ਤਾਜਾ ਖ਼ਬਰਾਂ


ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  6 minutes ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  36 minutes ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਪ੍ਰਿਅੰਕਾ ਗਾਂਧੀ ਅੱਜ ਜਾਣਗੇ ਸੋਨਭੱਦਰ
. . .  about 1 hour ago
ਲਖਨਊ, 19 ਜੁਲਾਈ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਸੋਨਭੱਦਰ ਜਾਣਗੇ, ਜਿੱਥੇ ਕਿ ਉਹ ਜ਼ਮੀਨੀ ਵਿਵਾਦ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ...
ਪਸ਼ੂ ਚੋਰੀ ਦੇ ਸ਼ੱਕ 'ਚ ਲੋਕਾਂ ਵੱਲੋਂ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 1 hour ago
ਪਟਨਾ, 19 ਜੁਲਾਈ - ਬਿਹਾਰ ਦੇ ਸਾਰਨ 'ਚ ਪੈਂਦੇ ਬਨਿਆਪੁਰ ਵਿਖੇ ਪਸ਼ੂ ਚੋਰੀ ਕਰਨ ਦੇ ਸ਼ੱਕ 'ਚ ਲੋਕਾਂ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਅੱਜ ਮੀਟਿੰਗ ਨਹੀ - ਬੀ.ਸੀ.ਸੀ.ਆਈ
. . .  about 1 hour ago
ਮੁੰਬਈ, 19 ਜੁਲਾਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦਾ ਕਹਿਣਾ ਹੈ ਕਿ ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਮੁੰਬਈ 'ਚ ਅੱਜ ਮੀਟਿੰਗ...
ਅਸਮ 'ਚ ਐਨ.ਆਰ.ਸੀ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 1 hour ago
ਨਵੀਂ ਦਿੱਲੀ, 19 ਜੁਲਾਈ - ਅਸਮ 'ਚ ਐਨ.ਆਰ.ਸੀ ਮਾਮਲੇ 'ਚ ਕੇਂਦਰ ਤੇ ਅਸਮ ਸਰਕਾਰ ਦੀਆਂ ਅਰਜ਼ੀਆਂ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ...
ਕੁਮਾਰਸਵਾਮੀ ਅੱਜ ਦੁਪਹਿਰ ਤੱਕ ਸਾਬਤ ਕਰਨਗੇ ਬਹੁਮਤ
. . .  about 1 hour ago
ਬੈਂਗਲੁਰੂ, 19 ਜੁਲਾਈ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ ਕੁਮਾਰਸਵਾਮੀ ਅੱਜ ਦੁਪਹਿਰ ਤੱਕ ਬਹੁਮਤ ਸਾਬਤ ਕਰਨਗੇ। ਰਾਜਪਾਲ ਵਜੁਭਾਈ ਬਾਲਾ ਨੇ ਕੁਮਾਰਸਵਾਮੀ ਨੂੰ ਦੁਪਹਿਰ 1.30 ਵਜੇ ਤੱਕ ਬਹੁਮਤ ਸਾਬਤ ਕਰਨ...
ਨਿਊਜ਼ੀਲੈਂਡ ਦੇ ਕ੍ਰਾਈਸਚਰਚ 'ਚ ਜ਼ੋਰਦਾਰ ਧਮਾਕਾ, 7 ਜ਼ਖਮੀ
. . .  about 2 hours ago
ਆਕਲੈਂਡ, 19 ਜੁਲਾਈ (ਹਰਮਨਪ੍ਰੀਤ ਸਿੰਘ ਸੈਣੀ) - ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਚਰਚ ਵਿਚ ਇਕ ਘਰ ਅੰਦਰ ਹੋਏ ਜ਼ੋਰਦਾਰ ਧਮਾਕੇ ਵਿਚ 7 ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋ...
ਅੱਜ ਦਾ ਵਿਚਾਰ
. . .  about 2 hours ago
ਪਿੰਡ ਰਾਮਪੁਰ ਸੈਣੀਆ ਵਿਖੇ ਤੰਦੂਏ ਹੋਣ ਦੀ ਅਫ਼ਵਾਹ ਨੇ ਉਡਾਈ ਲੋਕਾਂ ਦੀ ਨੀਂਦ
. . .  about 10 hours ago
ਡੇਰਾਬੱਸੀ,18 ਜੁਲਾਈ(ਗੁਰਮੀਤ ਸਿੰਘ)-ਬਰਵਾਲਾ ਸੜਕ ਤੇ ਸਤਿਥ ਪਿੰਡ ਰਾਮ ਪੁਰ ਸੈਣੀਆ ਵਿਖੇ ਦੇਰ ਰਾਤ ਤੇਂਦੁਆ ਵੇਖੇ ਜਾਣ ਦੀ ਅਫ਼ਵਾਹ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਪਿੰਡ ਵਿੱਚ ਗੁੱਗਾ ਮੈੜੀ ਧਾਰਮਿਕ ਸਥਾਨ...
ਹੋਰ ਖ਼ਬਰਾਂ..

ਬਾਲ ਸੰਸਾਰ

ਗਰਮੀ ਦੀਆਂ ਛੱੁਟੀਆਂ

ਸਾਡੇ ਬਚਪਨ ਦੇ ਸਮਿਆਂ ਵਿਚ ਸੂਚਨਾ ਕ੍ਰਾਂਤੀ (ਟੈਲੀਫੋਨ ਅਤੇ ਮੋਬਾਈਲ ਫੋਨ ਆਦਿ) ਅਤੇ ਆਵਾਜਾਈ ਦੇ ਸਾਧਨ ਏਨੇ ਵਿਕਸਿਤ ਨਹੀਂ ਸਨ, ਜਿੰਨੇ ਕਿ ਅੱਜਕਲ੍ਹ | ਟੈਲੀਫੋਨ ਪਿੰਡ ਦੇ ਕਿਸੇ ਰੱਜੇ-ਪੱੁਜੇ ਘਰ ਵਿਚ ਹੀ ਹੁੰਦਾ ਸੀ | ਮੋਬਾਈਲ ਫੋਨ ਨਾਂਅ ਦੀ ਕੋਈ ਚੀਜ਼ ਵੀ ਨਹੀਂ ਸੀ | ਟੈਲੀਵਿਜ਼ਨ ਵੀ ਵਿਰਲੇ-ਟਾਵੇਂ ਘਰ ਵਿਚ ਹੀ ਹੁੰਦੇ ਸਨ | ਨਾਨਕਿਆਂ ਅਤੇ ਨਾਨਕਿਆਂ ਦੇ ਪਿੰਡ ਦਾ ਹਾਲ-ਚਾਲ, ਖੁਸ਼ੀ-ਗ਼ਮੀ ਅਤੇ ਸੁਖ-ਸਾਂਦ ਨਾਨਕੇ ਪਹੁੰਚ ਕੇ ਹੀ ਸਹੀ ਅਤੇ ਸਾਰੀ ਮਿਲਦੀ ਹੁੰਦੀ ਸੀ | ਪੰਜੀਂ-ਸੱਤੀਂ ਮਹੀਨੇ ਨਾਨਕੀਂ ਜਾਣਾ ਤਾਂ ਫਿਰ ਖੁਸ਼ੀ ਦੂਣਸਵਾਈ ਹੀ ਹੋ ਜਾਂਦੀ ਸੀ | ਪਹਿਲੇ ਸਮੇਂ ਵਿਚ ਗਰਮੀਆਂ ਦੀਆਂ ਛੱੁਟੀਆਂ ਵਿਚ ਖਾਸ ਤੌਰ 'ਤੇ ਨਾਨਕੇ ਘਰ ਜਾਣ ਦਾ ਇਕ ਵੱਖਰਾ ਹੀ ਆਨੰਦ, ਖੁਸ਼ੀ, ਜਨੂੰਨ ਅਤੇ ਚਾਅ-ਮਲਾਰ ਹੁੰਦਾ ਸੀ | ਬੱਚੇ ਵੀ ਪੜ੍ਹਾਈ ਤੋਂ ਵਿਹਲੇ ਹੋ ਕੇ ਨਾਨਕੇ ਘਰ ਜਾਣ, ਮਾਮੇ-ਮਾਮੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ , ਮਾਸੀਆਂ ਨੂੰ ਅਤੇ ਨਾਨਾ-ਨਾਨੀ ਨੂੰ ਮਿਲਣ, ਉਥੇ ਰਹਿਣ ਅਤੇ ਚਾਈਾ-ਚਾਈਾ ਹਾਣ ਦੇ ਸਾਥੀਆਂ ਨਾਲ ਖੇਡਣ ਅਤੇ ਸ਼ਰਾਰਤਾਂ ਕਰਨ ਨੂੰ ਝੂਰਦੇ ਹੁੰਦੇ ਸੀ |
ਬੱਸਾਂ ਦੀ ਆਵਾਜਾਈ ਵੀ ਕਾਫੀ ਘੱਟ ਸੀ | ਨਾਨਕੇ ਜਾਣ ਦੀ ਖੁਸ਼ੀ ਵਿਚ ਘੰਟਿਆਂਬੱਧੀ ਬੱਸ ਦੀ ਉਡੀਕ ਕਰਨੀ ਪੈ ਜਾਂਦੀ ਸੀ | ਸੜਕ ਉੱਤੇ ਨਾਨਕੇ ਘਰ ਵੱਲ ਨੂੰ ਜਾਣ ਵਾਲੀ ਬੱਸ ਦੇਖ ਕੇ ਮਨ ਭੰਗੜੇ ਪਾਉਣ ਲੱਗ ਪੈਂਦਾ ਸੀ | ਉਸ ਤੋਂ ਅਗਲਾ ਪੇਂਡੂ ਸਫ਼ਰ 2-3 ਕਿਲੋਮੀਟਰ ਜਾਂ ਵੱਧ ਪੈਦਲ ਯਾਤਰਾ ਕਰਕੇ ਹੱਸਦੇ-ਹੱਸਦੇ ਤੇ ਨਾਨਕੇ ਘਰ ਪਹੁੰਚਣ ਦੀ ਖੁਸ਼ੀ ਵਿਚ ਹੀ ਤੈਅ ਕਰ ਲਈਦਾ ਹੁੰਦਾ ਸੀ | ਬੱਚੇ ਨਾਨਕੇ ਘਰ ਰਹਿ ਕੇ ਪੀਂਘਾਂ ਝੂਟਦੇ ਹੁੰਦੇ ਸੀ | ਕੱਚੀਆਂ ਅੰਬੀਆਂ ਤੋੜ ਕੇ ਨਮਕ-ਮਿਰਚ ਲਾ ਕੇ ਖਾਣੀਆਂ, ਰੇਹੜੀ ਵਾਲੇ ਤੋਂ ਪਾਪੜ ਅਤੇ ਭੂਕਨੇ ਖਰੀਦ ਕੇ ਖਾਣੇ, ਸਿਖਰ ਦੁਪਹਿਰ ਵੀ ਖੇਡੀ ਜਾਣਾ, ਲੱਸੀ ਪੀਣੀ, ਕਾਗਜ਼ ਦੇ ਜਹਾਜ਼, ਕਿਸ਼ਤੀਆਂ ਜਾਂ ਹੋਰ ਕੁਝ ਬਣਾਉਣਾ, ਬੰਟੇ ਖੇਡਣਾ, ਕੋਟਲਾ ਛਪਾਕੀ, ਲੁਕਣਮੀਚੀ, ਛੂਹ-ਛੁਹਾਈ, ਗਰਮ ਪਿੱਠੂ, ਗੱੁਲੀ-ਡੰਡਾ, ਚੋਰ-ਸਿਪਾਹੀ ਜਿਹੀਆਂ ਖੇਡਾਂ ਖੇਡਣਾ ਨਾਨਕਿਆਂ ਦੇ ਨਜ਼ਾਰੇ ਸਨ | ਕਈ ਵਾਰ ਨਮਕ ਲਾ ਕੇ ਇਮਲੀ ਖਾਣੀ ਜਾਂ ਵੱਡਿਆਂ-ਬਜ਼ੁਰਗਾਂ ਨਾਲ ਨੇੜ-ਤੇੜ ਦੇ ਜਲ ਸਰੋਤਾਂ ਜਾਂ ਖੂਹ 'ਤੇ ਨਹਾਉਣ ਜਾਣਾ ਵੀ ਉਸ ਸਮੇਂ ਦੇ ਦਿਲਕਸ਼ ਅਨੰਦ ਹੁੰਦੇ ਸਨ | ਉਦੋਂ ਬੱਚੇ ਥੋੜ੍ਹਾ-ਬਹੁਤਾ ਰਹਿੰਦਾ ਸਕੂਲ ਦਾ ਕੰਮ (ਛੱੁਟੀਆਂ ਦਾ ਕੰਮ) ਵੀ ਨਾਨਕੇ ਘਰ ਪੂਰਾ ਕਰ ਲੈਂਦੇ ਸੀ | ਅਕਸਰ ਬੱਚੇ ਛੱੁਟੀਆਂ ਦਾ ਕੰਮ ਘਰ ਵਿਚ ਰਹਿ ਕੇ ਪਹਿਲਾਂ ਹੀ ਖ਼ਤਮ ਕਰ ਲੈਂਦੇ ਸਨ | ਨਾਨਕੇ ਜਾਣਾ ਮਤਲਬ ਖੂਬ ਮੌਜਮਸਤੀ ਕਰਨੀ ਹੁੰਦੀ ਸੀ | ਬੱਚੇ ਨਾਨਕੇ ਰੱਖੇ ਹੋਏ ਮੱਝਾਂ, ਗਾਵਾਂ, ਬੱਕਰੀਆਂ ਆਦਿ ਪਸ਼ੂਆਂ ਨੂੰ ਵੀ ਮਾਮੇ ਆਦਿ ਨਾਲ ਖੱੁਲ੍ਹੇ-ਡੱੁਲ੍ਹੇ ਖੇਤਾਂ ਜਾਂ ਚਰਾਂਦਾਂ ਵਿਚ ਚਰਾਉਣ ਲੈ ਜਾਂਦੇ ਸਨ ਅਤੇ ਉਥੇ ਵੀ ਖੂਬ ਪਿੰਡਾਂ ਦੇ ਬੱਚਿਆਂ ਨਾਲ ਰਚ-ਮਿਚ ਕੇ ਰਹਿੰਦੇ ਹੁੰਦੇ ਸਨ ਅਤੇ ਬਚਪਨ ਦੇ ਨਜ਼ਾਰਿਆਂ ਦਾ ਅਨੰਦ ਮਾਣਦੇ ਹੁੰਦੇ ਸਨ |
ਰਿਸ਼ਤੇਦਾਰ ਵੀ ਇਕ-ਦੂਜੇ ਦੀ ਇੱਜ਼ਤ ਕਰਦੇ ਹੋਏ ਮੱਥੇ ਤਿਉੜੀ ਨਹੀਂ ਸੀ ਪਾਉਂਦੇ, ਸਗੋਂ ਹਰ ਆਏ-ਗਏ ਨੂੰ ਹੱਥਾਂ 'ਤੇ ਲੈ ਲੈਂਦੇ ਸਨ ਅਤੇ ਯਥਾਸੰਭਵ ਆਓ ਭਗਤ ਕਰਦੇ ਹੁੰਦੇ ਸਨ | ਉਦੋਂ ਨਾਨਕੇ ਜਾਣ ਦਾ ਮਤਲਬ ਹੁੰਦਾ ਸੀ ਕਿ 25-30 ਦਿਨ ਵਾਸਤੇ ਨਾਨਕੇ ਘਰ ਹੀ ਰਹਿਣਾ ਪਰ ਹੁਣ ਸਮਾਂ ਬਦਲ ਗਿਆ | ਮੋਬਾਈਲ ਫੋਨਾਂ ਨੇ ਨਾਨਕੇ ਜਾਣ ਦੀ ਖਿੱਚ ਫਿੱਕੀ ਪਾ ਦਿੱਤੀ ਹੈ | ਪੜ੍ਹਾਈ ਦਾ ਬੋਝ ਬਚਪਨ 'ਤੇ ਹਾਵੀ ਹੋ ਚੱੁਕਾ ਹੈ, ਪੁਰਾਣੇ ਕੰਮ-ਧੰਦੇ, ਮਾਹੌਲ, ਸਮੇਂ, ਪਿਆਰ, ਹੱਲਾਸ਼ੇਰੀ, ਖੁਸ਼ਦਿਲੀ ਤੇ ਚਾਅ-ਮਲਾਰ ਅੱਜ ਦੇਖਣ ਨੂੰ ਨਹੀਂ ਮਿਲ ਰਿਹਾ, ਖਾਣ-ਪੀਣ ਵੀ ਬਦਲ ਗਏ ਹਨ | ਸਮੇਂ ਦੀ ਘਾਟ ਹੋ ਗਈ ਹੈ ਤੇ ਹਰ ਕੋਈ ਵਿਅਸਤ ਹੋ ਗਿਆ ਹੈ, ਉਹ ਵੀ ਆਪਣੇ-ਆਪ ਵਿਚ | ਕਾਸ਼! ਅੱਜ ਦੇ ਬੱਚੇ ਵੀ ਸਾਡੇ ਜਿਹੇ ਬਚਪਨ ਦਾ ਅਨੰਦ ਖਾਸ ਤੌਰ 'ਤੇ ਗਰਮੀ ਦੀਆਂ ਛੱੁਟੀਆਂ ਵਿਚ ਨਾਨਕੇ ਘਰ ਰਹਿ ਕੇ ਮਾਣਦੇ ਹੁੰਦੇ ਅਤੇ ਅਣਭੋਲ ਤੇ ਅਠਖੇਲੀਆਂ ਕਰਦੇ ਬੇਫ਼ਿਕਰੇ ਬਚਪਨ ਤੋਂ ਵਾਕਿਫ਼ ਹੋ ਜਾਂਦੇ |

-ਕਮਲ ਬਰਾੜ, ਪਿੰਡ ਕੋਟਲੀ ਅਬਲੂ | ਮੋਬਾ: 73077-36899


ਖ਼ਬਰ ਸ਼ੇਅਰ ਕਰੋ

ਅਨਮੋਲ ਬਚਨ

• ਕਿਸੇ ਨੂੰ ਵੀ ਕਦੇ ਦੱੁਖ ਨਹੀਂ ਦੇਣਾ ਚਾਹੀਦਾ, ਕਿਉਂਕਿ ਦਿੱਤੀ ਹੋਈ ਚੀਜ਼ ਇਕ ਦਿਨ ਹਜ਼ਾਰ ਗੁਣਾ ਹੋ ਕੇ ਵਾਪਸ ਮਿਲਦੀ ਹੈ |
• ਚੰਗੀਆਂ ਕਿਤਾਬਾਂ ਤੇ ਚੰਗੇ ਲੋਕ ਏਨੀ ਛੇਤੀ ਸਮਝ ਵਿਚ ਨਹੀਂ ਆਉਂਦੇ, ਉਨ੍ਹਾਂ ਨੂੰ ਸਮਝਣ ਲਈ ਡੰੂਘਾਈ ਨਾਲ ਪੜ੍ਹਨਾ ਪੈਂਦਾ ਹੈ |
• ਚੀਜ਼ਾਂ ਦੀ ਕੀਮਤ ਮਿਲਣ ਤੋਂ ਪਹਿਲਾਂ ਪੈਂਦੀ ਹੈ ਪਰ ਇਨਸਾਨ ਦੀ ਕੀਮਤ ਮਿਲਣ ਤੋਂ ਬਾਅਦ ਪਤਾ ਲਗਦੀ ਹੈ |
• ਕਿਸੇ ਦੀ ਚੰਗਿਆਈ ਦਾ ਏਨਾ ਵੀ ਫਾਇਦਾ ਨਾ ਉਠਾਓ ਕਿ ਉਹ ਬੁਰਾ ਬਣਨ ਲਈ ਮਜਬੂਰ ਹੋ ਜਾਵੇ |
• ਅਸੀਂ ਇਹ ਸੋਚ ਕੇ ਜ਼ਿੰਦਗੀ ਜਿਊਾਦੇ ਹਾਂ ਕਿ ਲੋਕ ਕੀ ਕਹਿਣਗੇ ਪਰ ਪਰਮਾਤਮਾ ਕੀ ਕਹੇਗਾ, ਕਦੇ ਇਸ 'ਤੇ ਵਿਚਾਰ ਹੀ ਨਹੀਂ ਕਰਦੇ |

-ਬਲਵਿੰਦਰ ਜੀਤ ਕੌਰ,
ਚੱਕਲਾਂ (ਰੂਪਨਗਰ) | ਮੋਬਾ: 94649-18164

ਬੁਝਾਰਤਾਂ

1. ਪੇਕਿਆਂ ਵਲੋਂ ਆਪਣੀਆਂ ਵਿਆਹੀਆਂ ਧੀਆਂ ਨੂੰ ਤਿਉਹਾਰਾਂ ਸਮੇਂ ਕੱਪੜੇ, ਖਾਣ-ਪੀਣ ਦੀਆਂ ਵਸਤਾਂ, ਗਹਿਣੇ ਆਦਿ ਸੌਗਾਤ ਵਜੋਂ ਦਿੱਤੀਆਂ ਵਸਤਾਂ ਨੂੰ ਕੀ ਕਹਿੰਦੇ ਹਨ?
2. ਮੱਝਾਂ ਚਾਰਨ ਵਾਲੇ ਵਿਅਕਤੀ ਨੂੰ ਕੀ ਕਹਿੰਦੇ ਹਨ?
3. ਬਾਂਸ ਦੀ 5-6 ਕੁ ਫੱੁਟ ਲੰਮੀ ਡਾਂਗ, ਜਿਸ ਦਾ ਹੱਥ ਵਿਚ ਫੜਨ ਵਾਲਾ ਹਿੱਸਾ ਥੋੜ੍ਹਾ ਜਿਹਾ ਗੁਲਾਈਦਾਰ ਹੁੰਦਾ ਹੈ, ਨੂੰ ਕੀ ਕਹਿੰਦੇ ਹਨ?
4. ਮੋਟੇ ਸੂਤ ਦੇ ਬਣੇ ਮੋਟੇ ਸੂਤੀ ਕੱਪੜੇ ਨੂੰ ਕੀ ਕਹਿੰਦੇ ਹਨ?
5. ਮੁੰਜ ਦਾ, ਕਣਕ ਦੀ ਨਾੜ ਦਾ ਤੇ ਸਰਕੜੇ ਦੇ ਕਾਨਿਆਂ ਦੀ ਬਣੀ ਹੋਈ ਬੈਠਣ ਵਾਲੀ ਵਸਤੂ ਨੂੰ ਕੀ ਕਹਿੰਦੇ ਹਨ?
6. ਨੋਕਦਾਰ ਮੰੂਹ ਵਾਲੀ ਮਿੱਟੀ ਦੀ ਬਣੀ ਠੂਠੀ ਨੂੰ ਕੀ ਕਹਿੰਦੇ ਹਨ?
7. ਮੱਝ, ਗਾਂ, ਝੋਟੀ, ਵੱਛੀ ਦੇ ਗਲ ਵਿਚ ਰੱਸੇ ਨਾਲ ਬੰਨ੍ਹ ਕੇ ਲਟਕਾਏ ਲੱਕੜ ਦੇ ਟੰਬੇ ਨੂੰ ਕੀ ਕਹਿੰਦੇ ਹਨ?
8. ਕੜਛੀ ਵਰਗੀ, ਕਾਠ ਦੀ ਬਣੀ ਵਸਤੂ ਨੂੰ ਕੀ ਕਹਿੰਦੇ ਹਨ?
9. ਲੋਹੇ ਦੀ ਗੁਲਾਈਦਾਰ ਬਣੀ ਪੱਤਰੀ, ਜੋ ਪਸ਼ੂਆਂ ਦੇ ਖੁਰਾਂ ਥੱਲੇ ਲਾਈ ਜਾਂਦੀ ਹੈ, ਨੂੰ ਕੀ ਕਹਿੰਦੇ ਹਨ?
10. ਤਿਲਾਂ ਵਿਚ ਗੁੜ ਪਾ ਕੇ, ਕੱੁਟ ਕੇ ਬਣਾਏ ਖਾਣ ਵਾਲੇ ਪਦਾਰਥ ਨੂੰ ਕੀ ਕਹਿੰਦੇ ਹਨ?
ਉੱਤਰ : (1) ਸੰਧਾਰਾ, (2) ਮਝੇਰੂ, (3) ਖੰੂਡਾ, (4) ਖੇਸ, (5) ਮੂਹੜਾ, (6) ਦੀਵਾ, (7) ਡਹਿਆ, (8) ਡੋਈ, (9) ਖੁਰੀ, (10) ਭੱੁਗਾ |

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ (ਲੁਧਿਆਣਾ) | ਮੋਬਾ: 98763-22677

ਪਿਆਰੇ ਬੱਚੇ

ਨੰਨ੍ਹੇ-ਮੁੰਨੇ ਪਿਆਰੇ ਬੱਚੇ,
ਸਾਰੇ ਜੱਗ ਤੋਂ ਨਿਆਰੇ ਬੱਚੇ |
ਇਨ੍ਹਾਂ ਲਈ ਕੋਈ ਜਾਤ-ਪਾਤ ਨਾ,
ਇਨ੍ਹਾਂ ਲਈ ਕੋਈ ਆਮ-ਖਾਸ ਨਾ |
ਮਨ ਦੇ ਕਿੰਨੇ ਸਾਫ਼ ਇਹ ਬੱਚੇ,
ਸੰਸਾਰ ਦੇ ਝੰਜਟਾਂ ਤੋਂ ਅਨਜਾਣ ਇਹ ਬੱਚੇ |
ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ,
ਸ਼ਰਾਰਤਾਂ ਕਰਨੋਂ ਇਹ ਨਾ ਡਰਦੇ |
'ਅਮਨ' ਲਈ ਮਾਣ ਇਹ ਬੱਚੇ,
ਜੀਵਨ ਉਸ ਦੇ ਦੀ ਸ਼ਾਨ ਇਹ ਬੱਚੇ |

-ਅਮਨਦੀਪ,
ਅਸ਼ੋਕ ਨਗਰ, ਮ: ਨੰ: 131, ਲੁਧਿਆਣਾ |

ਬੁਝਾਰਤ-47

ਵੱਲਾਂ 'ਚੋਂ ਇਕ ਅਨੋਖੀ ਵੱਲ
ਨਾ ਕੋਈ ਫੁੱਲ, ਨਾ ਲੱਗੇ ਫਲ |
ਨਾ ਹੀ ਜੜ੍ਹ ਤੇ ਨਾ ਹੀ ਪੱਤ,
ਕਿਸੇ ਤੋਂ ਲਏ ਲੋੜੀਂਦੇ ਤੱਤ |
ਕੋਈ ਨਾ ਇਸ ਨੂੰ ਪਾਣੀ ਪਾਵੇ
ਵਧਦੀ ਜਾਵੇ, ਵਧਦੀ ਜਾਵੇ |
ਸਾਰੀ ਬਨਸਪਤੀ ਤੋਂ ਨਿਆਰੀ,
ਪਰ ਹੈ ਬੜੀ ਹੀ ਗੁਣਕਾਰੀ |
ਬੁੱਝੋ ਬੱਚਿਓ ਬਾਤ ਹੁਣ ਮੇਰੀ,
ਛੇਤੀ ਕਰੋ ਲਾਓ ਨਾ ਦੇਰੀ |
ਸਾਥੋਂ ਬਾਤ ਹੁੰਦੀ ਨੀ ਬੁੱਝ,
ਭਲੂਰੀਆ ਜੀ ਕਰੋ ਤੁਸੀਂ ਕੁਝ |
—0—
ਤੁਸੀਂ ਹੋ ਮੇਰੇ ਧੀਆਂ ਪੁੱਤਰ,
ਲਓ ਸੁਣੋ ਫਿਰ ਬਾਤ ਦਾ ਉੱਤਰ |
ਦਿਮਾਗੀ ਕਸਰਤ ਦਾ ਇਹ ਖੇਲ,
ਬੱਚਿਓ ਇਹ ਹੈ 'ਅੰਬਰਵੇਲ' |
-ਜਸਵੀਰ ਸਿੰਘ ਭਲੂਰੀਆ,
-ਮੋਬਾ: 99159-95505

ਬਾਲ ਕਹਾਣੀ: ਲਾਡ ਰਾਹ-ਰਾਹ ਦਾ

ਗੈਰੀ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਹੋਣ ਕਰਕੇ ਉਸ ਦੇ ਮਾਪੇ ਬਚਪਨ ਤੋਂ ਹੀ ਉਸ ਦੀ ਹਰ ਜਾਇਜ਼-ਨਾਜਾਇਜ਼ ਮੰਗ ਪੂਰੀ ਕਰਦੇ ਆ ਰਹੇ ਸੀ | ਹਾਲਾਂ ਕਿ ਉਸ ਦੀ ਦਾਦੀ ਉਸ ਦੇ ਮਾਂ-ਪਿਓ ਨੂੰ ਕਈ ਵਾਰ ਗੱਲਾਂ-ਗੱਲਾਂ ਵਿਚ ਸੁਚੇਤ ਵੀ ਕਰਦੀ ਪਰ ਉਹ ਆਪਣੀ ਮੋਹ ਮਮਤਾ 'ਚ ਗਵਾਚੇ ਉਸ ਦੀਆਂ ਗੱਲਾਂ ਵੱਲ ਧਿਆਨ ਹੀ ਨਾ ਦਿੰਦੇ | ਹੁਣ ਗੈਰੀ ਦਸਵੀਂ ਕਲਾਸ ਪਾਸ ਕਰ ਗਿਆ ਸੀ ਤੇ ਉਸ ਨੇ ਜ਼ਿੱਦ ਕਰਕੇ ਮੋਟਰਸਾਈਕਲ ਤੇ ਮੋਬਾਈਲ ਲੈ ਲਏ ਸਨ | ਖੱੁਲ੍ਹਾ ਖਰਚਾ ਤੇ ਖੱੁਲ੍ਹੀਆਂ ਸਹੂਲਤਾਂ ਮਿਲਣ ਕਰਕੇ ਹੁਣ ਉਸ ਦਾ ਧਿਆਨ ਪੜ੍ਹਾਈ ਵਲੋਂ ਬਹੁਤ ਘਟ ਗਿਆ ਸੀ | ਉਹ ਸਕੂਲੋਂ ਆਉਂਦਿਆਂ ਹੀ ਆਪਣਾ ਬੈਗ ਰੱਖ ਕੇ ਅਕਸਰ ਆਪਣੇ ਦੋਸਤਾਂ ਨਾਲ ਮੋਟਰਸਾਈਕਲ ਲੈ ਕੇ ਨਿਕਲ ਜਾਂਦਾ ਤੇ ਮੰੂਹ ਨ੍ਹੇਰੇ ਘਰ ਵੜਦਾ | ਜੇ ਉਸ ਨੂੰ ਉਸ ਦੀ ਮੰਮੀ ਕੁਝ ਪੱੁਛਦੀ ਤਾਂ ਉਹ ਸਿੱਧੇ ਮੰੂਹ ਜਵਾਬ ਨਾ ਦਿੰਦਾ | ਉਸ ਦੀ ਦਾਦੀ ਉਸ ਦੀਆਂ ਇਨ੍ਹਾਂ ਹਰਕਤਾਂ ਤੋਂ ਬੜੀ ਦੁਖੀ ਹੁੰਦੀ ਪਰ ਉਹ ਵਿਚਾਰੀ ਕਰ ਕੀ ਸਕਦੀ ਸੀ, ਜਦ ਉਸ ਦੇ ਮਾਪਿਆਂ ਨੇ ਹੀ ਉਸ ਨੂੰ ਸਿਰ ਚਾੜਿ੍ਹਆ ਹੋਇਆ ਸੀ, ਜੋ ਹੁਣ ਉਨ੍ਹਾਂ ਲਈ ਸਿਰਦਰਦੀ ਬਣਦਾ ਜਾ ਰਿਹਾ ਸੀ | ਉਹ ਉਸ ਨੂੰ ਕਈ ਵਾਰ ਬੈਠ ਕੇ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਪਰ ਹੁਣ ਪਾਣੀ ਸਿਰ ਤੋਂ ਲੰਘ ਚੱੁਕਾ ਸੀ | ਗੈਰੀ ਘਰ ਆ ਕੇ ਕਿਸੇ ਨਾਲ ਕੋਈ ਖਾਸ ਗੱਲਬਾਤ ਨਾ ਕਰਦਾ, ਸਗੋਂ ਆਪਣੇ ਕਮਰੇ 'ਚ ਜਾ ਕੇ ਮੋਬਾਈਲ ਨਾਲ ਲੱਗਾ ਰਹਿੰਦਾ | ਜੇ ਚਿੱਤ ਕਰਦਾ ਤਾਂ ਉਹ ਖਾਣਾ ਖਾ ਲੈਂਦਾ, ਨਹੀਂ ਤਾਂ ਕਈ ਵਾਰ ਬਿਨਾਂ ਕੁਝ ਖਾਧਿਆਂ ਹੀ ਸੌਾ ਜਾਂਦਾ |
ਸਮਾਂ ਬੀਤਦਾ ਗਿਆ | ਹੁਣ ਉਹ ਸਕੂਲੋਂ ਵੀ ਛੱੁਟੀਆਂ ਮਾਰਨ ਲੱਗਾ ਸੀ | ਘਰੋਂ ਸਕੂਲ ਜਾਂਦਾ ਪਰ ਬਾਹਰ ਦੋਸਤਾਂ ਨਾਲ ਘੁੰਮਦਾ ਰਹਿੰਦਾ | ਉਹਦੀਆਂ ਇਨ੍ਹਾਂ ਹਰਕਤਾਂ ਨੇ ਉਸ ਦੇ ਮਾਪਿਆਂ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ | ਉਹ ਨਸ਼ਿਆਂ ਦੀ ਦਲਦਲ ਵਿਚ ਫਸ ਗਿਆ ਤੇ ਸਕੂਲੋਂ ਹਟ ਗਿਆ | ਉਸ ਨੇ ਆਪਣੇ ਮਾਪਿਆਂ ਦੇ ਲਾਡ-ਪਿਆਰ ਦਾ ਨਾਜਾਇਜ਼ ਫਾਇਦਾ ਲਿਆ ਤੇ ਆਖਰ ਉਸ ਨੂੰ ਨਸ਼ਾ-ਛੁਡਾਊ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ | ਜਿਥੇ ਉਹ ਆਪਣੀਆਂ ਕੀਤੀਆਂ ਗ਼ਲਤੀਆਂ ਲਈ ਬਹੁਤ ਪਛਤਾ ਰਿਹਾ ਸੀ ਤੇ ਆਪਣੇ ਮੰਮੀ-ਡੈਡੀ ਤੋਂ ਵਾਰ-ਵਾਰ ਆਪਣੀਆਂ ਕੀਤੀਆਂ ਭੱੁਲਾਂ ਦੀ ਮੁਆਫ਼ੀ ਮੰਗ ਰਿਹਾ ਸੀ | ਹੁਣ ਉਹ ਲਾਚਾਰ ਤੇ ਬੇਵੱਸ ਹੋਇਆ ਕਿਸੇ ਪਾਸੇ ਜੋਗਾ ਨਹੀਂ ਰਿਹਾ ਸੀ |
ਬੱਚਿਓ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਤੁਸੀਂ ਕਦੇ ਵੀ ਆਪਣੇ ਮਾਪਿਆਂ ਦੇ ਲਾਡ-ਪਿਆਰ ਦਾ ਨਾਜਾਇਜ਼ ਫਾਇਦਾ ਨਾ ਉਠਾਓ | ਮਾਪੇ ਹਮੇਸ਼ਾ ਤੁਹਾਡਾ ਭਲਾ ਚਾਹੁੰਦੇ ਹਨ, ਉਹ ਜੋ ਵੀ ਆਖਣ, ਉਸ ਨੂੰ ਆਪਣਾ ਫਰਜ਼ ਸਮਝ ਕੇ ਖਿੜੇ ਮੱਥੇ ਮੰਨਿਆ ਕਰੋ | ਇਹਦੇ ਵਿਚ ਹੀ ਸਭ ਦੀ ਭਲਾਈ ਹੈ |

-ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 97790-43348

ਕਵਿਤਾ: ਮੈਂ ਰੱੁਖ ਬੋਲਦਾਂ...

ਜੜ੍ਹਾਂ ਮੇਰੀਆਂ ਧਰਤੀ ਬੰਨ੍ਹਣ,
ਪੱਤੇ ਦੇਵਣ ਛਾਵਾਂ |
ਧਰਤੀ ਵਿਚੋਂ ਪਾਣੀ ਲੈ ਕੇ,
ਰੌਸ਼ਨੀ ਸੂਰਜ ਤੋਂ ਮੰਗਵਾਵਾਂ |
ਵਾਯੂ ਮੰਡਲ ਵਿਚੋਂ ਹਵਾ ਮੈਂ ਲੈ ਕੇ,
ਭੋਜਨ ਆਪ ਬਣਾਵਾਂ |
ਕਾਰਬਨ ਨੂੰ ਖ਼ਤਮ ਕਰਾਂ,
ਆਕਸੀਜਨ ਮੈਂ ਬਣਾਵਾਂ |
ਬੱਚੇ ਮੇਰੇ 'ਤੇ ਪੀਂਘਾਂ ਪਾਵਣ,
ਹੱਸਣ-ਕੱੁਦਣ, ਸ਼ੋਰ ਮਚਾਵਣ |
ਮੈਂ ਵੀ ਖੁਸ਼ ਹੋ ਜਾਵਾਂ |
ਪੰਛੀ ਮੇਰੇ ਘਰ ਪ੍ਰਾਹੁਣੇ,
ਮੈਂ ਪਿਆ ਸਦਕੇ ਜਾਵਾਂ |
ਨਾਲੇ ਤੁਹਾਨੂੰ ਛਾਵਾਂ ਦੇਵਾਂ,
ਨਾਲੇ ਫਲ ਖਵਾਵਾਂ |
ਬਦਲੇ ਵਿਚ ਹੁਣ ਮੈਂ ਕੀ ਮੰਗਾਂ,
ਉਹ ਵੀ ਆਖ ਸੁਣਾਵਾਂ |
ਮੇਰੀ ਵੀ ਸੰਭਾਲ ਕਰੋ,
ਕੁਝ ਮੇਰੀਆਂ ਵੀ ਇੱਛਾਵਾਂ |
ਮੇਰੀ ਪੀੜ੍ਹੀ ਅੱਗੇ ਵਧਾਓ,
ਤੁਹਾਡੀਆਂ ਮੈਂ ਬਚਾਵਾਂ |
ਮੈਂ ਵੀ ਹਰਾ ਭਰਾ ਰਹਾਂ,
ਤੁਸੀਂ ਵੀ ਮਾਣੋ ਛਾਵਾਂ |

-ਕੁਲਜੀਤ ਕੌਰ,
-ਸ: ਮਿ: ਸਕੂਲ ਮਹੱਦੀਪੁਰ, ਪਟਿਆਲਾ |

ਲੜੀਵਾਰ ਨਾਵਲ-1: ਮਾਲਵਾ ਐਕਸਪ੍ਰੈੱਸ

ਅਕਤੂਬਰ ਮਹੀਨੇ ਦੀ ਇਕ ਸੁਹਾਵਣੀ ਦੁਪਹਿਰ ਸੀ | ਨਹਿਰੂ ਪਬਲਿਕ ਸਕੂਲ ਦਸੂਹਾ ਵਿਖੇ ਅੱਧੀ ਛੱੁਟੀ ਦਾ ਸਮਾਂ ਸੀ | ਸਕੂਲ ਦੇ ਸਾਹਮਣੇ ਘਾਹ ਦੇ ਮੈਦਾਨ ਵਿਚ ਬੱਚੇ ਖੇਡ ਰਹੇ ਸਨ | ਫੱੁਲਾਂ ਦੀਆਂ ਕਿਆਰੀਆਂ ਉੱਪਰ ਰੰਗ-ਬਿਰੰਗੀਆਂ ਤਿਤਲੀਆਂ ਉਡ ਰਹੀਆਂ ਸਨ |
ਇਸੇ ਸਕੂਲ ਦੇ ਹੀ ਅੱਠਵੀਂ ਜਮਾਤ ਦੇ ਬੱਚੇ ਡੌਲੀ, ਰਾਜਨ, ਗੌਰਵ, ਪ੍ਰੀਤ ਤੇ ਤਜਿੰਦਰ ਘਾਹ ਦੇ ਲਾਅਨ ਵਿਚ ਬੈਠੇ ਗੱਲਾਂ ਮਾਰ ਰਹੇ ਸਨ | ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਜਮਾਤ ਦੇ ਦੂਜੇ ਬੱਚਿਆਂ ਵਾਂਗ ਲੰਚ ਬਾਕਸਾਂ (ਡੱਬਿਆਂ) ਵਿਚੋਂ ਦੁਪਹਿਰ ਦਾ ਖਾਣਾ ਖਾਧਾ ਸੀ |
'ਰਾਜਨ ਵੀਰੇ... ਤੰੂ ਅੱਜ ਇਕ ਗੱਲ ਨੋਟ ਕੀਤੀ ਏ?' ਡੌਲੀ ਨੇ ਰਾਜਨ ਨੂੰ ਪੱੁਛਿਆ |
'ਕਿਹੜੀ ਗੱਲ ਡੌਲੀ... ਮੈਂ ਸਮਝਿਆ ਨਹੀਂ', ਰਾਜਨ ਨੇ ਕਿਹਾ |
'ਅੱਜ ਸਾਡੀ ਕਲਾਸ 'ਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਏ... |'
'ਹਾਂ, ਇਹ ਗੱਲ ਤੇ ਮੈਂ ਵੀ ਨੋਟ ਕੀਤੀ ਸੀ ਸਵੇਰੇ... |' ਗੌਰਵ ਜਿਹੜਾ ਹੁਣ ਤੱਕ ਚੱੁਪ ਬੈਠਾ ਸੀ, ਬੋਲਿਆ |
'ਗੌਰਵ ਭਾਜੀ ਸਿਰਫ ਆਪਣੀ ਜਮਾਤ 'ਚ ਹੀ ਨਹੀਂ... ਸਾਰੇ ਸਕੂਲ ਦੇ ਬੱਚੇ ਅੱਜ ਘੱਟ ਆਏ ਨੇ... |' ਪ੍ਰੀਤ ਵੀ ਡੰੂਘੀ ਸੋਚ 'ਚੋਂ ਬੋਲੀ |
'ਇਸ ਦਾ ਕਾਰਨ ਕੀ ਹੋ ਸਕਦਾ ਹੈ?' ਤਜਿੰਦਰ ਨੇ ਵੀ ਗੱਲਬਾਤ ਵਿਚ ਆਪਣਾ ਹਿੱਸਾ ਪਾਉਂਦਿਆਂ ਕਿਹਾ |
'ਗੱਲ ਤੇ ਤੁਹਾਡੀ ਠੀਕ ਏ ਦੋਸਤੋ ਪਰ ਮੈਨੂੰ ਪਹਿਲਾਂ ਇਹ ਦੱਸੋ ਪਈ ਅੱਜ ਦਿਨ ਕਿਹੜਾ ਏ... ਜਾਣੀ ਕਿ ਕਿਹੜਾ ਵਾਰ ਏ....?' ਰਾਜਨ ਨੇ ਸਾਰਿਆਂ ਦੀ ਗੱਲ ਸੁਣਨ ਪਿੱਛੋਂ ਆਖਿਆ |
'ਅੱਜ ਵੀਕ ਐਾਡ ਏ... ਸ਼ਨੀਵਾਰ... |' ਡੌਲੀ ਨੇ ਤੁਰੰਤ ਕਿਹਾ |
'ਬਸ ਫਿਰ ਲੱਭ ਗਿਆ ਕਾਰਨ... ਬੱਚਿਆਂ ਦੀ ਐਬਸੈਂਟ ਦਾ... |'
'ਕੀ...? ਸਾਨੂੰ ਵੀ ਦੱਸੋ... |'
'ਦੋਸਤੋ, ਅੱਜ ਹੈਅ ਵੀ ਵੀਕ ਐਾਡ... ਤੇ ਇਸ ਦਿਨ ਟੀ. ਵੀ. 'ਤੇ ਬੱਚਿਆਂ ਦਾ ਸੀਰੀਅਲ ਆਉਂਦਾ ਏ 'ਸ਼ਕਤੀਮਾਨ', ਇਸੇ ਕਰਕੇ ਅੱਜ ਸਾਰੇ ਸਕੂਲ ਦੇ ਬੱਚੇ ਘੱਟ ਆਏ ਨੇ... |'
'ਅੱਛਾ... ਗੱਲ ਤੇ ਰਾਜਨ ਦੀ ਠੀਕ ਲਗਦੀ ਏ... |' ਤਜਿੰਦਰ ਨੇ ਰਾਜਨ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਂਦਿਆਂ ਆਖਿਆ |
'ਏਸ ਸੀਰੀਅਲ 'ਚ ਕਿਹੜੀ ਐਸੀ ਖਾਸ ਚੀਜ਼ ਏ...?' ਗੌਰਵ ਜਿਹੜਾ ਕਿ ਬਹੁਤ ਘੱਟ ਟੀ. ਵੀ. ਪ੍ਰੋਗਰਾਮ ਦੇਖਿਆ ਕਰਦਾ ਸੀ, ਬੋਲਿਆ |
'ਕੋਈ ਖਾਸ ਚੀਜ਼ ਤੇ ਹੈ ਨ੍ਹੀਂ... ਐਵੇਂ ਬਸ ਕ੍ਰੇਜ਼ (ਰੁਝਾਨ) ਏ... | ਸ਼ਕਤੀਮਾਨ ਇਕ ਐਸਾ ਕਰੈਕਟਰ ਏ, ਜਿਹੜਾ ਵੱਡੇ-ਵੱਡੇ ਕਾਰਨਾਮੇ ਕਰਦਾ ਦਿਖਾਇਆ ਗਿਆ ਏ... |'
'ਹੈ ਤਾਂ ਕਲਪਿਤ ਕਰੈਕਟਰ ਹੀ ਨਾ... | ਅਸਲ ਜ਼ਿੰਦਗੀ 'ਚ ਐਸ ਤਰ੍ਹਾਂ ਨਹੀਂ ਵਾਪਰਦਾ, ਸਗੋਂ ਰਾਜਨ ਵੀਰੇ ਸ਼ਕਤੀਮਾਨ ਦੀ ਦੇਖਾ-ਦੇਖੀ ਕਈ ਬੱਚਿਆਂ ਨੇ ਉਸ ਵਾਂਗ ਮਕਾਨ ਦੀਆਂ ਛੱਤਾਂ ਤੋਂ ਛਾਲਾਂ ਲਗਾ ਕੇ ਆਪਣੇ ਹੱਡ-ਗੋਡੇ ਤੁੜਵਾ ਲਏ ਨੇ... |' ਡੌਲੀ ਆਖ ਰਹੀ ਸੀ | (ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਨੇੜੇ ਸੇਂਟ ਪਾਲ ਕਾਨਵੈਂਟ ਸਕੂਲ, ਨਿਹਾਲਪੁਰ ਰੋਡ, ਦਸੂਹਾ, (ਹੁਸ਼ਿਆਰਪੁਰ) |
ਮੋਬਾਈਲ : 98552-35424

ਬਾਲ ਸਾਹਿਤ

ਪਿ੍ੰ: ਬਹਾਦਰ ਸਿੰਘ ਗੋਸਲ ਦੀਆਂ ਦੋ ਬਾਲ ਪੁਸਤਕਾਂ
ਸੰਪਰਕ : 98764-52223
ਪਿ੍ੰ: ਬਹਾਦਰ ਸਿੰਘ ਗੋਸਲ ਬਾਲ ਸਾਹਿਤ ਦੀ ਨਿਰੰਤਰ ਸਿਰਜਣਾ ਕਰਨ ਵਾਲੇ ਕਲਮਕਾਰਾਂ ਵਿਚੋਂ ਇਕ ਹੈ | ਹੁਣੇ-ਹੁਣੇ ਉਸ ਦੀਆਂ ਦੋ ਨਵੀਆਂ ਪੁਸਤਕਾਂ ਬਾਲ ਹੱਥਾਂ ਤੱਕ ਅੱਪੜੀਆਂ ਹਨ | ਪਹਿਲੀ ਪੁਸਤਕ 'ਘਰ ਨਾਨੀ ਦਾ ਪਿਆਰ ਮਾਮੀ ਦਾ' ਹੈ, ਜਿਸ ਵਿਚ ਲੇਖਕ ਨੇ ਬਚਪਨ ਵਿਚ ਨਾਨਕੇ ਘਰ ਤੋਂ ਮਿਲੇ ਪਿਆਰ-ਮਲ੍ਹਾਰ ਅਤੇ ਸਨੇਹ ਨੂੰ ਰੂਪਮਾਨ ਕੀਤਾ ਹੈ | ਲੇਖਕ ਨੇ ਇਕ ਦਿਲਚਸਪ ਪਰੀ ਕਹਾਣੀ ਵਾਂਗ ਛੁੱਟੀਆਂ ਵਿਚ ਨਾਨਕੇ ਘਰ ਜਾਣ ਦੀ ਜਗਿਆਸਾ, ਨਾਨਕੇ ਘਰ ਜਾ ਕੇ ਭਾਂਤ-ਭਾਂਤ ਦੇ ਅੰਬਾਂ ਦੇ ਬਾਗ ਦਾ ਆਨੰਦ ਲੈਣ, ਨਾਨਕੇ ਘਰ ਦੇ ਵਿਅਕਤੀ-ਵਿਸ਼ੇਸ਼ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਈਆਂ, ਵੰਨ-ਸੁਵੰਨੇ ਲੋਕਾਂ ਦੇ ਕਿੱਤੇ, ਪਿੰਡਾਂ ਦੇ ਪ੍ਰਾਕਿ੍ਤਕ ਦਿ੍ਸ਼, ਦੋਸਤਾਂ-ਮਿੱਤਰਾਂ ਨਾਲ ਕੀਤੀਆਂ ਸ਼ਰਾਰਤਾਂ ਅਤੇ ਘਟਨਾਵਾਂ ਦਾ ਵਰਣਨ ਇਸ ਪੁਸਤਕ ਦੀ ਰਚਨਾ ਨੂੰ ਸਾਰਥਿਕ ਬਣਾਉਂਦਾ ਹੈ | ਭਾਸ਼ਾ ਸਹਿਜ ਅਤੇ ਰਵਾਨਗੀ ਭਰਪੂਰ ਹੈ | ਇਸ ਪੁਸਤਕ ਦੇ ਕੁੱਲ 23 ਪੰਨੇ ਹਨ | ਪਿ੍ੰ: ਗੋਸਲ ਦੀ ਦੂਜੀ ਪੁਸਤਕ 'ਮੁਰਝਾਇਆ ਫੁੱਲ' ਹੈ, ਜੋ ਵੰਨ-ਸੁਵੰਨੇ ਵਿਸ਼ਿਆਂ ਵਾਲੀਆਂ ਕਵਿਤਾਵਾਂ ਉਪਰ ਆਧਾਰਿਤ ਹੈ | ਇਸ ਪੁਸਤਕ ਵਿਚ ਜਿੱਥੇ ਇਕ ਪਾਸੇ 'ਮੁਰਝਾਇਆ ਫੁੱਲ', 'ਸੁੱਕ ਰਹੇ ਹਰੇ ਰੁੱਖ', 'ਹਰੇ ਪੱਤੇ ਨੂੰ ਸੁਆਲ', 'ਸਵੇਰ ਦੀ ਲਾਲੀ', 'ਸੇਬ ਦਾ ਰੁੱਖ', 'ਨਾ ਤੋੜੋ ਫੁੱਲ' ਅਤੇ 'ਨਹਿਰ ਕਿਨਾਰੇ ਰੁੱਖ' ਆਦਿ ਕਵਿਤਾਵਾਂ ਰਾਹੀਂ ਕੁਦਰਤ ਦੇ ਸੁਹੱਪਣ ਨੂੰ ਬਚਾਉਣ ਦੇ ਸੁਨੇਹੇ ਮਿਲਦੇ ਹਨ, ਉਥੇ ਬੱਚਿਆਂ ਨੂੰ ਪੰਜਾਬ ਦੀ ਗੁੰਮਦੀ ਜਾ ਰਹੀ ਸੱਭਿਆਚਾਰਕ ਵਿਰਾਸਤ ਪ੍ਰਤੀ ਵੀ ਚੇਤੰਨ ਕੀਤਾ ਗਿਆ ਹੈ | ਇਹ ਕਵਿਤਾਵਾਂ ਨਿਰਾਸ਼ਤਾ ਨੂੰ ਉਮੀਦ ਵਿਚ ਅਤੇ ਆਲਸ ਨੂੰ ਚੁਸਤੀ ਵਿਚ ਬਦਲਣ ਦੀ ਪ੍ਰੇਰਨਾ ਦਿੰਦੀਆਂ ਹਨ | ਢੁਕਵੇਂ ਕੰਪਿਊਟ੍ਰੀਕਿ੍ਤ ਚਿੱਤਰ ਇਨ੍ਹਾਂ ਕਵਿਤਾਵਾਂ ਨੂੰ ਹੋਰ ਮਾਣਨਯੋਗ ਬਣਾਉਂਦੇ ਹਨ | ਇਸ ਪੁਸਤਕ ਦੇ ਕੁੱਲ ਪੰਨੇ 32 ਹਨ |
ਭਾਸ਼ਾਈ ਗਿਆਨ ਵਿਚ ਵਾਧਾ ਕਰਦੀਆਂ ਇਨ੍ਹਾਂ ਦੋਵਾਂ ਪੁਸਤਕਾਂ ਦੀ ਕੀਮਤ ਕ੍ਰਮਵਾਰ 70-70 ਰੁਪਏ ਨਿਰਧਾਰਤ ਕੀਤੀ ਗਈ ਹੈ | ਇਹ ਪੁਸਤਕਾਂ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਵਲੋਂ ਛਾਪੀਆਂ ਗਈਆਂ ਹਨ |

-ਦਰਸ਼ਨ ਸਿੰਘ 'ਆਸ਼ਟ' (ਡਾ:),
ਮੋਬਾ: 98144-23703

ਗੇਂਦ ਜ਼ਮੀਨ 'ਤੇ ਡਿੱਗ ਕੇ ਉਛਲਦੀ ਕਿਉਂ ਹੈ?

ਕ੍ਰਿਕਟ ਖੇਡਦੇ ਸਮੇਂ ਜਾਂ ਫੱੁਟਬਾਲ ਖੇਡਦੇ ਸਮੇਂ ਗੇਂਦ ਧਰਤੀ 'ਤੇ ਡਿਗਣ ਸਮੇਂ ਉਛਲਦੀ ਹੈ | ਇਸ ਦੇ ਪਿੱਛੇ ਨਿਊਟਨ ਦਾ ਤੀਜਾ ਨਿਯਮ ਕੰਮ ਕਰਦਾ ਹੈ | ਇਸ ਦੇ ਅਨੁਸਾਰ ਜਦੋਂ ਗੇਂਦ ਜ਼ਮੀਨ 'ਤੇ ਡਿਗਦੀ ਹੈ ਤਾਂ ਉਸ ਦੇ ਆਕਾਰ ਵਿਚ ਥੋੜ੍ਹਾ ਪਰਿਵਰਤਨ ਆ ਜਾਂਦਾ ਹੈ | ਲਚਕੀਲੇਪਣ ਕਾਰਨ ਗੇਂਦ ਆਪਣੀ ਅਸਲੀ ਸਥਿਤੀ ਵਿਚ ਆਉਣ ਲਈ ਤਤਪਰ ਰਹਿੰਦੀ ਹੈ | ਇਸ ਤਰ੍ਹਾਂ ਗੇਂਦ ਜ਼ਮੀਨ 'ਤੇ ਡਿੱਗਦੀ ਅਤੇ ਉਛਲਦੀ ਹੈ | ਊਰਜਾ ਖ਼ਤਮ ਹੋਣ 'ਤੇ ਗੇਂਦ ਆਪਣੀ ਪਹਿਲੀ ਸਥਿਤੀ ਵਿਚ ਹੀ ਆ ਜਾਂਦੀ ਹੈ |

-ਡੀ.ਪੀ.ਈ.,
ਏ.ਡੀ.ਸੀ.ਸੈ. ਸਕੂਲ, ਧਰਮਕੋਟ (ਮੋਗਾ) |

ਬਾਲ ਕਹਾਣੀ: ਬੁਲੰਦ ਹੌਸਲਾ

ਇਕ ਵਾਰ ਸਵਾਮੀ ਵਿਵੇਕਾਨੰਦ ਪੈਰਿਸ ਘੁੰਮਣ ਲਈ ਗਏ | ਉਨ੍ਹਾਂ ਦੀ ਇਕ ਪ੍ਰਸੰਸਕ ਨੇ ਇਕ ਘੋੜਾ-ਬੱਗੀ ਕਿਰਾਏ 'ਤੇ ਲੈ ਕੇ ਵਿਵੇਕਾਨੰਦ ਨੂੰ ਨਾਲ ਬਿਠਾਇਆ ਤੇ ਦੋਵੇਂ ਜਣੇ ਸ਼ਹਿਰ ਵੱਲ ਨੂੰ ਸੈਰ ਕਰਨ ਲਈ ਨਿਕਲ ਪਏ | ਘੋੜਾ-ਬੱਗੀ ਚਲਾਉਣ ਵਾਲਾ ਇਕ ਜਗ੍ਹਾ ਰੁਕਿਆ ਤੇ ਥੋੜ੍ਹੀ ਦੂਰ ਬੈਠੇ ਦੋ ਬੱਚਿਆਂ ਨੂੰ ਪਿਆਰ ਕਰਕੇ ਵਾਪਸ ਆ ਗਿਆ | ਨਾਲ ਬੈਠੀ ਪ੍ਰਸੰਸਕ ਨੇ ਘੋੜਾ-ਬੱਗੀ ਦੇ ਚਾਲਕ ਨੂੰ ਪੱੁਛਿਆ ਕਿ ਤੁਸੀਂ ਬੱਗੀ ਰੋਕ ਕੇ ਉਨ੍ਹਾਂ ਬੱਚਿਆਂ ਕੋਲ ਕਿਉਂ ਗਏ? ਬੱਗੀ ਚਾਲਕ ਨੇ ਬਿਨਾਂ ਕੋਈ ਜਵਾਬ ਦਿੰਦਿਆਂ ਉਸ ਨੂੰ ਸਵਾਲ ਕੀਤਾ, 'ਤੁਸੀਂ ਪੈਰਿਸ ਦੇ ਸਭ ਤੋਂ ਵੱਡੇ ਬੈਂਕ ਦਾ ਨਾਂਅ ਜਾਣਦੇ ਹੋ?' ਪ੍ਰਸੰਸਕ ਕੁੜੀ ਨੇ ਕਿਹਾ, 'ਉਸ ਬੈਂਕ ਬਾਰੇ ਤਾਂ ਸਾਰਾ ਪੈਰਿਸ ਜਾਣਦਾ ਹੈ, ਜੋ ਦੀਵਾਲੀਆ ਹੋ ਗਈ ਸੀ |' ਬੱਗੀ ਵਾਲਾ ਬੋਲਿਆ, 'ਭੈਣ ਜੀ, ਮੈਂ ਉਸ ਬੈਂਕ ਦਾ ਮੈਨੇਜਰ ਸੀ, ਬੈਂਕ ਦੀਵਾਲੀਆ ਹੋ ਗਈ | ਮੈਂ ਕਰਜ਼ਾਈ ਹੋ ਗਿਆ ਤੇ ਮੇਰੇ ਬੱਚੇ ਸੜਕ 'ਤੇ ਆ ਗਏ | ਜਿਨ੍ਹਾਂ ਬੱਚਿਆਂ ਕੋਲ ਮੈਂ ਗਿਆ ਸੀ, ਉਹ ਮੇਰੇ ਬੱਚੇ ਹਨ ਤੇ ਜਿਥੇ ਬੈਠੇ ਹਨ, ਉਹ ਮਕਾਨ ਮੈਂ ਕਿਰਾਏ 'ਤੇ ਲਿਆ ਹੋਇਆ ਹੈ | ਮੈਂ ਥੋੜ੍ਹੇ ਜਿਹੇ ਪੈਸੇ ਖਰਚ ਕੇ ਘੋੜਾ-ਬੱਗੀ ਲੈ ਲਈ | ਮੈਂ ਦਿਨ-ਰਾਤ ਮਿਹਨਤ ਕਰਦਾ ਹਾਂ | ਕਰਜ਼ਾ ਮੋੜਨ ਤੋਂ ਬਾਅਦ ਮੈਂ ਪੈਸੇ ਜੋੜ ਕੇ ਦੁਬਾਰਾ ਤੋਂ ਕੋਈ ਵਪਾਰ ਖੋਲ੍ਹਾਂਗਾ ਤੇ ਮੁੜ ਤੋਂ ਪਹਿਲਾਂ ਵਾਲਾ ਰੁਤਬਾ ਹਾਸਲ ਕਰਾਂਗਾ | ਮੇਰਾ ਇਹ ਪੱਕਾ ਨਿਸਚਾ ਹੈ |'
ਵਿਵੇਕਾਨੰਦ ਚੱੁਪਚਾਪ ਬੱਗੀ 'ਚ ਬੈਠੇ ਉਸ ਦੀ ਗੱਲ ਸੁਣੀ ਗਏ | ਪ੍ਰਸੰਸਕ ਨੇ ਥੋੜ੍ਹੀ ਦੇਰ ਬਾਅਦ ਚੱੁਪ ਨੂੰ ਤੋੜਦਿਆਂ ਵਿਵੇਕਾਨੰਦ ਨੂੰ ਪੱੁਛਿਆ, 'ਆਪ ਜੀ ਬਿਲਕੁਲ ਚੱੁਪੀ ਸਾਧੀ ਬੈਠੇ ਹੋ, ਕੀ ਰਾਏ ਹੈ ਇਸ ਬੱਗੀ ਚਾਲਕ ਬਾਰੇ?' ਸਵਾਮੀ ਹੁਰਾਂ ਨੇ ਜਵਾਬ ਦਿੱਤਾ, 'ਇਸ ਵਿਅਕਤੀ ਦੇ ਬੁਲੰਦ ਹੌਸਲੇ ਤੋਂ ਪਤਾ ਲਗਦਾ ਹੈ ਕਿ ਇਹ ਉੱਚੇ ਅਹੁਦੇ ਤੋਂ ਹੇਠਾਂ ਡਿੱਗ ਕੇ ਵੀ ਡਗਮਗਾਇਆ ਨਹੀਂ | ਔਖੀਆਂ ਘਾਟੀਆਂ ਨੂੰ ਪਾਰ ਕਰਦਾ ਹੋਇਆ ਅੱਗੇ ਵਧੀ ਜਾ ਰਿਹਾ ਹੈ | ਸੋ, ਇਕ ਨਾ ਇਕ ਦਿਨ ਇਹ ਜ਼ਰੂਰ ਸਫਲ ਹੋਵੇਗਾ ਤੇ ਦੂਜੇ ਲੋਕਾਂ ਲਈ ਇਕ ਮਿਸਾਲ ਸਾਬਤ ਹੋਵੇਗਾ |

-511, ਖਹਿਰਾ ਇਨਕਲੇਵ, ਜਲੰਧਰ-144007

ਭੌਤਿਕ ਵਿਗਿਆਨੀ ਹੈਨਰੀ ਬ੍ਰੈਗ

ਸਰ ਵਿਲੀਅਮ ਹੈਨਰੀ ਬ੍ਰੈਗ ਪ੍ਰਸਿੱਧ ਬਿ੍ਟਿਸ਼ ਭੌਤਿਕ ਵਿਗਿਆਨੀ, ਰਸਾਇਣ ਵਿਗਿਆਨੀ, ਗਣਿਤ ਸ਼ਾਸਤਰੀ ਅਤੇ ਨੋਬਲ ਪੁਰਸਕਾਰ ਵਿਜੇਤਾ ਸਨ | ਉਨ੍ਹਾਂ ਦਾ ਜਨਮ ਇੰਗਲੈਂਡ ਦੇ ਵਿਗਟਨ, ਕੰਬਰਲੈਂਡ ਦੇ ਨਜ਼ਦੀਕ ਪਿੰਡ ਵੇਸਟਵਰਡ ਵਿਖੇ ਇਕ ਕਿਸਾਨ ਅਤੇ ਮਰਚੈਂਟ ਅਫਸਰ ਰੌਬਰਟ ਜਾੱਨ ਬ੍ਰੈਗ ਅਤੇ ਮੈਰੀ ਨੀ ਵੁੱਡ ਦੇ ਘਰ ਹੋਇਆ ਸੀ | ਉਹ 7 ਵਰਿ੍ਹਆਂ ਦੇ ਸਨ ਜਦੋਂ ਮਾਂ ਦਾ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਚਾਚਾ 'ਵਿਲੀਅਮ ਬ੍ਰੈਗ' ਨੇ ਚੁੱਕੀ | ਵਿਲੀਅਮ ਹੈਨਰੀ ਦੀ ਸਿੱਖਿਆ ਕੈਂਬਿ੍ਜ ਦੇ ਟਿ੍ਨਿਟੀ ਕਾਲਜ ਵਿਚ ਸੰਪੂਰਨ ਹੋਈ | 1885 ਵਿਚ ਉਹ ਆਸਟ੍ਰੇਲੀਆ ਦੀ ਐਡੀਲੇਡ ਯੂਨੀਵਰਸਿਟੀ ਵਿਚ ਗਣਿਤ ਅਤੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਨਿਯੁਕਤ ਹੋਏ | ਸੰਨ 1909 ਵਿਚ ਉਹ ਯੂਨਵਿਰਸਿਟੀ ਆਫ ਲੀਡਸ ਵਿਚ ਭੌਤਿਕ ਦੇ ਕੈਵੇਂਡਿਸ਼ ਚੇਅਰ ਨਿਯੁਕਤ ਹੋਏ | ਉਹ ਲਗਾਤਾਰ ਐਕਸ-ਰੇਅ 'ਤੇ ਆਪਣਾ ਕੰਮ ਕਰਦੇ ਰਹੇ | ਉਨ੍ਹਾਂ ਨੇ ਆਪਣੇ ਬੇਟੇ ਲਾੱਰੇਂਸ ਬ੍ਰੈਗ ਨਾਲ ਮਿਲ ਕੇ ਐਕਸ-ਰੇਅ ਸਪੈਕਟ੍ਰੋਮੀਟਰ ਦੀ ਖੋਜ ਕੀਤੀ |
1915 ਵਿਚ ਵਿਲੀਅਮ ਹੈਨਰੀ ਨੂੰ ਉਨ੍ਹਾਂ ਦੇ ਪੁੱਤਰ ਲਾੱਅਰੈਂਸ ਬ੍ਰੈਗ ਦੇ ਨਾਲ ਐਕਸ-ਕਿਰਣਾਂ ਦੇ ਮਾਧਿਅਮ ਨਾਲ ਕਿ੍ਸਟਲ ਸੰਰਚਨਾ ਦੇ ਵਿਸ਼ਲੇਸ਼ਣ ਵਿਚ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਭੌਤਿਕ ਵਿਗਿਆਨ ਵਿਚ ਸੰਯੁਕਤ ਰੂਪ 'ਚ ਨੋਬਲ ਪੁਰਸਕਾਰ ਮਿਲਿਆ | ਖਣਿਜ 'ਬ੍ਰੈੱਗਾਈਟ' ਦਾ ਨਾਂਅ ਇਨ੍ਹਾਂ ਦੋਵਾਂ ਦੇ ਨਾਂਅ 'ਤੇ ਰੱਖਿਆ ਗਿਆ ਸੀ | ਇਸ ਤੋਂ ਇਲਾਵਾ ਉਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਸਮੇਂ ਪਣਡੁੱਬੀਆਂ ਦਾ ਪਤਾ ਲਗਾਉਣ ਲਈ ਬਿ੍ਟਿਸ਼ ਨੌ-ਸੈਨਾ ਨੂੰ ਵੀ ਸਹਾਇਤਾ ਦਿੱਤੀ | ਇਕ ਸਾਲ ਬਾਅਦ ਸੰਨ 1915 ਵਿਚ ਉਹ ਲੰਡਨ ਯੂਨੀਵਰਸਿਟੀ ਵਿਚ ਕਵੇਨ ਪ੍ਰੋਫੈਸਰ ਨਿਯੁਕਤ ਹੋਏ | ਸੰਨ 1917 ਵਿਚ ਉਹ ਆਰਡਰ ਆਫ ਬਿ੍ਟਿਸ਼ ਅੰਪਾਇਰ (ਸੀਬੀਈ) ਦੇ ਕਮਾਂਡਰ ਅਤੇ ਸੰਨ 1920 ਵਿਚ ਨਾਈਟ ਕਮਾਂਡਰ (ਕੇਬੀਈ) ਨਿਯੁਕਤ ਕੀਤੇ ਗਏ | 1931 ਵਿਚ ਆਰਡਰ ਆੱਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ | ਸੰਨ 1928-29 ਵਿਚ ਬਿ੍ਟਿਸ਼ ਐਸੋਸੀਏਸ਼ਨ ਫਾਰ ਦਾ ਐਡਵਾਂਸਮੈਂਟ ਆਫ ਸਾਇੰਸ ਦੇ ਅਤੇ ਸੰਨ 1935-40 ਤੱਕ ਰੱਾਇਲ ਸੋਸਾਇਟੀ ਦੇ ਪ੍ਰੈਜ਼ੀਡੈਂਟ ਵੀ ਰਹੇ |

ਬਾਲ ਗੀਤ: ਦਿਨ ਗਰਮੀ ਦੇ ਆਏ

ਦਿਨ ਗਰਮੀ ਦੇ ਆਏ ਬੱਚਿਓ,
ਦਿਨ ਗਰਮੀ ਦੇ ਆਏ |
ਤਿੱਖੀਆਂ ਧੱੁਪਾਂ ਪੈਣ ਲੱਗੀਆਂ,
ਸਭ ਦਾ ਦਿਲ ਘਬਰਾਏ |
ਕਿਧਰੇ ਵੀ ਹੁਣ ਚੈਨ ਨਾ ਆਵੇ,
ਬੈਠੇ ਏ. ਸੀ. ਥੱਲੇ,
ਰੱੁਖਾਂ ਦੀ ਵੀ ਛਾਂ ਨਾ ਲੱਭੇ,
ਹਵਾ ਨਾ ਉੱਕਾ ਚੱਲੇ |
ਇਸ ਗਰਮੀ ਨੇ ਸਾਰੇ ਲੋਕੀਂ,
ਦੇਖੋ ਕਿੰਜ ਤੜਫਾਏ?
ਦਿਨ ਗਰਮੀ ਦੇ..... |
ਲੂਸ ਰਹੀਆਂ ਸਭ ਖੇਤੀ ਫਸਲਾਂ,
ਗਰਮੀ ਕੱਢੀ ਜਾਂਦੀ ਵੱਟ |
ਡੈਮਾਂ 'ਤੇ ਵੀ ਪਾਣੀ ਘਟ ਗਏ,
ਬਿਜਲੀ 'ਤੇ ਵੀ ਲੱਗੇ ਕੱਟ |
ਆਤਮਾ ਸਿੰਘ ਚਿੱਟੀ 'ਤੇ ਰਾਤੀਂ,
ਮੱਛਰਾਂ ਨੇ ਵੀ ਡੰਗ ਚਲਾਏ |
ਦਿਨ ਗਰਮੀ ਦੇ ਆਏ ਬੱਚਿਓ,
ਦਿਨ ਗਰਮੀ ਦੇ ਆਏ |

-ਆਤਮਾ ਸਿੰਘ ਚਿੱਟੀ,
ਪਿੰਡ ਤੇ ਡਾਕ: ਚਿੱਟੀ (ਜਲੰਧਰ) |
ਮੋਬਾ: 99884-69564

ਚੁਟਕਲੇ

• ਪੁਲਿਸ-ਤੰੂ ਇਕ ਹੀ ਦੁਕਾਨ 'ਤੇ ਲਗਾਤਾਰ ਤਿੰਨ ਦਿਨ ਚੋਰੀ ਕਿਉਂ ਕੀਤੀ?
ਚੋਰ-ਮੈਂ ਸਿਰਫ ਇਕ ਦਿਨ ਆਪਣੀ ਪਤਨੀ ਲਈ ਸੂਟ ਚੋਰੀ ਕੀਤਾ, ਬਾਕੀ ਦੋ ਦਿਨ ਤਾਂ ਰੰਗ ਬਦਲਣ ਗਿਆ ਸੀ |
• ਮੈਡਮ-ਮੀਂਹ ਪੈਣ ਵੇਲੇ ਬਿਜਲੀ ਕਿਉਂ ਚਮਕਦੀ ਆ?
ਮੁੰਡਾ-ਰੱਬ ਦੇਖਦਾ ਜੀ, ਬਈ ਕਿਤਿਓਾ ਸੱੁਕਾ ਤਾਂ ਨਹੀਂ ਰਹਿ ਗਿਆ |
• ਬਿੱਕਰ (ਜ਼ੈਲੇ ਨੂੰ )-ਯਾਰ, ਡਾਕਟਰ ਪਰਚੀ 'ਤੇ ਇਹੋ ਜਿਹਾ ਕੀ ਘਾਚਾ-ਮਾਚਾ ਲਿਖ ਦਿੰਦੇ ਨੇ, ਜਿਹੜਾ ਸਿਰਫ ਮੈਡੀਕਲ ਸਟੋਰ ਵਾਲੇ ਹੀ ਪੜ੍ਹ ਸਕਦੇ ਹਨ?
ਜ਼ੈਲਾ-ਲਿਖਿਆ ਇਹੋ ਹੀ ਹੁੰਦਾ, 'ਮੈਂ ਲੱੁਟ ਲਿਆ, ਤੰੂ ਵੀ ਲੱੁਟ ਲੈ |'

-ਮੋਗਾ | ਮੋਬਾ: 96469-27646

ਅਨਮੋਲ ਬਚਨ

• ਸਫ਼ਰ ਦਾ ਮਜ਼ਾ ਲੈਣਾ ਹੋਵੇ ਤਾਂ ਸਾਮਾਨ ਘੱਟ ਰੱਖੋ, ਜ਼ਿੰਦਗੀ ਦਾ ਮਜ਼ਾ ਲੈਣਾ ਹੋਵੇ ਤਾਂ ਦਿਲ 'ਚ ਅਰਮਾਨ ਘੱਟ ਰੱਖੋ |
• ਕਦੇ ਪਿੱਠ ਪਿੱਛੇ ਤੁਹਾਡੀ ਗੱਲ ਚੱਲੇ ਤਾਂ ਘਬਰਾਓ ਨਾ, ਗੱਲਾਂ ਵੀ ਉਨ੍ਹਾਂ ਦੀਆਂ ਹੀ ਹੁੰਦੀਆਂ ਹਨ, ਜਿਨ੍ਹਾਂ 'ਚ ਕੋਈ ਗੱਲਬਾਤ ਹੁੰਦੀ ਹੈ |
• ਜਿਹੜੇ ਮੁਸਾਫ਼ਿਰ ਆਪਣੇ ਕਦਮਾਂ 'ਤੇ ਯਕੀਨ ਰੱਖਦੇ ਹਨ, ਮੰਜ਼ਿਲ ਵੀ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ |
• ਇੱਜ਼ਤ ਅਤੇ ਤਾਰੀਫ ਮੰਗ ਕੇ ਨਹੀਂ ਮਿਲਦੀ, ਤੁਹਾਡਾ ਕੰਮ ਹੀ ਇਸ ਨੂੰ ਕਮਾ ਕੇ ਦਿੰਦਾ ਹੈ |
• ਦਵਾਈ ਮੇਜ਼ 'ਤੇ ਪਈ ਨਹੀਂ, ਅੰਦਰ ਜਾਵੇ ਤਾਂ ਅਸਰ ਕਰਦੀ ਹੈ, ਇਸੇ ਤਰ੍ਹਾਂ ਚੰਗੇ ਵਿਚਾਰ ਕਿਤਾਬਾਂ ਜਾਂ ਮੋਬਾਈਲਾਂ 'ਚ ਪਏ ਨਹੀਂ, ਦਿਲ 'ਚ ਉਤਰ ਜਾਣ ਤਾਂ ਅਸਰ ਕਰਦੇ ਹਨ |
• ਲੋਕ ਬਹੁਤ ਕੁਝ ਇਕੱਠਾ ਕਰਨ 'ਚ ਲੱਗੇ ਹਨ, ਇਸ ਦੁਨੀਆ ਤੋਂ ਖਾਲੀ ਹੱਥ ਜਾਣ ਲਈ |

-ਨੂਰਪੁਰ ਬੇਦੀ | ਮੋਬਾ: 9501810181

ਬੁਝਾਰਤ-46

ਬਿਨਾਂ ਰੁਕੇ ਮੈਂ ਦੌੜੀ ਜਾਵਾਂ,
ਵਲ-ਵਲੇਵੇਂ ਖਾਂਦੀ ਆਵਾਂ |
ਚਾਂਦੀ ਰੰਗਾ ਰੰਗ ਹੈ ਮੇਰਾ,
ਸਫਰ ਮੇਰਾ ਬਹੁਤ ਲੰਮੇਰਾ |
ਕਿਸੇ ਦੇ ਨਾ ਮੈਂ ਪਿੱਛੇ ਜਾਵਾਂ,
ਆਪਣਾ ਰਸਤਾ ਆਪ ਬਣਾਵਾਂ |
ਕਿਸੇ ਦਾ ਮੈਂ ਬੁਰਾ ਨਾ ਚਾਹਵਾਂ,
ਪਿਆਸਿਆਂ ਦੀ ਪਿਆਸ ਬੁਝਾਵਾਂ |
ਬੱੁਝੋ ਬੱਚਿਓ ਹੁਣ ਮੇਰਾ ਨਾਂਅ,
ਜਿਹੜਾ ਦੱਸੂ ਉਹਦੇ ਸਦਕੇ ਜਾਂ |
ਭਲੂਰੀਏ ਅੰਕਲ ਬਾਤ ਬਣਾਈ,
ਛੇਤੀ ਜਵਾਬ ਦਿਓ ਹੁਣ ਭਾਈ |
ਅੰਕਲ ਜੀ ਇਹ ਬਾਤ ਹੈ ਮੁਸ਼ਕਲ,
ਸੋਚ ਕੇ ਦੱਸਾਂਗੇ ਅਸੀਂ ਕੱਲ੍ਹ |
ਮੇਰੇ ਨੰਨ੍ਹੇ ਪਿਆਰੇ ਪੱੁਤਰ,
ਲਓ ਸੁਣੋ ਹੁਣ ਬਾਤ ਦਾ ਉੱਤਰ |
—0—
ਪਹਾੜਾਂ ਵਿਚ ਜੇ ਗਏ ਹੋ ਕਦੀ,
ਉਥੇ ਦੇਖੀ ਹੋਈ ਹੈ 'ਨਦੀ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਚੌਦਾਂ ਨਵੰਬਰ
ਲੇਖਕ : ਡਾ: ਕੀਰਤ ਸਿੰਘ ਇਨਕਲਾਬੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ |
ਮੁੱਲ : 160 ਰੁਪਏ, ਪੰਨੇ : 44
ਸੰਪਰਕ : 096227-05457

ਜੰਮੂ-ਕਸ਼ਮੀਰ ਦਾ ਬਸ਼ਿੰਦਾ ਪੰਜਾਬੀ ਲੇਖਕ ਡਾ: ਕੀਰਤ ਸਿੰਘ ਇਨਕਲਾਬੀ ਬਾਲਾਂ ਲਈ ਵੀ ਨਿਰੰਤਰ ਸਾਹਿਤ ਰਚਨਾ ਕਰ ਰਿਹਾ ਹੈ | ਉਸ ਦੀ ਬਾਲ ਕਾਵਿ ਪੁਸਤਕ 'ਚੌਦਾਂ ਨਵੰਬਰ', ਜਿਵੇਂ ਕਿ ਪੁਸਤਕ ਦੇ ਸਿਰਲੇਖ ਤੋਂ ਵੀ ਸੰਕੇਤ ਮਿਲ ਜਾਂਦਾ ਹੈ, ਬਾਲ ਦਿਵਸ ਦੇ ਜ਼ਰੀਏ ਵਿਸ਼ਵ ਦੇ ਸਮੂਹ ਬਾਲਾਂ ਦੀ ਆਪਣੇ ਨਾਲ ਸਾਂਝ ਪੁਆਉਂਦੀ ਹੈ | ਡਾ: ਇਨਕਲਾਬੀ ਨੇ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਰਾਹੀਂ ਜਿੱਥੇ ਭਾਰਤ ਦੀ ਮਾਣਮੱਤੀ ਸ਼ਾਨ ਅਤੇ ਰਵਾਇਤ ਨੂੰ ਆਪਣੀਆਂ ਕਵਿਤਾਵਾਂ ਵਿਚ ਢਾਲਿਆ ਹੈ, ਉਥੇ ਬੱਚਿਆਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਸਰੋਕਾਰਾਂ ਅਤੇ ਮਸਲਿਆਂ ਨੂੰ ਬਹੁਤ ਨੇੜਿਓਾ ਮਹਿਸੂਸ ਕੇ ਪੇਸ਼ ਕੀਤਾ ਹੈ | ਜਿੱਥੇ ਇਹ ਕਵਿਤਾਵਾਂ ਹਸੂੰ-ਹਸੰੂ ਕਰਦੇ ਬਚਪਨ ਦੀ ਕੋਮਲਤਾ ਦੀ ਗੱਲ ਕਰਦੀਆਂ ਹਨ, ਉਥੇ ਅਜੋਕੇ ਗਿਆਨ-ਵਿਗਿਆਨ ਦੇ ਖੇਤਰ ਵਿਚ ਹੋਈਆਂ ਵੰਨ-ਸੁਵੰਨੀਆਂ ਉਪਲਬਧੀਆਂ ਤੋਂ ਵੀ ਉਨ੍ਹਾਂ ਨੂੰ ਜਾਣੂ ਕਰਵਾਉਂਦੀਆਂ ਹਨ | ਇਨ੍ਹਾਂ ਵਿਚ ਕੰਪਿਊਟਰ, ਸਾਇੰਸ ਯੁੱਗ, ਘਰੇਲੂ ਲਾਇਬ੍ਰੇਰੀ ਅਤੇ ਟਰੈਕਟਰ ਆਦਿ ਗਿਆਨ, ਵਿਗਿਆਨ ਦੇ ਵਰਤਾਰੇ ਸ਼ਾਮਿਲ ਹਨ | ਡਾ: ਇਨਕਲਾਬੀ ਨੇ ਇਸ ਪੁਸਤਕ ਵਿਚ ਚੌਗਿਰਦੇ ਨੂੰ ਸਾਫ਼ ਰੱਖਣ ਦੇ ਸੁਨੇਹੇ ਵੀ ਦਿੱਤੇ ਹਨ ਅਤੇ ਪਾਣੀ, ਹਵਾ, ਪਰਬਤ ਅਤੇ ਹੋਰ ਕੁਦਰਤੀ ਸਾਧਨਾਂ ਨੂੰ ਬਚਾਉਣ ਦੀ ਲੋੜ ਉੱਪਰ ਵੀ ਬਲ ਦਿੱਤਾ ਹੈ | ਕੁੱਲ ਮਿਲਾ ਕੇ ਡਾ: ਇਨਕਲਾਬੀ ਦੀਆਂ ਇਨ੍ਹਾਂ ਬਾਲ ਕਵਿਤਾਵਾਂ ਵਿਚ ਸਮਾਜ ਦੇ ਵੱਖ-ਵੱਖ ਖੇਤਰਾਂ ਪ੍ਰਤੀ ਚਿੰਤਾ ਨੂੰ ਗੰਭੀਰਤਾ ਨਾਲ ਸਮਝਣ ਤੇ ਉਨ੍ਹਾਂ ਨੂੰ ਹੱਲ ਕਰਨ ਦੀ ਲੋੜ ਉਪਰ ਜ਼ੋਰ ਦਿੱਤਾ ਗਿਆ ਹੈ | ਪੁਸਤਕ ਬਾਲ-ਮਨਾਂ ਨੂੰ ਆਪਣੇ ਨਾਲ ਜੋੜਦੀ ਹੈ |

ਚੂਹੇ ਨੇ ਲਈ ਸੈਲਫ਼ੀ
ਲੇਖਕ : ਇਕਬਾਲ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ |
ਮੁੱਲ : 80 ਰੁਪਏ, ਪੰਨੇ : 60
ਸੰਪਰਕ : 094165-92149

'ਚੂਹੇ ਨੇ ਲਈ ਸੈਲਫ਼ੀ' ਇਕਬਾਲ ਸਿੰਘ ਦਾ ਨਵ-ਛਪਿਆ ਸੰਗ੍ਰਹਿ ਹੈ, ਜਿਸ ਵਿਚ ਸਮਾਜਿਕ ਮਸਲਿਆਂ ਨੂੰ ਵਿਸ਼ੇਸ਼ ਤੌਰ 'ਤੇ ਆਧਾਰ ਬਣਾ ਕੇ ਬਾਲ ਕਹਾਣੀਆਂ ਦੀ ਸਿਰਜਣਾ ਕੀਤੀ ਗਈ ਹੈ | ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ 'ਚੂਹੇ ਨੇ ਲਈ ਸੈਲਫ਼ੀ', 'ਲਾਲਚੀ ਕਾਂ', 'ਘੁੱਗੀ ਦੀ ਜ਼ਿੱਦ', 'ਮੋਰ ਦੇ ਖੰਭ' ਅਤੇ 'ਬਿਜੜੇ ਦਾ ਆਲ੍ਹਣਾ' ਆਦਿ ਕਹਾਣੀਆਂ ਭਾਵੇਂ ਜੀਵ-ਜੰਤੂਆਂ ਉਪਰ ਕੇਂਦਿ੍ਤ ਹਨ ਪਰ ਇਨ੍ਹਾਂ ਵਿਚ ਵੱਖ-ਵੱਖ ਚਿੰਨ੍ਹਾਂ ਅਤੇ ਪ੍ਰਤੀਕਾਂ ਦੁਆਰਾ ਮਨੁੱਖੀ ਸਮੱਸਿਆਵਾਂ ਨੂੰ ਹੀ ਉਭਾਰਿਆ ਗਿਆ ਹੈ | 'ਅਕਲ ਦਾ ਅੰਨ੍ਹਾ', 'ਚਲਾਕ ਚਿੰਕੂ' ਅਤੇ 'ਇੰਜ ਫੜਿਆ ਗਿਆ ਚੋਰ' ਕਹਾਣੀਆਂ ਵਿਚੋਂ ਇਹ ਸੰਦੇਸ਼ ਮਿਲਦੇ ਹਨ ਕਿ ਮੂਰਖ ਵਿਅਕਤੀ ਜੀਵਨ ਵਿਚ ਨੁਕਸਾਨ ਕਰਵਾਉਂਦੇ ਹਨ, ਜਦੋਂ ਕਿ ਸੂਝਵਾਨ ਜਾਂ ਦੂਰਦਿ੍ਸ਼ਟ ਵਿਅਕਤੀ ਦਰਪੇਸ਼ ਸੰਕਟਾਂ ਉਪਰ ਕਾਬੂ ਪਾਉਂਦੇ ਹੋਏ ਮੰਜ਼ਿਲ ਵੱਲ ਵਧਦੇ ਰਹਿੰਦੇ ਹਨ | ਇਨ੍ਹਾਂ ਕਹਾਣੀਆਂ ਵਿਚ ਬਾਤਾਂ ਵਾਲਾ ਰੰਗ ਵੀ ਹੈ ਅਤੇ ਜੀਵ-ਜੰਤੂਆਂ ਦੁਆਰਾ ਆਧੁਨਿਕ ਬਿਜਲਈ ਅਤੇ ਸੰਚਾਰ ਸਾਧਨਾਂ ਦੀ ਵਰਤੋਂ ਕਰਨ ਨਾਲ ਇਹ ਕਹਾਣੀਆਂ ਮਾਡਰਨ ਯੁੱਗ ਦੀ ਪ੍ਰਤੀਨਿਧਤਾ ਵੀ ਕਰਦੀਆਂ ਹਨ | ਕਹਾਣੀਆਂ ਦੇ ਪਾਤਰਾਂ ਦੀ ਵਾਰਤਾਲਾਪ ਕਥਾਨਕ ਅਤੇ ਘਟਨਾਕ੍ਰਮ ਨੂੰ ਮਘਦਾ ਰੱਖਦੀ ਹੈ | ਕੁੱਲ ਮਿਲਾ ਕੇ ਇਹ ਪੁਸਤਕ ਬਾਲ ਮਨੋਭਾਵਾਂ ਦੇ ਅਨੁਕੂਲ ਹੈ ਅਤੇ ਬਾਲ ਪਾਠਕਾਂ ਦੇ ਭਾਸ਼ਾਈ ਗਿਆਨ ਵਿਚ ਵੀ ਇਜ਼ਾਫ਼ਾ ਕਰਦੀ ਹੈ | ਇਹ ਪੁਸਤਕ ਬੱਚਿਆਂ ਅੰਦਰ ਪੜ੍ਹਨ ਰੁਚੀਆਂ ਨੂੰ ਉਤਸ਼ਾਹਿਤ ਕਰਦੀ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:),
ਮੋਬਾ: 98144-23703

ਮਾਲਵਾ ਐਕਸਪ੍ਰੈੱਸ

ਸੁਰਿੰਦਰ ਸਿੰਘ ਨੇਕੀ ਪੰਜਾਬੀ ਦੇ ਜਾਣੇ-ਪਛਾਣੇ ਲੇਖਕ ਹਨ ਤੇ ਉਹ ਲਗਪਗ 9 ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੱੁਕੇ ਹਨ | ਉਨ੍ਹਾਂ ਨੇ 'ਮਾਲਵਾ ਐਕਸਪ੍ਰੈੱਸ' ਨਾਂਅ ਦਾ ਬਾਲ ਨਾਵਲ ਲਿਖਿਆ ਹੈ, ਜਿਸ ਵਿਚ ਉਨ੍ਹਾਂ ਬਾਲ ਪਾਠਕਾਂ ਨੂੰ ਆਪਣੀ ਸੋਚ ਵਿਗਿਆਨਕ, ਆਤਮਵਿਸ਼ਵਾਸੀ, ਖੋਜ-ਬਿਰਤੀ ਵਾਲੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਮਿਹਨਤ-ਪਸੰਦ ਬਣਨ ਲਈ ਪ੍ਰੇਰਿਤ ਕੀਤਾ ਹੈ | ਇਹ ਸਭ ਉਨ੍ਹਾਂ ਬੜੀ ਸਰਲ ਭਾਸ਼ਾ ਵਿਚ, ਰੌਚਕ ਢੰਗ ਨਾਲ, ਚੁਟਕਲੇ, ਕਹਾਣੀਆਂ ਅਤੇ ਬਾਤਾਂ ਆਦਿ ਦਾ ਸਹਾਰਾ ਲੈ ਕੇ ਕੀਤਾ ਹੈ | 'ਅਜੀਤ' ਵਲੋਂ ਬਾਲ ਪਾਠਕਾਂ ਲਈ ਇਹ ਨਾਵਲ ਇਨ੍ਹਾਂ ਕਾਲਮਾਂ ਵਿਚ ਛਾਪਣ ਦਾ ਫ਼ੈਸਲਾ ਕੀਤਾ ਹੈ | ਇਸ ਦੀ ਪਹਿਲੀ ਕਿਸ਼ਤ ਸਨਿਚਰਵਾਰ 1 ਜੂਨ ਦੇ 'ਬਾਲ ਸੰਸਾਰ' ਅੰਕ ਵਿਚ ਪ੍ਰਕਾਸ਼ਤ ਕੀਤੀ ਜਾਵੇਗੀ |

-ਸੰਪਾਦਕ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX