ਤਾਜਾ ਖ਼ਬਰਾਂ


ਬ੍ਰਾਜ਼ੀਲ ਦੇ ਬਾਰ 'ਚ ਹੋਈ ਗੋਲੀਬਾਰੀ 'ਚ 11 ਲੋਕਾਂ ਦੀ ਮੌਤ
. . .  9 minutes ago
ਰੀਓ ਡੀ ਜੇਨੇਰੀਓ, 20 ਮਈ- ਬ੍ਰਾਜ਼ੀਲ ਦੇ ਬੇਲਮ ਸ਼ਹਿਰ 'ਚ ਐਤਵਾਰ ਨੂੰ ਇੱਕ ਬਾਰ 'ਚ ਬੰਦੂਕਧਾਰੀਆਂ ਦੀ ਗੋਲੀਬਾਰੀ 'ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਸਥਾਨਕ ਅਧਿਕਾਰੀਆਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ...
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਯਾਤਰੀਆਂ ਦੀ ਮੌਤ, 20 ਜ਼ਖ਼ਮੀ
. . .  29 minutes ago
ਮੁੰਬਈ, 20 ਮਈ- ਮਹਾਰਾਸ਼ਟਰ ਦੇ ਰਾਏਗੜ੍ਹ ਸੂਬੇ ਦੇ ਖਾਲਾਪੁਰ 'ਚ ਮੁੰਬਈ-ਪੁਣੇ ਹਾਈਵੇਅ 'ਤੇ ਅੱਜ ਦੋ ਬੱਸਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 2 ਦੋ ਯਾਤਰੀਆਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਇੱਥੇ ਰਾਹਤ...
ਐਗਜ਼ਿਟ ਪੋਲ ਨਾਲ ਸ਼ੇਅਰ ਬਾਜ਼ਾਰ ਵਿਚ ਤੇਜ਼ੀ
. . .  about 1 hour ago
ਮੁੰਬਈ, 20 ਮਈ - ਐਗਜ਼ਿਟ ਪੋਲ ਅਨੁਸਾਰ ਦੇਸ਼ ਵਿਚ ਇਕ ਵਾਰ ਫਿਰ ਮੋਦੀ ਸਰਕਾਰ ਬਣ ਰਹੀ ਹੈ। ਜਿਸ ਦੇ ਚੱਲਦਿਆਂ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਪਾਈ ਜਾ ਰਹੀ ਹੈ। ਸੈਂਸੈਕਸ 888 ਅਤੇ ਨਿਫਟੀ 'ਚ 284 ਅੰਕਾਂ ਦੀ ਤੇਜ਼ੀ ਨਾਲ...
ਲੋੜ ਪਈ ਤਾਂ ਕਾਂਗਰਸ ਨੂੰ ਦੇ ਸਕਦੈ ਹਾਂ ਸਮਰਥਨ
. . .  about 2 hours ago
ਨਵੀਂ ਦਿੱਲੀ, 20 ਮਈ - ਐਗਜ਼ਿਟ ਪੋਲ ਮੁਤਾਬਿਕ ਇਕ ਵਾਰ ਫਿਰ ਮੋਦੀ ਸਰਕਾਰ ਬਣ ਰਹੀ ਹੈ, ਪਰੰਤੂ ਵਿਰੋਧੀ ਧਿਰ ਨੇ ਅਜੇ ਵੀ ਆਸ ਨਹੀਂ ਛੱਡੀ ਹੈ। ਇਕ ਪਾਸੇ ਟੀ.ਡੀ.ਪੀ. ਪ੍ਰਮੁੱਖ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਲਗਾਤਾਰ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਮਿਲ ਰਹੇ ਹਨ, ਉੱਥੇ ਹੀ, ਅਖਿਲੇਸ਼...
ਕਾਂਗਰਸੀ ਵਰਕਰਾਂ ਤੇ ਜਾਨਲੇਵਾ ਹਮਲਾ 4 ਜ਼ਖ਼ਮੀ
. . .  about 2 hours ago
ਡੇਰਾਬੱਸੀ, 20 ਮਈ ( ਸ਼ਾਮ ਸਿੰਘ ਸੰਧੂ )-ਡੇਰਾਬੱਸੀ ਬਰਵਾਲਾ ਰੋਡ 'ਤੇ ਸਥਿਤ ਚੰਡੀਗੜ੍ਹ ਅਪਾਰਟਮੈਂਟਸ ਵਿਖੇ ਬੀਤੀ ਦੇਰ ਰਾਤ ਕਰੀਬ ਸਾਢੇ ਗਿਆਰਾਂ ਵਜੇ ਕੁਝ ਨੌਜਵਾਨਾਂ ਵੱਲੋਂ ਤੇਜ਼ ਧਾਰਦਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਕੇ ਚਾਰ ਵਿਅਕਤੀਆਂ ਨੂੰ ਗੰਭੀਰ ਵਿੱਚ ਜਖ਼ਮੀ ਕਰ ਦਿੱਤਾ। ਉਨ੍ਹਾਂ ਨੂੰ ਇਲਾਜ...
ਚੱਲਦੀ ਬੱਸ 'ਚ ਲੱਗੀ ਭਿਆਨਕ ਅੱਗ
. . .  about 2 hours ago
ਤਪਾ ਮੰਡੀ,20 ਮਈ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ ਤੇ ਪਿੰਡ ਘੁੰਨਸਾਂ ਨਜ਼ਦੀਕ ਰਾਤ ਦੇ ਕਰੀਬ 2:30 ਕੁ ਵਜੇ ਸਪਾਰਕਿੰਗ ਕਾਰਨ ਇਕ ਚੱਲਦੀ ਏ.ਸੀ ਬੱਸ ਨੂੰ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ।ਮੌਕੇ...
ਮਹਿਲਾ ਵੋਟਰ ਨੂੰ ਆਕਰਸ਼ਤ ਕਰਨ ਲਈ ਬਣਾਇਆ ਗਿਆ ਪਿੰਕ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਚੋਣ ਮੁਲਾਜ਼ਮ
. . .  1 day ago
ਮਹਿਲਾ ਵੋਟਰ ਨੂੰ ਆਕਰਸ਼ਤ ਕਰਨ ਲਈ ਬਣਾਇਆ ਗਿਆ ਪਿੰਕ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਚੋਣ ਮੁਲਾਜ਼ਮ...
ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  1 day ago
ਲੁਧਿਆਣਾ 'ਚ ਹੋਈ 62.15 ਫ਼ੀਸਦੀ ਵੋਟਿੰਗ
. . .  1 day ago
ਬੱਚੀਵਿੰਡ-ਪਿੰਡ ਸਾਰੰਗੜਾ ਵਿਖੇ ਦੇਰ ਸ਼ਾਮ ਹੋਈ ਹਿੰਸਾ ਵਿਚ ਅਕਾਲੀ ਸਮਰਥਕ ਜ਼ਖਮੀ
. . .  1 day ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਮਿਸਰ ਦੇ ਰਹੱਸਮਈ ਪਿਰਾਮਿਡ

ਮਿਸਰ ਯਾਨੀ ਕਿ ਈਜਿਪਟ ਵੇਖਣ ਦੀ ਤਮੰਨਾ ਮੈਂ ਕਦੋਂ ਦਾ ਸੀਨੇ ਵਿਚ ਲਈ ਫਿਰਦਾ ਸੀ | ਇਹ ਸੁਪਨਾ ਏਨੀ ਛੇਤੀ ਪੂਰਾ ਹੋ ਜਾਵੇਗਾ, ਇਸ ਦਾ ਮੈਨੂੰ ਵੀ ਯਕੀਨ ਨਹੀਂ ਸੀ | ਆਦਤ ਮੁਤਾਬਕ ਮੈਂ ਅਮਰੀਕਾ ਦੇ ਟੂਰ ਵਿਚ ਦੁਬਈ ਅਤੇ ਮਿਸਰ ਵੀ ਫਿੱਟ ਕਰ ਲਏ | ਮਿਸਰ ਮੁੱਢ ਕਦੀਮ ਤੋਂ ਹੀ ਪੁਰਾਣੀਆਂ ਸਭਿਅੱਤਾਵਾਂ ਦੀ ਬੇਹੱਦ ਰਹੱਸਮਈ ਧਰਤੀ ਰਹੀ ਹੈ, ਜਿੱਥੋਂ ਦੀਆਂ ਪਿਛਲੀਆਂ ਸੱਤਰ ਸਦੀਆਂ ਦੀ ਮਨੁੱਖੀ ਵਸੋਂ ਅਤੇ ਉਸ ਦੇ ਵਿਕਾਸ ਦਾ ਪੱਕਾ ਰਿਕਾਰਡ ਮਿਲਦਾ ਹੈ | ਇਹ ਰਿਕਾਰਡ ਸਾਰੇ ਮਿਸਰ ਵਿਚ ਪੱਥਰ ਦੀਆਂ ਕੰਧਾਂ ਉੱਤੇ ਉੱਕਰਿਆ ਅਤੇ ਖਾਸ ਤਰ੍ਹਾਂ ਦੇ ਕਾਗਜ਼ ਪਪਾਇਰਸ ਉਤੇ ਲਿਖਿਆ ਪਿਆ ਹੈ | ਮਿਸਰ ਦੇ ਕੁਲ 36 ਸ਼ਾਹੀ ਵੰਸ਼ ਹੋ ਗੁਜ਼ਰੇ ਹਨ | 321 ਈ: ਪੂਰਵ ਇਹ ਸੱਭਿਅਤਾ ਖਤਮ ਹੋਣ ਤੋਂ ਬਾਅਦ ਇੱਥੇ ਯੂਨਾਨੀ, ਰੋਮਨ, ਅਰਬ, ਫਰਾਂਸੀਸੀ, ਬਰਤਾਨਵੀ ਅਤੇ ਓਟੋਮਨ ਰਾਜ ਰਿਹਾ | 1952 ਵਿਚ ਆਧੁਨਿਕ ਮਿਸਰ ਦੇ ਪਹਿਲੇ ਸਦਰ ਕਰਨਲ ਨਾਸਰ ਬਣੇ |
ਇਸ ਦੇਸ਼ ਵਿਚ ਉਂਝ ਤਾਂ ਵੇਖਣ ਨੂੰ ਏਨਾ ਕੁੱਝ ਹੈ ਕਿ ਇਸ ਵਾਸਤੇ ਮਹੀਨਾ ਵੀ ਥੋੜਾ ਹੈ ਪਰ ਖਾਸ ਵੇਖਣ ਵਾਲੀਆਂ ਚੀਜ਼ਾਂ ਵੀ ਘੱਟੋ ਘਟ 10 ਦਿਨ ਮੰਗਦੀਆਂ ਹਨ | ਨੈੱਟ ਉਪੱਰ ਲੱਭ ਕੇ ਮੈਂ ਇਨ੍ਹਾਂ ਥਾਵਾਂ 'ਤੇ ਗਾਈਡ ਟੂਰ ਬੁੱਕ ਕਰਵਾ ਲਏ | (ਬਿਨਾਂ ਗਾਈਡ ਤੋਂ ਉਥੇ ਘੁੰਮਣ ਦਾ ਕੋਈ ਫਾਇਦਾ ਨਹੀਂ) ਇਹ ਟੂਰ ਅੱਧੇ ਦਿਨ ਤੋਂ ਲੈ ਕੇ ਦਸ ਦਿਨ ਤੱਕ ਹੋ ਸਕਦੇ ਹਨ | ਮਿਸਰ ਦੀ ਰਾਜਧਾਨੀ ਕਾਹਿਰਾ ਦੇ ਉਪ ਨਗਰ ਗਿਜ਼ਾ ਵਿਚ ਪਹਿਲੀ ਵਾਰ ਇਨ੍ਹਾਂ ਮਹਾਨ ਇਨਸਾਨੀ ਕਲਾ ਕਿਰਤਾਂ ਨੂੰ ਵੇਖ ਮਨ ਮੰਤਰ ਮੁਗਧ ਹੋ ਜਾਂਦਾ ਹੈ ਅਤੇ ਦਿਮਾਗ਼ ਸੁੰਨ | ਮਿਸਰ ਦੇ ਲੋਕ ਬੜੇ ਹਸਮੁਖ , ਸੋਹਣੇ ਅਤੇ ਮਹਿਮਾਨ ਨਵਾਜ਼ ਹਨ | ਉਨ੍ਹਾਂ ਵਿਚ ਖਾੜੀ ਦੇ ਅਰਬਾਂ ਵਾਲ਼ੀ ਫੂੰ-ਫਾਂ ਅਤੇ ਮੜਕ ਨਹੀਂ | ਹੋਟਲ ਸਸਤੇ ਅਤੇ ਵਧੀਆ ਭਾਵੇਂ ਛੋਟੇ ਹੀ ਕਿਉਂ ਨਾ ਹੋਣ | ਪਿਛਲੇ ਕੁਝ ਸਾਲਾਂ ਦੀ ਉਥਲ ਪੁਥਲ ਤੋਂ ਬਾਅਦ ਇੱਥੇ ਸ਼ਾਂਤੀ ਹੈ ਅਤੇ ਸਥਿਰਤਾ ਵੀ | ਅੱਸੀ ਫੀਸਦੀ ਵਸੋਂ ਮੁਸਲਮਾਨ ਹੈ ਅਤੇ ਵੀਹ ਫੀਸਦੀ ਇਸਾਈ ਪਰ ਸਾਰੇ ਰਹਿੰਦੇ ਅਮਨ ਨਾਲ਼ ਹਨ | ਧਾਰਮਿਕ ਕੱਟੜਤਾ ਨਹੀਂ ਦਿਸਦੀ, ਨਾ ਰਹਿਣੀ ਵਿਚ ਤੇ ਨਾ ਲਿਬਾਸ ਵਿਚ | ਔਰਤਾਂ ਜੀਨ ਸ਼ਰਟ ਵਿਚ ਆਮ ਦਿਸ ਜਾਂਦੀਆਂ ਹਨ | ਸ਼ਰਾਬਬੰਦੀ ਨਹੀਂ, ਬੀਅਰ ਬਾਰਾਂ ਅਤੇ ਠੇਕੇ ਵੀ ਲੱਭ ਜਾਂਦੇ ਹਨ | ਮਹਾਂਨਗਰ ਕਾਹਿਰਾ ਦੀ ਅਬਾਦੀ ਦੋ ਕਰੋੜ ਹੈ ਅਤੇ ਭੀੜ ਕਲਕੱਤੇ ਵਰਗੀ | ਕਾਰਾਂ ਦਰਮਿਆਨੀਆਂ ਪਰ ਦੋ ਪਹੀਆ ਵਾਹਨ ਬਹੁਤ ਥੋੜ੍ਹੇ | ਮਹਿੰਗਾਈ ਭਾਰਤ ਦੇ ਮੁਕਾਬਲੇ ਘੱਟ ਜਾਪੀ ਭਾਵੇਂ ਉਹ ਲੋਕ ਇਸ ਤੋਂ ਸੰਤੁਸ਼ਟ ਨਹੀਂ | ਮਜ਼ਦੂਰ ਦੀ ਦਿਹਾੜੀ ਭਾਰਤੀ ਰੁਪਈਆਂ ਵਿਚ ਸੱਤ ਸੌ ਹੈ | ਤਕਰੀਬਨ ਸਾਰੀ ਆਬਾਦੀ ਸਣੇ ਦੇਹਾਤ ਬਹੁਮੰਜ਼ਿਲੇ ਫਲੈਟਾਂ ਵਿਚ ਰਹਿੰਦੀ ਹੈ | ਮਿਸਰ ਵਿਚ ਬਖਸ਼ੀਸ਼ ਭਾਵ ਟਿੱਪ ਮੰਗਣ ਦਾ ਰਿਵਾਜ ਬਹੁਤ ਹੈ ਪਰ ਕੋਈ ਕਲਾਕਾਰ ਜਿਵੇਂ ਤਨੂਰਾ ਡਾਂਸ ਵਰਗੀ ਪੇਸ਼ਕਾਰੀ ਤੋਂ ਬਾਅਦ ਵੇਲ ਜਾਂ ਬਖਸ਼ੀਸ਼ ਦੀ ਤਵੱਕੋ ਨਹੀਂ ਕਰਦਾ ਅਤੇ ਨਾ ਹੀ ਕੋਈ ਦਿੰਦਾ ਹੈ | ਭਾਰਤੀ ਇੱਥੇ ਬਹੁਤ ਘੱਟ ਆਉਂਦੇ ਹਨ ਅਤੇ ਸਿੱਖ ਤਾਂ ਉੱਕਾ ਹੀ ਨਹੀਂ ਪਰ ਮਿਸਰ ਵਿਚ ਭਾਰਤੀ ਫਿਲਮਾਂ ਅਤੇ ਟੀਵੀ ਸੀਰੀਅਲ ਬਹੁਤ ਮਕਬੂਲ ਹੋ ਚੁੱਕੇ ਹਨ | ਮੈਂ ਜਿੱਧਰ ਵੀ ਜਾਂਦਾ ਲੋਕ ਮੈਨੂੰ 'ਮਹਾਰਾਜਾ' ਕਹਿ ਕੇ ਬਲਾਉਂਦੇ | ਨਾਲੇ ਫੋਟੋਆਂ ਖਿਚਵਾਉਂਦੇ ਨਾਲ਼ ਹੀ 'ਇੰੰਡੀਆ, ਸ਼ਾਹਰੁਖ ਖ਼ਾਨ, ਅਮਿਤਾਭ ਬਚਨ!' ਵੀ ਕਹਿੰਦੇ | ਲੋਕ ਮਿਸਰ ਵਿਚ ਅਜੂਬੇ ਵੇਖਣ ਅਉਂਦੇ ਹਨ ਪਰ ਮਿਸਰੀਆਂ ਵਾਸਤੇ ਅਜੂਬਾ ਮੈਂ ਸਾਂ |
ਪਹਿਲੇ ਦਿਨ ਪ੍ਰੋਗਰਾਮ ਮੁਤਾਬਕ ਕਾਹਿਰਾ ਦਾ ਰਾਸ਼ਟਰੀ ਅਜਾਇਬ ਘਰ, ਹੁਸੈਨੀ ਮਸਜਦ, ਖਲੀਲੀ ਬਜ਼ਾਰ ਅਤੇ ਮੁਹੰਮਦ ਅਲੀ ਮਸਜਿਦ ਵੇਖਣੀ ਸੀ | ਕਾਹਿਰਾ ਮਿਊਜ਼ੀਅਮ 1902 ਵਿਚ ਸਥਾਪਤ ਕੀਤਾ ਗਿਆ ਸੀ | ਇਸ ਵਿਚ ਐਸ ਵੇਲੇ 120000 ਤੋਂ ਉੱਪਰ ਮਿਸਰੀ ਸੱਭਿਅਤਾ ਨਾਲ ਸਬੰਧਤ ਸ਼ੈਆਂ ਦਿਖਾਈਆਂ ਗਈਆਂ ਹਨ | ਅਸਲ ਵਿਚ ਸ਼ਹਿਰ ਦੇ ਗੱਭੇ ਤਹਿਰੀਰ ਸਕੇਅਰ (ਚੌਕ) ਵਾਲੀ ਜਗ੍ਹਾ ਥੋੜੀ ਪੈਣ ਕਾਰਨ ਅਤੇ ਨੁਮਾਇਸ਼ ਲਾਇਕ ਚੀਜ਼ਾਂ ਦਿਨ ਬਦਿਨ ਵਧਣ ਕਾਰਨ ਮਿਸਰ ਦੇ ਕੌਮੀ ਅਜਾਇਬ ਘਰ ਵਾਸਤੇ ਇਕ ਨਵੀਂ ਇਮਾਰਤ ਬਣਾ ਲਈ ਗਈ ਹੈ ਅਤੇ ਇਸੇ ਸਾਲ ਇਹ ਉਥੇ ਤਬਦੀਲ ਕਰ ਦਿੱਤਾ ਜਾਵੇਗਾ | ਉਂਝ ਤਾਂ ਮਿਸਰ ਦੀ ਸੱਭਿਅਤਾ ਨਾਲ ਮੁਤੱਲਕ ਵਸਤਾਂ ਦੁਨੀਆਂ ਭਰ ਦੇ ਅਜਾਇਬ ਘਰਾਂ ਵਿਚ ਪ੍ਰਦਰਸ਼ਿਤ ਹਨ ਪਰ ਸਭ ਤੋਂ ਵੱਡਾ ਭੰਡਾਰ ਕਾਹਿਰਾ ਵਿਚ ਹੀ ਹੈ | ਸੈਲਾਨੀਆਂ , ਜ਼ਿਆਦਾਤਰ ਵਿਦੇਸ਼ੀਆਂ ਦਾ ਹਜੂਮ ਸੀ | ਇਨ੍ਹਾਂ 'ਚੋਂ ਬਹੁਤੇ ਅਮਰੀਕਾ, ਜਾਪਾਨ, ਇਟਲੀ ਅਤੇ ਵਲੈਤ ਤੋਂ ਸਨ | ਤਿੰਨ ਮੰਜ਼ਲਾਂ ਵਿਚ ਮਿਸਰ ਦੀ ਸੱਭਿਅਤਾ ਦੇ 7000 ਸਾਲ ਪਹਿਲਾਂ ਤੋਂ ਲੈ ਕੇ ਖਾਤਮੇ ਤੱਕ ਦੇ ਅਤੇ ਓਸ ਤੋਂ ਬਾਅਦ ਦੇ, ਯੂਨਾਨੀ, ਰੋਮਨ ਤੇ ਅਰਬ ਯੁਗ ਨਾਲ ਸਬੰਧਤ ਸ਼ਿਲਾਲੇਖ , ਮੂਰਤੀਆਂ, ਗਹਿਣੇ ਅਤੇ ਹੋਰ ਨਿੱਕ ਸੁੱਕ ਦੇਖ ਕੇ ਤੁਸੀਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ | ਪਰ ਇਥੇ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੈ 18ਵੀਂ ਕੁੱਲ ਦੇ ਰਾਜੇ ਤੂਤਮਖਾਨਮ ਦੇ ਮਕਬਰੇ ਵਿਚੋਂ ਨਿਕਲ਼ਿਆ ਖਜ਼ਾਨਾ | ਮਿਸਰ ਦੇ ਲੋਕ ਆਪਣੇ ਰਾਜੇ ਨੂੰ ਮਰਨ ਤੋਂ ਬਾਅਦ ਦੇਵਤਾ ਮੰਨਦੇ ਸਨ ਅਤੇ ਮੌਤ ਤੋਂ ਪਾਰਲੀ ਜ਼ਿੰਦਗੀ ਵਾਸਤੇ ਪੂਰੀ ਸੁਖ ਸਹੂਲਤ ਲਈ ਉਸਦੇ ਮਕਬਰੇ ਵਿਚ ਸੋਨਾ, ਹੀਰੇ, ਖਾਣ ਪੀਣ ਦੀਆਂ ਵਸਤਾਂ ਜਿਵੇਂ ਅਨਾਜ, ਬੀਅਰ, ਗਿਰੀਆਂ , ਨੌਕਰਾਂ ਦੀਆਂ ਮੂੂਰਤੀਆਂ ਅਤੇ ਹੋਰ ਬੇਸ਼ ਕੀਮਤੀ ਸ਼ੈਆਂ ਰੱਖ ਦਿੰਦੇ ਸੀ | ਇਹੋ ਜਿਹੇ ਹੀ ਇਕ ਮਕਬਰੇ ਵਿਚੋਂ ਸ਼ਹਿਦ ਦੀ ਸ਼ੀਸ਼ੀ ਮਿਲ਼ੀ ਸੀ ਅਤੇ ਹੈਰਾਨੀ ਦੀ ਗੱਲ ਹੈ ਦੋ ਹਜ਼ਾਰ ਸਾਲ ਬਾਅਦ ਵੀ ਇਹ ਸ਼ਹਿਦ ਖਾਣ ਲਾਇਕ ਸੀ ! ਇਹ ਮਕਬਰੇ ਹਜ਼ਾਰਾਂ ਸਾਲਾਂ ਦੇ ਵਕਫੇ ਦੌਰਾਨ ਲੁੱਟ ਲਏ ਗਏ ਪਰ ਹੁਣ ਤੱਕ ਇਕੋ ਇਕ ਸਹੀ ਸਲਾਮਤ ਮਕਬਰਾ ਤੂਤਮਖਾਨਮ ਦਾ 1922 ਵਿਚ ਮਿਲਿਆ ਸੀ | ਇਸ ਦੇ ਨਾਲ ਕੁੱਲ ਚਾਰ ਕੁਇੰਟਲ ਸੋਨੇ ਦੀਆਂ ਅਦਭੁੱਤ ਵਸਤਾਂ ਲੱਭੀਆਂ ਸਨ ਜੋ ਅਜਾਇਬ ਘਰ ਵਿਚ ਪਈਆਂ ਹਨ | ਇਨ੍ਹਾਂ ਵਿਚ ਤਿੰਨ ਪਰਤਾਂ ਵਾਲ਼ੇ ਤਾਬੂਤ ਅਤੇ ਛੋਟੇ ਕਮਰੇ ਦੇ ਅਕਾਰ ਦੇ ਤਿੰਨ ਸੋਨੇ ਦੇ ਬਕਸੇ ਵੀ ਹਨ | ਸਭ ਤੋਂ ਦਿਲਕਸ਼ ਤੂਤਮਖਾਨਮ ਦਾ ਸੋਨੇ ਦਾ ਮਖੌਟਾ ਹੈ |
ਇਸ ਹਿੱਸੇ ਤੋਂ ਵੀ ਵੱਧ ਖਿੱਚ ਦਾ ਕੇਂਦਰ ਹੈ ਮਿਸਰ ਦੀਆਂ ਪੁਰਾਤਨ ਮੰਮੀਆਂ ਵਾਲਾ ਕਮਰਾ | ਇਹ ਕਮਰਾ ਵੇਖਣ ਵਾਸਤੇ ਅਲਹਿਦਾ ਟਿਕਟ ਲੈਣੀ ਪੈਂਦੀ ਹੈ ਜੋ ਕਿ ਮਿਊਜ਼ੀਅਮ ਦੇ ਟਿਕਟ ਨਾਲੋਂ ਵੀ ਮਹਿੰਗੀ ਹੈ | ਪਰ ਇਹ ਦੇਖੇ ਬਗੈਰ ਛੱਡਣ ਵਾਲੀ ਜਗ੍ਹਾ ਨਹੀਂ | ਕਦੀਮੀ ਮਿਸਰ ਦੇ ਲੋਕ ਰਾਜੇ ਰਾਣੀਆਂ ਅਤੇ ਹੋਰ ਅਹਿਲਕਾਰਾਂ ਦੀ ਮਿ੍ਤਕ ਦੇਹ ਨੂੰ ਖਾਸ ਲੇਪ ਲਾ ਕੇ ਸੁਰੱਖਿਅਤ ਰੱਖ ਲੈਂਦੇ ਸੀ | ਇਸ ਤੋਂ ਪਹਿਲਾਂ ਉਨ੍ਹਾਂ ਦੇ ਅੰਗ ਜਿਵੇਂ ਕਿ ਜਿਗਰ, ਗੁਰਦੇ ਅੰਤੜੀਆਂ, ਦਿਮਾਗ ਕੱਢ ਕੇ ਮਰਤਬਾਨ ਨੁਮਾ ਭਾਂਡਿਆਂ ਵਿਚ ਸੁਰੱਖਿਅਤ ਕਰਕੇ ਤਾਬੂਤ ਦੇ ਨਾਲ਼ ਹੀ ਰੱਖ ਦਿੱਤੇ ਜਾਂਦੇ ਸਨ | ਇਸ ਮੰਮੀਫਿਕੇਸ਼ਨ ਪ੍ਰਕਿਰਿਆ ਦੇ ਪੁਰਾਤਨ ਮਿਸਰ ਵਾਸੀ ਮਾਹਿਰ ਸਨ | ਇਸ ਕਮਰੇ ਵਿਚ 4500 ਸਾਲ ਤੋਂ ਲੈ ਕੇ 2500 ਸਾਲ ਪੁਰਾਣੀਆਂ ਮੰਮੀਜ਼ ਪਈਆਂ ਹਨ ਇਨ੍ਹਾਂ ਅੱਠ ਮੰਮੀਜ਼ ਵਿਚੋਂ ਸਭ ਤੋਂ ਤਾਕਤਵਰ ਅਤੇ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਰਾਜੇ ਰਾਮਸਜ਼ ਦੂਜੇ ਦੀ ਮੰਮੀ ਵੀ ਸ਼ਾਮਲ ਹੈ | ਹੈਰਾਨੀ ਹੈ ਕਿ ਪੰਤਾਲੀ ਸਦੀਆਂ ਬਾਅਦ ਵੀ ਇਨ੍ਹਾਂ ਮੰਮੀਆਂ ਦੀ ਚਮੜੀ, ਨੱਕ, ਕੰਨ, ਅੱਖਾਂ ਤੇ ਇੱਥੋਂ ਤੱਕ ਕਿ ਸਿਰ ਦੇ ਵਾਲ਼ ਵੀ ਸੁਰੱਖਿਅਤ ਹਨ ਅਤੇ ਜਿਨ੍ਹਾਂ ਪੱਟੀਆਂ ਨਾਲ ਇਹ ਲਾਸ਼ਾਂ ਲਪੇਟੀਆਂ ਗਈਆਂ ਸਨ, ਉਹ ਵੀ ਉਂਝ ਹੀ ਹਨ!
ਇਸ ਤੋਂ ਬਾਅਦ ਮੈਂ ਤੇ ਮੇਰਾ ਗਾਈਡ ਖਲੀਲੀ ਬਜ਼ਾਰ ਅਤੇ ਉਸ ਦੇ ਨਾਲ ਹੀ ਬਣੀ ਹੁਸੈਨੀ ਮਸਜਿਦ ਵੇਖਣ ਪਹੁੰਚ ਗਏ ਜੋ ਕਿ ਅੰਦਰੋਂ ਅਤੇ ਬਾਹਰੋਂ ਬਹੁਤ ਸੁੰਦਰ ਇਮਾਰਤ ਹੈ | ਇਹ ਮਸਜਿਦ ਮੁਢੱਲੇ ਤੌਰ 'ਤੇ 1153 ਵਿਚ ਬਣਾਈ ਗਈ ਸੀ | ਇਹ ਅਫਰੀਕਾ ਦੀ ਸਭ ਤੋਂ ਪਵਿੱਤਰ ਮਸਜਿਦ ਸਮਝੀ ਜਾਂਦੀ ਹੈ ਕਿਉਂਕਿ ਮੁਸਲਮਾਨਾਂ ਦੇ ਇਕ ਫਿਰਕੇ ਦਾ ਵਿਸ਼ਵਾਸ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ ਇਮਾਮ ਹੁਸੈਨ ਦੀ ਸ਼ਹਾਦਤ ਤੋਂ 250 ਸਾਲ ਬਾਅਦ ਉਨ੍ਹਾਂ ਦਾ ਸਿਰ ਲਿਆ ਕੇ ਇਥੇ ਦਫਨ ਕੀਤਾ ਗਿਆ ਸੀ | ਮੈਨੂੰ ਬਾਅਦ ਵਿਚ ਪਤਾ ਲੱਗਿਆ ਕਿ ਮਸਜਿਦ ਵਿਚ ਗੈਰ ਮੁਸਲਮਾਨਾਂ ਦਾ ਦਾਖਲਾ ਮਨ੍ਹਾਂ ਹੈ (ਬਾਹਰ ਬੋਰਡ ਵੀ ਲੱਗਿਆ ਸੀ) ਪਰ ਸ਼ਾਇਦ ਪਗੜੀਧਾਰੀ ਹੋਣ ਕਾਰਨ ਮੇਰੇ ਮੁਸਲਿਮ ਨਾ ਹੋਣ ਦਾ ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਹੋਵੇ | ਇਸ ਤੋਂ ਬਿਨਾਂ ਕਾਹਿਰਾ ਵਿਚ ਉਨ੍ਹੀਵੀਂ ਸਦੀ ਦੀ ਬਣੀ ਮੁਹੰਮਦ ਅਲੀ ਮਸਜਿਦ ਵੀ ਭਵਨ ਕਾਰੀ ਦਾ ਇਕ ਦਿਲਕਸ਼ ਨਮੂਨਾ ਹੈ | ਉੱਚੀ ਥਾਂ 'ਤੇ ਬਣੀ ਹੋਣ ਕਰਕੇ ਇਹ ਹੋਰ ਵੀ ਅਕਾਰਸ਼ਕ ਲਗਦੀ ਹੈ | ਇਹ ਮਸਜਿਦ ਕਹਿਰਾ ਦੇ ਪੁਰਾਤਨ ਕਿਲ੍ਹੇ ਵਿਚ ਬਣੀ ਹੈ ਜੋ ਕਿ ਉੱਚੀ ਪਹਾੜੀ 'ਤੇ ਹੈ | ਕਿਲ੍ਹਾ 12ਵੀਂ ਸਦੀ ਦੇ ਇਸਲਾਮਿਕ ਦੌਰ ਵਿਚ ਉਸਰਿਆ ਅਤੇ ਪੰਜ ਛੇ ਸਦੀਆਂ ਸੱਤਾ ਦਾ ਕੇਂਦਰ ਰਿਹਾ | ਇਸੇ ਅਹਾਤੇ ਵਿਚ ਮਿਸਰ ਦੀ ਫੌਜ ਅਤੇ ਪੁਲੀਸ ਦਾ ਕੌਮੀ ਅਜਾਇਬਘਰ ਵੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਪਿੰਡ ਮੰਡਿਆਣੀ, ਜ਼ਿਲ੍ਹਾ ਲੁਧਿਆਣਾ-141101.
ਮੋਬਾਈਲ : 98144-22617


ਖ਼ਬਰ ਸ਼ੇਅਰ ਕਰੋ

ਮੋਹ ਬਿਨਾਂ ਜਿਊਣਾ ਔਖਾ

ਪੱਕੇ, ਪਾਕ ਤੇ ਪ੍ਰਾਣਵੰਤ ਰਿਸ਼ਤਿਆਂ ਦਾ ਯੁੱਗ ਬੀਤ ਗਿਆ ਲਗਦਾ ਹੈ | ਲੋੜਾਂ, ਲਾਲਚਾਂ ਤੇ ਆਪਸੀ ਲੈਣ-ਦੇਣ ਦੇ ਰਸਮੀ ਤੇ ਰੂਹਹੀਣ ਬੰਧਨਾਂ 'ਚ ਬੱਝੇ ਹੋਏ ਲੋਕ ਦਿਖਾਵਟੀ ਤੇ ਦੇਹ-ਧਾਰੀ ਸਰੂਪਾਂ ਦੇ ਮੁਰੀਦ ਹੋ ਗਏ ਹਨ | ਲਾਈਆ ਤੇ ਤੋੜ ਨਿਭਾਵੀਂ ਆਖਣ ਵਾਲੀਆਂ ਮਾਸੂਮ ਮੁਹੱਬਤਾਂ ਤੇ ਮੋਹਖੋਰੀਆਂ ਦਾ ਗਾਇਨ ਹੁਣ ਗੀਤਾਂ ਤੇ ਸੰਗੀਤਾਂ ਦਾ ਵਿਸ਼ਾ ਤੇ ਵਿਰਦ ਨਹੀਂ ਰਿਹਾ | ਨਾ ਲੱਗੀਆਂ ਦੀ ਖ਼ੁਮਾਰੀ ਤੇ ਨਾ ਟੁੱਟੀਆਂ ਦਾ ਵੈਰਾਗ | ਅੰਦਰੂਨੀ ਖਾਲੀਪਨ ਨਾਲ ਖੜਕਦੇ ਰਿਸ਼ਤਿਆਂ ਦੀ ਬਹੁਤੀ ਉਮਰ ਨਹੀਂ ਹੁੰਦੀ | ਰਿਸ਼ਤਿਆਂ ਨੂੰ ਤਾਉਮਰ ਨਿਭਾਉਣ ਤੇ ਪੁਗਾਉਣ ਲਈ ਜਿਸ ਤਰ੍ਹਾਂ ਦੀ ਜਾਨ, ਜੇਰੇ, ਜੁੱਸੇ ਤੇ ਜ਼ਿਆਰਤ ਦੀ ਜ਼ਰੂਰਤ ਹੁੰਦੀ ਹੈ, ਉਸ ਨੂੰ ਅਜੋਕੀ ਮਤਲਬੀ ਤੇ ਮੋਹਹੀਣ ਮੰਡੀ ਨੇ ਨਪੀੜ ਦਿੱਤਾ ਹੈ | ਸਬੰਧਾਂ ਵਿਚ ਬਾਜ਼ਾਰ ਆ ਜਾਣ ਨਾਲ ਰਿਸ਼ਤਿਆਂ ਦੀਆਂ ਤੰਦਾਂ, ਤਰੰਗਾਂ ਤੇ ਤੈਆਂ ਮਾਨਵੀ ਤੇ ਮਾਸੂਮ ਨਹੀਂ ਰਹੀਆਂ | ਮੇਰੇ ਇਕ ਮਿੱਤਰ ਨੇ ਆਪਣੇ ਬੱਚਿਆਂ ਨੂੰ ਮੁਢਲੀ ਸਿੱਖਿਆ ਹੀ ਇਹ ਦਿੱਤੀ ਕਿ ਸਭ ਪੈਸੇ ਦੇ ਸਬੰਧ ਤੇ ਸਾਕ ਹੁੰਦੇ ਹਨ | ਪਹਿਲਾਂ ਪੈਸਾ ਹੈ ਫਿਰ ਚਾਚੇ-ਤਾਏ, ਦਾਦੇ-ਨਾਨੇ ਹੁੰਦੇ ਹਨ | ਜਦੋਂ ਉਹ ਸੱਤਾਹੀਣ ਹੋ ਗਿਆ ਤਾਂ ਬੱਚਿਆਂ ਨੇ ਉਸ ਦੀ ਦਿੱਤੀ ਹੋਈ ਸਿੱਖਿਆ ਉਸ ਉਤੇ ਲਾਗੂ ਕਰ ਦਿੱਤੀ | ਹੁਣ ਮੇਰੇ ਉਸ ਉਪਦੇਸ਼ਕ ਤੇ ਉਲਾਰ ਮਿੱਤਰ ਨੂੰ ਨਾ ਦੇਸ਼ ਵਾਲਾ ਪਰਿਵਾਰ ਝਲਦਾ ਹੈ ਤੇ ਨਾ ਵਿਦੇਸ਼ ਵਾਲਾ ਪਰਿਵਾਰ ਪੁੱਛਦਾ ਹੈ |
ਸਾਂਭ-ਸੰਭਾਲ ਤੇ ਪੁੱਛਗਿੱਛ ਬੇਹੱਦ ਸਮਝਦਾਰੀ, ਸਨੇਹ ਤੇ ਸੰਜਮ ਨਾਲ ਕੁਝ ਕੁ ਰਿਸ਼ਤੇ ਕਮਾ ਕੇ ਰੱਖਣੇ ਪੈਂਦੇ ਹਨ | ਰਿਸ਼ਤਿਆਂ ਨੂੰ ਕਮਾਉਣ ਦਾ ਕਾਰਨ ਆਪਸੀ ਮਿਲਵਰਤਨ, ਮੋਹ ਤੇ ਮਾਨਵਕਾਰੀ ਦੇ ਸੁਚੱਜੇ ਤੇ ਸਚਿਆਰੇ ਸੁਮੇਲ ਵਿਚੋਂ ਉਪਜਦਾ ਹੈ | ਗੁੜ ਜਾਂ ਸ਼ਹਿਦ ਨਾਲ ਨਵ-ਜੰਮੇ ਬੱਚੇ ਨੂੰ ਦਿੱਤੀ ਜਾਣ ਵਾਲੀ ਗੁੜ੍ਹਤੀ ਮਹਿਜ਼ ਰਸਮ ਨਹੀਂ ਹੁੰਦੀ | ਇਸ ਮਾਸੂਮ ਵਰਤਾਰੇ ਨਾਲ ਅਸੀਂ ਨਵ-ਜੰਮੇ ਜੀਅ ਲਈ ਮਾਨਵੀ ਮਿਠਾਸ ਦੇ ਔਸ਼ਧੀ ਆਕਾਸ਼ ਦੀ ਭਵਿੱਖਮੁਖੀ ਕਲਪਨਾ ਦਾ ਸੁਪਨਾ ਲੈਂਦੇ ਹਾਂ | ਚੰਗੇ ਸੁਪਨੇ ਲੈਣ ਨਾਲ ਧੜਕਣਾਂ ਸੰੁਦਰ ਤੇ ਸਜੀਵ ਹੋ ਜਾਂਦੀਆਂ ਹਨ | ਨਵੀਂ, ਨਿਰਾਲੀ ਤੇ ਨਰੋਈ ਦੁਨੀਆ ਵਸਾਉਣ ਦਾ ਸੁਪਨਾ ਰਿਸ਼ਤਿਆਂ ਦੀ ਆਦਰਸ਼ਕ ਤੇ ਅਨੋਖੀ ਅੰਬਰਕਾਰੀ ਦਾ ਭਾਵਨਾਮੁਖੀ ਭਵਿੱਖ ਹੁੰਦਾ ਹੈ |
ਰਾਜਨੀਤਕ ਤੇ ਸਮਾਜਿਕ ਵੰਡਾਂ ਤੇ ਵਾਹਗਿਆਂ ਨੇ ਆਪਸੀ ਸਬੰਧਾਂ ਨੂੰ ਕੁਸੈਲਾ ਤੇ ਕਿਰਕਿਰਾ ਕਰ ਦਿੱਤਾ ਹੈ | ਪਿੰਡਾਂ, ਸ਼ਹਿਰਾਂ, ਮੁਹੱਲਿਆਂ ਤੇ ਅਦਾਰਿਆਂ ਵਿਚ ਵੰਡਾਂ ਤੇ ਵਿਤਕਰਿਆਂ ਦੇ ਆਧਾਰ 'ਤੇ ਵੱਖਰੇ-ਵੱਖਰੇ ਵਿੰਗ ਤੇ ਵਲਗਣ ਬਣ ਗਏ ਹਨ | ਲੋਕੀਂ ਆਪਣੇ-ਆਪਣੇ ਧੜਿਆਂ ਦੇ ਮਰਨਿਆਂ-ਪਰਨਿਆਂ ਤੇ ਸ਼ਕਤੀ ਪ੍ਰਦਰਸ਼ਨ ਵਜੋਂ ਆਉਂਦੇ-ਜਾਂਦੇ ਹਨ | ਨਿਰਮੋਹੇ ਤੇ ਨਿਰਦਈ ਯੁੱਗ ਨੇ ਮੌਤ ਵਰਗੀ ਸਭ ਨੂੰ ਆਉਣ ਵਾਲੀ ਤੇ ਦਾਰਸ਼ਨਿਕ ਸ਼ੈਅ ਨੂੰ ਵੀ ਸਰਬ ਸਾਂਝੀ ਤੇ ਸੱਭਿਆਚਾਰਕ ਵਰਤਾਰਾ ਨਹੀਂ ਰਹਿਣ ਦਿੱਤਾ | ਹੁਣ ਮਨੁੱਖ ਦੀ ਨਹੀਂ ਸਗੋਂ ਧੜਿਆਂ ਦੀ ਮੌਤ ਹੁੰਦੀ ਹੈ |
ਵਿਥਾਂ ਤੇ ਵਿਵਾਦ ਏਨੇ ਬਾਰੀਕ ਤੇ ਬਲਸ਼ਾਲੀ ਹੋ ਗਏ ਹਨ, ਜਿਵੇਂ ਘਰਾਂ ਵਿਚ ਪਾਕਿਸਤਾਨ-ਹਿੰਦੁਸਤਾਨ ਉਗ ਆਏ ਹੋਣ | ਮੇਰੇ ਦੋ ਦੋਸਤ ਇਕੱਠੇ ਪੜ੍ਹੇ ਤੇ ਇਕੱਠੇ 35 ਸਾਲ ਸ਼ਰੀਕਾਂ ਵਾਂਗੂ ਪੜ੍ਹਾ ਕੇ ਸੇਵਾਮੁਕਤ ਹੋ ਗਏ ਹਨ | ਇਕ-ਦੂਜੇ ਤੋਂ ਵੱਡਾ ਤੇ ਵੱਡਾਆਕਾਰੀ ਦਰਸਾਉਣ ਦੀ ਤਾਂਘ ਤੇ ਤਣਾਓ ਨੇ ਰਿਸ਼ਤੇ ਨੂੰ ਜਮਾਤੀਆਂ ਵਰਗਾ ਹੋਣ ਹੀ ਨਹੀਂ ਦਿੱਤਾ | ਖ਼ੁਸ਼ਆਮਦੀਦ ਤੇ ਅਲਵਿਦਾਇਗੀ ਦੇ ਭਾਵਨਾਮਈ ਤੇ ਭਾਗਸ਼ੀਲ ਪਲ ਵੀ ਰਿਸ਼ਤਿਆਂ ਦੀਆਂ ਅੰਦਰੂਨੀ ਖਹਿਬਾਜ਼ੀਆਂ ਤੇ ਖਾਰਾਂ ਨੇ ਸੰੁਦਰ ਤੇ ਸੁਰੀਲੇ ਨਹੀਂ ਰਹਿਣ ਦਿੱਤੇ | ਸਾਲਾਂ ਦੇ ਸਾਲ ਕਿਸੇ ਸੰਸਥਾ ਵਿਚ ਕੰਮ ਕਰਨ ਉਪਰੰਤ ਕਈ ਵਾਰ ਇਕ ਵੀ ਪੱਕਾ ਤੇ ਪ੍ਰਾਣਵੰਤ ਰਿਸ਼ਤਾ ਨਹੀਂ ਬਣਾ ਹੁੰਦਾ ਜੋ ਰਹਿੰਦੀ ਉਮਰ ਭਰ ਭਾਵੁਕ ਸੇਕ ਤੇ ਸ਼ਕਤੀ ਦੇ ਸਕੇ | ਸੰਸਥਾਵਾਂ ਵਿਚ ਮੁੜ-ਮੁੜ ਜਾਣ ਨੂੰ ਜੀਅ ਨਹੀਂ ਕਰਦਾ | ਕਿੰਨਾ ਮੋਹ ਖੋਰਾ ਤੇ ਮਾਨਵੀ ਸੀ ਮੇਰਾ ਬਾਪ ਜੋ ਉਮਰ ਭਰ ਲਾਇਲਪੁਰ ਦੀ ਜਰਖੇਜ਼ ਮਿੱਟੀ ਨੂੰ ਯਾਦ ਕਰਦਾ ਰਿਹਾ | ਅਸੀਂ ਉਹਨੂੰ ਹਲ ਪੰਜਾਲੀ, ਬਲਦਾਂ, ਟਿੰਡਾਂ, ਕਣਕਾਂ, ਮੱਕੀਆਂ ਤੇ ਆਡਾਂ ਬੰਨਿ੍ਹਆਂ ਨਾਲ ਪਿਆਰ ਕਰਦੇ ਦੇਖਿਆ ਹੈ | ਕੱਚੇ ਕੋਠੇ ਲਿੰਬਦੀ/ਲਿਪਦੀ ਆਪਣੀ ਮਾਂ ਦੇ ਪੋਟਿਆਂ 'ਚੋਂ ਮਾਨਵੀ ਮੋਹ ਦੀਆਂ ਝਨਾਵਾਂ ਸਿੰਮਦੀਆਂ ਦੇਖੀਆਂ ਨੇ | ਅਜਿਹੇ ਲੋਕ ਤੇ ਘਰ ਹੁਣ ਨਹੀਂ ਰਹੇ | ਮਾਪੇ ਬੱਚਿਆਂ ਨੂੰ ਧੜਕਣਸ਼ੀਲ ਮਾਨਵੀ ਦਿਲ ਨਹੀਂ ਦਿੰਦੇ | ਸੁਪਨਸ਼ੀਲ ਤੇ ਸਿਆਣੇ ਨਹੀਂ ਬਣਾਉਂਦੇ | ਰਿਸ਼ਤੇ ਤੇ ਰਿਜ਼ਕ ਕਮਾਉਣ ਦੀ ਕਲਾ ਤੇ ਕਾਰਗਿਰੀ ਮਾਪਿਆਂ ਤੇ ਗੁਰੂਆਂ ਦੀ ਸੰਗਤ ਤੇ ਸੋਹਬਤ ਵਿਚੋਂ ਸਹਿਜ ਸੁਭਾਵਿਕ ਉਗਦੀ ਬਖਸ਼ਿਸ਼ ਹੈ | ਹੁਣ ਗੁਰੂ ਤੇ ਮਾਪੇ ਬੱਚਿਆਂ ਨੂੰ ਨਾਕਾਰਾਤਮਕ ਸਹੂਲਤਾਂ ਤੇ ਸਰੋਕਾਰਾਂ ਲਈ ਉਤਸ਼ਾਹਿਤ ਤੇ ਉਤੇਜਿਤ ਕਰਦੇ ਹਨ | ਸਿੱਟੇ ਵਜੋਂ ਰਿਸ਼ਤਿਆਂ ਵਿਚ ਨੈਤਿਕ ਤੇ ਵਿਹਾਰਕ ਗਿਰਾਵਟ ਤੇ ਗ਼ਲੀਜ਼ਤਾ ਦਾ ਬੋਲਬਾਲਾ ਹੋ ਗਿਆ ਹੈ | ਜਦੋਂ ਮਾਨਵੀ ਮਾਪਦੰਡ, ਮਿਆਰ ਤੇ ਮਾਅਨੇ ਹੀ ਮੁੱਲਹੀਣ ਹੋ ਜਾਣ, ਉਸ ਵੇਲੇ ਰਿਸ਼ਤਿਆਂ ਦਾ ਹਸ਼ਰ ਵੀ ਹੈਰਾਨੀਜਨਕ ਹੋ ਜਾਂਦਾ ਹੈ | ਏਸੇ ਕਰਕੇ ਪੂਰਾ ਪੰਜਾਬ ਉਜੜਨ ਦੇ ਰਾਹ ਤੁਰਿਆ ਹੋਇਆ ਹੈ | ਵਿਦੇਸ਼ ਦੀ ਸਖ਼ਤ ਮਿਹਨਤ ਇਥੋਂ ਦੀ ਨੈਤਿਕ ਕੰਗਾਲੀ ਤੇ ਰਿਸ਼ਵਤਖੋਰ ਕੋਹਰਾਮ ਨਾਲੋਂ ਚੰਗੀ ਲਗਦੀ ਹੈ | ਕੰਗਾਲੀਆਂ ਤੇ ਕੋਹਰਾਮ ਰੂਹਾਂ ਤੇ ਰਿਸ਼ਤਿਆਂ ਨੂੰ ਅਲਹਿਦਾ ਤੇ ਆਤੰਕਿਤ ਕਰ ਦਿੰਦੀਆਂ ਹਨ ਤੇ ਲੋਕ ਆਖਣਾ ਸ਼ੁਰੂ ਕਰ ਦਿੰਦੇ ਹਨ ਕਿ ਹੁਣ ਕੋਈ ਕਿਸੇ ਦਾ ਸਕਾ ਨਹੀਂ ਰਿਹਾ |
ਰਿਸ਼ਤੇ ਪੌਸ਼ਟਿਕ ਖੁਰਾਕ ਤੇ ਖ਼ਾਬਗੋਈ ਵਰਗੇ ਹੁੰਦੇ ਹਨ | ਫ਼ਕੀਰ ਤੇ ਫਲਸਫਾਨਾ ਲੋਕ ਹੀ ਰਿਸ਼ਤਿਆਂ ਨੂੰ ਜੀਵਨ ਭਰ ਜਿਊਾਦਾ ਤੇ ਜਾਗਿ੍ਤ ਰੱਖ ਸਕਦੇ ਹਨ | ਅਸਥਾਈ ਲੋੜਾਂ ਤੇ ਲਾਲਚਾਂ ਨੇ ਰਿਸ਼ਤਿਆਂ ਦੀ ਜਾਨ ਕੱਢ ਲਈ ਹੈ | ਮਿਲ ਬੈਠਣ ਦੀ ਜਾਚ ਤੇ ਜੁਸਤਜੂ ਗਵਾਚ ਗਈ ਹੈ | ਗੁਫ਼ਤਗੂ ਦਾ ਮਹਿਫਲੀ ਮਹਾਤਮ ਮੁੱਕ ਗਿਆ ਪ੍ਰਤੀਤ ਹੁੰਦਾ ਹੈ | ਜਦੋਂ ਅਸੀਂ ਨਵੇਂ-ਨਵੇਂ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਨ ਲਈ ਗਏ ਤਾਂ ਕਈ ਵਿਰਲੀਆਂ ਤੇ ਵਿਸ਼ੇਸ਼ ਗੱਲਾਂ ਨੇ ਬਹੁਤ ਆਕਰਸ਼ਿਤ ਕੀਤਾ | ਵੱਖ-ਵੱਖ ਵਿਚਾਰਾਂ ਵਾਲੇ ਵੱਡੇ ਵਿਦਵਾਨ ਕੌਫੀ ਹਾਊਸ ਦੇ ਬਾਹਰ ਮਲੰਗਾਂ ਮਹਾਤਮਾਵਾਂ ਵਾਂਗੂ ਬੈਠਦੇ | ਉਨ੍ਹਾਂ ਦੇ ਅੰਦਾਜ਼, ਗੁਫਤਗੂ, ਹਾਸਿਆਂ ਤੇ ਟੋਟਕਿਆਂ ਨੂੰ ਅਸੀਂ ਗਹੁ ਨਾਲ ਵੇਖਦੇ ਤੇ ਮਾਣਦੇ | ਉਨ੍ਹਾਂ ਵਰਗਾ ਥੀਣ ਤੇ ਜੀਣ ਦੀ ਹਸਰਤ ਤੇ ਹੌਸਲਾ ਜਾਗਦਾ | ਪਰ ਹੁਣ ਅਜਿਹਾ ਕੁਝ ਵੀ ਨਹੀਂ ਹੈ | ਨਾ ਰਿਸ਼ੀਆਂ ਜਿਹੇ ਵਿਦਵਾਨ, ਨਾ ਮੋਹ ਤੇ ਮੁਲੰਗੀ ਜੇਹਾ ਆਸਮਾਨ | ਆਪਣੇ-ਆਪਣੇ ਕਮਰਿਆਂ ਵਿਚ ਜੂੜੇ ਲੋਕ ਤਰੱਕੀਆਂ ਦੀ ਤਪਸ਼ ਨੇ ਜੀਰ ਲਏ ਹਨ | ਚਾਪਲੂਸ ਚੇਲਿਆਂ ਦੀ ਭੀੜ ਵਿਚੋਂ ਵਿਰਲਾ ਹੀ ਲੱਭਦਾ ਹੈ, ਜੋ ਇਲਮ ਤੇ ਅਹਿਸਾਸ ਦੀ ਖੋਜ ਤੇ ਖ਼ਾਕਸਾਰੀ ਲਈ ਪ੍ਰਤੀਬੱਧ ਹੋਵੇ |
ਸਦੀਵੀ ਤੇ ਸਥਾਈ ਦੀ ਥਾਂ ਅਸਥਾਈ ਤੇ ਅਵਸਰਵਾਦੀ ਸਬੰਧ ਤੇ ਸ਼ਰੀਕੇ ਚੰਗੇ ਲਗਦੇ ਹਨ | ਕਿਸੇ ਨਾਲ ਰਲ ਕੇ ਲੰਬਾ ਸਮਾਂ ਕੁਝ ਚੰਗਾ ਕਰਨ ਦੀ ਤਮੰਨਾ ਤੇ ਤੇਹ ਨੂੰ ਪੁਗਾਉਣਾ ਸੌਖਾ ਨਹੀਂ ਰਿਹਾ | ਨਿੱਜਵਾਦ ਬੰਦੇ ਨੂੰ ਦੋ ਹੋਣ ਨਹੀਂ ਦਿੰਦਾ | ਸੁਚੱਜੇ ਸੁਮੇਲ ਤੇ ਸਹਿਕਾਰ ਦੀ ਥਾਂ ਹਾਜ਼ਰੀਆਂ ਹਜ਼ੂਰੀਆਂ ਤੇ ਹਜ਼ੂਮਾਂ ਦੀ ਪ੍ਰਧਾਨਤਾ ਹੈ | ਜਦੋਂ ਘਰ, ਗੁਰਦੁਆਰੇ, ਸਕੂਲ, ਦਫ਼ਤਰ ਅਤੇ ਵਿਆਹਾਂ ਵਿਚ ਲੋਕ ਹਾਜ਼ਰੀਆਂ ਲਈ ਜਾਣ ਲੱਗ ਪੈਣ ਉਦੋਂ ਦਿਲ 'ਚੋਂ ਬੋਲਣ ਦੀ ਰਵਾਇਤ ਗੰੂਗੀ ਹੋ ਜਾਂਦੀ ਹੈ |
ਦੁੱਧ ਤੇ ਆਟੇ 'ਚ ਸੁਆਦ ਨਹੀਂ ਤਾਂ ਬੰਦਿਆਂ 'ਚ ਕਿਥੋਂ ਰਹਿਣਾ ਸੀ | ਵਹਿਣ ਦੁੱਖੋਂ ਅੱਥਰੂ ਸੁੱਕ ਜਾਂਦੇ ਨੇ | ਫਰੋਲਣ ਦੁੱਖੋਂ ਢਿੱਡ ਪਾਟ ਜਾਂਦੇ ਨੇ | ਡਾਕਟਰਾਂ ਕੋਲ ਜਾਣ ਦੀ ਵਿਹਲ ਹੈ ਪਰ ਆਪਣਿਆਂ ਕੋਲ ਜਾਣ ਦਾ ਸਮਾਂ ਨਹੀਂ | ਪ੍ਰਵਾਸ ਵਿਚ ਵਾਸ ਹੋਣ ਨਾਲ ਰਿਸ਼ਤਿਆਂ ਦਾ ਇਕ ਨਵੀਂ ਕਿਸਮ ਦਾ ਟੱਪਰੀਵਾਸਨੁਮਾ ਤੇ ਹਾਈਬ੍ਰੈੱਡ ਜਲਾਵਤਨੀ ਸੰਸਾਰ ਪੈਦਾ ਹੋ ਗਿਆ ਹੈ, ਜਿਸ ਨੇ ਜੜ੍ਹਾਂ ਨੂੰ ਇੰਜ ਪੁੱਟਣਾ ਉਖਾੜਨਾ ਸ਼ੁਰੂ ਕਰ ਦਿੱਤਾ ਹੈ, ਜਿਵੇਂ ਸੜਕ ਨੂੰ ਹਾਈਵੇਅ ਸਰੂਪ ਦੇਣ ਲਈ ਬੁਲਡੋਜ਼ਰ ਕੰਢਿਆਂ 'ਤੇ ਲੱਗੇ ਛਾਂਦਾਰ ਦਰੱਖਤਾਂ ਨੂੰ ਦਰਿੰਦਗੀ ਨਾਲ ਉਖਾੜਦੇ ਮੇਟਦੇ ਹਨ |
ਪਰ ਇਸ ਸਭ ਕਾਸੇ ਦੇ ਬਾਵਜੂਦ ਆਪਣਿਆਂ ਦੇ ਮੋਹ ਬਿਨਾਂ ਜਿਊਣਾ ਔਖਾ ਹੁੰਦਾ ਹੈ | ਆਪਣਿਆਂ ਨੂੰ ਆਪਣੇ ਬਣਾਉਣ-ਸਮਝਣ ਦੀ ਸੰਵੇਦਨਾ ਤੇ ਸ਼ਿੱਦਤ ਧੜਕਦੀ ਰਹਿਣੀ ਚਾਹੀਦੀ ਹੈ | ਢਲਦੀ ਉਮਰੇ ਪੁਰਾਣੇ ਰਿਸ਼ਤੇ ਬਹੁਤ ਚੇਤੇ ਆਉਂਦੇ ਹਨ | ਇਸ ਉਮਰੇ ਜੀਅ ਲਾਉਣ ਲਈ ਵਹਿੰਗੀ, ਡੰਗੋਰੀਆਂ ਤੇ ਹੁੰਗਾਰਿਆਂ ਦੀ ਲੋੜ ਹੁੰਦੀ ਹੈ | ਸਾਡਾ ਪੋਤਰਾ ਜਦੋਂ ਸਾਡੇ ਦੋਵਾਂ ਜੀਆਂ ਨਾਲ ਰਮਜ਼ੀ ਬਾਤਾਂ ਪਾਉਂਦਾ ਹੈ ਤਾਂ ਸਾਡੀਆਂ ਨਿਰਬਲ ਨਾੜਾਂ ਦੇ ਰੂਹ ਦੀ ਤਪਸ਼ ਉਸ ਦੇ ਮੋਹ ਨਾਲ ਤੀਬਰ ਤੇ ਤਾਕਤਵਰ ਹੋ ਜਾਂਦੀ ਹੈ |
ਜੀਅ ਸਾਰਿਆਂ ਦਾ ਲਾਵੇ, ਕਰ ਕਰ ਸੈਨਤਾਂ ਬੁਲਾਵੇ
ਰੀਝ ਜਿਊਣ ਦੀ ਜਗਾਵੇ, ਇਹਦੀ ਨੰਨ੍ਹੀ ਪ੍ਰਵਾਜ਼ |
ਰਿਸ਼ਤੇ, ਰੁੱਤਾਂ ਤੇ ਰੂਹਾਂ ਦੀ ਪ੍ਰਵਾਜ਼ ਕਦੇ ਨਾ ਮੁੱਕੇ, ਮੋਹ ਮਮਤਾ ਤੇ ਮਿਠਾਸ ਦੀ ਸੰਵੇਦਨਸ਼ੀਲ ਝਨਾਂ ਕਦੇ ਨਾ ਸੁੱਕੇ |

97, ਮਾਡਲ ਟਾਊਨ, ਕਪੂਰਥਲਾ |
ਮੋਬਾਈਲ : 84377-88856.

ਪ੍ਰਵਾਸੀ ਪੰਛੀ ਆਪਣਾ ਰਸਤਾ ਕਿਵੇਂ ਲੱਭਦੇ ਹਨ?

ਹਰ ਸਾਲ ਲੱਖਾਂ ਪੰਛੀਆਂ ਦਾ ਇਕ ਥਾਂ ਤੋਂ ਦੂਜੀ ਥਾਂ ਜਾਣਾ ਤੇ ਉੱਥੇ ਕੁਝ ਸਮਾਂ ਰੁਕਣਾ ਪਰਵਾਸ ਕਹਾਉਂਦਾ ਹੈ | ਹਰ ਸਾਲ ਲੱਖਾਂ ਪੰਛੀ ਪ੍ਰਜਨਨ ਲਈ ਆਪਣੇ ਠੰਢੇ ਇਲਾਕਿਆਂ ਵਿਚੋਂ ਗਰਮ ਸਥਾਨਾਂ ਵੱਲ ਪ੍ਰਵਾਸ ਕਰਦੇ ਹਨ | ਇਨ੍ਹਾਂ ਖੇਤਰਾਂ ਵਿਚ ਭੋਜਨ ਦੀ ਬਹੁਲਤਾ ਹੁੰਦੀ ਹੈ, ਜਿਸ ਨਾਲ ਇਹ ਪੰਛੀ ਆਪਣੇ ਬੱਚਿਆਂ ਦੀ ਭੁੱਖ ਸ਼ਾਂਤ ਕਰਦੇ ਹਨ | ਸਭ ਤੋਂ ਵੱਡੇ ਪਰਵਾਸ ਉੱਤਰੀ ਅਮਰੀਕਾ, ਯੂਰਪ ਅਤੇ ਏਸ਼ੀਆ ਦੇ ਭਾਗਾਂ ਵੱਲ ਹੁੰਦਾ ਹੈ | ਕੁਝ ਪ੍ਰਵਾਸ ਦੱਖਣੀ ਗੋਲਾਰਧ ਵੱਲ ਵੀ ਹੁੰਦਾ ਹੈ | ਉਦਾਹਰਨ ਲਈ ਦੋਹਰੀ ਪੱਟੀ ਵਾਲੇ ਡਾਟ੍ਰੇਲ ਪ੍ਰਜਣਨ ਲਈ ਆਸਟਰੇਲੀਆ ਤੋਂ ਨਿਊਜ਼ੀਲੈਂਡ ਜਾਂਦੇ ਹਨ | ਅਮਰੀਕੀ ਗੋਲਡਨ ਪਲੋਵਰ ਅਲਾਸਕਾ ਅਤੇ ਹਵਾਈ ਦੇ ਵਿਚਕਾਰ ਬਿਨਾਂ ਰੁਕਿਆਂ 3325 ਕਿਲੋਮੀਟਰ ਦੀ ਉਡਾਣ ਭਰਦੇ ਹਨ | ਉੱਤਰੀ ਗੋਲਾਰਧ ਵਿਚ ਜੰਗਲੀ ਬੱਤਖਾਂ ਬਸੰਤ ਵਿਚ ਆਪਣੇ ਪ੍ਰਜਨਨ ਖੇਤਰਾਂ ਲਈ ਉੱਤਰ ਵੱਲ ਅਤੇ ਪਤਝੜ ਵਿਚ ਦੱਖਣ ਵੱਲ ਪ੍ਰਵਾਸ ਕਰਦੀਆਂ ਹਨ |
ਪਰਵਾਸ ਦਾ ਮੁੱਖ ਕਾਰਨ ਦਿਨ ਦੀ ਲੰਬਾਈ ਵਿਚ ਪਰਿਵਰਤਨ ਹੁੰਦਾ ਹੈ, ਜਿਸ ਦੀ ਵਜ੍ਹਾ ਨਾਲ ਪੰਛੀਆਂ ਵਿਚ ਹਾਰਮੋਨ ਸੰਤੁਲਨ ਵਿਚ ਤਬਦੀਲੀ ਆ ਜਾਂਦੀ ਹੈ | ਸਰਦੀ ਵਧਣ ਕਰਕੇ ਜਦੋਂ ਕੁਝ ਥਾਵਾਂ ਬਰਫ਼ ਨਾਲ ਢਕੀਆਂ ਜਾਂਦੀਆਂ ਹਨ ਉਦੋਂ ਖਾਣ ਲਈ ਕੀੜੇ-ਮਕੌੜੇ ਤੇ ਬਨਸਪਤੀ ਘਟਦੀ ਜਾਂਦੀ ਹੈ | ਊਰਜਾ ਬਚਾਉਣ ਲਈ ਪਰਵਾਸੀ ਕੂੰਜਾਂ ਤੇ ਬੱਤਖਾਂ ਅੰਗਰੇਜ਼ੀ ਦੇ 'ਵੀ' ਅੱਖਰ ਦੀ ਤਰ੍ਹਾਂ ਆਸਮਾਨ 'ਚ ਵੇਖੀਆਂ ਜਾ ਸਕਦੀਆਂ ਹਨ | ਪਰਵਾਸ ਦੌਰਾਨ ਕਈ ਪੰਛੀ ਰਸਤੇ ਵਿਚ ਸ਼ਿਕਾਰੀਆਂ ਦੁਆਰਾ ਜਾਂ ਕਿਸੇ ਨਾਲ ਟਕਰਾਉਣ ਕਰਕੇ ਹੀ ਮਰ ਜਾਂਦੇ ਹਨ | ਕਿਹੜਾ ਪੰਛੀ ਕਿੱਥੋਂ ਆਇਆ ਹੈ ਇਸ ਲਈ ਪੰਛੀ ਵਿਗਿਆਨੀ ਪੰਛੀਆਂ ਦੇ ਪੈਰਾਂ ਚ ਛੱਲੇ ਪਾਉਂਦੇ ਹਨ | ਸਰਦੀ ਖ਼ਤਮ ਹੁੰਦਿਆਂ ਹੀ ਇਹ ਪੰਛੀ ਵਾਪਸ ਆਪਣੇ ਪੁਰਾਣੇ ਟਿਕਾਣਿਆਂ 'ਤੇ ਚਲੇ ਜਾਂਦੇ ਹਨ |
ਹੁਣ ਸਵਾਲ ਇਹ ਉੱਠਦਾ ਹੈ ਕਿ ਕਿਸੇ ਸਥਾਨ ਤੋਂ ਪ੍ਰਵਾਸ ਕਰਨ ਸਮੇਂ ਜਾਂ ਆਪਣੇ ਮੂਲ ਸਥਾਨ 'ਤੇ ਵਾਪਸ ਆਉਂਦਿਆਂ ਪੰਛੀ ਆਪਣਾ ਰਸਤਾ ਕਿਵੇਂ ਲੱਭ ਲੈਂਦੇ ਹਨ | ਕੁਝ ਪੰਛੀ ਇਹ ਸਭ ਕੁਝ ਆਪਣੇ ਮਾਤਾ-ਪਿਤਾ ਤੋਂ ਸਿੱਖਦੇ ਹਨ | ਉਹ ਆਪਣਾ ਪਹਿਲਾ ਪਰਵਾਸ ਵੱਡੀ ਉਮਰ ਦੇ ਪੰਛੀਆਂ ਨਾਲ ਕਰਦੇ ਹਨ, ਜੋ ਇਸ ਤੋਂ ਪਹਿਲਾਂ ਵੀ ਅਜਿਹਾ ਦੌਰਾ ਕਰ ਚੁੱਕੇ ਹੁੰਦੇ ਹਨ | ਇਹ ਯੁਵਾ ਪੰਛੀ ਅਗਲੇ ਸਾਲ ਪ੍ਰਵਾਸ ਦਾ ਇਹ ਰਸਤਾ ਆਪਣੇ ਨਾਲੋਂ ਛੋਟੇ ਪੰਛੀਆਂ ਨੂੰ ਦੱਸਦੇ ਹਨ | ਕੁਝ ਪੰਛੀ ਆਪਣਾ ਮਾਰਗ-ਦਰਸ਼ਨ ਭੂਮੀ 'ਤੇ ਸਥਿਤ ਸੰਕੇਤ ਚਿੰਨ੍ਹਾਂ ਨਾਲ ਕਰਦੇ ਹਨ ਜਿਵੇਂ ਕਿ ਪਰਬਤ, ਝੀਲਾਂ, ਤਟ ਜਾਂ ਕਈ ਵਾਰ ਦਰਿਆਵਾਂ ਨੂੰ ਮੁੱਖ ਰੱਖ ਕੇ ਤੈਅ ਕਰਦੇ ਹਨ | ਦੂਜੇ ਪੰਛੀ ਰਸਤੇ ਲਈ ਤਾਰਿਆਂ ਅਤੇ ਸੂਰਜ ਦੀ ਸਹਾਇਤਾ ਲੈਂਦੇ ਹਨ, ਇਸ ਲਈ ਜੇ ਕਿਸੇ ਦਿਨ ਆਕਾਸ਼ ਬੱਦਲਾਂ ਨਾਲ ਢਕਿਆ ਹੋਵੇ, ਉਹ ਆਮ ਤੌਰ 'ਤੇ ਰਸਤਾ ਭਟਕ ਜਾਂਦੇ ਹਨ | ਦਰਅਸਲ ਵਿਗਿਆਨਿਕ ਅਜੇ ਵੀ ਇਹ ਨਹੀਂ ਜਾਣ ਸਕੇ ਕਿ ਕਿਸ ਤਰ੍ਹਾਂ ਸਾਰੇ ਪ੍ਰਵਾਸੀ ਪੰਛੀ ਆਪਣਾ ਰਸਤਾ ਲੱਭ ਲੈਂਦੇ ਹਨ |
ਸਿਰਫ ਪੰਛੀ ਹੀ ਅਜਿਹੇ ਜੀਵ ਨਹੀਂ ਹਨ, ਜੋ ਪਰਵਾਸ ਕਰਦੇ ਹਨ | ਕਈ ਤਰ੍ਹਾਂ ਦੀਆਂ ਮੱਛੀਆਂ, ਦੁਧਾਰੂ ਉੱਡਣ ਵਾਲੇ ਕੀੜੇ-ਮਕੌੜੇ, ਟਿੱਡੇ ਤੇ ਇੱਲਾਂ ਵੀ ਪ੍ਰਵਾਸ ਕਰਦੇ ਹਨ | ਪੰਜਾਬ ਵਿਚ ਹਰੀਕੇ ਪੱਤਣ, ਕੇਸ਼ੋਪੁਰ ਮਿਆਣੀ ਛੰਭ, ਕਾਂਜਲੀ, ਰੋਪੜ ਤੇ ਕਈ ਹੋਰ ਜਲਗਾਹਾਂ ਤੇ ਝੀਲਾਂ ਤੇ ਬਹੁਤ ਸਾਰੇ ਪਰਵਾਸੀ ਪੰਛੀ ਆਉਂਦੇ ਹਨ | ਪਰਵਾਸੀ ਪੰਛੀਆਂ ਦਾ ਸ਼ਿਕਾਰ, ਝੀਲਾਂ ਵਿਚ ਨਾਜਾਇਜ਼ ਕਬਜ਼ੇ ਤੇ ਪਾਣੀ ਦੇ ਗੰਦਾ ਹੋਣ ਨਾਲ ਪਰਵਾਸੀ ਪੰਛੀਆਂ ਤੇ ਬਹੁਤ ਮਾੜਾ ਅਸਰ ਪੈਂਦਾ ਹੈ | ਲੋੜ ਹੈ ਇਨ੍ਹਾਂ ਸਾਰੀਆਂ ਜਲਗਾਹਾਂ, ਝੀਲਾਂ ਨੂੰ ਕੌਮਾਂਤਰੀ ਪੱਧਰ 'ਤੇ ਸੈਰਗਾਹ ਵਜੋਂ ਵਿਕਸਿਤ ਕਰਨ ਦਾ, ਤਾਂ ਕਿ ਸੈਲਾਨੀ ਇਨ੍ਹਾਂ ਖ਼ੂਬਸੂਰਤ ਪੰਛੀਆਂ ਦਾ ਨਜ਼ਾਰਾ ਲੈ ਸਕਣ |

-ਪਿੰਡ ਸੋਹੀਆਂ, ਡਾਕਖਾਨਾ ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ |

ਰੁੱਖਾਂ ਦੀ ਠੰਢੀ ਛਾਂ...

ਅੱਤ ਦੀ ਗਰਮੀ ਨੇ ਸਭਨਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ | ਦਿਨ-ਬਦਿਨ ਵਧ ਰਿਹਾ ਪਾਰਾ, ਮਨੁੱਖ ਤਾਂ ਕੀ ਪਸ਼ੂ-ਪੰਛੀਆਂ ਸਭਨਾਂ ਲਈ ਮੁਸ਼ਕਿਲ ਦਾ ਸਬੱਬ ਬਣਿਆ ਹੋਇਆ ਹੈ | ਤਪ ਰਹੇ ਸੂਰਜ ਦਾ ਝੰਬਿਆ ਹੋਇਆ ਮਨੁੱਖ, ਜਾਨਵਰ, ਜਨੌਰ ਕਿਸੇ ਸੰਘਣੇ ਰੁੱਖ ਦਾ ਆਸਰਾ ਭਾਲਦਾ ਹੈ | ਸਾਡੀਆਂ ਬਗੀਚੀਆਂ, ਘਰ, ਸੰਸਥਾਵਾਂ, ਸੜਕਾਂ ਕੰਢੇ ਆਦਿ ਸਭ ਸਥਾਨਾਂ 'ਤੇ ਛਾਂਦਾਰ ਰੁੱਖਾਂ ਦਾ ਹੋਣਾ ਬੜਾ ਲਾਜ਼ਮੀ ਹੈ | ਤਰੱਕੀ ਦੀ ਪੌੜੀ ਚੜ੍ਹਦਿਆਂ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਸੰਘਣੀਆਂ ਛਾਵਾਂ ਵਾਲੇ ਪਿੱਪਲ ਬੋਹੜ ਆਦਿ ਨਾਮੀ ਰੁੱਖ ਘੱਟਦੇ ਜਾ ਰਹੇ ਹਨ | ਕਿਸੇ ਸਮੇਂ ਵੱਡੇ-ਵੱਡੇ ਰੁੱਖ ਹਰ ਪਿੰਡ ਦਾ ਸ਼ਿੰਗਾਰ ਹੁੰਦੇ ਸਨ-
ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ ਤੇਰੀਆਂ ਠੰਢੀਆਂ ਛਾਵਾਂ
ਢਾਬ ਤੇਰੀ ਦਾ ਗੰਧਲਾ ਪਾਣੀ ਉਤੋਂ ਬੂਰ ਹਟਾਵਾਂ... |
ਅੱਜ ਵੀ ਸਾਨੂੰ ਵੱਡੀਆਂ ਤੇ ਖੁੱਲ੍ਹੀਆਂ ਥਾਵਾਂ ਚਾਹੇ ਪਿੰਡ ਤੇ ਚਾਹੇ ਸ਼ਹਿਰ ਵਿਚ ਹੋਣ, ਵੱਡ-ਆਕਾਰੀ ਰੁੱਖ ਜਿਵੇਂ ਕਿ ਪਿੱਪਲ, ਬੋਹੜ, ਪਿਲਕਣ, ਬਹੇੜਾ, ਕਣਕ ਚੰਪਾ, ਮਹਾਂਗਨੀ ਆਦਿ ਰੁੱਖ ਲਾਉਣ ਵਿਚ ਤਰਜੀਹ ਦੇਣੀ ਚਾਹੀਦੀ ਹੈ | ਇਹ ਇਕੱਲੇ-ਇਕੱਲੇ ਰੁੱਖ ਹੀ ਜੈਵਿਕ ਵਿਭਿੰਨਤਾ ਦਾ ਨਮੂਨਾ ਹਨ ਜਿਹੜੇ ਮਨੁੱਖ, ਪੰਛੀਆਂ ਅਤੇ ਜਾਨਵਰਾਂ ਸਭਨਾਂ ਲਈ ਸਹਾਰੇ ਦਾ ਰੂਪ ਧਾਰਦੇ ਹਨ | ਬਹੁਤ ਵੱਡੇ ਰੁੱਖਾਂ ਤੋਂ ਬਾਅਦ ਦਰਮਿਆਨੇ ਕੱਦ ਦੇ ਰੁੱਖਾਂ ਦੀ ਸ਼੍ਰੇਣੀ ਵਿਚ ਕਾਫ਼ੀ ਰੁੱਖਾਂ ਦਾ ਨਾਂਅ ਆਉਂਦਾ ਹੈ, ਜਿਨ੍ਹਾਂ ਵਿਚ ਨਿੰਮ, ਟਾਹਲੀ, ਅੰਬ, ਤੁਣ, ਬਾਲਮ ਖੀਰਾ, ਮੌਲਸਰੀ, ਅਸ਼ੋਕਾ, ਚਕਰਸੀਆ, ਪੁਤਰਨਜੀਵਾ, ਰਬੜ ਰੁੱਖ ਆਦਿ ਮੁੱਖ ਰੂਪ ਵਿਚ ਹਨ | ਇਨ੍ਹਾਂ ਵਿਚੋਂ ਮੌਲਸਰੀ ਅਤੇ ਪੁਤਰਨਜੀਵਾ ਵਰਗੇ ਰੁੱਖਾਂ ਦਾ ਛਤਰ ਤਾਂ ਏਨਾ ਸੰਘਣਾ ਬਣ ਜਾਂਦਾ ਹੈ ਕਿ ਜਦ ਅਸੀਂ ਰੁੱਖ ਹੇਠ ਖੜ੍ਹ ਸੂਰਜ ਵੱਲ ਤੱਕਦੇ ਹਾਂ ਤਾਂ ਕਿਰਨ ਸਾਡੇ ਮੰੂਹ ਤੱਕ ਨਹੀਂ ਪੁੱਜ ਪਾਉਂਦੀ | ਨਿੰਮ, ਟਾਹਲੀ ਅਤੇ ਤੁਣ ਆਦਿ ਦੇ ਰੁੱਖਾਂ ਦੀ ਲੱਕੜ ਵੀ ਵਰਤੋਂ ਵਿਚ ਖੂਬ ਆ ਜਾਂਦੀ ਹੈ | ਸੜਕਾਂ ਖਾਸ ਕਰ ਵੱਡੀਆਂ ਸੜਕਾਂ ਦੁਆਲੇ ਲਾਉਣ ਲਈ ਦਰਮਿਆਨੇ ਕੱਦ ਦੇ ਰੁੱਖਾਂ ਨੂੰ ਵੀ ਬਾਖੂਬੀ ਵਰਤਿਆ ਜਾ ਸਕਦਾ ਹੈ | ਸਕੂਲਾਂ, ਕਾਲਜਾਂ ਜਾਂ ਸਾਡੀਆਂ ਸੰਸਥਾਵਾਂ ਆਦਿ ਵਿਚ ਇਨ੍ਹਾਂ ਰੁੱਖਾਂ ਨੂੰ ਖੂਬ ਵਰਤ ਲੈਣਾ ਚਾਹੀਦਾ ਹੈ |
ਘਰਾਂ, ਦਫਤਰਾਂ, ਛੋਟੀਆਂ ਇਮਾਰਤਾਂ, ਛੋਟੇ ਰਸਤਿਆਂ ਦੇ ਨੇੜੇ ਵੀ ਛਾਂ ਦੀ ਅਤਿਅੰਤ ਲੋੜ ਹੁੰਦੀ ਹੈ | ਉਨ੍ਹਾਂ ਸਥਾਨਾਂ ਲਈ ਛੋਟੇ ਕੱਦ ਰੁੱਖਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ | ਚੰਪਾ (ਪੈਗੋਡਾ ਟ੍ਰੀ), ਸੁਖਚੈਨ, ਡੇਕ, ਬਕੈਣ, ਸੋਮ ਚੰਪਾ, ਕਟਹਲ ਅਤੇ ਸੀਤਾ ਅਸ਼ੋਕ ਆਦਿ ਸਭ ਛੋਟੇ ਕੱਦ ਦੇ ਰੁੱਖ ਹਨ, ਜਾਂ ਕੁਝ ਨੂੰ ਕਾਂਟ-ਛਾਂਟ ਕਰਕੇ ਛੋਟੇ ਰੱਖਿਆ ਜਾ ਸਕਦਾ ਹੈ | ਜਿਹੜੇ ਸਥਾਨਾਂ ਦੇ ਉੱਪਰ ਦੀ ਬਿਜਲੀ ਦੀਆਂ ਤਾਰਾਂ ਲੰਘਦੀਆਂ ਹੋਣ, ਉਥੇ ਹਮੇਸ਼ਾ ਛੋਟੇ ਕੱਦ ਦੇ ਰੁੱਖਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ |
ਫੁੱਲ ਅਕਸਰ ਹਰ ਇਕ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ | ਖਾਸ ਕਰ ਕੁਝ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਅਜਿਹੇ ਰੁੱਖਾਂ ਬਾਰੇ ਦੱਸਿਆ ਜਾਵੇ, ਜਿਹੜੇ ਛਾਂ ਅਤੇ ਫੁੱਲ ਦੋਵੇਂ ਪ੍ਰਦਾਨ ਕਰਦੇ ਹਨ | ਉਨ੍ਹਾਂ ਦੋਸਤਾਂ ਲਈ ਕਚਨਾਰ, ਰੇਸ਼ਮੀ, ਰੰੂ (ਕਰੋਜੀਆ), ਮੰਦਾਰ, ਜਰੁੱਲ ਅਤੇ ਕੋਰਲੂਟੇਰੀਆ ਆਦਿ ਰੁੱਖ ਬਿਲਕੁਲ ਢੁਕਵੇਂ ਹਨ, ਜਿਹੜੇ ਛਾਂ ਦੇ ਨਾਲ-ਨਾਲ ਖੂਬਸੂਰਤ ਫੁੱਲਾਂ ਨਾਲ ਵੀ ਲੱਦੇ ਜਾਂਦੇ ਹਨ | ਫੁੱਲਾਂ ਵਾਲੇ ਰੁੱਖ ਲਾਉਣ ਸਮੇਂ ਰੰਗਾਂ ਦਾ ਧਿਆਨ ਜ਼ਿਹਨ ਵਿਚ ਰੱਖਣਾ ਲਾਜ਼ਮੀ ਹੁੰਦਾ ਹੈ | ਕਤਾਰਾਂ ਵਿਚ ਲੱਗੇ ਇਕੋ ਰੰਗ ਦੇ ਫੁੱਲਾਂ ਦਾ ਪ੍ਰਭਾਵ ਖੂਬ ਨਿੱਖਰ ਕੇ ਸਾਹਮਣੇ ਆਉਂਦਾ ਹੈ | ਪਿੰਡ ਵੱਲ ਨੂੰ ਆਉਣ ਵਾਲੀਆਂ ਛੋਟੀਆਂ ਸੜਕਾਂ ਜਾਂ ਰਸਤਿਆਂ ਉੱਪਰ ਫੁੱਲਾਂ ਵਾਲੇ ਰੁੱਖ ਲਾ ਕੇ ਸੋਹਣੇ ਦਿ੍ਸ਼ ਪੇਸ਼ ਕੀਤੇ ਜਾ ਸਕਦੇ ਹਨ, ਜਿਹੜੇ ਸੰੁਦਰਤਾ ਦੇ ਨਾਲ-ਨਾਲ ਆਉਂਦੇ ਜਾਂਦੇ ਰਾਹੀਆਂ ਲਈ ਠਹਿਰ/ਆਰਾਮ ਦਾ ਸਬੱਬ ਵੀ ਹੋ ਨਿਬੜਦੇ ਹਨ |
ਕੁਝ ਸੱਜਣ ਮਹਿਕਾਂ ਦੇ ਖੂਬ ਸ਼ੌਕੀਨ ਹੁੰਦੇ ਹਨ | ਉਨ੍ਹਾਂ ਦੀ ਤਮੰਨਾ ਹੁੰਦੀ ਹੈ ਕਿ ਅਜਿਹੇ ਰੁੱਖ ਲਾਏ ਜਾਣ ਜੋ ਛਾਂ ਅਤੇ ਮਹਿਕਾਂ ਦਾ ਸੁਮੇਲ ਹੋਣ | ਕਣਕ ਚੰਪਾ ਕਾਫ਼ੀ ਵੱਡਾ ਰੁੱਖ ਹੁੰਦਾ ਹੈ ਅਤੇ ਜੋ ਛਾਂ ਦੇ ਨਾਲ-ਨਾਲ ਹਲਕੀ ਮਹਿਕ ਵੀ ਖਿੰਡਾਉਂਦਾ ਹੈ | ਇਸ ਤੋਂ ਇਲਾਵਾ ਚੰਪਾ, ਸੋਨ ਚੰਪਾ, ਮੌਲਸਰੀ ਅਤੇ ਡੇਕ ਆਦਿ ਅਜਿਹੇ ਰੁੱਖ ਹਨ ਜਿਹੜੇ ਦੋਵੇਂ ਯਾਨੀ ਛਾਂ ਅਤੇ ਮਹਿਕ ਦਾ ਸਰੋਤ ਹੁੰਦੇ ਹਨ | ਅੱਜ ਅਸੀਂ ਚਾਹੇ ਲੱਖ ਪ੍ਰੋਫਿਊਮ, ਡਿਓ ਆਦਿ ਦੇ ਆਦੀ ਹੋ ਗਏ ਹਾਂ | ਹਰ ਘਰ ਜਾਂ ਵਹੀਕਲਾਂ ਆਦਿ ਵਿਚ ਫਰੈਸ਼ਨਰਾਂ ਨੇ ਆਪਣੀ ਜਗ੍ਹਾ ਬਣਾਈ ਹੈ ਪੰ੍ਰਤੂ ਕੁਦਰਤੀ ਮਹਿਕਾਂ ਹਰ ਪੱਖੋਂ ਸਾਡੇ ਲਈ ਲਾਭਕਾਰੀ ਅਤੇ ਬਿਹਤਰੀਨ ਹੁੰਦੀਆਂ ਹਨ |
ਛਾਂਦਾਰ ਰੁੱਖ ਹੋਵੇ ਅਤੇ ਉਪਰੋਂ ਉਸ ਨੂੰ ਸਵਾਦਲੇ ਫਲ ਪੈਂਦੇ ਹੋਣ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਨਿਬੜਦੀ ਹੈ | ਵੈਸੇ ਤਾਂ ਕਈ ਤਰ੍ਹਾਂ ਦੇ ਫਲ ਦੇਣ ਵਾਲੇ ਰੁੱਖ ਛਾਂ ਵੀ ਦਿੰਦੇ ਹਨ ਪੰ੍ਰਤੂ ਫਲਦਾਰ ਰੁੱਖਾਂ ਵਿਚ ਅੰਬਾਂ ਅਤੇ ਤੂਤੀਆਂ ਦੇਣ ਵਾਲੇ ਸੰਘਣੇ ਤੂਤਾਂ ਦੀ ਛਾਂ ਖੂਬ ਠੰਢੀ ਹੁੰਦੀ ਹੈ, ਜਿਸ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿਚ ਵੀ ਵੇਖਣ ਨੂੰ ਮਿਲਦਾ ਹੈ:
'ਅੰਬਾਂ ਤੇ ਤੂਤਾਂ ਦੀ ਠੰਢੀ ਛਾਂ,
ਕੋਈ ਪ੍ਰਦੇਸੀ ਜੋਗੀ ਆ ਲੱਥਾ,
ਚੱਲ ਨੀ ਚੱਲ ਭਾਬੋ ਬਾਗ਼,
ਬਾਗ਼ ਦੇ ਪੱਜ ਜੋਗੀ ਵੇਖੀਏ |'
ਇਸ ਤੋਂ ਇਲਾਵਾ ਜਾਮਣ ਦਾ ਰੁੱਖ ਵੀ ਖੂਬ ਛਾਂ ਅਤੇ ਫਲ ਪ੍ਰਦਾਨ ਕਰਦਾ ਹੈ | ਪੰ੍ਰਤੂ ਹੁਣ ਸਮੇਂ ਦਾ ਦੌਰ ਅਜਿਹਾ ਚੱਲ ਰਿਹਾ ਹੈ ਕਿ ਲੋਕ ਵੱਡਮੁੱਲੇ ਰੁੱਖਾਂ ਨੂੰ ਵਿਸਾਰਦੇ ਜਾ ਰਹੇ ਹਨ | ਬੜਾ ਦੁੱਖ ਹੁੰਦਾ ਹੈ ਜਦ ਕਈ ਪਿੰਡਾਂ ਵਾਲੇ ਸੱਜਣ ਪਿੰਡ ਦੇ ਖੁੱਲ੍ਹਮ-ਖੁੱਲ੍ਹੇ ਸਥਾਨਾਂ ਵਿਚ ਵੀ ਹਰੇ-ਭਰੇ ਰੁੱਖ ਲਾਉਣ ਦੀ ਬਜਾਏ ਪਾਮ ਜਾਤੀ ਦੇ ਬੂਟੇ ਲਾ ਛੱਡਦੇ ਹਨ | ਪਾਮ ਲਾਉਣਾ ਮਾੜੀ ਗੱਲ ਨਹੀਂ, ਪੰ੍ਰਤ ਰੁੱਖ ਹਮੇਸ਼ਾ ਸਥਾਨ ਅਤੇ ਲੋੜ ਅਨੁਸਾਰ ਹੀ ਲਾਉਣੇ ਚਾਹੀਦੇ ਹਨ | ਛਾਂਦਾਰ ਰੁੱਖਾਂ ਦਾ ਬਦਲ ਕਦੇ ਵੀ ਫੌਕਸ ਟੇਲ ਵਰਗੇ ਰੁੱਖ ਨਹੀਂ ਹੋ ਸਕਦੇ | ਸੋ, ਸਾਨੂੰ ਹਮੇਸ਼ਾ ਰੁੱਖਾਂ ਨੂੰ ਤਕਨੀਕੀ ਰੂਪ ਵਿਚ ਹੀ ਲਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ |

-ਮੋਬਾਈਲ : 98142-39041. landscapingpeople@rediffmail.com

ਸੱਚ ਦੀ ਮੌਤ

ਹਰ ਇਨਸਾਨ ਜਾਣਦਾ ਹੈ ਕਿ ਸੱਚਿਆਰੇ ਹੋਣਾ ਕਿੰਨਾ ਚੰਗਾ ਹੈ | ਜੇ ਕੋਈ ਸੰਤ ਮਹਾਪੁਰਖ ਜਾਂ ਧਾਰਮਿਕ ਪ੍ਰਚਾਰਕ ਕਿਤੇ ਸੱਚ ਬਾਰੇ ਕੋਈ ਕਥਾ ਸੁਣਾ ਰਹੇ ਹੋਣ ਤਾਂ ਤਕਰੀਬਨ ਸਾਰੇ ਸਰੋਤੇ ਉਸ ਸੱਚੀ ਗਾਥਾ ਨੂੰ ਬੜੇ ਸਤਿਕਾਰ ਨਾਲ ਸੁਣਦੇ ਹਨ | ਪਰ ਜੇ ਅਸੀਂ ਕਿਸੇ ਇਕ ਸਰੋਤੇ ਨੂੰ ਉਸ 'ਤੇ ਅਮਲ ਕਰਨ ਲਈ ਆਖੀਏ ਤਾਂ ਹਰ ਕੋਈ ਆਪਣੇ ਆਪ ਨੂੰ ਕਲਜੁਗੀ ਜੀਵ ਆਖ ਕੇ ਆਪਣੀ ਅਸਮਰੱਥਾ ਪ੍ਰਗਟ ਕਰ ਦੇਵੇਗਾ | ਸਾਡਾ ਸੱਚ ਸੁਣਨ ਨੂੰ ਦਿਲ ਤਾਂ ਕਰਦਾ ਹੈ, ਸੱਚ ਪੜ੍ਹਨ ਨੂੰ ਵੀ ਦਿਲ ਕਰਦਾ ਹੈ ਪਰ ਅਸੀਂ ਆਪਣੇ-ਆਪ 'ਤੇ ਇਸ ਨੂੰ ਲਾਗੂ ਨਹੀਂ ਕਰ ਸਕਦੇ | ਜਿਸ ਨੂੰ ਮਰਜ਼ੀ ਪੁੱਛ ਲਓ ਕਿ ਸੱਚ ਬੋਲਣਾ ਠੀਕ ਹੈ ਕਿ ਗ਼ਲਤ ਤਾਂ ਹਰ ਕੋਈ ਕਹੇਗਾ ਸੱਚ ਬੋਲਣਾ ਠੀਕ ਹੈ |
ਬਹੁਤ ਘੱਟ ਲੋਕ ਸੱਚ ਬੋਲਣ ਦੇ ਸਮਰੱਥ ਹੁੰਦੇ ਹਨ ਅਤੇ ਜੋ ਸੱਚ ਬੋਲਣ ਦੀ ਜ਼ੁਰਅਤ ਰੱਖਦੇ ਹਨ, ਉਨ੍ਹਾਂ ਦਾ ਵਿਰੋਧ ਹੋਣਾ ਲਾਜ਼ਮੀ ਹੁੰਦਾ ਹੈ | ਸੁਰਜੀਤ ਪਾਤਰ ਦੇ ਸ਼ਬਦ ਹਨ, 'ਐਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ |' ਦੁਨੀਆ ਵਿਚ ਸੱਚ 'ਤੇ ਪਹਿਰਾ ਦੇਣ ਵਾਲੇ ਪੱਤਰਕਾਰਾਂ 'ਤੇ ਜ਼ੁਲਮ ਹੋ ਰਿਹਾ ਹੈ | ਸੱਚ ਸਾਹਮਣੇ ਲਿਆਉਣ ਦੇ ਯਤਨ ਵਿਚ ਬਹੁਤ ਜਾਨਾਂ ਗਵਾਈਆਂ ਹਨ ਸਚਿਆਰਿਆਂ ਨੇ ਪਰ ਸਾਰੀ ਦੁਨੀਆ ਅੱਜ ਇਸ ਦੀ ਜ਼ਰੂਰਤ ਮਹਿਸੂਸ ਕਰ ਰਹੀ ਹੈ | ਤੁਸੀਂ ਕਦੇ ਕਿਸੇ ਬਾਜ਼ਾਰ ਵਿਚ ਦੀ ਹਾਥੀ ਲੰਘਦਾ ਦੇਖਿਆ ਹੈ? ਕਈ ਨਿਆਣੇ ਉਸ ਦੇ ਦੁਆਲੇ ਭੱਜੇ ਫਿਰਦੇ, ਕਈ ਤਰ੍ਹਾਂ ਦੇ ਬੋਲ ਬੋਲਦੇ ਹਨ | ਕੋਈ ਪੁੱਛਦਾ ਹੈ ਕਿ ਇਸ ਦਾ ਮੂੰਹ ਕਿੱਧਰ ਹੈ, ਦੋਨੋਂ ਪਾਸੇ ਤਾਂ ਪੂਛਾਂ ਦਿਸਦੀਆਂ ਹਨ | ਕੋਈ ਰੋੜੀ ਚੁੱਕ ਕੇ ਮਾਰਦਾ ਹੈ ਪਰ ਹਾਥੀ ਆਪਣੀ ਤੋਰੇ ਮਸਤ ਤੁਰਿਆ ਜਾਂਦਾ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ | ਮਰਦਾਂ ਨੂੰ ਮੇਹਣਾ ਹੈ ਛੱਡ ਕੇ ਮਦਾਨ ਭੱਜਣਾ | ਭਾਂਜਵਾਦੀ ਕਦੇ ਜੇਤੂ ਨਹੀਂ ਹੋਇਆ ਕਰਦੇ | ਸੱਚ ਦੇ ਕਾਤਲ ਕਦੇ ਸਕੂਨ ਨਾਲ ਜੀਅ ਵੀ ਨਹੀਂ ਸਕਦੇ ਤੇ ਸੱਚ ਦੀ ਮੌਤੇ ਮਰਨ ਦਾ ਜੋ ਮਜ਼ਾ ਹੈ, ਉਹ ਇਕ ਵੱਖਰਾ ਹੀ ਮਜ਼ਾ ਹੈ |

-ਮੋਬਾਈਲ : 98725-49506

ਸਮਾਂ

ਸਮਾਂ ਬਹੁਤ ਅਨਮੋਲ ਹੈ | ਲੰਘਿਆ ਹੋਇਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ ਤੇ ਪਛਤਾਵਾ ਹੀ ਹੱਥ ਆਉਂਦਾ ਹੈ | ਭਾਈ ਵੀਰ ਸਿੰਘ ਸਮੇਂ ਦੀ ਅਹਿਮੀਅਤ ਦਰਸਾਉਂਦੇ ਹੋਏ ਕਹਿੰਦੇ ਹਨ:
ਰਹੀ ਵਾਸਤੇ ਘੱਤ, ਸਮੇਂ ਨੇ ਇਕ ਨਾ ਮੰਨੀ |
ਫੜ ਫੜ ਰਹੀ ਧ੍ਰੀਕ, ਸਮੇਂ ਖਿਸਕਾਈ ਕੰਨੀ |
ਕਿਵੇਂ ਨਾ ਸਕੀ ਰੋਕ, ਅਟਕ ਜੋ ਪਾਈ ਭੰਨੀ |
ਤਿੱ੍ਰਖੇ ਆਪਣੇ ਵੇਗ, ਗਿਆ ਟੱਪ ਬੰਨੇ ਬੰਨੀ |
ਹੋ! ਅਜੇ ਸੰਭਾਲ ਇਸ ਸਮੇਂ ਨੂੰ
ਕਰ ਸਫ਼ਲ ਉਡੰਦਾ ਜਾਂਵਦਾ |
ਇਹ ਠਹਿਰਨ ਜਾਚ ਨਾ ਜਾਣਦਾ |
ਲੰਘ ਗਿਆ ਨਾ ਮੁੜ ਕੇ ਆਂਵਦਾ |
ਅੰਗਰੇਜ਼ੀ ਦੀ ਇਕ ਕਹਾਵਤ ਹੈ 'ਟਾਈਮ ਇਜ਼ ਮਨੀ' ਭਾਵ ਸਮਾਂ ਹੀ ਸਭ ਕੁਝ ਹੈ ਤੇ ਬਹੁਤ ਕੀਮਤੀ ਹੈ | ਜਿਹੜਾ ਸਮੇਂ ਨੂੰ ਬਰਬਾਦ ਕਰਦਾ ਹੈ, ਸਮਾਂ ਉਸ ਨੂੰ ਬਰਬਾਦ ਕਰ ਕੇ ਰੱਖ ਦਿੰਦਾ ਹੈ | ਫ੍ਰੈਂਕਲਿਨ ਨੇ ਕਿਹਾ ਸੀ, 'ਸਮਾਂ ਹੀ ਜੀਵਨ ਹੈ | ਸਾਨੂੰ ਸਮੇਂ ਦੀ ਕਦਰ ਕਰਦੇ ਹੋਏ ਕਦੇ ਵੀ ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ |'
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮੇਂ ਬਾਰੇ ਬੜੇ ਸਾਰਥਿਕ ਬਚਨ ਕੀਤੇ ਹਨ:
ਨਾਨਕ ਸਮਿਓ ਰਮਿ ਗਇਓ
ਅਬ ਕਿਉ ਰੋਵਤ ਅੰਧ¨
ਸਮੇਂ ਨੂੰ 'ਕਾਲ' ਜਾਂ 'ਮੌਤ' ਦੇ ਅਰਥਾਂ ਵਿਚ ਵੀ ਲਿਆ ਜਾਂਦਾ ਹੈ | ਕਾਲ ਦੀ ਤਰ੍ਹਾਂ ਹੀ ਸਮੇਂ ਅੱਗੇ ਵੀ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ | ਜ਼ਰਾ ਸੋਚੋ, ਜੇਕਰ ਰੇਲਾਂ ਸਮੇਂ 'ਤੇ ਨਾ ਚੱਲਣ, ਦਫ਼ਤਰਾਂ ਦੇ ਕਰਮਚਾਰੀ ਸਮੇਂ ਸਿਰ ਨਾ ਪਹੁੰਚਣ, ਵਿੱਦਿਅਕ ਅਦਾਰੇ ਸਮੇਂ 'ਤੇ ਨਾ ਖੁੱਲ੍ਹਣ, ਤਾਂ ਭਲਾ ਕੀ ਹੋਵੇਗਾ? ਜੇਕਰ ਅਜਿਹਾ ਹੋਇਆ ਤਾਂ ਚਾਰੇ ਪਾਸੇ ਹਫੜਾ-ਦਫੜੀ ਮਚ ਜਾਵੇਗੀ | ਇਹ ਸਮਾਂ ਹੀ ਹੁੰਦਾ ਹੈ ਜੋ ਸਾਨੂੰ ਨਿਸਚਿਤ ਕੰਮ ਸਮੇਂ ਸਿਰ ਕਰਨ ਦੀ ਪ੍ਰੇਰਨਾ ਦਿੰਦਾ ਹੈ |
ਵਿਦਿਆਰਥੀ ਲਈ ਤਾਂ ਸਮੇਂ ਦੀ ਹੋਰ ਵੀ ਮਹਾਨਤਾ ਹੈ | ਉਸ ਨੇ ਆਪਣੇ ਸਾਰੇ ਸਾਲ ਦੀ ਮਿਹਨਤ ਨੂੰ ਪ੍ਰੀਖਿਆ ਵਿਚ ਨਿਸਚਿਤ ਮਿਤੀ ਤੇ ਨਿਸਚਿਤ ਸਮੇਂ ਵਿਚ ਪੂਰਾ ਕਰ ਕੇ ਵਿਖਾਉਣਾ ਹੁੰਦਾ ਹੈ | ਜੇ ਉਹ ਅਜਿਹਾ ਨਾ ਕਰ ਸਕਿਆ ਤਾਂ ਉਸ ਦੇ ਸਾਰੇ ਕੀਤੇ-ਕਰਾਏ 'ਤੇ ਪਾਣੀ ਫਿਰ ਜਾਵੇਗਾ |
ਰਸੂਲ ਹਮਜ਼ਾਤੋਵ ਦਾ ਕਥਨ ਹੈ, ਜੇ ਤੁਸੀਂ ਬੀਤੇ ਉਤੇ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੰੁਡੇਗਾ | ਭਾਵ ਅਸੀਂ ਬੀਤੇ ਹੋਏ ਉਤੇ ਝੁਰਦੇ ਅਤੇ ਭਵਿੱਖ ਦੀਆਂ ਚਿੰਤਾਵਾਂ ਵਿਚ ਨਾ ਡੁੱਬੇ ਰਹੀਏ, ਸਗੋਂ ਆਪਣੇ ਵਰਤਮਾਨ ਨੂੰ ਚੰਗਾ ਬਣਾਉਣ ਲਈ ਹੰਭਲਾ ਮਾਰੀਏ |
ਸਮਾਂ ਵਹਿੰਦੇ ਪਾਣੀ ਦੀ ਤਰ੍ਹਾਂ ਹੈ | ਜਿਸ ਤਰ੍ਹੰ ਇਕ ਵਾਰ ਪੱਤਣ ਤੋਂ ਲੰਘਿਆ ਪਾਣੀ ਵਾਪਸ ਉਸ ਕਿਨਾਰੇ 'ਤੇ ਨਹੀਂ ਆਉਂਦਾ, ਉਸੇ ਤਰ੍ਹਾਂ ਕਿ ਵਾਰ ਲੰਘਿਆ ਸਮਾਂ ਵੀ ਕਦੇ ਵਾਪਸ ਨਹੀਂ ਪਰਤਦਾ | ਆਦਤਾਂ ਪਕੇਰੀਆਂ ਵੀ ਸਮੇਂ ਨਾਲ ਹੀ ਹੁੰਦੀਆਂ ਹਨ | ਚੰਗੇ ਗੁਣਾਂ ਦਾ ਧਾਰਨੀ ਵੀ ਮਨੁੱਖ ਆਪਣੇ-ਆਪ ਨਹੀਂ ਹੁੰਦਾ, ਸਗੋਂ ਨਿਸਚਿਤ ਸਮੇਂ ਨਾਲ ਹੀ ਹੁੰਦਾ ਹੈ:
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ |
ਸਮੇਂ ਤੋਂ ਪਿੱਛਾ ਛੁਡਾਉਣ ਵਾਲਾ ਵਿਅਕਤੀ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦਾ ਹੈ | ਕਈ ਵਾਰ ਮਨੁੱਖ ਸਮੇਂ ਸਿਰ ਤਾਂ ਕੰਮ ਕਰਦਾ ਨਹੀਂ, ਸਗੋਂ ਸਮਾਂ ਲੰਘ ਜਾਣ 'ਤੇ ਕਾਹਲੀ ਕਰਦਾ ਹੈ | ਕਾਹਲੀ ਅੱਗੇ ਤਾਂ ਹਮੇਸ਼ਾ ਹੀ ਟੋਏ ਹੁੰਦੇ ਹਨ | ਅਜਿਹੇ ਵਿਅਕਤੀ ਦੇ ਸਿਰ ਉੱਪਰ ਕੰਮ ਦਾ ਭਾਰੀ ਬੋਝ ਹੋਣ ਕਰਕੇ ਉਹ ਤਣਾਅ ਵਿਚ ਚਲਿਆ ਜਾਂਦਾ ਹੈ ਤੇ ਸਮੇਂ ਦੀ ਅਣਗਹਿਲੀ ਕਰਨ ਦਾ ਨਤੀਜਾ ਉਸ ਦੀ ਮੌਤ ਹੁੰਦਾ ਹੈ |
ਸਮੇਂ ਦੀ ਮਹਾਨਤਾ ਬਾਰੇ ਸਾਨੂੰ ਉਸ ਵਿਅਕਤੀ ਤੋਂ ਪੁੱਛਣਾ ਚਾਹੀਦਾ ਹੈ, ਜੋ ਕਿਸੇ ਕਾਰਨ ਕਰਕੇ ਆਪਣੇ ਕੰਮ ਤੋਂ ਖੰੁਝ ਗਿਆ ਹੋਵੇ | ਇਕ ਸਕਿੰਟ ਦੇ ਹਜ਼ਾਰਵੇਂ ਹਿੱਸੇ ਤੱਕ ਦਾ ਪਤਾ ਉਸ ਵਿਅਕਤੀ ਨੂੰ ਬੜੀ ਸੌਖੀ ਤਰ੍ਹਾਂ ਹੁੰਦਾ ਹੈ, ਜੋ ਉਸੇ ਸਮੇਂ ਕਾਰਨ ਕਿਸੇ ਦੁਰਘਟਨਾ ਤੋਂ ਵਾਲ-ਵਾਲ ਬਚ ਗਿਆ ਹੋਵੇ |
ਉਪਰੋਕਤ ਸਾਰੀ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ | ਸਾਨੂੰ ਸਮੇਂ ਦੇ ਹਰ ਇਕ ਪਲ ਛਿਣ ਨੂੰ ਵੀ ਖਾਲੀ ਨਹੀਂ ਜਾਣ ਦੇਣਾ ਚਾਹੀਦਾ | ਆਓ, ਅੱਜ ਤੋਂ ਹੀ ਨਹੀਂ, ਸਗੋਂ ਹੁਣੇ ਤੋਂ ਹੀ ਸਮੇਂ ਦੀ ਕਦਰ ਪਛਾਣਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦੇਈਏ | ਬਕੌਲ ਦੁਸ਼ਿਅੰਤ ਕੁਮਾਰ:
ਏਕ ਚਿੰਗਾਰੀ ਕਹੀਂ ਸੇ ਢੂੰਡ ਲਾਏਾ ਦੋਸਤੋੋ,
ਇਸ ਦੀਏ ਮੇਂ ਤੇਲ ਸੇ ਭੀਗੀ ਹੋਈ ਬਾਤੀ ਤੋ ਹੈ |

-ਬੀ.ਏ. ਆਨਰਜ਼ (ਅੰਗਰੇਜ਼ੀ) ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ |
ਮੋਬਾਈਲ : 84270-92318.

ਸ਼੍ਰੋਮਣੀ ਸਾਹਿਤਕਾਰ ਸ: ਹਰਭਜਨ ਸਿੰਘ ਹੰੁਦਲ ਦਾ ਸਨਮਾਨ

ਪਿਛਲੇ ਦਿਨੀਂ ਸ਼੍ਰੋਮਣੀ ਸਾਹਿਤਕਾਰ, ਦਰਵੇਸ਼ ਅਧਿਆਪਕ ਅਤੇ ਮਹਾਨ ਇਨਸਾਨ ਸ: ਹਰਭਜਨ ਸਿੰਘ ਹੁੰਦਲ ਅਤੇ ਉਨ੍ਹਾਂ ਦੀ ਸੁਪਤਨੀ ਦਾ ਸਨਮਾਨ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਦੇ ਤਿੰਨ ਵਿਦਿਆਰਥੀਆਂ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਸ: ਬਲਵੰਤ ਸਿੰਘ ਭੰਡਾਲ ਅਤੇ ਡਾ: ਗੁਰਬਖ਼ਸ਼ ਸਿੰਘ ਭੰਡਾਲ ਵਲੋਂ ਉਨ੍ਹਾਂ ਦੇ ਘਰ ਵਿਖੇ ਕੀਤਾ ਗਿਆ | ਦਰਅਸਲ ਇਹ ਅਕੀਦਤ ਸੀ ਹੰੁਦਲ ਸਾਹਿਬ ਵਲੋਂ ਵਿਦਿਆਰਥੀ ਜੀਵਨ ਦੌਰਾਨ ਉਕਰੇ ਪ੍ਰਭਾਵਾਂ ਅਤੇ ਸ਼ੁਭ-ਚਿੰਤਨ ਦੀ | ਇਹ ਨਤਮਸਤਕ ਹੋਣਾ ਸੀ ਉਨ੍ਹਾਂ ਦੀ ਸਾਹਿਤਕ ਦੇਣ ਨੂੰ | ਇਸ ਮੌਕੇ 'ਤੇ ਹੰੁਦਲ ਸਾਹਿਬ ਨੇ ਆਪਣੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਕਿ ਉਹ ਉਨ੍ਹਾਂ ਦੇ ਨਕਸ਼ੇ-ਕਦਮ 'ਤੇ ਚਲਦਿਆਂ, ਸਾਹਿਤਕ ਅਤੇ ਵਿਦਿਅਕ ਖੇਤਰ ਵਿਚ ਚੰਗਾ ਯੋਗਦਾਨ ਪਾ ਰਹੇ ਹਨ | ਉਨ੍ਹਾਂ ਨੇ ਅਸ਼ੀਰਵਾਦ ਦਿੱਤੀ ਕਿ ਉਹ ਭਵਿੱਖ ਵਿਚ ਹੋਰ ਵੀ ਉਸਾਰੂ ਯੋਗਦਾਨ ਪਾਉਂਦੇ ਰਹਿਣ | ਅਖੀਰ ਵਿਚ ਹੰੁਦਲ ਸਾਹਿਬ ਨੇ ਆਪਣੇ ਪੁਸਤਕ-ਰੂਪੀ ਪ੍ਰਸ਼ਾਦ ਨਾਲ ਆਪਣੇ ਵਿਦਿਆਰਥੀਆਂ ਨੂੰ ਨਿਵਾਜਿਆ |

ਡਰ ਫਿਕਰ

ਹਰੀ ਰਾਮ ਨੇ ਅਜੇ ਬੁਰਕੀ ਮੂੰਹ ਵਿਚ ਨਹੀਂ ਸੀ ਪਾਈ ਕਿ ਬਾਹਰਲਾ ਦਰਵਾਜ਼ਾ ਖੜਕਿਆ |
'ਕੌਣ ਆ ਗਿਆ ਏਸ ਵੇਲੇ?' ਪਾਰਵਤੀ ਔਖੀ ਹੋਈ ਬੋਲੀ |
'ਮੈਂ ਦੇਖਦਾਂ ਜਾ ਕੇ ਕੌਣ ਹੈ, ਤੂੰ ਰੋਟੀ ਚੁੱਕ ਕੇ ਅੰਦਰ ਰੱਖ ਦੇ | ਕੋਈ ਅੰਦਰ ਆਉਣ ਵਾਲਾ ਹੀ ਨਾ ਹੋਵੇ |'
'ਐਵੇਂ ਕਿਸੇ ਨੂੰ ਅੰਦਰ ਨਾ ਲੈ ਆਇਓ, ਘਰ ਵਿਚ ਆਟਾ ਸ਼ਾਮ ਜੋਗਾ ਈ ਹੈ, ਬੱਚੇ ਵੀ ਅੱਜ ਸਕੂਲੇ ਰੋਟੀ ਲੈ ਕੇ ਨਹੀਂ ਗਏ | ਪੈਸਾ ਵੀ ਘਰ ਕੋਈ ਨਹੀਂ |' ਪਾਰਵਤੀ ਨੇ ਘਰ ਦੀ ਸਾਰੀ ਹਾਲਤ ਦੱਸੀ |
'ਕੋਈ ਗੱਲ ਨਹੀਂ ਪਹਿਲਾਂ ਮੈਂ ਦੇਖਾਂ ਤਾਂ ਸਹੀ, ਕੌਣ ਹੈ?'
'ਕਿਤੇ ਬਾਪੂ ਹੀ ਨਾ ਆ ਜਾਵੇ, ਓਹਨੂੰ ਵੀ ਜਦੋਂ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ ਏਧਰ ਹੀ ਆਉਂਦੈ | ਉਹਨੂੰ ਵੀ ਹੋਰ ਕੋਈ ਨਹੀਂ ਦਿਸਦਾ' ਇਨ੍ਹਾਂ ਸੋਚਾਂ ਵਿਚ ਪਈ ਉਹ ਬਾਹਰ ਨੂੰ ਦੇਖਣ ਲੱਗੀ | ਹਰੀ ਰਾਮ ਨਾਲ ਬਾਪੂ ਹੀ ਤੁਰਿਆ ਆ ਰਿਹਾ ਸੀ | ਉਹ ਮਨ ਵਿਚ ਕੁੜ੍ਹਦੀ ਬੋਲ-ਕੁਬੋਲ ਬੜਬੜਾਉਣ ਲੱਗੀ | ਉਸ ਦੇ ਤਾਂ ਜਿਵੇਂ ਹੱਥ-ਪੈਰ ਹੀ ਠੰਢੇ ਹੋ ਗਏ | ਸਾਰੀ ਹਿੰਮਤ ਇਕੱਠੀ ਕਰਕੇ ਉਹ ਅਨਮਨੇ ਦਿਲ ਨਾਲ ਉੱਠੀ ਤੇ ਬਾਪੂ ਦੇ ਪੈਰੀਂ ਹੱਥ ਲਾ ਕੇ ਰਸੋਈ ਵੱਲ ਨੂੰ ਹੋ ਤੁਰੀ |
'ਬਹੂ ਆ ਜਾ ਮੈਨੂੰ ਕਿਸੇ ਚੀਜ਼ ਦੀ ਲੋੜ ਨੲੀਂ, ਬੜੇ ਓਦਰੇ-ਓਦਰੇ ਦਿਸ ਰਹੇ ਹੋ, ਤੁਸੀਂ ਠੀਕ-ਠਾਕ ਤਾਂ ਹੋ ਨਾ?'
'ਹਾਂ ਬਾਪੂ ਅਸੀਂ ਠੀਕ ਹਾਂ, ਤੁਹਾਡਾ ਕਿਵੇਂ ਔਣ ਹੋਇਆ, ਏਨੇ ਚਿਰ ਪਿਛੋਂ?' ਹਰੀ ਨੇ ਜਾਨਣਾ ਚਾਹਿਆ |
'ਅਸੀਂ ਅੰਬਰਸਰ ਨੂੰ ਚੱਲੇ ਸੀ, ਮੈਂ ਸੋਚਿਆ ਜਾਂਦਾ-ਜਾਂਦਾ ਮਿਲ ਚੱਲਾਂ, ਬਹੁਤ ਸਮਾਂ ਹੋ ਗਿਆ ਮਿਲਿਆਂ ਨੂੰ ', ਬਾਪੂ ਦੀ ਗੱਲ ਸੁਣ ਕੇ ਅੰਦਰੋਂ ਅੰਦਰੀ ਦੋਵਾਂ ਨੂੰ ਫਿਕਰ ਪੈ ਗਿਆ ਕਿ ਹੁਣ ਬਾਪੂ ਕਿਤੇ ਪੈਸੇ ਹੀ ਨਾ ਮੰਗ ਲਵੇ | ਦੋਵੇਂ ਇਕ-ਦੂਜੇ ਦੇ ਮੰੂਹ ਵੱਲ ਦੇਖਣ ਲੱਗੇ | ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੇ, ਬਾਪੂ ਨੇ ਵੱਖੀ ਦੀ ਜੇਬ 'ਚ ਹੱਥ ਮਾਰਿਆ ਤੇ ਨੋਟਾਂ ਦੀ ਛੋਟੀ ਜਿਹੀ ਥੱਦੀ ਕੱਢ ਕੇ ਹਰੀ ਰਾਮ ਦੇ ਹੱਥ ਉਤੇ ਰੱਖ ਦਿੱਤੀ |
'ਏਹ ਕੀ ਬਾਪੂ ਜੀ?' ਹਰੀ ਰਾਮ ਹੈਰਾਨ ਹੋਇਆ ਬਾਪੂ ਦੇ ਮੰੂਹ ਵੱਲ ਦੇਖਣ ਲੱਗਾ |
'ਪੁੱਤ ਐਤਕੀਂ ਠੇਕੇ ਦੀ ਜ਼ਮੀਨ ਵੀ ਕਾਫ਼ੀ ਮਿਲ ਗਈ ਸੀ ਤੇ ਆਪਣੀ ਜ਼ਮੀਨ ਨੇ ਵੀ ਚੰਗੀ ਫ਼ਸਲ ਦੇ ਦਿੱਤੀ ਹੈ | ਏਸੇ ਕਰਕੇ ਦੋ ਮਹੀਨੇ ਆ ਨਹੀਂ ਹੋਇਆ | ਬਸ ਬੀਜ ਬਿਜਾਈ 'ਚ ਹੀ ਫਸਿਆ ਰਿਹਾ | ਇਨ੍ਹਾਂ ਪੈਸਿਆਂ ਦੀ ਤੁਸੀਂ ਆਪਣੇ ਲਈ ਕੋਈ ਚੀਜ਼ ਬਣਾ ਲੈਣੀ, 'ਗਾਂਹ ਬੱਚਿਆਂ ਦੇ ਕੰਮ ਆ ਜਾਊ', ਹਰੀ ਰਾਮ ਹੈਰਾਨ ਹੋਇਆ ਬਾਪੂ ਵੱਲ ਦੇਖਣ ਲੱਗਾ | ਉਹ ਕੁਝ ਵੀ ਬੋਲ ਨਾ ਸਕਿਆ |
'ਅੱਛਾ ਮੈਂ ਚਲਦਾਂ, ਗੱਡੀ ਦਾ ਟੈਮ ਹੋਣ ਵਾਲਾ, ਸਾਥੀ ਉਡੀਕਦੇ ਹੋਣਗੇ', ਬਾਪੂ ਉੱਠ ਕੇ ਬਾਹਰਲੇ ਬੂਹੇ ਵੱਲ ਨੂੰ ਤੁਰ ਪਿਆ |
'ਬਾਪੂ ਚਾਹ ਨਾ ਪਾਣੀ, ਏਦਾਂ ਈ ਤੁਰ ਪਏ', ਹਰੀ ਰਾਮ ਬਾਪੂ ਦੇ ਪਿੱਛੇ ਜਾਂਦਾ-ਜਾਂਦਾ ਕਹਿਣ ਲੱਗਾ |
'ਦੱਸਿਆ ਨਾ, ਕਿਸੇ ਚੀਜ਼ ਦੀ ਲੋੜ ਨੲੀਂ, ਹੁਣ ਜ਼ਰਾ ਜਲਦੀ ਹੈ | ਚਾਹ ਪਾਣੀ ਫੇਰ ਸਹੀ', ਕਹਿੰਦਾ ਬਾਪੂ ਬੂਹਿਉਂ ਬਾਹਰ ਹੋ ਗਿਆ |
ਹਰੀ ਰਾਮ ਨੇ ਅੰਦਰ ਆ ਕੇ ਪੈਸੇ ਗਿਣੇ ਤਾਂ ਉਹ ਪੰਜਾਹ ਹਜ਼ਾਰ ਸਨ | ਮੀਆਂ-ਬੀਵੀ ਹੈਰਾਨ ਹੋਏ ਕਦੇ ਹੱਥ 'ਚ ਫੜੇ ਨੋਟਾਂ ਵੱਲ ਦੇਖਣ ਤੇ ਕਦੇ ਬਾਹਰਲੇ ਬੂਹੇ ਵੱਲ |

ਮਹਾਨ ਚਿੰਤਨ ਬੱਚੇ

ਇਕ ਔਰਤ, ਜਿਸ ਨੇ ਆਪਣਾ ਬੱਚਾ ਛਾਤੀ ਨਾਲ ਲਾਇਆ ਹੋਇਆ ਸੀ, ਨੇ ਕਿਹਾ, 'ਸਾਨੂੰ ਬੱਚਿਆਂ ਬਾਰੇ ਦੱਸੋ |'
ਅਤੇ ਅਲਮੁਸਤਫ਼ਾ ਨੇ ਕਿਹਾ, 'ਤੁਹਾਡੇ ਬੱਚੇ ਤੁਹਾਡੀ ਮਲਕੀਅਤ ਨਹੀਂ ਹੁੰਦੇ |'
ਉਹ 'ਜ਼ਿੰਦਗੀ' ਦੀ ਆਪਣੀ ਤਾਂਘ ਦੇ ਪੁੱਤਰ ਧੀਆਂ ਹੁੰਦੇ ਹਨ | ਉਹ ਤੁਹਾਡੇ ਜ਼ਰੀਏ ਆਉਂਦੇ ਹਨ ਪਰ ਤੁਹਾਡੇ ਤੋਂ ਨਹੀਂ ਅਤੇ ਭਾਵੇਂ ਉਹ ਤੁਹਾਡੇ ਕੋਲ਼ ਹੁੰਦੇ ਹਨ, ਫਿਰ ਵੀ ਉਹ ਤੁਹਾਡੇ ਨਹੀਂ ਹੁੰਦੇ |
ਤੁਸੀਂ ਭਾਵੇਂ ਆਪਣਾ ਪਿਆਰ ਉਨ੍ਹਾਂ ਨੂੰ ਦਿਓ ਪਰ ਆਪਣੇ ਵਿਚਾਰ ਨਾ ਦਿਓ, ਕਿਉਂਕਿ ਉਨ੍ਹਾਂ ਦੇ ਆਪਣੇ ਵਿਚਾਰ ਹੁੰਦੇ ਹਨ |
ਤੁਸੀਂ ਉਨ੍ਹਾਂ ਦੇ ਤਨ ਉੱਤੇ ਛੱਤ ਕਰ ਸਕਦੇ ਹੋ ਪਰ ਉਨ੍ਹਾਂ ਦੀ ਆਤਮਾ ਉੱਤੇ ਨਹੀਂ, ਕਿਉਂਕਿ ਉਨ੍ਹਾਂ ਦੀਆਂ ਰੂਹਾਂ ਕੱਲ੍ਹ ਦੇ ਮਕਾਨ ਵਿਚ ਰਹਿੰਦੀਆਂ ਹਨ ਜਿੱਥੇ ਤੁਸੀਂ ਨਹੀਂ ਜਾ ਸਕਦੇ, ਆਪਣੇ ਸੁਪਨਿਆਂ ਵਿਚ ਵੀ ਨਹੀਂ ਜਾ ਸਕਦੇ |
ਤੁਸੀਂ ਉਨ੍ਹਾਂ ਵਰਗੇ ਬਣਨ ਦੀ ਕੋਸ਼ਿਸ਼ ਭਾਵੇਂ ਕਰ ਲਵੋ, ਪਰ ਉਨ੍ਹਾਂ ਨੂੰ ਤੁਹਾਡੇ ਵਰਗੇ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਜ਼ਿੰਦਗੀ ਪਿੱਛੇ ਵੱਲ ਨਹੀਂ ਜਾਂਦੀ ਅਤੇ ਨਾ ਹੀ ਬੀਤਿਆ ਕੱਲ੍ਹ ਇਸ ਨੂੰ ਰੋਕ ਸਕਿਆ ਹੈ | ਤੁਸੀਂ ਤਾਂ ਕਮਾਨ ਹੋ ਜਿਨ੍ਹਾਂ ਵਿਚੋਂ ਤੁਹਾਡੇ ਬੱਚੇ ਜਿਊਾਦੇ ਤੀਰਾਂ ਵਾਂਗ ਚਲਦੇ ਹਨ |
ਉਹ ਤੀਰਅੰਦਾਜ਼ ਪ੍ਰਮਾਤਮਾ ਅਨੰਤ ਦੇ ਮਾਰਗ 'ਤੇ ਨਿਸ਼ਾਨਾ ਬੰਨ੍ਹਦਾ ਹੈ ਅਤੇ ਉਹ ਤੁਹਾਨੂੰ ਪੂਰੇ ਜ਼ੋਰ ਨਾਲ ਖਿਚਦਾ ਹੈ ਤਾਂ ਕਿ ਉਸ ਦੇ ਤੀਰ ਤੇਜ਼ ਅਤੇ ਦੂਰ ਜਾਣ |
ਖ਼ੁਸ਼ੀ-ਖ਼ੁਸ਼ੀ ਉਸ ਤੀਰਅੰਦਾਜ਼ ਦੇ ਹੱਥਾਂ ਵਿਚ ਖਿੱਚੇ ਜਾਓ, ਕਿਉਂਕਿ ਉਸ ਨੂੰ ਜਿੰਨਾ ਉਡਦਾ ਹੋਇਆ ਤੀਰ ਪਿਆਰਾ ਹੈ ਉਸ ਨੂੰ ਉੱਨੀ ਹੀ ਉਹ ਕਮਾਨ ਪਿਆਰੀ ਹੈ ਜੋ ਡੋਲਦੀ ਨਹੀਂ |
('ਪੈਗ਼ੰਬਰ' ਵਿਚੋਂ)

ਅਨੁ: ਪ੍ਰੋ: ਬਸੰਤ ਸਿੰਘ ਬਰਾੜ
ਫੋਨ: 98149-41214

ਪਾਲੀਵੁੱਡ ਝਰੋਖਾ ਦਲਜੀਤ ਤੋਂ ਦਿਲਜੀਤ ਤੱਕ ਦਿਲਜੀਤ ਦੋਸਾਂਝ

ਪੰਜਾਬ ਦਾ ਦੁਆਬੇ ਦਾ ਇਲਾਕਾ ਭਾਗਾਂਵਾਲਾ ਹੈ ਕਿ ਇਸ ਨੇ ਪੰਜਾਬੀ ਸਿਨੇਮਾ ਨੂੰ ਦੋ ਬਹੁਤ ਹੀ ਹਰਮਨ-ਪਿਆਰੇ ਨਾਇਕ ਦਿੱਤੇ ਹਨ | ਇਕ ਦਾ ਨਾਂਅ ਦਲਜੀਤ ਹੈ ਜਿਹੜਾ ਕਿ ਦਸੂਹੇ ਦਾ ਰਹਿਣ ਵਾਲਾ ਸੀ ਅਤੇ ਦੂਜੇ ਦਾ ਨਾਂਅ ਦਿਲਜੀਤ ਦੋਸਾਂਝ ਹੈ ਜਿਹੜਾ ਕਿ ਪਿੰਡ ਦੋਸਾਂਝ ਕਲਾਂ (ਜਲੰਧਰ) ਨਾਲ ਸਬੰਧਿਤ ਹੈ |
ਪਹਿਲਾਂ ਗੱਲ ਕਰਦੇ ਹਾਂ ਪਹਿਲੇ ਦਲਜੀਤ ਦੀ | ਇਹ ਦਲਜੀਤ ਕਿੱਤੇ ਤੋਂ ਪਹਿਲਵਾਨੀ ਕਰਦਾ ਹੁੰਦਾ ਸੀ | ਘਰ ਦਾ ਗੁਜ਼ਾਰਾ ਕਰਨ ਲਈ ਉਹ ਮੰੁਬਈ ਚਲਾ ਗਿਆ ਅਤੇ ਉਥੇ ਮਾਰਧਾੜ ਵਾਲੀਆਂ ਸਟੰਟ ਫ਼ਿਲਮਾਂ ਕਰਨ ਲੱਗ ਪਿਆ | ਉਸ ਦੀ ਗੱਡੀ ਚਲ ਪਈ ਅਤੇ ਉਸ ਨੇ ਅਨੇਕਾਂ 'ਸੀ' ਗਰੇਡ ਦੀਆਂ ਹਿੰਦੀ ਫ਼ਿਲਮਾਂ 'ਚ ਕੰਮ ਕੀਤਾ | ਪੰਜਾਬੀ ਸਿਨੇਮਾ ਦੇ ਖੇਤਰ 'ਚ ਮੁਲਖ ਰਾਜ ਭਾਖੜੀ ਨੇ ਉਸ ਨੂੰ ਪ੍ਰੇਰਿਤ ਕੀਤਾ | ਫ਼ਿਲਮ 'ਦੋ ਲੱਛੀਆਂ' ਦੀ ਸਫ਼ਲਤਾ ਤੋਂ ਬਾਅਦ ਉਸ ਨੇ 'ਲਾਜੋ', 'ਗੁੱਡੀ' ਅਤੇ 'ਪਗੜੀ ਸੰਭਾਲ ਜੱਟਾ' ਵਿਚ ਪ੍ਰਮੁੱਖ ਭੂਮਿਕਾਵਾਂ ਪੇਸ਼ ਕੀਤੀਆਂ | ਦਲਜੀਤ ਨੂੰ ਆਪਣੇ ਸਮੇਂ ਦਾ ਸਭ ਤੋਂ ਸਫ਼ਲ ਨਾਇਕ ਸਮਝਿਆ ਜਾਂਦਾ ਸੀ | ਪਰ ਮੁਸ਼ਕਿਲ ਇਹ ਸੀ ਕਿ ਉਸ ਦੇ ਵੇਲੇ ਪੰਜਾਬੀ ਫ਼ਿਲਮਾਂ ਬਹੁਤ ਘੱਟ ਗਿਣਤੀ 'ਚ ਬਣਦੀਆਂ ਸਨ | ਫਿਰ ਉਸ ਵੇਲੇ ਵੀ ਮਨੋਹਰ ਦੀਪਕ ਅਤੇ ਰਵਿੰਦਰ ਕਪੂਰ ਪੰਜਾਬੀ ਸਿਨੇਮਾ ਵਿਚ ਬਤੌਰ ਨਾਇਕ ਆਪਣੇ ਕਦਮ ਜਮਾ ਚੁੱਕੇ ਸਨ | ਲਿਹਾਜ਼ਾ, ਬਹੁਤ ਹੀ ਸਫਲ ਨਾਇਕ ਹੋਣ ਦੇ ਬਾਵਜੂਦ ਦਲਜੀਤ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ 'ਚ ਆਪਣੀ ਹਾਜ਼ਰੀ ਨਹੀਂ ਲੁਆ ਸਕਿਆ ਸੀ | ਇਸ ਲਈ ਉਹ ਜਲਦੀ ਹੀ ਪਰਦੇ ਤੋਂ ਦੂਰ ਹੋ ਗਿਆ | ਬਾਅਦ ਵਾਲੇ ਦਿਲਜੀਤ ਦੋਸਾਂਝ ਦਾ ਨਾਂਅ ਵੀ ਦਲਜੀਤ ਹੀ ਹੈ ਪਰ ਉਸ ਨੇ ਆਪਣੇ ਇਕ ਸ਼ੁਭਚਿੰਤਕ (ਰਾਜਿੰਦਰ ਸਿੰਘ) ਦੇ ਕਹਿਣ 'ਤੇ ਆਪਣਾ ਨਾਂਅ ਦਲਜੀਤ ਤੋਂ ਦਿਲਜੀਤ ਦੋਸਾਂਝ ਰੱਖ ਲਿਆ ਸੀ | ਫਿਰ ਉਸ ਨੇ ਆਪਣਾ ਕੈਰੀਅਰ ਤਾਂ ਬਤੌਰ ਇਕ ਗਾਇਕ ਹੀ ਸ਼ੁਰੂ ਕੀਤਾ ਸੀ, 'ਮੇਲ ਕਰਾ ਦੇ ਰੱਬਾ' ਵਿਚ ਨਾਇਕ (ਜਿੰਮੀ ਸ਼ੇਰਗਿੱਲ) ਦੇ ਨਾਲ ਉਸ ਦੀ ਅਤੇ ਗਿੱਪੀ ਗਰੇਵਾਲ ਦੀਆਂ ਵੀ ਸੰਖੇਪ ਜਿਹੀਆਂ ਸਹਿ-ਭੂਮਿਕਾਵਾਂ ਸਨ |
ਹਾਂ, ਬਤੌਰ ਨਾਇਕ ਦਿਲਜੀਤ ਦੀ 'ਦ ਲਾਇਨ ਆਫ਼ ਪੰਜਾਬ' ਬੁਰੀ ਤਰ੍ਹਾਂ ਨਾਲ ਫਲਾਪ ਹੋਈ ਸੀ ਪਰ ਦਿਲਜੀਤ ਨੇ ਹੌਸਲਾ ਨਹੀਂ ਹਾਰਿਆ, ਲਿਹਾਜ਼ਾ 'ਜੱਟ ਐਾਡ ਜੂਲੀਅਟ' ਨੂੰ ਮਿਲਣ ਵਾਲੀ ਸਫ਼ਲਤਾ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ |
ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ ਇਸੇ ਹੀ ਫ਼ਿਲਮ ਦਾ ਲੜੀਵਾਰ 'ਜੱਟ ਐਾਡ ਜੂਲੀਅਟ-2' ਵੀ ਦੇਸ਼ਾਂ-ਵਿਦੇਸ਼ਾਂ 'ਚ ਹਿੱਟ ਗਿਆ ਸੀ | ਇਸ ਤੋਂ ਬਾਅਦ 'ਸਰਦਾਰ ਜੀ' ਨੇ ਵੀ ਦਿਲਜੀਤ ਦੋਸਾਂਝ ਦੀ ਸਫ਼ਲਤਾ ਦੀ ਹੈਟਿ੍ਕ ਮੁਕੰਮਲ ਕਰ ਦਿੱਤੀ ਅਤੇ ਉਹ ਪੰਜਾਬੀ ਸਿਨੇਮਾ ਦਾ ਸਭ ਤੋਂ ਮਹਿੰਗਾ ਨਾਇਕ ਬਣ ਗਿਆ | 'ਪੰਜਾਬ 1984' ਇਕ ਗੰਭੀਰ ਕਿਰਤ ਹੋਣ ਦੇ ਬਾਵਜੂਦ ਦਿਲਜੀਤ ਨੂੰ ਬਤੌਰ ਇਕ ਮੁਕੰਮਲ ਅਭਿਨੇਤਾ ਸਿੱਧ ਕਰਨ 'ਚ ਸਹਾਇਕ ਸਿੱਧ ਹੋਈ ਸੀ | ਪੰਜਾਬ ਦੀ ਤ੍ਰਾਸਦੀ ਨੂੰ ਸੰਬੋਧਿਤ ਇਹ ਫ਼ਿਲਮ ਦਿਲਜੀਤ ਦੇ ਕੈਰੀਅਰ ਦਾ ਮੀਲ ਪੱਥਰ ਸਿੱਧ ਹੋਈ ਸੀ |
ਹੁਣ ਤੱਕ ਦਿਲਜੀਤ ਨੇ ਲਗਪਗ ਹਰੇਕ ਤਰ੍ਹਾਂ ਦੀਆਂ ਭੂਮਿਕਾਵਾਂ ਨੂੰ ਨਿਪੰੁਨਤਾ ਨਾਲ ਨਿਭਾਇਆ ਹੈ | ਪਰ 'ਅੰਬਰਸਰੀਆ' ਇਕ ਬਹੁਤ ਹੀ ਮਹਿੰਗੀ ਫ਼ਿਲਮ ਹੋਣ ਦੇ ਬਾਵਜੂਦ ਦਿਲਜੀਤ ਦਾ ਗ੍ਰਾਫ਼ ਕਾਇਮ ਨਹੀਂ ਰੱਖ ਸਕੀ ਸੀ | ਸ਼ਾਇਦ ਇਸ ਦਾ ਪ੍ਰਮੁੱਖ ਕਾਰਨ ਤਾਂ ਇਸ ਵਿਚਲੀ ਪਟਕਥਾ ਹੀ ਸੀ, ਇਹ ਇਕ ਤਰ੍ਹਾਂ ਦੀ ਥਿ੍ਲਰ ਫ਼ਿਲਮ ਸੀ ਅਤੇ ਥਿ੍ਲਰ ਪ੍ਰਤੀ ਪੰਜਾਬੀ ਦਰਸ਼ਕ ਅਜੇ ਬਹੁਤ ਉਤਸੁਕ ਨਜ਼ਰ ਨਹੀਂ ਆ ਰਹੇ ਸਨ | ਸ਼ਾਇਦ ਇਸੇ ਕਰਕੇ ਹੀ 'ਗੱਦਾਰ' ਅਤੇ 'ਜੱਟ ਜੇਮਜ਼ ਬਾਂਡ' ਵੀ ਟਿਕਟ ਖਿੜਕੀ 'ਤੇ ਮੰੂਹ ਦੇ ਭਾਰ ਜਾ ਪਈਆਂ ਸਨ |
ਪਰ ਦਿਲਜੀਤ ਇਸ ਦੌਰਾਨ ਬਹੁਤ ਅੱਗੇ ਵਧ ਗਿਆ ਸੀ | ਉਸ ਨੂੰ ਬਾਲੀਵੁੱਡ ਨੇ ਸੱਦਾ-ਪੱਤਰ ਦਿੱਤਾ ਅਤੇ 'ਉੜਤਾ ਪੰਜਾਬ' ਵਿਚ ਇਕ ਸਹਿ-ਭੂਮਿਕਾ ਲਈ ਪ੍ਰੇਰਿਤ ਕੀਤਾ | ਦਿਲਜੀਤ ਦੀ ਹੋਂਦ ਕਰਕੇ ਹੀ ਇਸ ਫ਼ਿਲਮ ਦੇ ਸੰਗੀਤ ਅਧਿਕਾਰ 13 ਕਰੋੜ ਰੁਪਏ 'ਚ ਵਿਕੇ ਸਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

1970 ਵਿਚ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ 75ਵੇਂ ਜਨਮ ਦਿਨ ਸਮੇਂ ਖਿੱਚੀ ਗਈ ਸੀ | ਇਹ ਪ੍ਰੋਗਰਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਇਆ ਸੀ | ਇਸ ਪ੍ਰੋਗਰਾਮ ਵਿਚ ਸ੍ਰੀ ਬਲਰਾਜ ਸਾਹਨੀ, ਭਾਈ ਜੋਧ ਸਿੰਘ, ਡਾ: ਮਹਿੰਦਰ ਸਿੰਘ ਰੰਧਾਵਾ, ਵੀ.ਸੀ. ਕਿਰਪਾਲ ਸਿੰਘ ਨਾਰੰਗ ਤੇ ਹੋਰ ਬਹੁਤ ਸਾਰੇ ਸਾਹਿਤਕਾਰ ਆਏ ਸਨ | ਇਹ ਪ੍ਰੋਗਰਾਮ ਵੀ ਇਕ ਯਾਦਗਾਰੀ ਪ੍ਰੋਗਰਾਮ ਹੋ ਨਿੱਬੜਿਆ ਸੀ |

-ਮੋਬਾਈਲ : 98767-41231


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX