ਤਾਜਾ ਖ਼ਬਰਾਂ


ਜੰਮੂ-ਕਸ਼ਮੀਰ 'ਚ ਫੌਜ ਨੇ ਨਕਾਰਾ ਕੀਤਾ ਆਈ. ਈ. ਡੀ., ਟਲਿਆ ਵੱਡਾ ਹਾਦਸਾ
. . .  10 minutes ago
ਸ੍ਰੀਨਗਰ, 27 ਮਈ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਜੰਮੂ-ਪੁੰਛ ਕੌਮੀ ਹਾਈਵੇਅ 'ਤੇ ਫੌਜ ਨੇ ਅੱਜ ਅਤਿ ਆਧੁਨਿਕ ਵਿਸਫੋਟਕ ਉਪਕਰਨ (ਆਈ. ਈ. ਡੀ.) ਨੂੰ ਨਕਾਰਾ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਚਿੰਗੁਸ ਦੇ ਕੱਲਾਰ ਪਿੰਡ 'ਚ ਅੱਜ ਸਵੇਰੇ ਫੌਜ ਨੂੰ ਗਸ਼ਤ...
ਵਿਕਾਸ ਕਾਰਜਾਂ ਦੀ ਸਮੀਖਿਆ ਲਈ ਕੇਜਰੀਵਾਲ ਵੱਲੋਂ ਕੈਬਨਿਟ ਨਾਲ ਬੈਠਕ
. . .  22 minutes ago
ਨਵੀਂ ਦਿੱਲੀ, 27 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਦਿੱਤੀ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਕੈਬਨਿਟ ਨਾਲ ਬੈਠਕ ਕੀਤੀ। ਕੈਬਨਿਟ 'ਚ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਗੋਪਾਲ ਰਾਏ ਸਮੇਤ......
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈ ਕਮਾਂਡ ਨੂੰ ਭੇਜਿਆ ਅਸਤੀਫ਼ਾ
. . .  11 minutes ago
ਅਬੋਹਰ, 27 ਮਈ (ਸੁਖਜਿੰਦਰ ਸਿੰਘ ਢਿੱਲੋਂ)- ਪੰਜਾਬ ਵਿਚ ਗੁਰਦਾਸਪੁਰ ਤੋਂ ਹੋਈ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣਾ ਅਸਤੀਫ਼ਾ ਹਾਈਕਮਾਂਡ ਨੂੰ ਭੇਜ ਦਿੱਤਾ ਹੈ। ਜਾਖੜ ਦੇ ਸਿਆਸੀ ਸਕੱਤਰ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ...
ਯੂਰਪੀਅਨ ਸੰਸਦੀ ਚੋਣਾਂ 'ਚ ਪੰਜਾਬੀ ਮੂਲ ਦੀ ਨੀਨਾ ਗਿੱਲ ਨੇ ਮੁੜ ਜਿੱਤ ਦਰਜ ਕੀਤੀ
. . .  about 1 hour ago
ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਦੀ ਸਭ ਤੋਂ ਵੱਡੀ ਲੋਕ-ਤੰਤਰ ਸੰਸਦ ਯੂਰਪੀਅਨ ਸੰਸਦ ਦੀ ਹੋਈ ਚੋਣ 'ਚ ਲੁਧਿਆਣਾ ਦੀ ਜਨਮੀ ਨੀਨਾ ਗਿੱਲ ਨੇ ਮੁੜ ਜਿੱਤ ਦਰਜ ਕੀਤੀ ਹੈ। ਨੀਨਾ ਗਿੱਲ ਨੂੰ ਵੈਸਟ ਮਿਡਲੈਂਡ ਦੇ ਹਲਕੇ ਤੋਂ ਜਿੱਤ ਪ੍ਰਾਪਤ...
ਆਈ.ਐਸ.ਆਈ. ਨੇ ਪਠਾਨਕੋਟ ਰੇਲਵੇ ਸਟੇਸ਼ਨ ਉਡਾਉਣ ਦੀ ਦਿੱਤੀ ਧਮਕੀ
. . .  about 1 hour ago
ਪਠਾਨਕੋਟ, 27 ਮਈ (ਆਸ਼ੀਸ਼ ਸ਼ਰਮਾ)- ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੇ ਹਵਾਲੇ ਤੋਂ ਫ਼ਿਰੋਜ਼ਪੁਰ ਡਿਵੀਜ਼ਨ ਦੇ ਅਧੀਨ ਪਠਾਨਕੋਟ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੀ.ਆਰ.ਪੀ ਪਠਾਨਕੋਟ .....
ਯੂਰਪੀਅਨ ਸੰਸਦੀ ਚੋਣਾਂ 'ਚ ਸੱਤਾਧਾਰੀ ਪਾਰਟੀ ਦਾ ਸਭ ਤੋਂ ਮਾੜਾ ਪ੍ਰਦਰਸ਼ਨ, ਸਿਰਫ਼ 3 ਸੀਟਾਂ ਮਿਲੀਆਂ
. . .  about 1 hour ago
ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਦੀ ਸਭ ਤੋਂ ਵੱਡੀ ਲੋਕ-ਤੰਤਰ ਸੰਸਦ ਯੂਰਪੀਅਨ ਸੰਸਦ ਦੀ ਹੋਈ ਚੋਣ 'ਚ 28 ਦੇਸ਼ਾਂ ਦੇ 400 ਮਿਲੀਅਨ ਲੋਕਾਂ ਨੇ ਹਿੱਸਾ ਲਿਆ। ਯੂ. ਕੇ. ਵਲੋਂ ਯੂਰਪੀਅਨ ਸੰਸਦ 'ਚ 73 ਮੈਂਬਰ ਹੁੰਦੇ ਹਨ, ਜਿਨ੍ਹਾਂ 'ਚ ਇਸ ਵਾਰ ਯੂਰਪ ਨਾਲੋਂ...
ਚੀਨ 'ਚ ਫ਼ੈਕਟਰੀ ਦੀ ਛੱਤ ਡਿੱਗਣ ਕਾਰਨ ਦੋ ਮੌਤਾਂ, 15 ਜ਼ਖਮੀ
. . .  about 1 hour ago
ਬੀਜਿੰਗ, 27 ਮਈ- ਚੀਨ ਦੇ ਜਿਆਂਗਸ਼ੂ ਸੂਬੇ 'ਚ ਫ਼ੈਕਟਰੀ ਦੀ ਛੱਤ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 15 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ 'ਚੋਂ 5 ਦੀ ਹਾਲਤ ਗੰਭੀਰ ਦੱਸੀ....
ਡੇਰਾ ਬਾਬਾ ਨਾਨਕ ਸਰਹੱਦ 'ਤੇ ਭਾਰਤ-ਪਾਕਿਸਤਾਨ ਅਧਿਕਾਰੀਆਂ ਦੀ ਬੈਠਕ ਸ਼ੁਰੂ
. . .  about 1 hour ago
ਡੇਰਾ ਬਾਬਾ ਨਾਨਕ, 27 ਮਈ (ਹੀਰਾ ਸਿੰਘ ਮਾਂਗਟ)- ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਅੱਜ ਪਾਕਿਸਤਾਨ ਅਤੇ ਭਾਰਤ ਦੋਹਾਂ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀ ਬੈਠਕ ਸ਼ੁਰੂ ਹੋ ਗਈ ਹੈ। ਬੈਠਕ...
ਪੀ. ਐੱਸ. ਗੋਲੇ ਨੇ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਚੁੱਕੀ ਸਹੁੰ
. . .  about 2 hours ago
ਗੰਗਟੋਕ, 27 ਮਈ- ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸ. ਕੇ. ਐੱਮ.) ਦੇ ਪ੍ਰਧਾਨ ਪ੍ਰੇਮ ਸਿੰਘ ਤਮਾਂਗ ਨੇ ਅੱਜ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਹਲਫ਼ ਲਿਆ। ਉਨ੍ਹਾਂ ਨੂੰ ਪੀ. ਐੱਸ. ਗੋਲੇ ਦੇ ਰੂਪ 'ਚ ਜਾਣਿਆ ਜਾਂਦਾ ਹੈ। ਰਾਜਪਾਲ ਗੰਗਾ ਪ੍ਰਸਾਦ ਨੇ ਇੱਥੇ ਪਲਜੋਰ ਸਟੇਡੀਅਮ 'ਚ...
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਜਾਏ ਗਏ ਸੁੰਦਰ ਜਲੋ
. . .  about 2 hours ago
ਅੰਮ੍ਰਿਤਸਰ, 27 ਮਈ (ਜਸਵੰਤ ਸਿੰਘ ਜੱਸ)- ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸੁੰਦਰ ਜਲੋ ਸਜਾਏ ਗਏ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਇੰਜ ਤਿਆਰ ਕਰੋ ਕੁਦਰਤੀ ਖੇਤੀ ਤਹਿਤ ਝੋਨੇ ਦੀ ਰੋਗ ਰਹਿਤ ਪੌਧ...

ਕਿਸਾਨ ਵੀਰੋ ਇਸ ਲੇਖ ਰਾਹੀਂ ਅਸੀਂ ਆਪ ਜੀ ਨਾਲ ਕੁਦਰਤੀ ਖੇਤੀ ਤਹਿਤ ਹਰ ਕਿਸਮ ਦੇ ਮੋਟੇ ਅਤੇ ਬਾਸਮਤੀ ਝੋਨੇ ਦੀ ਬੇਹੱਦ ਉਮਦਾ ਪਨੀਰੀ ਤਿਆਰ ਕਰਨ ਦਾ ਕਾਮਯਾਬ ਤਰੀਕਾ ਸਾਂਝਾ ਕਰਨ ਲੱਗੇ ਹਾਂ। ਇਸ ਤਰੀਕੇ ਨਾਲ ਅਸੀਂ ਸਿਰਫ 25 ਦਿਨਾਂ 'ਚ ਝੋਨੇ ਦੀ ਹਰ ਪੱਖੋਂ ਰੋਗ ਰਹਿਤ, ਮਜ਼ਬੂਤ ਅਤੇ ਜਾਨਦਾਰ ਪੌਧ ਤਿਆਰ ਕਰਕੇ ਮੁੱਖ ਖੇਤ ਵਿਚ ਟਰਾਂਸਪਲਾਂਟ ਕਰ ਸਕਦੇ ਹਾਂ। ਅਜਿਹਾ ਕਰਨ ਸਦਕਾ ਜਿੱਥੇ ਝੋਨੇ ਦੀ ਫਸਲ ਆਮ ਦੇ ਮੁਕਾਬਲੇ ਤਗੜੀ ਹੋਣ ਕਰਕੇ ਕੀਟਾਂ ਅਤੇ ਬਿਮਾਰੀਆਂ ਤੋਂ ਵਧੇਰੇ ਸੁਰੱਖਿਅਤ ਰਹੇੇਗੀ, ਉੱਥੇ ਹੀ ਫੁਟਾਰੇ ਪੱਖੋਂ ਵੀ ਤੁਹਾਨੂੰ ਸ਼ਾਨਦਾਰ ਨਤੀਜੇ ਮਿਲਣਗੇ। ਹੇਠਾਂ ਸਾਂਝੇ ਕੀਤੇ ਗਏ ਨੁਕਤਿਆਂ 'ਤੇ ਅਮਲ ਕਰਦੇ ਹੋਏ ਅਸੀਂ ਕੁਦਰਤੀ ਖੇਤੀ ਤਹਿਤ ਬੜੀ ਸਰਲਤਾ ਨਾਲ ਝੋਨੇ ਦੀ ਬਹੁਤ ਹੀ ਉਮਦਾ ਪੌਧ ਤਿਆਰ ਕਰ ਸਕਦੇ ਹਾਂ।
ਪਨੀਰੀ ਬੀਜਣ ਲਈ ਜਗ੍ਹਾ ਦੀ ਚੋਣ: ਝੋਨੇ ਦੀ ਪਨੀਰੀ, ਖਾਸਕਰ ਮੋਟੇ ਝੋਨੇ ਦੀ ਪਨੀਰੀ ਬੀਜਣ ਲਈ ਸਹੀ ਜਗ੍ਹਾ ਦੀ ਚੋਣ ਬਹੁਤ ਮਹੱਤਵ ਰੱਖਦੀ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਖੇਤਾਂ 'ਚ ਖੜ੍ਹੀ ਝੋਨੇ ਦੀ ਪੌਧ ਬੇਹੱਦ ਨਾਜੁਕ ਅਤੇ ਨਰਮ ਹੁੰਦੀ ਹੈ। ਪੱਛਮ ਦਿਸ਼ਾ 'ਚੋਂ ਵਗਣ ਵਾਲੀਆਂ ਗਰਮ ਤੇ ਖੁਸ਼ਕ ਹਵਾਵਾਂ ਇਸਦੇ ਨਰਮ-ਨਾਜ਼ੁਕ ਪੱਤਿਆਂ ਦੇ ਉੱਪਰਲੇ ਕਿਨਾਰੇ ਲੂਹ ਛੱਡਦੀਆਂ ਹਨ। ਅਜਿਹਾ ਹੋਣ ਨਾਲ ਪੌਧ ਨੂੰ ਕਾਫ਼ੀ ਧੱਕਾ ਪਹੁੰਚਦਾ ਹੈ।
ਜ਼ਮੀਨ ਦੀ ਤਿਆਰੀ: ਰੋਗ ਰਹਿਤ, ਜਾਨਦਾਰ ਅਤੇ ਮਜ਼ਬੂਤ ਪੌਧ ਤਿਆਰ ਕਰਨ ਲਈ ਜ਼ਮੀਨ ਦੀ ਤਿਆਰੀ ਬੇਹੱਦ ਪੁਖਤਾ ਹੋਣੀ ਚਾਹੀਦੀ ਹੈ। ਕੁਦਰਤੀ ਖੇਤੀ, ਕਿਉਂਕਿ ਭੂਮੀ ਕੇਂਦਰਤ ਖੇਤੀ ਹੈ, ਇਸ ਲਈ ਪੌਧ ਬੀਜਣ ਤੋਂ ਪਹਿਲਾਂ ਜ਼ਮੀਨ ਨੂੰ ਰੋਗ ਰਹਿਤ, ਮਜ਼ਬੂਤ ਅਤੇ ਉਪਜਾਊ ਬਣਾਉਣਾ ਬਹੁਤ ਜ਼ਰੂਰੀ ਹੈ। ਸੋ ਪੌਧ ਬੀਜਣ ਲਈ ਜ਼ਮੀਨ ਹੇਠ ਲਿਖੇ ਅਨੁਸਾਰ ਤਿਆਰ ਕੀਤੀ ਜਾਵੇ:
ਜ਼ਮੀਨ ਨੂੰ ਤਵੀਆਂ ਜਾਂ ਹਲਾਂ ਨਾਲ ਹੋਛੀ ਵਾਹ ਕੇ ਉਸ ਵਿਚ ਪ੍ਰਤਿ ਮਰਲਾ (16.5 ਵਰਗ ਫੁੱਟ) 50 ਕਿੱਲੋ ਵੇਸਟ ਡੀਕੰਪੋਜ਼ਰ ਨਾਲ ਤਿਆਰ ਕੀਤੀ ਰੂੜੀ ਦੀ ਸੁਗੰਧਿਤ, ਭੁਰਭੁਰੀ, ਠੰਢੀ ਅਤੇ ਨਮੀ ਵਾਲੀ ਖਾਦ, 1 ਕਿੱਲੋ ਪਾਥੀਆਂ ਦੀ ਰਾਖ, ਨਿੰਮ ਅਤੇ ਅੱਕ ਦੇ ਕੱਚੀਆਂ ਟਹਿਣੀਆਂ ਸਮੇਤ ਕੁਤਰੇ ਹੋਏ ਹਰੇ ਪੱਤੇ, 250 ਗ੍ਰਾਮ ਪੀਠੀ ਹੋਈ ਸਰ੍ਹੋਂ ਦੀ ਖਲ੍ਹ, 50 ਗ੍ਰਾਮ ਟ੍ਰਾਈਕੋਡਰਮਾ (ਸੰਜੀਵਨੀ) ਅਤੇ 50 ਗ੍ਰਾਮ ਸੂਡੋਮੋਨਾਜ਼ ਪਾ ਕੇ ਰੋਟਾਵੇਟਰ ਨਾਲ ਚੰਗੀ ਤਰ੍ਹਾਂ ਮਿਲਾ ਦਿਉ। ਹੁੁਣ ਪਨੀਰੀ ਬੀਜਣ ਲਈ ਜ਼ਮੀਨ ਤਿਆਰ ਹੈ।
ਪਨੀਰੀ ਬੀਜਣ ਲਈ ਬੀਜ ਦੀ ਚੋਣ: ਕਿਸਾਨ ਵੀਰੋ ਬੀਜ ਫਸਲ ਦੀ ਬੁਨਿਆਦ ਹੁੰਦਾ ਹੈ। ਇਸ ਲਈ ਸਾਡੇ ਖੇਤ ਵਿਚ ਹਮੇਸ਼ਾ ਜਾਨਦਾਰ ਰੋਗ ਰਹਿਤ ਬੀਜ ਹੀ ਪੌਧ ਵਜੋਂ ਬੀਜੇ ਜਾਣ ਸਾਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਕੁਦਰਤੀ ਖੇਤੀ ਤਹਤਿ ਮੋਟੇ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਹੇਠ ਲਿਖੇ ਅਨੁਸਾਰ ਜਾਨਦਾਰ ਬੀਜਾਂ ਦੀ ਚੋਣ ਕਰ ਸਕਦੇ ਹਨ।
* ਇਕ ਟੱਬ 'ਚ ਅੱਧ ਤੱਕ ਪਾਣੀ ਭਰ ਲਉ।
* ਹੁਣ ਇਸ ਪਾਣੀ ਵਿਚ ਦਰਮਿਆਨੇ ਅਕਾਰ (50 ਕੁ ਗ੍ਰ੍ਰਾਮ) ਦਾ ਇਕ ਆਲੂ ਸੁੱਟ ਦਿਉ, ਆਲੂ ਪਾਣੀ 'ਚ ਡੁੱਬ ਜਾਵੇਗਾ। ਇਹ ਪਾਣੀ 100-120 ਫੁੱਟ ਵਾਲੇ ਬੋਰ ਦਾ ਹੀ ਲਉ। ਇਸ ਕੰਮ ਲਈ ਨਹਿਰੀ ਜਾਂ ਵਧੇਰੇ ਡੂੰਘੇ ਬੋਰ ਦਾ ਪਾਣੀ ਨਾ ਵਰਤਿਆ ਜਾਵੇ।
* ਹੁਣ ਇਸ ਪਾਣੀ ਵਿਚ ਉਦੋਂ ਤੱਕ ਨਮਕ ਘੋਲੋ ਜਦੋਂ ਤੱਕ ਕਿ ਆਲੂ ਪਾਣੀ ਉੱਤੇ ਤੈਰਨ ਨਾ ਲੱਗ ਜਾਵੇ।
* ਹੁਣ ਪਾਣੀ 'ਚੋਂ ਆਲੂ ਬਾਹਰ ਕੱਢ ਦਿਉ ਅਤੇ ਝੋਨੇ ਇਸ ਵਿਚ ਧਾਰ ਬੰਨ੍ਹ ਕੇ ਝੋਨੇ ਦਾ ਬੀਜ ਦਿਉ। ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰਾ ਬੀਜ ਪਾਣੀ ਉੱਤੇ ਤੈਰ ਜਾਵੇਗਾ।
* ਪਾਣੀ ਉੱਤੇ ਤੈਰ ਜਾਣ ਵਾਲੇ ਬੀਜ ਨੂੰ ਬਾਹਰ ਕੱਢ ਦਿਉ, ਇਹ ਸਾਰਾ ਰੋਗੀ, ਕਮਜ਼ੋਰ ਅਤੇ ਥੋਥਾ ਬੀਜ ਹੈ।
* ਹੁਣ ਪਾਣੀ ਅੰਦਰ ਡੁੱਬੇ ਹੋਏ ਬੀਜ ਨੂੰ ਹੱਥ ਨਾਲ ਚੰਗੀ ਤਰ੍ਹਾਂ ਹਿਲਾਉ ਅਤੇ ਜਿੰਨਾ ਵੀ ਬੀਜ ਪਾਣੀ ਉੱਤੇ ਤੈਰ ਜਾਵੇ ਉਸਨੂੰ ਫਿਰ ਬਾਹਰ ਕੱਢ ਦਿਉ। ਇਹ ਕਿਰਿਆ ਘੱਟੋ-ਘੱਟ 3 ਵਾਰ ਦੁਹਰਾਉ। ਅੰਤ ਵਿਚ ਤੁਹਾਡੇ ਕੋਲ ਸਿਰਫ ਤੇ ਸਿਰਫ ਰੋਗ ਰਹਿਤ, ਸਿਹਤਮੰਦ ਅਤੇ ਜਾਨਦਾਰ ਬੀਜ ਬਚ ਜਾਵੇਗਾ। * ਹੁਣ ਇਸ ਬੀਜ ਨੂੰ 24 ਘੰਟਿਆਂ ਲਈ ਸਾਦੇ ਪਾਣੀ 'ਚ ਭਿਉਂ ਕੇ ਰੱਖ ਦਿਉ।
ਇਸ ਢੰਗ ਨਾਲ ਪ੍ਰਾਪਤ ਕੀਤੇ ਗਏ ਰੋਗ ਰਹਿਤ, ਤੰਦਰੁਸਤ ਅਤੇ ਜਾਨਦਾਰ ਬੀਜ ਤੁਹਾਡੇ ਖੇਤ ਵਿਚ ਰੋਗ ਮੁਕਤ, ਤਾਕਤਵਰ ਅਤੇ ਜਾਨਦਾਰ ਪੌਦਿਆਂ ਦੇ ਰੂਪ ਵਿਚ ਜਨਮ ਲੈਣਗੇ। ਜਿਨ੍ਹਾਂ ਵਿਚ ਕਿਸੇ ਵੀ ਕੀਟ ਜਾਂ ਰੋਗ ਦਾ ਮੁਕਾਬਲਾ ਕਰਨ ਦੀ ਅਦਭੁਤ ਸ਼ਕਤੀ ਹੋਵੇਗੀ। ਸੋ ਆਪ ਸਭ, ਪ੍ਰਯੋਗਸ਼ੀਲ ਕਿਸਾਨਾਂ ਦੇ ਅਜਮਾਏ ਹੋਏ ਤਜਰਬੇ ਦਾ ਪੂਰਾ ਲਾਭ ਉਠਾਉਣਾ। 100 ਫੀਸਦੀ ਫ਼ਾਇਦਾ ਹੋਵੇਗਾ।
ਨੋਟ: ਉਪਰੋਕਤ ਵਿਧੀ ਨਾਲ ਝੋਨੇ ਦੇ 10 ਕਿੱਲੋ ਬੀਜ ਪਿੱਛੇ ਲਗਪਗ 1 ਕਿੱਲੋ ਰੋਗੀ, ਕਮਜ਼ੋਰ ਅਤੇ ਥੋਥਾ ਬੀਜ ਅਲੱਗ ਹੋ ਜਾਂਦਾ ਹੈ। ਜਦੋਂ ਕਿ ਸਾਦੇ ਪਾਣੀ 'ਚ ਬੀਜ ਨਿਤਾਰਨ ਨਾਲ ਸਿਰਫ ਥੋਥ ਹੀ ਅਲੱਗ ਹੁੰਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਹਲਦੀ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਦੀਆਂ ਸੁਧਰੀਆਂ ਤਕਨੀਕਾਂ

ਹਲਦੀ ਇਕ ਪ੍ਰਮੁੱਖ ਮਸਾਲੇ ਵਾਲੀ ਫਸਲ ਹੈ ਅਤੇ ਹਰੇਕ ਘਰ ਵਿਚ ਮਹਤੱਵਪੂਰਨ ਤੱਤ ਵਜੋਂ ਇਸ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਇਸ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਅਤੇ ਹਾਰ ਸ਼ਿੰਗਾਰ ਦਾ ਸਾਮਾਨ ਤਿਆਰ ਕੀਤਾ ਜਾਂਦਾ ਹੈ। ਇਸਦੇ ਵਿਆਪਕ ਔਸ਼ਧ ਗੁਣਾਂ ਵਜੋਂ, ਆਯੁਰਵੈਦ ਦਵਾਈਆਂ ਵਿਚ ਵੱਖ-ਵੱਖ ਬਿਮਾਰੀਆਂ ਲਈ ਅਤੇ ਘਰੇਲੂ ਉਪਚਾਰਾਂ ਵਿਚ, ਹਲਦੀ ਨੂੰ ਵਰਤਿਆ ਜਾਂਦਾ ਹੈ। ਹਲਦੀ ਦੀ ਕਾਸ਼ਤ ਇਸ ਦੀ ਗੰਢੀਆਂ ਲਈ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚ 1.8-5.4% ਕਰਕਯੂਮਿੰਨ ਤੱਤ ਅਤੇ 2.5-7.2 ਪ੍ਰਤੀਸ਼ਤ ਤੇਲ, ਟਰਮਿਰੋਲ ਹੁੰਦਾ ਹੈ। ਹਲਦੀ ਦਾ ਪੀਲਾ ਰੰਗ ਅਤੇ ਖੁਸ਼ਬੂ, ਕਰਕਯੂਮਿੰਨ ਅਤੇ ਤੇਲ ਦੀ ਵਜੋਂ ਹੁੰਦਾ ਹੈ। ਇਸ ਤੋ ਇਲਾਵਾ ਬਹੁਤ ਸਾਰੇ ਧਾਰਮਿਕ ਅਤੇ ਰਸਮੀ ਮੌਕਿਆਂ 'ਤੇ ਵੀ ਹਲਦੀ ਦੀ ਇਕ ਅਹਿਮ ਭੂਮਿਕਾ ਹੈ।
ਉਨਤ ਕਿਸਮਾਂ : ਹਲਦੀ ਦੀਆਂ ਦੋ ਉੱਨਤ ਕਿਸਮਾਂ ਦੀ ਸਿਫਾਰਿਸ਼ ਪੀ.ਏ.ਯੂ. ਵਲੋਂ ਕੀਤੀ ਜਾਂਦੀ ਹੈ।
ਪੰਜਾਬ ਹਲਦੀ 1: ਇਸ ਕਿਸਮ ਦੇ ਪੌਦੇ ਖੜ੍ਹਵੇਂ, ਦਰਮਿਆਨੀ ਉਚਾਈ ਦੇ ਹੁੰਦੇ ਹਨ ਅਤੇ ਇਸਦੇ ਪਤੇ ਹਰੇ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸ ਦੀਆਂ ਗੰਢੀਆਂ ਲੰਮੀਆ, ਦਰਮਿਆਨੀ ਮੋਟਾਈ, ਭੂਰੇ ਰੰਗ ਦੀਆਂ ਅਤੇ ਗੁੱਦਾ ਗੂੜੇ ਪੀਲੇ ਰੰਗ ਦਾ ਹੁੰਦਾ ਹੈ। ਇਹ 215 ਦਿਨਾਂ ਵਿਚ ਪਕ ਜਾਂਦੀ ਹੈ ਅਤੇ ਔਸਤਨ 108 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।
ਪੰਜਾਬ ਹਲਦੀ 2 : ਇਸ ਕਿਸਮ ਦੇ ਪੌਦੇ ਖੜਵੇਂ, ਉਚੇ ਅਤੇ ਪਤੇ ਹਲਕੇ ਹਰੇ ਰੰਗ ਅਤੇ ਚੌੜੇ ਹੁੰਦੇ ਹਨ। ਇਸ ਦੀਆਂ ਗੰਢੀਆਂ ਲੰਮੀਆਂ, ਮੋਟੀਆਂ ਅਤੇ ਭੁਰੇ ਰੰਗ ਦੀਆਂ ਹੁੰਦੀਆਂ ਹਨ। ਗੁਦੇ ਦਾ ਰੰਗ ਪੀਲਾ ਹੁੰਦਾ ਹੈ। ਇਹ ਕਿਸਮ 240 ਦਿਨ ਦੇ ਅੰਦਰ ਪਕ ਜਾਂਦੀ ਹੈ ਅਤੇ 122 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਔਸਤਨ ਝਾੜ ਦਿੰਦੀ ਹੈ।
ਜਲਵਾਯੂ ਅਤੇ ਜ਼ਮੀਨ : ਹਲਦੀ ਦੀ ਸਫਲ ਕਾਸ਼ਤ ਲਈ ਗਰਮ ਅਤੇ ਸਿਲ੍ਹੇ ਜਲਵਾਯੂ ਦੀ ਲੋੜ ਹੁੰਦੀ ਹੈ। ਇਸਦੀ ਕਾਸ਼ਤ ਦੀ ਸਿਫਾਰਿਸ਼ ਉਨ੍ਹਾਂ ਥਾਵਾਂ ਵਿਚ ਕੀਤੀ ਜਾਂਦੀ ਹੈ, ਜਿਥੇ ਨਿਸਚਿਤ ਸਿੰਚਾਈ ਦੀਆਂ ਸਹੂਲਤਾਂ ਉਪਲਪਧ ਹਨ। ਹਲਦੀ ਦੀ ਕਾਸ਼ਤ ਚੰਗੇ ਜੈਵਿਕ ਮਾਦਾ ਅਤੇ ਪਾਣੀ ਦਾ ਚੰਗਾ ਜਲ ਨਿਕਾਸ ਵਾਲੀ ਜ਼ਮੀਨ ਵਿਚ ਕਰਨੀ ਜ਼ਿਆਦਾ ਲਾਹੇਵੰਦ ਹੈ। ਦਰਮਿਆਨੀ ਤੋਂ ਭਾਰੀ ਜ਼ਮੀਨ ਇਸ ਲਈ ਉਤਮ ਹੈ। ਖੇਤ ਨੂੰ ਬਿਜਾਈ ਤੋਂ ਪਹਿਲਾਂ ਨਦੀਨਾਂ, ਮੁੱਢਾਂ ਅਤੇ ਵੱਡੇ ਡਲਿਆਂ ਤੋਂ ਮੁਕਤ ਕਰ ਲਿਆ ਜਾਂਦਾ ਹੈ। ਇਸ ਲਈ ਖੇਤ ਨੂੰ 2-3 ਵਾਰ ਚੰਗੀ ਤਰ੍ਹਾਂ ਵਾਹ ਕੇ ਅਤੇ ਹਰ ਵਹਾਈ ਤੋਂ ਬਾਅਦ ਸੁਹਾਗਾ ਦੇਣਾ ਬਹੁਤ ਜ਼ਰੂਰੀ ਹੈ।
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਸਮਾਂ : ਇਕ ਏਕੜ ਦੀ ਬਿਜਾਈ ਲਈ 6-8 ਕੁਇੰਟਲ ਤਾਜ਼ੀਆਂ, ਨਰੋਈਆਂ, ਰੋਗ ਰਹਿਤ ਅਤੇ ਇਕੋ ਜਿਹੇ ਆਕਾਰ ਦੀਆਂ ਗੰਢੀਆ ਕਾਫੀ ਹਨ। ਪੰਜਾਬ ਵਿਚ, ਹਲਦੀ ਦੀ ਬਿਜਾਈ ਅਪ੍ਰੈਲ ਅਖੀਰ ਤੋਂ ਮਈ ਦੇ ਪਹਿਲੇ ਹਫਤੇ ਤੱਕ ਕੀਤੀ ਜਾ ਸਕਦੀ ਹੈ। ਹਲਦੀ ਦਾ ਵਧ ਝਾੜ ਲੈਣ ਲਈ ਅਪ੍ਰੈਲ ਦੇ ਅਖੀਰ ਵਿਚ ਗੰਢੀਆਂ ਦੀ ਬਿਜਾਈ ਕਰੋ। ਨੀਮ ਪਹਾੜੀ ਇਲਾਕੇ ਅਤੇ ਉੱਤਰੀ ਜ਼ਿਲ੍ਹਿਆਂ ਵਿਚ ਇਸ ਦੀ ਬਿਜਾਈ ਇਕ ਹਫਤਾ ਪਛੇਤੀ ਵੀ ਕੀਤੀ ਜਾ ਸਕਦੀ ਹੈ। ਛੇਤੀ ਅਤੇ ਵਧੇਰੇ ਜੰਮ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ 12-24 ਘੰਟੇ ਪਾਣੀ ਵਿਚ ਭਿਉਂ ਲਵੋ।
ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਦੋ ਉਨਤ ਢੰਗ ਹਨ। ਇਸ ਦੀ ਪਧਰੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਰੱਖਿਆ ਜਾਂਦਾ ਹੈ। ਇਸ ਢੰਗ ਦੇ ਬਦਲ ਵਿਚ ਵਧੇਰੇ ਝਾੜ ਅਤੇ ਪਾਣੀ ਦੀ ਸੁਚੱਜੀ ਵਰਤੋਂ ਲਈ, ਹਲਦੀ ਦੀਆਂ ਦੋ ਕਤਾਰਾਂ ਦੀ ਬਿਜਾਈ 67.5 ਸੈਂਟੀਮੀਟਰ ਚੌੜੇ ਬੈਡਾਂ (37.5 ਸੈਂਟੀਮੀਟਰ ਬੈਡ ਅਤੇ 30 ਸੈਂਟੀਮੀਟਰ ਖਾਲੀ) ਉਪਰ ਬੂਟੇ ਤੋਂ ਬੂਟੇ ਦਾ ਫਾਸਲਾ 18 ਸੈਂਟੀਮੀਟਰ ਰਖ ਕੇ ਕਰੋ। ਬਿਜਾਈ ਉਪਰੰਤ, 36 ਕੁਇੰਟਲ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਖਿਲਾਰ ਦਿਓ। ਖੇਤ ਨੂੰ ਗੰਢੀਆਂ ਹਰੀਆਂ ਹੋਣ ਤੱਕ ਗਿੱਲਾ ਰੱਖੋ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਰਜਿੰਦਰ ਕੁਮਾਰ
ਮੋਬਾਈਲ : 94173-45565

ਕੀ ਕਹਿੰਦੀ ਏ ਸੱਥ?

ਦੇਸ਼ ਨੂੰ ਆਜ਼ਾਦ ਹੋਇਆਂ 72 ਸਾਲ ਹੋ ਚੱਲੇ ਨੇ, ਪਰ ਪਿੰਡਾਂ ਦੇ ਮਸਲੇ ਹਾਲੇ ਵੀ ਓਹੀ ਨੇ। ਹਾਲੇ ਵੀ ਨਾਲੀਆਂ ਪੱਕੀਆਂ ਕਰਨ ਲਈ ਗਰਾਂਟਾਂ ਆਈ ਜਾਂਦੀਆਂ ਨੇ ਤੇ ਪਤਾ ਨਹੀਂ ਕਿਹੜੇ ਛੱਪੜੀਂ ਜਾ ਵੱਸਦੀਆਂ ਨੇ। ਲੋਕ ਹਰ ਵਸਤੂ ਉੱਤੇ ਟੈਕਸ ਦੇਈ ਜਾਂਦੇ ਨੇ, ਪਰ ਸਾਲ-ਦਰ-ਸਾਲ ਖਾਲੀ ਖਜ਼ਾਨੇ ਦੀ ਹੀ ਖ਼ੁਸ਼ਬੂ ਆਉਂਦੀ ਹੈ। ਹਰ ਛੋਟੀ ਵੱਡੀ ਸੜਕ 'ਤੇ ਜਿੰਨੀ ਵੱਧ ਟੋਲ ਲਾਈ ਜਾਂਦੀ ਹੈ, ਓਨੇ ਹੀ ਟੋਏ ਸਵਾਗਤ ਕਰਦੇ ਹਨ। ਕਈ ਵਾਰੀ ਤਾਂ ਦਿਲ ਕਰਦਾ, ਤੁਰ ਕੇ ਹੀ ਆ ਜਾਂਦੇ, ਘੱਟੋ-ਘੱਟ ਵੱਖੀਆਂ ਤਾਂ ਨਾ ਚੜ੍ਹਦੀਆਂ। ਗੱਲ ਕੀ, ਜਿਹੜਾ ਪਾਸਾ ਫੋਲ ਲਵੋ, ਠਾਹ ਸੋਟਾ ਸਿਰ 'ਚ ਵੱਜਦਾ ਹੈ। ਆਖਰ 72 ਸਾਲਾਂ ਵਿਚ ਕਿਹੜੀ ਕਸਰ ਰਹਿ ਗਈ ਕਿ ਲੋਕਾਂ ਦੇ ਰੋਜ਼ਮਰ੍ਹਾ ਜੀਵਨ ਵਿਚ ਕਸ਼ਟਾਂ ਨੇ ਥਾਂ ਬਣਾ ਲਈ। ਜੇ ਸਰਸਰੀ ਨਜ਼ਰ ਵੀ ਮਾਰੀਏ ਤਾਂ ਸਾਫ਼ ਦਿਸ ਪਵੇਗਾ ਕਿ ਮਿਹਨਤਕਸ਼ ਲੋਕ ਜਿਵੇਂ ਕਿਸਾਨ ਹੀ ਕਰਜ਼ਾਈ ਹੋ ਕੇ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੁੰਦੇ, ਪਿਛਲੇ ਸੱਤ ਦਹਾਕਿਆਂ ਵਿਚ ਹਰ ਪੰਜ ਸਾਲ ਬਾਅਦ ਵੋਟ ਮੰਗਣ ਵਾਲਿਆਂ 'ਚੋਂ ਕਿਸੇ ਨੂੰ ਵੀ ਮਜਬੂਰ ਹੋ ਕੇ ਮਰਨ ਦੀ ਨੌਬਤ ਨਹੀਂ ਆਈ। ਦਿਨ-ਬ-ਦਿਨ ਇਹ ਅਮੀਰ ਹੀ ਹੁੰਦੇ ਗਏ ਹਨ। ਆਖਰ ਕੀ ਸਾਡਾ ਕੋਈ ਕਸੂਰ ਹੈ? ਜਾਂ ਅਸੀਂ ਐਨੇ ਬੁੱਧੂ ਹਾਂ ਕਿ ਆਪਣੇ ਆਪ ਨੂੰ ਮਿੱਟੀ ਵਿਚ ਰੁਲਣ ਨੂੰ ਹੀ ਰੱਬ ਦੀ ਰਜ਼ਾ ਮੰਨੀ ਬੈਠੇ ਹਾਂ। ਪਿੰਡ ਵਿਚ ਰੋਜ਼ ਸੱਥਾਂ ਜੁੜਦੀਆਂ ਹਨ, ਪਰ ਉਹ ਐਨੀਆਂ ਧਿਰਾਂ ਵਿਚ ਵੰਡੀਆਂ ਹੋਈਆਂ ਹਨ ਕਿ ਲੋਕ ਮਸਲੇ ਪਿੱਛੇ ਰਹਿ ਜਾਂਦੇ ਹਨ ਤੇ ਸਾਰੀ ਕਹਾਣੀ, 'ਕੌਣ ਜਿੱਤੂ?' ਦੇ ਬੇਨਤੀਜੇ 'ਤੇ ਵਿੱਛੜ ਕੇ ਘਰੋ-ਘਰੀ ਤੁਰ ਜਾਂਦੀ ਹੈ।


-ਮੋਬਾ: 98159-45018

ਬਾਗ਼ਾਂ ਵਿਚ ਸਿਉਂਕ ਦੀ ਵਾਤਾਵਰਨ-ਪੱਖੀ ਰੋਕਥਾਮ ਲਈ ਸਿਉਂਕ ਟਰੈਪ ਅਪਣਾਓ

ਪੰਜਾਬ ਵਿਚ ਸਿਉਂਕ ਨਰਸਰੀ, ਨਵੇਂ ਲਗਾਏ ਬਾਗ਼ਾਂ ਅਤੇ ਵੱਡੇ ਬੂਟਿਆਂ ਦੇ ਮਹੱਤਵਪੂਰਨ ਕੀੜੇ ਹਨ। ਸਿਉਂਕ ਸਮਾਜਿਕ, ਬਹੁ-ਆਹਾਰੀ ਅਤੇ ਬਹੁਰੂਪੀ (ਰਾਣੀ, ਰਾਜਾ, ਸਿਪਾਹੀ ਅਤੇ ਕਾਮਾ) ਕੀੜੇ ਹਨ ਜੋ ਕਿ ਮਿੱਟੀ ਵਿਚ ਵੱਡੇ ਸਮੂਹਿਕ ਨਿਵਾਸਾਂ ਵਿਚ ਰਹਿੰਦੇ ਹਨ, ਜਿਨ੍ਹਾਂ ਨੂੰ ਵਿਰਮੀ, ਸਿਉਂਕ ਘਰ ਜਾਂ ਅੰਗਰੇਜ਼ੀ ਵਿਚ ਟਰਮੀਟੇਰੀਆ ਕਿਹਾ ਜਾਂਦਾ ਹੈ। ਇਹ ਵਿਰਮੀਆਂ ਜ਼ਮੀਨ ਦੇ ਉਪਰ ਜਾਂ ਥੱਲੇ ਦੋਵੇਂ ਥਾਵਾਂ 'ਤੇ ਬਣਦੀਆਂ ਹਨ। ਸਿਰਫ਼ ਕਾਮਾ ਸ਼੍ਰੇਣੀ ਹੀ ਬੂਟਿਆਂ ਦੀਆਂ ਜੜ੍ਹਾਂ ਅਤੇ ਜ਼ਮੀਨ ਤੋਂ ਉਪਰਲੇ ਹਿੱਸਿਆਂ ਜਿਵੇਂ ਕਿ ਤਣੇ ਦੀ ਛਿੱਲੜ ਅਤੇ ਤਣੇ ਨੂੰ ਖਾ ਕੇ ਗਾਰੇ ਦੀਆਂ ਪਰਤਾਂ ਬਣਾ ਕੇ ਨੁਕਸਾਨ ਪਹੁੰਚਾਉਂਦੇ ਹਨ। ਗੰਭੀਰ ਹਮਲੇ ਨਾਲ ਬੂਟਾ ਪੂਰਾ ਸੁੱਕ ਜਾਂਦਾ ਹੈ। ਮੌਨਸੂਨ ਦੀ ਪਹਿਲੀ ਬਰਸਾਤ ਦੇ ਨਾਲ ਹੀ ਇਨ੍ਹਾਂ ਦੀਆਂ ਲਿੰਗੀ ਅਵਸਥਾਵਾਂ ਦੇ ਖੰਭ ਨਿਕਲ ਆਉਂਦੇ ਹਨ। ਰਾਣੀ ਮੱਖੀ ਹਰ ਸੈਕਿੰਡ 2-3 ਆਂਡੇ ਦਿੰਦੀ ਹੈ ਅਤੇ ਉਸ ਦੀ ਔਸਤਨ ਉਮਰ 7 ਤੋਂ 9 ਸਾਲ ਹੁੰਦੀ ਹੈ। ਸਿਉਂਕ ਧੁੱਪ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ, ਇਸ ਲਈ ਇਹ ਜ਼ਿਆਦਾਤਰ ਜ਼ਮੀਨ ਦੇ ਹੇਠਾਂ ਲੁੱਕ ਕੇ ਰਹਿੰਦੀ ਹੈ। ਇਹ ਕੀੜੇ ਪ੍ਰਮੁੱਖ ਤੌਰ 'ਤੇ ਸੈਲੂਲੋਜ਼ ਨੂੰ ਆਪਣਾ ਆਹਾਰ ਬਣਾਉਂਦੇ ਹਨ, ਜੋ ਕਿ ਲੱਕੜ ਵਿਚ ਮਿਲਦਾ ਹੈ। ਪੰਜਾਬ ਦੇ ਬਾਗ਼ਾਂ ਵਿਚ ਓਡੋਂਟੋਟਰਮਸ ਓਬੀਸਸ ਅਤੇ ਮਾਈਕਰੋਟਰਮਸ ਜਾਤੀ ਨਾਂਅ ਦੀਆਂ ਸਿਉਂਕ ਦੀਆਂ ਜਾਤੀਆਂ ਪਾਈਆਂ ਜਾਂਦੀਆਂ ਹਨ। ਸਿਉਂਕ ਤਕਰੀਬਨ ਸਾਰਾ ਸਾਲ ਚੁਸਤ ਰਹਿੰਦੀ ਹੈ ਪਰ ਮੌਨਸੂਨ ਦੇ ਮਹੀਨਿਆਂ ਵਿਚ ਇਸ ਦਾ ਹਮਲਾ ਘੱਟ ਜਾਂਦਾ ਹੈ। ਪੰਜਾਬ ਵਿਚ ਸਿਉਂਕ ਦੇ ਹਮਲੇ ਦਾ ਮੁੱਖ ਸਮਾਂ ਅਪ੍ਰੈਲ ਤੋਂ ਜੂਨ ਅਤੇ ਸਤੰਬਰ-ਅਕਤੂਬਰ ਹੁੰਦਾ ਹੈ। ਇਹ ਕੀੜੇ ਲਾਭਦਾਇਕ ਵੀ ਹਨ, ਕਿਉਂਕਿ ਇਹ ਜੈਵਿਕ ਮਾਦੇ ਨੂੰ ਮਿੱਟੀ ਦੇ ਅੰਦਰ ਗਲਣ-ਸੜਨ ਲਈ ਮਦਦ ਕਰਦੇ ਹਨ। ਅਫ਼ਰੀਕਾ ਦੇ ਕਈ ਖਿੱਤਿਆਂ ਵਿਚ ਕੁਝ ਕਬੀਲੇ ਸਿਉਂਕ ਦੀਆਂ ਲਿੰਗੀ ਅਵਸਥਾਵਾਂ ਨੂੰ ਤੇਲ ਵਿਚ ਤਲ਼ ਕੇ ਖਾਂਦੇ ਹਨ, ਕਿਉਂਕਿ ਇਨ੍ਹਾਂ ਵਿਚ ਚਰਬੀ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦੀ ਹੈ।
ਜਦੋਂ ਕਿਸਾਨ ਨਰਸਰੀ ਅਤੇ ਬਾਗ਼ਾਂ ਵਿਚ ਸਿਉਂਕ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ ਤਾਂ ਕੀਟਨਾਸ਼ਕਾਂ ਦਾ ਅਸਰ ਕੁਝ ਦਿਨਾਂ ਬਾਅਦ ਖ਼ਤਮ ਹੋ ਜਾਂਦਾ ਹੈ ਅਤੇ ਸਿਉਂਕ ਦਾ ਹਮਲਾ ਫ਼ਿਰ ਦੁਬਾਰਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਕਿਸਾਨਾਂ ਦਾ ਬਹੁਤ ਮਿਹਨਤ ਨਾਲ ਕਮਾਇਆ ਧਨ ਨਸ਼ਟ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਵਾਤਾਵਰਨ ਵੀ ਪਲੀਤ ਹੁੰਦਾ ਹੈ। ਵਾਰ-ਵਾਰ ਹਮਲਾ ਹੋਣ ਦੀ ਸਮੱਸਿਆ ਦੀ ਜੜ੍ਹ ਸਿਉਂਕ ਦੀ ਰਾਣੀ ਹੈ, ਜੋ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਆਂਡੇ ਦਿੰਦੀ ਹੈ। ਪੰਜਾਬ ਦੇ ਬਾਗ਼ਾਂ ਵਿਚ ਸਿਉਂਕ ਦੀ ਵੱਧ ਰਹੀ ਸਮੱਸਿਆ ਦੇ ਮੱਦੇਨਜ਼ਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫ਼ਲ ਵਿਗਿਆਨ ਵਿਭਾਗ ਦੇ ਵਿਗਿਆਨੀਆਂ ਨੇ ਨਾਸ਼ਪਾਤੀ, ਬੇਰ, ਆੜੂ, ਅੰਗੂਰ ਅਤੇ ਆਂਵਲੇ ਦੇ ਬਾਗ਼ਾਂ ਵਿਚ ਮਿੱਟੀ ਦੇ ਘੜਿਆਂ ਤੋਂ ਬਣਾਏ ਟਰੈਪਾਂ ਵਿਚ ਮੱਕੀ ਦੇ ਗੁੱਲੇ ਪਾ ਕੇ ਸਿਉਂਕ ਦੀ ਵਾਤਾਵਰਨ-ਸਹਾਈ ਤਕਨਾਲੋਜੀ ਦੀ ਖੋਜ ਕੀਤੀ ਹੈ।
ਸਿਉਂਕ ਟਰੈਪ ਨੂੰ ਤਿਆਰ ਕਰਨ ਅਤੇ ਬਾਗ਼ਾਂ ਵਿਚ ਲਗਾਉਣ ਦੀ ਵਿਧੀ : ਸਿਉਂਕ ਦੇ ਹਮਲੇ ਵਾਲੇ ਬਾਗ਼ਾਂ ਵਿਚ 13 ਇੰਚ ਅਕਾਰ ਵਾਲੇ 14 ਘੜੇ ਪ੍ਰਤੀ ਏਕੜ, ਜਿਨ੍ਹਾਂ ਵਿਚ ਸਿਉਂਕ ਦੇ ਅੰਦਰ ਜਾਣ ਲਈ 24 ਮੋਰੀਆਂ ਕੀਤੀਆਂ ਹੋਣ, ਨੂੰ ਮੱਕੀ ਦੇ ਗੁੱਲਿਆਂ (3-4 ਟੋਟੇ ਕੀਤੇ ਹੋਏ) ਨਾਲ ਭਰ ਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਅਤੇ ਦੁਬਾਰਾ ਸਤੰਬਰ ਦੇ ਪਹਿਲੇ ਹਫ਼ਤੇ ਮਿੱਟੀ ਵਿਚ 1.5 ਤੋਂ 2 ਫ਼ੁੱਟ ਤੱਕ ਡੂੰਘਾ ਦਬਾਓ। ਇਹ ਘੜੇ ਇਕ ਦੂਜੇ ਤੋਂ ਤਕਰੀਬਨ ਬਰਾਬਰ ਵਿੱਥ 'ਤੇ ਦੱਬੋ। 16 ਮੋਰੀਆਂ ਘੜੇ ਦੀ ਗਰਦਨ ਦੇ ਨੇੜੇ ਅਤੇ ਬਾਕੀ 8 ਮੋਰੀਆਂ ਘੜੇ ਦੇੇ ਬਾਕੀ ਹਿੱਸਿਆਂ 'ਤੇ ਬਣੀਆਂ ਹੋਣ। ਇਨ੍ਹਾਂ ਘੜਿਆਂ ਦੇ ਮੂੰਹ ਵਾਲਾ ਹਿੱਸਾ ਜ਼ਮੀਨ ਦੀ ਸਤ੍ਹਾ ਤੋਂ ਥੋੜ੍ਹਾ ਉਪਰ ਰੱਖ ਕੇ ਚੱਪਣ ਨਾਲ ੱਕ ਦਿਓ। ਮਿੱਟੀ ਵਿਚ ਦਬਾਉਣ ਤੋਂ 3 ਦਿਨਾਂ ਬਾਅਦ ਇਕ ਵਾਰੀ ਘੜੇ ਖੋਲ੍ਹ ਕੇ ਦੇਖੋ ਕਿ ਸਿਉਂਕ ਦੇ ਬੱਚੇ ਘੜੇ ਵਿਚ ਆਉਣੇ ਸ਼ੁਰੂ ਹੋ ਗਏ ਹਨ ਕਿ ਨਹੀਂ। ਆਮ ਤੌਰ 'ਤੇ ਸਿਉਂਕ ਦੇ ਹਮਲੇ ਵਾਲੇ ਬਾਗ਼ਾਂ ਵਿਚ ਬੱਚੇ 3 ਦਿਨਾਂ ਦੇ ਅੰਦਰ ਘੜਿਆਂ ਵਿਚ ਆਉਣੇ ਸ਼ੁਰੂ ਹੋ ਜਾਂਦੇ ਹਨ।
ਸਿਉਂਕ ਟਰੈਪ ਵਿਚ ਇਕੱਠੀ ਹੋਈ ਸਿਉਂਕ ਨੂੰ ਮਾਰਨਾ : ਸਿਉਂਕ ਟਰੈਪਾਂ ਨੂੰ ਬਾਗ਼ਾਂ ਵਿਚ ਮਿੱਟੀ ਹੇਠਾਂ ਦੱਬਣ ਤੋਂ 20 ਦਿਨਾਂ ਬਾਅਦ ਸਿਉਂਕ ਦੇ ਬੱਚੇ ਮੱਕੀ ਦੇ ਗੁੱਲਿਆਂ ਨੂੰ ਨਸ਼ਟ ਕਰਕੇ ਮਿੱਟੀ ਵਰਗਾ ਬਣਾ ਦਿੰਦੇ ਹਨ। ਜਦੋਂ ਘੜਿਆਂ ਨੂੰ ਖੋਲ੍ਹ ਕੇ ਵੇਖੀਏ ਤਾਂ ਹਜ਼ਾਰਾਂ ਤੋਂ ਲੱਖਾਂ ਦੀ ਗਿਣਤੀ ਵਿਚ ਸਿਉਂਕ ਦੇ ਬੱਚੇ ਹਰੇਕ ਘੜੇ ਵਿਚ ਨਜ਼ਰ ਆਉਂਦੇ ਹਨ। ਗਿਣਤੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਬਾਗ਼ ਵਿਚ ਸਿਉਂਕ ਦਾ ਹਮਲਾ ਕਿੰਨਾ ਕੁ ਹੈ ਅਤੇ ਬਾਗ਼ ਦੀ ਮਿੱਟੀ ਕਿਸ ਤਰ੍ਹਾਂ ਦੀ ਹੈ? ਇਕੱਠੀ ਹੋਈ ਸਿਉਂਕ ਨੂੰ ਮਾਰਨ ਲਈ ਸਾਰੇ ਘੜੇ ਮਿੱਟੀ ਹੇਠਾਂ ਦੱਬਣ ਤੋਂ 20 ਦਿਨਾਂ ਬਾਅਦ ਬਾਹਰ ਕੱਢੋ ਅਤੇ ਘੜੇ ਅੰਦਰ ਬਚੇ-ਖੁਚੇ ਗੁੱਲਿਆਂ ਸਮੇਤ ਅੰਦਰ ਇਕੱਠੀ ਹੋਈ ਸਿਉਂਕ ਨੂੰ ਕੁਝ ਤੁਪਕੇ ਡੀਜ਼ਲ ਮਿਲੇ ਪਾਣੀ ਵਿਚ ਡੁਬੋ ਕੇ ਖ਼ਤਮ ਕਰ ਦਿਉ।
ਸਿਉਂਕ ਟਰੈਪ ਦੀ ਕੀਮਤ : ਕਿਸਾਨ ਵੀਰ ਇਹ ਟਰੈਪ ਆਪਣੇ ਨੇੜਲੇ ਬਾਜ਼ਾਰ ਵਿਚ ਘੁਮਿਆਰ ਦੀ ਦੁਕਾਨ ਤੋਂ ਬਣਵਾ ਸਕਦੇ ਹਨ। ਬਾਜ਼ਾਰ ਵਿਚ ਅਜਿਹੇ ਇਕ ਟਰੈਪ ਦੀ ਕੀਮਤ 70 ਤੋਂ 90 ਰੁਪਏ ਹੈ। ਇਕ ਏਕੜ ਲਈ 14 ਘੜਿਆਂ ਦਾ ਖਰਚਾ 980 ਤੋਂ 1260 ਰੁਪਏ ਆਉਂਦਾ ਹੈ। ਇਹ ਖਰਚਾ ਕਿਸਾਨਾਂ ਦੁਆਰਾ ਸਿਉਂਕ ਦੀ ਰੋਕਥਾਮ ਲਈ ਹਰ ਸਾਲ ਵਰਤੇ ਜਾਂਦੇ ਕੀਟਨਾਸ਼ਕਾਂ (320 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਤਕਰੀਬਨ 7 ਵਾਰ ਛਿੜਕਾਅ ਕਰਨ ਦੇ 2240 ਰੁਪਏ ਪ੍ਰਤੀ ਏਕੜ) ਦੇ ਮੁਕਾਬਲੇ ਕਾਫ਼ੀ ਸਸਤਾ ਪੈਂਦਾ ਹੈ। ਕੀਟਨਾਸ਼ਕ ਮਹਿੰਗੇ ਹੋਣ ਤੋਂ ਇਲਾਵਾ ਵਾਤਾਵਰਨ ਨੂੰ ਵੀ ਪਲੀਤ ਕਰਦੇ ਹਨ।
ਟਰੈਪਾਂ ਨੂੰ ਬਾਗ਼ਾਂ ਵਿਚ ਲਾਉਣ ਦੇ ਫ਼ਾਇਦੇ : ਬਾਗ਼ਾਂ ਵਿਚ ਸਿਉਂਕ ਦੀ ਰੋਕਥਾਮ ਲਈ ਬਿਨਾਂ ਕੀਟਨਾਸ਼ਕ ਦੀ ਵਰਤੋਂ ਵਾਲੀ ਇਹ ਤਕਨਾਲੋਜੀ ਬਹੁਤ ਹੀ ਵਾਤਾਵਰਨ ਸਹਾਈ ਹੈ, ਕਿਉਂਕਿ ਇਸ ਦੀ ਵਰਤੋਂ ਨਾਲ ਫ਼ਲਾਂ, ਮਿੱਟੀ, ਬੂਟਿਆਂ ਅਤੇ ਵਾਤਾਵਰਨ ਵਿਚ ਕੀਟਨਾਸ਼ਕਾਂ ਦੇ ਅੰਸ਼ ਨਹੀਂ ਹੋਣਗੇ।


-ਫ਼ਲ ਵਿਗਿਆਨ ਵਿਭਾਗ
ਮੋਬਾਈਲ : 98154-13046

ਇਸ ਮਹੀਨੇ ਦੇ ਖੇਤੀ ਰੁਝੇਵੇਂ

ਕਮਾਦ
ਕਮਾਦ ਦੀ ਫ਼ਸਲ ਨੂੰ 7-12 ਦਿਨਾਂ ਦੇ ਵਕਫੇ ਤੇ ਪਾਣੀ ਦਿਓ ਅਤੇ ਕਮਾਦ ਦੀਆਂ ਕਤਾਰਾਂ ਦੇ ਨਾਲ-ਨਾਲ 65 ਕਿਲੋ ਯੂਰੀਏ ਦੀ ਦੂਸਰੀ ਕਸ਼ਤ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਆਗ ਦੇ ਗੜੂੰਏਂ ਦੇ ਹਮਲੇ ਦੀ ਰੋਕਥਾਮ ਲਈ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਜੇਕਰ ਹਮਲਾ 5 ਫ਼ੀਸਦੀ ਤੋਂ ਵੱਧ ਹੋਵੇ ਤਾਂ 10 ਕਿਲੋ ਫਰਟੇਰਾ 0.4 ਜੀ.ਆਰ. ਜਾਂ 12 ਕਿਲੋ ਕਾਰਬੋਪਿਊਰਾਨ 3 ਜੀ ਪ੍ਰਤੀ ਏਕੜ ਦੇ ਹਿਸਾਬ ਨਾਲ ਸ਼ਾਖਾ ਦੇ ਮੁੱਢਾਂ ਨੇੜੇ ਪਾਓ ਅਤੇ ਹਲਕੀ ਮਿੱਟੀ ਚਾੜ੍ਹ ਕੇ ਖੇਤ ਨੂੰ ਪਾਣੀ ਲਾ ਦਿਓ। ਇਸ ਮਹੀਨੇ ਕਈ ਵਾਰ ਕਾਲੇ ਖਟਮਲ ਦਾ ਹਮਲਾ ਖਾਸ ਕਰਕੇ ਮੁੱਢੇ ਕਮਾਦ 'ਤੇ ਕਾਫ਼ੀ ਖਤਰਨਾਕ ਹੁੰਦਾ ਹੈ। ਇਸ ਦੀ ਰੋਕਥਾਮ 350 ਮਿਲੀਲਿਟਰ ਡਰਸਥਾਨ/ ਲੀਥਲ/ ਮਾਸਬਾਨ/ ਗੋਲਡਬਾਨ 20 ਈ.ਸੀ. ਨੂੰ 400 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ। ਛਿੜਕਾਅ ਦਾ ਰੁਖ਼ ਸਿੱਧੇ ਪੱਤਿਆਂ ਦੀ ਗੋਭ ਵੱਲ ਕਰੋ। ਜ਼ਿਆਦਾ ਖੁਸ਼ਕ ਮੌਸਮ ਕਰਕੇ ਗੰਨੇ ਦੀ ਫ਼ਸਲ 'ਤੇ ਜੂੰ ਦਾ ਹਮਲਾ ਹੋ ਸਕਦਾ ਹੈ। ਕਮਾਦ ਦੀ ਫਸਲ ਲਾਗਿਓਂ ਬਰੂ ਦੇ ਬੂਟੇ ਪੁੱਟ ਦਿਉ ਕਿਉਂਕਿ ਇਨ੍ਹਾਂ ਬੂਟਿਆਂ ਤੋਂ ਜੂੰ ਕਮਾਦ ਦੀ ਫ਼ਸਲ 'ਤੇ ਫੈਲਦੀ ਹੈ।
ਸਬਜ਼ੀਆਂ
ਭਿੰਡੀ ਦੀਆਂ ਪੰਜਾਬ ਸੁਹਾਵਣੀ ਜਾਂ ਪੰਜਾਬ 8 ਕਿਸਮਾਂ ਬੀਜਣੀਆਂ ਸ਼ੁਰੂ ਕਰ ਦਿਓ ਕਿਉਂਕਿ ਇਹ ਕਿਸਮਾਂ ਪੀਲੇ ਵਿਸ਼ਾਣੂ ਰੋਗ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀਆਂ ਹਨ। 15-20 ਟਨ ਗਲੀ ਸੜੀ ਤੋਂ ਇਲਾਵਾ 40 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਓ। ਭਿੰਡੀ ਦੀ ਫਸਲ ਵਿਚ ਨਦੀਨਾਂ ਨੂੰ ਖਤਮ ਕਰਨ ਲਈ ਸਟੌਂਪ ਇਕ ਲਿਟਰ ਜਾਂ ਬਾਸਾਲਿਨ 750 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਵਰਤੋ। ਇਨ੍ਹਾਂ ਨਦੀਨਨਾਸ਼ਕਾਂ ਲਈ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਵਰਤੋ ਸਬਜ਼ੀਆਂ ਦੀਆਂ ਖੜ੍ਹੀਆਂ ਫਸਲਾਂ ਨੂੰ ਹਫਤੇ ਵਿਚ ਇਕ ਵਾਰ ਪਾਣੀ ਦਿਓ ਪਰ ਹਲਕੀਆਂ ਜ਼ਮੀਨਾਂ ਵਿਚ ਇਹ ਵਕਫ਼ਾ ਚਾਰ ਤੋਂ ਪੰਜ ਦਿਨਾਂ ਬਾਅਦ ਕਰ ਦਿਓ।
ਪਨੀਰੀ ਤਿਆਰ ਕਰਨਾ
20-25 ਟੋਕਰੀਆਂ ਗਲੀ-ਸੜੀ ਰੂੜੀ ਪ੍ਰਤੀ ਮਰਲੇ ਦੇ ਹਿਸਾਬ ਪਾ ਕੇ ਚੰਗੀ ਤ੍ਹਾਂ ਮਿੱਟੀ ਵਿਚ ਰਲਾ ਦਿਓ ਅਤੇ ਪਾਣੀ ਦੇ ਦਿਓ। ਜਦੋਂ ਜ਼ਮੀਨ ਵੱਤਰ ਤੇ ਆ ਜਾਵੇ ਤਾਂ ਨਰਸਰੀ ਬੈੱਡ ਬਣਾਓ। ਗੋਭੀ ਦੀਆਂ ਅਗੇਤੀਆਂ ਕਿਸਮਾਂ ਦਾ 500 ਗ੍ਰਾਮ ਬੀਜ ਅਤੇ ਬੈਂਗਣ ਦੀਆਂ ਪੀ. ਬੀ. ਐਚ. ਆਰ.-41, ਪੀ. ਬੀ. ਐਚ. ਆਰ.-42, ਪੀ.ਬੀ.ਐਚ.-3, ਪੰਜਾਬ ਬਰਸਾਤੀ, ਪੀ.ਬੀ.ਐਚ.ਐਲ.-5, ਪੰਜਾਬ ਨਗੀਨਾਂ ਅਤੇ ਪੰਜਾਬ ਨੀਲਮ ਕਿਸਮਾਂ ਦਾ 300 ਗ੍ਰਾਮ ਬੀਜ ਇਕ ਏਕੜ ਦੀ ਨਰਸਰੀ ਤਿਆਰ ਕਰਨ ਲਈ ਇਕ ਮਰਲੇ ਵਿਚ ਬਿਜਾਈ ਕਰੋ। ਸਾਉਣੀ ਦੇ ਗੰਢਿਆਂ ਦੀ ਐਗਰੀਫਾਊਂਡ ਡਾਰਕ ਰੈੱਡ ਕਿਸਮ ਦਾ 5 ਕਿਲੋ ਬੀਜ 8 ਮਰਲੇ ਜਗ੍ਹਾ ਵਿਚ ਬੀਜ ਕੇ ਇਕ ਏਕੜ ਦੀ ਪਨੀਰੀ ਤਿਆਰ ਕਰੋ।
ਅਗਸਤ ਵਿਚ ਸਾਉਣੀ ਰੱਤ ਦੇ ਪਿਆਜ਼ ਬੀਜਣ ਲਈ ਤਿਆਰ ਕੀਤੀਆਂ ਗੰਢੀਆਂ ਨੂੰ ਪੁੱਟ ਲਓ ਅਤੇ ਉਨ੍ਹਾਂ ਨੂੰ ਬਿਜਾਈ ਕਰਨ ਲਈ ਟੋਕਰੀਆਂ ਵਿਚ ਪਾ ਕੇ ਠੰਢੀ ਜਗ੍ਹਾ 'ਤੇ ਸੰਭਾਲ ਕੇ ਰੱਖ ਲਓ।
ਵਣ ਖੇਤੀ : ਪਾਪੂਲਰ
ਝੋਨੇ ਤੋਂ ਇਲਾਵਾ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਪਾਪਲਰ ਪਲਾਂਟੇਸ਼ਨਾਂ ਵਿਚ ਤਿੰਨ ਸਾਲ ਦੀ ਉਮਰ ਤੱਕ ਉਗਾਈਆਂ ਜਾ ਸਕਦੀਆਂ ਹਨ। ਤਿੰਨ ਸਾਲ ਤੋਂ ਵੱਧ ਉਮਰ ਦੀਆਂ ਪਾਪਲਰ ਪਲਾਂਟੇਸ਼ਨਾਂ ਵਿਚ ਸਾਉਣੀ ਦੇ ਚਾਰੇ ਜਿਵੇਂ ਕਿ ਮੱਕੀ, ਬਾਜਰਾ, ਚਰ੍ਹੀ ਅਤੇ ਗਿੰਨੀ ਘਾਹ ਵਗੈਰਾ ਉਗਾਏ ਜਾ ਸਕਦੇ ਹਨ। ਪਾਪੂਲਰ ਦੀਆਂ ਪਲਾਂਟੇਸ਼ਨਾਂ ਨੂੰ ਜੂਨ ਦੇ ਮਹੀਨੇ ਦੌਰਾਨ 10 ਦਿਨਾਂ ਦੇ ਵਕਫੇ 'ਤੇ ਪਾਣੀ ਲਾਉਂਦੇ ਰਹੋ। ਪਾਪਲਰ ਦੇ ਪੱਤੇ ਝਾੜਨ ਵਾਲੀ ਸੁੰਡੀ ਦਾ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਣ ਕਾਰਨ ਪਲਾਂਟੇਸ਼ਨਾਂ ਵਿਚ ਜਿਨ੍ਹਾਂ ਪੱਤਿਆਂ ਉਤੇ ਇਨ੍ਹਾਂ ਸੁੰਡੀਆਂ ਦੇ ਅੰਡੇ ਹੋਣ ਉਨ੍ਹਾਂ ਨੂੰ ਤੋੜ ਕੇ ਇਕੱਠਾ ਕਰਕੇ ਨਸ਼ਟ ਕਰ ਦਿਓ।


-ਅਮਰਜੀਤ ਸਿੰਘ

ਫ਼ਿਰੋਜ਼ਪੁਰ ਖੇਤਰ ਵਿਚ ਵਾਤਾਵਰਨ ਪੱਖੀ ਖੇਤੀ ਦੇ ਪੈਰੋਕਾਰ

ਗੁਰਸਾਹਿਬ ਸਿੰਘ ਹੋਰ ਕਿਸਾਨਾਂ ਲਈ ਬਣਿਆ ਮਿਸਾਲ

ਗੁਰਸਾਹਿਬ ਸਿੰਘ ਸੰਧੂ ਸਪੁੱਤਰ ਜੱਜ ਸਿੰਘ ਪਿੰਡ ਬੂਲੇ, ਬਲਾਕ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਹੈ। ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਨਾਲ ਸਾਲ 2015 ਤੋਂ ਜੁੜਿਆ ਹੋਇਆ ਹੈ। ਇਹ ਤਕਰੀਬਨ ਪਿਛਲੇ ਤਿੰਨ ਸਾਲਾਂ ਤੋਂ ਹੈਪੀ ਸੀਡਰ ਮਸ਼ੀਨ ਵਰਤ ਰਿਹਾ ਹੈ ਅਤੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਰਿਹਾ ਹੈ। ਇਸ ਸਾਲ (2018) ਵਿਚ ਇਸ ਨੇ ਆਪਣੇ ਸਾਰੀ ਕਣਕ ਦੀ ਬਿਜਾਈ (ਕੁੱਲ 15 ਏਕੜ) ਹੈਪੀ ਸੀਡਰ ਮਸ਼ੀਨ ਨਾਲ ਕੀਤੀ ਹੈ। ਇਸ ਦੇ ਨਾਲ-ਨਾਲ ਇਸ ਨੇ ਲਗਪਗ 124 ਏਕੜ ਕਣਕ ਦੀ ਕਿਰਾਏ 'ਤੇ ਬਿਜਾਈ ਵੀ ਆਪਣੀ ਹੈਪੀ ਸੀਡਰ ਮਸ਼ੀਨ ਨਾਲ 1500 ਰੁਪੈ/ਕਿੱਲਾ ਦੇ ਹਿਸਾਬ ਨਾਲ ਕੀਤੀ ਹੈ। ਇਸ ਮਸ਼ੀਨ ਦੀ ਵਰਤੋਂ ਕਰ ਕੇ ਫ਼ਸਲ ਦੀ ਬਿਜਾਈ ਕਰਨ ਲਈ ਇਹ ਮੁੱਖ ਪ੍ਰੇਰਨਾ ਸਰੋਤ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਨੂੰ ਮੰਨਦੇ ਹਨ ਅਤੇ ਇਸ ਦੇ ਨਾਲ ਨਾਲ ਆਪਣਾ ਇਕ ਵੈਟਸਐਪ ਗਰੁਪ 'ਜੈ ਜਵਾਨ ਜੈ ਕਿਸਾਨ' ਵੀ ਬਣਾਇਆ ਹੈ ਜਿਸ ਦੇ 257 ਤੋਂ ਵਧ ਮੈਂਬਰ ਹਨ ਜੋ ਕਿ ਬਹੁਤ ਕਿਸਾਨਾਂ ਲਈ ਪ੍ਰੇਰਨਾ ਦਾ ਕਾਰਨ ਬਣਿਆ ਹੈ। ਕਿਸਾਨਾਂ ਨੂੰ ਮਿਲਣ 'ਤੇ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਆਪਣਾ ਤਜਰਬਾ ਬਾਕਮਾਲ ਹੈ। ਹੋਰ ਕਿਸਾਨ ਵੀਰ ਜੋ ਇਸ ਤਕਨੀਕ ਨੂੰ ਆਪਣਾ ਚੁੱਕੇ ਹਨ ਉਨ੍ਹਾਂ ਵਿਚ ਵੀ ਇਸ ਤੋਂ ਮਿਲਣ ਵਾਲੇ ਨਤੀਜਿਆ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ। ਸ਼ੂਰੁਆਤ ਵਿਚ ਇਸ ਮਸ਼ੀਨ ਦੀ ਵਰਤੋਂ ਕਰਨ ਵਿਚ ਕਿਸਾਨ ਭਰਾਵਾਂ ਨੂੰ ਇਸ ਦੀ ਤਕਨੀਕੀ ਜਾਣਕਾਰੀ ਦੀ ਘਾਟ ਸੀ ਜਿਸ ਕਾਰਨ ਕਈ ਉਲਝਣਾਂ ਦਾ ਸਾਹਮਣਾ ਕਰਨਾ ਪਿਆ ਪਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਦੀ ਸੇਧ ਅਤੇ ਤਕਨੀਕੀ ਜਾਣਕਾਰੀ ਅਨੁਸਾਰ ਇਸ ਮਸ਼ੀਨ ਦੀ ਵਰਤੋਂ ਸਹੀ ਤਰੀਕੇ ਕਰਨ ਕਰਕੇ ਨਤੀਜੇ ਅੱਗੇ ਨਾਲੋਂ ਵਧੀਆ ਅਤੇ ਲਾਹੇਵੰਦ ਆਏ ਹਨ ਜਿਸ ਕਾਰਨ ਹੋਰ ਲਾਗਲੇ ਕਿਸਾਨ ਭਰਾ ਵੀ ਇਨ੍ਹਾਂ ਤੋਂ ਪ੍ਰੇਰਿਤ ਹੋ ਰਹੇ ਹਨ। ਇਸ ਤਕਨੀਕ ਦੀ ਵਰਤੋਂ ਕਰ ਕੇ ਫ਼ਸਲ ਦੀ ਬਿਜਾਈ ਕਰਨ ਨਾਲ ਬਹੁਤ ਲਾਭ ਮਿਲਦਾ ਹੈ ਜਿੱਥੇ ਪੈਸੇ ਦੀ ਬੱਚਤ ਹੁੰਦੀ ਹੈ ਉਥੇ ਨਾਲ-ਨਾਲ ਭੂਮੀ ਦੀ ਸਿਹਤ ਤੰਦਰੁਸਤ ਅਤੇ ਉਪਜਾਊ ਸ਼ਕਤੀ ਵਧਦੀ ਹੈ ਜਿਸ ਨਾਲ ਝਾੜ ਵਿਚ ਵੀ ਵਾਧਾ ਹੁੰਦਾ ਹੈ। ਇਸ ਹੈਪੀ ਸੀਡਰ ਮਸ਼ੀਨ ਦੀ ਕਾਢ ਕਰਕੇ ਅਸੀਂ ਇਕ ਕਦਮ ਹੋਰ ਉਨਤੀ ਵੱਲ ਪਹੁੰਚ ਗਏ ਹਾਂ।


-ਗੁਰਜੰਟ ਸਿੰਘ ਔਲਖ

ਰੁੱਖ

* ਅਮਰ 'ਸੂਫ਼ੀ' *

ਆਓ ਯਾਰੋ! ਰੁੱਖ ਲਗਾਈਏ।
ਧਰਤੀ ਦੀ ਕੁਝ ਸ਼ਾਨ ਬਣਾਈਏ।

ਜੀਵਾਂ ਨੂੰ ਇਹ ਜੀਵਨ ਦਿੰਦੇ।
ਚੁੱਲ੍ਹੇ ਨੂੰ ਇਹ ਬਾਲਣ ਦਿੰਦੇ।
ਠੰਢੀ ਮਿੱਠੀ ਛਾਂ ਦਿੰਦੇ ਨੇ,
ਇਨ੍ਹਾਂ ਦੀ ਸਭ ਖ਼ੈਰ ਮਨਾਈਏ।
ਆਓ ਯਾਰੋ! ਰੁੱਖ ਲਗਾਈਏ।
ਧਰਤੀ ਦੀ ਕੁਝ ਸ਼ਾਨ ਬਣਾਈਏ।

ਪੰਛੀ ਕਰਦੇ ਰੈਣ ਬਸੇਰਾ।
ਡੰਗਰ ਛਾਵੇਂ ਲਾਉਂਦੇ ਡੇਰਾ।
ਇਨ੍ਹਾਂ ਤੋਂ ਜੇ ਸੁੱਖ ਮਿਲਦਾ ਹੈ-
ਉਸ ਦੇ ਵਾਰੀ ਸਦਕੇ ਜਾਈਏ।
ਆਓ ਯਾਰੋ! ਰੁੱਖ ਲਗਾਈਏ....

ਔੜਾਂ ਨੂੰ ਬਖ਼ਸ਼ਣ ਹਰਿਆਲੀ।
ਹਰਿਆਵਲ ਬਖ਼ਸ਼ੇ ਖ਼ੁਸ਼ਹਾਲੀ।
ਇਹ ਨੇ ਸਾਡੀ ਜੀਵਨ-ਰੇਖਾ-
ਇਨ੍ਹਾਂ ਨੂੰ ਨਾ ਵੱਢ ਮੁਕਾਈਏ।
ਆਓ ਯਾਰੋ! ਰੁੱਖ ਲਗਾਈਏ....

ਇਹ ਦਿੰਦੇ ਫਲ, ਫੁੱਲ, ਦਵਾਈ।
ਤੰਦਰੁਸਤੀ ਇਹ ਦੇਣ ਸਵਾਈ।
ਇਨ੍ਹਾਂ ਬਾਝੋਂ ਜੀਵਨ ਸੁੰਨਾ-
ਗੱਲ ਪਤੇ ਦੀ ਆਖ ਸੁਣਾਈਏ।
ਆਓ ਯਾਰੋ! ਰੁੱਖ ਲਗਾਈਏ....

ਖ਼ੁਸ਼ੀਆਂ ਵਾਲਾ ਦਿਨ ਜਦ ਆਵੇ।
ਹਰ ਬੰਦਾ ਇਕ ਬੂਟਾ ਲਾਵੇ।
ਖਾਲੀ ਥਾਵਾਂ 'ਤੇ ਲਾ ਪੌਦੇ-
ਵੀਰੋ! ਨੈਤਿਕ ਫ਼ਰਜ਼ ਨਿਭਾਈਏ।
ਆਓ ਯਾਰੋ! ਰੁੱਖ ਲਗਾਈਏ....

ਸਾਰੀ ਉਮਰਾ ਸਾਥ ਨਿਭਾਉਂਦੇ।
ਆਖ਼ਰ ਵੇਲੇ ਵੀ ਕੰਮ ਆਉਂਦੇ।
ਮੋਏ ਦੇ ਨਾਂਅ ਲਾ ਕੇ ਬੂਟਾ-
ਉਸ ਦੀ ਯਾਦ ਸਦੈਵ ਬਣਾਈਏ।
ਆਓ ਯਾਰੋ! ਰੁੱਖ ਲਗਾਈਏ....

ਲੋੜ ਪਈ ਤੋਂ ਜਦ ਰੁੱਖ ਵੱਢੋ।
ਉਸ ਥਾਂ ਨੂੰ ਨਾ ਖਾਲੀ ਛੱਡੋ।
ਯਤਨ ਕਰੋ, ਉਸ ਥਾਂ 'ਤੇ 'ਸੂਫ਼ੀ',
ਇਕ ਦੇ ਬਦਲੇ ਤਿੰਨ ਲਗਾਈਏ।
ਆਓ ਯਾਰੋ! ਰੁੱਖ ਲਗਾਈਏ....


-ਏ-1, ਜੁਝਾਰ ਨਗਰ, ਮੋਗਾ-142001.
ਸੰਪਰਕ : 98555-43660.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX