ਤਾਜਾ ਖ਼ਬਰਾਂ


ਗੁਰੂਸਰ ਸੁਧਾਰ (ਲੁਧਿਆਣਾ) 'ਚ ਵੀ ਕੋਰੋਨਾ ਦੇ ਦੋ ਮਰੀਜ਼ ਆਏ ਸਾਹਮਣੇ
. . .  16 minutes ago
ਗੁਰੂਸਰ ਸੁਧਾਰ, 9 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ) - ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਕਸਬਾ ਗੁਰੂਸਰ ਸੁਧਾਰ ਵੀ ਅਛੂਤਾ ਨਹੀਂ ਰਿਹਾ...
ਐੱਸ.ਡੀ.ਐਮ ਦਿੜ੍ਹਬਾ (ਸੰਗਰੂਰ) ਨੂੰ ਵੀ ਕੋਰੋਨਾ
. . .  26 minutes ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ) - ਸਿਵਲ ਸਰਜਨ ਸੰਗਰੂਰ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਐੱਸ.ਡੀ.ਐਮ ਦਿੜ੍ਹਬਾ ਮ...
ਲੁਧਿਆਣਾ 'ਚ ਕੋਰੋਨਾ ਦੇ 54 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਮੌਤਾਂ
. . .  31 minutes ago
ਲੁਧਿਆਣਾ, 9 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਅੱਜ ਦੋ ਹੋਰ ਮਰੀਜ਼ਾਂ ਦੀ ਮੌਤ...
ਕ੍ਰਿਸ਼ਨ ਕੁਮਾਰ ਵੱਲੋਂ ਸਿੱਖਿਆ ਦੇ ਅਮਲਾਂ 'ਚ ਸੁਧਾਰ ਲਈ ਬੱਡੀ ਗਰੁੱਪਾਂ ਦਾ ਗਠਨ
. . .  40 minutes ago
ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  41 minutes ago
ਅੰਮ੍ਰਿਤਸਰ, 9 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਲਗਾਤਾਰ ਗਿਣਤੀ ਵੱਧ ਰਹੀ ਹੈ ਜਿਸ ਤਹਿਤ ...
ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਮਾਤਾ ਜੀ ਸਵਰਗਵਾਸ
. . .  about 1 hour ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪਦਮਸ਼੍ਰੀ ਸਵਰਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਤਿਕਾਰਯੋਗ ਮਾਤਾ ਜੀ ਅੱਜ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ...
ਜਾਪਾਨ ਨਾਲ ਵੈਬੀਨਾਰ ਕਾਨਫ਼ਰੰਸ 'ਚ ਇਨਵੈਸਟ ਪੰਜਾਬ ਵਲੋਂ ਨਿਵੇਸ਼ਕਾਂ ਨੂੰ ਖਿੱਚਣ ਦੀ ਕੋਸ਼ਿਸ਼, ਐਗਰੋ ਪ੍ਰੋਸੈਸਿੰਗ 'ਚ ਵਧੇਰੇ ਮੌਕੇ ਦੱਸੇ
. . .  about 1 hour ago
ਚੰਡੀਗੜ੍ਹ, 9 ਜੁਲਾਈ- ਟੋਕੀਓ 'ਚ ਭਾਰਤੀ ਅੰਬੈਸੀ ਵਲੋਂ ਆਯੋਜਿਤ ਕੀਤੀ ਗਈ ਜਾਪਾਨ ਨਾਲ ਵੈਬੀਨਾਰ ਕਾਨਫ਼ਰੰਸ ਦੌਰਾਨ ਇਨਵੈਸਟ ਪੰਜਾਬ ਨੇ ਐਗਰੋ ਪ੍ਰੋਸੈਸਿੰਗ ਸੈਕਟਰ 'ਚ ਨਿਵੇਸ਼ ਦੇ ਵਧੇਰੇ...
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ 58 ਅਧਿਕਾਰੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 1 hour ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ 59 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ...
ਐੱਸ. ਡੀ. ਐੱਮ. ਪਾਇਲ ਨੂੰ ਹੋਇਆ ਕੋਰੋਨਾ ਹੋਇਆ
. . .  about 1 hour ago
ਲੁਧਿਆਣਾ, 9 ਜੁਲਾਈ (ਸਿਹਤ ਪ੍ਰਤੀਨਿਧੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਪਾਇਲ ਦੇ ਐੱਸ. ਡੀ. ਐੱਮ. ਹਰਕੰਨਵਲ ਚਾਹਲ ਦਾ...
ਹੁਸ਼ਿਆਰਪੁਰ 'ਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  about 1 hour ago
ਹੁਸ਼ਿਆਰਪੁਰ, 9 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 194 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ...
ਭਾਰਤ ਵਲੋਂ ਪਾਕਿਸਤਾਨ ਦੇ ਹਵਾਲੇ ਕੀਤੀ ਗਈ ਮ੍ਰਿਤਕ ਕੈਦੀ ਦੀ ਲਾਸ਼
. . .  about 1 hour ago
ਅਟਾਰੀ, 9 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ)- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਬੰਦ ਪਾਕਿਸਤਾਨੀ ਕੈਦੀ, ਜਿਸ ਦੀ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ, ਦੀ ਲਾਸ਼ ਨੂੰ...
ਕੋਰੋਨਾ ਕਾਰਨ ਭਾਰਤ-ਪਾਕਿਸਤਾਨ 'ਚ ਫਸੇ ਦੋਹਾਂ ਦੇਸ਼ਾਂ ਦੇ ਨਾਗਰਿਕ ਆਪਣੇ ਵਤਨ ਪਹੁੰਚੇ
. . .  about 1 hour ago
ਅਟਾਰੀ, 9 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ)- ਕੋਰੋਨਾ ਮਹਾਂਮਾਰੀ ਕਾਰਨ ਭਾਰਤ ਅਤੇ ਪਾਕਿਸਤਾਨ 'ਚ ਫਸੇ ਦੋਹਾਂ ਦੇਸ਼ਾਂ ਦੇ ਨਾਗਰਿਕ ਵਿਸ਼ੇਸ਼ ਪ੍ਰਵਾਨਗੀ 'ਤੇ ਅਟਾਰੀ-ਵਾਹਗਾ ਸਰਹੱਦ ਰਸਤੇ ਆਪਣੇ...
ਰਣਦੀਪ ਸਿੰਘ ਹੀਰ ਹੁਣ ਹੋਣਗੇ ਦਸੂਹਾ ਦੇ ਐੱਸ. ਡੀ. ਐੱਮ.
. . .  about 1 hour ago
ਦਸੂਹਾ, 9 ਜੁਲਾਈ (ਕੌਸ਼ਲ)- ਦਸੂਹਾ ਦੇ ਨਵੇਂ ਐੱਸ. ਡੀ. ਐੱਮ. ਹੁਣ ਪੀ. ਸੀ. ਐੱਸ. ਰਣਦੀਪ ਸਿੰਘ ਹੀਰ ਹੋਣਗੇ। ਐੱਸ. ਡੀ. ਐੱਮ. ਰਣਦੀਪ ਸਿੰਘ ਹੀਰ ਪਹਿਲਾਂ ਆਪਣੀ ਸੇਵਾ ਸਬ ਡਵੀਜ਼ਨ ਭੁਲੱਥ ਵਿਖੇ...
ਸੀ. ਬੀ. ਐੱਸ. ਈ. ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਸੰਬੰਧੀ ਵਾਇਰਲ ਹੋ ਰਿਹਾ ਨੋਟਿਸ ਫ਼ਰਜ਼ੀ
. . .  about 1 hour ago
ਨਵੀਂ ਦਿੱਲੀ, 9 ਜੁਲਾਈ- ਸੀ. ਬੀ. ਐੱਸ. ਈ. ਵਲੋਂ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦੀਆਂ ਤਰੀਕਾਂ ਨੂੰ ਲੈ ਕੇ ਇੱਕ ਨੋਟਿਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਨੋਟਿਸ ਮੁਤਾਬਕ 12ਵੀਂ ਜਮਾਤ...
ਤਲਾਕ ਲਏ ਬਿਨਾਂ ਦੂਜਾ ਵਿਆਹ ਕਰਵਾ ਰਿਹਾ ਲਾੜਾ ਪੁਲਿਸ ਵਲੋਂ ਕਾਬੂ
. . .  about 2 hours ago
ਘਨੌਰ, 9 ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਭੈਣੀ ਚੂਹੜ ਦੇ ਇੱਕ ਨੌਜਵਾਨ ਵਲੋਂ ਆਪਣੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਾਉਣ ਮੌਕੇ ਪੁਲਿਸ ਨੇ ਗ੍ਰਿਫ਼ਤਾਰ ਕਰ...
ਕੋਰੋਨਾ ਦੇ ਨਾਲ-ਨਾਲ ਫ਼ਿਰੋਜ਼ਪੁਰ 'ਚ ਵਧਿਆ ਡੇਂਗੂ ਦਾ ਪ੍ਰਕੋਪ, ਕਈ ਮਾਮਲੇ ਆਏ ਸਾਹਮਣੇ
. . .  about 2 hours ago
ਫ਼ਿਰੋਜ਼ਪੁਰ, 9 ਜੁਲਾਈ (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਕੋਰੋਨਾ ਦੇ ਨਾਲ-ਨਾਲ ਡੇਂਗੂ ਦੀ ਲਪੇਟ 'ਚ ਆਉਣਾ ਸ਼ੁਰੂ ਹੋ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ ਹੁਣ ਤੱਕ 58 ਦੇ ਕਰੀਬ ਡੇਂਗੂ ਮਰੀਜ਼ਾਂ...
ਸੀ. ਬੀ. ਐੱਸ. ਈ. ਵਲੋਂ 11 ਅਤੇ 13 ਜੁਲਾਈ ਨੂੰ ਐਲਾਨੇ ਜਾਣਗੇ 12ਵੀਂ ਅਤੇ 10ਵੀਂ ਜਮਾਤ ਦੇ ਨਤੀਜੇ
. . .  about 2 hours ago
ਨਵੀਂ ਦਿੱਲੀ, 9 ਜੁਲਾਈ- ਸੀ. ਬੀ. ਐੱਸ. ਈ. ਵਲੋਂ 12ਵੀਂ ਅਤੇ 10ਵੀਂ ਜਮਾਤ ਦੇ ਨਤੀਜੇ ਕ੍ਰਮਵਾਰ 11 ਅਤੇ 13 ਜੁਲਾਈ ਨੂੰ ਐਲਾਨੇ ਜਾਣਗੇ। ਬੋਰਡ ਮੁਤਾਬਕ 12ਵੀਂ ਜਮਾਤ ਦਾ ਨਤੀਜਾ 11 ਜੁਲਾਈ ਨੂੰ ਸ਼ਾਮੀਂ ਚਾਰ...
ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾ ਦੇ ਚਾਰ ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਕਪੂਰਥਲਾ, 9 ਜੁਲਾਈ (ਅਮਰਜੀਤ ਸਿੰਘ ਸਡਾਨਾ)- ਕਪੂਰਥਲਾ ਜ਼ਿਲ੍ਹੇ 'ਚ ਅੱਜ ਕੋਰੋਨਾ ਦੇ ਚਾਰ ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਇੱਕ ਥਾਣਾ ਸਿਟੀ ਵਿਖੇ ਤਾਇਨਾਤ ਏ. ਐੱਸ. ਆਈ. ਹੈ, ਜਦਕਿ ਪੰਜਾਬ...
ਪੰਜਾਬ ਐਂਡ ਸਿੰਧ ਬੈਂਕ ਦਿਆਲਪੁਰ ਦੇ ਕੈਸ਼ੀਅਰ ਨੂੰ ਹੋਇਆ ਕੋਰੋਨਾ, ਬੈਂਕ ਕੀਤਾ ਗਿਆ ਸੀਲ
. . .  about 2 hours ago
ਸੁਭਾਨਪੁਰ, 9 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ)- ਕੋਰੋਨਾ ਵਾਇਰਸ ਨੇ ਸਿੱਧੇ ਤੌਰ 'ਤੇ ਪਬਲਿਕ ਡੀਲਿੰਗ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਆਪਣੀ ਲਪੇਟ ਲੈਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਦਿਆਲਪੁਰ ਸਥਿਤ ਪੰਜਾਬ...
ਦੁੱਧ ਤੇ ਘਿਓ ਦਾ ਟੈਂਡਰ ਹੋਰ ਕੰਪਨੀ ਨੂੰ ਦੇਣ ਦੇ ਮਾਮਲੇ 'ਤੇ ਰੰਧਾਵਾ ਵਲੋਂ ਲਾਏ ਦੋਸ਼ਾਂ ਨੂੰ ਭਾਈ ਮਹਿਤਾ ਨੇ ਨਕਾਰਿਆ
. . .  about 3 hours ago
ਅੰਮ੍ਰਿਤਸਰ, 9 ਜੁਲਾਈ (ਜਸਵੰਤ ਸਿੰਘ ਜੱਸ)- ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਲੰਗਰ 'ਚ ਵਰਤੇ ਜਾਂਦੇ ਘਿਓ ਅਤੇ ਦੁੱਧ ਦੀਆਂ ਵਸਤਾਂ ਦਾ ਟੈਂਡਰ ਵੇਰਕਾ ਦੀ ਥਾਂ ਕਿਸੇ ਹੋਰ ਕੰਪਨੀ ਨੂੰ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ...
ਟੈਂਕਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਪੰਜ ਲੋਕਾਂ ਦੀ ਮੌਤ
. . .  about 3 hours ago
ਮੌੜ ਮੰਡੀ, 9 ਜੁਲਾਈ (ਗੁਰਜੀਤ ਸਿੰਘ)- ਬਠਿੰਡਾ ਦੇ ਮੌੜ-ਰਾਮਪੁਰਾ ਰੋਡ 'ਤੇ ਪਿੰਡ ਰਾਮਨਗਰ ਕੋਲ ਅੱਜ ਇੱਕ ਟੈਂਕਰ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ ਕਾਰ ਸਵਾਰ ਪੰਜ ਵਿਅਕਤੀਆਂ...
ਕੋਰੋਨਾ ਦੇ ਚਾਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗੁਰੂਹਰਸਹਾਏ ਸ਼ਹਿਰ ਮੁਕੰਮਲ ਬੰਦ
. . .  about 3 hours ago
ਗੁਰੂਹਰਸਹਾਏ, 9 ਜੁਲਾਈ (ਹਰਚਰਨ ਸਿੰਘ ਸੰਧੂ)- ਇੱਥੇ ਕੋਰੋਨਾ ਦੇ ਚਾਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸ਼ਹਿਰ ਦੀ ਵਪਾਰ...
ਪ੍ਰਸ਼ਾਸਨ ਦੇ ਈ-ਰਜਿਸਟਰੇਸ਼ਨ ਵਾਲੇ 'ਡਰਾਮੇ' ਤੋਂ 100 ਮੀਟਰ 'ਤੇ ਗਰੀਬ ਬੰਦੇ ਨੇ ਤੜਫਦਿਆਂ ਪ੍ਰਾਣ ਤਿਆਗ, ਕਿਸੇ ਨੇ ਨਾ ਲਈ ਸਾਰ
. . .  about 3 hours ago
ਮੰਡੀ ਕਿੱਲਿਆਂਵਾਲੀ, 9 ਜੁਲਾਈ (ਇਕਬਾਲ ਸਿੰਘ ਸ਼ਾਂਤ)- ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਨੂੰ ਸਖ਼ਤੀ ਵਾਲੀ 'ਡਰਾਮੇਬਾਜ਼ੀ' ਕਰ ਰਹੇ ਪ੍ਰਸ਼ਾਸਨ ਦੇ ਈ-ਰਜਿਸਟਰੇਸ਼ਨ ਕੇਂਦਰ ਤੋਂ ਸਿਰਫ਼ ਸੌ ਮੀਟਰ ਦੂਰੀ 'ਤੇ ਦਾਣਾ ਮੰਡੀ...
ਜਲੰਧਰ 'ਚ ਵੱਧ ਰਿਹੈ ਕੋਰੋਨਾ ਦਾ ਕਹਿਰ, 32 ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਜਲੰਧਰ, 9 ਜੁਲਾਈ (ਐੱਮ. ਐੱਸ. ਲੋਹੀਆ)- ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ। ਅੱਜ ਦੁਪਹਿਰ ਤੱਕ ਆਈਆਂ ਰਿਪੋਰਟਾਂ ਅਨੁਸਾਰ ਜਲੰਧਰ 'ਚ...
ਐੱਸ. ਡੀ. ਐੱਮ. ਸ਼ਾਹਕੋਟ ਨੂੰ ਹੋਇਆ ਕੋਰੋਨਾ
. . .  about 3 hours ago
ਸ਼ਾਹਕੋਟ, 9 ਜੁਲਾਈ (ਅਜ਼ਾਦ ਸਚਦੇਵਾ, ਸੁਖਦੀਪ ਸਿੰਘ, ਦਲਜੀਤ ਸਚਦੇਵਾ)- ਪੰਜਾਬ 'ਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ ਅਤੇ ਆਏ ਦਿਨ ਮੋਹਰੀ ਕਤਾਰ 'ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਧਰਤੀ ਦਾ ਪੁੱਤਰ ਚੰਦਰਮਾ

ਚੰਦਰਮਾ ਸਾਡੇ ਸੱਭਿਆਚਾਰ ਅਤੇ ਨਿੱਤ ਦੇ ਜੀਵਨ ਨਾਲ ਜੁੜਿਆ ਹੋਇਆ ਹੈ। ਅਸੀਂ ਇਸ ਨੂੰ ਚੰਦ ਮਾਮਾ, ਚੰਨ ਮਾਹੀ ਜਾਂ ਚੰਨ ਵਰਗਾ ਪੁੱਤਰ ਕਹਿ ਕੇ ਵੀ ਵਡਿਆਉਂਦੇ ਹਾਂ। ਸਾਡੇ ਲੋਕ ਗੀਤਾਂ ਵਿਚ ਵੀ ਅਜਿਹੇ ਅਣਗਿਣਤ ਵੇਰਵੇ ਹਨ। ਸਾਡੀਆਂ ਤੁਲਨਾਵਾਂ ਦਾ ਖਾਸ ਕਾਰਨ ਚੰਦਰਮਾ ਨਾਲ ਜੁੜੇ ਹੋਣਾ ਹੀ ਹੈ। ਚੰਦਰਮਾ ਧਰਤੀ ਦਾ ਇਕਲੌਤਾ ਪੁੱਤਰ ਹੈ। ਮਨੁੱਖ ਆਪਣੇ ਜਨਮ ਤੋਂ ਲੈ ਕੇ ਹੀ ਇਸ ਬਾਰੇ ਸੋਚਦਾ ਰਹਿੰਦਾ ਹੈ। ਕਦੇ ਉਸ ਵਿਚਲਾ ਦਾਗ਼ ਉਸ ਨੂੰ ਬੁੱਢੀ ਮਾਈ ਦੇ ਚਰਖਾ ਕੱਤਣ ਵਾਂਗ ਜਾਪਦਾ ਹੈ ਤੇ ਕਦੇ ਚੰਦ ਰੋਟੀ ਵਾਂਗ ਲਗਦਾ ਹੈ। ਮਿਥਿਹਾਸਕ ਕਥਾਵਾਂ ਵਿਚ ਇਸ ਦੇ ਵੇਰਵੇ ਇਕ ਦੇਵਤਾ ਵਜੋਂ ਮਿਲਦੇ ਹਨ, ਜਿਸ ਨਾਲ ਕਈ ਮਿੱਥ ਕਹਾਣੀਆਂ ਜੁੜੀਆਂ ਹੋਈਆਂ ਹਨ। ਇਹ ਸਾਰੀਆਂ ਕਹਾਣੀਆਂ ਮਨੁੱਖੀ ਕਲਪਨਾਵਾਂ 'ਚੋਂ ਪੈਦਾ ਹੋਈਆਂ ਹਨ, ਜੋ ਹਰ ਧਰਮ ਤੇ ਸੱਭਿਆਚਾਰ ਵਿਚ ਵੱਖੋ-ਵੱਖਰੀਆਂ ਹਨ। ਇਹ ਮਨੁੱਖੀ ਮਨ ਵਿਚਲੀ ਉਤਸੁਕਤਾ ਨੂੰ ਹੀ ਪੇਸ਼ ਕਰਦੀਆਂ ਹਨ।
ਬਚਪਨ ਵਿਚ ਸਾਡਾ ਵਾਹ ਚੰਦਰਮਾ ਦੇ ਵਧਣ ਘਟਣ ਨਾਲ ਪੈਂਦਾ ਹੈ। ਭਾਰਤ ਦਾ ਬਿਕਰਮੀ ਕੈਲੰਡਰ ਚੰਦਰਮਾ ਨਾਲ ਜੁੜਿਆ ਹੋਣ ਕਾਰਨ ਬਹੁਤੇ ਤਿੱਥ ਤਿਉਹਾਰ ਵੀ ਚੰਦਰਮਾ ਦੀ ਚਾਲ 'ਤੇ ਆਧਾਰਿਤ ਹੁੰਦੇ ਹਨ। ਲੋਕ ਕੋਠਿਆਂ 'ਤੇ ਸੌਂਦੇ, ਖੇਤਾਂ ਵਿਚ ਕੰਮ ਕਰਦੇ ਤੇ ਸਫ਼ਰ ਦੌਰਾਨ ਚੰਦ ਤੋਂ ਸੇਧ ਲੈਂਦੇ ਅਤੇ ਸਮੇਂ ਦਾ ਅੰਦਾਜ਼ਾ ਲਾਉਂਦੇ ਰਹੇ ਹਨ। ਚੰਨ ਚਾਨਣੀ ਰਾਤ ਦਾ ਤਾਂ ਨਜ਼ਾਰਾ ਹੀ ਕੁਝ ਹੋਰ ਹੁੰਦਾ ਹੈ। ਜਦੋਂ ਕਦੇ ਚੰਦ ਨੂੰ ਗ੍ਰਹਿਣ ਲਗਦਾ ਤਾਂ ਪਾਂਧੇ ਇਸ ਨੂੰ ਕੁਦਰਤੀ ਕਰੋਪੀ ਦੱਸ ਕੇ, ਲੋਕਾਂ ਨੂੰ ਦਾਨ ਪੁੰਨ ਕਰਨ ਲਈ ਆਖਦੇ। ਵਿਗਿਆਨ ਨੇ ਭਾਵੇਂ ਬਹੁਤ ਤਰੱਕੀ ਕਰ ਲਈ ਹੈ ਪਰ ਤਾਂ ਵੀ ਅਨਪੜ੍ਹ ਸਮਾਜ ਲਈ ਚੰਦਰਮਾ ਇਕ ਰਹੱਸ ਹੈ।
20 ਜੁਲਾਈ, 1969 ਦਾ ਦਿਨ ਮਿੱਥਾਂ ਨੂੰ ਤੋੜਨ ਵਾਲਾ ਇਕ ਬਹੁਤ ਵੱਡਾ ਦਿਨ ਸੀ ਜਦੋਂ ਅਮਰੀਕਾ ਨੇ ਮਨੁੱਖ ਨੂੰ ਚੰਦਰਮਾ 'ਤੇ ਉਤਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮੇਰਾ ਨਾਨਾ ਇਸ ਨੂੰ ਬਕਵਾਸ, ਝੂਠ ਅਤੇ ਨਾਸਤਿਕ ਲੋਕਾਂ ਦੀ ਚਾਲ ਕਹਿੰਦਾ ਸੀ, ਜੋ ਦੁਨੀਆ ਨੂੰ ਪੁੱਠੇ ਵਾਢੇ ਪਾ ਰਹੇ ਸਨ। ਉਸ ਰਾਤ ਉਹ ਇਹ ਖਬਰ ਸੁਣ ਕੇ ਸੌਂ ਨਹੀਂ ਸੀ ਸਕਿਆ। ਉਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਚੰਦ ਵੀ ਧਰਤੀ ਵਾਂਗ ਮਿੱਟੀ ਤੇ ਚਟਾਨਾਂ ਦਾ ਬਣਿਆ ਹੋਇਆ ਹੈ। ਭਾਵੇਂ ਵਿਗਿਆਨੀਆਂ ਨੇ ਸਦੀਆਂ ਪਹਿਲਾਂ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਪਰ ਅਨਪੜ੍ਹਤਾ ਕਾਰਨ ਅਜੇ ਵੀ ਲੋਕ ਮੰਨਣ ਨੂੰ ਤਿਆਰ ਨਹੀਂ ਹਨ।
ਮੇਰੀ ਉਤਸੁਕਤਾ ਬਚਪਨ ਤੋਂ ਹੀ ਚੰਦਰਮਾ ਵਿਚ ਰਹੀ ਹੈ। ਇਸ ਸਬੰਧੀ ਸਵਾਲ ਮੈਂ ਸਕੂਲ ਪੜ੍ਹਦੇ ਨੇ ਹੀ ਕਰਨੇ ਸ਼ੁਰੂ ਕਰ ਦਿੱਤੇ ਸਨ। ਮੇਰਾ ਨਾਨਾ ਮੇਰੇ ਨਾਲ ਬਹਿਸ ਕਰਦਾ। ਉਸ ਨੂੰ ਧਰਤੀ ਦੇ ਘੁੰਮਣ ਬਾਰੇ ਸੁਣ ਕੇ ਵੀ ਗੁੱਸਾ ਚੜ੍ਹਦਾ। ਉਹ ਕਹਿੰਦਾ ਆਪਣੇ ਚੁਬਾਰੇ ਦਾ ਮੂੰਹ ਕਿਉਂ ਨਹੀਂ ਘੁੰਮਦਾ। ਮੈਂ ਕੋਠੇ 'ਤੇ ਪਿਆ ਚੰਦ ਨੂੰ ਨਿਹਾਰਦਾ ਰਹਿੰਦਾ। ਚੰਦ ਦੇ ਰੂਪ ਦੇਖਣ ਵਾਲੇ ਹੁੰਦੇ ਏਕਮ ਦਾ ਚੰਨ, ਦੂਜ ਤੇ ਤੀਜ ਦਾ ਚੰਨ ਜਾਂ ਫਿਰ ਪੂਰਨਮਾਸ਼ੀ ਦਾ ਚੰਦ ਦੇਖਣ ਯੋਗ ਹੁੰਦੇ। ਦਾਤੀ ਵਰਗਾ ਚੰਨ ਮਨ ਨੂੰ ਮੋਂਹਦਾ। ਮੁਸਲਿਮ ਧਰਮ ਵਿਚ ਤਾਂ ਚੰਨ ਦੀ ਅਹਿਮੀਅਤ ਹੀ ਬਹੁਤ ਹੈ। ਮੈਂ ਬਚਪਨ ਵਿਚ ਬਹੁਤ ਸਾਰੇ ਲੋਕਾਂ ਦੇ ਮੱਥੇ 'ਤੇ ਵੀ ਚੰਨ ਤਾਰਾ ਖੁਣਿਆ ਹੋਇਆ ਦੇਖਦਾ ਰਿਹਾ ਹਾਂ। ਚੰਨ ਚਾਨਣੀ ਰਾਤ ਵਿਚ ਜਾਨਵਰਾਂ ਦਾ ਗੀਤ ਗਾਉਣਾ, ਮੋਰਾਂ ਦਾ ਪੈਲਾਂ ਪਾਉਣਾ, ਸਮੁੰਦਰਾਂ ਦਾ ਉੱਛਲਣਾ ਤੇ ਮਨੁੱਖ ਦਾ ਮਚਲਣਾ, ਇਸ ਵਿਚ ਹੋਰ ਦਿਲਚਸਪੀ ਪੈਦਾ ਕਰਦਾ ਰਿਹਾ ਹੈ।
ਅਜੋਕਾ ਯੁੱਗ ਰੁਝੇਵਿਆਂ ਭਰਿਆ ਹੈ। ਅੱਜ ਦੇ ਮਨੁੱਖ ਕੋਲ ਅੰਬਰ ਨੂੰ ਨਿਹਾਰਨ ਦਾ ਸਮਾਂ ਹੀ ਨਹੀਂ ਹੈ। ਬਿਜਲਈ ਮੀਡੀਏ ਤੇ ਸੋਸ਼ਲ ਮੀਡੀਏ ਵਿਚ ਖੱਚਤ ਮਨੁੱਖ ਕੋਲ ਕੁਦਰਤ ਨੂੰ ਜਾਣਨ ਦਾ ਸਮਾਂ ਤੇ ਦਿਲਚਸਪੀ ਹੀ ਨਹੀਂ ਹੈ। ਮਨੁੱਖ ਨੂੰ ਚੰਦਰਮਾ 'ਤੇ ਪੈਰ ਧਰੇ ਨੂੰ ਵੀ ਪੰਜਾਹ ਵਰ੍ਹੇ ਤੋਂ ਉਤੇ ਹੋ ਗਏ ਹਨ, ਪਰ ਸਾਡੇ ਲਈ ਚੰਦਰਮਾ ਰੋਟੀ ਦੇ ਟੁੱਕ ਸਮਾਨ ਹੀ ਰਿਹਾ। ਨੀਲ ਆਰਮਸਟ੍ਰਾਂਗ, ਬੱਜ ਐਲਡਰੀਨ ਜਾਂ ਕੋਲਨ ਪਾਵੈਲ ਨੂੰ ਅੱਜ ਵੀ ਬਹੁਤੇ ਲੋਕ ਨਹੀਂ ਜਾਣਦੇ। ਬਹਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਹੁਣ ਤੱਕ ਕਿੰਨੇ ਮਿਸ਼ਨ ਚੰਦਰਮਾ 'ਤੇ ਜਾ ਚੁੱਕੇ ਹਨ ਤੇ ਕਿੰਨੇ ਮਨੁੱਖ ਚੰਦਰਮਾ ਦੇ ਧਰਾਤਲ 'ਤੇ ਪੈਰ ਰੱਖ ਚੁੱਕੇ ਹਨ। ਮੈਂ ਜਦੋਂ ਇਕ ਬੰਦੇ ਨੂੰ ਪੁੱਛਿਆ ਕਿ ਸੂਰਜ ਦਾ ਆਕਾਰ ਕਿੱਡਾ ਕੁ ਹੋਵੇਗਾ ਤਾਂ ਉਹ ਕਹਿੰਦਾ ਮੇਰੀ ਗੱਡੀ ਜਿੱਡਾ ਤਾਂ ਹੋਵੇਗਾ ਹੀ ਤੇ ਮੈਂ ਪੁੱਛਿਆ ਚੰਦਰਮਾ ਦਾ? ਤਾਂ ਉਸ ਨੇ ਕਿਹਾ ਪਰਾਤ ਜਿੱਡਾ ਤਾਂ ਹੋਵੇਗਾ ਈ। ਮੈਂ ਲੋਕਾਂ ਦੀ ਇਸ ਜਾਣਕਾਰੀ 'ਤੇ ਹੈਰਾਨ ਰਹਿ ਗਿਆ।
ਪਿਛਲੇ ਸਾਲ ਚੰਦਰਮਾ 'ਤੇ ਮਨੁੱਖ ਦੇ ਉਤਾਰੇ ਦੀ 50ਵੀਂ ਵਰ੍ਹੇਗੰਢ ਮਨਾਈ ਗਈ ਸੀ। ਕੁਝ ਸਾਲ ਪਹਿਲਾਂ ਮੈਂ ਕੈਨੇਡੀ ਸਪੇਸ ਸੈਂਟਰ ਵਿਚ ਉਹ ਲਾਂਚਿੰਗ ਪੈਡ ਦੇਖਣ ਗਿਆ, ਜਿੱਥੋਂ ਮਨੁੱਖ ਨੇ ਚੰਦਰਮਾ ਲਈ ਉਡਾਣ ਭਰੀ ਸੀ। ਉਥੇ ਮੈਂ ਇਸ ਸਬੰਧੀ ਫਿਲਮਾਂ ਦੇਖੀਆਂ, ਪੁਲਾੜ ਯਾਤਰੂਆਂ ਦਾ ਸਾਮਾਨ, ਚੰਦਰਮਾ 'ਤੇ ਗਈ ਬੱਘੀ, ਵੀ ਸੈਟਰਨ ਰਾਕਟ, ਚੰਦ ਤੋਂ ਲਿਆਂਦੀ ਮਿੱਟੀ, ਚਟਾਨਾਂ ਦੇ ਟੁਕੜੇ ਅਤੇ ਹੋਰ ਬਹੁਤ ਕੁਝ ਵੇਖਿਆ। ਏਥੇ ਉਨ੍ਹਾਂ ਪਲਾੜ ਯਾਤਰੂਆਂ ਦਾ ਸਾਮਾਨ ਵੀ ਸੰਭਾਲਿਆ ਪਿਆ ਸੀ, ਜਿਸ ਵਿਚ ਸਪੇਸ-ਸੂਟ, ਗਲਣ, ਡਇਰੀਆਂ ਤੇ ਪੈਨ ਤੇ ਹੋਰ ਸਾਮਾਨ ਵੀ ਸੀ। ਪਿਛਲੇ ਸਾਲ ਮੈਂ ਚੰਦਰਮਾ 'ਤੇ ਉਤਾਰੇ ਦੀ 50ਵੀਂ ਵਰ੍ਹੇਗੰਢ ਸਮੇਂ ਹਿਊਸਟਨ ਦੇ ਜੌਹਨਸਨ ਸਪੇਸ ਸੈਂਟਰ ਜਾ ਕੇ ਚੰਦਰਮਾ ਦੇ ਧਰਾਤਲ, ਚਟਾਨਾਂ, ਮਿੱਟੀ, ਗਰੂਤਾ ਤੇ ਹੋਰ ਬਹੁਤ ਕੁਝ ਜਾਣਿਆ।
ਚੰਦਰਮਾ ਦਾ ਜਨਮ ਕੋਈ ਸਾਢੇ ਚਾਰ ਅਰਬ ਸਾਲ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ, ਜਦੋਂ ਇਕ ਮੰਗਲ ਗ੍ਰਹਿ ਦੇ ਆਕਾਰ ਦੀ ਕੋਈ ਹੋਰ ਧਰਤੀ ਸਾਡੀ ਧਰਤੀ ਨਾਲ ਆ ਟਕਰਾਈ। ਅਜਿਹੇ ਆਕਾਸ਼ੀ ਪਿੰਡ ਕਈ ਵਾਰ ਸਾਡੀ ਧਰਤੀ ਦੇ ਗ੍ਰਹਿ ਪੰਧ ਵਿਚ ਆਏ ਹਨ। ਬੈਈਆ ਨਾਂਅ ਦੇ ਆਕਾਸ਼ੀ ਪਿੰਡ ਨਾਲ ਟਕਰਾਉਣ ਕਾਰਨ ਸਾਡੀ ਧਰਤੀ ਦਾ ਇਕ ਵੱਡਾ ਹਿੱਸਾ ਇਸ ਨਾਲੋਂ ਟੁੱਟ ਕੇ ਆਕਾਸ਼ ਵਿਚ ਖਿੱਲਰ ਗਿਆ। ਧਰਤੀ ਦੀ ਗਰੂਤਾ ਕਾਰਨ ਇਹ ਮਲਬਾ ਇਕੱਠਾ ਹੁੰਦਾ ਰਿਹਾ ਦੇ ਧਰਤੀ ਦੁਆਲੇ ਘੁੰਮਣ ਲੱਗਾ। ਹੁਣ ਉਹ ਹੀ ਟੁਕੜਾ ਸਾਡੀ ਧਰਤੀ ਦਾ ਇਕੋ-ਇਕ ਉਪਗ੍ਰਹਿ ਹੈ। ਚੰਦਰਮਾ ਦੀ ਆਪਣੀ ਕੋਈ ਰੌਸ਼ਨੀ ਨਹੀਂ ਹੈ, ਬਲਕਿ ਇਹ ਸੂਰਜ ਦੀਆਂ ਕਿਰਨਾਂ ਨੂੰ ਪੂਰੀ ਤਰ੍ਹਾਂ ਨਾ ਸੋਖਣ ਕਰਕੇ ਪਰਤਾ ਦਿੰਦਾ ਹੈ, ਜਿਸ ਨੂੰ ਅਸੀਂ ਚੰਦ ਚਾਨਣੀ ਕਹਿੰਦੇ ਹਾਂ ਤੇ ਇਸੇ ਪਰਤਵੀਆਂ ਕਿਰਨਾਂ ਕਾਰਨ ਚੰਦਰਮਾ ਸਾਨੂੰ ਚਮਕਦਾ ਦਿਖਾਈ ਦਿੰਦਾ ਹੈ। ਚੰਦਰਮਾ ਤੋਂ ਰੌਸ਼ਨੀ ਨੂੰ ਧਰਤੀ ਤੱਕ ਆਉਣ ਲਈ ਇਕ ਪੁਆਇੰਟ ਤਿੰਨ ਸੈਕਿੰਡ ਲਗਦੇ ਹਨ।
ਚੰਦਰਮਾ ਦਾ ਵਕਫ਼ਾ ਧਰਤੀ ਤੋਂ ਵਧਦਾ ਘਟਦਾ ਰਹਿੰਦਾ ਹੈ। ਵੱਧ ਦੂਰੀ ਨੂੰ ਅਪੋਜੀ ਤੇ ਘੱਟ ਦੂਰੀ ਨੂੰ ਪੈਰੀਜੀ ਕਿਹਾ ਜਾਂਦਾ ਹੈ। ਵੱਧ ਤੋਂ ਵੱਧ ਦੂਰੀ 4,05,400 ਕਿਲੋਮੀਟਰ ਤੋਂ 4,67,000 ਕਿਲੋਮੀਟਰ ਤੱਕ ਰਹਿੰਦੀ ਹੈ। ਘੱਟ ਤੋਂ ਘੱਟ ਦੂਰੀ 3,62,600 ਜਾਂ 3,56,400 ਤੱਕ ਰਹਿੰਦੀ ਹੈ। ਚੰਦ ਦੀ ਧਰਤੀ ਤੋਂ ਔਸਤ ਦੂਰੀ 3,84,399 ਕਿਲੋਮੀਟਰ ਮੰਨੀ ਜਾਂਦੀ ਹੈ। ਚੰਦਰਮਾ ਧਰਤੀ ਦੁਆਲੇ 27 ਦਿਨ 7 ਘੰਟੇ 43 ਮਿੰਟ ਦੇ ਲਗਪਗ ਇਕ ਚੱਕਰ ਪੂਰਾ ਕਰਦਾ ਹੈ। ਇਸ ਦੇ ਨਾਲ ਹੀ ਦੇਸੀ ਮਹੀਨੇ ਅਤੇ ਚੰਦਰਮਾ ਕੈਲੰਡਰ ਬਣਦਾ ਹੈ। ਅੰਗਰੇਜ਼ੀ ਵਿਚ ਮਹੀਨੇ ਨੂੰ ਮੰਥ ਕਿਹਾ ਜਾਂਦਾ ਹੈ ਜੋ ਸ਼ਬਦ ਮੂਨਥ ਤੋਂ ਬਣਿਆ ਹੈ। ਗੇੜੇ ਦਾ ਸਮਾਂ ਦੂਰੀ ਅਨੁਸਾਰ ਵਧਦਾ ਘਟਦਾ ਹੋਣ ਕਾਰਨ ਚੰਦਰਮਾ ਕੈਲੰਡਰ ਵੀ ਬਦਲਦਾ ਰਹਿੰਦਾ ਹੈ।
ਚੰਦਰਮਾ ਆਪਣੇ ਗ੍ਰਹਿ ਪੰਧ 'ਤੇ ਧਰਤੀ ਦੁਆਲੇ ਚੱਕਰ ਕੱਟਦਾ ਰਹਿੰਦਾ ਹੈ। ਇਸ ਦੀ ਰਫ਼ਤਾਰ 3683 ਕਿੱਲੋਮੀਟਰ ਪ੍ਰਤੀ ਘੰਟਾ ਦੇ ਲਗਪਗ ਹੈ। ਚੰਦਰਮਾ ਦੀ ਧੁਰੀ ਵੀ ਝੁਕੀ ਹੋਈ ਹੈ ਤੇ ਆਪਣਾ ਸਥਾਨ ਬਦਲਦੀ ਰਹਿੰਦੀ ਹੈ। ਚੰਦਰਮਾ ਆਪਣੀ ਧੁਰੀ 'ਤੇ ਧਰਤੀ ਵਾਂਗ ਝੁਕ ਕੇ ਚਲਦਾ ਹੈ ਤੇ ਇਹ ਝੁਕਾਅ 1.5 ਹੈ। ਚੰਦਰਮਾ ਦਾ ਇਕੋ ਪਾਸਾ ਧਰਤੀ ਤੋਂ ਦਿਖਾਈ ਦਿੰਦਾ ਹੈ। ਇਸ ਦਾ ਅਰਧ ਆਕਾਰ 1737 ਕਿਲੋਮੀਟਰ ਤੇ ਘੇਰਾ 3793 ਕਿਲੋਮੀਟਰ ਦੇ ਕਰੀਬ ਹੈ। ਚੰਦਰਮਾ ਦੀ ਗਰੂਤਾ 'ਚੋਂ ਨਿਕਲਣ ਲਈ ਨਿਕਾਸੀ ਵੇਗ 2.38 ਕਿਲੋਮੀਟਰ ਪ੍ਰਤੀ ਸੈਕਿੰਡ ਹੈ। ਚੰਦਰਮਾ 'ਤੇ ਮਨੁੱਖ ਦੇ ਸੱਤ ਉਤਾਰੇ ਹੋ ਚੁੱਕੇ ਹਨ। ਅੰਤਿਮ ਉਤਾਰਾ ਅਪੋਲੋ-17 ਰਾਹੀਂ 1972 ਵਿਚ ਹੋਇਆ ਸੀ।
ਜੇਕਰ ਇਕ ਹਵਾਈ ਜਹਾਜ਼ ਨੇ ਚੰਦਰਮਾ ਤੱਕ 3,87,000 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੋਵੇ ਤਾਂ ਇਸ ਨੂੰ 18 ਦਿਨ ਲੱਗਣਗੇ। ਚੰਦਰਮਾ ਦੀਆਂ ਚਟਾਨਾਂ ਕੋਲ ਬਹੁਤ ਸਾਰੀ ਆਕਸੀਜਨ ਹੈ। ਚੰਦਰਮਾ 'ਤੇ ਸੂਰਜ ਵਾਲੇ ਪਾਸੇ ਤਾਪਮਾਨ ਬਹੁਤ ਗਰਮ ਹੈ, ਭਾਵ 127 ਡਿਗਰੀ ਸੈਲਸੀਅਸ, ਪਾਣੀ ਤੱਕ ਉੱਬਲ ਸਕਦਾ ਹੈ, ਪ੍ਰੰਤੂੂ ਉਲਟ ਪਾਸੇ -173 ਡਿਗਰੀ ਤੱਕ ਠੰਢ ਹੋ ਸਕਦੀ ਹੈ। ਚੰਦਰਮਾ ਕਰਕੇ ਧਰਤੀ ਦੀ ਘੁੰਮਣ ਗਤੀ 2.3 ਮਿਲੀ ਸੈਕਿੰਡ ਸੌ ਸਾਲ ਬਾਅਦ ਘਟ ਰਹੀ ਹੈ। ਇਸੇ ਕਾਰਨ ਸੌ ਸਾਲ ਬਾਅਦ ਦਿਨ ਦੀ ਲੰਬਾਈ 2.3 ਮਿਲੀ ਸੈਕਿੰਡ ਵਧ ਜਾਵੇਗੀ। ਚੰਦਰਮਾ 3.8 ਸੈਂਟੀਮੀਟਰ ਪ੍ਰਤੀ ਸਾਲ ਧਰਤੀ ਤੋਂ ਦੂਰ ਵੀ ਜਾ ਰਿਹਾ ਹੈ।
20 ਜੁਲਾਈ, 1969 ਨੂੰ ਨਾਸਾ ਦਾ ਸਪੇਸ ਕਰਾਫਟ ਅਪੋਲੋ-11 ਪਹਿਲੀ ਵਾਰ ਧਰਤੀ ਦੇ ਮਨੁੱਖ ਨੂੰ ਚੰਦਰਮਾ 'ਤੇ ਲੈ ਕੇ ਗਿਆ। ਇਸ ਵਿਚ 38 ਸਾਲਾ ਨੀਲ ਆਰਮਸਟ੍ਰਾਂਗ ਅਗਵਾਈ ਕਰ ਰਿਹਾ ਸੀ। ਬਜ ਐਲਡਰੀਨ ਵੀ ਚੰਦ 'ਤੇ ਉੁਤਰਿਆ ਜਦ ਕਿ ਸ਼ਟਲ ਕਮਾਂਡਰ ਮਾਈਕਲ ਕੋਲਿਨਜ਼ 90 ਕਿਲੋਮੀਟਰ ਦੀ ਉਚਾਈ 'ਤੇ ਉਡਦਾ ਰਿਹਾ। ਹੁਣ ਤੱਕ ਛੇ ਸਫਲ ਮਿਸ਼ਨ ਚੰਦਰਮਾ ਦੇ ਧਰਾਤਲ 'ਤੇ ਜਾ ਚੁੱਕੇ ਹਨ। ਮਿਸ਼ਨ 13 ਕਾਮਯਾਬ ਨਹੀਂ ਸੀ ਹੋਇਆ ਕਿਉਂਕਿ ਉਸ ਦੇ ਫਿਊਲ ਟੈਂਕ ਵਿਚ ਭਾਰੀ ਸਮੱਸਿਆ ਆ ਗਈ ਸੀ। ਇਹ ਪੁਲਾੜ ਯਾਤਰੀ ਚੰਨ ਗੱਡੀ ਦੀ ਮਦਦ ਨਾਲ ਹੁਣ ਤੱਕ ਚੰਦਰਮਾ ਤੋਂ 382 ਕਿਲੋਗ੍ਰਾਮ ਮਿੱਟੀ ਅਤੇ ਚਟਾਨਾਂ ਦੇ ਟੁਕੜੇ ਪਰਖ ਵਾਸਤੇ ਧਰਤੀ 'ਤੇ ਲੈ ਕੇ ਆਏ ਹਨ। ਇਨ੍ਹਾਂ ਦੀ ਪਰਖ ਤੋਂ ਪਤਾ ਲੱਗਾ ਕਿ ਕਈ ਚਟਾਨਾਂ ਸਵਾ ਚਾਰ ਅਰਬ ਸਾਲ ਪੁਰਾਣੀਆਂ ਹਨ, ਜਿਨ੍ਹਾਂ ਦੀ ਉਮਰ ਲਗਪਗ ਧਰਤੀ ਜਿੰਨੀ ਹੀ ਸੀ। ਇਨ੍ਹਾਂ ਮੈਂਬਰਾਂ ਨੇ ਚੰਦਰਮਾ ਦੇ ਧਰਾਤਲ 'ਤੇ ਜੋ ਪਲ ਬਿਤਾਏ, ਉਹ ਮਨੁੱਖ ਜਾਤੀ ਲਈ ਇਕ ਸੁਨਹਿਰਾ ਇਤਿਹਾਸ ਸਨ। ਚੰਦਰਮਾ ਜਿਸ ਨੂੰ ਕਿ ਇਕ ਦੇਵਤਾ ਜਾਂ ਮਿੱਥਕ ਕਥਾਵਾਂ ਨਾਲ ਜੋੜਿਆ ਜਾਂਦਾ ਸੀ, ਉਹ ਸਾਰੇ ਭਰਮ ਹੁਣ ਟੁੱਟ ਗਏ ਸਨ। ਮਨੱਖ ਨੇ ਪਹਿਲੀ ਵਾਰ ਧਰਤੀ ਤੋਂ ਪਰ੍ਹੇ ਕਿਸੇ ਹੋਰ ਧਰਤੀ 'ਤੇ ਪੈਰ ਰੱਖਿਆ ਸੀ।
ਚੰਦਰਮਾ ਦਾ ਵਿਆਸ ਧਰਤੀ ਦੇ ਮੁਕਾਬਲੇ 28 ਗੁਣਾ ਛੋਟਾ ਹੈ। ਚਾਰਲਿਸ ਡਾਰਵਿਨ ਦੇ ਪੁੱਤਰ ਜੌਰਜ ਦਾ ਵੀ ਮੰਨਣਾ ਹੈ ਕਿ ਕਿਸੇ ਹੋਰ ਧਰਤ ਦੇ ਟਕਰਾਉਣ ਨਾਲ ਚੰਦਰਮਾ ਧਰਤੀ ਦਾ ਹੀ ਟੁੱਟਿਆ ਹੋਇਆ ਮਲਬਾ ਹੈ। ਜਿਸ ਜਗ੍ਹਾ 'ਤੇ ਧਰਤੀ ਦੀ ਟੱਕਰ ਹੋਈ ਸੀ, ਉਹ ਹੀ ਥਾਂ ਹੁਣ ਪੈਸੇਫਿਕ ਸਾਗਰ ਹੈ। ਇਹ ਘਟਨਾ ਧਰਤੀ ਦੇ ਹੋਂਦ ਵਿਚ ਆਉਣ ਤੋਂ 50 ਜਾਂ 100 ਮਿਲੀਅਨ ਸਾਲਾਂ ਦੇ ਵਿਚਕਾਰ ਕਦੇ ਵੀ ਵਾਪਰੀ ਹੋ ਸਕਦੀ ਹੈ। ਫਿਰ ਉਹ ਹੀ ਮਲਬਾ ਧਰਤੀ ਦੀ ਗਰੂਤਾ ਕਾਰਨ ਸੰਘਣਾ ਹੁੰਦਾ ਰਿਹਾ ਹੋਵੇਗਾ ਤੇ ਧਰਤੀ ਦੀ ਗਤੀ ਦੇ ਨਾਲ-ਨਾਲ ਘੁੰਮਦਾ, ਚੰਦਰਮਾ ਦੇ ਰੂਪ ਵਿਚ, ਸਾਡੀਆਂ ਪੀੜ੍ਹੀਆਂ ਤੱਕ ਪਹੁੰਚਿਆ ਹੋਵੇਗਾ। ਚੰਦ ਕੋਲ ਧਰਤੀ ਜਿੰਨਾ ਭਾਰ ਨਾ ਹੋਣ ਕਾਰਨ ਉਸ ਦੀ ਗਰੂਤਾ ਸ਼ਕਤੀ ਬਹੁਤ ਘੱਟ ਹੈ, ਇਸ ਕਰਕੇ ਉਥੇ ਨਾ ਤਾਂ ਗੈਸਾਂ ਟਿਕਦੀਆਂ ਹਨ ਤੇ ਨਾ ਹੀ ਕੋਈ ਸੰਘਣਾ ਵਾਤਾਵਰਨ ਹੈ। ਗਰੂਤਾ ਨਾ ਹੋਣ ਕਾਰਨ ਬੰਦਾ ਜਾਂ ਵਸਤ ਧਰਾਤਲ ਨਾਲ ਜੁੜਿਆ ਨਹੀਂ ਰਹਿ ਸਕਦਾ, ਜਿਸ ਕਰਕੇ ਚੰਦਰਮਾ 'ਤੇ ਮਨੁੱਖੀ ਬਸਤੀ ਨਹੀਂ ਵਸਾਈ ਜਾ ਸਕਦੀ।
ਚੰਦਰਮਾ ਆਪਣੀ ਧੁਰੀ ਦੁਆਲੇ ਓਨੇ ਹੀ ਦਿਨਾਂ ਵਿਚ ਚੱਕਰ ਪੂਰਾ ਕਰਦਾ ਹੈ, ਜਿੰਨਾ ਸਮਾਂ ਉਹ ਧਰਤੀ ਦੁਆਲੇ ਘੁੰਮਣ ਨੂੰ ਲਾਉਂਦਾ ਹੈ। ਇਹ ਹੀ ਕਾਰਨ ਹੈ ਕਿ ਚੰਦਰਮਾ ਦਾ ਇਕੋ ਪਾਸਾ ਹਮੇਸ਼ਾ ਧਰਤੀ ਵੱਲ ਰਹਿੰਦਾ ਹੈ। ਦੂਸਰਾ ਪਾਸਾ ਜਿਸ ਨੂੰ ਡਾਰਕ ਸਾਈਡ ਕਿਹਾ ਜਾਂਦਾ ਹੈ ਧਰਤੀ ਦੇ ਲੋਕਾਂ ਨੇ ਕਦੀ ਨਹੀਂ ਵੇਖਿਆ। ਪੂਰਨਮਾਸ਼ੀ ਤੱਕ, ਪੂਰਾ ਚੰਦ ਦੇਖਣ ਲਈ ਸਾਨੂੰ 29.5 ਦਿਨ ਦੀ ਉਡੀਕ ਕਰਨੀ ਪੈਂਦੀ ਹੈ। ਚੰਨ ਦਾ ਧਰਤੀ 'ਤੇ ਮਹੱਤਵਪੂਰਨ ਪ੍ਰਭਾਵ ਤਾਂ ਹੈ ਹੀ, ਸਾਡੇ ਮਨਾਂ 'ਤੇ ਵੀ ਇਹ ਮੁੱਢ ਕਦੀਮ ਤੋਂ ਰਾਜ ਕਰਦਾ ਹੈ। ਸਾਡੇ ਲੋਕ ਗੀਤਾਂ ਦਾ ਸ਼ਿੰਗਾਰ ਹੈ। ਚੰਨ ਚਾਨਣੀਆਂ ਰਾਤਾਂ ਤੋਂ ਬਗ਼ੈਰ ਜੀਵਨ ਕਿੰਨਾ ਨੀਰਸ ਹੋਵੇਗਾ? ਅਸੀਂ ਚੰਦਰਮਾ ਬਗ਼ੈਰ ਧਰਤੀ ਦੀ ਕਲਪਨਾ ਵੀ ਨਹੀਂ ਕਰ ਸਕਦੇ।
ਪਰੰਤੂ ਕੁਦਰਤ ਬਦਲਦੀ ਰਹਿੰਦੀ ਹੈ। ਹੋ ਸਕਦਾ ਹੈ ਕਿ ਕਦੇ ਚੰਦਰਮਾ ਵੀ ਧਰਤੀ ਨੂੰ ਛੱਡ ਕੇ ਤੁਰ ਜਾਵੇ। ਚੰਦਰਮਾ ਹਰ ਵਰ੍ਹੇ ਧਰਤੀ ਤੋਂ 3.8 ਸੈਂਟੀਮੀਟਰ ਦੂਰ ਹੁੰਦਾ ਜਾ ਰਿਹਾ ਹੈ। ਜਿਉਂ-ਜਿਉਂ ਧਰਤੀ ਦੀ ਗਰੂਤਾ ਕਮਜ਼ੋਰ ਹੁੰਦੀ ਜਾਵੇਗੀ ਇਹ ਦੂਰੀ ਤੇਜ਼ੀ ਨਾਲ ਵਧੇਗੀ। ਧਰਤੀ ਦੀ ਆਪਣੀ ਗਤੀ ਵੀ ਤਾਂ ਧੀਮੀ ਹੁੰਦੀ ਜਾ ਰਹੀ ਹੈ ਜਿਸ ਕਾਰਨ ਦਿਨਾਂ ਦੀ ਲੰਬਾਈ ਅਤੇ ਚੰਦਰਮਾ 'ਤੇ ਆਧਾਰਿਤ ਕੈਲੰਡਰ ਵੀ ਬਦਲਣਗੇ ਤੇ ਬਦਲ ਰਹੇ ਹਨ। ਪਰ ਇਹ ਵਰਤਾਅ ਵੱਡੇ ਰੂਪ ਵਿਚ ਹਜ਼ਾਰਾਂ ਸਾਲਾਂ ਬਾਅਦ ਵਾਪਰਦੇ ਹਨ। ਜੋ ਦੀਵਾਲੀ ਹੁਣ ਅਕਤੂਬਰ-ਨਵੰਬਰ ਵਿਚ ਆਉਂਦੀ ਹੈ, ਹੋ ਸਕਦਾ ਹੈ ਹਜ਼ਾਰ ਸਾਲ ਬਾਅਦ ਇਹ ਜਨਵਰੀ ਫਰਵਰੀ ਵਿਚ ਆਇਆ ਕਰੇ। ਜਿਵੇਂ 1699 ਈ: ਦੀ ਵਿਸਾਖੀ 30 ਮਾਰਚ ਨੂੰ ਸੀ, ਬਿਲਕੁੱਲ ਇਸੇ ਤਰ੍ਹਾਂ। ਇਸੇ ਕਰਕੇ ਬਿਕਰਮੀ ਕੈਲੰਡਰ ਜੋ ਚੰਦਰਮਾ 'ਤੇ ਆਧਾਰਿਤ ਹੈ, ਦੇ ਦਿਨ ਤਿਉਹਾਰ ਬਦਲਦੇ ਰਹਿੰਦੇ ਹਨ।
ਚੰਦਰਮਾ 'ਤੇ ਆਖਰੀ ਮਿਸ਼ਨ, ਅਪੋਲੋ-17 ਸੀ, ਜੋ 14 ਦਸੰਬਰ 1972 ਨੂੰ ਗਿਆ। ਮੁੜ ਕੇ ਭਾਰੇ ਖਰਚਿਆਂ ਕਾਰਨ ਇਹ ਮਿਸ਼ਨ ਰੋਕਣੇ ਪਏ ਸਨ। ਵੀ. ਸੈਟਰਨ ਵਰਗੇ ਰਾਕਟ ਬਣਾਉਣੇ ਕੋਈ ਆਸਾਨ ਕੰਮ ਨਹੀਂ ਸੀ। ਉਸ ਤੋਂ ਬਾਅਦ ਕੋਈ ਮਨੁੱਖੀ ਮਿਸ਼ਨ ਚੰਦਰਮਾ 'ਤੇ ਨਹੀਂ ਗਿਆ। ਪਰੰਤੂ ਹੁਣ ਫਿਰ ਤੋਂ ਨਾਸਾ ਅਜਿਹੇ ਮਿਸ਼ਨ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਮੰਗਲ 'ਤੇ ਮਨੁੱਖ ਭੇਜਣ ਦੀ ਵੀ ਤਿਆਰੀ ਕਰ ਰਿਹਾ ਹੈ। ਮਿਸ਼ਨ ਮੰਗਲ ਵਿਚ ਚੰਦਰਮਾ ਨੂੰ ਇਕ ਪੜਾਅ ਵਜੋਂ ਵਰਤਿਆ ਜਾ ਸਕਦਾ ਹੈ।
ਚੰਦਰਮਾ 'ਤੇ ਜਾਣ ਦੀ ਪਹਿਲੀ ਕੋਸ਼ਿਸ਼ ਲੂਨਾ ਇਕ ਨਾਲ ਹੋਈ ਸੀ ਜੋ ਚੰਦਰਮਾ ਦੀ ਸਤ੍ਹਾ 'ਤੇ ਟਕਰਾ ਨਹੀਂ ਸੀ ਸਕਿਆ। ਪਰੰਤੂ ਲੂਨਾ 2, ਜੋ 13 ਸਤੰਬਰ 1959 ਭੇਜਿਆ ਸੀ, ਪਹਿਲੀ ਵਾਰ ਚੰਦਰਮਾ ਦੀ ਸਤ੍ਹਾ ਨਾਲ ਜਾ ਟਕਰਾਇਆ। ਰੂਸ ਨੇ ਹੀ ਪਹਿਲੀ ਮਨੁੱਖ ਰਹਿਤ-ਕਾਰ ਚੰਦਰਮਾ 'ਤੇ ਭੇਜੀ ਸੀ, ਜਿਸ ਨੂੰ ਧਰਤੀ ਤੋਂ ਕੰਟਰੋਲ ਕੀਤਾ ਜਾਂਦਾ ਸੀ। ਫਿਰ ਅਮਰੀਕਾ ਦਾ ਮਿਸ਼ਨ ਅਪੋਲੋ-8 ਪਹਿਲੀ ਵਾਰ ਚਾਰ ਲੱਖ ਕਿਲੋਮੀਟਰ ਦਾ ਸਫਰ ਤੈਅ ਕਰਕੇ ਚੰਦਰਮਾ ਦੇ ਕਰੀਬ ਪਹੁੰਚ ਗਿਆ ਜਿਸ ਵਿਚ ਫਰੈਂਕ ਬੋਰਮੈਨ, ਜੇਮਜ ਲੋਵੇਲ ਤੇ ਵਿਲੀਅਮ ਐਂਡਰਜ਼ ਸਨ। ਇਸ ਪ੍ਰਜੈਕਟ ਨੂੰ ਤਿਆਰ ਕਰਨ ਵਿਚ 50 ਹਜ਼ਾਰ ਮਨੁੱਖਾਂ ਦਾ ਯੋਗਦਾਨ ਸੀ। ਵੀ ਸੈਟਰਨ ਰਾਹੀਂ 66 ਘੰਟੇ ਦਾ ਸਫਰ ਤੈਅ ਕਰ ਕੇ ਚੰਦਰਮਾ ਤੋਂ 112 ਕਿਲੋਮੀਟਰ ਦੀ ਦੂਰੀ ਤੱਕ ਇਹ ਜਾ ਪਹੁੰਚਿਆ ਸੀ।
ਚੰਦਰਮਾ 'ਤੇ ਪਹਿਲਾ ਕਦਮ ਧਰਨ ਦਾ ਮਾਣ ਨੀਲ ਆਰਮਸਟ੍ਰਾਂਗ ਅਤੇ ਦੂਸਰਾ ਕਦਮ ਧਰਨ ਦਾ ਮਾਣ ਬੱਜ ਐਲਡਰੀਨ ਨੂੰ ਪ੍ਰਾਪਤ ਹੋਇਆ। ਭਾਵੇਂ ਚੰਦਰਮਾ 'ਤੇ ਮਨੁੱਖ ਭੇਜਣ ਦਾ ਸੁਪਨਾ 25 ਮਈ, 1961 ਨੂੰ ਅਮਰੀਕਾ ਦੇ ਰਾਸ਼ਟਰਪਤੀ ਜੌਹਨ ਕੈਨੇਡੀ ਨੇ ਲਿਆ ਸੀ, ਪਰ ਇਹ ਸੁਪਨਾ ਪ੍ਰਧਾਨ ਨਿਕਸਨ ਦੇ ਸਮੇਂ ਵਿਚ ਪੂਰਾ ਹੋਇਆ ਜੋ ਦੁਨੀਆ ਵਿਚ ਨਵਾਂ ਇਤਿਹਾਸ ਸਿਰਜ ਗਿਆ।
ਤਾਰਾ ਮੰਡਲ ਦੀ ਜਾਣਕਾਰੀ ਸਾਡੇ ਨਾਲੋਂ ਕਿਤੇ ਵੱਧ ਸਾਡੇ ਦਾਦੇ ਪੜਦਾਦਿਆਂ ਨੂੰ ਸੀ, ਅਸੀਂ ਤਾਂ ਘਰਾਂ ਦੇ ਹੀ ਕੈਦੀ ਹਾਂ। ਕਿੰਨੇ ਕੁ ਲੋਕ ਨੇ ਜੋ ਤਾਰਾ ਮੰਡਲ ਨੂੰ ਵੇਖਦੇ ਹਨ ਤੇ ਉਸ ਬਾਰੇ ਗਿਆਨ ਰੱਖਦੇ ਹਨ? ਕਿੰਨੇ ਕੁ ਲੋਕ ਹਨ, ਜਿਨ੍ਹਾਂ ਨੇ ਚੰੰਦਰਮਾ ਦੇ ਬਦਲਦੇ ਰੂਪਾਂ ਨੂੰ ਦੇਖਣਾ ਤੇ ਜਾਣਨਾ ਹੁੰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਚੰਦਰਮਾ ਅਜੇ ਵੀ ਸਾਡੇ ਲਈ ਰਹੱਸ ਹੈ। ਪੰਜਾਹ ਸਾਲ ਬੀਤਣ ਤੋਂ ਬਾਅਦ ਵੀ ਚੰਦਰਮਾ 'ਤੇ ਹੋਈਆਂ ਖੋਜਾਂ ਦੀ ਸਾਨੂੰ ਕੋਈ ਜਾਣਕਾਰੀ ਨਹੀਂ।
ਆਓ! ਕੋਸ਼ਿਸ਼ ਕਰੀਏ ਕਿ ਕੁਦਰਤ ਦੇ ਸੁੰਦਰ ਰੂਪ ਨੂੰ ਪ੍ਰਦੂਸ਼ਣ ਹੇਠਾਂ ਦਫਨ ਨਾ ਕਰੀਏ। ਚੰਨ ਸਿਰਫ਼ ਕਰਵਾਚੌਥ ਜਾਂ ਈਦ ਨੂੰ ਹੀ ਨਹੀਂ ਦੇਖੀਦਾ, ਬਾਕੀ ਦਿਨਾਂ ਵਿਚ ਵੀ ਵੇਖਿਆ ਜਾ ਸਕਦਾ ਹੈ। ਪੂਰਨਮਾਸ਼ੀ ਸਿਰਫ ਡੇਰਿਆਂ 'ਤੇ ਮੱਥੇ ਟੇਕਣ ਲਈ ਹੀ ਨਹੀਂ ਹੁੰਦੀ, ਬਾਹਰ ਨਿਕਲ ਕੇ ਮਾਣਨ ਲਈ ਵੀ ਹੁੰਦੀ ਹੈ। ਕਦੇ ਚੰਨ ਚਾਨਣੀਆਂ ਰਾਤਾਂ ਵਿਚ ਤੁਰ ਕੇ ਤਾਂ ਵੇਖੋ। ਕਦੇ ਪੂਰਨਮਾਸ਼ੀ ਦੀ ਰਾਤ ਨੂੰ ਖੌਲਦੇ ਸਮੁੰਦਰ ਦਾ ਸੰਗੀਤ ਤਾਂ ਸੁਣੋ, ਮੋਰਾਂ ਨੂੰ ਪੈਲਾਂ ਪਾਉਂਦੇ ਦੇਖੋ ਤੇ ਕੁਦਰਤ ਨੂੰ ਖਿੜ-ਖਿੜ ਹੱਸਦੀ ਦੇਖੋ। ਫਿਰ ਤੁਹਾਨੂੰ ਗੀਤਾਂ ਕਵਿਤਾਵਾਂ ਵਿਚ ਪਰੋਏ ਹੋਏ ਚੰਦਰਮਾ ਦੀ ਸਮਝ ਪਵੇਗੀ। ਉਹ ਚੰਦਰਮਾ ਜੋ ਕਦੇ ਚੰਦ ਮਾਮਾ, ਕਦੇ ਚੰਨ ਮਾਹੀ ਤੇ ਕਦੇ ਚੰਨ ਵਰਗਾ ਪੁੱਤਰ ਬਣ ਕੇ ਸਾਡੇ ਨਾਲ-ਨਾਲ ਵਿਚਰਦਾ ਹੈ। ਇਹ ਧਰਤ ਮਾਂ ਦਾ ਇਕਲੌਤਾ ਪੁੱਤਰ ਹੈ ਜੋ ਆਪਣੀ ਮਾਂ ਦੀ ਨਿਰੰਤਰ ਪਰਿਕਰਮਾ ਕਰ ਰਿਹਾ ਹੈ ਪਰੰਤੂ ਸਾਡੇ ਕੋਲ ਦੇਖਣ ਵਾਲੀ ਅੱਖ ਹੀ ਨਹੀਂ ਹੈ।

major.mangat@gmail.com


ਖ਼ਬਰ ਸ਼ੇਅਰ ਕਰੋ

ਜਦੋਂ ਅੰਬ ਸੰਧੂਰੀ ਪੱਕ ਜਾਣ ਵਿਚ ਦੁਆਬੇ ਦੇ...

ਅੰਬ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ 'ਚ ਆਪਣੇ ਵਿਲੱਖਣ ਸੁਆਦ ਤੇ ਖੁਸ਼ਬੋ ਨਾਲ ਲੋਕਾਂ ਦੀ ਰੂਹ ਨੂੰ ਤ੍ਰਿਪਤ ਕਰਨ ਕਰਕੇ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲਾ ਫਲ਼ ਹੈ। ਇਸ ਦੇ ਮਹਿਕਦਾਰ ਸੁਭਾਅ ਤੇ ਰੂਹ ਨੂੰ ਟੁੰਬਣ ਵਾਲੇ ਸੁਆਦ ਨੇ ਵੱਖ ਵੱਖ ਸਮਿਆਂ ਦੌਰਾਨ ਜਿੱਥੇ ਬਾਦਸ਼ਾਹਾਂ, ਰਾਜਿਆਂ ਮਹਾਰਾਜਿਆਂ ਨੂੰ ਕਾਇਲ ਕੀਤਾ, ਨਾਲ ਹੀ ਲੇਖਕਾਂ ਤੇ ਕਵੀਆਂ ਨੂੰ ਵੀ ਆਪਣੇ ਗੁਣਾਂ ਦੇ ਖ਼ਜ਼ਾਨੇ ਦੀ ਬਦੌਲਤ ਆਪਣੀ ਸਿਫ਼ਤ ਕਰਨ ਲਈ ਮਜਬੂਰ ਕੀਤਾ ਹੈ। ਇਹ ਗਰਮ ਰੁੱਤ ਦਾ ਫ਼ਲ ਹੈ, ਪਰ ਇਸ ਦੀ ਵਰਤੋਂ ਸਰੀਰ ਨੂੰ ਮਜ਼ਬੂਤੀ ਤੇ ਰੂਹ ਨੂੰੁ ਵੱਖਰਾ ਆਨੰਦ ਦੇਣ ਦਾ ਸਬੱਬ ਬਣਦੀ ਹੈ। ਭਾਰਤ ਦੇ ਵੱਖ ਵੱਖ ਇਲਾਕਿਆਂ 'ਚ ਇਸ ਫ਼ਲ ਨਾਲ ਕਈ ਕਹਾਣੀਆਂ ਤੇ ਲੋਕ ਕਥਾਵਾਂ ਪ੍ਰਚਲਿਤ ਹਨ।
ਮੈਂਜੀਫਿਰਾ ਇੰਡੀਕਾ ਅੰਬ ਦਾ ਵਿਗਿਆਨਕ ਨਾਂ ਹੈ ਤੇ ਇਹ ਐਨਾਕਾਰਡੀਸੀ ਪਰਿਵਾਰ ਨਾਲ ਸਬੰਧਿਤ ਮੰਨਿਆ ਜਾਂਦਾ ਹੈ। ਂਇਸ ਦਾ ਮੂਲ ਸਥਾਨ ਭਾਰਤ ਜਾਂ ਦੱਖਣੀ ਏਸ਼ੀਆਈ ਇਲਾਕਾ ਮੰਨਿਆ ਜਾਂਦਾ ਹੈ। ਉਂਝ ਇਸਦੇ ਮੂਲ ਸਥਾਨ ਉੱਤਰ ਪੂਰਬੀ ਭਾਰਤ, ਮਿਆਂਮਾਰ ਤੇ ਬੰਗਲਾ ਦੇਸ਼ ਬਾਰੇ ਵੀ ਵੇਰਵੇ ਮਿਲਦੇ ਹਨ ਤੇ ਹੌਲੀ-ਹੌਲੀ ਦੱਖਣੀ ਭਾਰਤ 'ਚ ਹੋਣ ਵਾਰੇ ਦੱਸਿਆ ਜਾਂਦਾ ਹੈ। ਅੰਬ ਦੀ ਭਾਰਤ ਨਾਲ ਸਾਂਝ ਸਦੀਆਂ ਪੁਰਾਣੀ ਹੈ। ਆਪਣੀਆਂ ਖੂਬੀਆਂ ਕਰਕੇ ਇਸਨੂੰ ਜਸ਼ਨ ਮਨਾਉਣ ਵਾਲਾ ਫਲ ਵੀ ਮੰਨਿਆ ਗਿਆ ਹੈ। 'ਅਮਰ ਫਲ' ਅੰਬ ਦਾ ਪੁਰਾਣਾ ਨਾਮ ਹੈ। ਵੈਦਿਕ ਸਾਹਿਤ 'ਚ ਇਸ ਨੂੰ 'ਰਸਲਾ' ਤੇ 'ਸ਼ਾਹਕਾਰਾ' ਵੀ ਕਿਹਾ ਜਾਂਦਾ ਸੀ। ਦੱਖਣੀ ਭਾਰਤ 'ਚ ਇਸ ਨੂੰ 'ਆਮ ਕਾਇ' ਕਿਹਾ ਜਾਂਦਾ ਸੀ ਤੇ ਹੌਲੀ ਹੌਲੀ 'ਮਾਮ ਕਾਇ' ਹੋ ਗਿਆ। ਮਲਿਆਲੀ ਲੋਕਾਂ 'ਚ ਇਸਨੂੰ 'ਮਾਂਗਾ' ਕਿਹਾ ਜਾਂਦਾ ਸੀ ਤੇ ਪੁਰਤਗਾਲੀਆਂ ਨੇ ਕੇਰਲ 'ਚ ਇਸ ਨੂੰ 'ਮੈਂਗੋ' ਦਾ ਨਾਂਅ ਦਿੱਤਾ। ਪ੍ਰਚੀਨ ਭਾਰਤ 'ਚ ਸ਼ਾਸ਼ਕ ਲੋਕ ਅੰਬ ਦੀਆਂ ਵਿਭਿੰਨ ਕਿਸਮਾਂ ਨੂੰ ਆਪਣੇ ਅਮੀਰ ਲੋਕਾਂ ਨੂੰ ਸਨਮਾਨਿਤ ਕਰਨ ਲਈ ਵਰਤਿਆ ਕਰਦੇ ਸਨ। ਬੁੱਧ ਧਰਮ ਵਿਚ ਅੰਬ ਵਿਸ਼ਵਾਸ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਗਿਆ ਹੈ। ਮੈਗਾਸਥਿਨ ਤੇ ਹਿਊਨਸਾਂਗ ਨੇ ਮੋਰੀਆ ਵੰਸ਼ ਦੇ ਰਾਜਿਆਂ ਵਲੋਂ ਆਪਣੇ ਰਾਜ ਦੀ ਖੁਸ਼ਹਾਲੀ ਦਰਸਾਉਣ ਲਈ ਅੰਬਾਂ ਦੇ ਦਰੱਖਤ ਸੜਕਾਂ ਦੇ ਕਿਨਾਰਿਆਂ ਲਗਵਾਉਣ ਵਾਰੇ ਲਿਖਿਆ ਹੈ। ਅੰਬ ਨੂੰ ਭਾਰਤ ਦਾ ਰਾਸ਼ਟਰੀ ਫ਼ਲ ਹੋਣ ਦਾ ਮਾਣ ਪ੍ਰਾਪਤ ਹੈ ਤੇ ਇਸ ਨੂੰ ਫ਼ਲਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। 14 ਵੀਂ ਸਦੀ 'ਚ ਅਮੀਰ ਖੁਸਰੋ ਨੇ ਅੰਬ ਨੂੰ ਫ਼ਲਾਂ ਦਾ ਬਾਦਸ਼ਾਹ ਆਖਿਆ। ਮੁਗਲ ਬਾਦਸ਼ਾਹ ਖਾਸ ਤੌਰ 'ਤੇ ਅੰਬਾਂ ਦੇ ਸ਼ੌਕੀਨ ਸਨ। ਪਹਿਲੇ ਮੁਗਲ ਸ਼ਾਸਕ ਬਾਬਰ ਵਲੋਂ ਮੇਵਾੜ ਦੇ ਰਾਜੇ ਰਾਣਾ ਸੰਗਾ ਦਾ ਸਾਹਮਣਾ ਕਰਨ ਤੋਂ ਪਹਿਲਾਂ ਦੌਲਤ ਖਾਂ ਲੋਧੀ ਵਲੋਂ ਉਸ ਨੂੰ ਅੰਬਾਂ ਦੀ ਸੌਗਾਤ ਦਿੱਤੇ ਜਾਣ 'ਤੇ ਮਾਨਸਿਕ ਅਤੇ ਮਨੋਵਿਗਿਆਨਕ ਤੌਰ 'ਤੇ ਤਾਕਤਵਰ ਹੋਣ ਦੇ ਹਵਾਲੇ ਵੀ ਮਿਲਦੇ ਹਨ। ਅਕਬਰ ਨੇ ਦੇਸ਼ ਦੇ ਕਈ ਹਿੱਸਿਆਂ ਵਿਚ ਅੰਬਾਂ ਦੇ ਰੁੱਖ ਲਗਵਾਏ। ਅਕਬਰ ਨੇ ਬਿਹਾਰ ਦੇ ਦਰਭੰਗਾ ਸ਼ਹਿਰ 'ਚ ਤਕਰੀਬਨ ਸੌ ਵਿਘਿਆਂ 'ਚ ਅੰਬਾਂ ਦਾ ਬਾਗ ਲਵਾਇਆ, ਜਿੱਥੇ ਰੁੱਖਾਂ ਦੀ ਗਿਣਤੀ ਲੱਖ ਹੋਣ ਕਰਕੇ ਉਸਨੂੰ ਲਾਖਾ ਜਾਂ ਲੱਖੀ ਬਾਗ ਦਾ ਨਾਂਅ ਦਿੱਤਾ ਗਿਆ। ਮੁਗਲ ਰਾਜਿਆਂ ਦੇ ਰਸੋਈਏੇ ਆਮ ਪੰਨਾ, ਅੰਬ ਪਲਾਓ, ਅੰਬ ਮਲਾਜ਼ੀ ਨੂੰ ਸਵਾਦਿਸ਼ਟ ਛੋਹਾਂ ਦੇ ਕੇ ਇਨਾਮ ਸਨਮਾਨ ਵੀ ਜਿੱਤਦੇ ਰਹੇ ਹਨ। ਕਹਿੰਦੇ ਨੇ ਕਿ ਨੂਰ ਜਹਾਂ ਅੰਬ ਤੇ ਗੁਲਾਬ ਦੀਆਂ ਪੱਤੀਆਂ ਨਾਲ ਸ਼ਾਹੀ ਰਸ ਤਿਆਰ ਕਰਕੇ ਇਸਦਾ ਸੇਵਨ ਕਰਿਆ ਕਰਦੀ ਸੀ। ਸ਼ੇਰ ਸ਼ਾਹ ਸੂਰੀ ਵਲੋਂ ਹਮਾਯੂੰ ਨੂੰ ਜਿੱਤਣ ਸਮੇਂ ਪੀਲੇ ਰੰਗ ਦੇ ਸੁਨਹਿਰੀ ਚੌਸੇ ਅੰਬਾਂ ਦੀ ਦਾਅਵਤ ਦਿੱਤੀ ਗਈ ਸੀ। ਉਰਦੂ ਸ਼ਾਇਰ ਮਿਰਜ਼ਾ ਗਾਲਿਬ ਵੀ ਅੰਬ ਦੇ ਫਲ ਦਾ ਬੇਹੱਦ ਸ਼ੌਕੀਨ ਦੱਸਿਆ ਜਾਂਦਾ ਹੈ। ਬੰਗਲਾ ਸਾਹਿਤ ਦੇ ਮਹਾਨ ਕਵੀ, ਸਾਹਿਤਕਾਰ, ਦਾਰਸ਼ਨਿਕ ਨੋਬਲ ਪੁਰਸਕਾਰ ਜੇਤੂ ਸ੍ਰੀ ਰਬਿੰਦਰ ਨਾਥ ਟੈਗੋਰ ਨੇ ਵੀ ਅੰਬਾਂ 'ਤੇ ਕਈ ਕਵਿਤਾਵਾਂ ਲਿਖੀਆਂ। ਭਾਰਤ ਦੇ ਲੋਕਾਂ ਨਾਲ ਅੰਬ ਦੀ ਇਤਿਹਾਸਕ ਸਾਂਝ ਤੇ ਸਮਾਜਿਕ ਜ਼ਿੰਦਗੀ 'ਚ ਬੇਹੱਦ ਮਹੱਤਤਾ ਹੋਣ ਕਰਕੇ ਇਸਦੀ ਸਾਹਿਤ, ਕਲਾ ਤੇ ਸੱਭਿਆਚਾਰ 'ਚ ਵੀ ਬਹੁਤ ਅਹਿਮੀਅਤ ਰਹੀ ਹੈ। ਅੰਬ ਦੇ ਫਲ 'ਚ ਖਾਸ ਤਰ੍ਹਾਂ ਦਾ ਵਿੰਗ ਕੱਪੜਿਆਂ ਉੱਤੇ ਕਢਾਈ ਤੇ ਹੋਰ ਕੲਂੀ ਕਲਾਵਾਂ 'ਚ ਇਕ ਮਕਬੂਲ ਡਿਜ਼ਾਇਨ ਵਜੋਂ ਵਰਤਿਆ ਜਾਂਦਾ ਹੈ। ਅੰਬ ਦੇ ਫਲ ਦਾ ਇਹ ਰੂਪ ਭਾਰਤ ਨੂੰ ਪ੍ਰਭਾਸ਼ਿਤ ਕਰਨ ਲਈ 'ਆਈਕੋਨ' ਦੇ ਤੌਰ 'ਤੇ ਪ੍ਰਚੱਲਿਤ ਹੈ। ਸਮਾਜਿਕ ਜਿੰਦਗੀ 'ਚ ਸ਼ੁਭ ਮੌਕਿਆਂ 'ਤੇ ਅੰਬ ਦੇ ਪੱਤੇ ਘਰਾਂ ਦੇ ਬੂਹਿਆਂ 'ਤੇ ਟੰਗੇ ਜਾਂਦੇ ਹਨ। ਅੰਬ ਅਜਿਹਾ ਫ਼ਲ ਹੈ ਜਿਸਦੀ ਖੁਸ਼ਬੋ ਇਸਦੇ ਟਾਹਣੀ ਦੇ ਲੱਗਣ ਸਾਰ ਹੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਪੱਕਣ ਤੋਂ ਪਹਿਲੇ ਕਈ ਪੜਾਵਾਂ ਦੌਰਾਨ ਲੋਕਾਂ ਦੀ ਖੁਰਾਕ ਦਾ ਹਿੱਸਾ ਬਣਦਾ ਹੈ। ਕੱਚਾ ਅੰਬ ਖਟਮਿੱਠੀ ਚਟਨੀ, ਅਚਾਰ, ਅੰਬਚੂਰ ਤੇ ਅੰਬ ਪਾਪੜ ਲਈ ਵਰਤਿਆ ਜਾਂਦਾ ਹੈ, ਜਦ ਕਿ ਪੱਕੇ ਅੰਬ ਦੀ ਵਰਤੋਂ ਸਿੱਧੇ ਰੂਪ 'ਚ ਖਾਣ, ਜੂਸ, ਮੁਰੱਬੇ ਤੇ ਸ਼ਰਬਤ ਆਦਿ ਬਣਾਉਣ ਲਈ ਹੁੰਦੀ ਹੈ। ਸੁਆਦ ਪੱਖੋਂ ਬੇਹੱਦ ਉਤਮ ਤੇ ਖੁਸ਼ਬੋਦਾਰ ਹੋਣ ਦੇ ਨਾਲ ਇਹ ਫ਼ਲ ਵਿਟਾਮਿਨ ਏ, ਸੀ ਤੇ ਈ ਤੋਂ ਇਲਾਵਾ ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡਰੇਟਸ, ਗੁਲੂਕੋਜ਼ ਵਰਗੇ ਖੁਰਾਕੀ ਤੱਤਾਂ ਨਾਲ ਭਰਪੂਰ ਫ਼ਲ ਹੈ।
ਅੰਬ ਦੀ ਵਰਤੋਂ ਨਾਲ ਪਾਚਨ ਸ਼ਕਤੀ ਸਹੀ ਰਹਿਣ ਦੇ ਨਾਲ ਨਾਲ ਸਰੀਰ ਅੰਦਰੂਨੀ ਤੇ ਬਾਹਰੀ ਤੌਰ 'ਤੇ ਮਜ਼ਬੂਤ ਰਹਿੰਦਾ ਹੈ। ਇਸ ਦੀ ਵਰਤੋਂ ਹੱਡੀਆਂ ਨੂੰ ਮਜ਼ਬੂਤੀ, ਅੱਖਾਂ ਦੀ ਰੌਸ਼ਨੀ ਨੂੰ ਸ਼ਕਤੀ, ਚਮੜੀ ਸਾਫ਼, ਮਿਹਦੇ ਤੇ ਛਾਤੀ ਦੇ ਕੈਂਸਰ ਤੋਂ ਬਚਾਅ, ਖੂਨ ਦੇ ਦਬਾਅ 'ਤੇ ਕੰਟਰੋਲ ਰਹਿੰਦਾ ਹੈ। ਕਰਨਾਟਕ 'ਚ ਤੋਤਾਪਰੀ, ਆਂਧਰਾ ਪ੍ਰਦੇਸ਼ 'ਚ ਬਾਗਨਪਾਲੀ, ਮਹਾਂਰਾਸ਼ਟਰ 'ਚ ਐਲਫੰਸੋ, ਪੱਛਮੀ ਬੰਗਾਲ 'ਚ ਹਿੰਮਸਾਗਰ, ਗੁਜਰਾਤ 'ਚ ਕੇਸਰ, ਉੱਤਰ ਪ੍ਰਦੇਸ਼ 'ਚ ਦੁਸਹਿਰੀ ਤੇ ਲੰਗੜਾ, ਤੇ ਹਿਮਾਚਲ 'ਚ ਚੌਸਾ ਕਿਸਮ ਦੇ ਅੰਬਾਂ ਦੀ ਸਫ਼ਲ ਕਾਸ਼ਤ ਕੀਤੀ ਜਾਂਦੀ ਹੈ।
ਪੰਜਾਬ 'ਚ ਵਪਾਰਕ ਤੌਰ 'ਤੇ ਅੰਬ ਦੀ ਕਾਸ਼ਤ ਨੀਮ ਪਹਾੜੀ ਜਿਲ੍ਹਿਆਂ ਰੋਪੜ, ਨਵਾਂ ਸ਼ਹਿਰ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ 'ਚ ਹੁੰਦੀ ਹੈ। ਪੰਜਾਬ 'ਚ ਸ਼ਿਵਾਲਿਕ ਦੇ ਪੈਰਾਂ 'ਚ ਪੈਂਦੇ ਦੋਆਬੇ ਇਲਾਕੇ ਦਾ ਪਹਾੜੀ, ਨੀਮ ਪਹਾੜੀ ਤੇ ਮੈਦਾਨੀ ਇਲਾਕਾ ਆਪਣੀ ਭੂਗੋਲਿਕ ਤਾਸੀਰ ਕਰਕੇ ਅੰਬਾਂ ਤੇ ਬਾਗਾਂ ਦੇ ਵਧਣ ਫੁੱਲਣ ਲਈ ਅਨੁਕੂਲ ਰਿਹਾ ਹੈ। ਬਰਸਾਤਾਂ ਦੇ ਦਿਨਾਂ 'ਚ ਪਏ ਮੀਹਾਂ ਤੇ ਪਹਾੜੀ ਖੱਡਾਂ ਦੇ ਪਾਣੀ ਨਾਲ ਸਾਲ ਦੇ ਕਈ ਕਈ ਮਹੀਨੇ ਵਗਦੇ ਚੋਆਂ ਨਾਲ ਪਾਣੀ ਦਾ ਲੋੜੀਂਦਾ ਪੱਧਰ ਬਰਕਰਾਰ ਰਹਿਣਾ ਅੰਬਾਂ ਦੇ ਪੈਦਾ ਹੋਣ ਤੇ ਫਲ ਦੇਣ ਲਈ ਮਦਦਗਾਰ ਰਿਹਾ ਹੈ। ਵੰਡ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਇਲਾਕੇ 'ਚ ਮੁਸਲਮਾਨ ਜ਼ੈਲਦਾਰਾਂ ਤੇ ਜਾਗੀਰਦਾਰਾਂ ਨੇ ਆਪਣੀ ਰੂਹ ਦੀ ਤ੍ਰਿਪਤੀ ਲਈ ਬੜੀਆਂ ਰੀਝਾਂ ਨਾਲ ਅੰਬਾਂ ਦੇ ਬਾਗ ਲੁਆਏ ਤੇ ਵਹਿੰਗੀਆਂ ਨਾਲ ਪਾਣੀ ਲਿਆ ਕੇ ਇਨ੍ਹਾਂ ਰੁੱਖਾਂ ਦੀ ਪਰਵਰਿਸ਼ ਕਰਵਾਈ। ਇਨ੍ਹਾਂ ਦੇ ਨਾਵਾਂ 'ਚ ਕੂਕਿਆਂ ਦੀ ਛੱਲੀ, ਬਜਰੌੜ ਦੀ ਬੱਡ, ਹਰਿਆਣੇ ਦੀ ਕੰਘੀ, ਭਾਗੋਵਾਲ ਦੀ ਛੱਲੀ, ਗੋਲਾ, ਤੋਤਾਪਰੀ, ਸਫੈਦਾ, ਆੜੂ, ਸ਼ੇਖ, ਇਨਾਮੀ, ਸੰਧੂਰੀ ਛੱਲੀ, ਸੰਧੂਰੀ, ਸੌਫੀ, ਲੰਗੜਾ, ਲਾਲਟੈਣ, ਲੱਡੂ, ਗਾਜਰੀ, ਸਿੱਪੀ, ਥਾਣੇਦਾਰ ਆਦਿ ਕਿਸਮਾਂ ਲੋਕਾਂ 'ਚ ਪ੍ਰਚਲਿਤ ਸਨ। ਵੰਡ ਤੋਂ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਕਾਫ਼ੀ ਰਕਬਾ ਅੰਬਾਂ ਦੇ ਝੁੰਡਾਂ ਨਾਲ ਭਰਿਆ ਨਜ਼ਰ ਆਉਂਦਾ ਤੇ ਹਾੜ੍ਹ ਸਾਉਣ ਦੇ ਮੌਸਮ 'ਚ ਅੰਬਾਂ ਦੇ ਬਾਗਾਂ 'ਚ ਵਾਹਵਾ ਰੌਣਕਾਂ ਲਗਦੀਆਂ।
ਹੁਸ਼ਿਆਰਪੁਰ ਦੇ ਕਈ ਇਲਾਕਿਆਂ 'ਚ ਮੌਜੂਦ ਦੇਸੀ ਅੰਬਾਂ ਦੇ ਟਪਕਣ ਦੇ ਦਿਨਾਂ 'ਚ ਅੰਬਾਂ ਦੀਆਂ ਸ਼ੌਕੀਨ ਰਿਸ਼ਤੇਦਾਰੀਆਂ ਨੂੰ ਇਨ੍ਹਾਂ ਫਲਾਂ ਦੀ ਸੌਗਾਤ ਭੇਜਣ ਦਾ ਰਿਵਾਜ ਅਜੇ ਵੀ ਪ੍ਰਚੱਲਿਤ ਹੈ। ਪੰਜਾਬੀ ਦੇ ਲੋਕ ਸਾਹਿਤ 'ਚ 'ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ...' ਵਰਗੀ ਲੋਕ ਬੋਲੀ ਇਲਾਕੇ ਦੀ ਇਸ ਫਲ ਨਾਲ ਕੁਦਰਤੀ ਸਾਂਝ ਤੇ ਨੇੜਤਾ 'ਚੋਂ ਪੈਦਾ ਹੋਈ ਜਾਪਦੀ ਹੈ। ਪੰਜਾਬ ਦੀ ਨਵੀਂ ਪੀੜ੍ਹੀ ਦੇਸੀ ਅੰਬਾਂ ਦੇ ਸੁਆਦ ਤੇ ਖੁਸ਼ਬੂ ਨੂੰ ਲੰਮੇਂ ਸਮੇਂ ਤੱਕ ਮਾਣ ਸਕੇ, ਇਸ ਮੰਤਵ ਨਾਲ ਹੀ ਡਾ: ਮਹਿੰਦਰ ਸਿੰਘ ਰੰਧਾਵਾ ਨੇ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਕਾਰਜਕਾਲ ਦੌਰਾਨ ਆਪਣੇ ਜੱਦੀ ਇਲਾਕੇ 'ਚ ਪਿੰਡ ਗੰਗੀਆਂ ਨੇੜੇ ਦਸੁੂਹਾ ਵਿਖੇ 1972 ਵਿਚ ਨਿਵੇਕਲੀ ਕਿਸਮ ਦਾ 'ਫਲ ਖੋਜ ਕੇਂਦਰ ਗੰਗੀਆਂ' ਵੀ ਸਥਾਪਿਤ ਕਰਵਾਇਆ ਸੀ। ਇਸ ਫਲ ਖੋਜ ਕੇਂਦਰ 'ਚ ਇਸ ਵੇਲੇ ਕਰੀਬ 23 ਏਕੜ ਰਕਬੇ 'ਤੇ ਅੰਬਾਂ ਦੇ ਰੁੱਖ ਹਨ। ਇੱਥੇ ਅੰਬਾਂ ਦੀਆਂ ਦੇਸੀ ਕਿਸਮਾਂ ਨੂੰ ਯੂਨੀਵਰਸਿਟੀ ਵਲੋਂ ਜੀ ਐਨ 1 ਤੋਂ ਜੀ ਐਨ 60 ਤੱਕ ਨਾਂਅ ਦਿੱਤੇ ਗਏ ਹਨ। ਫਲ ਖੋਜ ਕੇਂਦਰ ਗੰਗੀਆਂ ਵਿਖੇ ਕੂਕਿਆਂ ਦੀ ਛੱਲੀ ਨੂੰ ਜੀ ਐਨ 1 ਦਾ ਨਾਂਅ ਦਿੱਤਾ ਗਿਆ ਹੈ। ਅੰਬ ਦਾ ਕਰੀਬ 51ਫੀਸਦੀ ਖਾਣਯੋਗ ਭਾਗ ਹੁੰਦਾ ਹੈ ਤੇ 22.3 ਫੀਸਦੀ ਮਿਠਾਸ ਵਾਲੇ ਫ਼ਲ ਦਾ ਗੁੱਦਾ ਪੀਲਾ, ਰਸ ਪਤਲਾ, ਛਿੱਲ ਮੋਟੀ ਨਰਮ ਮੁਲਾਇਮ ਤੇ ਸਿਰੇ ਤੋਂ ਨੋਕਦਾਰ ਚੁੰਝ ਵਰਗੀ ਬਣਤਰ ਹੁੰਦੀ ਹੈ ਤੇ ਫ਼ਲ ਜੁਲਾਈ ਦੇ ਦੂਜੇ ਹਫ਼ਤੇ ਪੱਕਦਾ ਹੈ। ਜੀ ਐਨ 4 ਨਾਮ ਵਾਲੇ ਬਜਰੌਰ ਦੀ ਬੱਡ ਵਾਲਾ ਅੰਬ ਅਕਾਰ 'ਚ ਕਾਫ਼ੀ ਵੱਡਾ, ਅੰਡਾਕਾਰ ਲੰਮੂਤਰਾ, ਉਪਰੋਂ ਮੂਹਰਲਾ ਹਿੱਸਾ ਵਾਹਵਾ ਉਭਰਵਾਂ, ਚੁੰਝ ਤਿੱਖੀ, ਰਸ ਕਾਫ਼ੀ ਗਾੜ੍ਹਾ ਹੁੰਦਾ ਹੈ। ਫ਼ਲ ਦੀ ਮਿਠਾਸ 21.2 ਫੀਸਦੀ ਹੁੰਦੀ ਹੈ ਤੇ ਜੁਲਾਈ ਦੇ ਤੀਜੇ ਹਫ਼ਤੇ ਪੱਕਦਾ ਹੈ। ਜੀ. ਐਨ. 5 ਨਾਂਅ ਦੇ ਹਰਿਆਣਾ ਦੀ ਕੰਘੀ ਵਾਲੇ ਅੰਬ ਦਾ 58 ਫੀਸਦੀ ਭਾਗ ਖਾਣਯੋਗ ਹੁੰਦਾ ਹੈ। ਇਹ ਅੰਡਾਕਾਰ ਦਰਮਿਆਨੇ ਆਕਾਰ, ਪਿੱਠ ਵਾਲਾ ਹਿੱਸਾ ਢਲਾਨਦਾਰ ਤੇ ਉਪਰਲਾ ਮੂਹਰਲਾ ਹਿੱਸਾ ਉਭਰਵਾਂ, ਪਿੱਛਾ ਗੋਲ, ਛਿੱਲੜ ਦਾ ਪੀਲਾ ਲਾਲ ਭਾਅ ਮਾਰਦਾ ਰੰਗ, ਮਿਠਾਸ 22 ਫੀਸਦੀ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਪੱਕਦਾ ਹੈ। ਜੀ ਐਨ 19 ਨਾਮ ਵਾਲਾ ਸੰਧੂਰੀ ਛੱਲੀ ਅੰਡਾਕਾਰ, ਲੰਬੂਤਰਾ, ਪਿੱਠ ਪੱਧਰੀ, ਮੁੱਢਲੇ ਹਿੱਸੇ 'ਚ ਡੂੰਘ ਉੱਕਾ ਨਹੀਂ, ਛਿੱਲੜ ਮੋਟੀ ਸਖ਼ਤ, ਫ਼ਲ ਪੀਲਾ ਤੇ ਸਿਰਿਆਂ ਤੋਂ ਸੰਧੂਰੀ ਭਾਅ ਮਾਰਦਾ, ਗੁੱਦਾ ਸੰਗਤਰੀ, ਸ਼ਾਨਦਾਰ ਸੁਆਦ, ਮਹਿਕ ਸੁਹਾਣੀ, ਰਸ ਜ਼ਿਆਦਾ ਜੁਲਾਈ ਦੇ ਚੌਥੇ ਹਫ਼ਤੇ ਪੱਕ ਜਾਂਦਾ ਹੈ। ਜੀ ਐਨ 12 ਨਾਮ ਵਾਲੇ ਬਿਜੌਰ ਦੀ ਛੱਲੀ ਅੰਬ ਲੰਬੂਤਰਾ, ਪਿੱਠ ਚੌੜੀ, ਪੱਕਣ 'ਤੇ ਪੀਲੀ ਹਰੀ ਭਾਅ ਮਾਰਦਾ, ਗੁੱਦਾ ਕਰੀਮ ਰੰਗਾ, ਵਧੀਆ ਸੁਆਦ, ਮਹਿਕਦਾਰ ਜੁਲਾਈ ਦੇ ਚੌਥੇ ਹਫ਼ਤੇ ਪੱਕਣ ਵਾਲੀ ਕਿਸਮ ਹੈ। ਜੀ ਐਨ 7 ਨਾਂਅ ਦਾ ਮੱਲੀਆਂ ਵਾਲੀ ਛੱਲੀ ਦਾ ਔਸਤਨ ਵਜ਼ਨ 139 ਗ੍ਰਾਮ, ਖਾਣਯੋਗ ਭਾਗ 69 ਫੀਸਦੀ, ਥੱਲੜੇ ਹਿੱਸੇ 'ਚ ਡੂੰਘ ਨਹੀਂ, ਉਪਰਲਾ ਸਿਖ਼ਰ ਗੋਲ, ਗੁੱਦਾ ਸੰਗਤਰੇ ਰੰਗਾ, ਰਸ ਵਾਹਵਾ ਤੇ ਸੁਆਦੀ 19 ਫੀਸਦੀ ਮਿਠਾਸ ਨਾਲ ਭਰਪੂਰ ਅੱਧ ਜੁਲਾਈ 'ਚ ਪੱਕਦਾ ਹੈ। ਜੀ ਐਨ 1 ਨਾਮੀ ਗੁਰਮੇਲ ਦੇ ਅੰਬ ਦਾ 40 ਫੀਸਦੀ ਹਿੱਸਾ ਖਾਣਯੋਗ ਹੁੰਦਾ ਹੈ। ਫ਼ਲ ਦੀ ਪਿੱਠ ਵਾਲਾ ਹਿੱਸਾ ਉਭਰਿਆ ਢਲਾਨਦਾਰ, ਚੁੰਝ ਤੇ ਸਿਰਾ ਤਿੱਖਾ, ਛਿੱਲੜ ਨਰਮ, ਪੱਕਣ ਸਮੇਂ ਰੰਗ ਹਰਾ, ਗੁੱਦਾ ਸੰਤਰੀ ਰੰਗਾ, 19.2 ਫੀਸਦੀ ਮਿਠਾਸ ਵਾਲਾ ਅੰਬ ਜੁਲਾਈ ਦੇ ਦੂਜੇ ਹਫ਼ਤੇ ਪੱਕਦਾ ਹੈ। ਜੀ ਐਨ 2 ਨਾਮੀਂ ਜਹਾਨਖੇਲਾਂ ਵਾਲਾ ਅੰਬ ਵੀ ਜੁਲਾਈ ਦੇ ਤੀਜੇ ਹਫ਼ਤੇ ਪੱਕ ਜਾਂਦਾ ਹੈ। ਦਰਮਿਆਨੇ ਤੋਂ ਵੱਡੇ ਅਕਾਰ ਵਾਲੇ ਅੰਬ ਦਾ ਔਸਤਨ ਵਜ਼ਨ 148 ਗ੍ਰਾਮ, 50 ਫੀਸਦੀ ਭਾਗ ਖਾਣਯੋਗ, ਅੰਡਾਕਾਰ ਲੰਬੂਤਰਾ ਵਿਚਕਾਰਲਾ ਹਿੱਸਾ ਉਭਰਵਾਂ, ਡੂੰਘ ਉੱਕਾ ਨਹੀਂ, ਦੱਬੀ ਚੁੰਝ, ਨੋਕ ਤਿੱਖੀ ਉਪਰੋਂ ਰੰਗ ਪੀਲਾ ਤੇ ਪਾਸਿਆਂ ਤੋਂ ਸੰਧੂਰੀ ਭਾਅ ਮਾਰਨ ਵਾਲਾ ਫ਼ਲ 26.5 ਫੀਸਦੀ ਮਿਠਾਸ ਨਾਲ ਭਰਪੂਰ ਹੁੰਦਾ ਹੈ। ਖੋਜ ਕੇਂਦਰ 'ਚ ਮੌਜੂਦ ਹੋਰ ਦੇਸੀ ਕਿਸਮਾਂ ਵੀ ਆਪਣੇ ਵਿਲੱਖਣ ਸੁਆਦ, ਮਹਿਕ ਤੇ ਅਕਾਰ ਕਾਰਨ ਆਪਣਾ ਵੱਖਰਾ ਮੁਕਾਮ ਰੱਖਦੀਆਂ ਹਨ। ਹੁਸ਼ਿਆਰਪੁਰ ਦੇ ਹਰਿਆਣਾ ਕੋਲ ਪਿੰਡ ਬਸੀ ਉਮਰ ਖਾਨ 'ਚ 'ਇਨਾਮੀ ਬਾਗ਼', ਪਿੰਡ ਭੂੰਗਾ ਵਿਖੇ 'ਕਾਲਾ ਬਾਗ', ਗੜ੍ਹਦੀਵਾਲਾ ਨਜ਼ਦੀਕ ਡੱਫਰ ਵਿਖੇ 'ਮਹੰਤਾਂ ਦਾ ਬਾਗ਼', ਹਾਜੀਪੁਰ ਦੇ ਆਸ ਪਾਸ ਦਾ ਇਲਾਕਾ, ਕੰਢੀ ਤੇ ਮੈਦਾਨੀ ਖੇਤਰ 'ਚ ਪੁਰਾਣੇ ਅੰਬਾਂ ਦੇ ਦਰੱਖਤਾਂ ਦਾ ਕਰੀਬ 1300 ਹੈਕਟੇਅਰ ਰਕਬਾ ਇਲਾਕੇ ਦੀ ਅੰਬ ਵਿਰਾਸਤ ਦੀ ਗਵਾਹੀ ਭਰਦਾ ਹੈ। ਭਾਵੇਂ ਪੂਰੇ ਦੇਸ਼ 'ਚ ਵਧ ਰਹੇ ਵਾਤਾਵਰਨ ਪ੍ਰਦੂਸ਼ਣ, ਪੰਜਾਬ 'ਚ ਪਾਣੀ ਦੇ ਡਿੱਗ ਰਹੇ ਜ਼ਮੀਨੀ ਪੱਧਰ, ਬੰਦਿਆਂ ਦਾ ਕੁਦਰਤ ਤੇ ਬਨਸਪਤੀ ਨਾਲ ਟੁੱਟ ਰਿਹਾ ਮੋਹ ਅੰਬ ਵਰਗੇ ਸ਼ਾਹੀ ਫ਼ਲਾਂ ਦੀ ਹੋਂਦ 'ਤੇ ਵੀ ਸੁਆਲੀਆ ਚਿੰਨ੍ਹ ਲਾ ਰਿਹਾ ਹੈ, ਪਰ ਇਨ੍ਹਾਂ ਮਹਿਕਦੀਆਂ ਖੁਸ਼ਬੋਆਂ ਦੀ ਸਲਾਮਤੀ 'ਚ ਹੀ ਸਾਰੀ ਮਨੁੱਖਤਾ ਦੀ ਭਲਾਈ ਦਾ ਰਾਜ਼ ਲੁਕਿਆ ਹੋਇਆ ਹੈ, ਜਿਨ੍ਹਾਂ ਦੇ ਬਚਾਅ ਨਾਲ ਹੀ ਪੂਰੀ ਮਨੁੱਖ ਜਾਤੀ ਦਾ ਬਚਾਅ ਹੋਣਾ ਹੈ। ਦੁਆਬੇ ਦੀ ਅੰਬ ਵਿਰਾਸਤ ਦੀ ਕਾਵਿਕ ਵਡਿਆਈ ਇਸ ਤਰ੍ਹਾਂ ਕੀਤੀ ਗਈ ਹੈ :
ਜਦੋਂ ਅੰਬ ਸੰਧੂਰੀ ਪੱਕ ਜਾਣ ਵਿਚ ਦੁਆਬੇ ਦੇ,
ਰੱਬ ਆਪ ਬਹਿਸ਼ਤੋਂ ਉਤਰ ਕੇ ਆਇਆ ਲਗਦਾ ਏ...।

-ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 7087787700,
Email. deshpunjab77@gmail.com

ਅਸਲੀ 'ਸਟਾਰ ਮੇਕਰ' ਸੀ ਸਰੋਜ ਖਾਨ

ਮੈਨੂੰ ਉਹ ਦਿਨ ਅੱਜ ਵੀ ਬਰਾਬਰ ਯਾਦ ਹਨ। ਤਰੀਕ ਸੀ 16 ਜਨਵਰੀ 2020 ਅਤੇ ਥਾਂ ਸੀ ਸਿਨੇ ਡਾਂਸਰ ਐਸੋਸੀਏਸ਼ਨ ਦਾ ਦਫ਼ਤਰ। ਸਰੋਜ ਖਾਨ ਇਸ ਸੰਸਥਾ ਦੀ ਜੀਵਨ ਭਰ ਲਈ ਮੈਂਬਰ ਸੀ ਅਤੇ ਸਿਨੇ ਡਾਂਸਰਾਂ ਦੀ ਭਲਾਈ ਲਈ ਸਰੋਜ ਖਾਨ ਵਲੋਂ ਦਿੱਤੇ ਗਏ ਮਹੱਤਵਪੂਰਨ ਯੋਗਦਾਨ ਦੀ ਕਦਰ ਕਰਦੇ ਹੋਏ ਉਸ ਨੂੰ ਇਸ ਸੰਸਥਾ ਦੀ ਬ੍ਰਾਂਡ ਅੰਬੈਸਡਰ ਦੇ ਤੌਰ 'ਤੇ ਵੀ ਨਿਯੁਕਤ ਕੀਤਾ ਗਿਆ ਸੀ। ਨ੍ਰਿਤ ਨਿਰਦੇਸ਼ਕ ਗਣੇਸ਼ ਅਚਾਰਿਆ ਨੇ ਸਿਨੇ ਡਾਂਸਰਾਂ ਲਈ ਆਪਣੀ ਨਵੀਂ ਸੰਸਥਾ ਸਥਾਪਤ ਕੀਤੀ ਸੀ। ਸਰੋਜ ਖਾਨ ਨੇ ਡਾਂਸਰਾਂ ਦੀ ਦੁਨੀਆ ਵਿਚ ਫੁੱਟ ਪੈਂਦੀ ਦੇਖ ਕੇ ਗਣੇਸ਼ ਆਚਾਰਿਆ ਦੇ ਖਿਲਾਫ਼ ਮੋਰਚਾ ਖੋਲ੍ਹ ਲਿਆ ਸੀ ਅਤੇ ਇਸ ਰਾਹੀਂ ਪੱਤਰਕਾਰਾਂ ਨਾਲ ਰੂਬਰੂ ਹੋਣ ਲਈ ਉਸ ਦਿਨ ਆਪਣੀ ਸੰਸਥਾ ਦੇ ਦਫ਼ਤਰ ਪਹੁੰਚੀ ਸੀ।
ਉਹ ਉਥੇ ਸੋਟੀ ਦੇ ਸਹਾਰੇ ਤੁਰਦੀ ਹੋਈ ਤੇ ਛੋਟੇ-ਛੋਟੇ ਕਦਮ ਚੁੱਕਦੀ ਆਈ ਸੀ। ਉਮਰ ਦਾ ਤਕਾਜ਼ਾ ਉਸ 'ਤੇ ਸਾਫ਼ ਦਿਸ ਰਿਹਾ ਸੀ। ਤੁਰਦੇ ਸਮੇਂ ਉਨ੍ਹਾਂ ਦਾ ਸਾਹ ਵੀ ਫੁੱਲ ਰਿਹਾ ਸੀ ਪਰ ਆਪਣੇ ਸਰੀਰ ਤੇ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਉਹ ਸਿਨੇ ਡਾਂਸਰਾਂ ਦੀ ਏਕਤਾ ਬਰਕਰਾਰ ਰੱਖਣ ਲਈ ਉਥੇ ਆਈ ਸੀ। ਆਪਣੇ ਆਗਮਨ ਨਾਲ ਸਰੋਜ ਖਾਨ ਨੇ ਪ੍ਰਗਟਾ ਦਿੱਤਾ ਸੀ ਕਿ ਉਸ ਨੂੰ ਸਿਨੇ ਡਾਂਸਰਾਂ ਦੀ ਕਿੰਨੀ ਫ਼ਿਕਰ ਹੈ ਅਤੇ ਆਪਣੀ ਸੰਸਥਾ ਨੂੰ ਉਹ ਕਿੰਨਾ ਮਹੱਤਵ ਦਿੰਦੀ ਹੈ।
ਉਦੋਂ ਛੋਟੇ-ਛੋਟੇ ਕਦਮ ਚੁੱਕ ਕੇ ਤੁਰਦੀ ਆਈ ਸਰੋਜ ਖਾਨ ਨੂੰ ਦੇਖ ਕੇ ਉਹ ਸਰੋਜ ਖਾਨ ਯਾਦ ਆ ਗਈ ਜੋ ਆਪਣੇ ਲੱਕ 'ਤੇ ਦੁਪੱਟਾ ਬੰਨ੍ਹ ਕੇ ਸੈੱਟ 'ਤੇ ਵੱਡੀਆਂ ਵੱਡੀਆਂ ਹੀਰੋਇਨਾਂ ਨੂੰ ਨਚਾਇਆ ਕਰਦੀ ਸੀ। ਹੀਰੋਇਨਾਂ ਉਸ ਦੀ ਉਂਗਲੀਆਂ ਦੇ ਇਸ਼ਾਰੇ 'ਤੇ ਨੱਚਣ ਲਈ ਹਰ ਵੇਲੇ ਤਿਆਰ ਰਹਿੰਦੀਆਂ ਸਨ ਕਿਉਂਕਿ ਉਹ ਜਾਣਦੀਆਂ ਸਨ ਕਿ ਸਰੋਜ ਖਾਨ ਆਪਣੀ ਡਾਂਸ ਮੂਵਮੈਂਟ ਜ਼ਰੀਏ ਉਨ੍ਹਾਂ ਨੂੰ ਸਟਾਰ ਬਣਾ ਦੇਣ ਦੀ ਕਲਾ ਰੱਖਦੀ ਹੈ। ਉਹ ਅਸਲੀ 'ਸਟਾਰ ਮੇਕਰ' ਸੀ ਅਤੇ ਸ੍ਰੀਦੇਵੀ ਤੇ ਮਾਧੁਰੀ ਦੀਕਸ਼ਿਤ ਨੂੰ ਟੌਪ ਸਟਾਰ ਬਣਾਉਣ ਦਾ ਸਿਹਰਾ ਸਰੋਜ ਖਾਨ ਨੂੰ ਜਾਂਦਾ ਹੈ। ਸਰੋਜ ਖਾਨ ਬਾਖੂਬੀ ਜਾਣਦੀ ਸੀ ਕਿ ਆਮ ਮਸਾਲਾ ਹਿੰਦੀ ਫ਼ਿਲਮਾਂ ਵਿਚ ਹੀਰੋਇਨ ਦੇ ਹਿੱਸੇ ਚਾਰ ਸੰਵਾਦ ਜਾਂ ਚਾਰ ਗੀਤ ਆਉਂਦੇ ਹਨ। ਇਹੀ ਵਜ੍ਹਾ ਸੀ ਕਿ ਉਹ ਗੀਤਾਂ ਦੇ ਫ਼ਿਲਮਾਂਕਣ 'ਤੇ ਬਹੁਤ ਮਿਹਨਤ ਕਰਿਆ ਕਰਦੀ ਸੀ ਤਾਂ ਕਿ ਫ਼ਿਲਮ ਵਿਚ ਹੀਰੋਇਨ ਦੀ ਮੌਜੂਦਗੀ ਦਰਜ ਹੋ ਜਾਵੇ।
ਸਟਾਰ ਮੇਕਰ ਦਾ ਤਗਮਾ ਹਾਸਲ ਕਰਨ ਵਾਲੀ ਸਰੋਜ ਖਾਨ ਨੇ ਫ਼ਿਲਮਾਂ ਵਿਚ ਆਪਣੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ 'ਤੇ ਕੀਤੀ ਸੀ। ਉਹ ਜਦੋਂ ਤਿੰਨ ਸਾਲ ਦੀ ਸੀ ਉਦੋਂ ਫ਼ਿਲਮ 'ਨਜ਼ਰਾਨਾ' ਵਿਚ ਕੰਮ ਕੀਤਾ ਸੀ ਅਤੇ ਇਸ ਵਿਚ ਉਨ੍ਹਾਂ ਨੇ ਸ਼ਿਆਮ ਦੇ ਬਚਪਨ ਦੀ ਭੂਮਿਕਾ ਨਿਭਾਈ ਸੀ। ਜਵਾਨੀ ਵਿਚ ਕਦਮ ਰੱਖਦਿਆਂ ਹੀ ਨ੍ਰਿਤ ਨਿਰਦੇਸ਼ਕ ਬੀ. ਸੋਹਨਵਾਲਾ ਨਾਲ ਵਿਆਹ ਕਰਾ ਲਿਆ ਅਤੇ ਬਤੌਰ ਸਹਾਇਕ ਉਨ੍ਹਾਂ ਨਾਲ ਸ਼ੂਟਿੰਗ 'ਤੇ ਜਾਣ ਲੱਗੀ। ਬਾਅਦ ਵਿਚ ਸੋਹਨ ਲਾਲ ਨਾਲ ਉਸ ਦਾ ਵਿਆਹ ਟੁੱਟ ਗਿਆ ਅਤੇ ਉਹ ਆਪਣਾ ਘਰ ਚਲਾਉਣ ਲਈ ਨਰਸ ਬਣ ਗਈ। ਉਦੋਂ ਉਹ ਮੁੰਬਈ ਦੇ ਕੇ. ਈ. ਐਮ. ਹਸਪਤਾਲ ਵਿਚ ਨੌਕਰੀ ਕਰਨ ਲੱਗੀ ਅਤੇ ਇਥੇ ਉਸ ਦੀ ਤਨਖਾਹ 85 ਰੁਪਏ ਸੀ। ਪਤਾ ਨਹੀਂ ਕਿਉਂ ਸਰੋਜ ਖਾਨ ਦੀ ਨੌਂ ਤੋਂ ਪੰਜ ਵਾਲੀ ਨੌਕਰੀ ਵਿਚ ਰੁਚੀ ਨਹੀਂ ਸੀ ਅਤੇ ਉਹ ਫ਼ਿਲਮਾਂ ਵਿਚ ਵਾਪਸ ਆ ਗਈ। ਨੱਚਣਾ ਚੰਗਾ ਆਉਂਦਾ ਸੀ। ਸੋ, ਉਹ ਗਰੁੱਪ ਡਾਂਸਰ ਬਣ ਗਈ ਅਤੇ ਆਪਣੇ ਜ਼ਮਾਨੇ ਦੀਆਂ ਕਈ ਨਾਮੀ ਹੀਰੋਇਨਾਂ ਦੇ ਪਿੱਛੇ ਖੜ੍ਹੀ ਰਹਿ ਕੇ ਥਿਰਕਣ ਲੱਗੀ। ਉਹ ਨ੍ਰਿਤ ਨਿਰਦੇਸ਼ਨ ਵਿਚ ਰੁਚੀ ਜ਼ਿਆਦਾ ਰੱਖਦੀ ਸੀ। ਸੋ, ਡਾਂਸ ਮਾਸਟਰ ਕਮਲ ਦੀ ਸਹਾਇਕ ਬਣ ਗਈ। ਕਮਲ ਆਪਣੇ ਜ਼ਮਾਨੇ ਦੇ ਰੁੱਝੇ ਹੋਏ ਨ੍ਰਿਤ ਨਿਰਦੇਸ਼ਕ ਸਨ। ਜਦੋਂ 'ਧਰਤੀ ਕਹੇ ਪੁਕਾਰ ਕੇ' ਦੇ ਇਕ ਗੀਤ ਦੇ ਫ਼ਿਲਮਾਂਕਣ ਦੀ ਵਾਰੀ ਆਈ ਤਾਂ ਪਤਾ ਲੱਗਿਆ ਕਿ ਸੈੱਟ 'ਤੇ ਫ਼ਿਲਮ ਦੀ ਹੀਰੋਇਨ ਨੰਦਾ ਤਾਂ ਮੌਜੂਦ ਹੈ ਪਰ ਡਾਂਸ ਨਿਰਦੇਸ਼ਕ ਦਾ ਅਤਾ-ਪਤਾ ਨਹੀਂ ਹੈ। ਫ਼ਿਲਮ ਦੇ ਹੀਰੋ ਜਤਿੰਦਰ ਵੀ ਪਹੁੰਚੇ ਹੋਏ ਸਨ ਪਰ ਡਾਂਸ ਨਿਰੇਦਸ਼ਕ ਦੀ ਨਾ ਮੌਜੂਦਗੀ ਦੀ ਵਜ੍ਹਾ ਕਰਕੇ ਸ਼ੂਟਿੰਗ ਸ਼ੁਰੂ ਨਹੀਂ ਹੋ ਪਾ ਰਹੀ ਸੀ। ਉਦੋਂ ਗੀਤ ਦੇ ਫ਼ਿਲਮਾਂਕਣ ਦੀ ਜ਼ਿੰਮੇਦਾਰੀ ਸਰੋਜ ਨੂੰ ਸੌਂਪੀ ਗਈ ਅਤੇ ਉਹ ਗੀਤ ਸੀ 'ਹਮ ਤੁਮ ਚੋਰੀ ਸੇ... ਬੰਧੇ ਏਕ ਡੋਰੀ ਸੇ...।' ਸਰੋਜ ਨੇ ਆਪਣੇ 'ਤੇ ਆਈ ਜ਼ਿੰਮੇਦਾਰੀ ਨੂੰ ਬਾਖ਼ੂਬੀ ਨਿਭਾਇਆ ਅਤੇ ਵਾਹਵਾਹੀ ਖੱਟੀ। ਮਸ਼ਹੂਰ ਕੱਵਾਲੀ 'ਨਿਗਾਹੇਂ ਮਿਲਾਨੇ ਕੋ ਜੀ ਚਾਹਤਾ ਹੈ...' ਦਾ ਨਿਰਦੇਸ਼ਨ ਵੀ ਸਰੋਜ ਨੇ ਹੀ ਕੀਤਾ ਸੀ ਪਰ ਵੱਡੇ ਪਰਦੇ 'ਤੇ ਆਜ਼ਾਦ ਫ਼ਿਲਮ ਨਿਰਦੇਸ਼ਕ ਦੇ ਤੌਰ 'ਤੇ ਪਹਿਲੀ ਵਾਰ ਉਸ ਦਾ ਨਾਂਅ 'ਗੀਤਾ ਮੇਰਾ ਨਾਮ' ਰਾਹੀਂ ਚਮਕਿਆ। ਉਂਝ ਇਸ ਫ਼ਿਲਮ ਤੋਂ ਪਹਿਲਾਂ ਸਰੋਜ ਨੂੰ 'ਮ੍ਰਿਗਤ੍ਰਿਸ਼ਨਾ' ਰਾਹੀਂ ਮੌਕਾ ਦਿੱਤਾ ਗਿਆ ਸੀ ਅਤੇ ਆਪਣੇ ਇਸ ਪਹਿਲੇ ਮੌਕੇ ਵਿਚ ਉਸ ਨੇ ਹੇਮਾ ਮਾਲਿਨੀ ਨੂੰ ਨਿਰਦੇਸ਼ਿਤ ਕਰਨਾ ਸੀ ਅਤੇ ਗੀਤ ਦੇ ਬੋਲ ਸਨ 'ਨਵ ਕਲਪਨਾ ਨਵ ਰੂਪ ਸੇ...' ਇਹ ਗੱਲ ਵੱਖਰੀ ਹੈ ਕਿ 'ਮ੍ਰਿਗਤ੍ਰਿਸ਼ਨਾ' ਨੇ ਸਿਨੇਮਾ ਘਰਾਂ ਤੱਕ ਪਹੁੰਚਣ ਵਿਚ ਤਿੰਨ ਸਾਲ ਦਾ ਸਮਾਂ ਲੈ ਲਿਆ ਅਤੇ ਇਸ ਦੌਰਾਨ 'ਗੀਤਾ ਮੇਰਾ ਨਾਮ' ਪਹਿਲਾਂ ਪ੍ਰਦਰਸ਼ਿਤ ਹੋ ਗਈ। ਹੇਮਾ ਮਾਲਿਨੀ ਅਤੇ ਸਾਧਨਾ ਨੂੰ ਨਿਰਦੇਸ਼ਿਤ ਕਰ ਆਪਣੇ ਨ੍ਰਿਤ ਨਿਰਦੇਸ਼ਨ ਦਾ ਸਫ਼ਰ ਸ਼ੁਰੂ ਕਰਨ ਵਾਲੀ ਸਰੋਜ ਖਾਨ ਨੇ ਆਪਣੀ ਲੰਮੀ ਪਾਰੀ ਵਿਚ ਦੋ ਹਜ਼ਾਰ ਤੋਂ ਜ਼ਿਆਦਾ ਗੀਤ ਫ਼ਿਲਮਾਂਕਿਤ ਕੀਤੇ ਅਤੇ ਇਨ੍ਹਾਂ ਵਿਚੋਂ ਕਈ ਗੀਤ ਆਪਣੇ ਫ਼ਿਲਮਾਂਕਣ ਦੀ ਵਜ੍ਹਾ ਕਰਕੇ ਅਮਰ ਹੋ ਗਏ।
ਸਰੋਜ ਖਾਨ ਵਿਚ ਨਿਰਦੇਸ਼ਨ ਦੀ ਸੂਝ-ਬੂਝ ਵੀ ਸੀ ਅਤੇ ਇਸੇ ਵਜ੍ਹਾ ਕਰਕੇ ਉਸ ਦੇ ਕਈ ਗੀਤਾਂ ਤੋਂ ਮਾਦਕਤਾ ਝਲਕਦੀ ਹੈ ਪਰ ਅਸ਼ਲੀਲਤਾ ਬਿਲਕੁਲ ਨਹੀਂ। ਜਦੋਂ 'ਮਿ. ਇੰਡੀਆ' ਦਾ ਗੀਤ 'ਕਾਟੇ ਨਹੀਂ ਕਟਦੇ ਦਿਨ ਯੇ ਰਾਤ..' ਫ਼ਿਲਮਾਇਆ ਜਾ ਰਿਹਾ ਸੀ, ਉਦੋਂ ਸਰੋਜ ਜਾਣਦੀ ਸੀ ਕਿ ਇਹ ਫ਼ਿਲਮ ਬੱਚਿਆਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾ ਰਹੀ ਹੈ ਅਤੇ ਇਸੇ ਵਜ੍ਹਾ ਕਰਕੇ ਇਕ ਮਰਿਆਦਾ ਵਿਚ ਰਹਿ ਕੇ ਗੀਤ ਵਿਚ ਮਾਦਕਤਾ ਪੇਸ਼ ਕੀਤੀ ਗਈ ਸੀ। ਉਦੋਂ ਤੋਂ ਸ੍ਰੀਦੇਵੀ ਇਨ੍ਹਾਂ ਦੀ ਵੱਡੀ ਪ੍ਰਸੰਸਕ ਬਣ ਗਈ ਸੀ ਤੇ ਉਹ ਆਪਣੀ ਨਵੀਂ ਫ਼ਿਲਮ ਸਾਈਨ ਕਰਦੇ ਸਮੇਂ ਨਿਰਮਾਤਾਵਾਂ ਨੂੰ ਜ਼ੋਰ ਦੇ ਕੇ ਕਹਿੰਦੀ ਸੀ ਕਿ ਫ਼ਿਲਮਾਂ ਦੇ ਗੀਤਾਂ ਦਾ ਫ਼ਿਲਮਾਂਕਣ ਸਰੋਜ ਖਾਨ ਵਲੋਂ ਕੀਤਾ ਜਾਵੇਗਾ।
ਇਹੀ ਹਾਲ ਮਾਧੁਰੀ ਦੀਕਸ਼ਿਤ ਦਾ ਵੀ ਰਿਹਾ। ਮੁੰਬਈ ਦੇ ਮਹਿਬੂਬ ਸਟੂਡੀਓ ਵਿਚ ਜਦੋਂ 'ਤੇਜਾਬ' ਦਾ 'ਏਕ ਦੋ ਤੀਨ...' ਗੀਤ ਫ਼ਿਲਮਾਇਆ ਜਾ ਰਿਹਾ ਸੀ ਉਦੋਂ ਸਰੋਜ ਨੇ ਉਸ ਨੂੰ 'ਬੈਕ ਠੁਮਕੇ' ਵਾਲੇ ਸਟੈੱਪਸ ਦਿੱਤੇ ਅਤੇ ਜਦੋਂ ਮਾਧੁਰੀ ਇਸ ਨੂੰ ਕਰ ਗਈ ਉਦੋਂ ਸਰੋਜ ਨੇ ਕਿਹਾ ਸੀ ਕਿ ਇਹ ਕੁੜੀ ਸਟਾਰ ਬਣੇਗੀ। ਇਹ ਵੀ ਸੱਚ ਹੈ ਕਿ ਮਾਧੁਰੀ ਨੂੰ ਸਟਾਰ ਬਣਾਉਣ ਦੇ ਪਿੱਛੇ 'ਤੇਜਾਬ' ਦੇ ਇਸ ਗੀਤ ਦਾ ਵੱਡਾ ਯੋਗਦਾਨ ਰਿਹਾ। ਬਾਅਦ ਵਿਚ ਸਰੋਜ ਨੇ ਮਾਧੁਰੀ ਨੂੰ 'ਬੇਟਾ', 'ਰਾਮ ਲਖਨ', 'ਸੈਲਾਬ' ਆਦਿ ਫ਼ਿਲਮਾਂ ਵਿਚ ਨਿਰਦੇਸ਼ਿਤ ਕੀਤਾ ਅਤੇ ਇਨ੍ਹਾਂ ਫ਼ਿਲਮਾਂ ਦੇ ਗੀਤਾਂ ਦੀ ਬਦੌਲਤ ਮਾਧੁਰੀ ਕਿੰਨੀ ਵੱਡੀ ਸਟਾਰ ਬਣੀ, ਇਹ ਹਕੀਕਤ ਕਿਸੇ ਤੋਂ ਲੁਕੀ ਹੋਈ ਨਹੀਂ।
ਸਰੋਜ ਖਾਨ ਨੇ ਬਤੌਰ ਨ੍ਰਿਤ ਨਿਰਦੇਸ਼ਕਾ ਕਿੰਨਾ ਉੱਚਾ ਦਰਜਾ ਹਾਸਲ ਕੀਤਾ ਸੀ, ਇਹ ਇਸ ਗੱਲ ਤੋਂ ਵੀ ਪਤਾ ਲਗਦਾ ਹੈ ਕਿ ਕਈ ਵਾਰ ਨਿਰਮਾਤਾ ਨੂੰ ਆਪਣੀ ਫ਼ਿਲਮ ਦੀ ਸ਼ੂਟਿੰਗ ਇਸ ਲਈ ਰੱਦ ਕਰ ਦੇਣੀ ਪੈਂਦੀ ਸੀ ਕਿ ਉਸ ਦੇ ਕੋਲ ਮਾਧੁਰੀ ਜਾਂ ਸ੍ਰੀਦੇਵੀ ਦੀਆਂ ਤਰੀਕਾਂ ਤਾਂ ਸਨ ਪਰ ਸਰੋਜ ਖਾਨ ਕੋਲ ਤਰੀਕ ਨਾ ਹੋਣ ਕਰਕੇ ਸ਼ੂਟਿੰਗ ਨਹੀਂ ਸੀ ਹੋ ਸਕੀ।
ਦੇਵਦਾਸ, ਤਾਲ, ਹਮ ਦਿਲ ਦੇ ਚੁਕੇ ਸਨਮ, ਚਾਂਦਨੀ, ਨਗੀਨਾ ਆਦਿ ਫ਼ਿਲਮਾਂ ਦੇ ਗੀਤਾਂ ਦੇ ਨਿਰਦੇਸ਼ਨ ਵਿਚ ਆਪਣਾ ਅਮਿਟ ਸਟੈੱਪ ਪੇਸ਼ ਕਰਕੇ ਸਰੋਜ ਖਾਨ ਨੇ ਗੀਤਾਂ ਨੂੰ ਸਦਾ ਅਮਰ ਬਣਾ ਦਿੱਤਾ ਅਤੇ ਸਰੋਜ ਨੇ ਆਪਣੇ ਕਰੀਅਰ ਦਾ ਆਖਰੀ ਗੀਤ ਆਪਣੀ ਪਸੰਦੀਦਾ ਨਾਇਕਾ ਮਾਧੁਰੀ ਦੀਕਸ਼ਿਤ ਦੇ ਨਾਲ ਕੀਤਾ ਸੀ ਅਤੇ ਗੀਤ ਸੀ ਫ਼ਿਲਮ 'ਕਲੰਕ' ਦਾ 'ਤਬਾਹ ਹੋ ਗਯੇ...'।
ਸਰੋਜ ਖਾਨ ਦਾ ਅਸਲੀ ਨਾਂਅ ਨਿਰਮਲਾ ਨਾਗਪਾਲ ਸੀ। ਪਹਿਲਾ ਵਿਆਹ ਟੁੱਟਣ ਤੋਂ ਬਾਅਦ ਉਸ ਨੇ ਦੂਜਾ ਵਿਆਹ ਰੋਸ਼ਨ ਖਾਨ ਨਾਲ ਕੀਤਾ ਸੀ ਅਤੇ ਉਸ ਨੂੰ ਸਰੋਜ ਖਾਨ ਨਾਂਅ ਦਿੱਤਾ ਗਿਆ।
ਹੁਣ ਨਾਂਅ ਭਾਵੇਂ ਬਦਲਿਆ ਹੋਵੇ ਪਰ ਬਾਲੀਵੁੱਡ ਹਮੇਸ਼ਾ ਉਨ੍ਹਾਂ ਨੂੰ 'ਮਾਸਟਰ ਜੀ' ਦੇ ਨਾਂਅ ਨਾਲ ਸੰਬੋਧਿਤ ਕਰਦਾ ਰਿਹਾ ਅਤੇ ਉਹ ਇਕ ਇਸ ਤਰ੍ਹਾਂ ਦੀ ਮਾਸਟਰ ਸਾਬਤ ਹੋਈ ਜਿਸ ਨੇ ਕਈ ਹੀਰੋਇਨਾਂ ਨੂੰ ਸਟਾਰ ਦਾ ਰੁਤਬਾ ਦਿਵਾਇਆ।
ਇਸ ਤਰ੍ਹਾਂ ਦੀ ਕਾਬਲ ਨ੍ਰਿਤ ਨਿਰਦੇਸ਼ਕਾ ਨੂੰ ਨਿਮਰ ਸ਼ਰਧਾਂਜਲੀ।

ਆਪਣੇ ਸਹਾਰੇ ਜੀਓ

ਜਿੰਦਾ ਰਹਿਣ ਲਈ ਭੋਜਨ ਮਨੁੱਖ ਦੀ ਮੁਢਲੀ ਜ਼ਰੂਰਤ ਹੈ। ਭੋਜਨ ਨਾਲ ਉਸ ਨੂੰ ਊਰਜਾ ਮਿਲਦੀ ਹੈ ਅਤੇ ਉਸ ਦੇ ਸਰੀਰ ਵਿਚ ਤਾਕਤ ਆਉਂਦੀ ਹੈ। ਉਸ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਇਹ ਤਾਂ ਹੀ ਸੰਭਵ ਜੇ ਮਨੁੱਖ ਦੇ ਸਰੀਰ ਵਿਚ ਗਿਆ ਭੋਜਨ ਚੰਗੀ ਤਰ੍ਹਾਂ ਹਜ਼ਮ ਹੋ ਜਾਏ। ਭੋਜਨ ਨੂੰ ਹਜ਼ਮ ਕਰਨ ਲਈ ਉਸ ਨੂੰ ਕੋਈ ਨਾ ਕੋਈ ਕੰਮ ਕਰਨ ਦੀ ਜ਼ਰੂਰਤ ਹੈ। ਬੱਚਾ ਜਦ ਬੱਚਾ ਸਕੂਲ ਜਾਣ ਲਗਦਾ ਹੈ ਤਾਂ ਉਸ ਦੀ ਊਰਜਾ ਪੜ੍ਹਾਈ ਅਤੇ ਖੇਲ ਕੁੱਦ ਆਦਿ ਵਿਚ ਖ਼ਰਚ ਹੁੰਦੀ ਹੈ।
ਜਦ ਤੱਕ ਬੱਚਾ ਆਪਣੀ ਪੜ੍ਹਾਈ ਪੂਰੀ ਕਰ ਕੇ ਆਪਣੇ ਪੈਰਾਂ 'ਤੇ ਖੜ੍ਹਾ ਹੁੰਦਾ ਹੈ ਤਦ ਤੱਕ ਉਹ ਬਾਲਗ ਹੋ ਜਾਂਦਾ ਹੈ। ਉਸ ਨੂੰ ਆਪਣੀਆਂ ਜੜ੍ਹਾਂ ਫੈਲਾਉਣ ਲਈ ਮਜ਼ਬੂਤ ਧਰਤੀ ਮਿਲਦੀ ਹੈ ਅਤੇ ਖੰਭ ਫੈਲਾਉਣ ਲਈ ਖੁੱਲ੍ਹਾ ਅਸਮਾਨ ਮਿਲਦਾ ਹੈ। ਉਹ ਆਪਣੇ ਮਾਂ ਪਿਓ ਦਾ ਸਹਾਰਾ ਛੱਡ ਕੇ ਆਜ਼ਾਦ ਵਿਚਰਦਾ ਹੈ। ਆਪਣੀਆਂ ਜ਼ਿੰਮੇਵਾਰੀਆਂ ਸੰਭਾਲਦਾ ਹੈ। ਆਪਣੇ ਫੈਸਲੇ ਆਪ ਕਰਦਾ ਹੈ ਅਤੇ ਉਨ੍ਹਾਂ ਦੇ ਚੰਗੇ ਮਾੜੇ ਨਤੀਜਿਆਂ ਦਾ ਵੀ ਸਾਹਮਣਾ ਕਰਦਾ ਹੈ। ਇਹ ਉਸ ਦੇ ਪੂਰਨ ਮਨੁੱਖ ਬਣਨ ਦੀ ਨਿਸ਼ਾਨੀ ਹੁੰਦੀ ਹੈ। ਜੋ ਇਸ ਉਮਰ ਵਿਚ ਵੀ ਮਾਂ ਪਿਓ ਦੀ ਉਂਗਲੀ ਫੜ ਕੇ ਤੁਰਦਾ ਹੈ ਜਾਂ ਦੂਸਰਿਆਂ ਦੇ ਸਹਾਰੇ ਭਾਲਦਾ ਹੈ, ਉਸ ਦਾ ਪੂਰੀ ਤਰ੍ਹਾਂ ਵਿਕਾਸ ਨਹੀਂ ਹੋਇਆ ਹੁੰਦਾ।
ਮਨੁੱਖ ਨੂੰ ਬਚਪਨ ਵਿਚ ਹੀ ਕੰਮ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ ਅਤੇ ਜੁਆਨੀ ਵਿਚ ਇਸ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾ ਲੈਣਾ ਚਾਹੀਦਾ ਹੈ। ਕੰਮ ਕਰਨ ਨਾਲ ਕਦੀ ਕੋਈ ਨਹੀਂ ਮਰਦਾ ਸਗੋਂ ਵਿਹਲੇ ਰਹਿਣ ਨਾਲ ਬੰਦਾ ਬਿਮਾਰ ਪੈ ਕੇ ਜਲਦੀ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਤੁਹਾਡਾ ਕੰਮ ਹੀ ਦੱਸਦਾ ਹੈ ਕਿ ਅੱਜ ਜੋ ਤੁਸੀਂ ਭੋਜਨ ਕੀਤਾ ਹੈ ਉਸ ਦਾ ਸਹੀ ਮੁੱਲ ਚੁਕਾਇਆ ਹੈ। ਕੰਮ ਵਾਲੇ ਨੌਜੁਆਨ ਦੀ ਸ਼ਖਸੀਅਤ ਹੀ ਵੱਖਰੀ ਹੁੰਦੀ ਹੈ। ਉਸ ਨੂੰ ਆਪਣੇ ਚਿਹਰੇ ਨੂੰ ਚਮਕਾਉਣ ਲਈ ਕਿਸੇ ਪਾਉਡਰ ਅਤੇ ਕਰੀਮ ਦੀ ਜ਼ਰੂਰਤ ਨਹੀਂ ਪੈਂਦੀ। ਉਸ ਦੇ ਚਿਹਰੇ ਤੇ ਆਤਮ ਵਿਸ਼ਵਾਸ ਦੀ ਚਮਕ ਹੁੰਦੀ ਹੈ।
ਬੰਦੇ ਦੀ ਜੁਆਨੀ ਦੀ ਉਮਰ ਘੋੜੇ ਵਰਗੀ ਹੁੰਦੀ ਹੈ। ਇਸ ਉਮਰ ਵਿਚ ਸਰੀਰ ਵਿਚ ਕੰਮ ਕਰਨ ਦੀ ਬਹੁਤ ਤਾਕਤ ਹੁੰਦੀ ਹੈ। ਇਸ ਉਮਰ ਵਿਚ ਉਹ ਖ਼ੂਬ ਮਿਹਨਤ ਕਰਕੇ ਕਮਾਈ ਕਰ ਕਰਦਾ ਹੈ ਅਤੇ ਆਪਣੇ ਪਰਿਵਾਰ ਦੇ ਖ਼ਰਚੇ ਹੀ ਪੂਰੇ ਨਹੀਂ ਕਰਦਾ ਸਗੋਂ ਆਪਣੇ ਸੁਰੱਖਿਅਤ ਭਵਿੱਖ ਲਈ ਵੀ ਕੁਝ ਧਨ ਬਚਾ ਕੇ ਰੱਖਦਾ ਹੈ। ਹਰਕਤ ਵਿਚ ਰਹਿਣ ਕਰ ਕੇ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ। ਸਾਡੀ ਤੰਦਰੁਸਤੀ ਸਾਡੀ ਉਮਰ ਲੰਮੀ ਕਰਦੀ ਹੈ। ਅਸੀਂ ਖ਼ੁਸ਼ ਅਤੇ ਸ਼ਾਂਤ ਰਹਿੰਦੇ ਹਾਂ। ਸਾਨੂੰ ਛੋਟੇ ਛੋਟੇ ਕੰਮਾਂ ਲਈ ਕਿਸੇ ਤੇ ਨਿਰਭਰ ਨਹੀਂ ਹੋਣਾ ਪੈਂਦਾ। ਇਸ ਨਾਲ ਸਾਨੂੰ ਆਤਮਿਕ ਸੰਤੁਸ਼ਟੀ ਵੀ ਮਿਲਦੀ ਹੈ।
ਆਲਸ ਛੱਡੋ ਅਤੇ ਉੱਦਮੀ ਬਣੋ। ਉੱਦਮੀ ਬੰਦੇ ਨੂੰ ਕੰਮ ਲੱਭਣ ਦੀ ਲੋੜ ਨਹੀਂ ਪੈਂਦੀ, ਉਹ ਜਿੱਧਰ ਵੀ ਜਾਂਦਾ ਹੈ ਉਸ ਲਈ ਕੋਈ ਨਾ ਕੋਈ ਕੰਮ ਨਿਕਲ ਹੀ ਆਉਂਦਾ ਹੈ। ਉਹ ਦੂਸਰਿਆਂ ਦੇ ਵੀ ਕਈ ਕੰਮ ਸੁਆਰਦਾ ਹੈ। ਇਸ ਤਰ੍ਹਾਂ ਸਮਾਜ ਵਿਚ ਵੀ ਉਸ ਦੀ ਇੱਜ਼ਤ ਵਧਦੀ ਹੈ। ਲੋਕ ਉਸ ਨੂੰ ਖਿੜ੍ਹੇ ਮੱਥੇ ਮਿਲਦੇ ਹਨ। ਅਜਿਹੇ ਬੰਦਿਆਂ ਲਈ ਸੌ ਸਾਲ ਜਿਊਣਾ ਕੋਈ ਵੱਡੀ ਗੱਲ ਨਹੀਂ ਹੁੰਦੀ।
ਕੰਮ ਕਰਨ ਵਾਲੇ ਬੰਦੇ ਦੇ ਹੱਥਾਂ ਵਿਚ ਬਰਕਤ ਹੁੰਦੀ ਹੈ। ਕੰਮ ਕਰਨ ਵਾਲਾ ਬੰਦਾ ਕਦੀ ਭੁੱਖਾ ਨਹੀਂ ਮਰਦਾ। ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲਾ ਜਾਏ, ਆਪਣੀ ਥਾਂ ਬਣਾ ਹੀ ਲਏਗਾ। ਉਸ ਨੂੰ ਕਦੀ ਰੋਜ਼ਗਾਰ ਦਾ ਘਾਟਾ ਨਹੀਂ ਰਹੇਗਾ। ਜਿਸ ਨੂੰ ਕੰਮ ਕਰਨ ਦੀ ਆਦਤ ਪੈ ਜਾਏ ਉਹ ਹਰ ਥਾਂ ਸਫ਼ਲ ਹੁੰਦਾ ਹੈ। ਉਹ ਕਦੀ ਬਦਨਸੀਬ ਨਹੀਂ ਹੋ ਸਕਦਾ। ਉਸ ਦੇ ਰਸਤੇ ਵਿਚ ਜੇ ਕੋਈ ਰੁਕਾਵਟ ਆ ਵੀ ਜਾਏ ਤਾਂ ਵੀ ਉਹ ਕਦੀ ਘਬਰਾਉਂਦਾ ਨਹੀਂ ਸਗੋਂ ਆਪਣੀ ਸਫ਼ਲਤਾ ਲਈ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦਾ ਹੈ।
ਕਈ ਵਾਰੀ ਬੁਢਾਪੇ ਵਿਚ ਕੋਈ ਭਾਰਾ ਕੰਮ ਕਰਨ ਲਈ ਸਿਹਤ ਨਹੀਂ ਮੰਨਦੀ ਤਾਂ ਕੋਈ ਰਿਸਕ ਲੈਣ ਦੀ ਜ਼ਰੂਰਤ ਨਹੀਂ। ਆਪਣੀ ਸਮਰੱਥਾ ਅਨੁਸਾਰ ਹੀ ਹਲਕੇ ਕੰਮ ਕਰਕੇ ਹੀ ਆਪਣੇ ਆਪ ਨੂੰ ਰੁੱਝਿਆ ਰੱਖਿਆ ਜਾ ਸਕਦਾ ਹੈ। ਬਜ਼ੁਰਗ ਔਰਤਾਂ ਸਬਜ਼ੀ ਭਾਜੀ ਤਾਂ ਕੱਟ ਹੀ ਸਕਦੀਆਂ ਹਨ। ਬੱਚਿਆਂ ਨੂੰ ਨੁਹਾ ਧੁਆ ਕੇ ਤਿਆਰ ਕਰ ਸਕਦੀਆਂ ਹਨ।
ਕੰਮ ਤੋਂ ਭੱਜਣ ਵਾਲੇ ਆਲਸੀ ਮਨੁੱਖ ਕਦੀ ਤੰਦਰੁਸਤ ਨਹੀਂ ਰਹਿ ਸਕਦੇ। ਆਪਣੇ ਆਪ ਨੂੰ ਸਮੇਂ ਅਨੁਸਾਰ ਅਡਜਸਟ ਕਰੋ। ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਕੰਮ ਅਤੇ ਵਿਚਾਰਾਂ ਵਿਚ ਨਵੀਨਤਾ ਲਿਆਓ। ਮਨੁੱਖ ਉਮਰ ਨਾਲ ਨਹੀਂ ਸਗੋਂ ਵਿਹਲਾ ਅਤੇ ਇਕੱਲਾ ਰਹਿਣ ਨਾਲ ਬੁੱਢਾ ਸਮਝਣ ਲੱਗ ਪੈਂਦਾ ਹੈ। ਉਸ ਦੇ ਨਾਂਹ ਪੱਖੀ ਵਿਚਾਰ ਹੀ ਉੇਸ ਨੂੰ ਅੱਗੇ ਵਧਣ ਨਹੀਂ ਦਿੰਦੇ ਅਤੇ ਉਹ ਢਹਿੰਦੀ ਕਲਾ ਵਿਚ ਚਲੇ ਜਾਂਦਾ ਹੈ। ਹੌਸਲੇ ਵਾਲੇ ਅਤੇ ਊਸਾਰੂ ਵਿਚਾਰਾਂ ਨਾਲ ਮਨੁੱਖ ਦੀ ਜ਼ਿੰਦਗੀ ਦੀ ਗੱਡੀ ਬਿਨਾਂ ਕਿਸੇ ਰੁਕਾਵਟ ਤੋਂ ਅੱਗੇ ਵਧਦੀ ਹੈ।
ਹਮੇਸ਼ਾਂ ਆਸ਼ਾਵਾਦੀ ਰਹੋ। ਜੇ ਕਦੀ ਤੁਹਾਡੇ ਤੇ ਮਾੜੇ ਦਿਨ ਆ ਵੀ ਜਾਣ ਤਾਂ ਵੀ ਹੌਸਲਾ ਨਾ ਛੱਡੋ। ਇਹ ਸੋਚੋ ਕਿ ਜੇ ਚੰਗੇ ਦਿਨ ਨਹੀਂ ਰਹੇ ਤਾਂ ਇਹ ਮਾੜੇ ਦਿਨ ਵੀ ਨਹੀਂ ਰਹਿਣੇ। ਉਮੀਦ 'ਤੇ ਹੀ ਦੁਨੀਆਂ ਕਾਇਮ ਹੈ। ਜਿਸ ਬੰਦੇ ਦੀ ਉਮੀਦ ਹੀ ਖ਼ਤਮ ਹੋ ਗਈ, ਉਸ ਵਿਚ ਜ਼ਿੰਦਾ ਰਹਿਣ ਦੀ ਇੱਛਾ ਹੀ ਖ਼ਤਮ ਹੋ ਜਾਂਦੀ ਹੈ। ਫਿਰ ਉਸ ਨੂੰ ਕੋਈ ਨਹੀਂ ਬਚਾ ਸਕਦਾ।
ਦੂਸਰਿਆਂ ਦਾ ਸਹਾਰਾ ਲੈਣਾ ਛੱਡੋ। ਆਪਣੇ ਪੈਰਾਂ ਤੇ ਆਪ ਖੜ੍ਹੇ ਹੋਣਾ ਸਿੱਖੋ। ਉਧਾਰ ਦੀਆਂ ਵੈਸਾਖੀਆਂ ਨਾਲ ਜ਼ਿਆਦਾ ਲੰਮਾਂ ਸਫ਼ਰ ਨਹੀਂ ਤੈਅ ਕੀਤਾ ਜਾ ਸਕਦਾ। ਪਰਾਈ ਆਸ ਹਮੇਸ਼ਾਂ ਨਿਰਾਸ਼ਾ ਦਿੰਦੀ ਹੈ। ਪਰਾਈਆਂ ਉਮੀਦਾਂ ਦਰਦ ਹੀ ਦਿੰਦੀਆਂ ਹਨ। ਸਹਾਰੇ ਇਨਸਾਨ ਨੂੰ ਖੋਖਲਾ ਕਰ ਦਿੰਦੇ ਹਨ। ਹਿੰਦੀ ਦੇ ਪ੍ਰਸਿਧ ਕਵੀ ਕ੍ਰਿਸ਼ਨ ਭਨੋਟ ਨੇ ਇਸ ਬਾਰੇ ਬਹੁਤ ਸੋਹਣਾ ਲਿਖਿਆ ਹੈ:
ਭਾਲਿਆ ਜਿਸ ਨੇ ਸਹਾਰਾ,
ਉਹ ਵੇਲ ਬਣ ਕੇ ਰਹਿ ਗਿਆ।
ਉਹ ਬਣੇਗਾ ਬਿਰਖ,
ਜਿਸ ਨੂੰ ਸਹਾਰਾ ਕੋਈ ਨਹੀਂ।
ਜੇ ਤੁਸੀਂ ਕੋਈ ਮਹਾਨ ਕੰਮ ਕਰਨਾ ਚਾਹੁੰਦੇ ਹੋ ਤਾਂ ਆਪਣੇ ਬਲ 'ਤੇ ਕਰੋ। ਆਪਣੀ ਜ਼ਿੰਦਗੀ ਆਪਣੇ ਹਿਸਾਬ ਸਿਰ ਜੀਓ। ਆਪਣੀ ਜ਼ਿੰਦਗੀ ਦਾ ਰਿਮੋਟ ਕਿਸੇ ਦੂਜੇ ਨੂੰ ਨਾ ਫੜਾਓ।
ਧੁੱਪ ਛਾਂ, ਚੰਗਾ ਮਾੜਾ, ਸੁੱਖ ਦੁੱਖ, ਜੱਸ ਅਪਜੱਸ ਅਤੇ ਸਫ਼ਲਤਾ ਅਸਫ਼ਲਤਾ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਹਨ ਉਸੇ ਤਰ੍ਹਾਂ ਜਨਮ ਮਰਨ ਵੀ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਅਤੇ ਅਟੱਲ ਸੱਚਾਈ ਹੈ। ਜੇ ਜ਼ਿੰਦਗੀ ਇਕ ਨਾਟਕ ਹੈ ਤਾਂ ਮੌਤ ਉਸ ਨਾਟਕ ਦਾ ਅੰਤਿਮ ਦ੍ਰਿਸ਼ ਹੈ। ਅੰਤਿਮ ਦ੍ਰਿਸ਼ ਤੋਂ ਬਿਨਾਂ ਨਾਟਕ ਅਧੂਰਾ ਰਹਿ ਜਾਂਦਾ ਹੈ। ਖੈਰ ਜ਼ਿੰਦਗੀ ਦੇ ਨਾਟਕ ਨੂੰ ਕਦੀ ਅਧੂਰਾ ਨਹੀਂ ਛੱਡਿਆ ਜਾ ਸਕਦਾ। ਅੰਤਿਮ ਦ੍ਰਿਸ਼ ਜ਼ਰੂਰੀ ਹੈ। ਮੌਤ ਦਾ ਭੈਅ ਮਨ ਵਿਚ ਕਦੀ ਨਾ ਰੱਖੋ। ਇਹ ਤੁਹਾਡੀ ਜ਼ਿੰਦਗੀ ਦਾ ਅੰਤਿਮ ਦ੍ਰਿਸ਼ ਹੈ। ਜੇ ਤੁਸੀਂ ਇਸ ਨੂੰ ਸਫ਼ਲਤਾ ਨਾਲ ਨਿਭਾ ਲਿਆ ਤਾਂ ਹੀ ਤੁਹਾਡੀ ਸਾਰੀ ਜ਼ਿੰਦਗੀ ਸਫ਼ਲ ਮੰਨੀ ਜਾਏਗੀ। ਕਿਸੇ ਨੇ ਬਹੁਤ ਖ਼ੂਬਸੂਰਤ ਲਿਖਿਆ ਹੈ:
ਜ਼ਿੰਦਗੀ ਭਰ ਅਧੂਰਾ ਹੀ ਰਿਹਾ ਮੈਂ,
ਮਰਿਆ ਤਾਂ ਕਹਿੰਦੇ ਪੂਰਾ ਹੋ ਗਿਆ।
ਮੌਤ ਹੀ ਤੁਹਾਡੀ ਜ਼ਿੰਦਗੀ ਦੀ ਪੂਰਨਤਾ ਹੈ। ਇਸ ਲਈ ਅਧੂਰੇਪਨ ਵਿਚ ਆਪਣੀ ਜ਼ਿੰਦਗੀ ਨਾ ਰੋਲੋ। ਜਿਹੜਾ ਵੀ ਚੰਗਾ ਕੰਮ ਸ਼ੁਰੂ ਕਰਨਾ ਹੈ ਉਹ ਹੁਣੇ ਹੀ ਸ਼ੁਰੂ ਕਰ ਲਉ। ਚੰਗੇ ਕੰਮ ਲਈ ਕੋਈ ਮਹੂਰਤ ਕਢਾਉਣ ਦੀ ਜਾਂ ਜ਼ਿਆਦਾ ਸੋਚਾਂ ਸੋਚਣ ਦੀ ਲੋੜ ਨਹੀਂ। ਜੇ ਕਿਸੇ ਮਾੜੀ ਆਦਤ ਨੂੰ ਤਿਆਗਣਾ ਹੈ ਤਾਂ ਅੱਜ ਤੋਂ ਹੀ ਤਿਆਗ ਦਿਓ। ਫਿਰ ਕੱਲ੍ਹ ਆਵੇ ਜਾਂ ਨਾ ਆਵੇ। ਘੜੀ ਦਾ ਖੁੰਝਿਆ ਕੋਹਾਂ 'ਤੇ ਜਾ ਪੈਂਦਾ ਹੈ। ਕਰਮ ਤੋਂ ਬਿਨਾਂ ਚੰਗੀ ਸੋਚ ਦਾ ਕੋਈ ਲਾਭ ਨਹੀਂ। ਨਿਰਾਸ਼ਾ ਵਿਹਲੇ ਬੰਦਿਆਂ ਵਿਚ ਹੀ ਉਪਜਦੀ ਹੈ। ਡਿਗਣ ਵਾਲੇ ਨੂੰ ਕਦੀ ਅਸਫ਼ਲ ਨਹੀਂ ਕਿਹਾ ਜਾ ਸਕਦਾ। ਵਿਹਲੇ ਬੰਦੇ ਨੂੰ ਅਸਫ਼ਲ ਕਿਹਾ ਜਾਂਦਾ ਹੈ।
ਆਪਣੇ ਸਾਰੇ ਕੰਮ ਆਪ ਕਰੋ। ਦੂਸਰਿਆਂ 'ਤੇ ਨਿਰਭਰ ਰਹਿਣਾ ਛੱਡ ਦਿਓ। ਆਪਣੇ ਛੋਟੇ ਛੋਟੇ ਕੰਮ ਦੂਸਰਿਆਂ ਨੂੰ ਕਹਿਣਾ ਠੀਕ ਨਹੀਂ। ਇਸ ਨਾਲ ਇਜ਼ੱਤ ਘਟਦੀ ਹੈ । ਆਪਣੇ ਕੰਮ ਆਪ ਕਰਨ ਨਾਲ ਬੰਦਾ ਤੰਦਰੁਸਤ ਰਹਿੰਦਾ ਹੈ ਅਤੇ ਉਸ ਦਾ ਸਵੈਮਾਨ ਵਧਦਾ ਹੈ।
ਜੇ ਤੁਸੀਂ ਖ਼ੁਦਦਾਰ ਹੋ ਤਾਂ ਕਿਸੇ ਤੋਂ ਕੋਈ ਚੀਜ਼ ਮੰਗਣਾ ਬੰਦ ਕਰੋ। ਰੱਬ ਨੂੰ ਵੀ ਬਹੁਤੀਆਂ ਫ਼ਰਮਾਇਸ਼ਾਂ ਨਾ ਪਾਓ। ਰੱਬ ਕਹਿੰਦਾ ਹੈ ਕਿ, 'ਮੈਂ ਤੈਨੂੰ ਨਰੋਏ ਹੱਥ, ਪੈਰ, ਅੱਖਾਂ, ਦਿਮਾਗ ਅਤੇ ਬਾਕੀ ਸਭ ਅੰਗ ਦਿੱਤੇ ਹਨ। ਇਨ੍ਹਾਂ ਤੋਂ ਕੰਮ ਲੈ ਅਤੇ ਅੱਗੇ ਵੱਧ'। ਦੂਸਰੇ ਤੋਂ ਮੁਫ਼ਤ ਦੀ ਸਹਾਇਤਾ ਮਿਲਣ ਕਰ ਕੇ ਬੰਦਾ ਅਪੰਗ ਬਣ ਕੇ ਰਹਿ ਜਾਂਦਾ ਹੈ।
ਆਪਣੀ ਜ਼ਿੰਦਗੀ ਆਪਣੇ ਸਹਾਰੇ ਜੀਓ। ਪੰਛੀ ਆਪਣੇ ਬਲ 'ਤੇ ਆਕਾਸ਼ ਵਿਚ ਉੱਡਦੇ ਹਨ। ਇਸ ਲਈ ਉਨ੍ਹਾਂ ਨੂੰ ਥੱਲੇ ਡਿਗਣ ਦਾ ਕੋਈ ਡਰ ਨਹੀਂ ਹੁੰਦਾ। ਉਹ ਆਪਣੀ ਆਜ਼ਾਦੀ ਦਾ ਆਨੰਦ ਮਾਣਦੇ ਹਨ। ਆਪਣੀ ਮਰਜ਼ੀ ਨਾਲ ਉਹ ਜਿੱਧਰ ਚਾਹੁਣ ਉਡਾਰੀ ਮਾਰ ਸਕਦੇ ਹਨ। ਪਤੰਗ ਦੀ ਡੋਰ ਦੂਸਰੇ ਹੱਥ ਹੁੰਦੀ ਹੈ। ਇਸ ਲਈ ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਉਹ ਕੱਟੀ ਵੀ ਜਾਂਦੀ ਹੈ ਅਤੇ ਲੁੱਟੀ ਵੀ ਜਾਂਦੀ ਹੈ। ਜੰਗਲ ਦਾ ਸ਼ੇਰ ਆਪਣੇ ਆਪ ਵਿਚ ਅਥਾਹ ਸ਼ਕਤੀ ਰੱਖਦਾ ਹੈ ਪਰ ਜਦ ਉਹ ਸਰਕਸ ਦਾ ਸ਼ੇਰ ਬਣ ਜਾਂਦਾ ਹੈ ਤਾਂ ਉਹ ਰਿੰਗ ਮਾਸਟਰ ਦੇ ਆਦੇਸ਼ ਅਨੁਸਾਰ ਕੰਮ ਕਰਦਾ ਹੈ। ਉਸ ਨੂੰ ਆਪਣੇ ਬਲ ਦਾ ਗਿਆਨ ਹੀ ਭੁੱਲ ਜਾਂਦਾ ਹੈ। ਹੁਣ ਤੁਸੀਂ ਆਪ ਹੀ ਫੈਸਲਾ ਕਰਨਾ ਹੈ ਕਿ ਤੁਸੀਂ ਆਪਣੀ ਖ਼ੁਦਮੁਖਤਿਆਰ ਹਸਤੀ ਕਾਇਮ ਰੱਖਣੀ ਹੈ ਜਾਂ ਸਰਕਸ ਦਾ ਸ਼ੇਰ ਬਣ ਕੇ ਕਿਸੇ ਰਿੰਗ ਮਾਸਟਰ ਦੇ ਇਸ਼ਾਰਿਆਂ ਅਨੁਸਾਰ ਆਪਣੀ ਜ਼ਿੰਦਗੀ ਬਸਰ ਕਰਨੀ ਹੈ।

# 1183, ਫੇਜ਼-10, ਮੁਹਾਲੀ।
ਮੋਬਾਈਲ : 8360842861.
email:gursharan1183@yahoo.in

ਭਾਰਤ-ਚੀਨ ਝਗੜਾ ਕਿਉਂ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਚੀਨੀ ਫ਼ੌਜਾਂ ਨੇ ਪੂਰਬੀ ਖ਼ੇਤਰ (ਨੇਫਾ) ਵਿਚ ਜਿਹੜਾ ਸਦੀਆਂ ਤੋਂ ਸਮਝੌਤੇ ਤਹਿਤ ਸ਼ਾਂਤ ਖੇਤਰ ਸੀ ਤੇ ਸਮਝੌਤੇ ਦੀ ਕਦੇ ਵੀ ਉਲੰਘਣਾ ਨਾ ਕਰਨ ਦਾ ਚੀਨ ਨੇ ਵਚਨ ਦਿੱਤਾ ਸੀ ਪਰ ਚੀਨੀ ਫ਼ੌਜਾਂ ਨੇ 8 ਸਤੰਬਰ, 1962 ਈ: ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਕੀਤੀ। ਜਿਥੋਂ ਤੱਕ ਭਾਰਤ-ਚੀਨ ਸੰਘਰਸ਼ ਦਾ ਸਬੰਧ ਹੈ, ਉਹ ਨਾ ਤਾਂ ਦੇਸ਼ ਲਈ ਅਤੇ ਨਾ ਹੀ ਭਾਰਤੀ ਸੈਨਾ ਲਈ ਬਹੁਤ ਵਧੀਆ ਹੈ, ਜਿਸ 'ਤੇ ਮਾਣ ਕੀਤਾ ਜਾ ਸਕੇ। ਨੇਫਾ ਵਿਚ ਭਾਰਤੀ ਫ਼ੌਜਾਂ ਨੇ ਜੋ ਕੀਤਾ ਉਹ ਓਨਾ ਨਹੀਂ ਸੀ ਜੋ ਕਰਨਾ ਚਾਹੀਦਾ ਸੀ, ਪਰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਸਾਡੀਆਂ ਫ਼ੌਜਾਂ ਬਹਾਦਰੀ ਨਾਲ ਨਹੀਂ ਲੜੀਆਂ। ਉਸ ਸਮੇਂ ਦੁਸ਼ਮਣ ਗਿਣਤੀ ਵਿਚ ਜ਼ਿਆਦਾ ਸੀ, ਦੁਸ਼ਮਣ ਕੋਲ ਵਧੀਆ ਹਥਿਆਰ ਸਨ, ਪੂਰੀ ਲਾਹੇਵੰਦ ਸਪਲਾਈ ਦਾ ਹੋਣਾ ਵੀ ਦੁਸ਼ਮਣ ਲਈ ਫਾਇਦੇਵੰਦ ਸੀ। ਭਾਰਤੀ ਫ਼ੌਜਾਂ ਜਿਹੋ ਜਿਹੇ ਉਨ੍ਹਾਂ ਕੋਲ ਹਥਿਆਰ ਸਨ, ਉਨ੍ਹਾਂ ਨਾਲ ਹੀ ਦੁਸ਼ਮਣ ਦਾ ਖੂਬ ਟਾਕਰਾ ਕੀਤਾ, ਜਿਸ ਵਿਚ ਪੰਜਾਬ ਦੇ ਵੀਰ ਜਵਾਨ ਦੂਜਿਆਂ ਨਾਲੋਂ ਹਰ ਪੱਖ ਵਿਚ ਕਾਫੀ ਅੱਗੇ ਸਨ।
ਢੋਲਾ ਨੇਫਾ ਦਰਿਆ ਨਿਆਮਕਾਚੂ ਦੇ ਦੱਖਣ ਵਿਚ ਹੈ। ਇਹ ਬਾਗਲਾ ਦੇ ਦੱਖਣ ਵਿਚ ਤਵਾਂਗ ਤੋਂ ਲਗਪਗ 60 ਮੀਲ ਪੱਛਮ ਵੱਲ ਹੈ। ਉਨ੍ਹਾਂ ਦਿਨਾਂ ਵਿਚ ਅਖ਼ਬਾਰਾਂ ਵਿਚ ਇਸ ਥਾਂ ਨੂੰ ਬਦਨਾਮ ਥਾਂ ਆਖਿਆ ਜਾਂਦਾ ਸੀ। ਇਥੇ ਹੀ ਪੰਜਾਬ ਰੈਜਮੈਂਟ ਦੇ ਅਧੀਨ ਚੌਕੀ ਸੀ। ਇਸੇ ਸਥਾਨ 'ਤੇ ਪੰਜਾਬ ਰੈਜਮੈਂਟ ਦੇ ਜੁਆਨਾਂ ਦੀ ਟੱਕਰ ਚੀਨੀ ਫ਼ੌਜਾਂ ਨਾਲ ਹੋਈ। ਵੱਡੇ ਹਮਲੇ ਤੋਂ ਇਕ ਮਹੀਨਾ ਪਹਿਲਾਂ 20 ਸਤੰਬਰ, 1962 ਨੂੰ ਕਰੀਬ 22.50 ਵਜੇ ਇਕ ਚੀਨੀ ਸੰਤਰੀ ਨੇ ਪੰਜਾਬ ਰੈਜਮੈਂਟ ਦੇ ਮੋਰਚੇ 'ਤੇ ਇਕ ਗ੍ਰਨੇਡ ਸੁੱਟਿਆ, ਜਿਸ ਨਾਲ 3 ਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਜ਼ਖ਼ਮੀ ਜਵਾਨਾਂ ਵਿਚੋਂ ਇਕ ਜਵਾਨ ਨੇ ਆਪਣੀ ਹਲਕੀ ਮਸ਼ੀਨਗੰਨ ਲਈ ਅਤੇ ਦੁਸ਼ਮਣ ਦੀ ਚੌਕੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਦੁਸ਼ਮਣ ਦੇ ਦੋ ਜਵਾਨ ਮਾਰੇ ਗਏ ਅਤੇ ਦੋ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਚੀਨੀ ਫ਼ੌਜਾਂ ਨੇ ਢੋਲਾ (ਨੇਫਾ) ਦੀ ਸਰਹੱਦੀ ਭਾਰਤੀ ਚੌਕੀ ਉਤੇ 28 ਸਤੰਬਰ, 1962 ਈ: ਨੂੰ ਹਮਲਾ ਕੀਤਾ। ਇਹ ਹਮਲਾ ਵੀ ਪਛਾੜ ਦਿੱਤਾ ਗਿਆ।
ਪੰਜਾਬ ਰੈਜਮੈਂਟ ਦੇ ਨਾਇਕ ਚੈਨ ਸਿੰਘ ਨੇ 9 ਅਕਤੂਬਰ, 1962 ਈ: ਨੂੰ ਇਕ ਅਨੋਖਾ ਤੇ ਬਹਾਦਰੀ ਭਰਿਆ ਕਾਰਨਾਮਾ ਕੀਤਾ ਜਦੋਂ ਉਸ ਨੂੰ ਬਾਕੀ ਦੀ ਪਲਟੂਨ ਨਾਲ ਨਿਆਮਕਾਚੂ ਦਰਿਆ ਦੇ ਉੱਤਰ ਵਿਚ ਤਸੇਂਗ ਜੌਂਗ ਦੀ ਚੌਕੀ 'ਤੇ ਪਲਾਟੂਨ ਨੂੰ ਕੁਮਕ ਪਹੁੰਚਾਉਣ ਭੇਜਿਆ ਸੀ। ਅਗਲੀ ਸਵੇਰ ਕੋਈ 500 ਚੀਨੀ ਉਸ ਚੌਕੀ ਦੇ ਆਸ-ਪਾਸ ਜਮ੍ਹਾਂ ਹੋ ਗਏ ਅਤੇ ਉਨ੍ਹਾਂ ਨੇ ਬੰਦੂਕਾਂ ਤੇ ਛੋਟੀਆਂ ਤੋਪਾਂ ਨਾਲ ਗੋਲਾਬਾਰੀ ਸ਼ੁਰੂ ਕਰ ਦਿੱਤੀ। ਭਾਵੇਂ ਨਾਇਕ ਚੈਨ ਸਿੰਘ ਅਤੇ ਉਸ ਦੇ ਜਵਾਨਾਂ ਦੀ ਗਿਣਤੀ ਥੋੜ੍ਹੀ ਸੀ ਅਤੇ ਗੋਲਾ-ਬਾਰੂਦ ਵੀ ਸੀਮਤ ਸੀ ਪਰ ਫਿਰ ਵੀ ਉਨ੍ਹਾਂ ਨੇ ਦੁਸ਼ਮਣ ਦਾ ਬਹੁਤ ਜਾਨੀ ਨੁਕਸਾਨ ਕੀਤਾ ਤੇ ਹਮਲੇ ਨੂੰ ਪਛਾੜ ਦਿੱਤਾ। ਚੀਨੀਆਂ ਨੇ ਫੇਰ ਸਾਰਿਆਂ ਪਾਸਿਆਂ ਤੋਂ ਇਕ ਵੱਡਾ ਤੇ ਫੈਸਲਾਕੁੰਨ ਹਮਲਾ ਕੀਤਾ, ਪਰ ਇਹ ਹਮਲਾ ਵੀ ਇਸ ਵੀਰ ਯੋਧੇ ਅਤੇ ਉਸ ਦੇ ਜਵਾਨਾਂ ਨੇ ਪਛਾੜ ਦਿੱਤਾ ਅਤੇ ਚੀਨੀਆਂ ਦਾ ਬਹੁਤ ਜਾਨੀ ਨੁਕਸਾਨ ਹੋਇਆ। ਜਦੋਂ ਇਨ੍ਹਾਂ ਦਾ ਗੋਲਾ ਬਾਰੂਦ ਲਗਪਗ ਖਤਮ ਹੋ ਗਿਆ ਤਾਂ ਇਨ੍ਹਾਂ ਨੂੰ ਹੁਕਮ ਹੋਇਆ ਕਿ ਉਹ ਆਪਣੇ ਜਵਾਨਾਂ ਨੂੰ ਨਾਲ ਲੈ ਕੇ ਪਿੱਛੇ ਹਟ ਜਾਣ। ਆਪਣੇ ਰਾਈਫਲ ਗਰੁੱਪ ਨੂੰ ਪਿੱਛੇ ਹਟਣ ਦਾ ਹੁਕਮ ਦਿੰਦਿਆਂ ਹੋਇਆਂ ਨਾਇਕ ਚੈਨ ਸਿੰਘ ਨੇ ਇਕ ਲਾਈਟ ਮਸ਼ੀਨਗੰਨ ਨਾਲ ਆਪਣੇ ਪਿੱਛੇ ਹਟਦੇ ਜਵਾਨਾਂ ਨੂੰ ਬਚਾਉਂਦਿਆਂ ਹੋਇਆਂ ਗੋਲੀਆਂ ਚਲਾਈਆਂ। ਦੁਸ਼ਮਣ 'ਤੇ ਗੋਲੀਆਂ ਚਲਾਉਂਦੇ ਸਮੇਂ ਚੈਨ ਸਿੰਘ ਨੂੰ ਦੁਸ਼ਮਣ ਦੀ ਮਸ਼ੀਨ ਗੰਨ ਦੀ ਗੋਲੀ ਲੱਗੀ। ਇਕ ਹੋਰ ਗੋਲੀ ਮਸ਼ੀਨਗੰਨ ਦੀ ਚੈਨ ਸਿੰਘ ਨੂੰ ਲੱਗੀ ਅਤੇ ਵੀਰ ਯੋਧਾ ਉਥੇ ਹੀ ਰਣਭੂਮੀ ਵਿਚ ਸ਼ਹੀਦੀ ਪਾ ਗਿਆ। ਉਸ ਦੀ ਬਹਾਦਰੀ ਦੀ ਪ੍ਰਸੰਸਾ ਵਜੋਂ ਉਸ ਨੂੰ ਸ਼ਹੀਦੀ ਉਪਰੰਤ ਮਹਾਂਵੀਰ ਚੱਕਰ ਪ੍ਰਦਾਨ ਕੀਤਾ ਗਿਆ।
ਇਸੇ ਬਟਾਲੀਅਨ ਦੇ ਇਕ ਹੋਰ ਬਹਾਦਰ ਸਿਪਾਹੀ ਕਾਂਸ਼ੀ ਰਾਮ ਨੇ ਜੋ ਬਹਾਦਰੀ ਦਿਖਾਈ, ਉਸ ਦਾ ਵਰਨਣ ਕਰਨਾ ਜ਼ਰੂਰੀ ਹੈ। ਇਹ ਘਟਨਾ ਇਸ ਰੈਜਮੈਂਟ ਦੇ ਇਤਿਹਾਸ ਦੀ ਇਕ ਦਿਲਚਸਪ, ਜੁਰਅਤ ਵਾਲੀ ਅਤੇ ਹੈਰਾਨੀ ਭਰੀ ਦਾਸਤਾਨ ਹੈ। 10 ਅਕਤੂਬਰ, 1962 ਈ: ਨੂੰ 500 ਦੇ ਲਗਪਗ ਚੀਨੀਆਂ ਨੇ ਨੇਫਾ ਵਿਚ ਤਸੇਨਜੌਂਗ ਚੌਕੀ 'ਤੇ ਮਹਲਾ ਕੀਤਾ। ਦੁਸ਼ਮਣ ਦੀ ਸਖਤ ਗੋਲਾਬਾਰੀ ਦਾ ਖਿਆਲ ਨਾ ਕਰਦਿਆਂ ਸਿਪਾਹੀ ਕਾਂਸ਼ੀ ਰਾਮ ਨੇ ਆਪਣੀ ਹਲਕੀ ਮਸ਼ੀਨਗੰਨ ਚਾਲੂ ਕਰਕੇ, ਚੀਨੀਆਂ ਦਾ ਭਾਰੀ ਨੁਕਸਾਨ ਕਰਨ ਤੋਂ ਬਿਨਾਂ ਆਪਣੀ ਚੌਕੀ ਦੇ ਅਗਲੇ ਹਿੱਸੇ ਨੂੰ ਵੀ ਛੁਪਾਈ ਰੱਖਿਆ। ਉਹ ਆਪ ਇਕ ਮਾਰਟਰ ਬੰਬ ਦੇ ਟੁਕੜਿਆਂ ਨਾਲ ਜ਼ਖ਼ਮੀ ਹੋ ਗਿਆ, ਜਿਹੜਾ ਉਸ ਦੇ ਮੋਰਚੇ ਦੇ ਨੇੜੇ ਹੀ ਫਟਿਆ ਸੀ। ਦੁਸ਼ਮਣ ਦਾ ਹਮਲਾ ਪਛਾੜਨ ਤੋਂ ਬਅਦ ਉਹਦੀ ਮੱਲ੍ਹਮ-ਪੱਟੀ ਕੀਤੀ ਗਈ। ਜ਼ਖ਼ਮ ਡੂੰਘਾ ਹੋਣ ਦੇ ਕਾਰਨ ਕੰਪਨੀ ਕਮਾਂਡਰ ਨੇ ਕਾਂਸ਼ੀ ਰਾਮ ਨੂੰ ਪਿਛਾਂਹ ਚਲੇ ਜਾਣ ਦੀ ਸਲਾਹ ਦਿੱਤੀ। ਪਰ ਪੰਜਾਬ ਰੈਜਮੈਂਟ ਦਾ ਇਹ ਜਵਾਨ ਕਾਂਸ਼ੀ ਰਾਮ ਚੌਕੀ ਉਤੇ ਡਟਿਆ ਰਿਹਾ।
ਚੀਨੀਆਂ ਦੀ ਇਕ ਧਾੜ ਨੇ ਇਸ ਚੌਕੀ ਉੱਪਰ ਦੁਬਾਰਾ ਹਮਲਾ ਕਰ ਦਿੱਤਾ ਅਤੇ ਇਸ ਵਾਰੀ ਗੋਲਾਬਾਰੀ ਪਹਿਲਾਂ ਨਾਲੋਂ ਵਧੇਰੇ ਸੀ। ਕਾਂਸ਼ੀ ਰਾਮ ਦੀ ਦ੍ਰਿੜ੍ਹਤਾ ਤੇ ਹੌਸਲਾ ਵੀ ਗਜ਼ਬ ਦਾ ਸੀ। ਸਖ਼ਤ ਗੋਲੀਬਾਰੀ ਦੇ ਬਾਵਜੂਦ ਕਾਂਸ਼ੀ ਰਾਮ ਨੇ ਆਪਣੀ ਗੰਨ ਚਾਲੂ ਕਰ ਦਿੱਤੀ। ਦੁਸ਼ਮਣ ਚੌਕੀ ਵੱਲ ਅਗੇ ਵਧਦਾ ਹੀ ਗਿਆ, ਕੁਝ ਸਮੇਂ ਬਾਅਦ ਕਾਂਸ਼ੀ ਰਾਮ ਕੋਲ ਗੋਲਾ-ਬਾਰੂਦ ਖਤਮ ਹੋ ਚੱਲਿਆ ਤਾਂ ਇਕ ਚੀਨੀ ਅਫਸਰ, ਚਾਰ ਹੋਰ ਜਵਾਨਾਂ ਸਮੇਤ ਕਾਂਸ਼ੀ ਰਾਮ ਕੋਲ ਪਹੁੰਚ ਗਿਆ ਅਤੇ ਮੋਰਚੇ ਵਿਚਲੇ ਉਸ ਦੇ ਜਵਾਨਾਂ ਨੂੰ ਹਥਿਆਰ ਸੁੱਟ ਦੇਣ ਲਈ ਲਲਕਾਰਿਆ। ਸਿਪਾਹੀ ਕਾਂਸ਼ੀ ਰਾਮ ਨੇ ਉਨ੍ਹਾਂ ਨੂੰ ਸਮਰਪਣ ਕਰ ਦੇਣ ਲਈ ਕਿਹਾ। ਇਸ ਸਮੇਂ ਤੱਕ ਕਾਂਸ਼ੀ ਰਾਮ ਦਾ ਗੋਲੀ-ਬਾਰੂਦ ਖਤਮ ਹੋ ਚੁੱਕਾ ਸੀ। ਪਰ ਉਸ ਨੇ ਝਟ ਹੀ ਉਨ੍ਹਾਂ 'ਤੇ ਇਕ ਗ੍ਰਨੇਡ ਸੁੱਟਿਆ, ਜਿਸ ਦੇ ਫਟਣ ਨਾਲ ਦੁਸ਼ਮਣ ਦਾ ਅਫ਼ਸਰ ਤੇ ਤਿੰਨ ਹੋਰਾਂ ਨੂੰ ਪਾਰ ਬੁਲਾ ਦਿੱਤਾ। ਇੰਨੇ ਵਿਚ ਦੂਜੇ ਚੀਨੀ ਵੀ ਉਸ ਦੇ ਨੇੜੇ ਪਹੁੰਚ ਗਏ ਸਨ ਅਤੇ ਉਨ੍ਹਾਂ ਵਿਚੋਂ ਇਕ ਨੇ ਉਸ ਦੀ ਹਲਕੀ ਮਸ਼ੀਨਗੰਨ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਇਕ ਚੀਨੀ ਨੇ ਉਸ 'ਤੇ ਸਵੈਚਾਲਕ ਰਾਈਫਲ ਨਾਲ ਗੋਲੀ ਚਲਾਈ, ਜਿਸ ਨਾਲ ਕਾਂਸ਼ੀ ਰਾਮ ਮੁੜ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਣ ਦੇ ਬਾਵਜੂਦ ਕਾਂਸ਼ੀ ਰਾਮ ਨੇ ਆਪਣੀ ਗੰਨ ਕਾਬੂ ਵਿਚ ਰੱਖੀ ਅਤੇ ਚੀਨੀਆਂ ਨੂੰ ਇਕੋ ਦਮ ਧੱਕਾ ਮਾਰਿਆ, ਜਿਸ ਨਾਲ ਉਹ ਡਿਗ ਪਏ।
ਉਸੇ ਸਮੇਂ ਕਾਂਸ਼ੀ ਰਾਮ ਨੇ ਇਕ ਚੀਨੀ ਤੋਂ ਇਕ ਸਵੈਚਾਲਕ ਰਾਈਫਲ ਖੋਹੀ ਅਤੇ ਆਪਣੀ ਮਸ਼ੀਨਗੰਨ ਸਣੇ ਆਪਣੀ ਪਲਟਨ ਵਿਚ ਵਾਪਸ ਪਹੁੰਚ ਗਿਆ। ਇਹ ਪਹਿਲਾ ਚੀਨੀ ਹਥਿਆਰ ਸੀ ਜੋ ਭਾਰਤੀ ਤੋਪਖਾਨੇ ਦੇ ਸਤਵੇਂ ਬ੍ਰਿਗੇਡ ਨੇ ਕਾਬੂ ਕੀਤਾ ਸੀ। ਕਾਂਸ਼ੀ ਰਾਮ ਦੀ ਇਸ ਅਦੁੱਤੀ ਦਲੇਰੀ ਤੇ ਸੂਰਬੀਰਤਾ ਲਈ ਉਹਨੂੰ ਮਹਾਂਬੀਰ ਚੱਕਰ ਪ੍ਰਦਾਨ ਕੀਤਾ ਗਿਆ।
ਚੀਨ ਨੇ 20 ਅਕਤੂਬਰ, 1962 ਈ: ਨੂੰ ਅਚਾਨਕ ਹੀ ਭਾਰਤ ਵਿਰੁੱਧ ਜੰਗ ਛੇੜ ਦਿੱਤੀ। ਇਹ ਯੁੱਧ ਛਿੜਨ ਦੇ ਨਾਲ ਪੰਜਾਬ ਦੇ ਕੋਨੇ-ਕੋਨੇ ਵਿਚ ਜੰਗੀ ਤਰਾਨੇ ਗੂੰਜਣ ਲੱਗ ਪਏ। ਲਗਪਗ ਇਕ ਮਹੀਨੇ ਦੀ ਲੜਾਈ ਵਿਚ ਇਸ ਯੁੱਧ ਦੇ ਹਰੇਕ ਖੇਤਰ ਵਿਚ ਪੰਜਾਬੀ ਜਵਾਨਾਂ ਨੇ ਭਰਪੂਰ ਹਿੱਸਾ ਪਾਇਆ ਤੇ ਅਦੁੱਤੀ ਸੂਰਬੀਰਤਾ, ਕਰਤੱਵ-ਪਾਲਣ ਅਤੇ ਪ੍ਰਸੰਸਾਯੋਗ ਅਗਵਾਈ ਕੀਤੀ। ਇਸ ਜੰਗ ਵਿਚ ਪੰਜਾਬੀ ਜਵਾਨਾਂ ਨੇ ਸੈਂਕੜਿਆਂ ਦੀ ਗਿਣਤੀ ਵਿਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਸਨਮਾਨ ਵਜੋਂ ਇਕ ਪਰਮਵੀਰ ਚੱਕਰ, 8 ਮਹਾਂਵੀਰ ਚੱਕਰ, 20 ਵੀਰ ਚੱਕਰ, 5 ਅਸ਼ੋਕ ਚੱਕਰ ਅਤੇ ਕਈ ਵਸ਼ਿਸ਼ਟ ਮੈਡਲ ਪ੍ਰਾਪਤ ਕੀਤੇ।

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਬਠਿੰਡਾ। ਮੋਬਾਈਲ : 98155-33725.

ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਉਦਾਰਤਾ ਦੀ ਨੀਤੀ ਪ੍ਰਤੀ ਇਤਿਹਾਸਕਾਰਾਂ ਦੇ ਵਿਚਾਰ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
ਸਿੱਖ ਇਤਿਹਾਸਕਾਰਾਂ ਨੇ ਉਸ ਨੂੰ ਖ਼ਾਲਸਾ ਰਾਜ ਦਾ ਪ੍ਰਮੁੱਖ ਉਸਰੱਈਆ ਦੱਸਿਆ। ਪੰਜਾਬੀਅਤ ਦਾ ਝੰਡਾ ਉੱਚਾ ਚੁੱਕਣ ਵਾਲਾ ਆਖਿਆ। ਉਸ ਨੂੰ ਗੁਰੂਆਂ ਦੀ ਸਿੱਖਿਆ 'ਤੇ ਸਹੀ ਉਤਰਨ ਵਾਲਾ ਕਿਹਾ ਹੈ। ਪੂਰਨ ਖ਼ਾਲਸਾ ਰਾਜ ਦੀ ਉਸਾਰੀ ਦੀ ਨੀਂਹ ਉਸ ਦੁਆਰਾ ਹੀ ਰੱਖੀ ਗਈ। ਉਸ ਨੇ ਸਿੱਖ ਰਹੁਰੀਤਾਂ ਨੂੰ ਅਪਣਾਇਆ ਹੋਇਆ ਸੀ ਉਥੇ ਉਸ ਨੇ ਇਨ੍ਹਾਂ ਦੀ ਪਾਲਣਾ ਵੀ ਬਿਲਕੁਲ ਸਹੀ ਰੂਪ ਵਿਚ ਕੀਤੀ ਭਾਵ ਉਦਾਰਤਾ, ਨਿਰੰਤਰਤਾ ਨਾਲ ਆਪਣੇ ਰਾਜ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਚਲਾਇਆ। ਰਣਜੀਤ ਸਿੰਘ ਜਿੱਥੇ ਆਪਣੇ ਧਰਮ ਵਿਚ ਪੂਰਾ ਵਿਸ਼ਵਾਸ ਰੱਖਦਾ ਸੀ, ਉਥੇ ਉਸ ਦੇ ਮਨ ਵਿਚ ਦੂਜਿਆਂ ਧਰਮਾਂ ਲਈ ਵੀ ਪੂਰਾ ਆਦਰ ਤੇ ਸਤਿਕਾਰ ਸੀ। ਉਹ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ ਪਰ ਇਸ ਦੇ ਨਾਲ-ਨਾਲ ਮੰਦਰ ਵਿਚ ਵੀ ਜਾਂਦਾ ਤੇ ਮਸੀਤ ਵਿਚ ਵੀ। ਉਹ ਨਾ ਕੇਵਲ ਇਨ੍ਹਾਂ ਸਥਾਨਾਂ ਨੂੰ ਮੱਥਾ ਟੇਕਦਾ ਸਗੋਂ ਇਨ੍ਹਾਂ ਸਾਰਿਆਂ ਨੂੰ ਇਕੋ ਜਿਹਾ ਸਤਿਕਾਰ ਵੀ ਦਿੰਦਾ।
ਪੰਡਿਤ ਦੇਵੀ ਪ੍ਰਸਾਦ, 'ਗੁਲਸਨ-ਏ-ਪੰਜਾਬ' ਵਿਚ ਲਿਖਦਾ ਹੈ ਕਿ, ਮੰਦਰ, ਮਸੀਤ, ਮਜ਼ਾਰ ਤੇ ਦਰਗਾਹ ਉਸ ਦੀ ਨਜ਼ਰ ਵਿਚ ਰਹਿੰਦੇ ਸਨ। ਸਾਰਿਆਂ ਧਾਰਮਿਕ ਅਸਥਾਨਾਂ ਨੂੰ ਵੰਡ ਕੇ ਦਾਨ ਪੁੰਨ ਦਾ ਪੈਸਾ ਜਾਂਦਾ ਸੀ। ਸਾਰਿਆਂ ਧਰਮ ਅਸਥਾਨਾਂ ਦੇ ਨਾਂਅ ਜਗੀਰਾਂ ਲੱਗੀਆਂ ਹੋਈਆਂ ਸਨ। ਪੰਜਾਹ ਲੱਖ ਸਾਲਾਨਾ ਇਸ ਕੰਮ ਲਈ ਸੁਰੱਖਿਅਤ ਸੀ।
ਲੋਚਨ ਬਖ਼ਸ਼ੀ, 'ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ' ਵਿਚ ਲਿਖਦਾ ਹੈ ਕਿ, ਇਕ ਸਮੇਂ ਮਹਾਰਾਜਾ ਨੇ ਇਕ ਮੁਸਲਮਾਨ ਫ਼ਕੀਰ ਵਲੋਂ ਪੁੱਛੇ ਇਕ ਸਵਾਲ ਦਾ ਜਵਾਬ ਹੱਸਦੇ ਹੋਇਆ ਦਿੰਦੇ ਬੜੇ ਮਾਣ ਨਾਲ ਬੋਲਿਆ, 'ਫ਼ਕੀਰ ਜੀ ਰੱਬ ਦੀ ਇਕ ਇੱਛਾ ਸੀ ਕਿ ਮੈਂ ਸਾਰੇ ਧਰਮਾਂ ਦੀਆਂ ਧਾਰਮਿਕ ਪੁਸਤਕਾਂ ਤੇ ਉਨ੍ਹਾਂ ਨੂੰ ਮੰਨਣ ਵਾਲਿਆਂ ਨੂੰ ਇਕੋ ਅੱਖ ਨਾਲ ਵੇਖਾਂ। ਮੈਂ ਕੁਰਾਨ ਤੇ ਪੁਰਾਣ ਨੂੰ ਇਕ ਅੱਖ ਨਾਲ ਦੇਖਦਾ ਹਾਂ ਤੇ ਸਤਿਕਾਰਦਾ ਹਾਂ।
ਰਣਜੀਤ ਸਿੰਘ ਦੇ ਰਵੱਈਏ ਦੇ ਕਾਰਨ ਲੋਕਾਂ ਵਿਚ ਧਾਰਮਿਕ ਰਵਾਦਾਰੀ ਆ ਗਈ ਸੀ। ਰਣਜੀਤ ਸਿੰਘ ਦੇ ਇਸ ਗੁਣ ਨੇ ਉਸ ਨੂੰ ਸਾਰਿਆਂ ਧਰਮਾਂ ਵਿਚ ਇਕੋ ਜਿਹਾ ਹਰਮਨ ਪਿਆਰਾ ਬਣਾਈ ਰੱਖਿਆ। ਜੇ ਕਦੀ ਉਹ ਬਿਮਾਰ ਹੁੰਦਾ ਜਾਂ ਬਿਮਾਰੀ ਤੋਂ ਸਿਹਤਯਾਬ ਹੁੰਦਾ ਤਾਂ ਸਾਰਿਆਂ ਧਰਮਾਂ ਦੇ ਪੈਰੋਕਾਰ ਆਪੋ-ਆਪਣੇ ਧਾਰਮਿਕ ਅਕੀਦੇ ਦੇ ਅਨੁਸਾਰ ਉਸ ਲਈ ਪ੍ਰਾਰਥਨਾ ਕਰਦੇ, ਦੁਆ ਮੰਗਦੇ। ਸ਼ਾਇਦ ਹੀ ਕੋਈ ਪੂਜਾ ਅਸਥਾਨ ਹੋਵੇ ਜਿੱਥੇ ਰਣਜੀਤ ਸਿੰਘ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾ ਨਾ ਕੀਤੀ ਜਾਂਦੀ ਹੋਵੇ।
ਸੀਤਾ ਰਾਮ ਕੋਹਲੀ, 'ਫਤਹਿਨਾਮਾ ਗੁਰੂ ਖ਼ਾਲਸਾ ਜੀ ਕਾ' ਦੇ ਪੰਨਾ ਨੰ: 48, 49 'ਤੇ ਦੱਸਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਿਤ ਨਿਤਪ੍ਰਤੀ ਸੁਣਿਆ ਕਰਦਾ ਸੀ। ਸਰ ਲੇਪਲ ਗ੍ਰਿਫਨ ਆਪਣੀ ਪੁਸਤਕ, 'ਦੀ ਪੰਜਾਬ ਚੀਫਸ' ("he Punjab 3h}efs) ਵਿਚ ਲਿਖਦਾ ਹੈ, 'ਮਹਾਰਾਜੇ ਦਾ ਇਹ ਮੰਨਣਾ ਸੀ ਕਿ ਉਹ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਹੀ ਰਾਜ ਭਾਗ ਚਲਾ ਰਿਹਾ ਹੈ। '
ਮਹਾਰਾਜਾ ਰਣਜੀਤ ਸਿੰਘ ਜਿੱਥੇ ਆਪਣੇ ਧਰਮ ਪ੍ਰਤੀ ਏਨਾ ਵਚਨਬੱਧ ਸੀ, ਉੱਥੇ ਉਹ ਸ੍ਰੀ ਗੁਰੂ ਨਾਨਕ ਵਲੋਂ ਦਿੱਤੇ ਉਪਦੇਸ਼ਾਂ ਦੀ ਪਾਲਣਾ ਕਰਦਾ ਹੋਇਆ ਦੂਜੇ ਧਰਮਾਂ ਪ੍ਰਤੀ ਉਦਾਰਚਿਤ ਰਿਹਾ। ਉਸ ਦੇ ਰਾਜ ਵਿਚ ਲਗਪਗ ਸਾਰੇ ਧਰਮਾਂ ਦੇ ਵਿਅਕਤੀ ਆਪਣੇ ਆਪਣੇ ਧਰਮ ਦੇ ਮੂਲ ਸਿਧਾਂਤਾਂ ਦੀ ਖੁੱਲ੍ਹ ਕੇ ਪਾਲਣਾ ਕਰਦੇ ਸਨ। ਵਿਕਟਰ ਜੈਕਮੋਂ ਜਦੋਂ ਲਾਹੌਰ ਆਇਆ ਤਾਂ ਉਸ ਨੇ ਆਪਣੇ ਸਫ਼ਰਨਾਮੇ ਵਿਚ ਲਿਖਿਆ 'ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਮੁਸਲਮਾਨਾਂ ਨੂੰ ਆਪਣੇ ਮਜ਼੍ਹਬੀ ਕੰਮਾਂ ਦੀ ਪੂਰੀ ਖੁੱਲ੍ਹ ਸੀ। ਕਈ ਮਸੀਤਾਂ, ਜਿਨ੍ਹਾਂ ਉੱਪਰ ਮਿਸਲਾਂ ਦੇ ਸਮੇਂ ਤੋਂ ਸਿੱਖਾਂ ਦਾ ਕਬਜ਼ਾ ਸੀ, ਮਹਾਰਾਜਾ ਨੇ ਮੁੜ ਆਪਣੀ ਪਰਜਾ ਨੂੰ ਦਿਵਾ ਦਿੱਤੀਆਂ ਸਨ। '
ਮਹਾਰਾਜਾ ਨੇ ਵੱਖ-ਵੱਖ ਸਮੇਂ ਹਰੇਕ ਧਰਮ ਨੂੰ ਗਰਾਂਟਾਂ ਦਿੱਤੀਆਂ ਤੇ ਭੇਟਾ ਦਿੱਤੀਆਂ। 'ਮੈਂ ਫ਼ਕੀਰਾਂ ਤੇ ਪਵਿੱਤਰ ਪੁਰਸ਼ਾਂ ਦੀ ਸੇਵਾ ਕਰਦਾ ਅਤੇ ਉਨ੍ਹਾਂ ਦੀਆਂ ਅਸੀਸਾਂ ਪ੍ਰਾਪਤ ਕਰਦਾ ਰਿਹਾ ਹਾਂ'। ਮਹਾਰਾਜਾ ਦੇ ਇਸ ਕਥਨ ਦੀ ਪੁਸ਼ਟੀ ਕਈ ਸਮਕਾਲੀ ਲਿਖਾਰੀਆਂ ਦੇ ਬਿਆਨ ਤੋਂ ਚੰਗੀ ਤਰ੍ਹਾਂ ਸਾਬਤ ਹੋ ਜਾਂਦੀ ਹੈ। ਜਿਵੇਂ ਕਿ ਪ੍ਰਿੰਸਪ ਨੇ (8enr਼ Pr}nsep, ®r}{}n of the S}kh Power }n the Punjab,) 1834 ਵਿਚ ਲਿਖਿਆ ਸੀ :-
ਮਹਾਰਾਜਾ ਰਣਜੀਤ ਸਿੰਘ ਇਕ ਤੁਅੱਸਬੀ ਤੇ ਕੱਟੜਪੰਥੀ ਨਹੀਂ ਸੀ। ਉਹ ਸਿੱਖ ਧਰਮ ਦੀਆਂ ਸਭ ਨਿਯਤ ਰੀਤਾਂ ਤੇ ਰਹਿਤਾਂ ਦੇ ਮੁਤਾਬਿਕ ਚਲਦੇ ਸਨ। ਉਹ ਆਪਣੀ ਧਰਮ-ਪੁਸਤਕ 'ਗੁਰੂ ਗ੍ਰੰਥ ਸਾਹਿਬ' ਦਾ ਪਾਠ ਕੁਝ ਨਿਸਚਿਤ ਘੰਟਿਆਂ ਲਈ ਹਰ ਰੋਜ਼ ਸੁਣਦੇ ਸਨ। ਮਹਾਰਾਜਾ ਰਣਜੀਤ ਸਿੰਘ ਫ਼ਕੀਰਾਂ ਤੇ ਪਵਿੱਤਰ ਲੋਕਾਂ ਲਈ ਦਾਨ-ਪੁੰਨ ਕਰਨ ਵਿਚ ਬੜੇ ਉਦਾਰ ਤੇ ਖੁੱਲ੍ਹ-ਦਿਲੇ ਹਨ। ਮੁਲਤਾਨ, ਲਾਹੌਰ, ਅੰਮ੍ਰਿਤਸਰ, ਵਸਦੇ ਸਾਧ ਸੰਤਾਂ ਅਤੇ ਭਾਈਆਂ, ਗਿਆਨੀਆਂ ਨੂੰ ਵੀ ਉਹ ਇਵੇਂ ਹੀ ਸਤਿਕਾਰਦੇ ਅਤੇ ਜਗੀਰਾਂ ਆਦਿ ਨਾਲ ਸਨਮਾਨਦੇ ਰਹੇ ਹਨ। ਭਾਈ ਗੁਰਮੁਖ ਸਿੰਘ, ਭਾਈ ਸੰਤ ਸਿੰਘ ਗਿਆਨੀ, ਭਾਈ ਵਸਤੀ ਰਾਮ ਅਤੇ ਭਾਈ ਰੂਪ ਆਦਿ ਲਈ ਉਨ੍ਹਾਂ ਦੇ ਦਿਲ ਵਿਚ ਬੜਾ ਪਿਆਰ ਸੀ। ਜਿਸ ਵਾਰੇ ਮੁਨਸ਼ੀ ਸ਼ਾਹਮਤ ਅਲੀ 'ਦਾ ਸਿੱਖ ਐਂਡ ਅਫ਼ਗਾਨਜ਼+ (Shahamat 1&}, "he S}kh and 1f{hans) ਨੇ ਇਸ ਪ੍ਰਕਾਰ ਲਿਖਿਆ ਹੈ:-
'ਭਾਈ ਵਸਤੀ ਰਾਮ ਜੀ ਦੇ ਨਿਵਾਸ-ਸਥਾਨ ਤੇ ਉਹ ਆਪ, ਕਦੇ-ਕਦਾਈਂ ਜਾਂਦੇ ਅਤੇ ਉਨ੍ਹਾਂ ਦੀਆਂ ਪਾਵਨ ਅਸੀਸਾਂ ਪ੍ਰਾਪਤ ਕਰਦੇ ਰਹੇ ਹਨ।' ਉਹ ਆਪਣੇ ਸਮੇਂ ਦੇ ਉੱਘੇ ਦਰਵੇਸ਼ਾਂ, ਫ਼ਕੀਰਾਂ ਮਸਤਾਨ ਸ਼ਾਹ ਤੇ ਫ਼ਕੀਰ ਅਲਫ਼ ਸ਼ਾਹ ਆਦਿ ਦੇ ਡੇਰਿਆਂ ਵਿਚ ਜਾ ਕੇ ਨਜ਼ਰਾਨਾ ਭੇਟ ਕਰਦੇ ਅਤੇ ਦੁਆਵਾਂ ਹਾਸਲ ਕਰਦੇ। ਨੌਨਿਹਾਲ ਸਿੰਘ ਦੀ ਪੰਜਵੀਂ ਵਰ੍ਹੇਗੰਢ ਆਈ ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪੁਜਾਰੀਆਂ ਨੂੰ ਭੇਟਾ ਦਿੱਤੀਆਂ। ਅਮਰਨਾਥ, ਨੇ ਜ਼ਫਰਨਾਮਾ-ਇ-ਰਣਜੀਤ ਸਿੰਘ ਵਿਚ ਲਿਖਿਆ ਹੈ, ਜਦੋਂ ਕੰਵਰ ਨੌਨਿਹਾਲ ਸਿੰਘ ਦੀ ਪੰਜਵੀਂ ਵਰ੍ਹੇਗੰਢ ਆਈ ਤੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਪੁਜਾਰੀਆਂ ਨੂੰ ਭੇਟਾਂ ਦਿੱਤੀਆਂ ਗਈਆਂ। ਇਹ ਵੀ ਮੰਨਿਆ ਜਾਂਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਵਰਤਮਾਨ ਭਵਨ ਵਿਚ ਸਾਰਾ ਸੋਨੇ ਦਾ ਕੰਮ, ਚਿੱਤਰਕਾਰੀ ਅਤੇ ਸਜਾਵਟ ਰਣਜੀਤ ਸਿੰਘ ਨੇ ਹੀ ਕਰਵਾਈ ਸੀ।
ਹਿੰਦੂ ਧਰਮ ਦੇ ਵੱਖ-ਵੱਖ ਮੰਦਰਾਂ ਨੂੰ ਸਮੇਂ ਸਮੇਂ ਸਿਰ ਭੇਟਾਂ ਦਿੱਤੀਆਂ ਗਈਆਂ। ਜਿਵੇਂ 1812 ਈ: ਵਿਚ ਜਵਾਲਾਮੁਖੀ ਦੇ ਦੇਵੀ ਮੰਦਰ 'ਤੇ 1200 ਰੁਪਏ ਅਤੇ ਸੋਨੇ ਦਾ ਛਤਰ ਚੜ੍ਹਾਇਆ ਅਤੇ 500 ਰੁਪਏ ਦੀਆਂ ਮਠਿਆਈਆਂ ਪੁਜਾਰੀਆਂ ਨੂੰ ਵੰਡੀਆਂ ਗਈਆਂ। ਮਹਾਰਾਜਾ ਨੇ ਹਿੰਦੂਆਂ ਦੇ ਹਰਿਦੁਆਰ, ਬਨਾਰਸ ਤੇ ਜਵਾਲਾਮੁਖੀ ਦੇ ਮੰਦਰਾਂ ਨੂੰ ਵੀ ਖੁੱਲ੍ਹੇ ਦਿਲ ਨਾਲ ਦਾਨ ਦਿੱਤੇੇ । ਬੈਰਨ ਹਿਊਗਲ ਨੇ, ਟਰੈਵਲਜ਼ ਇਨ ਕਸ਼ਮੀਰ ਐਂਡ ਪੰਜਾਬ, ਵਿਚ ਲਿਖਿਆ ਹੈ ਕਿ, ਵੱਡੇ ਅਤੇ ਛੋਟੇ ਭਵਨਾਂ ਦੀਆਂ ਸੋਨੇ ਦੀਆਂ ਛੱਤਾਂ ਚੰਗੀ ਤਰ੍ਹਾਂ ਨਫ਼ਾਸਤ ਨਾਲ ਬਣਾਈਆਂ ਗਈਆਂ। 1835 ਈ. ਦੀਆਂ ਘਟਨਾਵਾਂ ਦਾ ਵਰਨਣ ਕਰਦੇ ਹੋਏ ਸੋਹਨ ਲਾਲ ਸੂਰੀ ਨੇ ਲਿਖਿਆ ਹੈ ਕਿ ਮਹਾਰਾਜਾ ਨੇ ਜਵਾਲਾਮੁਖੀ ਮੰਦਰ ਨੂੰ ਸੋਨੇ ਦੇ ਛਤਰ ਭੇਟ ਕੀਤੇ।
ਇੱਥੇ ਹੀ ਬਸ ਨਹੀਂ, ਉਸ ਨੇ ਇਸਲਾਮ ਧਰਮ ਪ੍ਰਤੀ ਉਦਾਰਤਾ ਦਾ ਰਵੱਈਆ ਜਾਰੀ ਰੱਖਿਆ। ਇਸਲਾਮ ਧਰਮ ਦੇ ਪੀਰਾਂ, ਫ਼ਕੀਰਾਂ ਤੇ ਹੋਰ ਧਾਰਮਿਕ ਸ਼ਖ਼ਸਾਂ ਪ੍ਰਤੀ ਮਹਾਰਾਜੇ ਦੀ ਪੂਰੀ ਸ਼ਰਧਾ ਸੀ। ਮੁਸਲਮਾਨਾਂ ਦੀ ਬੇਨਤੀ 'ਤੇ ਮਹਾਰਾਜਾ ਨੇ ਲਾਹੌਰ ਵਿਖੇ ਦਾਤਾ ਗੰਜਬਖ਼ਸ਼ ਦੇ ਮਕਬਰੇ ਦੀ ਮੁਰੰਮਤ ਕਰਵਾਈ ਤੇ ਹਰ ਉਰਸ ਦੇ ਸਮੇਂ 1000 ਰੁਪਏ ਭੇਟ ਕੀਤੇ ਅਤੇ ਗੁਜ਼ਾਰੇ ਲਈ ਜਗੀਰਾਂ ਭੇਟ ਕੀਤੀਆਂ। 1833 ਈ. ਵਿਚ ਸਾਈਂ ਮੀਆਂ ਮੀਰ ਤੇ ਦਾਤਾ ਗੰਜਬਖਸ਼ ਦੇ ਸਥਾਨ 'ਤੇ ਕੀਮਤੀ ਦੁਸ਼ਾਲੇ ਭੇੇਜੇ। 1838 ਦੀ ਵਿਚ ਕਸੂਰ ਵਿਚ ਭੋਲੇ ਸ਼ਾਹ ਦੇ ਮਕਬਰੇ 'ਤੇ 201/- ਰੁਪਏ ਭੇਟ ਕੀਤੇ।
1839 ਈ. ਵਿਚ ਰਾਵੀ ਦੇ ਕਿਨਾਰੇ ਸ਼ਾਹ ਬਿਲਾਵਲ ਦਾ ਨਵਾਂ ਮਕਬਰਾ ਬਣਵਾਇਆ। ਡਾ: ਕਿਰਪਾਲ ਸਿੰਘ, 'ਮਹਾਰਾਜਾ ਰਣਜੀਤ ਸਿੰਘ, ਜੀਵਨ ਤੇ ਘਾਲਣਾ', ਵਿਚ ਲਿਖਦਾ ਹੈ ਕਿ ਇੱਥੇ ਚੱਲੀ ਆ ਰਹੀ ਮੁਫ਼ਤ ਲੰਗਰ ਦੀ ਪ੍ਰਥਾ ਨੂੰ ਜਾਰੀ ਰੱਖਣ ਲਈ ਇਸ ਦੇ ਨਾਮ 3500 ਸੌ ਰੁਪਏ ਸਲਾਨਾ ਦੀ ਜਗੀਰ ਲਾ ਦਿੱਤੀ ਸੀ। ਜਮਾਲੂਦੀਨ ਕੁਰੈਸ਼ੀ ਦੇ ਮਕਬਰੇ 'ਤੇ ਖਰਚੇ ਲਈ ਕਈ ਪਿੰਡ ਜਗੀਰ ਵਜੋਂ ਦਿੱਤੇ। ਲਾਹੌਰ ਦੀ ਮਸਜਿਦ ਨੂੰ 1000/- ਰੁਪਏ ਦਿੱਤੇ। ਦਾ ਰੀਅਲ ਰਣਜੀਤ ਸਿੰਘ, ਦੇ ਲਿਖਾਰੀ ਫ਼ਕੀਰ ਸੱਯਦ ਵਹੀਦਉਦੀਨ, ਲਿਖਦਾ ਹੈ ਕਿ ਰਣਜੀਤ ਸਿੰਘ ਆਪ ਕੁਰਾਨ ਤੇ ਮਸਜਿਦਾਂ ਦਾ ਬਹੁਤ ਸਨਮਾਨ ਕਰਦਾ ਸੀ ਜੋ ਮੁਸਲਮਾਨ ਸਾਰਾ ਕੁਰਾਨ ਯਾਦ ਕਰਕੇ ਜ਼ਬਾਨੀ ਸੁਣਾ ਦਿੰਦੇ ਉਨ੍ਹਾਂ ਨੂੰ ਮਹਾਰਾਜਾ ਅਕਸਰ ਉਦਾਰਤਾ ਪੂਰਵਕ ਅਨੁਦਾਨ ਦਿਆ ਕਰਦਾ ਸੀ। (ਚਲਦਾ)

-ਮੋਬਾਈਲ 98149-75686
shafique_1981@yahoo.co.inWebsite & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX