ਤਾਜਾ ਖ਼ਬਰਾਂ


ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ
. . .  12 minutes ago
ਗੜ੍ਹਸ਼ੰਕਰ, 20 ਜੂਨ (ਧਾਲੀਵਾਲ)- ਗੜ੍ਹਸ਼ੰਕਰ ਬਲਾਕ ਦੇ ਪਿੰਡ ਪਨਾਮ ਨਾਲ ਸਬੰਧਿਤ 27 ਸਾਲਾ ਨੌਜਵਾਨ ਸਤਨਾਮ ਸਿੰਘ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਨੌਜਵਾਨ ਸਤਨਾਮ ਸਿੰਘ ਪਿੰਡ ਨੇੜਲੀ ਨਹਿਰ ਤੋਂ ਗੰਭੀਰ ਹਾਲਤ 'ਚ ਗੜ੍ਹਸ਼ੰਕਰ ....
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 382 ਦੌੜਾਂ ਦਾ ਦਿੱਤਾ ਟੀਚਾ
. . .  28 minutes ago
ਨਸ਼ੇ ਦੇ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  about 1 hour ago
ਪੱਟੀ, 20 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ)- ਪੱਟੀ ਦੇ ਨਜ਼ਦੀਕੀ ਪਿੰਡ ਬਰਵਾਲਾ ਵਿਖੇ ਇਕ ਨੌਜਵਾਨ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਬਾਂਹ 'ਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਉਸੇ ....
ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੀਨੀਅਰ ਸਹਾਇਕ 15 ਹਜ਼ਾਰ ਰਿਸ਼ਵਤ ਲੈਂਦਾ ਕਾਬੂ
. . .  about 1 hour ago
ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਵਿਜੀਲੈਂਸ ਦੇ ਸੀਨੀਅਰ ਪੁਲਿਸ ਕਪਤਾਨ ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਦੇ ਇੰਚਾਰਜ ਸਤ ਪ੍ਰੇਮ ਸਿੰਘ ਨੇ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟੀਮ ਸਹਿਤ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  about 1 hour ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦਾ ਚੌਥਾ ਖਿਡਾਰੀ ਆਊਟ
. . .  about 1 hour ago
ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ 22 ਸਾਲਾ ਜਸਕਰਨ ਦੀ ਮ੍ਰਿਤਕ ਦੇਹ
. . .  about 1 hour ago
ਰਾਜਾਸਾਂਸੀ, 20 ਜੂਨ (ਖੀਵਾ)- ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਬੀਤੀ 11 ਜੂਨ ਨੂੰ ਦੁਬਈ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਦੇ ਮੂੰਹ ਜਾ ਪਿਆ ....
ਹਿਮਾਚਲ ਪ੍ਰਦੇਸ਼ : ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ, 35 ਜ਼ਖਮੀ
. . .  about 1 hour ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਜਦਕਿ 35 ਲੋਕ ਜ਼ਖਮੀ ਹੋਏ....
ਵਿਸ਼ਵ ਕੱਪ 2019 : 313 ਦੌੜਾਂ 'ਤੇ ਆਸਟ੍ਰੇਲੀਆ ਦਾ ਦੂਜਾ ਖਿਡਾਰੀ ਆਊਟ
. . .  about 1 hour ago
ਵਿਸ਼ਵ ਕੱਪ 2019 : 42 ਓਵਰਾਂ ਤੋਂ ਬਾਅਦ ਆਸਟ੍ਰੇਲੀਆ 289/1
. . .  about 1 hour ago
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਾਵਿ-ਮਹਿਫ਼ਲ

ਯਾਰ ਕਹਿੰਦੇ ਸੋਚ ਬਦਲੋ, ਜ਼ਿੰਦਗੀ ਗੁਲਜ਼ਾਰ ਹੈ,
ਕੀ ਕਰੇ ਉਹ ਆਦਮੀ ਜੋ ਰੋਟੀ ਤੋਂ ਲਾਚਾਰ ਹੈ |

ਖ਼ੂਨ ਦੇ ਵੀ ਰਿਸ਼ਤਿਆਂ ਦੀ ਸਾਂਝ ਕੋਈ ਨਾ ਰਹੀ,
ਫਿਰ ਜ਼ਮਾਨੇ ਨਾਲ ਚਲਣਾ, ਹੋ ਗਿਆ ਦੁਸ਼ਵਾਰ ਹੈ |

ਪੈਸੇ ਖ਼ਾਤਰ ਵੇਚਦੇ ਨੇ ਲੋਕ ਅਪਣਾ ਹੀ ਜ਼ਮੀਰ,
ਹੈ ਜ਼ਰੂਰੀ ਜੋ ਬੜਾ ਹੀ, ਗਿਰ ਰਿਹਾ ਕਿਰਦਾਰ ਹੈ |

ਨਾਲ ਗ਼ੈਰਾਂ ਦੇ ਤੁਅੱਲਕ ਹਰ ਕਿਸੇ ਦੇ ਖਾਸ ਅੱਜ,
ਅਪਣਿਆਂ ਦੇ ਨਾਲ ਰਹਿੰਦੇ, ਦਿਲ ਰਹੇ ਬੇਜ਼ਾਰ ਹੈ |

ਹੈ ਅਨੋਖੀ ਦਾਸਤਾਂ ਹੀ ਅੱਜ ਦੇ ਇਨਸਾਨ ਦੀ,
ਆਦਮੀ ਹੈ ਕੋਈ ਕੋਈ, ਰੱਬਾਂ ਦੀ ਭਰਮਾਰ ਹੈ |

ਹੈ ਮਿਲਣ ਦੀ ਤਾਂਘ ਦਿਲ ਵਿਚ, ਕੋਈ ਮੁਸ਼ਕਲ ਨਾ ਬੜੀ,
ਰਾਹ ਅਪਣੇ ਤੂੰ ਚਲਾ ਚਲ, ਚਾਹੇ ਇਹ ਪੁਰਖ਼ਾਰ ਹੈ |

ਸੀ ਭਰੋਸਾ ਬਹੁਤ ਜਿਸ 'ਤੇ, ਜ਼ਖ਼ਮ ਦੇਵੇ ਨਿਤ ਨਵੇਂ,
ਕੋਈ ਸ਼ਿਕਵਾ ਜਾਂ ਸ਼ਿਕਾਇਤ ਕੀ ਕਰਾਂ ਬੇਕਾਰ ਹੈ |

-ਮੋਬਾਈਲ : 98155-19333.

ਖੌਫ਼-ਜ਼ਦ ਇਨਸਾਨ ਦੇ ਸੀਨੇ 'ਚ ਹੁੰਦਾ ਦਿਲ ਨਹੀਂ,
ਇਸ ਤਰ੍ਹਾਂ ਦੇ ਆਦਮੀ ਦਾ ਵੀ ਕੋਈ ਹਾਸਿਲ ਨਹੀਂ |

ਜ਼ਿੰਦਗੀ ਭਰ ਹੀ ਨਿਭੀ ਹੈ ਵਾਅਦਿਆਂ, ਕਸਮਾਂ ਦੇ ਵਿਚ,
ਆਸ਼ਕਾਂ ਦੀ ਇਸ ਰਿਵਾਇਤ ਦਾ ਕੋਈ ਵੀ ਹੱਲ ਨਹੀਂ |

ਇਹ ਤਾਂ ਦਿਲ ਦੀ ਹੈ ਨਵਾਜਿਸ਼ ਬਖ਼ਸ਼ ਦਿੰਦਾ ਹਰ ਗੁਨਾਹ,
ਵਰਨਾ, ਇਹ ਦੁਨੀਆ ਕਿਸੇ ਵੀ ਰਹਿਮ ਦੇ ਕਾਬਿਲ ਨਹੀਂ |

ਵਕਤ ਦੀ ਇਸ ਬੇਰੁਖ਼ੀ ਤੇ ਸਹਿਮਿਆ ਹੋਇਆ ਖ਼ੁਦਾ,
ਕੌਣ ਜ਼ੁਰਅਤ ਨਾਲ ਆਖੇ ਵਕਤ ਇਹ ਕਾਤਿਲ ਨਹੀਂ |

ਖੇਡਦਾ ਹੈ ਆਦਮੀ ਹੁਣ ਮਿਥ ਕੇ ਹਰ ਇਕ ਚਾਲ ਨੂੰ ,
ਸੋਚਦਾ ਹਾਂ ਸ਼ਹਿਰ ਸਾਰਾ ਤੇ ਕਿਤੇ ਗਾਫ਼ਿਲ ਨਹੀਂ |

ਦਿਲ ਸਮੰੁਦਰ ਮਾਪ ਨਾ ਇਹ ਮਾਪਿਆ ਜਾਣਾ ਨਹੀਂ,
ਇਸ ਦੀ ਗਹਿਰਾਈ 'ਚ ਨਾ ਜਾ ਇਸ ਦਾ ਤਾਂ ਸਾਹਿਲ ਨਹੀਂ |

ਅਪਣੀ ਕਿਸਮਤ ਨਾਲ ਖੇਖਣ ਬਾਜ਼ੀਆਂ ਕਰਦਾ ਹੈ ਦਿਲ,
ਪਰ ਜਨੂੰਨੀ ਸ਼ੌਕ ਉਸ ਦਾ ਵੀ ਕਰੇ ਕਾਇਲ ਨਹੀਂ |

ਬਸ | ਇਸੇ ਗੱਲ ਦਾ ਹੈ ਦੁੱਖ 'ਤਖ਼ਤਰ' ਕੋਈ ਰਸਤਾ ਮਿਲੇ,
ਅਪਣੇ ਕਦਮਾਂ ਨੂੰ ਜੋ ਚੰੁਮਦੀ ਉਹ ਕਿਤੇ ਮੰਜ਼ਿਲ ਨਹੀਂ |

-7/305, ਮੁਹੱਲਾ ਸਿੱਖਾਂ, ਸੁਲਤਾਨਪੁਰ ਲੋਧੀ (ਕਪੂਰਥਲਾ) | ਮੋਬਾ : 99881-24587.

ਰਹੇ ਜੋ ਉਮਰ ਭਰ ਉਡਦੇ ਪਰਾਂ ਬੇਗਾਨਿਆਂ ਉਤੇ,
ਰੁਲੇ ਨੇ ਤਿਣਕਿਆਂ ਵਾਂਗੂੰ ਦਰਾਂ ਬੇਗਾਨਿਆਂ ਉਤੇ |

ਖ਼ੁਸ਼ੀ ਤੇ ਅਮਨ ਜਿਹੜੇ ਲੋਚਦੇ ਆਪਣੇ ਘਰਾਂ ਅੰਦਰ,
ਨਹੀਂ ਰੱਖਦੇ ਨਿਗਾਹ ਮੈਲੀ ਘਰਾਂ ਬੇਗਾਨਿਆਂ ਉਤੇ |

ਜਦੋਂ ਤੋਂ ਰਮਜ਼ ਗੁੱਝੀ ਸਮਝਿਆ ਹਾਂ ਮੈਂ ਘਨਈਏ ਦੀ,
ਉਦੋਂ ਤੋਂ ਆਪਣਿਆਂ ਵਾਂਗੂੰ ਮਰਾਂ ਬੇਗਾਨਿਆਂ ਉਤੇ |

ਵਹਾ ਕੇ ਸਾਗਰਾਂ ਵਰਗੇ ਬਣਾ ਕੇ ਨੈਣਾਂ ਮਾਰੂਥਲ,
ਟਿਕਾ ਕੇ ਟੇਕ ਕੀ ਕਰਨੀ ਸਰਾਂ ਬੇਗਾਨਿਆਂ ਉਤੇ |

ਹਜ਼ਾਰਾਂ ਆ ਤੁਰੇ ਰਹਿਬਰ ਨਹੀਂ ਪਰ ਬਦਲਿਆ ਬੰਦਾ,
ਅਜੇ ਵੀ ਜੀ ਰਿਹੈ ਲੋਭਾਂ ਡਰਾਂ ਬੇਗਾਨਿਆਂ ਉਤੇ |

ਉਦੋਂ ਪਿੱਠ ਥਾਪੜਾਂ ਆਪਣੀ ਮਿਲੇ ਜਦ ਸਫ਼ਲਤਾ ਕੋਈ,
ਭਲਾ ਕਿਉਂ ਦੋਸ਼ ਹਾਰਾਂ ਦੇ ਧਰਾਂ ਬੇਗਾਨਿਆਂ ਉਤੇ |

ਭਰੋਸਾ ਆਪਣੇ ਹੀ ਡੌਲਿਆਂ 'ਤੇ ਰੱਖੀਏ 'ਜ਼ਖ਼ਮੀ',
ਕਦੇ ਨਾ ਮੰਜ਼ਿਲਾਂ ਮਿਲੀਆਂ ਵਰਾਂ ਬੇਗਾਨਿਆਂ ਉਤੇ |

-ਗੁਰੂ ਤੇਗ ਬਹਾਦਰ ਨਗਰ, ਹਰੇੜੀ ਰੋਡ, ਸੰਗਰੂਰ-148001.
ਮੋਬਾਈਲ : 98885-28027.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਕਹਾਣੀ ਤਾਂ ਇਹੋ ਦੱਸਦੀ ਹੈ!
ਕਰਜ਼ੇ ਦਾ ਜਾਲ ਬਹੁਤ ਸਫ਼ਾਈ ਨਾਲ ਸੁੱਟਿਆ ਗਿਆ ਸੀ | ਉਹ ਤੇ ਉਹਦੇ ਬਹੁਤ ਸਾਰੇ ਸਾਥੀ ਨਾ ਚਾਹੁੰਦੇ ਹੋਏ ਵੀ ਫਸ ਗਏ ਸਨ, ਇਸ ਜਾਲ ਵਿਚ | ਬਹੁਤ ਸਾਰੇ ਸੁਪਨੇ ਦਿਖਾ ਕੇ ਪ੍ਰਚਾਰ ਕੀਤਾ ਗਿਆ ਕਿ ਤਰੱਕੀ ਅਤੇ ਖੁਸ਼ਹਾਲੀ ਦਾ ਵਸੀਲਾ ਹੈ ਇਹ ਕਰਜ਼ਾ |
ਕਈ ਘਬਰਾਏ ਵੀ, ਤ੍ਰਬਕੇ ਵੀ, ਪੁਰਖਿਆਂ ਦੇ ਕਥਨਾਂ ਨੂੰ ਯਾਦ ਕਰਕੇ ਕਿ ਕਰਜ਼ਾ ਬਰਬਾਦ ਕਰ ਦਿੰਦਾ ਹੈ | ਪਰ ਬੈਂਕਾਂ ਤਾਂ ਘਰ ਆ ਕੇ ਕਰਜ਼ਾ ਦੇਣ ਨੂੰ ਤਿਆਰ ਸਨ | ਵਿਆਜ ਬੈਂਕਾਂ ਦੀ ਆਮਦਨ ਜੁ ਸੀ |
ਕੁਝ ਗੱਲਾਂ ਵਿਚ ਆ ਗਏ, ਕੁਝ ਦੇਖਾ-ਦੇਖੀ ਫਸ ਗਏ |
ਕਈ ਸਾਲਾਂ ਤੱਕ ਨਾ ਮੂਲ ਮੁੜਿਆ, ਵਿਆਜ ਵਧਦਾ ਚਲਿਆ ਗਿਆ |
ਗੱਲ ਕੁਰਕੀਆਂ, ਕੈਦਾਂ ਤੱਕ ਪਹੁੰਚ ਗਈ, ਕਈਆਂ ਦੀ ਤਾਂ ਜਿਊਣ ਦੀ ਇੱਛਾ ਹੀ ਫਿੱਕੀ ਪੈ ਗਈ |
ਖੇਤ ਵਿਚ, ਖਾਲ ਦੀ ਵੱਟ 'ਤੇ ਬੈਠਾ ਉਹ ਸੋਚ ਰਿਹਾ ਸੀ, ਕਰਜ਼ੇ ਤਾਂ ਉਸ ਦੇ ਵੱਡੇ ਵਡੇਰੇ ਵੀ ਲੈਂਦੇ ਆਏ, ਸ਼ਾਹੂਕਾਰਾਂ ਕੋਲੋਂ ਪਰ ਉਹ ਜ਼ਿੰਦਗੀ ਤੋਂ ਅਵਾਜ਼ਾਰ ਨਹੀਂ ਹੋਏ | ਹੁਣ ਤਾਂ ਕਰਜ਼ੇ ਦੀ ਨਾਮੋਸ਼ੀ ਨੇ ਉਨ੍ਹਾਂ ਨੂੰ ਤੋੜ ਹੀ ਦਿੱਤਾ ਸੀ |
ਉਸ ਨੂੰ ਵਾਰ-ਵਾਰ ਕਹਾਣੀ ਯਾਦ ਆ ਰਹੀ ਸੀ, ਜੋ ਬਚਪਨ ਸਮੇਂ ਸਕੂਲ ਵਿਚ ਪੜ੍ਹੀ ਸੀ ਕਿ ਸ਼ਿਕਾਰੀ ਨੇ ਬਹੁਤ ਸਾਰੇ ਕਬੂਤਰਾਂ ਨੂੰ ਜਾਲ ਵਿਚ ਫਸਾ ਲਿਆ ਸੀ |
ਜਾਲ ਵਿਚੋਂ ਨਿਕਲਣ ਲਈ, ਉਹ ਇਕੱਲੇ-ਇਕੱਲੇ ਜ਼ੋਰ ਲਾਉਂਦੇ, ਖੰਭ ਫੜਫੜਾਉਂਦੇ ਥੱਕ ਹਾਰ, ਬੇਬਸ ਹੋ ਕੇ ਢੇਰੀ ਢਾਅ ਜਾਂਦੇ |
ਫਿਰ ਕਿਸੇ ਸਿਆਣੇ ਕਬੂਤਰ ਨੇ ਸਲਾਹ ਦਿੱਤੀ, 'ਕੱਲੇ-'ਕੱਲੇ ਨਹੀਂ, ਸਾਰੇ ਰਲ ਕੇ ਇਕੋ ਵਾਰੀ ਜ਼ੋਰ ਲਗਾਓ ਤੇ ਜਾਲ ਨੂੰ ਲੈ ਉਡੋ |
ਹੁਣ ਵੀ ਕਹਾਣੀ ਤੇ ਨਾਲ ਛਪੀ ਤਸਵੀਰ ਤਾਂ ਇਹੋ ਦੱਸਦੀ ਹੈ, ਉਨ੍ਹਾਂ ਸਭਨਾਂ ਨੇ ਰਲ ਕੇ ਇਕੱਠਿਆਂ ਜ਼ੋਰ ਲਗਾਇਆ ਤੇ ਉਹ ਜਾਲ ਨੂੰ ਲੈ ਉੱਡੇ |

-ਪਿੰ੍ਰ: ਗੁਲਵੰਤ ਮਲੌਦਵੀ
ਨੇੜੇ ਰੇਲਵੇ ਸਟੇਸ਼ਨ ਘਨੌਲੀ, ਪਿੰਡ ਤੇ ਡਾਕ: ਘਨੌਲੀ, ਜ਼ਿਲ੍ਹਾ ਰੂਪਨਗਰ-140113. ਮੋਬਾਈਲ : 94173-32911.

ਰਾਸ਼ੀਫਲ
ਅਖ਼ਬਾਰ ਨੂੰ ਨਜ਼ਰ ਮਾਰਦੇ ਹੋਏ ਤਾਰਾ ਸਿਹੰੁ ਦੀ ਨਜ਼ਰ ਰਾਸ਼ੀਫਲ 'ਤੇ ਪੈ ਗਈ | ਉਹ ਉੱਚੀ ਆਵਾਜ਼ ਵਿਚ ਰਾਸ਼ੀਫਲ ਪੜ੍ਹਨ ਲੱਗ ਪਿਆ | ਉਸ ਦੇ ਬੇਟੇ ਬੱਬੂ ਨੇ ਕਿਹਾ, 'ਡੈਡੀ ਜੀ, ਮੇਰੀ ਰਾਸ਼ੀ ਬਿ੍ਖ ਹੈ, ਉਹ ਵੀ ਪੜ੍ਹ ਕੇ ਦੱਸ ਦਿਓ |' ਤਾਰਾ ਸਿਹੰੁ ਨੇ ਕਿਹਾ, 'ਅੱਜ ਸ਼ਾਮ ਤੱਕ ਤੇਰਾ ਦੁਸ਼ਮਣ ਕਮਜ਼ੋਰ ਰਹੇਗਾ', ਬਾਬੂ ਨੇ ਕਿਹਾ ਮੇਰਾ ਤਾਂ ਕੋਈ ਦੁਸ਼ਮਣ ਹੀ ਨਹੀਂ ਹੈ |
ਜਦੋਂ ਸ਼ਾਮ ਨੂੰ ਰੋਟੀ ਖਾਣ ਲਈ ਸਾਰਾ ਪਰਿਵਾਰ ਇਕ ਮੇਜ਼ 'ਤੇ ਇਕੱਠਾ ਹੋਇਆ ਤਾਂ ਬੱਬੂ ਨੇ ਕਿਹਾ, 'ਅੱਜ ਬਿਜਲੀ ਦਾ ਕਿੰਨਾ ਲੰਬਾ ਕੱਟ ਲੱਗਾ ਹੈ | ਸਵੇਰ ਤੋਂ ਮੇਰਾ ਤਾਂ ਮੋਬਾਈਲ ਫੋਨ ਬੰਦ ਪਿਆ ਹੈ |' ਹੁਣ ਤਾਰਾ ਸਿਹੰੁ ਅੱਜ ਦੀ ਨਵੀਂ ਪੀੜ੍ਹੀ ਦੇ ਦੁਸ਼ਮਣ ਬਾਰੇ ਸੋਚ ਰਿਹਾ ਸੀ |

-ਦਵਿੰਦਰਜੀਤ ਬੁਜਰਗ
ਮੋਬਾਈਲ : 98551-27254.

ਚਰਖਾ
ਬਿਸ਼ਨੀ ਅਤੇ ਉਸ ਦਾ ਘਰ ਵਾਲਾ ਕਿਹਰ ਸਿੰਘ ਦੋਵੇਂ ਇਕ ਪਿੰਡ ਵਿਚ ਰਹਿੰਦੇ ਸਨ | ਉਹ ਇਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਸਨ | ਉਨ੍ਹਾਂ ਦੀਆਂ ਤਿੰਨ ਧੀਆਂ ਅਤੇ ਉਨ੍ਹਾਂ ਤੋਂ ਛੋਟਾ ਇਕ ਪੁੱਤਰ ਸੀ | ਉਨ੍ਹਾਂ ਨੇ ਮਿਹਨਤ ਕਰਕੇ ਤਿੰਨੋਂ ਧੀਆਂ ਚੰਗੇ ਘਰੀਂ ਵਿਆਹ ਦਿੱਤੀਆਂ | ਆਪਣੇ ਪੁੱਤਰ ਨੂੰ ਵੀ ਪੜ੍ਹਾ ਕੇ ਨੌਕਰੀ 'ਤੇ ਲਵਾਇਆ ਅਤੇ ਬੜੇ ਚਾਵਾਂ ਨਾਲ ਉਸ ਦਾ ਵਿਆਹ ਕੀਤਾ | ਉਨ੍ਹਾਂ ਦੀ ਨੂੰ ਹ ਵੀ ਨੌਕਰੀ ਕਰਨ ਲੱਗੀ | ਬੜੀ ਚੰਗੀ ਜ਼ਿੰਦਗੀ ਬਤੀਤ ਕਰਨ ਲੱਗੇ | ਰੱਬ ਦਾ ਭਾਣਾ ਹੋਇਆ ਕਿ ਕਿਹਰ ਸਿੰਘ ਬਿਮਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ | ਇਸ ਤੋਂ ਬਾਅਦ ਬਿਸ਼ਨੀ ਦੇ ਨੂੰ ਹ-ਪੁੱਤ ਨੇ ਪੁਰਾਣੇ ਕਮਰੇ ਢਾਹ ਕੇ ਸੋਹਣੀ ਕੋਠੀ ਬਣਾ ਲਈ | ਬਿਸ਼ਨੀ ਦੀ ਨੂੰ ਹ ਨੇ ਘਰ ਦਾ ਸਾਰਾ ਪੁਰਾਣਾ ਸਾਮਾਨ ਇਕ ਕਮਰੇ ਵਿਚ ਬੰਦ ਕਰ ਦਿੱਤਾ | ਉਨ੍ਹਾਂ ਵਿਚ ਬਿਸ਼ਨੀ ਦੇ ਦਾਜ ਵਾਲਾ ਚਰਖਾ ਵੀ ਸੀ | ਬਿਸ਼ਨੀ ਦੇ ਘਰ ਇਕ ਪੋਤਰੇ ਨੇ ਜਨਮ ਲਿਆ | ਹੁਣ ਬਿਸ਼ਨੀ ਦੀ ਨੂੰ ਹ ਉਸ ਦੇ ਪੁੱਤਰ ਨੂੰ ਕਹਿਣ ਲੱਗੀ ਕਿ ਆਪਾਂ ਮਾਂ ਜੀ ਨੂੰ ਸ਼ਹਿਰ ਆਸ਼ਰਮ ਵਿਚ ਭਰਤੀ ਕਰਾ ਆਈਏ, ਕਿਉਂਕਿ ਆਪਾਂ ਨੌਕਰੀ ਕਰਦੇ ਹਾਂ | ਬਿਸ਼ਨੀ ਦਾ ਪੁੱਤਰ ਵੀ ਰਜ਼ਾਮੰਦ ਹੋ ਗਿਆ | ਹੁਣ ਉਹ ਬਿਸ਼ਨੀ ਨੂੰ ਆਸ਼ਰਮ ਵਿਚ ਭਰਤੀ ਕਰਵਾ ਆਏ | ਉਨ੍ਹਾਂ ਛੁੱਟੀ ਵਾਲੇ ਦਿਨ ਕਦੀ ਸ਼ਹਿਰ ਜਾਣਾ ਅਤੇ ਮਾਤਾ ਨੂੰ ਮਿਲ ਆਉਣਾ | ਇਸ ਤਰ੍ਹਾਂ ਪੰਜ-ਸੱਤ ਸਾਲ ਬੀਤ ਗਏ | ਇਕ ਦਿਨ ਬਿਸ਼ਨੀ ਦੀ ਨੂੰ ਹ ਨੇ ਉਹ ਪੁਰਾਣਾ ਸਾਮਾਨ ਫੇਰੀ ਵਾਲੇ ਨੂੰ ਵੇਚ ਦਿੱਤਾ, ਜਿਸ ਵਿਚ ਬਿਸ਼ਨੀ ਦਾ ਜਾਨ ਤੋਂ ਪਿਆਰਾ ਦਾਜ ਵਾਲਾ ਚਰਖਾ ਵੀ ਵਿਕ ਗਿਆ | ਹੁਣ ਜਦੋਂ ਉਹ ਸ਼ਹਿਰ ਮਾਤਾ ਨੂੰ ਮਿਲਣ ਗਏ ਤਾਂ ਉਥੋਂ ਮੁੜਨ ਲੱਗਿਆਂ ਬਿਸ਼ਨੀ ਦੇ ਪੋਤਰੇ ਨੇ ਸਾਰੀ ਗੱਲ ਉਸ ਨੂੰ ਦੱਸ ਦਿੱਤੀ ਕਿ ਦਾਦੀ ਅੰਮਾ ਮੰਮੀ ਡੈਡੀ ਨੇ ਤੇਰਾ ਉਹ ਚਰਖਾ ਵੀ ਵੇਚ ਦਿੱਤਾ ਹੈ | ਇਹ ਸੁਣ ਕੇ ਬਿਸ਼ਨੀ ਦਾ ਹਓਕਾ ਨਿਕਲ ਗਿਆ ਅਤੇ ਉਹ ਉਨ੍ਹਾਂ ਦੇ ਆ ਜਾਣ ਮਗਰੋਂ ਕਿੰਨਾ ਚਿਰ ਚਰਖੇ ਨੂੰ ਯਾਦ ਕਰਕੇ ਰੋਂਦੀ ਰਹੀ, ਜਿਸ ਨਾਲ ਉਸ ਨੇ ਹੱਥੀਂ ਸੂਤ ਕੱਤ ਕੇ ਆਪਣੀਆਂ ਤਿੰਨਾਂ ਧੀਆਂ ਦਾ ਦਾਜ ਬਣਾਇਆ ਸੀ |

-ਮਾ: ਮਲਕੀਤ ਸਿੰਘ ਬਾਠ
ਮੋਬਾਈਲ : 95012-31822.

ਨਹਿਲੇ 'ਤੇ ਦਹਿਲਾ ਹਵਾਈ ਜਹਾਜ਼ ਦੀਆਂ ਟਿਕਟਾਂ

ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਾਨੂੰ ਮੁਸ਼ਾਇਰੇ ਲਈ ਬੁਲਾਇਆ ਜਾਂਦਾ ਸੀ ਤਾਂ ਸਾਡੀ ਫੀਸ ਦੇ ਨਾਲ ਰੇਲ ਜਾਂ ਬੱਸ ਦਾ ਕਿਰਾਇਆ ਦਿੱਤਾ ਜਾਂਦਾ ਸੀ | ਕਿਸੇ ਬਹੁਤ ਕਾਮਯਾਬ ਸ਼ਾਇਰ ਨੂੰ ਦੋ-ਚਾਰ ਸੌ ਰੁਪਏ ਫੀਸ ਮਿਲਦੀ ਸੀ | ਮੈਨੂੰ ਵੀ ਰੇਲ ਦਾ ਕਿਰਾਇਆ ਮਿਲਦਾ ਸੀ | ਮੁਸ਼ਾਇਰਾ ਭਾਵੇਂ ਕਰਨਾਟਕ, ਬੰਬਈ, ਕਸ਼ਮੀਰ ਜਾਂ ਮਦਰਾਸ ਵਿਖੇ ਹੋਵੇ |
ਇਕ ਵਾਰੀ ਹੈਦਰਾਬਾਦ ਵਿਖੇ ਮੁਸ਼ਾਇਰਾ ਸੀ | ਅਸੀਂ ਸਾਰੇ ਆਪਣੇ-ਆਪਣੇ ਢੰਗ ਅਤੇ ਸਹੂਲਤ ਅਨੁਸਾਰ ਪਹੁੰਚ ਗਏ ਸੀ | ਆਬਿਦ ਰੋਡ 'ਤੇ ਓਵਰੈਂਟ ਹੋਟਲ ਵਿਚ ਅਸੀਂ ਸਾਰੇ ਕਾਫ਼ੀ ਪੀ ਰਹੇ ਸਾਂ | ਏਨੇ ਨੂੰ ਸ਼ਾਜ਼ ਨਾਮਕ ਇਕ ਸ਼ਾਇਰ ਸਾਡੇ ਕੋਲ ਆ ਗਿਆ | ਸਲਾਮ ਦੁਆ ਤੋਂ ਬਾਅਦ ਉਸ ਨੇ ਆਪਣੇ ਬੈਗ ਵਿਚੋਂ ਹਵਾਈ ਜਹਾਜ਼ ਦੀਆਂ ਟਿਕਟਾਂ ਕੱਢ ਕੇ ਮੇਜ਼ 'ਤੇ ਰੱਖ ਦਿੱਤੀਆਂ ਅਤੇ ਦੱਸਿਆ ਕਿ ਕਸ਼ਮੀਰ ਵਿਚ ਸ਼ਾਨਦਾਰ ਮੁਸ਼ਾਇਰਾ ਹੋ ਰਿਹਾ ਹੈ ਜਿਸ ਵਿਚ ਮੈਨੂੰ ਸੱਦਿਆ ਗਿਆ ਹੈ, ਦੋ ਹਜ਼ਾਰ ਫੀਸ ਦੇਣਗੇ ਅਤੇ ਹੈਦਰਾਬਾਦ ਤੋਂ ਕਸ਼ਮੀਰ ਤੱਕ ਦੀਆਂ ਹਵਾਈ ਟਿਕਟਾਂ ਭੇਜੀਆਂ ਹਨ | ਅਸੀਂ ਸਾਰੇ ਟਿਕਟਾਂ ਵੇਖ ਕੇ ਖ਼ੁਸ਼ ਵੀ ਸਾਂ ਅਤੇ... ਏਨੇ ਨੂੰ ਹੋਟਲ ਦਾ ਕਰਮਚਾਰੀ ਹੀ ਸਾਡੇ ਕੋਲ ਆਇਆ ਅਤੇ ਹੋਰ ਕੁਝ ਖਾਣ ਲਈ ਪੁੱਛਣ ਲੱਗਿਆ | ਇਹ ਵੇਖ ਸ਼ਾਜ਼ ਸਾਹਿਬ ਨੇ ਉੱਚੀ ਆਵਾਜ਼ ਵਿਚ ਕਿਹਾ, 'ਜ਼ਰਾ ਧਿਆਨ ਨਾਲ, ਵੇਖ ਲੈ ਏਥੇ ਹਵਾਈ ਜਹਾਜ਼ ਦੀਆਂ ਟਿਕਟਾਂ ਪਈਆਂ ਨੇ |'
ਥੋੜ੍ਹੀ ਦੇਰ ਬਾਅਦ ਸਾਡੇ ਨਾਲ ਦੀ ਮੇਜ਼ 'ਤੇ ਬੈਠੇ ਕਿਸੇ ਗੱਲੋਂ ਜ਼ੋਰ ਦੀ ਹੱਸ ਪਏ | ਇਹ ਵੇਖ ਕੇ ਸ਼ਾਜ਼ ਸਾਹਿਬ ਨੇ ਉਨ੍ਹਾਂ ਨੂੰ ਆਪਣੇ ਅੰਦਾਜ਼ ਵਿਚ ਕਿਹਾ, 'ਵੀਰੇ, ਜ਼ਰਾ ਹੌਲੀ ਹੱਸੋ, ਆਹ ਵੇਖੋ, ਸਾਡੇ ਮੇਜ਼ 'ਤੇ ਹਵਾਈ ਜਹਾਜ਼ ਦੀਆਂ ਟਿਕਟਾਂ ਪਈਆਂ ਨੇ |'-ਜੇਠੀ ਨਗਰ,

ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਹੂਆ ਤੋ ਹੂਆ

ਅੱਜ ਮੈਨੂੰ ਪੁਰਾਣਾ ਫ਼ਿਲਮੀ ਗੀਤ ਯਾਦ ਆ ਰਿਹਾ ਹੈ:
ਯੇ ਕਯਾ ਹੂਆ? ਕੈਸੇ ਹੂਆ?
ਕਯਾ ਹੂਆ?
ਕਯੋਂ ਹੂਆ?
ਪੂਛੋ ਨਾ |
ਯੇ ਤੋ ਹੋਨਾ ਹੀ ਥਾ |
ਇਹ ਟੁੱਟੇ ਦਿਲ ਦੀ ਆਵਾਜ਼ ਹੈ-ਮਤਲਬ ਸਾਫ਼ ਹੈ, ਇਹ ਨਹੀਂ ਹੋਣਾ ਚਾਹੀਦਾ ਸੀ | ਜੋ ਹੋਇਆ ਬੁਰਾ ਹੋਇਆ, ਇੰਜ ਨਹੀਂ ਹੋਣਾ ਚਾਹੀਦਾ ਸੀ |
ਇਨਸਾਨ ਲਈ ਸਭ ਤੋਂ ਵੱਡੀ ਨਿਹਮਤ ਹੈ, ਇਨਸਾਨੀਅਤ | ਸਭ ਤੋਂ ਵੱਡੀ ਲਾਹਨਤ ਹੈ, ਹੈਵਾਨੀਅਤ | ਇਨਸਾਨੀਅਤ ਹੈ-ਇਨਸਾਨ ਦਾ ਇਨਸਾਨ ਨਾਲ ਪਿਆਰ, ਮੁਹੱਬਤ | ਹੈਵਾਨੀਅਤ ਹੈ-ਇਨਸਾਨ ਦਾ ਇਨਸਾਨ ਹੱਥੋਂ ਵਿਨਾਸ਼ |
ਇਨਸਾਨੀਅਤ ਹੈ-ਇਕ ਦੂਜੇ ਦੇ ਦਰਦ ਵੰਡਣਾ, ਜ਼ਖ਼ਮਾਂ ਤੇ ਮਰ੍ਹਮ ਲਾਉਣੀ | ਹੈਵਾਨੀਅਤ ਹੈ-ਜ਼ਖ਼ਮ ਦੇਣੇ, ਜ਼ਖ਼ਮਾਂ 'ਤੇ ਲੂਣ ਛਿੜਕਣਾ | ਅਤਿ ਦਾ ਜ਼ੁਲਮ ਢਾਹੁਣਾ, ਅਣਿਆਈ ਮੌਤ ਦੇਣਾ |
ਇਨਸਾਨ ਹੱਥੋਂ ਇਨਸਾਨ ਦਾ ਹੁੰਦਾ ਘਾਣ ਵੇਖ ਕੇ, ਰੂਹਾਨੀ ਰੂਹਾਂ ਵੀ ਤੜਫ਼ ਪੈਂਦੀਆਂ ਹਨ, ਰੱਬ ਨੂੰ ਗਿਲਾ ਕਰਦੀਆਂ ਹਨ... 'ਏਤੀ ਮਾਰ ਪਈ ਕੁਰਲਾਣੈ, ਤੈ ਕੀ ਦਰਦ ਨਾ ਆਇਆ?'
ਹੈ ਕਿਸੇ ਸੈਮ ਪਿਤਰੋਦਾ ਦੀ ਹਿੰਮਤ ਕਿ ਆਖੇ, 'ਕਾਹਨੂੰ-ਅੱਜ ਵੀ ਦਿਲੀ ਸਿੱਖ ਕਤਲੇਆਮ ਦੀ ਯਾਦ ਤਾਜ਼ਾ ਕਰ ਰਹੇ ਹੋ? ਹੂਆ ਤੋ ਹੂਆ |'
1984... ਪੂਰੇ ਭਾਰਤ ਵਿਚ, ਤੇ ਖਾਸ ਕਰ ਰਾਜਧਾਨੀ ਦਿੱਲੀ ਵਿਚ ਸਿਰਫ਼ ਤੇ ਸਿਰਫ਼ ਸਿੱਖਾਂ ਦਾ ਘਾਣ, ਅਜਿਹੇ ਤਸੀਹੇ ਦੇ ਦੇ ਕੇ, ਕੀਤਾ ਗਿਆ, ਉਹ ਤਾਂ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੈ |
ਨੌਜਵਾਨ ਸਿੱਖਾਂ ਨੂੰ ਘਰੋਂ ਧੂਹ ਕੇ ਬਾਹਰ ਸੜਕ 'ਤੇ ਕੱਢਿਆ ਗਿਆ | ਫੇਰ ਉਨ੍ਹਾਂ ਦੇ ਗਲਾਂ 'ਚ ਜਲਦੇ ਟਾਇਰ ਪਾ ਕੇ, ਮਿੱਟੀ ਦਾ ਤੇਲ, ਪੈਟਰੋਲ ਛਿੜਕ-ਛਿੜਕ ਕੇ ਸਾੜਿਆ ਗਿਆ | ਸਿੱਖਾਂ ਦੇ ਘਰ, ਸਿੱਖਾਂ ਦੀਆਂ ਦੁਕਾਨਾਂ ਸਾੜ-ਫੂਕ ਦਿੱਤੀਆਂ | ਅੱਜ ਵੀ ਕਾਨੂੰਨ ਹੈ ਕਿ ਜੇਕਰ ਕਿਸੇ ਮਨੁੱਖ ਨੂੰ ਆਤਮ-ਹੱਤਿਆ ਕਰਨ ਲਈ ਵੀ ਕੋਈ ਹੋਰ ਹੱਲਾਸ਼ੇਰੀ ਦੇਵੇ ਤਾਂ ਉਹ ਜੇਕਰ ਆਤਮ-ਹੱਤਿਆ ਕਰ ਲੈਂਦਾ ਹੈ ਤਾਂ ਹੱਲਾਸ਼ੇਰੀ ਦੇਣ ਵਾਲਾ ਵੀ ਓਨਾ ਹੀ ਗੁਨਾਹਗਾਰ ਹੈ | ਉਸ 'ਤੇ ਮੁਕੱਦਮਾ ਚਲਦਾ ਹੈ | ਕਾਨੂੰਨ ਬਰਾਬਰ ਸਜ਼ਾ ਦਿੰਦਾ ਹੈ | ਉਸ ਵੇਲੇ ਤਾਂ ਕਹਿੰਦੇ ਕਹਾਉਂਦੇ ਲੀਡਰ ਖੁੱਲ੍ਹੇ ਆਮ, ਹੈਾਸਿਆਰਿਆਂ ਨੂੰ ਹੱਲਾਸ਼ੇਰੀ ਦੇ ਰਹੇ ਸਨ | ਇਨ੍ਹਾਂ ਸਭਨਾਂ ਨੂੰ ਹੱਥਕੜੀਆਂ ਲਾ ਕੇ, ਕਾਨੂੰਨ ਦੇ ਹਵਾਲੇ ਕਰਨ ਦੀ ਥਾਂ ਇਨ੍ਹਾਂ ਦੀ ਇਸ ਸੇਵਾ ਬਦਲੇ ਉਨ੍ਹਾਂ ਨੂੰ ਐਮ.ਪੀ. ਦੀਆਂ ਟਿਕਟਾਂ ਦਿੱਤੀਆਂ ਗਈਆਂ, ਕੇਂਦਰੀ ਸਰਕਾਰ 'ਚ ਵਜ਼ੀਰ ਬਣਾ ਕੇ ਨਵਾਜਿਆ ਗਿਆ, ਵੱਡੇ-ਵੱਡੇ ਅਹੁਦੇ ਬਖਸ਼ੇ ਗਏ, ਬਖਸ਼ਿਸ਼ 2019 ਵਿਚ ਵੀ ਜਾਰੀ ਹੈ, ਮੱਧ ਪ੍ਰਦੇਸ਼ ਦਾ, ਇਸ ਸਮੇਂ ਮੁੱਖ ਮੰਤਰੀ ਕੌਣ ਹੈ?
ਹੱਸਣਾ ਨਾ, ਐਤਕੀਂ ਲੋਕ ਸਭਾ ਦੀਆਂ ਚੋਣਾਂ ਦਾ ਦੌਰ ਚੱਲਿਆ | ਕਾਂਗਰਸ ਨੇ ਆਪਣੀ ਟੈਗ ਲਾਈਨ ਰੱਖੀ ਸੀ...
'ਅਬ ਹੋਗਾ ਨਿਆਏ'
'ਹੁਣ ਹੋਏਗਾ ਨਿਆਂ...
ਹੁਣ ਹੋਏਗਾ ਇਨਸਾਫ |'
'ਸੁਆਹ ਤੇ ਖੇਹ ਹੋਏਗਾ | ਨਿਆਏ'
'ਸਿੱਖਾਂ ਨਾਲ ਹੋਏਗਾ ਨਿਆਏਾ?
ਸਵ: ਰਾਜੀਵ ਗਾਂਧੀ ਦੇ ਸਲਾਹਕਾਰ ਤੇ ਰਾਹੁਲ ਗਾਂਧੀ ਦੇ ਸਿਪਾਹਸਲਾਰ ਨੇ ਇਹਦਾ ਖੁਲਾਸਾ ਕਰ ਦਿੱਤਾ, ਇਹ ਸੱਚ ਬੋਲ ਕੇ...
'ਹੂਆ ਤੋ ਹੂਆ |'
ਸੈਮ ਪਿਤਰੋਦਾ ਨੇ, ਜਿਸ ਅੰਦਾਜ਼ 'ਚ ਉਚਰਿਆ ਹੈ, ਪੰਜਾਬੀ 'ਚ ਇਉਂ ਹੈ:
'ਹੋਇਆ ਤਾਂ ਹੋਇਆ, ਜੋ ਹੋਣਾ ਸੀ ਹੋ ਗਿਆ...' ਚੁੱਪ ਕਰਕੇ ਬੈਠੇ ਰਹੋ', ਰੌਲਾ ਪੈ ਗਿਆ | ਮੁੜ ਕੇ ਆਤਮਾਵਾਂ ਤੜਫੀਆਂ, ਜ਼ਖ਼ਮ ਮਸਾਂ ਭਰੇ ਵੀ ਨਹੀਂ ਸਨ ਕਿ ਚਲੋ 34 ਸਾਲਾਂ ਮਗਰੋਂ ਇਕ ਦੋਸ਼ੀ ਸੱਜਣ ਕੁਮਾਰ ਨੂੰ ਉਸ ਦੇ ਗੁਨਾਹ ਕਾਰਨ ਉਮਰ ਕੈਦ ਦੀ ਸਜ਼ਾ ਹੋ ਗਈ | ਉਹ ਇਸ ਵੇਲੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ ਕਿ ਸੈਮ ਪਿਤਰੋਦਾ ਨੇ ਇਹ ਆਖ ਦਿੱਤਾ, 'ਹੂਆ ਤੋ ਹੂਆ |'
'ਹੂਆ' ਨਹੀਂ 'ਹਊਆ' ਆਪਣੇ ਮਗਰ ਪਾ ਲਿਆ, ਕਾਂਗਰਸ ਲਈ ਮੁੜ ਕਲੇਸ਼ ਖੜਵਾ ਕਰ ਦਿੱਤਾ | ਪੰਜਾਬ ਤੇ ਦਿੱਲੀ 'ਚ ਚੋਣਾਂ ਦਾ ਪੜਾਅ ਸੀ, ਉਸ ਤੋਂ ਪਹਿਲਾਂ ਹੀ ਸਿੱਖਾਂ ਦੇ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ |
'ਹੱਥੋਂ ਦਿੱਲੀ ਦਾ ਰਾਜ ਗਵਾਇਆ ਸੀ, ਉਹ ਮੁੜ ਕੇ ਦਬੋਚਣ ਦੀ ਲਾਲਸਾ ਸੀ ਪੰਜਾਬ 'ਚ, ਰਾਜ ਆਇਆ ਸੀ ਮਸਾਂ-ਮਸਾਂ ਉਹ ਹੱਥੋਂ ਗੁਵਾਉਣਾ ਸੀ... ਨਾ ਜੀ ਨਾ... ਹੱਥ ਦੇ ਨਿਸ਼ਾਨ ਨੂੰ ਹੱਥਾਂ-ਪੈਰਾਂ ਦੀ ਪੈ ਗਈ |
ਵੋਹ ਭੂਲੀ ਦਾਸਤਾਂ...
ਫਿਰ ਯਾਦ ਆ ਗਈ....
7 ਸੀਟਾਂ ਦਿੱਲੀ ਦੀਆਂ, 13 ਸੀਟਾਂ ਪੰਜਾਬ ਦੀਆਂ, ਫਿਰ ਸਿੱਖਾਂ ਦੀ ਯਾਦ ਆਈ | ਇਕ ਉਸਤਾਦ ਦੇ ਬੋਲ-ਕਬੋਲ ਨੇ ਸਾਰੀ ਆਸ ਗਵਾਈ | ਐਥੇ ਮੈਨੂੰ ਸੱਜਣੋ ਇਕ ਬੀਤੇ ਦੀ ਯਾਦ ਆਈ... ਯਾਦ ਕਰੋ ਅਨਾਰਕਲੀ ਦੇ ਹੱਥਾਂ 'ਚ ਦੋ ਕਬੂਤਰ ਸਨ... ਸ਼ਾਹਿਜ਼ਾਦਾ ਸਲੀਮ ਨੇ ਫੜਾਏ, ਥੋੜ੍ਹੀ ਦੇਰ ਮਗਰੋਂ ਉਹ ਵਾਪਸ ਆਇਆ ਤਾਂ ਅਨਾਰਕਲੀ ਹੱਥ ਇਕ ਕਬੂਤਰ ਸੀ | ਉਹਨੇ ਪੁੱਛਿਆ, 'ਅਨਾਰਕਲੀ ਦੂਜਾ ਕਬੂਤਰ ਕਿੱਥੇ ਏ?'
'ਉਹਤਾਂ ਉੱਡ ਗਿਐ |'
'ਕਿਵੇਂ?'
ਅਨਾਰਕਲੀ ਨੇ ਦੂਜਾ ਕਬੂਤਰ ਵੀ ਹੱਥ 'ਚੋਂ ਛੱਡ ਕੇ ਕਿਹਾ, 'ਐਦਾਂ' |
ਮੈਨੂੰ ਪੂਰਾ ਵਿਸ਼ਵਾਸ ਹੈ, ਸਭ ਤੋਂ ਪਹਿਲਾਂ ਸ਼ੀਲਾ ਦੀਕਸ਼ਤ ਨੇ ਸਿਰ ਫੜ ਕੇ ਕਿਹਾ ਹੋਣੈ... 'ਯੇਹ ਕਯਾ ਹੂਆ?'
ਫਿਰ ਸੋਨੀਆ ਜੀ ਨੇ ਘਬਰਾ ਕੇ ਕਿਹਾ ਹੋਣੈ, 'ਕਯੋਂ ਹੂਆ?'
ਫੇਰ ਪਿ੍ਅੰਕਾ ਗਾਂਧੀ ਵਾਡਰਾ ਨੇ ਘਬਰਾ ਕੇ ਰਾਹੁਲ ਜੀ ਤੋਂ ਪੁੱਛਿਆ ਹੋਣੈ, 'ਕੈਸੇ ਹੂਆ?' ਰਾਹੁਲ ਜੀ ਨੇ ਮੱਥੇ 'ਤੇ ਹੱਥ ਮਾਰ ਕੇ ਜਵਾਬ ਦਿੱਤਾ ਹੋਣੈ, 'ਛੋੜੋ ਯੇਹ ਨਾ ਪੂਛੋ', ਸਾਡੀ ਕਿਸਮਤ ਹੀ ਖਰਾਬ ਹੈ | ਸੱਪ ਤੇ ਸੀੜ੍ਹੀ ਦੀ ਖੇਡ ਹੈ | ਐਨ ਜਦ ਧੁਰ ਉੱਪਰ ਤੱਕ ਕਾਂਗਰਸ ਪਹੁੰਚ ਜਾਂਦੀ ਹੈ, ਕੋਈ ਨਾ ਕੋਈ ਸੱਪ ਡੰਗ ਮਾਰ ਦਿੰਦਾ ਹੈ, ਅਸੀਂ ਫੜਾਂਹ ਕਰਕੇ ਧੁਰ ਥੱਲੇ ਢਹਿ ਪੈਂਦੇ ਹਾਂ |
ਪਹਿਲਾਂ ਗੁਜਰਾਤ ਦੀਆਂ ਚੋਣਾਂ 'ਚ ਜਦ ਜਿੱਤਣ ਦੀ ਆਸ ਪੱਕੀ ਹੋ ਗਈ ਸੀ, ਐਨ ਆਖਰੀ ਪੜਾਅ 'ਤੇ ਮਣੀਸ਼ੰਕਰ ਅਈਅਰ ਨੇ ਇਹ ਆਖ ਕੇ ਭੱਠਾ ਬਿਠਾ ਦਿੱਤਾ, 'ਮੋਦੀ ਨੀਚ ਹੈ' ਹੁਣ ਐਨ ਆਖਰੀ ਸਮੇਂ ਸੈਮ ਪਿਤਰੋਦਾ ਨੇ ਲੂਤੀ ਲਾ ਦਿੱਤੀ 1984 'ਚ ਸਿੱਖਾਂ ਦੇ ਹੋਏ ਘਾਣ 'ਤੇ, ਇਹ ਬੋਲ-ਬੋਲ ਕੇ ਕਿ 'ਹੂਆ ਤੋ ਹੂਆ' |
'ਮਾਫੀ ਮੰਗੋ, ਸਿੱਖਾਂ ਤੋਂ ਮੁਆਫ਼ੀ ਮੰਗੋ, ਆਪਣੀ ਪੱਤ ਢੱਕੋ |'
ਰਾਹੁਲ ਜੀ ਨੇ ਤੇ ਪੂਰੀ ਕਾਂਗਰਸ ਪਾਰਟੀ ਨੇ ਸੈਮ ਪਿਤਰੋਦਾ ਦੇ ਇਸ ਬੋਲ-ਕਬੋਲ ਦੀ ਨਿਖੇਧੀ ਕੀਤੀ, ਸਗੋਂ ਉਸ ਨੂੰ ਮਜਬੂਰ ਕੀਤਾ ਕਿ ਉਹ ਸਿੱਖਾਂ ਤੋਂ ਮੁਆਫ਼ੀ ਮੰਗੇ | ਉਹਨੇ ਝੱਟ ਮੁਆਫ਼ੀ ਮੰਗ ਲਈ, ਇਹ ਬਹਾਨਾ ਲਾ ਕੇ ਕਿ ਉਹਦੀ ਹਿੰਦੀ ਠੀਕ ਨਹੀਂ ਹੈ, ਉਹਨੇ ਕਹਿਣਾ ਸੀ, 'ਜੋ ਹੂਆ ਬੁਰਾ ਹੂਆ, ਪਰ ਮੰੂਹੋਂ ਨਿਕਲ ਗਿਆ, 'ਹੂਆ ਤੋ ਹੂਆ |''
ਚਲੋ ਜੀ, ਹੁਣ ਕਾਂਗਰਸ ਵਾਲੇ ਇਹ ਕਹਿਣਗੇ, 'ਯੇਹ ਕਯਾ ਹੂਆ?'
ਜਿਹੜੇ ਜਿੱਤੇ, ਉਹ ਤਾਂ ਕਹਿਣਗੇ ਹੀ, 'ਅਬ ਪਛਤਾਏ ਹੋਤ ਕਯਾ, ਹੂਆ ਤੋ ਹੂਆ |'

ਮਿਹਨਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਇਮਾਨਦਾਰ ਬਣਨ ਦਾ ਹੌਸਲਾ ਰੱਖੋ ਤੇ ਮਿਹਨਤ ਮੁਸ਼ੱਕਤ ਦਾ ਕੋਈ ਵੀ ਕੰਮ ਕਰਨ ਤੋਂ ਨਾ ਡਰੋ |
• ਜੀਵਨ 'ਚ ਜਿੰਨਾ ਮਰਜ਼ੀ ਔਖਾ ਸਮਾਂ ਆ ਜਾਵੇ ਪਰ ਨਾ ਮਿਹਨਤ ਕਰਨੀ ਛੱਡੋ ਅਤੇ ਨਾ ਹੀ ਉਮੀਦ ਕਿਉਂਕਿ ਮਿਹਨਤ ਆਪਣਾ ਰੰਗ ਜ਼ਰੂਰ ਵਿਖਾਉਂਦੀ ਹੈ |
• ਸਿਆਣੇ ਕਹਿੰਦੇ ਹਨ ਕਿ ਮਿਹਨਤ ਕਰਨਾ ਕੀੜੀ ਤੇ ਬਿਜੜੇ ਤੋਂ ਸਿੱਖੋ, ਬਗਲੇ ਤੋਂ ਤਰਕੀਬ ਤੇ ਮੱਕੜੀ ਤੋਂ ਕਾਰੀਗਿਰੀ |
• ਸੱਤ ਪੁਸ਼ਤਾਂ ਦੀ ਮਿਹਨਤ ਅਤੇ ਬੱਚਤ ਨਾਲ ਪੈਦਾ ਕੀਤੀ ਖੁਸ਼ਹਾਲੀ ਬਾਅਦ ਹੀ ਕੋਈ ਪਰਿਵਾਰ ਖਾਨਦਾਨ ਅਖਵਾਉਂਦਾ ਹੈ |
• ਕੋਈ ਹਤਾਸ਼ ਹੋ ਕੇ ਬਿਖਰ ਜਾਤਾ ਹੈ, ਕੋਈ ਮਿਹਨਤ, ਸੰਘਰਸ਼ ਕਰਕੇ ਨਿਖਰ ਜਾਤਾ ਹੈ |
• ਮਿਹਨਤ ਨਾਲ ਇਬਰਾਹੀਮ ਲਿੰਕਨ ਅਮਰੀਕਾ ਦੇ ਰਾਸ਼ਟਰਪਤੀ ਬਣੇ | ਡਾ: ਅਬਦੁਲ ਕਲਾਮ ਜੋ ਗ਼ਰੀਬ ਘਰ ਵਿਚ ਪੈਦਾ ਹੋਏ, ਭਾਰਤ ਦੇ ਰਾਸ਼ਟਰਪਤੀ ਬਣੇ | ਅਨੁਸ਼ਾਸਨ ਅਤੇ ਮਿਹਨਤ ਦਾ ਜ਼ਿੰਦਗੀ ਵਿਚ ਬਹੁਤ ਮਹੱਤਵ ਹੈ | ਇਸ ਲਈ ਇਨ੍ਹਾਂ ਦਾ ਕਦੀ ਪੱਲਾ ਨਾ ਛੱਡੋ ਤੇ ਆਲਸ ਨੂੰ ਆਪਣੀ ਜ਼ਿੰਦਗੀ ਵਿਚ ਦਾਖਲ ਨਾ ਹੋਣ ਦਿਓ |
• ਏਨੀ ਮਿਹਨਤ ਕਰੋ, ਏਨੀ ਮਿਹਨਤ ਕਰੋ ਕਿ ਵਿਤਕਰੇ ਦੇ ਬਾਵਜੂਦ ਵੀ ਅੱਗੇ ਨਿਕਲ ਜਾਓ |

-ਮੋਬਾਈਲ : 99155-63406.

ਵਿਅੰਗ: ਵੋਟਰੋ ਗੁੱਡ ਬਾਏ...

ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ ਕਿ ਤੁਸੀਂ ਆਪਣੇ ਹਿਤਾਂ ਦੀ ਪੂਰਤੀ ਲਈ ਸਾਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ | ਅਸਲ ਵਿਚ ਇਹ ਸਾਡੀ ਨਹੀਂ, ਤੁਹਾਡੀ ਆਪਣੀ ਹੀ ਕਾਮਯਾਬੀ ਹੈ... ਹੀਂ... ਹੀਂ…... ਹੀਂ... | ਹਾਂ, ਤੇ ਸਾਡੇ ਹਲਕੇ ਦੇ ਸੂਝਵਾਨ ਵੋਟਰੋ, ਤੁਹਾਨੂੰ ਇਹ ਤਾਂ ਭਲੀਭਾਂਤ ਪਤਾ ਹੀ ਐ ਕਿ ਅਸੀਂ ਪੂਰੇ ਪੰਜ ਮਹੀਨੇ ਤੁਹਾਡੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਟੁੱਟੀਆਂ ਸੜਕਾਂ ਦੀ ਧੂੜ ਫੱਕਦੇ ਰਹੇ ਹਾਂ | ਤੁਹਾਡੀਆਂ ਵੋਟਾਂ ਲੈਣ ਲਈ ਅਸੀਂ ਅਣਥੱਕ ਕੋਸ਼ਿਸ਼ਾਂ ਕੀਤੀਆਂ | ਤੁਹਾਡੇ ਅੱਗੇ ਹੱਥ ਜੋੜੇ | ਅੱਡੀਆਂ- ਗੋਡੇ ਰਗੜੇ | ਤੁਹਾਡੇ ਤੱਤੇ- ਤੱਤੇ ਸਵਾਲਾਂ ਦੇ ਗੋਲ-ਮੋਲ ਜਵਾਬ ਦੇ ਕੇ ਬੁੱਤਾ ਸਾਰਿਆ | ਘਰ- ਘਰ ਜਾ ਕੇ ਹਰੇਕ ਨੂੰ ਲਾਰੇ ਲਾਏ | ਨਸ਼ਿਆਂ ਦੇ ਅਤੁੱਟ ਭੰਡਾਰ ਵਰਤਾਏ | ਹਰੇ ਕੰਨਾਂ ਵਾਲੇ ਨੋਟ ਤੁਹਾਡੇ ਬੋਝਿਆਂ ਵਿਚ ਮੱਲੋ-ਜ਼ੋਰੀਂ ਪਾਏ | ਏਦੂੰ ਵੀ ਵੱਧ ਪੋਲਿੰਗ ਬੂਥਾਂ 'ਤੇ ਜਾ ਜਾ ਕੇ ਮਰ ਚੁੱਕੇ ਵੋਟਰਾਂ ਦੇ ਜਾਅਲੀ ਵੋਟ ਭੁਗਤਾਏ | ਅਜਿਹੇ ਅਨੇਕਾਂ ਕਾਰਨਾਮਿਆਂ ਦੀ ਬਦੌਲਤ ਅਸੀਂ ਜਿੱਤ ਪ੍ਰਾਪਤ ਕੀਤੀ ਹੈ |
ਆਹ ਪਿਛਲੇ ਪੰਜ ਮਹੀਨੇ ਗਾਂਧੀ ਮਾਰਕਾ ਖੱਦਰ ਪਹਿਨ-ਪਹਿਨ ਕੇ ਸਾਡੇ ਸੋਹਲ ਅਤੇ ਮੁਲਾਇਮ ਪਿੰਡੇ 'ਤੇ ਧੱਫੜ ਹੀ ਧੱਫੜ ਹੋ ਗਏ ਹਨ | ਵੈਸੇ ਆਮ ਹਾਲਤਾਂ ਵਿਚ ਅਸੀਂ ਇੰਪੋਰਟਿਡ ਵਸਤਰ ਹੀ ਪਹਿਨਿਆ ਕਰਦੇ ਹਾਂ | ਪਰ ਹੁਣ ਅਸੀਂ ਕਰਦੇ ਵੀ ਕੀ? ਸਮੇਂ ਦੀ ਵੀ ਇਹੋ ਹੀ ਮੰਗ ਸੀ | ਖੱਦਰ ਦੇ ਵਸਤਰ ਪਹਿਨ ਕੇ ਅਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਆਪਣੇ ਵੋਟਰਾਂ ਵਾਂਗ ਗ਼ਰੀਬ ਅਤੇ ਸਾਦਗੀਪਸੰਦ ਹਾਂ | ਨਿੱਤ-ਨਿੱਤ ਦੀ ਭੱਜ-ਨੱਸ ਕਰਕੇ ਸਾਡਾ ਬੀ. ਪੀ. ਜ਼ਰਾ ਕੁ ਹਾਈ ਰਹਿਣ ਲੱਗ ਪਿਆ ਹੈ ਅਤੇ ਸਾਡੀ ਕੋਇਲ ਵਰਗੀ ਸੁਰੀਲੀ ਆਵਾਜ਼ ਲਗਾਤਾਰ ਭਾਸ਼ਨ ਦੇ ਦੇ ਕੇ ਘੋਗੜ ਕਾਂ ਵਰਗੀ ਬੇਸੁਰੀ ਹੋਈ ਪਈ ਹੈ | ਕਿਉਂਕਿ ਸੰਸਦ ਵਿਚ ਜਾ ਕੇ ਹੁਣ ਅਸੀਂ ਤਹਾਡੇ ਇਲਾਕੇ ਦੀ ਨੁਮਾਇੰਦਗੀ ਕਰਨੀ ਹੈ, ਇਸ ਲਈ ਅਸੀਂ ਆਪਣੇ ਚੈੱਕ-ਅਪ ਲਈ ਵਿਸ਼ੇਸ਼ ਡਾਕਟਰਾਂ ਦੀ ਇਕ ਟੀਮ ਬਾਹਰਲੇ ਮੁਲਕ ਵਿਚੋਂ ਬੁਲਵਾਈ ਹੈ | ਜੇ ਅਸੀਂ ਪੂਰੀ ਤਰਾਂ ਤੰਦਰੁਸਤ ਹੋਵਾਂਗੇ ਤਦ ਹੀ ਤੁਹਾਡੀ ਖ਼ਾਤਰ ਉੱਥੇ ਜਾ ਕੇ ਗਰਮਾ-ਗਰਮ ਬਿਆਨ ਦਾਗ਼ ਸਕਾਂਗੇ, ਵਿਰੋਧੀਆਂ ਨਾਲ ਲੱਤੋ-ਲੱਤੀ ਹੋ ਸਕਾਂਗੇ, ਉਨ੍ਹਾਂ ਨੂੰ ਮਾਡਰਨ ਗਾਲ੍ਹਾਂ ਦਾ ਪੈਕੇਜ ਭੇਟ ਕਰ ਸਕਾਂਗੇ ਅਤੇ ਉਨ੍ਹਾਂ ਨੂੰ ਯਾਦਗਾਰੀ ਸਬਕ ਸਿਖਾਉਣ ਲਈ ਅੱਖਾਂ ਵਿਚ ਧੂੜਾ ਪਾ ਸਕਾਂਗੇ... ਹੈ ਕਿ ਨਾ... ਹੀਂ... ਹੀਂ... ਹੀਂ ... |
ਕੀ ਕਿਹਾ! ਸਾਡੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ਦਾ ਕੀ ਬਣੂੰ? ਓ ਛੱਡੋ ਜੀ ਭਾਈ ਸਾਅਬ, ਇਹ ਤਾਂ ਤੁਹਾਨੂੰ ਪਿਛਲੇ ਸੱਤਰ ਸਾਲਾਂ ਦਾ ਭਰਪੂਰ ਤਜਰਬਾ ਹੈ ਕਿ ਸਾਡੇ ਵਾਅਦੇ ਤਾਂ ਤੁਹਾਥੋਂ ਵੋਟਾਂ ਬਟੋਰਨ ਲਈ ਹੀ ਹੁੰਦੇ ਹਨ | ਹੁਣ ਵੋਟਾਂ ਅਸੀਂ ਲੈ ਲਈਆਂ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਬਾ-ਇੱਜ਼ਤ ਐਮ. ਪੀ. ਬਣ ਗਏ ਹਾਂ | ਹੁਣ ਤੂੰ ਕੌਣ ਅਖੇ ਮੈਂ ਖਾਹ-ਮਖਾਹ ... ਚਲੋ ਫਿਰ ਵੀ ਅਸੀਂ ਭਰਪੂਰ ਕੋਸ਼ਿਸ਼ ਕਰਾਂਗੇ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਕੋਈ ਨਾ ਕੋਈ ਰੁਜ਼ਗਾਰ ਜ਼ਰੂਰ ਦੁਆਇਆ ਜਾਵੇ | ਅਸੀਂ ਆਪਣੀ ਮੌਜ-ਮਸਤੀ ਲਈ ਇਕ ਬਾਹਰਲੇ ਮੁਲਕ ਵਿਚੋਂ ਨਵੀਂ ਨਸਲ ਦੇ ਕੁਝ ਘੋੜੇ ਮੰਗਵਾ ਰਹੇ ਹਾਂ | ਉਨ੍ਹਾਂ 'ਤੇ ਖ਼ਰਖ਼ਰਾ ਫੇਰਨ ਲਈ ਕੁਝ ਮੁਲਾਜ਼ਮਾਂ ਦੀ ਜ਼ਰੂਰਤ ਤਾਂ ਪਵੇਗੀ ਹੀ | ਅਸੀਂ ਤੁਹਾਨੂੰ ਭਰਪੂਰ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਉਨ੍ਹਾਂ ਵੈਕੈਂਟ ਪੋਸਟਾਂ 'ਤੇ ਤੁਹਾਡੇ ਹਲਕੇ ਦੇ ਬੇਰੁਜ਼ਗਾਰ ਨੌਜਵਾਨ ਹੀ ਐਡਜੈੱਸਟ ਕੀਤੇ ਜਾਣਗੇ | ਆਪਣੀ ਆਮਦਨ ਵਿਚ ਭਰਪੂਰ ਵਾਧਾ ਕਰਨ ਲਈ ਅਸੀਂ ਹੁਣ ਅਲੱਗ-ਅਲੱਗ ਰੂਟਾਂ 'ਤੇ ਵਾਹਵਾ ਸਾਰੀਆਂ ਏ.ਸੀ. ਬੱਸਾਂ ਵੀ ਪਾਉਣੀਆਂ ਹਨ | ਉਨ੍ਹਾਂ ਬੱਸਾਂ ਲਈ ਡਰਾਈਵਰ, ਕੰਡਕਟਰ ਅਤੇ ਕਲੀਨਰਾਂ ਦੀ ਜ਼ਰੂਰਤ ਤਾਂ ਪਵੇਗੀ ਹੀ | ਉਨ੍ਹਾਂ ਪੋਸਟਾਂ 'ਤੇ ਵੀ ਤੁਹਾਡੇ ਹਲਕੇ ਦੇ ਨੌਜਵਾਨ ਹੀ ਲਾਏ ਜਾਣਗੇ | ਵੈਸੇ ਇਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਐ ਕਿ ਮੰਦੀ ਦਾ ਦੌਰ ਸਾਰੇ ਸੰਸਾਰ ਭਰ ਵਿਚ ਹੀ ਚੱਲ ਰਿਹੈ | ਇਸ ਲਈ ਸਰਕਾਰੀ ਨੌਕਰੀਆਂ ਦੀ ਉਮੀਦ ਆਪਣੇ ਦਿਲ ਵਿਚੋਂ ਕੱਢ ਕੇ ਜੇ ਤੁਸੀਂ ਸਹਾਇਕ ਧੰਦੇ ਅਪਣਾ ਲਓ ਤਾਂ ਬਹੁਤ ਹੀ ਵਧੀਆ ਰਹੇਗਾ | ਭਾਵ ਇਕ ਚਿੱਬੇ ਜਿਹੇ ਮੂੰਹ ਵਾਲੀ ਨਸਲ ਦਾ ਕਤੂਰਾ ਸੱਠ ਹਜ਼ਾਰ ਰੁਪਏ ਵਿਚ ਮੌਜ ਨਾਲ ਵਿਕ ਜਾਂਦਾ ਹੈ | ਏਸ ਨਸਲ ਦੀ ਕੁੱਤੀ ਸਾਲ ਵਿਚ ਚਾਰ ਵਾਰ ਸੂ ਪੈਂਦੀ ਹੈ ਅਤੇ ਇਕ ਵਾਰੀ ਦੇ ਘੱਟੋ-ਘੱਟ ਦਰਜਨ ਕਤੂਰੇ ਦਿੰਦੀ ਹੈ | ਕਾਕਿਓ, ਜ਼ਰਾ ਕੈਲਕੂਲੇਟਰ ਨਾਲ ਹਿਸਾਬ ਲਗਾ ਕੇ ਤਾਂ ਦੱਸਿਓ ਕਿ ਸਾਲ ਦੀ ਕੁੱਲ ਕਿੰਨੀ ਕਮਾਈ ਹੋਵੇਗੀ? ਐਨੀ ਤਨਖ਼ਾਹ ਤਾਂ ਡੀਸੀ ਵੀ ਨਹੀਂ ਲੈਂਦਾ ਹੋਣਾ | ਜੇ ਸ਼ਰਾਬ ਦੇ ਠੇਕੇ ਦੇ ਬਾਹਰ ਪਕੌੜਿਆਂ ਦੀ ਰੇੜ੍ਹੀ ਲਗਾ ਲਓਗੇ ਤਾਂ ਥੋਡੇ ਘਰ ਨੋਟਾਂ ਦੀ ਨ੍ਹੇਰੀ ਆ ਜੂ | ਨਾਲੇ ਮੁਫ਼ਤ ਵਿਚ ਹੀ ਤੁਹਾਡਾ ਅਤੇ ਤੁਹਾਡੇ ਜੁਆਕਾਂ ਦਾ ਚਿੱਤ ਵੀ ਕਰਾਰਾ ਹੋ ਜਾਇਆ ਕਰੇਗਾ |
ਹਾਂ, ਸਾਰੇ ਪਿੰਡਾਂ ਵਿਚ ਨਵੇਂ ਵਾਟਰ-ਵਰਕਸ ਬਣਵਾਉਣ ਦਾ ਿਖ਼ਆਲ ਆਪਣੇ ਮਨਾ ਵਿਚੋਂ ਬਿਲਕੁਲ ਹੀ ਕੱਢ ਦਿਓ | ਇਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਐ ਕਿ ਆਪਣਾ ਖ਼ਜ਼ਾਨਾ ਤਾਂ ਬਿਲਕੁਲ ਹੀ ਖ਼ਾਲੀ ਹੈ | ਜੇ ਤੁਸੀਂ ਸੱਚ ਪੁੱਛਦੇ ਓ, ਤਾਂ ਸਾਡੇ ਕੋਲ ਹੁਣ ਵਿਹੁ ਖਾਣ ਨੂੰ ਵੀ ਚਾਰ ਛਿੱਲੜ ਹੈਨੀ | ਇਸ ਕਰਕੇ ਹਰ ਪਿੰਡ ਲਈ ਨਵਾਂ ਵਾਟਰ- ਵਰਕਸ ਬਣਾ ਸਕਣਾ ਸਾਡੇ ਲਈ ਬਿਲਕੁਲ ਹੀ ਸੰਭਵ ਨਹੀਂ | ਸੋ, ਤੁਸੀਂ ਸਭ ਭੈਣ ਭਰਾ ਉੱਪਰ ਵਾਲੇ ਦਾ ਹੁਕਮ ਮੰਨ ਕੇ ਨਹਿਰਾਂ ਦਾ ਵਿਟਾਮਿਨ-ਯੁਕਤ ਜਲ ਪੁਣ-ਪੁਣ ਕੇ ਛਕਿਆ ਕਰਿਓ | ਕੀ ਕਿਹਾ! ਉਸ ਵਿਚ ਚਮੜਾ ਫੈਕਟਰੀਆਂ ਅਤੇ ਬੁੱਢੇ ਨਾਲੇ ਦਾ ਗੰਦਾ ਪਾਣੀ ਰਲਿਆ ਹੋਇਐ? ਓ ਛੱਡੋ ਜੀ, ਇਹ ਪਾਣੀ ਭਲਾਂ ਥੋਡਾ ਕੀ ਵਿਗਾੜ ਦੇਊ? ਵੱਧ ਤੋਂ ਵੱਧ ਕੈਂਸਰ ਹੀ ਹੋਊਗਾ ਨਾ ਤੇ ਉਹਦੇ ਬਾਰੇ ਤੁਸੀਂ ਬਿਲਕੁੱਲ ਹੀ ਬੇਫ਼ਿਕਰ ਹੋ ਜਾਓ | ਅਸੀਂ ਨੇੜ-ਭਵਿੱਖ ਵਿਚ ਹੀ ਇਕ ਬਹੁਤ ਵੱਡਾ ਕੈਂਸਰ ਹਸਪਤਾਲ ਬਣਵਾਉਣ ਬਾਰੇ ਸੋਚ ਰਹੇ ਹਾਂ | ਰਹੀ ਗੱਲ ਟੁੱਟੀਆਂ-ਫੁੱਟੀਆਂ ਸੜਕਾਂ ਦੁਬਾਰਾ ਬਣਵਾਉਣ ਦੀ ਤਾਂ ਤੁਸੀਂ ਇਸ ਮਸਲੇ ਬਾਰੇ ਵੀ ਬਿਲਕੁਲ ਬੇਫ਼ਿਕਰ ਹੋ ਜਾਓ | ਆਹ ਆਪਾਂ ਨੂੰ ਮਨਿਸਟਰੀ ਮਿਲਣ ਦੀ ਹੀ ਦੇਰ ਹੈ, ਅਸੀਂ ਜਲਦੀ ਹੀ ਸੜਕਾਂ ਦਾ ਕੰਮ ਪ੍ਰਾਈਵੇਟ ਕੰਪਨੀਆਂ ਦੇ ਸਪੁਰਦ ਕਰ ਦਿਆਂਗੇ | ਅੱਖ-ਝਪਕਣ ਵਿਚ ਹੀ ਹਰ ਪਾਸੇ ਮਲਾਈ ਵਰਗੀਆਂ ਮੁਲਾਇਮ ਸੜਕਾਂ ਬਣ ਕੇ ਤਿਆਰ ਹੋ ਜਾਣਗੀਆਂ | ਉਹ ਜਾਣੇ ਔਖੇ-ਸੌਖੇ ਹੋ ਕੇ ਤੁਸੀਂ ਟੋਲ –ਪਲਾਜ਼ੇ ਵਾਲਿਆਂ ਨੂੰ ਮੂੰਹੋਂ ਮੰਗਿਆ ਟੈਕਸ ਚੁੱਪ-ਚਾਪ ਅਦਾ ਕਰ ਦਿਆ ਕਰਿਓ ... |
ਕੀ ਕਿਹਾ! ਹੁਣ ਅਸੀਂ ਕਦੋਂ ਫੇਰੀ ਪਾਵਾਂਗੇ? ... ਹੀਂ... ਹੀਂ ... ਹੀਂ ... ਐਾ ਲੱਗਦੈ ਜਿਵੇਂ ਤੁਸੀਂ ਸਾਨੂੰ ਹੁਣ ਬਾਹਲਾ ਹੀ ਮੋਹ ਕਰਨ ਲੱਗ ਪਏ ਓ | ਮੋਹ ਤਾਂ ਸਾਨੂੰ ਵੀ ਤੁਹਾਡੇ ਨਾਲ ਬਹੁਤ ਐ | ਪਰ ਹੁਣ ਅਸੀਂ ਕਰੀਏ ਵੀ ਕੀ? ਵੇਖੋ ਨਾ, ਹੁਣ ਅਸੀਂ ਦੇਸ਼ ਦੀ ਵਾਗਡੋਰ ਸੰਭਾਲਣ ਜਾ ਰਹੇ ਹਾਂ | ਤੁਹਾਡੀ ਭਲਾਈ ਲਈ ਅਸੀਂ ਅਲੱਗ-ਅਲੱਗ ਕਿਸਮ ਦੀਆਂ ਯੋਜਨਾਵਾਂ ਵੀ ਤਿਆਰ ਕਰਨੀਆਂ ਹਨ | ਦੇਸ਼ ਨੂੰ ਮੰਦਹਾਲੀ, ਭਿ੍ਸ਼ਟਾਚਾਰ ਅਤੇ ਅਨਪੜ੍ਹਤਾ ਤੋਂ ਮੁਕਤ ਕਰਵਾਉਣ ਲਈ ਕਈ ਠੋਸ ਕਦਮ ਵੀ ਚੁੱਕਣੇ ਹਨ | ਜਿੱਥੇ-ਜਿੱਥੇ ਲੋਕ ਅਜੇ ਵੀ ਰਲ-ਮਿਲ ਕੇ ਰਹਿ ਰਹੇ ਹਨ, ਉੱਥੇ-ਉੱਥੇ ਧਰਮਾਂ, ਜਾਤਾਂ, ਗੋਤਾਂ ਅਤੇ ਨਸਲਾਂ ਦੀ ਚੁਆਤੀ ਵੀ ਸੁੱਟਣੀ ਹੈ ਤਾਂ ਕਿ ਸਾਡੀ ਕੁਰਸੀ ਪੱਕੇ ਤੌਰ 'ਤੇ ਕਾਇਮ ਰਹਿ ਸਕੇ | ਨਾਲੇ ਇਹੋ ਜਿਹੇ ਨੇਕ ਅਤੇ ਦੂਰਦਰਸ਼ੀ ਕਾਰਜ ਸਾਡੇ ਬਿਨਾਂ ਹੋਰ ਕਰ ਵੀ ਕੌਣ ਸਕਦੈ? ਹਾਂ ਬਈ ਪਿਆਰੇ ਵੋਟਰੋ, ਤੁਸੀਂ ਸਾਡੇ ਬਿਨਾਂ ਬਿਲਕੁਲ ਨਾ ਓਦਰਿਓ | ਅਸੀਂ ਕਦੇ-ਕਦਾਈਾ ਅਲੱਗ ਅਲੱਗ ਚੈਨਲਾਂ ਤੋਂ ਆਪਣੇ ਧੂਆਂਧਾਰ ਭਾਸ਼ਨਾਂ ਨਾਲ ਤੁਹਾਨੂੰ ਨਿਹਾਲ ਕਰਦੇ ਰਹਾਂਗੇ | ਹਾਂ ਸੱਚ, ਅੱਜਕਲ੍ਹ ਪਾਰਲੀਮੈਂਟ ਦੇ ਸੈਸ਼ਨਾਂ ਦੀ ਸਿੱਧੀ ਕਾਰਵਾਈ ਸਾਰੇ ਚੈਨਲਾਂ 'ਤੇ ਵਿਖਾਈ ਜਾਂਦੀ ਹੈ | ਤੁਸੀਂ ਸਾਨੂੰ ਓਨ੍ਹੀਂ ਦਿਨੀਂ ਆਪਸ ਵਿਚ ਜੁੰਡੋ-ਜੁੰਡੀ, ਗਾਲ਼ੋ-ਗਾਲ਼ੀ ਅਤੇ ਕੁਰਸੀਓ-ਕੁਰਸੀ ਹੁੰਦੇ ਵੇਖ ਲਿਆ ਕਰਿਓ, ਜਿਸ ਤੋਂ ਤੁਹਾਨੂੰ ਇਹ ਭਲੀਭਾਂਤ ਪਤਾ ਲੱਗ ਜਾਇਆ ਕਰੇਗਾ ਕਿ ਅਸੀਂ ਦੇਸ਼ ਨੂੰ ਹੋਰ ਮਹਾਨ ਬਣਾਉਣ ਲਈ ਕਿੰਨਾਂ ਸੰਘਰਸ਼ ਕਰ ਰਹੇ ਹਾਂ | ਚੰਗਾ ਬਈ ਪਿਆਰੇ ਵੋਟਰੋ, ਪੰਜਾਂ ਸਾਲਾਂ ਲਈ ਸਾਡੇ ਵਲੋਂ ਤੁਹਾਨੂੰ ਗੁੱਡ ਬਾਏ |

-ਮੋਬਾਈਲ : 94176-71364

ਪੈਸਾ ਫੈਂਕ ਤਮਾਸ਼ਾ ਦੇਖ


ਕਿਸੇ ਵੀ ਪ੍ਰਾਇਮਰੀ ਸਕੂਲ 'ਚ, ਦੋ ਸ਼ਖ਼ਸੀਅਤਾਂ ਸਭ ਤੋਂ ਅਹਿਮ ਹੁੰਦੀਆਂ ਹਨ, ਇਕ ਮਾਸਟਰ ਜੀ, ਦੂਜਾ ਚੌਕੀਦਾਰ | ਮਾਸਟਰ ਜੀ ਜਾਂ ਟੀਚਰ ਜੀ ਬੱਚਿਆਂ ਨੂੰ ਪੜ੍ਹਾਉਂਦੇ ਹਨ ਤੇ ਚੌਕੀਦਾਰ ਘੰਟੀ ਵਜਾਉਂਦਾ ਹੈ, ਬੱਚੇ ਖੁਸ਼ ਹੁੰਦੇ ਹਨ, ਜਦ ਚੌਕੀਦਾਰ ਘੰਟੀ ਵਜਾ ਕੇ ਛੁੱਟੀ ਦਾ ਸੰਦੇਸ਼ ਦਿੰਦਾ ਹੈ | ਬੱਚੇ ਖੁਸ਼ੀ ਨਾਲ ਸ਼ੋਰ ਮਚਾਉਂਦੇ ਜਮਾਤਾਂ 'ਚੋਂ ਬਾਹਰ ਭੱਜਦੇ ਹਨ, ਤਾਂ ਉਨ੍ਹਾਂ ਲਈ ਚੌਕੀਦਾਰ ਪ੍ਰਤੀ ਅਪਾਰ ਧੰਨਵਾਦ ਹੁੰਦਾ ਹੈ...
ਭਲਾ ਹੋਇਆ ਤੈਂ ਘੰਟੀ ਵਜਾਈ
ਜਿੰਦ ਅਜ਼ਾਬੋਂ ਛੁੱਟੀ ਵੇ |
(ਅੰਮਿ੍ਤਾ ਪ੍ਰੀਤਮ ਤੋਂ ਮਾਫ਼ੀ ਮੰਗ ਕੇ)
ਬੱਚੇ ਅੱਜਕਲ੍ਹ ਬੜੇ ਸਮਝਦਾਰ ਹੋ ਗਏ ਹਨ | ਜਿਵੇਂ ਪੜ੍ਹੇ-ਲਿਖੇ ਨੌਜਵਾਨ ਬੀ.ਏ., ਐਮ.ਏ. ਪਾਸ ਕਰਨ ਮਗਰੋਂ ਬੇਕਾਰ ਘੰੁਮ ਰਹੇ ਹਨ, ਤਾਂ ਉਨ੍ਹਾਂ ਨੂੰ ਆਖੋ, 'ਪਕੌੜੇ ਤਲ ਲੈ' ਤਾਂ ਉਨ੍ਹਾਂ ਨੂੰ ਲਗਦੈ ਉਨ੍ਹਾਂ ਦੀ ਐਮ.ਏ., ਬੀ.ਏ. ਦੀ ਕੀਤੀ ਪੜ੍ਹਾਈ ਤੇ ਕੋਈ ਲਾਹਨਤ ਭੇਜ ਰਿਹਾ ਹੈ |
ਪਕੌੜੇ ਤੇ ਪੀਜ਼ੇ 'ਚ ਕੀ ਫਰਕ ਹੁੰਦਾ ਹੈ, ਅੱਜਕਲ੍ਹ ਦੇ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਨਿਆਣਿਆਂ ਨੂੰ ਵੀ ਉਹਦਾ ਅਹਿਸਾਸ ਹੈ, ਅਹੁਦੇ ਦਾ ਮਾਣ ਹੈ | ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੇ, ਆਪਣੀ ਜਮਾਤ ਦੇ ਨਿਆਣਿਆਂ ਨੂੰ ਪੁੱਛਿਆ, ਬੱਚਿਓ, ਦੱਸੋ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੋਗੇ?
ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ, ਉਹ ਉੱਠ ਕੇ ਖੜ੍ਹਾ ਹੋ ਜਾਏ |
ਜਮਾਤ ਦੇ ਸਾਰੇ ਬੱਚੇ ਝਟ ਉੱਠ ਕੇ ਖੜ੍ਹੇ ਹੋ ਗਏ |
ਮਾਸਟਰ ਜੀ ਨੇ ਦੂਜਾ ਸਵਾਲ ਕੀਤਾ, 'ਤੁਹਾਡੇ 'ਚੋਂ ਕੌਣ ਚੌਕੀਦਾਰ ਬਣਨਾ ਚਾਹੇਗਾ?'
ਸਾਰੇ ਬੱਚੇ ਝਟ ਇਕੱਠੇ ਵਾਪਸ ਆਪਣੀ ਸੀਟ 'ਤੇ ਬਹਿ ਗਏ |
ਸੰੁਨ ਛਾ ਗਈ |
ਨਿਆਣਿਆਂ ਨੂੰ ਵੀ ਅਹਿਸਾਸ ਹੈ, 'ਲੈ ਪੜ੍ਹ-ਲਿਖ ਕੇ ਚੌਕੀਦਾਰ ਬਣਨਾ ਹੈ |' ਜਿਵੇਂ ਪੜ੍ਹੇ-ਲਿਖੇ ਬੇਕਾਰ ਗਿਲਾ ਕਰਦੇ ਹਨ, 'ਲੈ ਪੜ੍ਹ-ਲਿਖ ਕੇ ਪਕੌੜੇ ਤਲਣੇ ਹਨ?'
ਠੀਕ ਏ ਅੱਜਕਲ੍ਹ ਲੋਕ ਸਭਾ ਦੀਆਂ ਚੋਣਾਂ ਦਾ ਮਾਹੌਲ ਹੈ, ਪਹਿਲੀ ਵਾਰ ਵਿਚਾਰੇ ਚੌਕੀਦਾਰ ਨੂੰ ਚੋਰ ਆਖ ਕੇ ਨਿੰਦਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਵੱਡੇ-ਵੱਡੇ ਲੀਡਰ ਤੇ ਮਨਿਸਟਰ ਕਾਰਜ ਕਰਤਾ ਵੀ ਬੜੇ ਮਾਣ ਨਾਲ ਆਪਣੇ-ਆਪ ਨੂੰ ਚੌਕੀਦਾਰ ਆਖ ਰਹੇ ਹਨ |
ਮੈਂ ਭੀ ਚੌਕੀਦਾਰ, ਮੈਂ ਭੀ ਚੌਕੀਦਾਰ |
ਪਹਿਲਾਂ ਕੀ ਹੁੰਦਾ ਸੀ, ਆਜ਼ਾਦੀ ਮਗਰੋਂ ਸ਼ੁਰੂ-ਸ਼ੁਰੂ 'ਚ ਰਾਜਨੀਤਕ ਪਾਰਟੀਆਂ ਭਾਲਦੀਆਂ ਸਨ, ਕੋਈ ਅਧਿਆਪਕ, ਪ੍ਰੋਫੈਸਰ ਜਾਂ ਪਿੰ੍ਰਸੀਪਲ ਮਿਲ ਜਾਏ, ਇਲੈਕਸ਼ਨ 'ਚ ਉਮੀਦਵਾਰ ਖੜ੍ਹਾ ਹੋਣ ਲਈ, ਕਿਉਂਕਿ ਇਹ ਇਮਾਨਦਾਰ, ਸੱਚੇ-ਸੁੱਚੇ ਹੋਣ ਲਈ ਮਸ਼ਹੂਰ ਹੁੰਦੇ ਹਨ |
ਪਰ ਅੱਜ ਤਾੲੀਂ ਕਿਸੇ ਇਕ ਪਾਰਟੀ ਨੇ ਵੀ ਕਿਸੇ ਚੌਕੀਦਾਰ ਨੂੰ ਟਿਕਟ ਦੇਣ ਲਈ ਸੋਚਿਆ ਹੀ ਨਹੀਂ | ਹੁਣ ਤਾਂ ਇਹ ਹਾਲ ਹੈ ਕਿ ਮਾਸਟਰਾਂ, ਪ੍ਰੋਫੈਸਰਾਂ ਤੇ ਪਿੰ੍ਰਸੀਪਲਾਂ ਨੂੰ ਵੀ ਕੋਈ ਨਹੀਂ ਪੁੱਛਦਾ, ਹੁਣ ਤਾਂ ਕਰੋੜ ਪਤੀਆਂ, ਲੱਖ ਪਤੀਆਂ ਦੀ ਪੁੱਛ ਹੈ ਜੀ |
ਮੁੱਲ ਵਿਕਦੀਆਂ ਵੋਟਾਂ
ਖਰੀਦਦਾਰ ਸੱਜਣ ਮਿਲ ਜਾਵੇ
ਲੈ ਲਵਾਂ ਮੈਂ ਜਿੰਦ ਵੇਚ ਕੇ |
***
ਬਾਪ ਬੜਾ ਨਾ ਭਈਆ
ਸਭ ਸੇ ਬੜਾ ਰੁਪਈਆ
ਸੱਜਣੋ ਸਭ ਸੇ ਬੜਾ ਰੁਪਈਆ |
ਇਮਾਨਦਾਰ ਚਾਹੀਦਾ ਹੈ ਕਿ ਪੈਸੇ ਵਾਲਾ ਮਕਾਰ ਚਾਹੀਦਾ?
ਪੈਸਾ ਫੈਂਕ ਤਮਾਸ਼ਾ ਦੇਖ |
ਇਮਾਨਦਾਰੀ ਦੀ ਕਸੌਟੀ, ਅਜੋਕੀ ਸਿਆਸਤ ਅਨੁਸਾਰ, ਜਦ ਤਾੲੀਂ ਸਜ਼ਾਯਾਫ਼ਤਾ ਨਹੀਂ ਕਰਾਰ ਦਿੱਤੀ ਜਾਂਦੀ, ਤਦ ਤਾੲੀਂ ਉਹ ਗੁਨਾਹਗਾਰ ਨਹੀਂ ਹੈ | ਚੋਣ ਵੀ ਸਿਰਫ਼ ਉਹ ਨਹੀਂ ਲੜ ਸਕਦਾ, ਜਿਹਨੂੰ ਘੱਟੋ-ਘੱਟ ਦੋ ਸਾਲ ਦੀ ਸਜ਼ਾ ਹੋਈ ਹੋਵੇ | ਸਭੇ ਪਾਰਟੀਆਂ ਵਲੋਂ ਜਿਹੜੇ ਵੀ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ, ਕੋਈ ਅਜਿਹਾ ਉਮੀਦਵਾਰ ਹੈ, ਜਿਹੜਾ ਕਰੋੜਾਂ ਪਤੀ ਨਹੀਂ? ਸ਼ਾਇਦ ਇਕ ਅੱਧਾ ਕਿਸੇ ਕਮਿਊਨਿਸਟ ਪਾਰਟੀ ਦਾ ਉਮੀਦਵਾਰ ਹੈ, ਜਿਹੜਾ ਕਰੋੜਪਤੀ ਦਾ ਨਾ ਸਹੀ, ਫਿਰ ਵੀ ਲੱਖਾਂਪਤੀ ਜਾਂ ਲੱਖਪਤੀ ਤਾਂ ਹੈ ਹੀ | ਕਈਆਂ ਉਤੇ ਕਈ ਕਈ ਤਰ੍ਹਾਂ ਦੇ ਮੁਕੱਦਮੇ ਚੱਲ ਰਹੇ ਹਨ, ਚੱਲ ਸੁ ਚੱਲ | ਕਈ ਜ਼ਮਾਨਤਾਂ 'ਤੇ ਹਨ, ਸਭੇ ਬੜੀ ਸ਼ਾਨ ਨਾਲ ਆਪਣੇ-ਆਪਣੇ ਚੋਣ ਪ੍ਰਚਾਰ 'ਚ ਜੁਟੇ ਹਨ |
ਅਬ ਕੀ ਬਾਰ, ਕਿਸਕੀ ਸਰਕਾਰ?
ਮੇਰੀ ਸਰਕਾਰ ਜਾਂ ਤੇਰੀ ਸਰਕਾਰ?
ਆਮਦਾਰ ਦੀ ਸਰਕਾਰ ਜਾਂ ਨਾਮਦਾਰ ਦੀ ਸਰਕਾਰ?
ਚੌਕੀਦਾਰ ਲਿਆਉਣਾ ਹੈ ਕਿ ਚੌਕੀਦਾਰ ਭਜਾਉਣਾ ਹੈ?
ਸਰਕਾਰਾਂ ਐਵੇਂ ਨਹੀਂ ਬਣਾਈਆਂ ਜਾਂਦੀਆਂ |
ਕਾਰਾਂ ਦੁੜਾਈਆਂ ਜਾਂਦੀਆਂ ਹਨ, ਧੂੜਾਂ ਫਕਣੀਆਂ ਪੈਂਦੀਆਂ ਹਨ, ਜਿੰਨਾ ਕਾਲਾ ਧਨ, ਓਨਾ ਹੀ ਧੰਨ-ਧੰਨ | ਮੈਂ ਤਾਂ ਹੈਰਾਨ ਹਾਂ, ਵੇਖੋ ਇਕ ਖ਼ਬਰ ਨਿਆਰੀ, ਕਾਰਾਂ ਵਾਲੇ ਹਰ ਹਾਲਤ 'ਚ ਇਕ ਸਟਿੱਪਣੀ ਰੱਖਦੇ ਹਨ ਨਾ, ਇਕ ਕਾਰ ਦੀ ਸਟਿੱਪਣੀ ਵਾਲੇ ਟਾਇਰ 'ਚ ਲੱਖਾਂ ਰੁਪਿਆਂ ਦੀ ਬੰਡਲ ਲੁਕਾ ਕੇ ਰੱਖੇ ਗਏ ਸਨ | ਫੜੇ ਗਏ | ਕਾਰਾਂ ਦੀਆਂ ਡਿਗੀਆਂ 'ਚੋਂ ਕਰੋੜਾਂ ਦੇ ਬੰਡਲ ਦਾਰੂ ਦੀਆਂ ਪੇਟੀਆਂ ਲੁਕਾ ਕੇ ਰੱਖੀਆਂ ਫੜੀਆਂ ਗਈਆਂ ਹਨ |
ਇਕ ਕਹਾਣੀ ਤੁਸਾਂ ਪੜ੍ਹੀ-ਸੁਣੀ ਹੋਣੀ ਹੈ, ਅਲਾਦੀਨ ਦਾ ਜਾਦੂਈ ਚਿਰਾਗ | ਉਹਦੇ ਅਨੁਸਾਰ ਅਲਾਦੀਨ ਇਕ ਬੜਾ ਹੀ ਗਰੀਬ ਗੁਰਬਾ ਸੀ | ਇਕ ਦਿਨ ਉਹਨੂੰ ਇਕ ਪੁਰਾਣਾ, ਮੈਲਾ ਚਿਰਾਗ ਮਿਲ ਗਿਆ | ਉਹਨੇ ਉਹਨੂੰ ਸਾਫ਼ ਕਰਨ ਲਈ ਉਸ ਚਿਰਾਗ ਨੂੰ ਰਗੜਣਾ ਸ਼ੁਰੂ ਕੀਤਾ ਤੇ ਲਓ ਰੱਬ ਦੀਆਂ ਖ਼ੈਰਾਂ, ਧੰੂਆਂ ਉਠਿਆ ਤੇ ਉਸ ਚਿਰਾਗ 'ਚੋ ਇਕ ਜਿੰਨ ਪ੍ਰਗਟ ਹੋਇਆ ਤੇ ਅਲਾਦੀਨ ਦੇ ਸਾਹਮਣੇ ਹੱਥ ਜੋੜ ਕੇ ਖੜ੍ਹਾ ਹੋ ਗਿਆ | ਅਲਾਦੀਨ ਨੂੰ ਆਖਿਆ, ਬੋਲ ਮੇਰੇ ਆਕਾ ਕੀ ਚਾਹੀਦੈ? ਜੋ ਮੰਗੇਂਗਾ ਮੈਂ ਦਿਆਂਗਾ |' ਅਲਾਦੀਨ ਨੇ ਫਿਰ ਜੋ ਮੰਗਿਆ, ਪੈਸਾ, ਹੀਰੇ, ਮੋਤੀ, ਮਾਲ, ਬੱਘੀਆਂ, ਸਭ ਕੁਝ ਮਿਲ ਗਿਆ |
ਸੱਚੀਂ ਜੇ ਰਤਾ ਗੌਰ ਕਰੀਏ ਤਾਂ ਅੱਜ ਇਹ ਸਾਰੇ ਜਿਹੜੇ ਚੋਣਾਂ ਲੜ ਰਹੇ ਹਨ, ਗਰੀਬ ਜਨਤਾ ਲਈ ਸਮਝੋ ਅਲਾਦੀਨ ਦੇ ਜਿੰਨ ਸਮਾਨ ਹੀ ਨੇ | ਗ਼ਰੀਬਾਂ ਨੂੰ ਹੱਥ ਜੋੜ-ਜੋੜ ਕੇ ਆਖ ਰਹੇ ਹਨ, ਵੋਟ ਤੁਹਾਡਾ ਜਾਦੂਈ ਚਿਰਾਗ ਹੈ, ਤੁਹਾਨੂੰ ਜ਼ਿਆਦਾ ਸ਼ੋਰ ਨਾਲ ਘਸਾਉਣ ਵਾਲੀ ਮੁਸ਼ੱਕਤ ਕਰਨ ਦੀ ਕੋਈ ਲੋੜ ਨਹੀਂ, ਬਸ ਮੇਰੇ ਨਾਂਅ ਵਾਲਾ ਬਟਨ ਦਬਾ ਦੇਣਾ, ਈ.ਵੀ. ਐਮ. ਦਾ, ਬੋਲ ਮੇਰੇ ਆਕਾ ਕੀ ਚਾਹੀਦੈ?
ਨਕਦ ਚਾਹੀਦਾ? ਨਕਦ ਦਿਆਂਗਾ, ਦਾਰੂ ਚਾਹੀਦਾ, ਦਾਰੂ ਦਿਆਂਗਾ, ਮਕਾਨ ਚਾਹੀਦਾ, ਮਕਾਨ ਦਿਆਂਗਾ, ਟੀ.ਵੀ. ਚਾਹੀਦਾ ਹੈ?...ਰੰਗਦਾਰ ਦਿਆਂਗਾ, 72 ਹਜ਼ਾਰ ਰੁਪਏ ਹਰ ਸਾਲ ਦਿਆਂਗਾ | ਬੋਲ ਮੇਰੇ ਆਕਾ ਤੈਨੂੰ ਕੀ ਚਾਹੀਦੈ? ਅਲਾਦੀਨ ਦਾ ਜਿੰਨ ਤਾਂ ਅਲਾਦੀਨ ਨੂੰ ਸਭ ਕੁਝ ਦੇ ਗਿਆ ਸੀ, ਪਰ ਇਹ ਜਿੰਨ ਸਿਰਫ਼ ਤਸੱਲੀਆਂ ਦੇ ਕੇ, ਦਿਲ ਖੁਸ਼ ਕਰਕੇ ਅਜਿਹਾ ਗਾਇਬ ਹੁੰਦਾ ਹੈ ਕਿ ਮੁੜ ਦਿਸਦਾ ਹੀ ਨਹੀਂ |
ਜਿੰਨ, ਕਥਾ ਕਹਾਣੀਆਂ 'ਚ ਹੀ ਹੁੰਦੇ ਹਨ, ਪਰ ਲੋਕਤੰਤਰ 'ਚ, ਕਈ ਕਰਾਮਾਤਾਂ ਤਾਂ ਹੋ ਹੀ ਜਾਂਦੀਆਂ ਨੇ, ਇਕ ਸ਼ਾਖਸਾਤ ਹੈ, ਇਕ ਚਾਹ ਵੇਚਣ ਵਾਲਾ, ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ | ਉਹ ਕਹਿੰਦੈ, ਮੈਂ ਦੇਸ਼ ਦਾ ਚੌਕੀਦਾਰ ਹਾਂ | ਜਿਵੇਂ ਅਲਾਦੀਨ ਇਕ ਹਵਾ 'ਚ ਉੱਡਣ ਵਾਲੀ ਸ਼ਾਨਦਾਰ ਚੱਟਾਈ 'ਤੇ ਬਹਿ ਕੇ, ਆਸਮਾਨ 'ਚ ਉੱਡੀ ਫਿਰਦਾ ਸੀ, ਇਹ ਚਾਹ ਵਾਲਾ... ਹਵਾਈ ਜਹਾਜ਼ਾਂ 'ਚ ਬਹਿ ਕੇ ਸਾਰੀ ਦੁਨੀਆ 'ਚ ਉਡੀ ਫਿਰਦਾ ਹੈ, ਨਾਲੇ ਰਫੇਲ ਵਰਗੇ ਲੜਾਕੂ ਹਵਾਈ ਜਹਾਜ਼ ਵੀ ਦੇਸ਼ ਲਈ ਖਰੀਦੀ ਫਿਰਦਾ ਹੈ | ਜਿਵੇਂ ਅਲਾਦੀਨ ਕੋਲੋਂ, ਜਾਦੂਈ ਚਿਰਾਗ ਖੋਹਣ ਲਈ, ਕਈ ਲਾਲਚੀ ਤੇ ਠੱਗ ਉਹਦੇ ਪਿੱਛੇ ਪੈ ਗਏ ਸਨ, ਇਸੇ ਤਰ੍ਹਾਂ ਜਿੰਨੀਆਂ ਪਾਰਟੀਆਂ ਹਨ, ਉਨ੍ਹਾਂ ਸਭਨਾਂ ਦੇ ਮੁਖੀ ਨੇਤਾ, ਚੌਕੀਦਾਰ ਚੋਰ ਹੈ... ਦੇ ਪਿੱਛੇ ਪਏ ਹੋਏ ਹਨ |
ਇਕ ਬੜੀ ਅਜੀਬ ਹਕੀਕਤ ਹੈ, ਜਲੰਧਰ 'ਚ ਜਿਥੇ ਸਾਡੀ ਅਖ਼ਬਾਰ 'ਅਕਾਲੀ' ਦਾ ਦਫ਼ਤਰ ਸੀ, ਜਿਸ 'ਚ ਮੈਂ ਇਹੀ ਕਾਲਮ ਆਤਿਸ਼ਬਾਜ਼ੀ ਲਿਖਦਾ ਸਾਂ, ਉਹ ਬਿਲਕੁਲ ਪੁਲਿਸ ਦੀ ਚੌਕੀ ਨੰਬਰ 3 ਦੇ ਨੇੜੇ ਸੀ, ਜ਼ਾਹਰ ਹੈ ਕਿ ਪੁਲਿਸ ਥਾਣਿਆਂ ਨੂੰ ਵੀ 'ਚੌਕੀ' ਕਿਹਾ ਜਾਂਦਾ ਹੈ | ਇਸ ਲਈ ਹਰ ਚੌਕੀ ਦਾ ਪੁਲਿਸ ਇੰਚਾਰਜ ਚੌਕੀਦਾਰ ਹੋਇਆ |
ਹੁਣ ਰਾਹੁਲ ਜੀ ਹਰ ਰੈਲੀ ਵਿਚ ਥਾਂ-ਥਾਂ ਉਚਾਰਦੇ ਹਨ, ਚੌਕੀਦਾਰ ਚੋਰ ਹੈ | ਇਹ ਤਾਂ ਸਿੱਧਾ ਸਭੇ ਪੁਲਿਸ ਵਾਲਿਆਂ ਦਾ ਅਪਮਾਨ ਹੈ | ਹੁਣ ਪੁਲਿਸ ਚੌਕੀ ਵਾਲਿਆਂ ਨੂੰ ਰਾਹੁਲ ਜੀ 'ਤੇ ਮਾਣਹਾਨੀ ਦਾ ਕੇਸ ਕਰਨਾ ਚਾਹੀਦਾ ਹੈ |
'ਹਮ ਸੇ ਭੂਲ ਹੋ ਗਈ,
ਹਮ ਕੋ ਮਾਫੀ ਦਈ ਦੇ |'
'ਨਾ ਜੀ ਨਾ', ਕਦੋਂ ਆਖਿਆ ਅਸਾਂ ਨੇ ਹਾਂ, ਜੀ ਹਾਂ, ਚੌਕੀਦਾਰ ਚੋਰ ਹੈ, ਸਾਨੂੰ ਤਾਂ ਇਹੀਓ ਪਤਾ ਨਹੀਂ ਚੌਕੀਦਾਰ ਕੌਣ ਹੈ?
'ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ?'
ਗੁਟਰਗੰੂ, ਗੁਟਰਗੰੂ... ਤੈਨੂੰ ਆਖਿਆ ਸੀ, ਤੈਨੂੰ ਹੋੜਿਆ ਸੀ, ਬੰਦ ਰੱਖ ਆਪਣਾ ਮੰੂਹ... ਬਿੱਲੀ ਝਪੱਟਾ ਮਾਰ ਗਈ ਨਾ |...
ਚਲੋ 23 ਤਰੀਕ ਨੂੰ ਪਤਾ ਲੱਗੇਗਾ ਕਿ ਜਿਹੜੇ ਲੇਖੀ ਨੇ ਲਿਖੇ ਨੇ ਲੇਖ ਤੇਰੇ, ਸੁਪਰੀਮ ਫ਼ੈਸਲਾ ਉਸ ਦਾ ਆਵਣਾ ਜੀ | ਉਂਜ 23 ਮਈ ਨੂੰ ਪਤਾ ਲੱਗੇਗਾ... ਚੌਕੀਦਾਰ ਚੋਰ ਹੈ ਕਿ ਸਿਰਮੌਰ ਹੈ | ਫ਼ੈਸਲਾ ਜਨਤਾ ਦਾ ਸਾਹਮਣੇ ਆਵਣਾ ਜੀ |
ਅੰਤਿਕਾ : ਜੇਕਰ ਮੁੜ ਕੇ ਇਹੋ ਚੌਕੀਦਾਰ ਸਿਰਦਾਰ ਬਣ ਕੇ ਆ ਗਿਆ ਤਾਂ ਸਕੂਲ 'ਚ ਪੜ੍ਹਦੇ ਹਰ ਬੱਚੇ ਨੇ ਇਹੋ ਆਖਣਾ ਹੈ, ਮਾਸਟਰ ਜੀ ਮੈਂ ਵੀ ਚੌਕੀਦਾਰ, ਮੈਂ ਵੀ ਚੌਕੀਦਾਰ |'

ਕਾਵਿ-ਮਹਿਫ਼ਲ

ਕੁਝ ਇਕ ਰਿਸ਼ਤੇ ਕੱਚੇ ਧਾਗੀਂ, ਬੱਝੇ ਹੋਏ ਹੁੰਦੇ ਨੇ।
ਪਰ ਕੁਝ ਰਿਸ਼ਤੇ ਮੋਤੀ-ਮਾਲਾ, ਵਾਂਙ ਪਰੋਏ ਹੁੰਦੇ ਨੇ।
ਅੰਬਰ ਵੇਲ ਤਰ੍ਹਾਂ ਹੁੰਦੇ ਨੇ, ਜਜ਼ਬੇ ਗੁੱਧੇ ਰਿਸ਼ਤੇ ਕੁਝ,
ਖੁਸ਼ਬੂ ਵਰਗੇ ਰਿਸ਼ਤੇ ਸਾਹਾਂ ਵਿਚ ਸਮੋਏ ਹੁੰਦੇ ਨੇ।
ਔੜਾਂ ਮਾਰੀ ਭੂਮੀ ਵਾਂਙੂੰ, ਸਹਿਕਣ ਚਾਰ ਕੁ ਛਿੱਟਾਂ ਨੂੰ,
ਤੇ ਕੁਝ ਬਾਰਿਸ਼ ਹੋਵਣ ਮਗਰੋਂ, ਵੱਤਰ ਹੋਏ ਹੁੰਦੇ ਨੇ।
ਮੋਹ ਮਮਤਾ ਦੇ ਸਾਗਰ ਦੇ ਵਿਚ ਡੁੱਬਾ ਨਾਤਾ ਇਕੋ ਹੀ,
ਜਿਸ ਨੇ ਅਪਣੇ ਹੰਝਾਂ ਪਿੱਛੇ ਦਰਦ ਲੁਕੋਏ ਹੁੰਦੇ ਨੇ।
ਕੁਝ ਰਿਸ਼ਤੇ ਹੁੰਦੇ ਨੇ ਜਿਨ੍ਹਾਂ ਕੋਲੋਂ ਮਿਲਦੈ ਨਿੱਘ ਸਦਾ,
ਤੇ ਕੁਝ ਨਿੱਘੇ ਰਿਸ਼ਤੇ ਮੂਲੋਂ, ਠੰਢੇ ਹੋਏ ਹੁੰਦੇ ਨੇ।
ਭਾਵੁਕਤਾ ਦੇ ਵਹਿਣ 'ਚ ਵਹਿੰਦੇ, ਰਿਸ਼ਤੇ ਹੰਢਣਸਾਰ ਬੜੇ,
ਬੋਝ ਤਰ੍ਹਾਂ ਐਪਰ ਕੁਝ ਰਿਸ਼ਤੇ, ਸਿਰ 'ਤੇ ਢੋਏ ਹੁੰਦੇ ਨੇ।
ਜਿਹੜੇ ਵੀ ਰਿਸ਼ਤੇ ਦੀ ਖਾਤਰ, ਖੁਦ. ਨੂੰ ਦਾਅ 'ਤੇ ਲਾਉਂਦੇ ਹੋ,
ਚਰ ਕੇ ਯਾਰ ਅੰਗੂਰੀ ਉਹ ਹੀ, ਪਾਸੇ ਹੋਏ ਹੁੰਦੇ ਨੇ।
ਕੁਝ ਰਿਸ਼ਤੇ ਨੇ ਜਿਨ੍ਹਾਂ ਤਾਈਂ, ਆਪਾਂ ਨਾਂਅ ਨਈਂ ਦੇ ਸਕਦੇ,
'ਸੂਫ਼ੀ' ਦਿਲ ਦੀ ਡੂੰਘੀ ਤਹਿ ਦੇ ਹੇਠ ਲੁਕੋਏ ਹੁੰਦੇ ਨੇ।

-ਏ-1, ਜੁਝਾਰ ਨਗਰ, ਮੋਗਾ-142001.
ਮੋਬਾਈਲ : 98555-43660, 094645-77290.

ਚੋਣ ਪ੍ਰਚਾਰ ਦਾ ਇਕ ਦਿਨ

ਚੋਣ ਦੰਗਲ ਪੂਰੀ ਤਰ੍ਹਾਂ ਭੱਖ ਚੁੱਕਾ ਸੀ | ਪੰਜ ਸਾਲ ਤੱਕ ਭੁੱਲੀ-ਭੁਲਾਈ ਜਨਤਾ ਨੂੰ ਵਰਚਾ ਕੇ, ਇਕ ਵਾਰ ਫਿਰ ਆਉਂਦੇ ਪੰਜ ਵਰਿ੍ਹਆਂ ਲਈ ਲਾਲ ਬੱਤੀ ਵਾਲੀ ਕਾਰ ਦੀ ਰੀਝ ਨਾਲ ਮੰਤਰੀ ਸਾਹਿਬ, ਘਰ-ਘਰ, ਗਲੀ-ਗਲੀ, ਮੁਹੱਲੇ-ਮੁਹੱਲੇ ਦੀ ਖ਼ਾਕ ਛਾਣਦੇ ਫਿਰ ਰਹੇ ਸਨ | ਪਰ ਹਵਾ ਵਿਰੋਧੀ ਧਿਰ ਦੇ ਪੱਖ ਵਿਚ ਹੋਣ ਕਰਕੇ ਘਬਰਾਹਟ ਕੁਝ ਜ਼ਿਆਦਾ ਹੀ ਵਧੀ ਹੋਈ ਸੀ | ਇਸ ਕਰਕੇ ਮੰਤਰੀ ਸਾਹਿਬ ਸਵੇਰੇ ਹੀ ਆਪਣੇ ਲਾਮ-ਲਸ਼ਕਰ ਨੂੰ ਨਾਲ ਲੈ ਕੇ ਵੋਟਾਂ ਮੰਗਣ ਨਿਕਲ ਪੈਂਦੇ | ਅੱਜ ਵੀ, ਆਮ ਵਾਂਗ ਇਕ ਪਿੰਡ ਵਿਚ ਸਵੇਰ ਤੋਂ ਪਿੰਡ ਦੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਮੰਤਰੀ ਸਾਹਿਬ ਆਪਣੀ ਵੋਟਾਂ ਮੰਗਣ ਦੀ ਮੁਹਿੰਮ 'ਤੇ ਸਨ | 
ਘੜੀ 'ਤੇ ਦੁਪਹਿਰ ਦੇ ਦੋ ਵੱਜ ਚੁੱਕੇ ਸਨ | 'ਲਓ ਬਈ ਜੁਆਨੋਂ! ਆਹ ਗਲੀ ਵਿਚਲੇ ਚਾਰ-ਪੰਜ ਘਰੀਂ ਜਾ ਕੇ, ਫਿਰ ਆਪਾਂ ਸਾਰੇ ਪ੍ਰਧਾਨ ਜੀ ਦੇ ਘਰ ਪ੍ਰਸ਼ਾਦੇ ਛਕਾਂਗੇ |' ਇਸ ਤੋਂ ਪਹਿਲਾਂ ਕਿ ਸਮਰਥਕ ਰੋਟੀ ਦਾ ਬਹਾਨਾ ਲਾ ਕੇ ਘਰੋ-ਘਰੀ ਖਿਸਕਣ, ਅੱਗਾ ਵੱਲਦੇ ਹੋਏ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਤਸੱਲੀ ਦਿੱਤੀ |
ਗਲੀ ਵੜਦੇ ਹੀ, ਪਹਿਲੇ ਘਰ ਦੇ ਖੁੱਲ੍ਹੇ ਵਿਹੜੇ ਵਿਚ, ਟੈਂਟ-ਕਨਾਤਾਂ, ਕੁਰਸੀਆਂ ਅਤੇ ਇਕ ਪਾਸੇ ਰੋਟੀ ਵਾਲੇ ਜੂਠੇ ਭਾਂਡਿਆਂ ਦਾ ਢੇਰ ਦੇਖ ਕੇ ਮੰਤਰੀ ਸਾਹਿਬ ਨੂੰ ਲੱਗਾ ਕਿ ਜਿਵੇਂ ਇੱਥੇ ਕੁਝ ਦੇਰ ਪਹਿਲਾਂ ਤੱਕ ਕਾਫੀ ਇਕੱਠ ਸੀ ਅਤੇ ਫਿਰ ਰੁੱਕ ਕੇ ਪਿੰਡ ਦੇ ਪਾਰਟੀ ਪ੍ਰਧਾਨ ਨੂੰ ਪੁੱਛਣ ਲੱਗੇ, 'ਕਿਵੇਂ ਪ੍ਰਧਾਨ ਜੀ, ਲੱਗਦਾ ਜਿਵੇਂ ਅੱਜ ਐਸ ਘਰੇ ਕੋਈ ਪ੍ਰੋਗਰਾਮ ਸੀ ਕਿ... ?'
'ਇਨ੍ਹਾਂ ਦੀ ਬੁੜ੍ਹੀ ਦਾ ਭੋਗ ਸੀ ਜੀ ਅੱਜ |'
'ਕਮਾਲ ਹੋ ਗਈ ਯਾਰ ਥੋਡੇ ਵਾਲੀ ਵੀ, ਪਹਿਲਾਂ ਕਿਉਂ ਨਹੀਂ ਦੱਸੀ ਇਹੋ ਜਿਹੀ ਗੱਲ | ਆਪਾਂ ਭੋਗ ਪੈਣ ਤੋਂ ਪਹਿਲਾਂ ਆਉਂਦੇ, ਨਾਲੇ ਬੁੜ੍ਹੀ ਨੂੰ ਸ਼ਰਧਾਂਜਲੀ ਦੇ ਜਾਂਦੇ ਤੇ ਨਾਲੇ ਗੱਲੀਂ-ਬਾਤੀ ਵੋਟਾਂ ਮੰਗ ਲੈਣੀਆਂ ਸੀ |' ਮੰਤਰੀ ਸਾਹਿਬ ਦੇ ਚਿਹਰੇ ਤੋਂ ਪਛਤਾਵਾ ਇਉਂ ਝਲਕ ਰਿਹਾ ਸੀ ਜਿਵੇਂ ਕੋਈ ਸੁਨਹਿਰੀ ਮੌਕਾ ਹੱਥੋਂ ਚਲਾ ਗਿਆ ਹੋਵੇ |
'ਚਲੋ ਖ਼ੈਰ ਛੱਡੋ ਸਾਰੀਆਂ ਗੱਲਾਂ, ਮੈਂ ਆਪ ਸੰਭਾਲ ਲਊਾ | ਮੈਨੂੰ ਆਏਾ ਦੱਸੋ ਬਈ ਬੁੜ੍ਹੀ ਦਾ ਨਾਂਅ ਕੀ ਸੀ?'
'ਜੀ ਨਸੀਬ ਕੁਰ', ਪ੍ਰਧਾਨ ਇਉਂ ਬੋਲਿਆ ਜਿਵੇਂ ਉਸ ਨੂੰ ਅਹਿਸਾਸ ਹੋ ਗਿਆ ਹੋਵੇ ਕਿ ਉਸ ਤੋਂ ਕਿੰਨੀ ਬਜਰ ਗ਼ਲਤੀ ਹੋ ਚੁੱਕੀ ਹੈ |
ਇੰਜ ਕਾਫੀ ਬੰਦਿਆਂ ਅਤੇ ਮੰਤਰੀ ਸਾਹਿਬ ਨੂੰ ਹੱਥ ਬੰਨ੍ਹੀ ਆਪਣੇ ਵੱਲ ਆਉਂਦਾ ਵੇਖ ਕੇ ਘਰ ਵਿਚ ਇਧਰ-ਉਧਰ ਟੈਂਟ, ਕੁਰਸੀਆਂ ਅਤੇ ਭਾਂਡੇ-ਟੀਂਡੇ ਸੰਭਾਲਦੇ ਨਿੱਕੇ ਮੋਟੇ ਕੰਮ ਨਿਬੇੜਦੇ ਤੁਰੇ ਫਿਰਦੇ, ਵੀਹ-ਪੱਚੀ ਬੰਦੇ ਇਕੱਠੇ ਹੋ ਗਏ | ਮੌਕਾ ਦੇਖਦੇ ਹੀ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਵਿਹੜੇ ਵਿਚ ਪਏ ਮੰਜਿਆਂ-ਕੁਰਸੀਆਂ 'ਤੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਸੈਨਤ ਨਾਲ ਬਾਹਰ ਰਿਕਸ਼ਾ 'ਤੇ ਲੱਗੇ ਸਪੀਕਰ ਵਾਲੇ ਨੂੰ ਬੁਲਾਉਣ ਦਾ ਇਸ਼ਾਰਾ ਕੀਤਾ ਅਤੇ ਆਪ ਉੱਚੀ ਥਾਂ 'ਤੇ ਚੜ੍ਹ ਕੇ ਬੋਲਣ ਲਈ ਚੁਫੇਰੇ, ਕੋਈ ਉੱਚੀ ਥਾਂ ਦੇਖਣ ਲੱਗੇ |
'ਮੰਤਰੀ ਸਾਹਿਬ ਤੁਸੀਂ ਐਸ ਮੰਜੇ ਉੱਪਰ ਖੜ੍ਹੇ ਹੋ ਕੇ ਕਿਉਂ ਨਹੀਂ ਸੰਬੋਧਨ ਕਰ ਦਿੰਦੇ?' ਸਮਰਥਕਾਂ ਵਿਚੋਂ ਇਕ ਜਿਹੜਾ ਸਟੇਜ ਸੈਕਟਰੀ ਬਣਨ ਲਈ ਕਾਹਲਾ ਸੀ, ਨੇ ਰਾਇ ਦਿੱਤੀ |
'ਊਾ ਤਾਂ ਜੀ, ਪਿੱਛੇ ਖੁਰਲੀ ਵੀ ਠੀਕ ਰਹੂ | ਮੱਝਾਂ ਦਰਵਾਜ਼ੇ ਵਿਚ ਬੰਨ੍ਹ ਦਿੰਨੇ ਆਂ |' ਪਿੱਛੋਂ ਕੀਤੀ ਤਾਂ ਕਿਸੇ ਨੇ ਮਸ਼ਕਰੀ ਸੀ ਪਰ ਮੰਤਰੀ ਸਾਹਿਬ ਨੇ ਜਦ ਖੁਰਲੀ ਵੱਲ ਨਿਗ੍ਹਾ ਮਾਰੀ ਤਾਂ ਉਨ੍ਹਾਂ ਨੂੰ ਗੱਲ ਜੱਚ ਗਈ | ਘਰਦਿਆਂ ਤੋਂ ਬਿਨਾਂ ਪੁੱਛੇ-ਦੱਸੇ, ਮੰਤਰੀ ਸਾਹਿਬ ਦਾ ਇਸ਼ਾਰਾ ਪਾ ਕੇ ਵਰਕਰਾਂ ਨੇ ਫਟਾਫਟ ਮੱਝਾਂ ਤੇ ਕੱਟੇ-ਕੱਟੀਆਂ ਅੰਦਰ ਦਰਵਾਜ਼ੇ ਵਿਚ ਬੰਨ੍ਹ ਦਿੱਤੇ | ਏਨੀ ਦੇਰ ਨੂੰ ਆਂਢੀ-ਗੁਆਂਢੀ ਅਤੇ ਸਪੀਕਰ ਵਾਲਾ ਰਿਕਸ਼ਾ ਵੀ ਅੰਦਰ ਆ ਗਿਆ ਅਤੇ ਮੰਤਰੀ ਸਾਹਿਬ ਨੇ ਖੁਰਲੀ ਉੱਪਰ ਚੜ੍ਹ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ |
'ਬਜ਼ੁਰਗੋ, ਮਾਈਓ, ਭੈਣੋਂ, ਭਾਈਓ! ਬੇਬੇ ਨਸੀਬ ਕੌਰ ਦੇ ਪਰਿਵਾਰ ਨਾਲ ਮੇਰੀ ਸਾਂਝ ਕੋਈ ਅੱਜ ਦੀ ਨਹੀਂ? ਅੱਜ ਜਦੋਂ ਮੈਨੂੰ ਬੇਬੇ ਨਸੀਬ ਕੌਰ ਜੀ ਦੇ ਭੋਗ ਦੀ ਖ਼ਬਰ ਮਿਲੀ ਤਾਂ ਮੈਥੋਂ ਰਿਹਾ ਨਹੀਂ ਗਿਆ | ਮੈਂ ਆਪਣੀਆਂ ਸਾਰੀਆਂ ਚੋਣ-ਰੈਲੀਆਂ ਵਿਚੇ ਛੱਡ ਕੇ, ਬੇਬੇ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਧਰ ਨੂੰ ਭੱਜਾ | ਮੇਰਾ ਬੇਬੇ ਜੀ ਨਾਲ ਮੋਹ ਹੀ ਐਨਾਂ ਸੀ ਕਿ ਮੈਨੂੰ ਵਾਰ-ਵਾਰ ਚੇਤੇ ਆ ਰਿਹਾ ਉਹ ਦਿਨ, ਜਦੋਂ ਮੈਂ.... ਅਜੇ ਚਾਰ-ਪੰਜ ਮਹੀਨੇ ਪਹਿਲਾਂ, ਨਵੰਬਰ-ਦਸੰਬਰ ਮਹੀਨੇ ਵਿਚ ਬੇਬੇ ਨੂੰ ਮਿਲਣ ਆਇਆ ਸੀ | ਆਹ ਸਾਹਮਣੇ ਦਰਵਾਜ਼ੇ ਵਿਚ ਬੈਠੀ ਬੇਬੇ ਨੇ ਪਹਿਲਾਂ ਮੈਨੂੰ ਆਪਣੇ ਕੋਲ ਮੰਜੀ 'ਤੇ ਬਿਠਾ ਕੇ ਪਿਆਰ ਦਿੱਤਾ ਤੇ ਫਿਰ ਕਹਿਣ ਲੱਗੀ, ਪੁੱਤਰ ਅਮੀ ਚੰਦ ਵਰਿ੍ਹਆਂ ਪਿੱਛੋਂ ਤੰੂ ਆਇਆਂ, ਸਾਗ ਨਾਲ ਰੋਟੀ ਜ਼ਰੂਰ ਖਾ ਕੇ ਜਾਈਾ... |'
ਅਜੇ ਮੰਤਰੀ ਸਾਹਿਬ ਗੱਲ ਪੂਰੀ ਹੀ ਕਰਨ ਲੱਗੇ ਸਨ ਕਿ ਚਾਰੇ ਪਾਸੇ ਘੁਸਰ-ਮੁਸਰ ਸ਼ੁਰੂ ਹੋ ਗਈ ਅਤੇ ਪ੍ਰਧਾਨ ਮਗਰੇ ਖੁਰਲੀ 'ਤੇ ਚੜ੍ਹ ਕੇ ਮੰਤਰੀ ਸਾਹਿਬ ਦੇ ਕੰਨ ਵਿਚ ਹੌਲੀ ਜਿਹੀ ਕਹਿਣ ਲੱਗਾ, 'ਜਨਾਬ, ਆਹ ਕੀ ਕਹੀ ਜਾਂਦੇ ਓ, ਬੇਬੇ ਨੂੰ ਮਰੇ ਤਾਂ ਪੰਜ ਸਾਲ ਹੋ ਗਏ, ਅੱਜ ਤਾਂ ਬੇਬੇ ਦੀ ਪੰਜਵੀਂ ਬਰਸੀ ਸੀ |'
'ਤੁਸੀਂ ਵੀ ਸਾਰੇ ਇਕ ਤੋਂ ਇਕ ਵੱਧਕੇ ਬੇਵਕੂਫ਼ ਓਾ | ਐਹੋ ਜਿਹੀਆਂ ਗੱਲਾਂ ਪਹਿਲਾਂ ਕਿਉਂ ਨਹੀਂ ਦਸਦੇ', ਮੰਤਰੀ ਸਾਹਿਬ ਨੇ ਖਿਝ ਕੇ ਕਿਹਾ ਅਤੇ ਫਿਰ ਮਾਈਕ 'ਤੇ ਡੱਟ ਗਏ |
'ਮੇਰੇ ਕਹਿਣ ਤੋਂ ਮਤਲਬ ਸੀ ਬਈ, ਮੇਰਾ ਤਾਂ ਬੇਬੇ ਜੀ ਨਾਲ ਮੋਹ ਹੀ ਏਨਾ ਸੀ ਕਿ ਮੈਨੂੰ ਤਾਂ ਪੰਜ ਸਾਲ ਪੁਰਾਣੀਆਂ ਗੱਲਾਂ ਵੀ ਇਉਂ ਲੱਗਦੀਆਂ ਹਨ, ਜਿਵੇਂ ਪੰਜ ਮਹੀਨੇ ਪਹਿਲਾਂ ਦੀਆਂ ਹੋਣ | ਮੈਨੂੰ ਪੱਕਾ ਪਤੈ, ਕਿ ਜੇ ਮੈਂ ਸਾਗ ਦੀ ਰੁੱਤ ਵਿਚ ਬੇਬੇ ਨੂੰ ਮਿਲਣ ਆਉਂਦਾ ਤਾਂ ਬੇਬੇ ਨੇ ਮੈਨੂੰ ਲਾਜ਼ਮੀ, ਆਪਣੇ ਹੱਥਾਂ ਨਾਲ ਬਣੇ ਸਾਗ ਨਾਲ ਰੋਟੀ ਖੁਆ ਕੇ ਹੀ ਭੇਜਣਾ ਸੀ | ਅਕਸਰ ਬੇਬੇ ਮੇਰੇ ਨਾਲ ਗੱਲਾਂ ਕਰਦੀ, ਕਹਿੰਦੀ ਹੁੰਦੀ ਸੀ, ਬਈ ਪੁੱਤ ਅਮੀ ਚੰਦ! ਤੂੰ ਵੋਟਾਂ 'ਚ ਜ਼ਰੂਰ ਖੜ੍ਹਾ ਹੋਇਆ ਕਰੀਂ | ਮੇਰਾ ਤੇਰੇ ਨਾਲ ਵਾਅਦਾ ਐ ਕਿ ਸਾਡੇ ਪਿੰਡ ਦੀ ਇਕ-ਇਕ ਵੋਟ ਤੇਰੇ ਹੱਕ ਵਿਚ ਭਗਤੂ, ਭਾਵੇਂ ਮੈਨੂੰ ਪਚਾਸੀ ਸਾਲ ਦੀ ਉਮਰ 'ਚ ਸੋਟੀ ਫੜ ਕੇ, ਤੇਰੀ ਖਾਤਰ ਘਰੋ-ਘਰੀ ਜਾ ਕੇ, ਇਕ-ਇਕ ਵੋਟ ਕਿਉਂ ਨਾ ਮੰਗਣੀ ਪਵੇ? ਪਰ ਮੇਰੇ ਪਿੰਡ ਦੀਆਂ ਸਾਰੀਆਂ ਵੋਟਾਂ ਪੈਣਗੀਆਂ ਤੈਨੂੰ | ਸੋ ਵੀਰੋ ਤੇ ਭੈਣੋ ਹੁਣ ਸਮਾਂ ਆ ਗਿਆ ਕਿ ਤੁਸੀਂ ਮੇਰੇ ਨਾਲ ਬੀਬੀ ਨਸੀਬ ਕੌਰ ਦਾ ਕੀਤਾ ਵਾਅਦਾ ਯਾਦ ਰੱਖਣੈ ਅਤੇ ਵੋਟ ਮੈਨੂੰ ਹੀ ਪਾਉਣੀ ਹੈ |'
ਮੰਤਰੀ ਸਾਹਿਬ ਨੇ ਅਜੇ ਮਸਾਂ ਗੱਲ ਪੂਰੀ ਹੀ ਕੀਤੀ ਸੀ ਕਿ ਮੰਤਰੀ ਸਾਹਿਬ ਜ਼ਿੰਦਾਬਾਦ ਦੇ ਨਾਅਰੇ ਲੱਗਣ ਲੱਗ ਪਏ ਅਤੇ ਖੁਰਲੀ ਤੋਂ ਉੱਤਰ ਕੇ ਮੰਤਰੀ ਸਾਹਿਬ ਆਪਣੇ ਸਮਰਥਕਾਂ ਸਣੇ ਮੁਹਿੰਮ ਦੇ ਅਗਲੇ ਪੜਾਅ ਵੱਲ ਨੂੰ ਹੋ ਤੁਰੇ |

-ਮਕਾਨ ਨੰ: 13516-ਏ, ਗਲੀ ਨੰਬਰ: 5, ਠਾਕੁਰ ਕਲੋਨੀ, ਗਣੇਸ਼ਾ ਬਸਤੀ, ਬਠਿੰਡਾ |
ਮੋਬਾਈਲ : 9501115200

ਨਹਿਲੇ 'ਤੇ ਦਹਿਲਾ ਲਿਆ ਸੌ ਰੁਪਿਆ ਦੇ

ਦੋ ਉਰਦੂ ਦੇ ਸ਼ਾਇਰ ਮੁਸ਼ਾਇਰੇ ਵਿਚ ਹਿੱਸਾ ਲੈ ਆਪਣੇ-ਆਪਣੇ ਸ਼ਹਿਰਾਂ ਨੂੰ ਪਰਤ ਰਹੇ ਸਨ | ਉਹ ਦੋਵੇਂ ਗੱਡੀ ਦੇ ਰਿਜ਼ਰਵ ਡੱਬੇ ਵਿਚ ਬੈਠ ਗਏ | ਗੱਡੀ ਤੁਰ ਪਈ ਤਾਂ ਉਹ ਦੋਵੇਂ ਲਾਗੇ-ਲਾਗੇ ਹੋ ਕੇ ਮੁਸ਼ਾਇਰੇ ਬਾਰੇ ਚੰਗੀਆਂ ਮਾੜੀਆਂ ਗੱਲਾਂ ਕਰਨ ਲੱਗ ਪਏ | ਅੱਗੇ ਇਕ ਵੱਡਾ ਸਟੇਸ਼ਨ ਆਇਆ ਤਾਂ ਹੋਰ ਸਵਾਰੀਆਂ ਵੀ ਡੱਬੇ ਵਿਚ ਬੈਠ ਗਈਆਂ, ਉਨ੍ਹਾਂ ਦੋਵਾਂ ਦੀਆਂ ਸੀਟਾਂ ਦੇ ਨਾਲ ਦੀ ਸੀਟ 'ਤੇ ਇਕ ਸੋਹਣੀ ਸੁਨੱਖੀ ਗੋਰੀ ਮੇਮ ਨੰਬਰ ਵੇਖ ਕੇ ਆਪਣਾ ਇਟੈਚੀ ਥੱਲੇ ਰੱਖ ਕੇ ਬੈਠ ਗਈ | ਦੋਵੇਂ ਉਰਦੂ ਸ਼ਾਇਰ ਮੁਸਲਮਾਨ ਸਨ | ਹੌਲੀ-ਹੌਲੀ ਉਰਦੂ ਵਿਚ ਗੱਲਾਂ ਕਰਨ ਲੱਗੇ | ਦੋਵੇਂ ਸ਼ਾਇਰ ਹੁਣ ਮੁਸ਼ਾਇਰੇ ਬਾਰੇ ਗੱਲਾਂ ਨਾ ਕਰਕੇ ਉਸ ਸੋਹਣੀ ਸੁਨੱਖੀ ਮੇਮ ਬਾਰੇ ਖੁਸਰ-ਮੁਸਰ ਕਰਦੇ ਪਏ ਸਨ | ਇਕ ਸ਼ਾਇਰ ਨੇ ਦੂਜੇ ਨੂੰ ਕਿਹਾ, 'ਜੇ ਤੂੰ ਇਸ ਗੋਰੀ ਨੂੰ ਕਿੱਸ ਕਰ ਲਵੇਂ ਤਾਂ ਮੈਂ ਤੈਨੂੰ ਸੌ ਰੁਪਏ ਇਨਾਮ ਦਿਆਂਗਾ |' ਦੂਜੇ ਨੇ ਕਿਹਾ, 'ਜੇ ਤੂੰ ਇਨਾਮ ਤੋਂ ਮੱੁਕਰ ਗਿਆ ਤਾਂ?' 'ਖ਼ੁਦਾ ਦੀ ਸਹੰੁ ਜੇ ਤੂੰ ਕਿੱਸ ਕਰ ਲਿਆ ਤਾਂ ਮੈਂ ਤੈਨੂੰ ਸੌ ਰੁਪਿਆ ਦਿਆਂਗਾ | ਜੇਕਰ ਗੋਰੀ ਨੇ ਤੈਨੂੰ ਚੱਪਲਾਂ ਨਾਲ ਕੁੱਟਿਆ ਤਾਂ ਵੀ ਤੈਨੂੰ ਇਨਾਮ ਦਿਆਂਗਾ |' ਫਿਰ ਕਿੱਸ ਕਰਨ ਵਾਲਾ ਸ਼ਾਇਰ ਉੱਠਿਆ ਅਤੇ ਝਟਪਟ ਗੋਰੀ ਦਾ ਮੰੂਹ ਚੰੁਮ ਕੇ ਉੱਚੀ-ਉੱਚੀ ਰੋਣ ਲੱਗ ਪਿਆ, 'ਨੀਂ ਜੰਨਤ ਦੀ ਹੂਰੇ, ਨੀਂ ਚੰਨ ਜਿਹੇ ਮੁਖੜੇ ਵਾਲੀਏ, ਨੀ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਵਰਗੀਏ | ਮੈਂ ਤੈਨੂੰ ਸਲਾਮ ਕਰਦਾ ਹਾਂ | ਤੂੰ ਮੇਰੀ ਵਾਈਫ਼ ਜਾਪਦੀ ਏਾ | ਮੇਰੀ ਵਾਈਫ਼ ਜੋ ਕਈ ਸਾਲ ਪਹਿਲਾਂ ਇਸ ਧਰਤੀ ਤੋਂ ਚਲੀ ਗਈ, ਤੂੰ ਹੂ-ਬਹੂ ਮੇਰੀ ਮਰ ਚੁੱਕੀ ਵਾਈਫ਼ ਵਰਗੀ ਏਾ | ਤੇਰੀ ਸ਼ਕਲ ਸੂਰਤ ਵੇਖ ਕੇ ਮੈਨੂੰ ਮੇਰੀ ਬੇਗਮ ਯਾਦ ਆ ਗਈ ਸੀ | ਮੈਂ ਉਹਨੂੰ ਯਾਦ ਕਰਦਿਆਂ ਤੇਰਾ ਮੰੂਹ ਚੰੁਮ ਲਿਆ | ਹਾਏ-ਹਾਏ, ਹਾਏ-ਹਾਏ ਅਤੇ ਉੱਚੀ-ਉੱਚੀ ਧਾਹਾਂ ਮਾਰਦਾ ਰਿਹਾ | ਲਾਗੇ ਚਾਗੇ ਬੈਠੇ ਬੰਦੇ ਹੌਲੀ-ਹੌਲੀ ਉਨ੍ਹਾਂ ਕੋਲ ਆਉਂਦੇ ਰਹੇ ਅਤੇ ਉਸ ਨੂੰ ਚੁੱਪ ਕਰਾਉਂਦੇ ਰਹੇ | ਗੋਰੀ ਮੇਮ ਵੀ ਚੁੱਪ ਕਰਕੇ ਸਾਰਾ ਤਮਾਸ਼ਾ ਵੇਖਦੀ ਰਹੀ | ਫਿਰ ਅਚਾਨਕ ਗੱਡੀ ਰੁਕੀ ਤਾਂ ਦੋਵੇਂ ਆਪਣਾ-ਆਪਣਾ ਸਾਮਾਨ ਚੁੱਕ ਕੇ ਥੱਲੇ ਉੱਤਰ ਗਏ | ਉਨ੍ਹਾਂ ਦਾ ਸਟੇਸ਼ਨ ਆ ਗਿਆ ਸੀ |
ਸਟੇਸ਼ਨ ਤੋਂ ਬਾਹਰ ਨਿਕਲਦਿਆਂ ਚੰੁਮੀ ਲੈਣ ਵਾਲੇ ਨੇ ਆਪਣੇ ਸਾਥੀ ਨੂੰ ਕਿਹਾ, 'ਲਿਆ ਸੌ ਰੁਪਿਆ ਦੇ |'

-ਮੋਬਾਈਲ : 94170-91668.

ਕਹਾਣੀ ਫ਼ਰਜ਼ ਅਤੇ ਦਾਨ

ਅਸੀਂ ਬਠਿੰਡਾ ਬੱਸ ਅੱਡੇ ਦੇ ਅੰਦਰ, ਲੰਮੇ ਬੈਂਚ 'ਤੇ ਬੈਠੇ ਕਈ ਵਿਅਕਤੀ, ਬੱਸ ਦੀ ਉਡੀਕ ਕਰ ਰਹੇ ਸਾਂ ਤਾਂ ਇਕ ਮੈਲੇ-ਕੁਚੈਲੇ ਕੱਪੜਿਆਂ ਵਾਲੇ ਮੰਗਤੇ ਲੜਕੇ ਨੇ ਸਿਲਵਰ ਦਾ ਚਿੱਬਾ ਜਿਹਾ ਪੁਰਾਣਾ ਕੌਲਾ ਮੇਰੇ ਅੱਗੇ ਕਰਕੇ ਕਿਹਾ, 'ਦਾਨ ਜੀ', ਉਸ ਦੇ ਮੋਢੇ 'ਤੇ ਇਕ ਬਿਰਧ ਮੰਗਤੇ ਨੇ ਸਹਾਰੇ ਲਈ ਹੱਥ ਰੱਖਿਆ ਹੋਇਆ ਸੀ ਅਤੇ ਸ਼ਾਇਦ ਅੱਖਾਂ ਤੋਂ ਅੰਨ੍ਹਾ ਲਗਦਾ ਸੀ | ਬੈਂਚ 'ਤੇ ਬੈਠੇ ਪੰਜ ਛੇ ਜਣਿਆਂ ਨੇ ਉਨ੍ਹਾਂ 'ਤੇ ਤਰਸ ਕਰਕੇ ਇਕ-ਇਕ, ਦੋ-ਦੋ ਜਾਂ ਪੰਜ ਰੁਪਏ ਦਿੱਤੇ | ਮੈਂ ਵੀ ਅਣਮੰਨੇ ਜਿਹੇ ਮਨ ਨਾਲ ਉਸ ਨੂੰ ਪੰਜ ਰੁਪਏ ਦਿੱਤੇ | ਮੈਨੂੰ ਲੜਕੇ 'ਤੇ ਉਸ ਦਾ ਚਿਹਰਾ ਵੇਖ ਕੇ ਕੁਝ ਸ਼ੱਕ ਜਿਹਾ ਪਿਆ | ਮੇਰੇ ਪੁੱਛਣ 'ਤੇ ਉਸ ਦਾ ਜਵਾਬ ਸੁਣ ਕੇ ਮੈਂ ਸੰੁਨ ਜਿਹਾ ਹੋ ਬੈਂਚ 'ਤੇ ਬੈਠ ਗਿਆ | ਪਿਛਲੇ ਚਾਰ-ਪੰਜ ਮਹੀਨੇ ਪਹਿਲਾਂ ਵਾਲੀ ਸਾਰੀ ਘਟਨਾ, ਫ਼ਿਲਮ ਦੇ ਸੀਨ ਵਾਂਗ, ਜਿਵੇਂ ਮੇਰੀਆਂ ਅੱਖਾਂ ਅੱਗੋਂ ਲੰਘਣ ਲੱਗੀ |
ਮੇਰੇ ਯਾਦ ਆਇਆ, ਮੈਂ ਉਸ ਦਿਨ ਗਿੱਦੜਬਾਹਾ ਜਾਣ ਲਈ ਬੇਸ਼ੱਕ ਕਾਹਲੀ ਨਾਲ ਘਰੋਂ ਆਇਆ ਸੀ, ਪਰ ਫਿਰ ਵੀ ਅੱਠ ਵਜੇ ਵਾਲੀ ਬੱਸ ਖੰੁਝ ਗਈ ਸੀ | ਬੇਵਸੀ ਜਿਹੀ ਨਾਲ ਮੈਂ ਬੱਸ ਅੱਡੇ ਦੇ ਵਰਾਂਡਿਆਂ ਵਿਚ ਲੱਗੇ ਲੰਮੇ ਬੈਂਚ 'ਤੇ ਬੈਠ ਕੇ ਗਿੱਦੜਬਾਹਾ ਲਈ ਅਗਲੀ ਬੱਸ ਦੀ ਉਡੀਕ ਕਰਨ ਲੱਗਾ ਸੀ |
ਮੈਂ ਸਮਾਂ ਬਿਤਾਉਣ ਲਈ ਬੱਸ ਅੱਡੇ 'ਤੇ ਹੋ ਰਹੀ ਹਰ ਹਰਕਤ ਨੂੰ ਗਹੁ ਨਾਲ ਵਾਚਣ ਲੱਗਾ | ਉਫ਼, ਕਿੰਨਾ ਸ਼ੋਰ ਸੀ | ਅੱਡੇ 'ਤੇ ਆਉਣ-ਜਾਣ ਵਾਲੇ ਮੁਸਾਫਿਰਾਂ ਦੀ ਕਿੰਨੀ ਭੀੜ ਸੀ | ਲਾਟਰੀ ਵਾਲੀ ਸਟਾਲ 'ਤੇ ਲੱਗਾ ਸਪੀਕਰ ਹਰੇਕ ਨੂੰ ਲੱਖਪਤੀ ਬਣਨ ਲਈ ਲਾਟਰੀ ਦੀ ਇਕ ਟਿਕਟ ਖਰੀਦਣ ਲਈ ਕਹਿ ਰਿਹਾ ਸੀ | ਨਾਲ ਦੀ ਸਟਾਲ 'ਤੇ ਅਖ਼ਬਾਰਾਂ ਵਾਲਾ, ਅੱਜ ਦੀਆਂ ਤਾਜ਼ਾ ਖ਼ਬਰਾਂ ਤੋਂ ਜਾਣੂ ਕਰਵਾਉਣ ਲਈ ਇਕ ਅਖ਼ਬਾਰ ਖਰੀਦਣ ਲਈ ਹੋਕਾ ਦੇ ਰਿਹਾ ਸੀ | ਮੇਰੇ ਪਿੱਛੇ ਚਾਹ ਵਾਲੀ ਕੰਟੀਨ 'ਤੇ ਮੁਸਾਫਿਰਾਂ ਨੂੰ ਠੰਢੇ ਸੋਢੇ, ਸਕੈਸ਼, ਲੱਸੀ, ਚਾਹ, ਬਰੈੱਡ, ਸਮੋਸੇ ਅਤੇ ਗਰਮਾ-ਗਰਮ ਪਰੌਾਠਿਆਂ ਦੀ ਉੱਚੀ ਆਵਾਜ਼ ਵਿਚ ਪੇਸ਼ਕਸ਼ ਕਰ ਰਿਹਾ ਸੀ | ਅੱਡੇ ਤੋਂ ਅੱਡ-ਅੱਡ ਸ਼ਹਿਰਾਂ ਨੂੰ ਜਾਣ ਲਈ ਬੱਸਾਂ ਬੈਕ ਕਰਵਾਉਣ ਸਮੇਂ ਕੰਡਕਟਰਾਂ ਦੀਆਂ ਵਿਸਲਾਂ ਦੀਆਂ ਆਵਾਜ਼ਾਂ, ਬੱਸਾਂ ਦੇ ਹਾਰਨ ਅਤੇ ਇੰਜਣਾਂ ਦਾ ਕਿੰਨਾ ਸ਼ੋਰ ਸੀ | ਅੱਡੇ 'ਤੇ ਲੱਗੀਆਂ ਬੱਸਾਂ ਵਿਚ ਮੁਸਾਫਿਰਾਂ ਨੂੰ ਚੜ੍ਹਾਉਣ ਲਈ ਕੰਡਕਟਰ ਉਸ ਰੂਟ ਦੀਆਂ ਉੱਚੀ-ਉੱਚੀ ਆਵਾਜ਼ਾਂ ਦੇ ਰਹੇ ਸਨ |
'ਆ ਜੋ ਬਈ ਭੁੱਚੋ, ਰਾਮਪੁਰਾ, ਤਪਾ, ਬਰਨਾਲਾ, ਲੁਧਿਆਣਾ ਬਈ...' ਅਗਲੀ ਆਵਾਜ਼ ਆ ਰਹੀ ਸੀ 'ਚਲੋ ਬਈ ਬਰਨਾਲਾ, ਧਨੌਲਾ, ਸੰਗਰੂਰ, ਪਟਿਆਲਾ, ਚੰਡੀਗੜ੍ਹ ਬਈ...' ਇਕ ਹੋਰ ਆਵਾਜ਼ ਸੁਣ ਰਹੀ ਸੀ, 'ਆ ਜੋ ਬਈ ਜੈਤੋ, ਫਰੀਦਕੋਟ, ਮੁਦਕੀ, ਜ਼ੀਰਾ, ਹਰੀਕੇ, ਤਰਨ ਤਾਰਨ, ਸ੍ਰੀ ਅੰਮਿ੍ਤਸਰ ਸਾਹਿਬ...' ਇਕ ਬਜ਼ੁਰਗ ਹਾਕਰ ਦੀ ਜ਼ੋਰ ਨਾਲ ਆਵਾਜ਼ ਬੜੀ ਦਿਲਚਸਪ ਸੀ, ਜਿਸ ਨੇ ਕਾਫ਼ੀ ਮੁਸਾਫਿਰਾਂ ਦਾ ਧਿਆਨ ਖਿੱਚਿਆ ਹੋਇਆ ਸੀ, 'ਚਲੋ ਬਈ ਕੋਟਸ਼ਮੀਰ, ਤਲਵੰਡੀ, ਸਰਦੂਲਗੜ੍ਹ, ਔਤਾਂ ਵਾਲੀ, ਨਪੁੱਤਿਆਂ ਵਾਲੀ, ਮੂਸਾ, ਮਾਨਸਾ, ਬਈ...' ਮੇਰਾ ਹਾਸਾ ਨਿਕਲਣੋਂ ਨਾ ਰਹਿ ਸਕਿਆ, ਕਿਉਂਕਿ ਇਧਰ ਕੋਈ ਨਪੁੱਤਿਆਂ ਵਾਲੀ ਪਿੰਡ ਨਹੀਂ ਸੀ, ਹੋਕੇ ਨੂੰ ਦਿਲਚਸਪ ਬਣਾਉਣ ਲਈ ਉਸ ਨੇ ਔਤਾਂ ਵਾਲੀ ਦੇ ਨਾਲ ਨਪੁੱਤਿਆਂ ਵਾਲੀ ਆਪਣੇ ਕੋਲੋਂ ਹੀ ਜੋੜ ਲਿਆ ਸੀ |
ਮੇਰਾ ਧਿਆਨ ਉਸ ਵਕਤ ਟੁੱਟਿਆ, ਜਦੋਂ ਇਕ ਪੰਦਰਾਂ ਕੁ ਸਾਲ ਦੇ ਮੰੁਡੇ ਨੇ ਆ ਕੇ ਕਿਹਾ, 'ਪਾਲਿਸ਼ ਜੀ, ਬੂਟ ਪਾਲਿਸ਼ ਕਰਦੀਏ, ਬਡੀਆ ਬਣਾ ਦਿਆਂਗੇ, ਚਮਕਾ ਦਿਆਂਗੇ' ਤੇ ਉਹ ਸਹਿਮਤੀ ਲਈ ਮੇਰੇ ਵੱਲ ਤੱਕਣ ਲੱਗਾ | ਮੈਂ ਵੇਖਿਆ ਉਸ ਲੜਕੇ ਦੇ ਕੱਪੜੇ ਸਾਦੇ ਪਰ ਸਾਫ਼ ਸਨ | ਪੈਂਟ, ਸ਼ਰਟ, ਉਪਰਦੀ ਪਹਿਨ ਕੇ ਸਸਤੀ ਜਿਹੀ ਬੈਲਟ, ਨਾਲ ਕਸੀ ਹੋਈ ਸੀ, ਬੂਟ ਵੀ ਸਾਦੇ ਪਰ ਸਾਫ਼ ਅਤੇ ਪਾਲਿਸ਼ ਕੀਤੇ ਹੋਏ ਸਨ | ਉਸ ਨੇ ਵਾਲ ਵਧੀਆ ਸਲੀਕੇ ਨਾਲ ਵਾਹੇ ਹੋਏ ਸਨ | ਰੰਗ ਕਣਕ-ਵੰਨਾ ਅਤੇ ਚਿਹਰੇ ਦੇ ਖੱਬੇ ਪਾਸੇ ਵੱਡਾ ਸਾਰਾ ਤਿਲ ਸੀ | ਹੱਥ ਵਿਚ ਪਾਲਿਸ਼ ਵਾਲਾ ਬਕਸਾ, ਜਿਸ 'ਤੇ ਪਾਲਿਸ਼ ਵਾਲੀਆਂ ਵੱਖਰੇ-ਵੱਖਰੇ ਰੰਗਾਂ ਦੀਆਂ ਸ਼ੀਸ਼ੀਆਂ ਅਤੇ ਡੱਬੀਆਂ ਬੜੀ ਸਫ਼ਾਈ ਨਾਲ ਰੱਖੀਆਂ ਹੋਈਆਂ ਸਨ ਅਤੇ ਸਾਈਡ 'ਤੇ ਕਾਲੇ, ਭੂਰੇ ਅਤੇ ਲਾਲ ਰੰਗ ਦੇ ਪਾਲਿਸ਼ ਕਰਨ ਵਾਲੇ ਬੁਰਸ਼ ਲਮਕ ਰਹੇ ਸਨ | ਵੇਖਣ ਵਿਚ ਉਹ ਸਾਦਾ, ਸ਼ਰੀਫ਼, ਮਿਹਨਤੀ ਅਤੇ ਕੰਮ ਵਿਚ ਨਿਪੰੁਨ ਲਗਦਾ ਸੀ | ਮੈਂ ਇਹ ਸੋਚ ਕੇ ਨਾਂਹ ਵਿਚ ਸਿਰ ਹਿਲਾ ਦਿੱਤਾ, ਮਤੇ ਇਹ ਮੇਰੇ ਬਰੈਂਡਡ ਕੰਪਨੀ ਦੇ ਬੂਟ ਖਰਾਬ ਨਾ ਕਰ ਦੇਵੇ | ਬੈਂਚ 'ਤੇ ਬੈਠੇ ਲਗਪਗ ਪੰਜ ਕੁ ਜਣਿਆਂ ਨੇ ਉਸ ਤੋਂ ਪਾਲਿਸ਼ ਨਾ ਕਰਵਾਈ ਅਤੇ ਅਖੀਰਲੇ ਇਕ ਅੱਧਖੜ ਜਿਹੀ ਉਮਰ ਦੇ ਟੋਪੀ ਵਾਲੇ ਆਦਮੀ ਨੇ ਗਾਰੇ ਨਾਲ ਲਿੱਬੜੇ ਪੁਰਾਣੇ ਜਿਹੇ ਬੂਟ ਪਾਲਿਸ਼ ਲਈ ਉਸ ਅੱਗੇ ਕਰ ਦਿੱਤੇ ਸਨ |
ਮੇਰੇ ਯਾਦ ਹੈ ਕਿ ਉਸ ਨੇ ਪ੍ਰੇਮ ਨਾਲ ਪਹਿਲਾਂ ਬੂਟਾਂ ਤੋਂ ਬੁਰਸ਼ ਨਾਲ ਸਾਰਾ ਗਾਰਾ ਸਾਫ਼ ਕੀਤਾ, ਫਿਰ ਜਿਸ ਜਗ੍ਹਾ ਬੂਟਾਂ ਤੋਂ ਪਾਲਿਸ਼ ਲਹਿ ਚੁੱਕੀ ਸੀ ਉਥੇ ਕਾਲਾ ਰੰਗ ਲਗਾਇਆ, ਫਿਰ ਦੋਵਾਂ ਬੂਟਾਂ 'ਤੇ ਪਾਲਿਸ਼ ਲਾ ਕੇ ਬੁਰਸ਼ ਨਾਲ ਚਮਕਾਏ ਤੇ ਬਾਅਦ ਵਿਚ ਬੂਟਾਂ 'ਤੇ ਥੋੜ੍ਹੀ ਜਿਹੀ ਕਰੀਮ ਲਾ ਕੇ ਫਿਰ ਸਾਫ਼ ਬੁਰਸ਼ ਮਾਰਿਆ ਅਤੇ ਫੀਤੇ ਪਾ ਕੇ ਬੂਟ ਵਿਅਕਤੀ ਦੇ ਅੱਗੇ ਕਰ ਦਿੱਤੇ ਅਤੇ ਕਿਹਾ ਸੀ 'ਜੀ ਦਸ ਰੁਪਏ |'
'ਦਸ ਰੁਪਏ ਕਾਹਦੇ ਓਏ, ਪਾਲਿਸ਼ ਦੇ ਸਾਰੇ ਪੰਜ ਰੁਪਏ ਲੈਂਦੇ ਨੇ', ਬੂਟਾਂ ਵਾਲਾ ਆਦਮੀ ਕੜਕ ਕੇ ਬੋਲਿਆ, 'ਨਹੀਂ ਜੀ, ਸਭ ਦਸ ਰੁਪਏ ਹੀ ਲੇਤੇ ਹੈਾ', ਪਾਲਿਸ਼ ਵਾਲੇ ਨੇ ਨਿਮਰਤਾ ਨਾਲ ਜਵਾਬ ਦਿੱਤਾ ਸੀ |
'ਬਕਵਾਸ ਨਾ ਕਰ, ਪੰਜ ਰੁਪਏ ਲੈਣੇ ਐਾ ਤਾਂ ਲੈ ਨਹੀਂ ਤੁਰਦਾ ਲੱਗ', ਬੂਟਾਂ ਵਾਲੇ ਨੇ ਹੈਾਕੜ ਵਿਖਾਈ |
'ਅਗਰ ਮਿਹਨਤ ਕਰਤੇ ਹੈਾ ਤੋ ਬਕਵਾਸ ਬੋਲਤੇ ਹੋ, ਬੂਟ ਪਾਲਿਸ਼ ਕਾ ਦਸ ਰੁਪਏ ਕਾ ਰੇਟ ਹੈ, ਔਰ ਦਸ ਰੁਪਏ ਲੇਕਰ ਹੀ ਜਾਊਾਗਾ', ਪਾਲਿਸ਼ ਵਾਲੇ ਨੇ ਗੁੱਸੇ ਅਤੇ ਸਖ਼ਤੀ ਨਾਲ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ |
ਬੂਟਾਂ ਵਾਲਾ ਸ਼ਾਇਦ ਸਮਝ ਗਿਆ ਸੀ ਕਿ ਹੁਣ ਉਸ ਦੀ ਦਾਲ ਨਹੀਂ ਗਲਣ ਵਾਲੀ | ਉਸਨੇ ਪਾਲਿਸ਼ ਵਾਲੇ ਨੂੰ ਗੁੱਸਾ ਵਿਖਾਉਂਦੇ ਹੋਏ ਦਸ ਰੁਪਏ ਦਾ ਨੋਟ ਦਿੰਦੇ ਹੋਏ ਕਿਹਾ, 'ਆਹ ਲੈ ਤੇ ਦਫਾ ਹੋ ਜਾ' ਪਾਲਿਸ਼ ਵਾਲਾ ਦਸ ਰੁਪਏ ਦਾ ਨੋਟ ਫੜ ਕੇ ਜਦ ਜਾਣ ਲੱਗਾ ਤਾਂ ਬੂਟਾਂ ਵਾਲੇ ਵਿਅਕਤੀ ਨੇ ਫਿਰ ਕਿਹਾ, 'ਐਦੰੂ ਤਾਂ ਮੰਗਣ ਲੱਗ ਜਾ' ਹੁਣ ਸ਼ਾਇਦ ਬੂਟਾਂ ਵਾਲੇ ਲੜਕੇ ਤੋਂ ਰਿਹਾ ਨਾ ਗਿਆ, ਸ਼ਾਇਦ ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਕਿੱਤੇ, ਮਿਹਨਤ ਅਤੇ ਸਵੈ-ਮਾਣ ਨੂੰ ਕਿਸੇ ਨੇ ਡਾਂਗਾਂ ਨਾਲ ਜ਼ਖ਼ਮੀ ਕਰ ਦਿੱਤਾ ਹੋਵੇ ਅਤੇ ਮੁੜ ਕੇ ਉਸ ਵਿਅਕਤੀ ਨੂੰ ਗੁੱਸੇ ਨਾਲ ਕਹਿਣ ਲੱਗਾ, 'ਅਗਰ ਏਸੇ ਹੀ ਰਹਾ ਤੋ ਯਿਹ ਭੀ ਕਰੇਂਗੇ', ਮੈਨੂੰ ਉਸ ਸਮੇਂ ਉਸ ਲੜਕੇ 'ਤੇ ਬਹੁਤ ਤਰਸ ਆਇਆ ਸੀ | ਮੈਂ ਵੇਖਦਾ ਰਿਹਾ, ਉਹ ਤੁਰਦਾ ਹੋਇਆ ਚਾਹ ਵਾਲੇ ਕੋਲ ਗਿਆ ਅਤੇ ਚਾਹ ਦੇ ਕੱਪ ਨਾਲ ਇਕ ਡਬਲ ਰੋਟੀ ਲੈ ਕੇ ਖਾਣ ਲੱਗਾ | ਸ਼ਾਇਦ ਉਸ ਨੇ ਉਸ ਦਿਨ ਸਵੇਰ ਦੀ ਚਾਹ ਵੀ ਨਹੀਂ ਪੀਤੀ ਸੀ |
ਅੱਜ ਮੈਂ ਸ਼ੱਕ ਪੈਣ 'ਤੇ ਮੰਗਤੇ ਨੂੰ ਪੁੱਛਿਆ ਸੀ ਕਿ ਕੀ ਤੂੰ ਉਹੀ ਲੜਕਾ ਹੈਾ, ਜੋ ਕੁਝ ਮਹੀਨੇ ਪਹਿਲਾਂ ਬੂਟ ਪਾਲਿਸ਼ ਦਾ ਕੰਮ ਕਰਦਾ ਸੀ? ਤਾਂ ਉਸ ਨੇ ਭਰੇ ਜਿਹੇ ਮਨ ਨਾਲ 'ਹਾਂ' ਵਿਚ ਜਵਾਬ ਦਿੱਤਾ ਅਤੇ ਸਾਥੀ ਬਜ਼ੁਰਗ ਮੰਗਤੇ ਨਾਲ ਕਾਹਲੀ ਵਿਚ ਅਗਲੇ ਬੈਂਚ ਵੱਲ ਮੰਗਣ ਲਈ ਚਲਾ ਗਿਆ |
ਮੈਂ ਸ਼ਰਮਿੰਦਗੀ ਜਿਹੀ ਨਾਲ ਸੋਚਣ ਲੱਗਿਆ ਕਿ ਇਕ ਸੱਚੇ-ਸੁੱਚੇ ਮਿਹਨਤੀ ਕਾਮੇ ਲੜਕੇ ਤੋਂ ਉਸ ਨੂੰ ਭਿਖਾਰੀ ਬਣਾਉਣ ਲਈ ਅਸੀਂ ਸਭ ਜ਼ਿੰਮੇਵਾਰ ਹਾਂ | ਜਦੋਂ ਉਹ ਬੂਟ ਪਾਲਿਸ਼ ਕਰਕੇ ਮਿਹਨਤ ਕਰਕੇ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਸੀ ਤਾਂ ਆਪਣੇ ਫ਼ਰਜ਼ ਅਨੁਸਾਰ ਅਸੀਂ ਉਸ ਤੋਂ ਬੂਟ ਪਾਲਿਸ਼ ਨਹੀਂ ਕਰਵਾਏ | ਉਸ ਨੂੰ ਰੁਜ਼ਗਾਰ ਵਿਚ ਉਤਸ਼ਾਹਿਤ ਨਹੀਂ ਕੀਤਾ, ਸਗੋਂ ਜਿਸ ਨੇ ਪਾਲਿਸ਼ ਕਰਵਾਏ ਉਸ ਨੇ ਉਸ ਨੂੰ ਜ਼ਲੀਲ ਕੀਤਾ, ਪੰ੍ਰਤੂ ਜਦੋਂ ਉਹ ਸਮਾਜ 'ਤੇ ਇਕ ਧੱਬਾ, ਮੰਗਤਾ ਬਣ ਕੇ ਸਾਡੇ ਕੋਲ ਆਇਆ ਤਾਂ ਅਸੀਂ ਸਭ ਬੈਂਚ ਵਾਲਿਆਂ ਨੇ ਉਸ ਨੂੰ , ਗਰੀਬ, ਵਿਚਾਰਾ ਸਮਝ ਕੇ, ਤਰਸ ਕਰਕੇ, ਦਾਨ ਸਮਝ ਕੇ ਧੜਾਧੜ ਪੈਸੇ ਦੇ ਦਿੱਤੇ | ਅਸੀਂ ਲੋਕ ਕਿਹੋ ਜਿਹੀ ਭੈੜੀ ਮਨੋਬਿਰਤੀ ਦਾ ਸ਼ਿਕਾਰ ਹੋ ਰਹੇ ਹਾਂ ਅਤੇ ਕਿਹੋ ਜਿਹਾ ਸਮਾਜ ਸਿਰਜ ਰਹੇ ਹਾਂ | ਮੇਰਾ ਧਿਆਨ ਉਸ ਸਮੇਂ ਟੁੱਟਿਆ ਜਦੋਂ ਕੰਡਕਟਰ ਨੇ ਆਵਾਜ਼ ਮਾਰੀ, 'ਚਲੋ ਬਈ ਗਿੱਦੜਬਾਹਾ, ਮਲੋਟ, ਅਬੋਹਰ, ਕੋਈ ਰਾਹ ਦੀ ਸਵਾਰੀ ਨਾ ਹੋਵੇ...' ਅਤੇ ਮੈਂ ਸੋਚੀਂ ਪਿਆ, ਗਿੱਦੜਬਾਹਾ ਜਾਣ ਲਈ ਲੜਖੜਾਉਂਦੇ ਜਿਹੇ ਕਦਮਾਂ ਨਾਲ ਬੱਸ ਵੱਲ ਚੱਲ ਪਿਆ |

-ਸਾਹਿਬਜ਼ਾਦਾ ਜੁਝਾਰ ਸਿੰਘ ਨਗਰ, ਮਲਵਈ ਸੱਥ, ਗਲੀ ਨੰਬਰ 10, ਬਠਿੰਡਾ |
ਮੋਬਾਈਲ : 98151-60994.

ਮਿਹਨਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਮਿਹਨਤ ਤੇ ਇਮਾਨਦਾਰੀ ਜਾਦੂ ਵਰਗਾ ਅਸਰ ਕਰਦੀ ਹੈ, ਮਿਹਨਤ ਕਦੇ ਅਜਾੲੀਂ ਨਹੀਂ ਜਾਂਦੀ ਅਤੇ ਸਫ਼ਲਤਾ ਦੀ ਕੰੁਜੀ ਬਣਦੀ ਹੈ |
• ਮਿਹਨਤ ਕਰਨ ਵਾਲਾ ਕਦੇ ਭੁੱਖਾ ਨਹੀਂ ਮਰਦਾ ਅਤੇ ਮਾੜੀ ਨੀਅਤ ਵਾਲਾ ਕਦੇ ਰੱਜ ਨਹੀਂ ਸਕਦਾ, ਰਿਆਜ਼ ਤੋਂ ਬਿਨਾਂ ਕੋਈ ਸੰਗੀਤ ਨਹੀਂ ਬਣਦਾ |
• ਜਿੱਤਣ ਲਈ ਗੱਠਬੰਧਨ ਬਣਾਉਣੇ ਪੈਂਦੇ ਹਨ ਅਤੇ ਸਖਤ ਮਿਹਨਤ ਵੀ ਕਰਨੀ ਪੈਂਦੀ ਹੈ |
• ਸੁਪਨਾ ਜਾਦੂ ਨਾਲ ਹਕੀਕਤ ਨਹੀਂ ਬਣਦਾ ਬਲਕਿ ਇਹ ਦਿ੍ੜ੍ਹ ਸੰਕਲਪ ਅਤੇ ਸਖਤ ਮਿਹਨਤ ਨਾਲ ਸਾਕਾਰ ਹੁੰਦਾ ਹੈ |
• ਸਫ਼ਲਤਾ ਹਮੇਸ਼ਾ ਮਹਾਨਤਾ ਨਾਲ ਜੁੜੀ ਹੋਵੇ, ਇਹ ਜ਼ਰੂਰੀ ਨਹੀਂ | ਇਹ ਲਗਾਤਾਰ ਮਿਹਨਤ ਦਾ ਨਤੀਜਾ ਹੁੰਦੀ ਹੈ |
• ਜਿਵੇਂ ਪਤਝੜ ਤੋਂ ਬਿਨਾਂ ਰੁੱਖਾਂ ਨੂੰ ਫਲ ਨਹੀਂ ਲਗਦੇ, ਉਸੇ ਤਰ੍ਹਾਂ ਮਿਹਨਤ ਤੋਂ ਬਿਨਾਂ ਸਫਲਤਾ ਨਹੀਂ ਮਿਲਦੀ |
• ਕਿਸਮਤ ਹਮੇਸ਼ਾ ਮਿਹਨਤ ਨਾਲ ਬਣਦੀ ਹੈ | ਸਮੰੁਦਰ ਦੇ ਕੰਢੇ ਬਹਿ ਕੇ ਕੇਵਲ ਘੋਗੇ ਅਤੇ ਸਿੱਪੀਆਂ ਹੀ ਮਿਲਦੀਆਂ ਹਨ ਪਰ ਹੀਰੇ-ਮੋਤੀ ਹਾਸਲ ਕਰਨ ਲਈ ਸਮੰੁਦਰ ਦੀ ਗਹਿਰਾਈ ਤੱਕ ਜਾਣਾ ਪੈਂਦਾ ਹੈ | ਕਹਾਵਤ ਵੀ ਹੈ ਕਿ ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ |
• ਜਿਵੇਂ ਥੋੜ੍ਹੀ ਹਵਾ ਨਾਲ ਹੀ ਅੱਗ ਭੜਕ ਪੈਂਦੀ ਹੈ, ਉਵੇਂ ਥੋੜ੍ਹੀ ਮਿਹਨਤ ਨਾਲ ਕਿਸਮਤ ਚਮਕ ਉੱਠਦੀ ਹੈ |
• ਹਮੇਸ਼ਾ ਯਾਦ ਰੱਖੋ ਕਿ ਦਿਸ਼ਾ ਸਹੀ ਹੋਵੇ ਤਾਂ ਹੀ ਮਿਹਨਤ ਰੰਗ ਲਿਆਉਂਦੀ ਹੈ |
• ਨੀਂਦ ਤੇ ਨਿੰਦਾ ਉੱਤੇ ਜਿਹੜੇ ਵਿਅਕਤੀ ਜਿੱਤ ਹਾਸਲ ਕਰਕੇ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ |
• ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜੰਗਾਲ ਲੱਗ ਕੇ ਖਤਮ ਹੋਣ ਨਾਲੋਂ ਹੰਢ ਕੇ ਖਤਮ ਹੋਣਾ ਕਈ ਗੁਣਾ ਬਿਹਤਰ ਹੈ |
• ਚੰਗੀ ਕਿਸਮਤ ਰੱਬ ਬਣਾਉਂਦਾ ਹੈ, ਇਹ ਆਲਸੀਆਂ ਦਾ ਨਾਅਰਾ ਹੈ, ਮਿਹਨਤ ਕਰਨ ਵਾਲਿਆਂ ਦਾ ਨਹੀਂ |
• ਸੰਘਰਸ਼ ਤੇ ਮਿਹਨਤ ਜਿੰਨੀ ਸਖ਼ਤ ਹੋਵੇਗੀ, ਜਿੱਤ ਵੀ ਓਨੀ ਹੀ ਵੱਡੀ ਮਿਲਣ ਦੀ ਉਮੀਦ ਵਧ ਜਾਵੇਗੀ |
• ਮਿਹਨਤਕਸ਼ ਵਿਅਕਤੀ ਨੂੰ ਉਸ ਦੇ ਪਸੀਨਾ ਸੁੱਕਣ ਤੋਂ ਪਹਿਲਾਂ ਹੀ ਉਸ ਦੀ ਪੂਰੀ ਮਜ਼ਦੂਰੀ ਦੇ ਦੇਣੀ ਚਾਹੀਦੀ ਹੈ ਤੇ ਕੰਮ ਦੌਰਾਨ ਉਸ ਨਾਲ ਇਨਸਾਨੀਅਤ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ |
• ਚੰਗਾ ਲੱਗਦਾ ਹੈ ਜਦੋਂ ਕੋਈ ਕਿਸੇ ਦੀ ਮਿਹਨਤ ਦੀ ਪਛਾਣ ਕਰਦਾ ਹੈ |
• ਕੁਝ ਪ੍ਰਾਪਤ ਕਰਨ ਲਈ ਜੀਅ-ਤੋੜ ਮਿਹਨਤ ਕਰਨੀ ਪੈਂਦੀ ਹੈ | ਇਸ ਲਈ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਮਿਹਨਤੀ ਬਣਾਓ ਤਾਂ ਕਿ ਉਹ ਆਪਣੀ ਮੰਜ਼ਲ ਦੇ ਰਸਤੇ ਵਿਚ ਆਉਣ ਵਾਲੀ ਹਰ ਰੁਕਾਵਟ ਨੂੰ ਆਪਣੀ ਮਿਹਨਤ ਨਾਲ ਦੂਰ ਕਰ ਸਕੇ |
• ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਮਿਹਨਤ ਨੂੰ ਹੀ ਮਿੱਠਾ ਫਲ ਲੱਗਿਆ ਕਰਦਾ ਹੈ |
• ਮਿਹਨਤ ਅਤੇ ਪਵਿੱਤਰਤਾ ਨਾਲ ਜੋ ਆਪਣਾ ਜੀਵਨ ਮਹਿਕਾਉਂਦੇ ਹਨ, ਉਨ੍ਹਾਂ ਦੀ ਖੁਸ਼ਬੂ ਸਦੀਆਂ ਤੱਕ ਕਾਇਮ ਰਹਿੰਦੀ ਹੈ |
• ਕਿਸੇ ਦੇ ਪੈਰਾਂ ਵਿਚ ਡਿੱਗ ਕੇ ਪ੍ਰਸਿੱਧੀ ਹਾਸਲ ਕਰਨ ਦੀ ਬਜਾਏ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਮਿਹਨਤ ਕਰ ਕੇ ਕੁਝ ਬਣਨ ਦੀ ਠਾਣ ਲਵੋ |
• ਆਮ ਵੇਖਿਆ ਜਾਂਦਾ ਹੈ ਕਿ ਸ਼ੇਰ ਆਪਣੇ ਬੱਚੇ ਨੂੰ ਸ਼ਿਕਾਰ ਕਰਨਾ ਭਾਵ ਮਿਹਨਤ ਕਰਨਾ ਤਾਂ ਸਿਖਾਉਂਦਾ ਹੈ ਪਰ ਉਸ ਦੇ ਮੂਹਰੇ ਸ਼ਿਕਾਰ ਕੀਤਾ ਜਾਨਵਰ ਲਿਆ ਕੇ ਨਹੀਂ ਸੁੱਟਦਾ | ਜੇਕਰ ਇੰਜ ਕਰਦਾ ਹੁੰਦਾ ਤਾਂ ਅੱਜ ਤੱਕ ਸ਼ੇਰਾਂ ਦੀ ਨਸਲ ਮੁੱਕ ਜਾਣੀ ਸੀ | ਮਾਂ-ਪਿਓ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਦੀ ਆਦਤ ਪਾਉਣ | (ਚਲਦਾ)

-ਮੋਬਾਈਲ : 99155-63406.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX