ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਪਤਨੀ ਤੋਂ ਤੰਗ ਆ ਕੇ ਪੰਜਾਬੀ ਨੌਜਵਾਨ ਨੇ ਦੁਬਈ 'ਚ ਕੀਤੀ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ, 26ਜੂਨ (ਅਵਤਾਰ ਸਿੰਘ ਅਣਖੀ) - ਪਤਨੀ ਦੇ ਸਤਾਏ ਇਕ ਪੰਜਾਬੀ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਨੌਜਵਾਨ ਸਤਨਾਮ ਸਿੰਘ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 45 ਓਵਰਾਂ ਮਗਰੋਂ 184/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਡੀ ਗ੍ਰੈਂਡਹੋਮ ਦੀਆਂ ਵੀ 50 ਦੌੜਾਂ ਪੂਰੀਆਂ
. . .  1 day ago
21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
. . .  1 day ago
ਕਲਾਨੌਰ, 26 ਜੂਨ (ਪੁਰੇਵਾਲ)-ਕੋਟਾ ਤੋਂ ਰੇਲ ਗੱਡੀ ਰਾਹੀਂ ਛੁੱਟੀ ਲੈ ਕੇ ਵਾਪਸ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਹੀਮਾਂਬਾਦ ਵਿਖੇ ਪਰਤ ਰਹੇ 21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਜਿਸ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 40 ਓਵਰਾਂ ਮਗਰੋਂ 152/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਨੀਸ਼ਮ ਦੀਆਂ 50 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦੀਆਂ ਚੁਗੀਆਂ ਅਸਥੀਆਂ, ਨਾਮ ਚਰਚਾ 28 ਨੂੰ
. . .  1 day ago
ਕੋਟਕਪੂਰਾ, 26 ਜੂਨ (ਮੋਹਰ ਸਿੰਘ ਗਿੱਲ) - ਨਾਭੇ ਦੀ ਜੇਲ੍ਹ 'ਚ ਦੋ ਵਿਅਕਤੀਆਂ ਹੱਥੋਂ ਕਤਲ ਹੋਏ ਡੇਰਾ ਸੱਚਾ ਸੌਦਾ ਸਿਰਸਾ ਦੇ 45 ਮੈਂਬਰੀ ਕਮੇਟੀ ਮੈਂਬਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਜਿਸ ਦਾ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁ: ਲੱਖੀ ਜੰਗਲ ਸਾਹਿਬ (ਬਠਿੰਡਾ)

ਜ਼ਿਲ੍ਹਾ ਬਠਿੰਡਾ ਦੇ ਸਬ-ਤਹਿਸੀਲ ਗੋਨਿਆਣਾ ਦੇ 800 ਆਬਾਦੀ ਵਾਲੇ ਪਿੰਡ ਲੱਖੀ ਜੰਗਲ ਦੀ ਇਤਿਹਾਸਕ ਮਹੱਤਤਾ ਸਦਕਾ ਦੇਸ਼-ਵਿਦੇਸ਼ ਤੋਂ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਨਮਨ ਕਰਨ ਲਈ ਦਿਨ-ਤਿਉਹਾਰ ਮੌਕੇ ਨਤਮਸਤਕ ਹੋਣ ਲਈ ਸੰਗਤਾਂ ਆਉਂਦੀਆਂ ਹਨ। ਲੱਖੀ ਜੰਗਲ ਉਹ ਪਵਿੱਤਰ ਧਰਤੀ ਹੈ, ਜਿਸ ਨੂੰ ਚਾਰ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਵੇਲੇ ਇਥੇ ਸਥਿਤ ਜੰਗਲ ਦੇ ਇਲਾਕੇ ਨੂੰ ਭਾਗ ਲਾਏ ਅਤੇ ਇਸ ਸਥਾਨ ਨੂੰ ਲੱਖੀ ਜੰਗਲ ਦਾ ਨਾਂਅ ਬਖਸ਼ਿਸ਼ ਕਰਦਿਆਂ ਸੰਗਤਾਂ ਨੂੰ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਇਥੇ ਅੱਜ ਵਿਸ਼ਾਲ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਹਰ ਪੂਰਨਮਾਸ਼ੀ ਨੂੰ ਇਥੇ ਸੰਗਤਾਂ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਹਨ। 13 ਜਨਵਰੀ ਨੂੰ ਮਾਘੀ ਦਾ ਵੱਡਾ ਜੋੜ ਮੇਲਾ ਲਗਦਾ ਹੈ।
ਇਸ ਪਵਿੱਤਰ ਅਸਥਾਨ ਦੀ ਦੂਜੀ ਵੱਡੀ ਧਾਰਮਿਕ ਮਹੱਤਤਾ ਹੈ ਕਿ ਇਸੇ ਸਥਾਨ 'ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚੰਦੂ ਪਾਪੀ ਨੂੰ ਨੱਥ ਪਾ ਕੇ ਬੰਨ੍ਹਿਆ ਸੀ। ਫਿਰ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਨੇ ਭਾਈ ਸੋਮੇ ਨੂੰ ਦਾਤਾਂ ਬਖਸ਼ਿਸ਼ ਕੀਤੀਆਂ ਸਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਾਲਵੇ ਖੇਤਰ ਦੇ ਇਸ ਅਤਿ ਮਹੱਤਵਪੂਰਨ ਧਾਰਮਿਕ ਸਥਾਨ ਲੱਖੀ ਜੰਗਲ ਵਿਖੇ ਚਰਨ ਪਾਏ ਅਤੇ ਇਥੇ ਠਹਿਰਾਓ ਕਰਕੇ ਉਨ੍ਹਾਂ 101 ਕਵੀਆਂ ਦੇ ਦਰਬਾਰ ਲਾਏ। ਸਾਖੀ ਸਾਹਿਤ ਅਨੁਸਾਰ ਇਥੇ ਹੀ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਾਤਣ ਨੂੰ ਗੱਡਿਆ ਗਿਆ ਸੀ, ਜਿਥੇ ਅੱਜ ਵਿਸ਼ਾਲ ਪੁਰਾਤਨ ਫਲਾਹੀ ਦਾ ਦਰੱਖਤ ਸੁਸ਼ੋਭਿਤ ਹੈ। ਲੱਖੀ ਜੰਗਲ ਤੋਂ ਦੱਖਣ ਵੱਲ 5 ਕਿਲੋਮੀਟਰ ਦੀ ਦੂਰੀ 'ਤੇ ਭਾਈ ਸੋਮੇ ਦੇ ਨਾਂਅ 'ਤੇ ਇਤਿਹਾਸਕ ਪਿੰਡ ਸਵਾਈ ਮਹਿਮਾ ਵਸਿਆ ਹੋਇਆ ਹੈ, ਜਿਥੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂਸਰ ਸੁਸ਼ੋਭਿਤ ਹੈ। ਇਥੇ ਦਸਵੇਂ ਪਾਤਸ਼ਾਹ ਨੇ ਬਾਬਾ ਦਾਨ ਸਿੰਘ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ। ਇਨ੍ਹਾਂ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ (ਪੰਜਾਬ) ਵਲੋਂ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਕੀਤੀ ਜਾ ਰਹੀ ਹੈ।
ਲੱਖੀ ਜੰਗਲ ਗੁਰਦੁਆਰਾ ਸਾਹਿਬ ਨੂੰ ਵਿਸ਼ਾਲ ਬਣਾਉਣ ਲਈ ਬੁੱਢਾ ਦਲ ਦੇ ਮੁਖੀ ਸੰਤ ਬਾਬਾ ਚੇਤ ਸਿੰਘ ਵਲੋਂ 1963 ਵਿਚ ਨੀਂਹ-ਪੱਥਰ ਰੱਖਿਆ ਗਿਆ ਅਤੇ ਸਮੁੱਚੀ ਸੇਵਾ ਬੁੱਢਾ ਦਲ ਨੇ ਹੀ ਮੁਕੰਮਲ ਕੀਤੀ। 10 ਸਾਲ ਕਾਰ ਸੇਵਾ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵਲੋਂ ਕਰਦਿਆਂ ਇਥੇ ਵਿਸ਼ਾਲ ਲੰਗਰ ਹਾਲ ਦਾ ਨਿਰਮਾਣ ਕੀਤਾ ਗਿਆ, ਜਿਥੇ 24 ਘੰਟੇ ਗੁਰੂ ਕਾ ਲੰਗਰ ਚਲਦਾ ਹੈ। ਗੁਰਦੁਆਰਾ ਸਾਹਿਬ ਦੀ ਪਰਿਕਰਮਾ ਨੂੰ ਹੋਰ ਸੁੰਦਰ ਬਣਾਉਂਦਿਆਂ ਇਥੇ ਸਥਿਤ ਸਰੋਵਰ ਸਾਹਿਬ ਦੇ ਚੁਫੇਰੇ ਵਰਾਂਡੇ ਤਿਆਰ ਕਰਵਾਏ ਗਏ। ਪਿੰਡ ਲੱਖੀ ਜੰਗਲ ਦੀ ਇਤਿਹਾਸਕ ਮਹੱਤਤਾ ਸਦਕਾ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਲੱਖੀ ਜੰਗਲ ਨੂੰ ਸਮਾਰਟ ਪਿੰਡਾਂ ਵਜੋਂ ਵਿਕਸਤ ਕਰਨ ਲਈ ਮੁੱਖ ਮੰਤਰੀ ਪੰਜਾਬ ਵਲੋਂ 10 ਕਰੋੜ ਦੀ ਵਿਸ਼ੇਸ਼ ਗ੍ਰਾਂਟ ਨਾਲ ਇਸ ਇਤਿਹਾਸਕ ਪਿੰਡ ਲੱਖੀ ਜੰਗਲ ਨੂੰ ਹੋਰ ਵਧੇਰੇ ਸੁੰਦਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ।


-ਕੰਵਲਜੀਤ ਸਿੰਘ ਸਿੱਧੂ, ਬਲਦੇਵ ਸਿੰਘ ਸੰਧੂ
ਬਠਿੰਡਾ।


ਖ਼ਬਰ ਸ਼ੇਅਰ ਕਰੋ

550ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ ਵਿਚ

ਹਰ ਦਿਨ ਗੁਰੂ ਨਾਨਕ ਹਰ ਦਿਲ ਗੁਰੂ ਨਾਨਕ

ਕਰਤਾਰਪੁਰ ਲਾਂਘੇ ਦੀ ਮਨਜ਼ੂਰੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਉਤਸ਼ਾਹ ਵਧ ਗਿਆ ਹੈ। ਜਿਥੇ ਇਕ ਪਾਸੇ ਸਿੱਖ ਸੰਗਤ ਖੁਸ਼ ਹੈ ਕਿ ਉਨ੍ਹਾਂ ਦੀ ਅਰਦਾਸ ਕਬੂਲ ਹੋਈ, ਉਥੇ ਦੂਜੇ ਪਾਸੇ ਗ਼ੈਰ-ਸਿੱਖਾਂ ਦੇ ਮਨ ਵਿਚ ਵੀ ਚਾਅ ਪੈਦਾ ਹੋਇਆ ਹੈ, ਕਿਉਂਕਿ ਅਰਦਾਸ ਮਨੁੱਖਤਾ ਦੀ ਸਾਂਝੀ ਪੁਕਾਰ ਹੈ ਅਤੇ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਹਨ, ਸਿਰਫ ਸਿੱਖਾਂ ਦੇ ਨਹੀਂ।
ਦਿੱਲੀ ਅਤੇ ਪੰਜਾਬ ਦੀਆਂ ਸਿੱਖ ਧਾਰਮਿਕ ਸੰਸਥਾਵਾਂ ਹੋਣ ਜਾਂ ਫਿਰ ਯੂਨੀਵਰਸਿਟੀਆਂ ਅਤੇ ਕਾਲਜ, ਸਭ ਨੇ ਇਸ ਗੁਰਪੁਰਬ ਦਾ ਆਗਾਜ਼ ਸੈਮੀਨਾਰਾਂ ਰਾਹੀਂ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਸੰਗਤ ਕੋਲੋਂ ਸੁਝਾਅ ਮੰਗੇ ਕਿ ਇਹ ਸ਼ਤਾਬਦੀ ਕਿਵੇਂ ਮਨਾਈ ਜਾਵੇ ਅਤੇ ਉਨ੍ਹਾਂ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਦਿੱਲੀ ਤੋਂ ਕਰਤਾਰਪੁਰ ਤੱਕ ਨਗਰ ਕੀਰਤਨ ਕੱਢਿਆ ਜਾਵੇਗਾ। ਪਰ ਕੀ ਕੁਝ ਸੈਮੀਨਾਰ ਜਾਂ ਨਗਰ ਕੀਰਤਨ ਕਾਫ਼ੀ ਹਨ ਮਨੁੱਖਤਾ ਤੱਕ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਲਿਜਾਣ ਲਈ? ਸੈਮੀਨਾਰ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਮਹਿਜ਼ ਆਪਣੇ ਪੁਆਇੰਟ ਬਣਾਉਣ ਦਾ ਜ਼ਰੀਆ ਬਣ ਗਏ ਹਨ। ਜੇ ਸਿਰਫ਼ ਸਿੱਖ ਬੁੱਧੀਜੀਵੀ ਬੋਲਣ ਤੇ ਸਿੱਖ ਸੰਗਤ ਸੁਣੇ ਤਾਂ ਇਸ ਤਰ੍ਹਾਂ ਸਿੱਖ ਫਲਸਫਾ ਦੁਨੀਆ ਵਿਚ ਕਿਵੇਂ ਪਹੁੰਚੇਗਾ?
ਸ਼ੁਰੂਆਤ ਅਕਾਦਮਿਕ ਅਦਾਰਿਆਂ ਤੋਂ ਕਰੀਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਕਾਲਜ ਦਿੱਲੀ ਯੂਨੀਵਰਸਿਟੀ ਦੇ ਤਹਿਤ ਆਉਂਦੇ ਹਨ, ਜਿਸ ਵਿਚ ਮਾਤਾ ਸੁੰਦਰੀ ਕਾਲਜ ਫਾਰ ਵਿਮਨ, ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਕਰੋਲ ਬਾਗ ਅਤੇ ਖਾਲਸਾ ਕਾਲਜ ਕੈਂਪਸ। ਦਿੱਲੀ ਯੂਨੀਵਰਸਿਟੀ ਦੇ ਸਭ ਕਾਲਜਾਂ ਵਿਚ ਬੀ. ਏ. ਆਨਰਸ ਫਿਲਾਸਫੀ, ਰਾਜਨੀਤੀ ਸ਼ਾਸਤਰ ਪੜ੍ਹਾਈ ਜਾਂਦੀ ਹੈ ਪਰ ਇਨ੍ਹਾਂ ਦੋਵੇਂ ਵਿਸ਼ਿਆਂ ਵਿਚ ਹੀ ਸਿੱਖ ਫਲਸਫਾ ਗ਼ੈਰ-ਮੌਜੂਦ ਹੈ। ਫਿਲਾਸਫੀ ਵਿਚ ਹਿੰਦੂਇਜ਼ਮ, ਜੈਨਇਜ਼ਮ, ਬੁੱਧਇਜ਼ਮ, ਜੋ ਕਿ ਧਰਮ ਵੀ ਹਨ ਅਤੇ ਦਰਸ਼ਨ ਵੀ, ਪੜ੍ਹਾਏ ਜਾਂਦੇ ਹਨ ਤੇ ਕੀ ਕਾਰਨ ਹੈ ਕਿ ਸਿੱਖ ਚਿੰਤਨ ਨੂੰ ਸਿਰਫ ਧਰਮ ਮੰਨ ਕੇ ਛੱਡ ਦਿੱਤਾ ਗਿਆ। ਇਸੇ ਤਰ੍ਹਾਂ ਐਮ.ਏ. ਦੇ ਸਿਲੇਬਸ ਵਿਚ ਵੀ ਸਿੱਖ ਫਲਸਫਾ ਸ਼ਾਮਿਲ ਨਹੀਂ ਕੀਤਾ ਗਿਆ।
ਠੀਕ ਉਸੇ ਤਰ੍ਹਾਂ ਰਾਜਨੀਤੀ ਸ਼ਾਸਤਰ ਵਿਸ਼ੇ ਵਿਚ ਹਰ ਸਦੀ ਦੀ ਸਟੇਟ ਅਤੇ ਰਾਜ ਦਾ ਸਿਧਾਂਤ ਪੜ੍ਹਾਇਆ ਜਾਂਦਾ ਹੈ-ਗ੍ਰੀਕ ਸਟੇਟ, ਚਾਣਕਿਆ ਨੀਤੀ, ਸ਼ੁਕਰਾ ਨੀਤੀ, ਗਾਂਧੀ ਦਾ ਸਵਰਾਜ, ਪਰ ਇਥੇ ਵੀ ਸਿੱਖ ਸਿਧਾਂਤ ਗ਼ੈਰ-ਮੌਜੂਦ ਹੈ। ਜੋ ਹਲੇਮੀ ਰਾਜ ਦਾ ਸਿਧਾਂਤ ਅਮਲੀ ਰੂਪ ਵਿਚ ਸਿੱਖ ਗੁਰੂਆਂ ਨੇ ਦਿੱਤਾ, ਉਹ ਪੜ੍ਹਾਇਆ ਜਾਣਾ ਕਿਉਂ ਜ਼ਰੂਰੀ ਨਹੀਂ ਹੈ? ਸਿੱਖ ਜਰਨੈਲਾਂ ਦੇ ਬੁੱਤ ਲਗਾਉਣੇ ਮੁਬਾਰਕ ਹਨ ਪਰ ਉਨ੍ਹਾਂ ਦੇ ਪ੍ਰੇਰਨਾ ਸਰੋਤ ਗੁਰੂ ਸਾਹਿਬ ਦੇ ਸਿਧਾਂਤਾਂ ਤੋਂ ਕੌਣ ਜਾਣੂ ਕਰਵਾਏਗਾ? ਹੈਰਾਨੀ ਹੈ ਸਿੱਖ ਬੁੱਧੀਜੀਵੀਆਂ ਅਤੇ ਕਮੇਟੀ ਦੇ ਪ੍ਰਧਾਨਾਂ ਦੇ ਚੁੱਪ ਰਹਿਣ 'ਤੇ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸਿੱਖ ਫਲਸਫਾ ਸਿਲੇਬਸ ਦਾ ਹਿੱਸਾ ਹੈ ਤੇ ਦਿੱਲੀ ਵਿਚ ਕਿਉਂ ਨਹੀਂ? ਇਨ੍ਹਾਂ ਸਭ ਕੋਰਸਾਂ ਵਿਚ ਸਿੱਖ ਅਤੇ ਗ਼ੈਰ-ਸਿੱਖ ਵਿਦਿਆਰਥੀ ਪੜ੍ਹਦੇ ਹਨ ਤੇ ਇਸ ਤਰ੍ਹਾਂ ਉਹ ਸਭ ਵੀ ਗੁਰੂ ਸਾਹਿਬ ਦੇ ਸਿਧਾਂਤਾਂ ਤੋਂ ਵਾਂਝੇ ਹਨ। ਦਿੱਲੀ ਦੀਆਂ ਕਮੇਟੀਆਂ ਬਦਲੀਆਂ, ਪ੍ਰਧਾਨ ਵੀ ਬਦਲੇ ਪਰ ਨਹੀਂ ਬਦਲੀ ਤਾਂ ਉਨ੍ਹਾਂ ਦੀ ਇਸ ਮਸਲੇ 'ਤੇ ਅਣਗਹਿਲੀ।
ਇਨ੍ਹਾਂ ਚਾਰਾਂ ਕਾਲਜਾਂ ਵਿਚ ਡਿਵਿਨਿਟੀ ਹੈ ਪਰ ਇਹ ਸਿਰਫ ਇਕ ਸਾਲਾਨਾ ਸੈਮੀਨਾਰ, ਕੀਰਤਨ ਅਤੇ ਬਾਣੀ ਮੁਕਾਬਲੇ ਕਰਵਾਉਣ ਤੱਕ ਹੀ ਸੀਮਤ ਹੈ, ਕਿਉਂਕਿ ਸਿੱਖ ਸਿਧਾਂਤ ਬਤੌਰ ਸਿਲੇਬਸ ਨਹੀਂ ਪੜ੍ਹਾਏ ਜਾਂਦੇ? ਹੁਣ ਕੁਝ ਲੋਕਾਂ ਦਾ ਤਰਕ ਹੈ ਕਿ ਯੂ.ਜੀ.ਸੀ. ਦੀ ਮਰਜ਼ੀ ਤੋਂ ਬਿਨਾਂ ਇਹ ਸੰਭਵ ਨਹੀਂ ਪਰ ਘੱਟ ਗਿਣਤੀ ਦਰਜਾ ਮਿਲਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਪੇਰੈਂਸ ਬਾਡੀ ਹੈ, ਆਪਣੀ ਮਰਜ਼ੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਇਕ ਵਿਸ਼ੇ ਜਾਂ ਕੋਈ ਵੀ ਸਰਟੀਫਿਕੇਟ ਕੋਰਸ ਰੱਖ ਸਕਦੀ ਹੈ। ਹਰ ਕਾਲਜ ਵਿਚ ਯੂ.ਜੀ.ਸੀ. ਵਲੋਂ ਵੱਖਰੇ-ਵੱਖਰੇ ਐਡ ਆਨ ਕੋਰਸ ਸ਼ੁਰੂ ਕੀਤੇ ਗਏ ਹਨ, ਜਿਸ ਵਿਚ ਮਨੁੱਖੀ ਅਧਿਕਾਰ, ਪੀਸ ਐਜੂਕੇਸ਼ਨ, ਮੀਡੀਆ ਮੁੱਖ ਹਨ, ਇਨ੍ਹਾਂ ਸਭ ਸਿਧਾਂਤਾਂ ਨੂੰ ਸਾਹਮਣੇ ਰੱਖਦੇ ਹੋਏ ਗੁਰੂਆਂ ਦੀਆਂ ਸਿੱਖਿਆਵਾਂ 'ਤੇ ਐਡ ਆਨ ਕੋਰਸ ਬਣਾਇਆ ਜਾ ਸਕਦਾ ਹੈ। ਯਕੀਨਨ ਇਸ ਨਾਲ ਗੁਰੂ ਸਾਹਿਬ ਦਾ ਫਲਸਫਾ ਦੁਨੀਆ ਤੱਕ ਵੀ ਪਹੁੰਚੇਗਾ।
ਇਹ ਸਿਰਫ ਪ੍ਰਚਾਰ ਦਾ ਹੀ ਜ਼ਰੀਆ ਨਹੀਂ, ਸਗੋਂ ਰੁਜ਼ਗਾਰ ਦਾ ਮਾਧਿਅਮ ਵੀ ਬਣੇਗਾ। ਜੋ ਵੀ ਵਿਦਿਆਰਥੀ ਧਰਮ, ਸਿੱਖ ਸਟੱਡੀ ਦੀ ਐਮ.ਏ. ਜਾਂ ਫਿਰ ਪੀ.ਐਚ.ਡੀ. ਕਰਦੇ ਹਨ, ਉਨ੍ਹਾਂ ਨੂੰ ਅਧਿਆਪਕ ਦਾ ਕੰਮ ਮਿਲ ਸਕਦਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਵਲੋਂ ਇਕ ਸੰਦੇਸ਼ ਰਾਹੀਂ ਅਜਿਹੇ ਪ੍ਰਚਾਰਕ ਮੰਗੇ ਗਏ ਜੋ ਅੰਗਰੇਜ਼ੀ ਵਿਚ ਗੱਲ ਕਰ ਸਕਣ ਅਤੇ ਅੰਤਰ ਧਰਮ ਸੰਵਾਦ ਸਮਝਾਉਣ 'ਚ ਸਮਰੱਥ ਹੋਣ। ਪਰ ਹੁਣ ਇਹ ਸਭ ਸੰਭਵ ਨਹੀਂ। ਸ਼ਾਇਦ ਸਿਰਸਾ ਸਾਹਿਬ ਚੋਣ ਪ੍ਰਚਾਰ ਵਿਚ ਏਨੇ ਰੁੱਝ ਗਏ ਕਿ ਦਿੱਲੀ ਦੇ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨਾਲ ਹੋਏ ਧੱਕੇ ਤੋਂ ਵੀ ਅਨਜਾਣ ਰਹਿ ਗਏ।
ਮਸਲਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਦਾ, ਜਿਨ੍ਹਾਂ ਨੇ ਸਾਲਾਨਾ ਇਮਤਿਹਾਨ ਤੋਂ ਅਚਾਨਕ 2 ਦਿਨ ਪਹਿਲਾਂ ਦਿੱਲੀ ਦੇ ਵਿਦਿਆਰਥੀਆਂ ਨੂੰ ਪਟਿਆਲਾ ਆ ਕੇ ਪੇਪਰ ਦੇਣ ਲਈ ਹੁਕਮ ਕੀਤਾ। ਇਹ ਵਿਦਿਆਰਥੀ ਦਿੱਲੀ ਕਮੇਟੀ ਦੇ ਅਧੀਨ ਚੱਲ ਰਹੇ ਗੁਰਮਤਿ ਕਾਲਜ 'ਚੋਂ ਐਮ.ਏ. ਰਿਲੀਜ਼ਨ, ਪੰਜਾਬੀ, ਗੁਰਮਤਿ ਸੰਗੀਤ, ਸਿੱਖਿਜ਼ਮ ਕਰ ਰਹੇ ਹਨ। 2006 ਤੋਂ ਹੀ ਗੁਰਮਤਿ ਕਾਲਜ ਇਮਤਿਹਾਨ ਲਈ ਯੂਨੀਵਰਸਿਟੀ ਦਾ ਸੈਂਟਰ ਰਿਹਾ ਹੈ ਅਤੇ ਹੁਣ ਤੱਕ ਕਰੀਬ 650 ਵਿਦਿਆਰਥੀ ਬੀ. ਏ., ਡਿਪਲੋਮਾ ਅਤੇ ਐਮ.ਏ. ਕਰ ਚੁੱਕੇ ਹਨ। ਗੁਰਮਤਿ ਕਾਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਵਲੋਂ ਪੁਰ ਜ਼ੋਰ ਕੋਸ਼ਿਸ਼ ਤੋਂ ਬਾਅਦ ਵੀ ਯੂਨੀਵਰਸਿਟੀ ਨੇ ਆਪਣਾ ਫੈਸਲਾ ਨਹੀਂ ਬਦਲਿਆ ਅਤੇ ਕਈ ਵਿਦਿਆਰਥੀਆਂ ਦਾ ਸਾਲ ਮਾਰਿਆ ਗਿਆ। ਗੁਰਮਤਿ ਕਾਲਜ, ਦਿੱਲੀ ਕਮੇਟੀ ਦੀ ਇਕ ਵੱਡੀ ਉਪਲਬਧੀ ਹੈ। ਚਾਹੇ ਸਰਨਾ ਪ੍ਰਧਾਨ ਸੀ ਜਾਂ ਜੀ. ਕੇ. ਅਤੇ ਹੁਣ ਸਿਰਸਾ, ਗੁਰਮਤਿ ਕਾਲਜ ਨੂੰ ਹਰ ਪ੍ਰਧਾਨ ਤੋਂ ਸਹਿਯੋਗ ਮਿਲਦਾ ਰਿਹਾ। ਹਰਿੰਦਰਪਾਲ ਸਿੰਘ ਮੁਤਾਬਿਕ ਦਿੱਲੀ ਕਮੇਟੀ ਗੁਰਮਤਿ ਕਾਲਜ ਰਾਹੀਂ ਵਿਦਿਆਰਥੀਆਂ ਉੱਪਰ ਸਾਲਾਨਾ 20 ਤੋਂ 22 ਲੱਖ ਰੁਪਏ ਖਰਚ ਕਰਦੀ ਹੈ ਤੇ ਫਿਰ ਕੀ ਕਾਰਨ ਹੈ ਕਿ ਇਸ ਕਾਲਜ ਨੂੰ ਧਰਮ ਦੀ ਸਿੱਖਿਆ ਦਾ ਇਕ ਰੈਗੂਲਰ ਕਾਲਜ ਯੂ.ਜੀ.ਸੀ. ਤੋਂ ਮਾਨਤਾ ਦਿਵਾ ਕੇ ਕਿਉਂ ਨਹੀਂ ਬਣਾਇਆ ਜਾ ਸਕਦਾ?
ਦਿੱਲੀ ਵਿਚ ਜੇ ਕੋਈ ਧਰਮ ਪੜ੍ਹਨਾ ਚਾਹੇ ਤਾਂ ਉਸ ਨੂੰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਚ ਦਾਖਲਾ ਲੈਣਾ ਪਵੇਗਾ ਪਰ ਉਸ ਦਾ ਮੀਡੀਅਮ ਸਿਰਫ ਉਰਦੂ, ਅੰਗਰੇਜ਼ੀ ਜਾਂ ਹਿੰਦੀ ਹੋਵੇਗਾ, ਇਸ ਕਾਰਨ ਕੋਈ ਵੀ ਵਿਦਿਆਰਥੀ ਜਿਸ ਦਾ ਮੀਡੀਅਮ ਪੰਜਾਬੀ ਹੈ, ਉਹ ਇਹ ਦਾਖਲਾ ਨਹੀਂ ਲੈ ਸਕਦਾ। ਕੀ ਕੋਈ ਵੀ ਨਗਰ ਕੀਰਤਨ ਜਾਂ ਸੈਮੀਨਾਰ ਇਨ੍ਹਾਂ ਵਿਦਿਆਰਥੀਆਂ ਦਾ ਹਰਜਾਨਾ ਦੇ ਸਕੇਗਾ?
ਲਗਾਤਾਰ ਅਖ਼ਬਾਰ 'ਚ ਸੁਰਖੀਆਂ ਬਣੇ ਇਸ ਮਸਲੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੈਂਬਰ ਨੇ ਜਾਂ ਅਹੁਦੇਦਾਰ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਸ਼ਾਇਦ ਉਹ ਭੁੱਲ ਗਏ ਕਿ ਅਹੁਦੇਦਾਰ ਜਵਾਬਦੇਹ ਵੀ ਹੁੰਦੇ ਹਨ ਅਤੇ ਅਹੁਦੇਦਾਰੀਆਂ ਰਾਜ ਨਹੀਂ, ਸੇਵਾਦਾਰੀ ਅਤੇ ਜ਼ਿੰਮੇਵਾਰੀ ਹੁੰਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਦੇ ਕਾਲਜਾਂ ਵਿਚ ਧਰਮ ਅਧਿਐਨ ਅਤੇ ਸਿੱਖ ਫਲਸਫਾ ਬਤੌਰ ਵਿਸ਼ੇ ਵਜੋਂ ਸ਼ਾਮਿਲ ਹੈ, ਜਿਸ ਕਾਰਨ ਕਈ ਸਿੱਖ ਪ੍ਰਚਾਰਕਾਂ ਨੂੰ ਅਤੇ ਲੈਕਚਰਾਰਾਂ ਨੂੰ ਰੁਜ਼ਗਾਰ ਮਿਲਿਆ ਹੈ ਤਾਂ ਕੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਉਪਰਾਲਾ ਨਹੀਂ ਕਰ ਸਕਦੀ?
ਹੁਣ ਰੁਖ਼ ਕਰੀਏ ਦਿੱਲੀ ਵਿਚ ਹੋਈ ਇਕ ਪੰਥਕ ਸਾਂਝ ਵੱਲ। ਇਕ ਨਿਵੇਕਲਾ ਉਪਰਾਲਾ ਜਿਸ ਵਿਚ ਸਿੱਖ ਪੰਥ ਦਾ ਭਾਰੀ ਇਕੱਠ ਬੁਲਾਇਆ ਗਿਆ ਤੇ ਫੈਸਲਾ ਕੀਤਾ ਗਿਆ ਕਿ ਸਿੱਖ ਡਾਕਟਰਾਂ, ਇੰਜੀਨੀਅਰਾਂ, ਵਕੀਲਾਂ, ਸਮਾਜ ਸੇਵੀਆਂ ਦਾ ਅਲੱਗ ਸੈੱਲ ਬਣਾਇਆ ਜਾਵੇ। ਮਸਲਾ ਬਾਲਾ ਸਾਹਿਬ ਹਸਪਤਾਲ ਨੂੰ ਸ਼ੁਰੂ ਕਰਨ ਦਾ ਸੀ ਅਤੇ ਸਿੱਖ ਡਾਕਟਰਾਂ ਕੋਲੋਂ ਸੇਵਾ ਲੈਣ ਦਾ ਪਰ ਵਿਚਾਰਨ ਯੋਗ ਹੈ ਕਿ ਕੀ ਬਿਮਾਰੀ ਹਿੰਦੂ ਜਾਂ ਸਿੱਖ ਦੇਖ ਕੇ ਆਵੇਗੀ ਜਾਂ ਕੋਈ ਵੀ ਡਾਕਟਰ ਹਿੰਦੂ, ਸਿੱਖ ਦਾ ਭੇਦਭਾਵ ਰੱਖ ਕੇ ਇਲਾਜ ਕਰੇਗਾ? ਕੀ ਭਾਈ ਘਨੱਈਆ ਦੀ ਵਿਰਾਸਤ ਇਹ ਹੀ ਸੀ?
ਪੰਥਕ ਸਾਂਝ ਵਿਚ ਕਿਸੇ ਵੀ ਸਿੱਖ ਐਜੂਕੇਸ਼ਨਿਸਟ, ਅਧਿਆਪਕ, ਪੱਤਰਕਾਰ, ਲੇਖਕ ਨੂੰ ਸੱਦਾ ਨਹੀਂ ਦਿੱਤਾ ਗਿਆ ਜਾਂ ਉਨ੍ਹਾਂ ਦਾ ਵੀ ਕੋਈ ਸੰਗਠਨ ਬਣਾਉਣ ਦੀ ਗੱਲ ਨਹੀਂ ਰੱਖੀ ਗਈ। ਸਵਾਲ ਇਹ ਉਠਦਾ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ 'ਸੁਖੀ ਬਸੋ ਮੋਰੋ ਪਰਿਵਾਰਾ' ਦਾ ਸਿਧਾਂਤ ਦਿੱਤਾ ਸੀ, ਇਕ ਸਾਂਝਾ ਪਰਮਾਤਮਾ ਅਤੇ ਸਾਂਝੀ ਮਨੁੱਖਤਾ ਦੀ ਗੱਲ ਸਾਹਮਣੇ ਰੱਖੀ ਸੀ, ਫਿਰ ਪੰਥ ਕਿਸ ਤਰ੍ਹਾਂ ਸਿਰਫ ਸਿੱਖਾਂ ਦਾ ਹੋ ਗਿਆ? ਗੁਰਦੁਆਰੇ 'ਚ ਗ਼ੈਰ-ਸਿੱਖ ਵੀ ਨਤਮਸਤਕ ਹੁੰਦੇ ਹਨ ਅਤੇ ਸ਼ਰਧਾ ਦੇ ਨਾਲ ਸੇਵਾ ਅਤੇ ਗੋਲਕ 'ਚ ਪੈਸਾ ਪਾਉਂਦੇ ਹਨ ਤੇ ਫਿਰ ਸਿੱਖ ਮਸਲੇ 'ਤੇ ਬੋਲਣ ਦਾ ਹੱਕ ਸਿਰਫ ਸਿੱਖਾਂ ਦਾ ਕਿਵੇਂ ਹੋ ਗਿਆ?
ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣਾ ਪੂਰੀ ਮਨੁੱਖਤਾ ਦਾ ਹੱਕ ਹੈ, ਸਿਰਫ ਸਿੱਖ ਕੌਮ ਦਾ ਨਹੀਂ ਅਤੇ ਸਿੱਖ ਅਹੁਦੇਦਾਰ ਇਹ ਸਮਝਣ ਕਿ ਦਿੱਲੀ ਤੋਂ ਪਾਕਿਸਤਾਨ ਤੱਕ ਨਗਰ ਕੀਰਤਨ ਕੱਢਣਾ ਮੁਬਾਰਕ ਹੈ ਪਰ ਦਿੱਲੀ ਦੇ ਕਾਲਜਾਂ ਵਿਚ ਸਿੱਖ ਚਿੰਤਨ ਪੜ੍ਹਾਇਆ ਜਾਵੇ, ਇਹ ਵੀ ਓਨਾ ਹੀ ਜ਼ਰੂਰੀ ਹੈ, ਸਿੱਖ ਪ੍ਰਚਾਰਕ ਅੰਗਰੇਜ਼ੀ 'ਚ ਮਾਹਿਰ ਹੋਣ ਅਤੇ ਅੰਤਰ ਧਰਮ ਸੰਵਾਦ ਦੀ ਗੱਲ ਕਰ ਸਕਣ ਪਰ ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਪ੍ਰਧਾਨ ਸਾਹਿਬ ਅਤੇ ਹੋਰ ਅਹੁਦੇਦਾਰ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਨਾਲ ਵੀ ਇਕ ਸੰਵਾਦ ਰਚਾ ਲੈਣ। ਜੇ ਇਨ੍ਹਾਂ ਮਸਲਿਆਂ 'ਤੇ ਵਿਚਾਰ ਜ਼ਰੂਰੀ ਨਹੀਂ ਤਾਂ ਹਰ ਪ੍ਰਕਾਸ਼ ਪੁਰਬ ਅਧੂਰਾ ਰਹੇਗਾ, ਕਿਉਂਕਿ ਪ੍ਰਕਾਸ਼ ਗਿਆਨ ਨਾਲ ਹੋਣਾ ਹੈ।
300 ਸਾਲ ਗੁਰੂ ਦੇ ਨਾਲ ਮੁਹਿੰਮ ਨਾਲ ਦੁਨੀਆ ਜੁੜੀ ਸੀ ਪਰ ਹੁਣ ਵਕਤ ਦੀ ਮੰਗ ਹੈ ਕਿ ਸਾਲਾਂ ਦੀ ਗਿਣਤੀ ਨਾ ਕਰ ਕੇ ਹਰ ਦਿਨ ਗੁਰੂ ਨਾਨਕ, ਹਰ ਦਿਲ ਗੁਰੂ ਨਾਨਕ ਦਾ ਨਾਅਰਾ ਗੂੰਜੇ, ਕੋਈ ਰੂਹ ਗੁਰੂ ਨਾਨਕ ਦੇਵ ਜੀ ਦੇ ਰੂਹਾਨੀ ਪ੍ਰੇਮ ਤੋਂ ਵਾਂਝੀ ਨਾ ਰਹਿ ਜਾਏ ਅਤੇ 'ਕਵਨ ਗੁਰੂ ਕਿਸਕਾ ਤੂੰ ਚੇਲਾ' ਸਵਾਲ ਪੁੱਛੇ ਜਾਣ 'ਤੇ ਮਨੁੱਖਤਾ ਦਾ ਸਾਂਝਾ ਜਵਾਬ ਮਿਲੇ-'ਸ਼ਬਦ ਗੁਰੂ ਸੁਰਤ ਧੁਨ ਚੇਲਾ।'


-ਨਵੀਂ ਦਿੱਲੀ।
E-mail : malikbhawna@yahoo.co.in

ਆਸਾਮੀ ਸਿੱਖਾਂ ਦੀ ਵਿਥਿਆ...

ਜੂਨ, 1984 ਈ: 'ਚ ਵਾਪਰੇ ਦੁਖਦਾਈ ਤੀਸਰੇ ਘੱਲੂਘਾਰੇ ਤੋਂ ਪਹਿਲਾਂ ਸਿੱਖ ਸਟੂਡੈਂਟ ਫ਼ੈਡਰੇਸ਼ਨ ਹਰ ਸਾਲ ਸਾਲਾਨਾ ਗੁਰਮਤਿ ਟ੍ਰੇਨਿੰਗ ਕੈਂਪ ਕਿਸੇ ਨਾ ਕਿਸੇ ਸੂਬੇ ਵਿਚ ਲਗਾਇਆ ਕਰਦੀ ਸੀ, ਜਿਸ ਤੋਂ ਸਿੱਖਿਆ ਪ੍ਰਾਪਤ ਕਰਕੇ ਸਿੱਖ ਧਾਰਮਿਕ, ਸਮਾਜਿਕ, ਰਾਜਸੀ ਨੇਤਾ ਤਿਆਰ ਹੁੰਦੇ ਸਨ। ਮਿਸਾਲ ਵਜੋਂ ਸ਼ਹੀਦ ਭਾਈ ਅਮਰੀਕ ਸਿੰਘ, ਸ: ਮਨਜੀਤ ਸਿੰਘ ਕਲਕੱਤਾ, ਸ: ਬੀਰਦਵਿੰਦਰ ਸਿੰਘ, ਸ: ਜਗਮੀਤ ਸਿੰਘ ਬਰਾੜ ਤੇ ਸ: ਹਰਿੰਦਰ ਸਿੰਘ ਖ਼ਾਲਸਾ ਆਦਿ। ਤੀਸਰੇ ਘੱਲੂਘਾਰੇ ਦੇ ਵਾਪਰਨ ਤੋਂ ਬਾਅਦ ਭਾਰਤ ਸਰਕਾਰ ਨੇ ਸਿੱਖ ਸਟੂਡੈਂਟ ਫੈਡਰੇਸ਼ਨ 'ਤੇ ਪਾਬੰਦੀ ਲਗਾ ਦਿੱਤੀ। ਕੈਂਪ ਲੱਗਣੇ ਬੰਦ ਹੋ ਗਏ ਤੇ ਹਰਾਵਲ ਦਸਤੇ ਵੀ ਤਿਆਰ ਹੋਣ 'ਚ ਕਾਫੀ ਸਮਾਂ ਰੁਕਾਵਟ ਆਈ। 10 ਕੁ ਸਾਲ ਬਾਅਦ ਕਲਕੱਤੇ ਦੇ ਸਿੱਖ ਨੌਜਵਾਨਾਂ ਵਲੋਂ ਸ: ਖਜ਼ਾਨ ਸਿੰਘ, ਸ: ਪ੍ਰਭਜੋਤ ਸਿੰਘ, ਸ: ਨਰਿੰਦਰਪਾਲ ਸਿੰਘ, ਸ: ਹਰਜੀਤ ਸਿੰਘ ਤੇ ਸ: ਅਰਵਿੰਦਰ ਸਿੰਘ ਆਦਿ ਦੀ ਅਗਵਾਈ 'ਚ ਸਿੱਖ ਫੋਰਮ ਕਲਕੱਤਾ ਦੇ ਨਾਂਅ 'ਤੇ ਫਿਰ ਗੁਰਮਤਿ ਟ੍ਰੇਨਿੰਗ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ। 11 ਤੋਂ 18 ਅਕਤੂਬਰ, 1994 ਈ: ਨੂੰ ਆਸਾਮ ਦੀਆਂ ਸਿੰਘ ਸਭਾਵਾਂ ਦੇ ਭਰਵੇਂ ਸਹਿਯੋਗ ਤੇ ਸਮਰਥਨ ਸਦਕਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੈਂਸੀ ਬਾਜ਼ਾਰ ਗੁਹਾਟੀ ਕੈਂਪ ਲਗਾਇਆ ਗਿਆ। ਗੁਰਦੁਆਰੇ 'ਚ ਥਾਂ ਦੀ ਘਾਟ ਨੂੰ ਪੂਰਿਆਂ ਕਰਨ ਵਾਸਤੇ ਗੁਰੂ ਨਾਨਕ ਖ਼ਾਲਸਾ ਸਕੂਲ ਗੁਹਾਟੀ 'ਚ ਗੁਰਮਤਿ ਟ੍ਰੇਨਿੰਗ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਇਨ੍ਹਾਂ ਵਿਚ ਦੇਸ਼ ਭਰ 'ਚੋਂ ਆਮ ਕਰਕੇ ਤੇ ਖਾਸ ਕਰਕੇ ਆਸਾਮ, ਬੰਗਾਲ, ਬਿਹਾਰ ਦੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਇਸ ਕੈਂਪ ਦੀ ਸੰਪੂਰਨਤਾ 'ਤੇ ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ: ਗੁਰਚਰਨ ਸਿੰਘ ਟੌਹੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਸ: ਮਨਜੀਤ ਸਿੰਘ ਕਲਕੱਤਾ, ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ: ਹਰਵਿੰਦਰ ਸਿੰਘ ਖ਼ਾਲਸਾ, ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਆਦਿ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਪਹੁੰਚੀਆਂ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਉਸ ਸਮੇਂ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਤੇ ਸਿੱਖ ਬੁਲਾਰੇ ਵਜੋਂ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਟੇਟ ਗੈਸਟ ਵਜੋਂ ਆਸਾਮ ਸਰਕਾਰ ਵਲੋਂ ਮਾਣ-ਸਤਿਕਾਰ ਦਿੱਤਾ ਗਿਆ। ਪ੍ਰਸਿੱਧ ਸਿੱਖ ਵਿਦਵਾਨ-ਬੁਲਾਰੇ ਸ: ਮਨਜੀਤ ਸਿੰਘ ਕਲਕੱਤਾ ਨੇ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਬੰਗਲਾ ਭਾਸ਼ਾਵਾਂ ਦੇ ਮਿਸ਼ਰਣ ਰਾਹੀਂ ਸਿੱਖ ਸਿਧਾਂਤਾਂ, ਵਿਚਾਰਧਾਰਾ ਤੇ ਵਿਲੱਖਣ ਸਿੱਖ ਹੋਂਦ-ਹਸਤੀ ਤੇ ਪਹਿਚਾਣ ਨੂੰ ਬਾਖੂਬੀ ਦ੍ਰਿੜ੍ਹ ਕਰਵਾਇਆ। ਕੈਂਪ ਸਫ਼ਲਤਾ ਸਹਿਤ ਸੰਪੂਰਨ ਹੋਇਆ। ਸਮਾਪਤੀ ਦੇ ਅਗਲੇ ਦਿਨ ਸਿੱਖ ਨੇਤਾਵਾਂ ਨੂੰ ਸ਼ਿਲਾਂਗ, ਮੇਘਾਲਿਆ ਦੀ ਰਾਜਧਾਨੀ ਦੇ ਕੁਦਰਤੀ ਨਜ਼ਾਰੇ ਦਿਖਾਉਣ ਦਾ ਪ੍ਰੋਗਰਾਮ ਸੀ। ਸੋ ਸ਼ਿਲਾਂਗ ਦੇਖਣ ਦੀ ਤਿਆਰੀ ਹੋ ਰਹੀ ਸੀ। ਜਦ ਆਸਾਮ ਦੀਆਂ ਸਿੰਘ ਸਭਾਵਾਂ ਦੇ ਚੇਅਰਮੈਨ ਆਰ. ਐਸ. ਗਾਂਧੀ (ਜੋ ਉਸ ਸਮੇਂ ਕਲੀਨਸ਼ੇਵ ਸੀ) ਨੇ ਸਹਿਜ ਸੁਭਾਅ ਕਹਿ ਦਿੱਤਾ ਕਿ ਸਿੱਖ ਨੇਤਾ ਆਏ ਹਨ, ਇਨ੍ਹਾਂ ਨੂੰ ਕੋਈ ਇਤਿਹਾਸਕ ਜਗ੍ਹਾ ਦਿਖਾਈ ਜਾਵੇ, ਨਾ ਕਿ ਕੁਦਰਤੀ-ਸੰਸਾਰਿਕ ਖੂਬਸੂਰਤੀ ਸ਼ਿਲਾਂਗ।
ਟੌਹੜਾ ਸਾਹਿਬ ਨੇ ਸੁਣ ਕੇ ਪੁੱਛ ਲਿਆ ਕਿ ਸਿੱਖ ਇਤਿਹਾਸਕ ਥਾਂ ਕਿਹੜੀ ਹੈ? ਆਰ. ਐਸ. ਗਾਂਧੀ ਨੇ ਦੱਸਿਆ ਕਿ ਗੁਹਾਟੀ ਤੋਂ 120-22 ਕਿਲੋਮੀਟਰ ਦੂਰ ਆਸਾਮ ਦੇ ਨਗਾਉਂ ਜ਼ਿਲ੍ਹੇ ਵਿਚ ਪੁਰਾਤਨ ਸਿੱਖਾਂ ਦੇ ਕੁਝ ਪਿੰਡ ਹਨ। ਖਾਸ ਕਰਕੇ ਬਰਕੋਲਾ, ਇਨ੍ਹਾਂ ਪਿੰਡਾਂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਸਿੱਖ ਵਸੇ ਸਨ, ਜੋ ਆਸਾਮ ਦੇ ਰਾਜੇ ਦੀ ਮਦਦ ਵਾਸਤੇ ਆਏ ਸਨ। ਬਹੁਤ ਸਾਰੇ ਜੰਗ ਵਿਚ ਸ਼ਹੀਦ ਹੋ ਗਏ। ਕੁਝ ਇਥੇ ਹੀ ਵਸ ਗਏ। ਟੌਹੜਾ ਸਾਹਿਬ ਦੇ ਕਹਿਣ 'ਤੇ ਬਰਕੋਲੇ ਜਾਣ ਦਾ ਪ੍ਰੋਗਰਾਮ ਬਣ ਗਿਆ। ਉਸ ਸਮੇਂ ਮੇਰੇ ਵਾਸਤੇ ਬੜੇ ਇਤਿਹਾਸਕ ਪਲ ਸਨ, ਜਦ ਮੈਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਿੱਖ ਸੋਚ ਦਾ ਚਸ਼ਮਦੀਦ ਗਵਾਹ ਬਣਿਆ।
ਤੁਸੀਂ ਪੜ੍ਹ ਕੇ ਹੈਰਾਨ ਹੋਵੋਗੇ ਕਿ ਅਗਲੇ ਦਿਨ ਉਪਰੋਕਤ ਸਿੱਖ ਨੇਤਾਵਾਂ ਦੀ ਅਗਵਾਈ 'ਚ ਅਸੀਂ ਗੁਹਾਟੀ ਤੋਂ ਬਰਕੋਲਾ ਲਈ ਰਵਾਨਾ ਹੋਏ। ਮੈਨੂੰ ਆਰ. ਐਸ. ਗਾਂਧੀ ਦੀ ਨਿੱਜੀ ਮਾਰੂਤੀ ਕਾਰ ਵਿਚ ਬੈਠਣ ਦਾ ਮੌਕਾ ਮਿਲਿਆ। ਸ: ਸਤਨਾਮ ਸਿੰਘ ਖ਼ਾਲਸਾ, ਜੋ ਉਸ ਸਮੇਂ ਗੁਰਦੁਆਰਾ ਫੈਂਸੀ ਬਾਜ਼ਾਰ ਸਿੰਘ ਸਭਾ ਗੁਹਾਟੀ ਦੇ ਪ੍ਰਧਾਨ ਸਨ, ਸਾਡੇ ਨਾਲ ਸਨ। ਸੜਕੀ ਰਸਤਾ ਮਾੜਾ ਸੀ, ਲਗਪਗ 3-4 ਘੰਟੇ ਬਰਕੋਲਾ ਪਹੁੰਚਣ ਲਈ ਲੱਗੇ ਸਨ। ਰਸਤੇ ਵਿਚ ਆਰ. ਐਸ. ਗਾਂਧੀ ਕਹਿਣ ਲੱਗੇ ਕਿ ਜੇਕਰ ਟੌਹੜਾ ਸਾਹਿਬ ਆਸਾਮੀ-ਸਿੱਖਾਂ ਦੇ ਗੁਰਦੁਆਰੇ ਵਾਸਤੇ 20-25 ਹਜ਼ਾਰ ਰੁਪਏ ਅਨਾਊਂਸ ਕਰ ਦੇਣ ਤਾਂ ਬਹੁਤ ਚੰਗਾ ਹੈ, ਦੇ ਮੈਂ ਹੀ ਦਿਆਂਗਾ? ਮੈਂ ਹੈਸੀਅਤ ਅਨੁਸਾਰ ਸਪੱਸ਼ਟ ਕਹਿ ਦਿੱਤਾ ਕਿ ਅਸੀਂ ਤਾਂ ਟੌਹੜਾ ਸਾਹਿਬ ਨੂੰ ਕੁਝ ਸਲਾਹ ਨਹੀਂ ਦੇ ਸਕਦੇ, ਉਨ੍ਹਾਂ ਦੀ ਮਰਜ਼ੀ ਹੈ।
ਆਰ. ਐਸ. ਗਾਂਧੀ ਦਾ ਉਸ ਸਮੇਂ ਕਾਰੋਬਾਰ ਠੀਕ-ਠਾਕ ਸੀ। ਅਸੀਂ ਸਫ਼ਰ ਵਿਚ ਗੱਲਬਾਤਾਂ-ਵਿਚਾਰ ਕਰਦੇ ਹੋਏ ਅਖੀਰ ਬਰਕੋਲੇ ਪਿੰਡ ਪਹੁੰਚ ਗਏ। ਸਿੱਖ ਨੇਤਾਵਾਂ ਦੀ ਆਮਦ ਸੁਣ ਕੇ ਸਾਰੇ ਪਿੰਡ ਦੇ ਬੱਚੇ-ਬੁੱਢੇ, ਨੌਜਵਾਨ, ਮਰਦ-ਇਸਤਰੀਆਂ ਛੋਟੀ ਜਿਹੀ ਇਮਾਰਤ 'ਚ ਲੱਕੜ ਦੇ ਬਣੇ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ ਗਏ। ਸਿੱਖ ਨੇਤਾਵਾਂ ਨੂੰ ਦਿਲ-ਦਿਮਾਗ ਤੋਂ ਸਿੱਖ ਭਾਵਨਾਵਾਂ ਅਨੁਸਾਰ ਆਦਰ ਮਾਣ-ਸਤਿਕਾਰ ਦਿੱਤਾ ਗਿਆ। ਮੈਨੂੰ ਯਾਦ ਹੈ ਕਿ ਟੌਹੜਾ ਸਾਹਿਬ ਨੂੰ ਛੋਟਾ ਜਿਹਾ ਆਸਾਮੀ ਕੱਪੜੇ ਦਾ ਸਿਰੋਪਾਓ ਦਿੱਤਾ ਗਿਆ, ਜਿਸ ਨੂੰ ਆਸਾਮੀ 'ਚ ਗਮਸ਼ਾ ਆਖਦੇ ਹਨ। ਇਸ ਆਸਾਮੀ ਸਿੱਖ ਸੰਗਤ ਦੀ ਬੋਲਬਾਣੀ, ਪਹਿਰਾਵਾ ਤੇ ਖਾਣ-ਪੀਣ ਆਸਾਮੀ ਸੀ। ਆਸਾਮੀ ਸਿੱਖ ਬੀਬੀਆਂ ਨੇ ਸਾੜ੍ਹੀਆਂ ਲਾਈਆਂ ਹੋਈਆਂ ਸਨ ਪਰ ਅੰਮ੍ਰਿਤਧਾਰੀ ਸਿੱਖ ਬੀਬੀਆਂ ਨੇ ਗਾਤਰੇ, ਕਿਰਪਾਨਾਂ ਉੱਪਰ ਦੀ ਪਹਿਨੀਆਂ ਹੋਈਆਂ ਸਨ। ਉਸ ਸਮੇਂ ਸਾਰੇ ਆਸਾਮੀ ਸਿੱਖ ਸਾਬਤ-ਸੂਰਤ ਸਨ। ਸਾਨੂੰ ਦੱਸਿਆ ਗਿਆ ਕਿ ਇਹ ਲੋਕ ਸਿੱਖ ਮਰਿਆਦਾ ਤੇ ਪਰੰਪਰਾਵਾਂ ਦੇ ਏਨੇ ਪਾਬੰਦ ਹਨ ਕਿ ਬੱਚੇ-ਬੱਚੀ ਦਾ ਅਨੰਦ ਕਾਰਜ ਅੰਮ੍ਰਿਤ ਛਕਣ ਉਪਰੰਤ ਹੀ ਕਰਦੇ ਹਨ। ਸਾਰੇ ਹੀ ਆਪਣੇ ਸਿੱਖ ਭਰਾਵਾਂ, ਪਰਿਵਾਰਾਂ ਨੂੰ ਮਿਲ ਕੇ ਬਾਗੋ-ਬਾਗ ਸਨ। ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਸ੍ਰੀ ਅੰਮ੍ਰਿਤਸਰ ਵਲੋਂ ਇਸ ਤੋਂ ਪਹਿਲਾਂ ਹੀ ਆਸਾਮ 'ਚ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਕਰਨ ਵਾਸਤੇ ਗਿਆਨੀ ਭਜਨ ਸਿੰਘ ਧਾਰਮਿਕ ਅਧਿਆਪਕ ਨਿਯੁਕਤ ਕੀਤੇ ਗਏ ਸਨ, ਜੋ ਉਸ ਸਮੇਂ ਕਾਰਜਸ਼ੀਲ ਸਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾ: 98146-37979 E-mail : roopz@yahoo.com

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਪੰਜਾ ਸਾਹਿਬ ਦੇ ਸ਼ਹੀਦ

ਸ਼ਹੀਦਾਂ ਦੇ ਮਹਾਨ ਕਾਰਨਾਮੇ ਅਤੇ ਉੱਚੇ ਆਦਰਸ਼ ਸਾਡੇ ਦਿਲਾਂ ਦੀਆਂ ਤਖ਼ਤੀਆਂ ਉੱਪਰ ਉੱਕਰੇ ਹੋਏ ਹਨ। ਇਸ਼ਕ ਦੀ ਦੁਨੀਆ ਦੇ ਵੱਖਰੇ ਹੀ ਰੰਗ ਹਨ। ਇਸ਼ਕ ਕਦੇ ਸੂਲੀਆਂ 'ਤੇ ਝੂਲਦਾ ਹੈ, ਕਦੇ ਦੇਗਾਂ ਵਿਚ ਉਬਲਦਾ ਹੈ, ਕਦੇ ਚਰਖੜੀਆਂ 'ਤੇ ਚੜ੍ਹਦਾ ਹੈ ਅਤੇ ਕਦੇ ਗੱਡੀਆਂ ਹੇਠ ਆ ਕੇ ਚੂਰਾ-ਚੂਰਾ ਹੋ ਜਾਂਦਾ ਹੈ। ਪੰਜਾ ਸਾਹਿਬ ਦਾ ਸਾਕਾ 31 ਅਕਤੂਬਰ, 1922 ਨੂੰ ਵਾਪਰਿਆ। ਅੰਗਰੇਜ਼ ਹਕੂਮਤ ਅਤੇ ਭ੍ਰਿਸ਼ਟ ਮਹੰਤਾਂ ਨੇ ਕਈ ਸਿੰਘਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। 29 ਅਕਤੂਬਰ ਨੂੰ ਇਨ੍ਹਾਂ ਨਿਰਦੋਸ਼ ਸਿੰਘਾਂ ਨੂੰ ਅੰਮ੍ਰਿਤਸਰ ਸਾਹਿਬ ਤੋਂ ਅਟਕ ਜਾਣ ਵਾਸਤੇ ਰੇਲ ਗੱਡੀ ਵਿਚ ਬਿਠਾਇਆ ਗਿਆ। ਰਾਵਲਪਿੰਡੀ ਤੋਂ ਇੰਜਣ ਨੇ ਕੋਇਲੇ ਤੇ ਪਾਣੀ ਦਾ ਸਟਾਕ ਪੂਰਾ ਕੀਤਾ। ਹਕੂਮਤ ਵਲੋਂ ਹੁਕਮ ਹੋਇਆ ਕਿ ਰਸਤੇ ਵਿਚ ਕਿਧਰੇ ਵੀ ਗੱਡੀ ਨਾ ਰੋਕੀ ਜਾਵੇ। 31 ਅਕਤੂਬਰ ਨੂੰ ਗੱਡੀ ਨੇ ਪੰਜਾ ਸਾਹਿਬ ਵਿਚੋਂ ਲੰਘਣਾ ਸੀ। ਗੁਰਦੁਆਰਾ ਪੰਜਾ ਸਾਹਿਬ ਦੀ ਸੰਗਤ ਨੇ ਗੱਡੀ 'ਤੇ ਆ ਰਹੇ ਕੈਦੀ ਸਿੰਘਾਂ ਲਈ ਲੰਗਰ ਤਿਆਰ ਕੀਤਾ ਅਤੇ ਸਟੇਸ਼ਨ 'ਤੇ ਪਹੁੰਚ ਕੇ ਗੱਡੀ ਦੀ ਉਡੀਕ ਕਰਨ ਲੱਗੀ। ਸਟੇਸ਼ਨ ਮਾਸਟਰ ਨੇ ਕਿਹਾ ਕਿ ਗੱਡੀ ਕਿਸੇ ਵੀ ਹਾਲਤ ਵਿਚ ਇਥੇ ਨਹੀਂ ਰੁਕੇਗੀ। ਇਹ ਸੁਣ ਕੇ ਸੰਗਤਾਂ ਨੇ ਪਾਠ ਕਰਦੇ ਹੋਏ ਪਟੜੀ 'ਤੇ ਲੇਟਣਾ ਸ਼ੁਰੂ ਕਰ ਦਿੱਤਾ। ਹਰ ਪਾਸੇ ਨਾਮ ਤੇ ਬਾਣੀ ਦੀ ਧੁਨੀ ਸੁਣ ਰਹੀ ਸੀ। ਬਹੁਤ ਸਾਰੇ ਸਿੰਘ-ਸਿੰਘਣੀਆਂ ਆਉਂਦੀ ਹੋਈ ਗੱਡੀ ਦੇ ਅੱਗੇ ਲੰਮੇ ਪੈ ਗਏ। ਗੱਡੀ ਦਾ ਚਾਲਕ ਵਿਸਲਾਂ ਦੇ ਰਿਹਾ ਸੀ ਪਰ ਸਿਦਕੀ ਸਿੰਘ-ਸਿੰਘਣੀਆਂ ਨਿਰਭੈ ਹੋ ਕੇ ਡਟੇ ਰਹੇ।
ਪਹਿਲੀਆਂ ਕਤਾਰਾਂ ਵਿਚ ਲੇਟਣ ਵਾਲੇ ਸਿੰਘਾਂ ਵਿਚ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ, ਭਾਈ ਗੰਗਾ ਸਿੰਘ, ਭਾਈ ਚਰਨ ਸਿੰਘ, ਭਾਈ ਨਿਹਾਲ ਸਿੰਘ, ਭਾਈ ਤਾਰਾ ਸਿੰਘ, ਭਾਈ ਫਕੀਰ ਸਿੰਘ ਅਤੇ ਭਾਈ ਕਲਿਆਣ ਸਿੰਘ ਸਨ। ਗੱਡੀ ਦੇ ਇੰਜਣ ਨੇ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਦੀਆਂ ਹੱਡੀਆਂ ਚੂਰਾ-ਚੂਰਾ ਕਰ ਦਿੱਤੀਆਂ। ਕੁਝ ਹੋਰ ਸਿੰਘ ਵੀ ਗੰਭੀਰ ਜ਼ਖਮੀ ਹੋਏ ਪਰ ਗੱਡੀ ਰੁਕ ਗਈ। ਸੰਗਤ ਨੇ ਪਹਿਲਾਂ ਕੈਦੀ ਸਿੰਘਾਂ ਨੂੰ ਲੰਗਰ ਛਕਾਇਆ ਅਤੇ ਫਿਰ ਜ਼ਖਮੀਆਂ ਦੀ ਸੰਭਾਲ ਕੀਤੀ। 30 ਸਾਲਾਂ ਦੇ ਭਾਈ ਕਰਮ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਸਨ। ਕੁਝ ਘੰਟਿਆਂ ਬਾਅਦ ਹੀ ਇਨ੍ਹਾਂ ਦੀ ਸ਼ਹੀਦੀ ਹੋ ਗਈ। ਭਾਈ ਪ੍ਰਤਾਪ ਸਿੰਘ 24 ਸਾਲਾਂ ਦੇ ਸਨ ਅਤੇ ਗੁੱਜਰਾਂਵਾਲੇ ਦੇ ਰਹਿਣ ਵਾਲੇ ਸਨ। ਦੂਜੇ ਦਿਨ ਇਨ੍ਹਾਂ ਨੇ ਸਰੀਰ ਤਿਆਗ ਦਿੱਤਾ ਪਰ ਸ਼ਹੀਦੀ ਤੋਂ ਪਹਿਲਾਂ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਅਤੇ ਸ਼ੁਕਰਾਨੇ ਵਿਚ ਰਹਿਣ ਦੀ ਤਾਕੀਦ ਕੀਤੀ। ਇਨ੍ਹਾਂ ਦੀ ਸੁਪਤਨੀ ਨੇ ਵਿਰਲਾਪ ਨਹੀਂ ਕੀਤਾ, ਸਗੋਂ ਸਾਰੀ ਉਮਰ ਸੇਵਾ, ਸਿਮਰਨ ਅਤੇ ਸ਼ਹੀਦੀ ਛੰਦ ਗਾਉਂਦਿਆਂ ਬਤੀਤ ਕੀਤੀ। ਸਿੱਖੀ ਦੇ ਗੌਰਵਮਈ ਇਤਿਹਾਸ ਵਿਚ ਸੇਵਾ ਅਤੇ ਕੁਰਬਾਨੀ ਦੀ ਇਹ ਅਦੁੱਤੀ ਮਿਸਾਲ ਹੈ। ਸਿੱਖੀ ਦਾ ਸਿਧਾਂਤ ਦੂਜਿਆਂ ਦੇ ਭਲੇ ਲਈ ਆਪਾ ਵਾਰ ਦੇਣ ਦੀ ਪ੍ਰੇਰਨਾ ਕਰਦਾ ਹੈ। ਇਨ੍ਹਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਨਾਲੋਂ ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣਾ ਚੰਗਾ ਜਾਣਿਆ। ਗੱਡੀ ਰੁਕਣ 'ਤੇ ਜਦੋਂ ਗੱਡੀ ਦੇ ਚਾਲਕ ਦੀ ਪੁੱਛਗਿੱਛ ਹੋਈ ਤਾਂ ਉਸ ਨੇ ਦੱਸਿਆ ਕਿ ਕਿਸੇ ਕਾਰਨ ਗੱਡੀ ਦਾ ਵੈਕਿਊਮ ਲੀਵਰ ਥੱਲੇ ਚਲਾ ਗਿਆ ਤੇ ਗੱਡੀ ਰੁਕ ਗਈ।

ਨਲੂਆ ਸਰਦਾਰ ਦੇ ਦੋ ਅਣਗੌਲੇ ਵਾਰਸ : ਚਤੁਰ ਸਿੰਘ ਅਤੇ ਮਹਾਂ ਸਿੰਘ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਸਰਦਾਰ ਹਰੀ ਸਿੰਘ ਨਲੂਆ ਦੇ ਪਾਲਿਤ ਪੁੱਤਰ ਸ: ਮਹਾਂ ਸਿੰਘ ਮੀਰਪੁਰੀਆ ਦਾ ਜਨਮ ਪਾਕਿਸਤਾਨ ਦੇ ਮੌਜੂਦਾ ਸ਼ਹਿਰ ਮੀਰਪੁਰ (ਪਿਸ਼ਾਵਰ-ਲਾਹੌਰ ਜੀ.ਟੀ. ਰੋਡ 'ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਸ਼ਹਿਰ) ਵਿਚ ਭਾਈ ਦਾਤਾ ਰਾਮ ਦੇ ਘਰ ਹੋਇਆ। ਕੁਝ ਇਤਿਹਾਸਕਾਰਾਂ ਦਾ ਦਾਅਵਾ ਹੈ ਕਿ ਸ: ਮਹਾਂ ਸਿੰਘ ਦਾ ਜਨਮ ਦਾਤਾ ਰਾਮ ਬਾਲੀ ਦੇ ਘਰ ਗੁੱਜਰਾਂਵਾਲਾ ਵਿਖੇ ਹੋਇਆ ਅਤੇ ਉਹ ਹਿੰਮਤ ਸਿੰਘ ਬਾਲੀ ਦਾ ਪੋਤਰਾ ਸੀ। ਦੱਸਿਆ ਜਾਂਦਾ ਹੈ ਕਿ ਸ: ਮਹਾਂ ਸਿੰਘ ਨੇ ਵੀ ਸਰਦਾਰ ਹਰੀ ਸਿੰਘ ਨਲੂਆ ਵਾਂਗ ਚੜ੍ਹਦੀ ਜਵਾਨੀ ਵਿਚ ਢਾਲ ਤਲਵਾਰ ਲੈ ਕੇ ਹੱਥੋ-ਹੱਥੀ ਦੀ ਲੜਾਈ ਵਿਚ ਸ਼ੇਰ ਮਾਰਿਆ ਸੀ, ਜਿਸ ਕਾਰਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਸ: ਨਲੂਆ ਦੇ ਅਧੀਨ ਚੰਗਾ ਫ਼ੌਜੀ ਅਹੁਦਾ ਦਿੱਤਾ।
ਬਾਅਦ ਵਿਚ ਸ: ਨਲੂਆ ਦੀ ਤਜਵੀਜ਼ 'ਤੇ ਮਹਾਰਾਜੇ ਨੇ ਸੰਨ 1834 ਵਿਚ ਸ: ਮਹਾਂ ਸਿੰਘ ਨੂੰ ਹਜ਼ਾਰਾ ਦਾ ਗਵਰਨਰ ਥਾਪਿਆ ਅਤੇ ਫਿਰ ਕਿਲ੍ਹਾ ਫ਼ਤਹਿਗੜ੍ਹ (ਜਮਰੌਦ) ਤਿਆਰ ਹੋਣ 'ਤੇ ਉਸ ਨੂੰ ਜਮਰੌਦ ਕਿਲ੍ਹੇ ਦਾ ਕਿਲ੍ਹੇਦਾਰ ਅਤੇ ਸਰਹੱਦਦਾਰ (ਖ਼ਾਲਸਾ ਰਾਜ ਸਮੇਂ ਸਰਹੱਦਦਾਰ ਦਾ ਅਹੁਦਾ ਬੜੀ ਜ਼ਿੰਮੇਵਾਰੀ ਵਾਲਾ ਸੀ, ਜਿਸ ਦਾ ਕੰਮ ਸਰਹੱਦ ਤੋਂ ਪਰੇ ਹੀ ਵੈਰੀਆਂ ਨੂੰ ਰੋਕਣਾ ਹੁੰਦਾ ਸੀ) ਦਾ ਉੱਚ ਰੁਤਬਾ ਬਖ਼ਸ਼ਿਆ। ਇਸ ਸੂਰਬੀਰ ਜੋਧੇ ਨੇ ਮੁਲਤਾਨ, ਕਸ਼ਮੀਰ, ਨੌਸ਼ਹਿਰਾ ਆਦਿ ਦੀਆਂ ਲਹੂ-ਡੋਲ੍ਹਵੀਆਂ ਜੰਗਾਂ ਵਿਚ ਆਪਣੀ ਬਹਾਦਰੀ ਅਤੇ ਸੂਰਬੀਰਤਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ।
ਕਿਲ੍ਹਾ ਜਮਰੌਦ 'ਤੇ ਜਦੋਂ ਪਠਾਣਾਂ ਅਤੇ ਅਫ਼ਗ਼ਾਨੀਆਂ ਦੇ 20,000 ਲਸ਼ਕਰ ਨੇ ਹਮਲਾ ਕੀਤਾ ਤਾਂ ਉਸ ਸਮੇਂ ਕਿਲ੍ਹੇ ਵਿਚ ਕਿਲ੍ਹੇਦਾਰ ਮਹਾਂ ਸਿੰਘ ਦੇ ਅਧੀਨ ਸਿਰਫ਼ 800 ਖ਼ਾਲਸਾ ਫ਼ੌਜ ਸੀ, ਜਿਨ੍ਹਾਂ ਦਾ ਅਫ਼ਗ਼ਾਨੀਆਂ ਦੇ ਐਨੇ ਵੱਡੇ ਲਸ਼ਕਰ ਅੱਗੇ ਜ਼ਿਆਦਾ ਦੇਰ ਤੱਕ ਡਟੇ ਰਹਿਣਾ ਸੰਭਵ ਨਹੀਂ ਸੀ, ਪਰ ਫਿਰ ਵੀ ਮਹਾਂ ਸਿੰਘ ਦੀ ਕਮਾਂਡ ਹੇਠ ਖ਼ਾਲਸਾ ਫ਼ੌਜ ਦੇ ਹੌਸਲੇ ਬੁਲੰਦ ਰਹੇ ਅਤੇ ਉਹ ਅਫਗਾਨੀਆਂ ਉਪਰ ਲਗਾਤਾਰ ਜਵਾਬੀ ਹਮਲੇ ਕਰਦੇ ਰਹੇ। ਇੱਥੇ ਦੱਸਣਯੋਗ ਹੈ ਕਿ ਲਾਹੌਰ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਈਸਟ ਇੰਡੀਆ ਕੰਪਨੀ ਦੇ ਕਮਾਂਡਰ-ਇਨ-ਚੀਫ਼ ਸਰ ਹੈਨਰੀ ਫ਼ੈਨ ਆਦਿ ਨੂੰ ਪ੍ਰਭਾਵਿਤ ਕਰਨ ਹਿਤ ਮਹਾਰਾਜਾ ਰਣਜੀਤ ਸਿੰਘ ਵਲੋਂ ਪਿਸ਼ਾਵਰ ਤੋਂ ਵੱਡੀ ਗਿਣਤੀ ਵਿਚ ਫ਼ੌਜ-ਏ-ਖ਼ਾਸ ਸਹਿਤ ਖ਼ਾਲਸਾ ਫ਼ੌਜ ਦੀਆਂ ਹੋਰ ਪਲਟਣਾਂ ਨੁਮਾਇਸ਼ ਲਈ ਬੁਲਾ ਲਈਆਂ ਗਈਆਂ ਸਨ। ਹਾਲਾਂਕਿ ਸ: ਨਲੂਆ ਨੇ ਇਸ ਤਰ੍ਹਾਂ ਕਰਨ ਨਾਲ ਪਿਸ਼ਾਵਰ 'ਚ ਹਾਲਾਤ ਖ਼ਰਾਬ ਹੋਣ ਬਾਰੇ ਮਹਾਰਾਜਾ ਨੂੰ ਆਗਾਹ ਵੀ ਕੀਤਾ ਸੀ, ਪਰ ਇਸ ਸਬੰਧੀ ਕੋਈ ਤਵੱਜੋ ਨਹੀਂ ਦਿੱਤੀ ਗਈ ਅਤੇ ਨਾ ਹੀ ਪੇਸ਼ਾਵਰ ਤੇ ਜਮਰੌਦ ਤੋਂ ਫ਼ੌਜ ਵਾਪਸ ਭੇਜਣ ਲਈ ਲਿਖੇ ਪੱਤਰਾਂ ਦਾ ਹੀ ਕੋਈ ਜਵਾਬ ਦਿੱਤਾ ਗਿਆ। ਓਧਰ ਦੂਸਰੇ ਪਾਸੇ ਹਮਲੇ ਸਮੇਂ ਸ: ਨਲੂਆ ਸਰਹੱਦ ਦੀ ਸੁਰੱਖਿਆ ਦੀਆਂ ਤਿਆਰੀਆਂ ਲਈ ਕਿਲ੍ਹਿਆਂ ਦੇ ਨਿਰਮਾਣ ਵਿਚ ਦਿਨ-ਰਾਤ ਜੁਟੇ ਰਹਿਣ ਕਰਕੇ ਥਕੇਵੇਂ ਦੇ ਕਾਰਨ ਪਿਸ਼ਾਵਰ ਦੇ ਕਿਲ੍ਹੇ ਵਿਚ ਬਿਮਾਰ ਪਏ ਹੋਏ ਸਨ ਅਤੇ ਵੈਦਾਂ ਨੇ ਉਨ੍ਹਾਂ ਨੂੰ ਕਿਤੇ ਵੀ ਜਾਣ ਤੋਂ ਮਨ੍ਹਾਂ ਕਰਕੇ ਆਰਾਮ ਕਰਨ ਲਈ ਕਿਹਾ ਹੋਇਆ ਸੀ। (ਚਲਦਾ)


-ਅੰਮ੍ਰਿਤਸਰ। ਮੋਬਾ: 93561-27771

ਟਕਸਾਲਾਂ ਅਤੇ ਹੋਰ ਸੰਸਥਾਵਾਂ ਦੀ ਗੁਰਮਤਿ ਸੰਗੀਤ ਨੂੰ ਦੇਣ

ਗੁਰਮਤਿ ਸੰਗੀਤ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਕਈ ਟਕਸਾਲਾਂ ਅਤੇ ਸੰਪ੍ਰਦਾਵਾਂ ਹੋਂਦ ਵਿਚ ਆਈਆਂ, ਜਿਨ੍ਹਾਂ ਨੇ ਕੀਰਤਨ ਦੇ ਟਕਸਾਲੀ ਰੂਪ ਨੂੰ ਹੂ-ਬ-ਹੂ ਸਜੀਵ ਰੱਖਣ ਅਤੇ ਅੱਗੇ ਤੋਰਨ ਲਈ ਵਡਮੁੱਲਾ ਯੋਗਦਾਨ ਪਾਇਆ। ਅੱਜ ਇਨ੍ਹਾਂ ਟਕਸਾਲਾਂ, ਸੰਪ੍ਰਦਾਵਾਂ ਅਤੇ ਸੰਸਥਾਵਾਂ ਦਾ ਜ਼ਿਕਰ ਕਰ ਰਹੇ ਹਾਂ।
1. ਟਕਸਾਲ ਦਮਦਮਾ ਸਾਹਿਬ : ਸਭ ਤੋਂ ਪੁਰਾਣੀ ਅਤੇ ਇਤਿਹਾਸਕ ਤੌਰ ਉੱਤੇ ਅਹਿਮ ਟਕਸਾਲ ਦਮਦਮਾ ਸਾਹਿਬ ਦੀ ਟਕਸਾਲ ਹੈ, ਜਿਸ ਦਾ ਆਰੰਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਨਿਆ ਜਾਂਦਾ ਹੈ। ਮਗਰੋਂ ਇਸ ਦੀ ਸਰਪ੍ਰਸਤੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਕੀਤੀ। ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅੱਜਕਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਮਤਿ ਇੰਸਟੀਚਿਊਟ ਵਲੋਂ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਪਰੰਪਰਾਗਤ ਸਿਖਲਾਈ ਦਿੱਤੀ ਜਾ ਰਹੀ ਹੈ।
2. ਬੁੱਢਾ ਜੌਹੜ ਟਕਸਾਲ : ਰਾਜਸਥਾਨ ਵਿਚ ਸਥਿਤ ਇਹ ਟਕਸਾਲ ਗੁਰਮਤਿ ਸੰਗੀਤ ਵਿੱਦਿਆ ਦਾ ਪੁਰਾਤਨ ਅਤੇ ਪ੍ਰਸਿੱਧ ਕੇਂਦਰ ਹੈ, ਜਿਸ ਦੀ ਸਥਾਪਨਾ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਨੇ ਕੀਤੀ। ਇਸ ਟਕਸਾਲ ਨੇ ਭਾਈ ਗੁਰਮੇਲ ਸਿੰਘ ਅਤੇ ਭਾਈ ਪ੍ਰੀਤਮ ਸਿੰਘ ਵਰਗੇ ਨਿਰਧਾਰਤ ਰਾਗਾਂ ਅਨੁਸਾਰ ਗੁਰਬਾਣੀ ਕੀਰਤਨ ਕਰਨ ਵਾਲੇ ਉੱਚ ਕੋਟੀ ਦੇ ਕੀਰਤਨਕਾਰ ਪੈਦਾ ਕੀਤੇ।
3. ਤਰਨ ਤਾਰਨ ਟਕਸਾਲ : ਇਸ ਦੀ ਸਥਾਪਨਾ ਸੰਨ 1904 ਵਿਚ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਬਾਬਾ ਈਸ਼ਰ ਸਿੰਘ ਨੇ ਕੀਤੀ। ਪੰਥ ਦੇ ਪ੍ਰਸਿੱਧ ਸ਼੍ਰੋਮਣੀ ਰਾਗੀ ਭਾਈ ਬਖਸ਼ੀਸ਼ ਸਿੰਘ ਪਟਿਆਲੇ ਵਾਲੇ ਇਸੇ ਟਕਸਾਲ ਦੇ ਵਿਦਿਆਰਥੀ ਸਨ। ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਦੇ ਪਿਤਾ ਭਾਈ ਸੰਤਾ ਸਿੰਘ, ਪ੍ਰਸਿੱਧ ਰਾਗੀ ਭਾਈ ਪੂਰਨ ਸਿੰਘ, ਮਹਾਨ ਰਾਗੀ ਭਾਈ ਸਮੁੰਦ ਸਿੰਘ ਅਤੇ ਭਾਈ ਪ੍ਰੇਮ ਸਿੰਘ ਨੇ ਵੀ ਇੱਥੋਂ ਹੀ ਵਿੱਦਿਆ ਪ੍ਰਾਪਤ ਕੀਤੀ। ਪ੍ਰਸਿੱਧ ਸੰਗੀਤਕਾਰ ਮਾਸਟਰ ਨੱਥੂ ਰਾਮ ਨੇ ਇਥੇ ਤਕਰੀਬਨ 30 ਸਾਲ ਕੀਰਤਨ ਦੀ ਤਾਲੀਮ ਦਿੱਤੀ।
4. ਦੌਧਰ ਟਕਸਾਲ : ਜ਼ਿਲ੍ਹਾ ਲੁਧਿਆਣਾ ਵਿਚ ਸਥਿਤ ਜਗਤ ਪ੍ਰਸਿੱਧ ਦੌਧਰ ਟਕਸਾਲ ਦੀ ਸਥਾਪਨਾ 18ਵੀਂ ਸਦੀ ਵਿਚ ਹੋਈ। ਇਹ ਟਕਸਾਲ ਨੇਤਰਹੀਣਾਂ ਨੂੰ ਕੀਰਤਨ ਦੀ ਸਿਖਲਾਈ ਦੇਣ ਦਾ ਉੱਚ ਕੋਟੀ ਦਾ ਕੇਂਦਰ ਰਿਹਾ ਹੈ। ਇਸ ਦੀ ਸਥਾਪਨਾ ਨਿਰਮਲੇ ਸੰਤ ਸੁੱਚਾ ਸਿੰਘ ਨੇ ਕੀਤੀ ਅਤੇ ਬਾਅਦ ਵਿਚ ਬਾਬਾ ਮੰਗਲ ਸਿੰਘ ਨਿਰਮਲੇ ਅਤੇ ਬਾਬਾ ਖ਼ੁਸ਼ਹਾਲ ਸਿੰਘ ਨੇ ਇਥੇ ਗੁਰਮਤਿ ਸੰਗੀਤ ਦੀ ਸਿੱਖਿਆ ਦਿੱਤੀ। ਗੁਰੂ ਚੇਲੇ ਦੀ ਰਵਾਇਤ ਅਨੁਸਾਰ ਇਥੇ ਭਾਈ ਭੋਲਾ ਸਿੰਘ, ਭਾਈ ਸੁੱਚਾ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਜਸਵੰਤ ਸਿੰਘ ਕੁਲਾਰ, ਸੰਤ ਸਰਵਣ ਸਿੰਘ ਗੰਧਰਬ ਡੁਮੇਲੀ ਵਾਲੇ, ਭਾਈ ਜਸਵੰਤ ਸਿੰਘ ਅਤੇ 1984 ਵਿਚ ਸਾਕਾ ਨੀਲਾ ਤਾਰਾ ਅੰਮ੍ਰਿਤਸਰ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਏ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ (ਨੇਤਰਹੀਣ) ਨੇ ਵੀ ਇਸੇ ਟਕਸਾਲ ਤੋਂ ਵਿੱਦਿਆ ਪ੍ਰਾਪਤ ਕੀਤੀ।
5. ਸਿੰਘਾਂਵਾਲਾ ਟਕਸਾਲ : ਭਾਈ ਸੁੰਦਰ ਸਿੰਘ ਅਤੇ ਭਾਈ ਗੁਰਬਚਨ ਸਿੰਘ ਵਲੋਂ ਸਥਾਪਤ ਇਹ ਪ੍ਰਸਿੱਧ ਟਕਸਾਲ ਮੋਗਾ-ਕੋਟਕਪੂਰਾ ਮੁੱਖ ਸੜਕ ਉੱਤੇ ਸਥਿਤ ਪਿੰਡ ਸਿੰਘਾਂਵਾਲਾ ਵਿਖੇ ਸਥਿਤ ਹੈ। ਪ੍ਰਸਿੱਧ ਰਾਗੀ ਭਾਈ ਪ੍ਰੀਤਮ ਸਿੰਘ ਸੰਨ 1900 ਤੋਂ 1932 ਤੱਕ ਇਥੇ ਨਿਸ਼ਕਾਮ ਤੌਰ ਉੱਤੇ ਗੁਰਮਤਿ ਸੰਗੀਤ ਦੀ ਦਾਤ ਵੰਡਦੇ ਰਹੇ। ਇਸ ਟਕਸਾਲ ਦੇ ਪ੍ਰਸਿੱਧ ਰਾਗੀ ਹੋਏ ਹਨ-ਭਾਈ ਧਰਮ ਸਿੰਘ, ਭਾਈ ਰਤਨ ਸਿੰਘ, ਭਾਈ ਹਰਨੇਕ ਸਿੰਘ, ਕੌਮੀ ਪੱਧਰ ਦੇ ਤਬਲਾਵਾਦਕ ਤਰਲੋਕ ਸਿੰਘ (ਆਲ ਇੰਡੀਆ ਰੇਡੀਓ, ਸ਼ਿਮਲਾ), ਭਾਈ ਸਰੂ ਸਿੰਘ ਕਲਕੱਤਾ, ਭਾਈ ਦਲੀਪ ਸਿੰਘ ਜਲੰਧਰ, ਭਾਈ ਅਵਤਾਰ ਸਿੰਘ ਲੁਧਿਆਣਾ, ਭਾਈ ਰਜਿੰਦਰ ਸਿੰਘ ਅਤੇ ਭਾਈ ਖਜ਼ਾਨ ਸਿੰਘ।
6. ਮਸਤੂਆਣਾ ਟਕਸਾਲ : ਮਹਾਨ ਸੰਤ ਅਤਰ ਸਿੰਘ ਨੇ ਸੰਨ 1867 ਵਿਚ ਇਸ ਟਕਸਾਲ ਨੂੰ ਸਥਾਪਤ ਕੀਤਾ, ਜਿੱਥੇ ਕਿ ਪ੍ਰਸਿੱਧ ਰਾਗੀ ਭਾਈ ਜਸਵੰਤ ਸਿੰਘ 25 ਸਾਲ ਗੁਰਮਤਿ ਸੰਗੀਤ ਸਿਖਾਉਂਦੇ ਰਹੇ। ਭਾਈ ਲਾਲ ਜੀ ਅਤੇ ਭਾਈ ਜਸਵੰਤ ਸਿੰਘ ਇਸੇ ਟਕਸਾਲ ਦੇ ਵਿਦਿਆਰਥੀ ਸਨ। ਹਿਮਾਚਲ ਵਿਚ ਇਸ ਵੇਲੇ ਬੜੂ ਸਾਹਿਬ ਵਿਖੇ ਇਸ ਟਕਸਾਲ ਦੀ ਸ਼ਾਖਾ ਵਿਚ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਸਿੱਖਿਆ ਦਿੱਤੀ ਜਾਂਦੀ ਹੈ।
7. ਯਤੀਮਖਾਨਾ ਟਕਸਾਲ ਅੰਮ੍ਰਿਤਸਰ : ਸਿੱਖਾਂ ਦੀ ਪ੍ਰਤੀਨਿਧ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਗਰੀਬ ਅਤੇ ਅਨਾਥ ਬੱਚਿਆਂ ਨੂੰ ਸਕੂਲੀ ਪੜ੍ਹਾਈ ਦੇ ਨਾਲ-ਨਾਲ ਗੁਰਬਾਣੀ ਕੀਰਤਨ ਦੀ ਮੁਫ਼ਤ ਸਿਖਲਾਈ ਦੇਣ ਵਾਸਤੇ ਇਸ ਅਦਾਰੇ ਦੀ ਸਥਾਪਨਾ ਸੰਨ 1904 ਵਿਚ ਕੀਤੀ ਗਈ। ਗੁਰਮਤਿ ਸੰਗੀਤ ਦੇ ਖੇਤਰ ਵਿਚ ਇਸ ਸੰਸਥਾ ਦੀ ਦੇਣ ਸੁਨਹਿਰੀ ਅੱਖਰਾਂ ਵਿਚ ਲਿਖਣਯੋਗ ਹੈ, ਕਿਉਂਕਿ ਲਗਪਗ 75 ਫੀਸਦੀ ਪ੍ਰਸਿੱਧ ਕੀਰਤਨਕਾਰਾਂ ਨੇ ਇੱਥੋਂ ਹੀ ਸਿੱਖਿਆ ਪ੍ਰਾਪਤ ਕੀਤੀ, ਜਿਨ੍ਹਾਂ ਵਿਚ ਸ਼ਾਮਿਲ ਹਨ-ਪ੍ਰਸਿੱਧ ਰਾਗੀ ਭਾਈ ਸੰਤਾ ਸਿੰਘ, ਭਾਈ ਸੁਰਜਨ ਸਿੰਘ, ਭਾਈ ਗੋਪਾਲ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਗੁਰਮੇਜ ਸਿੰਘ, ਭਾਈ ਮੋਹਣ ਸਿੰਘ, ਭਾਈ ਤਰਲੋਕ ਸਿੰਘ, ਭਾਈ ਜੋਗਿੰਦਰ ਸਿੰਘ ਅਤੇ ਪ੍ਰਸਿੱਧ ਸੰਗੀਤ ਅਚਾਰਿਆ ਪੰਡਿਤ ਦਲੀਪ ਚੰਦਰ ਬੇਦੀ। ਉਸ ਸਮੇਂ ਗਿਆਨੀ ਉੱਤਮ ਸਿੰਘ ਸੰਗੀਤ ਸਿਖਾਉਂਦੇ ਸਨ। ਉਨ੍ਹਾਂ ਤੋਂ ਉਪਰੰਤ ਤਕਰੀਬਨ 37 ਸਾਲ ਭਾਈ ਹਰਨਾਮ ਸਿੰਘ ਜੋਗੀ ਅਤੇ ਫਿਰ ਉਸਤਾਦ ਮਹਿੰਗਾ ਸਿੰਘ ਸੇਵਾ ਨਿਭਾਉਂਦੇ ਆ ਰਹੇ ਹਨ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


 

ਸੁਰ ਦੇ ਧਨੀ ਕੀਰਤਨੀਏ-ਭਾਈ ਹਰਪ੍ਰੀਤ ਸਿੰਘ ਚਾਂਦਪੁਰੀ

ਸੁਰ-ਸੰਗੀਤ ਦੇ ਧਨੀ ਕੀਰਤਨੀਏ ਸਿੰਘ ਮੁੱਢ ਤੋਂ ਹੀ ਸਿੱਖ ਸੰਗਤਾਂ ਦਾ ਭਰਪੂਰ ਪਿਆਰ-ਸਤਿਕਾਰ ਖੱਟਦੇ ਆਏ ਹਨ। ਵਿਰਸੇ 'ਚੋਂ ਪ੍ਰਾਪਤ ਹੋਏ ਆਪਣੇ ਇਸ ਮਾਣਮੱਤੇ ਗੁਣ ਕਰਕੇ ਸੁਰ-ਤਾਲ ਦੇ ਪੂਰੇ-ਸੂਰੇ ਕੀਰਤਨੀਏ ਭਾਈ ਹਰਪ੍ਰੀਤ ਸਿੰਘ ਚਾਂਦਪੁਰੀ ਸਿੱਖ ਸੰਗਤਾਂ ਵਿਚ ਬੇਹੱਦ ਹਰਮਨ ਪਿਆਰੇ ਹਨ। ਇਸੇ ਕਰਕੇ ਨਾ ਸਿਰਫ ਪੰਜਾਬ ਵਿਚ ਜਾਂ ਭਾਰਤ ਵਿਚ, ਬਲਕਿ ਆਸਟ੍ਰੇਲੀਆ-ਨਿਊਜ਼ੀਲੈਂਡ ਦੀਆਂ ਸੰਗਤਾਂ ਨੇ ਵੀ ਉਨ੍ਹਾਂ ਨੂੰ ਵਿਸ਼ੇਸ਼ ਸੱਦੇ ਭੇਜ ਕੇ ਬੁਲਾਇਆ ਅਤੇ ਉਨ੍ਹਾਂ ਦੇ ਗਲੇ 'ਚ ਵਸਦੀ ਸੁਹਾਣੀ ਸੁਰ ਵਿਚ ਧੁਰ ਕੀ ਬਾਣੀ ਦੇ ਸ਼ਬਦਾਂ ਦਾ ਰਸਮਈ ਕੀਰਤਨ ਸਰਵਣ ਕਰਕੇ ਆਤਮਿਕ ਅਨੰਦ ਨੂੰ ਮਾਣਿਆ ਹੈ। ਦੇਸ਼-ਵਿਦੇਸ਼ ਵਿਚ ਜਦੋਂ ਉਹ ਕੀਰਤਨ ਕਰਨ ਜਾਂਦੇ ਹਨ ਤਾਂ ਸੰਗਤਾਂ ਉਨ੍ਹਾਂ ਦਾ ਨਾਂਅ ਸੁਣ ਕੇ ਹੀ ਦੂਰੋਂ ਚੱਲ ਕੇ ਆਉਂਦੀਆਂ ਹਨ ਅਤੇ ਕੀਰਤਨ ਦਾ ਅਨੰਦ ਮਾਣ ਕੇ ਆਤਮ ਵਿਭੋਰ ਹੁੰਦੀਆਂ ਹਨ।
ਕੀਰਤਨ ਕਰਨ ਦੀ ਦਾਤ ਉਨ੍ਹਾਂ ਨੂੰ ਆਪਣੇ ਪਿਤਾ ਸਵ: ਗਿਆਨੀ ਮੋਹਣ ਸਿੰਘ, ਜੋ ਆਪਣੇ ਵਕਤ ਦੇ ਸੁਰੀਲੇ ਕੀਰਤਨੀਏ ਸਨ, ਤੋਂ ਪ੍ਰਾਪਤ ਹੋਈ। ਉਨ੍ਹਾਂ ਦੇ ਪਿਤਾ ਨਾ ਸਿਰਫ ਮੰਝੇ ਹੋਏ ਰਾਗੀ ਸਿੰਘ ਹੀ ਸਨ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤਮ ਪਾਠੀ ਵੀ ਸਨ। ਆਪਣੇ ਇਨ੍ਹਾਂ ਗੁਣਾਂ ਸਦਕਾ ਉਨ੍ਹਾਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਅਨੇਕਾਂ ਗੁਰੂ-ਘਰਾਂ ਵਿਚ ਬਤੌਰ ਪਾਠੀ ਸਿੰਘ ਅਤੇ ਕੀਰਤਨਕਾਰ ਵਜੋਂ ਸੇਵਾਵਾਂ ਨਿਭਾਈਆਂ। ਬਚਪਨ ਤੋਂ ਹੀ ਉਨ੍ਹਾਂ ਦੀ ਸੰਗਤ ਵਿਚ ਰਹਿ ਕੇ ਭਾਈ ਚਾਂਦਪੁਰੀ ਨੇ ਜਿਥੇ ਗੁਰਮਤਿ ਸਿਧਾਂਤ ਦੀ ਸਿੱਖਿਆ ਹਾਸਲ ਕੀਤੀ, ਉਥੇ ਗੁਰਮਤਿ ਸੰਗੀਤ ਨਾਲ ਵੀ ਸੁੱਤੇ ਸਿਧ ਉਨ੍ਹਾਂ ਦਾ ਧੁਰ ਆਤਮਾ ਤੋਂ ਨਾਤਾ ਜੁੜ ਗਿਆ। ਸਕੂਲੀ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਰੂਹਾਨੀ ਵਿੱਦਿਆ ਵਿਚ ਗਹਿਰੀ ਪ੍ਰਬੀਨਤਾ ਹਾਸਲ ਕੀਤੀ।
ਭਾਈ ਸਾਹਿਬ ਦਾ ਜਨਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਚਾਂਦਪੁਰ ਰੁੜਕੀ ਕਲਾਂ, ਤਹਿਸੀਲ ਬਲਾਚੌਰ ਵਿਖੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਆਪਣੀ ਬਾਰ੍ਹਵੀਂ ਜਮਾਤ ਤੱਕ ਦੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਪੁਰ ਖੁਰਦ ਤੋਂ ਪ੍ਰਾਪਤ ਕੀਤੀ। ਭਾਈ ਚਾਂਦਪੁਰੀ ਦੇ ਕੀਰਤਨੀ ਜਥੇ ਵਿਚ ਇਸ ਵਕਤ ਸਾਈਡ ਵਾਲੀ ਜਗ੍ਹਾ ਉਨ੍ਹਾਂ ਦੇ ਛੋਟੇ ਭਰਾ ਸਿਮਰਨਜੀਤ ਸਿੰਘ ਚਾਂਦਪੁਰੀ ਹਰਮੋਨੀਅਮ ਵਾਦਨ ਦੀ ਸੇਵਾ ਨਿਭਾਅ ਰਹੇ ਹਨ। ਆਪਣੀ ਮਨੋਹਰ ਕੀਰਤਨ ਸ਼ੈਲੀ ਦੁਆਰਾ ਸੰਗਤਾਂ ਦੇ ਮਨਾਂ 'ਚ ਵਸਣ ਵਾਲਾ ਇਹ ਕੀਰਤਨੀ ਜਥਾ ਆਪਣੀ ਮਿਸਾਲ ਆਪ ਹੈ। ਪਰਮਾਤਮਾ ਭਾਈ ਹਰਪ੍ਰੀਤ ਸਿੰਘ ਚਾਂਦਪੁਰੀ ਅਤੇ ਉਨ੍ਹਾਂ ਦੇ ਜਥੇ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਉਹ ਆਪਣੀ ਕੀਰਤਨ-ਕਲਾ ਦੁਆਰਾ ਸੰਗਤਾਂ ਦਾ ਪਿਆਰ-ਸਤਿਕਾਰ ਸਦਾ ਪ੍ਰਾਪਤ ਕਰਦੇ ਰਹਿਣ।


-ਮੋਬਾ: 98146-81444

ਸ਼ਬਦ ਵਿਚਾਰ

ਜੋਗੀ ਅੰਦਰਿ ਜੋਗੀਆ॥ ੴ ਸਤਿਗੁਰ ਪ੍ਰਸਾਦਿ॥

ਸਿਰੀਰਾਗੁ ਮਹਲਾ ੧ ਘਰੁ ੩॥
ਜੋਗੀ ਅੰਦਰਿ ਜੋਗੀਆ॥
ਤੂੰ ਭੋਗੀ ਅੰਦਰਿ ਭੋਗੀਆ॥
ਤੇਰਾ ਅੰਤੁ ਨ ਪਾਇਆ
ਸੁਰਗਿ ਮਛਿ ਪਇਆਲਿ ਜੀਉ॥ ੧॥
ਹਉ ਵਾਰੀ ਹਉ ਵਾਰਣੈ
ਕੁਰਬਾਣੁ ਤੇਰੇ ਨਾਵ ਨੋ॥ ੧॥ ਰਹਾਉ॥
ਤੁਧੁ ਸੰਸਾਰੁ ਉਪਾਇਆ॥
ਸਿਰੇ ਸਿਰਿ ਧੰਧੇ ਲਾਇਆ॥
ਵੇਖਹਿ ਕੀਤਾ ਆਪਣਾ
ਕਰਿ ਕੁਦਰਤਿ ਪਾਸਾ ਢਾਲਿ ਜੀਉ॥ ੨॥
ਪਰਗਟਿ ਪਾਹਾਰੈ ਜਾਪਦਾ॥
ਸਭੁ ਨਾਵੈ ਨੋ ਪਰਤਾਪਦਾ॥
ਸਤਿਗੁਰ ਬਾਝੁ ਨ ਪਾਇਓ
ਸਭ ਮੋਹੀ ਮਾਇਆ ਜਾਲਿ ਜੀਉ॥ ੩॥
ਸਤਿਗੁਰ ਕਉ ਬਲਿ ਜਾਈਐ॥
ਜਿਤੁ ਮਿਲਿਐ ਪਰਮ ਗਤਿ ਪਾਈਐ॥
ਸੁਰਿ ਨਰ ਮੁਨਿ ਜਨ ਲੋਚਦੇ
ਸੋ ਸਤਿਗੁਰਿ ਦੀਆ ਬੁਝਾਇ ਜੀਉ॥ ੪॥
ਸਤਸੰਗਤਿ ਕੈਸੀ ਜਾਣੀਐ॥
ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ
ਨਾਨਕ ਸਤਿਗੁਰਿ ਦੀਆ
ਬੁਝਾਇ ਜੀਉ॥ ੫॥
(ਅੰਗ 71-72)
ਗੁਰੂ ਨਾਨਕ ਦੇਵ ਜੀ ਦੀ ਇਸ ਅਸਟਪਦੀ ਦੇ 24 ਪਦੇ ਹਨ। ਇਸ ਲਈ ਚਾਰ ਜਾਂ ਪੰਜ-ਪੰਜ ਪਦੇ ਕਰਕੇ ਇਨ੍ਹਾਂ 'ਤੇ ਵਿਚਾਰ ਕੀਤੀ ਜਾਵੇਗੀ। ਅੱਜ ਪਹਿਲੇ ੫ ਪਦਿਆਂ 'ਤੇ ਵਿਚਾਰ ਹੋਵੇਗੀ।
ਪਦ ਅਰਥ : ਮਛਿ-ਮਾਤ ਲੋਕ ਵਿਚ। ਪਇਆਲਿ-ਪਤਾਲ ਲੋਕ ਵਿਚ। ਹਉ-ਮੈਂ। ਵਾਰੀ-ਸਦਕੇ ਜਾਂਦਾ ਹਾਂ। ਵਾਰਣੈ-ਵਾਰਨੇ ਜਾਂਦਾ ਹਾਂ। ਨੋ-ਤੋਂ। ਉਪਾਇਆ-ਪੈਦਾ ਕੀਤਾ ਹੈ। ਸਿਰੇ ਸਿਰਿ-ਵੱਖੋ ਵੱਖ। ਧੰਧੈ ਲਾਇਆ-ਕੰਮ ਧੰਦਿਆਂ ਵਿਚ ਲਾਇਆ ਹੋਇਆ ਹੈ। ਪਰਗਟਿ ਪਾਹਾਰੈ ਜਾਪਦਾ-ਪਰਮਾਤਮਾ ਸੰਸਾਰ ਪਸਾਰੇ ਵਿਚ ਜ਼ਾਹਰਾ ਤੌਰ 'ਤੇ ਦਿਸ ਰਿਹਾ ਹੈ। ਸਭੁ ਨਾਵੈ ਨੋ-ਸਾਰੇ ਉਸ ਦੇ ਨਾਮ ਨੂੰ ਹੀ। ਪਰਤਾਪਦਾ-ਤਾਂਘਦਾ ਹੈ, ਲੋਚਦਾ ਹੈ। ਸਭ-ਸਾਰੀ ਸ੍ਰਿਸ਼ਟੀ, ਸਾਰਾ ਜਗਤ। ਮੋਹੀ-ਫਸੀ ਹੋਈ ਹੈ, ਠਗੀ ਗਈ ਹੈ। ਮਾਇਆ ਜਾਲਿ-ਮਾਇਆ ਦੇ ਜਾਲ ਵਿਚ।
ਜਿਤੁ ਮਿਲਿਐ-ਜਿਸ ਨੂੰ ਮਿਲਣ ਨਾਲ। ਪਰਮ ਗਤਿ-ਸਭ ਤੋਂ ਉੱਚੀ ਆਤਮਿਕ ਅਵਸਥਾ। ਸੁਰਿ ਨਰ-ਦੇਵਤੇ ਤੇ ਮਨੁੱਖ। ਮੁਨਿ-ਮੋਨਧਾਰੀ। ਲੋਚਦੇ-ਤਾਂਘਦੇ ਹਨ। ਸੋ-ਉਹ। ਬੁਝਾਇ-ਸਮਝਾ ਦਿੱਤਾ ਹੈ। ਏਕੋ ਨਾਮੁ ਵਖਾਣੀਐ-ਇਕ ਪਰਮਾਤਮਾ ਦਾ ਨਾਮ ਹੀ ਉਚਾਰਿਆ ਜਾਂਦਾ ਹੈ, ਇਕ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਕੀਤਾ ਜਾਂਦਾ ਹੈ। ਦੀਆ ਬੁਝਾਇ-(ਗੱਲ) ਸਮਝਾ ਦਿੱਤੀ ਹੈ, ਸੋਝੀ ਕਰਵਾ ਦਿੱਤੀ ਹੈ।
ਪਰਮਾਤਮਾ ਦੀ ਵਿਸ਼ਾਲਤਾ ਅਤੇ ਬੇਅੰਤਤਾ ਦਾ ਕਿਸੇ ਨੇ ਅੰਤ ਨਹੀਂ ਪਾਇਆ। ਰਾਗੁ ਆਸਾ ਵਿਚ ਜਗਤ ਗੁਰੂ ਬਾਬਾ ਪਰਮਾਤਮਾ ਨੂੰ ਸੰਬੋਧਨ ਕਰ ਰਹੇ ਹਨ ਕਿ ਹੇ ਮੇਰੇ ਵੱਡੇ ਮਾਲਕ ਪ੍ਰਭੂ, ਤੂੰ ਡੂੰਘਾ ਸਮੁੰਦਰ ਹੈਂ, ਬੜੇ ਜਿਗਰੇ ਵਾਲਾ ਹੈਂ ਅਤੇ ਬੇਅੰਤ ਗੁਣਾਂ ਦਾ ਮਾਲਕ ਹੈਂ। ਇਸ ਗੱਲ ਦੀ ਕਿਸੇ ਨੂੰ ਵੀ ਸੋਝੀ ਨਹੀਂ ਕਿ ਤੇਰਾ ਕਿੰਨਾ ਵੱਡਾ ਵਿਸਥਾਰ ਹੈ-
ਵਡੇ ਮੇਰੇ ਸਾਹਿਬਾ ਗਹਿਰ
ਗੰਭੀਰਾ ਗੁਣੀ ਗਹੀਰਾ॥
ਕੋਇ ਨ ਜਾਣੈ ਤੇਰਾ
ਕੇਤਾ ਕੇਵਡੁ ਚੀਰਾ॥ (ਅੰਗ 349)
ਸਾਹਿਬਾ-ਹੇ ਮੇਰੇ ਵੱਡੇ ਮਾਲਕ ਪ੍ਰਭੂ। ਗਹਿਰ-ਡੂੰਘੇ (ਜਿਗਰੇ ਵਾਲਾ)। ਗੁਣੀ ਗਹੀਰਾ-ਬੇਅੰਤ ਗੁਣਾਂ ਵਾਲਾ। ਕੇਵਡੁ-ਕਿੰਨਾ ਕੁ ਵੱਡਾ। ਚੀਰਾ-ਪਾਟ, ਵਿਸਥਾਰ।
ਅਥਵਾ
ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥ ੧॥ ਰਹਾਉ॥
(ਰਾਗੁ ਆਸਾ ਦੀ ਵਾਰ ਮਹਲਾ ੧, ਅੰਗ 469)
ਦੂਜੇ ਬੰਨੇ (ਮਾਇਆ ਤੋਂ ਨਿਰਲੇਪ) ਹੋਣ ਕਾਰਨ ਪਰਮਾਤਮਾ ਜੋਗੀ ਹੈ ਅਤੇ ਸਭਨਾਂ ਵਿਚ ਵਿਆਪਕ ਹੋਣ ਦੇ ਕਾਰਨ ਉਹ ਆਪ ਹੀ ਸਭ ਕੁਝ ਭੋਗਣ ਵਾਲਾ ਹੈ ਅਰਥਾਤ ਭੋਗੀ ਹੈ। ਸਭ ਨਾਲ ਮਿਲਾਪ ਦੇ ਕਾਰਨ ਆਪ ਹੀ ਫਿਰ ਸਾਰੇ ਰਸਾਂ ਨੂੰ ਮਾਣ ਰਿਹਾ ਹੈ-
ਆਪੇ ਜੋਗੀ ਆਪੇ ਭੋਗੀ॥
ਆਪੇ ਰਸੀਆ ਪਰਮ ਸੰਜੋਗੀ॥
(ਰਾਗੁ ਮਾਰੂ ਮਹਲਾ ੧, ਅੰਗ 1021)
ਰਸੀਆ-ਰਸਾਂ ਨੂੰ ਭੋਗਣ ਵਾਲਾ। ਪਰਮ ਸੰਜੋਗੀ-ਬਹੁਤਾ ਅਥਵਾ ਵਧੇਰੇ ਮਿਲਾਪ ਵਾਲਾ।
ਇਸ ਲਈ ਹੇ ਭਾਈ, ਪਰਮਾਤਮਾ ਦੇ ਚਰਨਾਂ ਵਿਚ ਸੁਰਤ ਨੂੰ ਜੋੜ ਕੇ ਉਸ ਦੇ ਗੁਣਾਂ ਨੂੰ ਵਿਚਾਰੋ। ਇੰਜ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਅੰਤਲੇ ਸਮੇਂ ਮੌਤ ਦਾ ਡਰ ਨਹੀਂ ਪੋਹੇਗਾ। ਗੁਰਵਾਕ ਹੈ-
ਤਤੁ ਵਿਚਾਰਹੁ ਹਰਿ ਲਿਵ ਲਾਵਹੁ॥
ਅੰਤ ਕਾਲਿ ਜਮੁ ਜੋਹਿ ਨ ਸਾਕੈ
ਹਰਿ ਬੋਲਹੁ ਰਾਮੁ ਪਿਆਰਾ ਹੇ॥
(ਰਾਗੁ ਮਾਰੂ ਮਹਲਾ ੧, ਅੰਗ 1030)
ਤਤੁ-ਮੂਲ, ਪ੍ਰਭੂ। ਜਮੁ ਜੋਹਿ ਨ ਸਾਕੈ-ਜਮ ਦਾ ਡਰ ਪੋਹ ਨਹੀਂ ਸਕਦਾ।
ਸਤਿਗੁਰੂ ਜੋ ਬੜਾ ਸਿਆਣਾ ਹੈ ਅਤੇ ਅਕਾਲ ਪੁਰਖ ਦਾ ਹੀ ਰੂਪ ਹੈ, ਸਭ ਦਾਤਾਂ ਦੇਣ ਦੇ ਸਮਰੱਥ ਹੈ। ਉਸ ਦੇ ਅੰਤਰ ਆਤਮੇ ਸਦਾ ਥਿਰ ਰਹਿਣ ਵਾਲਾ ਪ੍ਰਭੂ ਵਸਦਾ ਹੈ, ਜਿਸ ਕਾਰਨ ਉਹ ਸਦਾ ਪਰਮਾਤਮਾ ਦੀ ਸਿਫ਼ਤ ਸਾਲਾਹ ਵਿਚ ਮਨ ਨੂੰ ਜੋੜੀ ਰੱਖਦਾ ਹੈ। ਅਜਿਹਾ ਗੁਰੂ, ਜਿਸ ਨੂੰ ਆਪਣੀ ਸੰਗਤ ਵਿਚ ਮਿਲਾਉਂਦਾ ਹੈ, ਉਸ ਦੇ ਅੰਦਰੋਂ ਜਮਾਂ ਦਾ ਡਰ, ਸਹਿਮ ਜਾਂਦਾ ਰਹਿੰਦਾ ਹੈ-
ਸਤਿਗੁਰੁ ਪੁਰਖੁ ਦਾਤਾ ਵਡ ਦਾਣਾ॥
ਜਿਸੁ ਅੰਤਰਿ ਸਾਚੁ
ਸੁ ਸਬਦਿ ਸਮਾਣਾ॥
ਜਿਸ ਕਉ ਸਤਿਗੁਰੁ ਮੇਲਿ ਮਿਲਾਏ
ਤਿਸੁ ਚੂਕਾ ਜਮ ਭੈ ਭਾਰਾ ਹੇ॥
(ਅੰਗ 1030)
ਦਾਣਾ-ਦਾਨਾ, ਸਿਆਣਾ। ਅੰਤਰਿ-ਅੰਤਰ ਆਤਮੇ। ਭੈ ਭਾਰਾ-ਡਰ ਸਹਿਮ ਦਾ ਭਾਰ।
ਰਾਗੁ ਮਲਾਰ ਕੀ ਵਾਰ ਮਹਲਾ ੧ ਵਿਚ ਜਗਤ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਨਾਲ ਮਿਲਾਪ ਸਤਿ ਸੰਗਤ ਵਿਚੋਂ ਹੁੰਦਾ ਹੈ, ਕਿਉਂਕਿ ਉਥੇ ਕੇਵਲ ਪ੍ਰਭੂ ਦੇ ਗੁਣਾਂ ਨੂੰ ਹੀ ਕਥਿਆ ਜਾਂਦਾ ਹੈ ਅਤੇ ਸੱਚੇ ਸ਼ਬਦ ਦੁਆਰਾ ਪ੍ਰਭੂ ਦੀ ਸਿਫ਼ਤ ਸਾਲਾਹ ਕਰਨ ਨਾਲ ਹੀ ਸਦਾ ਥਿਰ ਪ੍ਰਭੂ ਦੇ ਗੁਣਾਂ ਦੀ ਸੋਝੀ ਪੈਂਦੀ ਹੈ-
ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ॥
ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ॥ (ਅੰਗ 1280)
ਅੱਖਰੀਂ ਅਰਥ : ਹੇ ਪ੍ਰਭੂ, ਤੂੁੰ ਜੋਗੀਆਂ ਵਿਚ ਜੋਗੀ ਹੈਂ ਅਤੇ ਭੋਗੀਆਂ ਵਿਚ ਭੋਗੀ। ਸਵਰਗ, ਮਾਤ ਲੋਕ ਅਤੇ ਪਾਤਾਲ ਵਿਚ ਵਸਦੇ ਕਿਸੇ ਵੀ ਜੀਵ ਨੇ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ। ਹੇ ਪ੍ਰਭੂ, ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ ਅਤੇ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ।
ਹੇ ਪ੍ਰਭੂ, ਤੂੰ ਹੀ ਸੰਸਾਰ ਦੀ ਉਤਪਤੀ ਕੀਤੀ ਹੈ ਅਤੇ ਸਭ ਨੂੰ ਵੱਖੋ-ਵੱਖ ਕੰਮ-ਧੰਦਿਆਂ ਵਿਚ ਲਾਈ ਰੱਖਿਆ ਹੈ। ਤੂੰ ਆਪੇ ਹੀ ਕੁਦਰਤ ਦੀ ਰਚਨਾ ਕਰਕੇ ਜਗਤ ਚਉਪੜ ਦੀਆਂ ਇਨ੍ਹਾਂ ਜੀਵ ਨਰਦਾਂ ਨੂੰ ਸੁੱਟ ਕੇ ਆਪ ਹੀ ਆਪਣੇ ਪੈਦਾ ਕੀਤੇ ਹੋਏ ਜਗਤ ਨੂੰ ਦੇਖ ਰਿਹਾ ਹੈਂ, ਇਸ ਦੀ ਸਾਂਭ-ਸੰਭਾਲ ਕਰ ਰਿਹਾ ਹੈਂ।
ਪਰਮਾਤਮਾ ਸੰਸਾਰ ਪਸਾਰੇ ਵਿਚ ਜ਼ਾਹਰਾ ਤੌਰ 'ਤੇ ਦਿਸ ਰਿਹਾ ਹੈ। ਸਭ ਨੂੰ ਉਸ ਦੇ ਨਾਮ ਦੀ ਹੀ ਤਾਂਘ ਹੈ ਪਰ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਕਿਸੇ ਨੂੰ ਵੀ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਨਹੀਂ ਹੋਈ, ਕਿਉਂਕਿ ਸਾਰੀ ਸ੍ਰਿਸ਼ਟੀ ਹੀ ਮੋਹ ਮਾਇਆ ਦੇ ਜਾਲ ਵਿਚ ਫਸ ਕੇ ਠਗੀ ਜਾ ਰਹੀ ਹੈ।
ਸਤਿਗੁਰੂ ਤੋਂ ਸਦਾ ਬਲਿਹਾਰ ਜਾਣਾ ਚਾਹੀਦਾ ਹੈ, ਜਿਸ ਦੇ ਮਿਲਾਪ ਨਾਲ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ। ਜਿਸ ਨਾਮ ਦੀ ਪ੍ਰਾਪਤੀ ਲਈ ਦੇਵਤੇ ਮਨੁੱਖ ਅਤੇ ਮੁਨੀ ਜਨ ਤਰਸਦੇ ਰਹੇ ਹਨ, ਉਹ ਵਿਧੀ ਸਤਿਗੁਰੂ ਨੇ ਜੀਵਾਂ ਨੂੰ ਸਮਝਾ ਦਿੱਤੀ ਹੈ।
ਪੰਚਮ ਗੁਰਦੇਵ ਆਪ ਹੀ ਪ੍ਰਸ਼ਨ ਕਰ ਰਹੇ ਹਨ ਕਿ ਸਤਿ ਸੰਗਤ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ। ਇਸ ਦਾ ਉੱਤਰ ਵੀ ਫਿਰ ਆਪ ਹੀ ਦੇ ਰਹੇ ਹਨ (ਕਿ ਸੱਚੀ ਸੰਗਤ ਉਹ ਹੈ) ਜਿਥੇ ਕੇਵਲ ਇਕ ਪ੍ਰਭੂ ਦੇ ਨਾਮ ਦੀ ਹੀ ਉਸਤਤੀ ਹੁੰਦੀ ਹੈ। ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਸਤਿ ਸੰਗਤ ਵਿਚ ਪਰਮਾਤਮਾ ਦਾ ਨਾਮ ਜਪਣ ਦਾ ਹੀ ਹੁਕਮ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਵੇਦਾਂਤ ਦਾ ਆਦਰਸ਼ ਰੂਪ : 'ਸੱਚਾ ਕਰਮ' ਸ਼ਾਂਤੀ ਦਿੰਦਾ

ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਨਿਰਮਾਣ ਸਬੰਧੀ ਲਿਖਦੇ ਹਨ ਕਿ ਕਾਰਜ ਕਰਨਾ ਹੈ ਤਾਂ ਕਰਮ ਲਈ ਕਰੋ। ਹਰ ਦੇਸ਼ ਵਿਚ ਕੁਝ ਨਾ ਕੁਝ ਲੋਕ ਅਜਿਹੇ ਜ਼ਰੂਰ ਹੁੰਦੇ ਹਨ, ਜਿਹੜੇ ਕੇਵਲ 'ਕਰਮ' ਲਈ ਹੀ ਕਾਰਜ ਕਰਦੇ ਹਨ। ਉਹ ਨਾਂਅ, ਯਸ਼ ਜਾਂ ਸਵਰਗ ਦੀ ਪ੍ਰਵਾਹ ਨਹੀਂ ਕਰਦੇ। ਉਹ ਕੇਵਲ ਇਸ ਲਈ ਕਰਮ ਰੂਪੀ ਕਾਰਜ ਕਰਦੇ ਹਨ ਕਿ ਲੋਕ ਭਲਾਈ ਹੋ ਸਕੇ। ਕੁਝ ਤਾਂ ਅਜਿਹੇ ਹੁੰਦੇ ਹਨ, ਜੋ ਕੇਵਲ ਉੱਚ ਉਦੇਸ਼ ਲਈ, ਗ਼ਰੀਬਾਂ ਦੇ ਭਲੇ ਲਈ ਜਾਂ ਮਾਨਵਤਾ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ, ਕਿਉਂਕਿ ਉਹ ਹਮੇਸ਼ਾ ਚੰਗਾ ਜਾਂ ਸ਼ੁੱਭ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਕੇਵਲ ਨਾਂਅ ਲਈ ਜਾਂ ਯਸ਼ ਪ੍ਰਾਪਤੀ ਲਈ ਕੀਤੇ ਕਾਰਜ ਜ਼ਿਆਦਾਤਰ ਫਲਹੀਣ ਹੀ ਰਹਿੰਦੇ ਹਨ ਜਾਂ ਉਨ੍ਹਾਂ ਦਾ ਫ਼ਲ ਉਦੋਂ ਪ੍ਰਾਪਤ ਹੁੰਦਾ ਹੈ ਜਦ ਲੋੜ ਨਹੀਂ ਹੁੰਦੀ, ਜਿਵੇਂ ਕਿਸੇ ਵਿਅਕਤੀ ਨੂੰ ਬੁਢਾਪੇ ਵਿਚ ਧਨ-ਦੌਲਤ ਪ੍ਰਾਪਤ ਹੋ ਜਾਵੇ, ਜਿਸ ਦਾ ਅਨੰਦ ਉਹ ਮਾਣ ਨਾ ਸਕੇ। ਅਸਲ ਵਿਚ ਸੁਆਰਥਹੀਣ ਕੰਮ ਕਰਨ ਦੀ ਲੋਕਾਂ ਵਿਚ ਹਿੰਮਤ ਘੱਟ ਹੀ ਹੁੰਦੀ ਹੈ, ਕਿਉਂਕਿ ਲੋਕ ਸੋਚਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਵੇਗਾ, ਇਸ ਲਈ ਉਹ ਅਜਿਹੀ ਹਿੰਮਤ ਨਹੀਂ ਕਰਦੇ ਪਰ ਅਸਲ ਵਿਚ ਸੁਆਰਥਹੀਣ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਦੇ ਨਾਲ-ਨਾਲ ਪ੍ਰੇਮ, ਸਚਾਈ, ਲੋਕਹਿਤ ਵਰਗੇ ਨੈਤਿਕ ਗੁਣ ਵੀ ਪ੍ਰਾਪਤ ਹੁੰਦੇ ਹਨ, ਜੋ ਸਾਡੇ ਸਮਾਜ ਦੇ ਸਰਬਉੱਚ ਆਦਰਸ਼ ਹਨ। ਵੇਦਾਂਤ ਦਾ ਆਦਰਸ਼ ਰੂਪ ਜੋ ਕਿ ਸਤਕਰਮ ਹੈ, ਉਹ ਸ਼ਾਂਤੀ ਦਾ ਪ੍ਰਤੀਕ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ਼ਹੀਦੀ ਜੋੜ ਮੇਲੇ 'ਤੇ ਵਿਸ਼ੇਸ਼

ਸ਼ਹੀਦੀ ਸਾਕਾ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਸਿੱਖ ਇਤਿਹਾਸ ਵਿਚ ਬਹੁਤ ਮਹੱਤਤਾ ਹੈ। ਭੰਗਾਣੀ ਦੇ ਯੁੱਧ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਵਾਪਸ ਅਨੰਦਪੁਰ ਸਾਹਿਬ ਨੂੰ ਗਏ ਤਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕਾਰਜ ਬਾਬਾ ਬਿਸ਼ਨ ਸਿੰਘ ਨੂੰ ਸੌਂਪ ਦਿੱਤਾ। ਬਾਬਾ ਬਿਸ਼ਨ ਸਿੰਘ ਤੋਂ ਬਾਅਦ ਸ੍ਰੀ ਪਾਉਂਟਾ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ ਦਾ ਪ੍ਰਬੰਧ ਮਹੰਤਾਂ ਰਾਹੀਂ ਹੁੰਦਾ ਰਿਹਾ, ਜਿਨ੍ਹਾਂ ਨੇ ਲਾਲਚ-ਵੱਸ ਹੋ ਕੇ ਬੇਅੰਤ ਕੁਰੀਤੀਆਂ ਤੇ ਮਨਮੱਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪਤਿਤ ਮਹੰਤ ਗੁਰਦਿਆਲ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਹੱਦ ਅੰਦਰ ਕੀਤੇ ਜਾ ਰਹੇ ਕੁਕਰਮਾਂ ਬਾਰੇ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਨੂੰ ਸੰਤਾਂ ਦੁਆਰਾ ਪਤਾ ਲੱਗਾ ਤਾਂ ਉਨ੍ਹਾਂ ਪਾਵਨ ਅਸਥਾਨ ਸ੍ਰੀ ਪਾਉਂਟਾ ਸਾਹਿਬ ਵੱਲ ਵਹੀਰਾਂ ਘੱਤ ਦਿੱਤੀਆਂ ਅਤੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਅਤੇ ਮਰਿਆਦਾ ਬਹਾਲ ਕਰਨ ਦੇ ਉਦੇਸ਼ ਨਾਲ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ 101 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕਰਵਾ ਦਿੱਤੀ।
23ਵਾਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। 22 ਮਈ, 1964 ਮੰਗਲਵਾਰ ਵਾਲੇ ਦਿਨ ਸਵੇਰੇ ਹੀ ਤਹਿਸੀਲਦਾਰ ਆਇਆ ਅਤੇ ਕਿਹਾ ਕਿ ਡੀ. ਸੀ. ਸਾਹਿਬ ਮਿਸਟਰ ਆਰ. ਕੇ. ਚੰਡੇਲ ਨੇ ਗੱਲਬਾਤ ਕਰਨ ਲਈ ਬਾਬਾ ਹਰਭਜਨ ਸਿੰਘ ਨੂੰ ਨਾਹਨ ਵਿਖੇ ਬੁਲਾਇਆ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਨੂੰ ਰੈਸਟ ਹਾਊਸ ਵਿਚ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਕਰ ਲਿਆ। ਚੰਡੇਲ ਨੇ ਭਾਰੀ ਹਥਿਆਰਬੰਦ ਪੁਲਿਸ ਬਲ ਲੈ ਕੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਸਿੰਘਾਂ ਨੂੰ ਬਾਹਰ ਆਉਣ ਦੀ ਚਿਤਾਵਨੀ ਦਿੱਤੀ।
ਉਸ ਵੇਲੇ ਗੁਰਦੁਆਰਾ ਸਾਹਿਬ ਅੰਦਰ 15 ਕੁ ਸਿੱਖ ਹਾਜ਼ਰ ਸਨ, ਜਿਨ੍ਹਾਂ ਵਿਚੋਂ ਇਸ ਸ਼ਹੀਦੀ ਸਾਕੇ ਦੇ ਚਸ਼ਮਦੀਦ ਗਵਾਹ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਜੋ ਕਿ ਉਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨ ਦੀ ਸੇਵਾ ਨਿਭਾਅ ਰਹੇ ਸਨ ਅਤੇ ਤਿੰਨ ਗੋਲੀਆਂ ਲੱਗਣ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਦੇ ਦੱਸਣ ਅਨੁਸਾਰ ਪੁਲਿਸ ਅਤੇ ਮਹੰਤ ਗੁਰਦਿਆਲ ਸਿੰਘ ਦੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਸ਼ਾਂਤੀਪੂਰਵਕ ਢੰਗ ਨਾਲ ਸ੍ਰੀ ਅਖੰਡ ਪਾਠ ਕਰ ਰਹੇ ਨਿਹੰਗ ਸਿੰਘਾਂ ਉੱਤੇ ਅੰਨ੍ਹੇਵਾਹ ਚਲਾਈ ਗਈ ਗੋਲੀ ਕਾਰਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ 11 ਨਿਹੰਗ ਸਿੰਘ ਸ਼ਹੀਦ ਹੋ ਗਏ, ਜਿਨ੍ਹਾਂ ਵਿਚ ਭਾਈ ਪ੍ਰੀਤਮ ਸਿੰਘ ਫਤਹਿਪੁਰ ਕੋਠੀ (ਹੁਸ਼ਿਆਰਪੁਰ), ਭਾਈ ਮੰਗਲ ਸਿੰਘ ਬਜਰੌਰ, ਭਾਈ ਹਰਭਜਨ ਸਿੰਘ ਚੌਹੜਾ, ਭਾਈ ਦਲੀਪ ਸਿੰਘ, ਭਾਈ ਉਦੈ ਸਿੰਘ ਮੱਤੇਵਾਲ ਅੰਮ੍ਰਿਤਸਰ, ਭਾਈ ਸੰਤੋਖ ਸਿੰਘ ਅੰਮ੍ਰਿਤਸਰ, ਭਾਈ ਲਾਲ ਸਿੰਘ ਫਿਰੋਜ਼ਪੁਰ, ਭਾਈ ਧੰਨਾ ਸਿੰਘ ਭਦੌੜ (ਸੰਗਰੂਰ), ਬਾਬਾ ਸੂਬੇਦਾਰ, ਬਾਬਾ ਨਾਮਧਾਰੀਆ ਅਤੇ ਇਕ ਯਾਤਰੀ ਸਿੰਘ ਸ਼ਾਮਿਲ ਸਨ।
ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਸਾਕੇ ਵਿਚ ਜੋ ਗੰਭੀਰ ਰੂਪ ਵਿਚ ਜ਼ਖਮੀ ਹੋਏ, ਉਨ੍ਹਾਂ ਵਿਚ ਖੁਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਭਾਈ ਅਜੀਤ ਸਿੰਘ ਹੁਸ਼ਿਆਰਪੁਰ, ਬਾਬਾ ਗੁਰਬਚਨ ਸਿੰਘ ਘਾਗੋਂ ਰੋੜਾਂਵਾਲੀ ਆਦਿ ਸ਼ਾਮਿਲ ਸਨ। ਇਸ ਸਾਕੇ ਵਿਚ ਸ਼ਹੀਦ ਹੋਏ ਸਮੂਹ ਨਿਹੰਗ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ 22 ਮਈ (ਦਿਨ ਬੁੱਧਵਾਰ) ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਪਾਉਂਟਾ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੌਜੂਦਾ ਮੁਖੀ ਜ਼ਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਦੀ ਅਗਵਾਈ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।

-ਚੱਬੇਵਾਲ (ਹੁਸ਼ਿਆਰਪੁਰ)।

ਧਾਰਮਿਕ ਸਾਹਿਤ

ਸੱਚੀਆਂ ਸਾਖੀਆਂ ਜੀਵਨ
ਬਾਬਾ ਬੰਦਾ ਸਿੰਘ ਬਹਾਦਰ

ਲੇਖਕ : ਡਾ: ਹਰਬੰਸ ਸਿੰਘ ਚਾਵਲਾ
ਪ੍ਰਕਾਸ਼ਕ : ਸ਼ਹੀਦ-ਏ-ਆਜ਼ਮ ਪਬਲੀਕੇਸ਼ਨ, ਪਟਿਆਲਾ।
ਕੀਮਤ : 350 ਰੁਪਏ, ਸਫੇ : 138
ਸੰਪਰਕ : 088604-08797


ਹਥਲੀ ਪੁਸਤਕ ਖਾਲਸਾ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ 'ਤੇ ਆਧਾਰਿਤ ਹੈ। ਲੇਖਕ ਵਲੋਂ ਕੀਤਾ ਇਹ ਉਪਰਾਲਾ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਲਿਖਣਾ ਨਹੀਂ, ਸਗੋਂ ਬਾਬਾ ਜੀ ਦੇ ਜੀਵਨ ਦੇ ਸੱਚੇ-ਸੁੱਚੇ ਕਿਰਦਾਰ ਅਤੇ ਉਨ੍ਹਾਂ ਦੇ ਮਹਾਨ ਗੁਣਾਂ ਨਾਲ ਪਾਠਕਾਂ ਦੀ ਸਾਂਝ ਪਵਾ ਕੇ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਾ ਹੈ। ਇਸੇ ਕਰਕੇ ਇਹ ਰੰਗਦਾਰ ਸਚਿੱਤਰ ਪੁਸਤਕ ਨੂੰ ਪ੍ਰਕਾਸ਼ਤ ਕਰਕੇ ਬਾਬਾ ਜੀ ਦੀ ਬਹਾਦਰੀ, ਨਿਡਰਤਾ, ਨਿਰਭੈਤਾ, ਰਹਿਮਦਿਲ ਅਤੇ ਦਿਆਲਤਾ ਵਰਗੇ ਮਹਾਨ ਗੁਣਾਂ ਨੂੰ ਉਭਾਰਨ ਦਾ ਯਤਨ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸੂਝਵਾਨ ਪ੍ਰਬੰਧਕ, ਇਨਸਾਫ਼ ਪਸੰਦ ਆਗੂ ਵਜੋਂ ਕੀਤੇ ਗਏ ਸਮਾਜ ਸੁਧਾਰਾਂ ਨੇ ਉਸ ਸਮੇਂ ਦੇ ਲੋਕਾਂ ਦੀ ਜੀਵਨ ਨੁਹਾਰ ਨੂੰ ਬਦਲ ਕੇ ਵੱਡਾ ਯੋਗਦਾਨ ਪਾਇਆ। ਰਾਜਸੀ ਤੌਰ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਉਣ ਪਿੱਛੋਂ ਖ਼ਾਲਸਾ ਰਾਜ ਦੀ ਸਥਾਪਤੀ ਉਸ ਸਮੇਂ ਹਿੰਦੁਸਤਾਨ ਦੇ ਇਤਿਹਾਸ ਵਿਚ ਹੈਰਾਨੀਜਨਕ ਕ੍ਰਾਂਤੀ ਸੀ। ਬਾਬਾ ਬੰਦਾ ਸਿੰਘ ਧਰਮ-ਨਿਰਪੱਖ, ਗ਼ਰੀਬਾਂ ਤੇ ਮਜ਼ਲੂਮਾਂ ਦਾ ਸਾਥ ਦੇਣ ਵਾਲਾ, ਗ਼ਰੀਬ ਨਿਵਾਜ਼ ਸੀ। ਆਪ ਉਸ ਸਮੇਂ ਦੇ ਕਿਰਤੀਆਂ ਤੇ ਖੇਤ-ਮਜ਼ਦੂਰਾਂ ਨੂੰ ਸਨਮਾਨਯੋਗ ਥਾਂ ਦੇ ਕੇ ਬਾਦਸ਼ਾਹੀਆਂ ਬਖ਼ਸ਼ ਕੇ ਮਹਾਨ-ਨਾਇਕ ਦੇ ਫ਼ਰਜ਼ਾਂ ਨੂੰ ਨਿਭਾਉਣ ਵਾਲਾ ਯੋਗ ਸ਼ਾਸਕ ਬਣ ਕੇ ਉੱਭਰਿਆ। ਉਹ ਆਪਣੇ ਧਰਮ ਵਿਚ ਪ੍ਰਪੱਕ ਅਤੇ ਧਰਮ ਦੀ ਰੱਖਿਆ ਲਈ ਆਪਾ ਵਾਰਨ ਵਾਲਾ ਸਿਰਲੱਥ ਯੋਧਾ ਸੀ। ਆਪ ਦੀ ਸ਼ਹਾਦਤ ਅਜਿਹੀ ਵਿਲੱਖਣ ਘਟਨਾ ਹੈ, ਜਿਸ ਦੀ ਉਦਾਹਰਨ ਇਤਿਹਾਸ ਵਿਚ ਬਹੁਤ ਘੱਟ ਮਿਲਦੀ ਹੈ।
ਸਮੁੱਚੀ ਪੁਸਤਕ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਪੁਸਤਕ ਨੂੰ (ਸਚਿੱਤਰ) ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰ ਕੇ 40 ਦੇ ਲਗਪਗ ਜੀਵਨ ਦੀਆਂ ਵੱਡੀਆਂ ਘਟਨਾਵਾਂ ਨੂੰ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਗਿਆ ਹੈ। ਪੁਸਤਕ ਬੰਦਈ ਸੰਪ੍ਰਦਾਇ ਦੇ ਮੌਜੂਦਾ ਗੱਦੀਨਸ਼ੀਨ ਬਾਬਾ ਜਤਿੰਦਰਪਾਲ ਸਿੰਘ ਸੋਢੀ ਨੂੰ ਸਮਰਪਿਤ ਕੀਤੀ ਗਈ ਹੈ। ਪੁਸਤਕ ਦੇ ਆਰੰਭ ਵਿਚ ਉੱਘੀਆਂ ਹਸਤੀਆਂ ਵਲੋਂ ਦਿੱਤੇ ਸ਼ੁੱਭ ਸੰਦੇਸ਼ਾਂ ਵਿਚ ਡਾ: ਜਸਪਾਲ ਸਿੰਘ ਸਾਬਕਾ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਵੀ ਲੇਖਕ ਦੇ ਉੱਦਮ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਹੈ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੰਪਰਦਾ ਜਥੇਬੰਦੀ ਦੇ ਸਾਰੇ ਜ਼ਿੰਮੇਵਾਰ ਅਹੁਦੇਦਾਰਾਂ ਨੇ ਵੀ ਲੇਖਕ ਦੇ ਸਫ਼ਲ ਉਪਰਾਲੇ ਲਈ ਵਧਾਈ ਦਿੱਤੀ ਹੈ। ਪੁਸਤਕ ਦੀ ਅੰਤਿਕਾ ਵਿਚ ਡਾ: ਪਰਮਵੀਰ ਸਿੰਘ, ਸਿੱਖ ਵਿਸ਼ਵ ਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਇਕ ਜਾਣਕਾਰੀ ਭਰਪੂਰ ਰਚਨਾ ਤੋਂ ਇਲਾਵਾ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਮੌਜੂਦ ਸ਼ਸਤਰ, ਹੋਰ ਵਸਤਾਂ ਦੀਆਂ ਤਸਵੀਰਾਂ ਅਤੇ ਮੌਜੂਦਾ ਮੁਖੀ ਬਾਬਾ ਜਤਿੰਦਰਪਾਲ ਸਿੰਘ ਸੋਢੀ ਵਲੋਂ ਕੀਤੀ ਮੁਲਾਕਾਤ ਦੇ ਕੁਝ ਅੰਸ਼ ਦੇ ਕੇ ਲੇਖਕ ਨੇ ਆਪਣੇ ਵਡਮੁੱਲੇ ਫ਼ਰਜ਼ ਨੂੰ ਪਛਾਣਿਆ ਹੈ।
ਪੁਸਤਕ ਦੀ ਆਖ਼ਰੀ ਰਚਨਾ ਸਿੱਖ ਇਤਿਹਾਸ ਦਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਸਬੰਧੀ ਮੁਲਾਂਕਣ ਕਰਦਿਆਂ ਉਸ ਦੀ ਅਦੁੱਤੀ ਸ਼ਹਾਦਤ ਤੇ ਕੁਰਬਾਨੀ ਦੇ ਸੰਕਲਪ ਨੂੰ ਸੰਖੇਪ ਰੂਪ ਵਿਚ ਪਾਠਕਾਂ ਦੇ ਸਨਮੁਖ ਕਰਦਿਆਂ ਲੇਖਕ ਨੇ ਇਤਿਹਾਸਕ ਫ਼ਰਜ਼ ਦੀ ਪੂਰਤੀ ਕੀਤੀ ਹੈ।


-ਭਗਵਾਨ ਸਿੰਘ ਜੌਹਲ
ਮੋਬਾ: 98143-24040

ਗੁਰਮਤਿ ਪ੍ਰਚਾਰ-ਪ੍ਰਸਾਰ ਪ੍ਰਤੀ ਸਮਰਪਿਤ ਹੈ

ਬਾਬਾ ਬਿਧੀ ਚੰਦ ਗੁਰਮਤਿ ਸੰਗੀਤ ਵਿਦਿਆਲਿਆ

ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਆ ਕੇ ਅਮੀਰ ਸਿੱਖ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਸਿੱਖ ਪੀੜ੍ਹੀ ਨੂੰ 'ਬਾਬਾ ਬਿਧੀ ਚੰਦ ਗੁਰਮਤਿ ਸੰਗੀਤ ਵਿਦਿਆਲਿਆ' ਗੁਰਮਤਿ ਪ੍ਰਚਾਰ-ਪ੍ਰਸਾਰ ਦੁਆਰਾ ਗੁਰੂ ਸਾਹਿਬਾਨ ਦੀ ਅਦੁੱਤੀ ਬਖ਼ਸ਼ਿਸ਼ ਬਾਣੀ-ਬਾਣੇ ਨਾਲ ਨਿਰੰਤਰ ਜੋੜ ਰਿਹਾ ਹੈ। 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਗਿਆਰ੍ਹਵੇਂ ਜਾਨਸ਼ੀਨ ਬ੍ਰਹਮ ਗਿਆਨੀ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਆਪਣੇ ਜੀਵਨ ਕਾਲ ਦੌਰਾਨ ਆਰੰਭੀ ਭੇਟਾ ਰਹਿਤ ਗੁਰਮਤਿ ਸੰਗੀਤ ਸਿਖਲਾਈ ਦੀ ਲਹਿਰ ਨੂੰ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮੌਜੂਦਾ ਮੁਖੀ, ਬਾਬਾ ਬਿਧੀ ਚੰਦ ਜੀ ਦੇ ਬਾਰ੍ਹਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਹੋਰ ਵਿਸ਼ਾਲ ਰੂਪ ਦੇਣ ਲਈ ਬਾਬਾ ਬਿਧੀ ਚੰਦ ਗੁਰਮਤਿ ਸੰਗੀਤ ਵਿਦਿਆਲਿਆ, ਨਗਰ ਸੁਰ ਸਿੰਘ, ਜ਼ਿਲ੍ਹਾ ਤਰਨ ਤਾਰਨ, ਬਾਬਾ ਬਿਧੀ ਚੰਦ ਗੁਰਮਤਿ ਸੰਗੀਤ ਵਿਦਿਆਲਿਆ ਸਰਹੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਬਾਬਾ ਦਯਾ ਸਿੰਘ ਗੁਰਮਤਿ ਸੰਗੀਤ ਵਿਦਿਆਲਿਆ ਸਿਤਾਰਗੰਜ (ਉੱਤਰ ਪ੍ਰਦੇਸ਼) ਦੀ ਸਥਾਪਨਾ ਕਰਵਾਈ। ਇਨ੍ਹਾਂ ਗੁਰਮਤਿ ਸੰਗੀਤ ਵਿਦਿਆਲਿਆਂ ਵਿਚ 200 ਤੋਂ ਵੱਧ ਵਿਦਿਆਰਥੀਆਂ ਨੂੰ ਮਾਹਿਰ ਗੁਰਮਤਿ ਸੰਗੀਤ ਉਸਤਾਦਾਂ ਅਤੇ ਸਿੱਖ ਵਿਦਵਾਨਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਰਾਗਾਂ ਵਿਚ ਕੀਰਤਨ ਉਚਾਰਨ, ਤੰਤੀ ਸਾਜ਼ਾਂ ਰਬਾਬ, ਦਿਲਰੁਬਾ, ਤਾਊਸ, ਸਾਰੰਦਾ, ਤਾਨਪੁਰਾ ਅਤੇ ਤਬਲਾ-ਵਾਦਨ ਵਿਚ ਨਿਪੁੰਨ ਬਣਾਉਣ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗੁਰਬਾਣੀ ਦੀ ਸੰਥਿਆ, ਗੁਰ-ਇਤਿਹਾਸ ਅਤੇ ਗੁਰਬਾਣੀ ਦੀ ਕਥਾ ਦੀ ਵਿੱਦਿਆ ਵੀ ਦਿੱਤੀ ਜਾਂਦੀ ਹੈ।
ਵਿਦਿਆਲਿਆਂ ਦੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿਣ ਅਤੇ ਸੁਚੱਜੀ ਜੀਵਨ-ਜਾਚ ਦੇ ਧਾਰਨੀ ਹੋਣ ਲਈ ਪ੍ਰੇਰਿਆ ਜਾਂਦਾ ਹੈ। ਵਿਦਿਆਰਥੀਆਂ ਨੂੰ ਅਧਿਆਤਮਿਕ ਵਿੱਦਿਆ ਦੇ ਨਾਲ-ਨਾਲ ਮੁਫ਼ਤ ਸਕੂਲੀ ਸਿੱਖਿਆ ਵੀ ਪ੍ਰਦਾਨ ਕਰਵਾਈ ਜਾ ਰਹੀ ਹੈ, ਤਾਂ ਜੋ ਉਹ ਸਮਾਜ ਵਿਚ ਇਕ ਸਿੱਖਿਅਤ ਨਾਗਰਿਕ ਵਜੋਂ ਵਿਚਰ ਸਕਣ। ਇਨ੍ਹਾਂ ਵਿਦਿਆਲਿਆਂ ਦੇ ਅਨੇਕ ਵਿਦਿਆਰਥੀ ਵਰਤਮਾਨ ਸਮੇਂ ਵਿਚ ਕੁਸ਼ਲ ਕੀਰਤਨੀਏ, ਕਥਾਵਾਚਕ ਅਤੇ ਧਰਮ ਪ੍ਰਚਾਰਕ ਵਜੋਂ ਦੇਸ਼-ਵਿਦੇਸ਼ ਵਿਚ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਗੁਰਸਿੱਖੀ ਪ੍ਰਚਾਰ-ਪ੍ਰਸਾਰ ਦੀ ਸੇਵਾ ਨੂੰ ਸ਼ਿੱਦਤ ਨਾਲ ਨਿਭਾਅ ਰਹੇ ਹਨ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਕੁਸ਼ਲਤਾ ਨੂੰ ਹੋਰ ਨਿਖ਼ਾਰਨ ਲਈ ਸਮੇਂ-ਸਮੇਂ 'ਤੇ ਦਲ-ਪੰਥ ਦੇ ਹੈੱਡਕੁਆਰਟਰ ਗੁਰ: ਸ੍ਰੀ ਛਾਉਣੀ ਸਾਹਿਬ ਨਗਰ ਸੁਰ ਸਿੰਘ ਵਿਖੇ ਗੁਰਮਤਿ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਂਦਾ ਹੈ। 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਰ ਵੀ ਅਨੇਕਾਂ ਗੁਰਮਤਿ ਸੰਗੀਤ ਵਿਦਿਆਲਿਆਂ ਦੀ ਉਸਾਰੀ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਸਿੱਖ ਸੰਗਤਾਂ ਦੀ ਅਸੀਸ ਸਦਕਾ ਦਲ-ਪੰਥ ਗੁਰਸਿੱਖੀ ਪ੍ਰਚਾਰ ਤੇ ਗੁਰੂ-ਪੰਥ ਦੀ ਸੇਵਾ ਸਮਰਪਣ ਭਾਵਨਾ ਨਾਲ ਨਿਭਾਉਂਦਾ ਰਹੇਗਾ।


-ਧਰਮਜੀਤ ਸਿੰਘ ਸੁਰ ਸਿੰਘ
ਈ-ਮੇਲ: dharmjitsursingh@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX