ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾਇਆ
. . .  1 day ago
ਸੰਗਤ ਨਾਲ ਭਰੀ ਗੱਡੀ ਪਲਟੀ, 1 ਦੀ ਮੌਤ 2 ਗੰਭੀਰ 5 ਫੱਟੜ
. . .  1 day ago
ਘਨੌਰ,20ਜੂਨ(ਜਾਦਵਿੰਦਰ ਸਿੰਘ ਜੋਗੀਪੁਰ)- ਸਨੌਰ ਅਸਰ ਪੁਰ ਸੜਕ 'ਤੇ ਬਿਆਸ ਡੇਰੇ ਦੀ ਸੰਗਤ ਨਾਲ ਭਰੀ ਮਹਿੰਦਰਾ ਐਂਡ ਮਹਿੰਦਰਾ ਦੀ ਲੋਡਰ ਗੱਡੀ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਸੜਕ 'ਤੇ ਪਲਟ...
ਭਾਜਪਾ 'ਚ ਸ਼ਾਮਲ ਹੋਏ ਟੀ.ਡੀ.ਪੀ ਦੇ ਤਿੰਨ ਰਾਜ ਸਭਾ ਮੈਂਬਰ
. . .  1 day ago
ਨਵੀਂ ਦਿੱਲੀ, 20 ਜੂਨ- ਲੋਕ ਸਭਾ ਚੋਣਾਂ ਦੌਰਾਨ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਜਾਣਕਾਰੀ ਦੇ ਅਨੁਸਾਰ, ਰਾਜ ਸਭਾ ਦੇ ਟੀ.ਡੀ.ਪੀ. ਸੰਸਦ ਮੈਂਬਰ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 382 ਦੌੜਾਂ ਦਾ ਦਿੱਤਾ ਟੀਚਾ
. . .  1 day ago
ਨਸ਼ੇ ਦੇ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਪੱਟੀ, 20 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ)- ਪੱਟੀ ਦੇ ਨਜ਼ਦੀਕੀ ਪਿੰਡ ਬਰਵਾਲਾ ਵਿਖੇ ਇਕ ਨੌਜਵਾਨ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਬਾਂਹ 'ਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਉਸੇ ....
ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੀਨੀਅਰ ਸਹਾਇਕ 15 ਹਜ਼ਾਰ ਰਿਸ਼ਵਤ ਲੈਂਦਾ ਕਾਬੂ
. . .  1 day ago
ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਵਿਜੀਲੈਂਸ ਦੇ ਸੀਨੀਅਰ ਪੁਲਿਸ ਕਪਤਾਨ ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਦੇ ਇੰਚਾਰਜ ਸਤ ਪ੍ਰੇਮ ਸਿੰਘ ਨੇ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟੀਮ ਸਹਿਤ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦਾ ਚੌਥਾ ਖਿਡਾਰੀ ਆਊਟ
. . .  1 day ago
ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ 22 ਸਾਲਾ ਜਸਕਰਨ ਦੀ ਮ੍ਰਿਤਕ ਦੇਹ
. . .  1 day ago
ਰਾਜਾਸਾਂਸੀ, 20 ਜੂਨ (ਖੀਵਾ)- ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਬੀਤੀ 11 ਜੂਨ ਨੂੰ ਦੁਬਈ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਦੇ ਮੂੰਹ ਜਾ ਪਿਆ ....
ਹਿਮਾਚਲ ਪ੍ਰਦੇਸ਼ : ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ, 35 ਜ਼ਖਮੀ
. . .  1 day ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਜਦਕਿ 35 ਲੋਕ ਜ਼ਖਮੀ ਹੋਏ....
ਹੋਰ ਖ਼ਬਰਾਂ..

ਖੇਡ ਜਗਤ

ਭਾਰਤੀ ਕੁਸ਼ਤੀ ਦੀਆਂ ਉਲੰਪਿਕ ਤਿਆਰੀਆਂ

ਉਲੰਪਿਕ ਖੇਡਾਂ ਅਗਲੇ ਸਾਲ ਯਾਨੀ ਸਾਲ 2020 ਵਿਚ ਜਾਪਾਨ ਦੀ ਰਾਜਧਾਨੀ ਟੋਕੀਓ ਵਿਖੇ ਹੋਣੀਆਂ ਹਨ ਅਤੇ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਗੇੜ ਅਤੇ ਤਿਆਰੀ ਦੇ ਮੁਕਾਬਲੇ ਹੁਣ ਸ਼ੁਰੂ ਹੋ ਚੁੱਕੇ ਹਨ। ਕੁਸ਼ਤੀ ਦੀ ਖੇਡ ਲਈ ਉਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਸ਼ੁਰੂ ਹੋਣ ਵਾਲਾ ਹੈ। ਇਸੇ ਦੀ ਤਿਆਰੀ ਦੇ ਮੱਦੇਨਜ਼ਰ ਭਾਰਤੀ ਕੁਸ਼ਤੀ ਪ੍ਰਬੰਧਕਾਂ ਨੇ ਵੀ ਇਸ ਖੇਡ ਵਿਚੋਂ ਤਗਮੇ ਦੀ ਆਸ ਨੂੰ ਵੇਖਦੇ ਹੋਏ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਸੇ ਤਹਿਤ ਦੋ ਵਾਰ ਉਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਦੀ ਨਿੱਜੀ ਕੋਚ ਮੁਹੱਈਆ ਕਰਾਏ ਜਾਣ ਦੀ ਮੰਗ ਮੰਨ ਲਈ ਗਈ ਹੈ। ਸੁਸ਼ੀਲ ਕੁਮਾਰ ਸਾਲ 2008 ਅਤੇ 2012 ਉਲੰਪਿਕ ਵਿਚ ਤਗਮਾ ਜਿੱਤ ਚੁੱਕੇ ਹਨ ਪਰ 2016 ਰੀਓ ਉਲੰਪਿਕ ਖੇਡਾਂ ਵੇਲੇ ਉਹ ਸੱਟ ਲੱਗੀ ਹੋਣ ਕਾਰਨ ਇਸ ਖੇਡ ਮਹਾਂਕੁੰਭ ਦਾ ਹਿੱਸਾ ਨਹੀਂ ਸਨ ਬਣ ਸਕੇ। ਸੁਸ਼ੀਲ ਦੇ ਨਾਲ ਹੀ ਕੁਝ ਹੋਰ ਭਾਰਤੀ ਪਹਿਲਵਾਨ ਵੀ ਕੁਸ਼ਤੀ ਫੈਡਰੇਸ਼ਨ ਤੋਂ ਨਿੱਜੀ ਕੋਚ ਦੀ ਮੰਗ ਕਰ ਰਹੇ ਸਨ ਪਰ ਹਾਲੇ ਤੱਕ ਸਿਰਫ ਸੁਸ਼ੀਲ ਕੁਮਾਰ ਨੂੰ ਹੀ ਇਹ ਸਹੂਲਤ ਦਿੱਤੀ ਗਈ ਹੈ। ਇਨ੍ਹਾਂ ਤਿਆਰੀਆਂ ਦੇ ਤਹਿਤ ਆਉਂਦੇ 5-6 ਦਿਨਾਂ ਵਿਚ ਜਾਰਜੀਆ ਦੇਸ਼ ਦੇ ਇਕ ਤਜਰਬੇਕਾਰ ਕੋਚ ਸੁਸ਼ੀਲ ਕੁਮਾਰ ਦੇ ਨਾਲ ਜੁੜ ਰਹੇ ਹਨ ਅਤੇ ਇਸੇ ਕੋਚ ਨਾਲ 6 ਮਹੀਨਿਆਂ ਦਾ ਕਰਾਰ ਕੀਤਾ ਗਿਆ ਹੈ। ਉਧਰ ਮਹਿਲਾ ਪਹਿਲਵਾਨਾਂ ਸਾਕਸ਼ੀ ਮਲਿਕ ਅਤੇ ਪੂਜਾ ਢਾਂਡਾ ਨੇ ਵੀ ਨਿੱਜੀ ਕੋਚ ਦੀ ਮੰਗ ਕੀਤੀ ਹੋਈ ਹੈ ਜਿਸ ਉੱਤੇ ਕੁਸ਼ਤੀ ਫੈਡਰੇਸ਼ਨ ਵਲੋਂ ਲੋਕ ਸਭਾ ਚੋਣਾਂ ਦੇ ਬਾਅਦ ਫੈਸਲਾ ਕੀਤਾ ਜਾਵੇਗਾ, ਹਾਲਾਂਕਿ ਇਹ ਜ਼ਰੂਰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਸੁਸ਼ੀਲ ਕੁਮਾਰ ਦੇ ਨਾਲ ਅਭਿਆਸ ਕਰਨ ਵਾਲੇ ਦੂਜੇ ਪਹਿਲਵਾਨ ਵੀ ਉਨ੍ਹਾਂ ਦੇ ਨਾਲ ਟ੍ਰੇਨਿੰਗ ਕਰ ਸਕਦੇ ਹਨ।
ਇਸ ਦੌਰਾਨ ਭਾਰਤੀ ਕੁਸ਼ਤੀ ਦੀਆਂ ਤਿਆਰੀਆਂ ਨੂੰ ਹੋਰ ਬਲ ਉਸ ਵੇਲੇ ਮਿਲਿਆ ਸੀ, ਜਦੋਂ ਭਾਰਤ ਨੇ ਲੰਘੇ ਦਿਨੀਂ ਏਸ਼ੀਆਈ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦੀ ਸਮਾਪਤੀ ਇਕ ਚਾਂਦੀ ਅਤੇ ਇਕ ਕਾਂਸੀ ਤਗਮਾ ਜਿੱਤ ਕੇ ਕੀਤੀ। ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਗ੍ਰੀਕੋ ਰੋਮਨ ਪਹਿਲਵਾਨ ਹਰਪ੍ਰੀਤ ਸਿੰਘ ਅਤੇ ਗਿਆਨੇਂਦਰ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਸਨ ਅਤੇ ਭਾਰਤ ਲਈ ਨਵੀਂ ਉਮੀਦ ਵੀ ਜਗਾ ਦਿੱਤੀ ਹੈ। ਭਾਰਤੀ ਦਲ ਨੇ ਇਨ੍ਹਾਂ ਵੱਕਾਰੀ ਮੁਕਾਬਲਿਆਂ ਰਾਹੀਂ 8 ਤਗਮੇ ਪੁਰਸ਼ ਫਰੀਸਟਾਈਲ ਪਹਿਲਵਾਨਾਂ (1 ਸੋਨਾ, 3 ਚਾਂਦੀ ਅਤੇ 4 ਕਾਂਸੀ), 4 ਕਾਂਸੀ ਮਹਿਲਾ ਫਰੀ ਸਟਾਈਲ ਪਹਿਲਵਾਨਾਂ ਵਿਚ ਜਿੱਤੇ, ਜਦਕਿ ਗਰੀਕੋ ਰੋਮਨ ਪਹਿਲਵਾਨਾਂ ਨੇ 3 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤਿਆ। ਇਸ ਦੌਰਾਨ ਥੋੜ੍ਹੀ ਨਿਰਾਸ਼ਾ ਇਸੇ ਗੱਲੋਂ ਹੋਈ ਸੀ ਕਿ ਰੀਓ ਉਲੰਪਿਕ ਦੀ ਕਾਂਸੀ ਤਗਮਾ ਜੇਤੂ ਸਾਕਸ਼ੀ ਮਲਿਕ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਵਿਨੇਸ਼ ਫੋਗਾਟ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਾਂਸੀ ਤਗਮੇ ਤੋਂ ਅੱਗੇ ਨਹੀਂ ਸਨ ਵਧ ਸਕੀਆਂ ਅਤੇ ਇਸ ਤਰ੍ਹਾਂ ਭਾਰਤੀ ਮਹਿਲਾਵਾਂ ਨੂੰ ਸੋਨ ਤਗਮੇ ਦੇ ਬਿਨਾਂ ਆਪਣੀ ਮੁਹਿੰਮ ਦਾ ਅੰਤ ਕਰਨਾ ਪਿਆ ਸੀ। ਇਸ ਦੇ ਬਾਵਜੂਦ ਭਾਰਤੀ ਕੁਸ਼ਤੀ ਲਈ ਜਿਸ ਅੰਦਾਜ਼ ਵਿਚ ਲਗਾਤਾਰ ਤਿਆਰੀ ਚੱਲ ਰਹੀ ਹੈ, ਉਸ ਤੋਂ ਇਹ ਜ਼ਰੂਰ ਲਗਦਾ ਹੈ ਕਿ ਆਉਂਦੀਆਂ ਉਲੰਪਿਕ ਲਈ ਸਮਾਂ ਰਹਿੰਦਿਆਂ ਇਨ੍ਹਾਂ ਕਮੀਆਂ-ਪੇਸ਼ੀਆਂ ਨੂੰ ਦੂਰ ਕਰ ਲਿਆ ਜਾਵੇਗਾ ਅਤੇ ਭਾਰਤੀ ਪਹਿਲਵਾਨ ਖੇਡ ਮਹਾਂਕੁੰਭ ਵਿਚ ਆਪਣਾ ਪੂਰਾ ਜ਼ੋਰ ਵਿਖਾ ਸਕਣਗੇ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਹਾਕੀ ਟੂਰਨਾਮੈਂਟ ਬਨਾਮ ਦਰਸ਼ਕਾਂ ਦੀ ਗਿਣਤੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪਰ ਮੈਂ ਮਹਿਸੂਸ ਕਰਦਾ ਹਾਂ ਕਿ ਜੇ ਇਹੋ ਜਿਹੇ ਹਾਕੀ ਮੁਹੱਬਤੀ ਮਾਹੌਲ ਦੀ ਕਮੀ ਦੇਸ਼ ਵਿਚ ਹੋਈ ਪਈ ਹੈ, ਇਸ ਲਈ ਇਹ ਫਿੱਕੇ-ਫਿੱਕੇ ਹਾਕੀ ਟੂਰਨਾਮੈਂਟ ਜ਼ਿੰਮੇਵਾਰ ਹਨ। ਚਲੋ ਜ਼ਰਾ ਇਨ੍ਹਾਂ ਦੀ ਗੱਲ ਖੁੱਲ੍ਹ ਕੇ ਕਰੀਏ। ਹਾਕੀ ਦੇ ਜਿੰਨੇ ਕੁ ਟੂਰਨਾਮੈਂਟ ਦੇਸ਼ ਦੀ ਧਰਤੀ, ਖਾਸ ਕਰਕੇ ਪੰਜਾਬ 'ਚ ਆਯੋਜਿਤ ਕੀਤੇ ਜਾਂਦੇ ਹਨ, ਇਹ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਪਰ ਕਾਸ਼! ਇਨ੍ਹਾਂ ਦਾ ਆਯੋਜਨ ਕਿਸੇ ਖੂਬਸੂਰਤ ਢੰਗ ਨਾਲ ਹੋ ਸਕੇ। ਅੱਜ ਜੋ ਲੋਕ ਹਾਕੀ ਨਾਲੋਂ ਟੁੱਟ ਚੁੱਕੇ ਹਨ, ਉਨ੍ਹਾਂ ਨੂੰ ਹਾਕੀ ਨਾਲ ਜੋੜਨ ਦੀ ਲੋੜ ਹੈ। ਸਾਡੀ ਨੌਜਵਾਨ ਪੀੜ੍ਹੀ ਜਿਸ ਦਾ ਦੇਸ਼ ਦੀ ਰਾਸ਼ਟਰੀ ਖੇਡ ਹਾਕੀ ਨਾਲ ਕੋਈ ਲਗਾਓ ਨਜ਼ਰ ਨਹੀਂ ਆਉਂਦਾ, ਉਨ੍ਹਾਂ ਨੂੰ ਇਧਰ ਖਿੱਚਣ ਲਈ ਸਾਡੇ ਟੂਰਨਾਮੈਂਟ ਪ੍ਰਬੰਧਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ਮੂਲੀਅਤ ਛੋਟੇ-ਛੋਟੇ ਬੱਚਿਆਂ ਦੀ ਮੈਦਾਨ 'ਚ ਯਕੀਨੀ ਬਣਾਉਣ ਦੀ ਲੋੜ ਹੈ। ਪਰ ਦੁੱਖ ਇਸ ਗੱਲ ਦਾ ਹੈ ਜਨਾਬ! ਜਿਸ ਢੰਗ ਨਾਲ ਅਸੀਂ ਵੱਖ-ਵੱਖ ਟੂਰਨਾਮੈਂਟ ਆਯੋਜਿਤ ਕਰਵਾਉਂਦੇ ਹਾਂ, ਇਹ ਜਾਂ ਤਾਂ ਪ੍ਰਬੰਧਕਾਂ ਲਈ ਹੀ ਹੁੰਦਾ, ਜਿਨ੍ਹਾਂ 'ਚ ਬਹੁਤੇ ਸਾਡੇ ਸਤਿਕਾਰਯੋਗ ਪੁਰਾਣੇ ਖਿਡਾਰੀ ਨੇ ਤੇ ਜਾਂ ਸਿਰਫ ਉਨ੍ਹਾਂ ਹਾਕੀ ਟੀਮਾਂ ਲਈ ਹੁੰਦਾ, ਹਰ ਟੂਰਨਾਮੈਂਟ 'ਚ ਜਿਨ੍ਹਾਂ ਦੀ ਸ਼ਿਰਕਤ ਹੁੰਦੀ ਹੈ। ਇਹੋ ਜਿਹੇ ਆਯੋਜਨ ਸਮੇਂ ਛੋਟੇ-ਛੋਟੇ ਬੱਚੇ ਜੇ ਕਿਤੇ ਭੁੱਲ-ਭੁਲੇਖੇ ਆ ਜਾਣ ਤਾਂ ਮੈਂ ਕਹਿ ਨਹੀਂ ਸਕਦਾ।
ਦਰਸ਼ਕਾਂ ਲਈ ਇਨਾਮ ਵੀ ਰੱਖੇ ਜਾਣ, ਗੀਤ-ਸੰਗੀਤ ਵੀ ਹੋਵੇ। ਚਾਹੀਦਾ ਤਾਂ ਹੈ ਕਿਸੇ ਹਾਕੀ ਮੁਹੱਬਤੀ ਕੁਮੈਂਟੇਟਰ ਦੀ ਆਵਾਜ਼ ਸਾਰੇ ਸਟੇਡੀਅਮ 'ਚ ਗੂੰਜਦੀ ਪਈ ਹੋਵੇ, ਲੋਕਾਂ ਦਾ ਸਟੇਡੀਅਮ 'ਚ ਜਿਵੇਂ ਹੜ੍ਹ ਆਇਆ ਹੋਵੇ, ਖਿਡਾਰੀਆਂ ਦੀ ਖੇਡ 'ਚ ਅੱਖਾਂ ਸਭ ਦੀਆਂ ਖੁੱਭੀਆਂ ਹੋਣ, ਐਡੇ ਵੱਡੇ ਹਜੂਮ ਦੇ ਸਾਹਮਣੇ ਜਿੱਤ-ਹਾਰ ਦੋਵਾਂ ਧਿਰਾਂ ਲਈ ਜ਼ਿੰਦਗੀ-ਮੌਤ ਦਾ ਸਵਾਲ ਬਣੀ ਹੋਵੇ। ਉੱਚਕੋਟੀ ਦੇ ਅੰਪਾਇਰ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਅ ਰਹੇ ਹੋਣ। ਭਰੇ ਸਟੇਡੀਅਮ ਨੂੰ ਦੇਖ ਕੇ ਲੱਗੇ ਕਿ ਹਾਕੀ ਇਨ੍ਹਾਂ ਭਾਰਤੀਆਂ ਦਾ ਧਰਮ ਹੈ, ਹਾਕੀ ਇਨ੍ਹਾਂ ਪੰਜਾਬੀਆਂ ਲਈ ਇਕ ਧਰਮ ਹੈ। ਖਿਡਾਰੀਆਂ ਦੀ ਮੈਦਾਨ ਦੇ ਅੰਦਰ ਜੱਦੋ-ਜਹਿਦ ਚੱਲ ਰਹੀ ਹੋਵੇ। ਕਿ ਰੁਮਾਂਚਿਕ ਸਨਸਨੀਖੇਜ਼ ਮੁਕਾਬਲਾ ਚੱਲ ਰਿਹਾ ਹੋਵੇ ਤੇ ਮੈਦਾਨ ਦੇ ਬਾਹਰ ਇਹੀ ਜੱਦੋ-ਜਹਿਦ ਹਾਕੀ ਪ੍ਰੇਮੀਆਂ 'ਚ ਆਪੋ-ਆਪਣੀਆਂ ਟੀਮਾਂ ਲਈ ਚੱਲ ਰਹੀ ਹੋਵੇ। ਖਿਡਾਰੀ ਦਰਸ਼ਕਾਂ ਦਾ ਉਤਸ਼ਾਹ ਵਧਾ ਰਹੇ ਹੋਣ, ਦਰਸ਼ਕ ਖਿਡਾਰੀਆਂ ਦਾ। ਸਾਰਾ ਸਟੇਡੀਅਮ ਹਾਕੀ ਦੇ ਰੰਗ 'ਚ ਰੰਗਿਆ ਹੋਵੇ, ਖਾਸ ਕਰਕੇ ਛੋਟੇ ਬੱਚਿਆਂ ਦੀ ਆਮਦ ਜ਼ਰੂਰ ਹੋਵੇ, ਜਿਨ੍ਹਾਂ ਨੂੰ ਅਸੀਂ ਇਸ ਖੇਡ ਪ੍ਰਤੀ ਉਤਸ਼ਾਹਤ ਕਰਨਾ ਹੈ। ਪਰ ਜਨਾਬ! ਇਨ੍ਹਾਂ ਹਾਕੀ ਟੂਰਨਾਮੈਂਟ 'ਚ ਜੇ ਕਿਤੇ ਏਦਾਂ ਦਾ ਕੁਝ ਲੱਭ ਜਾਵੇ ਤਾਂ ਪ੍ਰਬੰਧਕਾਂ ਨੂੰ ਲੱਖ-ਲੱਖ ਵਧਾਈਆਂ ਪਰ ਜੋ ਅਕਸਰ ਲੱਭਦਾ, ਉਹ ਇਹ ਹੈ ਕਿ ਖਾਲੀ ਪਈਆਂ ਕੁਰਸੀਆਂ ਦੇ ਸਾਹਮਣੇ ਹਾਕੀ ਮੈਚ ਚੱਲ ਰਿਹਾ ਹੁੰਦਾ ਤੇ ਖਿਡਾਰੀ ਵਿਚਾਰੇ ਜਿਨ੍ਹਾਂ ਦੇ ਹੌਸਲੇ, ਜਿਨ੍ਹਾਂ ਦਾ ਉਤਸ਼ਾਹ ਦਰਸ਼ਕਾਂ ਦੀਆਂ ਤਾੜੀਆਂ ਨਾਲ ਬੱਝਾ ਹੁੰਦਾ, ਖਾਲੀ ਪਈਆਂ ਕੁਰਸੀਆਂ ਵਲੋਂ ਵੀ ਤਾੜੀਆਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ। (ਸਮਾਪਤ)


-ਮੋਬਾ: 98155-35410

ਯਾਦਗਾਰੀ ਮੈਚਾਂ ਦਾ ਸਿਰਜਕ ਬਣਿਆ ਯਾਦਾਂ ਦਾ ਸਿਰਨਾਵਾਂ-ਬਿੱਟੂ ਦੁਗਾਲ

ਦੁਨੀਆ ਦੇ ਹਰੇਕ ਵੱਡੇ ਕਬੱਡੀ ਮੇਲੇ 'ਚੋਂ ਸਰਬੋਤਮ ਖਿਡਾਰੀ ਦਾ ਖਿਤਾਬ ਜੇਤੂ ਨਰਿੰਦਰ ਕੁਮਾਰ ਉਰਫ ਬਿੱਟੂ ਦੁਗਾਲ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਪਟਿਆਲਾ ਜ਼ਿਲ੍ਹੇ ਦੇ ਪਿੰਡ ਦੁਗਾਲ ਖੁਰਦ ਵਿਖੇ ਸ੍ਰੀ ਰਾਮ ਸਿੰਘ ਤੇ ਮਾਤਾ ਰੇਸ਼ਮਾ ਦੇਵੀ ਦੇ ਘਰ 27 ਦਸੰਬਰ, 1981 ਨੂੰ ਜਨਮਿਆ ਬਿੱਟੂ ਦੁਗਾਲ ਜਿੱਥੇ ਆਪਣੇ ਸਕੇ-ਸਬੰਧੀਆਂ ਨੂੰ ਰੋਂਦੇ-ਵਿਲਕਦੇ ਛੱਡ ਗਿਆ, ਉੱਥੇ ਖੇਡ ਪ੍ਰੇਮੀਆਂ ਨੂੰ ਵੀ ਝੰਜੋੜ ਕੇ ਰੱਖ ਗਿਆ ਹੈ। ਪਤਨੀ ਅਮਨਪ੍ਰੀਤ ਕੌਰ ਤੇ ਬੇਟਾ ਰਸ਼ਮੀਤ ਸਿੰਘ ਦਾ ਪਿਆਰਾ ਬਿੱਟੂ ਜਿੱਥੇ ਕਬੱਡੀ ਜਗਤ 'ਚ ਇਕ ਜੁਝਾਰੂ ਤੇ ਅਸੰਭਵ ਨੂੰ ਸੰਭਵ ਬਣਾਉਣ ਵਾਲੇ ਜਾਫੀ ਵਜੋਂ ਮਸ਼ਹੂਰ ਹੋਇਆ, ਉੱਥੇ ਨਿੱਜੀ ਜ਼ਿੰਦਗੀ 'ਚ ਉਹ ਇਮਾਨਦਾਰ ਅਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਵਜੋਂ ਜਾਣਿਆ ਜਾਂਦਾ ਸੀ। ਬਿੱਟੂ ਦੇ ਦਾਦੇ-ਪੜਦਾਦੇ ਕੁਸ਼ਤੀ ਨਾਲ ਜੁੜੇ ਹੋਏ ਸਨ, ਇਸ ਕਰਕੇ ਬਿੱਟੂ ਨੂੰ ਘਰ 'ਚੋਂ ਹੀ ਖੇਡਾਂ ਵਾਲਾ ਮਾਹੌਲ ਮਿਲਿਆ। ਉਹ ਆਪਣੇ ਭਰਾਵਾਂ (ਰਾਏ ਸਿੰਘ ਤੇ ਜੈ ਸਿੰਘ) ਨੂੰ ਅਖਾੜਿਆ 'ਚ ਘੁਲਦੇ ਦੇਖ ਕੇ, ਕਾਫੀ ਦੰਗਲਾਂ 'ਚ ਛੋਟੇ ਭਾਰ ਵਾਲੀਆਂ ਕੁਸ਼ਤੀਆਂ ਵੀ ਲੜਿਆ।
ਦੇਖਣ ਨੂੰ ਫਿਲਮੀ ਨਾਇਕਾਂ ਵਰਗੇ ਬਿੱਟੂ ਦਾ ਨਾਂਅ ਮਾਤਾ-ਪਿਤਾ ਨੇ ਨਿਰਭੈ ਸਿੰਘ ਰੱਖਿਆ ਪਰ ਜਦੋਂ ਉਹ ਸਕੂਲ 'ਚ ਦਾਖਲ ਹੋਣ ਗਿਆ ਤਾਂ ਸਕੂਲ ਅਧਿਆਪਕਾ ਨੇ ਉਸ ਦਾ ਨਾਂਅ ਨਰਿੰਦਰ ਰਾਮ ਰੱਖ ਦਿੱਤਾ, ਜਿਸ ਬਾਰੇ ਬਿੱਟੂ ਕਹਿੰਦਾ ਸੀ ਕਿ ਉਸ ਦਾ ਨਾਂਅ ਬਦਲਣ ਨਾਲ ਉਸ ਦੇ ਦਿਨ ਵੀ ਬਦਲ ਗਏ। ਬਿੱਟੂ ਨੇ 32 ਕਿਲੋ ਭਾਰ ਵਰਗ ਦੀ ਕਬੱਡੀ ਨਾਲ ਖੇਡ ਮੈਦਾਨਾਂ 'ਚ ਪੈਰ ਧਰਿਆ। ਉਹ ਆਪਣੇ ਅਜ਼ੀਜ਼ ਦੋਸਤ ਸਰੋਵਰ ਹੁਰਾਂ ਨਾਲ ਮਿਲ ਕੇ 4-5 ਜਣਿਆਂ ਦੀ ਟੀਮ ਬਣਾ ਕੇ ਹੀ ਦੂਰ-ਦੂਰ ਤੋਂ ਵਜ਼ਨੀ ਕਬੱਡੀ ਦੇ ਕੱਪ ਜਿੱਤ ਲਿਆਉਂਦਾ।
ਬਿੱਟੂ ਦੇ ਖੇਡ ਜੀਵਨ 'ਚ ਉਸ ਵੇਲੇ ਵੱਡਾ ਮੋੜ ਆਇਆ ਜਦੋਂ 2002 'ਚ ਪਿੰਡ ਬੱਲਰਾਂ (ਸੰਗਰੂਰ) ਦੇ ਕਬੱਡੀ ਕੱਪ 'ਤੇ ਉਸ ਵੇਲੇ ਦੇ ਸਿਰਕੱਢ ਧਾਵੀ ਗੁਲਜ਼ਾਰੀ ਮੂਣਕ ਨੂੰ ਉਸ ਨੇ 7 ਧਾਵਿਆਂ 'ਚੋਂ 6 ਵਾਰ ਡੱਕ ਲਿਆ, ਜਿਸ ਨਾਲ ਉਸ ਦੀ ਜਾਫੀ ਵਜੋਂ ਹਰ ਪਾਸੇ ਬੱਲੇ-ਬੱਲੇ ਹੋ ਗਈ ਅਤੇ ਗੁਲਜ਼ਾਰੀ ਨੇ ਸੱਚੇ ਖਿਡਾਰੀ ਦੀ ਭਾਵਨਾ ਦਿਖਾਉਂਦਿਆਂ ਬਿੱਟੂ ਨੂੰ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਕੋਚ ਪ੍ਰੋ: ਮਦਨ ਲਾਲ ਡਡਵਿੰਡੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।
ਪੰਜਾਬ ਸਰਕਾਰ ਵਲੋਂ ਕਰਵਾਏ ਗਏ 3 ਵਿਸ਼ਵ ਕੱਪ ਦੌਰਾਨ ਬਿੱਟੂ ਨੇ ਭਾਰਤੀ ਟੀਮ ਨੂੰ ਚੈਂਪੀਅਨ ਬਣਾਉਣ 'ਚ (5 ਮੈਚ 18 ਜੱਫੇ) ਅਹਿਮ ਭੂਮਿਕਾ ਨਿਭਾਈ। ਬਿੱਟੂ ਨੇ 3 ਵਿਸ਼ਵ ਕੱਪਾਂ ਵਿਚ ਹਿੱਸਾ ਲਿਆ, ਜਿਸ ਦੀ ਬਦੌਲਤ ਉਸ ਨੂੰ ਸਰਕਾਰੀ ਨੌਕਰੀ ਅਤੇ ਥਾਂ-ਥਾਂ ਸਨਮਾਨ ਮਿਲੇ। ਬਿੱਟੂ ਨੇ ਕੈਨੇਡਾ ਦੇ ਵਿਸ਼ਵ ਕੱਪ, ਬੀ.ਸੀ. ਦੇ ਕਬੱਡੀ ਸੀਜ਼ਨ ਅਤੇ ਇੰਗਲੈਂਡ ਦੇ ਸੀਜ਼ਨ ਦੌਰਾਨ ਹਿੱਕ ਠੋਕਵੀਂ ਖੇਡ ਸਦਕਾ ਵੱਡੇ ਇਨਾਮ-ਸਨਮਾਨ ਜਿੱਤੇ। ਉਸ ਦੁਆਰਾ ਕੈਨੇਡਾ ਦੇ ਕਬੱਡੀ ਸੀਜ਼ਨ 'ਚ 124 ਜੱਫੇ ਲਗਾਉਣੇ, ਕਬੱਡੀ ਜਗਤ ਦੀ ਰਿਕਾਰਡਤੋੜ ਪ੍ਰਾਪਤੀ ਹੈ। ਬਿੱਟੂ ਦੁਗਾਲ ਨੂੰ ਖੇਡ ਜੀਵਨ ਦੌਰਾਨ ਬਹੁਤ ਵਾਰ ਵੱਡੀਆਂ ਸੱਟਾਂ ਲੱਗੀਆਂ ਪਰ ਪਰਮਾਤਮਾ 'ਤੇ ਅਥਾਹ ਭਰੋਸਾ ਅਤੇ ਦਲੇਰੀ ਭਰਿਆ ਸੁਭਾਅ ਉਸ ਨੂੰ ਮੁੜ ਖੇਡ ਮੈਦਾਨ 'ਚ ਖਿੱਚ ਲੈ ਆਉਂਦਾ। ਹਰ ਵੇਲੇ ਹਮੇਸ਼ਾ ਸੱਚੀ ਤੇ ਖਰੀ ਗੱਲ ਕਰਨ ਵਾਲਾ ਬਿੱਟੂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ 'ਤੇ ਆਪਣਾ ਆਖਰੀ ਵੱਡਾ ਮੈਚ ਖੇਡਿਆ, ਜਿੱਥੇ ਉਹ ਚਾਰ ਜੱਫੇ ਲਗਾ ਕੇ ਸਭ ਦਾ ਦਿਲ ਜਿੱਤਣ 'ਚ ਕਾਮਯਾਬ ਰਿਹਾ। ਸਿਰਫ 38 ਕੁ ਸਾਲਾਂ ਦੀ ਉਮਰ 'ਚ ਆਪਣੇ ਲੱਖਾਂ ਚਾਹੁਣ ਵਾਲਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਬੇਵਕਤੀ ਵਿਛੋੜਾ ਦੇਣ ਵਾਲੇ ਨਰਿੰਦਰ ਰਾਮ ਉਰਫ ਬਿੱਟੂ ਦੁਗਾਲ ਦੀ ਖੇਡ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ।

-ਪਟਿਆਲਾ।

ਪੰਜਾਬੀ ਫੁੱਟਬਾਲ ਦਾ ਮਸੀਹਾ : ਸੁਖਵਿੰਦਰ ਸਿੰਘ ਬੂਰਾ

ਕਾਮਯਾਬੀ ਦੀਆਂ ਮੰਜ਼ਿਲਾਂ ਦੇ ਰੱਥ ਦਾ ਸ਼ਾਹਸਵਾਰ ਬਣਨਾ ਤਾਂ ਭਾਵੇਂ ਵਕਤੀ ਖੇਡ ਹੈ ਪਰ ਕੁਝ ਲੋਕ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਭਰੇ ਸਫਰ ਦੇ ਬਾਵਜੂਦ ਸਖ਼ਤ ਮਿਹਨਤ ਦੇ ਬਲਬੂਤੇ ਪੱਥਰ 'ਤੇ ਲਕੀਰ ਵਾਂਗ ਏਨੇ ਦ੍ਰਿੜ੍ਹ ਇਰਾਦੇ ਵਾਲੇ ਹੁੰਦੇ ਹਨ ਕਿ ਰਸਤਾ ਕਿੰਨਾ ਵੀ ਕੰਡਿਆਂ ਭਰਿਆ ਕਿਉਂ ਨਾ ਹੋਵੇ, ਉਹ ਆਪਣੀ ਮੰਜ਼ਿਲ ਵੱਲ ਕਦਮ-ਬ-ਕਦਮ ਤੁਰਦੇ ਰਹਿੰਦੇ ਹਨ। ਅਜਿਹੀ ਹੀ ਜ਼ਿੰਦਗੀ ਦੇ ਇਕ ਮੁਕੰਮਲ ਸੰਘਰਸ਼ ਦੀ ਦਾਸਤਾਨ ਹੈ ਫੁੱਟਬਾਲ ਖਿਡਾਰੀ ਅਤੇ ਕੋਚ ਸੁਖਵਿੰਦਰ ਸਿੰਘ ਬੂਰਾ ਜੋ ਬਹੁਪੱਖੀ ਸ਼ਖ਼ਸੀਅਤ ਦੇ ਸਿਰਨਾਵੇਂ ਵਜੋਂ ਪਛਾਣ ਬਣਾਉਣ 'ਚ ਸਫਲ ਰਿਹਾ ਹੈ।
ਪੰਜਾਬੀ ਫੁੱਟਬਾਲ ਦੇ ਵਿਰਸੇ ਨੂੰ ਸੰਭਾਲੀ ਬੈਠੇ ਸੁਖਵਿੰਦਰ ਸਿੰਘ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੂਲੇਵਾਲ 'ਚ 25 ਜੁਲਾਈ, 1963 ਨੂੰ ਪਿਤਾ ਗੁਰਬਖਸ਼ ਸਿੰਘ ਅਤੇ ਮਾਤਾ ਅਜੀਤ ਕੌਰ ਦੇ ਘਰ ਹੋਇਆ। ਮੱਧ ਵਰਗੀ ਪਰਿਵਾਰ ਨਾਲ ਸਬੰਧਤ ਫੁੱਟਬਾਲ 'ਚ ਵਡਮੁੱਲੀਆਂ ਪ੍ਰਾਪਤੀਆਂ ਖੱਟਣ ਵਾਲੇ ਸੁਖਵਿੰਦਰ ਸਿੰਘ ਨੇ ਹਾਈ ਸਕੂਲ ਤੱਕ ਦੀ ਪੜ੍ਹਾਈ ਜੀ.ਐਨ. ਹਾਈ ਸਕੂਲ ਸਤਕੋਹਾ ਤੋਂ ਕੀਤੀ ਪਰ ਫੁੱਟਬਾਲਰ ਬਣਨ ਦੀ ਤਾਂਘ ਕਿਸੇ ਸਮੇਂ ਖੇਡਾਂ 'ਚ ਨਾਮਵਰ ਰਹੇ ਸਪੋਰਟਸ ਸਕੂਲ ਜਲੰਧਰ ਲੈ ਆਈ, ਜਿਥੇ ਕੋਚ ਜੋਗਿੰਦਰ ਸਿੰਘ ਵਾਲੀਆ ਦੀ ਦੇਖ-ਰੇਖ 'ਚ ਉਸ ਨੇ ਫੁੱਟਬਾਲ ਦੇ ਮੈਦਾਨ ਵਿਚ ਛੋਹਲੇ ਕਦਮੀਂ ਮੱਲਾਂ ਮਾਰੀਆਂ। ਸੰਨ 1979 'ਚ ਉਹ ਸ੍ਰੀਨਗਰ 'ਚ ਹੋਈ ਰੂਰਲ ਨੈਸ਼ਨਲ ਗੇਮਜ਼ 'ਚ ਪੰਜਾਬ ਟੀਮ ਵਲੋਂ ਖੇਡਿਆ ਤੇ ਅਗਲੇ ਹੀ ਸਾਲ 1980 'ਚ ਸਕੂਲ ਨੈਸ਼ਨਲ 'ਚ ਉਹ ਪੰਜਾਬ ਦੀ ਟੀਮ ਲਈ ਚੁਣਿਆ ਗਿਆ।
1982 'ਚ ਸੁਖਵਿੰਦਰ ਨੇ ਫੁੱਟਬਾਲ ਦੇ ਮੱਕੇ ਵਜੋਂ ਜਾਣੇ ਜਾਂਦੇ ਖਾਲਸਾ ਕਾਲਜ ਮਾਹਿਲਪੁਰ 'ਚ ਦਾਖਲਾ ਲਿਆ, ਜਿਥੇ ਕੋਚ ਬਲਿਹਾਰ ਸਿੰਘ ਨੇ ਫੁੱਟਬਾਲ ਦੇ ਇਸ ਚੜ੍ਹਦੇ ਸੂਰਜ ਨੂੰ ਦਗਦਗ ਕਰਦੀ ਸਿਖਰ ਦੁਪਹਿਰ ਵਾਂਗ ਚਮਕਾਇਆ ਤੇ ਸੁਖਵਿੰਦਰ ਬੂਰਾ ਹੁਣ ਪੰਜਾਬੀ ਫੁੱਟਬਾਲ ਦੇ ਗਲਿਆਰਿਆਂ 'ਚ ਖੁੰਢ ਚਰਚਾ ਦਾ ਵਿਸ਼ਾ ਬਣ ਗਿਆ। ਸੰਨ 1986 'ਚ ਪੰਜਾਬ ਦੀ ਨਾਮਵਰ ਕਲੱਬ ਜੇ. ਸੀ. ਟੀ. ਫਗਵਾੜਾ ਨੇ ਉਸ ਨੂੰ ਆਪਣੀ ਟੀਮ 'ਚ ਸ਼ਾਮਿਲ ਕਰ ਲਿਆ। 1986 ਤੋਂ 1991 'ਚ ਜੇ.ਸੀ.ਟੀ. ਵਲੋਂ ਮੈਦਾਨ 'ਚ ਉਤਰਦਿਆਂ ਉਸ ਸਮੇਂ ਹੁੰਦੇ ਵਕਾਰੀ ਟੂਰਨਾਮੈਂਟਾਂ ਡੀ.ਸੀ.ਐਮ., ਡੁਰੰਡ ਕੱਪ ਦਿੱਲੀ, ਰੋਵਰਜ਼ ਕੱਪ, ਸੈਟ ਨਾਗ ਜੀ ਅਤੇ ਗਵਰਨਰ ਗੋਲਡ ਕੱਪ ਆਦਿ 'ਚ ਖੇਡਦਿਆਂ ਅਹਿਮ ਪ੍ਰਾਪਤੀਆਂ ਕੀਤੀਆਂ। ਸੰਨ 1987 'ਚ ਕੇਰਲਾ 'ਚ ਹੋਈਆਂ ਕੌਮੀ ਖੇਡਾਂ 'ਚ ਪੰਜਾਬ ਵਲੋਂ ਖੇਡਦਿਆਂ ਸੁਖਵਿੰਦਰ ਸਿੰਘ ਨੇ ਪੰਜਾਬ ਨੂੰ ਉਪ-ਵਿਜੇਤਾ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ। ਬਤੌਰ ਖਿਡਾਰੀ ਖੇਡ ਕੈਰੀਅਰ ਦਾ ਸ਼ਾਨਾਮੱਤਾ ਅਧਿਆਇ ਲਿਖਣ ਵਾਲੇ ਸੁਖਵਿੰਦਰ ਸਿੰਘ ਨੇ ਫੁੱਟਬਾਲ ਨੂੰ ਅਲਵਿਦਾ ਕਹਿੰਦਿਆਂ ਪੰਜਾਬੀ ਫੁੱਟਬਾਲ ਦੀ ਵਿਰਾਸਤ ਨੂੰ ਸੰਭਾਲਣ ਹਿਤ ਬਤੌਰ ਕੋਚ ਸੰਨ 2002 ਤੋਂ 2009 ਤੱਕ ਪਿੰਡ ਨਿੱਕੇ ਘੁੰਮਣ (ਗੁਰਦਾਸਪੁਰ) ਫੁੱਟਬਾਲ ਅਕੈਡਮੀ 'ਚ ਸੇਵਾਵਾਂ ਦਿੱਤੀਆਂ ਤੇ ਇਥੋਂ ਦੇ ਖਿਡਾਰੀ ਬਿਕਰਮਜੀਤ ਸਿੰਘ, ਸਹਿਨਾਜ਼ ਸਿੰਘ ਅਤੇ ਜਰਮੇਨ ਸਿੰਘ ਵੱਖ-ਵੱਖ ਕਲੱਬਾਂ ਵਲੋਂ ਖੇਡਦੇ ਭਾਰਤੀ ਫੁੱਟਬਾਲ ਦਾ ਰੌਸ਼ਨ ਭਵਿੱਖ ਬਣੇ। ਵਰਤਮਾਨ ਸਮੇਂ ਸੁਖਵਿੰਦਰ ਸਿੰਘ ਬੂਰਾ ਪ੍ਰਿਥੀਪਾਲ ਸਿੰਘ ਐਸ.ਪੀ. ਦੀ ਸ਼ਤਰ ਛਾਇਆ ਹੇਠ ਕੋਟਲਾ ਸ਼ਾਹੀਆਂ 'ਚ ਸੁਰਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਕਮਲਜੀਤ ਸਪੋਰਟਸ ਅਕੈਡਮੀ ਕੋਟਲਾ ਸ਼ਾਹੀਆਂ 'ਚ ਬਤੌਰ ਕੋਚ ਫੁੱਟਬਾਲ ਨਰਸਰੀ ਤਿਆਰ ਕਰਨ 'ਚ ਜੀਅ-ਜਾਨ ਨਾਲ ਜੁਟਿਆ ਪਿਆ ਹੈ ਪਰ ਪੰਜਾਬੀ ਫੁੱਟਬਾਲ ਦੇ ਭਵਿੱਖ ਪ੍ਰਤੀ ਗੱਲ ਕਰਦਿਆਂ ਅਕਸਰ ਉਸ ਦਾ ਚਿਹਰਾ ਉਦਾਸ ਹੋ ਜਾਂਦਾ ਹੈ।


-ਮੋਬਾ: 94636-12204

ਭਾਰਤ ਦਾ ਧਾਕੜ ਮੁੱਕੇਬਾਜ਼ ਅਮਿਤ ਪੰਘਾਲ

'ਹਾਸ਼ਮ ਫ਼ਤਹਿ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ', ਇਸ ਸੰਸਾਰ ਵਿਚ ਮਿਹਨਤ ਅਤੇ ਲਗਨ ਦੇ ਨਾਲ ਹਰ ਚੀਜ਼ ਸੰਭਵ ਹੈ ਅਤੇ ਜੋ ਵੀ ਕਿਸਮਤ ਦੇ ਆਸਰੇ ਆਪਣੇ-ਆਪ ਨੂੰ ਨਾ ਛੱਡ ਕੇ ਲਹੂ-ਪਸੀਨਾ ਇਕ ਕਰਦੇ ਹਨ, ਉਹ ਦੁਨੀਆ ਵਿਚ ਕੁਝ ਕਰ ਗੁਜ਼ਰਦੇ ਹਨ। ਅੱਜ ਗੱਲ ਕਰਾਂਗੇ ਭਾਰਤ ਦੇ ਇਕ ਨੌਜਵਾਨ ਮੁੱਕੇਬਾਜ਼ ਦੀ, ਜਿਸ ਨੇ ਥੋੜ੍ਹੇ ਸਮੇਂ ਵਿਚ ਹੀ ਆਪਣੇ-ਆਪ ਨੂੰ ਉਸ ਸਥਾਨ 'ਤੇ ਲਿਆ ਕੇ ਖੜ੍ਹਾ ਕਰ ਲਿਆ ਹੈ, ਜਿੱਥੇ ਪਹੁੰਚਣ ਲਈ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਭਾਰਤੀ ਮੁੱਕੇਬਾਜ਼ੀ ਜਿੱਥੇ ਅੱਜ ਦੁਨੀਆ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਰਹੀ ਹੈ, ਉਥੇ ਸਾਡੇ ਮੁੱਕੇਬਾਜ਼ ਦਿਨ-ਰਾਤ ਇਸ ਰੁਤਬੇ ਨੂੰ ਇਕ ਵੱਖਰੇ ਮੁਕਾਮ 'ਤੇ ਪਹੁੰਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਇਹੋ ਜਿਹਾ ਮੁੱਕੇਬਾਜ਼ ਹੈ ਹਰਿਆਣਾ ਦੀ ਧਰਤੀ 'ਤੇ ਪੈਦਾ ਹੋਇਆ ਅਮਿਤ ਪੰਘਾਲ, ਜੋ ਕਿ 16 ਅਕਤੂਬਰ, 1995 ਨੂੰ ਜ਼ਿਲ੍ਹਾ ਰੋਹਤਕ ਦੇ ਪਿੰਡ ਮਾਇਨਾ ਵਿਖੇ ਪਿਤਾ ਚੌਧਰੀ ਵਿਜੇਂਦਰ ਸਿੰਘ ਪੰਘਾਲ ਦੇ ਘਰ ਜਨਮਿਆ।
ਅਮਿਤ ਦਾ ਵੱਡਾ ਭਰਾ ਅਜੇ ਪੰਘਾਲ ਜੋ ਕਿ ਖੁਦ ਇਕ ਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਰਿਹਾ ਹੈ ਅਤੇ ਭਾਰਤੀ ਫੌਜ ਵਿਚ ਨੌਕਰੀ ਕਰਦਾ ਹੈ, ਨੇ ਸਾਲ 2007 ਵਿਚ ਅਮਿਤ ਨੂੰ ਸਰ ਛੋਟੂ ਰਾਮ ਬਾਕਸਿੰਗ ਅਕੈਡਮੀ ਜੁਆਇਨ ਕਰਵਾ ਦਿੱਤੀ, ਜਿਸ ਤੋਂ ਬਾਅਦ ਉਹ ਆਪਣੀ ਮਿਹਨਤ ਨਾਲ ਇਸ ਮੁਕਾਮ 'ਤੇ ਪਹੁੰਚਣ ਵਿਚ ਸਫਲ ਰਿਹਾ। ਅਮਿਤ ਜੋ ਕਿ ਇਸ ਸਮੇਂ ਭਾਰਤੀ ਫੌਜ ਵਿਚ ਜੇ.ਸੀ.ਓ. ਦੀਆਂ ਸੇਵਾਵਾਂ ਨਿਭਾ ਰਿਹਾ ਹੈ, ਨੇ ਆਪਣੀ ਪਹਿਲੀ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਪ੍ਰਤੀਯੋਗਤਾ 2017 ਵਿਚ ਸੋਨ ਤਗਮਾ ਹਾਸਲ ਕੀਤਾ ਅਤੇ ਇਸੇ ਸਾਲ ਉਸ ਨੇ ਲਾਈਟ ਫਲਾਈ ਭਾਰ ਵਰਗ ਵਿਚ ਖੇਡਦਿਆਂ ਏਸ਼ਿਆਈ ਮੁੱਕੇਬਾਜ਼ੀ ਪ੍ਰਤੀਯੋਗਤਾ ਵਿਚ ਤਾਂਬੇ ਦਾ ਤਗਮਾ ਹਾਸਲ ਕੀਤਾ। ਸਾਲ 2018 ਵਿਚ ਪੰਘਾਲ ਨੇ ਸੋਫੀਆ ਵਿਖੇ ਹੋਏ ਸਟਰਾਂਡਜਾ ਕੱਪ ਵਿਚ ਸੋਨ ਤਗਮਾ ਜਿੱਤਿਆ। ਸਾਲ 2018 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਵੀ ਅਮਿਤ ਨੇ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ। ਇਸ ਤੋਂ ਬਾਅਦ ਅਮਿਤ ਦਾ ਜਲਵਾ ਰਿੰਗ ਵਿਚ ਉਦੋਂ ਦੇਖਣ ਨੂੰ ਮਿਲਿਆ, ਜਦੋਂ 2018 ਦੀਆਂ ਏਸ਼ੀਅਨ ਖੇਡਾਂ (ਜਕਾਰਤਾ) ਵਿਚ ਆਪਣੀ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਉਸ ਨੇ ਉਜ਼ਬੇਕਿਸਤਾਨ ਦੇ ਉਲੰਪਿਕ ਚੈਂਪੀਅਨ ਮੁੱਕੇਬਾਜ਼ ਹਸਾਨਬਾਏ ਦਸਮਤੋਵ ਨੂੰ ਹਰਾ ਕੇ ਏਸ਼ੀਅਨ ਖੇਡਾਂ ਦਾ ਸੋਨ ਤਗਮਾ ਆਪਣੇ ਨਾਂਅ ਕੀਤਾ ਅਤੇ ਵਿਸ਼ਵ ਮੁੱਕੇਬਾਜ਼ੀ ਵਿਚ ਤਹਿਲਕਾ ਮਚਾ ਦਿੱਤਾ।
ਹੁਣ ਜਦੋਂ ਉਲੰਪਿਕ ਖੇਡਾਂ 2020 ਵਿਚ 49 ਕਿਲੋ ਭਾਰ ਵਰਗ ਨਾ ਹੋਣ ਕਰਕੇ ਅਮਿਤ ਨੂੰ ਆਪਣਾ ਭਾਰ ਵਰਗ 52 ਕਿਲੋਗ੍ਰਾਮ ਕਰਨਾ ਪਿਆ ਅਤੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਉਸ ਲਈ ਇਸ ਭਾਰ ਵਰਗ ਵਿਚ ਖੇਡਣਾ ਇਕ ਨਵੀਂ ਚੁਣੌਤੀ ਸੀ ਪਰ ਇਥੇ ਵੀ ਅਮਿਤ ਦੇ ਮੁੱਕਿਆਂ ਦਾ ਦਮ ਏਸ਼ੀਆਈ ਮੁੱਕੇਬਾਜ਼ਾਂ 'ਤੇ ਭਾਰੂ ਰਿਹਾ ਤੇ ਇਸ ਪ੍ਰਤੀਯੋਗਤਾ ਵਿਚ ਉਸ ਨੇ ਉਲੰਪਿਕ ਚੈਂਪੀਅਨ ਹਸਨਬਾਏ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਅਤੇ ਫਾਈਨਲ ਵਿਚ ਉਸ ਨੇ ਕੋਰੀਆ ਦੇ ਕਿੰਮ ਇਕਕਿਉ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਅਤੇ ਇਹ ਸਾਬਤ ਕੀਤਾ ਕਿ ਉਹ ਉਲੰਪਿਕ ਤਗਮੇ ਦਾ ਪ੍ਰਬਲ ਦਾਅਵੇਦਾਰ ਹੈ, ਇਹ ਗੌਰ ਕਰਨ ਵਾਲੀ ਗੱਲ ਹੈ ਕਿ ਇਸ ਪ੍ਰਤੀਯੋਗਤਾ ਦੌਰਾਨ ਅਮਿਤ ਨੂੰ ਬੁਖਾਰ ਨੇ ਘੇਰ ਲਿਆ ਸੀ ਪਰ ਆਪਣੇ ਹੌਸਲੇ ਦੇ ਬਲਬੂਤੇ ਉਸ ਨੇ ਆਪਣੇ-ਆਪ ਨੂੰ ਸਾਬਤ ਕੀਤਾ ਅਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਭਾਰਤ ਦੇਸ਼ ਦੇ ਸਮੂਹ ਖੇਡ ਪ੍ਰੇਮੀ ਹੁਣ ਅਮਿਤ ਤੋਂ ਟੋਕੀਉ ਉਲੰਪਿਕ ਖੇਡਾਂ (2020) ਵਿਚ ਸੋਨ ਤਗਮੇ ਦੀ ਆਸ ਲਗਾਈ ਬੈਠੇ ਹਨ।


-ਮੋਬਾ: 94174-79449

ਗੋਲਾ ਸੁਟਾਵਾ ਅਮਨਦੀਪ ਸਿੰਘ ਧਾਲੀਵਾਲ

ਆਪਣੇ ਦੇਸ਼ ਲਈ ਕੁਝ ਕਰਨ ਵਾਲਿਆਂ ਦੇ ਮੱਥੇ ਦਾ ਤੇਜ਼ ਬਚਪਨ ਤੋਂ ਹੀ ਦੱਸਾ ਦਿੰਦਾ ਹੈ। ਅਜਿਹੇ ਹੀ ਜਜ਼ਬੇ ਦੀ ਮਿਸਾਲ ਹੈ ਗੁਰਸਿੱਖ ਨੌਜਵਾਨ ਅਮਨਦੀਪ ਸਿੰਘ ਧਾਲੀਵਾਲ,ਜਿਸ ਨੇ ਸਖ਼ਤ ਮਿਹਨਤ ਅਤੇ ਦੇਸ਼ ਲਈ ਕੁਝ ਕਰਨ ਦਾ ਸੁਪਨਾ ਪਾਲ ਰੱਖਿਆ ਹੈ, ਜੋ ਹੁਣ ਸੱਚ ਹੁੰਦਾ ਜਾਪ ਰਿਹਾ ਹੈ। ਸੰਗਰੂਰ ਦੀ ਮਲੇਰਕੋਟਲਾ ਤਹਿਸੀਲ ਦੇ ਪਿੰਡ ਚੱਕ ਸ਼ੇਖਪੁੁਰਾ ਦਾ ਨੌਜਵਾਨ ਅਮਨਦੀਪ ਸਿੰਘ ਧਾਲੀਵਾਲ ਆਪਣੇ ਕੋਚ ਹਰਮਹਿੰਦਰ ਸਿੰਘ ਘੁੰਮਣ ਦੀ ਰਹਿਨੁਮਾਈ ਹੇਠ 2015 ਤੋਂ ਅਥਲੈਟਿਕਸ ਅਧੀਨ ਸ਼ਾਟ-ਪੁੱਟ ਦੀ ਤਿਆਰੀ ਲਈ ਸਖ਼ਤ ਮਿਹਨਤ ਕਰ ਰਿਹਾ ਹੈ। 16 ਮਈ, 2002 ਨੂੰ ਪਿਤਾ ਹਾਕਮ ਸਿੰਘ ਧਾਲੀਵਾਲ ਦੇ ਘਰ ਚੱਕ ਸ਼ੇਖਪੂਰਾ ਵਿਖੇ ਪੈਦਾ ਹੋਇਆ ਅਮਨਦੀਪ ਅੱਜਕਲ੍ਹ ਡੀ. ਏ. ਵੀ. ਸਕੂਲ ਮਲੇਰਕੋਟਲਾ ਵਿਖੇ 12ਵੀਂ ਕਲਾਸ ਵਿਚ ਪੜ੍ਹ ਰਿਹਾ ਹੈ। ਉਸ ਨੇ ਆਪਣੀ ਪੜ੍ਹਾਈ ਅਤੇ ਖੇਡ ਦੀ ਪ੍ਰੈਕਟਿਸ ਲਈ ਆਪਣੀ ਰਿਹਾਇਸ਼ ਮਲੇਰਕੋਟਲਾ ਕੀਤੀ ਹੋਈ ਹੈ। ਉਹ ਉਲੰਪਿਕ ਅਥਲੀਟ ਬਣਨ ਲਈ ਤਤਪਰ ਹੈ। ਉਸ ਦੀਆਂ ਖੇਡ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਛੋਟੀ ਉਮਰੇ ਵੱਡੀਆਂ ਹਨ। ਉਸ ਨੇ ਰਾਏਪੁਰ ਵਿਖੇ ਹੋਈ ਕੌਮੀ ਯੂਥ ਚੈਂਪੀਅਨਸ਼ਿਪ 2019 ਦੌਰਾਨ 19.85 ਮੀਟਰ ਥਰੋਅ ਕਰਕੇ ਵਿਸ਼ਵ ਦਰਜਾਬੰਦੀ ਵਿਚ ਪਹਿਲੇ ਸਥਾਨ 'ਤੇ ਪੁੱਜਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਨੌਜਵਾਨ ਦੀ ਸਖ਼ਤ ਮਿਹਨਤ ਸਦਕਾ ਮਾਰਚ, 2019 ਵਿਚ ਹਾਂਗਕਾਂਗ 'ਚ ਹੋਈ ਏਸ਼ੀਅਨ ਯੂਥ ਅਥਲੈਟਿਕਸ ਚੈਂਪੀਅਨਸ਼ਿਪ ਅੰਡਰ-18 ਵਿਚੋਂ 19.08 ਮੀਟਰ ਥਰੋਅ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਪੰਜਾਬ ਦਾ ਇਹ ਨੌਜਵਾਨ ਅਜੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ, ਛੋਟੀ ਉਮਰ ਦੀਆਂ ਇਹ ਪ੍ਰਾਪਤੀਆਂ ਹੀ ਸਪੱਸ਼ਟ ਕਰਦੀਆਂ ਹਨ ਕਿ ਜੇਕਰ ਸਰਕਾਰ ਇਸ ਨੌਜਵਾਨ ਦੀ ਬਾਂਹ ਫੜੇ ਤਾਂ ਉਲੰਪਿਕ ਤੱਕ ਦਾ ਤਗਮਾ ਪੰਜਾਬ ਦੀ ਝੋਲੀ ਪਾ ਸਕਦਾ ਹੈ। ਅਮਨਦੀਪ ਸਿੰਘ ਧਾਲੀਵਾਲ ਨੇ ਇਸ ਸਾਲ ਖੇਲੋ ਇੰਡੀਆ ਵਿਚੋਂ ਸੋਨ ਤਗਮਾ ਹਾਸਲ ਕੀਤਾ ਸੀ। ਦਿੱਲੀ ਵਿਚ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਅਤੇ ਜੂਨੀਅਰ ਨੈਸ਼ਨਲ ਖੇਡਾਂ ਵਿਚੋਂ ਤਾਂਬੇ ਦਾ ਤਗਮਾ ਜਿੱਤਿਆ ਸੀ। ਅਮਨਦੀਪ ਗੁਰਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਹਮੇਸ਼ਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਕੋਚ ਹਰਮਹਿੰਦਰ ਸਿੰਘ ਘੁੰਮਣ ਦਾ ਮੰਨਣਾ ਹੈ ਕਿ ਉਸ ਨੂੰ ਆਪਣੇ ਸ਼ਾਗਿਰਦ 'ਤੇ ਮਾਣ ਹੈ। ਉਸ ਅਨੁਸਾਰ ਅਮਨਦੀਪ ਹਮੇਸ਼ਾ ਆਪਣੇ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਦਾ ਰਹਿੰਦਾ ਹੈ। ਉਸ ਦੇ ਸਕੂਲ ਅਧਿਆਪਕ ਰਾਜਨ ਸਿੰਗਲਾ ਵੀ ਉਸ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।


-ਰਾਜੇਸ਼ ਰਿਖੀ ਪੰਜਗਰਾਈਆਂ
ਮੋਬਾ: 93565-52000

ਪੈਰਾ ਖੇਡਾਂ ਵਿਚ ਲੌਂਗ ਜੰਪ ਲਈ ਦੇਸ਼ ਦਾ ਭਵਿੱਖ ਹੈ ਸੈਲਸ ਕੁਮਾਰ ਬਿਹਾਰ

ਸੈਲਸ ਕੁਮਾਰ ਲੌਂਗ ਜੰਪ ਵਿਚ ਦੇਸ਼ ਦਾ ਭਵਿੱਖ ਹੈ, ਜਿਸ ਤੋਂ ਦੇਸ਼ ਨੂੰ ਬਹੁਤ ਵੱਡੀਆਂ ਉਮੀਦਾਂ ਹਨ ਅਤੇ ਆਪਣੀਆਂ ਉਮੀਦਾਂ ਨੂੰ ਜਿੱਤਣ ਲਈ ਉਹ ਸਿਰਤੋੜ ਯਤਨ ਕਰ ਰਿਹਾ ਹੈ ਅਤੇ ੳਹ ਮਾਣਮੱਤਾ ਪੈਰਾ ਖਿਡਾਰੀ ਹੈ। ਸੈਲਸ ਕੁਮਾਰ ਦਾ ਜਨਮ 8 ਅਗਸਤ, 2000 ਨੂੰ ਪਿਤਾ ਸ਼ਿਵਨੰਦਨ ਯਾਦਵ ਦੇ ਘਰ ਮਾਤਾ ਪ੍ਰਤਿਮਾ ਦੇਵੀ ਦੀ ਕੁੱਖੋਂ ਬਿਹਾਰ ਪ੍ਰਾਂਤ ਦੇ ਪਿੰਡ ਇਸਲਾਮਾ ਨਗਰ ਵਿਚ ਹੋਇਆ। ਸੈਲਸ ਕੁਮਾਰ ਨੂੰ ਬਚਪਨ ਵਿਚ ਹੀ ਪੋਲੀਓ ਹੋ ਗਿਆ, ਜਿਸ ਕਾਰਨ ਉਹ ਇਕ ਲੱਤ ਤੋਂ ਅਪਾਹਜ ਹੋ ਗਿਆ ਪਰ ਉਸ ਨੂੰ ਬਚਪਨ ਤੋਂ ਹੀ ਖੇਡਾਂ ਵਿਚ ਲੌਂਗ ਜੰਪ ਕਰਨ ਦਾ ਸ਼ੌਕ ਸੀ ਅਤੇ ਉਹ ਸਕੂਲ ਪੜ੍ਹਦਾ ਹੀ ਲੌਂਗ ਜੰਪ ਕਰਨ ਲੱਗਿਆ ਅਤੇ ਉਹ ਲੌਂਗ ਜੰਪ ਵਿਚ ਹੀ ਹੁਣ ਤੱਕ ਕਈ ਤਗਮੇ ਆਪਣੇ ਨਾਂਅ ਕਰ ਚੁੱਕਿਆ ਹੈ ਅਤੇ ਨਾਲ ਹੀ ਉਹ ਬੀ. ਏ. ਐਸ. ਸੀ. ਦਾ ਵਿਦਿਆਰਥੀ ਹੈ। ਜੈਪੁਰ ਵਿਖੇ ਹੋਈ ਨੈਸ਼ਨਲ ਪੈਰਾ ਅਥਲੈਟਿਕ ਵਿਚ ਉਸ ਨੇ ਭਾਗ ਲਿਆ ਅਤੇ ਕਾਂਸੀ ਦਾ ਤਗਮਾ ਜਿੱਤਿਆ। ਪੰਚਕੂਲਾ ਵਿਖੇ ਹੋਈ 18ਵੀਂ ਨੈਸ਼ਨਲ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਉਸ ਨੇ ਲੌਂਗ ਜੰਪ ਵਿਚ ਸੋਨ ਤਗਮਾ ਆਪਣੇ ਨਾਂਅ ਕੀਤਾ। ਸੈਲਸ ਕੁਮਾਰ ਅੱਜਕਲ੍ਹ ਵਰਲਡ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਿਹਾ ਹੈ ਅਤੇ ਉਹ ਦੇਸ਼ ਲਈ ਸੋਨ ਤਗਮਾ ਜਿੱਤਣ ਦਾ ਇੱਛੁਕ ਹੈ। ਆਪਣੇ ਇਸ ਖੇਤਰ ਵਿਚ ਨਾਗੇਸ਼ਵਰ ਪ੍ਰਸਾਦ ਦਾ ਧੰਨਵਾਦੀ ਹੈ, ਜਿਸ ਨੇ ਹਮੇਸ਼ਾ ਹੀ ਉਸ ਨੂੰ ਉਤਸ਼ਾਹਤ ਕੀਤਾ ਹੈ। ਬਹੁਤ ਹੀ ਛੋਟੀ ਉਮਰ ਵਿਚ ਵੱਡੀਆਂ ਪੁਲਾਂਘਾਂ ਪੁੱਟਦਾ ਸੈਲਸ ਕੁਮਾਰ ਆਉਣ ਵਾਲੇ ਸਮੇਂ ਦਾ ਉਹ ਖਿਡਾਰੀ ਹੈ, ਜਿਸ 'ਤੇ ਭਾਰਤ ਮਾਣ ਕਰੇਗਾ।


-ਮੋਗਾ। ਮੋਬਾ: 98551-14484

ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 2019

ਇਸ ਵਾਰ ਕਿਉਂ ਪਛੜੇ ਅਸੀਂ?

ਏਸ਼ੀਆ ਦਾ ਦੂਸਰਾ ਸਭ ਤੋਂ ਵੱਡੀ ਆਬਾਦੀ ਵਾਲਾ ਅਤੇ ਵਿਭਿੰਨਤਾਵਾਂ ਭਰਪੂਰ ਦੇਸ਼ ਹੈ ਸਾਡਾ ਭਾਰਤ, ਜਿਸ ਵਿਚ ਨੌਜਵਾਨਾਂ ਦੀ ਬਹੁਤਾਤ ਹੈ ਅਤੇ ਕੌਸ਼ਲ ਦੀ ਵੀ ਕੋਈ ਘਾਟ ਨਹੀਂ ਹੈ ਪਰ ਜਦੋਂ ਵਿਸ਼ਵ ਹੀ ਨਹੀਂ, ਏਸ਼ੀਆ ਦੇ ਖੇਡ ਮੈਦਾਨ ਵਿਚ ਭਾਰਤ ਨੂੰ ਅਸੀਂ ਦੇਖਦੇ ਹਾਂ ਤੇ ਭਾਰਤ ਸਾਨੂੰ ਆਪਣੀ ਆਬਾਦੀ ਅਤੇ ਕੌਸ਼ਲ ਮੁਤਾਬਿਕ ਖੜ੍ਹਿਆ ਨਜ਼ਰ ਨਹੀਂ ਆਉਂਦਾ, ਕਿਸੇ ਵੀ ਖੇਡ ਵਿਚ ਅਸੀਂ ਜੱਦੋ-ਜਹਿਦ ਹੀ ਕਰਦੇ ਨਜ਼ਰ ਆਉਂਦੇ ਹਾਂ। ਆਓ, ਅੱਜ ਅਸੀਂ ਗੱਲ ਕਰਦੇ ਹਾਂ 21 ਤੋਂ 24 ਅਪ੍ਰੈਲ ਤੱਕ ਦੋਹਾ-ਕਤਰ ਵਿਖੇ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੀ ਕਿ ਭਾਰਤੀ ਅਥਲੀਟਾਂ ਨੇ ਖੇਡਾਂ ਦੀ ਰਾਣੀ ਮੰਨੀ ਜਾਣ ਵਾਲੀ ਅਥਲੈਟਿਕਸ ਵਿਚ ਭਾਰਤ ਲਈ ਕਿੰਨਾ ਕੁ ਨਾਮਣਾ ਖੱਟਿਆ। ਜੇਕਰ 2017 ਦੀ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ, ਜੋ ਕਿ ਭਾਰਤ ਦੇ ਭੁਬਨੇਸ਼ਵਰ ਵਿਚ ਹੋਈਆਂ ਸਨ, ਵਿਚ ਭਾਰਤ ਨੇ 29 (12 ਸੋਨ, 5 ਚਾਂਦੀ ਅਤੇ 12 ਕਾਂਸੀ ਦੇ) ਤਗਮੇ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਆਪਣੀ ਆਬੋ-ਹਵਾ ਦਾ ਖੂਬ ਫਾਇਦਾ ਭਾਰਤ ਦੇ ਅਥਲੀਟਾਂ ਨੇ ਖੱਟਿਆ ਸੀ ਪਰ ਇਸ ਵਾਰ ਜੇਕਰ ਤਗਮਾ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਕੁੱਲ 17 ਤਗਮੇ (3 ਸੋਨ, 7 ਚਾਂਦੀ ਅਤੇ 7 ਕਾਂਸੀ ਦੇ) ਲੈ ਕੇ ਤਗਮਾ ਸੂਚੀ ਵਿਚ ਚੌਥੇ ਸਥਾਨ 'ਤੇ ਰਹੇ। ਆਓ ਨਜ਼ਰ ਮਾਰੀਏ ਤਗਮਾ ਜਿੱਤਣ ਵਾਲੇ ਗੱਭਰੂਆਂ ਅਤੇ ਮੁਟਿਆਰਾਂ 'ਤੇ ਕਿ ਕਿਹੜੇ-ਕਿਹੜੇ ਈਵੈਂਟ ਵਿਚ ਕਿਸ-ਕਿਸ ਨੇ ਮੱਲਾਂ ਮਾਰੀਆਂ ਹਨ।
ਭਾਰਤ ਦੀਆਂ ਉਮੀਦਾਂ ਦੇ ਮੁਤਾਬਿਕ ਇਸ ਵਾਰ ਭਾਰਤ ਨੂੰ ਤਗਮੇ ਹੱਥ ਨਹੀਂ ਲੱਗੇ, ਕੁਝ ਸਟਾਰ ਅਥਲੀਟਾਂ ਦੀ ਕਮੀ ਵੀ ਭਾਰਤ ਨੂੰ ਇਸ ਵਾਰ ਮਹਿਸੂਸ ਹੋਈ, ਜਿਨ੍ਹਾਂ ਵਿਚ ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੇ ਜੇਤੂ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਅਤੇ 800 ਮੀਟਰ ਦੇ ਏਸ਼ੀਅਨ ਖੇਡਾਂ ਦੇ ਚੈਂਪੀਅਨ ਮਨਜੀਤ ਸਿੰਘ ਨੂੰ ਸੱਟ ਕਾਰਨ ਇਨ੍ਹਾਂ ਖੇਡਾਂ ਤੋਂ ਦੂਰ ਰਹਿਣਾ ਪਿਆ। ਇਸ ਤੋਂ ਬਾਅਦ ਵਿਸ਼ਵ ਜੂਨੀਅਰ ਚੈਂਪੀਅਨ ਅਥਲੀਟ ਹਿਮਾ ਦਾਸ ਨੂੰ ਵੀ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਇਸ ਚੈਂਪੀਅਨਸ਼ਿਪ ਦੌਰਾਨ ਆਪਣਾ ਈਵੈਂਟ ਛੱਡਣਾ ਪਿਆ। 1500 ਮੀਟਰ ਦੇ ਏਸ਼ੀਅਨ ਖੇਡਾਂ ਦੇ ਜੇਤੂ ਅਥਲੀਟ ਜਿਨਸਨ ਜੌਨਸਨ ਨੂੰ ਵੀ ਇਸ ਚੈਂਪੀਅਨਸ਼ਿਪ ਵਿਚ ਸੱਟ ਕਾਰਨ ਬਾਹਰ ਹੋਣਾ ਪਿਆ। 100 ਮੀਟਰ ਦੌੜ ਵਿਚ ਭਾਰਤ ਦੀ ਸਭ ਤੋਂ ਵੱਡੀ ਉਮੀਦ ਦੂਤੀ ਚੰਦ ਨੇ ਬੇਸ਼ੱਕ ਹੀਟ ਵਿਚ ਨਵਾਂ ਰਾਸ਼ਟਰੀ ਰਿਕਾਰਡ 11.28 ਸੈਕਿੰਡ ਨਾਲ ਰੱਖਿਆ ਪਰ ਫਾਈਨਲ ਵਿਚ ਉਹ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੀ ਪਰ 200 ਮੀਟਰ ਵਿਚ ਦੂਤੀ ਨੇ 23.24 ਸੈਕਿੰਡ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ। ਭਾਰਤ ਦਾ ਸ਼ਾਟਪੁੱਟਰ ਤੇਜਿੰਦਰ ਸਿੰਘ ਤੂਰ, ਜਿਸ ਨੇ ਕਿ ਏਸ਼ੀਅਨ ਖੇਡਾਂ ਵਿਚ ਸੋਨਾ ਆਪਣੇ ਨਾਂਅ ਕੀਤਾ ਸੀ, ਇਸ ਵਾਰ ਵੀ ਉਸ ਦੇ ਬਾਹੂਬਲ ਦਾ ਜ਼ੋਰ ਬਰਕਰਾਰ ਰਿਹਾ ਤੇ ਉਸ ਨੇ ਭਾਰਤ ਦੀ ਝੋਲੀ 20.22 ਦੂਰੀ ਨਾਲ ਸੋਨ ਤਗਮਾ ਪਾਇਆ।
ਇਸ ਤੋਂ ਇਲਾਵਾ ਜੈਵਲਿਨ ਥ੍ਰੋਅਰ ਸ਼ਿਵਪਾਲ ਸਿੰਘ ਨੇ 86.23 ਮੀਟਰ 'ਤੇ ਜੈਵਲਿਨ ਸੁੱਟ ਕੇ ਚਾਂਦੀ ਆਪਣੇ ਨਾਂਅ ਕੀਤੀ ਅਤੇ ਮਹਿਲਾ ਵਰਗ ਵਿਚ ਵੀ ਭਾਰਤੀ ਮੁਟਿਆਰ ਅਨੂ ਰਾਣੀ ਨੇ 60.22 ਮੀਟਰ ਲੰਬਾ ਭਾਲਾ ਸੁੱਟ ਕੇ ਚਾਂਦੀ ਦਾ ਤਗਮਾ ਆਪਣੇ ਗਲ ਪਵਾਇਆ। ਜੇਕਰ ਤੇਜਿੰਦਰ ਸਿੰਘ ਦੇ ਸੋਨ ਤਗਮੇ ਤੋਂ ਇਲਾਵਾ ਦੋ ਹੋਰ ਸੋਨ ਤਗਮਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਮੁਟਿਆਰ ਪੀ.ਯੂ. ਚਿਤਰਾ ਨੇ 1500 ਮੀਟਰ ਦੌੜ ਵਿਚ ਸੁਨਹਿਰੀ ਦੌੜ ਦੌੜੀ ਅਤੇ ਗੋਮਤੀ ਮਰੀਮੁੱਥੂ ਨੇ 800 ਮੀਟਰ ਦਾ ਸੋਨ ਤਗਮਾ ਆਪਣੇ ਨਾਂਅ ਕੀਤਾ। ਜਿਹੜੀਆਂ ਰਿਲੇਅ ਟੀਮਾਂ ਨੇ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ, ਉਹ ਹਨ 4×100 ਮੀਟਰ ਰਿਲੇ ਵੂਮੈਨ ਟੀਮ, 4×400 ਰਿਲੇ ਮੀਟਰ ਮਰਦ ਟੀਮ, 4×400 ਮਿਕਸਡ ਟੀਮ। ਇਸ ਤੋਂ ਇਲਾਵਾ ਅਜੇ ਕੁਮਾਰ ਸਰੋਜ ਨੇ 3:43.18 ਸੈਕਿੰਡ ਵਾਲੀ 1500 ਮੀਟਰ ਦੌੜ ਭੱਜ ਕੇ ਚਾਂਦੀ ਆਪਣੇ ਨਾਂਅ ਕੀਤੀ। ਏਸ਼ੀਅਨ ਖੇਡਾਂ ਵਿਚ ਸੁਨਹਿਰੀ ਤਗਮਾ ਜਿੱਤਣ ਵਾਲੀ ਹੈਪਟਾਥਲਨ ਅਥਲੀਟ ਸਵਪਨਾ ਬਰਮਨ ਨੇ ਵੀ ਇਸ ਵਾਰ ਚਾਂਦੀ 'ਤੇ ਹੱਥ ਫੇਰਿਆ। ਇਸ ਤੋਂ ਇਲਾਵਾ ਸਟੀਪਲਚੇਜ਼ ਵਿਚ ਅਵਿਨਾਸ਼ ਸਾਬਲੇ ਨੇ ਵੀ ਚਾਂਦੀ ਦਾ ਤਗਮਾ ਹਾਸਲ ਕੀਤਾ। ਜੇਕਰ ਤਾਂਬੇ ਦੇ ਤਗਮਿਆਂ ਦੀ ਗੱਲ ਕੀਤੀ ਜਾਵੇ ਤਾਂ ਸੰਜੀਵਨੀ ਜਾਧਵ ਨੇ 10,000 ਮੀਟਰ ਵਿਚ, ਜਬੀਰ ਐਮ.ਪੀ. (ਮਰਦ) ਅਤੇ ਸਰੀਤਾਬੇਨ ਗਾਇਕਵਾਡ (ਔਰਤ) ਨੇ 400 ਮੀਟਰ ਹਰਡਲਜ਼ ਵਿਚ ਅਤੇ ਪਾਰੁਲ ਚੌਧਰੀ ਨੇ 15:36.03 ਦੇ ਸਮੇਂ ਨਾਲ 5000 ਮੀਟਰ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ, ਮਹਿਲਾਵਾਂ ਦੀ 400 ਮੀਟਰ ਦੌੜ ਵਿਚ ਭਾਰਤ ਦੀ ਪੁਵੱਮਾ ਨੇ ਵੀ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ।
ਹੁਣ ਆਖਰ ਵਿਚ ਇਸ ਗੱਲ 'ਤੇ ਗੌਰ ਕਰਨੀ ਬਣਦੀ ਹੈ ਕਿ ਅਸੀਂ ਅੱਗੇ ਵਧਣ ਦੀ ਥਾਂ ਪਿੱਛੇ ਕਿਉਂ ਆ ਗਏ ਇਸ ਵਾਰ? ਕਿਉਂ ਸਾਡੇ ਅਥਲੀਟਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੀ ਕਮੀ ਹੈ ਇਨ੍ਹਾਂ ਵਿਚ? ਕਿਉਂ ਸਾਡੀ ਫੈਡਰੇਸ਼ਨ ਅਤੇ ਖੇਡ ਮੰਤਰਾਲਾ ਖੇਡਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਨਹੀਂ ਹੈ? ਆਖਰ ਕਿਥੇ ਅਤੇ ਕਿਉਂ ਕਮੀ ਹੈ, ਇਸ ਗੱਲ 'ਤੇ ਸਾਰੇ ਖੇਡ ਪ੍ਰੇਮੀਆਂ, ਸਰਕਾਰ ਅਤੇ ਫੈਡਰੇਸ਼ਨ ਨੂੰ ਗਹਿਰ-ਗੰਭੀਰ ਹੋ ਕੇ ਸੋਚਣ ਦੀ ਲੋੜ ਹੈ, ਤਾਂ ਜੋ ਸਾਡੇ ਦੇਸ਼ ਦੇ ਖੇਡ ਕੌਸ਼ਲ ਨੂੰ ਸਹੀ ਸੇਧ ਦੇ ਕੇ ਦੇਸ਼ ਨੂੰ ਵਿਸ਼ਵ ਖੇਡ ਮੈਦਾਨ ਵਿਚ ਮੋਹਰੀ ਬਣਾਇਆ ਜਾ ਸਕੇ।


-ਮੋਬਾ: 94174-79449

ਕਿੰਗਜ਼ ਇਲੈਵਨ ਪੰਜਾਬ ਦੀ ਫੇਰ ਉਹੀ ਕਹਾਣੀ

ਪਿਛਲੇ ਕਈ ਸਾਲਾਂ ਵਾਂਗ ਇਸ ਵਾਰ ਵੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਬੜੀਆਂ ਆਸਾਂ ਅਤੇ ਭਰੋਸਿਆਂ ਦੇ ਨਾਲ ਇਕ ਨਵੀਂ ਦਿੱਖ, ਨਵੇਂ ਕਪਤਾਨ ਅਤੇ ਲਗਪਗ ਨਵੇਂ ਖਿਡਾਰੀਆਂ ਦੀ ਟੀਮ ਨਾਲ ਆਈ.ਪੀ.ਐੱਲ ਵਿਚ ਉੱਤਰੀ ਸੀ ਪਰ ਚੰਗੀ ਸ਼ੁਰੂਆਤ ਦੇ ਬਾਅਦ ਇਸ ਵਾਰ ਵੀ ਅੰਤ ਨੂੰ ਨਿਰਾਸ਼ਾ ਹੀ ਹੋਈ ਅਤੇ ਸਾਡੀ ਟੀਮ ਅੰਕ ਸੂਚੀ ਵਿਚ ਥੱਲਿਓਂ ਤੀਜੇ ਨੰਬਰ ਉੱਤੇ ਹੀ ਆ ਸਕੀ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਇਸ ਵਾਰ ਇਸ ਟੀਮ ਨੇ ਸਹੀ ਖਿਡਾਰੀ ਨਹੀਂ ਚੁਣੇ ਅਤੇ ਜੋ ਖਿਡਾਰੀ ਮੌਜੂਦ ਸਨ, ਉਨ੍ਹਾਂ ਵਿਚੋਂ ਵੀ ਸਹੀ ਦੀ ਚੋਣ ਨਹੀਂ ਕੀਤੀ ਗਈ। ਕਿੰਗਜ਼ ਇਲੈਵਨ ਪੰਜਾਬ ਦੇ ਕੋਚ ਮਾਇਕ ਹੇਸਨ, ਗੇਂਦਬਾਜ਼ੀ ਕੋਚ ਰਾਇਨ ਹੈਰਿਸ ਅਤੇ ਰਣਨੀਤੀ ਘਾੜਿਆਂ ਨੇ ਜਿਹੜੇ ਤਜਰਬੇ ਕੀਤੇ, ਉਹ ਟੀਮ ਨੂੰ ਮਹਿੰਗੇ ਪਏ। 3 ਸਾਲ ਪਹਿਲਾਂ, ਜਾਰਜ ਬੇਲੀ ਵਰਗੇ ਬਿਹਤਰੀਨ ਕਪਤਾਨ ਨੂੰ ਛੱਡ ਦੇਣਾ ਹੁਣ ਤੱਕ ਵੀ ਮਹਿੰਗਾ ਪੈ ਰਿਹਾ ਹੈ ਅਤੇ ਨਤੀਜੇ ਵਜੋਂ ਇਸ ਟੀਮ ਨੂੰ ਹਾਲੇ ਤੱਕ ਵੀ ਇਕ ਢੁਕਵਾਂ ਕਪਤਾਨ ਹੀ ਨਹੀਂ ਲੱਭਾ। ਤਿੰਨ ਸਾਲ ਪਹਿਲਾਂ ਵਾਲੀ ਉਸ ਟੀਮ ਦਾ ਹਿੱਸਾ ਰਹੇ ਗਲੈਨ ਮੈਕਸਵੈੱਲ ਵਰਗੇ ਜ਼ਬਰਦਸਤ ਖਿਡਾਰੀ ਨੂੰ ਛੱਡਣਾ ਵੀ ਮਹਿੰਗਾ ਪਿਆ ਹੈ, ਕਿਉਂਕਿ ਉਸ ਤੋਂ ਬਿਨਾਂ ਟੀਮ ਦਾ ਮੱਧਕ੍ਰਮ ਬੇਹੱਦ ਹਲਕਾ ਹੋ ਗਿਆ ਹੈ। ਦੱਖਣੀ ਅਫਰੀਕੀ ਬੱਲੇਬਾਜ਼ ਡੇਵਿਡ ਮਿੱਲਰ ਆਪਣੇ ਦਮ ਉੱਤੇ ਮੈਚ ਜਿਤਾਉਣ ਦੇ ਸਮਰੱਥ ਹੈ ਪਰ ਉਸ ਦੀ ਖਰਾਬ ਲੈਅ ਦਾ ਵੀ ਨਤੀਜਿਆਂ ਉੱਤੇ ਬਹੁਤ ਵੱਡਾ ਅਸਰ ਪਿਆ।
ਅੰਕੜਿਆਂ ਸਮੇਤ ਟੀਮ ਦੇ ਪ੍ਰਦਰਸ਼ਨ ਨੂੰ ਧਿਆਨ ਨਾਲ ਵੇਖਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਟੀਮ ਵਿਚ ਤਕੜੀ ਬੱਲੇਬਾਜ਼ੀ ਦੀ ਕਮੀ ਸਾਫ਼ ਨਜ਼ਰ ਆਈ। ਮਨੋਰੰਜਨ ਲਈ ਖੇਡਦੇ ਨਜ਼ਰ ਆਉਣ ਵਾਲੇ ਕ੍ਰਿਸ ਗੇਲ ਕਦੇ ਵੀ ਭਰੋਸੇਮੰਦ ਖਿਡਾਰੀ ਨਹੀਂ ਲੱਗੇ, ਜਦਕਿ ਪਿਛਲੇ ਸੀਜ਼ਨ ਦੀ ਖੋਜ ਰਹੇ ਕੇ.ਐੱਲ. ਰਾਹੁਲ ਹਾਲੇ ਤੱਕ ਵੀ ਹਾਰਦਿਕ ਪਾਂਡਿਆ ਵਾਲੇ ਵਿਵਾਦ ਤੋਂ ਬਾਹਰ ਨਹੀਂ ਆ ਸਕਿਆ ਲਗਦਾ, ਜਿਸ ਦਾ ਸਿੱਧਾ ਅਸਰ ਉਸ ਦੀ ਬੱਲੇਬਾਜ਼ੀ ਵਿਚ ਦਿਸ ਰਿਹਾ ਹੈ। ਸਾਡਾ ਮੱਧ-ਬੱਲੇਬਾਜ਼ੀ ਕ੍ਰਮ ਲਗਪਗ ਹਰ ਵਾਰ ਅਸਫ਼ਲ ਰਿਹਾ, ਜਦਕਿ ਬੱਲੇਬਾਜ਼ੀ ਕ੍ਰਮ ਦੇ ਨਾਲ-ਨਾਲ ਟੀਮ ਵਿਚ ਲਗਾਤਾਰ ਹੁੰਦੇ ਬਦਲਾਓ ਕਾਰਨ ਖਿਡਾਰੀਆਂ ਦੀ ਲੈਅ ਨਹੀਂ ਬਣ ਸਕੀ। ਟੀ-20 ਵਿਚ ਧਾਕੜ ਬੱਲੇਬਾਜ਼ਾਂ ਦੀ ਲੋੜ ਹੁੰਦੀ ਹੈ, ਜੋ ਘੱਟ ਗੇਂਦਾਂ ਉੱਤੇ ਵੱਧ ਤੋਂ ਵੱਧ ਦੌੜਾਂ ਠੋਕ ਸਕਣ ਪਰ ਕਿੰਗਜ਼ ਇਲੈਵਨ ਪੰਜਾਬ ਦੇ ਰਣਨੀਤੀ ਘਾੜਿਆਂ ਨੇ ਅਜਿਹੇ ਖਿਡਾਰੀ ਨਿਲਾਮੀ ਵਿਚ ਖਰੀਦੇ ਹੀ ਨਹੀਂ ਅਤੇ ਟੀਮ ਵਿਚ ਵਧੇਰੇ ਕਰਕੇ ਟੈਸਟ ਮੈਚਾਂ ਦੇ ਖਿਡਾਰੀ ਜਾਂ ਫਿਰ ਬੇਹੱਦ ਨਵੇਂ ਖਿਡਾਰੀਆਂ ਉੱਤੇ ਹੀ ਦਾਅ ਲਾਇਆ, ਜੋ ਇਸ ਵਾਰ ਵੀ ਨਹੀਂ ਚੱਲਿਆ। ਕਪਤਾਨੀ ਕਰ ਰਹੇ ਰਵੀਚੰਦਰਨ ਅਸ਼ਵਿਨ ਨੇ ਕਈ ਮੌਕਿਆਂ ਉੱਤੇ ਹਮਲਾਵਰ ਹੋਣ ਦੇ ਮੌਕੇ ਗੁਆਏ ਅਤੇ ਕਪਤਾਨ ਹੋਣ ਦੇ ਨਾਤੇ ਜ਼ਿੰਮੇਵਾਰੀ ਦੀ ਕਮੀ ਵੀ ਵਿਖਾਈ। ਬੱਲੇਬਾਜ਼ੀ ਦੇ ਨਾਲ-ਨਾਲ ਗੇਂਦਬਾਜ਼ੀ ਨੇ ਨਿਰਾਸ਼ ਕੀਤਾ ਅਤੇ ਸਾਰੀਆਂ ਟੀਮਾਂ ਵਿਚੋਂ ਪੰਜਾਬ ਟੀਮ ਦੇ ਗੇਂਦਬਾਜ਼ਾਂ ਨੇ ਸਭ ਤੋਂ ਜ਼ਿਆਦਾ ਦੌੜਾਂ ਖਾਧੀਆਂ ਅਤੇ ਇਹੀ ਹਾਰਾਂ ਦਾ ਸਭ ਤੋਂ ਵੱਡਾ ਕਾਰਨ ਸੀ। ਇਸੇ ਕਰਕੇ ਆਈ.ਪੀ.ਐੱਲ. ਦੇ ਅੱਧੇ ਮੈਚਾਂ ਦੇ ਬਾਅਦ ਅੰਕ ਸੂਚੀ ਵਿਚ ਉੱਪਰ ਹੋਣ ਦੇ ਬਾਵਜੂਦ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਅੰਤ ਨੂੰ ਥੱਲੇ ਢਹਿ ਗਈ। ਅੰਗਰੇਜ਼ ਗੇਂਦਬਾਜ਼ ਆਲ ਰਾਊਂਡਰ ਸੈਮ ਕੁਰਨ ਅਤੇ ਵੈਸਟ ਇੰਡੀਜ਼ ਦੇ ਨਿਕੋਲਸ ਪੂਰਨ ਹੀ ਇਸ ਨਿਰਾਸ਼ਾ ਵਾਲੇ ਸੀਜ਼ਨ ਦੇ ਚੰਗੇ ਪਹਿਲੂ ਸਾਬਤ ਹੋਏ ਅਤੇ ਇਨ੍ਹਾਂ ਦੋਵਾਂ ਨੌਜਵਾਨ ਖਿਡਾਰੀਆਂ ਨੇ ਆਪਣੇ ਪਹਿਲੇ ਹੀ ਸੀਜ਼ਨ ਵਿਚ ਵਧੀਆ ਖੇਡ ਵਿਖਾਉਂਦੇ ਹੋਏ ਅਗਾਂਹ ਲਈ ਆਸ ਜਗਾਈ ਹੈ।


ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com

ਆਧੁਨਿਕ ਸੰਚਾਰ ਸਾਧਨਾਂ ਦੀ ਭੇਟ ਚੜ੍ਹ ਰਹੀਆਂ ਹਨ ਬਾਲ ਖੇਡਾਂ

ਮਨੁੱਖੀ ਜੀਵਨ ਦੀ ਉਮਰ ਦੇ ਹਰ ਪੜਾਅ ਨਾਲ ਵੱਖ-ਵੱਖ ਖੇਡਾਂ ਜੁੜੀਆਂ ਹੋਈਆਂ ਹਨ, ਜੋ ਉਸ ਦੇ ਸਰੀਰਕ ਤੇ ਬੌਧਿਕ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਉਂਦੀਆਂ ਹਨ। ਪਰ ਅਜੋਕੇ ਜੀਵਨ ਦਾ ਅਫ਼ਸੋਸਜਨਕ ਪਹਿਲੂ ਇਹ ਹੈ ਕਿ ਸਾਡੀ ਨਵੀਂ ਪੀੜ੍ਹੀ ਦੇ ਸਰਬਪੱਖੀ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਬਾਲ ਖੇਡਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਦੀ ਥਾਂ ਆਧੁਨਿਕ ਸੰਚਾਰ ਸਾਧਨਾਂ ਨੇ ਲੈ ਲਈ ਹੈ, ਜੋ ਸਾਡੇ ਬੱਚਿਆਂ ਨੂੰ ਸਿਰਫ ਮਨੋਰੰਜਨ ਦੇ ਸਾਧਨ ਤੋਂ ਸਿਵਾਏ ਕੋਈ ਹੋਰ ਫਾਇਦਾ ਨਹੀਂ ਦਿੰਦੀਆਂ, ਸਗੋਂ ਬਹੁਤ ਸਾਰੇ ਨੁਕਸਾਨ ਵੀ ਕਰ ਰਹੀਆਂ ਹਨ।
ਬਾਲ ਖੇਡਾਂ ਦੀ ਅਹਿਮੀਅਤ : ਕੋਈ ਸਮਾਂ ਸੀ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ 'ਚ ਨਿੱਕੇ-ਨਿੱਕੇ ਬਾਲਾਂ ਦੀਆਂ ਸਵੇਰੇ-ਸ਼ਾਮ ਕਿਲਕਾਰੀਆਂ ਸੁਣਦੀਆਂ ਸਨ। ਬੱਚੇ ਬਹੁਤ ਸਾਰੀਆਂ ਖੇਡਾਂ ਨਾਲ ਆਪਣੇ ਬਚਪਨ ਨੂੰ ਰੰਗੀਨ ਬਣਾਉਂਦੇ ਸਨ ਅਤੇ ਗਲੀਆਂ-ਮੁਹੱਲਿਆਂ ਦੀਆਂ ਰੌਣਕਾਂ ਵੀ ਬਣਦੇ ਸਨ। ਅੱਜ ਤੋਂ ਦੋ ਕੁ ਦਹਾਕੇ ਪਹਿਲਾਂ ਬੱਚੇ ਜਿੱਥੇ ਵੀ ਥੋੜ੍ਹੀ ਜਿਹੀ ਸਾਂਝੀ ਤੇ ਖੁੱਲ੍ਹੀ ਥਾਂ ਮਿਲਦੀ ਸੀ, ਉੱਥੇ ਹੀ ਆਪਣੀਆਂ ਖੇਡਾਂ ਦਾ ਮੈਦਾਨ ਸਿਰਜ ਲੈਂਦੇ ਸਨ। ਕੁਝ ਬੱਚੇ ਪੀਚੋ-ਬੱਕਰੀ ਖੇਡ ਰਹੇ ਹੁੰਦੇ ਸਨ, ਕੁਝ ਬੰਟੇ, ਕੋਈ ਟੋਲੀ ਲੰਗੜਾ ਸ਼ੇਰ, ਕਿਧਰੇ ਲੜਕੀਆਂ ਗੀਟੇ ਖੇਡਣ 'ਚ ਮਸਤ ਹੁੰਦੀਆਂ ਸਨ। ਥੋੜ੍ਹੀ ਜਿਹੀ ਵੱਡੀ ਉਮਰ ਦੇ ਬੱਚੇ ਬਾਂਦਰ ਕਿਲ੍ਹਾ ਜਾਂ ਪਿੱਠੂ ਖੇਡਦੇ ਨਜ਼ਰੀਂ ਪੈਂਦੇ ਸਨ। ਖੇਡਾਂ 'ਚ ਮਸਤ ਬੱਚਿਆਂ ਨੂੰ ਤਰਕਾਲਾਂ ਪੈਂਦਿਆਂ ਹੀ ਮਾਵਾਂ ਵਲੋਂ ਮਾਰੀਆਂ ਜਾਂਦੀਆਂ ਹਾਕਾਂ ਬਹੁਤ ਚੁੱਭਦੀਆਂ ਸਨ, ਕਿਉਂਕਿ ਉਨ੍ਹਾਂ ਦਾ ਘਰ ਜਾਣ ਦੀ ਬਜਾਏ ਖੇਡਣ ਨੂੰ ਵਧੇਰੇ ਮਨ ਕਰਦਾ ਹੁੰਦਾ ਸੀ। ਬਾਲ ਖੇਡਾਂ ਮਨੁੱਖੀ ਜੀਵਨ ਦੇ ਸਭ ਤੋਂ ਸੁਨਹਿਰੀ ਤੇ ਬੇਫਿਕਰੇ ਪੜਾਅ ਬਚਪਨ ਦਾ ਸਭ ਤੋਂ ਮਨੋਰੰਜਕ ਪੱਖ ਸਾਬਤ ਹੁੰਦੀਆਂ ਸਨ। ਇਨ੍ਹਾਂ ਖੇਡਾਂ ਨਾਲ ਜਿੱਥੇ ਬੱਚੇ ਦਾ ਸਰੀਰਕ ਵਿਕਾਸ ਹੁੰਦਾ ਹੈ, ਉੱਥੇ ਉਸ ਦਾ ਸਮਾਜਿਕ ਵਿਕਾਸ ਵੀ ਹੁੰਦਾ ਹੈ। ਬਾਲ ਖੇਡਾਂ ਦੌਰਾਨ ਬੱਚਿਆਂ 'ਚ ਅਜਿਹੀ ਆਪਸੀ ਸਾਂਝ ਪੈਦਾ ਹੁੰਦੀ ਹੈ, ਜੋ ਉਨ੍ਹਾਂ ਦੀ ਉਮਰ ਦੇ ਆਖਰੀ ਪੜਾਅ ਤੱਕ ਦੋਸਤੀ ਦੇ ਰੂਪ 'ਚ ਕਾਇਮ ਰਹਿੰਦੀ ਹੈ। ਇਸ ਦੇ ਨਾਲ ਹੀ ਬੱਚਿਆਂ 'ਚ ਟੀਮ ਭਾਵਨਾ ਪੈਦਾ ਹੁੰਦੀ ਹੈ। ਬਾਲ ਖੇਡਾਂ ਰਾਹੀਂ ਬੱਚਿਆਂ ਦਾ ਬੌਧਿਕ ਵਿਕਾਸ ਵੀ ਹੁੰਦਾ ਹੈ। ਬੱਚਿਆਂ 'ਚ ਫੈਸਲੇ ਲੈਣ ਦੀ ਤਾਕਤ ਆਉਂਦੀ ਹੈ। ਉਹ ਵਿਰੋਧੀਆਂ ਨਾਲ ਮੁਕਾਬਲਾ ਕਰਨ ਦੇ ਸਮਰੱਥ ਬਣਦੇ ਹਨ। ਬੱਚੇ ਖੇਡਾਂ ਦੌਰਾਨ ਜਾਤ-ਪਾਤ, ਊਚ-ਨੀਚ ਤੇ ਹਰ ਕਿਸਮ ਦੀ ਵਿਤਕਰੇਬਾਜ਼ੀ ਭੁੱਲ ਕੇ, ਇਕਜੁੱਟ ਹੋ ਕੇ ਰਹਿਣਾ ਸਿੱਖਦੇ ਹਨ। ਬਾਲ ਖੇਡਾਂ ਨਾਲ ਥੱਕੇ-ਟੁੱਟੇ ਬੱਚੇ ਚੰਗੀ ਖੁਰਾਕ ਵੀ ਖਾਂਦੇ ਸਨ ਅਤੇ ਥਕਾਵਟ ਕਾਰਨ ਨੀਂਦ ਵੀ ਪੂਰੀ ਸੌਂਦੇ ਸਨ। ਇਸ ਤਰ੍ਹਾਂ ਬਾਲ ਖੇਡਾਂ ਬੱਚੇ ਦਾ ਸਰੀਰਿਕ, ਬੌਧਿਕ ਤੇ ਸਮਾਜਿਕ ਵਿਕਾਸ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਸਨ।
ਅਜੋਕੀਆਂ ਖੇਡਾਂ : ਅਜੋਕੇ ਯੁੱਗ 'ਚ ਸਾਡੀਆਂ ਗਲੀਆਂ 'ਚ ਬਾਲਾਂ ਦੀਆਂ ਕਿਲਕਾਰੀਆਂ ਸੁਣਨ ਨੂੰ ਨਹੀਂ ਮਿਲਦੀਆਂ। ਇਸ ਦਾ ਕਾਰਨ ਇਹ ਹੈ ਕਿ ਅੱਜਕਲ੍ਹ ਦੇ ਮਾਪੇ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਿਕਲਣ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਆਧੁਨਿਕ ਸੰਚਾਰ ਸਾਧਨਾਂ 'ਚ ਉਲਝੇ ਰਹਿਣ ਲਈ ਮਜਬੂਰ ਕਰ ਰਹੇ ਹਨ। ਅਜੋਕੇ ਬੱਚੇ ਟੀ.ਵੀ., ਕੰਪਿਊਟਰ, ਫੋਨ ਅਤੇ ਵੀਡੀਓ ਗੇਮਜ਼ ਖੇਡਣ 'ਚ ਗੁਲਤਾਨ ਰਹਿੰਦੇ ਹਨ। ਆਧੁਨਿਕ ਸੰਚਾਰ ਸਾਧਨਾਂ 'ਚ ਅਜਿਹੀਆਂ ਖੇਡਾਂ ਮੌਜੂਦ ਹਨ, ਜਿਨ੍ਹਾਂ ਨੂੰ ਬੱਚਾ ਇਕੱਲਾ ਹੀ ਖੇਡ ਸਕਦਾ ਹੈ। ਇਨ੍ਹਾਂ ਖੇਡਾਂ ਨਾਲ ਭਾਵੇਂ ਬੱਚਾ ਰੁੱਝਿਆ ਰਹਿੰਦਾ ਹੈ ਪਰ ਉਹ ਆਪਣੀ ਜ਼ਿੰਦਗੀ ਦਾ ਅਹਿਮ ਪੜਾਅ ਬਚਪਨ ਸਿਰਫ ਡਿਜੀਟਲ ਸਾਧਨਾਂ ਦੇ ਹਵਾਲੇ ਹੀ ਕਰ ਰਿਹਾ ਹੈ। ਅੱਜ ਹਰੇਕ ਤੀਸਰੇ ਬੱਚੇ ਦੇ ਨਜ਼ਰ ਦੀ ਐਨਕ ਲੱਗੀ ਹੋਈ ਹੈ, ਜਿਸ ਦਾ ਕਾਰਨ ਵੀ ਸੰਚਾਰ ਸਾਧਨਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਹੈ। ਦੂਸਰੀ ਗੱਲ ਬੱਚੇ ਇਕ ਥਾਂ 'ਤੇ ਘੰਟਿਆਂਬੱਧੀ ਬੈਠੇ ਰਹਿਣ ਕਾਰਨ ਜਾਂ ਤਾਂ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਜਾਂ ਖਾਣ-ਪੀਣ ਵੱਲ ਘੱਟ ਧਿਆਨ ਦੇਣ ਕਾਰਨ ਇਕਹਿਰੇ ਸਰੀਰ ਵਾਲੇ ਬਣ ਰਹੇ ਹਨ। ਦੇਰ ਰਾਤ ਤੱਕ ਫੋਨ 'ਤੇ ਗੇਮਜ਼ ਖੇਡਣ ਕਾਰਨ ਉਨ੍ਹਾਂ ਦੇ ਖਾਣ-ਪੀਣ ਤੇ ਸੌਣ ਦਾ ਸਮਾਂ ਵੀ ਬੇਤਰਤੀਬਾ ਹੋ ਗਿਆ ਹੈ। ਇਸ ਤੋਂ ਇਲਾਵਾ ਬੱਚਿਆਂ 'ਚ ਇਕੱਲੇ ਰਹਿਣ ਦੀ ਪ੍ਰਵਿਰਤੀ ਭਾਰੂ ਹੋ ਰਹੀ ਹੈ। ਉਹ ਘਰਾਂ ਤੋਂ ਬਾਹਰ ਨਾ ਜਾਣ ਕਾਰਨ ਆਪਸੀ ਸਾਂਝ ਤੇ ਟੀਮ ਭਾਵਨਾ ਵਰਗੇ ਗੁਣਾਂ ਤੋਂ ਸੱਖਣੇ ਬਣ ਰਹੇ ਹਨ। ਇਸ ਤੋਂ ਇਲਾਵਾ ਅਜੋਕੇ ਬੱਚੇ ਬਹੁਤ ਸਾਰੇ ਸਮਾਜਿਕ ਸਰੋਕਾਰਾਂ ਤੋਂ ਦੂਰ ਜਾ ਰਹੇ ਹਨ। ਅਜੋਕੇ ਯੁੱਗ ਦੀਆਂ ਘਰਾਂ 'ਚ ਬੈਠ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਬੱਚਿਆਂ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਪੱਖੋਂ ਖੋਖਲੇ ਬਣਾ ਰਹੀਆਂ ਹਨ।
ਸਮੇਂ ਦੀ ਮੰਗ : ਸਾਡੀ ਅਗਲੀ ਪੀੜ੍ਹੀ ਨੂੰ ਹਰ ਪੱਖੋਂ ਮਜ਼ਬੂਤ ਬਣਾਉਣ ਲਈ ਬਾਲ ਖੇਡਾਂ ਬਹੁਤ ਜ਼ਰੂਰੀ ਹਨ। ਮਾਪਿਆਂ ਨੂੰ ਇਕ ਜਾਂ ਦੋ ਬੱਚਿਆਂ ਦਾ ਬਹਾਨਾ ਬਣਾ ਕੇ, ਬਚਪਨ ਨੂੰ ਘਰਾਂ 'ਚ ਕੈਦ ਨਹੀਂ ਕਰਨਾ ਚਾਹੀਦਾ। ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਸਿਰਫ ਪੜ੍ਹਾਈ-ਲਿਖਾਈ ਲਈ ਕਰਨੀ ਚਾਹੀਦੀ ਹੈ, ਨਾ ਕਿ ਬੱਚਿਆਂ ਨੂੰ ਸੰਭਾਲਣ ਲਈ। ਬੱਚਿਆਂ ਨੂੰ ਨਿੱਗਰ ਮਨੋਰੰਜਨ ਅਤੇ ਸੇਧ ਦੇਣ ਲਈ ਬਾਲ ਖੇਡਾਂ ਬਹੁਤ ਜ਼ਰੂਰੀ ਹਨ। ਸਾਡੇ ਵਿੱਦਿਅਕ ਪਾਠਕ੍ਰਮ ਦਾ ਵੀ ਇਨ੍ਹਾਂ ਨੂੰ ਹਿੱਸਾ ਬਣਾਇਆ ਜਾਣਾ ਸਮੇਂ ਦੀ ਮੰਗ ਹੈ।


-ਪਟਿਆਲਾ। ਮੋਬਾ: 97795-90575

ਉਲੰਪਿਕ ਦਾ ਵੱਡਾ ਕਿਲ੍ਹਾ ਸਰ ਕਰਨ ਦਾ ਇੱਛੁਕ ਹੈ ਤੈਰਾਕ ਮਨਜੀਤ ਸਿੰਘ ਹਰਿਆਣਾ

ਉਲੰਪਿਕ ਦਾ ਵੱਡਾ ਕਿਲ੍ਹਾ ਸਰ ਕਰਨ ਦਾ ਇੱਛੁਕ ਹੈ ਮਨਜੀਤ ਸਿੰਘ ਅਤੇ ਉਹ ਇਸ ਨੂੰ ਲੈ ਕੇ ਹੁਣੇ ਤੋਂ ਹੀ ਸੰਘਰਸਸ਼ੀਲ ਹੈ ਅਤੇ ਆਪਣੇ ਕੋਚ ਅਨਿਲ ਖੱਤਰੀ ਦੀ ਰਹਿਨੁਮਾਈ ਹੇਠ ਉਹ ਤੈਰਾਕੀ ਦੇ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ। ਮਨਜੀਤ ਸਿੰਘ ਦਾ ਜਨਮ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਝੱਜਰ ਦੇ ਪਿੰਡ ਦੂਬਲਦਨ ਬਿਦਾਨ ਵਿਚ ਪਿਤਾ ਛੱਜੂ ਰਾਮ ਦੇ ਘਰ ਮਾਤਾ ਜਗਵੰਤੀ ਦੇਵੀ ਦੀ ਕੁੱਖੋਂ 20 ਮਈ, 1993 ਨੂੰ ਹੋਇਆ। ਮਨਜੀਤ ਸਿੰਘ ਜਨਮ ਤੋਂ ਹੀ ਸੱਜੀ ਲੱਤ ਤੋਂ ਪੋਲੀਓ ਦਾ ਸ਼ਿਕਾਰ ਹੈ ਪਰ ਉਹ ਹਿੰਮਤ ਦੀ ਵੱਡੀ ਮਿਸਾਲ ਹੈ ਅਤੇ ਉਹ ਅਪਾਹਜ ਹੋਣ ਦੇ ਬਾਵਜੂਦ ਘਬਰਾਇਆ ਨਹੀਂ ਅਤੇ ਉਸ ਨੇ ਜ਼ਿੰਦਗੀ ਨੂੰ ਆਮ ਵਾਂਗ ਅਤੇ ਮੁਸੀਬਤਾਂ ਨੂੰ ਇਕ ਚੁਣੌਤੀ ਵਜੋਂ ਸਵੀਕਾਰ ਕੀਤਾ ਅਤੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਯੂਨੀਵਰਸਿਟੀ ਦਾ ਡਿਪਲੋਮਾ ਹੋਲਡਰ ਹੈ। ਮਨਜੀਤ ਸਿੰਘ ਅਪਾਹਜ ਹੋਣ ਦੇ ਬਾਵਜੂਦ ਜ਼ਿੰਦਗੀ ਵਿਚ ਕੁਝ ਅਜਿਹਾ ਕਰਨਾ ਚਾਹੁੰਦਾ ਸੀ, ਜਿਸ ਨਾਲ ਉਸ ਦੀ ਦੇਸ਼ ਭਰ ਵਿਚ ਹੀ ਇਕ ਵੱਖਰੀ ਪਹਿਚਾਣ ਬਣੇ ਅਤੇ ਉਹ ਕਿਸੇ ਦਾ ਵੀ ਮੋਹਤਾਜ ਹੋ ਕੇ ਜ਼ਿੰਦਗੀ ਨਾ ਜੀਵੇ। ਮਨਜੀਤ ਨੂੰ ਖੇਡਾਂ ਦਾ ਬਚਪਨ ਤੋਂ ਹੀ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਪੂਰਾ ਲਈ ਉਸ ਨੇ ਤੈਰਾਕੀ ਦਾ ਮੈਦਾਨ ਚੁਣਿਆ ਅਤੇ ਆਪਣਾ ਗੁਰੂ ਹਰਿਆਣਾ ਸਵਿਮਿੰਗ ਫੈਡਰੇਸ਼ਨ ਦੇ ਸੈਕਟਰੀ ਅਤੇ ਕੋਚ ਅਨਿਲ ਖੱਤਰੀ ਨੂੰ ਧਾਰਿਆ। ਸਾਲ 2018 ਵਿਚ ਪੱਛਮੀ ਬੰਗਾਲ ਦੇ ਮੁਰਸੀਦਾਬਾਦ ਵਿਖੇ ਓਪਨ ਵਾਟਰ ਸਵਿਮਿੰਗ ਮੁਕਾਬਲਿਆਂ ਵਿਚ 81 ਕਿਲੋਮੀਟਰ ਦੀ ਲੰਮੀ ਤੈਰਾਕੀ ਕਰਕੇ ਇਕ ਰਿਕਾਰਡ ਬਣਾਇਆ। ਸਾਲ 2018 ਗੁਜਰਾਤ ਪ੍ਰਾਂਤ ਦੇ ਗੋਦਰਾ ਵਿਖੇ ਹੋਈ ਬਿਨਾਂ ਰੁਕੇ ਲਗਾਤਾਰ ਸਵਿਮਿੰਗ ਰਿਲੇ ਮੈਰਾਥਨ 5 ਦਿਨ ਤੈਰਨ ਦਾ ਰਿਕਾਰਡ ਕਾਇਮ ਕੀਤਾ। ਇਸ ਤੋਂ ਪਹਿਲਾਂ ਉਸ ਨੇ ਸਾਲ 2006 ਵਿਚ ਜੈਪੁਰ ਵਿਖੇ ਨੈਸ਼ਨਲ ਪੈਰਾ ਸਵਿਮਿੰਗ ਦੇ ਸੀਨੀਅਰ ਗਰੁੱਪ ਵਿਚ ਤੈਰ ਕੇ 2 ਸੋਨ ਤਗਮੇ ਅਤੇ ਇਕ ਸਿਲਵਰ ਤਗਮਾ ਆਪਣੇ ਨਾਂਅ ਕੀਤਾ। ਇਸੇ ਤਰ੍ਹਾਂ ਉਦੇਪੁਰ ਵਿਖੇ ਵੀ ਤੈਰਾਕੀ ਵਿਚ 2 ਸੋਨ ਤਗਮੇ, 1 ਚਾਂਦੀ ਦਾ ਅਤੇ ਇਕ ਕਾਂਸੀ ਤਗਮਾ ਜਿੱਤਿਆ। ਇਲਾਹਾਬਾਦ ਵਿਖੇ ਹੋਏ ਤੈਰਾਕੀ ਮੁਕਾਬਲਿਆਂ ਵਿਚ ਵੀ ਇਕ ਸੋਨ ਤਗਮਾ ਅਤੇ ਇਕ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਸਾਲ 2017 ਵਿਚ ਸਮੁੰਦਰ ਦੀ ਗੇਆ ਵਿਖੇ ਕੋਲਵਾ ਬੀਚ 'ਤੇ ਓਪਨ 10 ਕਿਲੋਮੀਟਰ ਪੂਰੀ ਕੀਤੀ। ਸਾਲ 2015 ਵਿਚ ਪੋਰਬੰਦਰ ਬੰਦਰਗਾਹ ਵਿਚ 5 ਕਿਲੋਮੀਟਰ ਤੈਰ ਕੇ ਤੀਜਾ ਸਥਾਨ ਹਾਸਲ ਕੀਤਾ। ਮਨਜੀਤ ਇਕ ਅੰਤਰਰਾਸ਼ਟਰੀ ਪੱਧਰ ਤੇ 2 ਇੰਗਲਿਸ਼ ਚੈਨਲ ਇਕੱਲੇ ਤੌਰ 'ਤੇ ਪਾਰ ਕਰਕੇ ਵਿਸ਼ਵ ਰਿਕਾਰਡ ਬਣਾਉਣ ਲਈ ਵੀ ਲਗਾਤਾਰ ਅੱਗੇ ਵਧ ਰਿਹਾ ਹੈ। ਇਹ ਦੋ ਚੈਨਲ ਹਨ ਇੰਗਲੈਂਡ ਅਤੇ ਅਮਰੀਕਾ ਦੀਆਂ ਸਮੁੰਦਰੀ ਖਾੜੀਆਂ ਅਤੇ ਸਾਲ 2020 ਵਿਖੇ ਟੋਕੀਓ ਵਿਖੇ ਹੋ ਰਹੀ ਉਲੰਪਿਕ ਵਿਚ ਵੀ ਉਹ ਤਿਰੰਗੇ ਦੀ ਸ਼ਾਨ ਬਣੇਗਾ। ਮਨਜੀਤ ਸਿੰਘ ਆਖਦਾ ਹੈ ਕਿ ਇਨ੍ਹਾਂ ਪ੍ਰਾਪਤੀਆਂ ਲਈ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਉਸ ਦੀ ਆਰਥਿਕ ਮਦਦ ਕਰੇ, ਕਿਉਂਕਿ ਉਹ ਦੇਸ਼ ਲਈ ਖੇਡ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਭਾਰਤ ਮਾਤਾ ਦੀ ਸ਼ਾਨ ਵਿਚ ਹੋਰ ਵਾਧਾ ਕਰੇ।


-ਬੁੱਕਣ ਵਾਲਾ (ਮੋਗਾ)। ਮੋਬਾ: 98551-14484

ਹਾਕੀ ਟੂਰਨਾਮੈਂਟ ਬਨਾਮ ਦਰਸ਼ਕਾਂ ਦੀ ਗਿਣਤੀ

ਰਾਸ਼ਟਰੀ ਪੱਧਰ 'ਤੇ ਜੇ ਦੇਸ਼ ਵਿਚ ਆਯੋਜਿਤ ਕੀਤੇ ਜਾਣ ਵਾਲੇ ਹਾਕੀ ਦੇ ਟੂਰਨਾਮੈਂਟਾਂ ਦੀ ਗੱਲ ਕਰੀਏ ਤਾਂ ਗਿਣਤੀ ਦੇ ਲਿਹਾਜ਼ ਨਾਲ ਬਹੁਤੀ ਕਮੀ ਨਜ਼ਰ ਨਹੀਂ ਆਉਂਦੀ। ਸੱਚ ਤਾਂ ਇਹ ਹੈ ਕਿ ਇਸ ਪੱਖ ਤੋਂ ਸਭ ਕੁਝ ਠੀਕ-ਠਾਕ ਚੱਲ ਰਿਹਾ ਹੈ, ਭਾਵੇਂ ਟੂਰਨਾਮੈਂਟ ਪ੍ਰਬੰਧਕ ਹਮੇਸ਼ਾ ਇਸ ਪੱਖੋਂ ਅਸਫਲ ਰਹਿੰਦੇ ਹਨ ਕਿ ਮੈਦਾਨ ਵੱਲ ਲੋੜ ਅਨੁਸਾਰ ਵੱਧ ਤੋਂ ਵੱਧ ਦਰਸ਼ਕ ਆਕਰਸ਼ਕ ਕਰ ਸਕਣ। ਇਹੋ ਹੀ ਹਾਲ ਰਾਜ ਪੱਧਰ ਦੇ ਜਾਂ ਹੋਰ ਛੋਟੇ-ਮੋਟੇ ਟੂਰਨਾਮੈਂਟਾਂ ਦਾ ਹੈ। ਕਾਗਜ਼ਾਂ 'ਚ ਟੂਰਨਾਮੈਂਟ ਕਰਵਾਏ, ਮੀਡੀਏ 'ਚ ਆਪਣੇ ਨਾਵਾਂ ਦੀ ਚਰਚਾ ਚਲਾਈ ਤੇ ਆਪਣੀ ਆਪੇ ਬੱਲੇ-ਬੱਲੇ ਕਰ ਲਈ। ਇਹੋ ਜਿਹੇ ਟੂਰਨਾਮੈਂਟਾਂ ਦੇ ਆਯੋਜਨ ਨਾਲ ਹਾਕੀ ਦਾ ਰੁਮਾਂਚ ਕਿੰਨਾ ਕੁ ਵਧਦਾ, ਖਿਡਾਰੀਆਂ-ਖਿਡਾਰਨਾਂ ਨੂੰ ਕਿੰਨਾ ਕੁ ਉਤਸ਼ਾਹ, ਕਿੰਨੀ ਕੁ ਹੱਲਾਸ਼ੇਰੀ ਮਿਲਦੀ ਹੈ, ਹਾਕੀ ਕਿੰਨੀ ਕੁ ਜ਼ਿਆਦਾ ਲੋਕਪ੍ਰਿਆ ਹੁੰਦੀ ਹੈ। ਭਲਾ ਇਹ ਪ੍ਰਵਾਹ ਕਿਸ ਨੂੰ, ਖਿਡਾਰੀਆਂ-ਖਿਡਾਰਨਾਂ ਨੂੰ ਭਾਵੇਂ ਕੋਈ ਜਾਣੇ ਜਾਂ ਨਾ ਜਾਣੇ, ਪਰ ਟੂਰਨਾਮੈਂਟ ਪ੍ਰਬੰਧਕਾਂ ਦੇ ਨਾਂਅ ਸਵੇਰੇ ਤੜਕਸਾਰ ਸਾਰੀਆਂ ਅਖ਼ਬਾਰਾਂ 'ਚ ਪੜ੍ਹਨ ਨੂੰ ਮਿਲਣੇ ਚਾਹੀਦੇ ਹਨ। ਇਹਦੇ ਨਾਲ ਹੀ ਉਨ੍ਹਾਂ ਦੇ ਕਾਲਜੇ ਨੂੰ ਜ਼ਰਾ ਠੰਢ ਪੈ ਜਾਂਦੀ ਹੈ। ਭਲਿਓ ਮਾਣਸੋ! ਜੇ ਹਾਕੀ ਦੇ ਏਨੇ ਹੀ ਜ਼ਿਆਦਾ ਹਿਤੈਸ਼ੀ ਹੋ ਤਾਂ ਇਹ ਯਕੀਨੀ ਵੀ ਬਣਾਓ ਕਿ ਖੇਡ ਮੈਦਾਨਾਂ 'ਚ ਖੇਡੀ ਜਾ ਰਹੀ ਹਾਕੀ ਦਾ ਨਿਰਾਦਰ ਨਾ ਹੋਵੇ, ਇਹ ਰੁਲੇ ਨਾ, ਕੁਝ ਅੱਖਾਂ ਇਸ ਨੂੰ ਦੇਖਣ ਲਈ ਵੀ ਆਉਣ, ਕੁਝ ਸੀਨੇ ਵਾਕਿਆ ਹੀ ਇਸ ਲਈ ਵੀ ਧੜਕਣ। ਜਨਾਬ! ਹਾਕੀ ਦੇ ਜਾਦੂਗਰਾਂ ਦਾ ਦੇਸ਼ ਹੈ ਆਪਣਾ। ਇਹਦੇ ਤਾਂ ਜ਼ਰੇ-ਜ਼ਰੇ ਵਿਚੋਂ ਹਾਕੀ ਦੀ ਮੁਹੱਬਤ ਫੁੱਟਣੀ ਚਾਹੀਦੀ ਹੈ।
ਪਰ ਮੈਂ ਦੇਖਿਆ ਤੇ ਮੇਰਾ ਦਿਲ ਦੁਖੀ ਵੀ ਹੁੰਦਾ ਇਹੋ ਜਿਹੇ ਟੂਰਨਾਮੈਂਟਾਂ ਵਿਚ ਜਾ ਕੇ। ਹਾਕੀ ਦਾ ਮੈਚ ਚੱਲ ਰਿਹਾ ਹੁੰਦਾ। ਮੈਦਾਨ ਦੇ ਬਾਹਰ ਤੋਂ ਲੈ ਕੇ ਅੰਦਰ ਤੱਕ, ਆਸ-ਪਾਸ, ਸੱਜੇ-ਖੱਬੇ, ਇਧਰ-ਉਧਰ ਬਸ ਕੁਝ ਕੁ ਹੀ ਲੋਕ ਹੁੰਦੇ ਹਨ। ਸ਼ਾਇਦ ਇਹ ਪ੍ਰਬੰਧਕ ਹੁੰਦੇ ਹਨ ਜਾਂ ਆਪਣੇ ਕੰਮਾਂ ਲਈ ਉਨ੍ਹਾਂ ਨੂੰ ਮਿਲਣ ਆਏ ਲੋਕ ਤੇ ਉਹ ਵੀ ਆਪਣੀਆਂ ਹੀ ਗੱਲਾਂ ਵਿਚ ਮਸਤ ਹੁੰਦੇ ਹਨ। ਸਕੋਰ ਕੀ ਚੱਲ ਰਿਹਾ, ਕੋਈ ਪਤਾ ਨਹੀਂ, ਕਿਹੜੀ ਟੀਮ, ਕਿਸ ਨਾਲ ਖੇਡ ਰਹੀ ਹੈ, ਕੋਈ ਇਲਮ ਨਹੀਂ। ਹਾਂ, ਕੁਝ ਨੀਲੇ, ਲਾਲ, ਖੱਟੇ ਰੰਗ ਦੀਆਂ ਵਰਦੀਆਂ ਪਾਈ ਹਾਕੀ ਖਿਡਾਰੀ ਉਨ੍ਹਾਂ ਦੇ ਸਾਹਮਣੇ ਸੱਜੇ-ਖੱਬੇ ਜਾ ਰਹੇ ਹੁੰਦੇ ਨੇ, ਹਾਕੀ ਸਟਿਕ ਦਿਸ ਰਹੀ ਹੈ ਜਾਂ ਗੇਂਦ ਦਿਸ ਰਿਹਾ। ਕੋਈ ਅੱਖ ਖੇਡ ਦਾ ਆਨੰਦ ਲੈ ਰਹੀ ਹੋਵੇ, ਇਹਦੀ ਸੰਭਾਵਨਾ ਘੱਟ ਹੀ ਹੁੰਦੀ ਹੈ।
ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਇਹੋ ਜਿਹੇ ਟੂਰਨਾਮੈਂਟ ਆਯੋਜਨ ਕਰਨ ਵਾਲੇ ਅਕਸਰ ਸਾਡੇ ਪੁਰਾਣੇ ਹਾਕੀ ਖਿਡਾਰੀ ਜਾਂ ਹਾਕੀ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਹੋਏ ਲੋਕ ਹੁੰਦੇ ਹਨ। ਇਹ ਸਵਾਲ ਵੱਖਰਾ ਹੈ ਕਿ ਉਹ ਇਹੋ ਜਿਹੇ ਟੂਰਨਾਮੈਂਟਾਂ ਦਾ ਆਯੋਜਨ ਆਪਣੇ ਕਿਸੇ ਫਾਇਦੇ ਲਈ ਕਰ ਰਹੇ ਹਨ ਜਾਂ ਫੋਕੀ ਆਪਣੀ ਸ਼ੁਹਰਤ ਲਈ? ਪਰ ਜੇ ਉਨ੍ਹਾਂ ਦੇ ਧੁਰ ਅੰਦਰੋਂ ਇਹ ਆਵਾਜ਼ ਆਉਂਦੀ ਕਿ ਉਹ ਹਾਕੀ ਪ੍ਰਤੀ ਲਗਨ ਰੱਖਦੇ ਹੋਏ, ਪਿਆਰ ਰੱਖਦੇ ਹੋਏ ਇਹ ਟੂਰਨਾਮੈਂਟ ਕਰਵਾਉਂਦੇ ਹਨ ਤਾਂ ਫਿਰ ਉਹ ਇਹ ਯਾਦ ਰੱਖਣ ਕਿ ਉਨ੍ਹਾਂ ਦੀਆਂ ਇਹੋ ਜਿਹੀਆਂ ਕੋਸ਼ਿਸ਼ਾਂ ਵਿਚ ਕਿਤੇ ਕੋਈ ਕਮੀ ਜ਼ਰੂਰ ਹੈ, ਕੋਈ ਤਰੁੱਟੀ ਜ਼ਰੂਰ ਹੈ।
ਆਖਰ ਹਾਕੀ ਦੇ ਇਹੋ ਜਿਹੇ ਟੂਰਨਾਮੈਂਟਾਂ ਦਾ ਆਯੋਜਨ ਅਸੀਂ ਕਿਉਂ ਕਰਦੇ ਹਾਂ? ਇਹ ਸਵਾਲ ਸਾਨੂੰ ਆਪਣੇ-ਆਪ ਤੋਂ ਪੁੱਛਣ ਦੀ ਲੋੜ ਹੈ। ਕਿਸ ਦੇ ਕੋਲ ਇਸ ਦਾ ਜਵਾਬ ਹੋਵੇਗਾ ਕਿ ਹਾਕੀ ਨੂੰ ਲੋਕਪ੍ਰਿਆ ਕਰਨ ਲਈ। ਕੋਈ ਕਹੇਗਾ ਇਸ ਲਈ ਕਿ ਹਾਕੀ ਸੱਭਿਆਚਾਰ ਜਿਉਂਦਾ ਰਹਿ ਸਕੇ। ਕਿਸ ਦੇ ਕੋਲ ਇਹ ਉੱਤਰ ਹੋਵੇਗਾ ਕਿ ਹਾਕੀ ਪ੍ਰਤਿਭਾ ਖ਼ਤਮ ਨਾ ਹੋ ਜਾਵੇ, ਕੋਈ ਕੁਝ ਕਹੇਗਾ, ਕੋਈ ਕੁਝ ਹੋਰ। ਪਰ ਜਿਹੜੀ ਗੱਲ ਵਿਚਾਰਨ ਵਾਲੀ ਹੈ ਤੇ ਚਿੰਤਾ ਦਾ ਵਿਸ਼ਾ ਹੈ, ਉਹ ਇਹ ਹੈ ਕਿ ਸਾਡੇ ਅੰਦਰੋਂ ਇਹੋ ਜਿਹੇ ਸਾਕਾਰਾਤਮਕ ਜਵਾਬ ਤਾਂ ਉਠਦੇ ਰਹੇ ਹਨ ਪਰ ਦੂਜੇ ਪਾਸੇ ਸਾਡੇ ਖੇਡ ਸੱਭਿਆਚਾਰ 'ਚੋਂ ਹਾਕੀ ਅਲੋਪ ਹੀ ਹੁੰਦੀ ਗਈ। ਕਿਉਂ? ਜੇ ਲੋੜ ਹੈ ਤਾਂ ਇਸ ਪੱਖ ਵੱਲ ਧਿਆਨ ਦੇਣ ਦੀ। ਜੇ ਲੋੜ ਹੈ ਤਾਂ ਇਸ ਪੱਖੋਂ ਕੋਈ ਜ਼ੋਰਦਾਰ ਹੰਭਲਾ ਮਾਰਨ ਦੀ। ਸੱਚ ਕਹਾਂ, ਜੇ ਸਾਡੇ ਹੰਭਲਿਆਂ 'ਚ ਦਮ ਹੁੰਦਾ, ਹਾਕੀ ਦਾ ਹਾਲ ਇਹ ਕਦੇ ਨਾ ਹੁੰਦਾ।
ਪਰ ਇਸ ਸਭ ਕਾਸੇ ਲਈ ਜ਼ਰੂਰਤ ਹੈ ਹਾਕੀ ਪ੍ਰਤੀ ਸਾਡੀ ਦਿਲੀ ਸ਼ਰਧਾ, ਵਫਾਦਾਰੀ ਤੇ ਲਗਨ ਦੀ। ਆਪਣੇ ਦੇਸ਼ ਦੀ ਇਸ ਰਾਸ਼ਟਰੀ ਖੇਡ ਨੂੰ ਹਰ ਹੀਲੇ ਬਚਾਉਣ ਦੀ। ਹਿੰਦੋਸਤਾਨ ਦੇ ਖੇਡ ਜਗਤ ਨੂੰ ਜਿਸ ਤਰ੍ਹਾਂ ਹਾਕੀ ਨੇ ਰੁਸ਼ਨਾਇਆ, ਪੂਰੇ ਰਾਸ਼ਟਰ ਦਾ ਧਰਮ ਸਿਰਫ ਹਾਕੀ ਹੋਣਾ ਚਾਹੀਦਾ। ਹਰ ਕੋਈ ਹਾਕੀ ਦੇ ਨਾਂਅ 'ਤੇ ਸਾਹ ਲਵੇ। ਫਿਰ ਇਸ ਦੇ ਦਮਾਂ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ।
ਮੈਂ ਜਾਤੀ ਤੌਰ 'ਤੇ ਮਹਿਸੂਸ ਕਰਦਾ ਹਾਂ ਕਿ ਦੁਨੀਆ 'ਚ ਕੋਈ ਕੰਮ ਇਹੋ ਜਿਹਾ ਨਹੀਂ ਜਿਸ ਨੂੰ ਸਾਡੀਆਂ ਜੀਅਤੋੜ ਕੋਸ਼ਿਸ਼ਾਂ, ਸਾਡਾ ਜਨੂੰਨ, ਸਾਡੀ ਸੱਚੀ ਤੇ ਸੁੱਚੀ ਮਿਹਨਤ ਨੇਪਰੇ ਨਾ ਚਾੜ੍ਹ ਸਕੇ। ਇਸ ਦੇਸ਼ ਦੀ ਸਰਕਾਰ ਹਾਕੀ ਦੀ ਪ੍ਰਵਾਹ ਨਹੀਂ ਕਰਦੀ ਤਾਂ ਨਾ ਕਰੇ। ਇਸ ਦੇਸ਼ ਦਾ ਮੀਡੀਆ ਹਾਕੀ ਤੋਂ ਦੂਰ-ਦੂਰ ਰਹਿੰਦਾ ਤਾਂ ਰਹੇ ਪਰ ਕੁਝ ਮੁੱਠੀ ਭਰ ਲੋਕ ਜੇ ਉਹ ਵਾਕਿਆ ਹੀ ਇਸ ਦੇਸ਼ 'ਚ ਹਾਕੀ ਨੂੰ ਪਹਿਲਾਂ ਦੀ ਤਰ੍ਹਾਂ ਸੁਰਜੀਤ ਕਰਨਾ ਚਾਹੁੰਦੇ ਹਨ, ਪਹਿਲਾਂ ਦੀ ਤਰ੍ਹਾਂ ਹਰਮਨ ਪਿਆਰੀ ਬਣਾਉਣਾ ਚਾਹੁੰਦੇ ਹਨ ਤਾਂ ਫਿਰ ਜਿਸ ਢੰਗ ਨਾਲ ਉਹ ਹਾਕੀ ਟੂਰਨਾਮੈਂਟਾਂ ਦਾ ਆਯੋਜਨ ਕਰ ਰਹੇ ਹਨ, ਏਦਾਂ ਗੱਲ ਨਹੀਂ ਬਣਨੀ।
ਇਹ ਠੀਕ ਹੈ ਕਿ ਸਾਡੇ ਦੇਸ਼ 'ਚ ਹਾਲੈਂਡ, ਜਰਮਨੀ, ਆਸਟਰੇਲੀਆ ਵਰਗੀਆਂ ਹਾਕੀ ਸਹੂਲਤਾਂ ਨਹੀਂ ਹਨ। ਐਸਟਰੋਟਰਫ ਮੈਦਾਨਾਂ ਦੀ ਕਮੀ, ਫਲੱਡ ਲਾਈਟ ਦੀ ਰੌਸ਼ਨੀ ਵਾਲਾ ਕੋਈ ਵੀ ਮੈਦਾਨ ਦੇਸ਼ 'ਚ ਨਹੀਂ ਹੈ ਕਿ ਰਾਤ ਦੇ ਸਮੇਂ ਵਾਲਾ ਹਾਕੀ ਕਲਚਰ ਪੈਦਾ ਹੋ ਸਕੇ ਪਰ ਫਿਰ ਵੀ ਜੋ ਲੋਕ ਹਾਕੀ ਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਹਾਲੈਂਡ ਵਰਗਾ ਹਾਕੀ ਮਾਹੌਲ ਇਸ ਦੇਸ਼ ਵਿਚ ਪੈਦਾ ਹੋ ਸਕੇ, ਜਿਥੇ ਹਾਕੀ ਪ੍ਰੇਮੀ ਆਪਣੇ ਹਾਕੀ ਸਟਾਰਾਂ ਦਾ ਮਨੋਬਲ, ਉਤਸ਼ਾਹ ਵਧਾਉਣ ਲਈ ਵੱਡੀ ਗਿਣਤੀ ਵਿਚ ਹਾਕੀ ਖੇਡ ਮੈਦਾਨਾਂ 'ਚ ਮੌਜੂਦ ਹੁੰਦੇ ਹਨ। ਸੰਤਰੀ ਰੰਗ ਦੇ ਕੱਪੜੇ ਪਾ ਕੇ, ਜੋ ਉਨ੍ਹਾਂ ਦੀ ਟੀਮ ਦਾ ਰਾਸ਼ਟਰੀ ਰੰਗ ਹੈ, ਮੈਦਾਨਾਂ 'ਚ ਆਉਂਦੇ ਹਨ ਪਰ ਸਾਡੇ ਖਿਡਾਰੀ ਨੂੰ ਇਸੇ ਉਤਸ਼ਾਹ ਦੀ ਕਮੀ ਆਪਣੇ ਖੇਡ ਕੈਰੀਅਰ ਦੇ ਸ਼ੁਰੂ ਤੋਂ ਹੁੰਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98155-35410






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX