ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 minute ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  about 2 hours ago
ਭੁਵਨੇਸ਼ਵਰ, 25 ਜੂਨ - ਉਡੀਸ਼ਾ ਦੇ ਸਿੰਗਾਪੁਰ ਤੇ ਕਿਉਟਗੁਡਾ ਰੇਲ ਮਾਰਗ 'ਤੇ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦਾ ਇੰਜਨ, ਫ਼ਰੰਟ ਗਾਰਡ ਕਮ ਲਗੇਜ ਵੈਨ ਅਤੇ ਇੱਕ ਜਨਰਲ ਡੱਬਾ ਪਟੜੀ ਤੋਂ ਉੱਤਰਨ...
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  about 2 hours ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  about 2 hours ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  about 2 hours ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  about 2 hours ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ...
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  1 minute ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪਹਿਲਾ ਖਿਡਾਰੀ (ਜੇਮਸ ਵਿਨਸ) ਬਿਨਾਂ ਦੌੜ ਬਣਾਏ ਆਊਟ
. . .  about 3 hours ago
ਪੰਜਾਬ ਸਰਕਾਰ ਵਲੋਂ ਪਦ-ਉਨੱਤ 41 ਐੱਸ.ਐਮ.ਓਜ਼ ਦੀਆਂ ਤਾਇਨਾਤੀਆਂ ਤੇ 23 ਦੇ ਤਬਾਦਲੇ
. . .  about 3 hours ago
ਗੜ੍ਹਸ਼ੰਕਰ, 25 ਜੂਨ (ਧਾਲੀਵਾਲ)- ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂਂ ਇਕ ਹੁਕਮ ਜਾਰੀ ਕਰਦੇ ਹੋਏ ਰਾਜ ਵਿਚ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ ਜਿੱਤਣ ਲਈ ਰੱਖਿਆ 286 ਦੌੜਾਂ ਦਾ ਟੀਚਾ
. . .  about 3 hours ago
ਹੋਰ ਖ਼ਬਰਾਂ..

ਲੋਕ ਮੰਚ

ਅੱਗ ਲੱਗਣ ਤੋਂ ਬਚਾਅ ਲਈ ਸਾਵਧਾਨੀ ਜ਼ਰੂਰੀ!

ਅੱਜਕਲ੍ਹ ਗਰਮੀ ਦਾ ਮੌਸਮ ਚੱਲ ਰਿਹਾ ਹੈ ਅਤੇ ਤਾਪਮਾਨ ਵੀ ਆਪਣੇ ਸਿਖਰਾਂ 'ਤੇ ਹੈ। ਹਰ ਜੀਵ-ਜੰਤੂ ਤੇ ਪ੍ਰਾਣੀ ਗਰਮੀ ਤੋਂ ਪ੍ਰਭਾਵਿਤ ਹੋਇਆ ਪਿਆ ਹੈ। ਅਜਿਹੇ ਸਮੇਂ ਵਿਚ ਦਰੱਖਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਨ ਦਾ ਖਦਸ਼ਾ ਰਹਿੰਦਾ ਹੈ, ਜੋ ਕਿ ਬਹੁਤ ਹੀ ਮੰਦਭਾਗਾ ਵਰਤਾਰਾ ਹੈ, ਕਿਉਂਕਿ ਜੰਗਲਾਂ ਨੂੰ ਅੱਗ ਲੱਗਣ ਨਾਲ ਜਿੱਥੇ ਤਾਪਮਾਨ ਵਿਚ ਹੋਰ ਜ਼ਿਆਦਾ ਵਾਧਾ ਹੋ ਜਾਂਦਾ ਹੈ, ਉੱਥੇ ਹੀ ਅੱਗ ਲੱਗਣ ਨਾਲ ਕਈ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ, ਕੁਦਰਤ ਦਾ ਨੁਕਸਾਨ ਹੁੰਦਾ ਹੈ ਤੇ ਨਾਲ ਹੀ ਕਈ ਤਰ੍ਹਾਂ ਦੀਆਂ ਜੀਵ-ਜੰਤੂਆਂ ਦੀਆਂ ਨਸਲਾਂ ਇਸ ਤੋਂ ਪ੍ਰਭਾਵਿਤ ਹੁੰਦੀਆਂ ਹਨ। ਕਈ ਵਾਰ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਅਤੇ ਲੋਕਾਂ ਦੇ ਘਰਾਂ ਦੇ ਘਰ ਅੱਗ ਨਾਲ ਤਬਾਹ ਹੋ ਜਾਂਦੇ ਹਨ। ਜੰਗਲ, ਸੁੱਕੇ ਨਾੜ, ਸੁੱਕੇ ਦਰੱਖਤਾਂ, ਬੂਟਿਆਂ, ਝਾੜੀਆਂ ਆਦਿ ਨੂੰ ਅੱਗ ਲੱਗਣ ਨਾਲ ਬਹੁਤੇ ਜੀਵ-ਜੰਤੂ ਨਾ ਚਾਹੁੰਦੇ ਹੋਏ ਵੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਸਾਡੇ ਵੱਡੇ-ਵਡੇਰਿਆਂ ਤੇ ਮਹਾਂਪੁਰਖਾਂ ਨੇ ਇਹ ਸਿੱਖਿਆ ਦਿੱਤੀ ਹੈ ਕਿ ਜਾਣ-ਬੁੱਝ ਕੇ ਜੰਗਲਾਂ, ਝਾੜੀਆਂ, ਬੂਟੀਆਂ, ਸੁੱਕੇ ਦਰੱਖਤਾਂ ਆਦਿ ਨੂੰ ਅੱਗ ਲਗਾਉਣਾ ਕੇਵਲ ਪਾਪ ਹੀ ਨਹੀਂ, ਸਗੋਂ ਮਹਾਂਪਾਪ ਹੈ, ਜਿਸ ਦਾ ਖਮਿਆਜ਼ਾ ਕੁਦਰਤ ਵਲੋਂ ਮਨੁੱਖ ਨੂੰ ਭੁਗਤਣਾ ਹੀ ਪੈਂਦਾ ਹੈ। ਇਸ ਲਈ ਸਾਨੂੰ ਆਪਣੇ ਪੱਧਰ 'ਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੰਗਲਾਂ, ਜੜ੍ਹੀ ਬੂਟੀਆਂ, ਝਾੜੀਆਂ, ਘਾਹ ਆਦਿ ਨੂੰ ਅੱਗ ਲੱਗਣ ਦੀ ਨੌਬਤ ਹੀ ਨਾ ਆਵੇ। ਸਾਨੂੰ ਆਪਣੇ ਖੇਤਾਂ ਦੇ ਵਿਅਰਥ ਘਾਹ-ਫੂਸ, ਨਾੜ ਆਦਿ ਨੂੰ ਵੀ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਾਂ ਥੋੜ੍ਹੀ-ਬਹੁਤੀ ਅੱਗ ਲਗਾਉਣ ਸਮੇਂ ਵੀ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਅੱਗ ਨਾ ਫੈਲੇ। ਕਈ ਵਾਰ ਸਾਡੇ ਖੇਤਾਂ ਵਿਚ ਜਾਂ ਵਣ-ਸੰਪਦਾ ਦੇ ਨੇੜੇ ਜਾਂ ਸੁੱਕੇ ਘਾਹ-ਫੂਸ ਦੇ ਕੋਲ ਕਈ ਵਾਰ ਬਿਜਲੀ ਦੀਆਂ ਤਾਰਾਂ ਵਿਚੋਂ ਰੌਸ਼ਨੀ ਨਿਕਲਦੀ ਨਜ਼ਰ ਆਉਂਦੀ ਹੈ ਜਾਂ ਬਿਜਲੀ ਦੀਆਂ ਤਾਰਾਂ ਵਿਚ ਕੋਈ ਹੋਰ ਨੁਕਸ ਨਜ਼ਰ ਆਉਂਦਾ ਹੈ ਤਾਂ ਸਾਨੂੰ ਫੌਰੀ ਤੌਰ 'ਤੇ ਇਸ ਸਬੰਧੀ ਸਬੰਧਿਤ ਵਿਭਾਗ ਨੂੰ ਜਾਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ। ਆਪਣੇ ਮਨ ਦੀਆਂ ਭਾਵਨਾਵਾਂ ਅਨੁਸਾਰ ਅਸੀਂ ਕਈ ਵਾਰ ਖੇਤਾਂ ਵਿਚ ਖੂਹਾਂ 'ਤੇ ਜਾਂ ਖੇਤਾਂ ਵਿਚ ਬਣਾਏ ਹੋਏ ਧਾਰਮਿਕ ਅਸਥਾਨਾਂ 'ਤੇ ਦੀਵੇ ਜਾਂ ਧੂਪ ਆਦਿ ਜਗਾ ਦਿੰਦੇ ਹਾਂ, ਜੋ ਕਿ ਬਾਅਦ ਵਿਚ ਤੇਜ਼ ਹਨੇਰੀ ਚੱਲਣ ਆਦਿ ਨਾਲ ਆਲੇ-ਦੁਆਲੇ ਦੇ ਖੇਤਰ ਵਿਚ ਅੱਗ ਲੱਗਣ ਦਾ ਕਾਰਨ ਬਣ ਸਕਦਾ ਹੈ। ਇਸ ਬਾਰੇ ਵੀ ਜੇਕਰ ਅਸੀਂ ਥੋੜ੍ਹਾ ਧਿਆਨ ਰੱਖੀਏ ਤਾਂ ਕੋਈ ਵੀ ਮੰਦਭਾਗੀ ਘਟਨਾ ਨਹੀਂ ਵਾਪਰ ਸਕੇਗੀ। ਇਸ ਤੋਂ ਇਲਾਵਾ ਜੇਕਰ ਅਜਿਹੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਸਾਡੇ ਕੋਲ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਫਾਇਰ ਬ੍ਰਿਗੇਡ ਆਦਿ ਦਾ ਸੰਪਰਕ ਨੰਬਰ ਵੀ ਆਪਣੇ ਕੋਲ ਰੱਖਣਾ ਚਾਹੀਦਾ ਹੈ। ਬੀੜੀ-ਸਿਗਰਟ ਆਦਿ ਪੀਣ ਵਾਲੇ ਵਿਅਕਤੀਆਂ ਨੂੰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਸੋ, ਬਿਹਤਰ ਇਹੋ ਹੋਵੇਗਾ ਕਿ ਕਿਸੇ ਵੀ ਦੁਰਘਟਨਾ ਲਈ ਦੂਸਰੇ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਪਹਿਲਾਂ ਅਸੀਂ ਆਪ ਸੁਚੇਤ ਹੋ ਜਾਈਏ ਅਤੇ ਉਸ ਦੇ ਬਚਾਅ ਲਈ ਯਥਾਸੰਭਵ ਉਪਰਾਲੇ ਕਰੀਏ ਅਤੇ ਮਾਨਵਤਾ ਧਰਮ ਨਿਭਾਈਏ। ਇਹੋ ਇਨਸਾਨੀਅਤ ਹੈ ਤੇ ਇਹੋ ਕੁਦਰਤ ਨਾਲ ਸੱਚਾ ਪਿਆਰ ਹੈ।

-ਸ੍ਰੀ ਅਨੰਦਪੁਰ ਸਾਹਿਬ। ਮੋਬਾ: 94785-61356


ਖ਼ਬਰ ਸ਼ੇਅਰ ਕਰੋ

ਆਓ! ਮਰ ਕੇ ਜਿਊਂਦੇ ਰਹਿਣ ਦਾ ਪੁੰਨ ਖੱਟੀਏ

ਛੋਟੇ ਹੁੰਦੇ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਪਸ਼ੂਆਂ ਦੇ ਸਰੀਰ ਮਰਨ ਤੋਂ ਬਾਅਦ ਵੀ ਕੰਮ ਆ ਜਾਂਦੇ ਹਨ ਪਰ ਬੰਦੇ ਦਾ ਸਰੀਰ ਕਿਸੇ ਦਾ ਕਾਜ ਨਹੀਂ ਸਵਾਰਦਾ। ਪਰ ਅੱਜ ਵਿਗਿਆਨ ਦਾ ਯੁੱਗ ਹੈ ਅਤੇ ਹੁਣ ਇਹ ਸੰਭਵ ਹੋ ਗਿਆ ਹੈ ਕਿ ਮਰਨ ਤੋਂ ਬਾਅਦ ਵੀ ਬੰਦੇ ਦੇ ਸਰੀਰ ਤੋਂ ਕੰਮ ਲਿਆ ਜਾ ਸਕਦਾ ਹੈ। ਅੱਜ ਹਜ਼ਾਰਾਂ ਮਨੁੱਖ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ, ਗੁਰਦਿਆਂ, ਜਿਗਰ ਜਾਂ ਪਾਚਕ ਗ੍ਰੰਥੀਆਂ ਦੇ ਖ਼ਰਾਬ ਹੋ ਜਾਣ ਕਾਰਨ ਜਾਂ ਖੂਨ ਦੀ ਕਮੀ ਹੋਣ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਲੱਖਾਂ ਦੀ ਗਿਣਤੀ ਵਿਚ ਲੋਕ ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਹੁੰਦੇ ਹਨ, ਅੱਖਾਂ ਦੇ ਪਾਰਦਰਸ਼ੀ ਪਰਦੇ (ਕੋਰਨੀਆ) ਖ਼ਰਾਬ ਹੋ ਜਾਣ ਕਾਰਨ ਜੋਤਹੀਣ ਹੋ ਜਾਂਦੇ ਹਨ। ਜੇਕਰ ਅਸੀਂ ਆਪਣੇ ਤੰਦਰੁਸਤ ਅੰਗ ਅਤੇ ਖ਼ੂਨ ਜ਼ਰੂਰਤਮੰਦਾਂ ਲਈ ਦਾਨ ਕਰਨ ਦੀ ਹਿੰਮਤ ਵਿਖਾਈਏ ਤਾਂ ਲੱਖਾਂ ਮਰੀਜ਼ਾਂ ਨੂੰ ਜ਼ਿੰਦਗੀ ਰੂਪੀ ਤੋਹਫ਼ਾ ਦੇ ਸਕਦੇ ਹਾਂ ਅਤੇ ਹਜ਼ਾਰਾਂ ਹੀ ਜੋਤਹੀਣਾਂ ਦੀ ਬੇਰੰਗ ਜ਼ਿੰਦਗੀ ਵਿਚ ਰੰਗ ਭਰੇ ਜਾ ਸਕਦੇ ਹਨ। 18 ਸਾਲ ਦੀ ਉਮਰ ਤੋਂ ਉੱਪਰ ਦਾ ਹਰ ਇਕ ਸਿਹਤਮੰਦ ਸਰੀਰ ਆਪਣੀ ਮਰਜ਼ੀ ਨਾਲ ਅਤੇ ਇਸ ਤੋਂ ਛੋਟੀ ਉਮਰ ਦਾ ਆਪਣੇ ਮਾਂ-ਪਿਓ ਦੀ ਆਗਿਆ ਨਾਲ ਅੰਗਦਾਨ ਕਰ ਸਕਦਾ ਹੈ। ਅਸੀਂ ਜਿਊਂਦੇ ਜੀਅ ਇਕ ਗੁਰਦਾ, ਜਿਗਰ ਜਾਂ ਪਾਚਨ ਗ੍ਰੰਥੀ (ਪੈਂਕਰੀਆਜ਼) ਦਾ ਇਕ ਭਾਗ ਅਤੇ ਹੱਡੀਆਂ ਦੀ ਮਿੱਝ (ਬੋਨ ਮੈਰੋ) ਦੇ ਰੂਪ ਵਿਚ ਅੰਗਦਾਨ ਕਰਕੇ ਬਿਨਾਂ ਕਿਸੇ ਸਰੀਰਕ ਹਾਨੀ ਦੇ ਪਹਿਲਾਂ ਵਾਂਗ ਹੀ ਆਮ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਅਸੀਂ ਹਰ 3 ਮਹੀਨਿਆਂ ਬਾਅਦ ਖੂਨ ਦਾਨ ਕਰਕੇ ਵੀ ਕਈ ਜ਼ਿੰਦਗੀਆਂ ਬਚਾਅ ਸਕਦੇ ਹਾਂ। ਇਕ ਸਰੀਰ ਦੀ ਮੌਤ ਤੋਂ ਬਾਅਦ ਉਸ ਦਾ ਦਿਲ, ਦਿਲ ਦੇ ਵਾਲਵ, ਫੇਫੜੇ, ਗੁਰਦੇ, ਪਾਚਕ ਗ੍ਰੰਥੀਆਂ, ਅੱਖਾਂ, ਚਮੜੀ (ਸਿਝਕਨ), ਹੱਡੀਆਂ, ਹੱਡੀਆਂ ਦੀ ਮਿੱਝ, ਜੋੜਨ ਵਾਲੇ ਟਿਸ਼ੂ (ਕੁਨੈਕਟਿੰਗ ਟਿਸ਼ੂਜ਼), ਕੰਨਾਂ ਦਾ ਵਿਚਕਾਰਲਾ ਭਾਗ (ਮਿਡਲ ਈਅਰ) ਅਤੇ ਖੂਨ ਵਾਲੀਆਂ ਨਾੜੀਆਂ (ਬਲੱਡ ਵੈਸਲਜ਼) ਦਾ ਦਾਨ ਕੀਤਾ ਜਾ ਸਕਦਾ ਹੈ। ਅਸੀਂ ਆਪਣਾ ਪੂਰਾ ਸਰੀਰ ਵੀ ਡਾਕਟਰੀ ਵਿੱਦਿਆ ਅਤੇ ਖੋਜ ਲਈ ਦਾਨ ਕਰ ਸਕਦੇ ਹਾਂ। ਲੱਖਾਂ ਲੋਕ ਹਸਪਤਾਲਾਂ ਵਿਚ ਬੈਠੇ ਸਾਡੀ ਰਾਹ ਤੱਕ ਰਹੇ ਹਨ। ਹੁਣ ਜੇਕਰ ਤੁਸੀਂ ਆਪਣੀ ਮੌਤ ਤੋਂ ਬਾਅਦ ਕਿਸੇ ਨੂੰ ਜੀਵਨ ਦੇਣ ਦਾ ਮਨ ਬਣਾ ਲਿਆ ਹੈ ਤਾਂ ਆਪਣੇ ਸਥਾਨਕ ਹਸਪਤਾਲ ਨਾਲ ਤੁਰੰਤ ਰਾਬਤਾ ਕਾਇਮ ਕਰੋ। ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇੰਟਰਨੈੱਟ ਦੀ ਵੀ ਵਰਤੋਂ ਕਰ ਸਕਦੇ ਹੋ। ਮੌਜੂਦਾ ਸਮੇਂ ਵਿਚ ਹਸਪਤਾਲਾਂ ਵਲੋਂ ਅੰਗਦਾਨ ਕਰਨ ਲਈ ਆਨਲਾਈਨ ਫਾਰਮ ਭਰਨ ਦੀ ਵੀ ਸੁਵਿਧਾ ਉਪਲਬਧ ਹੈ। ਅੰਗ ਦਾਨ ਕਰਨ ਦੇ ਆਪਣੇ ਇਸ ਫੈਸਲੇ ਬਾਰੇ ਆਪਣੇ ਪਰਿਵਾਰ ਨੂੰ ਜ਼ਰੂਰ ਦੱਸੋ, ਤਾਂ ਜੋ ਉਹ ਤੁਹਾਡੀ ਮੌਤ ਤੋਂ ਬਾਅਦ ਤੁਹਾਡੀ ਇੱਛਾ ਨੂੰ ਪੂਰਾ ਕਰ ਸਕਣ। ਜਦੋਂ ਰੋਜ਼ਾਨਾ ਅਨਮੋਲ ਮਾਨਵ ਅੰਗ (ਅੱਖਾਂ, ਦਿਲ, ਗੁਰਦੇ, ਆਦਿ) ਮਰਨ ਵਾਲੇ ਲੋਕਾਂ ਨਾਲ ਦਫ਼ਨਾ ਦਿੱਤੇ ਜਾਂਦੇ ਹਨ ਤਾਂ ਸਾਨੂੰ ਏਨੀ ਚਿੰਤਾ ਕਿਉਂ ਨਹੀਂ ਹੁੰਦੀ। ਸਾਨੂੰ ਲੋੜ ਹੈ ਮਾਨਵ ਅੰਗਾਂ ਦੀ ਕੀਮਤ ਸਮਝਣ ਦੀ। ਆਓ ਅਸੀਂ ਵੀ ਹੰਭਲਾ ਮਾਰੀਏ ਅਤੇ ਮਰ ਕੇ ਵੀ ਕਿਸੇ ਦੀ ਖੁਸ਼ੀ ਦਾ ਕਾਰਨ ਬਣੀਏ।

-ਪਿੰਡ ਕੌਲਸੇੜੀ, ਤਹਿ: ਧੂਰੀ, ਜ਼ਿਲ੍ਹਾ ਸੰਗਰੂਰ। ਮੋਬਾ: 81959-29011

ਪੰਜਾਬ ਲਈ ਖ਼ਤਰੇ ਦੀ ਘੰਟੀ ਵੱਜਣ ਲਈ ਤਿਆਰ

ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿਚ ਹੈ। ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ। ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖ਼ਤਮ ਹੋ ਚੁੱਕਾ ਹੈ। ਦੂਜੀ ਪਰਤ ਲਗਪਗ 100 ਤੋਂ 200 ਫੁੱਟ ਉੱਤੇ ਹੈ। ਇਹ ਵੀ 10 ਸਾਲ ਪਹਿਲਾਂ ਸੁੱਕ ਗਈ ਸੀ। ਹੁਣ ਪੰਜਾਬ ਤੀਜੀ ਪਰਤ, ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ, ਨੂੰ ਵਰਤ ਰਿਹਾ ਹੈ, ਜੋ ਕਿ ਅਗਲੇ ਦਹਾਕੇ ਤੱਕ ਖ਼ਤਮ ਹੋ ਜਾਵੇਗੀ। ਇਸ ਪਰਤ ਵਿਚਲੇ ਪਾਣੀ ਦੇ ਖ਼ਤਮ ਹੋ ਜਾਣ ਕਾਰਨ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖ਼ਤਮ ਹੋ ਜਾਣਗੀਆਂ। ਵਿਗਿਆਨ ਦੱਸਦਾ ਹੈ ਕਿ ਤਿੰਨ ਪਰਤਾਂ ਵਿਚੋਂ ਕੇਵਲ ਉਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁਝ-ਕੁਝ ਭਰ ਸਕਦੀ ਹੈ। ਜੇ ਪਾਣੀ ਭਰ ਵੀ ਜਾਵੇ ਤਾਂ ਇਹ ਪਾਣੀ ਕਈ ਸਦੀਆਂ ਤੱਕ ਪੀਣ-ਯੋਗ ਨਹੀਂ ਰਹੇਗਾ। ਦੂਜੀ ਅਤੇ ਤੀਜੀ ਪਰਤ ਵਿਚ ਪਾਣੀ ਲੱਖਾਂ ਸਾਲਾਂ ਤੱਕ ਪਹੁੰਚਦਾ ਹੈ। ਇਸ ਵਿਚਲਾ ਤੁਪਕਾ-ਤੁਪਕਾ ਬੇਹੱਦ ਕੀਮਤੀ ਅਤੇ ਕੁਦਰਤ ਦਾ ਪੰਜਾਬ ਨੂੰ ਤੋਹਫ਼ਾ ਹੈ। ਦਰਿਆਈ ਪਾਣੀ ਪੰਜਾਬ ਤੋਂ ਬਾਹਰ ਜਾਣ ਕਾਰਨ ਪੰਜਾਬੀ ਧਰਤੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋ ਗਏ। ਮਾਹਿਰਾਂ ਅਨੁਸਾਰ ਇਕ ਕਿਲੋ ਚੌਲ ਪੈਦਾ ਕਰਨ ਲਈ 4000 ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਪੰਜਾਬ ਦੇ 14 ਲੱਖ ਟਿਊਬਵੈੱਲ ਪੰਜਾਬ ਨੂੰ ਲਗਾਤਾਰ ਖਾਤਮੇ ਵੱਲ ਲਿਜਾ ਰਹੇ ਹਨ। ਪੰਜਾਬ ਵਿਚ ਆਉਂਦੇ 15-20 ਸਾਲਾਂ ਵਿਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਅਤੇ ਪੰਜਾਬ ਦੇ 2.5 ਕਰੋੜ ਤੋਂ ਵੱਧ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ। ਦਰਿਆਈ ਪਾਣੀ ਵਿਚ ਕਈ ਤਰ੍ਹਾਂ ਦੇ ਕੀਮਤੀ ਤੱਤ ਹੁੰਦੇ ਹਨ, ਜੋ ਕਿ ਫਸਲਾਂ ਲਈ ਬਹੁਤ ਜ਼ਰੂਰੀ ਹੁੰਦੇ ਹਨ। ਦਰਿਆਈ ਪਾਣੀਆਂ ਦੀ ਅਣਹੋਂਦ ਕਾਰਨ ਇਹ ਕਮੀ ਸਾਨੂੰ ਰਸਾਇਣਕ ਖਾਦਾਂ ਦੁਆਰਾ ਪੂਰੀ ਕਰਨੀ ਪੈਂਦੀ ਹੈ। ਦਰਿਆਈ ਪਾਣੀ ਬਾਹਰ ਭੇਜਣ ਕਾਰਨ ਪੰਜਾਬ ਦਾ ਅਣਮੁੱਲਾ ਖਜ਼ਾਨਾ ਖ਼ਤਮ ਹੋਣ ਕੰਢੇ ਹੈ। ਅਜਿਹੇ ਹਾਲਾਤ ਵਿਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਪੰਜਾਬ ਸਰਕਾਰ ਨੂੰ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਵੀ ਉਪਰਾਲੇ ਕਰਨ ਦੀ ਲੋੜ ਹੈ, ਤਾਂ ਕਿ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕੇ।

-ਪ੍ਰਤਾਪ ਕਾਲਜ ਆਫ ਐਜੂਕੇਸ਼ਨ, ਲੁਧਿਆਣਾ। ਮੋਬਾ: 99143-21818

ਕਿਉਂ ਘਟ ਰਹੀ ਹੈ ਸਹਿਣਸ਼ੀਲਤਾ

ਮੌਜੂਦਾ ਦੌਰ 'ਚ ਜਿੱਥੇ ਜ਼ਿੰਦਗੀ ਨੇ ਰਫਤਾਰ ਫੜੀ ਹੈ, ਉੱਥੇ ਹੀ ਤਕਨੀਕੀ ਯੁੱਗ ਨੇ ਵੀ ਮਨੁੱਖਾਂ ਦੇ ਦਿਮਾਗ਼ 'ਤੇ ਡੂੰਘਾ ਅਸਰ ਪਾਇਆ ਹੈ। ਇਕ ਪਾਸੇ ਮਨੁੱਖ ਜਿੱਥੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਗਤੀਵਿਧੀਆਂ 'ਚ ਲੱਗਾ ਹੁੰਦਾ ਹੈ, ਉੱਥੇ ਹੀ ਤਕਨੀਕੀ ਕੰਮਾਂ ਨੇ ਵੀ ਮਨੁੱਖ ਨੂੰ ਆਪਣੀ ਜਕੜ 'ਚ ਲੈ ਲਿਆ ਹੈ। ਗੱਲ ਚਾਹੇ ਲੈਪਟਾਪ ਦੀ ਹੋਵੇ, ਟੀ.ਵੀ. ਦੀ ਹੋਵੇ, ਮੋਬਾਈਲ ਦੀ ਹੋਵੇ ਜਾਂ ਰੋਜ਼ਾਨਾ ਦੀ ਜ਼ਿੰਦਗੀ ਦੇ ਕੰਮਕਾਰਾਂ ਦੀ, ਤੁਸੀਂ ਵਿਹਲੜ ਬੰਦੇ ਨੂੰ ਵੀ ਰੁੱਝਿਆ ਹੀ ਪਾਓਗੇ ਤੇ ਜਿਹੜੇ ਬੰਦੇ ਕੰਮ ਕਰਦੇ ਹਨ, ਉਹ ਤਾਂ ਰੁੱਝੇ ਹੀ ਹੁੰਦੇ ਹਨ। ਪੜ੍ਹਾਈ ਦਾ ਭਾਰ ਵੀ ਮੌਜੂਦਾ ਸਮੇਂ 'ਚ ਹਰ ਵਰਗ ਦੇ ਵਿਦਿਆਰਥੀ 'ਤੇ ਹੈ, ਕਿਸੇ ਨੂੰ ਪਾਸ ਹੋਣ ਦੀ ਚਿੰਤਾ ਦਾ ਡਰ ਸਤਾਉਂਦਾ ਹੈ ਤੇ ਕਿਸੇ ਨੂੰ ਮੈਰਿਟ 'ਚ ਥਾਂ ਪ੍ਰਾਪਤ ਹੋਣ ਦਾ। ਇਸੇ ਉਧੇੜ-ਬੁਣ 'ਚ ਮਨੁੱਖ ਆਪਣੀਆਂ ਸਰੀਕਰ ਲੋੜਾਂ ਅਤੇ ਜੀਵਨ 'ਚ ਖੁਸ਼ ਰਹਿਣ ਦੇ ਤਰੀਕਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਬੀਤੇ ਸਮਿਆਂ 'ਚ ਲੋਕ ਇਕ-ਦੂਜੇ ਨਾਲ ਆਪਣਾ ਦੁੱਖ-ਸੁਖ ਫਰੋਲ ਲੈਂਦੇ ਸਨ, ਹੁਣ ਮੌਜੂਦਾ ਦੌਰ 'ਚ ਫੇਸਬੁੱਕ ਤੇ ਵਟਸਐਪ ਆਦਿ ਐਪਾਂ 'ਤੇ ਲੋਕ ਆਪਣੀ ਨਿੱਜੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਦਿੰਦੇ ਹਨ। ਛੋਟੀ ਤੋਂ ਛੋਟੀ ਘਟਨਾ ਤੋਂ ਲੈ ਕੇ ਵੱਡੀ ਘਟਨਾ ਵੀ ਲੋਕਾਂ ਤੱਕ ਮਿੰਟਾਂ-ਸਕਿੰਟਾਂ 'ਚ ਪਹੁੰਚ ਜਾਂਦੀ ਹੈ। ਕੰਮ ਦਾ ਦਬਾਅ ਹੋਵੇ, ਪੜ੍ਹਾਈ ਦਾ ਦਬਾਅ ਹੋਵੇ ਜਾਂ ਘਰ-ਪਰਿਵਾਰ ਦਾ ਦਬਾਅ ਹੋਵੇ, ਲੋਕ ਆਪਣੀ ਭੜਾਸ ਕਿਸੇ ਨਾ ਕਿਸੇ ਤਰੀਕੇ ਨਾਲ ਸੋਸ਼ਲ ਨੈੱਟਵਰਕ 'ਤੇ ਕੱਢਦੇ ਹਨ। ਕੁਝ ਲੋਕ ਤਾਂ ਸੋਸ਼ਲ ਸਾਈਟਾਂ 'ਤੇ ਵੀ ਇਕ-ਦੂਜੇ ਨਾਲ ਇੰਜ ਲੜਦੇ ਹਨ ਕਿ ਜੇਕਰ ਇਨ੍ਹਾਂ ਨੂੰ ਇਕੱਠੇ ਕਰ ਦਿੱਤਾ ਜਾਵੇ ਤਾਂ ਗੱਲ ਮਾਰ-ਕੁੱਟ ਤੱਕ ਪੁੱਜ ਜਾਵੇ। ਪੜ੍ਹੇ-ਲਿਖੇ ਵਰਗ ਦੀ ਜੇ ਗੱਲ ਕਰੀਏ ਤਾਂ ਜਿਸ ਘਰ 'ਚ ਲਗਪਗ 5-6 ਜੀਅ ਹੋਣ, ਉਨ੍ਹਾਂ ਸਭ ਕੋਲ ਮੋਬਾਈਲ ਹੁੰਦਾ ਹੈ, ਜੇਕਰ ਅਨਪੜ੍ਹ ਵਰਗ ਦੀ ਗੱਲ ਕਰੀਏ ਤਾਂ ਘਰ 'ਚ ਇਕ ਜਾਂ ਦੋ ਮੈਂਬਰਾਂ ਕੋਲ ਫੋਨ ਹੁੰਦਾ ਹੈ। ਮੋਬਾਈਲ ਕਾਰਨ ਘਰ ਵਿਚਲੇ ਦੂਜੇ ਮੈਂਬਰਾਂ ਦੇ ਨਾਲ ਗੱਲਬਾਤ ਬਹੁਤ ਘੱਟ ਕਰਦੇ ਹਨ, ਜਿਸ ਕਰਕੇ ਉਨ੍ਹਾਂ ਦਾ ਆਪਣੇ ਪਰਿਵਾਰ ਨਾਲ ਮੋਹ ਖਤਮ ਜਿਹਾ ਹੋ ਜਾਂਦਾ ਹੈ। ਘਰ 'ਚ ਕੀ ਹੋ ਰਿਹਾ ਹੈ, ਜ਼ਿਆਦਾਤਰ ਬੱਚਿਆਂ ਨੂੰ ਅਤੇ ਜ਼ਿਆਦਾਤਰ ਮਾਪਿਆਂ ਨੂੰ ਬੱਚਿਆਂ ਬਾਰੇ ਪਤਾ ਹੀ ਨਹੀਂ ਹੁੰਦਾ। ਸਹਿਣਸ਼ੀਲਤਾ ਇਹ ਇਕ ਸ਼ਬਦ ਮਾਤਰ ਨਹੀਂ ਹੈ। ਕਿਸੇ ਦੇ ਕਹੇ ਮਾੜੇ ਸ਼ਬਦਾਂ ਨੂੰ ਜਰਨਾ, ਕਿਸੇ ਮੁਸ਼ਕਿਲ ਦੀ ਘੜੀ 'ਚ ਆਪਣੇ-ਆਪ ਨੂੰ ਸੰਭਾਲਣਾ ਜਾਂ ਕਿਸੇ ਹੋਰ ਨੂੰ ਸਹਾਰਾ ਦੇਣਾ ਸਹਿਣਸ਼ੀਲਤਾ ਦੀਆਂ ਮੁੱਖ ਉਦਾਹਰਣਾਂ ਹਨ। ਲੋਕਾਂ 'ਚ ਸਹਿਣਸ਼ੀਲਤਾ ਦੀ ਘਾਟ ਇਸ ਲਈ ਜ਼ਿਆਦਾ ਵਧ ਰਹੀ ਹੈ, ਕਿਉਂਕਿ ਉਹ ਸਿਰਫ ਤੇ ਸਿਰਫ ਆਪਣੀ ਜ਼ਿੰਦਗੀ ਬਾਰੇ ਹੀ ਸੋਚਣ ਲੱਗ ਪਏ ਹਨ। ਉਨ੍ਹਾਂ ਕੋਲ ਆਪਣੇ ਪਰਿਵਾਰ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਹੈ। ਮੌਤ ਨੂੰ ਤਾਂ ਹੁਣ ਲੋਕ ਖੇਡ ਹੀ ਸਮਝਣ ਲੱਗ ਪਏ ਹਨ। ਖੁਦਕੁਸ਼ੀ ਵਰਗੀਆਂ ਅਣਸੁਖਾਵੀਆਂ ਘਟਨਾਵਾਂ ਸਾਨੂੰ ਅਕਸਰ ਟੀ.ਵੀ. ਜਾਂ ਅਖ਼ਬਾਰਾਂ 'ਚ ਪੜ੍ਹਨ ਤੇ ਦੇਖਣ ਨੂੰ ਮਿਲਦੀਆਂ ਹਨ। ਮੌਤ ਕਿਸੇ ਮਸਲੇ ਦਾ ਹੱਲ ਨਹੀਂ ਹੈ। ਜ਼ਿੰਦਗੀ ਨੂੰ ਜਿਊਣ ਦੇ ਤਰੀਕੇ ਸਿੱਖੋ। ਤੁਸੀਂ ਜਿਨ੍ਹਾਂ ਹਾਲਾਤਾਂ 'ਚ ਜੀਅ ਰਹੇ ਹੋ, ਜੇਕਰ ਉਹ ਹਾਲਾਤ ਤੁਹਾਡੇ ਅਨੁਸਾਰ ਨਹੀਂ ਹਨ ਅਤੇ ਤੁਸੀਂ ਉਨ੍ਹਾਂ ਹਾਲਾਤਾਂ ਨੂੰ ਬਦਲ ਨਹੀਂ ਸਕਦੇ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਖੁਦ ਹੀ ਉਨ੍ਹਾਂ ਹਾਲਾਤਾਂ ਦੇ ਅਨੁਸਾਰ ਆਪਣੇ-ਆਪ ਨੂੰ ਢਾਲ ਲਵੋ। ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਕੁਝ ਮਿੰਟਾਂ ਦੇ ਗੁੱਸੇ ਕਰਕੇ ਆਪਣੇ ਤੇ ਆਪਣੇ ਘਰ ਵਾਲਿਆਂ ਬਾਰੇ ਸੋਚ-ਸਮਝ ਕੇ ਹੀ ਕੋਈ ਕਦਮ ਚੁੱਕੋ। ਪੜ੍ਹਾਈ 'ਚ ਨਾਕਾਮ ਹੋਣ ਵਾਲੇ ਨਾਬਾਲਗ ਵੀ ਆਤਮਹੱਤਿਆ ਜਿਹੇ ਕਦਮ ਚੁੱਕ ਰਹੇ ਹਨ। ਬਿਜ਼ਨੈੱਸ 'ਚ ਫੇਲ੍ਹ ਹੋਇਆ ਵਿਅਕਤੀ, ਕਰਜਾ ਨਾ ਦੇਣ 'ਚ ਅਸਮਰੱਥ ਵਿਅਕਤੀ ਜਾਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਆਤਮਹੱਤਿਆ ਕਰਨੀ ਕੋਈ ਵੱਡੀ ਪ੍ਰਾਪਤੀ ਨਹੀਂ, ਸਗੋਂ ਇਹ ਤੁਹਾਡੇ ਜਾਣ ਤੋਂ ਮਗਰੋਂ ਤੁਹਾਡੇ ਪਰਿਵਾਰ 'ਤੇ ਲੱਗਣ ਵਾਲਾ ਦਾਗ ਹੈ। ਅਜਿਹੇ ਮੌਕਿਆਂ 'ਤੇ ਜੇਕਰ ਤੁਸੀਂ ਕੁਝ ਸਮਾਂ ਸ਼ਾਂਤ ਰਹਿ ਕੇ ਇਨ੍ਹਾਂ ਮਸਲਿਆਂ ਦਾ ਹੱਲ ਤਲਾਸ਼ੋ ਜਾਂ ਕਿਸੇ ਨਾਲ ਗੱਲਬਾਤ ਕਰਕੇ ਹੱਲ ਕੱਢਣ ਦੀ ਕੋਸ਼ਿਸ਼ ਕਰੋ ਤਾਂ ਜ਼ਰੂਰ ਤੁਹਾਡੇ ਮਸਲੇ ਸੁਲਝ ਜਾਣਗੇ।

-ਮੋਬਾ: 81465-73901

ਬੱਚਿਆਂ ਨੂੰ ਸੁੰਦਰ ਪੰਜਾਬੀ ਲਿਖਾਈ ਸਿਖਾਈਏ

ਪੰਜਾਬੀ ਨੂੰ ਪੜ੍ਹਨਾ, ਲਿਖਣਾ, ਬੋਲਣਾ ਅਤੇ ਵਿਚਾਰਨਾ ਕਿਸੇ ਕਰਮਾਂ ਵਾਲੇ ਨੂੰ ਨਸੀਬ ਹੁੰਦਾ ਹੈ। ਇਹ ਸਾਡੀ ਮਾਂ ਬੋਲੀ ਹੈ ਪਰ ਅਜੇ ਵੀ ਕਈ ਮਾਂ-ਬੋਲੀ ਤੋਂ ਕੋਹਾਂ ਦੂਰ ਹਨ। ਜਿਹੜਾ ਕੰਮ ਮਾਤ ਭਾਸ਼ਾ ਵਿਚ ਹੁੰਦਾ ਹੈ, ਉਸ ਦੀ ਕੋਈ ਰੀਸ ਨਹੀਂ ਹੁੰਦੀ। ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ਦਾ ਗਿਆਨ ਰੱਖਣਾ ਚੰਗੀ ਗੱਲ ਹੈ, ਦੂਜੀ ਭਾਸ਼ਾ ਨੂੰ ਸਿੱਖਦੇ ਹੋਏ ਮਾਂ-ਬੋਲੀ ਪੰਜਾਬੀ ਤੋਂ ਕਿਨਾਰਾ ਨਹੀਂ ਕਰਨਾ ਚਾਹੀਦਾ। ਬੱਚਿਆਂ ਵਿਚ ਸ਼ੁਰੂ ਤੋਂ ਹੀ ਪੰਜਾਬੀ ਪ੍ਰਤੀ ਪਿਆਰ ਭਰ ਦੇਣਾ ਚਾਹੀਦਾ ਹੈ। ਛੋਟੀਆਂ-ਛੋਟੀਆਂ ਗੱਲਾਂ ਪੰਜਾਬੀ 'ਚ ਕੀਤੀਆਂ ਜਾਣ, ਛੋਟੇ-ਛੋਟੇ ਵਾਕ ਬੱਚੇ ਨੂੰ ਆਪਣੇ ਵੱਲ ਖਿੱਚਦੇ ਹਨ। ਬੱਚੇ ਦੀ ਲਿਖਾਈ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਇਕ ਵਾਰ ਲਿਖਾਈ ਬਣ ਗਈ ਤਾਂ ਬਣ ਗਈ, ਨਹੀਂ ਫਿਰ ਨਹੀਂ ਬਦਲਦੀ, ਉਹੋ ਜਿਹੀ ਰਹਿੰਦੀ ਹੈ। ਸਾਫ਼-ਸੁਥਰੀ ਵਧੀਆ ਲਿਖਾਈ ਸਦਾ ਬਰਕਰਾਰ ਰਹਿੰਦੀ ਹੈ। ਖੁਸ਼ਕੱਤ ਲਿਖਾਈ ਹਰ ਇਕ ਦਾ ਮਨ ਮੋਹ ਲੈਂਦੀ ਹੈ ਅਤੇ ਹਰ ਕੋਈ ਚੰਗੀ ਲਿਖਾਈ ਦੀ ਪ੍ਰਸ਼ੰਸਾ ਕਰਦਾ ਹੈ। ਮਾੜੀ ਲਿਖਾਈ ਦੇਖ ਕੇ ਕੋਈ ਵੀ ਖੁਸ਼ ਨਹੀਂ ਹੁੰਦਾ।ਕਈ ਦਵਾਈਆਂ ਦੀਆਂ ਪਰਚੀਆਂ 'ਤੇ ਗੌਰ ਨਾਲ ਦੇਖਣ 'ਤੇ ਵੀ ਪਰਚੀ ਨਹੀਂ ਪੜ੍ਹੀ ਜਾਂਦੀ। ਹੋਰ ਤਾਂ ਹੋਰ, ਅੱਖਰਾਂ ਦਾ ਪਤਾ ਨਹੀਂ ਚੱਲਦਾ, ਸਾਰੇ ਅੱਖਰ ਇਕੋ ਜਿਹੇ, ਇਕੋ ਜਿਹੀ ਮੋਟਾਈ 'ਤੇ ਹੁੰਦੇ ਹਨ। ਇਹ ਲਿਖਾਈ ਕਿਸ ਤੋਂ ਸਿੱਖੀ, ਕਮਾਲ ਦੀ ਗੱਲ ਹੈ। ਚੰਗਾ ਉਸਤਾਦ ਆਪਣੇ ਸ਼ਗਿਰਦਾਂ ਨੂੰ ਪਹਿਲਾਂ ਇਕ-ਇਕ ਅੱਖਰ ਸੋਹਣਾ ਲਿਖਣਾ ਸਿਖਾਉਂਦਾ ਹੈ, ਫਿਰ ਸ਼ਬਦਾਂ ਦੀ ਸੁੰਦਰਤਾ ਅਤੇ ਫਿਰ ਵਾਕਾਂ 'ਤੇ ਆਉਂਦਾ ਹੈ। ਇਹ ਲਿਖਾਈ ਸਾਡਾ ਆਧਾਰ ਹੁੰਦੀ ਹੈ। ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਲੇਖਕਾਂ ਨਾਲ ਮਿਲਣੀ ਕਰਵਾਈ ਜਾਵੇ, ਜਿਸ ਤੋਂ ਬੱਚੇ ਪ੍ਰਭਾਵਿਤ ਹੋਣਗੇ ਅਤੇ ਸੇਧ ਲੈਣਗੇ। ਚੰਗੇ ਪ੍ਰਸਿੱਧ ਲੇਖਕ ਜਿਨ੍ਹਾਂ ਨੇ ਬੁਲੰਦੀਆਂ ਹਾਸਲ ਕੀਤੀਆਂ ਹਨ, ਉਨ੍ਹਾਂ ਦੀਆਂ ਤਸਵੀਰਾਂ, ਲਿਖਤਾਂ, ਲੇਖ ਅਤੇ ਕਿਤਾਬਾਂ ਬੱਚਿਆਂ ਨੂੰ ਦਿਖਾਈਆਂ ਜਾਣ। ਲੇਖਕ ਤੇ ਪਾਠਕ ਦਾ ਨੇੜਲਾ ਸਬੰਧ ਹੋਵੇ ਅਤੇ ਇਕ-ਦੂਜੇ ਨੂੰ ਸਮਝਦੇ ਹੋਣ। ਬਹੁਤ ਘੱਟ ਲੋਕ ਹਨ, ਜਿਹੜੇ ਪੂਰਾ ਅਖ਼ਬਾਰ ਪੜ੍ਹਦੇ ਹੋਣਗੇ, ਨਹੀਂ ਤਾਂ ਮੋਟੀਆਂ-ਮੋਟੀਆਂ ਤਰਦੀਆਂ-ਤਰਦੀਆਂ ਖ਼ਬਰਾਂ ਪੜ੍ਹ ਕੇ ਅਖ਼ਬਾਰ ਪਾਸੇ ਕਰ ਦਿੱਤਾ ਜਾਂਦਾ ਹੈ ਜਾਂ ਕੰਮ ਦੀ ਹੀ ਖ਼ਬਰ ਪੜ੍ਹੀ ਜਾਂਦੀ ਹੈ। ਵਧੀਆ ਪਾਠਕ ਖ਼ਬਰਾਂ, ਲੇਖ, ਸੰਪਾਦਕੀ ਪੰਨਾ, ਮੈਗਜ਼ੀਨ, ਅੱਜ ਦਾ ਵਿਚਾਰ ਸਭ ਪੜ੍ਹਦੇ ਹਨ ਅਤੇ ਗਿਆਨ ਵਿਚ ਵਾਧਾ ਕਰਦੇ ਹਨ। ਕਈ ਪੰਜਾਬੀ ਲੋਕ ਪੰਜਾਬ ਵਿਚ ਰਹਿੰਦੇ ਹਨ, ਪੰਜਾਬ ਦਾ ਖਾਂਦੇ ਹਨ, ਪੰਜਾਬ ਵਿਚ ਕੰਮ ਕਰਦੇ ਹਨ, ਪਰ ਉਹ ਕਿਸੇ ਹੋਰ ਭਾਸ਼ਾ ਵਿਚ ਗੱਲ ਕਰਦੇ ਹਨ, ਮਾਂ ਬੋਲੀ ਨੂੰ ਸਤਿਕਾਰ ਨਹੀਂ ਦਿੰਦੇ, ਘਰਾਂ ਵਿਚ ਵੀ ਪੰਜਾਬੀ ਨਹੀਂ ਬੋਲਦੇ। ਅੱਜ ਦੇ ਬੱਚੇ ਬਾਹਰ ਜਾਣ ਨੂੰ ਤਰਜੀਹ ਦਿੰਦੇ ਹਨ। ਬੱਚਾ ਅੰਗਰੇਜ਼ੀ ਭਾਸ਼ਾ ਜੀਅ ਸਦਕੇ ਸਿੱਖੇ ਪਰ ਮਾਂ-ਬੋਲੀ ਤੋਂ ਕਿਨਾਰਾ ਨਾ ਕਰੇ। ਜਦੋਂ ਅਸੀਂ ਪੰਜਾਬੀ ਮਾਂ-ਬੋਲੀ ਵਿਚ ਬੋਲਦੇ ਹਾਂ ਤਾਂ ਅਪਣੱਤ ਮਹਿਸੂਸ ਹੁੰਦੀ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਮਾਂ ਆ ਗਈ ਹੁੰਦੀ ਹੈ, ਕੋਲ ਬੈਠੀ ਹੈ, ਗੱਲਾਂ ਕਰ ਰਹੀ ਹੈ। ਆਓ! ਸਾਰੇ ਰਲ ਕੇ ਆਪਣੀ ਮਾਂ ਬੋਲੀ ਦਾ ਸਤਿਕਾਰ ਕਰੀਏ, ਸਾਰੇ ਕੰਮ ਪੰਜਾਬੀ ਵਿਚ ਕਰੀਏ, ਪੰਜਾਬੀ ਬੋਲੀਏ ਅਤੇ ਸੁੰਦਰ ਲਿਖਾਈ ਵਿਚ ਪੰਜਾਬੀ ਲਿਖੀਏ।

-29/166, ਗਲੀ ਹਜ਼ਾਰਾ ਸਿੰਘ, ਮੋਗਾ-142001. ਮੋਬਾ: 97810-40140

ਵਿਦੇਸ਼ਾਂ ਵਿਚ ਕੁੜੀਆਂ ਦੇ ਨਾਲ ਜਾਣ ਦਾ ਸੁਪਨਾ ਲੈਣ ਵਾਲੇ ਮੁੰਡੇ ਸੋਚ-ਸਮਝ ਕੇ ਕਦਮ ਪੁੱਟਣ

ਇਨ੍ਹੀਂ ਦਿਨੀਂ ਹਰੇਕ ਪੰਜਾਬੀ ਮੁੰਡਾ ਇਹੋ ਸੋਚਦਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਦੀ ਧਰਤੀ 'ਤੇ ਇਕ ਵਾਰ ਪਹੁੰਚ ਜਾਵੇ, ਫਿਰ ਉਹ ਆਪਣੇ ਘਰਦਿਆਂ ਦੀ ਗਰੀਬੀ ਦੂਰ ਕਰ ਦੇਵੇਗਾ। ਮਾਪੇ ਆਪਣੇ ਪੁੱਤ ਲਈ ਕੋਈ ਆਈਲੈਟਸ ਵਾਲੀ ਕੁੜੀ ਲੱਭਦੇ ਹਨ ਤੇ ਕੁੜੀ ਵਾਲਿਆਂ ਵਲੋਂ ਕੈਨੇਡਾ, ਆਸਟ੍ਰੇਲੀਆ ਤੇ ਯੂਰਪੀ ਦੇਸ਼ਾਂ ਦੇ ਕਿਸੇ ਕਾਲਜ ਦੀ ਸਾਰੇ ਸਾਲ ਦੀ ਫੀਸ ਤੇ ਹੋਰ ਕਈ ਖਰਚੇ ਮੁੰਡੇ ਵਾਲਿਆਂ ਨਾਲ ਤੈਅ ਕੀਤੇ ਜਾਂਦੇ ਹਨ। ਵੀਜ਼ਾ ਆਉਣ 'ਤੇ ਵਿਆਹ ਲਈ ਵੀ ਸੌਦਾ ਕੀਤਾ ਜਾਂਦਾ ਹੈ। ਜਦੋਂ ਕੁੜੀ ਕੈਨੇਡਾ ਜਾਂ ਕਿਸੇ ਹੋਰ ਯੂਰਪੀ ਦੇਸ਼ ਪਹੁੰਚ ਜਾਂਦੀ ਹੈ, ਮੁੰਡੇ ਵਾਲਿਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਉਹ ਸੋਚਦੇ ਹਨ ਕਿ ਸਾਡਾ ਪੁੱਤ ਵੀ ਬਸ ਹੁਣ ਕੁਝ ਮਹੀਨਿਆਂ ਬਾਅਦ ਵਿਦੇਸ਼ੀ ਧਰਤੀ 'ਤੇ ਕੁੜੀ ਕੋਲ ਪਹੁੰਚ ਜਾਵੇਗਾ। ਕੁਝ ਮਹੀਨੇ ਤਾਂ ਕੁੜੀ ਵੀ ਵਿਦੇਸ਼ ਨਵੀਂ-ਨਵੀਂ ਗਈ ਹੋਣ ਕਾਰਨ ਮੁੰਡੇ ਨਾਲ ਫੋਨ 'ਤੇ ਵਧੀਆ ਗੱਲ ਕਰਦੀ ਰਹਿੰਦੀ ਹੈ। ਹੌਲੀ-ਹੌਲੀ ਕੁੜੀ ਦੀ ਫੋਨ 'ਤੇ ਗੱਲਬਾਤ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਬੁਲਾਉਣ ਵਾਲਾ ਲਾਰਾ ਵੀ ਦਿਨੋ-ਦਿਨ ਵੱਡਾ ਹੋਈ ਜਾਂਦਾ ਹੈ। ਮੁੰਡੇ ਤੇ ਮਾਪਿਆਂ ਨੂੰ ਸਾਰੀ-ਸਾਰੀ ਰਾਤ ਨੀਂਦ ਨਹੀਂ ਆਉਂਦੀ ਕਿ ਅਸੀਂ ਤਾਂ ਆਪਣੇ ਪੁੱਤ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਵਾਲੀ ਕੁੜੀ 'ਤੇ ਲੱਖਾਂ ਰੁਪਏ ਖਰਚ ਕਰ ਦਿੱਤੇ ਪਰ ਕੁੜੀ ਮੁੰਡੇ ਨੂੰ ਬੁਲਾਉਣ ਲਈ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੀ। ਆਖ਼ਰਕਾਰ ਕੁੜੀ ਮੁੰਡੇ ਨੂੰ ਵਿਦੇਸ਼ ਵਿਚ ਬੁਲਾਉਣ ਤੋਂ ਬਿਲਕੁਲ ਜਵਾਬ ਦੇ ਦਿੰਦੀ ਹੈ। ਕੁੜੀ ਤੇ ਉਸ ਦੇ ਮਾਪੇ ਪੈਸਿਆਂ ਦੇ ਲਾਲਚ ਕਰਕੇ ਅਜਿਹੇ ਮੁੰਡਿਆਂ ਨਾਲ ਧੋਖਾ ਕਰਦੇ ਹਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਪੰਜਾਬ ਦੇ ਅਨੇਕਾਂ ਮੁੰਡਿਆਂ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ। ਅੱਜ ਪੰਜਾਬ ਵਿਚ ਮੁੰਡੇ ਬਾਹਰਲੇ ਮੁਲਕਾਂ ਵਿਚ ਜਾਣ ਲਈ ਧੜਾਧੜ ਆਈਲੈਟਸ ਵਾਲੀਆਂ ਕੁੜੀਆਂ ਲੱਭ ਰਹੇ ਹਨ। ਮਾਪੇ ਆਪਣੀਆਂ ਕੁੜੀਆਂ ਨੂੰ ਆਈਲੈਟਸ ਕਰਵਾ ਕੇ ਆਪਣੀਆਂ ਸਾਰੀਆਂ ਸ਼ਰਤਾਂ ਮੁੰਡੇ ਵਾਲਿਆਂ ਅੱਗੇ ਰੱਖਦੇ ਹਨ। ਸਾਰੀਆਂ ਕੁੜੀਆਂ ਇਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਪਰ ਅਫ਼ਸੋਸ ਕਿ ਹੁਣ ਇਹ ਸਿਲਸਿਲਾ ਵਧ ਰਿਹਾ ਹੈ। ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਜ਼ਿਆਦਾ ਹੋਣ ਕਰਕੇ ਕੰਮ ਕੋਈ ਨਾ ਮਿਲਣ 'ਤੇ ਸਾਡੇ ਨੌਜਵਾਨਾਂ ਕੋਲ ਹੁਣ ਇਕੋ-ਇਕ ਰਾਹ ਵਿਦੇਸ਼ ਜਾਣਾ ਹੀ ਬਚਿਆ ਹੈ, ਜਿਥੇ ਜ਼ਿਆਦਾਤਰ ਮੁੰਡੇ ਆਪ ਆਈਲੈਟਸ ਨਾ ਕਲੀਅਰ ਹੋਣ ਕਰਕੇ ਆਈਲੈਟਸ 'ਚ ਚੰਗੇ ਬੈਂਡ ਪ੍ਰਾਪਤ ਕੁੜੀਆਂ ਦਾ ਸਹਾਰਾ ਲੱਭਦੇ ਹਨ। ਕੁਝ ਦਿਨ ਪਹਿਲਾਂ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਨਾਲ ਸਬੰਧਿਤ ਵਿਅਕਤੀ ਨੇ ਇਸ ਕਰਕੇ ਖੁਦਕੁਸ਼ੀ ਕਰ ਲਈ ਕਿ ਜਿਸ ਕੁੜੀ ਨੂੰ ਵਿਦੇਸ਼ ਭੇਜਣ ਲਈ ਉਸ ਮੁੰਡੇ ਨੇ ਲੱਖਾਂ ਰੁਪਏ ਜ਼ਮੀਨ ਵੇਚ ਕੇ ਖਰਚ ਕੀਤੇ ਸਨ, ਉਸ ਕੁੜੀ ਨੇ ਕਾਫੀ ਟਾਈਮ ਬਾਅਦ ਉਸ ਮੁੰਡੇ ਨੂੰ ਕੈਨੇਡਾ ਬੁਲਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ, ਕਦੇ ਵੀ ਵਿਦੇਸ਼ ਜਾਣ ਲਈ ਕਾਹਲੀ ਵਿਚ ਫੈਸਲੇ ਨਹੀਂ ਲੈਣੇ ਚਾਹੀਦੇ। ਇਸ ਦੇ ਨਾਲ ਹੀ ਲੋੜੀਂਦੀ ਕਾਨੂੰਨੀ ਲਿਖਤ-ਪੜ੍ਹਤ ਵੀ ਕਰਨੀ ਚਾਹੀਦੀ ਹੈ, ਤਾਂ ਕਿ ਬਾਅਦ ਵਿਚ ਤੁਹਾਡੇ ਵਲੋਂ ਲਿਆ ਫੈਸਲਾ ਪਛਤਾਵੇ ਦਾ ਕਾਰਨ ਨਾ ਬਣੇ ਸਮਾਜ ਵਿਚ ਧੋਖਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਇਸ ਕਰਕੇ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ।

-ਕੁਸਲਾ, ਤਹਿ: ਸਰਦੂਲਗੜ੍ਹ (ਮਾਨਸਾ)। ਮੋਬਾ: 94650-33331

ਖੇਰੂੰ-ਖੇਰੂੰ ਹੋ ਰਹੇ ਸਮਾਜਿਕ ਰਿਸ਼ਤੇ

ਮਨੁੱਖੀ ਜ਼ਿੰਦਗੀ ਬਹੁਤ ਖੂਬਸੂਰਤ ਪਰਮਾਤਮਾ ਵਲੋਂ ਬਖਸ਼ਿਆ ਹੋਇਆ ਅਨਮੋਲ ਤੋਹਫ਼ਾ ਹੈ। ਮਨੁੱਖੀ ਜ਼ਿੰਦਗੀ ਦਾ ਇਹ ਸਫ਼ਰ ਬੱਚੇ ਦਾ ਇਸ ਦੁਨੀਆ ਵਿਚ ਆ ਕੇ ਪਹਿਲੀ ਕਿਲਕਾਰੀ ਮਾਰਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਜੋ ਫਿਰ ਭੋਲੇ-ਭਾਲੇ ਬਚਪਨ ਵਿਚੋਂ ਲੰਘਦਾ ਹੋਇਆ ਮਸਤ ਤੇ ਅਲਬੇਲੀ ਜਵਾਨੀ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਜਵਾਨੀ ਦਾ ਰੰਗ-ਰਸ ਮਾਣਦਾ ਹੋਇਆ ਮਨੁੱਖ ਆਖਰ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਯਾਨੀ ਬੁਢਾਪੇ ਦਾ ਸ਼ਿਕਾਰ ਹੋ ਜਾਂਦਾ ਹੈ, ਜੋ ਫਿਰ ਮਨੁੱਖੀ ਜ਼ਿੰਦਗੀ ਦੇ ਨਾਲ ਹੀ ਖ਼ਤਮ ਹੁੰਦਾ ਹੈ। ਜ਼ਿੰਦਗੀ ਦੇ ਇਸ ਸਫ਼ਰ 'ਤੇ ਮਨੁੱਖ ਨੂੰ ਕਈ ਰਿਸ਼ਤੇ ਮਿਲਦੇ ਹਨ। ਕੁਝ ਰਿਸ਼ਤੇ ਤਾਂ ਇਸ ਨੂੰ ਵਿਰਾਸਤ ਵਿਚੋਂ ਹੀ ਮਿਲਦੇ ਹਨ, ਜਿਨ੍ਹਾਂ ਨੂੰ ਪਰਿਵਾਰਕ ਰਿਸ਼ਤੇ ਕਹਿੰਦੇ ਹਨ। ਕੁਝ ਰਿਸ਼ਤੇ ਇਹ ਆਮ ਬੋਲਚਾਲ ਰਾਹੀਂ ਸਿਰਜਦਾ ਹੈ, ਜਿਨ੍ਹਾਂ ਨੂੰ ਮਿੱਤਰ-ਸੱਜਣ ਆਖਦੇ ਹਾਂ। ਇਨ੍ਹਾਂ ਰਿਸ਼ਤਿਆਂ 'ਤੇੇ ਆਧਾਰਿਤ ਹੀ ਫਿਰ ਇਕ ਸਮਾਜ ਹੋਂਦ ਵਿਚ ਆਉਂਦਾ ਹੈ, ਜੋ ਮਨੁੱਖ ਨੂੰ ਇਨ੍ਹਾਂ ਰਿਸ਼ਤਿਆਂ ਨੂੰ ਨਿਭਾਉਣ ਦੀ ਜਾਚ ਸਿਖਾਉਂਦਾ ਹੈ, ਮਨੁੱਖੀ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਂਦਾ ਹੈ। ਕਈ ਵਾਰ ਕਿਸੇ ਰਿਸ਼ਤੇ ਵਿਚ ਆਈ ਥੋੜ੍ਹੀ-ਬਹੁਤੀ ਖਟਾਸ ਹੀ ਮਨੁੱਖ ਦੇ ਜ਼ਿੰਦਗੀ ਜਿਊਣ ਦੇ ਰਸ ਨੂੰ ਬਰਬਾਦ ਕਰ ਦਿੰਦੀ ਹੈ। ਕਿਉਂਕਿ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਰਿਸ਼ਤੇ-ਨਾਤੇ ਲਾਲਚ ਵੱਸ ਖੁਦਗਰਜ਼ੀ ਦਾ ਸ਼ਿਕਾਰ ਹੁੰਦੇ ਆਮ ਦੇਖੇ ਜਾ ਰਹੇ ਹਨ। ਸਮਾਜਿਕ ਤਾਣਾ-ਬਾਣਾ ਖਿਲਰਿਆ ਹੋਇਆ ਨਜ਼ਰ ਆ ਰਿਹਾ ਹੈ। ਸਦੀਆਂ ਪੁਰਾਣੀ ਰਿਸ਼ਤਿਆਂ ਦੀ ਪਰਿਵਾਰਕ ਸਾਂਝ ਟੁੱਟ ਰਹੀ ਹੈ। ਰਿਸ਼ਤੇ-ਨਾਤਿਆਂ ਦਾ ਅੱਜ ਬਹੁਤ ਬੁਰੀ ਤਰ੍ਹਾਂ ਘਾਣ ਹੋ ਰਿਹਾ ਹੈ। ਅੱਜ ਮਨੁੱਖ ਗ਼ਲਤ ਤਰੀਕਿਆਂ ਨਾਲ ਧਨ-ਦੌਲਤ ਇਕੱਠੀ ਕਰਨ ਵਿਚ ਰੁੱਝਿਆ ਹੋਇਆ ਹੈ। ਨਫ਼ਰਤ, ਈਰਖਾ ਨੇ ਇਸ ਨੂੰ ਹਰ ਪਾਸਿਓਂ ਘੇਰੀ ਰੱਖਿਆ ਹੈ। ਅੱਜ ਮਨੁੱਖ ਦੀ ਸੋਚ ਇਥੋਂ ਤੱਕ ਡਿਗ ਚੁੱਕੀ ਹੈ ਕਿ ਬਜ਼ੁਰਗ ਮਾਂ-ਬਾਪ ਜੋ ਕਿਸੇ ਵਕਤ ਪਰਿਵਾਰ ਦੇ ਸ਼ਿੰਗਾਰ ਹੁੰਦੇ ਸੀ, ਅੱਜ ਬਿਰਧ ਆਸ਼ਰਮਾਂ ਵਿਚ ਦਿਨ-ਕਟੀ ਕਰ ਰਹੇ ਹਨ। ਮੈਨੂੰ ਇਹ ਲਿਖਦਿਆਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋ: ਮੋਹਨ ਸਿੰਘ ਦੀਆਂ ਇਹ ਸਤਰਾਂ ਯਾਦ ਆ ਰਹੀਆਂ ਹਨ-
ਲੈਂਦੇ ਸੀ ਤਿੰਨ ਪੀੜ੍ਹੀਆਂ, ਇਕੋ ਵਿਹੜੇ ਪਾਲ।
ਹੁਣ ਤਾਂ 'ਕੱਲਾ ਪੁੱਤ ਵੀ, ਰਹੇ ਨਾ ਬਾਪੂ ਨਾਲ।
ਟੁੱਟੀ ਇੱਟ ਵਿਸ਼ਵਾਸ ਦੀ,
ਹਿੱਲ ਗਿਆ ਪਰਿਵਾਰ।
ਖੱਖੜੀ-ਖੱਖੜੀ ਹੋ ਗਿਆ,
ਸੀ ਜੋ ਵਾਂਗ ਅਨਾਰ।
ਅੱਜ ਭਾਵੇਂ ਮਨੁੱਖ ਨੇ ਹਰ ਖੇਤਰ ਵਿਚ ਕਾਫੀ ਤਰੱਕੀ ਕਰ ਲਈ ਹੈ ਪਰ ਨੈਤਿਕਤਾ ਪੱਖੋਂ ਇਹ ਕੰਗਾਰ ਹੋ ਚੁੱਕਾ ਹੈ। ਅੱਜ ਇਸ ਦੀ ਸਥਿਤੀ ਅਜਿਹੀ ਬਣ ਚੁੱਕੀ ਹੈ-
ਨਾ ਕੋਈ ਰਿਸ਼ਤੇਦਾਰੀ ਇਥੇ,
ਅੰਗ-ਸਾਕ ਨਾ ਭਾਈ।
ਵਿਚ ਖੁਦਗਰਜ਼ੀ ਲੋਕਾਂ ਦੇਖੀ,
ਰੱਬਾ ਮੇਰੀ ਦੁਹਾਈ।
ਰਿਸ਼ਤੇ-ਨਾਤੇ ਖੁਦਗਰਜ਼ੀ ਦੇ,
ਹੋਏ ਆਉਣ ਸ਼ਿਕਾਰ।
ਮਿੱਤਰ-ਸੱਜਣ ਜਿੰਨੇ ਵੀ ਹਨ,
ਸਭ ਮਤਲਬ ਦੇ ਯਾਰ।
ਸੋ, ਅੱਜ ਲੋੜ ਹੈ ਮਨੁੱਖ ਨੂੰ ਆਪਣੇ ਪੁਰਾਣੇ ਖ਼ਤਮ ਹੁੰਦੇ ਜਾ ਰਹੇ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਨੂੰ ਸੰਭਾਲਣ ਦੀ।

-ਰੱਤੇਵਾਲ (ਨਵਾਂਸ਼ਹਿਰ)।
ਮੋਬਾ: 94635-05286

ਚਿੰਤਾ ਦਾ ਵਿਸ਼ਾ ਹਨ ਜਨਤਾ ਦੇ ਧਰਨੇ-ਪ੍ਰਦਰਸ਼ਨ

ਸਮਾਜ ਵਿਚ ਆਏ ਦਿਨ ਕੁਝ ਨਾ ਕੁਝ ਨਵਾਂ ਘਟਦਾ ਰਹਿੰਦਾ ਹੈ। ਸੜਕ ਦੁਰਘਟਨਾਵਾਂ ਅਤੇ ਨੌਜਵਾਨਾਂ ਨੂੰ ਪੁਲਿਸ ਵਲੋਂ ਚੁੱਕਣ ਦੇ ਨਾਲ-ਨਾਲ ਕਿਸੇ ਸਮਾਜਿਕ ਵਿਅਕਤੀ ਦੇ ਨਾਲ ਮਾੜੇ ਵਿਹਾਰ ਦੀਆਂ ਘਟਨਾਵਾਂ ਦੇ ਬਾਅਦ ਜਨਤਾ ਨੂੰ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਤਦ ਜਾ ਕੇ ਪ੍ਰਸ਼ਾਸਨ ਕਾਰਵਾਈ ਕਰਦਾ ਹੈ। ਅੱਜਕਲ੍ਹ ਹਰ ਘਟਨਾ ਨੂੰ ਲੈ ਕੇ ਸੰਘਰਸ਼ ਦਾ ਰਸਤਾ ਅਪਣਾਉਣਾ ਹੀ ਪੈਂਦਾ ਹੈ, ਇਸ ਨੂੰ ਸਮਾਜ ਲਈ ਚੰਗਾ ਸੰਕੇਤ ਨਹੀਂ ਮੰਨਿਆ ਜਾ ਸਕਦਾ ਹੈ। ਇਹ ਇਕ ਚਿੰਤਾ ਦਾ ਵਿਸ਼ਾ ਹੈ।
ਇਨ੍ਹਾਂ ਧਰਨੇ-ਪ੍ਰਦਰਸ਼ਨਾਂ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਪ੍ਰਸ਼ਾਸਨ ਦੀ ਜਾਂ ਕਿਸੇ ਦੀ ਧੱਕੇਸ਼ਾਹੀ ਬਣਦੀ ਹੈ। ਜਿਵੇਂ ਪਿਛਲੇ ਦਿਨੀਂ ਇਕ ਪ੍ਰਸਿੱਧ ਸਮਾਜ ਸੇਵਕ ਦੇ ਪਿਤਾ ਦੇ ਨਾਲ ਮਾਰਕੁੱਟ ਕਰਨ ਤੋਂ ਬਾਅਦ ਲੋਕਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ, ਜਾਮ ਲਗਾਉਣਾ ਪਿਆ, ਜਿਸ ਉੱਤੇ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਕਾਰਵਾਈ ਨੂੰ ਅੰਜ਼ਾਮ ਦਿੱਤਾ। ਜੇਕਰ ਕੋਈ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਉਸ ਉੱਤੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਢਿੱਲੀ ਹੁੰਦੀ ਹੈ, ਜਿਸ ਵਿਚ ਤੇਜ਼ੀ ਲਿਆਉਣ ਲਈ ਲੋਕਾਂ ਨੂੰ ਧਰਨੇ-ਪ੍ਰਦਰਸ਼ਨ ਕਰਨੇ ਪੈਦੇਂ ਹਨ।
ਕਈ ਵਾਰ ਕਿਸੇ ਮਸਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਂ ਧਰਨੇ ਦੇ ਦਿੱਤੇ ਜਾਂਦੇ ਹਨ ਪਰ ਜਦੋਂ ਗੱਲ ਸਾਹਮਣੇ ਆਉਂਦੀ ਹੈ ਤਾਂ ਗੱਲ ਕੁਝ ਹੋਰ ਹੀ ਹੁੰਦੀ ਹੈ। ਇਸ ਦੇ ਪਿੱਛੇ ਲੋਕਾਂ ਵਿਚ ਜਾਗਰੂਕਤਾ ਦੀ ਕਮੀ ਕਹੀ ਜਾ ਸਕਦੀ ਹੈ। ਲੋਕ ਕਹਿੰਦੇ ਹਨ ਹੁਣੇ ਹੀ ਕਾਰਵਾਈ ਹੋਵੇ ਜਾਂ ਹੁਣੇ ਸਮੱਸਿਆ ਦਾ ਹੱਲ ਹੋਵੇ ਪਰ ਉਸ ਕਾਰਜ ਨੂੰ ਕਈ ਵਾਰ ਸਮਾਂ ਲੱਗਦਾ ਹੈ ਜਾਂ ਉਸ ਕਾਰਵਾਈ ਦਾ ਤਰੀਕਾ ਵੱਖ ਹੁੰਦਾ ਹੈ। ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਕਈ ਵਾਰ ਇੰਨੀ ਤਲਖੀ ਆ ਜਾਂਦੀ ਹੈ ਕਿ ਇਸ ਵਿਚ ਕਈ ਵਾਰ ਝੜਪਾਂ ਵੀ ਹੋ ਜਾਂਦੀਆਂ ਹਨ, ਜਿਸ ਉੱਤੇ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਹੁੰਦਾ ਹੀ ਹੈ ਪਰ ਸਰਕਾਰੀ ਸੰਪਤੀ ਦਾ ਨੁਕਸਾਨ ਵੀ ਹੋ ਜਾਂਦਾ ਹੈ। ਅਜਿਹੇ ਜਾਮਾਂ ਅਤੇ ਧਰਨਿਆਂ ਕਾਰਨ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ, ਲੋਕਾਂ ਨੂੰ ਚਾਹੀਦਾ ਹੈ ਕਿ ਸੋਚ-ਸਮਝ ਕੇ ਹੀ ਅਜਿਹੇ ਕਦਮ ਪੁੱਟਣ ਅਤੇ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਹੈ ਕਿ ਉਹ ਅਜਿਹਾ ਪ੍ਰਬੰਧ ਕਰੇ, ਜਿਸ ਨਾਲ ਲੋਕਾਂ ਨੂੰ ਧਰਨੇ ਲਗਾਉਣ ਲਈ ਮਜਬੂਰ ਨਾ ਹੋਣਾ ਪਵੇ।

-ਮ: ਨੰ: 86-ਏ, ਵਾ: ਨੰ: 5, ਗੜ੍ਹਦੀਵਾਲਾ (ਹੁਸ਼ਿਆਰਪੁਰ)।
ਮੋਬਾ: 94177-17095


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX