ਤਾਜਾ ਖ਼ਬਰਾਂ


ਮੀਂਹ ਕਾਰਨ ਅੰਮ੍ਰਿਤਸਰ ਦੇ ਮਾਲ ਰੋਡ ਦੀ ਸੜਕ ਦਾ ਇਕ ਹਿੱਸਾ ਹੇਠਾਂ ਧਸਿਆਂ
. . .  11 minutes ago
ਅੰਮ੍ਰਿਤਸਰ, 20 ਜੂਨ (ਹਰਮਿੰਦਰ ਸਿੰਘ)- ਅੰਮ੍ਰਿਤਸਰ ਵਿਚ ਅੱਜ ਪਏ ਕੁੱਝ ਸਮੇਂ ਦੇ ਮੀਂਹ ਕਾਰਨ ਮਾਲ ਰੋਡ ਵਿਖੇ ਪਾਇਆ ਗਿਆ ਸਟੋਰਸ ਸੀਵਰੇਜ ਜਾਮ ਹੋ ਗਿਆ, ਜਿਸ ਕਾਰਨ ਸੜਕ ਦਾ ਵੱਡਾ ਹਿੱਸਾ ਇਕ ਵਾਰ ਫਿਰ ਜ਼ਮੀਨ ਵਿਚ ਧਸ ਗਿਆ। ਜਿਸ ਦੇ ਚੱਲਦਿਆਂ ਮਾਲ ਰੋਡ...
ਵਿਸ਼ਵ ਕੱਪ 2019 : ਆਸਟ੍ਰੇਲੀਆ 6 ਓਵਰਾਂ ਮਗਰੋਂ 31/0 'ਤੇ
. . .  20 minutes ago
ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ, ਯੋਗੀ ਤੇ ਭਾਗਵਤ ਖਿਲਾਫ ਕੀਤੀ ਸੀ ਟਿੱਪਣੀ
. . .  30 minutes ago
ਵਾਰਾਨਸੀ, 20 ਜੂਨ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਤੇ ਆਰ.ਐਸ.ਐਸ. ਚੀਫ਼ ਮੋਹਨ ਭਾਗਵਤ ਖਿਲਾਫ ਆਪਣੇ ਫੇਸਬੁੱਕ ਪੇਜ 'ਤੇ ਟਿੱਪਣੀ ਕਰਨ 'ਤੇ ਪ੍ਰਸਿੱਧ ਰੈਪਰ ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਾਰਾਨਸੀ ਦੇ ਵਕੀਲ...
ਪਾਰਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਇਸ ਦਾ ਫੈਸਲਾ ਮੈਂ ਨਹੀਂ ਕਰਾਂਗਾ - ਰਾਹੁਲ ਗਾਂਧੀ
. . .  54 minutes ago
ਨਵੀਂ ਦਿੱਲੀ, 20 ਜੂਨ - ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ 'ਚ ਉਹ ਸ਼ਾਮਲ ਨਹੀਂ ਹੋਣਗੇ। ਪਿਛਲੇ ਮਹੀਨੇ ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਦੀ...
ਵਿਸ਼ਵ ਕੱਪ 2019 : ਆਸਟ੍ਰੇਲੀਆ ਬਨਾਮ ਬੰਗਲਾਦੇਸ਼, ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 minute ago
ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  about 1 hour ago
ਜਾਮਨਗਰ, 20 ਜੂਨ - ਗੁਜਰਾਤ ਦੇ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਜਾਮਨਗਰ ਕੋਰਟ ਨੇ 30 ਸਾਲ ਪਹਿਲਾ ਹਿਰਾਸਤ ਵਿਚ ਹੋਈ ਇਕ ਮੌਤ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉੱਥੇ ਹੀ ਇਸ ਮਾਮਲੇ ਵਿਚ ਇਕ ਹੋਰ...
ਹਿੰਦ ਪਾਕਿ ਕੌਮੀ ਸਰਹੱਦ ਤੋਂ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 1 hour ago
ਫ਼ਿਰੋਜ਼ਪੁਰ 20 ਜੂਨ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰਾਂ ਵੱਲੋਂ ਪਾਕਿਸਤਾਨ ਤੋਂ ਭੇਜੀਆਂ ਗਈਆਂ ਨਸ਼ੇ ਦੀਆਂ ਦੋ ਖੇਪਾਂ ਨੂੰ ਭਾਰਤ ਅੰਦਰ ਦਾਖ਼ਲ ਹੋਣ ਤੋਂ ਅਸਫ਼ਲ ਬਣਾਉਂਦਿਆਂ ਬੀ ਐਸ ਐਫ ਅਤੇ ਪੰਜਾਬ ਪੁਲੀਸ ਨੇ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਫੜਨ ਵਿਚ...
ਜਲੰਧਰ 'ਚ ਮੀਂਹ ਸਮੇਤ ਹੋਈ ਗੜੇਮਾਰੀ
. . .  about 1 hour ago
ਜਲੰਧਰ, 20 ਜੂਨ - ਅੱਜ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਭਾਰੀ ਮੀਂਹ ਤੇ ਗੜੇਮਾਰੀ ਹੋਈ ਹੈ। ਜਿਸ ਨਾਲ ਲੋਕਾਂ ਨੂੰ ਪੈ ਰਹੀ ਸਖ਼ਤ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਉੱਥੇ ਹੀ ਜਲੰਧਰ ਵਿਚ ਵੀ ਮੀਂਹ ਸਮੇਤ ਗੜੇਮਾਰੀ ਹੋਣ ਨਾਲ ਮੌਸਮ ਵਿਚ ਠੰਢਕ ਛਾ ਗਈ ਤੇ ਮੌਸਮ ਸੁਹਾਵਣਾ...
ਲਾਪਤਾ ਹੋਏ ਪਰਿਵਾਰ ਵਿਚੋਂ ਇਕ ਮਹਿਲਾ ਦੀ ਮਿਲੀ ਲਾਸ਼
. . .  about 1 hour ago
ਜਗਦੇਵ ਕਲਾਂ/ਅਜਨਾਲਾ, 20 ਜੂਨ (ਸ਼ਰਨਜੀਤ ਸਿੰਘ/ ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਪਿੰਡ ਤੇੜਾਂ ਖ਼ੁਰਦ 'ਚ ਪਰਿਵਾਰ ਗੁੰਮਸ਼ੁਦਗੀ ਮਾਮਲੇ ਵਿਚ ਇਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ। ਪਿੰਡ ਜਗਦੇਵ ਕਲਾਂ ਕੋਲ ਵਗਦੀ ਨਹਿਰ ਵਿਚੋਂ ਮਹਿਲਾ ਦਵਿੰਦਰ ਕੌਰ ਦੀ...
ਸੜਕ ਦੁਰਘਟਨਾ ਵਿਚ ਔਰਤ ਦੀ ਮੌਤ
. . .  about 1 hour ago
ਜੰਡਿਆਲਾ ਮੰਜਕੀ, 20 ਜੂਨ (ਸੁਰਜੀਤ ਸਿੰਘ ਜੰਡਿਆਲਾ) - ਪੁਲਿਸ ਚੌਕੀ ਜੰਡਿਆਲਾ ਥਾਣਾ ਸਦਰ ਜਲੰਧਰ ਅਧੀਨ ਆਉਂਦੇ ਪਿੰਡ ਕੰਗਣੀਵਾਲ ਵਿਚ ਅੱਜ ਸਵੇਰੇ ਸੜਕ ਦੁਰਘਟਨਾ ਵਿਚ ਇੱਕ ਔਰਤ ਦੀ ਮੌਤ ਹੋ ਗਈ। ਜੰਡਿਆਲਾ ਵੱਲੋਂ ਜਾ ਰਹੇ ਟਰੈਕਟਰ- ਟਰਾਲੀ ਦੀ ਹੁੱਕ...
ਹੋਰ ਖ਼ਬਰਾਂ..

ਫ਼ਿਲਮ ਅੰਕ

ਕ੍ਰਿਤੀ ਸੇਨਨ

ਐਰਾ ਗੈਰਾ ਗੀਤ ਨਾਲ ਧੁੰਮਾਂ

ਦੁਨੀਆ ਭਰ ਵਿਚ ਮਸ਼ਹੂਰ ਵੈੱਬ ਸੀਰੀਜ਼ 'ਗੇਮਜ਼ ਆਫ਼ ਥਰੋਨਜ਼' ਦਾ ਜਾਦੂ ਕ੍ਰਿਤੀ ਸੇਨਨ ਦੇ ਸਿਰ ਚੜ੍ਹ ਬੋਲ ਰਿਹਾ ਹੈ। 'ਹਾਊਸਫੁਲ-4' ਦੀ ਸਟਾਰ ਕਾਸਟ ਨਾਲ ਕ੍ਰਿਤੀ ਨੇ ਇਸ ਵੈੱਬ ਸੀਰੀਜ਼ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਕ੍ਰਿਤੀ ਨੇ ਕਿਹਾ ਕਿ ਉਸ ਨੇ ਆਪਣੀ ਤੁਲਨਾ ਕਦੇ ਵੀ ਸਿਤਾਰਿਆਂ ਦੇ ਬੱਚਿਆਂ ਨਾਲ ਨਹੀਂ ਕੀਤੀ ਹੈ। ਕ੍ਰਿਤੀ ਨੇ ਇਹ ਗੱਲ ਟਾਈਗਰ ਸ਼ਰਾਫ਼ ਦੇ ਮਾਮਲੇ ਵਿਚ ਕਹੀ ਕਿ ਉਹ ਸਟਾਰ ਖਾਨਦਾਨ ਦਾ ਪੁੱਤ ਹੈ ਤੇ ਉਹ ਆਮ ਘਰਾਣੇ ਦੀ ਧੀ। ਪਰ ਇਸ ਇੰਡਸਟਰੀ ਨੇ ਉਸ ਨਾਲ ਟਾਈਗਰ ਜਿਹਾ ਹੀ ਵਤੀਰਾ ਕੀਤਾ ਹੈ। ਨਵੇਂ ਵੀਡੀਓ 'ਚ ਕ੍ਰਿਤੀ ਨੇ 'ਐਰਾ ਗੈਰਾ', 'ਕਲੰਕ' ਦੇ ਗੀਤ 'ਤੇ ਡਾਂਸ ਕੀਤਾ ਹੈ। ਕ੍ਰਿਤੀ ਦੇ ਇਸ ਡਾਂਸ ਨੂੰ 8 ਲੱਖ ਦੇ ਕਰੀਬ 'ਲਾਈਕ' ਮਿਲੇ ਹਨ। 'ਐਰਾ ਗੈਰਾ ਨੱਥੂ ਖੈਰਾ' ਕਰਨ ਜੌਹਰ ਨੇ ਖਾਸ ਤੌਰ 'ਤੇ 'ਕਲੰਕ' 'ਚ ਇਹ ਗਾਣਾ ਕ੍ਰਿਤੀ ਨੂੰ ਧਿਆਨ 'ਚ ਰੱਖ ਕੇ ਹੀ ਪਾਇਆ ਹੈ। 200 ਫ਼ੀਸਦੀ ਤੋਂ ਉੱਪਰ ਦਾ ਲਾਭ ਕ੍ਰਿਤੀ ਦੀ ਕਾਰਤਿਕ ਆਰੀਅਨ ਨਾਲ ਆਈ ਫ਼ਿਲਮ 'ਲੁਕਾਛੁਪੀ' ਨੇ ਕਮਾਇਆ ਹੈ। 'ਪਾਨੀਪਤ', 'ਅਰਜਨ', 'ਪਟਿਆਲਾ' ਫ਼ਿਲਮਾਂ ਵੀ ਕਰ ਰਹੀ ਕ੍ਰਿਤੀ ਨੇ ਗੋਆ 'ਚ ਜਾ ਕੇ ਗਰਮੀ ਦੇ ਮੌਸਮ 'ਚ ਖੂਬ ਮਸਤੀ ਕੀਤੀ ਹੈ। ਆਪਣੀਆਂ ਤਿੰਨ ਪੱਕੀਆਂ ਸਹੇਲੀਆਂ ਨਾਲ ਕ੍ਰਿਤੀ ਨੇ ਗੋਆ ਜਾ ਕੇ ਆਪਣੀਆਂ ਛੁੱਟੀਆਂ ਬਤੀਤ ਕੀਤੀਆਂ ਹਨ। 'ਲੁਕਾਛੁਪੀ' ਤੋਂ ਬਾਅਦ ਕ੍ਰਿਤੀ ਨੇ ਆਪਣੀ ਫੀਸ ਵੀ ਵਧਾਈ ਹੈ ਤੇ ਤੁਰਕੀ ਜਾ ਕੇ ਆਪਣੇ ਆਪ ਨੂੰ ਤਰੋਤਾਜ਼ਾ ਕਰ ਵੀ ਲਿਆ ਹੈ। ਤੁਰਕੀ 'ਚ ਉਸ ਨੇ 'ਨੀਰੋ' ਨਾਂਅ ਦੇ ਨਵੇਂ ਕੁੱਤੇ ਨੂੰ ਖਰੀਦਿਆ ਹੈ। ਇਹ ਇਕ ਮਹਿੰਗਾ ਕੁੱਤਾ ਹੈ ਤੇ ਕੋਈ 'ਐਰਾ ਗੈਰਾ ਨੱਥੂ ਖੈਰਾ' ਨਹੀਂ ਖਰੀਦ ਸਕਦਾ, ਸਿਰਫ਼ ਕ੍ਰਿਤੀ ਸੇਨਨ ਹੀ ਸੀ ਜਿਸ ਨੇ ਤੁਰਕੀ ਤੋਂ ਇਹ 'ਨੀਰੋ' ਨਾਂਅ ਦਾ ਪਿਆਰਾ ਤੇ ਮਹਿੰਗਾ ਕੁੱਤਾ ਖਰੀਦਿਆ ਹੈ।


ਖ਼ਬਰ ਸ਼ੇਅਰ ਕਰੋ

ਕਿਆਰਾ ਅਡਵਾਨੀ

ਆਸ ਚੰਗੀ ਸ਼ੁਰੂਆਤ ਦੀ

ਦੱਖਣ ਦੀ ਸੁਪਰ ਫ਼ਿਲਮ 'ਕੰਚਨਾ' ਦੇ ਹਿੰਦੀ ਰੀਮੇਕ 'ਲਕਸ਼ਮੀ ਬੰਬ' 'ਚ ਅਕਸ਼ੈ ਕੁਮਾਰ ਨਾਲ ਕਿਆਰਾ ਅਡਵਾਨੀ ਨੇ ਆ ਕੇ ਕਹਿੰਦੀਆਂ-ਕਹਾਉਂਦੀਆਂ ਹੀਰੋਇਨਾਂ ਦੀ ਫੱਟੀ ਪੋਚ ਦਿੱਤੀ ਹੈ। ਰਾਘਵ ਲਾਰੈਂਸ ਜੋ ਫ਼ਿਲਮ ਦੇ ਨਿਰਦੇਸ਼ਕ ਹਨ, ਨੇ ਕਿਹਾ ਕਿ ਅਮਿਤਾਭ ਬੱਚਨ ਵੀ ਫ਼ਿਲਮ 'ਚ ਨਜ਼ਰ ਆਉਣਗੇ। ਕਿਆਰਾ ਨੇ ਦੋ ਕਦਮ 'ਲਕਸ਼ਮੀ ਬੰਬ' ਨਾਲ ਅੱਗੇ ਹੋਰ ਵਧਾ ਲਏ ਹਨ। ਸ਼ੀਸ਼ੇ ਮੂਹਰੇ ਨੱਚਦੀ ਕਿਆਰਾ ਦਾ ਇਕ ਵਾਇਰਲ ਵੀਡੀਓ ਚਰਚਾ 'ਚ ਹੈ। ਇਸ ਤੋਂ ਪ੍ਰੇਸ਼ਾਨ ਹੋ ਕੇ ਕਿਆਰਾ ਆਪਣੇ ਲੰਮੇ ਵਾਲ ਹੀ ਕੱਟ ਲੈਂਦੀ ਹੈ। ਵੱਡੀ ਉਮਰ ਦੇ ਅਕਸ਼ੈ ਨਾਲ 26 ਸਾਲ ਦੀ ਕਿਆਰਾ 'ਲਕਸ਼ਮੀ ਬੰਬ' 'ਚ ਆ ਕੇ ਇਉਂ ਖੁਸ਼ ਹੈ ਜਿਵੇਂ ਹਾਣ ਦੇ ਹਾਣੀ ਨਾਲ ਫ਼ਿਲਮ ਕਰ ਰਹੀ ਹੋਵੇ। ਵੈਸੇ ਕਿਆਰਾ ਜ਼ਿਆਦਾ ਹੀ ਖੁੱਲ੍ਹਮ-ਖੁੱਲ੍ਹੇ ਦ੍ਰਿਸ਼ ਦੇਣ ਲਈ ਮਸ਼ਹੂਰ ਹੈ। 'ਕਬੀਰ ਸਿੰਘ' 'ਚ ਕਿਆਰਾ ਨਾਲ ਸ਼ਾਹਿਦ ਹੈ ਤੇ ਕਿਆਰਾ ਦੇ ਚੁੰਮਣ ਦ੍ਰਿਸ਼ 'ਤੇ ਪਏ ਰੌਲੇ ਦੌਰਾਨ ਕਿਆਰਾ ਨੇ ਕਿਹਾ ਕਿ ਧੰਨਵਾਦ ਸ਼ਾਹਿਦ ਦਾ ਜਿਸ ਨੇ ਚਲੰਤ ਤੇ ਭੜਕਾਊ ਪੱਤਰਕਾਰਾਂ ਨੂੰ ਕਿਹਾ ਕਿ ਕਿਆਰਾ ਦੇ ਚੁੰਮਣ ਦ੍ਰਿਸ਼ 'ਤੇ ਰੌਲਾ ਪਾ ਰਹੇ ਹੋ, ਦੇਸ਼ 'ਚ ਕੀ ਹੋ ਰਿਹਾ ਹੈ ਦਾ ਪਤਾ ਹੈ। ਦੇਖਿਆ ਜਾਵੇ ਤਾਂ 'ਕਬੀਰ ਸਿੰਘ' ਨਾਲ ਆਪਣੀ ਦੂਸਰੀ ਪਾਰੀ ਸ਼ੁਰੂ ਕਰਨ ਜਾ ਰਹੀ ਹੈ ਕਿਆਰਾ। 'ਫੁਗਲੀ' ਵਾਲੀ ਕਿਆਰਾ ਨੇ ਥੋੜ੍ਹੀ ਜਿਹੀ ਬਾਇਓਪਿਕ ਵੀ ਕੀਤੀ ਤੇ 'ਮਸ਼ੀਨ' ਤੋਂ ਇਲਾਵਾ ਵੈੱਬ ਸੀਰੀਜ਼ ਵੀ ਉਸ ਨੇ ਕੀਤੀ ਹੈ। 'ਕੱਲੀ ਹੀਰੋਇਨ ਉਹ 'ਕਬੀਰ ਸਿੰਘ' ਦੀ ਹੈ। 'ਗੁੱਡ ਨਿਊਜ਼', 'ਕਬੀਰ ਸਿੰਘ' ਤੇ 'ਸ਼ੇਰਸ਼ਾਹ' ਵੀ ਕਿਆਰਾ ਕੋਲ ਹਨ। 'ਲਕਸ਼ਮੀ ਬੰਬ' ਬਣ ਚੋਟੀ ਦੀਆਂ ਹੀਰੋਇਨਾਂ ਨੂੰ ਆਪਣੇ ਖੜਾਕ ਨਾਲ ਉਹ ਡਰਾਉਣ ਜਾ ਰਹੀ ਹੈ। 'ਕਬੀਰ ਸਿੰਘ' ਸਮਝੋ ਕਿਆਰਾ ਦੀ ਬੋਹਣੀ ਚੰਗੀ ਤੇ ਸ਼ੁੱਭ ਹੋਣ ਵਾਲੀ ਹੈ।

ਸਿਧਾਰਥ ਮਲਹੋਤਰਾ : ਹੁਣ ਸਮਾਂ ਭਾਗਾਂ ਭਰਿਆ ਹੈ

ਲਓ ਜੀ ਇਹ ਮਹੀਨਾ, ਹਫ਼ਤਾ ਭਾਗਾਂ ਭਰਿਆ ਸਿਧਾਰਥ ਮਲਹੋਤਰਾ ਲਈ ਆਇਆ ਹੈ ਤੇ ਬਹੁਤ ਦੇਰ ਤੋਂ ਉਡੀਕ ਸੀ ਉਸ ਦੀ ਕਿਸੇ ਖਾਸ ਤੇ ਨਵੀਂ ਫ਼ਿਲਮ ਦੀ। ਸਿਧਾਰਥ ਦੀ ਨਵੀਂ ਫ਼ਿਲਮ 'ਸ਼ੇਰਸ਼ਾਹ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਹ ਫ਼ਿਲਮ ਵਿਕਰਮ ਬੱਤਰਾ ਦੇ ਜੀਵਨ 'ਤੇ ਆਧਾਰਿਤ ਹੈ। ਇਸ ਫ਼ਿਲਮ ਲਈ ਆਪਣੇ-ਆਪ ਨੂੰ ਸਿਧਾਰਥ ਕਾਫੀ ਦੇਰ ਤੋਂ ਤਿਆਰ ਕਰ ਰਿਹਾ ਸੀ। ਫ਼ਿਲਮੀ ਬਾਜ਼ਾਰ ਦੇ ਮਾਹਿਰ ਤਰੁਣ ਆਦਰਸ਼ ਨੇ 'ਸ਼ੇਰਸ਼ਾਹ' ਦੀ ਇਕ ਤਸਵੀਰ ਟਵੀਟ ਕੀਤੀ ਹੈ। ਤਸਵੀਰ ਵਿਚ ਵਿਕਰਮ ਬੱਤਰਾ ਦੇ ਭਰਾ ਵਿਸ਼ਾਲ ਬੱਤਰਾ ਤੇ 'ਸ਼ੇਰਸ਼ਾਹ' ਦੀ ਟੀਮ ਨਜ਼ਰ ਆ ਰਹੀ ਹੈ। ਕਿਆਰਾ ਅਡਵਾਨੀ ਇਸ ਫ਼ਿਲਮ 'ਚ ਉਸ ਦੇ ਨਾਲ ਹੀਰੋਇਨ ਹੈ। 'ਸ਼ੇਰਸ਼ਾਹ' ਦੀ ਖਾਸ ਗੱਲ ਇਹ ਹੈ ਕਿ ਇਸ ਦਾ ਮਹੂਰਤ ਕਲੈਪ ਲੈਫਟੀਨੈੈਂਟ ਕਰਨਲ ਵਾਣੀ. ਕੇ. ਜੋਸ਼ੀ ਨੇ ਦਿੱਤਾ। ਵਿਸ਼ਨੂੰ ਵਰਧਨ ਸਿਧਾਰਥ ਦੀ 'ਸ਼ੇਰਸ਼ਾਹ' ਦਾ ਨਿਰਦੇਸ਼ਕ ਹੈ। ਕਰਨ ਜੌਹਰ ਤੇ ਅਪੂਰਵਾ ਫ਼ਿਲਮ ਦੇ ਨਿਰਮਾਤਾ ਹਨ। ਬੰਦੂਕ ਚਲਾਉਣ ਤੇ ਆਰਮੀ ਅਫ਼ਸਰ ਦੇ ਤੌਰ-ਤਰੀਕੇ ਸਿਧਾਰਥ ਨੇ ਇਸ ਫ਼ਿਲਮ ਲਈ ਸਿੱਖੇ ਹਨ। ਵਿਕਰਮ ਬੱਤਰਾ ਪਾਲਮਪੁਰ (ਹਿਮਾਚਲ ਪ੍ਰਦੇਸ਼) ਦੇ ਸਨ ਇਸ ਲਈ ਸਿਧਾਰਥ ਪਾਲਮਪੁਰ 'ਚ ਇਸ ਦੀ ਕੁਝ ਸ਼ੂਟਿੰਗ ਕਰੇਗਾ ਤੇ ਬਾਕੀ ਸ਼ੂਟਿੰਗ ਲਈ ਚੰਡੀਗੜ੍ਹ ਆਏਗਾ। 'ਸ਼ੇਰਸ਼ਾਹ' ਕੈਪਟਨ ਵਿਕਰਮ ਦਾ ਕੋਡ ਨਾਂਅ ਸੀ। ਸਿਧਾਰਥ ਨੂੰ ਪਤਾ ਹੈ ਕਿ ਅਜਿਹੀਆਂ ਸੱਚੀਆਂ ਕਹਾਣੀਆਂ ਵਾਲੀਆਂ ਫ਼ਿਲਮਾਂ ਦਰਸ਼ਕਾਂ ਦੇ ਮਨ 'ਤੇ ਗਹਿਰਾ ਅਸਰ ਛੱਡਦੀਆਂ ਹਨ। ਇਸ ਲਈ ਉਹ ਬਹੁਤ ਮਿਹਨਤ ਕਰ ਰਿਹਾ ਹੈ।

ਪ੍ਰਿਅੰਕਾ ਚੋਪੜਾ

ਜ਼ਰਾ ਬਚ ਕੇ ਮੋੜ ਤੋਂ

ਆਪਣੇ ਦੇਸੀ ਸਟਾਈਲ ਨਾਲ ਹਾਲੀਵੁੱਡ 'ਚ ਸਭ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਪ੍ਰਿਅੰਕਾ ਚੋਪੜਾ ਹੈ ਤਾਂ 'ਦੇਸੀ ਗਰਲ' ਪਰ ਵਿਆਹ ਕਰਵਾ ਕੇ 'ਵਿਦੇਸ਼ੀ ਗਰਲ' ਬਣ ਗਈ ਹੈ। ਇਹ ਦੇਸੀ ਗਰਲ ਹੁਣ ਹਾਲੀਵੁੱਡ ਸਿਤਾਰਿਆਂ ਨੂੰ ਭਾਰਤੀ ਸੰਸਕ੍ਰਿਤੀ ਤੇ ਪ੍ਰੰਪਰਾ ਸਿਖਾਉਣ 'ਚ ਲੱਗੀ ਹੋਈ ਹੈ। ਨਵੇਂ ਵੀਡੀਓ 'ਚ ਤਿੰਨ ਪਿੰਨ ਨਾਲ ਸੇਫਟੀ ਸਾੜੀ ਪਹਿਨਣ ਦਾ ਨੁਸਖਾ ਪੀ.ਸੀ. ਨੇ ਹਾਲੀਵੁੱਡ ਦੀ ਨਜ਼ਰ ਕੀਤਾ ਹੈ। ਟੀਮ ਪ੍ਰਿਅੰਕਾ ਨੇ ਇਹ ਸਾੜੀ ਵਾਲਾ ਵੀਡੀਓ ਆਪਣੇ ਇੰਸਟਾਗ੍ਰਾਮ ਖਾਤੇ 'ਚ ਸਾਂਝਿਆਂ ਕੀਤਾ ਹੈ। 'ਦਾ ਸਕਾਈ ਇਜ਼ ਪਿੰਕ' ਇਹ ਨਵੀਂ ਫ਼ਿਲਮ ਉਹ ਕਰ ਰਹੀ ਹੈ। ਜ਼ਾਇਰਾ ਵਸੀਮ ਤੇ ਫਰਹਾਨ ਅਖ਼ਤਰ ਇਸ ਫ਼ਿਲਮ 'ਚ ਉਸ ਨਾਲ ਹਨ। ਉਧਰ ਪ੍ਰਿਅੰਕਾ ਦੀ ਜੇਠਾਣੀ ਸੋਫੀ ਟਰਨਰ ਦੀ ਨਵੀਂ ਫ਼ਿਲਮ 'ਐਕਸਮੈਨ ਡਾਰਕ ਫਿਨਕਿਸ' ਆਈ ਹੈ ਤੇ ਹਾਂ ਪ੍ਰਿਅੰਕਾ ਨੇ ਰਾਜਨੀਤੀ 'ਚ ਆਉਣ ਦਾ ਮਨ ਵੀ ਬਣਾਇਆ ਹੈ। ਪੀ.ਸੀ. ਸਿਰਫ਼ ਨੇਤਰੀ ਜਾਂ ਸੰਸਦ ਮੈਂਬਰ ਹੀ ਨਹੀਂ ਬਣਨਾ ਚਾਹੁੰਦੀ ਬਲਕਿ ਆਪਣੇ ਗਾਇਕ ਪਤੀ ਨਿੱਕ ਨੂੰ ਵੀ ਰਾਜਨੀਤੀ 'ਚ ਦੇਖਣਾ ਚਾਹੁੰਦੀ ਹੈ। ਪੀ.ਸੀ. ਨੇ ਕਿਹਾ ਕਿ ਨਿੱਕ ਦੀ ਸੋਚ ਰਾਸ਼ਟਰਪਤੀ ਤੇ ਉਸ ਦੀ ਸੋਚ ਪ੍ਰਧਾਨ ਮੰਤਰੀ ਬਣਨ ਦੀ ਹੈ। ਅਮਰੀਕਾ ਦਾ ਮੀਡੀਆ ਆਮ ਕਰਕੇ ਪੀ.ਸੀ. ਦੇ ਖਿਲਾਫ਼ ਹੈ ਤੇ ਉਸ ਨੂੰ ਮਤਲਬੀ ਤੱਕ ਕਹਿ ਰਿਹਾ ਹੈ। ਪ੍ਰਿਅੰਕਾ ਵਿਆਹ ਕਰਵਾ ਕੇ ਜ਼ਿਆਦਾ ਹੀ ਆਧੁਨਿਕ ਹੋ ਗਈ ਹੈ। ਬਿਨ ਬਲਾਊਜ ਦੇ ਸਾੜੀ ਪਹਿਨ ਕੇ ਨੱਚੀ ਪੀ.ਸੀ. ਦਾ ਪੱਲੂ ਤੱਕ ਡਿੱਗ ਰਿਹਾ ਸੀ ਤੇ ਪੀ.ਸੀ. ਨੂੰ ਇਸ ਮਾਮਲੇ 'ਚ ਕਾਫੀ ਆਲੋਚਨਾ ਸਹਿਣੀ ਪਈ ਹੈ। ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਤੇ ਕੱਪੜੇ ਬੇਸ਼ਰਮੀ ਦੀ ਹੱਦ ਵਾਲੇ ਸ਼ਾਇਦ ਪ੍ਰਿਅੰਕਾ ਖਿਆਲਾਂ ਦੀ ਦੁਨੀਆ 'ਚ ਘੁੰਮ ਰਹੀ ਹੈ।


-ਸੁਖਜੀਤ ਕੌਰ

ਬਾਲ ਕਲਾਕਾਰ ਤੋਂ ਨਾਇਕਾ ਬਣੀ

ਅਕਸ਼ਾ

'ਲਾਈਫ਼ ਮੇਂ ਟਵਿਸਟ ਹੈ' ਫੇਮ ਨਿਰਮਾਤਾ ਜਤਿੰਦਰ ਸ੍ਰੀਵਾਸਤਵ ਨੇ ਹੁਣ ਮਨਵੀਰ ਸਿੰਘ ਅਤੇ ਅਕਸ਼ਾ ਪਰਦਾਸਾਨੀ ਨੂੰ ਲੈ ਕੇ ਨਾਰੀ ਪ੍ਰਧਾਨ ਫ਼ਿਲਮ 'ਵੁਮਨਹੁੱਡ' ਬਣਾਉਣ ਦਾ ਐਲਾਨ ਕੀਤਾ ਹੈ। ਮਨਵੀਰ ਪਹਿਲਾਂ 'ਪਿਆਰ ਕਾ ਪੰਚਨਾਮਾ-2' ਵਿਚ ਚਮਕ ਚੁੱਕੇ ਹਨ, ਜਦੋਂ ਕਿ ਅਕਸ਼ਾ ਦੀ ਬਤੌਰ ਨਾਇਕਾ ਇਹ ਪਹਿਲੀ ਹਿੰਦੀ ਫ਼ਿਲਮ ਹੈ। ਉਹ ਦੱਖਣ ਵਿਚ ਪੰਦਰਾਂ ਫ਼ਿਲਮਾਂ ਕਰ ਚੁੱਕੀ ਹੈ, ਜਿਸ ਵਿਚੋਂ ਇਕ ਤਾਮਿਲ ਤੇ ਮਲਿਆਲਮ ਤੇ ਬਾਕੀ ਤੇਲਗੂ ਫ਼ਿਲਮਾਂ ਹਨ।
ਅਕਸ਼ਾ ਲਈ ਕੈਮਰੇ ਦਾ ਸਾਹਮਣਾ ਕਰਨਾ ਨਵੀਂ ਗੱਲ ਨਹੀਂ ਹੈ, ਕਿਉਂਕਿ ਬਤੌਰ ਬਾਲ ਕਲਾਕਾਰ ਉਹ ਕਈ ਫ਼ਿਲਮਾਂ ਤੇ ਐਡ ਫ਼ਿਲਮਾਂ ਕਰ ਚੁੱਕੀ ਹੈ। 'ਦੇਵਦਾਸ' ਵਿਚ ਉਹ ਐਸ਼ਵਰਿਆ ਰਾਏ ਦੀ ਸੌਤੇਲੀ ਬੇਟੀ ਬਣੀ ਸੀ ਤੇ ਕੰਪਲਾਨ ਦੇ ਇਸ਼ਤਿਹਾਰ ਦੀ ਬਦੌਲਤ ਉਹ ਅਕਸਰ ਟੀ. ਵੀ. 'ਤੇ ਦਿਖਾਈ ਦਿੰਦੀ ਸੀ। ਉਦੋਂ ਚਾਰ ਸਾਲ ਤੱਕ ਉਸ ਦੀ ਪਛਾਣ 'ਕੰਪਲਾਨ ਗਰਲ' ਦੇ ਤੌਰ 'ਤੇ ਰਹੀ ਸੀ।
ਅਕਸ਼ਾ ਨੂੰ ਲਗਦਾ ਹੈ ਕਿ 'ਵੁਮਨਹੁੱਡ' ਜ਼ਰੀਏ ਬਾਲੀਵੁੱਡ ਵਿਚ ਬਤੌਰ ਨਾਇਕਾ ਉਸ ਦੀ ਸਹੀ ਸ਼ੁਰੂਆਤ ਹੋ ਰਹੀ ਹੈ, ਕਿਉਂਕਿ ਇਹ ਨਾਇਕਾ ਪ੍ਰਧਾਨ ਫ਼ਿਲਮ ਹੈ। ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਇਥੇ ਮੈਨੂੰ ਸ਼ਹਿਰ ਦੀ ਕੁੜੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਸ ਕੁੜੀ ਨੂੰ ਮੁਹੱਬਤ ਹੋ ਜਾਂਦੀ ਹੈ ਅਤੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਕੇ ਉਹ ਪਿੰਡ ਵਿਚ ਆਉਂਦੀ ਹੈ। ਇਥੇ ਆ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਪਰੰਪਰਿਕ ਰੀਤੀ-ਰਿਵਾਜ ਦੇ ਨਾਂਅ 'ਤੇ ਔਰਤ ਨੂੰ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ ਹੈ। ਉਹ ਕਿਸ ਤਰ੍ਹਾਂ ਇਸ ਕੁਪ੍ਰਥਾ ਖਿਲਾਫ਼ ਲੜਦੀ ਹੈ, ਇਹ ਇਸ ਦੀ ਕਹਾਣੀ ਹੈ। ਮੈਨੂੰ ਫ਼ਖਰ ਹੈ ਕਿ ਆਪਣੀ ਪਹਿਲੀ ਹੀ ਹਿੰਦੀ ਫ਼ਿਲਮ ਰਾਹੀਂ ਮੈਨੂੰ ਮਜ਼ਬੂਤ ਭੂਮਿਕਾ ਮਿਲੀ ਹੈ ਅਤੇ ਸ਼ੋਸ਼ਿਤ ਔਰਤਾਂ ਲਈ ਆਵਾਜ਼ ਚੁੱਕਣ ਦਾ ਚੰਗਾ ਮੌਕਾ ਮਿਲਿਆ ਹੈ।'
ਇਸ ਫ਼ਿਲਮ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਲਖਨਊ ਨਾਲ ਲਗਦੇ ਪਿੰਡਾਂ ਵਿਚ ਕੀਤੀ ਜਾਣੀ ਹੈ ਅਤੇ ਅਕਸ਼ਾ ਨੂੰ ਇਸ ਗੱਲ ਦਾ ਮਲਾਲ ਨਹੀਂ ਹੈ ਕਿ ਇਥੇ ਉਸ ਨੂੰ ਗਲੈਮਰ ਰਹਿਤ ਭੂਮਿਕਾ ਵਿਚ ਚਮਕਾਇਆ ਜਾ ਰਿਹਾ ਹੈ। 'ਮੇਰੇ ਲਈ ਕਿਰਦਾਰ ਦੀ ਮਜ਼ਬੂਤੀ ਪਹਿਲਾਂ ਆਉਂਦੀ ਹੈ, ਜੇਕਰ ਕਿਰਦਾਰ ਵਿਚ ਯਾਦਗਾਰ ਬਣ ਸਕਣ ਵਾਲੇ ਗੁਣ ਹਨ ਤਾਂ ਫਿਰ ਮੈਂ ਗਲੈਮਰ ਦੀ ਪਰਵਾਹ ਨਹੀਂ ਕਰਦੀ। ਉਮੀਦ ਹੈ ਕਿ 'ਵੁਮਨਹੁੱਡ' ਦਾ ਮੇਰਾ ਕਿਰਦਾਰ ਯਾਦਗਾਰੀ ਬਣ ਸਕੇਗਾ,' ਉਹ ਕਹਿੰਦੀ ਹੈ।
ਉਹ ਇਨ੍ਹੀਂ ਦਿਨੀਂ ਇਕ ਵੈੱਬ ਸੀਰੀਜ਼ ਵੀ ਕਰ ਰਹੀ ਹੈ ਅਤੇ ਇਸ ਦਾ ਨਾਂਅ ਹੈ 'ਜਮਤਾਰਾ'। ਝਾਰਖੰਡ ਦੇ ਇਕ ਪਿੰਡ ਦੇ ਨਾਂਅ 'ਤੇ ਇਸ ਵੈੱਬ ਸੀਰੀਜ਼ ਦਾ ਨਾਂਅ ਰੱਖਿਆ ਗਿਆ ਹੈ। ਇਸ ਪਿੰਡ ਦੇ ਵਾਸੀ ਫੋਨ ਜ਼ਰੀਏ ਲੋਕਾਂ ਨੂੰ ਜਾਲ ਵਿਚ ਫਸਾ ਕੇ ਉਨ੍ਹਾਂ ਦਾ ਪੈਸਾ ਲੈ ਉੱਡਣ ਲਈ ਬਦਨਾਮ ਹਨ ਅਤੇ ਵੈੱਬ ਸੀਰੀਜ਼ ਦੀ ਕਹਾਣੀ ਵਿਚ ਇਸੇ ਗੋਰਖਧੰਦੇ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਥੇ ਵੀ ਅਕਸ਼ਾ ਦੇ ਹਿੱਸੇ ਗਲੈਮਰ ਰਹਿਤ ਭੂਮਿਕਾ ਆਈ ਹੈ ਅਤੇ ਉਹ ਇਸ ਸੀਰੀਜ਼ ਨੂੰ ਲੈ ਕੇ ਵੀ ਬਹੁਤ ਉਤਸ਼ਾਹੀ ਹੈ।
ਹੁਣ ਜਦੋਂ ਅਕਸ਼ਾ ਨੇ ਹਿੰਦੀ ਫ਼ਿਲਮਾਂ ਵਿਚ ਆਪਣਾ ਆਗਮਨ ਕਰ ਲਿਆ ਹੈ ਤਾਂ ਉਹ ਇਥੇ ਦੇ ਕਈ ਵੱਡੇ ਨਿਰਦੇਸ਼ਕਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ।

ਕਾਜੋਲ

ਚਾਹਤ ਨਿੱਜੀ ਜ਼ਿੰਦਗੀ ਦੀ

ਕਾਜੋਲ ਨਾਰਾਜ਼ ਹੈ ਅਜਿਹੇ ਪੱਤਰਕਾਰਾਂ ਨਾਲ ਜਿਹੜੇ ਮਨਘੜਤ ਖ਼ਬਰਾਂ ਘੜ ਰਹੇ ਹਨ ਤੇ ਉਸ ਦੀ ਧੀ ਨਿਆਸਾ ਦੇ ਹੀਰੋਇਨ ਬਣਨ ਦੀਆਂ ਖ਼ਬਰਾਂ ਘੜ ਰਹੇ ਹਨ। ਆਪਣੇ ਪੰਜਾਹ ਸਾਲ ਦੇ ਪਤੀ ਨੂੰ ਕਾਜੋਲ ਨੇ ਕਿਹਾ ਹੋਰ ਵੀ ਜ਼ਿਆਦਾ ਸੁੰਦਰ ਹੋ ਗਏ ਹੋ। 'ਅਤਿਅਧਿਕ ਗੰਭੀਰ ਪਤੀ' ਕਾਜੋਲ ਨੇ ਅਜੈ ਨੂੰ ਕਿਹਾ ਹੈ। ਹਿੰਦੀ ਫ਼ਿਲਮਾਂ ਦੀ ਸਦਾਬਹਾਰ ਅਭਿਨੇਤਰੀ ਕਾਜੋਲ ਦੀ ਮਾਂ ਤਨੂਜਾ ਬਿਮਾਰ ਹੈ ਤੇ ਸਹੁਰਾ ਸਾਬ੍ਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਘਰ ਦਾ ਮਾਹੌਲ ਗੰਭੀਰ ਹੈ। ਸਹੁਰਾ ਸਾਬ੍ਹ ਵੀਰੂ ਦੇਵਗਨ ਦੇ ਦਿਹਾਂਤ 'ਤੇ ਐਸ਼ਵਰਿਆ ਰਾਏ ਦੇ ਗਲੇ ਲੱਗ ਕੇ ਕਾਜੋਲ ਬਹੁਤ ਹੀ ਰੋਈ ਸੀ। ਕਾਜੋਲ ਨੂੰ ਜ਼ਿਆਦਾ ਦੁੱਖ ਹੈ ਆਪਣੇ ਸਹੁਰਾ ਸਾਹਬ ਵੀਰੂ ਦੇਵਗਨ ਦੇ ਜਾਣ ਦਾ ਤੇ ਕਾਜੋਲ ਨੇ ਟਵਿੱਟਰ 'ਤੇ ਸਵਰਗੀ ਵੀਰੂ ਦੇਵਗਨ ਨਾਲ ਆਪਣੀ ਇਕ ਫੋਟੋ ਸਾਂਝੀ ਕੀਤੀ ਹੈ। ਕਾਜੋਲ ਵੈਸੇ ਚਾਹੁੰਦੀ ਹੈ ਕਿ ਉਸ ਦੀ ਜ਼ਿੰਦਗੀ ਨਿੱਜੀ ਹੀ ਰਹੇ। ਅਨੀਸ ਬਜ਼ਮੀ ਦੀ ਫ਼ਿਲਮ 'ਤਾਲਾ ਜੀ' 'ਚ ਕਾਜੋਲ ਵੈਸੇ ਅਜੈ ਨਾਲ ਨਜ਼ਰ ਆਏਗੀ। 'ਪਿਆਰ ਤੋ ਹੋਨਾ ਹੀ ਥਾ' ਤੋਂ ਲੰਮੇ ਸਮੇਂ ਬਾਅਦ ਮੀਆਂ-ਬੀਵੀ ਇਕੱਠੇ ਨਜ਼ਰ ਆਉਣਗੇ।

ਸਾਡੀ ਫ਼ਿਲਮ ਜਨਜਾਗ੍ਰਿਤੀ ਦਾ ਕੰਮ ਕਰੇਗੀ : ਆਯੂਸ਼ਮਾਨ ਖੁਰਾਣਾ

'ਮੁਲਕ' ਵਰਗੀ ਸੰਵੇਦਨਸ਼ੀਲ ਫ਼ਿਲਮ ਬਣਾਉਣ ਵਾਲੇ ਨਿਰਦੇਸ਼ਕ ਅਨੁਭਵ ਸਿਨਹਾ ਨੇ ਹੁਣ 'ਆਰਟੀਕਲ 15' ਬਣਾਈ ਹੈ ਅਤੇ ਇਹ ਸਾਡੇ ਦੇਸ਼ ਦੇ ਕਲੰਕ ਮੰਨੇ ਗਏ ਜਾਤੀਵਾਦ ਦੇ ਜ਼ਹਿਰ 'ਤੇ ਆਧਾਰਿਤ ਹੈ। ਕਈ ਸੱਚੀਆਂ ਘਟਨਾਵਾਂ ਨੂੰ ਜੋੜ ਕੇ ਇਸ ਦੀ ਕਹਾਣੀ ਤਿਆਰ ਕੀਤੀ ਗਈ ਹੈ ਅਤੇ ਇਸ ਵਿਚ ਆਯੂਸ਼ਮਾਨ ਖੁਰਾਣਾ ਵਲੋਂ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ ਗਈ ਹੈ।
ਖਾਕੀ ਵਰਦੀ ਵਾਲੀ ਇਸ ਭੂਮਿਕਾ ਬਾਰੇ ਉਹ ਕਹਿੰਦੇ ਹਨ, 'ਹੁਣ ਤੱਕ ਮੈਂ ਜ਼ਿਆਦਾਤਰ ਹਲਕੇ-ਫੁਲਕੇ ਕਿਸਮ ਦੀਆਂ ਭੂਮਿਕਾਵਾਂ ਕੀਤੀਆਂ ਹਨ ਜਾਂ ਮੈਨੂੰ ਰੋਮਾਂਟਿਕ ਭੂਮਿਕਾ ਵਿਚ ਚਮਕਾਇਆ ਜਾਂਦਾ ਰਿਹਾ ਹੈ। ਜਦੋਂ ਮੈਂ 'ਮੁਲਕ' ਦੇਖੀ ਤਾਂ ਮਨ ਵਿਚ ਇਹ ਭਾਵਨਾ ਜਾਗੀ ਕਿ ਮੈਨੂੰ ਵੀ ਇਸ ਕਿਸਮ ਦੀਆਂ ਫ਼ਿਲਮਾਂ ਕਰਨੀਆਂ ਚਾਹੀਦੀਆਂ ਹਨ। ਸੰਯੋਗ ਨਾਲ ਮੇਰੀ ਮੁਲਾਕਾਤ ਇਸ ਦੇ ਨਿਰਦੇਸ਼ਕ ਨਾਲ ਹੋ ਗਈ ਅਤੇ ਮੈਂ ਆਪਣੀ ਇੱਛਾ ਉਨ੍ਹਾਂ ਨੂੰ ਦੱਸ ਦਿੱਤੀ। ਇਕ ਦਿਨ ਉਹ 'ਆਰਟੀਕਲ 15' ਦੀ ਪੇਸ਼ਕਸ਼ ਲੈ ਕੇ ਆ ਗਈ। ਉਦੋਂ ਇਸ ਦਾ ਨਾਂਅ 'ਕਾਨਪੁਰ ਦੇਹਾਤ' ਸੀ। ਜਦੋਂ ਮੈਨੂੰ ਕਿਹਾ ਗਿਆ ਕਿ ਇਸ ਵਿਚ ਪੁਲਿਸ ਵਾਲੇ ਦਾ ਕਿਰਦਾਰ ਨਿਭਾਉਣਾ ਹੈ ਤਾਂ ਮੈਂ ਸ਼ਸ਼ੋਪੰਜ ਵਿਚ ਪੈ ਗਿਆ। ਮੈਂ ਜਾਣਦਾ ਹਾਂ ਕਿ ਮੇਰਾ ਡੀਲ-ਡੌਲ ਪੁਲਸੀਆ ਭੂਮਿਕਾ ਲਈ ਫਿੱਟ ਨਹੀਂ ਹੈ। ਅਨੁਭਵ ਸਿਨਹਾ ਮੇਰੀ ਪਰੇਸ਼ਾਨੀ ਭਾਂਪ ਗਏ ਅਤੇ ਕਿਹਾ ਕਿ ਇਹ ਪੁਲਿਸ ਵਾਲਾ ਸਿੰਘਮ ਜਾਂ ਚੁਲਬੁਲ ਪਾਂਡੇ ਨਹੀਂ ਹੈ ਜੋ ਇਕ ਘਸੁੰਨ ਨਾਲ ਛੇ ਲੋਕਾਂ ਨੂੰ ਹਵਾ ਵਿਚ ਉਡਾ ਦੇਵੇ। ਉਨ੍ਹਾਂ ਨੂੰ ਕਿਹਾ ਇਥੇ ਭੂਮਿਕਾ ਮਹੱਤਵ ਦੀ ਨਹੀਂ ਹੈ। ਮਹੱਤਵ ਫ਼ਿਲਮ ਵਿਚ ਪੇਸ਼ ਕੀਤੇ ਗਏ ਸੰਦੇਸ਼ ਵਿਚ ਹੈ। ਫ਼ਿਲਮ ਵਿਚ ਜਾਤ-ਪਾਤ ਦੇ ਵਿਰੁੱਧ ਜੋ ਸੰਦੇਸ਼ ਦਿੱਤਾ ਗਿਆ ਹੈ, ਉਹ ਮੈਨੂੰ ਅਪੀਲ ਕਰ ਗਿਆ ਅਤੇ ਮੈਂ ਖਾਕੀ ਵਰਦੀ ਪਾ ਕੇ ਕੈਮਰੇ ਸਾਹਮਣੇ ਆ ਗਿਆ।
ਫ਼ਿਲਮ ਵਿਚ ਕੰਮ ਕਰਨ ਦਾ ਅਨੁਭਵ ਸਾਂਝਾ ਕਰਦੇ ਹੋਏ ਉਹ ਕਹਿੰਦੇ ਹਨ, 'ਇਥੇ ਕੰਮ ਕਰ ਕੇ ਦੇਖਿਆ ਕਿ ਸਾਡੇ ਦੇਸ਼ ਵਿਚ ਜਾਤੀਵਾਦ ਦਾ ਜ਼ਹਿਰ ਕਿਸ ਤਰ੍ਹਾਂ ਫੈਲਿਆ ਹੋਇਆ ਹੈ। ਸਾਡੀਆਂ ਸਰਕਾਰਾਂ ਇਸ ਸਮਾਜਿਕ ਬੁਰਾਈ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ ਪਰ ਜਿਸ ਦੇਸ਼ ਵਿਚ ਚੋਣਾਂ ਹੀ ਜਾਤੀਵਾਦ ਦੇ ਆਧਾਰ 'ਤੇ ਲੜੀਆਂ ਜਾਂਦੀਆਂ ਹੋਣ, ਉਥੇ ਇਸ ਬੁਰਾਈ ਦੇ ਘੱਟ ਹੋਣ ਦੇ ਆਸਾਰ ਘੱਟ ਹੀ ਨਜ਼ਰ ਆਉਂਦੇ ਹਨ। ਮੇਰੇ ਖਿਆਲ ਨਾਲ ਫ਼ਿਲਮਾਂ ਰਾਹੀਂ ਜਾਤੀਵਾਦ ਵਿਰੁੱਧ ਜਾਗਰੂਕਤਾ ਫੈਲਾਈ ਜਾ ਸਕਦੀ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਸਾਡੀ ਫ਼ਿਲਮ ਜਾਗਰੂਕਤਾ ਪੈਦਾ ਕਰਨ ਦਾ ਕੰਮ ਕਰੇਗੀ। ਇਹ ਫ਼ਿਲਮ ਸਮਾਜ ਦਾ ਸ਼ੀਸ਼ਾ ਹੈ ਅਤੇ ਇਸ ਤਰ੍ਹਾਂ ਦੀ ਫ਼ਿਲਮ ਵਿਚ ਕੰਮ ਕਰ ਕੇ ਇਸ ਗੱਲ ਦਾ ਸੰਤੋਖ ਵੀ ਹੈ ਕਿ ਮੈਂ ਸਮਾਜ ਸੁਧਾਰ ਲਈ ਆਪਣਾ ਯੋਗਦਾਨ ਦੇ ਸਕਿਆਂ ਹਾਂ। ਉਂਝ, ਪਹਿਲਾਂ ਆਯੂਸ਼ਮਾਨ ਨੇ ਇਕ ਡਾਕੂਮੈਂਟਰੀ ਫ਼ਿਲਮ 'ਇੰਡੀਆ ਅਨਟੱਚਡ' ਦੇਖੀ ਸੀ ਅਤੇ ਇਸ ਵਿਚ ਇਹ ਦਿਖਾਇਆ ਗਿਆ ਸੀ ਕਿ ਦੱਖਣੀ ਭਾਰਤ ਵਿਚ ਅੱਜ ਵੀ ਕੁਝ ਪਿੰਡ ਹਨ ਜਿਥੇ ਕੁਝ ਗਲੀਆਂ ਵਿਚ ਜਾਣ ਤੋਂ ਪਹਿਲਾਂ ਦਲਿਤਾਂ ਨੂੰ ਆਪਣੀ ਚੱਪਲ ਲਾਹ ਕੇ ਹੱਥ ਵਿਚ ਫੜ ਕੇ ਲੰਘਣਾ ਪੈਂਦਾ ਹੈ। ਇਸ ਫ਼ਿਲਮ ਦਾ ਜ਼ਿਕਰ ਕਰਕੇ ਉਹ ਕਹਿੰਦੇ ਹਨ, 'ਇਸ ਤਰ੍ਹਾਂ ਦੀਆਂ ਘਟਨਾਵਾਂ ਸਭਿਆ ਸਮਾਜ 'ਤੇ ਧੱਬੇ ਬਰਾਬਰ ਹਨ। 2019 ਦੇ ਜ਼ਮਾਨੇ ਵਿਚ ਇਹ ਸਭ ਹੋ ਰਿਹਾ ਹੈ, ਇਹ ਸਾਡੇ ਸਾਰਿਆਂ ਲਈ ਬੜੀ ਸ਼ਰਮ ਦੀ ਗੱਲ ਹੈ। ਮੈਂ ਉਮੀਦ ਕਰਦਾ ਹਾਂ ਕਿ 'ਆਰੀਟਕਲ 15' ਬਾਅਦ ਕੁਝ ਬਦਲਾਅ ਆਏਗਾ ਅਤੇ ਇਹ ਬਦਲਾਅ ਸਾਡੇ ਸਮਾਜ ਲਈ ਚੰਗੀ ਨਿਸ਼ਾਨੀ ਦੇ ਤੌਰ 'ਤੇ ਹੋਵੇਗਾ।' ਦੁਆ ਕਰਨੀ ਚਾਹੀਦੀ ਹੈ ਕਿ ਇਸ ਫ਼ਿਲਮ ਨਾਲ ਹੀ ਸਹੀ, ਬਦਲਾਅ ਤਾਂ ਆਉਣਾ ਹੀ ਚਾਹੀਦਾ ਹੈ।

ਹੁਣ ਕਾਮੇਡੀ ਵਿਚ ਵੀ ਬਦਲਾਅ ਆ ਗਿਆ ਹੈ-ਏਕਤਾ ਜੈਨ

ਲੜੀਵਾਰ 'ਸ਼ਗੁਨ' ਵਿਚ ਏਕਤਾ ਜੈਨ ਵਲੋਂ ਦਫਤਰ ਸਕੱਤਰ ਦੀ ਭੂਮਿਕਾ ਨਿਭਾਈ ਗਈ ਸੀ ਅਤੇ ਇਥੇ ਉਸ ਨੂੰ ਆਪਣੇ ਕੱਪੜਿਆਂ ਦੇ ਰੰਗ ਦੇ ਨਾਲ ਮੈਚ ਹੁੰਦੀਆਂ ਚੀਜ਼ਾਂ ਵਰਤ ਕੇ ਕਾਮੇਡੀ ਕਰਦੇ ਦਿਖਾਇਆ ਗਿਆ ਸੀ। ਹੁਣ ਨਿਰਦੇਸ਼ਕ ਮਨੋਜ ਸ਼ਰਮਾ ਦੀ ਫ਼ਿਲਮ 'ਖਲੀ ਬਲੀ' ਵਿਚ ਏਕਤਾ ਨੂੰ ਫਿਰ ਇਕ ਵਾਰ ਦਫ਼ਤਰ ਸਕੱਤਰ ਦੀ ਭੂਮਿਕਾ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਥੇ ਵੀ ਉਸ ਦੇ ਜ਼ਿੰਮੇ ਦਰਸ਼ਕਾਂ ਲਈ ਹਲਕੇ-ਫੁਲਕੇ ਪਲ ਬਟਰੋਨਾ ਆਇਆ ਹੈ।
ਸਕੱਤਰ ਦੀ ਭੂਮਿਕਾ ਬਾਰੇ ਪੁੱਛਣ 'ਤੇ ਉਹ ਕਹਿੰਦੀ ਹੈ, 'ਇਸ ਫ਼ਿਲਮ 'ਖਲੀ ਬਲੀ' ਵਿਚ ਮੇਰੇ ਨਾਲ ਅਸਰਾਨੀ ਸਾਹਿਬ ਅਤੇ ਬਰਜਿੰਦਰ ਕਾਲਾ ਹਨ। ਮੇਰੇ ਜ਼ਿਆਦਾਤਰ ਦ੍ਰਿਸ਼ ਇਨ੍ਹਾਂ ਦੋਵਾਂ ਦੇ ਨਾਲ ਹਨ। ਸਾਡੇ ਤਿੰਨਾਂ ਨੂੰ ਫ਼ਿਲਮ ਦੇ ਨਾਇਕ ਰਜਨੀਸ਼ ਦੁੱਗਲ ਦੀ ਐਡ ਏਜੰਸੀ ਵਿਚ ਕੰਮ ਕਰਦੇ ਦਿਖਾਇਆ ਗਿਆ ਹੈ। ਇਥੇ ਮੈਂ ਇਕ ਇਸ ਤਰ੍ਹਾਂ ਦੀ ਸਕੱਤਰ ਬਣੀ ਹਾਂ ਜੋ ਚਾਹੁੰਦੀ ਹੈ ਕਿ ਉਸ ਦੀ ਕੰਪਨੀ ਬਹੁਤ ਤਰੱਕੀ ਕਰੇ। ਇਸ ਸਕੱਤਰ ਰੂਬੀ ਨੂੰ ਕਮਿਸ਼ਨ ਹਾਸਲ ਕਰਨ ਦਾ ਵੀ ਲਾਲਚ ਰਹਿੰਦਾ ਹੈ ਅਤੇ ਇਸ ਲਾਲਚ ਜ਼ਰੀਏ ਇਥੇ ਕਾਮੇਡੀ ਮਾਹੌਲ ਪੈਦਾ ਕੀਤਾ ਗਿਆ ਹੈ।'
ਬਦਲਦੇ ਸਮੇਂ ਦੇ ਨਾਲ ਕਾਮੇਡੀ ਵਿਚ ਆਏ ਬਦਲਾਅ ਬਾਰੇ ਪੁੱਛਣ 'ਤੇ ਉਹ ਕਹਿੰਦੀ ਹੈ, 'ਹੁਣ ਕਾਮੇਡੀ ਵਿਚ ਵੀ ਬਦਲਾਅ ਆ ਗਿਆ ਹੈ। ਇਕ ਦੌਰ ਉਹ ਸੀ ਜਦੋਂ ਅਧੇੜ ਉਮਰ ਦੀਆਂ ਤੇ ਮੋਟੀਆਂ ਔਰਤਾਂ ਰਾਹੀਂ ਕਾਮੇਡੀ ਪੇਸ਼ ਕੀਤੀ ਜਾਂਦੀ ਸੀ। ਟੁਨਟੁਨ, ਗੁੱਡੀ ਮਾਰੂਤੀ, ਪ੍ਰੀਤੀ ਗਾਂਗੁਲੀ, ਮਨੋਰਮਾ, ਪੀਲੂ ਵਾਡੀਆ, ਨੀਲੋਫਰ ਨੇ ਉਦੋਂ ਦਰਸ਼ਕਾਂ ਨੂੰ ਹਸਾਇਆ ਸੀ। ਅੱਜ ਕਾਮੇਡੀ ਵਿਚ ਵੀ ਖ਼ੂਬਸੂਰਤ ਚਿਹਰੇ ਆਉਣ ਲੱਗੇ ਹਨ ਅਤੇ ਇਸ ਦਾ ਸਿਹਰਾ ਮੈਂ ਟੀ. ਵੀ. ਨੂੰ ਦੇਣਾ ਚਾਹਾਂਗੀ। ਟੀ. ਵੀ. ਦੀ ਵਜ੍ਹਾ ਕਰਕੇ ਫ਼ਿਲਮਾਂ ਦੀ ਕਾਮੇਡੀ ਦੇ ਪੱਧਰ ਵਿਚ ਵੀ ਸੁਧਾਰ ਹੋਇਆ ਹੈ ਅਤੇ ਇਸ ਦਾ ਫਾਇਦਾ ਮੇਰੇ ਵਰਗੇ ਕਲਾਕਾਰਾਂ ਨੂੰ ਮਿਲ ਰਿਹਾ ਹੈ। ਕਾਮੇਡੀ ਕਰਕੇ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਮੇਰੇ ਜ਼ਰੀਏ ਲੋਕਾਂ ਦੇ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ। ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿਚ ਕਿਸੇ ਦੇ ਚਿਹਰੇ 'ਤੇ ਹਾਸਾ ਲਿਆਉਣਾ ਵੀ ਵੱਡਾ ਕੰਮ ਹੈ।


-ਮੁੰਬਈ ਪ੍ਰਤੀਨਿਧ

ਸਮੀਪ ਕੰਗ ਬਣਾਏਗਾ ਗਾਖਲ ਭਰਾਵਾਂ ਦੀ ਨਵੀਂ ਪੰਜਾਬੀ ਫ਼ਿਲਮ

'ਕੈਰੀ ਆਨ ਜੱਟਾ' ਵਰਗੀਆਂ ਦਰਜਨ ਦੇ ਕਰੀਬ ਹਿੱਟ ਅਤੇ ਮਨੋਰੰਜਨ ਭਰਪੂਰ ਫ਼ਿਲਮਾਂ ਦੇਣ ਵਾਲੇ ਫ਼ਿਲਮ ਨਿਰਦੇਸ਼ਕ ਸਮੀਪ ਕੰਗ, ਗਾਖਲ ਭਰਾਵਾਂ ਦੇ ਇਸੇ ਪ੍ਰਾਜੈਕਟ ਦਾ ਬਲਿਊ ਪ੍ਰਿੰਟ ਤਿਆਰ ਕਰ ਰਹੇ ਹਨ। ਨਿਰਦੇਸ਼ਕ ਸਮੀਪ ਕੰਗ ਨੇ ਕਿਹਾ ਕਿ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਇਕਬਾਲ ਸਿੰਘ ਗਾਖਲ ਅਤੇ ਪਲਵਿੰਦਰ ਸਿੰਘ ਗਾਖਲ ਨਾ ਸਿਰਫ ਉੱਤਰੀ ਅਮਰੀਕਾ ਵਿਚ ਵੱਡੇ ਕਾਰੋਬਾਰੀ ਹਨ, ਸਗੋਂ ਇਸ ਤੋਂ ਵੀ ਵੱਧ ਉਨ੍ਹਾਂ ਦੀਆਂ ਪੰਜਾਬੀ ਭਾਈਚਾਰੇ ਲਈ ਅੱਗੇ ਹੋ ਕੇ ਕੰਮ ਕਰਨ ਦੀਆਂ ਪ੍ਰਾਪਤੀਆਂ ਦੀ ਲਿਸਟ ਵੀ ਬਹੁਤ ਵੱਡੀ ਹੈ। ਖੇਤਰ ਚਾਹੇ ਖੇਡਾਂ ਦਾ ਹੋਵੇ, ਜਾਂ ਹੋਰ ਸਮਾਜਿਕ ਸਰੋਕਾਰਾਂ ਦਾ, ਉਨ੍ਹਾਂ ਦੇ ਜੀ.ਬੀ. ਐਂਟਰਟੇਨਮੈਂਟ ਦੇ ਬੈਂਨਰ ਹੇਠ ਧਰਮਿੰਦਰ ਤੇ ਗਿੱਪੀ ਗਰੇਵਾਲ ਨਾਲ ਬਣਾਈ ਫ਼ਿਲਮ 'ਸੈਕੰਡ ਹੈਂਡ ਹਸਬੈਂਡ' ਅਤੇ ਜਿੰਮੀ ਸ਼ੇਰਗਿੱਲ ਨੂੰ ਲੈ ਕੇ ਬਣੀ 'ਵਿਸਾਖੀ ਲਿਸਟ' ਭਾਵੇਂ ਬਹੁਤਾ ਕਾਰੋਬਾਰ ਨਾ ਕਰ ਸਕੀਆਂ ਹੋਣ ਪਰ ਗਾਖਲ ਭਰਾਵਾਂ ਦਾ ਫ਼ਿਲਮ ਜਗਤ ਨਾਲ ਰਿਸ਼ਤਾ ਗੂੜ੍ਹਾ ਕਰ ਗਈਆਂ। ਗਾਖਲ ਭਰਾ ਫ਼ਿਲਮ ਨਿਰਮਾਣ ਵਿਚ ਵਿਲੱਖਣ ਪੈੜ ਦੀ ਨਿਵੇਕਲੀ ਸਮਰੱਥਾ ਰੱਖਦੇ ਹਨ। ਵਿਸ਼ਵ ਪ੍ਰਸਿੱਧ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨਾਲ ਇਕ ਫ਼ਿਲਮ ਬਣਾਉਣ ਦਾ ਨਿਰਣਾ ਹੋ ਚੁੱਕਾ ਹੈ ਅਤੇ ਸੋਨਮ ਬਾਜਵਾ ਨੂੰ ਹੀਰੋਇਨ ਵਜੋਂ ਲੈਣ ਦਾ ਵਿਚਾਰ ਹੈ। ਅਮਰੀਕੀ ਜਨ ਜੀਵਨ ਨਾਲ ਵੀ ਜੁੜੀ ਇਸ ਕਹਾਣੀ 'ਤੇ ਅਧਾਰਿਤ ਫ਼ਿਲਮ ਦਾ ਕੁਝ ਹਿੱਸਾ ਅਮਰੀਕਾ ਵਿਚ ਵੀ ਫ਼ਿਲਮਾਇਆ ਜਾਵੇਗਾ। ਇਸ ਸਾਲ ਦੇ ਅੰਤ ਤੱਕ ਨਵੀਂ ਫ਼ਿਲਮ ਰਿਲੀਜ਼ ਕਰਨ ਜਾ ਰਹੇ ਹਨ ਇਸ ਆਸ ਨਾਲ ਕਿ ਉਹ ਕਾਰੋਬਾਰ ਦੇ ਹੋਰ ਖੇਤਰਾਂ ਦੇ ਨਾਲ ਫ਼ਿਲਮੀ ਖੇਤਰ ਵਿਚ ਨਿਵੇਕਲੀ ਤੇ ਸਫਲ ਪੈੜ ਪਾਉਣਗੇ।


-ਅ.ਬ.

ਸੱਚ ਦੀ ਗੱਲ ਜੁਰਅਤ ਨਾਲ ਕਰਨ ਵਾਲਾ ਗੀਤਕਾਰ ਗਾਇਕ ਜੌਹਲ ਬਿਧੀਪੁਰੀਆ

ਸੱਚ ਦੀ ਗੱਲ ਜੁਰਅਤ ਨਾਲ ਕਰਨ ਦੀ ਹਿੰਮਤ ਬਹੁਤ ਵਿਰਲੇ ਲੋਕਾਂ ਵਿਚ ਹੁੰਦੀ ਏ। ਐਸੀ ਜੁਰਅਤ ਅਤੇ ਪ੍ਰਪੱਕਤਾ ਨਾਲ ਲਿਖਣ ਵਾਲੀ ਕਲਮ ਦਾ ਨਾਂਅ ਹੈ ਅਮਰਜੀਤ ਸਿੰਘ ਜੌਹਲ ਉਰਫ਼ ਜੌਹਲ ਬਿਧੀਪੁਰੀਆ। ਜਦੋਂ ਪੰਜਾਬ ਦੀ ਧਰਤੀ 'ਤੇ ਡਰ ਅਤੇ ਖੌਫ਼ ਨਾਲ ਹਰ ਕੋਈ ਖ਼ਾਮੋਸ਼ ਸੀ, ਉਸ ਵੇਲੇ ਉਨ੍ਹਾਂ ਵਲੋਂ ਲਿਖੇ ਗੀਤਾਂ ਨੇ ਜਿਥੇ ਸੁੱਤੀ ਹੋਈ ਕੌਮ ਨੂੰ ਹਲੂਣਾ ਦਿੱਤਾ, ਉਥੇ ਜ਼ਾਲਮਾਂ ਦੀਆਂ ਰੂਹਾਂ ਵੀ ਝੰਜੋੜ ਕੇ ਰੱਖ ਦਿੱਤੀਆਂ। ਹੰਸ ਰਾਜ ਹੰਸ ਦੀ ਆਵਾਜ਼ ਵਿਚ ਗਾਏ ਇਨ੍ਹਾਂ ਗੀਤਾਂ 'ਪੱਤਾ ਪੱਤਾ ਸਿੰਘਾਂ ਦਾ ਵੈਰੀ' ਵਿਚ ਜਿਥੇ ਜ਼ੁਲਮ ਦੀ ਤਸਵੀਰ ਪੇਸ਼ ਕੀਤੀ ਗਈ, ਉਥੇ 'ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ' ਗੀਤ ਵਿਚ ਸਿੱਖੀ ਦੀ ਚੜ੍ਹਦੀ ਕਲਾ ਅਤੇ ਜੁਝਾਰੂ ਸੁਭਾਅ ਦੀ ਐਸੀ ਪੇਸ਼ਕਾਰੀ ਕੀਤੀ ਗਈ ਕਿ ਪੂਰੀ ਦੁਨੀਆ ਵਿਚ ਤਹਿਲਕਾ ਮਚ ਗਿਆ। ਜੌਹਲ ਬਿਧੀਪੁਰੀਆ ਸਭ ਦਾ ਚਹੇਤਾ ਬਣ ਗਿਆ ਅਤੇ ਸਿੱਖ ਜਥੇਬੰਦੀਆਂ ਅਤੇ ਕਮੇਟੀਆਂ ਵਲੋਂ ਉਨ੍ਹਾਂ ਨੂੰ 'ਆਵਾਜ਼-ਏ-ਕੌਮ' ਦਾ ਪੁਰਸਕਾਰ ਦਿੱਤਾ ਗਿਆ। ਉਸ ਦੀ ਕਲਮ ਠਾਠਾਂ ਮਾਰਦੇ ਦਰਿਆ ਵਾਂਗ ਨਿਰੰਤਰ ਚਲਦੀ ਰਹੀ ਅਤੇ ਦਾਜ, ਭਰੂਣ ਹੱਤਿਆ ਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ 'ਤੇ ਚੋਟ ਕਰਦੀ ਹੋਈ ਵਿਲੱਖਣ ਪੈੜਾਂ ਪਾਉਂਦੀ ਗਈ। ਢਾਡੀ ਪੇਸ਼ਕਾਰੀ ਕਰਦਿਆਂ ਗੜ੍ਹਕਵੀਂ ਆਵਾਜ਼ ਵਿਚ ਲੈਕਚਰ, ਗੀਤਕਾਰ, ਗਾਇਕ, ਕਥਾਵਾਚਕ, ਕਵੀਸ਼ਰ, ਵਿਅੰਗ ਲੇਖਕ, ਫ਼ਿਲਮੀ ਕਹਾਣੀਆਂ ਦਾ ਲੇਖਕ, ਸਮਾਜ ਸੇਵੀ ਅਤੇ ਹੋਰ ਪਤਾ ਨਹੀਂ ਕਿੰਨਾ ਕੁਝ ਉਸ ਦੀ ਬਹੁਪੱਖੀ ਸ਼ਖ਼ਸੀਅਤ ਦੇ ਸਬੂਤ ਹਨ।
ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨ, ਫਰਾਂਸ, ਇਟਲੀ, ਸਪੇਨ, ਗਰੀਸ, ਆਸਟਰੀਆ, ਨਿਊਜ਼ੀਲੈਂਡ ਸਮੇਤ ਅਨੇਕਾਂ ਦੇਸ਼ਾਂ ਜਿਥੇ ਪੰਜਾਬੀ ਵੱਸਦੇ ਨੇ, ਉਥੇ ਜਾ ਕੇ ਆਪਣੀ ਕਲਾ ਦੀ ਪੇਸ਼ਕਾਰੀ ਕਰਨ ਵਾਲੇ, ਹਮੇਸ਼ਾ ਖ਼ੁਸ਼ ਅਤੇ ਖਿੜੇ ਮੱਥੇ ਰਹਿਣ ਵਾਲੇ ਅਮਰਜੀਤ ਸਿੰਘ ਜੌਹਲ ਉਰਫ਼ ਜੌਹਲ ਬਿਧੀਪੁਰੀਆ 'ਤੇ ਵਾਹਿਗੁਰੂ ਜੀ ਹਮੇਸ਼ਾ ਆਪਣੀ ਨਜ਼ਰ ਸਵੱਲੀ ਬਣਾਈ ਰੱਖਣ। -0-

'ਦਾ ਸੀਕਰੇਟ ਲਾਈਫ਼ ਆਫ਼ ਪੈੱਟਸ-2' ਐਨੀਮੇਸ਼ਨ ਫ਼ਿਲਮ ਬਾਲ ਦਰਸ਼ਕਾਂ ਨੂੰ ਖ਼ੂਬ ਲੁਭਾਏਗੀ

ਆਮ ਤੌਰ 'ਤੇ ਐਨੀਮੇਸ਼ਨ ਫ਼ਿਲਮਾਂ ਦਾ ਨਿਰਮਾਣ ਬਾਲ ਦਰਸ਼ਕਾਂ ਦੇ ਮਨੋਰੰਜਨ ਲਈ ਕੀਤਾ ਜਾਂਦਾ ਹੈ। 'ਦਾ ਸੀਕਰੇਟ ਲਾਈਫ਼ ਆਫ਼ ਪੈੱਟਸ-2' ਇਕ ਐਨੀਮੇਸ਼ਨ ਫ਼ਿਲਮ ਹੈ, ਜਿਸ ਦਾ ਟ੍ਰੇਲਰ ਜਾਰੀ ਹੋ ਚੁੱਕਿਆ ਹੈ ਤੇ ਇਹ ਫ਼ਿਲਮ ਭਾਰਤ ਚ 14 ਜੂਨ ਨੂੰ ਰੀਲੀਜ਼ ਹੋਵੇਗੀ। ਇਹ ਫ਼ਿਲਮ 2 ਡੀ, ਸੀ ਡੀ ਤੇ 4 ਡੀ ਐਕਸ ਫਾਰਮਟ 'ਚ ਹਿੰਦੀ ਤੇ ਅੰਗਰੇਜ਼ੀ ਭਾਸ਼ਾ 'ਚ ਰਿਲੀਜ਼ ਹੋਵੇਗੀ। ਇਸ ਮਸਾਲਾ ਫ਼ਿਲਮ 'ਚ ਬਾਲ ਦਰਸ਼ਕਾਂ ਲਈ ਖ਼ੂਬ ਮਨੋਰੰਜਨ ਹੈ। ਇਹ ਫ਼ਿਲਮ ਘਰਾਂ 'ਚ ਪਾਲੇ ਜਾਣ ਵਾਲ਼ੇ ਪੈੱਟਸ (ਪਾਲਤੂ ਜਾਨਵਰ) ਦੀਆਂ ਭਾਵਨਾਵਾਂ ਤੇ ਪਰਿਵਾਰ ਦੀ ਭਲਾਈ ਲਈ ਉਨ੍ਹਾਂ ਦੁਆਰਾ ਕੀਤੇ ਜਾਣ ਵਾਲ਼ੇ ਕੰਮਾਂ ਤੇ ਆਧਾਰਿਤ ਹੈ। ਇਸ ਫ਼ਿਲਮ ਰਾਹੀਂ ਦੱਸਿਆ ਗਿਆ ਹੈ ਕਿ ਜਦੋਂ ਪਰਿਵਾਰ ਵਾਲੇ ਘਰ ਨਹੀਂ ਹੁੰਦੇ ਤਾਂ ਪੈਟਸ ਦੇ ਮਨ 'ਚ ਕੀ ਚੱਲ ਰਿਹਾ ਹੁੰਦਾ ਹੈ। ਇਸ ਫ਼ਿਲਮ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਹੈ ਕਿ ਟੇਰੀਅਰ ਮੈਕਸ ਦੇ ਮਾਲਕ ਦਾ ਵਿਆਹ ਹੋ ਚੁੱਕਾ ਹੈ ਤੇ ਉਸ ਦਾ ਇਕ ਲਿਆਮ ਨਾਂਅ ਦਾ ਬੱਚਾ ਹੈ। ਹੁਣ ਟੈਰੀਅਰ ਉਸ ਬੱਚੇ ਦੀ ਰੱਖਿਆ ਕਿਵੇਂ ਕਰਦਾ ਹੈ ਤੇ ਇੱਕ ਗੈਂਗ ਜਿਸ 'ਚ ਗਾਵਾਂ, ਲੜਾਕੂ ਲੂੰਬੜੀਆਂ ਤੇ ਡਰਾਉਣਾ ਟਰਕੀ ਸ਼ਾਮਿਲ ਹੈ, ਦਾ ਮੁਕਾਬਲਾ ਕਿਵੇਂ ਕਰਦਾ ਹੈ ਇਹ ਫ਼ਿਲਮ ਦੇਖਣ ਤੇ ਪਤਾ ਲੱਗੇਗਾ। ਇਸ ਫ਼ਿਲਮ ਦੇ ਕਲਾਕਾਰ ਕੇਵਿਨ ਹਾਰਟ, ਟਿਫਨੀ ਹਦੀਸ਼, ਹੈਰੀਸਨ ਫੋਰਡ, ਪੈਟਨ ਓਸਵਾਲਟ, ਐਰਿਕ, ਜੇਨੀ ਸਲੇਟ, ਲੇਕ ਬੇਲ, ਹੇਨੀਬੇਲ ਬਿਓਰੇਸ, ਨਿਕ ਕਾਲ, ਨਿਰਮਾਤਾ ਕ੍ਰਿਸ ਮੇਲੇਂਦਰੀ, ਜੇਨੇਟ ਹੈਲਰੀ, ਨਿਰਦੇਸ਼ਕ ਕ੍ਰਿਸ ਰੇਨਾਡ, ਸਹਿ ਨਿਰਦੇਸ਼ਕ ਜੋਨਾਥਲ ਡੇਲ ਵਾਲ ਤੇ ਲੇਖਕ ਬ੍ਰਾਇਨ ਲਿੰਚ ਹਨ। ਫ਼ਿਲਮ ਦੇ ਨਿਰਦੇਸ਼ਕ ਕ੍ਰਿਸ ਮੈਲੰਦਰੀ ਦਾ ਕਹਿਣਾ ਹੈ ਕਿ ਜਦੋਂ ਉਹ ਫ਼ਿਲਮ ਬਣਾਉਂਦੇ ਹਨ ਤਾਂ ਉਨ੍ਹਾਂ ਦਾ ਉਦੇਸ਼ ਇਹੀ ਹੁੰਦਾ ਹੈ ਕਿ ਉਹ ਅਜਿਹੀ ਫ਼ਿਲਮ ਬਣਾਉਣ ਜੋ ਦਰਸ਼ਕਾਂ ਨੂੰ ਖ਼ੂਬ ਪਸੰਦ ਆਏ।


-ਸਿਮਰਨ, ਜਗਰਾਉਂ

ਨਵੇਂ ਕਲਾਕਾਰਾਂ ਨਾਲ ਬਣੀ 'ਫਸਤੇ ਫਸਾਤੇ'

ਨਵੇਂ ਨਿਰਮਾਤਾ-ਨਿਰਦੇਸ਼ਕ ਅਮਿਤ ਅਗਰਵਾਲ ਨੇ ਆਪਣੀ ਪਹਿਲੀ ਪੇਸ਼ਕਾਰੀ ਦੇ ਰੂਪ ਵਿਚ 'ਫਸਤੇ ਫਸਾਤੇ' ਬਣਾਈ ਹੈ। ਉਂਝ ਅਮਿਤ ਅਗਰਵਾਲ ਲਈ ਫ਼ਿਲਮ ਇੰਡਸਟਰੀ ਨਵੀਂ ਥਾਂ ਨਹੀਂ ਹੈ। ਫ਼ਿਲਮਾਂ ਦੇ ਪੋਸਟ ਪ੍ਰੋਡਕਸ਼ਨ ਦੇ ਖੇਤਰ ਵਿਚ ਕਦੀ ਐਡ ਲੈਬ ਦਾ ਵੱਡਾ ਨਾਂਅ ਹੋਇਆ ਕਰਦਾ ਸੀ ਅਤੇ ਅਮਿਤ ਇਸੇ ਲੈਬ ਦੇ ਇਕ ਮੁਲਾਜ਼ਮ ਸਨ। ਉਦੋਂ ਐਡ ਲੈਬ ਨੇ ਕਈ ਵੱਡੇ ਨਿਰਦੇਸ਼ਕਾਂ ਦੇ ਨਾਲ ਫ਼ਿਲਮਾਂ ਬਣਾਈਆਂ ਸਨ ਅਤੇ ਇਸ ਦੀ ਬਦੌਲਤ ਅਮਿਤ ਕਈ ਵੱਡੇ ਨਿਰਮਾਤਾ ਤੇ ਨਿਰੇਦਸ਼ਕਾਂ ਦੇ ਸੰਪਰਕ ਵਿਚ ਆਏ ਸਨ। ਉਥੋਂ ਉਨ੍ਹਾਂ ਵਿਚ ਫ਼ਿਲਮ ਨਿਰਮਾਣ ਦੀ ਇੱਛਾ ਪੈਦਾ ਹੋਣ ਲੱਗੀ ਅਤੇ 'ਫਸਤੇ ਫਸਾਤੇ' ਉਨ੍ਹਾਂ ਦੀ ਇਸੇ ਇੱਛਾ ਦਾ ਪਹਿਲਾ ਨਤੀਜਾ ਹੈ। ਆਪਣੀ ਇਸ ਫ਼ਿਲਮ ਵਿਚ ਉਨ੍ਹਾਂ ਨੇ ਤਿੰਨ ਨਵੇਂ ਕਲਾਕਾਰਾਂ ਨੂੰ ਚਮਕਾਇਆ ਹੈ ਅਤੇ ਇਹ ਹਨ ਅਰਪਿਤ ਚੌਧਰੀ, ਕ੍ਰਿਸ਼ਮਾ ਸ਼ਰਮਾ ਤੇ ਨਚੀਕੇਤ ਨਾਰਵੇਕਰ। ਇਨ੍ਹਾਂ ਤਿੰਨਾਂ ਦੀ ਚੋਣ ਦੀ ਵੀ ਆਪਣੀ ਕਹਾਣੀ ਹੈ। ਅਰਪਿਤ ਨੂੰ ਉਨ੍ਹਾਂ ਨੇ ਇਕ ਐਡ ਫ਼ਿਲਮ ਵਿਚ ਦੇਖਿਆ ਤਾਂ ਲੱਗਿਆ ਕਿ ਇਹੀ ਉਨ੍ਹਾਂ ਦੀ ਫ਼ਿਲਮ ਲਈ ਸਹੀ ਰਹੇਗਾ। ਅਰਪਿਤ ਸ੍ਰੀਲੰਕਾ ਦੀ ਫ਼ਿਲਮ 'ਯਸ਼ੋਧਰਾ' ਤੇ ਅਨੰਤ ਮਹਾਦੇਵਨ ਵਲੋਂ ਬਣਾਈ ਫ਼ਿਲਮ 'ਈਵਨਿੰਗ ਸ਼ੇਡੋਜ਼' ਵਿਚ ਕੰਮ ਕਰ ਚੁੱਕੇ ਹਨ। ਕ੍ਰਿਸ਼ਮਾ ਸ਼ਰਮਾ ਨੇ 'ਪਿਆਰ ਕਾ ਪੰਚਨਾਮਾ' ਵਿਚ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਉਥੇ ਉਸ ਨੂੰ ਦੇਖ ਕੇ ਇਸ ਫ਼ਿਲਮ ਲਈ ਕਾਸਟ ਕੀਤਾ ਗਿਆ। ਫ਼ਿਲਮ ਦੇ ਤੀਜੇ ਨਾਇਕ ਨਚੀਕੇਤ ਨਾਰਵੇਕਰ ਦੀ ਪਛਾਣ ਇਹ ਹੈ ਕਿ ਉਹ 'ਤੇਜਾਬ', 'ਪ੍ਰਤੀਘਾਤ' ਫੇਮ ਨਿਰਦੇਸ਼ਕ ਐਨ. ਚੰਦਰਾ ਦੇ ਬੇਟੇ ਹਨ। ਅਮਿਤ ਨੇ ਉਨ੍ਹਾਂ ਨੂੰ ਫ਼ਿਲਮ ਲਈ ਸਾਈਨ ਕਰ ਲਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਇਕ ਹਿਟ ਨਿਰਦੇਸ਼ਕ ਦੇ ਬੇਟੇ ਨੂੰ ਮੌਕਾ ਦੇ ਰਹੇ ਹਨ। ਇਨ੍ਹਾਂ ਤਿੰਨਾਂ ਕਲਾਕਾਰਾਂ ਨੂੰ ਚਮਕਾਉਂਦੀ ਫ਼ਿਲਮ ਦੀ ਕਹਾਣੀ ਇਹ ਹੈ ਕਿ ਆਕਾਸ਼ (ਅਰਪਿਤ ਚੌਧਰੀ) ਗਾਜ਼ੀਆਬਾਦ ਵਿਚ ਰਹਿ ਰਿਹਾ ਹੁੰਦਾ ਹੈ। ਉਹ ਲੰਦਨ ਰਿਟਰਨ (ਕ੍ਰਿਸ਼ਮਾ ਸ਼ਰਮਾ) ਦੀ ਪਛਾਣ ਵਿਚ ਆਉਂਦਾ ਹੈ। ਅਨੀਸ਼ਾ ਅੱਜ ਦੇ ਜ਼ਮਾਨੇ ਦੀ ਕੁੜੀ ਹੈ ਅਤੇ ਉਸ ਨੂੰ ਵਿਆਹ ਬੰਧਨ ਵਿਚ ਬੱਝਣਾ ਸਵੀਕਾਰ ਨਹੀਂ। ਆਕਾਸ਼ ਤੇ ਅਨੀਸ਼ਾ ਲਿਵ ਇਨ ਰਿਲੇਸ਼ਨਸ਼ਿਪ ਹੇਠ ਇਕੱਠੇ ਰਹਿਣ ਲਗਦੇ ਹਨ। ਦੂਜੇ ਪਾਸੇ ਆਕਾਸ਼ ਦੇ ਘਰ ਵਾਲਿਆਂ ਨੂੰ ਇਕ ਜੋਤਸ਼ੀ ਇਹ ਸਲਾਹ ਦਿੰਦਾ ਹੈ ਕਿ ਜੇਕਰ ਕੁਝ ਸਮੇਂ ਦੇ ਅੰਦਰ ਆਕਾਸ਼ ਦਾ ਵਿਆਹ ਨਾ ਕੀਤਾ ਗਿਆ ਤਾਂ ਉਹ ਜੀਵਨ ਭਰ ਕੁਆਰਾ ਰਹੇਗਾ। ਹੁਣ ਆਕਾਸ਼ ਦੇ ਘਰ ਵਾਲੇ ਉਸ 'ਤੇ ਵਿਆਹ ਕਰਾਉਣ ਦਾ ਦਬਾਅ ਪਾਉਣ ਲਗਦੇ ਹਨ।


-ਮੁੰਬਈ ਪ੍ਰਤੀਨਿਧ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX