ਤਾਜਾ ਖ਼ਬਰਾਂ


ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ 4 ਵਿਕਟਾਂ ਨਾਲ ਹਰਾਇਆ
. . .  about 5 hours ago
ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਦੇ ਪੱਟ 'ਚ ਲੱਗੀ ਗੋਲੀ
. . .  1 day ago
ਫਿਲੌਰ ,19 ਜੂਨ - ਫਿਲੌਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਚ ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਸੰਜੀਵ ਕੁਮਾਰ ਪਿੰਡ ਢੋਲਵਾਹਾ ਰੋਡ ਨੇੜੇ ਆਈ ਟੀ ਆਈ ਹਰਿਆਣਾ ਦੇ ਟਰੇਨਿੰਗ ...
ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ
. . .  1 day ago
ਹਰੀਕੇ ਪੱਤਣ , 19 ਜੂਨ {ਸੰਜੀਵ ਕੁੰਦਰਾ} -ਨਾਰਕੋਟੈਕ ਸੈੱਲ ਤਰਨਤਾਰਨ ਦੀ ਟੀਮ ਨੇ ਪਿੰਡ ਬੂਰ ਨਜ਼ਦੀਕ 3 ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 242 ਦੌੜਾਂ ਦਾ ਦਿੱਤਾ ਟੀਚਾ
. . .  1 day ago
ਮੰਜੇ ਦਾ ਸੇਰੁ ਮਾਰ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਮਾਰ ਮੁਕਾਇਆ
. . .  1 day ago
ਕੋਟਕਪੂਰਾ, 19 ਜੂਨ (ਮੋਹਰ ਸਿੰਘ ਗਿੱਲ)- ਸਿਰ 'ਚ ਮੰਜੇ ਦੇ ਸੇਰੁ ਮਾਰ ਕੇ ਇਕ ਪੁੱਤਰ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹਾ ਜਿਸ 'ਤੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਪੜਤਾਲ ਆਰੰਭ ....
ਬਿਹਾਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 128 ਬੱਚਿਆਂ ਨੇ ਤੋੜਿਆ ਦਮ
. . .  1 day ago
ਪਟਨਾ, 18 ਜੂਨ- ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹਰ ਘੰਟੇ ਬੱਚਿਆ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਮਰਨ ਵਾਲੇ ਬੱਚਿਆਂ ਦੀ ਗਿਣਤੀ 128 ਤੱਕ ਪਹੁੰਚ ਗਈ...
ਸਿੱਖ ਡਰਾਈਵਰ ਕੁੱਟਮਾਰ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁਖਰਜੀ ਨਗਰ 'ਚ 17 ਜੂਨ ਨੂੰ ਸਿੱਖ ਡਰਾਈਵਰ ਸਰਬਜੀਤ ਸਿੰਘ ਅਤੇ ਨਾਬਾਲਗ ਬੇਟੇ 'ਤੇ ਪੁਲਿਸ ਦੇ ਤਸ਼ੱਦਦ ਦੀ ਘਟਨਾ 'ਤੇ ਇਕ ਹਫ਼ਤੇ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 36 ਓਵਰਾਂ ਤੋ ਬਾਅਦ ਦੱਖਣੀ ਅਫ਼ਰੀਕਾ 149/4
. . .  1 day ago
ਅਨੰਤਨਾਗ 'ਚ ਸ਼ਹੀਦ ਹੋਏ ਅਨਿਲ ਜਸਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  1 day ago
ਊਨਾ, 19 ਜੂਨ (ਹਰਪਾਲ ਸਿੰਘ ਕੋਟਲਾ) - ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਬੀਤੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਇੱਕ ਮੁੱਠਭੇੜ 'ਚ ਸ਼ਹੀਦ ਹੋਏ ਊਨਾ ਦੇ ਸਪੂਤ ਅਨਿਲ ਜਸਵਾਲ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ....
ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : 30 ਓਵਰਾਂ ਤੋ ਦੱਖਣੀ ਅਫਰੀਕਾ 124/3
. . .  1 day ago
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਾਵਿ-ਮਹਿਫ਼ਲ

ਯਾਰ ਕਹਿੰਦੇ ਸੋਚ ਬਦਲੋ, ਜ਼ਿੰਦਗੀ ਗੁਲਜ਼ਾਰ ਹੈ,
ਕੀ ਕਰੇ ਉਹ ਆਦਮੀ ਜੋ ਰੋਟੀ ਤੋਂ ਲਾਚਾਰ ਹੈ |

ਖ਼ੂਨ ਦੇ ਵੀ ਰਿਸ਼ਤਿਆਂ ਦੀ ਸਾਂਝ ਕੋਈ ਨਾ ਰਹੀ,
ਫਿਰ ਜ਼ਮਾਨੇ ਨਾਲ ਚਲਣਾ, ਹੋ ਗਿਆ ਦੁਸ਼ਵਾਰ ਹੈ |

ਪੈਸੇ ਖ਼ਾਤਰ ਵੇਚਦੇ ਨੇ ਲੋਕ ਅਪਣਾ ਹੀ ਜ਼ਮੀਰ,
ਹੈ ਜ਼ਰੂਰੀ ਜੋ ਬੜਾ ਹੀ, ਗਿਰ ਰਿਹਾ ਕਿਰਦਾਰ ਹੈ |

ਨਾਲ ਗ਼ੈਰਾਂ ਦੇ ਤੁਅੱਲਕ ਹਰ ਕਿਸੇ ਦੇ ਖਾਸ ਅੱਜ,
ਅਪਣਿਆਂ ਦੇ ਨਾਲ ਰਹਿੰਦੇ, ਦਿਲ ਰਹੇ ਬੇਜ਼ਾਰ ਹੈ |

ਹੈ ਅਨੋਖੀ ਦਾਸਤਾਂ ਹੀ ਅੱਜ ਦੇ ਇਨਸਾਨ ਦੀ,
ਆਦਮੀ ਹੈ ਕੋਈ ਕੋਈ, ਰੱਬਾਂ ਦੀ ਭਰਮਾਰ ਹੈ |

ਹੈ ਮਿਲਣ ਦੀ ਤਾਂਘ ਦਿਲ ਵਿਚ, ਕੋਈ ਮੁਸ਼ਕਲ ਨਾ ਬੜੀ,
ਰਾਹ ਅਪਣੇ ਤੂੰ ਚਲਾ ਚਲ, ਚਾਹੇ ਇਹ ਪੁਰਖ਼ਾਰ ਹੈ |

ਸੀ ਭਰੋਸਾ ਬਹੁਤ ਜਿਸ 'ਤੇ, ਜ਼ਖ਼ਮ ਦੇਵੇ ਨਿਤ ਨਵੇਂ,
ਕੋਈ ਸ਼ਿਕਵਾ ਜਾਂ ਸ਼ਿਕਾਇਤ ਕੀ ਕਰਾਂ ਬੇਕਾਰ ਹੈ |

-ਮੋਬਾਈਲ : 98155-19333.

ਖੌਫ਼-ਜ਼ਦ ਇਨਸਾਨ ਦੇ ਸੀਨੇ 'ਚ ਹੁੰਦਾ ਦਿਲ ਨਹੀਂ,
ਇਸ ਤਰ੍ਹਾਂ ਦੇ ਆਦਮੀ ਦਾ ਵੀ ਕੋਈ ਹਾਸਿਲ ਨਹੀਂ |

ਜ਼ਿੰਦਗੀ ਭਰ ਹੀ ਨਿਭੀ ਹੈ ਵਾਅਦਿਆਂ, ਕਸਮਾਂ ਦੇ ਵਿਚ,
ਆਸ਼ਕਾਂ ਦੀ ਇਸ ਰਿਵਾਇਤ ਦਾ ਕੋਈ ਵੀ ਹੱਲ ਨਹੀਂ |

ਇਹ ਤਾਂ ਦਿਲ ਦੀ ਹੈ ਨਵਾਜਿਸ਼ ਬਖ਼ਸ਼ ਦਿੰਦਾ ਹਰ ਗੁਨਾਹ,
ਵਰਨਾ, ਇਹ ਦੁਨੀਆ ਕਿਸੇ ਵੀ ਰਹਿਮ ਦੇ ਕਾਬਿਲ ਨਹੀਂ |

ਵਕਤ ਦੀ ਇਸ ਬੇਰੁਖ਼ੀ ਤੇ ਸਹਿਮਿਆ ਹੋਇਆ ਖ਼ੁਦਾ,
ਕੌਣ ਜ਼ੁਰਅਤ ਨਾਲ ਆਖੇ ਵਕਤ ਇਹ ਕਾਤਿਲ ਨਹੀਂ |

ਖੇਡਦਾ ਹੈ ਆਦਮੀ ਹੁਣ ਮਿਥ ਕੇ ਹਰ ਇਕ ਚਾਲ ਨੂੰ ,
ਸੋਚਦਾ ਹਾਂ ਸ਼ਹਿਰ ਸਾਰਾ ਤੇ ਕਿਤੇ ਗਾਫ਼ਿਲ ਨਹੀਂ |

ਦਿਲ ਸਮੰੁਦਰ ਮਾਪ ਨਾ ਇਹ ਮਾਪਿਆ ਜਾਣਾ ਨਹੀਂ,
ਇਸ ਦੀ ਗਹਿਰਾਈ 'ਚ ਨਾ ਜਾ ਇਸ ਦਾ ਤਾਂ ਸਾਹਿਲ ਨਹੀਂ |

ਅਪਣੀ ਕਿਸਮਤ ਨਾਲ ਖੇਖਣ ਬਾਜ਼ੀਆਂ ਕਰਦਾ ਹੈ ਦਿਲ,
ਪਰ ਜਨੂੰਨੀ ਸ਼ੌਕ ਉਸ ਦਾ ਵੀ ਕਰੇ ਕਾਇਲ ਨਹੀਂ |

ਬਸ | ਇਸੇ ਗੱਲ ਦਾ ਹੈ ਦੁੱਖ 'ਤਖ਼ਤਰ' ਕੋਈ ਰਸਤਾ ਮਿਲੇ,
ਅਪਣੇ ਕਦਮਾਂ ਨੂੰ ਜੋ ਚੰੁਮਦੀ ਉਹ ਕਿਤੇ ਮੰਜ਼ਿਲ ਨਹੀਂ |

-7/305, ਮੁਹੱਲਾ ਸਿੱਖਾਂ, ਸੁਲਤਾਨਪੁਰ ਲੋਧੀ (ਕਪੂਰਥਲਾ) | ਮੋਬਾ : 99881-24587.

ਰਹੇ ਜੋ ਉਮਰ ਭਰ ਉਡਦੇ ਪਰਾਂ ਬੇਗਾਨਿਆਂ ਉਤੇ,
ਰੁਲੇ ਨੇ ਤਿਣਕਿਆਂ ਵਾਂਗੂੰ ਦਰਾਂ ਬੇਗਾਨਿਆਂ ਉਤੇ |

ਖ਼ੁਸ਼ੀ ਤੇ ਅਮਨ ਜਿਹੜੇ ਲੋਚਦੇ ਆਪਣੇ ਘਰਾਂ ਅੰਦਰ,
ਨਹੀਂ ਰੱਖਦੇ ਨਿਗਾਹ ਮੈਲੀ ਘਰਾਂ ਬੇਗਾਨਿਆਂ ਉਤੇ |

ਜਦੋਂ ਤੋਂ ਰਮਜ਼ ਗੁੱਝੀ ਸਮਝਿਆ ਹਾਂ ਮੈਂ ਘਨਈਏ ਦੀ,
ਉਦੋਂ ਤੋਂ ਆਪਣਿਆਂ ਵਾਂਗੂੰ ਮਰਾਂ ਬੇਗਾਨਿਆਂ ਉਤੇ |

ਵਹਾ ਕੇ ਸਾਗਰਾਂ ਵਰਗੇ ਬਣਾ ਕੇ ਨੈਣਾਂ ਮਾਰੂਥਲ,
ਟਿਕਾ ਕੇ ਟੇਕ ਕੀ ਕਰਨੀ ਸਰਾਂ ਬੇਗਾਨਿਆਂ ਉਤੇ |

ਹਜ਼ਾਰਾਂ ਆ ਤੁਰੇ ਰਹਿਬਰ ਨਹੀਂ ਪਰ ਬਦਲਿਆ ਬੰਦਾ,
ਅਜੇ ਵੀ ਜੀ ਰਿਹੈ ਲੋਭਾਂ ਡਰਾਂ ਬੇਗਾਨਿਆਂ ਉਤੇ |

ਉਦੋਂ ਪਿੱਠ ਥਾਪੜਾਂ ਆਪਣੀ ਮਿਲੇ ਜਦ ਸਫ਼ਲਤਾ ਕੋਈ,
ਭਲਾ ਕਿਉਂ ਦੋਸ਼ ਹਾਰਾਂ ਦੇ ਧਰਾਂ ਬੇਗਾਨਿਆਂ ਉਤੇ |

ਭਰੋਸਾ ਆਪਣੇ ਹੀ ਡੌਲਿਆਂ 'ਤੇ ਰੱਖੀਏ 'ਜ਼ਖ਼ਮੀ',
ਕਦੇ ਨਾ ਮੰਜ਼ਿਲਾਂ ਮਿਲੀਆਂ ਵਰਾਂ ਬੇਗਾਨਿਆਂ ਉਤੇ |

-ਗੁਰੂ ਤੇਗ ਬਹਾਦਰ ਨਗਰ, ਹਰੇੜੀ ਰੋਡ, ਸੰਗਰੂਰ-148001.
ਮੋਬਾਈਲ : 98885-28027.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਕਹਾਣੀ ਤਾਂ ਇਹੋ ਦੱਸਦੀ ਹੈ!
ਕਰਜ਼ੇ ਦਾ ਜਾਲ ਬਹੁਤ ਸਫ਼ਾਈ ਨਾਲ ਸੁੱਟਿਆ ਗਿਆ ਸੀ | ਉਹ ਤੇ ਉਹਦੇ ਬਹੁਤ ਸਾਰੇ ਸਾਥੀ ਨਾ ਚਾਹੁੰਦੇ ਹੋਏ ਵੀ ਫਸ ਗਏ ਸਨ, ਇਸ ਜਾਲ ਵਿਚ | ਬਹੁਤ ਸਾਰੇ ਸੁਪਨੇ ਦਿਖਾ ਕੇ ਪ੍ਰਚਾਰ ਕੀਤਾ ਗਿਆ ਕਿ ਤਰੱਕੀ ਅਤੇ ਖੁਸ਼ਹਾਲੀ ਦਾ ਵਸੀਲਾ ਹੈ ਇਹ ਕਰਜ਼ਾ |
ਕਈ ਘਬਰਾਏ ਵੀ, ਤ੍ਰਬਕੇ ਵੀ, ਪੁਰਖਿਆਂ ਦੇ ਕਥਨਾਂ ਨੂੰ ਯਾਦ ਕਰਕੇ ਕਿ ਕਰਜ਼ਾ ਬਰਬਾਦ ਕਰ ਦਿੰਦਾ ਹੈ | ਪਰ ਬੈਂਕਾਂ ਤਾਂ ਘਰ ਆ ਕੇ ਕਰਜ਼ਾ ਦੇਣ ਨੂੰ ਤਿਆਰ ਸਨ | ਵਿਆਜ ਬੈਂਕਾਂ ਦੀ ਆਮਦਨ ਜੁ ਸੀ |
ਕੁਝ ਗੱਲਾਂ ਵਿਚ ਆ ਗਏ, ਕੁਝ ਦੇਖਾ-ਦੇਖੀ ਫਸ ਗਏ |
ਕਈ ਸਾਲਾਂ ਤੱਕ ਨਾ ਮੂਲ ਮੁੜਿਆ, ਵਿਆਜ ਵਧਦਾ ਚਲਿਆ ਗਿਆ |
ਗੱਲ ਕੁਰਕੀਆਂ, ਕੈਦਾਂ ਤੱਕ ਪਹੁੰਚ ਗਈ, ਕਈਆਂ ਦੀ ਤਾਂ ਜਿਊਣ ਦੀ ਇੱਛਾ ਹੀ ਫਿੱਕੀ ਪੈ ਗਈ |
ਖੇਤ ਵਿਚ, ਖਾਲ ਦੀ ਵੱਟ 'ਤੇ ਬੈਠਾ ਉਹ ਸੋਚ ਰਿਹਾ ਸੀ, ਕਰਜ਼ੇ ਤਾਂ ਉਸ ਦੇ ਵੱਡੇ ਵਡੇਰੇ ਵੀ ਲੈਂਦੇ ਆਏ, ਸ਼ਾਹੂਕਾਰਾਂ ਕੋਲੋਂ ਪਰ ਉਹ ਜ਼ਿੰਦਗੀ ਤੋਂ ਅਵਾਜ਼ਾਰ ਨਹੀਂ ਹੋਏ | ਹੁਣ ਤਾਂ ਕਰਜ਼ੇ ਦੀ ਨਾਮੋਸ਼ੀ ਨੇ ਉਨ੍ਹਾਂ ਨੂੰ ਤੋੜ ਹੀ ਦਿੱਤਾ ਸੀ |
ਉਸ ਨੂੰ ਵਾਰ-ਵਾਰ ਕਹਾਣੀ ਯਾਦ ਆ ਰਹੀ ਸੀ, ਜੋ ਬਚਪਨ ਸਮੇਂ ਸਕੂਲ ਵਿਚ ਪੜ੍ਹੀ ਸੀ ਕਿ ਸ਼ਿਕਾਰੀ ਨੇ ਬਹੁਤ ਸਾਰੇ ਕਬੂਤਰਾਂ ਨੂੰ ਜਾਲ ਵਿਚ ਫਸਾ ਲਿਆ ਸੀ |
ਜਾਲ ਵਿਚੋਂ ਨਿਕਲਣ ਲਈ, ਉਹ ਇਕੱਲੇ-ਇਕੱਲੇ ਜ਼ੋਰ ਲਾਉਂਦੇ, ਖੰਭ ਫੜਫੜਾਉਂਦੇ ਥੱਕ ਹਾਰ, ਬੇਬਸ ਹੋ ਕੇ ਢੇਰੀ ਢਾਅ ਜਾਂਦੇ |
ਫਿਰ ਕਿਸੇ ਸਿਆਣੇ ਕਬੂਤਰ ਨੇ ਸਲਾਹ ਦਿੱਤੀ, 'ਕੱਲੇ-'ਕੱਲੇ ਨਹੀਂ, ਸਾਰੇ ਰਲ ਕੇ ਇਕੋ ਵਾਰੀ ਜ਼ੋਰ ਲਗਾਓ ਤੇ ਜਾਲ ਨੂੰ ਲੈ ਉਡੋ |
ਹੁਣ ਵੀ ਕਹਾਣੀ ਤੇ ਨਾਲ ਛਪੀ ਤਸਵੀਰ ਤਾਂ ਇਹੋ ਦੱਸਦੀ ਹੈ, ਉਨ੍ਹਾਂ ਸਭਨਾਂ ਨੇ ਰਲ ਕੇ ਇਕੱਠਿਆਂ ਜ਼ੋਰ ਲਗਾਇਆ ਤੇ ਉਹ ਜਾਲ ਨੂੰ ਲੈ ਉੱਡੇ |

-ਪਿੰ੍ਰ: ਗੁਲਵੰਤ ਮਲੌਦਵੀ
ਨੇੜੇ ਰੇਲਵੇ ਸਟੇਸ਼ਨ ਘਨੌਲੀ, ਪਿੰਡ ਤੇ ਡਾਕ: ਘਨੌਲੀ, ਜ਼ਿਲ੍ਹਾ ਰੂਪਨਗਰ-140113. ਮੋਬਾਈਲ : 94173-32911.

ਰਾਸ਼ੀਫਲ
ਅਖ਼ਬਾਰ ਨੂੰ ਨਜ਼ਰ ਮਾਰਦੇ ਹੋਏ ਤਾਰਾ ਸਿਹੰੁ ਦੀ ਨਜ਼ਰ ਰਾਸ਼ੀਫਲ 'ਤੇ ਪੈ ਗਈ | ਉਹ ਉੱਚੀ ਆਵਾਜ਼ ਵਿਚ ਰਾਸ਼ੀਫਲ ਪੜ੍ਹਨ ਲੱਗ ਪਿਆ | ਉਸ ਦੇ ਬੇਟੇ ਬੱਬੂ ਨੇ ਕਿਹਾ, 'ਡੈਡੀ ਜੀ, ਮੇਰੀ ਰਾਸ਼ੀ ਬਿ੍ਖ ਹੈ, ਉਹ ਵੀ ਪੜ੍ਹ ਕੇ ਦੱਸ ਦਿਓ |' ਤਾਰਾ ਸਿਹੰੁ ਨੇ ਕਿਹਾ, 'ਅੱਜ ਸ਼ਾਮ ਤੱਕ ਤੇਰਾ ਦੁਸ਼ਮਣ ਕਮਜ਼ੋਰ ਰਹੇਗਾ', ਬਾਬੂ ਨੇ ਕਿਹਾ ਮੇਰਾ ਤਾਂ ਕੋਈ ਦੁਸ਼ਮਣ ਹੀ ਨਹੀਂ ਹੈ |
ਜਦੋਂ ਸ਼ਾਮ ਨੂੰ ਰੋਟੀ ਖਾਣ ਲਈ ਸਾਰਾ ਪਰਿਵਾਰ ਇਕ ਮੇਜ਼ 'ਤੇ ਇਕੱਠਾ ਹੋਇਆ ਤਾਂ ਬੱਬੂ ਨੇ ਕਿਹਾ, 'ਅੱਜ ਬਿਜਲੀ ਦਾ ਕਿੰਨਾ ਲੰਬਾ ਕੱਟ ਲੱਗਾ ਹੈ | ਸਵੇਰ ਤੋਂ ਮੇਰਾ ਤਾਂ ਮੋਬਾਈਲ ਫੋਨ ਬੰਦ ਪਿਆ ਹੈ |' ਹੁਣ ਤਾਰਾ ਸਿਹੰੁ ਅੱਜ ਦੀ ਨਵੀਂ ਪੀੜ੍ਹੀ ਦੇ ਦੁਸ਼ਮਣ ਬਾਰੇ ਸੋਚ ਰਿਹਾ ਸੀ |

-ਦਵਿੰਦਰਜੀਤ ਬੁਜਰਗ
ਮੋਬਾਈਲ : 98551-27254.

ਚਰਖਾ
ਬਿਸ਼ਨੀ ਅਤੇ ਉਸ ਦਾ ਘਰ ਵਾਲਾ ਕਿਹਰ ਸਿੰਘ ਦੋਵੇਂ ਇਕ ਪਿੰਡ ਵਿਚ ਰਹਿੰਦੇ ਸਨ | ਉਹ ਇਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਸਨ | ਉਨ੍ਹਾਂ ਦੀਆਂ ਤਿੰਨ ਧੀਆਂ ਅਤੇ ਉਨ੍ਹਾਂ ਤੋਂ ਛੋਟਾ ਇਕ ਪੁੱਤਰ ਸੀ | ਉਨ੍ਹਾਂ ਨੇ ਮਿਹਨਤ ਕਰਕੇ ਤਿੰਨੋਂ ਧੀਆਂ ਚੰਗੇ ਘਰੀਂ ਵਿਆਹ ਦਿੱਤੀਆਂ | ਆਪਣੇ ਪੁੱਤਰ ਨੂੰ ਵੀ ਪੜ੍ਹਾ ਕੇ ਨੌਕਰੀ 'ਤੇ ਲਵਾਇਆ ਅਤੇ ਬੜੇ ਚਾਵਾਂ ਨਾਲ ਉਸ ਦਾ ਵਿਆਹ ਕੀਤਾ | ਉਨ੍ਹਾਂ ਦੀ ਨੂੰ ਹ ਵੀ ਨੌਕਰੀ ਕਰਨ ਲੱਗੀ | ਬੜੀ ਚੰਗੀ ਜ਼ਿੰਦਗੀ ਬਤੀਤ ਕਰਨ ਲੱਗੇ | ਰੱਬ ਦਾ ਭਾਣਾ ਹੋਇਆ ਕਿ ਕਿਹਰ ਸਿੰਘ ਬਿਮਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ | ਇਸ ਤੋਂ ਬਾਅਦ ਬਿਸ਼ਨੀ ਦੇ ਨੂੰ ਹ-ਪੁੱਤ ਨੇ ਪੁਰਾਣੇ ਕਮਰੇ ਢਾਹ ਕੇ ਸੋਹਣੀ ਕੋਠੀ ਬਣਾ ਲਈ | ਬਿਸ਼ਨੀ ਦੀ ਨੂੰ ਹ ਨੇ ਘਰ ਦਾ ਸਾਰਾ ਪੁਰਾਣਾ ਸਾਮਾਨ ਇਕ ਕਮਰੇ ਵਿਚ ਬੰਦ ਕਰ ਦਿੱਤਾ | ਉਨ੍ਹਾਂ ਵਿਚ ਬਿਸ਼ਨੀ ਦੇ ਦਾਜ ਵਾਲਾ ਚਰਖਾ ਵੀ ਸੀ | ਬਿਸ਼ਨੀ ਦੇ ਘਰ ਇਕ ਪੋਤਰੇ ਨੇ ਜਨਮ ਲਿਆ | ਹੁਣ ਬਿਸ਼ਨੀ ਦੀ ਨੂੰ ਹ ਉਸ ਦੇ ਪੁੱਤਰ ਨੂੰ ਕਹਿਣ ਲੱਗੀ ਕਿ ਆਪਾਂ ਮਾਂ ਜੀ ਨੂੰ ਸ਼ਹਿਰ ਆਸ਼ਰਮ ਵਿਚ ਭਰਤੀ ਕਰਾ ਆਈਏ, ਕਿਉਂਕਿ ਆਪਾਂ ਨੌਕਰੀ ਕਰਦੇ ਹਾਂ | ਬਿਸ਼ਨੀ ਦਾ ਪੁੱਤਰ ਵੀ ਰਜ਼ਾਮੰਦ ਹੋ ਗਿਆ | ਹੁਣ ਉਹ ਬਿਸ਼ਨੀ ਨੂੰ ਆਸ਼ਰਮ ਵਿਚ ਭਰਤੀ ਕਰਵਾ ਆਏ | ਉਨ੍ਹਾਂ ਛੁੱਟੀ ਵਾਲੇ ਦਿਨ ਕਦੀ ਸ਼ਹਿਰ ਜਾਣਾ ਅਤੇ ਮਾਤਾ ਨੂੰ ਮਿਲ ਆਉਣਾ | ਇਸ ਤਰ੍ਹਾਂ ਪੰਜ-ਸੱਤ ਸਾਲ ਬੀਤ ਗਏ | ਇਕ ਦਿਨ ਬਿਸ਼ਨੀ ਦੀ ਨੂੰ ਹ ਨੇ ਉਹ ਪੁਰਾਣਾ ਸਾਮਾਨ ਫੇਰੀ ਵਾਲੇ ਨੂੰ ਵੇਚ ਦਿੱਤਾ, ਜਿਸ ਵਿਚ ਬਿਸ਼ਨੀ ਦਾ ਜਾਨ ਤੋਂ ਪਿਆਰਾ ਦਾਜ ਵਾਲਾ ਚਰਖਾ ਵੀ ਵਿਕ ਗਿਆ | ਹੁਣ ਜਦੋਂ ਉਹ ਸ਼ਹਿਰ ਮਾਤਾ ਨੂੰ ਮਿਲਣ ਗਏ ਤਾਂ ਉਥੋਂ ਮੁੜਨ ਲੱਗਿਆਂ ਬਿਸ਼ਨੀ ਦੇ ਪੋਤਰੇ ਨੇ ਸਾਰੀ ਗੱਲ ਉਸ ਨੂੰ ਦੱਸ ਦਿੱਤੀ ਕਿ ਦਾਦੀ ਅੰਮਾ ਮੰਮੀ ਡੈਡੀ ਨੇ ਤੇਰਾ ਉਹ ਚਰਖਾ ਵੀ ਵੇਚ ਦਿੱਤਾ ਹੈ | ਇਹ ਸੁਣ ਕੇ ਬਿਸ਼ਨੀ ਦਾ ਹਓਕਾ ਨਿਕਲ ਗਿਆ ਅਤੇ ਉਹ ਉਨ੍ਹਾਂ ਦੇ ਆ ਜਾਣ ਮਗਰੋਂ ਕਿੰਨਾ ਚਿਰ ਚਰਖੇ ਨੂੰ ਯਾਦ ਕਰਕੇ ਰੋਂਦੀ ਰਹੀ, ਜਿਸ ਨਾਲ ਉਸ ਨੇ ਹੱਥੀਂ ਸੂਤ ਕੱਤ ਕੇ ਆਪਣੀਆਂ ਤਿੰਨਾਂ ਧੀਆਂ ਦਾ ਦਾਜ ਬਣਾਇਆ ਸੀ |

-ਮਾ: ਮਲਕੀਤ ਸਿੰਘ ਬਾਠ
ਮੋਬਾਈਲ : 95012-31822.

ਨਹਿਲੇ 'ਤੇ ਦਹਿਲਾ ਹਵਾਈ ਜਹਾਜ਼ ਦੀਆਂ ਟਿਕਟਾਂ

ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਾਨੂੰ ਮੁਸ਼ਾਇਰੇ ਲਈ ਬੁਲਾਇਆ ਜਾਂਦਾ ਸੀ ਤਾਂ ਸਾਡੀ ਫੀਸ ਦੇ ਨਾਲ ਰੇਲ ਜਾਂ ਬੱਸ ਦਾ ਕਿਰਾਇਆ ਦਿੱਤਾ ਜਾਂਦਾ ਸੀ | ਕਿਸੇ ਬਹੁਤ ਕਾਮਯਾਬ ਸ਼ਾਇਰ ਨੂੰ ਦੋ-ਚਾਰ ਸੌ ਰੁਪਏ ਫੀਸ ਮਿਲਦੀ ਸੀ | ਮੈਨੂੰ ਵੀ ਰੇਲ ਦਾ ਕਿਰਾਇਆ ਮਿਲਦਾ ਸੀ | ਮੁਸ਼ਾਇਰਾ ਭਾਵੇਂ ਕਰਨਾਟਕ, ਬੰਬਈ, ਕਸ਼ਮੀਰ ਜਾਂ ਮਦਰਾਸ ਵਿਖੇ ਹੋਵੇ |
ਇਕ ਵਾਰੀ ਹੈਦਰਾਬਾਦ ਵਿਖੇ ਮੁਸ਼ਾਇਰਾ ਸੀ | ਅਸੀਂ ਸਾਰੇ ਆਪਣੇ-ਆਪਣੇ ਢੰਗ ਅਤੇ ਸਹੂਲਤ ਅਨੁਸਾਰ ਪਹੁੰਚ ਗਏ ਸੀ | ਆਬਿਦ ਰੋਡ 'ਤੇ ਓਵਰੈਂਟ ਹੋਟਲ ਵਿਚ ਅਸੀਂ ਸਾਰੇ ਕਾਫ਼ੀ ਪੀ ਰਹੇ ਸਾਂ | ਏਨੇ ਨੂੰ ਸ਼ਾਜ਼ ਨਾਮਕ ਇਕ ਸ਼ਾਇਰ ਸਾਡੇ ਕੋਲ ਆ ਗਿਆ | ਸਲਾਮ ਦੁਆ ਤੋਂ ਬਾਅਦ ਉਸ ਨੇ ਆਪਣੇ ਬੈਗ ਵਿਚੋਂ ਹਵਾਈ ਜਹਾਜ਼ ਦੀਆਂ ਟਿਕਟਾਂ ਕੱਢ ਕੇ ਮੇਜ਼ 'ਤੇ ਰੱਖ ਦਿੱਤੀਆਂ ਅਤੇ ਦੱਸਿਆ ਕਿ ਕਸ਼ਮੀਰ ਵਿਚ ਸ਼ਾਨਦਾਰ ਮੁਸ਼ਾਇਰਾ ਹੋ ਰਿਹਾ ਹੈ ਜਿਸ ਵਿਚ ਮੈਨੂੰ ਸੱਦਿਆ ਗਿਆ ਹੈ, ਦੋ ਹਜ਼ਾਰ ਫੀਸ ਦੇਣਗੇ ਅਤੇ ਹੈਦਰਾਬਾਦ ਤੋਂ ਕਸ਼ਮੀਰ ਤੱਕ ਦੀਆਂ ਹਵਾਈ ਟਿਕਟਾਂ ਭੇਜੀਆਂ ਹਨ | ਅਸੀਂ ਸਾਰੇ ਟਿਕਟਾਂ ਵੇਖ ਕੇ ਖ਼ੁਸ਼ ਵੀ ਸਾਂ ਅਤੇ... ਏਨੇ ਨੂੰ ਹੋਟਲ ਦਾ ਕਰਮਚਾਰੀ ਹੀ ਸਾਡੇ ਕੋਲ ਆਇਆ ਅਤੇ ਹੋਰ ਕੁਝ ਖਾਣ ਲਈ ਪੁੱਛਣ ਲੱਗਿਆ | ਇਹ ਵੇਖ ਸ਼ਾਜ਼ ਸਾਹਿਬ ਨੇ ਉੱਚੀ ਆਵਾਜ਼ ਵਿਚ ਕਿਹਾ, 'ਜ਼ਰਾ ਧਿਆਨ ਨਾਲ, ਵੇਖ ਲੈ ਏਥੇ ਹਵਾਈ ਜਹਾਜ਼ ਦੀਆਂ ਟਿਕਟਾਂ ਪਈਆਂ ਨੇ |'
ਥੋੜ੍ਹੀ ਦੇਰ ਬਾਅਦ ਸਾਡੇ ਨਾਲ ਦੀ ਮੇਜ਼ 'ਤੇ ਬੈਠੇ ਕਿਸੇ ਗੱਲੋਂ ਜ਼ੋਰ ਦੀ ਹੱਸ ਪਏ | ਇਹ ਵੇਖ ਕੇ ਸ਼ਾਜ਼ ਸਾਹਿਬ ਨੇ ਉਨ੍ਹਾਂ ਨੂੰ ਆਪਣੇ ਅੰਦਾਜ਼ ਵਿਚ ਕਿਹਾ, 'ਵੀਰੇ, ਜ਼ਰਾ ਹੌਲੀ ਹੱਸੋ, ਆਹ ਵੇਖੋ, ਸਾਡੇ ਮੇਜ਼ 'ਤੇ ਹਵਾਈ ਜਹਾਜ਼ ਦੀਆਂ ਟਿਕਟਾਂ ਪਈਆਂ ਨੇ |'-ਜੇਠੀ ਨਗਰ,

ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਹੂਆ ਤੋ ਹੂਆ

ਅੱਜ ਮੈਨੂੰ ਪੁਰਾਣਾ ਫ਼ਿਲਮੀ ਗੀਤ ਯਾਦ ਆ ਰਿਹਾ ਹੈ:
ਯੇ ਕਯਾ ਹੂਆ? ਕੈਸੇ ਹੂਆ?
ਕਯਾ ਹੂਆ?
ਕਯੋਂ ਹੂਆ?
ਪੂਛੋ ਨਾ |
ਯੇ ਤੋ ਹੋਨਾ ਹੀ ਥਾ |
ਇਹ ਟੁੱਟੇ ਦਿਲ ਦੀ ਆਵਾਜ਼ ਹੈ-ਮਤਲਬ ਸਾਫ਼ ਹੈ, ਇਹ ਨਹੀਂ ਹੋਣਾ ਚਾਹੀਦਾ ਸੀ | ਜੋ ਹੋਇਆ ਬੁਰਾ ਹੋਇਆ, ਇੰਜ ਨਹੀਂ ਹੋਣਾ ਚਾਹੀਦਾ ਸੀ |
ਇਨਸਾਨ ਲਈ ਸਭ ਤੋਂ ਵੱਡੀ ਨਿਹਮਤ ਹੈ, ਇਨਸਾਨੀਅਤ | ਸਭ ਤੋਂ ਵੱਡੀ ਲਾਹਨਤ ਹੈ, ਹੈਵਾਨੀਅਤ | ਇਨਸਾਨੀਅਤ ਹੈ-ਇਨਸਾਨ ਦਾ ਇਨਸਾਨ ਨਾਲ ਪਿਆਰ, ਮੁਹੱਬਤ | ਹੈਵਾਨੀਅਤ ਹੈ-ਇਨਸਾਨ ਦਾ ਇਨਸਾਨ ਹੱਥੋਂ ਵਿਨਾਸ਼ |
ਇਨਸਾਨੀਅਤ ਹੈ-ਇਕ ਦੂਜੇ ਦੇ ਦਰਦ ਵੰਡਣਾ, ਜ਼ਖ਼ਮਾਂ ਤੇ ਮਰ੍ਹਮ ਲਾਉਣੀ | ਹੈਵਾਨੀਅਤ ਹੈ-ਜ਼ਖ਼ਮ ਦੇਣੇ, ਜ਼ਖ਼ਮਾਂ 'ਤੇ ਲੂਣ ਛਿੜਕਣਾ | ਅਤਿ ਦਾ ਜ਼ੁਲਮ ਢਾਹੁਣਾ, ਅਣਿਆਈ ਮੌਤ ਦੇਣਾ |
ਇਨਸਾਨ ਹੱਥੋਂ ਇਨਸਾਨ ਦਾ ਹੁੰਦਾ ਘਾਣ ਵੇਖ ਕੇ, ਰੂਹਾਨੀ ਰੂਹਾਂ ਵੀ ਤੜਫ਼ ਪੈਂਦੀਆਂ ਹਨ, ਰੱਬ ਨੂੰ ਗਿਲਾ ਕਰਦੀਆਂ ਹਨ... 'ਏਤੀ ਮਾਰ ਪਈ ਕੁਰਲਾਣੈ, ਤੈ ਕੀ ਦਰਦ ਨਾ ਆਇਆ?'
ਹੈ ਕਿਸੇ ਸੈਮ ਪਿਤਰੋਦਾ ਦੀ ਹਿੰਮਤ ਕਿ ਆਖੇ, 'ਕਾਹਨੂੰ-ਅੱਜ ਵੀ ਦਿਲੀ ਸਿੱਖ ਕਤਲੇਆਮ ਦੀ ਯਾਦ ਤਾਜ਼ਾ ਕਰ ਰਹੇ ਹੋ? ਹੂਆ ਤੋ ਹੂਆ |'
1984... ਪੂਰੇ ਭਾਰਤ ਵਿਚ, ਤੇ ਖਾਸ ਕਰ ਰਾਜਧਾਨੀ ਦਿੱਲੀ ਵਿਚ ਸਿਰਫ਼ ਤੇ ਸਿਰਫ਼ ਸਿੱਖਾਂ ਦਾ ਘਾਣ, ਅਜਿਹੇ ਤਸੀਹੇ ਦੇ ਦੇ ਕੇ, ਕੀਤਾ ਗਿਆ, ਉਹ ਤਾਂ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੈ |
ਨੌਜਵਾਨ ਸਿੱਖਾਂ ਨੂੰ ਘਰੋਂ ਧੂਹ ਕੇ ਬਾਹਰ ਸੜਕ 'ਤੇ ਕੱਢਿਆ ਗਿਆ | ਫੇਰ ਉਨ੍ਹਾਂ ਦੇ ਗਲਾਂ 'ਚ ਜਲਦੇ ਟਾਇਰ ਪਾ ਕੇ, ਮਿੱਟੀ ਦਾ ਤੇਲ, ਪੈਟਰੋਲ ਛਿੜਕ-ਛਿੜਕ ਕੇ ਸਾੜਿਆ ਗਿਆ | ਸਿੱਖਾਂ ਦੇ ਘਰ, ਸਿੱਖਾਂ ਦੀਆਂ ਦੁਕਾਨਾਂ ਸਾੜ-ਫੂਕ ਦਿੱਤੀਆਂ | ਅੱਜ ਵੀ ਕਾਨੂੰਨ ਹੈ ਕਿ ਜੇਕਰ ਕਿਸੇ ਮਨੁੱਖ ਨੂੰ ਆਤਮ-ਹੱਤਿਆ ਕਰਨ ਲਈ ਵੀ ਕੋਈ ਹੋਰ ਹੱਲਾਸ਼ੇਰੀ ਦੇਵੇ ਤਾਂ ਉਹ ਜੇਕਰ ਆਤਮ-ਹੱਤਿਆ ਕਰ ਲੈਂਦਾ ਹੈ ਤਾਂ ਹੱਲਾਸ਼ੇਰੀ ਦੇਣ ਵਾਲਾ ਵੀ ਓਨਾ ਹੀ ਗੁਨਾਹਗਾਰ ਹੈ | ਉਸ 'ਤੇ ਮੁਕੱਦਮਾ ਚਲਦਾ ਹੈ | ਕਾਨੂੰਨ ਬਰਾਬਰ ਸਜ਼ਾ ਦਿੰਦਾ ਹੈ | ਉਸ ਵੇਲੇ ਤਾਂ ਕਹਿੰਦੇ ਕਹਾਉਂਦੇ ਲੀਡਰ ਖੁੱਲ੍ਹੇ ਆਮ, ਹੈਾਸਿਆਰਿਆਂ ਨੂੰ ਹੱਲਾਸ਼ੇਰੀ ਦੇ ਰਹੇ ਸਨ | ਇਨ੍ਹਾਂ ਸਭਨਾਂ ਨੂੰ ਹੱਥਕੜੀਆਂ ਲਾ ਕੇ, ਕਾਨੂੰਨ ਦੇ ਹਵਾਲੇ ਕਰਨ ਦੀ ਥਾਂ ਇਨ੍ਹਾਂ ਦੀ ਇਸ ਸੇਵਾ ਬਦਲੇ ਉਨ੍ਹਾਂ ਨੂੰ ਐਮ.ਪੀ. ਦੀਆਂ ਟਿਕਟਾਂ ਦਿੱਤੀਆਂ ਗਈਆਂ, ਕੇਂਦਰੀ ਸਰਕਾਰ 'ਚ ਵਜ਼ੀਰ ਬਣਾ ਕੇ ਨਵਾਜਿਆ ਗਿਆ, ਵੱਡੇ-ਵੱਡੇ ਅਹੁਦੇ ਬਖਸ਼ੇ ਗਏ, ਬਖਸ਼ਿਸ਼ 2019 ਵਿਚ ਵੀ ਜਾਰੀ ਹੈ, ਮੱਧ ਪ੍ਰਦੇਸ਼ ਦਾ, ਇਸ ਸਮੇਂ ਮੁੱਖ ਮੰਤਰੀ ਕੌਣ ਹੈ?
ਹੱਸਣਾ ਨਾ, ਐਤਕੀਂ ਲੋਕ ਸਭਾ ਦੀਆਂ ਚੋਣਾਂ ਦਾ ਦੌਰ ਚੱਲਿਆ | ਕਾਂਗਰਸ ਨੇ ਆਪਣੀ ਟੈਗ ਲਾਈਨ ਰੱਖੀ ਸੀ...
'ਅਬ ਹੋਗਾ ਨਿਆਏ'
'ਹੁਣ ਹੋਏਗਾ ਨਿਆਂ...
ਹੁਣ ਹੋਏਗਾ ਇਨਸਾਫ |'
'ਸੁਆਹ ਤੇ ਖੇਹ ਹੋਏਗਾ | ਨਿਆਏ'
'ਸਿੱਖਾਂ ਨਾਲ ਹੋਏਗਾ ਨਿਆਏਾ?
ਸਵ: ਰਾਜੀਵ ਗਾਂਧੀ ਦੇ ਸਲਾਹਕਾਰ ਤੇ ਰਾਹੁਲ ਗਾਂਧੀ ਦੇ ਸਿਪਾਹਸਲਾਰ ਨੇ ਇਹਦਾ ਖੁਲਾਸਾ ਕਰ ਦਿੱਤਾ, ਇਹ ਸੱਚ ਬੋਲ ਕੇ...
'ਹੂਆ ਤੋ ਹੂਆ |'
ਸੈਮ ਪਿਤਰੋਦਾ ਨੇ, ਜਿਸ ਅੰਦਾਜ਼ 'ਚ ਉਚਰਿਆ ਹੈ, ਪੰਜਾਬੀ 'ਚ ਇਉਂ ਹੈ:
'ਹੋਇਆ ਤਾਂ ਹੋਇਆ, ਜੋ ਹੋਣਾ ਸੀ ਹੋ ਗਿਆ...' ਚੁੱਪ ਕਰਕੇ ਬੈਠੇ ਰਹੋ', ਰੌਲਾ ਪੈ ਗਿਆ | ਮੁੜ ਕੇ ਆਤਮਾਵਾਂ ਤੜਫੀਆਂ, ਜ਼ਖ਼ਮ ਮਸਾਂ ਭਰੇ ਵੀ ਨਹੀਂ ਸਨ ਕਿ ਚਲੋ 34 ਸਾਲਾਂ ਮਗਰੋਂ ਇਕ ਦੋਸ਼ੀ ਸੱਜਣ ਕੁਮਾਰ ਨੂੰ ਉਸ ਦੇ ਗੁਨਾਹ ਕਾਰਨ ਉਮਰ ਕੈਦ ਦੀ ਸਜ਼ਾ ਹੋ ਗਈ | ਉਹ ਇਸ ਵੇਲੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ ਕਿ ਸੈਮ ਪਿਤਰੋਦਾ ਨੇ ਇਹ ਆਖ ਦਿੱਤਾ, 'ਹੂਆ ਤੋ ਹੂਆ |'
'ਹੂਆ' ਨਹੀਂ 'ਹਊਆ' ਆਪਣੇ ਮਗਰ ਪਾ ਲਿਆ, ਕਾਂਗਰਸ ਲਈ ਮੁੜ ਕਲੇਸ਼ ਖੜਵਾ ਕਰ ਦਿੱਤਾ | ਪੰਜਾਬ ਤੇ ਦਿੱਲੀ 'ਚ ਚੋਣਾਂ ਦਾ ਪੜਾਅ ਸੀ, ਉਸ ਤੋਂ ਪਹਿਲਾਂ ਹੀ ਸਿੱਖਾਂ ਦੇ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ |
'ਹੱਥੋਂ ਦਿੱਲੀ ਦਾ ਰਾਜ ਗਵਾਇਆ ਸੀ, ਉਹ ਮੁੜ ਕੇ ਦਬੋਚਣ ਦੀ ਲਾਲਸਾ ਸੀ ਪੰਜਾਬ 'ਚ, ਰਾਜ ਆਇਆ ਸੀ ਮਸਾਂ-ਮਸਾਂ ਉਹ ਹੱਥੋਂ ਗੁਵਾਉਣਾ ਸੀ... ਨਾ ਜੀ ਨਾ... ਹੱਥ ਦੇ ਨਿਸ਼ਾਨ ਨੂੰ ਹੱਥਾਂ-ਪੈਰਾਂ ਦੀ ਪੈ ਗਈ |
ਵੋਹ ਭੂਲੀ ਦਾਸਤਾਂ...
ਫਿਰ ਯਾਦ ਆ ਗਈ....
7 ਸੀਟਾਂ ਦਿੱਲੀ ਦੀਆਂ, 13 ਸੀਟਾਂ ਪੰਜਾਬ ਦੀਆਂ, ਫਿਰ ਸਿੱਖਾਂ ਦੀ ਯਾਦ ਆਈ | ਇਕ ਉਸਤਾਦ ਦੇ ਬੋਲ-ਕਬੋਲ ਨੇ ਸਾਰੀ ਆਸ ਗਵਾਈ | ਐਥੇ ਮੈਨੂੰ ਸੱਜਣੋ ਇਕ ਬੀਤੇ ਦੀ ਯਾਦ ਆਈ... ਯਾਦ ਕਰੋ ਅਨਾਰਕਲੀ ਦੇ ਹੱਥਾਂ 'ਚ ਦੋ ਕਬੂਤਰ ਸਨ... ਸ਼ਾਹਿਜ਼ਾਦਾ ਸਲੀਮ ਨੇ ਫੜਾਏ, ਥੋੜ੍ਹੀ ਦੇਰ ਮਗਰੋਂ ਉਹ ਵਾਪਸ ਆਇਆ ਤਾਂ ਅਨਾਰਕਲੀ ਹੱਥ ਇਕ ਕਬੂਤਰ ਸੀ | ਉਹਨੇ ਪੁੱਛਿਆ, 'ਅਨਾਰਕਲੀ ਦੂਜਾ ਕਬੂਤਰ ਕਿੱਥੇ ਏ?'
'ਉਹਤਾਂ ਉੱਡ ਗਿਐ |'
'ਕਿਵੇਂ?'
ਅਨਾਰਕਲੀ ਨੇ ਦੂਜਾ ਕਬੂਤਰ ਵੀ ਹੱਥ 'ਚੋਂ ਛੱਡ ਕੇ ਕਿਹਾ, 'ਐਦਾਂ' |
ਮੈਨੂੰ ਪੂਰਾ ਵਿਸ਼ਵਾਸ ਹੈ, ਸਭ ਤੋਂ ਪਹਿਲਾਂ ਸ਼ੀਲਾ ਦੀਕਸ਼ਤ ਨੇ ਸਿਰ ਫੜ ਕੇ ਕਿਹਾ ਹੋਣੈ... 'ਯੇਹ ਕਯਾ ਹੂਆ?'
ਫਿਰ ਸੋਨੀਆ ਜੀ ਨੇ ਘਬਰਾ ਕੇ ਕਿਹਾ ਹੋਣੈ, 'ਕਯੋਂ ਹੂਆ?'
ਫੇਰ ਪਿ੍ਅੰਕਾ ਗਾਂਧੀ ਵਾਡਰਾ ਨੇ ਘਬਰਾ ਕੇ ਰਾਹੁਲ ਜੀ ਤੋਂ ਪੁੱਛਿਆ ਹੋਣੈ, 'ਕੈਸੇ ਹੂਆ?' ਰਾਹੁਲ ਜੀ ਨੇ ਮੱਥੇ 'ਤੇ ਹੱਥ ਮਾਰ ਕੇ ਜਵਾਬ ਦਿੱਤਾ ਹੋਣੈ, 'ਛੋੜੋ ਯੇਹ ਨਾ ਪੂਛੋ', ਸਾਡੀ ਕਿਸਮਤ ਹੀ ਖਰਾਬ ਹੈ | ਸੱਪ ਤੇ ਸੀੜ੍ਹੀ ਦੀ ਖੇਡ ਹੈ | ਐਨ ਜਦ ਧੁਰ ਉੱਪਰ ਤੱਕ ਕਾਂਗਰਸ ਪਹੁੰਚ ਜਾਂਦੀ ਹੈ, ਕੋਈ ਨਾ ਕੋਈ ਸੱਪ ਡੰਗ ਮਾਰ ਦਿੰਦਾ ਹੈ, ਅਸੀਂ ਫੜਾਂਹ ਕਰਕੇ ਧੁਰ ਥੱਲੇ ਢਹਿ ਪੈਂਦੇ ਹਾਂ |
ਪਹਿਲਾਂ ਗੁਜਰਾਤ ਦੀਆਂ ਚੋਣਾਂ 'ਚ ਜਦ ਜਿੱਤਣ ਦੀ ਆਸ ਪੱਕੀ ਹੋ ਗਈ ਸੀ, ਐਨ ਆਖਰੀ ਪੜਾਅ 'ਤੇ ਮਣੀਸ਼ੰਕਰ ਅਈਅਰ ਨੇ ਇਹ ਆਖ ਕੇ ਭੱਠਾ ਬਿਠਾ ਦਿੱਤਾ, 'ਮੋਦੀ ਨੀਚ ਹੈ' ਹੁਣ ਐਨ ਆਖਰੀ ਸਮੇਂ ਸੈਮ ਪਿਤਰੋਦਾ ਨੇ ਲੂਤੀ ਲਾ ਦਿੱਤੀ 1984 'ਚ ਸਿੱਖਾਂ ਦੇ ਹੋਏ ਘਾਣ 'ਤੇ, ਇਹ ਬੋਲ-ਬੋਲ ਕੇ ਕਿ 'ਹੂਆ ਤੋ ਹੂਆ' |
'ਮਾਫੀ ਮੰਗੋ, ਸਿੱਖਾਂ ਤੋਂ ਮੁਆਫ਼ੀ ਮੰਗੋ, ਆਪਣੀ ਪੱਤ ਢੱਕੋ |'
ਰਾਹੁਲ ਜੀ ਨੇ ਤੇ ਪੂਰੀ ਕਾਂਗਰਸ ਪਾਰਟੀ ਨੇ ਸੈਮ ਪਿਤਰੋਦਾ ਦੇ ਇਸ ਬੋਲ-ਕਬੋਲ ਦੀ ਨਿਖੇਧੀ ਕੀਤੀ, ਸਗੋਂ ਉਸ ਨੂੰ ਮਜਬੂਰ ਕੀਤਾ ਕਿ ਉਹ ਸਿੱਖਾਂ ਤੋਂ ਮੁਆਫ਼ੀ ਮੰਗੇ | ਉਹਨੇ ਝੱਟ ਮੁਆਫ਼ੀ ਮੰਗ ਲਈ, ਇਹ ਬਹਾਨਾ ਲਾ ਕੇ ਕਿ ਉਹਦੀ ਹਿੰਦੀ ਠੀਕ ਨਹੀਂ ਹੈ, ਉਹਨੇ ਕਹਿਣਾ ਸੀ, 'ਜੋ ਹੂਆ ਬੁਰਾ ਹੂਆ, ਪਰ ਮੰੂਹੋਂ ਨਿਕਲ ਗਿਆ, 'ਹੂਆ ਤੋ ਹੂਆ |''
ਚਲੋ ਜੀ, ਹੁਣ ਕਾਂਗਰਸ ਵਾਲੇ ਇਹ ਕਹਿਣਗੇ, 'ਯੇਹ ਕਯਾ ਹੂਆ?'
ਜਿਹੜੇ ਜਿੱਤੇ, ਉਹ ਤਾਂ ਕਹਿਣਗੇ ਹੀ, 'ਅਬ ਪਛਤਾਏ ਹੋਤ ਕਯਾ, ਹੂਆ ਤੋ ਹੂਆ |'

ਮਿਹਨਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਇਮਾਨਦਾਰ ਬਣਨ ਦਾ ਹੌਸਲਾ ਰੱਖੋ ਤੇ ਮਿਹਨਤ ਮੁਸ਼ੱਕਤ ਦਾ ਕੋਈ ਵੀ ਕੰਮ ਕਰਨ ਤੋਂ ਨਾ ਡਰੋ |
• ਜੀਵਨ 'ਚ ਜਿੰਨਾ ਮਰਜ਼ੀ ਔਖਾ ਸਮਾਂ ਆ ਜਾਵੇ ਪਰ ਨਾ ਮਿਹਨਤ ਕਰਨੀ ਛੱਡੋ ਅਤੇ ਨਾ ਹੀ ਉਮੀਦ ਕਿਉਂਕਿ ਮਿਹਨਤ ਆਪਣਾ ਰੰਗ ਜ਼ਰੂਰ ਵਿਖਾਉਂਦੀ ਹੈ |
• ਸਿਆਣੇ ਕਹਿੰਦੇ ਹਨ ਕਿ ਮਿਹਨਤ ਕਰਨਾ ਕੀੜੀ ਤੇ ਬਿਜੜੇ ਤੋਂ ਸਿੱਖੋ, ਬਗਲੇ ਤੋਂ ਤਰਕੀਬ ਤੇ ਮੱਕੜੀ ਤੋਂ ਕਾਰੀਗਿਰੀ |
• ਸੱਤ ਪੁਸ਼ਤਾਂ ਦੀ ਮਿਹਨਤ ਅਤੇ ਬੱਚਤ ਨਾਲ ਪੈਦਾ ਕੀਤੀ ਖੁਸ਼ਹਾਲੀ ਬਾਅਦ ਹੀ ਕੋਈ ਪਰਿਵਾਰ ਖਾਨਦਾਨ ਅਖਵਾਉਂਦਾ ਹੈ |
• ਕੋਈ ਹਤਾਸ਼ ਹੋ ਕੇ ਬਿਖਰ ਜਾਤਾ ਹੈ, ਕੋਈ ਮਿਹਨਤ, ਸੰਘਰਸ਼ ਕਰਕੇ ਨਿਖਰ ਜਾਤਾ ਹੈ |
• ਮਿਹਨਤ ਨਾਲ ਇਬਰਾਹੀਮ ਲਿੰਕਨ ਅਮਰੀਕਾ ਦੇ ਰਾਸ਼ਟਰਪਤੀ ਬਣੇ | ਡਾ: ਅਬਦੁਲ ਕਲਾਮ ਜੋ ਗ਼ਰੀਬ ਘਰ ਵਿਚ ਪੈਦਾ ਹੋਏ, ਭਾਰਤ ਦੇ ਰਾਸ਼ਟਰਪਤੀ ਬਣੇ | ਅਨੁਸ਼ਾਸਨ ਅਤੇ ਮਿਹਨਤ ਦਾ ਜ਼ਿੰਦਗੀ ਵਿਚ ਬਹੁਤ ਮਹੱਤਵ ਹੈ | ਇਸ ਲਈ ਇਨ੍ਹਾਂ ਦਾ ਕਦੀ ਪੱਲਾ ਨਾ ਛੱਡੋ ਤੇ ਆਲਸ ਨੂੰ ਆਪਣੀ ਜ਼ਿੰਦਗੀ ਵਿਚ ਦਾਖਲ ਨਾ ਹੋਣ ਦਿਓ |
• ਏਨੀ ਮਿਹਨਤ ਕਰੋ, ਏਨੀ ਮਿਹਨਤ ਕਰੋ ਕਿ ਵਿਤਕਰੇ ਦੇ ਬਾਵਜੂਦ ਵੀ ਅੱਗੇ ਨਿਕਲ ਜਾਓ |

-ਮੋਬਾਈਲ : 99155-63406.

ਵਿਅੰਗ: ਵੋਟਰੋ ਗੁੱਡ ਬਾਏ...

ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ ਕਿ ਤੁਸੀਂ ਆਪਣੇ ਹਿਤਾਂ ਦੀ ਪੂਰਤੀ ਲਈ ਸਾਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ | ਅਸਲ ਵਿਚ ਇਹ ਸਾਡੀ ਨਹੀਂ, ਤੁਹਾਡੀ ਆਪਣੀ ਹੀ ਕਾਮਯਾਬੀ ਹੈ... ਹੀਂ... ਹੀਂ…... ਹੀਂ... | ਹਾਂ, ਤੇ ਸਾਡੇ ਹਲਕੇ ਦੇ ਸੂਝਵਾਨ ਵੋਟਰੋ, ਤੁਹਾਨੂੰ ਇਹ ਤਾਂ ਭਲੀਭਾਂਤ ਪਤਾ ਹੀ ਐ ਕਿ ਅਸੀਂ ਪੂਰੇ ਪੰਜ ਮਹੀਨੇ ਤੁਹਾਡੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਟੁੱਟੀਆਂ ਸੜਕਾਂ ਦੀ ਧੂੜ ਫੱਕਦੇ ਰਹੇ ਹਾਂ | ਤੁਹਾਡੀਆਂ ਵੋਟਾਂ ਲੈਣ ਲਈ ਅਸੀਂ ਅਣਥੱਕ ਕੋਸ਼ਿਸ਼ਾਂ ਕੀਤੀਆਂ | ਤੁਹਾਡੇ ਅੱਗੇ ਹੱਥ ਜੋੜੇ | ਅੱਡੀਆਂ- ਗੋਡੇ ਰਗੜੇ | ਤੁਹਾਡੇ ਤੱਤੇ- ਤੱਤੇ ਸਵਾਲਾਂ ਦੇ ਗੋਲ-ਮੋਲ ਜਵਾਬ ਦੇ ਕੇ ਬੁੱਤਾ ਸਾਰਿਆ | ਘਰ- ਘਰ ਜਾ ਕੇ ਹਰੇਕ ਨੂੰ ਲਾਰੇ ਲਾਏ | ਨਸ਼ਿਆਂ ਦੇ ਅਤੁੱਟ ਭੰਡਾਰ ਵਰਤਾਏ | ਹਰੇ ਕੰਨਾਂ ਵਾਲੇ ਨੋਟ ਤੁਹਾਡੇ ਬੋਝਿਆਂ ਵਿਚ ਮੱਲੋ-ਜ਼ੋਰੀਂ ਪਾਏ | ਏਦੂੰ ਵੀ ਵੱਧ ਪੋਲਿੰਗ ਬੂਥਾਂ 'ਤੇ ਜਾ ਜਾ ਕੇ ਮਰ ਚੁੱਕੇ ਵੋਟਰਾਂ ਦੇ ਜਾਅਲੀ ਵੋਟ ਭੁਗਤਾਏ | ਅਜਿਹੇ ਅਨੇਕਾਂ ਕਾਰਨਾਮਿਆਂ ਦੀ ਬਦੌਲਤ ਅਸੀਂ ਜਿੱਤ ਪ੍ਰਾਪਤ ਕੀਤੀ ਹੈ |
ਆਹ ਪਿਛਲੇ ਪੰਜ ਮਹੀਨੇ ਗਾਂਧੀ ਮਾਰਕਾ ਖੱਦਰ ਪਹਿਨ-ਪਹਿਨ ਕੇ ਸਾਡੇ ਸੋਹਲ ਅਤੇ ਮੁਲਾਇਮ ਪਿੰਡੇ 'ਤੇ ਧੱਫੜ ਹੀ ਧੱਫੜ ਹੋ ਗਏ ਹਨ | ਵੈਸੇ ਆਮ ਹਾਲਤਾਂ ਵਿਚ ਅਸੀਂ ਇੰਪੋਰਟਿਡ ਵਸਤਰ ਹੀ ਪਹਿਨਿਆ ਕਰਦੇ ਹਾਂ | ਪਰ ਹੁਣ ਅਸੀਂ ਕਰਦੇ ਵੀ ਕੀ? ਸਮੇਂ ਦੀ ਵੀ ਇਹੋ ਹੀ ਮੰਗ ਸੀ | ਖੱਦਰ ਦੇ ਵਸਤਰ ਪਹਿਨ ਕੇ ਅਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਆਪਣੇ ਵੋਟਰਾਂ ਵਾਂਗ ਗ਼ਰੀਬ ਅਤੇ ਸਾਦਗੀਪਸੰਦ ਹਾਂ | ਨਿੱਤ-ਨਿੱਤ ਦੀ ਭੱਜ-ਨੱਸ ਕਰਕੇ ਸਾਡਾ ਬੀ. ਪੀ. ਜ਼ਰਾ ਕੁ ਹਾਈ ਰਹਿਣ ਲੱਗ ਪਿਆ ਹੈ ਅਤੇ ਸਾਡੀ ਕੋਇਲ ਵਰਗੀ ਸੁਰੀਲੀ ਆਵਾਜ਼ ਲਗਾਤਾਰ ਭਾਸ਼ਨ ਦੇ ਦੇ ਕੇ ਘੋਗੜ ਕਾਂ ਵਰਗੀ ਬੇਸੁਰੀ ਹੋਈ ਪਈ ਹੈ | ਕਿਉਂਕਿ ਸੰਸਦ ਵਿਚ ਜਾ ਕੇ ਹੁਣ ਅਸੀਂ ਤਹਾਡੇ ਇਲਾਕੇ ਦੀ ਨੁਮਾਇੰਦਗੀ ਕਰਨੀ ਹੈ, ਇਸ ਲਈ ਅਸੀਂ ਆਪਣੇ ਚੈੱਕ-ਅਪ ਲਈ ਵਿਸ਼ੇਸ਼ ਡਾਕਟਰਾਂ ਦੀ ਇਕ ਟੀਮ ਬਾਹਰਲੇ ਮੁਲਕ ਵਿਚੋਂ ਬੁਲਵਾਈ ਹੈ | ਜੇ ਅਸੀਂ ਪੂਰੀ ਤਰਾਂ ਤੰਦਰੁਸਤ ਹੋਵਾਂਗੇ ਤਦ ਹੀ ਤੁਹਾਡੀ ਖ਼ਾਤਰ ਉੱਥੇ ਜਾ ਕੇ ਗਰਮਾ-ਗਰਮ ਬਿਆਨ ਦਾਗ਼ ਸਕਾਂਗੇ, ਵਿਰੋਧੀਆਂ ਨਾਲ ਲੱਤੋ-ਲੱਤੀ ਹੋ ਸਕਾਂਗੇ, ਉਨ੍ਹਾਂ ਨੂੰ ਮਾਡਰਨ ਗਾਲ੍ਹਾਂ ਦਾ ਪੈਕੇਜ ਭੇਟ ਕਰ ਸਕਾਂਗੇ ਅਤੇ ਉਨ੍ਹਾਂ ਨੂੰ ਯਾਦਗਾਰੀ ਸਬਕ ਸਿਖਾਉਣ ਲਈ ਅੱਖਾਂ ਵਿਚ ਧੂੜਾ ਪਾ ਸਕਾਂਗੇ... ਹੈ ਕਿ ਨਾ... ਹੀਂ... ਹੀਂ... ਹੀਂ ... |
ਕੀ ਕਿਹਾ! ਸਾਡੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ਦਾ ਕੀ ਬਣੂੰ? ਓ ਛੱਡੋ ਜੀ ਭਾਈ ਸਾਅਬ, ਇਹ ਤਾਂ ਤੁਹਾਨੂੰ ਪਿਛਲੇ ਸੱਤਰ ਸਾਲਾਂ ਦਾ ਭਰਪੂਰ ਤਜਰਬਾ ਹੈ ਕਿ ਸਾਡੇ ਵਾਅਦੇ ਤਾਂ ਤੁਹਾਥੋਂ ਵੋਟਾਂ ਬਟੋਰਨ ਲਈ ਹੀ ਹੁੰਦੇ ਹਨ | ਹੁਣ ਵੋਟਾਂ ਅਸੀਂ ਲੈ ਲਈਆਂ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਬਾ-ਇੱਜ਼ਤ ਐਮ. ਪੀ. ਬਣ ਗਏ ਹਾਂ | ਹੁਣ ਤੂੰ ਕੌਣ ਅਖੇ ਮੈਂ ਖਾਹ-ਮਖਾਹ ... ਚਲੋ ਫਿਰ ਵੀ ਅਸੀਂ ਭਰਪੂਰ ਕੋਸ਼ਿਸ਼ ਕਰਾਂਗੇ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਕੋਈ ਨਾ ਕੋਈ ਰੁਜ਼ਗਾਰ ਜ਼ਰੂਰ ਦੁਆਇਆ ਜਾਵੇ | ਅਸੀਂ ਆਪਣੀ ਮੌਜ-ਮਸਤੀ ਲਈ ਇਕ ਬਾਹਰਲੇ ਮੁਲਕ ਵਿਚੋਂ ਨਵੀਂ ਨਸਲ ਦੇ ਕੁਝ ਘੋੜੇ ਮੰਗਵਾ ਰਹੇ ਹਾਂ | ਉਨ੍ਹਾਂ 'ਤੇ ਖ਼ਰਖ਼ਰਾ ਫੇਰਨ ਲਈ ਕੁਝ ਮੁਲਾਜ਼ਮਾਂ ਦੀ ਜ਼ਰੂਰਤ ਤਾਂ ਪਵੇਗੀ ਹੀ | ਅਸੀਂ ਤੁਹਾਨੂੰ ਭਰਪੂਰ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਉਨ੍ਹਾਂ ਵੈਕੈਂਟ ਪੋਸਟਾਂ 'ਤੇ ਤੁਹਾਡੇ ਹਲਕੇ ਦੇ ਬੇਰੁਜ਼ਗਾਰ ਨੌਜਵਾਨ ਹੀ ਐਡਜੈੱਸਟ ਕੀਤੇ ਜਾਣਗੇ | ਆਪਣੀ ਆਮਦਨ ਵਿਚ ਭਰਪੂਰ ਵਾਧਾ ਕਰਨ ਲਈ ਅਸੀਂ ਹੁਣ ਅਲੱਗ-ਅਲੱਗ ਰੂਟਾਂ 'ਤੇ ਵਾਹਵਾ ਸਾਰੀਆਂ ਏ.ਸੀ. ਬੱਸਾਂ ਵੀ ਪਾਉਣੀਆਂ ਹਨ | ਉਨ੍ਹਾਂ ਬੱਸਾਂ ਲਈ ਡਰਾਈਵਰ, ਕੰਡਕਟਰ ਅਤੇ ਕਲੀਨਰਾਂ ਦੀ ਜ਼ਰੂਰਤ ਤਾਂ ਪਵੇਗੀ ਹੀ | ਉਨ੍ਹਾਂ ਪੋਸਟਾਂ 'ਤੇ ਵੀ ਤੁਹਾਡੇ ਹਲਕੇ ਦੇ ਨੌਜਵਾਨ ਹੀ ਲਾਏ ਜਾਣਗੇ | ਵੈਸੇ ਇਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਐ ਕਿ ਮੰਦੀ ਦਾ ਦੌਰ ਸਾਰੇ ਸੰਸਾਰ ਭਰ ਵਿਚ ਹੀ ਚੱਲ ਰਿਹੈ | ਇਸ ਲਈ ਸਰਕਾਰੀ ਨੌਕਰੀਆਂ ਦੀ ਉਮੀਦ ਆਪਣੇ ਦਿਲ ਵਿਚੋਂ ਕੱਢ ਕੇ ਜੇ ਤੁਸੀਂ ਸਹਾਇਕ ਧੰਦੇ ਅਪਣਾ ਲਓ ਤਾਂ ਬਹੁਤ ਹੀ ਵਧੀਆ ਰਹੇਗਾ | ਭਾਵ ਇਕ ਚਿੱਬੇ ਜਿਹੇ ਮੂੰਹ ਵਾਲੀ ਨਸਲ ਦਾ ਕਤੂਰਾ ਸੱਠ ਹਜ਼ਾਰ ਰੁਪਏ ਵਿਚ ਮੌਜ ਨਾਲ ਵਿਕ ਜਾਂਦਾ ਹੈ | ਏਸ ਨਸਲ ਦੀ ਕੁੱਤੀ ਸਾਲ ਵਿਚ ਚਾਰ ਵਾਰ ਸੂ ਪੈਂਦੀ ਹੈ ਅਤੇ ਇਕ ਵਾਰੀ ਦੇ ਘੱਟੋ-ਘੱਟ ਦਰਜਨ ਕਤੂਰੇ ਦਿੰਦੀ ਹੈ | ਕਾਕਿਓ, ਜ਼ਰਾ ਕੈਲਕੂਲੇਟਰ ਨਾਲ ਹਿਸਾਬ ਲਗਾ ਕੇ ਤਾਂ ਦੱਸਿਓ ਕਿ ਸਾਲ ਦੀ ਕੁੱਲ ਕਿੰਨੀ ਕਮਾਈ ਹੋਵੇਗੀ? ਐਨੀ ਤਨਖ਼ਾਹ ਤਾਂ ਡੀਸੀ ਵੀ ਨਹੀਂ ਲੈਂਦਾ ਹੋਣਾ | ਜੇ ਸ਼ਰਾਬ ਦੇ ਠੇਕੇ ਦੇ ਬਾਹਰ ਪਕੌੜਿਆਂ ਦੀ ਰੇੜ੍ਹੀ ਲਗਾ ਲਓਗੇ ਤਾਂ ਥੋਡੇ ਘਰ ਨੋਟਾਂ ਦੀ ਨ੍ਹੇਰੀ ਆ ਜੂ | ਨਾਲੇ ਮੁਫ਼ਤ ਵਿਚ ਹੀ ਤੁਹਾਡਾ ਅਤੇ ਤੁਹਾਡੇ ਜੁਆਕਾਂ ਦਾ ਚਿੱਤ ਵੀ ਕਰਾਰਾ ਹੋ ਜਾਇਆ ਕਰੇਗਾ |
ਹਾਂ, ਸਾਰੇ ਪਿੰਡਾਂ ਵਿਚ ਨਵੇਂ ਵਾਟਰ-ਵਰਕਸ ਬਣਵਾਉਣ ਦਾ ਿਖ਼ਆਲ ਆਪਣੇ ਮਨਾ ਵਿਚੋਂ ਬਿਲਕੁਲ ਹੀ ਕੱਢ ਦਿਓ | ਇਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਐ ਕਿ ਆਪਣਾ ਖ਼ਜ਼ਾਨਾ ਤਾਂ ਬਿਲਕੁਲ ਹੀ ਖ਼ਾਲੀ ਹੈ | ਜੇ ਤੁਸੀਂ ਸੱਚ ਪੁੱਛਦੇ ਓ, ਤਾਂ ਸਾਡੇ ਕੋਲ ਹੁਣ ਵਿਹੁ ਖਾਣ ਨੂੰ ਵੀ ਚਾਰ ਛਿੱਲੜ ਹੈਨੀ | ਇਸ ਕਰਕੇ ਹਰ ਪਿੰਡ ਲਈ ਨਵਾਂ ਵਾਟਰ- ਵਰਕਸ ਬਣਾ ਸਕਣਾ ਸਾਡੇ ਲਈ ਬਿਲਕੁਲ ਹੀ ਸੰਭਵ ਨਹੀਂ | ਸੋ, ਤੁਸੀਂ ਸਭ ਭੈਣ ਭਰਾ ਉੱਪਰ ਵਾਲੇ ਦਾ ਹੁਕਮ ਮੰਨ ਕੇ ਨਹਿਰਾਂ ਦਾ ਵਿਟਾਮਿਨ-ਯੁਕਤ ਜਲ ਪੁਣ-ਪੁਣ ਕੇ ਛਕਿਆ ਕਰਿਓ | ਕੀ ਕਿਹਾ! ਉਸ ਵਿਚ ਚਮੜਾ ਫੈਕਟਰੀਆਂ ਅਤੇ ਬੁੱਢੇ ਨਾਲੇ ਦਾ ਗੰਦਾ ਪਾਣੀ ਰਲਿਆ ਹੋਇਐ? ਓ ਛੱਡੋ ਜੀ, ਇਹ ਪਾਣੀ ਭਲਾਂ ਥੋਡਾ ਕੀ ਵਿਗਾੜ ਦੇਊ? ਵੱਧ ਤੋਂ ਵੱਧ ਕੈਂਸਰ ਹੀ ਹੋਊਗਾ ਨਾ ਤੇ ਉਹਦੇ ਬਾਰੇ ਤੁਸੀਂ ਬਿਲਕੁੱਲ ਹੀ ਬੇਫ਼ਿਕਰ ਹੋ ਜਾਓ | ਅਸੀਂ ਨੇੜ-ਭਵਿੱਖ ਵਿਚ ਹੀ ਇਕ ਬਹੁਤ ਵੱਡਾ ਕੈਂਸਰ ਹਸਪਤਾਲ ਬਣਵਾਉਣ ਬਾਰੇ ਸੋਚ ਰਹੇ ਹਾਂ | ਰਹੀ ਗੱਲ ਟੁੱਟੀਆਂ-ਫੁੱਟੀਆਂ ਸੜਕਾਂ ਦੁਬਾਰਾ ਬਣਵਾਉਣ ਦੀ ਤਾਂ ਤੁਸੀਂ ਇਸ ਮਸਲੇ ਬਾਰੇ ਵੀ ਬਿਲਕੁਲ ਬੇਫ਼ਿਕਰ ਹੋ ਜਾਓ | ਆਹ ਆਪਾਂ ਨੂੰ ਮਨਿਸਟਰੀ ਮਿਲਣ ਦੀ ਹੀ ਦੇਰ ਹੈ, ਅਸੀਂ ਜਲਦੀ ਹੀ ਸੜਕਾਂ ਦਾ ਕੰਮ ਪ੍ਰਾਈਵੇਟ ਕੰਪਨੀਆਂ ਦੇ ਸਪੁਰਦ ਕਰ ਦਿਆਂਗੇ | ਅੱਖ-ਝਪਕਣ ਵਿਚ ਹੀ ਹਰ ਪਾਸੇ ਮਲਾਈ ਵਰਗੀਆਂ ਮੁਲਾਇਮ ਸੜਕਾਂ ਬਣ ਕੇ ਤਿਆਰ ਹੋ ਜਾਣਗੀਆਂ | ਉਹ ਜਾਣੇ ਔਖੇ-ਸੌਖੇ ਹੋ ਕੇ ਤੁਸੀਂ ਟੋਲ –ਪਲਾਜ਼ੇ ਵਾਲਿਆਂ ਨੂੰ ਮੂੰਹੋਂ ਮੰਗਿਆ ਟੈਕਸ ਚੁੱਪ-ਚਾਪ ਅਦਾ ਕਰ ਦਿਆ ਕਰਿਓ ... |
ਕੀ ਕਿਹਾ! ਹੁਣ ਅਸੀਂ ਕਦੋਂ ਫੇਰੀ ਪਾਵਾਂਗੇ? ... ਹੀਂ... ਹੀਂ ... ਹੀਂ ... ਐਾ ਲੱਗਦੈ ਜਿਵੇਂ ਤੁਸੀਂ ਸਾਨੂੰ ਹੁਣ ਬਾਹਲਾ ਹੀ ਮੋਹ ਕਰਨ ਲੱਗ ਪਏ ਓ | ਮੋਹ ਤਾਂ ਸਾਨੂੰ ਵੀ ਤੁਹਾਡੇ ਨਾਲ ਬਹੁਤ ਐ | ਪਰ ਹੁਣ ਅਸੀਂ ਕਰੀਏ ਵੀ ਕੀ? ਵੇਖੋ ਨਾ, ਹੁਣ ਅਸੀਂ ਦੇਸ਼ ਦੀ ਵਾਗਡੋਰ ਸੰਭਾਲਣ ਜਾ ਰਹੇ ਹਾਂ | ਤੁਹਾਡੀ ਭਲਾਈ ਲਈ ਅਸੀਂ ਅਲੱਗ-ਅਲੱਗ ਕਿਸਮ ਦੀਆਂ ਯੋਜਨਾਵਾਂ ਵੀ ਤਿਆਰ ਕਰਨੀਆਂ ਹਨ | ਦੇਸ਼ ਨੂੰ ਮੰਦਹਾਲੀ, ਭਿ੍ਸ਼ਟਾਚਾਰ ਅਤੇ ਅਨਪੜ੍ਹਤਾ ਤੋਂ ਮੁਕਤ ਕਰਵਾਉਣ ਲਈ ਕਈ ਠੋਸ ਕਦਮ ਵੀ ਚੁੱਕਣੇ ਹਨ | ਜਿੱਥੇ-ਜਿੱਥੇ ਲੋਕ ਅਜੇ ਵੀ ਰਲ-ਮਿਲ ਕੇ ਰਹਿ ਰਹੇ ਹਨ, ਉੱਥੇ-ਉੱਥੇ ਧਰਮਾਂ, ਜਾਤਾਂ, ਗੋਤਾਂ ਅਤੇ ਨਸਲਾਂ ਦੀ ਚੁਆਤੀ ਵੀ ਸੁੱਟਣੀ ਹੈ ਤਾਂ ਕਿ ਸਾਡੀ ਕੁਰਸੀ ਪੱਕੇ ਤੌਰ 'ਤੇ ਕਾਇਮ ਰਹਿ ਸਕੇ | ਨਾਲੇ ਇਹੋ ਜਿਹੇ ਨੇਕ ਅਤੇ ਦੂਰਦਰਸ਼ੀ ਕਾਰਜ ਸਾਡੇ ਬਿਨਾਂ ਹੋਰ ਕਰ ਵੀ ਕੌਣ ਸਕਦੈ? ਹਾਂ ਬਈ ਪਿਆਰੇ ਵੋਟਰੋ, ਤੁਸੀਂ ਸਾਡੇ ਬਿਨਾਂ ਬਿਲਕੁਲ ਨਾ ਓਦਰਿਓ | ਅਸੀਂ ਕਦੇ-ਕਦਾਈਾ ਅਲੱਗ ਅਲੱਗ ਚੈਨਲਾਂ ਤੋਂ ਆਪਣੇ ਧੂਆਂਧਾਰ ਭਾਸ਼ਨਾਂ ਨਾਲ ਤੁਹਾਨੂੰ ਨਿਹਾਲ ਕਰਦੇ ਰਹਾਂਗੇ | ਹਾਂ ਸੱਚ, ਅੱਜਕਲ੍ਹ ਪਾਰਲੀਮੈਂਟ ਦੇ ਸੈਸ਼ਨਾਂ ਦੀ ਸਿੱਧੀ ਕਾਰਵਾਈ ਸਾਰੇ ਚੈਨਲਾਂ 'ਤੇ ਵਿਖਾਈ ਜਾਂਦੀ ਹੈ | ਤੁਸੀਂ ਸਾਨੂੰ ਓਨ੍ਹੀਂ ਦਿਨੀਂ ਆਪਸ ਵਿਚ ਜੁੰਡੋ-ਜੁੰਡੀ, ਗਾਲ਼ੋ-ਗਾਲ਼ੀ ਅਤੇ ਕੁਰਸੀਓ-ਕੁਰਸੀ ਹੁੰਦੇ ਵੇਖ ਲਿਆ ਕਰਿਓ, ਜਿਸ ਤੋਂ ਤੁਹਾਨੂੰ ਇਹ ਭਲੀਭਾਂਤ ਪਤਾ ਲੱਗ ਜਾਇਆ ਕਰੇਗਾ ਕਿ ਅਸੀਂ ਦੇਸ਼ ਨੂੰ ਹੋਰ ਮਹਾਨ ਬਣਾਉਣ ਲਈ ਕਿੰਨਾਂ ਸੰਘਰਸ਼ ਕਰ ਰਹੇ ਹਾਂ | ਚੰਗਾ ਬਈ ਪਿਆਰੇ ਵੋਟਰੋ, ਪੰਜਾਂ ਸਾਲਾਂ ਲਈ ਸਾਡੇ ਵਲੋਂ ਤੁਹਾਨੂੰ ਗੁੱਡ ਬਾਏ |

-ਮੋਬਾਈਲ : 94176-71364


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX