ਤਾਜਾ ਖ਼ਬਰਾਂ


ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  3 minutes ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  33 minutes ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਪ੍ਰਿਅੰਕਾ ਗਾਂਧੀ ਅੱਜ ਜਾਣਗੇ ਸੋਨਭੱਦਰ
. . .  about 1 hour ago
ਲਖਨਊ, 19 ਜੁਲਾਈ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਸੋਨਭੱਦਰ ਜਾਣਗੇ, ਜਿੱਥੇ ਕਿ ਉਹ ਜ਼ਮੀਨੀ ਵਿਵਾਦ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ...
ਪਸ਼ੂ ਚੋਰੀ ਦੇ ਸ਼ੱਕ 'ਚ ਲੋਕਾਂ ਵੱਲੋਂ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 1 hour ago
ਪਟਨਾ, 19 ਜੁਲਾਈ - ਬਿਹਾਰ ਦੇ ਸਾਰਨ 'ਚ ਪੈਂਦੇ ਬਨਿਆਪੁਰ ਵਿਖੇ ਪਸ਼ੂ ਚੋਰੀ ਕਰਨ ਦੇ ਸ਼ੱਕ 'ਚ ਲੋਕਾਂ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਅੱਜ ਮੀਟਿੰਗ ਨਹੀ - ਬੀ.ਸੀ.ਸੀ.ਆਈ
. . .  about 1 hour ago
ਮੁੰਬਈ, 19 ਜੁਲਾਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦਾ ਕਹਿਣਾ ਹੈ ਕਿ ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਮੁੰਬਈ 'ਚ ਅੱਜ ਮੀਟਿੰਗ...
ਅਸਮ 'ਚ ਐਨ.ਆਰ.ਸੀ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 1 hour ago
ਨਵੀਂ ਦਿੱਲੀ, 19 ਜੁਲਾਈ - ਅਸਮ 'ਚ ਐਨ.ਆਰ.ਸੀ ਮਾਮਲੇ 'ਚ ਕੇਂਦਰ ਤੇ ਅਸਮ ਸਰਕਾਰ ਦੀਆਂ ਅਰਜ਼ੀਆਂ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ...
ਕੁਮਾਰਸਵਾਮੀ ਅੱਜ ਦੁਪਹਿਰ ਤੱਕ ਸਾਬਤ ਕਰਨਗੇ ਬਹੁਮਤ
. . .  about 1 hour ago
ਬੈਂਗਲੁਰੂ, 19 ਜੁਲਾਈ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ ਕੁਮਾਰਸਵਾਮੀ ਅੱਜ ਦੁਪਹਿਰ ਤੱਕ ਬਹੁਮਤ ਸਾਬਤ ਕਰਨਗੇ। ਰਾਜਪਾਲ ਵਜੁਭਾਈ ਬਾਲਾ ਨੇ ਕੁਮਾਰਸਵਾਮੀ ਨੂੰ ਦੁਪਹਿਰ 1.30 ਵਜੇ ਤੱਕ ਬਹੁਮਤ ਸਾਬਤ ਕਰਨ...
ਨਿਊਜ਼ੀਲੈਂਡ ਦੇ ਕ੍ਰਾਈਸਚਰਚ 'ਚ ਜ਼ੋਰਦਾਰ ਧਮਾਕਾ, 7 ਜ਼ਖਮੀ
. . .  about 1 hour ago
ਆਕਲੈਂਡ, 19 ਜੁਲਾਈ (ਹਰਮਨਪ੍ਰੀਤ ਸਿੰਘ ਸੈਣੀ) - ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਚਰਚ ਵਿਚ ਇਕ ਘਰ ਅੰਦਰ ਹੋਏ ਜ਼ੋਰਦਾਰ ਧਮਾਕੇ ਵਿਚ 7 ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋ...
ਅੱਜ ਦਾ ਵਿਚਾਰ
. . .  about 2 hours ago
ਪਿੰਡ ਰਾਮਪੁਰ ਸੈਣੀਆ ਵਿਖੇ ਤੰਦੂਏ ਹੋਣ ਦੀ ਅਫ਼ਵਾਹ ਨੇ ਉਡਾਈ ਲੋਕਾਂ ਦੀ ਨੀਂਦ
. . .  about 10 hours ago
ਡੇਰਾਬੱਸੀ,18 ਜੁਲਾਈ(ਗੁਰਮੀਤ ਸਿੰਘ)-ਬਰਵਾਲਾ ਸੜਕ ਤੇ ਸਤਿਥ ਪਿੰਡ ਰਾਮ ਪੁਰ ਸੈਣੀਆ ਵਿਖੇ ਦੇਰ ਰਾਤ ਤੇਂਦੁਆ ਵੇਖੇ ਜਾਣ ਦੀ ਅਫ਼ਵਾਹ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਪਿੰਡ ਵਿੱਚ ਗੁੱਗਾ ਮੈੜੀ ਧਾਰਮਿਕ ਸਥਾਨ...
ਹੋਰ ਖ਼ਬਰਾਂ..

ਦਿਲਚਸਪੀਆਂ

• ਮਾ: ਨਿਸ਼ਾਨ ਸਿੰਘ ਚਾਹਲ •

ਕਿੱਧਰ ਨੂੰ ਤੁਰ ਪਈ ਕਹਾਣੀ |
ਉਲਝ ਗਈ ਹੈ ਸਾਰੀ ਤਾਣੀ |
ਪੁੱਤ ਦੀਆਂ ਅਰਦਾਸਾਂ ਹੋਵਣ,
ਮੰਗੇ ਨਾ ਕੋਈ ਧੀ-ਧਿਆਣੀ |
ਦੁੱਧ ਘਿਓ ਵੀ ਬਜ਼ਾਰੀ ਹੋਇਆ,
ਪਵੇ ਨਾ ਚਾਟੀ ਵਿਚ ਮਧਾਣੀ |
ਸੱਥਾਂ ਅੰਦਰ ਮਾਤਮ ਛਾਇਆ,
ਖੇਡਣ ਨੂੰ ਨਾ ਮਿਲਦੇ ਹਾਣੀ |
ਘਰ ਵੀ ਸ਼ੀਸ਼ੇ ਦੇ ਨੇ ਬਣ ਗਏ,
ਲੱਭਦੀ ਨਾ ਹੁਣ ਮੰਜੀ ਸਾਣੀ |
ਹੋਏ ਅਲੋਪ ਪਿੱਪਲ ਤੇ ਬੋਹੜ,
ਜਿਨ੍ਹਾਂ ਦੀ ਕਦੇ ਛਾਂ ਸੀ ਮਾਣੀ |
ਗੀਤ-ਸੰਗੀਤ ਕਿੱਧਰ ਨੂੰ ਤੁਰਿਆ,
ਗੰਦੇ ਗੀਤ ਸ਼ਰਾਬੀ ਢਾਣੀ |
ਅਮੀਰ-ਗ਼ਰੀਬ ਨੂੰ ਦੱਬੀ ਜਾਂਦਾ,
ਹੁੰਦੀ ਦੇਖੋ ਵੰਡ ਹੈ ਕਾਣੀ |
ਝੂਠ ਸੱਚ 'ਤੇ ਹਾਵੀ ਹੋਇਆ,
ਖ਼ੂਨ ਦੇ ਰਿਸ਼ਤੇ ਹੋ ਗਏ ਪਾਣੀ |
'ਚਾਹਲ' ਦੀ ਸੁਣ ਅਰਜੋਈ ਰੱਬਾ,
ਮੋੜ ਦੇ ਸਾਡੀ ਰੀਤ ਪੁਰਾਣੀ |

-ਪਿੰਡ ਤੇ ਡਾਕ: ਸੇਖਵਾਂ, ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ-143518.
ਮੋਬਾਈਲ : 88724-88861.


ਖ਼ਬਰ ਸ਼ੇਅਰ ਕਰੋ

ਸੋਹਣੇ ਹੱਥ

ਪੰਮੀ ਦੇ ਮਾਤਾ-ਪਿਤਾ ਦਾ ਦਿਹਾਂਤ ਬਚਪਨ ਵਿਚ ਹੀ ਹੋ ਗਿਆ ਸੀ | ਆਪਣੀ ਦਾਦੀ ਕੋਲ ਰਹਿੰਦੀ ਪੰਮੀ ਪੜ੍ਹਾਈ ਕਰਨ ਦੇ ਨਾਲ-ਨਾਲ ਲੋਕਾਂ ਦੇ ਘਰਾਂ ਵਿਚ ਵੀ ਕੰਮ ਕਰਦੀ ਸੀ | ਹੁਸ਼ਿਆਰ ਹੋਣ ਕਾਰਨ ਸਾਰੇ ਅਧਿਆਪਕ ਉਸ ਨੂੰ ਬਹੁਤ ਪਿਆਰ ਕਰਦੇ ਸਨ | ਇਕ ਵਾਰ ਉਨ੍ਹਾਂ ਦੇ ਸਕੂਲ ਵਿਚ ਸੰੁਦਰ ਹੱਥਾਂ ਨੂੰ ਲੈ ਕੇ ਮੁਕਾਬਲਾ ਹੋਇਆ | ਪੰਮੀ ਦੀਆਂ ਸਹੇਲੀਆਂ ਨੇ ਉਸ ਦਾ ਨਾਂਅ ਵੀ ਮੁਕਾਬਲੇ ਵਿਚ ਲਿਖਵਾ ਦਿੱਤਾ | ਮੁਕਾਬਲੇ ਵਾਲੇ ਦਿਨ ਸਭ ਕੁੜੀਆਂ ਆਪਣੇ ਹੱਥਾਂ ਨੂੰ ਸਾਫ਼ ਕਰਕੇ ਨਹੰੁ ਪਾਲਸ਼ ਲਾ ਕੇ ਆਈਆਂ | ਪੰਮੀ ਦੇ ਹੱਥ ਘਰਾਂ ਦਾ ਕੰਮ ਕਰ ਕਰਕੇ ਖਰਾਬ ਹੋ ਚੁੱਕੇ ਸਨ | ਉਹ ਮਨ ਹੀ ਮਨ ਬਹੁਤ ਉਦਾਸ ਸੀ | ਜੱਜ ਸਾਹਿਬਾਨ ਨੇ ਸਾਰਿਆਂ ਦੇ ਹੱਥਾਂ ਨੂੰ ਚੰਗੀ ਤਰ੍ਹਾਂ ਦੇਖਿਆ ਤੇ ਪੰਮੀ ਨੂੰ ਜੇਤੂ ਘੋਸ਼ਿਤ ਕਰ ਦਿੱਤਾ | ਇਸ ਫ਼ੈਸਲੇ ਤੋਂ ਸਾਰੇ ਬਹੁਤ ਹੈਰਾਨ ਹੋਏ ਕਿ ਇਹ ਕਿਵੇਂ ਹੋ ਸਕਦਾ ਹੈ | ਜੱਜ ਸਾਹਿਬਾਨ ਨੇ ਦੱਸਿਆ ਕਿ ਹੱਥ ਉਹ ਸੋਹਣੇ ਹੁੰਦੇ ਹਨ ਜੋ ਕਿਰਤ ਕਰਦੇ ਹਨ | ਜੱਜ ਸਾਹਿਬਾਨ ਦੀ ਇਹ ਗੱਲ ਸੁਣ ਕੇ ਪੰਮੀ ਨੂੰ ਆਪਣੇ ਹੱਥ ਸੋਹਣੇ ਲੱਗ ਰਹੇ ਸਨ |

-ਐਸ.ਐਲ.ਏ. ਸ. ਸ. ਸ. ਸ. (ਲ) ਫਿਰੋਜ਼ਪੁਰ |

ਜਗਦੀ ਲਾਟ

ਸੰਤੇ ਨੂੰ ਕਈ ਦਿਨਾਂ ਤੋਂ ਦਿਹਾੜੀ ਨਹੀਂ ਸੀ ਮਿਲੀ | ਅੱਜ ਉਸ ਦਾ ਦਿਲ ਕੀਤਾ ਕਿਉਂ ਨਾ ਛੋਟੇ ਪੁੱਤਰ ਨਾਲ ਖੇਡ ਹੀ ਲਿਆ ਜਾਵੇ, ਪਰ ਪਾਪੀ ਪੇਟ ਨੇ ਫਿਰ ਹਲੂਣਿਆਂ, 'ਸ਼ਾਇਦ ਕਿਤੇ ਕੰਮ ਮਿਲ ਹੀ ਜਾਵੇ, ਜੇ ਪੂਰੀ ਦਿਹਾੜੀ ਨਹੀਂ ਤਾਂ ਅੱਧੀ, ਅੱਧੀ ਨਹੀਂ ਤਾਂ ਇਕ ਜੋਤਾ ਹੀ ਮਿਲ ਗਿਆ ਤਾਂ ਬੱਚਿਆਂ ਨੂੰ ਕੁਝ ਲਿਆਉਣ ਜੋਗਾ ਤਾਂ ਹੋ ਜਾਵਾਂਗਾ |'
ਇਹ ਸੋਚ ਉਸ ਨੇ ਸਾਇਕਲ ਚੁੱਕ ਲੇਬਰ ਚੌਕ ਵੱਲ ਚਾਲੇ ਪਾ ਦਿੱਤੇ | ਚਾਵਾਂ-ਚਾਵਾਂ ਨਾਲ ਜਾਂਦਾ ਉਹ ਸ਼ਾਮ ਨੂੰ ਬੱਚਿਆਂ ਨੂੰ ਕੁਝ ਫਲ਼ ਤੇ ਖਿਡੌਣੇ ਲਿਆਉਣ ਬਾਰੇ ਸੋਚਦਾ-ਸੋਚਦਾ ਲੇਬਰ ਚੌਕ 'ਤੇ ਪੁੱਜ ਗਿਆ |
ਪਰ ਅੱਜ ਵੀ ਉਸ ਕੋਲ ਕਿਸੇ ਨੇ ਆ ਮਜ਼ਦੂਰੀ 'ਤੇ ਜਾਣ ਦੀ ਮੰਗ ਨਾ ਕੀਤੀ | ਦੁਪਹਿਰ ਬਾਅਦ ਘਰ ਤੋਂ ਲਿਆਂਦੀ ਰੋਟੀ ਖਾ ਉਹ ਪਹਿਲਾਂ ਤਾਂ ਘਰ ਮੁੜਨ ਬਾਰੇ ਸੋਚਣ ਲੱਗਾ ਫਿਰ ਪਤਾ ਨਹੀਂ ਉਸ ਦੇ ਕੀ ਮਨ ਵਿਚ ਆਇਆ ਕਿ ਉਹ ਦੁਬਾਰਾ ਬੈਠ ਕੰਮ ਦਾ ਇੰਤਜ਼ਾਰ ਕਰਨ ਲੱਗਾ | ਤੀਜਾ ਪਹਿਰ ਢਲਣ ਨਾਲ ਤੇਜ਼ੀ ਨਾਲ ਸੂਰਜ ਵੀ ਅੱਖੋਂ ਓਹਲੇ ਹੋ ਰਿਹਾ ਸੀ | ਹੁਣ ਉਸ ਨੇ ਆਪਣਾ ਸਾਈਕਲ ਚੁੱਕ ਘਰ ਨੂੰ ਮੁੜਨਾ ਮੁਨਾਸਿਬ ਸਮਝਿਆ |
ਨਹਿਰ ਦੇ ਕਿਨਾਰੇ ਲੰਘਦਿਆਂ ਉਸ ਨੇ ਦੇਖਿਆ ਕਿ ਇਕ ਗੱਡੀ ਵਾਲੇ ਕਈ ਨਾਰੀਅਲ ਨਹਿਰ ਵਿਚ ਰੋੜ੍ਹ ਰਹੇ ਸਨ, ਉਸ ਨੇ ਸਾਇਕਲ ਇਕ ਪਾਸੇ ਲਾ ਰੁੜ੍ਹੇ ਜਾਂਦੇ ਨਾਰੀਅਲਾਂ 'ਚੋਂ ਤਿੰਨ ਨਾਰੀਅਲ ਕਾਬੂ ਕਰ ਲਏ | 'ਲੈ ਅੱਜ ਦਾ ਬੰਦੋਬਸਤ ਤਾਂ ਹੋ ਗਿਆ ਪਰ ਜੇ ਨਿੱਕੂ ਦੀ ਮੰਮੀ ਮਨ੍ਹਾਂ ਨਾ ਕਰੇ', ਆਖਦਾ ਉਹ ਨਾਰੀਅਲਾਂ ਨੂੰ ਪਰਨੇ ਦੇ ਲੜ ਨਾਲ ਬੰਨ੍ਹਦਿਆਂ ਸਾਈਕਲ ਚੁੱਕ ਘਰ ਵੱਲ ਹੋ ਤੁਰਿਆ |
ਪਰਨੇ ਦੇ ਲੜ ਤੋਂ ਨਾਰੀਅਲ ਖੋਲ੍ਹਦੀ ਪਤਨੀ ਆਖਣ ਲੱਗੀ, 'ਲਗਦਾ ਅੱਜ ਕੰਮ ਮਿਲ ਗਿਆ, ਤਾਹੀਓਾ ਨਾਰੀਅਲ ਲੈ ਆਏ ਹੋ, ਉਹ ਵੀ ਤਿੰਨ |' 'ਭਾਗਵਾਨੇ ਕੰਮ ਤਾਂ ਮਿਲਿਆ ਨਹੀਂ ਪਰ ਆਉਂਦੇ ਸਮੇਂ ਨਹਿਰ 'ਚ ਇਕ ਵੱਡੀ ਗੱਡੀ ਵਾਲੇ ਕਈ ਨਾਰੀਅਲ ਰੋੜ ਕੇ ਗਏ ਸਨ, ਤੇ ਮੈਂ ਇਹ ਤਿੰਨ', ਆਖ ਉਸ ਨੇ ਲੰਮਾ ਹਉਕਾ ਲਿਆ |
'ਲੈ ਇਹਦੇ 'ਚ ਹਰਜ਼ ਵੀ ਕੀ ਹੈ, ਸਾਡੇ ਪਿਤਾ ਜੀ ਵੀ ਤਾਂ ਸਾਨੂੰ ਭੁੱਖਿਆਂ ਨੂੰ ਕਈ ਵਾਰ ਇਹੋ ਹੀ ਖਵਾਉਂਦੇ ਸੀ, ਕੁਝ ਨਹੀਂ ਹੁੰਦਾ ਇਨ੍ਹਾਂ ਨਾਲ', ਆਖ ਉਸ ਦੀ ਪਤਨੀ ਨਾਰੀਅਲਾਂ ਨੂੰ ਕੱਟਣ ਲੱਗ ਗਈ | ਸੰਤੇ ਨੂੰ ਘਰ ਵਿਚ ਜਗਦੇ ਦੀਵੇ ਦੀ ਲਾਟ ਪਹਿਲਾਂ ਨਾਲੋਂ ਵੀ ਤੇਜ਼ ਜਾਪੀ | 

-ਪਿੰਡ ਤੇ ਡਾਕ : ਮਕੜੌਨਾ ਕਲਾਂ, ਜ਼ਿਲ੍ਹਾ : ਰੂਪਨਗਰ-140102.
ਮੋਬਾਈਲ : 98550-20025.

ਮਿੰਨੀ ਕਹਾਣੀਆਂ

ਰੰਗ ਵਿਚ ਕੀ ਹੈ?
ਜਦੋਂ ਸਾਨੂੰ ਮੈਡਮ ਕਪੂਰ ਦਾ ਪਤਾ ਲੱਗਾ ਕਿ ਉਨ੍ਹਾਂ ਦੇ ਜੀਜਾ ਜੀ ਅਕਾਲ ਚਲਾਣਾ ਕਰ ਗਏ ਹਨ ਤਾਂ ਕੁਝ ਸਹੇਲੀਆਂ ਇਕੱਠੀਆਂ ਹੋ ਕੇ ਉਨ੍ਹਾਂ ਦੇ ਘਰ ਅਫਸੋਸ ਕਰਨ ਗਈਆਂ | ਸਾਰਿਆਂ ਨੇ ਚਿੱਟਾ ਦੁਪੱਟਾ ਲਿਆ ਹੋਇਆ ਸੀ, ਪਰ ਅੱਗੋਂ ਮੈਡਮ ਹੁਰਾਂ ਨੇ ਸ਼ੋਖ਼ ਰੰਗ (ਗੂੜੇ ਰੰਗ) ਦੇ ਕੱਪੜੇ ਪਾਏ ਸਨ | ਦੇਖ ਕੇ ਮਨ ਵਿਚ ਹੈਰਾਨੀ ਹੋਈ, ਕਦੀ ਗੱਲਾਂ ਕਰੀਏ ਤਾਂ ਫਿਰ ਧਿਆਨ ਕੱਪੜਿਆਂ ਵੱਲ ਚਲਾ ਜਾਵੇ | ਅਸੀਂ ਸਾਰੀਆਂ ਇਕ-ਦੂਸਰੇ ਦੇ ਮੰੂਹ ਵੱਲ ਦੇਖਦੀਆਂ ਰਹੀਆਂ |
ਥੋੜ੍ਹਾ ਚਿਰ ਬੈਠ ਕੇ ਸਾਰੀਆਂ ਚਲੀਆਂ ਗਈਆਂ ਪਰ ਮੈਥੋਂ ਨਾ ਹੀ ਰਿਹਾ ਗਿਆ ਤੇ ਪੁੱਛ ਲਿਆ, 'ਤੁਸੀਂ ਇੰਨੇ ਗੂੜੇ ਰੰਗ ਦਾ ਸੂਟ ਪਾਇਆ ਹੋਇਆ ਹੈ |'
'ਦੇਖੋ ਮਨ ਕਿੰਨਾ ਹੀ ਦੁਖੀ ਕਿਉਂ ਨਾ ਹੋਵੇ, ਜਦੋਂ ਅਸੀਂ ਚੰਗੀ ਤਰ੍ਹਾਂ ਤਿਆਰ ਹੋ ਜਾਂਦੇ ਹਾਂ ਤਾਂ ਸਾਡਾ ਦੁੱਖ... ਦੁੱਖ ਤਾਂ ਮੇਰੇ ਅੰਦਰ ਹੈ, ਰੰਗਾਂ ਵਿਚ ਕੀ ਹੈ?
ਸੁਣ ਕੇ....

-ਦਵਿੰਦਰ ਕੌਰ
35, ਨਿਊ ਜਵਾਹਰ ਨਗਰ, ਜਲੰਧਰ ਸ਼ਹਿਰ |
ਮੋਬਾਈਲ : 95175-83411.

ਕਣਕ ਤੇ ਭੂਮਿਕਾ
ਇਕ ਨਵਾਂ ਲੇਖਕ ਪੁਰਾਣੇ ਲੇਖਕ ਕੋਲ ਪਹਿਲਾਂ ਹੋਈ ਗੱਲ ਮੁਤਾਬਿਕ ਭੂਮਿਕਾ ਲਿਖਵਾਉਣ ਉਸ ਦੇ ਘਰ ਪੁੱਜਾ | ਅੱਗੋਂ ਵਿਦਵਾਨ ਸੱਜਣ ਕਹਿੰਦਾ, 'ਆ ਮੰੁਡਿਆ ਲਿਖਦੇ ਆਂ ਤੇਰੀ ਕਿਤਾਬ ਦੀ ਭੂਮਿਕਾ, ਪਹਿਲਾਂ ਆਹ 5-7 ਬੋਰੀਆਂ ਕਣਕ ਦੀਆਂ ਕਈ ਦਿਨਾਂ ਦੀਆਂ ਵਰਾਂਡੇ ਵਿਚ ਪਈਆਂ ਨੇ, ਇਨ੍ਹਾਂ ਨੂੰ ਅਹੁ ਡਰੰਮ ਵਿਚ ਪਾ ਦੇ |' ਨਵੇਂ ਲੇਖਕ ਨੇ ਇਕ ਕੱਪੜੇ ਨਾਲ ਮੰੂਹ ਸਿਰ ਬੰਨ੍ਹ ਕੇ ਔਖਾ-ਸੌਖਾ ਸਾਰੀ ਕਣਕ ਡਰੰਮ ਵਿਚ ਪਾ ਦਿੱਤੀ | ਜਦੋਂ ਕੰਮ ਮੁੱਕਿਆ ਤਾਂ ਵਿਦਵਾਨ ਲੇਖਕ ਜੀ ਕਹਿਣ ਲੱਗੇ, 'ਕਾਕਾ ਚਾਹ-ਪਾਣੀ ਪੀ ਤੇ ਬੱਸ ਫੜ ਲੈ, ਭੂਮਿਕਾ ਫੇਰ ਕਿਸੇ ਦਿਨ ਲਿਖਾਂਗੇ |' ਨਵਾਂ ਲੇਖਕ ਜਦੋਂ ਆਪਣੇ ਕੱਪੜੇ ਤੇ ਭੂਮਿਕਾ ਪਖੋਂ ਪੱਲਾ ਝਾੜ ਕੇ ਚਲੇ ਗਿਆ ਤਾਂ ਵਿਦਵਾਨ ਦੀ ਘਰਵਾਲੀ ਕਹਿਣ ਲੱਗੀ, ਲਿਖ ਦੇਣੀ ਸੀ ਭੂਮਿਕਾ, ਜੇ ਅਜੇ ਨੲੀਂ ਵੀ ਲਿਖਣੀ ਤਾਂ ਕਿਤਾਬ ਤਾਂ ਪੜ੍ਹ ਛੱਡੋ |' ਅੱਗੋਂ ਵਿਦਵਾਨ ਜੀ ਕਹਿੰਦੇ 'ਜੇ ਭੂਮਿਕਾ ਪੜ੍ਹ ਕੇ ਲਿਖੀ ਤਾਂ ਕੀ ਲਿਖੀ, ਹੁਣ ਐਨਾ ਕੁ ਤਜਰਬਾ ਤਾਂ ਹੈ ਈ ਆ ਕਿ ਕਿਤਾਬ ਪੜ੍ਹੇ ਬਿਨਾਂ ਵੀ ਭੂਮਿਕਾ ਲਿਖ ਸਕਦੇ ਆਂ |'

-ਹਰਮੀਤ ਸਿੰਘ ਅਟਵਾਲ
ਪਿੰਡ ਖੁਰਦਪੁਰ, ਡਾਕ: ਆਦਮਪੁਰ, ਜ਼ਿਲ੍ਹਾ ਜਲੰਧਰ | ਮੋਬਾਈਲ : 98155-05287.

ਪੱਥਰ ਕਲੇਜਾ

ਸੈਰ ਤੋਂ ਵਾਪਸ ਮੁੜਦਿਆਂ ਅਜੇ ਮੈਂ ਰੇਲਵੇ ਲਾਈਨ ਦੇ ਕੋਲੋਂ ਦੀ ਲੰਘ ਰਿਹਾ ਸੀ ਕਿ ਉੱਥੇ ਝਾੜੀਆਂ ਦੇ ਕੋਲ ਲੋਕਾਂ ਦੀ ਭੀੜ ਵੇਖ ਕੇ ਮੇਰੇ ਕਦਮ ਆਪਣੇ-ਆਪ ਰੁਕ ਗਏ | ਰਤਾ ਅਗਾਂਹ ਹੋ ਕੇ ਤੱਕਿਆ ਤਾਂ ਉੱਥੋਂ ਦਾ ਦਿ੍ਸ਼ ਵੇਖ ਕੇ ਕਲੇਜਾ ਮੰੂਹ ਨੂੰ ਆ ਗਿਆ ਤੇ ਰੂਹ ਇਕ ਦਮ ਕੰਬ ਗਈ |
ਦੋ-ਤਿੰਨ ਦਿਨਾਂ ਦੇ ਨਵਜੰਮੇ ਬੱਚੇ ਦੀ ਕੱਪੜੇ ਵਿਚ ਲਿਪਟੀ ਹੋਈ Ñਲਾਸ਼ ਉੱਥੇ ਪਈ ਹੋਈ ਸੀ | ਲੱਗਦਾ ਸੀ ਕਿ ਉਸ ਅਣਚਾਹੀ ਔਲਾਦ ਤੋਂ ਛੁਟਕਾਰਾ ਪਾਉਣ ਲਈ ਕੋਈ ਮਾਂ ਰਾਤ ਦੇ ਹਨੇਰੇ ਵਿਚ ਉਸ ਨੂੰ ਉੱਥੇ ਸੁੱਟ ਗਈ ਸੀ | ਉਸ ਅਣਭੋਲ ਜਿਹੇ ਬੱਚੇ ਦੀਆਂ ਦੋਵੇਂ ਲੱਤਾਂ ਤੇ ਇਕ ਬਾਂਹ ਅਵਾਰਾ ਕੁੱਤਿਆਂ ਨੇ ਨੋਚ ਨੋਚ ਖਾ ਲਈਆਂ ਸਨ | ਉਸ ਦੇ ਕੰਨਾਂ ਅਤੇ ਨੱਕ 'ਚੋਂ ਖ਼ੂਨ ਚੋਅ ਕੇ ਸੁੱਕ ਗਿਆ ਸੀ | ਉਸ ਮਾਸੂਮ ਦੀਆਂ ਅਣਖੁੱਲੀਆਂ ਮੁੱਠੀਆਂ ਅਜੇ ਵੀ ਉਸੇ ਤਰ੍ਹਾਂ ਮੀਟੀਆਂ ਪਈਆਂ ਸਨ ਤੇ ਉਸ ਦੇ ਕੋਮਲ ਮਾਸ ਦੇ ਲੋਥੜੇ ਥਾਂ-ਥਾਂ ਖਿਲਰੇ ਪਏ ਸਨ |
ਇਸ ਖੌਫ਼ਨਾਕ ਦਿ੍ਸ਼ ਨੂੰ ਵੇਖ ਕੇ ਪੀੜ ਨਾਲ ਲਬਾਲਬ ਭਰੇ ਮੇਰੇ ਮਨ ਨੇ ਮੇਰੀ ਰੂਹ ਨੂੰ ਸਵਾਲ ਕੀਤਾ- 'ਤੰੂ ਤਾਂ ਆਖ਼ਦੀ ਹੰੁਦੀ ਸੀ ਕਿ ਔਲਾਦ ਨੂੰ ਜਰਕ ਵੀ ਆ ਜਾਵੇ ਤਾਂ ਮਾਂ ਦਾ ਕਲੇਜ ਚੀਰਿਆ ਜਾਂਦੈ... ਤੂੰ ਦੱਸ ਕਿ ਇਸ ਮਾਸੂਮ ਜਿਹੀ ਜਿੰਦ ਦੀਆਂ ਬੋਟੀਆਂ-ਬੋਟੀਆਂ ਕਰਵਾ ਦੇਣ ਵਾਲੀ ਮਾਂ ਦਾ ਕਲੇਜਾ ਵਿਨਿ੍ਹਆ ਕਿਉਂ ਨਹੀਂ ਗਿਆ?... ਉਹ ਮਾਂ ਇਥੇ ਬੈਠੀ ਕੀਰਨੇ ਪਾਉਂਦੀ ਨਜ਼ਰ ਕਿਉਂ ਨਹੀਂ ਆਉਂਦੀ?... ਔਲਾਦ ਦੀ ਦਰਦ ਭਰੀ ਮੌਤ ਤੱਕ ਕੇ ਉਸ ਦੀਆਂ ਪਥਰਾਅ ਜਾਣ ਵਾਲੀਆਂ ਅੱਖਾਂ ਅੱਜ ਇੱਥੇ ਨਜ਼ਰ ਕਿਉਂ ਨਹੀਂ ਆਉਂਦੀਆਂ ਸਨ?.... ਕੀ ਮਾਂ ਹੁਣ ਮਾਂ ਨਹੀਂ ਰਹੀ ਸੀ ਜਾਂ ਫਿਰ ਮਾਵਾਂ ਦੇ ਕਲੇਜੇ ਪੱਥਰ ਦੇ ਹੋ ਗਏ ਸਨ?
ਭਾਵਨਾਵਾਂ ਦੇ ਵਹਿਣ ਵਿਚ ਰੁੜਿਆ ਜਾਂਦਾ ਮਨ ਲਗਾਤਾਰ ਰੂਹ ਨੂੰ ਕੋਸ ਰਿਹਾ ਸੀ ਤੇ ਜੁੱਗਾਂ-ਜੁਗਾਂਤਰਾਂ ਤੋਂ ਆਪਣੇ ਕਿਰਦਾਰ 'ਤੇ ਮਾਣ ਕਰਨ ਵਾਲੀ ਰੂਹ ਸਿਰ 'ਤੇ ਇਲਜ਼ਾਮਾਂ ਦਾ ਮਣਾਂ-ਮੰੂਹੀਂ ਬੋਝ ਚੁੱਕੀ ਚੁੱਪਚਾਪ ਖੜ੍ਹੀ ਸੀ | ਸ਼ਾਇਦ ਉਹ ਸਚਮੁੱਚ ਸ਼ਰਮਿੰਦਾ ਸੀ |

-410, ਚੰਦਰ ਨਗਰ, ਬਟਾਲਾ | ਮੋਬਾਈਲ: 97816-46008

ਤੁਸੀਂ ਪਿਛੋਂ ਕਿੱਥੋਂ ਦੇ ਹੋ?

ਅੱਜ ਵੀ ਉਹ ਜਦੋਂ ਕਿਸੇ ਅਨਜਾਣੇ ਨੂੰ ਮਿਲਦੀ ਹੈ ਤੇ ਪੁੱਛ ਲੈਂਦੀ ਹੈ, 'ਤੁਸੀਂ ਪਿਛੋਂ ਕਿਥੋਂ ਦੇ ਹੋ?
ਅਜੇ ਤੱਕ ਵੀ ਉਸ ਨੂੰ ਉਮੀਦ ਹੈ ਕਿ ਸ਼ਾਇਦ ਕੋਈ ਆਪਣਾ ਮਿਲ ਜਾਵੇ | ਪਰ ਉਹ ਭੁੱਲ ਜਾਂਦੀ ਹੈ ਕਿ ਹੁਣ ਤੱਕ ਦੇ ਵੱਡੇ-ਵਡੇਰਿਅ ਦਾ ਸਵਰਗਵਾਸ ਹੋ ਗਿਆ ਹੋਏਗਾ ਅਤੇ ਜੋ ਛੋਟੇ ਹਨ, ਉਨ੍ਹਾਂ ਨੂੰ ਪਹਿਚਾਣ ਵੀ ਨਹੀਂ ਪਾਏਗੀ | ਪਰ ਉਹ ਹਾਲੇ ਵੀ ਨਿਰਾਸ਼ ਨਹੀਂ ਹੋਈ, ਜਿਵੇਂ-ਕਿਵੇਂ ਰਾਹ ਜਾਂਦੇ ਕਿਸੇ ਵੀ ਮਿਲਣ ਵਾਲੇ ਨੂੰ ਪੁੱਛ ਹੀ ਲੈਂਦੀ ਹੈ, 'ਤੁਸੀਂ ਪਿੱਛੋਂ ਕਿੱਥੋਂ ਦੇ ਹੋ?'
ਇਸ ਸਭ ਦਾ ਕੋਈ ਕਾਰਨ ਤੇ ਹੋਵੇਗਾ, ਇਸੇ ਲਈ ਉਸ ਦੀ ਆਤਮਾ ਹਾਲੇ ਤੱਕ ਭਟਕ ਰਹੀ ਹੈ |
'ਕਾਰਨ ਤਾਂ ਹੈ |'
'ਦੱਸੋਗੇ?'
'ਹਾਂ ਜ਼ਰੂਰ |'
'ਚਲੋ ਔਧਰ ਰੁੱਖ ਦੀ ਛਾਂ ਹੇਠ ਬੈਠ ਕੇ ਗੱਲ ਕਰਾਂਗੇ |'
'ਠੀਕ ਹੈ |'
'ਸੁਣ ਭੈਣ, 1947 ਵਿਚ ਦੇਸ਼ ਦੇ ਵੀ ਵੰਡ ਵਿਚ ਲੋਕਾਂ ਨੂੰ ਆਪਣੇ ਵਸੇ-ਵਸਾਏ ਟਿਕਾਣਿਆਂ ਤੋਂ ਉਖੜਨਾ ਪਿਆ | ਸਭ ਦਾ ਕਾਫ਼ਲਾ ਬਣਾ ਕੇ ਭਾਰਤ ਦੀ ਸੀਮਾ ਵੱਲ ਤੁਰ ਪਏ | 'ਡੇਰ ਬਾਬਾ ਨਾਨਕ' ਨਾਂਅ ਦੇ ਪੁਲ ਤੋਂ ਰਾਵੀ ਨਦੀ ਨੂੰ ਪਾਰ ਕਰਨਾ ਸੀ ਪਰਪੁਲ ਦਾ ਅਗਲਾ ਹਿੱਸਾ ਤੋੜ ਦਿੱਤਾ ਗਿਆ ਸੀ |
ਕਾਫਲੇ ਉਤੇ ਅੱਗੋਂ ਵੀ ਹਮਲਾ ਹੋਇਆ ਅਤੇ ਪਿਛੋਂ ਵੀ | ਉਸ ਵੇਲੇ ਕਾਫਲੇ ਵਿਚ ਲੋਕਾਂ ਦੀ ਗਿਣਤੀ 40 ਕੁ ਹਜ਼ਾਰ ਸੀ | ਉਸ ਵੇਲੇ ਉਹ ਬਹੁਤ ਛੋਟੀ ਸੀ ਇਹੋ ਕੋਈ 8-9 ਸਾਲ ਦੀ ਹੋਵੇਗੀ | ਉਸ ਭਗਦੜ ਵਿਚ ਉਹ ਆਪਣਿਆਂ ਤੋਂ ਵਿਛੜ ਗਈ |
ਕਿਸੇ ਦਿਆਲੂ ਸਿਖ ਜੋੜੇ ਨੇ, ਰਾਵੀ ਨਦੀ ਦੇ ਉਸ ਪਾਰ ਲਾਗੇ ਕੈਂਪ ਵਿਚ ਉਸ ਨਿਆਣੀ ਨੂੰ ਆਪਣੀ ਬੇਟੀ ਮੰਨ ਲਿਆ |
ਕਿਸੇ ਨੇ ਆਖਿਆ ਵੀ ਕਿ 'ਇਸ ਵੇਲੇ ਜਦੋਂ ਕਿ ਆਪਣਿਆਂ ਨੂੰ ਸੰਭਾਲ ਸਕਣਾ ਮੁਸ਼ਕਿਲ ਹੈ ਤੇ ਤੁਸੀਂ ਇਸ ਨੂੰ ... |'
ਜੋੜੇ ਨੇ ਆਖਿਆ, 'ਮਰਾਂਗੇ ਤੇ ਸਾਰੇ, ਜੀਆਂਗੇ ਤੇ ਸਾਰੇ ਇਕੱਠੇ | ਉੱਪਰ ਵਾਲਾ ਸਾਡੇ ਅੰਗ-ਸੰਗ ਹੈ, ਉਹ ਹੀ ਸਾਡੀ ਸਭ ਦੀ ਦੇਖ-ਭਾਲ ਕਰੇਗਾ ਤੇ ਜਿਥੇ ਵੀ ਟਿਕਾਣਾ ਬਣਿਆ, ਸਾਡੀਆਂ ਜੜ੍ਹਾਂ ਜੰਮ ਜਾਣਗੀਆਂ | ਉਸ ਵੇਲੇ ਇਹ ਬਾਲੜੀ ਵੀ ਆਪਣੇ ਇਨ੍ਹਾਂ ਭੈਣ-ਭਰਾਵਾਂ ਦੇ ਨਾਲ ਇਕੋ ਵਿਹੜੇ ਵਿਚ ਸਾਡੀ ਛਤਰ-ਛਾਇਆ ਥੱਲੇ, ਨੱਚਦੀ-ਟੱਪਦੀ ਵੱਡੀ ਹੋ ਜਾਵੇਗੀ |
ਫਿਰ ਧਰਮ ਦੇ ਰਿਸ਼ਤੇ ਵੀ ਇਕ-ਇਕ ਕਰਕੇ... ਉਸ ਵੇਲੇ ਉਸ ਨੂੰ ਯਾਦ ਆਈ ਆਪਣੇ ਵਿਛੜੇ ਸਕੇ-ਸਬੰਧੀਆਂ ਦੀ | ਝੱਲੀ ਨੂੰ ਇਸ ਗੱਲ ਦ ਸਮਝ ਈ ਨਹੀਂ ਸੀ ਕਿ ਐਨੇ ਵੱਡੇ ਵਕਫੇ ਤੋਂ ਬਾਅਦ ਤਾਂ ਖ਼ੂਨ ਦੇ ਰਿਸ਼ਤੇ ਵੀ ਬਿਖਰ ਜਾਂਦੇ ਹਨ |
'ਵੇਖ ਉਹ ਅੰਦਰ ਈ ਆ ਰਹੀ ਹੈ ਆਪਣੇ ਪੋਤਰੇ ਦੇ ਨਾਲ |'
ਉਹ ਦੋਵੇਂ ਚੁੱਪ ਹੋ ਜਾਂਦੀਆਂ ਹਨ |
ਉਹ ਉਨ੍ਹਾਂ ਦੇ ਕਰੀਬ ਆਉਂਦੀ ਹੈ ਤੇ ਪੁੱਛਦੀ ਹੈ, 'ਤੁਸੀਂ ਪਿਛੋਂ ਕਿਥੋਂ ਦੇ ਹੋ?'

-ਬੀ-111, ਪ੍ਰੀਤ ਵਿਹਾਰ, ਦਿੱਲੀ-92.
ਮੋਬਾਈਲ : 088604-02997.

ਝੁਲਸ ਰਹੇ ਫੁੱਲ

ਸ਼ਾਮੀਂ ਮੂੰਹ ਕੌੜਾ ਕਰਕੇ ਛੁਪਾਉਣ ਦੀ ਆਦਤ ਤੋਂ ਮਜਬੂਰ ਪਿੱਪਲ ਸਿੰਘ ਆਪਣੀ ਵਾਸਕਟ ਦੀ ਜੇਬ ਵਿਚ ਛੋਟੀਆਂ ਲਾਚੀਆਂ ਤੇ ਟੌਫੀਆਂ ਤਾਂ ਆਮ ਹੀ ਰੱਖਦਾ ਸੀ ਪਰ ਅਜਿਹਾ ਕੋਈ ਮੌਕਾ ਹੀ ਲੰਘਿਆ ਹੋਊ ਜਦੋਂ ਉਹ ਘਰੇ ਆਉਂਦਾ ਹੀ ਫੜਿਆ ਨਾ ਜਾਂਦਾ, ਕਿਉਂਕਿ ਮੂੰਹ ਨੂੰ ਮਗਰੋਂ ਲੱਗਦੀ ਸੀ ਕਿ ਆਪ-ਮੁਹਾਰੇ ਹੀ ਉਹਦੀ ਬੋਲ-ਚਾਲ ਦਾ ਅੰਦਾਜ਼ ਬਦਲਦਿਆਂ ਹੀ ਘਰ ਵਾਲੇ ਜਾਣ ਜਾਂਦੇ | ਕਿਸੇ ਤਕਲੀਫ ਕਰਕੇ ਡਾਕਟਰ ਪਿੱਪਲ ਸਿੰਘ ਨੂੰ ਪੀਣੋਂ ਵਰਜਦੇ ਸਨ, ਜਿਸ ਕਰਕੇ ਘਰਦਿਆਂ ਦੀ ਨਿਗ੍ਹਾਹ ਉਸ 'ਤੇ ਰਹਿੰਦੀ ਸੀ | ਅੱਜ ਨਹੀਂ ਕਿਸੇ ਨੂੰ ਪਤਾ ਲੱਗਣ ਦੇਣਾ, ਨਾ ਹੀ ਮੈਂ ਅੱਜ ਗੱਲਬਾਤ ਵਿਚ ਕੋਈ ਫਰਕ ਪੈਣ ਦੇਣੈ, ਸ਼ਾਮੀਂ ਮੰਡੀਓਾ ਘਰੇ ਆਉਂਦਾ ਉਹ ਸਾਰੇ ਰਾਹ ਸੋਚਦਾ ਆਇਆ ਤੇ ਚੁੱਪ-ਚਪੀਤਾ ਆ ਕੇ ਵਿਹੜੇ ਵਿਚ ਡੱਠੇ ਮੰਜੇ 'ਤੇ ਬਹਿ ਗਿਆ | ਸ਼ਾਮੀਂ ਸਹੁਰਿਆਂ ਤੋਂ ਆਈ ਤਾਰੋ ਨੂੰ ਆਪਣੇ ਵੱਲ ਮਿਲਣ ਆਉਂਦੀ ਵੇਖ ਖੁਸ਼ੀ ਵਿਚ ਫਿਰ ਉਹਦੇ ਮੂੰਹੋਂ ਉਸੇ ਸੁਰ 'ਚ ਨਿਕਲਿਆ ਕੋਈ ਸ਼ਬਦ ਸੁਣਦਿਆਂ ਹੀ ਤਾਰੋ ਹਕੀਕਤ ਜਾਣ ਗਈ | ਬਾਪੂ ਤੈਨੂੰ ਡਾਕਟਰਾਂ ਨੇ ਕਿੰਨਾ ਰੋਕਿਆ ਏ ਤੂੰ ਫਿਰ | ਤੂੰ ਆਪਣੀ ਸੁੱਖ-ਸਾਂਦ ਬਾਰੇ ਦੱਸਣ ਤੋਂ ਪਹਿਲਾਂ ਹੀ ਮੇਰੀ ਤਫਤੀਸ਼ ਸ਼ੁਰੂ ਕਰ 'ਤੀ | ਆ ਬਹਿ ਜਾ ਮੰਜੇ 'ਤੇ ਦੱਸ ਕਦੋਂ ਕੁ ਆਈ ਏਾ ਧੀਏ, ਉਥੇ ਸਭ ਸੁੱਖ-ਸਾਂਦ ਏ , ਬੂਟਾ ਸਿਹੁੰ ਵੀ ਆਇਆ ਕਿ ਨਹੀਂ, ਹੁਣ ਤਾਂ ਚੜ੍ਹਦੀ ਕਲਾ 'ਚ ਏ ਨਾ, ਵਿਚਾਰਾ ਬੜਾ ਢਿੱਲਾ ਰਿਹੈ? ਕਈ ਸਵਾਲ ਪਿੱਪਲ ਸਿੰਘ ਨੇ ਇਕੋ ਸਾਹੇ ਕਰ ਦਿੱਤੇ | ਕਾਹਦਾ ਠੀਕ ਏ ਬਾਪੂ ਜਿਵੇਂ ਕਹਿੰਦੇ ਨੇ ਕਦੇ ਤੁੜਕੇ ਤੇ ਕਦੇ ਲੁੜ੍ਹਕੇ ਵਾਲਾ ਹਾਲ ਏ | ਦਿਨ ਭਰ ਡਿਗੂੰ-ਡਿਗੂੰ ਬੜਾ ਸਮਝਾਉਂਦੇ ਆਂ ਕੁਝ ਨਹੀਂ ਖਾਨੇ ਪੈਂਦੀ | ਅੱਛਾ, ਡਾਕਟਰ ਭਲਾ ਕੀ ਕਹਿੰਦੇ ਨੇ? ਉਹੀ ਜੋ ਤੈਨੂੰ ਕਹਿੰਦੇ ਨੇ, ਤਾਰੋ ਦਾ ਜਵਾਬ ਸੁਣ ਕੇ ਕੇਰਾਂ ਤਾਂ ਪਿੱਪਲ ਸਿੰਘ ਸੋਚੀਂ ਪੈ ਗਿਆ, ਫਿਰ ਬੋਲਿਆ ਮੈਂ ਆਊਾ ਤੇਰੇ ਕੋਲ, ਸਮਝਾਊਾ ਉਹਨੂੰ ਪਈ ਭਲਿਆ ਲੋਕਾ ਦੁੱਧ, ਦਹੀਂ, ਲੱਸੀ ਤੇ ਹੋਰ ਰੱਬ ਦੀਆਂ ਦਿੱਤੀਆਂ ਨਿਆਮਤਾਂ ਛੱਡ ਕੇ ਜ਼ਹਿਰ 'ਚ ਕੀ ਰੱਖਿਆ ਏ | ਠੀਕ ਏ ਬਾਪੂ ਕਹਿੰਦੀ ਹੋਈ ਤਾਰੋ ਕਿਸੇ ਡੂੰਘੀ ਸੋਚ ਵਿਚ ਗੁਆਚ ਗਈ | ਤੈਂ ਕੀ ਸਮਝਾਉਣਾ ਏਾ ਬਾਪੂ, ਤੂੰ ਤਾਂ ਆਥਣੇ ਆਪ ਭਾਲਣ ਲੱਗ ਪੈਨਾ ਏਾ | ਮੇਰੀ ਤਾਂ ਉਸ ਸੱਚੇ ਪਾਤਸ਼ਾਹ ਅੱਗੇ ਸਾਹ-ਸਾਹ ਏਹੀ ਅਰਦਾਸ ਏ, ਰੱਬ ਜੀ ਸਮੱਤ ਬਖਸ਼ੋ ਕਿਤੇ ਸੰਭਲ ਜਾਵੇ ਨਸ਼ਿਆਂ 'ਚ ਗਰਕਦੀ ਜਾ ਰਹੀ ਜਵਾਨੀ, ਬਚ ਜਾਣ ਭਲਾ ਜੇ ਬਜ਼ੁਰਗਾਂ ਦੀਆਂ ਡੰਗੋਰੀਆਂ, ਨਹੀਂ ਤਾਂ ਉਹ ਵਿਚਾਰੇ ਕਾਹਦੇ ਸਹਾਰੇ ਦਿਨ-ਕਟੀ ਕਰਨਗੇ?

-ਸਾਹਨੇਵਾਲ | ਮੋਬਾ : 98144-51558

ਤੀਰ ਤੁੱਕਾ: ਖੜਾਕ ਤਾਂ ਸੀ ਪਰ ਉਹ ਨਹੀਂ ਸੀ

ਮੇਰੇ ਤੋਂ ਪੰਦਰਾਂ ਸਾਲ ਵਡੇਰਾ ਮੇਰਾ ਦੋਸਤ ਅੱਖਾਂ ਵਿਚ ਹੰਝੂ ਭਰਕੇ ਮੈਨੂੰ ਦੱਸ ਰਿਹਾ ਸੀ, 'ਮੇਰੇ ਮਨ ਤੇ ਬਹੁਤ ਵੱਡਾ ਬੋਝ ਹੈ ਕਿ ਮੈਂ ਮਾਪਿਆਂ ਦੇ ਜਿਉਂਦੇ ਜੀਅ, ਉਨ੍ਹਾਂ ਦੀ ਸੇਵਾ ਨਹੀਂ ਕਰ ਸਕਿਆ ਸਗੋਂ ਦੁਰਕਾਰਦਾ ਰਿਹਾ ਹਾਂ' | ਉਸ ਦੀਆਂ ਗਿੱਲੀਆਂ ਅੱਖਾਂ ਵਿਚ ਮੈਂ ਡੂੰਘੇ ਪਸਰੇ ਪਛਤਾਵੇ ਨੂੰ ਸਾਫ਼ ਦੇਖ ਰਿਹਾ ਸੀ | ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ | ਸੱਚ ਦੱਸਾਂ ਮੈਨੂੰ ਬੜਾ ਹੀ ਘਟਾਅ ਮਹਿਸੂਸ ਹੋਇਆ ਕਿ ਮੈਂ ਅਜਿਹੇ ਵਿਅਕਤੀ ਨੂੰ ਦੋਸਤ ਕਹਿ ਰਿਹਾ ਹਾਂ ਜੋ ਆਪਣੇ ਮਾਪਿਆ ਦਾ ਦਾ ਹੀ ਸਕਾ ਨਾ ਬਣਿਆ | ਬੱਚਿਆਂ ਦੀ ਹਰ ਖ਼ਾਹਿਸ਼ ਨੂੰ ਪੂਰਾ ਕਰਨ ਲਈ ਟਿੱਲ ਲਾਉਣ ਵਾਲੇ ਮਾਪੇ ਬੁਢਾਪੇ ਵਿਚ ਰੁਲਦੇ ਦੇਖੇ ਨਹੀਂ ਜਾਂਦੇ |
ਮੇਰੀ ਮਾਂ ਨੂੰ ਵਿਛੜਿਆਂ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਜਦੋਂ ਵੀ ਮੈਂ ਆਪਣੇ ਕਮਰੇ ਵਿਚ ਬੈਠਦਾ ਹਾਂ, ਤਾਂ ਕਦੇ ਕਦੇ ਮਾਂ ਦੇ ਕਦਮਾਂ ਦਾ ਖੜਾਕ,ਮਾਂ ਦੇ ਬੋਲਾਂ ਦਾ ਅਹਿਸਾਸ ਹੁੰਦਾ ਹੈ | ਮੈਂ ਤੁਰੰਤ ਧੌਣ ਘੁੰਮਾ ਦਰਵਾਜ਼ੇ ਵੱਲ ਦੇਖਦਾ ਹਾਂ, ਖੜਾਕ ਤਾਂ ਹੁੰਦਾ ਹੈ ਪਰ ਹੁਣ ਵਿਹੜੇ ਵਿਚ ਮਾਂ ਨਹੀਂ ਹੁੰਦੀ, ਉਸ ਦੇ ਬੋਲ ਨਹੀਂ ਹੁੰਦੇ | ਭੁਲੇਖਿਆਂ ਵਿਚ ਜ਼ਿੰਦਗੀ ਨਿਕਲ ਰਹੀ ਹੈ | ਹਰ ਵਰ੍ਹੇ ਜਨਮ ਦਿਨ ਤੇ ਉਸ ਵਲੋਂ ਦਿੱਤੀ ਜਾਣ ਵਾਲੀ ਅਸੀਸ ਹੁਣ ਮਨਫ਼ੀ ਹੋ ਗਈ ਹੈ | ਮਾਪਿਆਂ ਬਿਨਾਂ ਬਣੇ ਖ਼ਲਾਅ ਵਿਚੋਂ ਮੈਂ ਨਿਕਲਣ ਦਾ ਯਤਨ ਕਰਦਾ ਹਾਂ, ਪਰ ਨਹੀਂ ਇਹ ਸੰਭਵ ਨਹੀਂ ਹੈ | ਬਿਰਧ ਆਸ਼ਰਮ ਵਿਚ ਜਾ ਕੇ ਬਜ਼ੁਰਗਾਂ ਨੂੰ ਮਿਲਦਾ ਹਾਂ,ਫਿਰ ਇਹ ਸੋਚ ਕੇ ਮਨ ਹੋਰ ਵੀ ਦੁਖੀ ਹੋ ਜਾਂਦਾ ਹੈ ਕਿ ਉਹ ਕਿਹੜੇ ਲੋਕ ਹਨ ਜੋ ਮਾਪਿਆਂ ਨੂੰ ਇੱਥੇ ਛੱਡ ਗਏ ਹਨ, ਜਿਉਂਦੇ-ਜਾਗਦੇ |

-ਕ੍ਰਿਸ਼ਨਾ ਕਾਲੋਨੀ ਗੁਰਾਇਆ, ਜ਼ਿਲ੍ਹਾ ਜਲੰਧਰ |
ਫ਼ੋਨ-9417058020

ਭੜਥਾ

ਮੀਤੇ ਤੇ ਚੰਨੋ ਦੀ ਜੋੜੀ ਵੀ ਰੱਬ ਨੇ ਖੂਬ ਬਣਾਈ ਸੀ, ਜਿਥੇ ਮੀਤਾ ਖਾਣ ਦਾ ਸ਼ੌਕੀਨ ਸੀ ਉਥੇ ਹੀ ਚੰਨੋ ਨੂੰ ਪਕਾਉਣ-ਬਣਾਉਣ ਦਾ ਸਲੀਕਾ ਸੀ | ਉਂਜ ਮੀਤਾ ਹੌਲੇ ਦਿਮਾਗ ਦਾ ਸੀ ਤੇ ਭੁਲੱਕੜ ਸੀ | ਮੀਤੇ ਦੇ ਸਹੁਰੇ ਤਾਂ ਕੋਈ ਦੂਰ ਨਹੀਂ ਸੀ ਪਰ ਉਦੋਂ ਹੁਣ ਵਾਂਗ ਕਾਰਾਂ-ਮੋਟਰਾਂ ਨਹੀ ਹੁੰਦੀਆਂ ਸਨ, ਇਸ ਕਰਕੇ ਤੁਰ ਕੇ ਹੀ ਜਾਣਾ ਪੈਂਦਾ ਸੀ |
ਇਕ ਵਾਰ ਮੀਤਾ ਸਹੁਰੇ ਗਿਆ, ਮੀਤੇ ਦੀ ਸੱਸ ਨੇ ਖੂਬ ਸੇਵਾ ਕੀਤੀ, ਮੀਤੇ ਨੇ ਜੋ ਸਬਜ਼ੀ ਖਾਧੀ ਉਹ ਬਹੁਤ ਸਵਾਦੀ ਲੱਗੀ | ਮੀਤੇ ਨੇ ਝਕਦੇ-ਝਕਦੇ ਪੁੱਛ ਹੀ ਲਿਆ ਕਿ ਸਬਜ਼ੀ ਕਾਹਦੀ ਹੈ, ਪਹਿਲਾਂ ਤਾਂ ਕਦੇ ਨਹੀਂ ਖਾਧੀ | ਸੱਸ ਨੇ ਦੱਸਿਆ ਕਿ ਇਹ ਭੜਥਾ ਹੈ, ਚੰਨੋ ਬਹੁਤ ਵਧੀਆ ਬਣਾ ਲੈਂਦੀ ਹੈ | 'ਮੈਨੂੰ ਤਾਂ ਕਦੇ ਬਣਾ ਕੇ ਨਹੀ ਖਵਾਇਆ', ਮੀਤੇ ਨੇ ਅੰਦਰੋਂ-ਅੰਦਰੀ ਗੁੱਸਾ ਕਰਦਿਆਂ ਕਹਿ ਦਿੱਤਾ | ਹੁਣ ਮੀਤੇ ਨੂੰ ਕਾਹਲੀ ਪੈਣ ਲੱਗ ਪਈ ਕਿ ਕਿਹੜੇ ਵੇਲੇ ਘਰ ਜਾ ਕੇ ਚੰਨੋ ਦੇ ਹੱਥ ਦਾ ਬਣਿਆ ਭੜਥਾ ਖਾਵੇ |
ਸੱਸ ਤੋਂ ਇਜਾਜ਼ਤ ਲੈ ਕੇ ਮੀਤਾ ਪਿੰਡੋਂ ਨਿਕਲਦੇ ਹੀ ਦੁੜਕੀ ਪੈ ਗਿਆ | ਹਰ ਕਦਮ ਨਾਲ ਮੰੂਹ 'ਚੋਂ 'ਭੜਥਾ-ਭੜਥਾ' ਕਹਿੰਦਾ ਭੱਜਿਆ ਜਾਵੇ ਕਿਤੇ ਭੜਥੇ ਦਾ ਨਾਂਅ ਹੀ ਨਾ ਭੁੱਲ ਜਾਵੇ | ਰਾਹ ਵਿਚ ਪਾਣੀ ਦੀ ਖਾਲ (ਆੜ) ਆ ਗਈ | ਛਾਲ ਮਾਰ ਕੇ ਟੱਪਣ ਲੱਗੇ ਦੇ ਮੂੰਹੋਂ ਨਿਕਲ ਗਿਆ 'ਹੁੰਬਲਾ' | ਹੁਣ ਫਿਰ ਮੀਤਾ ਦੁੜਕੀ ਪੈ ਗਿਆ ਪਰ ਭੜਥੇ-ਭੜਥੇ ਦੀ ਜਗਾਹ ਮੂੰਹ 'ਚੋਂ 'ਹੁੰਬਲਾ-ਹੁੰਬਲਾ' ਕਹੀ ਜਾਵੇ | ਭੜਥੇ ਦਾ ਨਾਂਅ ਹੀ ਭੁੱਲ ਗਿਆ | ਹੁੰਬਲਾ-ਹੁੰਬਲਾ ਕਰਦੇ ਘਰ ਪਹੁੰਚਿਆ, ਆਉਂਦੇ ਹੀ ਚੰਨੋ ਨੂੰ ਕਹਿਣ ਲੱਗਾ ਹੁੰਬਲਾ ਬਣਾ ਜਲਦੀ | ਚੰਨੋ ਸੁੱਖ-ਸਾਂਦ ਪੁੱਛੇ, ਮੀਤਾ ਕਹੇ ਹੁੰਬਲਾ ਬਣਾ ਕੇ ਦੇ | ਹੁਣ ਮੀਤਾ ਕਹੇ ਹੁੰਬਲਾ ਬਣਾ,ਚੰਨੋ ਕਹੇ ਮੈਨੂੰ ਬਣਾਉਣਾ ਨਹੀਂ ਆਉਂਦਾ | ਘਰ 'ਚ ਕਲੇਸ਼ ਪੈ ਗਿਆ | ਮੀਤਾ ਕਹੇ ਤੇਰੀ ਮਾਂ ਨੇ ਮੈਨੂੰ ਬਣਾ ਕੇ ਖਵਾਇਆ ਨਾਲੇ ਕਹਿੰਦੀ ਸੀ ਚੰਨੋ ਨੂੰ ਬਣਾਉਣਾ ਆਉਂਦਾ | ਪਰ ਚੰਨੋ ਸੌਾਹਾਂ ਖਾਵੇ ਕਿ ਉਹਨੂੰ ਕੋਈ ਹੁੰਬਲਾ ਬਣਾਉਣਾ ਨਹੀਂ ਆਉਂਦਾ | ਦੁਖੀ ਤੇ ਖਿਝਿਆ ਮੀਤਾ ਧੌਲ-ਧੱਫੇ 'ਤੇ ਆ ਗਿਆ | ਮੀਤੇ ਨੇ ਕੁੱਟ-ਕੁੱਟ ਚੰਨੋ ਅੱਧ-ਮਰੀ ਕਰਤੀ,ਚੀਕ-ਚਿਹਾੜਾ ਸੁਣ ਕੇ ਆਂਢ-ਗੁਆਂਢ ਇਕੱਠਾ ਹੋ ਗਿਆ |
'ਕੀ ਹੋਇਆ', ਦਾ ਰੌਲਾ ਪੈ ਗਿਆ |
ਮੀਤਾ ਕਹੇ ਮੈਨੂੰ ਹੁੰਬਲਾ ਨਹੀਂ ਬਣਾ ਕੇ ਦਿੰਦੀ | ਲੋਕ ਚੰਨੋ ਨੂੰ ਕਹਿਣ ਨੀ ਬਣਾ ਦੇ |
ਚੰਨੋ ਪਿੱਟਣ ਲੱਗ ਪਈ, 'ਹਾਏ ਓਏ ਰੱਬਾ! ਨੀ ਮੈਂ ਇਹਨੂੰ ਕਿਹੜਾ ਹੁੰਬਲਾ ਬਣਾ ਕੇ ਦੇਵਾਂ | ਇਹਨੇ ਤਾਂ ਕੁੱਟ-ਕੁੱਟ ਕੇ ਮੇਰਾ ਭੜਥਾ ਬਣਾ ਦਿੱਤਾ |'
ਮੀਤਾ ਇਕਦਮ ਬੋਲ ਪਿਆ, 'ਆਹੋ-ਆਹੋ, ਇਹੋ ਭੜਥਾ ਬਣਾ ਕੇ ਦੇਹ |' ਮੀਤੇ ਨੂੰ ਚੇਤਾ ਆ ਗਿਆ |
ਆਏ ਲੋਕਾਂ ਦਾ ਹੱਸ-ਹੱਸ ਬੁਰਾ ਹਾਲ ਹੋ ਗਿਆ | ਚੰਨੋ ਦਾ ਵੀ ਰੋਂਦੀ-ਰੋਂਦੀ ਦਾ ਹਾਸਾ ਨਿਕਲ ਗਿਆ |
ਰੋਂਦੀ-ਹੱਸਦੀ ਚੰਨੋ ਨੇ ਭੜਥਾ ਬਣਾ ਕੇ ਮੀਤੇ ਅੱਗੇ ਲਿਆ ਰੱਖਿਆ |
ਹੁਣ ਨਾਲੇ ਭੁਲੱਕੜ ਮੀਤਾ ਖਾਵੇ ਨਾਲੇ ਚੰਨੋ ਨੂੰ ਮਨਾਵੇ |

-(ਜਲੰਧਰ) ਮੋਬਾਈਲ : 9855053839.

ਕਾਵਿ-ਵਿਅੰਗ: ਧੂੜ 'ਚ ਟੱਟੂ

• ਨਵਰਾਹੀ ਘੁਗਿਆਣਵੀ •
ਕੋਈ ਕਿਸੇ ਦੀ ਗੱਲ ਨਾ ਸੁਣੇ ਚੰਗੂੰ,
ਟੱਟੂ ਧੂੜ ਦੇ ਵਿਚ ਭਜਾਈ ਫਿਰਦੇ |
ਇਕ-ਦੂਜੇ ਨੂੰ ਕੋਸਦੇ ਰਹਿਣ ਹਰਦਮ,
ਤਾਅ ਮੁੱਛਾਂ ਨੂੰ ਖ਼ੂਬ ਚੜ੍ਹਾਈ ਫਿਰਦੇ |
ਬਹਿ ਕੇ ਸ਼ਾਂਤੀ ਨਾਲ ਨਾ ਗੱਲ ਕਰਦੇ,
ਬਿਨਾਂ ਵਜ੍ਹਾ ਕ੍ਰੋਧ ਵਧਾਈ ਫਿਰਦੇ |
ਵਾਂਙ ਛੱਤਰੇ ਮਾਰਦੇ ਢੁੱਡ ਮੂਰਖ,
ਪੂਛ ਆਪਣੀ ਉਤਾਂਹ ਉਠਾਈ ਫਿਰਦੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਚਾਬੀ

ਤਾਲਾ ਤਾਂ ਤਾਲਾ | ਛੋਟਾ ਜਾਂ ਵੱਡਾ | ਚੀਜ਼ ਭਲੇ ਵੇਲੇ ਦੀ ਭਲੀ, ਆਪਣੇ ਨਾਂਅ ਤੋਂ |
ਉਹ ਦਫ਼ਤਰ ਛੱਡਣ ਤੋਂ ਪਹਿਲਾਂ ਹਰ ਰੋਜ਼ ਆਪਣੀ ਮੇਜ਼ ਨਾਲ ਲੱਗੇ ਇਕ ਛੋਟੇ ਜਿਹੇ ਦਰਾਜ ਨੂੰ ਤਾਲਾ ਲਾ ਕੇ ਆਉਂਦਾ | ਉਹ ਦੂਜਿਆਂ ਦੀ ਨਜ਼ਰ ਤੋਂ ਬਚਾਅ ਆਪਣੇ ਸੁਭਾਅ ਮੁਤਾਬਿਕ ਉਸ ਨੂੰ ਖਿੱਚ-ਖਿੱਚ, ਟੋਹ-ਟੋਹ ਵਾਰ-ਵਾਰ ਦੇਖਦਾ |
ਇਕ ਦਿਨ ਕਿਸੇ ਕਾਰਨ ਤਾਲਾ ਖੁੱਲ੍ਹਾ ਰਹਿ ਗਿਆ | ਅਜੇ ਉਹ ਦਫ਼ਤਰ ਪਹੁੰਚਿਆ ਹੀ ਸੀ ਕਿ ਬਿਨਾਂ ਸੋਚੇ ਸਮਝੇ ਘਬਰਾਹਟ 'ਚ ਰੌਲਾ ਪਾਉਣ ਲੱਗ ਪਿਆ | ਉਸ ਵੱਲ ਵੇਖੇ ਤਾਂ ਕੌਣ? ਉਸ ਦੀ ਸੁਣੇ ਤਾਂ ਕੌਣ? ਵਿਚਾਰਾ ਬੇਵੱਸ ਚੁੱਪ-ਚਾਪ ਆਪਣੀ ਸੀਟ 'ਤੇ ਜਾ ਬੈਠਾ, ਕਿਉਂਕਿ ਉਸ ਨੂੰ ਸਮਝਾਉਣ ਵਾਲਾ ਕੋਈ ਹੋਰ ਨਹੀਂ ਸੀ | ਆਪਣੀ ਮਰਜ਼ੀ ਦਾ ਮਾਲਕ ਆਪ ਸੀ ਉਹ |
ਉਸ ਨੇ ਲਏ ਦਰਾਜ ਉਤੇ ਇਕ ਠੋਸ ਤਾਲਾ ਜੜ੍ਹ ਦਿੱਤਾ |
ਕੁਦਰਤ ਨੇ ਤਾਲੇ ਦੀ ਵੀ ਕੀ ਬਨਾਵਟ ਬਣਾਈ ਐ? ਪਹਿਲਾਂ ਤਾਂ ਅਸੀਂ ਉਸ ਨੂੰ ਲਗਾ ਦਿੰਦੇ ਹਾਂ | ਮਗਰੋਂ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਾਂ | ਕਿਤੇ ਖੁੱਲ੍ਹਾ ਤਾਂ ਨ੍ਹੀਂ | ਬਾਅਦ ਵਿਚ ਉਸ ਦਾ ਦੋਸ਼ ਦੂਜਿਆਂ 'ਤੇ ਮੜ੍ਹ ਦਿੰਦੇ ਹਾਂ | ਜਦੋਂ ਕਿ ਉਸ ਦੀ ਚਾਬੀ ਆਪਣੇ ਹੱਥਾਂ 'ਚ ਹੈ |

ਪਿਤਾ ਦੇ ਆਖਰੀ ਬੋਲ

ਅਸੀਂ ਹੁਣ ਜ਼ਿਆਦਾ ਦਿਨ ਨੀ ਜੀਣਾ ਵੀਰੋ | ਹਰਪਾਲ ਦੇ ਬਾਹਰ ਚਲੇ ਜਾਣ ਪਿਛੋਂ ਇਹ ਘਰ ਸੰੁਨਾ-ਸੰੁਨਾ ਲੱਗਣੈ, ਕੋਈ ਨਹੀਂ ਹੋਣਾ ਸਾਨੂੰ ਤੇ ਇਸ ਘਰ ਨੂੰ ਸਾਂਭਣ ਵਾਲਾ | ਹਰਪਾਲ ਮਜਬੂਰ ਜਾਂ ਤਾਂ ਆਪਣੀ ਪਤਨੀ ਤੇ ਬੱਚਿਆਂ ਕੋਲ ਜਾ ਕੇ ਕੈਨੇਡਾ ਰਹੇ ਜਾਂ ਪਿੰਡ 'ਚ ਰਹਿੰਦੇ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਕਰੇ | ਪਿਤਾ ਦੀ ਮੌਤ ਤੋਂ ਬਾਅਦ ਵੀਰੋ ਦੇ ਕੰਨਾਂ ਵਿਚ ਉਸ ਵਲੋਂ ਕਹੇ ਆਖਰੀ ਬੋਲ ਗੰੂਜਦੇ ਰਹੇ ਅਤੇ ਦਿਨ-ਰਾਤ ਬੇਚੈਨ ਕਰਦੇ ਰਹੇ ਤੇ ਹਰ ਪਲ ਰੁਆਉਂਦੇ |

-ਸੈਕਟਰ-3, ਤਲਵਾੜਾ ਟਾਊਨਸ਼ਿਪ, ਹੁਸ਼ਿਆਰਪੁਰ | ਮੋਬਾਈਲ : 99146-10729.

ਬੇਰੁਜ਼ਗਾਰ ਤੇ ਮੰਗਤਾ

ਰੋਜ਼ਾਨਾ ਦੀ ਤਰ੍ਹਾਂ ਇਕ ਮੰਗਤਾ ਬੱਸ ਵਿਚ ਬੈਠੀਆਂ ਸਵਾਰੀਆਂ ਤੋਂ ਪੈਸੇ ਮੰਗਣ ਲੱਗਿਆ | ਦੀਵਾਲੀ ਦਾ ਤਿਉਹਾਰ ਹੋਣ ਕਾਰਨ ਉਸ ਦਿਨ ਉਹ ਤਿਉਹਾਰ ਦਾ ਹਵਾਲਾ ਦੇ ਕੇ ਹਰੇਕ ਨੂੰ ਕੁਝ ਨਾ ਕੁਝ ਰੁਪਏ ਦੇਣ ਲਈ ਕਹਿ ਰਿਹਾ ਸੀ ਤਾਂ ਏਨੇ ਨੂੰ ਉਹ ਦੋ ਨੌਜਵਾਨਾਂ ਕੋਲ ਪਹੁੰਚਿਆ ਜੋ ਦੇਖਣ ਨੂੰ ਪੜ੍ਹਾਈ ਕਰਨ ਵਾਲੇ ਲੱਗਦੇ ਸਨ | ਉਨ੍ਹਾਂ ਕੋਲ ਆ ਕੇ ਜੋ ਰੁਪਏ ਮੰਗ ਕੇ ਇਕੱਤਰ ਕੀਤੇ ਹੋਏ ਸਨ ਉਨ੍ਹਾਂ ਨੂੰ ਦਿਖਾ ਕੇ ਕਹਿਣ ਲੱਗਾ ਤੁਸੀਂ ਵੀ ਦਿਓ ਕੁਝ ਨਾ ਕੁਝ | ਤਾਂ ਇਕ ਲੜਕੇ ਨੇ ਕਿਹਾ ਕਿ 'ਅਸੀਂ ਤਾਂ ਅਜੇ ਬੇਰੁਜ਼ਗਾਰ ਹਾਂ ਤੇ ਮਹਿੰਗੀਆਂ ਫ਼ੀਸਾਂ ਦੇ ਕੇ ਪੜ੍ਹਾਈਆਂ ਕਰ ਰਹੇ ਹਾਂ, ਜੋ ਤੁਹਾਡੇ ਕੋਲ ਪੈਸੇ ਇਕੱਠੇ ਕੀਤੇ ਹੋਏ ਹਨ ਉਨ੍ਹਾਂ 'ਚੋਂ ਕੁਝ ਸਾਨੂੰ ਦੇ ਦਿਓ, ਅਸੀਂ ਬੱਸ ਦਾ ਕਿਰਾਇਆ ਲਾ ਲਵਾਂਗੇ |' ਇਹ ਸੁਣ ਮੰਗਤਾ ਰਫ਼ੂ ਚੱਕਰ ਹੋ ਗਿਆ | ਉਹ ਦੋਵੇਂ ਜਣੇ ਆਪਸ 'ਚ ਗੱਲਾਂ ਕਰਨ ਲੱਗੇ ਕਿ ਮੰਗਤਿਆਂ ਦੀ ਗਿਣਤੀ ਵਧੇਰੇ ਹੋ ਗਈ | ਹਰ ਰੋਜ਼ ਹੀ ਦੋ-ਤਿੰਨ ਤਾਂ ਮਿਲ ਹੀ ਜਾਂਦੇ ਹਨ |
ਦੂਸਰਾ ਕਹਿਣ ਲੱਗਾ ਕਿ, 'ਲਗਦਾ ਆਪਣੇ ਨਾਲੋਂ ਤਾਂ ਇਹੀ ਚੰਗੇ ਹਨ, ਜਿਹੜੇ ਬਿਨ੍ਹਾਂ ਪੜ੍ਹੇ-ਲਿਖੇ ਤੇ ਬਿਨ੍ਹਾਂ ਕੁਝ ਲੱਗੇ ਰੁਪਏ ਕਮਾ ਰਹੇ ਹਨ ਤੇ ਆਪਾਂ ਹਜ਼ਾਰਾਂ ਰੁਪਏ ਲਗਾ ਕੇ ਪੜ੍ਹਾਈਆਂ ਕਰਦੇ ਰਹਿ ਜਾਂਦੇ ਹਾਂ ਤੇ ਰੁਜ਼ਗਾਰ ਪੱਲੇ ਫਿਰ ਵੀ ਨਹੀਂ ਪੈਂਦਾ |'

-ਮੋਬਾਈਲ : 97810-48055.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX