ਤਾਜਾ ਖ਼ਬਰਾਂ


ਗੁਜਰਾਤ ਰਾਜ ਸਭਾ ਚੋਣਾਂ : ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਨੇ ਭਰੇ ਨਾਮਜ਼ਦਗੀ ਪੱਤਰ
. . .  11 minutes ago
ਗਾਂਧੀਨਗਰ, 25 ਜੂਨ- ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਠਾਕੋਰ ਨੇ ਅੱਜ ਗੁਜਰਾਤ ਵਿਧਾਨ ਸਭਾ 'ਚ ਰਾਜ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ...
ਜ਼ਮੀਨੀ ਝਗੜੇ ਨੂੰ ਲੈ ਕੇ ਵੱਡੇ ਭਰਾ ਨੇ ਗੋਲੀਆਂ ਮਾਰ ਕੇ ਕੀਤੀ ਛੋਟੇ ਭਰਾ ਦੀ ਹੱਤਿਆ
. . .  14 minutes ago
ਰਾਮ ਤੀਰਥ, 25 ਜੂਨ (ਧਰਵਿੰਦਰ ਸਿੰਘ ਔਲਖ)- ਅੰਮ੍ਰਿਤਸਰ ਜ਼ਿਲ੍ਹੇ 'ਚ ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਅੱਡਾ ਗੌਂਸਾਬਾਦ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਅੱਜ ਵੱਡੇ ਭਰਾ ਵਲੋਂ ਗੋਲੀਆਂ ਮਾਰ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ...
ਸੁਖਪਾਲ ਖਹਿਰਾ ਨੇ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਕੀਤਾ ਦੌਰਾ
. . .  42 minutes ago
ਖੇਮਕਰਨ, 25 ਜੂਨ (ਰਾਕੇਸ਼ ਬਿੱਲਾ)- ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਸਰਹੱਦ ਦੇ ਨਜ਼ਦੀਕ ਆ ਕੇ ਨਹਿਰੀ ਪਾਣੀ ਦੇ ਲਗਾਤਾਰ ਬੰਦ ਪਏ ਤੇ ਡਿਫੈਂਸ ਡਰੇਨਾਂ ਅਤੇ ਪੁਲਾਂ ਦੀ ਖ਼ਸਤਾ...
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤੇ ਕਪਿਲ ਸਾਂਗਵਾਨ ਗੈਂਗ ਦੇ 15 ਬਦਮਾਸ਼
. . .  about 1 hour ago
ਨਵੀਂ ਦਿੱਲੀ, 25 ਜੂਨ- ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 15 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਕਿ ਕਪਿਲ ਸਾਂਗਵਾਨ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਹਨ। ਇਹ ਸਾਰੇ ਅਪਰਾਧੀ ਕਪਿਲ ਸਾਂਗਵਾਨ ਨੂੰ ਪੈਰੋਲ ਮਿਲਣ 'ਤੇ ਦਵਾਰਕਾ 'ਚ ਇਕੱਠੇ ਹੋ ਕੇ ਜਸ਼ਨ...
ਕਲਯੁਗੀ ਪਿਤਾ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ
. . .  about 1 hour ago
ਕਾਹਨੂੰਵਾਨ, 25 ਜੂਨ (ਹਰਜਿੰਦਰ ਸਿੰਘ ਜੱਜ)- ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਰਾਜਪੁਰਾ ਦੇ ਵਸਨੀਕ ਇੱਕ ਪਿਓ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪੀੜਤ ਨਾਬਾਲਗ ਲੜਕੀ ਕਲਪਨਾਮ ਰਮਨੀਤ ਨੇ ਪੁਲਿਸ ਨੂੰ...
ਸੁਪਰੀਮ ਕੋਰਟ ਤੋਂ ਗੁਜਰਾਤ ਕਾਂਗਰਸ ਨੂੰ ਝਟਕਾ, ਰਾਜ ਸਭਾ ਚੋਣਾਂ 'ਚ ਦਖ਼ਲ ਦੇਣ ਤੋਂ ਕੀਤਾ ਇਨਕਾਰ
. . .  about 1 hour ago
ਨਵੀਂ ਦਿੱਲੀ, 25 ਜੂਨ- ਗੁਜਰਾਤ ਕਾਂਗਰਸ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ 'ਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਸੂਬੇ 'ਚ ਦੋ ਸੀਟਾਂ 'ਤੇ ਰਾਜ ਸਭਾ ਚੋਣਾਂ ਇਕੱਠਿਆਂ ਕਰਾਉਣ ਦੀ ਮੰਗ ਨੂੰ ਖ਼ਾਰਜ ਕਰ...
ਮਿਮੀ ਚੱਕਰਵਤੀ ਅਤੇ ਨੁਸਰਤ ਜਹਾਂ ਨੇ ਲੋਕ ਸਭਾ ਦੇ ਮੈਂਬਰਾਂ ਵਜੋਂ ਚੁੱਕੀ ਸਹੁੰ
. . .  about 2 hours ago
ਨਵੀਂ ਦਿੱਲੀ, 25 ਜੂਨ- ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀਆਂ ਦੋ ਸੰਸਦ ਮੈਂਬਰਾਂ ਨੁਸਰਤ ਜਹਾਂ ਅਤੇ ਮਿਮੀ ਚੱਕਰਵਤੀ ਨੇ ਅੱਜ ਲੋਕ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਦੋਵੇਂ ਹੀ ਅਜੇ ਤੱਕ ਸੰਸਦ ਦੀ ਕਾਰਵਾਈ 'ਚ ਸ਼ਾਮਲ...
ਸੁਪਰੀਮ ਕੋਰਟ ਨੇ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ
. . .  about 2 hours ago
ਨਵੀਂ ਦਿੱਲੀ, 25 ਜੂਨ- ਸੁਪਰੀਮ ਕੋਰਟ ਨੇ ਅੱਜ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਉਸ ਨੂੰ 26 ਜੂਨ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਹੈ। ਰਾਮਪਾਲ ਫ਼ਿਲਹਾਲ ਜ਼ਮਾਨਤ 'ਤੇ ਹੈ ਅਤੇ ਉਸ ਨੇ ਖ਼ਰਾਬ...
ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਰਾਜ ਸਭਾ ਦੀ ਕਾਰਵਾਈ
. . .  about 2 hours ago
ਨਵੀਂ ਦਿੱਲੀ, 25 ਜੂਨ- ਰਾਜ ਸਭਾ ਦੀ ਕਾਰਵਾਈ ਅੱਜ ਦੁਪਹਿਰ 2 ਵਜੇ ਤੋਂ ਸ਼ੁਰੂ...........
ਐਮਰਜੈਂਸੀ ਦੇ 44 ਸਾਲ ਪੂਰੇ : ਮੋਦੀ ਅਤੇ ਅਮਿਤ ਸ਼ਾਹ ਨੇ ਕਿਹਾ 'ਲੋਕਤੰਤਰ ਦੀ ਹੱਤਿਆ'
. . .  about 2 hours ago
ਨਵੀਂ ਦਿੱਲੀ, 25 ਜੂਨ- ਦੇਸ਼ 'ਚ ਅੱਜ 44 ਸਾਲ ਪਹਿਲਾਂ ਐਮਰਜੈਂਸੀ ਲਾਗੂ ਕੀਤੀ ਗਈ ਸੀ। ਇੰਦਰਾ ਗਾਂਧੀ ਦੇ ਸ਼ਾਸਨਕਾਲ 'ਚ 25 ਜੂਨ, 1975 'ਚ ਦੇਸ਼ ਭਰ 'ਚ ਐਮਰਜੈਂਸੀ ਲਾਗੂ ਹੋਈ ਸੀ। ਇਸ ਦੀ ਬਰਸੀ ਮੌਕੇ ਅੱਜ ਦੇਸ਼ ਭਰ 'ਚ ਇਸ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਪੰਜਾਬ ਵਿਚ ਵਰਖਾ ਦਾ ਰੁਝਾਨ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ

ਪਾਣੀ ਕੁਦਰਤ ਵਲੋਂ ਬਖਸ਼ੀ ਗਈ ਇਕ ਵੱਡਮੁੱਲੀ ਦਾਤ ਹੈ, ਜਿਸ ਦੀ ਸਾਂਭ-ਸੰਭਾਲ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ। ਪਿਛਲੇ ਕਈ ਸਾਲਾਂ ਤੋਂ ਦੇਖਣ ਵਿਚ ਆ ਰਿਹਾ ਹੈ ਕਿ ਪਾਣੀ ਦਾ ਕੁਦਰਤੀ ਚੱਕਰ ਵਿਗੜ ਰਿਹਾ ਹੈ, ਜਿਸ ਦਾ ਮੁੱਖ ਕਾਰਨ ਮੌਸਮ ਵਿਚ ਵਾਪਰ ਰਹੀਆਂ ਤਬਦੀਲੀਆਂ ਹਨ, ਜੋ ਕਿ ਸ਼ਹਿਰੀਕਰਨ, ਜੰਗਲਾਂ ਦੀ ਅੰਧਾਧੁੰਦ ਕਟਾਈ, ਗਰੀਨ ਹਾਊਸ ਗੈਸਾਂ ਦੇ ਵਧਣ ਨਾਲ ਆਈਆਂ ਹਨ। ਪਾਣੀ ਦੇ ਕੁਦਰਤੀ ਚੱਕਰ ਵਿਚ ਆ ਰਹੇ ਵਿਗਾੜ ਨੇ ਵਰਖਾ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਅਤੇ ਇਸ ਦਾ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਦੀ ਆਰਥਿਕਤਾ 'ਤੇ ਵੀ ਪ੍ਰਭਾਵ ਪੈਂਦਾ ਹੈ। ਵਰਖਾ ਪਾਣੀ ਦਾ ਮੱਖ ਸਰੋਤ ਹੈ ਅਤੇ ਬਾਰਿਸ਼ ਦੀ ਮਾਤਰਾ, ਇਸ ਦੀ ਵੰਡ, ਖੁਸ਼ਕ ਅਤੇ ਬਰਸਾਤੀ ਦਿਨ੍ਹਾਂ ਦੀ ਮਿਆਦ ਆਦਿ ਫ਼ਸਲਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ। ਸੋਕੇ ਤੋਂ ਇਕਦਮ ਬਾਅਦ ਵੀ ਬਾਰਿਸ਼ ਦੀ ਬਹੁਤਾਤ ਆਮ ਬਾਰਿਸ਼ ਦੇ ਹਾਲਤਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਇਸ ਲਈ ਸਮੇਂ ਅਤੇ ਲੋੜ ਅਨੁਸਾਰ ਇਸ ਦੀ ਵੰਡ ਫ਼ਸਲ ਦੀ ਯੋਜਨਾਬੰਦੀ ਅਤੇ ਨਿਗਰਾਨੀ ਵਿਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਭਾਰਤ ਦੀ ਵਰਖਾ ਵਿਚ ਸਮੇਂ-ਸਮੇਂ 'ਤੇ ਬਹੁਤ ਉਤਰਾਅ-ਚੜ੍ਹਾਅ ਆਏ ਹਨ, ਜੋ ਕਿ ਜਲਵਾਯੂ ਪਰਿਵਰਤਨ ਕਾਰਨ ਹੋਰ ਵੀ ਵੱਧ ਹੋ ਸਕਦੇ ਹਨ। ਅੱਜਕਲ੍ਹ ਭਾਰੀ ਵਰਖਾ ਦੀਆ ਘਟਨਾਵਾਂ ਵਿਚ ਵਾਧਾ ਅਤੇ ਵਰਖਾ ਦੀ ਤਰਤੀਬ ਵਿਚ ਤਬਦੀਲੀ ਆਮ ਹੀ ਦੇਖਣ ਨੂੰ ਮਿਲਦੇ ਹਨ। ਇਹ ਵੀ ਦੇਖਣ ਵਿਚ ਆਇਆ ਹੈ ਕਿ ਭਾਵੇਂ ਦੇਸ਼ ਪੱਧਰ 'ਤੇ ਬਾਰਿਸ਼ ਦਾ ਕੋਈ ਮਹੱਤਵਪੂਰਨ ਰੁਝਾਨ ਸਾਹਮਣੇ ਨਹੀਂ ਆ ਰਿਹਾ ਪਰ ਖੇਤਰੀ ਪੱਧਰ 'ਤੇ ਇਸ ਦੇ ਵਰਤਾਰੇ ਵਿਚ ਵੱਡੀਆਂ ਤਬਦੀਲੀਆ ਸਾਹਮਣੇ ਆਈਆਂ ਹਨ।
ਪੰਜਾਬ ਵਿਚ ਵਰਖਾ ਦਾ ਰੁਝਾਨ: ਪੰਜਾਬ ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਵਰਖਾ ਦਾ ਪ੍ਰਚਲਣ ਘਟਿਆ ਹੈ, ਮੌਸਮੀ ਅੰਕੜਿਆਂ ਦੇ ਅਧਿਐਨ ਤੋਂ ਇਹ ਵੀ ਪਤਾ ਲਗਦਾ ਹੈ ਕਿ ਬਰਸਾਤਾਂ ਵਿਚ ਪੈਣ ਵਾਲੇ ਮੀਂਹਾਂ ਦਾ ਰੁਝਾਨ ਵਧਿਆ ਹੈ ਜਦਕਿ ਸਰਦੀ ਰੁੱਤ ਦੀ ਵਰਖਾ ਦਾ ਰੁਝਾਨ ਘਟਿਆ ਹੈ। ਮੌਨਸੂਨ ਰੁੱਤ ਦੀ ਵਰਖਾ ਸਾਉਣੀ ਦੀਆਂ ਫ਼ਸਲਾਂ ਲਈ ਬਹੁਤ ਲਾਭਦਾਇਕ ਹੈ ਪਰ ਜਦੋਂ ਇਹ ਕਮਜ਼ੋਰ ਹੁੰਦੀ ਹੈ ਤਾਂ ਧਰਤੀ ਹੇਠੋਂ ਜ਼ਰੂਰਤ ਤੋਂ ਵੱਧ ਪਾਣੀ ਕੱਢਿਆ ਜਾਂਦਾ ਹੈ ਅਤੇ ਇਸ ਲਈ ਕਈ ਊਰਜਾ ਸਰੋਤ ਵਰਤਣੇ ਪੈਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਵਰਖਾ ਦੇ ਸਮੇਂ ਅਤੇ ਅੰਤਰਾਲ ਵਿਚ ਅਸਥਿਰਤਾ ਵਧ ਗਈ ਹੈ। ਇਸੇ ਤਰ੍ਹਾਂ ਹੀ ਧਰਤੀ ਦੇ ਵਾਯੂਮੰਡਲ ਦੇ ਗਰਮ ਹੋਣ ਨਾਲ ਮੌਸਮੀ ਤਬਦੀਲੀਆਂ ਕਾਰਨ ਬਰਸਾਤਾਂ ਦੀ ਲੰਬਾਈ ਵੀ ਘਟ ਰਹੀ ਹੈ। ਪਿਛਲੇ ਸਾਲਾਂ ਦੌਰਾਨ ਮੌਸਮ ਦੇ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਦੇ ਸਾਰੇ ਖੇਤੀ ਮੌਸਮ ਖੇਤਰਾਂ ਵਿਚ ਮੀਂਹ ਦੀ ਦਰ ਘਟ ਗਈ ਹੈ। ਪੰਜਾਬ ਵਿਚ 70 ਤੋਂ 90 ਦੇ ਦਹਾਕਿਆਂ ਵਿਚ ਔਸਤਨ ਵਰਖਾ 70 ਸੈਂਟੀਮੀਟਰ ਹੁੰਦੀ ਸੀ ਜੋ ਕਿ ਪਿਛਲੇ ਦਹਾਕੇ ਵਿਚ ਘੱਟ ਕੇ 50 ਸੈਂਟੀਮੀਟਰ ਰਹਿ ਗਈ ਹੈ। ਸਿਰਫ ਸਾਲ 2011 ਵਿਚ ਮੌਸਮੀ ਅਤਿ ਘਟਨਾਵਾਂ ਸਦਕਾ ਵਰਖਾ 70 ਸੈਂਟੀਮੀਟਰ ਦਰਜ ਕੀਤੀ ਗਈ ਸੀ। ਪਿਛਲੇ 40 ਸਾਲਾਂ ਦੇ ਅੰਕੜਿਆ ਦੇ ਆਧਾਰ 'ਤੇ ਕੰਢੀ ਖੇਤਰ, ਕੇਂਦਰੀ ਖੇਤਰ ਅਤੇ ਦੱਖਣ-ਪਛਮੀ ਖੇਤਰਾਂ ਦੀ ਔਸਤਨ ਸਾਲਾਨਾ ਵਰਖਾ ਕ੍ਰਮਵਾਰ 800-1000, 700-800 ਅਤੇ 200-300 ਮਿਲੀਮੀਟਰ ਹੈ। ਇਸ ਵਿਸ਼ਲੇਸ਼ਣ ਤੋਂ ਇਹ ਵੀ ਦੇਖਿਆ ਗਿਆ ਹੈ ਕਿ ਸੂਬੇ ਦੇ ਉਪਰੋਕਤ ਤਿੰਨ੍ਹਾਂ ਭਾਗਾਂ ਵਿਚ ਬਾਰਿਸ਼ ਦੀ ਅਸਥਿਰਤਾ ਵਧੀ ਹੈ।
ਪੰਜਾਬ ਵਿਚ ਮੀਂਹ ਦੇ ਦਿਨਾਂ ਵਿਚ ਅਸਥਿਰਤਾ: ਕਿਸੇ ਵੀ ਦਿਨ ਮੀਂਹ ਦੀ ਮਿਣਤੀ 2.5 ਮਿਲੀਮੀਟਰ ਹੋਵੇ ਤਾਂ ਉਸਨੂੰ ਮੀਂਹ ਦਾ ਦਿਨ ਐਲਾਨਿਆ ਜਾਂਦਾ ਹੈ। ਮੀਂਹ ਦੇ ਦਿਨ੍ਹਾਂ ਦੀ ਗਿਣਤੀ ਕਿਸੇ ਵੀ ਰੁੱਤ ਵਿਚ ਵਰਖਾ ਦੀ ਵੰਡ ਨੂੰ ਦਰਸਾਉਂਦੀ ਹੈ। ਇਸ ਲਈ ਕਿਸੇ ਵੀ ਰੁੱਤ ਦੇ ਮੀਂਹ ਦੇ ਦਿਨ੍ਹਾਂ ਦੀ ਗਿਣਤੀ, ਉਸ ਦੀ ਮਿਆਦ ਦੇ ਦਿਨ੍ਹਾਂ ਨੂੰ ਜੋੜ ਕੇ ਨਿਸਚਿਤ ਕੀਤੀ ਜਾਂਦੀ ਹੈ। ਵਰਖਾ ਦੀ ਤਰ੍ਹਾਂ ਹੀ ਮੀਂਹ ਦੇ ਦਿਨ੍ਹਾਂ ਦਾ ਰੁਝਾਨ ਵੀ ਸਮੇਂ ਦੇ ਨਾਲ-ਨਾਲ ਘਟਿਆ ਹੈ ਅੰਕੜਿਆਂ ਦੇ ਅਧਿਐਨ ਦਰਸਾਉਂਦੇ ਹਨ ਕਿ ਸੂਬੇ ਵਿਚ ਸਾਲਾਨਾ ਵਰਖਾ ਸਾਰੇ ਭਾਗਾਂ ਵਿਚ ਹੀ ਘਟੀ ਹੈ। ਜੇਕਰ ਪਿਛਲੇ ਪੰਜ ਦਹਾਕਿਆਂ (1970-2017) ਦੀ ਗੱਲ ਕਰੀਏ ਤਾਂ ਪਹਿਲੇ ਤਿੰਨ ਦਹਾਕਿਆਂ (1970-79 ਤੋਂ 1990-99) ਤੱਕ ਮੀਂਹ ਦੇ ਦਿਨ੍ਹਾਂ ਵਿਚ ਯਕੀਨਨ ਵਾਧਾ ਹੁੰਦਾ ਰਿਹਾ ਪਰ ਸਾਲ 2000 ਤੋਂ ਬਾਅਦ ਇਹ ਰੁਝਾਨ ਲਗਾਤਾਰ ਨਿਊਨਤਾ ਵੱਲ ਹੀ ਰਿਹਾ। ਦਹਾਕੇਵਾਰ ਵਿਸ਼ਲੇਸ਼ਣ ਤੋਂ ਇਹ ਸਿੱਧ ਹੁੰਦਾ ਹੈ ਕਿ ਮੀਂਹ ਦੇ ਦਿਨ੍ਹਾਂ ਦੀ ਗਿਣਤੀ ਪਿਛਲੇ ਦਹਾਕਿਆਂ ਵਿਚ ਘਟੀ ਹੈ ਪਰ 1990 ਤੋਂ ਬਾਅਦ ਇਸ ਵਿਚ ਪ੍ਰਚੰਡ ਰੂਪ ਵਿਚ ਬਦਲਾਅ ਹੋਇਆ ਹੈ। ਜਿਸ ਨਾਲ ਸਾਰੇ ਖੇਤਰਾਂ ਜਿਵੇਂ ਕਿ ਬੱਲੋਵਾਲ, ਬਠਿੰਡਾ ਅਤੇ ਲੁਧਿਆਣਾ ਵਿਚ ਮੀਂਹ ਦੇ ਦਿਨ੍ਹਾਂ ਦੀ ਗਿਣਤੀ ਘਟ ਕੇ ਕ੍ਰਮਵਾਰ 8.6, 6.9 ਅਤੇ 5.8 ਦਿਨ ਹੀ ਰਹਿ ਗਈ। ਇਸ ਚੱਲ ਰਹੇ ਦਹਾਕੇ (2010-17) ਵਿਚ ਬੱਲੋਵਾਲ ਅਤੇ ਬਠਿੰਡਾ, ਜੋ ਕਿ ਕ੍ਰਮਵਾਰ ਕੰਡੀ ਖੇਤਰ ਅਤੇ ਦੱਖਣ-ਪੱਛਮੀ ਖੇਤਰ ਨੂੰ ਦਰਸਾਉਂਦੇ ਹਨ, ਵਿਚ ਮੀਂਹ ਦੇ ਦਿਨ੍ਹਾਂ ਦੀ ਗਿਣਤੀ ਘੱਟੀ ਹੈ, ਪਰ ਲੁਧਿਆਣਾ ਜੋ ਕਿ ਪੰਜਾਬ ਦਾ ਕੇਂਦਰੀ ਇਲਾਕਾ ਹੈ, ਵਿਚ ਕੁਝ ਸੁਧਾਰ ਦੇਖਿਆ ਗਿਆ ਹੈ। (ਬਾਕੀ ਅਗਲੇ ਮੰਗਰਵਾਰ ਦੇ ਅੰਕ 'ਚ)


-ਮੋਬਾਈਲ : 98553-85287


ਖ਼ਬਰ ਸ਼ੇਅਰ ਕਰੋ

ਜ਼ਮਾਨੇ ਦਾ ਬਹੁਪੱਖੀ ਖ਼ਜ਼ਾਨਾ-ਬਲਦਾਂ ਦੀ ਖੇਤੀ

ਸਮੇਂ ਦੀ ਹਾਣੀ ਬਣੀ ਤਕਨੀਕ ਨੇ ਖੇੇਤੀ ਦੇ ਸਾਧਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈੇ। ਸੱਭਿਅਤਾ ਅਤੇ ਸੱਭਿਆਚਾਰ ਦੀ ਮਹਿਕ ਵੰਡਦੀ ਬਲਦਾਂ ਦੀ ਖੇਤੀ ਇਸੇ ਪ੍ਰਸੰਗ ਦਾ ਹਿੱਸਾ ਹੈ। ਜ਼ਰੂਰਤ ਵਿਚੋਂ ਪੈਦਾ ਹੋਈ ਬਲਦਾਂ ਦੀ ਖੇਤੀ ਸਾਡੀ ਆਰਥਿਕਤਾ ਦਾ ਧੁਰਾ ਰਹੀ ਹੈ। ਇਹ ਜ਼ਮਾਨੇ ਅਨੁਸਾਰ ਸਾਡੇ ਵਿਰਸੇ ਵਿਚ ਸਾਡੇ ਸਾਰੇ ਪੱਖਾਂ ਦਾ ਖਜ਼ਾਨਾ ਰਹੀ,ਜਿਸ ਨਾਲ ਸਾਡਾ ਜੀਵਨ ਬਸਰ ਹੁੰਦਾ ਰਿਹਾ। ਬਦਲਦੇ ਜ਼ਮਾਨੇ ਨੇ ਹਰੀ ਕ੍ਰਾਂਤੀ ਨਾਲ ਬਲਦਾਂ ਦੀ ਖੇਤੀ ਦਾ ਬਦਲ ਤਕਨੀਕੀ ਖੇਤੀ ਦਿੱਤੀੇ। ਪੰਜਾਬ ਵਿਚ ਪੰਜ ਲੱਖ ਦੇ ਲਗਪਗ ਟਰੈਕਟਰ ਹਨ। ਪਰ ਅਜੇ ਵੀ 65 ਫੀਸਦੀ ਲੋਕ ਟਰੈਕਟਰਾਂ ਦੀ ਖੇਤੀ ਤੋਂ ਦੂਰ ਹਨ। ਰੀਸੋ-ਰੀਸੀ ਇਸ ਸੱਭਿਆਚਾਰ ਨੇ ਸਾਡੇ ਜੀਵਨ ਦਾ ਸੰਤੁਲਨ ਮੈਲਾ ਕੀਤਾ ਹੈ। 'ਦੱਬ ਕੇ ਵਾਹ ਰੱਜ ਕੇ ਖਾਹ' ਦੀ ਅਖਾਣ ਬਲਦਾਂ ਦੀ ਖੇਤੀ ਵਿਚੋਂ ਉਪਜੀ ਸੌਗਾਤ ਸੀ। ਇਸ ਵਿਚ ਕਾਫੀ ਵਿਰਸਾ ਛੁਪਿਆ ਹੋਇਆ ਹੈ। ਬਲਦਾਂ ਦੀ ਖੇਤੀ ਦਾ ਦੌਰ ਬਹੁਤ ਲੰਬਾ ਸਮਾਂ ਚਲਿਆ। ਬਲਦਾਂ ਦੇ ਪਾਲਣ-ਪੋਸ਼ਣ ਬਾਰੇ ਕਿਹਾ ਜਾਂਦਾ ਹੈ ਕਿ 'ਪਾਲੇ ਜਵਾਈਆ ਵਾਂਗ ਜਾਂਦੇ ਹਨ, ਵਾਹੇ ਕਸਾਈਆ ਵਾਂਗ ਜਾਂਦੇ ਹਨ।' ਘਰ ਵਿਚ ਪੈਦਾ ਹੋਏ ਬਲਦ ਨੂੰ ਹਾਲੀ ਕੱਢ ਕੇ ਜੋੜਣਾ ਸ਼ੁਰੂ ਕੀਤਾ ਜਾਂਦਾ ਸੀ। ਸਿੰਗ ਫੁਟੇਂਦੇ ਵਹਿੜਕੇ 'ਤੇ ਅੱਖ ਰੱਖੀ ਜਾਂਦੀ ਸੀ। ਬਲਦਾਂ ਦੀ ਮੰਡੀ ਵਿਚ ਕਾਫੀ ਰੌਣਕ ਲਗਦੀ ਸੀ। ਦੋ-ਦੋ ਬਲਦਾਂ ਦੀਆਂ ਜੋੜੀਆਂ ਰੱਖਣ ਵਾਲੇ ਰਹੀਸ ਕਹਾਉਂਦੇ ਸਨ। ਹਲ, ਸੁਹਾਗਾ ਗੱਡਾ ਅਤੇ ਪੰਜਾਲੀ ਸਭ ਬਲਦਾਂ ਕਰਕੇ ਹੀ ਸ਼ੋਭਦੇ ਸਨ।
ਪਹੁ-ਫੁਟਾਲੇ ਤੋਂ ਪਹਿਲਾਂ ਹੀ ਜ਼ਿਮੀਦਾਰ ਬਲਦਾਂ ਦੇ ਗਲ ਬੋਲਦੀਆਂ ਟੱਲੀਆਂ ਨਾਲ ਖੇਤਾਂ ਵਿਚ ਹਲ ਜੋਤਦੇ ਸਨ। ਘਰਾਂ ਅਤੇ ਪਿੰਡਾਂ ਵਿਚ ਬਲਦਾਂ ਨਾਲ ਖੇਤੀ ਕਰਨ ਵਾਲੇ ਨੂੰ ਹਾਲੀ ਦਾ ਤਖੱਲਸ ਮਿਲਦਾ ਸੀ। ਹਾਲੀ ਨੂੰ ਭੱਤਾ ਲੈ ਕੇ ਜਾਣ ਦਾ ਰਿਵਾਜ ਵੀ ਸੀ। ਬਲਦਾਂ ਉੱਤੇ ਫੁਲਕਾਰੀ ਦੇਣ ਦਾ ਬਲਦਾਂ ਦੇ ਸ਼ੌਕੀਨਾਂ ਦਾ ਆਮ ਸੁਭਾਅ ਹੁੰਦਾ ਸੀ। ਖੇਤੀ ਦੇ ਨਾਲ-ਨਾਲ ਬਲਦਾਂ ਦੀਆਂ ਦੌੜਾਂ ਦਾ ਰੁਝਾਨ ਵੀ ਸ਼ੁਰੂ ਹੋਇਆ। ਕਈ ਵਾਰੀ ਹਲ ਦੇ ਫਾਲੇ ਨਾਲ ਬਲਦਾਂ ਦੇ ਪੈਰ ਜ਼ਖ਼ਮੀ ਹੋ ਜਾਂਦੇ ਸਨ, ਜਿਸ 'ਤੇ ਦੇਸੀ ਮੱਲ੍ਹਮ ਟਕੋਰ ਕਰ ਕੇ ਹੀ ਰਾਜ਼ੀ ਹੋ ਜਾਂਦੇ ਸਨ। ਬਲਦਾਂ ਉਪਰ ਜਦੋਂ ਕਿਤੇ ਕਾਂ ਬੈਠਦੇ ਸਨ, ਜਿਸ ਨੂੰ ਪੂਛ ਹਿਲਾ ਕੇ ਉਡਾ ਦਿੱਤਾ ਜਾਂਦਾ ਸੀ।
ਪੁੱਤਾਂ ਵਾਂਗ ਪਾਲੇ ਬਲਦਾਂ ਨਾਲ ਕਿਸਾਨ ਦਾ ਗੂੜ੍ਹਾ ਪਿਆਰ ਹੁੰਦਾ ਸੀ। ਲਾਖਾ, ਬੱਗਾ ਅਤੇ ਕਾਲਾ ਬਲਦ ਵੱਖਰੀ-ਵੱਖਰੀ ਪਹਿਚਾਣ ਰੱਖਦਾ ਸੀ। ਪਹਿਚਾਣ ਕੀਤੇ ਬਲਦਾਂ ਨੂੰ ਰੁਚੀ ਅਨੁਸਾਰ ਕਿਸਾਨ ਮੁੱਲ ਲਗਾ ਕੇ ਖਰੀਦਦੇ ਸਨ। ਹਾੜ੍ਹੀ-ਸਾਉਣੀ ਤੋਂ ਬਾਅਦ ਬਲਦਾਂ ਨੂੰ ਰਾਹਤ ਮਿਲ ਜਾਂਦੀ ਸੀ। ਹਲਟ ਨਾਲ ਪਾਣੀ ਕੱਢਣਾ ਵੀ ਬਲਦਾਂ ਦੇ ਹਿੱਸੇ ਹੁੰਦਾ ਸੀ। ਜੀਵ ਵਿਗਿਆਨਕ ਬੇ-ਇਨਸਾਫੀ ਬਲਦਾਂ ਨਾਲ ਇਹ ਹੁੰਦੀ ਸੀ ਕਿ ਪਸ਼ੂ ਹਸਪਤਾਲ ਵਿਚ ਇਨ੍ਹਾਂ ਦੇ ਸੰਨੀ ਲਗਵਾ ਕੇ ਸਾਨ ਤੋਂ ਬਲਦ ਹੀ ਰੱਖ ਲਿਆ ਜਾਂਦਾ ਸੀ। ਧਾਰਮਿਕ ਖੇਤਰ ਵਿਚ ਗਊ ਦਾ ਜਾਇਆ ਸਮਝ ਕੇ ਪੇੜਾ ਦੇਣਾ ਪੁੰਨ ਸਮਝਿਆ ਜਾਂਦਾ ਸੀ। ਪਰ ਅੱਜ ਇਸ ਪੁੰਨ ਲਈ ਗਊ ਦੇ ਜਾਏ ਲੱਭਣੇ ਪੈਂਦੇ ਹਨ। ਜ਼ਿੰਮੀਂਦਾਰ ਬਲਦਾਂ ਲਈ ਕੌੜਤੁੰਮੇ ਦਾ ਚੂਰਨ ਬਣਾ ਕੇ ਰੱਖਦੇ ਸਨ, ਜਿਸ ਨਾਲ ਬਲਦਾਂ ਦੀ ਸਿਹਤ ਰਾਜ਼ੀ ਰਹਿੰਦੀ ਸੀ।
ਸੱਭਿਅਤਾ ਅਤੇ ਸੱਭਿਆਚਾਰ ਤੋਂ ਬਾਅਦ ਸਭ ਤੋਂ ਵੱਡਾ ਗੁਣ ਬਲਦਾਂ ਦੀ ਖੇਤੀ ਦਾ ਆਦਮੀ ਦੀ ਸਿਹਤ ਨਾਲ ਜੁੜਿਆ ਸੀ। ਇਕ ਕਿੱਲਾ ਵਾਹ ਕੇ 16 ਕਿਲੋਮੀਟਰ ਦੀ ਸੈਰ ਮੁਫ਼ਤ ਵਿਚ ਹੋ ਜਾਂਦੀ ਸੀ। ਇਸ ਸੈਰ ਦਾ ਢੰਡੋਰਾ ਅੱਜ ਸਿਹਤ ਮਾਹਿਰ ਪਿੱਟਦੇ ਹਨ। ਬਲਦਾਂ ਦੀ ਖੇਤੀ ਆਰਥਿਕਤਾ ਅਤੇ ਸਿਹਤ ਲਈ ਵਰਦਾਨ ਸਾਬਿਤ ਹੁੰਦੀ ਸੀ। ਅੱਜ ਬਲਦਾਂ ਦੀ ਖੇਤੀ ਇਸ ਪੜਾਅ 'ਤੇ ਹੈ ਕਿ ਕੁਝ ਚਿਰ ਬਾਅਦ ਸਾਹਿਤ ਦੇ ਜ਼ਰੀਏ ਕਿਤਾਬਾਂ ਵਿਚੋਂ ਮਿਲੇਗੀ। ਹਾਂ, ਇਕ ਗੱਲ ਹੋਰ ਵੀ ਹੈ ਜਿਵੇਂ ਜ਼ਮੀਨਾਂ ਲੀਰੋ ਲੀਰ ਹੋ ਰਹੀਆਂ ਹਨ ਉਸ ਨਾਲ ਬਲਦਾਂ ਦੀ ਖੇਤੀ ਵੱਲ ਮੁੜਨ ਦੀ ਗੁੰਜਾਇਸ਼ ਵੀ ਹੈ। 'ਜੱਟ ਸੁਹਾਗੇ 'ਤੇ ਬੈਠਾ ਮਾਨ ਨੀ' ਵਾਲੀ ਕਹਾਵਤ ਜੱਟ ਨਾਲ ਬਲਦਾਂ ਦੇ ਮੇਲ ਨੂੰ ਤਾਜ਼ਾ ਰੱਖੇਗੀ। ਸੱਭਿਅਤਾ ਸੱਭਿਆਚਾਰ ਅਤੇ ਆਰਥਿਕਤਾ ਦੀ ਝਲਕ ਮਾਰਦੀ ਬਲਦਾਂ ਦੀ ਖੇਤੀ ਸਮੇਂ ਅਨੁਸਾਰ ਜ਼ਮਾਨੇ ਦਾ ਬਹੁਪੱਖੀ ਖਜ਼ਾਨਾ ਸੀ ਇਸ ਉੱਤੇ ਹੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਟਿਕੀ ਹੋਈ ਸੀ।

-ਅਬਿਆਣਾ ਕਲਾਂ।
ਮੋਬਾਈਲ : 98781-11445

ਟਾਵਰਾਂ ਦੀ ਗੱਲ

ਅਸੀਂ ਪੰਜਾਬੀ ਵੀ ਕਮਾਲ ਦੀ ਕੌਮ ਹਾਂ। ਜਦੋਂ ਕਿਸੇ ਗੱਲ ਦੇ ਮਗਰ ਪੈਂਦੇ ਹਾਂ ਤਾਂ ਧੂੰਆਂ ਕੱਢ ਦਿੰਦੇ ਹਾਂ, ਫੇਰ ਸਾਡੇ ਲਈ ਇਹ ਮਾਇਨਾ ਨਹੀਂ ਰੱਖਦਾ ਕਿ, ਕੀ ਸੱਚ ਹੈ ਤੇ ਕੀ ਝੂਠ ਹੈ, ਕੀ ਗ਼ਲਤ ਹੈ ਤੇ ਕੀ ਸਹੀ ਹੈ। ਬਸ, ਗੱਲ ਨੂੰ ਅਫ਼ਵਾਹ ਤੋਂ ਵੀ ਵੱਡੀ ਕਰਕੇ, ਸੱਚ ਜਿਹਾ ਹੀ ਬਣਾ ਦਿੰਦੇ ਹਨ। ਪੰਜਾਬ ਦੇ ਵਿਗੜਦੇ ਵਾਤਾਵਰਨ ਨੂੰ ਲੈ ਕੇ ਕਈਆਂ ਨੇ ਹੱਟੀਆਂ ਖੋਲ੍ਹੀਆਂ ਹੋਈਆਂ ਹਨ। ਉਨ੍ਹਾਂ ਨੂੰ ਹਰ ਚੀਜ਼ ਵਿਚ ਨੁਕਸ ਹੀ ਨੁਕਸ ਦਿੱਸਦੇ ਹਨ। ਜਿਵੇਂ ਆਮ ਧਾਰਨਾ ਬਣਾ ਦਿੱਤੀ ਗਈ ਹੈ ਕਿ ਸਾਡੇ ਪੰਛੀ, ਖ਼ਾਸ ਕਰਕੇ ਘਰੇਲੂ ਚਿੜੀ, ਟਾਵਰਾਂ ਨੇ ਖ਼ਤਮ ਕਰ ਦਿੱਤੀ ਹੈ। ਇਹ ਪ੍ਰਚਾਰ ਜ਼ੋਰਾਂ 'ਤੇ ਹੈ, ਤੇ ਦੇਖਾ-ਦੇਖੀ ਲੇਖਕ ਵੀ ਧੜਾਧੜ ਕਵਿਤਾ, ਗੀਤ ਅਤੇ ਲੇਖ ਲਿਖੀ ਜਾ ਰਹੇ ਹਨ। ਲੋਕਾਂ ਨੂੰ ਇਹ ਸੱਚ ਮਨਾ ਦਿੱਤਾ ਗਿਆ ਹੈ ਪਰ ਇਹ ਕੋਰਾ ਝੂਠ ਹੈ। ਟਾਵਰਾਂ ਬਾਰੇ ਸੱਚ ਹੈ ਕਿ ਉਹ ਆਮ ਰੇਡੀਓ ਦੀਆਂ ਤਰੰਗਾਂ ਦੇ ਲਗਪਗ ਹੀ ਤਰੰਗਾਂ ਛੱਡਦੇ ਹਨ ਜੋ 450 ਤੋਂ 3800 ਮੈਗਾ ਹਰਟਜ਼ ਤੱਕ ਹੀ ਹੁੰਦੀਆਂ ਹਨ ਤੇ ਹਰ ਮੀਟਰ ਬਾਅਦ ਚੌਗੁਣਾ ਘੱਟ ਜਾਂਦੀਆਂ ਹਨ। ਇਹ ਮਾਇਕ੍ਰੋਵੇਵ ਨਾਲੋਂ ਕਈ ਲੱਖ ਗੁਣਾ ਘੱਟ ਹੁੰਦੀਆਂ ਹਨ। ਟਾਵਰਾਂ ਦੀਆਂ ਇਹ ਤਰੰਗਾਂ ਮਨੁੱਖੀ ਸਰੀਰ 'ਤੇ ਅਸਰ ਨਹੀਂ ਕਰ ਸਕਦੀਆਂ, ਕੈਂਸਰ ਲਈ ਡੀ. ਐੱਨ. ਏ. ਤੱਕ ਤਾਂ ਪਹੁੰਚ ਹੀ ਨਹੀਂ ਸਕਦੀਆਂ। ਜਿਹੜੀ ਚੀਜ਼ ਨੁਕਸਾਨ ਕਰਦੀ ਹੈ, ਉਹ ਹੈ ਫੋਨ ਨੂੰ ਕੰਨ ਦੇ ਨਾਲ ਲਾ ਕੇ ਸੁਣਨਾ, ਇਹ ਪਰਦੇ 'ਤੇ ਅਸਰ ਕਰ ਸਕਦਾ ਹੈ। ਹੁਣ ਗੱਲ ਚਿੜੀਆਂ ਦੀ, ਉਹ ਤਾਂ ਰਹਿਣ ਲਈ ਖੋੜ੍ਹਾਂ ਭਾਲਦੀਆਂ ਹਨ। ਉਹ ਤੁਸੀਂ ਪੱਕੇ ਘਰ ਬਣਾ ਲਏ ਤੇ ਇਸ ਕਰਕੇ ਚਿੜੀਆਂ ਸ਼ਹਿਰਾਂ 'ਚੋਂ ਬਾਹਰ ਚਲੀਆਂ ਗਈਆਂ ਹਨ। ਬਾਹਰ ਜਾ ਕੇ ਦੇਖੋ ਤੋਤੇ, ਤਿੱਤਰ, ਚਿੜੀਆਂ, ਬਗਲੇ, ਬੁੱਜ, ਉੱਲੂ, ਸ਼ਿਕਰੇ, ਬਸੰਤੇ, ਗੁਟਾਰਾਂ, ਕਾਲੀ ਚਿੜੀ, ਮੱਛੀ ਮਾਰ ਆਦਿ ਦੀ ਗਿਣਤੀ ਕਿੰਨੀ ਵੱਧ ਗਈ ਹੈ, ਜਿਸ ਕਰਕੇ ਗੰਡੋਏ ਤੇ ਡੱਡੂ ਵਰਗੇ ਕਿਸਾਨਾਂ ਦੇ ਮਿੱਤਰ ਖ਼ਤਮ ਹੋਈ ਜਾ ਰਹੇ ਹਨ। ਇਵੇਂ ਹੀ ਕਈ ਹੋਰ ਗੱਲਾਂ ਵਿਚ ਭੇਡ ਚਾਲ, ਪੰਜਾਬ ਦਾ ਨੁਕਸਾਨ ਕਰ ਰਹੀ ਹੈ।


-ਮੋਬਾ: 98159-45018

ਹਲਦੀ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਦੀਆਂ ਸੁਧਰੀਆਂ ਤਕਨੀਕਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਖਾਦ ਪ੍ਰਬੰਧ ਅਤੇ ਨਦੀਨਾਂ ਦੀ ਰੋਕਥਾਮ : ਹਲਦੀ ਦੀ ਕਾਸ਼ਤ ਲਈ ਰੂੜੀ ਖਾਦ ਸਭ ਤੋਂ ਵਧੀਆ ਹੈ। ਇਸ ਦੀ ਬਿਜਾਈ ਤੋਂ ਪਹਿਲਾਂ 10-12 ਟਨ ਗਲੀ-ਸੜੀ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਖਿਲਾਰ ਦੇਣੀ ਚਾਹੀਦੀ ਹੈ। ਇਸ ਢੰਗ ਦੇ ਬਦਲ ਵਿਚ 5 ਟਨ ਪ੍ਰਤੀ ਏਕੜ ਰੂੜੀ ਖਾਦ ਦੇ ਨਾਲ 25 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ (55 ਕਿਲੋ ਯੂਰੀਆ) ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡ ਕੇ ਬਿਜਾਈ ਤੋਂ 75 ਅਤੇ 100 ਦਿਨਾਂ ਬਾਅਦ ਪਾ ਦੇਣਾ ਚਾਹੀਦਾ ਹੈ। ਬਿਜਾਈ ਸਮੇਂ 10 ਕਿਲੋ ਫਾਸਫੋਰਸ ਅਤੇ 10 ਕਿੱਲੋ ਪੋਟਾਸ਼ ਵੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਹਲਦੀ ਦਾ ਵਧੇਰਾ ਝਾੜ ਲੈਣ ਲਈ ਅਤੇ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਲਈ, ਹਲਦੀ ਦੀਆਂ ਗੰਢੀਆਂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਦੀ 4 ਕਿੱਲੋ ਪ੍ਰਤੀ ਏਕੜ ਦੀ ਹਿਸਾਬ ਨਾਲ ਵਰਤੋਂ ਹੁੰਦੀ ਹੈ। ਨਦੀਨਾਂ ਦੀ ਰੋਕਥਾਮ ਲਈ 1-2 ਵਾਰ ਹਥੀ ਗੋਡੀ ਕਰਨੀ ਜ਼ਰੂਰੀ ਹੈ। ਝੋਨੇ ਦੀ ਪਰਾਲੀ (36 ਕੁਇੰਟਲ ਪ੍ਰਤੀ ਏਕੜ) ਨਦੀਨਾਂ ਕਾਬੂ ਅਤੇ ਰੋਕਣ ਵਿਚ ਅਹਿਮ ਯੋਗਦਾਨ ਦਿੰਦੀ ਹੈ।
ਪਾਣੀ ਦਾ ਪ੍ਰਬੰਧ : ਹਲਦੀ ਨੂੰ ਹਰੇ ਹੋਣ ਲਈ ਕਾਫੀ ਸਮਾਂ ਲਗਦਾ ਹੈ ਅਤੇ ਇਸਦਾ ਸ਼ੁਰੂਆਤੀ ਵਿਕਾਸ ਹੌਲੀ ਹੋਣ ਕਰਕੇ, ਜ਼ਮੀਨ ਨੂੰ ਗਿਲਾ ਰੱਖਣਾ ਜ਼ਰੂਰੀ ਹੈ। ਇਸ ਨੂੰ ਛੇਤੀ ਪਰੰਤੂ ਹਲਕਾ ਪਾਣੀ ਲਗਾਉਣਾ ਚਾਹੀਦਾ ਹੈ। ਜੇਕਰ ਤੁਪਕਾ ਸਿੰਚਾਈ ਦੀ ਵਰਤੋਂ ਕਰਨੀ ਹੋਵੇ ਤਾਂ ਹਲਦੀ ਨੂੰ 3 ਦਿਨਾਂ ਦੇ ਅੰਤਰ ਤੇ ਬਰੀਕ ਪਾਈਪ (ਲੇਟਰਲ) ਜਿਸ ਤੇ 30 ਸੈਂਟੀਮੀਟਰ ਦੀ ਵਿਥ ਤੇ 2.2 ਲੀਟਰ ਪ੍ਰਤੀ ਘੰਟਾ ਪਾਣੀ ਕਢਣ ਦੀ ਸਮਰਥਾ ਵਾਲੇ ਡਰਿਪਰ ਹੋਣ ਤਾਂ ਹੇਠ ਲਿਖੇ ਅਨੁਸਾਰ ਪਾਣੀ ਦੇਣਾ ਚਾਹੀਦਾ ਹੈ।
ਮਹੀਨਾ ਸਿੰਚਾਈ ਦਾ ਸਮਾਂ (ਮਿੰਟ)
ਮਈ 63
ਜੂਨ 60
ਜੁਲਾਈ 48
ਅਗਸਤ 36
ਸਤੰਬਰ 32
ਅਕਤੂਬਰ 24
ਨਵੰਬਰ 19
ਜੇ ਡਰਿਪ ਡਿਸਚਾਰਜ ਰੇਟ ਵਖਰੇ ਹੋਣ ਤਾਂ ਸਿੰਚਾਈ ਦਾ ਸਮਾਂ ਹੇਠ ਦਸੇ ਫਾਰਮੂਲੇ ਨਾਲ ਕੱਢਿਆ ਜਾ ਸਕਦਾ ਹੈ।
ਸਿੰਚਾਈ ਦਾ ਸਮਾਂ (ਮਿੰਟ) 2.2 × ਸਿੰਚਾਈ ਦਾ ਸਮਾਂ (ਮਿੰਟ)
ਡਰਿਪ ਕੱਢਣ ਦੀ ਪਾਣੀ ਦੀ ਸਮਰਥਾ (ਲੀਟਰ ਪ੍ਰਤੀ ਘੰਟਾ)
ਇਸ ਵਿਧੀ ਨਾਲ ਖਾਦਾਂ ਦੀ ਵਰਤੋਂ ਬਿਜਾਈ ਤੋਂ 45 ਦਿਨਾਂ ਬਾਅਦ ਕਰਨੀ ਚਾਹੀਦੀ ਹੈ ਅਤੇ 20 ਕਿਲੋ ਨਾਈਟ੍ਰੋਜਨ, 8 ਕਿਲੋ ਫਾਸਫੋਰਸ ਅਤੇ 8 ਕਿਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ 9 ਦਿਨਾਂ ਦੇ ਵਕਫੇ ਵਿਚ ਅਤੇ 15 ਬਰਾਬਰ ਕਿਸ਼ਤਾਂ ਵਿਚ ਵੰਡ ਕੇ ਪਾ ਦਿੱਤੀ ਜਾਂਦੀ ਹੈ। ਤੁਪਕਾ ਸਿੰਚਾਈ ਵਿਧੀ ਰਾਹੀ ਪਾਣੀ ਅਤੇ ਖਾਦਾਂ ਪਾਉਣ ਨਾਲ 40 ਪ੍ਰਤੀਸ਼ਤ ਪਾਣੀ ਅਤੇ 20 ਪ੍ਰਤੀਸ਼ਤ ਖਾਦਾਂ ਦੀ ਬੱਚਤ ਹੁੰਦੀ ਹੈ। ਇਸ ਦੇ ਨਾਲ 25 ਪ੍ਰਤੀਸ਼ਤ ਹਲਦੀ ਦੇ ਝਾੜ ਵਿਚ ਵਾਧਾ ਹੁੰਦਾ ਹੈ।
ਹਲਦੀ ਦੀ ਪੁਟਾਈ ਅਤੇ ਸਫਾਈ : ਜਦੋਂ ਹਲਦੀ ਦੇ ਪਤੇ ਪੂਰੀ ਤਰ੍ਹਾਂ ਪੀਲੇ ਹੋ ਜਾਣ ਅਤੇ ਸੁਕ ਜਾਣ, ਉਸ ਸਮੇਂ ਹਲਦੀ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਪੁਟਾਈ ਅਖੀਰ ਦਸੰਬਰ ਵਿਚ ਕਰਨੀ ਚਾਹੀਦੀ ਹੈ। ਗੰਢੀਆਂ ਦੀ ਪੁਟਾਈ ਤੋਂ ਬਾਅਦ, ਇਨ੍ਹਾਂ ਤੋਂ ਜੜਾਂ ਅਤੇ ਮਿਟੀ ਨੂੰ ਚੰਗੀ ਤਰ੍ਹਾਂ ਸਾਫ ਕੀਤਾ ਜਾਂਦਾ ਹੈ।
ਹਲਦੀ ਤਿਆਰ ਕਰਨ ਦੀ ਵਿਧੀ : ਜੇ ਕਿਸਾਨ ਕਾਸ਼ਤ ਦੇ ਨਾਲ ਨਾਲ ਹਲਦੀ ਪ੍ਰੋਸੈਸਿੰਗ ਦਾ ਕੰਮ ਵੀ ਆਪਣੇ ਹੱਥ ਵਿਚ ਲੈ ਲਵੇ ਤਾਂ ਉਹ ਆਪਣੀ ਆਮਦਨ ਵਿਚ ਵਾਧਾ ਕਰ ਸਕਦਾ ਹੈ। ਇਸ ਲਈ ਕਿਸਾਨ ਨੂੰ 9-10 ਮਹੀਨਿਆਂ ਦੀ ਹਲਦੀ ਦੀ ਕਾਸ਼ਤ ਤੋਂ ਬਾਅਦ 1-2 ਮਹੀਨੇ ਇਸਦੀ ਪ੍ਰੋਸੈਸਿੰਗ ਕਰਨੀ ਹੋਵੇਗੀ। ਕਈ ਅਗਾਂਹਵਧੂ ਕਿਸਾਨ ਇਸ ਕੰਮ ਲਈ ਅੱਗੇ ਵੀ ਆ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਲਦੀ ਪ੍ਰੋਸੈਸਿੰਗ ਲਈ ਕਈ ਮਸ਼ੀਨਾਂ ਵਿਕਸਿਤ ਕੀਤੀਆਂ ਗਈਆਂ ਹਨ ਜਿਨਾਂ ਦੀ ਮੱਦਦ ਨਾਲ ਪ੍ਰੋਸੈਸਿੰਗ ਦਾ ਕੰਮ ਸਹੀ ਢੰਗ ਨਾਲ ਕੀਤਾ ਜਾ ਸਕਦਾ ਹੈ।
ਹਲਦੀ ਦੀ ਪ੍ਰੋਸੈਸਿੰਗ ਕਰਨ ਵਾਲੇ ਕਈ ਤਰ੍ਹਾਂ ਦੀਆਂ ਕਿਰਿਆਵਾਂ ਕੀਤੀ ਜਾਂਦੀਆਂ ਹਨ ਜਿਵੇਂ ਕਿ ਹਲਦੀ ਨੂੰ ਧੋਣਾ, ਉਬਾਲਣਾ, ਸੁਕਾਉਣਾ ਆਦਿ। ਇਨ੍ਹਾਂ ਸਾਰੀਆਂ ਵਿਧੀਆਂ ਨੂੰ ਹੇਠਾਂ ਵਿਸਤਾਰ ਨਾਲ ਸਮਝਾਇਆ ਗਿਆ ਹੈ। ਹਲਦੀ ਨੂੰ ਧੋਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਗਈ ਹਲਦੀ ਨੂੰ ਧੋਣ ਵਾਲੀ ਮਸ਼ੀਨ ਵਰਤੀ ਜਾ ਸਕਦੀ ਹੈ। ਇਸ ਮਸ਼ੀਨ ਦੀ ਸਮਰੱਥਾ 2.5 - 3 ਕੁਇੰਟਲ ਪ੍ਰਤੀ ਘੰਟਾ ਹੈ। ਇਸ ਮਸ਼ੀਨ ਦੀ ਕੀਮਤ ਲਗਪਗ 75 ਤੋਂ 80 ਹਜ਼ਾਰ ਰੁਪਏ ਹੈ। ਹਲਦੀ ਨੂੰ ਉਬਾਲਣ ਦਾ ਉਦੇਸ਼ ਸੁੱਕਣ ਦਾ ਸਮਾਂ ਬਚਾਉਣਾ, ਰੰਗ ਇੱਕਸਾਰ ਕਰਨਾ, ਨਿਖਾਰਣਾ, ਸਟਾਰਚ ਨੂੰ ਸਹੀ ਕਰਨਾ ਅਤੇ ਸਹੀ ਰਿਕਵਰੀ ਲੈਣਾ ਹੈੈ। ਪਾਣੀ ਦਾ ਪੱਧਰ ਗੰਢੀਆਂ ਤੋਂ 4 ਤੋਂ 7.5 ਸੈਂਟੀਮੀਟਰ ਉੱਪਰ ਰੱਖਿਆ ਜਾਂਦਾ ਹੈ।
(ਸਮਾਪਤ)


-ਮੋਬਾਈਲ : 94173-45565

ਭਰੇ ਤੂੰ ਭੰਡਾਰੇ ਅੰਨ ਦੇ

ਤੈਨੂੰ ਲੱਖ-ਲੱਖ ਸੀਸ ਨਿਵਾਈਏ,
ਭਰੇ ਤੂੰ ਭੰਡਾਰੇ ਅੰਨ ਦੇ।
ਸਾਰਾ ਦੇਸ਼ ਤੈਥੋਂ ਵਾਰੀ ਵਾਰੀ ਜਾਵੇ,
ਤੈਨੂੰ ਅੰਨ-ਦਾਤਾ ਮੰਨਦੇ।
ਕਣਕਾਂ ਦੇ ਹਰ ਪਾਸੇ, ਭਰਤੇ ਭੰਡਾਰ ਤੂੰ।
ਖੇਤਾਂ ਵਿਚ ਉੱਚੇ ਉੱਚੇ, ਲਾ ਕੇੇ ਅੰਬਾਰ ਤੂੰ।
ਕਿਹੜਾ ਮੁੱਲ ਪਾਊ ਹੁਣ ਦੇਸ਼ ਦੇ ਕਿਸਾਨਾ ਤੇਰਾ।
ਹੌਸਲੇ ਵੀ ਸਾਡੇ ਤੁਸੀਂ ਬੰਨ੍ਹਦੇ।
ਤੈਨੂੰ ਲੱਖ-ਲੱਖ ਸੀਸ ਨਿਵਾਈਏ,
ਭਰੇ ਤੂੰ ਭੰਡਾਰੇ ਅੰਨ ਦੇ।
ਹਰ ਵੇਲੇ ਕਰਦਾ ਏਂ, ਕੰਮ ਤੂੰ ਭਲਾਈ ਦਾ।
ਅੰਨ-ਦਾਣੇ ਨਾਲ ਤੂੰ, ਜਨਤਾ ਰਜਾਈ ਜਾ।
ਦਿਨ ਰਾਤ ਕਰਦੇ ਹੋ ਮਿਹਨਤਾਂ ਵੀ ਰੱਜ ਰੱਜ।
ਜਿਗਰੇ ਤੁਹਾਡੇ ਬੜੇ ਧੰਨ ਦੇ।
ਸਾਰਾ ਦੇਸ਼ ਤੈਥੋਂ ਵਾਰੀ ਵਾਰੀ ਜਾਵੇ,
ਤੈਨੂੰ ਅੰਨ-ਦਾਤਾ ਮੰਨਦੇ।
ਤੇਰੀਆਂ ਤਾਂ ਮਿਹਨਤਾਂ ਦਾ, ਜੱਟਾ ਕੋਈ ਜਵਾਬ ਨਈਂ।
ਸਿਰੜ ਤੇ ਹਿੰਮਤਾਂ ਦਾ, ਲੱਭਣਾ ਹਿਸਾਬ ਨਈਂ।
ਮਨ ਤੇ ਦਿਮਾਗ਼ ਦੋਵੇਂ ਬਣਾਉਂਦੇ ਯੋਜਨਾਵਾਂ ਨੂੰ।
ਕਸ਼ਟ ਸਹਾਰਦੇ ਹੋ ਤਨ ਦੇ।
ਤੈਨੂੰ ਲੱਖ-ਲੱਖ ਸੀਸ ਨਿਵਾਈਏ।
ਭਰੇ ਤੂੰ ਭੰਡਾਰੇ ਅੰਨ ਦੇ।
ਧੁੱਪਾਂ ਵਿਚ ਸੜਨਾ ਤੇ ਪਾਲਿਆਂ 'ਚ ਠਰਨਾ।
ਔਕੜਾਂ ਮੁਸੀਬਤਾਂ ਤੋਂ, ਕਦੇ ਵੀ ਨਾ ਡਰਨਾ।
ਆਤਮਾ ਸਿੰਘ ਚਿੱਟੀ ਆਖੇ ਪਾਣੀ ਹੁਣ ਮੁੱਕੀ ਜਾਵੇ।
ਗੱਲ ਸੁਣ ਲਈਂ ਧਿਆਨ ਲਾ ਕੇ ਕੰਨ ਦੇ।
ਸਾਰਾ ਦੇਸ਼ ਤੈਥੋਂ ਵਾਰੀ ਵਾਰੀ ਜਾਵੇ।
ਤੈਨੂੰ ਅੰਨ-ਦਾਤਾ ਮੰਨਦੇ।


-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ (ਜਲੰਧਰ)।
ਮੋਬਾਈਲ : 99884-69564.

ਇੰਜ ਤਿਆਰ ਕਰੋ ਕੁਦਰਤੀ ਖੇਤੀ ਤਹਿਤ ਝੋਨੇ ਦੀ ਰੋਗ ਰਹਿਤ ਪੌਧ...

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਬੀਜ ਸੰਸਕਾਰ: 24 ਘੰਟਿਆਂ ਬਾਅਦ ਸਾਦੇ ਪਾਣੀ 'ਚ ਭਿਉਂਤੇ ਗਏ ਬੀਜ ਪਾਣੀ 'ਚੋਂ ਬਾਹਰ ਕੱਢ ਕੇ ਪਲਾਸਿਟਕ ਦੀ ਤ੍ਰਿਪਾਲ 'ਤੇ ਵਿਛਾ ਲਉ। ਹੁਣ ਇਸ ਬੀਜ ਉੱਤੇ 30 ਕਿੱਲੋ ਬੀਜ ਪਿੱਛੇ ਅੱਧਾ ਲੀਟਰ ਵੇਸਟ ਡੀਕੰਪੋਜ਼ਰ ਛਿੜਕ ਕੇ ਉੱਪਰੋਂ 1-1.5 ਕਿੱਲੋ ਰਾਖ ਭੁਰਕਦੇ ਹੋਏ ਦੋਵਾਂ ਹੱਥਾਂ ਨਾਲ ਪੋਲਾ-ਪੋਲਾ ਮਲਦੇ ਹੋਏ ਬੀਜ ਸੰਸਕਾਰ ਕਰ ਦਿਉ। ਇਸ ਪ੍ਰਕਾਰ ਸੋਧਿਆ ਗਿਆ ਬੀਜ ਬਿਜਾਈ ਲਈ ਤਿਆਰ ਹੈ।
ਬਿਜਾਈ ਦਾ ਤਰੀਕਾ: ਸ਼ੁਰੂ ਵਿਚ ਦੱਸੇ ਅਨੁਸਾਰ ਤਿਆਰ ਕੀਤੀ ਗਈ ਜ਼ਮੀਨ ਉੱਤੇ ਉਪਰੋਕਤ ਅਨੁਸਾਰ ਸ਼ੁੱਧ ਕੀਤੇ ਗਏ ਬੀਜ ਦਾ ਇਕ ਸਾਰ ਛੱਟਾ ਮਾਰ, ਕਿਆਰੀ ਵਿਚ ਕੰਘਾ ਫੇਰਦੇ ਹੋਏ ਬੀਜ ਨੂੰ ਮਿੱਟੀ ਲਗਦੀ ਕਰ ਦਿਉ। ਉਪਰੰਤ ਕਿਆਰੀ ਵਿਚ ਮਰਲੇ ਦੀ 50 ਕਿੱਲੋ ਰੂੜੀ ਦੀ ਹੋਰ ਤਿਆਰ ਖਾਦ ਦਾ ਛੱਟਾ ਮਾਰ ਦਿਉ। ਹੁਣ ਪੂਰੀ ਕਿਆਰੀ ਨੂੰ ਝੋਨੇ ਦੀ ਪੂਰੀ ਸੰਘਣੀ ਅਤੇ 2 ਇੰਚ ਮੋਟੀ ਪਰਾਲੀ ਨਾਲ ਢਕ ਉਪਰੰਤ ਪਾਣੀ ਲਾ ਦਿਉ। ਇਸ ਪਾਣੀ ਨਾਲ ਮਰਲੇ ਦਾ 1 ਲੀਟਰ ਗੁੜਜਲ ਅੰਮ੍ਰਿਤ ਅਤੇ 1 ਲੀਟਰ ਵੇਸਟ ਡੀਕੰਪੋਜ਼ਰ ਲਾਜ਼ਮੀ ਦਿਉ।
6ਵੇਂ ਦਿਨ ਸ਼ਾਮ ਨੂੰ 6 ਵਜੇ ਕਿਆਰੀਆਂ 'ਚੋਂ ਪਰਾਲੀ ਚੁੱਕ ਦਿਉ। 7ਵੇਂ ਦਿਨ ਸਵੇਰੇ ਤੁਹਾਨੂੰ ਕਿਆਰੀਆਂ ਵਿਚ ਡੇਢ ਤੋਂ 2 ਇੰਚ ਦੀ ਇਕਸਾਰ ਜੰਮੀ ਪਨੀਰੀ ਮਿਲੇਗੀ। ਦੂਸਰਾ ਪਾਣੀ ਕਿਆਰੀਆਂ 'ਚੋਂ ਪਰਾਲੀ ਚੁੱਕਣ ਉਪਰੰਤ ਅਗਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਸੂਰਜ ਛਿਪਣ ਤੋਂ ਬਾਅਦ ਹੀ ਲਾਉਣਾ ਹੈ।
ਪਨੀਰੀ ਦਾ ਪਾਲਣ-ਪੋਸ਼ਣ: ਪਨੀਰੀ ਦਾ ਸਹੀ ਪਾਲਣ-ਪੋਸ਼ਣ ਕਰਨਾ ਬਹੁਤ ਜ਼ਰੂਰੀ ਹੈ। ਪਨੀਰੀ ਨੂੰ ਪਾਣੀ ਦਿੰਦੇ ਸਮੇਂ ਹਰ ਪਾਣੀ ਨਾਲ ਪ੍ਰਤੀ ਮਰਲਾ (16.5 ਵਰਗ ਫੁੱਟ) 1 ਲੀਟਰ ਗੁੜਜਲ ਅੰਮ੍ਰਿਤ ਅਤੇ 1 ਲੀਟਰ ਵੇਸਟ ਡੀਕੰਪੋਜ਼ਰ ਲਾਜ਼ਮੀ ਦਿੰਦੇ ਰਹੋ। ਪਰਾਲੀ ਚੁੱਕਣ ਤੋਂ ਚਾਰ ਦਿਨਾਂ ਬਾਅਦ 11 ਜਾਂ 12ਵੇਂ ਪਨੀਰੀ ਉੱਤੇ ਪਾਥੀਆਂ ਦੇ ਪਾਣੀ ਦਾ 2 ਲੀਟਰ ਪ੍ਰਤੀ ਪੰਪ (16 ਲੀਟਰ ਸਮਰੱਥਾ ਵਾਲਾ) ਦੇ ਹਿਸਾਬ ਨਾਲ ਪਹਿਲਾ ਛਿੜਕਾਅ ਕਰੋ। ਫਿਰ 17ਵੇਂ ਅਤੇ 22 ਦਿਨ ਇਹ ਛਿੜਕਾਅ ਮੁੜ ਦੁਹਰਾਉ।
ਕਿਸਾਨ ਵੀਰੋ ਇਸ ਤਰੀਕੇ ਨਾਲ ਬੀਜੀ ਅਤੇ ਪਾਲੀ ਗਈ ਪੌਧ 25ਵੇਂ ਦਿਨ ਖੇਤ 'ਚ ਰੋਪਾਈ ਲਾਇਕ ਹੋ ਜਾਂਦੀ ਹੈ। ਸਾਨੂੰ ਇਸ ਦੇ 3 ਪ੍ਰਮੁੱਖ ਲਾਭ ਮਿਲਦੇ ਹਨ:
* ਇਕ ਤਾਂ ਖੇਤ 'ਚ ਲਾਉਣ ਸਾਰ ਇਹ ਪੌਧ ਬਿਨਾ ਕੁਮਲਾਏ ਜਾਂ ਸੁੱਕੇ ਪਹਿਲੇ ਦਿਨ ਚੱਲ ਪੈਂਦੀ ਹੈ।
* ਕੱਚੀ ਉਮਰ ਦੀ ਹੋਣ ਕਰਕੇ ਇਹ ਆਮ ਨਾਲੋਂ ਜ਼ਿਆਦਾ ਫੋਟ ਕਰਦੀ ਹੈ।
* ਵਧੇਰੇ ਅਤੇ ਤੇਜ਼ੀ ਨਾਲ ਫੁਟਾਰਾ ਹੋਣ ਕਰਕੇ ਫਸਲ ਛੇਤੀ ਜ਼ਮੀਨ ਢਕ ਜਾਂਦੀ ਹੈ। ਜਿਸ ਸਦਕਾ ਨਦੀਨਾਂ ਤੋਂ ਬਚਾਅ ਰਹਿੰਦਾ ਹੈ।
ਵਿਸ਼ੇਸ਼ ਨੋਟ: ਪਨੀਰੀ ਪੁੱਟਣ ਤੋਂ 24 ਘੰਟੇ ਪਹਿਲਾਂ ਕਨਾਲ ਦੀ 2.5 ਕਿੱਲੋ ਪੀਠੀ ਹੋਈ ਸਰ੍ਹੋਂ ਦੀ ਖਲ੍ਹ ਮਿੱਟੀ 'ਚ ਰਲਾ ਕੇ ਛੱਟਾ ਦੇਣ ਉਪਰੰਤ ਪਾਣੀ ਲਾਉ। ਅਜਿਹਾ ਕਰਨ ਨਾਲ ਜ਼ਮੀਨ ਨਰਮਾਈ ਫੜ ਜਾਵੇਗੀ ਅਤੇ ਸਾਨੂੰ ਪੌਧ ਪੁੱਟਣ 'ਚ ਸੌਖਿਆਈ ਰਹੇਗੀ। (ਸਮਾਪਤ)

ਇਸ ਮਹੀਨੇ ਦੇ ਖੇਤੀ ਰੁਝੇਵੇਂ

ਪਸ਼ੂ ਪਾਲਣ
ਇਸ ਮੌਸਮ ਦੌਰਾਨ ਮੱਝਾਂ ਵਿਚ ਗੂੰਗੇ ਹੇਹੇ ਦੀ ਵੱਡੀ ਮੁਸ਼ਕਿਲ ਹੁੰਦੀ ਹੈ, ਸੋ ਮੱਝਾਂ ਨੂੰ ਸਵੇਰੇ ਸਵਖਤੇ ਅਤੇ ਸ਼ਾਮ ਵੇਲੇ ਗਹੁ ਨਾਲ ਦੇਖਣਾ ਚਾਹੀਦਾ ਹੈ। ਜੇ ਮੱਝਾਂ ਤਾਰਾਂ ਕਰਦੀਆਂ ਹਨ ਤਾਂ ਇਹ ਹੇਹੇ ਦੀ ਨਿਸ਼ਾਨੀ ਹੈ। ਪਸ਼ੂਆਂ ਨੂੰ ਗਲ-ਘੋਟੂ, ਪੱਟ ਸੋਜ਼ ਦੇ ਟੀਕੇ ਲਗਾਉਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਪਸ਼ੂਆਂ ਨੂੰ ਬਚਾਇਆ ਜਾ ਸਕੇ। ਪਸ਼ੂਆਂ ਵਿਚ ਚਿੱਚੜਾਂ, ਜੂੰਆਂ ਅਤੇ ਮੱਖੀਆਂ ਤੋਂ ਬਚਾਉਣ ਲਈ 0.1 ਫੀਸਦੀ ਬਿਊਟੋਕਸ ਦਵਾਈ ਦਾ ਛਿੜਕਾਅ ਕਰੋ ਤਾਂ ਹੋਣ ਵਾਲੇ ਨਕਸਾਨ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕੇ ਕਿਉਂਕਿ ਇਹ ਖੂਨ ਚੂਸਣ ਦੇ ਨਾਲ-ਨਾਲ ਹੋਰ ਬਿਮਾਰੀਆਂ ਫੈਲਾਉਂਦੇ ਹਨ। ਪਸ਼ੂਆਂ ਉੱਪਰ ਦਵਾਈ ਲਗਾਉਣ ਜਾਂ ਸ਼ੈੱਡ ਵਿਚ ਛਿੜਕਾਅ ਕਰਨ ਸਮੇਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਮੌਸਮ ਵਿਚ ਪਸੂਆਂ ਨੂੰ ਸ਼ੈੱਡ ਵਿਚ ਹੀ ਰੱਖੋ ਅਤੇ ਤਾਜ਼ਾ ਅਤੇ ਠੰਢਾ ਪਾਣੀ ਪਿਲਾਓ। ਪਸ਼ੂਆਂ ਨੂੰ ਗੰਦਾ ਪਾਣੀ ਨਹੀਂ ਪਿਲਾਉਣਾ ਚਾਹੀਦਾ। ਪਸ਼ੂਆਂ ਤੋਂ ਧੁੱਪ ਵੇਲੇ ਕੰਮ ਨਹੀਂ ਲੈਣਾ ਚਾਹੀਦਾ। ਜ਼ਖ਼ਮਾਂ ਉੱਪਰ ਮਲ੍ਹਮ ਲਗਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮੱਖੀਆਂ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ। ਲੂਆ ਲੱਗਣ ਕਾਰਨ ਨਾਸਾਂ ਵਿਚ ਖੂਨ ਨਿਕਲ ਸਕਦਾ ਹੈ। ਸੋ, ਮੂੰਹ ਨੂੰ ਉੱਪਰ ਚੁੱਕ ਕੇ ਸਿਰ ਵਿਚ ਠੰਢਾ ਪਾਣੀ ਪਾਉਣਾ ਚਾਹੀਦਾ ਹੈ। ਡਾਕਟਰ ਨਾਲ ਛੇਤੀ ਸੰਪਰਕ ਕਰਨਾ ਚਾਹੀਦਾ ਹੈ। ਜੇ ਤੇਜ਼ ਬੁਖਾਰ ਰਹਿੰਦਾ ਹੋਵੇਤਾਂ ਪਸ਼ੂਆਂ ਦੇ ਕੂਨ ਦੀ ਯੂਨੀਵਰਸਿਟੀ ਜਾਂ ਸਟੇਟ ਪ੍ਰਯੋਗਸ਼ਾਲਾ ਵਿਚ ਪਰਜੀਵੀ ਬਿਮਾਰੀਆਂ ਤੋਂ ਪਰਖ ਕਰਵਾਉਣੀ ਚਾਹੀਦੀ ਹੈ।
ਮੁਰਗੀ ਪਾਲਣ
ਪਾਣੀ ਵਿਚ ਬਰਤਨਾਂ ਦੀ ਗਿਣਤੀ ਦੁੱਗਣੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਮੁਰਗੀਆਂ ਨੂੰ ਠੰਢਾ ਪਾਣੀ ਪੀਣ ਲਈ 8 ਫੁੱਟ ਤੋਂ ਵੱਧ ਦੂਰੀ ਤੈਅ ਨਾ ਕਰਨੀ ਪਵੇ। ਮੁਰਗੀਆਂ ਨੂੰ ਸਾਫ਼, ਤਾਜ਼ਾ ਅਤੇ ਠੰਢਾ ਪਾਣੀ ਦਿਨ ਵਿਚ 3-4 ਵਾਰੀ ਦੇਵੋ। ਗਰਮ ਮੌਸਮ ਕਾਰਨ ਮੁਰਗੀਆਂ ਦੀ ਖੁਰਾਕ ਖਾਣ ਦੀ ਸਮਰੱਥਾ ਘੱਟ ਜਾਂਦੀ ਹੈ। ਸੋ, ਖੁਰਾਕ ਵਿਚ 16-20 ਫੀਸਦੀ ਪ੍ਰੋਟੀਨ, ਵਿਟਾਮਿਨ ਅਤੇ ਧਾਤਾਂ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ। ਖੂਨੀ ਦਸਤ ਤੋਂ ਬਚਾਉਣ ਲਈ ਖੁਰਾਕ ਵਿਚ ਦਵਾਈ ਮਿਲਾਉਣੀ ਚਾਹੀਦੀ ਹੈ। ਪਿੰਜਰਾ ਸਿਸਟਮ ਵਿਚ ਬਰਸਾਤ ਸ਼ੁਰੂ ਹੋਣ ਤੱਕ ਫੋਗਰ ਸਿਸਟਮ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਮੁਰਗੀਆਂ ਵਿਚ ਕੋਈ ਮੁਸ਼ਕਿਲ ਆ ਰਹੀ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰੋ।
ਖੁੰਬਾਂ ਦੀ ਕਾਸ਼ਤ
ਸਰਦ ਰੁੱਤ ਖੁੰਬਾਂ (ਬਟਨ ਖੁੰਬ) ਦੀ ਕਾਸ਼ਤ ਅਕਤੂਬਰ ਤੋਂ ਮਾਰਚ ਦੌਰਾਨ ਕੀਤੀ ਜਾਂਦੀ ਹੈ, ਇਸ ਲਈ ਤੀਜੀ ਤੂੜੀ ਅਤੇ ਰੂੜੀ ਦੀ ਖਾਦ (ਗਲੀ ਹੋਈ) ਦਾ ਇੰਤਜ਼ਾਮ ਕਰੋ। ਗਰਮ ਰੁੱਤ ਖੁੰਬ (ਪਰਾਲੀ ਵਾਲੀ ਖੁੰਬ) ਦੀ ਕਾਸ਼ਤ ਜੂਨ ਮਹੀਨੇ ਵਿਚ ਵੀ ਜਾਰੀ ਰੱਖੋ। ਇਸ ਲਈ ਪਰਾਲੀ ਦੇ ਪੂਲੇ (1.5 ਕਿਲੋ ਦੇ) ਗਿੱਲੇ ਕਰੋ ਅਤੇ ਪਰਾਲੀ ਦੇ ਬੈੱਡ ਲਗਾਓ। ਰੋਜ਼ਾਨਾ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਫਸਲ ਦੀ ਤੁੜਾਈ ਇਕ ਮਹੀਨੇ ਤੱਕ ਕਰੋ। ਮਿਲਕੀ ਖੁੰਬ ਦੇ ਲਿਫ਼ਾਫ਼ੇ ਜੋ ਕਿ ਅਪ੍ਰੈਲ-ਮਈ ਵਿਚ ਬਿਜਾਈ ਕੀਤੇ ਗਏ ਹਨ, ਉਨ੍ਹਾਂ ਦੀ ਕੇਸਿੰਗ ਕੀਤੀ ਜਾਵੇ। ਬੈਗ ਵਿਚ ਖੁੰਬਾਂ 15-17 ਦਿਨ ਕੇਸਿੰਗ ਕਰਨ ਤੋਂ ਬਾਅਦ ਸ਼ੁਰੂ ਹੋਣਗੀਆਂ।


-ਅਮਰਜੀਤ ਸਿੰਘ

ਪਰਾਲੀ ਨੂੰ ਖੇਤ ਵਿਚ ਵਾਹ ਕੇ ਲਾਹਾ ਖੱਟਣ ਵਾਲਾ ਬੂਟਾ ਸਿੰਘ

ਬੂਟਾ ਸਿੰਘ ਸਪੁੱਤਰ ਪ੍ਰਿਤਪਾਲ ਸਿੰਘ ਪਿੰਡ ਧੀਰਾ ਪੱਤਰਾ, ਬਲਾਕ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਕਿਸਾਨ ਹੈ। ਇਹ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਨਾਲ 15 ਸਾਲ ਤੋਂ ਜੁੜਿਆ ਹੋਇਆ ਹੈ। ਉਹ ਆਪਣੀ 25 ਏਕੜ ਜ਼ਮੀਨ ਉਤੇ ਉਲਟਾਵੇਂ ਹਲ ਅਤੇ ਰੋਟਾਵੇਟਰ ਨਾਲ ਪਰਾਲੀ ਦੀ ਖੇਤ ਵਿਚ ਹੀ ਸੰਭਾਲ ਕਰ ਰਿਹਾ ਹੈ ਅਤੇ ਪਿਛਲੇ 6 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਕਰਦਾ ਹੈ। ਬੂਟਾ ਸਿੰਘ ਦੇ ਦੱਸਣ ਅਨੁਸਾਰ ਜਦੋਂ ਤੋਂ ਉਹ ਝੋਨੇ ਅਤੇ ਕਣਕ ਦੇ ਨਾੜ ਨੂੰ ਖੇਤ ਵਿਚ ਹੀ ਮਿਲਾ ਰਿਹਾ ਹੈ, ਉਦੋਂ ਤੋਂ ਹੀ ਉਨ੍ਹਾਂ ਦੇ ਖੇਤ ਵਿਚ ਪੈਦਾਵਾਰ ਸ਼ਕਤੀ ਵਿਚ ਕਾਫੀ ਵਾਧਾ ਹੋਇਆ ਹੈ ਜਿਸ ਨਾਲ ਖੇਤ ਵਿਚ ਰਸਾਇਣਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਬਹੁਤ ਮਿਕਦਾਰ ਵਿਚ ਘਟੀ ਹੈ। ਜਿਸ ਨਾਲ ਉਹ ਹਰ ਸਾਲ ਜੈਵਿਕ ਖੇਤੀ ਅਧੀਨ ਰਕਬਾ ਵਧਾ ਰਹੇ ਹਨ। ਉਨ੍ਹਾਂ ਦੇ ਇਨ੍ਹਾਂ ਸ਼ਲਾਘਾਯੋਗ ਯਤਨਾਂ ਸਦਕਾ ਆਸੇ-ਪਾਸੇ ਦੇ ਪਿੰਡਾਂ ਵਿਚ ਦੂਸਰੇ ਕਿਸਾਨ ਵੀ ਇਸ ਵਿਧੀ ਨੂੰ ਅਪਣਾ ਰਹੇ ਹਨ। ਉਨ੍ਹਾਂ ਦੀ ਮਿਹਨਤ ਨਾਲ ਬਣੇ ਕਿਸਾਨ ਗਰੁੱਪ ਨੇ ਸਬਸਿਡੀ 'ਤੇ ਮਸ਼ੀਨਰੀ ਲਿਆਂਦੀ ਹੈ ਅਤੇ ਪਿੰਡ ਦੇ ਨੌਜਵਾਨਾਂ ਨੂੰ ਇਸ ਮਸ਼ੀਨਰੀ ਰਾਹੀਂ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਇਨ੍ਹਾਂ ਨੇ ਫ਼ਸਲਾਂ ਦੇ ਨਾੜ ਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਲਈ ਵੱਡਾ ਹੰਭਲਾ ਮਾਰ ਕੇ ਸਰਕਾਰ ਵਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਦੀ ਲਹਿਰ ਨੂੰ ਪ੍ਰਫੁੱਲਿਤ ਕਰਨ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਹੈ। ਇਸ ਦੇ ਨਾਲ-ਨਾਲ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਯਤਨਾਂ ਨੂੰ ਦੇਖਦੇ ਹੋਏ ਉਸ ਦੇ ਪਿੰਡ ਵਿਚ ਵਸਦੇ ਲਗਪਗ 60-70 ਫੀਸਦੀ ਕਿਸਾਨ ਭਰਾਵਾਂ ਨੇ ਵੀ ਕਣਕ ਤੇ ਝੋਨੇ ਦੇ ਨਾੜ ਨੂੰ ਅੱਗ ਨਾ ਲਗਾ ਕੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਦਬਾਇਆ ਹੈ।
ਬੂਟਾ ਸਿੰਘ ਦੇ ਸ਼ਲਾਘਾਯੋਗ ਉਪਰਾਲਿਆਂ ਨੂੰ ਦੇਖਦੇ ਹੋਏ ਅਤੇ ਹੋਰ ਕਿਸਾਨ ਵੀਰਾਂ ਨੂੰ ਉਤਸ਼ਾਹਿਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਉਨ੍ਹਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਸਬੰਧੀ ਲਗਾਏ ਗਏ ਕਿਸਾਨ ਮੇਲੇ ਦੌਰਾਨ ਸਨਮਾਨਿਤ ਵੀ ਕੀਤਾ ਗਿਆ। ਉਸ ਨੂੰ ਭਾਰਤ ਦੇ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਵਲੋਂ ਵੀ ਨੈਸ਼ਨਲ ਗੋਪਾਲ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਨੂੰ ਕੁਦਰਤੀ ਖੇਤੀ ਦੇ ਖੇਤਰ ਵਿਚ ਕੀਤੇ ਗਏ ਵਿਸ਼ੇਸ਼ ਕਾਰਜਾਂ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਰਗੈਨਿਕ ਫਾਰਮਰ ਕਲੱਬ ਦਾ ਪ੍ਰਧਾਨ ਵੀ ਬਣਾਇਆ ਗਿਆ ਹੈ, ਜਿਸ ਮਗਰੋਂ ਉਹ ਪੂਰੇ ਰਾਜ ਦੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਲਈ ਕੰਮ ਕਰ ਰਿਹਾ ਹੈ।


-ਗੁਰਜੰਟ ਸਿੰਘ ਔਲਖ ਅਤੇ ਵਿੱਕੀ ਸਿੰਘ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX