਚ ਸਮਾਰਟ ਫੋਨ 'ਤੇ ਸਾਰਾ ਦਿਨ ਲੱਗੇ ਬੱਚਿਆਂ ਲਈ ਆਪਣੇ ਬਜ਼ੁਰਗਾਂ ਲਈ ਨਾ ਤਾਂ ਕੋਈ ਸਮਾਂ ਹੈ ਅਤੇ ਨਾ ਹੀ ਉਨ੍ਹਾਂ ਵਿਚ ਕੋਈ ਰੁਚੀ। ਪਹਿਲਾਂ ਪਰਿਵਾਰ ਵਿਚ ਬਜ਼ੁਰਗਾਂ ਦਾ ਪੂਰਾ ਦਬਦਬਾ ਹੁੰਦਾ ਸੀ, ਬਜ਼ੁਰਗ ਦੁਬਾਰਾ ਕਹੀ ਗਈ ਗੱਲ ਨੂੰ ਮੋੜਨ ਦੀ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ। ਪਰ ਅਜੋਕੇ ਸਮੇਂ ਵਿਚ ਲਗਾਤਾਰ ਵਧ ਰਹੇ ਬਿਰਧ ਆਸ਼ਰਮ ਵੀ ਬਜ਼ੁਰਗਾਂ ਦੇ ਲਗਾਤਾਰ ਹੋ ਰਹੇ ਅਪਮਾਨ ਦੀ ਗਵਾਹੀ ਭਰ ਰਹੇ ਹਨ। ਸੂਰਮਿਆਂ ਦੇ ਨਾਂਅ ਨਾਲ ਜਾਣੀ ਜਾਂਦੀ ਪੰਜਾਬ ਦੀ ਧਰਤੀ 'ਤੇ ਹੁਣ ਬਹੁਗਿਣਤੀ ਨਸ਼ੇੜੀ ਪੈਦਾ ਹੋ ਰਹੇ ਹਨ। ਬਹੁਤ ਸਾਰੇ ਤੱਥ ਹਨ, ਜਿਨ੍ਹਾਂ ਕਰਕੇ ਪੰਜਾਬ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ। ਸਭ ਤੋਂ ਖੁਸ਼ਹਾਲ ਸੂਬੇ ਵਜੋਂ ਜਾਣੇ ਜਾਂਦੇ ਪੰਜਾਬ ਵਿਚ ਹੋ ਰਹੀਆਂ ਕਿਸਾਨਾਂ ਵਲੋਂ ਆਤਮ-ਹੱਤਿਆਵਾਂ ਵੀ ਗੰਭੀਰ ਚਿੰਤਨ ਦਾ ਵਿਸ਼ਾ ਹਨ। ਕੁਝ ਵੀ ਕਹਿ ਲਈਏ ਪਰ ਹੁਣ ਸਾਡਾ ਪੰਜਾਬ ਰੰਗਲਾ ਪੰਜਾਬ ਨਹੀਂ ਰਿਹਾ। ਹੁਣ ਪੰਜਾਬੀ ਜ਼ਿੰਦਗੀ ਜਿਉ ਨਹੀਂ ਰਹੇ, ਜ਼ਿੰਦਗੀ ਕੱਟ ਰਹੇ ਹਨ। ਲੋੜ ਹੈ ਸਮੇਂ ਦੇ ਬਦਲਾਅ ਨਾਲ ਚੱਲਣ ਦੀ ਪਰ ਆਪਣੇ ਕੀਮਤੀ ਸੱਭਿਆਚਾਰ ਨੂੰ ਸਾਂਭਣ ਦੀ ਵੀ।

-ਮੋਬਾ: 99889-89474

ਮਾਣ-ਮੱਤੇ ਅਧਿਆਪਕ-31

ਕੌਮੀ ਪੁਰਸਕਾਰੀ ਅਧਿਆਪਕ ਗੁਰਜੰਟ ਸਿੰਘ ਲੱਡਾ

ਬਹੁਤ ਸਾਰੇ ਅਧਿਆਪਕ ਅਜਿਹੇ ਹਨ ਜਿਹੜੇ ਆਪਣੇ ਵਿਦਿਆਰਥੀਆਂ ਕਰਕੇ ਜਾਣੇ ਜਾਂਦੇ ਹਨ, ਕਿਉਂਕਿ ਇਕ ਅਧਿਆਪਕ ਦਾ ਇਹੀ ਸੁਪਨਾ ਹੁੰਦਾ ਹੈ ਕਿ ਉਸ ਦਾ ਵਿਦਿਆਰਥੀ ਸਮਾਜ ਦਾ ਗੌਰਵ ਬਣੇ। ਇਸੇ ਸੋਚ ਸਦਕਾ ਚੰਗਾ ਅਧਿਆਪਕ ਆਪਣੇ ਗਿਆਨ ਦਾ ਸਾਰਾ ਖਜ਼ਾਨਾ ਆਪਣੇ ਵਿਦਿਆਰਥੀਆਂ ਅੰਦਰ ਭਰਨ ਦੀ ਕੋਸ਼ਿਸ਼ ਵਿਚ ਜੀਵਨ ਲਗਾ ਦਿੰਦਾ ਹੈ। ਇਕ ਅਧਿਆਪਕ ਨੂੰ ਤਾਂਘ ਹੁੰਦੀ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਦੁਨੀਆ ਭਰ ਦੀ ਹਰ ਕੰਮ ਦੀ ਗੱਲ ਦੱਸੇ, ਆਪਣੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਵੇ, ਤਾਂ ਜੋ ਉਸ ਦੇ ਵਿਦਿਆਰਥੀ ਚੰਗੇ ਇਨਸਾਨ ਬਣ ਸਕਣ ਅਤੇ ਸੋਹਣੇ ਸਮਾਜ ਦੀ ਸਿਰਜਣਾ ਹੋ ਸਕੇ। ਅਜਿਹੇ ਹੀ ਮਾਣਮੱਤੇ ਅਧਿਆਪਕ ਹਨ ਸ: ਗੁਰਜੰਟ ਸਿੰਘ ਲੱਡਾ, ਜਿਨ੍ਹਾਂ ਨੇ ਪ੍ਰਾਇਮਰੀ ਪੱਧਰ ਦੇ ਬੱਚਿਆਂ ਲਈ ਦਿਨ-ਰਾਤ ਮਿਹਨਤ ਕਰਕੇ ਬੱਚਿਆਂ ਦਾ ਭਵਿੱਖ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ ਅਤੇ ਇਨ੍ਹਾਂ ਦੇ ਯਤਨ ਅੱਜ ਵੀ ਜਾਰੀ ਹੀ ਹਨ, ਸਗੋਂ ਆਏ ਦਿਨ ਬੱਚਿਆਂ ਦੀ ਭਲਾਈ ਲਈ ਇਨ੍ਹਾਂ ਵਲੋਂ ਪੁੱਟੇ ਜਾ ਰਹੇ ਕਦਮ ਹੋਰ ਤੇਜ਼ ਹੋ ਰਹੇ ਹਨ। ਅੱਜਕਲ੍ਹ ਜ਼ਿਲ੍ਹਾ ਸੰਗਰੂਰ ਅਤੇ ਬਲਾਕ ਧੂਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਪੁੰਨਾਵਾਲ ਵਿਖੇ ਬਤੌਰ ਮੁੱਖ ਅਧਿਆਪਕ ਸੇਵਾਵਾਂ ਨਿਭਾ ਰਹੇ ਸ: ਲੱਡਾ ਦਾ ਜਨਮ 10 ਅਪ੍ਰੈਲ, 1966 ਨੂੰ ਪਿਤਾ ਸਵ: ਗੁਰਦਿਆਲ ਸਿੰਘ ਦੇ ਘਰ ਮਾਤਾ ਸਵ: ਸੁਰਜੀਤ ਕੌਰ ਦੀ ਕੁੱਖੋਂ ਪਿੰਡ ਲੱਡਾ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਪਿੰਡ ਦੇ ਹੀ ਸਕੂਲ ਤੋਂ ਮੁਢਲੀ ਪੜ੍ਹਾਈ ਕਰਕੇ ਸਰਕਾਰੀ ਡਾਇਟ ਨਾਭਾ ਤੋਂ ਐਲੀਮੈਂਟਰੀ ਟੀਚਰ ਟ੍ਰੇਨਿੰਗ ਪਾਸ ਕਰਨ ਉਪਰੰਤ ਸ: ਲੱਡਾ ਨੇ 1996 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕੰਧਾਰਗੜ੍ਹ ਤੋਂ ਅਧਿਆਪਨ ਕਾਰਜ ਸ਼ੁਰੂ ਕੀਤਾ। ਜੁਲਾਈ, 1999 ਵਿਚ ਉਨ੍ਹਾਂ ਦੀ ਬਦਲੀ ਪੁੰਨਾਵਾਲ ਵਿਖੇ ਹੋ ਗਈ ਅਤੇ ਬੱਚਿਆਂ ਦੀ ਭਲਾਈ ਲਈ ਤਤਪਰ ਰਹਿਣ ਵਾਲੇ ਸ: ਲੱਡਾ ਨੇ ਪੁੰਨਾਵਾਲ ਦੇ ਸਕੂਲ ਵਿਚ ਇਸ ਦਿਲ-ਜਾਨ ਦੇ ਨਾਲ ਕੰਮ ਕੀਤਾ ਕਿ ਅੱਜ ਇਹ ਸਕੂਲ ਪਬਲਿਕ ਸਕੂਲਾਂ ਨੂੰ ਮਾਤ ਪਾਉਂਦਾ ਹੋਇਆ ਮਾਡਲ ਸਕੂਲ ਵਜੋਂ ਵਿਕਸਿਤ ਹੋ ਚੁੱਕਾ ਹੈ। ਸਕੂਲ ਦੀ ਸਾਰੀ ਇਮਾਰਤ ਨੂੰ ਢਾਹ ਕੇ ਨਵੀਂ ਤੇ ਆਧੁਨਿਕ ਤਿਆਰ ਕਰਵਾਉਣਾ ਇਸ ਦਲੇਰ ਤੇ ਹਿੰਮਤੀ ਅਧਿਆਪਕ ਦੇ ਹਿੱਸੇ ਆਇਆ। ਇਸ ਹਿੰਮਤੀ ਅਧਿਆਪਕ ਵਲੋਂ ਤਿਆਰ ਕੀਤਾ ਸਕੂਲ ਦਾ ਬਗੀਚਾ ਦੇਖਣਯੋਗ ਹੈ। ਸਕੂਲ ਵਿਚ ਮੈਦਾਨ, ਮਿਡ ਡੇ ਮੀਲ ਲਈ ਰਸੋਈ ਤੇ ਬੱਚਿਆਂ ਦੇ ਖਾਣਾ ਖਾਣ ਲਈ ਸ਼ੈੱਡ ਤਿਆਰ ਕੀਤੀ। ਸਕੂਲ ਵਿਚ ਉਹ ਹਰ ਸਹੂਲਤ ਹੈ, ਜਿਸ ਨੂੰ ਮਾਪੇ ਨਿੱਜੀ ਸਕੂਲਾਂ ਵਿਚ ਲੋਚਦੇ ਹਨ। ਸ: ਲੱਡਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਕੂਲ ਲਈ ਕਦੇ ਆਪਣੇ-ਆਪ ਨੂੰ ਮੁੱਖ ਅਧਿਆਪਕ ਨਹੀਂ ਸਮਝਿਆ, ਸਗੋਂ ਇਕ ਅਧਿਆਪਕ ਤੋਂ ਸੇਵਾਦਾਰ ਤੱਕ ਦੇ ਸਾਰੇ ਕੰਮ ਹੱਥੀਂ ਕਰਕੇ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਦਾ ਹੈ। ਉਹ ਬਗੀਚੇ ਵਿਚ ਖੁਦ ਘਾਹ ਕੱਟਦੇ ਅਤੇ ਪੌਦਿਆਂ ਦੀ ਸਾਂਭ-ਸੰਭਾਲ ਕਰਦੇ ਹਨ। ਆਪਣੇ ਦਸਵੰਦ ਵਿਚੋਂ ਸਕੂਲ ਦੇ ਕਿੰਨੇ ਹੀ ਕੰਮ ਉਨ੍ਹਾਂ ਨੇ ਕੀਤੇ ਹਨ ਅਤੇ ਇਹ ਸੇਵਾ ਅਜੇ ਵੀ ਜਾਰੀ ਹੈ। ਸ: ਲੱਡਾ ਖੇਡ ਦੇ ਮੈਦਾਨ ਵਿਚ ਅਕਸਰ ਵੇਖੇ ਜਾਂਦੇ ਹਨ। ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਉਨ੍ਹਾਂ ਦੇ ਵਿਦਿਆਰਥੀਆਂ ਨੇ ਚੰਗਾ ਨਾਮਣਾ ਖੱਟਿਆ ਹੈ। ਬੱਚਿਆਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਸ: ਗੁਰਜੰਟ ਸਿੰਘ ਲੱਡਾ ਨੂੰ 2014 ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਦਲੇ ਰਾਜ ਪੱਧਰੀ ਅਧਿਆਪਕ ਪੁਰਸਕਾਰ ਅਤੇ 2017 ਵਿਚ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਗਿਆ। ਆਪਣੇ ਸਕੂਲ ਵਿਚ ਹਰ ਸਾਲ ਵਿਸ਼ਾਲ ਸਾਲਾਨਾ ਸਮਾਗਮ ਕਰਾਉਣ ਵਾਲੇ ਸ: ਲੱਡਾ ਆਪਣੀਆਂ ਪ੍ਰਾਪਤੀਆਂ ਪਿੱਛੇ ਸਟਾਫ, ਨਗਰ, ਕਮੇਟੀ ਅਤੇ ਦੋਸਤਾਂ ਦਾ ਸਾਥ ਮੰਨਣ ਵਾਲੇ ਇਸ ਸਿਰੜੀ ਅਧਿਆਪਕ ਦੀ ਹਿੰਮਤ, ਦਲੇਰੀ ਤੇ ਤੰਦਰੁਸਤੀ ਹਮੇਸ਼ਾ ਬਣੀ ਰਹੇ, ਤਾਂ ਜੋ ਬੱਚੇ ਤੇ ਵਿਭਾਗ ਇਨ੍ਹਾਂ ਦੀਆਂ ਹੋਰ ਵਧ-ਚੜ੍ਹ ਕੇ ਸੇਵਾਵਾਂ ਲੈ ਸਕਣ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)।
ਮੋਬਾ: 93565-52000

ਕਿਹੋ ਜਿਹਾ ਹੋਵੇ ਜਮਾਤ ਦਾ ਮਾਹੌਲ?

ਇਕ ਵਿਦਵਾਨ ਨੇ ਜਮਾਤ (ਕਲਾਸ) ਦੀ ਅਹਿਮੀਅਤ ਬਾਰੇ ਠੀਕ ਹੀ ਲਿਖਿਆ ਹੈ ਕਿ ਬਿਨਾਂ ਚਾਰਟ ਜਾਂ ਮਾਡਲ ਤੋਂ ਬਿਨਾਂ ਕਲਾਸ ਅਜਿਹਾ ਹੁੰਦਾ ਹੈ ਜਿਵੇਂ ਆਤਮਾ ਤੋਂ ਬਿਨਾਂ ਸਰੀਰ। ਕਲਾਸ ਤਾਂ ਉਹ ਹੁੰਦਾ ਹੈ ਜਿਸ ਦੀਆਂ ਕੰਧਾਂ 'ਤੇ ਸੋਹਣੇ ਚਿੱਤਰ ਅਤੇ ਚਾਰਟ ਲੱਗੇ ਹੋਣ। ਪੰਜਾਬ, ਭਾਰਤ, ਸੰਸਾਰ ਅਤੇ ਹੋਰ ਮਹਾਂਦੀਪਾਂ ਦੇ ਨਕਸ਼ੇ ਲੱਗੇ ਹੋਣ। ਦੀਵਾਰਾਂ 'ਤੇ ਲੱਗੇ ਚਾਰਟ ਮਾਡਲ ਜਿੱਥੇ ਖਿੱਚ ਦਾ ਕੇਂਦਰ ਬਣਦੇ ਹਨ ਉੱਥੇ ਉਹ ਵਿਦਿਆਰਥੀਆਂ ਦੇ ਗਿਆਨ ਨੂੰ ਵੀ ਵਧਾਉਂਦੇ ਹਨ। ਚਾਰਟ ਅਤੇ ਮਾਡਲਾਂ ਨਾਲ ਸਜੀ ਕਲਾਸ ਵੇਖਣ 'ਚ ਚੰਗੀ ਲੱਗਦੀ ਹੈ, ਇਸ ਅੰਦਰ ਬੈਠ ਕੇ ਵਿਦਿਆਰਥੀ ਨਵਾਂਪਣ ਮਹਿਸੂਸ ਕਰਦੇ ਹਨ। ਅਧਿਆਪਕ ਵੀ ਅਜਿਹੀ ਜਮਾਤ ਵਿਚ ਦਾਖ਼ਲ ਹੋ ਕੇ ਖੁਸ਼ੀ ਮਹਿਸੂਸ ਕਰਦੇ ਹੋਏ ਚੰਗਾ ਪੜ੍ਹਾਉਣ ਦੀ ਕੋਸ਼ਿਸ਼ ਕਰਨਗੇ। ਚਾਰਟਾਂ ਅਤੇ ਮਾਡਲਾਂ ਸਬੰਧੀ ਇਕ ਗੱਲ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਉੱਤੇ ਜਾਣਕਾਰੀ ਸਰਲ, ਸਾਫ਼-ਸੁਥਰੀ ਅਤੇ ਮੁਕੰਮਲ ਹੋਵੇ। ਹਰ ਵਿਸ਼ੇ ਨਾਲ ਸਬੰਧਿਤ ਚਾਰਟ ਮਾਡਲ ਹੋਣੇ ਚਾਹੀਦੇ ਹਨ, ਜੋ ਸਿੱਖਿਆ ਭਰਪੂਰ ਅਤੇ ਪ੍ਰਭਾਵਸ਼ਾਲੀ ਹੋਣ। ਇਕ ਗੱਲ ਅਤੀ ਜ਼ਰੂਰੀ ਹੈ ਕਿ ਇਹ ਇੰਨੇ ਕੁ ਉਚਾਈ 'ਤੇ ਲਗਾਏ ਜਾਣੇ ਚਾਹੀਦੇ ਹਨ ਜਿੱਥੇ ਤੱਕ ਵਿਦਿਆਰਥੀਆਂ ਦੀ ਨਜ਼ਰ ਆਸਾਨੀ ਨਾਲ ਪਹੁੰਚ ਸਕੇ। ਕਲਾਸ ਵਿਚ ਬਲੈਕ ਬੋਰਡ ਸਾਫ਼ ਅਤੇ ਪੱਧਰਾ ਹੋਣਾ ਚਾਹੀਦਾ ਹੈ, ਤਾਂ ਜੋ ਅਧਿਆਪਕ ਵਲੋਂ ਲਿਖਿਆ ਇਕ-ਇਕ ਅੱਖਰ ਪਿੱਛੇ ਬੈਠੇ ਬੱਚਿਆਂ ਤੋਂ ਵੀ ਚੰਗੀ ਤਰ੍ਹਾਂ ਬਿਨਾਂ ਕਿਸੇ ਕਠਿਨਾਈ ਦੇ ਪੜ੍ਹਿਆ ਜਾਵੇ। ਇਸ ਨਾਲ ਵਿਦਿਆਰਥੀ ਇਕ-ਇਕ ਚੀਜ਼ ਨੂੰ ਚੰਗੇ ਢੰਗ ਨਾਲ ਆਪਣੀ ਨੋਟ ਬੁੱਕ ਵਿਚ ਲਿਖ ਸਕਣਗੇ। ਅਧਿਆਪਕਾਂ ਨੂੰ ਵੀ ਕਾਪੀਆਂ ਚੈੱਕ ਕਰਨ ਵਿਚ ਸੌਖ ਮਹਿਸੂਸ ਹੋਵੇਗੀ। ਕਲਾਸ ਵਿਚ ਰੌਸ਼ਨੀ ਆਉਣ ਲਈ ਖਿੜਕੀਆਂ ਅਤੇ ਰੌਸ਼ਨਦਾਨ ਜ਼ਰੂਰ ਹੋਣੇ ਚਾਹੀਦੇ ਹਨ, ਤਾਂ ਜੋ ਕੁਦਰਤੀ ਰੌਸ਼ਨੀ ਬੱਚਿਆਂ ਤੱਕ ਅੱਪੜ ਸਕੇ। ਇਸ ਤੋਂ ਇਲਾਵਾ ਕਲਾਸ ਰੂਮ ਖੁੱਲ੍ਹੇ ਅਤੇ ਹਵਾਦਾਰ ਹੋਣੇ ਜ਼ਰੂਰੀ ਹਨ। ਕਲਾਸ ਰੂਮ ਮਿੱਟੀ-ਘੱਟੇ ਅਤੇ ਹਰ ਪ੍ਰਕਾਰ ਦੇ ਪ੍ਰਦੂਸ਼ਣ ਤੋਂ ਰਹਿਤ ਹੋਣਾ ਚਾਹੀਦਾ ਹੈ, ਕਿਉਂਕਿ ਇੱਥੇ ਬੱਚਿਆਂ ਨੇ 5-6 ਘੰਟੇ ਬਤੀਤ ਕਰਨੇ ਹੁੰਦੇ ਹਨ। ਸਾਫ਼-ਸੁਥਰਾ ਵਾਤਾਵਰਨ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਕਰਨ 'ਚ ਲਾਹੇਵੰਦ ਹੁੰਦਾ ਹੈ। ਕਲਾਸ ਅਧਿਆਪਕਾਂ ਦੇ ਸਟਾਫ ਰੂਮ ਤੋਂ ਹਟਵਾਂ ਹੋਣਾ ਚਾਹੀਦਾ ਹੈ, ਕਿਉਂਕਿ ਸਟਾਫ਼ ਰੂਮ ਵਿਚ ਖਾਲੀ ਪੀਰੀਅਡ ਵਿਚ ਅਧਿਆਪਕਾਂ ਤੇ ਗੱਪ-ਸ਼ੱਪ ਜਾਂ ਵਿਚਾਰ ਚਰਚਾ ਕਰਨ 'ਤੇ ਵਿਦਿਆਰਥੀ ਪ੍ਰਭਾਵਿਤ ਹੁੰਦੇ ਹਨ, ਉਨ੍ਹਾਂ ਦੀ ਇਕਾਗਰਤਾ ਭੰਗ ਹੁੰਦੀ ਹੈ। ਕਲਾਸ ਵਿਚ ਇਕ ਦਾਨ ਪੇਟੀ ਅਤੇ ਦੂਜਾ ਸੁਝਾਅ ਪੇਟੀ ਦਾ ਹੋਣਾ ਵੀ ਜ਼ਰੂਰੀ ਹੈ। ਅਧਿਆਪਕ ਬੱਚਿਆਂ ਨੂੰ ਦਾਨ ਪੇਟੀ 'ਚ ਕੁਝ ਨਾ ਕੁਝ ਪੈਸੇ ਪਾਉਣ ਲਈ ਪ੍ਰੇਰਨ ਅਤੇ ਅਧਿਆਪਕ ਵੀ ਆਪਣੀ ਤਨਖਾਹ ਵਿਚੋਂ ਕੁਝ ਨਾ ਕੁਝ ਯੋਗਦਾਨ ਜ਼ਰੂਰ ਦੇਣ, ਤਾਂ ਜੋ ਮਹੀਨੇ ਬਾਅਦ ਇਕੱਠੀ ਹੋਈ ਰਕਮ ਨੂੰ ਗਰੀਬ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਖਰਚਿਆ ਜਾਵੇ। ਸੁਝਾਅ ਪੇਟੀ ਦੇ ਸਬੰਧ ਵਿਚ ਮੇਰੀ ਇਕ ਰਾਇ ਹੈ ਕਿ ਕੁਝ ਬੱਚਿਆਂ ਦੇ ਮਨ ਵਿਚ ਅਨੇਕਾਂ ਸਵਾਲ ਹੁੰਦੇ ਹਨ, ਜੋ ਉਹ ਆਤਮਵਿਸ਼ਵਾਸ ਦੀ ਘਾਟ ਕਰਕੇ ਅਧਿਆਪਕਾਂ ਤੋਂ ਪੁੱਛ ਨਹੀਂ ਸਕਦੇ। ਉਨ੍ਹਾਂ ਲਈ ਸੁਝਾਅ ਪੇਟੀ ਇਕ ਅਜਿਹਾ ਜ਼ਰੀਆ ਹੋ ਸਕਦੀ ਹੈ ਕਿ ਉਹ ਆਪਣੇ ਪ੍ਰਸ਼ਨਾਂ ਨੂੰ ਲਿਖਤੀ ਰੂਪ ਵਿਚ ਪਰਚੀਆਂ ਪਾ ਕੇ ਪੁੱਛ ਸਕਦੇ ਹਨ ਜਾਂ ਆਪਣੇ ਸੁਝਾਅ ਦੇ ਸਕਦੇ ਹਨ। ਅੰਤ ਵਿਚ ਮੈਂ ਇਹੀ ਕਹਾਂਗਾ ਕਿ ਕਲਾਸ ਦੀ ਸੁੰਦਰ ਦਿੱਖ ਮਨ ਅਤੇ ਆਤਮਾ ਨੂੰ ਵੀ ਸੁੰਦਰ ਕਰਦੀ ਹੈ।

-ਖਰੜ।

ਦੇਸ਼ ਨੂੰ ਬਚਾਉਣ ਲਈ ਭ੍ਰਿਸ਼ਟਤੰਤਰ ਨੂੰ ਬਦਲਣ ਦੀ ਲੋੜ

ਸਾਡੇ ਦੇਸ਼ ਦਾ ਤੰਤਰ ਨਿੱਤ ਦਿਨ ਵਿਗੜਦਾ ਹੀ ਜਾ ਰਿਹਾ ਹੈ, ਜੋ ਪੂਰੇ ਦੇਸ਼ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹਰ ਕਿਸੇ ਦੀਆਂ ਅੱਖਾਂ ਉਸ ਦਿਨ ਨੂੰ ਉਡੀਕਦੀਆਂ ਹਨ, ਜਦੋਂ ਇਹ ਵਿਗੜਿਆ ਤੰਤਰ ਸੁਧਰ ਸਕੇ। ਅਜਿਹਾ ਕਿਉਂ ਹੋ ਰਿਹਾ ਹੈ? ਕਿਉਂ ਸਾਡੇ ਨੌਜਵਾਨ, ਬਜ਼ੁਰਗ ਜਾਂ ਕਹਿ ਲਵੋ ਹਰ ਵਰਗ ਹੀ ਸੜਕਾਂ 'ਤੇ ਆ ਗਿਆ ਹੈ। ਮੰਗਾਂ ਜਾਇਜ਼ ਹੋਣ ਜਾਂ ਨਾਜਾਇਜ਼ ਬਸ ਧਰਨੇ ਲਗਾਉਣੇ, ਰੋਡ ਜਾਮ ਕਰਨੇ, ਟੈਂਕੀਆਂ 'ਤੇ ਚੜ੍ਹਨਾ ਹੀ ਸਾਡੇ ਲਈ ਕਿਉਂ ਜ਼ਰੂਰੀ ਬਣ ਗਿਆ ਹੈ? ਕੀ ਅਸੀਂ ਵਿਵਸਥਾ ਬਦਲ ਨਹੀਂ ਸਕਦੇ? ਕੀ ਇਸ ਨਾਲ ਇੰਨੀ ਵਧ ਰਹੀ ਵਸੋਂ ਵਾਲਾ ਦੇਸ਼ ਵਿਕਾਸ ਦੀਆਂ ਲੀਹਾਂ 'ਤੇ ਚੱਲ ਸਕੇਗਾ? ਸਾਡੇ ਨੌਜਵਾਨ ਕਦੋਂ ਅਜਿਹੇ ਕੰਮਾਂ ਤੋਂ ਹਟ ਕੇ ਮਹਾਨ ਕਾਢਾਂ ਕੱਢਣਗੇ, ਜਿਸ ਨਾਲ ਸਾਡਾ ਦੇਸ਼ ਵੀ ਤਰੱਕੀਆਂ ਵਾਲਾ ਦੇਸ਼ ਹੋਵੇਗਾ। ਉੱਪਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਸਾਡਾ ਪੂਰਾ ਤੰਤਰ ਹੀ ਭ੍ਰਿਸ਼ਟ ਹੋ ਚੁੱਕਾ ਹੈ। ਵੋਟਾਂ ਦੇ ਸਮੇਂ ਨੇਤਾਵਾਂ ਦੁਆਰਾ ਪੇਸ਼ ਕੀਤੇ ਜਾਂਦੇ ਚੋਣ ਮਨੋਰਥ ਪੱਤਰ ਰਾਹੀਂ ਝੂਠੇ ਵਾਅਦੇ ਲੋਕਾਂ ਨੂੰ ਧਰਨੇ ਲਗਾਉਣ ਲਈ ਹੋਰ ਮਜਬੂਰ ਕਰ ਰਹੇ ਹਨ, ਕਿਉਂਕਿ ਜਿੱਤਣ ਲਈ ਇਹ ਵੱਡੇ ਨੇਤਾ ਵੱਡੇ-ਵੱਡੇ ਵਾਅਦੇ ਕਰਦੇ ਹਨ ਜਾਂ ਕਹਿ ਲਵੋ ਭੋਲੀ ਜਨਤਾ ਨੂੰ ਇੰਨੇ ਵੱਡੇ ਸੁਪਨੇ ਦਿਖਾਉਂਦੇ ਹਨ, ਜੋ ਸਾਡੇ ਨੇਤਾਵਾਂ ਲਈ ਪੂਰੇ ਕਰਨੇ ਤਾਂ ਅਸਮਾਨ ਤੋਂ ਤਾਰੇ ਤੋੜਨ ਦੇ ਬਰਾਬਰ ਹੈ ਅਤੇ ਸਾਡੀ ਜਨਤਾ ਵੀ ਹਰ ਵਾਰ ਦੀ ਤਰ੍ਹਾਂ ਇਨ੍ਹਾਂ ਦੇ ਝੂਠੇ ਅਤੇ ਮਿੱਠੇ ਵਾਅਦਿਆਂ ਦਾ ਸ਼ਿਕਾਰ ਬਣ ਜਾਂਦੀ ਹੈ। ਜੋ ਦੇਸ਼ ਕਦੇ ਹਰ ਧਰਮ ਦੀ ਪੂਜਾ ਕਰਦਾ ਸੀ, ਅੱਜ ਉਹ ਦੂਸਰਿਆਂ ਦੇ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰ ਰਿਹਾ ਹੈ ਅਤੇ ਧਾਰਮਿਕ ਸਥਾਨਾਂ ਨੂੰ ਆਪਸੀ ਰੰਜਸ਼ ਨਾਲ ਨੁਕਸਾਨ ਪਹੁੰਚਾ ਰਿਹਾ ਹੈ। ਕਿਉਂਕਿ ਸਾਡੀ ਮਾਨਸਿਕਤਾ ਹੀ ਇਹ ਹੋ ਗਈ ਹੈ ਕਿ ਅਸੀਂ ਬਾਬਾਵਾਦ ਦੇ ਪਿੱਛੇ ਲੱਗ ਕੇ ਚੱਲ ਪਏ ਹਾਂ। ਅਸੀ ਸਕੂਲਾਂ, ਕਾਲਜਾਂ, ਹਸਪਤਾਲ ਨਾਲੋਂ ਡੇਰੇ ਬਣਾਉਣ ਨੂੰ ਜ਼ਿਆਦਾ ਪਹਿਲ ਦੇਣ ਲੱਗ ਪਏ ਹਾਂ, ਜਿਸ ਕਾਰਨ ਅਸੀਂ ਨਿੱਤ ਪ੍ਰਤੀ ਦਿਨ ਕੰਮ ਤੋਂ ਕੰਨੀਂ ਕਤਰਾ ਕੇ ਝੂਠੀਆਂ ਮੰਨਤਾਂ ਵਿਚ ਵਿਸ਼ਵਾਸ ਕਰਨ ਲੱਗੇ ਹਾਂ। ਆਓ! ਪਹਿਲਾਂ ਕੁਝ ਧਰਨੇ ਅਸੀਂ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਆਜ਼ਾਦ ਕਰਵਾਉਣ ਲਈ ਲਗਾ ਲਈਏ ਤਾਂ ਜੋ ਕੋਈ ਰਾਜਨੀਤਕ ਪਾਰਟੀ ਜਾਂ ਇਨ੍ਹਾਂ ਦੇ ਚਮਚੇ ਸਾਡੇ ਕਾਨੂੰਨ ਨੂੰ ਆਪਣੇ ਹੱਥਾਂ ਦੀ ਕਠਪੁਤਲੀ ਨਾ ਬਣਾ ਸਕਣ। ਅਜਿਹਾ ਕਰਨ ਨਾਲ ਜੇਕਰ ਸਾਡਾ ਕਾਨੂੰਨ ਹੀ ਆਜ਼ਾਦ ਹੋ ਗਿਆ ਤਾਂ ਅਪਰਾਧਿਕ ਬਿਰਤੀ ਵਾਲੇ ਇਨਸਾਨ ਜੋ ਇਸ ਵੱਡੀ ਸ਼ਹਿ 'ਤੇ ਵੱਡੇ ਅਪਰਾਧਿਕ ਕਾਰੇ ਕਰਦੇ ਹਨ ਅਤੇ ਦਿਨੋ-ਦਿਨ ਧਨ-ਦੌਲਤ ਅਤੇ ਅਮੀਰੀ ਨੂੰ ਛੂਹ ਰਹੇ ਹਨ, ਉਹ ਪਹਿਲਾਂ ਤੋਂ ਹੀ ਕਾਨੂੰਨ ਦੇ ਹੱਥ ਵਿਚ ਆ ਸਕਣ, ਤਾਂ ਜੋ ਕੋਈ ਵੀ ਅਪਰਾਧ ਹੋਣ ਤੋਂ ਬਾਅਦ ਜਹਾਜ਼ 'ਤੇ ਚੜ੍ਹ ਕੇ ਉੱਡ ਨਾ ਸਕਣ ਅਤੇ ਸਹੀ ਸਮਾਂ ਰਹਿਣ 'ਤੇ ਹੀ ਪੁਲਿਸ ਆਪਣੇ ਅੜਿੱਕੇ ਵਿਚ ਲੈ ਸਕੇ।

-ਚੀਮਾ ਮੰਡੀ।
ਮੋਬਾ: 98155-36695

ਪੰਜਾਬੀ ਭੁੱਲਦੇ ਜਾ ਰਹੇ ਨੇ ਜ਼ਮੀਰਾਂ ਨੂੰ

ਅਣਖ ਨਾਲ ਜਿਊਣਾ ਅਤੇ ਜ਼ਮੀਰ ਦੀ ਆਵਾਜ਼ ਸੁਣ ਕੇ ਫੈਸਲਾ ਕਰਨਾ ਪੰਜਾਬੀਆਂ ਦੀ ਫਿਤਰਤ ਰਹੀ ਹੈ। ਤਕੜੇ ਦੀ ਬੇਤੁਕੀ ਈਨ ਨਾ ਮੰਨਣਾ ਅਤੇ ਕਮਜ਼ੋਰ ਦਾ ਪੱਖ ਪੂਰਨਾ ਇਹ ਦਲੇਰ ਪੰਜਾਬੀਆਂ ਦੇ ਹੀ ਹਿੱਸੇ ਆਇਆ ਹੈ। ਜਿਊਣਾ ਮੌੜ ਵਰਗੇ ਦਲੇਰ ਬੰਦਿਆਂ ਦਾ ਦੁਨੀਆ ਨੂੰ ਅਜੇ ਤੱਕ ਕੋਈ ਤੋੜ ਨਹੀਂ ਲੱਭਿਆ। ਅਮੀਰੀ ਅਤੇ ਗਰੀਬੀ ਦੇ ਖੱਪੇ ਨੂੰ ਖਤਮ ਕਰਕੇ ਬਰਾਬਰਤਾ ਵਾਲਾ ਸਮਾਜ ਸਿਰਜਣ ਦੀ ਕਵਾਇਦ ਸ਼ੁਰੂ ਕਰਨ ਵਾਲੇ ਇਹ ਪੰਜਾਬੀ ਯੋਧੇ ਹੁਣ ਸਿਰਫ ਇਕ ਇਤਿਹਾਸ ਬਣ ਕੇ ਰਹਿ ਗਏ ਹਨ। ਅੱਜ ਸਮਾਜ ਧੀਆਂ ਦੇ ਦੁੱਖ-ਸੁੱਖ ਦੇ ਸਾਥੀ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਪਹਿਰਾ ਦੇਣ ਵਾਲੇ ਸੂਰਮਿਆਂ ਦੀ ਘਾਟ ਮਹਿਸੂਸ ਕਰ ਰਿਹਾ ਹੈ। ਬਿਨਾਂ ਸ਼ੱਕ ਕਾਨੂੰਨੀ ਸ਼ਿਕੰਜਾ ਜ਼ਿਆਦਤੀ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ ਪਰ ਤਕੜੇ ਹੱਥੋਂ ਮਾੜੇ ਦਾ ਹੁੰਦਾ ਸ਼ੋਸ਼ਣ ਅੱਜ ਇਕ ਗੰਭੀਰ ਮੋੜ 'ਤੇ ਪਹੁੰਚ ਗਿਆ ਹੈ। ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਫਾਂਸੀ ਦੇ ਰੱਸਿਆ ਨੂੰ ਹੱਸ-ਹੱਸ ਕੇ ਗਲ 'ਚ ਪਾਉਣ ਵਾਲੇ ਕੌਮੀ ਸ਼ਹੀਦਾਂ ਦੀ ਜਿਊਂਦੀ ਅਣਖ ਅਤੇ ਜ਼ਮੀਰ ਉਨ੍ਹਾਂ ਨੂੰ ਗੁਲਾਮੀ ਨਾਲੋਂ ਸ਼ਹਾਦਤ ਕਬੂਲਣ ਲਈ ਪ੍ਰੇਰਿਤ ਕਰ ਗਈ। ਇਹ ਉਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਸਦਕਾ ਹੀ ਹੈ ਜੋ ਅੱਜ ਆਜ਼ਾਦ ਭਾਰਤ ਦਾ ਹਰ ਨਾਗਰਿਕ ਆਪਣੇ-ਆਪ ਨੂੰ ਆਜ਼ਾਦ ਕਹਿੰਦਾ ਹੈ। ਜੇਕਰ ਉਨ੍ਹਾਂ ਮਹਾਨ ਕੌਮੀ ਪਰਵਾਨਿਆਂ ਨੇ ਚੁਣੌਤੀਆਂ ਦੇਖ ਕੇ ਸਮਝੌਤੇ ਕੀਤੇ ਹੁੰਦੇ ਤਾਂ ਆਜ਼ਾਦੀ ਦੀ ਫਿਜ਼ਾ ਕਾਇਮ ਕਰਨਾ ਮੁਸ਼ਕਿਲ ਹੋ ਗਿਆ ਹੋਣਾ ਸੀ। ਪੰਜਾਬੀਆਂ ਦੇ ਸੁਭਾਅ 'ਚੋਂ ਅਣਖ ਅਤੇ ਜ਼ਮੀਰ ਦਾ ਖਾਤਮਾ ਇਨ੍ਹਾਂ ਦਲੇਰ ਲੋਕਾਂ ਲਈ ਇਕ ਚਣੌਤੀ ਬਣ ਗਿਆ ਹੈ। ਇਹ ਖੁਰਦੀ ਅਣਖ ਅਤੇ ਗੈਰਤ ਦਾ ਹੀ ਕਾਰਨ ਹੈ ਕਿ ਸਮਾਜਿਕ ਪੱਧਰ 'ਤੇ ਇਨਸਾਫ ਉਡਾਰੀ ਮਾਰ ਗਿਆ ਹੈ। ਲਾਲਚ ਵੱਸ ਭਰਾ ਹੱਥੋਂ ਭਰਾ ਦਾ ਹੁੰਦਾ ਕਤਲ, ਮਾਨਸਿਕ ਪ੍ਰੇਸ਼ਾਨੀ ਕਾਰਨ ਬਾਪ ਵਲੋਂ ਕੀਤੇ ਜਾਂਦੇ ਮਾਸੂਮ ਬੱਚਿਆਂ ਦੇ ਕਤਲ, ਸ਼ਰੇਆਮ ਲੜਕੀਆਂ ਦੀ ਇੱਜ਼ਤ ਨਾਲ ਹੁੰਦਾ ਖਿਲਵਾੜ, ਮਰਦੀ ਜਾ ਰਹੀ ਅਣਖ ਅਤੇ ਗੈਰਤ ਦੀ ਨਿਸ਼ਾਨੀ ਹੈ। ਮੁਗ਼ਲਾਂ ਅਤੇ ਅੰਗਰੇਜ਼ਾਂ ਹੱਥੋਂ ਲੁੱਟਿਆ ਪੰਜਾਬੀ ਸ਼ਾਇਦ ਓਨਾ ਦਰਦ ਮਹਿਸੂਸ ਨਹੀਂ ਸੀ ਕਰਦਾ, ਜਿੰਨਾ ਆਪਣਿਆਂ ਵਲੋਂ ਲੁੱਟੇ ਜਾਣ 'ਤੇ ਕਰ ਰਿਹਾ ਹੈ। ਭਰੋਸੇ 'ਚ ਲੈ ਕੇ ਕਿਸੇ ਆਪਣੇ ਵਲੋਂ ਮਾਰੀ ਮਾਰ ਖੋਖਲੀ ਅਣਖ ਅਤੇ ਮਰੀ ਹੋਈ ਜ਼ਮੀਰ ਦੀ ਗਵਾਹੀ ਭਰਦੀ ਹੈ। ਦੂਜੇ ਦੀਨ ਮਜ਼੍ਹਬਾਂ ਦੀ ਰੱਖਿਆ ਕਰਨ ਵਾਲਾ ਅਣਖੀਲਾ ਪੰਜਾਬੀ ਅੱਜ ਆਪਣੇ ਹੀ ਧਰਮ ਦਾ ਦੁਸ਼ਮਣ ਬਣ ਗਿਆ ਲਗਦੈ। ਜੇਕਰ ਪੰਜਾਬੀ ਲੋਕਾਂ ਦੀ ਅਣਖ ਅਤੇ ਗੈਰਤ ਦਾ ਖਤਮ ਹੋਣਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਬਹੁਮੁੱਲੀ ਇਨਸਾਨੀ ਕਦਰਾਂ-ਕੀਮਤਾਂ ਤੋਂ ਸਿਫਰ ਹੋ ਜਾਵਾਂਗੇ। ਦਿਲ 'ਚ ਚੰਗੇ ਦੀ ਆਸ ਲੈ ਕੇ ਇਕ ਅਜਿਹਾ ਸਮਾਜ ਸਿਰਜਣ ਦੀ ਜ਼ਰੂਰਤ ਹੈ, ਜਿੱਥੇ ਅਮੀਰ-ਗਰੀਬ ਦਾ ਪਾੜਾ ਖਤਮ ਹੋਵੇ, ਧਰਮਾਂ ਦੇ ਨਾਂਅ 'ਤੇ ਹੁੰਦੀਆਂ ਲੜਾਈਆਂ ਬੰਦ ਹੋਣ, ਜਿੱਥੇ ਹਰ ਧੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰੇ, ਖੁਦਕੁਸ਼ੀਆਂ ਆਪਣੇ-ਆਪ 'ਚ ਬੀਤੇ ਦੀ ਗੱਲ ਹੋ ਜਾਣ ਅਤੇ ਜਿੱਥੇ ਆਪਣਿਆਂ ਹੱਥੋਂ ਆਪਣਿਆਂ ਨੂੰ ਜ਼ਲੀਲ ਨਾ ਹੋਣਾ ਪਵੇ। ਇਹ ਉਦੋਂ ਹੀ ਸੰਭਵ ਹੋਵੇਗਾ, ਜਦੋਂ ਹਰ ਪੰਜਾਬੀ ਜਿਊਂਦੀ ਜ਼ਮੀਰ ਅਤੇ ਅਣਖ ਨਾਲ ਜਿਊਣ ਦਾ ਅਹਿਦ ਕਰੇਗਾ।

ਜਵਾਹ ਰਲਾਲ ਨਹਿਰੂ ਸਰਕਾਰੀ ਕਾਲਜ, ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ। ਮੋਬਾ: 94784-60084

ਵਿਦਿਆਰਥੀ ਜੀਵਨ ਵਿਚ ਖੇਡਾਂ ਦਾ ਮਹੱਤਵ

ਵਿਦਿਆਰਥੀ ਜੀਵਨ ਵਿਚ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਅਤੇ ਖੇਡ ਸਰਗਰਮੀਆਂ ਦਾ ਆਪਣਾ ਇਕ ਮਹੱਤਵਪੂਰਨ ਸਥਾਨ ਹੈ। ਪੜ੍ਹਾਈ ਦੇ ਨਾਲ ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿਚ ਆਪਣਾ ਅਹਿਮ ਕਿਰਦਾਰ ਨਿਭਾਉਂਦੀਆਂ ਹਨ। ਖੇਡਾਂ ਵਿਦਿਆਰਥੀਆਂ ਵਿਚ ਨੈਤਿਕ ਗੁਣਾਂ ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ, ਜਦੋਂ ਉਹ ਆਪਣੀ ਖੇਡ ਦੁਆਰਾ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਿੱਤ ਦਾ ਝੰਡਾ ਗੱਡਦੇ ਹਨ ਤਾਂ ਸਮੁੱਚੇ ਦੇਸ਼-ਵਾਸੀਆਂ ਦਾ ਸੀਨਾ ਚੌੜਾ ਹੋ ਜਾਂਦਾ ਹੈ। ਹਾਕੀ, ਫੁੱਟਬਾਲ, ਕ੍ਰਿਕਟ, ਬਾਸਕਟਬਾਲ, ਕਬੱਡੀ ਆਦਿ ਖੇਡਾਂ ਟੀਮ ਭਾਵਨਾ ਨਾਲ ਖੇਡੀਆਂ ਜਾਂਦੀਆਂ ਹਨ, ਜਿਸ ਨਾਲ ਖਿਡਾਰੀ ਇਕਜੁੱਟਤਾ ਅਤੇ ਸਹਿਯੋਗ ਆਦਿ ਗੁਣ ਸਹਿਜੇ ਸਿੱਖ ਜਾਂਦੇ ਹਨ। ਅਨੁਸ਼ਾਸਨ ਵਿਚ ਰਹਿਣਾ ਤਾਂ ਖਿਡਾਰੀ ਦੀ ਜ਼ਿੰਦਗੀ ਦਾ ਹਿੱਸਾ ਹੀ ਬਣ ਜਾਂਦਾ ਹੈ, ਜਿਸ ਦਾ ਲਾਭ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ 'ਤੇ ਮਿਲਦਾ ਰਹਿੰਦਾ ਹੈ। ਅੱਜ ਦੇ ਸਮੇਂ ਪੰਜਾਬੀ ਨੌਜਵਾਨ ਗੈਂਗਵਾਰ ਅਤੇ ਨਸ਼ੇ ਆਦਿ ਸਮਾਜਿਕ ਕੁਰੀਤੀਆਂ ਵਿਚ ਫਸ ਕੇ ਆਪਣਾ ਬਹੁਮੁੱਲਾ ਜੀਵਨ ਵਿਅਰਥ ਗਵਾ ਰਹੇ ਹਨ। ਉਨ੍ਹਾਂ ਦੀ ਊਰਜਾ ਅਤੇ ਸਮੇਂ ਨੂੰ ਸਹੀ ਜਗ੍ਹਾ 'ਤੇ ਲਾਉਣ ਲਈ ਖੇਡਾਂ ਇਕ ਪ੍ਰਭਾਵਸ਼ਾਲੀ ਵਿਕਲਪ ਹੋ ਸਕਦੀਆਂ ਹਨ। ਖੇਡਾਂ ਨੌਜਵਾਨਾਂ ਨੂੰ ਸਕਾਰਾਤਮਿਕ ਸੋਚ ਅਪਣਾਉਣ ਦਾ ਧਾਰਨੀ ਬਣਾਉਂਦੀਆਂ ਹਨ। ਅਜੋਕੇ ਸਮੇਂ ਖਿਡਾਰੀਆਂ ਲਈ ਨਵੇਂ ਮੌਕਿਆਂ ਦੇ ਰਾਹ ਵੀ ਖੁੱਲ੍ਹੇ ਹਨ। ਅੱਜਕਲ੍ਹ ਖਿਡਾਰੀਆਂ ਨੂੰ ਬਹੁਕੌਮੀ ਕੰਪਨੀ ਸਪਾਂਸਰ ਖੇਡ ਲੀਗ ਵਿਚ ਚੰਗੀ ਖੇਡ ਦਿਖਾਉਣ ਦੇ ਇਵਜ਼ ਵਜੋਂ ਚੰਗੀ ਰਾਸ਼ੀ ਦਿੱਤੀ ਜਾਂਦੀ ਹੈ, ਜਿਸ ਨਾਲ ਖਿਡਾਰੀ ਆਪਣੇ ਖੇਡ ਜੀਵਨ ਮਗਰੋਂ ਵੀ ਇਕ ਸਨਮਾਨਜਨਕ ਜ਼ਿੰਦਗੀ ਜਿਊਣ ਵਿਚ ਕਾਮਯਾਬ ਰਹਿੰਦਾ ਹੈ। ਪੰਜਾਬ ਅਤੇ ਭਾਰਤ ਸਰਕਾਰ ਦੁਆਰਾ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿਵੇਂ 'ਖੇਲ੍ਹੋ ਇੰਡੀਆ' ਆਦਿ ਪਰ ਸਮੇਂ ਦੀ ਲੋੜ ਹੈ ਇਨ੍ਹਾਂ ਸਕੀਮਾਂ ਵਿਚ ਹੋਰ ਸੁਧਾਰ ਕਰਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਨਾਲ ਜੋੜਿਆ ਜਾਵੇ, ਤਾਂ ਜੋ ਸਾਡੇ ਸਮਾਜ ਵਿਚ ਖੇਡ ਸੱਭਿਆਚਾਰ ਸਿਰਜਿਆ ਜਾ ਸਕੇ। ਅੰਤ ਵਿਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਸਰਗਰਮੀਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

-ਸ: ਹਾ: ਸਕੂਲ, ਲਕਸੀਹਾਂ, ਜ਼ਿਲ੍ਹਾ ਹੁਸ਼ਿਆਰਪੁਰ। ਮੋਬਾ: 94655-76022

ਸੋਸ਼ਲ ਮੀਡੀਆ 'ਤੇ ਲੋਕ ਸੇਵਾ ਦੇ ਨਾਂਅ 'ਤੇ ਫੈਲ ਰਿਹਾ ਭ੍ਰਿਸ਼ਟਾਚਾਰ

ਪੰਜਾਬੀ ਖੁੱਲ੍ਹਦਿਲੀ ਅਤੇ ਮਦਦਗਾਰ ਮਿਜਾਜ਼ ਦੇ ਲੋਕ ਹਨ। ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਰਹੇ ਹਨ। ਅਜਿਹੇ ਵਿਚ ਅਕਸਰ ਫੇਸਬੁੱਕ ਅਤੇ ਵੱਟਸਐਪ ਗਰੁੱਪਾਂ ਵਿਚ ਕੁਝ ਸੰਸਥਾਵਾਂ ਜਾਂ ਫਿਰ ਵਿਅਕਤੀ ਲੋਕ ਸਮਾਜ ਸੇਵਾ ਦਾ ਕੰਮ ਕਰਦੇ ਹਨ ਤੇ ਗਰੀਬ, ਬਿਮਾਰ ਲੋਕਾਂ ਅਤੇ ਗੁਰੂ-ਘਰਾਂ ਦੀ ਸੇਵਾ ਦੇ ਨਾਂਅ 'ਤੇ ਪੋਸਟਾਂ ਪਾਈਆਂ ਜਾਂਦੀਆਂ ਹਨ ਤੇ ਮਦਦ ਦੀ ਗੁਹਾਰ ਲਗਾਈ ਜਾਂਦੀ ਹੈ। ਸਾਡੇ ਪ੍ਰਵਾਸੀ ਅਤੇ ਧਨਾਢ ਲੋਕ ਇਹ ਪੋਸਟਾਂ ਪੜ੍ਹ ਕੇ ਮਦਦ ਲਈ ਅੱਗੇ ਆਉਂਦੇ ਹਨ। ਕਿਤੇ ਨਾ ਕਿਤੇ ਉਨ੍ਹਾਂ ਦੁਆਰਾ ਦਿੱਤਾ ਪੈਸਾ ਪੂਰਾ ਲੜਵੰਦਾਂ ਤੱਕ ਨਹੀਂ ਪਹੁੰਚਦਾ। ਪੰਜਾਬ ਵਿਚ ਕੁਝ ਅਜਿਹੀਆਂ ਸੰਸਥਾਵਾਂ ਵੀ ਹਨ, ਜੋ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀਆਂ ਹਨ। ਪਰ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜੋ ਲੋਕ-ਸੇਵਾ ਦੇ ਨਾਂਅ 'ਤੇ ਠੱਗੀਆਂ ਮਾਰ ਰਹੇ ਹਨ ਅਤੇ ਲੋਕ-ਸੇਵਾ ਨੂੰ ਆਪਣੀ ਕਮਾਈ ਦਾ ਜ਼ਰੀਆ ਬਣਾਇਆ ਹੈ। ਦਾਨੀ ਸੱਜਣ ਦਿਲ ਖੋਲ੍ਹ ਕੇ ਲੋੜਵੰਦਾਂ ਲਈ ਪੈਸਾ ਭੇਜਦੇ ਹਨ ਪਰ ਸੇਵਾ ਦਾ ਪ੍ਰਚਾਰ ਕਰਨ ਵਾਲੇ ਲੋਕ ਨਿਗੂਣੇ ਜਿਹੇ ਪੈਸੇ ਲੋੜਵੰਦਾਂ ਨੂੰ ਦੇ ਕੇ ਵਾਹ-ਵਾਹ ਲੁੱਟਦੇ ਹਨ ਤੇ ਮਾਇਆ ਦਾ ਬਹੁਤਾ ਹਿੱਸਾ ਆਪ ਡਕਾਰ ਜਾਂਦੇ ਹਨ। ਅੱਜਕਲ੍ਹ ਹਰ ਸ਼ਹਿਰ ਅਤੇ ਪਿੰਡ ਵਿਚ ਤੁਹਾਨੂੰ ਅਜਿਹੇ ਲੋਕ ਮਿਲ ਜਾਣਗੇ, ਜਿਨ੍ਹਾਂ ਦਾ ਕਾਰੋਬਾਰ ਵੀ ਵੇਖ ਲਇਓ ਤੇ ਕਮਾਈ ਹੋਈ ਜਾਇਦਾਦ ਵੀ, ਜੋ ਉਸ ਦੇ ਕਾਰੋਬਾਰ ਨਾਲ ਮੇਲ ਨਹੀਂ ਖਾਏਗੀ। ਇਹ ਲੋਕ ਬਿਨਾਂ ਕਿਸੇ ਕੰਮ ਦੇ ਸ਼ਾਹੀ ਠਾਠ-ਬਾਠ ਨਾਲ ਰਹਿੰਦੇ ਹਨ, ਜੋ ਕਿ ਇਕ ਸੋਚ ਦਾ ਵਿਸ਼ਾ ਹੈ। ਇਨ੍ਹਾਂ ਲੋਕਾਂ 'ਤੇ ਸਰਕਾਰ ਦੀ ਕੋਈ ਨਜ਼ਰ ਨਹੀਂ ਤੇ ਹਰ ਰੋਜ਼ ਪੰਜਾਬ ਵਿਚ ਕਰੋੜਾਂ ਰੁਪਿਆ ਸੇਵਾ ਭਾਵਨਾ ਦੇ ਨਾਂਅ 'ਤੇ ਡਕਾਰਿਆ ਜਾ ਰਿਹਾ ਹੈ। ਸਾਡੇ ਦਾਨੀ ਸੱਜਣਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੜਚੋਲ ਕਰਨ ਕਿ ਉਨ੍ਹਾਂ ਦੁਆਰਾ ਦਿੱਤਾ ਹੋਇਆ ਪੂਰਾ ਪੈਸਾ ਲੋਕਾਂ ਤੱਕ ਪਹੁੰਚ ਰਿਹਾ ਹੈ ਕਿ ਨਹੀਂ। ਉਹ ਆਪਣੇ-ਆਪ ਨੂੰ ਸਿਰਫ ਪੈਸੇ ਦੇਣ ਤੱਕ ਸੀਮਿਤ ਨਾ ਰੱਖਣ ਜਾਂ ਫਿਰ ਪੈਸਾ ਲੋੜਵੰਦਾਂ ਦੇ ਖਾਤਿਆਂ ਵਿਚ ਪਾਇਆ ਜਾਵੇ। ਸਾਨੂੰ ਇਹ ਸਭ ਕੁਝ ਵਿਚੋਲਿਆਂ 'ਤੇ ਨਹੀਂ ਛੱਡਣਾ ਚਾਹੀਦਾ। ਸਰਕਾਰਾਂ ਨੂੰ ਵੀ ਚਾਹੀਦਾ ਅਜਿਹੇ ਸਮਾਜ ਸੇਵੀ ਲੋਕਾਂ ਦੇ ਅੰਕੜੇ ਆਪਣੇ ਕੋਲ ਰੱਖਣ। ਉਨ੍ਹਾਂ ਦਾ ਸਮੇਂ-ਸਮੇਂ 'ਤੇ ਆਡਿਟ ਕੀਤਾ ਜਾਵੇ। ਸੇਵਾ ਕਰਨਾ ਕੋਈ ਗਲਤ ਗੱਲ ਨਹੀਂ ਹੈ, ਪਰ ਸਾਨੂੰ ਗਲਤ ਬੰਦਿਆਂ ਨੂੰ ਪਹਿਚਾਨਣਾ ਹੋਵੇਗਾ, ਤਾਂ ਹੀ ਸਹੀ ਮਦਦ ਸਹੀ ਲੋਕਾਂ ਤੱਕ ਪਹੁੰਚੇਗੀ।

-ਅੰਮ੍ਰਿਤਸਰ। ਮੋਬਾ: 84271-40006

ਫਿਕਰਾਂ ਵਿਚ ਗੁਆਚੇ ਹਾਸੇ

ਅੱਜ ਮਨੁੱਖ ਨੇ ਤਕਰੀਬਨ ਹਰ ਖੇਤਰ ਵਿਚ ਬੇਸ਼ੁਮਾਰ ਤਰੱਕੀ ਕੀਤੀ ਹੋਈ ਹੈ। ਇਸ ਤਰੱਕੀ ਦੇ ਕਰਕੇ ਹੀ ਅੱਜ ਪਿੰਡਾਂ, ਸ਼ਹਿਰਾਂ ਦੀ ਨੁਹਾਰ ਬਦਲੀ ਨਜ਼ਰ ਆ ਰਹੀ ਹੈ। ਤਰ੍ਹਾਂ-ਤਰ੍ਹਾਂ ਦੀਆਂ ਖੋਜਾਂ ਨਾਲ ਮਨੁੱਖ ਨੇ ਹਰ ਕੰਮ ਨੂੰ ਛੇਤੀ ਨਾਲ ਕਰਨ ਦੀ ਮੁਹਾਰਤ ਹਾਸਲ ਕਰ ਲਈ ਹੈ। ਆਧੁਨਿਕ ਖੇਤੀ ਸੰਦਾਂ ਨਾਲ ਕਿਸਾਨਾਂ ਦੀ ਖੇਤੀ ਅੱਜ ਬਹੁਤ ਸੌਖੀ ਹੋ ਗਈ ਹੈ। ਕਈ-ਕਈ ਬੰਦਿਆਂ ਦਾ ਕੰਮ ਅੱਜ ਇਕ-ਦੋ ਬੰਦੇ ਹੀ ਮਿੰਟਾਂ-ਸਕਿੰਟਾਂ ਵਿਚ ਨੇਪਰੇ ਚਾੜ੍ਹਦੇ ਨਜ਼ਰ ਆ ਰਹੇ ਹਨ। ਘਰ-ਘਰ ਵਿਚ ਚਲਦੀਆਂ ਗੱਡੀਆਂ-ਮੋਟਰਾਂ ਨੇ ਨਲਕਿਆਂ ਦੀਆਂ ਡੰਡੀਆਂ ਤੋਂ ਖਹਿੜਾ ਛੁਡਵਾ ਦਿੱਤਾ ਹੈ ਜੋ ਬਟਨ ਦੱਬਣ ਨਾਲ ਹੀ ਮਿੰਟਾਂ-ਸਕਿੰਟਾਂ ਵਿਚ ਪਾਣੀ ਦੀਆਂ ਵੱਡੀਆਂ-ਵੱਡੀਆਂ ਟੈਂਕੀਆਂ ਨੂੰ ਉਛਾਲ ਦਿੰਦੀਆਂ ਹਨ। ਅੱਜ ਤਕਰੀਬਨ ਹਰ ਮਨੁੱਖ ਦੀ ਜੇਬ ਵਿਚ ਖੜਕਦੇ ਮੋਬਾਈਲ ਫੋਨਾਂ ਨੇ ਸਾਰੀ ਦੁਨੀਆ ਜਿਵੇਂ ਮੁੱਠੀ ਵਿਚ ਬੰਦ ਕਰ ਦਿੱਤੀ ਹੈ। ਬਹੁਤ ਸਾਰੇ ਲੋਕਾਂ ਵਲੋਂ ਇਸ ਮੋਬਾਈਲ ਫੋਨ ਦੇ ਜ਼ਰੀਏ ਆਪਣੇ ਵੱਡੇ-ਵੱਡੇ ਕਾਰੋਬਾਰਾਂ ਦੇ ਦੇਣ-ਲੈਣ ਇਸ ਉੱਪਰ ਉਂਗਲੀਆਂ ਮਾਰ ਕੇ ਮਿੰਟਾਂ-ਸਕਿੰਟਾਂ ਵਿਚ ਕੀਤੇ ਜਾ ਰਹੇ ਹਨ। ਕਿਸੇ ਵੇਲੇ ਬੜੇ ਸ਼ਾਨ ਨਾਲ ਕੀਤੀ ਜਾਣ ਵਾਲੀ ਸਾਈਕਲ ਦੀ ਸਵਾਰੀ ਅੱਜ ਅਲੋਪ ਹੁੰਦੀ ਜਾ ਰਹੀ ਹੈ। ਸਾਈਕਲ ਦੀ ਥਾਂ ਅੱਜ ਘਰ-ਘਰ ਖੜ੍ਹੇ ਮੋਟਰਸਾਈਕਲਾਂ ਅਤੇ ਗੱਡੀਆਂ ਨੇ ਲੈ ਲਈ ਹੈ, ਜਿਨ੍ਹਾਂ ਰਾਹੀਂ ਲੋਕ ਘੰਟਿਆਂ ਬੱਧੀ ਦਾ ਸਫ਼ਰ ਮਿੰਟਾਂ ਵਿਚ ਪੂਰਾ ਕਰਦੇ ਦਿਖਾਈ ਦੇ ਰਹੇ ਹਨ। ਪਰ ਹੁਣ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਐਨੀਆਂ ਜ਼ਿਆਦਾ ਐਸ਼ੋ-ਆਰਾਮ ਵਾਲੀਆਂ ਲਹੂਲਤਾਂ ਦੇ ਬਾਵਜੂਦ ਅੱਜ ਹਰੇਕ ਮਨੁੱਖ ਝੋਰੇ-ਫਿਕਰਾਂ ਵਿਚ ਦੱਬਿਆ ਹੋਇਆ ਜਿਵੇਂ ਖਿੜ-ਖਿੜ ਕਰਦੇ ਹਾਸੇ ਹੱਸਣਾ ਹੀ ਭੁੱਲਦਾ ਜਾ ਰਿਹਾ ਹੈ। ਦੇਸ਼ ਵਿਚ ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਅੱਜ ਹਰੇਕ ਵਿਅਕਤੀ ਨੂੰ ਆਪਣੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਹਰੇਕ ਮਾਪਾ ਚਾਹੁੰਦਾ ਹੈ ਕਿ ਉਸ ਦਾ ਬੱਚਾ ਵਧੀਆ ਪੜ੍ਹਾਈ-ਲਿਖਾਈ ਕਰਕੇ ਕਿਸੇ ਚੰਗੇ ਅਹੁਦੇ 'ਤੇ ਬਿਰਾਜਮਾਨ ਹੋ ਜਾਵੇ ਪਰ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਰਾਜ ਦੇ ਸਰਕਾਰੀ ਸਕੂਲਾਂ ਤੋਂ ਤਾਂ ਜਿਵੇਂ ਲੋਕਾਂ ਦਾ ਵਿਸ਼ਵਾਸ ਹੀ ਉਠਦਾ ਜਾ ਰਿਹਾ ਹੈ। ਅਨੇਕਾਂ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਲਈ ਪੂਰੇ ਅਧਿਆਪਕ ਹੀ ਨਹੀਂ ਹਨ ਅਤੇ ਜਿਹੜੇ ਹਨ, ਉਨ੍ਹਾਂ ਨੂੰ ਸਰਕਾਰ ਵਲੋਂ ਅਨੇਕਾਂ ਗ਼ੈਰ-ਵਿੱਦਿਅਕ ਕੰਮਾਂ ਵਿਚ ਉਲਝਾ ਕੇ ਰੱਖਿਆ ਹੋਇਆ ਹੈ, ਜਿਸ ਕਰਕੇ ਲੋਕਾਂ ਨੂੰ ਮਜਬੂਰੀ ਵੱਸ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਇਆ ਜਾ ਰਿਹਾ ਹੈ। ਲੋਕਾਂ ਦੀ ਕਮਾਈ ਦਾ ਅੱਜ ਇਕ ਵੱਡਾ ਹਿੱਸਾ ਇਨ੍ਹਾਂ ਮਹਿੰਗੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਉੱਪਰ ਹੀ ਖਰਚ ਹੋ ਰਿਹਾ ਹੈ। ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਵਧ ਰਹੀ ਮਹਿੰਗਾਈ ਕਾਰਨ ਕਿਸਾਨਾਂ ਦੇ ਖੇਤੀ ਖਰਚੇ ਤਾਂ ਹਰ ਸਾਲ ਵਧਦੇ ਜਾ ਰਹੇ ਹਨ ਪਰ ਸਰਕਾਰ ਵਲੋਂ ਖਰਚਿਆਂ ਦੇ ਮੁਕਾਬਲੇ ਉਨ੍ਹਾਂ ਦੀਆਂ ਫਸਲਾਂ ਦੇ ਸਮਰਥਨ ਮੁੱਲਾਂ ਵਿਚ ਨਾਮਾਤਰ ਵਾਧਾ ਹੀ ਕੀਤਾ ਜਾ ਰਿਹਾ ਹੈ। ਇਹ ਸਭ ਕਰਕੇ ਅੱਜ ਖੇਤੀ ਇਕ ਘਾਟੇ ਵਾਲਾ ਸੌਦਾ ਹੀ ਬਣਦੀ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਚੜ੍ਹੇ ਮਹੀਨੇ ਆਉਂਦੇ ਬਿਜਲੀ ਦੇ ਬਿੱਲ, ਬੱਚਿਆਂ ਦੀਆਂ ਫੀਸਾਂ, ਗੈਸ ਸਿਲੰਡਰ ਦੇ ਖਰਚੇ, ਮੋਬਾਈਲ ਦੇ ਰੀਚਾਰਜ, ਵਾਹਨਾਂ ਦੇ ਬਲਦੇ ਪੈਟਰੋਲ ਅਤੇ ਰੋਜ਼ਾਨਾ ਚੁੱਲ੍ਹੇ ਵਿਚ ਹੁੰਦੇ ਖਰਚਿਆਂ ਨਾਲ ਲੋਕਾਂ ਦਾ ਦਿਵਾਲਾ ਨਿਕਲਿਆ ਰਹਿੰਦਾ ਹੈ। ਹੋਰ ਤਾਂ ਹੋਰ, ਆਏ ਦਿਨ ਵਧਦੀਆਂ ਜਾ ਰਹੀਆਂ ਵੱਖ-ਵੱਖ ਬਿਮਾਰੀਆਂ ਨਾਲ ਜੂਝਦੇ ਹੋਏ ਲੋਕ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਹੁੰਦੇ ਜਾ ਰਹੇ ਹਨ। ਇਹ ਸਭ ਲਈ ਜਿਥੇ ਸਮੇਂ ਦੀਆਂ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ, ਉਥੇ ਇਹ ਸਭ ਲਈ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ, ਕਿਉਂਕਿ ਅਸੀਂ ਐਸ਼ਪ੍ਰਸਤੀ ਅਤੇ ਦਿਖਾਵੇ ਦੇ ਚੱਕਰਾਂ ਵਿਚ ਅਨੇਕਾਂ ਨਾਜਾਇਜ਼ ਖਰਚਿਆਂ ਨੂੰ ਵੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ, ਜਿਨ੍ਹਾਂ ਦੀ ਪੂਰਤੀ ਲਈ ਸਾਨੂੰ ਅੱਜ ਓਨੀ ਆਮਦਨ ਨਹੀਂ ਹੋ ਰਹੀ ਹੈ। ਸੋ, ਸਾਨੂੰ ਸਭ ਨੂੰ ਝੋਰੇ-ਫਿਕਰਾਂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਜਿਥੇ ਸਾਦਾ ਜੀਵਨ ਜਿਊਣ ਦੀ ਆਦਤ ਪਾਉਣੀ ਚਾਹੀਦੀ ਹੈ, ਉਥੇ ਇਕ-ਦੂਜੇ ਨੂੰ ਦੇਖ ਕੇ ਅੱਡੀਆਂ ਚੁੱਕ ਕੇ ਫਾਹਾ ਲੈਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਸਭ ਨਾਲ ਹੀ ਸਾਡੇ ਚਿਹਰਿਆਂ 'ਤੇ ਬਣਾਉਟੀ ਮੁਸਕਰਾਹਟ ਦੀ ਥਾਂ ਅਸਲੀ ਹਾਸਾ ਮੁੜ ਪਰਤ ਆਉਣਾ ਸੰਭਵ ਹੋਵੇਗਾ।

-ਚੜਿੱਕ (ਮੋਗਾ)। ਮੋਬਾ: 94654-11585
E-mail : rajagill585@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX