ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆ ਗਿਰੋਹ ਦੇ ਚਾਰ ਮੈਂਬਰਾਂ ਨੂੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਫ਼ਾਜ਼ਿਲਕਾ ਜਗਦੀਸ਼ ....
ਕੈਦੀ ਭਜਾ ਕੇ ਲਿਜਾਉਣ ਦੀ ਪੁਲਿਸ ਮੁਲਜ਼ਮਾਂ ਨੇ ਘੜੀ ਝੂਠੀ ਕਹਾਣੀ
. . .  1 day ago
ਤਲਵੰਡੀ ਭਾਈ, 24 ਜੂਨ (ਕੁਲਜਿੰਦਰ ਸਿੰਘ ਗਿੱਲ)- ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ੀ ਲਈ ਲਿਆਏ ਜਾ ਰਹੇ ਇੱਕ ਕੈਦੀ ਨੂੰ ਉਸ ਦੇ ਸਾਥੀਆਂ ਵੱਲੋਂ ਭਜਾ ਕੇ ਲੈ ਜਾਣ ਦੀ ਸੂਚਨਾ ਨੇ ਜ਼ਿਲ੍ਹਾ ਫ਼ਿਰੋਜਪੁਰ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਪ੍ਰੰਤੂ ਸਾਰੇ .....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁ: ਲੱਖੀ ਜੰਗਲ ਸਾਹਿਬ (ਬਠਿੰਡਾ)

ਜ਼ਿਲ੍ਹਾ ਬਠਿੰਡਾ ਦੇ ਸਬ-ਤਹਿਸੀਲ ਗੋਨਿਆਣਾ ਦੇ 800 ਆਬਾਦੀ ਵਾਲੇ ਪਿੰਡ ਲੱਖੀ ਜੰਗਲ ਦੀ ਇਤਿਹਾਸਕ ਮਹੱਤਤਾ ਸਦਕਾ ਦੇਸ਼-ਵਿਦੇਸ਼ ਤੋਂ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਨਮਨ ਕਰਨ ਲਈ ਦਿਨ-ਤਿਉਹਾਰ ਮੌਕੇ ਨਤਮਸਤਕ ਹੋਣ ਲਈ ਸੰਗਤਾਂ ਆਉਂਦੀਆਂ ਹਨ। ਲੱਖੀ ਜੰਗਲ ਉਹ ਪਵਿੱਤਰ ਧਰਤੀ ਹੈ, ਜਿਸ ਨੂੰ ਚਾਰ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਵੇਲੇ ਇਥੇ ਸਥਿਤ ਜੰਗਲ ਦੇ ਇਲਾਕੇ ਨੂੰ ਭਾਗ ਲਾਏ ਅਤੇ ਇਸ ਸਥਾਨ ਨੂੰ ਲੱਖੀ ਜੰਗਲ ਦਾ ਨਾਂਅ ਬਖਸ਼ਿਸ਼ ਕਰਦਿਆਂ ਸੰਗਤਾਂ ਨੂੰ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਇਥੇ ਅੱਜ ਵਿਸ਼ਾਲ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਹਰ ਪੂਰਨਮਾਸ਼ੀ ਨੂੰ ਇਥੇ ਸੰਗਤਾਂ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਹਨ। 13 ਜਨਵਰੀ ਨੂੰ ਮਾਘੀ ਦਾ ਵੱਡਾ ਜੋੜ ਮੇਲਾ ਲਗਦਾ ਹੈ।
ਇਸ ਪਵਿੱਤਰ ਅਸਥਾਨ ਦੀ ਦੂਜੀ ਵੱਡੀ ਧਾਰਮਿਕ ਮਹੱਤਤਾ ਹੈ ਕਿ ਇਸੇ ਸਥਾਨ 'ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚੰਦੂ ਪਾਪੀ ਨੂੰ ਨੱਥ ਪਾ ਕੇ ਬੰਨ੍ਹਿਆ ਸੀ। ਫਿਰ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਨੇ ਭਾਈ ਸੋਮੇ ਨੂੰ ਦਾਤਾਂ ਬਖਸ਼ਿਸ਼ ਕੀਤੀਆਂ ਸਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਾਲਵੇ ਖੇਤਰ ਦੇ ਇਸ ਅਤਿ ਮਹੱਤਵਪੂਰਨ ਧਾਰਮਿਕ ਸਥਾਨ ਲੱਖੀ ਜੰਗਲ ਵਿਖੇ ਚਰਨ ਪਾਏ ਅਤੇ ਇਥੇ ਠਹਿਰਾਓ ਕਰਕੇ ਉਨ੍ਹਾਂ 101 ਕਵੀਆਂ ਦੇ ਦਰਬਾਰ ਲਾਏ। ਸਾਖੀ ਸਾਹਿਤ ਅਨੁਸਾਰ ਇਥੇ ਹੀ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਾਤਣ ਨੂੰ ਗੱਡਿਆ ਗਿਆ ਸੀ, ਜਿਥੇ ਅੱਜ ਵਿਸ਼ਾਲ ਪੁਰਾਤਨ ਫਲਾਹੀ ਦਾ ਦਰੱਖਤ ਸੁਸ਼ੋਭਿਤ ਹੈ। ਲੱਖੀ ਜੰਗਲ ਤੋਂ ਦੱਖਣ ਵੱਲ 5 ਕਿਲੋਮੀਟਰ ਦੀ ਦੂਰੀ 'ਤੇ ਭਾਈ ਸੋਮੇ ਦੇ ਨਾਂਅ 'ਤੇ ਇਤਿਹਾਸਕ ਪਿੰਡ ਸਵਾਈ ਮਹਿਮਾ ਵਸਿਆ ਹੋਇਆ ਹੈ, ਜਿਥੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂਸਰ ਸੁਸ਼ੋਭਿਤ ਹੈ। ਇਥੇ ਦਸਵੇਂ ਪਾਤਸ਼ਾਹ ਨੇ ਬਾਬਾ ਦਾਨ ਸਿੰਘ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ। ਇਨ੍ਹਾਂ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ (ਪੰਜਾਬ) ਵਲੋਂ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਕੀਤੀ ਜਾ ਰਹੀ ਹੈ।
ਲੱਖੀ ਜੰਗਲ ਗੁਰਦੁਆਰਾ ਸਾਹਿਬ ਨੂੰ ਵਿਸ਼ਾਲ ਬਣਾਉਣ ਲਈ ਬੁੱਢਾ ਦਲ ਦੇ ਮੁਖੀ ਸੰਤ ਬਾਬਾ ਚੇਤ ਸਿੰਘ ਵਲੋਂ 1963 ਵਿਚ ਨੀਂਹ-ਪੱਥਰ ਰੱਖਿਆ ਗਿਆ ਅਤੇ ਸਮੁੱਚੀ ਸੇਵਾ ਬੁੱਢਾ ਦਲ ਨੇ ਹੀ ਮੁਕੰਮਲ ਕੀਤੀ। 10 ਸਾਲ ਕਾਰ ਸੇਵਾ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵਲੋਂ ਕਰਦਿਆਂ ਇਥੇ ਵਿਸ਼ਾਲ ਲੰਗਰ ਹਾਲ ਦਾ ਨਿਰਮਾਣ ਕੀਤਾ ਗਿਆ, ਜਿਥੇ 24 ਘੰਟੇ ਗੁਰੂ ਕਾ ਲੰਗਰ ਚਲਦਾ ਹੈ। ਗੁਰਦੁਆਰਾ ਸਾਹਿਬ ਦੀ ਪਰਿਕਰਮਾ ਨੂੰ ਹੋਰ ਸੁੰਦਰ ਬਣਾਉਂਦਿਆਂ ਇਥੇ ਸਥਿਤ ਸਰੋਵਰ ਸਾਹਿਬ ਦੇ ਚੁਫੇਰੇ ਵਰਾਂਡੇ ਤਿਆਰ ਕਰਵਾਏ ਗਏ। ਪਿੰਡ ਲੱਖੀ ਜੰਗਲ ਦੀ ਇਤਿਹਾਸਕ ਮਹੱਤਤਾ ਸਦਕਾ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਲੱਖੀ ਜੰਗਲ ਨੂੰ ਸਮਾਰਟ ਪਿੰਡਾਂ ਵਜੋਂ ਵਿਕਸਤ ਕਰਨ ਲਈ ਮੁੱਖ ਮੰਤਰੀ ਪੰਜਾਬ ਵਲੋਂ 10 ਕਰੋੜ ਦੀ ਵਿਸ਼ੇਸ਼ ਗ੍ਰਾਂਟ ਨਾਲ ਇਸ ਇਤਿਹਾਸਕ ਪਿੰਡ ਲੱਖੀ ਜੰਗਲ ਨੂੰ ਹੋਰ ਵਧੇਰੇ ਸੁੰਦਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ।


-ਕੰਵਲਜੀਤ ਸਿੰਘ ਸਿੱਧੂ, ਬਲਦੇਵ ਸਿੰਘ ਸੰਧੂ
ਬਠਿੰਡਾ।


ਖ਼ਬਰ ਸ਼ੇਅਰ ਕਰੋ

550ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ ਵਿਚ

ਹਰ ਦਿਨ ਗੁਰੂ ਨਾਨਕ ਹਰ ਦਿਲ ਗੁਰੂ ਨਾਨਕ

ਕਰਤਾਰਪੁਰ ਲਾਂਘੇ ਦੀ ਮਨਜ਼ੂਰੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਉਤਸ਼ਾਹ ਵਧ ਗਿਆ ਹੈ। ਜਿਥੇ ਇਕ ਪਾਸੇ ਸਿੱਖ ਸੰਗਤ ਖੁਸ਼ ਹੈ ਕਿ ਉਨ੍ਹਾਂ ਦੀ ਅਰਦਾਸ ਕਬੂਲ ਹੋਈ, ਉਥੇ ਦੂਜੇ ਪਾਸੇ ਗ਼ੈਰ-ਸਿੱਖਾਂ ਦੇ ਮਨ ਵਿਚ ਵੀ ਚਾਅ ਪੈਦਾ ਹੋਇਆ ਹੈ, ਕਿਉਂਕਿ ਅਰਦਾਸ ਮਨੁੱਖਤਾ ਦੀ ਸਾਂਝੀ ਪੁਕਾਰ ਹੈ ਅਤੇ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਹਨ, ਸਿਰਫ ਸਿੱਖਾਂ ਦੇ ਨਹੀਂ।
ਦਿੱਲੀ ਅਤੇ ਪੰਜਾਬ ਦੀਆਂ ਸਿੱਖ ਧਾਰਮਿਕ ਸੰਸਥਾਵਾਂ ਹੋਣ ਜਾਂ ਫਿਰ ਯੂਨੀਵਰਸਿਟੀਆਂ ਅਤੇ ਕਾਲਜ, ਸਭ ਨੇ ਇਸ ਗੁਰਪੁਰਬ ਦਾ ਆਗਾਜ਼ ਸੈਮੀਨਾਰਾਂ ਰਾਹੀਂ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਸੰਗਤ ਕੋਲੋਂ ਸੁਝਾਅ ਮੰਗੇ ਕਿ ਇਹ ਸ਼ਤਾਬਦੀ ਕਿਵੇਂ ਮਨਾਈ ਜਾਵੇ ਅਤੇ ਉਨ੍ਹਾਂ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਦਿੱਲੀ ਤੋਂ ਕਰਤਾਰਪੁਰ ਤੱਕ ਨਗਰ ਕੀਰਤਨ ਕੱਢਿਆ ਜਾਵੇਗਾ। ਪਰ ਕੀ ਕੁਝ ਸੈਮੀਨਾਰ ਜਾਂ ਨਗਰ ਕੀਰਤਨ ਕਾਫ਼ੀ ਹਨ ਮਨੁੱਖਤਾ ਤੱਕ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਲਿਜਾਣ ਲਈ? ਸੈਮੀਨਾਰ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਮਹਿਜ਼ ਆਪਣੇ ਪੁਆਇੰਟ ਬਣਾਉਣ ਦਾ ਜ਼ਰੀਆ ਬਣ ਗਏ ਹਨ। ਜੇ ਸਿਰਫ਼ ਸਿੱਖ ਬੁੱਧੀਜੀਵੀ ਬੋਲਣ ਤੇ ਸਿੱਖ ਸੰਗਤ ਸੁਣੇ ਤਾਂ ਇਸ ਤਰ੍ਹਾਂ ਸਿੱਖ ਫਲਸਫਾ ਦੁਨੀਆ ਵਿਚ ਕਿਵੇਂ ਪਹੁੰਚੇਗਾ?
ਸ਼ੁਰੂਆਤ ਅਕਾਦਮਿਕ ਅਦਾਰਿਆਂ ਤੋਂ ਕਰੀਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਕਾਲਜ ਦਿੱਲੀ ਯੂਨੀਵਰਸਿਟੀ ਦੇ ਤਹਿਤ ਆਉਂਦੇ ਹਨ, ਜਿਸ ਵਿਚ ਮਾਤਾ ਸੁੰਦਰੀ ਕਾਲਜ ਫਾਰ ਵਿਮਨ, ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਕਰੋਲ ਬਾਗ ਅਤੇ ਖਾਲਸਾ ਕਾਲਜ ਕੈਂਪਸ। ਦਿੱਲੀ ਯੂਨੀਵਰਸਿਟੀ ਦੇ ਸਭ ਕਾਲਜਾਂ ਵਿਚ ਬੀ. ਏ. ਆਨਰਸ ਫਿਲਾਸਫੀ, ਰਾਜਨੀਤੀ ਸ਼ਾਸਤਰ ਪੜ੍ਹਾਈ ਜਾਂਦੀ ਹੈ ਪਰ ਇਨ੍ਹਾਂ ਦੋਵੇਂ ਵਿਸ਼ਿਆਂ ਵਿਚ ਹੀ ਸਿੱਖ ਫਲਸਫਾ ਗ਼ੈਰ-ਮੌਜੂਦ ਹੈ। ਫਿਲਾਸਫੀ ਵਿਚ ਹਿੰਦੂਇਜ਼ਮ, ਜੈਨਇਜ਼ਮ, ਬੁੱਧਇਜ਼ਮ, ਜੋ ਕਿ ਧਰਮ ਵੀ ਹਨ ਅਤੇ ਦਰਸ਼ਨ ਵੀ, ਪੜ੍ਹਾਏ ਜਾਂਦੇ ਹਨ ਤੇ ਕੀ ਕਾਰਨ ਹੈ ਕਿ ਸਿੱਖ ਚਿੰਤਨ ਨੂੰ ਸਿਰਫ ਧਰਮ ਮੰਨ ਕੇ ਛੱਡ ਦਿੱਤਾ ਗਿਆ। ਇਸੇ ਤਰ੍ਹਾਂ ਐਮ.ਏ. ਦੇ ਸਿਲੇਬਸ ਵਿਚ ਵੀ ਸਿੱਖ ਫਲਸਫਾ ਸ਼ਾਮਿਲ ਨਹੀਂ ਕੀਤਾ ਗਿਆ।
ਠੀਕ ਉਸੇ ਤਰ੍ਹਾਂ ਰਾਜਨੀਤੀ ਸ਼ਾਸਤਰ ਵਿਸ਼ੇ ਵਿਚ ਹਰ ਸਦੀ ਦੀ ਸਟੇਟ ਅਤੇ ਰਾਜ ਦਾ ਸਿਧਾਂਤ ਪੜ੍ਹਾਇਆ ਜਾਂਦਾ ਹੈ-ਗ੍ਰੀਕ ਸਟੇਟ, ਚਾਣਕਿਆ ਨੀਤੀ, ਸ਼ੁਕਰਾ ਨੀਤੀ, ਗਾਂਧੀ ਦਾ ਸਵਰਾਜ, ਪਰ ਇਥੇ ਵੀ ਸਿੱਖ ਸਿਧਾਂਤ ਗ਼ੈਰ-ਮੌਜੂਦ ਹੈ। ਜੋ ਹਲੇਮੀ ਰਾਜ ਦਾ ਸਿਧਾਂਤ ਅਮਲੀ ਰੂਪ ਵਿਚ ਸਿੱਖ ਗੁਰੂਆਂ ਨੇ ਦਿੱਤਾ, ਉਹ ਪੜ੍ਹਾਇਆ ਜਾਣਾ ਕਿਉਂ ਜ਼ਰੂਰੀ ਨਹੀਂ ਹੈ? ਸਿੱਖ ਜਰਨੈਲਾਂ ਦੇ ਬੁੱਤ ਲਗਾਉਣੇ ਮੁਬਾਰਕ ਹਨ ਪਰ ਉਨ੍ਹਾਂ ਦੇ ਪ੍ਰੇਰਨਾ ਸਰੋਤ ਗੁਰੂ ਸਾਹਿਬ ਦੇ ਸਿਧਾਂਤਾਂ ਤੋਂ ਕੌਣ ਜਾਣੂ ਕਰਵਾਏਗਾ? ਹੈਰਾਨੀ ਹੈ ਸਿੱਖ ਬੁੱਧੀਜੀਵੀਆਂ ਅਤੇ ਕਮੇਟੀ ਦੇ ਪ੍ਰਧਾਨਾਂ ਦੇ ਚੁੱਪ ਰਹਿਣ 'ਤੇ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸਿੱਖ ਫਲਸਫਾ ਸਿਲੇਬਸ ਦਾ ਹਿੱਸਾ ਹੈ ਤੇ ਦਿੱਲੀ ਵਿਚ ਕਿਉਂ ਨਹੀਂ? ਇਨ੍ਹਾਂ ਸਭ ਕੋਰਸਾਂ ਵਿਚ ਸਿੱਖ ਅਤੇ ਗ਼ੈਰ-ਸਿੱਖ ਵਿਦਿਆਰਥੀ ਪੜ੍ਹਦੇ ਹਨ ਤੇ ਇਸ ਤਰ੍ਹਾਂ ਉਹ ਸਭ ਵੀ ਗੁਰੂ ਸਾਹਿਬ ਦੇ ਸਿਧਾਂਤਾਂ ਤੋਂ ਵਾਂਝੇ ਹਨ। ਦਿੱਲੀ ਦੀਆਂ ਕਮੇਟੀਆਂ ਬਦਲੀਆਂ, ਪ੍ਰਧਾਨ ਵੀ ਬਦਲੇ ਪਰ ਨਹੀਂ ਬਦਲੀ ਤਾਂ ਉਨ੍ਹਾਂ ਦੀ ਇਸ ਮਸਲੇ 'ਤੇ ਅਣਗਹਿਲੀ।
ਇਨ੍ਹਾਂ ਚਾਰਾਂ ਕਾਲਜਾਂ ਵਿਚ ਡਿਵਿਨਿਟੀ ਹੈ ਪਰ ਇਹ ਸਿਰਫ ਇਕ ਸਾਲਾਨਾ ਸੈਮੀਨਾਰ, ਕੀਰਤਨ ਅਤੇ ਬਾਣੀ ਮੁਕਾਬਲੇ ਕਰਵਾਉਣ ਤੱਕ ਹੀ ਸੀਮਤ ਹੈ, ਕਿਉਂਕਿ ਸਿੱਖ ਸਿਧਾਂਤ ਬਤੌਰ ਸਿਲੇਬਸ ਨਹੀਂ ਪੜ੍ਹਾਏ ਜਾਂਦੇ? ਹੁਣ ਕੁਝ ਲੋਕਾਂ ਦਾ ਤਰਕ ਹੈ ਕਿ ਯੂ.ਜੀ.ਸੀ. ਦੀ ਮਰਜ਼ੀ ਤੋਂ ਬਿਨਾਂ ਇਹ ਸੰਭਵ ਨਹੀਂ ਪਰ ਘੱਟ ਗਿਣਤੀ ਦਰਜਾ ਮਿਲਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਪੇਰੈਂਸ ਬਾਡੀ ਹੈ, ਆਪਣੀ ਮਰਜ਼ੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਇਕ ਵਿਸ਼ੇ ਜਾਂ ਕੋਈ ਵੀ ਸਰਟੀਫਿਕੇਟ ਕੋਰਸ ਰੱਖ ਸਕਦੀ ਹੈ। ਹਰ ਕਾਲਜ ਵਿਚ ਯੂ.ਜੀ.ਸੀ. ਵਲੋਂ ਵੱਖਰੇ-ਵੱਖਰੇ ਐਡ ਆਨ ਕੋਰਸ ਸ਼ੁਰੂ ਕੀਤੇ ਗਏ ਹਨ, ਜਿਸ ਵਿਚ ਮਨੁੱਖੀ ਅਧਿਕਾਰ, ਪੀਸ ਐਜੂਕੇਸ਼ਨ, ਮੀਡੀਆ ਮੁੱਖ ਹਨ, ਇਨ੍ਹਾਂ ਸਭ ਸਿਧਾਂਤਾਂ ਨੂੰ ਸਾਹਮਣੇ ਰੱਖਦੇ ਹੋਏ ਗੁਰੂਆਂ ਦੀਆਂ ਸਿੱਖਿਆਵਾਂ 'ਤੇ ਐਡ ਆਨ ਕੋਰਸ ਬਣਾਇਆ ਜਾ ਸਕਦਾ ਹੈ। ਯਕੀਨਨ ਇਸ ਨਾਲ ਗੁਰੂ ਸਾਹਿਬ ਦਾ ਫਲਸਫਾ ਦੁਨੀਆ ਤੱਕ ਵੀ ਪਹੁੰਚੇਗਾ।
ਇਹ ਸਿਰਫ ਪ੍ਰਚਾਰ ਦਾ ਹੀ ਜ਼ਰੀਆ ਨਹੀਂ, ਸਗੋਂ ਰੁਜ਼ਗਾਰ ਦਾ ਮਾਧਿਅਮ ਵੀ ਬਣੇਗਾ। ਜੋ ਵੀ ਵਿਦਿਆਰਥੀ ਧਰਮ, ਸਿੱਖ ਸਟੱਡੀ ਦੀ ਐਮ.ਏ. ਜਾਂ ਫਿਰ ਪੀ.ਐਚ.ਡੀ. ਕਰਦੇ ਹਨ, ਉਨ੍ਹਾਂ ਨੂੰ ਅਧਿਆਪਕ ਦਾ ਕੰਮ ਮਿਲ ਸਕਦਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਵਲੋਂ ਇਕ ਸੰਦੇਸ਼ ਰਾਹੀਂ ਅਜਿਹੇ ਪ੍ਰਚਾਰਕ ਮੰਗੇ ਗਏ ਜੋ ਅੰਗਰੇਜ਼ੀ ਵਿਚ ਗੱਲ ਕਰ ਸਕਣ ਅਤੇ ਅੰਤਰ ਧਰਮ ਸੰਵਾਦ ਸਮਝਾਉਣ 'ਚ ਸਮਰੱਥ ਹੋਣ। ਪਰ ਹੁਣ ਇਹ ਸਭ ਸੰਭਵ ਨਹੀਂ। ਸ਼ਾਇਦ ਸਿਰਸਾ ਸਾਹਿਬ ਚੋਣ ਪ੍ਰਚਾਰ ਵਿਚ ਏਨੇ ਰੁੱਝ ਗਏ ਕਿ ਦਿੱਲੀ ਦੇ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨਾਲ ਹੋਏ ਧੱਕੇ ਤੋਂ ਵੀ ਅਨਜਾਣ ਰਹਿ ਗਏ।
ਮਸਲਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਦਾ, ਜਿਨ੍ਹਾਂ ਨੇ ਸਾਲਾਨਾ ਇਮਤਿਹਾਨ ਤੋਂ ਅਚਾਨਕ 2 ਦਿਨ ਪਹਿਲਾਂ ਦਿੱਲੀ ਦੇ ਵਿਦਿਆਰਥੀਆਂ ਨੂੰ ਪਟਿਆਲਾ ਆ ਕੇ ਪੇਪਰ ਦੇਣ ਲਈ ਹੁਕਮ ਕੀਤਾ। ਇਹ ਵਿਦਿਆਰਥੀ ਦਿੱਲੀ ਕਮੇਟੀ ਦੇ ਅਧੀਨ ਚੱਲ ਰਹੇ ਗੁਰਮਤਿ ਕਾਲਜ 'ਚੋਂ ਐਮ.ਏ. ਰਿਲੀਜ਼ਨ, ਪੰਜਾਬੀ, ਗੁਰਮਤਿ ਸੰਗੀਤ, ਸਿੱਖਿਜ਼ਮ ਕਰ ਰਹੇ ਹਨ। 2006 ਤੋਂ ਹੀ ਗੁਰਮਤਿ ਕਾਲਜ ਇਮਤਿਹਾਨ ਲਈ ਯੂਨੀਵਰਸਿਟੀ ਦਾ ਸੈਂਟਰ ਰਿਹਾ ਹੈ ਅਤੇ ਹੁਣ ਤੱਕ ਕਰੀਬ 650 ਵਿਦਿਆਰਥੀ ਬੀ. ਏ., ਡਿਪਲੋਮਾ ਅਤੇ ਐਮ.ਏ. ਕਰ ਚੁੱਕੇ ਹਨ। ਗੁਰਮਤਿ ਕਾਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਵਲੋਂ ਪੁਰ ਜ਼ੋਰ ਕੋਸ਼ਿਸ਼ ਤੋਂ ਬਾਅਦ ਵੀ ਯੂਨੀਵਰਸਿਟੀ ਨੇ ਆਪਣਾ ਫੈਸਲਾ ਨਹੀਂ ਬਦਲਿਆ ਅਤੇ ਕਈ ਵਿਦਿਆਰਥੀਆਂ ਦਾ ਸਾਲ ਮਾਰਿਆ ਗਿਆ। ਗੁਰਮਤਿ ਕਾਲਜ, ਦਿੱਲੀ ਕਮੇਟੀ ਦੀ ਇਕ ਵੱਡੀ ਉਪਲਬਧੀ ਹੈ। ਚਾਹੇ ਸਰਨਾ ਪ੍ਰਧਾਨ ਸੀ ਜਾਂ ਜੀ. ਕੇ. ਅਤੇ ਹੁਣ ਸਿਰਸਾ, ਗੁਰਮਤਿ ਕਾਲਜ ਨੂੰ ਹਰ ਪ੍ਰਧਾਨ ਤੋਂ ਸਹਿਯੋਗ ਮਿਲਦਾ ਰਿਹਾ। ਹਰਿੰਦਰਪਾਲ ਸਿੰਘ ਮੁਤਾਬਿਕ ਦਿੱਲੀ ਕਮੇਟੀ ਗੁਰਮਤਿ ਕਾਲਜ ਰਾਹੀਂ ਵਿਦਿਆਰਥੀਆਂ ਉੱਪਰ ਸਾਲਾਨਾ 20 ਤੋਂ 22 ਲੱਖ ਰੁਪਏ ਖਰਚ ਕਰਦੀ ਹੈ ਤੇ ਫਿਰ ਕੀ ਕਾਰਨ ਹੈ ਕਿ ਇਸ ਕਾਲਜ ਨੂੰ ਧਰਮ ਦੀ ਸਿੱਖਿਆ ਦਾ ਇਕ ਰੈਗੂਲਰ ਕਾਲਜ ਯੂ.ਜੀ.ਸੀ. ਤੋਂ ਮਾਨਤਾ ਦਿਵਾ ਕੇ ਕਿਉਂ ਨਹੀਂ ਬਣਾਇਆ ਜਾ ਸਕਦਾ?
ਦਿੱਲੀ ਵਿਚ ਜੇ ਕੋਈ ਧਰਮ ਪੜ੍ਹਨਾ ਚਾਹੇ ਤਾਂ ਉਸ ਨੂੰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਚ ਦਾਖਲਾ ਲੈਣਾ ਪਵੇਗਾ ਪਰ ਉਸ ਦਾ ਮੀਡੀਅਮ ਸਿਰਫ ਉਰਦੂ, ਅੰਗਰੇਜ਼ੀ ਜਾਂ ਹਿੰਦੀ ਹੋਵੇਗਾ, ਇਸ ਕਾਰਨ ਕੋਈ ਵੀ ਵਿਦਿਆਰਥੀ ਜਿਸ ਦਾ ਮੀਡੀਅਮ ਪੰਜਾਬੀ ਹੈ, ਉਹ ਇਹ ਦਾਖਲਾ ਨਹੀਂ ਲੈ ਸਕਦਾ। ਕੀ ਕੋਈ ਵੀ ਨਗਰ ਕੀਰਤਨ ਜਾਂ ਸੈਮੀਨਾਰ ਇਨ੍ਹਾਂ ਵਿਦਿਆਰਥੀਆਂ ਦਾ ਹਰਜਾਨਾ ਦੇ ਸਕੇਗਾ?
ਲਗਾਤਾਰ ਅਖ਼ਬਾਰ 'ਚ ਸੁਰਖੀਆਂ ਬਣੇ ਇਸ ਮਸਲੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੈਂਬਰ ਨੇ ਜਾਂ ਅਹੁਦੇਦਾਰ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਸ਼ਾਇਦ ਉਹ ਭੁੱਲ ਗਏ ਕਿ ਅਹੁਦੇਦਾਰ ਜਵਾਬਦੇਹ ਵੀ ਹੁੰਦੇ ਹਨ ਅਤੇ ਅਹੁਦੇਦਾਰੀਆਂ ਰਾਜ ਨਹੀਂ, ਸੇਵਾਦਾਰੀ ਅਤੇ ਜ਼ਿੰਮੇਵਾਰੀ ਹੁੰਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਦੇ ਕਾਲਜਾਂ ਵਿਚ ਧਰਮ ਅਧਿਐਨ ਅਤੇ ਸਿੱਖ ਫਲਸਫਾ ਬਤੌਰ ਵਿਸ਼ੇ ਵਜੋਂ ਸ਼ਾਮਿਲ ਹੈ, ਜਿਸ ਕਾਰਨ ਕਈ ਸਿੱਖ ਪ੍ਰਚਾਰਕਾਂ ਨੂੰ ਅਤੇ ਲੈਕਚਰਾਰਾਂ ਨੂੰ ਰੁਜ਼ਗਾਰ ਮਿਲਿਆ ਹੈ ਤਾਂ ਕੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਉਪਰਾਲਾ ਨਹੀਂ ਕਰ ਸਕਦੀ?
ਹੁਣ ਰੁਖ਼ ਕਰੀਏ ਦਿੱਲੀ ਵਿਚ ਹੋਈ ਇਕ ਪੰਥਕ ਸਾਂਝ ਵੱਲ। ਇਕ ਨਿਵੇਕਲਾ ਉਪਰਾਲਾ ਜਿਸ ਵਿਚ ਸਿੱਖ ਪੰਥ ਦਾ ਭਾਰੀ ਇਕੱਠ ਬੁਲਾਇਆ ਗਿਆ ਤੇ ਫੈਸਲਾ ਕੀਤਾ ਗਿਆ ਕਿ ਸਿੱਖ ਡਾਕਟਰਾਂ, ਇੰਜੀਨੀਅਰਾਂ, ਵਕੀਲਾਂ, ਸਮਾਜ ਸੇਵੀਆਂ ਦਾ ਅਲੱਗ ਸੈੱਲ ਬਣਾਇਆ ਜਾਵੇ। ਮਸਲਾ ਬਾਲਾ ਸਾਹਿਬ ਹਸਪਤਾਲ ਨੂੰ ਸ਼ੁਰੂ ਕਰਨ ਦਾ ਸੀ ਅਤੇ ਸਿੱਖ ਡਾਕਟਰਾਂ ਕੋਲੋਂ ਸੇਵਾ ਲੈਣ ਦਾ ਪਰ ਵਿਚਾਰਨ ਯੋਗ ਹੈ ਕਿ ਕੀ ਬਿਮਾਰੀ ਹਿੰਦੂ ਜਾਂ ਸਿੱਖ ਦੇਖ ਕੇ ਆਵੇਗੀ ਜਾਂ ਕੋਈ ਵੀ ਡਾਕਟਰ ਹਿੰਦੂ, ਸਿੱਖ ਦਾ ਭੇਦਭਾਵ ਰੱਖ ਕੇ ਇਲਾਜ ਕਰੇਗਾ? ਕੀ ਭਾਈ ਘਨੱਈਆ ਦੀ ਵਿਰਾਸਤ ਇਹ ਹੀ ਸੀ?
ਪੰਥਕ ਸਾਂਝ ਵਿਚ ਕਿਸੇ ਵੀ ਸਿੱਖ ਐਜੂਕੇਸ਼ਨਿਸਟ, ਅਧਿਆਪਕ, ਪੱਤਰਕਾਰ, ਲੇਖਕ ਨੂੰ ਸੱਦਾ ਨਹੀਂ ਦਿੱਤਾ ਗਿਆ ਜਾਂ ਉਨ੍ਹਾਂ ਦਾ ਵੀ ਕੋਈ ਸੰਗਠਨ ਬਣਾਉਣ ਦੀ ਗੱਲ ਨਹੀਂ ਰੱਖੀ ਗਈ। ਸਵਾਲ ਇਹ ਉਠਦਾ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ 'ਸੁਖੀ ਬਸੋ ਮੋਰੋ ਪਰਿਵਾਰਾ' ਦਾ ਸਿਧਾਂਤ ਦਿੱਤਾ ਸੀ, ਇਕ ਸਾਂਝਾ ਪਰਮਾਤਮਾ ਅਤੇ ਸਾਂਝੀ ਮਨੁੱਖਤਾ ਦੀ ਗੱਲ ਸਾਹਮਣੇ ਰੱਖੀ ਸੀ, ਫਿਰ ਪੰਥ ਕਿਸ ਤਰ੍ਹਾਂ ਸਿਰਫ ਸਿੱਖਾਂ ਦਾ ਹੋ ਗਿਆ? ਗੁਰਦੁਆਰੇ 'ਚ ਗ਼ੈਰ-ਸਿੱਖ ਵੀ ਨਤਮਸਤਕ ਹੁੰਦੇ ਹਨ ਅਤੇ ਸ਼ਰਧਾ ਦੇ ਨਾਲ ਸੇਵਾ ਅਤੇ ਗੋਲਕ 'ਚ ਪੈਸਾ ਪਾਉਂਦੇ ਹਨ ਤੇ ਫਿਰ ਸਿੱਖ ਮਸਲੇ 'ਤੇ ਬੋਲਣ ਦਾ ਹੱਕ ਸਿਰਫ ਸਿੱਖਾਂ ਦਾ ਕਿਵੇਂ ਹੋ ਗਿਆ?
ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣਾ ਪੂਰੀ ਮਨੁੱਖਤਾ ਦਾ ਹੱਕ ਹੈ, ਸਿਰਫ ਸਿੱਖ ਕੌਮ ਦਾ ਨਹੀਂ ਅਤੇ ਸਿੱਖ ਅਹੁਦੇਦਾਰ ਇਹ ਸਮਝਣ ਕਿ ਦਿੱਲੀ ਤੋਂ ਪਾਕਿਸਤਾਨ ਤੱਕ ਨਗਰ ਕੀਰਤਨ ਕੱਢਣਾ ਮੁਬਾਰਕ ਹੈ ਪਰ ਦਿੱਲੀ ਦੇ ਕਾਲਜਾਂ ਵਿਚ ਸਿੱਖ ਚਿੰਤਨ ਪੜ੍ਹਾਇਆ ਜਾਵੇ, ਇਹ ਵੀ ਓਨਾ ਹੀ ਜ਼ਰੂਰੀ ਹੈ, ਸਿੱਖ ਪ੍ਰਚਾਰਕ ਅੰਗਰੇਜ਼ੀ 'ਚ ਮਾਹਿਰ ਹੋਣ ਅਤੇ ਅੰਤਰ ਧਰਮ ਸੰਵਾਦ ਦੀ ਗੱਲ ਕਰ ਸਕਣ ਪਰ ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਪ੍ਰਧਾਨ ਸਾਹਿਬ ਅਤੇ ਹੋਰ ਅਹੁਦੇਦਾਰ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਨਾਲ ਵੀ ਇਕ ਸੰਵਾਦ ਰਚਾ ਲੈਣ। ਜੇ ਇਨ੍ਹਾਂ ਮਸਲਿਆਂ 'ਤੇ ਵਿਚਾਰ ਜ਼ਰੂਰੀ ਨਹੀਂ ਤਾਂ ਹਰ ਪ੍ਰਕਾਸ਼ ਪੁਰਬ ਅਧੂਰਾ ਰਹੇਗਾ, ਕਿਉਂਕਿ ਪ੍ਰਕਾਸ਼ ਗਿਆਨ ਨਾਲ ਹੋਣਾ ਹੈ।
300 ਸਾਲ ਗੁਰੂ ਦੇ ਨਾਲ ਮੁਹਿੰਮ ਨਾਲ ਦੁਨੀਆ ਜੁੜੀ ਸੀ ਪਰ ਹੁਣ ਵਕਤ ਦੀ ਮੰਗ ਹੈ ਕਿ ਸਾਲਾਂ ਦੀ ਗਿਣਤੀ ਨਾ ਕਰ ਕੇ ਹਰ ਦਿਨ ਗੁਰੂ ਨਾਨਕ, ਹਰ ਦਿਲ ਗੁਰੂ ਨਾਨਕ ਦਾ ਨਾਅਰਾ ਗੂੰਜੇ, ਕੋਈ ਰੂਹ ਗੁਰੂ ਨਾਨਕ ਦੇਵ ਜੀ ਦੇ ਰੂਹਾਨੀ ਪ੍ਰੇਮ ਤੋਂ ਵਾਂਝੀ ਨਾ ਰਹਿ ਜਾਏ ਅਤੇ 'ਕਵਨ ਗੁਰੂ ਕਿਸਕਾ ਤੂੰ ਚੇਲਾ' ਸਵਾਲ ਪੁੱਛੇ ਜਾਣ 'ਤੇ ਮਨੁੱਖਤਾ ਦਾ ਸਾਂਝਾ ਜਵਾਬ ਮਿਲੇ-'ਸ਼ਬਦ ਗੁਰੂ ਸੁਰਤ ਧੁਨ ਚੇਲਾ।'


-ਨਵੀਂ ਦਿੱਲੀ।
E-mail : malikbhawna@yahoo.co.in

ਆਸਾਮੀ ਸਿੱਖਾਂ ਦੀ ਵਿਥਿਆ...

ਜੂਨ, 1984 ਈ: 'ਚ ਵਾਪਰੇ ਦੁਖਦਾਈ ਤੀਸਰੇ ਘੱਲੂਘਾਰੇ ਤੋਂ ਪਹਿਲਾਂ ਸਿੱਖ ਸਟੂਡੈਂਟ ਫ਼ੈਡਰੇਸ਼ਨ ਹਰ ਸਾਲ ਸਾਲਾਨਾ ਗੁਰਮਤਿ ਟ੍ਰੇਨਿੰਗ ਕੈਂਪ ਕਿਸੇ ਨਾ ਕਿਸੇ ਸੂਬੇ ਵਿਚ ਲਗਾਇਆ ਕਰਦੀ ਸੀ, ਜਿਸ ਤੋਂ ਸਿੱਖਿਆ ਪ੍ਰਾਪਤ ਕਰਕੇ ਸਿੱਖ ਧਾਰਮਿਕ, ਸਮਾਜਿਕ, ਰਾਜਸੀ ਨੇਤਾ ਤਿਆਰ ਹੁੰਦੇ ਸਨ। ਮਿਸਾਲ ਵਜੋਂ ਸ਼ਹੀਦ ਭਾਈ ਅਮਰੀਕ ਸਿੰਘ, ਸ: ਮਨਜੀਤ ਸਿੰਘ ਕਲਕੱਤਾ, ਸ: ਬੀਰਦਵਿੰਦਰ ਸਿੰਘ, ਸ: ਜਗਮੀਤ ਸਿੰਘ ਬਰਾੜ ਤੇ ਸ: ਹਰਿੰਦਰ ਸਿੰਘ ਖ਼ਾਲਸਾ ਆਦਿ। ਤੀਸਰੇ ਘੱਲੂਘਾਰੇ ਦੇ ਵਾਪਰਨ ਤੋਂ ਬਾਅਦ ਭਾਰਤ ਸਰਕਾਰ ਨੇ ਸਿੱਖ ਸਟੂਡੈਂਟ ਫੈਡਰੇਸ਼ਨ 'ਤੇ ਪਾਬੰਦੀ ਲਗਾ ਦਿੱਤੀ। ਕੈਂਪ ਲੱਗਣੇ ਬੰਦ ਹੋ ਗਏ ਤੇ ਹਰਾਵਲ ਦਸਤੇ ਵੀ ਤਿਆਰ ਹੋਣ 'ਚ ਕਾਫੀ ਸਮਾਂ ਰੁਕਾਵਟ ਆਈ। 10 ਕੁ ਸਾਲ ਬਾਅਦ ਕਲਕੱਤੇ ਦੇ ਸਿੱਖ ਨੌਜਵਾਨਾਂ ਵਲੋਂ ਸ: ਖਜ਼ਾਨ ਸਿੰਘ, ਸ: ਪ੍ਰਭਜੋਤ ਸਿੰਘ, ਸ: ਨਰਿੰਦਰਪਾਲ ਸਿੰਘ, ਸ: ਹਰਜੀਤ ਸਿੰਘ ਤੇ ਸ: ਅਰਵਿੰਦਰ ਸਿੰਘ ਆਦਿ ਦੀ ਅਗਵਾਈ 'ਚ ਸਿੱਖ ਫੋਰਮ ਕਲਕੱਤਾ ਦੇ ਨਾਂਅ 'ਤੇ ਫਿਰ ਗੁਰਮਤਿ ਟ੍ਰੇਨਿੰਗ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ। 11 ਤੋਂ 18 ਅਕਤੂਬਰ, 1994 ਈ: ਨੂੰ ਆਸਾਮ ਦੀਆਂ ਸਿੰਘ ਸਭਾਵਾਂ ਦੇ ਭਰਵੇਂ ਸਹਿਯੋਗ ਤੇ ਸਮਰਥਨ ਸਦਕਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੈਂਸੀ ਬਾਜ਼ਾਰ ਗੁਹਾਟੀ ਕੈਂਪ ਲਗਾਇਆ ਗਿਆ। ਗੁਰਦੁਆਰੇ 'ਚ ਥਾਂ ਦੀ ਘਾਟ ਨੂੰ ਪੂਰਿਆਂ ਕਰਨ ਵਾਸਤੇ ਗੁਰੂ ਨਾਨਕ ਖ਼ਾਲਸਾ ਸਕੂਲ ਗੁਹਾਟੀ 'ਚ ਗੁਰਮਤਿ ਟ੍ਰੇਨਿੰਗ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਇਨ੍ਹਾਂ ਵਿਚ ਦੇਸ਼ ਭਰ 'ਚੋਂ ਆਮ ਕਰਕੇ ਤੇ ਖਾਸ ਕਰਕੇ ਆਸਾਮ, ਬੰਗਾਲ, ਬਿਹਾਰ ਦੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਇਸ ਕੈਂਪ ਦੀ ਸੰਪੂਰਨਤਾ 'ਤੇ ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ: ਗੁਰਚਰਨ ਸਿੰਘ ਟੌਹੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਸ: ਮਨਜੀਤ ਸਿੰਘ ਕਲਕੱਤਾ, ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ: ਹਰਵਿੰਦਰ ਸਿੰਘ ਖ਼ਾਲਸਾ, ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਆਦਿ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਪਹੁੰਚੀਆਂ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਉਸ ਸਮੇਂ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਤੇ ਸਿੱਖ ਬੁਲਾਰੇ ਵਜੋਂ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਟੇਟ ਗੈਸਟ ਵਜੋਂ ਆਸਾਮ ਸਰਕਾਰ ਵਲੋਂ ਮਾਣ-ਸਤਿਕਾਰ ਦਿੱਤਾ ਗਿਆ। ਪ੍ਰਸਿੱਧ ਸਿੱਖ ਵਿਦਵਾਨ-ਬੁਲਾਰੇ ਸ: ਮਨਜੀਤ ਸਿੰਘ ਕਲਕੱਤਾ ਨੇ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਬੰਗਲਾ ਭਾਸ਼ਾਵਾਂ ਦੇ ਮਿਸ਼ਰਣ ਰਾਹੀਂ ਸਿੱਖ ਸਿਧਾਂਤਾਂ, ਵਿਚਾਰਧਾਰਾ ਤੇ ਵਿਲੱਖਣ ਸਿੱਖ ਹੋਂਦ-ਹਸਤੀ ਤੇ ਪਹਿਚਾਣ ਨੂੰ ਬਾਖੂਬੀ ਦ੍ਰਿੜ੍ਹ ਕਰਵਾਇਆ। ਕੈਂਪ ਸਫ਼ਲਤਾ ਸਹਿਤ ਸੰਪੂਰਨ ਹੋਇਆ। ਸਮਾਪਤੀ ਦੇ ਅਗਲੇ ਦਿਨ ਸਿੱਖ ਨੇਤਾਵਾਂ ਨੂੰ ਸ਼ਿਲਾਂਗ, ਮੇਘਾਲਿਆ ਦੀ ਰਾਜਧਾਨੀ ਦੇ ਕੁਦਰਤੀ ਨਜ਼ਾਰੇ ਦਿਖਾਉਣ ਦਾ ਪ੍ਰੋਗਰਾਮ ਸੀ। ਸੋ ਸ਼ਿਲਾਂਗ ਦੇਖਣ ਦੀ ਤਿਆਰੀ ਹੋ ਰਹੀ ਸੀ। ਜਦ ਆਸਾਮ ਦੀਆਂ ਸਿੰਘ ਸਭਾਵਾਂ ਦੇ ਚੇਅਰਮੈਨ ਆਰ. ਐਸ. ਗਾਂਧੀ (ਜੋ ਉਸ ਸਮੇਂ ਕਲੀਨਸ਼ੇਵ ਸੀ) ਨੇ ਸਹਿਜ ਸੁਭਾਅ ਕਹਿ ਦਿੱਤਾ ਕਿ ਸਿੱਖ ਨੇਤਾ ਆਏ ਹਨ, ਇਨ੍ਹਾਂ ਨੂੰ ਕੋਈ ਇਤਿਹਾਸਕ ਜਗ੍ਹਾ ਦਿਖਾਈ ਜਾਵੇ, ਨਾ ਕਿ ਕੁਦਰਤੀ-ਸੰਸਾਰਿਕ ਖੂਬਸੂਰਤੀ ਸ਼ਿਲਾਂਗ।
ਟੌਹੜਾ ਸਾਹਿਬ ਨੇ ਸੁਣ ਕੇ ਪੁੱਛ ਲਿਆ ਕਿ ਸਿੱਖ ਇਤਿਹਾਸਕ ਥਾਂ ਕਿਹੜੀ ਹੈ? ਆਰ. ਐਸ. ਗਾਂਧੀ ਨੇ ਦੱਸਿਆ ਕਿ ਗੁਹਾਟੀ ਤੋਂ 120-22 ਕਿਲੋਮੀਟਰ ਦੂਰ ਆਸਾਮ ਦੇ ਨਗਾਉਂ ਜ਼ਿਲ੍ਹੇ ਵਿਚ ਪੁਰਾਤਨ ਸਿੱਖਾਂ ਦੇ ਕੁਝ ਪਿੰਡ ਹਨ। ਖਾਸ ਕਰਕੇ ਬਰਕੋਲਾ, ਇਨ੍ਹਾਂ ਪਿੰਡਾਂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਸਿੱਖ ਵਸੇ ਸਨ, ਜੋ ਆਸਾਮ ਦੇ ਰਾਜੇ ਦੀ ਮਦਦ ਵਾਸਤੇ ਆਏ ਸਨ। ਬਹੁਤ ਸਾਰੇ ਜੰਗ ਵਿਚ ਸ਼ਹੀਦ ਹੋ ਗਏ। ਕੁਝ ਇਥੇ ਹੀ ਵਸ ਗਏ। ਟੌਹੜਾ ਸਾਹਿਬ ਦੇ ਕਹਿਣ 'ਤੇ ਬਰਕੋਲੇ ਜਾਣ ਦਾ ਪ੍ਰੋਗਰਾਮ ਬਣ ਗਿਆ। ਉਸ ਸਮੇਂ ਮੇਰੇ ਵਾਸਤੇ ਬੜੇ ਇਤਿਹਾਸਕ ਪਲ ਸਨ, ਜਦ ਮੈਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਿੱਖ ਸੋਚ ਦਾ ਚਸ਼ਮਦੀਦ ਗਵਾਹ ਬਣਿਆ।
ਤੁਸੀਂ ਪੜ੍ਹ ਕੇ ਹੈਰਾਨ ਹੋਵੋਗੇ ਕਿ ਅਗਲੇ ਦਿਨ ਉਪਰੋਕਤ ਸਿੱਖ ਨੇਤਾਵਾਂ ਦੀ ਅਗਵਾਈ 'ਚ ਅਸੀਂ ਗੁਹਾਟੀ ਤੋਂ ਬਰਕੋਲਾ ਲਈ ਰਵਾਨਾ ਹੋਏ। ਮੈਨੂੰ ਆਰ. ਐਸ. ਗਾਂਧੀ ਦੀ ਨਿੱਜੀ ਮਾਰੂਤੀ ਕਾਰ ਵਿਚ ਬੈਠਣ ਦਾ ਮੌਕਾ ਮਿਲਿਆ। ਸ: ਸਤਨਾਮ ਸਿੰਘ ਖ਼ਾਲਸਾ, ਜੋ ਉਸ ਸਮੇਂ ਗੁਰਦੁਆਰਾ ਫੈਂਸੀ ਬਾਜ਼ਾਰ ਸਿੰਘ ਸਭਾ ਗੁਹਾਟੀ ਦੇ ਪ੍ਰਧਾਨ ਸਨ, ਸਾਡੇ ਨਾਲ ਸਨ। ਸੜਕੀ ਰਸਤਾ ਮਾੜਾ ਸੀ, ਲਗਪਗ 3-4 ਘੰਟੇ ਬਰਕੋਲਾ ਪਹੁੰਚਣ ਲਈ ਲੱਗੇ ਸਨ। ਰਸਤੇ ਵਿਚ ਆਰ. ਐਸ. ਗਾਂਧੀ ਕਹਿਣ ਲੱਗੇ ਕਿ ਜੇਕਰ ਟੌਹੜਾ ਸਾਹਿਬ ਆਸਾਮੀ-ਸਿੱਖਾਂ ਦੇ ਗੁਰਦੁਆਰੇ ਵਾਸਤੇ 20-25 ਹਜ਼ਾਰ ਰੁਪਏ ਅਨਾਊਂਸ ਕਰ ਦੇਣ ਤਾਂ ਬਹੁਤ ਚੰਗਾ ਹੈ, ਦੇ ਮੈਂ ਹੀ ਦਿਆਂਗਾ? ਮੈਂ ਹੈਸੀਅਤ ਅਨੁਸਾਰ ਸਪੱਸ਼ਟ ਕਹਿ ਦਿੱਤਾ ਕਿ ਅਸੀਂ ਤਾਂ ਟੌਹੜਾ ਸਾਹਿਬ ਨੂੰ ਕੁਝ ਸਲਾਹ ਨਹੀਂ ਦੇ ਸਕਦੇ, ਉਨ੍ਹਾਂ ਦੀ ਮਰਜ਼ੀ ਹੈ।
ਆਰ. ਐਸ. ਗਾਂਧੀ ਦਾ ਉਸ ਸਮੇਂ ਕਾਰੋਬਾਰ ਠੀਕ-ਠਾਕ ਸੀ। ਅਸੀਂ ਸਫ਼ਰ ਵਿਚ ਗੱਲਬਾਤਾਂ-ਵਿਚਾਰ ਕਰਦੇ ਹੋਏ ਅਖੀਰ ਬਰਕੋਲੇ ਪਿੰਡ ਪਹੁੰਚ ਗਏ। ਸਿੱਖ ਨੇਤਾਵਾਂ ਦੀ ਆਮਦ ਸੁਣ ਕੇ ਸਾਰੇ ਪਿੰਡ ਦੇ ਬੱਚੇ-ਬੁੱਢੇ, ਨੌਜਵਾਨ, ਮਰਦ-ਇਸਤਰੀਆਂ ਛੋਟੀ ਜਿਹੀ ਇਮਾਰਤ 'ਚ ਲੱਕੜ ਦੇ ਬਣੇ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ ਗਏ। ਸਿੱਖ ਨੇਤਾਵਾਂ ਨੂੰ ਦਿਲ-ਦਿਮਾਗ ਤੋਂ ਸਿੱਖ ਭਾਵਨਾਵਾਂ ਅਨੁਸਾਰ ਆਦਰ ਮਾਣ-ਸਤਿਕਾਰ ਦਿੱਤਾ ਗਿਆ। ਮੈਨੂੰ ਯਾਦ ਹੈ ਕਿ ਟੌਹੜਾ ਸਾਹਿਬ ਨੂੰ ਛੋਟਾ ਜਿਹਾ ਆਸਾਮੀ ਕੱਪੜੇ ਦਾ ਸਿਰੋਪਾਓ ਦਿੱਤਾ ਗਿਆ, ਜਿਸ ਨੂੰ ਆਸਾਮੀ 'ਚ ਗਮਸ਼ਾ ਆਖਦੇ ਹਨ। ਇਸ ਆਸਾਮੀ ਸਿੱਖ ਸੰਗਤ ਦੀ ਬੋਲਬਾਣੀ, ਪਹਿਰਾਵਾ ਤੇ ਖਾਣ-ਪੀਣ ਆਸਾਮੀ ਸੀ। ਆਸਾਮੀ ਸਿੱਖ ਬੀਬੀਆਂ ਨੇ ਸਾੜ੍ਹੀਆਂ ਲਾਈਆਂ ਹੋਈਆਂ ਸਨ ਪਰ ਅੰਮ੍ਰਿਤਧਾਰੀ ਸਿੱਖ ਬੀਬੀਆਂ ਨੇ ਗਾਤਰੇ, ਕਿਰਪਾਨਾਂ ਉੱਪਰ ਦੀ ਪਹਿਨੀਆਂ ਹੋਈਆਂ ਸਨ। ਉਸ ਸਮੇਂ ਸਾਰੇ ਆਸਾਮੀ ਸਿੱਖ ਸਾਬਤ-ਸੂਰਤ ਸਨ। ਸਾਨੂੰ ਦੱਸਿਆ ਗਿਆ ਕਿ ਇਹ ਲੋਕ ਸਿੱਖ ਮਰਿਆਦਾ ਤੇ ਪਰੰਪਰਾਵਾਂ ਦੇ ਏਨੇ ਪਾਬੰਦ ਹਨ ਕਿ ਬੱਚੇ-ਬੱਚੀ ਦਾ ਅਨੰਦ ਕਾਰਜ ਅੰਮ੍ਰਿਤ ਛਕਣ ਉਪਰੰਤ ਹੀ ਕਰਦੇ ਹਨ। ਸਾਰੇ ਹੀ ਆਪਣੇ ਸਿੱਖ ਭਰਾਵਾਂ, ਪਰਿਵਾਰਾਂ ਨੂੰ ਮਿਲ ਕੇ ਬਾਗੋ-ਬਾਗ ਸਨ। ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਸ੍ਰੀ ਅੰਮ੍ਰਿਤਸਰ ਵਲੋਂ ਇਸ ਤੋਂ ਪਹਿਲਾਂ ਹੀ ਆਸਾਮ 'ਚ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਕਰਨ ਵਾਸਤੇ ਗਿਆਨੀ ਭਜਨ ਸਿੰਘ ਧਾਰਮਿਕ ਅਧਿਆਪਕ ਨਿਯੁਕਤ ਕੀਤੇ ਗਏ ਸਨ, ਜੋ ਉਸ ਸਮੇਂ ਕਾਰਜਸ਼ੀਲ ਸਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾ: 98146-37979 E-mail : roopz@yahoo.com

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਪੰਜਾ ਸਾਹਿਬ ਦੇ ਸ਼ਹੀਦ

ਸ਼ਹੀਦਾਂ ਦੇ ਮਹਾਨ ਕਾਰਨਾਮੇ ਅਤੇ ਉੱਚੇ ਆਦਰਸ਼ ਸਾਡੇ ਦਿਲਾਂ ਦੀਆਂ ਤਖ਼ਤੀਆਂ ਉੱਪਰ ਉੱਕਰੇ ਹੋਏ ਹਨ। ਇਸ਼ਕ ਦੀ ਦੁਨੀਆ ਦੇ ਵੱਖਰੇ ਹੀ ਰੰਗ ਹਨ। ਇਸ਼ਕ ਕਦੇ ਸੂਲੀਆਂ 'ਤੇ ਝੂਲਦਾ ਹੈ, ਕਦੇ ਦੇਗਾਂ ਵਿਚ ਉਬਲਦਾ ਹੈ, ਕਦੇ ਚਰਖੜੀਆਂ 'ਤੇ ਚੜ੍ਹਦਾ ਹੈ ਅਤੇ ਕਦੇ ਗੱਡੀਆਂ ਹੇਠ ਆ ਕੇ ਚੂਰਾ-ਚੂਰਾ ਹੋ ਜਾਂਦਾ ਹੈ। ਪੰਜਾ ਸਾਹਿਬ ਦਾ ਸਾਕਾ 31 ਅਕਤੂਬਰ, 1922 ਨੂੰ ਵਾਪਰਿਆ। ਅੰਗਰੇਜ਼ ਹਕੂਮਤ ਅਤੇ ਭ੍ਰਿਸ਼ਟ ਮਹੰਤਾਂ ਨੇ ਕਈ ਸਿੰਘਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। 29 ਅਕਤੂਬਰ ਨੂੰ ਇਨ੍ਹਾਂ ਨਿਰਦੋਸ਼ ਸਿੰਘਾਂ ਨੂੰ ਅੰਮ੍ਰਿਤਸਰ ਸਾਹਿਬ ਤੋਂ ਅਟਕ ਜਾਣ ਵਾਸਤੇ ਰੇਲ ਗੱਡੀ ਵਿਚ ਬਿਠਾਇਆ ਗਿਆ। ਰਾਵਲਪਿੰਡੀ ਤੋਂ ਇੰਜਣ ਨੇ ਕੋਇਲੇ ਤੇ ਪਾਣੀ ਦਾ ਸਟਾਕ ਪੂਰਾ ਕੀਤਾ। ਹਕੂਮਤ ਵਲੋਂ ਹੁਕਮ ਹੋਇਆ ਕਿ ਰਸਤੇ ਵਿਚ ਕਿਧਰੇ ਵੀ ਗੱਡੀ ਨਾ ਰੋਕੀ ਜਾਵੇ। 31 ਅਕਤੂਬਰ ਨੂੰ ਗੱਡੀ ਨੇ ਪੰਜਾ ਸਾਹਿਬ ਵਿਚੋਂ ਲੰਘਣਾ ਸੀ। ਗੁਰਦੁਆਰਾ ਪੰਜਾ ਸਾਹਿਬ ਦੀ ਸੰਗਤ ਨੇ ਗੱਡੀ 'ਤੇ ਆ ਰਹੇ ਕੈਦੀ ਸਿੰਘਾਂ ਲਈ ਲੰਗਰ ਤਿਆਰ ਕੀਤਾ ਅਤੇ ਸਟੇਸ਼ਨ 'ਤੇ ਪਹੁੰਚ ਕੇ ਗੱਡੀ ਦੀ ਉਡੀਕ ਕਰਨ ਲੱਗੀ। ਸਟੇਸ਼ਨ ਮਾਸਟਰ ਨੇ ਕਿਹਾ ਕਿ ਗੱਡੀ ਕਿਸੇ ਵੀ ਹਾਲਤ ਵਿਚ ਇਥੇ ਨਹੀਂ ਰੁਕੇਗੀ। ਇਹ ਸੁਣ ਕੇ ਸੰਗਤਾਂ ਨੇ ਪਾਠ ਕਰਦੇ ਹੋਏ ਪਟੜੀ 'ਤੇ ਲੇਟਣਾ ਸ਼ੁਰੂ ਕਰ ਦਿੱਤਾ। ਹਰ ਪਾਸੇ ਨਾਮ ਤੇ ਬਾਣੀ ਦੀ ਧੁਨੀ ਸੁਣ ਰਹੀ ਸੀ। ਬਹੁਤ ਸਾਰੇ ਸਿੰਘ-ਸਿੰਘਣੀਆਂ ਆਉਂਦੀ ਹੋਈ ਗੱਡੀ ਦੇ ਅੱਗੇ ਲੰਮੇ ਪੈ ਗਏ। ਗੱਡੀ ਦਾ ਚਾਲਕ ਵਿਸਲਾਂ ਦੇ ਰਿਹਾ ਸੀ ਪਰ ਸਿਦਕੀ ਸਿੰਘ-ਸਿੰਘਣੀਆਂ ਨਿਰਭੈ ਹੋ ਕੇ ਡਟੇ ਰਹੇ।
ਪਹਿਲੀਆਂ ਕਤਾਰਾਂ ਵਿਚ ਲੇਟਣ ਵਾਲੇ ਸਿੰਘਾਂ ਵਿਚ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ, ਭਾਈ ਗੰਗਾ ਸਿੰਘ, ਭਾਈ ਚਰਨ ਸਿੰਘ, ਭਾਈ ਨਿਹਾਲ ਸਿੰਘ, ਭਾਈ ਤਾਰਾ ਸਿੰਘ, ਭਾਈ ਫਕੀਰ ਸਿੰਘ ਅਤੇ ਭਾਈ ਕਲਿਆਣ ਸਿੰਘ ਸਨ। ਗੱਡੀ ਦੇ ਇੰਜਣ ਨੇ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਦੀਆਂ ਹੱਡੀਆਂ ਚੂਰਾ-ਚੂਰਾ ਕਰ ਦਿੱਤੀਆਂ। ਕੁਝ ਹੋਰ ਸਿੰਘ ਵੀ ਗੰਭੀਰ ਜ਼ਖਮੀ ਹੋਏ ਪਰ ਗੱਡੀ ਰੁਕ ਗਈ। ਸੰਗਤ ਨੇ ਪਹਿਲਾਂ ਕੈਦੀ ਸਿੰਘਾਂ ਨੂੰ ਲੰਗਰ ਛਕਾਇਆ ਅਤੇ ਫਿਰ ਜ਼ਖਮੀਆਂ ਦੀ ਸੰਭਾਲ ਕੀਤੀ। 30 ਸਾਲਾਂ ਦੇ ਭਾਈ ਕਰਮ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਸਨ। ਕੁਝ ਘੰਟਿਆਂ ਬਾਅਦ ਹੀ ਇਨ੍ਹਾਂ ਦੀ ਸ਼ਹੀਦੀ ਹੋ ਗਈ। ਭਾਈ ਪ੍ਰਤਾਪ ਸਿੰਘ 24 ਸਾਲਾਂ ਦੇ ਸਨ ਅਤੇ ਗੁੱਜਰਾਂਵਾਲੇ ਦੇ ਰਹਿਣ ਵਾਲੇ ਸਨ। ਦੂਜੇ ਦਿਨ ਇਨ੍ਹਾਂ ਨੇ ਸਰੀਰ ਤਿਆਗ ਦਿੱਤਾ ਪਰ ਸ਼ਹੀਦੀ ਤੋਂ ਪਹਿਲਾਂ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਅਤੇ ਸ਼ੁਕਰਾਨੇ ਵਿਚ ਰਹਿਣ ਦੀ ਤਾਕੀਦ ਕੀਤੀ। ਇਨ੍ਹਾਂ ਦੀ ਸੁਪਤਨੀ ਨੇ ਵਿਰਲਾਪ ਨਹੀਂ ਕੀਤਾ, ਸਗੋਂ ਸਾਰੀ ਉਮਰ ਸੇਵਾ, ਸਿਮਰਨ ਅਤੇ ਸ਼ਹੀਦੀ ਛੰਦ ਗਾਉਂਦਿਆਂ ਬਤੀਤ ਕੀਤੀ। ਸਿੱਖੀ ਦੇ ਗੌਰਵਮਈ ਇਤਿਹਾਸ ਵਿਚ ਸੇਵਾ ਅਤੇ ਕੁਰਬਾਨੀ ਦੀ ਇਹ ਅਦੁੱਤੀ ਮਿਸਾਲ ਹੈ। ਸਿੱਖੀ ਦਾ ਸਿਧਾਂਤ ਦੂਜਿਆਂ ਦੇ ਭਲੇ ਲਈ ਆਪਾ ਵਾਰ ਦੇਣ ਦੀ ਪ੍ਰੇਰਨਾ ਕਰਦਾ ਹੈ। ਇਨ੍ਹਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਨਾਲੋਂ ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣਾ ਚੰਗਾ ਜਾਣਿਆ। ਗੱਡੀ ਰੁਕਣ 'ਤੇ ਜਦੋਂ ਗੱਡੀ ਦੇ ਚਾਲਕ ਦੀ ਪੁੱਛਗਿੱਛ ਹੋਈ ਤਾਂ ਉਸ ਨੇ ਦੱਸਿਆ ਕਿ ਕਿਸੇ ਕਾਰਨ ਗੱਡੀ ਦਾ ਵੈਕਿਊਮ ਲੀਵਰ ਥੱਲੇ ਚਲਾ ਗਿਆ ਤੇ ਗੱਡੀ ਰੁਕ ਗਈ।

ਨਲੂਆ ਸਰਦਾਰ ਦੇ ਦੋ ਅਣਗੌਲੇ ਵਾਰਸ : ਚਤੁਰ ਸਿੰਘ ਅਤੇ ਮਹਾਂ ਸਿੰਘ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਸਰਦਾਰ ਹਰੀ ਸਿੰਘ ਨਲੂਆ ਦੇ ਪਾਲਿਤ ਪੁੱਤਰ ਸ: ਮਹਾਂ ਸਿੰਘ ਮੀਰਪੁਰੀਆ ਦਾ ਜਨਮ ਪਾਕਿਸਤਾਨ ਦੇ ਮੌਜੂਦਾ ਸ਼ਹਿਰ ਮੀਰਪੁਰ (ਪਿਸ਼ਾਵਰ-ਲਾਹੌਰ ਜੀ.ਟੀ. ਰੋਡ 'ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਸ਼ਹਿਰ) ਵਿਚ ਭਾਈ ਦਾਤਾ ਰਾਮ ਦੇ ਘਰ ਹੋਇਆ। ਕੁਝ ਇਤਿਹਾਸਕਾਰਾਂ ਦਾ ਦਾਅਵਾ ਹੈ ਕਿ ਸ: ਮਹਾਂ ਸਿੰਘ ਦਾ ਜਨਮ ਦਾਤਾ ਰਾਮ ਬਾਲੀ ਦੇ ਘਰ ਗੁੱਜਰਾਂਵਾਲਾ ਵਿਖੇ ਹੋਇਆ ਅਤੇ ਉਹ ਹਿੰਮਤ ਸਿੰਘ ਬਾਲੀ ਦਾ ਪੋਤਰਾ ਸੀ। ਦੱਸਿਆ ਜਾਂਦਾ ਹੈ ਕਿ ਸ: ਮਹਾਂ ਸਿੰਘ ਨੇ ਵੀ ਸਰਦਾਰ ਹਰੀ ਸਿੰਘ ਨਲੂਆ ਵਾਂਗ ਚੜ੍ਹਦੀ ਜਵਾਨੀ ਵਿਚ ਢਾਲ ਤਲਵਾਰ ਲੈ ਕੇ ਹੱਥੋ-ਹੱਥੀ ਦੀ ਲੜਾਈ ਵਿਚ ਸ਼ੇਰ ਮਾਰਿਆ ਸੀ, ਜਿਸ ਕਾਰਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਸ: ਨਲੂਆ ਦੇ ਅਧੀਨ ਚੰਗਾ ਫ਼ੌਜੀ ਅਹੁਦਾ ਦਿੱਤਾ।
ਬਾਅਦ ਵਿਚ ਸ: ਨਲੂਆ ਦੀ ਤਜਵੀਜ਼ 'ਤੇ ਮਹਾਰਾਜੇ ਨੇ ਸੰਨ 1834 ਵਿਚ ਸ: ਮਹਾਂ ਸਿੰਘ ਨੂੰ ਹਜ਼ਾਰਾ ਦਾ ਗਵਰਨਰ ਥਾਪਿਆ ਅਤੇ ਫਿਰ ਕਿਲ੍ਹਾ ਫ਼ਤਹਿਗੜ੍ਹ (ਜਮਰੌਦ) ਤਿਆਰ ਹੋਣ 'ਤੇ ਉਸ ਨੂੰ ਜਮਰੌਦ ਕਿਲ੍ਹੇ ਦਾ ਕਿਲ੍ਹੇਦਾਰ ਅਤੇ ਸਰਹੱਦਦਾਰ (ਖ਼ਾਲਸਾ ਰਾਜ ਸਮੇਂ ਸਰਹੱਦਦਾਰ ਦਾ ਅਹੁਦਾ ਬੜੀ ਜ਼ਿੰਮੇਵਾਰੀ ਵਾਲਾ ਸੀ, ਜਿਸ ਦਾ ਕੰਮ ਸਰਹੱਦ ਤੋਂ ਪਰੇ ਹੀ ਵੈਰੀਆਂ ਨੂੰ ਰੋਕਣਾ ਹੁੰਦਾ ਸੀ) ਦਾ ਉੱਚ ਰੁਤਬਾ ਬਖ਼ਸ਼ਿਆ। ਇਸ ਸੂਰਬੀਰ ਜੋਧੇ ਨੇ ਮੁਲਤਾਨ, ਕਸ਼ਮੀਰ, ਨੌਸ਼ਹਿਰਾ ਆਦਿ ਦੀਆਂ ਲਹੂ-ਡੋਲ੍ਹਵੀਆਂ ਜੰਗਾਂ ਵਿਚ ਆਪਣੀ ਬਹਾਦਰੀ ਅਤੇ ਸੂਰਬੀਰਤਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ।
ਕਿਲ੍ਹਾ ਜਮਰੌਦ 'ਤੇ ਜਦੋਂ ਪਠਾਣਾਂ ਅਤੇ ਅਫ਼ਗ਼ਾਨੀਆਂ ਦੇ 20,000 ਲਸ਼ਕਰ ਨੇ ਹਮਲਾ ਕੀਤਾ ਤਾਂ ਉਸ ਸਮੇਂ ਕਿਲ੍ਹੇ ਵਿਚ ਕਿਲ੍ਹੇਦਾਰ ਮਹਾਂ ਸਿੰਘ ਦੇ ਅਧੀਨ ਸਿਰਫ਼ 800 ਖ਼ਾਲਸਾ ਫ਼ੌਜ ਸੀ, ਜਿਨ੍ਹਾਂ ਦਾ ਅਫ਼ਗ਼ਾਨੀਆਂ ਦੇ ਐਨੇ ਵੱਡੇ ਲਸ਼ਕਰ ਅੱਗੇ ਜ਼ਿਆਦਾ ਦੇਰ ਤੱਕ ਡਟੇ ਰਹਿਣਾ ਸੰਭਵ ਨਹੀਂ ਸੀ, ਪਰ ਫਿਰ ਵੀ ਮਹਾਂ ਸਿੰਘ ਦੀ ਕਮਾਂਡ ਹੇਠ ਖ਼ਾਲਸਾ ਫ਼ੌਜ ਦੇ ਹੌਸਲੇ ਬੁਲੰਦ ਰਹੇ ਅਤੇ ਉਹ ਅਫਗਾਨੀਆਂ ਉਪਰ ਲਗਾਤਾਰ ਜਵਾਬੀ ਹਮਲੇ ਕਰਦੇ ਰਹੇ। ਇੱਥੇ ਦੱਸਣਯੋਗ ਹੈ ਕਿ ਲਾਹੌਰ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਈਸਟ ਇੰਡੀਆ ਕੰਪਨੀ ਦੇ ਕਮਾਂਡਰ-ਇਨ-ਚੀਫ਼ ਸਰ ਹੈਨਰੀ ਫ਼ੈਨ ਆਦਿ ਨੂੰ ਪ੍ਰਭਾਵਿਤ ਕਰਨ ਹਿਤ ਮਹਾਰਾਜਾ ਰਣਜੀਤ ਸਿੰਘ ਵਲੋਂ ਪਿਸ਼ਾਵਰ ਤੋਂ ਵੱਡੀ ਗਿਣਤੀ ਵਿਚ ਫ਼ੌਜ-ਏ-ਖ਼ਾਸ ਸਹਿਤ ਖ਼ਾਲਸਾ ਫ਼ੌਜ ਦੀਆਂ ਹੋਰ ਪਲਟਣਾਂ ਨੁਮਾਇਸ਼ ਲਈ ਬੁਲਾ ਲਈਆਂ ਗਈਆਂ ਸਨ। ਹਾਲਾਂਕਿ ਸ: ਨਲੂਆ ਨੇ ਇਸ ਤਰ੍ਹਾਂ ਕਰਨ ਨਾਲ ਪਿਸ਼ਾਵਰ 'ਚ ਹਾਲਾਤ ਖ਼ਰਾਬ ਹੋਣ ਬਾਰੇ ਮਹਾਰਾਜਾ ਨੂੰ ਆਗਾਹ ਵੀ ਕੀਤਾ ਸੀ, ਪਰ ਇਸ ਸਬੰਧੀ ਕੋਈ ਤਵੱਜੋ ਨਹੀਂ ਦਿੱਤੀ ਗਈ ਅਤੇ ਨਾ ਹੀ ਪੇਸ਼ਾਵਰ ਤੇ ਜਮਰੌਦ ਤੋਂ ਫ਼ੌਜ ਵਾਪਸ ਭੇਜਣ ਲਈ ਲਿਖੇ ਪੱਤਰਾਂ ਦਾ ਹੀ ਕੋਈ ਜਵਾਬ ਦਿੱਤਾ ਗਿਆ। ਓਧਰ ਦੂਸਰੇ ਪਾਸੇ ਹਮਲੇ ਸਮੇਂ ਸ: ਨਲੂਆ ਸਰਹੱਦ ਦੀ ਸੁਰੱਖਿਆ ਦੀਆਂ ਤਿਆਰੀਆਂ ਲਈ ਕਿਲ੍ਹਿਆਂ ਦੇ ਨਿਰਮਾਣ ਵਿਚ ਦਿਨ-ਰਾਤ ਜੁਟੇ ਰਹਿਣ ਕਰਕੇ ਥਕੇਵੇਂ ਦੇ ਕਾਰਨ ਪਿਸ਼ਾਵਰ ਦੇ ਕਿਲ੍ਹੇ ਵਿਚ ਬਿਮਾਰ ਪਏ ਹੋਏ ਸਨ ਅਤੇ ਵੈਦਾਂ ਨੇ ਉਨ੍ਹਾਂ ਨੂੰ ਕਿਤੇ ਵੀ ਜਾਣ ਤੋਂ ਮਨ੍ਹਾਂ ਕਰਕੇ ਆਰਾਮ ਕਰਨ ਲਈ ਕਿਹਾ ਹੋਇਆ ਸੀ। (ਚਲਦਾ)


-ਅੰਮ੍ਰਿਤਸਰ। ਮੋਬਾ: 93561-27771

ਟਕਸਾਲਾਂ ਅਤੇ ਹੋਰ ਸੰਸਥਾਵਾਂ ਦੀ ਗੁਰਮਤਿ ਸੰਗੀਤ ਨੂੰ ਦੇਣ

ਗੁਰਮਤਿ ਸੰਗੀਤ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਕਈ ਟਕਸਾਲਾਂ ਅਤੇ ਸੰਪ੍ਰਦਾਵਾਂ ਹੋਂਦ ਵਿਚ ਆਈਆਂ, ਜਿਨ੍ਹਾਂ ਨੇ ਕੀਰਤਨ ਦੇ ਟਕਸਾਲੀ ਰੂਪ ਨੂੰ ਹੂ-ਬ-ਹੂ ਸਜੀਵ ਰੱਖਣ ਅਤੇ ਅੱਗੇ ਤੋਰਨ ਲਈ ਵਡਮੁੱਲਾ ਯੋਗਦਾਨ ਪਾਇਆ। ਅੱਜ ਇਨ੍ਹਾਂ ਟਕਸਾਲਾਂ, ਸੰਪ੍ਰਦਾਵਾਂ ਅਤੇ ਸੰਸਥਾਵਾਂ ਦਾ ਜ਼ਿਕਰ ਕਰ ਰਹੇ ਹਾਂ।
1. ਟਕਸਾਲ ਦਮਦਮਾ ਸਾਹਿਬ : ਸਭ ਤੋਂ ਪੁਰਾਣੀ ਅਤੇ ਇਤਿਹਾਸਕ ਤੌਰ ਉੱਤੇ ਅਹਿਮ ਟਕਸਾਲ ਦਮਦਮਾ ਸਾਹਿਬ ਦੀ ਟਕਸਾਲ ਹੈ, ਜਿਸ ਦਾ ਆਰੰਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਨਿਆ ਜਾਂਦਾ ਹੈ। ਮਗਰੋਂ ਇਸ ਦੀ ਸਰਪ੍ਰਸਤੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਕੀਤੀ। ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅੱਜਕਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਮਤਿ ਇੰਸਟੀਚਿਊਟ ਵਲੋਂ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਪਰੰਪਰਾਗਤ ਸਿਖਲਾਈ ਦਿੱਤੀ ਜਾ ਰਹੀ ਹੈ।
2. ਬੁੱਢਾ ਜੌਹੜ ਟਕਸਾਲ : ਰਾਜਸਥਾਨ ਵਿਚ ਸਥਿਤ ਇਹ ਟਕਸਾਲ ਗੁਰਮਤਿ ਸੰਗੀਤ ਵਿੱਦਿਆ ਦਾ ਪੁਰਾਤਨ ਅਤੇ ਪ੍ਰਸਿੱਧ ਕੇਂਦਰ ਹੈ, ਜਿਸ ਦੀ ਸਥਾਪਨਾ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਨੇ ਕੀਤੀ। ਇਸ ਟਕਸਾਲ ਨੇ ਭਾਈ ਗੁਰਮੇਲ ਸਿੰਘ ਅਤੇ ਭਾਈ ਪ੍ਰੀਤਮ ਸਿੰਘ ਵਰਗੇ ਨਿਰਧਾਰਤ ਰਾਗਾਂ ਅਨੁਸਾਰ ਗੁਰਬਾਣੀ ਕੀਰਤਨ ਕਰਨ ਵਾਲੇ ਉੱਚ ਕੋਟੀ ਦੇ ਕੀਰਤਨਕਾਰ ਪੈਦਾ ਕੀਤੇ।
3. ਤਰਨ ਤਾਰਨ ਟਕਸਾਲ : ਇਸ ਦੀ ਸਥਾਪਨਾ ਸੰਨ 1904 ਵਿਚ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਬਾਬਾ ਈਸ਼ਰ ਸਿੰਘ ਨੇ ਕੀਤੀ। ਪੰਥ ਦੇ ਪ੍ਰਸਿੱਧ ਸ਼੍ਰੋਮਣੀ ਰਾਗੀ ਭਾਈ ਬਖਸ਼ੀਸ਼ ਸਿੰਘ ਪਟਿਆਲੇ ਵਾਲੇ ਇਸੇ ਟਕਸਾਲ ਦੇ ਵਿਦਿਆਰਥੀ ਸਨ। ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਦੇ ਪਿਤਾ ਭਾਈ ਸੰਤਾ ਸਿੰਘ, ਪ੍ਰਸਿੱਧ ਰਾਗੀ ਭਾਈ ਪੂਰਨ ਸਿੰਘ, ਮਹਾਨ ਰਾਗੀ ਭਾਈ ਸਮੁੰਦ ਸਿੰਘ ਅਤੇ ਭਾਈ ਪ੍ਰੇਮ ਸਿੰਘ ਨੇ ਵੀ ਇੱਥੋਂ ਹੀ ਵਿੱਦਿਆ ਪ੍ਰਾਪਤ ਕੀਤੀ। ਪ੍ਰਸਿੱਧ ਸੰਗੀਤਕਾਰ ਮਾਸਟਰ ਨੱਥੂ ਰਾਮ ਨੇ ਇਥੇ ਤਕਰੀਬਨ 30 ਸਾਲ ਕੀਰਤਨ ਦੀ ਤਾਲੀਮ ਦਿੱਤੀ।
4. ਦੌਧਰ ਟਕਸਾਲ : ਜ਼ਿਲ੍ਹਾ ਲੁਧਿਆਣਾ ਵਿਚ ਸਥਿਤ ਜਗਤ ਪ੍ਰਸਿੱਧ ਦੌਧਰ ਟਕਸਾਲ ਦੀ ਸਥਾਪਨਾ 18ਵੀਂ ਸਦੀ ਵਿਚ ਹੋਈ। ਇਹ ਟਕਸਾਲ ਨੇਤਰਹੀਣਾਂ ਨੂੰ ਕੀਰਤਨ ਦੀ ਸਿਖਲਾਈ ਦੇਣ ਦਾ ਉੱਚ ਕੋਟੀ ਦਾ ਕੇਂਦਰ ਰਿਹਾ ਹੈ। ਇਸ ਦੀ ਸਥਾਪਨਾ ਨਿਰਮਲੇ ਸੰਤ ਸੁੱਚਾ ਸਿੰਘ ਨੇ ਕੀਤੀ ਅਤੇ ਬਾਅਦ ਵਿਚ ਬਾਬਾ ਮੰਗਲ ਸਿੰਘ ਨਿਰਮਲੇ ਅਤੇ ਬਾਬਾ ਖ਼ੁਸ਼ਹਾਲ ਸਿੰਘ ਨੇ ਇਥੇ ਗੁਰਮਤਿ ਸੰਗੀਤ ਦੀ ਸਿੱਖਿਆ ਦਿੱਤੀ। ਗੁਰੂ ਚੇਲੇ ਦੀ ਰਵਾਇਤ ਅਨੁਸਾਰ ਇਥੇ ਭਾਈ ਭੋਲਾ ਸਿੰਘ, ਭਾਈ ਸੁੱਚਾ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਜਸਵੰਤ ਸਿੰਘ ਕੁਲਾਰ, ਸੰਤ ਸਰਵਣ ਸਿੰਘ ਗੰਧਰਬ ਡੁਮੇਲੀ ਵਾਲੇ, ਭਾਈ ਜਸਵੰਤ ਸਿੰਘ ਅਤੇ 1984 ਵਿਚ ਸਾਕਾ ਨੀਲਾ ਤਾਰਾ ਅੰਮ੍ਰਿਤਸਰ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਏ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ (ਨੇਤਰਹੀਣ) ਨੇ ਵੀ ਇਸੇ ਟਕਸਾਲ ਤੋਂ ਵਿੱਦਿਆ ਪ੍ਰਾਪਤ ਕੀਤੀ।
5. ਸਿੰਘਾਂਵਾਲਾ ਟਕਸਾਲ : ਭਾਈ ਸੁੰਦਰ ਸਿੰਘ ਅਤੇ ਭਾਈ ਗੁਰਬਚਨ ਸਿੰਘ ਵਲੋਂ ਸਥਾਪਤ ਇਹ ਪ੍ਰਸਿੱਧ ਟਕਸਾਲ ਮੋਗਾ-ਕੋਟਕਪੂਰਾ ਮੁੱਖ ਸੜਕ ਉੱਤੇ ਸਥਿਤ ਪਿੰਡ ਸਿੰਘਾਂਵਾਲਾ ਵਿਖੇ ਸਥਿਤ ਹੈ। ਪ੍ਰਸਿੱਧ ਰਾਗੀ ਭਾਈ ਪ੍ਰੀਤਮ ਸਿੰਘ ਸੰਨ 1900 ਤੋਂ 1932 ਤੱਕ ਇਥੇ ਨਿਸ਼ਕਾਮ ਤੌਰ ਉੱਤੇ ਗੁਰਮਤਿ ਸੰਗੀਤ ਦੀ ਦਾਤ ਵੰਡਦੇ ਰਹੇ। ਇਸ ਟਕਸਾਲ ਦੇ ਪ੍ਰਸਿੱਧ ਰਾਗੀ ਹੋਏ ਹਨ-ਭਾਈ ਧਰਮ ਸਿੰਘ, ਭਾਈ ਰਤਨ ਸਿੰਘ, ਭਾਈ ਹਰਨੇਕ ਸਿੰਘ, ਕੌਮੀ ਪੱਧਰ ਦੇ ਤਬਲਾਵਾਦਕ ਤਰਲੋਕ ਸਿੰਘ (ਆਲ ਇੰਡੀਆ ਰੇਡੀਓ, ਸ਼ਿਮਲਾ), ਭਾਈ ਸਰੂ ਸਿੰਘ ਕਲਕੱਤਾ, ਭਾਈ ਦਲੀਪ ਸਿੰਘ ਜਲੰਧਰ, ਭਾਈ ਅਵਤਾਰ ਸਿੰਘ ਲੁਧਿਆਣਾ, ਭਾਈ ਰਜਿੰਦਰ ਸਿੰਘ ਅਤੇ ਭਾਈ ਖਜ਼ਾਨ ਸਿੰਘ।
6. ਮਸਤੂਆਣਾ ਟਕਸਾਲ : ਮਹਾਨ ਸੰਤ ਅਤਰ ਸਿੰਘ ਨੇ ਸੰਨ 1867 ਵਿਚ ਇਸ ਟਕਸਾਲ ਨੂੰ ਸਥਾਪਤ ਕੀਤਾ, ਜਿੱਥੇ ਕਿ ਪ੍ਰਸਿੱਧ ਰਾਗੀ ਭਾਈ ਜਸਵੰਤ ਸਿੰਘ 25 ਸਾਲ ਗੁਰਮਤਿ ਸੰਗੀਤ ਸਿਖਾਉਂਦੇ ਰਹੇ। ਭਾਈ ਲਾਲ ਜੀ ਅਤੇ ਭਾਈ ਜਸਵੰਤ ਸਿੰਘ ਇਸੇ ਟਕਸਾਲ ਦੇ ਵਿਦਿਆਰਥੀ ਸਨ। ਹਿਮਾਚਲ ਵਿਚ ਇਸ ਵੇਲੇ ਬੜੂ ਸਾਹਿਬ ਵਿਖੇ ਇਸ ਟਕਸਾਲ ਦੀ ਸ਼ਾਖਾ ਵਿਚ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਸਿੱਖਿਆ ਦਿੱਤੀ ਜਾਂਦੀ ਹੈ।
7. ਯਤੀਮਖਾਨਾ ਟਕਸਾਲ ਅੰਮ੍ਰਿਤਸਰ : ਸਿੱਖਾਂ ਦੀ ਪ੍ਰਤੀਨਿਧ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਗਰੀਬ ਅਤੇ ਅਨਾਥ ਬੱਚਿਆਂ ਨੂੰ ਸਕੂਲੀ ਪੜ੍ਹਾਈ ਦੇ ਨਾਲ-ਨਾਲ ਗੁਰਬਾਣੀ ਕੀਰਤਨ ਦੀ ਮੁਫ਼ਤ ਸਿਖਲਾਈ ਦੇਣ ਵਾਸਤੇ ਇਸ ਅਦਾਰੇ ਦੀ ਸਥਾਪਨਾ ਸੰਨ 1904 ਵਿਚ ਕੀਤੀ ਗਈ। ਗੁਰਮਤਿ ਸੰਗੀਤ ਦੇ ਖੇਤਰ ਵਿਚ ਇਸ ਸੰਸਥਾ ਦੀ ਦੇਣ ਸੁਨਹਿਰੀ ਅੱਖਰਾਂ ਵਿਚ ਲਿਖਣਯੋਗ ਹੈ, ਕਿਉਂਕਿ ਲਗਪਗ 75 ਫੀਸਦੀ ਪ੍ਰਸਿੱਧ ਕੀਰਤਨਕਾਰਾਂ ਨੇ ਇੱਥੋਂ ਹੀ ਸਿੱਖਿਆ ਪ੍ਰਾਪਤ ਕੀਤੀ, ਜਿਨ੍ਹਾਂ ਵਿਚ ਸ਼ਾਮਿਲ ਹਨ-ਪ੍ਰਸਿੱਧ ਰਾਗੀ ਭਾਈ ਸੰਤਾ ਸਿੰਘ, ਭਾਈ ਸੁਰਜਨ ਸਿੰਘ, ਭਾਈ ਗੋਪਾਲ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਗੁਰਮੇਜ ਸਿੰਘ, ਭਾਈ ਮੋਹਣ ਸਿੰਘ, ਭਾਈ ਤਰਲੋਕ ਸਿੰਘ, ਭਾਈ ਜੋਗਿੰਦਰ ਸਿੰਘ ਅਤੇ ਪ੍ਰਸਿੱਧ ਸੰਗੀਤ ਅਚਾਰਿਆ ਪੰਡਿਤ ਦਲੀਪ ਚੰਦਰ ਬੇਦੀ। ਉਸ ਸਮੇਂ ਗਿਆਨੀ ਉੱਤਮ ਸਿੰਘ ਸੰਗੀਤ ਸਿਖਾਉਂਦੇ ਸਨ। ਉਨ੍ਹਾਂ ਤੋਂ ਉਪਰੰਤ ਤਕਰੀਬਨ 37 ਸਾਲ ਭਾਈ ਹਰਨਾਮ ਸਿੰਘ ਜੋਗੀ ਅਤੇ ਫਿਰ ਉਸਤਾਦ ਮਹਿੰਗਾ ਸਿੰਘ ਸੇਵਾ ਨਿਭਾਉਂਦੇ ਆ ਰਹੇ ਹਨ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


 

ਸੁਰ ਦੇ ਧਨੀ ਕੀਰਤਨੀਏ-ਭਾਈ ਹਰਪ੍ਰੀਤ ਸਿੰਘ ਚਾਂਦਪੁਰੀ

ਸੁਰ-ਸੰਗੀਤ ਦੇ ਧਨੀ ਕੀਰਤਨੀਏ ਸਿੰਘ ਮੁੱਢ ਤੋਂ ਹੀ ਸਿੱਖ ਸੰਗਤਾਂ ਦਾ ਭਰਪੂਰ ਪਿਆਰ-ਸਤਿਕਾਰ ਖੱਟਦੇ ਆਏ ਹਨ। ਵਿਰਸੇ 'ਚੋਂ ਪ੍ਰਾਪਤ ਹੋਏ ਆਪਣੇ ਇਸ ਮਾਣਮੱਤੇ ਗੁਣ ਕਰਕੇ ਸੁਰ-ਤਾਲ ਦੇ ਪੂਰੇ-ਸੂਰੇ ਕੀਰਤਨੀਏ ਭਾਈ ਹਰਪ੍ਰੀਤ ਸਿੰਘ ਚਾਂਦਪੁਰੀ ਸਿੱਖ ਸੰਗਤਾਂ ਵਿਚ ਬੇਹੱਦ ਹਰਮਨ ਪਿਆਰੇ ਹਨ। ਇਸੇ ਕਰਕੇ ਨਾ ਸਿਰਫ ਪੰਜਾਬ ਵਿਚ ਜਾਂ ਭਾਰਤ ਵਿਚ, ਬਲਕਿ ਆਸਟ੍ਰੇਲੀਆ-ਨਿਊਜ਼ੀਲੈਂਡ ਦੀਆਂ ਸੰਗਤਾਂ ਨੇ ਵੀ ਉਨ੍ਹਾਂ ਨੂੰ ਵਿਸ਼ੇਸ਼ ਸੱਦੇ ਭੇਜ ਕੇ ਬੁਲਾਇਆ ਅਤੇ ਉਨ੍ਹਾਂ ਦੇ ਗਲੇ 'ਚ ਵਸਦੀ ਸੁਹਾਣੀ ਸੁਰ ਵਿਚ ਧੁਰ ਕੀ ਬਾਣੀ ਦੇ ਸ਼ਬਦਾਂ ਦਾ ਰਸਮਈ ਕੀਰਤਨ ਸਰਵਣ ਕਰਕੇ ਆਤਮਿਕ ਅਨੰਦ ਨੂੰ ਮਾਣਿਆ ਹੈ। ਦੇਸ਼-ਵਿਦੇਸ਼ ਵਿਚ ਜਦੋਂ ਉਹ ਕੀਰਤਨ ਕਰਨ ਜਾਂਦੇ ਹਨ ਤਾਂ ਸੰਗਤਾਂ ਉਨ੍ਹਾਂ ਦਾ ਨਾਂਅ ਸੁਣ ਕੇ ਹੀ ਦੂਰੋਂ ਚੱਲ ਕੇ ਆਉਂਦੀਆਂ ਹਨ ਅਤੇ ਕੀਰਤਨ ਦਾ ਅਨੰਦ ਮਾਣ ਕੇ ਆਤਮ ਵਿਭੋਰ ਹੁੰਦੀਆਂ ਹਨ।
ਕੀਰਤਨ ਕਰਨ ਦੀ ਦਾਤ ਉਨ੍ਹਾਂ ਨੂੰ ਆਪਣੇ ਪਿਤਾ ਸਵ: ਗਿਆਨੀ ਮੋਹਣ ਸਿੰਘ, ਜੋ ਆਪਣੇ ਵਕਤ ਦੇ ਸੁਰੀਲੇ ਕੀਰਤਨੀਏ ਸਨ, ਤੋਂ ਪ੍ਰਾਪਤ ਹੋਈ। ਉਨ੍ਹਾਂ ਦੇ ਪਿਤਾ ਨਾ ਸਿਰਫ ਮੰਝੇ ਹੋਏ ਰਾਗੀ ਸਿੰਘ ਹੀ ਸਨ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤਮ ਪਾਠੀ ਵੀ ਸਨ। ਆਪਣੇ ਇਨ੍ਹਾਂ ਗੁਣਾਂ ਸਦਕਾ ਉਨ੍ਹਾਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਅਨੇਕਾਂ ਗੁਰੂ-ਘਰਾਂ ਵਿਚ ਬਤੌਰ ਪਾਠੀ ਸਿੰਘ ਅਤੇ ਕੀਰਤਨਕਾਰ ਵਜੋਂ ਸੇਵਾਵਾਂ ਨਿਭਾਈਆਂ। ਬਚਪਨ ਤੋਂ ਹੀ ਉਨ੍ਹਾਂ ਦੀ ਸੰਗਤ ਵਿਚ ਰਹਿ ਕੇ ਭਾਈ ਚਾਂਦਪੁਰੀ ਨੇ ਜਿਥੇ ਗੁਰਮਤਿ ਸਿਧਾਂਤ ਦੀ ਸਿੱਖਿਆ ਹਾਸਲ ਕੀਤੀ, ਉਥੇ ਗੁਰਮਤਿ ਸੰਗੀਤ ਨਾਲ ਵੀ ਸੁੱਤੇ ਸਿਧ ਉਨ੍ਹਾਂ ਦਾ ਧੁਰ ਆਤਮਾ ਤੋਂ ਨਾਤਾ ਜੁੜ ਗਿਆ। ਸਕੂਲੀ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਰੂਹਾਨੀ ਵਿੱਦਿਆ ਵਿਚ ਗਹਿਰੀ ਪ੍ਰਬੀਨਤਾ ਹਾਸਲ ਕੀਤੀ।
ਭਾਈ ਸਾਹਿਬ ਦਾ ਜਨਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਚਾਂਦਪੁਰ ਰੁੜਕੀ ਕਲਾਂ, ਤਹਿਸੀਲ ਬਲਾਚੌਰ ਵਿਖੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਆਪਣੀ ਬਾਰ੍ਹਵੀਂ ਜਮਾਤ ਤੱਕ ਦੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਪੁਰ ਖੁਰਦ ਤੋਂ ਪ੍ਰਾਪਤ ਕੀਤੀ। ਭਾਈ ਚਾਂਦਪੁਰੀ ਦੇ ਕੀਰਤਨੀ ਜਥੇ ਵਿਚ ਇਸ ਵਕਤ ਸਾਈਡ ਵਾਲੀ ਜਗ੍ਹਾ ਉਨ੍ਹਾਂ ਦੇ ਛੋਟੇ ਭਰਾ ਸਿਮਰਨਜੀਤ ਸਿੰਘ ਚਾਂਦਪੁਰੀ ਹਰਮੋਨੀਅਮ ਵਾਦਨ ਦੀ ਸੇਵਾ ਨਿਭਾਅ ਰਹੇ ਹਨ। ਆਪਣੀ ਮਨੋਹਰ ਕੀਰਤਨ ਸ਼ੈਲੀ ਦੁਆਰਾ ਸੰਗਤਾਂ ਦੇ ਮਨਾਂ 'ਚ ਵਸਣ ਵਾਲਾ ਇਹ ਕੀਰਤਨੀ ਜਥਾ ਆਪਣੀ ਮਿਸਾਲ ਆਪ ਹੈ। ਪਰਮਾਤਮਾ ਭਾਈ ਹਰਪ੍ਰੀਤ ਸਿੰਘ ਚਾਂਦਪੁਰੀ ਅਤੇ ਉਨ੍ਹਾਂ ਦੇ ਜਥੇ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਉਹ ਆਪਣੀ ਕੀਰਤਨ-ਕਲਾ ਦੁਆਰਾ ਸੰਗਤਾਂ ਦਾ ਪਿਆਰ-ਸਤਿਕਾਰ ਸਦਾ ਪ੍ਰਾਪਤ ਕਰਦੇ ਰਹਿਣ।


-ਮੋਬਾ: 98146-81444

ਸ਼ਬਦ ਵਿਚਾਰ

ਜੋਗੀ ਅੰਦਰਿ ਜੋਗੀਆ॥ ੴ ਸਤਿਗੁਰ ਪ੍ਰਸਾਦਿ॥

ਸਿਰੀਰਾਗੁ ਮਹਲਾ ੧ ਘਰੁ ੩॥
ਜੋਗੀ ਅੰਦਰਿ ਜੋਗੀਆ॥
ਤੂੰ ਭੋਗੀ ਅੰਦਰਿ ਭੋਗੀਆ॥
ਤੇਰਾ ਅੰਤੁ ਨ ਪਾਇਆ
ਸੁਰਗਿ ਮਛਿ ਪਇਆਲਿ ਜੀਉ॥ ੧॥
ਹਉ ਵਾਰੀ ਹਉ ਵਾਰਣੈ
ਕੁਰਬਾਣੁ ਤੇਰੇ ਨਾਵ ਨੋ॥ ੧॥ ਰਹਾਉ॥
ਤੁਧੁ ਸੰਸਾਰੁ ਉਪਾਇਆ॥
ਸਿਰੇ ਸਿਰਿ ਧੰਧੇ ਲਾਇਆ॥
ਵੇਖਹਿ ਕੀਤਾ ਆਪਣਾ
ਕਰਿ ਕੁਦਰਤਿ ਪਾਸਾ ਢਾਲਿ ਜੀਉ॥ ੨॥
ਪਰਗਟਿ ਪਾਹਾਰੈ ਜਾਪਦਾ॥
ਸਭੁ ਨਾਵੈ ਨੋ ਪਰਤਾਪਦਾ॥
ਸਤਿਗੁਰ ਬਾਝੁ ਨ ਪਾਇਓ
ਸਭ ਮੋਹੀ ਮਾਇਆ ਜਾਲਿ ਜੀਉ॥ ੩॥
ਸਤਿਗੁਰ ਕਉ ਬਲਿ ਜਾਈਐ॥
ਜਿਤੁ ਮਿਲਿਐ ਪਰਮ ਗਤਿ ਪਾਈਐ॥
ਸੁਰਿ ਨਰ ਮੁਨਿ ਜਨ ਲੋਚਦੇ
ਸੋ ਸਤਿਗੁਰਿ ਦੀਆ ਬੁਝਾਇ ਜੀਉ॥ ੪॥
ਸਤਸੰਗਤਿ ਕੈਸੀ ਜਾਣੀਐ॥
ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ
ਨਾਨਕ ਸਤਿਗੁਰਿ ਦੀਆ
ਬੁਝਾਇ ਜੀਉ॥ ੫॥
(ਅੰਗ 71-72)
ਗੁਰੂ ਨਾਨਕ ਦੇਵ ਜੀ ਦੀ ਇਸ ਅਸਟਪਦੀ ਦੇ 24 ਪਦੇ ਹਨ। ਇਸ ਲਈ ਚਾਰ ਜਾਂ ਪੰਜ-ਪੰਜ ਪਦੇ ਕਰਕੇ ਇਨ੍ਹਾਂ 'ਤੇ ਵਿਚਾਰ ਕੀਤੀ ਜਾਵੇਗੀ। ਅੱਜ ਪਹਿਲੇ ੫ ਪਦਿਆਂ 'ਤੇ ਵਿਚਾਰ ਹੋਵੇਗੀ।
ਪਦ ਅਰਥ : ਮਛਿ-ਮਾਤ ਲੋਕ ਵਿਚ। ਪਇਆਲਿ-ਪਤਾਲ ਲੋਕ ਵਿਚ। ਹਉ-ਮੈਂ। ਵਾਰੀ-ਸਦਕੇ ਜਾਂਦਾ ਹਾਂ। ਵਾਰਣੈ-ਵਾਰਨੇ ਜਾਂਦਾ ਹਾਂ। ਨੋ-ਤੋਂ। ਉਪਾਇਆ-ਪੈਦਾ ਕੀਤਾ ਹੈ। ਸਿਰੇ ਸਿਰਿ-ਵੱਖੋ ਵੱਖ। ਧੰਧੈ ਲਾਇਆ-ਕੰਮ ਧੰਦਿਆਂ ਵਿਚ ਲਾਇਆ ਹੋਇਆ ਹੈ। ਪਰਗਟਿ ਪਾਹਾਰੈ ਜਾਪਦਾ-ਪਰਮਾਤਮਾ ਸੰਸਾਰ ਪਸਾਰੇ ਵਿਚ ਜ਼ਾਹਰਾ ਤੌਰ 'ਤੇ ਦਿਸ ਰਿਹਾ ਹੈ। ਸਭੁ ਨਾਵੈ ਨੋ-ਸਾਰੇ ਉਸ ਦੇ ਨਾਮ ਨੂੰ ਹੀ। ਪਰਤਾਪਦਾ-ਤਾਂਘਦਾ ਹੈ, ਲੋਚਦਾ ਹੈ। ਸਭ-ਸਾਰੀ ਸ੍ਰਿਸ਼ਟੀ, ਸਾਰਾ ਜਗਤ। ਮੋਹੀ-ਫਸੀ ਹੋਈ ਹੈ, ਠਗੀ ਗਈ ਹੈ। ਮਾਇਆ ਜਾਲਿ-ਮਾਇਆ ਦੇ ਜਾਲ ਵਿਚ।
ਜਿਤੁ ਮਿਲਿਐ-ਜਿਸ ਨੂੰ ਮਿਲਣ ਨਾਲ। ਪਰਮ ਗਤਿ-ਸਭ ਤੋਂ ਉੱਚੀ ਆਤਮਿਕ ਅਵਸਥਾ। ਸੁਰਿ ਨਰ-ਦੇਵਤੇ ਤੇ ਮਨੁੱਖ। ਮੁਨਿ-ਮੋਨਧਾਰੀ। ਲੋਚਦੇ-ਤਾਂਘਦੇ ਹਨ। ਸੋ-ਉਹ। ਬੁਝਾਇ-ਸਮਝਾ ਦਿੱਤਾ ਹੈ। ਏਕੋ ਨਾਮੁ ਵਖਾਣੀਐ-ਇਕ ਪਰਮਾਤਮਾ ਦਾ ਨਾਮ ਹੀ ਉਚਾਰਿਆ ਜਾਂਦਾ ਹੈ, ਇਕ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਕੀਤਾ ਜਾਂਦਾ ਹੈ। ਦੀਆ ਬੁਝਾਇ-(ਗੱਲ) ਸਮਝਾ ਦਿੱਤੀ ਹੈ, ਸੋਝੀ ਕਰਵਾ ਦਿੱਤੀ ਹੈ।
ਪਰਮਾਤਮਾ ਦੀ ਵਿਸ਼ਾਲਤਾ ਅਤੇ ਬੇਅੰਤਤਾ ਦਾ ਕਿਸੇ ਨੇ ਅੰਤ ਨਹੀਂ ਪਾਇਆ। ਰਾਗੁ ਆਸਾ ਵਿਚ ਜਗਤ ਗੁਰੂ ਬਾਬਾ ਪਰਮਾਤਮਾ ਨੂੰ ਸੰਬੋਧਨ ਕਰ ਰਹੇ ਹਨ ਕਿ ਹੇ ਮੇਰੇ ਵੱਡੇ ਮਾਲਕ ਪ੍ਰਭੂ, ਤੂੰ ਡੂੰਘਾ ਸਮੁੰਦਰ ਹੈਂ, ਬੜੇ ਜਿਗਰੇ ਵਾਲਾ ਹੈਂ ਅਤੇ ਬੇਅੰਤ ਗੁਣਾਂ ਦਾ ਮਾਲਕ ਹੈਂ। ਇਸ ਗੱਲ ਦੀ ਕਿਸੇ ਨੂੰ ਵੀ ਸੋਝੀ ਨਹੀਂ ਕਿ ਤੇਰਾ ਕਿੰਨਾ ਵੱਡਾ ਵਿਸਥਾਰ ਹੈ-
ਵਡੇ ਮੇਰੇ ਸਾਹਿਬਾ ਗਹਿਰ
ਗੰਭੀਰਾ ਗੁਣੀ ਗਹੀਰਾ॥
ਕੋਇ ਨ ਜਾਣੈ ਤੇਰਾ
ਕੇਤਾ ਕੇਵਡੁ ਚੀਰਾ॥ (ਅੰਗ 349)
ਸਾਹਿਬਾ-ਹੇ ਮੇਰੇ ਵੱਡੇ ਮਾਲਕ ਪ੍ਰਭੂ। ਗਹਿਰ-ਡੂੰਘੇ (ਜਿਗਰੇ ਵਾਲਾ)। ਗੁਣੀ ਗਹੀਰਾ-ਬੇਅੰਤ ਗੁਣਾਂ ਵਾਲਾ। ਕੇਵਡੁ-ਕਿੰਨਾ ਕੁ ਵੱਡਾ। ਚੀਰਾ-ਪਾਟ, ਵਿਸਥਾਰ।
ਅਥਵਾ
ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥ ੧॥ ਰਹਾਉ॥
(ਰਾਗੁ ਆਸਾ ਦੀ ਵਾਰ ਮਹਲਾ ੧, ਅੰਗ 469)
ਦੂਜੇ ਬੰਨੇ (ਮਾਇਆ ਤੋਂ ਨਿਰਲੇਪ) ਹੋਣ ਕਾਰਨ ਪਰਮਾਤਮਾ ਜੋਗੀ ਹੈ ਅਤੇ ਸਭਨਾਂ ਵਿਚ ਵਿਆਪਕ ਹੋਣ ਦੇ ਕਾਰਨ ਉਹ ਆਪ ਹੀ ਸਭ ਕੁਝ ਭੋਗਣ ਵਾਲਾ ਹੈ ਅਰਥਾਤ ਭੋਗੀ ਹੈ। ਸਭ ਨਾਲ ਮਿਲਾਪ ਦੇ ਕਾਰਨ ਆਪ ਹੀ ਫਿਰ ਸਾਰੇ ਰਸਾਂ ਨੂੰ ਮਾਣ ਰਿਹਾ ਹੈ-
ਆਪੇ ਜੋਗੀ ਆਪੇ ਭੋਗੀ॥
ਆਪੇ ਰਸੀਆ ਪਰਮ ਸੰਜੋਗੀ॥
(ਰਾਗੁ ਮਾਰੂ ਮਹਲਾ ੧, ਅੰਗ 1021)
ਰਸੀਆ-ਰਸਾਂ ਨੂੰ ਭੋਗਣ ਵਾਲਾ। ਪਰਮ ਸੰਜੋਗੀ-ਬਹੁਤਾ ਅਥਵਾ ਵਧੇਰੇ ਮਿਲਾਪ ਵਾਲਾ।
ਇਸ ਲਈ ਹੇ ਭਾਈ, ਪਰਮਾਤਮਾ ਦੇ ਚਰਨਾਂ ਵਿਚ ਸੁਰਤ ਨੂੰ ਜੋੜ ਕੇ ਉਸ ਦੇ ਗੁਣਾਂ ਨੂੰ ਵਿਚਾਰੋ। ਇੰਜ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਅੰਤਲੇ ਸਮੇਂ ਮੌਤ ਦਾ ਡਰ ਨਹੀਂ ਪੋਹੇਗਾ। ਗੁਰਵਾਕ ਹੈ-
ਤਤੁ ਵਿਚਾਰਹੁ ਹਰਿ ਲਿਵ ਲਾਵਹੁ॥
ਅੰਤ ਕਾਲਿ ਜਮੁ ਜੋਹਿ ਨ ਸਾਕੈ
ਹਰਿ ਬੋਲਹੁ ਰਾਮੁ ਪਿਆਰਾ ਹੇ॥
(ਰਾਗੁ ਮਾਰੂ ਮਹਲਾ ੧, ਅੰਗ 1030)
ਤਤੁ-ਮੂਲ, ਪ੍ਰਭੂ। ਜਮੁ ਜੋਹਿ ਨ ਸਾਕੈ-ਜਮ ਦਾ ਡਰ ਪੋਹ ਨਹੀਂ ਸਕਦਾ।
ਸਤਿਗੁਰੂ ਜੋ ਬੜਾ ਸਿਆਣਾ ਹੈ ਅਤੇ ਅਕਾਲ ਪੁਰਖ ਦਾ ਹੀ ਰੂਪ ਹੈ, ਸਭ ਦਾਤਾਂ ਦੇਣ ਦੇ ਸਮਰੱਥ ਹੈ। ਉਸ ਦੇ ਅੰਤਰ ਆਤਮੇ ਸਦਾ ਥਿਰ ਰਹਿਣ ਵਾਲਾ ਪ੍ਰਭੂ ਵਸਦਾ ਹੈ, ਜਿਸ ਕਾਰਨ ਉਹ ਸਦਾ ਪਰਮਾਤਮਾ ਦੀ ਸਿਫ਼ਤ ਸਾਲਾਹ ਵਿਚ ਮਨ ਨੂੰ ਜੋੜੀ ਰੱਖਦਾ ਹੈ। ਅਜਿਹਾ ਗੁਰੂ, ਜਿਸ ਨੂੰ ਆਪਣੀ ਸੰਗਤ ਵਿਚ ਮਿਲਾਉਂਦਾ ਹੈ, ਉਸ ਦੇ ਅੰਦਰੋਂ ਜਮਾਂ ਦਾ ਡਰ, ਸਹਿਮ ਜਾਂਦਾ ਰਹਿੰਦਾ ਹੈ-
ਸਤਿਗੁਰੁ ਪੁਰਖੁ ਦਾਤਾ ਵਡ ਦਾਣਾ॥
ਜਿਸੁ ਅੰਤਰਿ ਸਾਚੁ
ਸੁ ਸਬਦਿ ਸਮਾਣਾ॥
ਜਿਸ ਕਉ ਸਤਿਗੁਰੁ ਮੇਲਿ ਮਿਲਾਏ
ਤਿਸੁ ਚੂਕਾ ਜਮ ਭੈ ਭਾਰਾ ਹੇ॥
(ਅੰਗ 1030)
ਦਾਣਾ-ਦਾਨਾ, ਸਿਆਣਾ। ਅੰਤਰਿ-ਅੰਤਰ ਆਤਮੇ। ਭੈ ਭਾਰਾ-ਡਰ ਸਹਿਮ ਦਾ ਭਾਰ।
ਰਾਗੁ ਮਲਾਰ ਕੀ ਵਾਰ ਮਹਲਾ ੧ ਵਿਚ ਜਗਤ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਨਾਲ ਮਿਲਾਪ ਸਤਿ ਸੰਗਤ ਵਿਚੋਂ ਹੁੰਦਾ ਹੈ, ਕਿਉਂਕਿ ਉਥੇ ਕੇਵਲ ਪ੍ਰਭੂ ਦੇ ਗੁਣਾਂ ਨੂੰ ਹੀ ਕਥਿਆ ਜਾਂਦਾ ਹੈ ਅਤੇ ਸੱਚੇ ਸ਼ਬਦ ਦੁਆਰਾ ਪ੍ਰਭੂ ਦੀ ਸਿਫ਼ਤ ਸਾਲਾਹ ਕਰਨ ਨਾਲ ਹੀ ਸਦਾ ਥਿਰ ਪ੍ਰਭੂ ਦੇ ਗੁਣਾਂ ਦੀ ਸੋਝੀ ਪੈਂਦੀ ਹੈ-
ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ॥
ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ॥ (ਅੰਗ 1280)
ਅੱਖਰੀਂ ਅਰਥ : ਹੇ ਪ੍ਰਭੂ, ਤੂੁੰ ਜੋਗੀਆਂ ਵਿਚ ਜੋਗੀ ਹੈਂ ਅਤੇ ਭੋਗੀਆਂ ਵਿਚ ਭੋਗੀ। ਸਵਰਗ, ਮਾਤ ਲੋਕ ਅਤੇ ਪਾਤਾਲ ਵਿਚ ਵਸਦੇ ਕਿਸੇ ਵੀ ਜੀਵ ਨੇ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ। ਹੇ ਪ੍ਰਭੂ, ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ ਅਤੇ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ।
ਹੇ ਪ੍ਰਭੂ, ਤੂੰ ਹੀ ਸੰਸਾਰ ਦੀ ਉਤਪਤੀ ਕੀਤੀ ਹੈ ਅਤੇ ਸਭ ਨੂੰ ਵੱਖੋ-ਵੱਖ ਕੰਮ-ਧੰਦਿਆਂ ਵਿਚ ਲਾਈ ਰੱਖਿਆ ਹੈ। ਤੂੰ ਆਪੇ ਹੀ ਕੁਦਰਤ ਦੀ ਰਚਨਾ ਕਰਕੇ ਜਗਤ ਚਉਪੜ ਦੀਆਂ ਇਨ੍ਹਾਂ ਜੀਵ ਨਰਦਾਂ ਨੂੰ ਸੁੱਟ ਕੇ ਆਪ ਹੀ ਆਪਣੇ ਪੈਦਾ ਕੀਤੇ ਹੋਏ ਜਗਤ ਨੂੰ ਦੇਖ ਰਿਹਾ ਹੈਂ, ਇਸ ਦੀ ਸਾਂਭ-ਸੰਭਾਲ ਕਰ ਰਿਹਾ ਹੈਂ।
ਪਰਮਾਤਮਾ ਸੰਸਾਰ ਪਸਾਰੇ ਵਿਚ ਜ਼ਾਹਰਾ ਤੌਰ 'ਤੇ ਦਿਸ ਰਿਹਾ ਹੈ। ਸਭ ਨੂੰ ਉਸ ਦੇ ਨਾਮ ਦੀ ਹੀ ਤਾਂਘ ਹੈ ਪਰ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਕਿਸੇ ਨੂੰ ਵੀ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਨਹੀਂ ਹੋਈ, ਕਿਉਂਕਿ ਸਾਰੀ ਸ੍ਰਿਸ਼ਟੀ ਹੀ ਮੋਹ ਮਾਇਆ ਦੇ ਜਾਲ ਵਿਚ ਫਸ ਕੇ ਠਗੀ ਜਾ ਰਹੀ ਹੈ।
ਸਤਿਗੁਰੂ ਤੋਂ ਸਦਾ ਬਲਿਹਾਰ ਜਾਣਾ ਚਾਹੀਦਾ ਹੈ, ਜਿਸ ਦੇ ਮਿਲਾਪ ਨਾਲ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ। ਜਿਸ ਨਾਮ ਦੀ ਪ੍ਰਾਪਤੀ ਲਈ ਦੇਵਤੇ ਮਨੁੱਖ ਅਤੇ ਮੁਨੀ ਜਨ ਤਰਸਦੇ ਰਹੇ ਹਨ, ਉਹ ਵਿਧੀ ਸਤਿਗੁਰੂ ਨੇ ਜੀਵਾਂ ਨੂੰ ਸਮਝਾ ਦਿੱਤੀ ਹੈ।
ਪੰਚਮ ਗੁਰਦੇਵ ਆਪ ਹੀ ਪ੍ਰਸ਼ਨ ਕਰ ਰਹੇ ਹਨ ਕਿ ਸਤਿ ਸੰਗਤ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ। ਇਸ ਦਾ ਉੱਤਰ ਵੀ ਫਿਰ ਆਪ ਹੀ ਦੇ ਰਹੇ ਹਨ (ਕਿ ਸੱਚੀ ਸੰਗਤ ਉਹ ਹੈ) ਜਿਥੇ ਕੇਵਲ ਇਕ ਪ੍ਰਭੂ ਦੇ ਨਾਮ ਦੀ ਹੀ ਉਸਤਤੀ ਹੁੰਦੀ ਹੈ। ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਸਤਿ ਸੰਗਤ ਵਿਚ ਪਰਮਾਤਮਾ ਦਾ ਨਾਮ ਜਪਣ ਦਾ ਹੀ ਹੁਕਮ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਵੇਦਾਂਤ ਦਾ ਆਦਰਸ਼ ਰੂਪ : 'ਸੱਚਾ ਕਰਮ' ਸ਼ਾਂਤੀ ਦਿੰਦਾ

ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਨਿਰਮਾਣ ਸਬੰਧੀ ਲਿਖਦੇ ਹਨ ਕਿ ਕਾਰਜ ਕਰਨਾ ਹੈ ਤਾਂ ਕਰਮ ਲਈ ਕਰੋ। ਹਰ ਦੇਸ਼ ਵਿਚ ਕੁਝ ਨਾ ਕੁਝ ਲੋਕ ਅਜਿਹੇ ਜ਼ਰੂਰ ਹੁੰਦੇ ਹਨ, ਜਿਹੜੇ ਕੇਵਲ 'ਕਰਮ' ਲਈ ਹੀ ਕਾਰਜ ਕਰਦੇ ਹਨ। ਉਹ ਨਾਂਅ, ਯਸ਼ ਜਾਂ ਸਵਰਗ ਦੀ ਪ੍ਰਵਾਹ ਨਹੀਂ ਕਰਦੇ। ਉਹ ਕੇਵਲ ਇਸ ਲਈ ਕਰਮ ਰੂਪੀ ਕਾਰਜ ਕਰਦੇ ਹਨ ਕਿ ਲੋਕ ਭਲਾਈ ਹੋ ਸਕੇ। ਕੁਝ ਤਾਂ ਅਜਿਹੇ ਹੁੰਦੇ ਹਨ, ਜੋ ਕੇਵਲ ਉੱਚ ਉਦੇਸ਼ ਲਈ, ਗ਼ਰੀਬਾਂ ਦੇ ਭਲੇ ਲਈ ਜਾਂ ਮਾਨਵਤਾ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ, ਕਿਉਂਕਿ ਉਹ ਹਮੇਸ਼ਾ ਚੰਗਾ ਜਾਂ ਸ਼ੁੱਭ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਕੇਵਲ ਨਾਂਅ ਲਈ ਜਾਂ ਯਸ਼ ਪ੍ਰਾਪਤੀ ਲਈ ਕੀਤੇ ਕਾਰਜ ਜ਼ਿਆਦਾਤਰ ਫਲਹੀਣ ਹੀ ਰਹਿੰਦੇ ਹਨ ਜਾਂ ਉਨ੍ਹਾਂ ਦਾ ਫ਼ਲ ਉਦੋਂ ਪ੍ਰਾਪਤ ਹੁੰਦਾ ਹੈ ਜਦ ਲੋੜ ਨਹੀਂ ਹੁੰਦੀ, ਜਿਵੇਂ ਕਿਸੇ ਵਿਅਕਤੀ ਨੂੰ ਬੁਢਾਪੇ ਵਿਚ ਧਨ-ਦੌਲਤ ਪ੍ਰਾਪਤ ਹੋ ਜਾਵੇ, ਜਿਸ ਦਾ ਅਨੰਦ ਉਹ ਮਾਣ ਨਾ ਸਕੇ। ਅਸਲ ਵਿਚ ਸੁਆਰਥਹੀਣ ਕੰਮ ਕਰਨ ਦੀ ਲੋਕਾਂ ਵਿਚ ਹਿੰਮਤ ਘੱਟ ਹੀ ਹੁੰਦੀ ਹੈ, ਕਿਉਂਕਿ ਲੋਕ ਸੋਚਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਵੇਗਾ, ਇਸ ਲਈ ਉਹ ਅਜਿਹੀ ਹਿੰਮਤ ਨਹੀਂ ਕਰਦੇ ਪਰ ਅਸਲ ਵਿਚ ਸੁਆਰਥਹੀਣ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਦੇ ਨਾਲ-ਨਾਲ ਪ੍ਰੇਮ, ਸਚਾਈ, ਲੋਕਹਿਤ ਵਰਗੇ ਨੈਤਿਕ ਗੁਣ ਵੀ ਪ੍ਰਾਪਤ ਹੁੰਦੇ ਹਨ, ਜੋ ਸਾਡੇ ਸਮਾਜ ਦੇ ਸਰਬਉੱਚ ਆਦਰਸ਼ ਹਨ। ਵੇਦਾਂਤ ਦਾ ਆਦਰਸ਼ ਰੂਪ ਜੋ ਕਿ ਸਤਕਰਮ ਹੈ, ਉਹ ਸ਼ਾਂਤੀ ਦਾ ਪ੍ਰਤੀਕ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ਼ਹੀਦੀ ਜੋੜ ਮੇਲੇ 'ਤੇ ਵਿਸ਼ੇਸ਼

ਸ਼ਹੀਦੀ ਸਾਕਾ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਸਿੱਖ ਇਤਿਹਾਸ ਵਿਚ ਬਹੁਤ ਮਹੱਤਤਾ ਹੈ। ਭੰਗਾਣੀ ਦੇ ਯੁੱਧ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਵਾਪਸ ਅਨੰਦਪੁਰ ਸਾਹਿਬ ਨੂੰ ਗਏ ਤਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕਾਰਜ ਬਾਬਾ ਬਿਸ਼ਨ ਸਿੰਘ ਨੂੰ ਸੌਂਪ ਦਿੱਤਾ। ਬਾਬਾ ਬਿਸ਼ਨ ਸਿੰਘ ਤੋਂ ਬਾਅਦ ਸ੍ਰੀ ਪਾਉਂਟਾ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ ਦਾ ਪ੍ਰਬੰਧ ਮਹੰਤਾਂ ਰਾਹੀਂ ਹੁੰਦਾ ਰਿਹਾ, ਜਿਨ੍ਹਾਂ ਨੇ ਲਾਲਚ-ਵੱਸ ਹੋ ਕੇ ਬੇਅੰਤ ਕੁਰੀਤੀਆਂ ਤੇ ਮਨਮੱਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪਤਿਤ ਮਹੰਤ ਗੁਰਦਿਆਲ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਹੱਦ ਅੰਦਰ ਕੀਤੇ ਜਾ ਰਹੇ ਕੁਕਰਮਾਂ ਬਾਰੇ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਨੂੰ ਸੰਤਾਂ ਦੁਆਰਾ ਪਤਾ ਲੱਗਾ ਤਾਂ ਉਨ੍ਹਾਂ ਪਾਵਨ ਅਸਥਾਨ ਸ੍ਰੀ ਪਾਉਂਟਾ ਸਾਹਿਬ ਵੱਲ ਵਹੀਰਾਂ ਘੱਤ ਦਿੱਤੀਆਂ ਅਤੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਅਤੇ ਮਰਿਆਦਾ ਬਹਾਲ ਕਰਨ ਦੇ ਉਦੇਸ਼ ਨਾਲ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ 101 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕਰਵਾ ਦਿੱਤੀ।
23ਵਾਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। 22 ਮਈ, 1964 ਮੰਗਲਵਾਰ ਵਾਲੇ ਦਿਨ ਸਵੇਰੇ ਹੀ ਤਹਿਸੀਲਦਾਰ ਆਇਆ ਅਤੇ ਕਿਹਾ ਕਿ ਡੀ. ਸੀ. ਸਾਹਿਬ ਮਿਸਟਰ ਆਰ. ਕੇ. ਚੰਡੇਲ ਨੇ ਗੱਲਬਾਤ ਕਰਨ ਲਈ ਬਾਬਾ ਹਰਭਜਨ ਸਿੰਘ ਨੂੰ ਨਾਹਨ ਵਿਖੇ ਬੁਲਾਇਆ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਨੂੰ ਰੈਸਟ ਹਾਊਸ ਵਿਚ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਕਰ ਲਿਆ। ਚੰਡੇਲ ਨੇ ਭਾਰੀ ਹਥਿਆਰਬੰਦ ਪੁਲਿਸ ਬਲ ਲੈ ਕੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਸਿੰਘਾਂ ਨੂੰ ਬਾਹਰ ਆਉਣ ਦੀ ਚਿਤਾਵਨੀ ਦਿੱਤੀ।
ਉਸ ਵੇਲੇ ਗੁਰਦੁਆਰਾ ਸਾਹਿਬ ਅੰਦਰ 15 ਕੁ ਸਿੱਖ ਹਾਜ਼ਰ ਸਨ, ਜਿਨ੍ਹਾਂ ਵਿਚੋਂ ਇਸ ਸ਼ਹੀਦੀ ਸਾਕੇ ਦੇ ਚਸ਼ਮਦੀਦ ਗਵਾਹ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਜੋ ਕਿ ਉਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨ ਦੀ ਸੇਵਾ ਨਿਭਾਅ ਰਹੇ ਸਨ ਅਤੇ ਤਿੰਨ ਗੋਲੀਆਂ ਲੱਗਣ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਦੇ ਦੱਸਣ ਅਨੁਸਾਰ ਪੁਲਿਸ ਅਤੇ ਮਹੰਤ ਗੁਰਦਿਆਲ ਸਿੰਘ ਦੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਸ਼ਾਂਤੀਪੂਰਵਕ ਢੰਗ ਨਾਲ ਸ੍ਰੀ ਅਖੰਡ ਪਾਠ ਕਰ ਰਹੇ ਨਿਹੰਗ ਸਿੰਘਾਂ ਉੱਤੇ ਅੰਨ੍ਹੇਵਾਹ ਚਲਾਈ ਗਈ ਗੋਲੀ ਕਾਰਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ 11 ਨਿਹੰਗ ਸਿੰਘ ਸ਼ਹੀਦ ਹੋ ਗਏ, ਜਿਨ੍ਹਾਂ ਵਿਚ ਭਾਈ ਪ੍ਰੀਤਮ ਸਿੰਘ ਫਤਹਿਪੁਰ ਕੋਠੀ (ਹੁਸ਼ਿਆਰਪੁਰ), ਭਾਈ ਮੰਗਲ ਸਿੰਘ ਬਜਰੌਰ, ਭਾਈ ਹਰਭਜਨ ਸਿੰਘ ਚੌਹੜਾ, ਭਾਈ ਦਲੀਪ ਸਿੰਘ, ਭਾਈ ਉਦੈ ਸਿੰਘ ਮੱਤੇਵਾਲ ਅੰਮ੍ਰਿਤਸਰ, ਭਾਈ ਸੰਤੋਖ ਸਿੰਘ ਅੰਮ੍ਰਿਤਸਰ, ਭਾਈ ਲਾਲ ਸਿੰਘ ਫਿਰੋਜ਼ਪੁਰ, ਭਾਈ ਧੰਨਾ ਸਿੰਘ ਭਦੌੜ (ਸੰਗਰੂਰ), ਬਾਬਾ ਸੂਬੇਦਾਰ, ਬਾਬਾ ਨਾਮਧਾਰੀਆ ਅਤੇ ਇਕ ਯਾਤਰੀ ਸਿੰਘ ਸ਼ਾਮਿਲ ਸਨ।
ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਸਾਕੇ ਵਿਚ ਜੋ ਗੰਭੀਰ ਰੂਪ ਵਿਚ ਜ਼ਖਮੀ ਹੋਏ, ਉਨ੍ਹਾਂ ਵਿਚ ਖੁਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਭਾਈ ਅਜੀਤ ਸਿੰਘ ਹੁਸ਼ਿਆਰਪੁਰ, ਬਾਬਾ ਗੁਰਬਚਨ ਸਿੰਘ ਘਾਗੋਂ ਰੋੜਾਂਵਾਲੀ ਆਦਿ ਸ਼ਾਮਿਲ ਸਨ। ਇਸ ਸਾਕੇ ਵਿਚ ਸ਼ਹੀਦ ਹੋਏ ਸਮੂਹ ਨਿਹੰਗ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ 22 ਮਈ (ਦਿਨ ਬੁੱਧਵਾਰ) ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਪਾਉਂਟਾ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੌਜੂਦਾ ਮੁਖੀ ਜ਼ਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਦੀ ਅਗਵਾਈ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।

-ਚੱਬੇਵਾਲ (ਹੁਸ਼ਿਆਰਪੁਰ)।

ਧਾਰਮਿਕ ਸਾਹਿਤ

ਸੱਚੀਆਂ ਸਾਖੀਆਂ ਜੀਵਨ
ਬਾਬਾ ਬੰਦਾ ਸਿੰਘ ਬਹਾਦਰ

ਲੇਖਕ : ਡਾ: ਹਰਬੰਸ ਸਿੰਘ ਚਾਵਲਾ
ਪ੍ਰਕਾਸ਼ਕ : ਸ਼ਹੀਦ-ਏ-ਆਜ਼ਮ ਪਬਲੀਕੇਸ਼ਨ, ਪਟਿਆਲਾ।
ਕੀਮਤ : 350 ਰੁਪਏ, ਸਫੇ : 138
ਸੰਪਰਕ : 088604-08797


ਹਥਲੀ ਪੁਸਤਕ ਖਾਲਸਾ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ 'ਤੇ ਆਧਾਰਿਤ ਹੈ। ਲੇਖਕ ਵਲੋਂ ਕੀਤਾ ਇਹ ਉਪਰਾਲਾ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਲਿਖਣਾ ਨਹੀਂ, ਸਗੋਂ ਬਾਬਾ ਜੀ ਦੇ ਜੀਵਨ ਦੇ ਸੱਚੇ-ਸੁੱਚੇ ਕਿਰਦਾਰ ਅਤੇ ਉਨ੍ਹਾਂ ਦੇ ਮਹਾਨ ਗੁਣਾਂ ਨਾਲ ਪਾਠਕਾਂ ਦੀ ਸਾਂਝ ਪਵਾ ਕੇ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਾ ਹੈ। ਇਸੇ ਕਰਕੇ ਇਹ ਰੰਗਦਾਰ ਸਚਿੱਤਰ ਪੁਸਤਕ ਨੂੰ ਪ੍ਰਕਾਸ਼ਤ ਕਰਕੇ ਬਾਬਾ ਜੀ ਦੀ ਬਹਾਦਰੀ, ਨਿਡਰਤਾ, ਨਿਰਭੈਤਾ, ਰਹਿਮਦਿਲ ਅਤੇ ਦਿਆਲਤਾ ਵਰਗੇ ਮਹਾਨ ਗੁਣਾਂ ਨੂੰ ਉਭਾਰਨ ਦਾ ਯਤਨ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸੂਝਵਾਨ ਪ੍ਰਬੰਧਕ, ਇਨਸਾਫ਼ ਪਸੰਦ ਆਗੂ ਵਜੋਂ ਕੀਤੇ ਗਏ ਸਮਾਜ ਸੁਧਾਰਾਂ ਨੇ ਉਸ ਸਮੇਂ ਦੇ ਲੋਕਾਂ ਦੀ ਜੀਵਨ ਨੁਹਾਰ ਨੂੰ ਬਦਲ ਕੇ ਵੱਡਾ ਯੋਗਦਾਨ ਪਾਇਆ। ਰਾਜਸੀ ਤੌਰ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਉਣ ਪਿੱਛੋਂ ਖ਼ਾਲਸਾ ਰਾਜ ਦੀ ਸਥਾਪਤੀ ਉਸ ਸਮੇਂ ਹਿੰਦੁਸਤਾਨ ਦੇ ਇਤਿਹਾਸ ਵਿਚ ਹੈਰਾਨੀਜਨਕ ਕ੍ਰਾਂਤੀ ਸੀ। ਬਾਬਾ ਬੰਦਾ ਸਿੰਘ ਧਰਮ-ਨਿਰਪੱਖ, ਗ਼ਰੀਬਾਂ ਤੇ ਮਜ਼ਲੂਮਾਂ ਦਾ ਸਾਥ ਦੇਣ ਵਾਲਾ, ਗ਼ਰੀਬ ਨਿਵਾਜ਼ ਸੀ। ਆਪ ਉਸ ਸਮੇਂ ਦੇ ਕਿਰਤੀਆਂ ਤੇ ਖੇਤ-ਮਜ਼ਦੂਰਾਂ ਨੂੰ ਸਨਮਾਨਯੋਗ ਥਾਂ ਦੇ ਕੇ ਬਾਦਸ਼ਾਹੀਆਂ ਬਖ਼ਸ਼ ਕੇ ਮਹਾਨ-ਨਾਇਕ ਦੇ ਫ਼ਰਜ਼ਾਂ ਨੂੰ ਨਿਭਾਉਣ ਵਾਲਾ ਯੋਗ ਸ਼ਾਸਕ ਬਣ ਕੇ ਉੱਭਰਿਆ। ਉਹ ਆਪਣੇ ਧਰਮ ਵਿਚ ਪ੍ਰਪੱਕ ਅਤੇ ਧਰਮ ਦੀ ਰੱਖਿਆ ਲਈ ਆਪਾ ਵਾਰਨ ਵਾਲਾ ਸਿਰਲੱਥ ਯੋਧਾ ਸੀ। ਆਪ ਦੀ ਸ਼ਹਾਦਤ ਅਜਿਹੀ ਵਿਲੱਖਣ ਘਟਨਾ ਹੈ, ਜਿਸ ਦੀ ਉਦਾਹਰਨ ਇਤਿਹਾਸ ਵਿਚ ਬਹੁਤ ਘੱਟ ਮਿਲਦੀ ਹੈ।
ਸਮੁੱਚੀ ਪੁਸਤਕ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਪੁਸਤਕ ਨੂੰ (ਸਚਿੱਤਰ) ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰ ਕੇ 40 ਦੇ ਲਗਪਗ ਜੀਵਨ ਦੀਆਂ ਵੱਡੀਆਂ ਘਟਨਾਵਾਂ ਨੂੰ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਗਿਆ ਹੈ। ਪੁਸਤਕ ਬੰਦਈ ਸੰਪ੍ਰਦਾਇ ਦੇ ਮੌਜੂਦਾ ਗੱਦੀਨਸ਼ੀਨ ਬਾਬਾ ਜਤਿੰਦਰਪਾਲ ਸਿੰਘ ਸੋਢੀ ਨੂੰ ਸਮਰਪਿਤ ਕੀਤੀ ਗਈ ਹੈ। ਪੁਸਤਕ ਦੇ ਆਰੰਭ ਵਿਚ ਉੱਘੀਆਂ ਹਸਤੀਆਂ ਵਲੋਂ ਦਿੱਤੇ ਸ਼ੁੱਭ ਸੰਦੇਸ਼ਾਂ ਵਿਚ ਡਾ: ਜਸਪਾਲ ਸਿੰਘ ਸਾਬਕਾ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਵੀ ਲੇਖਕ ਦੇ ਉੱਦਮ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਹੈ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੰਪਰਦਾ ਜਥੇਬੰਦੀ ਦੇ ਸਾਰੇ ਜ਼ਿੰਮੇਵਾਰ ਅਹੁਦੇਦਾਰਾਂ ਨੇ ਵੀ ਲੇਖਕ ਦੇ ਸਫ਼ਲ ਉਪਰਾਲੇ ਲਈ ਵਧਾਈ ਦਿੱਤੀ ਹੈ। ਪੁਸਤਕ ਦੀ ਅੰਤਿਕਾ ਵਿਚ ਡਾ: ਪਰਮਵੀਰ ਸਿੰਘ, ਸਿੱਖ ਵਿਸ਼ਵ ਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਇਕ ਜਾਣਕਾਰੀ ਭਰਪੂਰ ਰਚਨਾ ਤੋਂ ਇਲਾਵਾ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਮੌਜੂਦ ਸ਼ਸਤਰ, ਹੋਰ ਵਸਤਾਂ ਦੀਆਂ ਤਸਵੀਰਾਂ ਅਤੇ ਮੌਜੂਦਾ ਮੁਖੀ ਬਾਬਾ ਜਤਿੰਦਰਪਾਲ ਸਿੰਘ ਸੋਢੀ ਵਲੋਂ ਕੀਤੀ ਮੁਲਾਕਾਤ ਦੇ ਕੁਝ ਅੰਸ਼ ਦੇ ਕੇ ਲੇਖਕ ਨੇ ਆਪਣੇ ਵਡਮੁੱਲੇ ਫ਼ਰਜ਼ ਨੂੰ ਪਛਾਣਿਆ ਹੈ।
ਪੁਸਤਕ ਦੀ ਆਖ਼ਰੀ ਰਚਨਾ ਸਿੱਖ ਇਤਿਹਾਸ ਦਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਸਬੰਧੀ ਮੁਲਾਂਕਣ ਕਰਦਿਆਂ ਉਸ ਦੀ ਅਦੁੱਤੀ ਸ਼ਹਾਦਤ ਤੇ ਕੁਰਬਾਨੀ ਦੇ ਸੰਕਲਪ ਨੂੰ ਸੰਖੇਪ ਰੂਪ ਵਿਚ ਪਾਠਕਾਂ ਦੇ ਸਨਮੁਖ ਕਰਦਿਆਂ ਲੇਖਕ ਨੇ ਇਤਿਹਾਸਕ ਫ਼ਰਜ਼ ਦੀ ਪੂਰਤੀ ਕੀਤੀ ਹੈ।


-ਭਗਵਾਨ ਸਿੰਘ ਜੌਹਲ
ਮੋਬਾ: 98143-24040

ਗੁਰਮਤਿ ਪ੍ਰਚਾਰ-ਪ੍ਰਸਾਰ ਪ੍ਰਤੀ ਸਮਰਪਿਤ ਹੈ

ਬਾਬਾ ਬਿਧੀ ਚੰਦ ਗੁਰਮਤਿ ਸੰਗੀਤ ਵਿਦਿਆਲਿਆ

ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਆ ਕੇ ਅਮੀਰ ਸਿੱਖ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਸਿੱਖ ਪੀੜ੍ਹੀ ਨੂੰ 'ਬਾਬਾ ਬਿਧੀ ਚੰਦ ਗੁਰਮਤਿ ਸੰਗੀਤ ਵਿਦਿਆਲਿਆ' ਗੁਰਮਤਿ ਪ੍ਰਚਾਰ-ਪ੍ਰਸਾਰ ਦੁਆਰਾ ਗੁਰੂ ਸਾਹਿਬਾਨ ਦੀ ਅਦੁੱਤੀ ਬਖ਼ਸ਼ਿਸ਼ ਬਾਣੀ-ਬਾਣੇ ਨਾਲ ਨਿਰੰਤਰ ਜੋੜ ਰਿਹਾ ਹੈ। 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਗਿਆਰ੍ਹਵੇਂ ਜਾਨਸ਼ੀਨ ਬ੍ਰਹਮ ਗਿਆਨੀ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਆਪਣੇ ਜੀਵਨ ਕਾਲ ਦੌਰਾਨ ਆਰੰਭੀ ਭੇਟਾ ਰਹਿਤ ਗੁਰਮਤਿ ਸੰਗੀਤ ਸਿਖਲਾਈ ਦੀ ਲਹਿਰ ਨੂੰ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮੌਜੂਦਾ ਮੁਖੀ, ਬਾਬਾ ਬਿਧੀ ਚੰਦ ਜੀ ਦੇ ਬਾਰ੍ਹਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਹੋਰ ਵਿਸ਼ਾਲ ਰੂਪ ਦੇਣ ਲਈ ਬਾਬਾ ਬਿਧੀ ਚੰਦ ਗੁਰਮਤਿ ਸੰਗੀਤ ਵਿਦਿਆਲਿਆ, ਨਗਰ ਸੁਰ ਸਿੰਘ, ਜ਼ਿਲ੍ਹਾ ਤਰਨ ਤਾਰਨ, ਬਾਬਾ ਬਿਧੀ ਚੰਦ ਗੁਰਮਤਿ ਸੰਗੀਤ ਵਿਦਿਆਲਿਆ ਸਰਹੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਬਾਬਾ ਦਯਾ ਸਿੰਘ ਗੁਰਮਤਿ ਸੰਗੀਤ ਵਿਦਿਆਲਿਆ ਸਿਤਾਰਗੰਜ (ਉੱਤਰ ਪ੍ਰਦੇਸ਼) ਦੀ ਸਥਾਪਨਾ ਕਰਵਾਈ। ਇਨ੍ਹਾਂ ਗੁਰਮਤਿ ਸੰਗੀਤ ਵਿਦਿਆਲਿਆਂ ਵਿਚ 200 ਤੋਂ ਵੱਧ ਵਿਦਿਆਰਥੀਆਂ ਨੂੰ ਮਾਹਿਰ ਗੁਰਮਤਿ ਸੰਗੀਤ ਉਸਤਾਦਾਂ ਅਤੇ ਸਿੱਖ ਵਿਦਵਾਨਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਰਾਗਾਂ ਵਿਚ ਕੀਰਤਨ ਉਚਾਰਨ, ਤੰਤੀ ਸਾਜ਼ਾਂ ਰਬਾਬ, ਦਿਲਰੁਬਾ, ਤਾਊਸ, ਸਾਰੰਦਾ, ਤਾਨਪੁਰਾ ਅਤੇ ਤਬਲਾ-ਵਾਦਨ ਵਿਚ ਨਿਪੁੰਨ ਬਣਾਉਣ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗੁਰਬਾਣੀ ਦੀ ਸੰਥਿਆ, ਗੁਰ-ਇਤਿਹਾਸ ਅਤੇ ਗੁਰਬਾਣੀ ਦੀ ਕਥਾ ਦੀ ਵਿੱਦਿਆ ਵੀ ਦਿੱਤੀ ਜਾਂਦੀ ਹੈ।
ਵਿਦਿਆਲਿਆਂ ਦੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿਣ ਅਤੇ ਸੁਚੱਜੀ ਜੀਵਨ-ਜਾਚ ਦੇ ਧਾਰਨੀ ਹੋਣ ਲਈ ਪ੍ਰੇਰਿਆ ਜਾਂਦਾ ਹੈ। ਵਿਦਿਆਰਥੀਆਂ ਨੂੰ ਅਧਿਆਤਮਿਕ ਵਿੱਦਿਆ ਦੇ ਨਾਲ-ਨਾਲ ਮੁਫ਼ਤ ਸਕੂਲੀ ਸਿੱਖਿਆ ਵੀ ਪ੍ਰਦਾਨ ਕਰਵਾਈ ਜਾ ਰਹੀ ਹੈ, ਤਾਂ ਜੋ ਉਹ ਸਮਾਜ ਵਿਚ ਇਕ ਸਿੱਖਿਅਤ ਨਾਗਰਿਕ ਵਜੋਂ ਵਿਚਰ ਸਕਣ। ਇਨ੍ਹਾਂ ਵਿਦਿਆਲਿਆਂ ਦੇ ਅਨੇਕ ਵਿਦਿਆਰਥੀ ਵਰਤਮਾਨ ਸਮੇਂ ਵਿਚ ਕੁਸ਼ਲ ਕੀਰਤਨੀਏ, ਕਥਾਵਾਚਕ ਅਤੇ ਧਰਮ ਪ੍ਰਚਾਰਕ ਵਜੋਂ ਦੇਸ਼-ਵਿਦੇਸ਼ ਵਿਚ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਗੁਰਸਿੱਖੀ ਪ੍ਰਚਾਰ-ਪ੍ਰਸਾਰ ਦੀ ਸੇਵਾ ਨੂੰ ਸ਼ਿੱਦਤ ਨਾਲ ਨਿਭਾਅ ਰਹੇ ਹਨ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਕੁਸ਼ਲਤਾ ਨੂੰ ਹੋਰ ਨਿਖ਼ਾਰਨ ਲਈ ਸਮੇਂ-ਸਮੇਂ 'ਤੇ ਦਲ-ਪੰਥ ਦੇ ਹੈੱਡਕੁਆਰਟਰ ਗੁਰ: ਸ੍ਰੀ ਛਾਉਣੀ ਸਾਹਿਬ ਨਗਰ ਸੁਰ ਸਿੰਘ ਵਿਖੇ ਗੁਰਮਤਿ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਂਦਾ ਹੈ। 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਰ ਵੀ ਅਨੇਕਾਂ ਗੁਰਮਤਿ ਸੰਗੀਤ ਵਿਦਿਆਲਿਆਂ ਦੀ ਉਸਾਰੀ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਸਿੱਖ ਸੰਗਤਾਂ ਦੀ ਅਸੀਸ ਸਦਕਾ ਦਲ-ਪੰਥ ਗੁਰਸਿੱਖੀ ਪ੍ਰਚਾਰ ਤੇ ਗੁਰੂ-ਪੰਥ ਦੀ ਸੇਵਾ ਸਮਰਪਣ ਭਾਵਨਾ ਨਾਲ ਨਿਭਾਉਂਦਾ ਰਹੇਗਾ।


-ਧਰਮਜੀਤ ਸਿੰਘ ਸੁਰ ਸਿੰਘ
ਈ-ਮੇਲ: dharmjitsursingh@gmail.com

ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ)

ਬਠਿੰਡਾ ਸ਼ਹਿਰ ਤੋਂ 29.4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਉਪ-ਮੰਡਲ ਤਲਵੰਡੀ ਸਾਬੋ ਜਿਥੇ ਸਿੱਖ ਧਰਮ ਦਾ ਚੌਥਾ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਸਥਿਤ ਹੈ। ਇਥੋਂ ਦੀ ਪਵਿੱਤਰ ਧਰਤੀ ਨੂੰ ਵੀ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ 1515 ਈ: ਸਮੇਂ ਮਾਲਵੇ ਦੀ ਧਰਤੀ ਨੂੰ ਭਾਗ ਲਾਉਣ ਮੌਕੇ ਚਰਨ ਛੋਹ ਪ੍ਰਾਪਤ ਹੋਈ ਸੀ। ਇਤਿਹਾਸਕ ਨਗਰ ਅਤੇ ਸਿੱਖ ਕੌਮ ਲਈ ਬਹੁਤ ਹੀ ਮਹੱਤਵਪੂਰਨ ਧਾਰਮਿਕ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਵਜੋਂ ਜਾਣੇ ਜਾਂਦੇ ਪਵਿੱਤਰ ਨਗਰ ਤਲਵੰਡੀ ਸਾਬੋ ਨੂੰ ਹੋਰਨਾਂ ਗੁਰੂ ਸਾਹਿਬਾਨ ਦੀ ਵੀ ਚਰਨਛੋਹ ਪ੍ਰਾਪਤ ਹੈ, ਜਿਸ ਨੂੰ ਲੈ ਕੇ ਉਕਤ ਨਗਰ 'ਚ ਵੀ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਵ ਮੌਕੇ ਵੱਡੇ ਸਮਾਗਮ ਹੋਣਗੇ। ਇਤਿਹਾਸਕ ਸਰੋਤਾਂ 'ਤੇ ਝਾਤ ਮਾਰੀ ਜਾਵੇ ਤਾਂ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਵਲੋਂ ਰਚਿਤ 'ਮਾਲਵਾ ਇਤਿਹਾਸ ਦੀ ਭੂਮਿਕਾ' ਨਾਮੀ ਕਿਤਾਬ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ 'ਦਮਦਮਾ ਸਾਹਿਬ ਦਾ ਇਤਿਹਾਸ' ਵਿਚ ਮਿਲਦੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਕੀਤੀਆਂ ਉਦਾਸੀਆਂ ਦੌਰਾਨ ਸਰਨੇ ਤੋਂ ਸੁਲਤਾਨਪੁਰ ਜਾਂਦਿਆਂ ਉਹ 1515 ਈ: ਵਿਚ ਤਲਵੰਡੀ ਸਾਬੋ ਪੁੱਜੇ ਤੇ ਇਥੇ ਗੁਰੂਸਰ ਸਰੋਵਰ ਵਾਲੀ ਜਗ੍ਹਾ 'ਤੇ ਇਕ ਬੇਰੀ ਥੱਲੇ ਵਿਸ਼ਰਾਮ ਕਰਨ ਸਮੇਂ ਗੁਰਬਾਣੀ ਦਾ ਸ਼ਬਦ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ।
ਗੁਰੂ ਸਾਹਿਬ ਨੇ ਇਥੇ ਵਚਨ ਕੀਤੇ ਸਨ ਕਿ ਆਉਣ ਵਾਲੇ ਸਮੇਂ ਵਿਚ ਇਹ ਜਗ੍ਹਾ ਤੀਰਥ ਬਣੇਗੀ ਤੇ ਇਸੇ ਜਗ੍ਹਾ 'ਤੇ ਗੁਰੂ ਸਾਹਿਬ ਦੀ ਉਦਾਸੀ ਤੋਂ 159 ਸਾਲ ਬਾਅਦ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਪੁੱਜ ਕੇ ਪਾਵਨ ਸਰੋਵਰ ਦੀ ਨੀਂਹ ਰੱਖੀ ਸੀ। ਉਕਤ ਜਗ੍ਹਾ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਨਾਨਕਸਰ ਸਾਹਿਬ ਵੀ ਸੁਸ਼ੋਭਿਤ ਹੈ। ਉਕਤ ਇਤਿਹਾਸਕ ਸਰੋਤਾਂ ਵਿਚਲੀ ਜਾਣਕਾਰੀ ਦੀ ਪੁਸ਼ਟੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕੀਤੀ ਹੈ। ਜਿਥੇ ਪਾਵਨ ਗੁਰੂਸਰ ਸਰੋਵਰ ਦਾ ਪ੍ਰਬੰਧ ਸੰਤ ਅਤਰ ਸਿੰਘ ਜੀ ਵਲੋਂ ਚਲਾਈ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਵਲੋਂ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਛੋਟਾ ਸਿੰਘ ਦੀ ਅਗਵਾਈ ਹੇਠ ਸੰਭਾਲਿਆ ਜਾ ਰਿਹਾ ਹੈ, ਉਥੇ ਗੁਰਦੁਆਰਾ ਨਾਨਕਸਰ ਸਾਹਿਬ ਦਾ ਪ੍ਰਬੰਧ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕਰੋੜੀ) ਵਲੋਂ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ ਤੇ ਸਥਾਨ ਦੀ ਸਾਂਭ-ਸੰਭਾਲ ਦਾ ਕੰਮ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਕਰਦੇ ਹਨ।
ਗੁਰੂ ਸਾਹਿਬ ਨਾਲ ਸਬੰਧਤ ਹੋਣ ਕਾਰਨ ਉਕਤ ਨਗਰ ਨੂੰ ਹੁਣ 550ਵੇਂ ਪ੍ਰਕਾਸ਼ ਪੁਰਬ ਨੂੰ ਦੇਖਦਿਆਂ ਸਰਕਾਰ ਵਲੋਂ ਪ੍ਰਕਾਸ਼ ਪੁਰਬ ਨਾਲ ਸਬੰਧਤ ਯਾਦਗਾਰਾਂ ਸਥਾਪਤ ਕਰਨ ਲਈ ਗ੍ਰਾਂਟ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ, ਜਿਸ ਸਬੰਧੀ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਦੀ ਅਗਵਾਈ ਵਿਚ ਪੰਚਾਇਤ ਵਲੋਂ 3 ਕਰੋੜ 30 ਲੱਖ ਰੁਪਏ ਦੇ ਕੰਮਾਂ ਦਾ ਐਸਟੀਮੇਟ ਬਣਾ ਕੇ ਭੇਜਿਆ ਗਿਆ ਹੈ, ਜਿਸ ਨਾਲ ਇਸ ਦੇ ਚੁਫੇਰੇ ਸੁੰਦਰੀਕਰਨ ਦੇ ਪ੍ਰੋਜੈਕਟਾਂ ਤਹਿਤ ਰੋੜੀ ਰੋਡ 'ਤੇ ਇਕ ਸੁੰਦਰ ਪਾਰਕ ਤੇ ਉਥੇ ਬਣੇ ਦੋ ਪਾਰਕਾਂ ਨੂੰ ਪੁਰਾਤਨ ਤਰੀਕੇ ਦੀਆਂ ਸੁੰਦਰ ਲਾਈਟਾਂ ਅਤੇ ਪੁਰਾਤਨ ਕਿਸਮ ਦੇ ਬੈਂਚਾਂ ਦੇ ਨਾਲ-ਨਾਲ ਓਪਨ ਏਅਰ ਜਿੰਮ ਸਥਾਪਿਤ ਕੀਤੇ ਜਾਣਗੇ, ਸ਼ਹਿਰ ਦੇ ਦਰਸ਼ਨੀ ਨਿਸ਼ਾਨ-ਏ-ਖ਼ਾਲਸਾ ਚੌਕ ਦਾ ਆਕਾਰ ਥੋੜ੍ਹਾ ਘੱਟ ਕਰਕੇ ਉਸ ਨੂੰ ਅਤਿ ਆਧੁਨਿਕ ਪੁਰਾਤਨ ਲਾਈਟਾਂ ਲਗਾ ਕੇ ਹੋਰ ਸੁੰਦਰ ਰੂਪ ਦਿੱਤਾ ਜਾਵੇਗਾ। ਨਿਸ਼ਾਨ-ਏ-ਖ਼ਾਲਸਾ ਚੌਕ ਤੋਂ ਗਿੱਲਾਂ ਵਾਲਾ ਖੂਹ ਤੱਕ ਜਾਂਦੀ ਸੜਕ ਦੀ ਫੁੱਟਪਾਥ 'ਤੇ ਗਰਿੱਲ ਲਾਉਣ, ਚੌਕ ਤੋਂ ਤਖ਼ਤ ਸਾਹਿਬ ਤੱਕ ਸੰਗਤਾਂ ਲਈ ਹੈਰੀਟੇਜ ਬੈਂਚ ਲਾਉਣ, ਗੁਰਦੁਆਰਾ ਨਾਨਕਸਰ ਸਾਹਿਬ ਦੇ ਰਸਤੇ ਨੂੰ ਸੁੰਦਰ ਬਣਾਉਣ ਦੀ ਯੋਜਨਾ ਵੀ ਵਿਚਾਰ ਅਧੀਨ ਹੈ। ਸੰਗਤਾਂ ਇਥੇ ਸ਼ਰਧਾ ਨਾਲ ਨਤਮਸਤਕ ਹੋਣ ਆਉਂਦੀਆਂ ਹਨ।


-ਕੰਵਲਜੀਤ ਸਿੰਘ ਸਿੱਧੂ, ਰਣਜੀਤ ਸਿੰਘ ਰਾਜੂ
ਬਠਿੰਡਾ ਦਫ਼ਤਰ

ਇਤਿਹਾਸ ਵਿਚ ਬੁਲੰਦ ਰਿਹਾ ਹੈ ਸਿੱਖਾਂ ਦਾ ਇਖ਼ਲਾਕੀ ਕਿਰਦਾਰ

ਨੌਂ ਸਾਲ ਦੀ ਉਮਰ ਵਿਚ ਜਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰਕ ਵਿੱਦਿਆ ਸੰਪੂਰਨ ਕਰ ਲਈ ਤਾਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੋਲ ਸੱਦ ਕੇ ਜ਼ਿੰਦਗੀ ਭਰ ਇਕ ਪ੍ਰਣ ਨਿਭਾਉਣ ਲਈ ਆਖਿਆ। ਸਪੁੱਤਰ ਗੋਬਿੰਦ ਰਾਇ ਜੀ ਨੇ ਸਿਰ ਝੁਕਾ ਕੇ ਸਾਰੀ ਉਮਰ ਉਸ ਪ੍ਰਣ ਨੂੰ ਤੋੜ ਨਿਭਾਉਣ ਦਾ ਵਚਨ ਦਿੱਤਾ। ਦਸਮ ਗ੍ਰੰਥ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਚਰਿੱਤਰ ਦੀ ਵਚਿੱਤਰ ਉਸਾਰੀ ਅਤੇ ਨੈਤਿਕਤਾ ਦੀ ਸੁੱਚਮਤਾ' ਦੀ ਉਚੇਰੀ ਮਹਾਨਤਾ ਦਰਸਾਉਂਦੇ ਇਸ ਪ੍ਰਣ ਦਾ ਨਫ਼ੀਸ ਸ਼ਬਦਾਂ 'ਚ ਜ਼ਿਕਰ ਕੀਤਾ ਹੈ:
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ॥
ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ॥
ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨਾ ਜੈਯਹੂ॥
ਗੁਰੂ ਸਾਹਿਬ ਨੇ ਇਸ ਪ੍ਰਣ ਨੂੰ ਕਿਸ ਗੰਭੀਰਤਾ ਨਾਲ ਨਿਭਾਇਆ, ਉਸ ਦੀ ਇਕ ਸੁੰਦਰ ਸਾਖ਼ੀ ਇਤਿਹਾਸ ਵਿਚ ਆਉਂਦੀ ਹੈ। ਸਮੇਂ ਦੀ ਸਭ ਤੋਂ ਸੁੰਦਰ ਇਸਤਰੀ, ਚੰਬਾ ਰਿਆਸਤ ਦੀ ਰਾਣੀ ਪਦਮਨੀ ਆਪ ਦੇ ਦਰਬਾਰ ਵਿਚ ਆਈ। ਆਪ ਜੀ ਦਾ ਇਹ ਸੁਭਾਅ-ਕਰਮ ਸੀ ਕਿ ਜੋ ਦਰਬਾਰ ਵਿਚ ਆ ਸਿਰ ਝੁਕਾਏ, ਉਸ ਨੂੰ ਹਜ਼ੂਰ ਆਪਣੇ ਤੀਰ ਨਾਲ ਹੀ ਅਸ਼ੀਰਵਾਦ ਦਿੰਦੇ ਸਨ। ਜੇਕਰ ਵਧੇਰੇ ਪ੍ਰਸੰਨ ਹੋਣ ਤਾਂ ਬਖ਼ਸ਼ਿਸ਼ ਵਜੋਂ ਤੀਰ ਹੀ ਉਸ ਵਿਅਕਤੀ ਨੂੰ ਦੇ ਦਿੰਦੇ ਸਨ। ਰਾਣੀ ਪਦਮਨੀ ਨੇ ਜਦ ਸੀਸ ਝੁਕਾਇਆ ਤਾਂ ਆਪ ਨੇ ਇਕ ਤੀਰ ਨਾਲ ਅਸ਼ੀਰਵਾਦ ਦਿੱਤਾ। ਮਹਾਰਾਣੀ ਨੇ ਬੇਨਤੀ ਕਰਦਿਆਂ ਕਿਹਾ, 'ਮਹਾਰਾਜ ਮੈਂ ਤੁਹਾਡੀ ਸੇਵਿਕਾ ਹਾਂ, ਆਪਣੇ ਕਰ-ਕਮਲਾਂ ਨਾਲ ਅਸ਼ੀਰਵਾਦ ਦਿਓ।' ਉਸ ਇਖ਼ਲਾਕ ਦੇ ਦੇਵਤੇ ਨੇ ਉੱਤਰ ਵਜੋਂ ਫੁਰਮਾਇਆ, 'ਪਦਮਨੀ ਇਨ੍ਹਾਂ ਹੱਥਾਂ ਨਾਲ ਅੱਜ ਤੱਕ ਸਿਰਫ਼ ਆਪਣੀ ਪਤਨੀ ਨੂੰ ਹੀ ਛੂਹਿਆ ਗਿਆ ਹੈ, ਹੋਰ ਕਿਸੇ ਨੂੰ ਨਹੀਂ।'
ਸ੍ਰੀ ਅਨੰਦਪੁਰ ਸਾਹਿਬ ਵਿਚ ਇਕ ਵਾਰ ਮੁਗ਼ਲਾਂ 'ਤੇ ਕੀਤੇ ਹਮਲੇ ਦੌਰਾਨ ਮਾਲ-ਅਸਬਾਬ ਦੇ ਨਾਲ ਹੀ ਸਿੱਖ ਫ਼ੌਜ ਰੰਘੜਾਂ ਦੀ ਇਕ ਕੁੜੀ ਨੂੰ ਵੀ ਬੰਦੀ ਬਣਾ ਨਾਲ ਲੈ ਆਈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਸ ਕੁੜੀ ਨੂੰ ਬੰਦੀ ਵਿਚ ਵੇਖਿਆ ਤਾਂ ਸਖ਼ਤ ਨਾਖ਼ੁਸ਼ੀ ਜ਼ਾਹਰ ਕਰਦਿਆਂ ਉਸ ਬੱਚੀ ਨੂੰ ਸਨਮਾਨ ਤੇ ਇੱਜ਼ਤ ਨਾਲ ਵਾਪਸ ਉਸ ਦੇ ਘਰ ਪਹੁੰਚਾਉਣ ਦਾ ਹੁਕਮ ਦਿੱਤਾ। ਸਿੱਖ ਫ਼ੌਜਾਂ ਨੇ ਫਿਰ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਰਕ ਬੇਖ਼ੌਫ਼ ਹੋ ਕੇ ਹਿੰਦੂਆਂ ਦੀਆਂ ਬਹੂ-ਬੇਟੀਆਂ ਦੀ ਬੇਪਤੀ ਕਰ ਰਹੇ ਹਨ। ਸਾਨੂੰ ਵੀ ਬਦਲਾ ਲੈਣ ਦੀ ਆਗਿਆ ਹੋਣੀ ਚਾਹੀਦੀ ਹੈ। ਬਦਲੇ ਤੋਂ ਬਗ਼ੈਰ ਤੁਰਕ ਸਿੱਧੇ ਨਹੀਂ ਹੋਣ ਲੱਗੇ। ਨਾਲ ਹੀ ਜੰਗ-ਨੀਤੀ ਵੀ ਇਹੋ ਹੈ।
ਸਗਲ ਸਿੱਖ ਪੁਛਣ ਗੁਣ ਖਾਣੀ।
ਸਗਲ ਤੁਰਕ ਭੁਗਵੇ ਹਿੰਦਵਾਨੀ।
ਸਿਖ ਬਦਲਾ ਲੈ ਭਲਾ ਜਣਾਵੈ।
ਗੁਰੂ ਸ਼ਾਸਤ੍ਰ ਕਿਉ ਵਰਜ ਹਟਾਵੈ।
ਸਿੱਖਾਂ ਦੇ ਵਿਚਾਰ ਸੁਣ ਕੇ ਦਸਮੇਸ਼ ਪਿਤਾ ਕਹਿਣ ਲੱਗੇ, 'ਮੈਂ ਤਾਂ ਅਜਿਹੇ ਸਿੱਖ ਬਣਾਉਣੇ ਹਨ, ਜੋ ਜੰਗਾਂ-ਯੁੱਧਾਂ ਵਿਚ ਵੀ ਆਪਣਾ ਆਚਰਣ ਬੁਲੰਦ ਰੱਖਣ। ਹਰ ਵੇਲੇ ਉਹ ਆਚਰਣ ਦੀ ਮੂਰਤ ਦਿਸਣ। ਅਸੀਂ ਬਦਲੇ ਨਹੀਂ ਲੈਣੇ। ਨੀਵੀਂ ਖੱਡ ਵਿਚ ਨਹੀਂ ਡਿਗਣਾ।'
ਸੁਣ ਸਤਿਗੁਰ ਬੋਲੇ ਤਿਸ ਬੇਰੇ। ਹਮ ਲੈ ਜਾਣਹੁ ਪੰਥ ਉਚੇਰੇ।
ਨਾਹਿ ਅਧੋਗਤੀ ਬਿਖ-ਪੁਹਚਾਵੈ। ਤਾਂ ਤੇ ਰਲ ਮਲ ਕਰਨ ਹਟਾਵੈ।
ਇਖ਼ਲਾਕ ਦੇ ਮੁਜੱਸਮੇ ਗੁਰੂ ਨੇ ਸਿੰਘਾਂ ਵਿਚ ਇਖ਼ਲਾਕ ਦੇ ਉੱਚੇ ਗੁਣ ਭਰੇ, ਜਿਸ ਦੇ ਸਦਕਾ ਸਿੱਖਾਂ ਨੇ ਜੰਗਾਂ ਅਤੇ ਅਮਨ, ਦੋਹਾਂ ਸਮਿਆਂ ਵਿਚ ਆਪਣਾ ਆਚਰਣ ਨਾ ਡਿੱਗਣ ਦਿੱਤਾ। ਇਸ ਦੀਆਂ ਗਵਾਹੀਆਂ ਗ਼ੈਰ-ਸਿੱਖ ਇਤਿਹਾਸਕਾਰਾਂ ਨੇ ਹੀ ਨਹੀਂ, ਸਗੋਂ ਦੁਸ਼ਮਣਾਂ ਨੇ ਵੀ ਭਰੀਆਂ ਹਨ।
ਸੰਨ 1764 ਦੌਰਾਨ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ 'ਤੇ ਸੱਤਵੇਂ ਹਮਲੇ ਵੇਲੇ ਉਸ ਦਾ ਇਕ ਮੀਰ ਮੁਨਸ਼ੀ ਕਾਜ਼ੀ ਨੂਰ ਮੁਹੰਮਦ ਉਸ ਦੇ ਨਾਲ ਪੰਜਾਬ ਆਇਆ। ਉਸ ਨੇ ਸਿੰਘਾਂ ਨੂੰ ਮੈਦਾਨ-ਏ-ਜੰਗ 'ਚ ਲੜਦਿਆਂ ਵੇਖਿਆ ਤਾਂ ਉਹ ਦੁਸ਼ਮਣ ਹੁੰਦੇ ਹੋਏ ਵੀ ਸਿੰਘਾਂ ਦੇ ਗੁਣਾਂ ਤੋਂ ਪ੍ਰਭਾਵਿਤ ਹੋਏ ਬਗ਼ੈਰ ਰਹਿ ਨਾ ਸਕਿਆ। ਅਬਦਾਲੀ ਦੇ ਲਸ਼ਕਰ ਦੇ ਤੁਰਨ ਤੋਂ ਲੈ ਕੇ ਵਾਪਸੀ ਤੱਕ ਦੇ ਅੱਖੀਂ ਡਿੱਠੇ ਹਾਲ ਨੂੰ ਬਿਆਨਦੇ ਉਹ ਆਪਣੇ 55 ਬਿਆਨਾਤ ਵਾਲੇ 'ਜੰਗਨਾਮੇ' ਵਿਚ ਲਿਖਦਾ ਹੈ ਕਿ : 'ਇਨ੍ਹਾਂ ਸਿੰਘਾਂ ਨੂੰ 'ਸਗ' (ਕੁੱਤੇ) ਨਾ ਆਖੋ, ਇਹ ਤੇ ਸ਼ੇਰ ਹਨ। ਮਰਦਾਨਗੀ ਦੇ ਮੈਦਾਨ ਵਿਚ ਸ਼ੇਰਾਂ ਵਾਂਗ ਦਲੇਰ ਹਨ। ਰਣ ਦਾ ਉਹ ਸੂਰਮਾ ਜੋ ਲੜਾਈ ਵਿਚ ਸ਼ੇਰ ਵਾਂਗ ਬੁੱਕੇ, ਉਹ 'ਸਗ' ਕਿਵੇਂ ਹੋ ਸਕਦਾ ਹੈ? ਇਨ੍ਹਾਂ ਵਿਚ ਵਿਭਚਾਰ ਬਿਲਕੁਲ ਨਹੀਂ ਹੈ ਤੇ ਨਾ ਹੀ ਇਨ੍ਹਾਂ ਭੈੜੀਆਂ ਰਗਾਂ ਵਾਲਿਆਂ ਵਿਚ ਚੋਰੀ ਹੈ। ਔਰਤ ਭਾਵੇਂ ਉਹ ਜਵਾਨ ਹੈ, ਭਾਵੇਂ ਬਜ਼ੁਰਗਜੇਕਰ ਜੰਗ ਦੇ ਮੈਦਾਨ ਵਿਚ ਇਨ੍ਹਾਂ ਦੇ ਸਾਹਮਣੇ ਆ ਜਾਵੇ ਤਾਂ ਇਹ ਕਹਿੰਦੇ ਹਨ ਪਾਸੇ ਹਟ ਜਾ ਬੁੱਢੀਏ...। ਔਰਤ, ਬੱਚੇ ਤੇ ਬਜ਼ੁਰਗ 'ਤੇ ਕਦੇ ਹੱਥ ਨਹੀਂ ਚੁੱਕਦੇ।' ਇਸੇ ਤਰ੍ਹਾਂ ਜਦੋਂ ਅਬਦਾਲੀ ਵਰਗੇ ਵਿਦੇਸ਼ੀ ਜਰਵਾਣੇ ਹਿੰਦੁਸਤਾਨ 'ਤੇ ਹਮਲਿਆਂ ਦੌਰਾਨ ਮਾਲ-ਅਸਬਾਬ ਲੁੱਟਣ ਦੇ ਨਾਲ-ਨਾਲ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਵੀ ਅਗਵਾ ਕਰਕੇ ਗੱਡਿਆਂ 'ਤੇ ਲੱਦ ਕੇ ਵਾਪਸ ਜਾਣ ਲੱਗਦੇ ਸਨ ਤਾਂ ਬਿਆਸ ਦਰਿਆ ਟੱਪਣ ਵੇਲੇ ਸਿੰਘ ਉਨ੍ਹਾਂ ਦੀਆਂ ਫ਼ੌਜਾਂ 'ਤੇ ਹਮਲੇ ਕਰਕੇ ਅਗਵਾ ਔਰਤਾਂ ਨੂੰ ਆਜ਼ਾਦ ਕਰਵਾ ਕੇ ਬਾਇੱਜ਼ਤ ਘਰੋ-ਘਰੀ ਛੱਡ ਕੇ ਆਉਂਦੇ ਸਨ।
ਅਠਾਰ੍ਹਵੀਂ ਸਦੀ 'ਚ ਜਦੋਂ ਸਰਦਾਰ ਹਰੀ ਸਿੰਘ ਨਲੂਆ ਨੇ ਦੱਰਾ-ਏ-ਖੈਬਰ 'ਤੇ ਹਮਲਾ ਕੀਤਾ ਤਾਂ ਉੱਥੋਂ ਦੇ ਬਹਾਦਰ ਪਠਾਣਾਂ ਨੂੰ ਭਾਜੜਾਂ ਪੈ ਗਈਆਂ। ਹਰ ਪਾਸੇ 'ਹਰੀਆ ਰਾਗਲੇ', 'ਹਰੀਆ ਰਾਗਲੇ' (ਭਾਵ ਹਰੀ ਸਿੰਘ ਆ ਰਿਹੈ) ਦਾ ਕੋਹਰਾਮ ਮਚ ਗਿਆ। ਹਰੀ ਸਿੰਘ ਨਲੂਆ ਦੀ ਬਹਾਦਰੀ ਕਾਰਨ ਪਠਾਣਾਂ 'ਚ ਮਚੀ ਹਫੜਾ-ਦਫੜੀ ਤੋਂ ਪ੍ਰਭਾਵਿਤ ਹੋ ਕੇ ਇਕ ਜਵਾਨ ਪਠਾਣ ਮੁਟਿਆਰ ਹਰੀ ਸਿੰਘ ਨਲੂਆ ਨੂੰ ਮਿਲਣ ਲਈ ਪਹੁੰਚ ਗਈ। ਹਰੀ ਸਿੰਘ ਨੇ ਜਮਰੌਦ ਵਿਚ ਆਪਣੀ ਫ਼ੌਜ ਸਮੇਤ ਡੇਰੇ ਲਾਏ ਹੋਏ ਸਨ। ਜਦੋਂ ਉਹ ਸਿੰਘਾਂ ਦੀ ਛਾਉਣੀ ਵਿਚ ਹਰੀ ਸਿੰਘ ਨਲੂਆ ਦੇ ਤੰਬੂ ਨੇੜੇ ਪਹੁੰਚੀ ਤਾਂ ਅਨਜਾਣ ਔਰਤ ਨੂੰ ਵੇਖ ਕੇ ਪਹਿਰੇਦਾਰ ਸਿੰਘਾਂ ਨੇ ਉਸ ਨੂੰ ਰੋਕ ਲਿਆ। ਉਹ ਉੱਚੀ-ਉੱਚੀ ਰੌਲਾ ਪਾਉਣ ਲੱਗੀ ਕਿ ਉਹ 'ਹਰੀਆ' ਨੂੰ ਮਿਲਣਾ ਚਾਹੁੰਦੀ ਹੈ। ਜਦੋਂ ਹਰੀ ਸਿੰਘ ਨਲੂਆ ਨੇ ਤੰਬੂ ਅੰਦਰ ਆਵਾਜ਼ ਸੁਣੀ ਤਾਂ ਉਸ ਨੇ ਪਹਿਰੇਦਾਰਾਂ ਨੂੰ ਹੁਕਮ ਕੀਤਾ ਕਿ ਉਸ ਔਰਤ ਨੂੰ ਅੰਦਰ ਆਉਣ ਦਿੱਤਾ ਜਾਵੇ। ਪਠਾਣ ਮੁਟਿਆਰ ਹਰੀ ਸਿੰਘ ਨਲੂਆ ਨੂੰ ਕੁਝ ਸਵਾਲ-ਜਵਾਬ ਕਰਨ ਤੋਂ ਬਾਅਦ ਏਨੀ ਪ੍ਰਭਾਵਿਤ ਹੋਈ ਕਿ ਆਖਣ ਲੱਗੀ, 'ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖੋਂ ਵੀ ਤੁਹਾਡੇ ਵਰਗਾ ਬਹਾਦਰ ਅਤੇ ਜਰਨੈਲ ਪੁੱਤਰ ਪੈਦਾ ਹੋਵੇ।' ਹਰੀ ਸਿੰਘ ਕਹਿਣ ਲੱਗਾ, 'ਅੱਲ੍ਹਾ ਕੋਲ ਦੁਆ ਕਰਿਆ ਕਰ ਕਿ ਉਹ ਤੈਨੂੰ ਨੇਕ ਪੁੱਤਰ ਦੇਵੇ।' ਵਾਰ-ਵਾਰ ਹਰੀ ਸਿੰਘ ਨਲੂਆ ਵਲੋਂ ਇਕੋ ਉੱਤਰ ਦੇਣ ਤੋਂ ਬਾਅਦ ਪਠਾਣ ਮੁਟਿਆਰ ਕਹਿਣ ਲੱਗੀ, 'ਮੈਂ ਆਪਣੀ ਕੁੱਖੋਂ ਬਿਲਕੁਲ ਤੇਰੇ ਵਰਗਾ ਪੁੱਤਰ ਚਾਹੁੰਦੀ ਹਾਂ।' ਹਰੀ ਸਿੰਘ ਨਲੂਆ ਉਸ ਦੇ ਹਾਵ-ਭਾਵ ਵੇਖ ਕੇ ਉਸ ਦੀ ਨੀਅਤ ਸਮਝ ਗਿਆ ਤੇ ਗੁੱਸੇ ਵਿਚ ਲਾਲ ਹੋ ਗਿਆ। ਉਸ ਨੇ ਸ਼ਮਸ਼ੀਰ ਧੂਹ ਕੇ ਮਿਆਨੋਂ ਕੱਢ ਲਈ ਤੇ ਆਖਣ ਲੱਗਾ,'ਪਠਾਣ ਦੀਏ ਬੱਚੀਏ! ਤੂੰ ਸਿੱਖ ਦਾ ਕਿਰਦਾਰ ਪਰਖਣ ਆਈ ਏਂ। ਜਾ ਚਲੀ ਜਾ ਇੱਥੋਂ।' ਪਠਾਣ ਮੁਟਿਆਰ ਡਰ ਨਾਲ ਕੰਬਦੀ ਤੇ ਰੋਂਦੀ ਹੋਈ ਕਾਹਲੀ ਵਿਚ ਤੰਬੂ ਵਿਚੋਂ ਬਾਹਰ ਨੂੰ ਤੁਰ ਪਈ ਤੇ ਦਰ ਕੋਲ ਜਾ ਕੇ ਕਹਿਣ ਲੱਗੀ, 'ਮੈਂ ਤਾਂ ਸੁਣਿਆ ਸੀ ਕਿ ਗੁਰੂ ਦੇ ਖ਼ਾਲਸੇ ਦੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਮੁੜਦਾ, ਪਰ ਅੱਜ ਇਹ ਪਠਾਣ ਬੱਚੀ ਇਸ ਦਰ ਤੋਂ ਖ਼ਾਲੀ ਜਾ ਰਹੀ ਹੈ...।'
ਇਹ ਸੁਣ ਕੇ ਹਰੀ ਸਿੰਘ ਨਲੂਆ ਗਰਜਵੀਂ ਆਵਾਜ਼ 'ਚ ਬੋਲਿਆ, 'ਨਹੀਂ, ਇਹ ਫ਼ਰਿਆਦਣ ਖ਼ਾਲਸੇ ਦੇ ਦਰ ਤੋਂ ਖ਼ਾਲੀ ਨਹੀਂ ਮੁੜੇਗੀ। ਬੀਬੀ ਤੂੰ ਚਾਹੁੰਦੀ ਹੈ ਕਿ ਤੇਰੇ ਘਰ ਮੇਰੇ ਵਰਗਾ ਪੁੱਤਰ ਹੋਵੇਤੇ ਜਾ ਅੱਜ ਤੋਂ ਇਹ ਹਰੀ ਸਿੰਘ ਤੇਰਾ ਪੁੱਤਰ ਏ ਤੇ ਤੂੰ ਹਰੀ ਸਿੰਘ ਦੀ ਧਰਮ ਦੀ ਮਾਂ।' ਇਹ ਕਹਿੰਦਿਆਂ ਹਰੀ ਸਿੰਘ ਨੇ ਪਹਿਰੇਦਾਰ ਕੋਲੋਂ ਇਕ ਦੁਸ਼ਾਲਾ ਮੰਗਵਾ ਕੇ ਪਠਾਣ ਮੁਟਿਆਰ ਦੇ ਸਿਰ 'ਤੇ ਦਿੰਦਿਆਂ ਉਸ ਦੇ ਪੈਰਾਂ 'ਤੇ ਆਪਣਾ ਸਿਰ ਧਰ ਦਿੱਤਾ। ਪਠਾਣ ਮੁਟਿਆਰ ਸਰੀਰ ਤੋਂ ਲੈ ਕੇ ਰੂਹ ਤੱਕ ਪਵਿੱਤਰਤਾ ਦੇ ਨਾਲ ਸਰਸ਼ਾਰ ਹੋ ਗਈ ਤੇ ਅਸਚਰਜਤਾ ਤੇ ਵੈਰਾਗ 'ਚ ਉਸ ਦੀਆਂ ਅੱਖਾਂ 'ਚੋਂ ਵਾਹੋਦਾਹੀ ਹੰਝੂ ਵਹਿਣ ਲੱਗੇ। ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਹ ਪਠਾਣ ਮੁਟਿਆਰ ਦੱਰਾ-ਏ-ਖੈਬਰ ਦੇ ਸ਼ਾਸਕ ਦੇ ਪੁੱਤਰ ਗੁਲਫਾਮ ਖ਼ਾਨ ਦੀ ਮੰਗੇਤਰ ਬਾਨੋ ਸੀ, ਜਿਸ ਨੂੰ ਪਠਾਣ ਸ਼ਾਸਕ ਨੇ ਜਾਣ-ਬੁੱਝ ਕੇ ਹਰੀ ਸਿੰਘ ਨਲੂਆ ਨੂੰ ਆਚਰਣ ਤੋਂ ਡੇਗ ਕੇ ਉਸ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਚਾਲ ਨਾਲ ਉਸ ਕੋਲ ਭੇਜਿਆ ਸੀ, ਕਿਉਂਕਿ ਦੁਨੀਆ ਦੇ ਇਤਿਹਾਸ 'ਚ ਕਈ ਬਹਾਦਰ ਕੌਮਾਂ ਤੇ ਬਹੁਤ ਸਾਰੇ ਬਹਾਦਰ ਜਰਨੈਲ ਅਨੇਕਾਂ ਖ਼ੂਬੀਆਂ ਦੇ ਬਾਵਜੂਦ ਵਿਭਚਾਰ ਦੀ ਮਨੁੱਖੀ ਕਮਜ਼ੋਰੀ ਦਾ ਸ਼ਿਕਾਰ ਹੋ ਕੇ ਫ਼ਨਾਹ ਹੋ ਗਏ, ਪਰ ਖ਼ਾਲਸੇ ਨੂੰ ਇਸ ਦੇ ਗੁਰੂ ਨੇ ਬੜੀ ਸਖ਼ਤੀ ਨਾਲ ਆਚਰਣ ਦੀ ਉੱਚਤਾ ਕਾਇਮ ਰੱਖਣ ਦੀ ਹਦਾਇਤ ਕੀਤੀ ਹੈ।
ਭਾਰਤ-ਪਾਕਿ ਵੰਡ ਤੋਂ ਬਹੁਤ ਸਾਲ ਪਹਿਲਾਂ ਇਕ ਅਮਰੀਕਨ ਮੁਟਿਆਰ ਭਾਰਤ ਯਾਤਰਾ ਲਈ ਆਈ। ਉਸ ਨੇ ਯਾਤਰਾ ਤੋਂ ਵਾਪਸ ਪਰਤ ਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫ਼ੈਸਰ ਤੇਜਾ ਸਿੰਘ ਨੂੰ ਇਕ ਚਿੱਠੀ ਲਿਖੀ। ਉਸ ਬੀਬੀ ਨੇ ਲਿਖਿਆ ਕਿ, 'ਮੈਂ ਬੰਬਈ ਤੋਂ ਦੋ ਦਿਨ ਤੇ ਦੋ ਰਾਤਾਂ ਦਾ ਰੇਲ ਵਿਚ ਸਫ਼ਰ ਤੁਹਾਡੇ ਇਕ ਆਗੂ ਮਾਸਟਰ ਤਾਰਾ ਸਿੰਘ ਨਾਲ ਇਕੋ ਡੱਬੇ ਵਿਚ ਕੀਤਾ, ਜਿਸ ਸਾਰੇ ਸਫ਼ਰ ਦੌਰਾਨ ਰੇਲ ਦੇ ਉਸ ਡੱਬੇ ਵਿਚ ਸਾਡੇ ਦੋਵਾਂ ਤੋਂ ਇਲਾਵਾ ਹੋਰ ਕੋਈ ਤੀਜਾ ਮੁਸਾਫ਼ਰ ਨਾ ਆਇਆ। ਇੰਨੇ ਲੰਬੇ ਸਫ਼ਰ ਵਿਚ ਮੈਂ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਤੁਹਾਡੇ ਇਸ ਨੌਜਵਾਨ ਆਗੂ ਨੇ ਇਕ ਵਾਰੀ ਵੀ ਮੇਰੇ ਵੱਲ ਸਿੱਧੀ ਜਾਂ ਚੁਰਾਵੀਂ ਅੱਖ ਨਾਲ ਨਹੀਂ ਵੇਖਿਆ। ਅਸੀਂ ਅਮਰੀਕਾ ਨਿਵਾਸੀ ਆਪਣੇ ਦੇਸ਼ ਵਿਚ ਸੁਣਦੇ ਹਾਂ ਕਿ ਭਾਰਤ ਦੇ ਇਤਿਹਾਸ 'ਚ ਇਕ ਲਛਮਣ ਜਤੀ ਹੋਇਆ ਹੈ ਪਰ ਤੁਹਾਡੇ ਆਗੂ ਦੇ ਇਸ ਅਦੁੱਤੀ ਮਾਨਸਿਕ ਸੰਜਮ ਦੇ ਗੁਣ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਦੇਸ਼ ਵਿਚ ਲਛਮਣ ਜਤੀ ਅਜੇ ਵੀ ਮੌਜੂਦ ਹਨ।' ਸਿੱਖਾਂ ਦੇ ਉੱਚੇ ਇਖ਼ਲਾਕ ਕਾਰਨ ਹੀ, ਹੁਣ ਤੱਕ ਮੁੰਬਈ ਵਰਗੇ ਮਹਾਂਨਗਰਾਂ 'ਚ ਜੇਕਰ ਰਾਤ-ਬਰਾਤੇ ਕਿਸੇ ਇਕੱਲੀ ਔਰਤ ਨੂੰ ਸਫ਼ਰ ਕਰਨਾ ਪੈ ਜਾਵੇ ਤਾਂ ਉਹ ਕਿਸੇ ਸਰਦਾਰ ਦੀ ਟੈਕਸੀ 'ਚ ਬੈਠਣ ਨੂੰ ਤਰਜੀਹ ਦਿੰਦੀ ਹੈ, ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਕਿਸੇ ਮੁਸੀਬਤ ਵੇਲੇ ਇਕੱਲੀ ਔਰਤ ਦੀ ਸੁਰੱਖਿਆ ਕਰਨੀ ਸਿੱਖਾਂ ਤੋਂ ਵੱਧ ਕੋਈ ਨਹੀਂ ਜਾਣਦਾ। ਉਹ ਹਰੇਕ ਔਰਤ ਨੂੰ ਆਪਣੀ ਮਾਂ, ਭੈਣ ਤੇ ਧੀ ਵਾਂਗ ਵੇਖਦੇ ਹਨ। ਪਿੱਛੇ ਜਿਹੇ ਇਕ ਅਖ਼ਬਾਰ 'ਚ ਬਾਲੀਵੁੱਡ ਦੇ ਫ਼ਿਲਮ ਮੇਕਰ ਸ਼ੇਖਰ ਕਪੂਰ ਨੇ ਆਪਣੀ ਇੰਟਰਵਿਊ 'ਚ ਸਿੱਖਾਂ ਦੇ ਆਚਰਣ ਦੀ ਇਕ ਮਿਸਾਲ ਦਿੰਦਿਆਂ ਆਖਿਆ ਸੀ, 'ਬਚਪਨ ਵਿਚ ਸਾਡਾ ਪਰਿਵਾਰ ਦਿੱਲੀ ਰਹਿੰਦਾ ਸੀ ਤਾਂ ਉਦੋਂ ਕੁੜੀਆਂ ਨੂੰ ਕਿਹਾ ਜਾਂਦਾ ਸੀ ਕਿ ਜੇਕਰ ਤੁਸੀਂ ਕਿਸੇ ਖ਼ਤਰੇ 'ਚ ਇਕੱਲੇ ਹੋਵੋ ਤਾਂ ਨੇੜੇ ਕਿਸੇ ਸਰਦਾਰ ਕੋਲ ਚਲੇ ਜਾਵੋ, ਉਹ ਆਪਣੀ ਜਾਨ ਦੇ ਕੇ ਵੀ ਤੁਹਾਡੀ ਰੱਖਿਆ ਕਰੇਗਾ।'
ਦਰਅਸਲ ਇਤਿਹਾਸ 'ਚ ਸਿੱਖਾਂ ਦੇ ਬੁਲੰਦ ਇਖ਼ਲਾਕੀ ਕਿਰਦਾਰ ਦੀ ਸਿਰਜਣਾ ਦੀ ਆਧਾਰਸ਼ਿਲਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਰੱਖ ਦਿੱਤੀ ਸੀ। ਗੁਰੂ ਸਾਹਿਬ ਨੇ ਜਿੱਥੇ ਪੰਦਰਵੀਂ ਸਦੀ 'ਚ ਸਮਾਜ ਵਲੋਂ ਤ੍ਰਿਸਕਾਰੀ ਤੇ ਲਿਤਾੜੀ ਔਰਤ ਨੂੰ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥' ਦਾ ਸੰਦੇਸ਼ ਦੇ ਕੇ ਸਤਿਕਾਰ ਨਾਲ ਨਿਵਾਜਿਆ, ਉਥੇ ਸੱਭਿਅਕ ਮਨੁੱਖ ਬਣਨ ਲਈ ਉੱਚਾ-ਸੁੱਚਾ ਆਚਰਣ ਰੱਖਣਾ ਸਭ ਤੋਂ ਉੱਤਮ ਦੱਸਿਆ।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥
(ਸਿਰੀ ਰਾਗੁ ਮ: ੧, ਅੰਗ 62)
ਭਾਈ ਗੁਰਦਾਸ ਜੀ ਵੀ ਇਕ ਉਤਮ ਸੇਧ ਇਉਂ ਦਿੰਦੇ ਹਨ :
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥
ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ॥
(ਵਾਰਾਂ ਭਾਈ ਗੁਰਦਾਸ ਜੀ, 29-11)
ਸ੍ਰੀ ਗੁਰੂ ਅਰਜਨ ਦੇਵ ਜੀ ਪਰਾਈ ਇਸਤਰੀ ਦੇ ਸੰਗ ਨੂੰ ਮਨੁੱਖ ਲਈ ਸੱਪ ਦਾ ਸਾਥ ਕਰਨ ਬਰਾਬਰ ਦੱਸਦੇ ਹਨ।
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ,
ਤੈਸੋ ਹੀ ਇਹੁ ਪਰ ਗ੍ਰਿਹੁ॥
(ਆਸਾ ਮ: ੫, ਅੰਗ 403)
ਜੰਗ ਦੌਰਾਨ ਵੀ ਸਿੱਖਾਂ ਵਲੋਂ ਔਰਤ ਪ੍ਰਤੀ ਸਤਿਕਾਰਤ ਨਜ਼ਰੀਆ ਅਤੇ ਅਦੁੱਤੀ ਮਾਨਸਿਕ ਸੰਜਮ ਬਰਕਰਾਰ ਰੱਖਣ ਪਿੱਛੇ ਗੁਰੂ ਸਾਹਿਬਾਨ ਵਲੋਂ ਉਨ੍ਹਾਂ ਨੂੰ ਦਿੱਤੀ ਉਹ ਦੈਵੀ ਪ੍ਰੇਰਨਾ ਉਚੇਚੀ ਵਰਤਦੀ ਰਹੀ, ਜਿਹੜੀ ਦੁਨੀਆ ਦੀ ਹੋਰ ਕਿਸੇ ਵੀ ਫ਼ੌਜੀ ਸਿਖਲਾਈ 'ਚ ਨਹੀਂ ਮਿਲਦੀ। ਸਿੱਖਾਂ ਨੂੰ ਰਣ ਤੱਤੇ ਅੰਦਰ ਆਪਣੇ ਸਰੀਰਕ ਬਲ ਤੇ ਸਾਹਸ ਦੁਆਰਾ ਦੁਸ਼ਮਣ ਨਾਲ ਜੂਝਣ ਤੋਂ ਪਹਿਲਾਂ, ਆਪਣੇ ਅੰਦਰੋਂ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਨੂੰ ਮੂਲੋਂ ਮਾਰ ਮੁਕਾਉਣ ਦੀ ਸਿਖਲਾਈ ਮਿਲਦੀ ਹੈ। ਪਹਿਲਾਂ ਪੰਜ ਵਿਕਾਰਾਂ ਨੂੰ ਮਾਰ ਕੇ, ਨੇਕੀ ਲਈ ਬਦੀ ਦੇ ਖ਼ਿਲਾਫ਼ ਮੈਦਾਨ-ਏ-ਜੰਗ 'ਚ ਜੂਝਣ ਵਾਲੇ ਨੂੰ ਹੀ ਗੁਰਮਤਿ ਨੇ ਅਸਲ ਸੂਰਮਾ ਦੱਸਿਆ ਹੈ।
ਜਿਨਿ ਮਿਲਿ ਮਾਰੇ ਪੰਚ ਸੂਰਬੀਰ
ਐਸੋ ਕਉਨੁ ਬਲੀ ਰੇ॥
ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ
ਸੋ ਪੂਰਾ ਇਹ ਕਲੀ ਰੇ॥੧॥
(ਆਸਾ ਮ: ੫, ਅੰਗ 404)


-ਮੋਬਾ: 98780-70008
e-mail : ts1984buttar@yahoo.com

ਸਿੱਖ ਰਾਜ ਦੀ ਸਥਾਪਤੀ ਵੱਲ ਪਹਿਲਾ ਕਦਮ, ਚੱਪੜਚਿੜੀ ਦੀ ਜੰਗ

ਸਿੱਖ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਚੱਪੜਚਿੜੀ ਦੀ ਜੰਗ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਖ਼ਾਲਸਾ ਪੰਥ ਅਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੀ ਫ਼ੌਜ ਦਰਮਿਆਨ 14 ਮਈ, 1710 ਈ: ਨੂੰ ਹੋਈ ਸੀ। ਚੱਪੜਚਿੜੀ ਜ਼ਿਲ੍ਹਾ ਮੁਹਾਲੀ ਵਿਚ ਲਾਂਡਰਾਂ-ਖਰੜ ਰੋਡ 'ਤੇ ਲਾਂਡਰਾਂ ਦੇ ਨਜ਼ਦੀਕ ਪੈਂਦਾ ਹੈ। 1708 ਈ: ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ 38 ਸਾਲ ਦੀ ਉਮਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਂਦੇੜ ਵਿਖੇ ਮਿਲਾਪ ਹੋਇਆ। ਗੁਰੂ ਜੀ ਨੇ ਉਸ ਬਾਰੇ ਕਈ ਕਿੱਸੇ ਸੁਣੇ ਹੋਏ ਸਨ। ਜਦੋਂ ਦਸਮ ਪਿਤਾ ਉਸ ਨੂੰ ਮਿਲਣ ਲਈ ਉਸ ਦੇ ਡੇਰੇ ਪਧਾਰੇ ਤਾਂ ਉਹ ਕਿਤੇ ਬਾਹਰ ਗਿਆ ਹੋਇਆ ਸੀ। ਗੁਰੂ ਜੀ ਉਸ ਦੀ ਗੱਦੀ 'ਤੇ ਬਿਰਾਜਮਾਨ ਹੋ ਗਏ। ਜਦੋਂ ਉਹ ਡੇਰੇ ਵਾਪਸ ਆਇਆ ਤਾਂ ਉਸ ਦਾ ਗੁਰੂ ਜੀ ਨਾਲ ਕੁਝ ਵਾਦ-ਵਿਵਾਦ ਹੋਇਆ। ਪਰ ਸਹਿਜ ਗਿਆਨ ਕਾਰਨ ਉਹ ਜਲਦੀ ਹੀ ਸਮਝ ਗਿਆ ਕਿ ਦੋ ਜਹਾਨ ਦੇ ਵਾਲੀ ਉਸ ਨੂੰ ਕ੍ਰਿਤਾਰਥ ਕਰਨ ਲਈ ਖੁਦ ਪਧਾਰੇ ਹਨ। ਗੁਰੂ ਜੀ ਅਤੇ ਮਾਧੋ ਦਾਸ ਬੈਰਾਗੀ ਦੀ ਮੁਲਾਕਾਤ ਅਤੇ ਗੱਲਬਾਤ ਦਾ ਵੇਰਵਾ ਸਾਰੇ ਇਤਿਹਾਸਕਾਰਾਂ ਨੇ ਤਕਰੀਬਨ ਇਕੋ ਜਿਹਾ ਹੀ ਦਿੱਤਾ ਹੈ। ਉਸ ਨੇ ਗੁਰੂ ਸਾਹਿਬ ਨੂੰ ਪੁੱਛਿਆ, 'ਤੁਸੀਂ ਕੌਣ ਹੋ?' ਗੁਰੂ ਸਾਹਿਬ ਨੇ ਫਰਮਾਇਆ, 'ਆਪਣੇ ਮਨ ਨੂੰ ਪੁੱਛ ਕਿ ਮੈਂ ਕੌਣ ਹਾਂ?' ਮਾਧੋ ਦਾਸ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, 'ਕੀ ਤੁਸੀਂ ਗੁਰੂ ਗੋਬਿੰਦ ਸਿੰਘ ਹੋ?' ਗੁਰੂ ਜੀ ਨੇ ਕਿਹਾ, 'ਹਾਂ, ਹੁਣ ਤੂੰ ਦੱਸ ਤੂੰ ਕੌਣ ਹੈਂ?'
ਮਾਧੋ ਦਾਸ ਗੁਰੂ ਜੀ ਦੇ ਚਰਨਾਂ ਵਿਚ ਢਹਿ ਪਿਆ ਤੇ ਬੋਲਿਆ, 'ਮੈਂ ਆਪ ਜੀ ਦਾ ਬੰਦਾ (ਗੁਲਾਮ) ਹਾਂ।' ਗੁਰੂ ਜੀ ਨੇ ਸਨੇਹ ਨਾਲ ਉਸ ਦੇ ਸਿਰ 'ਤੇ ਹੱਥ ਫੇਰਿਆ ਤਾਂ ਉਸ ਦੇ ਮਨ ਵਿਚੋਂ ਜਨਮ ਜਨਮਾਤਰਾਂ ਦਾ ਅਗਿਆਨ ਮਿਟ ਗਿਆ। ਉਸ ਨੇ ਕਈ ਦਿਨ ਗੁਰੂ ਸਾਹਿਬ ਦੀ ਸੰਗਤ ਵਿਚ ਗੁਜ਼ਾਰੇ। ਗੁਰੂ ਸਾਹਿਬ ਨੇ ਉਸ ਨੂੰ ਪੰਜਾਬ ਵਿਚ ਨਿਰਦੋਸ਼ਾਂ 'ਤੇ ਹੋ ਰਹੇ ਜ਼ੁਲਮਾਂ ਬਾਰੇ ਜਾਣਕਾਰੀ ਦਿੱਤੀ। ਨੌਵੇਂ ਪਾਤਸ਼ਾਹ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮਾਤਾ ਗੁਜਰੀ ਜੀ ਬਾਰੇ ਸੁਣ ਕੇ ਮਾਧੋ ਦਾਸ ਦੀ ਆਤਮਾ ਝੰਜੋੜੀ ਗਈ। ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਜੋ ਜ਼ਿੰਦਗੀ ਉਹ ਬਸਰ ਕਰ ਰਿਹਾ ਹੈ, ਇਸ ਦਾ ਸਮਾਜ ਅਤੇ ਧਰਮ ਨੂੰ ਕੋਈ ਲਾਭ ਨਹੀਂ ਹੈ। ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਨਵਾਂ ਨਾਂਅ ਗੁਰਬਖਸ਼ ਸਿੰਘ ਦਿੱਤਾ, ਪਰ ਇਤਿਹਾਸ ਵਿਚ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ ਨਾਲ ਅਮਰ ਹੋ ਗਿਆ। ਗੁਰੂ ਜੀ ਨੇ ਉਸ ਨੂੰ ਆਪਣੀ ਤਲਵਾਰ, ਕਮਾਨ ਅਤੇ ਭੱਥੇ ਵਿਚੋਂ ਪੰਜ ਤੀਰ ਬਖ਼ਸ਼ੇ। ਪੰਜ ਸਿੱਖਾਂ, ਬਾਜ਼ ਸਿੰਘ, ਰਾਮ ਸਿੰਘ, ਫ਼ਤਹਿ ਸਿੰਘ, ਬਿਨੋਦ ਸਿੰਘ ਅਤੇ ਬਿਨੋਦ ਸਿੰਘ ਦੇ ਪੁੱਤਰ ਕਾਹਨ ਸਿੰਘ ਦੀ ਅਗਵਾਈ ਹੇਠ, 25 ਸਿੱਖਾਂ ਸਮੇਤ ਜ਼ੁਲਮ ਦਾ ਨਾਸ ਕਰਨ ਲਈ ਪੰਜਾਬ ਵੱਲ ਤੋਰ ਦਿੱਤਾ। ਗੁਰੂ ਜੀ ਨੇ ਖ਼ਾਲਸਾ ਪੰਥ ਨੂੰ ਬਾਬਾ ਬੰਦਾ ਸਿੰਘ ਦਾ ਸਾਥ ਦੇਣ ਲਈ ਹੁਕਮਨਾਮੇ ਜਾਰੀ ਕਰ ਦਿੱਤੇ।
ਬਾਬਾ ਬੰਦਾ ਸਿੰਘ ਦੀ ਫ਼ੌਜ ਵਿਚ ਤਿੰਨ ਪ੍ਰਕਾਰ ਦੇ ਸੈਨਿਕ ਸਨ। ਪਹਿਲੇ ਧਰਮ ਦੀ ਖ਼ਾਤਰ ਸ਼ਹੀਦ ਹੋਣ ਵਾਲੇ ਪੱਕੇ ਸਿੱਖ, ਦੂਸਰੇ ਰਾਮ ਸਿੰਘ-ਤਿਲੋਕ ਸਿੰਘ ਫੂਲਕੀਆਂ ਦੁਆਰਾ ਭੇਜੇ ਗਏ ਤਨਖਾਹਦਾਰ ਸਿਪਾਹੀ ਅਤੇ ਤੀਸਰੇ ਸਿਰਫ਼ ਲੁੱਟਮਾਰ ਲਈ ਇਕੱਠੇ ਹੋਏ ਦੂਰ-ਨੇੜੇ ਦੇ ਲੁਟੇਰੇ। ਇਸ ਤੋਂ ਇਲਾਵਾ ਸੁੱਚਾ ਨੰਦ ਤੋਂ ਨਾਰਾਜ਼ ਉਸ ਦਾ ਭਤੀਜਾ ਵੀ ਇਕ ਹਜ਼ਾਰ ਫ਼ੌਜੀ ਲੈ ਕੇ ਸਿੱਖ ਫ਼ੌਜ ਵਿਚ ਆ ਰਲਿਆ। ਬਾਬਾ ਬੰਦਾ ਸਿੰਘ ਦੀ ਫ਼ੌਜ ਕੋਲ ਕੁਝ ਰਾਈਫਲਾਂ-ਬੰਦੂਕਾਂ ਨੂੰ ਛੱਡ ਕੇ ਬਾਕੀ ਰਵਾਇਤੀ ਹਥਿਆਰ ਹੀ ਸਨ, ਤੋਪ ਕੋਈ ਨਹੀਂ ਸੀ। ਫ਼ੌਜ ਦੀ ਕੁੱਲ ਗਿਣਤੀ 25,000 ਦੇ ਕਰੀਬ ਸੀ। ਓਧਰ ਨਵਾਬ ਵਜ਼ੀਰ ਖ਼ਾਨ ਵੀ ਪੂਰੀ ਤਿਆਰੀ ਕਰ ਰਿਹਾ ਸੀ। ਉਸ ਨੇ ਸਾਰੇ ਮਾਤਹਿਤ ਫ਼ੌਜਦਾਰਾਂ ਅਤੇ ਚੌਧਰੀਆਂ ਨੂੰ ਫ਼ੌਜ ਸਮੇਤ ਮਦਦ ਲਈ ਬੁਲਾ ਲਿਆ। ਇਸ ਤੋਂ ਇਲਾਵਾ ਜ਼ੇਹਾਦ ਦਾ ਨਾਅਰਾ ਲਗਾ ਕੇ ਹਜ਼ਾਰਾਂ ਗਾਜ਼ੀ ਵੀ ਇਕੱਠੇ ਕਰ ਲਏ। ਉਸ ਕੋਲ ਭਾਰੀ ਮਾਤਰਾ ਵਿਚ ਰਾਈਫਲਾਂ, ਜੰਬੂਰਚੇ ਅਤੇ ਤੋਪਾਂ ਤੋਂ ਇਲਾਵਾ 40,000 ਤੋਂ ਵੱਧ ਫ਼ੌਜ ਸੀ। ਵਰਨਣਯੋਗ ਹੈ ਕਿ ਸਰਹੰਦ ਲਾਹੌਰ ਦੇ ਬਰਾਬਰ ਦਾ ਸੂਬਾ ਸੀ। ਵਜ਼ੀਰ ਖ਼ਾਨ ਦੀ ਮਦਦ ਲਈ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ (ਹਾਅ ਦਾ ਨਾਅਰਾ ਮਾਰਨ ਵਾਲਾ) ਅਤੇ ਉਸ ਦਾ ਭਰਾ ਖਵਾਜ਼ਾ ਅਲੀ ਵੀ ਹਾਜ਼ਰ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਦੀ ਅਗਵਾਈ ਫ਼ਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ, ਬਿਨੋਦ ਸਿੰਘ, ਬਾਜ਼ ਸਿੰਘ, ਕਾਹਨ ਸਿੰਘ, ਰਾਮ ਸਿੰਘ ਅਤੇ ਸ਼ਾਮ ਸਿੰਘ ਦੇ ਹੱਥ ਸੀ।
ਸਾਰੇ ਪੰਜਾਬ ਦੀਆਂ ਨਜ਼ਰਾਂ ਇਸ ਜੰਗ ਵੱਲ ਟਿਕੀਆਂ ਹੋਈਆਂ ਸਨ। 22 ਮਈ, 1710 ਈ: ਨੂੰ ਤੜਕੇ ਦੋਵਾਂ ਧਿਰਾਂ ਵਿਚ ਘਮਸਾਨ ਸ਼ੁਰੂ ਹੋ ਗਿਆ। ਬਾਬਾ ਬੰਦਾ ਸਿੰਘ ਆਪ ਰਿਜ਼ਰਵ ਫ਼ੌਜ ਲੈ ਕੇ ਨਿਰਦੇਸ਼ ਦੇਣ ਅਤੇ ਜੰਗ ਦੇ ਰੰਗ ਵੇਖਣ ਲਈ ਇਕ ਉੱਚੇ ਟਿੱਬੇ 'ਤੇ ਚਲਾ ਗਿਆ। ਸਿੱਖ ਫ਼ੌਜ ਦੇ ਨਜ਼ਦੀਕ ਆਉਂਦੇ ਹੀ ਸਰਹੰਦੀ ਤੋਪਾਂ ਨੇ ਅੱਗ ਉੱਗਲਣੀ ਸ਼ੁਰੂ ਕਰ ਦਿੱਤੀ। ਸਿਰ 'ਤੇ ਨੱਚਦੀ ਮੌਤ ਵੇਖ ਕੇ ਲੁਟੇਰੇ ਅਤੇ ਸੁੱਚਾ ਨੰਦ ਦਾ ਭਤੀਜਾ ਪਹਿਲੇ ਹੱਲੇ ਹੀ ਹਰਨ ਹੋ ਗਏ, ਪਿੱਛੇ ਕੇਵਲ ਸਿਦਕੀ ਸਿੱਖ ਹੀ ਬਚੇ। ਇਸ ਹਮਲੇ ਵਿਚ ਸਿੱਖਾਂ ਦਾ ਬਹੁਤ ਸਖ਼ਤ ਨੁਕਸਾਨ ਹੋਇਆ। ਇਕ ਵੇਲੇ ਤਾਂ ਇਸ ਤਰ੍ਹਾਂ ਲੱਗਣ ਲੱਗਾ ਕਿ ਸਿੱਖ ਭੱਜੇ ਕਿ ਭੱਜੇ। ਬਾਜ਼ ਸਿੰਘ ਨੇ ਜੰਗ ਹੱਥੋਂ ਨਿਕਲਦੀ ਵੇਖ ਕੇ ਘੋੜਾ ਦੌੜਾ ਕੇ ਸਾਰੇ ਹਾਲਾਤ ਬਾਬਾ ਬੰਦਾ ਸਿੰਘ ਨੂੰ ਜਾ ਦੱਸੇ। ਉਹ ਆਪਣੀ ਰਿਜ਼ਰਵ ਫ਼ੌਜ ਲੈ ਕੇ ਮੈਦਾਨ ਵਿਚ ਕੁੱਦ ਪਿਆ। ਉਸ ਨੇ ਕਲਗੀਧਰ ਵਲੋਂ ਬਖਸ਼ਿਆ ਇਕ ਤੀਰ ਸਰਹੰਦ ਵੱਲ ਚਲਾ ਦਿੱਤਾ। ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ ਅਤੇ ਖਵਾਜ਼ਾ ਅਲੀ ਮਰਦਾਂ ਵਾਂਗ ਹਿੱਕ ਡਾਹ ਕੇ ਮੈਦਾਨ ਵਿਚ ਜੂਝ ਕੇ ਮਰੇ। ਉਨ੍ਹਾਂ ਦੀ ਫ਼ੌਜ ਮੈਦਾਨ ਛੱਡ ਗਈ। ਸੂਬੇ ਦੇ ਤੀਰ ਨਾਲ ਬਾਜ਼ ਸਿੰਘ ਜ਼ਖਮੀ ਹੋ ਗਿਆ ਤਾਂ ਕੋਲ ਹੀ ਲੜ ਰਹੇ ਫ਼ਤਹਿ ਸਿੰਘ ਨੇ ਇਕੋ ਵਾਰ ਨਾਲ ਨਵਾਬ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਸਰਹੰਦ ਦੀ ਫ਼ੌਜ ਮੈਦਾਨ ਛੱਡ ਕੇ ਨੱਸ ਗਈ।
ਕਈ ਦਿਨਾਂ ਬਾਅਦ ਅੰਤ ਬਾਬਾ ਬੰਦਾ ਸਿੰਘ ਨੇ ਹੁਕਮਨ ਸ਼ਾਂਤੀ ਕਾਇਮ ਕੀਤੀ। ਸਰਹੰਦ ਸ਼ਹਿਰ ਮੁਕੰਮਲ ਤਬਾਹੀ ਤੋਂ ਬਚ ਗਿਆ। ਸਰਹੰਦ ਸੂਬੇ ਦਾ ਕਰੀਬ 270 ਕਿ: ਮੀ: ਲੰਬਾ ਅਤੇ 210 ਕਿ: ਮੀ: ਚੌੜਾ ਇਲਾਕਾ ਅਤੇ ਕਰੋੜਾਂ ਰੁਪਏ ਦਾ ਖਜ਼ਾਨਾ ਸਿੱਖਾਂ ਦੇ ਕਬਜ਼ੇ ਹੇਠ ਆ ਗਿਆ। 27 ਮਈ ਨੂੰ ਸਰਹੰਦ ਵਿਚ ਦਰਬਾਰ ਲਗਾ ਕੇ ਸਿੱਖ ਰਾਜ ਦੀ ਕਾਇਮੀ ਦਾ ਐਲਾਨ ਕਰ ਦਿੱਤਾ ਗਿਆ। ਬਾਜ਼ ਸਿੰਘ ਨੂੰ ਸਰਹੰਦ ਦਾ ਪਹਿਲਾ ਸਿੱਖ ਸੂਬੇਦਾਰ ਥਾਪਿਆ ਗਿਆ। (ਸਰਹੰਦ ਨੂੰ ਮੁਕੰਮਲ ਤੌਰ 'ਤੇ 1763 ਈ: ਵਿਚ ਤਬਾਹ ਕੀਤਾ ਗਿਆ ਜਦੋਂ ਦਲ ਖ਼ਾਲਸਾ ਨੇ ਸ: ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਹੇਠ ਨਵਾਬ ਜੈਨ ਖ਼ਾਨ ਨੂੰ ਮਾਰ ਕੇ ਸਰਹੰਦ 'ਤੇ ਕਬਜ਼ਾ ਕੀਤਾ। ਸਰਹੰਦ ਦਾ ਕਿਲ੍ਹਾ ਨੀਂਹਾਂ ਤੱਕ ਢਾਹ ਕੇ ਉੱਪਰ ਗਧਿਆਂ ਮਗਰ ਹਲ ਪਾ ਕੇ ਫੇਰਿਆ ਗਿਆ)।
ਨਵੰਬਰ, 2011 ਵਿਚ ਚੱਪੜਚਿੜੀ ਵਿਖੇ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੇ 20 ਏਕੜ ਜਗ੍ਹਾ ਵਿਚ ਸ਼ਾਨਦਾਰ ਜੰਗੀ ਯਾਦਗਾਰ ਕਾਇਮ ਕੀਤੀ ਹੈ। ਇਥੇ 328 ਫੁੱਟ ਉੱਚਾ ਫ਼ਤਹਿ ਮੀਨਾਰ ਉਸਾਰਿਆ ਗਿਆ ਹੈ ਜੋ ਭਾਰਤ ਵਿਚ ਸਭ ਤੋਂ ਉੱਚਾ ਧਾਰਮਿਕ ਮੀਨਾਰ ਹੈ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ 5 ਜਰਨੈਲਾਂ ਦੇ ਬੁੱਤ ਵੀ ਸਥਾਪਿਤ ਕੀਤੇ ਗਏ ਹਨ।


-ਮੋਬਾ: 98151-24449

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਾਈ ਤਾਰਾ ਸਿੰਘ 'ਵਾਂ'

ਸੱਚੇ ਆਸ਼ਕਾਂ ਨੂੰ ਕੋਈ ਦਰਦ, ਕੋਈ ਦੁੱਖ, ਕੋਈ ਸੰਕਟ, ਕੋਈ ਜ਼ੁਲਮ, ਕੋਈ ਦਬਾਅ ਆਪਣੇ ਨਿਸ਼ਾਨੇ ਤੋਂ ਥਿੜਕਾ ਨਹੀਂ ਸਕਦਾ। ਅਠਾਰ੍ਹਵੀਂ ਸਦੀ ਵਿਚ ਜਦੋਂ ਪੱਤਾ-ਪੱਤਾ ਸਿੰਘਾਂ ਦਾ ਵੈਰੀ ਹੋ ਚੁੱਕਾ ਸੀ, ਇਨ੍ਹਾਂ ਬਹਾਦਰਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ। ਇਨ੍ਹਾਂ ਦਾ ਵਸੇਬਾ ਘੋੜਿਆਂ ਦੀਆਂ ਕਾਠੀਆਂ, ਖੱਡਾਂ, ਗੁਫ਼ਾਵਾਂ ਅਤੇ ਜੰਗਲਾਂ ਵਿਚ ਸੀ, ਫਿਰ ਵੀ ਇਹ ਬੇਖੌਫ਼ ਅਤੇ ਚੜ੍ਹਦੀ ਕਲਾ ਵਿਚ ਰਹੇ। ਅਜਿਹਾ ਹੀ ਇਕ ਪਰਵਾਨਾ 'ਵਾਂ' ਪਿੰਡ ਦਾ ਭਾਈ ਤਾਰਾ ਸਿੰਘ ਸੀ, ਜੋ 1702 ਈ: ਵਿਚ ਭਾਈ ਗੁਰਦਾਸ ਦੇ ਘਰ ਜਨਮਿਆ। ਆਪਣੇ ਖੇਤਾਂ ਵਿਚ ਹੀ ਇਸ ਸਿੰਘ ਨੇ ਬਹੁਤ ਵੱਡਾ ਵਾੜਾ ਵਲਿਆ ਹੋਇਆ ਸੀ, ਜਿਸ ਦੇ ਅੰਦਰ ਕੁਝ ਕੁੱਲੀਆਂ ਬਣਾਈਆਂ ਹੋਈਆਂ ਸਨ। ਜਦੋਂ ਰਾਤ-ਬਰਾਤੇ ਭੁੱਖੇ-ਪਿਆਸੇ ਸਿੰਘ ਇਥੇ ਆਉਂਦੇ ਤਾਂ ਭਾਈ ਸਾਹਿਬ ਉਨ੍ਹਾਂ ਦੀ ਹਰ ਤਰ੍ਹਾਂ ਦੀ ਸੇਵਾ ਕਰਦੇ। ਭਾਈ ਤਾਰਾ ਸਿੰਘ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਉਹ ਸੇਵਾ, ਸਿਮਰਨ ਦੇ ਮੁਜੱਸਮੇ ਸਨ ਅਤੇ ਸ਼ਸਤਰ ਦੇ ਧਨੀ ਸਨ। ਸਮਾਂ ਏਨਾ ਭਿਆਨਕ ਸੀ ਕਿ ਮੁਗਲਾਂ ਤੋਂ ਇਲਾਵਾ ਪਿੰਡਾਂ ਦੇ ਚੌਧਰੀ ਅਤੇ ਮੁਖ਼ਬਰ ਵੀ ਸਿੰਘਾਂ ਨੂੰ ਚੈਨ ਦਾ ਸਾਹ ਨਹੀਂ ਸਨ ਲੈਣ ਦਿੰਦੇ। ਨੁਸ਼ਹਿਰੇ ਪਿੰਡ ਦਾ ਸਾਹਿਬ ਰਾਏ ਨਾਂਅ ਦਾ ਚੌਧਰੀ ਆਪਣੀਆਂ ਘੋੜੀਆਂ ਕਿਸਾਨਾਂ ਦੇ ਖੇਤਾਂ ਵਿਚ ਉਜਾੜੇ ਲਈ ਛੱਡ ਦਿੰਦਾ ਸੀ।
ਇਹ ਏਨਾ ਹੰਕਾਰਿਆ ਹੋਇਆ ਸੀ ਕਿ ਜਦੋਂ ਦੋ ਸਿੰਘਾਂ ਨੇ ਇਹਨੂੰ ਘੋੜੀਆਂ ਬੰਨ੍ਹਣ ਲਈ ਕਿਹਾ ਤਾਂ ਇਹ ਕਹਿਣ ਲੱਗਾ ਕਿ ਮੈਂ ਤਾਂ ਤੁਹਾਡੇ ਕੇਸਾਂ ਦੇ ਰੱਸੇ ਬਣਾ ਕੇ ਘੋੜੀਆਂ ਬੰਨ੍ਹਾਂਗਾ। ਗੁੱਸੇ ਵਿਚ ਆਏ ਸਿੰਘਾਂ ਨੇ ਘੋੜੀਆਂ ਫੜ ਕੇ ਪਟਿਆਲੇ ਦੇ ਮਹਾਰਾਜਾ ਆਲਾ ਸਿੰਘ ਨੂੰ ਵੇਚ ਦਿੱਤੀਆਂ ਅਤੇ ਮਾਇਆ ਲੰਗਰ ਵਿਚ ਪਾ ਦਿੱਤੀ। ਸਾਹਿਬ ਰਾਏ ਨੇ ਪੱਟੀ ਦੇ ਫ਼ੌਜਦਾਰ ਨੂੰ ਚੜ੍ਹਾ ਲਿਆਂਦਾ ਪਰ ਸਿੰਘਾਂ ਨੇ ਭਜਾ ਦਿੱਤਾ। ਫਿਰ ਜ਼ਕਰੀਆ ਖ਼ਾਨ ਨੇ ਮੋਮਨ ਖਾਨ ਦੀ ਕਮਾਂਡ ਵਿਚ 2200 ਘੋੜਸਵਾਰ, 40 ਜੰਬੂਰੇ, 5 ਹਾਥੀ ਦੇ ਕੇ 'ਵਾਂ' ਪਿੰਡ 'ਤੇ ਹਮਲਾ ਕਰ ਦਿੱਤਾ। ਭਾਈ ਤਾਰਾ ਸਿੰਘ ਵਾਂ ਦੇ ਵਾੜੇ ਵਿਚ ਉਸ ਸਮੇਂ 18 ਸਿੰਘ ਸਨ, ਜਿਨ੍ਹਾਂ ਨੇ ਨਗਾਰਾ ਵਜਾ ਦਿੱਤਾ। ਅਜਿਹਾ ਭਿਆਨਕ ਯੁਧ ਮਚਿਆ ਕਿ ਇਤਿਹਾਸ ਵੀ ਅਸ਼-ਅਸ਼ ਕਰ ਉੱਠਿਆ। ਭਾਵੇਂ ਜੰਗ ਤੋਂ ਪਹਿਲਾਂ ਹਜ਼ੂਰਾ ਸਿੰਘ ਨਾਂਅ ਦੇ ਸਿੰਘ ਨੇ ਭਾਈ ਤਾਰਾ ਸਿੰਘ ਨੂੰ ਖ਼ਬਰ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਕੁਝ ਦਿਨ ਲਈ ਇਧਰ-ਉਧਰ ਹੋ ਜਾਓ, ਕਿਉਂਕਿ 2200 ਦੀ ਫ਼ੌਜ ਨਾਲ 18 ਸਿੰਘਾਂ ਦਾ ਮੁਕਾਬਲਾ ਅਸੰਭਵ ਸੀ। ਭਾਈ ਸਾਹਿਬ ਨੇ ਅਰਦਾਸ ਕਰਕੇ ਆਪਣੇ ਗਾਤਰੇ ਦੀ ਦਸ ਗ੍ਰੰਥੀ ਪੋਥੀ ਵਿਚੋਂ ਹੁਕਮ ਲਿਆ, ਜੋ ਇਸ ਤਰ੍ਹਾਂ ਸੀ-
ਜੌ ਕਹੂੰ ਕਾਲ ਤੇ ਭਾਜ ਕੇ ਬਾਚੀਅਤ
ਤੋ ਕਿਹ ਕੁੰਟ ਕਹੋ ਭਜਿ ਜਈਯੈ॥
ਬਸ ਸਿੰਘਾਂ ਨੂੰ ਸ਼ਹਾਦਤ ਦਾ ਚਾਅ ਚੜ੍ਹ ਗਿਆ। ਮੁਗ਼ਲਾਂ ਦਾ ਜਰਨੈਲ ਤਕੀ ਖ਼ਾਨ ਅੱਗੇ ਵਧਿਆ ਤਾਂ ਭਾਈ ਸਾਹਿਬ ਨੇ ਉਹਦੇ ਮੂੰਹ ਵਿਚ ਬਰਛਾ ਮਾਰ ਕੇ ਲਹੂ-ਲੁਹਾਣ ਕਰ ਦਿੱਤਾ। ਸਿੰਘਾਂ ਨੇ ਹਾਥੀ ਵੀ ਖੋਹ ਲਿਆ। ਅੰਤ ਖੂਨ ਦੀ ਹੋਲੀ ਖੇਡਦੇ ਹੋਏ ਸੂਰਜ ਡੁੱਬਣ ਤੱਕ ਸਾਰੇ ਸਿੰਘ ਸ਼ਹੀਦ ਹੋ ਗਏ। ਭਾਈ ਤਾਰਾ ਸਿੰਘ ਦੀ ਸ਼ਹੀਦੀ ਉਹ ਰੰਗ ਲਿਆਈ ਕਿ ਜ਼ਕਰੀਆ ਖ਼ਾਨ ਨੇ ਤਿੰਨ ਮਹੀਨੇ ਬਾਅਦ ਹੀ ਮਾਰਚ, 1733 ਈ: ਵਿਚ ਖ਼ਾਲਸੇ ਨੂੰ ਨਵਾਬੀ ਪੇਸ਼ ਕੀਤੀ।

ਨਲੂਆ ਸਰਦਾਰ ਦੇ ਦੋ ਅਣਗੌਲੇ ਵਾਰਸ : ਚਤੁਰ ਸਿੰਘ ਅਤੇ ਮਹਾਂ ਸਿੰਘ

ਸਿੱਖ ਰਾਜ ਦਾ ਨਿਧੜਕ ਤੇ ਸੂਰਬੀਰ ਜਰਨਲ ਸ: ਹਰੀ ਸਿੰਘ ਨਲੂਆ, ਜਿਸ ਨੂੰ 'ਸਿੱਖ ਰਾਜ ਦਾ ਸਤੰਭ' ਦੇ ਨਾਂਅ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ, ਦੀ ਪਹਿਲੀ ਪਤਨੀ ਬੀਬੀ ਰਾਜ ਕੌਰ ਨੇ ਜਵਾਹਰ ਸਿੰਘ ਨਲੂਆ ਅਤੇ ਗੁਰਦਿੱਤ ਸਿੰਘ ਨਲੂਆ ਨੂੰ ਜਨਮ ਦਿੱਤਾ ਅਤੇ ਦੂਸਰੀ ਪਤਨੀ ਬੀਬੀ ਦੇਸਾਂ ਦੀ ਕੁੱਖੋਂ ਪੰਜਾਬ ਸਿੰਘ ਨਲੂਆ ਅਤੇ ਅਰਜਨ ਸਿੰਘ ਨਲੂਆ ਨੇ ਜਨਮ ਲਿਆ। ਸਰਦਾਰਨੀ ਦੇਸਾਂ ਦੀਆਂ ਦੋ ਪੁੱਤਰੀਆਂ ਚੰਦ ਕੌਰ ਅਤੇ ਨੰਦ ਕੌਰ ਵੀ ਸਨ। ਸ: ਨਲੂਆ ਦੇ ਉਪਰੋਕਤ ਸਪੁੱਤਰਾਂ ਦੇ ਨਾਵਾਂ ਦੇ ਨਾਲ ਹੀ ਦੋ ਹੋਰ ਨਾਵਾਂ ਦੀ ਜਾਣਕਾਰੀ ਇਤਿਹਾਸ ਦੀਆਂ ਕੁਝ ਇਕ ਪੁਸਤਕਾਂ ਵਿਚ ਦਰਜ ਹੈ, ਇਨ੍ਹਾਂ ਵਿਚੋਂ ਇਕ ਨਾਂਅ ਸ: ਮਹਾਂ ਸਿੰਘ ਮੀਰਪੁਰੀਆ ਅਤੇ ਦੂਸਰਾ ਨਾਂਅ ਸ: ਚਤੁਰ ਸਿੰਘ ਦਾ ਹੈ।
ਸ: ਮਹਾਂ ਸਿੰਘ ਮੀਰਪੁਰੀਏ ਦੇ ਸਬੰਧ ਵਿਚ ਤਾਂ ਕਈ ਲਿਖ਼ਤਾਂ ਵਿਚ ਉਸ ਦੀ ਬਹਾਦਰੀ, ਉਸ ਦੀਆਂ ਜੰਗਾਂ ਅਤੇ ਉਪਲਬਧੀਆਂ ਦਾ ਵੇਰਵਾ ਮੌਜੂਦ ਹੈ ਅਤੇ ਉਸ ਨੂੰ ਸਪੱਸ਼ਟ ਤੌਰ 'ਤੇ ਹਰੀ ਸਿੰਘ ਨਲੂਆ ਦਾ ਮੂੰਹ ਬੋਲਿਆ (ਪਾਲਿਤ) ਪੁੱਤਰ ਲਿਖਿਆ ਗਿਆ ਹੈ, ਜਦਕਿ ਸ: ਚਤੁਰ ਸਿੰਘ ਦਾ ਜ਼ਿਕਰ ਪਹਿਲੀ ਤੇ ਅੰਤਿਮ ਵਾਰ ਸਿਰਫ਼ ਜਰਮਨ ਯਾਤਰੂ ਮਿਸਟਰ ਬੈਰਨ ਹਿਊਗਟਨ ਨੇ ਹੀ ਆਪਣੇ ਸਫ਼ਰਨਾਮੇ ਵਿਚ ਕੀਤਾ ਹੈ। ਬੈਰਨ ਹਿਊਗਟਨ ਤੇ ਇਕ ਹੋਰ ਜਰਮਨ ਯਾਤਰੂ ਜੀ. ਟੀ. ਵਾਇਨ ਦੇ 23 ਦਸੰਬਰ, 1835 ਨੂੰ ਕਸ਼ਮੀਰ ਤੋਂ ਵਾਪਸੀ ਸਮੇਂ ਹਰੀ ਸਿੰਘ ਨਲੂਆ ਦੇ ਵਸਾਏ ਸ਼ਹਿਰ ਹਰੀਪੁਰ ਪਹੁੰਚਣ 'ਤੇ ਸ: ਨਲੂਆ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ ਦਾ ਸਵਾਗਤ ਸ: ਨਲੂਆ ਦੇ ਪੁੱਤਰ ਚਤੁਰ ਸਿੰਘ ਅਤੇ ਦੀਵਾਨ ਨੇ ਕੀਤਾ ਸੀ। ਹਿਊਗਟਨ ਦੀ ਲਿਖ਼ਤ ਦੇ ਅਨੁਸਾਰ ਚਤੁਰ ਸਿੰਘ ਦੀ ਉਮਰ ਉਸ ਸਮੇਂ 10 ਵਰ੍ਹਿਆਂ ਦੀ ਸੀ ਅਤੇ ਉਹ ਨਲੂਆ ਸਰਦਾਰ ਦਾ ਪੰਜਵਾਂ ਪੁੱਤਰ ਸੀ। ਇਸ ਜਰਮਨ ਯਾਤਰੂ ਨੇ ਚਤੁਰ ਸਿੰਘ ਦੀ ਹਾਜ਼ਰ ਜਵਾਬੀ, ਨਿੱਘੀ ਪ੍ਰਾਹੁਣਾਚਾਰੀ ਅਤੇ ਅਤਿ ਸੋਹਣੀ ਪੋਸ਼ਾਕ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ, ਪਰ ਇਹ ਸਾਫ਼ ਨਹੀਂ ਕੀਤਾ ਕਿ ਉਹ ਨਲੂਆ ਸਰਦਾਰ ਦੀ ਕਿਸ ਰਾਣੀ ਦੇ ਪੇਟੋਂ ਸੀ? ਇਸ ਦੇ ਨਾਲ ਹੀ ਇੱਥੇ ਇਹ ਵੀ ਇਕ ਵੱਡਾ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਜੇਕਰ ਚਤੁਰ ਸਿੰਘ ਵਾਕਿਆ ਹੀ ਸ: ਨਲੂਆ ਦਾ ਆਪਣਾ ਪੁੱਤਰ ਸੀ ਤਾਂ ਬਾਅਦ ਵਿਚ ਉਸ ਦਾ ਨਾਂਅ ਕਿਸੇ ਹੋਰ ਇਤਿਹਾਸਕ ਦਸਤਾਵੇਜ਼ ਵਿਚ ਦਰਜ ਕਿਉਂ ਨਹੀਂ ਕੀਤਾ ਗਿਆ?
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਗੁਰਮਤਿ ਸੰਗੀਤ ਵਿਚ ਸ਼ਬਦ ਚੌਕੀ ਦਾ ਮਹੱਤਵ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਆਸਾ ਦੀ ਵਾਰ ਦੀ ਚੌਕੀ
ਜਿਹਾ ਕਿ ਇਸ ਦੇ ਨਾਂਅ ਤੋਂ ਸਪੱਸ਼ਟ ਹੈ ਕਿ ਇਹ ਆਸਾ ਦੇ ਰਾਗ ਉੱਤੇ ਆਧਾਰਿਤ ਹੈ। ਟੁੰਡੇ ਅਸਰਾਜੇ ਕੀ ਧੁਨੀ ਵਿਚ ਆਸਾ ਦੀ ਵਾਰ ਗਾਉਣ ਦਾ ਹੁਕਮ ਹੈ ਪਰ ਇਹ ਪ੍ਰਚਲਨ ਵੀ ਹੁਣ ਅਲੋਪ ਹੁੰਦਾ ਜਾ ਰਿਹਾ ਹੈ। ਆਸਾ ਦੀ ਵਾਰ ਵਿਚ ਪਹਿਲਾ ਛੰਤ ਇਕ ਤਾਲ ਜਾਂ ਯਕਾ ਤਾਲ ਵਿਚ ਗਾਇਨ ਕੀਤਾ ਜਾਂਦਾ ਹੈ। ਰਾਗੀ ਸਿੰਘਾਂ ਵਲੋਂ ਪਉੜੀ ਲਈ ਖਾਸ ਤਾਲ ਹਨ। ਇਸ ਵਿਚ ਪਹਿਲੇ ਗੇ ਅਤੇ ਸਮ ਹੈ। ਪਰੰਪਰਾ ਮੁਤਾਬਕ ਆਸਾ ਦੀ ਵਾਰ ਦੇ ਗਾਇਨ ਸਮੇਂ ਤਬਲਾਵਾਦਕ ਨੂੰ ਪਉੜੀ ਸਮੇਂ ਖੁੱਲ੍ਹਾ ਹੱਥ ਵਜਾਉਣਾ ਚਾਹੀਦਾ ਹੈ ਪਰ ਅੱਜਕਲ੍ਹ ਕੁਝ ਜਥਿਆਂ ਨੂੰ ਛੱਡ ਕੇ ਬਾਕੀ ਕਹਿਰਵਾ ਆਦਿ ਹੀ ਵਜਾਈ ਜਾਂਦੇ ਹਨ।
ਬਿਲਾਵਲ ਦੀ ਚੌਕੀ
ਸ੍ਰੀ ਆਸਾ ਜੀ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਇਹ ਚੌਕੀ ਦਿਨ ਦੇ ਦੂਜੇ ਪਹਿਰ ਦੌਰਾਨ ਸ਼ੁਰੂ ਹੁੰਦੀ ਹੈ। ਬਿਲਾਵਲ ਦੀਆਂ ਤਿੰਨ ਚੌਕੀਆਂ ਹਨ। ਬਿਲਾਵਲ ਦੀ ਦੂਜੀ ਚੌਕੀ ਵਿਚ ਸਮੇਂ ਦੇ ਰਾਗਾਂ ਅਤੇ ਰੀਤਾਂ ਵਿਚ ਕੀਰਤਨ ਕਰਨ ਅਤੇ ਪਉੜੀ 'ਵਡੀ ਹੂ ਵਡਾ ਅਪਾਰ ਤੇਰਾ ਮਰਤਬਾ' ਦੇ ਗਾਇਨ ਨਾਲ ਸਮਾਪਤ ਹੁੰਦੀ ਹੈ।
ਆਨੰਦ ਦੀ ਚੌਕੀ
ਇਸ ਚੌਕੀ ਵਿਚ ਦੁਪਹਿਰ ਤੋਂ ਪਹਿਲਾਂ ਅਤੇ ਦੁਪਹਿਰ ਦੇ ਰਾਗਾਂ ਵਿਚ ਸ਼ਬਦਾਂ ਦਾ ਕੀਰਤਨ ਕੀਤਾ ਜਾਂਦਾ ਹੈ। ਇਸ ਚੌਕੀ ਵਿਚ ਆਨੰਦ ਸਾਹਿਬ ਦਾ ਗਾਇਨ ਕਰਕੇ ਸਮਾਪਤੀ ਕੀਤੀ ਜਾਂਦੀ ਹੈ।
ਚਰਨ ਕਮਲ ਦੀ ਚੌਕੀ
ਚਰਨ ਕਮਲ ਦੀ ਚੌਕੀ ਵਿਚ ਮੁੱਖ ਤੌਰ ਉੱਤੇ ਸਾਰੰਗ ਰਾਗ ਵਿਚ ਕੀਰਤਨ ਕੀਤਾ ਜਾਂਦਾ ਹੈ। ਚਰਨ ਕਮਲ ਦੀਆਂ ਵੀ ਤਿੰਨ ਚੌਕੀਆਂ ਹਨ। ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਕੀਰਤਨ ਕਰਕੇ ਚਰਨ ਕਮਲ ਦੀ ਪਉੜੀ ਦੀ ਸਮਾਪਤੀ ਹੁੰਦੀ ਹੈ।
'ਸੋ ਦਰੁ' ਦੀ ਚੌਕੀ
ਦਿਨ ਦੇ ਚੌਥੇ ਪਹਿਰ ਸਮੇਂ ਤ੍ਰਕਾਲਾਂ ਦੇ ਰਾਗਾਂ ਵਿਚ ਡੰਡਉਤ ਬੰਦਨਾ ਕਰਨ ਉਪਰੰਤ 'ਸੋ ਦਰੁ' ਦਾ ਰਾਗ ਆਸਾ ਵਿਚ ਪਉੜੀ ਸ਼ੈਲੀ ਵਿਚ ਅਤੇ ਪਉੜੀ ਤਾਲ ਵਿਚ ਕੀਰਤਨ ਗਾਇਨ ਕੀਤਾ ਜਾਂਦਾ ਹੈ। 'ਸੋ ਦਰੁ' ਦੇ ਗਾਇਨ ਤੋਂ ਬਾਅਦ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਹੈ ਅਤੇ ਉਪਰੰਤ ਅਰਦਾਸ ਨਾਲ ਇਹ ਚੌਕੀ ਸਮਾਪਤ ਹੁੰਦੀ ਹੈ।
ਆਰਤੀ ਦੀ ਚੌਕੀ
ਆਰਤੀ ਭਾਰਤ ਵਿਚ ਪ੍ਰਚਲਤ ਵੱਖ-ਵੱਖ ਧਰਮਾਂ ਦੀ ਪ੍ਰਸਿੱਧ ਰੀਤ ਹੈ, ਜਿਸ ਵਿਚ ਲੋੜੀਂਦੀ ਸਮੱਗਰੀ ਪਾ ਕੇ ਸ਼ਰਧਾਲੂ ਇਸ਼ਟ ਦੇਵ ਦੀ ਆਰਤੀ ਉਤਾਰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ ਮਹਾਰਾਜ, ਭਗਤ ਸੈਣ, ਭਗਤ ਧੰਨਾ ਜੀ ਦੀ ਰਾਗ ਧਨਾਸਰੀ ਅਤੇ ਭਗਤ ਕਬੀਰ ਜੀ ਦੀ ਰਾਗ ਪ੍ਰਭਾਤੀ ਤਹਿਤ ਆਰਤੀ ਬਾਣੀ ਦਰਜ ਹੈ ਅਤੇ ਇਸੇ ਅਨੁਸਾਰ ਆਰਤੀ ਦਾ ਗਾਇਨ ਹੁੰਦਾ ਹੈ, ਕਿਉਂਕਿ ਇਹ ਬ੍ਰਹਿਮੰਡੀ ਆਰਤੀ ਹੈ, ਇਸ ਲਈ ਇਸ ਵਿਚ ਧੂਪ, ਦੀਪ ਵਗੈਰਾ ਦੀ ਕੋਈ ਵਰਤੋਂ ਨਹੀਂ ਹੁੰਦੀ। 'ਥਿਰ ਘਰਿ ਬੈਸਹੁ ਹਰਿ ਜਨ ਪਿਆਰੇ' ਸ਼ਬਦ ਦੇ ਗਾਇਨ ਨਾਲ ਇਸ ਚੌਕੀ ਦੀ ਸਮਾਪਤੀ ਹੁੰਦੀ ਹੈ ਅਤੇ ਇਸ ਤੋਂ ਪਹਿਲਾਂ ਬਹੁਤ ਸੰਖੇਪ ਅਰਦਾਸ ਹੁੰਦੀ ਹੈ।
ਕਲਿਆਣ ਦੀ ਚੌਕੀ
ਇਸ ਚੌਕੀ ਅਤੇ ਆਰਤੀ ਦੀ ਚੌਕੀ ਸਬੰਧੀ ਸਿੱਖ ਸੰਗੀਤਕਾਰਾਂ ਦੀ ਰਾਇ ਇਕ ਨਹੀਂ ਹੈ। ਕੁਝ ਸੰਗੀਤ ਆਚਾਰੀਆਂ ਨੇ ਆਰਤੀ ਅਤੇ ਕਲਿਆਣ ਦੀ ਚੌਕੀ ਨੂੰ ਇਕ ਹੀ ਮੰਨਿਆ ਹੈ। ਇਨ੍ਹਾਂ ਚੌਕੀਆਂ ਵਿਚ ਰਾਤ ਦੇ ਦੂਜੇ ਪਹਿਰ ਦੇ ਰਾਗਾਂ ਅੰਦਰ ਸ਼ਬਦ ਗਾਇਨ ਉਪਰੰਤ ਪਉੜੀ ਗਾਇਨ ਕੀਤੀ ਜਾਂਦੀ ਹੈ।
ਕਾਨੜੇ ਦੀ ਚੌਕੀ
ਇਸ ਚੌਕੀ ਦੀ ਮਰਿਆਦਾ ਸਵਾ ਪਹਿਰ ਰਾਤ ਗਏ ਗਾਇਨ ਕਰਨ ਦੀ ਹੈ। ਇਸ ਤੋਂ ਉਪਰੰਤ ਕੀਰਤਨ ਸੋਹਿਲਾ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਅਖੀਰ ਵਿਚ 'ਆਪੇ ਹੀ ਸਿਧ ਸਾਧਿ ਕੋ' ਪਉੜੀ ਗਾਇਨ ਕਰਕੇ ਸਲੋਕ 'ਪਾਵਣ ਗੁਰੂ ਪਾਣੀ ਪਿਤਾ' ਪੜ੍ਹ ਕੇ ਅਰਦਾਸੀਆ ਸਿੰਘ ਗੁਰੂ ਸਨਮੁਖ ਸਮਾਪਤੀ ਦੀ ਅਰਦਾਸ ਕਰਦਾ ਹੈ। ਪੁਰਾਤਨ ਰਾਗੀ ਜਥੇ ਇਨ੍ਹਾਂ ਕੀਰਤਨ ਚੌਕੀਆਂ ਨੂੰ ਸ਼ੁੱਧ ਪਰੰਪਰਾ ਮੁਤਾਬਕ ਲਾਉਂਦੇ ਸਨ, ਕਿਉਂਕਿ ਉਹ ਉੱਚ ਕੋਟੀ ਦੇ ਮਾਹਿਰ ਅਤੇ ਪ੍ਰਬੀਨ ਕਲਾਕਾਰ ਸਨ। ਇਸ ਬਾਰੇ ਭਾਈ ਕਿਰਪਾਲ ਸਿੰਘ ਲਿਖਦੇ ਹਨ ਕਿ 'ਪੁਰਾਤਨ ਸਮੇਂ ਹਰੇਕ ਚੌਕੀ ਦੇ ਆਰੰਭ ਵਿਚ ਅਲਾਪ ਸਹਿਤ ਪੂਰੀ ਸ਼ਿੱਦਤ ਨਾਲ ਰਾਗ ਵਿਚ ਗਾਇਨ ਹੁੰਦਾ ਸੀ ਅਤੇ ਰਾਗੀ ਸਿੰਘ ਰਾਗ ਦੇ ਸਰੂਪ ਨੂੰ ਪ੍ਰਗਟ ਕਰ ਦਿੰਦੇ ਸਨ, ਇਸ ਉਪਰੰਤ ਉਹ ਬਾਕੀ ਦੇ ਸ਼ਬਦ ਸਰਲ ਤਰੀਕੇ ਵਿਚ ਪੜ੍ਹਦੇ ਸਨ। ਇਹੋ ਵਜਾ ਹੈ ਕਿ ਪੁਰਾਤਨ ਸਮਿਆਂ ਵਿਚ ਦੇਸ਼ ਦੇ ਵੱਡੇ-ਵੱਡੇ ਸੰਗੀਤਕਾਰ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀਆਂ ਅਤੇ ਰਬਾਬੀਆਂ ਨਾਲ ਮੁਕਾਬਲਾ ਕਰਨ ਤੋਂ ਪਹਿਲਾਂ ਸੌ ਵਾਰ ਸੋਚਦੇ ਸਨ ਪਰ ਅੱਜਕਲ੍ਹ ਅਜਿਹਾ ਨਹੀਂ ਹੈ।'
ਤੱਤਸਾਰ ਇਹ ਹੈ ਕਿ ਇਹ ਕੀਰਤਨ ਚੌਕੀਆਂ ਗੁਰਮਤਿ ਸੰਗੀਤ ਦੀ ਸੱਚੀ-ਸੁੱਚੀ ਅਤੇ ਸਰਬੋਤਮ ਪਰੰਪਰਾ ਦਾ ਪ੍ਰਤੱਖ ਪ੍ਰਮਾਣ ਅਤੇ ਸਾਖਿਆਤ ਦਰਸ਼ਨ ਦੀਦਾਰੇ ਹਨ। ਲੋੜ ਹੈ ਇਸ ਵਿਰਸੇ ਨੂੰ ਸੰਭਾਲਣ ਦੀ।


-ਮੋਬਾ: 98154-61710

ਕਥਾਵਾਚਕ ਭਾਈ ਬੂਟਾ ਸਿੰਘ ਤਾਰਾਂਵਾਲੀ

ਭਾਈ ਬੂਟਾ ਸਿੰਘ ਜਿਨ੍ਹਾਂ ਦਾ ਜਨਮ ਸ: ਲੱਖਾ ਸਿੰਘ ਦੇ ਗ੍ਰਹਿ ਮਾਤਾ ਸ੍ਰੀਮਤੀ ਸ਼ਰਨਜੀਤ ਕੌਰ ਦੀ ਕੁੱਖੋਂ 5 ਜੁਲਾਈ, 1986 ਨੂੰ ਪਿੰਡ ਤਾਰਾਂਵਾਲੀ, ਤਹਿਸੀਲ ਗੂਹਲਾ ਜ਼ਿਲ੍ਹਾ ਕੈਥਲ (ਹਰਿਆਣਾ) ਵਿਖੇ ਹੋਇਆ। ਆਪ ਜੀ ਨੇ ਮੁੱਢਲੀ ਸਕੂਲੀ ਸਿੱਖਿਆ ਪਿੰਡ ਦੇ ਇਕ ਨਿੱਜੀ ਸਕੂਲ ਤੋਂ ਹਾਸਲ ਕੀਤੀ ਅਤੇ ਬੀ.ਏ. ਤੱਕ ਦੀ ਪੜ੍ਹਾਈ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕੀਤੀ। ਬੀ.ਏ. ਕਰਨ ਤੋਂ ਪਹਿਲਾਂ ਜਦੋਂ ਉਨ੍ਹਾਂ ਨੇ ਦਸਵੀਂ ਦੀ ਪ੍ਰੀਖਿਆ ਹਾਸਲ ਕੀਤੀ, ਉਦੋਂ ਤੋਂ ਹੀ ਖਨੌਰੀ ਗੁਰਦੁਆਰਾ ਸਾਹਿਬ ਵਿਖੇ ਤਕਰੀਬਨ 7 ਕੁ ਸਾਲ ਗੁਰਮਤਿ ਵਿਦਿਆਲਿਆ ਤੋਂ ਕੀਰਤਨ ਤੇ ਮਿਊਜ਼ਿਕ ਦੀ ਬੀ. ਏ. ਕੀਤੀ। ਭਾਈ ਸਾਹਿਬ ਦਾ ਪਰਿਵਾਰ ਗੁਰਸਿੱਖ ਪਰਿਵਾਰ ਹੋਣ ਕਰਕੇ ਆਪ ਦੀ ਰੁਚੀ ਵੀ ਕਥਾ ਕੀਰਤਨ ਕਰਨ ਦੀ ਸੀ, ਜਿਸ ਕਰਕੇ ਆਪ ਨੇ ਗੁਰਮਤਿ ਦੀ ਸਿੱਖਿਆ ਹਾਸਲ ਕਰਨ ਦਾ ਮਨ ਬਣਾ ਲਿਆ। ਆਪ ਦੇ ਵੱਡੇ ਭਰਾ ਭਾਈ ਬਚਿੱਤਰ ਸਿੰਘ ਵੀ ਕਥਾਵਾਚਕ ਹਨ, ਜੋ ਕਿ ਅੱਜਕਲ੍ਹ ਆਸਟ੍ਰੇਲੀਆ ਵਿਖੇ ਕਥਾਵਾਚਕ ਦੀ ਸੇਵਾ ਨਿਭਾਅ ਰਹੇ ਹਨ। ਭਾਈ ਬੂਟਾ ਸਿੰਘ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ, ਜ਼ਿਲ੍ਹਾ ਰੋਪੜ ਤੋਂ 2 ਸਾਲ ਦਾ ਗੁਰਮਤਿ ਕੋਰਸ ਕੀਤਾ, ਜਿੱਥੇ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਤੇ ਗੁਰਮਤਿ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਸ੍ਰੀ ਗੁਰੂ ਸਿੰਘ ਸਭਾ ਆੜ੍ਹਤ ਬਾਜ਼ਾਰ ਦੇਹਰਾਦੂਨ ਵਿਖੇ 3 ਸਾਲ ਬਤੌਰ ਹੈੱਡ ਗ੍ਰੰਥੀ ਤੇ ਕਥਾਵਾਚਕ ਦੀ ਸੇਵਾ ਨਿਭਾਉਂਦਿਆਂ ਸੰਗਤਾਂ ਨੂੰ ਗੁਰਬਾਣੀ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ।
ਬਾਅਦ ਵਿਚ ਆਪ ਸਿੰਘਾਪੁਰ, ਮਲੇਸ਼ੀਆ ਅਤੇ ਥਾਈਲੈਂਡ 3 ਮਹੀਨੇ ਰਹੇ। ਇਸੇ ਤਰ੍ਹਾਂ 8 ਮਹੀਨੇ ਆਸਟ੍ਰੇਲੀਆ ਦੇ ਗੁਰਦੁਆਰਾ ਸਿੰਘ ਸਭਾ ਕਰੇਗੀਬਰਨ ਮੈਲਬੌਰਨ ਵਿਖੇ ਵੀ ਕਥਾਵਾਚਕ ਦੀ ਸੇਵਾ ਨਿਭਾਈ। ਉਥੋਂ ਆ ਕੇ ਭਾਈ ਬੂਟਾ ਸਿੰਘ ਨੇ 2 ਸਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕੀਰਤਨ ਵਿਦਿਆਲਿਆ ਅਤੇ ਗੁਰਦੁਆਰਾ ਕਲਗੀਧਰ ਸਾਹਿਬ ਇੰਦਰਾ ਕਾਲੋਨੀ ਦੇਹਰਾਦੂਨ ਵਿਖੇ ਬਤੌਰ ਪ੍ਰਚਾਰਕ ਸੇਵਾ ਕੀਤੀ। ਆਪ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਦੀ ਡਿਗਰੀ ਵੀ ਹਾਸਲ ਕੀਤੀ। ਭਾਈ ਸਾਹਿਬ ਕਥਾਵਾਚਕ ਹੋਣ ਦੇ ਨਾਲ-ਨਾਲ ਜਿਥੇ ਖੇਤੀਬਾੜੀ ਦਾ ਧੰਦਾ ਕਰਦੇ ਹਨ, ਉੱਥੇ ਹੀ ਆਪ ਨੂੰ ਘੋੜੀਆਂ ਪਾਲਣ ਦਾ ਵੀ ਸ਼ੌਕ ਹੈ। ਅੱਜਕਲ੍ਹ ਉਹ ਦੇਸ਼ ਦੇ ਕੋਨੇ-ਕੋਨੇ ਵਿਚ ਹੁੰਦੇ ਗੁਰਮਤਿ ਸਮਾਗਮਾਂ ਵਿਚ ਵੀ ਹਿੱਸਾ ਲੈ ਕੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਉਂਦੇ ਹਨ।


-ਦੇਵੀਗੜ੍ਹ। ਮੋਬਾ: 98551-16609

ਸ਼ਬਦ ਵਿਚਾਰ

ਜਾਨਉ ਨਹੀ ਭਾਵੈ ਕਵਨ ਬਾਤਾ॥

ਸਿਰੀਰਾਗੁ ਮਹਲਾ ੫ ਘਰੁ ੫
ਜਾਨਉ ਨਹੀ ਭਾਵੈ ਕਵਨ ਬਾਤਾ॥
ਮਨ ਖੋਜਿ ਮਾਰਗੁ॥ ੧॥ ਰਹਾਉ॥
ਧਿਆਨੀ ਧਿਆਨੁ ਲਾਵਹਿ॥
ਗਿਆਨੀ ਗਿਆਨੁ ਕਮਾਵਹਿ॥
ਪ੍ਰਭੁ ਕਿਨ ਹੀ ਜਾਤਾ॥ ੧॥
ਭਗਉਤੀ ਰਹਤ ਜੁਗਤਾ॥
ਜੋਗੀ ਕਹਤ ਮੁਕਤਾ॥
ਤਪਸੀ ਤਪਹਿ ਰਾਤਾ॥ ੨॥
ਮੋਨੀ ਮੋਨਿ ਧਾਰੀ॥
ਸਨਿਆਸੀ ਬ੍ਰਹਮਚਾਰੀ॥
ਉਦਾਸੀ ਉਦਾਸਿ ਰਾਤਾ॥ ੩॥
ਭਗਤਿ ਨਵੈ ਪਰਕਾਰਾ॥
ਪੰਡਿਤੁ ਵੇਦੁ ਪੁਕਾਰਾ॥
ਗਿਰਸਤੀ ਗਿਰਸਤਿ ਧਰਮਾਤਾ॥ ੪॥
ਇਕ ਸਬਦੀ ਬਹੁ ਰੂਪਿ ਅਵਧੂਤਾ॥
ਕਾਪੜੀ ਕਉਤੇ ਜਾਗੂਤਾ॥
ਇਕਿ ਤੀਰਥਿ ਨਾਤਾ॥ ੫॥
ਨਿਰਹਾਰ ਵਰਤੀ ਆਪਰਸਾ॥
ਇਕਿ ਲੂਕਿ ਨ ਦੇਵਹਿ ਦਰਸਾ॥
ਇਕਿ ਮਨ ਹੀ ਗਿਆਤਾ॥ ੬॥
ਘਾਟਿ ਨ ਕਿਨਹੀ ਕਹਾਇਆ॥
ਸਭ ਕਹਤੇ ਹੈ ਪਾਇਆ॥
ਜਿਸੁ ਮੇਲੇ ਸੋ ਭਗਤਾ॥ ੭॥
ਸਗਲ ਉਕਤਿ ਉਪਾਵਾ॥
ਤਿਆਗੀ ਸਰਨਿ ਪਾਵਾ॥
ਨਾਨਕੁ ਗੁਰ ਚਰਣਿ ਪਰਾਤਾ॥ ੮॥ ੨॥ ੨੭॥ (ਅੰਗ 71)
ਪਦ ਅਰਥ : ਜਾਨਉ ਨਹੀ-(ਮੈਂ) ਨਹੀਂ ਜਾਣਦਾ। ਭਾਵੈ-ਭਾਉਂਦੀਆਂ ਹਨ, ਚੰਗੀਆਂ ਲਗਦੀਆਂ ਹਨ। ਕਵਨ ਬਾਤਾ-ਕਿਹੜੀਆਂ ਗੱਲਾਂ। ਮਾਰਗੁ-ਰਾਹ ਨੂੰ। ਧਿਆਨੀ-ਸਮਾਧੀਆਂ ਲਾਉਣ ਵਾਲੇ। ਗਿਆਨੀ-ਗਿਆਨਵਾਨ, ਵਿਦਵਾਨ। ਗਿਆਨੁ ਕਮਾਵਹਿ-ਵਿਦਵਤਾ ਦੀਆਂ ਗੱਲਾਂ ਕਰਦੇ ਹਨ। ਕਿਨ ਹੀ-ਕਿਸੇ ਵਿਰਲੇ ਨੇ ਹੀ। ਜਾਤਾ-ਜਾਣਿਆ ਹੈ, ਸਮਝਿਆ ਹੈ। ਭਗਉਤੀ-ਵੈਸ਼ਨੂ ਭਗਤ। ਰਹਤ ਜੁਗਤਾ-(ਵਕਤ ਨੇਮ, ਤਿਲਕ ਪੂਜਾ, ਤੀਰਥ ਇਸ਼ਨਾਨ ਆਦਿ) ਸੰਜਮਾਂ ਵਿਚ ਰਹਿੰਦੇ ਹਨ। ਕਹਤ-ਆਖਦੇ ਹਨ। ਮੁਕਤਾ-ਮੁਕਤ ਹੋ ਗਏ ਹਾਂ। ਤਪਸੀ-ਤਪ ਕਰਨ ਵਾਲੇ ਤਪੱਸਵੀ। ਤਪਹਿ ਰਾਤਾ-ਤਪ ਕਰਨ ਵਿਚ ਹੀ ਮਸਤ ਰਹਿੰਦੇ ਹਨ।
ਮੋਨੀ-ਚੁੱਪ ਸਾਧੀ ਰੱਖਣ ਵਾਲਾ। ਮੋਨਿ ਧਾਰੀ-ਚੁੱਪ ਧਾਰੀ ਰੱਖਦੇ ਹਨ। ਉਦਾਸੀ ਉਦਾਸਿ ਰਾਤਾ-ਉਦਾਸੀ ਉਦਾਸ ਭੇਖ ਵਿਚ ਮਸਤ ਰਹਿੰਦਾ ਹੈ। ਭਗਤਿ-ਭਗਤੀ। ਨਵੈ ਪਰਕਾਰਾ-ਨੌਂ ਪ੍ਰਕਾਰ ਦੀ। ਵੇਦੁ ਪੁਕਾਰਾ-ਵੇਦਾਂ ਨੂੰ ਉੱਚੀ-ਉੱਚੀ ਪੜ੍ਹਦਾ ਹੈ, ਪਾਠ ਕਰਦਾ ਹੈ। ਗਿਰਸਤਿ ਧਰਮਾਤਾ-ਗ੍ਰਿਹਸਤ ਧਰਮ ਵਿਚ ਮਸਤ ਰਹਿੰਦਾ ਹੈ, ਗ੍ਰਿਹਸਤ ਧਰਮ ਵਿਚ ਪਿਆਰ ਕਰਦਾ ਹੈ। ਇਕ ਸ਼ਬਦੀ-ਇਕ ਹੀ ਸ਼ਬਦ (ਅਲੱਖ ਅਲੱਖ) ਬੋਲਦੇ ਹਨ। ਬਹੁ ਰੂਪਿ-ਬਹੁਰੂਪੀਏ ਹਨ। ਅਵਧੂਤਾ-ਨਾਂਗਾ ਸਾਧੂ। ਕਾਪੜੀ-ਫਟੀਆਂ ਟਕੀਆਂ ਦਾ ਚੋਲਾ। ਕਉਤੇ-ਨਾਟਕ ਚੇਟਕ ਦੁਆਰਾ ਲੋਕਾਂ ਨੂੰ ਖੁਸ਼ ਕਰਨ ਵਾਲੇ। ਜਾਗੂਤਾ-ਰਾਤ ਭਰ ਜਾਗਣ ਵਾਲੇ। ਇਕਿ-ਕਈ, ਅਨੇਕਾਂ।
ਨਿਰਹਾਰ ਵਰਤੀ-ਅਹਾਰ (ਭੋਜਨ) ਨਾ ਖਾ ਕੇ ਵਰਤ ਰੱਖਣ ਵਾਲੇ, ਜੋ ਕੁਝ ਵੀ ਨਹੀਂ ਖਾਂਦੇ। ਆਪਰਸਾ-ਉਹ (ਸਾਧੂ) ਜੋ ਦੂਜਿਆਂ ਨਾਲ ਛੂੰਹਦੇ ਨਹੀਂ, ਤਾਂ ਕਿ ਭਿੱਟੇ ਨਾ ਜਾਣ। ਇਕਿ ਲੂਕਿ-ਕਈ ਲੁਕ ਕੇ ਗੁਫ਼ਾ ਵਿਚ ਰਹਿੰਦੇ ਹਨ। ਦਰਸਾ-ਦਰਸ਼ਨ। ਗਿਆਤਾ-ਗਿਆਨਵਾਨ, ਗਿਆਨੀ ਬਣੇ ਪਏ ਹਨ। ਕਿਨਹੀ-ਕਿਸੇ ਨੇ ਵੀ (ਆਪਣੇ ਆਪ ਨੂੰ)। ਘਾਟਿ-ਘਟ। ਨ ਕਹਾਇਆ-ਨਹੀਂ ਅਖਵਾਇਆ। ਸਭ ਕਹਤੇ ਹੈ-ਸਾਰੇ ਹੀ ਕਹਿੰਦੇ ਹਨ। ਪਾਇਆ-(ਕਿ ਮੈਂ ਪਰਮਾਤਮਾ ਨੂੰ) ਪਾ ਲਿਆ ਹੈ। ਜਿਸੁ ਮੇਲੇ-ਜਿਸ ਨੂੰ (ਆਪਣੇ ਨਾਲ) ਮਿਲਾ ਗਿਆ ਹੈ। ਸੋ ਭਗਤਾ-ਉਹੀ (ਸੱਚਾ) ਭਗਤ ਹੈ।
ਸਗਲ-ਸਾਰੀਆਂ। ਉਕਤਿ-ਸਿਆਣਪਾਂ। ਉਪਾਵਾ-ਉਪਾਅ।
'ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ (ਅੰਗ 578) ਦੇ ਮਹਾਂਵਾਕ ਅਨੁਸਾਰ ਇਸ ਸੰਸਾਰ ਵਿਚ ਜੋ ਵੀ ਆਇਆ ਹੈ, ਉਸ ਨੇ ਇਕ ਨਾ ਇਕ ਦਿਨ ਜ਼ਰੂਰ ਤੁਰ ਜਾਣਾ ਹੈ। ਉਹ ਫਿਰ ਭਾਵੇਂ ਜੋਗੀ ਹੋਵੇ, ਜਤੀ ਜਾਂ ਤਪੀ ਅਤੇ ਸੰਨਿਆਸੀ ਹੋਵੇ ਜਾਂ ਤੀਰਥਾਂ 'ਤੇ ਬੜਾ ਭਰਮਣ ਕਰਨ ਵਾਲਾ ਹੋਵੇ, ਸ੍ਰੇਵੜਾ (ਸਿਰ ਦੇ ਵਾਲ ਪੁੱਟਣ ਵਾਲਾ) ਹੋਵੇ ਜਾਂ ਵੈਰਾਗੀ, ਮੋਨੀ ਅਤੇ ਜਟਾਧਾਰੀ ਸਾਧੂ ਹੋਵੇ, ਅੰਤ ਵੇਲੇ ਉਨ੍ਹਾਂ ਸਭ ਨੂੰ ਮਰਨਾ ਹੀ ਪੈਣਾ ਹੈ। ਸਿਰਮੌਰ ਭਗਤ ਕਬੀਰ ਜੀ ਦੇ ਰਾਗੁ ਆਸਾ ਵਿਚ ਪਾਵਨ ਬਚਨ ਹਨ-
ਜੋਗੀ ਜਤੀ ਤਪੀ ਸੰਨਿਆਸੀ
ਬਹੁ ਤੀਰਥ ਭ੍ਰਮਨਾ॥
ਲੁੰਜਿਤ ਮੁੰਜਿਤ ਮੋਨ ਜਟਾਧਰ
ਅੰਤਿ ਤਊ ਮਰਨਾ॥ (ਅੰਗ 476)
ਲੁੰਜਿਤ-ਸ੍ਰੇਵੜੇ (ਮੋਚਨੇ ਨਾਲ ਸਿਰ ਦੇ ਵਾਲ ਪੁੱਟਣ ਵਾਲੇ)। ਮੁੰਜਿਤ-ਬੈਰਾਗੀ ਲੋਕ ਜੋ ਮੁੰਜ ਦੀ ਤੜਾਗੀ ਪਾਉਂਦੇ ਹਨ। ਜਟਾਧਾਰ-ਜਟਾਂ ਵਾਲੇ ਸਾਧੂ।
ਆਪ ਜੀ ਦੇ ਹੋਰ ਬਚਨ ਹਨ ਕਿ ਵੇਦ, ਪੁਰਾਨ ਅਤੇ ਸਿਮ੍ਰਤੀਆਂ ਸਭ ਖੋਜ ਲਏ ਹਨ, ਕਿਸੇ ਤੋਂ ਵੀ ਉਧਾਰ ਨਹੀਂ ਹੁੰਦਾ-
ਬੇਦ ਪੁਰਾਨ ਸਿਮ੍ਰਿਤਿ ਸਭ ਖੋਜੇ
ਕਹੂ ਨ ਊਬਰਨਾ॥ (ਅੰਗ 477)
ਊਬਰਨਾ-ਬਚਾਓ, ਉਧਾਰ।
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਮੈਂ ਤਾਂ ਕੇਵਲ ਪਰਮਾਤਮਾ ਦਾ ਨਾਮ ਹੀ ਜਪਦਾ ਹਾਂ, ਜੋ ਜਨਮ-ਮਰਨ ਦੇ ਚੱਕਰ ਤੋਂ ਬਚਾਉਂਦਾ ਹੈ-
ਕਹੁ ਕਬੀਰ ਇਉ ਰਾਮਹਿ ਜੰਪਉ
ਮੇਟਿ ਜਨਮ ਮਰਨਾ॥ (ਅੰਗ 477)
ਮੇਟਿ-ਮਿਟਾਉਂਦਾ ਹੈ, ਬਚਾਉਂਦਾ ਹੈ।
ਅੱਖਰੀਂ ਅਰਥ : ਪੰਚਮ ਗੁਰਦੇਵ ਦੇ ਪਾਵਨ ਬਚਨ ਹਨ ਕਿ ਮੈਨੂੰ ਇਸ ਗੱਲ ਦੀ ਸੋਝੀ ਨਹੀਂ ਕਿ (ਪਰਮਾਤਮਾ ਨੂੰ) ਕਿਹੜੀ ਗੱਲ ਚੰਗੀ ਲਗਦੀ ਹੈ। ਹੇ ਮੇਰੇ ਮਨ, ਉਸ ਪ੍ਰਭੂ (ਨੂੰ ਮਿਲਣ ਦੇ) ਰਸਤੇ ਦੀ ਖੋਜ ਕਰ। ਸਮਾਧੀਆਂ ਲਾਉਣ ਵਾਲੇ ਸਮਾਧੀਆਂ ਲਾਉਂਦੇ ਹਨ, ਗਿਆਨਵਾਨ ਲੋਕ ਗਿਆਨ ਕਮਾਉਂਦੇ ਹਨ ਪਰ (ਉਸ ਦੇ ਚੋਜਾਂ ਦੀ) ਸੋਝੀ ਕਿਸੇ ਵਿਰਲੇ ਨੂੰ ਹੀ ਪਈ ਹੈ। ਵੈਸ਼ਨੋ ਭਗਤ ਵਰਤ ਨੇਮ, ਤਿਲਕ, ਪੂਜਾ, ਤੀਰਥ ਇਸ਼ਨਾਨ ਆਦਿ ਸੰਜਮਾਂ ਵਿਚ ਪਏ ਰਹਿੰਦੇ ਹਨ। ਜੋਗੀ ਆਖਦੇ ਹਨ ਕਿ ਅਸੀਂ ਜੋਗ (ਯੋਗ) ਕਿਰਿਆ ਦੁਆਰਾ ਮੁਕਤ ਹੋ ਗਏ। ਤਪ ਕਰਨ ਵਾਲੇ ਤਪੱਸਵੀ (ਸਾਧੂ) ਤਪ ਕਰਨ ਵਿਚ ਹੀ ਮਸਤ ਰਹਿੰਦੇ ਹਨ।
ਇਸੇ ਤਰ੍ਹਾਂ ਚੁੱਪ ਰਹਿਣ ਵਾਲੇ (ਮੋਨੀ) ਸਾਧੂ ਚੁੱਪ ਧਾਰੀ ਰੱਖਦੇ ਹਨ, ਸੰਨਿਆਸੀ ਸੰਨਿਆਸ ਵਿਚ, ਬ੍ਰਹਮਚਾਰੀ ਬ੍ਰਹਮਚਰਜ ਵਿਚ ਅਤੇ ਉਦਾਸੀ ਉਦਾਸੀ ਭੇਖ ਵਿਚ ਮਸਤ ਰਹਿੰਦੇ ਹਨ। ਕੋਈ ਆਖਦਾ ਹੈ ਕਿ ਉਹ ਨੌਂ ਤਰ੍ਹਾਂ ਦੀ ਭਗਤੀ ਕਰਦਾ ਹੈ। ਪੰਡਿਤ ਵੇਦਾਂ ਨੂੰ ਉੱਚੀ-ਉੱਚੀ ਪੜ੍ਹਦਾ ਹੈ। ਗ੍ਰਹਿਸਤੀ ਗ੍ਰਹਿਸਤ ਧਰਮ ਵਿਚ ਹੀ ਮਸਤ ਰਹਿੰਦਾ ਹੈ।
ਕਈ ਇਕ ਹੀ ਸ਼ਬਦ ਆਖਦੇ ਹਨ, ਜਿਵੇਂ ਅਲੱਖ, ਅਲੱਖ ਪਰ ਕਈ ਬਹੁਰੂਪੀਏ ਹਨ ਅਤੇ ਕਈ ਨਾਂਗੇ ਸਾਧੂ ਹਨ। ਇਕ ਟਾਕੀਆਂ ਵਾਲੇ ਚੋਲੇ ਪਹਿਨਦੇ ਹਨ। ਇਕ ਨਾਟਕੀ ਚੇਟਕੀ ਹਨ (ਭਾਵ ਨਾਟਕਾਂ ਚੇਟਕਾਂ ਦੁਆਰਾ ਲੋਕਾਂ ਨੂੰ ਖੁਸ਼ ਕਰਦੇ ਹਨ ਅਤੇ ਅਨੇਕਾਂ ਤੀਰਥਾਂ 'ਤੇ ਇਸ਼ਨਾਨ ਕਰਦੇ ਰਹਿੰਦੇ ਹਨ, ਕਈ ਸਾਰੀ ਰਾਤ ਜਾਗ ਕੇ ਕੱਟਦੇ ਹਨ ਭਾਵ ਜਗਰਾਤੇ ਕਰਨ ਵਾਲੇ)।
ਇਕ ਭੋਜਨ ਅਥਵਾ ਖਾਣਾ ਨਾ ਖਾ ਕੇ ਵਰਤ ਰੱਖਣ ਵਾਲੇ ਹਨ। ਇਕ ਅਜਿਹੇ ਸਾਧੂ ਹਨ, ਜੋ ਦੂਜਿਆਂ ਨੂੰ ਛੂੰਹਦੇ ਨਹੀਂ ਕਿ ਮਤਾ ਉਹ ਭਿੱਟ ਨਾ ਜਾਣ। ਅਨੇਕ ਪਹਾੜਾਂ ਦੀਆਂ ਗੁਫਾਵਾਂ ਵਿਚ ਲੁਕ ਕੇ ਰਹਿੰਦੇ ਹਨ ਅਤੇ ਦੂਜਿਆਂ ਨੂੰ ਦਰਸ਼ਨ ਨਹੀਂ ਦਿੰਦੇ ਅਤੇ ਇਕ ਆਪਣੇ-ਆਪ ਵਿਚ ਹੀ ਗਿਆਨੀ ਅਥਵਾ ਗਿਆਨਵਾਨ ਬਣੇ ਰਹਿੰਦੇ ਹਨ।
(ਇਸ ਸ੍ਰਿਸ਼ਟੀ ਵਿਚ) ਕਿਸੇ ਨੇ ਵੀ ਆਪਣੇ-ਆਪ ਨੂੰ ਘੱਟ ਨਹੀਂ ਅਖਵਾਇਆ। ਸਾਰੇ ਹੀ ਕਹਿੰਦੇ ਹਨ ਕਿ ਮੈਂ ਪਰਮਾਤਮਾ ਨੂੰ ਪਾ ਲਿਆ ਹੈ ਪਰ ਪਰਮਾਤਮਾ ਨੇ ਜਿਸ ਨੂੰ ਆਪਣੇ-ਆਪ ਨਾਲ ਮਿਲਾ ਲਿਆ ਹੈ, ਉਹੀ (ਸਮਝੋ ਸੱਚਾ) ਭਗਤ ਹੈ। ਅੰਤਲੇ ਬੰਦ ਵਿਚ ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਮੈਂ ਸਾਰੀਆਂ ਸਿਆਣਪਾਂ ਅਤੇ ਉਪਾਵਾਂ ਨੂੰ ਤਿਆਗ ਕੇ, ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਪ੍ਰਭੂ ਦੀ ਸਰਨੀ ਆ ਪਿਆ ਹਾਂ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਾਡੇ ਅੰਦਰ ਦਾ ਦੈਵੀ ਤੱਤ ਹੀ ਸਾਡਾ ਚਰਿੱਤਰ ਬਣਦਾ ਹੈ

ਸਾਡੇ ਵਿਚਾਰ ਅਤੇ ਸਾਡੀਆਂ ਕਿਰਿਆਵਾਂ ਸਾਡੇ ਮਨ 'ਤੇ ਅਮਿਟ ਛਾਪ ਛੱਡਦੇ ਹਨ। ਅਜਿਹੇ ਵਿਚਾਰ ਅਤੇ ਕਿਰਿਆਵਾਂ ਸਦਕਾ ਹੀ ਸਾਡੇ ਸੰਸਕਾਰ ਬਣਦੇ ਹਨ। ਇਹ ਸੰਸਕਾਰ ਹੀ ਇਹ ਨਿਰਧਾਰਤ ਕਰਦੇ ਹਨ ਕਿ ਅਸੀਂ ਕਿਸੇ ਵਿਸ਼ੇਸ਼ ਹਾਲਤ ਵਿਚ ਕਿਸ ਤਰ੍ਹਾਂ ਦਾ ਵਰਤਾਓ ਕਰਾਂਗੇ। ਸਵਾਮੀ ਵਿਵੇਕਾਨੰਦ ਚਰਿੱਤਰ ਨਿਰਮਾਣ ਬਾਰੇ ਲਿਖਦੇ ਹਨ ਕਿ ਸਾਡੇ ਸਾਰੇ ਸੰਸਕਾਰਾਂ ਦਾ ਯੋਗ ਸਾਡਾ ਚਰਿੱਤਰ ਨਿਰਮਾਣ ਕਰਦਾ ਹੈ। ਜਿਸ ਤਰ੍ਹਾਂ ਵਰਤਮਾਨ, ਭੂਤਕਾਲ 'ਤੇ ਆਧਾਰਿਤ ਹੈ ਅਤੇ ਸਾਡਾ ਭਵਿੱਖ ਸਾਡੇ ਵਰਤਮਾਨ 'ਤੇ ਨਿਰਭਰ ਕਰਦਾ ਹੈ। ਸਾਡੀਆਂ ਵਰਤਮਾਨ ਦੀਆਂ ਕਿਰਿਆਵਾਂ ਅਤੇ ਵਿਚਾਰ ਸਾਡਾ ਭਵਿੱਖ ਨਿਰਧਾਰਤ ਕਰਨਗੇ। ਇਹ ਹੀ ਵਿਅਕਤੀ-ਵਿਕਾਸ ਨੂੰ ਨਿਯੰਤਰ ਕਰਨ ਵਾਲਾ ਮੂਲ ਸਿਧਾਂਤ ਹੈ।
ਸਾਡੇ ਸਰੀਰ ਜਾਂ ਦੇਹ ਕੌਣ ਕਿਰਿਆਸ਼ੀਲ ਕਰਦਾ ਹੈ, ਇਸ ਵੱਲ ਪੁਰਾਤਨ ਕਾਲ ਵਿਚ ਹੀ ਸਾਡੇ ਰਿਸ਼ੀਆਂ-ਮੁਨੀਆਂ ਦਾ ਧਿਆਨ ਗਿਆ ਸੀ। ਉਨ੍ਹਾਂ ਨੇ ਆਪਣੇ 'ਤੇ ਹੀ ਪ੍ਰਯੋਗ ਕੀਤੇ। ਆਪਣੀਆਂ ਗਿਆਨ ਇੰਦਰੀਆਂ ਅਤੇ ਮਾਨਸਿਕ ਯੰਤਰਾਂ 'ਤੇ ਅਧਿਐਨ ਅਤੇ ਸੋਧ ਤੋਂ ਉਨ੍ਹਾਂ ਨੇ ਪਤਾ ਲਗਾਇਆ ਕਿ ਮਨੁੱਖਾਂ ਵਿਚ ਇਕ ਦੈਵੀ ਤੱਤ ਮੌਜੂਦ ਹੁੰਦਾ ਹੈ, ਜਿਹੜਾ ਮਨ ਦਾ ਵੀ ਮਨ, ਅੱਖਾਂ ਦੀ ਅੱਖ ਅਤੇ ਵਾਣੀ ਦੀ ਵਾਣੀ ਹੁੰਦਾ ਹੈ। ਇਹ ਵੀ ਅਨੋਖਾ ਤੱਤ ਹੈ, ਜੋ ਅਸਲ ਵਿਚ ਸਰੀਰ ਦਾ ਨਾਸ਼ ਹੋਣ 'ਤੇ ਵੀ ਨਸ਼ਟ ਨਹੀਂ ਹੁੰਦਾ। ਜਦ ਤੱਕ ਅਸੀਂ ਆਪਣੇ ਸਰੀਰ, ਮਨ ਅਤੇ ਇੰਦਰੀ ਤੰਤਰ ਦਾ ਬੋਧ ਕਰਦੇ ਹਾਂ, ਤਦ ਤੱਕ ਇਹ ਛੁਪਿਆ ਰਹਿੰਦਾ ਹੈ। ਸ਼ਾਸਤਰਾਂ ਅਤੇ ਮਹਾਂਪੁਰਸ਼ਾਂ ਦੇ ਮਤ ਅਨੁਸਾਰ ਇਸ ਛੁਪੀ ਹੋਈ ਦਿਵਅਤਾ (ਅਨੋਖੇਪਨ) ਦੀ ਵਿਆਖਿਆ ਕਰਨਾ ਹੀ ਜੀਵਨ ਦਾ ਉਦੇਸ਼ ਹੈ।


-ਮੋਬਾ: 62805-75943

ਪ੍ਰਾਚੀਨ ਤੇ ਪ੍ਰਸਿੱਧ ਹੜਿੰਬਾ ਦੇਵੀ ਮੰਦਰ ਮਨਾਲੀ (ਹਿਮਾਚਲ ਪ੍ਰਦੇਸ਼)

ਹਿਮਾਚਲ ਪ੍ਰਦੇਸ਼ ਨੂੰ ਦੇਵ ਭੂਮੀ ਵਜੋਂ ਜਾਣਿਆ ਜਾਂਦਾ ਹੈ। ਇਥੇ ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਵਿਚ ਪ੍ਰਾਚੀਨ ਮੰਦਰ ਦੇਖੇ ਜਾ ਸਕਦੇ ਹਨ। ਹਿਮਾਚਲ ਪ੍ਰਦੇਸ਼ ਦੀ ਅਧਿਆਤਮਿਕਤਾ ਤੇ ਹਿੰਦੂ ਫਿਲਾਸਫੀ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਪ੍ਰਸਿੱਧ ਤੇ ਪ੍ਰਾਚੀਨ 'ਹੜਿੰਬਾ ਦੇਵੀ ਮੰਦਰ' ਪੁਰਾਣੀ ਮਨਾਲੀ ਸੜਕ ਉੱਪਰ ਸੁਸ਼ੋਭਿਤ ਹੈ। ਇਸ ਪ੍ਰਾਚੀਨ ਮੰਦਰ ਨੂੰ ਰਾਜਾ ਬਹਾਦਰ ਸਿੰਘ ਨੇ 1553 ਈ: ਵਿਚ ਬਣਾਇਆ ਸੀ। ਇਸ ਪੁਰਾਤਨ ਮੰਦਰ ਦਾ ਇਤਿਹਾਸ ਮਹਾਂਭਾਰਤ ਨਾਲ ਜੁੜਿਆ ਹੋਇਆ ਹੈ। ਇਤਿਹਾਸਕ ਤੇ ਮਿਥਿਹਾਸਕ ਹਵਾਲਿਆਂ ਅਨੁਸਾਰ ਇਹ ਮੰਦਰ ਭੀਮ ਦੀ ਪਤਨੀ ਹੜਿੰਬਾ ਦੇਵੀ ਨੂੰ ਸਮਰਪਿਤ ਹੈ। ਹੜਿੰਬਾ ਦੇਵੀ ਕੁੱਲੂ ਰਾਜਬੰਸ ਨਾਲ ਸਬੰਧ ਰੱਖਦੀ ਸੀ।
ਇਹ ਮੰਨਿਆ ਜਾਂਦਾ ਹੈ ਕਿ ਜਦੋਂ ਪਾਂਡਵ ਭਰਾ ਕੌਰਵਾਂ ਹੱਥੋਂ ਜੂਏ ਵਿਚ ਸਭ ਕੁਝ ਹਾਰ ਗਏ ਸਨ ਤਾਂ ਦੁਰਯੋਧਨ ਨੇ ਪਾਂਡਵ ਭਰਾਵਾਂ ਨੂੰ ਵਰਣਾ ਪੰਥ ਨਾਂਅ ਦੇ ਸਥਾਨ 'ਤੇ ਭੇਜ ਦਿੱਤਾ ਸੀ, ਜਿਥੇ ਦੁਰਯੋਧਨ ਨੇ ਇਕ ਕੱਖਾਂ ਦਾ ਖ਼ੂਬਸੂਰਤ ਮਹਿਲ ਤਿਆਰ ਕਰਵਾਇਆ ਸੀ। ਇਸ ਕੱਖਾਂ ਦੇ ਮਹਿਲ ਅੰਦਰ ਪਾਂਡਵ ਭਰਾਵਾਂ ਨੂੰ ਜਿਉਂਦੇ ਜਲਾਉਣ ਦੀ ਯੋਜਨਾ ਸੀ। ਪਾਂਡਵ ਭਰਾਵਾਂ ਨੂੰ ਵੀ ਇਸ ਗੱਲ ਦੀ ਖ਼ਬਰ ਸੀ ਕਿ ਕੌਰਵ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਇਸ ਮਹਿਲ ਹੇਠਾਂ ਸੁਰੰਗ ਬਣਾ ਲਈ ਸੀ, ਜਿਸ ਰਸਤੇ ਉਹ ਗੰਗਾ ਦੇ ਤੱਟ 'ਤੇ ਪਹੁੰਚ ਗਏ ਸਨ। ਗੰਗਾ ਨਦੀ ਪਾਰ ਕਰਕੇ ਉਹ ਦੱਖਣੀ ਦਿਸ਼ਾ ਵੱਲ ਜੰਗਲਾਂ ਵਿਚ ਚਲੇ ਗਏ ਸਨ। ਉਹ ਜੰਗਲ ਵਿਚ ਭਟਕ ਕੇ ਉਸ ਖੇਤਰ ਵਿਚ ਚਲੇ ਗਏ ਸਨ, ਜਿਥੇ ਰਾਖਸ਼ਸ਼ ਰਹਿੰਦੇ ਸਨ। ਇਸ ਦੌਰਾਨ ਹੀ 'ਹੜਿੰਬ' ਰਾਖਸ਼ਸ਼ ਨੇ ਆਪਣੀ ਭੈਣ ਹੜਿੰਬਾ ਨੂੰ ਸ਼ਿਕਾਰ ਕਰਨ ਲਈ ਭੇਜਿਆ ਸੀ। ਜਦੋਂ ਹੜਿੰਬਾ ਸ਼ਿਕਾਰ ਦੀ ਭਾਲ ਵਿਚ ਜੰਗਲਾਂ ਵਿਚ ਘੁੰਮ ਰਹੀ ਸੀ ਤਾਂ ਉਸ ਨੇ ਕੁੰਤੀ ਸਮੇਤ ਪਾਂਡਵ ਭਰਾਵਾਂ ਨੂੰ ਦੇਖ ਲਿਆ ਸੀ। ਪੰਜ ਪਾਂਡਵਾਂ ਵਿਚੋਂ ਉਸ ਦਾ ਦਿਲ ਭੀਮ ਉੱਪਰ ਆ ਗਿਆ ਸੀ। ਉਹ ਉਸ ਦੀ ਆਸ਼ਕ ਹੋ ਗਈ ਸੀ। ਇਸ ਲਈ ਉਸ ਨੇ ਪਾਂਡਵਾਂ ਉੱਪਰ ਹਮਲਾ ਨਹੀਂ ਕੀਤਾ ਸੀ। ਪਾਂਡਵਾਂ ਦਾ ਸ਼ਿਕਾਰ ਨਾ ਕਰਨ 'ਤੇ ਹੜਿੰਬ ਕ੍ਰੋਧਿਤ ਹੋ ਗਿਆ ਸੀ ਅਤੇ ਉਸ ਨੇ ਆਪ ਹੀ ਪਾਂਡਵਾਂ ਉੱਪਰ ਹਮਲਾ ਕਰ ਦਿੱਤਾ ਸੀ। ਭੀਮ ਤੇ ਹੜਿੰਬ ਵਿਚਕਾਰ ਘਮਸਾਨ ਦਾ ਯੁੱਧ ਹੋਇਆ। ਆਖ਼ਰ ਨੂੰ ਭੀਮ ਨੇ ਹੜਿੰਬ ਨੂੰ ਮਾਰ ਦਿੱਤਾ ਸੀ। ਹੜਿੰਬਾ ਭੀਮ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਭੀਮ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਕੁੰਤੀ ਨੇ ਭੀਮ ਨੂੰ ਇਹ ਕਹਿ ਕੇ ਮਨਾ ਲਿਆ ਸੀ ਕਿ ਹੜਿੰਬਾ ਦਾ ਇਸ ਜੰਗਲ ਵਿਚ ਹੋਰ ਕੋਈ ਨਹੀਂ। ਇਸ ਤਰ੍ਹਾਂ ਭੀਮ ਤੇ ਹੜਿੰਬਾ ਦਾ ਵਿਆਹ ਹੋ ਗਿਆ ਸੀ। ਮਹਾਂਭਾਰਤ ਵਿਚ ਜਿਸ 'ਘਟੋਤਘੱਚ' ਦਾ ਜ਼ਿਕਰ ਆਉਂਦਾ ਹੈ, ਉਹ ਭੀਮ ਤੇ ਹੜਿੰਬਾ ਦਾ ਹੀ ਪੁੱਤਰ ਸੀ। ਹੜਿੰਬਾ ਭਾਵੇਂ ਮੂਲ ਰੂਪ 'ਚ ਜਿਥੇ ਮਰਜ਼ੀ ਨਿਵਾਸ ਰੱਖਦੀ ਸੀ ਪਰ ਮਨਾਲੀ ਵਿਚ ਹੀ ਉਸ ਦਾ ਦੇਵੀਕਰਨ ਹੋਇਆ ਸੀ ਅਤੇ ਰਾਖਸ਼ਸ਼ ਜਾਤੀ ਤੋਂ ਮੁਕਤ ਹੋ ਕੇ ਹੜਿੰਬਾ ਦੇਵੀ ਬਣ ਗਈ ਸੀ। ਮਨਾਲੀ ਵਿਚ ਹੜਿੰਬਾ ਦੇਵੀ ਦਾ ਮੰਦਰ ਉਤਕ੍ਰਿਸ਼ਟ ਕਲਾ ਦਾ ਨਮੂਨਾ ਹੈ। ਮੰਦਰ ਦੇ ਅੰਦਰ ਇਕ ਪ੍ਰਕਿਰਤਕ ਚਟਾਨ ਹੈ, ਜਿਸ ਦੇ ਥੱਲੇ ਹੜਿੰਬਾ ਦੇਵੀ ਦਾ ਸਥਾਨ ਹੈ। ਸਥਾਨਕ ਭਾਸ਼ਾ ਵਿਚ ਇਸ ਚਟਾਨ ਨੂੰ ਢੋਗਕਾ ਵੀ ਕਿਹਾ ਜਾਂਦਾ ਹੈ। ਇਸ ਲਈ ਇਥੇ ਹੜਿੰਬਾ ਦੇਵੀ ਨੂੰ ਢੋਗਰੀ ਦੇਵੀ ਅਤੇ ਗ੍ਰਾਮ ਦੇਵੀ ਦੇ ਨਾਂਅ ਨਾਲ ਵੀ ਪੂਜਿਆ ਜਾਂਦਾ ਹੈ। 4 ਛੱਤਾਂ ਵਾਲਾ ਇਹ ਮੰਦਰ ਪਿਕੋਡਾ ਸ਼ੈਲੀ ਵਿਚ ਬਣਾਇਆ ਗਿਆ ਹੈ। ਦਿਉਦਾਰ ਤੇ ਚੀਲ ਦੇ ਰੁੱਖਾਂ ਵਿਚ ਘਿਰਿਆ ਇਹ ਮੰਦਰ ਸੈਲਾਨੀਆਂ ਲਈ ਰਮਣੀਕ ਨਜ਼ਾਰਾ ਪੇਸ਼ ਕਰਦਾ ਹੈ। ਅੱਜ ਤੱਕ ਲੱਖਾਂ ਹੀ ਸ਼ਰਧਾਲੂ ਇਸ ਪ੍ਰਾਚੀਨ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ।


-ਮੋਬਾ: 94653-69343

ਧਾਰਮਿਕ ਸਾਹਿਤ

ਗੁਰ ਅੰਗਦ ਸੋਭਾ
(ਸਿੱਖ ਧਰਮ ਦੀ ਸਥਾਪਤੀ ਲਈ ਗੁਰੂ ਅੰਗਦ ਦੇਵ ਜੀ ਦਾ ਯੋਗਦਾਨ)
ਲੇਖਕ : ਡਾ: ਅਵਤਾਰ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ।
ਸਫੇ : 624, ਮੁੱਲ : 695 ਰੁਪਏ
ਸੰਪਰਕ : 94784-82210


ਗੁਰਮਤਿ ਦਰਸ਼ਨ ਨਾਲ ਲਬਰੇਜ਼ ਸ਼ਖ਼ਸੀਅਤ ਡਾ: ਅਵਤਾਰ ਸਿੰਘ ਦੀ ਵੱਡ-ਆਕਾਰੀ ਅਤੇ ਵਡਮੁੱਲੀ ਪੁਸਤਕ ਗੁਰ ਅੰਗਦ ਸੋਭਾ ਬੜੀ ਹੀ ਗਿਆਨ-ਵਰਧਕ ਹੈ। ਇਸ ਮਹਾਨ ਪੁਸਤਕ ਦੀ ਤਿਆਰੀ ਬੜੀ ਮਿਹਨਤ ਅਤੇ ਲਗਨ ਨਾਲ ਕੀਤੀ ਗਈ ਹੈ। ਲੇਖਕ ਨੂੰ ਗੁਰਮਤਿ ਸਾਹਿਤ ਨਾਲ ਸਬੰਧਿਤ ਮਣਾਂ-ਮੂੰਹੀ ਸਮੱਗਰੀ ਨਾਲ ਜੂਝਣਾ ਪਿਆ। ਇਸ ਤੱਥ ਦੀ ਸਚਾਈ ਪੁਸਤਕ ਅੰਦਰਲੇ ਹਵਾਲੇ ਅਤੇ ਪੁਸਤਕ ਸੂਚੀ ਤੋਂ ਸਹਿਜੇ ਹੀ ਅਨੁਮਾਨੀ ਜਾ ਸਕਦੀ ਹੈ। ਲੇਖਕ ਨੇ ਇਸ ਨੂੰ ਚਾਰ ਪ੍ਰਮੁੱਖ ਖੰਡਾਂ ਵਿਚ ਵੰਡਿਆ ਹੈ। ਪਹਿਲਾ ਖੰਡ ਇਤਿਹਾਸ ਹੈ, ਜਿਸ ਵਿਚ ਚਾਰ ਅਧਿਐਨ ਸ਼ਾਮਿਲ ਹਨ। ਦੂਜਾ ਖੰਡ ਗੁਰੂ ਅੰਗਦ ਦੇਵ ਜੀ ਦੇ ਯੋਗਦਾਨ ਬਾਰੇ ਹੈ। ਇਸ ਖੰਡ ਵਿਚ ਪੰਜ ਅਧਿਆਇ ਹਨ। ਤੀਜਾ ਖੰਡ ਬਾਣੀ ਬਾਰੇ ਹੈ, ਜਿਸ ਵਿਚ ਤਿੰਨ ਅਧਿਆਇ ਸ਼ਾਮਿਲ ਹਨ। ਚੌਥੇ ਖੰਡ ਵਿਚ ਸਹਾਇਕ ਸਮੱਗਰੀ ਦਿੱਤੀ ਗਈ ਹੈ, ਜਿਸ ਵਿਚ ਦੋ ਖੰਡ ਹਨ। ਇੰਜ ਇਸ ਪੁਸਤਕ ਦੇ ਕੁੱਲ ਕਾਂਡ 14 ਹਨ। ਪਹਿਲੇ ਅਧਿਆਇ ਵਿਚ ਗੁਰੂ ਅੰਗਦ ਦੇਵ ਜੀ ਸਮੇਂ (1504-52) ਦੀ ਤਤਕਾਲਿਕ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਦਸ਼ਾ ਬਿਆਨ ਕੀਤੀ ਗਈ ਹੈ।
ਦੂਜੇ ਅਧਿਆਇ ਵਿਚ ਭਾਈ ਲਹਿਣਾ ਤੋਂ ਗੁਰੂ ਅੰਗਦ ਹੋਣ ਦਾ ਸਫ਼ਰ ਉਲੀਕਿਆ ਗਿਆ ਹੈ। ਇਸ ਕਾਂਡ ਵਿਚ ਉਨ੍ਹਾਂ ਦੇ ਜਨਮ ਤੋਂ ਸ਼ੁਰੂ ਕਰਕੇ ਜਨਮ ਸਥਾਨ, ਵਡੇਰਿਆਂ, ਬਚਪਨ ਤੇ ਸ਼ਾਦੀ, ਆਤਮਿਕ ਜਗਿਆਸਾ, ਪਹਿਲੀ ਪਾਤਸ਼ਾਹੀ ਨਾਲ ਮਿਲਾਪ, ਸੇਵਾ ਪ੍ਰੀਖਿਆਵਾਂ ਤੇ ਅਖੀਰ ਯੋਗ ਉੱਤਰਾਧਿਕਾਰੀ ਵਜੋਂ ਗੁਰੂ ਅੰਗਦ ਦੀ ਉਪਾਧੀ ਪ੍ਰਾਪਤ ਕਰਨ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦਾ ਉਲੇਖ ਮਿਲਦਾ ਹੈ। ਤੀਜੇ ਅਧਿਆਇ ਵਿਚ ਗੁਰੂ ਪਦਵੀ ਪ੍ਰਾਪਤ ਕਰਨ ਉਪਰੰਤ ਖਡੂਰ ਸਾਹਿਬ ਵਿਖੇ ਪਹਿਲਾਂ ਗੁਪਤ ਵਾਸ ਅਤੇ ਬਾਅਦ ਵਿਚ ਪ੍ਰਗਟ ਹੋ ਕੇ ਗੁਰੂ-ਕਾਰਜ ਆਰੰਭ ਕਰਨ ਬਾਰੇ ਦੱਸਿਆ ਗਿਆ ਹੈ। ਚੌਥੇ ਕਾਂਡ ਵਿਚ ਗੁਰੂ ਅੰਗਦ ਦੇਵ ਜੀ ਦੇ ਸਿੱਖੀ ਪਰਿਵਾਰ (ਮਾਤਾ ਖੀਵੀ ਜੀ, ਮਾਤਾ ਵਿਰਾਈ ਜੀ) ਅਤੇ ਉਸ ਸਮੇਂ ਦੇ ਗੁਰਸਿੱਖਾਂ ਵਿਸ਼ੇਸ਼ ਕਰਕੇ ਭਾਈ ਬੁੱਢਾ ਜੀ, ਭਾਈ ਲਾਲੋ ਜੀ, ਭਾਈ ਦੁਨੀ ਚੰਦ ਜੀ, ਭਾਈ ਸੌਂਧੇ ਸ਼ਾਹ, ਰਾਇ ਬਲਵੰਡ ਰਬਾਬੀ ਨਾਲ ਜਾਣ-ਪਛਾਣ ਕਰਵਾਈ ਗਈ ਹੈ। ਪੰਜਵੇਂ ਅਧਿਆਇ ਵਿਚ ਦੇਵਨਾਗਰੀ ਅਤੇ ਫਾਰਸੀ ਦੇ ਮੁਕਾਬਲੇ ਵਿਚ ਮਾਂ-ਬੋਲੀ ਪੰਜਾਬੀ ਲਈ ਗੁਰਮੁਖੀ ਲਿਪੀ ਦੇ ਪ੍ਰਚਲਣ, ਪ੍ਰਸਾਰ ਤੇ ਪ੍ਰਭਾਵ ਦੇ ਨਾਲ-ਨਾਲ ਗੁਰਮੁਖੀ ਲਿਪੀ ਵਿਚ ਗੁਰੂ ਨਾਨਕ ਬਾਣੀ, ਭਗਤ ਬਾਣੀ, ਆਪਣੀ ਬਾਣੀ, ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ (ਪੈੜੇ ਮੋਖੇ ਤੋਂ) ਲਿਖਵਾਈ।
ਸੱਤਵੇਂ ਅਧਿਆਇ ਵਿਚ ਲੰਗਰ ਪ੍ਰਥਾ ਚਾਲੂ ਕਰਨਾ, ਮੱਲਾਂ ਦੇ ਅਖਾੜੇ ਆਦਿ ਸਮਾਜਿਕ ਮਿਲਾਪ ਦੇ ਕਾਰਜਾਂ ਨੂੰ ਪਹਿਲ ਦੇਣ ਤੋਂ ਇਲਾਵਾ ਗੋਇੰਦਵਾਲ ਅਤੇ ਖਡੂਰ ਸਾਹਿਬ ਬਾਰੇ ਮੁੱਲਵਾਨ ਦ੍ਰਿਸ਼ ਉਜਾਗਰ ਕੀਤਾ ਗਿਆ ਹੈ। ਅੱਠਵੇਂ ਅਧਿਆਇ ਵਿਚ ਹੋਰਨਾਂ ਧਰਮਾਂ ਦੀ ਤੁਲਨਾ ਵਿਚ ਸਿੱਖ ਧਰਮ ਦਾ ਮਹੱਤਵ ਸਥਾਪਿਤ ਕੀਤਾ ਗਿਆ ਹੈ। ਨੌਵੇਂ ਅਧਿਆਇ ਵਿਚ ਗੁਰੂ ਅਮਰਦਾਸ ਜੀ ਨੂੰ ਯੋਗ ਉੱਤਰਾਧਿਕਾਰੀ ਮੰਨ ਕੇ ਗੁਰਿਆਈ ਸੌਂਪਣ ਦੀ ਪਵਿੱਤਰ ਰਸਮ ਦੀ ਗਾਥਾ ਹੈ। ਦਸਵੇਂ ਅਧਿਆਇ ਵਿਚ ਗੁਰੂ ਅੰਗਦ ਬਾਣੀ (63 ਸਲੋਕਾਂ) ਦਾ ਮੂਲ ਪਾਠ ਪ੍ਰਸਤੁਤ ਹੈ। ਗਿਆਰ੍ਹਵੇਂ ਕਾਂਡ ਵਿਚ ਗੁਰੂ ਸਾਹਿਬ ਦੀ ਕਾਵਿ-ਕਲਾ ਨੂੰ ਵਿਭਿੰਨ ਪੱਖਾਂ-ਰੂਪ, ਰਸ, ਅਲੰਕਾਰ, ਸ਼ਬਦਾਵਲੀ ਦੀ ਦ੍ਰਿਸ਼ਟੀ ਤੋਂ ਉਦਾਹਰਨਾਂ ਸਹਿਤ ਪੇਸ਼ ਕੀਤਾ ਗਿਆ ਹੈ। ਬਾਰ੍ਹਵੇਂ ਕਾਂਡ ਵਿਚ ਬਾਣੀ ਦੇ ਵਿਸ਼ਾ ਵਸਤੂ (ਗੁਰੂ ਦੀ ਮਹੱਤਤਾ, ਗੁਰੂ ਦੀ ਪਛਾਣ, ਸ਼ਬਦ ਗੁਰੂ ਆਦਿ) 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਹੈ। ਤੇਰ੍ਹਵੇਂ ਕਾਂਡ ਵਿਚ ਗੁਰੂ ਅੰਗਦ ਦੇਵ ਜੀ ਦੇ ਸੰਪੂਰਨ ਜੀਵਨ 'ਤੇ ਪੁਨਰ-ਝਾਤ ਪੁਆਈ ਗਈ ਹੈ। ਪੁਸਤਕ ਲੋੜੀਂਦੀਆਂ ਤਸਵੀਰਾਂ, ਪ੍ਰਮਾਣਿਕ ਹਵਾਲਿਆਂ ਅਤੇ ਤਾਲਿਕਾਵਾਂ ਨਾਲ ਸੁਸਜਿਤ ਹੈ। ਸੰਖੇਪ ਇਹ ਕਿ ਗੁਰੂ ਅੰਗਦ ਦੇਵ ਜੀ ਦੇ ਸਿੱਖ ਧਰਮ ਦੀ ਸਥਾਪਤੀ ਲਈ ਪਾਏ ਗਏ ਯੋਗਦਾਨ ਲਈ ਇਹ ਪੁਸਤਕ ਪ੍ਰਮਾਣਿਤ ਦਸਤਾਵੇਜ਼ ਹੋ ਨਿਬੜੀ ਹੈ।


-ਡਾ: ਧਰਮ ਚੰਦ ਵਾਤਿਸ਼
ਮੋਬਾ: 88376-79186


ਗੁਰਬਾਣੀ ਦੀ ਮਹੱਤਤਾ

ਆਧੁਨਿਕ ਵਿਗਿਆਨਕ ਖੋਜਾਂ ਦੇ ਸੰਦਰਭ ਵਿਚ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ।
ਪੰਨੇ : 127, ਕੀਮਤ : 200 ਰੁਪਏ
ਸੰਪਰਕ : 94634-12031


ਅੱਜ ਲੋੜ ਹੈ ਕਿ ਗੁਰਬਾਣੀ ਵਿਚਲੇ ਅਥਾਹ ਗਿਆਨ ਦੀ ਆਧੁਨਿਕ ਵਿਗਿਆਨਕ ਖੋਜਾਂ ਦੇ ਸੰਦਰਭ ਵਿਚ ਵਿਆਖਿਆ ਕਰਨ ਦੀ, ਤਾਂ ਕਿ ਇਸ ਦੌਰ ਦੇ ਲੋਕਾਂ ਦੀ ਤ੍ਰਿਪਤੀ ਹੋ ਸਕੇ। ਲੇਖਕ ਨੇ ਇਸੇ ਮੰਤਵ ਨੂੰ ਲੈ ਕੇ ਇਸ ਪੁਸਤਕ ਦੀ ਰਚਨਾ ਕੀਤੀ ਹੈ। ਇਹ ਹੀ ਸਹੀ ਅਰਥਾਂ ਵਿਚ ਸ਼ਬਦ ਗੁਰੂ ਦੀ ਸੇਵਾ ਹੈ। ਪੁਸਤਕ ਦੇ 7 ਅਧਿਆਇ ਹਨ : ਆਧੁਨਿਕ ਡਾਕਟਰੀ ਪਹੁੰਚ, ਸਾਧ ਦੀ ਪੁੜੀ, ਬ੍ਰਹਿਮੰਡੀ ਰਚਨਾ, ਰੱਬੀ ਜੋਤਿ, ਅਰਦਾਸ ਬੇਨਤੀ, ਦੁਨਿਆਵੀ ਖੁਸ਼ੀ ਅਤੇ ਪਰਮਾਤਮਾ ਦੀ ਹੋਂਦ।
ਨਵੀਨਤਮ ਵਿਧੀ ਰਾਹੀਂ ਲੇਖਕ ਨੇ ਹਰ ਨੁਕਤੇ ਨੂੰ ਸੰਤੁਲਿਤ ਪਹੁੰਚ ਅਪਣਾਉਂਦਿਆਂ ਵਿਗਿਆਨ ਅਤੇ ਗੁਰਬਾਣੀ ਵਿਚੋਂ ਢੁਕਵੇਂ ਹਵਾਲੇ ਦੇ ਕੇ ਪਰਿਭਾਸ਼ਿਤ ਕੀਤਾ ਹੈ। ਲੇਖਕ ਨੇ ਅਜੋਕੇ ਵਿਗਿਆਨੀਆਂ ਅੰਦਰ ਰੱਬੀ ਹੋਂਦ ਸਬੰਧੀ ਭਰੋਸੇ ਦੀ ਵਧ ਰਹੀ ਰੁਚੀ ਨੂੰ ਵੀ ਸਾਹਮਣੇ ਲਿਆਂਦਾ ਹੈ।
ਕੁਝ ਵੰਨਗੀਆਂ:
1. ਉਦਮੁ ਕਰਤ ਹੋਵੈ ਮਨੁ ਨਿਰਮਲੁ ਨਾਚੈ ਆਪੁ ਨਿਵਾਰੈ॥ (ਅੰਗ ੩੮੧)
2. ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੈ ਪ੍ਰਤਿਪਾਲਾ। (ਅੰਗ ੭੫੪)
3. ਖੰਡ ਦੀਪ ਸਭ ਲੋਆ॥ ਏਕ ਕਵਾਵੈ ਤੇ ਸਭਿ ਹੋਆ॥ (ਅੰਗ ੧੦੦੩)
4. ਅਕੁਲ ਪੁਰਖ ਇਕੁ ਚਲਿਤੁ ਉਪਾਇਆ॥
ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ॥ (ਅੰਗ ੧੩੫੧)
5. ਪੂਰਨ ਪੂਰਿ ਰਹਿਓ ਸਭ ਜਾਇ॥ (ਅੰਗ ੧੭੮)
ਲੇਖਕ ਨੇ ਗੁਰਬਾਣੀ ਤੋਂ ਇਲਾਵਾ ਤਨਖਾਹਨਾਮਾ ਅਤੇ ਹੋਰ ਧਾਰਮਿਕ ਸਾਹਿਤ ਦੇ ਨਾਲ-ਨਾਲ ਪ੍ਰਸਿੱਧ ਵਿਗਿਆਨੀਆਂ ਦੇ ਵਿਚਾਰ ਵੀ ਦਰਜ ਕੀਤੇ ਹਨ, ਜਿਹੜੇ ਕਿ ਅੰਗਰੇਜ਼ੀ ਭਾਸ਼ਾ ਵਿਚ ਹਨ। ਇਹ ਪੁਸਤਕ ਸਹੀ ਅਰਥਾਂ ਵਿਚ ਸ਼ਬਦ ਗੁਰੂ ਦੇ ਸੰਦੇਸ਼ ਨੂੰ ਬ੍ਰਹਿਮੰਡੀ ਦਿਸਹੱਦਿਆਂ ਤੱਕ ਪਹੁੰਚਾਉਣ ਦਾ ਨਿੱਗਰ ਉਪਰਾਲਾ ਹੈ।
ਗੁਰਬਾਣੀ ਦੀ ਪ੍ਰਚਲਿਤ ਸਹੀ ਵਰਤੋਂ
ਲੇਖਕ : ਸੁਖਜੀਤ ਸਿੰਘ ਕਪੂਰਥਲਾ
ਪ੍ਰਕਾਸ਼ਕ : ਚੱਕ ਸਤਾਰਾਂ ਪ੍ਰਕਾਸ਼ਨ, ਰਾਜਪੁਰਾ।
ਪੰਨੇ : 113, ਕੀਮਤ : 100 ਰੁਪਏ
ਸੰਪਰਕ : 98720-76876
ਲੇਖਕ ਦੀ ਇਹ 7ਵੀਂ ਪੁਸਤਕ ਹੈ। ਸਰਕਾਰੀ ਨੌਕਰੀ ਕਰ ਰਿਹਾ ਲੇਖਕ ਸਮਾਂ ਕੱਢ ਕੇ ਗੁਰਮਤਿ ਪ੍ਰਚਾਰਕ, ਕਥਾਵਾਚਕ ਅਤੇ ਧਾਰਮਿਕ ਤੇ ਸਮਾਜਿਕ ਵਿਸ਼ਿਆਂ 'ਤੇ ਲਿਖਣ ਵਾਲਾ ਕਰਮਸ਼ੀਲ ਵਿਅਕਤੀ ਹੈ। ਪੁਸਤਕ ਦੇ 23 ਅਧਿਆਏ ਹਨ, ਜਿਨ੍ਹਾਂ ਰਾਹੀਂ ਗੁਰਬਾਣੀ ਦੀ ਪ੍ਰਚਲਿਤ ਸਹੀ ਵਰਤੋਂ ਵਾਲੇ ਵਿਦਵਤਾ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਪਹਿਲੇ ਲੇਖ ਸਮੇਤ ਸਾਰੇ ਹੀ ਲੇਖਾਂ ਵਿਚ ਗੁਰਬਾਣੀ ਦੇ ਬੇਅੰਤ ਢੁਕਵੇਂ ਪ੍ਰਮਾਣ/ਪਾਵਨ ਪੰਕਤੀਆਂ ਦੇ ਕੇ ਹਰ ਨੁਕਤੇ ਨੂੰ ਸਪੱਸ਼ਟ ਕੀਤਾ ਗਿਆ ਹੈ। ਕੁਝ ਵੰਨਗੀਆਂ :
ਏਹਿ ਭਿ ਦਾਤਿ ਤੇਰੀ ਦਾਤਾਰ : ਇਸ ਤੁਕ ਵਾਲੇ ਸ਼ਬਦ ਦਾ ਸਹੀ ਭਾਵ ਅਰਥ ਹੈ ਕਿ ਜੀਵਨ ਵਿਚ ਆਉਣ ਵਾਲੇ ਦੁੱਖਾਂ-ਸੁੱਖਾਂ ਨੂੰ ਪ੍ਰਮੇਸ਼ਵਰ ਦੀ ਬਖਸ਼ਿਸ਼ ਸਮਝ ਕੇ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ।
ਕਹਦੇ ਕਚੇ ਸੁਣਦੇ ਕਚੇ : ਇਸ ਤੁਕ ਵਾਲੇ ਸ਼ਬਦ ਦਾ ਸਹੀ ਅਰਥ ਭਾਵ ਇਹ ਹੈ ਕਿ ਗੁਰਬਾਣੀ ਨੂੰ ਉਸ ਦੇ ਸਹੀ ਪਰਿਪੇਖ ਵਿਚ ਹੀ ਸਮਝਿਆ ਜਾਵੇ ਤੇ ਆਪਣੇ ਕੋਲੋਂ ਕੁਝ ਤੁਕਾਂ ਘੜ ਕੇ ਸੰਸਾਰਕ ਕਾਰਜਾਂ ਲਈ ਇਨ੍ਹਾਂ ਦੀ ਵਰਤੋਂ ਨਾ ਕੀਤੀ ਜਾਵੇ।
ਜਿਵੇਂ :
ਨਾਨਕ ਨੀਵਾਂ ਜੋ ਚਲੇ ਲਗੈ ਨ ਤਤੀ ਵਾਉ॥
ਇਹ ਗੁਰਬਾਣੀ ਨਹੀਂ ਹੈ। ਹਰ ਲੇਖ ਦੇ ਅਖੀਰ ਵਿਚ ਗੁਰਮਤਿ ਸਿਧਾਂਤ-ਸਵੈ ਪੜਚੋਲ ਸਿਰਲੇਖ ਹੇਠ ਦਿੱਤੇ ਪੈਰ੍ਹੇ ਗੱਲ ਨੂੰ ਹੋਰ ਸਪੱਸ਼ਟ ਕਰਦੇ ਹਨ। ਅਖੀਰ ਵਿਚ 'ਅਜੀਤ' ਵਿਚ ਉਸ ਦੀਆਂ ਕਿਤਾਬਾਂ ਦੇ ਛਪੇ ਕੁਝ ਰੀਵਿਊ ਦਰਜ ਹਨ। ਪੁਸਤਕ ਇਕ ਨਿਵੇਕਲੀ ਰਚਨਾ ਹੈ।


-ਤੀਰਥ ਸਿੰਘ ਢਿੱਲੋਂ
98154-61710






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX