ਤਾਜਾ ਖ਼ਬਰਾਂ


ਕੋਰੋਨਾ ਪੀੜਤ ਦੇ ਸੰਪਰਕ 'ਚ ਆਏ ਵਿਅਕਤੀ ਨੂੰ ਕੀਤਾ ਇਕਾਂਤਵਾਸ
. . .  0 minutes ago
ਐੱਸ.ਏ.ਐੱਸ ਨਗਰ, 9 ਅਪ੍ਰੈਲ (ਕੇ.ਐੱਸ.ਰਾਣਾ) - ਪਰਮਜੀਤ ਸਿੰਘ ਪੁੱਤਰ ਤਜਿੰਦਰ ਸਿੰਘ (45) ਵਾਸੀ ਪਿੰਡ ਖ਼ਿਜ਼ਰਾਬਾਦ, ਜੋ ਕਿ ਪਿਛਲੇ 4 ਦਿਨਾਂ ਤੋਂ ਨੈਬ ਸਿੰਘ ਜਵਾਹਰ ਪੁਰ ਦੇ ਸੰਪਰਕ 'ਚ ਸੀ, ਨੂੰ ਅੱਜ ਸ਼ਾਮ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ...
ਕੋਰੋਨਾ ਸਬੰਧੀ ਅਫ਼ਵਾਹ ਫੈਲਾਉਣ ਵਾਲੇ ਨੌਜਵਾਨ 'ਤੇ ਪਰਚਾ ਦਰਜ
. . .  13 minutes ago
ਖਮਾਣੋਂ, 9 ਅਪ੍ਰੈਲ (ਪਰਮਵੀਰ ਸਿੰਘ) - ਪੁਲਿਸ ਨੇ ਫੇਸਬੁੱਕ 'ਤੇ ਗ਼ਲਤ ਜਾਣਕਾਰੀ ਨਸ਼ਰ ਕਰਨ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੈ। ਚੌਂਕੀ ਇੰਚਾਰਜ ਸੰਘੋਲ ਕੁਲਵਿੰਦਰ ਸਿੰਘ ਮੁਤਾਬਿਕ ਸੰਘੋਲ...
ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਸਿਹਤ ਸਬੰਧੀ ਸਾਵਧਾਨੀਆਂ ਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ
. . .  17 minutes ago
ਚੰਡੀਗੜ੍ਹ, 9 ਅਪ੍ਰੈਲ - ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਵਿਰੁੱਧ ਜੰਗ ਲਈ ਮੋਹਰਲੀ ਕਤਾਰ ਦੇ ਪੱਤਰਕਾਰਾਂ ਦੀ ਤੰਦਰੁਸਤੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੀਡੀਆ ਭਾਈਚਾਰੇ ਨੂੰ ਸਿਹਤ ਅਧਿਕਾਰੀਆਂ ਵੱਲੋਂ ਸਮੇਂ ਸਮੇਂ 'ਤੇ ਜਾਰੀ ਸਿਹਤ ਪ੍ਰੋਟੋਕੋਲਾਂ ਤੇ ਦਿਸਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਤਹਿਤ ਪੱਤਰਕਾਰਾਂ ਨੂੰ ਇੰਟਰਵਿਊ ਸਮੇਂ ਸਮਾਜਿਕ...
ਗਿਆਨੀ ਰਘਵੀਰ ਸਿੰਘ ਵੱਲੋਂ ਕੋਰੋਨਾ ਦੀ ਰੋਕਥਾਮ ਲਈ 25000 ਰੁਪਏ ਦੀ ਸੇਵਾ
. . .  26 minutes ago
ਅੰਮ੍ਰਿਤਸਰ, 9 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਫੈਲੀ ਮਹਾਂਮਾਰੀ ਦੀ ਰੋਕਥਾਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਿਆਂ ਆਪਣੇ ਪਰਿਵਾਰ...
ਪ੍ਰੀਖਿਆਵਾਂ ਸਬੰਧੀ ਜਾਰੀ ਕੀਤਾ ਪ੍ਰੈੱਸ ਨੋਟ ਅਗਲੇ ਹੁਕਮਾਂ ਤੱਕ ਤੁਰੰਤ ਲਿਆ ਗਿਆ ਵਾਪਸ
. . .  35 minutes ago
ਐੱਸ.ਏ.ਐੱਸ ਨਗਰ, 9 ਅਪ੍ਰੈਲ (ਕੇ.ਐੱਸ.ਰਾਣਾ) - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਵੱਲੋਂ 9ਅਪ੍ਰੈਲ ਨੂੰ ਪ੍ਰੀਖਿਆਵਾਂ ਸਬੰਧੀ ਜਾਰੀ ਕੀਤਾ ਪ੍ਰੈੱਸ ਨੋਟ ਅਗਲੇ ਹੁਕਮਾਂ ਤੱਕ ਤੁਰੰਤ ਵਾਪਸ ਲਿਆ ਜਾਂਦਾ ਹੈ। ਬੋਰਡ ਦੇ ਚੇਅਰਮੈਨ ਕਮ ਸਿੱਖਿਆ...
ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਭਾਰਤ 'ਚ ਫਸੇ ਕੈਨੇਡਾ ਜਾਣ ਵਾਲੇ ਯਾਤਰੀ ਹਵਾਈ ਅੱਡਾ ਵਿਖੇ ਪੁੱਜਣੇ ਸ਼ੁਰੂ
. . .  40 minutes ago
ਰਾਜਾਸਾਂਸੀ, I ਅਪ੍ਰੈਲ (ਹੇਰ, ਖੀਵਾ) - ਵਿਸ਼ਵ ਭਰ 'ਚ ਕੋਰੋਨਾ ਵਾਇਰਸ ਕਰ ਕੇ ਫੈਲੀ ਮਹਾਂਮਾਰੀ ਕਾਰਨ ਠੱਪ ਹੋਈਆ ਹਵਾਈ ਸੇਵਾਵਾਂ ਕਰ ਕੇ ਵਿਦੇਸ਼ਾਂ ਤੋਂ ਆਏ ਭਾਰਤੀ ਮੂਲ ਪਰ ਕੈਨੇਡਾ ਦੇ...
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 130 ਮਾਮਲਿਆਂ ਦੀ ਹੋਈ ਪੁਸ਼ਟੀ
. . .  48 minutes ago
ਚੰਡੀਗੜ੍ਹ, 9 ਅਪ੍ਰੈਲ (ਸੁਰਿੰਦਰਪਾਲ) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ...
ਪੰਜਾਬ ਸਰਕਾਰ ਨੂੰ ਅਪਣਾਉਣੀ ਚਾਹੀਦੀ ਹੈ ਕੇਜਰੀਵਾਲ ਸਰਕਾਰ ਵੱਲੋਂ ਲਾਗੂ 5 ਟੀ ਯੋਜਨਾ : ਕੈਪਟਨ
. . .  58 minutes ago
ਚੰਡੀਗੜ੍ਹ, 9 ਅਪ੍ਰੈਲ (ਸੁਰਿੰਦਰਪਾਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਿਆਨਕ ਮਹਾਂਮਾਰੀ ਦਾ ਰੂਪ ...
ਗੁਰੂ ਹਰਕ੍ਰਿਸ਼ਨ ਹਸਪਤਾਲ ਦਾ ਇਸਤੇਮਾਲ ਕੋਰੋਨਾ ਪੀੜਤਾਂ ਦੇ ਲਈ ਕਰੇ ਦਿੱਲੀ ਸਰਕਾਰ : ਡੀ.ਐੱਸ.ਜੀ.ਐਮ.ਸੀ
. . .  about 1 hour ago
ਨਵੀਂ ਦਿੱਲੀ, 9 ਅਪ੍ਰੈਲ- ਦਿੱਲੀ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ(ਡੀ.ਐੱਸ.ਜੀ.ਐਮ.ਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀਰਵਾਰ ਨੂੰ ਕਿਹਾ ਹੈ ਕਿ ਡੀ.ਐੱਸ.ਜੀ.ਐਮ.ਸੀ ਆਪਣੇ ....
ਪੱਤਰਕਾਰ ਵੱਲੋਂ ਕੋਰੋਨਾ ਪੀੜਤ ਮ੍ਰਿਤਕ ਲੋਕਾਂ ਦਾ ਸਸਕਾਰ ਕਰਨ ਲਈ ਕੀਤੀ ਨਿਸ਼ਕਾਮ ਪੇਸ਼ਕਸ਼
. . .  about 1 hour ago
ਨੂਰਪੁਰ ਬੇਦੀ, 9 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਪ੍ਰੈੱਸ ਕਲੱਬ ਬਲਾਕ ਨੂਰਪੁਰ ਬੇਦੀ ਦੇ ਪੱਤਰਕਾਰ ਪਰਮਜੀਤ ਸਿੰਘ ਅਬਿਆਣਾ ਵੱਲੋਂ ਪੰਜਾਬ ਸਰਕਾਰ ਨੂੰ ਕਰੋਨਾ ਵਾਇਰਸ ਤੋਂ ...
ਹੋਰ ਖ਼ਬਰਾਂ..

ਨਾਰੀ ਸੰਸਾਰ

ਮਿੱਥਾਂ ਅਤੇ ਕੋਰੋਨਾ ਵਾਇਰਸ

ਅੱਜਕੱਲ੍ਹ ਭਾਰਤ ਹੀ ਨਹੀਂ ਵਿਸ਼ਵ ਡੂੰਘੇ ਸੰਕਟ 'ਚੋਂ ਗੁਜ਼ਰ ਰਿਹਾ ਹੈ, ਕੋਰੋਨਾ ਵਾਇਰਸ ਕਰਕੇ ਇਸ ਤਰ੍ਹਾਂ ਦੇ ਹਾਲਾਤ ਵਿਚ ਸਾਰਿਆਂ ਨੂੰ ਬਹੁਤ ਸੂਝ ਤੇ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ, ਨਾ ਕਿ ਕੋਰੋਨਾ ਵਾਇਰਸ ਬਾਰੇ ਉਡਦੀਆਂ ਗਲਤ ਫਹਿਮੀਆਂ (ਮਿੱਥਾਂ) ਬਾਰੇ ਵਿਸ਼ਵਾਸ ਕਰਕੇ ਹੋਰਾਂ ਨੂੰ ਭੇਜਣੀਆਂ ਚਾਹੀਦੀਆਂ ਹਨ। ਅਸੀਂ ਗੱਲ ਕਰਾਂਗੇ ਕੋਰੋਨਾ ਵਾਇਰਸ ਬਾਰੇ ਉਡਦੀਆਂ ਗਲਤ ਫਹਿਮੀਆਂ (ਮਿੱਥਾਂ) ਦੀ ਜੋ ਅਸਲ ਹਕੀਕਤਾਂ ਹਨ ਤੇ ਉਹ ਇਸ ਤਰ੍ਹਾਂ ਹਨ -
* ਕੋਵਿਡ-19 ਗਰਮ ਅਤੇ ਹੁੰਮਸ ਵਾਲੇ ਖੇਤਰਾਂ ਵਿਚ ਵੀ ਫੈਲਦਾ ਹੈ?
-ਜੇਕਰ ਅਸੀਂ ਸਬੂਤਾਂ ਵੱਲ ਦੇਖੀਏ ਤਾਂ ਇਹ ਹਰੇਕ ਕਿਸਮ ਦੇ ਇਲਾਕੇ ਵਿਚ ਫੈਲ ਸਕਦਾ ਹੈ, ਇੱਥੋਂ ਤੱਕ ਕਿ ਗਰਮ ਅਤੇ ਹੁੰਮਸ ਵਾਲੇ ਇਲਾਕਿਆਂ ਵਿਚ ਵੀ। ਕੋਵਿਡ-19 ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਆਪਣੇ ਹੱਥਾਂ ਨੂੰ ਵਾਰ ਵਾਰ ਸਾਫ਼ ਕੀਤਾ ਜਾਵੇ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਹੱਥਾਂ 'ਤੇ ਲੱਗੇ ਵਾਇਰਸ ਨੂੰ ਖਤਮ ਕਰ ਸਕੋਗੇ ਅਤੇ ਇੰਫੈਕਸ਼ਨ ਤੋਂ ਬਚ ਸਕੋਗੇ, ਜੋ ਤੁਹਾਡੇ ਹੱਥਾਂ ਰਾਹੀਂ ਮੂੰਹ, ਅੱਖਾਂ, ਚਿਹਰੇ ਤੱਕ ਪੁੱਜ ਸਕਦੀ ਹੈ।
* ਗਰਮ ਪਾਣੀ ਨਾਲ ਨਹਾਉਣ ਨਾਲ ਕੋਰੋਨਾ ਵਾਇਰਸ ਦਾ ਖਤਰਾ ਨਹੀਂ ਘਟਦਾ ਹੈ?
-ਗਰਮ ਪਾਣੀ ਨਾਲ ਨਹਾਉਣ ਨਾਲ ਤੁਸੀਂ ਕੋਵਿਡ-19 ਦੇ ਸ਼ਿਕੰਜੇ ਵਿਚ ਫਸਣ ਤੋਂ ਨਹੀਂ ਬਚ ਸਕਦੇ। ਤੁਹਾਡੇ ਸਰੀਰ ਦਾ ਆਮ ਤਾਪਮਾਨ ਕਰੀਬ 35.5 ਤੋਂ 37 ਡਿਗਰੀ ਸੈਲਸੀਅਸ ਹੁੰਦਾ ਹੈ, ਜਿਸ ਨੂੰ ਗਰਮ ਪਾਣੀ ਨਾਲ ਨਹਾਉਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਦਰਅਸਲ, ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਨਾਲ ਤੁਹਾਡੀ ਚਮੜੀ ਸੜ ਸਕਦੀ ਹੈ। ਕੋਵਿਡ-19 ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਵਾਰ ਵਾਰ ਆਪਣੇ ਹੱਥਾਂ ਨੂੰ ਸਾਫ ਕਰੋ।
* ਕੋਰੋਨਾਵਾਇਰਸ ਮੱਛਰਾਂ ਦੇ ਰਾਹੀਂ ਨਹੀਂ ਫੈਲਦਾ?
-ਅੱਜ ਦੀ ਤਰੀਕ ਤੱਕ ਇਸ ਬਾਰੇ ਕੋਈ ਵੀ ਸਬੂਤ ਜਾਂ ਜਾਣਕਾਰੀ ਨਹੀਂ ਮਿਲੀ ਕਿ ਕੋਰੋਨਾ ਵਾਇਰਸ ਮੱਛਰਾਂ ਰਾਹੀਂ ਵੀ ਫੈਲਦਾ ਹੋਵੇ। ਇਹ ਵਾਇਰਸ ਲਾਗ ਨਾਲ ਫੈਲਦਾ ਹੈ ਅਤੇ ਪੀੜਤ ਵਿਅਕਤੀ ਵਲੋਂ ਮਾਰੀਆਂ ਛਿੱਕਾਂ, ਖੰਘ ਆਦਿ ਨਾਲ ਮੂੰਹ 'ਚੋਂ ਨਿਕਲੇ ਕੀਟਾਣੂਆਂ ਰਾਹੀਂ ਇਸ ਦੇ ਫੈਲਣ ਦਾ ਖਤਰਾ ਜ਼ਿਆਦਾ ਹੈ।
* ਕੀ ਸਰੀਰ 'ਤੇ ਅਲਕੋਹਲ ਜਾਂ ਕਲੋਰੀਨ ਦੇ ਛਿੜਕਾਅ ਨਾਲ ਕੋਰੋਨਾ ਵਾਇਰਸ ਖਤਮ ਹੋ ਜਾਂਦਾ ਹੈ?
-ਤੁਹਾਡੇ ਸਰੀਰ ਅੰਦਰ ਦਾਖਲ ਹੋ ਚੁੱਕਾ ਵਾਇਰਸ ਅਲਕੋਹਲ ਜਾਂ ਕਲੋਰੀਨ ਦੇ ਛਿੜਕਾਅ ਨਾਲ ਖਤਮ ਨਹੀਂ ਹੋ ਸਕਦਾ। ਪਰ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਅਤੇ ਚਮੜੀ ਨੂੰ ਨੁਕਸਾਨ ਜ਼ਰੂਰ ਪੁੱਜ ਸਕਦਾ ਹੈ। ਇਸ ਲਈ ਸੁਚੇਤ ਰਹੋ।
* ਕੀ ਨਿਯਮਿਤ ਰੂਪ ਨਾਲ ਨੱਕ ਨੂੰ ਖਾਰੇ (ਰਸਾਇਣ) ਨਾਲ ਸਾਫ਼ ਕਰਨ ਨਾਲ ਕੋਰੋਨਾ ਵਾਇਰਸ ਨਾਲ ਲੜਨ ਦੀ ਤਾਕਤ ਮਿਲਦੀ ਹੈ?
-ਇਸ ਗੱਲ ਦਾ ਵੀ ਕੋਈ ਪ੍ਰਮਾਣ ਨਹੀਂ ਮਿਲਦਾ ਹੈ। ਹਾਂ, ਏਨਾ ਜ਼ਰੂਰ ਹੈ ਕਿ ਇਹ ਗੱਲ ਕੁਝ ਹੱਦ ਤੱਕ ਠੀਕ ਹੈ ਕਿ ਆਪਣੇ ਨੱਕ ਨੂੰ ਖਾਰੇ ਨਾਲ ਸਾਫ ਕਰਨ ਨਾਲ ਆਮ ਜ਼ੁਕਾਮ ਦੇ ਠੀਕ ਹੋਣ 'ਚ ਮਦਦ ਮਿਲਦੀ ਹੈ। ਹਾਲਾਂਕਿ ਨਿਯਮਿਤ ਰੂਪ ਵਿਚ ਇਸ ਤਰ੍ਹਾਂ ਕਰਨ ਨਾਲ ਨੱਕ 'ਤੇ ਇੰਫੈਕਸ਼ਨ ਹੋ ਸਕਦੀ ਹੈ।
* ਕੀ ਲਸਣ ਖਾਣ ਦੇ ਨਾਲ ਕੋਰੋਨਾ ਵਾਇਰਸ ਦਾ ਖ਼ਤਰਾ ਘਟ ਜਾਂਦਾ ਹੈ?
-ਲਸਣ ਸਿਹਤ ਲਈ ਫਾਇਦੇਮੰਦ ਹੈ। ਹਾਲਾਂਕਿ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਮਿਲਦਾ ਕਿ ਲਸਣ ਖਾਣ ਦੇ ਨਾਲ ਕੋਰੋਨਾਵਾਇਰਸ ਦਾ ਖਤਰਾ ਘਟ ਜਾਂਦਾ ਹੋਵੇ। ਅੱਜ ਦੀ ਤਰੀਕ ਤੱਕ ਅਜਿਹੀਆਂ ਕੋਈ ਵੀ ਦਵਾਈਆਂ ਦੀ ਸਿਫ਼ਾਰਿਸ਼ ਨਹੀਂ ਕੀਤੀ ਗਈ, ਜੋ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਹਾਇਕ ਸਿੱਧ ਹੋ ਸਕਣ। ਹਾਲਾਂਕਿ ਜਿਨ੍ਹਾਂ ਲੋਕਾਂ ਵਿਚ ਇਸ ਵਾਇਰਸ ਦੇ ਲੱਛਣ ਉਭਰ ਰਹੇ ਹਨ, ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
* ਕੀ ਐਂਟੀਬਾਇਟਿਕਸ ਕੋਰੋਨਾ ਵਾਇਰਸ ਦੇ ਇਲਾਜ ਅਤੇ ਇਸ ਨੂੰ ਰੋਕਣ ਵਿਚ ਅਸਰਦਾਇਕ ਹੁੰਦੇ ਹਨ?
ਨਹੀਂ ਐਂਟੀਬਾਇਟਿਕਸ ਇਸ ਵਾਇਰਸ ਨੂੰ ਨਹੀਂ ਰੋਕ ਸਕਦਾ। ਇਹ ਸਿਰਫ ਬੈਕਟੀਰੀਆ ਨੂੰ ਖਤਮ ਕਰਨ 'ਚ ਕੰਮ ਆਉਂਦਾ ਹੈ। ਕੋਵਿਡ-19 ਵੀ ਇਕ ਵਾਇਰਸ ਹੀ ਹੈ, ਇਸ ਲਈ ਐਂਟੀਬਾਇਟਿਕਸ ਇਸ ਲਈ ਕਾਰਗਰ ਨਹੀਂ ਹਨ।
* ਕੀ ਕੋਰੋਨਾ ਵਾਇਰਸ ਨੌਜਵਾਨਾਂ ਦੇ ਮੁਕਾਬਲੇ ਸਿਰਫ ਬਜ਼ੁਰਗਾਂ 'ਤੇ ਵਧੇਰੇ ਅਸਰ ਕਰਦਾ ਹੈ?
-ਦਰਅਸਲ, ਇਹ ਵਾਇਰਸ ਹਰ ਉਮਰ ਦੇ ਲੋਕਾਂ 'ਤੇ ਆਪਣਾ ਪ੍ਰਭਾਵ ਪਾਉਂਦਾ ਹੈ। ਹਰ ਉਮਰ ਦਾ ਵਿਅਕਤੀ ਇਸ ਤੋਂ ਪੀੜਤ ਹੋ ਸਕਦਾ ਹੈ। ਪਰ ਵੱਧ ਉਮਰ ਦੇ ਲੋਕ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ (ਜਿਵੇਂ ਅਸਥਮਾ, ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ) ਨਾਲ ਜੂਝ ਰਹੇ ਲੋਕਾਂ ਦੀ ਇਸ ਵਾਇਰਸ ਨਾਲ ਬਿਮਾਰ ਹੋਣ ਦੀ ਸੰਭਾਵਨਾ ਵਧੇਰੇ ਹੈ।
* ਕੀ ਕੋਰੋਨਾ ਵਾਇਰਸ ਤੋਂ ਬਚਣ ਲਈ ਕੋਈ ਵਿਸ਼ੇਸ਼ ਦਵਾਈਆਂ ਹਨ?
ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਾਇਰਸ ਤੋਂ ਬਚਣ ਲਈ ਵਾਰ ਵਾਰ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਜਾਂ ਸੈਨੇਟਾਈਜ਼ਰ ਨਾਲ ਸਾਫ਼ ਕੀਤਾ ਜਾਵੇ। ਖੰਘ ਅਤੇ ਛਿੱਕਾਂ ਦੇ ਰੋਗੀ ਤੋਂ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੈ।
**


ਖ਼ਬਰ ਸ਼ੇਅਰ ਕਰੋ

ਫਲ, ਬੂਟਿਆਂ ਦੀ ਕਿਵੇਂ ਕਰੀਏ ਕਾਂਟ-ਛਾਂਟ

ਆਪਣੇ ਬਗ਼ੀਚੇ ਵਿਚ ਲਗਾਏ ਗਏ ਬੂਟਿਆਂ ਦੀ ਕਾਂਟ-ਛਾਂਟ ਕਰਕੇ ਇਨ੍ਹਾਂ ਨੂੰ ਆਕਾਰ ਵਿਚ ਰੱਖਿਆ ਜਾਂਦਾ ਹੈ। ਇਸ ਨਾਲ ਇਨ੍ਹਾਂ ਦੀ ਵਾਧਾ ਵੀ ਚੰਗਾ ਹੁੰਦਾ ਹੈ। ਨਿਯਮਿਤ ਰੂਪ ਨਾਲ ਕਾਂਟ-ਛਾਂਟ ਕਰਨ ਨਾਲ ਉਨ੍ਹਾਂ ਨੂੰ ਧੁੱਪ ਅਤੇ ਹਵਾ ਸਹੀ ਮਿਲਦੀ ਹੈ, ਜਿਸ ਨਾਲ ਉਨ੍ਹਾਂ ਦੀ ਮਜ਼ਬੂਤੀ ਵਧਦੀ ਹੈ। ਵੱਡੇ ਫਲ ਬੂਟਿਆਂ ਦੀ ਬਿਮਾਰੀ ਅਤੇ ਖਰਾਬ ਟਾਹਣੀਆਂ ਨੂੰ ਹਟਾਉਣ ਲਈ ਉਨ੍ਹਾਂ ਦੀ ਕਾਂਟ-ਛਾਂਟ ਕਰਨੀ ਪੈਂਦੀ ਹੈ। ਫਲਦਾਰ ਬੂਟਿਆਂ ਨੂੰ ਉਨ੍ਹਾਂ ਦੇ ਫਲਾਂ ਦੀ ਗੁਣਵੱਤਾ ਅਤੇ ਚੰਗਾ ਰੰਗ ਪਾਉਣ ਲਈ ਵੀ ਕਾਂਟ-ਛਾਂਟ ਕੀਤੀ ਜਾਂਦੀ ਹੈ। ਸਦਾਬਹਾਰ ਬੂਟਿਆਂ ਦੀ ਕਾਂਟ-ਛਾਂਟ ਸਾਲ ਦੇ ਕਿਸੇ ਵੀ ਮਹੀਨੇ ਵਿਚ ਕਰ ਸਕਦੇ ਹੋ। ਪਰ ਫਲ ਦੇਣ ਵਾਲੇ ਬੂਟਿਆਂ ਦੀ ਕਾਂਟ-ਛਾਂਟ ਤਦੇ ਕਰਨੀ ਚਾਹੀਦੀ ਹੈ, ਜਦੋਂ ਉਨ੍ਹਾਂ ਦੀ ਪੱਤੀਆਂ ਡਿੱਗ ਜਾਂਦੀਆਂ ਹਨ। ਬੂਟਿਆਂ ਦੀ ਕਟਾਈ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ।
ਸਹੀ ਸਮਾਂ :ਬੂਟਿਆਂ ਅਤੇ ਵੱਡੇ ਦਰੱਖਤਾਂ ਦੀ ਕਟਾਈ ਕਰਦੇ ਸਮੇਂ ਹੇਠਾਂ ਇਕ ਪੁਰਾਣਾ ਪੌਲੀਥੀਨ ਜਾਂ ਕੱਪੜਾ ਵਿਛਾ ਲਓ, ਤਾਂ ਕਿ ਉਨ੍ਹਾਂ ਦੀ ਕਟਾਈ ਨੂੰ ਅਰਾਮ ਨਾਲ ਸਮੇਟਿਆ ਜਾ ਸਕੇ।
ਟਾਹਣੀਆਂ ਦੀ ਛਿੱਲ ਲਾਹੁਣਾ : ਲੰਬੀਆਂ ਟਾਹਣੀਆਂ ਨੂੰ ਇਕ ਹੀ ਝਟਕੇ ਵਿਚ ਨਾ ਕੱਟ ਕੇ ਹੌਲੀ-ਹੌਲੀ ਆਰੀ ਨਾਲ ਕੱਟੋ। ਕਿਸੇ ਟਾਹਣੀ ਦੇ ਆਖਰੀ ਹਿੱਸੇ ਨੂੰ ਤਣੇ ਤੋਂ ਵੱਖ ਕਰਨ ਲਈ ਉਸ ਨੂੰ ਉੱਪਰ ਤੋਂ ਕੱਟੋ। ਇਸ ਤੋਂ ਬਾਅਦ ਉਸੇ ਤਣੇ ਤੋਂ ਕੱਟੇ ਹਿੱਸੇ ਨੂੰ ਕਿਸੇ ਧਾਰਦਾਰ ਚਾਕੂ ਨਾਲ ਸਮਤਲ ਕਰੋ।
ਕਲੀਆਂ ਨੂੰ ਨੁਕਸਾਨ ਨਾ ਪਹੁੰਚਾਓ : ਬੂਟਿਆਂ ਅਤੇ ਵੱਡੇ ਦਰੱਖਤਾਂ ਦੀ ਕਟਾਈ ਕਰਦੇ ਸਮੇਂ ਉਨ੍ਹਾਂ ਦੀਆਂ ਕਲੀਆਂ ਨੂੰ ਨੁਕਸਾਨ ਨਾ ਪਹੁੰਚਾਓ। ਇਹ ਖਰਾਬ ਹੋ ਸਕਦੀਆਂ ਹਨ। ਜੇਕਰ ਇਹ ਖਰਾਬ ਹੋ ਜਾਂਦੀ ਹੈ ਅਤੇ ਦਰੱਖਤ 'ਤੇ ਹੀ ਲੱਗੀ ਰਹਿੰਦੀ ਹੈ ਤਾਂ ਇਨ੍ਹਾਂ ਵਿਚ ਕੀੜੇ ਲੱਗਣ ਦਾ ਡਰ ਬਣਿਆ ਰਹਿੰਦਾ ਹੈ।
ਹਰ ਪੌਦੇ ਦੀ ਕਰੋ ਕਟਾਈ : ਛੋਟੀਆਂ ਪੱਤੀਆਂ ਵਾਲੀਆਂ ਝਾੜੀਆਂ ਦੇ ਮੁਕਾਬਲੇ 12 ਮਹੀਨੇ ਹਰੇ ਰਹਿਣ ਵਾਲੇ ਦਰੱਖਤ ਦੀ ਕਟਾਈ ਕਰਦੇ ਸਮੇਂ ਵਾਧੂ ਸਾਵਧਾਨੀ ਵਰਤੋ। ਇਨ੍ਹਾਂ ਨੂੰ ਸਾਲ ਵਿਚ ਇਕ ਵਾਰ ਕਟਾਈ ਕਰੋ। ਸਰਦੀਆਂ ਅਤੇ ਬਸੰਤ ਦੇ ਮੌਸਮ ਵਿਚ ਖਿੜਨ ਵਾਲੇ ਫੁੱਲਾਂ ਦੇ ਪੌਦਿਆਂ ਨੂੰ ਅਪ੍ਰੈਲ, ਮਈ ਵਿਚ ਕਾਂਟ-ਛਾਂਟ ਕਰੋ। ਲੈਵੇਂਡਰ ਦੀਆਂ ਝਾੜੀਆਂ ਨੂੰ ਮਾਰਚ ਅਤੇ ਅਪ੍ਰੈਲ ਵਿਚ ਕੱਟਣ ਲਈ ਧਾਰਦਾਰ ਕੈਂਚੀ ਜਾਂ ਦੂਜੇ ਔਜਾਰ ਦੀ ਵਰਤੋਂ ਕਰੋ।
ਬੂਟਿਆਂ ਨੂੰ ਕੁਦਰਤੀ ਦਿੱਖ ਦਿਓ : ਵੱਡੇ ਦਰੱਖਤਾਂ ਨੂੰ ਕੱਟ ਕੇ ਜੇਕਰ ਤੁਸੀਂ ਉਨ੍ਹਾਂ ਨੂੰ ਸੁੰਦਰ ਦਿੱਖ ਦੇਣਾ ਚਾਹੁੰਦੇ ਹੋ ਤਾਂ ਉਸ ਦੇ ਆਲੇ-ਦੁਆਲੇ ਦੀਆਂ ਟਾਹਣੀਆਂ ਨੂੰ ਬਰਾਬਰ ਮਾਤਰਾ ਵਿਚ ਕੱਟੋ। ਇਹ ਦਰੱਖਤ ਨੂੰ ਕੁਦਰਤੀ ਦਿੱਖ ਦਿੰਦਾ ਹੈ ਅਤੇ ਹਵਾ ਵਿਚ ਉਸ ਦੀ ਸੁਰੱਖਿਆ ਵੀ ਕਰਦਾ ਹੈ।
ਝਾੜੀਆਂ ਦੀ ਕਟਾਈ : ਝਾੜੀਆਂ ਵਿਚ ਜੇਕਰ ਨਵੀਆਂ ਟਾਹਣੀਆਂ ਨਿਕਲਦੀਆਂ ਹਨ, ਤਾਂ ਇਕ ਸਾਲ ਤੋਂ ਬਾਅਦ ਪੁਰਾਣੀਆਂ ਨੂੰ ਕੱਢ ਦੇਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦਾ ਵਾਧਾ ਚੰਗੀ ਤਰ੍ਹਾਂ ਹੁੰਦਾ ਹੈ। ਹਰ ਝਾੜੀ ਦੇ ਨਵੇਂ ਪੱਤੇ ਨਿਕਲਦੇ ਹਨ। ਲੰਮੇ ਅਤੇ ਪਿਰਾਮਿਡ ਆਕਾਰ ਦੇ ਦਰੱਖਤਾਂ ਨੂੰ ਜੇਕਰ ਲੰਮੇ ਸਮੇਂ ਤੱਕ ਕੱਟਿਆ ਨਾ ਜਾਵੇ ਤਾਂ ਉਹ ਆਪਣੀ ਅਸਲੀ ਦਿੱਖ ਗਵਾ ਦਿੰਦੇ ਹਨ। ਉਨ੍ਹਾਂ ਦੀਆਂ ਟਾਹਣੀਆਂ ਦੇ ਕੋਨਿਆਂ ਤੋਂ ਉਨ੍ਹਾਂ ਨੂੰ ਕਟ ਦੇਣਾ ਚਾਹੀਦਾ। ਹਰ ਦੋ ਸਾਲ ਬਾਅਦ ਜੇਕਰ ਇਨ੍ਹਾਂ ਦੀ ਕਟਾਈ ਕਰ ਦਿੱਤੀ ਜਾਵੇ ਤਾਂ ਦਰੱਖਤ ਆਪਣੇ ਆਕਾਰ ਵਿਚ ਦੁਬਾਰਾ ਆ ਜਾਂਦਾ ਹੈ।

ਲਸਣ ਨਾਲ ਹਾਸਲ ਕਰੋ ਸੁੰਦਰਤਾ

ਲੰਮੇ, ਸੰਘਣੇ ਅਤੇ ਚਮਕੀਲੇ ਵਾਲਾਂ ਦੀ ਚਾਹਤ ਹਰ ਔਰਤ ਵਿਚ ਹੁੰਦੀ ਹੈ ਅਤੇ ਇਸ ਲਈ ਔਰਤਾਂ ਮਹਿੰਗੇ ਸੁੰਦਰਤਾ ਸਾਧਨਾਂ, ਸੁੰਦਰਤਾ ਮਾਹਿਰਾਂ ਅਤੇ ਸੈਲੂਨ ਵਾਲਿਆਂ ਦੀਆਂ ਸੇਵਾਵਾਂ ਲੈਣ ਤੋਂ ਬਿਲਕੁਲ ਪਰਹੇਜ਼ ਨਹੀਂ ਕਰਦੀਆਂ। ਵਾਲਾਂ ਦੀ ਸੁੰਦਰਤਾ ਦੀ ਸਭ ਤੋਂ ਤਾਕਤਵਰ ਦਵਾਈ ਤੁਹਾਡੀ ਰਸੋਈ ਵਿਚ ਹੀ ਮੌਜੂਦ ਹੁੰਦੀ ਹੈ। ਉਸ ਨੂੰ ਆਮ ਭਾਸ਼ਾ ਵਿਚ ਲਸਣ ਕਿਹਾ ਜਾਂਦਾ ਹੈ। ਲਸਣ ਦੇ ਨਿਯਮਿਤ ਰੂਪ ਨਾਲ ਸੇਵਨ ਕਰਨ ਨਾਲ ਸਿਹਤ ਦੇ ਨਾਲ-ਨਾਲ ਚਮੜੀ ਨਾਲ ਜੁੜੇ ਕਿੱਲ, ਮੁਹਾਂਸੇ, ਕਾਲੇ ਦਾਗ਼ ਅਤੇ ਵਾਲਾਂ ਨਾਲ ਜੁੜੀਆਂ ਸੁੰਦਰਤਾ ਸਮੱਸਿਆਵਾਂ ਦਾ ਕੁਦਰਤੀ ਇਲਾਜ ਹੁੰਦਾ ਹੈ। ਲਸਣ ਵਿਚ ਵਿਟਾਮਿਨ-ਬੀ6, ਸੀ, ਮੈਗਨਿਸ, ਸੈਲੇਨੀਅਮ ਵਰਗੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਵਾਲਾਂ ਦੀ ਪੈਦਾਵਰ ਅਤੇ ਵਿਕਾਸ ਵਿਚ ਸਹਾਇਕ ਹੁੰਦੇ ਹਨ ਅਤੇ ਇਸ ਨਾਲ ਵਾਲਾਂ ਦਾ ਝੜਨਾ ਰੁਕ ਜਾਂਦਾ ਹੈ।
ਲਸਣ ਦੀਆਂ ਦਸ ਕਲੀਆਂ ਅਤੇ 2 ਚਮਚ ਸ਼ਹਿਦ ਨੂੰ ਮਿਲਾ ਕੇ ਇਸ ਦਾ ਮਾਸਕ ਬਣਾ ਕੇ ਲਗਪਗ ਅੱਧੇ ਘੰਟੇ ਤੱਕ ਵਾਲਾਂ 'ਤੇ ਲੱਗਾ ਰਹਿਣ ਦਿਓ। ਜਦੋਂ ਇਹ ਮਾਸਕ ਕੁਦਰਤੀ ਤੌਰ 'ਤੇ ਸੁੱਕ ਜਾਵੇ ਤਾਂ ਇਸ ਨੂੰ ਤਾਜ਼ੇ ਸਾਫ਼ ਪਾਣੀ ਨਾਲ ਧੋ ਦਿਓ। ਜਿਥੇ ਸ਼ਹਿਦ ਨਾਲ ਵਾਲਾਂ ਦੀ ਨਮੀ ਬਰਕਰਾਰ ਰਹਿੰਦੀ ਹੈ, ਉਥੇ ਕੰਡੀਸ਼ਨਿੰਗ ਵੀ ਹੁੰਦੀ ਹੈ। ਉਥੇ ਦੂਜੇ ਪਾਸੇ ਲਸਣ ਵਿਚ ਮੌਜੂਦ ਵਿਟਾਮਿਨ-ਈ ਨਾਲ ਵਾਲਾਂ ਦਾ ਝੜਨਾ ਅਤੇ ਟੁੱਟਣਾ ਰੁਕਦਾ ਹੈ ਅਤੇ ਵਾਲਾਂ ਦਾ ਵਾਧਾ ਵੀ ਹੁੰਦਾ ਹੈ। ਵਾਲਾਂ ਵਿਚ ਲਸਣ ਨੂੰ ਹੋਰ ਚੀਜ਼ਾਂ ਨਾਲ ਮਿਲਾ ਕੇ ਹੀ ਲਗਾਉਣਾ ਚਾਹੀਦਾ।
ਤੁਸੀਂ ਲਸਣ ਨਾਲ ਸੁਗੰਧਿਤ ਵਾਲਾਂ ਦਾ ਤੇਲ ਘਰ ਵਿਚ ਹੀ ਬਣਾ ਸਕਦੇ ਹੋ। ਲਸਣ ਨੂੰ ਕੱਟ ਕੇ ਇਸ ਵਿਚ ਨਾਰੀਅਲ ਤੇਲ ਜਾਂ ਜੈਤੂਨ ਦਾ ਤੇਲ ਮਿਲਾ ਕੇ ਇਸ ਮਿਸ਼ਰਨ ਨੂੰ ਇਕ ਠੰਢੇ, ਖ਼ੁਸ਼ਕ ਥਾਂ 'ਤੇ ਜਾਰ ਵਿਚ ਭਰ ਕੇ ਦਸ ਦਿਨ ਤੱਕ ਰੱਖ ਲਓ ਅਤੇ ਇਸ ਤੇਲ ਨੂੰ ਵਾਲਾਂ ਦੀ ਚਮਕ ਅਤੇ ਵਾਧੇ ਲਈ ਵਰਤੋਂ ਕਰੋ। ਲਸਣ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਕੇ ਇਸ ਨੂੰ ਗਰਮ ਨਾਰੀਅਲ ਤੇਲ ਵਿਚ ਮਿਲਾ ਲਓ ਅਤੇ ਇਸ ਮਿਸ਼ਰਨ ਨੂੰ ਵਾਲਾਂ ਵਿਚ ਸ਼ੈਂਪੂ ਕਰਨ ਤੋਂ ਪਹਿਲਾਂ ਅੱਧਾ ਘੰਟਾ ਲਗਾ ਲਓ। ਲਸਣ ਨੂੰ ਐਲੋਵੈਰਾ ਜੈੱਲ ਵਿਚ ਮਿਲਾ ਕੇ ਇਸ ਮਿਸ਼ਰਨ ਨੂੰ ਅੱਧੇ ਘੰਟੇ ਤੱਕ ਵਾਲਾਂ ਵਿਚ ਲਗਾਉਣ ਤੋਂ ਬਾਅਦ ਵਾਲਾਂ ਨੂੰ ਸਾਫ਼ ਤਾਜ਼ੇ ਪਾਣੀ ਨਾਲ ਧੋ ਲਓ। ਲਸਣ ਦੀਆਂ ਪੰਜ ਕਲੀਆਂ ਨੂੰ ਪਿਆਜ਼ ਦੇ ਨਾਲ ਮਿਸ਼ਰਨ ਕਰਕੇ ਇਸ ਦਾ ਜੂਸ ਕੱਢ ਲਓ ਅਤੇ ਇਸ ਜੂਸ ਨੂੰ 15 ਮਿੰਟ ਤੱਕ ਵਾਲਾਂ, ਖੋਪੜੀ 'ਤੇ ਲਗਾਉਣ ਤੋਂ ਬਾਅਦ ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋ ਦਿਓ। ਲਸਣ ਦਾ ਪੇਸਟ ਬਣਾ ਕੇ ਇਸ ਨੂੰ ਤੇਲ ਵਿਚ ਭੁੰਨ ਲਓ। ਜਦੋਂ ਇਹ ਹਲਕੇ ਭੂਰੇ ਰੰਗ ਦਾ ਹੋ ਜਾਵੇ ਤਾਂ ਤੇਲ ਦੇ ਠੰਢਾ ਹੋਣ ਤੋਂ ਬਾਅਦ ਲਸਣ ਨੂੰ ਬਾਹਰ ਕੱਢ ਦਿਓ ਤੇ ਇਸ ਤੇਲ ਨੂੰ ਵਾਲਾਂ ਦੀ ਸਿਹਤ ਵਧਾਉਣ ਲਈ ਵਰਤੋਂ ਕਰ ਸਕਦੇ ਹੋ।
6 ਚਮਚ ਲਸਣ ਤੇਲ, 2 ਚਮਚ ਨਾਰੀਅਲ ਤੇਲ ਅਤੇ ਇਕ ਚਮਚ ਮਹਿੰਦੀ ਤੇਲ ਲੈ ਕੇ ਸਾਰੇ ਦਾ ਮਿਸ਼ਰਨ ਇਕ ਜਾਰ ਵਿਚ ਰੱਖ ਲਓ। ਇਸ ਮਿਸ਼ਰਤ ਤੇਲ ਦੇ ਤਿੰਨ ਚਮਚ ਲੈ ਕੇ ਇਸ ਨੂੰ ਵਾਲਾਂ ਅਤੇ ਖੋਪੜੀ ਵਿਚ ਮਾਲਿਸ਼ ਕਰੋ ਅਤੇ ਇਕ ਘੰਟੇ ਬਾਅਦ ਸਧਾਰਨ ਪਾਣੀ ਨਾਲ ਧੋ ਦਿਓ। ਲਸਣ ਦੀ ਇਕ ਕਾਲੀ ਅਤੇ ਸ਼ਹਿਦ ਨੂੰ ਆਪਣੇ ਸ਼ੈਂਪੂ ਜਾਂ ਕੰਡੀਸ਼ਨਰ ਵਿਚ ਮਿਲਾ ਕੇ ਵਾਲਾਂ 'ਤੇ ਲਗਾਉਣ ਨਾਲ ਖੋਪੜੀ 'ਚ ਮੌਜੂਦ ਜ਼ਹਿਰੀਲੇ ਪਦਾਰਥ ਖ਼ਤਮ ਹੋ ਜਾਂਦੇ ਹਨ, ਵਾਲਾਂ ਦੀ ਰੰਗਤ ਨਿਖਰਦੀ ਹੈ ਅਤੇ ਡੈਂਡਰਫ਼ ਜਾਂ ਖੋਪੜੀ ਦੀ ਖਾਰਸ਼ ਤੋਂ ਰਾਹਤ ਮਿਲਦੀ ਹੈ।
**

ਕੀ ਸੰਯੁਕਤ ਪਰਿਵਾਰ ਵਿਚ ਰਹਿਣ ਦੇ ਫ਼ਾਇਦੇ ਜਾਣਦੇ ਹੋ?

ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਸੰਯੁਕਤ ਪਰਿਵਾਰ ਵਿਚ ਰਹਿਣ ਦੇ ਕਈ ਨੁਕਸਾਨ ਹਨ ਜਿਵੇਂ-ਤੁਸੀਂ ਆਪਣੇ ਢੰਗ ਦਾ ਜੀਵਨ ਨਹੀਂ ਜੀਅ ਪਾਉਂਦੇ, ਆਪਣੀ ਚਾਹਤ ਨੂੰ ਅਮਲੀ ਜਾਮਾ ਪਵਾਉਣ ਵਿਚ ਮੁਸ਼ਕਿਲਾਂ ਆਉਂਦੀਆਂ ਹਨ ਅਤੇ ਕਈ ਵਾਰ ਸੰਯੁਕਤ ਪਰਿਵਾਰ ਦੇ ਬੋਝ ਹੇਠ ਸਾਡੀ ਨਿੱਜੀ ਸੁਪਨਿਆਂ ਦੀ ਬਲੀ ਚੜ੍ਹ ਜਾਂਦੀ ਹੈ। ਪਰ ਸੰਯੁਕਤ ਪਰਿਵਾਰ 'ਚ ਰਹਿਣ ਦੇ ਕਈ ਫ਼ਾਇਦੇ ਵੀ ਹਨ। ਕੀ ਤੁਸੀਂ ਇਨ੍ਹਾਂ ਫ਼ਾਇਦਿਆਂ ਨੂੰ ਜਾਣਦੇ ਹੋ? ਆਓ ਇਸ ਪਹੇਲੀ ਰਾਹੀਂ ਪਰਖਦੇ ਹਾਂ।
1. ਤੁਹਾਡੇ ਬੇਟੇ ਨੂੰ ਬੋਰਡਿੰਗ ਸਕੂਲ ਵਿਚ ਪੜ੍ਹਾਈ ਕਰਨ ਸਮੇਂ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਹੋਸਟਲ ਵਿਚ ਕਮਰਾ ਸਾਂਝਾ ਕਰਨ ਵਿਚ ਹੋਈ, ਜਦੋਂ ਕਿ ਤੁਹਾਨੂੰ ਖ਼ੁਦ ਹੋਸਟਲ ਵਿਚ ਰਹਿੰਦੇ ਹੋਏ ਇਹ ਪ੍ਰੇਸ਼ਾਨੀ ਕਦੀ ਨਹੀਂ ਹੋਈ, ਕਿਉਂਕਿ-
(ੳ) ਤੁਸੀਂ ਸੰਯੁਕਤ ਪਰਿਵਾਰ ਵਿਚ ਪਲੇ ਸੀ, ਜਿਥੇ ਤੁਹਾਡੇ ਲਈ ਕਮਰਾ ਸਾਂਝਾ ਕਰਨਾ ਇਕ ਆਮ ਗੱਲ ਸੀ।
(ਅ) ਤੁਹਾਡੇ ਮੰਮੀ ਪਾਪਾ ਗ਼ਰੀਬ ਸਨ।
(ੲ) ਤੁਸੀਂ ਦੱਬੂ ਸੁਭਾਅ ਦੇ ਸੀ।
2. ਤੁਸੀਂ ਦੂਜੇ ਸ਼ਹਿਰ ਵਿਚ ਜਾ ਕੇ ਨੌਕਰੀ ਕਰਨ ਦੀ ਬਜਾਏ ਆਪਣੇ ਸ਼ਹਿਰ ਵਿਚ ਪੰਜ ਹਜ਼ਾਰ ਰੁਪਏ ਘੱਟ ਤਨਖ਼ਾਹ 'ਤੇ ਨੌਕਰੀ ਕਰਨਾ ਇਸ ਲਈ ਸਵੀਕਾਰ ਕੀਤਾ ਕਿਉਂਕਿ-(ੳ) ਤੁਹਾਨੂੰ ਦੂਜੇ ਸ਼ਹਿਰ ਵਿਚ ਭਾਸ਼ਾਈ ਮੁਸ਼ਕਿਲ ਸੀ। (ਅ) ਤੁਹਾਨੂੰ ਪਰਿਵਾਰ ਦੇ ਨਾਲ ਰਹਿਣਾ ਹੀ ਚੰਗਾ ਲਗਦਾ ਹੈ। (ੲ) ਦੂਜੇ ਸ਼ਹਿਰ ਵਿਚ ਤੁਹਾਨੂੰ ਰਹਿਣ ਦਾ ਖਰਚ ਪਰਿਵਾਰ ਦੇ ਨਾਲ ਰਹਿਣ ਤੋਂ ਕਾਫ਼ੀ ਜ਼ਿਆਦਾ ਸੀ।
3. ਤੁਸੀਂ ਆਪਣੇ ਬਚਪਨ ਵਿਚ ਕਾਫ਼ੀ ਬੋਲਦੇ ਸੀ ਅਤੇ ਤੁਹਾਡਾ ਸੁਭਾਅ ਵੀ ਹਸਮੁੱਖ ਸੀ, ਜਦੋਂ ਕਿ ਤੁਹਾਡੀ ਬੇਟੀ ਘੱਟ ਬੋਲਦੀ ਹੈ ਅਤੇ ਅਕਸਰ ਤਣਾਅ ਵਿਚ ਰਹਿੰਦੀ ਹੈ। ਕਿਉਂਕਿ-
(ੳ) ਤੁਹਾਡੀ ਬੇਟੀ 'ਤੇ ਪੜ੍ਹਾਈ ਅਤੇ ਕਰੀਅਰ ਦਾ ਦਬਾਅ ਤੁਹਾਡੇ ਮੁਕਾਬਲੇ ਬਹੁਤ ਜ਼ਿਆਦਾ ਹੈ।
(ਅ) ਤੁਹਾਡੇ ਸਮੇਂ ਸੋਸ਼ਲ ਮੀਡੀਆ ਨਹੀਂ ਸੀ। (ੲ) ਕਿਉਂਕਿ ਤੁਸੀਂ ਸੰਯੁਕਤ ਪਰਿਵਾਰ ਵਿਚ ਰਹਿੰਦੇ ਸੀ ਅਤੇ ਤੁਹਾਡੀ ਬੇਟੀ ਇਕੱਲੇ ਪਰਿਵਾਰ ਵਿਚ ਰਹਿੰਦੀ ਹੈ।
4. ਪਹਿਲਾਂ ਲੋਕ ਕਈ-ਕਈ ਬੱਚਿਆਂ ਦੀ ਪਰਵਰਿਸ਼ ਬਹੁਤ ਸੌਖਿਆਂ ਕਰ ਲੈਂਦੇ ਸੀ। ਪਰ ਅੱਜ ਇਕ ਬੱਚੇ ਦੀ ਪਰਵਰਿਸ਼ ਵੀ ਭਾਰੀ ਪੈਂਦੀ ਹੈ, ਕਿਉਂਕਿ-
(ੳ) ਪਹਿਲਾਂ ਦੇ ਬੱਚੇ ਬਹੁਤੀ ਮੰਗ ਨਹੀਂ ਕਰਦੇ ਸਨ।
(ਅ) ਪਹਿਲਾਂ ਸੰਯੁਕਤ ਪਰਿਵਾਰ ਸਨ, ਜਿਥੇ ਬੱਚਾ ਸਭ ਦੀ ਜ਼ਿੰਮੇਵਾਰੀ ਹੁੰਦਾ ਸੀ।
(ੲ) ਪਹਿਲਾਂ ਏਨੀ ਮਹਿੰਗਾਈ ਨਹੀਂ ਸੀ।
5. ਤੁਹਾਡੇ ਮੰਮੀ ਪਾਪਾ, ਤੁਹਾਡੇ ਦੋਵਾਂ ਦੇ ਮੁਕਾਬਲੇ ਘੱਟ ਲੜਦੇ ਝਗੜਦੇ ਸੀ, ਕਿਉਂਕਿ-
(ੳ) ਸੰਯੁਕਤ ਪਰਿਵਾਰ ਵਿਚ ਰਹਿਣ ਕਾਰਨ ਪਰਿਵਾਰ ਦੇ ਦੂਜੇ ਮੈਂਬਰਾਂ ਦਾ ਲਿਹਾਜ਼ ਕਰਨਾ ਪੈਂਦਾ ਸੀ। (ਅ) ਮੰਮੀ, ਪਾਪਾ ਦੀ ਸਭ ਗੱਲ ਮੰਨ ਲੈਂਦੇ ਸੀ। (ੲ) ਕਿਉਂਕਿ ਪਹਿਲਾਂ ਜ਼ਿੰਦਗੀ ਏਨੀ ਤੇਜ਼ ਰਫ਼ਤਾਰ ਨਹੀਂ ਸੀ।
ਨਤੀਜਾ : ਜੇਕਰ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਇਨ੍ਹਾਂ ਦੇ ਜਵਾਬ ਦੇ ਰੂਪ ਵਿਚ ਉਸੇ ਬਦਲ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ, ਜਿਸ ਨੂੰ ਤੁਸੀਂ ਬਿਲਕੁਲ ਸਹੀ ਮੰਨਦੇ ਹੋ ਤਾਂ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਸੰਯੁਕਤ ਪਰਿਵਾਰ ਵਿਚ ਰਹਿਣ ਦੇ ਫ਼ਾਇਦੇ ਤੋਂ ਕਿੰਨਾ ਜਾਣੂ ਹੋ?
(ੳ) ਜੇਕਰ ਤੁਹਾਡੇ ਕੁੱਲ ਹਾਸਲ ਅੰਕ 10 ਜਾਂ ਇਸ ਤੋਂ ਘੱਟ ਹਨ ਤਾਂ ਆਪਣੇ ਸੰਯੁਕਤ ਪਰਿਵਾਰਾਂ ਬਾਰੇ ਥੋੜ੍ਹਾ ਬਹੁਤ ਸੁਣਿਆ ਤਾਂ ਹੈ, ਪਰ ਉਨ੍ਹਾਂ ਵਿਚ ਰਹਿਣ ਦੇ ਫ਼ਾਇਦੇ ਨੂੰ ਕੁਝ ਖ਼ਾਸ ਨਹੀਂ ਜਾਣਦੇ ਹੋ। ਚੰਗਾ ਹੈ ਵੱਡੇ ਬੁੱਢਿਆਂ ਨਾਲ ਇਸ ਬਾਰੇ ਵਿਚ ਚਰਚਾ ਕਰੋ। (ਅ) ਜੇਕਰ ਤੁਹਾਡੇ ਕੁੱਲ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਜਾਂ 15 ਤੋਂ ਘੱਟ ਹਨ ਤਾਂ ਤੁਸੀਂ ਸੰਯੁਕਤ ਪਰਿਵਾਰਾਂ ਦੇ ਮਹੱਤਵ ਨੂੰ ਸਮਝਦੀ ਤਾਂ ਹੋ, ਪਰ ਇਨ੍ਹਾਂ ਦੇ ਫਾਇਦਿਆਂ ਨੂੰ ਲੈ ਕੇ ਬਹੁਤ ਸਪੱਸ਼ਟ ਨਹੀਂ ਹੋ। ਬਾਵਜੂਦ ਇਸ ਦੇ ਕਿ ਵਿਵਹਾਰਕ ਰੂਪ ਨਾਲ ਤੁਹਾਨੂੰ ਸੰਯੁਕਤ ਪਰਿਵਾਰ ਚੰਗੇ ਲਗਦੇ ਹਨ। (ੲ) ਜੇਕਰ ਤੁਹਾਡੇ ਹਾਸਲ ਅੰਕ 15 ਤੋਂ ਜ਼ਿਆਦਾ ਹਨ ਜਾਂ ਚਾਹੇ ਜਿੰਨੇ ਹੋਣ, ਇਸ ਦਾ ਮਤਲਬ ਹੈ ਕਿ ਤੁਸੀਂ ਨਾ ਸਿਰਫ਼ ਸੰਯੁਕਤ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਸਗੋਂ ਉਨ੍ਹਾਂ ਦੇ ਫ਼ਾਇਦਿਆਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੋ।


-ਪੇਸ਼ਕਸ਼ : ਪਿੰਕੀ ਅਰੋੜਾ

ਆਓ ਕੰਮ-ਕਾਜੀ ਔਰਤਾਂ ਲਈ ਸੁਚਾਰੂ ਸੋਚ ਅਪਣਾਈਏ

ਔਰਤ ਲੰਮੇ ਸਮੇਂ ਤੱਕ ਕਮਜ਼ੋਰ ਤੇ ਅਬਲਾ ਸਮਝੀ ਜਾਂਦੀ ਰਹੀ। ਸਮੇਂ ਦੇ ਬਦਲਣ ਨਾਲ ਮਨੁੱਖੀ ਸੋਚ ਵਿਚ ਬਦਲਾਅ ਆਉਂਦਾ ਰਿਹਾ। ਔਰਤ ਨੇ ਚਾਰ ਦੀਵਾਰੀ ਦੀਆਂ ਬੇੜੀਆਂ ਤੋੜ ਕੇ ਸਮਾਜਿਕ ਉੱਨਤੀ ਦੇ ਹਰ ਪਹਿਲੂ ਵਿਚ ਹਿੱਸਾ ਪਾਇਆ। ਪਹਿਲਾਂ ਘਰ ਦੀ ਰਸੋਈ, ਬੱਚਿਆਂ ਦਾ ਪਾਲਣ-ਪੋਸ਼ਣ ਤੇ ਪਤੀ ਦੀ ਸੇਵਾ ਹੀ ਔਰਤ ਦਾ ਕਾਰਜ ਖੇਤਰ ਸੀ। ਸਿੱਖਿਆ ਪ੍ਰਾਪਤ ਕਰਨ 'ਤੇ ਇਸ ਦਾ ਬਹੁਤਾ ਅਧਿਕਾਰ ਨਹੀਂ ਸੀ। ਵੇਖਾ-ਵੇਖੀ ਪੜ੍ਹਾਈ ਵੱਲ ਕਦਮ ਵਧਾਏ। ਘਰ-ਪਰਿਵਾਰ ਦੀ ਆਰਥਿਕਤਾ ਸੁਧਾਰਨ ਲਈ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਧੰਦੇ ਸ਼ੁਰੂ ਕੀਤੇ। ਨੌਕਰੀਆਂ ਪ੍ਰਾਪਤ ਕਰਨ ਲਈ ਯਤਨ ਕੀਤੇ। ਔਰਤ ਵੀ ਮਰਦ ਵਾਂਗ ਕੰਮਕਾਜੀ ਬਣ ਗਈ। ਸਾਰੀਆਂ ਔਰਤਾਂ ਨੌਕਰੀ ਪ੍ਰਾਪਤ ਨਾ ਕਰ ਸਕਣ ਤੇ ਘਰੇਲੂ-ਧੰਦਿਆਂ ਨਾਲ ਜੁੜ ਗਈਆਂ। ਸਿਲਾਈ-ਕਢਾਈ, ਮੁਰਗੀ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣ ਤੇ ਖੁੰਭਾਂ ਉਗਾਉਣ ਦੇ ਧੰਦਿਆਂ ਨੇ ਔਰਤ ਨੂੰ ਆਤਮ-ਨਿਰਭਰ ਬਣਾਇਆ। ਇਥੋਂ ਤੱਕ ਕਿ ਮਜ਼ਦੂਰ ਔਰਤ ਇਕ ਬਾਂਹ 'ਤੇ ਨਿੱਕਾ ਬੱਚਾ ਤੇ ਸਿਰ 'ਤੇ ਇੱਟਾਂ ਦਾ ਭਾਰ ਢੋ ਕੇ ਵੀ ਘਰ ਪਰਿਵਾਰ ਦੀ ਖੁਸ਼ਹਾਲੀ ਵਿਚ ਹਿੱਸਾ ਪਾ ਰਹੀ ਹੈ। ਸਮਾਜ ਨੂੰ ਖੁਸ਼ਹਾਲ ਬਣਾ ਰਹੀ ਹੈ।
'ਮਰਦ ਘਰ ਦਾ ਕੰਮ ਕਰਦੇ ਚੰਗੇ ਨਹੀਂ ਲਗਦੇ' ਵਾਲੀ ਸੋਚ ਹੌਲੀ-ਹੌਲੀ ਬਦਲ ਰਹੀ ਹੈ। ਕਾਫ਼ੀ ਮਰਦ ਔਰਤ ਦਾ ਘਰ ਦੇ ਕੰਮ ਤੇ ਬੱਚੇ ਪਾਲਣ ਵਿਚ ਸਹਾਈ ਹੋ ਰਹੇ ਹਨ। ਪਰ ਅਜੇ ਵੀ ਕੁਝ ਮਰਦ ਔਖੇ ਹੋ ਕੇ ਕਹਿ ਦਿੰਦੇ ਹਨ, ਨੌਕਰੀ ਛੱਡ ਤੇ ਘਰ ਬੈਠ ਸਾਨੂੰ ਨਹੀਂ ਤੇਰੀ ਕਮਾਈ ਦੀ ਲੋੜ, ਅਜਿਹੀ ਸੋਚ ਮਾੜੀ ਹੈ। ਪਰ ਕਈ ਬਜ਼ੁਰਗ ਪਿਆਰ ਨਾਲ ਬੱਚੇ ਪਾਲਦੇ ਤੇ ਕੰਮਕਾਜੀ ਨੂੰਹਾਂ ਧੀਆਂ ਦੀ ਸਹਾਇਤਾ ਕਰਦੇ ਹਨ। ਇੰਝ ਸੰਯੁਕਤ ਪਰਿਵਾਰ ਪ੍ਰਣਾਲੀ ਬਣੀ ਰਹੇਗੀ।
ਅੱਜ ਸਮਾਜ ਵਿਚ ਅਜਿਹੀਆਂ ਅਸਹਿ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਬਾਰੇ ਸੋਚ ਕੇ ਮਨ ਕੰਬ ਜਾਂਦਾ ਹੈ। ਘਰੋਂ ਬਾਹਰ ਨਿਕਲਣ ਵਾਲੀਆਂ ਕੰਮਕਾਜੀ ਔਰਤਾਂ ਵੀ ਤੇ ਉਨ੍ਹਾਂ ਦੇ ਵਾਰਸ ਵੀ ਪ੍ਰੇਸ਼ਾਨ ਰਹਿੰਦੇ ਹਨ। ਅੱਜ ਔਰਤ ਆਪਣੇ ਹੀ ਸਿਰਜੇ ਸੁਹਣੇ ਸਮਾਜ ਹੱਥੋਂ ਬਹੁਤ ਅਸੁਰੱਖਿਅਤ ਹੈ ਕਿਉਂ? ਦੂਰ-ਦੁਰਾਡੇ ਸਫ਼ਰ ਦੀਆਂ ਦੁਸ਼ਵਾਰੀਆਂ ਤੋਂ ਕੋਈ ਅਣਜਾਣ ਨਹੀਂ ਰਾਹ ਜਾਂਦਿਆਂ, ਚੁੰਨੀਆਂ ਖਿੱਚ ਲੈਣੀਆਂ, ਮੋਬਾਈਲ ਤੇ ਪਰਸ ਖੋਹ ਲੈਣੇ, ਕੰਨਾਂ ਵਿਚੋਂ ਪਾਏ ਗਹਿਣੇ ਖੋਹਣ ਲਈ ਲਹੂ-ਲੁਹਾਨ ਕਰ ਦੇਣਾ, ਪਿਆਰ ਵਿਚੋਂ ਅਸਫ਼ਲ ਰਹਿਣ 'ਤੇ ਚਿਹਰਿਆਂ 'ਤੇ ਤੇਜ਼ਾਬ ਸੁੱਟ ਕੇ ਮੌਤ ਦੇ ਮੂੰਹ ਵਿਚ ਪਾ ਦੇਣਾ ਵਰਗੇ ਅਣਮਨੁੱਖੀ ਵਰਤਾਰੇ ਹਨ।
ਵੱਖਰੇ-ਵੱਖਰੇ ਥਾਵਾਂ 'ਤੇ ਨੌਕਰੀ ਕਰ ਰਹੀਆਂ ਔਰਤਾਂ ਨੂੰ ਬਰਾਬਰ ਦੀਆਂ ਸੁੱਖ ਸਹੂਲਤਾਂ ਨਹੀਂ। ਤਨਖਾਹਾਂ ਬਰਾਬਰ ਨਹੀਂ। ਪ੍ਰਸੂਤੀ ਛੁੱਟੀ ਦੀ ਸੁਵਿਧਾ ਹਰ ਥਾਂ ਨਹੀਂ। ਦੂਰ-ਦੁਰਾਡੇ ਕੰਮ ਦਾ ਸਥਾਨ ਹੋਣ ਕਰਕੇ ਨਿੱਕੇ-ਨਿੱਕੇ ਬੱਚਿਆਂ ਨੂੰ ਰੋਂਦੇ-ਕੁਰਲਾਉਂਦੇ ਸੇਵਾਦਾਰਾਂ ਦੇ ਹੱਥੀਂ ਸੌਂਪ ਕੇ ਜਾਣਾ ਇਕ ਮਾਂ ਦਾ ਦਿਲ ਹੀ ਮਹਿਸੂਸ ਕਰ ਸਕਦਾ ਹੈ। ਚਾਹੀਦਾ ਤਾਂ ਇਹ ਹੈ ਕਿ ਕੰਮ-ਕਾਜੀ ਔਰਤ ਦਾ ਕੰਮ ਕਰਨ ਜਾਂ ਨੌਕਰੀ ਕਰਨ ਦਾ ਸਥਾਨ ਨੇੜੇ ਹੋਵੇ ਤਾਂ ਜੋ ਉਹ ਬੱਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਕਰ ਸਕੇ ਅਤੇ ਘਰ ਦਾ ਕੰਮ ਅਸਾਨੀ ਨਾਲ ਕਰ ਸਕੇ। ਥਕੇਵੇਂ ਕਾਰਨ ਉਸ ਦੀ ਕਾਰਜ ਕੁਸ਼ਲਤਾ 'ਤੇ ਫ਼ਰਕ ਨਾ ਪਵੇ। ਘਰ-ਪਰਿਵਾਰ ਤੇ ਖਾਸ ਕਰ ਪਤੀ ਕੰਮ-ਕਾਜੀ ਔਰਤ ਦਾ ਸਹਾਈ ਹੋਵੇ। ਘਰ ਤੇ ਘਰ ਤੋਂ ਬਾਹਰ ਔਰਤ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਆਓ ਜ਼ਰਾ ਸੋਚੀਏ, ਜੋ ਔਰਤ ਸੁਹਣੇ ਤੇ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਲਈ ਸਿਰਤੋੜ ਯਤਨ ਕਰ ਰਹੀ ਹੈ, ਸਮਾਜ ਉਸ ਦਾ ਪੂਰਾ ਸਤਿਕਾਰ ਕਰ ਰਿਹਾ ਹੈ? ਕੀ ਉਹ ਘਰੇਲੂ ਤੇ ਬਾਹਰੀ ਹਿੰਸਾ ਤੋਂ ਮੁਕਤ ਹੋ ਰਹੀ ਹੈ? ਕੀ ਬਰਾਬਰ ਕੰਮ ਲਈ ਬਰਾਬਰ ਪੈਸਾ ਮਿਲ ਰਿਹਾ? ਕੀ ਨੇੜੇ ਨੌਕਰੀ ਦੇਣ ਲਈ ਯਤਨ ਹੋ ਰਹੇ ਹਨ? ਜੇ ਉੱਤਰ ਹਾਂ ਵਿਚ ਹਨ ਤਾਂ ਮੰਨਿਆ ਜਾ ਸਕਦਾ ਹੈ ਕਿ ਸਮਾਜ ਔਰਤ ਨੂੰ ਲੋੜੀਂਦਾ ਸਤਿਕਾਰ ਦੇਣ ਲਈ ਯਤਨਸ਼ੀਲ ਹੈ। ਸਮਾਜ ਵਿਚ ਸਤਿਕਾਰ ਪ੍ਰਾਪਤ ਕਰਨ ਲਈ ਆਪਣੀ ਕਮਾਈ ਦੀ ਹਉਮੈ ਦਾ ਤਿਆਗ ਬਜ਼ੁਰਗਾਂ ਦੀ ਸੇਵਾ, ਪਤੀ ਦਾ ਸਹਿਯੋਗ, ਪਿਆਰ, ਨਿਮਰਤਾ, ਹਮਦਰਦੀ ਵਰਗੇ ਗੁਣ ਧਾਰਨ ਕਰਕੇ ਸੁਚੱਜੇ ਸਮਾਜ ਦੀ ਸਿਰਜਣਾ ਕੰਮ-ਕਾਜੀ ਔਰਤ ਦਾ ਗੁਣ ਹੋਣਾ ਚਾਹੀਦਾ ਹੈ।

ਵੱਖ-ਵੱਖ ਤਰ੍ਹਾਂ ਦੇ ਪਾਪੜ ਬਣਾਓ

ਸਾਬੂਦਾਨੇ ਦੇ ਪਾਪੜ
ਸਮੱਗਰੀ : 500 ਗ੍ਰਾਮ ਸਾਬੂਦਾਨਾ, ਹਿੰਗ, ਜ਼ੀਰਾ, ਮਿਰਚ, ਨਮਕ ਸਵਾਦ ਅਨੁਸਾਰ।
ਵਿਧੀ : ਸਾਬੂਦਾਨੇ ਨੂੰ 4-5 ਘੰਟੇ ਭਿਉਂ ਕੇ ਰੱਖੋ। ਜਦੋਂ ਗਲ ਜਾਣ, ਉਦੋਂ ਗਰਮ ਉਬਲਦੇ ਪਾਣੀ ਵਿਚ ਪਾ ਕੇ ਗਾੜ੍ਹਾ ਹੋਣ ਤੱਕ ਉਬਾਲਦੇ ਰਹੋ। ਏਨਾ ਗਾੜ੍ਹਾ ਹੋ ਜਾਵੇ ਕਿ ਚਮਚ ਨਾਲ ਪਾ ਸਕੋ ਤਾਂ ਨਮਕ ਪਾ ਕੇ ਅੱਗ ਤੋਂ ਲਾਹ ਲਵੋ। ਪੋਲੀਥੀਨ 'ਤੇ ਵੱਡੀ ਚਮਚ ਨਾਲ ਪਾਉਂਦੇ ਜਾਓ, ਗੋਲ-ਗੋਲ ਕੁਰਕੁਰੇ ਪਾਪੜ ਤਿਆਰ ਹਨ।
ਆਲੂਆਂ ਦੇ ਪਾਪੜ
ਸਮੱਗਰੀ : ਆਲੂ 500 ਗ੍ਰਾਮ, ਨਮਕ, ਲਾਲ ਮਿਰਚ, ਹਿੰਗ, ਜ਼ੀਰਾ ਸਵਾਦ ਅਨੁਸਾਰ।
ਵਿਧੀ : ਆਲੂਆਂ ਨੂੰ ਉਬਾਲ ਲਓ ਤੇ ਛਿਲ ਲਓ, ਫਿਰ ਫੇਂਹ ਲਓ। ਫੇਂਹੇ ਹੋਏ ਆਲੂਆਂ ਵਿਚ ਨਮਕ, ਹਿੰਗ, ਮਿਰਚ ਅਤੇ ਜ਼ੀਰਾ ਪਾ ਕੇ ਮਿਕਸ ਕਰ ਲਓ। ਹੁਣ ਪੀਠੀ ਦੇ ਗੋਲ-ਗੋਲ ਪੇੜਿਆਂ ਨੂੰ ਵੇਲ ਕੇ ਤੇਲ ਨਾਲ ਚੋਪੜ ਕੇ ਧੁੱਪ ਵਿਚ ਸੁੱਕਣ ਲਈ ਰੱਖ ਦਿਓ। ਮਜ਼ੇਦਾਰ ਪਾਪੜ ਤਿਆਰ ਹਨ।
ਧੋਤੇ ਮਾਂਹ ਦੀ ਦਾਲ ਦੇ ਪਾਪੜ
ਸਮੱਗਰੀ : ਅੱਧਾ ਕਿੱਲੋ ਧੋਤੇ ਮਾਂਹ ਦੀ ਦਾਲ ਦਾ ਆਟਾ, ਪੀਸੀ ਕਾਲੀ ਮਿਰਚ-15 ਗ੍ਰਾਮ, ਬੇਕਿੰਗ ਸੋਢਾ-5 ਗ੍ਰਾਮ, ਹਿੰਗ, ਜ਼ੀਰਾ, ਚੁਟਕੀ ਭਰ ਅਜਵਾਇਨ, ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ, ਅੱਧੀ ਦਹੀਂ ਦੀ ਕੋਲੀ, ਨਮਕ ਸਵਾਦ ਅਨੁਸਾਰ।
ਵਿਧੀ : ਨਮਕ, ਬੇਕਿੰਗ ਸੋਢਾ, ਹਿੰਗ, ਕਾਲੀ ਮਿਰਚ ਆਦਿ ਨੂੰ ਪਾਣੀ ਵਿਚ ਘੋਲ ਲਓ, ਫਿਰ ਜ਼ੀਰਾ ਉਸ ਘੋਲ ਵਿਚ ਮਿਲਾ ਦਿਓ। ਫਿਰ ਉਸ ਦੇ ਪੇੜੇ ਬਣਾ ਕੇ ਪਾਪੜ ਵੇਲਣ ਵਾਲੇ ਵੇਲਣੇ ਨਾਲ ਵੇਲ ਲਓ। ਹੁਣ ਇਨ੍ਹਾਂ ਨੂੰ ਕੱਪੜੇ 'ਤੇ ਫੈਲਾ ਕੇ ਧੁੱਪ ਵਿਚ ਸੁਕਾਓ। ਲਓ, ਮਜ਼ੇਦਾਰ ਪਾਪੜ ਤਿਆਰ ਹਨ।
ਉਪਰੋਕਤ ਸਾਰੇ ਪਾਪੜਾਂ ਨੂੰ ਧੁੱਪ ਵਿਚ ਸੁਕਾਉਣ ਤੋਂ ਬਾਅਦ ਥੈਲੀਆਂ ਵਿਚ ਪੈਕ ਕਰ ਕੇ ਰੱਖ ਲਓ।
**



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX