ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆ ਗਿਰੋਹ ਦੇ ਚਾਰ ਮੈਂਬਰਾਂ ਨੂੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਫ਼ਾਜ਼ਿਲਕਾ ਜਗਦੀਸ਼ ....
ਕੈਦੀ ਭਜਾ ਕੇ ਲਿਜਾਉਣ ਦੀ ਪੁਲਿਸ ਮੁਲਜ਼ਮਾਂ ਨੇ ਘੜੀ ਝੂਠੀ ਕਹਾਣੀ
. . .  1 day ago
ਤਲਵੰਡੀ ਭਾਈ, 24 ਜੂਨ (ਕੁਲਜਿੰਦਰ ਸਿੰਘ ਗਿੱਲ)- ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ੀ ਲਈ ਲਿਆਏ ਜਾ ਰਹੇ ਇੱਕ ਕੈਦੀ ਨੂੰ ਉਸ ਦੇ ਸਾਥੀਆਂ ਵੱਲੋਂ ਭਜਾ ਕੇ ਲੈ ਜਾਣ ਦੀ ਸੂਚਨਾ ਨੇ ਜ਼ਿਲ੍ਹਾ ਫ਼ਿਰੋਜਪੁਰ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਪ੍ਰੰਤੂ ਸਾਰੇ .....
ਹੋਰ ਖ਼ਬਰਾਂ..

ਫ਼ਿਲਮ ਅੰਕ

'ਖ਼ਾਮੋਸ਼ੀ' ਕੰਮ ਆਊ ਤਮੰਨਾ ਭਾਟੀਆ

'ਬਾਹੂਬਲੀ' ਵਾਲੀ ਤਮੰਨਾ ਭਾਟੀਆ ਦੇ ਪ੍ਰਸੰਸਕ, ਦੀਵਾਨੇ ਵਧਦੇ ਜਾ ਰਹੇ ਹਨ। ਲੋਕ ਤਮੰਨਾ ਦੇ ਅਭਿਨੈ ਦੇ ਹੀ ਨਹੀਂ ਬਲਕਿ ਨਾਚ ਦੇ ਵੀ ਦੀਵਾਨੇ ਹਨ। 'ਅੰਗਰੇਜ਼ੀ ਬੀਟਸ' ਦੇਸੀ ਅੰਦਾਜ਼ ਦੇ ਨਾਚ ਵਾਲਾ ਉਸ ਦਾ ਵੀਡੀਓ ਇਸ ਸਮੇਂ ਚਰਚਾ 'ਚ ਹੈ। ਗੀਤ 'ਮਜੈਂਟਾ ਰਿਦਿਮ' ਤੇ ਤਮੰਨਾ ਨੇ ਖੂਬ ਡਾਂਸ ਕੀਤਾ। ਭਾਰਤੀ ਸੰਸਕ੍ਰਿਤੀ ਦੀ ਪਹਿਰੇਦਾਰ ਡੀ.ਜੇ. ਸਲੋਕ ਨੇ ਇਹ ਸਭ ਤਮੰਨਾ ਲਈ ਕੀਤਾ ਹੈ। ਵਿਰਾਟ ਕੋਹਲੀ ਨਾਲ ਇਕ ਮੋਬਾਈਲ ਫੋਨ ਦਾ ਵਿਗਿਆਪਨ ਕਰ ਚੁੱਕੀ ਤਮੰਨਾ ਨੇ ਇਹ ਖ਼ਬਰਾਂ ਖਾਰਜ ਕੀਤੀਆਂ ਹਨ ਕਿ ਵਿਰਾਟ ਨਾਲ ਉਸ ਦਾ ਵਾਹ ਪ੍ਰੇਮ ਦੀਵਾਨਣ ਵੱਜੋਂ ਪਿਆ ਸੀ। ਇਸ ਸਮੇਂ ਤਮੰਨਾ ਦੱਖਣ ਦੀਆਂ ਫ਼ਿਲਮਾਂ 'ਦੇਵੀ-2', 'ਦੈਟ ਇਜ਼ ਮਹਾਂਲਕਸ਼ਮੀ' 'ਚ ਨਜ਼ਰ ਆ ਰਹੀ ਹੈ। ਇਹ ਜ਼ਰੂਰ ਹੈ ਕਿ ਇਸ ਸਮੇਂ ਉਸ ਕੋਲ ਕੋਈ ਵੀ ਹਿੰਦੀ ਫ਼ਿਲਮ ਨਹੀਂ ਹੈ। 'ਸਈਰਾ ਨਰਸਿਮ੍ਹਾ-ਰੈਡੀ' ਇਹ ਦੱਖਣ ਦੀ ਫ਼ਿਲਮ ਹਿੰਦੀ 'ਚ ਵੀ ਆਏਗੀ ਤੇ ਤਮੰਨਾ ਨੂੰ ਇਸ ਗੱਲ ਦੀ ਖ਼ੁਸ਼ੀ ਹੈ। 10 ਮਿੰਟ ਦੇ ਸਟੇਜ ਨਾਚ ਲਈ 30 ਲੱਖ ਰੁਪਏ ਦੀ ਰਕਮ ਉਹ ਲੈਂਦੀ ਹੈ ਸੋ ਜ਼ਾਹਿਰ ਹੈ ਕਿ ਤਮੰਨਾ ਭਾਟੀਆ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੈ। ਆਪਣੇ ਪਾਲਤੂ ਕੁੱਤੇ ਨੂੰ ਦੇਖ ਕੇ ਹੀ ਤਮੰਨਾ ਨੇ ਸ਼ਾਕਾਹਾਰੀ ਬਣਨ ਦਾ ਫੈਸਲਾ ਲਿਆ। 'ਖ਼ਾਮੋਸ਼ੀ' ਫ਼ਿਲਮ ਫਿਰ ਆਏਗੀ ਤੇ ਇਸ 'ਚ ਤਮੰਨਾ ਤੇ ਪ੍ਰਭੂਦੇਵਾ ਹਨ। ਸੁੰਦਰ ਸੀ. ਦੀ ਨਵੀਂ ਫ਼ਿਲਮ ਵੀ ਉਹ ਪ੍ਰਾਪਤ ਕਰਨ 'ਚ ਕਾਮਯਾਬ ਰਹੀ ਹੈ। ਤੇ ਹਾਂ, ਵਿੱਕੀ ਕੌਸ਼ਲ ਪ੍ਰਤੀ ਤਮੰਨਾ ਦੇ ਦਿਲ ਦੀ ਤਾਰ ਖੜਕਣੀ ਆਮ ਜਿਹੀ ਗੱਲ ਹੈ। ਤਮੰਨਾ ਭਾਟੀਆ ਚਾਹੇ ਬਾਲੀਵੁੱਡ ਵਿਚ ਸਥਾਪਿਤ ਨਹੀਂ ਹੋ ਸਕੀ ਪਰ ਇਥੇ ਉਸ ਦਾ ਪੂਰਾ ਨਾਂਅ ਹੈ। ਦੱਖਣ ਦੀ ਇਹ ਸਟਾਰ ਹੀਰੋਇਨ ਸ਼ਾਕਾਹਾਰੀ ਬਣ ਕੇ ਹੋ ਸਕਦਾ ਆਪਣੇ ਕੈਰੀਅਰ 'ਚ ਤਬਦੀਲੀ ਮਹਿਸੂਸ ਕਰੇ। ਕੋਸ਼ਿਸ਼ ਇਹੀ ਹੈ ਕਿ ਤਮੰਨਾ ਵੱਧ ਤੋਂ ਵੱਧ ਹਿੰਦੀ ਫ਼ਿਲਮਾਂ ਕਰੇ।


ਖ਼ਬਰ ਸ਼ੇਅਰ ਕਰੋ

ਨੋਰਾ ਫਤੇਹੀ ਹੁਣ ਅਭਿਨੈ ਵੱਲ ਧਿਆਨ

ਖ਼ੂਬਸੂਰਤ ਨਾਚ ਦੇ ਕਾਰਨ ਨੋਰਾ ਫਤੇਹੀ ਦੀ ਬੀ-ਟਾਊਨ 'ਚ ਬੱਲੇ-ਬੱਲੇ ਹੈ। ਬੈਲੇ ਡਾਂਸ ਹੋਵੇ ਨੋਰਾ ਦਾ ਤੇ ਦਰਸ਼ਕ ਹੋ ਜਾਣ ਮਦਹੋਸ਼ ਆਮ ਗੱਲ ਹੈ ਤੇ ਅਜਿਹਾ ਕਰਦੀ ਨੋਰਾ ਨਾਲ ਫੋਟੋਆਂ ਖਿਚਵਾਉਣ ਦੀ ਤਮੰਨਾ ਉਸ ਦੇ ਆਕਰਸ਼ਣ ਤੇ ਰੇਟਿੰਗ 'ਚ ਹੋਰ ਵਾਧਾ ਕਰਦੀ ਹੈ। ਟਾਈਗਰ ਸ਼ਰਾਫ਼ ਵੀ ਨੋਰਾ ਦੇ ਡਾਂਸ ਦਾ ਮੁਰੀਦ ਹੈ। ਨੋਰਾ ਨੇ ਟਾਈਗਰ ਨਾਲ ਸੰਪਰਕ ਕਰ ਕੇ ਧੰਨਵਾਦ ਦੇ ਨਾਲ-ਨਾਲ ਉਸ ਨਾਲ ਨੱਚਣ ਦਾ ਬੁਲਾਵਾ ਵੀ ਦਿੱਤਾ। ਕੈਨੇਡਾ ਦੀ ਜੰਮਪਲ ਬੈਲੇ ਨ੍ਰਤਕੀ ਨੋਰਾ 'ਦਿਲਬਰ' ਗਾਣੇ ਨਾਲ ਲੋਕਪ੍ਰਿਯਤਾ ਦੇ ਸਿਖਰ 'ਤੇ ਜਾ ਚੁੱਕੀ ਹੈ। ਜ਼ੀ. ਸਿਨੇ ਐਵਾਰਡਜ਼ ਦੌਰਾਨ ਵੀ ਨੋਰਾ ਦਾ ਨਾਚ ਸਿਖਰ 'ਤੇ ਰਿਹਾ ਹੈ। 2018 ਨੂੰ ਚੰਗਾ ਸਾਲ ਤੇ 2019 ਨੂੰ ਉਮੀਦਾਂ ਵਾਲਾ ਸਾਲ ਕਹਿਣ ਵਾਲੀ ਨੋਰਾ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ, ਮਲਿਆਲਮ ਫ਼ਿਲਮਾਂ 'ਚ ਵੀ ਕੰਮ ਕਰ ਰਹੀ ਹੈ। ਨੋਰਾ ਨੂੰ ਏ.ਬੀ.ਸੀ.ਡੀ.-3' ਵੀ ਮਿਲ ਰਹੀ ਹੈ। ਰਿਆਲਿਟੀ ਸ਼ੋਅ 'ਬਿੱਗ ਬੌਸ' ਨੇ ਨੋਰਾ ਦਾ ਕਾਫ਼ੀ ਅਧਾਰ ਵਧਾਇਆ ਹੈ। ਪ੍ਰਕਾਸ਼ ਨਾਲ 'ਬਾਹੂਬਲੀ' ਕਰ ਨੋਰਾ ਨੇ ਤਹਿਲਕਾ ਹੀ ਮਚਾ ਦਿੱਤਾ। ਫਿਰ ਤਾਂ ਦੇਖਦੇ ਹੀ ਦੇਖਦੇ ਉਹ ਤੇਲਗੂ ਸਿਨੇਮਾ ਦੀ ਸੁਪਰ ਹੀਰੋਇਨ ਬਣ ਗਈ। ਨੋਰਾ ਦਾ ਨੇਹਾ ਧੂਪੀਆ ਦੇ ਘਰ ਵਾਲੇ ਅੰਗਦ ਬੇਦੀ ਨਾਲ ਦੋਸਤਾਨਾ ਵੀ ਕਾਫ਼ੀ ਮਸ਼ਹੂਰ ਹੈ। 'ਸਟਰੀਟ ਡਾਂਸਰ', '3-ਡੀ' 'ਚ ਨੋਰਾ ਦੀ ਸਮਝ ਇਕ ਤਰ੍ਹਾਂ ਨਾਲ ਬਾਲੀਵੁੱਡ ਦੀਆਂ ਕੰਧਾਂ ਨੂੰ ਹਿਲਾ ਕੇ ਰੱਖ ਦੇਵੇਗੀ। 'ਰਾਕੀ ਹੈਂਡਸਮ' ਦਾ ਆਈਟਮ ਨੋਰਾ ਨੂੰ ਖੁਦ ਦੀਆਂ ਨਜ਼ਰਾਂ 'ਚ ਸਭ ਤੋਂ ਵਧੀਆ ਲੱਗਿਆ ਹੈ। ਅਰਬ ਪਰਿਵਾਰ ਨਾਲ ਨਾਤਾ ਹੋਣ ਕਾਰਨ ਧਾਰਮਿਕ ਵਿਚਾਰਾਂ ਦਾ ਪ੍ਰਭਾਵ ਵੀ ਨੋਰਾ 'ਤੇ ਕਾਫੀ ਹੈ। ਹੋ ਸਕਦਾ ਹੈ ਕਿ ਨੋਰਾ ਆ ਰਹੇ ਸਮੇਂ ਦੌਰਾਨ ਕੈਮਿਊ ਤੇ ਆਈਟਮ ਗੀਤ ਘੱਟ ਕਰ ਕੇ ਅਭਿਨੈ ਵੱਲ ਵੀ ਥੋੜ੍ਹਾ ਧਿਆਨ ਦੇਵੇ।

ਪੂਜਾ ਹੇਗੜੇ ਲੂਡੋ ਸਪੈਸ਼ਲਿਸਟ

ਬਿਜਲੀ ਦੀ ਮਕੈਨਿਕ, ਡਾਕੀਆ ਜਾਂ ਫਿਰ ਰੇਲ ਲਾਈਨ 'ਤੇ ਹਰੇ-ਲਾਲ ਸਿਗਨਲ ਦੇਣ ਦਾ ਕੰਮ ਇਹੋ ਜਿਹੀ ਨੌਕਰੀ ਪੂਜਾ ਹੇਗੜੇ ਚਾਹੁੰਦੀ ਸੀ ਜਦ ਦਸਵੀਂ ਪਾਸ ਕੀਤੀ ਸੀ। ਸਾਥਣ ਕੁੜੀਆਂ ਉਸ ਨੂੰ 'ਟਾਮ ਬੁਆਏ' ਕਹਿੰਦੀਆਂ ਸਨ। ਇਹ ਸਭ ਤਾਂ ਰਿਤਿਕ ਰੌਸ਼ਨ ਦੀ ਇਸ ਨਾਇਕਾ ਨੂੰ ਚੰਗਾ ਲੱਗਦਾ ਸੀ ਪਰ ਜਦ ਹੈਗੜੇ ਦੀ ਥਾਂ ਕੋਈ ਉਸ ਨੂੰ ਹੇਗਰੇ 'ਹੇਗੜਾ' ਕਹੇ ਤਾਂ ਪੂਜਾ ਦਾ ਗੁੱਸਾ ਸਤਵੇਂ ਅਸਮਾਨੀਂ...। ਅਮਰੀਕਨ ਅਭਿਨੇਤਰੀ ਜੋਸ਼ੂਆ ਡੇਵਿਡ ਦੀ ਉਹ ਆਪਾਰ ਪ੍ਰਸੰਸਕਾ ਹੈ। ਭਾਰਤ ਨਾਟਿਅਮ ਦੀ ਮਾਹਿਰ ਪੂਜਾ ਨੇ ਕਾਮਰਸ ਦੀ ਪੜ੍ਹਾਈ ਵੀ ਕੀਤੀ ਹੈ। 'ਹਾਊਸਫੁਲ-4' ਲਈ ਸ਼ਾਜਿਦ ਖ਼ਾਨ ਨੇ ਪੂਜਾ 'ਤੇ ਪੂਰਾ ਵਿਸ਼ਵਾਸ ਪ੍ਰਗਟ ਕੀਤਾ ਹੈ। ਕ੍ਰਿਤੀ ਸੇਨਨ ਤੇ ਕ੍ਰਿਤੀ ਖਰਬੰਦਾ ਨਾਲ ਪੂਜਾ ਦਾ ਤਾਲਮੇਲ ਵਧੀਆ ਹੋਣ ਕਾਰਨ ਪੂਜਾ ਨੂੰ 'ਹਾਊਸਫੁਲ-4' ਲਈ ਕੰਮ ਕਰਨ 'ਚ ਦਿੱਕਤ ਮਹਿਸੂਸ ਨਹੀਂ ਹੋਈ। ਰਾਮ ਚਰਨ ਨੇ ਦੱਖਣ ਦੀ ਇਕ ਫ਼ਿਲਮ 'ਚ ਪੂਜਾ 'ਤੇ ਖਾਸ ਆਈਟਮ ਗੀਤ ਸ਼ਾਮਿਲ ਕੀਤਾ ਹੈ। ਇਧਰ ਦੇਖੋ ਅਕਸ਼ੈ ਕੁਮਾਰ ਜਿਹੇ ਸੁਪਰ ਸਿਤਾਰੇ ਨੂੰ ਪੂਜਾ ਨੇ ਇਕ ਖੇਡ 'ਚ ਦੋ ਵਾਰ ਹਰਾਇਆ ਹੈ। ਹਰਾਉਣ ਤੋਂ ਬਾਅਦ ਟਵਿੱਟਰ 'ਤੇ ਜਾ ਕੇ ਰਿਤਿਕ ਰੌਸ਼ਨ ਨੂੰ ਨਾਲ ਨੱਥੀ ਕਰਕੇ ਪੂਜਾ ਨੇ ਟਵੀਟ ਕੀਤਾ ਤਾਂ ਅੱਕੀ ਨੂੰ ਬਹੁਤ ਗੁੱਸਾ ਆਇਆ। ਲੂਡੋ ਦੀ ਖੇਡ 'ਚ ਪੂਜਾ ਮਾਹਿਰ ਹੈ। ਗੁੱਸੇ ਦੇ ਬਾਵਜੂਦ ਪੂਜਾ ਹੈਗੜੇ ਨੇ ਅਕਸ਼ੈ ਕੁਮਾਰ ਨੂੰ ਸਤਾਇਆ ਪਰ ਅਕਸ਼ੈ ਬਾਅਦ 'ਚ ਸ਼ਾਂਤ ਹੋ ਗਿਆ। ਇਕ ਗੱਲ ਹੈ ਕਿ ਪੂਜਾ ਹੈਗੜੇ ਕੋਲ ਚਾਹੇ ਕੰਮ ਥੋੜ੍ਹਾ ਘੱਟ ਹੈ ਪਰ ਹੈ ਸਭ ਉੱਤਮ ਹੈ। ਅਕਸ਼ੈ, ਸਲਮਾਨ, ਸਾਜਿਦ ਨਾਡਿਆਡਵਾਲ ਨਾਲ ਫ਼ਿਲਮਾਂ ਕਰਨ ਕਾਰਨ ਪੂਜਾ ਹੈਗੜੇ ਦਾ ਕੈਰੀਅਰ ਚਾਹੇ ਘੱਟ ਹੀ ਚਮਕਿਆ ਹੈ ਪਰ ਇਹ ਗੱਲ ਪੱਕੀ ਹੈ ਕਿ ਬਾਲੀਵੁੱਡ ਉਸ ਤੋਂ ਪ੍ਰਭਾਵਿਤ ਹੈ। ਜੇ ਕਿਤੇ 'ਹਾਊਸਫੁਲ-4' ਜਿੰਨੀ ਇਕ ਹੋਰ ਵੱਡੀ ਫ਼ਿਲਮ ਉਸ ਨੂੰ ਮਿਲ ਗਈ ਤਾਂ ਪੂਜਾ ਦਾ ਨਾਂਅ ਚੋਟੀ ਦੀਆਂ ਹੀਰੋਇਨਾਂ ਵਿਚ ਆ ਜਾਵੇਗਾ।

-ਸੁਖਜੀਤ ਕੌਰ

ਸ਼ਾਹਿਦ ਕਪੂਰ ਕਬੀਰ ਸਿੰਘ ਤੋਂ ਆਸ

ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੌਰਾਨ ਆਪਣੀ ਫ਼ਿਲਮ 'ਕਬੀਰ ਸਿੰਘ' ਦਾ ਪੋਸਟਰ ਜਾਰੀ ਕਰਵਾ ਕੇ ਸ਼ਾਹਿਦ ਕਪੂਰ ਉਮੀਦ ਲਾਈ ਬੈਠਾ ਹੈ ਕਿ ਨਵੀਂ ਸਰਕਾਰ ਦੀ ਤਰ੍ਹਾਂ ਉਸ ਦੀ ਇਹ ਨਵੀਂ ਫ਼ਿਲਮ ਵੀ ਲੋਕਾਂ ਦੀ ਪਸੰਦ ਬਣੇਗੀ। ਸ਼ਾਹਿਦ ਫ਼ਿਲਮ 'ਚ ਸ਼ਰਾਬੀ ਡਾਕਟਰ ਦੀ ਭੂਮਿਕਾ 'ਚ ਹੈ ਤੇ ਉਸ ਨਾਲ ਕਿਆਰਾ ਅਡਵਾਨੀ ਹੈ। ਅਗਲੇ ਮਹੀਨੇ ਸ਼ਾਹਿਦ ਦੀ ਇਹ ਫ਼ਿਲਮ ਆ ਰਹੀ ਹੈ। ਮੁਹੱਬਤ, ਜਨੂੰਨ ਤੇ ਨਸ਼ੇਬਾਜ਼ੀ ਅਜਿਹਾ ਕਿਰਦਾਰ 'ਕਬੀਰ ਸਿੰਘ' 'ਚ ਸ਼ਾਹਿਦ ਦਾ ਹੈ। ਏਅਰਪੋਰਟ ਦੀ ਉਹ ਘਟਨਾ ਜੋ ਦੋ ਹਫ਼ਤੇ ਪਹਿਲਾਂ ਵਾਪਰੀ ਸ਼ਾਹਿਦ ਦੀ ਕਿਰਕਿਰੀ ਕਰਵਾ ਗਈ ਹੈ। ਸ਼ਾਹਿਦ ਨੇ ਆਪਣੇ ਡਰਾਈਵਰ ਨਾਲ ਜੋ ਵਰਤਾਓ ਕੀਤਾ, ਉਸ ਕਾਰਨ ਲੋਕਾਂ ਨੇ ਸ਼ਾਹਿਦ ਨੂੰ 'ਘੁਮੰਡੀ' ਤੇ 'ਬਦਤਮੀਜ਼' ਜਿਹੇ ਸਿਰਲੇਖਾਂ ਨਾਲ ਤਾਜ਼ਾ ਹੀ ਨਿਵਾਜਿਆ ਹੈ। ਤਾਂ ਇਸ ਸਮੇਂ ਨਵੀਂ ਸਰਕਾਰ ਦੇ ਚਾਅ 'ਚ ਡੁੱਬੇ ਲੋਕਾਂ ਨੂੰ ਪੂਰਾ ਚਾਅ ਹੈ ਕਿ ਨਵੀਂ ਫ਼ਿਲਮ 'ਕਬੀਰ ਸਿੰਘ' 'ਚ ਪੂਰਾ-ਪੂਰਾ ਮਨੋਰੰਜਨ ਦਾ ਤੜਕਾ ਹੈ। 'ਕਹੀਂ ਆਊਂਗਾ ਮਤਲਬ, ਨਹੀਂ ਆਊਂਗਾ'। ਬੋਲਾ ਨਾ, ਨਹੀਂ ਆਊਂਗਾ। 'ਕਬੀਰ ਸਿੰਘ' ਵਿਚਲੇ ਸ਼ਾਹਿਦ ਦੇ ਇਸ ਸੰਵਾਦ 'ਤੇ ਰਾਜਨੀਤਕ ਪਾਰਟੀਆਂ ਨੇ ਕਈ ਕਿੱਸੇ ਬਣਾਏ ਪਰ ਆਉਣ ਵਾਲੇ ਸਮਝੋ ਆ ਹੀ ਗਏ। ਤੇਲਗੂ ਫ਼ਿਲਮ 'ਅਰਜਨ ਰੈਡੀ' ਦੇ ਰੀਮੇਕ 'ਕਬੀਰ ਸਿੰਘ' ਨੇ ਸ਼ਾਹਿਦ ਨੂੰ ਫਿਰ ਸੁਪਰ ਸਿਤਾਰਾ ਬਣਾ ਕੇ 'ਬੇਬੋ' ਦੇ ਭਰ ਚੁੱਕੇ ਜ਼ਖ਼ਮ ਕੁਰੇਦਣੇ ਹਨ।

ਗੁਣਾਂ ਦੀ ਗੁਥਲੀ

ਵਿਆਹ ਤੋਂ ਬਾਅਦ ਆਪਣੇ ਸਿਰ ਦੇ ਸਾੲੀਂ ਰਣਵੀਰ ਸਿੰਘ ਨਾਲ ਉਹ '83' ਫ਼ਿਲਮ ਕਰ ਰਹੀ ਹੈ | ਇਸ 'ਚ ਉਹ ਰਣਵੀਰ ਦੀ ਪਤਨੀ ਬਣ ਕੇ ਕੈਮਿਊ ਕਰ ਰਹੀ ਹੈ | ਦੀਪੀ ਇਸ ਵੇਲੇ ਮੇਘਨਾ ਗੁਲਜ਼ਾਰ ਨਾਲ ਮਿਲ ਕੇ 'ਛਪਾਕ' ਵੀ ਬਣਾ ਰਹੀ ਹੈ | ਇਸ ਦੌਰਾਨ ਡਿਪੀ ਨੇ ਰਣਬੀਰ ਕਪੂਰ ਦੇ ਪਿਤਾ ਰਿਸ਼ੀ ਕਪੂਰ ਦੀ ਸਿਹਤ ਦਾ ਹਾਲ ਪਿਛਲੇ ਦਿਨੀਂ ਮਾਲੂਮ ਕੀਤਾ | ਦੀਪਿਕਾ ਹਰ ਸਮੇਂ, ਹਰ ਕੰਮ ਨੂੰ ਪੂਰਾ ਧਿਆਨ ਦਿੰਦੀ ਹੈ | ਮਿਲਣ-ਗਿਲਣ ਤੋਂ ਲੈ ਕੇ ਕਾਰੋਬਾਰ ਤੇ ਮਸਤੀ ਲਈ ਸਮਾਂ ਕੱਢ ਹੀ ਲੈਂਦੀ ਹੈ | ਦਿੱਲੀ ਡਿਪੀ ਨੇ ਪੂਰਾ ਸਮਾਂ 'ਛਪਾਕ' ਦੀ ਸ਼ੂਟਿੰਗ ਨੂੰ ਦਿੱਤਾ | ਸਾਲ 2019 'ਚ ਹਰ ਦਿਨ ਸਭ ਦਾ ਦਿਲ ਉਸ ਨੇ ਆਪਣੀਆਂ ਅਦਾਵਾਂ ਨਾਲ ਜਿੱਤਿਆ |

ਵੱਡੇ ਪਰਦੇ ਦਾ ਹੀਰੋ ਬਣਿਆ ਗੁਰਚੇਤ ਚਿੱਤਰਕਾਰ

ਪੰਜਾਬੀ ਦਰਸ਼ਕਾਂ ਨੂੰ ਨਿੱਕੀਆਂ ਫੈਮਿਲੀ ਫ਼ਿਲਮਾਂ ਨਾਲ ਗੁਰਚੇਤ ਚਿੱਤਰਕਾਰ ਨੇ ਅਜਿਹਾ ਮਨੋਰੰਜਨ ਨਾਲ ਦਿੱਤਾ ਕਿ ਉਸ ਨੇ 'ਫੈਮਿਲੀ' ਫ਼ਿਲਮਾਂ ਦੀ ਲੜੀ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਸ ਦੀ ਹਰ ਫੈਮਿਲੀ ਫ਼ਿਲਮ ਕਾਮਯਾਬ ਰਹੀ | ਫ਼ੌਜੀ ਦੀ ਫੈਮਿਲੀ ਤੋਂ 'ਫੈਮਿਲੀ 420, 421, 422, 423, 424' ਤੇ 'ਫੈਮਿਲੀ 431' ਇਸ ਦੀਆਂ ਮਿਸਾਲਾਂ ਹਨ | 'ਚਰਨੋ ਏਕ ਮਾਂ', 'ਢੀਠ ਜਵਾਈ' ਬਣੇ ਸੰਗਰੂਰ ਦੇ ਗੁਰਚੇਤ ਚਿੱਤਰਕਾਰ ਨੇ ਚਾਹੇ 'ਪੰਜਾਬ ਬੋਲਦਾ', 'ਟੌਹਰ ਮਿੱਤਰਾਂ ਦੀ', 'ਚੱਕ ਦੇ ਫੱਟੇ', 'ਪਾਵਰ ਕੱਟ', 'ਮਜਾਜਣ' ਆਦਿ ਫ਼ਿਲਮਾਂ ਵੀ ਕੀਤੀਆਂ ਪਰ ਪੂਰੇ ਹੀਰੋ ਵਜੋਂ ਵੱਡੇ ਪਰਦੇ 'ਤੇ ਉਸ ਨੂੰ ਗੁਰਚਰਨ ਧਾਲੀਵਾਲ ਪੇਸ਼ ਕਰਨ ਜਾ ਰਿਹਾ ਹੈ 'ਫੈਮਿਲੀ 420 ਵੰਨਸ ਅਗੇਨ' 'ਚ | ਉਸ ਨੇ ਬਤੌਰ ਹੀਰੋ, ਰੁਮਾਂਟਿਕ ਗਾਣੇ ਗਾਉਣ-ਨੱਚਣ ਵਾਲੇ ਹੀਰੋ ਦੀ ਭੂਮਿਕਾ ਜੈਜ ਸੋਫੀ 'ਪਟਿਆਲਾ ਬੇਬਜ਼' ਹੀਰੋਇਨ ਨਾਲ ਨਿਭਾਈ ਹੈ | ਕੈਨੇਡਾ, ਅਮਰੀਕਾ, ਯੂਰਪ, ਮਲੇਸ਼ੀਆ, ਸਿੰਗਾਪੁਰ 'ਚ ਸਟੇਜ ਨਾਟਕ ਕਰ ਬੱਲੇ-ਬੱਲੇ ਪ੍ਰਾਪਤ ਕਰਨ ਵਾਲੇ ਗੁਰਚੇਤ ਦੀ ਚਿੱਤਰਕਾਰੀ ਤੇ ਕਲਾਕਾਰੀ ਤੋਂ ਹਰ ਕੋਈ ਪ੍ਰਭਾਵਿਤ ਹੈ | 7 ਵਾਰ ਦਾ ਪੇਂਟਿੰਗ ਤੇ ਸਟੇਜ ਦਾ ਉਹ ਗੋਲਡ ਮੈਡਲਿਸਟ ਹੈ | ਇਹੋ ਜਿਹੇ ਗੁਣੀ, ਹਾਸਿਆਂ ਦੇ ਵਣਜਾਰੇ, ਫੈਮਿਲੀ ਫ਼ਿਲਮਾਂ ਬਣਾਉਣ ਦੇ ਤਜਰਬੇਕਾਰ ਅਭਿਨੇਤਾ ਦਾ ਹੁਣ ਪੰਜਾਬੀ ਫੀਚਰ ਫ਼ਿਲਮਾਂ 'ਚ ਬਤੌਰ ਹੀਰੋ ਪ੍ਰਵੇਸ਼ ਉਸ ਤੋਂ ਵੱਡੀਆਂ ਆਸਾਂ ਪੰਜਾਬੀ ਸਿਨੇਮਾ ਤੇ ਦਰਸ਼ਕਾਂ ਨੂੰ ਬਣਾਉਣ ਵਾਲੀ ਗੱਲ ਹੈ | ਇਕ ਵਾਰ ਫਿਰ 'ਫੈਮਿਲੀ 420 ਵੰਸ਼ ਅਗੇਨ' ਨਾਲ ਆ ਰਹੇ ਗੁਰਚੇਤ ਚਿੱਤਰਕਾਰ ਲਈ ਸਮਾਂ ਹੁਣ ਹੋਰ ਮਕਬੂਲ ਹੋਣ ਦਾ ਹੈ |

-ਅੰਮਿ੍ਤ ਪਵਾਰ

ਆਮ ਆਦਮੀ ਦੀ ਭੂਮਿਕਾ ਨਿਭਾਉਣੀ ਵੀ ਸੌਖੀ ਨਹੀਂ ਹੁੰਦੀ : ਅਰਜੁਨ ਕਪੂਰ

ਨਿਰਦੇਸ਼ਕ ਰਾਜ ਕੁਮਾਰ ਗੁਪਤਾ ਨੂੰ ਅਸਲੀਅਤ ਦੀ ਧਰਾਤਲ ਵਾਲੀਆਂ ਫ਼ਿਲਮਾਂ ਬਣਾਉਣਾ ਪਸੰਦ ਹੈ ਅਤੇ ਆਪਣੀ ਇਸ ਕਲਾ ਦੀ ਪਛਾਣ ਉਹ 'ਆਮਿਰ', 'ਨੋ ਵਨ ਕਿਲਡ ਜੈਸਿਕਾ', 'ਰੇਡ' ਆਦਿ ਫ਼ਿਲਮਾਂ ਵਿਚ ਦੇ ਚੁੱਕੇ ਹਨ | ਹੁਣ ਉਨ੍ਹਾਂ ਨੇ ਅਰਜੁਨ ਕਪੂਰ ਨੂੰ ਲੈ ਕੇ 'ਇੰਡੀਆ'ਜ਼ ਮੋਸਟ ਵਾਂਟੇਡ' ਬਣਾਈ ਹੈ | ਇਹ ਫ਼ਿਲਮ ਅਰਜੁਨ ਨੂੰ ਉਨ੍ਹਾਂ ਦੇ ਕੈਰੀਅਰ ਦੇ ਉਸ ਪੜਾਅ 'ਤੇ ਮਿਲੀ ਹੈ, ਜਦੋਂ ਉਨ੍ਹਾਂ ਨੂੰ ਇਕ ਚੰਗੀ ਫ਼ਿਲਮ ਦੀ ਸਖ਼ਤ ਜ਼ਰੂਰਤ ਸੀ |
ਫ਼ਿਲਮ ਵਿਚ ਅਰਜੁਨ ਵਲੋਂ ਅੱਤਵਾਦ ਵਿਰੋਧੀ ਦਸਤੇ ਦੇ ਮੁਖੀਆ ਦੀ ਭੂਮਿਕਾ ਨਿਭਾਈ ਗਈ ਹੈ | ਇਥੇ ਉਨ੍ਹਾਂ ਦੇ ਨਾਲ ਚਾਰ ਹੋਰ ਕਲਾਕਾਰ ਹਨ ਅਤੇ ਕਿਉਂਕਿ ਅਰਜਨ ਦੀ ਇਨ੍ਹਾਂ ਵਿਚੋਂ ਕਿਸੇ ਨਾਲ ਜਾਣ-ਪਛਾਣ ਨਹੀਂ ਸੀ | ਸੋ, ਪਹਿਲਾਂ ਤਾਂ ਉਹ ਇਨ੍ਹਾਂ ਚਾਰਾਂ ਦੇ ਨਾਲ ਕਈ ਦਿਨਾਂ ਤੱਕ ਮਿਲਦੇ ਰਹੇ ਅਤੇ ਆਪਸੀ ਪਛਾਣ ਵਧਾਈ ਅਤੇ ਫਿਰ ਜਾ ਕੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ |
ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਉਹ ਕਹਿੰਦੇ ਹਨ, 'ਜਦੋਂ ਰਾਜ ਕੁਮਾਰ ਨੇ ਫ਼ਿਲਮ ਦੇ ਸਿਲਸਿਲੇ ਵਿਚ ਗੱਲ ਕੀਤੀ ਤਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਥੇ ਮੇਰੇ ਹਿੱਸੇ ਹੀਰੋਗਿਰੀ ਵਾਲਾ ਇਕ ਵੀ ਦਿ੍ਸ਼ ਨਹੀਂ ਹੈ ਅਤੇ ਮੈਨੂੰ ਆਮ ਆਦਮੀ ਦੀ ਤਰ੍ਹਾਂ ਖ਼ੁਦ ਨੂੰ ਪੇਸ਼ ਕਰਨਾ ਹੋਵੇਗਾ | ਇਕ ਇਸ ਤਰ੍ਹਾਂ ਦਾ ਆਮ ਆਦਮੀ ਜੋ ਭੀੜ ਵਿਚ ਖੜ੍ਹਾ ਹੋਵੇ ਤੇ ਉਸ ਵੱਲ ਕਿਸੇ ਦਾ ਧਿਆਨ ਵੀ ਨਾ ਜਾਵੇ | ਇਸ ਤਰ੍ਹਾਂ ਦੀ ਆਮ ਭੂਮਿਕਾ ਲਈ ਮੈਨੂੰ ਪਹਿਲਾ ਕੰਮ ਇਹ ਕਰਨਾ ਪਿਆ ਕਿ ਆਪਣੇ ਅੰਦਰ ਦੇ ਐਕਟਰ ਨੂੰ ਬਾਹਰ ਕਰ ਦਿੱਤਾ | ਆਪਣੀ ਚਾਲ-ਢਾਲ ਵਿਚ ਹੀਰੋਗਿਰੀ ਵਾਲੀ ਗੱਲ ਕੱਢ ਦਿੱਤੀ | ਆਪਣੀ ਬਾਡੀ ਲੈਂਗਵੇਜ ਵੀ ਬਦਲ ਦਿੱਤੀ | ਫ਼ਿਲਮ ਵਿਚ ਕੰਮ ਕਰਕੇ ਲੱਗਿਆ ਕਿ ਆਮ ਆਦਮੀ ਦੀ ਭੂਮਿਕਾ ਨਿਭਾਉਣਾ ਵੀ ਵਾਕਈ ਮੁਸ਼ਕਿਲ ਹੁੰਦਾ ਹੈ |'
ਇਸ ਫ਼ਿਲਮ ਦੀ ਕਹਾਣੀ ਵਿਚ 48 ਘੰਟੇ ਵਿਚ ਵਾਪਰਦੀਆਂ ਘਟਨਾਵਾਂ ਦਾ ਤਾਣਾ-ਬਾਣਾ ਪੇਸ਼ ਕੀਤਾ ਗਿਆ ਹੈ | ਇਹੀ ਵਜ੍ਹਾ ਹੈ ਕਿ ਅਰਜੁਨ ਦੇ ਹਿੱਸੇ ਜ਼ਿਆਦਾ ਸ਼ੋਅਬਾਜ਼ੀ ਨਹੀਂ ਆਈ ਹੈ | ਉਹ ਕਹਿੰਦੇ ਹਨ, 'ਫ਼ਿਲਮ ਦੀ ਕਹਾਣੀ ਪਟਨਾ ਤੋਂ ਸ਼ੁਰੂ ਹੁੰਦੀ ਹੈ ਅਤੇ ਨਿਪਾਲ ਤੇ ਦਿੱਲੀ ਤੱਕ ਪਹੁੰਚਦੀ ਹੈ | ਇਹ ਸੱਚੀ ਘਟਨਾ 'ਤੇ ਆਧਾਰਿਤ ਹੈ ਅਤੇ ਇਥੇ ਸਾਨੂੰ ਬੰਬ ਧਮਾਕੇ ਦੇ ਮਾਸਟਰ ਮਾਈਾਡ ਦਾ ਪਿੱਛਾ ਕਰਦੇ ਦਿਖਾਇਆ ਗਿਆ ਹੈ | ਕਹਾਣੀ ਸਿਰਫ਼ 48 ਘੰਟੇ ਦੀਆਂ ਘਟਨਾਵਾਂ ਦੀ ਹੈ | ਸੋ, ਪੂਰੀ ਫ਼ਿਲਮ ਵਿਚ ਸਿਰਫ਼ ਤਿੰਨ ਕਮੀਜ਼ਾਂ ਬਦਲਣ ਨੂੰ ਮਿਲੀਆਂ | ਚੰਗੀ ਗੱਲ ਇਹ ਸੀ ਕਿ ਤਿੰਨੇ ਕਮੀਜ਼ਾਂ ਦੀ ਇਕ ਹੋਰ ਜੋੜੀ ਵੀ ਬਣਾਈ ਗਈ ਸੀ | ਇਕ ਕਮੀਜ਼ ਦਾ ਰੰਗ ਤਾਂ ਧੁੱਪ ਦੀ ਵਜ੍ਹਾ ਨਾਲ ਫਿੱਕਾ ਪੈ ਗਿਆ ਸੀ | ਸੋ, ਦੂਜੀ ਨਾਲ ਕੰਮ ਚਲਾਇਆ ਗਿਆ | ਇਸ ਤਰ੍ਹਾਂ ਦਾ ਅਸਲ ਕਿਰਦਾਰ ਮੈਂ ਪਹਿਲਾਂ ਕਦੀ ਨਹੀਂ ਕੀਤਾ ਸੀ ਅਤੇ ਉਮੀਦ ਹੈ ਕਿ ਇਹ ਕਿਰਦਾਰ ਮੇਰੇ ਕੈਰੀਅਰ ਨੂੰ ਅੱਗੇ ਵਧਾਉਣ ਵਿਚ ਕਾਰਗਰ ਸਿੱਧ ਹੋਵੇਗਾ |

-ਮੁੰਬਈ ਪ੍ਰਤੀਨਿਧ

ਸਤੀਸ਼ ਕੌਸ਼ਿਕ ਦਾ ਹਰਿਆਣਵੀ ਮੋਹ

ਸੱਤਰ ਦੇ ਦਹਾਕੇ ਵਿਚ ਇਕ ਮੁੰਡਾ ਫ਼ਿਲਮਾਂ ਵਿਚ ਕਿਸਮਤ ਅਜ਼ਮਾਉਣ ਲਈ ਹਰਿਆਣਾ ਤੋਂ ਮੁੰਬਈ ਆਇਆ ਸੀ | ਉਦੋਂ ਮੁੰਬਈ ਦੇ ਮਿਨਰਵਾ ਥੀਏਟਰ ਵਿਚ 'ਸ਼ੋਅਲੇ' ਚੱਲ ਰਹੀ ਸੀ ਅਤੇ ਉਥੇ ਖੜ੍ਹਾ ਇਹ ਮੁੰਡਾ ਮਨ ਹੀ ਮਨ ਸੋਚ ਰਿਹਾ ਸੀ ਕਿ ਕੀ ਉਹ ਦਿਨ ਵੀ ਆਵੇਗਾ ਜਦੋਂ ਉਸ ਦੀ ਕੋਈ ਫ਼ਿਲਮ ਇਥੇ ਰਿਲੀਜ਼ ਹੋਵੇਗੀ | ਇਹ ਮੁੰਡਾ ਸਤੀਸ਼ ਕੌਸ਼ਿਕ ਸੀ ਅਤੇ ਉਸ ਦਾ ਇਹ ਸੁਪਨਾ ਉਦੋਂ ਸੱਚ ਹੋਇਆ ਜਦੋਂ ਉਸ ਵਲੋਂ ਨਿਰਦੇਸ਼ਿਤ 'ਰੂਪ ਕੀ ਰਾਨੀ ਚੋਰੋਂ ਕਾ ਰਾਜਾ' ਉਸੇ ਸਿਨੇਮਾ ਘਰ ਵਿਚ ਪ੍ਰਦਰਸ਼ਿਤ ਹੋਈ | ਬਤੌਰ ਨਿਰਦੇਸ਼ਕ ਸਤੀਸ਼ ਨੇ ਬਾਅਦ ਵਿਚ 'ਪਰੇਮ', 'ਹਮ ਆਪਕੇ ਦਿਲ ਮੇਂ ਰਹਿਤੇ ਹੈਾ, 'ਹਮਾਰਾ ਦਿਲ ਆਪ ਕੇ ਪਾਸ ਹੈ', 'ਮੁਝੇ ਕੁਛ ਕਹਿਨਾ ਹੈ', 'ਤੇਰੇ ਨਾਮ', 'ਬਧਾਈ ਹੋ ਬਧਾਈ', 'ਵਾਅਦਾ' ਆਦਿ ਫ਼ਿਲਮਾਂ ਨਿਰਦੇਸ਼ਿਤ ਕੀਤੀਆਂ | ਹੁਣ ਬਤੌਰ ਨਿਰਮਾਤਾ ਉਨ੍ਹਾਂ ਨੇ ਹਰਿਆਣਵੀ ਫ਼ਿਲਮ 'ਛੋਰੀਆਂ ਛੋਰੋਂ ਸੇ ਕਮ ਨਹੀਂ ਹੋਤੀ' ਦਾ ਨਿਰਮਾਣ ਕੀਤਾ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਰਾਜੇਸ਼ ਬੱਬਰ |
ਆਪਣੀ ਮਾਤ ਭਾਸ਼ਾ ਵਿਚ ਫ਼ਿਲਮ ਬਣਾਉਣ ਬਾਰੇ ਉਹ ਕਹਿੰਦੇ ਹਨ, 'ਮੇਰੀ ਸ਼ੁਰੂ ਤੋਂ ਸਮਾਜ ਲਈ ਯੋਗਦਾਨ ਦੇਣ ਦੀ ਨੀਅਤ ਰਹੀ ਹੈ | ਇਹੀ ਵਜ੍ਹਾ ਹੈ ਕਿ ਮੈਂ ਹਰਿਆਣਾ ਦਾ ਆਪਣਾ ਪਿੰਡ ਗੋਦ ਲੈ ਰੱਖਿਆ ਹੈ ਅਤੇ ਉਥੋਂ ਦੇ ਵਾਸੀਆਂ ਲਈ ਮੈਂ ਨਵੀਆਂ-ਨਵੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਰਿਹਾ ਹਾਂ | ਹੁਣ ਮੈਨੂੰ ਲੱਗ ਰਿਹਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਉਸ ਮੁਕਾਮ 'ਤੇ ਹਾਂ ਜਿਥੇ ਮੈਨੂੰ ਸਮਾਜ ਨੂੰ 'ਪੇ ਬੈਕ' ਕਰਨਾ ਚਾਹੀਦਾ ਹੈ ਅਤੇ ਇਥੋਂ ਮੈਨੂੰ ਆਪਣੀ ਮਾਤ ਭਾਸ਼ਾ ਦੇ ਵਿਕਾਸ ਪ੍ਰਤੀ ਯੋਗਦਾਨ ਦੇਣ ਦਾ ਖਿਆਲ ਆਇਆ ਹੈ | ਮੈਂ ਦੇਖਿਆ ਕਿ ਹਰਿਆਣਾ ਦੇ ਗਵਾਂਢੀ ਸੂਬੇ ਪੰਜਾਬ ਦੀ ਫ਼ਿਲਮ ਇੰਡਸਟਰੀ ਨੇ ਬਹੁਤ ਤਰੱਕੀ ਕੀਤੀ ਹੈ ਪਰ ਹਰਿਆਣਾ ਦੀ ਫ਼ਿਲਮ ਇੰਡਸਟਰੀ ਕਿਤੇ ਪਿੱਛੇ ਰਹਿ ਗਈ ਹੈ | ਮੈਂ ਹਰ ਵੇਲੇ ਇਹੀ ਸੋਚਿਆ ਕਰਦਾ ਹਾਂ ਕਿ ਇਸ ਇੰਡਸਟਰੀ ਵਿਚ ਕਿਵੇਂ ਨਵੀਂ ਜਾਨ ਫੂਕੀ ਜਾਵੇ | ਹਰਿਆਣਵੀ ਮੇਰੀ ਮਾਤਭਾਸ਼ਾ ਹੈ | ਸੋ, ਇਸ ਫ਼ਿਲਮ ਸਨਅਤ ਨੂੰ ਭਲਾ ਮੈਂ ਕਿਵੇਂ ਨਜ਼ਰ ਅੰਦਾਜ਼ ਕਰ ਸਕਦਾ ਸੀ | ਇਸ ਤਰ੍ਹਾਂ ਇਕ ਦਿਨ ਫਲਾਈਟ ਵਿਚ ਮੇਰੀ ਮੁਲਾਕਾਤ ਜ਼ੀ ਗਰੁੱਪ ਦੇ ਮਾਲਿਕ ਸੁਭਾਸ਼ ਚੰਦਰ ਜੀ ਨਾਲ ਹੋ ਗਈ | ਉਹ ਵੀ ਹਰਿਆਣਾ ਦੇ ਹਨ | ਸੋ, ਗੱਲਾਂ-ਗੱਲਾਂ ਵਿਚ ਮੈਂ ਉਨ੍ਹਾਂ ਨੂੰ ਹਰਿਆਣਵੀ ਫ਼ਿਲਮ ਸਨਅਤ ਦੀ ਮਾਲੀ ਹਾਲਤ ਬਾਰੇ ਦੱਸਿਆ ਤਾਂ ਉਦੋਂ ਉਨ੍ਹਾਂ ਨੇ ਪੁੱਛਿਆ ਕਿ ਮੈਂ ਇਸ ਸਨਅਤ ਨੂੰ ਉੱਪਰ ਚੁੱਕਣ ਲਈ ਕੀ ਕਰ ਸਕਦਾ ਹਾਂ | ਸੋ, ਮੈਂ ਉਨ੍ਹਾਂ ਨੂੰ ਕੁਝ ਸੁਝਾਅ ਦਿੱਤੇ ਅਤੇ ਉਦੋਂ ਮੈਨੂੰ ਲੱਗਿਆ ਕਿ ਇਸ ਦੀ ਸ਼ੁਰੂਆਤ ਮੈਨੂੰ ਖ਼ੁਦ ਕਰਨੀ ਚਾਹੀਦੀ ਹੈ | ਸੋ, ਮੈਂ ਇਹ ਫ਼ਿਲਮ ਬਣਾਉਣ ਦਾ ਨਿਰਣਾ ਲਿਆ |'
ਜਦੋਂ ਫ਼ਿਲਮ ਬਣਾਉਣ ਦਾ ਨਿਰਣਾ ਲਿਆ ਗਿਆ ਸੀ, ਉਦੋਂ ਤਿੰਨ ਕਹਾਣੀਆਂ ਉਨ੍ਹਾਂ ਦੇ ਦਿਮਾਗ਼ ਵਿਚ ਸਨ, ਜਿਨ੍ਹਾਂ ਵਿਚੋਂ ਉਨ੍ਹਾਂ ਨੇ ਇਕ ਇਸ ਤਰ੍ਹਾਂ ਦੀ ਕਹਾਣੀ ਚੁਣੀ ਜਿਸ ਵਿਚ ਇਕ ਬੇਟੀ ਕਿਵੇਂ ਉਲਟ ਸੰਯੋਗਾਂ ਨਾਲ ਲੜ ਕੇ ਪੁਲਿਸ ਅਫ਼ਸਰ ਬਣਦੀ ਹੈ, ਇਹ ਕਹਾਣੀ ਉਨ੍ਹਾਂ ਨੂੰ ਜ਼ਿਆਦਾ ਅਪੀਲ ਕਰ ਗਈ |

-ਮੁੰਬਈ ਪ੍ਰਤੀਨਿਧ

'ਮੁਕਲਾਵਾ' ਫ਼ਿਲਮ ਦਿਖਾਵੇਗੀ ਪੰਜਾਬ ਦੇ ਪੁਰਾਣੇ ਵਿਆਹਾਂ ਦਾ ਨਜ਼ਾਰਾ

ਐਮੀ ਵਿਰਕ ਨੇ ਗਾਇਕੀ ਮਗਰੋਂ ਇਕ ਤੋਂਾ ਦੂਜੀ, ਦੂਜੀ ਮਗਰੋਂ ਤੀਜੀ ਅਜਿਹੀਆਂ ਫ਼ਿਲਮਾਂ ਕੀਤੀਆਂ, ਜਿਨ੍ਹਾਂ ਨੇ ਉਸ ਨੂੰ ਅਦਾਕਾਰੀ ਵਿਚ ਸਥਾਪਤ ਕਰ ਦਿੱਤਾ | ਹੁਣ ਐਮੀ ਵਿਰਕ ਦੀ ਸੋਨਮ ਬਾਜਵਾ ਤੇ ਹੋਰ ਕਲਾਕਾਰਾਂ ਨਾਲ ਸ਼ਿੰਗਾਰੀ ਫ਼ਿਲਮ 'ਮੁਕਲਾਵਾ' 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ | ਪੁਰਾਣੇ ਦੌਰ ਦੀ ਪੇਸ਼ਕਾਰੀ ਕਰਦੀ ਇਸ ਫ਼ਿਲਮ ਬਾਰੇ ਐਮੀ ਵਿਰਕ, ਨਿਰਮਾਤਾ ਗੁਣਬੀਰ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਬਾਰੇ ਕਈ ਕੁਝ ਗੱਲਾਂ ਹੋਈਆਂ, ਜਿਨ੍ਹਾਂ ਦਾ ਸੰਖੇਪ ਵੇਰਵਾ ਪੇਸ਼ ਹੈ:
? (ਐਮੀ) : ਜਿੰਨੀਆਂ ਫ਼ਿਲਮਾਂ ਹੁਣ ਤੱਕ ਕੀਤੀਆਂ, ਉਨ੍ਹਾਂ ਵਿਚੋਂ ਕਈ ਸੁਪਰਹਿੱਟ ਹੋਈਆਂ | 'ਮੁਕਲਾਵਾ' ਨੂੰ ਉਨ੍ਹਾਂ ਫ਼ਿਲਮਾਂ ਦੇ ਮੁਕਾਬਲੇ ਕਿੱਥੇ ਕੁ ਦੇਖਦੇ ਹੋ?
-ਹਰ ਫ਼ਿਲਮ ਦਾ ਵਿਸ਼ਾ ਵੱਖਰਾ ਸੀ | ਵੱਖਰਾ ਹੋਣਾ ਵੀ ਚਾਹੀਦਾ | ਦਰਸ਼ਕ ਇਕੋ ਜਿਹੀ ਚੀਜ਼ ਵਾਰ-ਵਾਰ ਨਹੀਂ ਦੇਖ ਸਕਦੇ | 'ਅੰਗਰੇਜ਼' ਵਿਚ ਮੇਰਾ ਛੋਟਾ ਪਰ ਪ੍ਰਭਾਵਸ਼ਾਲੀ ਕਿਰਦਾਰ ਸੀ, ਉਹ ਵੀ ਬੀਤੇ ਦੀ ਬਾਤ ਵਾਲੀ ਫ਼ਿਲਮ ਸੀ | 'ਕਿਸਮਤ' ਦੀ ਕਹਾਣੀ ਹੋਰ ਤਰ੍ਹਾਂ ਦੀ ਸੀ | ਬਿਲਕੁਲ ਇਵੇਂ 'ਮੁਕਲਾਵਾ' ਦਾ ਵਿਸ਼ਾ ਹੋਰ ਹੈ | ਇਹ ਵਿਸ਼ਾ ਸਾਡੇ ਸਾਰਿਆਂ ਦਾ ਹੈ | ਪਹਿਲਾਂ ਕਾਲੀਆਂ-ਚਿੱਟੀਆਂ ਤਸਵੀਰਾਂ ਦਾ ਦੌਰ ਸੀ, ਉਸ ਤੋਂ ਪਹਿਲਾਂ ਤਸਵੀਰਾਂ ਵੀ ਨਹੀਂ ਸਨ | ਸਿਰਫ਼ ਸੁਣੀਆਂ-ਸੁਣਾਈਆਂ ਗੱਲਾਂ ਹਨ ਕਿ ਉਦੋਂ ਵਿਆਹ ਕਿਵੇਂ ਹੁੰਦੇ ਸਨ | ਨਵੀਂ ਪੀੜ੍ਹੀ ਕੀ ਜਾਣੇ ਕਿ ਵਿਆਹ ਹਫ਼ਤਾ-ਹਫ਼ਤਾ ਚੱਲਦੇ ਹੁੰਦੇ ਸਨ | ਇਹ ਫ਼ਿਲਮ ਦੇਖਣ ਤੋਂ ਬਾਅਦ ਨਿਆਣੇ, ਸਿਆਣੇ ਸਾਰੇ ਕਮਾਲ ਕਹਿਣਗੇ |
? ਤੁਹਾਡੇ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਅਦਾਕਾਰ ਹਨ?
-ਮੇਰੇ ਨਾਲ ਸੋਨਮ ਬਾਜਵਾ ਹੀਰੋਇਨ ਹੈ | ਗੁਰਪ੍ਰੀਤ ਘੁੱਗੀ, ਬੀ.ਐਨ.ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸਰਬਜੀਤ ਚੀਮਾ ਤੇ ਦਿ੍ਸ਼ਟੀ ਗਰੇਵਾਲ ਸਮੇਤ ਕਈ ਹੋਰ ਚੰਗੇ ਅਦਾਕਾਰਾਂ ਦਾ ਕਮਾਲ ਹੈ | ਸਭ ਨੇ ਸੋਹਣਾ ਕੰਮ ਕੀਤਾ ਹੈ | ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ | ਤੁਸੀਂ ਜਾਣਦੇ ਹੀ ਹੋ ਕਿ ਫ਼ਿਲਮ 'ਵਾਈਟ ਹਿੱਲ ਸਟੂਡੀਓ' ਵਲੋਂ ਬਣਾਈ ਗਈ ਹੈ | ਕਿਸੇ ਵੀ ਫ਼ਿਲਮ ਦੀ ਕਾਮਯਾਬੀ ਲਈ ਉਸ ਦੇ ਟਰੇਲਰ ਨੂੰ ਮਿਲੇ ਹੁੰਗਾਰੇ ਵੱਲ ਦੇਖਿਆ ਜਾ ਸਕਦਾ ਹੈ |
? (ਗੁਣਬੀਰ ਤੇ ਮਨਮੋੜ ਜੀ) : ਕਈ ਸਫ਼ਲ ਫ਼ਿਲਮਾਂ ਬਣਾ ਕੇ ਜਾਂ ਰਿਲੀਜ਼ ਕਰਕੇ ਹੁਣ ਤੱਕ ਤੁਸੀਂ ਜਿਹੜਾ ਤਜਰਬਾ ਖੱਟਿਆ, ਉਸ ਮੁਤਾਬਕ 'ਮੁਕਲਾਵਾ' ਕਿੱਥੇ ਕੁ ਖੜ੍ਹੀ ਸਮਝਦੇ ਹੋ?
-ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਕਦੇ ਸਮਝੌਤਾ ਨਹੀਂ ਕੀਤਾ | ਨਾ ਕਹਾਣੀ ਨਾਲ, ਨਾ ਕਲਾਕਾਰਾਂ ਨਾਲ, ਨਾ ਪ੍ਰਚਾਰ ਨਾਲ ਤੇ ਨਾ ਹੀ ਬੱਜਟ ਨਾਲ | ਇਹ ਜ਼ਰੂਰੀ ਨਹੀਂ ਕਿ ਹਰ ਫ਼ਿਲਮ ਸਫ਼ਲ ਹੋਵੇ, ਪਰ ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਵਲੋਂ ਸੌ ਫ਼ੀਸਦੀ ਮਿਹਨਤ ਕੀਤੀ ਹੋਵੇ | 'ਮੁਕਲਾਵਾ' ਸਾਡੇ ਪੇਂਡੂ ਸੱਭਿਆਚਾਰ ਦੀ ਤਰਜਮਾਨੀ ਕਰਦੀ ਫ਼ਿਲਮ ਹੈ | ਅਕਸਰ ਹੀ ਫ਼ਿਲਮਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਪਰਿਵਾਰਕ ਹੈ, ਜ਼ਰੂਰ ਦੇਖਣ ਜਾਇਓ, ਪਰ ਵਿਚੋਂ ਨਿਕਲਦਾ ਕੁਝ ਹੋਰ ਹੈ | 'ਮੁਕਲਾਵਾ' 'ਚ ਨਿਰੋਲ ਸੱਭਿਆਚਾਰ ਦਿਖਾਇਆ ਗਿਆ | ਇਹ ਸੱਚੀਂ ਪਰਵਾਰਕ ਹੈ | ਤੁਸੀਂ ਦੇਖ ਕੇ ਕਹੋਗੇ ਕਿ ਇਹੋ ਜਿਹੀਆਂ ਫ਼ਿਲਮਾਂ ਦੀ ਲੋੜ ਹੈ | ਜੇ ਅਸੀਂ ਆਪਣੇ ਅਤੀਤ ਨਾਲ ਪਿਆਰ ਕਰਦੇ ਹਾਂ ਤਾਂ ਫ਼ਿਲਮ ਜ਼ਰੂਰ ਦੇਖਣੀ ਚਾਹੀਦੀ ਹੈ |

-ਸਵਰਨ ਸਿੰਘ ਟਹਿਣਾ
37, ਪ੍ਰੀਤ ਇਨਕਲੇਵ,
ਲੱਧੇਵਾਲੀ, ਜਲੰਧਰ |

ਮਾਧੁਰੀ ਨੂੰ ਦੇਖ ਕੇ ਡਾਂਸ ਕਰਨਾ ਸਿੱਖਿਆ : ਹੀਨਾ ਪੰਚਾਲ

ਅਭਿਨੇਤਰੀ ਡੇਜ਼ੀ ਸ਼ਾਹ ਤੇ ਆਈਟਮ ਗਰਲ ਹੀਨਾ ਪੰਚਾਲ ਵਿਚਾਲੇ ਸਾਂਝੀ ਗੱਲ ਇਹ ਹੈ ਕਿ ਦੋਵੇਂ ਹੀ ਗੁਜਰਾਤੀ ਹਨ ਅਤੇ ਦੋਵੇਂ ਹੀ ਆਪਣੇ ਕੈਰੀਅਰ ਦੀ ਸ਼ੁਰੂਆਤ ਵਿਚ ਗਰੁੱਪ ਡਾਂਸਰ ਸਨ | ਅੱਜ ਸਲਮਾਨ ਖਾਨ ਦੀ ਬਦੌਲਤ ਡੇਜ਼ੀ ਨੂੰ ਹੀਰੋਇਨ ਦਾ ਰੁਤਬਾ ਮਿਲ ਗਿਆ ਹੈ ਜਦੋਂ ਕਿ ਹੀਨਾ ਨੂੰ ਸਹੀ ਫ਼ਿਲਮ ਦਾ ਇੰਤਜ਼ਾਰ ਹੈ | ਹੁਣ ਤੱਕ 30 ਤੋਂ ਜ਼ਿਆਦਾ ਆਈਟਮ ਗੀਤ ਕਰ ਚੁੱਕੀ ਹੀਨਾ ਨੂੰ ਵਿਸ਼ਵਾਸ ਹੈ ਕਿ ਜਲਦੀ ਹੀ ਉਸ ਦੀ ਪਛਾਣ ਹੀਰੋਇਨ ਦੇ ਤੌਰ 'ਤੇ ਵੀ ਮਜ਼ਬੂਤ ਹੋ ਜਾਵੇਗੀ | ਪਿਛਲੇ ਦਿਨੀਂ ਹੀਨਾ ਨੂੰ ਫ਼ਿਲਮ 'ਕਾਮੇਡੀ ਕਾ ਤੜਕਾ' ਦੇ ਇਕ ਆਈਟਮ ਗੀਤ ਲਈ ਥਿਰਕਣ ਦਾ ਮੌਕਾ ਮਿਲਿਆ | ਮੁੰਬਈ ਦੇ ਏਾਜਲ ਸਟੂਡੀਓ ਵਿਚ ਨਾਈਟ ਕਲੱਬ ਦੇ ਸੈੱਟ ਤੇ ਹੀਨਾ 'ਤੇ ਇਹ ਗੀਤ ਫ਼ਿਲਮਾਇਆ ਗਿਆ ਅਤੇ ਹੀਨਾ ਆਪਣੇ ਲਈ ਇਹ ਗੀਤ ਸਪੈਸ਼ਲ ਮੰਨਦੀ ਹੈ | ਗੀਤ ਦੀ ਖਾਸੀਅਤ ਬਾਰੇ ਦੱਸਦੇ ਹੋਏ ਉਹ ਕਹਿੰਦੀ ਹੈ, 'ਇਸ ਗੀਤ ਦੇ ਨਿ੍ਤ ਨਿਰਦੇਸ਼ਕ ਚਿੰਨੀ ਪ੍ਰਕਾਸ਼ ਹਨ | ਉਹ ਆਪਣੇ ਆਪ ਵਿਚ ਮਹਾਨ ਹਨ | ਬਤੌਰ ਗਰੁੱਪ ਡਾਂਸਰ ਮੈਂ ਕਈ ਗੀਤਾਂ ਲਈ ਉਨ੍ਹਾਂ ਨਾਲ ਕੰਮ ਕੀਤਾ ਸੀ | ਇਹ ਪਹਿਲਾ ਮੌਕਾ ਹੈ ਜਦੋਂ ਮੈਂ ਮੁੱਖ ਭੂਮਿਕਾ ਵਿਚ ਹਾਂ ਅਤੇ ਉਹ ਮੈਨੂੰ ਨਿਰਦੇਸ਼ਿਤ ਕਰ ਰਹੇ ਹਨ |' ਗਰੁੱਪ ਡਾਂਸਰ ਤੋਂ ਆਈਟਮ ਡਾਂਸਰ ਬਣਨ ਦੇ ਸਫ਼ਰ ਬਾਰੇ ਉਹ ਕਹਿੰਦੀ ਹੈ, 'ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਆਈਟਮ ਡਾਂਸਰ ਬਣਾਂਗੀ | ਮੈਨੂੰ ਡਾਂਸ ਕਰਨ ਦਾ ਸ਼ੌਕ ਸੀ | ਸੋ, ਮੈਂ ਗਰੁੱਪ ਡਾਂਸਰ ਦੇ ਤੌਰ 'ਤੇ ਹੀ ਖ਼ੁਸ਼ ਸੀ | ਮੇਰੀ ਕਿਸਮਤ ਨੇ ਮੈਨੂੰ ਆਈਟਮ ਡਾਂਸਰ ਬਣਾ ਦਿੱਤਾ | ਉਹ ਕਹਿੰਦੀ ਹੈ, 'ਮੈਨੂੰ ਬਚਪਨ ਤੋਂ ਹੀ ਡਾਂਸ ਕਰਨ ਦਾ ਸ਼ੌਕ ਸੀ | ਨਵਰਾਤਿਆਂ ਦੇ ਦਿਨਾਂ ਵਿਚ ਮੈਂ ਰਾਤ ਭਰ ਗਰਬਾ ਖੇਡਦੀ | ਫਿਰ ਜਦੋਂ ਫ਼ਿਲਮਾਂ ਦੇਖਣ ਦਾ ਸ਼ੌਕ ਪੈਦਾ ਹੋਇਆ ਤਾਂ ਮਾਧੁਰੀ ਦੀਕਸ਼ਿਤ ਨੂੰ ਦੇਖ ਕੇ ਡਾਂਸ ਕਰਨਾ ਸਿੱਖਿਆ |

-ਮੁੰਬਈ ਪ੍ਰਤੀਨਿਧ

'ਰੋਜ਼ਾ' ਮੁਟਿਆਰ ਮਧੂ ਹੁਣ ਖਲੀ ਬਲੀ 'ਚ

ਆਪਣੀ ਪਹਿਲੀ ਹੀ ਫ਼ਿਲਮ 'ਫੂਲ ਔਰ ਕਾਂਟੇ' ਦੀ ਮਹਾਂ ਸਫਲਤਾ ਦੀ ਬਦੌਲਤ ਬਾਲੀਵੁੱਡ ਵਿਚ ਛਾ ਜਾਣ ਵਿਚ ਕਾਮਯਾਬ ਰਹੀ ਮਧੂ ਨੇ ਬਾਅਦ ਵਿਚ 'ਰੋਜ਼ਾ', 'ਜੱਲਾਦ', 'ਮੋਹਿਨੀ', 'ਯਸ਼ਵੰਤ', 'ਦਿਲਜਲੇ' ਆਦਿ ਫ਼ਿਲਮਾਂ ਦੀ ਬਦੌਲਤ ਆਪਣੀ ਪਛਾਣ ਹੋਰ ਮਜ਼ਬੂਤ ਕੀਤੀ ਸੀ | ਹਿੰਦੀ ਫ਼ਿਲਮਾਂ ਵਿਚ ਉਹ ਸਾਲ 2011 ਵਿਚ ਆਖ਼ਰੀ ਵਾਰ ਉਦੋਂ ਦਿਸੀ ਸੀ ਜਦੋਂ ਉਸ ਦੀ 'ਟੈੱਲ ਮੀ ਓ ਖ਼ੁਦਾ' ਤੇ 'ਲਵ ਯੂ ਮਿ. ਕਲਾਕਾਰ' ਪ੍ਰਦਰਸ਼ਿਤ ਹੋਈ ਸੀ | ਹੁਣ ਇਕ ਲੰਬੇ ਅਰਸੇ ਬਾਅਦ ਮਧੂ ਹਿੰਦੀ ਫ਼ਿਲਮਾਂ ਵਿਚ ਆਪਣੀ ਵਾਪਸੀ ਕਰ ਰਹੀ ਹੈ ਅਤੇ ਉਸ ਦੀ ਵਾਪਸੀ ਦਾ ਸਿਹਰਾ ਹਾਸਲ ਕਰਨ ਵਾਲੀ ਫ਼ਿਲਮ ਦਾ ਨਾਂਅ ਹੈ 'ਖਲੀ ਬਲੀ' ਜੋ ਮਨੋਜ ਸ਼ਰਮਾ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ | ਇਸ ਵਿਚ ਮਧੂ ਦੇ ਨਾਲ ਰਜਨੀਸ਼ ਦੁੱਗਲ, ਕਾਇਨਾਤ ਅਰੋੜਾ, ਰਾਜਪਾਲ ਯਾਦਵ, ਅਸਰਾਨੀ, ਰੋਹਨ ਮਹਿਰਾ ਤੇ ਬਜੇਂਦਰ ਕਾਲਾ ਹਨ | ਆਪਣੀ ਵਾਪਸੀ ਵਾਲੀ ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਮਧੂ ਕਹਿੰਦੀ ਹੈ, 'ਇਹ ਡਰਾਉਣੀ + ਕਾਮੇਡੀ ਫ਼ਿਲਮ ਹੈ | ਇਹ ਕੁਝ ਉਸੇ ਤਰ੍ਹਾਂ ਦੀ ਫ਼ਿਲਮ ਹੋਵੇਗੀ ਜਿਵੇਂ 'ਭੂਲਭੂਲਈਆ' ਅਤੇ 'ਇਸਤਰੀ' ਸਨ | ਇਸ ਵਿਚ ਮੇਰੀ ਭੂਮਿਕਾ ਮਨੋਵਿਗਿਆਨੀ ਦੀ ਹੈ ਜੋ ਭੂਤ ਲਾਹੁਣ ਦਾ ਕੰਮ ਵੀ ਕਰਦੀ ਹੈ | ਹੁਣ ਤੱਕ ਮੈਂ ਇਸ ਤਰ੍ਹਾਂ ਦੀ ਭੂਮਿਕਾ ਪਹਿਲਾਂ ਕਦੀ ਨਹੀਂ ਨਿਭਾਈ ਸੀ | ਸੋ, ਹੁਣ ਫ਼ਿਲਮ ਨੂੰ ਲੈ ਕੇ ਕਾਫੀ ਹੁੰਗਾਰਾ ਮਿਲਿਆ ਹੈ |' ਮਧੂ ਨੂੰ ਅੱਜ ਵੀ 'ਰੋਜ਼ਾ' ਲਈ ਯਾਦ ਕੀਤਾ ਜਾਂਦਾ ਹੈ ਅਤੇ ਇਸ ਫ਼ਿਲਮ ਦਾ ਜ਼ਿਕਰ ਕਰਨ 'ਤੇ ਹੀ ਉਸ ਦੀਆਂ ਅੱਖਾਂ ਵਿਚ ਨਵੀਂ ਚਮਕ ਉੱਭਰ ਆਉਂਦੀ ਹੈ | ਉਹ ਕਹਿੰਦੀ ਹੈ, 'ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੈਰੀਅਰ ਦੀ ਸ਼ੁਰੂਆਤ ਵਿਚ ਹੀ 'ਰੋਜ਼ਾ' ਵਰਗੀ ਫ਼ਿਲਮ ਮਿਲੀ ਅਤੇ ਇਸ ਫ਼ਿਲਮ ਦੀ ਬਦੌਲਤ ਮੇਰੀ ਪਛਾਣ 'ਰੋਜ਼ਾ ਗਰਲ' ਦੇ ਰੂਪ ਵਿਚ ਹੋ ਗਈ | ਰੋਜ਼ਾ ਗਰਲ ਦਾ ਤਗਮਾ ਮੇਰੇ ਲਈ ਫ਼ਖ਼ਰ ਦੀ ਗੱਲ ਹੈ | ਅੱਜ ਜਦੋਂ ਮੈਂ ਕਿਸੇ ਸਮਾਰੋਹ ਵਿਚ ਜਾਂਦੀ ਹਾਂ ਤਾਂ ਮੇਰਾ ਦਾਖਲੇ 'ਤੇ 'ਰੋਜ਼ਾ' ਦੇ ਗੀਤ ਦੀ ਧੁਨ ਵਜਾਈ ਜਾਂਦੀ ਹੈ | ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਜਿਥੇ ਫ਼ਿਲਮ ਦੀ ਰਿਲੀਜ਼ ਤੋਂ ਇਕ ਹਫਤੇ ਬਾਅਦ ਕਿਰਦਾਰ ਭੁਲਾ ਦਿੱਤਾ ਜਾਂਦਾ ਹੈ, ਉਥੇ 'ਰੋਜ਼ਾ' ਵਿਚ ਮੇਰਾ ਕਿਰਦਾਰ ਅੱਜ ਵੀ ਲੋਕਾਂ ਨੂੰ ਯਾਦ ਹੈ | ਇਹ ਫ਼ਿਲਮ ਮੇਰੀ ਪਛਾਣ ਦਾ ਹਿੱਸਾ ਹੈ ਅਤੇ ਲਗਦਾ ਹੈ ਕਿ ਇਹੀ ਪਛਾਣ ਤਾਅਉਮਰ ਬਣੀ ਰਹੇਗੀ |

ਫ਼ਿਲਮੀ ਖ਼ਬਰਾਂ

ਦਿੱਲੀ ਵਾਸੀ ਅਨੀਸ਼ਾ ਮਧੋਕ ਹਾਲੀਵੁੱਡ ਦੀ ਫ਼ਿਲਮ ਵਿਚ
ਦਿੱਲੀ ਦੇ ਰੰਗਮੰਚ 'ਤੇ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਕੇ ਵਾਹਵਾਹ ਖੱਟਣ ਵਾਲੀ ਅਨੀਸ਼ਾ ਮਧੋਕ ਨੂੰ ਹਾਲੀਵੁੱਡ ਦੀ ਫ਼ਿਲਮ 'ਬੁਲੀ ਹਾਈ' ਲਈ ਇਕਰਾਰਬੱਧ ਕੀਤਾ ਗਿਆ ਹੈ | ਬਿਲ ਮੇਕ ਐਡਮ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਸ ਫ਼ਿਲਮ ਵਿਚ ਅਨੀਸ਼ਾ ਵਲੋਂ ਮਰੀਅਮ ਨਾਮੀ ਇਕ ਇਸ ਤਰ੍ਹਾਂ ਦੀ ਪਾਕਿਸਤਾਨੀ ਕੁੜੀ ਦਾ ਕਿਰਦਾਰ ਨਿਭਾਇਆ ਜਾ ਰਿਹਾ ਹੈ ਜੋ ਅਮਰੀਕਾ ਵਿਚ ਰਹਿ ਰਹੀ ਹੁੰਦੀ ਹੈ ਅਤੇ ਜਦੋਂ ਉਹ ਸਕੂਲ ਜਾਂਦੀ ਹੈ ਤਾਂ ਉਦੋਂ ਸਥਾਨਕ ਵਿਦਿਆਰਥੀਆਂ ਵਲੋਂ ਉਸ ਨੂੰ ਪ੍ਰਤਾੜਿਆ ਜਾਂਦਾ ਹੈ | ਆਪਣੀ ਪਹਿਲੀ ਫ਼ਿਲਮ ਦੇ ਤੌਰ 'ਤੇ ਹਾਲੀਵੁੱਡ ਦੀ ਫ਼ਿਲਮ ਹਾਸਲ ਕਰਕੇ ਉਹ ਕਾਫੀ ਖ਼ੁਸ਼ ਹੈ |
'ਕੁਲੀ ਨੰ: 1' ਵਿਚ ਵਰੁਣ ਧਵਨ
ਪਹਿਲਾਂ ਡੇਵਿਡ ਧਵਨ ਨੇ ਗੋਵਿੰਦਾ ਦੇ ਨਾਲ 'ਕੁਲੀ ਨੰ: 1' ਬਣਾਈ ਸੀ | ਹੁਣ ਡੇਵਿਡ ਆਪਣੇ ਬੇਟੇ ਵਰੁਣ ਨੂੰ ਲੈ ਕੇ 'ਕੁਲੀ ਨੰ:” 1' ਬਣਾ ਰਹੇ ਹਨ | ਇਸ ਕਾਮੇਡੀ ਫ਼ਿਲਮ ਦੀ ਕਹਾਣੀ ਫਰਹਾਦ ਸਾਮਜੀ ਵਲੋਂ ਲਿਖੀ ਗਈ ਹੈ ਅਤੇ ਇਸ ਵਿਚ ਵਰੁਣ ਨੂੰ ਦੋ ਨਾਇਕਾਵਾਂ ਵਿਚਾਲੇ ਫਸੇ ਆਦਮੀ ਦੀ ਭੂਮਿਕਾ ਵਿਚ ਪੇਸ਼ ਕੀਤਾ ਜਾਵੇਗਾ |
ਫਰਹਾ ਖਾਨ ਬਣਾਏਗੀ 'ਸੱਤੇ ਪੇ ਸੱਤਾ' ਦੀ ਰੀਮੇਕ
ਫਰਹਾ ਖਾਨ ਵਲੋਂ ਨਿਰਦੇਸ਼ਿਤ 'ਓਮ ਸ਼ਾਂਤੀ ਓਮ' ਵਿਚ ਰਿਸ਼ੀ ਕਪੂਰ ਦੀ ਫ਼ਿਲਮ 'ਕਰਜ਼' ਦੀ ਝਲਕ ਦੇਖਣ ਨੂੰ ਮਿਲੀ ਸੀ | ਹੁਣ ਫਰਹਾ ਖਾਨ ਅਧਿਕਾਰਿਕ ਤੌਰ 'ਤੇ ਅਮਿਤਾਭ ਬੱਚਨ ਦੀ ਫ਼ਿਲਮ 'ਸੱਤੇ ਪੇ ਸੱਤਾ' ਨੂੰ ਨਵੇਂ ਰੂਪ ਵਿਚ ਬਣਾਉਣ ਜਾ ਰਹੀ ਹੈ | ਸੱਤ ਭਰਾਵਾਂ 'ਤੇ ਆਧਾਰਿਤ ਇਸ ਫ਼ਿਲਮ ਲਈ ਕਲਾਕਾਰਾਂ ਦੇ ਨਾਂਅ 'ਤੇ ਇਨ੍ਹੀਂ ਦਿਨੀਂ ਸੋਚ-ਵਿਚਾਰ ਚੱਲ ਰਿਹਾ ਹੈ | ਉਂਝ ਪਹਿਲਾਂ ਅਭਿਨੇਤਾ ਸਚਿਨ ਨੇ 'ਸੱਤੇ ਪੇ ਸੱਤਾ' ਦੀ ਮਰਾਠੀ ਰੀਮੇਕ ਦੇ ਤੌਰ 'ਤੇ 'ਆਮਹੀ ਸਾਤਪੂਤੇ' ਬਣਾਈ ਸੀ ਜੋ ਕਿ ਖ਼ਾਸ ਕਾਰੋਬਾਰ ਨਹੀਂ ਕਰ ਸਕੀ ਸੀ | ਹੁਣ ਦੇਖੋ, ਕੀ ਫਰਹਾ ਖਾਨ ਕਮਾਲ ਦਿਖਾਉਣ ਵਿਚ ਕਾਮਯਾਬ ਰਹਿੰਦੀ ਹੈ |
ਆਮਿਰ ਦੀ ਭੈਣ ਵੀ ਐਕਟਿੰਗ ਦੇ ਮੈਦਾਨ ਵਿਚ
ਪਹਿਲਾਂ ਆਮਿਰ ਖਾਨ ਨੂੰ ਦੇਖ ਕੇ ਉਨ੍ਹਾਂ ਦਾ ਭਰਾ ਫੈਸਲ ਖਾਨ ਅਭਿਨੈ ਦੇ ਖੇਤਰ ਵਿਚ ਆ ਗਏ ਤੇ ਹੁਣ ਆਮਿਰ ਦੀ ਭੈਣ ਨਿਖਟ ਨੇ ਵੀ ਅਭਿਨੈ ਦਾ ਚੋਲਾ ਧਾਰਨ ਕਰ ਲਿਆ ਹੈ | ਉਹ ਨਿਰਦੇਸ਼ਕ ਤੁਸ਼ਾਰ ਹੀਰਾਨੰਦਾਨੀ ਦੀ ਫ਼ਿਲਮ 'ਸਾਂਡ ਕੀ ਆਂਖ' ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ | ਦੋ ਨਿਸ਼ਾਨੇਬਾਜ਼ ਔਰਤਾਂ 'ਤੇ ਬਣੀ ਇਸ ਫ਼ਿਲਮ ਵਿਚ ਤਾਪਸੀ ਪੰਨੂੰ ਤੇ ਭੂਮੀ ਪੇਡਣੇਕਰ ਮੁੱਖ ਭੂਮਿਕਾਵਾਂ ਵਿਚ ਹਨ |
ਨੀਨਾ ਗੁਪਤਾ ਹੁਣ ਅਕਸ਼ੈ ਕੁਮਾਰ ਦੀ ਮਾਂ ਦੀ ਭੂਮਿਕਾ ਵਿਚ
ਫ਼ਿਲਮ 'ਬਧਾਈ ਹੋ' ਵਿਚ ਆਯੂਸ਼ਮਾਨ ਖੁਰਾਣਾ ਦੀ ਮਾਂ ਦੀ ਭੂਮਿਕਾ ਨਿਭਾਅ ਕੇ ਕਈ ਐਵਾਰਡ ਜਿੱਤਣ ਵਾਲੀ ਨੀਨਾ ਗੁਪਤਾ ਨੂੰ ਨਿਰਦੇਸ਼ਕ ਰੋਹਿਤ ਸ਼ੈਟੀ ਨੇ 'ਸੂਰਿਆਵੰਸ਼ੀ' ਲਈ ਇਕਰਾਰਬੱਧ ਕਰ ਲਿਆ ਹੈ | ਉਹ ਇਸ ਵਿਚ ਅਕਸ਼ੈ ਕੁਮਾਰ ਦੀ ਮਾਂ ਦੀ ਭੂਮਿਕਾ ਨਿਭਾਏਗੀ | ਨੀਨਾ ਅਨੁਸਾਰ ਇਹ ਭੂਮਿਕਾ ਆਮ ਫ਼ਿਲਮੀ ਮਾਂ ਦੀ ਭੂਮਿਕਾ ਤੋਂ ਹਟ ਕੇ ਹੈ ਅਤੇ ਇਸ ਵਿਚ ਉਸ ਦੇ ਹਿੱਸੇ ਕਾਮੇਡੀ ਕਰਨਾ ਵੀ ਆਇਆ ਹੈ |

-ਮੁੰਬਈ ਪ੍ਰਤੀਨਿਧ

ਨਰਗਿਸ ਫਾਖਰੀ

ਫਿਕਰ ਦੂਜਿਆਂ ਦਾ

ਮੈਟ ਦੇ ਨਾਲ ਨਰਗਿਸ ਦੀ ਦੋਸਤੀ ਜੱਗ ਜ਼ਾਹਿਰ ਹੈ। 'ਘਿਸੀ ਪਿਟੀ' ਜਿਹੀ 'ਅਮਾਵਸ' ਫ਼ਿਲਮ ਨੇ ਉਸ ਦੇ ਕਰੀਅਰ ਨੂੰ ਡੋਬਣ ਵਾਲੀ ਗੱਲ ਕੀਤੀ ਹੈ। ਆਪ ਹਨੇਰੇ 'ਚ ਤੇ ਫਿਕਰ ਦੂਸਰਿਆਂ ਦਾ, ਇਹ ਹਾਲ ਨਰਗਿਸ ਦਾ ਹੈ। ਹਾਲੇ ਪ੍ਰਿਅੰਕਾ ਚੋਪੜਾ ਵਿਆਹ ਦੇ ਚਾਅ ਹੀ ਪੂਰੇ ਕਰ ਰਹੀ ਹੈ ਕਿ ਮਿਸ ਫਾਖਰੀ ਨੇ ਉਸ ਦੇ ਜੁਆਕਾਂ ਦੀ ਵੀ ਕਲਪਨਾ ਕਰ ਛੱਡੀ ਹੈ। 'ਨਿਆਣੇ ਬਹੁਤ ਹੋਣਗੇ ਇਸ ਜੋੜੀ ਦੇ ਸਿਆਣੇ' ਉਸ ਨੇ ਕਿਹਾ ਹੈ। ਇਸ ਸਮੇਂ ਉਸ ਦਾ ਭਾਰ ਵਧ ਗਿਆ ਹੈ। ਜਨਤਕ ਜ਼ਿੰਦਗੀ ਜਿਊਣ ਦੀ ਉਹ ਇਛੁਕ ਹੈ ਪਰ ਖਾਸ ਹਸਤੀ ਹੋਣ ਕਾਰਨ ਜੀਅ ਨਹੀਂ ਸਕਦੀ ਜਨਤਕ ਜ਼ਿੰਦਗੀ। ਨਿੱਕੀ ਹੁੰਦੀ ਫਾਖਰੀ ਡਰਾਉਣੀਆਂ ਫ਼ਿਲਮਾਂ ਦੀ ਸ਼ੌਕੀਨ ਸੀ। ਸ਼ਾਇਦ 'ਅਮਾਵਸ' ਕਰਕੇ ਉਸ ਨੂੰ ਸਕੂਨ ਮਿਲਿਆ ਹੋਵੇਗਾ। ਇਕ ਹੀ ਹਫ਼ਤਾ ਪਹਿਲਾਂ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ ਫੋਟੋ 'ਚ ਨਰਗਿਸ ਫਾਖਰੀ ਨਾਲ ਸ਼ਰੇਆਮ ਅਸ਼ਲੀਲ ਹਰਕਤ ਇਕ ਵਿਅਕਤੀ ਕਰ ਰਿਹਾ ਹੈ। ਉਦੈ ਚੋਪੜਾ, ਮੈਟ ਅਲੌਂਜ਼ੋ ਨਾਲ ਰਿਸ਼ਤੇ ਜ਼ਰੂਰ ਹਨ ਪਰ ਅਜਿਹੀ ਗੰਦੀ ਹਰਕਤ ਉਨ੍ਹਾਂ ਵੀ ਨਹੀਂ ਉਸ ਨਾਲ ਕੀਤੀ ਹੋਣੀ। ਪਾਕਿਸਤਾਨ ਦੀ 'ਜੰਗ' ਅਖ਼ਬਾਰ ਵਿਚ ਨਰਗਿਸ ਦੇ ਛਪੇ ਇਕ ਵਿਗਿਆਪਨ ਨੇ ਧਮਾਲ ਤੇ ਰੌਲਾ ਪੁਆਇਆ ਹੈ। ਮੋਬੀਲਿੰਕ ਦੇ ਇਸ ਵਿਗਿਆਪਨ 'ਚ ਨਰਗਿਸ ਦੀ ਖੁੱਲ੍ਹੀ-ਡੁੱਲ੍ਹੀ ਫੋਟੋ ਤੇ ਪਾਕਿਸਤਾਨੀ ਪੱਤਰਕਾਰਾਂ ਨੇ 'ਜੰਗ' ਅਖ਼ਬਾਰ ਦਾ ਵਿਰੋਧ ਕੀਤਾ। ਹਾਲਾਂਕਿ ਮੇਹਰ ਤਰਾਰ ਜ਼ਰੂਰ ਨਰਗਿਸ ਦੇ ਹੱਕ ਵਿਚ ਆਈ ਹੈ। '4 ਵੈਡਿੰਗਜ਼', 'ਟੌਰਬਾਜ਼' ਫ਼ਿਲਮਾਂ ਨੇ ਗੁੰਮਨਾਮ ਹੋਣ ਜਾ ਰਹੀ ਨਰਗਿਸ ਨੂੰ ਫ਼ਿਲਮੀ ਦੁਨੀਆ 'ਚ ਜੀਵਤ ਕੀਤਾ ਹੈ। ਵਿਦੇਸ਼ਣ ਹੋਣ ਕਾਰਨ ਭਾਰਤ-ਪਾਕਿਸਤਾਨ ਦੀ ਸੰਸਕ੍ਰਿਤੀ ਜ਼ਰੂਰ ਉਸ ਨਾਲ ਖਾਰ ਖਾਂਦੀ ਹੈ ਕਿਉਂਕਿ ਉਹ ਜ਼ਿਆਦਾ ਹੀ ਹੱਦਾਂ-ਬੰਨ੍ਹੇ ਕਈ ਵਾਰ ਟੱਪ ਜਾਂਦੀ ਹੈ।

ਰਕੁਲਪ੍ਰੀਤ ਸਿੰਘ

ਛਾ ਗਈ ਮੁਟਿਆਰ

29 ਸਾਲ ਦੀ ਪੰਜਾਬਣ ਕੁੜੀ ਰਕੁਲਪ੍ਰੀਤ ਸਿੰਘ ਦੀ ਪਛਾਣ 'ਵੱਡੀ ਸ਼ਰਾਬਣ' ਦੇ ਤੌਰ 'ਤੇ ਇਸ ਸਮੇਂ ਹੈ। ਕਹਿਣ ਦਾ ਭਾਵ ਇਹ ਕਿ 'ਦੇ ਦੇ ਪਿਆਰ ਦੇ' ਦੇ ਗੀਤ 'ਵੱਡੀ ਸ਼ਰਾਬਣ' 'ਤੇ ਜਿਵੇਂ ਉਹ ਜੰਮ ਕੇ ਨੱਚੀ ਹੈ, ਧਰਤੀ ਨੂੰ ਕਲੀ ਕਰਵਾਉਣ ਦੀ ਨੌਬਤ ਆਈ ਹੈ। ਆਪਣੇ ਉਮਰ ਤੋਂ ਕਿਤੇ ਵੱਡੇ ਅਜੈ ਦੇਵਗਨ ਨਾਲ ਰਕੁਲ ਨੇ ਇਹ ਫ਼ਿਲਮ ਕਰ ਕੇ ਆਪਣੀ ਇਮੇਜ਼ ਬੀ-ਟਾਊਨ ਵਿਚ ਸ਼ਾਨਦਾਰ ਬਣਾ ਲਈ ਹੈ। 18 ਸਾਲ ਦੀ ਉਮਰ ਤੋਂ ਹੀ ਮਾਡਲਿੰਗ ਨਾਲ ਜੁੜਨ ਵਾਲੀ ਪੰਜਾਬਣ ਰਕੁਲਪ੍ਰੀਤ ਦੱਖਣ ਦੀ ਰਾਣੀ ਹੈ ਤੇ ਉਥੇ ਪ੍ਰਸੰਸਕ ਉਸ ਦੀ ਇਕ ਝਲਕ ਲਈ ਮਰਨ ਤੱਕ ਜਾਂਦੇ ਹਨ। ਮਿਲਾਪ ਜਾਵੇਰੀ ਨੇ 'ਵੱਡੀ ਸ਼ਰਾਬਣ' ਰਕੁਲਪ੍ਰੀਤ ਦਾ ਇਹ ਗਾਣਾ ਦੇਖ ਕੇ ਕਿਹਾ 'ਮਰਜਾਵਾਂ' ਮੇਰੀ ਇਸ ਫ਼ਿਲਮ 'ਚ ਰਿਤੇਸ਼ ਦੇਸ਼ਮੁਖ, ਤਾਰਾ ਸੁਤਾਰੀਆ ਤਾਂ ਹਨ ਹੀ ਹੁਣ ਸਿਧਾਰਥ ਮਲਹੋਤਰਾ ਦੇ ਨਾਲ 'ਅੱਯਾਰੀ' ਤੋਂ ਬਾਅਦ ਫਿਰ ਰਕੁਲਪ੍ਰੀਤ ਦੀ ਜੋੜੀ ਬਣੇਗੀ। ਰਸਤੇ ਵਿਚ ਡਾਇਲਾਗਬਾਜ਼ੀ ਤੇ ਧਮਾਕਾ ਰਕੁਲ ਨੂੰ 'ਮਰਜਾਵਾਂ' ਦਾ ਹਿੱਸਾ ਬਣਾ ਕੇ ਟਵਿੱਟਰ 'ਤੇ ਇਹ ਟਵੀਟ ਮਿਲਾਪ ਜਾਵੇਰੀ ਨੇ ਕੀਤਾ ਹੈ। ਰਕੁਲ ਕਹਿ ਰਹੀ ਹੈ ਕਿ 'ਵੱਡੀ ਸ਼ਰਾਬਣ' ਨੇ ਪ੍ਰਚਾਰ ਦਿੱਤਾ ਤੇ 'ਮਰਜਾਵਾਂ' ਐਕਸ਼ਨ ਵੀ ਹੋਊ, ਡਰਾਮਾ ਵੀ ਤੇ ਪਿਆਰ ਵੀ। 'ਇਸ਼ਕ ਮੇਂ ਮਰੇਂਗੇ ਭੀ, ਮਾਰੇਂਗੇ ਭੀ' ਇਹ ਪੰਕਤੀ 'ਮਰਜਾਵਾਂ' ਦੀ ਝਲਕ ਦਿਖਾ ਰਹੀ ਹੈ। ਦੱਖਣ 'ਚ ਜਲਵਾ, ਬਾਲੀਵੁੱਡ 'ਚ 'ਵੱਡੀ ਸ਼ਰਾਬਣ' ਦਾ ਧਮਾਕਾ ਤੇ 'ਮਰਜਾਵਾਂ' ਦੇ ਨਾਲ ਰਕੁਲਪ੍ਰੀਤ ਸਿੰਘ ਨੱਚਣ ਦੇ ਸਟੇਜ ਸ਼ੋਅ ਧੜਾਧੜ ਕਰ ਰਹੀ ਹੈ। ਇਕ ਸਟੇਜ ਸ਼ੋਅ ਲਈ 15 ਮਿੰਟ ਨੱਚ ਕੇ 25 ਲੱਖ ਕਮਾਉਣ ਵਾਲੀ ਰਕੁਲਪ੍ਰੀਤ ਦੇ ਜਿਸਮ ਦੀ ਹਰ ਨਾੜ ਸਾਹ ਲੈਂਦੀ ਹੈ। ਕਸਰਤ ਤੇ ਚੰਗੀ ਖੁਰਾਕ, ਜੋ ਬੀਜਣਾ ਉਹ ਵੱਡ ਲੈਣਾ, ਕਹਿੰਦੀ ਰਕੁਲਪ੍ਰੀਤ ਸਿੰਘ ਇਸ ਸਮੇਂ 'ਮਰਜਾਵਾਂ' ਤੋਂ ਬਾਅਦ ਇਕ ਹੋਰ ਵੱਡੀ ਫ਼ਿਲਮ ਪ੍ਰਾਪਤ ਕਰਨ ਵਾਲੀ ਹੈ ਤੇ ਇਸ ਨਾਲ ਬਹੁਤ ਅੱਗੇ ਜਾਵੇਗੀ ਰਕੁਲਪ੍ਰੀਤ...।


-ਸੁਖਜੀਤ ਕੌਰ

ਆਲੀਆ ਭੱਟ

ਇੰਸ਼ਾਅੱਲਾਹ 'ਤਖ਼ਤ' ਮਿਲੇਗਾ

ਈਸ਼ਾ ਅੰਬਾਨੀ ਦੀ ਸ਼ਾਨਦਾਰ ਪਾਰਟੀ 'ਚ ਚਾਹੇ ਆਲੀਆ ਭੱਟ ਨਹੀਂ ਸੀ ਪਰ ਪ੍ਰਿਅੰਕਾ ਚੋਪੜਾ ਨੇ ਇਸ ਮੌਕੇ ਗੱਲਾਂ ਹੀ ਆਲੀਆ ਦੀਆਂ ਕੀਤੀਆਂ। ਗੱਲ ਇਹ ਵੀ ਸਾਹਮਣੇ ਆਈ ਕਿ ਆਲੀਆ ਦੀ ਮਾਂ ਸੋਨੀ ਰਾਜ਼ਦਾਨ ਦਿਲੋਂ ਆਲੀਆ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦੀ ਹੈ। ਸੋਨੀ ਨੇ ਫਿਲਹਾਲ ਆਲੀਆ ਸਬੰਧੀ ਕਿਹਾ ਹੈ ਕਿ ਆਲੀਆ ਹਾਲੇ ਵਿਆਹ ਨਹੀਂ ਕਰਵਾ ਰਹੀ ਤੇ ਨਾ ਹੀ ਇਹ ਰਣਬੀਰ ਕਪੂਰ ਨਾਲ ਹੋ ਰਿਹਾ ਹੈ। ਆਲੀਆ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਖ਼ੈਰ ਆਲੀਆ ਵੀ 'ਸੜਕ-2' 'ਚ ਦਿਲਚਸਪੀ ਲੈ ਰਹੀ ਹੈ। ਆਲੀਆ ਇਸ ਫ਼ਿਲਮ 'ਚ ਇਕ ਢੌਂਗੀ ਬਾਬਾ ਦਾ ਪਰਦਾਫਾਸ਼ ਕਰੇਗੀ। ਚਾਹੇ ਆਲੀਆ ਦੀ ਫ਼ਿਲਮ 'ਕਲੰਕ' ਫਲਾਪ ਰਹੀ ਹੈ ਪਰ 'ਬ੍ਰਹਮਸ਼ਾਸਤਰ' ਤੋਂ ਉਸ ਨੂੰ ਉਮੀਦਾਂ ਹਨ। ਅਨੰਦ ਰਾਏ ਹੋਰੀਂ ਆਲੀਆ ਦੇ ਘਰੇ ਚੱਕਰ ਕੱਟ ਰਹੇ ਹਨ। ਆਲੀਆ ਦੀ ਝੋਲੀ ਇਸ ਵੇੇਲੇ ਫ਼ਿਲਮਾਂ ਨਾਲ ਭਰੀ ਪਈ ਹੈ। 'ਕਲੰਕ' ਲਾਹੁਣ ਲਈ ਕਈ 'ਬ੍ਰਹਮਸ਼ਾਸਤਰ' ਉਸ ਕੋਲ ਹਨ। 'ਆਰ ਪਾਰ ਆਰ' ਇਹ ਖਾਸ ਫ਼ਿਲਮ ਆ ਰਹੀ ਹੈ। 'ਇੰਸ਼ਾਅੱਲਾਹ' ਵਿਚ ਆਲੀਆ ਭੱਟ ਹੈ। 'ਤਖ਼ਤ' ਫ਼ਿਲਮ ਉਸ ਨੂੰ ਕਾਮਯਾਬੀ ਦੇ 'ਤਖ਼ਤ' 'ਤੇ ਬਿਠਾ ਸਕਦੀ ਹੈ। 'ਸਟੂਡੈਂਟ ਆਫ਼ ਦਾ ਯੀਅਰ-2' ਵਿਚ ਖਾਸ ਗਾਣਾ ਆਲੀਆ ਦਾ ਹੈ। ਚਾਰੇ ਪਾਸੇ ਆਲੀਆ ਦਾ ਡੰਕਾ ਵੱਜ ਰਿਹਾ ਹੈ। ਇਧਰ ਲੋਕ ਹਨ ਕਿ ਫਿਰ ਵੀ ਉਸ ਦੇ ਤਵੇ 'ਤੇ ਤਵੇ ਲਾ ਰਹੇ ਹਨ। ਪੰਜ ਲੱਖ ਦਾ ਬੈਗ ਲੈ ਕੇ ਏਅਰਪੋਰਟ ਗਈ ਆਲੀਆ ਦਾ ਮਜ਼ਾਕ ਸਮਾਜਿਕ ਮੀਡੀਆ 'ਤੇ ਖੂਬ ਉਡਿਆ ਹੈ। 'ਕਲੰਕ ਬੈਗ', 'ਕਾਰਟੂਨ ਬਣਦੀ ਜਾ ਰਹੀ ਆਲੀਆ', ਇਹ ਸਭ ਸੁਣ ਦੇਖ ਆਲੀਆ ਨੇ ਢੀਠ ਹੁੰਦਿਆਂ ਇਹੀ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ, ਲੋਕਾਂ ਦਾ ਕੰਮ ਹੀ ਗੱਲਾਂ ਕਰਨਾ ਹੈ। ਆਲੀਆ ਦੀ ਸਿਫ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤੀ ਹੈ ਰਣਦੀਪ ਹੁੱਡਾ ਨੇ ਕੰਗਨਾ ਨੂੰ ਕਹਿ ਕੇ ਆਲੀਆ ਨੂੰ ਟਵਿੱਟਰ 'ਤੇ ਨੱਥੀ ਕਰਦਿਆਂ ਕਿਹਾ ਕਿ ਧੰਨ ਹੈਂ ਤੂੰ ਆਲੀਆ ਤੇ ਆਲੀਆ ਦੀ ਖਾਤਰ ਕੰਗਨਾ ਦੀ ਦੀਦੀ ਰੰਗੋਲੀ ਤੋਂ ਰਣਦੀਪ ਹੁੱਡਾ ਨੇ ਚਮਚੇ ਦਾ ਖਿਤਾਬ ਲੈ ਲਿਆ।

ਅਕਸ਼ੈ ਕੁਮਾਰ

ਦਿਲ ਹੈ ਹਿੰਦੋਸਤਾਨੀ

ਖਾਸ ਕਰ ਮੁੰਬਈ ਫ਼ਿਲਮ ਨਗਰੀ ਹੁਣ ਸ਼ੌਂਕਣਾ ਦੀ ਤਰ੍ਹਾਂ ਮਿਹਣੇ ਮਾਰਦੀ ਹੈ। ਅਕਸ਼ੈ ਕੁਮਾਰ ਨੂੰ ਵੋਟਾਂ ਸਬੰਧੀ ਅਪੀਲ ਕਰਨ 'ਤੇ ਮਿਹਣਾ ਵੱਜਿਆ ਕਿ ਆਪਣੀ ਤਾਂ ਵੋਟ ਨਹੀਂ ਤੇ ਡਰਾਮਾ ਦੇਸ਼ ਭਗਤੀ ਦਾ ਅੱਕੀ ਕਰਦਾ ਹੈ। ਵੱਡਾ ਦੇਸ਼ ਭਗਤ ਕਹਿ ਕੇ ਲੋਕਾਂ ਨੇ ਅਕਸ਼ੈ ਦੇ ਮੱਥੇ 'ਤੇ ਕੇਰਾਂ ਤਰੇਲੀਆਂ ਹੀ ਲੈ ਆਂਦੀਆਂ। ਭਲਾ ਹੋਵੇ ਅਨੁਪਮ ਖੇਰ ਦਾ ਜਿਹੜਾ ਅਕਸ਼ੈ ਦੇ ਹੱਕ ਵਿਚ ਆਇਆ ਕਿ ਚਾਹੇ ਅਕਸ਼ੈ ਕੁਮਾਰ ਕੈਨੇਡੀਅਨ ਹੈ ਪਰ ਦਿਲ ਹੈ ਹਿੰਦੁਸਤਾਨੀ। ਕਰਮ ਕਰੋ, ਲੋਕਾਂ ਦੀ ਛੱਡੋ ਤੇ ਲੋਕਾਂ ਨੂੰ ਜਲਣ ਹੋਈ ਕਿ ਇਕ ਕੈਨੇਡੀਅਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਇੰਟਰਵਿਊ ਕਿਉਂ ਕੀਤਾ? ਖ਼ੈਰ ਇਹ ਅਕਸ਼ੈ ਦੀ ਮਹਾਨਤਾ, ਲੋਕਪ੍ਰਿਅਤਾ ਹੈ ਤੇ ਅਕਸ਼ੈ ਦਿਲੋਂ ਇੰਡੀਆ ਦਾ ਬਹੁਤ ਦੀਵਾਨਾ ਹੈ। ਇਧਰ ਅਕਸ਼ੈ ਨੇ ਸਮਝਦਾਰ ਬਣਦਿਆਂ ਈਦ ਤੋਂ ਹਫ਼ਤਾ ਪਹਿਲਾਂ ਆਪਣੀ 'ਸੂਰਯਵੰਸ਼ੀ' ਫ਼ਿਲਮ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਜੋ ਈਦ 'ਤੇ ਸਲਮਾਨ ਦੀ 'ਇੰਸ਼ਾਅੱਲਾਹ' ਨਾਲ ਮੁਕਾਬਲਾ ਨਾ ਹੋਵੇ। ਬੇਟੇ ਆਰਵ ਨੂੰ ਉਹ ਨਾਬਾਲਿਗ ਸਮਝ ਕੇ ਆਪਣੇ ਨਾਗਰਿਕਤਾ ਵਿਵਾਦ ਤੋਂ ਤਾਂ ਦੂਰ ਰੱਖ ਹੀ ਰਿਹਾ ਹੈ, ਨਾਲ ਹੀ ਉਸ ਦੀ ਨਿਆਣੀ ਉਮਰ ਕਾਰਨ ਆਪਣੀਆਂ ਕਈ ਫ਼ਿਲਮਾਂ ਨਹੀਂ ਦੇਖਣ ਦੇੇਵੇਗਾ। ਖਾਸ ਕਰ ਜਦ ਤੱਕ 20 ਸਾਲ ਦਾ ਆਰਵ ਨਹੀਂ ਹੁੰਦਾ ਤਦ ਤੱਕ ਉਹ ਅਕਸ਼ੈ ਦੀ 'ਗਰਮ ਮਸਾਲਾ' ਫ਼ਿਲਮ ਨਾ ਦੇਖੇ। ਲੋਕਾਂ ਦੇ ਨਿਆਣਿਆਂ ਦਾ ਕੀ ਫਿਕਰ ਹੈ ਆਪਣੇ ਦੀ। ਅਜਿਹਾ ਹੈ ਤਾਂ 'ਗਰਮ ਮਸਾਲਾ' ਜਿਹੀ ਫ਼ਿਲਮ ਅਕਸ਼ੈ ਨੇ ਕੀਤੀ ਹੀ ਕਿਉਂ? 100 ਤੋਂ ਜ਼ਿਆਦਾ ਫ਼ਿਲਮਾਂ ਕਰ ਚੁੱਕੇ ਅਕਸ਼ੈ ਕੁਮਾਰ 'ਤੇ ਕਾਂਗਰਸ ਪਾਰਟੀ ਬਹੁਤ ਖਫ਼ਾ ਹੈ। ਕਾਂਗਰਸ ਅਕਸ਼ੈ ਕੁਮਾਰ ਦੀਆਂ ਸ਼ਿਕਾਇਤਾਂ ਕਰ ਰਹੀ ਹੈ ਕਿ ਕੈਨੇਡੀਅਨ ਨਾਗਰਿਕ ਅਕਸ਼ੈ ਭਾਰਤ ਦੀ ਹਵਾਈ ਸਮਰੱਥਾ ਸਬੰਧੀ ਉਸ ਦੇ ਗੁਪਤ ਟਿਕਾਣੇ ਦੇਖ ਰਿਹਾ ਹੈ। 'ਹਾਊਸਫੁਲ-4' ਦੀਆਂ ਤਿਆਰੀਆਂ ਕਰ ਰਹੇ ਅਕਸ਼ੈ ਕੁਮਾਰ ਨੇ ਮਿਹਣੇ, ਤਾਅਨੇ ਸੁਣ ਕੇ ਵੀ ਆਪਾ ਨਹੀਂ ਕਾਬੂ ਤੋਂ ਬਾਹਰ ਹੋਣ ਦਿਤਾ ਤੇ ਰਾਜਨੀਤੀ 'ਚ ਅਪ੍ਰਤੱਖ ਪ੍ਰਵੇਸ਼ ਕਰ ਕੇ ਵਿਰੋਧੀਆਂ ਦਾ ਬੁਰਾ ਵੀ ਨਹੀਂ ਮਨਾਇਆ। ਅਸਲੀ 'ਸੂਰਵਯੰਸ਼ੀ' ਹੈ ਅਕਸ਼ੈ ਕੁਮਾਰ...।

'ਛਲ' ਰਾਹੀਂ ਕਰੀਮਾ ਦਾ ਆਗਮਨ

ਸਾਲ 2002 ਵਿਚ ਇਕ ਫ਼ਿਲਮ ਆਈ ਸੀ 'ਛਲ'। ਇਸ ਦੇ ਨਿਰਦੇਸ਼ਕ ਸਨ ਹੰਸਲ ਮਹਿਤਾ ਅਤੇ ਕਲਾਕਾਰ ਸਨ ਕੇ. ਕੇ. ਮੈਨਨ ਅਤੇ ਜਯਾ ਸੀਲ। ਹੁਣ ਇਕ ਹੋਰ 'ਛਲ' ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਦੀ ਨਿਰਮਾਤਰੀ ਹੈ ਕਰੀਮਾ। ਉਂਝ ਤਾਂ ਕਰੀਮਾ ਆਸਾਮ ਦੀ ਵਸਨੀਕ ਹੈ ਅਤੇ ਅਸਾਮੀ ਫ਼ਿਲਮ 'ਓਜੋਲਾ ਕੋਕਾਯ' ਸਮੇਤ ਉਥੋਂ ਦੀਆਂ ਕੁਝ ਫ਼ਿਲਮਾਂ ਵਿਚ ਅਭਿਨੈ ਵੀ ਕੀਤਾ ਹੈ। ਹੁਣ ਉਹ 'ਛਲ' ਰਾਹੀਂ ਬਾਲੀਵੁੱਡ ਵਿਚ ਆਪਣੀ ਮੌਜੂਦਗੀ ਦਰਜ ਕਰਵਾਉਣ ਆ ਪਹੁੰਚੀ ਹੈ ਅਤੇ ਇਸ ਵਿਚ ਉਸ ਨੇ ਅਭਿਨੈ ਵੀ ਕੀਤਾ ਹੈ।
ਇਹ ਨਿਰਮਾਤਰੀ ਦੇ ਤੌਰ 'ਤੇ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ ਅਤੇ ਇਸ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੇ ਨਿਰਦੇਸ਼ਕ ਹਨ ਰਾਜੂ ਸ਼੍ਰੇਸ਼ਠਾ। ਉਹੀ ਰਾਜੂ ਜੋ ਬਤੌਰ ਬਾਲ ਕਲਾਕਾਰ 'ਪਰਿਚਯ', 'ਦਾਗ਼', 'ਕਿਤਾਬ' ਆਦਿ ਫ਼ਿਲਮਾਂ ਵਿਚ ਸਨ ਅਤੇ ਹੁਣ ਫ਼ਿਲਮਾਂ ਤੇ ਲੜੀਵਾਰਾਂ ਵਿਚ ਚਰਿੱਤਰ ਭੂਮਿਕਾਵਾਂ ਨਿਭਾਅ ਰਹੇ ਹਨ। ਨਿਰਦੇਸ਼ਕ ਦੇ ਤੌਰ 'ਤੇ ਰਾਜੂ ਦੀ ਵੀ ਇਹ ਪਹਿਲੀ ਫ਼ਿਲਮ ਹੈ।
ਰਾਜੂ ਨਾਲ ਜਾਣ-ਪਛਾਣ ਕਿਵੇਂ ਹੋਈ ਅਤੇ ਇਸ ਫ਼ਿਲਮ ਦੀ ਯੋਜਨਾ ਕਿਵੇਂ ਬਣੀ ਇਸ ਬਾਰੇ ਉਹ ਕਹਿੰਦੇ ਹਨ, 'ਇਸ ਫ਼ਿਲਮ ਦੇ ਕਲਾਕਾਰ ਪ੍ਰਿੰਸ ਸਿਦੀਕੀ ਨਾਲ ਰਾਜੂ ਦੀ ਦੋਸਤੀ ਹੈ। ਪ੍ਰਿੰਸ ਜਾਣਦੇ ਸਨ ਕਿ ਰਾਜੂ ਦੇ ਕੋਲ ਇਕ ਥ੍ਰਿਲਰ ਫ਼ਿਲਮ ਦੀ ਕਹਾਣੀ ਹੈ ਅਤੇ ਉਹ ਨਿਰਮਾਤਾ ਦੀ ਭਾਲ ਵਿਚ ਸਨ। ਪ੍ਰਿੰਸ ਨੇ ਮੇਰੀ ਜਾਣ-ਪਛਾਣ ਰਾਜੂ ਨਾਲ ਕਰਵਾਈ ਅਤੇ ਮੈਨੂੰ ਕਹਾਣੀ ਪਸੰਦ ਆ ਗਈ। ਜਦੋਂ ਨਿਰਦੇਸ਼ਨ ਦੀ ਗੱਲ ਆਈ ਤਾਂ ਮੈਨੂੰ ਲੱਗਿਆ ਕਿ ਰਾਜੂ ਹੀ ਇਸ ਦੇ ਨਿਰਦੇਸ਼ਨ ਲਈ ਸਹੀ ਰਹਿਣਗੇ। ਇਸ ਦੀ ਅਹਿਮ ਵਜ੍ਹਾ ਇਹ ਸੀ ਕਿ ਉਨ੍ਹਾਂ ਨੂੰ ਤਿੰਨ ਸੌ ਤੋਂ ਜ਼ਿਆਦਾ ਫ਼ਿਲਮਾਂ ਵਿਚ ਕੰਮ ਕਰਨ ਦਾ ਅਨੁਭਵ ਹੈ ਅਤੇ ਉਹ ਬਾਲੀਵੁੱਡ ਦੇ ਢੰਗ-ਤਰੀਕੇ ਚੰਗੀ ਤਰ੍ਹਾਂ ਜਾਣਦੇ ਹਨ।
ਇਸ ਥ੍ਰਿਲਰ ਫ਼ਿਲਮ ਦੀ ਕਹਾਣੀ ਇਕ ਬਲੈਕਮੇਲਰ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ। ਇਸ ਬਲੈਕਮੇਲਰ ਨੇ ਆਪਣੀਆਂ ਕਰਤੂਤਾਂ ਨਾਲ ਕਈ ਲੋਕਾਂ ਨੂੰ ਆਪਣਾ ਦੁਸ਼ਮਣ ਬਣਾ ਲਿਆ ਹੁੰਦਾ ਹੈ ਅਤੇ ਹਰ ਕੋਈ ਉਸ ਨੂੰ ਰਸਤੇ ਤੋਂ ਹਟਾ ਦੇਣ ਦੀ ਤਾੜ ਵਿਚ ਹੈ। ਇਕ ਦਿਨ ਇਸ ਬਲੈਕਮੇਲਰ ਦਾ ਖੂਨ ਹੋ ਜਾਂਦਾ ਹੈ ਅਤੇ ਸ਼ੱਕ ਦੀ ਸੂਈ ਕਈਆਂ ਵੱਲ ਜਾਂਦੀ ਹੈ। ਅਖੀਰ ਇਹ ਰਾਜ਼ ਖੁੱਲ੍ਹਦਾ ਹੈ ਕਿ ਕਾਤਲ ਕਿਹੜਾ ਸੀ।
ਕਰੀਮਾ ਨੇ ਇਸ ਵਿਚ ਨਾਂਹ-ਪੱਖੀ ਭੂਮਿਕਾ ਨਿਭਾਈ ਹੈ ਤੇ ਰਾਜੂ ਇਸ ਵਿਚ ਜਾਂਚ ਅਫ਼ਸਰ ਬਣਿਆ ਹੈ। ਇਨ੍ਹਾਂ ਨਾਲ ਇਸ ਵਿਚ ਪ੍ਰਿੰਸ ਸਿਦੀਕੀ, ਅਰਜੁਨ ਦਵੇ, ਤਮੰਨਾ ਚੌਹਾਨ, ਰਾਜੂ ਖੇਰ, ਮੁਸ਼ਤਾਕ ਖਾਨ ਤੇ ਅਰੁਣ ਬਖ਼ਸ਼ੀ ਨੇ ਵੀ ਕੰਮ ਕੀਤਾ ਹੈ।

ਕਰੀਨਾ ਕਪੂਰ

'ਅੰਗਰੇਜ਼ੀ ਮੀਡੀਅਮ' ਨਾਲ ਚਰਚਾ 'ਚ

'ਅੰਗਰੇਜ਼ੀ ਮੀਡੀਅਮ' ਨਾਂਅ ਦੀ ਨਵੀਂ ਫ਼ਿਲਮ 'ਚ ਇਰਫ਼ਾਨ ਖਾਨ ਦੇ ਨਾਲ ਸੈਫੀਨਾ ਨਜ਼ਰ ਆਏਗੀ। ਕਈ ਲੋਕ 'ਅੰਗਰੇਜ਼ੀ ਮੀਡੀਅਮ' ਕਰਨ ਜਾ ਰਹੀ ਕਰੀਨਾ ਕਪੂਰ ਨੂੰ ਸੈਫੀਨਾ ਦੇ ਨਾਂਅ ਨਾਲ ਸੰਬੋਧਿਤ ਹੁੰਦੇ ਹਨ। ਦਿਨੇਸ਼ ਇਸ਼ਾਨ ਨੇ ਅਧਿਕਾਰਤ ਤੌਰ 'ਤੇ ਕਿਹਾ ਹੈ ਕਿ ਕਰੀਨਾ ਕਪੂਰ 'ਅੰਗਰੇਜ਼ੀ ਮੀਡੀਅਮ' ਵਿਚ ਥਾਣੇਦਾਰਨੀ ਦੀ ਭੂਮਿਕਾ ਨਿਭਾਏਗੀ। 2017 ਵਿਚ ਆਈ 'ਹਿੰਦੀ ਮੀਡੀਅਮ' ਦੀ ਅਗਾਂਹ ਦੀ ਕਹਾਣੀ 'ਅੰਗਰੇਜ਼ੀ ਮੀਡੀਅਮ' ਹੈ। ਕੇਰਲ ਜਾਏਗੀ ਅਗਲੇ ਮਹੀਨੇ ਬੇਬੋ, ਜਿਥੇ 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ ਹੋਣ ਜਾ ਰਹੀ ਹੈ। ਦੇਰ ਬਾਅਦ ਇਰਫ਼ਾਨ ਖਾਨ ਇਸ ਫ਼ਿਲਮ ਨਾਲ ਫਿਰ ਵਾਪਸੀ ਕਰਨ ਜਾ ਰਹੇ ਹਨ। ਕਰੀਨਾ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੇ ਸ਼ਹਿਜ਼ਾਦੇ ਤੈਮੂਰ ਅਲੀ ਨੂੰ ਕੁੱਛੜ ਚੁੱਕ ਕੇ ਵੋਟ ਪਾਈ ਪਰ ਏਅਰਪੋਰਟ 'ਤੇ ਸੁਪਰ ਸਟਾਰ ਬੱਚੇ 'ਤੈਮੂਰ' ਦੀਆਂ ਫੋਟੋਆਂ ਖਿੱਚ ਰਹੇ ਬਹੁਤ ਸਾਰੇ ਪੱਤਰਕਾਰ ਜਦ ਅਗਾਂਹ ਨਿਕਲਣ ਦੀ ਕੋਸ਼ਿਸ਼ 'ਚ ਧੱਕਾਮੁੱਕੀ ਹੋਏ ਤਾਂ ਕਰੀਨਾ ਨੇ ਕਿਹਾ ਕਿ ਬਸ ਯਾਰ ਐਨੀ ਫਲੈਸ਼ ਲਾਈਟ ਤੈਮੂਰ ਦੀਆਂ ਅੱਖਾਂ ਲਈ ਨੁਕਸਾਨਦੇਹ ਹੈ। ਕਰੀਨਾ ਆਪਣੇ ਬੇਟੇ ਲਈ ਕਈ ਕਾਰੋਬਾਰ ਕੁਰਬਾਨ ਕਰਨ ਲਈ ਤਿਆਰ ਹੈ। ਬੇਟੇ ਨੂੰ ਸਕੂਲ ਤੋਂ ਛੁੱਟੀਆਂ ਹੋਈਆਂ ਹਨ ਤਾਂ ਉਸ ਨੂੰ ਸਮਾਂ ਦੇਣ ਲਈ 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ ਮਹੀਨੇ ਬਾਅਦ ਲੰਡਨ ਜਾ ਕੇ ਕਰੇਗੀ।

ਨੋਟਬੰਦੀ 'ਤੇ ਬਣ ਰਹੀ ਫ਼ਿਲਮ ਵਿਚ ਅਮੀਸ਼ਾ ਪਟੇਲ

ਫ਼ਿਲਮ ਪੱਤਰਕਾਰ ਤੋਂ ਨਿਰਮਾਤਾ ਬਣੇ ਚੰਦਰਕਾਂਤ ਸ਼ਰਮਾ 'ਦ ਗ੍ਰੇਟ ਇੰਡੀਅਨ ਕੇਸੀਨੋ' ਦਾ ਨਿਰਮਾਣ ਕਰ ਰਹੇ ਹਨ। ਆਪਣੀ ਇਸ ਫ਼ਿਲਮ ਵਿਚ ਉਨ੍ਹਾਂ ਨੇ ਅਮੀਸ਼ਾ ਪਟੇਲ ਨੂੰ ਕਾਸਟ ਕੀਤਾ ਹੈ। ਅਮੀਸ਼ਾ ਵੀ ਫ਼ਿਲਮ ਵਿਚ ਆਪਣੀ ਭੂਮਿਕਾ ਨੂੰ ਲੈ ਕੇ ਚੰਗੀ ਉਤਸ਼ਾਹੀ ਹੈ।
ਭੂਮਿਕਾ 'ਤੇ ਰੌਸ਼ਨੀ ਪਾਉਂਦੇ ਹੋਏ 'ਗ਼ਦਰ' ਦੀ ਇਹ ਸਕੀਨਾ ਕਹਿੰਦੀ ਹੈ, 'ਹੁਣ ਤੱਕ ਮੈਂ ਤੀਹ ਤੋਂ ਜ਼ਿਆਦਾ ਫ਼ਿਲਮਾਂ ਕਰ ਚੁੱਕੀ ਹਾਂ ਪਰ ਇਥੇ ਜਿਸ ਭੂਮਿਕਾ ਦੀ ਪੇਸ਼ਕਸ਼ ਹੋਈ ਹੈ ਉਸ ਤਰ੍ਹਾਂ ਦੀ ਮੈਂ ਪਹਿਲਾਂ ਕਦੀ ਨਹੀਂ ਨਿਭਾਈ ਹੈ। ਇਥੇ ਮੇਰਾ ਪਾਲਾ ਚਾਰ ਬਦਮਾਸ਼ਾਂ ਨਾਲ ਪੈਂਦਾ ਦਿਖਾਇਆ ਗਿਆ ਹੈ ਅਤੇ ਬਦਮਾਸ਼ ਦੀ ਭੂਮਿਕਾ ਵਿਚ ਹੈ ਰਾਜੇਸ਼ ਸ਼ਰਮਾ, ਆਸਿਫ਼ ਬਸਰਾ, ਪੰਕਜ ਬੇਰੀ ਅਤੇ ਦੀਪ ਰਾਜ ਰਾਣਾ। ਫ਼ਿਲਮ ਦੀ ਕਹਾਣੀ ਵਿਚ ਨੋਟਬੰਦੀ ਨੂੰ ਵੀ ਅਹਿਮੀਅਤ ਦਿੱਤੀ ਗਈ ਹੈ। ਨੋਟਬੰਦੀ ਦੇ ਐਲਾਨ ਤੋਂ ਬਾਅਦ ਇਹ ਚਾਰੇ ਆਪਣੇ ਕਾਲੇ ਧਨ ਨੂੰ ਸਫੈਦ ਧਨ ਵਿਚ ਬਦਲਣ ਲਈ ਇਕ ਕੈਸੀਨੋ ਦਾ ਸਹਾਰਾ ਲੈਂਦੇ ਹਨ। ਜਦੋਂ ਮੈਨੂੰ ਇਨ੍ਹਾਂ ਦੀ ਅਸਲੀਅਤ ਪਤਾ ਲਗਦੀ ਹੈ ਤਾਂ ਮੈਂ ਇਨ੍ਹਾਂ ਪਿੱਛੇ ਹੱਥ ਧੋ ਕੇ ਪੈ ਜਾਂਦੀ ਹਾਂ ਅਤੇ ਫਿਰ ਜੋ ਖੇਡ ਖੇਡੀ ਜਾਂਦੀ ਹੈ, ਇਹ ਰੋਮਾਂਚਕ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।
ਅੱਗੇ ਨੋਟਬੰਦੀ ਦਾ ਜ਼ਿਕਰ ਕਰਦੇ ਹੋਏ ਉਹ ਕਹਿੰਦੀ ਹੈ, 'ਇਨ੍ਹੀਂ ਦਿਨੀਂ ਨੋਟਬੰਦੀ ਨਾਲ ਮੇਰਾ ਪਾਲਾ ਕੁਝ ਜ਼ਿਆਦਾ ਹੀ ਪਿਆ ਹੋਇਆ ਹੈ। ਇਕ ਪਾਸੇ ਜਿਥੇ ਮੈਂ ਨੋਟਬੰਦੀ 'ਤੇ ਆਧਾਰਿਤ ਇਹ ਫ਼ਿਲਮ ਕਰ ਰਹੀ ਹਾਂ, ਉਥੇ ਦੂਜੇ ਪਾਸੇ ਚੋਣ ਪ੍ਰਚਾਰ ਲਈ ਜਿਥੇ ਕਿਤੇ ਗਈ, ਉਥੇ ਨੋਟਬੰਦੀ ਦੇ ਮੁੱਦੇ ਨੂੰ ਬਹੁਤ ਉਭਾਰਿਆ ਸੀ। ਮੈਨੂੰ ਉਮੀਦ ਹੈ ਕਿ ਨੋਟਬੰਦੀ ਦਾ ਮੁੱਦਾ ਮੇਰੀ ਫ਼ਿਲਮ ਤੇ ਜਿਨ੍ਹਾਂ-ਜਿਨ੍ਹਾਂ ਕਾਂਗਰਸੀ ਉਮੀਦਵਾਰਾਂ ਲਈ ਮੈਂ ਪ੍ਰਚਾਰ ਕੀਤਾ ਹੈ, ਉਨ੍ਹਾਂ ਲਈ ਫਲਦਾਈ ਸਾਬਤ ਹੋਵੇਗਾ।
ਦੇਖੋ, ਅਮੀਸ਼ਾ ਦੀ ਮਿਹਨਤ ਕੀ ਰੰਗ ਲਿਆਉਂਦੀ ਹੈ, ਸਿਨੇਮਾਘਰਾਂ ਵਿਚ ਅਤੇ ਚੋਣਾਂ ਦੇ ਨਤੀਜਿਆਂ ਵਿਚ।

ਮੈਂ ਲੋਕਾਂ ਦੇ ਫੋਨ ਤੱਕ ਪਹੁੰਚਣਾ ਚਾਹੁੰਦਾ ਸੀ : ਫ੍ਰੈਡੀ ਦਾਰੂਵਾਲਾ

'ਕਮਾਂਡੋ-2' ਵਿਚ ਵਰਦੀ ਵਿਚ ਨਜ਼ਰ ਆਏ ਫ੍ਰੈਡੀ ਦਾਰੂਵਾਲਾ ਨੇ ਹੁਣ ਵੈੱਬ ਸੀਰੀਜ਼ 'ਪੋਆਇਜ਼ਨ' ਵਿਚ ਪੁਲਿਸ ਅਫ਼ਸਰ ਵਿਕਰਮ ਸਿੰਘ ਦੀ ਭੂਮਿਕਾ ਨਿਭਾਈ ਹੈ। ਇਹ ਉਨ੍ਹਾਂ ਦੀ ਪਹਿਲੀ ਵੈੱਬ ਸੀਰੀਜ਼ ਹੈ। ਇਸ ਨਵੇਂ ਅਨੁਭਵ ਨੂੰ ਸਾਂਝਾ ਕਰਦੇ ਹੋਏ ਉਹ ਕਹਿੰਦੇ ਹਨ, 'ਉਂਝ ਤਾਂ ਮੈਨੂੰ ਪਹਿਲਾਂ ਵੀ ਵੈੱਬ ਸੀਰੀਜ਼ ਦੀਆਂ ਪੇਸ਼ਕਸ਼ਾਂ ਹੁੰਦੀਆਂ ਰਹੀਆਂ ਸਨ ਪਰ ਵਿਸ਼ਾ ਤੇ ਦ੍ਰਿਸ਼ਾਂ ਵਿਚ ਬੋਲਨੈੱਡਸ ਜ਼ਿਆਦਾ ਹੋਣ ਕਾਰਨ ਮੈਂ ਨਕਾਰ ਦਿੱਤੀਆਂ ਸਨ। ਮੈਂ ਜਾਣਦਾ ਸੀ ਕਿ ਅੱਜ ਵੈੱਬ ਸੀਰੀਜ਼ ਦਾ ਰੁਝਾਨ ਕਿੰਨਾ ਵਧ ਗਿਆ ਹੈ ਅਤੇ ਇਕ ਚੰਗੀ ਤੇ ਰੋਮਾਂਚਕ ਸੀਰੀਜ਼ ਵਿਚ ਕੰਮ ਕਰਨ ਦੀ ਮੇਰੀ ਵੀ ਤਮੰਨਾ ਸੀ ਜੋ ਹੁਣ ਪੂਰੀ ਹੋਈ ਹੈ। ਇਹ ਅਸੀਂ ਗੋਆ ਵਿਚ ਸ਼ੂਟ ਕੀਤੀ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਹਿੰਦੀ ਵੈੱਬ ਸੀਰੀਜ਼ ਦਾ ਬਜਟ ਵੀ ਚੰਗਾ ਹੋਣ ਲੱਗਿਆ ਹੈ। ਹਾਂ, ਇਥੇ ਕੰਮ ਕਰਨ ਤੋਂ ਪਹਿਲਾਂ ਮੈਂ ਆਪਣੀਆਂ ਸ਼ਰਤਾਂ ਰੱਖੀਆਂ ਸਨ। ਜਿਵੇਂ ਕਿ ਨਾ ਤਾਂ ਮੈਂ ਇਸ ਵਿਚ ਗਾਲ੍ਹਾਂ ਕੱਢਾਂਗਾ ਅਤੇ ਨਾ ਹੀ ਬੋਲਡ ਦ੍ਰਿਸ਼ ਦੇਵਾਂਗਾ। ਮੇਰੀਆਂ ਇਹ ਸ਼ਰਤਾਂ ਮੰਨ ਲਈਆਂ ਗਈਆਂ ਅਤੇ ਮੇਰਾ ਇਸ ਵਿਚ ਦਾਖ਼ਲਾ ਹੋ ਗਿਆ।
ਵੈੱਬ ਸੀਰੀਜ਼ ਦੇ ਕ੍ਰੇਜ਼ ਵਿਚ ਵਾਧਾ ਹੋਣ ਦਾ ਆਕਲਨ ਕਰਦੇ ਹੋਏ ਫ੍ਰੈਡੀ ਕਹਿੰਦੇ ਹਨ, 'ਕਈ ਕਹਾਣੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ 'ਤੇ ਫ਼ਿਲਮ ਨਹੀਂ ਬਣਾਈ ਜਾ ਸਕਦੀ। ਇਸ ਤਰ੍ਹਾਂ ਦੀਆਂ ਕਹਾਣੀਆਂ 'ਤੇ ਵੈੱਬ ਸੀਰੀਜ਼ ਬਣਾਉਣਾ ਸਹੀ ਰਹਿੰਦਾ ਹੈ। ਇਸ ਨੂੰ ਕਿਤੇ ਵੀ ਦੇਖਿਆ ਜਾ ਸਕਦਾ ਹੈ। ਬਸ ਵਿਚ, ਗੱਡੀ ਵਿਚ ਜਾਂ ਬਾਥਰੂਮ ਵਿਚ ਵੀ। ਇਸੇ ਵਜ੍ਹਾ ਕਰਕੇ ਲੋਕ ਇਸ ਨੂੰ ਦੇਖਣਾ ਪਸੰਦ ਕਰਨ ਲੱਗੇ ਹਨ।
ਫ੍ਰੈਡੀ ਨੇ 'ਰੇਸ-3' ਵਿਚ ਵੀ ਕੰਮ ਕੀਤਾ ਸੀ ਅਤੇ ਇਸ ਨਾਲ ਉਸ ਦੀ ਪਛਾਣ ਵਿਚ ਵਾਧਾ ਵੀ ਹੋਇਆ ਪਰ ਜੋ ਪਛਾਣ ਬਣਾਉਣ ਦੀ ਉਨ੍ਹਾਂ ਦੀ ਇੱਛਾ ਸੀ, ਉਹ ਹੁਣ ਵੈੱਬ ਸੀਰੀਜ਼ ਜ਼ਰੀਏ ਪੂਰੀ ਹੋ ਰਹੀ ਹੈ। ਉਹ ਕਹਿੰਦੇ ਹਨ, 'ਮੈਂ ਲੋਕਾਂ ਦੇ ਫੋਨ ਤੱਕ ਪਹੁੰਚਣਾ ਚਾਹੁੰਦਾ ਸੀ ਅਤੇ ਫੋਨ ਤੋਂ ਦਿਲਾਂ ਤੱਕ। ਹੁਣ ਇਸ ਵੈੱਬ ਸੀਰੀਜ਼ ਦੀ ਬਦੌਲਤ ਮੈਂ ਆਪਣੇ ਮਕਸਦ ਵਿਚ ਕਾਮਯਾਬ ਰਿਹਾ ਹਾਂ ਅਤੇ ਉਮੀਦ ਹੈ ਕਿ ਲੰਬੇ ਸਮੇਂ ਤੱਕ ਲੋਕਾਂ ਦੇ ਦਿਲਾਂ ਵਿਚ ਵਸਿਆ ਰਹਾਂਗਾ। ਫ੍ਰੈਡੀ ਨੇ ਹਾਲ ਹੀ ਵਿਚ ਹਾਲੀਵੁੱਡ ਦੀ ਫ਼ਿਲਮ ਸਾਈਨ ਕੀਤੀ ਹੈ।

ਫ਼ਿਲਮ ਦੀ ਬਦੌਲਤ ਦੇਸ਼ ਨੂੰ ਨਵੀਂ ਪਛਾਣ ਮਿਲੀ : ਗੈਵੀ ਚਾਹਲ

'ਏਕ ਥਾ ਟਾਈਗਰ' ਤੇ 'ਟਾਈਗਰ ਜ਼ਿੰਦਾ ਹੈ' ਸਮੇਤ ਕਈ ਹਿੰਦੀ ਤੇ ਪੰਜਾਬੀ ਫ਼ਿਲਮਾਂ ਕਰਨ ਵਾਲੇ ਗੈਵੀ ਚਾਹਲ ਹੁਣ ਜਲਦੀ ਪ੍ਰਦਰਸ਼ਿਤ ਹੋਣ ਜਾ ਰਹੀ ਫ਼ਿਲਮ 'ਯੇ ਹੈ ਇੰਡੀਆ' ਵਿਚ ਮੁੱਖ ਭੂਮਿਕਾ ਵਿਚ ਦਿਖਾਈ ਦੇਣਗੇ। ਉਹ ਇਸ ਵਿਚ ਮਿੱਕੀ ਦੀ ਭੂਮਿਕਾ ਨਿਭਾਅ ਰਿਹਾ ਹੈ, ਜੋ ਕਿ ਐਨ. ਆਰ. ਆਈ. ਹੈ ਅਤੇ ਆਪਣੇ ਦੇਸ਼ ਦੀਆਂ ਖੂਬੀਆਂ ਜਾਣਨ ਲਈ ਉਹ ਇੰਗਲੈਂਡ ਤੋਂ ਇਥੇ ਆਉਂਦਾ ਹੈ। ਫ਼ਿਲਮ ਵਿਚ ਸਾਡੇ ਦੇਸ਼ ਦੀ ਵਿਭਿੰਨਤਾ ਪੇਸ਼ ਕੀਤੀ ਗਈ ਹੈ ਅਤੇ ਇਸੇ ਵਜ੍ਹਾ ਕਰਕੇ ਇਸ ਦੀ ਸ਼ੂਟਿੰਗ ਕਈ ਥਾਵਾਂ 'ਤੇ ਕੀਤੀ ਗਈ ਹੈ।
ਫ਼ਿਲਮ ਵਿਚ ਕੰਮ ਕਰਨ ਦੇ ਅਨੁਭਵ ਬਾਰੇ ਗੈਵੀ ਕਹਿੰਦੇ ਹਨ, 'ਜਦੋਂ ਨਿਰਦੇਸ਼ਕ ਲੋਮਹਰਸ਼ ਨੇ ਕਹਾਣੀ ਦੀ ਰੂਪ-ਰੇਖਾ ਦੱਸੀ ਉਦੋਂ ਇਹ ਗੱਲ ਸਮਝ ਵਿਚ ਆ ਗਈ ਸੀ ਕਿ ਇਹ ਵੱਖਰੀ ਜਿਹੀ ਫ਼ਿਲਮ ਹੈ। ਇਹ ਇਕ ਇਸ ਤਰ੍ਹਾਂ ਦੀ ਫ਼ਿਲਮ ਹੈ, ਜੋ ਸਾਡੇ ਦੇਸ਼ ਦੀ ਪਛਾਣ ਦਰਸ਼ਕਾਂ ਨੂੰ ਕਰਵਾਉਂਦੀ ਹੈ। ਸਾਡੇ ਦੇਸ਼ ਦੀਆਂ ਜੋ ਵਿਭਿੰਨਤਾਵਾਂ ਹਨ, ਉਸ ਦੀ ਝਾਕੀ ਇਥੇ ਪੇਸ਼ ਕੀਤੀ ਗਈ ਹੈ। ਸੱਚ ਕਹਾਂ ਤਾਂ ਮੈਨੂੰ ਵੀ ਫ਼ਿਲਮ ਦੀ ਬਦੌਲਤ ਭਾਰਤ ਦੀ ਨਵੀਂ ਪਛਾਣ ਦੇਖਣ ਨੂੰ ਮਿਲੀ। ਅਸੀਂ ਇਸ ਦੀ ਸ਼ੂਟਿੰਗ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਮੁੰਬਈ, ਬਨਾਰਸ ਤੇ ਹਰਿਦੁਆਰ ਆਦਿ ਥਾਵਾਂ 'ਤੇ ਕੀਤੀ ਹੈ ਅਤੇ ਮੈਂ ਉਥੇ ਜਾ ਕੇ ਇਨ੍ਹਾਂ ਥਾਵਾਂ ਦੀਆਂ ਖ਼ੂਬੀਆਂ ਤੋਂ ਜਾਣੂ ਹੋਇਆ। ਫ਼ਿਲਮ ਵਿਚ ਕੰਮ ਕਰਨਾ ਮੇਰੇ ਲਈ ਬੋਨਸ ਵਰਗਾ ਰਿਹਾ, ਕਿਉਂਕਿ ਫ਼ਿਲਮ ਦੀ ਬਦੌਲਤ ਮੈਨੂੰ ਆਪਣੇ ਦੇਸ਼ ਨੂੰ ਨੇੜੇ ਤੋਂ ਦੇਖਣ ਦਾ ਚੰਗਾ ਮੌਕਾ ਮਿਲਿਆ।'
ਫ਼ਿਲਮ ਵਿਚ ਜੋ ਗੱਲ ਕਹੀ ਗਈ ਹੈ, ਉਸ ਨੂੰ ਲੈ ਕੇ ਗੈਵੀ ਕਹਿੰਦੇ ਹਨ, 'ਇਸ ਵਿਚ ਕੁਝ ਨਵਾਂਪਣ ਹੈ ਪਰ ਇਹ ਤਾਂ ਤੈਅ ਹੈ ਕਿ ਇਸ ਨੂੰ ਦੇਖ ਕੇ ਲੋਕਾਂ ਦਾ ਦੇਸ਼ ਪ੍ਰਤੀ ਜ਼ਿਆਦਾ ਲਗਾਅ ਵਧੇਗਾ। ਇਹ ਫ਼ਿਲਮ ਦੇਸ਼ ਪ੍ਰਤੀ ਜ਼ਿੰਮੇਦਾਰੀ ਦਾ ਅਹਿਸਾਸ ਕਰਾਉਂਦੀ ਹੈ। ਨਾਲ ਹੀ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਥੇ ਦੇਸ਼ ਦੀ ਗ਼ਰੀਬੀ ਨੂੰ ਨਹੀਂ ਵੇਚਿਆ ਗਿਆ ਹੈ, ਬਲਕਿ ਦੇਸ਼ ਦੀ ਮਿੱਟੀ ਦੇ ਅਨੇਕ ਰੰਗ ਇਸ ਵਿਚ ਪੇਸ਼ ਕੀਤੇ ਗਏ ਹਨ। ਫ਼ਿਲਮ ਦੇ ਅਖੀਰ ਵਿਚ ਮੇਰੇ ਹਿੱਸੇ 15 ਮਿੰਟ ਦਾ ਭਾਸ਼ਣ ਆਇਆ ਹੈ ਅਤੇ ਉਸ ਵਿਚ ਜੋ ਗੱਲਾਂ ਕਹੀਆਂ ਗਈਆਂ ਹਨ, ਉਸ ਨੂੰ ਸੁਣ ਕੇ ਹਰ ਕੋਈ ਆਪਣੇ ਦੇਸ਼ ਪ੍ਰਤੀ ਫ਼ਖ਼ਰ ਮਹਿਸੂਸ ਕਰੇਗਾ।'ਇਸ ਫ਼ਿਲਮ ਨੂੰ ਰਿਲੀਜ਼ ਹੋਣ ਲਈ ਚਾਰ ਸਾਲ ਦਾ ਸਮਾਂ ਲੱਗ ਗਿਆ ਪਰ ਗੈਵੀ ਇਸ ਦੇਰੀ ਤੋਂ ਨਰਾਜ਼ ਨਹੀਂ ਹੈ, ਬਲਕਿ ਖ਼ੁਸ਼ ਹੈ। ਉਹ ਕਹਿੰਦੇ ਹਨ, 'ਅੱਜ ਦੇਸ਼ ਵਿਚ ਦੇਸ਼ ਭਗਤੀ ਦਾ ਮਾਹੌਲ ਪੂਰੇ ਜ਼ੋਰ 'ਤੇ ਹੈ। ਅਜਿਹੇ ਮਾਹੌਲ ਵਿਚ ਇਹ ਫ਼ਿਲਮ ਆ ਰਹੀ ਹੈ। ਸੋ, ਮੈਂ ਇਹ ਕਹਿ ਸਕਦਾ ਹਾਂ ਕਿ ਫ਼ਿਲਮ ਭਾਵੇਂ ਦੇਰੀ ਨਾਲ ਆ ਰਹੀ ਹੈ ਪਰ ਦਰੁੱਸਤ ਆ ਰਹੀ ਹੈ।' ਉਮੀਦ ਹੈ ਕਿ ਅੱਜ ਦਾ ਮਾਹੌਲ ਫ਼ਿਲਮ ਲਈ ਲਾਭਦਾਇਕ ਸਿੱਧ ਹੋਵੇਗਾ।

ਨਵੇਂ ਕਲਾਕਾਰਾਂ ਨੂੰ ਚਮਕਾਉਂਦੀ ਕਾਮੇਡੀ ਫ਼ਿਲਮ 'ਨਾਟੀ ਗੈਂਗ'

'ਨਾਨ ਸਟਾਪ ਗੱਡੀ', 'ਕਰੁਣਾ ਕੇ ਸਾਗਰ ਮਹਾਵੀਰ' ਸਮੇਤ ਕੁਝ ਹੋਰ ਲੜੀਵਾਰਾਂ ਦੇ ਨਾਲ-ਨਾਲ ਕਈ ਵੀਡੀਓ ਐਲਬਮਾਂ ਤੇ ਐਡ ਫ਼ਿਲਮਾਂ ਦੇ ਨਿਰਦੇਸ਼ਕ ਪੰਕਜ ਕੁਮਾਰ ਵਿਰਾਟ ਨੇ ਹੁਣ 'ਨਾਟੀ ਗੈਂਗ' ਦੇ ਰੂਪ ਵਿਚ ਕਾਮੇਡੀ ਫ਼ਿਲਮ ਬਣਾਈ ਹੈ। ਆਪਣੀ ਇਸ ਫ਼ਿਲਮ ਵਿਚ ਉਨ੍ਹਾਂ ਨੇ ਕਈ ਨਵੇਂ ਕਲਾਕਾਰਾਂ ਨੂੰ ਚਮਕਾਇਆ ਹੈ। ਨਾਲ ਹੀ ਫ਼ਿਲਮ ਰਾਹੀਂ ਨੌਜਵਾਨਾਂ ਨੂੰ ਇਹ ਸੰਦੇਸ਼ ਵੀ ਦਿੱਤਾ ਹੈ ਕਿ ਸਫ਼ਲਤਾ ਹਾਸਲ ਕਰਨ ਲਈ ਕੋਈ ਸ਼ਾਟਕਟ ਨਹੀਂ ਹੁੰਦਾ।
ਇਥੇ ਤਿੰਨ ਇਸ ਤਰ੍ਹਾਂ ਦੇ ਮੁੰਡਿਆਂ ਦੀ ਕਹਾਣੀ ਹੈ, ਜੋ ਬਚਪਨ ਦੇ ਦੋਸਤ ਹਨ ਅਤੇ ਦਿਨ-ਰਾਤ ਇਹੀ ਸੁਪਨਾ ਦੇਖਦੇ ਰਹਿੰਦੇ ਹਨ ਕਿ ਬਿਨਾਂ ਮਿਹਨਤ ਕੀਤੇ ਰਾਤੋ-ਰਾਤ ਅਮੀਰ ਕਿਵੇਂ ਬਣਿਆ ਜਾਵੇ। ਇਸ ਸੁਪਨੇ ਨੂੰ ਸੱਚ ਕਰਨ ਲਈ ਉਹ ਵੱਡੀ ਚੋਰੀ ਵਿਚ ਫਸ ਕੇ ਪਿੰਡ ਤੋਂ ਭੱਜ ਜਾਂਦੇ ਹਨ। ਦੂਜੇ ਪਾਸੇ ਇਕ ਗੈਂਗ ਕੁੜੀਆਂ ਦਾ ਹੈ, ਜੋ ਇਲਾਜ ਦੇ ਬਹਾਨੇ ਲੋਕਾਂ ਨਾਲ ਠੱਗੀ ਕਰਦਾ ਰਹਿੰਦਾ ਹੈ। ਇਨ੍ਹਾਂ ਨਾਲ ਇਥੇ ਇਕ ਡਾਨ ਵੀ ਹੈ, ਜੋ ਕੁੜੀਆਂ ਦੇ ਗੈਂਗ ਦੀ ਮੁਖੀ ਦਾ ਦੀਵਾਨਾ ਹੈ। ਇਹ ਸਾਰਿਆਂ ਦਾ ਜਦੋਂ ਆਪਸ ਵਿਚ ਆਹਮਣਾ-ਸਾਹਮਣਾ ਹੁੰਦਾ ਹੈ ਤਾਂ ਉਦੋਂ ਇਸ਼ਕਬਾਜ਼ੀ ਤੋਂ ਲੈ ਕੇ ਠੱਗੀ ਤੱਕ ਕੀ ਕੁਝ ਵਾਪਰਦਾ ਹੈ, ਇਹ ਕਹਾਣੀ ਵਿਚ ਪੇਸ਼ ਕੀਤਾ ਗਿਆ ਹੈ।
ਵੀਰੇਨ ਬਾਂਕਾ, ਰਮਨਜੀਤ ਸਿੰਘ, ਕੈਫ ਖਾਨ, ਰਸ਼ਿਮ ਮਿਸ਼ਰਾ, ਮੋਨਿਕਾ ਰਾਵਣ, ਵਿਵੀਧਾਕਿਤੀ, ਸੋਨੀਆ ਬਾਂਸਲ ਆਦਿ ਨਵੇਂ ਕਲਾਕਾਰਾਂ ਦੇ ਨਾਲ ਇਸ ਵਿਚ ਮੁਕੇਸ਼ ਤਿਵਾੜੀ, ਰਣਜੀਤ, ਵਿਜੈ ਪਾਟਕਰ, ਫਿਰਦੌਸ ਮੇਵਾਲਾ, ਰਾਜ ਕੁਮਾਰ ਕਨੌਜੀਆ ਨੇ ਵੀ ਇਸ ਵਿਚ ਅਭਿਨੈ ਕੀਤਾ ਹੈ ਅਤੇ ਇਹ ਫ਼ਿਲਮ ਹੁਣ ਪ੍ਰਦਰਸ਼ਨ ਲਈ ਤਿਆਰ ਹੈ।


-ਮੁੰਬਈ ਪ੍ਰਤੀਨਿਧ

ਨਵਾਜ਼ੂਦੀਨ ਹੁਣ ਰੋਮਾਂਟਿਕ ਭੂਮਿਕਾ ਵਿਚ

ਇਕ ਸਮਾਂ ਉਹ ਸੀ ਜਦੋਂ ਨਵਾਜ਼ੂਦੀਨ ਸਿਦੀਕੀ ਨੂੰ ਫ਼ਿਲਮਾਂ ਵਿਚ ਕੰਮ ਲੈਣ ਲਈ ਭੁੱਖੇ ਢਿੱਡ ਦਰ-ਦਰ ਭਟਕਣਾ ਪੈਂਦਾ ਸੀ ਅਤੇ ਅੱਜ ਸਥਿਤੀ ਇਹ ਹੈ ਕਿ ਉਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਰੋਲ ਲਿਖੇ ਜਾਣ ਲੱਗੇ ਹਨ। ਆਪਣੇ ਅਭਿਨੈ ਦੇ ਦਮ 'ਤੇ ਬਾਲੀਵੁੱਡ ਵਿਚ ਸਫ਼ਲਤਾ ਹਾਸਲ ਕਰਨ ਵਾਲੇ ਨਵਾਜ਼ੂਦੀਨ ਨੇ 'ਬਜਰੰਗੀ ਭਾਈਜਾਨ', 'ਬਦਲਾਪੁਰ', 'ਮੌਮ', 'ਫੋਟੋਗ੍ਰਾਫ', 'ਕਿਕ' ਸਮੇਤ ਹੋਰ ਕਈ ਫ਼ਿਲਮਾਂ ਵਿਚ ਯਾਦਗਾਰ ਅਭਿਨੈ ਪੇਸ਼ ਕੀਤਾ ਅਤੇ ਹੁਣ ਉਹ ਵੱਡੇ ਪਰਦੇ 'ਤੇ ਇਸ਼ਕ ਫਰਮਾਉਂਦੇ ਨਜ਼ਰ ਆਉਣਗੇ। ਇਨ੍ਹੀਂ ਦਿਨੀਂ ਕੁਝ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਣ ਰਹੀਆਂ ਹਨ, ਜਿਨ੍ਹਾਂ ਵਿਚ ਨਵਾਜ਼ੂ ਨੂੰ ਰੋਮਾਂਟਿਕ ਹੀਰੋ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ।
ਨਵਾਜ਼ੂ ਨੂੰ ਰੋਮਾਂਟਿਕ ਭੂਮਿਕਾ ਵਿਚ ਚਮਕਾਉਂਦੀ ਇਕ ਫ਼ਿਲਮ ਹੈ 'ਮੋਤੀਚੂਰ ਚਕਨਾਚੂਰ', ਜਿਸ ਵਿਚ ਉਨ੍ਹਾਂ ਦੀ ਨਾਇਕਾ ਹੈ ਅਥੀਆ ਸ਼ੈਟੀ। ਇਕ ਹੋਰ ਫ਼ਿਲਮ 'ਬੋਲੇ ਚੂੜੀਆਂ' ਵਿਚ ਉਹ ਮੌਨੀ ਰਾਏ ਦੇ ਨਾਲ ਇਸ਼ਕਬਾਜ਼ੀ ਕਰਦੇ ਦਿਸਣਗੇ ਤੇ ਹਨੀ ਤ੍ਰੇਹਾਨ ਵਲੋਂ ਨਿਰਦੇਸ਼ਿਤ 'ਰਾਤ ਅਕੇਲੀ ਹੈ' ਵਿਚ ਵੀ ਉਨ੍ਹਾਂ ਦੇ ਹਿੱਸੇ ਰੋਮਾਂਟਿਕ ਭੂਮਿਕਾ ਆਈ ਹੈ।
ਆਪਣੀ ਇਸ ਨਵੀਂ ਦਿੱਖ ਬਾਰੇ ਉਹ ਕਹਿੰਦੇ ਹਨ, 'ਮੇਰੀ ਸ਼ੁਰੂ ਤੋਂ ਇਹੀ ਇੱਛਾ ਰਹੀ ਹੈ ਕਿ ਬਤੌਰ ਕਲਾਕਾਰ ਮੈਂ ਕਿਸੇ ਇਕ ਦਿੱਖ ਵਿਚ ਨਾ ਬੱਝ ਕੇ ਰਹਿ ਜਾਵਾਂ। ਇਹੀ ਵਜ੍ਹਾ ਰਹੀ ਕਿ ਕਿਤੇ ਮੈਂ ਕਾਮੇਡੀਅਨ ਬਣਿਆ ਤੇ ਕਿਤੇ ਖ਼ਲਨਾਇਕ। ਕੁਝ ਫ਼ਿਲਮਾਂ ਵਿਚ ਸਪੋਰਟਿੰਗ ਭੂਮਿਕਾਵਾਂ ਵੀ ਕੀਤੀਆਂ। ਫਿਰ 'ਮਾਂਝੀ-ਦ ਮਾਊਨਟਨਮੈਨ', 'ਮੰਟੋ' ਤੇ 'ਠਾਕਰੇ' ਦੇ ਰੂਪ ਵਿਚ ਬਾਇਓਪਿਕ ਵੀ ਕੀਤੀਆਂ। ਕੁਝ ਸਮੇਂ ਤੋਂ ਮੈਨੂੰ ਲੱਗਣ ਲੱਗਿਆ ਸੀ ਕਿ ਮੈਨੂੰ ਰੋਮਾਂਟਿਕ ਭੂਮਿਕਾ ਕਰਕੇ ਦਰਸ਼ਕਾਂ ਨੂੰ ਕੁਝ ਨਵਾਂ ਦੇਣਾ ਚਾਹੀਦਾ ਹੈ ਅਤੇ ਮੈਨੂੰ ਹੁਣ ਰੋਮਾਂਟਿਕ ਭੂਮਿਕਾਵਾਂ ਵੀ ਮਿਲ ਗਈਆਂ।
ਉਮੀਦ ਹੈ ਕਿ ਦਰਸ਼ਕ ਨਵਾਜ਼ ਨੂੰ ਇਸ ਨਵੀਂ ਭੂਮਿਕਾ ਵਿਚ ਵੀ ਸਵੀਕਾਰਨਗੇ।


-ਮੁੰਬਈ ਪ੍ਰਤੀਨਿਧ

'ਜੱਟ ਕਿਹੜੀ ਗੱਲੋਂ ਘੱਟ' ਲੈ ਕੇ ਆਇਆ-ਗਿੱਲ ਕਮਲ

ਪੰਜਾਬੀ ਗਾਇਕੀ ਦੇ ਖੇਤਰ ਨਾਲ ਜੁੜੇ ਗਾਇਕ ਕਲਾਕਾਰਾਂ ਨੇ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਨੂੰ ਸੰਭਾਲਿਆ ਹੀ ਨਹੀਂ, ਬਲਕਿ ਦੇਸ਼ਾਂ ਵਿਦੇਸ਼ਾਂ ਵਿਚ ਪੇਸ਼ਕਾਰੀ ਰਾਹੀਂ ਕਲਾ ਦਾ ਲੋਹਾ ਵੀ ਮਨਵਾਇਆ। ਅੱਜ ਦੇ ਇਸ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਹਰ ਇਕ ਗਾਇਕ ਕਲਾਕਾਰ ਪੈਸੇ ਦੇ ਜ਼ੋਰ ਤੇ ਨੰਗੇਜ਼ਵਾਦ ਦੇ ਹੱਥਕੰਢੇ ਅਪਣਾ ਕੇ ਰਾਤੋ-ਰਾਤ ਸਟਾਰ ਬਣਨ ਲਈ ਤਤਪਰ ਹੈ। ਪਰ ਕੁਝ ਅਜਿਹੇ ਗਾਇਕ ਵੀ ਹਨ ਜੋ ਮਿਹਨਤ ਤੇ ਰਿਆਜ ਦੇ ਬਲਬੂਤੇ ਅੱਗੇ ਵਧਣਾ ਲੋਚਦੇ ਹਨ। ਅਜਿਹਾ ਇਕ ਨਾਂਅ ਹੈ ਗਾਇਕ ਗਿੱਲ ਕਮਲ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ਼ ਨਹੀਂ ਜਿਸ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਪੰਜਾਬੀ ਗਾਇਕੀ ਦੇ ਖੇਤਰ ਵਿਚ ਚੰਗਾ ਨਾਮਣਾ ਖੱਟਿਆ ਹੈ। ਮੋਗਾ ਜ਼ਿਲ੍ਹਾ ਦੇ ਪਿੰਡ ਭਿੰਡਰ ਖੁਰਦ ਦੇ ਜੰਮਪਲ ਗਾਇਕ ਗਿੱਲ ਕਮਲ ਦਾ ਜਨਮ 5 ਮਾਰਚ, 1979 ਨੂੰ ਪਿਤਾ ਮੇਜਰ ਸਿੰਘ ਦੇ ਗ੍ਰਿਹ ਮਾਤਾ ਸੁਖਦੇਵ ਕੌਰ ਦੀ ਕੁੱਖੋਂ ਹੋਇਆ। ਗਾਉਣ ਦਾ ਸ਼ੌਕ ਕਮਲ ਨੂੰ 6 ਵੀਂ ਜਮਾਤ ਵਿਚ ਪੜ੍ਹਦੇ ਸਮੇਂਂ ਮੈਡਮ ਪ੍ਰੀਆ ਸਟੋਨੀ ਮੋਗੇ ਵਾਲਿਆਂ ਦੀ ਪ੍ਰੇਰਨਾ ਸਦਕਾ ਹੀ ਪੈ ਗਿਆ ਸੀ ਅਤੇ ਗਾਇਕੀ ਦੀਆਂ ਬਾਰੀਕੀਆਂ ਸਿੱਖਣ ਲਈ ਫਿਰ ਛਿੰਦਾ ਅਨਪੜ੍ਹ ਲੰਗੇਆਣਾ ਨੂੰ ਉਸਤਾਦ ਧਾਰਿਆ ਤੇ ਪਹਿਲੀ ਐਲਬਮ ਮਾਰਕੀਟ ਵਿਚ 'ਗੱਭਰੂ ਦਾ ਦਿਲ ਟੁੱਟਜੂ' ਸਰੋਤਿਆਂ ਦੇ ਸਨਮੁੱਖ ਕੀਤੀ ਅਤੇ ਚੰਗਾ ਹੁੰਗਾਰਾ ਮਿਲਿਆ ਅਤੇ ਹੁਣ ਲੰਮੇ ਅਰਸੇ ਤੋਂ ਬਾਅਦ ਨਵੀਂ ਐਲਬਮ 'ਜੱਟ ਕਿਹੜੀ ਗੱਲੋਂ ਘੱਟ' ਲੈ ਕੇ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੈ ਜਿਸ ਦੇ ਗੀਤ ਨੂੰ ਸੇਮਾ ਇੰਦਗੜ੍ਹ ਵਾਲਾ ਨੇ ਕਲਮਬੱਧ ਕੀਤਾ ਹੈ ਤੇ ਸੰਗੀਤਕ ਛੋਹਾਂ ਰਾਜੇਸ਼ ਰਾਜਾ ਨੇ ਪ੍ਰਦਾਨ ਕੀਤੀਆਂ ਹਨ। ਅਨੇਕਾਂ ਸੱਭਿਆਚਾਰਕ ਮੇਲਿਆਂ 'ਤੇ ਪ੍ਰਵਾਨਿਤ ਹੋ ਚੁੱਕੇ ਗਾਇਕ ਗਿੱਲ ਕਮਲ ਨੂੰ ਇਸ ਐਲਬਮ ਤੋਂ ਬਹੁਤ ਆਸਾਂ ਹਨ ਕਿ ਇਹ ਐਲਬਮ ਵੀ ਸਰੋਤਿਆ ਦੀ ਕਸਵੱਟੀ 'ਤੇ ਪੂਰੀ ਤਰ੍ਹਾਂ ਖਰੀ ਉਤਰੇਗੀ।


-ਕਸਬਾ ਭੂੰਦੜੀ ਜ਼ਿਲ੍ਹਾ, ਲੁਧਿਆਣਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX