ਤਾਜਾ ਖ਼ਬਰਾਂ


ਸਮ੍ਰਿਤੀ ਮੰਧਾਨਾ ਤੇ ਰੋਹਨ ਬੋਪੰਨਾ ਅਰਜੁਨ ਐਵਾਰਡ ਨਾਲ ਸਨਮਾਨਿਤ
. . .  1 day ago
ਨਵੀਂ ਦਿੱਲੀ, 16 ਜੁਲਾਈ - ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸਮ੍ਰਿਤੀ ਮੰਧਾਨਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅਰਜੁਨ ਐਵਾਰਡ ਨਾਲ...
ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟ ਤੇ ਇੱਕ ਕੈਬਿਨ ਕਰੂ ਮੈਂਬਰ ਮੁਅੱਤਲ
. . .  1 day ago
ਨਵੀਂ ਦਿੱਲੀ, 16 ਜੁਲਾਈ - ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟਾਂ ਤੇ ਇੱਕ ਕੈਬਿਨ ਕਰੂ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਗਿਆ...
ਮੁੰਬਈ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ, ਜਦਕਿ 8 ਲੋਕ ਜ਼ਖਮੀ...
ਪਿਸਤੌਲ ਦੀ ਨੋਕ 'ਤੇ ਦਿਨ-ਦਿਹਾੜੇ ਵੈਸਟਰਨ ਯੂਨੀਅਨ ਤੋਂ ਨਗਦੀ ਦੀ ਲੁੱਟ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬਾਹੜ-ਮਜ਼ਾਰਾ, ਕੁਲਥਮ ਰੋਡ 'ਤੇ ਸਰਕਾਰੀ ਡਿਸਪੈਂਸਰੀ ਪਿੰਡ ਕੁਲਥਮ ਦੇ ਨਜ਼ਦੀਕ ਵੈਸਟਰਨ ਯੂਨੀਅਨ ਤੋਂ ਦਿਨ-ਦਿਹਾੜੇ ਨਗਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ....
ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਸਿਟੀ ਪੁਲਿਸ ਨੇ ਪਿੰਡ ਹੱਪੋਵਾਲ ਵਿਖੇ ਲਗਾਏ ਨਾਕੇ ਦੌਰਾਨ ਇੱਕ ਨੌਜਵਾਨ ਨੂੰ 24 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ ਜਿਸ ਦੀ ਪਹਿਚਾਣ ਅੰਕੁਸ਼ ਵਾਸੀ ਪੱਦੀ ਮੱਟਵਾਲੀ ਵਜੋਂ ਹੋਈ ਹੈ। ਇਸੇ ਤਰ੍ਹਾਂ ਪਿੰਡ ਕਾਹਮਾ ...
ਅਣਖ ਖ਼ਾਤਰ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਧੀ ਦਾ ਕਤਲ
. . .  1 day ago
ਸਮਾਣਾ, 16 ਜੁਲਾਈ (ਹਰਵਿੰਦਰ ਸਿੰਘ ਟੋਨੀ) - ਨੇੜਲੇ ਪਿੰਡ ਘਿਉਰਾ ਵਿਖੇ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਅਣਖ ਖ਼ਾਤਰ ਅਪਣੀ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੇ ਮੁੱਖ ਅਫ਼ਸਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ....
ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦੇ ਅਨੁਸਾਰ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਬਾਕੀ ਲੋਕਾਂ ਨੂੰ ਬਾਹਰ ਕੱਢਣ ਲਈ ....
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  1 day ago
ਬਰੇਟਾ, 16 ਜੁਲਾਈ (ਜੀਵਨ ਸ਼ਰਮਾ) - ਇਲਾਕੇ ਨੇੜਿਓ ਹਰਿਆਣੇ ਰਾਜ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਵੇਂ ਕਿ ਪਿਛਲੇ ਕੁਝ ਦਿਨ ਪਹਿਲਾ ਇਸ ਦਰਿਆ 'ਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ...
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮਸਲਿਆਂ ਸਬੰਧੀ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਕੈਪਟਨ ਵੱਲੋਂ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਤੇ ...
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤਾ ਧਰਨਾ ਤੀਜੇ ਦਿਨ 'ਚ ਦਾਖ਼ਲ ਹੋ ਗਿਆ ਅਤੇ ਚੌਥੇ ਦਿਨ ਵੀ ਲਾਸ਼ਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸਿੱਧੀ ਬਿਜਾਈ ਰਾਹੀਂ ਝੋਨੇ ਦੀ ਸਫ਼ਲ ਕਾਸ਼ਤ ਲਈ ਸੁਧਰੀਆਂ ਤਕਨੀਕਾਂ

ਪੰਜਾਬ ਵਿਚ ਆਮ ਤੌਰ 'ਤੇ ਝੋਨੇ ਦੀ ਬਿਜਾਈ ਪਨੀਰੀ ਵਾਲੇ ਤਰੀਕੇ ਨਾਲ ਕੀਤੀ ਜਾਂਦੀ ਹੈ | ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਮੁਕਾਬਲੇ ਪਨੀਰੀ ਰਾਹੀਂ ਬਿਜਾਈ ਕਰਨ ਲਈ ਜ਼ਿਆਦਾ ਪਾਣੀ ਅਤੇ ਮਜ਼ਦੂਰਾਂ ਦੀ ਲੋੜ ਪੈਂਦੀ ਹੈ | ਪਨੀਰੀ ਪੁੱਟ ਕੇ ਖੇਤਾਂ ਵਿਚ ਲਾਉਣ ਵਾਲੇ ਸਮੇਂ ਤੇ ਮਜ਼ਦੂਰੀ ਦੀ ਮੰਗ ਵਧਣ ਕਾਰਨ ਮਜ਼ਦੂਰਾਂ ਦੀ ਘਾਟ ਪੈਦਾ ਹੋ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਮਜ਼ਦੂਰੀ ਦੇ ਖਰਚੇ ਬਹੁਤ ਵਧ ਜਾਂਦੇ ਹਨ | ਮਜ਼ਦੂਰੀ, ਪਾਣੀ ਅਤੇ ਊਰਜਾ ਦੀ ਘੱਟ ਵਰਤੋਂ ਕਰਦੇ ਹੋਏ ਪਨੀਰੀ ਵਾਲੇ ਝੋਨੇ ਦੇ ਬਰਾਬਰ ਝਾੜ ਲੈਣ ਲਈ ਝੋਨੇ ਦੀ ਸਿੱਧੀ ਬਿਜਾਈ ਵਾਲੀ ਤਕਨੀਕ ਇਕ ਵਧੀਆ ਬਦਲ ਪੇਸ਼ ਕਰਦੀ ਹੈ | ਇਸ ਲੇਖ ਵਿਚ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਸਫ਼ਲਤਾਪੂਰਵਕ ਕਾਸ਼ਤ ਕਰਨ ਲਈ ਸੁਧਰੀਆਂ ਕਾਸ਼ਤਕਾਰੀ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ ਹੈ |
ਢੁਕਵੀਂ ਜ਼ਮੀਨ : ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸਭ ਤੋਂ ਧਿਆਨ ਰੱਖਣ ਯੋਗ ਗੱਲ ਹੈ ਕਿ ਬਿਜਾਈ ਦਾ ਇਹ ਤਰੀਕਾ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਹੀ ਅਪਣਾਉਣਾ ਚਾਹੀਦਾ ਹੈ, ਕਿਉਂਕਿ ਹਲਕੀਆਂ ਜ਼ਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ 'ਤੇ ਲੋਹੇ ਦੀ ਬਹੁਤ ਘਾਟ ਆ ਜਾਂਦੀ ਹੈ, ਜਿਸ ਨਾਲ ਝਾੜ ਬਹੁਤ ਘੱਟ ਜਾਂਦਾ ਹੈ |
ਖੇਤ ਦੀ ਤਿਆਰੀ : ਖੇਤ ਨੂੰ ਦੋ ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰੀ ਹਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ | ਉਸ ਤੋਂ ਬਾਅਦ ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ | ਲੇਜ਼ਰ ਕਰਾਹੇ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਉੱਚੇ ਨੀਵੇਂ ਖੇਤ ਵਿਚ ਵੱਧ ਜਾਂ ਘੱਟ ਡੂੰਘਾਈ 'ਤੇ ਬੀਜਿਆ ਹੋਇਆ ਬੀਜ ਸਹੀ ਨਹੀਂ ਜੰਮਦਾ | ਲੇਜ਼ਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਅਤੇ ਫ਼ਸਲ ਦਾ ਵਧੀਆ ਪੰੁਗਾਰ ਮਿਲਦਾ ਹੈ | ਲੇਜ਼ਰ ਕਰਾਹਾ ਲਗਾਉਣ ਤੋਂ ਬਾਅਦ ਖੇਤ ਨੂੰ ਪਾਣੀ ਲਗਾਉਣਾ ਚਾਹੀਦਾ ਹੈ ਅਤੇ ਵੱਤਰ ਆਉਣ 'ਤੇ ਇਕ ਵਾਰ ਹਲ ਨਾਲ ਵਾਹ ਕੇ ਸੁਹਾਗਾ ਫੇਰ ਦੇਣਾ ਚਾਹੀਦਾ ਹੈ |
ਕਿਸਮਾਂ ਦੀ ਚੋਣ : ਤੇਜ਼ੀ ਨਾਲ ਵਾਧਾ ਕਰਨ ਵਾਲੀਆਂ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਸਿੱਧੀ ਬਿਜਾਈ ਲਈ ਸਭ ਤੋਂ ਢੁਕਵੀਆਂ ਹਨ | ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀ ਕਿਸਮ ਪੀ. ਆਰ. 126 ਅਤੇ ਬਾਸਮਤੀ ਦੀ ਸਿੱਧੀ ਬਿਜਾਈ ਲਈ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਕਿਸਮਾਂ ਢੁਕਵੀਆਂ ਹਨ |
ਬਿਜਾਈ ਦਾ ਸਮਾਂ : ਝੋਨੇ ਦੀ ਸਿੱਧੀ ਬਿਜਾਈ ਲਈ ਜੂਨ ਦਾ ਪਹਿਲਾ ਪੰਦਰ੍ਹਵਾੜਾ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਲਈ ਜੂਨ ਦਾ ਦੂਜਾ ਪੰਦਰ੍ਹਵਾੜਾ ਸਭ ਤੋਂ ਢੁਕਵਾਂ ਸਮਾਂ ਹੈ | ਇਹ ਗੱਲ ਧਿਆਨ ਰੱਖਣਯੋਗ ਹੈ ਕਿ ਬਿਜਾਈ ਵਿਚ ਜ਼ਿਆਦਾ ਦੇਰੀ ਨਹੀਂ ਕਰਨੀ ਚਾਹੀਦੀ, ਤਾਂ ਕਿ ਬਾਰਿਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਫ਼ਸਲ ਚੰਗੀ ਤਰਾਂ ਸਥਾਪਿਤ ਹੋ ਜਾਵੇ |
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ : ਤਿਰਛੀ ਪਲੇਟ ਵਾਲੀ ਟਰੈਕਟਰ ਡਰਿੱਲ ਜਾਂ ਲੱਕੀ ਸੀਡ ਡਰਿਲ (ਇਕੋ ਸਮੇਂ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ) ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ | ਇਸ ਮਾਤਰਾ ਤੋਂ ਵੱਧ ਜਾਂ ਘੱਟ ਬੀਜ ਪਾਉਣ ਨਾਲ ਖੇਤ ਵਿਚ ਬੂਟਿਆਂ ਦੀ ਗਿਣਤੀ ਲੋੜੀਂਦੀ ਗਿਣਤੀ ਤੋਂ ਵੱਧ-ਘੱਟ ਰਹਿ ਜਾਂਦੀ ਹੈ, ਜੋ ਬਾਅਦ ਵਿਚ ਝੋਨੇ ਦੇ ਝਾੜ ਘਟਣ ਦਾ ਕਾਰਨ ਬਣਦੀ ਹੈ | ਬੀਜ ਦੇ ਸਹੀ ਜਮਾਅ ਅਤੇ ਖੇਤ ਵਿਚ ਬੂਟਿਆਂ ਦੀ ਸਹੀ ਗਿਣਤੀ ਰੱਖਣ ਲਈ ਕਤਾਰਾਂ ਦਾ ਫ਼ਾਸਲਾ 20 ਸੈਂਟੀਮੀਟਰ ਰੱਖਦੇ ਹੋਏ ਬੀਜ ਨੂੰ 2-3 ਸੈਂਟੀਮੀਟਰ ਦੀ ਡੂੰਘਾਈ 'ਤੇ ਬੀਜਣਾ ਚਾਹੀਦਾ ਹੈ |
ਨਦੀਨਾਂ ਦੀ ਰੋਕਥਾਮ : ਝੋਨੇ ਦੀ ਸਿੱਧੀ ਬਿਜਾਈ ਦੀ ਕਾਮਯਾਬੀ ਵਿਚ ਨਦੀਨਾਂ ਦੀ ਸਮੱਸਿਆ ਸਭ ਤੋਂ ਵੱਡੀ ਰੁਕਾਵਟ ਹੈ | ਸਿੱਧੀ ਬਿਜਾਈ ਵਾਲੇ ਝੋਨੇ ਵਿਚ ਵੱਖ ਵੱਖ ਵਾਤਾਵਰਣਿਕ ਹਾਲਤਾਂ ਹੋਣ ਕਰਕੇ ਵੱਖ-ਵੱਖ ਤਰ੍ਹਾਂ ਦੇ (ਝੋਨੇ ਵਾਲੇ ਅਤੇ ਝੋਨੇ ਵਿਚ ਨਾ ਹੋਣ ਵਾਲੇ) ਨਦੀਨ ਉੱਗ ਆਉਂਦੇ ਹਨ | ਸਿੱਧੀ ਬਿਜਾਈ ਵਾਲੇ ਝੋਨੇ ਵਿਚ ਮੁੱਖ ਰੂਪ ਵਿਚ ਸਵਾਂਕ, ਚੀਨੀ ਘਾਹ, ਤੱਕੜੀ ਘਾਹ, ਚਿੜੀ ਘਾਹ, ਮਧਾਣਾ, ਇਟਸਿਟ, ਝੋਨੇ ਵਾਲਾ ਮੋਥਾ ਅਤੇ ਗੰਢੀ ਵਾਲਾ ਮੋਥਾ ਨਦੀਨ ਉਗਦੇ ਹਨ | ਇਸ ਲਈ, ਝੋਨੇ ਦੀ ਸਿੱਧੀ ਬਿਜਾਈ ਰਾਹੀਂ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਕਰਨੀ ਜ਼ਰੂਰੀ ਹੈ | ਸਿੱਧੀ ਬਿਜਾਈ ਵਾਲੇ ਝੋਨੇ ਵਿਚ ਨਦੀਨਨਾਸ਼ਕਾਂ ਦੀ ਚੋਣ ਖੇਤ ਵਿਚ ਮੌਜੂਦ ਨਦੀਨਾਂ 'ਤੇ ਨਿਰਭਰ ਕਰਦੀ ਹੈ |
ਖਾਦ ਪ੍ਰਬੰਧਨ : ਸਿੱਧੀ ਬਿਜਾਈ ਨਾਲ ਬੀਜੇ ਝੋਨੇ ਅਤੇ ਬਾਸਮਤੀ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਖਾਦਾਂ ਦੀ ਸਹੀ ਅਤੇ ਸਮੇਂ ਸਿਰ ਵਰਤੋਂ ਬਹੁਤ ਜ਼ਰੂਰੀ ਹੈ | ਨਾਈਟ੍ਰੋਜਨ ਖਾਦ ਦੀ ਲੋੜ ਨਾਲੋਂ ਵੱਧ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦੀ ਵਧੇਰੇ ਵਰਤੋਂ ਵਾਤਾਵਰਨ ਪ੍ਰਦੂਸ਼ਣ ਦੇ ਨਾਲ ਨਾਲ ਫ਼ਸਲ ਡਿੱਗਣ ਦੀਆਂ, ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਵਾਸਤੇ ਅਨੁਕੂਲ ਹਾਲਤਾਂ ਪੈਦਾ ਕਰਦੀ ਹੈ | ਝੋਨੇ ਦੀ ਸਿੱਧੀ ਬਿਜਾਈ ਲਈ 130 ਕਿਲੋ ਯੂਰੀਆ/ਏਕੜ ਨੂੰ ਤਿੰਨ ਬਰਾਬਰ ਹਿੱਸਿਆਂ ਵਿਚ ਵੰਡ ਕੇ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉਣਾ ਚਾਹੀਦਾ ਹੈ |
ਸਿੰਚਾਈ ਪ੍ਰਬੰਧਨ : ਜੇਕਰ ਸਿੱਧੀ ਬਿਜਾਈ ਸੁੱਕੇ ਖੇਤ ਵਿਚ ਕੀਤੀ ਹੋਵੇ ਤਾਂ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਅਤੇ ਦੂਜੀ ਸਿੰਚਾਈ 4-5 ਦਿਨਾਂ ਬਾਅਦ ਕਰਨੀ ਚਾਹੀਦੀ ਹੈ | ਜੇਕਰ ਬਿਜਾਈ ਰੌਣੀ ਕੀਤੇ ਖੇਤ ਵਿਚ ਕੀਤੀ ਗਈ ਹੈ ਤਾਂ ਪਹਿਲੀ ਸਿੰਚਾਈ ਬਿਜਾਈ ਤੋਂ 5-7 ਦਿਨਾਂ ਬਾਅਦ ਅਤੇ ਅਗਲੀਆਂ ਸਿੰਚਾਈਆਂ ਜ਼ਮੀਨ ਦੀ ਕਿਸਮ ਦੇ ਆਧਾਰ 'ਤੇ 5-10 ਦਿਨਾਂ ਦੇ ਵਕਫੇ 'ਤੇ ਕਰਨੀਆਂ ਚਾਹੀਦੀਆਂ ਹਨ | ਬਾਰਿਸ਼ ਪੈਣ 'ਤੇ ਸਿੰਚਾਈਆਂ ਦਾ ਵਕਫ਼ਾ ਬਦਲਿਆ ਜਾ ਸਕਦਾ ਹੈ | ਆਖਰੀ ਪਾਣੀ ਝੋਨਾ ਕੱਟਣ ਤੋਂ ਦਸ ਦਿਨ ਪਹਿਲਾਂ ਦੇਣਾ ਚਾਹੀਦਾ ਹੈ | ਇਸ ਤਰ੍ਹਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕੱਦੂ ਕੀਤੇ ਝੋਨੇ ਦੇ ਮੁਕਾਬਲੇ 10-15 ਫੀਸਦੀ ਪਾਣੀ ਦੀ ਬੱਚਤ ਹੋ ਜਾਂਦੀ ਹੈ |

-ਸੁਰਜੀਤ ਸਿੰਘ ਮਿਨਹਾਸ


ਖ਼ਬਰ ਸ਼ੇਅਰ ਕਰੋ

ਮਿੱਟੀ ਸਿਹਤ ਕਾਰਡ ਆਧਾਰਿਤ ਖਾਦਾਂ ਦੀ ਵਰਤੋਂ ਕਰਨ ਦੀ ਜ਼ਰੂਰਤ

ਫ਼ਸਲਾਂ ਦੀ ਪੈਦਾਵਾਰ ਵਧਾਉਣ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਬਹੁਤ ਹੀ ਮਹੱਤਵਪੂਰਨ ਹੈ | ਪੰਜਾਬ ਵਿਚ ਖਾਦਾਂ ਦੀ ਖਪਤ ਸਾਲ 1960-61 ਵਿਚ ਸਿਰਫ 5000 ਮੀ.ਟਨ ਤੱਤ ਸੀ ਜੋ ਵਧ ਕੇ ਸਾਲ 2016-17 ਦੌਰਾਨ 1944 ਹਜ਼ਾਰ ਮੀ. ਟਨ ਹੋ ਗਈ ਹੈ | ਦੇਸ਼ ਦੀ ਅੰਨ ਅਤੇ ਹੋਰ ਖੇਤਰੀ ਵਸਤਾਂ ਦੀ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਰਾਜ ਦੀਆਂ ਜ਼ਮੀਨਾਂ ਵਿਚੋਂ ਲਗਾਤਾਰ ਜ਼ਿਆਦਾ ਝਾੜ ਦੇਣ ਵਾਲੀਆ ਫ਼ਸਲਾਂ ਉਗਾਈਆਂ ਜਾ ਰਹੀਆ ਹਨ, ਜਿਸ ਨਾਲ ਜ਼ਮੀਨਾਂ ਤੇ ਲੋੜ ਤੋਂ ਵੱਧ ਬੋਝ ਪੈ ਰਿਹਾ ਹੈ |
ਫ਼ਸਲਾਂ ਦੀ ਕਾਸ਼ਤ ਲਈ ਖਾਦਾਂ ਦੀ ਵਰਤੋਂ ਤੇ ਕਾਫੀ ਲਾਗਤ ਆਉਂਦੀ ਹੈ | ਪੰਜਾਬ ਵਿਚ 2000-2001 ਦੌਰਾਨ ਪ੍ਰਤੀ ਹੈਕਟੇਅਰ ਖਾਦਾਂ (ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼) ਦੀ ਖਪਤ 169 ਕਿਲੋ ਸੀ, ਜੋ 2017-18 ਦੌਰਾਨ ਵਧ ਕੇ 243 ਕਿਲੋ ਪ੍ਰਤੀ ਹੈਕਟੇਅਰ ਹੋ ਗਈ ਹੈ | ਪਹਿਲਾਂ ਕਿਸਾਨਾਂ ਵਲੋਂ ਦੇਸੀ ਰੂੜੀ ਦੀ ਵਰਤੋਂ ਕਰਨ ਦੇ ਨਾਲ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਵਾਹ ਦਿੱਤਾ ਜਾਂਦਾ ਸੀ ਜਿਸ ਨਾਲ ਜ਼ਮੀਨ ਵਿਚ ਖੁਰਾਕੀ ਤੱਤਾਂ ਦਾ ਸੰਤੁਲਣ ਬਣਿਆ ਰਹਿੰਦਾ ਸੀ ਪਰ, ਹੁਣ ਦੇਸੀ ਰੂੜੀ ਦੀ ਘਾਟ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਨਾਲ ਜ਼ਮੀਨ ਵਿਚ ਖੁਰਾਕੀ ਤੱਤਾਂ ਦਾ ਸੰੰਤੁਲਣ ਵਿਗੜ ਗਿਆ ਹੈ |
ਰਾਸ਼ਟਰੀ ਪੱਧਰ 'ਤੇ ਇਸ ਵੇਲੇ ਖੇਤਾਂ ਵਿਚ ਫ਼ਸਲਾਂ ਦੀ ਪੈਦਾਵਾਰ ਲਈ ਜੋ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ ਦੀ ਵਰਤੋਂ 6.7:2.4:1 ਅਨੁਪਾਤ ਨਾਲ ਕੀਤੀ ਜਾ ਰਹੀ ਹੈ ਜਦ ਕਿ ਇਹ ਅਨੁਪਾਤ 4:2:1 ਹੋਣੀ ਚਾਹੀਦੀ | 1970 ਦੌਰਾਨ ਪ੍ਰਤੀ ਕਿਲੋ ਖਾਦ ਦੀ ਵਰਤੋਂ ਕਰਨ 'ਤੇ 13 ਕਿਲੋ ਅਨਾਜ ਪੈਦਾ ਹੁੰਦਾ ਸੀ ਜਦ ਕਿ 2010 ਦੌਰਾਨ ਇਹ ਪੈਦਾਵਾਰ 4 ਕਿਲੋ ਰਹਿ ਗਈ ਜਿਸ ਦਾ ਮੁੱਖ ਕਾਰਨ ਖਾਦਾਂ ਦੀ ਜ਼ਰੂਰਤ ਤੋਂ ਜ਼ਿਆਦਾ ਅਤੇ ਅਸੰਤੁਲਿਤ ਵਰਤੋਂ ਹੈ | ਫ਼ਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਖਾਦਾਂ ਦੀ ਸਹੀ ਮਾਤਰਾ ਵਿਚ, ਸਹੀ ਸਮੇਂ ਤੇ, ਸਹੀ ਤਰੀਕੇ ਨਾਲ ਵਰਤੋਂ ਕਰਨੀ ਜ਼ਰੂਰੀ ਹੈ | ਇਸ ਲਈ ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਸਿਹਤ ਕਾਰਡ ਦੇ ਆਧਾਰ 'ਤੇ ਕਰਨਾ ਬਹੁਤ ਜ਼ਰੂਰੀ ਹੈ | ਭੋਂ ਪਰਖ ਨਾਲ ਭੂਮੀ ਦੀ ਉਪਜਾਊ ਸ਼ਕਤੀ ਅਤੇ ਸਿਹਤ ਬਾਰੇ ਜਾਣਕਾਰੀ ਮਿਲਦੀ ਹੈ | ਭੋਂ ਪਰਖ ਆਧਾਰ 'ਤੇ ਸੰਤੁਲਿਤ ਖਾਦਾਂ ਦੀ ਵਰਤੋਂ ਨਾਲ ਉਪਜ ਵਿਚ ਵੀ ਵਾਧਾ ਹੁੰਦਾ ਹੈ ਅਤੇ ਭੂਮੀ ਦੀ ਉਪਜਾਊ ਸ਼ਕਤੀ ਬਣੀ ਰਹਿੰੰਦੀ ਹੈ | ਕਲਰਾਠੀਆਂ ਜ਼ਮੀਨਾਂ ਵਿਚ ਸੁਧਾਰ ਕੀਤਾ ਜਾ ਸਕਦਾ ਹੈ | ਮਿੱਟੀ ਪਰਖ ਕਰਵਾਉਣ ਨਾਲ ਫ਼ਸਲਾਂ ਦੀ ਸਹੀ ਚੋਣ ਕਰਨ ਵਿਚ ਮਦਦ ਵੀ ਮਿਲਦੀ ਹੈ |
ਪੰਜਾਬ ਵਿਚ ਕੁੱਲ 66 ਭੌਾ ਪਰਖ ਪ੍ਰਯੋਗਸ਼ਾਲਾਵਾਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਦੀ ਮਿੱਟੀ ਦੇ ਨਮੂਨੇ ਪਰਖ ਕਰਨ ਦੀ ਸਮਰੱਥਾ 6, 10, 000 ਪ੍ਰਤੀ ਸਾਲ ਹੈ | ਕਣਕ ਦੀ ਕਟਾਈ ਤੋਂ ਬਾਅਦ ਖਾਲੀ ਹੋਏ ਖੇਤਾਂ ਵਿਚੋਂ ਮਿੱਟੀ ਦੇ ਨਮੂਨੇ ਦਾ ਸਮਾਂ ਵਧੇਰੇ ਢੁਕਵਾਂ ਹੁੰਦਾ ਹੈ | ਹਰੇਕ ਕਿਸਾਨ ਨੂੰ ਖੇਤੀਬਾੜੀ ਅਤੇ ਕਿਸਾਨ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਸੰਪਰਕ ਕਰਕੇ ਖੇਤਾਂ ਵਿਚੋਂ ਮਿੱਟੀ ਦੇ ਨਮੂਨੇ ਇਕੱਤਰ ਕਰਕੇ ਪਰਖ ਕਰਵਾਉਣੇ ਚਾਹੀਦੇ ਹਨ |
ਫ਼ਸਲਾਂ ਵਿਚ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦਾ ਨਮੂਨਾ ਲੈਣ ਦਾ ਢੰਗ : ਬਿਨਾਂ ਮਿੱਟੀ ਨੂੰ ਹਿਲਾਏ ਜ਼ਮੀਨ ਉਪਰ ਜੇ ਕੋਈ ਘਾਹ ਫੂਸ ਹੋਵੇ ਤਾਂ ਖੁਰਚ ਦਿਓ | ਜ਼ਮੀਨ ਦੀ ਉਪਰਲੀ ਤਹਿ ਤੋਂ ਹਲ ਦੀ ਡੂੰਘਾਈ 6 ਇੰਚ ਤੱਕ ਜ਼ਮੀਨ ਦੇ ਅੰਦਰੋ ਮਿੱਟੀ ਦਾ ਨਮੂਨਾ ਖੁਰਪੇ ਜਾਂ ਕਹੀ ਨਾਲ ਲਿਆ ਜਾ ਸਕਦਾ ਹੈ | ਇਸ ਮਕਸਦ ਲਈ 'ਵੀ' ਸ਼ਕਲ ਦਾ ਕੱਟ ਲਗਾ ਕੇ ਦੋਵੇਂ ਪਾਸਿਆਂ ਤੋਂ ਖੁਰਪੇ ਜਾਂ ਕਹੀ ਨਾਲ ਇਕਸਾਰ ਮਿੱਟੀ ਦੀ ਪਰਤ ਲੈ ਲਵੋ | ਬਗੈਰ ਕਿਸੇ ਖਾਸ ਤਰਤੀਬ ਦੇ ਇਕ ਏਕੜ ਵਿਚ 6-7 ਥਾਵਾਂ ਤੋਂ ਮਿੱਟੀ ਦੇ ਨਮੂਨੇ ਲੈਣ ਪਿੱਛੋਂ ਇਨ੍ਹਾਂ ਨੂੰ ਕਿਸੇ ਸਾਫ ਕੱਪੜੇ ਦੀ ਥੈਲੀ ਜਾਂ ਪੋਲੀਥੀਨ ਲਿਫਾਫੇ ਵਿਚ ਪਾ ਲਵੋ |
ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਸੰਪਰਕ ਕਰਕੇ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਮਿੱਟੀ ਦੇ ਨਮੂਨੇ ਲੈ ਕੇ ਆਪਣੇ ਇਲਾਕੇ ਦੀ ਭੋਂ ਪਰਖ ਪ੍ਰਯੋਗਸ਼ਾਲਾ ਤੋਂ ਪਰਖ ਕਰਵਾ ਕੇ ਵੱਧ ਤੋਂ ਵੱਧ ਲਾਭ ਉਠਾਉਣ |

-ਮੋਬਾਈਲ : 94630-71919

ਜੇ ਕਣਕ ਦੀ ਕਾਸ਼ਤ ਥੱਲੇ ਰਕਬਾ ਘਟਉਣਾ ਹੈ, ਲਾਹੇਵੰਦ ਬਦਲ ਉਪਲੱਬਧ ਕਰੋ

ਕਣਕ ਪੰਜਾਬ ਦੀ ਹੀ ਨਹੀਂ ਭਾਰਤ ਦੀ ਵੀ ਹਾੜ੍ਹੀ 'ਚ ਅਨਾਜ ਦੀ ਮੁੱਖ ਫ਼ਸਲ ਹੈ | ਛੇਤੀ ਹੀ ਇਹ ਚੌਲਾਂ ਦੇ ਉਤਪਾਦਨ ਨੰੂ ਛੂਹ ਲਵੇਗੀ | ਇਸ ਸਾਲ ਇਸ ਦੀ ਕਾਸ਼ਤ 29.08 ਮਿਲੀਅਨ ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ | ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਵਲੋਂ ਲਾਏ ਗਏ ਅਨੁਮਾਨ ਅਨੁਸਾਰ ਉਤਪਾਦਨ 99.12 ਮਿਲੀਅਨ ਟਨ ਹੋਣ ਦੀ ਸੰਭਾਵਨਾ ਹੈ | ਜਦੋਂ ਕਿ ਚੌਲਾਂ ਦਾ ਉਤਪਾਦਨ 113 ਮਿਲੀਅਨ ਟਨ ਹੈ | ਭਾਰਤੀ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਰਿਕਾਰਡ 3408 ਕਿਲੋਗ੍ਰਾਮ 'ਤੇ ਪਹੰੁਚ ਗਈ ਹੈ | ਇਸ ਤਰ੍ਹਾਂ ਉਤਪਾਦਨ ਤੇ ਉਤਪਾਦਕਤਾ ਅਮਰੀਕਾ, ਰੂਸ, ਕੈਨੇਡਾ, ਆਸਟ੍ਰੇਲੀਆ ਅਤੇ ਅਰਜਨਟਾਈਨਾ ਵਰਗੇ ਕਣਕ ਪੈਦਾ ਕਰਨ ਵਰਗੇ ਮੁਲਕਾਂ ਤੋਂ ਟੱਪ ਗਏ ਹਨ | 1960ਵੇਂ 'ਚ ਭਾਰਤ ਪੀ. ਐਲ. 480 ਥੱਲੇ 10.5 ਮਿਲੀਅਨ ਟਨ ਕਣਕ ਖਾਣ ਲਈ ਅਮਰੀਕਾ ਤੋਂ ਮੰਗਵਾਉਂਦਾ ਸੀ | ਇਸ ਤਰ੍ਹਾਂ 1960 ਤੋਂ 2019 ਦੇ ਦਰਮਿਆਨ ਭਾਰਤ ਦਾ ਕਣਕ ਉਤਪਾਦਨ ਲਗਭਗ 900 ਪ੍ਰਤੀਸ਼ਤ ਵਧਿਆ | ਅੱਜ ਭਾਰਤ ਅਮਰੀਕਾ ਅਤੇ ਕੈਨੇਡਾ ਮਿਲ ਕੇ ਜਿਤਨੀ ਕਣਕ ਪੈਦਾ ਕਰਦੇ ਹਨ, ਉਸ ਨਾਲੋਂ ਵੱਧ ਕਣਕ ਪੈਦਾ ਕਰ ਰਿਹਾ ਹੈ ਅਤੇ ਵਿਸ਼ਵ 'ਚ ਚੀਨ ਨੰੂ ਛੱਡ ਕੇ ਸਭ ਤੋਂ ਵੱਡਾ ਕਣਕ ਦਾ ਉਤਪਾਦਕ ਹੈ | ਕਾਸ਼ਤ–ਅਧੀਨ ਰਕਬਾ 30 ਮਿਲੀਅਨ ਹੈਕਟੇਅਰ ਦੇ ਨੇੜੇ ਹੈ | ਉਤਪਾਦਨ ਵਧਣ ਦਾ ਮੁੱਢਲਾ ਕਾਰਨ ਵਧੇਰੇ ਝਾੜ ਦੇਣ ਵਾਲੀਆਂ, ਅੱਧ – ਮਧਰੀਆਂ ਕਣਕ ਦੀਆਂ ਕਿਸਮਾਂ ਦਾ ਵਿਕਾਸ ਹੈ | ਇਨ੍ਹਾਂ ਕਿਸਮਾਂ ਨੰੂ ਉਗਾਉਣ 'ਚ ਪੂਰੀ ਲਾਗਤ ਨਾਲ ਖਾਦ, ਬੀਜ ਅਤੇ ਪਾਣੀ ਦੀ ਸਮੱਗਰੀ ਦੇ ਕੇ ਪੁਰੀ ਉਤਪਾਦਕਤਾ ਪ੍ਰਾਪਤ ਕੀਤੀ ਗਈ | ਇਸ ਵਿਚ ਭਾਰਤੀ ਖੇਤੀ ਖੋਜ ਸੰਸਥਾਨ (ਪੂਸਾ) ਦਾ ਵਿਸ਼ੇਸ਼ ਰੋਲ ਹੈ | ਜਿਸ ਨੇ ਉਤਪਾਦਕਤਾ ਤੇ ਹੰਡਣਸਾਰਤਾ ਅਧ –ਮਧਰੀਆਂ ਕਿਸਮਾਂ 'ਚ ਲਿਆਂਦੀ ਅਤੇ ਪਹਿਲੇ ਸਬਜ਼ ਇਨਕਲਾਬ ਵਿਚ ਲੰਮੇ ਤੇ ਗਹਿਰੇ ਸਬਜ਼ ਪੱਤੇ, ਲੰਮੀਆਂ ਬੱਲੀਆਂ ਅਤੇ ਉਨ੍ਹਾਂ ਵਿਚ ਪੂਰੇ ਦਾਣੇ ਅਤੇ ਕੁੰਗੀ ਦੀਆਂ ਬਿਮਾਰੀਆਂ ਦੇ ਟਾਕਰੇ ਦੀ ਸਮਰੱਥਾ ਪਾ ਕੇ ਉਤਪਾਦਨ ਤੇ ਉਤਪਾਦਕਤਾ ਵਿਚ ਨੁਮਾਇਆਂ ਵਾਧਾ ਲਿਆਂਦਾ | ਵਧ ਰਹੀ ਆਬਾਦੀ ਨੰੂ ਵੇਖਦੇ ਹੋਏ ਇਕ ਅਨੁਮਾਨ ਅਨੁਸਾਰ ਭਾਰਤ ਨੰੂ ਸੰ: 2020 'ਚ ਮੁਲਕ ਦੀਆਂ ਤੇ ਬਰਾਮਦ ਦੀਆਂ ਲੋੜਾਂ ਪੂਰੀਆਂ ਕਰਨ ਲਈ 109 ਮਿਲੀਅਨ ਟਨ ਕਣਕ ਲੋੜੀਂਦੀ ਹੈ ਜੋ ਆਈ ਸੀ ਏ ਆਰ–ਭਾਰਤੀ ਕਣਕ ਤੇ ਜੌਾਅ ਦੀ ਖੋਜ ਸੰਸਥਾਨ (ਆਈ. ਆਈ. ਡਬਲਿਊ. ਬੀ. ਆਰ.) ਦੇ ਡਾਇਰੈਕਟਰ ਗਿਆਨਇੰਦਰ ਪ੍ਰਤਾਪ ਸਿੰਘ ਆਸ ਕਰਦੇ ਹਨ ਕਿ ਉਹ ਇਸ ਟੀਚੇ ਦੀ ਪ੍ਰਾਪਤੀ ਕਰਨ ਵਿਚ ਸਫ਼ਲ ਹੋਣਗੇ |
ਮੁਲਕ ਨੰੂ ਕਣਕ ਪੈਦਾ ਕਰਨ ਵਾਲੇ ਮੋਹਰੀ ਮੁਲਕਾਂ ਦੀ ਕਤਾਰ 'ਚ ਅੱਗੇ ਲਿਆਉਣ ਲਈ ਪੰਜਾਬ ਤੇ ਇਸ ਦੇ ਕਿਸਾਨਾਂ ਦਾ ਵਿਸ਼ੇਸ਼ ਯੋਗਦਾਨ ਹੈ | ਇਸ ਸਾਲ ਪੰਜਾਬ ਦਾ ਉਤਪਾਦਨ 182 ਲੱਖ ਟਨ ਟੱਪ ਜਾਣ ਦੀ ਸੰਭਾਵਨਾ ਹੈ | ਹੁਣ ਤੱਕ ਮੰਡੀਆਂ 'ਚ 128. 86 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ | ਖੇਤੀਬਾੜੀ ਵਿਭਾਗ ਵਲੋਂ ਲਾਏ ਗਏ ਅਨੁਮਾਨ ਅਨੁਸਾਰ ਹਾੜ੍ਹੀ ਦੇ ਅੰਤ ਤੱਕ 3 ਲੱਖ ਟਨ ਕਣਕ ਹੋਰ ਮੰਡੀਆਂ 'ਚ ਵਿਕਣ ਲਈ ਆਵੇਗੀ | ਪਿਛਲੇ ਸਾਲ ਹੁਣ ਦੀ ਮਿਤੀ ਤੱਕ 128.33 ਲੱਖ ਟਨ ਕਣਕ ਮੰਡੀਆਂ 'ਚ ਆਈ ਸੀ ਅਤੇ ਸਾਰੇ ਹਾੜ੍ਹੀ ਸੀਜ਼ਨ ਵਿਚ ਇਸ ਦੀ ਮਾਤਰਾ 128.40 ਲੱਖ ਟਨ ਤੱਕ ਪਹੁੰਚ ਗਈ ਸੀ | ਪਿਛਲੇ ਸਾਲ ਉਤਪਾਦਨ 178.50 ਲੱਖ ਟਨ ਸੀ | ਜੋ ਇਸ ਸਾਲ 3.50 ਲੱਖ ਟਨ ਵਧਣ ਦੀ ਸੰਭਾਵਨਾ ਹੈ | ਜਦੋਂ ਕਿ ਕਾਸ਼ਤ–ਅਧੀਨ ਰਕਬੇ 'ਚ 10 ਹਜ਼ਾਰ ਹੈਕਟੇਅਰ ਦੀ ਕਮੀ ਆਈ ਹੈ | ਉਤਪਾਦਕਤਾ ਇਸ ਸਾਲ 51.84 ਕੁਇੰਟਲ ਪ੍ਰਤੀ ਹੈਕਟੇਅਰ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਪਿਛਲੇ ਸਾਲ ਇਹ 50.77 ਕੁਇੰਟਲ ਪ੍ਰਤੀ ਹੈਕਟੇਅਰ ਸੀ | ਇਸ ਤਰ੍ਹਾਂ ਇਸ ਸਾਲ ਪ੍ਰਤੀ ਹੈਕਟੇਅਰ ਝਾੜ 1.07 ਕੁਇੰਟਲ ਪ੍ਰਤੀ ਹੈਕਟੇਅਰ ਵਧਿਆ ਹੈ | ਪੰਜਾਬ ਦੀ ਉਤਪਾਦਕਤਾ ਵਿਸ਼ਵ 'ਚ ਪੈਦਾ ਕਰਨ ਵਾਲੇ ਸਾਰੇ ਮੁਲਕਾਂ ਨਾਲੋਂ ਵੱਧ ਹੈ | ਇਸ ਸਾਲ ਆਮ ਕਿਸਾਨਾਂ ਦੇ ਝਾੜ ਵਿਚ ਵਾਧਾ ਹੋਇਆ ਹੈ ਜਿਸ ਦਾ ਕਾਰਨ ਮੌਸਮ ਦਾ ਲੰਮੇ ਸਮੇਂ ਤੱਕ ਠੰਢਾ ਰਹਿਣਾ, ਵਧੇਰੇ ਝਾੜ ਦੇਣ ਵਾਲੀਆਂ ਐਚ ਡੀ-3086 ਅਤੇ ਐਚ ਡੀ–2967 ਜਿਹੀਆਂ ਕਿਸਮਾਂ ਦਾ ਪ੍ਰਯੋਗ, ਸਮੇਂ ਸਿਰ ਕੀਮਿਆਈ ਖਾਦ ਤੇ ਕੀਟਨਾਸ਼ਕਾਂ ਦੀ ਸਮੱਗਰੀ ਦੀ ਕਿਸਾਨਾਂ ਨੰੂ ਉਪਲੱਬਧਤਾ ਅਤੇ ਕਿਸਾਨਾਂ ਵਲੋਂ ਮਤਵਾਤਰ ਦੇਖ ਭਾਲ ਕਰ ਕੇ ਫ਼ਸਲ ਦੇ ਪਾਲਣ ਪੋਸ਼ਣ ਲਈ ਯੋਗ ਕਾਰਵਾਈ ਕਰਨਾ ਹੈ | ਭਾਵੇਂ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਉਤਪਾਦਕਤਾ ਵਧਣ ਦਾ ਮੁੱਖ ਕਾਰਨ ਰਾਜ ਸਰਕਾਰ ਵਲੋਂ ਬੀਜ ਦੀ ਵੰਡ ਪ੍ਰਣਾਲੀ 'ਚ ਤਬਦੀਲੀ ਲਿਆ ਕੇ ਕਿਸਾਨਾਂ ਨੰੂ ਪਨਸੀਡ ਤੇ ਨੈਸ਼ਨਲ ਸੀਡ ਕਾਰਪੋਰੇਸ਼ਨ ਦੇ ਕੇਂਦਰ ਅੰਨ ਸੁਰੱਖਿਆ ਪ੍ਰੋਗਰਾਮ ਥੱਲੇ ਦਿੱਤੀ ਜਾ ਰਹੀ ਸਬਸਿਡੀ ਤੇ ਸੁਧਰੇ ਤਸਦੀਕਸ਼ੁਦਾ ਬੀਜ ਮੁਹੱਈਆ ਕਰਨਾ ਦੱਸਦੇ ਹਨ | ਕਣਕ ਦਾ ਘੱਟੋ ਘੱਟ ਸਹਾਇਕ ਮੁੱਲ (ਐਮ ਐਸ ਪੀ) ਦਾ ਹੋਣਾ ਕਿਸਾਨਾਂ ਨੰੂ ਕਣਕ ਵਿਚ ਪੂਰੀ ਸਮੱਗਰੀ ਪਾ ਕੇ ਪੂਰੀ ਲਾਗਤ ਕਰਨਾ ਅਤੇ ਇਸ ਦੀ ਦੇਖਭਾਲ ਲਈ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ | ਇਹੋ ਨਹੀਂ ਪੰਜਾਬ ਨੇ ਗੁਣਵੱਤਾ ਵਾਲੀ ਕਣਕ ਪੈਦਾ ਕੀਤੀ ਜੋ ਅਣਗਿਣਤ ਬੀਜ ਉਤਪਾਦਕਾਂ ਦਾ ਹੋਂਦ ਵਿਚ ਆਉਣਾ ਅਤੇ ਜਦੋਂ ਬੀਜ ਦੀ ਬਹੁਤਾਤ ਹੋਈ ਤਾਂ ਉਹ ਐਮ ਐਸ ਪੀ 'ਤੇ ਹੀ ਆਪਣੀ ਗੁਣਵੱਤਾ ਵਾਲੀ ਕਣਕ ਵੇਚ ਦੇਣਾ ਪ੍ਰਤੱਖ ਕਰਦੇ ਹਨ | ਭਾਵੇਂ ਕੁੱਲ ਕਣਕ ਉਤਪਾਦਨ 'ਚ ਪੰਜਾਬ ਦੂਜੇ ਨੰਬਰ 'ਤੇ ਆਉਂਦਾ ਹੈ | ਐਤਕਾਂ ਮੱਧ ਪ੍ਰਦੇਸ਼ ਪਿੱਛੇ ਰਹਿ ਗਿਆ | ਉੱਤਰ ਪ੍ਰਦੇਸ਼ ਨੇ 32.21 ਮਿਲੀਅਨ ਟਨ ਕਣਕ (ਕੁੱਲ ਉਤਪਾਦਨ ਦਾ 32 ਪ੍ਰਤੀਸ਼ਤ) ਪੈਦਾ ਕਰਕੇ ਪਹਿਲਾ ਦਰਜਾ ਲਿਆ ਜੋ ਉੱਤਰ ਪ੍ਰਦੇਸ਼ ਵਿਚ ਵੱਧ ਰਕਬਾ ਹੋਣ ਕਾਰਨ ਹੈ | ਉਤਪਾਦਕਤਾ ਪੱਖੋਂ ਹਰਿਆਣਾ (4701 ਕਿਲੋਗ੍ਰਾਮ ਪ੍ਰਤੀ ਹੈਕਟੇਅਰ) ਦੂਜੇ ਦਰਜੇ 'ਤੇ ਆਉਂਦਾ ਹੈ | ਅੱਜ ਹਰ ਛੋਟਾ ਵੱਡਾ ਕਿਸਾਨ ਹਾੜ੍ਹੀ 'ਚ ਕਣਕ ਬੀਜਦਾ ਹੈ | ਕੀ ਇਸ ਫ਼ਸਲ ਜੋ ਯਕੀਨੀ ਹੈ ਅਤੇ ਛੋਟੇ ਤੇ ਕੰਢੇ ਦੇ ਕਿਸਾਨਾਂ ਦੀ ਰੋਜ਼ੀ ਦਾ ਸਾਧਨ ਹੈ, ਥੱਲੇ ਰਕਬਾ ਘਟਾਉਣ ਦੀ ਲੋੜ ਹੈ? ਉੱਕਾ ਹੀ ਨਹੀਂ ਜਦੋਂ ਤੱਕ ਕਿਸਾਨਾਂ ਨੰੂ ਵਧੇਰੇ ਲਾਹੇਵੰਦ ਬਦਲ ਉਪਲੱਬਧ ਨਹੀਂ ਕੀਤਾ ਜਾਂਦਾ |
ਕਣਕ ਉਤਪਾਦਨ 'ਚ ਵਿਗਿਆਨੀਆਂ ਤੇ ਖੋਜ ਦਾ ਵੀ ਭਾਰੀ ਯੋਗਦਾਨ ਹੈ | ਡਾ ਬੀ ਪੀ ਪਾਲ ਨੇ ਭਾਰਤੀ ਖੇਤੀ ਖੋਜ ਸੰਸਥਾਨ (ਪੂਸਾ) 'ਚ ਸਬਜ਼ – ਇਨਕਲਾਬ ਤੋਂ ਪਹਿਲਾਂ ਕਣਕ ਦੀ ਖੋਜ ਦਾ ਕੰਮ ਸ਼ੁਰੂ ਕੀਤਾ | ਡਾ ਐਮ ਐਸ ਸਵਾਮੀਨਾਥਨ ਅਤੇ ਡਾ: ਅਮਰੀਕ ਸਿੰਘ ਚੀਮਾ ਨੇ ਮੈਕਸੀਕੋ ਤੋਂ ਲਰਮਾ ਰੋਜ਼ੋ 64 ਤੇ ਸਨੌਰਾ 63 ਜਿਹੀਆਂ ਕਿਸਮਾਂ ਲਿਆ ਕੇ ਕਿਸਾਨਾਂ ਤੇ ਵਿਗਿਆਨੀਆਂ ਨੰੂ ਮੁਹੱਈਆ ਕੀਤੀਆਂ ਅਤੇ ਉੱਘੇ ਵਿਗਿਆਨੀ ਤੇ ਬਰੀਡਰ ਸਵਰਗੀ ਵੀ. ਐਸ. ਮਾûਰ ਤੇ ਡਾ: ਅਟਵਾਲ ਜਿਹੇ ਖੇਤੀ ਵਿਗਿਆਨੀਆਂ ਨੇ ਭਾਰਤ ਦੀ ਭੌਾਅ ਤੇ ਵਾਤਾਵਰਨ ਅਨੁਕੂਲ ਇਨ੍ਹਾਂ ਕਿਸਮਾਂ ਨੰੂ ਵਰਤ ਕੇ ਕਲਿਆਣ ਸੋਨਾ ਤੇ ਸੋਨਾਲਿਕਾ ਜਿਹੀਆਂ ਕਣਕ ਦੀਆਂ ਕਿਸਮਾਂ ਵਿਕਸਤ ਕੀਤੀਆਂ | ਜਿਸ ਨਾਲ ਸਬਜ਼–ਇਨਕਲਾਬ ਦੇ ਨਾਂਅ ਥੱਲੇ ਭਾਰਤ 'ਚ ਕਣਕ ਦਾ ਇਨਕਲਾਬ ਆਇਆ | ਇਸ ਤੋਂ ਪਹਿਲਾਂ ਤਾਂ ਭਾਰਤ ਦੀ ਕਣਕ ਦੀ ਔਸਤ 10 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਵੀ ਘੱਟ ਤੇ ਖੜ੍ਹੀ ਸੀ | ਵਿਸ਼ਵ–ਪ੍ਰਸਿੱਧ ਬਰੀਡਰ ਵੀ. ਐਸ. ਮਾûਰ ਨੇ ਐਚ. ਡੀ. 2329 ਜਿਹੀਆਂ ਕਿਸਮਾਂ ਵਿਕਸਤ ਕਰ ਕੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਈਆਂ | ਇੱਕਲੀ ਇਸੇ (ਐਚ. ਡੀ. 2329) ਕਿਸਮ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਕਤਾ ਨੰੂ ਹਜ਼ਾਰਾਂ–ਕਰੋੜਾਂ ਦਾ ਲਾਭ ਪਹੁੰਚਾਇਆ | ਵੀ. ਐਸ. ਮਾûਰ ਦਾ ਹੀ ਮੈਟੀਰੀਅਲ ਹੈ ਜੋ ਭਾਰਤੀ ਖੇਤੀ ਖੋਜ ਸੰਸਥਾਨ ਨੇ ਕਣਕ ਦੀ ਖੋਜ ਵਿਚ ਵੱਖੋ-ਵੱਖ ਕਿਸਮਾਂ ਵਿਕਸਤ ਕਰ ਕੇ ਇਨਕਲਾਬ ਲਿਆਂਦਾ ਅਤੇ ਕਣਕ ਦੀ ਖੋਜ 'ਚ ਮੁਲਕ ਦੀ ਅੱਵਲ ਸੰਸਥਾ ਦੇ ਤੌਰ 'ਤੇ ਜਾਣੀ ਜਾਣ ਲੱਗੀ |

-ਮੋਬਾਈਲ : 98152-36307

ਸੁੰਦਰਤਾ ਬੇਮਿਸਾਲ


ਹਰ ਮੌਸਮ ਦੀ ਆਪੋ-ਆਪਣੀ ਖਾਸੀਅਤ ਹੁੰਦੀ ਹੈ | ਪੰਜਾਬ ਵਿਚ ਗਰਮੀਆਂ ਸ਼ੁਰੂ ਹੁੰਦੇ ਹੀ ਦੋ ਖੂਬਸੂਰਤ ਰੁੱਖ, ਮਨਮੋਹਣੇ ਰੰਗ ਬਿਖੇਰਦੇ ਹਨ | ਇਕ ਢੱਕ ਤੇ ਦੂਸਰਾ ਹੈ ਅਮਲਤਾਸ | ਇਹ ਇਕ ਚੁੱਪ-ਚਾਪ ਜਿਹਾ ਰੁੱਖ ਹੈ | ਪੰਜਾਬ ਵਿਚ ਪੀਲੇ ਰੰਗ ਨੂੰ ਉਦਾਸੀ ਦਾ ਰੰਗ ਮੰਨਿਆ ਜਾਂਦਾ ਹੈ, ਪਰ ਅਮਲਤਾਸ ਤੇ ਪੀਲੇ ਰੰਗ ਦੇ ਹੜ੍ਹ ਦੀ ਸੁੰਦਰਤਾ, ਖੇੜੇ ਵੰਡਦੀ ਹੈ | ਇਸ ਦਾ ਫੁੱਲ ਕੇਰਲਾ ਰਾਜ ਤੇ ਥਾਈਲੈਂਡ ਦਾ ਸਰਕਾਰੀ ਫੁੱਲ ਹੈ, ਇਸ ਰੁੱਖ ਦੇ ਹਰ ਹਿੱਸੇ, ਜਿਵੇਂ ਪੱਤੇ, ਟਾਹਣੀਆਂ, ਫੁੱਲ, ਫਲੀਆਂ, ਜੜ੍ਹਾਂ ਸਭ ਕੁਝ ਤੋਂ ਕੋਈ ਨਾ ਕੋਈ ਦਵਾਈ ਬਣਦੀ ਹੈ | ਇਹ ਬਹੁਤ ਹੀ ਸਖਤ ਜਾਨ ਰੁੱਖ ਹੈ | ਅੱਜਕਲ੍ਹ ਇਸ ਦੇ ਬੀਜ ਰੁੱਖ ਨਾਲ ਲੱਗੀਆਂ ਫਲੀਆਂ ਤੋਂ ਪ੍ਰਾਪਤ ਕਰਕੇ, ਆਪ ਪਨੀਰੀ ਵੀ ਤਿਆਰ ਕਰ ਸਕਦੇ ਹੋ | ਇਹ ਵਧਦਾ ਵੀ ਛੇਤੀ ਹੈ ਤੇ ਹੋਰਨਾਂ ਰੁੱਖਾਂ ਵਾਂਗ ਉੱਚਾ ਵੀ ਬਹੁਤਾ ਨਹੀਂ ਜਾਂਦਾ, ਮੋਟਰਾਂ 'ਤੇ ਇਸ ਨੂੰ ਛਾਂ ਵਾਸਤੇ ਤੇ ਸੁਹੱਪਣ ਵਾਸਤੇ ਲਗਾਇਆ ਜਾ ਸਕਦਾ ਹੈ ਤੇ ਨਾਲ ਦੀ ਨਾਲ, ਦੇਸੀ ਦਵਾਈਆਂ ਬਣਾਉਣ ਵਾਲਿਆਂ ਤੋਂ ਚਾਰ ਪੈਸੇ ਵੀ ਕਮਾਏ ਜਾ ਸਕਦੇ ਹਨ | ਪਿੰਡ ਦੀ ਫਿਰਨੀ ਤੇ ਲੱਗੇ ਇਹਦੇ ਰੁੱਖ, ਪਿੰਡ 'ਚ ਆਉਣ ਵਾਲੇ ਪ੍ਰਾਹੁਣਿਆਂ ਨੂੰ ਖੂਬਸੂਰਤ ਜੀ ਆਇਆਂ ਵੀ ਕਹਿਣਗੇ |

-ਮੋਬਾਈਲ : 98159-45018

ਧੂੰਆਂ

ਅੰਬਰੀਂ ਜਦ ਮੰਡਰਾਵੇ ਧੂੰਆਂ
ਜਾਨਾਂ ਜੋਖ਼ਮ ਵਿਚ ਪਾਵੇ ਧੂੰਆਂ
ਭੱਠੇ, ਫੈਕਟਰੀਆਂ ਸਮੇਤ ਪਰਾਲੀ
ਨੱਕ 'ਚ ਦਮ ਲਿਆਵੇ ਧੂੰਆਂ
ਅੱਜ ਘਟੇਗਾ, ਕੱਲ੍ਹ ਘਟੇਗਾ
ਨਿੱਤ ਬੱਦਲ ਬਣ ਜਾਵੇ ਧੂੰਆਂ
ਲੱਖ ਪਾਬੰਦੀਆਂ, ਲੱਖ ਧਮਕੀਆਂ
ਬੇਪਰਵਾਹ ਹੀ ਜਾਵੇ ਧੂੰਆਂ
ਧਰਤ ਮਾਂ ਦੀ ਹਿੱਕੜੀ ਸਾੜੇ
ਚੰਨ-ਸੂਰਜ ਵੀ ਲੁਕਾਵੇ ਧੂੰਆਂ
ਵਾਤਾਵਰਨ ਪਲੀਤ ਹੋ ਜਾਂਦਾ
ਦੁਰਘਟਨਾਵਾਂ ਕਰਵਾਵੇ ਧੂੰਆਂ
ਅਨੇਕ ਬਿਮਾਰੀਆਂ ਦੇਵੇ
ਸੱਦਾ ਹਸਪਤਾਲੀਂ ਗੇੜੇ ਲਵਾਵੇ ਧੂੰਆਂ
ਹਰ ਕੋਈ ਫਿਰਦਾ ਹੈ ਘਬਰਾਇਆ
ਐਨਾ ਕਹਿਰ ਮਚਾਵੇ ਧੂੰਆਂ
ਇਕ-ਦੂਜੇ ਵੱਲ ਕਰਨ ਇਸ਼ਾਰੇ
ਗੁੱਝੇ ਤੀਰ ਚਲਵਾਵੇ ਧੂੰਆਂ
ਕੰਟਰੋਲ ਬਾਜ਼ੀਆਂ ਸ਼ੇਰ ਕਾਗਜ਼ੀ
ਟਿੱਚ ਕਰ ਲੰਘ ਜਾਵੇ ਧੂੰਆਂ
ਹਾਏ..! ਹਾਏ..! ਹਾਏ ਧੂੰਆਂ
ਸਭ ਨੂੰ ਪਿਆ ਡਰਾਵੇ ਧੂੰਆਂ
'ਲੰਗੇਆਣਾ' ਦੱਸ ਕਿੱਧਰ ਜਾਈਏ
ਨਾ ਕਾਬੂ ਵਿਚ ਆਵੇ ਧੂੰਆਂ

-ਡਾ. ਸਾਧੂ ਰਾਮ
ਲੰਗੇਆਣਾ
ਪਿੰਡ ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285

ਪੰਜਾਬ ਵਿਚ ਵਰਖਾ ਦਾ ਰੁਝਾਨ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੰਜਾਬ ਦੇ ਕੰਢੀ ਇਲਾਕੇ ਦੀ ਔਸਤਨ ਵਰਖਾ 1060 ਮਿਲੀਮੀਟਰ ਹੈ | ਅਧਿਐਨ ਅਧੀਨ ਪੰਜ ਦਹਾਕਿਆਂ ਦੌਰਾਨ ਸਭ ਤੋਂ ਵੱਧ ਵਰਖਾ (1793 ਮਿਲੀਮੀਟਰ) 1998 ਵਿਚ ਦਰਜ ਕੀਤੀ ਗਈ ਅਤੇ ਇਥੇ ਮੀਂਹ ਦੇ ਦਿਨ੍ਹਾਂ ਦੀ ਗਿਣਤੀ 49 ਰਹੀ | ਦੂਜੇ ਪਾਸੇ 1987 ਵਿਚ ਸਭ ਤੋਂ ਘੱਟ 441 ਮਿਲੀਮੀਟਰ ਵਰਖਾ ਅਤੇ 2012 ਵਿਚ 497 ਮਿਲੀਮੀਟਰ ਵਰਖਾ ਰਿਕਾਰਡ ਹੋਈ, ਇਸ ਦੌਰਾਨ ਮੀਂਹ ਦੇ ਦਿਨ ਸਧਾਰਨ ਦਿਨਾਂ ਨਾਲੋਂ 16 ਅਤੇ 12 ਦਿਨ ਕ੍ਰਮਵਾਰ ਘੱਟ ਸਨ | ਇਸੇ ਸਮੇਂ ਦੌਰਾਨ ਹੀ 13 ਅਜਿਹੇ ਸਾਲ ਦੇਖੇ ਗਏ ਜਦੋਂ ਮੀਂਹ ਦੇ ਦਿਨ੍ਹਾਂ ਦੀ ਗਿਣਤੀ ਸਧਾਰਨ ਦਿਨ੍ਹਾਂ ਨਾਲੋਂ ਵੱਧ ਰਹੀ ਅਤੇ 17 ਸਾਲਾਂ ਦੌਰਾਨ ਘੱਟ ਰਹੀ | ਇਸ ਤੋਂ ਇਲਾਵਾ ਸਿਰਫ ਚਾਰ ਸਾਲਾਂ ਵਿਚ ਹੀ ਸਧਾਰਨ ਮੀਂਹ ਦੇ ਦਿਨ ਮਾਪੇ ਗਏ | ਸੂਬੇ ਦੇ ਕੇਂਦਰੀ ਇਲਾਕਿਆਂ ਵਿਚ ਸਾਲਾਨਾ ਵਰਖਾ 762 ਮਿਲੀਮੀਟਰ ਹੁੰਦੀ ਹੈ | ਪਿਛਲੇ ਕੁਝ ਸਾਲਾਂ (2000-2017) ਵਿਚ ਸਾਲਾਨਾ ਵਰਖਾ 40 ਤੋਂ 120 ਸੈਟੀਂਮੀਟਰ ਦਰਜ ਕੀਤੀ ਗਈ ਹੈ | ਜਿਨ੍ਹਾਂ ਵਿਚੋਂ 2002 ਸਭ ਤੋਂ ਘੱਟ ਵਰਖਾ (407 ਮਿਲੀਮੀਟਰ) ਵਾਲਾ ਸਾਲ ਰਿਹਾ ਜਦ ਕਿ 1000 ਤੋਂ ਉੱਪਰ (1286 ਮਿਲੀਮੀਟਰ) ਵਰਖਾ ਦਰਜ ਕਰਕੇ 2011 ਵਰ੍ਹਾ ਸਭ ਤੋਂ ਵੱਧ ਵਰਖਾ ਵਾਲਾ ਵਰ੍ਹਾ ਰਿਹਾ | ਸਾਲ 2011 ਵਿਚ ਸਧਾਰਨ ਮੀਂਹ ਦੇ ਦਿਨ੍ਹਾਂ ਨਾਲੋਂ 8 ਮੀਂਹ ਦੇ ਦਿਨ ਵੱਧ ਰਹੇ ਅਤੇ 2002 ਵਿਚ 9 ਮੀਂਹ ਦੇ ਦਿਨ ਘੱਟ ਰਹੇ | ਅਧਿਐਨ ਸਮੇਂ (1970-2017) ਦੌਰਾਨ 20 ਸਾਲ ਮੀਂਹ ਦੇ ਦਿਨ ਸਧਾਰਨ ਮੀਂਹ ਦੇ ਦਿਨ੍ਹਾਂ ਨਾਲੋਂ ਵੱਧ ਰਹੇ ਜਦਕਿ 25 ਸਾਲ ਘੱਟ ਰਹੇ ਅਤੇ ਸਿਰਫ 2 ਸਾਲ ਹੀ ਸਧਾਰਨ ਮੀਂਹ ਦੇ ਦਿਨ ਦਰਜ ਕੀਤੇ ਗਏ | ਦੱਖਣ-ਪੱਛਮੀ ਪੰਜਾਬ ਦੀ ਸਾਲਾਨਾ ਵਰਖਾ 520 ਮਿਲੀਮੀਟਰ ਹੈ | ਜਿਥੇ ਕਿ ਸਭ ਤੋਂ ਵੱਧ ਵਰਖਾ (984 ਮਿਲੀਮੀਟਰ) 1990 ਵਿਚ ਰਿਕਾਰਡ ਹੋਈ ਅਤੇ ਸਭ ਤੋਂ ਘੱਟ ਵਰਖਾ (202 ਮਿਲੀਮੀਟਰ) ਸਾਲ 2000 ਵਿਚ ਦਰਜ ਕੀਤੀ ਗਈ | ਅਧਿਐਨ ਕਾਲ ਦੌਰਾਨ 15 ਸਾਲਾਂ ਵਿਚ ਮੀਂਹ ਦੇ ਦਿਨਾਂ ਦੀ ਗਿਣਤੀ ਸਧਾਰਨ ਮੀਂਹ ਦੇ ਦਿਨ੍ਹਾਂ ਨਾਲੋਂ ਜ਼ਿਆਦਾ ਰਹੀ ਅਤੇ 22 ਸਾਲ ਸਧਾਰਨ ਨਾਲੋਂ ਘੱਟ ਰਹੀ ਅਤੇ ਇਸੇ ਦੌਰਾਨ ਸਿਰਫ ਤਿੰਨ ਸਾਲ ਮੀਂਹ ਦੇ ਦਿਨ ਆਮ ਦੇ ਬਰਾਬਰ ਰਹੇ | ਅਧਿਆਨ ਤੋਂ ਇਹ ਵੀ ਪਤਾ ਲਗਦਾ ਹੈ ਕਿ ਸਾਰੇ ਖੇਤਰ ਹੀ ਮੀਂਹ ਦੇ ਦਿਨ੍ਹਾਂ ਦੀ ਗਿਣਤੀ ਦੇ ਘੱਟ ਰਹੇ ਰੁਝਾਨ ਨੂੰ ਦਰਸਾਉਂਦੇ ਹਨ ਪਰ ਬੱਲੋਵਾਲ ਵਿਖੇ ਇਹ ਕਟੌਤੀ ਬਠਿੰਡਾ ਤੇ ਲੁਧਿਆਣਾ ਦੇ ਮੁਕਾਬਲਤਨ ਜ਼ਿਆਦਾ ਹੈ | ਇਸ ਸਾਰੇ ਅਧਿਆਨ ਤੋਂ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਅਤਿ ਘਟਨਾਵਾਂ ਦਾ ਰੁਝਾਨ ਵਧਿਆ ਹੈ ਅਤੇ ਇਸ ਨਾਲ ਅਸਰਦਾਰ ਵਰਖਾ ਵੀ ਘਟੀ ਹੈ ਜਿਸ ਨੇ ਪਾਣੀ ਦੀ ਉਪਯੋਗਤਾ ਨੂੰ ਘਟਾਇਆ ਹੈ |
ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਬੇਲੋੜੀ ਵਰਤੋਂ : ਪੰਜਾਬ ਦੀ ਔਸਤਨ ਸਾਲਾਨਾ ਵਰਖਾ ਸਾਲ 1990 ਤੋਂ ਬਾਅਦ ਕੁਝ ਖੇਤਰਾਂ ਵਿਚ ਤਕਰੀਬਨ 50 ਪ੍ਰਤੀਸ਼ਤ ਤੱਕ ਵੀ ਘਟੀ ਹੈ | ਪਿਛਲੇ 4-5 ਸਾਲਾਂ ਤੋਂ ਚੰਗੀਆਂ ਬਰਸਾਤਾਂ ਕਰਕੇ ਵਰਖਾ ਦੇ ਰੁਝਾਨ ਵਿਚ ਕੁਝ ਸੁਧਾਰ ਹੋਇਆ ਹੈ ਪਰ ਮੀਂਹ ਦੇ ਵਰਤਾਰੇ ਵਿਚ ਵਾਪਰਦੀ ਖਲਬਲੀ ਨਾਲ ਇਹ ਵੰਡ ਇਕਸਾਰ ਨਹੀਂ ਰਹੀ | ਇਸ ਨਾਲ ਪਾਣੀ ਦਾ ਵਹਾਅ ਵਧਿਆ ਹੈ ਪਰ ਧਰਤੀ ਵਿਚ ਪਾਣੀ ਸਮਾਉਣ ਦੀ ਸਮਰੱਥਾ ਘੱਟ ਰਹੀ ਹੈ | ਸੂਬੇ ਵਿਚ ਤਕਰੀਬਨ 99 ਪ੍ਰਤੀਸ਼ਤ ਹਿੱਸਾ ਸਿੰਚਾਈ ਦੇ ਅਧੀਨ ਹੈ, ਜਿਸ ਵਿਚੋਂ 72 ਪ੍ਰਤੀਸ਼ਤ ਦੀ ਪੂਰਤੀ ਧਰਤੀ ਹੇਠਲੇ ਪਾਣੀ ਨਾਲ ਹੀ ਹੁੰਦੀ ਹੈ, ਜਿਸ ਸਦਕਾ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ |
ਜੇਕਰ ਪੰਜਾਬ ਦੇ 138 ਬਲਾਕਾਂ ਦੀ ਗੱਲ ਕਰੀਏ ਤਾਂ ਇਸ ਵਿਚੋਂ 1984 ਵਿਚ 53 ਬਲਾਕਾਂ ਵਿਚ ਪਾਣੀ ਦਾ ਪਧਰ ਘਟਿਆ ਸੀ ਜੋ ਕਿ 2015 ਤੱਕ ਵਧ ਕੇ 105 ਬਲਾਕਾਂ ਤੱਕ ਪਹੁੰਚ ਗਿਆ | ਸੋ ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਘਟ ਰਹੀ ਵਰਖਾ ਕਰਕੇ ਧਰਤੀ ਹੇਠਲੇ ਪਾਣੀ 'ਤੇ ਵੀ ਬਹੁਤ ਅਸਰ ਪਿਆ ਹੈ | ਇਹ ਵੀ ਦੇਖਿਆ ਗਿਆ ਹੈ ਕਿ ਅੱਜਕਲ੍ਹ ਸਿੰਚਾਈ ਲਈ ਜ਼ਿਆਦਾ ਹੇਠਲੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਵਰਖਾ ਘਟਣ ਨਾਲ ਧਰਤੀ ਵਿਚ ਪਾਣੀ ਦਾ ਪਰਵੇਸ਼ ਵੀ ਘਟਤਾ ਜਾ ਰਿਹਾ ਹੈ | ਅਧੂਰੇ ਅਤੇ ਅਸਥਿਰ ਪਾਣੀ ਦੇ ਰੁਝਾਨ ਨੇ ਸੂਬੇ ਦੇ ਹਰੇਕ ਭਾਗ ਦੇ ਧਰਤੀ ਹੇਠਲੇ ਪਾਣੀ 'ਤੇ ਬੁਰਾ ਪ੍ਰਭਾਵ ਪਾਇਆ ਹੈ, ਇਸ ਲਈ ਖੇਤੀ ਖੇਤਰ ਵਿਚ ਪਾਣੀ ਨੂੰ ਸੰਭਾਲਣ ਲਈ ਅਮਲੀ ਪੱਧਰ 'ਤੇ ਹੇਠ ਲਿਖੇ ਨੁਕਤੇ ਕਾਰਗਰ ਸਿੱਧ ਹੋ ਸਕਦੇ ਹਨ:
• ਕਣਕ ਦੀ ਫ਼ਸਲ ਦੀ ਬਿਜਾਈ ਵੇਲੇ ਕਿਆਰੇ ਛੋਟੇ ਰੱਖੋ • ਝੋਨੇ ਦੇ ਖੇਤ ਵਿਚ ਉੱਚੀਆਂ ਵੱਟਾਂ ਬਣਾਓ • ਖੂਹਾਂ ਵਿਚ ਮੀਂਹ ਦਾ ਪਾਣੀ ਸੰਭਾਲੋ • ਜ਼ਮੀਨ ਨੂੰ ਪੱਧਰਾ ਕਰਨ ਲਈ ਲੇਜ਼ਰ ਕਰਾਹੇ ਦੀ ਵਰਤੋਂ ਕਰੋ • ਕਿਸਾਨ ਵੀਰ ਸਿੰਚਾਈ ਦੀ ਤਦਬੀਰ ਮੌਸਮ ਦੀ ਭਵਿੱਖਬਾਣੀ ਨੰੂ ਧਿਆਨ ਵਿਚ ਰੱਖ ਕੇ ਜ਼ਰੂਰ ਕਰਨ ਅਤੇ ਆਪਣੇ ਫੋਨ ਉੱਪਰ ਖੇਤੀ ਸੰਬੰਧੀ ਮੁਫਤ ਜਾਣਕਾਰੀ ਲੈਣ ਲਈ ਪੀ.ਏ.ਯੂ. ਦੀ ਵੈਬਸਾਈਟ 'ਤੇ ਆਪਣਾ ਫੋਨ ਨੰਬਰ ਰਜਿਸਟਰ ਕਰਵਾ ਸਕਦੇ ਹਨ |
ਵਰਖਾ ਅਤੇ ਪਾਣੀ ਦੇ ਰੁਝਾਨ ਨੂੰ ਦੇਖਦੇ ਹੋਏ ਦੋ ਨੁਕਤੇ ਮਹੱਤਵਪੂਰਨ ਹਨ, ਪਹਿਲਾ ਕਿ ਜਿਨ੍ਹਾਂ ਹੋ ਸਕੇ ਮੀਂਹ ਦੇ ਪਾਣੀ ਨੰੂ ਸੰਭਾਲਿਆ ਜਾਵੇ ਅਤੇ ਦੂਜਾ ਕਿ ਮੀਹਾਂ ਦੀ ਨਿਰੰਤਰਤਾ ਬਣਾਏ ਰੱਖਣ ਲਈ ਸਾਨੂੰ ਵਾਤਾਵਰਨ ਦੀ ਸੰਭਾਲ ਵੱਲ ਖਾਸ ਤਵਜੋ ਦੇਣੀ ਪੈਣੀ ਹੈ | (ਸਮਾਪਤ)

-ਮੋਬਾਈਲ : 98553-85287

ਇਸ ਮਹੀਨੇ ਦੇ ਖੇਤੀ ਰੁਝੇਵੇਂ

ਸ਼ਹਿਦ ਦੀਆਂ ਮੱਖੀਆਂ ਦਾ ਪਾਲਣਾ
ਇਸ ਮੌਸਮ ਵਿਚ ਸ਼ਹਿਦ ਦੀਆਂ ਮੱਖੀਆਂ ਨੂੰ ਗਰਮੀ ਤੋਂ ਬਚਾਉਣ ਲਈ ਕਟੁੰਬਾਂ ਨੂੰ ਸੰਘਣੀ ਛਾਂ ਹੇਠ ਰੱਖਣ ਦਾ ਪ੍ਰਬੰਧ ਕਰੋ। ਪਾਣੀ ਦੀ ਵਧੀ ਹੋਈ ਜ਼ਰੂਰਤ ਨੂੰ ਪੂਰਾ ਕਰਨ ਲਈ ਟਿਊਬਵੈੱਲ ਦੇ ਪਾਣੀ ਵਾਲੇ ਟੈੱਕ ਵਿਚ ਦਰੱਖਤਾਂ ਦੀਆਂ ਛੋਟੀਆਂ-ਛੋਟੀਆਂ ਟਹਿਣੀਆਂ ਜਾਂ ਫੱਟੀਆਂ ਦੇ ਟੁਕੜੇ ਸੁੱਟ ਦਿਓ, ਜਿਨ੍ਹਾਂ ਉੱਪਰ ਬੈਠ ਕੇ ਸ਼ਹਿਦ ਦੀਆਂ ਮੱਖੀਆਂ ਪਾਣੀ ਲੈ ਸਕਣ। ਪਾਣੀ ਦੀ ਜ਼ਰੂਰਤ ਕਟੁੰਬਾਂ ਹੇਠ ਰੱਖੇ ਸਟੈਂਡਾਂ ਦੇ ਪਾਵਿਆਂ ਹੇਠ ਪਾਣੀ ਦੇ ਠੂਹਲੇ ਰੱਖ ਕੇ ਵੀ ਪੂਰੀ ਕੀਤੀ ਜਾ ਸਕਦੀ ਹੈ, ਜਿਸ ਦਾ ਇਕ ਹੋਰ ਫਾਇਦਾ ਕਟੁੰਬਾਂ ਨੂੰ ਕੀੜੀਆਂ ਤੋਂ ਬਚਾਉਣਾ ਵੀ ਹੈ। ਕਟੁੰਬਾਂ ਨੂੰ ਹਵਾਦਾਰ ਬਣਾਉਣ ਲਈ ਬੌਟਮ ਬੋਰਡ ਤੇ ਬਰੂਡ ਚੈਂਬਰ ਦੇ ਵਿਚਕਾਰ ਅਤੇ ਬਰੂਡ ਚੈਂਬਰ ਤੇ ਸੁਪਰ ਚੈਂਬਰ ਦੇ ਵਿਚਕਾਰ ਪਤਲੇ ਪਤਲੇ ਡੱਕੇ ਰੱਖ ਕੇ ਝੀਥ ਬਣਾਈ ਜਾ ਸਕਦੀ ਹੈ, ਜਿਸ ਵਿਚੋਂ ਹਵਾ ਤਾਂ ਨਿਕਲ ਸਕੇ ਪ੍ਰੰਤੂ ਸ਼ਹਿਦ ਦੀਆਂ ਮੱਖੀ ਨਾ ਲੰਘ ਸਕੇ। ਬਰੂਡ ਚੈਂਬਰ ਨੂੰ ਬੌਟਮ ਬੋਰਡ ਤੋਂ ਥੋੜ੍ਹਾ ਹਿਲਾ ਕੇ ਅਤੇ ਇਸੇ ਤਰ੍ਹਾਂ ਸੁਪਰ ਚੈਂਬਰ ਨੂੰ ਬਰੂਡ ਚੈਂਬਰ ਤੋਂ ਥੋੜ੍ਹਾ ਹਿਲਾ ਕੇ ਕਟੁੰਬਾਂ ਨੂੰ ਹਵਾਦਾਰ ਬਣਾਉਣ ਲਈ ਬਰੀਕ ਮੱਖੀ-ਟਾਈਟ ਝੀਥ ਬਣਆਈ ਜਾ ਸਕਦੀ ਹੈ। ਇਸ ਮੌਸਮ ਦੌਰਾਨ ਸੂਰਜਮੁਖੀ ਫਸਲ ਦਾ ਪੱਕਿਆ ਹੋਇਆ ਸ਼ਹਿਦ ਕਟੁੰਬਾਂ ਦੇ ਬਰੂਡ ਰਹਿਤ ਛੱਤਿਆਂ ਵਿਚੋਂ ਤਰਜੀਹ ਦੇ ਤੌਰ 'ਤੇ ਸੁਪਰ ਚੈਂਬਰ ਵਿਚੋਂ ਕੱਢ ਲੈਣਾ ਚਾਹੀਦਾ ਹੈ। ਨੈਕਟਰ ਦੀ ਆਮਦ ਦੌਰਾਨ ਬਰੂਡ ਚੈਂਬਰ ਅਤੇ ਸੁਪਰ ਚੈਂਬਰ ਵਿਚਾਲੇ ਲੇਟਵੀਂ ਰਾਣੀ ਨਿਖੇੜੂ ਜਾਲੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਰੌਬਿੰਗ (ਮੱਖੀਆਂ ਦੁਆਰਾ ਖੁਰਾਕ ਦੀ ਲੁੱਟ) ਦੀ ਸਮੱਸਿਆ ਤੋਂ ਬਚਣ ਲਈ ਸ਼ਹਿਦ ਕੱਢਣ ਦੌਰਾਨ ਅਤੇ ਉਪਰੰਤ ਸਾਰੇ ਸਬੰਧਿਤ ਲੋੜੀਂਦੇ ਇਹਤਿਆਤ ਅਤੇ ਢੰਗ ਜ਼ਰੂਰ ਵਰਤਣੇ ਚਾਹੀਦੇ ਹਨ।

ਪੰਜਾਬ ਵਿਚ ਵਰਖਾ ਦਾ ਰੁਝਾਨ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ

ਪਾਣੀ ਕੁਦਰਤ ਵਲੋਂ ਬਖਸ਼ੀ ਗਈ ਇਕ ਵੱਡਮੁੱਲੀ ਦਾਤ ਹੈ, ਜਿਸ ਦੀ ਸਾਂਭ-ਸੰਭਾਲ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ। ਪਿਛਲੇ ਕਈ ਸਾਲਾਂ ਤੋਂ ਦੇਖਣ ਵਿਚ ਆ ਰਿਹਾ ਹੈ ਕਿ ਪਾਣੀ ਦਾ ਕੁਦਰਤੀ ਚੱਕਰ ਵਿਗੜ ਰਿਹਾ ਹੈ, ਜਿਸ ਦਾ ਮੁੱਖ ਕਾਰਨ ਮੌਸਮ ਵਿਚ ਵਾਪਰ ਰਹੀਆਂ ਤਬਦੀਲੀਆਂ ਹਨ, ਜੋ ਕਿ ਸ਼ਹਿਰੀਕਰਨ, ਜੰਗਲਾਂ ਦੀ ਅੰਧਾਧੁੰਦ ਕਟਾਈ, ਗਰੀਨ ਹਾਊਸ ਗੈਸਾਂ ਦੇ ਵਧਣ ਨਾਲ ਆਈਆਂ ਹਨ। ਪਾਣੀ ਦੇ ਕੁਦਰਤੀ ਚੱਕਰ ਵਿਚ ਆ ਰਹੇ ਵਿਗਾੜ ਨੇ ਵਰਖਾ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਅਤੇ ਇਸ ਦਾ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਦੀ ਆਰਥਿਕਤਾ 'ਤੇ ਵੀ ਪ੍ਰਭਾਵ ਪੈਂਦਾ ਹੈ। ਵਰਖਾ ਪਾਣੀ ਦਾ ਮੱਖ ਸਰੋਤ ਹੈ ਅਤੇ ਬਾਰਿਸ਼ ਦੀ ਮਾਤਰਾ, ਇਸ ਦੀ ਵੰਡ, ਖੁਸ਼ਕ ਅਤੇ ਬਰਸਾਤੀ ਦਿਨ੍ਹਾਂ ਦੀ ਮਿਆਦ ਆਦਿ ਫ਼ਸਲਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ। ਸੋਕੇ ਤੋਂ ਇਕਦਮ ਬਾਅਦ ਵੀ ਬਾਰਿਸ਼ ਦੀ ਬਹੁਤਾਤ ਆਮ ਬਾਰਿਸ਼ ਦੇ ਹਾਲਤਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਇਸ ਲਈ ਸਮੇਂ ਅਤੇ ਲੋੜ ਅਨੁਸਾਰ ਇਸ ਦੀ ਵੰਡ ਫ਼ਸਲ ਦੀ ਯੋਜਨਾਬੰਦੀ ਅਤੇ ਨਿਗਰਾਨੀ ਵਿਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਭਾਰਤ ਦੀ ਵਰਖਾ ਵਿਚ ਸਮੇਂ-ਸਮੇਂ 'ਤੇ ਬਹੁਤ ਉਤਰਾਅ-ਚੜ੍ਹਾਅ ਆਏ ਹਨ, ਜੋ ਕਿ ਜਲਵਾਯੂ ਪਰਿਵਰਤਨ ਕਾਰਨ ਹੋਰ ਵੀ ਵੱਧ ਹੋ ਸਕਦੇ ਹਨ। ਅੱਜਕਲ੍ਹ ਭਾਰੀ ਵਰਖਾ ਦੀਆ ਘਟਨਾਵਾਂ ਵਿਚ ਵਾਧਾ ਅਤੇ ਵਰਖਾ ਦੀ ਤਰਤੀਬ ਵਿਚ ਤਬਦੀਲੀ ਆਮ ਹੀ ਦੇਖਣ ਨੂੰ ਮਿਲਦੇ ਹਨ। ਇਹ ਵੀ ਦੇਖਣ ਵਿਚ ਆਇਆ ਹੈ ਕਿ ਭਾਵੇਂ ਦੇਸ਼ ਪੱਧਰ 'ਤੇ ਬਾਰਿਸ਼ ਦਾ ਕੋਈ ਮਹੱਤਵਪੂਰਨ ਰੁਝਾਨ ਸਾਹਮਣੇ ਨਹੀਂ ਆ ਰਿਹਾ ਪਰ ਖੇਤਰੀ ਪੱਧਰ 'ਤੇ ਇਸ ਦੇ ਵਰਤਾਰੇ ਵਿਚ ਵੱਡੀਆਂ ਤਬਦੀਲੀਆ ਸਾਹਮਣੇ ਆਈਆਂ ਹਨ।
ਪੰਜਾਬ ਵਿਚ ਵਰਖਾ ਦਾ ਰੁਝਾਨ: ਪੰਜਾਬ ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਵਰਖਾ ਦਾ ਪ੍ਰਚਲਣ ਘਟਿਆ ਹੈ, ਮੌਸਮੀ ਅੰਕੜਿਆਂ ਦੇ ਅਧਿਐਨ ਤੋਂ ਇਹ ਵੀ ਪਤਾ ਲਗਦਾ ਹੈ ਕਿ ਬਰਸਾਤਾਂ ਵਿਚ ਪੈਣ ਵਾਲੇ ਮੀਂਹਾਂ ਦਾ ਰੁਝਾਨ ਵਧਿਆ ਹੈ ਜਦਕਿ ਸਰਦੀ ਰੁੱਤ ਦੀ ਵਰਖਾ ਦਾ ਰੁਝਾਨ ਘਟਿਆ ਹੈ। ਮੌਨਸੂਨ ਰੁੱਤ ਦੀ ਵਰਖਾ ਸਾਉਣੀ ਦੀਆਂ ਫ਼ਸਲਾਂ ਲਈ ਬਹੁਤ ਲਾਭਦਾਇਕ ਹੈ ਪਰ ਜਦੋਂ ਇਹ ਕਮਜ਼ੋਰ ਹੁੰਦੀ ਹੈ ਤਾਂ ਧਰਤੀ ਹੇਠੋਂ ਜ਼ਰੂਰਤ ਤੋਂ ਵੱਧ ਪਾਣੀ ਕੱਢਿਆ ਜਾਂਦਾ ਹੈ ਅਤੇ ਇਸ ਲਈ ਕਈ ਊਰਜਾ ਸਰੋਤ ਵਰਤਣੇ ਪੈਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਵਰਖਾ ਦੇ ਸਮੇਂ ਅਤੇ ਅੰਤਰਾਲ ਵਿਚ ਅਸਥਿਰਤਾ ਵਧ ਗਈ ਹੈ। ਇਸੇ ਤਰ੍ਹਾਂ ਹੀ ਧਰਤੀ ਦੇ ਵਾਯੂਮੰਡਲ ਦੇ ਗਰਮ ਹੋਣ ਨਾਲ ਮੌਸਮੀ ਤਬਦੀਲੀਆਂ ਕਾਰਨ ਬਰਸਾਤਾਂ ਦੀ ਲੰਬਾਈ ਵੀ ਘਟ ਰਹੀ ਹੈ। ਪਿਛਲੇ ਸਾਲਾਂ ਦੌਰਾਨ ਮੌਸਮ ਦੇ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਦੇ ਸਾਰੇ ਖੇਤੀ ਮੌਸਮ ਖੇਤਰਾਂ ਵਿਚ ਮੀਂਹ ਦੀ ਦਰ ਘਟ ਗਈ ਹੈ। ਪੰਜਾਬ ਵਿਚ 70 ਤੋਂ 90 ਦੇ ਦਹਾਕਿਆਂ ਵਿਚ ਔਸਤਨ ਵਰਖਾ 70 ਸੈਂਟੀਮੀਟਰ ਹੁੰਦੀ ਸੀ ਜੋ ਕਿ ਪਿਛਲੇ ਦਹਾਕੇ ਵਿਚ ਘੱਟ ਕੇ 50 ਸੈਂਟੀਮੀਟਰ ਰਹਿ ਗਈ ਹੈ। ਸਿਰਫ ਸਾਲ 2011 ਵਿਚ ਮੌਸਮੀ ਅਤਿ ਘਟਨਾਵਾਂ ਸਦਕਾ ਵਰਖਾ 70 ਸੈਂਟੀਮੀਟਰ ਦਰਜ ਕੀਤੀ ਗਈ ਸੀ। ਪਿਛਲੇ 40 ਸਾਲਾਂ ਦੇ ਅੰਕੜਿਆ ਦੇ ਆਧਾਰ 'ਤੇ ਕੰਢੀ ਖੇਤਰ, ਕੇਂਦਰੀ ਖੇਤਰ ਅਤੇ ਦੱਖਣ-ਪਛਮੀ ਖੇਤਰਾਂ ਦੀ ਔਸਤਨ ਸਾਲਾਨਾ ਵਰਖਾ ਕ੍ਰਮਵਾਰ 800-1000, 700-800 ਅਤੇ 200-300 ਮਿਲੀਮੀਟਰ ਹੈ। ਇਸ ਵਿਸ਼ਲੇਸ਼ਣ ਤੋਂ ਇਹ ਵੀ ਦੇਖਿਆ ਗਿਆ ਹੈ ਕਿ ਸੂਬੇ ਦੇ ਉਪਰੋਕਤ ਤਿੰਨ੍ਹਾਂ ਭਾਗਾਂ ਵਿਚ ਬਾਰਿਸ਼ ਦੀ ਅਸਥਿਰਤਾ ਵਧੀ ਹੈ।
ਪੰਜਾਬ ਵਿਚ ਮੀਂਹ ਦੇ ਦਿਨਾਂ ਵਿਚ ਅਸਥਿਰਤਾ: ਕਿਸੇ ਵੀ ਦਿਨ ਮੀਂਹ ਦੀ ਮਿਣਤੀ 2.5 ਮਿਲੀਮੀਟਰ ਹੋਵੇ ਤਾਂ ਉਸਨੂੰ ਮੀਂਹ ਦਾ ਦਿਨ ਐਲਾਨਿਆ ਜਾਂਦਾ ਹੈ। ਮੀਂਹ ਦੇ ਦਿਨ੍ਹਾਂ ਦੀ ਗਿਣਤੀ ਕਿਸੇ ਵੀ ਰੁੱਤ ਵਿਚ ਵਰਖਾ ਦੀ ਵੰਡ ਨੂੰ ਦਰਸਾਉਂਦੀ ਹੈ। ਇਸ ਲਈ ਕਿਸੇ ਵੀ ਰੁੱਤ ਦੇ ਮੀਂਹ ਦੇ ਦਿਨ੍ਹਾਂ ਦੀ ਗਿਣਤੀ, ਉਸ ਦੀ ਮਿਆਦ ਦੇ ਦਿਨ੍ਹਾਂ ਨੂੰ ਜੋੜ ਕੇ ਨਿਸਚਿਤ ਕੀਤੀ ਜਾਂਦੀ ਹੈ। ਵਰਖਾ ਦੀ ਤਰ੍ਹਾਂ ਹੀ ਮੀਂਹ ਦੇ ਦਿਨ੍ਹਾਂ ਦਾ ਰੁਝਾਨ ਵੀ ਸਮੇਂ ਦੇ ਨਾਲ-ਨਾਲ ਘਟਿਆ ਹੈ ਅੰਕੜਿਆਂ ਦੇ ਅਧਿਐਨ ਦਰਸਾਉਂਦੇ ਹਨ ਕਿ ਸੂਬੇ ਵਿਚ ਸਾਲਾਨਾ ਵਰਖਾ ਸਾਰੇ ਭਾਗਾਂ ਵਿਚ ਹੀ ਘਟੀ ਹੈ। ਜੇਕਰ ਪਿਛਲੇ ਪੰਜ ਦਹਾਕਿਆਂ (1970-2017) ਦੀ ਗੱਲ ਕਰੀਏ ਤਾਂ ਪਹਿਲੇ ਤਿੰਨ ਦਹਾਕਿਆਂ (1970-79 ਤੋਂ 1990-99) ਤੱਕ ਮੀਂਹ ਦੇ ਦਿਨ੍ਹਾਂ ਵਿਚ ਯਕੀਨਨ ਵਾਧਾ ਹੁੰਦਾ ਰਿਹਾ ਪਰ ਸਾਲ 2000 ਤੋਂ ਬਾਅਦ ਇਹ ਰੁਝਾਨ ਲਗਾਤਾਰ ਨਿਊਨਤਾ ਵੱਲ ਹੀ ਰਿਹਾ। ਦਹਾਕੇਵਾਰ ਵਿਸ਼ਲੇਸ਼ਣ ਤੋਂ ਇਹ ਸਿੱਧ ਹੁੰਦਾ ਹੈ ਕਿ ਮੀਂਹ ਦੇ ਦਿਨ੍ਹਾਂ ਦੀ ਗਿਣਤੀ ਪਿਛਲੇ ਦਹਾਕਿਆਂ ਵਿਚ ਘਟੀ ਹੈ ਪਰ 1990 ਤੋਂ ਬਾਅਦ ਇਸ ਵਿਚ ਪ੍ਰਚੰਡ ਰੂਪ ਵਿਚ ਬਦਲਾਅ ਹੋਇਆ ਹੈ। ਜਿਸ ਨਾਲ ਸਾਰੇ ਖੇਤਰਾਂ ਜਿਵੇਂ ਕਿ ਬੱਲੋਵਾਲ, ਬਠਿੰਡਾ ਅਤੇ ਲੁਧਿਆਣਾ ਵਿਚ ਮੀਂਹ ਦੇ ਦਿਨ੍ਹਾਂ ਦੀ ਗਿਣਤੀ ਘਟ ਕੇ ਕ੍ਰਮਵਾਰ 8.6, 6.9 ਅਤੇ 5.8 ਦਿਨ ਹੀ ਰਹਿ ਗਈ। ਇਸ ਚੱਲ ਰਹੇ ਦਹਾਕੇ (2010-17) ਵਿਚ ਬੱਲੋਵਾਲ ਅਤੇ ਬਠਿੰਡਾ, ਜੋ ਕਿ ਕ੍ਰਮਵਾਰ ਕੰਡੀ ਖੇਤਰ ਅਤੇ ਦੱਖਣ-ਪੱਛਮੀ ਖੇਤਰ ਨੂੰ ਦਰਸਾਉਂਦੇ ਹਨ, ਵਿਚ ਮੀਂਹ ਦੇ ਦਿਨ੍ਹਾਂ ਦੀ ਗਿਣਤੀ ਘੱਟੀ ਹੈ, ਪਰ ਲੁਧਿਆਣਾ ਜੋ ਕਿ ਪੰਜਾਬ ਦਾ ਕੇਂਦਰੀ ਇਲਾਕਾ ਹੈ, ਵਿਚ ਕੁਝ ਸੁਧਾਰ ਦੇਖਿਆ ਗਿਆ ਹੈ। (ਬਾਕੀ ਅਗਲੇ ਮੰਗਰਵਾਰ ਦੇ ਅੰਕ 'ਚ)


-ਮੋਬਾਈਲ : 98553-85287

ਜ਼ਮਾਨੇ ਦਾ ਬਹੁਪੱਖੀ ਖ਼ਜ਼ਾਨਾ-ਬਲਦਾਂ ਦੀ ਖੇਤੀ

ਸਮੇਂ ਦੀ ਹਾਣੀ ਬਣੀ ਤਕਨੀਕ ਨੇ ਖੇੇਤੀ ਦੇ ਸਾਧਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈੇ। ਸੱਭਿਅਤਾ ਅਤੇ ਸੱਭਿਆਚਾਰ ਦੀ ਮਹਿਕ ਵੰਡਦੀ ਬਲਦਾਂ ਦੀ ਖੇਤੀ ਇਸੇ ਪ੍ਰਸੰਗ ਦਾ ਹਿੱਸਾ ਹੈ। ਜ਼ਰੂਰਤ ਵਿਚੋਂ ਪੈਦਾ ਹੋਈ ਬਲਦਾਂ ਦੀ ਖੇਤੀ ਸਾਡੀ ਆਰਥਿਕਤਾ ਦਾ ਧੁਰਾ ਰਹੀ ਹੈ। ਇਹ ਜ਼ਮਾਨੇ ਅਨੁਸਾਰ ਸਾਡੇ ਵਿਰਸੇ ਵਿਚ ਸਾਡੇ ਸਾਰੇ ਪੱਖਾਂ ਦਾ ਖਜ਼ਾਨਾ ਰਹੀ,ਜਿਸ ਨਾਲ ਸਾਡਾ ਜੀਵਨ ਬਸਰ ਹੁੰਦਾ ਰਿਹਾ। ਬਦਲਦੇ ਜ਼ਮਾਨੇ ਨੇ ਹਰੀ ਕ੍ਰਾਂਤੀ ਨਾਲ ਬਲਦਾਂ ਦੀ ਖੇਤੀ ਦਾ ਬਦਲ ਤਕਨੀਕੀ ਖੇਤੀ ਦਿੱਤੀੇ। ਪੰਜਾਬ ਵਿਚ ਪੰਜ ਲੱਖ ਦੇ ਲਗਪਗ ਟਰੈਕਟਰ ਹਨ। ਪਰ ਅਜੇ ਵੀ 65 ਫੀਸਦੀ ਲੋਕ ਟਰੈਕਟਰਾਂ ਦੀ ਖੇਤੀ ਤੋਂ ਦੂਰ ਹਨ। ਰੀਸੋ-ਰੀਸੀ ਇਸ ਸੱਭਿਆਚਾਰ ਨੇ ਸਾਡੇ ਜੀਵਨ ਦਾ ਸੰਤੁਲਨ ਮੈਲਾ ਕੀਤਾ ਹੈ। 'ਦੱਬ ਕੇ ਵਾਹ ਰੱਜ ਕੇ ਖਾਹ' ਦੀ ਅਖਾਣ ਬਲਦਾਂ ਦੀ ਖੇਤੀ ਵਿਚੋਂ ਉਪਜੀ ਸੌਗਾਤ ਸੀ। ਇਸ ਵਿਚ ਕਾਫੀ ਵਿਰਸਾ ਛੁਪਿਆ ਹੋਇਆ ਹੈ। ਬਲਦਾਂ ਦੀ ਖੇਤੀ ਦਾ ਦੌਰ ਬਹੁਤ ਲੰਬਾ ਸਮਾਂ ਚਲਿਆ। ਬਲਦਾਂ ਦੇ ਪਾਲਣ-ਪੋਸ਼ਣ ਬਾਰੇ ਕਿਹਾ ਜਾਂਦਾ ਹੈ ਕਿ 'ਪਾਲੇ ਜਵਾਈਆ ਵਾਂਗ ਜਾਂਦੇ ਹਨ, ਵਾਹੇ ਕਸਾਈਆ ਵਾਂਗ ਜਾਂਦੇ ਹਨ।' ਘਰ ਵਿਚ ਪੈਦਾ ਹੋਏ ਬਲਦ ਨੂੰ ਹਾਲੀ ਕੱਢ ਕੇ ਜੋੜਣਾ ਸ਼ੁਰੂ ਕੀਤਾ ਜਾਂਦਾ ਸੀ। ਸਿੰਗ ਫੁਟੇਂਦੇ ਵਹਿੜਕੇ 'ਤੇ ਅੱਖ ਰੱਖੀ ਜਾਂਦੀ ਸੀ। ਬਲਦਾਂ ਦੀ ਮੰਡੀ ਵਿਚ ਕਾਫੀ ਰੌਣਕ ਲਗਦੀ ਸੀ। ਦੋ-ਦੋ ਬਲਦਾਂ ਦੀਆਂ ਜੋੜੀਆਂ ਰੱਖਣ ਵਾਲੇ ਰਹੀਸ ਕਹਾਉਂਦੇ ਸਨ। ਹਲ, ਸੁਹਾਗਾ ਗੱਡਾ ਅਤੇ ਪੰਜਾਲੀ ਸਭ ਬਲਦਾਂ ਕਰਕੇ ਹੀ ਸ਼ੋਭਦੇ ਸਨ।
ਪਹੁ-ਫੁਟਾਲੇ ਤੋਂ ਪਹਿਲਾਂ ਹੀ ਜ਼ਿਮੀਦਾਰ ਬਲਦਾਂ ਦੇ ਗਲ ਬੋਲਦੀਆਂ ਟੱਲੀਆਂ ਨਾਲ ਖੇਤਾਂ ਵਿਚ ਹਲ ਜੋਤਦੇ ਸਨ। ਘਰਾਂ ਅਤੇ ਪਿੰਡਾਂ ਵਿਚ ਬਲਦਾਂ ਨਾਲ ਖੇਤੀ ਕਰਨ ਵਾਲੇ ਨੂੰ ਹਾਲੀ ਦਾ ਤਖੱਲਸ ਮਿਲਦਾ ਸੀ। ਹਾਲੀ ਨੂੰ ਭੱਤਾ ਲੈ ਕੇ ਜਾਣ ਦਾ ਰਿਵਾਜ ਵੀ ਸੀ। ਬਲਦਾਂ ਉੱਤੇ ਫੁਲਕਾਰੀ ਦੇਣ ਦਾ ਬਲਦਾਂ ਦੇ ਸ਼ੌਕੀਨਾਂ ਦਾ ਆਮ ਸੁਭਾਅ ਹੁੰਦਾ ਸੀ। ਖੇਤੀ ਦੇ ਨਾਲ-ਨਾਲ ਬਲਦਾਂ ਦੀਆਂ ਦੌੜਾਂ ਦਾ ਰੁਝਾਨ ਵੀ ਸ਼ੁਰੂ ਹੋਇਆ। ਕਈ ਵਾਰੀ ਹਲ ਦੇ ਫਾਲੇ ਨਾਲ ਬਲਦਾਂ ਦੇ ਪੈਰ ਜ਼ਖ਼ਮੀ ਹੋ ਜਾਂਦੇ ਸਨ, ਜਿਸ 'ਤੇ ਦੇਸੀ ਮੱਲ੍ਹਮ ਟਕੋਰ ਕਰ ਕੇ ਹੀ ਰਾਜ਼ੀ ਹੋ ਜਾਂਦੇ ਸਨ। ਬਲਦਾਂ ਉਪਰ ਜਦੋਂ ਕਿਤੇ ਕਾਂ ਬੈਠਦੇ ਸਨ, ਜਿਸ ਨੂੰ ਪੂਛ ਹਿਲਾ ਕੇ ਉਡਾ ਦਿੱਤਾ ਜਾਂਦਾ ਸੀ।
ਪੁੱਤਾਂ ਵਾਂਗ ਪਾਲੇ ਬਲਦਾਂ ਨਾਲ ਕਿਸਾਨ ਦਾ ਗੂੜ੍ਹਾ ਪਿਆਰ ਹੁੰਦਾ ਸੀ। ਲਾਖਾ, ਬੱਗਾ ਅਤੇ ਕਾਲਾ ਬਲਦ ਵੱਖਰੀ-ਵੱਖਰੀ ਪਹਿਚਾਣ ਰੱਖਦਾ ਸੀ। ਪਹਿਚਾਣ ਕੀਤੇ ਬਲਦਾਂ ਨੂੰ ਰੁਚੀ ਅਨੁਸਾਰ ਕਿਸਾਨ ਮੁੱਲ ਲਗਾ ਕੇ ਖਰੀਦਦੇ ਸਨ। ਹਾੜ੍ਹੀ-ਸਾਉਣੀ ਤੋਂ ਬਾਅਦ ਬਲਦਾਂ ਨੂੰ ਰਾਹਤ ਮਿਲ ਜਾਂਦੀ ਸੀ। ਹਲਟ ਨਾਲ ਪਾਣੀ ਕੱਢਣਾ ਵੀ ਬਲਦਾਂ ਦੇ ਹਿੱਸੇ ਹੁੰਦਾ ਸੀ। ਜੀਵ ਵਿਗਿਆਨਕ ਬੇ-ਇਨਸਾਫੀ ਬਲਦਾਂ ਨਾਲ ਇਹ ਹੁੰਦੀ ਸੀ ਕਿ ਪਸ਼ੂ ਹਸਪਤਾਲ ਵਿਚ ਇਨ੍ਹਾਂ ਦੇ ਸੰਨੀ ਲਗਵਾ ਕੇ ਸਾਨ ਤੋਂ ਬਲਦ ਹੀ ਰੱਖ ਲਿਆ ਜਾਂਦਾ ਸੀ। ਧਾਰਮਿਕ ਖੇਤਰ ਵਿਚ ਗਊ ਦਾ ਜਾਇਆ ਸਮਝ ਕੇ ਪੇੜਾ ਦੇਣਾ ਪੁੰਨ ਸਮਝਿਆ ਜਾਂਦਾ ਸੀ। ਪਰ ਅੱਜ ਇਸ ਪੁੰਨ ਲਈ ਗਊ ਦੇ ਜਾਏ ਲੱਭਣੇ ਪੈਂਦੇ ਹਨ। ਜ਼ਿੰਮੀਂਦਾਰ ਬਲਦਾਂ ਲਈ ਕੌੜਤੁੰਮੇ ਦਾ ਚੂਰਨ ਬਣਾ ਕੇ ਰੱਖਦੇ ਸਨ, ਜਿਸ ਨਾਲ ਬਲਦਾਂ ਦੀ ਸਿਹਤ ਰਾਜ਼ੀ ਰਹਿੰਦੀ ਸੀ।
ਸੱਭਿਅਤਾ ਅਤੇ ਸੱਭਿਆਚਾਰ ਤੋਂ ਬਾਅਦ ਸਭ ਤੋਂ ਵੱਡਾ ਗੁਣ ਬਲਦਾਂ ਦੀ ਖੇਤੀ ਦਾ ਆਦਮੀ ਦੀ ਸਿਹਤ ਨਾਲ ਜੁੜਿਆ ਸੀ। ਇਕ ਕਿੱਲਾ ਵਾਹ ਕੇ 16 ਕਿਲੋਮੀਟਰ ਦੀ ਸੈਰ ਮੁਫ਼ਤ ਵਿਚ ਹੋ ਜਾਂਦੀ ਸੀ। ਇਸ ਸੈਰ ਦਾ ਢੰਡੋਰਾ ਅੱਜ ਸਿਹਤ ਮਾਹਿਰ ਪਿੱਟਦੇ ਹਨ। ਬਲਦਾਂ ਦੀ ਖੇਤੀ ਆਰਥਿਕਤਾ ਅਤੇ ਸਿਹਤ ਲਈ ਵਰਦਾਨ ਸਾਬਿਤ ਹੁੰਦੀ ਸੀ। ਅੱਜ ਬਲਦਾਂ ਦੀ ਖੇਤੀ ਇਸ ਪੜਾਅ 'ਤੇ ਹੈ ਕਿ ਕੁਝ ਚਿਰ ਬਾਅਦ ਸਾਹਿਤ ਦੇ ਜ਼ਰੀਏ ਕਿਤਾਬਾਂ ਵਿਚੋਂ ਮਿਲੇਗੀ। ਹਾਂ, ਇਕ ਗੱਲ ਹੋਰ ਵੀ ਹੈ ਜਿਵੇਂ ਜ਼ਮੀਨਾਂ ਲੀਰੋ ਲੀਰ ਹੋ ਰਹੀਆਂ ਹਨ ਉਸ ਨਾਲ ਬਲਦਾਂ ਦੀ ਖੇਤੀ ਵੱਲ ਮੁੜਨ ਦੀ ਗੁੰਜਾਇਸ਼ ਵੀ ਹੈ। 'ਜੱਟ ਸੁਹਾਗੇ 'ਤੇ ਬੈਠਾ ਮਾਨ ਨੀ' ਵਾਲੀ ਕਹਾਵਤ ਜੱਟ ਨਾਲ ਬਲਦਾਂ ਦੇ ਮੇਲ ਨੂੰ ਤਾਜ਼ਾ ਰੱਖੇਗੀ। ਸੱਭਿਅਤਾ ਸੱਭਿਆਚਾਰ ਅਤੇ ਆਰਥਿਕਤਾ ਦੀ ਝਲਕ ਮਾਰਦੀ ਬਲਦਾਂ ਦੀ ਖੇਤੀ ਸਮੇਂ ਅਨੁਸਾਰ ਜ਼ਮਾਨੇ ਦਾ ਬਹੁਪੱਖੀ ਖਜ਼ਾਨਾ ਸੀ ਇਸ ਉੱਤੇ ਹੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਟਿਕੀ ਹੋਈ ਸੀ।

-ਅਬਿਆਣਾ ਕਲਾਂ।
ਮੋਬਾਈਲ : 98781-11445

ਟਾਵਰਾਂ ਦੀ ਗੱਲ

ਅਸੀਂ ਪੰਜਾਬੀ ਵੀ ਕਮਾਲ ਦੀ ਕੌਮ ਹਾਂ। ਜਦੋਂ ਕਿਸੇ ਗੱਲ ਦੇ ਮਗਰ ਪੈਂਦੇ ਹਾਂ ਤਾਂ ਧੂੰਆਂ ਕੱਢ ਦਿੰਦੇ ਹਾਂ, ਫੇਰ ਸਾਡੇ ਲਈ ਇਹ ਮਾਇਨਾ ਨਹੀਂ ਰੱਖਦਾ ਕਿ, ਕੀ ਸੱਚ ਹੈ ਤੇ ਕੀ ਝੂਠ ਹੈ, ਕੀ ਗ਼ਲਤ ਹੈ ਤੇ ਕੀ ਸਹੀ ਹੈ। ਬਸ, ਗੱਲ ਨੂੰ ਅਫ਼ਵਾਹ ਤੋਂ ਵੀ ਵੱਡੀ ਕਰਕੇ, ਸੱਚ ਜਿਹਾ ਹੀ ਬਣਾ ਦਿੰਦੇ ਹਨ। ਪੰਜਾਬ ਦੇ ਵਿਗੜਦੇ ਵਾਤਾਵਰਨ ਨੂੰ ਲੈ ਕੇ ਕਈਆਂ ਨੇ ਹੱਟੀਆਂ ਖੋਲ੍ਹੀਆਂ ਹੋਈਆਂ ਹਨ। ਉਨ੍ਹਾਂ ਨੂੰ ਹਰ ਚੀਜ਼ ਵਿਚ ਨੁਕਸ ਹੀ ਨੁਕਸ ਦਿੱਸਦੇ ਹਨ। ਜਿਵੇਂ ਆਮ ਧਾਰਨਾ ਬਣਾ ਦਿੱਤੀ ਗਈ ਹੈ ਕਿ ਸਾਡੇ ਪੰਛੀ, ਖ਼ਾਸ ਕਰਕੇ ਘਰੇਲੂ ਚਿੜੀ, ਟਾਵਰਾਂ ਨੇ ਖ਼ਤਮ ਕਰ ਦਿੱਤੀ ਹੈ। ਇਹ ਪ੍ਰਚਾਰ ਜ਼ੋਰਾਂ 'ਤੇ ਹੈ, ਤੇ ਦੇਖਾ-ਦੇਖੀ ਲੇਖਕ ਵੀ ਧੜਾਧੜ ਕਵਿਤਾ, ਗੀਤ ਅਤੇ ਲੇਖ ਲਿਖੀ ਜਾ ਰਹੇ ਹਨ। ਲੋਕਾਂ ਨੂੰ ਇਹ ਸੱਚ ਮਨਾ ਦਿੱਤਾ ਗਿਆ ਹੈ ਪਰ ਇਹ ਕੋਰਾ ਝੂਠ ਹੈ। ਟਾਵਰਾਂ ਬਾਰੇ ਸੱਚ ਹੈ ਕਿ ਉਹ ਆਮ ਰੇਡੀਓ ਦੀਆਂ ਤਰੰਗਾਂ ਦੇ ਲਗਪਗ ਹੀ ਤਰੰਗਾਂ ਛੱਡਦੇ ਹਨ ਜੋ 450 ਤੋਂ 3800 ਮੈਗਾ ਹਰਟਜ਼ ਤੱਕ ਹੀ ਹੁੰਦੀਆਂ ਹਨ ਤੇ ਹਰ ਮੀਟਰ ਬਾਅਦ ਚੌਗੁਣਾ ਘੱਟ ਜਾਂਦੀਆਂ ਹਨ। ਇਹ ਮਾਇਕ੍ਰੋਵੇਵ ਨਾਲੋਂ ਕਈ ਲੱਖ ਗੁਣਾ ਘੱਟ ਹੁੰਦੀਆਂ ਹਨ। ਟਾਵਰਾਂ ਦੀਆਂ ਇਹ ਤਰੰਗਾਂ ਮਨੁੱਖੀ ਸਰੀਰ 'ਤੇ ਅਸਰ ਨਹੀਂ ਕਰ ਸਕਦੀਆਂ, ਕੈਂਸਰ ਲਈ ਡੀ. ਐੱਨ. ਏ. ਤੱਕ ਤਾਂ ਪਹੁੰਚ ਹੀ ਨਹੀਂ ਸਕਦੀਆਂ। ਜਿਹੜੀ ਚੀਜ਼ ਨੁਕਸਾਨ ਕਰਦੀ ਹੈ, ਉਹ ਹੈ ਫੋਨ ਨੂੰ ਕੰਨ ਦੇ ਨਾਲ ਲਾ ਕੇ ਸੁਣਨਾ, ਇਹ ਪਰਦੇ 'ਤੇ ਅਸਰ ਕਰ ਸਕਦਾ ਹੈ। ਹੁਣ ਗੱਲ ਚਿੜੀਆਂ ਦੀ, ਉਹ ਤਾਂ ਰਹਿਣ ਲਈ ਖੋੜ੍ਹਾਂ ਭਾਲਦੀਆਂ ਹਨ। ਉਹ ਤੁਸੀਂ ਪੱਕੇ ਘਰ ਬਣਾ ਲਏ ਤੇ ਇਸ ਕਰਕੇ ਚਿੜੀਆਂ ਸ਼ਹਿਰਾਂ 'ਚੋਂ ਬਾਹਰ ਚਲੀਆਂ ਗਈਆਂ ਹਨ। ਬਾਹਰ ਜਾ ਕੇ ਦੇਖੋ ਤੋਤੇ, ਤਿੱਤਰ, ਚਿੜੀਆਂ, ਬਗਲੇ, ਬੁੱਜ, ਉੱਲੂ, ਸ਼ਿਕਰੇ, ਬਸੰਤੇ, ਗੁਟਾਰਾਂ, ਕਾਲੀ ਚਿੜੀ, ਮੱਛੀ ਮਾਰ ਆਦਿ ਦੀ ਗਿਣਤੀ ਕਿੰਨੀ ਵੱਧ ਗਈ ਹੈ, ਜਿਸ ਕਰਕੇ ਗੰਡੋਏ ਤੇ ਡੱਡੂ ਵਰਗੇ ਕਿਸਾਨਾਂ ਦੇ ਮਿੱਤਰ ਖ਼ਤਮ ਹੋਈ ਜਾ ਰਹੇ ਹਨ। ਇਵੇਂ ਹੀ ਕਈ ਹੋਰ ਗੱਲਾਂ ਵਿਚ ਭੇਡ ਚਾਲ, ਪੰਜਾਬ ਦਾ ਨੁਕਸਾਨ ਕਰ ਰਹੀ ਹੈ।


-ਮੋਬਾ: 98159-45018

ਹਲਦੀ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਦੀਆਂ ਸੁਧਰੀਆਂ ਤਕਨੀਕਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਖਾਦ ਪ੍ਰਬੰਧ ਅਤੇ ਨਦੀਨਾਂ ਦੀ ਰੋਕਥਾਮ : ਹਲਦੀ ਦੀ ਕਾਸ਼ਤ ਲਈ ਰੂੜੀ ਖਾਦ ਸਭ ਤੋਂ ਵਧੀਆ ਹੈ। ਇਸ ਦੀ ਬਿਜਾਈ ਤੋਂ ਪਹਿਲਾਂ 10-12 ਟਨ ਗਲੀ-ਸੜੀ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਖਿਲਾਰ ਦੇਣੀ ਚਾਹੀਦੀ ਹੈ। ਇਸ ਢੰਗ ਦੇ ਬਦਲ ਵਿਚ 5 ਟਨ ਪ੍ਰਤੀ ਏਕੜ ਰੂੜੀ ਖਾਦ ਦੇ ਨਾਲ 25 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ (55 ਕਿਲੋ ਯੂਰੀਆ) ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡ ਕੇ ਬਿਜਾਈ ਤੋਂ 75 ਅਤੇ 100 ਦਿਨਾਂ ਬਾਅਦ ਪਾ ਦੇਣਾ ਚਾਹੀਦਾ ਹੈ। ਬਿਜਾਈ ਸਮੇਂ 10 ਕਿਲੋ ਫਾਸਫੋਰਸ ਅਤੇ 10 ਕਿੱਲੋ ਪੋਟਾਸ਼ ਵੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਹਲਦੀ ਦਾ ਵਧੇਰਾ ਝਾੜ ਲੈਣ ਲਈ ਅਤੇ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਲਈ, ਹਲਦੀ ਦੀਆਂ ਗੰਢੀਆਂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਦੀ 4 ਕਿੱਲੋ ਪ੍ਰਤੀ ਏਕੜ ਦੀ ਹਿਸਾਬ ਨਾਲ ਵਰਤੋਂ ਹੁੰਦੀ ਹੈ। ਨਦੀਨਾਂ ਦੀ ਰੋਕਥਾਮ ਲਈ 1-2 ਵਾਰ ਹਥੀ ਗੋਡੀ ਕਰਨੀ ਜ਼ਰੂਰੀ ਹੈ। ਝੋਨੇ ਦੀ ਪਰਾਲੀ (36 ਕੁਇੰਟਲ ਪ੍ਰਤੀ ਏਕੜ) ਨਦੀਨਾਂ ਕਾਬੂ ਅਤੇ ਰੋਕਣ ਵਿਚ ਅਹਿਮ ਯੋਗਦਾਨ ਦਿੰਦੀ ਹੈ।
ਪਾਣੀ ਦਾ ਪ੍ਰਬੰਧ : ਹਲਦੀ ਨੂੰ ਹਰੇ ਹੋਣ ਲਈ ਕਾਫੀ ਸਮਾਂ ਲਗਦਾ ਹੈ ਅਤੇ ਇਸਦਾ ਸ਼ੁਰੂਆਤੀ ਵਿਕਾਸ ਹੌਲੀ ਹੋਣ ਕਰਕੇ, ਜ਼ਮੀਨ ਨੂੰ ਗਿਲਾ ਰੱਖਣਾ ਜ਼ਰੂਰੀ ਹੈ। ਇਸ ਨੂੰ ਛੇਤੀ ਪਰੰਤੂ ਹਲਕਾ ਪਾਣੀ ਲਗਾਉਣਾ ਚਾਹੀਦਾ ਹੈ। ਜੇਕਰ ਤੁਪਕਾ ਸਿੰਚਾਈ ਦੀ ਵਰਤੋਂ ਕਰਨੀ ਹੋਵੇ ਤਾਂ ਹਲਦੀ ਨੂੰ 3 ਦਿਨਾਂ ਦੇ ਅੰਤਰ ਤੇ ਬਰੀਕ ਪਾਈਪ (ਲੇਟਰਲ) ਜਿਸ ਤੇ 30 ਸੈਂਟੀਮੀਟਰ ਦੀ ਵਿਥ ਤੇ 2.2 ਲੀਟਰ ਪ੍ਰਤੀ ਘੰਟਾ ਪਾਣੀ ਕਢਣ ਦੀ ਸਮਰਥਾ ਵਾਲੇ ਡਰਿਪਰ ਹੋਣ ਤਾਂ ਹੇਠ ਲਿਖੇ ਅਨੁਸਾਰ ਪਾਣੀ ਦੇਣਾ ਚਾਹੀਦਾ ਹੈ।
ਮਹੀਨਾ ਸਿੰਚਾਈ ਦਾ ਸਮਾਂ (ਮਿੰਟ)
ਮਈ 63
ਜੂਨ 60
ਜੁਲਾਈ 48
ਅਗਸਤ 36
ਸਤੰਬਰ 32
ਅਕਤੂਬਰ 24
ਨਵੰਬਰ 19
ਜੇ ਡਰਿਪ ਡਿਸਚਾਰਜ ਰੇਟ ਵਖਰੇ ਹੋਣ ਤਾਂ ਸਿੰਚਾਈ ਦਾ ਸਮਾਂ ਹੇਠ ਦਸੇ ਫਾਰਮੂਲੇ ਨਾਲ ਕੱਢਿਆ ਜਾ ਸਕਦਾ ਹੈ।
ਸਿੰਚਾਈ ਦਾ ਸਮਾਂ (ਮਿੰਟ) 2.2 × ਸਿੰਚਾਈ ਦਾ ਸਮਾਂ (ਮਿੰਟ)
ਡਰਿਪ ਕੱਢਣ ਦੀ ਪਾਣੀ ਦੀ ਸਮਰਥਾ (ਲੀਟਰ ਪ੍ਰਤੀ ਘੰਟਾ)
ਇਸ ਵਿਧੀ ਨਾਲ ਖਾਦਾਂ ਦੀ ਵਰਤੋਂ ਬਿਜਾਈ ਤੋਂ 45 ਦਿਨਾਂ ਬਾਅਦ ਕਰਨੀ ਚਾਹੀਦੀ ਹੈ ਅਤੇ 20 ਕਿਲੋ ਨਾਈਟ੍ਰੋਜਨ, 8 ਕਿਲੋ ਫਾਸਫੋਰਸ ਅਤੇ 8 ਕਿਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ 9 ਦਿਨਾਂ ਦੇ ਵਕਫੇ ਵਿਚ ਅਤੇ 15 ਬਰਾਬਰ ਕਿਸ਼ਤਾਂ ਵਿਚ ਵੰਡ ਕੇ ਪਾ ਦਿੱਤੀ ਜਾਂਦੀ ਹੈ। ਤੁਪਕਾ ਸਿੰਚਾਈ ਵਿਧੀ ਰਾਹੀ ਪਾਣੀ ਅਤੇ ਖਾਦਾਂ ਪਾਉਣ ਨਾਲ 40 ਪ੍ਰਤੀਸ਼ਤ ਪਾਣੀ ਅਤੇ 20 ਪ੍ਰਤੀਸ਼ਤ ਖਾਦਾਂ ਦੀ ਬੱਚਤ ਹੁੰਦੀ ਹੈ। ਇਸ ਦੇ ਨਾਲ 25 ਪ੍ਰਤੀਸ਼ਤ ਹਲਦੀ ਦੇ ਝਾੜ ਵਿਚ ਵਾਧਾ ਹੁੰਦਾ ਹੈ।
ਹਲਦੀ ਦੀ ਪੁਟਾਈ ਅਤੇ ਸਫਾਈ : ਜਦੋਂ ਹਲਦੀ ਦੇ ਪਤੇ ਪੂਰੀ ਤਰ੍ਹਾਂ ਪੀਲੇ ਹੋ ਜਾਣ ਅਤੇ ਸੁਕ ਜਾਣ, ਉਸ ਸਮੇਂ ਹਲਦੀ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਪੁਟਾਈ ਅਖੀਰ ਦਸੰਬਰ ਵਿਚ ਕਰਨੀ ਚਾਹੀਦੀ ਹੈ। ਗੰਢੀਆਂ ਦੀ ਪੁਟਾਈ ਤੋਂ ਬਾਅਦ, ਇਨ੍ਹਾਂ ਤੋਂ ਜੜਾਂ ਅਤੇ ਮਿਟੀ ਨੂੰ ਚੰਗੀ ਤਰ੍ਹਾਂ ਸਾਫ ਕੀਤਾ ਜਾਂਦਾ ਹੈ।
ਹਲਦੀ ਤਿਆਰ ਕਰਨ ਦੀ ਵਿਧੀ : ਜੇ ਕਿਸਾਨ ਕਾਸ਼ਤ ਦੇ ਨਾਲ ਨਾਲ ਹਲਦੀ ਪ੍ਰੋਸੈਸਿੰਗ ਦਾ ਕੰਮ ਵੀ ਆਪਣੇ ਹੱਥ ਵਿਚ ਲੈ ਲਵੇ ਤਾਂ ਉਹ ਆਪਣੀ ਆਮਦਨ ਵਿਚ ਵਾਧਾ ਕਰ ਸਕਦਾ ਹੈ। ਇਸ ਲਈ ਕਿਸਾਨ ਨੂੰ 9-10 ਮਹੀਨਿਆਂ ਦੀ ਹਲਦੀ ਦੀ ਕਾਸ਼ਤ ਤੋਂ ਬਾਅਦ 1-2 ਮਹੀਨੇ ਇਸਦੀ ਪ੍ਰੋਸੈਸਿੰਗ ਕਰਨੀ ਹੋਵੇਗੀ। ਕਈ ਅਗਾਂਹਵਧੂ ਕਿਸਾਨ ਇਸ ਕੰਮ ਲਈ ਅੱਗੇ ਵੀ ਆ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਲਦੀ ਪ੍ਰੋਸੈਸਿੰਗ ਲਈ ਕਈ ਮਸ਼ੀਨਾਂ ਵਿਕਸਿਤ ਕੀਤੀਆਂ ਗਈਆਂ ਹਨ ਜਿਨਾਂ ਦੀ ਮੱਦਦ ਨਾਲ ਪ੍ਰੋਸੈਸਿੰਗ ਦਾ ਕੰਮ ਸਹੀ ਢੰਗ ਨਾਲ ਕੀਤਾ ਜਾ ਸਕਦਾ ਹੈ।
ਹਲਦੀ ਦੀ ਪ੍ਰੋਸੈਸਿੰਗ ਕਰਨ ਵਾਲੇ ਕਈ ਤਰ੍ਹਾਂ ਦੀਆਂ ਕਿਰਿਆਵਾਂ ਕੀਤੀ ਜਾਂਦੀਆਂ ਹਨ ਜਿਵੇਂ ਕਿ ਹਲਦੀ ਨੂੰ ਧੋਣਾ, ਉਬਾਲਣਾ, ਸੁਕਾਉਣਾ ਆਦਿ। ਇਨ੍ਹਾਂ ਸਾਰੀਆਂ ਵਿਧੀਆਂ ਨੂੰ ਹੇਠਾਂ ਵਿਸਤਾਰ ਨਾਲ ਸਮਝਾਇਆ ਗਿਆ ਹੈ। ਹਲਦੀ ਨੂੰ ਧੋਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਗਈ ਹਲਦੀ ਨੂੰ ਧੋਣ ਵਾਲੀ ਮਸ਼ੀਨ ਵਰਤੀ ਜਾ ਸਕਦੀ ਹੈ। ਇਸ ਮਸ਼ੀਨ ਦੀ ਸਮਰੱਥਾ 2.5 - 3 ਕੁਇੰਟਲ ਪ੍ਰਤੀ ਘੰਟਾ ਹੈ। ਇਸ ਮਸ਼ੀਨ ਦੀ ਕੀਮਤ ਲਗਪਗ 75 ਤੋਂ 80 ਹਜ਼ਾਰ ਰੁਪਏ ਹੈ। ਹਲਦੀ ਨੂੰ ਉਬਾਲਣ ਦਾ ਉਦੇਸ਼ ਸੁੱਕਣ ਦਾ ਸਮਾਂ ਬਚਾਉਣਾ, ਰੰਗ ਇੱਕਸਾਰ ਕਰਨਾ, ਨਿਖਾਰਣਾ, ਸਟਾਰਚ ਨੂੰ ਸਹੀ ਕਰਨਾ ਅਤੇ ਸਹੀ ਰਿਕਵਰੀ ਲੈਣਾ ਹੈੈ। ਪਾਣੀ ਦਾ ਪੱਧਰ ਗੰਢੀਆਂ ਤੋਂ 4 ਤੋਂ 7.5 ਸੈਂਟੀਮੀਟਰ ਉੱਪਰ ਰੱਖਿਆ ਜਾਂਦਾ ਹੈ।
(ਸਮਾਪਤ)


-ਮੋਬਾਈਲ : 94173-45565

ਭਰੇ ਤੂੰ ਭੰਡਾਰੇ ਅੰਨ ਦੇ

ਤੈਨੂੰ ਲੱਖ-ਲੱਖ ਸੀਸ ਨਿਵਾਈਏ,
ਭਰੇ ਤੂੰ ਭੰਡਾਰੇ ਅੰਨ ਦੇ।
ਸਾਰਾ ਦੇਸ਼ ਤੈਥੋਂ ਵਾਰੀ ਵਾਰੀ ਜਾਵੇ,
ਤੈਨੂੰ ਅੰਨ-ਦਾਤਾ ਮੰਨਦੇ।
ਕਣਕਾਂ ਦੇ ਹਰ ਪਾਸੇ, ਭਰਤੇ ਭੰਡਾਰ ਤੂੰ।
ਖੇਤਾਂ ਵਿਚ ਉੱਚੇ ਉੱਚੇ, ਲਾ ਕੇੇ ਅੰਬਾਰ ਤੂੰ।
ਕਿਹੜਾ ਮੁੱਲ ਪਾਊ ਹੁਣ ਦੇਸ਼ ਦੇ ਕਿਸਾਨਾ ਤੇਰਾ।
ਹੌਸਲੇ ਵੀ ਸਾਡੇ ਤੁਸੀਂ ਬੰਨ੍ਹਦੇ।
ਤੈਨੂੰ ਲੱਖ-ਲੱਖ ਸੀਸ ਨਿਵਾਈਏ,
ਭਰੇ ਤੂੰ ਭੰਡਾਰੇ ਅੰਨ ਦੇ।
ਹਰ ਵੇਲੇ ਕਰਦਾ ਏਂ, ਕੰਮ ਤੂੰ ਭਲਾਈ ਦਾ।
ਅੰਨ-ਦਾਣੇ ਨਾਲ ਤੂੰ, ਜਨਤਾ ਰਜਾਈ ਜਾ।
ਦਿਨ ਰਾਤ ਕਰਦੇ ਹੋ ਮਿਹਨਤਾਂ ਵੀ ਰੱਜ ਰੱਜ।
ਜਿਗਰੇ ਤੁਹਾਡੇ ਬੜੇ ਧੰਨ ਦੇ।
ਸਾਰਾ ਦੇਸ਼ ਤੈਥੋਂ ਵਾਰੀ ਵਾਰੀ ਜਾਵੇ,
ਤੈਨੂੰ ਅੰਨ-ਦਾਤਾ ਮੰਨਦੇ।
ਤੇਰੀਆਂ ਤਾਂ ਮਿਹਨਤਾਂ ਦਾ, ਜੱਟਾ ਕੋਈ ਜਵਾਬ ਨਈਂ।
ਸਿਰੜ ਤੇ ਹਿੰਮਤਾਂ ਦਾ, ਲੱਭਣਾ ਹਿਸਾਬ ਨਈਂ।
ਮਨ ਤੇ ਦਿਮਾਗ਼ ਦੋਵੇਂ ਬਣਾਉਂਦੇ ਯੋਜਨਾਵਾਂ ਨੂੰ।
ਕਸ਼ਟ ਸਹਾਰਦੇ ਹੋ ਤਨ ਦੇ।
ਤੈਨੂੰ ਲੱਖ-ਲੱਖ ਸੀਸ ਨਿਵਾਈਏ।
ਭਰੇ ਤੂੰ ਭੰਡਾਰੇ ਅੰਨ ਦੇ।
ਧੁੱਪਾਂ ਵਿਚ ਸੜਨਾ ਤੇ ਪਾਲਿਆਂ 'ਚ ਠਰਨਾ।
ਔਕੜਾਂ ਮੁਸੀਬਤਾਂ ਤੋਂ, ਕਦੇ ਵੀ ਨਾ ਡਰਨਾ।
ਆਤਮਾ ਸਿੰਘ ਚਿੱਟੀ ਆਖੇ ਪਾਣੀ ਹੁਣ ਮੁੱਕੀ ਜਾਵੇ।
ਗੱਲ ਸੁਣ ਲਈਂ ਧਿਆਨ ਲਾ ਕੇ ਕੰਨ ਦੇ।
ਸਾਰਾ ਦੇਸ਼ ਤੈਥੋਂ ਵਾਰੀ ਵਾਰੀ ਜਾਵੇ।
ਤੈਨੂੰ ਅੰਨ-ਦਾਤਾ ਮੰਨਦੇ।


-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ (ਜਲੰਧਰ)।
ਮੋਬਾਈਲ : 99884-69564.

ਇੰਜ ਤਿਆਰ ਕਰੋ ਕੁਦਰਤੀ ਖੇਤੀ ਤਹਿਤ ਝੋਨੇ ਦੀ ਰੋਗ ਰਹਿਤ ਪੌਧ...

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਬੀਜ ਸੰਸਕਾਰ: 24 ਘੰਟਿਆਂ ਬਾਅਦ ਸਾਦੇ ਪਾਣੀ 'ਚ ਭਿਉਂਤੇ ਗਏ ਬੀਜ ਪਾਣੀ 'ਚੋਂ ਬਾਹਰ ਕੱਢ ਕੇ ਪਲਾਸਿਟਕ ਦੀ ਤ੍ਰਿਪਾਲ 'ਤੇ ਵਿਛਾ ਲਉ। ਹੁਣ ਇਸ ਬੀਜ ਉੱਤੇ 30 ਕਿੱਲੋ ਬੀਜ ਪਿੱਛੇ ਅੱਧਾ ਲੀਟਰ ਵੇਸਟ ਡੀਕੰਪੋਜ਼ਰ ਛਿੜਕ ਕੇ ਉੱਪਰੋਂ 1-1.5 ਕਿੱਲੋ ਰਾਖ ਭੁਰਕਦੇ ਹੋਏ ਦੋਵਾਂ ਹੱਥਾਂ ਨਾਲ ਪੋਲਾ-ਪੋਲਾ ਮਲਦੇ ਹੋਏ ਬੀਜ ਸੰਸਕਾਰ ਕਰ ਦਿਉ। ਇਸ ਪ੍ਰਕਾਰ ਸੋਧਿਆ ਗਿਆ ਬੀਜ ਬਿਜਾਈ ਲਈ ਤਿਆਰ ਹੈ।
ਬਿਜਾਈ ਦਾ ਤਰੀਕਾ: ਸ਼ੁਰੂ ਵਿਚ ਦੱਸੇ ਅਨੁਸਾਰ ਤਿਆਰ ਕੀਤੀ ਗਈ ਜ਼ਮੀਨ ਉੱਤੇ ਉਪਰੋਕਤ ਅਨੁਸਾਰ ਸ਼ੁੱਧ ਕੀਤੇ ਗਏ ਬੀਜ ਦਾ ਇਕ ਸਾਰ ਛੱਟਾ ਮਾਰ, ਕਿਆਰੀ ਵਿਚ ਕੰਘਾ ਫੇਰਦੇ ਹੋਏ ਬੀਜ ਨੂੰ ਮਿੱਟੀ ਲਗਦੀ ਕਰ ਦਿਉ। ਉਪਰੰਤ ਕਿਆਰੀ ਵਿਚ ਮਰਲੇ ਦੀ 50 ਕਿੱਲੋ ਰੂੜੀ ਦੀ ਹੋਰ ਤਿਆਰ ਖਾਦ ਦਾ ਛੱਟਾ ਮਾਰ ਦਿਉ। ਹੁਣ ਪੂਰੀ ਕਿਆਰੀ ਨੂੰ ਝੋਨੇ ਦੀ ਪੂਰੀ ਸੰਘਣੀ ਅਤੇ 2 ਇੰਚ ਮੋਟੀ ਪਰਾਲੀ ਨਾਲ ਢਕ ਉਪਰੰਤ ਪਾਣੀ ਲਾ ਦਿਉ। ਇਸ ਪਾਣੀ ਨਾਲ ਮਰਲੇ ਦਾ 1 ਲੀਟਰ ਗੁੜਜਲ ਅੰਮ੍ਰਿਤ ਅਤੇ 1 ਲੀਟਰ ਵੇਸਟ ਡੀਕੰਪੋਜ਼ਰ ਲਾਜ਼ਮੀ ਦਿਉ।
6ਵੇਂ ਦਿਨ ਸ਼ਾਮ ਨੂੰ 6 ਵਜੇ ਕਿਆਰੀਆਂ 'ਚੋਂ ਪਰਾਲੀ ਚੁੱਕ ਦਿਉ। 7ਵੇਂ ਦਿਨ ਸਵੇਰੇ ਤੁਹਾਨੂੰ ਕਿਆਰੀਆਂ ਵਿਚ ਡੇਢ ਤੋਂ 2 ਇੰਚ ਦੀ ਇਕਸਾਰ ਜੰਮੀ ਪਨੀਰੀ ਮਿਲੇਗੀ। ਦੂਸਰਾ ਪਾਣੀ ਕਿਆਰੀਆਂ 'ਚੋਂ ਪਰਾਲੀ ਚੁੱਕਣ ਉਪਰੰਤ ਅਗਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਸੂਰਜ ਛਿਪਣ ਤੋਂ ਬਾਅਦ ਹੀ ਲਾਉਣਾ ਹੈ।
ਪਨੀਰੀ ਦਾ ਪਾਲਣ-ਪੋਸ਼ਣ: ਪਨੀਰੀ ਦਾ ਸਹੀ ਪਾਲਣ-ਪੋਸ਼ਣ ਕਰਨਾ ਬਹੁਤ ਜ਼ਰੂਰੀ ਹੈ। ਪਨੀਰੀ ਨੂੰ ਪਾਣੀ ਦਿੰਦੇ ਸਮੇਂ ਹਰ ਪਾਣੀ ਨਾਲ ਪ੍ਰਤੀ ਮਰਲਾ (16.5 ਵਰਗ ਫੁੱਟ) 1 ਲੀਟਰ ਗੁੜਜਲ ਅੰਮ੍ਰਿਤ ਅਤੇ 1 ਲੀਟਰ ਵੇਸਟ ਡੀਕੰਪੋਜ਼ਰ ਲਾਜ਼ਮੀ ਦਿੰਦੇ ਰਹੋ। ਪਰਾਲੀ ਚੁੱਕਣ ਤੋਂ ਚਾਰ ਦਿਨਾਂ ਬਾਅਦ 11 ਜਾਂ 12ਵੇਂ ਪਨੀਰੀ ਉੱਤੇ ਪਾਥੀਆਂ ਦੇ ਪਾਣੀ ਦਾ 2 ਲੀਟਰ ਪ੍ਰਤੀ ਪੰਪ (16 ਲੀਟਰ ਸਮਰੱਥਾ ਵਾਲਾ) ਦੇ ਹਿਸਾਬ ਨਾਲ ਪਹਿਲਾ ਛਿੜਕਾਅ ਕਰੋ। ਫਿਰ 17ਵੇਂ ਅਤੇ 22 ਦਿਨ ਇਹ ਛਿੜਕਾਅ ਮੁੜ ਦੁਹਰਾਉ।
ਕਿਸਾਨ ਵੀਰੋ ਇਸ ਤਰੀਕੇ ਨਾਲ ਬੀਜੀ ਅਤੇ ਪਾਲੀ ਗਈ ਪੌਧ 25ਵੇਂ ਦਿਨ ਖੇਤ 'ਚ ਰੋਪਾਈ ਲਾਇਕ ਹੋ ਜਾਂਦੀ ਹੈ। ਸਾਨੂੰ ਇਸ ਦੇ 3 ਪ੍ਰਮੁੱਖ ਲਾਭ ਮਿਲਦੇ ਹਨ:
* ਇਕ ਤਾਂ ਖੇਤ 'ਚ ਲਾਉਣ ਸਾਰ ਇਹ ਪੌਧ ਬਿਨਾ ਕੁਮਲਾਏ ਜਾਂ ਸੁੱਕੇ ਪਹਿਲੇ ਦਿਨ ਚੱਲ ਪੈਂਦੀ ਹੈ।
* ਕੱਚੀ ਉਮਰ ਦੀ ਹੋਣ ਕਰਕੇ ਇਹ ਆਮ ਨਾਲੋਂ ਜ਼ਿਆਦਾ ਫੋਟ ਕਰਦੀ ਹੈ।
* ਵਧੇਰੇ ਅਤੇ ਤੇਜ਼ੀ ਨਾਲ ਫੁਟਾਰਾ ਹੋਣ ਕਰਕੇ ਫਸਲ ਛੇਤੀ ਜ਼ਮੀਨ ਢਕ ਜਾਂਦੀ ਹੈ। ਜਿਸ ਸਦਕਾ ਨਦੀਨਾਂ ਤੋਂ ਬਚਾਅ ਰਹਿੰਦਾ ਹੈ।
ਵਿਸ਼ੇਸ਼ ਨੋਟ: ਪਨੀਰੀ ਪੁੱਟਣ ਤੋਂ 24 ਘੰਟੇ ਪਹਿਲਾਂ ਕਨਾਲ ਦੀ 2.5 ਕਿੱਲੋ ਪੀਠੀ ਹੋਈ ਸਰ੍ਹੋਂ ਦੀ ਖਲ੍ਹ ਮਿੱਟੀ 'ਚ ਰਲਾ ਕੇ ਛੱਟਾ ਦੇਣ ਉਪਰੰਤ ਪਾਣੀ ਲਾਉ। ਅਜਿਹਾ ਕਰਨ ਨਾਲ ਜ਼ਮੀਨ ਨਰਮਾਈ ਫੜ ਜਾਵੇਗੀ ਅਤੇ ਸਾਨੂੰ ਪੌਧ ਪੁੱਟਣ 'ਚ ਸੌਖਿਆਈ ਰਹੇਗੀ। (ਸਮਾਪਤ)

ਇਸ ਮਹੀਨੇ ਦੇ ਖੇਤੀ ਰੁਝੇਵੇਂ

ਪਸ਼ੂ ਪਾਲਣ
ਇਸ ਮੌਸਮ ਦੌਰਾਨ ਮੱਝਾਂ ਵਿਚ ਗੂੰਗੇ ਹੇਹੇ ਦੀ ਵੱਡੀ ਮੁਸ਼ਕਿਲ ਹੁੰਦੀ ਹੈ, ਸੋ ਮੱਝਾਂ ਨੂੰ ਸਵੇਰੇ ਸਵਖਤੇ ਅਤੇ ਸ਼ਾਮ ਵੇਲੇ ਗਹੁ ਨਾਲ ਦੇਖਣਾ ਚਾਹੀਦਾ ਹੈ। ਜੇ ਮੱਝਾਂ ਤਾਰਾਂ ਕਰਦੀਆਂ ਹਨ ਤਾਂ ਇਹ ਹੇਹੇ ਦੀ ਨਿਸ਼ਾਨੀ ਹੈ। ਪਸ਼ੂਆਂ ਨੂੰ ਗਲ-ਘੋਟੂ, ਪੱਟ ਸੋਜ਼ ਦੇ ਟੀਕੇ ਲਗਾਉਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਪਸ਼ੂਆਂ ਨੂੰ ਬਚਾਇਆ ਜਾ ਸਕੇ। ਪਸ਼ੂਆਂ ਵਿਚ ਚਿੱਚੜਾਂ, ਜੂੰਆਂ ਅਤੇ ਮੱਖੀਆਂ ਤੋਂ ਬਚਾਉਣ ਲਈ 0.1 ਫੀਸਦੀ ਬਿਊਟੋਕਸ ਦਵਾਈ ਦਾ ਛਿੜਕਾਅ ਕਰੋ ਤਾਂ ਹੋਣ ਵਾਲੇ ਨਕਸਾਨ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕੇ ਕਿਉਂਕਿ ਇਹ ਖੂਨ ਚੂਸਣ ਦੇ ਨਾਲ-ਨਾਲ ਹੋਰ ਬਿਮਾਰੀਆਂ ਫੈਲਾਉਂਦੇ ਹਨ। ਪਸ਼ੂਆਂ ਉੱਪਰ ਦਵਾਈ ਲਗਾਉਣ ਜਾਂ ਸ਼ੈੱਡ ਵਿਚ ਛਿੜਕਾਅ ਕਰਨ ਸਮੇਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਮੌਸਮ ਵਿਚ ਪਸੂਆਂ ਨੂੰ ਸ਼ੈੱਡ ਵਿਚ ਹੀ ਰੱਖੋ ਅਤੇ ਤਾਜ਼ਾ ਅਤੇ ਠੰਢਾ ਪਾਣੀ ਪਿਲਾਓ। ਪਸ਼ੂਆਂ ਨੂੰ ਗੰਦਾ ਪਾਣੀ ਨਹੀਂ ਪਿਲਾਉਣਾ ਚਾਹੀਦਾ। ਪਸ਼ੂਆਂ ਤੋਂ ਧੁੱਪ ਵੇਲੇ ਕੰਮ ਨਹੀਂ ਲੈਣਾ ਚਾਹੀਦਾ। ਜ਼ਖ਼ਮਾਂ ਉੱਪਰ ਮਲ੍ਹਮ ਲਗਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮੱਖੀਆਂ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ। ਲੂਆ ਲੱਗਣ ਕਾਰਨ ਨਾਸਾਂ ਵਿਚ ਖੂਨ ਨਿਕਲ ਸਕਦਾ ਹੈ। ਸੋ, ਮੂੰਹ ਨੂੰ ਉੱਪਰ ਚੁੱਕ ਕੇ ਸਿਰ ਵਿਚ ਠੰਢਾ ਪਾਣੀ ਪਾਉਣਾ ਚਾਹੀਦਾ ਹੈ। ਡਾਕਟਰ ਨਾਲ ਛੇਤੀ ਸੰਪਰਕ ਕਰਨਾ ਚਾਹੀਦਾ ਹੈ। ਜੇ ਤੇਜ਼ ਬੁਖਾਰ ਰਹਿੰਦਾ ਹੋਵੇਤਾਂ ਪਸ਼ੂਆਂ ਦੇ ਕੂਨ ਦੀ ਯੂਨੀਵਰਸਿਟੀ ਜਾਂ ਸਟੇਟ ਪ੍ਰਯੋਗਸ਼ਾਲਾ ਵਿਚ ਪਰਜੀਵੀ ਬਿਮਾਰੀਆਂ ਤੋਂ ਪਰਖ ਕਰਵਾਉਣੀ ਚਾਹੀਦੀ ਹੈ।
ਮੁਰਗੀ ਪਾਲਣ
ਪਾਣੀ ਵਿਚ ਬਰਤਨਾਂ ਦੀ ਗਿਣਤੀ ਦੁੱਗਣੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਮੁਰਗੀਆਂ ਨੂੰ ਠੰਢਾ ਪਾਣੀ ਪੀਣ ਲਈ 8 ਫੁੱਟ ਤੋਂ ਵੱਧ ਦੂਰੀ ਤੈਅ ਨਾ ਕਰਨੀ ਪਵੇ। ਮੁਰਗੀਆਂ ਨੂੰ ਸਾਫ਼, ਤਾਜ਼ਾ ਅਤੇ ਠੰਢਾ ਪਾਣੀ ਦਿਨ ਵਿਚ 3-4 ਵਾਰੀ ਦੇਵੋ। ਗਰਮ ਮੌਸਮ ਕਾਰਨ ਮੁਰਗੀਆਂ ਦੀ ਖੁਰਾਕ ਖਾਣ ਦੀ ਸਮਰੱਥਾ ਘੱਟ ਜਾਂਦੀ ਹੈ। ਸੋ, ਖੁਰਾਕ ਵਿਚ 16-20 ਫੀਸਦੀ ਪ੍ਰੋਟੀਨ, ਵਿਟਾਮਿਨ ਅਤੇ ਧਾਤਾਂ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ। ਖੂਨੀ ਦਸਤ ਤੋਂ ਬਚਾਉਣ ਲਈ ਖੁਰਾਕ ਵਿਚ ਦਵਾਈ ਮਿਲਾਉਣੀ ਚਾਹੀਦੀ ਹੈ। ਪਿੰਜਰਾ ਸਿਸਟਮ ਵਿਚ ਬਰਸਾਤ ਸ਼ੁਰੂ ਹੋਣ ਤੱਕ ਫੋਗਰ ਸਿਸਟਮ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਮੁਰਗੀਆਂ ਵਿਚ ਕੋਈ ਮੁਸ਼ਕਿਲ ਆ ਰਹੀ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰੋ।
ਖੁੰਬਾਂ ਦੀ ਕਾਸ਼ਤ
ਸਰਦ ਰੁੱਤ ਖੁੰਬਾਂ (ਬਟਨ ਖੁੰਬ) ਦੀ ਕਾਸ਼ਤ ਅਕਤੂਬਰ ਤੋਂ ਮਾਰਚ ਦੌਰਾਨ ਕੀਤੀ ਜਾਂਦੀ ਹੈ, ਇਸ ਲਈ ਤੀਜੀ ਤੂੜੀ ਅਤੇ ਰੂੜੀ ਦੀ ਖਾਦ (ਗਲੀ ਹੋਈ) ਦਾ ਇੰਤਜ਼ਾਮ ਕਰੋ। ਗਰਮ ਰੁੱਤ ਖੁੰਬ (ਪਰਾਲੀ ਵਾਲੀ ਖੁੰਬ) ਦੀ ਕਾਸ਼ਤ ਜੂਨ ਮਹੀਨੇ ਵਿਚ ਵੀ ਜਾਰੀ ਰੱਖੋ। ਇਸ ਲਈ ਪਰਾਲੀ ਦੇ ਪੂਲੇ (1.5 ਕਿਲੋ ਦੇ) ਗਿੱਲੇ ਕਰੋ ਅਤੇ ਪਰਾਲੀ ਦੇ ਬੈੱਡ ਲਗਾਓ। ਰੋਜ਼ਾਨਾ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਫਸਲ ਦੀ ਤੁੜਾਈ ਇਕ ਮਹੀਨੇ ਤੱਕ ਕਰੋ। ਮਿਲਕੀ ਖੁੰਬ ਦੇ ਲਿਫ਼ਾਫ਼ੇ ਜੋ ਕਿ ਅਪ੍ਰੈਲ-ਮਈ ਵਿਚ ਬਿਜਾਈ ਕੀਤੇ ਗਏ ਹਨ, ਉਨ੍ਹਾਂ ਦੀ ਕੇਸਿੰਗ ਕੀਤੀ ਜਾਵੇ। ਬੈਗ ਵਿਚ ਖੁੰਬਾਂ 15-17 ਦਿਨ ਕੇਸਿੰਗ ਕਰਨ ਤੋਂ ਬਾਅਦ ਸ਼ੁਰੂ ਹੋਣਗੀਆਂ।


-ਅਮਰਜੀਤ ਸਿੰਘ

ਪਰਾਲੀ ਨੂੰ ਖੇਤ ਵਿਚ ਵਾਹ ਕੇ ਲਾਹਾ ਖੱਟਣ ਵਾਲਾ ਬੂਟਾ ਸਿੰਘ

ਬੂਟਾ ਸਿੰਘ ਸਪੁੱਤਰ ਪ੍ਰਿਤਪਾਲ ਸਿੰਘ ਪਿੰਡ ਧੀਰਾ ਪੱਤਰਾ, ਬਲਾਕ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਕਿਸਾਨ ਹੈ। ਇਹ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਨਾਲ 15 ਸਾਲ ਤੋਂ ਜੁੜਿਆ ਹੋਇਆ ਹੈ। ਉਹ ਆਪਣੀ 25 ਏਕੜ ਜ਼ਮੀਨ ਉਤੇ ਉਲਟਾਵੇਂ ਹਲ ਅਤੇ ਰੋਟਾਵੇਟਰ ਨਾਲ ਪਰਾਲੀ ਦੀ ਖੇਤ ਵਿਚ ਹੀ ਸੰਭਾਲ ਕਰ ਰਿਹਾ ਹੈ ਅਤੇ ਪਿਛਲੇ 6 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਕਰਦਾ ਹੈ। ਬੂਟਾ ਸਿੰਘ ਦੇ ਦੱਸਣ ਅਨੁਸਾਰ ਜਦੋਂ ਤੋਂ ਉਹ ਝੋਨੇ ਅਤੇ ਕਣਕ ਦੇ ਨਾੜ ਨੂੰ ਖੇਤ ਵਿਚ ਹੀ ਮਿਲਾ ਰਿਹਾ ਹੈ, ਉਦੋਂ ਤੋਂ ਹੀ ਉਨ੍ਹਾਂ ਦੇ ਖੇਤ ਵਿਚ ਪੈਦਾਵਾਰ ਸ਼ਕਤੀ ਵਿਚ ਕਾਫੀ ਵਾਧਾ ਹੋਇਆ ਹੈ ਜਿਸ ਨਾਲ ਖੇਤ ਵਿਚ ਰਸਾਇਣਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਬਹੁਤ ਮਿਕਦਾਰ ਵਿਚ ਘਟੀ ਹੈ। ਜਿਸ ਨਾਲ ਉਹ ਹਰ ਸਾਲ ਜੈਵਿਕ ਖੇਤੀ ਅਧੀਨ ਰਕਬਾ ਵਧਾ ਰਹੇ ਹਨ। ਉਨ੍ਹਾਂ ਦੇ ਇਨ੍ਹਾਂ ਸ਼ਲਾਘਾਯੋਗ ਯਤਨਾਂ ਸਦਕਾ ਆਸੇ-ਪਾਸੇ ਦੇ ਪਿੰਡਾਂ ਵਿਚ ਦੂਸਰੇ ਕਿਸਾਨ ਵੀ ਇਸ ਵਿਧੀ ਨੂੰ ਅਪਣਾ ਰਹੇ ਹਨ। ਉਨ੍ਹਾਂ ਦੀ ਮਿਹਨਤ ਨਾਲ ਬਣੇ ਕਿਸਾਨ ਗਰੁੱਪ ਨੇ ਸਬਸਿਡੀ 'ਤੇ ਮਸ਼ੀਨਰੀ ਲਿਆਂਦੀ ਹੈ ਅਤੇ ਪਿੰਡ ਦੇ ਨੌਜਵਾਨਾਂ ਨੂੰ ਇਸ ਮਸ਼ੀਨਰੀ ਰਾਹੀਂ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਇਨ੍ਹਾਂ ਨੇ ਫ਼ਸਲਾਂ ਦੇ ਨਾੜ ਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਲਈ ਵੱਡਾ ਹੰਭਲਾ ਮਾਰ ਕੇ ਸਰਕਾਰ ਵਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਦੀ ਲਹਿਰ ਨੂੰ ਪ੍ਰਫੁੱਲਿਤ ਕਰਨ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਹੈ। ਇਸ ਦੇ ਨਾਲ-ਨਾਲ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਯਤਨਾਂ ਨੂੰ ਦੇਖਦੇ ਹੋਏ ਉਸ ਦੇ ਪਿੰਡ ਵਿਚ ਵਸਦੇ ਲਗਪਗ 60-70 ਫੀਸਦੀ ਕਿਸਾਨ ਭਰਾਵਾਂ ਨੇ ਵੀ ਕਣਕ ਤੇ ਝੋਨੇ ਦੇ ਨਾੜ ਨੂੰ ਅੱਗ ਨਾ ਲਗਾ ਕੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਦਬਾਇਆ ਹੈ।
ਬੂਟਾ ਸਿੰਘ ਦੇ ਸ਼ਲਾਘਾਯੋਗ ਉਪਰਾਲਿਆਂ ਨੂੰ ਦੇਖਦੇ ਹੋਏ ਅਤੇ ਹੋਰ ਕਿਸਾਨ ਵੀਰਾਂ ਨੂੰ ਉਤਸ਼ਾਹਿਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਉਨ੍ਹਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਸਬੰਧੀ ਲਗਾਏ ਗਏ ਕਿਸਾਨ ਮੇਲੇ ਦੌਰਾਨ ਸਨਮਾਨਿਤ ਵੀ ਕੀਤਾ ਗਿਆ। ਉਸ ਨੂੰ ਭਾਰਤ ਦੇ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਵਲੋਂ ਵੀ ਨੈਸ਼ਨਲ ਗੋਪਾਲ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਨੂੰ ਕੁਦਰਤੀ ਖੇਤੀ ਦੇ ਖੇਤਰ ਵਿਚ ਕੀਤੇ ਗਏ ਵਿਸ਼ੇਸ਼ ਕਾਰਜਾਂ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਰਗੈਨਿਕ ਫਾਰਮਰ ਕਲੱਬ ਦਾ ਪ੍ਰਧਾਨ ਵੀ ਬਣਾਇਆ ਗਿਆ ਹੈ, ਜਿਸ ਮਗਰੋਂ ਉਹ ਪੂਰੇ ਰਾਜ ਦੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਲਈ ਕੰਮ ਕਰ ਰਿਹਾ ਹੈ।


-ਗੁਰਜੰਟ ਸਿੰਘ ਔਲਖ ਅਤੇ ਵਿੱਕੀ ਸਿੰਘ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX