ਤਾਜਾ ਖ਼ਬਰਾਂ


ਦਰਦਨਾਕ ਸੜਕ ਹਾਦਸੇ ਦੌਰਾਨ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  1 minute ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  29 minutes ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਪ੍ਰਿਅੰਕਾ ਗਾਂਧੀ ਅੱਜ ਜਾਣਗੇ ਸੋਨਭੱਦਰ
. . .  about 1 hour ago
ਲਖਨਊ, 19 ਜੁਲਾਈ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਸੋਨਭੱਦਰ ਜਾਣਗੇ, ਜਿੱਥੇ ਕਿ ਉਹ ਜ਼ਮੀਨੀ ਵਿਵਾਦ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ...
ਪਸ਼ੂ ਚੋਰੀ ਦੇ ਸ਼ੱਕ 'ਚ ਲੋਕਾਂ ਵੱਲੋਂ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 1 hour ago
ਪਟਨਾ, 19 ਜੁਲਾਈ - ਬਿਹਾਰ ਦੇ ਸਾਰਨ 'ਚ ਪੈਂਦੇ ਬਨਿਆਪੁਰ ਵਿਖੇ ਪਸ਼ੂ ਚੋਰੀ ਕਰਨ ਦੇ ਸ਼ੱਕ 'ਚ ਲੋਕਾਂ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਅੱਜ ਮੀਟਿੰਗ ਨਹੀ - ਬੀ.ਸੀ.ਸੀ.ਆਈ
. . .  about 1 hour ago
ਮੁੰਬਈ, 19 ਜੁਲਾਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦਾ ਕਹਿਣਾ ਹੈ ਕਿ ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਮੁੰਬਈ 'ਚ ਅੱਜ ਮੀਟਿੰਗ...
ਅਸਮ 'ਚ ਐਨ.ਆਰ.ਸੀ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 1 hour ago
ਨਵੀਂ ਦਿੱਲੀ, 19 ਜੁਲਾਈ - ਅਸਮ 'ਚ ਐਨ.ਆਰ.ਸੀ ਮਾਮਲੇ 'ਚ ਕੇਂਦਰ ਤੇ ਅਸਮ ਸਰਕਾਰ ਦੀਆਂ ਅਰਜ਼ੀਆਂ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ...
ਕੁਮਾਰਸਵਾਮੀ ਅੱਜ ਦੁਪਹਿਰ ਤੱਕ ਸਾਬਤ ਕਰਨਗੇ ਬਹੁਮਤ
. . .  1 minute ago
ਬੈਂਗਲੁਰੂ, 19 ਜੁਲਾਈ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ ਕੁਮਾਰਸਵਾਮੀ ਅੱਜ ਦੁਪਹਿਰ ਤੱਕ ਬਹੁਮਤ ਸਾਬਤ ਕਰਨਗੇ। ਰਾਜਪਾਲ ਵਜੁਭਾਈ ਬਾਲਾ ਨੇ ਕੁਮਾਰਸਵਾਮੀ ਨੂੰ ਦੁਪਹਿਰ 1.30 ਵਜੇ ਤੱਕ ਬਹੁਮਤ ਸਾਬਤ ਕਰਨ...
ਨਿਊਜ਼ੀਲੈਂਡ ਦੇ ਕ੍ਰਾਈਸਚਰਚ 'ਚ ਜ਼ੋਰਦਾਰ ਧਮਾਕਾ, 7 ਜ਼ਖਮੀ
. . .  about 1 hour ago
ਆਕਲੈਂਡ, 19 ਜੁਲਾਈ (ਹਰਮਨਪ੍ਰੀਤ ਸਿੰਘ ਸੈਣੀ) - ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਚਰਚ ਵਿਚ ਇਕ ਘਰ ਅੰਦਰ ਹੋਏ ਜ਼ੋਰਦਾਰ ਧਮਾਕੇ ਵਿਚ 7 ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋ...
ਅੱਜ ਦਾ ਵਿਚਾਰ
. . .  about 2 hours ago
ਪਿੰਡ ਰਾਮਪੁਰ ਸੈਣੀਆ ਵਿਖੇ ਤੰਦੂਏ ਹੋਣ ਦੀ ਅਫ਼ਵਾਹ ਨੇ ਉਡਾਈ ਲੋਕਾਂ ਦੀ ਨੀਂਦ
. . .  about 10 hours ago
ਡੇਰਾਬੱਸੀ,18 ਜੁਲਾਈ(ਗੁਰਮੀਤ ਸਿੰਘ)-ਬਰਵਾਲਾ ਸੜਕ ਤੇ ਸਤਿਥ ਪਿੰਡ ਰਾਮ ਪੁਰ ਸੈਣੀਆ ਵਿਖੇ ਦੇਰ ਰਾਤ ਤੇਂਦੁਆ ਵੇਖੇ ਜਾਣ ਦੀ ਅਫ਼ਵਾਹ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਪਿੰਡ ਵਿੱਚ ਗੁੱਗਾ ਮੈੜੀ ਧਾਰਮਿਕ ਸਥਾਨ...
ਹੋਰ ਖ਼ਬਰਾਂ..

ਲੋਕ ਮੰਚ

ਜੀਵਨ ਵਿਚ ਨਵੀਂ ਤਰੰਗ...

ਰੋਜ਼ਾਨਾ ਡਾਇਰੀ ਲਿਖਣਾ ਵੀ ਇਕ ਕਲਾ ਹੈ। ਇਸ ਵਿਚ ਅਸੀਂ ਦਿਨ ਭਰ ਦੇ ਕੀਤੇ ਕਾਰਜ, ਆਪਣੀ ਸੋਚ, ਜਜ਼ਬਾਤ ਅਤੇ ਜੋ ਸਾਡੀ ਪਸੰਦ ਹੈ, ਨਾ ਪਸੰਦ ਹੈ, ਦਰਜ ਕਰਦੇ ਹਾਂ। ਡਾਇਰੀ ਲਿਖਣ ਦਾ ਰੁਝਾਨ ਤਨ ਮਨ ਨੂੰ ਨਵੀਂ ਊਰਜਾ ਵੀ ਪ੍ਰਦਾਨ ਕਰਦਾ ਹੈ। ਅਸੀਂ ਆਪਣੀਆਂ ਭਾਵਨਾਵਾਂ ਅਤੇ ਗਿਲੇ-ਸ਼ਿਕਵੇ ਕਈ ਵਾਰ ਅੰਦਰ ਹੀ ਅੰਦਰ ਦੱਬਦੇ ਰਹਿੰਦੇ ਹਾਂ, ਜੋ ਕਿ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਬਹੁਤ ਹੀ ਖਤਰਨਾਕ ਹੁੰਦੇ ਹਨ। ਦਰਅਸਲ ਰੋਜ਼ਾਨਾ ਡਾਇਰੀ ਲਿਖਣ ਦੀ ਆਦਤ ਸਾਨੂੰ ਆਪਣੇ ਬੱਚਿਆਂ ਵਿਚ ਹੁਣ ਤੋਂ ਹੀ ਪਾਉਣੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦਾ ਬੌਧਿਕ ਵਿਕਾਸ ਇਕ ਚੰਗੀ ਦਿਸ਼ਾ ਵੱਲ ਤੁਰ ਪਵੇਗਾ। ਪੰਜਾਬੀ ਵਿਚ ਜੇਕਰ ਅਸੀਂ ਆਪਣੀ ਨਵੀ ਪੀੜ੍ਹੀ ਨੂੰ ਮਾਹਿਰ ਬਣਾਉਣਾ ਚਾਹੁੰਦੇ ਹਾਂ ਤਾਂ ਉਨ੍ਹਾਂ ਅੰਦਰ ਰੋਜ਼ਾਨਾ ਡਾਇਰੀ ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਨਾਲ ਉਹ ਆਪਣੀ ਭਾਸ਼ਾ ਦੇ ਹੋਰ ਵੀ ਨੇੜੇ ਹੋ ਜਾਣਗੇ।ਵਾਕ ਬਣਤਰ ਤੇ ਸ਼ਬਦਾਂ ਨੂੰ ਕਿੰਜ ਇਸਤੇਮਾਲ ਕਰਨਾ ਹੈ ਉਸ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਣਗੇ। ਉਹ ਆਪਣੀ ਮਾਤ ਭਾਸ਼ਾ ਵਿਚ ਆਪਣੇ ਜਜ਼ਬਾਤ ਪ੍ਰਗਟ ਕਰਨ ਲੱਗ ਪੈਣਗੇ। ਰੋਜ਼ਾਨਾ ਡਾਇਰੀ ਵਿਚ ਉਨ੍ਹਾਂ ਦੇ ਕਾਰਜ ਦਿਨ-ਬ-ਦਿਨ ਦਰਜ ਹੁੰਦੇ ਜਾਣਗੇ, ਤਦ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਵੀ ਜ਼ਿਕਰਯੋਗ ਨਿਖਾਰ ਆਵੇਗਾ। ਬੱਚਾ ਆਪਣੀ ਸੂਝ ਨਾਲ ਆਲੇ-ਦੁਆਲੇ ਨੂੰ ਚੰਗੀ ਤਰ੍ਹਾਂ ਸਮਝਣ ਦੇ ਯਤਨ ਕਰਨ ਲੱਗ ਪੈਂਦਾ ਹੈ। ਘਟਨਾਵਾਂ ਪ੍ਰਤੀ ਬੱਚਿਆਂ ਦਾ ਆਜ਼ਾਦ ਨਜ਼ਰੀਆ ਜਨਮ ਲੈਂਦਾ ਹੈ। ਲਿਖਣ ਲਈ ਪੜ੍ਹਨਾ ਵੀ ਜ਼ਰੂਰੀ ਹੈ। ਇਸ ਨਾਲ ਸਾਡੀ ਸਮਝ ਦੀ ਸਮੱਰਥਾ ਦਾ ਵਿਕਾਸ ਹੁੰਦਾ ਹੈ। ਇਸ ਲਈ ਘਰ ਵਿਚ ਸਾਹਿਤਕ ਤੇ ਬਾਲ ਸਾਹਿਤ ਨਾਲ ਜੁੜੀਆਂ ਪੁਸਤਕਾਂ ਜ਼ਰੂਰ ਲੈ ਕੇ ਆਓ। ਜੇਕਰ ਅਸੀਂ ਜਾਂ ਸਾਡੇ ਬੱਚੇ ਚਾਹੁੰਦੇ ਹਾਂ ਕਿ ਜੀਵਨ ਦੇ ਹਰ ਪਹਿਲੂ ਨੂੰ ਅੰਗ-ਸੰਗ ਮਹਿਸੂਸ ਕਰੀਏ ਤਾਂ ਰੋਜ਼ਾਨਾ ਡਾਇਰੀ ਲਿਖਣੀ ਇਕ ਚੰਗਾ ਸਾਧਨ ਹੈ। ਇਹ ਜੀਵਨ ਨੂੰ ਇਕ ਨਵੀਂ ਤਰੰਗ ਪ੍ਰਦਾਨ ਕਰਦਾ ਹੈ। ਇਸ ਦਾ ਉਪਾਅ ਇਹੋ ਹੈ ਕਿ ਅਸੀਂ ਆਪਣੀਆਂ ਭਾਵਨਾਵਾਂ ਨੂੰ ਨਿੱਜੀ ਡਾਇਰੀ ਵਿਚ ਦਰਜ ਕਰੀਏ। ਡਾਇਰੀ ਲਿਖਣਾ ਸਾਨੂੰ ਆਪਣੇ-ਆਪ ਨਾਲ ਜੋੜਦਾ ਹੈ।

-ਕੋਟ ਈਸੇ ਖਾਂ (ਮੋਗਾ)। ਮੋਬਾ: 94633-84051


ਖ਼ਬਰ ਸ਼ੇਅਰ ਕਰੋ

ਅਜੋਕੇ ਸਮਾਜ ਵਿਚ ਅਧਿਆਪਕ ਦੀ ਭੂਮਿਕਾ

ਅਧਿਆਪਕ ਸਮਾਜ ਦੀ ਨੀਂਹ ਰੱਖਦਾ ਹੈ। ਬੱਚਿਆਂ ਦਾ ਭਵਿੱਖ ਅਧਿਆਪਕ ਦੇ ਹੱਥ ਵਿਚ ਹੁੰਦਾ ਹੈ। ਪੁਰਾਣੇ ਸਮੇਂ ਵਿਚ ਅਧਿਆਪਕ ਬੱਚਿਆਂ ਨੂੰ ਗੁਰੂਕੁਲ ਵਿਚ ਪੜ੍ਹਾਉਂਦੇ ਸੀ। ਬੱਚੇ ਤੇ ਗੁਰੂ ਸਾਰਾ ਦਿਨ ਇਕੱਠੇ ਰਹਿੰਦੇ ਸਨ ਤੇ ਬੱਚੇ ਵਿੱਦਿਆ ਪ੍ਰਾਪਤ ਕਰਦੇ ਸਨ। ਅੱਜ ਦੇ ਸਮੇਂ ਵਿਚ ਬੱਚੇ ਸਕੂਲਾਂ ਵਿਚ ਵਿੱਦਿਆ ਹਾਸਲ ਕਰਨ ਆਉਂਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਧਿਆਪਕਾਂ ਤੋਂ ਸਕੂਲ ਵਿਚ ਹਰ ਤਰ੍ਹਾਂ ਦਾ ਕੰਮ ਲਿਆ ਜਾਂਦਾ ਹੈ। ਬੱਚਿਆਂ ਦੇ ਵਜ਼ੀਫ਼ੇ ਦਾ ਕੰਮ ਅਧਿਆਪਕ ਦੀ ਜ਼ਿੰਮੇਵਾਰੀ ਹੁੰਦੀ ਹੈ। ਜੇ ਕੰਮ ਸਮੇਂ ਸਿਰ ਪੂਰਾ ਨਾ ਹੋਵੇ ਤਾਂ ਉੱਪਰੋਂ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ। ਮਿਡ ਡੇ ਮੀਲ ਦਾ ਰਾਸ਼ਣ ਮੰਗਵਾਉਣਾ, ਸਿਲੰਡਰ ਮੰਗਵਾਉਣਾ, ਖਾਣਾ ਤਿਆਰ ਕਰਵਾਉਣਾ, ਕੈਸ਼ਬੁੱਕ ਤਿਆਰ ਕਰਨੀਆਂ, ਬੱਚਿਆਂ ਦੀ ਰੋਜ਼ ਦੀ ਗਿਣਤੀ ਉੱਪਰ ਭੇਜਣੀ, ਇਹ ਸਭ ਕੰਮ ਵੀ ਅਧਿਆਪਕ ਦਾ ਹੀ ਹੈ। ਬੱਚਿਆਂ ਦੀਆਂ ਵਰਦੀਆਂ, ਬੂਟ, ਟਾਈ, ਬੈਲਟ, ਕਿਤਾਬਾਂ ਦੀ ਲਿਸਟ ਤਿਆਰ ਕਰਨੀ ਤੇ ਫਿਰ ਉਨ੍ਹਾਂ ਨੂੰ ਵਰਦੀਆਂ, ਬੂਟ ਆਦਿ ਦੇਣੇ, ਇਹ ਕੰਮ ਵੀ ਅਧਿਆਪਕ ਦਾ ਹੈ। ਏਨਾ ਹੀ ਨਹੀਂ, ਈ-ਪੰਜਾਬ ਦੇ ਸਾਰੇ ਵਿਦਿਆਰਥੀਆਂ ਦਾ ਡਾਟਾ ਅੱਪਡੇਟ ਕਰਨਾ ਵੀ ਅਧਿਆਪਕ ਦੀ ਨਿਰੋਲ ਜ਼ਿੰਮੇਵਾਰੀ ਹੈ। ਵਿਦਿਆਰਥੀ ਦੇ ਡਾਟੇ ਵਿਚ ਗ਼ਲਤੀ ਹੋਣ 'ਤੇ ਜੁਰਮਾਨਾ ਵੀ ਅਧਿਆਪਕ ਹੀ ਦਿੰਦਾ ਹੈ। ਸਕੂਲਾਂ ਵਿਚ ਕੋਈ ਗ੍ਰਾਂਟ ਆਉਂਦੀ ਹੈ ਤਾਂ ਉਸ ਦਾ ਰਿਕਾਰਡ ਵੀ ਅਧਿਆਪਕ ਹੀ ਰੱਖਦਾ ਹੈ। ਚੋਣ ਡਿਊਟੀ, ਬੀ.ਐਲ.ਓ., ਸਰਵੇਖਣ ਕਰਨਾ, ਬੱਚਿਆਂ ਦਾ ਚੈੱਕਅੱਪ ਕਰਵਾਉਣਾ, ਦਵਾਈਆਂ ਦੇਣਾ, ਇਹ ਸਭ ਕੰਮ ਵੀ ਅਧਿਆਪਕ ਤੋਂ ਲਏ ਜਾਂਦੇ ਹਨ। ਨਤੀਜਾ ਘੱਟ ਆਉਣ 'ਤੇ ਉੱਚ ਅਧਿਕਾਰੀਆਂ ਵਲੋਂ ਬੇਇੱਜ਼ਤ ਵੀ ਅਧਿਆਪਕ ਨੂੰ ਹੀ ਕੀਤਾ ਜਾਂਦਾ ਹੈ। ਮਾਪੇ ਤੇ ਸਰਕਾਰ ਅਧਿਆਪਕ 'ਤੇ ਦੋਸ਼ ਲਾਉਂਦੇ ਹਨ ਕਿ ਪੜ੍ਹਾਇਆ ਕੁਝ ਨਹੀਂ। ਅਧਿਆਪਕ ਪੜ੍ਹਾਵੇ ਤਾਂ ਜੇ ਉਹ ਬਾਕੀ ਕੰਮਾਂ ਤੋਂ ਵਿਹਲਾ ਹੋਵੇ। ਅਧਿਆਪਕ ਵੀ ਇਨਸਾਨ ਹੈ, ਮਸ਼ੀਨ ਤਾਂ ਨਹੀਂ ਕਿ ਸਾਰੇ ਕੰਮ ਕਰਨ ਉਪਰੰਤ ਬੱਚਿਆਂ ਦੀ ਪੜ੍ਹਾਈ ਵੱਲ ਪੂਰੀ ਤਰ੍ਹਾਂ ਧਿਆਨ ਦੇ ਸਕੇ। ਕਾਗਜ਼ਾਂ ਵਿਚ ਇਹ ਕੰਮ ਅਧਿਆਪਕਾਂ ਦੇ ਹਿੱਸੇ ਨਹੀਂ ਆਉਂਦੇ ਹਨ ਪਰ ਸੱਚ ਇਹ ਹੈ ਕਿ ਪੜ੍ਹਾਈ ਨੂੰ ਛੱਡ ਕੇ ਬਾਕੀ ਸਾਰੇ ਕੰਮ ਅਧਿਆਪਕ ਦੇ ਹਿੱਸੇ ਆਉਂਦੇ ਹਨ। ਅਧਿਆਪਕ ਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਸਮਾਂ ਦੇਣਾ ਜ਼ਰੂਰੀ ਹੈ, ਤਾਂ ਜੋ ਮਜ਼ਬੂਤ ਸਮਾਜ ਦੀ ਨੀਂਹ ਰੱਖੀ ਜਾ ਸਕੇ।

-ਸ: ਸੀ: ਸੈ: ਸਕੂਲ, ਫਿਰੋਜ਼ਪੁਰ।

ਮਾਣ-ਮੱਤੇ ਅਧਿਆਪਕ-35

ਨੈਸ਼ਨਲ ਐਵਾਰਡੀ ਅਧਿਆਪਕ ਬਰਜਿੰਦਰ ਪਾਲ ਸਿੰਘ ਧਨੌਲਾ

ਸ: ਬਰਜਿੰਦਰਪਾਲ ਸਿੰਘ ਧਨੌਲਾ ਉਹ ਮਾਣਮੱਤੀ ਤੇ ਮਿਹਨਤੀ ਸ਼ਖ਼ਸੀਅਤ ਹਨ, ਜਿਨ੍ਹਾਂ ਦੇ ਅੱਗੇ ਵਾਰ-ਵਾਰ ਸਿਰ ਝੁਕਾਉਣ ਨੂੰ ਦਿਲ ਕਰਦਾ ਹੈ। ਉਹ ਕਿਰਤੀਆਂ ਵਾਂਗ ਲੋਕ ਸੇਵਾ ਕਰਨਾ ਜਾਣਦੇ ਹਨ, ਉਹ ਵਿਦਿਆਰਥੀਆਂ ਵਿਚ ਵਿਦਿਆਰਥੀਆਂ ਵਾਂਗ ਬਣਨਾ ਜਾਣਦੇ ਹਨ, ਉਹ ਵਿਦਿਆਰਥੀਆਂ ਦੇ ਮਾਪੇ ਵੀ ਹਨ, ਮਿੱਤਰ ਵੀ ਹਨ ਅਤੇ ਅਧਿਆਪਕ ਤੇ ਸਫਲ ਪ੍ਰਬੰਧਕ ਵੀ। ਉਹ 24 ਘੰਟੇ ਸਿੱਖਿਆ ਵਿਭਾਗ ਤੇ ਬੱਚਿਆਂ ਦੀ ਬਿਹਤਰੀ ਲਈ ਤਤਪਰ ਹਨ। ਮਿਹਨਤ ਅਤੇ ਹਿੰਮਤ ਉਨ੍ਹਾਂ ਦੇ ਹਰ ਸਾਹ ਦੀ ਸਾਥੀ ਹੈ। ਸੰਘਰਸ਼ ਭਰੀ ਜ਼ਿੰਦਗੀ ਵਿਚੋਂ ਨਿਕਲ ਕੇ ਸਿੱਖਿਆ ਦੇ ਆਸਮਾਨ ਵਿਚ ਧਰੂ ਤਾਰੇ ਵਾਂਗ ਚਮਕ ਰਹੇ ਸ: ਬਰਜਿੰਦਰ ਪਾਲ ਸਿੰਘ ਧਨੌਲਾ ਦਾ ਜਨਮ 7 ਸਤੰਬਰ, 1968 ਨੂੰ ਮਾਤਾ ਸ੍ਰੀਮਤੀ ਨਰੰਜਣ ਕੌਰ ਦੀ ਕੁੱਖੋਂ ਪਿਤਾ ਗਿਆਨੀ ਹਰਦੇਵ ਸਿੰਘ ਬਰਨ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਅਧਿਆਪਕ ਹੋਣ ਕਾਰਨ ਉਨ੍ਹਾਂ ਨੂੰ ਪੜ੍ਹਾਉਣ ਦਾ ਬਲ ਮਿਲਿਆ। ਤਿੰਨ ਭੈਣਾਂ ਦਾ ਛੋਟਾ ਭਰਾ ਸ਼ੁਰੂ ਤੋਂ ਹੀ ਘਰ ਵਿਚ ਵਿਗਿਆਨ ਦੇ ਕਬਾੜ ਤੋਂ ਜਗਾੜ ਬਣਾਉਣ ਦਾ ਸ਼ੌਕ ਰੱਖਦਾ ਸੀ। ਉਨ੍ਹਾਂ ਨੇ ਬਤੌਰ ਸਾਇੰਸ ਮਾਸਟਰ 4.3.92 ਨੂੰ ਸ: ਹਾ: ਸਕੂਲ ਬਰਨਾਲਾ ਤੋਂ ਆਪਣਾ ਸਿੱਖਿਆ ਵਿਭਾਗ ਦਾ ਕਾਰਜ ਸ਼ੁਰੂ ਕੀਤਾ। ਉਹ ਬਤੌਰ ਲੈਕਚਰਾਰ ਭੌਤਿਕ ਵਿਗਿਆਨ ਧਨੌਲਾ ਸਕੂਲਾਂ ਵਿਚ ਰਹੇ। ਜੂਨ, 2016 ਦੌਰਾਨ ਪ੍ਰਿੰਸੀਪਲ ਬਣੇ। ਉਨ੍ਹਾਂ ਵਲੋਂ ਧਨੌਲਾ ਸਕੂਲ ਵਿਖੇ ਬਣਾਇਆ 9 ਕਮਰਿਆਂ ਦਾ ਵਿਗਿਆਨ ਕੇਦਰ ਇਕ ਵਿਲੱਖਣ ਇਮਾਰਤ ਹੈ। ਉਨ੍ਹਾਂ ਵਲੋਂ ਪੜ੍ਹਾਏ ਗਏ ਫਿਜ਼ਿਕਸ ਵਿਸ਼ੇ ਦੇ ਵਿਦਿਆਰਥੀਆਂ ਨੇ ਫਿਜ਼ਿਕਸ ਵਿਸ਼ੇ ਵਿਚ ਵਿਲੱਖਣ ਪ੍ਰਾਪਤੀਆਂ ਕੀਤੀਆਂ ਹਨ। ਫਿਜ਼ਿਕਸ ਵਰਗੇ ਔਖੇ ਵਿਸ਼ੇ ਨੂੰ ਆਸਾਨ ਬਣਾ ਕੇ ਪੜ੍ਹਾਉਣਾ ਉਨ੍ਹਾਂ ਦੀ ਹਮੇਸ਼ਾ ਦਿਲੀ ਇੱਛਾ ਹੁੁੰਦੀ ਸੀ। ਉਹ ਵਿਦਿਆਰਥੀਆਂ, ਮਾਪਿਆਂ ਨਾਲ ਹਮੇਸ਼ਾ ਜੁੜੇ ਰਹਿੰਦੇ ਸਨ। ਉਨ੍ਹਾਂ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਰਾਸ਼ਟਰੀ, ਉੱਤਰੀ ਭਾਰਤ, ਰਾਜ, ਜ਼ਿਲ੍ਹਾ, ਤਹਿਸੀਲ ਪੱਧਰ ਉੱਪਰ ਵਿਗਿਆਨ ਪ੍ਰੋਗਰਾਮਾਂ ਵਿਚ ਭਾਗ ਲਿਆ। ਉਨ੍ਹਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ 15 ਅਗਸਤ, 2007, ਰਾਜ ਪੁਰਸਕਾਰ ਸਾਲ 2011, ਰਾਸ਼ਟਰੀ ਪੁਰਸਕਾਰ 2015 ਵਿਚ ਮਿਲਿਆ ਹੈ। ਮਿਹਨਤੀ, ਸਿਰੜੀ ਹੋਣ ਕਾਰਨ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਦਿੱਤਾ ਹੋਇਆ ਹੈ। ਸ: ਬਰਜਿੰਦਰ ਪਾਲ ਸਿੰਘ ਹਰ ਵਕਤ ਆਮ ਲੋਕਾਂ, ਵਿਦਿਆਰਥੀਆਂ ਅਤੇੇ ਅਧਿਆਪਕਾਂ ਵਿਚ ਕਿਰਿਆਵਾਂ ਕਰਵਾਉਣ ਦਾ ਦਿਲੋਂ ਸ਼ੌਕ ਰੱਖਦੇ ਹਨ। ਵਿਗਿਆਨ ਦੇ ਪ੍ਰਚਾਰ, ਪ੍ਰਸਾਰ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਬਰਜਿੰਦਰਪਾਲ ਸਿੰਘ ਇਕ ਚਲਦੀ-ਫਿਰਦੀ ਪ੍ਰਯੋਗਸ਼ਾਲਾ ਦਾ ਨਾਂਅ ਹੈ। ਉਨ੍ਹਾਂ ਵਲੋਂ ਲਿਖੀਆਂ ਦੋ ਕਿਤਾਬਾਂ 'ਖੇਡ ਖੇਡ ਵਿਚ ਵਿਗਿਆਨ', 'ਆਉ ਵਿਗਿਆਨ ਪ੍ਰਯੋਗ ਰਾਹੀਂ ਸਿੱਖੀਏ' ਪ੍ਰਕਾਸ਼ਿਤ ਹੋਈਆਂ ਹਨ। ਅੱਜਕਲ੍ਹ ਸ: ਬਰਜਿੰਦਰ ਪਾਲ ਸਿੰਘ ਬਤੌਰ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸੰਗਰੂਰ ਵਿਖੇ ਸੇਵਾਵਾਂ ਨਿਭਾਅ ਰਹੇ ਹਨ। ਆਪਣੀ ਡਿਊਟੀ ਨੂੰ ਸਮਰਪਿਤ ਇਸ ਕਰਮਯੋਗੀ ਅਧਿਆਪਕ ਨੇ ਹਮੇਸ਼ਾ ਹੀ ਵਿਦਿਆਰਥੀਆਂ ਦੀ ਭਲਾਈ ਨੂੰ ਪਹਿਲ ਦਿੱਤੀ ਹੈ। ਅੱਜ ਉਨ੍ਹਾਂ ਨੂੰ ਸਤਿਕਾਰ ਦੇਣ ਵਾਲੇ ਸਾਥੀ ਅਧਿਆਪਕਾਂ ਦੀ ਕੋਈ ਕਮੀ ਨਹੀਂ ਹੈ। ਸ: ਬਰਜਿੰਦਰ ਪਾਲ ਦੇ ਮੱਥੇ ਵਿਚਲਾ ਤੇਜ ਜਿਵੇਂ ਆਪਣੇ ਵੱਲ ਖਿਚਦਾ ਹੋਵੇ। ਹਰ ਸਮੇਂ ਕੰਮ ਕਾਜ ਵਿਚ ਰੁੱਝੇ ਰਹਿਣ ਵਾਲੇ ਬਰਜਿੰਦਰ ਪਾਲ ਛੋਟੇ-ਵੱਡਿਆਂ ਨੂੰ ਹਾਣ ਦਾ ਹੋ ਕੇ ਮਿਲਦੇ ਹਨ।

ਮੋਬਾ: 93565-52000

ਕਿਹੋ ਜਿਹੀ ਹੋਵੇ ਔਰਤ ਅਤੇ ਮਰਦ ਦੀ ਬਰਾਬਰਤਾ

ਵੰਡੀ ਬੇਸ਼ੱਕ ਕੋਈ ਵੀ ਚੰਗੀ ਨਹੀਂ ਹੁੰਦੀ ਪਰ ਸਭ ਤੋਂ ਖ਼ਤਰਨਾਕ ਵੰਡੀ ਮਨੁੱਖ ਨੂੰ ਵੰਡਣ ਵਾਲੀ ਹੈ, ਜੋ ਇਸਤਰੀ ਅਤੇ ਪੁਰਸ਼ ਨੂੰ ਵੀ ਵੰਡਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਪੁਰਸ਼ਾਂ ਨੇ ਕੁਦਰਤੀ ਕਾਰਨਾਂ ਨੂੰ ਨਾ ਸਮਝਦਿਆਂ ਪੁਰਸ਼ ਨੂੰ ਉੱਤਮ ਅਤੇ ਇਸਤਰੀ ਨੂੰ ਨੀਚ ਹੋਣ ਦਾ ਦਰਜਾ ਦੇ ਦਿੱਤਾ ਸੀ (ਹੈ)। ਅਫਸੋਸ ਦੀ ਗੱਲ ਇਹ ਹੈ ਕਿ ਪਹਿਲਾਂ ਅਨਪੜ੍ਹਤਾ ਜਾਂ ਰੂੜੀਵਾਦੀ ਵਿਚਾਰਾਂ ਕਾਰਨ ਇਸਤਰੀ ਨੂੰ ਨੀਚ ਸਮਝ ਕੇ ਉਸ ਨਾਲ ਧੱਕਾ ਹੁੰਦਾ ਰਿਹਾ ਹੈ, ਹੁਣ ਬਰਾਬਰਤਾ ਦੇ ਨਾਂਅ 'ਤੇ ਵੀ ਇਸਤਰੀ ਦਾ ਹੀ ਸ਼ੋਸ਼ਣ ਹੋ ਰਿਹਾ ਹੈ, ਪਰ ਇਸ ਦਾ ਨੁਕਸਾਨ ਦੋਵਾਂ ਨੂੰ ਹੀ ਹੁੰਦਾ ਹੈ। ਇਸਤਰੀ ਨੂੰ ਆਰਥਿਕ ਤੌਰ 'ਤੇ ਹਰ ਖੇਤਰ ਵਿਚ ਕੰਮ ਕਰਨ ਅਤੇ ਨੌਕਰੀ ਦੇ ਦੇਣਾ ਹੀ ਬਰਾਬਰਤਾ ਨਹੀਂ ਹੁੰਦੀ, ਕਿਉਂਕਿ ਇਸ ਬਰਾਬਰਤਾ ਨੇ ਤਾਂ ਇਸਤਰੀ ਉੱਤੇ ਹੋਰ ਵੀ ਬੋਝ ਵਧਾ ਦਿੱਤਾ ਹੈ, ਜਿਸ ਕਾਰਨ ਨੌਕਰੀ ਕਰਨ ਵਾਲੀਆਂ ਇਸਤਰੀਆਂ ਨੂੰ ਘਰ ਦੇ ਕੰਮਾਂ ਦੇ ਨਾਲ-ਨਾਲ ਬਾਹਰਲੇ ਕੰਮ ਵੀ ਕਰਨੇ ਪੈਂਦੇ ਹਨ। ਮੈਨੂੰ ਤਾਂ ਇਸ ਵਿਚ ਵੀ ਇਸਤਰੀ ਦੀ ਗੁਲਾਮੀ ਹੀ ਦਿਸ ਰਹੀ ਹੈ। ਅਜਿਹੀ ਅਜੋਕੀ ਬਰਾਬਰਤਾ ਵਿਚ ਦੋਵੇਂ ਪਤੀ-ਪਤਨੀ ਆਰਥਿਕ ਤੌਰ 'ਤੇ ਪੈਸੇ ਕਮਾਉਣ ਵਾਲੇ ਸੰਦ ਤੋਂ ਵੱਧ ਕੁਝ ਵੀ ਨਹੀਂ ਹੁੰਦੇ, ਕਿਉਂਕਿ ਅਜਿਹੀ ਬਰਾਬਰਤਾ ਵਾਲੇ ਪਤੀ-ਪਤਨੀਆਂ ਲਈ ਆਪਸ ਵਿਚ ਇਕ-ਦੂਜੇ ਦੇ ਕੰਮ ਆਉਣਾ, ਬੱਚਿਆਂ ਦਾ ਪਾਲਣ-ਪੋਸ਼ਣ, ਵੱਡਿਆਂ ਦੀ ਸਾਂਭ-ਸੰਭਾਲ ਕਰਨਾ ਅਤੇ ਹੋਰ ਰਿਸ਼ਤੇ ਨਾਤਿਆਂ ਦੀ ਥਾਂ ਸਭ ਕੁਝ ਸਿਰਫ ਪੈਸਾ ਹੀ ਹੁੰਦਾ ਹੈ, ਜਦ ਕਿ ਅਸਲ ਵਿਚ ਪੈਸਾ ਲੋੜ ਤਾਂ ਹੁੰਦੀ ਹੈ ਪਰ ਸਭ ਕੁਝ ਨਹੀਂ ਹੁੰਦਾ। ਇਸ ਲਈ ਇਸਤਰੀ ਨੂੰ ਆਰਥਿਕ ਤੌਰ 'ਤੇ ਕਮਾਈ ਕਰਨ ਲਈ ਇਕ ਸੰਦ ਵਜੋਂ ਬਰਾਬਰਤਾ ਦੇਣੀ ਕੋਈ ਬਰਾਬਰਤਾ ਨਹੀਂ ਹੁੰਦੀ। ਸਹੀ ਬਰਾਬਰੀ ਤਾਂ ਇਸ ਵਿਚ ਹੈ ਕਿ ਅਸੀਂ ਇਕ-ਦੂਜੇ ਨੂੰ ਵੱਧ, ਘੱਟ ਅਧਿਕਾਰ ਦੇਣ, ਉੱਤਮ ਜਾਂ ਨੀਚ ਸਮਝਣ ਦੀ ਬਜਾਏ ਦੋਵਾਂ ਨੂੰ ਮਨੁੱਖ ਦੇ ਇਕ ਅੰਗ ਵਜੋਂ ਹੀ ਜਾਣੀਏ ਨਾ ਕਿ ਵੱਖ-ਵੱਖ ਦੋ। ਜੇ ਕੰਮ-ਕਾਰ ਜਾਂ ਕਿਸੇ ਬਿਮਾਰੀ ਕਾਰਨ ਪਤੀ ਤੰਗ ਹੈ ਤਾਂ ਪਤਨੀ ਉਸ ਦੀ ਹਰ ਤਰ੍ਹਾਂ ਦੀ ਸੇਵਾ ਕਰੇ, ਪਿਆਰ-ਸਤਿਕਾਰ ਰਾਹੀਂ ਉਸ ਨੂੰ ਮਾਨਸਿਕ ਤੌਰ 'ਤੇ ਖੁਸ਼ ਰੱਖਣ ਤੋਂ ਲੈ ਕੇ ਰੋਟੀ ਟੁੱਕ, ਇਸ਼ਨਾਨ ਕਰਵਾਉਣ, ਲੱਤਾਂ-ਬਾਹਾਂ ਘੁੱਟਣ ਤੱਕ। ਇਸੇ ਤਰ੍ਹਾਂ, ਜੇ ਕੰਮਕਾਰ ਜਾਂ ਕਿਸੇ ਬਿਮਾਰੀ ਕਾਰਨ ਪਤਨੀ ਤੰਗ ਹੈ ਤਾਂ ਪਤੀ ਨੂੰ ਵੀ ਉਸ ਦੀ ਹਰ ਤਰ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ, ਪਿਆਰ ਸਤਿਕਾਰ ਰਾਹੀਂ ਉਸ ਨੂੰ ਮਾਨਸਿਕ ਤੌਰ 'ਤੇ ਖੁਸ਼ ਰੱਖਣ ਤੱਕ। ਪਰ ਅਫਸੋਸ ਕਿ ਅੱਜ ਅਸੀਂ ਕਿਸੇ ਵਿਰਲੇ ਨੂੰ ਛੱਡ ਕੇ, ਬਰਾਬਰਤਾ ਦੇ ਨਾਅਰੇ ਲਾਉਣ ਵਾਲੇ ਸਾਰੇ ਹੀ ਇਸਤਰੀ, ਪੁਰਸ਼ ਇਨਸਾਨੀਅਤ ਦੀ ਥਾਂ ਬਰਾਬਰਤਾ ਸਿਰਫ ਡਿਗਰੀਆਂ ਜਾਂ ਪੈਸੇ ਨੂੰ ਹੀ ਸਮਝ ਰਹੇ ਹਾਂ। ਇਹੀ ਕਾਰਨ ਹੈ ਕਿ ਅੱਜ ਅਸੀਂ ਸਮਝਦਾਰ ਅਤੇ ਸਾਰੇ ਸਾਧਨਾਂ ਦੇ ਹੁੰਦੇ ਹੋਏ ਵੀ ਆਨੰਦ ਮਾਨਣ ਦੀ ਥਾਂ ਲੜਾਈ-ਝਗੜਿਆਂ ਵਾਲਾ ਜੰਗਲੀ ਜਾਨਵਰਾਂ ਤੋਂ ਵੀ ਮਾੜਾ ਜੀਵਨ ਜਿਉ ਰਹੇ ਹਾਂ। ਕਾਸ਼! ਸਾਨੂੰ ਇਕ-ਦੂਜੇ ਨੂੰ ਵੱਖ ਸਮਝ ਕੇ ਉਸ ਤੋਂ ਹੱਕ ਅਤੇ ਬਰਾਬਰਤਾ ਲੈਣ ਲਈ ਲੜਨ ਦੀ ਥਾਂ ਇਕ-ਦੂਜੇ ਨੂੰ ਇਕ ਹੀ (ਆਪਣਾ ਹੀ ਅੰਗ) ਸਮਝ ਕੇ ਹੱਕ ਅਤੇ ਬਰਾਬਰਤਾ ਦੇਣ ਦੀ ਸੋਝੀ ਆ ਜਾਵੇ।

-ਪਿੰਡ ਤੇ ਡਾਕ: ਬਹਾਦਰਪੁਰ, ਤਹਿ: ਬੁਢਲਾਡਾ, ਜ਼ਿਲ੍ਹਾ ਮਾਨਸਾ (ਪੰਜਾਬ)-151501. ਮੋਬਾ: 94170-23911, harlajsingh7@gmail.com

ਸਰਕਾਰੀ ਅਦਾਰਿਆਂ ਵਿਚ ਪ੍ਰਦਾਨ-ਸੇਵਾਵਾਂ ਸਬੰਧੀ ਜ਼ਰੂਰੀ ਜਾਣਕਾਰੀ ਦੀ ਘਾਟ

ਅੱਜ ਬਹੁਤੇ ਖੇਤਰਾਂ ਵਿਚ ਨਿੱਜੀ ਸੰਸਥਾਵਾਂ ਆਮ ਲੋਕਾਂ ਲਈ ਵਧੀਆ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਦੇ ਕਰਮਚਾਰੀ ਆਪਣੇ ਗਾਹਕਾਂ ਨਾਲ ਨਿਮਰਤਾਪੂਰਵਕ ਵਿਵਹਾਰ ਕਰਦੇ ਹਨ। ਹਰੇਕ ਗਾਹਕ ਨੂੰ ਆਪਣੀ ਵਾਰੀ ਦੀ ਉਡੀਕ ਕਰਨ ਲਈ ਸੰਸਥਾ/ਦਫ਼ਤਰ ਵਿਚ ਬੈਠਣ ਦਾ ਸੁਚੱਜਾ ਪ੍ਰਬੰਧ ਹੁੰਦਾ ਹੈ। ਕਾਊਂਟਰ ਉਪਰ ਬੇਲੋੜੀ ਭੀੜ ਘਟਾਉਣ ਲਈ ਟੋਕਨ ਸਿਸਟਮ ਚਾਲੂ ਕੀਤੇ ਗਏ ਹਨ। ਉਥੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਆਮ ਜਾਣਕਾਰੀ ਦੇਣ ਲਈ ਲਿਖਤ ਸਮੱਗਰੀ ਜਾਂ ਪੋਸਟਰ/ਫਲੈਕਸ ਦਾ ਉਚੇਚਾ ਪ੍ਰਬੰਧ ਹੁੰਦਾ ਹੈ ਜਾਂ ਸੰਸਥਾ ਦਾ ਕਰਮਚਾਰੀ ਗਾਹਕ ਨੂੰ ਖੁਦ ਸਾਰੀ ਲੋੜੀਂਦੀ ਜਾਣਕਾਰੀ ਦਿੰਦਾ ਹੈ, ਦੂਜੇ ਪਾਸੇ ਸਰਕਾਰੀ ਸੰਸਥਾਵਾਂ ਵਿਚ ਕਿਸੇ ਵੀ ਸੇਵਾ ਸਬੰਧੀ ਜ਼ਰੂਰੀ ਜਾਣਕਾਰੀ ਦੀ ਹਮੇਸ਼ਾ ਘਾਟ ਹੀ ਰਹਿੰਦੀ ਹੈ। ਸਰਕਾਰੀ ਵਿਭਾਗ ਦੇ ਆਮ ਕਰਮਚਾਰੀਆਂ ਨੂੰ ਆਪਣੇ ਹੀ ਵਿਭਾਗ ਤੋਂ ਜਦੋਂ ਕੋਈ ਸੇਵਾ ਪ੍ਰਾਪਤ ਕਰਨੀ ਪੈਂਦੀ ਹੈ, ਉਸ ਨੂੰ ਉਸ ਸੇਵਾ ਸਬੰਧੀ ਲੋੜੀਂਦੀ ਜਾਣਕਾਰੀ ਦੀ ਘਾਟ ਕਾਰਨ ਬਹੁਤ ਖੱਜਲ-ਖੁਆਰ ਹੋਣਾ ਪੈਂਦਾ ਹੈ। ਕਰਮਚਾਰੀ ਆਪਣੀ ਸਮਝ ਸਮਰੱਥਾ ਅਨੁਸਾਰ ਜਾਂ ਜਿੰਨੇ ਕੁ ਕਿਸੇ ਦੇ ਸਾਧਨ ਹੁੰਦੇ ਹਨ, ਉਸ ਅਨੁਸਾਰ ਥੋੜ੍ਹੀ ਬਹੁਤ ਜਾਣਕਾਰੀ ਪ੍ਰਾਪਤ ਕਰਕੇ ਲੋੜੀਂਦੀ ਸੇਵਾ ਲੈਣ ਲਈ ਲੋੜੀਂਦੇ ਕਾਗਜ਼ ਤਿਆਰ ਕਰਕੇ ਆਪਣੇ ਵਿਭਾਗ ਵਿਚ ਅਰਜ਼ੀ ਦਿੰਦਾ ਹੈ, ਪਰ ਉਸ ਨੂੰ ਆਪਣੇ ਕੇਸ ਦੇ ਅਧੂਰੇਪਣ ਬਾਰੇ ਉਦੋਂ ਪਤਾ ਲੱਗਦਾ ਹੈ ਜਦੋਂ ਵਿਭਾਗ ਵਲੋਂ ਇਤਰਾਜ਼ ਲੱਗ ਕੇ ਕੇਸ ਵਾਪਸ ਆ ਜਾਂਦਾ ਹੈ। ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਰੇਕ ਵਿਭਾਗ ਨੂੰ ਇਹ ਹਦਾਇਤ ਕਰਨ ਕਿ ਉਨ੍ਹਾਂ ਵਲੋਂ ਪ੍ਰਦਾਨ ਕੀਤੀ ਜਾ ਰਹੀ ਹਰੇਕ ਸੇਵਾ ਸਬੰਧੀ ਮੁਕੰਮਲ ਜਾਣਕਾਰੀ ਦਫ਼ਤਰਾਂ/ਸੰਸਥਾਵਾਂ ਵਿਚ ਵੱਡ-ਆਕਾਰੀ ਪੋਸਟਰਾਂ ਰਾਹੀਂ ਆਮ ਲੋਕਾਂ ਨੂੰ ਉਪਲਬਧ ਕਰਵਾਈ ਜਾਵੇ। ਕਿਸੇ ਵੀ ਸੇਵਾ ਲੈਣ ਲਈ ਕਿੰਨੀ ਫੀਸ ਹੈ, ਅਰਜ਼ੀ ਨਾਲ ਕੀ-ਕੀ ਕਾਗਜ਼ਾਤ ਨੱਥੀ ਕਰਨੇ ਜ਼ਰੂਰੀ ਹਨ, ਕੰਮ ਕਿੰਨੇ ਸਮੇਂ ਵਿਚ ਹੋ ਜਾਵੇਗਾ ਆਦਿ ਦੀ ਜਾਣਕਾਰੀ ਜ਼ਰੂਰ ਹੀ ਦਫ਼ਤਰ ਵਿਚ ਅਜਿਹੀ ਥਾਂ 'ਤੇ ਦੀਵਾਰਾਂ ਉੱਪਰ ਲਗਾਈ ਜਾਵੇ ਜਿਥੋਂ ਦਫ਼ਤਰ/ਸੰਸਥਾ ਵਿਚ ਆਇਆ ਬਾਹਰੀ ਕੋਈ ਵੀ ਵਿਅਕਤੀ ਇਸ ਨੂੰ ਆਸਾਨੀ ਨਾਲ ਪੜ੍ਹ ਸਕੇ। ਸੰਸਥਾ/ਦਫ਼ਤਰ ਦਾ ਪੁੱਛਗਿੱਛ ਸੰਪਰਕ ਨੰਬਰ ਵੀ ਇਥੇ ਲਿਖਿਆ ਹੋਣਾ ਅਤੀ ਜ਼ਰੂਰੀ ਹੈ ਤੇ ਇਸ ਸੰਪਰਕ ਨੰਬਰ 'ਤੇ ਰੋਜ਼ਾਨਾ ਪੂਰੇ ਸਮੇਂ ਲਈ ਇਕ ਕਰਮਚਾਰੀ ਦੀ ਡਿਊਟੀ ਲਗਾਉਣੀ ਚਾਹੀਦੀ ਹੈ ਤਾਂ ਕਿ ਆਮ ਲੋਕ ਦਫ਼ਤਰ ਵਿਚ ਆਉਣ ਤੋਂ ਪਹਿਲਾਂ ਕਿਸੇ ਅਫਸਰ ਜਾਂ ਸਬੰਧਿਤ ਕਲਰਕ ਦੀ ਮੌਜੂਦਗੀ/ਛੁੱਟੀ ਬਾਰੇ ਪਤਾ ਕਰ ਸਕਣ। ਅਜੋਕੇ ਸਮੇਂ 'ਚ ਵੈਸੈ ਤਾਂ ਉਪਰੋਕਤ ਸਾਰੀ ਜਾਣਕਾਰੀ ਹਰੇਕ ਦਫ਼ਤਰ/ਸੰਸਥਾ ਦੀ ਵੈੱਬਸਾਈਟ 'ਤੇ ਉਪਲਬਧ ਹੋਣੀ ਚਾਹੀਦੀ ਹੈ, ਜਿਥੋਂ ਪੜ੍ਹਿਆ-ਲਿਖਿਆ ਵਿਅਕਤੀ ਕਿਸੇ ਸੇਵਾ ਨੂੰ ਲੈਣ ਤੋਂ ਪਹਿਲਾਂ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕੇ ਤੇ ਹੋਰ ਲੋਕਾਂ ਨੂੰ ਵੀ ਅਜਿਹੀ ਜਾਣਕਾਰੀ ਦੇਣ ਦੇ ਸਮਰੱਥ ਹੋ ਸਕੇ।

-ਬੀ-29, 1251/ਸੀ/392, ਈਸ਼ਰ ਨਗਰ, ਬਲਾਕ ਸੀ, ਲੁਧਿਆਣਾ। ਮੋਬਾ: 99140-09160

ਪੈਸੇ ਦਾ ਦੈਂਤ ਖਾ ਗਿਆ ਰਿਸ਼ਤਿਆਂ ਨੂੰ

ਅੱਜ ਭਰਾ-ਭਰਾ ਨੂੰ ਮਾਰਨ ਨੂੰ ਫਿਰਦਾ। ਪੁੱਤ ਮਾਂ-ਬਾਪ ਦਾ ਗਲਾ ਘੁੱਟੀ ਜਾਂਦਾ। ਭੈਣ-ਭਰਾ ਦੇ ਰਿਸ਼ਤੇ ਖ਼ਤਮ ਹੋ ਰਹੇ ਹਨ। ਕੋਈ ਕਿਸੇ ਦਾ ਚਾਚਾ-ਤਾਇਆ, ਮਾਮਾ-ਮਾਸੜ ਨਹੀਂ ਰਿਹਾ। ਇਹ ਸਾਰੇ ਇਕ-ਦੂਜੇ ਨੂੰ ਖਾਣ ਨੂੰ ਪੈ ਰਹੇ ਹਨ। ਇਹ ਸਭ ਕੁਝ ਦੇਖ ਕੇ ਮਨ ਭਰ ਆਉਂਦਾ ਹੈ ਕਿ ਇਹ ਕੀ ਹੋ ਰਿਹਾ ਹੈ? ਇਹ ਰਿਸ਼ਤੇ ਦੀਆਂ ਤੰਦਾਂ ਕਿਉਂ ਟੁੱਟਦੀਆਂ ਜਾ ਰਹੀਆਂ ਹਨ? ਇਹ ਰਿਸ਼ਤੇ ਕਿਧਰ ਗਏ, ਜੋ ਏਨੇ ਪਿਆਰ-ਸਤਿਕਾਰ ਨਾਲ ਬਣਾਏ ਹੋਏ ਸਨ। ਕਿਧਰ ਗਿਆ ਉਹ ਭੈਣ-ਭਰਾ ਦਾ ਪਿਆਰ? ਕਿਧਰ ਗਿਆ ਉਹ ਮਾਂ-ਬਾਪ ਦਾ ਪਿਆਰ, ਜੋ ਬਚਪਨ ਵਿਚ ਮਿਲਦਾ ਸੀ? ਇਹ ਸਾਰਾ ਪਿਆਰ ਪੈਸੇ ਦਾ ਦੈਂਤ ਆਪਣੇ ਅੰਦਰ ਨਿਗਲ ਗਿਆ ਹੈ। ਪੈਸੇ ਦੇ ਸਾਹਮਣੇ ਕੋਈ ਵੀ ਰਿਸ਼ਤਾ ਨਹੀਂ ਰਿਹਾ। ਜੇ ਅੱਜ ਤੁਹਾਡੇ ਕੋਲ ਪੈਸਾ ਹੈ ਤਾਂ ਸਾਰੇ ਰਿਸ਼ਤੇਦਾਰ ਵੀ ਤੁਹਾਡੇ ਨਾਲ ਹੋਣਗੇ। ਨਹੀਂ ਤਾਂ ਇਹ ਤੁਹਾਡੇ ਕੋਲੋਂ ਕੋਹਾਂ ਦੂਰ ਚਲੇ ਜਾਣਗੇ। ਇਹ ਰਿਸ਼ਤੇ ਜੋ ਇਕ-ਦੂਜੇ 'ਤੇ ਮਰ-ਮਿਟਣ ਲਈ ਹੁੰਦੇ ਸੀ, ਇਕ-ਦੂਜੇ ਤੋਂ ਜਾਨਾਂ ਵਾਰਨ ਲਈ ਹੁੰਦੇ ਸਨ। ਕਿਧਰ ਗਈਆਂ ਉਹ ਜਾਨਾਂ ਤੇ ਕਿਧਰ ਗਿਆ ਉਹ ਪਿਆਰ? ਇਹ ਰਿਸ਼ਤੇ ਸਿਰਫ ਨਾਂਅ ਦੇ ਹੀ ਰਿਸ਼ਤੇ ਰਹਿ ਗਏ ਹਨ। ਜੇ ਕੋਈ ਰਿਸ਼ਤਾ ਕਾਇਮ ਹੈ ਤਾਂ ਉਹ ਪੈਸੇ ਵਾਲੇ ਦਾ। ਜੇ ਤੁਹਾਡੇ ਕੋਲ ਚਾਰ ਪੈਸੇ ਹਨ ਤਾਂ ਸਾਰੇ ਰਿਸ਼ਤੇਦਾਰ ਤੁਹਾਡੇ ਨਾਲ ਜੁੜੇ ਰਹਿਣਗੇ, ਨਹੀਂ ਤਾਂ ਇਹ ਰਿਸ਼ਤੇ ਦਿਲਾਂ ਵਿਚ ਹੀ ਦਫ਼ਨ ਹੋ ਕੇ ਰਹਿ ਜਾਣਗੇ। ਇਕ ਗਰੀਬ ਲਈ ਇਹ ਰਿਸ਼ਤਾ ਸਦਾ ਕਾਇਮ ਰਹਿੰਦਾ ਹੈ। ਅਮੀਰ ਅਜਿਹੇ ਰਿਸ਼ਤਿਆਂ ਤੋਂ ਕੋਹਾਂ ਦੂਰ ਭੱਜ ਜਾਂਦਾ ਹੈ। ਇਹ ਰਿਸ਼ਤੇ ਉਸ ਲਈ ਕੋਈ ਅਹਿਮੀਅਤ ਨਹੀਂ ਰੱਖਦੇ। ਇਹ ਰਿਸ਼ਤੇ ਇਕ ਕਿਸ਼ਤੀ ਵਿਚ ਬੈਠ ਕੇ ਪੈਸੇ ਦੇ ਸਮੁੰਦਰ ਵਿਚ ਕੋਹਾਂ ਦੂਰ ਨਿਕਲ ਗਏ ਹਨ। ਇਹ ਰਿਸ਼ਤੇ ਹੁਣ ਉਹ ਰਿਸ਼ਤੇ ਨਹੀਂ ਰਹੇ, ਜਿਨ੍ਹਾਂ ਨੂੰ ਆਪਾਂ ਪਿਆਰ ਦੇ ਰਿਸ਼ਤੇ ਕਹਿੰਦੇ ਸੀ। ਹੁਣ ਇਹ ਪੈਸੇ ਦੇ ਰਿਸ਼ਤੇ ਬਣ ਕੇ ਰਹਿ ਗਏ ਹਨ। ਜੇ ਇਕ ਭਰਾ ਗਰੀਬ ਹੈ ਤੇ ਇਕ ਭਰਾ ਅਮੀਰ ਹੈ ਤਾਂ ਅਮੀਰ ਭਰਾ ਆਪਣੇ ਗਰੀਬ ਭਰਾ ਨੂੰ ਭਰਾ ਕਹਿਣ 'ਤੇ ਵੀ ਸ਼ਰਮ ਮਹਿਸੂਸ ਕਰਦਾ ਹੈ। ਉਹ ਇਹ ਬਚਪਨ ਭੁੱਲ ਜਾਂਦਾ ਹੈ, ਜੋ ਉਨ੍ਹਾਂ ਨੇ ਇਕੱਠਿਆਂ ਬਿਤਾਇਆ ਹੁੰਦਾ ਹੈ। 'ਵੀਰ-ਵੀਰ' ਕਹਿੰਦੇ ਨਹੀਂ ਸੀ ਥੱਕਦੇ। ਪੈਸਾ ਆਉਣ ਕਰਕੇ ਹੁਣ ਬੰਦੇ ਨੂੰ ਪੈਸੇ ਦੀ ਹੀ ਪਛਾਣ ਰਹਿ ਗਈ ਹੈ, ਆਪਣੇ ਰਿਸ਼ਤੇਦਾਰਾਂ ਦੀਆਂ ਪਛਾਣਾਂ ਭੁੱਲ ਗਿਆ ਹੈ। ਪੈਸਾ ਹੀ ਉਸ ਦਾ ਧਰਮ, ਇਮਾਨ ਬਣ ਜਾਂਦਾ ਹੈ, ਫਿਰ ਉਹ ਪੈਸੇ ਦੀ ਹੀ ਬੋਲੀ ਬੋਲਦਾ ਹੈ। ਉਸ ਪੈਸੇ ਵਾਲੇ ਭਲੇ ਪੁਰਸ਼ ਨੂੰ ਇਹ ਨਹੀਂ ਪਤਾ ਕਿ ਇਹ ਪੈਸਾ ਤਾਂ ਆਈ-ਚਲਾਈ ਦਾ ਮੇਲਾ ਹੈ। ਇਹ ਪੈਸਾ ਬੰਦੇ ਨੂੰ ਨਚਾਉਂਦਾ ਹੈ ਤਾਂ ਬੰਦਾ ਨੱਚੀ ਜਾਂਦਾ ਹੈ। ਇਹ ਪੈਸਾ ਬੰਦੇ ਨੂੰ ਰਿਸ਼ਤੇਦਾਰੀਆਂ, ਦੋਸਤੀਆਂ, ਮਿੱਤਰਤਾਈਆਂ ਭੁਲਾਉਂਦਾ ਹੈ ਤੇ ਬੰਦਾ ਭੁੱਲੀ ਜਾਂਦਾ ਹੈ। ਉਸ ਭਲੇ ਪੁਰਸ਼ ਨੂੰ ਇਹ ਨਹੀਂ ਪਤਾ ਕਿ ਬੰਦੇ ਦੀ ਪਛਾਣ ਪੈਸੇ ਨਾਲ ਨਹੀਂ, ਸਗੋਂ ਭੈਣ-ਭਰਾਵਾਂ ਨਾਲ, ਰਿਸ਼ਤੇਦਾਰੀਆਂ ਨਾਲ ਹੁੰਦੀ ਹੈ। ਅਖੀਰ ਅਸੀਂ ਇਸ ਨਤੀਜੇ 'ਤੇ ਪਹੁੰਚ ਜਾਂਦੇ ਹਾਂ ਕਿ ਪੈਸਾ ਹੀ ਇਕ ਅਜਿਹਾ ਸ਼ਖ਼ਸ ਹੈ, ਜੋ ਇਨ੍ਹਾਂ ਪਵਿੱਤਰ ਰਿਸ਼ਤਿਆਂ ਨੂੰ ਦੂਰ ਕਰਦਾ ਹੈ। ਦੋ ਪਰਿਵਾਰਾਂ ਵਿਚ ਬਟਵਾਰੇ ਪਾਉਂਦਾ ਹੈ। ਭਰਾ ਨੂੰ ਭਰਾ ਕਹਿਣ ਨਹੀਂ ਦਿੰਦਾ। ਪਰ ਅੱਜ ਬੰਦਾ ਇਹ ਰਿਸ਼ਤੇ ਛੱਡ ਸਕਦਾ ਹੈ ਪਰ ਪੈਸੇ ਨੂੰ ਨਹੀਂ।

-102, ਵਿਜੈ ਨਗਰ, ਜਗਰਾਉਂ। ਮੋਬਾ: 99146-37239

ਨੌਜਵਾਨਾਂ ਦੇ ਭਵਿੱਖ ਦੀ ਤਸਵੀਰ

ਰੋਜ਼ੀ-ਰੋਟੀ ਦੇ ਸਿਲਸਿਲੇ ਵਿਚ ਮੇਰਾ ਨਿੱਤ ਹੀ ਬੱਸਾਂ ਦਾ ਸਫਰ ਹੁੰਦਾ ਹੈ ਤੇ ਮੈਨੂੰ ਹਰ ਰੋਜ਼ ਕਿੰਨੇ ਹੀ ਨੌਜਵਾਨ ਮੁੰਡੇ-ਕੁੜੀਆਂ ਦਿਸਦੇ ਹਨ, ਜਿਨ੍ਹਾਂ ਦੇ ਹੱਥਾਂ ਵਿਚ ਆਈਲੈਟਸ ਦੀਆਂ ਕਿਤਾਬਾਂ ਹੁੰਦੀਆਂ ਹਨ ਅਤੇ ਰਸਤੇ ਵਿਚ ਪਤਾ ਨਹੀਂ ਕਿੰਨੇ ਹੀ ਆਈਲੈਟਸ ਸੈਂਟਰ, ਇੰਗਲਿਸ਼ ਵਿੰਗ ਅਤੇ ਟਰੈਵਲ ਏਜੰਟਾਂ ਦੇ ਦਫਤਰ ਦਿਸਦੇ ਹਨ। ਅਖ਼ਬਾਰਾਂ, ਟੀ.ਵੀ. ਸਭ ਪਾਸੇ ਕੈਨੇਡਾ, ਆਸਟ੍ਰੇਲੀਆ ਹੀ ਹੋ ਰਿਹਾ ਬਸ। ਇਹ ਸਭ ਦੇਖ ਕੇ ਦਿਲ ਨੂੰ ਬੜਾ ਦੁੱਖ ਹੁੰਦਾ ਕਿ ਪੰਜਾਬ ਵਿਚ ਇਹ ਕੁਝ ਵੀ ਹੋਣਾ ਸੀ। ਜਿੰਨਾ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਭਜਾਉਣ ਵਿਚ ਪੰਜਾਬੀ ਸਭ ਤੋਂ ਅੱਗੇ ਸੀ ਤੇ ਹੁਣ ਪੰਜਾਬੀ ਲੋਕ ਹੀ ਅੰਗਰੇਜ਼ਾਂ ਦੇ ਮੁਲਕਾਂ ਵਿਚ ਜਾ ਕੇ ਮਜ਼ਦੂਰੀਆਂ ਕਰਨ ਨੂੰ ਉਤਾਵਲੇ ਹੋਏ ਹਨ। ਕੀ ਸਾਡੀ ਅਣਖ ਮਰ ਚੁੱਕੀ ਹੈ? ਪੜ੍ਹੇ-ਲਿਖੇ ਨੌਜਵਾਨ ਬੱਚੇ ਮਜਬੂਰੀ ਵੱਸ ਬਾਹਰ ਨੂੰ ਭੱਜ ਰਹੇ ਹਨ। ਕੁਝ ਰੀਸੋ-ਰੀਸੀ ਪੈਸੇ ਦੀ ਦੌੜ ਵਿਚ ਬਾਹਰ ਜਾਣ ਦੇ ਫੈਸਲੇ ਲੈਂਦੇ ਹਨ, ਕੁਝ ਮਾਂ-ਬਾਪ ਹੀ ਪੰਜਾਬ ਦੇ ਵਿਗੜਦੇ ਹਾਲਾਤ ਅਤੇ ਨਸ਼ਿਆਂ ਦੀ ਝਪੇਟ ਵਿਚ ਆਉਣ ਦੇ ਡਰੋਂ ਬਾਰ੍ਹਵੀਂ ਤੋਂ ਬਾਅਦ ਹੀ ਬੱਚਿਆਂ ਨੂੰ ਬਾਹਰਲੇ ਮੁਲਕਾਂ ਨੂੰ ਭੇਜ ਦਿੰਦੇ ਹਨ। ਕੁਝ ਜ਼ਮੀਨਾਂ ਵੇਚ-ਵੇਚ ਕੇ ਤੇ ਕਰਜ਼ੇ ਚੁੱਕ ਕੇ ਟਰੈਵਲ ਏਜੰਟਾਂ ਦੇ ਢਿੱਡ ਭਰਦੇ ਹਨ।
ਪੰਜਾਬ 'ਤੇ ਰਾਜ ਕਰਨ ਵਾਲੇ ਲੋਕਾਂ ਨੂੰ ਮੈਂ ਪੁੱਛਦੀ ਹਾਂ ਕਿ ਜੇਕਰ ਤੁਸੀ ਇਨ੍ਹਾਂ ਬੱਚਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹੁੰਦੇ, ਸਾਫ਼-ਸੁਥਰਾ ਸਿਸਟਮ ਦਿੱਤਾ ਹੁੰਦਾ, ਤਾਂ ਇਹ ਬੱਚੇ ਬਾਹਰ ਨੂੰ ਕਿਉਂ ਭੱਜਦੇ? ਇਨ੍ਹਾਂ ਬੱਚਿਆਂ ਦੇ ਅੰਦਰ ਅਨੇਕਾਂ ਰੰਗੀਨ ਸੁਪਨੇ ਹੋਣਗੇ, ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਬਾਹਰ ਵੀ ਬਹੁਤ ਹੱਡ-ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਉੱਥੇ ਡਾਲਰ ਰੁੱਖਾਂ ਨੂੰ ਨਹੀਂ ਲੱਗਦੇ। ਪੰਜਾਬ ਵਿਚ ਬਾਹਰਲੇ ਸੂਬਿਆਂ ਤੋਂ ਆ ਕੇ ਲੋਕ ਕਾਮਯਾਬ ਹੋ ਰਹੇ ਹਨ ਪਰ ਸਾਡੇ ਨੌਜਵਾਨ ਇੱਥੇ ਮਿਹਨਤ ਕਰਕੇ ਰਾਜ਼ੀ ਨਹੀਂ ਤੇ ਬਾਹਰ ਜਾ ਕੇ ਘਟੀਆ ਤੋਂ ਘਟੀਆ ਕੰਮ ਕਰਨ ਨੂੰ ਵੀ ਤਿਆਰ ਹੋ ਜਾਂਦੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਬਾਹਰਲੇ ਮੁਲਕਾਂ ਵਿਚ ਤੁਸੀਂ ਚਾਹੇ ਛੋਟਾ ਕੰਮ ਕਰੋ, ਮਿਹਨਤ ਦਾ ਮੁੱਲ ਪੈਂਦਾ ਹੈ ਤੇ ਇੱਥੇ ਕੋਈ ਕਿੰਨੀ ਹੀ ਇਮਾਨਦਾਰੀ ਨਾਲ ਕੰਮ ਕਰੇ, ਕੋਈ ਕਦਰ ਨਹੀਂ ਪੈਂਦੀ। ਇਸੇ ਕਰਕੇ ਇੱਥੇ ਵਧੀਆ ਅਹੁਦਿਆਂ 'ਤੇ ਬੈਠੇ ਲੋਕ ਵੀ ਤਣਾਅਗ੍ਰਸਤ ਹੋ ਕੇ ਬਾਹਰ ਨੂੰ ਭੱਜਣ ਲੱਗੇ। ਇਤਿਹਾਸ ਗਵਾਹ ਹੈ ਕਿ ਪੰਜਾਬੀ ਤਾਂ ਸਦੀਆਂ ਤੋਂ ਹੀ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਆਏ ਹਨ। ਪਰ ਹੁਣ ਪੜ੍ਹੇ-ਲਿਖੇ ਪੰਜਾਬੀ ਆਪਣੇ ਹੱਕਾਂ ਲਈ ਲੜਨ ਦੀ ਬਜਾਏ ਆਪਣੇ ਹੱਕ ਛੱਡ ਕੇ ਤੇ ਸਿਸਟਮ ਤੋਂ ਹਾਰ ਮੰਨ ਕੇ ਬਾਹਰਲੇ ਮੁਲਕਾਂ ਨੂੰ ਭੱਜਦੇ ਜਾ ਰਹੇ ਹਨ। ਅਸੀਂ ਲੋਕਤੰਤਰੀ ਦੇਸ਼ ਵਿਚ ਰਹਿੰਦੇ ਹਾਂ। ਆਪਣੇ ਨੇਤਾ ਅਸੀਂ ਆਪ ਚੁਣਦੇ ਹਾਂ। ਅਸੀਂ ਜਦੋਂ ਗਲਤ ਲੋਕਾਂ ਦੀ ਚੋਣ ਕਰਦੇ ਹਾਂ ਤਾਂ ਨਤੀਜੇ ਵੀ ਅਸੀਂ ਆਪ ਹੀ ਭੁਗਤਦੇ ਹਾਂ। ਜਦੋਂ ਤੱਕ ਪੰਜਾਬੀ ਵੋਟਾਂ ਵਿਚ ਵਿਕਣੋ ਨਹੀਂ ਹਟਦੇ, ਉਦੋਂ ਤੱਕ ਪੰਜਾਬ ਮਾੜੇ ਲੀਡਰਾਂ ਦਾ ਗੁਲਾਮ ਰਹੇਗਾ। ਸਾਨੂੰ ਸਭ ਨੂੰ ਇਕਜੁੱਟ ਹੋ ਕੇ ਸਿਸਟਮ ਨਾਲ ਟੱਕਰ ਲੈਣ ਦੀ ਲੋੜ ਹੈ। ਨਹੀਂ ਤਾਂ ਕੁਝ ਦਹਾਕਿਆਂ ਤੱਕ ਰੰਗਲਾ ਪੰਜਾਬ ਵੀ ਆਵਾਨ ਹੋ ਜਾਵੇਗਾ। ਨੌਜਵਾਨ ਤਾਂ ਬਾਹਰ ਜਾ ਰਹੇ ਹਨ। ਕੁਝ ਮਾਂ-ਬਾਪ ਸਮਾਂ ਪਾ ਕੇ ਬੱਚਿਆਂ ਕੋਲ ਬਾਹਰ ਚਲੇ ਜਾਣਗੇ ਤੇ ਕੁਝ ਸਮਾਂ ਪਾ ਕੇ ਉੱਪਰ ਚਲੇ ਜਾਣਗੇ। ਪਿੱਛੇ ਕੀ ਰਹਿ ਜਾਵੇਗਾ?

-ਦਸਮੇਸ਼ ਖਾਲਸਾ ਕਾਲਜ,
ਜ਼ੀਰਕਪੁਰ (ਮੁਹਾਲੀ)।

ਕੀ ਅਸੀਂ ਸਮਾਜ ਪ੍ਰਤੀ ਆਪਣੇ ਫ਼ਰਜ਼ ਭੁੱਲ ਚੁੱਕੇ ਹਾਂ?

ਸਾਡੇ ਸਮਾਜ ਦੇ ਲੋਕ ਆਪਣੇ ਫਰਜ਼ ਭੁਲਾ ਕੇ ਧਰਮਾਂ ਦੇ ਨਾਂਅ 'ਤੇ ਬਹੁਤ ਸਮਾਂ, ਊਰਜਾ ਅਤੇ ਪੈਸਾ ਬਰਬਾਦ ਕਰਦੇ ਹਨ। ਧਾਰਮਿਕ ਲੋਕ ਆਪਣੇ-ਆਪ ਨੂੰ ਤੇ ਹੋਰਨਾਂ ਲੋਕਾਂ ਨੂੰ ਤੰਗ ਕਰਦੇ ਹਨ। ਸਮਾਜ ਇਹੋ ਜਿਹੇ ਕੰਮ ਇਨ੍ਹਾਂ ਪਿੱਛੇ ਲੱਗ ਕੇ ਕਰਦੇ ਹਨ, ਜਿਸ ਦਾ ਨਤੀਜਾ ਸਿਫਰ ਹੀ ਨਹੀਂ. ਬਲਕਿ ਇਸ ਤੋਂ ਵੀ ਨੀਵਾਂ ਹੈ। ਆਪਣੇ-ਆਪ ਨੂੰ ਵਿਦਵਾਨ, ਗਿਆਨੀ ਜਾ ਪੜ੍ਹੇ-ਲਿਖੇ ਅਖਵਾਉਣ ਵਾਲੇ ਇਨ੍ਹਾਂ ਪਿੱਛੇ ਲੱਗ ਕੇ ਆਪਣਾ ਸਮਾਂ ਤੇ ਪੈਸਾ ਬਰਬਾਦ ਕਰਦੇ ਹਨ। ਇਸ ਤੋਂ ਇਲਾਵਾ ਸਾਡੇ ਸਮਾਜ ਦੇ ਲੋਕ ਧਰਮ ਦੇ ਨਾਂਅ 'ਤੇ ਧਾਰਮਿਕ ਸਥਾਨਾਂ ਦੀ ਯਾਤਰਾ ਅਤੇ ਤੀਰਥਾਂ ਦੇ ਇਸ਼ਨਾਨ ਕਰਦੇ ਹਨ। ਇਨ੍ਹਾਂ ਸਾਰੇ ਕੰਮਾਂ ਕਰਕੇ ਸਾਡੇ ਸਮਾਜ ਦੇ ਲੋਕ ਆਪਣੇ ਦਿਮਾਗੀ ਪੱਧਰ ਨੂੰ ਵਿਕਸਿਤ ਨਹੀਂ ਕਰ ਪਾਉਂਦੇ, ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਸਾਡੇ ਸਮਾਜ ਪ੍ਰਤੀ ਕੀ ਫਰਜ਼ ਹਨ? ਨੌਜਵਾਨ ਪੀੜ੍ਹੀ ਵਿਹਲੀ ਰਹਿਣ ਕਰਕੇ ਆਪਣੀ ਊਰਜਾ ਗਲਤ ਪਾਸ ਲਾ ਰਹੀ ਹੈ। ਇਨ੍ਹਾਂ ਦੇ ਵਿਹਲੇ ਰਹਿਣ ਦਾ ਦੋਸ਼ ਸਰਕਾਰਾਂ ਜਾਂ ਰਾਜਨੀਤੀਕਾਰਾਂ ਨੂੰ ਦਿੱਤਾ ਜਾਂਦਾ ਹੈ, ਜੋ ਕਿ ਕਾਫੀ ਹੱਦ ਤੱਕ ਗਲਤ ਹੈ। ਹਰ ਇਕ ਢਾਚੇ ਨੇ ਸਮਾਜ ਨੂੰ ਵਿਗਾੜਨ ਦਾ ਠੇਕਾ ਲੈ ਲਿਆ ਹੈ, ਹਰ ਪਾਸ ਝੂਠ, ਬੇਈਮਾਨੀ, ਠੱਗੀ, ਰਿਸ਼ਵਤਖੋਰੀ ਨੂੰ ਵਾਧਾ ਦੇ ਕੇ ਆਪਣੇ-ਆਪ ਨੂੰ ਧਰਮੀ ਕਹਿਲਾਉਣ ਵਾਲੇ ਲੋਕ ਵੀ ਸਮਾਜ ਦਾ ਬੇੜਾ ਗਰਕ ਕਰਨ 'ਤੇ ਲੱਗੇ ਹੋਏ ਹਨ। ਹਰ ਇਕ ਇਨਸਾਨ ਨੂੰ ਖੁਦ ਵਿਚ ਸੁਧਾਰ ਲਿਆਉਣਾ ਲਾਜ਼ਮੀ ਹੈ। ਆਪਣਾ-ਆਪਣਾ ਬੋਝ ਹਲਕਾ ਕਰਦੇ ਹੋਏ ਲੋਕ ਸਰਕਾਰਾਂ 'ਤੇ ਠੀਕਰਾ ਭੰਨ ਦਿੰਦੇ ਹਨ ਕਿ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਤਾਂ ਸਮਾਜ ਚੰਗਾ ਹੁੰਦਾ ਪਰ ਇਹ ਗੱਲ ਭੁੱਲ ਜਾਂਦੇ ਹਨ ਕਿ ਸਰਕਾਰਾਂ ਅਸੀਂ ਹੀ ਚੁਣਦੇ ਹਾਂ, ਜੇ ਅਸੀਂ ਚੰਗੇ ਹੁੰਦੇ ਤਾਂ ਸਰਕਾਰਾਂ ਚੰਗੀਆਂ ਹੁੰਦੀਆਂ। ਜੇ ਅਸੀਂ ਆਪਣੇ ਫਰਜ਼ ਪਹਿਚਾਣ ਲੈਂਦੇ ਤਾਂ ਸਾਨੂੰ ਪਤਾ ਹੋਣਾ ਸੀ ਕਿ ਅਸੀ ਸਮਾਜ ਅੰਦਰ ਬੇਈਮਾਨ ਲੋਕਾਂ ਨੂੰ ਕਿਵੇਂ ਨਜਿੱਠਣਾ ਹੈ। ਪੰਜਾਬੀ ਦੀ ਇਕ ਕਹਾਵਤ ਹੈ ਕਿ 'ਜੇ ਇਕ ਕਮਲਾ ਹੋਵੇ ਤਾਂ ਸਮਝਾਵੇ ਵਿਹੜਾ, ਜੇ ਵਿਹੜਾ ਹੋਵੇ ਕਮਲਾ ਤਾਂ ਸਮਝਾਵੇ ਕਿਹੜਾ।' ਇਸ ਗੱਲ ਦੀ ਜ਼ਿੰਮੇਵਾਰੀ ਚੁੱਕੋ ਕਿ ਸਮਾਜ ਨੂੰ ਅਸੀਂ ਵਿਗਾੜਿਆ ਹੈ. ਨਾ ਕਿ ਇਸ ਗੱਲ ਤੋਂ ਭੱਜੋ। ਅਸੀਂ ਪਹਿਲਾਂ ਖੁਦ ਸੁਧਰਾਂਗੇ ਤਾਂ ਫਿਰ ਸਮਾਜ ਸੁਧਾਰਾਂਗੇ। ਪਰ ਕਾਸ਼ ਕੋਈ ਆਪਣੇ-ਆਪ ਨੂੰ ਇਹ ਹਲੂਣਾ ਦੇ ਕੇ ਸਮਝਾ ਸਕਦਾ ਹੁੰਦਾ। ਆਓ ਅਸੀਂ ਆਪਣੀਆਂ-ਆਪਣੀਅੀਂ ਜ਼ਿੰਮੇਵਾਰੀਆਂ ਸਮਝੀਏ। ਖੁਦ ਚੰਗੇ ਬਣੀਏ, ਸਿਆਣੇ ਬਣੀਏ ਤੇ ਸਮਝਦਾਰ ਬਣੀਏ। ਸਮਾਜ ਆਪਣੇ-ਆਪ ਚੰਗਾ ਦਿਖਣ ਲੱਗ ਪਵੇਗਾ।

-ਫਿਰੋਜ਼ਪੁਰ।

ਸਰਕਾਰੀ ਸਹੂਲਤਾਂ ਬਣੀਆਂ ਲਾਭਪਾਤਰੀਆਂ ਲਈ ਟੇਢੀ ਖੀਰ

ਪੰਜਾਬ ਵਿਚ ਸਮੇਂ-ਸਮੇਂ ਜਿਹੜੀ ਵੀ ਸਰਕਾਰ ਹੋਂਦ ਵਿਚ ਆਉਂਦੀ ਹੈ, ਉਹ ਹਰ ਵਰਗ ਲਈ ਵੱਖ-ਵੱਖ ਸਕੀਮਾਂ ਦਾ ਲਾਲਚ ਦੇ ਕੇ ਆਪੋ-ਆਪਣਾ ਵੋਟ ਬੈਂਕ ਬਣਾਉਂਦੀਆਂ ਹਨ। 2007 ਵਿਚ ਅਕਾਲੀ-ਭਾਜਪਾ ਸਰਕਾਰ ਵਲੋਂ ਆਟਾ-ਦਾਲ, ਕਿਸਾਨਾਂ ਦੇ ਬਿੱਲ ਮੁਆਫ਼, ਸ਼ਗਨ ਸਕੀਮ, ਬੁਢਾਪਾ-ਵਿਧਵਾ ਪੈਨਸ਼ਨ ਆਦਿ। ਇਸੇ ਤਰ੍ਹਾਂ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬਣੀ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਦਾ ਕਰਜ਼ਾ ਕੁਰਕੀ ਮੁਆਫ਼, ਘਰ-ਘਰ ਨੌਕਰੀ, ਸਮਾਰਟ ਫੋਨ, ਬੁਢਾਪਾ-ਵਿਧਵਾ ਪੈਨਸ਼ਨਾਂ 'ਚ ਵਾਧਾ ਅਤੇ ਕੇਂਦਰ ਸਰਕਾਰ ਵਲੋਂ ਸਵੱਛ ਭਾਰਤ ਤਹਿਤ ਘਰ-ਘਰ ਪਖਾਨੇ ਅਤੇ ਮਕਾਨ ਬਣਾਉਣੇ ਆਦਿ ਸਕੀਮਾਂ ਹਨ ਪਰ ਸਰਕਾਰੀ ਸ਼ਰਤਾਂ ਮੁਤਾਬਿਕ ਇਹ ਸਕੀਮਾਂ ਲੋੜਵੰਦ ਲਾਭਪਾਤਰੀਆਂ ਲਈ ਟੇਢੀ ਖੀਰ ਸਾਬਤ ਹੋ ਰਹੀਆਂ ਹਨ। ਲਾਭਪਾਤਰੀ ਸਕੀਮ ਦਾ ਪੂਰਾ ਹੱਕਦਾਰ ਹੋਣ ਦੇ ਬਾਵਜੂਦ ਵੀ ਪੰਚਾਇਤ ਉਸ ਦੀ ਮਦਦ ਨਹੀਂ ਕਰ ਸਕਦੀ। ਜਿਵੇਂ ਕਿ ਬੁਢਾਪਾ ਪੈਨਸ਼ਨ ਕਾਂਗਰਸ ਸਰਕਾਰ ਵੇਲੇ ਤੋਂ ਬੈਂਕ ਖਾਤਿਆਂ ਵਿਚ ਹਰ ਮਹੀਨੇ ਆ ਰਹੀ ਸੀ, ਜਿਸ ਕਰਕੇ ਲਾਭਪਾਤਰੀ ਖੁਸ਼ ਸੀ ਪਰ ਅਚਾਨਕ ਪਿਛਲੇ ਇਕ-ਦੋ ਮਹੀਨਿਆਂ ਤੋਂ ਬੈਂਕ ਅਧਿਕਾਰੀਆਂ ਵਲੋਂ ਲਾਭਪਾਤਰੀਆਂ ਪਾਸੋਂ ਪੈਨ ਕਾਰਡ ਬੈਂਕ ਖਾਤਿਆਂ ਨਾਲ ਜੋੜਨ ਲਈ ਕਹਿ ਕੇ ਬੁਢਾਪਾ-ਵਿਧਵਾ ਪੈਨਸ਼ਨਾਂ ਰੋਕ ਲਈਆਂ, ਜਿਸ ਨਾਲ ਗਰੀਬ ਬਜ਼ੁਰਗ ਲਾਭਪਾਤਰੀਆਂ 'ਚ ਭਾਰੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਲਾਭਪਾਤਰੀਆਂ ਦੀ ਪੂਰੀ ਸਹੀ ਉਮਰ ਆਧਾਰ ਕਾਰਡ ਉੱਪਰ ਨਾ ਲਿਖੀ ਹੋਣ ਕਰਕੇ ਪੈਨ ਕਾਰਡ ਨਹੀਂ ਬਣ ਰਹੇ। ਸੇਵਾ ਕੇਂਦਰ ਅਧਿਕਾਰੀ ਵੀ ਬਜ਼ੁਰਗਾਂ ਨੂੰ ਸਹੀ ਢੰਗ-ਤਰੀਕਾ ਨਹੀਂ ਦੱਸ ਰਹੇ, ਜਿਸ ਕਰਕੇ ਲਾਭਪਾਤਰੀ ਖੱਜਲ ਹੋ ਰਹੇ ਹਨ। ਇਵੇਂ ਹੀ ਘਰ-ਘਰ ਪਖਾਨੇ ਬਣਾਉਣ ਵਾਲੀ ਸਕੀਮ ਹੈ। ਇਸ ਸਕੀਮ ਵਾਲੇ ਫਾਰਮ ਨਾਲ ਤਿੰਨ ਸਾਲ ਪੁਰਾਣਾ ਬਿਜਲੀ ਦਾ ਬਿੱਲ ਲਗਾਉਣਾ ਲਾਜ਼ਮੀ ਹੈ। ਪਿੰਡਾਂ ਵਿਚ ਅੱਜ ਵੀ ਕੁਝ ਐਸੇ ਪਰਿਵਾਰ ਹਨ, ਜਿਨ੍ਹਾਂ ਘਰਾਂ ਵਿਚ ਬਿਜਲੀ ਨਹੀਂ ਹੈ। ਉਹ ਪਰਿਵਾਰ ਬਿਜਲੀ ਦਾ ਬਿੱਲ ਨਾ ਹੋਣ ਕਰਕੇ ਇਸ ਸਹੂਲਤ ਤੋਂ ਵਾਂਝੇ ਰਹਿ ਜਾਂਦੇ ਹਨ ਜਦ ਕਿ ਆਰਥਿਕ ਪੱਖੋਂ ਠੀਕ ਲੋਕ ਇਸ ਸਹੂਲਤ ਦਾ ਫਾਇਦਾ ਲੈ ਜਾਂਦੇ ਹਨ। ਪਰ ਪੰਚਾਇਤਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ 'ਚ ਅਸਮਰੱਥ ਹਨ, ਜਿਸ ਕਰਕੇ ਕਈ ਲੋਕ ਇਸ ਨੂੰ ਪੱਖਪਾਤੀ ਰਵੱਈਆ ਸਮਝ ਲੈਂਦੇ ਹਨ। ਮਕਾਨ ਬਣਾਉਣ ਵਾਲੀ ਸਕੀਮ ਵੀ ਇਸੇ ਤਰ੍ਹਾਂ ਦੀ ਹੈ, ਸ਼ਰਤ ਮੁਤਾਬਿਕ ਮਕਾਨ ਕੱਚਾ ਹੋਵੇ, ਕਾਨਿਆਂ ਦੀ ਛੱਤ ਹੋਵੇ ਪਰ ਐਸੇ ਮਕਾਨ ਅੱਜਕਲ੍ਹ ਪੰਜਾਬ ਵਿਚ ਨਹੀਂ ਹਨ। ਆਟਾ-ਦਾਲ ਸਕੀਮ ਵੀ ਅੱਜਕਲ੍ਹ ਗਰੀਬ ਪਰਿਵਾਰਾਂ ਲਈ ਮੁਸੀਬਤ ਬਣੀ ਹੋਈ ਹੈ, ਕਿਉਂਕਿ ਇਸ ਸਕੀਮ ਵਿਚ ਪਿਛਲੇ ਸਮੇਂ ਦੌਰਾਨ ਹੋਈ ਵੱਡੇ ਪੱਧਰ 'ਤੇ ਘਪਲੇਬਾਜ਼ੀ ਨੂੰ ਰੋਕਣ ਲਈ ਸਰਕਾਰ ਨੇ ਆਨਲਾਈਨ ਕਰ ਦਿੱਤਾ ਹੈ, ਜਿਸ ਕਰਕੇ ਲਾਭਪਾਤਰੀ ਦਾ ਅੰਗੂਠਾ ਮਸ਼ੀਨ 'ਤੇ ਲਗਾ ਕੇ ਕਣਕ ਦਿੱਤੀ ਜਾਂਦੀ ਹੈ, ਜਿਸ ਕਰਕੇ ਕੁਝ ਗਰੀਬ ਬਜ਼ੁਰਗ ਲਾਭਪਾਤਰੀਆਂ ਦੇ ਅੰਗੂਠੇ ਦਾ ਨਿਸ਼ਾਨ ਨਾ ਲਗਦਾ ਹੋਣ ਕਰਕੇ ਉਨ੍ਹਾਂ ਨੂੰ ਕਣਕ ਨਹੀਂ ਮਿਲ ਰਹੀ। ਸਰਕਾਰ ਨੂੰ ਬੇਨਤੀ ਹੈ ਕਿ ਕੁਝ ਐਸੇ ਲੋੜਵੰਦ ਲਾਭਪਾਤਰੀਆਂ ਲਈ ਸ਼ਰਤਾਂ ਨਰਮ ਕੀਤੀਆਂ ਜਾਣ।

-ਪਿੰਡ ਤੇ ਡਾਕ: ਬੁਤਾਲਾ, ਪੱਤੀ ਰਾਜਪੁਰ, ਤਹਿ: ਬਾਬਾ ਬਕਾਲਾ (ਅੰਮ੍ਰਿਤਸਰ)। ਮੋਬਾ: 98153-24630

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX