ਤਾਜਾ ਖ਼ਬਰਾਂ


ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  4 minutes ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  34 minutes ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਪ੍ਰਿਅੰਕਾ ਗਾਂਧੀ ਅੱਜ ਜਾਣਗੇ ਸੋਨਭੱਦਰ
. . .  about 1 hour ago
ਲਖਨਊ, 19 ਜੁਲਾਈ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਸੋਨਭੱਦਰ ਜਾਣਗੇ, ਜਿੱਥੇ ਕਿ ਉਹ ਜ਼ਮੀਨੀ ਵਿਵਾਦ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ...
ਪਸ਼ੂ ਚੋਰੀ ਦੇ ਸ਼ੱਕ 'ਚ ਲੋਕਾਂ ਵੱਲੋਂ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 1 hour ago
ਪਟਨਾ, 19 ਜੁਲਾਈ - ਬਿਹਾਰ ਦੇ ਸਾਰਨ 'ਚ ਪੈਂਦੇ ਬਨਿਆਪੁਰ ਵਿਖੇ ਪਸ਼ੂ ਚੋਰੀ ਕਰਨ ਦੇ ਸ਼ੱਕ 'ਚ ਲੋਕਾਂ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਅੱਜ ਮੀਟਿੰਗ ਨਹੀ - ਬੀ.ਸੀ.ਸੀ.ਆਈ
. . .  about 1 hour ago
ਮੁੰਬਈ, 19 ਜੁਲਾਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦਾ ਕਹਿਣਾ ਹੈ ਕਿ ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਮੁੰਬਈ 'ਚ ਅੱਜ ਮੀਟਿੰਗ...
ਅਸਮ 'ਚ ਐਨ.ਆਰ.ਸੀ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 1 hour ago
ਨਵੀਂ ਦਿੱਲੀ, 19 ਜੁਲਾਈ - ਅਸਮ 'ਚ ਐਨ.ਆਰ.ਸੀ ਮਾਮਲੇ 'ਚ ਕੇਂਦਰ ਤੇ ਅਸਮ ਸਰਕਾਰ ਦੀਆਂ ਅਰਜ਼ੀਆਂ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ...
ਕੁਮਾਰਸਵਾਮੀ ਅੱਜ ਦੁਪਹਿਰ ਤੱਕ ਸਾਬਤ ਕਰਨਗੇ ਬਹੁਮਤ
. . .  about 1 hour ago
ਬੈਂਗਲੁਰੂ, 19 ਜੁਲਾਈ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ ਕੁਮਾਰਸਵਾਮੀ ਅੱਜ ਦੁਪਹਿਰ ਤੱਕ ਬਹੁਮਤ ਸਾਬਤ ਕਰਨਗੇ। ਰਾਜਪਾਲ ਵਜੁਭਾਈ ਬਾਲਾ ਨੇ ਕੁਮਾਰਸਵਾਮੀ ਨੂੰ ਦੁਪਹਿਰ 1.30 ਵਜੇ ਤੱਕ ਬਹੁਮਤ ਸਾਬਤ ਕਰਨ...
ਨਿਊਜ਼ੀਲੈਂਡ ਦੇ ਕ੍ਰਾਈਸਚਰਚ 'ਚ ਜ਼ੋਰਦਾਰ ਧਮਾਕਾ, 7 ਜ਼ਖਮੀ
. . .  about 2 hours ago
ਆਕਲੈਂਡ, 19 ਜੁਲਾਈ (ਹਰਮਨਪ੍ਰੀਤ ਸਿੰਘ ਸੈਣੀ) - ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਚਰਚ ਵਿਚ ਇਕ ਘਰ ਅੰਦਰ ਹੋਏ ਜ਼ੋਰਦਾਰ ਧਮਾਕੇ ਵਿਚ 7 ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋ...
ਅੱਜ ਦਾ ਵਿਚਾਰ
. . .  about 2 hours ago
ਪਿੰਡ ਰਾਮਪੁਰ ਸੈਣੀਆ ਵਿਖੇ ਤੰਦੂਏ ਹੋਣ ਦੀ ਅਫ਼ਵਾਹ ਨੇ ਉਡਾਈ ਲੋਕਾਂ ਦੀ ਨੀਂਦ
. . .  about 10 hours ago
ਡੇਰਾਬੱਸੀ,18 ਜੁਲਾਈ(ਗੁਰਮੀਤ ਸਿੰਘ)-ਬਰਵਾਲਾ ਸੜਕ ਤੇ ਸਤਿਥ ਪਿੰਡ ਰਾਮ ਪੁਰ ਸੈਣੀਆ ਵਿਖੇ ਦੇਰ ਰਾਤ ਤੇਂਦੁਆ ਵੇਖੇ ਜਾਣ ਦੀ ਅਫ਼ਵਾਹ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਪਿੰਡ ਵਿੱਚ ਗੁੱਗਾ ਮੈੜੀ ਧਾਰਮਿਕ ਸਥਾਨ...
ਹੋਰ ਖ਼ਬਰਾਂ..

ਸਾਡੀ ਸਿਹਤ

ਬੇਨਿਯਮੇ ਖਾਣ-ਪੀਣ ਨਾਲ ਵਧਦੇ ਹਨ ਰੋਗ

ਮਹਾਂਨਗਰਾਂ ਵਿਚ ਲੋਕ ਪੇਂਡੂ ਲੋਕਾਂ ਦੀ ਬਜਾਏ ਜ਼ਿਆਦਾ ਰੋਗੀ ਰਹਿੰਦੇ ਹਨ। ਇਸ ਦਾ ਮੁੱਖ ਕਾਰਨ ਹੈ ਉਨ੍ਹਾਂ ਦੀ ਅਨਿਯਮਤ ਜੀਵਨ ਸ਼ੈਲੀ। ਭੱਜ-ਦੌੜ ਭਰੀ ਇਸ ਜ਼ਿੰਦਗੀ ਵਿਚ ਖਾਣ-ਪੀਣ ਨੂੰ ਨਿਯਮਤ ਬਣਾਉਣਾ ਲੋਕਾਂ ਲਈ ਔਖਾ ਹੁੰਦਾ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਮੋਟਾਪਾ, ਦਿਲ ਦੇ ਰੋਗ, ਕੋਲੈਸਟ੍ਰੋਲ ਵਰਗੀਆਂ ਸਮੱਸਿਆਵਾਂ ਵਿਚ ਵਾਧਾ ਹੋ ਰਿਹਾ ਹੈ।
ਇਨ੍ਹਾਂ ਸਮੱਸਿਆਵਾਂ ਦੀ ਮੁੱਖ ਜੜ੍ਹ ਹੈ ਬੇਹਾ ਭੋਜਨ ਅਤੇ ਜੰਕ ਫੂਡ। ਦੌੜ-ਭੱਜ ਦੇ ਚਲਦੇ ਬਹੁਤੀਆਂ ਕੰਮਕਾਜੀ ਔਰਤਾਂ ਲਈ ਸਵੇਰੇ-ਸ਼ਾਮ ਤਾਜ਼ਾ ਭੋਜਨ ਬਣਾਉਣਾ ਸੰਭਵ ਨਹੀਂ ਹੁੰਦਾ। ਇਸ ਤੋਂ ਇਲਾਵਾ ਤਾਜ਼ੇ ਟਮਾਟਰਾਂ ਦੀ ਬਜਾਏ ਟੋਮੈਟੋ ਪਿਊਰੀ ਜਾਂ ਪਾਊਡਰ ਨੂੰ ਵਰਤਿਆ ਜਾਂਦਾ ਹੈ। ਆਟਾ ਜ਼ਿਆਦਾ ਗੁੰਨ ਕੇ ਰੱਖਿਆ ਜਾਂਦਾ ਹੈ, ਸਵੇਰ ਦੀ ਸਬਜ਼ੀ ਸ਼ਾਮ ਨੂੰ ਜਾਂ ਸ਼ਾਮ ਦੀ ਸਬਜ਼ੀ ਸਵੇਰ ਨੂੰ ਸੇਵਨ ਕੀਤੀ ਜਾਂਦੀ ਹੈ।
ਸਮੇਂ ਦੀ ਕਮੀ ਕਾਰਨ ਕਈ ਵਾਰ ਭੋਜਨ ਬਾਹਰੋਂ ਵੀ ਖਾ ਲਿਆ ਜਾਂਦਾ ਹੈ, ਜਿਵੇਂ ਪੀਜ਼ਾ, ਬਰਗਰ, ਨੂਡਲ, ਸਮੋਸਾ, ਕਚੌੜੀ, ਨਾਨ ਆਦਿ। ਵੈਸੇ ਸਮੋਸਾ, ਕਚੌੜੀ ਭਾਵੇਂ ਮੈਦੇ ਨਾਲ ਤਿਆਰ ਕੀਤੇ ਜਾਂਦੇ ਹਨ ਪਰ ਜੇ ਇਨ੍ਹਾਂ ਨੂੰ ਘਰ ਹੀ ਬਣਾ ਕੇ ਖਾਧਾ ਜਾਵੇ ਤਾਂ ਇਹ ਜ਼ਿਆਦਾ ਨੁਕਸਾਨਦਾਇਕ ਨਹੀਂ ਹੁੰਦੇ ਪਰ ਬਾਜ਼ਾਰ ਵਿਚ ਤਿਆਰ ਇਹ ਪਦਾਰਥ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਹਨ, ਕਿਉਂਕਿ ਇਨ੍ਹਾਂ ਨੂੰ ਤਿਆਰ ਕਰਨ ਵਿਚ ਸ਼ੁੱਧਤਾ ਦਾ ਖਿਆਲ ਨਹੀਂ ਰੱਖਿਆ ਜਾਂਦਾ। ਇਨ੍ਹਾਂ ਨੂੰ ਜਿਸ ਤੇਲ ਵਿਚ ਤਲਿਆ ਜਾਂਦਾ ਹੈ, ਉਹ ਤੇਲ ਕਈ ਵਾਰ ਕਾਫੀ ਪੁਰਾਣਾ ਹੋ ਚੁੱਕਾ ਹੁੰਦਾ ਹੈ, ਜੋ ਬਹੁਤ ਹਾਨੀਕਾਰਕ ਹੁੰਦਾ ਹੈ।
ਸਾਵਧਾਨੀਆਂ : ਚਾਹੇ ਭੋਜਨ ਨਾਲ ਸਾਨੂੰ ਕਿੰਨਾ ਵੀ ਨੁਕਸਾਨ ਕਿਉਂ ਨਾ ਹੋਵੇ ਪਰ ਇਹ ਸਾਡੇ ਜੀਵਨ ਦਾ ਇਕ ਅੰਗ ਬਣ ਗਿਆ ਹੈ ਅਤੇ ਅਸੀਂ ਚਾਹ ਕੇ ਵੀ ਇਸ ਤੋਂ ਛੁਟਕਾਰਾ ਨਹੀਂ ਪਾ ਸਕਦੇ ਪਰ ਇਸ ਦਾ ਸੇਵਨ ਕਰਨ ਵਿਚ ਵੀ ਜੇ ਕੁਝ ਸਾਵਧਾਨੀਆਂ ਵਰਤੀਏ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ-
* ਮੌਸਮੀ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰੋ। ਜੇ ਸਵੇਰੇ-ਸ਼ਾਮ ਤਾਜ਼ਾ ਖਾਣਾ ਨਾ ਬਣ ਸਕੇ ਤਾਂ ਸਵੇਰੇ ਬਣਾ ਕੇ ਰੱਖ ਲਓ ਪਰ ਧਿਆਨ ਰੱਖੋ ਕਿ ਵਾਰ-ਵਾਰ ਇਸ ਨੂੰ ਗਰਮ ਜਾਂ ਠੰਢਾ ਕਰਕੇ ਨਾ ਖਾਓ, ਜਿਵੇਂ ਸਵੇਰੇ ਤੁਸੀਂ ਖਾਣੇ ਨੂੰ ਫਰਿੱਜ ਵਿਚ ਰੱਖ ਦਿੱਤਾ ਤੇ ਸ਼ਾਮ ਨੂੰ ਪੂਰੀ ਸਬਜ਼ੀ ਗਰਮ ਕਰ ਲਈ ਅਤੇ ਖਾਣੇ ਤੋਂ ਬਾਅਦ ਬਚੀ ਹੋਈ ਸਬਜ਼ੀ ਨੂੰ ਫਿਰ ਫਰਿੱਜ ਵਿਚ ਰੱਖ ਦਿੱਤਾ। ਵਾਰ-ਵਾਰ ਗਰਮ ਅਤੇ ਠੰਢਾ ਕਰਨ ਦੀ ਇਸ ਪ੍ਰਕਿਰਿਆ ਦੌਰਾਨ ਭੋਜਨ ਵਿਚ ਮੌਜੂਦ ਜ਼ਰੂਰੀ ਪੋਸ਼ਕ ਪਦਾਰਥ ਤਾਂ ਨਸ਼ਟ ਹੁੰਦੇ ਹੀ ਹਨ, ਨਾਲ ਹੀ ਇਨ੍ਹਾਂ ਵਿਚ ਹਾਨੀਕਾਰਕ ਜੀਵਾਣੂ ਵੀ ਪੈਦਾ ਹੋ ਜਾਂਦੇ ਹਨ। ਇਸ ਲਈ ਫਰਿੱਜ ਵਿਚੋਂ ਓਨੀ ਸਬਜ਼ੀ ਹੀ ਕੱਢ ਕੇ ਗਰਮ ਕਰੋ ਜਿੰਨੀ ਉਸ ਸਮੇਂ ਚਾਹੀਦੀ ਹੋਵੇ।
* ਦਾਲ ਤਾਜ਼ੀ ਬਣਾ ਕੇ ਹੀ ਖਾਓ। ਬੇਹੀ ਦਾਲ ਦਾ ਸੇਵਨ ਜ਼ਿਆਦਾ ਨੁਕਸਾਨਦੇਹ ਹੁੰਦਾ ਹੈ। ਇਸ ਲਈ ਜਦੋਂ ਤੁਹਾਡੇ ਕੋਲ ਲੋੜੀਂਦਾ ਸਮਾਂ ਹੋਵੇ, ਦਾਲ ਉਦੋਂ ਹੀ ਬਣਾਓ ਅਤੇ ਲੋੜੀਂਦੀ ਮਾਤਰਾ ਵਿਚ ਹੀ ਬਣਾਓ।
* ਆਟਾ ਬਹੁਤ ਜ਼ਿਆਦਾ ਮਾਤਰਾ ਵਿਚ ਗੁੰਨ ਕੇ ਨਾ ਰੱਖੋ। ਸਵੇਰ ਦਾ ਗੁੰਨਿਆ ਹੋਇਆ ਆਟਾ ਸ਼ਾਮ ਨੂੰ ਵਰਤੋਂ ਵਿਚ ਲਿਆਉਣ ਨਾਲ ਨੁਕਸਾਨ ਨਹੀਂ ਹੁੰਦਾ ਪਰ ਜੇ ਤੁਸੀਂ 2-3 ਦਿਨ ਦਾ ਆਟਾ ਇਕੱਠਾ ਗੁੰਨ ਕੇ ਰੱਖਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
* ਦੁੱਧ ਨੂੰ ਵਾਰ-ਵਾਰ ਜਾਂ ਜ਼ਿਆਦਾ ਉਬਾਲ ਕੇ ਨਾ ਪੀਓ।
* ਸਾਦੇ ਚੌਲ (ਉਬਲੇ ਹੋਏ) ਤੁਸੀਂ ਅਗਲੇ ਦਿਨ ਖਾ ਸਕਦੇ ਹੋ ਪਰ ਜੇ ਤੁਸੀਂ ਪੁਲਾਵ ਬਣਾਇਆ ਹੈ ਤਾਂ ਇਸ ਨੂੰ ਬੇਹਾ ਖਾਣਾ ਸਿਹਤ ਲਈ ਠੀਕ ਨਹੀਂ ਹੈ।
* ਜੰਕ ਫੂਡ ਦਾ ਸੇਵਨ ਕਦੇ-ਕਦੇ ਅਤੇ ਘੱਟ ਮਾਤਰਾ ਵਿਚ ਕਰੋ ਤਾਂ ਇਹ ਜ਼ਿਆਦਾ ਨੁਕਸਾਨਦਾਇਕ ਨਹੀਂ ਹੁੰਦਾ। ਵੈਸੇ ਛੁੱਟੀ ਵਾਲੇ ਦਿਨ ਸਮਾਂ ਕੱਢ ਕੇ ਘਰ ਵਿਚ ਹੀ ਸਮੋਸਾ, ਕਚੌਰੀ, ਬਰਗਰ, ਟਿੱਕੀ, ਪਕੌੜੇ ਆਦਿ ਤਾਜ਼ੇ ਬਣਾ ਕੇ ਖਾਓ ਤਾਂ ਚੰਗਾ ਹੈ।
* ਬਾਜ਼ਾਰ ਵਿਚ ਤਿਆਰ ਮਸਾਲਿਆਂ ਦੀ ਬਜਾਏ ਘਰ ਹੀ ਬਣੇ ਮਸਾਲਿਆਂ ਦੀ ਭੋਜਨ ਵਿਚ ਵਰਤੋਂ ਕਰੋ। ਜਦੋਂ ਸਮਾਂ ਹੋਵੇ, ਟੋਮੈਟੋ ਪਿਊਰੀ ਬਣਾ ਕੇ ਰੱਖ ਲਓ। ਟਮਾਟਰ ਚਟਣੀ, ਇਮਲੀ ਦੀ ਮਿੱਠੀ ਚਟਣੀ ਵੀ ਘਰ ਤਿਆਰ ਕਰਕੇ ਰੱਖ ਸਕਦੇ ਹੋ। ਸਬਜ਼ੀਆਂ ਵਿਚ ਅਮਚੂਰ ਪਾਉਣ ਦੀ ਬਜਾਏ ਨਿੰਬੂ ਨਿਚੋੜ ਕੇ ਖਾਓ।
* ਕੜ੍ਹੀ ਨੂੰ ਵੀ ਬਹੁਤ ਜ਼ਿਆਦਾ ਮਾਤਰਾ ਵਿਚ ਨਾ ਬਣਾਓ, ਕਿਉਂਕਿ ਬੇਹੀ ਕੜ੍ਹੀ ਖਾਣ ਨਾਲ ਗੈਸ ਦੀ ਸਮੱਸਿਆ ਪੈਦਾ ਹੋਣ ਦੀ ਸੰਭਾਵਨਾ ਰਹਿੰਦੀ ਹੈ।
* ਬੇਹਾ ਦਹੀਂ ਖਾਣਾ ਵੀ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਇਸ ਲਈ ਜਿਥੋਂ ਤੱਕ ਸੰਭਵ ਹੋਵੇ, ਤਾਜ਼ਾ ਦਹੀਂ ਹੀ ਵਰਤੋਂ ਵਿਚ ਲਿਆਓ।


ਖ਼ਬਰ ਸ਼ੇਅਰ ਕਰੋ

ਪਾਣੀ ਇਕ ਵਧੀਆ ਦਵਾਈ

ਪਾਣੀ ਜੀਵਨ ਦਾ ਇਕ ਅਨਿੱਖੜਵਾਂ ਤੱਤ ਹੈ। ਪਾਣੀ ਸਰੀਰ ਦਾ ਭੋਜਨ ਵੀ ਹੈ ਅਤੇ ਦਵਾਈ ਵੀ ਹੈ। ਪਿਆਸੇ ਲਈ ਪਾਣੀ ਅੰਮ੍ਰਿਤ ਹੈ। ਪਾਣੀ ਜੀਵਨ ਹੈ। ਪਾਣੀ ਵਿਚ ਅਨੇਕ ਰੋਗਾਂ ਤੋਂ ਬਚਾਉਣ ਦੀ ਸ਼ਕਤੀ ਹੁੰਦੀ ਹੈ, ਇਸ ਲਈ ਕੁਦਰਤੀ ਇਲਾਜ ਪ੍ਰਣਾਲੀ ਵਿਚ ਮਿੱਟੀ, ਪਾਣੀ ਦੇ ਇਲਾਜ 'ਤੇ ਕਾਫੀ ਜ਼ੋਰ ਦਿੱਤਾ ਜਾਂਦਾ ਹੈ। ਪਾਣੀ ਸਰਵ-ਸੁਲਭ ਵਧੀਆ ਦਵਾਈ ਹੈ। ਜਲਣ ਦੀ ਹਾਲਤ ਵਿਚ ਜਲੇ ਹੋਏ ਭਾਗ ਨੂੰ ਤੁਰੰਤ ਥੋੜ੍ਹੀ ਦੇਰ ਲਈ ਪਾਣੀ ਵਿਚ ਡੁਬੋ ਕੇ ਰੱਖਣ ਨਾਲ ਛਾਲੇ ਨਹੀਂ ਪੈਂਦੇ ਅਤੇ ਜਲਣ ਵੀ ਮਿਟ ਜਾਂਦੀ ਹੈ। ਜਲੇ ਨੂੰ ਠੀਕ ਕਰਨ ਵਿਚ ਪਾਣੀ ਬਹੁਤ ਕਾਰਗਰ ਦਵਾਈ ਸਿੱਧ ਹੁੰਦਾ ਹੈ। ਠੰਢੇ ਪਾਣੀ ਦੀ ਪੱਟੀ ਤੇਜ਼ ਬੁਖਾਰ ਨੂੰ ਹਟਾਉਣ ਵਿਚ ਸਹਾਇਕ ਹੁੰਦੀ ਹੈ। ਬੁਖਾਰ ਵਿਚ ਜ਼ਿਆਦਾ ਪਾਣੀ ਪੀਣਾ ਚੰਗਾ ਰਹਿੰਦਾ ਹੈ। ਵੱਧ ਪਾਣੀ ਪੀਣ ਨਾਲ ਮੂਤਰ ਰੋਗ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। ਪਾਣੀ ਗੁਰਦੇ ਨੂੰ ਸਾਫ ਅਤੇ ਕਿਰਿਆਸ਼ੀਲ ਬਣਾਉਂਦਾ ਹੈ, ਜਿਸ ਨਾਲ ਪੱਥਰੀ ਬਣਨ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ।
ਪਾਣੀ ਪੇਟ ਦੇ ਰੋਗਾਂ ਨੂੰ ਦੂਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੋੜੀਂਦੇ ਪਾਣੀ ਦਾ ਸੇਵਨ ਕਰਨ ਵਾਲਿਆਂ ਨੂੰ ਕਬਜ਼ ਦਾ ਰੋਗ ਨਹੀਂ ਹੁੰਦਾ। ਸਵੇਰੇ ਤਾਂਬੇ ਦੇ ਭਾਂਡੇ ਵਿਚ ਰੱਖਿਆ ਹੋਇਆ ਪਾਣੀ ਨਿਯਮਤ ਪੀਣ ਨਾਲ ਉਦਰ ਦੇ ਰੋਗ ਮਿਟਦੇ ਹਨ ਅਤੇ ਮਾਨਸਿਕ ਸ਼ਾਂਤੀ ਮਿਲਦੀ ਹੈ। ਸਵੇਰੇ ਕੋਸੇ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਨਿਯਮਤ ਪੀਣ ਨਾਲ ਜਿਥੇ ਕਬਜ਼ ਤੋਂ ਛੁਟਕਾਰਾ ਮਿਲਦਾ ਹੈ, ਉਥੇ ਚਮੜੀ ਵਿਚ ਨਿਖਾਰ ਆਉਂਦਾ ਹੈ।
ਗਰਮੀ ਦੇ ਦਿਨਾਂ ਵਿਚ ਪੇਟ ਵਿਚ ਸਮੁਚਿਤ ਪਾਣੀ ਦੀ ਮਾਤਰਾ ਰਹਿਣ ਨਾਲ ਲੂ ਲੱਗਣ ਦੀ ਸੰਭਾਵਨਾ ਨਹੀਂ ਰਹਿੰਦੀ। ਗਰਮੀਆਂ ਵਿਚ ਪਾਣੀ ਦੀ ਕਮੀ ਨਾਲ ਡੀਹਾਈਡ੍ਰੇਸ਼ਨ ਦੀ ਬਿਮਾਰੀ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਉਲਟੀ, ਦਸਤ ਹੋਣ 'ਤੇ ਪਾਣੀ ਦੀ ਲੋੜੀਂਦੀ ਮਾਤਰਾ ਸਰੀਰ ਵਿਚ ਪਹੁੰਚਣੀ ਚਾਹੀਦੀ ਹੈ, ਇਸ ਲਈ ਉਲਟੀ-ਦਸਤ ਵਿਚ ਜੀਵਨ ਰੱਖਿਅਕ ਘੋਲ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਪਾਣੀ ਦੀ ਲੋੜੀਂਦੀ ਮਾਤਰਾ ਸਰੀਰ ਵਿਚ ਬਣੀ ਰਹੇ। ਗਰਭਵਤੀ ਅਤੇ ਸਤਨਪਾਨ ਕਰਾਉਣ ਵਾਲੀਆਂ ਔਰਤਾਂ ਨੂੰ ਬੱਚੇ ਅਤੇ ਆਪਣੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਭਰਪੂਰ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ। ਫਲਾਂ ਦਾ ਰਸ ਅਤੇ ਦੁੱਧ ਆਦਿ 3-4 ਵਾਰ ਲੈਣਾ ਅਜਿਹੀਆਂ ਔਰਤਾਂ ਲਈ ਫਾਇਦੇਮੰਦ ਰਹਿੰਦਾ ਹੈ। ਇਨ੍ਹਾਂ ਤਰਲ ਪਦਾਰਥਾਂ ਨਾਲ ਵੀ ਪਾਣੀ ਦੀ ਲੋੜੀਂਦੀ ਮਾਤਰਾ ਉਨ੍ਹਾਂ ਦੇ ਸਰੀਰ ਵਿਚ ਪਹੁੰਚ ਜਾਂਦੀ ਹੈ।
ਕੁਦਰਤੀ ਇਲਾਜ ਵਿਚ ਪਾਣੀ ਜਲ ਨੇਤੀ, ਕੁੰਜਰ, ਅਨੀਮਾ ਆਦਿ ਕਿਰਿਆਵਾਂ ਵਿਚ ਵਰਤਿਆ ਜਾਂਦਾ ਹੈ। ਇਨ੍ਹਾਂ ਕਿਰਿਆਵਾਂ ਨਾਲ ਪਾਣੀ ਦੁਆਰਾ ਅੰਦਰ ਦੇ ਅੰਗਾਂ ਨੂੰ ਸ਼ੁੱਧ ਕੀਤਾ ਜਾਂਦਾ ਹੈ। ਸਰੀਰ ਦੀ ਬਾਹਰੀ ਅਤੇ ਅੰਦਰੂਨੀ ਸ਼ੁੱਧਤਾ ਹੀ ਤੰਦਰੁਸਤੀ ਦੀ ਪਹਿਲੀ ਸ਼ਰਤ ਹੈ। ਪਾਣੀ ਇਸ ਸ਼ੁੱਧਤਾ ਦਾ ਆਧਾਰ ਹੈ।

ਬਹੁਤ ਫ਼ਾਇਦੇ ਹਨ ਤਰਬੂਜ਼ ਦੇ

ਗਰਮੀ ਦੇ ਮੌਸਮ ਵਿਚ ਪੈਦਾ ਹੋਣ ਵਾਲੇ ਫਲਾਂ ਵਿਚ ਤਰਬੂਜ਼ ਸਭ ਤੋਂ ਵਧੀਆ ਫਲ ਹੈ, ਕਿਉਂਕਿ ਇਹ ਸਵਾਦੀ, ਠੰਢਾ ਅਤੇ ਸਿਹਤਵਰਧਕ ਹੀ ਨਹੀਂ, ਸਗੋਂ ਏਨਾ ਸਸਤਾ ਵੀ ਹੁੰਦਾ ਹੈ ਕਿ ਇਸ ਨੂੰ ਗਰੀਬ ਤੋਂ ਗਰੀਬ ਆਦਮੀ ਵੀ ਖਾ ਸਕਦਾ ਹੈ। ਗਰਮੀ ਦੇ ਝੁਲਸਾਉਣ ਵਾਲੇ ਮੌਸਮ ਵਿਚ ਆਪਣੀ ਠੰਢਕ ਨਾਲ ਤਨ-ਮਨ ਨੂੰ ਠੰਢਕ ਪਹੁੰਚਾਉਣ ਵਾਲਾ ਇਹ ਫਲ ਰੇਗਿਸਤਾਨ ਖੇਤਰਾਂ ਵਿਚ ਤਾਂ ਬਹੁਤ ਹੀ ਪ੍ਰਤਿਸ਼ਠਤ ਮੰਨਿਆ ਜਾਂਦਾ ਹੈ।
ਇਸ ਨੂੰ ਜੋ ਖਾਂਦਾ ਹੈ, ਉਸ ਨੂੰ ਇਹ ਲੂ ਤੋਂ ਤਾਂ ਬਚਾਉਂਦੀ ਹੀ ਹੈ, ਨਾਲ ਹੀ ਇਹ ਉਸ ਦੇ ਸਰੀਰ ਵਿਚ ਪਾਣੀ ਦੀ ਕਮੀ ਵੀ ਨਹੀਂ ਹੋਣ ਦਿੰਦਾ। ਸੱਚਮੁੱਚ ਇਹ ਫਲ ਸਾਡੇ ਲਈ ਬਰਦਾਨ ਹੀ ਹੈ, ਜਿਸ ਦੇ ਕਾਰਨ ਗਰਮੀ ਵਰਗੇ ਅੱਗ ਵਰ੍ਹਾਉਣ ਵਾਲੇ ਮੌਸਮ ਵਿਚ ਵੀ ਤਰਬੂਜ਼ ਵਰਗਾ ਠੰਢਾ ਅਤੇ ਮਧੁਰ ਫਲ ਪੈਦਾ ਹੁੰਦਾ ਹੈ।
ਪੂਰੀ ਤਰ੍ਹਾਂ ਪੱਕੇ ਹੋਏ ਇਸ ਫਲ ਵਿਚ 76 ਫੀਸਦੀ ਖਾਣ ਯੋਗ ਗੁੱਦਾ, ਪ੍ਰਤੀ ਕਿਲੋਗ੍ਰਾਮ ਤਰਬੂਜ਼ ਵਿਚ ਲਗਪਗ 40 ਗ੍ਰਾਮ ਲਾਲ ਜਾਂ ਕਾਲੇ ਰੰਗ ਦੇ ਬੀਜ ਅਤੇ 24 ਫੀਸਦੀ ਨਾ ਖਾਣ ਯੋਗ ਛਿੱਲ ਹੁੰਦੀ ਹੈ। ਇਹ ਛਿੱਲ ਮਨੁੱਖ ਦੇ ਖਾਣ ਯੋਗ ਤਾਂ ਨਹੀਂ ਹੁੰਦੀ ਪਰ ਇਹ ਦੁਧਾਰੂ ਪਸ਼ੂਆਂ ਲਈ ਬਹੁਤ ਪੌਸ਼ਟਿਕ ਆਹਾਰ ਹੈ। ਇਸ ਨੂੰ ਉਨ੍ਹਾਂ ਨੂੰ ਜਦੋਂ ਨਿਯਮਿਤ ਖਵਾਇਆ ਜਾਵੇ, ਤਾਂ ਉਨ੍ਹਾਂ ਦੀ ਦੁੱਧ ਦੇਣ ਦੀ ਸਮਰੱਥਾ ਹੋਰ ਵੀ ਵਧ ਜਾਂਦੀ ਹੈ। ਤਰਬੂਜ਼ ਦਾ 100 ਗ੍ਰਾਮ ਗੁੱਦਾ ਸਾਡੇ ਸਰੀਰ ਲਈ 37 ਕੈਲੋਰੀ ਊਰਜਾ ਦਿੰਦਾ ਹੈ, ਜਦੋਂ ਕਿ ਜੇ ਅਸੀਂ ਤਰਬੂਜ਼ ਦੇ ਬੀਜਾਂ ਦੀ 100 ਗ੍ਰਾਮ ਗਿਰੀ ਖਾ ਲਈਏ ਤਾਂ ਸਾਨੂੰ 512 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ। ਹਾਲਾਂਕਿ ਬੀਜਾਂ ਦੀ ਤੁਲਨਾ ਵਿਚ ਗੁੱਦਾ ਜ਼ਿਆਦਾ ਸਵਾਦੀ ਹੁੰਦਾ ਹੈ ਪਰ ਗੁੱਦੇ ਦੀ ਤੁਲਨਾ ਵਿਚ ਬੀਜ ਕੁਝ ਜ਼ਿਆਦਾ ਹੀ ਪੌਸ਼ਟਿਕ ਹੁੰਦੇ ਹਨ। ਇਸ ਦੇ ਬੀਜਾਂ ਵਿਚ 50 ਫੀਸਦੀ ਚਰਬੀ, 35 ਫੀਸਦੀ ਪ੍ਰੋਟੀਨ ਅਤੇ 4 ਫੀਸਦੀ ਪਾਣੀ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰਤੀ 100 ਗ੍ਰਾਮ ਬੀਜ ਵਿਚ 100 ਮਿਲੀਗ੍ਰਾਮ ਕੈਲਸ਼ੀਅਮ, 937 ਮਿਲੀਗ੍ਰਾਮ ਫਾਸਫੋਰਸ ਅਤੇ 3 ਮਿਲੀਗ੍ਰਾਮ ਲੋਹ ਹੁੰਦਾ ਹੈ। ਇਹੀ ਕਾਰਨ ਹੈ ਕਿ ਠੰਢੇ ਸ਼ਰਬਤਾਂ ਦੇ ਨਿਰਮਾਣ ਅਤੇ ਵਿਭਿੰਨ ਪ੍ਰਕਾਰ ਦੀਆਂ ਮਠਿਆਈਆਂ ਦੀ ਪੌਸ਼ਟਿਕਤਾ ਵਧਾਉਣ ਲਈ ਉਨ੍ਹਾਂ ਵਿਚ ਤਰਬੂਜ਼ ਦੇ ਬੀਜ ਵੀ ਪਾਏ ਜਾਂਦੇ ਹਨ।
ਪੌਸ਼ਟਿਕਤਾ ਦਾ ਦੂਜਾ ਨਾਂਅ ਬਣ ਗਏ ਤਰਬੂਜ਼ ਦੀਆਂ ਦੋ ਪ੍ਰਮੁੱਖ ਕਿਸਮਾਂ ਹੁੰਦੀਆਂ ਹਨ। ਉਸ ਦੀ ਕਿਸਮ ਦੀ ਪਛਾਣ ਉਸ ਦੇ ਅੰਦਰ ਪਾਏ ਜਾਣ ਵਾਲੇ ਬੀਜਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਕ ਕਿਸਮ ਦੇ ਤਰਬੂਜ਼ ਦੇ ਬੀਜ ਲਾਲ ਅਤੇ ਦੂਜੇ ਦੇ ਬੀਜ ਕਾਲੇ ਹੁੰਦੇ ਹਨ। ਇਹ ਕਕੜੀ, ਖੀਰਾ ਅਤੇ ਖਰਬੂਜ਼ੇ ਦੀ ਤਰ੍ਹਾਂ ਹੀ ਕੁਕੁਰਵਿਟੇਸ਼ੀ ਕੁਲ ਦਾ ਫਲ ਹੈ। ਏਨੇ ਸਸਤੇ ਪਰ ਸਵਾਦੀ ਫਲ ਤਰਬੂਜ਼ ਦੇ ਏਨੇ ਜ਼ਿਆਦਾ ਪ੍ਰਤਿਸ਼ਠਤ ਹੋਣ ਦਾ ਇਕ ਕਾਰਨ ਹੋਰ ਇਹ ਹੈ ਕਿ ਇਹ ਕਈ ਛੋਟੀਆਂ-ਮੋਟੀਆਂ ਨਹੀਂ, ਸਗੋਂ ਵੱਡੀਆਂ-ਵੱਡੀਆਂ ਬਿਮਾਰੀਆਂ ਵਿਚ ਦਵਾਈ ਦਾ ਕੰਮ ਵੀ ਕਰਦਾ ਹੈ, ਜਿਵੇਂ 50 ਗ੍ਰਾਮ ਤਰਬੂਜ਼ ਦਾ ਰਸ ਮਿਸ਼ਰੀ ਮਿਲਾ ਕੇ ਡੇਢ ਮਹੀਨੇ ਤੱਕ ਸਵੇਰੇ ਖਾਲੀ ਪੇਟ ਪੀਣ ਨਾਲ ਮੂਤਰਾਸ਼ਯ ਨਾਲ ਸਬੰਧਿਤ ਅਨੇਕਾਂ ਰੋਗ, ਸੁਜਾਕ, ਟਾਈਫਾਈਡ, ਉੱਚ ਅਮਲਤਾ ਅਤੇ ਉੱਚ ਖੂਨ ਦਬਾਅ ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ, ਨਾਲ ਹੀ ਇਹ ਰੋਗ ਨਿਰੋਧਕ ਸਮਰੱਥਾ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਵਾਲਾ ਵੀ ਸਾਬਤ ਹੁੰਦਾ ਹੈ।
ਤਰਬੂਜ਼ ਦਾ ਰਸ ਦਿਮਾਗ ਨੂੰ ਵੀ ਤਾਕਤ ਦਿੰਦਾ ਹੈ। ਇਸ ਕਾਰਨ ਇਹ ਹਿਸਟੀਰੀਆ, ਦਿਮਾਗ ਦੀ ਗਰਮੀ ਅਤੇ ਉਨੀਂਦਰਾ ਹੀ ਨਹੀਂ, ਸਗੋਂ ਪਾਗਲਪਨ ਵਿਚ ਵੀ ਲਾਭਦਾਇਕ ਹੁੰਦਾ ਹੈ। ਏਨਾ ਹੀ ਨਹੀਂ, ਇਸ ਦਾ ਰਸ ਖੂਨ ਵਿਕਾਰਨਾਸ਼ਕ ਅਤੇ ਖੂਨਵਰਧਕ ਵੀ ਹੈ, ਇਸ ਕਾਰਨ ਇਸ ਦਾ ਸੇਵਨ ਕਰਨ ਨਾਲ ਪੀਲੀਆ ਅਤੇ ਅਨੇਕਾਂ ਚਮੜੀ ਰੋਗਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
ਹਾਲਾਂਕਿ ਤਰਬੂਜ਼ ਪੌਸ਼ਟਿਕ ਅਤੇ ਸਵਾਦੀ ਫਲ ਤਾਂ ਹੈ, ਪਰ ਇਸ ਨੂੰ ਨਾ ਤਾਂ ਜ਼ਿਆਦਾ ਮਾਤਰਾ ਵਿਚ ਖਾਣਾ ਚਾਹੀਦਾ ਹੈ ਅਤੇ ਨਾ ਹੀ ਭੋਜਨ ਕਰਨ ਤੋਂ ਪਹਿਲਾਂ ਅਰਥਾਤ ਖਾਲੀ ਪੇਟ, ਕਿਉਂਕਿ ਅਜਿਹੀ ਸਥਿਤੀ ਵਿਚ ਇਹ ਪਾਚਣ ਤੰਤਰ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ, ਜਿਸ ਕਾਰਨ ਸਾਨੂੰ ਭੁੱਖ ਤਾਂ ਘੱਟ ਲਗਦੀ ਹੀ ਹੈ, ਨਾਲ ਹੀ ਸਾਡਾ ਸਰੀਰ ਵੀ ਸ਼ਿਥਿਲ ਹੋ ਜਾਂਦਾ ਹੈ। ਇਸ ਨੂੰ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣਾ ਵੀ ਠੀਕ ਨਹੀਂ, ਕਿਉਂਕਿ ਇਸ ਨਾਲ ਜ਼ੁਕਾਮ ਹੋ ਜਾਣ ਦੀ ਸੰਭਾਵਨਾ ਬਣ ਜਾਂਦੀ ਹੈ। ਇਸ ਤੋਂ ਇਲਾਵਾ ਦਮੇ ਦੇ ਮਰੀਜ਼ਾਂ ਨੂੰ ਤਾਂ ਤਰਬੂਜ਼ ਦਾ ਸੇਵਨ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਦੇ ਸੇਵਨ ਨਾਲ ਕਫ ਅਤੇ ਬਲਗਮ ਵਿਚ ਵਾਧਾ ਹੁੰਦਾ ਹੈ।

ਦੁੱਧ ਪੀਣ ਨਾਲ ਤੇਜ਼ ਹੁੰਦਾ ਹੈ ਦਿਮਾਗ਼

ਨਵਜਨਮੇ ਬੱਚੇ ਲਈ ਮਾਂ ਦਾ ਦੁੱਧ ਸਭ ਤੋਂ ਵਧੀਆ ਹੁੰਦਾ ਹੈ। ਮਾਂ ਤੋਂ ਬਾਅਦ ਵਧਦੇ ਬੱਚੇ ਲਈ ਗਾਂ ਦਾ ਦੁੱਧ ਫਾਇਦੇਮੰਦ ਹੁੰਦਾ ਹੈ। ਗਾਂ ਦਾ ਦੁੱਧ ਸਾਰੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕੋਲੈਸਟ੍ਰੋਲ ਪੀੜਤ ਜਾਂ ਦਿਲ ਦੇ ਰੋਗੀ ਵੀ ਕਰ ਸਕਦੇ ਹਨ। ਵੈਸੇ ਸਾਰਿਆਂ ਦੇ ਦੁੱਧ ਦੀ ਆਪਣੀ-ਆਪਣੀ ਵਿਸ਼ੇਸ਼ਤਾ ਹੈ। ਪੜ੍ਹਦੇ ਬੱਚਿਆਂ ਲਈ ਦੁੱਧ ਬਹੁਤ ਕੰਮ ਦਾ ਹੁੰਦਾ ਹੈ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਦੇ ਕਾਰਨ ਖਾਣ-ਪੀਣ ਦੇ ਪੋਸ਼ਕ ਤੱਤ ਹੋਣ ਦੇ ਕਾਰਨ ਖਾਣ-ਪੀਣ ਦੇ ਪੋਸ਼ਕ ਤੱਤਾਂ ਦੀ ਕਮੀ ਨੂੰ ਦੂਰ ਕਰਦਾ ਹੈ। ਨਵੀਂ ਵਿਗਿਆਨਕ ਖੋਜ ਦੇ ਮੁਤਾਬਿਕ ਦੁੱਧ ਪੀਣ ਨਾਲ ਦਿਮਾਗੀ ਤਾਕਤ ਵਧ ਜਾਂਦੀ ਹੈ। ਇਸ ਨਾਲ ਕਿਸੇ ਵੀ ਉਮਰ ਦੇ ਵਿਅਕਤੀ ਦਾ ਮਾਨਸਿਕ ਕੌਸ਼ਲ ਬਿਹਤਰ ਹੋ ਜਾਂਦਾ ਹੈ।

ਆਯੁਰਵੇਦ ਰਾਹੀਂ ਜੋੜਾਂ ਦੇ ਦਰਦ ਦਾ ਇਲਾਜ

ਜੋੜਾਂ ਦੇ ਦਰਦ ਦੇ ਤਿੰਨ ਮੂਲ ਕਾਰਨ ਹਨ : 1. ਰਿਉਮੁਟਿਡ ਅਰਥਰਾਇਟਸ, 2. ਗਾਉਟੀ ਅਰਥਰਾਇਟਸ (ਗਠੀਆ), 3. ਓਸਟੀਓ ਅਰਥਰਾਇਟਸ। ਇਨ੍ਹਾਂ ਵਿਚ ਜੋੜਾਂ ਵਿਚਲੀ ਥਾਂ ਘਟ ਜਾਂਦੀ ਹੈ। ਤਿੰਨਾਂ ਅਰਥਰਾਇਟਸ ਵਿਚ ਸਭ ਤੋਂ ਮੁੱਖ ਕਾਰਨ ਹੈ ਜੀਵਨਸ਼ੈਲੀ, ਕਸਰਤ ਨਾ ਕਰਨਾ, ਸਹੀ ਖੁਰਾਕ ਦਾ ਨਾ ਲੈਣਾ, ਸਮੇਂ ਸਿਰ ਨਾ ਖਾਣਾ, ਦੌੜ-ਭੱਜ ਵਿਚ ਖਾਣਾ ਖਾਣ ਦੇ ਨਾਲ ਕੋਲਡ ਡਰਿੰਕ ਲੈਣਾ, ਸਹੀ ਖੁਰਾਕ, ਭਾਰੀ ਪ੍ਰੋਟੀਨ ਖੁਰਾਕ ਲੈਣਾ।
ਰੁਮੇਟਾਇਡ ਅਰਥਰਾਇਟਸ : ਇਸ ਨੂੰ ਆਮਵਾਤ ਕਿਹਾ ਜਾਂਦਾ ਹੈ। ਸਭ ਤੋਂ ਗੰਭੀਰ ਰੁਮੇਟਾਇਡ ਅਰਥਰਾਇਟਸ ਹੈ, ਜਿਸ ਦਾ ਕਾਰਨ ਹੈ ਆਟੋਇਮਿਊਨ ਬਿਮਾਰੀ, ਜਿਸ ਵਿਚ ਕਿ ਸਾਡੇ ਸਰੀਰ ਦਾ ਇਮਿਊਨ ਸਿਸਟਮ ਆਪਣੇ ਹੀ ਜੋੜਾਂ ਦੇ ਵਿਰੁੱਧ ਸਰਗਰਮ ਹੋ ਜਾਂਦਾ ਹੈ। ਇਸ ਵਿਚ ਸਭ ਤੋਂ ਆਮ ਲੱਛਣ ਜੋ ਮਰੀਜ਼ ਵਿਚ ਆਉਂਦਾ ਹੈ, ਉਹ ਹੈ ਸਰੀਰ ਵਿਚ ਅਕੜਾਅ ਆ ਜਾਣਾ। ਮਰੀਜ਼ ਦਰਦ ਕਰਕੇ ਪ੍ਰੇਸ਼ਾਨ ਹੁੰਦਾ ਹੈ।
ਗਾਉਟੀ ਅਰਥਰਾਇਟਸ (ਗਠੀਆ) : ਇਹ ਯੂਰਿਕ ਐਸਿਡ ਦੇ ਵਧਣ ਕਰਕੇ ਹੁੰਦਾ ਹੈ। ਸਾਡੇ ਸਰੀਰ ਦੇ ਅੰਦਰ ਪ੍ਰੋਟੀਨ ਮੈਟਾਬੋਲਿਜ਼ਮ ਖਰਾਬ ਹੋ ਜਾਵੇ ਤਾਂ ਉਹ ਜ਼ਿਆਦਾ ਮਾਤਰਾ ਵਿਚ ਯੂਰਿਕ ਐਸਿਡ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਯੂਰਿਕ ਐਸਿਡ ਸਰੀਰ ਵਿਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਆਮ ਥਾਂ ਹੈ ਪੈਰ ਦਾ ਅੰਗੂਠਾ, ਜਿਸ ਵਿਚ ਪਹਿਲੀ ਵਾਰੀ ਦਰਦ ਹੁੰਦੀ ਹੈ।
ਓਸਟਿਓ ਅਰਥਰਾਇਟਸ : ਇਸ ਨੂੰ ਆਮ ਭਾਸ਼ਾ ਵਿਚ ਅਸੀਂ ਕਹਿ ਦਿੰਦੇ ਹਾਂ ਕਿ ਹੱਡੀਆਂ ਵਧ ਗਈਆਂ ਹਨ, ਹੱਡੀਆਂ ਇਕ-ਦੂਜੇ ਦੇ ਨੇੜੇ ਆ ਗਈਆਂ ਹਨ, ਗੋਡੇ ਰਗੜ ਖਾ ਰਹੇ ਹਨ। ਜ਼ਿਆਦਾਤਰ ਸਰੀਰ ਦੇ ਭਾਰ ਝੱਲਣ ਵਾਲੇ ਹਿੱਸੇ ਗੋਡੇ ਦੇ ਜੋੜ ਹੁੰਦੇ ਹਨ, ਜਿਨ੍ਹਾਂ ਵਿਚ ਜਿਹੜੀਆਂ ਹੱਡੀਆਂ ਹੁੰਦੀਆਂ ਹਨ, ਉਨ੍ਹਾਂ ਦੇ ਜੋੜਾਂ ਵਿਚ ਥਾਂ ਘਟ ਜਾਂਦੀ ਹੈ, ਜਿਸ ਕਾਰਨ ਜੋੜ ਆਪਸ ਵਿਚ ਰਗੜਦਾ ਹੈ ਤੇ ਦਰਦ ਅਤੇ ਸੋਜ ਰਹਿੰਦੀ ਹੈ। ਗੋਡੇ ਬਦਲਣ ਲਈ ਵੀ ਕਿਹਾ ਜਾਂਦਾ ਹੈ।
ਇਸ ਤੋਂ ਇਲਾਵਾ ਬੱਚਿਆਂ ਵਿਚ ਜੂਵੇਨਾਇਲ ਅਰਥਰਾਇਟਸ ਹੁੰਦਾ ਹੈ।
ਆਯੁਰਵੈਦ ਵਿਚ ਗੋਡੇ ਬਦਲਣ ਤੋਂ ਬਿਨਾਂ ਇਸ ਦਾ ਇਲਾਜ ਸੰਭਵ ਹੈ। ਆਯੁਰਵੈਦ ਵਿਚ ਆਯੁਰਵੈਦਿਕ ਮੈਡੀਸਨ ਅਤੇ ਪੰਚਕਰਮਾ ਟਰੀਟਮੈਂਟ ਦੋਵੇਂ ਹੀ ਤਰ੍ਹਾਂ ਦੇ ਇਲਾਜ ਨਾਲ ਗੋਡੇ ਦੇ ਜੋੜਾਂ ਵਿਚ ਜੋ ਜਗ੍ਹਾ ਘਟਦੀ ਹੈ ਜਾਂ ਸਰੀਰ ਦੇ ਹੋਰ ਕਿਸੇ ਵੀ ਭਾਰ ਚੁੱਕਣ ਵਾਲੇ ਜੋੜ ਦੀ ਖਾਲੀ ਜਗ੍ਹਾ ਘਟਦੀ ਹੈ, ਉਹ ਬਿਨਾਂ ਆਪ੍ਰੇਸ਼ਨ ਤੋਂ ਠੀਕ ਹੋ ਸਕਦੀ ਹੈ। ਆਯੁਰਵੈਦ ਵਿਚ ਬਹੁਤ ਸਾਰੀਆਂ ਦਵਾਈਆਂ ਮਾਈਕ੍ਰੋ ਸਰਕੂਲੇਸ਼ਨ ਨੂੰ ਸੁਧਾਰਦੀਆਂ ਹਨ ਜੋ ਕਿ ਖੂਨ ਦੇ ਪ੍ਰਵਾਹ ਵਿਚ ਸੁਧਾਰ ਕਰਦੀਆਂ ਹਨ। ਇਸ ਨਾਲ ਹੌਲੀ-ਹੌਲੀ ਕਰਕੇ ਜਿਹੜਾ ਜੋੜਾਂ ਦਾ ਆਮ ਢਾਂਚਾ ਹੈ, ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ।
-ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ, ਜਲੰਧਰ ਰੋਡ, ਬਟਾਲਾ।

ਦਿਲ ਦੇ ਰੋਗਾਂ ਤੋਂ ਕਿਵੇਂ ਬਚੀਏ?

ਜੀਵਨਸ਼ੈਲੀ ਅਤੇ ਰਹਿਣ-ਸਹਿਣ ਵਿਚ ਆਏ ਬਦਲਾਅ ਨੇ ਲੋਕਾਂ ਨੂੰ ਬਹੁਤ ਦੌੜ-ਭੱਜ ਵਿਚ ਪਾ ਦਿੱਤਾ ਹੈ। ਇਸ ਨੇ ਦਿਲ ਨੂੰ ਰੋਗੀ ਕਰਨ ਅਤੇ ਉਸ ਨੂੰ ਤੋੜਨ ਦੀਆਂ ਘਟਨਾਵਾਂ ਵਧਾ ਦਿੱਤੀਆਂ ਹਨ, ਜਿਸ ਕਾਰਨ ਦਿਲ ਦੀ ਧੜਕਣ ਕਿਸ ਉਮਰ ਵਿਚ ਦਗਾ ਦੇ ਜਾਏ, ਇਸ ਦਾ ਭਰੋਸਾ ਨਹੀਂ ਰਿਹਾ। ਅਜਿਹੇ ਵਿਚ ਵਿਸ਼ਵ ਬਿਰਾਦਰੀ ਨੇ ਦਿਲ ਨੂੰ ਬਚਾਉਣ ਲਈ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਹੈ ਤਾਂ ਕਿ ਦਿਲ ਬੇਵਕਤ ਦਗਾ ਨਾ ਦੇਵੇ।
ਸਾਰੇ ਅੰਗਾਂ ਦੀ ਤਰ੍ਹਾਂ ਦਿਲ ਵੀ ਕਈ ਕਾਰਨਾਂ ਕਾਰਨ ਬਿਮਾਰ ਹੁੰਦਾ ਹੈ। ਇਨ੍ਹਾਂ ਬਿਮਾਰੀਆਂ ਦੇ ਕਾਰਨ ਦਿਲ ਦੀ ਧੜਕਣ ਘੱਟ ਉਮਰ ਵਿਚ ਬੇਵਕਤ ਰੁਕ ਜਾਂਦੀ ਹੈ। ਅਜਿਹੇ ਵਿਚ ਬਚਾਅ ਲਈ ਦਿਲ ਦੀ ਤੰਦਰੁਸਤੀ ਦਾ ਧਿਆਨ ਅਤੇ ਉਸ ਨੂੰ ਨਿਰੋਗ ਰੱਖਣਾ ਜ਼ਰੂਰੀ ਹੋ ਜਾਂਦੀ ਹੈ।
ਦਿਲ ਦੇ ਰੋਗ ਕੀ ਹਨ : ਦਿਲ ਦੀਆਂ ਬਿਮਾਰੀਆਂ ਨੂੰ ਆਮ ਸ਼ਬਦਾਂ ਵਿਚ ਦਿਲ ਦੇ ਰੋਗ ਕਿਹਾ ਜਾਂਦਾ ਹੈ, ਜਿਨ੍ਹਾਂ ਵਿਚ ਦਿਲ ਨਾਲ ਸਬੰਧਿਤ ਅਨੇਕ ਬਿਮਾਰੀਆਂ ਅਤੇ ਪ੍ਰੇਸ਼ਾਨੀਆਂ ਹੁੰਦੀਆਂ ਹਨ, ਜਿਸ ਦਾ ਦਿਲ 'ਤੇ ਗ਼ਲਤ ਪ੍ਰਭਾਵ ਪੈਂਦਾ ਹੈ। ਇਨ੍ਹਾਂ ਵਿਚ ਕੋਰੋਨਰੀ ਆਰਟਰੀ ਡਿਸੀਜ਼, ਇੰਜਾਇਨਾ, ਦਿਲ ਦਾ ਦੌਰਾ ਆਦਿ ਬਿਮਾਰੀਆਂ ਆਉਂਦੀਆਂ ਹਨ। ਪੂਰੇ ਵਿਸ਼ਵ ਵਿਚ ਲਗਪਗ 75 ਫੀਸਦੀ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੇ ਦਿਲ ਦੇ ਰੋਗ ਤੋਂ ਪੀੜਤ ਹਨ।
ਦਿਲ ਦੇ ਰੋਗਾਂ ਦੇ ਕਾਰਨ : ਹੇਠ ਲਿਖੇ ਕਾਰਨਾਂ ਨਾਲ ਦਿਲ ਦਾ ਰੋਗ ਹੋਣ ਦੀ ਸੰਭਾਵਨਾ ਰਹਿੰਦੀ ਹੈ- * ਖੂਨ ਦੇ ਦਬਾਅ ਦਾ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋਣਾ। * ਕੋਲੈਸਟ੍ਰੋਲ ਦਾ ਵਧ ਜਾਣਾ, ਤੇਲੀ ਚੀਜ਼ਾਂ ਜ਼ਿਆਦਾ ਖਾਣਾ। * ਕੰਮ, ਮਿਹਨਤ, ਕਸਰਤ ਬਿਲਕੁਲ ਨਾ ਕਰਨੀ। * ਚਿੰਤਾ, ਤਣਾਅ, ਉਦਾਸੀ ਵਿਚ ਡੁੱਬੇ ਰਹਿਣਾ। * ਜ਼ਿਆਦਾ ਸ਼ੋਰ, ਪ੍ਰਦੂਸ਼ਣ ਅਤੇ ਗੰਧ ਵਾਲੀ ਜਗ੍ਹਾ 'ਤੇ ਰਹਿਣਾ। * ਭਾਰ, ਮੋਟਾਪਾ ਜ਼ਿਆਦਾ ਹੋਣਾ।
* ਜ਼ਿਆਦਾ ਸਿਗਰਟਨੋਸ਼ੀ ਜਾਂ ਮਦਿਰਾਪਾਨ ਕਰਨਾ। * ਸ਼ੂਗਰ ਦਾ ਵਧਣਾ। * ਅਨਿਯਮਤ ਜੀਵਨ ਸ਼ੈਲੀ। * ਭਰਪੂਰ ਨੀਂਦ ਨਾ ਲੈਣਾ।
ਦਿਲ ਦੇ ਰੋਗ ਅਤੇ ਖ਼ਤਰੇ ਨੂੰ ਕਿਵੇਂ ਰੋਕੀਏ
* ਸੰਜਮ ਵਿਚ ਰਹਿ ਕੇ ਖੂਨ ਦੇ ਦਬਾਅ ਨੂੰ ਕਾਬੂ ਵਿਚ ਰੱਖ ਸਕਦੇ ਹੋ। * ਖਾਣ-ਪੀਣ ਅਤੇ ਦਵਾਈ ਨਾਲ ਸ਼ੂਗਰ ਕਾਬੂ 'ਚ ਰੱਖ ਸਕਦੇ ਹੋ। * ਘੱਟ ਖਾ ਕੇ ਭਾਰ ਅਤੇ ਮੋਟਾਪਾ ਘੱਟ ਕਰ ਸਕਦੇ ਹੋ। * ਤੇਲੀ ਚੀਜ਼ਾਂ ਘੱਟ ਖਾ ਕੇ ਕੋਲੈਸਟ੍ਰੋਲ ਘਟਾ ਸਕਦੇ ਹੋ। * ਆਲਸ ਤਿਆਗ ਕੇ ਮਿਹਨਤ, ਕਸਰਤ ਕਰ ਸਕਦੇ ਹੋ। * ਚਿੰਤਾ, ਤਣਾਅ, ਉਦਾਸੀ ਤੋਂ ਦੂਰ ਰਹਿ ਕੇ ਹੱਸਮੁੱਖ ਰਹਿ ਸਕਦੇ ਹੋ।
* ਸ਼ੋਰ, ਪ੍ਰਦੂਸ਼ਣ ਅਤੇ ਬਦਬੂ ਤੋਂ ਦੂਰ ਰਹੋ। * ਜੀਵਨਸ਼ੈਲੀ ਸੁਧਾਰ ਕੇ ਸੰਜਮ ਨਾਲ ਨਿਯਮਤ ਰਹਿ ਸਕਦੇ ਹੋ।
* ਭਰਪੂਰ ਨੀਂਦ ਲਓ।
ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ : ਵਧਦੀ ਉਮਰ ਨੂੰ ਰੋਕਿਆ ਨਹੀਂ ਜਾ ਸਕਦਾ। ਲਿੰਗ ਨੂੰ ਬਦਲਿਆ ਨਹੀਂ ਜਾ ਸਕਦਾ, ਕਿਉਂਕਿ ਮਰਦਾਂ ਅਤੇ ਔਰਤਾਂ ਦੀ ਤੁਲਨਾ ਵਿਚ ਜ਼ਿਆਦਾ ਦਿਲ ਦੇ ਰੋਗ ਹੁੰਦੇ ਹਨ। ਖਾਨਦਾਨੀ ਦਿਲ ਦੇ ਰੋਗ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਉੱਪਰ ਦੱਸੀਆਂ ਦੂਜੀਆਂ ਚੀਜ਼ਾਂ ਨੂੰ ਬਦਲ ਕੇ ਦਿਲ ਦੇ ਰੋਗ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਸ ਦੇ ਲਈ ਇਹ ਜ਼ਰੂਰੀ ਹੈ ਕਿ ਖੂਨ ਦੇ ਦਬਾਅ ਅਤੇ ਸ਼ੂਗਰ ਤੋਂ ਬਚੋ। ਕੋਲੈਸਟ੍ਰੋਲ, ਭਾਰ ਅਤੇ ਮੋਟਾਪਾ ਕਾਬੂ ਵਿਚ ਰੱਖੋ। ਤੇਲ, ਘਿਓ, ਨਮਕ, ਸ਼ੱਕਰ ਅਤੇ ਮੈਦੇ ਦੀਆਂ ਚੀਜ਼ਾਂ ਘੱਟ ਖਾਓ। ਮਿਹਨਤ, ਕਸਰਤ ਕਰੋ। ਹੱਸੋ-ਹਸਾਓ, ਤਣਾਅ ਨਾ ਪਾਲੋ। ਸਿਗਰਟਨੋਸ਼ੀ, ਨਸ਼ਾ ਸੇਵਨ ਨਾ ਕਰੋ। ਜੰਕ ਫੂਡ ਅਤੇ ਫਾਸਟ ਫੂਡ ਅਤੇ ਕਿਸੇ ਵੀ ਤਰ੍ਹਾਂ ਦੇ ਡ੍ਰਿੰਕਸ ਨਾ ਲਓ। ਰੇਸ਼ੇ ਵਾਲੀਆਂ ਚੀਜ਼ਾਂ ਅਤੇ ਫਲ-ਸਬਜ਼ੀਆਂ ਖਾਓ।
ਦਿਲ ਦੇ ਰੋਗਾਂ ਦੇ ਲੱਛਣ : ਸੀਨੇ ਵਿਚ ਦਰਦ, ਦੰਦ, ਜਬਾੜਾ, ਗਰਦਨ, ਪਿੱਠ, ਮੋਢੇ ਅਤੇ ਪੇਟ, ਸਿਰ ਵਿਚ ਦਰਦ, ਸਾਹ ਫੁੱਲਣਾ, ਅਚਾਨਕ ਜ਼ਿਆਦਾ ਪਸੀਨਾ ਆਉਣਾ, ਵਾਰ-ਵਾਰ ਚੱਕਰ ਆਉਣਾ, ਘਬਰਾਹਟ, ਬੇਚੈਨੀ, ਥਕਾਨ ਆਦਿ ਲੱਛਣਾਂ ਦੀ ਬਹੁਤਾਤ ਵਿਚ ਦਿਲ ਦੇ ਰੋਗ ਹੋ ਸਕਦੇ ਹਨ, ਜਦੋਂ ਕਿ ਕੁਝ ਨੂੰ ਇਹ ਲੱਛਣ ਮਹਿਸੂਸ ਵੀ ਨਹੀਂ ਹੁੰਦੇ, ਇਸ ਲਈ ਬਚਾਅ ਲਈ 30 ਸਾਲ ਤੋਂ ਬਾਅਦ ਸਮੇਂ-ਸਮੇਂ 'ਤੇ ਜਾਂਚ ਇਲਾਜ ਜ਼ਰੂਰੀ ਹੋ ਜਾਂਦਾ ਹੈ।
**

ਗੁਣਾਂ ਨਾਲ ਭਰਪੂਰ ਹੈ ਗੁਲਾਬ

ਗੁਲਾਬ ਦਾ ਫੱੁਲ ਫੱੁਲਾਂ ਦਾ ਰਾਜਾ ਮੰਨਿਆ ਜਾਂਦਾ ਹੈ, ਜਿਸ ਨੂੰ ਮਾਲਾ ਬਣਾਉਣ, ਗੁਲਦਸਤਾ ਸਜਾਉਣ, ਘਰ ਦੀ ਸਜਾਵਟ ਲਈ ਵਰਤਿਆ ਜਾਂਦਾ ਹੈ | ਗੁਲਾਬ ਸਜਾਵਟ ਦੇ ਨਾਲ-ਨਾਲ ਤੰਦਰੁਸਤੀ ਅਤੇ ਸੁੰਦਰਤਾ ਲਈ ਵੀ ਵਰਤਿਆ ਜਾਂਦਾ ਹੈ | ਗੁਲਾਬ ਦੀਆਂ ਪੰਖੜੀਆਂ ਨਾਲ ਗੁਲਾਬ ਦਾ ਸ਼ਰਬਤ, ਇਤਰ, ਅਰਕ, ਗੁਲਾਬ ਜਲ ਅਤੇ ਗੁਲਕੰਦ ਬਣਾਇਆ ਜਾਂਦਾ ਹੈ | ਇਸ ਤੋਂ ਇਲਾਵਾ ਗੁਲਾਬ ਦੇ ਹੋਰ ਕਈ ਫਾਇਦੇ ਹਨ | ਆਓ ਦੇਖੀਏ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਵਰਤੋਂ ਵਿਚ ਲਿਆ ਕੇ ਵੱਧ ਤੋਂ ਵੱਧ ਲਾਭ ਲੈ ਸਕਦੇ ਹਾਂ |
• ਅੱਖਾਂ ਦੀ ਜਲਣ, ਖੁਜਲੀ ਦੂਰ ਕਰਨ ਲਈ ਦੋਵੇਂ ਅੱਖਾਂ ਵਿਚ 2-2 ਬੰੂਦਾਂ ਗੁਲਾਬ ਜਲ ਪਾਉਣ ਨਾਲ ਇਨ੍ਹਾਂ ਸ਼ਿਕਾਇਤਾਂ ਨੂੰ ਦੂਰ ਕੀਤਾ ਜਾ ਸਕਦਾ ਹੈ |
• ਕਬਜ਼ ਦੂਰ ਕਰਨ ਲਈ ਨਿਯਮਤ ਰੂਪ ਨਾਲ 2 ਚਮਚ ਗੁਲਕੰਦ ਦਾ ਸੇਵਨ ਸਵੇਰੇ-ਸ਼ਾਮ ਕਰਨ ਨਾਲ ਲਾਭ ਮਿਲਦਾ ਹੈ |
• ਮੰੂਹ ਵਿਚ ਛਾਲੇ ਹੋਣ 'ਤੇ ਗੁਲਾਬ ਦੇ ਫੱੁਲਾਂ ਦਾ ਕਾੜ੍ਹਾ ਬਣਾ ਕੇ ਕੁਰਲੀ ਕਰਨ ਨਾਲ ਛਾਲੇ ਦੂਰ ਹੁੰਦੇ ਹਨ | ਗੁਲਕੰਦ ਦੋ ਚਮਚ ਸਵੇਰੇ ਅਤੇ ਸ਼ਾਮ ਨੂੰ ਖਾਣ ਨਾਲ ਪੱਕਿਆ ਹੋਇਆ ਮੰੂਹ ਠੀਕ ਹੁੰਦਾ ਹੈ |
• ਦਿਲ ਦੀ ਧੜਕਣ ਤੇਜ਼ ਹੋਣ 'ਤੇ ਸੱੁਕੇ ਗੁਲਾਬ ਦੀਆਂ ਪੰਖੜੀਆਂ ਦਾ ਚੂਰਨ ਅਤੇ ਮਿਸ਼ਰੀ ਬਰਾਬਰ ਮਾਤਰਾ ਵਿਚ ਇਕ ਚਮਚ ਸਵੇਰੇ, ਇਕ ਚਮਚ ਸ਼ਾਮ ਨੂੰ ਦੱੁਧ ਨਾਲ ਲਓ | ਧੜਕਣ ਠੀਕ ਹੋ ਜਾਂਦੀ ਹੈ |
• ਕੰਨ ਦਰਦ ਵਿਚ ਗੁਲਾਬ ਜਲ ਦੀਆਂ 2-2 ਬੰੂਦਾਂ ਦੋਵੇਂ ਕੰਨਾਂ ਵਿਚ ਪਾਉਣ ਨਾਲ ਦਰਦ ਵਿਚ ਆਰਾਮ ਮਿਲਦਾ ਹੈ |
• ਹੱਥਾਂ-ਪੈਰਾਂ ਜਾਂ ਸਰੀਰ ਵਿਚ ਜਲਣ ਹੋਣ 'ਤੇ ਚੰਦਨ ਦੇ ਪਾਊਡਰ ਵਿਚ ਗੁਲਾਬ ਜਲ ਮਿਲਾ ਕੇ ਜਲਣ ਵਾਲੀ ਜਗ੍ਹਾ 'ਤੇ ਲੇਪ ਕਰੋ | ਥੋੜ੍ਹੀ ਦੇਰ ਵਿਚ ਜਲਣ ਸ਼ਾਂਤ ਹੀ ਜਾਵੇਗੀ |
• ਗੁਲਾਬ ਜਲ ਵਿਚ ਚੰਦਨ ਤੇਲ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਲਗਾਉਣ ਨਾਲ ਛਪਾਕੀ ਠੀਕ ਹੁੰਦੀ ਹੈ | ਭੋਜਨ ਤੋਂ ਤੁਰੰਤ ਬਾਅਦ ਗੁਲਕੰਦ ਖਾਣ ਨਾਲ ਹਾਜ਼ਮਾ ਠੀਕ ਹੁੰਦਾ ਹੈ |
• ਲੂ ਲੱਗ ਜਾਣ ਦੀ ਸਥਿਤੀ ਵਿਚ ਪਾਣੀ ਵਿਚ ਗੁਲਾਬ ਜਲ ਮਿਲਾ ਕੇ ਮੱਥੇ 'ਤੇ ਪੱਟੀ ਕਰਨ ਨਾਲ ਸਥਿਤੀ ਵਿਚ ਸੁਧਾਰ ਆਉਂਦਾ ਹੈ |
• ਅੱਧੇ ਸਿਰ ਦੇ ਦਰਦ ਵਿਚ 10 ਮਿ: ਲਿ: ਗੁਲਾਬ ਜਲ ਵਿਚ ਪੀਸਿਆ ਹੋਇਆ 1 ਗ੍ਰਾਮ ਨੌਸ਼ਾਦਰ ਮਿਲਾ ਲਓ | ਫਿਰ 2-2 ਬੰੂਦਾਂ ਨੱਕ ਵਿਚ ਟਪਕਾ ਕੇ ਸਾਹ ਜ਼ੋਰ ਨਾਲ ਖਿੱਚੋ | ਕੁਝ ਹੀ ਦੇਰ ਵਿਚ ਅੱਧੇ ਸਿਰ ਦਾ ਦਰਦ ਦੂਰ ਹੋ ਜਾਵੇਗਾ |
• ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਲਈ ਗੁਲਕੰਦ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ |

ਪਤਲਾ ਅਤੇ ਫਿੱਟ ਸਰੀਰ ਪਾਓ

ਆਧੁਨਿਕ ਜੀਵਨ ਸ਼ੈਲੀ ਨੇ ਵਿਅਕਤੀ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਦਿੱਤਾ ਹੈ | ਅੱਜ ਜੇ ਅਸੀਂ ਆਪਣੇ ਆਸ-ਪਾਸ ਧਿਆਨ ਮਾਰੀਏ ਤਾਂ ਦੇਖਾਂਗੇ ਕਿ ਗਰੀਬ ਲੋਕ ਜਿਵੇਂ ਮਜ਼ਦੂਰ ਸ਼੍ਰੇਣੀ, ਰਿਕਸ਼ਾ ਚਾਲਕ ਆਦਿ ਤਾਂ ਤੰਦਰੁਸਤ ਅਤੇ ਸਹੀ ਭਾਰ ਦੇ ਨਜ਼ਰ ਆਉਣਗੇ ਪਰ ਉਹ ਲੋਕ, ਜਿਨ੍ਹਾਂ ਕੋਲ ਆਧੁਨਿਕ ਸੁੱਖ ਸਹੂਲਤਾਂ ਹਨ, ਉਹ ਸ਼ਾਇਦ ਉਨ੍ਹਾਂ ਸਹੂਲਤਾਂ ਉੱਪਰ ਨਿਰਭਰ ਹੋਣ ਦੇ ਕਾਰਨ ਮੋਟੇ ਅਤੇ ਬਿਮਾਰ ਦਿਸਦੇ ਹਨ |
ਵੱਡੇ ਹੀ ਨਹੀਂ, ਅੱਜਕਲ੍ਹ ਬੱਚਿਆਂ ਵਿਚ ਵੀ ਮੋਟਾਪਾ ਇਕ ਪ੍ਰਮੱੁਖ ਸਿਹਤ ਸਮੱਸਿਆ ਬਣਦਾ ਜਾ ਰਿਹਾ ਹੈ | ਇਸ ਦਾ ਕਾਰਨ ਗ਼ਲਤ ਭੋਜਨ, ਆਧੁਨਿਕ ਸੁੱਖ-ਸਹੂਲਤਾਂ 'ਤੇ ਨਿਰਭਰਤਾ, ਸਰੀਰਕ ਮਿਹਨਤ ਦੀ ਕਮੀ ਅਤੇ ਆਲਸ ਆਦਿ ਪ੍ਰਮੱੁਖ ਹਨ | ਅੱਜਕਲ੍ਹ ਵਿਅਕਤੀ ਦੇ ਖਾਣੇ ਦਾ ਸਮਾਂ ਵੀ ਨਿਸਚਿਤ ਨਹੀਂ ਹੈ ਤਾਂ ਮਾਤਰਾ ਨਿਸਚਿਤ ਹੋਣੀ ਤਾਂ ਬਹੁਤ ਦੂਰ ਦੀ ਗੱਲ ਹੋਵੇਗੀ | ਜਦੋਂ ਜੀਅ ਕੀਤਾ, ਖਾਣਾ ਸ਼ੁਰੂ ਅਤੇ ਜੇ ਵਾਧੂ ਖਾ ਹੋ ਗਿਆ ਤਾਂ ਕੋਈ ਪ੍ਰੇਸ਼ਾਨੀ ਵਾਲੀ ਗੱਲ ਨਹੀਂ |
ਵਾਧੂ ਖਾਣ ਨਾਲ ਸਭ ਤੋਂ ਵੱਡੀ ਸਮੱਸਿਆ ਹੈ ਗ਼ਲਤ ਖਾਧ ਪਦਾਰਥਾਂ ਦਾ ਸੇਵਨ | ਵੈਫਰਸ, ਬਰਗਰ, ਚਾਕਲੇਟ, ਆਈਸਕ੍ਰੀਮ, ਸਮੋਸਾ, ਪੀਜ਼ਾ, ਪੇਸਟ੍ਰੀਸ ਦਾ ਜ਼ਿਆਦਾ ਸੇਵਨ ਅਤੇ ਫਲਾਂ, ਸਲਾਦ, ਸਬਜ਼ੀਆਂ, ਦਾਲਾਂ ਦਾ ਘੱਟ ਸੇਵਨ ਭਾਰ ਕਾਬੂ ਕਰਨ ਦਾ ਸਹੀ ਪਹਿਲੂ ਹੈ | ਵੈਫਰਜ਼, ਬਿਸਕੁਟ, ਚਾਕਲੇਟ, ਪੇਸਟਰੀ ਦਾ ਸੇਵਨ ਬੰਦ ਕਰੋ | ਜੇ ਅਜਿਹੇ ਖਾਧ ਪਦਾਰਥਾਂ ਨੂੰ ਤੁਸੀਂ ਘਰ ਵਿਚ ਨਹੀਂ ਰੱਖੋਗੇ ਤਾਂ ਤੁਸੀਂ ਪਤਲੇ ਰਹਿ ਸਕਦੇ ਹੋ |
ਇਨ੍ਹਾਂ ਦੀ ਬਜਾਏ ਤੁਸੀਂ ਖਾਓ ਸੇਬ, ਸੰਤਰਾ, ਅਨਾਰ ਅਤੇ ਸਲਾਦ | ਜਦੋਂ ਵੀ ਤੁਹਾਨੂੰ ਭੱੁਖ ਮਹਿਸੂਸ ਹੋਵੇ, ਫਲ, ਸਬਜ਼ੀਆਂ ਨੂੰ ਖਾਓ | ਇਨ੍ਹਾਂ ਦਾ ਸੇਵਨ ਤੁਹਾਡੀ ਭੱੁਖ ਨੂੰ ਵੀ ਛੇਤੀ ਸੰਤੁਸ਼ਟ ਕਰੇਗਾ ਅਤੇ ਤੁਹਾਨੂੰ ਕੈਲੋਰੀ ਦੀ ਮਾਤਰਾ ਵੀ ਘੱਟ ਮਿਲੇਗੀ | ਇਸ ਲਈ ਘਰ ਵਿਚ ਚਰਬੀ ਅਤੇ ਕੈਲੋਰੀ ਨਾਲ ਭਰਪੂਰ ਚੀਜ਼ਾਂ ਨੂੰ ਸਟੋਰ ਕਰਕੇ ਨਾ ਰੱਖੋ |
ਇਸ ਦਾ ਅਰਥ ਇਹ ਵੀ ਨਹੀਂ ਕਿ ਤੁਸੀਂ ਵੈਫਰਜ਼, ਚਾਕਲੇਟ, ਬਰਗਰ ਦਾ ਸੇਵਨ ਕਦੇ ਵੀ ਨਾ ਕਰੋ | ਕਦੇ-ਕਦੇ ਤੁਸੀਂ ਇਨ੍ਹਾਂ ਦਾ ਸੇਵਨ ਕਰੋ ਪਰ ਜਿੰਨੀ ਲੋੜ ਹੋਵੇ, ਓਨਾ ਹੀ ਲਓ | ਇਹ ਨਹੀਂ ਕਿ ਇਨ੍ਹਾਂ ਨੂੰ ਘਰ ਵਿਚ ਸਟੋਰ ਕਰ ਲਓ ਅਤੇ ਜਦੋਂ ਮਨ ਕਰੇ, ਖਾਣਾ ਸ਼ੁਰੂ ਕਰ ਦਿਓ |
ਜੇ ਵਿਅਕਤੀ ਤੰਦਰੁਸਤ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਸਵਾਦ ਨੂੰ ਘੱਟ ਮਹੱਤਵ ਦੇਣਾ ਪਵੇਗਾ ਅਤੇ ਪੌਸ਼ਟਿਕਤਾ ਨੂੰ ਜ਼ਿਆਦਾ | ਜੇ ਤੁਹਾਡਾ ਜੀਅ ਲਲਚਾ ਵੀ ਰਿਹਾ ਹੋਵੇ ਤਾਂ ਉਸ 'ਤੇ ਕਾਬੂ ਰੱਖੋ | ਤਾਂ ਹੀ ਤੁਸੀਂ ਆਪਣੀ ਪਤਲੇ ਹੋਣ ਦੀ ਇੱਛਾ ਨੂੰ ਪੂਰੀ ਕਰ ਸਕੋਗੇ | ਜੇ ਤੁਸੀਂ ਧਿਆਨ ਦਿਓ ਤਾਂ ਦੇਖੋਗੇ ਕਿ ਪੌਸ਼ਟਿਕਤਾ ਨਾਲ ਭਰਪੂਰ ਖਾਧ ਪਦਾਰਥਾਂ ਨੂੰ ਖਾ ਕੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਪਰ ਵੈਫਰਸ, ਚਾਕਲੇਟ ਦਾ ਸੇਵਨ ਸ਼ੁਰੂ ਕੀਤਾ ਤਾਂ ਆਦਮੀ ਖਾਂਦਾ ਹੀ ਚਲਾ ਜਾਂਦਾ ਹੈ ਅਰਥਾਤ ਇਹ ਚੀਜ਼ਾਂ ਤੁਹਾਡੀ ਭੱੁਖ ਨੂੰ ਸੰਤੁਸ਼ਟ ਨਹੀਂ ਕਰਦੀਆਂ, ਸਗੋਂ ਉਸ ਨੂੰ ਹੋਰ ਵਧਾਉਂਦੀਆਂ ਹਨ, ਇਸ ਲਈ ਇਨ੍ਹਾਂ ਖਾਧ ਪਦਾਰਥਾਂ ਨੂੰ ਆਪਣੇ ਤੋਂ ਦੂਰ ਰੱਖੋ |
ਇਸ ਤੋਂ ਇਲਾਵਾ ਭਾਰ ਕਾਬੂ ਕਰਨ ਵਿਚ ਇਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਖਾਧ ਪਦਾਰਥ ਵਿਚ ਕਿੰਨੀ ਕੈਲੋਰੀ ਹੈ | ਜੇ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਤਾਂ ਭਾਵੇਂ ਤੁਸੀਂ ਡਾਇਟਿੰਗ ਕਰ ਰਹੇ ਹੋ ਪਰ ਤੁਹਾਡਾ ਭਾਰ ਘਟਣ ਦੀ ਬਜਾਏ ਵਧਦਾ ਹੀ ਜਾਵੇਗਾ, ਕਿਉਂਕਿ ਕਹਿਣ ਨੂੰ ਤਾਂ ਤੁਸੀਂ ਪੂਰੇ ਦਿਨ ਵਿਚ ਸਿਰਫ ਕੋਲਡ ਡਿੰ੍ਰਕਸ ਅਤੇ ਵੈਫਰਸ ਹੀ ਖਾ ਰਹੇ ਹੋ ਪਰ ਇਹ ਨਹੀਂ ਪਤਾ ਕਿ ਇਸ ਤਰ੍ਹਾਂ ਦਾ ਭੋਜਨ ਤੁਹਾਨੂੰ ਕਿੰਨੀ ਕੈਲੋਰੀ ਦੇ ਰਿਹਾ ਹੈ | ਇਸ ਲਈ ਆਪਣੀ ਡਾਇਰੀ ਵਿਚ ਜ਼ਿਆਦਾ ਕੈਲੋਰੀ ਅਤੇ ਘੱਟ ਕੈਲੋਰੀ ਵਾਲੇ ਖਾਧ ਪਦਾਰਥਾਂ ਨੂੰ ਨੋਟ ਕਰੋ | ਇਸ ਨਾਲ ਤੁਹਾਨੂੰ ਖਿਆਲ ਰਹੇਗਾ ਕਿ ਤੁਸੀਂ ਜ਼ਿਆਦਾ ਕੈਲੋਰੀ ਦਾ ਸੇਵਨ ਕਰ ਰਹੇ ਹੋ | ਇਸ ਤੋਂ ਇਲਾਵਾ ਚਰਬੀ ਵਾਲੇ ਭੋਜਨ ਦਾ ਸੇਵਨ ਨਾ ਕਰੋ |
ਪਤਲੇ ਰਹਿਣ ਦਾ ਇਕ ਨੁਸਖਾ ਹੈ ਗਤੀਸ਼ੀਲ ਰਹਿਣਾ | ਗਤੀਸ਼ੀਲ ਰਹਿਣ ਨਾਲ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਫਿੱਟ ਰਹੋਗੇ | ਗਤੀਸ਼ੀਲ ਰਹਿਣ ਨਾਲ ਤੁਹਾਡੀ ਭੱੁਖ ਵੀ ਸ਼ਾਂਤ ਰਹੇਗੀ, ਕਿਉਂਕਿ ਤੁਸੀਂ ਆਪਣੇ ਕੰਮ ਵਿਚ ਰੱੁਝੇ ਰਹਿੰਦੇ ਹੋ, ਇਸ ਲਈ ਸਰੀਰਕ ਤੌਰ 'ਤੇ ਗਤੀਸ਼ੀਲ ਰਹੋ | ਕਸਰਤ ਕਰੋ | ਇਸ ਨਾਲ ਤੁਹਾਡੀ ਕੈਲੋਰੀ ਵੀ ਖਰਚ ਹੋਵੇਗੀ |
ਸਭ ਤੋਂ ਜ਼ਰੂਰੀ ਗੱਲ ਇਹ ਕਿ ਸਾਰੇ ਆਧੁਨਿਕ ਸੁੱਖ-ਸਹੂਲਤਾਂ ਮਨੱੁਖ ਦੀਆਂ ਗੁਲਾਮ ਹਨ, ਮਨੱੁਖ ਇਨ੍ਹਾਂ ਦਾ ਨਹੀਂ | ਇਨ੍ਹਾਂ 'ਤੇ ਨਿਰਭਰਤਾ ਘੱਟ ਕਰੋ | ਵਾਸ਼ਿੰਗ ਮਸ਼ੀਨ, ਕਾਰ ਆਦਿ ਦੀ ਸਹੂਲਤ ਹੋਣ 'ਤੇ ਇਨ੍ਹਾਂ ਦੀ ਵਰਤੋਂ ਕਰੋ ਪਰ ਆਪਣੇ ਹੱਥਾਂ-ਪੈਰਾਂ ਨੂੰ ਚਲਾਉਣ ਦੀ ਕੋਸ਼ਿਸ਼ ਪਹਿਲਾਂ ਕਰੋ | ਕਾਰਨ, ਵਾਸ਼ਿੰਗ ਮਸ਼ੀਨ 'ਤੇ ਜੰਗ ਲੱਗ ਜਾਣ ਨਾਲ ਤੁਸੀਂ ਉਸ ਨੂੰ ਦੁਬਾਰਾ ਖਰੀਦ ਸਕਦੇ ਹੋ ਪਰ ਜੇ ਤੁਹਾਡੇ ਸਰੀਰ ਨੂੰ ਜੰਗ ਲੱਗ ਗਿਆ ਤਾਂ ਉਸ ਦੀ ਦੁਬਾਰਾ ਪ੍ਰਾਪਤੀ ਅਸੰਭਵ ਹੈ |
ਸੰਖੇਪ ਵਿਚ ਤੰਦਰੁਸਤ ਅਤੇ ਪਤਲੇ ਰਹਿਣ ਦੇ ਨੁਸਖੇ ਹਨ ਸਰੀਰਕ ਗਤੀਸ਼ੀਲਤਾ, ਸਹੀ ਭੋਜਨ, ਸਹੀ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਸਹੀ ਆਦਤਾਂ ਅਤੇ ਆਧੁਨਿਕ ਸੱੁਖ-ਸਹੂਲਤਾਂ 'ਤੇ ਘੱਟ ਨਿਰਭਰਤਾ |

ਗੁਰਦੇ ਲਈ ਖ਼ਤਰਨਾਕ ਹੈ ਜ਼ਿਆਦਾ ਨਮਕ ਦਾ ਸੇਵਨ

ਬਹੁਤੇ ਲੋਕ ਇਹੀ ਮੰਨਦੇ ਹਨ ਕਿ ਨਮਕ ਤੋਂ ਬਿਨਾਂ ਕਿਸੇ ਵੀ ਚੀਜ਼ ਦਾ ਸਵਾਦ ਅਧੂਰਾ ਰਹਿੰਦਾ ਹੈ | ਅਜਿਹਾ ਮੰਨ ਕੇ ਸਾਰੇ ਗ਼ਲਤੀ ਕਰਦੇ ਹਨ, ਕਿਉਂਕਿ ਸਾਰੇ ਖਾਧ ਪਦਾਰਥਾਂ ਵਿਚ ਲੂਣ ਕੁਦਰਤੀ ਰੂਪ ਵਿਚ ਮੌਜੂਦ ਹੁੰਦਾ ਹੈ | ਸਾਰੇ ਅਨਾਜ, ਦਾਲ, ਫਲ, ਸਬਜ਼ੀਆਂ ਵਿਚ ਨਮਕ ਦੀ ਕੁਦਰਤੀ ਮਾਤਰਾ ਮਿਲਦੀ ਹੈ | ਸੇਬ, ਸੰਤਰਾ, ਪਪੀਤਾ, ਅੰਬ, ਅਮਰੂਦ, ਗੰਨਾ, ਖਜੂਰ, ਗੁੜ ਸਾਰਿਆਂ ਵਿਚ ਨਮਕ ਮੌਜੂਦ ਹੈ | ਅਜਿਹੇ ਵਿਚ ਦਾਲ, ਤਾਜ਼ਾ ਫਲ, ਸਬਜ਼ੀ, ਸਲਾਦ ਦੇ ਨਾਲ ਬਾਹਰੀ ਨਮਕ ਲੈ ਕੇ ਅਸੀਂ ਗ਼ਲਤੀ ਕਰਦੇ ਹਾਂ |
ਸਵਾਦ ਦੇ ਚੱਕਰ ਵਿਚ ਅਸੀਂ ਜ਼ਿਆਦਾ ਮਾਤਰਾ ਵਿਚ ਲੂਣ ਖਾਣ ਲਗਦੇ ਹਾਂ | ਇਸ ਨਾਲ ਸਰੀਰ ਨੂੰ ਲਾਭ ਹੋਣ ਦੀ ਬਜਾਏ ਨੁਕਸਾਨ ਹੁੰਦਾ ਹੈ | ਨਮਕ ਇਕ ਜ਼ਰੂਰੀ ਤੱਤ ਹੈ, ਇਸ ਦੀ ਸੀਮਤ ਮਾਤਰਾ ਸਾਰਿਆਂ ਲਈ ਜ਼ਰੂਰੀ ਹੈ | ਰੋਜ਼ਾਨਾ ਭੋਜਨ ਵਿਚ ਇਕ ਚਮਚ ਨਮਕ ਦੀ ਲੋੜ ਪੈਂਦੀ ਹੈ | ਇਹ ਖਾਣ-ਪੀਣ ਦੇ ਮਾਧਿਅਮ ਰਾਹੀਂ ਮਿਲ ਜਾਂਦਾ ਹੈ | ਜ਼ਿਆਦਾ ਨਮਕ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਗੁਰਦੇ ਨੂੰ ਨੁਕਸਾਨ ਪਹੁੰਚਾਉਂਦਾ ਹੈ |

ਚੰਗੀ ਨੀਂਦ ਤੁਹਾਡੀ ਦਿਮਾਗੀ ਸਮਰੱਥਾ ਵਧਾਉਂਦੀ ਹੈ

ਅਕਸਰ ਲੋਕ ਇਹ ਨਹੀਂ ਸਮਝਦੇ ਕਿ ਨੀਂਦ ਕਿੰਨੀ ਮਹੱਤਵਪੂਰਨ ਹੈ | ਸਾਡੀ ਤਣਾਅਗ੍ਰਸਤ ਜੀਵਨਸ਼ੈਲੀ ਨੇ ਵੀ ਉਨੀਂਦਰੇ ਵਰਗੀ ਸਮੱਸਿਆ ਨੂੰ ਵਧਾਇਆ ਹੈ | ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਉਨੀਂਦਰੇ ਦੀ ਸਮੱਸਿਆ ਨਾਲ ਨਿਪਟਣ ਲਈ ਜ਼ਰੂਰੀ ਹੈ ਆਪਣੀਆਂ ਸੌਣ ਦੀਆਂ ਆਦਤਾਂ ਵਿਚ ਤਬਦੀਲੀ ਲਿਆਉਣਾ | ਜਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਸਵਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਸੇ ਤਰ੍ਹਾਂ ਖੁਦ ਨੂੰ ਵੀ ਸਵਾਉਣ ਦੀ ਕੋਸ਼ਿਸ਼ ਕਰਨੀ ਜ਼ਰੂਰੀ ਹੈ | ਆਓ ਜਾਣਦੇ ਹਾਂ ਕਿ ਮਾਹਿਰ ਚੰਗੀ ਨੀਂਦ ਲਈ ਕੀ ਸਲਾਹ ਦਿੰਦੇ ਹਨ-
• ਮਾਹਿਰਾਂ ਅਨੁਸਾਰ ਜਿਵੇਂ ਤੁਸੀਂ ਆਪਣੀ ਰੋਜ਼ਮਰ੍ਹਾ ਲਈ ਇਕ ਡਾਇਰੀ ਬਣਾਉਂਦੇ ਹੋ, ਉਸੇ ਤਰ੍ਹਾਂ ਇਕ ਸੌਣ ਦਾ ਕੈਲੰਡਰ ਬਣਾਓ, ਜਿਸ ਵਿਚ ਲਿਖੋ ਕਿ ਤੁਸੀਂ ਕਦੋਂ ਸੌਾਦੇ ਹੋ, ਕਦੋਂ ਉੱਠਦੇ ਹੋ, ਉੱਠਣ 'ਤੇ ਕਿਵੇਂ ਮਹਿਸੂਸ ਕਰਦੇ ਹੋ, ਕੀ ਦਵਾਈਆਂ ਲੈ ਰਹੇ ਹੋ | ਇਕ-ਦੋ ਹਫ਼ਤੇ ਤੱਕ ਆਪਣੇ ਕੈਲੰਡਰ 'ਤੇ ਧਿਆਨ ਦਿਓ | ਸ਼ਾਇਦ ਤੁਸੀਂ ਇਨ੍ਹਾਂ ਆਦਤਾਂ ਵਿਚ ਥੋੜ੍ਹੀ ਤਬਦੀਲੀ ਲਿਆ ਕੇ ਆਪਣੀ ਨੀਂਦ ਲੈ ਸਕੋ |
• ਆਪਣੇ ਬਿਸਤਰ 'ਤੇ ਜਾਣ ਦੇ ਸਮੇਂ ਅਤੇ ਸਵੇਰੇ ਉੱਠਣ ਦੇ ਸਮੇਂ ਦਾ ਨਿਰਧਾਰਨ ਕਰ ਲਓ | ਛੱੁਟੀ ਵਾਲੇ ਦਿਨ ਵੀ ਨਿਰਧਾਰਤ ਸਮੇਂ 'ਤੇ ਸੌਵੋਂ ਅਤੇ ਉੱਠੋ |
• ਸੌਣ ਤੋਂ ਪਹਿਲਾਂ ਅਲਕੋਹਲ ਦਾ ਸੇਵਨ ਕਦੇ ਨਾ ਕਰੋ | ਇਹ ਜੋ ਨਸ਼ਾ ਤੁਹਾਨੂੰ ਦੇਵੇਗੀ, ਉਹ ਅਸਥਾਈ ਹੁੰਦਾ ਹੈ | ਕੈਫ਼ੀਨ, ਚਾਕਲੇਟ, ਸਿਗਰਿਟ ਆਦਿ ਦਾ ਸੇਵਨ ਨਾ ਕਰੋ | ਸਿਗਰਿਟਨੋਸ਼ੀ ਦੇ ਕਾਰਨ ਅਕਸਰ ਸਰੀਰ ਨਿਕੋਟੀਨ ਦਾ ਆਦੀ ਹੋ ਜਾਂਦਾ ਹੈ ਅਤੇ ਨਿਕੋਟੀਨ ਦਾ ਪੱਧਰ ਰਾਤ ਦੀ ਨੀਂਦ ਵਿਚ ਰੁਕਾਵਟ ਬਣਦਾ ਹੈ |
• ਕਸਰਤ ਕਰੋ | ਇਸ ਨਾਲ ਵੀ ਤੁਹਾਡੀ ਨੀਂਦ ਪ੍ਰਭਾਵਿਤ ਹੁੰਦੀ ਹੈ | ਪਰ ਸੌਣ ਤੋਂ ਇਕਦਮ ਪਹਿਲਾਂ ਕਸਰਤ ਨਾ ਕਰੋ | ਸੌਣ ਤੋਂ 4-5 ਘੰਟੇ ਪਹਿਲਾਂ ਕਸਰਤ ਕਰੋ, ਜਿਸ ਨਾਲ ਤੁਹਾਡੇ ਸਰੀਰ ਨੂੰ ਰਿਲੈਕਸ ਹੋਣ ਦਾ ਸਮਾਂ ਮਿਲ ਜਾਵੇ |
• ਰਾਤ ਨੂੰ ਸੌਣ ਸਮੇਂ ਘੱਟ ਰੌਸ਼ਨੀ ਰੱਖੋ | ਜਿੰਨੀ ਘੱਟ ਰੌਸ਼ਨੀ ਹੋਵੇਗੀ, ਓਨੀ ਛੇਤੀ ਨੀਂਦ ਆਵੇਗੀ |
• ਰਾਤ ਨੂੰ ਸੌਣ ਸਮੇਂ ਅਜਿਹੀਆਂ ਗੱਲਾਂ ਨਾ ਸੋਚੋ, ਜਿਨ੍ਹਾਂ ਨਾਲ ਕਿ ਤੁਹਾਡਾ ਦਿਮਾਗ ਗਤੀਸ਼ੀਲ ਹੋ ਜਾਵੇ |
• ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣਾ ਵੀ ਤੁਹਾਨੂੰ ਰਾਹਤ ਦੇਵੇਗਾ | ਇਸ ਨਾਲ ਤੁਹਾਡੇ ਸਰੀਰ ਨੂੰ ਆਰਾਮ ਮਿਲੇਗਾ ਅਤੇ ਤੁਹਾਨੂੰ ਚੰਗੀ ਨੀਂਦ ਆਵੇਗੀ |
• ਜੇਕਰ ਰਾਤ ਨੂੰ ਨੀਂਦ ਨਾ ਆ ਰਹੀ ਹੋਵੇ ਤਾਂ ਕੋਈ ਰੌਚਕ ਪੁਸਤਕ ਨਾ ਪੜ੍ਹੋ ਸਗੋਂ ਕੋਈ ਅਜਿਹੀ ਪੁਸਤਕ ਪੜ੍ਹੋ ਜੋ ਬੋਰੀਅਤ ਮਹਿਸੂਸ ਕਰਾਉਣ ਵਾਲੀ ਹੋਵੇ | ਟੀ. ਵੀ. 'ਤੇ ਅਜਿਹਾ ਪ੍ਰੋਗਰਾਮ ਦੇਖੋ ਜੋ ਤੁਹਾਨੂੰ ਨਾਪਸੰਦ ਹੋਵੇ ਅਤੇ ਫਿਰ ਕੁਝ ਸਮੇਂ ਬਾਅਦ ਫਿਰ ਸੌਣ ਲਈ ਜਾਓ | ਤੁਹਾਨੂੰ ਛੇਤੀ ਨੀਂਦ ਆ ਜਾਵੇਗੀ |
• ਕਈ ਲੋਕ ਦਿਨ ਵਿਚ ਜ਼ਿਆਦਾ ਦੇਰ ਸੌਾਦੇ ਹਨ, ਜਿਸ ਨਾਲ ਉਨ੍ਹਾਂ ਨੂੰ ਰਾਤ ਨੂੰ ਜਾਗਣਾ ਪੈਂਦਾ ਹੈ | ਜੇ ਤੁਸੀਂ ਰਾਤ ਨੂੰ ਨੀਂਦ ਨਾ ਆਉਣ ਤੋਂ ਪ੍ਰੇਸ਼ਾਨ ਹੋ ਤਾਂ ਦਿਨ ਵਿਚ ਝਪਕੀ ਲੈਣੀ ਬੰਦ ਕਰ ਦਿਓ |
• ਕਾਲ ਸੈਂਟਰ, ਮਲਟੀਨੈਸ਼ਨਲ ਕੰਪਨੀ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਦਫ਼ਤਰ ਵਿਚ ਦੇਰ ਰਾਤ ਤੱਕ ਬੈਠਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੇ ਖਾਣ-ਪੀਣ ਅਤੇ ਸੌਣ ਦਾ ਸਮਾਂ ਅਰਥਾਤ ਸੰਪੂਰਨ ਰੋਜ਼ਮਰ੍ਹਾ ਵਿਗੜ ਜਾਂਦੀ ਹੈ ਅਤੇ ਉਨ੍ਹਾਂ ਤੋਂ ਪੂਰੀ ਨੀਂਦ ਨਹੀਂ ਲੈ ਹੁੰਦੀ | ਅੱਜ ਦੀ ਆਧੁਨਿਕ ਜੀਵਨਸ਼ੈਲੀ ਵੀ ਨੀਂਦ ਨਾਲ ਜੁੜੀਆਂ ਬਿਮਾਰੀਆਂ ਦਾ ਕਾਰਨ ਹੈ | ਧਿਆਨ ਨਾਲ ਵੀ ਤੁਹਾਨੂੰ ਲਾਭ ਮਿਲ ਸਕਦਾ ਹੈ ਅਤੇ ਤੁਸੀਂ ਚੰਗੀ ਨੀਂਦ ਲੈ ਸਕਦੇ ਹੋ |
• ਦੇਰ ਰਾਤ ਤੱਕ ਟੀ. ਵੀ. ਨਾ ਦੇਖੋ | ਕੰਪਿਊਟਰ 'ਤੇ ਕੰਮ ਨਾ ਕਰੋ | ਆਪਣੇ ਸੌਣ ਦਾ ਸਮਾਂ ਨਿਰਧਾਰਤ ਕਰ ਲਓ ਅਤੇ ਠੀਕ ਸਮੇਂ 'ਤੇ ਬਿਸਤਰ 'ਤੇ ਲੰਮੇ ਪੈ ਕੇ ਸੌਣ ਦੀ ਕੋਸ਼ਿਸ਼ ਕਰੋ |
• ਤਣਾਅਮੁਕਤ ਰਹੋ | ਸੌਣ ਸਮੇਂ ਆਪਣੀਆਂ ਪ੍ਰੇਸ਼ਾਨੀਆਂ ਨੂੰ ਦੂਰ ਰੱਖੋ | ਉਨ੍ਹਾਂ ਦੇ ਬਾਰੇ ਵਿਚ ਨਾ ਸੋਚੋ | ਸ਼ਾਂਤ ਮਨ ਨਾਲ ਸੌਣ ਦੀ ਕੋਸ਼ਿਸ ਕਰੋ | ਕੋਈ ਪਾਠ ਜਾਂ ਪਰਮਾਤਮਾ ਵੱਲ ਧਿਆਨ ਲਗਾਓ, ਜਿਸ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲੇ ਅਤੇ ਸ਼ਾਂਤ, ਸਥਿਰ ਚਿੱਤ ਹੋ ਕੇ ਚੰਗੀ ਨੀਂਦ ਆਵੇ |
• ਕਾਰਬੋਹਾਈਡ੍ਰੇਟ ਵਾਲੇ ਖਾਧ ਪਦਾਰਥਾਂ ਵਰਗੇ ਬਰਾਊਨ ਰਾਈਸ, ਫਲਾਂ, ਸਬਜ਼ੀਆਂ ਆਦਿ ਦਾ ਸੇਵਨ ਕਰੋ | ਮਾਹਿਰਾਂ ਦੇ ਅਨੁਸਾਰ ਕਾਰਬੋਹਾਈਡ੍ਰੇਟ ਸਾਡੇ ਸਰੀਰ ਵਿਚ ਸੇਰੋਟੋਨਿਨ ਨਾਮਕ ਹਾਰਮੋਨ ਪੈਦਾ ਕਰਦਾ ਹੈ, ਜੋ ਨੀਂਦ ਦਿੰਦਾ ਹੈ |
• ਰਾਤ ਨੂੰ ਹਮੇਸ਼ਾ ਹਲਕਾ ਭੋਜਨ ਕਰਕੇ ਹੀ ਸੌਵੋਂ, ਜੋ ਅਸਾਨੀ ਨਾਲ ਪਚ ਜਾਵੇ | ਜ਼ਿਆਦਾ ਭੋਜਨ ਕਰਨ ਨਾਲ ਵੀ ਨੀਂਦ ਵਿਚ ਰੁਕਾਵਟ ਆਉਂਦੀ ਹੈ | ਰਾਤ ਨੂੰ ਦੱੁਧ ਦਾ ਸੇਵਨ ਚੰਗਾ ਹੈ, ਕਿਉਂਕਿ ਇਸ ਵਿਚ ਅਮੀਨੋ ਐਸਿਡ ਟ੍ਰਾਈਟਯੋਫਾਨ ਹੁੰਦਾ ਹੈ, ਜੋ ਤੁਹਾਨੂੰ ਚੰਗੀ ਨੀਂਦ ਦਿੰਦਾ ਹੈ |
••

ਹੋਮਿਓਪੈਥੀ ਦੇ ਝਰੋਖੇ 'ਚੋਂ ਲਾਇਲਾਜ ਨਹੀਂ ਬਵਾਸੀਰ ਤੇ ਰਸੌਲੀਆਂ

ਬਵਾਸੀਰ ਜ਼ਿਆਦਾਤਰ ਸਾਡੇ ਖਾਣ-ਪੀਣ, ਰਹਿਣ-ਸਹਿਣ ਦੀਆਂ ਆਦਤਾਂ ਕਾਰਨ ਹੁੰਦੀ ਹੈ | ਇਹ ਜ਼ਿਆਦਾਤਰ ਉਨ੍ਹਾਂ ਲੋਕਾਂ ਵਿਚ ਹੁੰਦੀ ਹੈ, ਜਿਨ੍ਹਾਂ ਦੀ ਆਮ ਜ਼ਿੰਦਗੀ ਕਾਫੀ ਉਥਲ-ਪੁਥਲ ਭਰੀ ਹੁੰਦੀ ਹੈ | ਖਾਣ-ਪੀਣ ਵਿਚ ਬਹੁਤ ਕੁਤਾਹੀ ਵਰਤਦੇ ਹਨ | ਜੰਕ ਫੂਡਜ਼ ਅਤੇ ਮਿਰਚ-ਮਸਾਲੇਦਾਰ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ | ਇਹ ਕਬਜ਼, ਗੈਸ, ਐਸੀਡਿਟੀ ਤੋਂ ਪੀੜਤ ਰਹਿੰਦੇ ਹਨ | ਹੋਮਿਓਪੈਥੀ ਵਿਚ ਅਲਾਮਤਾਂ ਦੇ ਅਨੁਸਾਰ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਰੋਗੀ ਨੂੰ ਨਾ ਸਿਰਫ ਕਬਜ਼, ਗੈਸ, ਐਸੀਡਿਟੀ ਤੋਂ ਮੁਕਤੀ ਦਿਵਾਉਂਦੀਆਂ ਹਨ, ਸਗੋਂ ਬਵਾਸੀਰ ਨੂੰ ਵੀ ਜੜ੍ਹੋਂ ਖ਼ਤਮ ਕਰਦੀਆਂ ਹਨ |
ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਦਿਲ ਦੀਆਂ ਅਲਾਮਤਾਂ ਪ੍ਰਗਟ ਹੋ ਜਾਂਦੀਆਂ ਹਨ, ਜਿਵੇਂ ਕਿ ਛਾਤੀ 'ਚ ਦਰਦ, ਧੜਕਣ ਤੇਜ਼ ਪਰ ਕਮਜ਼ੋਰ, ਖੂਨ ਦੇ ਦਬਾਅ ਦਾ ਵਧਣਾ ਤੇ ਆਰਾਮ ਮਿਲੇ ਤਾਂ ਖੂਨੀ ਬਵਾਸੀਰ ਉਜਾਗਰ ਹੋ ਜਾਂਦੀ ਤੇ ਜੇ ਖੂਨੀ ਬਵਾਸੀਰ ਤੋਂ ਰਾਹਤ ਮਿਲੇ ਤਾਂ ਫਿਰ ਦਿਲ ਦੀਆਂ ਅਲਾਮਤਾਂ ਉਜਾਗਰ ਹੋ ਜਾਂਦੀਆਂ ਹਨ | ਅਜਿਹੀ ਹਾਲਤ ਵਿਚ ਕੋਲੀਨਿਸੋਲੀਆ ਸਭ ਤੋਂ ਵਧੀਆ ਇਲਾਜ ਹੈ | ਮੋਹਕੇ ਹੋਣ ਤਾਂ ਕਲੌਸਾ ਦੀ ਵਰਤੋਂ ਕੀਤੀ ਜਾਂਦੀ ਹੈ |
ਇਸ ਤਰ੍ਹਾਂ ਅਲਾਮਤਾਂ ਦੇ ਆਧਾਰ 'ਤੇ ਦਵਾਈ ਦੀ ਵਰਤੋਂ ਕਰਕੇ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਜਾਂਦਾ ਹੈ | ਔਰਤਾਂ ਵਿਚ ਛਾਤੀ ਦੀਆਂ ਗਿਲਟੀਆਂ ਹੋ ਜਾਂਦੀਆਂ ਹਨ ਜੋ ਕਈ ਵਾਰ ਬਹੁਤ ਦਰਦ ਵੀ ਪੈਦਾ ਕਰਦੀਆਂ ਹਨ | 2-4 ਮਹੀਨੇ ਦੇ ਇਲਾਜ ਨਾਲ ਗਿਲਟੀਆਂ ਜਾਂ ਰਸੌਲੀਆਂ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ | ਇਸੇ ਤਰ੍ਹਾਂ ਅਲਸਰ ਆਦਿ ਨੂੰ ਖ਼ਤਮ ਕਰਨ ਲਈ ਹੋਮਿਓਪੈਥਿਕ ਦਵਾਈਆਂ ਬਹੁਤ ਲਾਹੇਵੰਦ ਸਿੱਧ ਹੋਈਆਂ ਹਨ | ਇਸ ਤੋਂ ਇਲਾਵਾ ਸਭ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਹੋਮਿਓਪੈਥਿਕ ਦਵਾਈਆਂ ਸਰੀਰ ਦੀਆਂ ਨਾੜਾਂ ਵਿਚ ਆਈ ਰੁਕਾਵਟ ਨੂੰ ਵੀ ਦੂਰ ਕਰਦੀਆਂ ਹਨ | ਇਨ੍ਹਾਂ ਦੇ ਕੋਈ ਮਾੜੇ ਪ੍ਰਭਾਵ ਵੀ ਨਹੀਂ ਹਨ |

-323/16, ਕ੍ਰਿਸ਼ਨਾ ਨਗਰ, ਜਲੰਧਰ |

ਹਰ ਉਮਰ ਵਿਚ ਅਲੱਗ ਹਨ ਸਰੀਰ ਦੀਆਂ ਲੋੜਾਂ

ਆਓ, ਦੇਖੀਏ ਵੱਖ-ਵੱਖ ਉਮਰਾਂ ਵਿਚ ਕਿਵੇਂ ਭੋਜਨ ਲੈ ਕੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ |
ਅੱਲ੍ਹੜ (13-19) : ਇਸ ਉਮਰ ਵਿਚ ਸਰੀਰ ਆਪਣੀ ਗਤੀਸ਼ੀਲਤਾ ਦੀ ਸੀਮਾ 'ਤੇ ਹੁੰਦਾ ਹੈ ਅਤੇ ਸਾਡੀ ਪਾਚਣ ਦਰ ਕਾਫੀ ਤੇਜ਼ ਹੁੰਦੀ ਹੈ | ਇਸ ਲਈ ਜੋ ਕੁਝ ਵੀ ਖਾਧਾ ਜਾਵੇ, ਆਸਾਨੀ ਨਾਲ ਪਚ ਜਾਂਦਾ ਹੈ | ਇਸੇ ਕਾਰਨ ਅਕਸਰ ਇਸ ਉਮਰ ਵਰਗ ਵਿਚ ਫਾਸਟ ਫੂਡ ਸਭ ਤੋਂ ਵੱਧ ਲੋਕਪਿ੍ਆ ਹੈ ਅਤੇ ਅਕਸਰ ਪੋਸ਼ਣ ਬਾਰੇ ਕੋਈ ਨਹੀਂ ਸੋਚਦਾ |
ਅੱਲ੍ਹੜਾਂ ਨੂੰ ਆਪਣੇ ਭੋਜਨ ਵਿਚ ਪਨੀਰ ਅਤੇ ਸੋਇਆ ਦਾ ਕਿਸੇ ਵੀ ਰੂਪ ਵਿਚ ਨਿਯਮਿਤ ਸੇਵਨ ਕਰਨਾ ਚਾਹੀਦਾ ਹੈ | ਘਰ ਦਾ ਬਣਿਆ ਕੱਚਾ ਪਨੀਰ ਸਿਹਤ ਲਈ ਜ਼ਿਆਦਾ ਲਾਭਦਾਇਕ ਹੈ ਪਰ ਪਨੀਰ ਦੇ ਪਕਵਾਨ ਵੀ ਲਾਭਦਾਇਕ ਹਨ | ਬਾਜ਼ਾਰ ਦਾ ਬਣਿਆ ਪਨੀਰ ਓਨਾ ਲਾਭਦਾਇਕ ਨਹੀਂ ਹੁੰਦਾ | ਸੋਇਆ ਦਾ ਸੇਵਨ ਸੋਇਆ ਵੜੀਆਂ ਜਾਂ ਟੋਫੂ ਦੇ ਰੂਪ ਵਿਚ ਵੀ ਕੀਤਾ ਜਾ ਸਕਦਾ ਹੈ |
ਨੌਜਵਾਨ (20-30) : ਇਸ ਉਮਰ ਵਿਚ ਵੀ ਅਕਸਰ ਜਵਾਨ ਪੋਸ਼ਣ ਦਾ ਧਿਆਨ ਰੱਖੇ ਬਿਨਾਂ ਹਰ ਤਰ੍ਹਾਂ ਦੇ ਫਾਸਟ ਫੂਡ ਖਾਂਦੇ ਰਹਿੰਦੇ ਹਨ | ਇਸ ਉਮਰ ਵਿਚ ਵੀ ਹੱਡੀਆਂ ਦਾ ਵਿਕਾਸ ਹੋ ਰਿਹਾ ਹੁੰਦਾ ਹੈ, ਇਸ ਲਈ ਤੰਦਰੁਸਤ ਖਾਣ-ਪੀਣ ਬਹੁਤ ਮਹੱਤਵਪੂਰਨ ਹੈ | ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਦੀ ਸਹੀ ਮਾਤਰਾ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਾਰਬੋਹਾਈਡ੍ਰੇਟ ਲੈਣ ਨਾਲ ਜ਼ਿਆਦਾ ਸਮੇਂ ਤੱਕ ਸੰਤੁਸ਼ਟੀ ਦਾ ਅਨੁਭਵ ਹੁੰਦਾ ਹੈ, ਜਿਸ ਨਾਲ ਜੰਕ ਫੂਡ ਦੀ ਲੋੜ ਨਹੀਂ ਪੈਂਦੀ |
ਕੇਲਾ, ਆਲੂ ਅਤੇ ਮਸ਼ਰੂਮ ਦਾ ਸੇਵਨ ਵੀ ਲਾਭਦਾਇਕ ਹੈ | ਯੁਵਾ ਅਵਸਥਾ ਦੇ ਤਣਾਅ ਦੂਰ ਰੱਖਣ ਲਈ ਵਿਟਾਮਿਨ 'ਸੀ' ਵਾਲੇ ਸੰਤਰੇ ਦਾ ਸੇਵਨ ਨਿਯਮਿਤ ਕਰਨਾ ਚਾਹੀਦਾ ਹੈ | ਜੇ ਇਸ ਉਮਰ ਵਿਚ ਹੱਡੀਆਂ ਦੇ ਵਿਕਾਸ ਦਾ ਧਿਆਨ ਨਾ ਰੱਖਿਆ ਗਿਆ ਹੋਵੇ ਤਾਂ ਹੱਡੀ ਘਿਸਾਵਟ ਦੀ ਸਮੱਸਿਆ ਹੋ ਸਕਦੀ ਹੈ |
ਜਵਾਨ (31-40) : ਇਸ ਉਮਰ ਵਰਗ ਵਿਚ ਸਰੀਰ ਸ਼ਕਤੀਆਂ ਦਾ ਹਰਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਭਵਿੱਖ ਵਿਚ ਸੰਭਾਵਿਤ ਬਿਮਾਰੀਆਂ ਦੀ ਚਿਤਾਵਨੀ ਮਿਲਣ ਲਗਦੀ ਹੈ | ਪਰ ਸਹੀ ਭੋਜਨ ਦੁਆਰਾ ਇਨ੍ਹਾਂ ਬਿਮਾਰੀਆਂ ਅਤੇ ਦਰਦਾਂ ਨੂੰ ਦੂਰ ਰੱਖਿਆ ਜਾ ਸਕਦਾ ਹੈ | ਅਸਲ ਵਿਚ ਕੰਮ ਵਿਚ ਰੱੁਝੇ ਰਹਿਣ ਕਾਰਨ ਸਾਡੀ ਸਰੀਰਕ ਗਤੀਸ਼ੀਲਤਾ ਘੱਟ ਹੋ ਜਾਂਦੀ ਹੈ, ਜਦੋਂ ਕਿ ਅਸੀਂ ਭੋਜਨ ਵਿਚ ਕੋਈ ਕਟੌਤੀ ਨਹੀਂ ਕਰਦੇ, ਜਿਸ ਨਾਲ ਇਹ ਸਮੱਸਿਆਵਾਂ ਪੈਦਾ ਹੁੰਦੀਆਂ ਹਨ |
ਇਸ ਉਮਰ ਵਰਗ ਵਿਚ ਪਹੁੰਚਣ 'ਤੇ ਤੇਲ ਅਤੇ ਮਿੱਠੇ ਪਦਾਰਥਾਂ ਦੇ ਸੇਵਨ ਵਿਚ ਕਾਫੀ ਕਟੌਤੀ ਕਰ ਦੇਣੀ ਚਾਹੀਦੀ ਹੈ | ਵ੍ਹਾਈਟ ਬ੍ਰੈੱਡ ਦੀ ਜਗ੍ਹਾ 'ਤੇ ਆਟੇ ਦੀ ਬ੍ਰੈੱਡ ਦਾ ਸੇਵਨ ਕਰਨਾ ਚਾਹੀਦਾ ਹੈ | ਤਲੇ ਅਤੇ ਨਮਕੀਨ ਸਨੈਕਸ ਦੀ ਜਗ੍ਹਾ ਫਲ, ਸਬਜ਼ੀਆਂ ਦੀ ਵਰਤੋਂ ਕਰਨਾ ਹੀ ਬਿਹਤਰ ਹੈ | ਇਸ ਉਮਰ ਤੱਕ ਹੱਡੀਆਂ ਦਾ ਪੂਰਨ ਵਿਕਾਸ ਹੋ ਚੱੁਕਾ ਹੁੰਦਾ ਹੈ, ਇਸ ਲਈ ਹੱਡੀਆਂ ਦੀ ਮਜ਼ਬੂਤੀ ਬਣਾਈ ਰੱਖਣ ਲਈ ਕੈਲਸ਼ੀਅਮ, ਵਿਟਾਮਿਨ 'ਡੀ' ਅਤੇ 'ਕੇ' ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ |
41-50 ਸਾਲ ਤੱਕ : ਇਸ ਉਮਰ ਵਰਗ ਵਿਚ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ, ਕਿਉਂਕਿ ਉੱਚ ਖੂਨ ਦਬਾਅ, ਕੋਲੈਸਟ੍ਰੋਲ ਵਧਣ ਅਤੇ ਦਿਲ ਦੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ, ਕਿਉਂਕਿ ਸਰੀਰ ਦੀ ਪ੍ਰਤੀਰੱਖਿਆ ਸ਼ਕਤੀ ਕਮਜ਼ੋਰ ਹੋਣ ਲਗਦੀ ਹੈ | ਕਈ ਲੋਕ ਕਾਰਬੋਹਾਈਡ੍ਰੇਟ ਦੀ ਮਾਤਰਾ ਕਾਫੀ ਘੱਟ ਕਰ ਦਿੰਦੇ ਹਨ ਪਰ ਅਜਿਹਾ ਕਰਨਾ ਵੀ ਠੀਕ ਨਹੀਂ ਹੈ, ਕਿਉਂਕਿ ਸਾਡੇ ਸਰੀਰਕ ਕੰਮਾਂ ਲਈ ਸ਼ਕਤੀ ਕਾਰਬੋਹਾਈਡ੍ਰੇਟ ਤੋਂ ਹੀ ਮਿਲਦੀ ਹੈ | ਰੇਸ਼ੇਦਾਰ ਪਦਾਰਥ ਨਿਯਮਿਤ ਖਾਣੇ ਵੀ ਜ਼ਰੂਰੀ ਹਨ, ਕਿਉਂਕਿ ਇਨ੍ਹਾਂ ਨਾਲ ਸਾਡਾ ਪਾਚਣ ਸਹੀ ਬਣਿਆ ਰਹਿੰਦਾ ਹੈ |
ਜੇ ਜੀਵਨਸ਼ੈਲੀ ਠੀਕ ਨਾ ਹੋਵੇ ਤਾਂ ਮੋਟਾਪਾ, ਕੋਲੈਸਟ੍ਰੋਲ ਵਧਣਾ, ਖੂਨ ਦਾ ਦਬਾਅ ਆਦਿ ਸਮੱਸਿਆਵਾਂ ਆ ਸਕਦੀਆਂ ਹਨ | ਕਈ ਲੋਕਾਂ ਵਿਚ ਗੁਰਦੇ ਜਾਂ ਲਿਵਰ ਸਬੰਧੀ ਸਮੱਸਿਆਵਾਂ ਵੀ ਸ਼ੁਰੂ ਹੋ ਸਕਦੀਆਂ ਹਨ |
51 ਤੋਂ ਉੱਪਰ : ਇਸ ਉਮਰ ਵਰਗ ਵਿਚ ਆ ਕੇ ਸਰੀਰ ਦੀ ਪ੍ਰਤੀਰੱਖਿਆ ਸ਼ਕਤੀ ਹੋਰ ਕਮਜ਼ੋਰ ਹੋ ਜਾਂਦੀ ਹੈ ਅਤੇ ਸਰੀਰਕ ਸ਼ਕਤੀਆਂ ਦਾ ਕਸ਼ਰਣ ਹੋਣਾ ਸ਼ੁਰੂ ਹੋ ਜਾਂਦਾ ਹੈ | ਭੋਜਨ ਵਿਚ ਸਾਵਧਾਨੀ ਵਰਤ ਕੇ ਹੀ ਇਸ ਪ੍ਰਕਿਰਿਆ ਨੂੰ ਹੌਲੀ ਕੀਤਾ ਜਾ ਸਕਦਾ ਹੈ | ਕਈ ਲੋਕਾਂ ਵਿਚ 'ਸੈਕੁਲਰ ਡਿਜਨਰੇਸ਼ਨ' ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ, ਜਿਸ ਵਿਚ ਅੱਖਾਂ ਦੇ ਦੇਖਣ ਦੀ ਸ਼ਕਤੀ ਹੌਲੀ-ਹੌਲੀ ਘੱਟ ਹੋ ਜਾਂਦੀ ਹੈ | ਇਸ ਤੋਂ ਬਚਾਅ ਲਈ ਪਾਲਕ ਦਾ ਸੇਵਨ ਨਿਯਮਿਤ ਕਰਨਾ ਚਾਹੀਦਾ ਹੈ | ਇਸ ਤੋਂ ਇਲਾਵਾ 'ਬੀ' ਸਮੂਹ ਦੇ ਵਿਟਾਮਿਨ, ਐਾਟੀਆਕਸੀਡੈਂਟ, ਕੈਲਸ਼ੀਅਮ ਅਤੇ ਵਿਟਾਮਿਨ 'ਡੀ' ਦਾ ਸੇਵਨ ਨਿਯਮਿਤ ਕੀਤਾ ਜਾਣਾ ਲਾਭਦਾਇਕ ਹੈ |

ਸਿਹਤ ਖ਼ਬਰਨਾਮਾ

ਦਰਦ ਘੱਟ ਹੁੰਦਾ ਹੈ ਸੰਗੀਤ ਨਾਲ
ਆਸਟਰੀਆ ਦੇ ਖੋਜ ਕਰਤਾਵਾਂ ਨੇ ਦਰਦ ਦੂਰ ਕਰਨ ਦੀ ਇਕ ਨਵੀਂ ਦਵਾਈ ਖੋਜੀ ਹੈ ਤੇ ਇਹ ਦਵਾਈ ਹੈ ਸੰਗੀਤ |
ਖੋਜ ਕਰਤਾਵਾਂ ਨੇ ਸਲਿਪ ਡਿਸਕ ਜਾਂ ਹਾਲਿਆ ਸਰਜਰੀ ਵਾਲੇ 65 ਮਰੀਜ਼ਾਂ ਨੂੰ ਫਿਜ਼ਿਓਥੈਰੇਪੀ ਦਿੰਦੇ ਸਮੇਂ ਉਨ੍ਹਾਂ 'ਤੇ ਸੰਗੀਤ ਦੇ ਪ੍ਰਭਾਵ ਦਾ ਅਧਿਐਨ ਕੀਤਾ | ਉਨ੍ਹਾਂ ਵਿਚੋਂ ਅੱਧੇ ਮਰੀਜ਼ਾਂ ਨੂੰ ਫਿਜ਼ਿਓਥੈਰੇਪੀ ਦਿੰਦੇ ਸਮੇਂ ਸੰਗੀਤ ਸੁਣਾਇਆ ਗਿਆ, ਜਦੋਂ ਕਿ ਅੱਧੇ ਮਰੀਜ਼ਾਂ ਨੂੰ ਕਿਸੇ ਹੋਰ ਤਰੀਕੇ ਨਾਲ ਤਣਾਅ ਰਹਿਤ ਕੀਤਾ ਗਿਆ | ਤਿੰਨ ਹਫ਼ਤੇ ਬਾਅਦ ਪਾਇਆ ਗਿਆ ਕਿ ਸੰਗੀਤ ਸੁਣਦੇ ਸਮੇਂ ਫਿਜ਼ਿਓਥੈਰੇਪੀ ਲੈਣ ਵਾਲੇ ਰੋਗੀਆਂ ਵਿਚ ਦਰਦ ਦਾ ਪੱਧਰ ਜ਼ਿਆਦਾ ਘੱਟ ਹੋਇਆ ਸੀ |
ਖੋਜ ਕਰਤਾਵਾਂ ਨੇ ਸੰਗੀਤ ਸੁਣਨ ਅਤੇ ਤਣਾਅਮੁਕਤ ਹੋਣ ਦੇ ਸਬੰਧ ਵਿਚ ਤਾਂ ਹਾਲੇ ਖੋਜ ਨਹੀਂ ਕੀਤੀ ਪਰ ਇਸ ਤੋਂ ਪਹਿਲਾਂ ਦੇ ਅਧਿਐਨ ਵਿਚ ਵੀ ਇਹ ਪਾਇਆ ਗਿਆ ਸੀ ਕਿ ਸੰਗੀਤ ਦਰਦ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ | ਖੋਜ ਕਰਤਾਵਾਂ ਦੇ ਅਨੁਸਾਰ ਸੰਗੀਤ ਉਨ੍ਹਾਂ ਰਸਾਇਣਾਂ ਦਾ ਪੱਧਰ ਘੱਟ ਕਰਦਾ ਹੈ, ਜੋ ਸਰੀਰ ਵਿਚ ਦਰਦ ਨੂੰ ਫੈਲਾਉਂਦੇ ਹਨ | ਹਾਂ, ਇਸ ਉਦੇਸ਼ ਲਈ ਤਣਾਅਰਹਿਤ ਕਰਨ ਵਾਲੇ ਹਲਕੇ ਸੰਗੀਤ ਦੀ ਵਰਤੋਂ ਕਰਨੀ ਚਾਹੀਦੀ ਹੈ |
ਜਿੰਮ ਵਧਾ ਸਕਦਾ ਹੈ ਤੁਹਾਡਾ ਭਾਰ
ਅਕਸਰ ਲੋਕ ਪਤਲੇ ਹੋਣ ਲਈ ਜਿੰਮ ਜਾਣਾ ਸ਼ੁਰੂ ਕਰਦੇ ਹਨ ਪਰ ਕਦੇ-ਕਦੇ ਉਲਟਾ ਵੀ ਹੋ ਜਾਂਦਾ ਹੈ | ਕਈ ਲੋਕ ਜਿੰਮ ਜਾ ਕੇ ਕਸਰਤ ਕਰਦੇ ਹਨ ਅਤੇ ਮੋਟੇ ਹੋ ਜਾਂਦੇ ਹਨ | ਖੋਜ ਕਰਤਾਵਾਂ ਨੇ 14 ਔਰਤਾਂ ਅਤੇ 16 ਮਰਦਾਂ ਦਾ ਅਧਿਐਨ ਕਰਕੇ ਪਾਇਆ ਕਿ ਜੋ ਲੋਕ ਖੇਡਾਂ ਵਿਚ ਜਾਂ ਜਿੰਮ ਵਿਚ ਕਸਰਤ ਵਿਚ ਭਾਗ ਲੈਂਦੇ ਸੀ, ਉਹ ਆਪਣੇ ਬਾਕੀ ਜੀਵਨ ਵਿਚ ਜ਼ਿਆਦਾ ਗਤੀਸ਼ੀਲ ਨਹੀਂ ਸਨ ਅਤੇ ਕੁਲ ਮਿਲਾ ਕੇ ਉਨ੍ਹਾਂ ਲੋਕਾਂ ਤੋਂ ਘੱਟ ਕੈਲੋਰੀ ਖਰਚ ਕਰਦੇ ਸਨ, ਜੋ ਨਿਯਮਤ ਸੈਰ ਕਰਦੇ ਸੀ ਜਾਂ ਸਾਈਕਲ ਚਲਾਉਂਦੇ ਸੀ | ਇਸ ਲਈ ਜੇ ਤੁਹਾਨੂੰ ਜਿੰਮ ਜਾਣਾ ਚੰਗਾ ਲਗਦਾ ਹੈ ਤਾਂ ਉਸ ਤੋਂ ਇਲਾਵਾ ਵੀ ਗਤੀਸ਼ੀਲ ਜੀਵਨ ਬਿਤਾਓ ਅਤੇ ਜੰਕ ਫੂਡ ਅਤੇ ਤਲੇ ਖਾਧ ਪਦਾਰਥ ਨਾ ਖਾਓ |

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX