ਤਾਜਾ ਖ਼ਬਰਾਂ


ਰਾਜਪੁਰਾ 'ਚ ਫੋਕਲ ਪੁਆਇੰਟ ਵਾਸੀ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  25 minutes ago
ਰਾਜਪੁਰਾ, 9 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ 'ਚ ਫੋਕਲ ਪੁਆਇੰਟ ਵਾਸੀ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ...
ਬੰਗਾ ਤੋਂ ਪੱਦੀ ਮਠਵਾਲੀ ਡਾ. ਸਾਧੂ ਸਿੰਘ ਹਮਦਰਦ ਮਾਰਗ ਦਾ ਪੱਲੀ ਝਿੱਕੀ ਵੱਲੋਂ ਉਦਘਾਟਨ
. . .  32 minutes ago
ਬੰਗਾ, 9 ਜੁਲਾਈ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ) - ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਡਾ. ਸਾਧੂ ਸਿੰਘ ਹਮਦਰਦ ...
ਕੋਰੋਨਾ ਮਹਾਂਮਾਰੀ ਤੋਂ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  37 minutes ago
ਕੋਰੋਨਾ ਪਾਜ਼ੀਟਿਵ ਨੌਜਵਾਨ ਦੀ ਪਤਨੀ ਦੀ ਰਿਪੋਰਟ ਵੀ ਆਈ ਪਾਜ਼ੀਟਿਵ
. . .  41 minutes ago
ਬੁਢਲਾਡਾ, 9 ਜੁਲਾਈ (ਸਵਰਨ ਸਿੰਘ ਰਾਹੀ) ਬੀਤੀ 7 ਜੁਲਾਈ ਨੂੰ ਪਾਜ਼ੀਟਿਵ ਪਾਏ ਗਏ ਸਬਡਵੀਜ਼ਨ ਬੁਢਲਾਡਾ...
ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਅੰਤਿਮ ਪ੍ਰੀਖਿਆਵਾਂ ਰੱਦ ਕੀਤੇ ਜਾਣ ਸੰਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣਗੇ ਕੈਪਟਨ
. . .  48 minutes ago
ਚੰਡੀਗੜ੍ਹ, 9 ਜੁਲਾਈ (ਅ.ਬ)- ਕੋਰੋਨਾ ਕਾਰਨ ਪੰਜਾਬ ਅੰਦਰ ਪ੍ਰੀਖਿਆਵਾਂ ਲੈਣ ਲਈ ਸਥਿਤੀ ਅਨੁਕੂਲ ਨਾ ਹੋਣ ਦਾ...
ਸੰਦੌੜ ਇਲਾਕੇ 'ਚ ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ
. . .  45 minutes ago
ਸੰਦੌੜ, 9 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਸੰਦੌੜ ਖੇਤਰ ਦੇ ਤਿੰਨ ਪਿੰਡਾਂ 'ਚ ਅੱਜ ਕੋਰੋਨਾ ਦੇ ਤਿੰਨ ਮਾਮਲੇ ਸਾਹਮਣੇ ਆਉਣ ਦੀ ਖ਼ਬਰ...
ਆਰ.ਸੀ.ਐਫ. ਵੱਲੋਂ ਸੜਕ ਨਿਰਮਾਣ 'ਚ ਪਲਾਸਟਿਕ ਕਚਰੇ ਦੀ ਵਰਤੋਂ
. . .  1 minute ago
ਕਪੂਰਥਲਾ, 9 ਜੁਲਾਈ (ਅਮਰਜੀਤ ਕੋਮਲ)- ਭਾਰਤੀ ਰੇਲਵੇ ਦੀ ਰੇਲਾਂ ਦੇ ਡੱਬੇ ਬਣਾਉਣ ਵਾਲੀ ਪਲੇਠੀ ਫ਼ੈਕਟਰੀ ...
ਪਠਾਨਕੋਟ ਵਿਖੇ ਇੱਕ ਔਰਤ ਨੂੰ ਹੋਇਆ ਕੋਰੋਨਾ
. . .  about 1 hour ago
ਪਠਾਨਕੋਟ, 9 ਜੁਲਾਈ (ਸੰਧੂ/ਚੌਹਾਨ /ਅਸ਼ੀਸ਼ ਸ਼ਰਮਾ) ਪਠਾਨਕੋਟ ਵਿਖੇ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ...
ਜਲੰਧਰ 'ਚ ਕੋਰੋਨਾ ਨਾਲ ਪੀੜਤ ਇਕ ਵਿਅਕਤੀ ਦੀ ਹੋਈ ਮੌਤ
. . .  about 1 hour ago
ਜਲੰਧਰ, 9 ਜੁਲਾਈ (ਐੱਮ. ਐੱਸ. ਲੋਹੀਆ) - ਅੱਜ ਸ਼ਾਮ ਜਲੰਧਰ ਦੇ ਸਿਵਲ ਹਸਪਤਾਲ 'ਚ ਇਕ ਕੋਰੋਨਾ ਪੀੜਤ ਵਿਅਕਤੀ ...
ਪੱਟੀ ਸਬ ਜੇਲ੍ਹ ਦੇ 7 ਹਵਾਲਾਤੀਆਂ ਸਮੇਤ 9 ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਤਰਨ ਤਾਰਨ, 9 ਜੁਲਾਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਕੋਵਿਡ-19 ਦੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਆਏ...
ਜਲੰਧਰ 'ਚ ਐੱਸ.ਡੀ.ਐਮ. ਅਤੇ ਐੱਸ.ਐੱਸ.ਪੀ. ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਜਲੰਧਰ, 9 ਜੁਲਾਈ (ਐੱਮ. ਐੱਸ. ਲੋਹੀਆ) - ਅੱਜ ਜਲੰਧਰ 'ਚ 37 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਟੈੱਸਟ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚ ਸ਼ਾਹਕੋਟ...
ਖੇੜੀ ਪੁਲਿਸ ਨੇ ਕੀਤੀ 2 ਕਿੱਲੋ 550 ਗ੍ਰਾਮ ਅਫ਼ੀਮ ਬਰਾਮਦ
. . .  about 1 hour ago
ਸੰਘੋਲ, 9 ਜੁਲਾਈ (ਹਰਜੀਤ ਸਿੰਘ ਮਾਵੀ)- ਜ਼ਿਲ੍ਹਾ ਪੁਲਿਸ ਮੁਖੀ ਫ਼ਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼...
ਇਕਾਂਤਵਾਸ ਕੀਤੇ ਮਸਕਟ ਤੇ ਕੁਵੈਤ ਤੋਂ ਆਏ 35 ਵਿਅਕਤੀਆਂ 'ਚੋਂ ਇੱਕ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਘੁਮਾਣ, 9 ਜੁਲਾਈ (ਬੰਮਰਾਹ)- ਬੀਤੇ ਦਿਨੀਂ ਵੱਖ-ਵੱਖ ਫਲਾਈਟਾਂ ਰਾਹੀਂ ਮਸਕਟ ਤੋਂ ਆਏ 25 ਵਿਅਕਤੀ ਅਤੇ ਕੁਵੈਤ ਤੋਂ ਆਏ 10 ਵਿਅਕਤੀਆਂ ...
ਗੁਰੂਸਰ ਸੁਧਾਰ (ਲੁਧਿਆਣਾ) 'ਚ ਵੀ ਕੋਰੋਨਾ ਦੇ ਦੋ ਮਰੀਜ਼ ਆਏ ਸਾਹਮਣੇ
. . .  about 1 hour ago
ਗੁਰੂਸਰ ਸੁਧਾਰ, 9 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ) - ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਕਸਬਾ ਗੁਰੂਸਰ ਸੁਧਾਰ ਵੀ ਅਛੂਤਾ ਨਹੀਂ ਰਿਹਾ...
ਐੱਸ.ਡੀ.ਐਮ ਦਿੜ੍ਹਬਾ (ਸੰਗਰੂਰ) ਨੂੰ ਵੀ ਕੋਰੋਨਾ
. . .  about 1 hour ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ) - ਸਿਵਲ ਸਰਜਨ ਸੰਗਰੂਰ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਐੱਸ.ਡੀ.ਐਮ ਦਿੜ੍ਹਬਾ ਮ...
ਲੁਧਿਆਣਾ 'ਚ ਕੋਰੋਨਾ ਦੇ 54 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਮੌਤਾਂ
. . .  1 minute ago
ਲੁਧਿਆਣਾ, 9 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਅੱਜ ਦੋ ਹੋਰ ਮਰੀਜ਼ਾਂ ਦੀ ਮੌਤ...
ਕ੍ਰਿਸ਼ਨ ਕੁਮਾਰ ਵੱਲੋਂ ਸਿੱਖਿਆ ਦੇ ਅਮਲਾਂ 'ਚ ਸੁਧਾਰ ਲਈ ਬੱਡੀ ਗਰੁੱਪਾਂ ਦਾ ਗਠਨ
. . .  about 2 hours ago
ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  about 2 hours ago
ਅੰਮ੍ਰਿਤਸਰ, 9 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਲਗਾਤਾਰ ਗਿਣਤੀ ਵੱਧ ਰਹੀ ਹੈ ਜਿਸ ਤਹਿਤ ...
ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਮਾਤਾ ਜੀ ਸਵਰਗਵਾਸ
. . .  about 2 hours ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪਦਮਸ਼੍ਰੀ ਸਵਰਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਤਿਕਾਰਯੋਗ ਮਾਤਾ ਜੀ ਅੱਜ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ...
ਜਾਪਾਨ ਨਾਲ ਵੈਬੀਨਾਰ ਕਾਨਫ਼ਰੰਸ 'ਚ ਇਨਵੈਸਟ ਪੰਜਾਬ ਵਲੋਂ ਨਿਵੇਸ਼ਕਾਂ ਨੂੰ ਖਿੱਚਣ ਦੀ ਕੋਸ਼ਿਸ਼, ਐਗਰੋ ਪ੍ਰੋਸੈਸਿੰਗ 'ਚ ਵਧੇਰੇ ਮੌਕੇ ਦੱਸੇ
. . .  about 2 hours ago
ਚੰਡੀਗੜ੍ਹ, 9 ਜੁਲਾਈ- ਟੋਕੀਓ 'ਚ ਭਾਰਤੀ ਅੰਬੈਸੀ ਵਲੋਂ ਆਯੋਜਿਤ ਕੀਤੀ ਗਈ ਜਾਪਾਨ ਨਾਲ ਵੈਬੀਨਾਰ ਕਾਨਫ਼ਰੰਸ ਦੌਰਾਨ ਇਨਵੈਸਟ ਪੰਜਾਬ ਨੇ ਐਗਰੋ ਪ੍ਰੋਸੈਸਿੰਗ ਸੈਕਟਰ 'ਚ ਨਿਵੇਸ਼ ਦੇ ਵਧੇਰੇ...
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ 58 ਅਧਿਕਾਰੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 3 hours ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ 59 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ...
ਐੱਸ. ਡੀ. ਐੱਮ. ਪਾਇਲ ਨੂੰ ਹੋਇਆ ਕੋਰੋਨਾ ਹੋਇਆ
. . .  about 3 hours ago
ਲੁਧਿਆਣਾ, 9 ਜੁਲਾਈ (ਸਿਹਤ ਪ੍ਰਤੀਨਿਧੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਪਾਇਲ ਦੇ ਐੱਸ. ਡੀ. ਐੱਮ. ਹਰਕੰਨਵਲ ਚਾਹਲ ਦਾ...
ਹੁਸ਼ਿਆਰਪੁਰ 'ਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  about 3 hours ago
ਹੁਸ਼ਿਆਰਪੁਰ, 9 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 194 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ...
ਭਾਰਤ ਵਲੋਂ ਪਾਕਿਸਤਾਨ ਦੇ ਹਵਾਲੇ ਕੀਤੀ ਗਈ ਮ੍ਰਿਤਕ ਕੈਦੀ ਦੀ ਲਾਸ਼
. . .  about 3 hours ago
ਅਟਾਰੀ, 9 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ)- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਬੰਦ ਪਾਕਿਸਤਾਨੀ ਕੈਦੀ, ਜਿਸ ਦੀ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ, ਦੀ ਲਾਸ਼ ਨੂੰ...
ਕੋਰੋਨਾ ਕਾਰਨ ਭਾਰਤ-ਪਾਕਿਸਤਾਨ 'ਚ ਫਸੇ ਦੋਹਾਂ ਦੇਸ਼ਾਂ ਦੇ ਨਾਗਰਿਕ ਆਪਣੇ ਵਤਨ ਪਹੁੰਚੇ
. . .  about 3 hours ago
ਅਟਾਰੀ, 9 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ)- ਕੋਰੋਨਾ ਮਹਾਂਮਾਰੀ ਕਾਰਨ ਭਾਰਤ ਅਤੇ ਪਾਕਿਸਤਾਨ 'ਚ ਫਸੇ ਦੋਹਾਂ ਦੇਸ਼ਾਂ ਦੇ ਨਾਗਰਿਕ ਵਿਸ਼ੇਸ਼ ਪ੍ਰਵਾਨਗੀ 'ਤੇ ਅਟਾਰੀ-ਵਾਹਗਾ ਸਰਹੱਦ ਰਸਤੇ ਆਪਣੇ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

'ਸਿੱਖ ਰਾਜ' ਦੌਰਾਨ ਮਹਿਫ਼ੂਜ਼ ਰਹੀਆਂ ਹਿੰਦੁਸਤਾਨ ਦੀਆਂ ਸਰਹੱਦਾਂ

ਹਾਲੀਆ ਚੱਲ ਰਹੇ ਭਾਰਤ-ਚੀਨ ਸਰਹੱਦ ਵਿਵਾਦ ਦੇ ਪ੍ਰਸੰਗ 'ਚ ਭਾਰਤ ਦੇ ਨਾਮਵਰ ਸੁਰੱਖਿਆ ਮਾਹਰ ਤੇ ਲੇਖਕ ਅਭੀਜੀਤ ਭੱਟਾਚਾਰੀਆ ਨੇ ਬੜੀ ਮਹੱਤਵਪੂਰਨ ਟਿੱਪਣੀ ਕੀਤੀ ਹੈ ਕਿ, 'ਮਹਾਰਾਜਾ ਰਣਜੀਤ ਸਿੰਘ (1799-1839) ਦੇ ਰਾਜ ਨੂੰ ਛੱਡ ਕੇ ਹਿੰਦੁਸਤਾਨ ਦੀਆਂ ਸਰਹੱਦਾਂ 'ਤੇ ਵਿਦੇਸ਼ੀ ਹਮਲਿਆਂ ਨੇ ਹਮੇਸ਼ਾ ਹੀ ਭਾਰਤੀ ਇਤਿਹਾਸ ਦੇ ਹੁਕਮਰਾਨਾਂ ਨੂੰ ਸਤਾਇਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਅਤੇ ਸਮੇਂ ਦੌਰਾਨ, ਨਾ ਤਾਂ ਅੰਗਰੇਜ਼ਾਂ ਨੇ ਦੱਖਣ ਵਲੋਂ ਸਤਲੁਜ ਦਰਿਆ ਪਾਰ ਕਰਨ ਦੀ ਹਿੰਮਤ ਕੀਤੀ, ਨਾ ਅਹਿਮਦ ਸ਼ਾਹ ਅਬਦਾਲੀ ਦੇ ਵਾਰਸਾਂ ਅਤੇ ਨਾ ਹੀ ਅਫ਼ਗਾਨਿਸਤਾਨ ਦੇ ਸਰਦਾਰਾਂ ਨੇ ਸ਼ੇਰ (ਮਹਾਰਾਜਾ ਰਣਜੀਤ ਸਿੰਘ) ਦੀ ਰਾਜਧਾਨੀ ਲਾਹੌਰ ਅਤੇ ਇਸ ਤੋਂ ਪਰ੍ਹੇ ਲੱਦਾਖ ਤੱਕ ਝਾਕਣ ਦੀ ਹਿੰਮਤ ਕੀਤੀ।'
ਦੱਰਾ-ਏ-ਖੈਬਰ, ਜਿਥੋਂ ਕਿ ਹਮੇਸ਼ਾ ਵਿਦੇਸ਼ੀ ਹਮਲਾਵਰ ਹਿੰਦੁਸਤਾਨ 'ਚ ਪ੍ਰਵੇਸ਼ ਕਰਦੇ ਸਨ, ਤੋਂ ਲੈ ਕੇ ਕਸ਼ਮੀਰ, ਲੱਦਾਖ ਤੇ ਚੀਨ ਤੱਕ 'ਸ਼ੇਰ-ਏ-ਪੰਜਾਬ' ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿਸਥਾਰ ਨੇ ਕੁਦਰਤੀ ਰੂਪ 'ਚ ਹਿੰਦੁਸਤਾਨ ਨੂੰ ਚੁਫ਼ੇਰਿਓਂ ਵਿਦੇਸ਼ੀ ਹਮਲਾਵਰਾਂ ਤੇ ਧਾੜਵੀਆਂ ਤੋਂ ਸੁਰੱਖਿਆ ਕਵਚ ਮੁਹੱਈਆ ਕਰਵਾਇਆ ਹੋਇਆ ਸੀ। 'ਸ਼ੇਰ-ਏ-ਪੰਜਾਬ' ਦੇ ਵਿਸ਼ਾਲ ਰਾਜ ਸਮੇਂ ਸਲਤਨਤ ਦਾ ਘੇਰਾ 1 ਲੱਖ 45 ਹਜ਼ਾਰ ਵਰਗ ਮੁਰੱਬਾ ਸੀ, ਜਿਸ ਤੋਂ 3 ਕਰੋੜ 24 ਲੱਖ 75000 ਰੁਪਏ ਦੀ ਸਾਲਾਨਾ ਆਮਦਨੀ ਹੁੰਦੀ ਸੀ। ਮਹਾਰਾਜੇ ਦੇ ਵਿਸ਼ਾਲ ਰਾਜ-ਭਾਗ ਦੀ ਗਵਾਹੀ ਸ਼ਾਹ ਮੁਹੰਮਦ ਵੀ ਆਪਣੇ 'ਜੰਗਨਾਮਾ' ਦੇ ਪੰਜਵੇਂ ਬੰਦ 'ਚ ਇਉਂ ਭਰਦਾ ਹੈ:
'ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ ਕੋਟ, ਨਿਵਾਇ ਗਿਆ
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਇ ਗਿਆ
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਹੱਛਾ ਰੱਜ ਕੇ ਰਾਜ ਕਮਾਇ ਗਿਆ'
ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਅਤੇ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਇਨ੍ਹਾਂ ਨਾਲ ਸਬੰਧਿਤ ਕਾਲ ਨੂੰ ਤਿੰਨ ਹਿੱਸਿਆਂ 'ਚ ਵੰਡ ਕੇ ਬਿਹਤਰੀਨ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾ ਸਮਾਂ ਸੰਨ 1799 ਤੋਂ 1809 ਤੱਕ ਦਾ ਬਣਦਾ ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਛੋਟੀ ਉਮਰੇ ਕੇਂਦਰੀ ਪੰਜਾਬ 'ਚ ਖ਼ਾਲਸਾ ਰਾਜ ਦੀ ਨੀਂਹ ਰੱਖੀ। ਸ਼ੁਰੂ-ਸ਼ੁਰੂ 'ਚ ਸਤਲੁਜ ਅਤੇ ਜਿਹਲਮ ਦਰਿਆਵਾਂ ਦਰਮਿਆਨ ਦੇ ਇਲਾਕੇ ਵਿਚੋਂ ਕਰ ਇਕੱਠਾ ਕਰਨਾ ਅਤੇ ਆਪਣੀ ਸਰਦਾਰੀ ਕਾਇਮ ਕਰਨੀ ਹੀ ਉਸ ਦੇ ਮੁੱਖ ਨਿਸ਼ਾਨੇ ਸਨ। 'ਸ਼ੇਰ-ਏ-ਪੰਜਾਬ' ਦੀਆਂ ਪ੍ਰਾਪਤੀਆਂ ਦਾ ਦੂਜਾ ਸਮਾਂ ਸੰਨ 1809 ਤੋਂ 1822 ਦਰਮਿਆਨ ਸੀ। ਇਸ ਸਮੇਂ ਦੌਰਾਨ ਉਸ ਨੇ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤੀ ਨਾਲ ਆਪਣਾ ਰਾਜ ਅੱਗੇ ਵਧਾਇਆ ਅਤੇ ਲਾਹੌਰ ਤੱਕ ਖ਼ਾਲਸਈ ਨਿਸ਼ਾਨ ਝੁਲਾ ਕੇ ਸ਼ਕਤੀਸ਼ਾਲੀ ਹਾਕਮ ਬਣ ਗਿਆ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਤੀਜੇ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1824 ਤੋਂ ਸ਼ੁਰੂ ਹੋ ਕੇ 1839 ਵਿਚ ਅਕਾਲ ਚਲਾਣੇ ਤੱਕ ਪਿਸ਼ਾਵਰ ਨੂੰ ਵੀ ਆਪਣੇ ਰਾਜ ਵਿਚ ਮਿਲਾ ਲਿਆ। ਇਸ ਸਮੇਂ ਦੌਰਾਨ 'ਸਰਕਾਰ-ਏ-ਖ਼ਾਲਸਾ' ਦੇ ਝੰਡੇ ਦੱਰਾ-ਏ-ਖੈਬਰ ਤੱਕ ਲਹਿਰਾਉਣ ਲੱਗੇ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲਾਂ ਦਰਮਿਆਨ, ਇਕ ਮਿਸਲ ਦੇ ਸਰਦਾਰ ਤੋਂ ਆਪਣਾ ਸਫ਼ਰ ਸ਼ੁਰੂ ਕਰਦਿਆਂ ਬਾਦਸ਼ਾਹੀ ਤੱਕ ਦੀ ਮੰਜ਼ਿਲ ਤੈਅ ਕੀਤੀ। ਉਸ ਨੇ ਬਹਾਦਰੀ ਅਤੇ ਦਲੇਰੀ ਨਾਲ ਜਿੱਥੇ ਛੋਟੀਆਂ-ਛੋਟੀਆਂ ਅਤੇ ਕਮਜ਼ੋਰ ਸਿੱਖ ਮਿਸਲਾਂ ਨੂੰ ਇਕੱਠਿਆਂ ਕਰ ਕੇ ਉਨ੍ਹਾਂ ਨੂੰ ਇਕ ਤਕੜੇ ਖ਼ਾਲਸਾ ਰਾਜ ਦਾ ਰੂਪ ਦਿੱਤਾ, ਉੱਥੇ ਉਸ ਨੇ ਕਸ਼ਮੀਰ, ਮੁਲਤਾਨ, ਪਿਸ਼ਾਵਰ ਅਤੇ ਹੋਰ ਦੂਜੇ ਮਜ਼ਬੂਤ ਸੁਤੰਤਰ ਮੁਸਲਿਮ ਹਾਕਮਾਂ ਦੇ ਇਲਾਕੇ ਵੀ ਖ਼ਾਲਸਾ ਰਾਜ ਨਾਲ ਮਿਲਾਏ। ਹੁਣ ਉਸ ਦੀ ਹਕੂਮਤ ਉੱਤਰ ਵਲੋਂ ਹਿਮਾਲਿਆ ਪਰਬਤ ਤੋਂ ਸ਼ੁਰੂ ਹੋ ਕੇ ਦੱਖਣ ਵੱਲ ਸਿੰਧ ਦੇ ਰੇਗਿਸਤਾਨ ਤੱਕ ਫੈਲੀ ਹੋਈ ਸੀ ਅਤੇ ਪੱਛਮ ਵੱਲ ਸਿੰਧ ਦਰਿਆ ਤੱਕ ਜਾਂਦੀ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਸੰਨ 991 'ਚ ਮਹਾਰਾਜਾ ਜੈ ਪਾਲ ਦੇ ਪੁੱਤਰ ਅਨੰਦਪਾਲ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਕਲੌਤਾ ਬਾਦਸ਼ਾਹ ਸੀ, ਜਿਸ ਨੇ ਪਿਛਲੇ 800 ਸਾਲਾਂ ਬਾਅਦ ਸਿੰਧ ਅਤੇ ਦੱਰਾ-ਏ-ਖੈਬਰ ਵਲੋਂ ਹਿੰਦੁਸਤਾਨ ਵੱਲ ਆਉਂਦੇ ਵਿਦੇਸ਼ੀ ਹਮਲਾਵਰਾਂ 'ਤੇ ਕਾਠੀ ਪਾਈ ਅਤੇ ਉਨ੍ਹਾਂ ਨੂੰ ਹਰਾ ਕੇ ਰਾਜ ਕੀਤਾ।
ਸੰਨ 1834 ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਦੇ ਅਧੀਨ ਜੰਮੂ ਰਿਆਸਤ ਦੀ ਫ਼ੌਜ ਨੇ ਲੱਦਾਖ ਵਿਚ ਦਾਖ਼ਲ ਹੋਣ ਦਾ ਐਲਾਨ ਕੀਤਾ ਤਾਂ ਮੁਹਿੰਮ ਦੀ ਕਮਾਨ ਜਰਨੈਲ ਜ਼ੋਰਾਵਰ ਸਿੰਘ ਸੰਭਾਲ ਰਿਹਾ ਸੀ। ਉਹ ਤਿੱਬਤ 'ਤੇ ਹਮਲਾ ਕਰ ਕੇ ਉਸ ਨੂੰ ਵੀ ਸਿੱਖ ਰਾਜ 'ਚ ਮਿਲਾਉਣਾ ਚਾਹੁੰਦਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਇਸ ਔਖੇ ਕੰਮ ਲਈ ਹੁੰਗਾਰਾ ਨਹੀਂ ਭਰ ਰਿਹਾ ਸੀ। ਉਸ ਨੇ ਪਹਿਲਾਂ ਲੱਦਾਖ 'ਤੇ ਹਮਲਾ ਕੀਤਾ ਅਤੇ ਬਾਅਦ 'ਚ ਮਾਨ ਸਰੋਵਰ ਝੀਲ ਦੇ ਇਲਾਕੇ ਨੂੰ ਸਹਿਜੇ ਹੀ ਫ਼ਤਹਿ ਕਰ ਕੇ ਕਾਰਗਿਲ ਦੇ ਉੱਤਰ-ਪੱਛਮ ਵੱਲ ਵੀ ਬਾਲਟਿਸਤਾਨ 'ਤੇ ਕਬਜ਼ਾ ਕਰ ਕੇ ਖ਼ਾਲਸਾ ਰਾਜ ਦੇ ਅਧੀਨ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਦੇ ਰਾਜ-ਕਾਲ ਦੌਰਾਨ ਸੰਨ 1841 'ਚ ਜਰਨੈਲ ਜ਼ੋਰਾਵਰ ਸਿੰਘ ਨੇ ਵੱਡੇ ਫ਼ੌਜੀ ਦਲ ਨਾਲ ਪੁਰਾਂਗ (ਤਿੱਬਤ) ਵੱਲ ਚੜ੍ਹਾਈ ਕਰ ਦਿੱਤੀ ਕਈ ਥਾਵਾਂ 'ਤੇ ਜੰਮ ਕੇ ਲੜਾਈ ਹੋਈ। ਜਰਨੈਲ ਜ਼ੋਰਾਵਰ ਸਿੰਘ ਤਿੱਬਤ ਦੇ ਅੰਦਰ ਦੂਰ ਤੱਕ ਚਲਾ ਗਿਆ ਪਰ 12 ਦਸੰਬਰ ਸੰਨ 1841 ਨੂੰ ਮਾੜੇ ਮੌਸਮ ਵਿਚ ਘਿਰਨ ਦੇ ਬਾਵਜੂਦ ਦੁਸ਼ਮਣ ਫ਼ੌਜ ਨਾਲ ਸੂਰਮਗਤੀ ਨਾਲ ਲੜਦਾ ਹੋਇਆ ਜਰਨੈਲ ਜ਼ੋਰਾਵਰ ਸਿੰਘ ਸ਼ਹੀਦ ਹੋ ਗਿਆ ਜਰਨੈਲ ਜ਼ੋਰਾਵਰ ਸਿੰਘ ਦੀ ਸੂਰਮਗਤੀ ਦੀ ਗਾਥਾ ਇਕ ਵੱਖਰਾ ਅਧਿਆਇ ਹੈ।
ਤਿੱਬਤ ਦੇ ਜਿਸ ਇਲਾਕੇ ਬਾਰੇ ਹੁਣ ਚੀਨ ਅਤੇ ਭਾਰਤ ਵਿਚਾਲੇ ਰੇੜਕਾ ਚੱਲ ਰਿਹਾ ਹੈ, ਉਹ ਇਲਾਕਾ ਸੰਨ 1841 ਵਿਚ 'ਸ਼ੇਰ-ਏ-ਪੰਜਾਬ' ਦੇ ਰਾਜ ਦਾ ਹਿੱਸਾ ਸੀ, ਜਿਸ ਦੀ ਗਵਾਹੀ ਟਕਲਾਕੋਟ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਜਰਨੈਲ ਜ਼ੋਰਾਵਰ ਸਿੰਘ ਵਲੋਂ ਉਸਾਰਿਆ 'ਜ਼ੋਰਾਵਰ ਫੋਰਟ' ਭਰਦਾ ਹੈ ਚੀਨ ਨਾਲ 'ਸ਼ੇਰ-ਏ-ਪੰਜਾਬ' ਦੇ ਰਾਜ ਦਾ 'ਚੁਸ਼ੂਲ ਦਾ ਅਹਿਦਨਾਮਾ' ਇਕ ਇਤਿਹਾਸਕ ਗਵਾਹੀ ਹੈ ਜਿਸ 'ਚ ਚੀਨ ਦੇ ਬਾਦਸ਼ਾਹ ਨਾਲ 2 ਅੱਸੂ ਸੰਮਤ 1899 (1842) ਦੇ ਦਿਨ ਹੋਏ ਅਹਿਦਨਾਮੇ (ਜਿਸ 'ਤੇ ਲ੍ਹਾਸਾ ਦੇ ਕਾਲੋਸ ਸੁਕਾਨ ਤੇ ਬਖ਼ਸ਼ੀ ਸਪਜੂ, ਚੀਨ ਦੇ ਬਾਦਸ਼ਾਹ ਦੀਆਂ ਫ਼ੌਜਾਂ ਦੇ ਕਮਾਂਡਰ-ਇਨ-ਚੀਫ਼ ਅਤੇ ਖ਼ਾਲਸਾ ਰਾਜ ਤਰਫ਼ੋਂ ਕਸ਼ਮੀਰ ਦੇ ਰਾਜੇ ਦੇ ਪ੍ਰਤੀਨਿਧ ਹਰੀ ਚੰਦ ਅਤੇ ਵਜ਼ੀਰ ਰਤਨੂੰ ਦੇ ਦਸਤਖ਼ਤ ਹੋਏ ਸਨ) ਤਹਿਤ ਇਕ-ਦੂਜੇ ਦੇ ਇਲਾਕਿਆਂ 'ਚ ਦਖ਼ਲ ਨਾ ਦੇਣ ਦਾ ਫ਼ੈਸਲਾ ਹੋਇਆ ਸੀ। 'ਸ਼ੇਰ-ਏ-ਪੰਜਾਬ' ਦੇ ਰਾਜ ਦਾ ਸੂਰਜ ਅਸਤ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਸੰਨ 1846 'ਚ ਸਿੱਖਾਂ ਨੂੰ ਹਰਾ ਕੇ ਲੱਦਾਖ 'ਤੇ ਕਬਜ਼ਾ ਕਰ ਲਿਆ ਸੀ।
ਸੰਨ 1977 'ਚ ਮੋਰਾਰਜੀ ਦੇਸਾਈ ਦੀ ਅਗਵਾਈ ਵਾਲੀ ਜਨਤਾ ਪਾਰਟੀ ਦੀ ਕੇਂਦਰ 'ਚ ਸਰਕਾਰ ਬਣੀ ਤਾਂ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਹੱਦਾਂ ਦਾ ਮਸਲਾ ਹੱਲ ਕਰਨ ਲਈ ਚੀਨ ਦਾ ਸਦਭਾਵਨਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਪੱਤਰਕਾਰਾਂ ਦੇ ਵਫ਼ਦ 'ਚ ਚੀਨ ਗਏ ਦੇਸ਼ ਦੇ ਪ੍ਰਸਿੱਧ ਸਿਆਸੀ ਕਾਰਕੁੰਨ ਤੇ ਪੱਤਰਕਾਰ ਰਾਜਮੋਹਨ ਗਾਂਧੀ, ਜੋ ਮਹਾਤਮਾ ਗਾਂਧੀ ਦੇ ਪੋਤਰੇ ਹਨ, ਨੇ ਵਾਪਸ ਆ ਕੇ 'ਅੰਗਰੇਜ਼ੀ ਟ੍ਰਿਬਿਊਨ' ਵਿਚ ਇਸ ਦੌਰੇ ਬਾਰੇ ਲੇਖ ਲਿਖਿਆ। ਉਨ੍ਹਾਂ ਪੰਜਾਬ ਦੇ ਸੰਦਰਭ ਦੀ ਬੜੀ ਮਹੱਤਵਪੂਰਨ ਘਟਨਾ ਦਾ ਜ਼ਿਕਰ ਕੀਤਾ, ਜਿਸ ਦਾ ਪੰਜਾਬੀ 'ਚ ਤਰਜਮਾ ਪ੍ਰੋ. ਹਰਪਾਲ ਸਿੰਘ ਪੰਨੂੰ ਨੇ ਆਪਣੀ ਲਿਖਤ 'ਚ ਇਉਂ ਕੀਤਾ, ਕਿ ਜਦੋਂ ਨਕਸ਼ਾ ਵਿਛਾ ਕੇ ਹੱਦਾਂ ਬਾਬਤ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਤਾਂ ਵਾਜਪਾਈ ਨੇ ਤਿੱਬਤ, ਲੇਹ ਅਤੇ ਲੱਦਾਖ ਦੇ ਇਲਾਕਿਆਂ ਉੱਪਰ ਉਂਗਲ ਫੇਰਦਿਆਂ ਕਿਹਾ, 'ਇਹ ਇਲਾਕੇ ਸਾਡੇ ਸਨ, ਇਨ੍ਹਾਂ ਉੱਪਰ ਤੁਹਾਡਾ ਕਬਜ਼ਾ ਨਜਾਇਜ਼ ਹੈ।' ਤਾਂ ਚੀਨੀ ਵਿਦੇਸ਼ ਮੰਤਰੀ ਨੇ ਕਿਹਾ, 'ਨਹੀਂ। ਇਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਸਨ। ਉਦੋਂ ਸਰਕਾਰ ਖ਼ਾਲਸਾ ਸੀ। ਜਦੋਂ ਕਦੀ ਸਰਕਾਰ ਖ਼ਾਲਸਾ ਗੱਲਬਾਤ ਕਰੇਗੀ, ਅਸੀਂ ਸੁਣਾਂਗੇ।'
ਇਸ ਤਰ੍ਹਾਂ ਸਪੱਸ਼ਟ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਚੁਫ਼ੇਰੇ ਫ਼ੈਲੀਆਂ ਹੱਦਾਂ 40 ਵਰ੍ਹੇ ਦੇ ਲਗਪਗ, ਹਿੰਦੁਸਤਾਨ ਤੋਂ ਵੱਖਰਾ ਦੇਸ਼ ਪੰਜਾਬ ਹੁੰਦਿਆਂ ਵੀ ਚੁਫ਼ੇਰਿਓਂ ਮੁਕੰਮਲ ਤੌਰ 'ਤੇ ਹਿੰਦੁਸਤਾਨ ਦੀ ਵਿਦੇਸ਼ੀ ਹਮਲਾਵਰਾਂ ਤੋਂ ਮੁਕੰਮਲ ਹਿਫ਼ਾਜ਼ਤ ਕਰਦੀਆਂ ਰਹੀਆਂ ਹਨ।

# ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਮੋਬਾਈਲ : 98780-70008
e-mail : ts1984buttar@yahoo.com


ਖ਼ਬਰ ਸ਼ੇਅਰ ਕਰੋ

ਕੁਦਰਤ ਕੋਲੋਂ ਆਪਣੇ ਗੁਨਾਹ ਬਖ਼ਸ਼ਾਈਏ

ਪੰਜਾਬ ਦੇ ਲੋਕ ਖ਼ੁਸ਼ਦਿਲੀ, ਖੁੱਲ੍ਹ-ਦਿਲੀ, ਭਾਈਚਾਰਕ ਸਾਂਝ, ਮਹਾਨ ਸੱਭਿਆਚਾਰ ਦੇ ਮਾਲਕ ਸਨ, ਗੌਰਵਮਈ ਇਤਿਹਾਸ ਦੇ ਮਾਲਕ ਸਨ, ਕਿਰਤ ਕਰੋ, ਨਾਮ ਜਪੋ, ਵੰਡ ਛਕੋ 'ਤੇ ਅਮਲ ਕਰਨ ਵਾਲੇ ਸਨ, ਅੰਨ ਦੇ ਦਾਤੇ ਕਹਾਉਣ ਵਾਲੇ ਸਨ, ਭੁੱਖਿਆਂ ਦੇ ਢਿੱਡ ਭਰਨ ਵਾਲੇ ਸਨ ਤੇ ਆਪਣੇ ਦਰਿਆਵਾਂ ਤੇ ਧਰਤੀ ਨਾਲ ਇਕ-ਮਿਕ ਹੋਏ ਲੋਕ ਸਨ। ਸੱਚ ਦੱਸਿਉ ਕਿ ਅੱਜ ਦਾ ਪੰਜਾਬ ਕਿਹੋ ਜਿਹਾ ਹੈ? ਪਾਣੀ ਦੇ ਸੋਮਿਆਂ ਦੀ ਅਸੀਂ ਕੀ ਦੁਰਦਸ਼ਾ ਕੀਤੀ ਹੈ ਉਹ ਸਾਨੂੰ ਦਿਖ ਰਹੀ ਹੈ, ਸਾਰਾ ਹੀ ਵਾਤਾਵਰਨ ਪ੍ਰਦੂਸ਼ਿਤ ਕਰ ਕੇ ਰੱਖ ਦਿੱਤਾ ਹੈ। ਜੇ ਪਾਣੀ ਖ਼ਤਮ ਹੋ ਗਿਆ ਤਾਂ ਸੋਚੋ ਆਪਾਂ ਜਿਊਂਦੇ ਰਹਿ ਸਕਦੇ ਹਾਂ?
ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਤੇ ਇਸ ਨੂੰ ਤਵੱਜੋ ਵੀ ਦੇਣੀ ਚਾਹੀਦੀ ਹੈ। ਭਾਵੇਂ ਕਿ ਹੁਣ ਪੰਜਾਬ ਦਾ ਇਹ ਕਿੱਤਾ ਢਹਿੰਦੀ ਕਲਾ 'ਚ ਹੈ, ਪਰ ਇਸ ਨੂੰ ਪੈਰਾਂ ਸਿਰ ਕਰਨਾ ਸਾਡਾ ਹਰ ਇਕ ਦਾ ਫ਼ਰਜ਼ ਹੈ। ਪਹਿਲੀ ਮਹੱਤਵਪੂਰਨ ਗੱਲ ਇਹ ਕਿ ਕਿਸਾਨ ਨੂੰ ਆਪਣੇ ਖਰਚੇ ਘਟਾਉਣੇ ਪੈਣਗੇ ਤੇ ਆਮਦਨੀ ਵੱਲ ਵੇਖ ਕੇ ਹੀ ਖਰਚੇ ਨਿਰਧਾਰਤ ਕਰਨੇ ਪੈਣਗੇ। ਅਸੀਂ ਆਪਣੀ ਜਿਣਸ, ਸਬਜ਼ੀ, ਦੁੱਧ ਵਗੈਰਾ ਸਿੱਧੇ ਤੌਰ 'ਤੇ ਨਹੀਂ ਵੇਚਦੇ ਕਿਉਂਕਿ ਕਈ ਕੰਮਾਂ 'ਚ ਅਸੀ ਆਪਣਾ ਗਰੂਰ ਅੱਗੇ ਰੱਖ ਲੈਂਦੇ ਹਾਂ, ਕਿ ਜੇ ਮੈਂ ਇਹ ਕੰਮ ਕਰ ਲਿਆ ਤਾਂ ਲੋਕ ਕੀ ਕਹਿਣਗੇ, ਪਰ ਇਹ ਸੱਚ ਹੈ, ਸਭ ਤੋਂ ਵੱਡਾ ਰੋਗ ਹੀ 'ਕੀ ਕਹਿਣਗੇ ਲੋਕ'। ਟਰੈਕਟਰਾਂ ਦਾ ਸਹੀ ਇਸਤਮਾਲ ਕਰੋ, ਤੋਰਾ ਫੇਰੀ, ਟੋਚਨਾਂ ਨਾਲ ਹੀ ਨਾ ਟਾਇਰ ਘਸਾ ਲਿਆ ਕਰੋ। ਸਾਨੂੰ ਕੁਦਰਤੀ ਖੇਤੀ ਵੱਲ ਰੁਝਾਨ ਕਰਨਾ ਹੋਵੇਗਾ, ਹਰ ਕਿਸਾਨ ਪਹਿਲਾਂ ਆਪਣੇ ਘਰ ਲਈ ਕੁਦਰਤੀ ਫ਼ਸਲ ਪੈਦਾ ਕਰੇ, ਹੌਲੀ ਹੌਲੀ ਕੁਦਰਤੀ ਖੇਤੀ ਹੇਠ ਰਕਬਾ ਵਧਾਉਂਦਾ ਜਾਵੇ। ਕਿਸਾਨ ਨੂੰ ਆਪਣੇ ਸਹਿ ਧੰਦੇ ਵੀ ਆਬਾਦ ਕਰਨੇ ਪੈਣਗੇ, ਕਿਸਾਨ ਦੀ ਔਲਾਦ ਨੂੰ ਵੀ ਵਿਦੇਸ਼ ਜਾਣ ਦੇ ਸੁਪਨੇ ਛੱਡ ਕੇ ਆਪਣੇ ਵੱਡਿਆਂ ਦੀ ਬਾਂਹ ਫੜਨੀ ਪਵੇਗੀ। ਬਾਹਰ ਜਾਣਾ ਹੁਣ ਤਾਂ ਸਾਨੂੰ ਚੰਗਾ ਲੱਗਦਾ, ਪਰ ਮਾਪਿਆਂ ਦਾ ਕੀ ਹਾਲ ਹੁੰਦਾ ਉਹ ਮਾਪੇ ਜਾਂ ਰੱਬ ਹੀ ਜਾਣਦਾ ਹੈ, ਜਹਾਜ਼ 'ਤੇ ਬਿਠਾ ਕੇ ਕੋਈ ਹੱਸ ਕੇ ਘਰ ਨ੍ਹੀਂ ਮੁੜਦਾ। ਆਪਣੇ ਮਾਂ ਪਿਉ ਕੋਲ ਰਹਿ ਕੇ ਮਿਹਨਤ ਕਰੋ, ਕਿਰਤ ਕਰੋ, ਨਾਲ-ਨਾਲ ਆਪਣੀ ਪੜ੍ਹਾਈ 'ਚ ਮਿਹਨਤ ਕਰੋ, ਚੰਗੇ ਟੈਸਟਾਂ ਦੀ ਤਿਆਰੀ ਕਰੋ। ਸੰਸਕਾਰੀ ਔਲਾਦ ਹੀ ਸਭ ਤੋਂ ਵੱਡੀ ਕਮਾਈ ਹੈ, ਅੱਜ ਜੋ ਬਹੁਤੇ ਮਾਪਿਆਂ ਦੀ ਹਾਲਤ ਹੈ ਉਹ ਸਾਡੀ ਪਰਵਰਿਸ਼ ਦਾ ਹੀ ਸਿੱਟਾ ਹੈ। ਬਹੁਤੇ ਪਰਦੇਸ ਤੁਰ ਗਿਆਂ ਦੇ ਮਾਪਿਆਂ ਦਾ ਬੁਰਾ ਹਾਲ ਹੈ ਤੇ ਬਹੁਤੀਆਂ ਕੋਲ ਰਹਿੰਦੀਆਂ ਔਲਾਦਾਂ ਦੇ ਵੀ ਖੂਨ ਸਫ਼ੈਦ ਹੋ ਗਏ ਹਨ, ਇਨ੍ਹਾਂ ਮਾਪਿਆਂ ਬਾਰੇ ਤਾਂ ਕਹਿ ਸਕਦੇ ਹਾਂ ਕਿ
ਕਈ ਉਡੀਕਦੇ ਬਰੂਹਾਂ 'ਚ ਸੁਆਹ ਹੋ ਗਏ।
ਕਈ ਚਿੱਟੀ ਹੋ ਗਈ ਰੱਤ ਦੇ ਗਵਾਹ ਹੋ ਗਏ।
ਬੋਰ ਕਰ ਕਰ ਕੇ ਅਸੀਂ ਧਰਤੀ ਮਾਂ ਦੀ ਛਾਤੀ ਵਿੰਨ੍ਹ ਦਿੱਤੀ, ਹੁਣ ਥੋੜ੍ਹਾ ਰਹਿਮ ਜ਼ਰੂਰੀ ਹੈ। ਰਲ-ਮਿਲ ਕੇ ਸਾਨੂੰ ਨਹਿਰੀ ਢਾਂਚੇ ਨੂੰ ਮੁੜ ਸੁਰਜੀਤ ਕਰਨਾ ਹੋਵੇਗਾ, ਧਰਤੀ ਹੇਠਲਾ ਪਾਣੀ ਮੁੱਕਣ ਕੰਢੇ ਹੈ ਤੇ ਅਤਿ ਘਾਤਕ ਜ਼ਹਿਰੀਲਾ ਵੀ ਹੋ ਚੁੱਕਾ ਹੈ। ਸਾਡੀ ਵਾਹੀਯੋਗ ਜ਼ਮੀਨ ਕੱਲਰ ਨਾਲ ਭਰ ਰਹੀ ਹੈ, ਬੰਜਰ ਹੋ ਰਹੀ ਹੈ ਅਤੇ ਮਾਰੂਥਲ ਬਣਨ ਦੇ ਰਾਹੀਂ ਪੈ ਗਈ ਹੈ। ਨਹਿਰੀ ਤੇ ਦਰਿਆਈ ਢਾਂਚਾ ਬਹਾਲ ਹੋਣ ਨਾਲ ਹੜ੍ਹਾਂ 'ਤੇ ਵੀ ਕਾਬੂ ਪਾਇਆ ਜਾ ਸਕਦਾ ਹੈ। ਹਰ ਸਰਕਾਰੀ, ਪ੍ਰਾਈਵੇਟ ਅਦਾਰੇ ਨੂੰ, ਲੋਕਾਂ ਨੂੰ ਰੇਨ ਹਾਰਵੈਸਟਿੰਗ ਤਕਨੀਕ ਅਪਣਾਉਣੀ ਚਾਹੀਦੀ ਹੈ। ਹਰ ਡਰੇਨ ਵਿਚ ਨਿੱਕੇ-ਨਿੱਕੇ ਬੰਨ੍ਹ ਬਣਾ ਕੇ ਮੀਂਹ ਦੇ ਪਾਣੀ ਦੀ ਬਰਬਾਦੀ ਨੂੰ ਰੋਕਣਾ ਜ਼ਰੂਰੀ ਹੈ। ਹਰੇਕ ਕਿਸਾਨ ਨੂੰ ਆਪਣੀ ਜ਼ਮੀਨ ਅਨੁਸਾਰ ਸਸਤੇ ਹਾਰਵੈਸਟਿੰਗ ਪੁਆਇੰਟ ਬਣਾਉਣੇ ਚਾਹੀਦੇ ਹਨ। ਸਾਡੇ ਪਾਣੀ ਲਈ ਝੋਨਾ ਘਾਤਕ ਹੈ, ਹਰ ਵਾਰ ਸਾਨੂੰ ਝੋਨੇ ਹੇਠ ਰਕਬਾ ਘਟਾਉਣਾ ਚਾਹੀਦਾ ਹੈ। ਹੁਣ ਤਾਂ ਰੇਤਲੀ ਜ਼ਮੀਨ 'ਚ ਵੀ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਬਿਲਕੁਲ ਹੀ ਗ਼ਲਤ ਹੈ। ਸੋਚੋ ਹਾਂ ਕਦੇ ਧਰਤੀ ਹੇਠਲਾ ਪਾਣੀ ਕਿੱਥੇ ਸੀ ਤੇ ਅੱਜ ਕਿੱਥੇ ਹੈ। ਸਾਨੂੰ ਝੋਨੇ 'ਚੋਂ ਨਿਕਲ ਕੇ ਕਪਾਹ, ਮੱਕੀ, ਬਾਜਰਾ, ਕਮਾਦ, ਸਰ੍ਹੋਂ, ਮੂੰਗਫਲੀ, ਦਾਲਾਂ ਅਤੇ ਬਾਗ਼ਾਂ ਵੱਲ ਰੁਝਾਨ ਕਰ ਹੀ ਲੈਣਾ ਚਾਹੀਦਾ ਹੈ, ਹਾਂ ਸਰਕਾਰ ਨੂੰ ਇਨ੍ਹਾਂ ਫ਼ਸਲਾਂ ਦੇ ਵਧੀਆ ਮੰਡੀਕਰਨ ਬਾਰੇ ਸੁਚੱਜੀ ਨੀਤੀ ਬਣਾਉਣੀ ਚਾਹੀਦੀ ਹੈ। ਹਰੇਕ ਕਿਸਾਨ ਨੂੰ ਆਪਣੇ ਘਰ ਵਰਤਣ ਲਈ ਦਾਲਾਂ ਸਬਜ਼ੀਆਂ ਆਪਣੀ ਜ਼ਮੀਨ 'ਚ ਹੀ ਪੈਦਾ ਕਰਨੀਆਂ ਚਾਹੀਦੀਆਂ ਹਨ, ਘੱਟ ਤੋਂ ਘੱਟ ਦੋ ਤਿੰਨ ਕਨਾਲ ਜ਼ਮੀਨ ਝੋਨੇ ਹੇਠੋਂ ਤਾਂ ਨਿਕਲੂ। ਹੋਰ ਵੀ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ ਜਿਵੇਂ ਫੁਹਾਰਾ ਜਾਂ ਤੁਪਕਾ ਵਿਧੀ, ਵੱਟਾਂ ਜਾਂ ਬੈੱਡਾਂ 'ਤੇ ਫ਼ਸਲ ਬੀਜਣਾ, ਜਿਨ੍ਹਾਂ ਨਾਲ ਪਾਣੀ ਦੀ ਬੱਚਤ ਹੋ ਸਕੇ। ਮੁਫ਼ਤ ਦੀ ਬਿਜਲੀ ਵੇਖ ਕੇ ਅਸੀਂ ਬੇਥਵਾ ਪਾਣੀ ਵਰਤਦੇ ਤੇ ਬੇਕਦਰੀ ਕਰਦੇ ਹਾਂ। ਕਿਸੇ ਵੀ ਦੇਸ਼ ਸੂਬੇ ਦੀ ਤਰੱਕੀ ਲਈ ਉਦਯੋਗ ਦਾ ਅਹਿਮ ਯੋਗਦਾਨ ਹੁੰਦਾ ਹੈ, ਪਰ ਉਦਯੋਗ ਵੀ ਉਸ ਖੇਤਰ ਦੇ ਅਨਕੂਲ ਹੀ ਹੋਣ ਤਾਂ ਬਿਹਤਰ ਹੈ, ਜਿਵੇਂ ਪੰਜਾਬ 'ਚ ਐਗਰੋ ਉਦਯੋਗ ਨੂੰ ਹੀ ਪਹਿਲ ਦੇ ਅਧਾਰ 'ਤੇ ਖੋਲ੍ਹਣਾ ਜ਼ਰੂਰੀ ਹੈ, ਹਰ ਇਕ ਐਗਰੋ ਬੇਸ ਫੂਡ ਹੱਬ ਪੰਜਾਬ 'ਚ ਬਣਾਉਣਾ ਜ਼ਰੂਰੀ ਹੈ, ਐਗਰੋ ਪ੍ਰੋਡਟਕਟਸ ਲਈ ਐਕਸਪੋਰਟ ਕਰਨ ਦੀ ਸਹੂਲਤ 'ਤੇ ਤਵੱਜੋ ਦੇਣਾ ਜ਼ਰੂਰੀ ਹੈ।
ਗੁਨਾਹ ਤਾਂ ਬਹੁਤ ਹਨ, ਕੋਈ ਖੇਤਰ ਐਸਾ ਨਹੀਂ ਬਚਿਆ ਹੋਣਾ ਜਿੱਥੇ ਅਸੀਂ ਗੁਨਾਹ ਨਾ ਕੀਤੇ ਹੋਣ, ਪਰ ਕੁਝ ਗੁਨਾਹ ਬਖ਼ਸ਼ਾਏ ਵੀ ਜਾਂਦੇ ਹਨ। ਆਉ ਆਪਣੇ ਗੁਨਾਹ ਬਖ਼ਸ਼ਾਈਏ ਅਤੇ ਧਰਤੀ ਨੂੰ ਮੁੜ ਸਵਰਗ ਬਣਾਈਏ ਅਤੇ ਚਾਨਣ ਦੇ ਰਾਹ ਤੁਰੀਏ, ਤੋਰੀਏ।

-ਫਿਜ਼ਿਕਸ ਵਿਭਾਗ, ਖ਼ਾਲਸਾ ਕਾਲਜ ਅੰਮ੍ਰਿਤਸਰ।
ਸੰਪਰਕ: 9914490280

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -15

ਅਕਾਲੀ ਲਹਿਰ ਦਾ ਪਹਿਲਾ ਸ਼ਹੀਦੀ ਸਾਕਾ ਸ੍ਰੀ ਤਰਨ ਤਾਰਨ ਸਾਹਿਬ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਪੁਜਾਰੀਆਂ ਨੇ ਕੀਰਤਨ ਕਰਨ ਦੀ ਆਗਿਆ ਨਾ ਦਿੱਤੀ ਅਤੇ ਉਥੋਂ ਬਾਹਰ ਕੱਢ ਦਿੱਤਾ। ਇਸੇ ਤਰ੍ਹਾਂ ਤਰਨ ਤਾਰਨ ਦੇ ਸੇਵਕ ਜਥੇ ਨੂੰ 11 ਜਨਵਰੀ 1921 ਈ: ਨੂੰ ਕੀਰਤਨ ਕਰਨ ਤੋਂ ਰੋਕਿਆ ਗਿਆ। ਜਿਸ ਸਮੇਂ ਜਥੇ ਦੇ ਸਿੰਘ ਦਰਬਾਰ ਸਾਹਿਬ ਬੈਠੇ ਕੀਰਤਨ ਸਰਵਣ ਰਹੇ ਸਨ ਤਾਂ ਸਿੰਘਾਂ ਨੂੰ ਦੇਖ ਕੇ ਪੁਜਾਰੀ ਗੁੱਸੇ ਵਿਚ ਆ ਗਏ ਅਤੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਕ੍ਰਿਪਾਨਾਂ, ਟਕੂਏ, ਕੁਹਾੜੀਆਂ, ਛਵੀਆਂ ਆਦਿ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਬੈਠ ਗਏ, ਜਿਨ੍ਹਾਂ ਦੀ ਗਿਣਤੀ 70 ਦੇ ਕਰੀਬ ਸੀ। ਕੁਝ ਸਮੇਂ ਬਾਅਦ ਹੀ ਇਨ੍ਹਾਂ ਪੁਜਾਰੀਆਂ ਦੇ ਬੰਦਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਕੋਈ ਕਹੇ ਟੁਕੜੇ-ਟੁਕੜੇ ਹੋਵਾਂਗੇ, ਟੁਕੜੇ-ਟੁਕੜੇ ਕਰ ਦੇਵਾਂਗੇ। ਦਰਬਾਰ ਸਾਹਿਬ ਦੇ ਪੁਜਾਰੀ ਤੇਜਾ ਸਿੰਘ ਨੇ ਕਿਹਾ ਕਿ ਇਹ ਜਥੇ ਦੇ ਸਿੰਘ ਤਰਨ ਤਾਰਨ ਵਿਖੇ ਕਬਜ਼ਾ ਕਰਨ ਆਏ ਹਨ, ਮੈਂ ਇਨ੍ਹਾਂ ਵੀਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਉਦਾਸੀ ਸਾਧੂ ਨਹੀਂ ਹਾਂ। ਅਸੀਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਹੈ। ਸਾਨੂੰ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਗੁਰਮਤੇ ਦੀ ਖ਼ਬਰ ਕੱਲ੍ਹ ਹੀ ਪੁੱਜ ਗਈ ਸੀ। ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਜਥੇ ਨੂੰ ਦੱਸਾਂਗੇ ਕਿ ਕਿਵੇਂ ਗੁਰਦੁਆਰੇ 'ਤੇ ਕਬਜ਼ਾ ਕਰੀਦਾ ਹੈ। ਜਥੇਦਾਰ ਤੇਜਾ ਸਿੰਘ 'ਭੁੱਚਰ' ਨੇ ਪੁਜਾਰੀਆਂ ਦੀਆਂ ਹਰਕਤਾਂ ਦੇਖਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਤੋਂ ਕੋਈ ਕਬਜ਼ਾ ਲੈਣ ਨਹੀਂ ਆਏ ਸਗੋਂ ਸੰਗਤਾਂ ਦੀਆਂ ਸ਼ਿਕਾਇਤਾਂ ਦੱਸਣ ਆਏ ਹਾਂ ਤਾਂ ਜੋ ਪ੍ਰਬੰਧ ਵਿਚ ਸੁਧਾਰ ਕੀਤਾ ਜਾ ਸਕੇ। ਵੈਦ ਭਾਈ ਮੋਹਨ ਸਿੰਘ ਨੇ ਸਾਰੇ ਪੁਜਾਰੀਆਂ ਨੂੰ ਸਮਝਾਇਆ ਕਿ ਅਕਾਲੀ ਦਲ ਵਲੋਂ ਕੇਵਲ ਗੁਰਦੁਆਰਿਆਂ ਦੇ ਪ੍ਰਬੰਧ ਸੁਧਾਰ ਦਾ ਵਿਚਾਰ ਹੈ, ਇਨ੍ਹਾਂ ਵਿਚੋਂ ਕਿਸੇ ਨੇ ਪੁਜਾਰੀ ਜਾਂ ਗ੍ਰੰਥੀ ਨਹੀਂ ਬਣਨਾ, ਨਾ ਹੀ ਕੋਈ ਸੇਵਾਦਾਰ ਹਟਾ ਕੇ ਨਵੇਂ ਸੇਵਾਦਾਰ ਲਾਉਣੇ ਹਨ।' ਇਸ ਤਰ੍ਹਾਂ ਸਮਝਾਉਣ 'ਤੇ ਪੁਜਾਰੀ ਗ੍ਰੰਥੀ ਕੁਝ ਸੰਭਲੇ ਅਤੇ ਵਡੇਰੀ ਉਮਰ ਦੇ ਪੁਜਾਰੀਆਂ ਨੇ ਨੌਜਵਾਨਾਂ ਨੂੰ ਚੁੱਪ ਕਰਵਾ ਕੇ ਆਖਿਆ ਕਿ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ ਅਤੇ ਸ਼ਾਮ ਨੂੰ 4 ਵਜੇ ਮਿਲ ਕੇ ਗੱਲਬਾਤ ਕਰਾਂਗੇ। ਭਾਈ ਮੋਹਨ ਸਿੰਘ ਵੈਦ, ਭਾਈ ਸੁੰਦਰ ਸਿੰਘ ਤੇ ਭਾਈ ਸੰਤ ਸਿੰਘ ਹੁਰਾਂ ਨੇ ਜਥੇ ਦਾ ਡੇਰਾ ਢੋਟੀਆਂ ਵਾਲੇ ਬੁੰਗੇ ਵਿਚ ਕਰਵਾਇਆ ਤੇ ਜਥੇ ਦੇ ਲੰਗਰ ਦੀ ਤਿਆਰੀ ਵੀ ਇਥੇ ਹੀ ਹੋ ਗਈ।
ਦੁਪਹਿਰ ਦੋ ਵਜੇ ਦੇ ਕਰੀਬ ਮਾਸਟਰ ਈਸ਼ਰ ਸਿੰਘ, ਸ: ਮਤਾਬ ਸਿੰਘ ਹੈੱਡ ਮਾਸਟਰ ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਹਾਈ ਸਕੂਲ, ਸ: ਬਿਸ਼ਨ ਸਿੰਘ ਨੰਬਰਦਾਰ, ਸ:ਸੁੰਦਰ ਸਿੰਘ ਮੈਨੇਜਰ ਕਾਰਖਾਨਾ ਤੇ ਵੈਦ ਮੋਹਨ ਸਿੰਘ ਬੁੰਗੇ ਪਹੁੰਚੇ ਜਿਥੇ ਜਥੇਦਾਰ ਤੇਜਾ ਸਿੰਘ ਭੁੱਚਰ, ਜਥੇਦਾਰ ਕਰਤਾਰ ਸਿੰਘ 'ਝੱਬਰ', 'ਸ: ਦਾਨ ਸਿੰਘ ਵਿਛੋਆ, ਸ: ਤੋਤਾ ਸਿੰਘ ਪਿਸ਼ਾਵਰੀ ਅਤੇ ਅੰਮ੍ਰਿਤਸਰ ਤੋਂ ਆਏ ਕੁਝ ਹੋਰ ਸੱਜਣ ਵੀ ਬੈਠੇ ਸਨ, ਵਿਚਾਰਾਂ ਹੋਈਆਂ ਕਿ ਜਿਵੇਂ ਵੀ ਹੋ ਸਕੇ ਸ਼ਾਂਤੀ ਨਾਲ ਸਾਰਾ ਕਾਰਜ ਨਿਪਟਾਇਆ ਜਾਵੇ। ਕੁਝ ਸੱਜਣਾਂ ਨੇ ਦੱਸਿਆ ਕਿ ਇਥੋਂ ਦੇ ਪੁਜਾਰੀਆਂ ਦੀਆਂ ਨੀਤੀਆਂ ਠੀਕ ਨਹੀਂ ਹਨ ਅਤੇ ਪੁਜਾਰੀ ਇਹੋ ਜਿਹੇ ਕੁਕਰਮ ਕਰਦੇ ਹਨ ਜੋ ਬਿਆਨਣੇ ਵੀ ਔਖੇ ਹਨ। ਜਥੇਦਾਰ ਤੇਜਾ ਸਿੰਘ 'ਭੁੱਚਰ' ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਹਾਂ ਕਿ ਕਿਸੇ ਕਿਸਮ ਦਾ ਕੋਈ ਫ਼ਸਾਦ ਹੋਵੇ ਨਾ ਹੀ ਸਾਡੇ ਵਲੋਂ ਕਿਸੇ 'ਤੇ ਹੱਥ ਉੱਠੇਗਾ। ਜਿਥੋਂ ਤੱਕ ਪੁਜਾਰੀਆਂ ਵਲੋਂ ਧਮਕੀਆਂ ਦੇਣ ਦੀ ਗੱਲ ਹੈ, ਅਸੀਂ ਡਰਦੇ ਵੀ ਨਹੀਂ, ਅਕਾਲੀ ਦਲ ਵਾਲੇ ਪਹਿਲੇ ਹੀ ਆਪਣੇ ਸੀਸ ਗੁਰੂ ਨੂੰ ਭੇਟ ਕਰ ਚੁੱਕੇ ਹੋਏ ਹਨ। ਕਿਸੇ ਤਰ੍ਹਾਂ ਵੀ ਸ਼ਾਂਤੀ ਨਾਲ ਸਮਝੌਤਾ ਹੋ ਕੇ ਆਰਜ਼ੀ ਪ੍ਰਬੰਧ ਦਾ ਸੁਧਾਰ ਹੋ ਜਾਵੇ ਤਾਂ ਅਸੀਂ ਸਾਰਾ ਮਾਮਲਾ ਕੇਂਦਰੀ ਕਮੇਟੀ 'ਤੇ ਛੱਡ ਕੇ ਕਿਸੇ ਹੋਰ ਥਾਂ ਜਾ ਕੇ ਸੇਵਾ ਕਰਾਂਗੇ। ਸ੍ਰੀ ਅੰਮ੍ਰਿਤਸਰ ਦੇ ਕੁਝ ਸੱਜਣਾਂ ਨੇ ਦੱਸਿਆ ਕਿ ਇਥੋਂ ਦੇ ਗ੍ਰੰਥੀ, ਪੁਜਾਰੀ ਪੂਰੀ ਤਰ੍ਹਾਂ ਫ਼ਸਾਦ ਵਾਸਤੇ ਡਟੇ ਹੋਏ ਹਨ, ਸੁਪਨੇ ਵਿਚ ਵੀ ਆਸ ਨਾ ਰੱਖੋ ਕਿ ਇਥੇ ਸ਼ਾਂਤੀ ਨਾਲ ਸਮਝੌਤਾ ਹੋ ਜਾਵੇਗਾ, ਜੋ ਵੀ ਕਰਨਾ ਹੈ, ਸੰਭਲ ਕੇ ਕਰਨਾ, ਅਵੇਸਲੇ ਹੋ ਕੇ ਵਧੇਰੇ ਨੁਕਸਾਨ ਨਾ ਪਹੁੰਚੇ। ਸ: ਮਤਾਬ ਸਿੰਘ ਹੈੱਡ ਮਾਸਟਰ ਤੇ ਸ੍ਰੀਮਾਨ ਮਾਸਟਰ ਈਸ਼ਰ ਸਿੰਘ ਨੇ ਬਹੁਤ ਹੀ ਯਤਨ ਕੀਤਾ ਕਿ ਜਿਥੋਂ ਤੱਕ ਹੋਵੇ ਸ਼ਾਂਤੀ ਨਾਲ ਸਮਝੌਤਾ ਹੋਵੇ ਅਤੇ ਗ੍ਰੰਥੀ ਪੁਜਾਰੀਆਂ ਨੂੰ ਸਖ਼ਤੀ ਦਾ ਮੌਕਾ ਹੀ ਨਾ ਦਿੱਤਾ ਜਾਵੇ।
ਇਸੇ ਵਿਚਾਰ ਅਨੁਸਾਰ ਸ਼ਾਮ ਨੂੰ 4 ਵਜੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਪੁਜਾਰੀ ਸਿੰਘਾਂ ਨੂੰ ਮਿਲ ਕੇ ਵਿਚਾਰ ਕੀਤਾ ਕਿ ਪਹਿਲਾਂ ਵੱਖਰੇ ਬੈਠ ਕੇ ਸੋਚ ਵਿਚਾਰ ਕਰ ਲਈ ਜਾਵੇ। ਪੁਜਾਰੀਆਂ ਨੇ ਗੱਲਬਾਤ ਕਰਨ ਲਈ ਨਿਹਾਲ ਸਿੰਘ, ਸੇਵਾ ਸਿੰਘ, ਗੁਰਬਖਸ਼ ਸਿੰਘ, ਗੁਰਦਿੱਤ ਸਿੰਘ, ਤੇਜਾ ਸਿੰਘ ਨੂੰ ਨਾਮਜ਼ਦ ਕੀਤਾ। ਅਕਾਲੀਆਂ ਵਲੋਂ ਜਥੇਦਾਰ ਤੇਜਾ ਸਿੰਘ ਭੁੱਚਰ, ਜਥੇਦਾਰ ਕਰਤਾਰ ਸਿੰਘ ਝੱਬਰ, ਸ: ਬਲਵੰਤ ਸਿੰਘ ਕੁੱਲ੍ਹਾ, ਸ: ਦਾਨ ਸਿੰਘ ਵਿਛੋਆ, ਹਕੀਮ ਬਹਾਦਰ ਸਿੰਘ ਨਾਮਜ਼ਦ ਹੋਏ। ਸੰਗਤ ਵਲੋਂ ਮਾਸਟਰ ਈਸ਼ਰ ਸਿੰਘ, ਹੈੱਡ ਮਾਸਟਰ ਮਤਾਬ ਸਿੰਘ, ਸ: ਬਿਸ਼ਨ ਸਿੰਘ ਨੰਬਰਦਾਰ, ਸ: ਸੁੰਦਰ ਸਿੰਘ ਕਾਰਖਾਨੇ ਵਾਲੇ ਅਤੇ ਵੈਦ ਭਾਈ ਮੋਹਨ ਸਿੰਘ, ਸ਼ਹਿਰ ਵਲੋਂ ਭਾਈ ਜੱਸਾ ਸਿੰਘ, ਸ: ਗਿਆਨ ਸਿੰਘ ਮੰਡੀ ਵਾਲੇ, ਸ: ਧਰਮ ਸਿੰਘ ਰਈਸ ਉਸਮਾ ਤੇ ਕੁਝ ਹੋਰ ਸੱਜਣ ਜੋ ਅੰਮ੍ਰਿਤਸਰ ਤੋਂ ਆਏ ਸਨ।

-ਮੋਬਾਈਲ : 98155-33725

ਸ਼ਬਦ ਵਿਚਾਰ

ਆਖਣਿ ਜੋਰੁ ਚੁਪੈ ਨਹ ਜੋਰੁ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਟੇਕ-ਆਸਰਾ।
ਇਸ ਲਈ ਹੇ ਭਾਈ, ਸਦਾ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ:
ਸਦਾ ਸਦਾ ਜਪਿ ਨਾਨਕ ਏਕ
(ਅੰਗ : 723)
ਜੀਵ ਦਾ ਜਿਥੇ ਕੋਈ ਸਹਾਈ ਨਹੀਂ ਹੁੰਦਾ, ਪਰਮਾਤਮਾ ਉਥੇ ਵੀ ਜੀਵ ਦਾ ਸੰਗੀ ਸਾਥੀ ਬਣਦਾ ਹੈ, ਜੀਵ ਦੀ ਸਹਾਇਤਾ ਕਰਦਾ ਹੈ। ਰਾਗੁ ਪ੍ਰਭਾਤੀ ਵਿਚ ਗੁਰੂ ਅਰਜਨ ਦੇਵ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ:
ਤਹਾ ਸਖਾਈ ਜਹ ਕੋਇ ਨ ਹੋਵੈ
(ਅੰਗ : 1337)
ਤਹਾ-ਉਥੇ। ਸਖਾਈ-ਸੰਗੀ ਸਾਥੀ, ਸਹਾਇਤਾ ਕਰਦਾ ਹੈ। ਜਹ-ਜਿਥੇ।
ਵੱਡੇ ਵੱਡੇ ਭਲਵਾਨ ਸੂਰਮੇ ਪ੍ਰਭੂ ਦੀ ਮਿਹਰ ਤੋਂ ਬਿਨਾਂ ਅੰਤ ਨੂੰ ਜਹਾਨ ਤੋਂ ਤੁਰ ਜਾਂਦੇ ਹਨ। ਤ੍ਵਪ੍ਰਸਾਦਿ ਸ੍ਵਈਏ ਪਾਤਸ਼ਾਹੀ ੧੦ ਵਿਚ ਦਸਮੇਸ਼ ਪਿਤਾ ਸੁਚੇਤ ਕਰ ਰਹੇ ਹਨ ਕਿ ਫ਼ੌਜੀ ਦਾਉ ਪੇਚ ਵਿਚ ਨਿਪੁੰਨ ਸੂਰਮੇ ਸ਼ਸਤਰਾਂ ਨਾਲ ਲੈਸ ਹੋ ਕੇ ਸੰਜੋਅ ਆਦਿ ਪਹਿਨਕੇ ਜੰਗ ਦੇ ਮੈਦਾਨ ਵਿਚ ਜੋ ਦੁਸ਼ਮਣ ਦੀ ਫ਼ੌਜ ਨੂੰ ਦਲ ਦੇਣ ਅਤੇ ਜਿਨ੍ਹਾਂ ਦੇ ਮਨਾਂ ਅੰਦਰ ਗੁਮਾਨ ਹੋਵੇ ਕਿ ਪਰਬਤ ਤਾਂ ਆਪਣੀ ਥਾਂ ਤੋਂ ਹਿੱਲ ਸਕਦੇ ਹਨ ਪੰਤੂ ਉਨ੍ਹਾਂ ਨੂੰ ਜੰਗ ਦੇ ਮੈਦਾਨ ਵਿਚੋਂ ਕੋਈ ਹਿਲਾ ਨਹੀਂ ਸਕਦਾ, ਕੋਈ ਮਾਤ ਨਹੀਂ ਪਾ ਸਕਦਾ। ਅਜਿਹੇ ਸੂਰਮੇ ਦੁਸ਼ਮਣਾਂ ਦਾ ਨਾਸ ਕਰਨ ਵਾਲੇ, ਬਾਗ਼ੀਆਂ ਨੂੰ ਮਰੋੜਕੇ ਰੱਖ ਦੇਣ ਅਤੇ ਮਸਤ ਹਾਥੀਆਂ ਦਾ ਮਾਣ ਮਲ ਦੇਣ ਵਾਲੇ ਹੋਣ, ਤਾਂ ਵੀ ਕੀ ਹੋਇਆ, ਅਜਿਹੇ ਸੂਰਮੇ ਪਰਮਾਤਮਾ ਦੀ ਮਿਹਰ ਤੋਂ ਬਿਨਾਂ ਅੰਤ ਨੂੰ ਜਹਾਨ ਛੱਡ ਕੇ ਤੁਰ ਜਾਣਗੇ:
ਸੁਧ ਸਿਪਾਹ ਦੁਰੰਤ ਦੁਬਾਹ ਸੁ
ਸਾਜਿ ਸਨਾਹ ਦੁਰਜਾਨ ਦਲੈਂਗੇ
ਭਾਰੀ ਗੁਮਾਨ ਭਰੇ ਮਨ ਮੈਂ ਕਰ
ਪਰਬਤ ਪੰਖ ਹਲੇ ਨ ਹਲੈਂਗੇ
ਤੋਰਿ ਅਰੀਨ ਮਰੋਰਿ ਮਵਾਸਨ
ਮਾਤੇ ਮਤੰਗਨ ਮਾਨ ਮਲੈਂਗੇ
ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ
ਤਿਆਗਿ ਜਹਾਨ
ਨਿਦਾਨ ਚਲੈਂਗੇ੫
(ਤ੍ਵਪ੍ਰਸਾਦਿ ਸਵਯੇ, ਪਾਤਸ਼ਾਹੀ ੧੦)
ਸੁਧ-ਸਰਬ ਗੁਣ ਪੂਰੇ। ਦੁਰੰਤ-ਵੈਰੀ, ਦੁਸ਼ਮਣ। ਸਨਾਹ-ਸੰਜੋਅ। ਦੁਰਜਾਨ-ਵੈਰੀਆਂ ਨੂੰ। ਗੁਮਾਨ-ਹੰਕਾਰ। ਪਰਬਤ-ਪਹਾੜ। ਅਰੀਨ-ਵੈਰੀਆਂ ਨੂੰ। ਮਰੋਰਿ-ਮਰੋੜਕੇ। ਮਵਾਸਨ-ਆਕੀਆਂ ਨੂੰ। ਮਾਤੇ-ਮਸਤੇ ਹੋਏ। ਮਤੰਗਨਿ-ਹਾਥੀਆਂ ਦਾ। ਸ੍ਰੀਪਤਿ-ਮਾਇਆ ਦਾ ਪਤੀ, ਪਰਮਾਤਮਾ।
ਪਉੜੀ ਦੇ ਅਖਰੀ ਅਰਥ : ਨਾ ਕੁਝ ਆਖਣ ਵਿਚ ਜੀਵ ਦਾ ਕੋਈ ਜੋਰ ਅਥਵਾ ਵੱਸ ਚਲਦਾ ਹੈ ਅਤੇ ਨਾ ਹੀ ਚੁੱਪ ਰਹਿਣ ਦੀ ਸਾਡੇ ਵਿਚ ਤਾਕਤ ਹੈ। ਇਸੇ ਪ੍ਰਕਾਰ ਸਾਡੇ ਵਿਚ ਨਾ ਕੁਝ ਮੰਗਣ ਦਾ ਕੋਈ ਜ਼ੋਰ ਚਲਦਾ ਹੈ ਅਤੇ ਨਾ ਹੀ ਕਿਸੇ ਨੂੰ ਦੇਣ ਦੀ ਸਾਡੇ ਵਿਚ ਤਾਕਤ ਹੈ।
ਜਿਊਣ ਅਤੇ ਮਰਨ ਵਿਚ ਵੀ ਸਾਡਾ ਕੋਈ ਜ਼ੋਰ ਨਹੀਂ ਚਲਦਾ ਭਾਵ ਨਾ ਹੀ ਅਸੀਂ ਮਰਜ਼ੀ ਨਾਲ ਜਨਮ ਲੈਂਦੇ ਹਾਂ ਅਤੇ ਨਾ ਹੀ ਆਪਣੀ ਮਰਜ਼ੀ ਨਾਲ ਸੰਸਾਰ 'ਚੋਂ ਜਾਂਦੇ ਹਾਂ।
ਇਹ ਰਾਜ ਭਾਗ, ਧਨ-ਦੌਲਤ, ਮਨੁੱਖ ਨੂੰ ਆਪਣੇ ਜ਼ੋਰ ਜਾਂ ਬਲ-ਬੂਤੇ ਨਾਲ ਪ੍ਰਾਪਤ ਨਹੀਂ ਹੁੰਦੇ, ਜਿਸ ਦੇ ਖੁਸ ਜਾਣ ਨਾਲ ਮਨ ਵਿਚ ਦੁੱਖ ਅਤੇ ਚਿੰਤਾ ਭਾਵੇਂ ਲੱਗੀ ਰਹਿੰਦੀ ਹੈ।
ਪਰਮਾਤਮਾ ਵਿਚ ਸੁਰਤ ਨੂੰ ਜੋੜਨਾ ਅਤੇ ਗਿਆਨ ਵਿਚਾਰ ਦੀਆਂ ਗੱਲਾਂ ਕਰਨੀਆਂ ਵੀ ਸਾਡੇ ਵੱਸ ਵਿਚ ਨਹੀਂ ਹਨ ਅਤੇ ਨਾ ਹੀ ਕਿਸੇ ਜੁਗਤੀ ਦੁਆਰਾ ਸੰਸਾਰਿਕ ਬੰਧਨਾਂ ਤੋਂ ਖਲਾਸੀ ਪਾਉਣਾ ਸਾਡੇ ਆਪਣੇ ਵੱਸ ਵਿਚ ਹੈ।
ਸਭ ਤਾਕਤਾਂ ਦਾ ਮਾਲਕ ਪ੍ਰਭੂ ਜਿਸ ਦੇ ਹੱਥ (ਵੱਸ) ਵਿਚ ਸਭ ਕੁਝ ਹੈ, ਉਹ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਸ ਵਿਚਲੀ ਸਾਰੀ ਖੇਡ ਨੂੰ ਫਿਰ ਆਪ ਹੀ ਦੇਖ ਰਿਹਾ ਹੈ।
ਵਾਸਤਵ ਵਿਚ ਨਾ ਕੋਈ ਉਤਮ ਹੈ ਨਾ ਨੀਚ। ਜਦੋਂ ਸਭ ਕੁਝ ਕਰਨ ਕਰਾਵਣ ਵਾਲਾ ਹੇ ਪ੍ਰਭੂ, ਤੂੰ ਆਪ ਹੀ ਹੈਂ, ਸਭ ਅੰਦਰ ਤੇਰਾ ਹੀ ਵਾਸ ਹੈ ਤਾਂ ਫਿਰ ਕੌਣ ਉੱਤਮ ਤੇ ਕੌਣ ਨੀਚ ਹੋ ਸਕਦਾ ਹੈ। ਮਨੁੱਖ ਆਪਣੇ ਕੀਤੇ ਸੰਸਕਾਰਾਂ ਦੇ ਕਰਮਾਂ ਅਨੁਸਾਰ ਕੋਈ ਸੁਖ ਭੋਗਦਾ ਹੈ ਅਤੇ ਕੋਈ ਦੁੱਖ।
ਅੰਤ ਵਿਚ ਗੁਰੂ ਬਾਬਾ ਪ੍ਰਭੂ ਅੱਗੇ ਅਰਜੋਈ ਕਰ ਰਹੇ ਹਨ ਕਿ ਹੇ ਪ੍ਰਭੂ, ਸਭ ਕੁਝ ਤੇਰੇ ਵੱਸ ਵਿਚ ਹੀ ਹੈ, ਅਸੀਂ ਨਿਮਾਣੇ ਤਾਂ ਕੁਝ ਵੀ ਕਰਨ ਜੋਗੇ ਨਹੀਂ।

-217 ਆਰ., ਮਾਡਲ ਟਾਊਨ, ਜਲੰਧਰ।

ਬਾਬਾ ਕਰਮ ਸਿੰਘ ਚੀਮਾ (ਜਲੰਧਰ)

ਅਕਾਲੀ ਲਹਿਰ-11

ਕਰਮ ਸਿੰਘ ਦਾ ਜਨਮ ਪਿੰਡ ਚੀਮਾ ਜ਼ਿਲ੍ਹਾ ਜਲੰਧਰ ਵਿਚ ਹੋਇਆ। ਉਸ ਦੇ ਪਿਤਾ ਦਾ ਨਾਂਅ ਸ. ਗੁੱਜਰ ਸਿੰਘ ਸੀ। ਪਰਿਵਾਰ ਬੜਾ ਰੱਜਿਆ-ਪੁੱਜਿਆ ਅਤੇ ਸਰਕਾਰੇ ਦਰਬਾਰੇ ਰਸਾਈ ਵਾਲਾ ਹੋਣ ਕਾਰਨ ਕਰਮ ਸਿੰਘ ਦਾ ਭਰਾ ਚੂਹੜ ਸਿੰਘ ਜ਼ੈਲਦਾਰ ਸੀ। ਕਰਮ ਸਿੰਘ 1907 ਵਿਚ ਅਮਰੀਕਾ ਗਿਆ ਅਤੇ ਕੈਲੇਫੋਰਨੀਆ ਵਿਚ ਕੰਮ ਕਰਨ ਲੱਗਾ। ਉੱਥੇ ਹੀ ਉਹ ਗ਼ਦਰੀਆਂ ਦੇ ਸੰਪਰਕ ਵਿਚ ਆਇਆ। ਗ਼ਦਰ ਪਾਰਟੀ ਦੇ ਸੱਦੇ ਉੱਤੇ ਦਸੰਬਰ 1914 ਵਿਚ ਹਿੰਦੁਸਤਾਨ ਪਹੁੰਚੇ ਕਰਮ ਸਿੰਘ ਨੂੰ ਪੁਲਿਸ ਨੇ ਫੜ ਕੇ ਜੂਹਬੰਦੀ ਲਾ ਕੇ ਪਿੰਡ ਵਿਚ ਛੱਡ ਦਿੱਤਾ। 1919 ਵਿਚ ਜਦ ਜੂਹਬੰਦੀ ਟੁੱਟੀ ਉਦੋਂ ਤੱਕ ਅਕਾਲੀ ਲਹਿਰ ਸ਼ੁਰੂ ਹੋ ਚੁੱਕੀ ਸੀ। 1920 ਵਿਚ ਰੁੜਕਾ ਕਲਾਂ ਵਿਚ ਹੋਏ ਅਕਾਲੀ ਦੀਵਾਨ ਵਿਚ ਉਸ ਨੂੰ ਫਿਲੌਰ ਤਹਿਸੀਲ ਅਕਾਲੀ ਜਥੇ ਦਾ ਜਥੇਦਾਰ ਥਾਪਿਆ ਗਿਆ। ਜ਼ਮਾਨਤ ਦੇਣ ਤੋਂ ਇਨਕਾਰ ਕੀਤੇ ਜਾਣ ਉੱਤੇ ਜ਼ਾਬਤਾ ਫ਼ੌਜਦਾਰੀ ਦੀ ਧਾਰਾ 107 ਅਧੀਨ ਉਸ ਨੂੰ ਇਕ ਸਾਲ ਜੇਲ੍ਹ ਵਿਚ ਰੱਖਿਆ ਗਿਆ। ਜੇਲ੍ਹ ਤੋਂ ਬਾਹਰ ਆਉਣ ਪਿੱਛੋਂ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਉਸ ਨੇ ਜੈਤੋ ਦੇ ਮੋਰਚੇ ਦੇ ਆਰੰਭਕ ਸਮੇਂ ਮਹੱਤਵਪੂਰਨ ਰੋਲ ਅਦਾ ਕੀਤਾ। 1923 ਵਿਚ ਉਸ ਨੇ ਸੋਹਨ ਸਿੰਘ 'ਜੋਸ਼' ਦੇ ਲਿਖੇ ਇਕ ਪੋਸਟਰ ਨੂੰ ਵੰਡਣ ਦਾ ਕੰਮ ਕੀਤਾ, ਪੁਲਸ ਇਸ ਪੋਸਟਰ ਨੂੰ ਇਤਰਜ਼ਯੋਗ ਐਲਾਨ ਕੇ ਕਰਮ ਸਿੰਘ ਨੂੰ ਕ੍ਰਿਮੀਨਲ ਲਾਅ ਅਮੈਂਡਮੈਂਟ ਐਕਟ ਦੀ ਦਫਾ 17(2) ਅਧੀਨ ਗ੍ਰਿਫ਼ਤਾਰ ਕਰਨ ਬਾਰੇ ਸੋਚ ਹੀ ਰਹੀ ਸੀ ਕਿ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਇਨ੍ਹਾਂ ਅਧੀਨ ਸ਼ਾਖਾਵਾਂ ਨੂੰ ਗ਼ੈਰ-ਕਾਨੂੰਨੀ ਐਲਾਨ ਕੇ ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕੀਤਾ ਤਾਂ ਭਾਈ ਕਰਮ ਸਿੰਘ ਨੂੰ ਵੀ ਅਕਾਲੀ ਆਗੂਆਂ ਦੇ ਦੂਜੇ ਜਥੇ ਨਾਲ 7 ਜਨਵਰੀ 1924 ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮੁਕੱਦਮੇ ਵਿਚ ਉਸ ਨੂੰ ਇਕ ਸਾਲ ਕੈਦ ਦੀ ਸਜ਼ਾ ਅਤੇ 500 ਰੁਪਏ ਜੁਰਮਾਨਾ ਹੋਇਆ। ਜੁਰਮਾਨਾ ਨਾ ਦਿੱਤੇ ਜਾਣ ਦੀ ਸੂਰਤ ਵਿਚ 3 ਮਹੀਨੇ ਹੋਰ ਕੈਦ ਕੱਟਣੀ ਪੈਣੀ ਸੀ।
ਭਾਈ ਕਰਮ ਸਿੰਘ ਸਜ਼ਾ ਭੁਗਤ ਕੇ ਜੇਲ੍ਹ ਤੋਂ ਬਾਹਰ ਆਇਆ ਤਾਂ ਮੁੜ ਅਕਾਲੀ ਜਥੇ ਵਿਚ ਸਰਗਰਮ ਹੋ ਗਿਆ। ਉਸ ਦੀ ਹਮਦਰਦੀ ਬੱਬਰ ਅਕਾਲੀਆਂ ਨਾਲ ਵੀ ਸੀ। ਸਿੱਖ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਬਣੀ 'ਦੇਸ਼ਭਗਤ ਕੈਦੀ ਪਰਿਵਾਰ ਸਹਾਇਕ ਕਮੇਟੀ' ਵਿਚ ਵੀ ਉਸ ਨੂੰ ਮੈਂਬਰ ਰੱਖਿਆ ਗਿਆ। ਉਸ ਨੇ ਸਜ਼ਾ ਭੁਗਤ ਰਹੇ ਬੱਬਰਾਂ ਦੀਆਂ ਸਜ਼ਾਵਾਂ ਵਿਰੁੱਧ ਅਪੀਲਾਂ ਕਰਨ ਵਿਚ ਅਗਵਾਈ ਕੀਤੀ। ਉਹ ਉੱਤਰੀ ਅਮਰੀਕਾ ਵਿਚਲੇ ਗ਼ਦਰੀਆਂ ਨਾਲ ਬਾਕਾਇਦਾ ਸੰਪਰਕ ਵਿਚ ਸੀ। ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਭਾਈ ਕਰਮ ਸਿੰਘ ਦੀ ਇਮਾਨਦਾਰੀ ਉੱਤੇ ਐਨਾ ਭਰੋਸਾ ਸੀ ਕਿ ਖ਼ਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੀ 31.12.1925 ਦੀ ਮੀਟਿੰਗ ਵਿਚ ਬੱਬਰ ਸ਼ਹੀਦਾਂ ਅਤੇ ਕੈਦ ਭੁਗਤ ਰਹੇ ਬੱਬਰਾਂ ਦੇ ਪਰਿਵਾਰਾਂ ਦੀ ਸਹਾਇਤਾ ਰਾਸ਼ੀ ਭੇਜਣ ਲਈ ਫ਼ੈਸਲਾ ਕੀਤਾ ਗਿਆ ਕਿ ਇਹ ਰਾਸ਼ੀ ਭਾਈ ਕਰਮ ਸਿੰਘ ਚੀਮਾ ਅਤੇ ਭਾਈ ਭਾਗ ਸਿੰਘ ਉੱਪਲ ਭੂਪਾ ਦੇ ਰਾਹੀਂ ਭੇਜੀ ਜਾਵੇ। ਇਹ ਵੱਡੀ ਰਕਮ ਦੇਸ਼ ਸੇਵਕ ਅਖ਼ਬਾਰ ਦੀ ਮਾਰਫ਼ਤ ਭੇਜੀ ਗਈ। ਜਦ ਖ਼ਾਲਸਾ ਦੀਵਾਨ ਸੁਸਾਇਟੀ ਨੇ ਪੰਜਾਬ ਵਿਚ ਪ੍ਰਚਾਰ ਕਰਨ ਵਾਸਤੇ ਜਲੰਧਰ ਵਿਚ ਦੁਆਬਾ ਖ਼ਾਲਸਾ ਦੀਵਾਨ ਸੁਸਾਇਟੀ ਗਠਿਤ ਕੀਤੀ ਤਾਂ ਭਾਈ ਕਰਮ ਸਿੰਘ ਨੂੰ ਉਸ ਦੀ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ। ਅਕਤੂਬਰ 1927 ਵਿਚ ਹੁਸ਼ਿਆਰਪੁਰ ਵਿਚ ਹੋਈ ਕੇਂਦਰੀ ਸਿੱਖ ਲੀਗ ਕਾਨਫ਼ਰੰਸ ਸਮੇਂ ਉਹ ਸਵਾਗਤੀ ਕਮੇਟੀ ਦਾ ਮੀਤ-ਪ੍ਰਧਾਨ ਸੀ। 22 ਅਕਤੂਬਰ 1927 ਨੁੰ ਅੰਮ੍ਰਿਤਸਰ ਵਿਚ 'ਦੇਸ਼ ਭਗਤ ਕੈਦੀ ਪਰਿਵਾਰ ਸਹਾਇਕ ਕਮੇਟੀ' ਦੀ ਮੀਟਿੰਗ ਵਿਚ ਉਸ ਨੂੰ ਇਸ ਸੰਸਥਾ ਦਾ ਮੀਤ-ਪ੍ਰਧਾਨ ਚੁਣਿਆ ਗਿਆ। ਅਮਰੀਕਾ ਵਿਚਲੇ ਵਿਦਿਅਕ ਜਥੇ ਨੇ ਉਸ ਦੀ ਕੌਮ ਪ੍ਰਤੀ ਸੇਵਾ ਨੂੰ ਮਾਨਤਾ ਦਿੰਦਿਆਂ ਉਸ ਨੂੰ ਸੋਨ ਤਗਮਾ ਦੇਣ ਦੇ ਨਾਲ-ਨਾਲ ਨਕਦ ਰਾਸ਼ੀ ਨਾਲ ਵੀ ਸਨਮਾਨਿਤ ਕੀਤਾ। ਉਹ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦਾ ਮੈਂਬਰ ਵੀ ਸੀ। ਕੇਂਦਰੀ ਗੁਰਦੁਆਰਾ ਬੋਰਡ ਦੀ ਚੋਣ ਸਮੇਂ ਉਸ ਨੇ ਜਲੰਧਰ ਜ਼ਿਲ੍ਹੇ ਵਿਚ ਸਿੱਖ ਸੁਧਾਰ ਕਮੇਟੀ ਦੇ ਖਿਲਾਫ਼ ਜ਼ਬਰਦਸਤ ਮੁਹਿੰਮ ਚਲਾਈ। ਉਹ ਅਮਰੀਕਾ ਅਤੇ ਕਾਬਲ ਵਿਚਲੇ ਇਨਕਲਾਬੀਆਂ ਨਾਲ ਵੀ ਸੰਪਰਕ ਵਿਚ ਰਿਹਾ।
ਅੰਗਰੇਜ਼ ਵਿਰੁੱਧ ਉਨ੍ਹਾਂ ਵਲੋਂ ਲੜੀ ਜਾ ਰਹੀ ਨਿਰੰਤਰ ਲੜਾਈ ਅਤੇ ਵੱਡੀ ਉਮਰ ਕਾਰਨ ਸਤਿਕਾਰ ਵਜੋਂ ਉਨ੍ਹਾਂ ਨੂੰ ਬਾਬਾ ਜੀ ਕਿਹਾ ਜਾਣ ਲੱਗਾ। ਜਦ ਗੁਰਦੁਆਰਾ ਐਕਟ ਬਣ ਜਾਣ ਦੇ ਸਿੱਟੇ ਵਜੋਂ ਸਰਗਰਮ ਅਕਾਲੀਆਂ ਵਿਚੋਂ ਬਹੁਤਿਆਂ ਨੇ ਆਪਣੀ ਗਤੀਵਿਧੀਆਂ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਨ ਤੱਕ ਸੀਮਤ ਕਰ ਲਈਆਂ, ਬਾਬਾ ਕਰਮ ਸਿੰਘ ਉਦੋਂ ਵੀ ਆਪਣੇ ਗ਼ਦਰੀ ਸਾਥੀਆਂ ਨਾਲ ਰਲ ਕੇ ਦੇਸ਼ ਨੂੰ ਅੰਗਰੇਜ਼ ਸਰਕਾਰ ਤੋਂ ਗੁਲਾਮੀ ਤੋਂ ਮੁਕਤ ਕਰਵਾਉਣ ਅਤੇ ਇੱਥੇ ਸਰਬ-ਸਾਂਝੀਵਾਲਤਾ ਵਾਲਾ ਪ੍ਰਬੰਧ ਸਥਾਪਤ ਕਰਨ ਲਈ ਜੂਝਦੇ ਰਹੇ। 1935 ਵਿਚ ਡਾਕਟਰ ਭਾਗ ਸਿੰਘ ਨੇ ਅਮਰੀਕਾ ਤੋਂ ਪਰਤ ਕੇ ਗ਼ਦਰ ਪਾਰਟੀ ਦੀ ਹਥਿਆਰਬੰਦ ਅੰਦੋਲਨ ਵਾਲੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਜਿਹੜੇ ਆਗੂਆਂ ਨਾਲ ਵਾਰਤਾਲਾਪ ਕੀਤੀ ਉਨ੍ਹਾਂ ਵਿਚ ਬਾਬਾ ਕਰਮ ਸਿੰਘ ਚੀਮਾ ਵੀ ਸ਼ਾਮਲ ਸਨ। ਬਾਬਾ ਜੀ ਦੀ ਅਜਿਹੀਆਂ ਲੋਕ ਪੱਖੀ ਸਰਗਰਮੀਆਂ ਕਾਰਨ ਉਨ੍ਹਾਂ ਨੂੰ ਉਮਰ ਦੇ ਅਨੇਕਾਂ ਵਰ੍ਹੇ ਅੰਗਰੇਜ਼ ਸਰਕਾਰ ਦੀਆਂ ਜੇਲ੍ਹਾਂ ਵਿਚ ਗੁਜ਼ਾਰਨੇ ਪਏ। ਦੇਸ਼ ਨੂੰ ਆਜ਼ਾਦੀ ਮਿਲਣ ਪਿੱਛੋਂ ਵੀ ਉਨ੍ਹਾਂ ਦਾ ਸੰਘਰਸ਼ ਜਾਰੀ ਰਿਹਾ। ਸੌ ਵਰ੍ਹੇ ਤੋਂ ਉੱਪਰ ਉਮਰ ਭੋਗ ਕੇ ਬਾਬਾ ਜੀ ਦਾ ਦਿਹਾਂਤ ਹੋਇਆ।
ਬਾਬਾ ਕਰਮ ਸਿੰਘ ਦੀਆਂ ਤੀਜੇ ਤੱਕ ਦੀਆਂ ਸਰਗਰਮੀਆਂ ਦਾ ਰਿਕਾਰਡ ਰੱਖਣ ਵਾਸਤੇ ਪੰਜਾਬ ਸਰਕਾਰ ਨੇ ਦੋ ਫਾਈਲਾਂ ਨੰ: 130 ਅਤੇ 492 ਲਾਈਆਂ ਹੋਈਆਂ ਸਨ। ਫਾਈਲ ਨੰ: 9220, ਜਿਸ ਵਿਚ ਸਮੂਹ ਗ਼ਦਰੀ-ਅਕਾਲੀਆਂ ਦੀਆਂ ਗਤੀਵਿਧੀਆਂ ਦਰਜ ਕੀਤੀਆਂ ਜਾਂਦੀਆਂ ਸਨ ਵਿਚ ਵੀ ਬਾਬਾ ਜੀ ਦਾ ਵਾਰ ਵਾਰ ਜ਼ਿਕਰ ਮਿਲਦਾ ਹੈ।

-ਮੋਬਾਈਲ : 094170-49417.

ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਬਾਬਾ ਗੁਲਾਬ ਸਿੰਘ ਘੋਲੀਆ

ਬਾਬਾ ਗੁਲਾਬ ਸਿੰਘ ਘੋਲੀਆ ਸਿੱਖ ਪੰਥ ਦੇ ਮਹਾਨ ਸ਼ਖ਼ਸੀਅਤ ਜਿਨ੍ਹਾਂ ਦਾ ਸਿੱਖ ਪੰਥ ਦੇ ਵਿਹੜੇ ਵਿਚ ਵਿਸ਼ੇਸ਼ ਸਥਾਨ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਿੱਖ ਪੰਥ ਦੀ ਇਸ ਮਹਾਨ ਸ਼ਖ਼ਸੀਅਤ ਦਾ ਜਨਮ 1853 ਈ: ਨੂੰ ਸ: ਦਲ ਸਿੰਘ ਰਟੌਲ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਪਿੰਡ ਭੱਟੀਵਾਲ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਆਪ ਜੀ ਨੂੰ ਛੋਟੇ ਹੁੰਦਿਆਂ ਹੀ ਗੁਰਮਤਿ ਵਿੱਦਿਆ ਪੜ੍ਹਨ ਦਾ ਸ਼ੌਕ ਸੀ। ਮੁੱਢਲੀ ਸਿੱਖਿਆ ਪਿੰਡ ਮਾਣਕੇ ਅਤੇ ਢਪਾਲੀ ਤੋਂ ਪ੍ਰਾਪਤ ਕੀਤੀ। ਕੀਰਤਨ, ਸੰਸਕ੍ਰਿਤ ਅਤੇ ਵੈਦਿਕ ਸਿੱਖਿਆ ਵਿਚ ਆਪ ਬਹੁਤ ਮਾਹਿਰ ਸਨ। ਵਿੱਦਿਆ ਅਤੇ ਬੰਦਗੀ ਸਿੱਖਣ ਤੋਂ ਬਾਅਦ ਆਪ ਜੀ ਸਿੱਖੀ ਦੇ ਪ੍ਰਚਾਰ ਵਿਚ ਜੁਟ ਗਏ। ਨਾਲ-ਨਾਲ ਲੋਕਾਂ ਦੀ ਸਿਹਤ ਨੂੰ ਨਰੋਆ ਰੱਖਣ ਵਾਸਤੇ ਅਨੇਕਾਂ ਦੇਸੀ ਦਵਾਈਆਂ ਤਿਆਰ ਕਰ ਕੇ ਅਨੇਕਾਂ ਰੋਗੀਆਂ ਦਾ ਇਲਾਜ ਕੀਤਾ। ਦਵਾਈ ਦੀ ਹਰ ਸ਼ੀਸ਼ੀ ਉੱਪਰ 'ਸਰਬ ਰੋਗ ਦਾ ਅਵਖਧ ਨਾਮ' ਜ਼ਰੂਰ ਲਿਖਦੇ ਸਨ। 1907 ਈ: ਵਿਚ ਗ: ਅਨੰਦ ਭਵਨ ਘੋਲੀਆ ਖੁਰਦ ਦੀ ਉਸਾਰੀ ਕਰਵਾ ਕੇ ਪ੍ਰਚਾਰ ਦਾ ਕੇਂਦਰ ਬਣਾਇਆ। ਅਨੇਕਾਂ ਲੋਕਾਂ ਨੂੰ ਗੁਰਮਤਿ ਵਿੱਦਿਆ ਪੜ੍ਹਾਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕਿਰਪਾਲ ਸਿੰਘ 1978 ਈ: ਵਿਚ ਆਪ ਜੀ ਦੇ ਪਰਉਪਕਾਰੀ ਜੀਵਨ ਬਾਰੇ (ਇਕ ਸੁੱਚਾ ਜੀਵਨ) ਕਿਤਾਬ ਵਿਚ ਜ਼ਿਕਰ ਕਰਦਿਆਂ ਲਿਖਦੇ ਹਨ ਕਿ ਆਪ ਦਾ ਸਿੱਖ ਪੰਥ ਵਿਚ ਏਨਾ ਸਤਿਕਾਰ ਸੀ ਕਿ ਕਈ ਸਾਲ ਬਿਨਾਂ ਮੁਕਾਬਲਾ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਰਹੇ ਅਤੇ ਧਾਰਮਿਕ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਰਹੇ। 17 ਜੂਨ 1923 ਈ: ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਕਾਰ ਸੇਵਾ ਸਮੇਂ ਆਪ ਨੂੰ ਪੰਜ ਪਿਆਰਿਆਂ ਵਿਚ ਸ਼ਾਮਲ ਕੀਤਾ ਗਿਆ। ਬਾਬਾ ਸੁੰਦਰ ਸਿੰਘ ਭਿੰਡਰਾਂਵਾਲੇ, ਬਾਬਾ ਨੰਦ ਸਿੰਘ ਕਲੇਰਾਂ ਵਾਲੇ, ਬਾਬਾ ਖੜਕ ਸਿੰਘ, ਸਰਦਾਰ ਅਤਰ ਸਿੰਘ, ਨਾਭਾ ਰਿਆਸਤ ਦੇ ਮਹਾਰਾਜ ਹੀਰਾ ਸਿੰਘ ਆਪ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਮਹਾਰਾਜਾ ਆਪ ਜੀ ਤੋਂ ਚਿੱਠੀਆਂ ਰਾਹੀਂ ਗੁਰਬਾਣੀ ਦੇ ਅਰਥ ਕਰਵਾਉਂਦੇ ਸਨ। ਮਹਾਰਾਜਾ ਹੀਰਾ ਸਿੰਘ ਨੇ ਆਪ ਜੀ ਨੂੰ ਆਪਣੀ ਰਿਆਸਤ ਵਿਚ ਰਹਿਣ ਦੀ ਪੇਸ਼ਕਸ਼ ਕੀਤੀ ਪਰ ਆਪ ਜੀ ਨੇ ਪਿੰਡ-ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਅਤੇ ਮਨੁੱਖਤਾ ਦੇ ਦੁੱਖ ਦਰਦ ਦੂਰ ਕਰਨ ਨੂੰ ਪਹਿਲ ਦਿੱਤੀ। ਇਲਾਕੇ ਦੇ ਵਿਦਵਾਨ ਕਿਹਾ ਕਰਦੇ ਸਨ ਜੇਕਰ ਕੋਈ ਗੂੜ੍ਹ ਗਿਆਨ ਦੀ ਗੱਲ ਪੁੱਛਣੀ ਹੈ ਤਾਂ ਬਾਬਾ ਗੁਲਾਬ ਸਿੰਘ ਕੋਲ ਚਲੇ ਜਾਓ। ਆਪ ਉੱਚ ਕੋਟੀ ਦੇ ਕਵੀ ਵੀ ਸਨ। 1912 ਈ: ਵਿਚ ਜਦੋਂ ਅੰਗਰੇਜ਼ ਸਰਕਾਰ ਵਲੋਂ ਗੁ: ਰਕਾਬ ਗੰਜ ਦਿੱਲੀ ਦੀ ਕੰਧ ਢਾਹੀ ਗਈ ਤਾਂ ਆਪ ਨੇ ਡਟ ਕੇ ਇਸ ਵਿਰੁੱਧ ਆਵਾਜ਼ ਬੁਲੰਦ ਕੀਤੀ। ਗੁਰੂ ਕਾ ਬਾਗ਼, ਨਨਕਾਣਾ ਸਾਹਿਬ ਦੇ ਮੋਰਚੇ ਸਮੇਂ ਸੰਗਤਾਂ ਨੂੰ ਲਾਮਬੰਦ ਕੀਤਾ। ਅੰਗਰੇਜ਼ ਸਰਕਾਰ ਦੇ ਅਖੌਤੀ ਮਹੰਤਾਂ ਵਿਰੁੱਧ ਲੋਕਾਂ ਨੂੰ ਇਕੱਤਰ ਕੀਤਾ ਅਤੇ ਗੁਰੂ ਘਰਾਂ ਦੀ ਪਵਿੱਤਰਤਾ ਵਾਸਤੇ ਮੋਰਚੇ ਸ਼ੁਰੂ ਕੀਤੇ। ਅੰਗਰੇਜ਼ ਸਰਕਾਰ ਵਲੋਂ ਆਪ ਦੇ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਗਏ। ਪਰ ਸੰਗਤਾਂ ਦਾ ਉਤਸ਼ਾਹ ਵੇਖ ਕੇ ਵਾਪਿਸ ਲੈਣੇ ਪਏ। ਆਪ ਦਾ ਇਲਾਕੇ ਵਿਚ ਬਹੁਤ ਸਤਿਕਾਰ ਵੱਧ ਗਿਆ। ਸੰਗਤਾਂ ਵੱਡੇ-ਵੱਡੇ ਫ਼ੈਸਲੇ ਆਪ 'ਤੇ ਛੱਡ ਦਿੰਦੀਆਂ ਸਨ। ਕੋਈ ਕਿੰਤੂ ਨਹੀਂ ਸੀ ਕਰਦਾ। ਆਪ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਅਨੇਕਾਂ ਗੁਰਦੁਆਰੇ ਬਣਵਾਏ। ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਅਨੇਕਾਂ ਰੋਗੀਆਂ ਦਾ ਇਲਾਜ ਕੀਤਾ। ਅਖੀਰ 3 ਜੁਲਾਈ, 1936 ਗੁ: ਅਨੰਦ ਭਵਨ ਘੋਲੀਆ ਖੁਰਦ ਮੋਗਾ ਵਿਖੇ ਸਰੀਰ ਰੂਪੀ ਚੋਲਾ ਤਿਆਗ ਕੇ ਸੱਚਖੰਡ ਜਾ ਬਿਰਾਜੈ।

-ਮੋਬਾਈਲ : 98140-26892.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX