ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  about 2 hours ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  about 2 hours ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 2 hours ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 3 hours ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 3 hours ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 3 hours ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 3 hours ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 4 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 3 hours ago
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ ਇਕਵੰਜਾ ਲੱਖ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਲੜਕੇ ਵਾਲਿਆਂ ਦੇ ਜਾਂਦਿਆਂ ਹੀ ਮਨਮੋਹਨ ਨੇ ਭਾਂਪਿਆ ਕਿ ਉਸ ਦੇ ਪਿਤਾ ਉਦਾਸ ਹਨ | ਸਾਰਾ ਪਰਿਵਾਰ ਚੁੱਪ-ਚੁੱਪ | ਸਾਰੇ ਇਕੱਠੇ ਬੈਠ ਗਏ | ਸ਼ਰੂਤੀ ਦੇ ਪਿਤਾ ਦੀ ਰਾਏ ਸੀ ਕਿ ਘਰ ਤੇ ਲੜਕਾ ਤਾਂ ਅੱਛੇ ਨੇ, ਲੜਕੇ ਦਾ ਬਿਜ਼ਨੈਸ ਵੀ ਪੂਰਾ ਸੈੱਟ ਹੈ, ਪਰ ਡਿਮਾਂਡ ਵੱਡੀ ਹੈ ਤੇ ਅਸੀਂ ਇਸ ਸਟੇਜ 'ਤੇ ਆਸਾਨੀ ਨਾਲ ਪੂਰੀ ਨਹੀਂ ਕਰ ਸਕਦੇ | ਸ਼ਰੂਤੀ ਦਾ ਭਰਾ ਮਨਮੋਹਨ ਤਾਂ ਗੁੱਸੇ ਨਾਲ ਭਰਿਆ ਪੀਤਾ ਸੀ, 'ਇਹੋ ਜਿਹੀ ਡਿਮਾਂਡ ਰੱਖਣ ਵਾਲਿਆਂ ਦੇ ਘਰ ਅਸੀਂ ਆਪਣੀ ਭੈਣ ਦਾ ਰਿਸ਼ਤਾ ਕਿਵੇਂ ਕਰ ਸਕਦੇ ਹਾਂ |' ਉਹਨੇ ਕਿਹਾ ਹੀ ਸੀ ਕਿ ਸ਼ਰੂਤੀ ਬੋਲੀ, 'ਬਿਲਕੁਲ ਠੀਕ ਕਹਿੰਦੈ ਮਨਮੋਹਨ, ਡੈਡੀ ਮੈਨੂੰ ਸਭ ਕੁਝ ਠੀਕ ਲੱਗ ਰਿਹਾ ਸੀ ਮੰੁਡੇ ਦੇ ਮਾਮੇ ਦੇ ਆਉਣ ਤੋਂ ਪਹਿਲਾਂ ਪਰ ਉਸ ਦੇ ਆਉਣ ਤੋਂ ਬਾਅਦ ਉਸ ਦੀ ਗੱਲਬਾਤ ਦਾ ਅੰਦਾਜ਼ ਤੇ ਫਿਰ 51 ਲੱਖ ਰੁਪਏ ਦੀ ਡਿਮਾਂਡ ਸੁਣ ਕੇ, ਮੈਂ ਇਨਕਾਰ ਕਰਦੀ ਹਾਂ, ਅਜਿਹੇ ਘਰ 'ਚ ਰਿਸ਼ਤੇ ਤੋਂ | ਉਹ ਲੜਕਾ ਜਿਸ ਨਾਲ ਮੇਰੀ ਸ਼ਾਦੀ ਹੋਣੀ ਹੈ, ਉਹ ਵੀ ਤਾਂ ਸੁਣ ਹੀ ਰਿਹਾ ਸੀ, ਉਸ ਦੇ ਮਾਮੇ ਨੇ ਜਦੋਂ ਸਪੱਸ਼ਟ ਤੌਰ 'ਤੇ ਰਿਸ਼ਤਾ ਕਰਨ ਲਈ 51 ਲੱਖ ਰੁਪਏ ਦੇਣ ਦੀ ਸ਼ਰਤ ਰੱਖੀ | ਸੋ ਜੇ ਸਾਡੇ ਕੋਲ, ਬਹੁਤ ਪੈਸੇ ਹੋਣ ਵੀ ਤੇ ਅਸੀਂ ਆਸਾਨੀ ਨਾਲ ਦੇ ਸਕਦੇ ਹੋਈਏ, ਤਾਂ ਵੀ ਨਹੀਂ ਦੇਣੇ |'
ਬੱਚਿਆਂ ਦੇ ਵਿਚਾਰ ਸੁਣ ਕੇ, ਮਾਂ ਜਿਹੜੀ ਪਹਿਲਾਂ ਸੋਚਦੀ ਸੀ ਕਿ ਕਿਸੇ ਤਰ੍ਹਾਂ ਇਸ ਘਰ ਰਿਸ਼ਤਾ ਹੋ ਜਾਵੇ, ਹੁਣ ਸੋਚਣ ਲੱਗੀ ਕਿ ਲੋਭੀ ਦਾ ਤਾਂ ਵਾਕਈ ਪੇਟ ਭਰਨਾ ਸੰਭਵ ਹੀ ਨਹੀਂ, ਇਕ ਗੱਲ ਪੂਰੀ ਕਰੋ ਤਾਂ ਇਕ ਨਵੀਂ ਮੰਗ ਰੱਖ ਦੇਣਗੇ | ਸੋ ਵਾਕਈ ਅਜਿਹਿਆਂ ਨਾਲ ਰਿਸ਼ਤਾ ਜੋੜਨਾ ਸਿਰ-ਪ੍ਰੇਸ਼ਾਨੀ ਮੁੱਲ ਲੈਣ ਵਾਲੀ ਗੱਲ ਹੈ |
ਗੱਲਾਂ ਕਰਦਿਆਂ, ਮਸਲੇ ਨੂੰ ਵਿਚਾਰਦਿਆਂ ਮਨਮੋਹਨ ਜਵਾਨੀ ਦੇ ਜੋਸ਼ ਵਿਚ ਅੰਦਰਖਾਤੇ, ਮਨ ਹੀ ਮਨ ਇਹ ਸੋਚ ਰਿਹਾ ਸੀ, ਰਿਸ਼ਤਾ ਤੇ ਐਸੀ ਥਾਏਾ ਹੁਣ ਕਰਨਾ ਹੀ ਨਹੀਂ, ਉਸ ਹੈਾਕੜ ਵਾਲੇ ਐਮ.ਐਲ.ਏ. ਅਰਥਾਤ ਇਹੋ ਜਿਹੇ ਲਾਲਚੀ ਬੰਦਿਆਂ ਨੂੰ ਸੂਤ ਕਿੱਦਾਂ ਕੀਤਾ ਜਾਵੇ |
ਉਹਨੂੰ ਸੁਝ ਗਈ | ਉਹਨੇ ਆਪਣੀ ਫ਼ੋਨ ਗੈਲਰੀ 'ਚ ਜਾ ਕੇ ਦੇਖਿਆ | ਬਿਲੁਕਲ ਸਾਫ਼ ਆਵਾਜ਼ ਵਾਲੀ ਆਡੀਓ ਫ਼ਿਲਮ ਕਾਇਮ ਸੀ ਜਿਸ ਵਿਚ ਐਮ.ਐਲ.ਏ. ਨੇ 51 ਲੱਖ ਰੁਪਏ ਦੀ ਡਿਮਾਂਡ ਰੱਖੀ ਸੀ ਤੇ ਨਾਲੇ ਭੈਣ ਅਰਥਾਤ ਲੜਕੇ ਦੀ ਮਾਂ ਵੀ ਕਹਿ ਰਹੀ ਸੀ ਕਿ 'ਜੋ ਤੁਸੀਂ ਫੈਸਲਾ ਲਓ, ਉਹੀ ਸਾਡਾ ਫੈਸਲਾ ਹੈ |' ਉਹਨੇ ਸਾਰੀ ਫ਼ਿਲਮ ਆਪਣੀ ਭੈਣ ਤੇ ਮੰਮੀ-ਡੈਡੀ ਨੂੰ ਦਿਖਾਈ ਤੇ ਸੁਣਾਈ |
ਐਮ.ਐਲ.ਏ. ਸਤੀਸ਼ ਇਸ ਗੱਲ ਤੋਂ ਬੇਖ਼ਬਰ ਸੀ ਕਿ ਉਸ ਵੇਲੇ ਇਤਫਾਕਨ ਕੁੜੀ ਦਾ ਭਰਾ ਵੀਡੀਓ ਫ਼ਿਲਮ ਬਣਾ ਰਿਹਾ ਸੀ, ਜਦੋਂ ਉਹ ਅਜਿਹੀ ਮੰਗ ਰਿਸ਼ਤਾ ਕਰਨ ਵਾਸਤੇ ਰੱਖ ਰਿਹਾ ਸੀ |
'ਹੁਣ ਦੇਖੋ ਕੀ ਹਾਲ ਕਰਦਾ ਹਾਂ ਮੈਂ | ਇਸ ਐਮ.ਐਲ.ਏ. ਦੀ ਐਸੀ ਕੀ ਤੈਸੀ | ਇਲੈਕਸ਼ਨ 'ਚ ਕੇਵਲ 10 ਦਿਨ ਬਾਕੀ ਹਨ |' ਮਨਮੋਹਨ ਨੇ ਫਟਾਫਟ ਉਸ ਵੀਡੀਓ ਦੀਆਂ ਤਿੰਨ ਚਾਰ ਸੀ.ਡੀਜ਼ ਬਣਵਾਈਆਂ, ਆਪਣੇ ਤਿੰਨ-ਚਾਰ ਦੋਸਤਾਂ ਨਾਲ ਰਾਏ ਕੀਤੀ | ਆਪਣੇ ਪਿਤਾ ਜੀ ਨੂੰ ਕਿਹਾ ਕਿ ਫੋਨ ਤੇ ਐਮ.ਐਲ.ਏ. ਨੂੰ ਰਿਸ਼ਤੇ ਲਈ ਨਾਂਹ ਕਰ ਦਿਓ | ਨਾਲ ਹੀ ਆਪਣੇ ਇਕ ਦੋਸਤ ਤੋਂ ਫੋਨ ਕਰਵਾ ਦਿੱਤਾ ਐਮ.ਐਲ.ਏ. ਸਾਹਿਬ ਨੂੰ , 'ਕਿਉਂ ਜੀ ਸਤੀਸ਼ ਬਾਬੂ ਸਾਹਿਬ, ਆਪਣੇ ਇਲੈਕਸ਼ਨ ਫੰਡਿੰਗ ਵਾਸਤੇ ਆਪਣੇ ਭਾਣਜੇ ਦੀ ਕੀਮਤ ਲਗਾ ਰਹੇ ਹੋ 51 ਲੱਖ ਰੁਪਏ | ਵੀਡੀਓ ਵਾਇਰਲ ਹੋ ਰਹੀ ਹੈ | ਤੁਹਾਡੀ ਵਿਰੋਧੀ ਪਾਰਟੀ ਵਾਲਿਆਂ ਨੂੰ ਕਾਪੀ ਦਿੰਦੇ ਹਾਂ ਤੇ ਯੂ-ਟਿਊਬ 'ਤੇ ਵੀ ਪਾਉਂਦੇ ਹਾਂ, ਦੇਖੋ ਹੁਣੇ ਥੋੜ੍ਹੇ ਮਿੰਟਾਂ ਵਿਚ ਹੀ? ਫਿਰ ਦੇਖੋ ਕਿਸ ਤਰ੍ਹਾਂ ਤੁਸੀਂ ਇਲੈਕਸ਼ਨ ਜਿੱਤਦੇ ਹੋ?' ਇਹ ਕਹਿ ਕੇ ਫੋਨ ਰੱਖ ਦਿੱਤਾ |
ਐਮ.ਐਲ.ਏ. ਸਾਹਿਬ 'ਤੇ ਇਕ ਰੰਗ ਆਵੇ ਇਕ ਜਾਵੇ | ਉਨ੍ਹਾਂ ਨੇ ਵਾਪਸ ਉਸ ਨੰਬਰ 'ਤੇ ਫੋਨ ਕੀਤਾ | ਮਨਮੋਹਨ ਦਾ ਦੋਸਤ ਜਿਗਰੇ ਵਾਲਾ ਸੀ, ਉਸ ਨੇ ਕਿਹਾ, 'ਜੇ ਤਿੱਖੀ ਆਵਾਜ਼ ਵਿਚ ਬੋਲੇ, ਐਮ.ਐਲ.ਏ. ਸਾਹਿਬ ਤਾਂ ਕੁਝ ਮਿੰਟ ਵੀ ਨਹੀਂ ਦੇਣੇ, ਜੇ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੌਕਾ ਵੀ ਨਹੀਂ ਦੇਣਾ | ਤੁਹਾਡੇ ਜਿਹੇ ਢੌਾਗੀਆਂ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ | ਫਿਰ ਵੀ ਜੇ ਆਪਣੀ ਬਦਤਮੀਜ਼ੀ ਦੀ ਖਿਮਾ ਮੰਗਣੀ ਹੈ ਤਾਂ ਸਾਡੀ ਉਸ ਭੈਣ ਤੋਂ ਜਾ ਕੇ ਮੰਗੋ, ਜਿਸ ਨਾਲ ਰਿਸ਼ਤਾ ਕਰਨ ਦੀ ਸ਼ਰਤ ਤੁਸੀਂ 51 ਲੱਖ ਰੁਪਏ ਲਾਈ ਹੈ, ਉਹ ਹੀ ਮੁਆਫ਼ ਕਰ ਸਕਦੀ ਹੈ | ਸਾਡੇ ਨਾਲ ਪੰਗਾ ਲਿਆ ਤਾਂ 10 ਮਿੰਟ ਵੀ ਨਹੀਂ ਦਿਆਂਗੇ |'
ਐਮ.ਐਲ.ਏ. ਸਮਝ ਗਿਆ | ਜੇਕਰ ਆਪਣੇ ਹਮਾਇਤੀਆਂ ਨਾਲ ਗੱਲ ਕਰਦੈ, ਤਾਂ ਵੀ ਪੁਜੀਸ਼ਨ ਖਰਾਬ ਹੁੰਦੀ ਹੈ, ਰਿਸ਼ਤੇਦਾਰਾਂ ਨਾਲ ਤਾਂ ਵੀ | ਜੇ ਪੁਲਿਸ ਪ੍ਰਸ਼ਾਸਨ ਰਾਹੀਂ ਡਰਾਉਂਦੈ ਤਾਂ ਗੱਲ ਹੋਰ ਵੀ ਤੇਜ਼ੀ ਨਾਲ ਫੈਲੇਗੀ, ਜੇ ਕਿਧਰੇ ਵੀਡੀਓ ਸੋਸ਼ਲ ਮੀਡੀਆ 'ਤੇ ਪੈ ਗਈ ਤਾਂ ਜਿੱਤਣਾ ਤਾਂ ਕੀ ਹੈ, ਉਸ 'ਤੇ ਫ਼ੌਜਦਾਰੀ ਕੇਸ ਬਣ ਸਕਦਾ ਹੈ | ਵਿਰੋਧੀ ਪਾਰਟੀ ਨੂੰ ਤਾਂ ਬਹੁਤ ਹੀ ਵੱਡਾ ਹੈਾਡਲ ਮਿਲ ਜਾਵੇਗਾ |
ਇਸ ਲਈ ਉਹ ਇਕੱਲਾ ਹੀ ਆਪਣੀ ਭੈਣ ਤੇ ਭਣੇਵੇਂ ਨੂੰ ਲੈ ਕੇ ਲੜਕੀ ਵਾਲਿਆਂ ਦੇ ਘਰ ਪਹੁੰਚਿਆ | ਪਹਿਲਾਂ ਡਰਾਇਆ, ਪਰ ਇਕਦਮ ਹੀ ਤਰਲਿਆਂ 'ਤੇ ਆ ਗਿਆ | ਲੜਕੀ ਤੇ ਉਸ ਦੇ ਭਰਾ ਨੇ ਕਿਹਾ ਕਿ ਤੁਹਾਡੇ ਜਿਹੇ ਲੋਭੀਆਂ ਨਾਲ ਰਿਸ਼ਤਾ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ |
ਚੰਦ ਮਿੰਟਾਂ 'ਚ ਮਨਮੋਹਨ ਦੇ ਦੋ ਦੋਸਤ ਵੀ ਉਥੇ ਪਹੁੰਚ ਗਏ | ਇਕ ਨੇ ਕਿਹਾ ਕਿ ਇਸ ਗੱਲ 'ਚ ਇਸ ਤੋਂ ਘੱਟ ਕੋਈ ਫੈਸਲਾ ਨਹੀਂ ਕਿ ਐਮ.ਐਲ.ਏ., ਉਸ ਦੀ ਭੈਣ ਤੇ ਭਣੇਵਾਂ ਗਿੜਗਿੜਾ ਕੇ ਆਪਣੀ ਲੋਭੀ ਬਿਰਤੀ 'ਤੇ 51 ਲੱਖ ਰੁਪਏ ਰਿਸ਼ਤੇ ਲਈ ਡਿਮਾਂਡ ਕਰਨ ਦੀ ਕੋਝੀ ਹਰਕਤ ਲਈ ਮੁਆਫ਼ੀ ਮੰਗਣ ਤੇ ਨਾਲ 51 ਲੱਖ ਰੁਪਏ ਹਰਜ਼ਾਨੇ ਵਜੋਂ ਸਾਡੀ ਹੀਰੇ ਵਰਗੀ ਭੈਣ ਦੀ ਇੱਜ਼ਤ ਹੱਤਕ ਦੇ ਹਰਜ਼ਾਨੇ ਵਜੋਂ ਦੇਣ | ਇਸ ਦੀ ਵੀਡੀਓ ਬਣਾ ਕੇ ਰੱਖੀ ਜਾਵੇਗੀ, ਤਾਂ ਕਿ ਜੇਕਰ ਐਮ.ਐਲ.ਏ. ਕਿਸੇ ਵੇਲੇ ਵੀ ਬਦਲਾ ਲੈਣ ਲਈ ਕੋਈ ਹਰਕਤ ਕਰਦਾ ਹੈ ਤਾਂ ਉਨ੍ਹਾਂ ਨੂੰ ਸੂਤ ਕੀਤਾ ਜਾ ਸਕੇ |
ਅਸੀਂ ਹਰਜਾਨੇ ਵਲੋਂ ਦਿੱਤੇ 51 ਲੱਖ ਰੁਪਏ ਗੰੂਗੇ ਬਹਿਰੇ ਬੱਚਿਆਂ ਦੇ ਸਕੂਲ 'ਚ ਦਾਨ ਕਰ ਦੇਵਾਂਗੇ | ਪਰ ਐਮ.ਐਲ.ਏ. ਨੂੰ ਜ਼ਰੂਰ ਦੇਣੇ ਪੈਣਗੇ |
ਐਮ.ਐਲ.ਏ. ਪਹਿਲੀ ਵੀਡੀਓ ਨੂੰ ਨਸ਼ਟ ਕਰਨ ਬਾਰੇ ਕਹਿਣੋਂ ਜਾਂ ਉਨ੍ਹਾਂ ਨੂੰ ਧਮਕਾਉਣ ਤੋਂ ਗੁਰੇਜ਼ ਕਰ ਰਿਹਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਇਸ ਦੀਆਂ ਕਈ ਕਾਪੀਆਂ ਹੋ ਚੁੱਕੀਆਂ ਹੋਣਗੀਆਂ ਕਿਉਂਕਿ ਮੰੁਡੇ ਆਈ.ਟੀ. ਇੰਜੀਨੀਅਰ ਨੇ | ਇਲੈਕਸ਼ਨ ਦੇ ਦਿਨ ਹੋਣ ਕਰਕੇ ਐਮ.ਐਲ.ਏ. ਸਾਹਿਬ ਦੀ ਸਿਟੀ-ਬਿਟੀ ਗੁਲ ਹੋ ਰਹੀ ਸੀ |
ਸਿਆਸਤਦਾਨ ਹੋਣ ਕਰਕੇ ਬੰਦ ਕਮਰੇ 'ਚ ਕਿਸੇ ਕਦਰ ਵੀ ਮੁਆਫ਼ੀ ਮੰਗਣ ਤੋਂ ਤਾਂ ਉਨ੍ਹਾਂ ਨੂੰ ਇਨਕਾਰ ਨਹੀਂ ਸੀ, ਬਸ਼ਰਤੇ ਉਸ ਦੀ ਵੀਡੀਓ ਨਾ ਬਣਾਈ ਜਾਵੇ | ਪਰ 51 ਲੱਖ ਰੁਪਏ ਆਉਣ ਦੀ ਥਾਏਾ, 51 ਲੱਖ ਰੁਪਏ ਹਰਜਾਨੇ ਵਜੋਂ ਲੈਣ 'ਤੇ ਅੜੇ ਹੋਏ ਸਨ ਤੇ ਐਮ.ਐਲ.ਏ. ਦੀ ਤਰਫੋਂ ਜ਼ਰਾ ਜਿਹੀ ਬਦ-ਜ਼ਬਾਨੀ, ਧਮਕੀ ਜਾਂ ਦੇਰੀ ਦੇ ਫਲ-ਸਰੂਪ ਨੌਜਵਾਨ ਜੇ ਸੋਸ਼ਲ ਮੀਡੀਆ 'ਤੇ ਪਾ ਦਿੰਦੇ ਨੇ ਤਾਂ ਐਮ.ਐਲ.ਏ. ਦੇ ਜਿੱਤਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਪਹਿਲਾਂ ਖ਼ਰਚੇ ਕਈ ਲੱਖ ਵੀ ਪਾਣੀ 'ਚ ਪੈ ਜਾਣਗੇ, ਸੋਚ ਕੇ ਐਮ.ਐਲ.ਏ. ਨੂੰ ਤਰੇਲੀਆਂ ਆ ਰਹੀਆਂ ਸਨ | (ਸਮਾਪਤ)

-ਮੋਬਾਈਲ : 98155-09390.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ :ਅੰਤਰ

ਕਈ ਵਰ੍ਹੇ ਪਹਿਲਾਂ ਮੈਂ ਤੇ ਮੇਰੀ ਮਾਂ ਕਿਸੇ ਦੂਰ ਵਾਟ ਦੀ ਰਿਸ਼ਤੇਦਾਰੀ 'ਚੋਂ ਵਾਪਸ ਆ ਰਹੇ ਸਾਂ | ਉਸ ਦਿਨ ਐਤਵਾਰ ਸੀ | ਸ਼ਹਿਰ ਵਿਚ ਹੋ ਰਹੇ ਸਾਹਿਤਕ ਸਮਾਗਮ ਦਾ ਸੱਦਾ ਮੈਨੂੰ ਆਇਆ ਹੋਇਆ ਸੀ | ਇਹ ਬਹੁਤ ਰੁਝੇਵੇਂ ਵਾਲਾ ਦਿਨ ਸੀ ਪਰ ਰਾਹ ਜਾਂਦੇ ਪਾੜਾ ਕੱਢਣ ਵਾਲੀ ਗੱਲ ਵਾਂਗ ਮੈਂ ਗੱਡੀ ਸਮਾਗਮ ਵਾਲੀ ਥਾਂ 'ਤੇ ਲੈ ਗਿਆ ਤੇ ਮਾਂ ਨੂੰ ਨਾਲ ਲੈ ਕੇ ਅੰਦਰ ਚਲਾ ਗਿਆ | ਸਮਾਗਮ ਚੱਲ ਰਿਹਾ ਸੀ | ਕਵੀਆਂ ਤੇ ਸਰੋਤਿਆਂ ਦੀ ਗਿਣਤੀ ਵੀ ਚੰਗੀ ਸੀ |
ਮੈਂ ਤੇ ਮੇਰੀ ਮਾਂ ਕੁਰਸੀਆਂ 'ਤੇ ਬਹਿ ਗਏ ਸਾਂ | ਸਕੱਤਰ ਨੇ ਮੰਚ ਤੋਂ ਮੇਰੀ ਮਾਂ ਨੂੰ ਵਿਸ਼ੇਸ਼ ਤੌਰ 'ਤੇ ਜੀ ਆਇਆਂ ਕਿਹਾ ਸੀ | ਰਲਵੀਆਂ-ਮਿਲਵੀਆਂ ਜਿਹੀਆਂ ਕਵਿਤਾਵਾਂ ਸੁਣੀਆਂ-ਸੁਣਾਈਆਂ ਜਾ ਰਹੀਆਂ ਸਨ | ਸਮਾਗਮ ਪੂਰਾ ਮਘਿਆ ਹੋਇਆ ਸੀ |
ਵਾਰੀ ਆਉਣ 'ਤੇ ਮੇਰਾ ਨਾਂਅ ਬੋਲਿਆ ਗਿਆ | ਮੈਂ ਆਪਣੀ ਗ਼ਜ਼ਲ ਸੁਣਾਈ ਤੇ ਕੁਝ ਦੇਰ ਬਾਅਦ ਕਿਤੇ ਜ਼ਰੂਰੀ ਜਾਣ ਕਾਰਨ ਮੰਚ ਸਕੱਤਰ ਤੋਂ ਮੁਆਫ਼ੀ ਮੰਗ ਕੇ ਮਾਂ ਨੂੰ ਲੈ ਕੇ ਕਾਰ 'ਚ ਆ ਬੈਠਾ ਸਾਂ |
ਮੇਰੇ ਕਾਰ ਨੂੰ ਚਾਬੀ ਲਾਉਣ ਤੋਂ ਪਹਿਲਾਂ ਹੀ ਮਾਂ ਬੋਲੀ, 'ਹੈਾ ਵੇ, ਇਕ ਤੇਰੇ ਤੋਂ ਪਹਿਲਾਂ ਲੇਲ੍ਹੜੀਆਂ ਜਿਹੀਆਂ ਕੱਢੀ ਜਾਂਦਾ ਸੀ | ਉਹਦੀ ਸਮਝ ਤਾਂ ਕੋਈ ਆਉਂਦੀ ਨਹੀਂ ਸੀ, ਬਈ ਕੀ ਕਹਿੰਦੈ |'
'ਮਾਤਾ! ਉਹ ਆਪਣੀ ਕਵਿਤਾ ਸੁਣਾ ਰਿਹਾ ਸੀ', ਮੈਂ ਦੱਸਿਆ ਸੀ |
'ਢੇਕਾ ਕਵਿਤਾ ਦਾ, ਕਵਿਤਾ ਐਹੋ ਜਿਹੀ ਹੁੰਦੀ ਐ? ਉਹ ਤਾਂ ਖੜ੍ਹਾ ਗੱਲਾਂ ਕਰੀ ਜਾਂਦਾ ਸੀ, ਉਘੜ-ਦੁਘੜ ਜਿਹੀਆਂ |' ਮੇਰੀ ਮਾਂ ਬੇਬਾਕ ਹੋ ਕੇ ਬੋਲੀ |
'ਮਾਤਾ! ਉਸ ਦੀ ਕਵਿਤਾ ਖੁੱਲ੍ਹੀ ਸੀ', ਮੈਂ ਦੱਸਿਆ |
'ਫਿਰ ਕਵਿਤਾ ਦਾ ਤੈਨੂੰ ਵੀ ਨਹੀਂ ਪਤਾ | ਉਹ ਭਾਸ਼ਣ ਦੇਣ ਰਿਹਾ ਸੀ, ਕਵਿਤਾ ਇਹੋ ਜਿਹੀ ਨਹੀਂ ਹੁੰਦੀ', ਮਾਂ ਸਹਿਜੇ ਹੀ ਕਹਿ ਗਈ ਸੀ |
ਉਸ ਦੀ ਗੱਲ ਸੁਣ ਕੇ ਮੈਂ ਸੋਚੀਂ ਪੈ ਗਿਆ ਸੀ ਕਿ ਮੇਰੀ ਅਨਪੜ੍ਹ ਮਾਂ ਨੂੰ ਕਵਿਤਾ ਤੇ ਗੱਲਾਂ ਦਾ ਅੰਤਰ ਦਾ ਤਾਂ ਪਤੈ ਪਰ ਪੜ੍ਹੇ-ਲਿਖੇ ਇਸ ਗੱਲ ਨੂੰ ਸਮਝ ਹੀ ਨਹੀਂ ਰਹੇ |

-ਏ-1, ਜੁਝਾਰ ਨਗਰ, ਮੋਗਾ-142001.
ਮੋਬਾਈਲ : 98555-43660.

ਮਿਹਨਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਮਧਾਣੀ ਇਕੱਲੀ ਮੱਖਣ ਨਹੀਂ ਕੱਢ ਸਕਦੀ ਤੇ ਨਾ ਦਹੀਂ ਹੀ ਆਪ ਮੱਖਣ ਬਣ ਸਕਦਾ ਹੈ | ਮੱਖਣ ਲਈ ਮਧਾਣੀ ਤੇ ਦਹੀਂ ਦੋਵਾਂ ਦੇ ਧੰਨਵਾਦੀ ਬਣਨਾ ਪੈਂਦਾ ਹੈ |
• ਮੰਜ਼ਿਲ ਤੱਕ ਪਹੁੰਚਣ ਲਈ ਮਿਹਨਤ ਨੂੰ ਗਲਵਕੜੀ ਪਾਉਣੀ ਪੈਂਦੀ ਹੈ | ਮਿਹਨਤ ਨਾਲ ਯਾਰੀ ਪਾਉਣ ਵਾਲਿਆਂ ਅਤੇ ਦਿ੍ੜ੍ਹ ਇਰਾਦਾ ਰੱਖਣ ਵਾਲਿਆਂ ਦੇ ਰਾਹਾਂ ਵਿਚ ਸਫ਼ਲਤਾ ਫੁੱਲ ਖਲੇਰਦੀ ਹੈ |
• ਮਿਹਨਤ ਮਨ ਨੂੰ ਸਕੂਨ ਦਿੰਦੀ ਹੈ ਅਤੇ ਗੂੜ੍ਹੀ ਨੀਂਦ ਸੌਣ ਦਾ ਅਨੰਦ ਦਿੰਦੀ ਹੈ | ਮਿਹਨਤ ਮਸਤੀ ਵਿਚ ਝੂਮਣ ਦਾ ਮੌਕਾ ਵੀ ਦਿੰਦੀ ਹੈ | ਮਿਹਨਤ ਕਿਸਮਤ ਦੇ ਬੰਦ ਦਰਵਾਜ਼ੇ ਖੋਲ੍ਹਦੀ ਹੈ |
• ਮੰਜ਼ਿਲ ਮਿਹਨਤ ਨੂੰ ਪ੍ਰਣਾਮ ਕਰਦੀ ਹੈ | ਮਿਹਨਤ ਉਹ ਹਥਿਆਰ ਹੈ ਜਿਸ ਦੇ ਆਸਰੇ ਤੁਸੀਂ ਵੱਡੀ ਤੋਂ ਵੱਡੀ ਮੰਜ਼ਿਲ ਪਾ ਸਕਦੇ ਹੋ |
• ਜੇ ਮਿਹਨਤ ਤੇ ਹੁਨਰ ਸਿੱਖਣਾ ਹੋਵੇ ਤਾਂ ਬਿਜੜੇ (ਇਕ ਛੋਟਾ ਜਿਹਾ ਪੰਛੀ) ਨੂੰ ਦੇਖਣਾ ਚਾਹੀਦਾ ਹੈ ਜੋ ਦਿਨ-ਰਾਤ ਇਕ ਕਰਕੇ ਆਪਣਾ ਘਰ-ਬਾਰ (ਆਲ੍ਹਣਾ) ਤਿਆਰ ਕਰਦਾ ਹੈ ਪਰ ਸਾਡੇ ਵਿਚੋਂ ਕਈ ਡੱਕਾ ਤੋੜ ਕੇ ਦੂਹਰਾ ਕਰਨ ਵਿਚ ਸ਼ਰਮ ਮਹਿਸੂਸ ਕਰਦੇ ਹਨ |
• ਮਿਹਨਤ ਦਾ ਪਾਠ, ਅਨੁਸ਼ਾਸਨ ਸਿੱਖਣਾ ਹੋਵੇ ਜਾਂ ਸਹਿਯੋਗ ਸਿੱਖਣਾ ਹੋਵੇ ਤਾਂ ਕੀੜੀਆਂ ਦੀ ਕਤਾਰ ਤੋਂ ਸਿੱਖਣਾ ਚਾਹੀਦਾ ਹੈ ਕਿ ਉਹ ਕਿਵੇਂ ਲਾਈਨ ਬਣਾ ਕੇ ਇਕ-ਦੂਜੇ ਦੇ ਪਿੱਛੇ ਚੱਲ ਰਹੀਆਂ ਹੁੰਦੀਆਂ ਹਨ |
• ਪੰਜਾਬੀ ਦਾ ਪ੍ਰਸਿੱਧ ਸ਼ਾਇਰ ਪੈਦਲ ਧਿਆਨਪੁਰੀ ਮਿਹਨਤ ਬਾਰੇ ਇੰਜ ਲਿਖਦਾ ਹੈ:
ਚਾਦਰ ਵੇਖ ਕੇ ਪੈਰ ਪਸਾਰੋ,
ਦੂਜਿਆਂ ਦੀ ਨਾ ਨਕਲ ਉਤਾਰੋ |
ਮੱਕੜੀ ਵਾਂਗ ਹੌਸਲਾ ਰੱਖੋ,
ਵੇਖ ਔਕੜਾਂ ਨੂੰ ਨਾ ਹਾਰੋ |
ਕਿਰਤ ਕਰੋ ਤੇ ਵੰਡ ਕੇ ਖਾਓ,
ਵਿਹਲੇ ਬੈਠ ਨਾ ਮੱਖੀਆਂ ਮਾਰੋ |
• ਫਲਾਇੰਗ ਸਿੱਖ ਮਿਲਖਾ ਸਿੰਘ ਦਾ ਕਹਿਣਾ ਹੈ ਕਿ 'ਕਾਮਯਾਬੀ ਤੱਕ ਕੋਈ ਜਰਨੈਲੀ ਸੜਕ ਨਹੀਂ ਜਾਂਦੀ | ਸਖ਼ਤ ਮਿਹਨਤ ਤੋਂ ਬਿਨਾਂ ਕਿਸੇ ਵੀ ਖੇਤਰ ਵਿਚ ਤੇ ਖਾਸ ਕਰਕੇ ਦੌੜ ਵਿਚ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ | ਜੀਵਨ ਵਿਚ ਜੱਦੋ-ਜਹਿਦ ਵਿਸ਼ੇਸ਼ਤਾ ਰੱਖਦੀ ਹੈ | ਜਦੋਂ ਮੈਂ ਗਰਾਊਾਡ 'ਚ ਦੌੜਦਾ ਹਾਂ ਤਾਂ ਮੇਰਾ ਭੂਤਕਾਲ ਤੇ ਭਵਿੱਖ ਮੇਰੇ ਨਾਲ ਹੁੰਦਾ ਹੈ |
• ਸਮਾਂ ਹਮੇਸ਼ਾ ਸਖ਼ਤ ਮਿਹਨਤ ਕਰਨ ਵਾਲਿਆਂ ਦਾ ਦੋਸਤ ਰਿਹਾ ਹੈ |
• ਮਿਹਨਤ ਕਹਿੰਦੀ ਹੈ ਕਿ ਤੁਸੀਂ ਮੈਨੂੰ ਕਿਸੇ ਵੀ ਰੂਪ 'ਚ ਕਰਕੇ ਵੇਖੋ ਮੈਂ ਤੁਹਾਨੂੰ ਉਸੇ ਰੂਪ 'ਚ ਮੰਜ਼ਿਲ ਦਿਵਾ ਦੇਵਾਂਗੀ ਪਰ ਮੇਰੇ ਸਹਾਇਕ ਧੀਰਜ ਨੂੰ ਨਾਲ ਲੈਣਾ ਨਾ ਭੁੱਲਣਾ ਕਿਉਂਕਿ ਉਸ ਤੋਂ ਬਿਨਾਂ ਮੈਂ ਅਧੂਰੀ ਹਾਂ |
• ਹਰ ਵਿਅਕਤੀ ਆਪਣੀ ਆਦਤ ਅਤੇ ਸੁਭਾਅ ਮੁਤਾਬਿਕ ਕੰਮ ਕਰਦਾ ਹੈ | ਜਿਵੇਂ ਵਪਾਰੀ ਕਾਰੋਬਾਰ ਕਰਦਾ ਹੈ, ਮਿਹਨਤੀ ਮਿਹਨਤ ਕਰਦਾ ਹੈ, ਵਿਹਲਾ ਨਹੀਂ ਬੈਠਦਾ | ਪਰ ਸਲਾਮਾਂ ਤਾਂ ਮਿਹਨਤ ਨੂੰ ਹੀ ਹੁੰਦੀਆਂ ਹਨ |
• ਹੱਥਾਂ ਦੀ ਜੀਵਨ ਵਿਚ ਬਹੁਤ ਅਹਿਮੀਅਤ ਹੈ | ਇਹ ਪੁਰਸ਼ਾਰਥ ਦੇ ਪ੍ਰਤੀਕ ਹਨ | ਕਿਸਮਤ ਹੱਥਾਂ ਨਾਲ ਹੀ ਬਦਲੀ ਜਾ ਸਕਦੀ ਹੈ |
• ਧੀਰਜ ਤੇ ਮਿਹਨਤ ਰਾਹੀਂ ਜੀਵਨ ਦੇ ਟੀਚੇ ਦਾ ਦੁਆਰ ਖੁੱਲ੍ਹ ਜਾਂਦਾ ਹੈ | ਉੱਦਮੀ ਹੀ ਬਦਕਿਸਮਤੀ ਨੂੰ ਖੁਸ਼ਕਿਸਮਤੀ 'ਚ ਬਦਲ ਸਕਦਾ ਹੈ |
• ਮਿਹਨਤ, ਅਨੁਸ਼ਾਸਨ, ਆਦਰਸ਼, ਮਰਿਆਦਾ, ਇਮਾਨਦਾਰੀ ਤੇ ਉਚ ਮਨੁੱਖੀ ਕਦਰਾਂ-ਕੀਮਤਾਂ ਤੋਂ ਬਿਨਾਂ ਕਿਸੇ ਦਾ ਜੀਵਨ ਮਹਾਨ ਨਹੀਂ ਬਣ ਸਕਦਾ |
• ਖ਼ੈਰਾਤ ਦੇ ਹਲਵੇ ਵਿਚ ਏਨੀ ਮਿਠਾਸ ਨਹੀਂ ਹੁੰਦੀ ਜਿੰਨੀ ਮਿਹਨਤ ਦੀ ਕਮਾਈ ਨਾਲ ਰੁੱਖੀ ਰੋਟੀ ਵਿਚ ਹੁੰਦੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਫਿਰ ਯਾਦ ਆਈ ਗ਼ਰੀਬਾਂ ਦੀ

'ਕਰਤਾਰਪੁਰ ਦਾ ਲਾਂਘਾ'...
ਅਜੇ ਤਾਂ ਲੰਘਣਾ ਮੁਸ਼ਕਿਲ ਭਾਅ ਜੀ... ਰਾਹ 'ਚ ਰੌੜਾ, ਜਿਉਂ ਰਿਸਦਾ ਫੋੜਾ, ਦਰਦ ਦੇ ਰਿਹਾ, ਅਟਕ ਗਿਆ, ਅਟਕਾ ਗਿਆ |
ਪੰਜਾਬੀ ਦਾ ਇਕ ਲੋਕ-ਗੀਤ ਏ... ਕਿੰਨਾ ਢੁਕਦਾ ਏ ਏਸ ਮਾਹੌਲ 'ਤੇ...
ਬੇਰੀਆਂ ਵੀ ਲੰਘ ਆਈ,
ਕਿੱਕਰਾਂ ਵੀ ਲੰਘ ਆਈ,
ਲੰਘਣੇ ਰਹਿ ਗਏ ਛਾਪੇ...
ਨਾ ਮਾਰ ਵੈਰੀਆ,
ਦੂਰ ਸੁਣੇਂਦੇ ਮੇਰੇ ਮਾਪੇ |
ਐਥੇ ਇਸ ਤਰ੍ਹਾਂ ਹੈ...
ਐਧਰੋਂ ਵੀ ਲੰਘ ਆਈ,
ਉਧਰੋਂ ਵੀ ਲੰਘ ਆਈ
ਅੱਗੋਂ ਪਏ ਸਿਆਪੇ,
ਇਕ ਪਾਸੇ ਚਾਏ ਵਾਲਾ,
ਦੂਜੇ ਪਾਸੇ 'ਚਾਵਲਾ'
ਤੇਰੀ ਮੇਰੀ ਨਹੀਂ ਨਿਭਣੀ...
'ਨੋ-ਟਾਕ-ਨੋ ਗੱਲਬਾਤ...
ਅੜਿੰਗਾ ਅੜਿੱਕਾ, ਹਾਲਾਂ ਤਾੲੀਂ
ਖ਼ਤਮ ਹੁੰਦਾ ਨਾ ਜਾਪੇ |
ਦਰ ਬਾਬੇ ਨਾਨਕ ਦਾ ਨੇੜੇ
ਦੂਰ ਅਜੇ ਤਾਂ ਜਾਪੇ |
ਚਲੋ ਜੀ, ਤੇਲ ਵੇਖੋ, ਤੇਲ ਦੀ ਧਾਰ ਵੇਖੋ, ਇਹ ਦਿਨ ਨੇ ਹਿੰਦੁਸਤਾਨ 'ਚ ਪਾਰਲੀਮੈਂਟ ਦੀਆਂ ਚੋਣਾਂ ਦੇ | ਐਥੇ ਵੇਖੋ, ਜਿੰਨੀਆਂ ਪਾਰਟੀਆਂ, ਓਨੇ ਲਾਂਘੇ, ਸਭਨਾਂ ਬਿਨਾਂ ਰੋਕ-ਟੋਕ ਦੇ, ਖੋਲ੍ਹ ਛੱਡੇ ਨੇ 'ਲਾਂਘੇ |'
'ਲੰਘ ਆਓ ਜੀ ਲੰਘ ਆਓ...
ਸਾਡੇ ਦਰ ਖੁੱਲ੍ਹੇ ਨੇ... ਪੁਟੋ ਪੁਲਾਂਘਾਂ ਜੀ ਆਇਆਂ ਨੂੰ ... ਹਾਰ ਪਾਵਾਂਗੇ, ਗਲ ਵਿਚ ਤੁਹਾਡੇ, ਗੁਲਦਸਤੇ ਭੇਟ ਕਰ, ਕਰਾਂਗੇ ਸਵਾਗਤ |
ਮਿਟ ਗਈਆਂ ਸਭ ਦਿਲਾਂ ਦੀਆਂ ਦੂਰੀਆਂ, ਭਾਗ ਸੁਭਾਗੇ, ਥੋਡੇ, ਸਾਡੇ ਭਾਗ ਵੀ ਜਾਗੇ | ਜਿਹੜੇ ਖੁੱਲ੍ਹੇਆਮ ਇਕ-ਦੂਜੇ ਨੂੰ ਕੋਸ-ਕੋਸ ਕਹਿੰਦੇ ਸਨ...
ਤੇਰੀ ਮੇਰੀ ਨਹੀਂ ਨਿਭਣੀ
ਸਮਝ ਤਾਂ ਗਏ ਹੋਵੋਗੇ.... ਨੇਤਾਵਾਂ, ਲੀਡਰਾਂ ਨੂੰ ਸਮਰਪਿਤ ਹੈ... ਉਨ੍ਹਾਂ ਦਾ ਕਿਰਦਾਰ ਕੀ ਹੈ? ਕਿੰਨੇ ਨਿਸ਼ਠਾਵਾਨ ਹਨ | ਕਿੰਨੀ ਆਸਥਾ ਹੈ ਉਨ੍ਹਾਂ ਦੀ ਪਾਰਟੀ ਪ੍ਰਤੀ |
• ਜਾਤ ਨਾ ਪੂਛੋ ਸਾਧੂ ਕੀ |
• ਜਾਤ ਨਾ ਪੂਛੋ ਲੀਡਰ ਕੀ |
ਨਾ ਜ਼ਬਾਨ ਹੈ, ਨਾ ਈਮਾਨ ਹੈ | ਨਾ ਸਵਾਭੀਮਾਨ ਹੈ, ਨਾ ਪਾਰਟੀ ਦਾ ਸਨਮਾਨ ਹੈ |
'ਟਿਕਟ ਦੀ ਚਾਹ ਹੈ, ਟਿਕਟ ਦਾ ਧਿਆਨ ਹੈ, ਟਿਕਟ ਨਾ ਮਿਲੀ, ਸਿਰ ਸੁਆਹ ਪਾਰਟੀ ਦੇ, ਪਾਰਟੀ ਦੇ ਪ੍ਰੈਜ਼ੀਡੈਂਟ ਦੇ, ਸਾਡੇ ਲਈ ਬੜੇ ਲਾਂਘੇ ਖੁੱਲ੍ਹੇ ਨੇ ਦੂਜੀਆਂ ਪਾਰਟੀਆਂ ਦੇ, ਲੰਘ ਜਾਵਾਂਗੇ ਨਿਸ਼ੰਗ ਅਸੀਂ |
ਕਿਹੜੀ ਪਾਰਟੀ ਹੈ, ਜਿਸ ਨੇ 'ਲਾਂਘਾ' ਖੋਲ੍ਹ ਕੇ ਨਹੀਂ ਰੱਖਿਆ?
ਸਭ ਤੋਂ ਵਧੇਰੇ, ਸਭ ਤੋਂ ਦੋ ਪ੍ਰਮੁੱਖ ਪਾਰਟੀਆਂ, ਕਾਂਗਰਸ ਤੇ ਭਾਜਪਾ 'ਚ ਇਹ ਵਬਾ ਪੁਰਜ਼ੋਰ ਹੈ | ਜਿਸ ਲੀਡਰ ਨੂੰ ਆਪਣੀ ਪਾਰਟੀ 'ਚ ਟਿਕਟ ਨਹੀਂ ਮਿਲਿਆ, ਸਿੱਧਾ ਲੰਘਿਆ ਛੋਟਾ ਜਿਹਾ ਹੀ ਤਾਂ ਲਾਂਘਾ ਹੈ, ਦੂਜੀ ਪਾਰਟੀ 'ਚ ਜਾ ਵੜਿਆ | ਪਹਿਲਾਂ ਜਿਨ੍ਹਾਂ ਨੂੰ ਪਾਣੀ ਪੀ-ਪੀ ਕੋਸਦਾ ਸੀ, ਉਨ੍ਹਾਂ ਦੇ ਪੈਰੀਂ ਗੋਡੇ ਹੱਥ ਲਾ, ਜਿਨ੍ਹਾਂ ਨੂੰ ਛੱਡ ਇਕੋ ਇਲਜ਼ਾਮ, ਪਿਛਲੀ ਪਾਰਟੀ 'ਚ ਜਮਹੂਰੀਅਤ ਨਹੀਂ, ਵੰਸ਼ਵਾਦ ਹੈ, ਕਿਸੇ ਦੀ ਸੁਣਵਾਈ ਨਹੀਂ, ਡਿਕਟੇਟਰਸ਼ਿਪ ਹੈ | ਪਲਟੂ ਸੱਤਾ ਦੇ ਲਾਲਚੀ ਸਕੇ ਦਿਸਦੇ ਨਹੀਂ | ਜਿਥੇ ਵੇਖੀ ਤਵਾ ਪਰਾਤ, ਉਥੇ ਕੱਟੀ ਸਾਰੀ ਰਾਤ |
ਪੰਜਾਬ 'ਚ, ਹਰ ਪਾਰਟੀ ਦੇ ਸਾਰੇ ਲੀਡਰ ਕਿਸੇ ਦੇ ਸਕੇ ਨਹੀਂ, ਟਿਕਟਾਂ ਦੇ ਸਕੇ | ਵੇਲੇ ਦੇ ਮੁਰੀਦ ਨੇ | ਹੁਣੇ ਤਾਂ ਇਕ ਤੀਜੀ ਪਾਰਟੀ ਵੀ ਉਭਰੀ ਹੈ, ਆਮ ਆਦਮੀ ਪਾਰਟੀ... ਇਹ ਵੀ ਆਪਣਾ ਲਾਂਘਾ ਛੱਡ ਕੇ ਦੂਜੇ ਲਾਂਘਿਆਂ 'ਚ ਜਾ ਵੜੀ ਹੈ |
ਫ਼ਿਲਮੀ ਐਕਟ੍ਰੈਸਾਂ ਲਈ ਵੀ ਸਿਆਸਤ ਦੇ ਇਸ ਤਿਉਹਾਰ 'ਚ ਇਹ ਲਾਂਘਾ ਖੁੱਲ੍ਹ ਜਾਂਦਾ ਹੈ | ਹੇਮਾ ਮਾਲਿਨੀ, ਨਗ਼ਮਾ ਤਾਂ ਰਾਜਨੀਤੀ 'ਚ ਪਹਿਲਾਂ ਹੀ ਸਨ, ਹੁਣ ਮੰੁਬਈ 'ਚ ਕਾਂਗਰਸ ਪਾਰਟੀ ਇਕ ਐਕਟ੍ਰੈੱਸ ਗੁਆਚ ਜਿਹੀ ਗਈ ਹੀਰੋਇਨ ਉਰਮਿਲਾ ਮਾਤੋਂਡਕਰ ਨੂੰ ਇਸ ਚੋਣ ਮੈਦਾਨ 'ਚ ਖਿੱਚ ਲਿਆਈ ਹੈ | ਜਯਾ ਪ੍ਰਦਾ, ਜਿਹੜੀ ਕਈ ਸਾਲਾਂ ਤੋਂ ਸਮਾਜਵਾਦੀ ਪਾਰਟੀ 'ਚ ਸੀ, ਹੁਣ ਲਾਂਘਾ ਲੰਘ ਕੇ ਭਾਜਪਾ 'ਚ ਆਈ ਹੈ, ਬੰਗਾਲ 'ਚ ਤਿ੍ਣਮੂਲ ਕਾਂਗਰਸ 'ਚ ਮੁਨਮੁਨ ਸੇਨ, ਐਮ. ਚੱਕਰਵਰਤੀ ਤੇ ਨੁਸਰਤ ਜਹਾਨ ਕੈਂਡੀਡੇਟ ਹਨ | ਮਹਾਭਾਰਤ ਸੀਰੀਅਲ 'ਚ ਪੰਚਾਲੀ ਦਾ ਰੋਲ ਕਰਨ ਵਾਲੀ ਰੂਪਾ ਗਾਂਗੁਲੀ ਭਾਜਪਾ 'ਚ ਛਾਈ ਹੋਈ ਹੈ | ਮਾਧੁਰੀ ਦੀਕਸ਼ਤ ਨੂੰ ਭਾਜਪਾ, ਮੰੁਬਈ ਦੀ ਇਕ ਸੀਟ ਤੋਂ ਚੋਣ ਲੜਾਉਣਾ ਚਾਹੁੰਦੀ ਸੀ, ਇਸ ਲਈ ਅਮਿਤ ਸ਼ਾਹ ਆਪੂੰ ਉਸ ਦੇ ਘਰ ਵੀ ਗਿਆ ਪਰ ਉਹ ਕੰਨੀ ਕੱਟ ਗਈ | ਜਯਾ ਬੱਚਨ ਇਸ ਵੇਲੇ ਵੀ ਰਾਜ ਸਭਾ 'ਚ, ਸਮਾਜਵਾਦੀ ਪਾਰਟੀ ਦੀ ਐਮ.ਪੀ. ਹੈ |
ਜਿਹੜਾ ਜਾਂ ਜਿਹੜੀ ਆਪਣਾ ਲਾਂਘਾ ਛੱਡ ਕੇ ਦੂਜੇ ਲਾਂਘੇ 'ਚ ਲੰਘਿਆ, ਉਹਨੂੰ ਇਕ ਨਾ ਇਕ ਖਾਸ ਸੀਟ ਤੋਂ ਟਿਕਟ ਦੇ ਕੇ ਨਿਵਾਜਿਆ ਜਾਂਦਾ ਹੈ |
ਚਲੋ ਜੀ, ਜਿਹੜੇ ਲੰਘ ਆਏ, ਉਹ ਲੰਘ ਆਏ, ਅਸਲ 'ਚ ਮੰਤਵ ਤਾਂ ਇਕੋ ਹੈ, ਵੋਟਾਂ ਖਿੱਚਣ ਦਾ |
ਐਮ.ਪੀ. ਦੀ ਚੋਣ ਲੜਨ ਲਈ ਇਸ ਦੌਰ ਵਿਚ ਇਕ-ਇਕ ਸੀਟ ਤੋਂ ਲੜਨ ਲਈ ਕਿੰਨੇ ਕਰੋੜ ਰੁਪਏ ਖਰਚ ਕਰਨ ਲਈ, ਭਾਵ ਰੋਹੜਨ ਲਈ ਚਾਹੀਦੇ ਹਨ? ਇਮਾਨਦਾਰੀ ਨੂੰ ਤਾਕ 'ਤੇ ਰੱਖਦੇ, ਕੋਈ ਵੀ ਸੱਚ ਨਹੀਂ ਬੋਲੇਗਾ | ਇਸ ਹਮਾਮ 'ਚ ਸਭੇ 'ਨੰਗੇ' ਹਨ |
ਮੈਂ ਕੋਈ ਝੂਠ ਬੋਲਿਆ?
ਕੋਈ ਨਾ ਬਈ ਕੋਈ ਨਾ |
ਮੈਂ ਕੋਈ ਕੁਫਰ ਤੋਲਿਆ?
ਕੋਈ ਨਾ, ਬਈ ਕੋਈ ਨਾ |
ਇਨ੍ਹਾਂ ਸਭਨਾਂ ਦਾ, ਜਨਤਾ ਨੂੰ ਦਿੱਤਾ ਭਰੋਸਾ ਇਕੋ ਹੀ ਹੁੰਦਾ ਹੈ:
ਗ਼ਰੀਬੀ ਹਟਾਵਾਂਗੇ, ਗ਼ਰੀਬੀ ਮਿਟਾਵਾਂਗੇ,
ਗ਼ਰੀਬਾਂ ਨੂੰ ਗ਼ਰੀਬੀ ਮੁਕਤ ਕਰਾਂਗੇ |
ਵੈਸੇ ਤਾਂ ਜਿੰਨੇ ਕਰੋੜਾਂ ਰੁਪਏ ਇਨ੍ਹਾਂ ਨੇ ਆਪਣੇ ਪ੍ਰਚਾਰ 'ਤੇ ਖਰਚ ਕਰਨੇ ਹਨ, ਉਨ੍ਹਾਂ 'ਚੋਂ ਥੋੜ੍ਹੇ-ਥੋੜ੍ਹੇ ਰੁਪਏ ਵੀ ਸਿੱਧਾ ਗ਼ਰੀਬਾਂ ਨੂੰ ਦੇ ਦੇਣ ਤਾਂ ਢੇਰਾਂ ਗ਼ਰੀਬ, ਗ਼ਰੀਬੀ ਤੋਂ ਮੁਕਤ ਹੋ ਜਾਣ | ਪਰ, ਅੰਦਰਖਾਤੇ ਇਨ੍ਹਾਂ ਨੂੰ ਪਤਾ ਹੈ:
ਗ਼ਰੀਬੋ ਕੀ ਸੁਨੋ
ਵੋਹ ਤੁਮ੍ਹਾਰੀ ਸੁਨੇਗਾ
ਤੁਮ ਏਕ ਪੈਸਾ ਦੋਗੇ,
ਵੋਹ ਦਸ ਲਾਖ ਦੇਗਾ |
ਦਸ ਲਾਖ ਕਾਹਨੂੰ, ਕਰੋੜ ਮਾਲਕੋ, ਕਈ ਕਰੋੜ ਲੱਭਦੇ ਹਨ |
ਹੈ ਕੋਈ ਗ਼ਰੀਬ ਜਿਸ ਨੂੰ ਚੋਣ ਲੜਨ ਲਈ ਕਿਸੇ ਵੀ ਪਾਰਟੀ ਨੇ ਟਿਕਟ ਦਿੱਤਾ ਹੋਵੇ?
ਹੈ ਕਿਸੇ ਗ਼ਰੀਬ ਦੀ ਹਿੰਮਤ ਕਿ ਇਹੋ ਜਿਹੀ ਖਰਚੀਲੀ ਚੋਣ ਲੜ ਸਕੇ? ਹਾਂ, ਇਹ ਜਿਹੜੇ ਕਰੋੜਾਂਪਤੀ, ਉਮੀਦਵਾਰ ਖੜ੍ਹੇ ਹੋਏ ਹਨ, ਉਹ ਇਨ੍ਹਾਂ ਗ਼ਰੀਬਾਂ ਦੀ ਗ਼ਰੀਬੀ ਦੂਰ ਕਰਨ ਦਾ ਰੌਲਾ ਪਾ ਕੇ, ਸਿਰਫ਼ ਇਨ੍ਹਾਂ ਦੇ ਹਮਨਵਾ ਬਣਨ ਦਾ ਫੋਕਾ ਦਾਅਵਾ ਕਰਕੇ, ਇਨ੍ਹਾਂ ਨੂੰ ਖੁਸ਼ ਕਰ ਰਹੇ ਹਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਅਣਵੰਡੇ ਪੰਜਾਬ ਦੀ ਭੱੁਲੀ ਦਾਸਤਾਨ ਮਰਾਸੀ

ਭਾਈ ਮਰਦਾਨਾ ਜੀ ਦਾ ਇਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਿਹਾਗੜੇ ਦੀ ਵਾਰ ਵਿਚ ਦਰਜ ਹੈ ਅਤੇ ਦੋ ਸ਼ਬਦ ਗੁਰੂ ਨਾਨਕ ਸਾਹਿਬ ਜੀ ਵਲੋਂ ਭਾਈ ਮਰਦਾਨਾ ਜੀ ਨੂੰ ਮੁਖਾਤਬ ਕਰਕੇ ਦਰਜ ਹਨ | ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ 'ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ' ਭਾਈ ਮਰਦਾਨਾ ਜੀ ਦੀ 17ਵੀਂ ਪੀੜ੍ਹੀ ਭਾਈ ਲਾਲ ਜੀ ਨੇ ਰਬਾਬ ਸਾਜ ਨਾਲ ਸੱਤਰ ਸਾਲ ਗੁਰਬਾਣੀ ਦਾ ਕੀਰਤਨ ਕੀਤਾ ਤੇ ਉਹ 85 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦਾ ਨਾਂਅ ਸਿੱਖ ਧਰਮ ਵਿਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ | ਜਿਸ ਤਰ੍ਹਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨਾਲ ਸਾਰੀ ਉਮਰ ਸੱਚ ਤੇ ਧਰਮ ਦਾ ਉਪਦੇਸ਼ ਦਿੰਦੇ ਤੇ ਰੱਬੀ ਬਾਣੀ ਦਾ ਕੀਰਤਨ ਕਰਦੇ ਰਹੇ, ਉਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੋ ਭਰਾ ਭਾਈ ਸੱਤਾ ਤੇ ਭਾਈ ਬਲਵੰਡ ਵੀ ਰੱਬੀ ਬਾਣੀ ਦਾ ਕੀਰਤਨ ਗੁਰੂ ਘਰ ਵਿਚ ਕਰਦੇ ਸਨ | ਇਨ੍ਹਾਂ ਨੂੰ ਸੱਤਾ ਡੂਮ ਤੇ ਬਲਵੰਡ ਡੂਮ ਵੀ ਕਿਹਾ ਜਾਂਦਾ ਹੈ ਕਿਉਂਕਿ ਦੋਵੇਂ ਡੂਮ (ਮਰਾਸੀ), ਮੁਸਲਮਾਨ ਰਬਾਬੀ ਗਵਈਏ ਤੇ ਵੰਸ਼ਾਵਲੀ ਦੇ ਮਾਹਿਰ ਸਨ | ਕਿਹਾ ਜਾਂਦਾ ਹੈ ਕਿ ਦੋਵਾਂ ਦਾ ਅਕਾਲ ਚਲਾਣਾ ਲਾਹੌਰ ਵਿਚ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਹੋਇਆ (1595-1644) ਤੇ ਦੋਵਾਂ ਨੂੰ ਰਾਵੀ ਦਰਿਆ ਦੇ ਕੰਢੇ ਸਪੁਰਦੇ ਖਾਕ ਕੀਤਾ ਗਿਆ ਤੇ ਇਨ੍ਹਾਂ ਦੀਆਂ ਅੰਤਿਮ ਰਸਮਾਂ ਗੁਰੂ ਸਾਹਿਬ ਦੇ ਮੁਸਲਮਾਨ ਰਬਾਬੀ ਬਾਬਕ ਨੇ ਕੀਤੀਆਂ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 966 ਤੋਂ 968 ਵਿਚ ਇਕ ਸ਼ਬਦ 'ਰਾਮਕਲੀ ਦੀ ਵਾਰ ਰਾਇ ਬਲਵੰਡ ਤਖਾ ਸਤੈ ਡੂਮ ਆਖੀ' ਦੋਵਾਂ ਭਰਾਵਾਂ ਦਾ ਉਚਾਰਨ ਕੀਤਾ ਹੋਇਆ ਦਰਜ ਹੈ |
ਮਰਾਸੀਆਂ ਨੇ ਸੰਗੀਤ ਦੇ ਖੇਤਰ ਵਿਚ, ਖਾਸ ਕਰਕੇ ਕਲਾਸੀਕਲ ਸੰਗੀਤ ਵਿਚ ਬੜਾ ਕੰਮ ਕੀਤਾ ਹੈ | ਬਹੁਤ ਸਾਰੇ ਮਰਾਸੀ ਲੋਕ ਸਮਾਂ ਬਦਲਣ ਨਾਲ ਇਸ ਖੇਤਰ ਵਿਚ ਚਲੇ ਗਏ ਹਨ | ਪਾਕਿਸਤਾਨ ਦੀ ਮਸ਼ਹੂਰ ਗੁਲੂਕਾਰਾ ਮਲਿਕਾ-ਏ-ਤਰੰਨਮ ਨੂਰ ਜਹਾਂ ਜਿਸ ਦਾ ਅਸਲੀ ਨਾਂਅ ਅੱਲਾ ਰੱਖੀ ਤੇ ਇਸ ਦੀ ਭੈਣ ਦਾ ਨਾਂਅ ਈਦਨ ਸੀ ਕਿਉਂਕਿ ਉਹ ਈਦ ਵਾਲੇ ਦਿਨ ਪੈਦਾ ਹੋਈ ਸੀ | ਜਦੋਂ ਨੂਰ ਜਹਾਂ ਫਿਲਮ ਵਿਚ ਨਹੀਂ ਆਈ ਸੀ ਉਦੋਂ ਇਸ ਨੇ ਇੱਕ ਡਾਂਸ ਪਾਰਟੀ ਬਣਾਈ ਹੋਈ ਸੀ | ਇਹ ਵੀ ਮਰਾਸਣ ਸੀ ਇਸਦਾ ਕਸੂਰ ਘਰਾਣੇ ਨਾਲ ਸੰਬੰਧ ਸੀ | ਉਸਦੇ ਨਾਨਕੇ ਅੰਮਿ੍ਤਸਰ ਸ਼ਹਿਰ ਦੇ ਮੁਹੱਲੇ ਸ਼ਰੀਫਪੁਰਾ ਵਿਚ ਸਨ | ਅੰਮਿ੍ਤਸਰ ਜ਼ਿਲ੍ਹੇ ਦਾ ਪਿੰਡ 'ਖਾਨਕੋਟ' ਡੋਗਰ ਜੱਟਾਂ ਦਾ ਸੀ ਇਸੇ ਪਿੰਡ ਦੀ ਜ਼ਮੀਨ ਵਿਚ ਅੰਮਿ੍ਤਸਰ ਦਾ ਸ਼ਰੀਫਪੁਰਾ ਮੁਹੱਲਾ ਤੇ ਮਾਨਾਂਵਾਲਾ ਰੇਲਵੇ ਸਟੇਸ਼ਨ ਪੈਂਦਾ ਹੈ | ਨੂਰਜਹਾਂ ਦਾ ਨਾਨਾ ਜਿਹੜਾ ਸ਼ਰੀਫਪੁਰੇ ਦਾ ਰਹਿਣ ਵਾਲਾ ਸੀ ਉਹ ਖਾਨਕੋਟ ਦੇ ਡੋਗਰ ਜੱਟਾਂ ਦਾ ਮਰਾਸੀ ਸੀ | ਮਸ਼ਹੂਰ ਗਜ਼ਲ ਗਾਇਕ ਗੁਲਾਮ ਅਲੀ ਪਿੰਡ ਗਲੋਟੀਆਂ ਜਿਹੜਾ ਡਸਕੇ ਦੇ ਕੋਲ ਹੈ ਇਸੇ ਟੱਬਰ ਨਾਲ ਸੰਬੰਧ ਰੱਖਦੇ ਹਨ | ਅਫ਼ਸ਼ਾਂ, ਸਾਇਰਾ ਨਸੀਮ, ਤੇ ਬੜੇ ਗੁਲਾਮ ਅਲੀ ਖਾਨ ਵੀ ਕਸੂਰ ਘਰਾਣੇ ਨਾਲ ਸੰਬੰਧ ਰੱਖਦੇ ਹਨ | ਇਹ ਗਾਇਕੀ ਵਿਚ ਬੜੇ ਅੱਗੇ ਚਲੇ ਗਏ ਹਨ ਤੇ ਇਨ੍ਹਾਂ ਨੇ ਬੜਾ ਨਾਂਅ ਪੈਦਾ ਕੀਤਾ ਹੈ | ਇਨ੍ਹਾਂ ਦੇ ਤਿੰਨ ਕਲਾਸੀਕਲ ਗਾਇਕੀ ਦੇ ਘਰਾਣੇ ਹਨ ਜਿਵੇ ਪਟਿਆਲਾ ਘਰਾਣਾ, ਕਸੂਰ ਘਰਾਣਾ ਤੇ ਸ਼ਾਮ ਚੁਰਾਸੀ ਹੁਸ਼ਿਆਰਪੁਰ ਘਰਾਣਾ | ਸਾਂਸੀ ਵੀ ਮਰਾਸੀਆਂ ਦਾ ਕੰਮ ਕਰਦੇ ਸਨ | ਸਾਡੇ ਇਕ ਅਜੀਜ਼ ਹਨ ਉਨ੍ਹਾਂ ਦੇ ਮਰਾਸੀ ਦਾ ਨਾਂਅ ਸਦੀਕ ਸਾਂਸੀ ਹੈ ਤੇ ਜਿਹੜੇ ਸਾਡੇ ਅਜੀਜ਼ ਫਿਰੋਜ਼ਪੁਰ ਤੋਂ ਵੰਡ ਵੇਲੇ ਉਠ ਕੇ ਪਾਕਿਸਤਾਨ ਆਏ ਸਨ ਉਨ੍ਹਾਂ ਦਾ ਇਹ ਮਰਾਸੀ ਸੀ ਤੇ ਇਸ ਦਾ ਅੱਧਾ ਟੱਬਰ ਫਿਰੋਜ਼ਪੁਰ ਹੀ ਰਹਿ ਗਿਆ ਤੇ ਉਹ ਹਿੰਦੂ ਹਨ ਤੇ ਇਹ ਮੁਸਲਮਾਨ ਹੈ | ਇਸ ਨੂੰ ਗੁਰਮੁਖੀ ਵੀ ਆਉਂਦੀ ਹੈ ਤੇ ਇਸ ਨੇ ਸਾਰੇ ਛਜਰੇ ਗੁਰਮੁਖੀ ਵਿਚ ਲਿਖੇ ਹਨ | ਹੁਣ ਸਾਰੇ ਮਰਾਸੀ ਇਹ ਕੰਮ ਛਡਦੇ ਜਾ ਰਹੇ ਹਨ | ਕੰਮ ਛੱਡਣ ਦਾ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਜਜਮਾਨ ਜਾਂ ਪਰਬ ਜੱਟ ਜਾਂ ਰਾਜਪੂਤ ਸਨ ਤੇ ਉਨ੍ਹਾਂ ਦੀਆਂ ਜ਼ਮੀਨਾਂ ਬਹੁਤ ਘਟ ਗਈਆਂ ਹਨ ਤੇ ਉਹ ਇਨ੍ਹਾਂ ਨੂੰ ਹੁਣ ਪਾਲ ਨਹੀਂ ਸਕਦੇ | ਮੇਰਾ ਅੱਧਾ ਪਿੰਡ ਕੋਟਰਾਏ ਡੋਗਰ ਵਾਲੀ ਤਹਿਸੀਲ ਪਸਰੂਰ ਵਿਚੋਂ ਜੁਲਾਹੇ, ਮੋਚੀ, ਸ਼ੇਖ ਪਿੰਡ ਛੱਡ ਕੇ ਚਲੇ ਗਏ ਹਨ ਕਿਉਂਕਿ ਪੈਦਾਵਾਰ ਤੋਂ ਆਮਦਨ ਬਹੁਤ ਘਟ ਗਈ ਹੈ ਤੇ ਲੋਕ ਆਪ ਵੀ ਬਾਹਰ ਦੇ ਮੁਲਕਾਂ ਵਿਚ ਜਾ ਵਸੇ ਹਨ |
ਵਿਸ਼ੇਸ਼ਤਾਵਾਂ : ਮਰਾਸੀਆਂ ਦਾ ਚਰਿੱਤਰ ਆਜਸੀ ਇਨਸਾਰੀ (ਨਮਾਨੇ ਤੇ ਬੀਬਿਆਂ) ਵਾਲਾ ਹੈ | ਇਹ ਬੜੇ ਠੰਢੇ ਮਿਜਾਜ਼ ਤੇ ਮਨੋਵਿਗਿਆਨੀ ਹੁੰਦੇ ਹਨ | ਇਹ ਆਪਣੇ ਜਜ਼ਮਾਨ ਨੂੰ ਜਾਂ ਪਰਬ ਨੂੰ ਬੜੀ ਖੁਸ਼ੀ ਨਾਲ ਤੇ ਖਿੜੇ ਮੱਥੇ ਮਿਲਦੇ ਤੇ ਮੱਥੇ ਤੇ ਹੱਥ ਰੱਖ ਕੇ ਸਲਾਮ ਕਰਦੇ ਤੇ ਅਸੀਸਾਂ ਦਿੰਦੇ ਹਨ | ਇਨ੍ਹਾਂ ਦੀ ਨਜ਼ਰ ਚਿਹਰੇ 'ਤੇ ਹੁੰਦੀ ਹੈ ਤੇ ਸੀਸ ਨਿਵਾਂਦੇ ਹਨ ਤੇ ਦੁਆਵਾਂ ਦਿੰਦੇ ਹਨ | ਬਿਸਮਿੱਲਾ! ਜੋੜੀਆਂ ਸਲਾਮਤ, ਭਾਗ ਲਗੇ ਰਹਿਣ, ਰੰਗ ਲੱਗੇ ਰਹਿਣ, ਚੌਧਰੀ ਫਲਾਣੇ ਖਾਨ ਦਾ ਨਾਂਅ ਸਲਾਮਤ ਰਹੇ | ਜੱਦ ਫਲਾਣੇ ਦੀ ਵਧੇ ਜਨਾਬ ਚੋਂ, ਧੰਨ ਭਾਗ, ਨਾ ਰੋਸ਼ਨ ਰਹੇ, ਰੰਗ ਲਾਏ ਮੌਲ੍ਹਾ, ਸ਼ਾਨਾ ਉਚੀਆਂ, ਰਿਜਕ ਦਾ ਘਾਟਾ ਨਾ ਹੋਵੇ, ਸਰਦਾਰ ਦੇ ਡੇਰੇ ਵਸਦੇ ਰਹਿਣ, ਜੱਦ ਫਲਾਣੇ ਖਾਨ ਦੀ ਵਧੇ, ਮਾਲਿਕ ਦਾ ਨਾਂਅ ਉਚਾ ਹੋਵੇ, ਜੱਦ ਫਲਾਣੇ ਸਿੰਘ ਦੀ ਵਧੇ ਜਨਾਬ ਚੋ, ਹਾਜੀ ਸਾਹਿਬ ਦੀਆਂ ਖੈਰਾਂ ਅਤੇ ਦੁਵਾਰੇ ਵਸਦੇ ਰਹਿਣ ਤੇ ਨਾਲ ਹੀ ਉਸ ਬੰਦੇ ਦੀਆਂ ਪੰਜ ਪੁਸ਼ਤਾਂ ਦੇ ਨਾਂਅ ਲੈਂਦੇ ਹਨ | ਨਵੀਆਂ ਪੁਸ਼ਤਾਂ ਨੇ ਤਾਂ ਨਵੇਂ ਕੰਮ ਲੱਭ ਲਏ ਹਨ ਜਿਵੇਂ ਕਿ ਕੋਈ ਮੋਚੀ, ਨਾਈ ਆਦਿ ਦਾ ਕੰਮ ਕਰਦਾ ਹੈ ਪੁਰਾਣੇ ਬਾਬੇ ਅਜੇ ਵੀ ਇਹ ਕੰਮ ਕਰਦੇ ਹਨ | ਹੁਣ ਆਖਿਰ ਵਿਚ ਜਦੋਂ ਹਾਲਾਤ ਖ਼ਰਾਬ ਹਨ ਤੇ ਇਹ ਕੰਮ ਛੱਡਦੇ ਜਾ ਰਹੇ ਹਨ ਤੇ ਨਕਲਾਂ ਵੀ ਉਹ ਨਹੀਂ ਕਰਦੇ ਜੋ ਪਹਿਲਾਂ ਕਰਦੇ ਸਨ ਤੇ ਹੁਣ ਇਨ੍ਹਾਂ ਵਿਚੋਂ ਕੁਝ ਲੋਕ ਸਟੇਜ ਡਰਾਮੇ ਕਰਦੇ ਹਨ ਜਿਥੇ ਉਨ੍ਹਾਂ ਨੂੰ ਚੰਗੇ ਪੈਸੇ ਮਿਲਦੇ ਹਨ | ਪਾਕਿਸਤਾਨ ਵਿਚ ਲਾਇਲਪੁਰ, ਗੁਜਰਾਂਵਾਲਾ ਤੇ ਮੁਲਤਾਨ ਨਾਂਅ ਦੇ ਤਿੰਨ ਮਸ਼ਹੂਰ ਸਟੇਜ ਡਰਾਮੇ ਗਰੁੱਪ ਹਨ | ਮਰਾਸੀ ਖੁਦ ਕਹਿੰਦੇ ਹਨ ''ਕੁੰਡ ਮਰਾਸੀ ਤੇ ਸ਼ੂਮ ਪਰਬ ਐਵੇ ਉਮਰਾਂ ਗਈਆਂ'' ਇਸਦਾ ਮਤਲਬ ਇਹ ਹੈ ਕਿ ਜੇਕਰ ਮਰਾਸੀ ਨੂੰ ਕੁਝ ਆਉਂਦਾ ਹੀ ਨਹੀਂ ਤੇ ਉਹ ਆਪਣੇ ਪਰਬ ਦੇ ਛਜਰੇ ਨਹੀਂ ਜਾਣਦਾ ਤੇ ਪਰਬ ਵੀ ਜੇਕਰ ਕੰਜੂਸ ਹੋਏ ਮਰਾਸੀ ਨੂੰ ਪੈਸੇ ਨਾ ਦੇ ਸਕੇ, ਕੁਝ ਨਾ ਦੇਵੇ ਤੇ ਖੁਸ਼ ਨਾ ਰੱਖ ਸਕੇ ਤਾਂ ਫਿਰ ਉਮਰਾਂ ਹੀ ਜਾਇਆ ਕਰਨ ਵਾਲੀ ਗੱਲ ਹੈ | ਇਸ ਕਰਕੇ ਦੋਹਾਂ ਨੂੰ ਇਕ ਦੂਜੇ ਨੂੰ ਛੱਡਣ ਵਿਚ ਹੀ ਭਲਾ ਹੈ | (ਸਮਾਪਤ)

ਲਿੱਪੀਅੰਤਰ : ਜੇ.ਐਸ. ਭੱਟੀ
ਮੋਬਾਈਲ : 079860-37268


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX