ਤਾਜਾ ਖ਼ਬਰਾਂ


ਤਬੀਅਤ ਵਿਗੜਨ 'ਤੇ ਕੈਦੀ ਦੀ ਮੌਤ
. . .  1 day ago
ਪਟਿਆਲਾ ,15 ਜੁਲਾਈ ( ਸਿੱਧੂ, ਖਰੌੜ ) -ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮ ਗੈਂਗਸਟਰ ਚਰਨਪ੍ਰੀਤ ਸਿੰਘ ਚੰਨਾ ਉਮਰ ਤੀਹ ਸਾਲ ਦੀ ਅੱਜ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਮੌਤ ਹੋ ਗਈ। ਜ਼ਿਕਰਯੋਗ ਹੈ ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਕੋਠੀ ਵਿਚ ਚੋਰੀ
. . .  1 day ago
ਜੰਡਿਆਲਾ ਮੰਜਕੀ ,15 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਦੀ ਜੰਡਿਆਲਾ ਵਿਚ ਨਕੋਦਰ ਮੋੜ ਨੇੜੇ ਬੰਦ ਪਈ ਕੋਠੀ ਵਿਚ ਚੋਰੀ ਹੋਣ ਦਾ ...
ਭਰਜਾਈ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਸੰਗਰੂਰ, 15 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ.ਐੱਸ.ਸੰਧੂ ਦੀ ਅਦਾਲਤ ਨੇ ਭਰਜਾਈ ਦਾ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ....
ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਕਈ ਜ਼ਖਮੀ
. . .  1 day ago
ਤਪਾ ਮੰਡੀ, 15 ਜੁਲਾਈ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ ਅਤੇ ਚੰਡੀਗੜ੍ਹ 'ਤੇ ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਕੌਮੀ ਮਾਰਗ ਤਪਾ ...
ਲੋਕ ਸਭਾ 'ਚ ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਣ 'ਤੇ ਬੈਂਸ ਨੇ ਸੁਖਬੀਰ ਬਾਦਲ ਦੀ ਕੀਤੀ ਸ਼ਲਾਘਾ
. . .  1 day ago
ਜਲੰਧਰ, 15 ਜੁਲਾਈ (ਚਿਰਾਗ਼)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਪੂਰਥਲਾ ਤੋਂ ਆਪਣੀ 'ਪਾਣੀ ਬਚਾਓ' ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਪਹੁੰਚੇ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ: ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਾ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪਾਵਰਕਾਮ ਸਬ ਸਟੇਸ਼ਨ ਲੁਬਾਣਿਆਂਵਾਲੀ ਦੇ ਲਾਈਨਮੈਨ ਰਾਜੂ ਨੂੰ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਨੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਅਤੇ ਡੀ.ਐੱਸ.ਪੀ ਰਾਜ ....
ਕੈਪਟਨ ਵੱਲੋਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਹਾਂ ਨੇਤਾਵਾਂ ਵਿਚਾਲੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ। ਇਸ ਦੇ ਨਾਲ ਹੀ ਕੈਪਟਨ ....
ਸ੍ਰੀ ਮੁਕਤਸਰ ਸਾਹਿਬ: ਨਵਜੋਤ ਸਿੱਧੂ ਨੂੰ ਸੰਭਾਲਣਾ ਚਾਹੀਦਾ ਹੈ ਬਿਜਲੀ ਮਹਿਕਮਾ -ਚੰਨੀ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ....
ਘੱਗਰ ਦਰਿਆ ਦੇ ਪਾਣੀ ਦੀ ਮਾਰ ਹੇਠ ਦਰਜਨਾਂ ਪਿੰਡ, ਨੁਕਸਾਨੀਆਂ ਗਈਆਂ ਕਿਸਾਨਾਂ ਦੀਆਂ ਫ਼ਸਲਾਂ
. . .  1 day ago
ਘਨੌਰ, 15ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ)- ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ 'ਚ ਹੋਈ ਭਰਵੀਂ ਬਰਸਾਤ ਨਾਲ ਪਿੰਡ ਸਰਾਲਾ ਕਲਾਂ ਨੇੜੇ ਵਗਦੇ ਘੱਗਰ ਦਰਿਆ ਦਾ ਪਾਣੀ ਉੱਛਲਨ ਕਾਰਨ ਨੇੜਲੇ ਪਿੰਡ ਜੰਡ ਮੰਗੋਲੀ, ਉਂਟਸਰ, ਗਦਾਪੁਰ, ....
ਪਾਕਿਸਤਾਨ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਇਸਲਾਮਾਬਾਦ, 15 ਜੁਲਾਈ- ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਅੱਜ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਅਤੇ ਤਿੰਨ ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਹ ਜ਼ਮਾਨਤ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਅਜੋਕੀਆਂ ਸਥਿਤੀਆਂ ਵਿਚ ਸਾਕਾ ਨੀਲਾ ਤਾਰਾ ਦੇ ਸਬਕ

ਸਾਕਾ ਨੀਲਾ ਤਾਰਾ ਨੂੰ ਵਾਪਰਿਆਂ 35 ਸਾਲ ਹੋ ਗਏ ਹਨ | ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਸਮਾਂ ਵੱਡੇ ਤੋਂ ਵੱਡੇ ਜ਼ਖ਼ਮਾਂ 'ਤੇ ਮੱਲ੍ਹਮ ਲਾ ਦਿੰਦਾ ਹੈ ਭਾਵ ਵਕਤ ਦੇ ਬੀਤਣ ਨਾਲ ਲੋਕ ਵੱਡੇ ਤੋਂ ਵੱਡੇ ਦੁਖਾਂਤਾਂ ਨੂੰ ਭੁੱਲ ਜਾਂਦੇ ਹਨ | ਪਰ ਇਤਿਹਾਸ ਵਿਚ ਕੁਝ ਘਟਨਾਵਾਂ ਅਜਿਹੀਆਂ ਵੀ ਵਾਪਰਦੀਆਂ ਹਨ, ਜੋ ਸਦੀਆਂ ਤੱਕ ਲੋਕਾਂ ਦੇ ਚੇਤਿਆਂ ਵਿਚ ਸਮਾਈਆਂ ਰਹਿੰਦੀਆਂ ਹਨ ਅਤੇ ਸਦੀਆਂ ਤੱਕ ਲੋਕਾਂ ਦੀ ਚੇਤਨਾ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ | ਸਾਕਾ ਨੀਲਾ ਤਾਰਾ ਇਕ ਅਜਿਹਾ ਹੀ ਵੱਡਾ ਦੁਖਾਂਤ ਹੈ, ਜਿਸ ਨੂੰ ਸਿੱਖ ਭਾਈਚਾਰਾ ਕਦੇ ਵੀ ਭੁਲਾ ਨਹੀਂ ਸਕਦਾ | ਹਰ ਸਾਲ ਜਦੋਂ ਇਸ ਦੀ ਬਰਸੀ ਆਉਂਦੀ ਹੈ ਤਾਂ ਬਹੁਤ ਸਾਰੀਆਂ ਕੌੜੀਆਂ ਯਾਦਾਂ ਮੁੜ ਤਾਜ਼ਾ ਹੋ ਜਾਂਦੀਆਂ ਹਨ | ਜ਼ਖ਼ਮ ਮੁੜ ਚਸਕਣ ਲਗਦੇ ਹਨ | ਦਿਲ 'ਚੋਂ ਇਕ ਪੀੜ ਜਿਹੀ ਉੱਠਦੀ ਹੈ |
ਇਹੋ ਜਿਹੇ ਵੱਡੇ ਦੁਖਾਂਤਾਂ ਦੇ ਵਾਪਰਨ ਪਿੱਛੇ ਅਨੇਕਾਂ ਕਾਰਨ ਹੁੰਦੇ ਹਨ ਅਤੇ ਇਨ੍ਹਾਂ ਦੇ ਪ੍ਰਭਾਵ ਵੀ ਅਨੇਕਾਂ ਕਿਸਮ ਦੇ ਹੁੰਦੇ ਹਨ | ਸਿਆਣੀਆਂ ਕੌਮਾਂ ਅਜਿਹੇ ਵਰਤਾਰਿਆਂ ਦੇ ਕਾਰਨਾਂ ਨੂੰ ਗਹਿਰਾਈ ਵਿਚ ਜਾ ਕੇ ਘੋਖਦੀਆਂ ਹਨ ਅਤੇ ਸਬਕ ਗ੍ਰਹਿਣ ਕਰਦੀਆਂ ਹਨ ਤਾਂ ਕਿ ਭਵਿੱਖ ਵਿਚ ਇਹੋ ਜਿਹੇ ਵੱਡੇ ਦੁਖਾਂਤਾਂ ਤੋਂ ਬਚਿਆ ਜਾ ਸਕੇ | ਪਰ ਜਿਨ੍ਹਾਂ ਕੌਮਾਂ ਕੋਲ ਸਿਆਣੀ ਸਿਆਸੀ ਲੀਡਰਸ਼ਿਪ ਨਹੀਂ ਹੁੰਦੀ, ਉਹ ਇਹੋ ਜਿਹੇ ਵੱਡੇ ਦੁਖਾਂਤਾਂ ਤੋਂ ਵੀ ਕੋਈ ਸਬਕ ਨਹੀਂ ਸਿਖਦੀਆਂ | ਇਸੇ ਕਾਰਨ ਅਜਿਹੇ ਦੇਸ਼ਾਂ ਅਤੇ ਕੌਮਾਂ ਨੂੰ ਵਾਰ-ਵਾਰ ਵੱਡੇ ਦੁਖਾਂਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਭਾਵੇਂ ਪਿਛਲੇ 35 ਸਾਲਾਂ ਵਿਚ ਸਾਕਾ ਨੀਲਾ
ਤਾਰਾ ਬਾਰੇ ਬਹੁਤ ਕੁਝ ਲਿਖਿਆ ਅਤੇ ਕਿਹਾ ਗਿਆ ਹੈ | ਪਰ ਅਜੇ ਵੀ ਇਸ ਗੱਲ ਦੀ ਲੋੜ ਮਹਿਸੂਸ ਹੁੰਦੀ ਹੈ ਕਿ ਇਸ ਦਾ ਵੱਖ-ਵੱਖ ਪਹਿਲੂਆਂ ਤੋਂ ਵਿਸ਼ਲੇਸ਼ਣ ਕੀਤਾ ਜਾਵੇ ਅਤੇ ਭਵਿੱਖ ਲਈ ਇਸ ਤੋਂ ਸਬਕ ਸਿੱਖੇ ਜਾਣ | ਦੇਸ਼ ਦੀਆਂ ਅਜੋਕੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਸਥਿਤੀਆਂ ਵਿਚ ਅਜਿਹਾ ਕਰਨਾ ਹੋਰ ਵੀ ਬੇਹੱਦ ਜ਼ਰੂਰੀ ਹੋ ਜਾਂਦਾ ਹੈ |
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਦੀ ਸਥਿਤੀ ਸਾਕਾ ਨੀਲਾ ਤਾਰਾ ਤੱਕ ਕਿਵੇਂ ਪਹੁੰਚੀ? ਇਸ ਸਵਾਲ ਨੂੰ ਸਹੀ ਸੰਦਰਭ ਵਿਚ ਸਮਝਣ ਨਾਲ ਅਸੀਂ ਇਸ ਦੁਖਾਂਤ ਪਿਛਲੇ ਕਾਰਨਾਂ ਨੂੰ ਕੁਝ ਹੱਦ ਤੱਕ ਸਮਝਣ ਦੇ ਸਮਰੱਥ ਹੋ ਸਕਦੇ ਹਾਂ | ਬਿਨਾਂ ਸ਼ੱਕ ਪੰਜਾਬੀ ਖ਼ਾਸ ਕਰਕੇ ਸਿੱਖ ਭਾਈਚਾਰਾ ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਤੌਰ 'ਤੇ ਇਕ ਵਿਲੱਖਣ ਚੇਤਨਾ ਦਾ ਮਾਲਕ ਹੈ | ਇਹ ਚੇਤਨਾ ਇਸ ਵਿਚ ਇਸ ਖਿੱਤੇ ਦੇ ਇਤਿਹਾਸਕ ਘਟਨਾਕ੍ਰਮ ਅਤੇ ਭੂਗੋਲਿਕ ਸਥਿਤੀਆਂ ਦੇ ਨਾਲ-ਨਾਲ ਸਿੱਖ ਗੁਰੂ ਸਾਹਿਬਾਨ ਨੇ ਪੈਦਾ ਕੀਤੀ ਸੀ | ਇਸ ਚੇਤਨਾ ਦੇ ਸਿਰ 'ਤੇ ਹੀ ਸਿੱਖ ਭਾਈਚਾਰੇ ਨੇ ਮੁਗਲ ਸਾਮਰਾਜ, ਬਰਤਾਨਵੀ ਸਾਮਰਾਜ ਅਤੇ ਆਜ਼ਾਦੀ ਤੋਂ ਬਾਅਦ ਕਾਂਗਰਸ ਦੇ ਨਿਰੰਕੁਸ਼ਵਾਦ ਦੇ ਖਿਲਾਫ਼ ਨਿਰੰਤਰ ਸੰਘਰਸ਼ ਕੀਤਾ ਹੈ | ਆਜ਼ਾਦੀ ਦੇ ਅੰਦੋਲਨ ਵਿਚ ਸਿੱਖਾਂ ਦੇ ਵੱਡੇ ਯੋਗਦਾਨ ਨੂੰ ਵੇਖਦਿਆਂ ਉਸ ਸਮੇਂ ਦੀ ਕਾਂਗਰਸ ਲੀਡਰਸ਼ਿਪ ਨੇ ਸਿੱਖ ਭਾਈਚਾਰੇ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਉੱਤਰੀ ਭਾਰਤ ਵਿਚ ਉਨ੍ਹਾਂ ਨੂੰ ਇਕ ਅਜਿਹਾ ਖਿੱਤਾ ਦਿੱਤਾ ਜਾਵੇਗਾ, ਜਿਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣਗੇ | ਪਰ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸੱਤਾ ਸੰਭਾਲਣ ਉਪਰੰਤ ਪੰਜਾਬ ਅਤੇ ਸਿੱਖ ਭਾਈਚਾਰੇ ਪ੍ਰਤੀ ਕਾਂਗਰਸ ਲੀਡਰਸ਼ਿਪ ਦਾ ਨਜ਼ਰੀਆ ਬਦਲ ਗਿਆ, ਜਿਸ ਕਾਰਨ ਪੰਜਾਬੀ ਸੂਬੇ ਦੀ ਸਥਾਪਨਾ ਅਤੇ ਪੰਜਾਬ ਦੀ ਖ਼ੁਦ-ਮੁਖ਼ਤਿਆਰੀ ਲਈ ਸਿੱਖ ਭਾਈਚਾਰੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਵੱਡੇ ਸੰਘਰਸ਼ ਲੜਨੇ ਪਏ |
1982 ਵਿਚ ਆਰੰਭ ਹੋਇਆ ਧਰਮ ਯੱੁਧ ਮੋਰਚਾ ਅਜਿਹੇ ਸੰਘਰਸ਼ ਦੀ ਹੀ ਇਕ ਕੜੀ ਸੀ | ਧਰਮ ਯੱੁਧ ਮੋਰਚੇ ਦੀਆਂ ਮੰਗਾਂ ਵਿਚ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨਾ, ਦਰਿਆਈ ਪਾਣੀਆਂ ਸਬੰਧੀ ਰਾਜ ਨੂੰ ਇਨਸਾਫ਼ ਦੇਣਾ ਅਤੇ ਅਨੰਦਪੁਰ ਸਾਹਿਬ ਦੇ ਮਤੇ ਦੇ ਆਧਾਰ 'ਤੇ ਰਾਜ ਨੂੰ ਖ਼ੁਦਮੁਖ਼ਤਿਆਰੀ ਦੇਣਾ ਆਦਿ ਸ਼ਾਮਿਲ ਸਨ | ਸ੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਅਕਾਲੀ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਧਰਮ ਯੁੱਧ ਮੋਰਚੇ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਵਿਚ ਨਾਕਾਮ ਰਹੀ | ਮੋਰਚਾ ਲਮਕ ਜਾਣ ਦੇ ਸਿੱਟੇ ਵਜੋਂ ਇਹ ਹਿੰਸਕ ਰੂਪ ਅਖ਼ਤਿਆਰ ਕਰ ਗਿਆ | ਪੈਦਾ ਹੋਈ ਇਸ ਸਥਿਤੀ ਨਾਲ ਨਿਪਟਣ ਲਈ ਅਤੇ ਅਕਾਲੀ ਦਲ ਨੂੰ ਕਰਾਰਾ ਸਬਕ ਸਿਖਾਉਣ ਲਈ ਇੰਦਰਾ ਗਾਂਧੀ ਦੀ ਸਰਕਾਰ ਨੇ ਹਰਿਮੰਦਰ ਸਾਹਿਬ 'ਤੇ ਫ਼ੌਜ ਚੜ੍ਹਾ ਕੇ ਸਾਕਾ ਨੀਲਾ ਤਾਰਾ ਨੂੰ ਅਮਲ ਵਿਚ ਲਿਆਂਦਾ | ਕਿਉਂਕਿ ਕਾਂਗਰਸ ਅਕਾਲੀਆਂ ਦੀ ਮੋਰਚਾ ਰਾਜਨੀਤੀ ਤੋਂ ਪ੍ਰੇਸ਼ਾਨ ਸੀ ਅਤੇ ਖ਼ਾਸ ਕਰਕੇ ਐਮਰਜੈਂਸੀ ਵਿਰੁੱਧ ਅਕਾਲੀਆਂ ਵਲੋਂ ਮੋਰਚਾ ਲਾਉਣ ਕਾਰਨ ਸ੍ਰੀਮਤੀ ਇੰਦਰਾ ਗਾਂਧੀ ਉਨ੍ਹਾਂ ਤੋਂ ਬੇਹੱਦ ਨਾਰਾਜ਼ ਸੀ | ਇਸ ਕਾਰਨ ਸ੍ਰੀਮਤੀ ਇੰਦਰਾ ਗਾਂਧੀ ਦੇ ਸਲਾਹਕਾਰਾਂ, ਜਿਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਅਰੁਣ ਨਹਿਰੂ ਤੇ ਅਰੁਣ ਸਿੰਘ ਆਦਿ ਸ਼ਾਮਿਲ ਸਨ, ਨੇ ਹਰਿਮੰਦਰ ਸਾਹਿਬ ਵਿਚ ਫ਼ੌਜੀ ਕਾਰਵਾਈ ਕਰਨ ਲਈ ਇੰਦਰਾ ਗਾਂਧੀ ਨੂੰ ਉਕਸਾਇਆ ਅਤੇ ਇਹ ਰਾਇ ਵੀ ਦਿੱਤੀ ਕਿ ਜੇਕਰ ਫ਼ੌਜੀ ਕਾਰਵਾਈ ਕਰਕੇ ਹਰਿਮੰਦਰ ਸਾਹਿਬ ਵਿਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਕੱਢ ਦਿੱਤਾ ਜਾਂਦਾ ਹੈ ਤਾਂ ਇਸ ਨਾਲ 1984 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਵੀ ਆਸਾਨੀ ਨਾਲ ਜਿੱਤਿਆ ਜਾ ਸਕਦਾ ਹੈ | ਪ੍ਰਸਿੱਧ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਨੇ ਵੀ 2018 ਵਿਚ ਸਾਕਾ ਨੀਲਾ ਤਾਰਾ ਬਾਰੇ ਲਿਖੇ ਆਪਣੇ ਇਕ ਲੇਖ ਵਿਚ ਕਾਂਗਰਸ ਦੇ ਉਪਰੋਕਤ ਆਗੂਆਂ ਦੀ ਇਸ ਤਰ੍ਹਾਂ ਦੀ ਰਾਇ ਦਾ ਵਰਨਣ ਕੀਤਾ ਹੈ | ਆਪ੍ਰੇਸ਼ਨ ਸਾਕਾ ਨੀਲਾ ਤਾਰਾ ਦੇ ਸਮੇਂ ਦੀਆਂ ਪੰਜਾਬ ਦੀਆਂ ਆਰਥਿਕ ਤੇ ਸਮਾਜਿਕ ਸਥਿਤੀਆਂ ਦਾ ਵਰਨਣ ਕਰਦਿਆਂ ਇਸ ਆਪ੍ਰੇਸ਼ਨ ਵਿਚ ਹਿੱਸਾ ਲੈਣ ਵਾਲੇ ਲੈਫਟੀਨੈਂਟ ਜਨਰਲ ਕੇ.ਐਸ. ਬਰਾੜ ਨੇ ਆਪਣੀ ਪੁਸਤਕ ਦੇ ਸ਼ੁਰੂ ਵਿਚ ਕੁਝ ਇਸ ਤਰ੍ਹਾਂ ਵਰਨਣ ਕੀਤਾ ਹੈ, 'ਅੱਠਵੇਂ ਦਹਾਕੇ ਦੇ ਸ਼ੁਰੂ ਵਿਚ ਪੰਜਾਬ ਵਿਚ ਅੰਤਾਂ ਦੀ ਬੇਰੁਜ਼ਗਾਰੀ ਸੀ | ਇਸ ਦਾ ਕਾਰਨ ਇਹ ਸੀ ਕਿ ਜ਼ਮੀਨਾਂ ਆਰਥਿਕ ਰੂਪ ਵਿਚ ਲਾਹੇਵੰਦ ਨਹੀਂ ਰਹੀਆਂ ਸਨ, ਜਿਸ ਕਰਕੇ ਸਮਾਂਤੀ ਕਿਸਾਨਾਂ ਨੂੰ ਆਪਣੇ ਗੁਜ਼ਾਰੇ ਲਈ ਕਮਾਈ ਦੇ ਦੂਸਰੇ ਸਾਧਨਾਂ ਵੱਲ ਝਾਕਣਾ ਪੈ ਰਿਹਾ ਸੀ | ਇਸ ਦੇ ਨਤੀਜੇ ਵਜੋਂ ਬੇਚੈਨੀ ਦੀ ਇਕ ਲਹਿਰ ਉੱਠ ਪਈ | ਖ਼ਾਸ ਕਰ ਕੇ ਨੌਜਵਾਨਾਂ ਵਿਚ, ਜਿਹੜੇ ਅਖ਼ੀਰ ਵਿਚ ਉਨ੍ਹਾਂ ਲਾਲਸਾਵਾਂ ਦੇ ਸੌਖਿਆਂ ਹੀ ਸ਼ਿਕਾਰ ਬਣ ਗਏ ਜਿਹੜੀਆਂ ਉਪਜੀਵਕਾ ਦੇ ਬਦਲਵੇਂ ਸਾਧਨ ਵਜੋਂ 'ਹਿੰਸਾ ਤੇ ਅੱਤਵਾਦ' ਮੁਹੱਈਆ ਕਰਦੀਆਂ ਸਨ |'
ਉਪਰੋਕਤ ਸਾਰੇ ਤੱਥ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸਿੱਖ ਭਾਈਚਾਰੇ ਨੂੰ ਆਜ਼ਾਦੀ ਤੋਂ ਬਾਅਦ ਉਹ ਸਥਾਨ ਨਹੀਂ ਮਿਲਿਆ, ਜਿਸ ਦਾ ਉਹ ਹੱਕਦਾਰ ਸੀ | ਪੰਜਾਬ ਵਿਚ ਸੱਤਾ ਹਾਸਲ ਕਰਨ ਲਈ ਵੀ ਕਾਂਗਰਸ ਨੇ ਵਾਰ-ਵਾਰ ਅਕਾਲੀ ਦਲ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਦਲਬਦਲੀ ਕਰਵਾ ਕੇ ਜਾਂ ਧਾਰਾ 376 ਦੀ ਦੁਰਵਰਤੋਂ ਕਰਕੇ ਤੋੜਿਆ | ਉਂਜ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਪ੍ਰਤੀ ਕਾਂਗਰਸ ਦਾ ਰਵੱਈਆ ਇਹੋ ਜਿਹਾ ਹੀ ਸੀ | ਦੂਜੀ ਗੱਲ ਇਹ ਕਿ ਪੰਜਾਬ ਵਿਚ ਹਰੇ ਇਨਕਲਾਬ ਤੋਂ ਬਾਅਦ ਖੇਤੀ ਆਧਾਰਿਤ ਸਨਅਤਾਂ ਲਾ ਕੇ ਇਸ ਦੀ ਆਰਥਿਕਤਾ ਨੂੰ ਹੰਢਣਸਾਰ ਬਣਾਉਣ ਲਈ ਵੀ ਸਮੇਂ ਦੀਆਂ ਕੇਂਦਰੀ ਸਰਕਾਰਾਂ ਵਲੋਂ ਕੋਈ ਠੋਸ ਪਹਿਲਕਦਮੀ ਨਹੀਂ ਕੀਤੀ ਗਈ, ਜਿਸ ਤਰ੍ਹਾਂ ਕਿ 80ਵਿਆਂ ਵਿਚ ਜਨਰਲ ਕੇ. ਐਸ. ਬਰਾੜ ਨੇ ਉੱਪਰ ਜ਼ਿਕਰ ਕੀਤਾ ਹੈ ਕਿ ਰਾਜ ਦੇ ਨੌਜਵਾਨਾਂ ਵਿਚ ਉਸ ਸਮੇਂ ਵੱਡੀ ਪੱਧਰ 'ਤੇ ਬੇਰੁਜ਼ਗਾਰੀ ਪਾਈ ਜਾ ਰਹੀ ਸੀ | ਇਸ ਤਰ੍ਹਾਂ ਦੀਆਂ ਸਥਿਤੀਆਂ ਕਿਸੇ ਵੀ ਖਿੱਤੇ ਵਿਚ ਟਕਰਾਅ ਤੇ ਹਿੰਸਾ ਨੂੰ ਜਨਮ ਦੇ ਸਕਦੀਆਂ ਹਨ | ਆਪ੍ਰੇਸ਼ਨ ਸਾਕਾ ਨੀਲਾ ਤਾਰਾ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਭਾਰਤ ਵਰਗਾ ਵਿਸ਼ਾਲ ਦੇਸ਼ ਜਿਸ ਵਿਚ ਵੱਖ-ਵੱਖ ਕੌਮਾਂ ਵਸਦੀਆਂ, ਜਿਨ੍ਹਾਂ ਕੌਮਾਂ ਦੇ ਆਪੋ-ਆਪਣੇ ਇਤਿਹਾਸ ਹਨ, ਆਪੋ-ਆਪਣੇ ਸੱਭਿਆਚਾਰ ਹਨ ਅਤੇ ਆਪੋ-ਆਪਣੀਆਂ ਭਾਸ਼ਾਵਾਂ ਹਨ ਅਤੇ ਉਨ੍ਹਾਂ ਦੇ ਆਪੋ-ਆਪਣੇ ਧਾਰਮਿਕ ਵਿਸ਼ਵਾਸ ਵੀ ਹਨ | ਅਜਿਹੇ ਦੇਸ਼ ਨੂੰ ਚਲਾਉਣ ਲਈ ਸਹੀ ਅਰਥਾਂ ਵਿਚ ਧਰਮ-ਨਿਰਪੱਖ, ਜਮਹੂਰੀ ਅਤੇ ਸੰਘਵਾਦੀ ਰਾਜਨੀਤਕ ਵਿਵਸਥਾ ਦੀ ਲੋੜ ਹੁੰਦੀ ਹੈ | ਆਜ਼ਾਦੀ ਤੋਂ ਬਾਅਦ ਇਸ ਦੇਸ਼ 'ਤੇ ਦਹਾਕਿਆਂ ਤੱਕ ਕਾਂਗਰਸ ਨੇ ਹੀ ਰਾਜ ਕੀਤਾ ਹੈ | ਇਸ ਲਈ ਦੇਸ਼ ਦੀਆਂ ਉਪਰੋਕਤ ਖ਼ਾਸੀਅਤਾਂ ਨੂੰ ਮੁੱਖ ਰੱਖ ਕੇ ਇਸ ਪਾਰਟੀ ਦੀ ਜ਼ਿੰਮੇਵਾਰੀ ਸੀ ਕਿ ਉਹ ਦੇਸ਼ ਵਿਚ ਸੰਵਿਧਾਨ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਧਰਮ-ਨਿਰਪੱਖਤਾ, ਜਮਹੂਰੀਅਤ ਅਤੇ ਸੰਘਵਾਦ ਦੀਆਂ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਬਣਾਉਂਦੀ ਪਰ ਉਸ ਵਲੋਂ ਅਜਿਹਾ ਕਰਨ ਦੀ ਥਾਂ 'ਤੇ ਦੇਸ਼ ਦੇ ਹਰ ਪ੍ਰਾਂਤ ਵਿਚ ਕਾਂਗਰਸ ਦਾ ਝੰਡਾ ਝੁਲਦਾ ਰੱਖਣ ਲਈ ਜਾਂ ਦੂਜੇ ਸ਼ਬਦਾਂ ਵਿਚ ਦੇਸ਼ ਦੇ ਹਰ ਪ੍ਰਾਂਤ ਵਿਚ ਆਪਣੀਆਂ ਸਰਕਾਰਾਂ ਬਣਾਈ ਰੱਖਣ ਲਈ ਬਹੁਤ ਕੁਝ ਅਜਿਹਾ ਕੀਤਾ ਗਿਆ, ਜਿਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਟਕਰਾਅ ਅਤੇ ਹਿੰਸਾ ਨੂੰ ਜਨਮ ਦਿੱਤਾ | ਇਸ ਸਮੇਂ ਦੌਰਾਨ ਭਾਵੇਂ ਹੋਰ ਅਨੇਕਾਂ ਪੱਖ ਤੋਂ ਵਿਕਾਸ ਵੀ ਹੋਇਆ ਪਰ ਲੋਕਾਂ ਦੇ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਮਸਲੇ ਵੀ ਹੱਲ ਨਾ ਹੋ ਸਕੇ | ਇਸ ਕਾਰਨ ਲੋਕਾਂ ਦੇ ਵੱਡੇ ਹਿੱਸਿਆਂ ਵਿਚ ਸਮੇਂ-ਸਮੇਂ ਬੇਚੈਨੀ ਵੀ ਪੈਦਾ ਹੁੰਦੀ ਰਹੀ | ਇਨ੍ਹਾਂ ਅਸਫ਼ਲਤਾਵਾਂ ਕਾਰਨ ਹੀ ਕਾਂਗਰਸ ਅੱਜ ਦੇਸ਼ ਵਿਚ ਕੱਖੋਂ ਹੌਲੀ ਹੋਈ ਨਜ਼ਰ ਆ ਰਹੀ ਹੈ | ਇਨ੍ਹਾਂ ਸਥਿਤੀਆਂ ਦੇ ਸੰਦਰਭ ਵਿਚ ਹੀ ਸਾਕਾ ਨੀਲਾ ਤਾਰਾ ਵਰਗੇ ਦੁਖਾਂਤ ਨੂੰ ਵੀ ਸਮਝਿਆ ਜਾ ਸਕਦਾ ਹੈ | ਅੱਜ ਜਦੋਂ ਕਿ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਕਾਂਗਰਸ ਦਾ ਸਥਾਨ ਲੈਂਦੀ ਜਾ ਰਹੀ ਹੈ ਤੇ ਇਕ ਵੱਡੀ ਰਾਜਨੀਤਕ ਸ਼ਕਤੀ ਵਜੋਂ ਉੱਭਰ ਰਹੀ ਹੈ ਤਾਂ ਉਸ ਨੂੰ ਵੀ ਕਾਂਗਰਸ ਦੇ ਹਸ਼ਰ ਨੂੰ ਸਮਝਣਾ ਚਾਹੀਦਾ ਹੈ ਅਤੇ ਸਾਕਾ ਨੀਲਾ ਤਾਰਾ ਵਰਗੇ ਦੁਖਾਂਤ ਤੋਂ ਵੱਡਾ ਸਬਕ ਸਿੱਖਣਾ ਚਾਹੀਦਾ ਹੈ | ਉਸ ਨੂੰ ਵੀ ਕਾਂਗਰਸ ਦੀ ਤਰ੍ਹਾਂ ਦੇਸ਼ ਦੇ ਹਰ ਕੋਨੇ ਵਿਚ ਭਾਜਪਾ ਦਾ ਝੰਡਾ ਲਹਿਰਾਉਣ ਦੇ ਜਨੂੰਨ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ, ਸਗੋਂ ਦੇਸ਼ ਵਿਚ ਧਰਮ-ਨਿਰਪੱਖਤਾ, ਜਮਹੂਰੀਅਤ ਅਤੇ ਸੰਘਵਾਦ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ | ਜਿਸ ਤਰ੍ਹਾਂ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ, ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਅਤੇ ਸਾਰਿਆਂ ਦਾ ਵਿਸ਼ਵਾਸ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣਾ ਪਵੇਗਾ |
ਦੇਸ਼ ਦੇ ਉੱਪਰ ਇਕ ਧਰਮ, ਇਕ ਭਾਸ਼ਾ ਜਾਂ ਇਕ ਧਾਰਮਿਕ ਸੱਭਿਆਚਾਰ ਠੋਸਣ ਦੀਆਂ ਕੋਸ਼ਿਸ਼ਾਂ ਭਾਜਪਾ ਨੂੰ ਕਾਂਗਰਸ ਦੀ ਤਰ੍ਹਾਂ ਹੀ ਮਹਿੰਗੀਆਂ ਪੈ ਸਕਦੀਆਂ ਹਨ | ਬਾਬਰੀ ਮਸਜਿਦ ਨੂੰ ਢਾਹੇ ਜਾਣ ਤੋਂ ਬਾਅਦ ਦੇਸ਼ ਨੇ ਕਿਸ-ਕਿਸ ਤਰ੍ਹਾਂ ਦੇ ਦੁਖਾਂਤ ਦੇਖੇ ਹਨ, ਉਹ ਸਭ ਕੁਝ ਸਾਡੇ ਸਾਹਮਣੇ ਹੈ | ਕਸ਼ਮੀਰ ਵਿਚ ਵੀ ਧਾਰਾ 370 ਨੂੰ ਖ਼ਤਮ ਕਰਨ ਦੇ ਨਾਅਰੇ ਲਾਉਣ ਦੀ ਥਾਂ ਲੋਕਾਂ ਨੂੰ ਵਿਸ਼ਵਾਸ ਵਿਚ ਲੈ ਕੇ ਮਸਲੇ ਦਾ ਰਾਜਨੀਤਕ ਨਿਪਟਾਰਾ ਕਰਨ ਨੂੰ ਤਰਜੀਹ ਦੇਣੀ ਪਵੇਗੀ | ਜਿਸ ਤਰ੍ਹਾਂ ਦਾ ਟਕਰਾਅ ਭਾਜਪਾ ਦੀ ਨਵੀਂ ਲੀਡਰਸ਼ਿਪ ਵਲੋਂ ਬੰਗਾਲ ਵਿਚ ਤਿ੍ਣਮੂਲ ਕਾਂਗਰਸ ਅਤੇ ਉਸ ਦੀ ਲੀਡਰ ਮਮਤਾ ਬੈਨਰਜੀ ਪ੍ਰਤੀ ਅਖ਼ਤਿਆਰ ਕੀਤਾ ਹੋਇਆ ਹੈ, ਉਹ ਵੀ ਨਵੇਂ ਦੁਖਾਂਤਾਂ ਨੂੰ ਜਨਮ ਦੇ ਸਕਦਾ ਹੈ | ਭਾਜਪਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 1984 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਸਿਆਸੀ ਲਾਭ ਉਠਾਉਂਦਿਆਂ ਸਿੱਖ ਭਾਈਚਾਰੇ ਖਿਲਾਫ਼ ਸਾਰੇ ਦੇਸ਼ ਦੀਆਂ ਭਾਵਨਾਵਾਂ ਭੜਕਾਅ ਕੇ 400 ਤੋਂ ਵੱਧ ਲੋਕ ਸਭਾ ਦੀਆਂ ਸੀਟਾਂ ਜਿੱਤ ਲਈਆਂ ਸਨ ਪਰ ਇਸ ਤਰ੍ਹਾਂ ਦੇ ਹਰਬੇ ਵਰਤ ਕੇ ਸੱਤਾ ਹਾਸਲ ਕਰਨ ਵਾਲੀ ਪਾਰਟੀ ਅੱਜ ਆਪਣੇ ਸਭ ਤੋਂ ਬੁਰੇ ਦੌਰ ਵਿਚੋਂ ਗੁਜ਼ਰ ਰਹੀ ਹੈ | ਸੋ, ਸਾਕਾ ਨੀਲਾ ਤਾਰਾ ਵਰਗੇ ਦੁਖਾਂਤਾਂ ਦਾ ਸਾਰੀਆਂ ਰਾਜਨੀਤਕ ਪਾਰਟੀਆਂ ਲਈ ਇਕ ਸਬਕ ਇਹ ਹੀ ਹੈ ਕਿ ਹਰ ਹਰਬਾ ਵਰਤ ਕੇ ਸੱਤਾ ਹਾਸਲ ਕਰਨ ਦਾ ਜਨੂੰਨ ਪਾਲਣ ਦੀ ਥਾਂ 'ਤੇ ਲੋਕਾਂ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਅਤੇ ਉਨ੍ਹਾਂ ਦਾ ਵਿਕਾਸ ਕਰਕੇ ਸੱਤਾ ਹਾਸਲ ਕਰਨ ਦਾ ਰਸਤਾ ਹੀ ਸਹੀ ਹੈ | ਟਕਰਾਅ ਤੇ ਵੰਡੀਆਂ ਹਮੇਸ਼ਾ ਵੱਡੇ ਦੁਖਾਂਤਾਂ ਨੂੰ ਜਨਮ ਦਿੰਦੀਆਂ ਹਨ |
••


ਖ਼ਬਰ ਸ਼ੇਅਰ ਕਰੋ

ਸੋਨੇ 'ਤੇ ਸੁਹਾਗਾ ਦੁਬਈ ਦੀ 'ਗੋਲਡ ਸੂਕ'

ਦੁਬਈ ਦੇ ਵਣਜਿਕ/ ਕਾਰੋਬਾਰੀ ਜ਼ਿਲ੍ਹੇ 'ਦੇਹਰਾ' ਦੀ ਗੋਲਡ ਸੂਕ (ਸੋਨੇ ਦੀ ਮਾਰਕੀਟ) ਵਿਚ ਵਿਸ਼ਵ ਦੇ ਵੰਨ-ਸੁਵੰਨੇ ਗਹਿਣੇ ਅਤੇ ਸ਼ਿੰਗਾਰ ਦਾ ਹੋਰ ਸਾਜ਼ੋ ਸਾਮਾਨ ਦੇਖਣ/ਖਰੀਦਣ ਨੂੰ ਤਾਂ ਮਿਲਦਾ ਹੀ ਹੈ, ਇਥੇ ਇਤਿਹਾਸ, ਵਿਰਾਸਤ ਅਤੇ ਪੁਰਾਤਨ ਰਵਾਇਤਾਂ ਦੇ ਦੀਦਾਰ ਵੀ ਹੁੰਦੇ ਹਨ ਜੋ ਸੋਨੇ 'ਤੇ ਸੁਹਾਗੇ ਦਾ ਕੰਮ ਕਰਦੇ ਹਨ |
ਅਰਬੀ ਸ਼ਬਦ ਸੂਕ/ਸੂਖ ਦਾ ਅਰਥ ਮਾਰਕੀਟ, ਖੁਲ੍ਹੇ ਆਕਾਸ਼ ਹੇਠਾਂ ਮੰਡੀ ਹੈ | ਇਹ ਸ਼ਬਦ ਅਰੈਮਿਕ 'ਸੂਕਾ' (ਸਟਰੀਟ ਮਾਰਕੀਟ), ਜੋ ਅੱਗੋਂ ਅਕੇਦੀਅਨ 'ਸੁਕੂ' (ਗਲੀ), 'ਸਾਕੂ' (ਭੀੜੀ/ਤੰਗ) ਤੋਂ ਆਇਐ ਜਿਸ ਦਾ ਅਰਥ ਭੀੜੀ ਗਲੀ ਦਾ ਬਾਜ਼ਾਰ ਜਾਂ ਮਾਰਕੀਟ ਹੈ |
ਦੇਹਰਾ ਦੁਬਈ ਦਾ ਪੁਰਾਣਾ ਸ਼ਹਿਰ ਹੈ | ਇਹ ਬਰ ਦੁਬਈ ਦੇ ਨਾਲ ਹੀ ਦੁਬਈ ਕ੍ਰੀਕ (ਨਦੀ) ਕੰਡੇ ਵਸਿਆ ਸੀ | ਬਰ ਦੁਬਈ ਅਤੇ ਦੇਹਰਾ ਦੀਆਂ ਪੁਰਾਣੀਆਂ ਗਲੀਆਂ ਅੱਜ ਵੀ ਭੀੜੀਆਂ ਹਨ ਅਤੇ ਇਨ੍ਹਾਂ ਵਿਚ ਗਹਿਣੇ-ਗੱਟਿਆਂ, ਮਸਾਲਿਆਂ, ਕੱਪੜਿਆਂ ਦੀਆਂ ਦੁਕਾਨਾਂ ਹਨ | ਕਈ ਗਲੀਆਂ ਤਾਂ ਏਨੀਆਂ ਭੀੜੀਆਂ ਹਨ ਕਿ ਦੋ ਰਿਸ਼ਟ ਪੁਸ਼ਟ ਬੰਦੇ ਵੀ ਨਾਲੋ ਨਾਲ ਮਸੀਂ ਲੰਘ ਸਕਦੇ ਹਨ | ਹਾਂ, ਹੁਣ ਨਵੇਂ ਬਾਜ਼ਾਰ ਹੋਂਦ ਵਿਚ ਆ ਗਏ ਹਨ ਅਤੇ ਆਧੁਨਿਕ ਸ਼ੋਅਰੂਮ ਵੀ ਬਥੇਰੇ ਬਣ ਗਏ ਹਨ | ਦੇਹਰਾ ਸ਼ੁਰੂ ਤੋਂ ਹੀ ਵਪਾਰ ਦਾ ਗੜ੍ਹ ਰਿਹੈ | ਵਿੱਕੀਪੀਡੀਆ ਅਨੁਸਾਰ ਇਥੇ 1908 ਵਿਚ ਵੱਖ-ਵੱਖ ਕਿਸਮ ਦੀਆਂ 350 ਦੁਕਾਨਾਂ ਸਥਾਪਤ ਹੋ ਚੁੱਕੀਆਂ ਸਨ ਜਦ ਕਿ ਬਰ ਦੁਬਈ ਵਿਚ ਉਦੋਂ ਅਜੇ ਸਿਰਫ 50 ਹੀ ਸਨ |
ਸਾਨੂੰ ਸੋਨੇ ਦਾ ਨਾ ਤਾਂ ਸ਼ੌਕ ਹੀ ਹੈ ਅਤੇ ਨਾ ਹੀ ਇਸ ਬਾਰੇ ਬਹੁਤੀ ਜਾਣਕਾਰੀ | ਫਿਰ ਵੀ ਦੇਖਣ/ਜਾਣਨ ਦੀ ਜਗਿਆਸਾ ਕਾਰਨ ਦੇਰਾ ਹੋ ਆਏ | ਇਥੇ ਵਿਸ਼ਵ ਦੀ ਪ੍ਰਸਿੱਧ ਸੋਨਾ ਮਾਰਕੀਟ ਹੈ | 1940ਵਿਆਂ 'ਚ ਇਥੇ ਭਾਰਤੀ ਅਤੇ ਇਰਾਨੀ ਵਪਾਰੀਆਂ ਅਤੇ ਉੱਦਮੀਆਂ ਦੇ ਸਟਾਲ ਲਗਦੇ ਸਨ | ਇਥੇ ਏਡੇ ਵੱਡੇ-ਵੱਡੇ ਜਿਊਲਰੀ ਸ਼ੋਅਰੂਮ ਅਤੇ ਰਿਟੇਲਰ ਸਟੋਰ ਹਨ ਕਿ ਸਧਾਰਨ ਤਾਂ ਕੀ, ਚੰਗੇ ਭਲੇ ਬੰਦੇ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਹਨ | ਚਾਰੋਂ ਪਾਸੇ ਲਿਸ਼ਕਾਰੇ ਹੀ ਲਿਸ਼ਕਾਰੇ, ਚਮਕਾਂ ਹੀ ਚਮਕਾਂ, ਲਗਦੈ ਹਰ ਸ਼ੈਅ ਜੋ ਚਮਕਦੀ ਐ ਸੱਚੀਓਾ ਸੋਨਾ ਹੀ ਹੁੰਦੀ ਐ!
ਇਨ੍ਹਾਂ ਦੁਕਾਨਾਂ ਵਿਚ ਕਿਸੇ ਵੇਲੇ ਵੀ ਕਰੀਬ 100 ਕੁਇੰਟਲ ਸੋਨਾ ਮੌਜੂਦ ਹੁੰਦੈ | 380 ਤੋਂ ਵਧੇਰੇ ਰਿਟੇਲ ਸ਼ੌਪਾਂ (ਪਰਚੂਨ ਦੁਕਾਨਾਂ) ਵਿਚ ਜ਼ਿਆਦਾ ਜਿਊਲਰੀ ਦਾ ਕਾਰੋਬਾਰ ਹੁੰਦੈ ਪਰ ਨਾਲ ਹੀ ਹੀਰੇ, ਮੋਤੀ, ਵੱਖ-ਵੱਖ ਕੈਰੇਟਾਂ ਵਾਲੇ ਸੋਨੇ, ਪਲੈਟੀਨਮ ਅਤੇ ਕਈ ਥਾਂ ਚਾਂਦੀ ਦੇ ਗਹਿਣੇ-ਗੱਟੇ ਵੀ ਮਿਲਦੇ ਹਨ | ਵੰਨਗੀ ਐਨੀ ਕਿ ਰਹੇ ਰੱਬ ਦਾ ਨਾਂ! ਸ਼ੋਅਰੂਮਾਂ ਵਿਚ ਲੱਗੇ ਹੋਏ ਕਈ ਸੋਨੇ ਦੇ ਹਾਰ ਤਾਂ ਏਡੇ ਵਿਸ਼ਾਲ ਆਕਾਰ ਦੇ ਸਨ ਕਿ ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਸਰੀਰ ਦੇ ਕਿਹੜੇ ਅੰਗ ਉੱਪਰ ਪਹਿਨੇ ਜਾਣਗੇ | ਇਕ ਸ਼ੋਅ ਰੂਮ ਵਿਚ ਤਾਂ ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਦੀਆਂ ਤਸਵੀਰਾਂ ਥਾਂ-ਥਾਂ ਲਗੀਆਂ ਸਨ |
ਵਿਸ਼ਵ ਭਰ ਦੇ ਸੈਲਾਨੀ, ਖਾਸ ਕਰਕੇ ਔਰਤਾਂ ਜਾਂ ਦੰਪਤੀ ਜੋੜੇ, ਦੁਬਈ ਨੂੰ ਆਪਣੀ ਸੈਰ ਸਪਾਟੇ ਦੀ ਮੰਜ਼ਿਲ ਹੀ ਇਸ ਸੋਨੇ ਦੀ ਮਾਰਕੀਟ ਕਰਕੇ ਬਣਾਉਂਦੇ ਹਨ | ਵਿਆਹ-ਸ਼ਾਦੀਆਂ ਅਤੇ ਹੋਰ ਸ਼ਗਨਾਂ ਦੇ ਸਮਾਗਮਾਂ ਲਈ ਵੀ ਲੋਕ ਇਥੇ ਗਹਿਣੇ ਖਰੀਦਣ ਆਉਂਦੇ ਹਨ | ਇਸ ਦੇ ਚਾਰ ਕਾਰਨ ਹਨ-ਸੋਨੇ ਦੀਆਂ ਦੁਕਾਨਾਂ ਦੀ ਬਹੁਤ ਵੱਡੀ ਗਿਣਤੀ, ਸ਼ਾਨਦਾਰ ਵੈਰਾਇਟੀ, ਢੁੱਕਵੀਆਂ ਕੀਮਤਾਂ ਅਤੇ ਕੁਆਲਟੀ ਦੀ ਗਾਰੰਟੀ | ਸਰਕਾਰ ਆਪ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਕਿ ਸੋਨਾ ਖ਼ਰਾ ਵੀ ਹੋਵੇ ਅਤੇ ਖੂਬ ਵੀ |
ਇਥੋਂ ਦਾ ਇਕ ਹੋਰ ਆਕਰਸ਼ਣ ਵੀ ਹੈ-ਨਜ਼ਮਤ ਤਾਇਬਾ (ਤਾਇਬਾ ਦਾ ਤਾਰਾ), ਭਾਵ ਵਿਸ਼ਵ ਦੀ ਸਭ ਤੋਂ ਵੱਡੀ ਅਤੇ ਭਾਰੀ ਸੋਨੇ ਦੀ ਮੁੰਦਰੀ | ਇਹ 63.856 ਕਿੱਲੋਗ੍ਰਾਮ ਭਾਰੀ ਹੈ | ਇਸ ਵਿਚ 5 ਲੱਖ ਹੀਰੇ ਅਤੇ ਹੋਰ ਕੀਮਤੀ ਜਵਾਹਰਾਤ, 615 ਸਰੋਵਸਕੀ ਦੇ ਰਵੇ (ਕਿ੍ਸਟਲ) ਜੜੇ ਹੋਏ ਹਨ | ਇਸ ਦੀ ਕੀਮਤ 3 ਮਿਲੀਅਨ ਅਮਰੀਕੀ ਡਾਲਰ ਹੈ | ਇਸ ਨੂੰ ਸਾਊਦੀ ਅਰਬ ਦੇ ਤਾਇਬਾ ਨਾਂਅ ਦੇ ਜਿਊਲਰੀ ਬਣਾਉਣ ਵਾਲਿਆਂ ਤਿਆਰ ਕੀਤਾ ਹੈ | ਇਹ ਨਾ ਸਿਰਫ ਗਿੰਨੀਜ਼ ਬੁੱਕ ਆਫ ਵਰਲਡਜ਼ ਰਿਕਾਰਡਜ਼ ਵਿਚ ਹੀ ਦਰਜ ਹੈ ਸਗੋਂ ਇਸ ਨੂੰ ਵਿਸ਼ਵ ਗੋਲਡ ਕੌਾਸਲ ਨੇ ਵੀ ਮਾਨਤਾ ਦਿਤੀ ਹੈ | ਦੇਹਰਾ 'ਚ ਰਾਤ ਸਮੇਂ ਹੋਰ ਵੀ ਸਮਾਂ ਬੱਝ ਜਾਂਦੈ | ਸੁਨਹਿਰੀ ਸੋਨੇ ਅਤੇ ਦੁੱਧ-ਚਿੱਟੇ ਮੋਤੀਆਂ ਦੇ ਗਹਿਣੇ ਇਕ ਮੰਤਰ-ਮੁਗਧ ਕਰਨ ਵਾਲੀ ਭਾਅ ਮਾਰਦੇ ਹਨ | ਜਿਵੇਂ ਧਰਤੀ ਉਪਰ ਅੰਬਰ ਦੇ ਤਾਰੇ ਉਤਰ ਆਏ ਹੋਣ |
ਦੁਬਈ ਦੀ ਮਿਊਾਸੀਪੈਲਿਟੀ ਦੇਹਰਾ ਦੀ ਗੋਲਡ ਸੂਕ ਨੂੰ ਨਵਿਆਉਣ ਦੀ ਯੋਜਨਾ ਬਣਾ ਰਹੀ ਹੈ ਪਰ ਵਪਾਰੀ, ਸੋਨਾ-ਪ੍ਰੇਮੀ ਅਤੇ ਸੈਲਾਨੀ ਇਸ ਦੀ ਵਿਰਾਸਤੀ ਦਿੱਖ ਬਰਕਰਾਰ ਰੱਖਣ ਲਈ ਕਹਿੰਦੇ ਹਨ | ਉਹ ਨਹੀਂ ਚਾਹੁੰਦੇ ਕਿ ਇਹ ਸੂਕ ਹੋਰ ਮਾਲਾਂ ਵਰਗੀ ਬਣ ਜਾਏ, ਕਿਉਂਕਿ ਮਾਲ ਤਾਂ ਥਾਂ-ਥਾਂ ਹਨ ਪਰ ਪੁਰਾਤਨਤਾ ਦੇ ਜਾਦੂ ਦੀ ਹੋਰ ਹੀ ਗੱਲ ਹੈ | ਦੇਰਾ ਸੋਨਾ-ਸੂਕ ਦੀ ਵਿਰਾਸਤੀ ਦਿੱਖ ਹੀ ਤਾਂ ਸੋਨੇ 'ਚ ਸੁਗੰਧੀ ਭਰਦੀ ਹੈ!

-ਫਗਵਾੜਾ | ਮੋਬਾਈਲ : 98766-55055
ਈਮੇਲ : gandamjs@gmail.com

ਪੂਰੀ ਦੁਨੀਆ ਵਿਚ ਆਪਣੀ ਛਾਪ ਛੱਡਣ ਵਾਲੇ ਸਰਹੱਦ ਪਾਰ ਦੇ ਭਾਰਤੀ ਕਲਾਕਾਰ

ਜਿਨ੍ਹਾਂ ਵੀ ਹਾਲਤਾਂ ਵਿਚ ਅਗਸਤ 1947 ਵਿਚ ਇਹ ਦੇਸ਼ ਵੰਡਿਆ ਗਿਆ, ਉਸ ਦੀ ਲੋੜ ਜਾਂ ਉਸ ਦੇ ਨਤੀਜੇ ਦੀ ਸਹੀ ਸਮੀਖਿਆ ਅਤੇ ਵਿਆਖਿਆ ਤਾਂ ਭਵਿੱਖ ਵਿਚ ਹੀ ਸੰਭਵ ਹੋ ਸਕੇਗੀ | ਇਥੋਂ ਤੱਕ ਕਿ ਇਸ ਰਾਜਨੀਤਕ ਕਦਮ ਨੇ ਇਸ ਜ਼ਮੀਨੀ ਟੁਕੜੇ ਦੀ ਕਲਾ, ਸੱਭਿਆਚਾਰ ਤੋਂ ਲੈ ਕੇ ਇਤਿਹਾਸ ਅਤੇ ਵਰਤਮਾਨ ਨੂੰ ਕਿੰਨਾ ਨੁਕਸਾਨ ਪਹੁੰਚਾਇਆ, ਇਹ ਵੀ ਕਹਿਣਾ ਬਹੁਤ ਔਖਾ ਹੈ | ਪਰ ਗੱਲ ਜੇਕਰ ਸਿਰਫ ਕਲਾ ਅਤੇ ਕਲਾਕਾਰਾਂ ਦੀ ਕਰੀਏ ਤਾਂ ਇਸ 21ਵੀਂ ਸਦੀ ਵਿਚ ਇਹ ਮੰਨਿਆ ਜਾਂਦਾ ਹੈ ਕਿ ਦੁਨੀਆ ਸਿਮਟ ਕੇ ਬਹੁਤ ਛੋਟੀ ਹੋ ਗਈ ਹੈ |
ਪਰ ਸੱਚ ਇਹ ਵੀ ਹੈ ਕਿ ਸਾਡੇ ਲਈ ਯੂਰਪੀ ਦੇਸ਼ ਜਿਥੇ ਸਾਡੇ ਨੇੜੇ ਤੋਂ ਬਹੁਤ ਨੇੜੇ ਹੁੰਦੇ ਚਲੇ ਗਏ, ਉਥੇ ਅਸੀਂ ਆਪਣੇ ਪੁਰਾਣੇ ਮਹਾਨ ਭਾਰਤ ਦੇ ਕੁਝ ਹਿੱਸਿਆਂ ਤੋਂ ਦੂਰ ਬਹੁਤ ਦੂਰ ਵੀ ਹੁੰਦੇ ਚਲੇ ਗਏ | ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਆਪਣੇ ਸਭ ਤੋਂ ਨੇੜਲੇ ਗਵਾਂਢੀ ਭਾਵ ਪਾਕਿਸਤਾਨ ਦੀ ਅਤੇ ਉਥੋਂ ਦੀ ਕਲਾ ਦੀ | ਪਿਛਲੇ ਦਿਨੀਂ ਜਦੋਂ ਇਹ ਖ਼ਬਰ ਆਈ ਕਿ ਬਰਤਾਨੀਆ ਵਿਚ ਪਾਕਿਸਤਾਨ ਦੇ ਨਾਮੀ ਕਲਾਕਾਰ ਜ਼ਮੀਲ ਨਕਸ਼ ਦੀ ਮੌਤ ਹੋ ਗਈ | ਉਸੇ ਲੜੀ ਵਿਚ ਇਹ ਵੀ ਜਾਣਕਾਰੀ ਆਈ ਕਿ ਜ਼ਮੀਲ ਸਾਹਬ ਦੀ ਜਨਮ ਭੂਮੀ ਆਪਣਾ ਕੈਰਾਨਾ, ਜ਼ਿਲ੍ਹਾ ਸ਼ਾਮਲੀ ਸੀ | ਇਸ ਤੋਂ ਪਹਿਲਾਂ ਅੱਸੀ ਦੇ ਦਹਾਕੇ ਤੱਕ ਪਾਕਿਸਤਾਨੀ ਕਲਾਕਾਰ ਸਦੀਕੇਨ ਦੇ ਦਿੱਲੀ ਆਉਣ ਜਾਣ ਬਾਰੇ ਆਪਣੇ ਕੁਝ ਕਲਾਕਾਰ ਮਿੱਤਰਾਂ ਤੋਂ ਸੁਣਿਆ ਸੀ | ਪਰ ਸੱਚ ਕਹਾਂ ਤਾਂ ਸਦੀਕੇਨ ਬਾਰੇ ਵੀ ਸਾਨੂੰ ਸਿਰਫ਼ ਏਨਾ ਹੀ ਪਤਾ ਸੀ ਕਿ ਜੋ ਮਕਬੂਲੀਅਤ ਆਪਣੇ ਮਕਬੂਲ ਫ਼ਿਦਾ ਹੁਸੈਨ ਸਾਹਬ ਦੀ ਆਪਣੇ ਦੇਸ਼ ਵਿਚ ਹੈ, ਕੁਝ ਉਹੀ ਹਾਲ ਸਦੀਕੇਨ ਸਾਹਿਬ ਦਾ ਪਾਕਿਸਤਾਨ ਵਿਚ ਹੈ |
ਫ਼ਿਲਹਾਲ ਦੀ ਦੇਸ਼ ਵੰਡ ਤੋਂ ਬਾਅਦ ਜਿਵੇਂ ਦਾ ਮਾਹੌਲ ਰਿਹਾ, ਉਸ ਦਾ ਸਭ ਤੋਂ ਜ਼ਿਆਦਾ ਦੁਖਦਾਈ ਪਹਿਲੂ ਤਾਂ ਇਹੀ ਲਗਦਾ ਹੈ ਕਿ ਅਸੀਂ ਇਕ-ਦੂਜੇ ਦੀ ਸਮਕਾਲੀ ਕਲਾ ਤੋਂ ਲਗਪਗ ਦੂਰ ਹੀ ਰਹੇ | ਹਾਲਾਂਕਿ ਕ੍ਰਿਕਟ, ਹਾਕੀ ਵਰਗੀਆਂ ਖੇਡਾਂ ਤੋਂ ਇਲਾਵਾ ਸਾਹਿਤ ਅਤੇ ਸੰਗੀਤ ਇਸ ਤਰ੍ਹਾਂ ਦਾ ਖੇਤਰ ਰਿਹਾ ਜਿਸ ਵਿਚ ਸਾਡਾ ਰਿਸ਼ਤਾ ਇਕ ਹੱਦ ਤੱਕ ਬਣਿਆ ਰਿਹਾ | ਪਰ ਇਹ ਗੱਲ ਜ਼ਰੂਰ ਰੜਕਦੀ ਰਹੀ ਕਿ ਸਮਕਾਲੀ ਕਲਾ ਦੇ ਲਿਹਾਜ਼ ਨਾਲ ਇਸ ਨੂੰ ਆਮ ਤਾਂ ਕੀ, ਲਗਪਗ ਸੰਵਾਦਹੀਣ ਹੀ ਕਹਿਣਾ ਠੀਕ ਰਹੇਗਾ | ਇਸ ਤਰ੍ਹਾਂ ਉਨ੍ਹਾਂ ਕਲਾਕਾਰਾਂ 'ਤੇ ਇਕ ਨਜ਼ਰ ਮਾਰਦੇ ਹਾਂ ਜਿਨ੍ਹਾਂ ਦਾ ਜਨਮ ਤਾਂ ਭਾਰਤ ਵਿਚ ਹੋਇਆ ਪਰ ਵੰਡ ਤੋਂ ਬਾਅਦ ਉਹ ਪਾਕਿਸਤਾਨੀ ਹੋ ਗਏ | ਕਿਉਂਕਿ ਉਨ੍ਹਾਂ ਦੀ ਜਨਮ ਭੂਮੀ ਤਾਂ ਭਾਰਤ ਰਹੀ, ਇਸ ਲਿਹਾਜ਼ ਨਾਲ ਮੈਨੂੰ ਇਹ ਠੀਕ ਲਗਦਾ ਹੈ ਕਿ ਉਨ੍ਹਾਂ ਨੂੰ ਅਸੀਂ ਸਰਹੱਦ ਪਾਰ ਦੇ ਭਾਰਤੀ ਕਲਾਕਾਰ ਦੇ ਰੂਪ ਵਿਚ ਜਾਣੀਏ | ਜਿਵੇਂ ਕਿ ਪਹਿਲਾਂ ਕਿਹਾ ਜਾ ਚੁੱਕਾ ਹੈ ਕਿ ਸਭ ਤੋਂ ਜ਼ਿਆਦਾ ਪ੍ਰਸਿੱਧੀ ਜਿਸ ਕਲਾਕਾਰ ਨੇ ਹਾਸਲ ਕੀਤੀ, ਉਹ ਸੀ ਸਦੀਕੇਨ | ਉਨ੍ਹਾਂ ਦਾ ਜਨਮ 30 ਜੂਨ, 1923 ਨੂੰ ਅਮਰੋਹਾ ਵਿਚ ਇਕ ਇਸ ਤਰ੍ਹਾਂ ਦੇ ਪਰਿਵਾਰ ਵਿਚ ਹੋਇਆ, ਜਿਨ੍ਹਾਂ ਦਾ ਖਾਨਦਾਨੀ ਪੇਸ਼ਾ ਆਸ਼ੂ-ਲੇਖਨ ਭਾਵ ਕੈਲਿਓਗ੍ਰਾਫ਼ੀ ਸੀ | ਉਰਦੂ ਵਿਚ ਇਸ ਲੇਖਨ ਨੂੰ ਕਿਤਾਬਤ ਕਹਿੰਦੇ ਹਨ ਅਤੇ ਇਸ ਨਾਲ ਜੁੜੇ ਲੋਕਾਂ ਨੂੰ ਕਾਤਿਬ ਕਿਹਾ ਜਾਂਦਾ ਹੈ | ਸਾਲ 1940 ਵਿਚ ਸਦੀਕੇਨ ਪ੍ਰੋਗੈਸਿਵ ਰਾਈਟਰਜ਼ ਐਾਡ ਆਰਟਿਸਟ ਮੂਵਮੈਂਟ ਨਾਲ ਜੁੜੇ | ਇਸ ਤੋਂ ਬਾਅਦ ਪੈਰਿਸ ਵਿਚ ਕੁਝ ਸਮਾਂ ਰਹਿ ਕੇ ਉਨ੍ਹਾਂ ਨੇ ਆਪਣੀ ਕਲਾ ਨੂੰ ਨਿਖਾਰਿਆ ਅਤੇ ਸਵਾਰਿਆ |
ਚੇਤੇ ਰਹੇ ਕਿ ਇਸਲਾਮ ਵਿਚ ਕੈਲੀਗ੍ਰਾਫ਼ੀ ਨੂੰ ਨਾ ਸਿਰਫ਼ ਕਲਾ ਦਾ ਦਰਜਾ ਹਾਸਲ ਹੈ ਬਲਕਿ ਅੱਖਰਾਂ ਨੂੰ ਰੂਪ ਆਕਾਰਾਂ ਦੇ ਤੌਰ 'ਤੇ ਵਰਤਣ ਦਾ ਵੀ ਰਿਵਾਜ ਹੈ | ਪਰੰਪਰਾਗਤ ਸਮਝੀ ਜਾਣ ਵਾਲੀ ਇਸ ਕਲਾ ਨੂੰ ਸਮਕਾਲੀ ਕਲਾ ਰੂਪ ਵਿਚ ਪ੍ਰਸਿੱਧੀ ਦਿਵਾਉਣ ਦੇ ਨਾਂਅ ਤੋਂ ਜੋ ਕਲਾ ਅੰਦੋਲਨ ਹੋਂਦ ਵਿਚ ਆਇਆ, ਉਹ ਸੀ ਹਰ ਰਫਿਆਹ | ਸਦੀਕੇਨ ਇਸ ਨਾਲ ਨਾ ਸਿਰਫ਼ ਜੁੜੇ ਰਹੇ ਬਲਕਿ ਇਸ ਦਾ ਇਕ ਥੰਮ੍ਹ ਵੀ ਰਹੇ | ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਇਹ ਨਿਕਲਿਆ ਕਿ ਨਾ ਸਿਰਫ਼ ਪਾਕਿਸਤਾਨੀ ਕਲਾ ਜਗਤ ਸਗੋਂ ਕੌਮਾਂਤਰੀ ਕਲਾ ਜਗਤ ਨੇ ਵੀ ਇਸ ਸ਼ੈਲੀ ਨੂੰ ਸਮਕਾਲੀ ਕਲਾ ਦੇ ਰੂਪ ਵਿਚ ਸਵੀਕਾਰਿਆ | ਦੇਖਿਆ ਜਾਵੇ ਤਾਂ ਇਸ ਤਰ੍ਹਾਂ ਇਸ ਕਲਾ ਨੇ ਜਿਥੇ ਇਕ ਪਾਸੇ ਪਾਕਿ ਦੀ ਸਮਕਾਲੀ ਕਲਾ ਵਿਚ ਪੱਛਮੀ ਹੋਂਦ ਨੂੰ ਖ਼ਾਰਜ ਕੀਤਾ, ਉਥੇ ਆਪਣੀ ਸਵਦੇਸ਼ੀ ਕਲਾਧਾਰਾ ਨੂੰ ਦੁਬਾਰਾ ਸਥਾਪਿਤ ਵੀ ਕੀਤਾ | ਗਾਲਿਬ, ਇਕਬਾਲ ਅਤੇ ਫ਼ੈਜ ਵਰਗੇ ਰਚਨਾਕਾਰਾਂ ਦੀਆਂ ਰਚਨਾਵਾਂ ਨੂੰ ਜਿਥੇ ਉਨ੍ਹਾਂ ਨੇ ਚਿੱਤਰ ਰੂਪ ਦਿੱਤਾ, ਉਥੇ ਨੋਬਲ ਪੁਰਸਕਾਰ ਨਾਲ ਸਮਾਨਿਤ ਫਰਾਂਸੀਸੀ ਲੇਖਕ ਅਲਬੇਅਰ ਕਾਮੂ ਦੀ ਪੁਸਤਕ ਲਈ ਵੀ ਰੇਖਾ ਚਿੱਤਰਾਂ ਨੂੰ ਅੰਜਾਮ ਦਿੱਤਾ |
ਪਾਕਿਸਤਾਨ ਦੇ ਕਈ ਮਹੱਤਵਪੂਰਨ ਭਵਨਾਂ ਵਿਚ ਉਨ੍ਹਾਂ ਨੇ ਵਿਸ਼ਾਲ ਆਕਾਰ ਦੇ ਕੰਧ ਚਿੱਤਰ ਭਾਵ ਮਿਊਰਲ ਦਾ ਵੀ ਨਿਰਮਾਣ ਕੀਤਾ, ਜਿਸ ਵਿਚ ਭਾਰਤ ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ ਤੇ ਜਿਓਲਾਜੀਕਲ ਇੰਸਟੀਚਿਊਟ ਆਫ਼ ਇੰਡੀਆ ਵਿਚ ਬਣਾਏ ਗਏ ਮਿਊਰਲ ਵੀ ਸ਼ਾਮਿਲ ਹਨ | ਉਨ੍ਹਾਂ ਨੂੰ ਜਿਥੇ ਪਾਕਿਸਤਾਨ ਦਾ ਸਰਬਉੱਤਮ ਪੁਰਸਕਾਰ ਸਿਤਾਰਾ-ਏ-ਇਮਤਿਆਜ਼ ਹਾਸਲ ਕਰਨ ਦਾ ਗੌਰਵ ਮਿਲਿਆ, ਉਥੇ ਉਸ ਤੋਂ ਪਹਿਲਾਂ ਉਨ੍ਹਾਂ ਨੂੰ 1961 ਵਿਚ ਫਰਾਂਸ ਬਿਨਾਲੇ ਦੇ ਪੁਰਸਕਾਰ ਸਮੇਤ ਆਸਟ੍ਰੇਲੀਆ ਵਿਚ ਵੀ ਸਨਮਾਨਿਤ ਹੋਣ ਦਾ ਮੌਕਾ ਮਿਲਿਆ | 10 ਫਰਵਰੀ 1987 ਨੂੰ ਕਰਾਚੀ ਵਿਚ ਇਨ੍ਹਾਂ ਦੀ ਮੌਤ ਨਾਲ ਭਾਰਤੀ ਉਪ-ਮਹਾਦੀਪ ਨੇ ਇਕ ਮਹਾਨ ਕਲਾਕਾਰ, ਚਿੰਤਕ ਅਤੇ ਸਾਹਿਤਕਾਰ ਗਵਾ ਦਿੱਤਾ | ਸਦੀਕੇਨ ਤੋਂ ਇਲਾਵਾ ਹੋਰ ਮਸ਼ਹੂਰ ਕਲਾਕਾਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ਇਕ ਨਾਂਅ ਆਉਂਦਾ ਹੈ ਜਮੀਲ ਨਕਸ਼ (1939-2019), ਜਿਨ੍ਹਾਂ ਦੀ ਚਰਚਾ ਅਸੀਂ ਪਹਿਲਾਂ ਕਰ ਚੁੱਕੇ ਹਾਂ |
ਕੈਰਾਨਾ, ਸ਼ਾਮਲੀ ਵਿਚ ਜਨਮੇ ਜਮੀਲ ਦਾ ਪਰਿਵਾਰ ਦੇਸ਼ ਵੰਡ ਤੋਂ ਬਾਅਦ ਕਰਾਚੀ ਜਾ ਵਸਿਆ ਸੀ | ਕਲਾ ਦੀ ਰਸਮੀ ਸਿੱਖਿਆ ਲਈ ਉਹ ਲਾਹੌਰ ਕਲਾ ਯੂਨੀਵਰਸਿਟੀ ਨਾਲ ਜੁੜੇ ਪਰ ਇਹ ਅਕਾਦਮਿਕ ਸਿੱਖਿਆ ਉਨ੍ਹਾਂ ਨੂੰ ਰਾਸ ਨਾ ਆਈ | ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਕਲਾਕਾਰ ਬਣਨ ਲਈ ਡਿਗਰੀ ਤੋਂ ਜ਼ਿਆਦਾ ਮਹੱਤਵਪੂਰਨ ਹੈ ਅਨੁਭਵ | ਇਕ ਹੋਰ ਕਲਾਕਾਰ ਹੋਏ ਹਨ ਬਸ਼ੀਰ ਮਿਰਜਾ (1941-2000) ਉਨ੍ਹਾਂ ਦਾ ਜਨਮ ਮੌਜੂਦ ਪੰਜਾਬ ਦੇ ਅੰਮਿ੍ਤਸਰ ਵਿਚ ਹੋਇਆ ਸੀ | ਕਲਾ ਦੀ ਰਸਮੀ ਸਿੱਖਿਆ ਲਈ ਉਨ੍ਹਾਂ ਨੇ ਮੇਓ ਸਕੂਲ ਆਫ਼ ਆਰਟ ਵਿਚ ਦਾਖ਼ਲਾ ਲਿਆ | ਚੇਤੇ ਰਹੇ ਕਿ ਮੇਓ ਸਕੂਲ ਆਫ਼ ਆਰਟ ਨੂੰ ਹੀ ਅੱਜਕਲ੍ਹ ਅਸੀਂ ਨੈਸ਼ਨਲ ਕਾਲਜ ਆਫ਼ ਆਰਟ, ਲਾਹੌਰ ਦੇ ਨਾਂਅ ਨਾਲ ਜਾਣਦੇ ਹਾਂ | ਸਾਲ 1994 ਵਿਚ ਇਨ੍ਹਾਂ ਨੂੰ ਪਾਕਿਸਤਾਨ ਸਰਕਾਰ ਨੇ ਆਸਟ੍ਰੇਲੀਆ ਵਿਚ ਸੱਭਿਆਚਾਰਕ ਪ੍ਰਤੀਨਿਧ ਨਿਯੁਕਤ ਕਰ ਦਿੱਤਾ ਪਰ ਇਹ ਕੂਟਨੀਤਕ ਭੂਮਿਕਾ ਇਸ ਕਲਾਕਾਰ ਨੂੰ ਰਾਸ ਨਾ ਆਈ | ਇਸੇ ਸੂਚੀ ਵਿਚ ਉੱਤਰ ਪ੍ਰਦੇਸ਼ ਦੇ ਮੁਜੱਫ਼ਰਨਗਰ ਵਿਚ 1936 ਵਿਚ ਪੈਦਾ ਹੋਏ ਸ਼ਾਹਿਦ ਸੱਜਾਦ (ਮੌਤ 2014) ਦੀ ਗੱਲ ਕਰੀਏ ਤਾਂ ਉਹ ਇਕ ਖ਼ੁਦ ਸਿੱਖਿਅਤ ਮੂਰਤੀਕਾਰ ਸਨ | ਉਹ 1971 ਵਿਚ ਬੰਗਲਾਦੇਸ਼ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਤੱਕ ਚਿਟਾਗਾਂਵ ਵਿਚ ਰਹਿ ਕੇ ਕਲਾ ਸਾਧਨਾ ਨਾਲ ਜੁੜੇ ਰਹੇ | ਉਨ੍ਹਾਂ ਨੂੰ ਪਾਕਿਸਤਾਨ ਦੇ ਉਨ੍ਹਾਂ ਨਾਮੀ ਮੂਰਤੀਕਾਰਾਂ ਵਿਚ ਗਿਣਿਆ ਜਾਂਦਾ ਹੈ, ਜਿਨ੍ਹਾਂ ਨੂੰ ਧਾਤੂ ਮੂਰਤੀਕਲਾ ਵਿਚ ਮੁਹਾਰਤ ਹਾਸਲ ਸੀ | ਸ਼ਿਮਲਾ ਵਿਚ ਇਕ ਕਸ਼ਮੀਰੀ ਪਰਿਵਾਰ ਵਿਚ ਜਨਮੇ ਅਨਵਰ ਜਲਾਲ ਸ਼ੈਮਜਾ (1928-1985) ਵੀ ਇਸ ਤਰ੍ਹਾਂ ਦੇ ਕਲਾਕਾਰਾਂ ਵਿਚੋਂ ਇਕ ਸਨ ਜਿਨ੍ਹਾਂ ਦਾ ਜਨਮ ਤਾਂ ਭਾਰਤ ਵਿਚ ਹੋਇਆ ਪਰ ਵੰਡ ਨੇ ਉਨ੍ਹਾਂ ਦੀ ਪਛਾਣ ਪਾਕਿਸਤਾਨੀ ਕਲਾਕਾਰ ਦੇ ਰੂਪ ਵਿਚ ਬਣਾ ਦਿੱਤੀ | 1946 ਵਿਚ ਲੁਧਿਆਣਾ ਵਿਚ ਜਨਮੇ ਏਜਾਜ਼ ਅਨਵਰ ਉਨ੍ਹਾਂ ਕੌਮਾਂਤਰੀ ਪੱਧਰ 'ਤੇ ਪ੍ਰਸਿੱਧ ਪਾਕਿਸਤਾਨੀ ਕਲਾਕਾਰਾਂ ਵਿਚੋਂ ਇਕ ਹਨ ਜੋ ਅੱਜ ਵੀ ਸਾਡੇ ਦਰਮਿਆਨ ਮੌਜੂਦ ਹਨ |

-ਇਮੇਜ ਰਿਫਲੈਕਸ਼ਨ ਸੈਂਟਰ |

ਚੀਨ ਵਿਚ ਸ਼ੁਰੂ ਹੋਇਆ ਵਿਦੇਸ਼ੀ ਵਹੁਟੀਆਂ ਦਾ ਨਵਾਂ ਯੁੱਗ

ਚੀਨ ਵਿਚ ਇਨ੍ਹੀਂ ਦਿਨੀਂ 3 ਕਰੋੜ ਤੋਂ ਜ਼ਿਆਦਾ ਕੁਆਰੇ ਮੰੁਡੇ ਅਜਿਹੇ ਹਨ, ਜਿਨ੍ਹਾਂ ਲਈ ਹੁਣ ਵਹੁਟੀਆਂ ਮਿਲਣਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਜਾਪਣ ਲੱਗਾ ਹੈ | ਇਸ ਲਈ ਚੀਨ ਦੇ ਲੋਕਾਂ ਨੇ ਉਨ੍ਹਾਂ ਲੜਕਿਆਂ ਲਈ ਇਕ ਨਵਾਂ ਰਸਤਾ ਕੱਢਿਆ ਹੈ | ਉਹ ਹੁਣ ਆਲੇ-ਦੁਆਲੇ ਦੇ ਦੇਸ਼ਾਂ ਦੀਆਂ ਵਹੁਟੀਆਂ 'ਤੇ ਨਜ਼ਰ ਰੱਖਣ ਲੱਗੇ ਹਨ | ਪਿਛਲੇ 10 ਸਾਲਾਂ ਵਿਚ ਚੀਨ ਵਿਚ ਵਿਦੇਸ਼ੀ ਵਹੁਟੀਆਂ ਦੇ ਆਉਣ ਦਾ ਅੰਕੜਾ 1000 ਫ਼ੀਸਦੀ ਤੋਂ ਵੀ ਜ਼ਿਆਦਾ ਵਧ ਗਿਆ ਹੈ | ਯੂਕਰੇਨ, ਮੰਗੋਲੀਆ, ਤਾਈਵਾਨ ਅਤੇ ਹੁਣ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਲੜਕੀਆਂ ਨੂੰ ਵੀ ਚੀਨੀ ਨੌਜਵਾਨ ਹੋਣ ਵਾਲੀ ਦੁਲਹਨ ਭਾਵ ਲਾੜੀ ਦੇ ਰੂਪ ਵਿਚ ਦੇਖਣ ਲੱਗੇ ਹਨ | ਚੀਨੀ ਮੰੁਡਿਆਂ ਦੀ ਆਪਣੇ ਦੇਸ਼ ਦੀਆਂ ਕੁੜੀਆਂ ਉਤੇ ਇਸ ਕਦਰ ਨਜ਼ਰ ਦੇਖ ਕੇ ਤਾਈਵਾਨ ਨੇ ਅਸਿੱਧੇ ਤੌਰ 'ਤੇ ਆਪਣੀਆਂ ਕੁੜੀਆਂ ਨੂੰ ਸੂਚੇਤ ਕੀਤਾ ਹੈ ਕਿ ਉਹ ਚੀਨੀ ਮੰੁਡਿਆਂ ਤੋਂ ਬਚਣ |
ਸਵਾਲ ਹੈ ਕਿ ਅਰਥਵਿਵਸਥਾ ਵਿਚ ਅਮਰੀਕਾ ਤੋਂ ਅਤੇ ਤਕਨੀਕ ਵਿਚ ਰੂਸ ਨੂੰ ਟੱਕਰ ਦੇਣ ਵਾਲਾ ਚੀਨ ਇਸ ਨਵੇਂ ਸੰਕਟ ਵਿਚ ਕਿਵੇਂ ਫਸ ਗਿਆ? ਦਰਅਸਲ ਇਹ ਸੰਕਟ ਚੀਨ ਵਿਚ ਵੀ ਉਸੇ ਤਰ੍ਹਾਂ ਦਾ ਚਰਿੱਤਰ ਸੰਕਟ ਹੈ ਜਿਵੇਂ ਦਾ ਭਾਰਤ ਵਿਚ ਹੈ | ਹਾਲਾਂਕਿ ਭਾਰਤ ਵਿਚ ਅਜੇ ਚੀਨ ਵਰਗੀ ਸਥਿਤੀ ਨਹੀਂ ਆਈ ਫਿਰ ਵੀ ਹਿੰਦੁਸਤਾਨ ਵਿਚ ਹਰ ਲੜਕਾ ਜੇਕਰ ਵਿਆਹ ਕਰਨਾ ਚਾਹੇ ਤਾਂ ਉਸ ਲਈ ਲੜਕੀ ਮਿਲਣੀ ਸੰਭਵ ਨਹੀਂ ਹੈ | ਜਿਥੋਂ ਤੱਕ ਚੀਨ ਦਾ ਸਵਾਲ ਹੈ, ਇਹ ਸੰਕਟ ਸਾਲ 1979 ਵਿਚ ਸ਼ੁਰੂ ਕੀਤੀ ਉਸ ਦੀ 'ਇਕ ਬੱਚਾ ਯੋਜਨਾ' ਦੇ ਕਾਰਨ ਆਇਆ | ਦਰਅਸਲ ਵਧਦੀ ਆਬਾਦੀ ਤੋਂ ਛੁਟਕਾਰਾ ਪਾਉਣ ਲਈ ਉਦੋਂ ਚੀਨ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ 'ਹਮ ਦੋ ਹਮਾਰਾ ਏਕ' ਬੱਚੇ ਦੀ ਨੀਤੀ 'ਤੇ ਚਲਣ ਲਈ ਹੁਕਮ ਦਿੱਤਾ ਸੀ | ਭਾਰਤੀਆਂ ਵਾਂਗ ਚੀਨੀਆਂ ਨੇ ਵੀ ਖੂਬ ਭਰੂਣ ਹੱਤਿਆਵਾਂ ਕਰਵਾਈਆਂ |
ਕਿਉਂਕਿ ਇਕ ਹੀ ਬੱਚਾ ਪੈਦਾ ਕਰਨ ਦੀ ਇਜਾਜ਼ਤ ਸੀ, ਇਸ ਲਈ ਜ਼ਿਆਦਾਤਰ ਲੋਕਾਂ ਨੇ ਸਿਰਫ਼ ਲੜਕੇ ਹੀ ਪੈਦਾ ਕੀਤੇ | ਨਤੀਜਾ ਇਹ ਨਿਕਲਿਆ ਕਿ ਚੀਨ ਵਿਚ ਭਾਰਤ ਤੋਂ ਵੀ ਜ਼ਿਆਦਾ ਲਿੰਗ ਅਨੁਪਾਤ ਵਿਗੜ ਗਿਆ | ਹਾਲਾਂਕਿ ਚੀਨ ਨੂੰ ਇਹ ਗੱਲ ਸਮਝ ਵਿਚ ਆ ਗਈ ਹੈ ਅਤੇ ਸਾਲ 2013 ਵਿਚ ਉਸ ਨੇ ਇਸ ਯੋਜਨਾ 'ਤੇ ਸਵਾਲ ਉਠਾਇਆ ਅਤੇ ਸੰਕੇਤ ਦਿੱਤਾ ਕਿ ਛੇਤੀ ਹੀ ਇਸ 'ਤੇ ਵਿਚਾਰ ਹੋਵੇਗਾ, ਜਿਸ ਦੇ ਚਲਦਿਆਂ ਸਾਲ 2015 ਵਿਚ ਚੀਨ ਵਲੋਂ ਇਸ ਨੀਤੀ ਨੂੰ ਹਮੇਸ਼ਾ-ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ | ਪਰ ਉਦੋਂ ਤੱਕ ਇਹ ਬਹੁਤ ਵੱਡਾ ਸੰਕਟ ਆ ਚੁੱਕਾ ਸੀ |
ਚੀਨ ਨੂੰ ਲੱਗਿਆ ਕਿ ਉਹ ਵੱਡੇ ਪੈਮਾਨੇ 'ਤੇ ਲੜਕੀਆਂ ਨੂੰ ਦਰਾਮਦ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਲਵੇਗਾ ਪਰ ਇਹ ਸੰਭਵ ਨਹੀਂ ਹੋਇਆ, ਕਿਉਂਕਿ ਲੜਕੀਆਂ ਕੋਈ ਪ੍ਰੋਡਕਟ (ਸਮਾਨ) ਨਹੀਂ ਕਿ ਸਰਕਾਰ ਇਨ੍ਹਾਂ ਨੂੰ ਥੋਕ ਦੇ ਭਾਅ ਵਿਚ ਦਰਾਮਦ ਕਰ ਲਵੇ ਅਤੇ ਫਿਰ ਆਪਣੇ ਹਿਸਾਬ ਨਾਲ ਉਨ੍ਹਾਂ ਦੀ ਵੰਡ ਕਰੇ ਜਾਂ ਵੇਚ ਦੇਵੇ | ਦੁਲਹਨ ਦੀ ਚੋਣ ਕਰਨੀ ਵਿਅਕਤੀਗਤ ਚੋਣ ਵਾਲਾ ਕੰਮ ਸੀ, ਜਿਸ ਨੂੰ ਕੋਈ ਸਰਕਾਰ ਆਪਣੇ ਵਸੀਲਿਆਂ ਰਾਹੀਂ ਮਨਮਰਜ਼ੀ ਦੇ ਢੰਗ ਨਾਲ ਦਰਾਮਦ ਨਹੀਂ ਕਰ ਸਕਦੀ ਸੀ | ਹਾਲਾਂਕਿ ਚੀਨ ਨੇ ਲੋਕਾਂ ਨੂੰ ਨੇੜਲੇ ਗੁਆਂਢੀ ਦੇਸ਼ਾਂ ਤੋਂ ਵਹੁਟੀਆਂ ਲਿਆਉਣ 'ਤੇ ਪ੍ਰੇਸ਼ਾਨ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ | ਪਰ ਸਾਲ 2012-13 ਤੋਂ ਬਾਅਦ ਜਦੋਂ ਇਹ ਵਿਦੇਸ਼ੀ ਵਹੁਟੀਆਂ ਸਰਕਾਰੀ ਕੰਮਕਾਜ ਦੇ ਲਿਹਾਜ਼ ਨਾਲ ਨਹੀਂ ਸਗੋਂ ਚੀਨ ਦੇ ਸਮਾਜਿਕ ਢਾਂਚੇ ਦੇ ਲਿਹਾਜ਼ ਨਾਲ ਇਕ ਸੱਭਿਆਚਾਰਕ ਸੰਕਟ ਬਣ ਕੇ ਸਾਹਮਣੇ ਆਈਆਂ ਅਤੇ ਜਾਇਦਾਦ ਦੀ ਵੰਡ ਨੂੰ ਲੈ ਕੇ ਭਾਵਨਾਤਮਿਕ ਵੰਡ ਤੱਕ ਪੈਦਾ ਹੋਈਆਂ ਨਵੀਆਂ ਸਥਿਤੀਆਂ ਬਣ ਗਈਆਂ ਤਾਂ ਸਰਕਾਰ ਨੇ ਚੀਨੀਆਂ ਨੂੰ ਵਿਦੇਸ਼ੀ ਵਹੁਟੀਆਂ ਲੈ ਕੇ ਦੇਸ਼ ਆਉਣ 'ਤੇ ਉਤਸ਼ਾਹਿਤ ਕਰਨ ਦੀ ਥਾਂ ਨਿਰਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ |
ਪਿਛਲੇ ਸਾਲ 90 ਅਜਿਹੀਆਂ ਪਾਕਿਸਤਾਨੀ ਵਹੁਟੀਆਂ ਨੂੰ ਚੀਨ ਵਲੋਂ ਵੀਜ਼ਾ ਨਹੀਂ ਦਿੱਤਾ ਗਿਆ ਕਿ ਉਹ ਆਪਣੇ ਪਤੀਆਂ ਨਾਲ ਚੀਨ ਵਿਚ ਆ ਕੇ ਰਹਿ ਸਕਣ | ਚੀਨੀ ਸਰਕਾਰ ਨੂੰ ਸ਼ੱਕ ਹੈ ਕਿ ਇਹ ਪਾਕਿਸਤਾਨੀ ਵਹੁਟੀਆਂ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਹਨ ਅਤੇ ਜੇਕਰ ਉਨ੍ਹਾਂ ਨੂੰ ਚੀਨ ਵਿਚ ਚੀਨੀ ਨਾਗਰਿਕਾਂ ਦੇ ਬਰਾਬਰ ਅਧਿਕਾਰ ਮਿਲ ਗਏ ਤਾਂ ਕਿਤੇ ਉਹ ਚੀਨ ਵਿਚ ਅੱਤਵਾਦ ਨੂੰ ਹਵਾ ਨਾ ਦੇਣ ਲੱਗ ਜਾਣ ਭਾਵ ਪਿਛਲੇ 3 ਸਾਲਾਂ ਵਿਚ ਦੋ ਲੱਖ ਤੋਂ ਜ਼ਿਆਦਾ ਚੀਨੀ ਨੌਜਵਾਨਾਂ ਨੇ ਵਹੁਟੀਆਂ ਦੇ ਸੰਕਟ ਦਾ ਹੱਲ ਤਾਂ ਆਂਢ-ਗੁਆਂਢ ਦੇ ਦੇਸ਼ਾਂ ਤੋਂ ਵਹੁਟੀਆਂ ਨਾਲ ਵਿਆਹ ਕਰਕੇ ਕੱਢ ਲਿਆ ਪਰ ਦੇਸ਼ ਵਿਚ ਵਾਪਸ ਰਹਿਣ ਦੀ ਬਜਾਏ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਹੀ ਰਹਿਣਾ ਪੈ ਰਿਹਾ ਹੈ ਕਿਉਂਕਿ ਹੁਣ ਚੀਨੀ ਸਰਕਾਰ ਵਿਦੇਸ਼ੀ ਵਹੁਟੀਆਂ 'ਤੇ ਸਖ਼ਤ ਨਜ਼ਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ | ਦਰਅਸਲ ਚੀਨੀ ਸਰਕਾਰ ਨੂੰ ਹੁਣ ਜਾਪਣ ਲੱਗ ਪਿਆ ਹੈ ਕਿ ਇਸ ਨਾਲ ਚੀਨ ਦੇ ਰਵਾਇਤੀ ਸਮਾਜ ਦਾ ਸੁਭਾਅ ਬਦਲ ਜਾਏਗਾ ਅਤੇ ਕਿਤੇ ਨਾ ਕਿਤੇ ਉਨ੍ਹਾਂ ਨੂੰ ਸ਼ੱਕ ਇਹ ਵੀ ਹੈ ਕਿ ਇਸ ਨਾਲ ਚੀਨੀਆਂ ਦੀ ਨਸਲ ਹੀ ਨਾ ਬਦਲ ਜਾਵੇ | ਦਰਅਸਲ ਚੀਨ ਕਹਿਣ ਨੂੰ ਭਾਵੇਂ ਕਮਿਊਨਿਸਟ ਦੇਸ਼ ਹੋਵੇ ਜਾਂ ਬਹੁਤ ਵਿਗਿਆਨਕ ਢੰਗ ਨਾਲ ਤਾਕਤਵਰ ਹੋਵੇ ਪਰ ਉਸ ਦਾ ਸੁਭਾਅ ਵੀ ਭਾਰਤ ਵਰਗੇ ਪਰੰਮਪਰਿਕ ਦੇਸ਼ ਵਾਂਗ ਹੀ ਹੈ | ਇਥੋਂ ਦੇ ਲੋਕ ਹਾਲਾਂਕਿ ਜਾਤ-ਪਾਤ 'ਤੇ ਜ਼ਿਆਦਾ ਭਰੋਸਾ ਨਹੀਂ ਕਰਦੇ, ਕਿਉਂਕਿ ਭਾਰਤ ਵਾਂਗ ਹੀ ਇਥੇ ਜਾਤਾਂ ਬਹੁਤੀਆਂ ਨਹੀਂ ਹਨ, ਫਿਰ ਵੀ ਬਹੁਗਿਣਤੀ ਚੀਨੀ ਲੋਕ ਆਪਣੇ ਸੱਭਿਆਚਾਰ ਨੂੰ ਅਤੇ ਆਪਣੀ ਨਸਲ ਨੂੰ ਉੱਤਮ ਮੰਨਦੇ ਹਨ | ਉਨ੍ਹਾਂ ਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਚੀਨ ਵਿਚ ਵਿਦੇਸ਼ੀ ਵਹੁਟੀਆਂ ਵਧ ਰਹੀਆਂ ਹਨ, ਉਸ ਨਾਲ ਚੀਨ ਦੇ ਸੱਭਿਆਚਾਰ ਅਤੇ ਨਸਲ ਦੋਵਾਂ ਅਸਰ ਪਵੇਗਾ |
ਪਰ ਮੁਸ਼ਕਿਲ ਇਹ ਹੈ ਕਿ ਪਤਨੀ ਸੰਕਟ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਇਕੱਲੇ ਚੀਨ ਦਾ ਮਾਮਲਾ ਨਹੀਂ ਹੈ | ਦੁਨੀਆ ਵਿਚ 15 ਤੋਂ ਜ਼ਿਆਦਾ ਅਜਿਹੇ ਦੇਸ਼ ਹਨ, ਜਿਥੇ ਪਤਨੀ ਸੰਕਟ ਜਾਂ ਤਾਂ ਖੜ੍ਹਾ ਹੋ ਚੁੱਕਾ ਹੈ ਜਾਂ ਜਲਦ ਹੀ ਖੜ੍ਹਾ ਹੋਣ ਵਾਲਾ ਹੈ | ਜਿਸ ਤਰ੍ਹਾਂ ਚੀਨ ਤੋਂ ਬਾਅਦ ਭਾਰਤ ਦਾ ਅਹਿਮ ਸਥਾਨ ਹੈ | ਇਸ ਤੋਂ ਬਾਅਦ ਖਾੜੀ ਦੇ 6-7 ਦੇਸ਼ ਆਉਂਦੇ ਹਨ | ਭਾਰਤ ਵਿਚ ਹਾਲਾਂਕਿ ਇਹ ਸੰਕਟ ਕੁਝ ਪ੍ਰਾਂਤਾਂ ਵਿਚ ਹੁਣ ਤੋਂ ਬਹੁਤ ਸਪੱਸ਼ਟ ਢੰਗ ਨਾਲ ਦਿਸਣ ਲੱਗਾ ਹੈ, ਜਿਵੇਂ ਹਰਿਆਣਾ ਅਤੇ ਪੰਜਾਬ ਇਸ ਮਾਮਲੇ 'ਚ ਸਭ ਤੋਂ ਅੱਗੇ ਹਨ | ਹਰਿਆਣਾ ਵਿਚ ਵੱਡੇ ਪੈਮਾਨੇ 'ਤੇ ਬਾਹਰੋਂ ਵਹੁਟੀਆਂ ਆਈਆਂ ਹਨ ਪਰ ਇਹ ਵਹੁਟੀਆਂ ਵਿਦੇਸ਼ ਤੋਂ ਨਹੀਂ ਸਗੋਂ ਭਾਰਤ ਦੇ ਦੂਸਰੇ ਰਾਜਾਂ ਤੋਂ ਆਈਆਂ ਹਨ | ਇਸ ਲਈ ਇਨ੍ਹਾਂ ਦੇ ਆਉਣ-ਜਾਣ ਨਾਲ ਕੋਈ ਕਾਨੂੰਨੀ ਅੜਚਨ ਪੈਦਾ ਨਹੀਂ ਹੋਈ ਪਰ ਖਾਣ-ਪੀਣ ਨੂੰ ਲੈ ਕੇ ਜ਼ਿੰਦਗੀ ਜਿਊਣ ਦੀ ਸਹਿਜ ਕਲਾ ਦੇ ਸਬੰਧ ਵਿਚ ਜੋ ਭਿੰਨਤਾ ਭਾਰਤ ਵਿਚ ਦਿਸਦੀ ਹੈ, ਉਹ ਵਿਭਿੰਨਤਾ ਵੀ ਇਸ ਸੰਕਟ ਨਾਲ ਨਸ਼ਟ ਹੋਣ ਲੱਗੀ ਹੈ | ਅਸਲ 'ਚ ਵੱਡੀ ਗਿਣਤੀ ਵਿਚ ਗ਼ੈਰ-ਸ਼ਾਦੀਸ਼ੁਦਾ ਚੀਨੀਆਂ ਦੇ ਕਾਰਨ ਦੇਸ਼ ਵਿਚ ਵਿਦੇਸ਼ੀ ਵਹੁਟੀਆਂ ਦਾ ਨਵਾਂ ਯੁੱਗ ਸ਼ੁਰੂ ਹੋ ਗਿਆ ਹੈ | ਇਸ ਲਈ ਸ਼ੁਰੂਆਤੀ ਪ੍ਰੋਤਸਾਹਨ ਤੋਂ ਬਾਅਦ ਹੁਣ ਚੀਨ ਸਰਕਾਰ ਇਸ ਤਰ੍ਹਾਂ ਦੇ ਵਿਆਹਾਂ ਨੂੰ ਨਕਾਰਨ ਲੱਗੀ ਹੈ | ਇਸ ਤੋਂ ਦੁਨੀਆ ਸਬਕ ਲਵੇ ਜਾਂ ਨਾ ਲਵੇ, ਹਿੰਦੁਸਤਾਨ ਨੂੰ ਸਭ ਤੋਂ ਪਹਿਲਾਂ ਅਤੇ ਜ਼ਰੂਰੀ ਤੌਰ 'ਤੇ ਸਬਕ ਲੈ ਲੈਣਾ ਚਾਹੀਦਾ ਹੈ ਕਿ ਲਿੰਗ ਅਨੁਪਾਤ ਜਿੰਨਾ ਜਲਦੀ ਖ਼ਤਮ ਹੋਵੇ, ਉਸ ਨੂੰ ਵੱਡੀ ਪੱਧਰ 'ਤੇ ਖਤਮ ਕਰਨਾ ਚਾਹੀਦਾ ਹੈ, ਨਹੀਂ ਤਾਂ ਚੀਨ ਤੋਂ ਪਹਿਲਾਂ ਹੀ ਅਸੀਂ ਕਿਤੇ ਸਭ ਤੋਂ ਵੱਡੇ ਲਾੜੀ ਸੰਕਟ ਵਾਲੇ ਦੇਸ਼ ਦੇ ਰੂਪ ਵਿਚ ਸਾਹਮਣੇ ਨਾ ਆ ਜਾਈਏ |

-ਇਮੇਜ ਰਿਫਲੈਕਸ਼ਨ ਸੈਂਟਰ |

ਵਿਗਿਆਨਕ ਗਲਪ ਦੀ ਦੁਨੀਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜੇ ਜੂਲਜ਼ ਵਰਨ ਨੇ ਚੰਨ, ਕਾਮੇਟਾਂ, ਟੈਲੀਫੋਨ, ਸੂਚਨਾ ਸੰਚਾਰ, ਆਈ.ਸੀ./ਸਟੀਮ ਇੰਜਣ, ਰਾਕਟਾਂ ਦੀਆਂ ਗੱਲਾਂ ਆਪਣੀ ਗਲਪ ਵਿਚ ਕੀਤੀਆਂ, ਤਾਂ ਐਚ.ਜੀ. ਵੈਲਜ਼ ਮੰਗਲ ਤੱਕ ਛਾਲ ਮਾਰਦਾ ਹੈ | ਉਸ ਨੇ 'ਵਾਰ ਆਫ਼ ਦਾ ਵਰਲਡਜ਼' ਵਿਚ ਮਨੁੱਖ ਜਾਤੀ ਤੇ ਧਰਤ ਬਾਹਰੇ ਏਲੀਅਨਜ਼ ਦੀ ਟੱਕਰ ਦਾ ਬਿਰਤਾਂਤ ਲਿਖਿਆ ਜੋ ਖੂਬ ਵਿਕਿਆ | ਮੰਗਲ ਵਾਸੀ ਉਸ ਦੇ ਨਾਵਲ ਵਿਚ ਲੰਦਨ ਅਤੇ ਉਸ ਦੇ ਆਸ-ਪਾਸ ਧਰਤੀ ਉਤੇ ਉਤਰ ਕੇ ਆਪਣੇ ਭਿਅੰਕਰ ਹਥਿਆਰਾਂ ਨਾਲ ਤਬਾਹੀ ਮਚਾਉਂਦੇ ਹਨ | ਇਹ ਨਾਵਲ ਯੁੱਧ ਵਿਚ ਰਸਾਇਣਕ ਹਥਿਆਰਾਂ ਤੇ ਲੇਜ਼ਰ ਬੀਮਾਂ ਦੀ ਵਰਤੋਂ ਵੀ ਕਰਦਾ ਹੈ | 1866 ਤੋਂ 1946 ਤੱਕ ਦੇ ਕਾਲ ਖੰਡ ਵਿਚ ਉਸ ਨੇ 'ਦਾ ਟਾਈਮ ਮਸ਼ੀਨ', 'ਦਾ ਇਨਵਿਜ਼ੀਬਲ ਮੈਨ', 'ਦਾ ਵਾਰ ਆਫ਼ ਦਾ ਵਰਲਡਜ਼', 'ਦ ਫਸਟ ਮੈਨ ਇਨ ਦਾ ਮੂਨ' ਤੇ 'ਦ ਸ਼ੇਪ ਆਫ਼ ਥਿੰਗਜ਼ ਟੂ ਕਮ' ਜਿਹੀਆਂ ਯਾਦਗਾਰੀ ਕਿਤਾਬਾਂ ਲਿਖੀਆਂ | ਲੇਜ਼ਰ, ਪੁਲਾੜ ਯਾਤਰਾਵਾਂ, ਮਾਰੂ ਹਥਿਆਰ, ਰੈਲੇਟਿਵਟੀ ਸਿਧਾਂਤ ਵਿਚ ਸਮੇਂ ਦਾ ਸੰਕਲਪ ਤੇ ਭਾਂਤ-ਭਾਂਤ ਦੇ ਵਿਗਿਆਨਕ ਨੁਕਤਿਆਂ ਦੀ ਸੁਚੱਜੀ ਵਰਤੋਂ ਕਰਕੇ ਵੈਲਜ਼ ਨੇ ਪਾਠਕਾਂ ਨੂੰ ਇਕ ਨਵੇਂ ਗਲਪ ਸੰਸਾਰ ਨਾਲ ਜੋੜਿਆ | ਵੈਲਜ਼ ਨੂੰ ਅਕਸਰ ਇਹ ਚਿੰਤਾ ਰਹਿੰਦੀ ਕਿ ਸਾਡੀ ਤਹਿਜ਼ੀਬ, ਸਾਡੀ ਮਨੁੱਖ ਜਾਤੀ ਕਿਤੇ ਆਪੇ ਹੀ ਆਪਣਾ ਵਿਨਾਸ਼ ਨਾ ਕਰ ਲਵੇ | 'ਵਾਰ ਆਫ਼ ਵਰਲਡਜ਼' ਵਿਚ ਯੁੱਧ ਦਾ ਨਵਾਂ ਵਿਨਾਸ਼ਕਾਰੀ ਰੂਪ ਹੈ | ਇਸ ਵਿਚ ਨਿਰਦੋਸ਼ ਨਾਗਰਿਕਾਂ ਉਤੇ ਬੰਬ ਡਿਗਦੇ ਹਨ | ਇਹ ਨਾਵਲ ਦੂਜੇ ਮਹਾਂਯੁੱਧ ਤੇ ਉਸ ਉਪਰੰਤ ਦੀ ਜੰਗ ਪ੍ਰੇਮੀ ਮੌਤ ਦੇ ਵਪਾਰੀਆਂ ਦੀ ਮਾਨਸਿਕਤਾ ਦਾ ਸੰਕੇਤਕ ਹੈ | ਬੀਤੇ 70-80 ਸਾਲ ਵਿਚ ਕਿਵੇਂ ਲੱਖਾਂ ਨਿਰਦੋਸ਼ ਬੰਬਾਂ, ਟੈਂਕਾਂ, ਰਸਾਇਣਿਕ ਤੇ ਹੋਰ ਭਾਂਤ-ਭਾਂਤ ਦੇ ਮਾਰੂ ਹਥਿਆਰਾਂ ਦਾ ਸ਼ਿਕਾਰ ਹੋਏ ਹਨ |
ਵੈਲਜ਼ ਜਿਊਾਦਾ ਹੁੰਦਾ ਤਾਂ ਉਹ ਆਪਣੇ ਨਾਵਲਾਂ ਦੇ ਗਲਪ ਜਗਤ ਦੀ ਤਬਾਹੀ ਦਾ ਯਥਾਰਥ ਵੇਖ-ਵੇਖ ਪ੍ਰੇਸ਼ਾਨ ਹੁੰਦਾ | ਐਟਮ ਬੰਬ ਸ਼ਬਦ ਵੀ ਵੈਲਜ਼ ਦੀ ਦੇਣ ਹੈ | ਇਹ ਉਸ ਨੇ 1914 ਵਿਚ ਪ੍ਰਕਾਸ਼ਿਤ ਆਪਣੇ ਨਾਵਲ 'ਦ ਵਰਲਡ ਸੈਟ ਫਰੀ' ਵਿਚ ਪਹਿਲੀ ਵਾਰ ਵਰਤਿਆ | ਯੂਰੇਨੀਅਮ ਤੇ ਰੇਡੀਅਮ ਦੇ ਰੇਡੀਓ ਐਕਟਿਵ ਤਰੀਕੇ ਨਾਲ ਮਰਨ ਮੁੱਕਣ ਦੀ ਖੋਜ 20ਵੀਂ ਸਦੀ ਦੇ ਪਾਸਾ ਪਰਤਦੇ ਪਰਤਦੇ ਹੁੰਦੀ ਵੈਲਜ਼ ਨੇ ਦੇਖੀ ਸੀ | ਵੈਲਜ਼ ਦੀ ਪ੍ਰਤਿਭਾਸ਼ਾਲੀ ਬੁੱਧੀ ਨੇ ਇਹ ਉਦੋਂ ਹੀ ਸਮਝ ਲਿਆ ਸੀ ਕਿ ਮਨੁੱਖ ਦੇਰ ਸਵੇਰ ਐਟਮ ਦੀ ਇਸ ਛੁਪੀ ਊਰਜਾ ਦਾ ਜਿੰਦਾ ਖੋਲ੍ਹ ਕੇ ਇਸ ਬੇਪਨਾਹ ਊਰਜਾ ਨੂੰ ਮਨਇਛਿਤ ਤਰੀਕੇ ਨਾਲ ਵਰਤੇਗਾ | 1945 ਵਿਚ ਉਸ ਦੀ ਇਹ ਕਲਪਨਾ ਸੱਚ ਹੋ ਗਈ | ਹੀਰੋਸ਼ੀਮਾ ਤੇ ਨਾਗਾਸਾਕੀ ਉਤੇ ਬੰਬ ਅਗਸਤ 1945 ਵਿਚ ਡਿੱਗੇ ਅਤੇ ਅਗਸਤ 1946 ਵਿਚ ਵੈਲਜ਼ ਮੌਤ ਦੀ ਖੇਡ, ਖੇਡ ਰਹੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ |
ਵੈਲਜ਼ ਦੀ ਪ੍ਰਤਿਭਾ ਵੇਖੋ ਕਿ ਆਈਨਸਟਾਈਨ ਦੇ ਸਾਪੇਖਤਾ ਸਿਧਾਂਤ ਵਿਚ ਕਲਪਿਤ ਸਮੇਂ ਦੇ ਸੰਕਲਪ ਤੋਂ ਕਿਤੇ ਪਹਿਲਾਂ 1895 ਵਿਚ ਉਸ ਨੇ ਟਾਈਮ ਮਸ਼ੀਨ ਨਾਵਲ ਪ੍ਰਕਾਸ਼ਿਤ ਕਰਵਾ ਦਿੱਤਾ | ਇਸ ਵਿਚਲਾ (ਟਾਈਮ) ਯਾਤਰੀ ਟਾਈਮ ਮਸ਼ੀਨ ਉਤੇ ਭਵਿੱਖ ਵਿਚ ਸੰਨ 802701 ਵਿਚ ਜਾ ਪੁੱਜਾ | ਉਦੋਂ ਦੇ ਈਲੋਈ ਲੋਕ ਦੋ ਵਰਗਾਂ ਵਿਚ ਵੰਡੇ ਦਿਸਦੇ ਹਨ | ਵਿਹਲੜ, ਨਕਾਰਾ ਤੇ ਰੱਜਿਆ-ਪੁੱਜਿਆ ਈਲੋਈ ਵਰਗ ਅਤੇ ਗਰੀਬ ਕਿਰਤੀ ਸ਼੍ਰੇਣੀ | ਇਹ ਲੰਗੂਰ ਜਿਹੀ ਸ਼ਕਲ ਦੇ ਮਾਰਲਾਕ ਲੋਕ ਹਨ, ਜਿਨ੍ਹਾਂ ਦੀ ਕਿਰਤ ਉਤੇ ਉੱਚ ਈਲੋਈ ਵਰਗ ਦਾ ਸਵਰਗ ਵਰਗਾ ਜੀਵਨ ਕਾਇਮ ਹੈ | ਵੈਲਜ਼ ਦਾ ਸੋਸ਼ਤ ਤੇ ਸ਼ੋਸ਼ਕ ਵਰਗ ਦਾ ਆਪਣਾ ਸਮਕਾਲੀ ਅਨੁਭਵ ਦੂਰ ਭਵਿੱਖ ਵਿਚ ਚਰਮ ਸੀਮਾ ਉਤੇ ਪੁੱਜਾ ਦਿਸਦਾ ਹੈ, ਇਸ ਨਾਵਲ ਵਿਚ ਜੋ ਸਮੇਂ ਨੂੰ ਵਰਤਮਾਨ ਤੋਂ ਦੂਰ ਭਵਿੱਖ ਤੱਕ ਇਕੋ ਧਾਗੇ ਵਿਚ ਪ੍ਰੋਅ ਦਿੰਦਾ ਹੈ | ਭਾਵੇਂ ਇਹ ਨਾਵਲ ਬਹੁਚਰਚਿਤ ਰਿਹਾ ਪਰ ਵੈਲਜ਼ ਤੇ ਆਈਨਸਟਾਈਨ ਦਰਮਿਆਨ ਸਮੇਂ ਦੇ ਅਜਿਹੇ ਸੰਕਲਪ ਬਾਰੇ ਕਦੇ ਕਿਤੇ ਕਿਸੇ ਵਿਚਾਰ-ਵਟਾਂਦਰੇ ਦੀ ਗਵਾਹੀ ਨਹੀਂ ਮਿਲਦੀ | ਇਹ ਵੱਖਰੀ ਗੱਲ ਹੈ ਕਿ ਆਈਨਸਟਾਈਨ ਦੀ ਥਿਊਰੀ ਅਤੇ ਵੈਲਜ਼ ਦੇ ਨਾਵਲ ਦੋਵਾਂ ਵਿਚ ਸਮੇਂ ਦੀ ਚੌਥੀ ਦਿਸ਼ਾ ਕੇਂਦਰੀ ਸ਼ੈਅ ਹਨ | ਉਨ੍ਹਾਂ ਦਿਨਾਂ ਵਿਚ ਨਾ ਵੈਲਜ਼ ਨੇ ਆਈਨਸਟਾਈਨ ਦਾ ਨਾਂਅ ਸੁਣਿਆ ਸੀ ਅਤੇ ਨਾ ਆਈਨਸਟਾਈਨ ਨੇ ਵੈਲਜ਼ ਦਾ ਨਾਵਲ ਹੀ ਪੜਿ੍ਹਆ ਸੀ | 20ਵੀਂ ਸਦੀ ਦੇ ਅੱਧ ਵਿਚ ਐਟਮੀ ਤਬਾਹੀ ਉਪਰੰਤ ਦੋਵੇਂ ਅਮਨ ਦੇ ਮੁਦਈ ਵਜੋਂ ਉੱਭਰੇ |
ਟਾਈਮ ਮਸ਼ੀਨ ਪਿੱਛੋਂ ਸਮੇਂ ਵਿਚ ਯਾਤਰਾ ਦਾ ਸੰਕਲਪ ਵਾਰ-ਵਾਰ ਵਿਗਿਆਨਕ ਗਲਪ 'ਤੇ ਫ਼ਿਲਮਾਂ ਦਾ ਹਿੱਸਾ ਬਣਿਆ ਹੈ | ਇੰਟਰ ਸਟੈਲਰ ਤੇ ਅਰਾਈਵਲ ਨਾਂਅ ਦੀਆਂ ਫਿਲਮਾਂ ਬਹੁਤ ਲੋਕਪਿ੍ਯ ਰਹੀਆਂ ਹਨ | 1985 ਵਿਚ 'ਬੈਕ ਟੂ ਦੀ ਫਿਊਚਰ' ਦਾ ਮੁੱਖ ਪਾਤਰ ਮਾਰਟੀ ਭਵਿੱਖ ਵਿਚ ਜਾਣ ਦੀ ਥਾਂ ਅਤੀਤ ਵਿਚ 30 ਸਾਲ ਪਿਛੇ ਜਾਂਦਾ ਹੈ | ਅਜਿਹਾ ਉਹ ਡਾਕ ਬਰਾਊਨ ਨਾਂਅ ਦੇ ਵਿਗਿਆਨੀ ਦੀ ਟਾਈਮ ਮਸ਼ੀਨ ਨਾਲ ਕਰਦਾ ਹੈ | ਮਾਰਟੀ ਦੀ ਮਾਂ ਲੋਰੇਨ ਮਗਰ ਸ਼ਰਾਬੀ ਬਿਫ਼ ਪੈ ਜਾਂਦਾ ਹੈ | ਮਾਰਟੀ ਮਾਂ ਨੂੰ ਬਿਫ਼ ਤੋਂ ਬਚਾਉਂਦਾ ਹੈ ਤਾਂ ਜੋ ਉਸ ਦਾ ਪਿਤਾ ਜਾਰਜ ਉਸ ਦੀ ਮਾਂ ਨਾਲ ਵਿਆਹ ਕਰ ਸਕੇ ਅਤੇ ਮਾਰਟੀ ਦਾ ਭਵਿੱਖ/ਵਰਤਮਾਨ ਸੁਰੱਖਿਅਤ ਤੇ ਸੁਖਾਲਾ ਰਹੇ | 1985 ਤੋਂ 1955 ਵਿਚ ਗਏ ਮਾਰਟੀ ਲਈ 1955 ਤੋਂ ਵਾਪਸ 1985 ਵਿਚ ਪਰਤਣਾ ਉਦੋਂ ਔਖਾ ਹੋ ਜਾਂਦਾ ਹੈ ਜਦੋਂ ਪਲੂਟੋਨੀਅਮ ਕਾਲ ਚਲਦੀ ਟਾਈਮ ਮਸ਼ੀਨ ਦਾ ਬਾਲਣ ਘਟ ਜਾਂਦਾ ਹੈ | ਇਕ ਦਸ਼ਮਲਵ ਦੋ ਇਕ ਗੀਗਾ ਵਾਟ ਪਾਵਰ ਉਤੇ ਚਲਣ ਵਾਲੀ ਟਾਈਮ ਮਸ਼ੀਨ ਨੂੰ ਆਖਰ ਅਸਮਾਨੀ ਬਿਜਲੀ ਦੀ ਮਦਦ ਨਾਲ ਚਲਾ ਕੇ ਮਾਰਟੀ ਵਾਪਸ 1985 ਵਿਚ ਪਹੁੰਚਦਾ ਹੈ |
ਕੀ ਸਮੇਂ ਵਿਚ ਅਗਾਂਹ/ਪਿਛਾਂਹ ਦੀ ਇਹ ਯਾਤਰਾ ਸੰਭਵ ਹੈ? ਇੰਟਰ ਸਟੈਲਰ ਦਾ ਕਰਿਸਟੋਫਰ ਨੋਲਾਨ ਇਸ ਵਾਸਤੇ ਵਰਮ ਹੋਲ ਦੀ ਵਰਤੋਂ ਕਰਦਾ ਹੈ | ਇਸ ਫ਼ਿਲਮ ਦੇ ਨਾਇਕ ਕੂਪਰ ਨੂੰ ਇਕ ਪ੍ਰੋਫੈਸਰ ਦੱਸਦਾ ਹੈ ਕਿ 48 ਸਾਲ ਪਹਿਲਾਂ ਸ਼ਨੀ ਗ੍ਰਹਿ ਨੇੜੇ ਇਕ ਵਰਮ ਹੋਲ ਪੈਦਾ ਹੋਈ ਸੀ | ਇਸ ਦਾ ਦੂਜਾ ਸਿਰਾ ਦੂਰ ਦੀ ਕਿਸੇ ਅਕਾਸ਼ ਗੰਗਾ ਵਿਚ ਖੁੱਲ੍ਹਦਾ ਸੀ, ਜਿਥੇ 12 ਮਨੁੱਖੀ ਬਸਤੀਆਂ ਸਨ | ਧਰਤੀ ਦੇ ਲੋਕ ਉਨ੍ਹਾਂ ਉਤੇ ਵਸ ਸਕਦੇ ਹਨ | ਕਰਿਸਟਰੋਫਰ ਨੋਲਾਨ ਨੇ ਆਪਣੀ ਫ਼ਿਲਮ ਵਿਚ ਕਿਪ ਥਾਰਨ ਨਾਂਅ ਦੇ ਕਾਲਟੈਕ ਦੇ ਭੌਤਿਕ ਵਿਗਿਆਨ ਦੀ ਫਾਈਨਮੈਨ ਚੇਅਰ ਪ੍ਰੋਫੈਸਰ ਦੀ ਮਦਦ ਲਈ | ਚੇਤੇ ਰਹੇ ਕਿ ਇਹ ਉਹੀ ਕਿਪ ਥਾਰਨ ਹੈ ਜਿਸ ਨੂੰ 2017 ਵਿਚ ਗਰੈਵੀਟੇਸ਼ਨਲ ਤਰੰਗਾਂ ਲਈ ਨੋਬਲ ਪੁਰਸਕਾਰ ਮਿਲਿਆ |
ਵਿਗਿਆਨਕ ਗਲਪ ਦੀ ਗੱਲ ਆਰਥਰ ਸੀ. ਕਲਾਰਕ ਦੀ ਚਰਚਾ ਤੋਂ ਬਿਨਾਂ ਅਧੂਰੀ ਹੋਵੇਗੀ | 1917 ਵਿਚ ਇੰਗਲੈਂਡ ਜੰਮੇ ਕਲਾਰਕ ਨੇ 1945 ਵਿਚ ਇਕ ਲੇਖ ਲਿਖਿਆ ਜਿਸ ਵਿਚ ਉਸ ਨੇ ਕਲਪਨਾ ਕੀਤੀ ਕਿ ਧਰਤੀ ਤੋਂ 36000 ਕਿਲੋਮੀਟਰ ਉਚਾਈ ਉਤੇ ਇਕ-ਦੂਜੇ ਤੋਂ 120 ਦਰਜੇ ਦੇ ਕੋਣ ਉਤੇ ਰੱਖੇ ਤਿੰਨ ਸੈਟੇਲਾਈਟਾਂ ਨਾਲ ਸਾਰੀ ਦੁਨੀਆ ਨੂੰ ਇਕ ਸੰਚਾਰ ਸਿਸਟਮ ਵਿਚ ਬੰਨਿ੍ਹਆ ਜਾ ਸਕਦਾ ਹੈ | ਉਦੋਂ ਉਹ ਮਸਾਂ ਸਾਢੇ ਸਤਾਈ ਸਾਲ ਦਾ ਰਾਇਲ ਏਅਰ ਫੋਰਸ ਦਾ ਸਧਾਰਨ ਕਰਮਚਾਰੀ ਸੀ | ਉਦੋਂ ਅਜੇ ਪਹਿਲਾ ਸਪੂਤਨਿਕ ਵੀ ਪੁਲਾੜ ਵਿਚ ਨਹੀਂ ਸੀ ਉਡਿਆ | ਉਸ ਦੀ ਕਲਪਨਾ ਨੂੰ ਅੱਧੀ ਸਦੀ ਬਾਅਦ ਵਿਗਿਆਨ ਨੇ ਸਾਕਾਰ ਕੀਤਾ ਅਤੇ ਇਸ ਕਾਰਜ ਲਈ ਵਰਤੀ ਜੀਓ ਸਟੇਸ਼ਨਰੀ ਆਰਬਿਟ ਨੂੰ ਕਲਾਰਕ ਆਰਬਿਟ ਦਾ ਨਾਂਅ ਦਿੱਤਾ |
ਕਲਾਰਕ ਨੇ ਕਈ ਵਿਗਿਆਨਕ ਨਾਵਲ ਤੇ ਕਹਾਣੀਆਂ ਲਿਖੇ | 'ਦ ਰੈਸਕਿਊ ਪਾਰਟੀ' ਉਸ ਦੀ ਪਹਿਲੀ ਕਹਾਣੀ ਸੀ ਅਤੇ 'ਅਗੇਨਸਟ ਦੀ ਫਾਲ' ਪਹਿਲਾ ਨਾਵਲ | 1951 ਵਿਚ ਉਸ ਦੇ ਦੋ ਪ੍ਰਸਿੱਧ ਨਾਵਲ 'ਪਰੀਲਿਊਡ ਆਫ਼ ਸਪੇਸ' ਅਤੇ 'ਦੀ ਸੈਂਡਜ਼ ਆਫ਼ ਮਾਰਜ਼' ਛਪੇ ਅਤੇ ਨਾਲ ਹੀ ਇਕ ਵਾਰਤਕ ਪੁਸਤਕ ਦੀ 'ਐਕਸਪਲੋਰੇਸ਼ਨ ਆਫ਼ ਸਪੇਸ', 1953 ਵਿਚ 'ਚਾਈਲਡਹੁਡਜ਼ ਐਾਡ' ਅਤੇ 'ਐਕਸੀਪੀਡੀਸ਼ਨ ਟੂ ਅਰਥ' ਨਾਵਲ ਛਪੇ | ਪੁਲਾੜ ਤੋਂ ਬਿਨਾਂ ਉਸ ਨੇ ਸਾਗਰਾਂ ਅੰਦਰ ਝਾਤੀ ਮਾਰਦੇ ਨਾਵਲ ਵੀ ਲਿਖੇ | ਇਸ ਸਿਲਸਿਲੇ ਵਿਚ 'ਦੀ ਕੋਸਟ ਆਫ਼ ਕੋ ਰਾਲ' ਅਤੇ 'ਦੀ ਰੀਫਜ਼ ਆਫ ਟੈਪਰੋਬੇਨ' ਵਰਣਨਯੋਗ ਹਨ | 1962 ਵਿਚ ਉਸ ਨੇ 'ਪਰੋਫਾਈਲਜ਼ ਆਫ਼ ਫਿਊਚਰ' ਲਿਖ ਕੇ ਸੰਨ 2100 ਤੱਕ ਹੋਣ ਵਾਲੀਆਂ ਸੰਭਾਵਿਤ ਵਿਗਿਆਨਕ ਪ੍ਰਾਪਤੀਆਂ/ਖੋਜਾਂ ਦੀ ਚਰਚਾ ਕੀਤੀ | 1964 ਵਿਚ ਉਸ ਨੇ ਸਟੈਨਲੇ ਕਯੂਬਰਿਕ ਨਾਲ ਰਲ ਕੇ ਫ਼ਿਲਮ ਬਣਾਉਣੀ ਸ਼ੁਰੂ ਕੀਤੀ ਜੋ 1968 ਵਿਚ '2001-ਏ ਸਪੇਸ ਆਡਿਸੀ' ਨਾਂਅ ਨਾਲ ਸਾਹਮਣੇ ਆਈ | ਇਹ ਇੰਨੀ ਸਫ਼ਲ ਹੋਈ ਕਿ ਇਸ ਲੜੀ ਵਿਚ '2010-ਆਡਿਸੀ ਟੂ', '2061-ਆਡਿਸੀ ਥ੍ਰੀ' ਅਤੇ '3001-ਦੀ ਫਾਈਨਲ ਆਡਿਸੀ' ਫ਼ਿਲਮਾਂ ਬਣੀਆਂ | 1979 ਵਿਚ ਉਸ ਨੂੰ ਦੀ 'ਫਾਊਾਟੇਨਜ਼ ਆਫ਼ ਪੈਰਾਡਾਈਜ਼' ਨਾਵਲ ਲਈ ਹਿਊਗੋ ਪ੍ਰਾਈਜ਼ ਤੇ ਨੇਬੂਲਾ ਪ੍ਰਾਈਜ਼ ਮਿਲੇ | 1984 ਤੇ 1989 ਵਿਚ ਕ੍ਰਮਵਾਰ 'ਐਸੈਂਟ ਟੂ ਆਰਬਿਟ' ਤੇ 'ਐਸਟਾਂਊਡਿੰਗ ਡੇਜ਼' ਪੁਸਤਕਾਂ ਪ੍ਰਕਾਸ਼ਿਤ ਹੋਈਆਂ | ਉਸ ਨੇ ਕਈ ਲੋਕ ਪਿ੍ਯਾ ਵਿਗਿਆਨਕ ਟੀ.ਵੀ. ਸ਼ੋਅ ਵੀ ਪੇਸ਼ ਕੀਤੇ | ਇਨ੍ਹਾਂ ਵਿਚੋਂ ਦੋ ਵਿਸ਼ੇਸ਼ ਰੂਪ ਵਿਚ ਚਰਚਿਤ ਹੋਏ | ਇਹ ਸਨ 'ਆਰਥਰ ਕਲਾਰਕਸ ਮਿਸਟੀਰੀਅਸ ਵਰਲਡ' ਅਤੇ 'ਆਰਥਰ ਕਲਾਰਕਸ ਵਰਲਡ ਆਫ਼ ਸਟਰੇਂਜ ਪਾਵਰਜ਼ |' ਵਿਗਿਆਨਕ ਗਲਪ ਦੇ ਇਸ ਸ਼ਹਿਨਸ਼ਾਹ ਦੀ ਮੌਤ 19 ਮਾਰਚ, 2008 ਨੂੰ ਕੋਲੰਬੋ ਵਿਚ ਹੋਈ | ਕਲਾਰਕ 1956 ਵਿਚ ਲੰਕਾ ਆ ਵਸਿਆ ਸੀ | ਲੰਕਾ ਵਾਲਿਆਂ ਉਸ ਨੂੰ ਆਪਣਾ ਸਰਵਉੱਚ ਸਨਮਾਨ ਸ੍ਰੀਲੰਕਾ ਅਭਿਮਾਨਯਾ ਨਾਲ ਸਨਮਾਨਿਤ ਕੀਤਾ | (ਸਮਾਪਤ)

-ਫੋਨ ਨੰ: 98722-60550.

ਮਿਸਰ ਦੇ ਰਹੱਸਮਈ ਪਿਰਾਮਿਡ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਗਿਜ਼ਾ ਦੇ ਪਿਰਾਮਿਡ ਸਮੂਹ ਵਿਚ ਦਾਖਲਾ ਫੀਸ 120 ਮਿਸਰੀ ਪੌਾਡ ਹੈ | ਮਹਾਨ ਪਿਰਾਮਿਡ ਵਿਚ ਜਾਣ ਦੀ 300 ਪੌਾਡ ਅਤੇ ਸੂਰਜੀ ਕਿਸ਼ਤੀ ਵੇਖਣ ਦੀ 120 ਪੌਾਡ ( 1 ਪੌਾਡ = 3.70 ਰੁਪਏ) | ਇਕ ਵਕਤ ਦੋ ਹੀ ਪਿਰਾਮਿਡ ਜਨਤਾ ਵਾਸਤੇ ਖੋਲ੍ਹੇ ਜਾਂਦੇ ਹਨ | ਇਨ੍ਹਾਂ ਦੀ ਵਿਸ਼ਾਲਤਾ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ ਅਤੇ ਬਣਤਰ ਉਸ ਤੋਂ ਵੀ ਵੱਧ ਸਿਰ ਚਕਰਾਉਣ ਵਾਲੀ ਹੈ | ਖੁਫੂ ਦੇ ਮਹਾਨ ਪਿਰਾਮਿਡ ਦਾ ਤਲ਼ਾ 13 ਕਿੱਲਿਆਂ ਵਿਚ ਫੈਲਿਆ ਹੈ | ਜ਼ਮੀਨ 'ਤੇ ਇਕ ਬਾਹੀ 240 ਮੀਟਰ ਲੰਬੀ ਹੈ ਅਤੇ ਉਚਾਈ 147 ਮੀਟਰ(482 ਫੁੱਟ) | ਚਾਰ ਹਜ਼ਾਰ ਸਾਲ ਤੱਕ ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਰਿਹਾ ਅਤੇ 1881 ਵਿਚ ਜਾ ਕੇ ਪੈਰਿਸ ਦੇ ਆਈਫਿਲ ਟਾਵਰ ਨੇ ਇਸ ਦਾ ਰਿਕਾਰਡ ਤੋੜਿਆ | ਇਸ ਵਿਚ 23 ਲੱਖ ਚੌਰਸ ਪੱਥਰ ਲੱਗੇ ਹਨ ਜਿਨ੍ਹਾਂ ਦਾ ਵਜ਼ਨ 2.5 ਟਨ ਤੋਂ ਲੈ ਕੇ 12 ਟਨ ਤੱਕ ਹੈ | ਇਹ ਪੱਥਰ ਗਿਜ਼ਾ ਤੋਂ ਤਕਰੀਬਨ 900 ਕਿਲੋਮੀਟਰ ਦੂਰ ਆਸਵਾਨ ਤੋਂ ਲਿਆਂਦੇ ਗਏ | ਪੱਥਰਾਂ ਨੂੰ ਜੋੜਨ ਵਾਸਤੇ ਕੋਈ ਚੂਨਾ ਆਦਿ ਨਹੀਂ ਵਰਤਿਆ ਗਿਆ ਪਰ ਚਿਣਾਈ ਏਨੀ ਵਧੀਆ ਹੋਈ ਹੈ ਕਿ ਜੋੜਾਂ ਵਿਚ ਡੱਕਾ ਤੱਕ ਨਹੀਂ ਪੈ ਸਕਦਾ | ਹਰ ਗਿਣਤੀ ਮਿਣਤੀ ਅਤੇ ਦਿਸ਼ਾ ਇਕਦਮ ਸਟੀਕ ਹੈ | ਮਹਾਨ ਪਿਰਾਮਿਡ ਦੀ ਉਸਾਰੀ ਇਕ ਲੱਖ ਕਾਮਿਆਂ ਨੇ 23 ਸਾਲ ਵਿਚ ਕੀਤੀ | ਇਨ੍ਹਾਂ ਕਾਮਿਆਂ ਦੀਆਂ ਬਸਤੀਆਂ ਅਤੇ ਕਬਰਸਤਾਨ ਪਿਰਾਮਿਡਾਂ ਦੇ ਪਿੱਛੇ ਹੀ ਲੱਭੇ ਹਨ ਜਿਨ੍ਹਾਂ ਨੂੰ 15 ਮੀਟਰ ਉੱਚੀ ਕੰਧ ਨਾਲ ਵੱਖ ਕੀਤਾ ਗਿਆ ਸੀ | ਇਹ ਉਸਾਰੀ ਕਿਵੇਂ ਹੋਈ ਇਸ ਨੂੰ ਅੱਜ ਤੱਕ ਕੋਈ ਨਹੀਂ ਸਮਝ ਸਕਿਆ | ਹੈਰਾਨੀ ਇਹ ਵੀ ਹੈ ਕਿ ਅਦਭੁੱਤ ਭਵਨ ਕਲਾਕਿਰਤਾਂ ਉਦੋਂ ਬਣੀਆਂ ਜਦੋਂ ਹਾਲੇ ਨਾ ਹੀ ਪਹੀਏ ਦੀ ਖੋਜ ਹੋਈ ਸੀ ਅਤੇ ਨਾ ਹੀ ਲੋਹੇ ਦੀ ! ਓਦੋਂ ਤਾਂਬੇ ਦੇ ਹੀ ਔਜ਼ਾਰ ਹੁੰਦੇ ਸੀ | ਪਹਿਲਾਂ ਪਿਰਾਮਿਡਾਂ ਦੇ ਉੱਪਰ ਚਮਕੀਲੇ ਪੱਥਰਾਂ ਦੀ ਇਕ ਬਾਹਰੀ ਪਰਤ ਹੁੰਦੀ ਸੀ ਜੋ ਕਿ ਧੁੱਪ ਵਿਚ ਚਮਕਦੀ ਸੀ ਪਰ ਸੰਨ 1301 ਵਿਚ ਆਏ ਭੂਚਾਲ ਨਾਲ ਇਹ ਡਿੱਗ ਪਈ | ਖਫਾਰੂ ਦੇ ਪਿਰਾਮਿਡ ਦੀ ਨੋਕ 'ਤੇ ਇਹ ਪਰਤ ਹਾਲੇ ਵੀ ਬਚੀ ਹੋਈ ਹੈ | ਸਾਰੇ ਪਿਰਾਮਿਡਾਂ ਦੇ ਦਾਖਲਾ ਦਵਾਰ ਉੱਤਰ ਵਾਲੇ ਪਾਸੇ ਹਨ | ਇਸ ਵਿਚ ਵੜਨ ਵਾਸਤੇ ਕੋਈ 40 ਮੀਟਰ ਉੱਪਰ ਚੜ੍ਹਨਾ ਪੈਂਦਾ ਹੈ ਅਤੇ ਫਿਰ ਛੋਟੀ ਜਿਹੀ ਸੁਰੰਗ ਰਾਹੀਂ ਝੁਕ ਕੇ ਵੜਨਾ ਪੈਂਦਾ ਹੈ | ਦਾਸ਼ੂਰ ਦੇ ਲਾਲ ਪਿਰਾਮਿਡ ਤੋਂ ਉਲਟ ਇਸ ਦੀਆਂ ਪੌੜੀਆਂ ਉੱਪਰ ਨੂੰ ਚੜ੍ਹਦੀਆਂ ਹਨ | 40-50 ਪੌੜੀਆਂ ਚੜ੍ਹਨ ਤੋਂ ਬਾਅਦ ਫਿਰ ਥੱਲੇ ਉਤਰਦੀਆਂ ਹਨ ਅਤੇ ਸੁਰੰਗ ਦੀ ਛੱਤ ਵੀ ਉੱਚੀ ਹੋ ਜਾਂਦੀ ਹੈ | ਅਖੀਰ ਵਿਚ ਇਕ ਵੱਡਾ ਕਮਰਾ ਆ ਜਾਂਦਾ ਹੈ ਜੋ ਖਾਲੀ ਹੈ ਇਸ ਨੂੰ ਰਾਜੇ ਦਾ ਚੈਂਬਰ ਕਿਹਾ ਜਾਂਦਾ ਹੈ | ਪਿਰਾਮਿਡ ਵਿਚ ਖੱਬੇ ਸੱਜੇ ਕਈ ਸੁਰੰਗਾਂ ਹਨ ਜੋ ਕਿ ਬੰਦ ਕੀਤੀਆਂ ਹੋਈਆਂ ਹਨ | ਇਕ ਸੁਰੰਗ ਰਾਣੀ ਦੇ ਚੈਂਬਰ ਵੱਲ ਵੀ ਜਾਂਦੀ ਹੈ | ਇਸ ਤੋਂ ਬਿਨਾਂ ਕਈ ਗੁਪਤ ਰਾਹ ਵੀ ਹਨ | ਅੰਦਰ ਤਾਪਮਾਨ ਹਮੇਸ਼ਾ 20 ਡਿਗਰੀ ਰਹਿੰਦਾ ਹੈ | ਹਰ ਇਕ ਪਿਰਾਮਿਡ ਦੇ ਦੋ ਮੰਦਰ ਹੁੰਦੇ ਹਨ | ਇਕ ਫਿਉਨਰਲ ਟੈਂਪਲ ਅਤੇ ਦੂਜਾ ਵੈਲੀ ਟੈਂਪਲ ਜੋ ਕਿ ਹੁਣ ਖੰਡਰਾਾ ਦੀ ਸ਼ਕਲ ਵਿਚ ਹਨ |
ਇਨ੍ਹਾਂ ਪਿਰਾਮਿਡਾਂ ਦੇ ਪੈਰਾਂ ਵਿਚ ਸਭ ਤੋਂ ਰਹੱਸਮਈ ਚੀਜ਼ ਹੈ ਗਿਜ਼ਾ ਦਾ ਮਹਾਨ ਸਫਿੰਕਸ | ਇਹ ਇਕ ਤਰ੍ਹਾਂ ਨਾਲ ਮਿਸਰ ਦਾ ਰਾਸ਼ਟਰੀ ਚਿੰਨ੍ਹ ਹੀ ਹੈ ਅਤੇ ਮਿਸਰੀ ਪੌਾਡ ਦੇ ਨੋਟਾਂ 'ਤੇ ਇਸ ਦੀ ਫੋਟੋ ਹੁੰਦੀ ਹੈ | ਇੱਹ ਇਕ ਵੱਡੇ ਪੱਥਰ ਨੂੰ ਤਰਾਸ਼ ਕੇ ਬਣਾਇਆ ਹੋਇਆ ਬੁੱਤ ਹੈ | ਅਕਾਰ ਵਿਚ 60 ਮੀਟਰ ਲੰਬਾ ਅਤੇ 20 ਮੀਟਰ ਉੱਚਾ | ਇਸ ਦੀ ਧੜ ਸ਼ੇਰ ਦੀ ਅਤੇ ਮੂੰਹ ਮਨੁੁੱਖ ਦਾ ਹੈ | ਮੂੰਹ ਕਿਸਦਾ ਹੈ ਇਸ ਬਾਰੇ ਵੀ ਇਤਿਹਾਸਕਾਰਾਂ ਦਾ ਇਕ ਮੱਤ ਨਹੀਂ | ਕੋਈ ਇਸ ਨੂੰ ਖੁਫਰੂ ਦਾ ਕਹਿੰਦਾ ਹੈ ਕੋਈ ਹੋਰ | ਇਹ ਕਦੋਂ ਬਣਿਆ ਸੀ, ਇਸ ਬਾਰੇ ਵੀ ਹਮੇਸ਼ਾ ਬਹਿਸ ਚਲਦੀ ਰਹੀ ਹੈ | ਕਈ ਲੋਕ ਮੰਨਦੇ ਹਨ ਕਿ ਇਹ ਖੁਫਰੂ ਵਲੋਂ ਆਪਣੇ ਪਿਰਾਮਿਡ ਦੇ ਨਾਲ ਹੀ ਬਣਾਇਆ ਗਿਆ ਭਾਵ 4500 ਸਾਲ ਪਹਿਲਾਂ | ਪਰ ਸਫਿੰਕਸ ਦੇ ਪੱਥਰਾਂ ਦੀਆਂ ਪਰਤਾਂ ਸਮਾਂ ਪਾ ਕੇ ਆਪਣੀ ਮਜ਼ਬੂਤੀ ਦੇ ਹਿਸਾਬ ਨਾਲ ਵੱਧ ਘੱਟ ਖੁਰ ਰਹੀਆਂ ਹਨ | ਭੂ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਖਾਰਾ ਤੇਜ਼ ਹਵਾ ਜਾਂ ਰੇਤ ਕਰਕੇ ਨਹੀਂ ਬਲਕਿ ਪਾਣੀ ਨਾਲ ਹੋਇਆ ਹੈ | ਜੇਕਰ ਅਜਿਹਾ ਹੈ ਤਾਂ ਇਸ ਦਾ ਮਤਲਬ ਸਫਿੰਕਸ ਦੀ ਉਮਰ 7 ਤੋਂ 10 ਹਜ਼ਾਰ ਸਾਲ ਪੁਰਾਣੀ ਹੈ ਕਿਉਂਜੋ ਉਦੋਂ ਗਿਜ਼ਾ ਰੇਗਿਸਤਾਨ ਨਹੀਂ ਸੀ ਬਲਕਿ ਜੰਗਲ ਸੀ ਅਤੇ ਨੀਲ ਦਰਿਆ ਦਾ ਪਾਣੀ ਵੀ ਏਨਾ ਉੱਚਾ ਹੋਵੇਗਾ |
ਇਨ੍ਹਾਂ ਖਿਆਲਾਂ ਵਿਚ ਗੁਆਚਿਆਂ ਹੀ ਪੰਜ ਵੱਜ ਗਏ ਅਤੇ ਕੰਪਲੈਕਸ ਬੰਦ ਹੋਣ ਦਾ ਸਮਾਂ ਹੋ ਗਿਆ | ਪਰ ਇਕ ਗਾਰਡ ਨੂੰ ਬਖਸ਼ੀਸ਼ ਦੇ ਕੇ ਅਸੀਂ ਸਫਿੰਕਸ ਦੇ ਨਾਲ ਬਣੇ ਵੈਲੀ ਟੈਂਪਲ ਨੂੰ ਦੇਖ ਸਕੇ | ਹਜ਼ਾਰਾਂ ਸਾਲਾਂ ਤੱਕ ਸ਼ਾਨਦਾਰ ਗਰੇਨਾਈਟ ਪੱਥਰਾਂ ਦਾ ਬਣਿਆ ਇਹ ਮੰਦਰ ਰੇਤੇ ਵਿਚ ਦੱਬਿਆ ਰਿਹਾ ਅਤੇ 1880 ਵਿਚ ਕੱਢਿਆ ਗਿਆ | ਸਮਾਂ ਨਾ ਹੋਣ ਕਰਕੇ ਸੂਰਜੀ ਕਿਸ਼ਤੀ ਨਾ ਵੇਖ ਸਕੇ ਜੋ ਕਿ ਆਪਣੇ ਆਪ ਵਿਚ ਅਜੂਬਾ ਹੈ |
ਥੱਕ ਹਾਰ ਕੇ ਮੈਂ ਪਿਰਾਮਿਡਾਂ ਦੇ ਐਨ ਲਾਗੇ ਬਣੇ ਅਪਣੇ ਹੋਟਲ ਦੇ ਕਮਰੇ ਵਿਚ ਆ ਕੇ ਡਿੱਗਿਆ | ਇਸੇ ਹੋਟਲ ਦੀ ਛੱਤ ਤੋਂ ਮੈਂ ਹਰ ਸ਼ਾਮ ਨੂੰ ਪਿਰਾਮਿਡਾਂ ਵਿਚ ਹੁੰਦੀ ਰੌਸ਼ਨੀ ਅਤੇ ਆਵਾਜ਼ ਸ਼ੋਅ ਨੂੰ ਨਿਹਾਰਦਾ ਰਿਹਾ | ਇਕੋ ਦਿਨ ਦੋ ਪਿਰਾਮਿਡਾਂ ਵਿਚ ਉਤਰਨ ਚੜ੍ਹਨ ਨੇ ਮੇਰੀਆਂ ਲੱਤਾਂ ਦੀ ਜਾਨ ਕੱਢ ਦਿੱਤੀ ਅਤੇ ਅਗਲੇ ਦੋ ਦਿਨ ਮੈਂ ਮਸਾਂ ਤੁਰਿਆ | ਧਨ ਹਨ ਉਹ ਕਾਮੇ ਅਤੇ ਵਾਸਤੂਕਾਰ ਜਿਨ੍ਹਾਂ ਇਨ੍ਹਾਂ ਪੱਥਰ ਦੇ ਪਹਾੜਾਂ ਨੂੰ ਉਸਾਰਿਆ | ਉਹ ਪਹਾੜ ਜੋ ਪਿਛਲੇ ਪੰਜ ਹਜ਼ਾਰ ਸਾਲ ਤੋਂ ਅਡੋਲ ਖੜੇ੍ਹ ਹਨ ਅਤੇ ਲਗਦਾ ਹੈ ਰਹਿੰਦੀ ਧਰਤੀ ਤੱਕ ਰਹਿਣਗੇ, ਮਨੁੱਖਤਾ ਦੇ ਮੁੱਕਣ ਤੋਂ ਬਾਅਦ ਵੀ! (ਸਮਾਪਤ)

-ਪਿੰਡ ਮੰਡਿਆਣੀ, ਜ਼ਿਲ੍ਹਾ ਲੁਧਿਆਣਾ-141101.

ਕਿੱਸੇ ਖੂਹਾਂ ਦੇ

ਸਦੀਆਂ ਤੋਂ ਹੀ ਖੂਹ ਇਨਸਾਨ ਦੀ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਜੀਵਨ ਦਾ ਅਹਿਮ ਹਿੱਸਾ ਰਹੇ ਹਨ | ਪਰ ਪਿੰਡਾਂ ਦੇ ਖੂਹਾਂ ਦਾ ਰੰਗ ਰੂਪ ਕੁਝ ਵੱਖਰਾ ਹੀ ਸੀ | ਪੀਣ ਵਾਲੇ ਪਾਣੀ ਦਾ ਸੋਮਾ ਖੂਹ ਸਨ ਤੇ ਖੇਤਾਂ ਨੂੰ ਪਾਣੀ ਵੀ ਖੂਹ ਤੋਂ ਹੀ ਮਿਲਦਾ ਸੀ | ਖੇਤਾਂ ਵਿਚ ਕੰਮ ਕਰਨ ਵਾਲਿਆਂ ਦਾ ਦਸਤਰਖਾਨ ਵੀ ਖੂਹ ਦਾ ਆਲਾ-ਦੁਆਲਾ ਹੀ ਸੀ | ਖੂਹਾਂ 'ਤੇ ਹੀ ਘਰਾਂ ਦੀਆਂ ਸੁਆਣੀਆਂ ਪਤੀਆਂ ਦਾ ਇੰਤਜ਼ਾਰ ਕਰਦੀਆਂ ਸਨ | ਪੀਣ ਵਾਲੇ ਪਾਣੀ ਦੇ ਖੂਹਾਂ ਨਾਲ ਜਾਤੀ ਵੰਡ ਜੁੜੀ ਹੋਈ ਸੀ | ਖੂਹਾਂ ਕਰਕੇ ਕਈ ਵਾਰ ਭਰਾਵਾਂ ਦੀ ਸਾਂਝ ਵੀ ਪੈ ਜਾਂਦੀ ਸੀ ਤੇ ਕਈ ਵਾਰੀ ਇਹ ਸ਼ਰੀਕਪੁਣੇ ਤੇ ਦੁਸ਼ਮਣੀ ਦਾ ਕਾਰਨ ਵੀ ਬਣ ਜਾਂਦੇ ਸਨ | ਖੂਹ ਪ੍ਰੇਮੀਆਂ ਦੇ ਮਿਲਣ ਦੀ ਜਗ੍ਹਾ ਵੀ ਸਨ | ਬਹੁਤ ਸਾਲ ਪਹਿਲਾਂ ਇਕ ਬੜਾ ਪ੍ਰਸਿੱਧ ਗੀਤ ਜਿਸ ਵਿਚ ਪਿੰਡ ਦੀ ਮੁਟਿਆਰ ਮਲਕੀ ਜੋ ਭਰਦੀ ਪਈ ਸੀ ਖੂਹ 'ਤੇ ਪਾਣੀ, ਤੇ ਉਸ ਦੇ ਮੰਗੇਤਰ ਕੀਮਾ ਜੋ ਉਸ ਨੂੰ ਵੇਖ ਕੇ ਬੋਲਦਾ ਹੈ, 'ਲੰਬਾ ਪੈਂਡਾ, ਰਾਹੀ ਮਰ ਗਏ ਨੇ ਪਿਆਸੇ, ਛੰਨਾ ਪਾਣੀ ਦਾ ਇਕ ਦੇ ਦੇ ਨੀ ਮੁਟਿਆਰੇ' ਦੀ ਖੂਹ ਤੇ ਰੁਮਾਂਚਿਤ ਮੁਲਾਕਾਤ ਤੇ ਨੋਕ-ਝੋਕ ਨੂੰ ਬੜੇ ਪਿਆਰੇ ਤੇ ਮਿੱਠੇ ਬੋਲਾਂ ਵਿਚ ਲਿਖਿਆ ਤੇ ਗਾਇਆ ਗਿਆ | ਕੁਝ ਹੀ ਸਾਲ ਪਹਿਲਾਂ ਗਾਇਆ ਗੀਤ 'ਤੂਤਕ ਤੂਤਕ ਤੂਤੀਆਂ ਹਾਏ ਜਮਾਲੋ, ਆਜਾ ਤੂਤਾਂ ਵਾਲੇ ਖੂਹ 'ਤੇ ਹਾਏ ਜਮਾਲੋ' ਸਿਰਫ਼ ਭਾਰਤ ਵਿਚ ਹੀ ਨਹੀਂ ਪ੍ਰਦੇਸ਼ਾਂ ਵਿਚ ਵੀ ਪਾਪੂਲਰ ਹੋਇਆ | ਖੂਹ ਨੂੰ ਲੈ ਕੇ ਇਕ ਪ੍ਰਸਿੱਧ ਕਵੀ ਨੇ ਕਵਿਤਾ ਲਿਖੀ ਜਿਸ ਵਿਚ ਖੂਹ ਦੀ ਸਿਰਫ਼ ਤਾਰੀਫ਼ ਹੀ ਨਹੀਂ ਕੀਤੀ ਗਈ ਸਗੋਂ ਉਸ ਨੂੰ ਰੱਬ ਦਾ ਘਰ ਕਿਹਾ:
'ਮੈਂ ਪੱਧਰੇ ਮੰਜਾ ਡਾਹਵਾਂ
ਕਰ ਨਿਸਲੀਆਂ ਪੈ ਜਾਵਾਂ,
ਝੂਲ ਪੈਣ ਪੁਰੇ ਦੀਆਂ ਵਾਵਾਂ,
ਤੇ ਲਗ ਜਾਏ ਫਿਰ ਅੱਖ ਨੀ,
ਸਾਡੇ ਖੂਹ ਤੇ ਵਸਦਾ ਰੱਬ ਨੀਂ |'
ਹੁਣ ਆ ਗਏ ਨੇ ਬਿਜਲੀ ਤੇ ਇੰਜਣਾ ਨਾਲ ਚੱਲਣ ਵਾਲੇ ਟਿਊਬਵੈੱਲ | ਉਹ ਇਤਿਹਾਸਕ ਬੈਲਾਂ ਨਾਲ ਚਲਣ ਵਾਲੇ ਖੂਹ ਮੁੱਕ ਗਏ ਹਨ | ਪਰ ਉਹ ਖੂਹ ਸਾਡੀ ਸ਼ਬਦਾਵਲੀ ਵਿਚ ਖਾਸ ਕਰਕੇ ਮੁਹਾਵਰਿਆਂ ਦੀ ਸ਼ਕਲ ਵਿਚ ਹਾਲੇ ਵੀ ਜਿਊਾਦੇ ਹਨ, ਜਿਵੇਂ 'ਖੂਹ ਖਾਤੇ ਪਾ', 'ਢੱਠੇ ਖੂਹ ਵਿਚ ਮਰ' ਜਾਂ ਫਿਰ 'ਖੂਹ ਦਾ ਡੱਡੂ' ਆਦਿ |
ਖੂਹ ਦੇ ਡੱਡੂ ਤੋਂ ਮੈਨੂੰ ਇਕ ਘਟਨਾ ਯਾਦ ਆ ਗਈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੀ | ਤੁਹਾਨੂੰ ਪਤਾ ਹੀ ਹੈ ਅੱਜਕਲ੍ਹ ਬਹੁਤ ਸਾਰੇ ਖਾਂਦੇ-ਪੀਂਦੇ ਘਰਾਂ ਵਿਚ ਇਕੋ-ਇਕ ਬੱਚਾ ਹੈ | ਜਿਥੋਂ ਤੱਕ ਸਾਡੀ ਪੀੜ੍ਹੀ ਨੂੰ ਵੇਖਿਆ ਜਾਵੇ ਤਾਂ ਹਾਲਾਤ ਕੁਝ ਵੱਖਰੇ ਹਨ | ਕਈ ਸਾਰੇ ਭੈਣ-ਭਰਾ, ਇਕੱਠੇ ਖੇਡਣਾ, ਇਕ-ਦੂਜੇ ਨਾਲ ਲੜਨਾ-ਝਗੜਨਾ, ਇਕ ਦੂਜੇ ਦੀ ਲੱਤ ਖਿਚਣੀ, ਇਕੋ ਕਮਰੇ ਵਿਚ ਸੌਣਾ, ਇਕੋ ਗੁਸਲਖਾਨਾ ਵਰਤਣਾ, ਵਗੈਰਾ-ਵਗੈਰਾ | ਸੋ, ਮੈਨੂੰ ਲਗਦਾ ਸੀ ਕਿ ਅੱਜਕਲ੍ਹ ਦੇ ਇਹ ਇਕੱਲੇ ਬੱਚੇ ਵਿਚਾਰੇ ਕਿੰਨੇ ਬੋਰ ਹੁੰਦੇ ਹੋਣਗੇ | ਪਰ ਪਿਛੇ ਜਿਹੇ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ | ਮੈਂ ਆਪਣੀ ਸਹੇਲੀ ਦੇ ਨਾਲ ਉਸ ਦੇ ਪੁੱਤਰ ਦੇ ਘਰ ਗਈ | ਅਸਲ ਵਿਚ ਉਹ ਆਪਣੇ ਪੋਤੇ ਨੂੰ ਮਿਲਣਾ ਚਾਹੁੰਦੀ ਸੀ | ਪਹਿਲਾਂ ਤਾਂ 'ਪੋਤਾ ਸਾਹਿਬ' ਕਈ ਮਿੰਟ ਆਪਣੇ ਕਮਰੇ ਵਿਚੋਂ ਬਾਹਰ ਹੀ ਨਹੀਂ ਨਿਕਲੇ | ਫਿਰ ਨਿਕਲਿਆ ਤੇ ਚੁੱਪ-ਚਾਪ ਆਪਣੀ ਦਾਦੀ ਦੇ ਪੈਰੀਂ ਹੱਥ ਲਾਇਆ ਤੇ ਬਿਨਾਂ ਬਹੁਤੀ ਗੱਲਬਾਤ ਕੀਤੇ ਆਪਣੇ ਕਮਰੇ ਵਿਚ ਵਾਪਸ ਚਲਾ ਗਿਆ | ਮੰੁਡਾ ਸੋਹਣਾ ਸੀ ਤੇ ਤਿਆਰ ਵੀ ਬਹੁਤ ਵਧੀਆ ਹੋਇਆ ਸੀ | ਉਹ ਰੋਟੀ ਖਾਣ ਸਮੇਂ ਫਿਰ ਆਇਆ ਤੇ ਗੱਲਬਾਤ ਸ਼ੁਰੂ ਹੋਈ | ਗੱਲਾਂ-ਗੱਲਾਂ ਵਿਚ ਦਾਦੀ ਨੇ ਕਿਹਾ, 'ਮੈਨੂੰ ਪਤਾ ਹੈ ਤੂੰ ਪੜ੍ਹਾਈ ਲਿਖਾਈ ਵਿਚ ਲਾਇਕ ਹੈਾ ਤੇ ਤੇਰੀਆਂ ਆਦਤਾਂ ਵੀ ਠੀਕ ਹਨ ਪਰ ਤੂੰ ਖੂਹ ਦਾ ਡੱਡੂ ਕਿਉਂ ਬਣਦਾ ਜਾ ਰਿਹਾ ਹੈਾ?' ਉਹ ਹੈਰਾਨ ਜਿਹਾ ਹੋ ਕੇ ਬੋਲਿਆ, 'ਦਾਦੀ ਕਿਹੜਾ ਖੂਹ ਤੇ ਕਿਹੜਾ ਡੱਡੂ?' 'ਬੇਟਾ ਤੇਰਾ ਕਮਰਾ ਤੇਰਾ ਖੂਹ ਹੈ ਤੇ ਤੰੂ ਆਪਣੇ ਖੂਹ ਦਾ ਡੱਡੂ', ਦਾਦੀ ਨੇ ਪਿਆਰ ਨਾਲ ਉਸ ਦੀ ਪਿੱਠ 'ਤੇ ਹੱਥ ਫੇਰਦੇ ਕਿਹਾ | ਪੋਤਾ ਕੁਝ ਦੇਰ ਚੁੱਪ ਰਿਹਾ ਤੇ ਫਿਰ ਕਹਿਣ ਲੱਗਾ, 'ਦਾਦੀ ਆਓ ਮੇਰੇ ਕਮਰੇ ਵਿਚ ਕੁਝ ਮਿੰਟਾਂ ਲਈ ਆਓ ਤੇ ਫਿਰ ਦੱਸੋ ਕਿ ਮੇਰੇ 'ਖੂਹ' ਵਿਚ ਕੀ ਕਮੀ ਹੈ?' ਅਸੀਂ ਵੇਖਿਆ ਵਧੀਆ ਕਮਰਾ ਸੀ, ਇਕ ਕੱਪੜਿਆਂ ਦੀ ਅਲਮਾਰੀ ਤੇ ਦੂਜੀ ਕਿਤਾਬਾਂ ਦੀ, ਕੰਪਿਊਟਰ ਤੇ ਉਸ ਦੀ ਵੱਖਰੀ ਮੇਜ਼, ਛੋਟਾ ਜਿਹਾ ਟੀ.ਵੀ. ਤੇ ਏ.ਸੀ., ਸਭ ਕੁਝ ਸੀ ਤੇ ਕਮਰੇ ਨਾਲ ਲੱਗਿਆ ਬਾਥਰੂਮ | ਦਾਦੀ ਵੇਖਿਆ ਕਿੰਨਾ ਵਧੀਆ ਤੇ ਆਰਾਮਦੇਹ ਹੈ ਮੇਰਾ ਖੂਹ, ਮੈਂ ਬਾਹਰ ਨਿਕਲ ਕੇ ਕੀ ਕਰਨਾ ਹੈ', ਪੋਤਾ ਬੋਲਿਆ | ਦਾਦੀ ਨਿਰਉਤਰ ਹੋ ਗਈ ਤੇ ਸੋਚੀਂ ਪੈ ਗਈ |
ਇਹ ਤਾਂ ਹੋਈ ਇਕਲੋਤੇ ਬੱਚੇ ਦੇ ਖੂਹ ਦੀ ਗੱਲ ਤੇ ਉਹ ਕੋਈ ਝੂਠ ਵੀ ਨਹੀਂ ਬੋਲ ਰਿਹਾ ਸੀ | ਜੇ ਆਲੇ-ਦੁਆਲੇ ਝਾਤੀ ਮਾਰੀਏ ਤਾਂ ਦਿਸੇਗਾ ਕਿ ਸਾਰਾ ਸਮਾਜਿਕ ਤੇ ਪਰਿਵਾਰਕ ਮਾਹੌਲ ਹੀ ਬਦਲ ਚੁੱਕਾ ਹੈ | ਹੁਣ ਹਰ ਇਕ ਬੰਦਾ ਚਾਹੇ ਉਹ ਅਮੀਰ ਹੈ ਜਾਂ ਗ਼ਰੀਬ, ਸ਼ਹਿਰੀ ਹੈ ਜਾਂ ਪੇਂਡੂ, ਪੜਿ੍ਹਆ-ਲਿਖਿਆ ਹੈ ਜਾਂ ਅਨਪੜ੍ਹ, ਆਪਣਾ-ਆਪਣਾ ਖੂਹ ਬਣਾ ਰਿਹਾ ਹੈ | ਅਮੀਰ ਘਰਾਂ ਵਿਚ ਲੋਕਾਂ ਨੇ ਏ.ਸੀ., ਕੂਲਰ, ਵਧੀਆ ਟੀ.ਵੀ., ਸਮਾਰਟ ਫੋਨ ਤੇ ਹਰ ਤਰ੍ਹਾਂ ਦੇ ਗੈਜਟ ਰੱਖੇ ਹੋਏ ਹਨ | ਉਹ ਆਪਣੇ ਪਰਿਵਾਰ ਨਾਲ ਘੱਟ ਤੇ ਆਪਣੇ ਗੈਜਟਾਂ ਨਾਲ ਪਿਆਰ ਜ਼ਿਆਦਾ ਨਿਭਾਉਂਦੇ ਹਨ | ਜਿਨ੍ਹਾਂ ਦੇ ਆਰਥਿਕ ਸਾਧਨ ਘੱਟ ਹਨ ਉਹ ਵੀ ਆਪਣੇ ਘਰ ਦੇ ਗੁੱਠਾਂ/ਕੋਨਿਆਂ ਵਿਚ ਫੋਨਾਂ 'ਤੇ ਗਿਟਮਿਟ ਜਾਂ ਫਿਰ ਵੀਡੀਓ ਵੇਖਣਾ ਤੇ ਗਾਣੇ ਸੁਣਨਾ ਪਸੰਦ ਕਰਦੇ ਹਨ ਤੇ ਆਪਣੀਆਂ ਖੂਹੀਆਂ ਵਿਚ ਗੰੁਮ ਰਹਿੰਦੇ ਹਨ |
ਹਾਂ ਜੇ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਹਾਲਾਤ ਕੁਝ ਵੱਖਰੇ ਹਨ | ਉਹ ਵੀ ਆਪਣੇ ਕਮਰੇ ਵਿਚ ਜਾਂ ਟਿਕਾਣੇ 'ਤੇ ਆਪਣੀਆਂ ਦਵਾਈਆਂ, ਪੀਣ ਵਾਲੇ ਪਾਣੀ ਦੀ ਥਰਮਸ, ਰੋਜ਼ਾਨਾ ਪਾਉਣ ਵਾਲੇ ਕੱਪੜੇ ਤੇ ਜੁੱਤੀ ਰੱਖ ਕੇ ਖੁਸ਼ ਰਹਿੰਦੇ ਹਨ | ਕਿਤੇ ਹੋਰ ਰਾਤ ਵੀ ਨਹੀਂ ਬਿਤਾਉਣਾ ਚਾਹੁੰਦੇ | ਪਰ ਉਨ੍ਹਾਂ ਦੀ ਸੋਚ ਦਾ ਕਾਰਨ ਤਕਨਾਲੋਜੀ ਨਹੀਂ ਉਮਰ ਦਾ ਤਕਾਜ਼ਾ ਹੈ |
ਕਮਰਿਆਂ ਤੇ ਗੁੱਠਾਂ-ਕੋਨਿਆਂ ਦੀ ਗੱਲ ਤਾਂ ਇਕ ਪਾਸੇ ਰੱਖੀਏ | ਅਸਲ ਵਿਚ ਅੱਜ ਦਾ ਸਭ ਤੋਂ ਵੱਡਾ ਖੂਹ ਤਕਨਾਲੋਜੀ ਦੇ ਆਧਾਰ 'ਤੇ ਬਣਿਆ 'ਸ਼ੋਸ਼ਲ ਮੀਡੀਆ' ਹੈ ਜਿਸ ਵਿਚ ਹਰ ਇਨਸਾਨ ਡੁਬਦਾ ਜਾ ਰਿਹਾ ਹੈ | ਫੇਸ ਬੁੱਕ ਤੇ ਵੱਟਸਐਪ 'ਤੇ ਸੁਨੇਹੇ ਪੜ੍ਹ-ਪੜ੍ਹ ਕੇ, ਫੋਟੋਆਂ ਤੇ ਵੀਡੀਓ ਵੇਖ-ਵੇਖ ਕੇ ਬੰਦਾ ਰੱਜਦਾ ਹੀ ਨਹੀਂ | ਆਲੇ-ਦੁਆਲੇ ਕੌਣ ਬੈਠਾ ਹੈ ਤੇ ਕੀ ਕਰ ਰਿਹਾ ਹੈ ਇਸ ਵੱਲ ਕੋਈ ਧਿਆਨ ਹੀ ਨਹੀਂ |
ਮੁਕਦੀ ਗੱਲ ਇਹ ਹੈ ਕਿ ਪੁਰਾਣੇ ਖੂਹ ਜਿਨ੍ਹਾਂ 'ਤੇ ਰੱਬ ਦੀਆਂ ਰਹਿਮਤਾਂ ਸਨ, ਹੁਣ ਇਤਿਹਾਸ ਬਣ ਕੇ ਰਹਿ ਗਏ ਹਨ | ਅੱਜ ਦੇ ਯੁੱਗ ਦੇ ਨਵੇਂ ਖੂਹਾਂ ਤੇ ਤਕਨਾਲੋਜੀ ਤੇ ਪੈਸੇ ਦੀਆਂ ਰਹਿਮਤਾਂ ਹਨ | ਇਨ੍ਹਾਂ ਖੂਹਾਂ ਤੋਂ ਲੋਕਾਂ ਨੂੰ ਜਾਣਕਾਰੀ ਤਾਂ ਰੱਜ ਕੇ ਮਿਲ ਰਹੀ ਹੈ ਪਰ ਇਹ ਲੋਕਾਂ ਨੂੰ ਆਪਣਿਆਂ ਤੋਂ ਕਿੰਨਾ ਦੂਰ ਕਰ ਰਹੇ ਹਨ ਤੇ ਕਰ ਦੇਣਗੇ ਇਹ ਤਾਂ ਸਮਾਂ ਹੀ ਦੱਸੇਗਾ | ਅਸੀਂ ਤਕਨਾਲੋਜੀ ਦੇ ਵਿਕਾਸ ਨੂੰ ਤਾਂ ਰੋਕ ਨਹੀਂ ਸਕਦੇ ਤੇ ਨਾ ਹੀ ਰੋਕਣਾ ਚਾਹੀਦਾ ਹੈ ਪਰ ਜੇਕਰ ਇਸ ਨੂੰ ਵਰਤਦੇ ਹੋਏ ਤੇ ਇਸ ਦਾ ਲਾਭ ਉਠਾਉਂਦੇ ਹੋਏ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਨੂੰ ਸੰਭਾਲ ਸਕੀਏ ਤਾਂ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ |

-ਮੋਬਾਈਲ : 95015-31277.

ਪਾਲੀਵੁੱਡ ਝਰੋਖਾਅਭਿਨੈ-ਪ੍ਰਭਾਵੀ ਨਾਇਕ : ਜਿੰਮੀ ਸ਼ੇਰਗਿੱਲ

ਪੰਜਾਬੀ ਸਿਨੇਮਾ ਦੇ ਲੰਬੇ ਇਤਿਹਾਸ 'ਚ ਨਾਇਕਾਂ ਦੀ ਗਿਣਤੀ ਤਾਂ ਕਾਫ਼ੀ ਹੈ ਪਰ ਲੋਕਪਿ੍ਆ ਨਾਇਕਾਂ ਦੀ ਜੇਕਰ ਕੋਈ ਸੂਚੀ ਤਿਆਰ ਕੀਤੀ ਜਾਵੇ ਤਾਂ ਫਿਰ ਇਹ ਲਿਸਟ ਬਹੁਤ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ | ਕਰਨ ਦੀਵਾਨ, ਵਾਸਤੀ ਅਤੇ ਅਮਰ ਨਾਥ ਵਰਗੇ ਹਰਫਨਮੌਲਾ ਨਾਇਕ ਜਿਥੇ ਆਪਣੇ ਸੁਭਾਵਿਕ ਅਭਿਨੈ ਕਰਕੇ ਯਾਦ ਕੀਤੇ ਜਾਂਦੇ ਹਨ, ਉਥੇ ਓਮ ਪ੍ਰਕਾਸ਼, ਮਜਨੂੰ, ਗੋਪਾਲ ਸਹਿਗਲ ਅਤੇ ਖਰਾਇਤੀ (ਭੈਂਗਾ) ਨੇ ਸਿੱਧ ਕੀਤਾ ਕਿ ਕਾਮੇਡੀਅਨ ਵੀ ਕਿਸੇ ਰਵਾਇਤੀ ਨਾਇਕ ਤੋਂ ਘੱਟ ਨਹੀਂ ਹਨ |
ਦੇਸ਼-ਵੰਡ ਤੋਂ ਬਾਅਦ ਤਾਂ ਕੁਝ ਕੁ ਰਵਾਇਤੀ ਨਾਇਕਾਂ ਦੇ ਨਾਂਅ ਹੀ ਸਾਹਮਣੇ ਉਭਰ ਕੇ ਸਾਹਮਣੇ ਆਉਂਦੇ ਹਨ | ਇਹ ਸਿਲਸਿਲਾ ਦਲਜੀਤ 'ਭੰਗੜਾ', 'ਲਾਜੋ', ਮਨੋਹਰ ਦੀਪਕ 'ਗੀਤ ਬਹਾਰਾਂ ਦੇ', ਰਵਿੰਦਰ ਕਪੂਰ 'ਪਿੰਡ ਦੀ ਕੁੜੀ', 'ਸੌਾਕਣ ਮੇਲੇ ਦੀ' ਤੋਂ ਸ਼ੁਰੂ ਹੋ ਕੇ ਹੁਣ ਗਾਇਕ-ਨਾਇਕਾਂ ਤੱਕ ਆ ਪਹੁੰਚਦਾ ਹੈ | ਗਾਇਕ-ਨਾਇਕਾਂ ਦੀ ਗਿਣਤੀ ਤਾਂ ਕਾਫ਼ੀ ਹੈ ਪਰ ਇਸ ਸਬੰਧੀ ਇਹ ਭੁਲੇਖਾ ਸਦਾ ਹੀ ਬਣਿਆ ਰਹਿੰਦਾ ਹੈ ਕਿ ਕੀ ਉਹ ਆਉਣ ਵਾਲੇ ਸਮੇਂ 'ਚ ਆਪਣੀ ਅਦਾਕਾਰੀ ਕਰਕੇ ਜਾਣੇ ਜਾਣਗੇ ਜਾਂ ਕਿ ਆਪਣੀ ਗਾਇਕੀ ਦੇ ਕਾਰਨ ਹੀ ਉਨ੍ਹਾਂ ਨੇ ਫ਼ਿਲਮਾਂ 'ਚ ਆਪਣਾ ਦਬਦਬਾ ਬਣਾਇਆ ਸੀ |
ਵਰਤਮਾਨ ਪ੍ਰਸਥਿਤੀਆਂ ਦੇ ਅਨੁਸਾਰ ਜੇਕਰ ਪੁਰਾਣੇ ਦਲਜੀਤ ਅਤੇ ਹੁਣ ਦੇ ਦਿਲਜੀਤ ਦੋਸਾਂਝ 'ਚ ਜੇਕਰ ਤੁਲਨਾ ਕੀਤੀ ਜਾਵੇ ਤਾਂ ਪਤਾ ਨਹੀਂ ਲਗਦਾ ਕਿ ਪਲੜਾ ਕਿਸ ਦਾ ਭਾਰੀ ਹੋਵੇਗਾ | ਪੁਰਾਣਾ ਦਲਜੀਤ ਨੇ ਆਪਣੀਆਂ ਕੁਝ ਕੁ ਹੀ ਫ਼ਿਲਮਾਂ 'ਭੰਗੜਾ', 'ਗੁੱਡੀ', 'ਲਾਜੋ', 'ਦੋ ਲੱਛੀਆਂ' ਕਰਕੇ ਪੰਜਾਬੀ ਫ਼ਿਲਮਾਂ ਦੇ ਇਤਿਹਾਸ 'ਚ ਆਪਣਾ ਵਿਲੱਖਣ ਸਥਾਨ ਬਣਾ ਲਿਆ ਸੀ ਪਰ ਹੁਣ ਦੇ ਗਾਇਕ-ਨਾਇਕ ਦਿਲਜੀਤ ਦੋਸਾਂਝ 'ਜੱਟ ਐਾਡ ਜੂਲੀਅਟ', 'ਪੰਜਾਬ 1984', 'ਸਰਦਾਰ ਜੀ' ਨੂੰ ਭਵਿੱਖ ਦੇ ਇਤਿਹਾਸਕ ਤਰਾਜੂ 'ਚ ਕਿਵੇਂ ਤੋਲਿਆ ਜਾਵੇਗਾ, ਇਸ ਗੱਲ ਦਾ ਫ਼ੈਸਲਾ ਅਜੇ ਨਹੀਂ ਹੋ ਸਕਦਾ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 099154-93043.

2019 ਦੀਆਂ ਲੋਕ ਸਭਾ ਚੋਣਾਂ

ਵੱਡਾ ਫ਼ਤਵਾ, ਵੱਡੀ ਜ਼ਿੰਮੇਵਾਰੀ

23 ਮਈ ਨੂੰ ਲੋਕ ਸਭਾ ਚੋਣਾਂ ਦੇ ਆਏ ਹੈਰਾਨੀਜਨਕ ਨਤੀਜਿਆਂ ਦਾ ਦੇਸ਼-ਵਿਦੇਸ਼ ਵਿਚ ਵਿਸ਼ਲੇਸ਼ਣ ਜਾਰੀ ਹੈ | ਰਾਜਨੀਤਕ ਆਗੂਆਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਵਲੋਂ ਆਪੋ-ਆਪਣੇ ਨਜ਼ਰੀਏ ਨਾਲ ਇਨ੍ਹਾਂ ਨੂੰ ਸਮਝਣ ਅਤੇ ਇਨ੍ਹਾਂ ਦੀ ਵਿਆਖਿਆ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਭਾਜਪਾ ਅਤੇ ਭਾਜਪਾ ਪੱਖੀ ਧਿਰਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਪਿਛਲੀ ਪੰਜ ਸਾਲਾਂ ਦੀ ਦਮਦਾਰ ਕਾਰਗੁਜ਼ਾਰੀ ਦਾ ਸਿੱਟਾ ਹਨ | ਇਨ੍ਹਾਂ ਦਾ ਮੱਤ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਜਿਹੜੀ ਸਰਕਾਰ ਚੱਲੀ ਹੈ, ਉਸ ਨੇ ਦੇਸ਼-ਵਿਦੇਸ਼ ਵਿਚ ਭਾਰਤ ਦਾ ਮਾਣ ਵਧਾਇਆ ਹੈ |
ਪਾਕਿਸਤਾਨ ਦੀ ਧਰਤੀ ਤੋਂ ਭਾਰਤ ਵੱਲ ਸੇਧਤ ਅੱਤਵਾਦ ਦਾ ਸਰਜੀਕਲ ਸਟ੍ਰਾਈਕ ਅਤੇ ਪੁਲਵਾਮਾ ਦੇ ਘਟਨਾਕ੍ਰਮ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ ਵਿਚ ਹਵਾਈ ਹਮਲਾ ਕਰਕੇ ਢੁਕਵਾਂ ਜਵਾਬ ਦਿੱਤਾ ਗਿਆ ਹੈ | ਇਨ੍ਹਾਂ ਦਾ ਇਹ ਵੀ ਮੱਤ ਹੈ ਕਿ ਸ੍ਰੀ ਨਰਿੰਦਰ ਮੋਦੀ ਦੀਆਂ ਵਿਕਾਸ ਨੀਤੀਆਂ, ਜਿਨ੍ਹਾਂ ਵਿਚ ਗ਼ਰੀਬ ਵਰਗਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦੇਣੇ, ਆਯੁਸ਼ਮਾਨ ਸਿਹਤ ਯੋਜਨਾ ਅਧੀਨ ਗ਼ਰੀਬ ਲੋਕਾਂ ਨੂੰ ਇਲਾਜ ਦੀਆਂ ਸਹੂਲਤਾਂ ਦੇਣੀਆਂ, ਗ਼ਰੀਬ ਵਰਗਾਂ ਲਈ ਪਖਾਨੇ ਬਣਵਾਉਣੇ ਅਤੇ ਉਨ੍ਹਾਂ ਨੂੰ ਪੱਕੇ ਘਰ ਦੇਣੇ ਅਤੇ ਪਿੰਡਾਂ ਤੱਕ ਬਿਜਲੀ ਪਹੁੰਚਾਉਣਾ ਅਤੇ ਗ਼ਰੀਬ ਵਰਗਾਂ ਦੇ ਬੈਂਕ ਖਾਤੇ ਖੋਲ੍ਹਣੇ, ਕਿਸਾਨਾਂ ਨੂੰ ਫ਼ਸਲਾਂ ਦੇ ਲਾਭਕਾਰੀ ਭਾਅ ਦੇਣੇ ਅਤੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਸਿੱਧੀ ਆਰਥਿਕ ਮਦਦ ਦੇਣ ਲਈ ਸਾਲਾਨਾ 6000 ਰੁਪਏ ਉਨ੍ਹਾਂ ਦੇ ਖਾਤਿਆਂ ਵਿਚ ਪਾਉਣੇ ਆਦਿ ਨੀਤੀਆਂ ਨਾਲ ਸਿੱਧਾ ਗ਼ਰੀਬ ਵਰਗਾਂ ਨੂੰ ਫਾਇਦਾ ਹੋਇਆ ਹੈ ਅਤੇ ਇਸ ਦੇ ਪ੍ਰਤੀਕਰਮ ਵਜੋਂ ਵੱਡੀ ਗਿਣਤੀ ਵਿਚ ਆਮ ਲੋਕ ਭਾਜਪਾ ਅਤੇ ਕੌਮੀ ਲੋਕਤੰਤਰਿਕ ਗੱਠਜੋੜ ਨੂੰ ਵੋਟਾਂ ਪਾਉਣ ਲਈ ਅੱਗੇ ਆਏ ਹਨ | ਇਸ ਧਿਰ ਦਾ ਇਹ ਵੀ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਕੋਲ ਸ੍ਰੀ ਨਰਿੰਦਰ ਮੋਦੀ ਦੇ ਮੁਕਾਬਲੇ ਦਾ ਕੋਈ ਵੀ ਲੀਡਰ ਨਹੀਂ ਹੈ ਅਤੇ ਨਾ ਹੀ ਉਹ ਇਕਮੁੱਠ ਹੋ ਕੇ ਕੌਮੀ ਪੱਧਰ 'ਤੇ ਉਸ ਦੀ ਲੀਡਰਸ਼ਿਪ ਨੂੰ ਕੋਈ ਚੁਣੌਤੀ ਦੇ ਸਕੀਆਂ ਹਨ | ਦੂਜੇ ਪਾਸੇ ਭਾਜਪਾ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੀਆਂ ਕੋਈ ਜ਼ਿਆਦਾ ਵੱਡੀਆਂ ਪ੍ਰਾਪਤੀਆਂ ਨਹੀਂ ਰਹੀਆਂ, ਇਸ ਕਰਕੇ ਇਹ ਚੋਣਾਂ ਉਸ ਨੇ ਪੁਲਵਾਮਾ ਦੇ ਘਟਨਾਕ੍ਰਮ ਤੋਂ ਬਾਅਦ ਬਾਲਾਕੋਟ ਵਿਚ ਹਵਾਈ ਫ਼ੌਜ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦਾ ਸਿਹਰਾ ਆਪਣੇ ਸਿਰ ਲੈ ਕੇ, ਰਾਸ਼ਟਰਵਾਦ ਅਤੇ ਦੇਸ਼ ਦੀ ਸੁਰੱਖਿਆ ਦੇ ਮੁੱਦੇ ਨੂੰ ਹੱਦੋਂ ਵੱਧ ਉਭਾਰ ਕੇ ਅਤੇ ਫ਼ਿਰਕੂ ਆਧਾਰ ਤੇ ਦੇਸ਼ ਦੇ ਵੋਟਰਾਂ ਦਾ ਧਰੁਵੀਕਰਨ ਕਰਕੇ ਜਿੱਤੀਆਂ ਹਨ | ਇਸ ਧਿਰ ਦਾ ਇਹ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਭਾਜਪਾ ਭਾਰਤ ਦੇ ਲੋਕਾਂ ਦੇ ਵੱਖ-ਵੱਖ ਵਰਗਾਂ ਵਿਚ ਅਵਿਸ਼ਵਾਸ ਅਤੇ ਫ਼ਿਰਕੂ ਟਕਰਾਅ ਪੈਦਾ ਕਰ ਰਹੀ ਹੈ, ਇਸ ਨਾਲ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਲੋਕਾਂ ਦੀ ਆਪਸੀ ਸਦਭਾਵਨਾ ਲਈ ਵੱਡੇ ਖ਼ਤਰੇ ਖੜ੍ਹੇ ਹੋਣਗੇ |
ਇਨ੍ਹਾਂ ਚੋਣ ਨਤੀਜਿਆਂ ਬਾਰੇ ਸਾਡਾ ਮੱਤ ਇਹ ਹੈ ਕਿ ਵਿਰੋਧੀ ਪਾਰਟੀਆਂ ਸ੍ਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਜੋੜੀ ਵਲੋਂ ਪੇਸ਼ ਕੀਤੀ ਜਾਣ ਵਾਲੀ ਸਿਆਸੀ ਚੁਣੌਤੀ ਨੂੰ ਆਗਾਮੀ ਤੌਰ 'ਤੇ ਸਮਝਣ ਵਿਚ ਅਸਫਲ ਰਹੀਆਂ ਹਨ | ਸ੍ਰੀ ਨਰਿੰਦਰ ਮੋਦੀ ਦੇ ਵਿਚਾਰਾਂ ਬਾਰੇ ਕਿਸੇ ਨੂੰ ਸੌ ਮਤਭੇਦ ਹੋ ਸਕਦੇ ਹਨ ਪਰ ਉਨ੍ਹਾਂ ਦੀ ਭਾਸ਼ਣ ਦੇਣ ਦੀ ਸਮਰੱਥਾ ਤੇ ਕੰਮ ਕਰਨ ਦੀ ਅਣਥੱਕ ਲਗਨ ਦਾ ਕੋਈ ਮੁਕਾਬਲਾ ਨਹੀਂ ਹੈ | ਲੋਕਾਂ ਸਾਹਮਣੇ ਹਰ ਤਰ੍ਹਾਂ ਦੇ ਤੱਥਾਂ ਦੀ ਭੰਨ-ਤੋੜ ਕਰਕੇ ਆਪਣਾ ਬਿਰਤਾਂਤ ਪੇਸ਼ ਕਰਨ ਦੀ ਉਨ੍ਹਾਂ 'ਚ ਬਹੁਤ ਜ਼ਿਆਦਾ ਕੁਸ਼ਲਤਾ ਹੈ | ਇਸ ਗੱਲ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਕ ਮੁਲਾਕਾਤ ਵਿਚ ਸਵੀਕਾਰ ਕੀਤਾ ਸੀ | ਦੂਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਪਾਰਟੀ ਦਾ ਬੂਥ ਪੱਧਰ ਤੱਕ ਸੰਗਠਨ ਬਣਾਉਣ ਵਿਚ ਵਿਸ਼ੇਸ਼ ਮੁਹਾਰਤ ਹਾਸਲ ਹੈ | ਕਿਸੇ ਸਮੇਂ ਅਜਿਹੀ ਹੀ ਮੁਹਾਰਤ ਪੱਛਮੀ ਬੰਗਾਲ ਵਿਚ ਸੀ.ਪੀ.ਐਮ. ਦੇ ਲੀਡਰਾਂ ਕੋਲ ਹੁੰਦੀ ਸੀ | ਉਹ ਵੀ ਵੋਟਰਾਂ ਨਾਲ ਹੇਠਲੀ ਪੱਧਰ ਤੱਕ ਨਿਰੰਤਰ ਰਾਬਤਾ ਰੱਖਦੇ ਸਨ ਅਤੇ ਇਸ ਆਧਾਰ 'ਤੇ ਹੀ ਉਨ੍ਹਾਂ ਨੇ ਪੱਛਮੀ ਬੰਗਾਲ ਵਿਚ ਲਗਪਗ 34 ਸਾਲ ਲਗਾਤਾਰ ਰਾਜ ਕੀਤਾ ਸੀ | ਹੁਣ ਇਹੋ ਜਿਹੀ ਜਥੇਬੰਦਕ ਮੁਹਾਰਤ ਹੋਰ ਕਿਸੇ ਕੌਮੀ ਜਾਂ ਖੇਤਰੀ ਪਾਰਟੀ ਕੋਲ ਦੇਖਣ ਨੂੰ ਨਹੀਂ ਮਿਲ ਰਹੀ | ਇਸੇ ਕਰਕੇ ਦੂਜੀਆਂ ਪਾਰਟੀਆਂ ਦੇ ਗੜ੍ਹਾਂ ਵਿਚ ਸੰਨ੍ਹ ਲਾਉਣ 'ਚ ਭਾਜਪਾ ਕਾਮਯਾਬ ਹੁੰਦੀ ਜਾ ਰਹੀ ਹੈ | ਇਸ ਦੇ ਨਾਲ ਹੀ ਭਾਜਪਾ ਦੀ ਹਰ ਪੱਧਰ 'ਤੇ ਮਦਦ ਕਰਨ ਲਈ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਲੱਖਾਂ ਵਰਕਰ ਵੀ ਮੌਜੂਦ ਹਨ, ਜਿਹੜੇ ਪਾਰਟੀ ਲਈ ਘਰ-ਘਰ ਜਾ ਕੇ ਪ੍ਰਚਾਰ ਕਰਦੇ ਹਨ | ਇਹ ਗੱਲ ਵੀ ਸੱਚ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਭਾਜਪਾ ਦੇ ਸਾਹਮਣੇ ਹਿੰਦੂਤਵ ਦਾ ਸੰਕਲਪ ਹੈ, ਜਿਸ ਦੇ ਆਧਾਰ 'ਤੇ ਉਹ ਪਾਕਿਸਤਾਨ ਦੀ ਤਰ੍ਹਾਂ ਹੀ ਭਾਰਤ ਨੂੰ ਵੀ ਇਕ ਧਰਮ-ਆਧਾਰਿਤ ਰਾਜ ਬਣਾਉਣਾ ਚਾਹੁੰਦੇ ਹਨ | ਕਿਸੇ ਸਮੇਂ ਜਿਸ ਤਰ੍ਹਾਂ ਕਮਿਊਨਿਸਟਾਂ ਅਤੇ ਸਮਾਜਵਾਦੀਆਂ ਦੇ ਸਾਹਮਣੇ ਵਿਕਾਸ ਦਾ ਸਮਾਜਵਾਦੀ ਮਾਡਲ ਸਥਾਪਤ ਕਰਨਾ ਇਕ ਮਿਸ਼ਨ ਹੁੰਦਾ ਸੀ, ਉਸੇ ਤਰ੍ਹਾਂ ਦਾ ਮਿਸ਼ਨ ਹੁਣ ਸੰਘ ਅਤੇ ਭਾਜਪਾ ਦੇ ਵਰਕਰਾਂ ਤੇ ਆਗੂਆਂ ਦੇ ਸਾਹਮਣੇ ਹੈ | ਉਹ ਹੌਲੀ-ਹੌਲੀ ਦੇਸ਼ ਦੀ ਰਾਜਨੀਤੀ ਨੂੰ ਇਸ ਦਿਸ਼ਾ ਵਿਚ ਅੱਗੇ ਵਧਾ ਰਹੇ ਹਨ | ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਸਾਹਮਣੇ ਇਸ ਤਰ੍ਹਾਂ ਦਾ ਕੋਈ ਪ੍ਰੇਰਨਾਦਾਇਕ ਮਿਸ਼ਨ ਨਹੀਂ ਹੈ | ਇਹ ਠੀਕ ਹੈ ਕਿ ਕਾਂਗਰਸ ਨੇ ਇਸ ਦੇਸ਼ 'ਤੇ ਕਈ ਦਹਾਕਿਆਂ ਤੱਕ ਰਾਜ ਕੀਤਾ ਅਤੇ ਹੋਰ ਕਈ ਗ਼ੈਰ-ਭਾਜਪਾ ਪਾਰਟੀਆਂ ਨੇ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲੰਮੇ ਸਮੇਂ ਤੱਕ ਰਾਜ ਕੀਤਾ ਹੈ ਪਰ ਉਨ੍ਹਾਂ ਪਾਰਟੀਆਂ ਨੇ ਦੇਸ਼ ਵਿਚ ਧਰਮ-ਨਿਰਪੱਖਤਾ ਤੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧਤਾ ਨਾਲ ਨਿਰੰਤਰ ਕੰਮ ਨਹੀਂ ਕੀਤਾ ਅਤੇ ਨਾ ਹੀ ਉਹ ਦੇਸ਼ ਦੇ ਲੋਕਾਂ ਦੀ ਵੱਡੀ ਆਬਾਦੀ ਦੇ ਸਿਹਤ, ਸਿੱਖਿਆ ਤੇ ਰੁਜ਼ਗਾਰ ਸਬੰਧੀ ਭਖਦੇ ਮਸਲਿਆਂ ਨੂੰ ਹੱਲ ਕਰਨ ਲਈ ਕੋਈ ਠੋਸ ਪਹਿਲਕਦਮੀ ਕਰ ਸਕੇ ਹਨ | ਬਿਨਾਂ ਸ਼ੱਕ ਇਨ੍ਹਾਂ ਪਾਰਟੀਆਂ ਨੇ ਆਪਣੇ ਸਮੇਂ ਵਿਚ ਦੇਸ਼ ਦੇ ਵਿਕਾਸ ਲਈ ਆਪੋ-ਆਪਣੇ ਪੱਧਰ 'ਤੇ ਚੋਖਾ ਯੋਗਦਾਨ ਪਾਇਆ ਹੈ | ਬਹੁਤ ਸਾਰੇ ਵਿਦਿਅਕ ਤੇ ਸਨਅਤੀ ਅਦਾਰੇ ਕਾਇਮ ਕੀਤੇ ਗਏ ਹਨ | ਸੜਕਾਂ, ਆਵਾਜਾਈ ਤੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਵੱਡੇ ਕੰਮ ਹੋਏ ਹਨ | ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਪਰ ਫਿਰ ਵੀ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਮਸਲੇ ਅੱਜ ਤੱਕ ਬਣੇ ਹੋਏ ਹਨ | ਇਨ੍ਹਾਂ ਸਥਿਤੀਆਂ ਦਾ ਫਾਇਦਾ ਉਠਾ ਕੇ ਹੀ ਸੰਘ ਅਤੇ ਭਾਜਪਾ ਹੁਣ ਹਿੰਦੂਤਵ+ਵਿਕਾਸ ਦਾ ਮਾਡਲ ਲੋਕਾਂ ਸਾਹਮਣੇ ਪੇਸ਼ ਕਰ ਰਹੀ ਹੈ ਅਤੇ ਪਿੱਛੇ ਤੋਂ ਕਾਰਪੋਰੇਟ ਖੇਤਰ ਆਪਣੇ ਅਥਾਹ ਸਾਧਨਾਂ ਨਾਲ ਉਸ ਦੀ ਮਦਦ ਕਰ ਰਿਹਾ ਹੈ | ਦੇਸ਼ ਦੀਆਂ ਗੁੰਝਲਦਾਰ ਹਾਲਤਾਂ ਵਿਚ ਸਮਾਜਿਕ ਇੰਜੀਨੀਅਰਿੰਗ ਵੀ ਭਾਜਪਾ ਵਲੋਂ ਬੜੀ ਸਫਲਤਾ ਨਾਲ ਕੀਤੀ ਜਾ ਰਹੀ ਹੈ | ਉੱਤਰ ਪ੍ਰਦੇਸ਼ ਵਿਚ ਸਪਾ-ਬਸਪਾ ਗੱਠਜੋੜ ਨੂੰ ਹਰਾਉਣਾ ਅਤੇ ਬਿਹਾਰ ਵਿਚ ਰਾਸ਼ਟਰੀ ਜਨਤਾ ਦਲ ਦੇ ਗੱਠਜੋੜ ਨੂੰ ਸ਼ਿਕਸਤ ਦੇਣੀ ਇਸੇ ਸਮਾਜਿਕ ਇੰਜੀਨੀਅਰਿੰਗ ਦਾ ਸਿੱਟਾ ਹੈ | ਇਨ੍ਹਾਂ ਰਾਜਾਂ ਵਿਚ ਭਾਜਪਾ ਨੇ ਉਸੇ ਤਰ੍ਹਾਂ ਛੋਟੀਆਂ-ਵੱਡੀਆਂ ਜਾਤੀਆਂ ਨੂੰ ਆਪਣੇ ਹੱਕ ਵਿਚ ਲਾਮਬੰਦ ਕੀਤਾ ਹੈ, ਜਿਸ ਤਰ੍ਹਾਂ ਉਹ ਦੇਸ਼ ਭਰ ਵਿਚ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਬਹੁਗਿਣਤੀ ਨੂੰ ਲਾਮਬੰਦ ਕਰ ਰਹੀ ਹੈ | ਆਉਣ ਵਾਲੇ ਸਮੇਂ ਵਿਚ ਇਸ ਦੇ ਕੀ ਸਿੱਟੇ ਨਿਕਲਦੇ ਹਨ, ਇਹ ਗੱਲ ਤਾਂ ਵਕਤ ਦੀ ਗੋਦ ਵਿਚ ਪਈ ਹੈ | ਪਰ ਇਸ ਸਮੇਂ ਭਾਜਪਾ ਨੂੰ ਅਜਿਹੀ ਧਾਰਮਿਕ ਅਤੇ ਸਮਾਜਿਕ ਇੰਜੀਨੀਅਰਿੰਗ ਦਾ ਲਾਭ ਚੋਖਾ ਮਿਲ ਰਿਹਾ ਹੈ | ਜੇਕਰ ਦੇਸ਼ ਵਿਚ ਕਾਂਗਰਸ ਸਮੇਤ ਹੋਰ ਕੌਮੀ ਤੇ ਖੇਤਰੀ ਪਾਰਟੀਆਂ ਆਪਣੀ ਹੋਂਦ ਬਰਕਰਾਰ ਰੱਖਣਾ ਚਾਹੁੰਦੀਆਂ ਹਨ ਅਤੇ ਰਾਜਨੀਤੀ ਵਿਚ ਆਪਣੀ ਥਾਂ ਬਣਾਈ ਰੱਖਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਭਾਜਪਾ ਦੇ ਜਥੇਬੰਦਕ ਢਾਂਚੇ ਅਤੇ ਉਸ ਦੀ ਹਿੰਦੂਤਵ ਦੀ ਵਿਚਾਰਧਾਰਾ ਦੋਵਾਂ ਦਾ ਹੀ ਢੁਕਵਾਂ ਬਦਲ ਲੱਭਣਾ ਪਵੇਗਾ |
ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਦਾ ਵੱਖ-ਵੱਖ ਪਹਿਲੂਆਂ 'ਤੇ ਵਿਸ਼ਲੇਸ਼ਣ ਤਾਂ ਆਉਣ ਵਾਲੇ ਸਮੇਂ ਵਿਚ ਵੀ ਹੁੰਦਾ ਰਹੇਗਾ | ਪਰ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਜਪਾ ਅਤੇ ਉਸ ਦੇ ਭਾਈਵਾਲਾਂ ਨੂੰ ਜਿੰਨਾ ਵੱਡਾ ਬਹੁਮਤ ਮਿਲਿਆ ਹੈ, ਉਸ ਦੇ ਆਉਣ ਵਾਲੇ ਸਮੇਂ ਵਿਚ ਦੇਸ਼ 'ਤੇ ਕਿਹੋ ਜਿਹੇ ਪ੍ਰਭਾਵ ਪੈਣਗੇ? ਅਸੀਂ ਉੱਪਰ ਦੱਸਿਆ ਹੈ ਕਿ ਦੇਸ਼ ਦੇ ਅੰਦਰ ਭਾਜਪਾ ਦੇ ਇਰਾਦਿਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਅਤੇ ਚਿੰਤਾਵਾਂ ਪਾਈਆਂ ਜਾ ਰਹੀਆਂ ਹਨ | ਵਿਦੇਸ਼ੀ ਮੀਡੀਆ ਵਿਚ ਵੀ ਇਸ ਸਬੰਧੀ ਕਈ ਲੇਖ ਛਪੇ ਹਨ | ਅਮਰੀਕਾ ਦੇ ਪ੍ਰਸਿੱਧ ਅਖ਼ਬਾਰ 'ਨਿਊਯਾਰਕ ਟਾਈਮਜ਼' ਨੇ ਵੀ ਭਾਜਪਾ ਵਲੋਂ ਫ਼ਿਰਕੂ ਆਧਾਰ 'ਤੇ ਕੀਤੀ ਜਾ ਰਹੀ ਕਤਾਰਬੰਦੀ 'ਤੇ ਚਿੰਤਾ ਪ੍ਰਗਟ ਕੀਤੀ ਹੈ | ਇਸ ਤੋਂ ਪਹਿਲਾਂ ਬਰਤਾਨੀਆ ਤੋਂ ਛਪਣ ਵਾਲੇ 'ਦ ਇਕੋਨੋਮਿਸਟ' ਨੇ ਵੀ ਇਸੇ ਤਰ੍ਹਾਂ ਦੇ ਸ਼ੰਕੇ ਜ਼ਾਹਰ ਕੀਤੇ ਸਨ | ਚੋਣਾਂ ਦੌਰਾਨ ਹੀ ਪ੍ਰਸਿੱਧ ਅੰਗਰੇਜ਼ੀ ਮੈਗਜ਼ੀਨ 'ਟਾਈਮਜ਼' ਨੇ ਆਪਣੇ ਇਕ ਲੇਖ ਵਿਚ ਸ੍ਰੀ ਨਰਿੰਦਰ ਮੋਦੀ ਨੂੰ 'ਡਿਵਾਈਡਰ-ਇਨ-ਚੀਫ਼' ਤੱਕ ਕਿਹਾ ਹੈ | ਹੁਣੇ-ਹੁਣੇ ਬਰਤਾਨੀਆ ਦੇ ਪ੍ਰਸਿੱਧ ਅਖ਼ਬਾਰ 'ਦ ਗਾਰਡੀਅਨ' ਨੇ ਭਾਜਪਾ ਦੀ ਵੱਡੀ ਜਿੱਤ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਨਰਿੰਦਰ ਮੋਦੀ ਘੱਟ-ਗਿਣਤੀ ਮੁਸਲਿਮ ਭਾਈਚਾਰੇ ਨੂੰ ਦੂਜੇ ਨੰਬਰ ਦੇ ਨਾਗਰਿਕ ਸਮਝਦੇ ਹਨ ਅਤੇ ਦੇਸ਼ ਵਿਚ ਫ਼ਿਰਕੂ ਕਤਾਰਬੰਦੀ ਕਰ ਰਹੇ ਹਨ, ਜੋ ਭਾਰਤ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ | ਭਾਰਤ ਵਿਚ ਵੀ ਪ੍ਰਸਿੱਧ ਪੰਦਰਾਰੋਜ਼ਾ ਮੈਗਜ਼ੀਨ 'ਫਰੰਟ ਲਾਈਨ' ਨੇ ਕੁਝ ਸਮਾਂ ਪਹਿਲਾਂ ਕੁਝ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਸਨ |
ਇਸ ਸੰਦਰਭ ਵਿਚ ਸ੍ਰੀ ਨਰਿੰਦਰ ਮੋਦੀ ਕੀ ਸੋਚਦੇ ਹਨ, ਇਸ ਦੀ ਇਕ ਝਲਕ, ਉਨ੍ਹਾਂ ਵਲੋਂ 23 ਮਈ ਨੂੰ ਸ਼ਾਨਦਾਰ ਚੋਣ ਨਤੀਜੇ ਆਉਣ ਤੋਂ ਬਾਅਦ ਭਾਜਪਾ ਦੇ ਦਿੱਲੀ ਦਫ਼ਤਰ ਵਿਚ ਭਾਜਪਾ ਦੇ ਇਕੱਠੇ ਹੋਏ ਹਜ਼ਾਰਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਗਏ ਵਿਚਾਰਾਂ ਤੋਂ ਮਿਲਦੀ ਹੈ | ਉਨ੍ਹਾਂ ਨੇ ਆਪਣੇ ਲੰਮੇ ਭਾਸ਼ਣ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਨੂੰ ਭਾਜਪਾ ਦੇ ਵਰਕਰਾਂ ਅਤੇ ਦੇਸ਼ ਦੇ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ | ਉਨ੍ਹਾਂ ਨੇ ਇਹ ਕਿਹਾ ਹੈ ਕਿ ਉਹ ਕੋਈ ਵੀ ਕੰਮ ਬਦਨੀਅਤ ਨਾਲ ਨਹੀਂ ਕਰਨਗੇ | ਕਿਸੇ ਨਾਲ ਵੀ ਕੋਈ ਜ਼ਿਆਦਤੀ ਨਹੀਂ ਹੋਏਗੀ | ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰਾਂ ਚੋਣਾਂ ਵਿਚ ਬਹੁਮਤ ਹਾਸਲ ਕਰਨ ਨਾਲ ਬਣਦੀਆਂ ਹਨ ਪਰ ਦੇਸ਼ ਸਰਬ-ਮੱਤ ਨਾਲ ਚਲਦਾ ਹੈ | ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਉਹ 'ਸਬ ਕਾ ਸਾਥ, ਸਬ ਕਾ ਵਿਕਾਸ' ਦੇ ਨਾਅਰੇ ਅਨੁਸਾਰ ਸਾਰੇ ਦੇਸ਼ਵਾਸੀਆਂ ਨੂੰ ਇਥੋਂ ਤੱਕ ਕਿ ਆਪਣੇ ਵਿਰੋਧੀਆਂ ਨੂੰ ਵੀ ਨਾਲ ਲੈ ਕੇ ਚੱਲਣਗੇ ਅਤੇ ਪੰਜਾਂ ਸਾਲਾਂ ਵਿਚ ਉਹ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣਗੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਨੂੰ ਕਿਸੇ ਵਲੋਂ ਕੀ ਬੋਲਿਆ ਗਿਆ ਹੈ, ਉਹ ਹੁਣ ਉਸ ਨੂੰ ਆਪਣੇ ਮਨ ਵਿਚ ਨਹੀਂ ਰੱਖਣਗੇ ਅਤੇ ਇਹ ਚਾਹੁੰਣਗੇ ਕਿ ਸਾਰੇ ਰਲ ਕੇ ਦੇਸ਼ ਨੂੰ ਅੱਗੇ ਵੱਲ ਲੈ ਕੇ ਜਾਣ |
ਅਸੀਂ ਸਮਝਦੇ ਹਾਂ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਭਾਜਪਾ ਅਤੇ ਕੌਮੀ ਲੋਕਤੰਤਰਿਕ ਗੱਠਜੋੜ ਦੀ ਵੱਡੀ ਜਿੱਤ ਤੋਂ ਬਾਅਦ ਜਿਹੜੇ ਉਕਤ ਵਿਚਾਰ ਭਾਜਪਾ ਦੇ ਵਰਕਰਾਂ ਅਤੇ ਦੇਸ਼ ਦੇ ਸਮੁੱਚੇ ਲੋਕਾਂ ਸਾਹਮਣੇ ਰੱਖੇ ਹਨ, ਉਨ੍ਹਾਂ 'ਤੇ ਸਖ਼ਤੀ ਨਾਲ ਅਮਲ ਕਰਨਾ ਚਾਹੀਦਾ ਹੈ | ਕਿਉਂਕਿ ਉਨ੍ਹਾਂ ਦੀ ਪਿਛਲੀ ਸਰਕਾਰ ਸਮੇਂ ਘੱਟ-ਗਿਣਤੀ ਵਰਗਾਂ, ਦਲਿਤਾਂ ਅਤੇ ਧਰਮ-ਨਿਰਪੱਖ ਖਿਆਲਾਂ ਵਾਲੇ ਲੋਕਾਂ 'ਤੇ ਕਈ ਤਰ੍ਹਾਂ ਦੇ ਹਮਲੇ ਹੁੰਦੇ ਰਹੇ ਹਨ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਨੇਕਾਂ ਵਾਰੀ ਖ਼ਤਰੇ ਵਿਚ ਪਈ ਨਜ਼ਰ ਆਉਂਦੀ ਰਹੀ ਹੈ | ਇਨ੍ਹਾਂ ਘਟਨਾਵਾਂ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਵਲੋਂ ਸਮੇਂ-ਸਮੇਂ ਬਿਆਨ ਤਾਂ ਜਾਰੀ ਹੁੰਦੇ ਰਹੇ ਹਨ ਪਰ ਉਹ ਠੋਸ ਰੂਪ ਵਿਚ ਅਜਿਹੇ ਸਿਲਸਿਲੇ ਨੂੰ ਰੋਕਣ ਵਿਚ ਅਸਫਲ ਹੀ ਰਹੇ ਹਨ | ਇਸੇ ਕਰਕੇ ਹੀ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਲੋਕਾਂ ਦੇ ਵੱਖ-ਵੱਖ ਵਰਗਾਂ ਅਤੇ ਖਾਸ ਕਰਕੇ ਘੱਟ-ਗਿਣਤੀਆਂ ਵਿਚ ਕਈ ਤਰ੍ਹਾਂ ਦੇ ਸ਼ੰਕੇ ਅਤੇ ਫ਼ਿਕਰ ਪਾਏ ਜਾ ਰਹੇ ਹਨ | ਜੇਕਰ ਆਉਣ ਵਾਲੇ ਸਮੇਂ ਵਿਚ ਪ੍ਰਧਾਨ ਮੰਤਰੀ ਆਪਣੇ ਵਲੋਂ ਪ੍ਰਗਟ ਕੀਤੇ ਗਏ ਉਕਤ ਵਿਚਾਰਾਂ ਦੀ ਰੌਸ਼ਨੀ ਵਿਚ ਸਾਰੇ ਵਰਗਾਂ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਂਦੇ ਹਨ ਅਤੇ ਸਾਰੇ ਵਰਗਾਂ ਦੇ ਲੋਕਾਂ ਦੇ ਵਿਕਾਸ ਲਈ ਉਨ੍ਹਾਂ ਦੀ ਸਰਕਾਰ ਇਮਾਨਦਾਰੀ ਨਾਲ ਯਤਨ ਕਰਦੀ ਹੈ ਤਾਂ ਭਾਜਪਾ ਨੂੰ ਪ੍ਰਾਪਤ ਹੋਈ ਇਹ ਜਿੱਤ ਹੋਰ ਵੀ ਵੱਡੀ ਹੋ ਜਾਏਗੀ ਅਤੇ ਦੇਸ਼ ਸਹੀ ਅਰਥਾਂ ਵਿਚ ਹੋਰ ਵੀ ਮਜ਼ਬੂਤ ਹੋ ਕੇ ਉੱਭਰੇਗਾ | ਉਨ੍ਹਾਂ ਦੀ ਸਰਕਾਰ ਦੀ ਇਸ ਤਰ੍ਹਾਂ ਦੀ ਨੀਤੀ ਨਾਲ ਦੇਸ਼ ਦੇ ਲੋਕਾਂ ਦੀ ਆਪਸੀ ਸਦਭਾਵਨਾ ਵੀ ਪਹਿਲਾਂ ਨਾਲੋਂ ਕਿਤੇ ਹੋਰ ਮਜ਼ਬੂਤ ਹੋਵੇਗੀ | ਜਿਥੋਂ ਤੱਕ ਉਨ੍ਹਾਂ ਦੀ ਸਰਕਾਰ ਦੀਆਂ ਤਰਜੀਹਾਂ ਦੀ ਗੱਲ ਹੈ, ਉਹ ਇਕ ਤਜਰਬੇਕਾਰ ਆਗੂ ਵਜੋਂ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੇਸ਼ ਨੂੰ ਬਾਹਰੀ ਸੁਰੱਖਿਆ ਚੁਣੌਤੀਆਂ ਨਾਲ ਨਿਪਟਣ ਦੇ ਸਮਰੱਥ ਬਣਾਉਣ ਦੇ ਨਾਲ-ਨਾਲ ਲੋਕਾਂ ਦੇ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਮਸਲੇ ਵੀ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਜ਼ਰੂਰਤ ਹੈ | ਭਾਵੇਂ ਕਿ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਵੱਧ-ਚੜ੍ਹ ਕੇ ਵਾਅਦੇ ਕੀਤੇ ਹਨ | ਆਪਣੀ ਪਿਛਲੀ ਸਰਕਾਰ ਦੌਰਾਨ ਆਪਣੀ ਕਾਰਗੁਜ਼ਾਰੀ ਸਬੰਧੀ ਵੀ ਉਨ੍ਹਾਂ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਇਸ ਸਭ ਕੁਝ ਦੇ ਬਾਵਜੂਦ ਅੱਜ ਵੀ ਦੇਸ਼ ਦੇ ਕਰੋੜਾਂ ਲੋਕ ਗ਼ਰੀਬੀ ਅਤੇ ਬੇਰੁਜ਼ਗਾਰੀ ਦੇ ਸ਼ਿਕਾਰ ਹਨ | ਕਰੋੜਾਂ ਬੱਚੇ ਕੁਪੋਸ਼ਣ ਦਾ ਸਾਹਮਣਾ ਕਰ ਰਹੇ ਹਨ | ਕਿਸਾਨ ਤੇ ਖੇਤ ਮਜ਼ਦੂਰ ਲੱਖਾਂ ਦੀ ਗਿਣਤੀ ਵਿਚ ਹੁਣ ਤੱਕ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਦੇਸ਼ ਦੇ ਨੌਜਵਾਨ ਇਥੇ ਆਪਣਾ ਹਨੇਰਾ ਭਵਿੱਖ ਵੇਖਦਿਆਂ ਹੋਇਆਂ ਵਿਦੇਸ਼ਾਂ ਨੂੰ ਹਿਜਰਤ ਕਰਨ ਲਈ ਮਜਬੂਰ ਹਨ | ਅਗਲੇ ਪੰਜ ਸਾਲਾਂ ਵਿਚ ਸ੍ਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਇਸ ਦਿਸ਼ਾ ਵਿਚ ਡਟ ਕੇ ਕੰਮ ਕਰਨਾ ਪਵੇਗਾ | ਇਸ ਨਾਲ ਹੀ ਠੋਸ ਪ੍ਰਾਪਤੀਆਂ ਹੋ ਸਕਣਗੀਆਂ | ਇਨ੍ਹਾਂ ਸ਼ਬਦਾਂ ਨਾਲ ਹੀ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਭਾਜਪਾ ਅਤੇ ਉਨ੍ਹਾਂ ਦੇ ਭਾਈਵਾਲ ਕੌਮੀ ਲੋਕਤੰਤਰਿਕ ਗੱਠਜੋੜ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹਾਂ |

ਖ਼ੂਬ ਸਾਂਭਿਆ ਹੈ ਵਿਲੀਅਮ ਸ਼ੈਕਸਪੀਅਰ ਦਾ ਜਨਮ ਸਥਾਨ

ਪਿਛਲੇ ਦਿਨੀਂ ਮੇਰੀ ਇੰਗਲੈਂਡ ਫੇਰੀ ਦੌਰਾਨ ਮੇਰੇ ਦੋਸਤ ਸ: ਜੋਗਿੰਦਰ ਸਿੰਘ ਅਤੇ ਸ: ਡੀ. ਸਿੰਘ ਮਾਂਗਟ, ਜਿਨ੍ਹਾਂ ਨਾਲ ਮੈਂ 'ਦੁਨੀਆ ਦਾ ਸਭ ਤੋਂ ਪਹਿਲਾ ਲੋਹੇ ਦਾ ਪੁਲ' ਦੇਖਣ ਗਿਆ ਸੀ, ਤਾਂ ਇਸ ਵਾਰ ਉਨ੍ਹਾਂ ਨੇ ਮੈਨੂੰ ਸ਼ੈਕਸਪੀਅਰ ਦਾ ਜਨਮ ਅਸਥਾਨ ਦੇਖਣ ਜਾਣ ਲਈ ਪੁੱਛਿਆ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ |
ਵੁਲਵਰਹੈਂਪਟਨ, ਇੰਗਲੈਂਡ ਤੋਂ ਮਿਥੇ ਦਿਨ 'ਤੇ ਅਸੀਂ ਸ਼ੈਕਸਪੀਅਰ ਦਾ ਜਨਮ ਅਸਥਾਨ ਲਈ ਯਾਤਰਾ ਸ਼ੁਰੂ ਕਰ ਦਿੱਤੀ | ਇਥੋਂ ਵਿਲੀਅਮ ਸ਼ੈਕਸਪੀਅਰ ਦਾ ਜਨਮ ਅਸਥਾਨ ਸਟੇਟਫੋਰਡ-ਓਪੋਨ-ਏਵਨ ਹੈ ਜੋ ਕਿ ਏਵਨ ਦਰਿਆ ਦੇ ਕੰਢੇ ਵਸਿਆ ਹੋਇਆ ਹੈ | ਵਿਲੀਅਮ ਸ਼ੈਕਸਪੀਅਰ ਦੁਨੀਆ ਦਾ ਬਹੁਤ ਹੀ ਮਸ਼ਹੂਰ ਕਵੀ, ਡਰਾਮਾ ਲੇਖਕ ਅਤੇ ਅਦਾਕਾਰ ਸੀ ਜਿਸ ਨੇ ਆਮ ਕਰਕੇ ਇੰਗਲੈਂਡ ਦਾ ਕੌਮੀ ਕਵੀ ਅਤੇ 'ਬਾਰਡ ਆਫ ਏਵਨ' ਵੀ ਕਿਹਾ ਜਾਂਦਾ ਹੈ | ਉਸ ਦਾ ਜਨਮ 26 ਅਪ੍ਰੈਲ, 1564 ਨੂੰ ਸਟੇਟ ਫੋਰਡ-ਉਪੋਨ-ਏਵਨ ਵਿਖੇ ਹੋਇਆ | ਜਿਸ ਨੇ ਤਕਰੀਬਨ 38 ਡਰਾਮੇ, 154 ਛੋਟੀਆਂ ਕਵਿਤਾਵਾਂ, 2 ਲੰਬੀਆਂ ਕਵਿਤਾਵਾਂ ਅਤੇ ਹੋਰ ਵੀ ਬਹੁਤ ਸਾਹਿਤ ਲਿਖਿਆ ਹੈ | ਵਿਲੀਅਮ ਸ਼ੈਕਸਪੀਅਰ ਦੇ ਡਰਾਮਿਆਂ ਦਾ ਅਨੁਵਾਦ/ਤਰਜਮਾ ਤਕਰੀਬਨ ਦੁਨੀਆ ਦੀ ਹਰੇਕ ਭਾਸ਼ਾ ਵਿਚ ਹੋਇਆ ਹੈ |
ਇੰਗਲੈਂਡ ਦੀਆਂ ਮਲਾਈ ਵਰਗੀਆਂ ਸੜਕਾਂ ਅਤੇ ਹਰੇ ਭਰੇ ਦਰੱਖਤਾਂ ਦੀ ਸੰੁਦਰਤਾ ਦਾ ਅਨੰਦ ਮਾਣਦੇ ਹੋਏ ਵਿਲੀਅਮ ਸ਼ੈਕਸਪੀਅਰ ਦੇ ਜਨਮ ਸਥਾਨ 'ਤੇ ਪਹੁੰਚ ਗਏ |
ਥੋੜ੍ਹੀ ਦੂਰ ਪੈਦਲ ਚੱਲਣ ਤੋਂ ਬਾਅਦ ਇਕ ਚੌਰਾਹੇ 'ਤੇ ਲੱਗੇ ਬੋਰਡ ਵਲੋਂ ਦਰਸਾਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ | ਅੱਗੇ ਬਹੁਤ ਖੁੱਲ੍ਹੀਆਂ ਸੜਕਾਂ ਸਨ ਪਰ ਇਥੇ ਸਿਰਫ਼ ਪੈਦਲ ਹੀ ਚੱਲਿਆ ਜਾ ਸਕਦਾ ਸੀ | ਇਥੇ ਤਕਰੀਬਨ ਹਰ ਤਰ੍ਹਾਂ ਦੀਆਂ ਦੁਕਾਨਾਂ ਸਨ ਖਾਣ-ਪੀਣ, ਗਹਿਣੇ ਤੋਂ ਲੈ ਕੇ ਘਰ ਦੇ ਸ਼ਿੰਗਾਰ ਜਾਂ ਕੋਈ ਸੌਗਾਤ ਖਰੀਦਣੀ ਹੋਵੇ ਤਾਂ ਸਾਰਾ ਕੁਝ ਮੌਜੂਦ ਸੀ | ਇਥੇ ਦੁਕਾਨਾਂ 'ਤੇ ਕੋਈ ਮੋਲ-ਤੋਲ ਨਹੀਂ ਹੁੰਦਾ | ਇਸ ਤੋਂ ਬਿਨਾਂ ਥਾਂ-ਥਾਂ 'ਤੇ ਬਜ਼ੁਰਗਾਂ ਦੀ ਸਹੂਲਤ ਲਈ ਅਤੇ ਬੱਚਿਆਂ ਲਈ ਕੱਪੜੇ ਬਦਲਣ ਦੀ ਜਗ੍ਹਾ ਵਾਸ਼ਰੂਮ ਆਦਿ ਬਣੇ ਹੋਏ ਹਨ | ਲੋਕੀਂ ਖਾ-ਪੀ ਵੀ ਰਹੇ ਸਨ ਪਰ ਗੰਦਗੀ ਬਿਲਕੁਲ ਵੀ ਨਹੀਂ ਸੀ | ਕੁਝ ਕਲਾਕਾਰ ਮੇਕਅੱਪ ਕਰ ਕੇ ਬੁੱਤ ਦੀ ਤਰ੍ਹਾਂ ਖੜ੍ਹੇ ਸਨ, ਪਰ ਮੰਗਦੇ ਨਹੀਂ, ਆਪਣੀ ਕਲਾ ਰਾਹੀਂ ਲੋਕਾਂ ਦਾ ਮਨੋਰੰਜਨ ਕਰ ਕੇ ਪੈਸੇ ਕੁਮਾਉਂਦੇ ਹਨ | ਬਾਹਰ ਹਲਕੀ ਠੰਢੀ ਹਵਾ ਚੱਲ ਰਹੀ ਸੀ ਅਤੇ ਕਦੇ-ਕਦੇ ਸੂਰਜ ਬੱਦਲਾਂ ਵਿਚੋਂ ਝਾਤੀ ਮਾਰ ਲੈਂਦਾ ਸੀ |
ਸਟੇਟਫੋਰਡ-ਉਪੋਨ-ਏਵਨ ਵਰਗੀ ਥਾਂ 'ਤੇ ਸ਼ੈਕਸਪੀਅਰ ਦਾ ਦੋ ਮੰਜ਼ਿਲਾ ਘਰ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਸ਼ੈਕਸਪੀਅਰ ਦਾ ਪਰਿਵਾਰ ਕਾਫ਼ੀ ਅਮੀਰ ਸੀ | ਜੌਹਨ ਸ਼ੈਕਸਪੀਅਰ 1568 ਵਿਚ ਸਟੇਟਫੋਰਡ ਦਾ ਮੇਅਰ ਵੀ ਬਣਿਆ ਸੀ | ਵਿਲੀਅਮ ਸ਼ੈਕਸਪੀਅਰ, ਜੌਹਨ ਸ਼ੈਕਸਪੀਅਰ ਅਤੇ ਮੈਰੀ ਐਡਰਸਨ ਦਾ ਬੇਟਾ ਸੀ | ਇਹ ਆਪਣੇ 8 ਭੈਣ-ਭਰਾਵਾਂ ਵਿਚੋਂ ਤੀਜੇ ਨੰਬਰ 'ਤੇ ਸੀ | ਇਸ ਨੇ ਆਪਣੀ ਪੜ੍ਹਾਈ ਸਥਨਕ ਗਰਾਮਰ ਸਕੂਲ ਤੋਂ ਕੀਤੀ ਅਤੇ ਵਿਲੀਅਮ ਸ਼ੈਕਸਪੀਅਰ ਦਾ ਵਿਆਹ 16 ਸਾਲਾਂ ਦੀ ਉਮਰ ਵਿਚ ਐਨੀ ਹਾਥਵੇਅ ਨਾਲ ਹੋਇਆ | ਜਿਸ ਤੋਂ ਤਿੰਨ ਬੱਚੇ ਪੈਦਾ ਹੋਏ, ਜਿਸ ਵਿਚ ਦੋ ਜੁੜਵਾ ਸਨ | ਉਸ ਨੇ ਆਪਣਾ ਕਾਮਯਾਬ ਕੈਰੀਅਰ ਲੰਦਨ ਵਿਖੇ ਇਕ ਅਦਾਕਾਰ ਅਤੇ ਲੇਖਕ ਦੇ ਤੌਰ 'ਤੇ ਇਕ ਡਰਾਮਾ ਕੰਪਨੀ ਨਾਲ ਸ਼ੁਰੂ ਕੀਤਾ, ਜਿਸ ਵਿਚ ਉਸ ਦੀ ਕੁਝ ਹਿੱਸੇਦਾਰੀ ਵੀ ਸੀ | ਵਿਲੀਅਮ ਸ਼ੈਕਸਪੀਅਰ 1589 ਤੋਂ 1613 ਤੱਕ ਕਾਫੀ ਸਰਗਰਮ ਰਹੇ | ਪਹਿਲਾਂ ਸ਼ੈਕਸਪੀਅਰ ਨੇ ਕੁਝ ਹਾਸਰਸ, ਵਿਅੰਗ ਅਤੇ ਇਤਿਹਾਸ ਨਾਲ ਜੁੜੇ ਵਿਸ਼ਿਆਂ 'ਤੇ ਨਾਟਕ ਲਿਖੇ | ਜਿਹੜੇ ਕਿ ਉਸ ਸਮੇਂ ਬਹੁਤ ਮਕਬੂਲ ਹੋਏ | ਫਿਰ ਕੁਝ ਦੁਖਾਂਤ (ਟਰੈਜਡੀ) ਵਾਲੇ ਨਾਟਕ ਲਿਖੇ | ਵਿਲੀਅਮ ਸ਼ੈਕਸਪੀਅਰ ਦੇ ਬਹੁਤ ਸਾਰੇ ਨਾਟਕ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਵੀ ਹਿੱਸਾ ਬਣੇ | ਜਿਸ ਥਾਂ 'ਤੇ ਵਿਲੀਅਮ ਸ਼ੈਕਸਪੀਅਰ ਦਾ ਜਨਮ ਹੋਇਆ ਸੀ, ਉਸ ਨੂੰ 1847 ਵਿਚ ਰਾਸ਼ਟਰੀ ਸਮਾਰਕ ਦਾ ਦਰਜਾ ਦਿੱਤਾ ਗਿਆ | ਸ਼ੈਕਸਪੀਅਰ ਦੀ ਮੌਤ ਸੰਨ 1616 ਵਿਚ ਹੋਈ |
ਇਕ ਐਨਟੀਕ ਸਟੋਰ ਵਿਚੋਂ ਵਿਲੀਅਮ ਸ਼ੈਕਸਪੀਅਰ ਦੇ ਘਰ ਦਾਖਲ ਹੋਣ ਦਾ ਰਸਤਾ ਸੀ | ਅਸੀਂ ਪੰਜੇ ਜਣੇ ਘਰ ਅੰਦਰ ਦਾਖਲ ਹੋ ਗਏ | ਬਾਹਰ ਘਾਹ ਦਾ ਮੈਦਾਨ ਸੀ | ਫਿਰ ਘਰ ਅੰਦਰ ਦਾਖਲ ਹੋਣ 'ਤੇ ਸਭ ਤੋਂ ਪਹਿਲਾ ਕਮਰਾ ਉਹ ਸੀ ਜਿਥੇ ਵਿਲੀਅਮ ਸ਼ੈਕਸਪੀਅਰ ਦਾ ਜਨਮ ਹੋਇਆ ਸੀ | ਉਸ ਦੇ ਮੰਜੇ ਬਿਸਤਰੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ | ਉਸ ਦੇ ਮੰਜੇ ਉੱਪਰ ਕਨੋਪੀ ਵੀ ਲੱਗੀ ਹੋਈ ਸੀ | ਕਮਰੇ ਦੀਆਂ ਦੀਵਾਰਾਂ ਡਿਜ਼ਾਈਨ ਦੇ ਵੇਲ ਬੂਟਿਆਂ ਅਤੇ ਚਮਕੀਲੇ ਰੰਗਾਂ ਨਾਲ ਸ਼ਿੰਗਾਰੀਆਂ ਹੋਈਆਂ ਸਨ | ਅੱਗੇ ਰੋਟੀ ਖਾਣ ਵਾਲਾ ਕਮਰਾ ਸੀ, ਜਿਸ ਵਿਚ ਲੱਕੜ ਦਾ ਮੇਜ਼ ਅਤੇ ਬੈਠਣ ਵਾਸਤੇ ਲੱਕੜ ਦਾ ਹੀ ਬੈਂਚ ਸੀ, ਜਿਸ ਉੱਪਰ ਕੁਝ ਬਰਤਨ, ਨਮਕ ਦਾਨੀ, ਗਲਾਸ, ਬਹੁਤ ਸੰੁਦਰ ਤਰੀਕੇ ਨਾਲ ਸਜਾ ਕੇ ਰੱਖੇ ਹੋਏ ਸਨ | ਉਥੇ ਲੱਗੇ ਹੋਏ ਬੋਰਡ ਅਨੁਸਾਰ ਸ਼ੈਕਸਪੀਅਰ ਪਰਿਵਾਰ ਇਸ ਮੇਜ 'ਤੇ ਖਾਣਾ ਖਾਂਦਾ ਸੀ | ਇਹ ਵੀ ਲਿਖਿਆ ਹੈ ਕਿ ਪਰਿਵਾਰ ਕੀ ਕੀ ਖਾਂਦਾ ਸੀ | ਬੋਰਡ ਅਨੁਸਾਰ ਉਸ ਸਮੇਂ ਇੰਗਲੈਂਡ ਵਿਚ ਛੁਰੀ-ਕਾਂਟੇ ਦਾ ਰਿਵਾਜ ਨਹੀਂ ਸੀ, ਪਰ ਲੱਕੜ ਦੇ ਚਮਚੇ ਜ਼ਰੂਰ ਪਏ ਸਨ | ਉਸ ਤੋਂ ਅਗਲਾ ਕਮਰਾ ਜੌਹਨ ਸ਼ੈਕਸਪੀਅਰ ਦੀ ਵਰਕਸ਼ਾਪ ਸੀ, ਜਿਸ ਵਿਚ ਉਹ ਚਮੜੇ ਦੇ ਦਸਤਾਨੇ ਬਣਾਉਂਦੇ ਸਨ | ਦਸਤਾਨੇ ਬਣਾਉਣ ਦੇ ਸੰਦ ਵੀ ਰੱਖੇ ਹੋਏ ਸਨ | ਇਕ ਅੰਗਰੇਜ਼ ਗਾਈਡ ਆਏ ਹੋਏ ਦਰਸ਼ਕਾਂ ਨੂੰ ਇਸ ਬਾਰੇ ਜਾਣਕਾਰੀ ਦੇ ਰਿਹਾ ਸੀ |
ਸਾਰੇ ਕਮਰੇ ਇਕ-ਦੂਸਰੇ ਨਾਲ ਜੁੜੇ ਹੋਏ ਸਨ | ਉਸ ਤੋਂ ਅਗਲੇ ਕਮਰੇ ਨੂੰ ਗਰਮ ਰੱਖਣ ਲਈ ਅੰਗੀਠੀ ਬਣੀ ਹੋਈ ਹੈ | ਅਗਲੇ ਕਮਰੇ ਵਿਚ ਵਿਲੀਅਮ ਸ਼ੈਕਸਪੀਅਰ ਦਾ ਕੱਚ ਦਾ ਜੱਗ ਅਤੇ ਸੈਰਮਿਕ ਦੀ ਬਣੀ ਹੋਈ ਲੂਣ ਦਾਨੀ ਬਹੁਤ ਸੰਭਾਲ ਕੇ ਰੱਖੀ ਹੋਈ ਹੈ |
ਕਮਰੇ ਦੀਆਂ ਖਿੜਕੀਆਂ ਦੇ ਸ਼ੀਸ਼ਿਆਂ ਉੱਪਰ ਬਹੁਤ ਸਾਰੇ ਨਾਂਅ ਲਿਖੇ ਹੋਏ ਸਨ, ਉਥੇ ਰੱਖੇ ਹੋਏ ਬੋਰਡ ਅਨੁਸਾਰ ਇਨ੍ਹਾਂ ਸ਼ੀਸ਼ਿਆਂ ਉੱਪਰ ਮਹਾਨ ਹਸਤੀਆਂ ਦੇ ਨਾਂਅ ਲਿਖੇ ਹੋਏ ਹਨ, ਜਿਨ੍ਹਾਂ ਵਿਚ ਸਕੇਟਿਸ ਲੇਖਕ ਵਾਲਟਰ ਸਕੋਟ, ਫਿਲਾਸਫਰ ਥੌਮਸ ਕਾਰਲਾਇਲ ਅਤੇ ਉਸ ਸਮੇਂ ਦੇ ਬਹੁਤ ਮਹਾਨ ਕਲਾਕਾਰ ਐਲਨ ਟੈਰੀ ਅਤੇ ਹੈਨਰੀ ਇਰਵਿੰਗ ਆਦਿ ਹਨ |
ਉਸ ਸਮੇਂ ਇਹ ਇਕ ਰਿਵਾਜ ਸੀ ਕਿ ਜੋ ਕੋਈ ਇਨਸਾਨ ਉਸ ਥਾਂ ਦੇ ਦਰਸ਼ਨ ਕਰਨ ਆਉਂਦਾ ਸੀ ਤਾਂ ਉਹ ਨਿਸ਼ਾਨੀ ਦੇ ਤੌਰ 'ਤੇ ਸ਼ੀਸ਼ੇ ਉੱਪਰ ਆਪਣਾ ਨਾਂਅ ਖੋਦ ਦਿੰਦਾ | ਰਿਕਾਰਡ ਅਨੁਸਾਰ ਸਭ ਤੋਂ ਪਹਿਲਾ ਨਾਂਅ 1806 ਵਿਚ ਖੋਦਿਆ ਗਿਆ ਸੀ ਜਦੋਂ ਖਿੜਕੀਆਂ 'ਤੇ ਜਗ੍ਹਾ ਖਤਮ ਹੋ ਗਈ ਤਾਂ ਆਉਣ ਵਾਲੇ ਦਰਸ਼ਕਾਂ ਨੇ ਦੀਵਾਰਾਂ ਅਤੇ ਸ਼ੀਲਗ 'ਤੇ ਆਪਣਾ ਨਾਂਅ ਲਿਖਣਾ ਸ਼ੁਰੂ ਕਰ ਦਿੱਤਾ |
ਸੰਨ 1860 ਵਿਚ ਆਉਣ ਵਾਲੇ ਯਾਤਰੀਆਂ ਅਤੇ ਦਰਸ਼ਕਾਂ ਲਈ ਕਿਤਾਬ ਰੱਖ ਦਿੱਤੀ ਗਈ ਸੀ | ਅਖੀਰਲੇ ਕਮਰੇ ਵਿਚ ਕਾਨੀਆ ਨਾਲ ਇਕ ਲੇਟੇ ਹੋਏ ਆਦਮੀ ਦੀ ਕਲਾਕ੍ਰਿਤੀ ਬਣਾਈ ਹੋਈ ਸੀ | ਉਸ ਨਾਲ ਫੋਟੋ ਖਿਚਾਣ ਤੋਂ ਬਾਅਦ ਬਾਹਰ ਜਾਂਦੀਆਂ ਪੌੜੀਆਂ ਵੱਲ ਕਦਮ ਵਧਾ ਦਿੱਤੇ ਅਤੇ ਅੰਗਰੇਜ਼ਾਂ ਦੀ ਆਪਣੀ ਧਰੋਹਰ (ਨਿਸ਼ਾਨੀ) ਨੂੰ ਸੰਭਾਲਣ ਲਈ ਉਨ੍ਹਾਂ ਦੀ ਤਾਰੀਫ਼ ਜ਼ਬਾਨ ਰਾਹੀਂ ਆਪਣੇ-ਆਪ ਨਿਕਲਦੀ ਹੈ |

-ਫੋਨ : 98159-34125.
drkalsi@gmail.com

ਹੁਣ ਗੁਬਾਰਿਆਂ ਤੋਂ ਮਿਲੇਗਾ ਇੰਟਰਨੈੱਟ

ਪਹਾੜਾਂ ਨਾਲ ਘਿਰੇ ਪ੍ਰਾਂਤ ਉੱਤਰਾਖੰਡ ਦੇ ਦੂਰ ਦਰਾਜ਼ ਦੇ ਪਿੰਡ, ਅੱਜ ਵੀ ਸੂਚਨਾ ਅਤੇ ਇੰਟਰਨੈੱਟ ਤਕਨੀਕ ਨਾਲੋਂ ਟੁੱਟੇ ਹੋਏ ਹਨ | ਇਹ ਬੜੀਆਂ, ਖੌਫ਼ਨਾਕ ਹਾਲਤਾਂ ਵਾਲਾ ਸੂਬਾ ਹੈ | ਦੂਰਸੰਚਾਰ ਸੇਵਾਵਾਂ ਦੀ ਅਣਹੋਂਦ ਕਾਰਨ, ਸੰਕਟ ਵਾਲੀਆਂ ਹਾਲਤਾਂ 'ਚ ਰਾਹਤ ਕਾਰਜ ਕਰਨ ਵੇਲੇ ਭਾਰੀ ਦਿੱਕਤਾਂ ਆਉਂਦੀਆਂ ਹਨ | ਇਨ੍ਹਾਂ ਦਿੱਕਤਾਂ ਨੂੰ ਮੱਦੇਨਜ਼ਰ ਰੱਖਦਿਆਂ, ਭਾਰਤ ਵਿਚ ਇਸ ਦਿਸ਼ਾ 'ਚ ਪਹਿਲਾ ਪ੍ਰਯੋਗ 'ਐਰੋਸਟੈਟ ਇੰਟਰਨੈੱਟ ਬੈਲੂਨ' ਉਤਰਾਖੰਡ 'ਚ ਦੇਹਰਾਦੂਨ ਵਿਖੇ ਕੀਤਾ ਗਿਆ ਹੈ | ਇਹ ਤਜਰਬਾ ਕਰਨ ਉਪਰੰਤ, ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਹ ਗੁਬਾਰਾ ਤਕਨੀਕ ਸੱਤ ਕਿਲੋਮੀਟਰ ਦੇ ਦਾਇਰੇ ਅੰਦਰ 5 ਐਮ.ਬੀ.ਪੀ.ਐਸ. ਤੱਕ ਡਾਟਾ ਸਪੀਡ ਦਾ ਇੰਟਰਨੈੱਟ ਅਤੇ ਮੋਬਾਈਲ ਸੰਪਰਕ ਜੋੜਨ ਦੀ ਸਹੂਲਤ ਮੁਹੱਈਆ ਕਰਾ ਸਕੇਗੀ | ਅਜਿਹਾ ਤਜਰਬਾ ਕਰਨ ਵਾਲਾ ਉਤਰਾਖੰਡ ਹੁਣ ਭਾਰਤ ਦਾ ਪਹਿਲਾ ਰਾਜ ਬਣ ਗਿਆ ਹੈ |
ਗੁਬਾਰਿਆਂ ਦੀ ਸ਼ੁਰੂਆਤ : ਗੁਬਾਰਿਆਂ ਰਾਹੀਂ ਇੰਟਰਨੈੱਟ ਸੇਵਾਵਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਗੂਗਲ ਇੰਟਰਨੈੱਟ ਕੰਪਨੀ ਵਲੋਂ ਕੀਤੀ ਗਈ | ਇਸ ਕੰਪਨੀ ਨੇ 'ਪ੍ਰਾਜੈਕਟ ਲੂਨ' ਅਧੀਨ 15 ਜੂਨ, 2013 ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਦੇ ਬਾਹਰੀ ਖੇਤਰ 'ਚ 15 ਮੀਟਰ ਵਿਆਸ ਅਤੇ 12 ਮੀਟਰ ਉਚਾਈ ਵਾਲੇ, ਪਾਲੀਥੀਨ ਤੇ ਪਲਾਸਟਿਕ ਤੋਂ ਬਣੇ, ਹੀਲੀਅਮ ਗੈਸ ਨਾਲ ਭਰੇ, ਤੀਹ ਗੁਬਾਰੇ ਅਸਮਾਨ ਵਿਚ ਉਡਾਏ ਸਨ | ਇਨ੍ਹਾਂ ਗੁਬਾਰਿਆਂ ਰਾਹੀਂ ਦੁਨੀਆ ਦੇ ਦੂਰ-ਦੂਰ ਤੇ ਪਛੜੇ ਇਲਾਕਿਆਂ ਦੇ ਤਕਰੀਬਨ 4.7 ਅਰਬ ਲੋਕਾਂ ਨੂੰ ਇੰਟਰਨੈੱਟ ਨਾਲ ਜੋੜਨਾ ਹੀ ਇਨ੍ਹਾਂ ਦਾ ਅਸਲੀ ਮਕਸਦ ਹੈ | ਇਸ ਦੇ ਨਾਲ ਹੀ ਉਨ੍ਹਾਂ ਨੂੰ ਤੇਜ਼ ਰਫ਼ਤਾਰ ਦਾ ਸਸਤਾ ਇੰਟਰਨੈੱਟ ਵੀ ਮੁਹੱਈਆ ਕਰਵਾਉਣਾ ਹੈ |
ਇਹ ਇਕ ਅਜੀਬੋ-ਗਰੀਬ ਮੌਕਾ ਮੇਲ ਸੀ ਕਿ ਅਗਲੇ ਹੀ ਦਿਨ 16 ਜੂਨ, 2013 ਨੂੰ ਕੇਦਾਰਨਾਥ 'ਚ ਹੜ੍ਹਾਂ ਦੀ ਭਿਆਨਕ ਤ੍ਰਾਸਦੀ ਵਾਪਰ ਗਈ ਸੀ | ਇਸ ਵੇਲੇ ਬੜੀ ਗੰਭੀਰਤਾ ਨਾਲ ਮਹਿਸੂਸ ਕੀਤਾ ਗਿਆ ਕਿ ਜੇ ਇੰਟਰਨੈੱਟ ਵਾਲੇ ਗੁਬਾਰੇ, ਇਥੇ ਕਾਰਜਸ਼ੀਲ ਹੁੰਦੇ ਤਾਂ ਫੋਨ ਸੇਵਾਵਾਂ ਤੇ ਇੰਟਰਨੈੱਟ ਜ਼ਰੀਏ, ਪ੍ਰਭਾਵਿਤ ਲੋਕਾਂ ਨੂੰ ਬਚਾਉਣ ਤੇ ਰਾਹਤ ਪਹੁੰਚਾਉਣ 'ਚ ਸੌਖ ਹੋ ਜਾਣੀ ਸੀ | ਭਾਰਤ ਜਿਹੇ ਦੇਸ਼ ਵਿਚ ਇਹ ਤਜਰਬਾ ਬੜਾ ਇਨਕਲਾਬੀ ਸਿੱਧ ਹੋ ਸਕਦਾ ਹੈ |
ਅਜੇ ਤੱਕ ਸਵਾ ਅਰਬ ਦੀ ਵਸੋਂ ਵਿਚੋਂ ਚਾਲੀ-ਪੰਤਾਲੀ ਕਰੋੜ ਲੋਕਾਂ ਦੀ ਇੰਟਰਨੈੱਟ ਸੇਵਾਵਾਂ ਤੱਕ ਪਹੁੰਚ ਹੈ | ਇਨ੍ਹਾਂ 'ਚੋਂ ਬਹੁਤੇ ਵੱਡੇ ਸ਼ਹਿਰਾਂ 'ਚ ਰਹਿੰਦੇ ਹਨ | ਉਹ ਘਰਾਂ ਦੀ ਥਾਂ ਦਫ਼ਤਰਾਂ 'ਚ ਇੰਟਰਨੈੱਟ ਇਸਤੇਮਾਲ ਕਰਦੇ ਹਨ | ਸੂਚਨਾ ਅਤੇ ਉਦਯੋਗਿਕ ਵਿਕਾਸ ਏਜੰਸੀ (ਆਈ.ਟੀ.ਡੀ.ਏ.) ਨੇ ਆਈ.ਆਈ.ਟੀ. ਮੰੁਬਈ ਦੇ ਸਹਿਯੋਗ ਨਾਲ ਗੁਬਾਰਾ ਤਕਨੀਕ ਦਾ ਦੇਹਰਾਦੂਨ ਦੇ ਆਈ.ਟੀ. ਪਾਰਕ ਵਿਖੇ 8 ਜੂਨ, 2018 ਨੂੰ ਸੂਬੇ ਦੇ ਮੁੱਖ ਮੰਤਰੀ ਵਲੋਂ ਉਦਘਾਟਨ ਕੀਤਾ ਗਿਆ | ਪੰਤ ਇਸ ਗੁਬਾਰਾ ਤਕਨੀਕ ਦੇ ਰਚੇਤਾ ਹਨ |
ਐਰੋਸਟੈਟ ਇੰਟਰਨੈੱਟ ਗੁਬਾਰਾ : ਛੱਡੇ ਗਏ ਗੁਬਾਰੇ ਵਾਯੂਮੰਡਲ 'ਚ ਸਟ੍ਰੈਟੋਸਫੀਅਰ ਵਾਲੇ ਹਿੱਸੇ ਵਿਚ, ਕਾਫ਼ੀ ਉਚਾਈ ਤੇ, ਹਵਾ ਦੇ ਸਹਾਰੇ ਉਡਦੇ ਹਨ | ਵਾਯੂਮੰਡਲ ਦੇ ਇਸ ਭਾਗ 'ਚ ਨਾ ਤਾਂ ਹਵਾਈ ਜਹਾਜ਼ ਉਡਦੇ ਹਨ ਤੇ ਨਾ ਹੀ ਮੌਸਮੀ ਗੁਬਾਰਿਆਂ ਦੇ ਟਕਰਾਉਣ ਦਾ ਡਰ ਹੁੰਦਾ ਹੈ | ਇਹ ਗੁਬਾਰੇ ਟਰਾਂਸਵਰਸ ਬੈਟਰੀ, ਸੋਲਰ ਪੈਨਲ, ਜੀ.ਪੀ.ਐਸ. ਸਿਸਟਮ, ਐਾਟੀਨਾ, ਗੁਬਾਰੇ ਦੀ ਚਾਲ ਤੇ ਦਿਸ਼ਾ ਕੰਟਰੋਲ ਕਰਨ ਵਾਲਾ ਯੰਤਰ, ਨਾਈਟ ਵਿਜ਼ਨ ਕੈਮਰਾ, ਵਰਖਾਮਾਪੀ (ਰੇਨ ਗੇਜ਼), ਵੈਦਰ ਸਟੇਸ਼ਨ ਆਦਿ ਉਪਕਰਨਾਂ ਨਾਲ ਲੈਸ ਹੁੰਦੇ ਹਨ |
ਇਹ ਗੁਬਾਰੇ ਇਕ ਰੱਸੀ ਦੀ ਮਦਦ ਨਾਲ ਧਰਤੀ ਨਾਲ ਜੁੜੇ ਰਹਿੰਦੇ ਹਨ | ਇਨ੍ਹਾਂ ਗੁਬਾਰਿਆਂ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਇਆ ਜਾ ਸਕਦਾ ਹੈ | ਗੁਬਾਰੇ ਕਾਫ਼ੀ ਦੇਰ ਬਿਨਾਂ ਬਾਲਣ ਉਡਦੇ ਰਹਿੰਦੇ ਹਨ |
ਇੰਟਰਨੈੱਟ ਤੇ ਪ੍ਰਾਜੈਕਟ ਲੂਨ : ਇੰਟਰਨੈੱਟ ਦੀ ਖੋਜ ਨੂੰ ਵਿਗਿਆਨ ਦਾ ਕ੍ਰਿਸ਼ਮਾ ਮੰਨਿਆ ਜਾਂਦਾ ਹੈ | ਸਾਨੂੰ ਸਾਰੇ ਵਿਸ਼ਵ ਨਾਲ ਜੋੜ ਲੈਂਦਾ ਹੈ ਇੰਟਰਨੈੱਟ | ਫੇਸਬੁੱਕ, ਟਵਿੱਟਰ ਜਿਹੇ ਸੋਸ਼ਲ ਮੀਡੀਆ ਦੀ ਗੱਲ ਹੋਵੇ ਜਾਂ ਜਾਣਕਾਰੀਆਂ ਲੱਭਦਿਆਂ ਵਿਕੀਪੀਡੀਆ ਜਾਂ ਗੂਗਲ ਸਰਚ ਇੰਜਣ ਦੀ ਗੱਲ ਹੋਵੇ, ਇੰਟਰਨੈੱਟ ਬਿਨਾਂ ਅਧੂਰੀ ਹੈ | ਚਿੱਠੀ-ਪੱਤਰ ਦੀ ਥਾਂ ਈਮੇਲ ਸਾਨੂੰ ਇੰਟਰਨੈੱਟ ਨੇ ਹੀ ਦਿੱਤੀ ਹੈ | ਝੱਟ 'ਚ ਰੇਲ ਤੇ ਹਵਾਈ ਜਹਾਜ਼ ਦੀਆਂ ਟਿਕਟਾਂ ਬੁੱਕ ਕਰਵਾ ਲੈਂਦੇ ਹਾਂ | ਸੋਚੋ ਜੇ ਇੰਟਰਨੈੱਟ ਪਹੁੰਚਾਉਣ ਵਾਲੀਆਂ ਤਾਰਾਂ 'ਚੋਂ ਕਿਤੇ ਕੋਈ ਤਾਰ ਕੱਟੀ ਜਾਵੇ | ਇੰਟਰਨੈੱਟ ਇਕ ਚੁਣੌਤੀ ਬਣ ਕੇ ਖਲੋ ਜਾਵੇਗਾ | ਅਜਿਹੀਆਂ ਹਾਲਤਾਂ ਵਿਚ ਇੰਟਰਨੈੱਟ ਗੁਬਾਰੇ ਦੀ ਤਕਨੀਕ ਇਕ ਚਮਤਕਾਰ ਜਾਂ ਵਰਦਾਨ ਬਣ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਜਾਂਦੀ ਹੈ |
ਪ੍ਰਾਜੈਕਟ ਲੂਨ ਦੇ ਗੁਬਾਰਿਆਂ ਦੇ ਸੰਦਰਭ 'ਚ ਦਾਅਵਾ ਕੀਤਾ ਗਿਆ ਹੈ ਕਿ ਹਰੇਕ ਗੁਬਾਰਾ ਤਕਰੀਬਨ 1250 ਵਰਗ ਕਿ. ਮੀ. ਦੇ ਘੇਰੇ ਵਿਚ ਇੰਟਰਨੈੱਟ ਸਹੂਲਤ ਦੇਣ ਦੇ ਸਮਰੱਥ ਹੈ | ਪ੍ਰਾਜੈਕਟ ਲੂਨ 'ਚ ਜਿਹੜੀ ਤਕਨੀਕ ਵਰਤੀ ਗਈ ਹੈ, ਉਸ ਨੂੰ ਗੂਗਲ ਦੀ ਉਸੇ ਟੀਮ ਦੇ ਤਕਨੀਸ਼ੀਅਨਾਂ ਨੇ ਵਿਕਸਤ ਕੀਤਾ ਹੈ, ਜਿਨ੍ਹਾਂ ਪਹਿਲਾਂ 'ਬਿਨਾਂ ਚਾਲਕ ਤੋਂ ਕਾਰ' ਅਤੇ ਆਗਮੇਟਿਡ ਰਿਐਲਿਟੀ 'ਤੇ ਬਣੇ ਗੂਗਲ ਚਸ਼ਮੇ ਨੂੰ ਤਿਆਰ ਕੀਤਾ ਸੀ |
ਹਰੇਕ ਗੁਬਾਰੇ 'ਚ ਜਿਹੜੇ ਟ੍ਰਾਂਸੀਵਰ ਲੱਗੇ ਹੁੰਦੇ ਹਨ, ਉਹ ਧਰਤੀ 'ਤੇ ਮੌਜੂਦ ਟ੍ਰਾਂਸੀਵਰਾਂ ਨਾਲ ਸੰਪਰਕ ਜੋੜਦੇ ਹਨ | ਇਸ ਦੇ ਨਾਲ ਹੀ ਲੋਕਾਂ ਦੇ ਘਰੀਂ ਲੱਗੇ ਐਨਟੀਨਿਆਂ ਨੂੰ ਕਿਰਨਾਂ ਦੇ ਰੂਪ 'ਚ ਇੰਟਰਨੈੱਟ ਸਿਗਨਲ ਵੀ ਘੱਲਦੇ ਰਹਿੰਦੇ ਹਨ |
ਇੰਝ ਵੀ ਤਾਂ ਹੋ ਸਕਦਾ : ਉਂਜ ਤਾਂ ਗੂਗਲ ਕੰਪਨੀ ਗੁਬਾਰਿਆਂ ਦੀ ਸਥਿਤੀ 'ਤੇ ਦਿਸ਼ਾ ਨੂੰ ਕੰਟਰੋਲ ਕਰਨ ਦਾ ਦਾਅਵਾ ਕਰਦੀ ਹੈ ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਤੇਜ਼ ਹਵਾਵਾਂ ਅੱਗੇ ਕੰਪਨੀ ਦੇ ਪ੍ਰਬੰਧ ਨਾ ਟਿਕ ਸਕਣ | ਹਵਾ ਗੁਬਾਰੇ ਉਡਾ ਕੇ ਕਿਸੇ ਦੂਜੇ ਮੁਲਕ ਦੇ ਵਾਯੂਮੰਡਲ ਵਿਚ ਲੈ ਜਾਵੇ | ਅਜਿਹੀ ਸਥਿਤੀ 'ਚ ਗੂਗਲ ਕੰਪਨੀ ਲਈ ਖਤਰਾ ਖੜ੍ਹਾ ਹੋ ਸਕਦਾ ਹੈ | ਕੰਪਨੀ ਨੂੰ ਉਸ ਦੇਸ਼ ਦੇ ਆਕਾਸ਼ ਖੇਤਰ ਨੂੰ ਇਸਤੇਮਾਲ ਕਰਨ ਲਈ ਮਨਜ਼ੂਰੀ ਲੈਣੀ ਪੈ ਸਕਦੀ ਹੈ | ਚੇਤੇ ਰਹੇ ਕਿ ਸਟ੍ਰੈਟੋਸਫੀਅਰ ਵਿਚ ਉੱਡਦੀਆਂ ਵਸਤਾਂ ਬਾਰੇ ਹਰ ਮੁਲਕ ਨੇ ਕਰੜੇ ਕਾਨੂੰਨ ਬਣਾਏ ਹੋਏ ਹਨ |
ਗੁਬਾਰਿਆਂ ਦੀ ਮੁਨਿਆਦ : ਗੂਗਲ ਕੰਪਨੀ ਪੂਰੇ ਵਿਸ਼ਵ ਨੂੰ ਅਜਿਹੇ ਗੁਬਾਰਿਆਂ ਦੇ ਇਕ ਚੱਕਰ 'ਚ ਪਰੋ ਦੇਣ ਦਾ ਸੁਪਨਾ ਦੇਖ ਰਹੀ ਹੈ | ਇਸੇ ਸੰਕਲਪ ਅਧੀਨ ਉਸ ਨੇ 'ਲੂਨ ਫਾਰ ਆਲ' (ਬੈਲੂਨ ਫਾਰ ਆਲ ਦਾ ਸੰਖੇਪ) ਟੈਗਲਾਈਨ ਬਣਾਈ ਸੀ | ਗੁਬਾਰਿਆਂ ਦਾ ਨੈੱਟਵਰਕ ਬਣ ਜਾਣ ਨਾਲ, ਕਿਸੇ ਵੀ ਇਮਾਰਤ 'ਤੇ ਲੱਗੇ ਐਾਟੀਨੇ ਤੋਂ ਗੁਬਾਰਿਆਂ ਨਾਲ ਸੰਪਰਕ ਜੋੜਿਆ ਜਾ ਸਕਦਾ ਹੈ | ਇੰਜ ਤੇਜ਼ ਗਤੀ ਵਾਲਾ ਇੰਟਰਨੈੱਟ ਸਾਡੇ ਮੋਬਾਈਲ ਫੋਨਾਂ, ਕੰਪਿਊਟਰਾਂ ਤੇ ਹੋਰ ਯੰਤਰਾਂ 'ਤੇ ਚੱਲਣ ਲੱਗੇਗਾ | ਇਸ ਸੁਪਨੇ ਨੂੰ ਸਾਕਾਰ ਕਰਨ ਲਈ ਗੂਗਲ ਕੰਪਨੀ ਨੂੰ ਅਜਿਹੇ ਹਜ਼ਾਰਾਂ ਗੁਬਾਰੇ ਆਸਮਾਨ 'ਚ ਛੱਡਣੇ ਪੈਣਗੇ | ਇਹ ਕੋਈ ਸੌਖਾ ਕੰਮ ਨਹੀਂ ਹੈ | ਇਨ੍ਹਾਂ ਗੁਬਾਰਿਆਂ ਦੀ ਔਸਤ ਮੁਨਿਆਦ ਸੌ ਦਿਨ ਦੀ ਹੁੰਦੀ ਹੈ | ਤਰ੍ਹਾਂ-ਤਰ੍ਹਾਂ ਦੇ ਸ਼ੰਕੇ ਜਤਾਏ ਜਾ ਰਹੇ ਹਨ, ਮੁਨਿਆਦ ਪੂਰੀ ਹੋਣ 'ਤੇ ਇਹ ਗੁਬਾਰੇ ਫਟ ਜਾਣਗੇ ਤੇ ਡਿਗਣ ਸਮੇਂ ਕੋਈ ਸਮੱਸਿਆ ਖੜ੍ਹੀ ਕਰ ਦੇਣਗੇ? ਪਰ ਗੂਗਲ ਨੇ ਇਹ ਕਹਿ ਕੇ ਸ਼ੰਕਾ ਦੂਰ ਕਰ ਦਿੱਤਾ ਹੈ ਕਿ ਇਹ ਗੁਬਾਰੇ ਜੀਵਨ ਪੂਰਾ ਹੋਣ ਤੋਂ ਪਹਿਲਾਂ ਹੀ ਧਰਤੀ 'ਤੇ ਉਤਾਰ ਲਏ ਜਾਣਗੇ ਅਤੇ ਉਨ੍ਹਾਂ ਦੀ ਥਾਂ ਨਵੇਂ ਗੁਬਾਰੇ ਤਾਇਨਾਤ ਕਰ ਦਿੱਤੇ ਜਾਣਗੇ |
ਉਪਯੋਗਤਾ : ਆਈ.ਟੀ.ਡੀ. ਏ. ਦੇ ਨਿਰਦੇਸ਼ਕ ਅਮਿਤ ਸਿਨਹਾ ਨੇ ਐਰੋਸਟੈਟ ਬੈਲੂਨ ਦੇ ਉਦਘਾਟਨ ਵੇਲੇ ਕਿਹਾ, 'ਇਸ ਐਰੋਸਟੈਟ ਗੁਬਾਰੇ ਨੇ ਕੇਦਾਰਨਾਥ ਦੇ ਮਾਰੂ ਹੜ੍ਹਾਂ ਵੇਲੇ ਸੈਂਕੜੇ ਜ਼ਿੰਦਗੀਆਂ ਬਚਾ ਲੈਣੀਆਂ ਸਨ | ਇਹ ਗੁਬਾਰਾ ਇੰਟਰਨੈੱਟ ਤਕਨੀਕ ਹੋਰ ਵੀ ਕਿੰਨੇ ਖੇਤਰਾਂ 'ਚ ਲਾਭਕਾਰੀ ਹੋ ਸਕਦੀ ਹੈ | ਸੂਚਨਾ ਦੇ ਪ੍ਰਸਾਰ ਤੋਂ ਇਲਾਵਾ ਸਿੱਖਿਆ ਤੇ ਸਿਹਤ ਦੇ ਖੇਤਰਾਂ 'ਚ ਇੰਟਰਨੈੱਟ ਦੀ ਉਪਯੋਗਤਾ ਨੂੰ ਦੇਖਦਿਆਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਤਰਾਖੰਡ ਦੇ ਐਰੋਸਟੈਟ ਬੈਲੂਨ ਤੇ ਪ੍ਰਾਜੈਕਟ ਲੂਨ ਵਰਗੇ ਪ੍ਰਯੋਗ ਭਾਰਤ ਦੇ ਹਰ ਹਿੱਸੇ 'ਚ ਕੀਤੇ ਜਾਣ ਦੀ ਬੇਹੱਦ ਲੋੜ ਹੈ ਤਾਂ ਜੋ ਮੁਲਕ ਦੇ ਹਰ ਕੋਨੇ 'ਚ ਇੰਟਰਨੈੱਟ ਸੇਵਾਵਾਂ ਮਿਲ ਸਕਣ | ਇੰਟਰਨੈੱਟ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਸਾਧਨਾਂ ਦੀ ਜਾਣਕਾਰੀ ਦੇਣ ਦੇ ਸਮਰੱਥ ਬਣ ਜਾਣ | ਲੋਕਾਂ ਦੀ ਜ਼ਿੰਦਗੀ ਬਚਾਉਣ ਤੋਂ ਲੈ ਕੇ ਕੈਰੀਅਰ ਬਣਾਉਣ 'ਚ ਵੀ ਇੰਟਰਨੈੱਟ ਸੇਵਾਵਾਂ ਸਾਡੀਆਂ ਭਾਈਵਾਲ ਬਣ ਜਾਣ |
ਉਮੀਦਾਂ : ਕੱਲ੍ਹ ਨੂੰ ਇਹੀ ਗੁਬਾਰੇ ਮੁਲਕ ਦੀਆਂ ਸਰਹੱਦਾਂ ਤੇ ਜ਼ੋਰ ਜਬਰੀ ਨਾਲ ਹੰੁਦੀ ਘੁਸਪੈਠ ਰੋਕਣ 'ਤੇ ਨਜ਼ਰਸਾਨੀ ਕਰ ਸਕਣਗੇ | ਸੰਘਣੇ ਜੰਗਲਾਂ 'ਚ ਗ਼ੈਰ-ਸਮਾਜਿਕ ਤੱਤਾਂ ਅਤੇ ਅਨਸਰਾਂ ਦੀਆਂ ਲੁਕਣਗਾਹਾਂ 'ਤੇ ਨਿਗ੍ਹਾ ਰੱਖਣਗੇ | ਮੌਸਮ ਤੇ ਵਾਤਾਵਰਨ ਦੇ ਸਿੱਲ੍ਹੇ ਤਾਪਮਾਨ, ਪੌਣ ਗਤੀ, ਉਚਾਈਆਂ ਤੇ ਹਾਲਾਤ ਦਾ ਲੇਖਾ-ਜੋਖਾ ਕਰਨਗੇ | ਨਫੀਸ ਟੈਲੀਮੈਡੀਸਿਨ ਪ੍ਰਬੰਧ ਦੂਰ ਦਰਾਜ਼ ਪਿੰਡਾਂ 'ਚ ਰੋਗਾਂ ਨੂੰ ਜਾਂਚਣਗੇ ਅਤੇ ਨਿਦਾਨ (ਇਲਾਜ) ਵੀ ਕਰਨਗੇ | ਪੂਰੇ ਵਿਸ਼ਵ ਨੂੰ ਤੇਜ਼ ਇੰਟਰਨੈੱਟ ਮੁਹੱਈਆ ਕਰਾਉਣ ਹਿਤ ਦੇਖਣਾ ਹੋਵੇਗਾ ਕਿ ਗੂਗਲ ਕੰਪਨੀ ਦਾ ਸੁਪਨਾ ਕਦੋਂ ਤੱਕ ਸਾਕਾਰ ਹੁੰਦਾ ਏ?

-ਮੋਬਾਈਲ : 97806-67686.
mayer_hk@yahoo.com

ਵਿਗਿਆਨਕ ਗਲਪ ਦੀ ਦੁਨੀਆ

ਵਿਗਿਆਨ ਯਥਾਰਥ ਦੇ ਰਹੱਸ ਫਰੋਲ ਕੇ ਉਸ ਦੇ ਨੇਮ ਲੱਭਦਾ ਹੈ | ਯਥਾਰਥ ਦੀਆਂ ਕਠੋਰ ਤੇ ਪ੍ਰਤੀਕੂਲ ਸਥਿਤੀਆਂ ਨੂੰ ਕੰਟਰੋਲ ਕਰ ਕੇ ਹਾਲਾਤ ਨੂੰ ਮਨੁੱਖ ਲਈ ਸੁਖਾਵਾਂ ਬਣਾਉਣ ਦਾ ਯਤਨ ਕਰਦਾ ਹੈ | ਵਿਗਿਆਨ ਸੁਖਾਵੇਂ ਹਾਲਾਤ ਦੀ ਵੀ ਕਲਪਨਾ ਕਰਦਾ ਹੈ ਤੇ ਇਸ ਨੂੰ ਸਾਕਾਰ ਕਰਨ ਲਈ ਲੋੜੀਂਦੀਆਂ ਜੁਗਤਾਂ ਦੀ ਵੀ | ਸਾਹਿਤ ਦਾ ਅੰਤਿਮ ਉਦੇਸ਼ ਮਨੁੱਖ ਲਈ ਸੁਖਾਵੇਂ, ਬਿਹਤਰ ਸਮਾਜ ਦੀ ਸਿਰਜਣਾ ਹੈ | ਨਿਆਂਪਰਕ ਤੇ ਸੁਚੱਜੀ ਸਮਾਜਿਕ ਵਿਵਸਥਾ ਦੇ ਨਾਲ-ਨਾਲ ਸੁਖਾਵੀਆਂ ਭੌਤਿਕ ਸਥਿਤੀਆਂ ਦੀ ਵੀ ਲੋੜ ਹੈ | ਸਾਹਿਤ ਇਸ ਉਦੇਸ਼ ਦੀ ਪੂਰਤੀ ਲਈ ਯਥਾਰਥ ਦੇ ਇਛਿਤ ਰੂਪਾਂਤਰਣ ਲਈ ਕਲਪਨਾ ਦਾ ਸਹਾਰਾ ਲੈਂਦਾ ਹੈ | ਵਿਗਿਆਨ ਸਾਹਿਤ ਤੇ ਕਲਪਨਾ ਦਾ ਪਰਸਪਰ ਨਾਤਾ ਵਿਗਿਆਨ ਤੇ ਸਾਹਿਤ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ | ਇਸ ਨਾਲ ਸਾਹਿਤ/ਯਥਾਰਥ ਦੀ ਵਿਗਿਆਨਕ ਸਮਝ ਤਿੱਖੀ ਹੁੰਦੀ ਹੈ ਤੇ ਵਿਗਿਆਨ ਸਾਹਿਤਕ-ਗਲਪ ਵਿਚ ਕਲਪਿਤ ਜੁਗਤਾਂ ਨੂੰ ਯਥਾਰਥਕ ਪੱਧਰ ਉਤੇ ਸਾਕਾਰ ਕਰਨ ਲਈ ਨਵੀਆਂ ਅੰਤਰ-ਦਿ੍ਸ਼ਟੀਆਂ ਹਾਸਲ ਕਰਦਾ ਹੈ | ਇਹੀ ਨਹੀਂ ਸਾਹਿਤ ਵਿਗਿਆਨਕ ਪ੍ਰਾਪਤੀਆਂ ਦੀ ਨੈਤਿਕ/ਸਮਾਜਿਕ ਜ਼ਿੰਮੇਵਾਰੀ ਬਾਰੇ ਵੀ ਸੁਚੇਤ ਕਰਦਾ ਹੈ | ਇਨ੍ਹਾਂ ਉਦੇਸ਼ਾਂ ਦੀ ਪੂਰਤੀ ਦੇ ਸੰਦਰਭ ਵਿਚ ਵਿਗਿਆਨਕ-ਗਲਪ ਦਾ ਵਿਸ਼ੇਸ਼ ਮਹੱਤਵ ਹੈ, ਜਿਸ ਪ੍ਰਤੀ ਨਾ ਆਮ ਪਾਠਕ ਸੁਚੇਤ ਹਨ ਅਤੇ ਨਾ ਹੀ ਸਾਹਿਤਕਾਰ ਜਾਂ ਸਾਹਿਤ-ਚਿੰਤਕ | ਆਓ, ਬਹੁਤ ਹੱਦ ਤੱਕ ਅਣਗੌਲੇ ਵਿਗਿਆਨਕ-ਗਲਪ ਦੇ ਜਗਤ ਉਤੇ ਝਾਤੀ ਮਾਰੀਏ | ਪੰਜਾਬੀ ਵਿਚ ਤਾਂ ਇਸ ਦੀ ਗਲ ਅਜੇ ਸ਼ੁਰੂ ਹੋਣੀ ਹੈ, ਅੰਗਰੇਜ਼ੀ ਦੀ ਵਿਗਿਆਨ-ਗਲਪ ਦੀ ਚਰਚਾ ਹੀ ਅਸੀਂ ਕਰ ਸਕਦੇ ਹਾਂ | ਉਂਜ ਨਵੀਂ ਪੀੜ੍ਹੀ ਦੇ ਬੱਚੇ ਤੇ ਜਵਾਨ ਅੰਗਰੇਜ਼ੀ ਵਿਚ ਪ੍ਰਾਪਤ ਵਿਗਿਆਨ-ਗਲਪ ਦੇ ਵੀ ਸ਼ੌਕੀਨ ਹਨ ਅਤੇ ਇਸ ਉਤੇ ਉਸਰੀਆਂ ਹਾਲੀਵੁੱਡ ਫਿਲਮਾਂ ਦੇ ਵੀ | ਸਟਾਰ ਟਰੈਕ, ਬੈਕ ਟੂ ਦਾ ਫਿਊਚਰ, ਇੰਟਰ-ਸਟੈਲਰ ਤੇ ਅਰਾਈਵਲ ਜਿਹੀਆਂ ਫਿਲਮਾਂ ਇਸ ਦਾ ਪ੍ਰਮਾਣ ਹਨ |
ਚਲੋ ਮਾਰੋ ਆਪਣੀ ਕਲਪਨਾ ਨਾਲ ਉਡਾਰੀ ਤੇ ਕਲਪਿਤ ਕਰੋ ਸਵਿਟਜ਼ਰਲੈਂਡ ਦੀ ਜੈਨੇਵਾ ਝੀਲ ਕਿਨਾਰੇ ਬਣੇ ਹੋਟਲ ਦਾ | ਉਸ ਹੋਟਲ ਦਾ ਜਿਸ ਵਿਚ ਅੰਗਰੇਜ਼ੀ ਦੇ ਦੋ ਰੁਮਾਂਟਿਕ ਕਵੀ ਬਾਇਰਾਨ ਤੇ ਸ਼ੈਲੇ ਬੈਠੇ ਸਨ | ਨਾਲ ਹੀ ਸ਼ੈਲੇ ਦੀ ਹੋਣ ਵਾਲੀ ਬੀਵੀ ਮੇਰੀ | ਵਰ੍ਹਾ 1816 ਦਾ ਤੇ ਮਹੀਨਾ ਜੂਨ | ਨਿਰੰਤਰ ਬਾਰਿਸ਼ ਪੈ ਰਹੀ ਹੈ ਬਾਹਰ | ਝੜੀ ਲੱਗੀ ਹੋਈ ਹੈ | ਇਹ ਤਿੰਨੇ ਹੋਟਲ ਦੇ ਕਮਰੇ ਵਿਚ ਬੱਝਣ ਲਈ ਮਜਬੂਰ | ਬਾਇਰਨ ਸਲਾਹ ਦਿੰਦਾ ਹੈ ਕਿ ਸਮਾਂ ਕੱਟਣ ਲਈ ਹਰ ਬੰਦਾ ਕੋਈ ਭੂਤੀਆ ਕਹਾਣੀ ਸੁਣਾਵੇ | ਘੋਸਟ ਸਟੋਰੀ | ਮੇਰੀ ਦੀਆਂ ਰੁਚੀਆਂ ਵਿਗਿਆਨਕ ਹਨ | ਉਸ ਨੇ ਮਨੁੱਖੀ ਸਰੀਰ ਦੀ ਅਨਾਟਮੀ ਬਾਰੇ ਵੈਸੇਲੀਅਸ਼ ਦੀ ਉਹ ਕਿਤਾਬ ਤਾਜ਼ੀ-ਤਾਜ਼ੀ ਪੜ੍ਹੀ ਹੈ, ਜਿਸ ਵਿਚ ਉਸ ਨੇ ਅਨੇਕਾਂ ਲਾਸ਼ਾਂ ਦੀ ਚੀਰ-ਫਾੜ ਕਰਕੇ ਮਨੁੱਖੀ ਅੰਗਾਂ ਦੀ ਅੰਦਰਲੀ ਤਸਵੀਰ ਤੇ ਕਾਰਜ ਪ੍ਰਣਾਲੀ ਬਾਰੇ ਵਿਸਤਿ੍ਤ ਚਰਚਾ ਕੀਤੀ ਹੈ | ਹੱਡੀਆਂ ਤੇ ਨਾੜੀਆਂ ਦੇ ਚਿੱਤਰਾਂ ਨਾਲ ਭਰੀ ਕਿਤਾਬ ਦੀਆਂ ਤਸਵੀਰਾਂ ਉਸ ਦੇ ਦਿਮਾਗ ਵਿਚ ਆਉਂਦੀਆਂ ਹਨ | ਬਾਹਰ ਬਿਜਲੀ ਲਿਸ਼ਕਦੀ ਹੈ ਤੇ ਉਸ ਨੂੰ ਬਚਪਨ ਵਿਚ ਲੰਦਨ ਵਿਚ ਗੈਲਵਿਨਿਜਮ ਬਾਰੇ ਵੇਖਿਆ ਇਕ ਡਰਾਉਣਾ ਤਜਰਬਾ ਯਾਦ ਆਉਂਦਾ ਹੈ | ਤਾਜ਼ਾ ਫਾਹੇ ਲੱਗੇ ਇਕ ਅਪਰਾਧੀ ਦੀ ਲਾਸ਼ ਨੂੰ ਬਿਜਲੀ ਦਾ ਕਰੰਟ ਲਾਇਆ ਗਿਆ | ਮੁਰਦੇ ਦੇ ਜਬਾੜੇ ਕੰਬੇ | ਅੱਖ ਕੰਬੀ ਤੇ ਖੁੱਲ੍ਹ ਗਈ | ਇਹ ਡਰਾਵਣਾ ਦਿ੍ਸ਼ ਵੈਸੇਲੀਅਸ ਦੀ ਕਿਤਾਬ, ਲਿਸ਼ਕਦੀ ਬਿਜਲੀ, ਭੂਤੀਆ ਮਾਹੌਲ ਦੀਆਂ ਕਹਾਣੀਆਂ, ਟੇਬਲ ਉਤੇ ਬਲਦੀ ਮੋਮਬੱਤੀ ਸਾਰੇ ਕੁਝ ਨੇ ਰਲਮਿਲ ਕੇ ਉਸ ਅੰਦਰ ਆਪਣੇ ਹੀ ਸਿਰਜਕ ਨੂੰ ਵਖਤ ਪਾਉਣ ਵਾਲੇ ਇਕ ਬਨਾਵਟੀ ਜੀਵ ਦੀ ਭੂਤੀਆ ਕਹਾਣੀ ਦੀ ਰੂਪ-ਰੇਖਾ ਉਭਾਰੀ ਜੋ ਉਸ ਨੇ ਜਿਵੇਂ ਉਸ ਨੂੰ ਸੁਝਿਆ, ਸਭ ਨਾਲ ਸਾਂਝੀ ਕੀਤੀ |
ਉਸ ਵੇਲੇ ਤਾਂ ਗੱਲ ਆਈ-ਗਈ ਹੋ ਗਈ ਪਰ ਮੇਰੀ ਇਸ ਮਾਹੌਲ ਨੂੰ ਦੇਰ ਤੱਕ ਨਾ ਭੁੱਲੀ | ਲਗਪਗ ਡੇਢ ਸਾਲ ਉਹ ਇਸ ਕਥਾ ਨੂੰ ਪਰਤ-ਦਰ-ਪਰਤ ਸਵਾਰਦੀ ਵਿਸਤਾਰਦੀ ਰਹੀ | ਪਹਿਲੀ ਜਨਵਰੀ 1818 ਨੂੰ ਉਸ ਨੇ ਇਸ ਨੂੰ ਫਰੈਕਨਸਟਾਈਨ ਦੇ ਨਾਂਅ ਨਾਲ ਪ੍ਰਕਾਸ਼ਿਤ ਕੀਤਾ | ਵਿਗਿਆਨ ਗਲਪ ਦਾ ਜਨਮ ਸੀ ਇਹ | ਨਾਵਲ ਸੀ ਇਹ | ਇਸ ਦਾ ਨਾਇਕ ਵਿਕਟਰ ਫਰੈਂਕਨਸਟਾਈਨ ਪ੍ਰਯੋਗਸ਼ਾਲਾ ਵਿਚ ਇਕ ਬਨਾਵਟੀ ਜੀਵ ਬਣਾਉਣ ਵਿਚ ਕਾਮਯਾਬ ਹੁੰਦਾ ਹੈ | ਅੱਠ ਫੁੱਟ ਉੱਚਾ, ਪੀਲੀਆਂ ਅੱਖਾਂ, ਭਾਰੀ ਡਰਾਉਣਾ ਸਰੀਰ, ਅਰਧ ਪਾਰਦਰਸ਼ੀ ਚਮੜੀ ਵਿਚੋਂ ਖੂਨ, ਨਾੜੀਆਂ, ਹੱਡੀਆਂ ਦਿਸਦੀਆਂ ਹਨ | ਭਿਅੰਕਰ ਤੇ ਡਰਾਉਣਾ | ਵਿਕਟਰ ਆਪ ਹੀ ਡਰ ਕੇ ਭੱਜ ਜਾਂਦਾ ਹੈ | ਉਹ ਜਿਥੇ ਜਾਂਦਾ ਹੈ ਇਹ ਜੀਵ ਉਥੇ ਹੀ ਉਸ ਨੂੰ ਆ ਡਰਾਉਂਦਾ ਹੈ | ਕਈ ਕਤਲ ਕਰਦਾ ਹੈ | ਵਿਕਟਰ ਨੂੰ ਮਜਬੂਰ ਕਰਦਾ ਹੈ ਕਿ ਉਸ ਲਈ ਇਕ ਮਾਦਾ ਜੀਵ ਵੀ ਸਿਰਜੇ | ਵਿਕਟਰ ਤਾਂ ਉਸ ਨੂੰ ਬਣਾ ਕੇ ਹੀ ਡਰਿਆ ਹੋਇਆ ਹੈ | ਉਹ ਉਸ ਵਰਗਾ ਮਾਦਾ ਜੀਵ ਬਣਾਉਣ ਤੋਂ ਨਾਂਹ ਕਰ ਦਿੰਦਾ ਹੈ | ਉਸ ਦਾ ਬਣਾਇਆ ਭੂਤ ਉਸ ਦੇ ਭਰਾ, ਉਸ ਦੀ ਨਵ-ਵਿਆਹੀ ਪਤਨੀ ਤੇ ਉਸ ਦੇ ਭਰਾ ਨੂੰ ਖਾ ਜਾਂਦਾ ਹੈ | ਅੰਤ ਉਹ ਵਿਕਟਰ ਨੂੰ ਵੀ ਖਾ ਜਾਂਦਾ ਹੈ | ਅੱਜ ਅੰਗਰੇਜ਼ੀ ਡਿਕਸ਼ਨਰੀ ਵਿਚ ਫਰੈਂਕਸਟਾਈਨ ਵਿਸ਼ੇਸ਼ਣ ਆਪਣੇ ਹੀ ਸਿਰਜਕ ਨੂੰ ਖਤਮ ਕਰ ਦੇਣ ਦੇ ਅਰਥਾਂ ਵਿਚ ਸਰਵ ਸਵੀਕ੍ਰਿਤ ਹੈ | ਘੱਟੋ-ਘੱਟ ਤਿੰਨ ਫਿਲਮਾਂ ਬਣ ਚੁੱਕੀਆਂ ਹਨ ਇਸ ਨਾਵਲ ਉਤੇ |
ਵਿਗਿਆਨ ਗਲਪ ਵਿਚ ਦੂਜਾ ਵੱਡਾ ਕਦਮ ਜੂਲਜ਼ ਵਰਨ ਨੇ ਪੁੱਟਿਆ | ਉਸ ਨੇ ਅਰਾਊਾਡ ਦੀ ਅਰਥ ਇਨ ਏਟੀ ਡੇਜ਼ ਲਿਖਿਆ | ਉਸ ਨੇ ਪਾਠਕਾਂ ਨੂੰ ਧਰਤੀ ਦੇ ਆਲੇ-ਦੁਆਲੇ ਦੀ ਸੈਰ ਕਰਵਾਉਂਦੇ ਇਸ ਨਾਵਲ ਉਪਰੰਤ ਧਰਤੀ ਦੇ ਅੰਦਰਲੇ ਕੇਂਦਰ ਤੱਕ, ਸਰੀਰਾਂ ਦੇ ਹੇਠਾਂ ਅਤੇ ਅਸਮਾਨਾਂ ਤੱਕ ਦੇ ਨਜ਼ਾਰੇ ਚਿਤਰਦੇ ਵਿਗਿਆਨਕ ਨਾਵਲ ਲਿਖੇ | ਇਹ ਸਨ ਜਰਨੀ ਟੂ ਦੀ ਸੈਂਟਰ ਆਫ਼ ਅਰਥ, 20,000 ਲੀਗਜ਼ ਅੰਦਰ ਦੀ ਸੀ ਅਤੇ ਫਾਈਵ ਵੀਕਸ ਆਨ ਏ ਬੈਲੂਨ | ਉਸ ਨੇ ਇਨ੍ਹਾਂ ਨੂੰ ਲਿਖਣ ਤੋਂ ਪਹਿਲਾਂ ਭਾਂਤ-ਭਾਂਤ ਦੇ ਵਿਗਿਆਨਕ ਰਸਾਲੇ, ਅਖ਼ਬਾਰਾਂ, ਰਿਪੋਰਟਾਂ ਤੇ ਕਿਤਾਬਾਂ ਦੀ ਫਰੋਲਾ-ਫਰਾਲੀ ਕਰਕੇ ਨਿੱਠ ਕੇ ਵਿਚਾਰੇ ਅਤੇ ਉਨ੍ਹਾਂ ਦੀ ਸੁਚੱਜੀ ਵਰਤੋਂ ਆਪਣੀ ਗਲਪ ਵਿਚ ਕੀਤੀ | ਉਸ ਨੇ ਪ੍ਰਾਪਤ ਵਿਗਿਆਨਕ ਜਾਣਕਾਰੀ ਤੇ ਲੱਭਤਾਂ ਨੂੰ ਭਵਿੱਖ ਵਿਚ ਨਵੇਂ-ਨਵੇਂ ਵਿਸਤਾਰ ਗ੍ਰਹਿਣ ਕਰਦੇ ਚਿਤਵਿਆ | ਇਸ ਕਲਪਨਾ ਨੂੰ ਆਪਣੇ ਨਾਵਲ ਜਗਤ ਦਾ ਅੰਗ ਬਣਾਇਆ | ਉਸ ਦੇ ਲਾਏ ਕਈ ਪੂਰਵ ਅਨੁਮਾਨ ਬਾਅਦ ਵਿਚ ਵਿਗਿਆਨੀਆਂ ਨੇ ਜਿਵੇਂ ਵਰਤੇ ਉਸ ਤੋਂ ਉਸ ਨੂੰ ਵਿਗਿਆਨ ਤੇ ਤਕਨਾਲੋਜੀ ਦਾ ਪੈਗੰਬਰ ਦੇ ਵਿਸ਼ੇਸ਼ਣ ਨਾਲ ਚੇਤੇ ਕੀਤਾ ਜਾਂਦਾ ਹੈ | ਉਸ ਦੀ ਗਲਪ ਵਿਚ ਮਸ਼ੀਨਾਂ ਲੰਬੀ ਦੂਰੀ ਤੱਕ ਸੂਚਨਾ ਦੇ ਸੰਚਾਰ ਕਰਦੀਆਂ ਹਨ | ਬੱਘੀਆਂ ਜਲਣ ਕਿਰਿਆ ਨਾਲ ਚੱਲਣ ਵਾਲੇ ਇੰਜਣਾਂ ਆਸਰੇ ਚਲਦੀਆਂ ਹਨ | ਪਾਣੀ ਥੱਲੇ ਸਬ-ਮੇਰੀਨਾਂ ਚਲਦੀਆਂ ਹਨ | ਚੇਤੇ ਰਹੇ ਕਿ ਉਸ ਦੀਆਂ ਉਕਤ ਕਿਤਾਬਾਂ 1873 ਤੱਕ ਛਪ ਚੁੱਕੀਆਂ ਸਨ ਤੇ ਉਨ੍ਹਾਂ ਵਿਚ ਕਲਪਿਤ ਵਿਗਿਆਨ ਨੂੰ ਕਈ ਦਹਾਕੇ ਬਾਅਦ ਯਥਾਰਥ ਦਾ ਰੂਪ ਧਾਰਨਾ ਨਸੀਬ ਹੋਇਆ | ਪੁਲਾੜ ਯਾਤਰਾ ਬਾਰੇ ਦੋ ਗਲਪ ਪੁਸਤਕਾਂ ਦਾ ਵੀ ਇਹੀ ਹਾਲ ਹੈ | 'ਫਰਾਮ ਦਾ ਅਰਥ ਟੂ ਦ ਮੂਨ' ਅਤੇ 'ਆਫ਼ ਆਨ ਏ ਕਾਮੇਟ' ਦਾ ਗਲਪ ਜਗਤ ਸੌ-ਡੇਢ ਸੌ ਸਾਲ ਪਿਛੋਂ ਯਥਾਰਥ ਬਣ ਚੁੱਕਾ ਹੈ | ਵਰਨ ਪੁਲਾੜ ਯਾਤਰੀ ਉਤੇ ਪ੍ਰਵੇਗ (ਐਕਸੈਲਰੇਸ਼ਨ) ਦੇ ਪ੍ਰਭਾਵ ਦੀ ਗੱਲ ਕਰਦਾ ਹੈ | ਚੰਦ ਦੇ ਵਾਤਾਵਰਨ ਦੇ ਮੁਕਾਬਲੇ ਲਈ ਸਬੀਲਾਂ ਸੋਚਦਾ ਹੈ | ਚੰਦ ਵੱਲ ਰਾਕਟ ਦਾਗਣ ਲਈ ਉਸ ਨੂੰ ਫਲੋਰੀਡਾ ਦਾ ਤੱਟ ਹੀ ਉਚਿਤ ਲਗਦਾ ਹੈ | ਉਹ ਪੁਲਾੜ ਵਾਹਨ ਦਾ ਨਾਂਅ ਕੋਲੰਬੀਐਡ ਰੱਖਦਾ ਹੈ | ਨਾਸਾ ਨੇ ਆਪਣੀ ਸਪੇਸ਼ ਸ਼ਟਲ ਦਾ ਨਾਂਅ ਕੋਲੰਬੀਆ ਰੱਖਿਆ | ਉਸ ਨੇ ਫਲੋਰੀਡਾ ਵਿਚ ਸੱਚਮੁੱਚ ਰਾਕਟ ਲਾਂਚ ਸੈਂਟਰ ਵੀ ਬਣਾਇਆ | 20ਵੀਂ ਸਦੀ ਵਿਚ ਮਾਰਕੋਨੀ ਜਿਹੇ ਵਿਗਿਆਨੀਆਂ ਅਤੇ ਯੂਰੀ ਗਾਗਾਰਿਨ ਵਰਗੇ ਪੁਲਾੜ ਯਾਤਰੀਆਂ ਨੇ ਜੂਲਜ਼ ਵਰਨ ਦੀਆਂ ਰਚਨਾਵਾਂ ਤੋਂ ਮਿਲੀ ਪ੍ਰੇਰਨਾ ਦਾ ਉਚੇਚਾ ਜ਼ਿਕਰ ਆਪਣੀਆਂ ਯਾਦਾਂ ਵਿਚ ਕੀਤਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਫੋਨ ਨੰ: 98722-60550. 0175-2372010.

ਕੰਪਿਊਟਰੀ ਨੁਕਤੇ : ਬਣਾਓ ਬਿਨਾਂ ਨਾਂਅ ਅਤੇ ਦਿੱਖ ਵਾਲਾ ਫੋਲਡਰ

ਜੇ ਤੁਸੀਂ ਆਪਣੀ ਵਿੰਡੋ ਦੇ ਕਿਸੇ ਫੋਲਡਰ ਨੂੰ ਦੂਜਿਆਂ ਤੋਂ ਛੁਪਾਉਣਾ ਚਾਹੁੰਦੇ ਹੋ ਜਾਂ ਮਿੱਤਰਾਂ ਨਾਲ ਖ਼ਰਮਸਤੀ ਕਰਨਾ ਚਾਹੁੰਦੇ ਹੋ ਤਾਂ ਇਹ ਨੁਕਤਾ ਕਮਾਲ ਦਾ ਹੈ | ਅੱਜ ਅਸੀਂ ਬਿਨਾਂ ਨਾਂਅ ਵਾਲਾ ਫੋਲਡਰ ਬਣਾਉਣ ਅਤੇ ਫੋਲਡਰ ਨੂੰ ਗ਼ਾਇਬ ਕਰਨ ਦੇ ਨੁਕਤੇ ਦੱਸਾਂਗੇ |
ਸਭ ਤੋਂ ਪਹਿਲਾਂ ਡਰਾਈਵ, ਫੋਲਡਰ ਜਾਂ ਡੈਸਕਟਾਪ 'ਤੇ ਜਾਓ | ਫਿਰ ਇੱਥੇ ਮਾਊਸ ਦਾ ਰਾਈਟ ਕਲਿੱਕ ਕਰੋ | 'ਨਿਊ' ਅਤੇ ਫਿਰ 'ਫੋਲਡਰ' ਦੀ ਚੋਣ ਕਰੋ | ਫੋਲਡਰ ਬਣ ਜਾਵੇਗਾ ਤੇ ਹੇਠਾਂ ਉਸ ਦਾ ਨਾਂਅ (New 6older) ਲਿਖਿਆ ਨਜ਼ਰ ਆਵੇਗਾ | ਹੁਣ ਆਪਣੇ ਕੀ-ਬੋਰਡ ਤੋਂ 1LT+0160 ਦੱਬੋ | ਐਾਟਰ ਬਟਨ ਦਬਾਓ, ਨਾਂਅ ਲੋਪ ਹੋ ਜਾਵੇਗਾ |
ਜੇ ਹੁਣ ਤੁਸੀਂ ਆਪਣੇ ਇਸ ਬਿਨਾਂ ਨਾਂ ਵਾਲੇ ਫੋਲਡਰ ਦੇ ਆਈਕਾਨ ਨੂੰ ਗ਼ਾਇਬ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਸੰਭਵ ਹੈ | ਇਸ ਕੰਮ ਲਈ ਆਪਣੇ ਫੋਲਡਰ 'ਤੇ ਰਾਈਟ ਕਲਿੱਕ ਕਰਨ ਉਪਰੰਤ 'ਪ੍ਰਾਪਰਟੀਜ਼' 'ਤੇ ਜਾਓ | ਹੁਣ ਸਿਖਰਲੇ 'ਕਸਟੋਮਾਈਜ਼' ਬਟਨ ਨੂੰ ਦਬਾਉਂਦਿਆਂ 'ਚੇਂਜ ਆਈਕਾਨ' 'ਤੇ ਕਲਿੱਕ ਕਰ ਦਿਓ | ਵੱਖ-ਵੱਖ ਸ਼ਕਲਾਂ ਵਾਲੇ ਆਈਕਾਨ ਨਜ਼ਰ ਆਉਣਗੇ | ਇੱਥੇ ਤੁਸੀਂ ਵੇਖੋਗੇ ਕਿ ਕੁਝ ਆਈਕੋਨਾਂ/ਤਸਵੀਰਾਂ ਦੀ ਥਾਂ ਤੇ ਖ਼ਾਲੀ ਥਾਂ ਨਜ਼ਰ ਆਵੇਗੀ | ਇੱਥੇ ਹੀ ਫੋਲਡਰ ਨੂੰ ਛੂਹ-ਮੰਤਰ ਕਰਨ ਦਾ ਰਹੱਸ ਛੁਪਿਆ ਹੈ | ਕਿਸੇ ਵੀ ਖ਼ਾਲੀ ਦਿੱਖ ਵਾਲੇ ਆਈਕਾਨ (ਥਾਂ) 'ਤੇ ਕਲਿੱਕ ਕਰੋ | 'ਓਕੇ' ਦਬਾਓ | ਅਪਲਾਈ ਬਟਨ ਦਬਾਉਂਦਿਆਂ ਹੀ ਤੁਹਾਡਾ ਫੋਲਡਰ ਅਦਿ੍ਸ਼ ਹੋ ਜਾਵੇਗਾ | ਪਰ ਜਿਵੇਂ ਤੁਸੀਂ ਇਸ ਉੱਤੇ ਮਾਊਸ ਦਾ ਪੁਆਇੰਟਰ ਲੈ ਕੇ ਜਾਵੋਗੇ ਤਾਂ ਇਹ ਨਜ਼ਰ ਆਉਣ ਲੱਗੇਗਾ | ਇਸ ਫੋਲਡਰ ਨੂੰ ਕੋਈ ਨਵੀਂ ਦਿੱਖ ਦੇਣ ਲਈ ਉਕਤ ਤਰੀਕਾ ਦੁਹਰਾਇਆ ਜਾ ਸਕਦਾ ਹੈ |
ਤੁਸੀਂ ਆਮ ਬਣਾਏ ਜਾਂਦੇ ਨਾਵਾਂ ਵਾਲੇ ਫੋਲਡਰ ਨੂੰ ਵੀ ਲੋਪ ਕਰ ਸਕਦੇ ਹੋ | ਯਾਦ ਰੱਖੋ ਜੇ ਫੋਲਡਰ ਪਹਿਲਾਂ ਤੋਂ ਬਣਿਆ ਹੋਇਆ ਹੈ ਤਾਂ ਤੁਸੀਂ ਉਸ ਤੋਂ ਨਾਂਅ ਲੁਕਾਉਣਾ ਚਾਹੁੰਦੇ ਹੋ ਤਾਂ ਉਸ ਤੇ ਰਾਈਟ ਕਲਿੱਕ ਕਰ ਕੇ 'ਰੀਨੇਮ' ਕਮਾਂਡ ਜਾਂ ਕੀ-ਬੋਰਡ ਤੋਂ 62 ਬਟਨ ਦੱਬੋ |
ਮਾਊਸ ਬਿਨਾਂ ਬਣਾਓ ਟੇਬਲ
ਐਮਐਸ ਵਰਡ ਵਿਚ ਮਾਊਸ ਨੂੰ ਬਿਨਾਂ ਵਰਤਿਆਂ ਟੇਬਲ ਬਣਾਉਣਾ ਸੰਭਵ ਹੈ | ਇੱਥੇ ਤੁਸੀਂ ਸਿਰਫ਼ ਜਮ੍ਹਾਂ (+) ਅਤੇ ਘਟਾਓ (-) ਦੇ ਚਿੰਨ੍ਹ ਪਾ ਕੇ ਹੀ ਟੇਬਲ ਬਣਾ ਸਕਦੇ ਹੋ | ਆਓ! ਜਾਣੀਏ ਅਜਿਹਾ ਕਿਵੇਂ ਕੀਤਾ ਜਾ ਸਕਦਾ ਹੈ? ਵਰਡ ਦੀ ਨਵੀਂ ਫਾਈਲ ਵਿਚ ਇਕ ਜਮ੍ਹਾਂ ਦਾ ਨਿਸ਼ਾਨ ਪਾਓ | ਹੁਣ ਕੁਝ ਘਟਾਓ ਤੇ ਨਿਸ਼ਾਨ ਪਾ ਕੇ ਫਿਰ ਜਮ੍ਹਾਂ ਦਾ ਨਿਸ਼ਾਨ ਪਾ ਦਿਓ | ਇਹ ਦੋਵੇਂ ਨਿਸ਼ਾਨ (+---------+) ਪਾਉਣ ਉਪਰੰਤ 'ਐਾਟਰ' ਦੱਬਣ ਨਾਲ ਟੇਬਲ ਦਾ ਇਕ ਕਾਲਮ (ਸਿਖਰ ਤੋਂ ਹੇਠਾਂ ਆਉਣ ਵਾਲੀ ਲਾਈਨ) ਪੂਰਾ ਹੋ ਜਾਵੇਗਾ | ਜੇ ਤੁਸੀਂ ਤਿੰਨ ਕਾਲਮਾਂ ਵਾਲਾ ਟੇਬਲ ਬਣਾਉਣਾ ਹੈ ਤਾਂ ਕੁਝ ਘਟਾਓ ਦੇ ਚਿੰਨ੍ਹ ਪਾਉਣ ਉਪਰੰਤ ਫਿਰ ਜਮ੍ਹਾਂ ਪਾਓ ਤੇ ਅੱਗੇ ਵੀ ਇਸੇ ਤਰ੍ਹਾਂ ਕਰੋ | ਐਾਟਰ ਬਟਨ ਦਬਾਉਂਦਿਆਂ ਹੀ ਤੁਹਾਨੂੰ ਟੇਬਲ ਦੀ ਪਹਿਲੀ ਰੋਅ (ਖੱਬੇ ਤੋਂ ਸੱਜੇ ਹੱਥ ਜਾਣ ਵਾਲੀ ਲਾਈਨ) ਨਜ਼ਰ ਆਵੇਗੀ | ਹੁਣ ਹੋਰ ਰੋਅਜ਼ ਬਣਾਉਣ ਲਈ ਕਰਸਰ ਇਸ ਰੋਅ ਦੇ ਆਖ਼ਰੀ ਸੈੱਲ (ਡੱਬੇ) ਵਿਚ ਰੱਖ ਕੇ ਕੀ-ਬੋਰਡ ਦਾ ਟੈਬ ਬਟਨ ਦਬਾਓ | ਇਹ ਕੰਮ ਓਨੀ ਦੇਰ ਤੱਕ ਜਾਰੀ ਰੱਖੋ ਜਿੰਨੀ ਦੇਰ ਤੱਕ ਲੋੜੀਂਦੀਆਂ ਰੋਅਜ਼ ਨਾ ਬਣ ਜਾਣ |
ਫ਼ੋਨ ਨੂੰ ਟੀ.ਵੀ. ਵਿਚ ਖੋਲ੍ਹ ਕੇ ਪੜ੍ਹੋ ਕਿਤਾਬਾਂ
ਜੇਬੀ ਯੰਤਰ ਯਾਨੀ ਕਿ ਸਮਾਰਟ ਫ਼ੋਨ ਦੀ ਸਤਹ ਬਹੁਤ ਛੋਟੀ ਹੁੰਦੀ ਹੈ ਜਿਸ ਕਾਰਨ ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਅੱਖਾਂ ਅਤੇ ਗਰਦਨ 'ਤੇ ਮਾੜਾ ਅਸਰ ਪੈਂਦਾ ਹੈ | ਇਸ ਦਾ ਇਕ ਬਦਲ ਇਹ ਹੈ ਕਿ ਤੁਸੀਂ ਆਪਣੇ ਸਮਾਰਟ ਫ਼ੋਨ ਨੂੰ ਆਪਣੇ ਐਾਡਰਾਇਡ ਜਾਂ ਸਮਾਰਟ ਟੀਵੀ ਵਿਚ ਖੋਲ੍ਹ ਕੇ ਸੁਨੇਹੇ, ਤਸਵੀਰਾਂ, ਆਡੀਓ ਤੇ ਵੀਡੀਓ ਆਦਿ ਦੇਖ ਸਕਦੇ ਹੋ |
ਫੋਨ ਅਤੇ ਟੀ.ਵੀ. ਨੂੰ ਆਪਸ ਵਿਚ ਜੋੜਨ ਲਈ ਇਹ ਦੋਵੇਂ ਜੰਤਰ ਵਾਈ-ਫਾਈ ਨੈੱਟਵਰਕ ਨਾਲ ਜੁੜੇ ਹੋਣ | ਜੇ ਘਰ ਵਿਚ ਵਾਈ-ਫਾਈ ਦੀ ਸਹੂਲਤ ਨਹੀਂ ਹੈ ਤਾਂ ਤੁਸੀਂ ਆਪਣੇ ਫ਼ੋਨ ਨੂੰ ਹਾਟ-ਸਪਾਟ ਰਾਹੀਂ ਟੀ.ਵੀ. ਨਾਲ ਜੋੜ ਸਕਦੇ ਹੋ | ਦੋਵਾਂ ਦਾ ਆਪਸੀ ਸੰਪਰਕ ਬਣਾਉਣ ਮਗਰੋਂ ਤੁਸੀਂ ਆਪਣੇ ਫ਼ੋਨ ਦੀਆਂ 'ਸੈਟਿੰਗਜ਼' ਵਿਚ ਜਾ ਕੇ ਇੱਥੋਂ 'ਮੋਰ' ਅਤੇ ਫਿਰ 'ਵਾਇਰਲੈੱਸ ਡਿਸਪਲੇ' ਬਦਲ ਚੁਣਨ ਉਪਰੰਤ ਆਪਣੇ ਟੀਵੀ ਦੇ ਨਾਂਅ ਦੀ ਚੋਣ ਕਰੋ | ਤੁਹਾਡੇ ਸਮਾਰਟ ਫ਼ੋਨ ਦੀ ਸਕਰੀਨ ਟੀ.ਵੀ. ਦੀ ਵੱਡੀ ਸਕਰੀਨ ਵਿਚ ਨਜ਼ਰ ਆਉਣ ਲੱਗੇਗੀ | ਈ-ਪੁਸਤਕਾਂ ਪੜ੍ਹਨ ਲਈ ਇਹ ਜੁਗਤ ਬੜੀ ਕਮਾਲ ਦੀ ਹੈ |
ਕੀ-ਬੋਰਡ ਤੋਂ ਹੀ ਬਦਲੋ ਫੌਾਟ
ਸ਼ਬਦਾਂ ਦੀ ਟਾਈਪਿੰਗ, ਕਾਂਟ-ਛਾਂਟ ਅਤੇ ਸਜਾਵਟ ਕਰਨ ਸਮੇਂ ਮਾਊਸ ਦੀ ਵਰਤੋਂ ਜਿੰਨੀ ਘੱਟ ਕੀਤੀ ਜਾਵੇ ਓਨੀ ਹੀ ਚੰਗੀ ਹੈ | ਵਾਰ-ਵਾਰ ਮਾਊਸ ਦੀ ਵਰਤੋਂ ਤੁਹਾਡੇ ਕੰਮ ਵਿਚ ਵਿਘਨ ਤਾਂ ਪਾਉਂਦੀ ਹੀ ਹੈ, ਨਾਲ ਗਤੀ ਵੀ ਧੀਮੀ ਕਰਦੀ ਹੈ | ਇਸ ਲਈ ਇਕ ਚੰਗਾ ਟਾਈਪਕਾਰ, ਸੰਪਾਦਕ, ਪੇਜ ਡਿਜ਼ਾਈਨਰ ਵੱਧ ਤੋਂ ਵੱਧ ਕੀ-ਬੋਰਡ ਦੇ ਸ਼ਾਰਟਕੱਟ ਵਰਤਦਾ ਹੈ | ਚੁਣੇ ਹੋਏ ਮੈਟਰ ਦੇ ਫੌਾਟ ਦੇ ਆਕਾਰ ਨੂੰ ਵਧਾਉਣ ਜਾਂ ਘਟਾਉਣ ਲਈ ਵੀ ਕੀ-ਬੋਰਡ ਸ਼ਾਰਟਕੱਟ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ | ਆਓ, ਬਿਨਾਂ ਮਾਊਸ ਵਰਤਿਆਂ ਫ਼ੌਾਟ ਦਾ ਆਕਾਰ ਬਦਲਣ ਦਾ ਨੁਕਤਾ ਸਿੱਖੀਏ |
ਸਭ ਤੋਂ ਪਹਿਲਾਂ ਪਾਠ ਦੀ ਚੋਣ ਕਰੋ ਜਿਸ ਦਾ ਤੁਸੀਂ ਫੌਾਟ ਵਧਾਉਣਾ ਚਾਹੁੰਦੇ ਹੋ | ਹੁਣ ਕੀ-ਬੋਰਡ ਤੋਂ 3TRL ਬਟਨ ਦੱਬ ਕੇ ਰੱਖੋ ਅਤੇ ਚੌਰਸ ਬ੍ਰੈਕਟ (]) ਵਾਲੇ ਬਟਨ ਨੂੰ ਵਾਰ-ਵਾਰ ਦਬਾਉਂਦੇ ਰਹੋ | ਤੁਸੀਂ ਵੇਖੋਗੇ ਕਿ ਹਰ ਵਾਰ ਪਾਠ ਦਾ ਆਕਾਰ ਇਕ ਪੁਆਇੰਟ ਵੱਡਾ ਹੁੰਦਾ ਜਾਵੇਗਾ | ਇਸ ਤਰ੍ਹਾਂ ਫੌਾਟ ਦਾ ਆਕਾਰ ਘਟਾਉਣ ਲਈ 3TRL+[ ਦੀ ਵਰਤੋਂ ਕੀਤੀ ਜਾ ਸਕਦੀ ਹੈ |

-ਫੋਨ : 94174-55614

ਭੁੱਲੀਆਂ ਵਿਸਰੀਆਂ ਯਾਦਾਂ

ਸ: ਸੋਭਾ ਸਿੰਘ ਆਰਟਿਸਟ ਅਤੇ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਆਪਸੀ ਗੂੜ੍ਹੀ ਮਿੱਤਰਤਾ ਸੀ | ਸ: ਸੋਭਾ ਸਿੰਘ ਆਰਟਿਸਟ ਕੁਝ ਸਮਾਂ ਪ੍ਰੀਤ ਨਗਰ ਰਹਿ ਕੇ ਹਿਮਾਚਲ ਵਿਚ ਅੰਦਰੇਟੇ ਚਲੇ ਗਏ ਸੀ | ਕੁਝ ਸਮੇਂ ਬਾਅਦ ਉਹ ਸ: ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਮਿਲਣ ਲਈ ਪ੍ਰੀਤ ਨਗਰ ਆਏ | ਤਸਵੀਰ ਵਿਚ ਸ: ਸੋਭਾ ਸਿੰਘ ਦੇ ਨਾਲ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਉਨ੍ਹਾਂ ਦੀ ਸੁਪਤਨੀ ਵੀ ਬੈਠੇ ਨਜ਼ਰ ਆ ਰਹੇ ਹਨ | ਉਹ ਬੀਤੇ ਸਮੇਂ ਦੀਆਂ ਗੱਲਾਂ ਕਰ ਰਹੇ ਸਨ | ਇਸ ਵਕਤ ਤਿੰਨੇ ਹਸਤੀਆਂ ਰੱਬ ਨੂੰ ਪਿਆਰੀਆਂ ਹੋ ਗਈਆਂ ਹਨ ਪਰ ਇਹ ਯਾਦ ਤਸਵੀਰ ਦੇ ਰੂਪ 'ਚ ਸਾਡੇ ਕੋਲ ਮੌਜੂਦ ਹੈ |

ਮੋਬਾਈਲ : 98767-41231

ਮਿਸਰ ਦੇ ਰੱਹਸਮਈ ਪਿਰਾਮਿਡ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਿਸਰ ਦੇ ਮਹਾਨ ਪਿਰਾਮਿਡ
ਦੂਜੇ ਦਿਨ ਦਾ ਟੂਰ ਗਿਜ਼ਾ ਦੇ ਮਹਾਨ ਪਿਰਾਮਿਡਾਂ ਤੋਂ ਇਲਾਵਾ ਕਾਹਿਰਾ ਤੋਂ 20 ਕਿਲੋਮੀਟਰ ਦੂਰ ਮਿਮਫਸ, ਦਾਸ਼ੂਰ ਅਤੇ ਸੱਕਾਰਾ ਨਾਂ ਦੀਆਂ ਪੁਰਾਤਨ ਥੇਹਾਂ ਵੇਖਣ ਦਾ ਸੀ | ਕੁਦਰਤੀ ਉਸ ਦਿਨ ਆਇਆ ਗਾਈਡ ਮਾਰਕੋ ਬਹੁਤ ਹੀ ਸਿਆਣਾ, ਮਿਲਾਪੜਾ ਇਸਾਈ ਮੁੰਡਾ ਸੀ ਜੋ ਛੇਤੀ ਹੀ ਮੇਰੇ ਨਾਲ਼ ਘੁਲ਼ ਮਿਲ਼ ਗਿਆ | ਮਿਸਰ ਵਿਚ ਟੂਰਿਸਟ ਗਾਈਡ ਇਤਿਹਾਸ ਦੇ ਬੜੇ ਮਾਹਿਰ, ਯੂਨੀਵਰਸਿਟੀਆਂ ਦੇ ਗਰੈਜੂਏਟ ਹੁੰਦੇ ਹਨ ਅਤੇ ਕਈ ਭਾਸ਼ਾਵਾਂ ਦੇ ਮਾਹਿਰ ਵੀ | ਮਾਰਕੋ ਜਿੱਥੇ ਮੈਨੂੰ ਆਪਣੇ ਇਤਿਹਾਸ ਅਤੇ ਸੱਭਿਅਤਾ ਬਾਰੇ ਦੱਸਦਾ ਰਿਹਾ ਓਥੇ ਮੈਥੋਂ ਭਾਰਤੀ ਸੱਭਿਆਚਾਰ, ਧਰਮਾਂ ਅਤੇ ਇਤਿਹਾਸ ਬਾਰੇ ਵੀ ਪੁੱਛਦਾ ਰਿਹਾ | ਸਿੱਖ ਧਰਮ ਬਾਰੇ ਜਾਣ ਕੇ ਉਹ ਬਹੁਤ ਮੁਤਾਸਰ ਹੋਇਆ | (ਬਾਅਦ ਵਿਚ ਮੇਰੇ ਵਾਪਸੀ ਵਾਲ਼ੇ ਦਿਨ ਉਹ ਮੈਨੂੰ ਅੰਦਰੂਨੀ ਕਾਹਿਰਾ ਵਿਚ ਆਪਣੇ ਘਰ ਲੈ ਗਿਆ ਜਿੱਥੇ ਉਹ ਬੱਚਿਆਂ ਵਾਸਤੇ ਆਂਗਨਵਾੜੀ ਸਕੂਲ ਵੀ ਚਲਾ ਰਿਹਾ ਸੀ)
ਬਹੁਤ ਪੁਰਾਤਨ ਮਿਸਰ ਮੁਲਕ ਦੋ ਹਿੱਸਿਆਂ ਵਿਚ ਵੰਡਿਆ ਸੀ, ਉੱਪਰੀ ਅਤੇ ਹੇਠਲਾ | ਉੱਪਰੀ ਮਿਸਰ ਮਤਲਬ ਜਿਧਰੋਂ ਦਰਿਆ ਨੀਲ ਵਹਿੰਦਾ ਹੈ ਭਾਵ ਦੱਖਣ ਤੋਂ ਉੱਤਰ ਵੱਲ | ਤਕਰੀਬਨ 3100 ਈ: ਪੂਰਵ ਇਨ੍ਹਾਂ ਹਿੱਸਿਆਂ ਦਾ ਏਕੀਕਰਨ ਹੋ ਗਿਆ , ਮੇਨਸ ਨਾਂ ਦੇ ਫਿਰੋਨ ਦੇ ਯਤਨਾਂ ਨਾਲ | ਉਸੇ ਨੇ ਹੀ ਮੈਮਫਿਸ ਨਗਰ ਵਸਾਇਆ ਅਤੇ ਮਿਸਰ ਦੀ ਪਹਿਲੀ ਰਾਜਧਾਨੀ ਬਣਾਇਆ | ਏਕੀਕਰਨ ਤੋਂ ਬਾਅਦ ਹਰੇਕ ਰਾਜਾ ਦੋ ਤਾਜ ਪਹਿਨਦਾ ਸੀ, ਉੱਪਰੀ ਮੁਲਕ ਦਾ ਚਿੱਟਾ ਅਤੇ ਹੇਠਲੇ ਮੁਲਕ ਦਾ ਲਾਲ | ਅੱਜ ਮੇਮਫਿਸ ਵਿਚ ਪੁਰਾਤਨ ਰਾਜਧਾਨੀ ਦੇ ਖੰਡਰ ਹਨ | ਇਸ ਤੋਂ ਬਿਨਾਂ ਇਥੇ ਰਾਮਸਜ਼ ਦੂਜੇ ਮਹਾਨ (ਓਜ਼ੀਮੇਂਡਿਸ) ਦੀ 32 ਫੁੱਟ ਲੰਬੀ ਵਿਸ਼ਾਲ ਮੂਰਤੀ ਵੀ ਰੱਖੀ ਗਈ ਹੈ ਜੋ ਕਿ ਲੇਟੀ ਹੋਈ ਅਵਸਥਾ ਵਿਚ ਹੈ | ਹੈਰਾਨੀ ਹੋ ਰਹੀ ਸੀ ਕਿ ਇਸੇ ਰਾਜੇ ਦੀ ਲਾਸ਼ ਮੈਂ ਹਾਲੇ ਕਲ੍ਹ ਹੀ ਵੇਖ ਕੇ ਆਇਆ ਸੀ |
ਮੈਮਫਿਸ ਤੋਂ ਥੋੜ੍ਹੀ ਦੂਰੀ 'ਤੇ ਸੱਕਾਰਾ ਨਾਂਅ ਦੀ ਥਾਂ 'ਤੇ ਮਿਸਰ ਦਾ ਸਭ ਤੋਂ ਪੁਰਾਣਾ ਮਕਬਰਿਆਂ ਦਾ ਸਮੂਹ ਹੈ | ਜਿਅਨ ਫੀਲਿਪੇ ਨਾਂ ਦੇ ਫ੍ਰਾਂਸੀਸੀ ਪੁਰਾਤਵ ਖੋਜੀ ਨੇ 1930 ਵਿਚ ਇਸ ਥਾਂ ਦੀ ਖੋਜ ਕੀਤੀ ਅਤੇ ਇਨ੍ਹਾਂ ਖੰਡਰਾਂ ਨੂੰ ਮੁਰੰਮਤ ਕਰਨਾ ਸ਼ੁਰੂ ਕੀਤਾ | ਏਥੇ ਹੀ ਦੂਨੀਆਂ ਦਾ ਸਭ ਤੋਂ ਪੁਰਾਣਾ ਪਿਰਾਮਿਡ ਹੈ ਜੋ ਕਿ ਬਾਕੀ ਦੇ ਪਿਰਾਮਿਡ ਵਾਂਗ ਪੱਧਰ ਸਤਹਿ ਵਾਲਾ ਨਹੀਂ ਬਲਕਿ ਪੌੜੀਆਂਨੁਮਾ ਹੈ | ਇਸ ਨੂੰ ਤੀਜੀ ਕੁਲ ਦੇ ਰਾਜੇ ਜੋਸਰ ਨੇ 2667 ਤੋਂ 2648 ਬੀ.ਸੀ ਵਿਚ ਬਣਵਾਇਆ | ਇਹ ਇਤਿਹਾਸ ਦਾ ਪਹਿਲਾ ਪੱਥਰ ਦਾ ਮਕਬਰਾ ਮੰਨਿਆ ਜਾਂਦਾ ਹੈ | ਪਹਿਲਾਂ ਮਕਬਰੇ ਮਿੱਟੀ ਦੀਆਂ ਇੱਟਾਂ ਦੇ ਹੀ ਬਣਦੇ ਸਨ | ਏਥੇ ਹੀ ਉਹ ਮੈਦਾਨ ਹੈ ਜਿੱਥੇ ਰਾਜੇ ਆਪਣੇ ਰਾਜ ਦੇ ਹਰ ਤੀਹ ਸਾਲ ਪੂਰੇ ਹੋਣ 'ਤੇ ਅਪਣੀ ਸਰੀਰਕ ਫਿੱਟਨਸ ਸਾਬਤ ਕਰਨ ਵਾਸਤੇ ਬਲਦ ਨਾਲ ਲੜ ਕੇ ਦਿਖਾਉਂਦੇ ਸਨ |
ਸਕਾਰਾ ਤੋਂ ਬਾਅਦ ਅਸੀਂ ਪਹੁੰਚੇ ਦਾਸ਼ੂਰ ਜਿਥੇ ਕਿ ਰੇਗਿਸਤਾਨ ਵਿਚ ਤਿੰਨ ਪਿਰਾਮਿਡ ਖੜ੍ਹੇ ਹਨ | ਸਭ ਤੋਂ ਵੱਡਾ ਲਾਲ ਪਿਰਾਮਿਡ ਹੈ ਜੋ ਕਿ 90 ਮੀਟਰ ਜ਼ਮੀਨ ਦੇ ਉੱਪਰ ਅਤੇ 40 ਮੀਟਰ ਥੱਲੇ ਹੈ | ਅੰਦਰ ਦਾਖਲ ਹੋਣ ਵਾਸਤੇ ਲਗਭਗ 4'__1MP__4' ਦੀ ਸੁਰੰਗ ਹੈ ਜਿਸ ਰਾਹੀਂ ਝੁਕ ਕੇ ਲੱਕੜੀ ਦੇ ਪੌਡਿਆਂ ਰਾਹੀਂ ਉਤਰਨਾ ਪੈਂਦਾ ਹੈ | ਲਾਲ ਪਿਰਾਮਿਡ ਤੋਂ ਕੋਈ 1 ਕਿਲੋਮੀਟਰ 'ਤੇ ਇਕ ਅਜੀਬ ਪਿਰਾਮਿਡ ਹੈ ਜਿਸ ਨੂੰ ਬੈਂਟ (ਮੁੜਿਆ) ਪਿਰਾਮਿਡ ਕਿਹਾ ਜਾਂਦਾ ਹੈ | ਅਸਲ ਵਿਚ ਇਸ ਦੀ ਬਣਤਰ 54 ਡਿਗਰੀ ਦੇ ਕੋਣ 'ਤੇ ਸ਼ੁਰੂ ਕੀਤੀ ਗਈ ਪਰ ਉਸਾਰੀ ਅਸੱਥਿਰ ਹੋਣ ਕਾਰਨ ਤਰੇੜਾਂ ਪੈ ਗਈਆਂ ਅਤੇ ਬਣਾਉਣ ਵਾਲਿਆਂ ਨੇ ਉਪੱਰੀ ਹਿੱਸੇ ਨੂੰ 43 ਡਿਗਰੀ 'ਤੇ ਮੋੜ ਦਿੱਤਾ ਗਿਆ | ਇਹ ਪਿਰਾਮਿਡ ਚੌਥੀ ਕੁਲ ਦੇ ਰਾਜੇ ਨੌਫਰ ਨੇ ਬਣਵਾਏ |
ਟੂਰ ਦੇ ਵਿਚ ਹੀ ਕਿਸੇ ਵਧੀਆ ਹੋਟਲ ਦਾ ਖਾਣਾ ਵੀ ਸ਼ਾਮਲ ਹੁੰਦਾ ਹੈ | ਮਿਸਰੀ ਪਕਵਾਨ ਮਿਰਚ ਮਸਾਲਾ ਘੱਟ ਹੋਣ ਕਾਰਨ ਸੁਆਦ ਨਹੀਂ ਲਗਦੇ | ਨਾਲ਼ੇ ਓਥੇ ਬਰੈੱਡ ਜਾਂ ਨਾਨ ਠੰਢੇ ਖਾਧੇ ਜਾਂਦੇ ਹਨ | ਦੁੱਧ ਬੋਤੀ ਦਾ ਮਿਲ਼ਦਾ ਹੈ | ਦੁਪਹਿਰ ਤੋਂ ਬਾਅਦ ਵਾਰੀ ਸੀ ਗਿਜ਼ਾ ਦੇ ਮਹਾਨ ਪਿਰਾਮਿਡ ਵੇਖਣ ਦੀ | ਗਿਜ਼ਾ ਦੇ ਪਠਾਰ ਕਾਹਿਰਾ ਤੋਂ ਕੋਈ 18 ਕਿਲੋਮੀਟਰ ਪੱਛਮ ਵੱਲ ਹਨ ਪਰ ਹੁਣ ਇਹ ਸ਼ਹਿਰ ਵਿਚ ਹੀ ਆ ਚੁੱਕੇ ਹਨ | ਇਸ ਥਾਂ ਤਿੰਨ ਵੱਡੇ ਪਿਰਾਮਿਡ ਹਨ ਸਭ ਤੋਂ ਵੱਡਾ ਚੌਥੀ ਕੁਲ ਦੇ ਰਾਜੇ ਖੁਫੂ ਦਾ ਉਸ ਤੋਂ ਛੋਟਾ ਉਸ ਦੇ ਪੁੱਤ ਖਾਫਰੂ ਦਾ ਅਤੇ ਉਸ ਤੋਂ ਛੋਟਾ ਪੋਤੇ ਮੰਕਾਰੂ ਦਾ | (ਖੁਫੂ ਅਸਲ ਵਿਚ ਦਾਸੂਰ ਵਾਲ਼ੇ ਨੌਫੂਰ ਰਾਜੇ ਦਾ ਬੇਟਾ ਸੀ) | ਇਸ ਤੋਂ ਬਿਨਾਂ ਇਕ ਸਭ ਤੋਂ ਛੋਟਾ ਰਾਣੀ ਖੇਂਤਕਾਰੂ ਦਾ ਮਕਬਰਾ ਵੀ ਹੈ | ਪਰ ਦੁਨੀਆਂ ਦੇ ਸੱਤ ਮਹਾਨ ਅਜੂਬਿਆਂ ਵਿਚ ਸ਼ੁਮਾਰ ਖੁਫੂ ਦੇ ਪਿਰਾਮਿਡ ਨੂੰ ਹੀ ਕੀਤਾ ਜਾਂਦਾ ਹੈ | ਇਹ ਸਭ ਤੋਂ ਪੁਰਾਣਾ ਅਤੇ ਇਕੋ ਇਕ ਬਕਾਇਆ ਅਜੂਬਾ ਹੈ | ਇਸ ਦੀ ਉਸਾਰੀ 2560 ਤੋਂ 2540 ਈਸਾ ਪੂਰਵ ਵਿਚ ਕੀਤੀ ਗਈ | ਪੁਰਾਤਨ ਮਿਸਰ ਵਿਚ ਮਾਨਤਾ ਸੀ ਕਿ ਮੌਤ ਤੋਂ ਬਾਅਦ ਰਾਜੇ ਦੀ ਦੇਵਤੇ ਦੇ ਰੂਪ ਵਿਚ ਨਵੀਂ ਜ਼ਿੰਦਗੀ ਸ਼ੁਰੂ ਹੋਵੇਗੀ | ਉੁਸ ਦੀ ਲਾਸ਼ ਨੂੰ ਮੰਮੀ ਬਣਾ ਕੇ ਖੂਬਸੂਰਤ ਤਾਬੂਤਾਂ ਵਿਚ ਬੰਦ ਕਰਕੇ ਸਮੇਤ ਰਸਦ-ਪਾਣੀ, ਧੰਨ-ਦੌਲਤ, ਹੀਰੇ-ਜਵਾਹਰਾਤ ਅਤੇ ਹੋਰ ਅਨੇਕਾਂ ਵਸਤਾਂ ਪਿਰਾਮਿਡਾਂ ਵਿਚ ਹਮੇਸ਼ਾ ਵਾਸਤੇ ਸਾਂਭ ਦਿੱਤਾ ਜਾਂਦਾ ਸੀ | ਮੰਨਿਆ ਜਾਂਦਾ ਸੀ ਕਿ ਦੇਵਤਿਆਂ ਦੀ ਚਮੜੀ ਸੋਨੇ ਦੀ ਹੁੰਦੀ ਹੈ | ਇਸੇ ਕਰਕੇ ਸੋਨੇ ਦੀ ਖਾਸ ਅਹਿਮੀਅਤ ਸੀ | ਸ਼ੁਰੂ ਸ਼ੁਰੂ ਵਿਚ ਮਕਬਰੇ ਪਿਰਾਮਿਡਾਂ ਦੀ ਸ਼ਕਲ ਵਿਚ ਬਣਾਏ ਜਾਂਦੇ ਸੀ | ਰਾਜਾ ਆਪਣੇ ਜੀਵਨ ਕਾਲ ਵਿਚ ਹੀ ਇਨ੍ਹਾਂ ਦੀ ਉਸਾਰੀ ਸ਼ੁਰੂ ਕਰਵਾ ਦਿੰਦਾ ਸੀ ਅਤੇ ਅਵਾਮ ਇਸ ਨੂੰ ਕੌਮੀ ਮਿਸ਼ਨ ਮੰਨ ਕੇ ਕਰਦੀ ਸੀ, ਚਾਹੇ ਉਨ੍ਹਾਂ ਨੂੰ ਮਿਹਨਤਾਨਾ ਦਿੱਤਾ ਜਾਂਦਾ ਸੀ | ਇਨ੍ਹਾਂ ਪਿਰਾਮਿਡਾਂ ਨੂੰ ਵਿਸ਼ਾਲ ਅਤੇ ਮਜ਼ਬੂਤ ਬਣਾਇਆ ਜਾਂਦਾ ਸੀ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਛੇੜ ਨਾ ਸਕੇ | ਪਰ ਹਜ਼ਾਰਾਂ ਸਾਲਾਂ ਬਾਅਦ ਸਭ ਕੀਮਤੀ ਸ਼ੈਆਂ-ਲੱਟ ਲਈਆਂ ਗਈਆਂ | ਮਿਸਰ ਵਿਚ ਬਹੁਤ ਸਾਰੇ ਪਿਰਾਮਿਡ ਹਨ ਅਤੇ ਲਗਾਤਾਰ ਲੱਭ ਰਹੇ ਹਨ | ਪਿਛਲੇ ਅੱਠ ਸਾਲਾਂ ਵਿਚ ਹੀ ਇਨ੍ਹਾਂ ਦੀ ਗਿਣਤੀ 160 ਤੋਂ ਵਧ ਕੇ 200 ਤੋਂ ਉਤੇ ਹੋ ਚੁੱਕੀ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 98144-22617

ਪਾਲੀਵੁੱਡ ਝਰੋਖਾ ਦਲਜੀਤ ਤੋਂ ਦਿਲਜੀਤ ਦੋਸਾਂਝ ਤੱਕ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬਾਵਜੂਦ ਇਨ੍ਹਾਂ ਪ੍ਰਾਪਤੀਆਂ ਦੇ, ਦਿਲਜੀਤ ਦੀ ਨਿਮਰਤਾ ਅਜੇ ਵੀ ਕਾਇਮ ਹੈ | ਉਸ ਦੇ ਠਰੰ੍ਹਮੇ ਵਾਲੇ ਸੁਭਾਅ ਦਾ ਇਸ ਗੱਲ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਹਨੀ ਸਿੰਘ ਤੋਂ ਲੈ ਕੇ ਗੁਰਦਾਸ ਮਾਨ ਤੱਕ ਨਾਲ ਰਲ ਕੇ ਕੰਮ ਕਰਨ ਕਰਕੇ ਆਪਣੇ-ਆਪ ਨੂੰ ਵਡਭਾਗਾ ਘੋਸ਼ਿਤ ਕੀਤਾ ਹੈ | ਕਹਿਣ ਦਾ ਭਾਵ ਇਹ ਹੈ ਕਿ ਉਹ ਕਿਸੇ ਵੀ ਕੰਮ ਜਾਂ ਕਲਾਕਾਰ ਨੂੰ ਪੂਰਾ ਪੂਰਾ ਸਹਿਯੋਗ ਦੇਣ ਦਾ ਯਤਨ ਕਰਦਾ ਹੈ | ਇਹ ਨਿਮਰਤਾ ਹੀ ਉਸ ਦੀ ਸਫ਼ਲਤਾ ਦਾ ਅਧਾਰ ਹੈ |
ਮੌਜੂਦਾ ਹਾਲਤਾਂ ਇਸ ਤਰ੍ਹਾਂ ਦੀਆਂ ਬਣ ਰਹੀਆਂ ਹਨ ਕਿ ਡਰ ਲਗਦਾ ਹੈ ਕਿ ਪਾਲੀਵੁੱਡ ਦਾ ਇਹ ਹੀਰਾ ਆਪਣੀ ਚਮਕ ਬਾਲੀਵੁੱਡ ਦੀ ਚਕਾਚੌਾਧ ਕਰਨ ਵਾਲੀਆਂ ਝੂਠੀਆਂ ਰੋਸ਼ਨੀਆਂ ਅੱਗੇ ਮੱਧਮ ਨਾ ਕਰ ਲਏ | ਜਿਸ ਤਰ੍ਹਾਂ ਉਸ ਨੂੰ ਹਿੰਦੀ ਸਿਨੇਮਾ ਦੇ ਵੱਡੇ ਬੈਨਰ ਆਪੋ-ਆਪਣੀ ਗਿ੍ਫ਼ਤ 'ਚ ਲੈਣ ਲਈ ਉਤਾਵਲੇ ਹੋ ਰਹੇ ਹਨ ਉਸ ਤੋਂ ਦਿਲਜੀਤ ਨੂੰ ਸੁਚੇਤ ਰਹਿਣਾ ਪਵੇਗਾ | ਇਹ ਠੀਕ ਹੈ ਕਿ ਇਸ ਵੇਲੇ ਸ਼ਾਹਿਦ ਕਪੂਰ ਤੋਂ ਲੈ ਕੇ ਅਜੈ ਦੇਵਗਨ ਉਸ ਨੂੰ ਆਪਣੇ ਨਾਲ ਸਹਿ-ਨਾਇਕ ਦੇ ਰੂਪ 'ਚ ਉਤਾਰਨ ਦੀ ਇੱਛਾ ਰੱਖਦੇ ਹਨ ਅਤੇ ਅਨੁਸ਼ਕਾ ਸ਼ਰਮਾ ਵੀ ਉਸ ਨੂੰ ਹੀ ਆਪਣੇ ਬੈਨਰ ਦਾ ਸ਼ਿੰਗਾਰ ਬਣਾਉਣਾ ਫ਼ਕਰ ਸਮਝ ਰਹੀ ਹੈ, ਪਰ ਇਸ ਦੇ ਨਾਲ ਉਸ ਨੂੰ ਸੰਭਲ ਕੇ ਚੱਲਣਾ ਪਵੇਗਾ |
ਫਿਰ ਦਿਲਜੀਤ ਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਉਸ ਦੇ ਦੁਆਬੇ ਵਾਲੇ ਗਰਾੲੀਂ ਅਤੇ ਉਸ ਦੇ ਸਰਨਾਵੀਏਾ (ਦਲਜੀਤ) ਨੂੰ ਵੀ ਕਦੇ ਹਿੰਦੀ ਅਤੇ ਪੰਜਾਬੀ ਸਿਨੇਮਾ ਨੇ ਸਿਰ ਮੱਥੇ ਬਿਠਾਇਆ ਸੀ |
ਪਰ ਔਖੇ ਵੇਲੇ ਵਿਸਾਰ ਦਿੱਤਾ ਗਿਆ ਸੀ | ਲਗਪਗ ਅਜਿਹੀ ਹੀ ਸਥਿਤੀ ਕਰਨ ਦੀਵਾਨ ਅਤੇ ਅਮਰ ਨਾਥ ਵਰਗਿਆਂ ਹਿੰਦੀ ਪੰਜਾਬੀ ਦਿਆਂ ਮਹਾਨ ਨਾਇਕਾਂ ਦੀ ਵੀ ਰਹੀ ਹੈ ਤਾਂ ਕੀ ਸਮਝ ਲਿਆ ਜਾਏ ਕਿ ਪੰਜਾਬੀ ਸਿਨੇਮਾ ਦੇ ਨਾਇਕ ਲਈ ਹਿੰਦੀ ਸਿਨੇਮਾ ਇਕ ਵਰਦਾਨ ਨਹੀਂ ਹੈ?
ਇਸ ਪ੍ਰਸ਼ਨ ਦਾ ਉੱਤਰ ਮੈਨੂੰ ਜੁਗਲ ਕਿਸ਼ੋਰ ਨੇ ਇੰਜ ਦਿੱਤਾ ਸੀ, ਦਰਅਸਲ ਸਾਡੇ ਪੰਜਾਬੀ ਫ਼ਿਲਮਾਂ ਦੇ ਨਾਇਕ ਝਟਪਟ ਸਟਾਰਡਮ ਹਾਸਲ ਕਰਨ ਲਈ ਮਹੱਤਵਹੀਣ ਫ਼ਿਲਮਾਂ ਦੇ ਪ੍ਰਸਤਾਵ ਸਵੀਕਾਰ ਕਰ ਲੈਂਦੇ ਹਨ | ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦੇ ਨਾਲ ਇਨਸਾਫ਼ ਕਰਨਾ ਨਹੀਂ ਭੁੱਲਣਾ ਚਾਹੀਦਾ | ਜੇਕਰ ਉਹ ਥੋੜ੍ਹੀ ਜਿਹੀ ਸੰਜੀਦਗੀ ਤੋਂ ਕੰਮ ਲੈਣ ਤਾਂ ਉਹ ਜ਼ਿਆਦਾ ਸਫ਼ਲ ਹੋ ਸਕਦੇ ਹਨ |
ਜੁਗਲ ਕਿਸ਼ੋਰ ਨੇ ਇਹ ਕਥਨ ਆਪਣੇ-ਆਪ 'ਤੇ ਵੀ ਨਿਭਾਇਆ ਸੀ | ਇਸ ਲਈ ਉਹ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਤੋਂ ਹਿੰਦੀ ਸਿਨੇਮਾ ਦਾ ਇਕ ਕਾਮਯਾਬ ਨਿਰਦੇਸ਼ਕ, ਨਿਰਮਾਤਾ ਅਤੇ ਵਧੀਆ ਅਦਾਕਾਰ ਬਣ ਕੇ ਵੀ ਉਭਰਿਆ ਸੀ |
ਸਾਡਾ ਮੰਤਵ ਇਸ ਹੱਦ ਤੱਕ ਹੀ ਸੀਮਤ ਹੈ ਕਿ ਦਿਲਜੀਤ ਆਪਣੀ ਮਾਤ ਭਾਸ਼ਾ ਦੇ ਸਿਨੇਮਾ ਵਿਚ ਵਿਲੱਖਣ ਪ੍ਰਾਪਤੀਆਂ ਅਤੇ ਨਿਸ਼ਾਨੇ ਹਾਸਲ ਕਰੇ | ਸਿਨੇਮਾ ਗਵਾਹ ਹੈ ਕਿ ਪ੍ਰਾਂਤਿਕ ਭਾਸ਼ਾ ਤੋਂ ਹੀ ਅਦਾਕਾਰਾਂ ਨੇ ਅੰਤਰਰਾਸ਼ਟਰੀ ਹੱਦਾਂ ਟੱਪੀਆਂ ਹਨ | ਜਿਥੇ ਅਭਿਨੈ ਖੇਤਰ 'ਚ ਕਮਲ ਹਾਸਨ ਅਤੇ ਰਜਨੀਕਾਂਤ ਨੇ ਪ੍ਰਾਂਤਿਕ ਸਿਨੇਮਾ ਤੋਂ ਉਠ ਕੇ ਵਿਸ਼ਵ ਪੱਧਰ 'ਤੇ ਆਪਣੇ ਝੰਡੇ ਗੱਡੇ, ਉਥੇ ਸਤਿਆਜੀਤ ਰੇਅ ਨੂੰ ਵੀ ਸਨਮਾਨ ਮਿਲਿਆ | ਉਸ ਦਾ ਆਧਾਰ ਉਸ ਦਾ ਬੰਗਾਲੀ ਸਿਨੇਮਾ ਹੀ ਸੀ |

-ਮੋਬਾਈਲ : 099154-93043.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX