ਤਾਜਾ ਖ਼ਬਰਾਂ


ਭਾਰਤ-ਪਾਕਿਸਤਾਨ ਮੈਚ - ਭਾਰਤ ਨੇ ਡਕਵਰਥ ਲੁਇਸ ਸਿਸਟਮ ਤਹਿਤ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ
. . .  about 4 hours ago
ਭਾਰਤ-ਪਾਕਿਸਤਾਨ ਮੈਚ : ਮੀਂਹ ਰੁਕਣ ਤੋਂ ਬਾਅਦ ਖੇਡ ਫਿਰ ਤੋਂ ਸ਼ੁਰੂ
. . .  1 day ago
ਭਾਰਤ-ਪਾਕਿਸਤਾਨ ਮੈਚ : ਮੀਂਹ ਕਾਰਨ ਰੁਕੀ ਖੇਡ
. . .  1 day ago
ਭਾਰਤ-ਪਾਕਿਸਤਾਨ ਮੈਚ - 35 ਓਵਰਾਂ ਤੋਂ ਬਾਅਦ ਪਾਕਿਸਤਾਨ 166/6
. . .  1 day ago
ਭਾਰਤ-ਪਾਕਿਸਤਾਨ ਮੈਚ : ਪਾਕਿਸਤਾਨ ਦਾ 6ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - 30 ਓਵਰਾਂ ਤੋਂ ਬਾਅਦ ਪਾਕਿਸਤਾਨ 140/5
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ 5ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - ਭਾਰਤ ਨੂੰ ਮਿਲੀ ਚੌਥੀ ਸਫਲਤਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਤੀਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਦੂਸਰਾ ਝਟਕਾ
. . .  1 day ago
ਹੋਰ ਖ਼ਬਰਾਂ..

ਖੇਡ ਜਗਤ

ਰਾਜਨੀਤੀ ਵਿਚ ਖਿਡਾਰੀ ਬਨਾਮ ਖਿਡਾਰੀਆਂ ਦੀ ਰਾਜਨੀਤੀ

ਜੈਪੁਰ ਪੇਂਡੂ ਸੀਟ 'ਤੇ ਇਸ ਲੋਕ ਸਭਾ ਚੋਣਾਂ ਵਿਚ ਦੋ ਉਲੰਪੀਅਨ ਆਹਮਣੇ ਸਾਹਮਣੇ ਸਨ | ਭਾਜਪਾ ਨੇ ਆਪਣੇ ਸੰਸਦ ਮੈਂਬਰ ਤੇ ਖੇਡ ਮੰਤਰੀ ਰਾਜਿਆ ਵਰਧਨ ਰਾਠੌਰ ਨੂੰ ਫਿਰ ਤੋਂ ਇਸ ਚੋਣ ਖੇਤਰ ਵਿਚ ਕਿਸਮਤ ਅਜਮਾਉਣ ਦਾ ਮੌਕਾ ਦਿੱਤਾ | ਰਾਠੌਰ ਨੇ 2004 ਅਥੈਂਸ ਖੇਡਾਂ ਵਿਚ ਡਬਲ ਟ੍ਰੈਪ (ਸ਼ੂਟਿੰਗ) ਵਿਚ ਉਲੰਪਿਕ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ | ਕਾਂਗਰਸ ਨੇ ਆਪਣੀ ਵਿਧਾਇਕਾ ਕ੍ਰਿਸ਼ਣਾ ਪੂਨੀਆ ਨੂੰ ਰਾਠੌਰ ਦੇ ਮੁਕਾਬਲੇ ਖੜ੍ਹਾ ਕੀਤਾ ਸੀ | ਪੂਨੀਆ ਨੇ 2012 ਲੰਡਨ ਉਲੰਪਿਕ ਵਿਚ ਚੱਕਾ (ਡਿਸਕਸ) ਸੁੱਟ ਕੇ ਪ੍ਰਸੰਸਾਯੋਗ ਥਾਂ ਹਾਸਲ ਕੀਤਾ ਸੀ | ਜ਼ਾਹਿਰ ਹੈ ਇਨ੍ਹਾਂ ਖਿਡਾਰੀਆਂ ਵਿਚੋਂ ਇਕ ਹੀ ਸੰਸਦ ਮੈਂਬਰ ਚੁਣਿਆ ਜਾਣਾ ਸੀ ਤੇ ਉਹ ਹਨ ਰਾਜਿਆਵਰਧਨ ਰਾਠੌਰ |
ਭਾਰਤ ਦੇ ਚੋਣ ਇਤਿਹਾਸ ਵਿਚ ਖਿਡਾਰੀਆਂ ਦਾ ਅਨੁਭਵ ਵੀ ਕੁਝ ਇਸੇ ਤਰ੍ਹਾਂ ਦਾ ਖੱਟਾ-ਮਿੱਠਾ ਰਿਹਾ ਹੈ | ਕੁਝ ਬਹੁਤ ਕਾਮਯਾਬ ਰਹੇ ਹਨ, ਕੁਝ ਨੇ ਦੋਵਾਂ ਸਫਲਤਾਵਾਂ ਤੇ ਅਸਫਲਤਾਵਾਂ ਨੂੰ ਦੇਖਿਆ ਤੇ ਕੁਝ ਪੂਰੀ ਤਰ੍ਹਾਂ ਨਾਕਾਮ ਰਹੇ ਹਨ | ਵਿਧਾਇਕ ਤੇ ਸੰਸਦ ਮੈਂਬਰ ਬਣਨ ਦੇ ਇਲਾਵਾ ਕੁਝ ਖਿਡਾਰੀ ਮੰਤਰੀ ਤੇ ਮੁੱਖ ਮੰਤਰੀ ਅਹੁਦੇ ਤੱਕ ਵੀ ਪਹੁੰਚੇ ਹਨ, ਪਰ ਹਾਲੇ ਤੱਕ ਕੋਈ ਇਮਰਾਨ ਖਾਨ (ਪਾਕਿਸਤਾਨ) ਦੀ ਤਰ੍ਹਾਂ ਪ੍ਰਧਾਨ ਮੰਤਰੀ ਨਹੀਂ ਬਣ ਸਕਿਆ ਹੈ | ਉਂਝ ਖੇਡ ਤੇ ਰਾਜਨੀਤੀ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਅਜੀਬ ਸੰਗਮ ਹੈ, ਜੋ ਨਾਕਾਮ ਹੀ ਰਹਿੰਦਾ ਹੈ |
ਇਨ੍ਹਾਂ ਦੋਵਾਂ ਨੇ ਹੀ ਭਾਜਪਾ ਦੀ ਮੈਂਬਰਸ਼ਿਪ ਲਈ ਹੈ | ਇਨ੍ਹਾਂ ਦਾ ਰਾਜਨੀਤਕ ਭਵਿੱਖ ਕੀ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ | ਪਰ ਏਨਾ ਤੈਅ ਹੈ ਕਿ ਖੇਡ ਦੀ ਤਰ੍ਹਾਂ ਰਾਜਨੀਤੀ ਵਿਚ ਵੀ ਜਿੱਤ ਤੇ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ | ਫਿਲਹਾਲ, ਇਕ ਦਿਲਚਸਪ ਗੱਲ ਹੈ ਕਿ ਭਾਰਤ ਦੇ ਜ਼ਿਆਦਾਤਰ ਖੇਡ ਸੰਘਾਂ ਤੇ ਰਾਜਨੀਤੀ ਵਾਲਿਆਂ ਦਾ ਕਬਜ਼ਾ ਰਿਹਾ ਹੈ ਅਤੇ ਹੁਣ ਵੀ ਹੈ, ਭਾਵੇਂ ਹੀ ਉਨ੍ਹਾਂ ਨੂੰ ਇਹ ਨਾ ਪਤਾ ਹੋਵੇ ਕਿ ਲੋਕ ਸਲਿੱਪ ਅਤੇ ਗਲੀ ਵਿਚ ਕੀ ਫਰਕ ਹੈ | ਆਮ ਤੌਰ 'ਤੇ ਖਿਡਾਰੀ ਕਿਸੇ ਸਿਆਸੀ ਪਾਰਟੀ ਨਾਲ ਜੁੜ ਕੇ ਹੀ ਰਾਜਨੀਤੀ ਵਿਚ ਸਫਲਤਾ ਹਾਸਲ ਕਰਦੇ ਹਨ, ਪਰ 1974 ਦੀਆਂ ਤਹਿਰਾਨ ਏਸ਼ੀਆ ਖੇਡਾਂ ਵਿਚ ਚਾਂਦੀ ਤਗਮਾ (ਟ੍ਰੈਪ) ਜਿੱਤਣ ਵਾਲੇ ਸ਼ੂਟਰ ਕਰਨੀ ਸਿੰਘ ਇਸ ਤਰ੍ਹਾਂ ਦੇ ਖਿਡਾਰੀ ਰਹੇ ਹਨ ਜਿਨ੍ਹਾਂ ਆਜ਼ਾਦ ਉਮੀਦਵਾਰ ਰਹਿੰਦੇ ਹੋਏ ਬੀਕਾਨੇਰ ਲੋਕ ਸਭਾ ਸੀਟ ਨੂੰ 1952, 1957, 1962, 1967 ਤੇ 1971 ਵਿਚ ਜਿੱਤਿਆ | (ਇਸ ਲੇਖ ਵਿਚ ਅਸੀਂ ਸਿਰਫ ਲੋਕ ਸਭਾ ਚੋਣਾਂ ਨਾਲ ਜੁੜੇ ਖਿਡਾਰੀਆਂ ਦੀ ਗੱਲ ਕਰਾਂਗੇ) |
ਹੋਰ ਸਫਲ ਖਿਡਾਰੀਆਂ ਵਿਚ ਸ਼ਾਮਿਲ ਹਨ - ਜੈਪਾਲ ਸਿੰਘ, ਜੋ 1928 ਦੀਆਂ ਉਲੰਪਿਕ ਖੇਡਾਂ ਵਿਚ ਹਾਕੀ ਦਾ ਗੋਲਡ ਜਿੱਤਣ ਵਾਲੀ ਭਾਰਤੀ ਟੀਮ ਦੇ ਕਪਤਾਨ ਸਨ | ਉਨ੍ਹਾਂ ਦਾ ਸਬੰਧ ਝਾਰਖੰਡ ਪਾਰਟੀ ਨਾਲ ਸੀ, ਹਾਕੀ ਦੇ ਹੀ ਇਕ ਹੋਰ ਖਿਡਾਰੀ ਅਸਲਮ ਸ਼ੇਰ ਖਾਨ ਨੇ ਕਾਂਗਰਸ ਦੇ ਟਿਕਟ 'ਤੇ ਬੈਤੂਲ ਸੀਟ 1984 ਤੇ 1991 ਵਿਚ ਜਿੱਤੀ ਅਤੇ ਨਰਸਿਮ੍ਹਾ ਰਾਓ ਸਰਕਾਰ ਵਿਚ ਉਹ ਮੰਤਰੀ ਰਹੇ | ਅਸਲਮ 1975 ਦੇ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਵਿਚ ਫੁੱਲ ਬੈਕ ਸਨ ਅਤੇ ਸੁਰਜੀਤ ਸਿੰਘ ਦੇ ਨਾਲ ਰੱਖਿਆ ਕਤਾਰ ਵਿਚ ਉਨ੍ਹਾਂ ਦੀ ਜੋੜੀ ਇਤਿਹਾਸਕ ਤੇ ਮਿਸਾਲੀ ਹੈ |
ਅੱਜਕਲ੍ਹ ਤਾਂ ਔਰਤ ਕ੍ਰਿਕਟ ਖਿਡਾਰੀਆਂ ਦੇ ਨਾਂਅ ਵੀ ਹਰ ਕੋਈ ਜਾਣਨ ਲੱਗਿਆ ਹੈ, ਪਰ ਰਾਣੀ ਨਰਹਾ ਜਦੋਂ ਅਸਾਮ ਟੀਮ ਦੀ ਕਪਤਾਨੀ ਕਰਿਆ ਕਰਦੀ ਸੀ ਤਾਂ ਭਾਰਤ ਵਿਚ ਗਿਣਤੀ ਦੇ ਲੋਕ ਹੀ ਇਹ ਜਾਣਦੇ ਸਨ ਕਿ ਆਪਣੇ ਦੇਸ਼ ਵਿਚ ਔਰਤਾਂ ਵੀ ਕ੍ਰਿਕਟ ਖੇਡਦੀਆਂ ਹਨ | ਪਰ ਰਾਣੀ ਰਾਜਨੀਤੀ ਵਿਚ ਜ਼ਰੂਰ ਰਾਣੀ ਸਾਬਤ ਹੋਈ ਅਤੇ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਲਖੀਮਪੁਰ ਤੋਂ 1998, 1999 ਅਤੇ 2009 ਵਿਚ ਜਿੱਤ ਹਾਸਲ ਕੀਤੀ | ਪੰਜਾਬ ਮੰਤਰੀ ਮੰਡਲ ਦੇ ਮੈਂਬਰ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਦੇ ਖਿਡਾਰੀ ਹਨ ਜੋ ਹਰ ਮੈਦਾਨ ਵਿਚ ਸਫਲਤਾ ਦੇ ਝੰਡੇ ਗੱਡ ਦਿੰਦੇ ਹਨ, ਉਹ ਚਾਹੇ ਕ੍ਰਿਕਟ ਹੋਵੇ, ਕੁਮੈਂਟਰੀ ਹੋਵੇ, ਮਨੋਰੰਜਨ ਹੋਵੇ ਜਾਂ ਫਿਰ ਰਾਜਨੀਤੀ ਹੋਵੇ | 2017 ਵਿਚ ਭਾਜਪਾ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਅਤੇ ਭਾਜਪਾ ਅੰਮਿ੍ਤਸਰ ਦੀ ਸੀਟ ਹਾਰ ਗਈ | ਨਵਜੋਤ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ, ਪਰ ਉਨ੍ਹਾਂ ਨੂੰ ਇਹ ਗੱਲ ਪਸੰਦ ਨਹੀਂ ਆਈ, ਉਨ੍ਹਾਂ ਨੇ ਰਾਜ ਸਭਾ ਤੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ | ਕਾਂਗਰਸ ਦੇ ਮੈਂਬਰ ਬਣੇ, ਵਿਧਾਇਕ ਦੀ ਚੋਣ ਜਿੱਤੀ ਅਤੇ ਹੁਣ ਮੰਤਰੀ ਹਨ |
ਲੰਬੇ ਸਮੇਂ ਤੱਕ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰਹੇ ਮੁਹੰਮਦ ਅਜ਼ਹਰੂਦੀਨ ਨੇ 2009 ਵਿਚ ਕਾਂਗਰਸ ਦੇ ਟਿਕਟ 'ਤੇ ਮੁਰਾਦਾਬਾਦ ਤੋਂ ਜਿੱਤ ਹਾਸਲ ਕੀਤੀ ਅਤੇ ਹੁਣ ਉਹ ਤੇਲੰਗਾਨਾ ਕਾਂਗਰਸ ਇਕਾਈ ਦੇ ਪ੍ਰਧਾਨ ਹਨ | ਪਰ ਕੁਝ ਬਹੁਤ ਵੱਡੇ ਨਾਂਅ ਹਨ ਜੋ ਖੇਡ ਦੇ ਮੈਦਾਨ ਵਿਚ ਤਾਂ ਬਹੁਤ ਸਫਲ ਰਹੇ, ਪਰ ਰਾਜਨੀਤੀ ਦੇ ਮੈਦਾਨ ਵਿਚ ਚਿਤ ਹੋ ਗਏ, ਜਿਵੇਂ ਮੰਸੂਰ ਅਲੀ ਖਾਨ ਪਟੌਦੀ, ਮਨੋਜ ਪ੍ਰਭਾਕਰ, ਚੇਤਨ ਸ਼ਰਮਾ, ਮੁਹੰਮਦ ਕੈਫ, ਨਫੀਸਾ ਅਲੀ, ਦਿਲੀਪ ਤਿਰਕੇ, ਬਾਈਚੁੰਗ ਭੂਟੀਆ ਆਦਿ |


ਖ਼ਬਰ ਸ਼ੇਅਰ ਕਰੋ

ਕ੍ਰਿਕਟ ਵਿਸ਼ਵ ਕੱਪ-2019

ਕੀ ਭਾਰਤ ਬਣੇਗਾ ਵਿਸ਼ਵ ਜੇਤੂ?

ਸਾਲ 1983 ਵਿਚ ਜਦੋਂ ਭਾਰਤ ਨੇ ਆਪਣਾ ਪਹਿਲਾ ਇਕ-ਦਿਨਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ ਤਾਂ ਉਹ ਡਾਰਕ ਹਾਰਸ ਸੀ ਭਾਵ ਕਿਸੇ ਨੂੰ ਕੋਈ ਉਮੀਦ ਨਹੀਂ ਸੀ ਕਿ ਉਹ ਮੁਕਾਬਲੇ ਨੂੰ ਜਿੱਤ ਸਕਦਾ ਹੈ | ਇਸ ਤੋਂ ਬਾਅਦ ਜਿੰਨੇ ਵੀ ਵਿਸ਼ਵ ਕੱਪ ਹੋਏ ਹਨ, ਉਨ੍ਹਾਂ ਵਿਚ ਉਹ ਟੀਮ ਵਿਜੇਤਾ ਨਹੀਂ ਬਣ ਸਕੀ ਹੈ, ਜੋ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹਰਮਨ ਪਿਆਰੀ ਮੰਨੀ ਜਾ ਰਹੀ ਸੀ | ਜਿਵੇਂ 1987 ਵਿਚ ਕੱਪ ਦੇ ਪ੍ਰਮੱੁਖ ਦਾਅਵੇਦਾਰ ਭਾਰਤ ਅਤੇ ਪਾਕਿਸਤਾਨ ਸਨ ਪਰ ਬਾਜ਼ੀ ਮਾਰੀ ਆਸਟ੍ਰੇਲੀਆ ਨੇ | ਇਸੇ ਤਰ੍ਹਾਂ 1992 ਵਿਚ ਪਾਕਿਸਤਾਨ ਸਬੰਧੀ ਅਤੇ 1996 ਵਿਚ ਸ੍ਰੀਲੰਕਾ ਸਬੰਧੀ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਟੀਮਾਂ ਅੰਤਿਮ 4 ਵਿਚ ਵੀ ਪਹੁੰਚਣਗੀਆਂ, ਪਰ ਅਖੀਰ ਉਹ ਹੀ ਵਿਜੇਤਾ ਬਣੇ | ਇਸ ਵਾਰ ਆਪਣੀਆਂ ਸੰਤੁਲਤ ਅਤੇ ਦਮਦਾਰ ਟੀਮਾਂ ਦੇ ਕਾਰਨ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ (ਇਸੇ ਲੜੀ ਵਿਚ) ਹਰਮਨ ਪਿਆਰੀਆਂ ਮੰਨੀਆਂ ਜਾ ਰਹੀਆਂ ਹਨ | ਇਸ ਲਈ ਇਹ ਸਵਾਲ ਉੱਠਦਾ ਹੈ ਕਿ ਕੀ ਪਰੰਪਰਾ ਨੂੰ ਤੋੜਦੇ ਹੋਏ ਭਾਰਤ 2019 ਵਿਚ ਆਈ.ਸੀ.ਸੀ. ਇਕ ਦਿਨਾ ਕ੍ਰਿਕਟ ਵਿਸ਼ਵ ਕੱਪ (50 ਓਵਰ ਫਾਰਮੈਟ) ਨੂੰ ਆਪਣੇ ਨਾਂਅ ਕਰ ਸਕਦਾ ਹੈ? ਜੇਕਰ ਉਹ ਅਜਿਹਾ ਕਰਨ ਵਿਚ ਸਫ਼ਲ ਰਹਿੰਦਾ ਹੈ ਤਾਂ 1983 ਅਤੇ 2011 ਤੋਂ ਬਾਅਦ ਸਾਡੀ ਇਹ ਤੀਜੀ ਜਿੱਤ ਹੋਵੇਗੀ |
ਭਾਰਤ ਕੋਲ ਹਾਰਦਿਕ ਪਾਂਡਿਆ, ਵਿਜੈ ਸ਼ੰਕਰ ਅਤੇ ਰਵਿੰਦਰ ਜਡੇਜਾ ਦੇ ਰੂਪ ਵਿਚ ਉੱਚ ਪੱਧਰ ਦੇ ਆਲ ਰਾਊਾਡਰ ਹਨ ਅਤੇ ਲੋੜ ਪੈਣ 'ਤੇ ਕੇਦਾਰ ਯਾਦਵ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵੀ ਆਪਣਾ ਹੱਥ ਘੁਮਾ ਸਕਦੇ ਹਨ | 1983 ਵਿਚ ਭਾਰਤੀ ਜਿੱਤ ਦੇ ਹੀਰੋ ਰਹੇ ਹਰਫਨਮੌਲਾ ਖਿਡਾਰੀ ਮਹਿੰਦਰ ਅਮਰਨਾਥ ਦਾ ਕਹਿਣਾ ਹੈ, 'ਜੇਕਰ ਤੁਹਾਡੇ ਕੋਲ 2-3 ਤਰ੍ਹਾਂ ਦੇ ਆਲ ਰਾਊਾਡਰ ਹਨ ਤਾਂ ਇਸ ਨਾਲ ਟੀਮ ਦਾ ਸੰਤੁਲਨ ਬਹੁਤ ਚੰਗਾ ਹੋ ਜਾਂਦਾ ਹੈ | ਇਸ ਨਾਲ ਤੁਹਾਨੂੰ ਬਦਲ ਮਿਲ ਜਾਂਦਾ ਹੈ ਕਿ ਤੁਸੀਂ ਬਾਕੀ ਟੀਮ ਨੂੰ ਕਿਸ ਤਰ੍ਹਾਂ ਬਣਾਉਣਾ ਚਾਹੁੰਦੇ ਹੋ |' 2019 ਦਾ ਵਿਸ਼ਵ ਕੱਪ 30 ਮਈ ਤੋਂ ਇੰਗਲੈਂਡ ਅਤੇ ਵੇਲਸ ਵਿਚ ਖੇਡਿਆ ਜਾਵੇਗਾ, ਜਿਸ ਵਿਚ ਹਰ ਟੀਮ ਪਹਿਲਾਂ ਇਕ-ਦੂਜੇ ਨਾਲ ਖੇਡੇਗੀ ਅਤੇ ਅੰਕਾਂ ਦੇ ਆਧਾਰ 'ਤੇ ਪਹਿਲੀਆਂ 4 ਟੀਮਾਂ ਸੈਮੀਫਾਈਨਲ ਵਿਚ ਪਹੁੰਚਣਗੀਆਂ |
ਇਸ ਪਿਛੋਕੜ ਵਿਚ ਇਹ ਅੰਦਾਜ਼ਾ ਲਗਾਉਣਾ ਗ਼ਲਤ ਨਹੀਂ ਹੋਵੇਗਾ ਕਿ ਅਗਾਮੀ ਵਿਸ਼ਵ ਕੱਪ ਹਾਈ ਸਕੋਰਿੰਗ ਹੋਵੇਗਾ | ਇਹ ਭਾਰਤ ਲਈ ਤਿੰਨ ਪ੍ਰਮੱੁਖ ਕਾਰਨਾਂ ਨਾਲ ਲਾਭਦਾਇਕ ਹੋਵੇਗਾ | ਇਕ, ਸੀਮ ਅਤੇ ਸਵਿੰਗ ਦੀ ਕਮੀ ਵਿਚ ਭਾਰਤ ਦੇ ਸਟ੍ਰੋਕ ਖਿਡਾਰੀਆਂ ਨੂੰ ਖੱੁਲ੍ਹ ਕੇ ਖੇਡਣ ਦਾ ਮੌਕਾ ਮਿਲੇਗਾ ਅਤੇ ਉਹ ਨਾ ਸਿਰਫ ਵੱਡਾ ਟੀਚਾ ਚੇਜ਼ ਕਰ ਸਕਣਗੇ, ਸਗੋਂ ਵੱਡਾ ਟੀਚਾ ਸੈੱਟ ਵੀ ਕਰ ਸਕਣਗੇ | ਧਿਆਨ ਰਹੇ ਕਿ ਇਕ ਦਿਨਾ ਮੈਚਾਂ ਵਿਚ 3 ਦੋਹਰੇ ਸੈਂਕੜੇ ਲਗਾਉਣ ਵਾਲੇ ਵਿਸ਼ਵ ਦੇ ਸਿਰਫ ਇਕੋ-ਇਕ ਬੱਲੇਬਾਜ਼ ਰੋਹਿਤ ਸ਼ਰਮਾ ਸਪਾਟ ਵਿਕਟ 'ਤੇ ਜ਼ਿਆਦਾ ਖ਼ਤਰਨਾਕ ਹੋ ਜਾਂਦੇ ਹਨ ਅਤੇ ਟੀਚੇ ਦਾ ਪਿੱਛਾ ਕਰਨ ਦੇ ਸੰਦਰਭ ਵਿਚ ਕਪਤਾਨ ਵਿਰਾਟ ਕੋਹਲੀ ਦਾ ਜੋੜ ਨਹੀਂ ਹੈ | ਟੀਚੇ ਦਾ ਪਿੱਛਾ ਕਰਦੇ ਹੋਏ ਕੋਹਲੀ ਨੇ 133 ਮੈਚਾਂ ਵਿਚ 28.21 ਦੀ ਔਸਤ ਨਾਲ 94.43 ਦੇ ਸਟ੍ਰਾਈਕ ਰੇਟ ਨਾਲ 6617 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚੋਂ 25 ਸੈਂਕੜੇ ਹਨ ਅਤੇ ਇਨ੍ਹਾਂ ਵਿਚੋਂ 21 ਸੈਂਕੜਿਆਂ ਨੇ ਭਾਰਤ ਲਈ ਜਿੱਤ ਨਿਸ਼ਚਿਤ ਕੀਤੀ ਹੈ |
ਭਾਰਤ ਕੋਲ ਇਕ ਹੋਰ ਤਰੱੁਪ ਦਾ ਯੱਕਾ ਹੈ-ਉਸ ਦੇ ਸਪਿਨ ਗੇਂਦਬਾਜ਼ | ਜੇ ਤੁਸੀਂ ਛੋਟੇ ਫਾਰਮੈਟ ਵਿਚ ਨਜ਼ਰ ਮਾਰੀ ਹੋਵੇ ਤਾਂ ਸਪਾਟ ਵਿਕਟ 'ਤੇ ਵੀ ਹਾਲ ਦੇ ਸਾਲਾਂ ਵਿਚ ਸਭ ਤੋਂ ਜ਼ਿਆਦਾ ਸਫ਼ਲ ਲੈੱਗ ਸਪਿਨਰ ਰਹੇ ਹਨ, ਜਿਨ੍ਹਾਂ ਨੂੰ ਲਗਾਤਾਰ ਮਾਰਨਾ ਕਿਸੇ ਵੀ ਬੱਲੇਬਾਜ਼ ਲਈ ਆਸਾਨ ਨਹੀਂ ਰਿਹਾ ਹੈ | ਇਸ ਆਈ.ਪੀ.ਐਲ. ਵਿਚ ਵੀ 26 ਵਿਕਟ ਦੇ ਨਾਲ ਲੈੱਗ ਸਪਿਨਰ ਇਮਰਾਨ ਤਾਹਿਰ ਨੂੰ ਪਰਪਲ ਕੈਪ ਮਿਲੀ | ਭਾਰਤ ਕੋਲ ਦੋ ਕੁਆਲਟੀ ਲੈਗ ਸਪਿਨਰ ਹਨ-ਯੁਜਵੇਂਦਰ ਚਹਿਲ ਅਤੇ ਕੁਲਦੀਪ ਯਾਦਵ | ਇਨ੍ਹਾਂ ਦੀ ਬਦੌਲਤ ਹੀ ਹਾਲ ਦੇ ਸਾਲਾਂ ਵਿਚ ਭਾਰਤ ਨੂੰ ਵਿਦੇਸ਼ੀ ਧਰਤੀ 'ਤੇ ਇਕ-ਦਿਨਾ ਮੈਚਾਂ ਵਿਚ ਜ਼ਬਰਦਸਤ ਸਫ਼ਲਤਾ ਮਿਲੀ ਹੈ, ਜਿਵੇਂ ਦੱਖਣੀ ਅਫਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ |
ਕੱੁਲ ਮਿਲਾ ਕੇ ਤੱਥ ਇਹ ਹੈ ਕਿ ਭਾਰਤ ਕੋਲ ਸੰਤੁਲਿਤ, ਪ੍ਰਤਿਭਾਸ਼ਾਲੀ ਅਤੇ ਜੋਸ਼ ਨਾਲ ਭਰੀ ਟੀਮ ਹੈ, ਜੋ ਇਸ ਵਾਰ ਦਾ ਵਿਸ਼ਵ ਕੱਪ ਜਿੱਤਣ ਵਿਚ ਪੂਰੀ ਤਰ੍ਹਾਂ ਸਮਰੱਥ ਹੈ | ਇਸ ਲਈ ਇਹ ਅਨੁਮਾਨ ਲਗਾਉਣਾ ਗ਼ਲਤ ਨਹੀਂ ਹੋਵੇਗਾ ਕਿ 'ਫੇਵਰੇਟ ਟੀਮ ਮੁਕਾਬਲਾ ਨਹੀਂ ਜਿੱਤਦੀ' ਦੀ ਪਰੰਪਰਾ ਨੂੰ ਤੋੜਦੇ ਹੋਏ ਭਾਰਤ 2019 ਦਾ ਚੈਂਪੀਅਨ ਬਣੇਗਾ |


ਚੀਫ਼ ਖ਼ਾਲਸਾ ਦੀਵਾਨ ਹਾਕੀ ਅਕੈਡਮੀ ਦੀ ਸਥਾਪਨਾ ਇਕ ਸ਼ਲਾਘਾਯੋਗ ਕਦਮ

ਪੁਰਾਤਨ ਸਿੱਖ ਸੰਸਥਾ ਅਤੇ ਸਿੱਖੀ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਨੇ ਭਾਵੇਂ ਕੁਝ ਪਛੜ ਕੇ ਮਹਿਸੂਸ ਕੀਤਾ ਪਰ ਬੜੀ ਸ਼ਿੱਦਤ ਨਾਲ ਅਨੁਭਵ ਕੀਤਾ ਕਿ ਸਿੱਖ ਜਗਤ ਨਾਲ ਜੁੜੀ ਹਾਕੀ ਖੇਡ ਨੂੰ ਉਤਸ਼ਾਹ ਕਰਨਾ ਵੀ ਇਸ ਸੰਸਥਾ ਲਈ ਇਕ ਲਾਜ਼ਮੀ ਮਿਸ਼ਨ ਅਤੇ ਮਕਸਦ ਹੋਣਾ ਚਾਹੀਦਾ ਹੈ | ਚੀਫ਼ ਖ਼ਾਲਸਾ ਦੀਵਾਨ ਦੇ ਨਵਨਿਯੁਕਤ ਪ੍ਰਧਾਨ ਸ: ਨਿਰਮਲ ਸਿੰਘ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਬਾਬਾ ਬੋਹੜ ਸ: ਭਾਗ ਸਿੰਘ ਅਣਖੀ ਅਤੇ ਉਨ੍ਹਾਂ ਦੀ ਪੂਰੀ ਟੀਮ ਲਾਮਬੰਦ ਹੋ ਚੱੁਕੀ ਹੈ, ਹਾਕੀ ਖੇਡਾਂ ਨੂੰ ਗ੍ਰਾਸ ਰੂਟ ਤੋਂ ਹੱਲਾਸ਼ੇਰੀ ਦੇਣ ਲਈ | ਇਹ ਵੀ ਸੱਚ ਹੈ ਕਿ ਸੰਸਥਾਵਾਂ ਕਿਸੇ ਨਾ ਕਿਸੇ ਮਿਸ਼ਨ ਨੂੰ ਲੈ ਕੇ ਤੁਰਨਾ ਤਾਂ ਚਾਹੁੰਦੀਆਂ ਹਨ ਪਰ ਕਈ ਵਾਰ ਉਸ ਚਿਣਗ ਨੂੰ ਚੁਆਤੀ ਲਾਉਣ ਵਾਲੀ ਕੋਈ ਸ਼ਖ਼ਸੀਅਤ ਉਸ ਮਿਸ਼ਨ ਲਈ ਪਹਿਲ ਨਹੀਂ ਕਰ ਪਾਉਂਦੀ | ਚੀਫ਼ ਖ਼ਾਲਸਾ ਦੀਵਾਨ ਦੇ ਸਰਗਰਮ ਮੈਂਬਰ ਸ: ਰਜਿੰਦਰ ਸਿੰਘ ਮਰਵਾਹਾ ਨੇ ਉਸ ਘਾਟ ਨੂੰ ਪੂਰਾ ਕੀਤਾ ਅਤੇ ਹਾਕੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਪ੍ਰਮੱੁਖ ਸ਼ਖ਼ਸੀਅਤ ਵਜੋਂ ਉੱਭਰੇ | ਸ: ਮਰਵਾਹਾ, ਜੋ ਕਿ ਹਾਕੀ ਖੇਡ ਨੂੰ ਬਹੁਤ ਪਿਆਰਦੇ ਹਨ, ਖੇਡ ਦੇ ਬਹੁਤ ਵੱਡੇ ਪ੍ਰਸੰਸਕ ਹਨ, ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਲਈ ਕੌਮੀ ਖੇਡ ਹਾਕੀ ਨੂੰ ਪ੍ਰਫੱੁਲਤ ਕਰਨ ਦਾ ਪ੍ਰੇਰਨਾ ਸਰੋਤ ਬਣੇ |
ਸਮੂਹ ਸਿੱਖ ਜਗਤ ਅਤੇ ਭਾਰਤੀ ਹਾਕੀ ਜਗਤ ਲਈ ਇਹ ਬੜੀ ਵੱਡੀ ਖੁਸ਼ਖਬਰੀ ਹੈ ਕਿ ਚੀਫ਼ ਖ਼ਾਲਸਾ ਦੀਵਾਨ ਇਕ ਵਿਸ਼ਵ ਪੱਧਰੀ ਹਾਕੀ ਅਕੈਡਮੀ ਸਥਾਪਤ ਕਰੇਗੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ | ਬੀਤੇ ਦਿਨੀਂ ਦੀਵਾਨ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੇਨਿਊ, ਡੀ ਬਲਾਕ 'ਚ ਇਸ 'ਚੀਫ਼ ਖ਼ਾਲਸਾ ਦੀਵਾਨ ਹਾਕੀ ਅਕੈਡਮੀ' ਦਾ ਨੀਂਹ ਪੱਥਰ ਰੱਖਿਆ ਹੈ | ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਅਤੇ ਚੇਅਰਮੈਨ ਸਕੂਲਜ਼ ਸ: ਭਾਗ ਸਿੰਘ ਅਣਖੀ ਨੇ ਦੱਸਿਆ ਕਿ ਇਸ ਅਕੈਡਮੀ ਨੂੰ ਆਰੰਭਣ ਦਾ ਮਕਸਦ ਸਿੱਖੀ ਨੂੰ ਪ੍ਰਫੱੁਲਤ ਕਰਨਾ ਹੈ ਅਤੇ ਸਿੱਖ ਹਾਕੀ ਖਿਡਾਰੀਆਂ ਨੂੰ ਪਤਿਤਪੁਣੇ ਦਾ ਸ਼ਿਕਾਰ ਹੋਣ ਤੋਂ ਬਚਾਉਣਾ ਹੈ | ਅਕੈਡਮੀ ਦਾ ਉਦਘਾਟਨ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਦਿੱਲੀ ਨੇ ਕੀਤਾ ਅਤੇ ਉਨ੍ਹਾਂ ਕਿਹਾ ਕਿ ਭਾਰਤ ਦੀ ਹਾਕੀ ਨੇ ਜੇਕਰ ਦੁਨੀਆ 'ਚ ਕਦੇ ਰਾਜ ਕੀਤਾ ਹੈ ਤਾਂ ਉਸ ਦਾ ਵੱਡਾ ਕਾਰਨ ਉਨ੍ਹਾਂ ਭਾਰਤੀ ਟੀਮਾਂ 'ਚ ਖੇਡਣ ਵਾਲੇ ਸਿੱਖ ਹਾਕੀ ਖਿਡਾਰੀਆਂ ਦੀ ਸ਼ਮੂਲੀਅਤ ਸੀ |
ਇਹ ਸੱਚ ਹੈ ਕਿ ਭਾਰਤੀ ਹਾਕੀ ਇਤਿਹਾਸ ਦੇ ਸੁਨਹਿਰੀ ਪੰਨੇ ਜੇ ਕਦੇ ਪਰਤ ਕੇ ਦੇਖੀਏ ਤਾਂ ਉਨ੍ਹਾਂ ਪੰਨਿਆਂ ਨੂੰ ਮੋੜਨ ਨੂੰ ਜੀਅ ਕਰਦਾ ਹੈ, ਜਿਨ੍ਹਾਂ 'ਚ ਅਣਖੀਲੇ, ਸਿੱਖ ਹਾਕੀ ਯੋਧਿਆਂ ਦੇ ਖੇਡ ਜਜ਼ਬੇ ਅਤੇ ਜਨੂੰਨ ਦੀਆਂ ਜ਼ਿਕਰਯੋਗ ਗਾਥਾਵਾਂ ਦੀ ਚਰਚਾ ਹੈ | ਭਾਰਤੀ ਹਾਕੀ ਇਤਿਹਾਸ ਦੱਸਦਾ ਹੈ ਕਿ 1932 ਦੀ ਲਾਸ ਏਾਜਲਸ ਉਲੰਪਿਕ ਹਾਕੀ 'ਚ ਸ: ਗੁਰਮੀਤ ਸਿੰਘ ਕੁਲਾਰ ਖੇਡਣ ਵਾਲਾ ਪਹਿਲਾ ਸਿੱਖ ਹਾਕੀ ਖਿਡਾਰੀ ਸੀ | ਉਸ ਤੋਂ ਬਾਅਦ ਸ: ਤਰਲੋਚਨ ਸਿੰਘ, ਬਖਸ਼ੀਸ਼ ਸਿੰਘ, ਬਲਬੀਰ ਸਿੰਘ, ਧਰਮ ਸਿੰਘ, ਅਜੀਤਪਾਲ ਸਿੰਘ, ਸ: ਹਰਚਰਨ ਸਿੰਘ, ਪ੍ਰਗਟ ਸਿੰਘ, ਬਲਜੀਤ ਸਿੰਘ ਢਿੱਲੋਂ, ਸਰਦਾਰ ਸਿੰਘ ਆਦਿ ਬੇਹੱਦ ਹਾਕੀ ਖਿਡਾਰੀਆਂ ਨੇ ਸਿੱਖ ਕੌਮ ਦੇ ਝੰਡੇ ਨੂੰ ਆਪਣੀ ਖੇਡ ਦੇ ਨਾਲ ਬੁਲੰਦ ਕੀਤਾ | ਕਿਸੇ ਪਿ੍ਥੀਪਾਲ ਸਿੰਘ ਦੀ ਜ਼ੋਰਾਦਰ ਹਿੱਟ, ਕਿਸੇ ਬਲਬੀਰ ਸਿੰਘ ਅਤੇ ਊਧਮ ਸਿੰਘ ਦੀ ਬਿਜਲਈ ਡਰਿਬਲਿੰਗ, ਕਿਸੇ ਸੁਰਜੀਤ ਸਿੰਘ ਰੰਧਾਵਾ ਦਾ ਪੈਨਲਟੀ ਕਾਰਨਰ ਰਾਹੀਂ ਗੋਲ, ਕਿਸੇ ਹਰਚਰਨ ਸਿੰਘ ਦਾ ਲੈਫਟ ਫਲੈਂਕ ਤੋਂ ਘੋੜੇ ਦੀ ਚਾਲ ਦੌੜਦਿਆਂ ਗੋਲ ਕਰਨਾ ਅੱਜ ਵੀ ਵਿਸ਼ਵ ਹਾਕੀ ਜਗਤ ਨੂੰ ਯਾਦ ਹੈ |
ਜੇ ਸਿੱਖ ਕੌਮ ਨੇ ਭਾਰਤੀ ਹਾਕੀ 'ਚ ਜਾਨ ਫੂਕੀ ਹੈ ਤਾਂ ਭਾਰਤੀ ਹਾਕੀ ਦੀ ਬਦੌਲਤ ਸਿੱਖ ਕੌਮ ਨੂੰ ਵੀ ਹਾਕੀ ਖੇਡ ਕਰਕੇ ਵਿਸ਼ਵ ਪੱਧਰੀ ਆਦਰ ਤੇ ਸਨਮਾਨ ਮਿਲਿਆ | ਚਾਹੀਦਾ ਤਾਂ ਸੀ ਕਿ ਭਾਰਤੀ ਹਾਕੀ ਅਤੇ ਸਿੱਖ ਕੌਮ ਦਾ ਇਹ ਮਾਣਮੱਤਾ ਰਿਸ਼ਤਾ ਹਮੇਸ਼ਾ ਹੀ ਬਣਿਆ ਰਹਿੰਦਾ ਪਰ ਅਫ਼ਸੋਸ, ਸਿੱਖ ਕੌਮ ਦੇ ਗੌਰਵ ਤੇ ਸਨਮਾਨ ਵਾਲੀ ਹਾਕੀ ਖੇਡ ਨੂੰ ਹੱਲਾਸ਼ੇਰੀ ਦੇਣ ਦੀ ਕਿਸੇ ਵੀ ਸਿੱਖ ਜਥੇਬੰਦੀ ਜਾਂ ਸੰਸਥਾ ਨੇ ਪ੍ਰਵਾਹ ਨਹੀਂ ਕੀਤੀ | ਇਹ ਕਾਰਨ ਹੈ ਕਿ ਹਾਕੀ ਜੋ ਸਿੱਖ ਕੌਮ ਦੀ ਸ਼ਾਨ ਹੈ, ਪਛਾਣ ਹੈ, ਸਿੱਖ ਖੇਡ ਸੱਭਿਆਚਾਰ ਦਾ ਅਹਿਮ ਹਿੱਸਾ ਹੈ, ਆਪਣੀ ਲੋਕਪਿ੍ਅਤਾ ਗੁਆ ਚੱੁਕੀ ਹੈ | ਇਥੋਂ ਤੱਕ ਕਿ ਸਿੱਖ ਘਰਾਂ 'ਚ ਵੀ ਇਸ ਦੇ ਨਾਮਲੇਵਾ ਖ਼ਤਮ ਹੁੰਦੇ ਜਾ ਰਹੇ ਹਨ | ਅੱਜ ਸਕੂਲਾਂ, ਕਾਲਜਾਂ 'ਚ ਭਾਵੇਂ ਉਹ ਸਿੱਖ ਸੰਸਥਾਵਾਂ ਹੀ ਕਿਉਂ ਨਾ ਚਲਾ ਰਹੀਆਂ ਹੋਣ, ਕ੍ਰਿਕਟ ਦੀਆਂ ਪਿੱਚਾਂ ਦੀ ਸਾਂਭ-ਸੰਭਾਲ ਕਰਨ ਤੇ ਖੇਡ ਮੈਦਾਨਾਂ 'ਚ ਕ੍ਰਿਕਟ ਦੀਆਂ ਪਿੱਚਾਂ ਦੀ ਹੋਂਦ ਜ਼ਰੂਰੀ ਹੈ, ਕਿਉਂਕਿ ਉਹ ਕਮਾਈ ਦਾ ਸਾਧਨ ਹਨ | ਇਸ ਕਮਾਈ ਅੱਗੇ ਹਾਕੀ ਦੇ ਮੈਦਾਨਾਂ ਦੀ ਕੋਈ ਪ੍ਰਵਾਹ ਨਹੀਂ ਹੈ |
ਦੂਜੇ ਪਾਸੇ ਚੀਫ਼ ਖ਼ਾਲਸਾ ਦੀਵਾਨ ਹੁਣ ਖੇਡ ਪੱਖ ਵਿਚ ਇਕ ਨਵੀਂ ਦਿਸ਼ਾ 'ਚ ਕੰਮ ਕਰੇਗੀ | ਹੁਣ ਚੀਫ਼ ਖ਼ਾਲਸਾ ਦੇ ਸਾਰੇ ਸਕੂਲਾਂ 'ਚ ਹਾਕੀ ਖੇਡ ਲਾਜ਼ਮੀ ਹੋਵੇਗੀ | ਹਰ ਸਾਲ ਦੀਵਾਨ ਵਲੋਂ ਚੀਫ਼ ਖ਼ਾਲਸਾ ਦੀਵਾਨ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਆਯੋਜਨ ਹੋਵੇਗਾ | ਸਭ ਤੋਂ ਵੱਡੀ ਖੁਸ਼ੀ ਦੀ ਗੱਲ, ਜੋ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਨੇ ਦੱਸੀ ਕਿ ਛੇਤੀ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਰਣਜੀਤ ਐਵੇਨਿਊ ਵਿਖੇ ਹਾਕੀ ਦਾ ਐਸਟਰੋਟਰਫ ਮੈਦਾਨ ਹੋਂਦ ਵਿਚ ਆ ਜਾਵੇਗਾ ਅਤੇ ਉਥੇ ਹਾਕੀ ਸਟੇਡੀਅਮ ਵੀ ਬਣ ਜਾਵੇਗਾ | ਖਿਡਾਰੀਆਂ ਲਈ ਹੋਸਟਲ ਅਤੇ ਮੈਸ ਦੇ ਇੰਤਜ਼ਾਮ ਛੇਤੀ ਹੀ ਕੀਤੇ ਜਾਣਗੇ | ਚੀਫ਼ ਖ਼ਾਲਸਾ ਦੀਵਾਨ ਦੇ ਹਾਕੀ ਨੂੰ ਉਤਸ਼ਾਹਿਤ ਕਰਨ ਦੇ ਚੱੁਕੇ ਕਦਮ ਦੀ ਦੇਸ਼-ਵਿਦੇਸ਼ਾਂ 'ਚ ਵੀ ਬੇਹੱਦ ਪ੍ਰਸੰਸਾ ਹੋਈ ਹੈ | ਇਹ ਹਕੀਕਤ ਹੈ ਕਿ ਜਦੋਂ ਦੀਵਾਨ ਵਲੋਂ ਸਾਬਤ-ਸੂਰਤ ਸਿੱਖ ਖਿਡਾਰੀ ਪੈਦਾ ਕਰਨ ਲਈ ਇਹ ਹਾਕੀ ਅਕੈਡਮੀ ਖੋਲ੍ਹੀ ਗਈ ਤਾਂ ਖਿਡਾਰੀਆਂ ਦੇ ਸਿਰ 'ਤੇ ਵੀ ਇਹ ਇਖ਼ਲਾਕੀ ਜ਼ਿੰਮੇਵਾਰੀ ਆਵੇਗੀ ਕਿ ਪੂਰਾ ਖੇਡ ਕੈਰੀਅਰ ਸਿੱਖੀ ਦਾ ਰਾਜਦੂਤ ਬਣ ਕੇ ਖੇਡਣ |
ਹੁਣ ਨਾਮਧਾਰੀ ਇਲੈਵਨ ਅਤੇ ਸ਼੍ਰੋਮਣੀ ਕਮੇਟੀ ਇਲੈਵਨ ਤੋਂ ਬਾਅਦ ਚੀਫ਼ ਖ਼ਾਲਸਾ ਦੀਵਾਨ ਇਲੈਵਨ ਵੀ ਪਹਿਲੀ ਵਾਰ ਹਾਕੀ ਦੇ ਮੈਦਾਨ 'ਚ ਤਹਿਲਕਾ ਮਚਾਏਗੀ | ਚੀਫ਼ ਖ਼ਾਲਸਾ ਦੀਵਾਨ ਹਾਕੀ ਅਕੈਡਮੀ ਦੇ ਹਾਕੀ ਖੇਡ ਟੈਕਨੀਕਲ ਸਲਾਹਕਾਰ ਉਲੰਪੀਅਨ ਬਿ੍ਗੇਡੀਅਰ ਹਰਚਰਨ ਸਿੰਘ ਹੋਣਗੇ | 1975 ਵਿਸ਼ਵ ਕੱਪ ਜੇਤੂ ਅਤੇ ਅਰਜਨ ਐਵਾਰਡੀ ਇਹ ਆਪਣੇ ਜ਼ਮਾਨੇ ਦਾ ਬਹੁਤ ਹੀ ਪ੍ਰਤਿਭਾਸ਼ਾਲੀ ਖਿਡਾਰੀ ਹਰਚਰਨ ਸਿੰਘ ਦੇ ਮਾਰਗ-ਦਰਸ਼ਨ 'ਚ ਦੀਵਾਨ ਦੀ ਇਹ ਅਕੈਡਮੀ ਆਸ ਕਰਦੇ ਹਾਂ ਕਿ ਕੌਮਾਂਤਰੀ ਪੱਧਰ ਦੇ ਖਿਡਾਰੀ ਜ਼ਰੂਰ ਪੈਦਾ ਕਰੇਗੀ, ਜੋ ਸ: ਰਜਿੰਦਰ ਸਿੰਘ ਮਰਵਾਹਾ, ਸ: ਭਾਗ ਸਿੰਘ ਅਣਖੀ ਅਤੇ ਪ੍ਰਧਾਨ ਸ: ਨਿਰਮਲ ਸਿੰਘ ਦਾ ਸੁਪਨਾ ਹੈ | ਸਕੂਲ ਦੀ ਪਿੰ੍ਰਸੀਪਲ ਰਿਪੁਦਮਨ ਮਲਹੋਤਰਾ ਇਸ ਮਹੀਨੇ ਦੇ ਅਖੀਰ 'ਚ ਹਾਕੀ ਅਕੈਡਮੀ ਦੀਆਂ ਤਿਆਰੀਆਂ ਦੀ ਸਾਰੀ ਰਿਪੋਰਟ ਪ੍ਰਧਾਨ ਸਾਹਿਬ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਸੌਾਪਣਗੇ ਅਤੇ ਛੇਤੀ ਹਾਕੀ ਖਿਡਾਰੀਆਂ ਦੇ ਅੰਡਰ-14 ਟੀਮ ਲਈ ਟਰਾਇਲ ਵੀ ਰੱਖੇ ਜਾਣਗੇ | ਖਿਡਾਰੀਆਂ ਦੀ ਰਿਹਾਇਸ਼, ਪੜ੍ਹਾਈ ਅਤੇ ਮੈੱਸ ਦਾ ਸਾਰਾ ਖਰਚਾ ਦੀਵਾਨ ਉਠਾਏਗਾ |

-ਡੀ. ਏ. ਵੀ. ਕਾਲਜ, ਅੰਮਿ੍ਤਸਰ |
ਮੋਬਾ: 98155-35410

ਵਿਸ਼ਵ ਵਿਚ ਪੰਜਵਾਂ ਸਥਾਨ ਰੱਖਦੀ ਹੈ ਬੈਡਮਿੰਟਨ ਖਿਡਾਰਨ ਮਾਨਸੀ ਜੋਸ਼ੀ ਮੁੰਬਈ

ਪੂਰੇ ਭਾਰਤ ਦੀ ਇਕ ਨੰਬਰ ਅਤੇ ਪੂਰੇ ਵਿਸ਼ਵ ਵਿਚੋਂ ਪੰਜਵਾਂ ਸਥਾਨ ਰੱਖਦੀ ਹੈ ਪੈਰਾ ਅਥਲੀਟ ਬੈਡਮਿੰਟਨ ਖਿਡਾਰਨ ਮਾਨਸੀ ਜੋਸੀ, ਜਿਸ ਦੀ ਖੱਬੀ ਲੱਤ ਨਹੀਂ ਹੈ ਪਰ ਉਹ ਆਪਣੇ ਲਗਾਈ ਹੋਈ ਨਕਲੀ ਲੱਤ ਨਾਲ ਹੀ ਖੇਡ ਦੇ ਮੈਦਾਨ ਦੀ ਰਾਣੀ ਹੈ ਅਤੇ ਆਪਣੀ ਇਸ ਖੇਡ ਕਲਾ ਨਾਲ ਉਸ ਨੇ ਪੂਰੇ ਸੰਸਾਰ ਨੂੰ ਮੋਹਿਆ ਹੈ ਅਤੇ ਅੱਜ ਮਾਨਸੀ ਜੋਸ਼ੀ ਦੇ ਸੰਸਾਰ ਵਿਚ ਹੀ ਫੈਨ ਹਨ | ਇਸ ਦੇ ਨਾਲ ਹੀ ਉਹ ਇਕ ਸਾਫਟਵੇਅਰ ਇੰਜੀਨੀਅਰ ਵੀ ਹੈ ਅਤੇ ਖੇਡਣ ਦੇ ਇਸ ਸ਼ੌਕ ਨੂੰ ਆਪਣੀ ਕਮਾਈ ਨਾਲ ਹੀ ਚਲਾ ਰਹੀ ਹੈ ਅਤੇ ਅੱਜ ਤੱਕ ਉਸ ਨੂੰ ਸਰਕਾਰੀ ਦਰਬਾਰੋਂ ਉਹ ਨਹੀਂ ਮਿਲਿਆ, ਜਿਸ ਦੀ ਉਹ ਸਹੀ ਹੱਕਦਾਰ ਹੈ | ਮਾਨਸੀ ਜੋਸ਼ੀ ਨੂੰ ਜਿੱਥੇ ਬੈਡਮਿੰਟਨ ਖੇਡਣ ਦਾ ਸ਼ੌਕ ਸੀ, ਉਥੇ ਉਸ ਨੂੰ ਪੜ੍ਹਾਈ ਵਿਚ ਵੀ ਓਨੀ ਹੀ ਦਿਲਚਸਪੀ ਸੀ ਅਤੇ ਉਸ ਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਇਕ ਦਿਨ ਬੈਡਮਿੰਟਨ ਖੇਡਣਾ ਹੀ ਉਸ ਦਾ ਜੀਵਨ ਹੋਵੇਗਾ ਪਰ ਇਸ ਤੋਂ ਪਹਿਲਾਂ ਉਹ ਸਕੂਲ ਅਤੇ ਕਾਲਜ ਪੜ੍ਹਦਿਆਂ ਹੀ ਬੈਡਮਿੰਟਨ ਚੈਂਪੀਅਨ ਬਣ ਗਈ ਸੀ | ਮਾਨਸੀ 22 ਸਾਲਾ ਖੂਬਸੂਰਤ ਮੁਟਿਆਰ ਹੈ ਅਤੇ ਉਹ ਮਹਾਂਨਗਰ ਮੁੰਬਈ ਦੀ ਜੰਮਪਲ ਹੈ ਅਤੇ ਸਾਲ 2011ਵਿਚ ਜਦ ਉਹ ਆਪਣੇ ਕੰਮ 'ਤੇ ਜਾ ਰਹੀ ਸੀ ਤਾਂ ਉਸ ਨੂੰ ਇਕ ਟਰੱਕ ਨੇ ਲਪੇਟ ਵਿਚ ਲੈ ਲਿਆ ਅਤੇ ਉਸ ਦੀ ਖੱਬੀ ਲੱਤ ਬੁਰੀ ਤਰ੍ਹਾਂ ਚੀਥੜੀ ਗਈ | ਇਹ ਸਮਾਂ ਮਾਨਸੀ ਲਈ ਸਭ ਤੋਂ ਦੁਖਦਾਈ ਸੀ ਪਰ ਇਸ ਦੇ ਬਾਵਜੂਦ ਵੀ ਮਾਨਸੀ ਨੇ ਟਰੱਕ ਚਾਲਕ 'ਤੇ ਕੋਈ ਦੋਸ਼ ਨਾ ਲਾਇਆ ਅਤੇ ਉਸ ਨੇ ਇਸ ਘਟਨਾ ਨੂੰ ਪਰਮਾਤਮਾ ਦਾ ਵਰਤਾਰਾ ਸਮਝ ਸਬਰ ਕਰ ਲਿਆ | ਭਾਵੇਂ ਕਿ ਮਾਨਸੀ ਸੋਚਦੀ ਸੀ ਕਿ ਉਸ ਦੀ ਕੋਈ ਗਲਤੀ ਨਹੀਂ ਸੀ, ਅੱਖਾਂ ਵਿਚੋਂ ਹੰਝੂ ਆਪ ਮੁਹਾਰੇ ਵਹਿਣ ਲੱਗਾ ਅਤੇ ਮਾਨਸੀ ਸਾਰੀ ਜ਼ਿੰਦਗੀ ਇਕ ਲੱਤ ਦੇ ਸਹਾਰੇ ਜਿਊਣ ਲਈ ਮਜਬੂਰ ਸੀ |
ਮਾਨਸੀ ਇਕਦਮ ਖਾਮੋਸ਼ ਹੋ ਉਦਾਸੀ ਵਿਚ ਡੁੱਬ ਗਈ ਅਤੇ ਚਾਨਣ ਹਨੇਰ ਵਿਚ ਵਟ ਗਿਆ ਲੱਗਾ | ਇਕ ਦਿਨ ਘਰ ਉਸ ਦੀ ਨਜ਼ਰ ਘਰ ਦੇ ਕਮਰੇ ਵਿਚ ਲਟਕ ਰਹੇ ਉਸ ਦੇ ਬੈਡਮਿੰਟਨ ਰੈਕਟ 'ਤੇ ਗਈ ਤਾਂ ਉਹ ਉਸ ਨੂੰ ਖਾਮੋਸ਼ ਹੋ ਕੇ ਤੱਕੀ ਜਾ ਰਹੀ ਸੀ ਅਤੇ ਉਸ ਦੇ ਮੂੰਹ ਵਿਚੋਂ ਆਪਮੁਹਾਰੇ ਫੁਟਿਆ ਕਿ 'ਤੰਗ ਤੇ ਗੋਰ ਗੁਫਾਵਾਂ ਵਿਚ ਪਲੇ ਪੰਛੀ ਅਸਮਾਨ ਵਿਚ ਉਡਾਰੀਆਂ ਮਾਰਦੇ ਹਨ |' ਮਾਨਸੀ ਨੇ ਆਪਣੇ ਰੈਕਟ ਨੂੰ ਲਹਾ ਕੇ ਉਸ ਨੂੰ ਚੁੰਮਿਆ ਅਤੇ ਇਕ ਆਸ ਦੀ ਕਿਰਨ ਵਿਖਾਈ ਦਿੱਤੀ ਅਤੇ ਹੁਣ ਉਸ ਨੇ ਦੁਬਾਰਾ ਤੋਂ ਖੇਡਣ ਦਾ ਮਨ ਪੱਕਾ ਕਰ ਲਿਆ | ਚੁਣੌਤੀਆਂ, ਮੁਸ਼ਕਿਲਾਂ ਦੇ ਬਾਵਜੂਦ ਮਾਨਸੀ ਆਪਣੇ ਵਿਦੇਸ਼ੀ ਤਕਨੀਕ ਨਾਲ ਨਕਲੀ ਲੱਤ ਲਗਵਾਉਣ ਵਿਚ ਕਾਮਯਾਬ ਹੋ ਗਈ ਅਤੇ ਦੁਬਾਰਾ ਫਿਰ ਖੇਡ ਦੇ ਮੈਦਾਨ ਵਿਚ ਆ ਉਤਰੀ | ਹਾਦਸੇ ਦੇ ਕੁਝ ਮਹੀਨਿਆਂ ਬਾਅਦ ਜਾਣੀ ਸਾਲ 2012 ਵਿਚ ਹੋਈ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਉਸ ਨੇ ਭਾਗ ਲਿਆ ਅਤੇ ਸੋਨ ਤਗਮਾ ਵਿਜੇਤਾ ਬਣੀ | ਇਸ ਨਾਲ ਉਸ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ | ਸਾਲ 2014 ਵਿਚ ਮਾਨਸੀ ਜੋਸ਼ੀ ਪੈਰਾ ਏਸ਼ੀਅਨ ਖੇਡਾਂ ਲਈ ਚੁਣੀ ਤਾਂ ਗਈ ਪਰ ਉਹ ਕਿਸੇ ਵਜ੍ਹਾ ਕਰਕੇ ਖੇਡ ਨਹੀਂ ਸਕੀ ਪਰ ਸਾਲ 2014 ਵਿਚ ਹੀ ਨੈਸ਼ਨਲ ਪੱਧਰ ਦੇ ਹੋਏ ਟੂਰਨਾਮੈਂਟ ਵਿਚ ਖੇਡੀ, ਜਿਥੇ ਉਸ ਨੇ ਚਾਂਦੀ ਦਾ ਤਗਮਾ ਜਿੱਤਿਆ | ਸਾਲ 2015 ਵਿਚ ਵੀ ਉਸ ਨੇ ਚਾਂਦੀ ਦਾ ਤਗਮਾ ਜਿੱਤਿਆ | ਸਾਲ 2018 ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਉਹ ਵਰਲਡ ਚੈਂਪੀਅਨ ਬਣੀ ਅਤੇ ਹੁਣ ਉਸ ਦੀਆਂ ਨਜ਼ਰਾਂ ਸਾਲ 2020 ਵਿਚ ਟੋਕੀਓ ਵਿਖੇ ਹੋਣ ਜਾ ਰਹੀਆਂ ਉਲੰਪਿਕ ਖੇਡਾਂ 'ਤੇ ਟਿਕੀਆਂ ਹੋਈਆਂ ਹਨ | ਬੁਲੰਦ ਹੌਸਲੇ ਦੀ ਮਿਸਾਲ ਮਾਨਸੀ ਜੋਸ਼ੀ ਜਿਥੇ ਦਿਨ-ਰਾਤ ਪ੍ਰੈਕਟਿਸ ਕਰਦੀ ਹੈ, ਉਥੇ ਯੋਗਾ ਕਰਨਾ ਵੀ ਉਸ ਦੀ ਮੁਢਲੀ ਪਸੰਦ ਹੈ | ਇਥੇ ਹੀ ਬਸ ਨਹੀਂ, ਉਸ ਨੇ ਅਪਾਹਜ ਲੋੜਵੰਦਾਂ ਦੀ ਮਦਦ ਲਈ ਇਕ ਸੰਸਥਾ ਵੀ ਬਣਾਈ ਹੋਈ ਹੈ |

-ਪਿੰਡ ਬੁੱਕਣ ਵਾਲਾ (ਮੋਗਾ) |
ਮੋਬਾ: 98551-14484

ਪਾਵਰਲਿਫਟਿੰਗ 'ਚ ਨਾਮਣਾ ਖੱਟਣ ਵਾਲਾ ਅਜੇ ਗੋਗਨਾ ਭੁਲੱਥ ਵਾਲਾ

ਭੁਲੱਥ ਕਪੂਰਥਲਾ ਦਾ ਕਾਫੀ ਨਾਮਵਰ ਇਲਾਕਾ ਹੈ ਅਤੇ ਪੰਜਾਬ ਦਾ ਵਿਧਾਨ ਸਭਾ ਹਲਕਾ ਹੈ | ਇਥੋਂ ਦੀਆਂ ਬਹੁਤ ਹੀ ਨਾਮਵਰ ਸ਼ਖ਼ਸੀਅਤਾਂ ਨੇ ਪੰਜਾਬ ਦਾ ਨਾਂਅ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਤੇ ਉਥੇ ਹੀ ਸਵ: ਬਨਾਰਸੀ ਦਾਸ ਗੋਗਨਾ ਦਾ ਪੋਤਾ ਅਤੇ ਨਾਮਵਰ ਸੀਨੀਅਰ ਪ੍ਰਵਾਸੀ ਪੱਤਰਕਾਰ ਰਾਜ ਗੋਗਨਾ ਦਾ ਸਪੁੱਤਰ ਅਜੇ ਗੋਗਨਾ ਪੂਰੇ ਪੰਜਾਬ ਦੀ ਸ਼ਾਨ ਹੋ ਨਿਬੜਿਆ ਹੈ | ਫੋਨ ਵਾਰਤਾ 'ਤੇ ਪਾਵਰਲਿਫਟਰ ਅਜੇ ਗੋਗਨਾ ਭੁਲੱਥ ਵਾਲੇ ਨੇ ਦੱਸਿਆ ਕਿ ਮੇਰੇ ਦਾਦਾ ਜੀ ਸਵਰਗੀ ਬਨਾਰਸੀ ਦਾਸ ਆਪਣੇ ਸਮੇਂ ਦੇ ਪਹਿਲਵਾਨ ਰਹੇ ਸੀ, ਜਿਹੜੇ ਮੇਰੀ 8 ਕੁ ਸਾਲ ਦੀ ਉਮਰ 'ਚ ਮੇਰੇ ਮਾਰਗ ਦਰਸ਼ਕ ਬਣੇ ਤੇ ਬਚਪਨ ਤੋਂ ਲੈ ਕੇ ਮੇਰੇ ਦਾਦਾ ਜੀ ਦਾ ਤੇ ਮੇਰੇ ਸਤਿਕਾਰਯੋਗ ਪਿਤਾ ਪ੍ਰਵਾਸੀ ਪੱਤਰਕਾਰ ਰਾਜ ਗੋਗਨਾ ਦਾ ਵੀ ਹਰ ਪੱਖੋਂ ਬਹੁਤ ਹੀ ਸਹਿਯੋਗ ਰਿਹਾ ਹੈ ਅਤੇ ਮੈਂ ਲਗਾਤਾਰ ਹੀ ਆਪਣੀ ਮਿਹਨਤ ਲਗਨ ਨਾਲ ਕਰਦਾ ਰਿਹਾ ਤੇ ਹੌਸਲਾ ਨਹੀਂ ਛੱਡਿਆ | ਅਜੇ ਗੋਗਨਾ ਦਾ ਕਹਿਣਾ ਹੈ ਕਿ ਇਨਸਾਨ ਦੀ ਅਸਲੀ ਜਾਇਦਾਦ ਉਸ ਦਾ ਤੰਦਰੁਸਤ ਸਰੀਰ ਹੀ ਹੁੰਦਾ ਹੈ, ਜੋ ਮੇਰੇ ਪਰਿਵਾਰ ਨੇ ਮੈਨੂੰ ਕਿਸੇ ਵੀ ਪੱਖੋਂ ਕਮੀ ਨਹੀਂ ਆਉਣ ਦਿੱਤੀ | ਅਜੇ ਗੋਗਨਾ ਪਹਿਲਵਾਨੀ 'ਚ ਨਾਮਣਾ ਖੱਟ ਕੇ ਆਪਣੇ ਪਿਤਾ ਸ੍ਰੀ ਰਾਜ ਗੋਗਨਾ, ਜਿਨ੍ਹਾਂ ਨੇ ਪੱਤਰਕਾਰੀ ਵਿਚ ਕਲਮ ਦੀ ਪਹਿਲਵਾਨੀ ਕੀਤੀ, ਦਾ ਨਾਂਅ ਰੌਸ਼ਨ ਕਰ ਰਿਹਾ ਹੈ ਅਤੇ ਅਜੇ ਗੋਗਨਾ ਨੇ ਆਪਣੇ ਦਾਦਾ ਜੀ ਦੀ ਪੈੜ 'ਤੇ ਚਲਦਿਆਂ ਭਾਰ ਚੱੁਕਣ ਦੀ ਭਲਵਾਨੀ ਵਿਚ ਮਾਅਰਕਾ ਮਾਰਦਿਆਂ ਪੰਜਾਬ ਦੀ ਖੇਡ ਦੁਨੀਆ ਦੀ ਅਣਖ ਕਾਇਮ ਕੀਤੀ |
ਪੰਜਾਬ ਦੀ ਨਿਘਰ ਰਹੀ ਜਵਾਨੀ ਲਈ ਇਕ ਚਾਨਣ ਮੁਨਾਰਾ ਅਜੇ ਗੋਗਨਾ ਨਿੱਤ ਨਵੀਂ ਚਾਨਣੀ ਵਾਂਗ ਪੰਜਾਬ ਦੇ ਹਨੇਰੇ ਹੋ ਰਹੇ ਭਵਿੱਖ ਨੂੰ ਰੁਸ਼ਨਾਉਣ ਲਈ ਅੱਜ ਪੂਰਾ ਪੱਬਾਂ ਭਾਰ ਹੈ | ਦੁਨੀਆ ਦੇ ਵੱਖ-ਵੱਖ ਮੁਲਕਾਂ ਵਿਚ ਭਾਰ ਚੱੁਕਣ ਦੇ ਮੁਕਾਬਲਿਆਂ ਵਿਚ ਸਿੱਕਾ ਜਮਾਉਣ ਵਾਲਾ ਪੰਜਾਬ ਦਾ ਇਹ ਗੱਭਰੂ ਅੱਜ ਇਕ ਅਨੋਖੀ ਆਸ ਦੀ ਕਿਰਨ ਹੋ ਨਿਬੜਿਆ ਹੈ ਅਤੇ ਪੰਜਾਬ ਵਿਚ ਨਸ਼ਿਆਂ ਵਿਚ ਡੱੁਬੇ ਨੌਜਵਾਨਾਂ ਲਈ ਪੰਜਾਬ ਦੀ ਫਿਜ਼ਾ ਨੂੰ ਲੀਹ 'ਤੇ ਖੜ੍ਹਾ ਕਰਨ ਲਈ ਆਪਣੇ ਤਰੀਕੇ ਨਾਲ ਇਹ ਨੌਜਵਾਨ ਬਹੁਤ ਯੋਗਦਾਨ ਪਾ ਰਿਹਾ ਹੈ | ਸਿਰਫ ਪਾਵਰਲਿਫਟਰ ਅਜੇ ਗੋਗਨਾ ਸ੍ਰੀ ਰਾਜ ਗੋਗਨਾ ਦਾ ਪੱੁਤਰ ਨਹੀਂ, ਪੂਰੇ ਪੰਜਾਬ ਦਾ ਪੱੁਤਰ ਹੋਣ ਦਾ ਮਾਣ ਲੈ ਰਿਹਾ ਹੈ | ਇੰਡੀਅਨ ਪਾਵਰ ਲਿਫਟਿੰਗ ਫੈਡਰੇਸ਼ਨ ਨੇ ਅਜੇ ਗੋਗਨਾ ਨੂੰ ਇਕ ਪਰਿਵਾਰ ਦੇ ਜੀਅ ਦੀ ਤਰ੍ਹਾਂ ਜਿਥੇ ਵੀ ਪੇਸ਼ ਕੀਤਾ, ਅਜੇ ਗੋਗਨਾ ਉਨ੍ਹਾਂ ਦੀਆਂ ਉਮੀਦਾਂ 'ਤੇ ਪੂਰਾ ਖਰਾ ਉਤਰਿਆ ਅਤੇ ਕਿਸੇ ਵੀ ਮੁਕਾਬਲੇ ਵਿਚ ਆਪਣੀ ਫੈਡਰੇਸ਼ਨ ਦੀ ਦੇਸ਼-ਵਿਦੇਸ਼ਾਂ 'ਚ ਪਿੱਠ ਨਹੀਂ ਲੱਗਣ ਦਿੱਤੀ | ਦਿਨ-ਬ-ਦਿਨ ਅਜੇ ਗੋਗਨਾ ਵੱਧ ਭਾਰ ਦੇ ਮੁਕਾਬਲਿਆਂ ਵਿਚ ਇਕ-ਇਕ ਕਦਮ ਬਹੁਤ ਹੀ ਧੀਰਜ ਨਾਲ ਪੱਕੇ ਤੌਰ 'ਤੇ ਜਮਾ ਰਿਹਾ ਹੈ | ਅਜੇ ਗੋਗਨਾ ਦੀਆਂ ਪ੍ਰਾਪਤੀਆਂ ਨਾਲ ਆਉਣ ਵਾਲਾ ਸਮਾਂ ਸਾਫ਼ ਦਿਸ ਰਿਹਾ ਹੈ ਕਿ ਇਹ ਪੰਜਾਬ ਦਾ ਪੱੁਤਰ ਕੋਈ ਬਹੁਤ ਹੀ ਅਹਿਮ ਅਤੇ ਵੱਡਾ ਰਿਕਾਰਡ ਪੰਜਾਬ ਦੀ ਝੋਲੀ ਪਾਵੇਗਾ | ਸ਼ਾਲਾ! ਅਜੇ ਗੋਗਨਾ ਵਰਗੇ ਹੋਰ ਵੀ ਨੌਜਵਾਨ ਇਸੇ ਤਰ੍ਹਾਂ ਪੰਜਾਬ ਦਾ ਨਾਂਅ ਖੇਡਾਂ ਰਾਹੀਂ ਪੂਰੀ ਦੁਨੀਆ ਵਿਚ ਬੁਲੰਦੀਆਂ 'ਤੇ ਪਹੁੰਚਾਉਣ |

ਭਾਰਤੀ ਕੁਸ਼ਤੀ ਦੀਆਂ ਉਲੰਪਿਕ ਤਿਆਰੀਆਂ

ਉਲੰਪਿਕ ਖੇਡਾਂ ਅਗਲੇ ਸਾਲ ਯਾਨੀ ਸਾਲ 2020 ਵਿਚ ਜਾਪਾਨ ਦੀ ਰਾਜਧਾਨੀ ਟੋਕੀਓ ਵਿਖੇ ਹੋਣੀਆਂ ਹਨ ਅਤੇ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਗੇੜ ਅਤੇ ਤਿਆਰੀ ਦੇ ਮੁਕਾਬਲੇ ਹੁਣ ਸ਼ੁਰੂ ਹੋ ਚੁੱਕੇ ਹਨ। ਕੁਸ਼ਤੀ ਦੀ ਖੇਡ ਲਈ ਉਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਸ਼ੁਰੂ ਹੋਣ ਵਾਲਾ ਹੈ। ਇਸੇ ਦੀ ਤਿਆਰੀ ਦੇ ਮੱਦੇਨਜ਼ਰ ਭਾਰਤੀ ਕੁਸ਼ਤੀ ਪ੍ਰਬੰਧਕਾਂ ਨੇ ਵੀ ਇਸ ਖੇਡ ਵਿਚੋਂ ਤਗਮੇ ਦੀ ਆਸ ਨੂੰ ਵੇਖਦੇ ਹੋਏ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਸੇ ਤਹਿਤ ਦੋ ਵਾਰ ਉਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਦੀ ਨਿੱਜੀ ਕੋਚ ਮੁਹੱਈਆ ਕਰਾਏ ਜਾਣ ਦੀ ਮੰਗ ਮੰਨ ਲਈ ਗਈ ਹੈ। ਸੁਸ਼ੀਲ ਕੁਮਾਰ ਸਾਲ 2008 ਅਤੇ 2012 ਉਲੰਪਿਕ ਵਿਚ ਤਗਮਾ ਜਿੱਤ ਚੁੱਕੇ ਹਨ ਪਰ 2016 ਰੀਓ ਉਲੰਪਿਕ ਖੇਡਾਂ ਵੇਲੇ ਉਹ ਸੱਟ ਲੱਗੀ ਹੋਣ ਕਾਰਨ ਇਸ ਖੇਡ ਮਹਾਂਕੁੰਭ ਦਾ ਹਿੱਸਾ ਨਹੀਂ ਸਨ ਬਣ ਸਕੇ। ਸੁਸ਼ੀਲ ਦੇ ਨਾਲ ਹੀ ਕੁਝ ਹੋਰ ਭਾਰਤੀ ਪਹਿਲਵਾਨ ਵੀ ਕੁਸ਼ਤੀ ਫੈਡਰੇਸ਼ਨ ਤੋਂ ਨਿੱਜੀ ਕੋਚ ਦੀ ਮੰਗ ਕਰ ਰਹੇ ਸਨ ਪਰ ਹਾਲੇ ਤੱਕ ਸਿਰਫ ਸੁਸ਼ੀਲ ਕੁਮਾਰ ਨੂੰ ਹੀ ਇਹ ਸਹੂਲਤ ਦਿੱਤੀ ਗਈ ਹੈ। ਇਨ੍ਹਾਂ ਤਿਆਰੀਆਂ ਦੇ ਤਹਿਤ ਆਉਂਦੇ 5-6 ਦਿਨਾਂ ਵਿਚ ਜਾਰਜੀਆ ਦੇਸ਼ ਦੇ ਇਕ ਤਜਰਬੇਕਾਰ ਕੋਚ ਸੁਸ਼ੀਲ ਕੁਮਾਰ ਦੇ ਨਾਲ ਜੁੜ ਰਹੇ ਹਨ ਅਤੇ ਇਸੇ ਕੋਚ ਨਾਲ 6 ਮਹੀਨਿਆਂ ਦਾ ਕਰਾਰ ਕੀਤਾ ਗਿਆ ਹੈ। ਉਧਰ ਮਹਿਲਾ ਪਹਿਲਵਾਨਾਂ ਸਾਕਸ਼ੀ ਮਲਿਕ ਅਤੇ ਪੂਜਾ ਢਾਂਡਾ ਨੇ ਵੀ ਨਿੱਜੀ ਕੋਚ ਦੀ ਮੰਗ ਕੀਤੀ ਹੋਈ ਹੈ ਜਿਸ ਉੱਤੇ ਕੁਸ਼ਤੀ ਫੈਡਰੇਸ਼ਨ ਵਲੋਂ ਲੋਕ ਸਭਾ ਚੋਣਾਂ ਦੇ ਬਾਅਦ ਫੈਸਲਾ ਕੀਤਾ ਜਾਵੇਗਾ, ਹਾਲਾਂਕਿ ਇਹ ਜ਼ਰੂਰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਸੁਸ਼ੀਲ ਕੁਮਾਰ ਦੇ ਨਾਲ ਅਭਿਆਸ ਕਰਨ ਵਾਲੇ ਦੂਜੇ ਪਹਿਲਵਾਨ ਵੀ ਉਨ੍ਹਾਂ ਦੇ ਨਾਲ ਟ੍ਰੇਨਿੰਗ ਕਰ ਸਕਦੇ ਹਨ।
ਇਸ ਦੌਰਾਨ ਭਾਰਤੀ ਕੁਸ਼ਤੀ ਦੀਆਂ ਤਿਆਰੀਆਂ ਨੂੰ ਹੋਰ ਬਲ ਉਸ ਵੇਲੇ ਮਿਲਿਆ ਸੀ, ਜਦੋਂ ਭਾਰਤ ਨੇ ਲੰਘੇ ਦਿਨੀਂ ਏਸ਼ੀਆਈ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦੀ ਸਮਾਪਤੀ ਇਕ ਚਾਂਦੀ ਅਤੇ ਇਕ ਕਾਂਸੀ ਤਗਮਾ ਜਿੱਤ ਕੇ ਕੀਤੀ। ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਗ੍ਰੀਕੋ ਰੋਮਨ ਪਹਿਲਵਾਨ ਹਰਪ੍ਰੀਤ ਸਿੰਘ ਅਤੇ ਗਿਆਨੇਂਦਰ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਸਨ ਅਤੇ ਭਾਰਤ ਲਈ ਨਵੀਂ ਉਮੀਦ ਵੀ ਜਗਾ ਦਿੱਤੀ ਹੈ। ਭਾਰਤੀ ਦਲ ਨੇ ਇਨ੍ਹਾਂ ਵੱਕਾਰੀ ਮੁਕਾਬਲਿਆਂ ਰਾਹੀਂ 8 ਤਗਮੇ ਪੁਰਸ਼ ਫਰੀਸਟਾਈਲ ਪਹਿਲਵਾਨਾਂ (1 ਸੋਨਾ, 3 ਚਾਂਦੀ ਅਤੇ 4 ਕਾਂਸੀ), 4 ਕਾਂਸੀ ਮਹਿਲਾ ਫਰੀ ਸਟਾਈਲ ਪਹਿਲਵਾਨਾਂ ਵਿਚ ਜਿੱਤੇ, ਜਦਕਿ ਗਰੀਕੋ ਰੋਮਨ ਪਹਿਲਵਾਨਾਂ ਨੇ 3 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤਿਆ। ਇਸ ਦੌਰਾਨ ਥੋੜ੍ਹੀ ਨਿਰਾਸ਼ਾ ਇਸੇ ਗੱਲੋਂ ਹੋਈ ਸੀ ਕਿ ਰੀਓ ਉਲੰਪਿਕ ਦੀ ਕਾਂਸੀ ਤਗਮਾ ਜੇਤੂ ਸਾਕਸ਼ੀ ਮਲਿਕ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਵਿਨੇਸ਼ ਫੋਗਾਟ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਾਂਸੀ ਤਗਮੇ ਤੋਂ ਅੱਗੇ ਨਹੀਂ ਸਨ ਵਧ ਸਕੀਆਂ ਅਤੇ ਇਸ ਤਰ੍ਹਾਂ ਭਾਰਤੀ ਮਹਿਲਾਵਾਂ ਨੂੰ ਸੋਨ ਤਗਮੇ ਦੇ ਬਿਨਾਂ ਆਪਣੀ ਮੁਹਿੰਮ ਦਾ ਅੰਤ ਕਰਨਾ ਪਿਆ ਸੀ। ਇਸ ਦੇ ਬਾਵਜੂਦ ਭਾਰਤੀ ਕੁਸ਼ਤੀ ਲਈ ਜਿਸ ਅੰਦਾਜ਼ ਵਿਚ ਲਗਾਤਾਰ ਤਿਆਰੀ ਚੱਲ ਰਹੀ ਹੈ, ਉਸ ਤੋਂ ਇਹ ਜ਼ਰੂਰ ਲਗਦਾ ਹੈ ਕਿ ਆਉਂਦੀਆਂ ਉਲੰਪਿਕ ਲਈ ਸਮਾਂ ਰਹਿੰਦਿਆਂ ਇਨ੍ਹਾਂ ਕਮੀਆਂ-ਪੇਸ਼ੀਆਂ ਨੂੰ ਦੂਰ ਕਰ ਲਿਆ ਜਾਵੇਗਾ ਅਤੇ ਭਾਰਤੀ ਪਹਿਲਵਾਨ ਖੇਡ ਮਹਾਂਕੁੰਭ ਵਿਚ ਆਪਣਾ ਪੂਰਾ ਜ਼ੋਰ ਵਿਖਾ ਸਕਣਗੇ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com

ਹਾਕੀ ਟੂਰਨਾਮੈਂਟ ਬਨਾਮ ਦਰਸ਼ਕਾਂ ਦੀ ਗਿਣਤੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪਰ ਮੈਂ ਮਹਿਸੂਸ ਕਰਦਾ ਹਾਂ ਕਿ ਜੇ ਇਹੋ ਜਿਹੇ ਹਾਕੀ ਮੁਹੱਬਤੀ ਮਾਹੌਲ ਦੀ ਕਮੀ ਦੇਸ਼ ਵਿਚ ਹੋਈ ਪਈ ਹੈ, ਇਸ ਲਈ ਇਹ ਫਿੱਕੇ-ਫਿੱਕੇ ਹਾਕੀ ਟੂਰਨਾਮੈਂਟ ਜ਼ਿੰਮੇਵਾਰ ਹਨ। ਚਲੋ ਜ਼ਰਾ ਇਨ੍ਹਾਂ ਦੀ ਗੱਲ ਖੁੱਲ੍ਹ ਕੇ ਕਰੀਏ। ਹਾਕੀ ਦੇ ਜਿੰਨੇ ਕੁ ਟੂਰਨਾਮੈਂਟ ਦੇਸ਼ ਦੀ ਧਰਤੀ, ਖਾਸ ਕਰਕੇ ਪੰਜਾਬ 'ਚ ਆਯੋਜਿਤ ਕੀਤੇ ਜਾਂਦੇ ਹਨ, ਇਹ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਪਰ ਕਾਸ਼! ਇਨ੍ਹਾਂ ਦਾ ਆਯੋਜਨ ਕਿਸੇ ਖੂਬਸੂਰਤ ਢੰਗ ਨਾਲ ਹੋ ਸਕੇ। ਅੱਜ ਜੋ ਲੋਕ ਹਾਕੀ ਨਾਲੋਂ ਟੁੱਟ ਚੁੱਕੇ ਹਨ, ਉਨ੍ਹਾਂ ਨੂੰ ਹਾਕੀ ਨਾਲ ਜੋੜਨ ਦੀ ਲੋੜ ਹੈ। ਸਾਡੀ ਨੌਜਵਾਨ ਪੀੜ੍ਹੀ ਜਿਸ ਦਾ ਦੇਸ਼ ਦੀ ਰਾਸ਼ਟਰੀ ਖੇਡ ਹਾਕੀ ਨਾਲ ਕੋਈ ਲਗਾਓ ਨਜ਼ਰ ਨਹੀਂ ਆਉਂਦਾ, ਉਨ੍ਹਾਂ ਨੂੰ ਇਧਰ ਖਿੱਚਣ ਲਈ ਸਾਡੇ ਟੂਰਨਾਮੈਂਟ ਪ੍ਰਬੰਧਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ਮੂਲੀਅਤ ਛੋਟੇ-ਛੋਟੇ ਬੱਚਿਆਂ ਦੀ ਮੈਦਾਨ 'ਚ ਯਕੀਨੀ ਬਣਾਉਣ ਦੀ ਲੋੜ ਹੈ। ਪਰ ਦੁੱਖ ਇਸ ਗੱਲ ਦਾ ਹੈ ਜਨਾਬ! ਜਿਸ ਢੰਗ ਨਾਲ ਅਸੀਂ ਵੱਖ-ਵੱਖ ਟੂਰਨਾਮੈਂਟ ਆਯੋਜਿਤ ਕਰਵਾਉਂਦੇ ਹਾਂ, ਇਹ ਜਾਂ ਤਾਂ ਪ੍ਰਬੰਧਕਾਂ ਲਈ ਹੀ ਹੁੰਦਾ, ਜਿਨ੍ਹਾਂ 'ਚ ਬਹੁਤੇ ਸਾਡੇ ਸਤਿਕਾਰਯੋਗ ਪੁਰਾਣੇ ਖਿਡਾਰੀ ਨੇ ਤੇ ਜਾਂ ਸਿਰਫ ਉਨ੍ਹਾਂ ਹਾਕੀ ਟੀਮਾਂ ਲਈ ਹੁੰਦਾ, ਹਰ ਟੂਰਨਾਮੈਂਟ 'ਚ ਜਿਨ੍ਹਾਂ ਦੀ ਸ਼ਿਰਕਤ ਹੁੰਦੀ ਹੈ। ਇਹੋ ਜਿਹੇ ਆਯੋਜਨ ਸਮੇਂ ਛੋਟੇ-ਛੋਟੇ ਬੱਚੇ ਜੇ ਕਿਤੇ ਭੁੱਲ-ਭੁਲੇਖੇ ਆ ਜਾਣ ਤਾਂ ਮੈਂ ਕਹਿ ਨਹੀਂ ਸਕਦਾ।
ਦਰਸ਼ਕਾਂ ਲਈ ਇਨਾਮ ਵੀ ਰੱਖੇ ਜਾਣ, ਗੀਤ-ਸੰਗੀਤ ਵੀ ਹੋਵੇ। ਚਾਹੀਦਾ ਤਾਂ ਹੈ ਕਿਸੇ ਹਾਕੀ ਮੁਹੱਬਤੀ ਕੁਮੈਂਟੇਟਰ ਦੀ ਆਵਾਜ਼ ਸਾਰੇ ਸਟੇਡੀਅਮ 'ਚ ਗੂੰਜਦੀ ਪਈ ਹੋਵੇ, ਲੋਕਾਂ ਦਾ ਸਟੇਡੀਅਮ 'ਚ ਜਿਵੇਂ ਹੜ੍ਹ ਆਇਆ ਹੋਵੇ, ਖਿਡਾਰੀਆਂ ਦੀ ਖੇਡ 'ਚ ਅੱਖਾਂ ਸਭ ਦੀਆਂ ਖੁੱਭੀਆਂ ਹੋਣ, ਐਡੇ ਵੱਡੇ ਹਜੂਮ ਦੇ ਸਾਹਮਣੇ ਜਿੱਤ-ਹਾਰ ਦੋਵਾਂ ਧਿਰਾਂ ਲਈ ਜ਼ਿੰਦਗੀ-ਮੌਤ ਦਾ ਸਵਾਲ ਬਣੀ ਹੋਵੇ। ਉੱਚਕੋਟੀ ਦੇ ਅੰਪਾਇਰ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਅ ਰਹੇ ਹੋਣ। ਭਰੇ ਸਟੇਡੀਅਮ ਨੂੰ ਦੇਖ ਕੇ ਲੱਗੇ ਕਿ ਹਾਕੀ ਇਨ੍ਹਾਂ ਭਾਰਤੀਆਂ ਦਾ ਧਰਮ ਹੈ, ਹਾਕੀ ਇਨ੍ਹਾਂ ਪੰਜਾਬੀਆਂ ਲਈ ਇਕ ਧਰਮ ਹੈ। ਖਿਡਾਰੀਆਂ ਦੀ ਮੈਦਾਨ ਦੇ ਅੰਦਰ ਜੱਦੋ-ਜਹਿਦ ਚੱਲ ਰਹੀ ਹੋਵੇ। ਕਿ ਰੁਮਾਂਚਿਕ ਸਨਸਨੀਖੇਜ਼ ਮੁਕਾਬਲਾ ਚੱਲ ਰਿਹਾ ਹੋਵੇ ਤੇ ਮੈਦਾਨ ਦੇ ਬਾਹਰ ਇਹੀ ਜੱਦੋ-ਜਹਿਦ ਹਾਕੀ ਪ੍ਰੇਮੀਆਂ 'ਚ ਆਪੋ-ਆਪਣੀਆਂ ਟੀਮਾਂ ਲਈ ਚੱਲ ਰਹੀ ਹੋਵੇ। ਖਿਡਾਰੀ ਦਰਸ਼ਕਾਂ ਦਾ ਉਤਸ਼ਾਹ ਵਧਾ ਰਹੇ ਹੋਣ, ਦਰਸ਼ਕ ਖਿਡਾਰੀਆਂ ਦਾ। ਸਾਰਾ ਸਟੇਡੀਅਮ ਹਾਕੀ ਦੇ ਰੰਗ 'ਚ ਰੰਗਿਆ ਹੋਵੇ, ਖਾਸ ਕਰਕੇ ਛੋਟੇ ਬੱਚਿਆਂ ਦੀ ਆਮਦ ਜ਼ਰੂਰ ਹੋਵੇ, ਜਿਨ੍ਹਾਂ ਨੂੰ ਅਸੀਂ ਇਸ ਖੇਡ ਪ੍ਰਤੀ ਉਤਸ਼ਾਹਤ ਕਰਨਾ ਹੈ। ਪਰ ਜਨਾਬ! ਇਨ੍ਹਾਂ ਹਾਕੀ ਟੂਰਨਾਮੈਂਟ 'ਚ ਜੇ ਕਿਤੇ ਏਦਾਂ ਦਾ ਕੁਝ ਲੱਭ ਜਾਵੇ ਤਾਂ ਪ੍ਰਬੰਧਕਾਂ ਨੂੰ ਲੱਖ-ਲੱਖ ਵਧਾਈਆਂ ਪਰ ਜੋ ਅਕਸਰ ਲੱਭਦਾ, ਉਹ ਇਹ ਹੈ ਕਿ ਖਾਲੀ ਪਈਆਂ ਕੁਰਸੀਆਂ ਦੇ ਸਾਹਮਣੇ ਹਾਕੀ ਮੈਚ ਚੱਲ ਰਿਹਾ ਹੁੰਦਾ ਤੇ ਖਿਡਾਰੀ ਵਿਚਾਰੇ ਜਿਨ੍ਹਾਂ ਦੇ ਹੌਸਲੇ, ਜਿਨ੍ਹਾਂ ਦਾ ਉਤਸ਼ਾਹ ਦਰਸ਼ਕਾਂ ਦੀਆਂ ਤਾੜੀਆਂ ਨਾਲ ਬੱਝਾ ਹੁੰਦਾ, ਖਾਲੀ ਪਈਆਂ ਕੁਰਸੀਆਂ ਵਲੋਂ ਵੀ ਤਾੜੀਆਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ। (ਸਮਾਪਤ)


-ਮੋਬਾ: 98155-35410

ਯਾਦਗਾਰੀ ਮੈਚਾਂ ਦਾ ਸਿਰਜਕ ਬਣਿਆ ਯਾਦਾਂ ਦਾ ਸਿਰਨਾਵਾਂ-ਬਿੱਟੂ ਦੁਗਾਲ

ਦੁਨੀਆ ਦੇ ਹਰੇਕ ਵੱਡੇ ਕਬੱਡੀ ਮੇਲੇ 'ਚੋਂ ਸਰਬੋਤਮ ਖਿਡਾਰੀ ਦਾ ਖਿਤਾਬ ਜੇਤੂ ਨਰਿੰਦਰ ਕੁਮਾਰ ਉਰਫ ਬਿੱਟੂ ਦੁਗਾਲ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਪਟਿਆਲਾ ਜ਼ਿਲ੍ਹੇ ਦੇ ਪਿੰਡ ਦੁਗਾਲ ਖੁਰਦ ਵਿਖੇ ਸ੍ਰੀ ਰਾਮ ਸਿੰਘ ਤੇ ਮਾਤਾ ਰੇਸ਼ਮਾ ਦੇਵੀ ਦੇ ਘਰ 27 ਦਸੰਬਰ, 1981 ਨੂੰ ਜਨਮਿਆ ਬਿੱਟੂ ਦੁਗਾਲ ਜਿੱਥੇ ਆਪਣੇ ਸਕੇ-ਸਬੰਧੀਆਂ ਨੂੰ ਰੋਂਦੇ-ਵਿਲਕਦੇ ਛੱਡ ਗਿਆ, ਉੱਥੇ ਖੇਡ ਪ੍ਰੇਮੀਆਂ ਨੂੰ ਵੀ ਝੰਜੋੜ ਕੇ ਰੱਖ ਗਿਆ ਹੈ। ਪਤਨੀ ਅਮਨਪ੍ਰੀਤ ਕੌਰ ਤੇ ਬੇਟਾ ਰਸ਼ਮੀਤ ਸਿੰਘ ਦਾ ਪਿਆਰਾ ਬਿੱਟੂ ਜਿੱਥੇ ਕਬੱਡੀ ਜਗਤ 'ਚ ਇਕ ਜੁਝਾਰੂ ਤੇ ਅਸੰਭਵ ਨੂੰ ਸੰਭਵ ਬਣਾਉਣ ਵਾਲੇ ਜਾਫੀ ਵਜੋਂ ਮਸ਼ਹੂਰ ਹੋਇਆ, ਉੱਥੇ ਨਿੱਜੀ ਜ਼ਿੰਦਗੀ 'ਚ ਉਹ ਇਮਾਨਦਾਰ ਅਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਵਜੋਂ ਜਾਣਿਆ ਜਾਂਦਾ ਸੀ। ਬਿੱਟੂ ਦੇ ਦਾਦੇ-ਪੜਦਾਦੇ ਕੁਸ਼ਤੀ ਨਾਲ ਜੁੜੇ ਹੋਏ ਸਨ, ਇਸ ਕਰਕੇ ਬਿੱਟੂ ਨੂੰ ਘਰ 'ਚੋਂ ਹੀ ਖੇਡਾਂ ਵਾਲਾ ਮਾਹੌਲ ਮਿਲਿਆ। ਉਹ ਆਪਣੇ ਭਰਾਵਾਂ (ਰਾਏ ਸਿੰਘ ਤੇ ਜੈ ਸਿੰਘ) ਨੂੰ ਅਖਾੜਿਆ 'ਚ ਘੁਲਦੇ ਦੇਖ ਕੇ, ਕਾਫੀ ਦੰਗਲਾਂ 'ਚ ਛੋਟੇ ਭਾਰ ਵਾਲੀਆਂ ਕੁਸ਼ਤੀਆਂ ਵੀ ਲੜਿਆ।
ਦੇਖਣ ਨੂੰ ਫਿਲਮੀ ਨਾਇਕਾਂ ਵਰਗੇ ਬਿੱਟੂ ਦਾ ਨਾਂਅ ਮਾਤਾ-ਪਿਤਾ ਨੇ ਨਿਰਭੈ ਸਿੰਘ ਰੱਖਿਆ ਪਰ ਜਦੋਂ ਉਹ ਸਕੂਲ 'ਚ ਦਾਖਲ ਹੋਣ ਗਿਆ ਤਾਂ ਸਕੂਲ ਅਧਿਆਪਕਾ ਨੇ ਉਸ ਦਾ ਨਾਂਅ ਨਰਿੰਦਰ ਰਾਮ ਰੱਖ ਦਿੱਤਾ, ਜਿਸ ਬਾਰੇ ਬਿੱਟੂ ਕਹਿੰਦਾ ਸੀ ਕਿ ਉਸ ਦਾ ਨਾਂਅ ਬਦਲਣ ਨਾਲ ਉਸ ਦੇ ਦਿਨ ਵੀ ਬਦਲ ਗਏ। ਬਿੱਟੂ ਨੇ 32 ਕਿਲੋ ਭਾਰ ਵਰਗ ਦੀ ਕਬੱਡੀ ਨਾਲ ਖੇਡ ਮੈਦਾਨਾਂ 'ਚ ਪੈਰ ਧਰਿਆ। ਉਹ ਆਪਣੇ ਅਜ਼ੀਜ਼ ਦੋਸਤ ਸਰੋਵਰ ਹੁਰਾਂ ਨਾਲ ਮਿਲ ਕੇ 4-5 ਜਣਿਆਂ ਦੀ ਟੀਮ ਬਣਾ ਕੇ ਹੀ ਦੂਰ-ਦੂਰ ਤੋਂ ਵਜ਼ਨੀ ਕਬੱਡੀ ਦੇ ਕੱਪ ਜਿੱਤ ਲਿਆਉਂਦਾ।
ਬਿੱਟੂ ਦੇ ਖੇਡ ਜੀਵਨ 'ਚ ਉਸ ਵੇਲੇ ਵੱਡਾ ਮੋੜ ਆਇਆ ਜਦੋਂ 2002 'ਚ ਪਿੰਡ ਬੱਲਰਾਂ (ਸੰਗਰੂਰ) ਦੇ ਕਬੱਡੀ ਕੱਪ 'ਤੇ ਉਸ ਵੇਲੇ ਦੇ ਸਿਰਕੱਢ ਧਾਵੀ ਗੁਲਜ਼ਾਰੀ ਮੂਣਕ ਨੂੰ ਉਸ ਨੇ 7 ਧਾਵਿਆਂ 'ਚੋਂ 6 ਵਾਰ ਡੱਕ ਲਿਆ, ਜਿਸ ਨਾਲ ਉਸ ਦੀ ਜਾਫੀ ਵਜੋਂ ਹਰ ਪਾਸੇ ਬੱਲੇ-ਬੱਲੇ ਹੋ ਗਈ ਅਤੇ ਗੁਲਜ਼ਾਰੀ ਨੇ ਸੱਚੇ ਖਿਡਾਰੀ ਦੀ ਭਾਵਨਾ ਦਿਖਾਉਂਦਿਆਂ ਬਿੱਟੂ ਨੂੰ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਕੋਚ ਪ੍ਰੋ: ਮਦਨ ਲਾਲ ਡਡਵਿੰਡੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।
ਪੰਜਾਬ ਸਰਕਾਰ ਵਲੋਂ ਕਰਵਾਏ ਗਏ 3 ਵਿਸ਼ਵ ਕੱਪ ਦੌਰਾਨ ਬਿੱਟੂ ਨੇ ਭਾਰਤੀ ਟੀਮ ਨੂੰ ਚੈਂਪੀਅਨ ਬਣਾਉਣ 'ਚ (5 ਮੈਚ 18 ਜੱਫੇ) ਅਹਿਮ ਭੂਮਿਕਾ ਨਿਭਾਈ। ਬਿੱਟੂ ਨੇ 3 ਵਿਸ਼ਵ ਕੱਪਾਂ ਵਿਚ ਹਿੱਸਾ ਲਿਆ, ਜਿਸ ਦੀ ਬਦੌਲਤ ਉਸ ਨੂੰ ਸਰਕਾਰੀ ਨੌਕਰੀ ਅਤੇ ਥਾਂ-ਥਾਂ ਸਨਮਾਨ ਮਿਲੇ। ਬਿੱਟੂ ਨੇ ਕੈਨੇਡਾ ਦੇ ਵਿਸ਼ਵ ਕੱਪ, ਬੀ.ਸੀ. ਦੇ ਕਬੱਡੀ ਸੀਜ਼ਨ ਅਤੇ ਇੰਗਲੈਂਡ ਦੇ ਸੀਜ਼ਨ ਦੌਰਾਨ ਹਿੱਕ ਠੋਕਵੀਂ ਖੇਡ ਸਦਕਾ ਵੱਡੇ ਇਨਾਮ-ਸਨਮਾਨ ਜਿੱਤੇ। ਉਸ ਦੁਆਰਾ ਕੈਨੇਡਾ ਦੇ ਕਬੱਡੀ ਸੀਜ਼ਨ 'ਚ 124 ਜੱਫੇ ਲਗਾਉਣੇ, ਕਬੱਡੀ ਜਗਤ ਦੀ ਰਿਕਾਰਡਤੋੜ ਪ੍ਰਾਪਤੀ ਹੈ। ਬਿੱਟੂ ਦੁਗਾਲ ਨੂੰ ਖੇਡ ਜੀਵਨ ਦੌਰਾਨ ਬਹੁਤ ਵਾਰ ਵੱਡੀਆਂ ਸੱਟਾਂ ਲੱਗੀਆਂ ਪਰ ਪਰਮਾਤਮਾ 'ਤੇ ਅਥਾਹ ਭਰੋਸਾ ਅਤੇ ਦਲੇਰੀ ਭਰਿਆ ਸੁਭਾਅ ਉਸ ਨੂੰ ਮੁੜ ਖੇਡ ਮੈਦਾਨ 'ਚ ਖਿੱਚ ਲੈ ਆਉਂਦਾ। ਹਰ ਵੇਲੇ ਹਮੇਸ਼ਾ ਸੱਚੀ ਤੇ ਖਰੀ ਗੱਲ ਕਰਨ ਵਾਲਾ ਬਿੱਟੂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ 'ਤੇ ਆਪਣਾ ਆਖਰੀ ਵੱਡਾ ਮੈਚ ਖੇਡਿਆ, ਜਿੱਥੇ ਉਹ ਚਾਰ ਜੱਫੇ ਲਗਾ ਕੇ ਸਭ ਦਾ ਦਿਲ ਜਿੱਤਣ 'ਚ ਕਾਮਯਾਬ ਰਿਹਾ। ਸਿਰਫ 38 ਕੁ ਸਾਲਾਂ ਦੀ ਉਮਰ 'ਚ ਆਪਣੇ ਲੱਖਾਂ ਚਾਹੁਣ ਵਾਲਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਬੇਵਕਤੀ ਵਿਛੋੜਾ ਦੇਣ ਵਾਲੇ ਨਰਿੰਦਰ ਰਾਮ ਉਰਫ ਬਿੱਟੂ ਦੁਗਾਲ ਦੀ ਖੇਡ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ।

-ਪਟਿਆਲਾ।

ਪੰਜਾਬੀ ਫੁੱਟਬਾਲ ਦਾ ਮਸੀਹਾ : ਸੁਖਵਿੰਦਰ ਸਿੰਘ ਬੂਰਾ

ਕਾਮਯਾਬੀ ਦੀਆਂ ਮੰਜ਼ਿਲਾਂ ਦੇ ਰੱਥ ਦਾ ਸ਼ਾਹਸਵਾਰ ਬਣਨਾ ਤਾਂ ਭਾਵੇਂ ਵਕਤੀ ਖੇਡ ਹੈ ਪਰ ਕੁਝ ਲੋਕ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਭਰੇ ਸਫਰ ਦੇ ਬਾਵਜੂਦ ਸਖ਼ਤ ਮਿਹਨਤ ਦੇ ਬਲਬੂਤੇ ਪੱਥਰ 'ਤੇ ਲਕੀਰ ਵਾਂਗ ਏਨੇ ਦ੍ਰਿੜ੍ਹ ਇਰਾਦੇ ਵਾਲੇ ਹੁੰਦੇ ਹਨ ਕਿ ਰਸਤਾ ਕਿੰਨਾ ਵੀ ਕੰਡਿਆਂ ਭਰਿਆ ਕਿਉਂ ਨਾ ਹੋਵੇ, ਉਹ ਆਪਣੀ ਮੰਜ਼ਿਲ ਵੱਲ ਕਦਮ-ਬ-ਕਦਮ ਤੁਰਦੇ ਰਹਿੰਦੇ ਹਨ। ਅਜਿਹੀ ਹੀ ਜ਼ਿੰਦਗੀ ਦੇ ਇਕ ਮੁਕੰਮਲ ਸੰਘਰਸ਼ ਦੀ ਦਾਸਤਾਨ ਹੈ ਫੁੱਟਬਾਲ ਖਿਡਾਰੀ ਅਤੇ ਕੋਚ ਸੁਖਵਿੰਦਰ ਸਿੰਘ ਬੂਰਾ ਜੋ ਬਹੁਪੱਖੀ ਸ਼ਖ਼ਸੀਅਤ ਦੇ ਸਿਰਨਾਵੇਂ ਵਜੋਂ ਪਛਾਣ ਬਣਾਉਣ 'ਚ ਸਫਲ ਰਿਹਾ ਹੈ।
ਪੰਜਾਬੀ ਫੁੱਟਬਾਲ ਦੇ ਵਿਰਸੇ ਨੂੰ ਸੰਭਾਲੀ ਬੈਠੇ ਸੁਖਵਿੰਦਰ ਸਿੰਘ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੂਲੇਵਾਲ 'ਚ 25 ਜੁਲਾਈ, 1963 ਨੂੰ ਪਿਤਾ ਗੁਰਬਖਸ਼ ਸਿੰਘ ਅਤੇ ਮਾਤਾ ਅਜੀਤ ਕੌਰ ਦੇ ਘਰ ਹੋਇਆ। ਮੱਧ ਵਰਗੀ ਪਰਿਵਾਰ ਨਾਲ ਸਬੰਧਤ ਫੁੱਟਬਾਲ 'ਚ ਵਡਮੁੱਲੀਆਂ ਪ੍ਰਾਪਤੀਆਂ ਖੱਟਣ ਵਾਲੇ ਸੁਖਵਿੰਦਰ ਸਿੰਘ ਨੇ ਹਾਈ ਸਕੂਲ ਤੱਕ ਦੀ ਪੜ੍ਹਾਈ ਜੀ.ਐਨ. ਹਾਈ ਸਕੂਲ ਸਤਕੋਹਾ ਤੋਂ ਕੀਤੀ ਪਰ ਫੁੱਟਬਾਲਰ ਬਣਨ ਦੀ ਤਾਂਘ ਕਿਸੇ ਸਮੇਂ ਖੇਡਾਂ 'ਚ ਨਾਮਵਰ ਰਹੇ ਸਪੋਰਟਸ ਸਕੂਲ ਜਲੰਧਰ ਲੈ ਆਈ, ਜਿਥੇ ਕੋਚ ਜੋਗਿੰਦਰ ਸਿੰਘ ਵਾਲੀਆ ਦੀ ਦੇਖ-ਰੇਖ 'ਚ ਉਸ ਨੇ ਫੁੱਟਬਾਲ ਦੇ ਮੈਦਾਨ ਵਿਚ ਛੋਹਲੇ ਕਦਮੀਂ ਮੱਲਾਂ ਮਾਰੀਆਂ। ਸੰਨ 1979 'ਚ ਉਹ ਸ੍ਰੀਨਗਰ 'ਚ ਹੋਈ ਰੂਰਲ ਨੈਸ਼ਨਲ ਗੇਮਜ਼ 'ਚ ਪੰਜਾਬ ਟੀਮ ਵਲੋਂ ਖੇਡਿਆ ਤੇ ਅਗਲੇ ਹੀ ਸਾਲ 1980 'ਚ ਸਕੂਲ ਨੈਸ਼ਨਲ 'ਚ ਉਹ ਪੰਜਾਬ ਦੀ ਟੀਮ ਲਈ ਚੁਣਿਆ ਗਿਆ।
1982 'ਚ ਸੁਖਵਿੰਦਰ ਨੇ ਫੁੱਟਬਾਲ ਦੇ ਮੱਕੇ ਵਜੋਂ ਜਾਣੇ ਜਾਂਦੇ ਖਾਲਸਾ ਕਾਲਜ ਮਾਹਿਲਪੁਰ 'ਚ ਦਾਖਲਾ ਲਿਆ, ਜਿਥੇ ਕੋਚ ਬਲਿਹਾਰ ਸਿੰਘ ਨੇ ਫੁੱਟਬਾਲ ਦੇ ਇਸ ਚੜ੍ਹਦੇ ਸੂਰਜ ਨੂੰ ਦਗਦਗ ਕਰਦੀ ਸਿਖਰ ਦੁਪਹਿਰ ਵਾਂਗ ਚਮਕਾਇਆ ਤੇ ਸੁਖਵਿੰਦਰ ਬੂਰਾ ਹੁਣ ਪੰਜਾਬੀ ਫੁੱਟਬਾਲ ਦੇ ਗਲਿਆਰਿਆਂ 'ਚ ਖੁੰਢ ਚਰਚਾ ਦਾ ਵਿਸ਼ਾ ਬਣ ਗਿਆ। ਸੰਨ 1986 'ਚ ਪੰਜਾਬ ਦੀ ਨਾਮਵਰ ਕਲੱਬ ਜੇ. ਸੀ. ਟੀ. ਫਗਵਾੜਾ ਨੇ ਉਸ ਨੂੰ ਆਪਣੀ ਟੀਮ 'ਚ ਸ਼ਾਮਿਲ ਕਰ ਲਿਆ। 1986 ਤੋਂ 1991 'ਚ ਜੇ.ਸੀ.ਟੀ. ਵਲੋਂ ਮੈਦਾਨ 'ਚ ਉਤਰਦਿਆਂ ਉਸ ਸਮੇਂ ਹੁੰਦੇ ਵਕਾਰੀ ਟੂਰਨਾਮੈਂਟਾਂ ਡੀ.ਸੀ.ਐਮ., ਡੁਰੰਡ ਕੱਪ ਦਿੱਲੀ, ਰੋਵਰਜ਼ ਕੱਪ, ਸੈਟ ਨਾਗ ਜੀ ਅਤੇ ਗਵਰਨਰ ਗੋਲਡ ਕੱਪ ਆਦਿ 'ਚ ਖੇਡਦਿਆਂ ਅਹਿਮ ਪ੍ਰਾਪਤੀਆਂ ਕੀਤੀਆਂ। ਸੰਨ 1987 'ਚ ਕੇਰਲਾ 'ਚ ਹੋਈਆਂ ਕੌਮੀ ਖੇਡਾਂ 'ਚ ਪੰਜਾਬ ਵਲੋਂ ਖੇਡਦਿਆਂ ਸੁਖਵਿੰਦਰ ਸਿੰਘ ਨੇ ਪੰਜਾਬ ਨੂੰ ਉਪ-ਵਿਜੇਤਾ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ। ਬਤੌਰ ਖਿਡਾਰੀ ਖੇਡ ਕੈਰੀਅਰ ਦਾ ਸ਼ਾਨਾਮੱਤਾ ਅਧਿਆਇ ਲਿਖਣ ਵਾਲੇ ਸੁਖਵਿੰਦਰ ਸਿੰਘ ਨੇ ਫੁੱਟਬਾਲ ਨੂੰ ਅਲਵਿਦਾ ਕਹਿੰਦਿਆਂ ਪੰਜਾਬੀ ਫੁੱਟਬਾਲ ਦੀ ਵਿਰਾਸਤ ਨੂੰ ਸੰਭਾਲਣ ਹਿਤ ਬਤੌਰ ਕੋਚ ਸੰਨ 2002 ਤੋਂ 2009 ਤੱਕ ਪਿੰਡ ਨਿੱਕੇ ਘੁੰਮਣ (ਗੁਰਦਾਸਪੁਰ) ਫੁੱਟਬਾਲ ਅਕੈਡਮੀ 'ਚ ਸੇਵਾਵਾਂ ਦਿੱਤੀਆਂ ਤੇ ਇਥੋਂ ਦੇ ਖਿਡਾਰੀ ਬਿਕਰਮਜੀਤ ਸਿੰਘ, ਸਹਿਨਾਜ਼ ਸਿੰਘ ਅਤੇ ਜਰਮੇਨ ਸਿੰਘ ਵੱਖ-ਵੱਖ ਕਲੱਬਾਂ ਵਲੋਂ ਖੇਡਦੇ ਭਾਰਤੀ ਫੁੱਟਬਾਲ ਦਾ ਰੌਸ਼ਨ ਭਵਿੱਖ ਬਣੇ। ਵਰਤਮਾਨ ਸਮੇਂ ਸੁਖਵਿੰਦਰ ਸਿੰਘ ਬੂਰਾ ਪ੍ਰਿਥੀਪਾਲ ਸਿੰਘ ਐਸ.ਪੀ. ਦੀ ਸ਼ਤਰ ਛਾਇਆ ਹੇਠ ਕੋਟਲਾ ਸ਼ਾਹੀਆਂ 'ਚ ਸੁਰਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਕਮਲਜੀਤ ਸਪੋਰਟਸ ਅਕੈਡਮੀ ਕੋਟਲਾ ਸ਼ਾਹੀਆਂ 'ਚ ਬਤੌਰ ਕੋਚ ਫੁੱਟਬਾਲ ਨਰਸਰੀ ਤਿਆਰ ਕਰਨ 'ਚ ਜੀਅ-ਜਾਨ ਨਾਲ ਜੁਟਿਆ ਪਿਆ ਹੈ ਪਰ ਪੰਜਾਬੀ ਫੁੱਟਬਾਲ ਦੇ ਭਵਿੱਖ ਪ੍ਰਤੀ ਗੱਲ ਕਰਦਿਆਂ ਅਕਸਰ ਉਸ ਦਾ ਚਿਹਰਾ ਉਦਾਸ ਹੋ ਜਾਂਦਾ ਹੈ।


-ਮੋਬਾ: 94636-12204

ਭਾਰਤ ਦਾ ਧਾਕੜ ਮੁੱਕੇਬਾਜ਼ ਅਮਿਤ ਪੰਘਾਲ

'ਹਾਸ਼ਮ ਫ਼ਤਹਿ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ', ਇਸ ਸੰਸਾਰ ਵਿਚ ਮਿਹਨਤ ਅਤੇ ਲਗਨ ਦੇ ਨਾਲ ਹਰ ਚੀਜ਼ ਸੰਭਵ ਹੈ ਅਤੇ ਜੋ ਵੀ ਕਿਸਮਤ ਦੇ ਆਸਰੇ ਆਪਣੇ-ਆਪ ਨੂੰ ਨਾ ਛੱਡ ਕੇ ਲਹੂ-ਪਸੀਨਾ ਇਕ ਕਰਦੇ ਹਨ, ਉਹ ਦੁਨੀਆ ਵਿਚ ਕੁਝ ਕਰ ਗੁਜ਼ਰਦੇ ਹਨ। ਅੱਜ ਗੱਲ ਕਰਾਂਗੇ ਭਾਰਤ ਦੇ ਇਕ ਨੌਜਵਾਨ ਮੁੱਕੇਬਾਜ਼ ਦੀ, ਜਿਸ ਨੇ ਥੋੜ੍ਹੇ ਸਮੇਂ ਵਿਚ ਹੀ ਆਪਣੇ-ਆਪ ਨੂੰ ਉਸ ਸਥਾਨ 'ਤੇ ਲਿਆ ਕੇ ਖੜ੍ਹਾ ਕਰ ਲਿਆ ਹੈ, ਜਿੱਥੇ ਪਹੁੰਚਣ ਲਈ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਭਾਰਤੀ ਮੁੱਕੇਬਾਜ਼ੀ ਜਿੱਥੇ ਅੱਜ ਦੁਨੀਆ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਰਹੀ ਹੈ, ਉਥੇ ਸਾਡੇ ਮੁੱਕੇਬਾਜ਼ ਦਿਨ-ਰਾਤ ਇਸ ਰੁਤਬੇ ਨੂੰ ਇਕ ਵੱਖਰੇ ਮੁਕਾਮ 'ਤੇ ਪਹੁੰਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਇਹੋ ਜਿਹਾ ਮੁੱਕੇਬਾਜ਼ ਹੈ ਹਰਿਆਣਾ ਦੀ ਧਰਤੀ 'ਤੇ ਪੈਦਾ ਹੋਇਆ ਅਮਿਤ ਪੰਘਾਲ, ਜੋ ਕਿ 16 ਅਕਤੂਬਰ, 1995 ਨੂੰ ਜ਼ਿਲ੍ਹਾ ਰੋਹਤਕ ਦੇ ਪਿੰਡ ਮਾਇਨਾ ਵਿਖੇ ਪਿਤਾ ਚੌਧਰੀ ਵਿਜੇਂਦਰ ਸਿੰਘ ਪੰਘਾਲ ਦੇ ਘਰ ਜਨਮਿਆ।
ਅਮਿਤ ਦਾ ਵੱਡਾ ਭਰਾ ਅਜੇ ਪੰਘਾਲ ਜੋ ਕਿ ਖੁਦ ਇਕ ਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਰਿਹਾ ਹੈ ਅਤੇ ਭਾਰਤੀ ਫੌਜ ਵਿਚ ਨੌਕਰੀ ਕਰਦਾ ਹੈ, ਨੇ ਸਾਲ 2007 ਵਿਚ ਅਮਿਤ ਨੂੰ ਸਰ ਛੋਟੂ ਰਾਮ ਬਾਕਸਿੰਗ ਅਕੈਡਮੀ ਜੁਆਇਨ ਕਰਵਾ ਦਿੱਤੀ, ਜਿਸ ਤੋਂ ਬਾਅਦ ਉਹ ਆਪਣੀ ਮਿਹਨਤ ਨਾਲ ਇਸ ਮੁਕਾਮ 'ਤੇ ਪਹੁੰਚਣ ਵਿਚ ਸਫਲ ਰਿਹਾ। ਅਮਿਤ ਜੋ ਕਿ ਇਸ ਸਮੇਂ ਭਾਰਤੀ ਫੌਜ ਵਿਚ ਜੇ.ਸੀ.ਓ. ਦੀਆਂ ਸੇਵਾਵਾਂ ਨਿਭਾ ਰਿਹਾ ਹੈ, ਨੇ ਆਪਣੀ ਪਹਿਲੀ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਪ੍ਰਤੀਯੋਗਤਾ 2017 ਵਿਚ ਸੋਨ ਤਗਮਾ ਹਾਸਲ ਕੀਤਾ ਅਤੇ ਇਸੇ ਸਾਲ ਉਸ ਨੇ ਲਾਈਟ ਫਲਾਈ ਭਾਰ ਵਰਗ ਵਿਚ ਖੇਡਦਿਆਂ ਏਸ਼ਿਆਈ ਮੁੱਕੇਬਾਜ਼ੀ ਪ੍ਰਤੀਯੋਗਤਾ ਵਿਚ ਤਾਂਬੇ ਦਾ ਤਗਮਾ ਹਾਸਲ ਕੀਤਾ। ਸਾਲ 2018 ਵਿਚ ਪੰਘਾਲ ਨੇ ਸੋਫੀਆ ਵਿਖੇ ਹੋਏ ਸਟਰਾਂਡਜਾ ਕੱਪ ਵਿਚ ਸੋਨ ਤਗਮਾ ਜਿੱਤਿਆ। ਸਾਲ 2018 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਵੀ ਅਮਿਤ ਨੇ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ। ਇਸ ਤੋਂ ਬਾਅਦ ਅਮਿਤ ਦਾ ਜਲਵਾ ਰਿੰਗ ਵਿਚ ਉਦੋਂ ਦੇਖਣ ਨੂੰ ਮਿਲਿਆ, ਜਦੋਂ 2018 ਦੀਆਂ ਏਸ਼ੀਅਨ ਖੇਡਾਂ (ਜਕਾਰਤਾ) ਵਿਚ ਆਪਣੀ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਉਸ ਨੇ ਉਜ਼ਬੇਕਿਸਤਾਨ ਦੇ ਉਲੰਪਿਕ ਚੈਂਪੀਅਨ ਮੁੱਕੇਬਾਜ਼ ਹਸਾਨਬਾਏ ਦਸਮਤੋਵ ਨੂੰ ਹਰਾ ਕੇ ਏਸ਼ੀਅਨ ਖੇਡਾਂ ਦਾ ਸੋਨ ਤਗਮਾ ਆਪਣੇ ਨਾਂਅ ਕੀਤਾ ਅਤੇ ਵਿਸ਼ਵ ਮੁੱਕੇਬਾਜ਼ੀ ਵਿਚ ਤਹਿਲਕਾ ਮਚਾ ਦਿੱਤਾ।
ਹੁਣ ਜਦੋਂ ਉਲੰਪਿਕ ਖੇਡਾਂ 2020 ਵਿਚ 49 ਕਿਲੋ ਭਾਰ ਵਰਗ ਨਾ ਹੋਣ ਕਰਕੇ ਅਮਿਤ ਨੂੰ ਆਪਣਾ ਭਾਰ ਵਰਗ 52 ਕਿਲੋਗ੍ਰਾਮ ਕਰਨਾ ਪਿਆ ਅਤੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਉਸ ਲਈ ਇਸ ਭਾਰ ਵਰਗ ਵਿਚ ਖੇਡਣਾ ਇਕ ਨਵੀਂ ਚੁਣੌਤੀ ਸੀ ਪਰ ਇਥੇ ਵੀ ਅਮਿਤ ਦੇ ਮੁੱਕਿਆਂ ਦਾ ਦਮ ਏਸ਼ੀਆਈ ਮੁੱਕੇਬਾਜ਼ਾਂ 'ਤੇ ਭਾਰੂ ਰਿਹਾ ਤੇ ਇਸ ਪ੍ਰਤੀਯੋਗਤਾ ਵਿਚ ਉਸ ਨੇ ਉਲੰਪਿਕ ਚੈਂਪੀਅਨ ਹਸਨਬਾਏ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਅਤੇ ਫਾਈਨਲ ਵਿਚ ਉਸ ਨੇ ਕੋਰੀਆ ਦੇ ਕਿੰਮ ਇਕਕਿਉ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਅਤੇ ਇਹ ਸਾਬਤ ਕੀਤਾ ਕਿ ਉਹ ਉਲੰਪਿਕ ਤਗਮੇ ਦਾ ਪ੍ਰਬਲ ਦਾਅਵੇਦਾਰ ਹੈ, ਇਹ ਗੌਰ ਕਰਨ ਵਾਲੀ ਗੱਲ ਹੈ ਕਿ ਇਸ ਪ੍ਰਤੀਯੋਗਤਾ ਦੌਰਾਨ ਅਮਿਤ ਨੂੰ ਬੁਖਾਰ ਨੇ ਘੇਰ ਲਿਆ ਸੀ ਪਰ ਆਪਣੇ ਹੌਸਲੇ ਦੇ ਬਲਬੂਤੇ ਉਸ ਨੇ ਆਪਣੇ-ਆਪ ਨੂੰ ਸਾਬਤ ਕੀਤਾ ਅਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਭਾਰਤ ਦੇਸ਼ ਦੇ ਸਮੂਹ ਖੇਡ ਪ੍ਰੇਮੀ ਹੁਣ ਅਮਿਤ ਤੋਂ ਟੋਕੀਉ ਉਲੰਪਿਕ ਖੇਡਾਂ (2020) ਵਿਚ ਸੋਨ ਤਗਮੇ ਦੀ ਆਸ ਲਗਾਈ ਬੈਠੇ ਹਨ।


-ਮੋਬਾ: 94174-79449

ਗੋਲਾ ਸੁਟਾਵਾ ਅਮਨਦੀਪ ਸਿੰਘ ਧਾਲੀਵਾਲ

ਆਪਣੇ ਦੇਸ਼ ਲਈ ਕੁਝ ਕਰਨ ਵਾਲਿਆਂ ਦੇ ਮੱਥੇ ਦਾ ਤੇਜ਼ ਬਚਪਨ ਤੋਂ ਹੀ ਦੱਸਾ ਦਿੰਦਾ ਹੈ। ਅਜਿਹੇ ਹੀ ਜਜ਼ਬੇ ਦੀ ਮਿਸਾਲ ਹੈ ਗੁਰਸਿੱਖ ਨੌਜਵਾਨ ਅਮਨਦੀਪ ਸਿੰਘ ਧਾਲੀਵਾਲ,ਜਿਸ ਨੇ ਸਖ਼ਤ ਮਿਹਨਤ ਅਤੇ ਦੇਸ਼ ਲਈ ਕੁਝ ਕਰਨ ਦਾ ਸੁਪਨਾ ਪਾਲ ਰੱਖਿਆ ਹੈ, ਜੋ ਹੁਣ ਸੱਚ ਹੁੰਦਾ ਜਾਪ ਰਿਹਾ ਹੈ। ਸੰਗਰੂਰ ਦੀ ਮਲੇਰਕੋਟਲਾ ਤਹਿਸੀਲ ਦੇ ਪਿੰਡ ਚੱਕ ਸ਼ੇਖਪੁੁਰਾ ਦਾ ਨੌਜਵਾਨ ਅਮਨਦੀਪ ਸਿੰਘ ਧਾਲੀਵਾਲ ਆਪਣੇ ਕੋਚ ਹਰਮਹਿੰਦਰ ਸਿੰਘ ਘੁੰਮਣ ਦੀ ਰਹਿਨੁਮਾਈ ਹੇਠ 2015 ਤੋਂ ਅਥਲੈਟਿਕਸ ਅਧੀਨ ਸ਼ਾਟ-ਪੁੱਟ ਦੀ ਤਿਆਰੀ ਲਈ ਸਖ਼ਤ ਮਿਹਨਤ ਕਰ ਰਿਹਾ ਹੈ। 16 ਮਈ, 2002 ਨੂੰ ਪਿਤਾ ਹਾਕਮ ਸਿੰਘ ਧਾਲੀਵਾਲ ਦੇ ਘਰ ਚੱਕ ਸ਼ੇਖਪੂਰਾ ਵਿਖੇ ਪੈਦਾ ਹੋਇਆ ਅਮਨਦੀਪ ਅੱਜਕਲ੍ਹ ਡੀ. ਏ. ਵੀ. ਸਕੂਲ ਮਲੇਰਕੋਟਲਾ ਵਿਖੇ 12ਵੀਂ ਕਲਾਸ ਵਿਚ ਪੜ੍ਹ ਰਿਹਾ ਹੈ। ਉਸ ਨੇ ਆਪਣੀ ਪੜ੍ਹਾਈ ਅਤੇ ਖੇਡ ਦੀ ਪ੍ਰੈਕਟਿਸ ਲਈ ਆਪਣੀ ਰਿਹਾਇਸ਼ ਮਲੇਰਕੋਟਲਾ ਕੀਤੀ ਹੋਈ ਹੈ। ਉਹ ਉਲੰਪਿਕ ਅਥਲੀਟ ਬਣਨ ਲਈ ਤਤਪਰ ਹੈ। ਉਸ ਦੀਆਂ ਖੇਡ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਛੋਟੀ ਉਮਰੇ ਵੱਡੀਆਂ ਹਨ। ਉਸ ਨੇ ਰਾਏਪੁਰ ਵਿਖੇ ਹੋਈ ਕੌਮੀ ਯੂਥ ਚੈਂਪੀਅਨਸ਼ਿਪ 2019 ਦੌਰਾਨ 19.85 ਮੀਟਰ ਥਰੋਅ ਕਰਕੇ ਵਿਸ਼ਵ ਦਰਜਾਬੰਦੀ ਵਿਚ ਪਹਿਲੇ ਸਥਾਨ 'ਤੇ ਪੁੱਜਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਨੌਜਵਾਨ ਦੀ ਸਖ਼ਤ ਮਿਹਨਤ ਸਦਕਾ ਮਾਰਚ, 2019 ਵਿਚ ਹਾਂਗਕਾਂਗ 'ਚ ਹੋਈ ਏਸ਼ੀਅਨ ਯੂਥ ਅਥਲੈਟਿਕਸ ਚੈਂਪੀਅਨਸ਼ਿਪ ਅੰਡਰ-18 ਵਿਚੋਂ 19.08 ਮੀਟਰ ਥਰੋਅ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਪੰਜਾਬ ਦਾ ਇਹ ਨੌਜਵਾਨ ਅਜੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ, ਛੋਟੀ ਉਮਰ ਦੀਆਂ ਇਹ ਪ੍ਰਾਪਤੀਆਂ ਹੀ ਸਪੱਸ਼ਟ ਕਰਦੀਆਂ ਹਨ ਕਿ ਜੇਕਰ ਸਰਕਾਰ ਇਸ ਨੌਜਵਾਨ ਦੀ ਬਾਂਹ ਫੜੇ ਤਾਂ ਉਲੰਪਿਕ ਤੱਕ ਦਾ ਤਗਮਾ ਪੰਜਾਬ ਦੀ ਝੋਲੀ ਪਾ ਸਕਦਾ ਹੈ। ਅਮਨਦੀਪ ਸਿੰਘ ਧਾਲੀਵਾਲ ਨੇ ਇਸ ਸਾਲ ਖੇਲੋ ਇੰਡੀਆ ਵਿਚੋਂ ਸੋਨ ਤਗਮਾ ਹਾਸਲ ਕੀਤਾ ਸੀ। ਦਿੱਲੀ ਵਿਚ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਅਤੇ ਜੂਨੀਅਰ ਨੈਸ਼ਨਲ ਖੇਡਾਂ ਵਿਚੋਂ ਤਾਂਬੇ ਦਾ ਤਗਮਾ ਜਿੱਤਿਆ ਸੀ। ਅਮਨਦੀਪ ਗੁਰਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਹਮੇਸ਼ਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਕੋਚ ਹਰਮਹਿੰਦਰ ਸਿੰਘ ਘੁੰਮਣ ਦਾ ਮੰਨਣਾ ਹੈ ਕਿ ਉਸ ਨੂੰ ਆਪਣੇ ਸ਼ਾਗਿਰਦ 'ਤੇ ਮਾਣ ਹੈ। ਉਸ ਅਨੁਸਾਰ ਅਮਨਦੀਪ ਹਮੇਸ਼ਾ ਆਪਣੇ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਦਾ ਰਹਿੰਦਾ ਹੈ। ਉਸ ਦੇ ਸਕੂਲ ਅਧਿਆਪਕ ਰਾਜਨ ਸਿੰਗਲਾ ਵੀ ਉਸ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।


-ਰਾਜੇਸ਼ ਰਿਖੀ ਪੰਜਗਰਾਈਆਂ
ਮੋਬਾ: 93565-52000

ਪੈਰਾ ਖੇਡਾਂ ਵਿਚ ਲੌਂਗ ਜੰਪ ਲਈ ਦੇਸ਼ ਦਾ ਭਵਿੱਖ ਹੈ ਸੈਲਸ ਕੁਮਾਰ ਬਿਹਾਰ

ਸੈਲਸ ਕੁਮਾਰ ਲੌਂਗ ਜੰਪ ਵਿਚ ਦੇਸ਼ ਦਾ ਭਵਿੱਖ ਹੈ, ਜਿਸ ਤੋਂ ਦੇਸ਼ ਨੂੰ ਬਹੁਤ ਵੱਡੀਆਂ ਉਮੀਦਾਂ ਹਨ ਅਤੇ ਆਪਣੀਆਂ ਉਮੀਦਾਂ ਨੂੰ ਜਿੱਤਣ ਲਈ ਉਹ ਸਿਰਤੋੜ ਯਤਨ ਕਰ ਰਿਹਾ ਹੈ ਅਤੇ ੳਹ ਮਾਣਮੱਤਾ ਪੈਰਾ ਖਿਡਾਰੀ ਹੈ। ਸੈਲਸ ਕੁਮਾਰ ਦਾ ਜਨਮ 8 ਅਗਸਤ, 2000 ਨੂੰ ਪਿਤਾ ਸ਼ਿਵਨੰਦਨ ਯਾਦਵ ਦੇ ਘਰ ਮਾਤਾ ਪ੍ਰਤਿਮਾ ਦੇਵੀ ਦੀ ਕੁੱਖੋਂ ਬਿਹਾਰ ਪ੍ਰਾਂਤ ਦੇ ਪਿੰਡ ਇਸਲਾਮਾ ਨਗਰ ਵਿਚ ਹੋਇਆ। ਸੈਲਸ ਕੁਮਾਰ ਨੂੰ ਬਚਪਨ ਵਿਚ ਹੀ ਪੋਲੀਓ ਹੋ ਗਿਆ, ਜਿਸ ਕਾਰਨ ਉਹ ਇਕ ਲੱਤ ਤੋਂ ਅਪਾਹਜ ਹੋ ਗਿਆ ਪਰ ਉਸ ਨੂੰ ਬਚਪਨ ਤੋਂ ਹੀ ਖੇਡਾਂ ਵਿਚ ਲੌਂਗ ਜੰਪ ਕਰਨ ਦਾ ਸ਼ੌਕ ਸੀ ਅਤੇ ਉਹ ਸਕੂਲ ਪੜ੍ਹਦਾ ਹੀ ਲੌਂਗ ਜੰਪ ਕਰਨ ਲੱਗਿਆ ਅਤੇ ਉਹ ਲੌਂਗ ਜੰਪ ਵਿਚ ਹੀ ਹੁਣ ਤੱਕ ਕਈ ਤਗਮੇ ਆਪਣੇ ਨਾਂਅ ਕਰ ਚੁੱਕਿਆ ਹੈ ਅਤੇ ਨਾਲ ਹੀ ਉਹ ਬੀ. ਏ. ਐਸ. ਸੀ. ਦਾ ਵਿਦਿਆਰਥੀ ਹੈ। ਜੈਪੁਰ ਵਿਖੇ ਹੋਈ ਨੈਸ਼ਨਲ ਪੈਰਾ ਅਥਲੈਟਿਕ ਵਿਚ ਉਸ ਨੇ ਭਾਗ ਲਿਆ ਅਤੇ ਕਾਂਸੀ ਦਾ ਤਗਮਾ ਜਿੱਤਿਆ। ਪੰਚਕੂਲਾ ਵਿਖੇ ਹੋਈ 18ਵੀਂ ਨੈਸ਼ਨਲ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਉਸ ਨੇ ਲੌਂਗ ਜੰਪ ਵਿਚ ਸੋਨ ਤਗਮਾ ਆਪਣੇ ਨਾਂਅ ਕੀਤਾ। ਸੈਲਸ ਕੁਮਾਰ ਅੱਜਕਲ੍ਹ ਵਰਲਡ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਿਹਾ ਹੈ ਅਤੇ ਉਹ ਦੇਸ਼ ਲਈ ਸੋਨ ਤਗਮਾ ਜਿੱਤਣ ਦਾ ਇੱਛੁਕ ਹੈ। ਆਪਣੇ ਇਸ ਖੇਤਰ ਵਿਚ ਨਾਗੇਸ਼ਵਰ ਪ੍ਰਸਾਦ ਦਾ ਧੰਨਵਾਦੀ ਹੈ, ਜਿਸ ਨੇ ਹਮੇਸ਼ਾ ਹੀ ਉਸ ਨੂੰ ਉਤਸ਼ਾਹਤ ਕੀਤਾ ਹੈ। ਬਹੁਤ ਹੀ ਛੋਟੀ ਉਮਰ ਵਿਚ ਵੱਡੀਆਂ ਪੁਲਾਂਘਾਂ ਪੁੱਟਦਾ ਸੈਲਸ ਕੁਮਾਰ ਆਉਣ ਵਾਲੇ ਸਮੇਂ ਦਾ ਉਹ ਖਿਡਾਰੀ ਹੈ, ਜਿਸ 'ਤੇ ਭਾਰਤ ਮਾਣ ਕਰੇਗਾ।


-ਮੋਗਾ। ਮੋਬਾ: 98551-14484






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX