ਤਾਜਾ ਖ਼ਬਰਾਂ


ਕਰਨਾਟਕ ਵਿਧਾਨ ਸਭਾ ਕੱਲ੍ਹ 11 ਵਜੇ ਤੱਕ ਮੁਲਤਵੀ
. . .  14 minutes ago
ਬੈਗਲੁਰੂ, 18 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ, ਭਾਵ ਕਿ ਹੁਣ ਵਿਸ਼ਵਾਸ ਮਤ 'ਤੇ ਵੋਟਿੰਗ ...
250 ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਕਾਬੂ
. . .  30 minutes ago
ਦਿੜ੍ਹਬਾ ਮੰਡੀ, 18 ਜੁਲਾਈ (ਹਰਬੰਸ ਸਿੰਘ ਛਾਜਲੀ) - ਐੱਸ.ਟੀ.ਐਫ ਅਤੇ ਪੁਲਿਸ ਥਾਣਾ ਛਾਜਲੀ ਦੀ ਪੁਲਿਸ ਪਾਰਟੀ ਨੇ ਇਕ ਵਿਅਕਤੀ ਨੂੰ 250 ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਐੱਸ.ਟੀ.ਐਫ ਦੇ ਇੰਸਪੈਕਟਰ ਰਵਿੰਦਰ ਭੱਲਾ....
ਸਤਵੰਤ ਸਿੰਘ ਬਣੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
. . .  38 minutes ago
ਅਟਾਰੀ, 18 ਜੁਲਾਈ - ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਤਵੰਤ ਸਿੰਘ ਨੂੰ ਬਣਾਇਆ ਗਿਆ। ਇਸ ਦੇ ਨਾਲ ਹੀ ਸ.ਅਮੀਰ ਸਿੰਘ ਜੋ ਕਿ ਸਾਬਕਾ ਪ੍ਰਧਾਨ ਸ.ਬਿਸ਼ਨ ਸਿੰਘ ਦੇ ਛੋਟੋਂ ਭਰਾ ਹਨ, ਨੂੰ ਪਾਕਿਸਤਾਨ ਕਮੇਟੀ ਦੇ ਜਰਨਲ ਸਕੱਤਰ ...
ਡਿਪਟੀ ਕਮਿਸ਼ਨਰ ਵੱਲੋਂ ਧਰਨਾਕਾਰੀਆਂ ਨੂੰ ਕੀਤੀ ਸਖ਼ਤ ਹਦਾਇਤ 'ਤੇ ਧਰਨੇ ਤੋਂ ਲੰਘਾਈਆਂ ਸਕੂਲੀ ਬੱਸਾਂ
. . .  48 minutes ago
ਜੈਤੋ, 18 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਦੇ ਕਈ ਪਿੰਡਾਂ ਵਿਚ ਡਰੇਨਾਂ ਦੇ ਉਵਰਫਲੋਅ ਹੋਣ ਕਰ ਕੇ ਮੀਂਹ ਦਾ ਪਾਣੀ ਕਿਸਾਨਾਂ ਦੀ ਝੋਨਾ ਅਤੇ ਨਰਮੇ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਗ਼ੁੱਸੇ 'ਚ ਆਏ ਕਿਸਾਨਾਂ ਨੇ ਜੈਤੋ...
ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਨਹੀਂ ਦੇਣਾ ਚਾਹੀਦਾ ਦਖ਼ਲ - ਐੱਚ.ਕੇ.ਪਾਟਿਲ
. . .  58 minutes ago
ਬੈਂਗਲੁਰੂ, 18 ਜੁਲਾਈ- ਕਾਂਗਰਸ ਦੇ ਆਚ.ਕੇ.ਪਾਟਿਲ ਨੇ ਕਿਹਾ ਕਿ ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਦਖ਼ਲ ਨਹੀਂ ਦੇਣਾ ਚਾਹੀਦਾ। ਪਾਟਿਲ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਰਾਜਪਾਲ ਦੇ ਨੁਮਾਇੰਦੇ ਇੱਥੇ ਮੌਜੂਦ...
ਸ੍ਰੀ ਮੁਕਤਸਰ ਸਾਹਿਬ: 2 ਕੁਇੰਟਲ 32 ਕਿੱਲੋ ਨਕਲੀ ਘਿਉ ਬਰਾਮਦ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ 232 ਕਿੱਲੋ ਨਕਲੀ ਦੇਸੀ ਘਿਉ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਬਾਲੀਵੁੱਡ ਅਦਾਕਾਰ ਏਜਾਜ ਖਾਨ ਵਲੋਂ ਵਿਵਾਦਿਤ ਵੀਡੀਓ ਬਣਾਉਣ 'ਤੇ ਗ੍ਰਿਫ਼ਤਾਰ
. . .  about 1 hour ago
ਮੁੰਬਈ, 18 ਜੁਲਾਈ - ਬਾਲੀਵੁੱਡ ਅਦਾਕਾਰ ਏਜਾਜ ਖਾਨ ਨੂੰ ਮੁੰਬਈ ਪੁਲਿਸ ਨੇ ਅੱਜ ਵੀਰਵਾਰ ਗ੍ਰਿਫ਼ਤਾਰ ਕਰ ਲਿਆ। ਉਸ 'ਤੇ ਟਿਕ ਟਾਕ ਦੇ ਸਟਾਰ ਫੈਜੂ ਦੇ ਸਮਰਥਨ ਵਿਚ ਵੀਡੀਓ ਬਣਾਉਣ ਦਾ ਦੋਸ਼ ਹੈ। ਇਹ ਮਾਮਲਾ ਅਸਲ ਵਿਚ ਮਹਾਰਾਸ਼ਟਰ ਦੇ ਭੀੜ ਤੰਤਰ ਨਾਲ ਜੁੜਿਆ...
ਹਰਪ੍ਰੀਤ ਸਿੰਘ ਸਿੱਧੂ ਦੁਬਾਰਾ ਐਸ.ਟੀ.ਐਫ. ਚੀਫ਼ ਨਿਯੁਕਤ
. . .  about 1 hour ago
ਪਟਿਆਲਾ, 18 ਜੁਲਾਈ (ਮੋਹਿਤ ਸਿੰਗਲਾ) - ਪਟਿਆਲਾ, 18 ਜੁਲਾਈ (ਮੋਹਿਤ ਸਿੰਗਲਾ) - ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਸੂਚੀ ਮੁਤਾਬਿਕ ਪੰਜਾਬ ਦੇ ਗਵਰਨਰ ਦੇ ਨਿਰਦੇਸ਼ਾਂ ਤਹਿਤ 6 ਆਈ.ਪੀ.ਐਸ. ਦੀ ਅਧਿਕਾਰੀਆਂ ਟਰਾਂਸਫ਼ਰ/ਪੋਸਟਿੰਗ ਕੀਤੀ ਗਈ ਹੈ। ਜਿਨ੍ਹਾਂ ਵਿਚੋਂ ਹਰਪ੍ਰੀਤ ਸਿੰਘ...
ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ
. . .  about 2 hours ago
ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ)- ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾ ਖ਼ਿਲਾਫ਼ ਚਲ ਰਹੀ ਜਾਂਚ ਨੂੰ ਦਿੱਲੀ ਪੁਲਿਸ ਤੋਂ ਬਦਲ ਕੇ ਅਪਰਾਧ ਸ਼ਾਖਾ ਕੋਲ ਭੇਜ ਦਿੱਤਾ...
ਰਮਨਦੀਪ ਸਿੰਘ ਭੰਗੂ ਨੇ ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ ਦੇ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ
. . .  about 2 hours ago
ਨਾਭਾ, 18 ਜੁਲਾਈ (ਕਰਮਜੀਤ ਸਿੰਘ) - ਪੰਜਾਬ ਵਿਚ ਨਾਭਾ ਜੇਲ੍ਹ ਨੂੰ ਅਤਿ ਸੁਰੱਖਿਅਤ ਜੇਲ੍ਹ ਮੰਨਿਆ ਜਾਂਦਾ ਹੈ। ਜਿਸ ਦਾ ਅੱਜ ਰਮਨਦੀਪ ਸਿੰਘ ਭੰਗੂ ਨੇ ਸੁਪਰਡੈਂਟ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਜੇਲ੍ਹ ਵਿਚ ਕਈ ਖ਼ਤਰਨਾਕ ਅੱਤਵਾਦੀ, ਗੈਂਗਸਟਰਾਂ ਸਮੇਤ ਕਈ ਅਪਰਾਧੀ...
ਹੋਰ ਖ਼ਬਰਾਂ..

ਫ਼ਿਲਮ ਅੰਕ

ਦਿਸ਼ਾ ਪਟਾਨੀ

ਇੰਟਰਨੈੱਟ ਸਨਸਨੀ

ਫ਼ਿਲਮਾਂ ਦੋ ਹੀ ਪਰ ਪ੍ਰਸੰਸਕਾਂ ਦੀ ਸੰਖਿਆ ਬੇਸ਼ੁਮਾਰ ਹੈ ਦਿਸ਼ਾ ਪਟਾਨੀ ਦੀ, ਇੰਸਟਾ 'ਤੇ 20 ਮਿਲੀਅਨ ਪ੍ਰਸੰਸਕ ਹਨ ਤੇ ਉਹ ਆਪ ਸੋਸ਼ਲ ਮੀਡੀਆ ਦੀ ਦੀਵਾਨੀ ਹੈ। ਆਪਣਾ ਇੰਸਟਾਗ੍ਰਾਮ ਉਹ ਆਪ ਚਲਾਉਂਦੀ ਹੈ। ਟਰੋਲ 'ਤੇ ਇਸ ਪਾਸੇ ਉਹ ਜ਼ਿਆਦਾ ਧਿਆਨ ਨਹੀਂ ਦਿੰਦੀ। ਆਪ ਦੁਖੀ ਲੋਕ ਦੂਸਰਿਆਂ 'ਤੇ ਚਿੱਕੜ ਪਾਉਂਦੇ ਹਨ, ਉਸ ਦਾ ਕਹਿਣਾ ਹੈ। ਸਲਮਾਨ ਖ਼ਾਨ ਨਾਲ 'ਭਾਰਤ' 'ਚ ਦਿਸ਼ਾ ਨਜ਼ਰ ਆਉਣ ਵਾਲੀ ਹੈ। ਜੂਨ ਦੇ ਪਹਿਲੇ ਹਫ਼ਤੇ ਦਿਸ਼ਾ 'ਭਾਰਤ' 'ਚ ਆ ਰਹੀ ਹੈ। ਬਟਰ ਫਲਾਈ ਕਿੱਕ ਮਾਰਦੀ ਦਿਸ਼ਾ ਦਾ ਵੀਡੀਓ ਅੱਜਕਲ੍ਹ ਲੋਕ ਚਰਚਾ 'ਚ ਹੈ। ਇੰਟਰਨੈੱਟ ਸਨਸਨੀ ਦਿਸ਼ਾ ਪਟਾਨੀ ਨੇ ਕਿਹਾ ਹੈ ਕਿ ਜੇ ਟ੍ਰੇਨਿੰਗ ਪੂਰੀ ਹੁੰਦੀ ਤਾਂ ਅੱਖ ਝਪਕਦੇ ਹੀ ਉਹ ਤਿੱਤਲੀ ਵਾਲੀ ਕਿੱਕ ਮਾਰ ਲੈਂਦੀ। ਟਾਈਗਰ ਸ਼ਰਾਫ਼ ਨਾਲ ਆਪਣੀ ਪ੍ਰੇਮ ਕਹਾਣੀ ਨੂੰ ਲੈ ਕੇ ਚਰਚਿਤ ਦਿਸ਼ਾ ਨੇ ਇਕ ਖ਼ਬਰ ਏਜੰਸੀ ਨੂੰ ਕਿਹਾ ਹੈ ਕਿ ਉਹ ਟਾਈਗਰ ਨੂੰ ਪ੍ਰਭਾਵਿਤ ਕਰਨ ਲਈ ਕਈ ਹੱਥ-ਕੰਡੇ ਅਪਣਾ ਰਹੀ ਹੈ ਪਰ ਅਜੇ ਕਾਮਯਾਬ ਨਹੀਂ ਹੋਈ। 'ਭਾਰਤ' ਤੋਂ ਬਾਅਦ ਸ਼ਾਇਦ ਕਈ ਕੁਝ ਬਦਲ ਜਾਵੇ, ਉਸ ਨੂੰ ਉਮੀਦ ਹੈ। 'ਭਾਰਤ' ਦੇ ਗੀਤ 'ਸਲੋ ਮੋਸ਼ਨ' 'ਚ ਦਿਸ਼ਾ ਕਈ ਵਾਰ ਨਿਰੀ ਹੈਲਨ ਲੱਗਦੀ ਹੈ। ਦਿਸ਼ਾ ਦੀ ਇਹ ਲੁੱਕ 1960 ਦੀ ਨੰਦਾ ਤੇ ਆਸ਼ਾ ਪਾਰੇਖ ਨੂੰ ਧਿਆਨ 'ਚ ਰੱਖ ਕੇ ਐਸਲੇ ਰੇਬਲੋ ਨੇ ਡਿਜ਼ਾਈਨ ਕੀਤੀ ਹੈ। 1960 ਦੇ ਸਮੇਂ ਦੀ ਧੋਤੀ ਸਾੜ੍ਹੀ ਪੀਲੇ ਰੰਗ ਦੀ 'ਸਲੋ ਮੋਸ਼ਨ' 'ਚ ਦਿਸ਼ਾ ਨੇ ਪਹਿਨੀ ਹੈ। ਪ੍ਰਿਅੰਕਾ ਦੇ ਘਰ ਦਿਸ਼ਾ ਪਟਾਨੀ ਨੇ ਉਸ ਦੇ ਵਿਆਹ 'ਤੇ ਸਜਾਇਆ ਸੀ। 'ਭਾਰਤ' ਨਾਲ ਦਿਸ਼ਾ ਪਟਾਨੀ ਸਟਾਰਡੰਮ ਦੇ ਉਪਰਲੇ ਆਕਾਸ਼ 'ਤੇ ਹੋਏਗੀ ਤੇ ਨਾਲ ਹੀ ਮੋਹਿਤ ਸੂਰੀ ਦੀ 'ਮਲੰਗ' ਨਾਲ ਅਗਲੇ ਸਾਲ ਤੱਕ ਸਟਾਰ ਹੀਰੋਇਨ ਅਖਵਾਏਗੀ। 'ਮਲੰਗ' 'ਚ ਦਿਸ਼ਾ ਦੇ ਨਾਲ ਅਦਿਤਯ ਰਾਏ ਕਪੂਰ ਹੈ। 'ਸਲੋ ਮੋਸ਼ਨ' ਤੇ 'ਐਸੇ ਆ' ਗੀਤ ਗਾ ਰਹੀ ਦਿਸ਼ਾ ਪਟਾਨੀ ਦਾ ਵੱਡਾ ਸੁਪਨਾ ਸਲਮਾਨ ਖ਼ਾਨ ਨਾਲ ਕੰਮ ਕਰਨਾ ਪੂਰਾ ਹੋ ਗਿਆ ਹੈ ਤੇ ਬਾਕੀ ਸੁਪਨੇ ਤਾਂ ਉਸ ਲਈ ਆਮ ਗੱਲ ਹਨ।


ਖ਼ਬਰ ਸ਼ੇਅਰ ਕਰੋ

ਔਖੀ ਮੇਕਅਪ ਤੋਂ

ਜਾਹਨਵੀ ਕਪੂਰ

ਸਵਰਗੀ ਸ੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਆਪਣੇ ਫ਼ੈਸ਼ਨ ਦੇ ਕਾਰਨਾਮਿਆਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। 'ਧੜਕ' ਵਾਲੀ ਇਹ ਜਵਾਨ ਨਾਇਕਾ ਇਕ ਸਮਾਰੋਹ 'ਚ ਆਪਣੀ ਦੀਦੀ ਖ਼ੁਸ਼ੀ ਕਪੂਰ ਨਾਲ ਗਈ। ਜਾਹਨਵੀ ਨੇ ਇਸ ਦੌਰਾਨ ਆਧੁਨਿਕ ਪਹਿਰਾਵੇ 'ਚ ਰੱਜ ਕੇ ਫੋਟੋਆਂ ਖਿਚਵਾਈਆਂ। ਇਸ ਸਮੇਂ ਜਾਹਨਵੀ ਨੇ ਕਿਹਾ ਕਿ ਫੋਟੋਗ੍ਰਾਫ਼ਰਾਂ ਦੇ ਕਾਰਨ ਰਤਾ ਚੈਨ ਨਹੀਂ। ਘਰੋਂ ਭਾਰੀ ਮੇਕਅੱਪ ਕਰ ਕੇ ਆਉਣਾ ਪੈਂਦਾ ਹੈ ਕਿ ਪਤਾ ਨਹੀਂ ਇਹ ਕਿਥੇ ਟੱਕਰ ਜਾਣ 'ਤੇ ਧੜਾਧੜ ਕੈਮਰੇ ਦੀ ਫਲੈਸ਼ ਮਾਰਨ ਲੱਗ ਜਾਣ। 'ਤਖ਼ਤ' ਫ਼ਿਲਮ ਕਰ ਰਹੀ ਜਾਹਨਵੀ ਨੇ ਕਿਹਾ ਕਿ ਜਿੰਮ ਤੇ ਸਿੱਧੇ ਚਲੇ ਜਾਈਦਾ ਹੈ ਪਰ ਪਾਰਟੀ ਸਮਾਰੋਹ ਲਈ ਮੇਕਅੱਪ ਕਰਨਾ ਪੈਂਦਾ ਹੈ ਕਿਉਂਕਿ ਮੀਡੀਆ ਪਿੱਛਾ ਹੀ ਨਹੀਂ ਛੱਡਦਾ। 'ਫੀਟ ਅੱਪ ਵਿਦ ਦਾ ਸਟਾਰਜ਼' ਸ਼ੋਅ 'ਤੇ ਅਨੀਤਾ ਸ਼ਰਾਫ਼ ਨੂੰ ਜਾਹਨਵੀ ਨੇ ਦੱਸਿਆ ਕਿ ਪੰਕਜ ਤਿਰਪਾਠੀ ਅਭਿਨੇਤਾ ਦੇ ਨਾਲ-ਨਾਲ ਚੰਗਾ ਰਸੋਈਆ ਵੀ ਹੈ। ਉਸ ਦੀ ਤਰ੍ਹਾਂ ਪੰਕਜ ਨੂੰ ਤਾਂ ਜਾਹਨਵੀ ਨੇ ਆਈਸਕ੍ਰੀਮ ਤੱਕ ਕਹਿ ਦਿੱਤਾ। ਕੈਮੀਕਲ ਉਤਪਾਦਾਂ ਤੋਂ ਜਾਹਨਵੀ ਦੂਰ ਰਹਿੰਦੀ ਹੈ। ਘਰ ਦੇ ਨੁਸਖਿਆਂ ਨਾਲ ਸੁੰਦਰਤਾ ਸਾਮਾਨ ਬਣਾਉਂਦੀ ਹੈ। ਚੰਦਨ ਤੇ ਵੇਸਣ ਦਾ ਇਸਤੇਮਾਲ ਉਹ ਕਰਦੀ ਹੈ। ਆਂਡਾ, ਬੀਅਰ ਤੇ ਮੇਥੀ ਦਾ ਤੜਕਾ ਬਣਾ ਕੇ ਉਹ ਵਾਲਾਂ ਨੂੰ ਲਾਉਂਦੀ ਹੈ। ਜਾਹਨਵੀ ਚਾਹੁੰਦੀ ਹੈ ਕਿ ਮਾਂ ਦੀ ਤਰ੍ਹਾਂ ਉਹ ਸਟਾਰ ਨਾਇਕਾ ਬਣੇ। ਪ੍ਰਤਿਭਾ ਭਰਪੂਰ ਜਾਹਨਵੀ ਮਰਾਠੀ ਫ਼ਿਲਮ 'ਸਰਾਟ' ਦੀ ਰੀਮੇਕ 'ਧੜਕ' ਨਾਲ ਪ੍ਰਵੇਸ਼ ਕਰ ਚੁੱਕੀ ਹੈ।

ਸੁਸ਼ਾਂਤ ਸਿੰਘ ਰਾਜਪੂਤ : ਮੋਹ ਪਿੰਡ ਦਾ

ਸਾਰਾ ਅਲੀ ਖ਼ਾਨ ਲਈ ਤਾਂ ਸੁਸ਼ਾਂਤ ਸਿੰਘ ਰਾਜਪੂਤ ਇਕ ਵਧੀਆ ਹਿੰਦੀ ਅਧਿਆਪਕ ਹੈ, ਜਿਸ ਨੇ 'ਕੇਦਾਰ ਨਾਥ' ਦੇ ਸੈੱਟ 'ਤੇ ਸੈਫ਼ ਅਲੀ ਦੇ ਪਹਿਲੇ ਵਿਆਹ ਦੀ ਧੀ ਨੂੰ ਪਹਿਲੇ ਦਿਨ ਤੋਂ ਹੀ ਹਿੰਦੀ ਸਿਖਾਈ ਤੇ ਸੁਸ਼ਾਂਤ ਇਸ ਨੂੰ ਲੈ ਕੇ ਹੀ ਫੁੱਲਿਆ ਨਹੀਂ ਸਮਾ ਰਿਹਾ। ਇਧਰ ਇੰਸਟਾਗ੍ਰਾਮ 'ਤੇ ਜਾਈਏ ਤਾਂ ਸੁਸ਼ਾਂਤ ਨੇ ਸਾਰਾ ਨਾਲ ਸਬੰਧਿਤ ਆਪਣੀਆਂ ਤਸਵੀਰਾਂ ਹਟਾ ਲਈਆਂ ਹਨ। ਪੋਸਟਾਂ ਮਿਟਾ ਦਿੱਤੀਆਂ ਹਨ। ਕਾਰਤਿਕ ਆਰੀਅਨ ਦੇ ਸੋਹਲੇ ਗਾ ਰਹੀ ਸਾਰਾ ਨੂੰ ਸੁਸ਼ਾਂਤ ਨੇ 'ਅਨਫਾਲੋ' ਕਰ ਦਿੱਤਾ ਹੈ। ਹਿੰਦੀ ਸਿਖਾਉਂਦਾ ਰਹਿ ਗਿਆ ਸੁਸ਼ਾਂਤ ਤੇ ਛੱਤਰੀ ਮਿਲ ਗਈ ਕਾਰਤਿਕ ਦੀ? ਇਧਰ ਜੈਕਲਿਨ ਨਾਲ ਉਸ ਦੀ ਫ਼ਿਲਮ 'ਡਰਾਈਵ' ਦਾ ਅਤਾ-ਪਤਾ ਨਹੀਂ ਹੈ। ਰਿਲੀਜ਼ ਦੀ ਮਿਤੀ ਵਿਚ ਅਨਿਸ਼ਚਿਤਾ ਹੈ। 'ਸੋਨਚਿੜੀਆ' ਨੇ ਵੈਸੇ ਹੀ ਸੁਸ਼ਾਂਤ ਨੂੰ ਨਿਰਾਸ਼ ਕੀਤਾ ਹੈ ਤਾਂ ਉਸ ਦੀ ਫ਼ਿਲਮ 'ਛਿਛੋਰੇ' ਜ਼ਰੂਰ ਆ ਰਹੀ ਹੈ। ਨਿਤੇਸ਼ ਤਿਵਾੜੀ ਦੀ ਇਸ ਫ਼ਿਲਮ 'ਚ ਉਸ ਨਾਲ ਸ਼ਰਧਾ ਕਪੂਰ ਹੈ। ਸੁਸ਼ਾਂਤ ਦੀ ਇਸ ਫ਼ਿਲਮ ਵਿਚ ਆਮਿਰ ਖ਼ਾਨ ਦਾ ਖਾਸ ਕੰਮ ਵੀ ਹੈ। 17 ਸਾਲ ਬਾਅਦ ਸੁਸ਼ਾਂਤ ਸਿੰਘ ਆਪਣੇ ਜੱਦੀ ਪਿੰਡ ਮਲਚੀਤਾ (ਬਿਹਾਰ) ਪਹੁੰਚਿਆ ਤੇ ਆਪਣੀ ਉਥੇ ਮੌਜੂਦ ਕੋਠੀ ਦੀ ਕਾਇਆਕਲਪ ਕਰਵਾਈ। ਪਿੰਡ 'ਚ ਸੁਸ਼ਾਂਤ ਦਾ ਭਰਵਾਂ ਸਵਾਗਤ ਹੋਇਆ ਤੇ ਸੁਸ਼ਾਂਤ ਨੇ ਮੈਥਿਲੀ ਸੱਭਿਆਚਾਰ ਨਾਲ ਮੋਰ ਦੀ ਗੱਲ ਪਿੰਡ ਵਾਸੀਆਂ ਨਾਲ ਕੀਤੀ। ਆਪਣਾ ਪਿੰਡ ਆਪਣਾ ਘਰ ਵੀ ਕਦੇ ਭੁੱਲਦਾ ਹੈ, ਉਸ ਨੇ ਭਾਵੁਕ ਹੁੰਦੇ ਵਾਰ-ਵਾਰ ਇਹ ਬੋਲ ਕਹੇ। ਸੁਸ਼ਾਂਤ ਦੇ ਪਿਤਾ ਸਰਕਾਰੀ ਅਧਿਕਾਰੀ ਬਿਹਾਰ ਵਿਖੇ ਰਹੇ ਹਨ। ਆਪਣੇ ਪਿੰਡ ਉਸ ਨੇ ਮੁੰਡਨ ਸੰਸਕਾਰ ਵੀ ਕਰਵਾਇਆ। ਪਿੰਡ ਦੀਆਂ ਯਾਦਾਂ, ਪੁਰਾਣੇ ਬੇਲੀ, ਨਵੇਂ ਲੋਕਾਂ ਨੂੰ ਮਿਲ ਕੇ ਸਾਰਾ ਵਾਲੀ ਚਿੰਤਾ ਉਸ ਨੇ ਭੁਲਾ ਦਿੱਤੀ ਤਾਂ ਹੀ ਆਪਣੇ ਇੰਸਟਾਗ੍ਰਾਮ ਤੋਂ ਸਾਰਾ ਦੀਆਂ ਤਸਵੀਰਾਂ ਤੇ ਸੁਸ਼ਾਂਤ ਨੇ ਪੱਕੀ 'ਡਿਲੀਟ' ਮਾਰ ਦਿੱਤੀ। ਪਿੰਡ ਦੇ ਪਿਆਰ ਨੇ ਸੁਸ਼ਾਂਤ ਨੂੰ ਅਹਿਸਾਸ ਕਰਵਾਇਆ ਕਿ ਮਾਇਆ ਨਗਰੀ ਚੜ੍ਹਦੇ ਸੂਰਜ ਨੂੰ ਸਲਾਮ ਹੈ ਤੇ ਯਰਾਨੇ ਇਥੇ ਕੱਚੀ ਮਿੱਟੀ ਦੀ ਇੱਟ ਵਰਗੇ ਹੁੰਦੇ ਹਨ। ਇਸ ਲਈ ਚੁੱਪ-ਚਾਪ 'ਛਿਛੋਰੇ' ਉਡੀਕੋ। ਹਿੱਟ ਹੋ ਗਈ ਤਾਂ ਵੱਡੀਆਂ-ਵੱਡੀਆਂ ਉਸ ਪਿਛੇ ਦੌੜਨਗੀਆਂ।


-ਸੁਖਜੀਤ ਕੌਰ

ਜੈਕਲਿਨ ਫਰਨਾਂਡਿਜ਼

'ਕਿੱਕ-2' ਮਾਰ ਕੇ ਸ਼ੁਰੂ ਕੀਤੀ 'ਡਰਾਈਵ'

'ਕਿੱਕ-2' ਲਈ ਪੂਰਾ ਜ਼ੋਰ ਉਹ ਲਾ ਰਹੀ ਹੈ ਕਿ ਕੈਟਰੀਨਾ ਦਾ ਪਤਾ ਸਾਫ਼ ਕਰ ਫਿਰ ਸਲਮਾਨ ਖ਼ਾਨ ਨਾਲ ਫ਼ਿਲਮ ਕਰ ਕੇ ਉਹ ਆਪਣਾ ਰੁਤਬਾ ਕਾਇਮ ਰੱਖੇ। ਕਾਰਤਿਕ ਆਰੀਅਨ ਨਾਲ ਵੀ ਉਹ ਫ਼ਿਲਮ ਕਰ ਰਹੀ ਹੈ ਤੇ ਇਕ ਬਾਇਓਪਿਕ ਵੀ ਉਸ ਕੋਲ ਹੈ। ਹਾਂ, ਸੁਸ਼ਾਂਤ ਸਿੰਘ ਰਾਜਪੂਤ ਨਾਲ ਬਣੀ ਜੈਕੀ ਦੀ 'ਡਰਾਈਵ' ਦਾ ਭਵਿੱਖ ਹਾਲੇ ਹਨੇਰੇ 'ਚ ਹੈ। 'ਮਿਸਿਜ਼ ਸੀਰੀਅਲ ਕਿੱਲਰ' ਉਹ ਵੈਬ ਲੜੀ 'ਚ ਬਣ ਕੇ ਆ ਹੀ ਰਹੀ ਹੈ। 'ਅਲਾਦੀਨ' ਵਾਲੀ ਜੈਕੀ ਜੋ ਟੀ.ਵੀ. ਰਿਪੋਰਟਰ ਵੀ ਰਹਿ ਚੁੱਕੀ ਹੈ, ਰੌਂਗਟੇ ਖੜ੍ਹੇ ਕਰ ਦੇਣ ਵਾਲੇ ਸਟੰਟ ਵੀ ਕਰਨ ਲੱਗ ਪਈ ਹੈ। ਟਵਿਟਰ 'ਤੇ ਡੇਢ ਕਰੋੜ ਤੇ ਇੰਸਟਾ 'ਤੇ ਢਾਈ ਕਰੋੜ ਉਸ ਦੇ ਫਾਲੋਅਰਜ਼ ਹਨ, ਪ੍ਰੇਮੀ ਹਨ। ਅਨੀਸ ਬਜ਼ਮੀ 'ਆਖੇਂ' ਦੀ ਰੀਮੇਕ ਬਣਾ ਰਹੇ ਹਨ ਤੇ ਜੈਕਲਿਨ ਉਸ 'ਚ ਹੋਵੇਗੀ। ਇਸ ਤਰ੍ਹਾਂ ਜੈਕਲਿਨ ਦੀ 'ਆਂਖੇਂ' ਵਿਚ 'ਡਰਾਈਵ', 'ਕਿਰਿਕ ਪਾਰਟੀ', 'ਡੇਬੋਰਾਹ ਹੈਰਾਲਡ' ਦੀ ਚਮਕ ਨਾਲ ਕਾਮਯਾਬੀ ਦੀ ਵੱਜਦੀ ਕਿੱਕ ਦਾ ਨਜ਼ਾਰਾ ਦੇਖਣ ਵਾਲੀਆਂ ਹਨ।

ਅਮੀਸ਼ਾ ਪਟੇਲ ਕਚਹਿਰੀਆਂ ਦੇ ਚੱਕਰਾਂ 'ਚ

ਮੁਰਾਦਾਬਾਦ ਦੀ ਇਕ ਕੰਪਨੀ ਨਾਲ ਹੁਣ ਰਾਜ਼ੀਨਾਵਾਂ ਕਰਨ ਨੂੰ ਅਮੀਸ਼ਾ ਪਟੇਲ ਵਿਚੋਲੇ ਲੱਭ ਰਹੀ ਹੈ। ਪਵਨ ਵਰਮਾ ਨੇ ਆਪਣੇ ਇਕ ਯਾਰ ਦੇ ਵਿਆਹ 'ਤੇ ਅਮੀਸ਼ਾ ਨੂੰ ਸੱਦਿਆ ਸੀ ਕਿ ਉਹ ਸਟੇਜ 'ਤੇ ਆ ਕੇ ਨੱਚੇਗੀ ਤੇ ਅਮੀਸ਼ਾ ਨੂੰ 11 ਲੱਖ ਰੁਪਏ 'ਚ ਮੁਰਾਦਾਬਾਦੀਏ ਪਵਨ ਨੇ ਬੁੱਕ ਕੀਤਾ ਸੀ। ਅਮੀਸ਼ਾ ਮੌਕੇ 'ਤੇ ਦੋ ਲੱਖ ਹੋਰ ਮੰਗਣ ਲੱਗੀ ਤਾਂ ਸਭ ਵਿਚਾਲੇ ਹੀ ਰਹਿ ਗਿਆ ਤੇ ਯਾਰਾਂ ਦੀ ਨਜ਼ਰ 'ਚ ਪਵਨ ਵਰਮਾ ਡਿੱਗ ਪਿਆ। ਪੈਸੇ ਵੀ ਗਏ, ਇੱਜ਼ਤ ਵੀ, ਯਾਰੀ ਵੀ। ਕਾਰਨ ਇਹ ਕਿ ਅਮੀਸ਼ਾ ਸਟੇਜ 'ਤੇ ਨੱਚੀ ਨਹੀਂ। ਉਸ ਨੇ 'ਧੋਖਾਧੜੀ' ਦਾ ਪਰਚਾ ਅਮੀਸ਼ਾ 'ਤੇ ਕਟਵਾਇਆ ਹੈ। ਪਹਿਲਾਂ ਤਾਂ ਅਮੀਸ਼ਾ ਧਮਕੀਆਂ ਨਾਲ ਦਬਾਅ ਪਾਉਣ ਲੱਗੀ ਪਰ ਕਾਨੂੰਨ ਦੇ ਲੰਬੇ ਹੱਥ ਦੇਖ ਅਮੀਸ਼ਾ ਹੁਣ ਰਾਜ਼ੀਨਾਮੇ ਕਰਨ ਨੂੰ ਫਿਰ ਰਹੀ ਹੈ। 'ਭਈਆ ਜੀ ਸੁਪਰਹਿੱਟ' ਉਸ ਦੀ ਫ਼ਿਲਮ ਫਲਾਪ ਜਾ ਚੁੱਕੀ ਹੈ। ਵੈਸੇ ਅਮੀਸ਼ਾ ਪੈਸਿਆਂ ਕਾਰਨ ਕਈ ਥਾਂ ਤਰੀਕਾਂ ਭੁਗਤ ਰਹੀ ਹੈ। ਰਾਂਚੀ ਦੇ ਇਕ ਆਦਮੀ ਤੋਂ ਢਾਈ ਕਰੋੜ ਉਸ ਨੇ ਫ਼ਿਲਮ ਲਈ ਲਏ, 3 ਕਰੋੜ ਦਾ ਅਮੀਸ਼ਾ ਨੂੰ ਚੈੱਕ ਦਿੱਤਾ ਜੋ ਬਾਊਂਸ ਹੋ ਗਿਆ। ਹੁਣ ਇਹ ਮੁਕੱਦਮਾ ਵੀ ਅਮੀਸ਼ਾ ਨੂੰ ਦਬੋਚਣ ਵਾਲਾ ਹੈ। ਵਿਆਹ 'ਤੇ ਨੱਚਣ ਦੇ ਪ੍ਰੋਗਰਾਮ ਕਰਨ ਲਈ ਮਜਬੂਰ ਅਮੀਸ਼ਾ ਨਹੀਂ ਜਾਣਦੀ ਕਿ ਥਾਣਾ, ਹਸਪਤਾਲ ਤੇ ਕਚਹਿਰੀ ਗੇੜ ਕਿਸੇ ਨੂੰ ਨਾ ਰੱਬ ਦਿਖਾਏ। ਕਚਹਿਰੀਆਂ 'ਚ ਲੱਗਦੇ ਕੇਸਾਂ ਤੇ ਅਪਰਾਧੀਆਂ ਦੇ ਮੇਲੇ ਅਮੀਸ਼ਾ ਦੀ ਮਿੱਟੀ ਪੁੱਟ ਸੁਟਣਗੇ, ਤਾਂ ਹੀ ਅਮੀਸ਼ਾ ਹੁਣ ਵਿਚੋਲੇ ਭਾਲ ਕੇ ਪੈਸਿਆਂ ਦੇ ਲੈਣ-ਦੇਣ ਵਾਲੇ ਕੇਸ ਵਾਪਸ ਕਰਾਉਣ ਲਈ ਜੱਦੋਜਹਿਦ ਕਰ ਰਹੀ ਹੈ। ਹੁਣ ਭੜਕੀਲਾ ਤੇ ਕਾਮੁਕ ਫੋਟੋ ਸੋਸ਼ਲ ਮੰਚ 'ਤੇ ਪਾ ਕੇ ਅਮੀਸ਼ਾ ਫ਼ਿਲਮਾਂ ਕਰਨ ਲਈ ਉਤਾਵਲੀ ਨਜ਼ਰ ਆ ਰਹੀ ਹੈ। ਇਨ੍ਹਾਂ ਲੋਕ ਸਭਾ ਚੋਣਾਂ 'ਚ ਅਮੀਸ਼ਾ ਨੇ ਕਾਂਗਰਸ ਲਈ ਪ੍ਰਚਾਰ ਵੀ ਕੀਤਾ ਪਰ ਮਾੜੇ ਕਰਮ ਸਰਕਾਰ ਭਾਜਪਾ ਦੀ ਆ ਗਈ ਤੇ ਅਮੀਸ਼ਾ ਪਟੇਲ ਇਸ ਲਈ ਡਰਦੀ ਮਾਰੀ ਕਚਹਿਰੀਆਂ ਦੀ ਖੱਜਲ-ਖੁਆਰੀ, ਥਾਣਾ, ਜੇਲ੍ਹ ਤੋਂ ਬਚਣ ਵਿਚੋਲੇ ਭਾਲ ਰਹੀ ਹੈ। ਸਮੇਂ ਸਿਰ ਹੀ ਜਾਗ ਪਈ ਹੈ ਅਮੀਸ਼ਾ ਵਰਨਾ, ਅੰਦਰ ਜਾਣਾ ਤੈਅ ਹੈ।

ਸੁਪਨਾ ਸੱਚ ਹੋਇਆ

ਪ੍ਰਿਆ ਬਾਪਟ

ਦਰਜਨਾਂ ਮਰਾਠੀ ਫ਼ਿਲਮਾਂ ਕਰ ਚੁੱਕੀ ਪ੍ਰਿਆ ਬਾਪਟ ਦੇ ਨਾਂਅ ਦੋ ਸਫ਼ਲ ਹਿੰਦੀ ਫ਼ਿਲਮਾਂ ਵੀ ਹਨ। ਇਹ ਹਨ 'ਮੁੰਨਾ ਭਾਈ ਐਮ. ਬੀ. ਬੀ. ਐਸ.' ਤੇ 'ਲਗੇ ਰਹੋ ਮੁੰਨਾਭਾਈ'। ਪਹਿਲੀ ਮੁੰਨਾਭਾਈ ਵਿਚ ਉਹ ਮੈਡੀਕਲ ਵਿਦਿਆਰਥਣ ਬਣੀ ਸੀ ਤੇ ਦੂਜੀ ਵਿਚ ਪ੍ਰਿਆ ਦੇ ਹਿੱਸੇ ਫੋਨ 'ਤੇ ਗੱਲ ਕਰਨ ਦਾ ਦ੍ਰਿਸ਼ ਫ਼ਿਲਮਾਇਆ ਗਿਆ ਸੀ। ਦੋਵਾਂ ਫ਼ਿਲਮਾਂ ਵਿਚ ਮਹੱਤਵਪੂਰਨ ਭੂਮਿਕਾ ਨਹੀਂ ਸੀ। ਸੋ, ਉਹ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚ ਸਕੀ। ਬਾਅਦ ਵਿਚ ਉਸ ਨੂੰ ਮਰਾਠੀ ਫ਼ਿਲਮਾਂ ਮਿਲਣ ਲੱਗੀਆਂ ਅਤੇ ਉਹ ਮਰਾਠੀ ਫ਼ਿਲਮਾਂ ਦੀ ਵੱਡੀ ਸਟਾਰ ਬਣ ਗਈ। ਪ੍ਰਿਆ ਨੂੰ ਇਹ ਮਲਾਲ ਜ਼ਰੂਰ ਰਿਹਾ ਕਿ ਉਹ ਦੇਸ਼ ਭਰ ਵਿਚ ਆਪਣੀ ਪਛਾਣ ਨਹੀਂ ਬਣਾ ਸਕੀ ਹੈ। ਹੁਣ ਨਾਗੇਸ਼ ਕੁਕਨੂਰ ਵਲੋਂ ਨਿਰਦੇਸ਼ਿਤ ਵੈੱਬ ਸੀਰੀਜ਼ 'ਮਾਇਆ ਨਗਰੀ-ਸਿਟੀ ਆਫ਼ ਡ੍ਰੀਮਸ' ਰਾਹੀਂ ਪ੍ਰਿਆ ਮਹਾਰਾਸ਼ਟਰ ਤੋਂ ਬਾਹਰ ਵੀ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਰਹੀ ਹੈ।
ਇਸ ਸੀਰੀਜ਼ ਵਿਚ ਪ੍ਰਿਆ ਵਲੋਂ ਪੂਰਨਿਮਾ ਰਾਓ ਗਾਇਕਵਾੜ ਦਾ ਕਿਰਦਾਰ ਨਿਭਾਇਆ ਗਿਆ ਹੈ ਜੋ ਇਕ ਵੱਡੇ ਨੇਤਾ ਦੀ ਬੇਟੀ ਹੈ। ਇਸ ਕਿਰਦਾਰ ਬਾਰੇ ਉਹ ਕਹਿੰਦੀ ਹੈ, 'ਇਥੇ ਮੈਂ ਇਕ ਇਸ ਤਰ੍ਹਾਂ ਦੇ ਨੌਜਵਾਨ ਨੇਤਾ ਦਾ ਕਿਰਦਾਰ ਨਿਭਾਅ ਰਹੀ ਹਾਂ ਜੋ ਹਰ ਕਿਸੇ ਨੂੰ ਆਪਣੇ ਵਸ ਵਿਚ ਰੱਖਣਾ ਚਾਹੁੰਦੀ ਹੈ। ਇਸ ਤਰ੍ਹਾਂ ਦੀ ਦਮਦਾਰ ਭੂਮਿਕਾ ਤੇ ਮਜ਼ਬੂਤ ਕਿਰਦਾਰ ਲਈ ਮੈਨੂੰ ਵੀ ਖ਼ੁਦ ਵਿਚ ਬਦਲਾਅ ਲਿਆਉਣੇ ਪਏ ਸੀ। ਪਹਿਲਾਂ ਤਾਂ ਜਿੰਮ ਜਾ ਕੇ ਆਪਣੇ ਸਰੀਰ ਨੂੰ ਮਜ਼ਬੂਤ ਬਣਾਇਆ ਤਾਂ ਕਿ ਕਿਰਦਾਰ ਵਜ਼ਨਦਾਰ ਨਜ਼ਰ ਆਏ। ਇਸ ਕਿਰਦਾਰ ਲਈ ਮੈਂ ਕਿਸੇ ਵੱਡੇ ਨੇਤਾ ਦੀ ਨਕਲ ਨਹੀਂ ਕੀਤੀ ਹੈ। ਮੈਂ ਸਾਡੇ ਨਿਰਦੇਸ਼ਕ ਦੇ ਭਰੋਸੇ ਜ਼ਿਆਦਾ ਰਹੀ ਸੀ ਅਤੇ ਉਨ੍ਹਾਂ ਦੀ ਮਿਹਨਤ ਦੀ ਵਜ੍ਹਾ ਨਾਲ ਇਹ ਕਿਰਦਾਰ ਪਸੰਦ ਕੀਤਾ ਗਿਆ।'
ਸੀਰੀਜ਼ ਦੀ ਬਦੌਲਤ ਮਿਲ ਰਹੇ ਹੁੰਗਾਰੇ ਬਾਰੇ ਪੁੱਛਣ 'ਤੇ ਉਹ ਕਹਿੰਦੀ ਹੈ, 'ਮੈਂ ਸੋਚਿਆ ਨਹੀਂ ਸੀ ਕਿ ਇਹ ਕਿਰਦਾਰ ਏਨਾ ਹਰਮਨਪਿਆਰਾ ਹੋਵੇਗਾ। ਅੱਜਕਲ੍ਹ ਮੈਂ ਜਿਥੇ ਕਿਤੇ ਜਾਂਦੀ ਹਾਂ, ਲੋਕ ਇਹੀ ਪੁੱਛਦੇ ਹਨ ਕਿ ਸੀਰੀਜ਼ ਦਾ ਦੂਜਾ ਹਿੱਸਾ ਕਦੋਂ ਆਵੇਗਾ। ਦੇਸ਼ ਭਰ ਤੋਂ ਮੈਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਸੋ, ਇਸ ਸੀਰੀਜ਼ ਦੀ ਬਦੌਲਤ ਦੇਸ਼ ਭਰ ਵਿਚ ਪਛਾਣ ਬਣਾਉਣ ਦਾ ਸੁਪਨਾ ਸੱਚ ਹੋਇਆ।'
ਹਾਲਾਂਕਿ ਪ੍ਰਿਆ ਨੇ ਇਥੇ ਨੌਜਵਾਨ ਨੇਤਾ ਦੀ ਭੂਮਿਕਾ ਨਿਭਾਈ ਹੈ ਪਰ ਨਿੱਜੀ ਜ਼ਿੰਦਗੀ ਵਿਚ ਉਸ ਦੀ ਰੁਚੀ ਰਾਜਨੀਤੀ ਵਿਚ ਨਹੀਂ ਹੈ। ਉਹ ਕਹਿੰਦੀ ਹੈ, 'ਨਾ ਤਾਂ ਮੈਨੂੰ ਪਹਿਲਾਂ ਰਾਜਨੀਤੀ ਵਿਚ ਕੋਈ ਰੁਚੀ ਸੀ, ਨਾ ਹੁਣ ਹੈ। ਇਸ ਵੈੱਬ ਸੀਰੀਜ਼ ਵਿਚ ਕੰਮ ਕਰਨ ਤੋਂ ਬਾਅਦ ਵੀ ਮੇਰੇ ਵਿਚ ਰਾਜਨੀਤੀ ਪ੍ਰਤੀ ਦਿਲਚਸਪੀ ਪੈਦਾ ਨਹੀਂ ਹੋਈ ਹੈ।'
ਹਾਂ, ਇਸ ਸੀਰੀਜ਼ ਵਿਚ ਕੰਮ ਕਰਦੇ ਸਮੇਂ ਉਹ ਕਈ ਵਾਰ ਅਸਹਿਜ ਜ਼ਰੂਰ ਮਹਿਸੂਸ ਕਰਦੀ ਸੀ। ਇਸ 'ਤੇ ਰੌਸ਼ਨੀ ਪਾਉਂਦੇ ਹੋਏ ਉਹ ਕਹਿੰਦੀ ਹੈ, 'ਇਕ ਮਰਾਠੀ ਫ਼ਿਲਮ ਵਿਚ ਮੈਂ ਅਤੇ ਅਤੁਲ ਕੁਲਕਰਣੀ ਭਰਾ-ਭੈਣ ਬਣੇ ਸੀ ਪਰ ਇਥੇ ਸਾਨੂੰ ਦੋਵਾਂ ਨੂੰ ਬਾਪ-ਬੇਟੀ ਦੀ ਭੂਮਿਕਾ ਵਿਚ ਚਮਕਾਇਆ ਗਿਆ ਹੈ। ਇਸ ਤਰ੍ਹਾਂ ਸ਼ੁਰੂ ਵਿਚ ਥੋੜ੍ਹੀ ਮੁਸ਼ਕਿਲ ਜ਼ਰੂਰ ਹੋਈ ਸੀ। ਜ਼ਿਆਦਾ ਮੁਸ਼ਕਿਲ ਤਾਂ ਉਦੋਂ ਹੋਈ ਜਦੋਂ ਇਥੇ ਮੇਰੇ ਭਰਾ ਬਣੇ ਸਿਧਾਰਥ ਚਾਂਦੇਕਰ ਦੇ ਨਾਲ ਦ੍ਰਿਸ਼ ਸਨ। ਕੁਝ ਮਰਾਠੀ ਫ਼ਿਲਮਾਂ ਵਿਚ ਅਸੀਂ ਦੋਵੇਂ ਪ੍ਰੇਮੀ-ਪ੍ਰੇਮਿਕਾ ਬਣੇ ਸੀ ਅਤੇ ਰੋਮਾਂਟਿਕ ਗੀਤ ਵੀ ਗਾਏ ਸਨ। ਸੋ, ਇਥੇ ਉਨ੍ਹਾਂ ਦੀ ਭੈਣ ਦੀ ਭੂਮਿਕਾ ਨਿਭਾਉਣ ਲਈ ਅਟਪਟਾ ਲੱਗ ਰਿਹਾ ਸੀ।'
ਹੁਣ ਇਸ ਵੈੱਬ ਸੀਰੀਜ਼ ਦੀ ਬਦੌਲਤ ਪ੍ਰਿਆ ਦੀ ਬਾਲੀਵੁੱਡ ਵਿਚ ਪਛਾਣ ਵਧੀ ਹੈ ਅਤੇ ਕੁਝ ਫ਼ਿਲਮਾਂ ਲਈ ਗੱਲਬਾਤ ਵੀ ਚੱਲ ਰਹੀ ਹੈ। ਹੁਣ ਦੇਖੋ, ਹਿੰਦੀ ਫ਼ਿਲਮਾਂ ਵਿਚ ਪ੍ਰਿਆ ਦੇ ਪਿਤਾ ਤੇ ਭਰਾ ਦੀ ਭੂਮਿਕਾ ਕਿਹੜਾ ਨਿਭਾਉਂਦਾ ਹੈ।

'ਸ਼ਮਿਤਾਭ' ਦੀ ਯਾਦ ਦਿਵਾਉਂਦਾ ਲੜੀਵਾਰ 'ਹਮਾਰੀ ਬਹੂ ਸਿਲਕ'

ਅਗਾਮੀ 3 ਜੂਨ ਤੋਂ ਜ਼ੀ ਟੀ. ਵੀ. 'ਤੇ ਨਵੇਂ ਲੜੀਵਾਰ 'ਹਮਾਰੀ ਬਹੂ ਸਿਲਕ' ਦਾ ਪ੍ਰਸਾਰਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿਚ ਇਕ ਡਬਿੰਗ ਕਲਾਕਾਰ ਕੁੜੀ ਦੀ ਕਹਾਣੀ ਪੇਸ਼ ਕੀਤੀ ਗਈ ਹੈ ਅਤੇ ਇਹ ਕਹਾਣੀ ਅਮਿਤਾਭ ਅਤੇ ਧਨੂਸ਼ ਦੀ ਫ਼ਿਲਮ 'ਸ਼ਮਿਤਾਭ' ਦੀ ਯਾਦ ਦਿਵਾ ਦਿੰਦੀ ਹੈ।
ਲੜੀਵਾਰ ਵਿਚ ਪਾਖੀ ਨਾਮੀ ਮੱਧਵਰਗੀ ਕੁੜੀ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਪਾਖੀ ਨੂੰ ਇਹ ਕੁਦਰਤੀ ਬਖਸ਼ਿਸ਼ ਹੈ ਕਿ ਇਹ ਕਿਸੇ ਦੀ ਆਵਾਜ਼ ਦੀ ਨਕਲ ਕਰ ਸਕਦੀ ਹੈ। ਆਪਣੇ ਪਰਿਵਾਰ ਨੂੰ ਮਦਦ ਦੇਣ ਲਈ ਉਹ ਨੌਕਰੀ ਲੱਭ ਰਹੀ ਹੁੰਦੀ ਹੈ। ਨਤਾਸ਼ਾ ਫ਼ਿਲਮਾਂ ਵਿਚ ਕੰਮ ਕਰ ਰਹੀ ਹੁੰਦੀ ਹੈ ਅਤੇ ਉਸ ਦੀ ਇੱਛਾ ਵੱਡੀ ਸਟਾਰ ਬਣਨ ਦੀ ਹੈ ਪਰ ਆਪਣੀ ਕਰਕਸ਼ ਆਵਾਜ਼ ਦੀ ਵਜ੍ਹਾ ਕਰਕੇ ਉਸ ਨੂੰ ਵੱਡੀਆਂ ਫ਼ਿਲਮਾਂ ਨਹੀਂ ਮਿਲ ਰਹੀਆਂ ਹੁੰਦੀਆਂ। ਨਤਾਸ਼ਾ ਵਲੋਂ ਪਾਖੀ ਨੂੰ ਆਪਣੇ ਸੰਵਾਦਾਂ ਦੀ ਡਬਿੰਗ ਕਰਨ ਲਈ ਰੱਖ ਲਿਆ ਜਾਂਦਾ ਹੈ ਅਤੇ ਇਹ ਦੋਵਾਂ ਦੀ ਜੋੜੀ ਆਪਣਾ ਕਮਾਲ ਦਿਖਾਉਣ ਵਿਚ ਕਾਮਯਾਬ ਹੋ ਜਾਂਦੀ ਹੈ। ਪਰ ਕਾਮਯਾਬੀ ਦੇ ਪਿੱਛੇ-ਪਿੱਛੇ ਇਨ੍ਹਾਂ ਦੋਵਾਂ ਦੀ ਜ਼ਿੰਦਗੀ ਵਿਚ ਕੀ ਕੁਝ ਹੋ ਜਾਂਦਾ ਹੈ, ਇਹ ਇਸ ਦੀ ਕਹਾਣੀ ਹੈ।
ਚਾਹਤ ਪਾਂਡੇ ਵਲੋਂ ਇਸ ਵਿਚ ਪਾਖੀ ਦੀ ਭੂਮਿਕਾ ਨਿਭਾਈ ਗਈ ਹੈ ਅਤੇ ਉਸ ਅਨੁਸਾਰ ਪਾਖੀ ਦਾ ਕਿਰਦਾਰ ਅੱਜ ਦੇ ਜ਼ਮਾਨੇ ਦੀਆਂ ਕੁੜੀਆਂ ਨੂੰ ਅਪੀਲ ਕਰ ਜਾਵੇਗਾ ਕਿਉਂਕਿ ਇਸ ਕਿਰਦਾਰ ਰਾਹੀਂ ਅੱਜ ਦੇ ਨੌਜਵਾਨਾਂ ਦੀ ਮਾਨਸਿਕਤਾ ਪੇਸ਼ ਕੀਤੀ ਗਈ ਹੈ।
ਨਤਾਸ਼ਾ ਦੀ ਭੂਮਿਕਾ ਨਿਭਾਅ ਰਹੀ ਰੀਵਾ ਚੌਧਰੀ ਵੀ ਇਸ ਲੜੀਵਾਰ ਨੂੰ ਲੈ ਕੇ ਬਹੁਤ ਉਤਸ਼ਾਹੀ ਹੈ। ਕਦੀ ਉਹ ਸਟਾਰ ਬਣਨ ਦੇ ਸੁਪਨੇ ਦੇਖਿਆ ਕਰਦੀ ਸੀ ਪਰ ਇਥੇ ਸਟਾਰ ਦੀ ਭੂਮਿਕਾ ਨਿਭਾਅ ਕੇ ਉਹ ਆਪਣੇ ਸੁਪਨਿਆਂ ਨੂੰ ਸੱਚ ਹੋਇਆ ਮਹਿਸੂਸ ਕਰ ਰਹੀ ਹੈ। ਰੰਗਮੰਚ ਦੀ ਦੁਨੀਆ ਦੀ ਨਾਮੀ ਅਦਾਕਾਰਾ ਸਰਿਤਾ ਜੋਸ਼ੀ ਵਲੋਂ ਪਾਖੀ ਦੀ ਮਾਂ ਦੀ ਭੂਮਿਕਾ ਨਿਭਾਈ ਗਈ ਹੈ। ਉਹ ਅੱਜ ਦੀ ਪੀੜ੍ਹੀ ਦੇ ਕਲਾਕਾਰਾਂ ਤੋਂ ਕਾਫੀ ਪ੍ਰਭਾਵਿਤ ਹੈ ਕਿਉਂਕਿ ਉਹ ਪੂਰੀ ਤਿਆਰੀ ਦੇ ਨਾਲ ਸੈੱਟ 'ਤੇ ਆਉਂਦੇ ਹਨ।
ਲੜੀਵਾਰ ਦੇ ਨਾਂਅ ਵਿਚ ਸਿਲਕ ਰੱਖਣ ਬਾਰੇ ਨਿਰਮਾਤਰੀ ਦੇਵਯਾਨੀ ਕਹਿੰਦੀ ਹੈ, 'ਇਸ ਵਿਚ ਸਿਲਕ ਨਾਮਕ ਕੋਈ ਕਿਰਦਾਰ ਨਹੀਂ ਹੈ। ਪਰ ਮੁੱਖ ਨਾਇਕਾ ਦੀ ਆਵਾਜ਼ ਸਿਲਕ ਵਰਗੀ ਹੈ। ਸੋ, ਟਾਈਟਲ ਵਿਚ ਇਹ ਨਾਂਅ ਰੱਖਿਆ ਗਿਆ ਹੈ।'
ਲੜੀਵਾਰ ਵਿਚ ਤਾਂ ਨਾਇਕਾ ਨੂੰ ਆਪਣੀ ਆਵਾਜ਼ ਦਾ ਜਾਦੂ ਬਿਖੇਰਦੇ ਦਿਖਾਇਆ ਗਿਆ ਹੈ ਪਰ ਇਸ ਜਾਦੂ ਦਾ ਅਸਰ ਦਰਸ਼ਕਾਂ 'ਤੇ ਕਿੰਨਾ ਪੈਂਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।

ਸੰਦੀਪ ਸੋਪਾਰਕਰ

ਭਾਈ ਨਜ਼ਰ ਸੰਭਾਲ ਕੇ

'ਜ਼ੁਬੇਦਾ', 'ਹੋਲੀਡੇ', 'ਸਾਤ ਖੂਨ ਮਾਫ' ਸਮੇਤ ਹੋਰ ਕਈ ਫ਼ਿਲਮਾਂ ਦਾ ਨ੍ਰਿਤ ਨਿਰਦੇਸ਼ਨ ਕਰਨ ਵਾਲੇ ਤੇ ਲੇਟਿਨ ਅਤੇ ਸਾਲਸਾ ਨ੍ਰਿਤ ਕੌਸ਼ਲ ਦੀ ਬਦੌਲਤ ਦੇਸ਼-ਵਿਦੇਸ਼ ਵਿਚ ਨਾਂਅ ਕਮਾਉਣ ਵਾਲੇ ਸੰਦੀਪ ਸੋਪਾਰਕਰ ਨੇ ਹੁਣ ਅਦਾਕਾਰੀ ਦੀ ਦੁਨੀਆ ਵਿਚ ਆਪਣਾ ਆਗਮਨ ਕਰ ਲਿਆ ਹੈ। ਨਿਰਮਾਤਰੀ ਚੰਦਾ ਪਟੇਲ ਦੀ ਫ਼ਿਲਮ 'ਆਈ ਐਮ ਨੌਟ ਪੋਰਨਸਟਾਰ-ਨਜ਼ਰ ਸੰਭਾਲ ਕੇ' ਵਿਚ ਉਹ ਮੁੱਖ ਭੂਮਿਕਾ ਨਿਭਾਅ ਰਹੇ ਹਨ। 80 ਫ਼ੀਸਦੀ ਅੰਗਰੇਜ਼ੀ ਤੇ 20 ਫ਼ੀਸਦੀ ਹਿੰਦੀ ਵਿਚ ਬਣ ਰਹੀ ਇਸ ਫ਼ਿਲਮ ਵਿਚ ਸੰਦੀਪ ਵਲੋਂ ਇਕ ਇਸ ਤਰ੍ਹਾਂ ਦੇ ਆਦਮੀ ਦੀ ਭੂਮਿਕਾ ਨਿਭਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਉਸ ਦੇ ਆਂਢ-ਗੁਆਂਢ ਵਲੋਂ ਗ਼ਲਤ ਅੰਦਾਜ਼ਾ ਲਗਾ ਲਿਆ ਜਾਂਦਾ ਹੈ।
ਸੰਦੀਪ ਅਨੁਸਾਰ ਇਸ ਫ਼ਿਲਮ ਵਿਚ ਲੋਕਾਂ ਦੀ ਮਾਨਸਿਕਤਾ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਉਹ ਕਹਿੰਦੇ ਹਨ, 'ਅਸੀਂ ਕਿਸੇ ਦੀ ਸ਼ਖ਼ਸੀਅਤ ਦਾ ਉਸ ਦੇ ਕੱਪੜਿਆਂ ਤੋਂ ਜਾਂ ਉਸ ਦੇ ਰਹਿਣ-ਸਹਿਣ ਤੋਂ ਉਸ ਦੇ ਚਰਿੱਤਰ ਦਾ ਅੰਦਾਜ਼ਾ ਲਗਾ ਲੈਂਦੇ ਹਾਂ। ਜੇਕਰ ਕੋਈ ਔਰਤ ਬੁਰਕੇ ਵਿਚ ਹੋਵੇਗੀ ਤਾਂ ਉਸ ਨੂੰ ਪੁਰਾਣੇ ਖਿਆਲਾਂ ਵਾਲੀ ਅਤੇ ਕੋਈ ਛੋਟੇ ਕੱਪੜਿਆਂ ਵਿਚ ਹੋਵੇਗੀ ਤਾਂ ਉਸ ਨੂੰ ਆਧੁਨਿਕ ਖਿਆਲਾਂ ਵਾਲੀ ਮੰਨ ਲਿਆ ਜਾਂਦਾ ਹੈ। ਲੋਕਾਂ ਦੀ ਇਹੀ ਮਾਨਸਿਕਤਾ ਇਥੇ ਕਹਾਣੀ ਜ਼ਰੀਏ ਦਿਖਾਈ ਗਈ ਹੈ। ਇਹ ਭੂਮਿਕਾ ਮੇਰੇ ਲਈ ਚੁਣੌਤੀਪੂਰਨ ਹੈ ਕਿਉਂਕਿ ਇਥੇ ਮੇਰੇ ਹਿੱਸੇ ਨ੍ਰਿਤ ਕਰਨਾ ਨਹੀਂ ਸਗੋਂ ਅਭਿਨੈ ਕਰਨਾ ਆਇਆ ਹੈ। ਇਸ ਤਰ੍ਹਾਂ ਦੀ ਫ਼ਿਲਮ ਵਿਚ ਅਭਿਨੈ ਦੀ ਪਾਰੀ ਸ਼ੁਰੂ ਕਰਨ ਨਾਲ ਮੈਨੂੰ ਖੁਸ਼ੀ ਹੋ ਰਹੀ ਹੈ।
ਜੈਨੇਂਦਰ ਬਖਸ਼ੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਪੂਰੀ ਸ਼ੂਟਿੰਗ ਮੁੰਬਈ ਵਿਚ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਸੰਦੀਪ ਦੇ ਸਾਹਮਣੇ ਰਸ਼ੀਅਨ ਅਭਿਨੇਤਰੀ ਨੂੰ ਚਮਕਾਇਆ ਜਾ ਰਿਹਾ ਹੈ। ਆਮ ਤੌਰ 'ਤੇ ਤਿਲਕ ਲਾਈ ਨਜ਼ਰ ਆਉਂਦੇ ਸੰਦੀਪ ਇਸ ਫ਼ਿਲਮ ਵਿਚ ਤਿਲਕ ਤੋਂ ਬਗ਼ੈਰ ਦਿਖਾਈ ਦੇਣਗੇ।


-ਮੁੰਬਈ ਪ੍ਰਤੀਨਿਧ

ਬਨਾਰਸ ਦਰਸ਼ਨ ਕਰਾਉਂਦੀ ਫ਼ਿਲਮ 'ਨੱਕਾਸ਼'

ਪੱਤਰਕਾਰ ਤੋਂ ਫ਼ਿਲਮ ਨਿਰਦੇਸ਼ਨ ਵਿਚ ਆ ਕੇ ਜ਼ੈਗਮ ਇਮਾਮ ਨੇ 'ਦੋਜਖ-ਇਨ ਸਰਚ ਫਾਰ ਹੈਵਨ' ਤੇ 'ਅਲੀਫ' ਫ਼ਿਲਮਾਂ ਨਿਰਦੇਸ਼ਿਤ ਕੀਤੀਆਂ। ਹੁਣ ਆਪਣੀ ਤੀਜੀ ਪੇਸ਼ਕਸ਼ ਦੇ ਰੂਪ ਵਿਚ ਉਹ 'ਨੱਕਾਸ਼' ਲੈ ਕੇ ਆਏ ਹਨ। ਜ਼ੈਗਮ ਖ਼ੁਦ ਬਨਾਰਸ ਤੋਂ ਹੈ ਅਤੇ ਇਹ ਫ਼ਿਲਮ ਵੀ ਬਨਾਰਸ 'ਤੇ ਆਧਾਰਿਤ ਹੈ।
ਬਨਾਰਸ ਵਿਚ ਰਹਿ ਰਿਹਾ ਅੱਲਾਰੱਖਾ ਸਿਦੀਕੀ ਪੇਸ਼ੇ ਤੋਂ ਨੱਕਾਸ਼ ਹੈ ਅਤੇ ਉਸ ਨੂੰ ਆਪਣੀ ਕਲਾ ਤੇ ਆਪਣੇ ਸ਼ਹਿਰ 'ਤੇ ਮਾਣ ਹੈ। ਇਸੇ ਕਲਾ ਦੀ ਵਜ੍ਹਾ ਕਰਕੇ ਉਸ ਨੂੰ ਇਕ ਮੰਦਰ ਦੇ ਗਰਭ ਗ੍ਰਹਿ ਨੂੰ ਸਜਾਉਣ ਦਾ ਜ਼ਿੰਮਾ ਦਿੱਤਾ ਜਾਂਦਾ ਹੈ। ਇਕ ਵੱਖਰੇ ਧਰਮ ਦੇ ਬੰਦੇ ਨੂੰ ਮੰਦਰ ਦੇ ਗਰਭ ਗ੍ਰਹਿ ਵਿਚ ਦੇਖ ਛੋਟੀ ਸੋਚ ਵਾਲੇ ਲੋਕ ਉਸ ਦੀ ਮੌਜੂਦਗੀ ਦਾ ਵਿਰੋਧ ਕਰਦੇ ਹਨ ਅਤੇ ਮਾਮਲੇ ਨੂੰ ਭਖਦਾ ਦੇਖ ਕੇ ਰਾਜਨੀਤਕ ਦਲ ਦੇ ਲੋਕ ਵੀ ਆਪਣੀਆਂ ਰੋਟੀਆਂ ਸੇਕਣ ਮੈਦਾਨ ਵਿਚ ਆ ਜਾਂਦੇ ਹਨ। ਇਸ ਦੀ ਬਦੌਲਤ ਕਿਵੇਂ ਦਾ ਮਾਹੌਲ ਬਣ ਜਾਂਦਾ ਹੈ, ਇਹ ਇਸ ਦੀ ਕਹਾਣੀ ਹੈ। ਜ਼ੈਗਮ ਅਨੁਸਾਰ ਉਨ੍ਹਾਂ ਨੇ ਇਸ ਵਿਚ ਅੱਜ ਦੇ ਮਾਹੌਲ ਦੀ ਕਹਾਣੀ ਪੇਸ਼ ਕੀਤੀ ਹੈ ਕਿ ਕਿਸ ਤਰ੍ਹਾਂ ਧਰਮ ਤੇ ਆਸਥਾ ਦੇ ਨਾਂਅ 'ਤੇ ਲੋਕਾਂ ਨੂੰ ਉਕਸਾਇਆ ਜਾਂਦਾ ਹੈ। ਕਹਾਣੀ ਵਿਚ ਬਨਾਰਸ ਸ਼ਹਿਰ ਕੇਂਦਰ ਵਿਚ ਹੈ। ਸੋ, ਪੂਰੀ ਸ਼ੂਟਿੰਗ ਉਥੇ ਕੀਤੀ ਗਈ ਹੈ ਅਤੇ 35 ਦਿਨਾਂ ਦੀ ਸ਼ੂਟਿੰਗ ਇਕ ਸ਼ਡਿਊਲ ਵਿਚ ਪੂਰੀ ਕਰ ਲਈ ਗਈ ਸੀ। ਨਿਰਦੇਸ਼ਕ ਦਾ ਇਹ ਵੀ ਕਹਿਣਾ ਹੈ ਕਿ ਇਸ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਕਿ ਇਹ ਫ਼ਿਲਮ ਬਨਾਰਸ ਵਿਚ ਹੀ ਸ਼ੂਟ ਕੀਤੀ ਜਾਣੀ ਸੀ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਇਸ ਵਿਚ ਇਸ ਸ਼ਹਿਰ ਦੀ ਵਿਭਿੰਨਤਾ ਨੂੰ ਵੀ ਪੇਸ਼ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਥੇ ਜੋ ਬਨਾਰਸ ਦੀਆਂ ਖੂਬੀਆਂ ਪੇਸ਼ ਕੀਤੀਆਂ ਗਈਆਂ ਹਨ, ਉਹ ਹਿੰਦੀ ਫ਼ਿਲਮਾਂ ਵਿਚ ਪਹਿਲਾਂ ਨਹੀਂ ਦਿਖਾਈਆਂ ਗਈਆਂ ਹਨ। ਨਾਲ ਹੀ ਇਸ ਵਿਚ ਹਿੰਦੂ-ਮੁਸਲਿਮ ਏਕਤਾ ਦਾ ਵੀ ਸੰਦੇਸ਼ ਦਿੱਤਾ ਗਿਆ ਹੈ। ਸੋ, ਇਸ ਨੂੰ ਮੁੱਖ ਰੱਖ ਕੇ ਇਥੇ ਗਾਇਤਰੀ ਮੰਤਰ ਵੀ ਉਰਦੂ ਵਿਚ ਭਾਵਨਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਫ਼ਿਲਮ 'ਏਅਰ ਲਿਫਟ' ਵਿਚ ਮੇਜਰ ਜਾਏਦ ਦੀ ਭੂਮਿਕਾ ਨਿਭਾਉਣ ਵਾਲੇ ਇਮਾਮੁਲਹਿਕ ਵਲੋਂ ਇਸ ਵਿਚ ਗ਼ਰੀਬ ਨੱਕਾਸ਼ ਅੱਲਾਰੱਖਾ ਦੀ ਭੂਮਿਕਾ ਨਿਭਾਈ ਗਈ ਹੈ ਅਤੇ ਉਨ੍ਹਾਂ ਨਾਲ ਹੈ ਸ਼ਾਰੀਬ ਹਾਸ਼ਮੀ, ਰਾਜੇਸ਼ ਸ਼ਰਮਾ, ਪਵਨ ਤਿਵਾੜੀ ਤੇ ਕੁਮੁਦ ਮਿਸ਼ਰਾ, ਜੋ ਕਿ ਮੰਦਰ ਦੇ ਟਰੱਸਟੀ ਦੀ ਭੂਮਿਕਾ ਵਿਚ ਹੈ। ਬਨਾਰਸ ਦਰਸ਼ਨ ਕਰਵਾਉਂਦੀ ਇਹ ਫ਼ਿਲਮ 31 ਮਈ ਨੂੰ ਪ੍ਰਦਰਸ਼ਿਤ ਹੋ ਰਹੀ ਹੈ।


-ਮੁੰਬਈ ਪ੍ਰਤੀਨਿਧ

ਸਥਾਪਿਤ ਗੀਤਕਾਰ ਜੱਗਾ ਨਿੱਕੂਵਾਲ

ਅਜੋਕੇ ਸਮੇਂ ਗੀਤਕਾਰੀ ਦਾ ਮਿਆਰ ਤੇਜ਼ੀ ਨਾਲ ਡਿੱਗ ਰਿਹਾ ਹੈ। ਗੀਤਾਂ ਦਾ ਮੂੰਹ ਮੁਹਾਂਦਰਾ ਮੁੱਢਲੇ ਸਰੂਪ 'ਚ ਨਾ ਰਹਿ ਕੇ ਬੇਹੱਦ ਨੀਵੇਂ ਪੱਧਰ 'ਤੇ ਆ ਗਿਆ ਹੈ। ਗੀਤਾਂ ਵਿਚ ਸੁਚੱਜਾਪਣ, ਠੇਠਤਾ, ਵਿਰਸਾ, ਸਾਰਥਿਕ ਉਸਾਰੂ ਵਿਸ਼ੇ ਤੇ ਬੋਲ ਗੀਤਾਂ ਵਿਚੋਂ ਲੱਗਪਗ ਅਲੋਪ ਹੀ ਹੋ ਚੁੱਕੇ ਹਨ। ਇਨ੍ਹਾਂ ਦੀ ਜਗ੍ਹਾ ਅੰਗਰੇਜ਼ੀ ਲਫ਼ਜ਼ਾਂ 'ਤੇ ਗੁੰਮਰਾਹਕੁਨ ਵਿਸ਼ਿਆਂ ਵਾਲੇ ਗੀਤਾਂ ਨੇ ਲੈ ਲਈ ਹੈ। ਪਰ ਇਸ ਵਪਾਰਕ ਯੁੱਗ ਵਿਚ ਕੁਝ ਗੀਤਕਾਰ ਅਜੇ ਵੀ ਪਾਏਦਾਰ ਤੇ ਅਰਥ ਭਰਪੂਰ ਗੀਤ ਸਿਰਜ ਰਹੇ ਹਨ ਜਿਨ੍ਹਾਂ ਵਿਚ ਇੱਕ ਨਾਂਅ ਗੀਤਕਾਰ ਜੱਗਾ ਨਿੱਕੂਵਾਲ ਦਾ ਵੀ ਆਉਂਦਾ ਹੈ
ਜੱਗਾ ਨਿੱਕੂਵਾਲ ਹੁਣ ਤੱਕ 1500 ਦੇ ਕਰੀਬ ਗੀਤ, ਗ਼ਜ਼ਲਾਂ, ਕਵਿਤਾਵਾਂ, ਲੇਖ ਲਿਖ ਚੁੱਕਾ ਹੈ ਜਿਨ੍ਹਾਂ ਵਿਚੋ ਜੱਗੇ ਦੇ ਲੱਗਪਗ 400 ਗੀਤ ਰਿਕਾਰਡ ਹੋ ਚੁੱਕੇ ਹਨ। ਚਾਲੀ ਦੇ ਕਰੀਬ ਗਾਇਕ ਗਾਇਕਾਵਾਂ ਜੱਗੇ ਦੇ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ, ਜਿਨ੍ਹਾਂ ਵਿਚੋਂ ਅਸ਼ੋਕ ਗਿੱਲ, ਜ਼ਸਦੀਪ ਆਲਮ, ਸੁੱਖੀ ਸਿੰਘ, ਪੰਮੀ ਸੈਣੀ, ਜਸਪਾਲ ਰਾਣਾ ਆਦਿ ਪ੍ਰਮੁੱਖ ਨਾਂਅ ਹਨ। ਜੱਗੇ ਦੇ ਗੀਤ, ਗ਼ਜ਼ਲਾਂ, ਕਵਿਤਾਵਾਂ, ਲੇਖ ਆਦਿ ਸਮੇਂ-ਸਮੇਂ ਪੰਜਾਬ ਦੀਆਂ ਸਿਰਮੌਰ ਅਖ਼ਬਾਰਾਂ ਵਿਚ ਛੱਪਦੇ ਰਹਿੰਦੇ ਹਨ। ਨਿੱਕੂਵਾਲ ਨੇ ਆਪਣੀ ਮਿਊਜ਼ਿਕ ਕੰਪਨੀ ਵੀ ਬਣਾਈ ਹੋਈ ਹੈ ਜੋ ਸਫ਼ਲਤਾਪੂਰਵਕ ਚੱਲ ਰਹੀ ਹੈ। ਲਾਭ ਚਤਾਮਲੀ, ਅਵਤਾਰ ਸਿੰਘ ਝੱਲਾ, ਗ਼ਜ਼ਲਗੋ ਦੀਪਕ ਜੈਤੋਈ ਸਾਹਿਬ ਨੂੰ ਜੱਗਾ ਅਪਣਾ ਗੁਰੂ ਮੰਨਦਾ ਹੈ ਜਿਨ੍ਹਾਂ ਤੋਂ ਉਸ ਨੇ ਕਵਿਤਾ, ਗ਼ਜ਼ਲ, ਗੀਤ ਲਿਖਣ ਦੀ ਕਲਾ ਤੇ ਬਾਰੀਕੀਆਂ ਸਿੱਖੀਆਂ ਹਨ। ਪੰਜਾਬ ਦੇ ਨਾਮੀ ਲੇਖਕਾਂ ਨਾਲ ਛੇ ਕਿਤਾਬਾਂ ਵਿਚ ਜੱਗੇ ਦੇ ਗੀਤ, ਗ਼ਜ਼ਲਾਂ, ਕਵਿਤਾਵਾਂ ਛੱਪ ਚੁੱਕੀਆਂ ਹਨ ਤੇ ਅਪਣੇ ਇਕੱਲੇ ਦੇ ਤੌਰ 'ਤੇ ਤਿੰਨ ਕਿਤਾਬਾਂ ਛਪਣ ਲਈ ਬਿਲਕੁੱਲ ਤਿਆਰ ਹਨ। ਇਤਿਹਾਸਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਨਿੱਕੂਵਾਲ ਦਾ ਵਸਨੀਕ ਜੱਗਾ ਨਿੱਕੂਵਾਲ ਅਪਣੇ ਪਿੰਡ ਵਿਚ ਪਤਨੀ ਊਸ਼ਾ ਸੈਣੀ, ਦੋ ਪੁੱਤਰ ਗਗਨਦੀਪ ਸਿੰਘ, ਹਰਸ਼ਦੀਪ ਸਿੰਘ ਨਾਲ ਖ਼ੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਰੱਬ ਕਰਕੇ ਜੱਗਾ ਨਿੱਕੂਵਾਲ ਗੀਤਕਾਰੀ ਵਿਚ ਸਿਰਮੌਰਤਾ ਹਾਸਿਲ ਕਰੇ ਤੇ ਸੱਭਿਆਚਾਰ ਦੀ ਸੇਵਾ ਕਰਦਾ ਰਹੇ।


-ਜਰਨੈਲ ਸਿੰਘ ਨਿੱਕੂਵਾਲ

ਬੁਢਾਪੇ 'ਤੇ ਬਣੀ ਵੱਖਰੀ ਤਰ੍ਹਾਂ ਦੀ ਫ਼ਿਲਮ '10 ਨਹੀਂ 40'

ਪੇਸ਼ੇ ਤੋਂ ਰੇਡੀਓਲੋਜਿਸਟ ਡਾਕਟਰ ਦਿੱਲੀ ਵਾਸੀ ਜੇ. ਐਸ. ਰੰਧਾਵਾ ਨੇ ਪਹਿਲਾਂ ਵਿਆਹ ਸੰਬੰਧਾਂ 'ਤੇ ਆਧਾਰਿਤ 'ਮੁਸਕੁਰਾਹਟੇਂ' ਬਣਾਈ ਸੀ। ਉਹ ਚਾਲੂ ਜਾਂ ਮਸਾਲਾ ਫ਼ਿਲਮਾਂ ਬਣਾਉਣ ਵਿਚ ਵਿਸ਼ਵਾਸ ਨਹੀਂ ਰੱਖਦੇ ਹਨ। ਸੋ, ਹੁਣ ਉਨ੍ਹਾਂ ਨੇ ਬੁਢਾਪੇ ਨੂੰ ਮੁੱਖ ਰੱਖ ਕੇ ਵੱਖਰੇ ਤਰ੍ਹਾਂ ਦੀ ਫ਼ਿਲਮ '10 ਨਹੀਂ 40' ਬਣਾਈ ਹੈ। ਫ਼ਿਲਮ ਦੀ ਪੂਰੀ ਸ਼ੂਟਿੰਗ ਦਿੱਲੀ ਵਿਚ ਕੀਤੀ ਗਈ ਹੈ ਅਤੇ ਫ਼ਿਲਮ ਦਾ ਵਿਸ਼ਾ ਬਜ਼ੁਰਗਾਂ 'ਤੇ ਆਧਾਰਿਤ ਹੈ। ਸੋ, ਇਥੇ ਕਈ ਸੀਨੀਅਰ ਕਲਾਕਾਰਾਂ ਨੂੰ ਚਮਕਾਇਆ ਗਿਆ ਹੈ ਅਤੇ ਇਸ ਵਿਚ ਸ਼ਾਮਿਲ ਹਨ ਬੀਰਬਲ, ਮਨਮੌਜੀ, ਰਮੇਸ਼ ਗੋਇਲ, ਮਨੋਜ ਬਖਸ਼ੀ, ਮਹੇਸ਼ ਗਹਿਲੋਤ ਆਦਿ। ਖ਼ੁਦ ਡਾ: ਜੇ. ਐਸ. ਰੰਧਾਵਾ ਨੇ ਇਸ ਵਿਚ ਸੁਮਿਤ ਦਾ ਕਿਰਦਾਰ ਨਿਭਾਇਆ ਹੈ। ਸੁਮਿਤ ਦਿੱਲੀ ਦੀ ਇਕ ਕਾਲੋਨੀ ਵਿਚ ਰਹਿ ਰਿਹਾ ਹੁੰਦਾ ਹੈ ਅਤੇ ਉਹ ਗਰਮ ਮਿਜ਼ਾਜ਼ ਦਾ ਹੈ। ਉਹ ਆਂਢ-ਗੁਆਂਢ ਵਿਚ ਰਹਿ ਰਹੇ ਬਜ਼ੁਰਗਾਂ ਤੋਂ ਤੰਗ ਆਇਆ ਹੁੰਦਾ ਹੈ। ਇਕ ਚੈਰਿਟੀ ਸ਼ੋਅ ਦੌਰਾਨ ਜਦੋਂ ਉਹ ਇਨ੍ਹਾਂ ਬਜ਼ੁਰਗਾਂ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਦੋਂ ਉਸ ਨੂੰ ਉਨ੍ਹਾਂ ਦੀ ਅੰਦਰੂਨੀ ਜ਼ਿੰਦਗੀ ਵਿਚ ਝਾਕਣ ਦਾ ਮੌਕਾ ਮਿਲਦਾ ਹੈ ਅਤੇ ਉਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਲੋਕ ਕਿੰਨੇ ਇਕੱਲੇਪਨ ਵਾਲੀ ਜ਼ਿੰਦਗੀ ਜੀਅ ਰਹੇ ਹਨ। ਉਦੋਂ ਉਸ ਨੂੰ ਬਜ਼ੁਰਗਾਂ ਲਈ 'ਡੇ ਕੇਅਰ ਸੈਂਟਰ' ਖੋਲ੍ਹਣ ਦਾ ਖਿਆਲ ਆਇਆ ਹੈ, ਤਾਂ ਕਿ ਇਥੇ ਆ ਕੇ ਉਹ ਆਪਣੀ ਜ਼ਿੰਦਗੀ ਦਾ ਇਕੱਲਾਪਨ ਦੂਰ ਕਰ ਸਕਣ। ਇਸ 'ਡੇਅ ਕੇਅਰ ਸੈਂਟਰ' ਦੀ ਬਦੌਲਤ ਉਮਰ ਦਰਾਜ਼ ਲੋਕਾਂ ਦੀ ਸੁੰਨੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਰੌਣਕ ਵਾਪਸ ਆਉਂਦੀ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ।
ਡਾ: ਰੰਧਾਵਾ ਅਨੁਸਾਰ ਸੀਨੀਅਰ ਕਲਾਕਾਰਾਂ ਨੂੰ ਨਿਰਦੇਸ਼ਿਤ ਕਰਨ ਦਾ ਅਨੁਭਵ ਬਹੁਤ ਸੁਖਦਾਈ ਰਿਹਾ। ਸਾਰਿਆਂ ਨੇ ਸੌ ਤੋਂ ਉੱਪਰ ਫ਼ਿਲਮਾਂ ਕੀਤੀਆਂ ਹਨ। ਸੋ, ਉਨ੍ਹਾਂ ਨੂੰ ਜ਼ਿਆਦਾ ਸਮਝਾਉਣਾ ਨਹੀਂ ਪੈਂਦਾ ਸੀ। ਹਾਂ, ਫ਼ਿਲਮ ਵਿਚ ਤੀਹ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੇ ਕੰਮ ਕੀਤਾ ਹੈ। ਸੋ, ਸ਼ੂਟਿੰਗ ਦੌਰਾਨ ਉਨ੍ਹਾਂ ਦੀ ਸਿਹਤ ਦਾ ਬਹੁਤ ਖਿਆਲ ਰੱਖਿਆ ਜਾਂਦਾ ਸੀ ਕਿ ਕਿਤੇ ਕਿਸੇ ਨੂੰ ਕੋਈ ਤਕਲੀਫ਼ ਨਾ ਹੋਵੇ ਕਿਉਂਕਿ ਰੰਧਾਵਾ ਖ਼ੁਦ ਡਾਕਟਰ ਹਨ। ਸੋ, ਉਨ੍ਹਾਂ ਨੇ ਹਰ ਕਿਸੇ ਦੀ ਸਿਹਤ ਦਾ ਖ਼ੁਦ ਖਿਆਲ ਰੱਖਿਆ ਸੀ।
ਮੁੰਬਈ ਵਿਚ ਆਯੋਜਿਤ ਇਸ ਫ਼ਿਲਮ ਦੇ ਵਿਸ਼ੇਸ਼ ਸ਼ੋਅ ਦੇ ਮੌਕੇ 'ਤੇ ਕਈ ਕਲਾਕਾਰ ਹਾਜ਼ਰ ਸਨ ਅਤੇ ਕਲਾਕਾਰਾਂ ਦੀ ਸੰਸਥਾ ਸਿੰਟਾ ਦੇ ਅਧਿਕਾਰੀ ਹੋਣ ਕਰਕੇ ਜਾਨੀ ਲੀਵਰ ਵੀ ਪਹੁੰਚੇ ਹੋਏ ਸਨ। ਫ਼ਿਲਮ ਦੇਖ ਕੇ ਉਹ ਕਾਫੀ ਖ਼ੁਸ਼ ਸਨ ਅਤੇ ਉਨ੍ਹਾਂ ਨੂੰ ਖ਼ੁਸ਼ੀ ਇਸ ਗੱਲ ਦੀ ਵੀ ਸੀ ਕਿ 'ਬੀਰਬਲ', 'ਮਨਮੌਜੀ' ਤੇ ਰਮੇਸ਼ ਗੋਇਲ ਨੂੰ ਆਮ ਤੌਰ 'ਤੇ ਇੱਕ-ਅੱਧ ਦ੍ਰਿਸ਼ ਵਿਚ ਚਮਕਾਇਆ ਜਾਂਦਾ ਰਿਹਾ ਹੈ ਪਰ ਇਥੇ ਇਨ੍ਹਾਂ ਨੂੰ ਮੁੱਖ ਭੂਮਿਕਾ ਵਿਚ ਲਿਆ ਗਿਆ ਹੈ। ਜਾਨੀ ਲੀਵਰ ਅਨੁਸਾਰ ਡਾ: ਰੰਧਾਵਾ ਨੇ ਬਜ਼ੁਰਗਾਂ 'ਤੇ ਫ਼ਿਲਮ ਬਣਾ ਕੇ ਇਨ੍ਹਾਂ ਤਿੰਨਾਂ ਸੀਨੀਅਰ ਕਲਾਕਾਰਾਂ ਨੂੰ ਆਪਣੀ ਢਲਦੀ ਉਮਰ ਵਿਚ ਆਪਣੀ ਅਦਾਕਾਰੀ 'ਤੇ ਫ਼ਖ਼ਰ ਕਰਨ ਦਾ ਚੰਗਾ ਮੌਕਾ ਦੇ ਦਿੱਤਾ।
ਆਪਣੀ ਜ਼ਿੰਦਗੀ ਦੀ ਢਲਦੀ ਸ਼ਾਮ ਦੇ ਕੁਝ ਸੀਨੀਅਰ ਕਲਾਕਾਰਾਂ ਨੂੰ ਮੁੱਖ ਭੂਮਿਕਾ ਵਿਚ ਚਮਕਾ ਕੇ ਡਾ: ਰੰਧਾਵਾ ਨੇ ਵਾਕਈ ਪ੍ਰਸੰਸਾਯੋਗ ਕੰਮ ਕੀਤਾ ਹੈ।


-ਮੁੰਬਈ ਪ੍ਰਤੀਨਿਧ

ਕਰਾਚੀ ਹਮਲੇ 'ਤੇ ਬਣ ਰਹੀ ਹੈ 'ਨੇਵੀ ਡੇ'

'ਉਰੀ' ਦੀ ਮਹਾ-ਸਫ਼ਲਤਾ ਤੋਂ ਬਾਅਦ ਹੁਣ ਬਾਲੀਵੁੱਡ ਵਿਚ ਵੀਰ ਰਸ ਭਰੀਆਂ ਫ਼ਿਲਮਾਂ ਦੇ ਨਿਰਮਾਣ ਵਿਚ ਤੇਜ਼ੀ ਆ ਗਈ ਹੈ। ਇਸ ਦੇ ਨਤੀਜੇ ਵਜੋਂ ਹੁਣ ਇਕ ਕੰਪਨੀ ਨੇ 'ਨੇਵੀ ਡੇ' ਬਣਾਉਣ ਦਾ ਐਲਾਨ ਕੀਤਾ ਹੈ। ਇਸ ਵਿਚ ਭਾਰਤੀ ਸਮੁੰਦਰੀ ਫ਼ੌਜ ਵਲੋਂ ਪਾਕਿਸਤਾਨ ਦੀ ਕਰਾਚੀ ਬੰਦਰਗਾਹ 'ਤੇ ਮਚਾਈ ਤਬਾਹੀ ਦੀ ਕਹਾਣੀ ਪੇਸ਼ ਕੀਤੀ ਜਾਵੇਗੀ। ਸਾਲ 1971 ਵਿਚ ਭਾਰਤ-ਪਾਕਿ ਯੁੱਧ ਦੌਰਾਨ ਜਲ ਸੈਨਾ ਵਲੋਂ ਦਸੰਬਰ 4 ਤੇ 5 ਨੂੰ ਆਪ੍ਰੇਸ਼ਨ ਟ੍ਰਾਈਡੈਂਟ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਰਾਹੀਂ ਕਰਾਚੀ ਬੰਦਰਗਾਹ 'ਤੇ ਭਾਰੀ ਤਬਾਹੀ ਕਰ ਦਿੱਤੀ ਗਈ ਸੀ। ਇਸੇ ਵੀਰਤਾ ਦੀ ਯਾਦ ਵਿਚ ਹਰ ਸਾਲ 4 ਦਸੰਬਰ ਨੂੰ 'ਨੇਵੀ ਡੇਅ' ਮਨਾਇਆ ਜਾਂਦਾ ਹੈ। ਇਹ ਫ਼ਿਲਮ ਰਜਨੀਸ਼ ਘਈ ਵਲੋਂ ਨਿਰਦੇਸ਼ਿਤ ਕੀਤੀ ਜਾਵੇਗੀ ਅਤੇ ਇਸ ਲਈ ਕਲਾਕਾਰਾਂ ਦੀ ਚੋਣ ਜਾਰੀ ਹੈ।

'ਖ਼ਾਮੋਸ਼ੀ' ਕੰਮ ਆਊ ਤਮੰਨਾ ਭਾਟੀਆ

'ਬਾਹੂਬਲੀ' ਵਾਲੀ ਤਮੰਨਾ ਭਾਟੀਆ ਦੇ ਪ੍ਰਸੰਸਕ, ਦੀਵਾਨੇ ਵਧਦੇ ਜਾ ਰਹੇ ਹਨ। ਲੋਕ ਤਮੰਨਾ ਦੇ ਅਭਿਨੈ ਦੇ ਹੀ ਨਹੀਂ ਬਲਕਿ ਨਾਚ ਦੇ ਵੀ ਦੀਵਾਨੇ ਹਨ। 'ਅੰਗਰੇਜ਼ੀ ਬੀਟਸ' ਦੇਸੀ ਅੰਦਾਜ਼ ਦੇ ਨਾਚ ਵਾਲਾ ਉਸ ਦਾ ਵੀਡੀਓ ਇਸ ਸਮੇਂ ਚਰਚਾ 'ਚ ਹੈ। ਗੀਤ 'ਮਜੈਂਟਾ ਰਿਦਿਮ' ਤੇ ਤਮੰਨਾ ਨੇ ਖੂਬ ਡਾਂਸ ਕੀਤਾ। ਭਾਰਤੀ ਸੰਸਕ੍ਰਿਤੀ ਦੀ ਪਹਿਰੇਦਾਰ ਡੀ.ਜੇ. ਸਲੋਕ ਨੇ ਇਹ ਸਭ ਤਮੰਨਾ ਲਈ ਕੀਤਾ ਹੈ। ਵਿਰਾਟ ਕੋਹਲੀ ਨਾਲ ਇਕ ਮੋਬਾਈਲ ਫੋਨ ਦਾ ਵਿਗਿਆਪਨ ਕਰ ਚੁੱਕੀ ਤਮੰਨਾ ਨੇ ਇਹ ਖ਼ਬਰਾਂ ਖਾਰਜ ਕੀਤੀਆਂ ਹਨ ਕਿ ਵਿਰਾਟ ਨਾਲ ਉਸ ਦਾ ਵਾਹ ਪ੍ਰੇਮ ਦੀਵਾਨਣ ਵੱਜੋਂ ਪਿਆ ਸੀ। ਇਸ ਸਮੇਂ ਤਮੰਨਾ ਦੱਖਣ ਦੀਆਂ ਫ਼ਿਲਮਾਂ 'ਦੇਵੀ-2', 'ਦੈਟ ਇਜ਼ ਮਹਾਂਲਕਸ਼ਮੀ' 'ਚ ਨਜ਼ਰ ਆ ਰਹੀ ਹੈ। ਇਹ ਜ਼ਰੂਰ ਹੈ ਕਿ ਇਸ ਸਮੇਂ ਉਸ ਕੋਲ ਕੋਈ ਵੀ ਹਿੰਦੀ ਫ਼ਿਲਮ ਨਹੀਂ ਹੈ। 'ਸਈਰਾ ਨਰਸਿਮ੍ਹਾ-ਰੈਡੀ' ਇਹ ਦੱਖਣ ਦੀ ਫ਼ਿਲਮ ਹਿੰਦੀ 'ਚ ਵੀ ਆਏਗੀ ਤੇ ਤਮੰਨਾ ਨੂੰ ਇਸ ਗੱਲ ਦੀ ਖ਼ੁਸ਼ੀ ਹੈ। 10 ਮਿੰਟ ਦੇ ਸਟੇਜ ਨਾਚ ਲਈ 30 ਲੱਖ ਰੁਪਏ ਦੀ ਰਕਮ ਉਹ ਲੈਂਦੀ ਹੈ ਸੋ ਜ਼ਾਹਿਰ ਹੈ ਕਿ ਤਮੰਨਾ ਭਾਟੀਆ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੈ। ਆਪਣੇ ਪਾਲਤੂ ਕੁੱਤੇ ਨੂੰ ਦੇਖ ਕੇ ਹੀ ਤਮੰਨਾ ਨੇ ਸ਼ਾਕਾਹਾਰੀ ਬਣਨ ਦਾ ਫੈਸਲਾ ਲਿਆ। 'ਖ਼ਾਮੋਸ਼ੀ' ਫ਼ਿਲਮ ਫਿਰ ਆਏਗੀ ਤੇ ਇਸ 'ਚ ਤਮੰਨਾ ਤੇ ਪ੍ਰਭੂਦੇਵਾ ਹਨ। ਸੁੰਦਰ ਸੀ. ਦੀ ਨਵੀਂ ਫ਼ਿਲਮ ਵੀ ਉਹ ਪ੍ਰਾਪਤ ਕਰਨ 'ਚ ਕਾਮਯਾਬ ਰਹੀ ਹੈ। ਤੇ ਹਾਂ, ਵਿੱਕੀ ਕੌਸ਼ਲ ਪ੍ਰਤੀ ਤਮੰਨਾ ਦੇ ਦਿਲ ਦੀ ਤਾਰ ਖੜਕਣੀ ਆਮ ਜਿਹੀ ਗੱਲ ਹੈ। ਤਮੰਨਾ ਭਾਟੀਆ ਚਾਹੇ ਬਾਲੀਵੁੱਡ ਵਿਚ ਸਥਾਪਿਤ ਨਹੀਂ ਹੋ ਸਕੀ ਪਰ ਇਥੇ ਉਸ ਦਾ ਪੂਰਾ ਨਾਂਅ ਹੈ। ਦੱਖਣ ਦੀ ਇਹ ਸਟਾਰ ਹੀਰੋਇਨ ਸ਼ਾਕਾਹਾਰੀ ਬਣ ਕੇ ਹੋ ਸਕਦਾ ਆਪਣੇ ਕੈਰੀਅਰ 'ਚ ਤਬਦੀਲੀ ਮਹਿਸੂਸ ਕਰੇ। ਕੋਸ਼ਿਸ਼ ਇਹੀ ਹੈ ਕਿ ਤਮੰਨਾ ਵੱਧ ਤੋਂ ਵੱਧ ਹਿੰਦੀ ਫ਼ਿਲਮਾਂ ਕਰੇ।

ਨੋਰਾ ਫਤੇਹੀ ਹੁਣ ਅਭਿਨੈ ਵੱਲ ਧਿਆਨ

ਖ਼ੂਬਸੂਰਤ ਨਾਚ ਦੇ ਕਾਰਨ ਨੋਰਾ ਫਤੇਹੀ ਦੀ ਬੀ-ਟਾਊਨ 'ਚ ਬੱਲੇ-ਬੱਲੇ ਹੈ। ਬੈਲੇ ਡਾਂਸ ਹੋਵੇ ਨੋਰਾ ਦਾ ਤੇ ਦਰਸ਼ਕ ਹੋ ਜਾਣ ਮਦਹੋਸ਼ ਆਮ ਗੱਲ ਹੈ ਤੇ ਅਜਿਹਾ ਕਰਦੀ ਨੋਰਾ ਨਾਲ ਫੋਟੋਆਂ ਖਿਚਵਾਉਣ ਦੀ ਤਮੰਨਾ ਉਸ ਦੇ ਆਕਰਸ਼ਣ ਤੇ ਰੇਟਿੰਗ 'ਚ ਹੋਰ ਵਾਧਾ ਕਰਦੀ ਹੈ। ਟਾਈਗਰ ਸ਼ਰਾਫ਼ ਵੀ ਨੋਰਾ ਦੇ ਡਾਂਸ ਦਾ ਮੁਰੀਦ ਹੈ। ਨੋਰਾ ਨੇ ਟਾਈਗਰ ਨਾਲ ਸੰਪਰਕ ਕਰ ਕੇ ਧੰਨਵਾਦ ਦੇ ਨਾਲ-ਨਾਲ ਉਸ ਨਾਲ ਨੱਚਣ ਦਾ ਬੁਲਾਵਾ ਵੀ ਦਿੱਤਾ। ਕੈਨੇਡਾ ਦੀ ਜੰਮਪਲ ਬੈਲੇ ਨ੍ਰਤਕੀ ਨੋਰਾ 'ਦਿਲਬਰ' ਗਾਣੇ ਨਾਲ ਲੋਕਪ੍ਰਿਯਤਾ ਦੇ ਸਿਖਰ 'ਤੇ ਜਾ ਚੁੱਕੀ ਹੈ। ਜ਼ੀ. ਸਿਨੇ ਐਵਾਰਡਜ਼ ਦੌਰਾਨ ਵੀ ਨੋਰਾ ਦਾ ਨਾਚ ਸਿਖਰ 'ਤੇ ਰਿਹਾ ਹੈ। 2018 ਨੂੰ ਚੰਗਾ ਸਾਲ ਤੇ 2019 ਨੂੰ ਉਮੀਦਾਂ ਵਾਲਾ ਸਾਲ ਕਹਿਣ ਵਾਲੀ ਨੋਰਾ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ, ਮਲਿਆਲਮ ਫ਼ਿਲਮਾਂ 'ਚ ਵੀ ਕੰਮ ਕਰ ਰਹੀ ਹੈ। ਨੋਰਾ ਨੂੰ ਏ.ਬੀ.ਸੀ.ਡੀ.-3' ਵੀ ਮਿਲ ਰਹੀ ਹੈ। ਰਿਆਲਿਟੀ ਸ਼ੋਅ 'ਬਿੱਗ ਬੌਸ' ਨੇ ਨੋਰਾ ਦਾ ਕਾਫ਼ੀ ਅਧਾਰ ਵਧਾਇਆ ਹੈ। ਪ੍ਰਕਾਸ਼ ਨਾਲ 'ਬਾਹੂਬਲੀ' ਕਰ ਨੋਰਾ ਨੇ ਤਹਿਲਕਾ ਹੀ ਮਚਾ ਦਿੱਤਾ। ਫਿਰ ਤਾਂ ਦੇਖਦੇ ਹੀ ਦੇਖਦੇ ਉਹ ਤੇਲਗੂ ਸਿਨੇਮਾ ਦੀ ਸੁਪਰ ਹੀਰੋਇਨ ਬਣ ਗਈ। ਨੋਰਾ ਦਾ ਨੇਹਾ ਧੂਪੀਆ ਦੇ ਘਰ ਵਾਲੇ ਅੰਗਦ ਬੇਦੀ ਨਾਲ ਦੋਸਤਾਨਾ ਵੀ ਕਾਫ਼ੀ ਮਸ਼ਹੂਰ ਹੈ। 'ਸਟਰੀਟ ਡਾਂਸਰ', '3-ਡੀ' 'ਚ ਨੋਰਾ ਦੀ ਸਮਝ ਇਕ ਤਰ੍ਹਾਂ ਨਾਲ ਬਾਲੀਵੁੱਡ ਦੀਆਂ ਕੰਧਾਂ ਨੂੰ ਹਿਲਾ ਕੇ ਰੱਖ ਦੇਵੇਗੀ। 'ਰਾਕੀ ਹੈਂਡਸਮ' ਦਾ ਆਈਟਮ ਨੋਰਾ ਨੂੰ ਖੁਦ ਦੀਆਂ ਨਜ਼ਰਾਂ 'ਚ ਸਭ ਤੋਂ ਵਧੀਆ ਲੱਗਿਆ ਹੈ। ਅਰਬ ਪਰਿਵਾਰ ਨਾਲ ਨਾਤਾ ਹੋਣ ਕਾਰਨ ਧਾਰਮਿਕ ਵਿਚਾਰਾਂ ਦਾ ਪ੍ਰਭਾਵ ਵੀ ਨੋਰਾ 'ਤੇ ਕਾਫੀ ਹੈ। ਹੋ ਸਕਦਾ ਹੈ ਕਿ ਨੋਰਾ ਆ ਰਹੇ ਸਮੇਂ ਦੌਰਾਨ ਕੈਮਿਊ ਤੇ ਆਈਟਮ ਗੀਤ ਘੱਟ ਕਰ ਕੇ ਅਭਿਨੈ ਵੱਲ ਵੀ ਥੋੜ੍ਹਾ ਧਿਆਨ ਦੇਵੇ।

ਪੂਜਾ ਹੇਗੜੇ ਲੂਡੋ ਸਪੈਸ਼ਲਿਸਟ

ਬਿਜਲੀ ਦੀ ਮਕੈਨਿਕ, ਡਾਕੀਆ ਜਾਂ ਫਿਰ ਰੇਲ ਲਾਈਨ 'ਤੇ ਹਰੇ-ਲਾਲ ਸਿਗਨਲ ਦੇਣ ਦਾ ਕੰਮ ਇਹੋ ਜਿਹੀ ਨੌਕਰੀ ਪੂਜਾ ਹੇਗੜੇ ਚਾਹੁੰਦੀ ਸੀ ਜਦ ਦਸਵੀਂ ਪਾਸ ਕੀਤੀ ਸੀ। ਸਾਥਣ ਕੁੜੀਆਂ ਉਸ ਨੂੰ 'ਟਾਮ ਬੁਆਏ' ਕਹਿੰਦੀਆਂ ਸਨ। ਇਹ ਸਭ ਤਾਂ ਰਿਤਿਕ ਰੌਸ਼ਨ ਦੀ ਇਸ ਨਾਇਕਾ ਨੂੰ ਚੰਗਾ ਲੱਗਦਾ ਸੀ ਪਰ ਜਦ ਹੈਗੜੇ ਦੀ ਥਾਂ ਕੋਈ ਉਸ ਨੂੰ ਹੇਗਰੇ 'ਹੇਗੜਾ' ਕਹੇ ਤਾਂ ਪੂਜਾ ਦਾ ਗੁੱਸਾ ਸਤਵੇਂ ਅਸਮਾਨੀਂ...। ਅਮਰੀਕਨ ਅਭਿਨੇਤਰੀ ਜੋਸ਼ੂਆ ਡੇਵਿਡ ਦੀ ਉਹ ਆਪਾਰ ਪ੍ਰਸੰਸਕਾ ਹੈ। ਭਾਰਤ ਨਾਟਿਅਮ ਦੀ ਮਾਹਿਰ ਪੂਜਾ ਨੇ ਕਾਮਰਸ ਦੀ ਪੜ੍ਹਾਈ ਵੀ ਕੀਤੀ ਹੈ। 'ਹਾਊਸਫੁਲ-4' ਲਈ ਸ਼ਾਜਿਦ ਖ਼ਾਨ ਨੇ ਪੂਜਾ 'ਤੇ ਪੂਰਾ ਵਿਸ਼ਵਾਸ ਪ੍ਰਗਟ ਕੀਤਾ ਹੈ। ਕ੍ਰਿਤੀ ਸੇਨਨ ਤੇ ਕ੍ਰਿਤੀ ਖਰਬੰਦਾ ਨਾਲ ਪੂਜਾ ਦਾ ਤਾਲਮੇਲ ਵਧੀਆ ਹੋਣ ਕਾਰਨ ਪੂਜਾ ਨੂੰ 'ਹਾਊਸਫੁਲ-4' ਲਈ ਕੰਮ ਕਰਨ 'ਚ ਦਿੱਕਤ ਮਹਿਸੂਸ ਨਹੀਂ ਹੋਈ। ਰਾਮ ਚਰਨ ਨੇ ਦੱਖਣ ਦੀ ਇਕ ਫ਼ਿਲਮ 'ਚ ਪੂਜਾ 'ਤੇ ਖਾਸ ਆਈਟਮ ਗੀਤ ਸ਼ਾਮਿਲ ਕੀਤਾ ਹੈ। ਇਧਰ ਦੇਖੋ ਅਕਸ਼ੈ ਕੁਮਾਰ ਜਿਹੇ ਸੁਪਰ ਸਿਤਾਰੇ ਨੂੰ ਪੂਜਾ ਨੇ ਇਕ ਖੇਡ 'ਚ ਦੋ ਵਾਰ ਹਰਾਇਆ ਹੈ। ਹਰਾਉਣ ਤੋਂ ਬਾਅਦ ਟਵਿੱਟਰ 'ਤੇ ਜਾ ਕੇ ਰਿਤਿਕ ਰੌਸ਼ਨ ਨੂੰ ਨਾਲ ਨੱਥੀ ਕਰਕੇ ਪੂਜਾ ਨੇ ਟਵੀਟ ਕੀਤਾ ਤਾਂ ਅੱਕੀ ਨੂੰ ਬਹੁਤ ਗੁੱਸਾ ਆਇਆ। ਲੂਡੋ ਦੀ ਖੇਡ 'ਚ ਪੂਜਾ ਮਾਹਿਰ ਹੈ। ਗੁੱਸੇ ਦੇ ਬਾਵਜੂਦ ਪੂਜਾ ਹੈਗੜੇ ਨੇ ਅਕਸ਼ੈ ਕੁਮਾਰ ਨੂੰ ਸਤਾਇਆ ਪਰ ਅਕਸ਼ੈ ਬਾਅਦ 'ਚ ਸ਼ਾਂਤ ਹੋ ਗਿਆ। ਇਕ ਗੱਲ ਹੈ ਕਿ ਪੂਜਾ ਹੈਗੜੇ ਕੋਲ ਚਾਹੇ ਕੰਮ ਥੋੜ੍ਹਾ ਘੱਟ ਹੈ ਪਰ ਹੈ ਸਭ ਉੱਤਮ ਹੈ। ਅਕਸ਼ੈ, ਸਲਮਾਨ, ਸਾਜਿਦ ਨਾਡਿਆਡਵਾਲ ਨਾਲ ਫ਼ਿਲਮਾਂ ਕਰਨ ਕਾਰਨ ਪੂਜਾ ਹੈਗੜੇ ਦਾ ਕੈਰੀਅਰ ਚਾਹੇ ਘੱਟ ਹੀ ਚਮਕਿਆ ਹੈ ਪਰ ਇਹ ਗੱਲ ਪੱਕੀ ਹੈ ਕਿ ਬਾਲੀਵੁੱਡ ਉਸ ਤੋਂ ਪ੍ਰਭਾਵਿਤ ਹੈ। ਜੇ ਕਿਤੇ 'ਹਾਊਸਫੁਲ-4' ਜਿੰਨੀ ਇਕ ਹੋਰ ਵੱਡੀ ਫ਼ਿਲਮ ਉਸ ਨੂੰ ਮਿਲ ਗਈ ਤਾਂ ਪੂਜਾ ਦਾ ਨਾਂਅ ਚੋਟੀ ਦੀਆਂ ਹੀਰੋਇਨਾਂ ਵਿਚ ਆ ਜਾਵੇਗਾ।

-ਸੁਖਜੀਤ ਕੌਰ

ਸ਼ਾਹਿਦ ਕਪੂਰ ਕਬੀਰ ਸਿੰਘ ਤੋਂ ਆਸ

ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੌਰਾਨ ਆਪਣੀ ਫ਼ਿਲਮ 'ਕਬੀਰ ਸਿੰਘ' ਦਾ ਪੋਸਟਰ ਜਾਰੀ ਕਰਵਾ ਕੇ ਸ਼ਾਹਿਦ ਕਪੂਰ ਉਮੀਦ ਲਾਈ ਬੈਠਾ ਹੈ ਕਿ ਨਵੀਂ ਸਰਕਾਰ ਦੀ ਤਰ੍ਹਾਂ ਉਸ ਦੀ ਇਹ ਨਵੀਂ ਫ਼ਿਲਮ ਵੀ ਲੋਕਾਂ ਦੀ ਪਸੰਦ ਬਣੇਗੀ। ਸ਼ਾਹਿਦ ਫ਼ਿਲਮ 'ਚ ਸ਼ਰਾਬੀ ਡਾਕਟਰ ਦੀ ਭੂਮਿਕਾ 'ਚ ਹੈ ਤੇ ਉਸ ਨਾਲ ਕਿਆਰਾ ਅਡਵਾਨੀ ਹੈ। ਅਗਲੇ ਮਹੀਨੇ ਸ਼ਾਹਿਦ ਦੀ ਇਹ ਫ਼ਿਲਮ ਆ ਰਹੀ ਹੈ। ਮੁਹੱਬਤ, ਜਨੂੰਨ ਤੇ ਨਸ਼ੇਬਾਜ਼ੀ ਅਜਿਹਾ ਕਿਰਦਾਰ 'ਕਬੀਰ ਸਿੰਘ' 'ਚ ਸ਼ਾਹਿਦ ਦਾ ਹੈ। ਏਅਰਪੋਰਟ ਦੀ ਉਹ ਘਟਨਾ ਜੋ ਦੋ ਹਫ਼ਤੇ ਪਹਿਲਾਂ ਵਾਪਰੀ ਸ਼ਾਹਿਦ ਦੀ ਕਿਰਕਿਰੀ ਕਰਵਾ ਗਈ ਹੈ। ਸ਼ਾਹਿਦ ਨੇ ਆਪਣੇ ਡਰਾਈਵਰ ਨਾਲ ਜੋ ਵਰਤਾਓ ਕੀਤਾ, ਉਸ ਕਾਰਨ ਲੋਕਾਂ ਨੇ ਸ਼ਾਹਿਦ ਨੂੰ 'ਘੁਮੰਡੀ' ਤੇ 'ਬਦਤਮੀਜ਼' ਜਿਹੇ ਸਿਰਲੇਖਾਂ ਨਾਲ ਤਾਜ਼ਾ ਹੀ ਨਿਵਾਜਿਆ ਹੈ। ਤਾਂ ਇਸ ਸਮੇਂ ਨਵੀਂ ਸਰਕਾਰ ਦੇ ਚਾਅ 'ਚ ਡੁੱਬੇ ਲੋਕਾਂ ਨੂੰ ਪੂਰਾ ਚਾਅ ਹੈ ਕਿ ਨਵੀਂ ਫ਼ਿਲਮ 'ਕਬੀਰ ਸਿੰਘ' 'ਚ ਪੂਰਾ-ਪੂਰਾ ਮਨੋਰੰਜਨ ਦਾ ਤੜਕਾ ਹੈ। 'ਕਹੀਂ ਆਊਂਗਾ ਮਤਲਬ, ਨਹੀਂ ਆਊਂਗਾ'। ਬੋਲਾ ਨਾ, ਨਹੀਂ ਆਊਂਗਾ। 'ਕਬੀਰ ਸਿੰਘ' ਵਿਚਲੇ ਸ਼ਾਹਿਦ ਦੇ ਇਸ ਸੰਵਾਦ 'ਤੇ ਰਾਜਨੀਤਕ ਪਾਰਟੀਆਂ ਨੇ ਕਈ ਕਿੱਸੇ ਬਣਾਏ ਪਰ ਆਉਣ ਵਾਲੇ ਸਮਝੋ ਆ ਹੀ ਗਏ। ਤੇਲਗੂ ਫ਼ਿਲਮ 'ਅਰਜਨ ਰੈਡੀ' ਦੇ ਰੀਮੇਕ 'ਕਬੀਰ ਸਿੰਘ' ਨੇ ਸ਼ਾਹਿਦ ਨੂੰ ਫਿਰ ਸੁਪਰ ਸਿਤਾਰਾ ਬਣਾ ਕੇ 'ਬੇਬੋ' ਦੇ ਭਰ ਚੁੱਕੇ ਜ਼ਖ਼ਮ ਕੁਰੇਦਣੇ ਹਨ।

ਗੁਣਾਂ ਦੀ ਗੁਥਲੀ

ਵਿਆਹ ਤੋਂ ਬਾਅਦ ਆਪਣੇ ਸਿਰ ਦੇ ਸਾੲੀਂ ਰਣਵੀਰ ਸਿੰਘ ਨਾਲ ਉਹ '83' ਫ਼ਿਲਮ ਕਰ ਰਹੀ ਹੈ | ਇਸ 'ਚ ਉਹ ਰਣਵੀਰ ਦੀ ਪਤਨੀ ਬਣ ਕੇ ਕੈਮਿਊ ਕਰ ਰਹੀ ਹੈ | ਦੀਪੀ ਇਸ ਵੇਲੇ ਮੇਘਨਾ ਗੁਲਜ਼ਾਰ ਨਾਲ ਮਿਲ ਕੇ 'ਛਪਾਕ' ਵੀ ਬਣਾ ਰਹੀ ਹੈ | ਇਸ ਦੌਰਾਨ ਡਿਪੀ ਨੇ ਰਣਬੀਰ ਕਪੂਰ ਦੇ ਪਿਤਾ ਰਿਸ਼ੀ ਕਪੂਰ ਦੀ ਸਿਹਤ ਦਾ ਹਾਲ ਪਿਛਲੇ ਦਿਨੀਂ ਮਾਲੂਮ ਕੀਤਾ | ਦੀਪਿਕਾ ਹਰ ਸਮੇਂ, ਹਰ ਕੰਮ ਨੂੰ ਪੂਰਾ ਧਿਆਨ ਦਿੰਦੀ ਹੈ | ਮਿਲਣ-ਗਿਲਣ ਤੋਂ ਲੈ ਕੇ ਕਾਰੋਬਾਰ ਤੇ ਮਸਤੀ ਲਈ ਸਮਾਂ ਕੱਢ ਹੀ ਲੈਂਦੀ ਹੈ | ਦਿੱਲੀ ਡਿਪੀ ਨੇ ਪੂਰਾ ਸਮਾਂ 'ਛਪਾਕ' ਦੀ ਸ਼ੂਟਿੰਗ ਨੂੰ ਦਿੱਤਾ | ਸਾਲ 2019 'ਚ ਹਰ ਦਿਨ ਸਭ ਦਾ ਦਿਲ ਉਸ ਨੇ ਆਪਣੀਆਂ ਅਦਾਵਾਂ ਨਾਲ ਜਿੱਤਿਆ |

ਵੱਡੇ ਪਰਦੇ ਦਾ ਹੀਰੋ ਬਣਿਆ ਗੁਰਚੇਤ ਚਿੱਤਰਕਾਰ

ਪੰਜਾਬੀ ਦਰਸ਼ਕਾਂ ਨੂੰ ਨਿੱਕੀਆਂ ਫੈਮਿਲੀ ਫ਼ਿਲਮਾਂ ਨਾਲ ਗੁਰਚੇਤ ਚਿੱਤਰਕਾਰ ਨੇ ਅਜਿਹਾ ਮਨੋਰੰਜਨ ਨਾਲ ਦਿੱਤਾ ਕਿ ਉਸ ਨੇ 'ਫੈਮਿਲੀ' ਫ਼ਿਲਮਾਂ ਦੀ ਲੜੀ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਸ ਦੀ ਹਰ ਫੈਮਿਲੀ ਫ਼ਿਲਮ ਕਾਮਯਾਬ ਰਹੀ | ਫ਼ੌਜੀ ਦੀ ਫੈਮਿਲੀ ਤੋਂ 'ਫੈਮਿਲੀ 420, 421, 422, 423, 424' ਤੇ 'ਫੈਮਿਲੀ 431' ਇਸ ਦੀਆਂ ਮਿਸਾਲਾਂ ਹਨ | 'ਚਰਨੋ ਏਕ ਮਾਂ', 'ਢੀਠ ਜਵਾਈ' ਬਣੇ ਸੰਗਰੂਰ ਦੇ ਗੁਰਚੇਤ ਚਿੱਤਰਕਾਰ ਨੇ ਚਾਹੇ 'ਪੰਜਾਬ ਬੋਲਦਾ', 'ਟੌਹਰ ਮਿੱਤਰਾਂ ਦੀ', 'ਚੱਕ ਦੇ ਫੱਟੇ', 'ਪਾਵਰ ਕੱਟ', 'ਮਜਾਜਣ' ਆਦਿ ਫ਼ਿਲਮਾਂ ਵੀ ਕੀਤੀਆਂ ਪਰ ਪੂਰੇ ਹੀਰੋ ਵਜੋਂ ਵੱਡੇ ਪਰਦੇ 'ਤੇ ਉਸ ਨੂੰ ਗੁਰਚਰਨ ਧਾਲੀਵਾਲ ਪੇਸ਼ ਕਰਨ ਜਾ ਰਿਹਾ ਹੈ 'ਫੈਮਿਲੀ 420 ਵੰਨਸ ਅਗੇਨ' 'ਚ | ਉਸ ਨੇ ਬਤੌਰ ਹੀਰੋ, ਰੁਮਾਂਟਿਕ ਗਾਣੇ ਗਾਉਣ-ਨੱਚਣ ਵਾਲੇ ਹੀਰੋ ਦੀ ਭੂਮਿਕਾ ਜੈਜ ਸੋਫੀ 'ਪਟਿਆਲਾ ਬੇਬਜ਼' ਹੀਰੋਇਨ ਨਾਲ ਨਿਭਾਈ ਹੈ | ਕੈਨੇਡਾ, ਅਮਰੀਕਾ, ਯੂਰਪ, ਮਲੇਸ਼ੀਆ, ਸਿੰਗਾਪੁਰ 'ਚ ਸਟੇਜ ਨਾਟਕ ਕਰ ਬੱਲੇ-ਬੱਲੇ ਪ੍ਰਾਪਤ ਕਰਨ ਵਾਲੇ ਗੁਰਚੇਤ ਦੀ ਚਿੱਤਰਕਾਰੀ ਤੇ ਕਲਾਕਾਰੀ ਤੋਂ ਹਰ ਕੋਈ ਪ੍ਰਭਾਵਿਤ ਹੈ | 7 ਵਾਰ ਦਾ ਪੇਂਟਿੰਗ ਤੇ ਸਟੇਜ ਦਾ ਉਹ ਗੋਲਡ ਮੈਡਲਿਸਟ ਹੈ | ਇਹੋ ਜਿਹੇ ਗੁਣੀ, ਹਾਸਿਆਂ ਦੇ ਵਣਜਾਰੇ, ਫੈਮਿਲੀ ਫ਼ਿਲਮਾਂ ਬਣਾਉਣ ਦੇ ਤਜਰਬੇਕਾਰ ਅਭਿਨੇਤਾ ਦਾ ਹੁਣ ਪੰਜਾਬੀ ਫੀਚਰ ਫ਼ਿਲਮਾਂ 'ਚ ਬਤੌਰ ਹੀਰੋ ਪ੍ਰਵੇਸ਼ ਉਸ ਤੋਂ ਵੱਡੀਆਂ ਆਸਾਂ ਪੰਜਾਬੀ ਸਿਨੇਮਾ ਤੇ ਦਰਸ਼ਕਾਂ ਨੂੰ ਬਣਾਉਣ ਵਾਲੀ ਗੱਲ ਹੈ | ਇਕ ਵਾਰ ਫਿਰ 'ਫੈਮਿਲੀ 420 ਵੰਸ਼ ਅਗੇਨ' ਨਾਲ ਆ ਰਹੇ ਗੁਰਚੇਤ ਚਿੱਤਰਕਾਰ ਲਈ ਸਮਾਂ ਹੁਣ ਹੋਰ ਮਕਬੂਲ ਹੋਣ ਦਾ ਹੈ |

-ਅੰਮਿ੍ਤ ਪਵਾਰ

ਆਮ ਆਦਮੀ ਦੀ ਭੂਮਿਕਾ ਨਿਭਾਉਣੀ ਵੀ ਸੌਖੀ ਨਹੀਂ ਹੁੰਦੀ : ਅਰਜੁਨ ਕਪੂਰ

ਨਿਰਦੇਸ਼ਕ ਰਾਜ ਕੁਮਾਰ ਗੁਪਤਾ ਨੂੰ ਅਸਲੀਅਤ ਦੀ ਧਰਾਤਲ ਵਾਲੀਆਂ ਫ਼ਿਲਮਾਂ ਬਣਾਉਣਾ ਪਸੰਦ ਹੈ ਅਤੇ ਆਪਣੀ ਇਸ ਕਲਾ ਦੀ ਪਛਾਣ ਉਹ 'ਆਮਿਰ', 'ਨੋ ਵਨ ਕਿਲਡ ਜੈਸਿਕਾ', 'ਰੇਡ' ਆਦਿ ਫ਼ਿਲਮਾਂ ਵਿਚ ਦੇ ਚੁੱਕੇ ਹਨ | ਹੁਣ ਉਨ੍ਹਾਂ ਨੇ ਅਰਜੁਨ ਕਪੂਰ ਨੂੰ ਲੈ ਕੇ 'ਇੰਡੀਆ'ਜ਼ ਮੋਸਟ ਵਾਂਟੇਡ' ਬਣਾਈ ਹੈ | ਇਹ ਫ਼ਿਲਮ ਅਰਜੁਨ ਨੂੰ ਉਨ੍ਹਾਂ ਦੇ ਕੈਰੀਅਰ ਦੇ ਉਸ ਪੜਾਅ 'ਤੇ ਮਿਲੀ ਹੈ, ਜਦੋਂ ਉਨ੍ਹਾਂ ਨੂੰ ਇਕ ਚੰਗੀ ਫ਼ਿਲਮ ਦੀ ਸਖ਼ਤ ਜ਼ਰੂਰਤ ਸੀ |
ਫ਼ਿਲਮ ਵਿਚ ਅਰਜੁਨ ਵਲੋਂ ਅੱਤਵਾਦ ਵਿਰੋਧੀ ਦਸਤੇ ਦੇ ਮੁਖੀਆ ਦੀ ਭੂਮਿਕਾ ਨਿਭਾਈ ਗਈ ਹੈ | ਇਥੇ ਉਨ੍ਹਾਂ ਦੇ ਨਾਲ ਚਾਰ ਹੋਰ ਕਲਾਕਾਰ ਹਨ ਅਤੇ ਕਿਉਂਕਿ ਅਰਜਨ ਦੀ ਇਨ੍ਹਾਂ ਵਿਚੋਂ ਕਿਸੇ ਨਾਲ ਜਾਣ-ਪਛਾਣ ਨਹੀਂ ਸੀ | ਸੋ, ਪਹਿਲਾਂ ਤਾਂ ਉਹ ਇਨ੍ਹਾਂ ਚਾਰਾਂ ਦੇ ਨਾਲ ਕਈ ਦਿਨਾਂ ਤੱਕ ਮਿਲਦੇ ਰਹੇ ਅਤੇ ਆਪਸੀ ਪਛਾਣ ਵਧਾਈ ਅਤੇ ਫਿਰ ਜਾ ਕੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ |
ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਉਹ ਕਹਿੰਦੇ ਹਨ, 'ਜਦੋਂ ਰਾਜ ਕੁਮਾਰ ਨੇ ਫ਼ਿਲਮ ਦੇ ਸਿਲਸਿਲੇ ਵਿਚ ਗੱਲ ਕੀਤੀ ਤਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਥੇ ਮੇਰੇ ਹਿੱਸੇ ਹੀਰੋਗਿਰੀ ਵਾਲਾ ਇਕ ਵੀ ਦਿ੍ਸ਼ ਨਹੀਂ ਹੈ ਅਤੇ ਮੈਨੂੰ ਆਮ ਆਦਮੀ ਦੀ ਤਰ੍ਹਾਂ ਖ਼ੁਦ ਨੂੰ ਪੇਸ਼ ਕਰਨਾ ਹੋਵੇਗਾ | ਇਕ ਇਸ ਤਰ੍ਹਾਂ ਦਾ ਆਮ ਆਦਮੀ ਜੋ ਭੀੜ ਵਿਚ ਖੜ੍ਹਾ ਹੋਵੇ ਤੇ ਉਸ ਵੱਲ ਕਿਸੇ ਦਾ ਧਿਆਨ ਵੀ ਨਾ ਜਾਵੇ | ਇਸ ਤਰ੍ਹਾਂ ਦੀ ਆਮ ਭੂਮਿਕਾ ਲਈ ਮੈਨੂੰ ਪਹਿਲਾ ਕੰਮ ਇਹ ਕਰਨਾ ਪਿਆ ਕਿ ਆਪਣੇ ਅੰਦਰ ਦੇ ਐਕਟਰ ਨੂੰ ਬਾਹਰ ਕਰ ਦਿੱਤਾ | ਆਪਣੀ ਚਾਲ-ਢਾਲ ਵਿਚ ਹੀਰੋਗਿਰੀ ਵਾਲੀ ਗੱਲ ਕੱਢ ਦਿੱਤੀ | ਆਪਣੀ ਬਾਡੀ ਲੈਂਗਵੇਜ ਵੀ ਬਦਲ ਦਿੱਤੀ | ਫ਼ਿਲਮ ਵਿਚ ਕੰਮ ਕਰਕੇ ਲੱਗਿਆ ਕਿ ਆਮ ਆਦਮੀ ਦੀ ਭੂਮਿਕਾ ਨਿਭਾਉਣਾ ਵੀ ਵਾਕਈ ਮੁਸ਼ਕਿਲ ਹੁੰਦਾ ਹੈ |'
ਇਸ ਫ਼ਿਲਮ ਦੀ ਕਹਾਣੀ ਵਿਚ 48 ਘੰਟੇ ਵਿਚ ਵਾਪਰਦੀਆਂ ਘਟਨਾਵਾਂ ਦਾ ਤਾਣਾ-ਬਾਣਾ ਪੇਸ਼ ਕੀਤਾ ਗਿਆ ਹੈ | ਇਹੀ ਵਜ੍ਹਾ ਹੈ ਕਿ ਅਰਜੁਨ ਦੇ ਹਿੱਸੇ ਜ਼ਿਆਦਾ ਸ਼ੋਅਬਾਜ਼ੀ ਨਹੀਂ ਆਈ ਹੈ | ਉਹ ਕਹਿੰਦੇ ਹਨ, 'ਫ਼ਿਲਮ ਦੀ ਕਹਾਣੀ ਪਟਨਾ ਤੋਂ ਸ਼ੁਰੂ ਹੁੰਦੀ ਹੈ ਅਤੇ ਨਿਪਾਲ ਤੇ ਦਿੱਲੀ ਤੱਕ ਪਹੁੰਚਦੀ ਹੈ | ਇਹ ਸੱਚੀ ਘਟਨਾ 'ਤੇ ਆਧਾਰਿਤ ਹੈ ਅਤੇ ਇਥੇ ਸਾਨੂੰ ਬੰਬ ਧਮਾਕੇ ਦੇ ਮਾਸਟਰ ਮਾਈਾਡ ਦਾ ਪਿੱਛਾ ਕਰਦੇ ਦਿਖਾਇਆ ਗਿਆ ਹੈ | ਕਹਾਣੀ ਸਿਰਫ਼ 48 ਘੰਟੇ ਦੀਆਂ ਘਟਨਾਵਾਂ ਦੀ ਹੈ | ਸੋ, ਪੂਰੀ ਫ਼ਿਲਮ ਵਿਚ ਸਿਰਫ਼ ਤਿੰਨ ਕਮੀਜ਼ਾਂ ਬਦਲਣ ਨੂੰ ਮਿਲੀਆਂ | ਚੰਗੀ ਗੱਲ ਇਹ ਸੀ ਕਿ ਤਿੰਨੇ ਕਮੀਜ਼ਾਂ ਦੀ ਇਕ ਹੋਰ ਜੋੜੀ ਵੀ ਬਣਾਈ ਗਈ ਸੀ | ਇਕ ਕਮੀਜ਼ ਦਾ ਰੰਗ ਤਾਂ ਧੁੱਪ ਦੀ ਵਜ੍ਹਾ ਨਾਲ ਫਿੱਕਾ ਪੈ ਗਿਆ ਸੀ | ਸੋ, ਦੂਜੀ ਨਾਲ ਕੰਮ ਚਲਾਇਆ ਗਿਆ | ਇਸ ਤਰ੍ਹਾਂ ਦਾ ਅਸਲ ਕਿਰਦਾਰ ਮੈਂ ਪਹਿਲਾਂ ਕਦੀ ਨਹੀਂ ਕੀਤਾ ਸੀ ਅਤੇ ਉਮੀਦ ਹੈ ਕਿ ਇਹ ਕਿਰਦਾਰ ਮੇਰੇ ਕੈਰੀਅਰ ਨੂੰ ਅੱਗੇ ਵਧਾਉਣ ਵਿਚ ਕਾਰਗਰ ਸਿੱਧ ਹੋਵੇਗਾ |

-ਮੁੰਬਈ ਪ੍ਰਤੀਨਿਧ

ਸਤੀਸ਼ ਕੌਸ਼ਿਕ ਦਾ ਹਰਿਆਣਵੀ ਮੋਹ

ਸੱਤਰ ਦੇ ਦਹਾਕੇ ਵਿਚ ਇਕ ਮੁੰਡਾ ਫ਼ਿਲਮਾਂ ਵਿਚ ਕਿਸਮਤ ਅਜ਼ਮਾਉਣ ਲਈ ਹਰਿਆਣਾ ਤੋਂ ਮੁੰਬਈ ਆਇਆ ਸੀ | ਉਦੋਂ ਮੁੰਬਈ ਦੇ ਮਿਨਰਵਾ ਥੀਏਟਰ ਵਿਚ 'ਸ਼ੋਅਲੇ' ਚੱਲ ਰਹੀ ਸੀ ਅਤੇ ਉਥੇ ਖੜ੍ਹਾ ਇਹ ਮੁੰਡਾ ਮਨ ਹੀ ਮਨ ਸੋਚ ਰਿਹਾ ਸੀ ਕਿ ਕੀ ਉਹ ਦਿਨ ਵੀ ਆਵੇਗਾ ਜਦੋਂ ਉਸ ਦੀ ਕੋਈ ਫ਼ਿਲਮ ਇਥੇ ਰਿਲੀਜ਼ ਹੋਵੇਗੀ | ਇਹ ਮੁੰਡਾ ਸਤੀਸ਼ ਕੌਸ਼ਿਕ ਸੀ ਅਤੇ ਉਸ ਦਾ ਇਹ ਸੁਪਨਾ ਉਦੋਂ ਸੱਚ ਹੋਇਆ ਜਦੋਂ ਉਸ ਵਲੋਂ ਨਿਰਦੇਸ਼ਿਤ 'ਰੂਪ ਕੀ ਰਾਨੀ ਚੋਰੋਂ ਕਾ ਰਾਜਾ' ਉਸੇ ਸਿਨੇਮਾ ਘਰ ਵਿਚ ਪ੍ਰਦਰਸ਼ਿਤ ਹੋਈ | ਬਤੌਰ ਨਿਰਦੇਸ਼ਕ ਸਤੀਸ਼ ਨੇ ਬਾਅਦ ਵਿਚ 'ਪਰੇਮ', 'ਹਮ ਆਪਕੇ ਦਿਲ ਮੇਂ ਰਹਿਤੇ ਹੈਾ, 'ਹਮਾਰਾ ਦਿਲ ਆਪ ਕੇ ਪਾਸ ਹੈ', 'ਮੁਝੇ ਕੁਛ ਕਹਿਨਾ ਹੈ', 'ਤੇਰੇ ਨਾਮ', 'ਬਧਾਈ ਹੋ ਬਧਾਈ', 'ਵਾਅਦਾ' ਆਦਿ ਫ਼ਿਲਮਾਂ ਨਿਰਦੇਸ਼ਿਤ ਕੀਤੀਆਂ | ਹੁਣ ਬਤੌਰ ਨਿਰਮਾਤਾ ਉਨ੍ਹਾਂ ਨੇ ਹਰਿਆਣਵੀ ਫ਼ਿਲਮ 'ਛੋਰੀਆਂ ਛੋਰੋਂ ਸੇ ਕਮ ਨਹੀਂ ਹੋਤੀ' ਦਾ ਨਿਰਮਾਣ ਕੀਤਾ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਰਾਜੇਸ਼ ਬੱਬਰ |
ਆਪਣੀ ਮਾਤ ਭਾਸ਼ਾ ਵਿਚ ਫ਼ਿਲਮ ਬਣਾਉਣ ਬਾਰੇ ਉਹ ਕਹਿੰਦੇ ਹਨ, 'ਮੇਰੀ ਸ਼ੁਰੂ ਤੋਂ ਸਮਾਜ ਲਈ ਯੋਗਦਾਨ ਦੇਣ ਦੀ ਨੀਅਤ ਰਹੀ ਹੈ | ਇਹੀ ਵਜ੍ਹਾ ਹੈ ਕਿ ਮੈਂ ਹਰਿਆਣਾ ਦਾ ਆਪਣਾ ਪਿੰਡ ਗੋਦ ਲੈ ਰੱਖਿਆ ਹੈ ਅਤੇ ਉਥੋਂ ਦੇ ਵਾਸੀਆਂ ਲਈ ਮੈਂ ਨਵੀਆਂ-ਨਵੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਰਿਹਾ ਹਾਂ | ਹੁਣ ਮੈਨੂੰ ਲੱਗ ਰਿਹਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਉਸ ਮੁਕਾਮ 'ਤੇ ਹਾਂ ਜਿਥੇ ਮੈਨੂੰ ਸਮਾਜ ਨੂੰ 'ਪੇ ਬੈਕ' ਕਰਨਾ ਚਾਹੀਦਾ ਹੈ ਅਤੇ ਇਥੋਂ ਮੈਨੂੰ ਆਪਣੀ ਮਾਤ ਭਾਸ਼ਾ ਦੇ ਵਿਕਾਸ ਪ੍ਰਤੀ ਯੋਗਦਾਨ ਦੇਣ ਦਾ ਖਿਆਲ ਆਇਆ ਹੈ | ਮੈਂ ਦੇਖਿਆ ਕਿ ਹਰਿਆਣਾ ਦੇ ਗਵਾਂਢੀ ਸੂਬੇ ਪੰਜਾਬ ਦੀ ਫ਼ਿਲਮ ਇੰਡਸਟਰੀ ਨੇ ਬਹੁਤ ਤਰੱਕੀ ਕੀਤੀ ਹੈ ਪਰ ਹਰਿਆਣਾ ਦੀ ਫ਼ਿਲਮ ਇੰਡਸਟਰੀ ਕਿਤੇ ਪਿੱਛੇ ਰਹਿ ਗਈ ਹੈ | ਮੈਂ ਹਰ ਵੇਲੇ ਇਹੀ ਸੋਚਿਆ ਕਰਦਾ ਹਾਂ ਕਿ ਇਸ ਇੰਡਸਟਰੀ ਵਿਚ ਕਿਵੇਂ ਨਵੀਂ ਜਾਨ ਫੂਕੀ ਜਾਵੇ | ਹਰਿਆਣਵੀ ਮੇਰੀ ਮਾਤਭਾਸ਼ਾ ਹੈ | ਸੋ, ਇਸ ਫ਼ਿਲਮ ਸਨਅਤ ਨੂੰ ਭਲਾ ਮੈਂ ਕਿਵੇਂ ਨਜ਼ਰ ਅੰਦਾਜ਼ ਕਰ ਸਕਦਾ ਸੀ | ਇਸ ਤਰ੍ਹਾਂ ਇਕ ਦਿਨ ਫਲਾਈਟ ਵਿਚ ਮੇਰੀ ਮੁਲਾਕਾਤ ਜ਼ੀ ਗਰੁੱਪ ਦੇ ਮਾਲਿਕ ਸੁਭਾਸ਼ ਚੰਦਰ ਜੀ ਨਾਲ ਹੋ ਗਈ | ਉਹ ਵੀ ਹਰਿਆਣਾ ਦੇ ਹਨ | ਸੋ, ਗੱਲਾਂ-ਗੱਲਾਂ ਵਿਚ ਮੈਂ ਉਨ੍ਹਾਂ ਨੂੰ ਹਰਿਆਣਵੀ ਫ਼ਿਲਮ ਸਨਅਤ ਦੀ ਮਾਲੀ ਹਾਲਤ ਬਾਰੇ ਦੱਸਿਆ ਤਾਂ ਉਦੋਂ ਉਨ੍ਹਾਂ ਨੇ ਪੁੱਛਿਆ ਕਿ ਮੈਂ ਇਸ ਸਨਅਤ ਨੂੰ ਉੱਪਰ ਚੁੱਕਣ ਲਈ ਕੀ ਕਰ ਸਕਦਾ ਹਾਂ | ਸੋ, ਮੈਂ ਉਨ੍ਹਾਂ ਨੂੰ ਕੁਝ ਸੁਝਾਅ ਦਿੱਤੇ ਅਤੇ ਉਦੋਂ ਮੈਨੂੰ ਲੱਗਿਆ ਕਿ ਇਸ ਦੀ ਸ਼ੁਰੂਆਤ ਮੈਨੂੰ ਖ਼ੁਦ ਕਰਨੀ ਚਾਹੀਦੀ ਹੈ | ਸੋ, ਮੈਂ ਇਹ ਫ਼ਿਲਮ ਬਣਾਉਣ ਦਾ ਨਿਰਣਾ ਲਿਆ |'
ਜਦੋਂ ਫ਼ਿਲਮ ਬਣਾਉਣ ਦਾ ਨਿਰਣਾ ਲਿਆ ਗਿਆ ਸੀ, ਉਦੋਂ ਤਿੰਨ ਕਹਾਣੀਆਂ ਉਨ੍ਹਾਂ ਦੇ ਦਿਮਾਗ਼ ਵਿਚ ਸਨ, ਜਿਨ੍ਹਾਂ ਵਿਚੋਂ ਉਨ੍ਹਾਂ ਨੇ ਇਕ ਇਸ ਤਰ੍ਹਾਂ ਦੀ ਕਹਾਣੀ ਚੁਣੀ ਜਿਸ ਵਿਚ ਇਕ ਬੇਟੀ ਕਿਵੇਂ ਉਲਟ ਸੰਯੋਗਾਂ ਨਾਲ ਲੜ ਕੇ ਪੁਲਿਸ ਅਫ਼ਸਰ ਬਣਦੀ ਹੈ, ਇਹ ਕਹਾਣੀ ਉਨ੍ਹਾਂ ਨੂੰ ਜ਼ਿਆਦਾ ਅਪੀਲ ਕਰ ਗਈ |

-ਮੁੰਬਈ ਪ੍ਰਤੀਨਿਧ

'ਮੁਕਲਾਵਾ' ਫ਼ਿਲਮ ਦਿਖਾਵੇਗੀ ਪੰਜਾਬ ਦੇ ਪੁਰਾਣੇ ਵਿਆਹਾਂ ਦਾ ਨਜ਼ਾਰਾ

ਐਮੀ ਵਿਰਕ ਨੇ ਗਾਇਕੀ ਮਗਰੋਂ ਇਕ ਤੋਂਾ ਦੂਜੀ, ਦੂਜੀ ਮਗਰੋਂ ਤੀਜੀ ਅਜਿਹੀਆਂ ਫ਼ਿਲਮਾਂ ਕੀਤੀਆਂ, ਜਿਨ੍ਹਾਂ ਨੇ ਉਸ ਨੂੰ ਅਦਾਕਾਰੀ ਵਿਚ ਸਥਾਪਤ ਕਰ ਦਿੱਤਾ | ਹੁਣ ਐਮੀ ਵਿਰਕ ਦੀ ਸੋਨਮ ਬਾਜਵਾ ਤੇ ਹੋਰ ਕਲਾਕਾਰਾਂ ਨਾਲ ਸ਼ਿੰਗਾਰੀ ਫ਼ਿਲਮ 'ਮੁਕਲਾਵਾ' 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ | ਪੁਰਾਣੇ ਦੌਰ ਦੀ ਪੇਸ਼ਕਾਰੀ ਕਰਦੀ ਇਸ ਫ਼ਿਲਮ ਬਾਰੇ ਐਮੀ ਵਿਰਕ, ਨਿਰਮਾਤਾ ਗੁਣਬੀਰ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਬਾਰੇ ਕਈ ਕੁਝ ਗੱਲਾਂ ਹੋਈਆਂ, ਜਿਨ੍ਹਾਂ ਦਾ ਸੰਖੇਪ ਵੇਰਵਾ ਪੇਸ਼ ਹੈ:
? (ਐਮੀ) : ਜਿੰਨੀਆਂ ਫ਼ਿਲਮਾਂ ਹੁਣ ਤੱਕ ਕੀਤੀਆਂ, ਉਨ੍ਹਾਂ ਵਿਚੋਂ ਕਈ ਸੁਪਰਹਿੱਟ ਹੋਈਆਂ | 'ਮੁਕਲਾਵਾ' ਨੂੰ ਉਨ੍ਹਾਂ ਫ਼ਿਲਮਾਂ ਦੇ ਮੁਕਾਬਲੇ ਕਿੱਥੇ ਕੁ ਦੇਖਦੇ ਹੋ?
-ਹਰ ਫ਼ਿਲਮ ਦਾ ਵਿਸ਼ਾ ਵੱਖਰਾ ਸੀ | ਵੱਖਰਾ ਹੋਣਾ ਵੀ ਚਾਹੀਦਾ | ਦਰਸ਼ਕ ਇਕੋ ਜਿਹੀ ਚੀਜ਼ ਵਾਰ-ਵਾਰ ਨਹੀਂ ਦੇਖ ਸਕਦੇ | 'ਅੰਗਰੇਜ਼' ਵਿਚ ਮੇਰਾ ਛੋਟਾ ਪਰ ਪ੍ਰਭਾਵਸ਼ਾਲੀ ਕਿਰਦਾਰ ਸੀ, ਉਹ ਵੀ ਬੀਤੇ ਦੀ ਬਾਤ ਵਾਲੀ ਫ਼ਿਲਮ ਸੀ | 'ਕਿਸਮਤ' ਦੀ ਕਹਾਣੀ ਹੋਰ ਤਰ੍ਹਾਂ ਦੀ ਸੀ | ਬਿਲਕੁਲ ਇਵੇਂ 'ਮੁਕਲਾਵਾ' ਦਾ ਵਿਸ਼ਾ ਹੋਰ ਹੈ | ਇਹ ਵਿਸ਼ਾ ਸਾਡੇ ਸਾਰਿਆਂ ਦਾ ਹੈ | ਪਹਿਲਾਂ ਕਾਲੀਆਂ-ਚਿੱਟੀਆਂ ਤਸਵੀਰਾਂ ਦਾ ਦੌਰ ਸੀ, ਉਸ ਤੋਂ ਪਹਿਲਾਂ ਤਸਵੀਰਾਂ ਵੀ ਨਹੀਂ ਸਨ | ਸਿਰਫ਼ ਸੁਣੀਆਂ-ਸੁਣਾਈਆਂ ਗੱਲਾਂ ਹਨ ਕਿ ਉਦੋਂ ਵਿਆਹ ਕਿਵੇਂ ਹੁੰਦੇ ਸਨ | ਨਵੀਂ ਪੀੜ੍ਹੀ ਕੀ ਜਾਣੇ ਕਿ ਵਿਆਹ ਹਫ਼ਤਾ-ਹਫ਼ਤਾ ਚੱਲਦੇ ਹੁੰਦੇ ਸਨ | ਇਹ ਫ਼ਿਲਮ ਦੇਖਣ ਤੋਂ ਬਾਅਦ ਨਿਆਣੇ, ਸਿਆਣੇ ਸਾਰੇ ਕਮਾਲ ਕਹਿਣਗੇ |
? ਤੁਹਾਡੇ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਅਦਾਕਾਰ ਹਨ?
-ਮੇਰੇ ਨਾਲ ਸੋਨਮ ਬਾਜਵਾ ਹੀਰੋਇਨ ਹੈ | ਗੁਰਪ੍ਰੀਤ ਘੁੱਗੀ, ਬੀ.ਐਨ.ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸਰਬਜੀਤ ਚੀਮਾ ਤੇ ਦਿ੍ਸ਼ਟੀ ਗਰੇਵਾਲ ਸਮੇਤ ਕਈ ਹੋਰ ਚੰਗੇ ਅਦਾਕਾਰਾਂ ਦਾ ਕਮਾਲ ਹੈ | ਸਭ ਨੇ ਸੋਹਣਾ ਕੰਮ ਕੀਤਾ ਹੈ | ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ | ਤੁਸੀਂ ਜਾਣਦੇ ਹੀ ਹੋ ਕਿ ਫ਼ਿਲਮ 'ਵਾਈਟ ਹਿੱਲ ਸਟੂਡੀਓ' ਵਲੋਂ ਬਣਾਈ ਗਈ ਹੈ | ਕਿਸੇ ਵੀ ਫ਼ਿਲਮ ਦੀ ਕਾਮਯਾਬੀ ਲਈ ਉਸ ਦੇ ਟਰੇਲਰ ਨੂੰ ਮਿਲੇ ਹੁੰਗਾਰੇ ਵੱਲ ਦੇਖਿਆ ਜਾ ਸਕਦਾ ਹੈ |
? (ਗੁਣਬੀਰ ਤੇ ਮਨਮੋੜ ਜੀ) : ਕਈ ਸਫ਼ਲ ਫ਼ਿਲਮਾਂ ਬਣਾ ਕੇ ਜਾਂ ਰਿਲੀਜ਼ ਕਰਕੇ ਹੁਣ ਤੱਕ ਤੁਸੀਂ ਜਿਹੜਾ ਤਜਰਬਾ ਖੱਟਿਆ, ਉਸ ਮੁਤਾਬਕ 'ਮੁਕਲਾਵਾ' ਕਿੱਥੇ ਕੁ ਖੜ੍ਹੀ ਸਮਝਦੇ ਹੋ?
-ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਕਦੇ ਸਮਝੌਤਾ ਨਹੀਂ ਕੀਤਾ | ਨਾ ਕਹਾਣੀ ਨਾਲ, ਨਾ ਕਲਾਕਾਰਾਂ ਨਾਲ, ਨਾ ਪ੍ਰਚਾਰ ਨਾਲ ਤੇ ਨਾ ਹੀ ਬੱਜਟ ਨਾਲ | ਇਹ ਜ਼ਰੂਰੀ ਨਹੀਂ ਕਿ ਹਰ ਫ਼ਿਲਮ ਸਫ਼ਲ ਹੋਵੇ, ਪਰ ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਵਲੋਂ ਸੌ ਫ਼ੀਸਦੀ ਮਿਹਨਤ ਕੀਤੀ ਹੋਵੇ | 'ਮੁਕਲਾਵਾ' ਸਾਡੇ ਪੇਂਡੂ ਸੱਭਿਆਚਾਰ ਦੀ ਤਰਜਮਾਨੀ ਕਰਦੀ ਫ਼ਿਲਮ ਹੈ | ਅਕਸਰ ਹੀ ਫ਼ਿਲਮਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਪਰਿਵਾਰਕ ਹੈ, ਜ਼ਰੂਰ ਦੇਖਣ ਜਾਇਓ, ਪਰ ਵਿਚੋਂ ਨਿਕਲਦਾ ਕੁਝ ਹੋਰ ਹੈ | 'ਮੁਕਲਾਵਾ' 'ਚ ਨਿਰੋਲ ਸੱਭਿਆਚਾਰ ਦਿਖਾਇਆ ਗਿਆ | ਇਹ ਸੱਚੀਂ ਪਰਵਾਰਕ ਹੈ | ਤੁਸੀਂ ਦੇਖ ਕੇ ਕਹੋਗੇ ਕਿ ਇਹੋ ਜਿਹੀਆਂ ਫ਼ਿਲਮਾਂ ਦੀ ਲੋੜ ਹੈ | ਜੇ ਅਸੀਂ ਆਪਣੇ ਅਤੀਤ ਨਾਲ ਪਿਆਰ ਕਰਦੇ ਹਾਂ ਤਾਂ ਫ਼ਿਲਮ ਜ਼ਰੂਰ ਦੇਖਣੀ ਚਾਹੀਦੀ ਹੈ |

-ਸਵਰਨ ਸਿੰਘ ਟਹਿਣਾ
37, ਪ੍ਰੀਤ ਇਨਕਲੇਵ,
ਲੱਧੇਵਾਲੀ, ਜਲੰਧਰ |

ਮਾਧੁਰੀ ਨੂੰ ਦੇਖ ਕੇ ਡਾਂਸ ਕਰਨਾ ਸਿੱਖਿਆ : ਹੀਨਾ ਪੰਚਾਲ

ਅਭਿਨੇਤਰੀ ਡੇਜ਼ੀ ਸ਼ਾਹ ਤੇ ਆਈਟਮ ਗਰਲ ਹੀਨਾ ਪੰਚਾਲ ਵਿਚਾਲੇ ਸਾਂਝੀ ਗੱਲ ਇਹ ਹੈ ਕਿ ਦੋਵੇਂ ਹੀ ਗੁਜਰਾਤੀ ਹਨ ਅਤੇ ਦੋਵੇਂ ਹੀ ਆਪਣੇ ਕੈਰੀਅਰ ਦੀ ਸ਼ੁਰੂਆਤ ਵਿਚ ਗਰੁੱਪ ਡਾਂਸਰ ਸਨ | ਅੱਜ ਸਲਮਾਨ ਖਾਨ ਦੀ ਬਦੌਲਤ ਡੇਜ਼ੀ ਨੂੰ ਹੀਰੋਇਨ ਦਾ ਰੁਤਬਾ ਮਿਲ ਗਿਆ ਹੈ ਜਦੋਂ ਕਿ ਹੀਨਾ ਨੂੰ ਸਹੀ ਫ਼ਿਲਮ ਦਾ ਇੰਤਜ਼ਾਰ ਹੈ | ਹੁਣ ਤੱਕ 30 ਤੋਂ ਜ਼ਿਆਦਾ ਆਈਟਮ ਗੀਤ ਕਰ ਚੁੱਕੀ ਹੀਨਾ ਨੂੰ ਵਿਸ਼ਵਾਸ ਹੈ ਕਿ ਜਲਦੀ ਹੀ ਉਸ ਦੀ ਪਛਾਣ ਹੀਰੋਇਨ ਦੇ ਤੌਰ 'ਤੇ ਵੀ ਮਜ਼ਬੂਤ ਹੋ ਜਾਵੇਗੀ | ਪਿਛਲੇ ਦਿਨੀਂ ਹੀਨਾ ਨੂੰ ਫ਼ਿਲਮ 'ਕਾਮੇਡੀ ਕਾ ਤੜਕਾ' ਦੇ ਇਕ ਆਈਟਮ ਗੀਤ ਲਈ ਥਿਰਕਣ ਦਾ ਮੌਕਾ ਮਿਲਿਆ | ਮੁੰਬਈ ਦੇ ਏਾਜਲ ਸਟੂਡੀਓ ਵਿਚ ਨਾਈਟ ਕਲੱਬ ਦੇ ਸੈੱਟ ਤੇ ਹੀਨਾ 'ਤੇ ਇਹ ਗੀਤ ਫ਼ਿਲਮਾਇਆ ਗਿਆ ਅਤੇ ਹੀਨਾ ਆਪਣੇ ਲਈ ਇਹ ਗੀਤ ਸਪੈਸ਼ਲ ਮੰਨਦੀ ਹੈ | ਗੀਤ ਦੀ ਖਾਸੀਅਤ ਬਾਰੇ ਦੱਸਦੇ ਹੋਏ ਉਹ ਕਹਿੰਦੀ ਹੈ, 'ਇਸ ਗੀਤ ਦੇ ਨਿ੍ਤ ਨਿਰਦੇਸ਼ਕ ਚਿੰਨੀ ਪ੍ਰਕਾਸ਼ ਹਨ | ਉਹ ਆਪਣੇ ਆਪ ਵਿਚ ਮਹਾਨ ਹਨ | ਬਤੌਰ ਗਰੁੱਪ ਡਾਂਸਰ ਮੈਂ ਕਈ ਗੀਤਾਂ ਲਈ ਉਨ੍ਹਾਂ ਨਾਲ ਕੰਮ ਕੀਤਾ ਸੀ | ਇਹ ਪਹਿਲਾ ਮੌਕਾ ਹੈ ਜਦੋਂ ਮੈਂ ਮੁੱਖ ਭੂਮਿਕਾ ਵਿਚ ਹਾਂ ਅਤੇ ਉਹ ਮੈਨੂੰ ਨਿਰਦੇਸ਼ਿਤ ਕਰ ਰਹੇ ਹਨ |' ਗਰੁੱਪ ਡਾਂਸਰ ਤੋਂ ਆਈਟਮ ਡਾਂਸਰ ਬਣਨ ਦੇ ਸਫ਼ਰ ਬਾਰੇ ਉਹ ਕਹਿੰਦੀ ਹੈ, 'ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਆਈਟਮ ਡਾਂਸਰ ਬਣਾਂਗੀ | ਮੈਨੂੰ ਡਾਂਸ ਕਰਨ ਦਾ ਸ਼ੌਕ ਸੀ | ਸੋ, ਮੈਂ ਗਰੁੱਪ ਡਾਂਸਰ ਦੇ ਤੌਰ 'ਤੇ ਹੀ ਖ਼ੁਸ਼ ਸੀ | ਮੇਰੀ ਕਿਸਮਤ ਨੇ ਮੈਨੂੰ ਆਈਟਮ ਡਾਂਸਰ ਬਣਾ ਦਿੱਤਾ | ਉਹ ਕਹਿੰਦੀ ਹੈ, 'ਮੈਨੂੰ ਬਚਪਨ ਤੋਂ ਹੀ ਡਾਂਸ ਕਰਨ ਦਾ ਸ਼ੌਕ ਸੀ | ਨਵਰਾਤਿਆਂ ਦੇ ਦਿਨਾਂ ਵਿਚ ਮੈਂ ਰਾਤ ਭਰ ਗਰਬਾ ਖੇਡਦੀ | ਫਿਰ ਜਦੋਂ ਫ਼ਿਲਮਾਂ ਦੇਖਣ ਦਾ ਸ਼ੌਕ ਪੈਦਾ ਹੋਇਆ ਤਾਂ ਮਾਧੁਰੀ ਦੀਕਸ਼ਿਤ ਨੂੰ ਦੇਖ ਕੇ ਡਾਂਸ ਕਰਨਾ ਸਿੱਖਿਆ |

-ਮੁੰਬਈ ਪ੍ਰਤੀਨਿਧ

'ਰੋਜ਼ਾ' ਮੁਟਿਆਰ ਮਧੂ ਹੁਣ ਖਲੀ ਬਲੀ 'ਚ

ਆਪਣੀ ਪਹਿਲੀ ਹੀ ਫ਼ਿਲਮ 'ਫੂਲ ਔਰ ਕਾਂਟੇ' ਦੀ ਮਹਾਂ ਸਫਲਤਾ ਦੀ ਬਦੌਲਤ ਬਾਲੀਵੁੱਡ ਵਿਚ ਛਾ ਜਾਣ ਵਿਚ ਕਾਮਯਾਬ ਰਹੀ ਮਧੂ ਨੇ ਬਾਅਦ ਵਿਚ 'ਰੋਜ਼ਾ', 'ਜੱਲਾਦ', 'ਮੋਹਿਨੀ', 'ਯਸ਼ਵੰਤ', 'ਦਿਲਜਲੇ' ਆਦਿ ਫ਼ਿਲਮਾਂ ਦੀ ਬਦੌਲਤ ਆਪਣੀ ਪਛਾਣ ਹੋਰ ਮਜ਼ਬੂਤ ਕੀਤੀ ਸੀ | ਹਿੰਦੀ ਫ਼ਿਲਮਾਂ ਵਿਚ ਉਹ ਸਾਲ 2011 ਵਿਚ ਆਖ਼ਰੀ ਵਾਰ ਉਦੋਂ ਦਿਸੀ ਸੀ ਜਦੋਂ ਉਸ ਦੀ 'ਟੈੱਲ ਮੀ ਓ ਖ਼ੁਦਾ' ਤੇ 'ਲਵ ਯੂ ਮਿ. ਕਲਾਕਾਰ' ਪ੍ਰਦਰਸ਼ਿਤ ਹੋਈ ਸੀ | ਹੁਣ ਇਕ ਲੰਬੇ ਅਰਸੇ ਬਾਅਦ ਮਧੂ ਹਿੰਦੀ ਫ਼ਿਲਮਾਂ ਵਿਚ ਆਪਣੀ ਵਾਪਸੀ ਕਰ ਰਹੀ ਹੈ ਅਤੇ ਉਸ ਦੀ ਵਾਪਸੀ ਦਾ ਸਿਹਰਾ ਹਾਸਲ ਕਰਨ ਵਾਲੀ ਫ਼ਿਲਮ ਦਾ ਨਾਂਅ ਹੈ 'ਖਲੀ ਬਲੀ' ਜੋ ਮਨੋਜ ਸ਼ਰਮਾ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ | ਇਸ ਵਿਚ ਮਧੂ ਦੇ ਨਾਲ ਰਜਨੀਸ਼ ਦੁੱਗਲ, ਕਾਇਨਾਤ ਅਰੋੜਾ, ਰਾਜਪਾਲ ਯਾਦਵ, ਅਸਰਾਨੀ, ਰੋਹਨ ਮਹਿਰਾ ਤੇ ਬਜੇਂਦਰ ਕਾਲਾ ਹਨ | ਆਪਣੀ ਵਾਪਸੀ ਵਾਲੀ ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਮਧੂ ਕਹਿੰਦੀ ਹੈ, 'ਇਹ ਡਰਾਉਣੀ + ਕਾਮੇਡੀ ਫ਼ਿਲਮ ਹੈ | ਇਹ ਕੁਝ ਉਸੇ ਤਰ੍ਹਾਂ ਦੀ ਫ਼ਿਲਮ ਹੋਵੇਗੀ ਜਿਵੇਂ 'ਭੂਲਭੂਲਈਆ' ਅਤੇ 'ਇਸਤਰੀ' ਸਨ | ਇਸ ਵਿਚ ਮੇਰੀ ਭੂਮਿਕਾ ਮਨੋਵਿਗਿਆਨੀ ਦੀ ਹੈ ਜੋ ਭੂਤ ਲਾਹੁਣ ਦਾ ਕੰਮ ਵੀ ਕਰਦੀ ਹੈ | ਹੁਣ ਤੱਕ ਮੈਂ ਇਸ ਤਰ੍ਹਾਂ ਦੀ ਭੂਮਿਕਾ ਪਹਿਲਾਂ ਕਦੀ ਨਹੀਂ ਨਿਭਾਈ ਸੀ | ਸੋ, ਹੁਣ ਫ਼ਿਲਮ ਨੂੰ ਲੈ ਕੇ ਕਾਫੀ ਹੁੰਗਾਰਾ ਮਿਲਿਆ ਹੈ |' ਮਧੂ ਨੂੰ ਅੱਜ ਵੀ 'ਰੋਜ਼ਾ' ਲਈ ਯਾਦ ਕੀਤਾ ਜਾਂਦਾ ਹੈ ਅਤੇ ਇਸ ਫ਼ਿਲਮ ਦਾ ਜ਼ਿਕਰ ਕਰਨ 'ਤੇ ਹੀ ਉਸ ਦੀਆਂ ਅੱਖਾਂ ਵਿਚ ਨਵੀਂ ਚਮਕ ਉੱਭਰ ਆਉਂਦੀ ਹੈ | ਉਹ ਕਹਿੰਦੀ ਹੈ, 'ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੈਰੀਅਰ ਦੀ ਸ਼ੁਰੂਆਤ ਵਿਚ ਹੀ 'ਰੋਜ਼ਾ' ਵਰਗੀ ਫ਼ਿਲਮ ਮਿਲੀ ਅਤੇ ਇਸ ਫ਼ਿਲਮ ਦੀ ਬਦੌਲਤ ਮੇਰੀ ਪਛਾਣ 'ਰੋਜ਼ਾ ਗਰਲ' ਦੇ ਰੂਪ ਵਿਚ ਹੋ ਗਈ | ਰੋਜ਼ਾ ਗਰਲ ਦਾ ਤਗਮਾ ਮੇਰੇ ਲਈ ਫ਼ਖ਼ਰ ਦੀ ਗੱਲ ਹੈ | ਅੱਜ ਜਦੋਂ ਮੈਂ ਕਿਸੇ ਸਮਾਰੋਹ ਵਿਚ ਜਾਂਦੀ ਹਾਂ ਤਾਂ ਮੇਰਾ ਦਾਖਲੇ 'ਤੇ 'ਰੋਜ਼ਾ' ਦੇ ਗੀਤ ਦੀ ਧੁਨ ਵਜਾਈ ਜਾਂਦੀ ਹੈ | ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਜਿਥੇ ਫ਼ਿਲਮ ਦੀ ਰਿਲੀਜ਼ ਤੋਂ ਇਕ ਹਫਤੇ ਬਾਅਦ ਕਿਰਦਾਰ ਭੁਲਾ ਦਿੱਤਾ ਜਾਂਦਾ ਹੈ, ਉਥੇ 'ਰੋਜ਼ਾ' ਵਿਚ ਮੇਰਾ ਕਿਰਦਾਰ ਅੱਜ ਵੀ ਲੋਕਾਂ ਨੂੰ ਯਾਦ ਹੈ | ਇਹ ਫ਼ਿਲਮ ਮੇਰੀ ਪਛਾਣ ਦਾ ਹਿੱਸਾ ਹੈ ਅਤੇ ਲਗਦਾ ਹੈ ਕਿ ਇਹੀ ਪਛਾਣ ਤਾਅਉਮਰ ਬਣੀ ਰਹੇਗੀ |

ਫ਼ਿਲਮੀ ਖ਼ਬਰਾਂ

ਦਿੱਲੀ ਵਾਸੀ ਅਨੀਸ਼ਾ ਮਧੋਕ ਹਾਲੀਵੁੱਡ ਦੀ ਫ਼ਿਲਮ ਵਿਚ
ਦਿੱਲੀ ਦੇ ਰੰਗਮੰਚ 'ਤੇ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਕੇ ਵਾਹਵਾਹ ਖੱਟਣ ਵਾਲੀ ਅਨੀਸ਼ਾ ਮਧੋਕ ਨੂੰ ਹਾਲੀਵੁੱਡ ਦੀ ਫ਼ਿਲਮ 'ਬੁਲੀ ਹਾਈ' ਲਈ ਇਕਰਾਰਬੱਧ ਕੀਤਾ ਗਿਆ ਹੈ | ਬਿਲ ਮੇਕ ਐਡਮ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਸ ਫ਼ਿਲਮ ਵਿਚ ਅਨੀਸ਼ਾ ਵਲੋਂ ਮਰੀਅਮ ਨਾਮੀ ਇਕ ਇਸ ਤਰ੍ਹਾਂ ਦੀ ਪਾਕਿਸਤਾਨੀ ਕੁੜੀ ਦਾ ਕਿਰਦਾਰ ਨਿਭਾਇਆ ਜਾ ਰਿਹਾ ਹੈ ਜੋ ਅਮਰੀਕਾ ਵਿਚ ਰਹਿ ਰਹੀ ਹੁੰਦੀ ਹੈ ਅਤੇ ਜਦੋਂ ਉਹ ਸਕੂਲ ਜਾਂਦੀ ਹੈ ਤਾਂ ਉਦੋਂ ਸਥਾਨਕ ਵਿਦਿਆਰਥੀਆਂ ਵਲੋਂ ਉਸ ਨੂੰ ਪ੍ਰਤਾੜਿਆ ਜਾਂਦਾ ਹੈ | ਆਪਣੀ ਪਹਿਲੀ ਫ਼ਿਲਮ ਦੇ ਤੌਰ 'ਤੇ ਹਾਲੀਵੁੱਡ ਦੀ ਫ਼ਿਲਮ ਹਾਸਲ ਕਰਕੇ ਉਹ ਕਾਫੀ ਖ਼ੁਸ਼ ਹੈ |
'ਕੁਲੀ ਨੰ: 1' ਵਿਚ ਵਰੁਣ ਧਵਨ
ਪਹਿਲਾਂ ਡੇਵਿਡ ਧਵਨ ਨੇ ਗੋਵਿੰਦਾ ਦੇ ਨਾਲ 'ਕੁਲੀ ਨੰ: 1' ਬਣਾਈ ਸੀ | ਹੁਣ ਡੇਵਿਡ ਆਪਣੇ ਬੇਟੇ ਵਰੁਣ ਨੂੰ ਲੈ ਕੇ 'ਕੁਲੀ ਨੰ:” 1' ਬਣਾ ਰਹੇ ਹਨ | ਇਸ ਕਾਮੇਡੀ ਫ਼ਿਲਮ ਦੀ ਕਹਾਣੀ ਫਰਹਾਦ ਸਾਮਜੀ ਵਲੋਂ ਲਿਖੀ ਗਈ ਹੈ ਅਤੇ ਇਸ ਵਿਚ ਵਰੁਣ ਨੂੰ ਦੋ ਨਾਇਕਾਵਾਂ ਵਿਚਾਲੇ ਫਸੇ ਆਦਮੀ ਦੀ ਭੂਮਿਕਾ ਵਿਚ ਪੇਸ਼ ਕੀਤਾ ਜਾਵੇਗਾ |
ਫਰਹਾ ਖਾਨ ਬਣਾਏਗੀ 'ਸੱਤੇ ਪੇ ਸੱਤਾ' ਦੀ ਰੀਮੇਕ
ਫਰਹਾ ਖਾਨ ਵਲੋਂ ਨਿਰਦੇਸ਼ਿਤ 'ਓਮ ਸ਼ਾਂਤੀ ਓਮ' ਵਿਚ ਰਿਸ਼ੀ ਕਪੂਰ ਦੀ ਫ਼ਿਲਮ 'ਕਰਜ਼' ਦੀ ਝਲਕ ਦੇਖਣ ਨੂੰ ਮਿਲੀ ਸੀ | ਹੁਣ ਫਰਹਾ ਖਾਨ ਅਧਿਕਾਰਿਕ ਤੌਰ 'ਤੇ ਅਮਿਤਾਭ ਬੱਚਨ ਦੀ ਫ਼ਿਲਮ 'ਸੱਤੇ ਪੇ ਸੱਤਾ' ਨੂੰ ਨਵੇਂ ਰੂਪ ਵਿਚ ਬਣਾਉਣ ਜਾ ਰਹੀ ਹੈ | ਸੱਤ ਭਰਾਵਾਂ 'ਤੇ ਆਧਾਰਿਤ ਇਸ ਫ਼ਿਲਮ ਲਈ ਕਲਾਕਾਰਾਂ ਦੇ ਨਾਂਅ 'ਤੇ ਇਨ੍ਹੀਂ ਦਿਨੀਂ ਸੋਚ-ਵਿਚਾਰ ਚੱਲ ਰਿਹਾ ਹੈ | ਉਂਝ ਪਹਿਲਾਂ ਅਭਿਨੇਤਾ ਸਚਿਨ ਨੇ 'ਸੱਤੇ ਪੇ ਸੱਤਾ' ਦੀ ਮਰਾਠੀ ਰੀਮੇਕ ਦੇ ਤੌਰ 'ਤੇ 'ਆਮਹੀ ਸਾਤਪੂਤੇ' ਬਣਾਈ ਸੀ ਜੋ ਕਿ ਖ਼ਾਸ ਕਾਰੋਬਾਰ ਨਹੀਂ ਕਰ ਸਕੀ ਸੀ | ਹੁਣ ਦੇਖੋ, ਕੀ ਫਰਹਾ ਖਾਨ ਕਮਾਲ ਦਿਖਾਉਣ ਵਿਚ ਕਾਮਯਾਬ ਰਹਿੰਦੀ ਹੈ |
ਆਮਿਰ ਦੀ ਭੈਣ ਵੀ ਐਕਟਿੰਗ ਦੇ ਮੈਦਾਨ ਵਿਚ
ਪਹਿਲਾਂ ਆਮਿਰ ਖਾਨ ਨੂੰ ਦੇਖ ਕੇ ਉਨ੍ਹਾਂ ਦਾ ਭਰਾ ਫੈਸਲ ਖਾਨ ਅਭਿਨੈ ਦੇ ਖੇਤਰ ਵਿਚ ਆ ਗਏ ਤੇ ਹੁਣ ਆਮਿਰ ਦੀ ਭੈਣ ਨਿਖਟ ਨੇ ਵੀ ਅਭਿਨੈ ਦਾ ਚੋਲਾ ਧਾਰਨ ਕਰ ਲਿਆ ਹੈ | ਉਹ ਨਿਰਦੇਸ਼ਕ ਤੁਸ਼ਾਰ ਹੀਰਾਨੰਦਾਨੀ ਦੀ ਫ਼ਿਲਮ 'ਸਾਂਡ ਕੀ ਆਂਖ' ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ | ਦੋ ਨਿਸ਼ਾਨੇਬਾਜ਼ ਔਰਤਾਂ 'ਤੇ ਬਣੀ ਇਸ ਫ਼ਿਲਮ ਵਿਚ ਤਾਪਸੀ ਪੰਨੂੰ ਤੇ ਭੂਮੀ ਪੇਡਣੇਕਰ ਮੁੱਖ ਭੂਮਿਕਾਵਾਂ ਵਿਚ ਹਨ |
ਨੀਨਾ ਗੁਪਤਾ ਹੁਣ ਅਕਸ਼ੈ ਕੁਮਾਰ ਦੀ ਮਾਂ ਦੀ ਭੂਮਿਕਾ ਵਿਚ
ਫ਼ਿਲਮ 'ਬਧਾਈ ਹੋ' ਵਿਚ ਆਯੂਸ਼ਮਾਨ ਖੁਰਾਣਾ ਦੀ ਮਾਂ ਦੀ ਭੂਮਿਕਾ ਨਿਭਾਅ ਕੇ ਕਈ ਐਵਾਰਡ ਜਿੱਤਣ ਵਾਲੀ ਨੀਨਾ ਗੁਪਤਾ ਨੂੰ ਨਿਰਦੇਸ਼ਕ ਰੋਹਿਤ ਸ਼ੈਟੀ ਨੇ 'ਸੂਰਿਆਵੰਸ਼ੀ' ਲਈ ਇਕਰਾਰਬੱਧ ਕਰ ਲਿਆ ਹੈ | ਉਹ ਇਸ ਵਿਚ ਅਕਸ਼ੈ ਕੁਮਾਰ ਦੀ ਮਾਂ ਦੀ ਭੂਮਿਕਾ ਨਿਭਾਏਗੀ | ਨੀਨਾ ਅਨੁਸਾਰ ਇਹ ਭੂਮਿਕਾ ਆਮ ਫ਼ਿਲਮੀ ਮਾਂ ਦੀ ਭੂਮਿਕਾ ਤੋਂ ਹਟ ਕੇ ਹੈ ਅਤੇ ਇਸ ਵਿਚ ਉਸ ਦੇ ਹਿੱਸੇ ਕਾਮੇਡੀ ਕਰਨਾ ਵੀ ਆਇਆ ਹੈ |

-ਮੁੰਬਈ ਪ੍ਰਤੀਨਿਧ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX