ਤਾਜਾ ਖ਼ਬਰਾਂ


ਸਮ੍ਰਿਤੀ ਮੰਧਾਨਾ ਤੇ ਰੋਹਨ ਬੋਪੰਨਾ ਅਰਜੁਨ ਐਵਾਰਡ ਨਾਲ ਸਨਮਾਨਿਤ
. . .  1 day ago
ਨਵੀਂ ਦਿੱਲੀ, 16 ਜੁਲਾਈ - ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸਮ੍ਰਿਤੀ ਮੰਧਾਨਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅਰਜੁਨ ਐਵਾਰਡ ਨਾਲ...
ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟ ਤੇ ਇੱਕ ਕੈਬਿਨ ਕਰੂ ਮੈਂਬਰ ਮੁਅੱਤਲ
. . .  1 day ago
ਨਵੀਂ ਦਿੱਲੀ, 16 ਜੁਲਾਈ - ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟਾਂ ਤੇ ਇੱਕ ਕੈਬਿਨ ਕਰੂ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਗਿਆ...
ਮੁੰਬਈ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ, ਜਦਕਿ 8 ਲੋਕ ਜ਼ਖਮੀ...
ਪਿਸਤੌਲ ਦੀ ਨੋਕ 'ਤੇ ਦਿਨ-ਦਿਹਾੜੇ ਵੈਸਟਰਨ ਯੂਨੀਅਨ ਤੋਂ ਨਗਦੀ ਦੀ ਲੁੱਟ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬਾਹੜ-ਮਜ਼ਾਰਾ, ਕੁਲਥਮ ਰੋਡ 'ਤੇ ਸਰਕਾਰੀ ਡਿਸਪੈਂਸਰੀ ਪਿੰਡ ਕੁਲਥਮ ਦੇ ਨਜ਼ਦੀਕ ਵੈਸਟਰਨ ਯੂਨੀਅਨ ਤੋਂ ਦਿਨ-ਦਿਹਾੜੇ ਨਗਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ....
ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਸਿਟੀ ਪੁਲਿਸ ਨੇ ਪਿੰਡ ਹੱਪੋਵਾਲ ਵਿਖੇ ਲਗਾਏ ਨਾਕੇ ਦੌਰਾਨ ਇੱਕ ਨੌਜਵਾਨ ਨੂੰ 24 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ ਜਿਸ ਦੀ ਪਹਿਚਾਣ ਅੰਕੁਸ਼ ਵਾਸੀ ਪੱਦੀ ਮੱਟਵਾਲੀ ਵਜੋਂ ਹੋਈ ਹੈ। ਇਸੇ ਤਰ੍ਹਾਂ ਪਿੰਡ ਕਾਹਮਾ ...
ਅਣਖ ਖ਼ਾਤਰ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਧੀ ਦਾ ਕਤਲ
. . .  1 day ago
ਸਮਾਣਾ, 16 ਜੁਲਾਈ (ਹਰਵਿੰਦਰ ਸਿੰਘ ਟੋਨੀ) - ਨੇੜਲੇ ਪਿੰਡ ਘਿਉਰਾ ਵਿਖੇ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਅਣਖ ਖ਼ਾਤਰ ਅਪਣੀ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੇ ਮੁੱਖ ਅਫ਼ਸਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ....
ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦੇ ਅਨੁਸਾਰ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਬਾਕੀ ਲੋਕਾਂ ਨੂੰ ਬਾਹਰ ਕੱਢਣ ਲਈ ....
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  1 day ago
ਬਰੇਟਾ, 16 ਜੁਲਾਈ (ਜੀਵਨ ਸ਼ਰਮਾ) - ਇਲਾਕੇ ਨੇੜਿਓ ਹਰਿਆਣੇ ਰਾਜ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਵੇਂ ਕਿ ਪਿਛਲੇ ਕੁਝ ਦਿਨ ਪਹਿਲਾ ਇਸ ਦਰਿਆ 'ਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ...
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮਸਲਿਆਂ ਸਬੰਧੀ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਕੈਪਟਨ ਵੱਲੋਂ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਤੇ ...
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤਾ ਧਰਨਾ ਤੀਜੇ ਦਿਨ 'ਚ ਦਾਖ਼ਲ ਹੋ ਗਿਆ ਅਤੇ ਚੌਥੇ ਦਿਨ ਵੀ ਲਾਸ਼ਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਦਰਦ ਦਰਿਆ ਦੇ ਉਸ ਪਾਰ

ਉਸ ਦਿਨ ਵੀ ਦੁੱਖਾਂ ਦਾ ਪਹਾੜ ਲੈ ਕੇ ਭਾਰੀ ਕਦਮਾਂ ਨਾਲ ਉਹ ਸਕੂਲ ਪਹੁੰਚੀ | ਸਕੂਲ ਪਹੁੰਚਦਿਆਂ ਹੀ ਉਹਨੇ ਪ੍ਰਯੋਗੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਗਰੁੱਪ ਬਣਾ ਕੇ ਹਦਾਇਤਾਂ ਜਾਰੀ ਕਰ ਪਰੀਖਿਆ ਸ਼ੁਰੂ ਕਰਵਾ ਦਿੱਤੀ | ਇੱਕਲੀ ਇੱਕਲੀ ਵਿਦਿਆਰਥਣ ਨੂੰ ਕੋਲ ਬੁਲਾ ਮੌਖਿਕ ਪਰੀਖਿਆ ਲੈਂਦਿਆਂ, ਉਨ੍ਹਾਂ ਦੁਆਰਾ ਕੀਤੇ ਪਰੀਖਣਾਂ ਦਾ ਮੁਲਾਂਕਣ ਕਰਦਿਆਂ ਉਹ ਪੂਰੇ ਗਹੁ ਨਾਲ ਹਰ ਲੜਕੀ ਦੇ ਚਿਹਰੇ ਨੂੰ ਨਿਹਾਰਦੀ ਰਹੀ | ਉਂਜ ਭਾਵੇਂ ਇਨ੍ਹਾਂ ਸਾਰੀਆਂ ਵਿਦਿਆਰਥਣਾਂ ਨੂੰ ਉਹ ਪਹਿਲਾਂ ਵੀ ਧੁਰ ਅੰਦਰ ਤੱਕ ਜਾਣਨ ਦੀ ਤਾਕ 'ਚ ਰਹਿੰਦੀ ਸੀ ਪਰ ਅੱਜ ਤਾਂ ਉਹਦੀ ਫਿਕਰਮੰਦੀ ਕੁਝ ਹੋਰ ਸੀ, 'ਇਨ੍ਹਾਂ ਮਾਸੂਮ, ਅੱਲ੍ਹੜ, ਨਿਰਛਲ, ਨਿਰਮਲ ਰੂਹਾਂ 'ਚੋਂ ਖੌਰੇ ਕਿਸ ਨੂੰ ਕਦੋਂ ਕਿੱਥੇ ਮੇਰੇ ਵਰਗੀ ਬੇਬਸੀ ਦਾ ਸਾਹਮਣਾ ਕਰਨਾ ਪੈ ਜਾਵੇਗਾ ਕੌਣ ਜਣਦੈ....ਅਜਿਹੀ ਬੇਵਸੀ ਜੋ ਕਿਸੇ ਵੀ ਵੱਡੇ ਦਿਲ ਵਾਲੇ ਨੂੰ ਵੀ ਜਿਊਣ ਤੋਂ ਅਸਮਰੱਥ ਕਰ ਦਿੰਦੀ ਹੈ | ' ਸਭ ਕੁਝ ਹੁੰਦਿਆਂ ਸੁੰਦਿਆਂ ਵੀ ਜੀਵਨ ਕਈ ਵਾਰ ਨਰਕ ਬਣ ਜਾਂਦਾ ਹੈ | ਜ਼ਿੰਦਗੀ ਕਿਸੇ ਦਰਦ ਦੇ ਡੂੰਘੇ ਦਰਿਆ ਨੂੰ ਤਰ ਕੇ ਉਸ ਪਾਰ ਜਾਣ ਵਾਂਗ ਲਗਦੀ ਹੈ |
'ਮੇਰੇ ਕੋਲ ਪੜ੍ਹਦੀਆਂ ਇਹ ਕੁੜੀਆਂ ਜਿਨ੍ਹਾਂ ਕੋਲ ਸੁਪਨਿਆਂ ਦੀ ਹੁਸੀਨ ਦੁਨੀਆ ਹੈ ਕਿਤੇ ਇਹ ਵੀ ਮੇਰੇ ਵਾਂਗ... ਨਹੀ ਨਹੀਂ.... ਇਨ੍ਹਾਂ 'ਚੋਂ ਕੋਈ ਵੀ ਕਮਜ਼ੋਰ ਨਹੀ ਰਹੇਗੀ.... | ' ਮਨ ਹੀ ਮਨ ਸੋਚਦੀ ਅੱਖਾਂ ਦੇ ਕੋਇਆਂ 'ਚ ਜਮ੍ਹਾਂ ਹੋਏ ਪਾਣੀ ਨੂੰ ਪੂਰਾ ਤਾਣ ਲਾ ਕੇ ਅੱਖਾਂ ਅੰਦਰ ਡੱਕਦੀ ਉਹ ਕੁਝ ਬੋਲ ਵੀ ਨਹੀਂ ਰਹੀ ਸੀ | ਉਹ ਸੁਚੇਤ ਸੀ ਕਿ ਉਸ ਦੀ ਆਵਾਜ਼ ਤੋਂ ਵਿਦਿਆਰਥਣਾਂ ਕਿਤੇ ਉਹਦੀ ਮਨੋ ਦਸ਼ਾ ਸਮਝ ਨਾ ਜਾਣ | ਆਪਣੇ ਸੁਭਾਅ ਅਨੁਸਾਰ ਉਸ ਦਿਨ ਵੀ ਉਹ ਹਰ ਬੱਚੀ ਦੇ ਸਿਰ ਤੇ ਹੱਥ ਰੱਖ ਉਸ ਨੂੰ ਪਿਆਰ ਦੇ ਰਹੀ ਸੀ ਤੇ ਨਾਲ ਹੀ ਜ਼ਿੰਦਗੀ ਦੀ ਸਾਵੀਂ ਤੋਰ ਨੂੰ ਨਿੱਗਰ ਕਦਮੀਂ ਤੁਰਨ ਦਾ ਅਸ਼ੀਰਵਾਦ ਵੀ... ਵਿਦਿਆਰਥਣਾਂ ਉਸ ਦੀ ਅਗਵਾਈ ਦੇ ਸਮੇਂ ਦੌਰਾਨ ਆਪਣੇ ਆਪ ਨੂੰ ਵੱਡਭਾਗਾ ਮਹਿਸੂਸ ਕਰ ਰਹੀਆਂ ਸਨ | ਉਹਨੇ ਚੁੱਪ ਤੋੜੀ ਤੇ ਕੋਲ ਖੜ੍ਹੀਆਂ ਪੰਜ ਸੱਤ ਕੁੜੀਆਂ ਨੂੰ ਸਵਾਲ ਕੀਤਾ 'ਦਸਵੀਂ ਤੋਂ ਅੱਗੇ ਕੀ ਕਰਨ ਦਾ ਵਿਚਾਰ ਹੈ?'
ਬਹੁਗਿਣਤੀ ਕੁੜੀਆਂ ਨੇ ਕਿਹਾ, 'ਜੀ ਟੀਚਰ ਬਣਨਾ ਹੈ | '
ਉਹਦੇ ਚਿਹਰੇ 'ਤੇ ਮੁਸਕਾਨ ਨੇ ਆਪਣੀ ਸੂਹੀ ਭਾਅ ਮਾਰੀ ਤੇ ਉਸ ਨੇ ਹੋਰ ਉਤਸੁਕਤਾ ਨਾਲ ਪੁੱਛਿਆ, 'ਟੀਚਰ ਕਈ ਤਰਾਂ ਦੇ ਹੁੰਦੇ ਹਨ ਬੇਟਾ ਜਿਵੇਂ ਸਕੂਲ ਟੀਚਰ, ਕਾਲਜ, ਯੂਨਿਵਰਸਿਟੀ ਵਿਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਟੀਚਰ ਹੁੰਦੇ ਹਨ | ਤੁਸੀਂ ਕਿਸ ਤਰ੍ਹਾਂ ਦੇ ਟੀਚਰ ਬਣਨਾ ਹੈ? ਅੱਜ ਹੀ ਮਨ ਵਿਚ ਧਾਰ ਲਓ, 'ਤੇ ਫਿਰ ਉਸ ਪਾਸੇ ਪੂਰੀ ਮਿਹਨਤ ਕਰਿਓ |'
ਸਾਹਮਣਿਓਾ ਆਵਾਜ਼ ਆਈ, 'ਜੀ ਬਸ ਤੁਹਾਡੇ ਵਰਗਾ ਟੀਚਰ ਬਣਨੈ.....ਸਭ ਨੂੰ ਪਿਆਰ, ਸਭ ਦੀ ਮਦਦ ਕਰਨ ਵਾਲੀ ਟੀਚਰ | '
ਉਸ ਦੀਆਂ ਅੱਖਾਂ ਭਰ ਆਈਆਂ, ਉਹ ਦਾ ਦਿਲ ਕੀਤਾ ਕਿ ਉਹ ਆਪਣੀਆਂ ਧੀਆਂ ਵਰਗੀਆਂ ਕੁੜੀਆਂ ਨੂੰ ਆਪਣੇ ਅੰਦਰ ਦਾ ਸਾਰਾ ਦਰਦ ਦੱਸ ਦੇਵੇ | ਪਰ ਅਗਲੇ ਹੀ ਪਲ ਉਸ ਨੂੰ ਉਨ੍ਹਾਂ ਬੱਚੀਆਂ ਦੇ ਹੁਸੀਨ ਸੁਪਨਿਆਂ ਦਾ ਖਿਆਲ ਆਇਆ | ਉਹ ਉੱਠੀ ਆਪਣੇ ਕੋਲ ਖੜ੍ਹੀਆਂ ਕੁੜੀਆਂ ਨੂੰ ਆਪਣੇ ਸੀਨੇ ਨਾਲ ਘੁੱਟ ਲਿਆ | ਉਹਦੀਆਂ ਅੱਖਾਂ ਵਿਚ ਹੰਝੂਆਂ ਦੇ ਬਾਵਜੂਦ ਚਿਹਰੇ 'ਤੇ ਮੁਸਕਾਨ ਅਤੇ ਮਨਮਸਤਕ ਵਿਚ ਸਵੈਮਾਣ ਸੀ | ਉਹ ਸਵੈਮਾਣ ਜਿਸ ਨਾਲ ਉਹ ਡੂੰਘੇ ਦਰਦ ਦਾ ਹਰ ਦਰਿਆ ਪਾਰ ਕਰ ਸਕਦੀ ਸੀ |

-ਸਾਇੰਸ ਮਿਸਟਿ੍ਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਿ੍ਪੜੀ, ਪਟਿਆਲਾ |


ਖ਼ਬਰ ਸ਼ੇਅਰ ਕਰੋ

ਕਾਵਿ-ਮਹਿਫ਼ਲ

ਦਿਲ ਦੀ ਚਾਹਤ ਦਾ ਨਜ਼ਾਰਾ, ਕਰ ਲਿਆ ਕਰਦਾ ਹਾਂ ਮੈਂ |
ਤੇਰੀ ਖ਼ਾਤਿਰ ਜੀ ਲਿਆ, ਤੇ ਮਰ ਲਿਆ ਕਰਦਾ ਹਾਂ ਮੈਂ |
ਹਰ ਗੁਨਾਹ ਮੇਰਾ, ਇਬਾਦਤ ਵਾਂਗ ਹੈ, ਮਨਜ਼ੂਰ ਅੱਜ,
ਸਭ ਗੁਨਾਹਾਂ ਵਿਚ ਖ਼ੁਦਾ ਨੂੰ , ਧਰ ਲਿਆ ਕਰਦਾ ਹਾਂ ਮੈਂ |
ਬੇ-ਪਨਾਹ ਹੋ ਕੇ ਵੀ ਹਰ ਦਿਲ, ਵਿਚ ਪਨਾਹਗਾਹ ਹੈ ਮੇਰੀ,
ਇਸ਼ਕ ਦੀ ਅਜ਼ਮਤ 'ਚ ਸਭ ਕੁਝ, ਕਰ ਲਿਆ ਕਰਦਾ ਹਾਂ ਮੈਂ |
ਹਰ ਮੁਖ਼ਾਲਿਫ਼ ਜੋ ਮੇਰਾ, ਕਦ ਮੈਂ ਹਾਂ ਉਸ ਨੂੰ ਬਖਸ਼ਦਾ,
ਇਕ ਤੇਰਾ ਅੰਦਾਜ਼ ਹੱਸ ਕੇ, ਜਰ ਲਿਆ ਕਰਦਾ ਹਾਂ ਮੈਂ |
ਤੂੰ ਬੜਾ ਉਸਤਾਦ ਹੈ ਜੇ, ਆਪਣੇ ਫ਼ਨ ਦਾ ਦੋਸਤਾ,
ਨਾਲ ਉਸਤਾਦੀ ਦੇ ਦੁਸ਼ਮਣ, ਵਰ ਲਿਆ ਕਰਦਾ ਹਾਂ ਮੈਂ |
ਝਿੜਕ ਨਾ ਦੇਵੇ ਕਿਤੇ, ਮੈਨੂੰ ਮਿਲਨ ਤੋਂ ਫੇਰ ਅੱਜ,
ਆਪਣੇ ਪਰਛਾਵੇਂ ਤੋਂ ਕੁਝ ਕੁਝ, ਡਰ ਲਿਆ ਕਰਦਾ ਹਾਂ ਮੈਂ |
ਤੂੰ ਨਹੀਂ ਹੁੰਦਾ ਜਦੋਂ, ਜਜ਼ਬਾਤ ਹੁੰਦੇ ਹਨ ਜਵਾਂ,
ਆਪਣੀ ਅੰਗੜਾਈ 'ਚ ਤੈਨੂੰ, ਭਰ ਲਿਆ ਕਰਦਾ ਹਾਂ ਮੈਂ |
ਇਸ਼ਕ ਦੀ ਫ਼ਿਤਰਤ ਤੋਂ 'ਤਖ਼ਤਰ' ਮੈਂ ਹਾਂ ਵਾਕਿਫ਼ ਦੇਰ ਤੋਂ,
ਗ਼ਮ ਦਾ ਰੇਗਿਸਤਾਨ ਹੱਸ ਕੇ, ਤਰ ਲਿਆ ਕਰਦਾ ਹਾਂ ਮੈਂ |

-7/305, ਮੁਹੱਲਾ ਸਿੱਖਾਂ, ਸੁਲਤਾਨਪੁਰ ਲੋਧੀ (ਕਪੂਰਥਲਾ) |
ਮੋਬਾਈਲ : 99881-24587.


ਕਿੰਨਾ ਖ਼ੂਨ ਵਹਾਇਆ ਹੈ ਸਰਹੱਦਾਂ ਨੇ,
ਜੀਵਨ ਨਰਕ ਬਣਾਇਆ ਹੈ ਸਰਹੱਦਾਂ ਨੇ |
ਦੋਹੀਂ ਪਾਸੀਂ ਸੁੱਖੀਂ-ਸਾਂਦੀਂ ਵਸਦਿਆਂ ਦੇ,
ਪਿੱਟ ਸਿਆਪਾ ਪਾਇਆ ਹੈ ਸਰਹੱਦਾਂ ਨੇ |
ਕਿਹੜਾ ਵੈਰੀ ਕਿਹੜਾ ਭਲਾ ਬਿਗਾਨਾ ਸੀ,
ਬਾਂਦਰ ਨਾਚ ਨਚਾਇਆ ਹੈ ਸਰਹੱਦਾਂ ਨੇ |
ਤੋੜੇ ਲੱਕ ਹਮੇਸ਼ਾ ਲੋਕ ਸੰਘਰਸ਼ਾਂ ਦੇ,
ਮਾਰਗ ਤੋਂ ਭਟਕਾਇਆ ਹੈ ਸਰਹੱਦਾਂ ਨੇ |
ਚੌਧਰ ਖੁੱਸਦੀ ਦਿਸਦੀ ਜਦੋਂ ਹਕੂਮਤ ਦੀ,
ਪੂਰਾ ਸਾਥ ਨਿਭਾਇਆ ਹੈ ਸਰਹੱਦਾਂ ਨੇ |
ਰਾਮ ਮੁਹੰਮਦ ਨਾਨਕ ਚੇਤੇ ਰਹਿੰਦੇ ਨਾ,
ਬੰਦੇ ਨੂੰ ਹਲਕਾਇਆ ਹੈ ਸਰਹੱਦਾਂ ਨੇ |
ਆਵੋ 'ਜ਼ਖ਼ਮੀ' ਉਹੀ ਸਾਂਝ ਬਣਾ ਲਈਏ,
ਜਿਸ ਨੂੰ ਲਾਂਬੂ ਲਾਇਆ ਹੈ ਸਰਹੱਦਾਂ ਨੇ |

-ਗੁਰੂ ਤੇਗ ਬਹਾਦਰ ਨਗਰ, ਹਰੇੜੀ ਰੋਡ,
ਸੰਗਰੂਰ-148001. ਮੋਬਾਈਲ : 98885-28027.

ਉਫ਼ਕ ਦੇ ਰੰਗ, ਅਣਛੋਹ ਤ੍ਰੇਲ, ਕਲੀਆਂ ਦੀ ਹਯਾ ਦੇ ਦੇ |
ਮੇਰੇ ਹਰ ਖਿਆਲ ਨੂੰ ਤੂੰ ਧੁੱਪ ਜਿਹਾ ਇਕ ਫ਼ਲਸਫ਼ਾ ਦੇ ਦੇ |
ਮੈਂ ਤਿੜਕੇ ਰਿਸ਼ਤਿਆਂ ਦੇ ਰੂਹ ਤੋਂ ਲੰਗਾਰ ਲਾਹ ਸੁੱਟਾਂ,
ਮੇਰੇ ਸੂਖ਼ਮ ਜਿਹੇ ਅਹਿਸਾਸ ਨੂੰ ਵਕਤੀ ਸ਼ੁਦਾ ਦੇ ਦੇ |
ਨਿਆਮਤ ਦੇਣ ਨੂੰ ਆਇਐ ਤਾਂ ਇੰਨੀ ਇਲਤਿਜਾ ਮੇਰੀ,
ਤੂੰ ਜੀਵਨ ਨੂੰ ਸਲੀਕਾ, ਸੁਹਜ ਤੇ ਸੰਵੇਦਨਾ ਦੇ ਦੇ |

ਇਹ ਜੀਵਨ ਜੀਣ ਦੀ ਮੈਨੂੰ ਸੁਚੱਜੀ ਜਾਚ ਦਿੰਦਾ ਹੈ,
ਮੇਰੀ ਤੂੰ ਜ਼ਿੰਦਗੀ ਨੂੰ ਫਿਰ ਤੋਂ ਕੋਈ ਹਾਦਸਾ ਦੇ ਦੇ |
ਦਿਲਾਂ ਦੇ ਸ਼ੀਸ਼ਿਆਂ ਤੋਂ ਦੁਸ਼ਮਣੀ ਦੀ ਗਰਦ ਲਾਹ ਦੇਵਾਂ,
ਸਫ਼ਰ ਅੰਦਰ ਪੜਾਅ ਦੇ ਦੇ, ਕੋਈ ਐਸਾ ਟਿਕਾ ਦੇ ਦੇ |
ਮੇਰੇ ਜੀਵਨ ਨੂੰ ਦੇ ਦੇ ਤਲਖੀਆਂ ਲੱਖਾਂ, ਮਗਰ ਮੈਨੂੰ,
ਗ਼ਜ਼ਲ ਦੀ ਪੈੜ ਦੇ ਵਿਚ ਪੈੜ ਰੱਖਣ ਦੀ ਅਦਾ ਦੇ ਦੇ |

-ਭਾਈ ਵੀਰ ਸਿੰਘ ਨਗਰ, ਅਹਿਮਦਗੜ੍ਹ |
ਮੋਬਾਈਲ : 99143-10063.

ਚੋਰੀ ਚੋਰੀ ਦਿਲ ਵਿਚ ਆਇਆ ਕਰਦੇ ਨੇ |
ਉਹ ਰਾਤਾਂ ਦੀ ਨੀਂਦ ਚੁਰਾਇਆ ਕਰਦੇ ਨੇ |
ਜੋ ਰੋਂਦੇ ਨੂੰ ਵੇਖ ਦਿਲਾਸਾ ਦਿੰਦੇ ਹਨ,
ਉਹ ਯਾਰਾਂ ਦੇ ਯਾਰ ਕਹਾਇਆ ਕਰਦੇ ਨੇ |
ਘੁੱਟ ਕੁ ਪੀ ਕੇ ਗੱਪਾਂ ਮਾਰਨ ਬੰਦੇ ਜੋ,
ਬਿਪਤਾ ਵੇਲੇ ਨਜ਼ਰ ਘੁਮਾਇਆ ਕਰਦੇ ਨੇ |
ਦਿਲ ਦੇ ਅੰਦਰ ਨਫ਼ਰਤ ਕਰਦੇ ਸਾਨੂੰ ਉਹ,
ਗੱਲਾਂ ਵਿਚ ਮਿਠਾਸ ਜਤਾਇਆ ਕਰਦੇ ਨੇ |
ਛੱਡ 'ਸਵੀ' ਪਿਆਰ ਮਿਲੇ ਨ ਕਰਮਾਂ ਬਾਝੋਂ,
ਦਿਲਬਰ ਹੀ ਤਾਂ ਗ਼ਜ਼ਲ ਲਿਖਾਇਆ ਕਰਦੇ ਨੇ |
                     -0-
ਆਪਣੇ ਮਨ ਨੂੰ ਖ਼ੁਦ ਸਮਝਾਉਣਾ ਚੰਗਾ ਹੈ |
ਚੰਚਲ ਦਿਲ 'ਤੇ ਕਾਬੂ ਪਾਉਣਾ ਚੰਗਾ ਹੈ |
ਪਿਆਰ ਮੁਹੱਬਤ ਘਾਟੇ ਵਾਲਾ ਸੌਦਾ ਨੀ,
ਸਾਂਝ ਦਿਲਾਂ ਦੀ ਬੋਲ ਪੁਗਾਉਣਾ ਚੰਗਾ ਹੈ |
ਦਿਹਾੜੇ ਚਾਰ ਹੁਸਨ ਪਰਾਹੁਣੇ ਵਾਂਗੂ ਤੰੂ,
ਮਨ ਦੇ ਸ਼ਿਕਵੇ ਤੁਰੰਤ ਮਟਾਉਣਾ ਚੰਗਾ ਹੈ |
ਹੱਸ ਕੇ ਨਜ਼ਰ ਘੁਮਾਈ ਚਾਰੇ ਚੁਫੇਰੇ ਏ,
ਫੁੱਲਾਂ ਵਾਂਗਰ ਰਾਹ ਮਹਿਕਾਉਣਾ ਚੰਗਾ ਹੈ |
ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰ,
ਕੋਲੇ ਬਹਿ ਕੇ ਦਰਦ ਵੰਡਾਉਣਾ ਚੰਗਾ ਹੈ |
ਵਾਰ ਰਿਹਾ ਜੋ ਜਾਨ ਤੁਹਾਡੇ ਉੱਪਰ ਦੀ,
ਉਸ ਨੂੰ ਆਪਣੇ ਸੀਨੇ ਲਾਉਣਾ ਚੰਗਾ ਹੈ |
ਵਾਂਗ 'ਸਵੀ' ਫਿਰ ਸਭ ਕੁਝ ਚੰਗਾ ਲੱਗੇਗਾ,
ਚੰਗੇ ਨੂੰ ਹੀ ਚੰਗਾ ਗਾਉਣਾ ਚੰਗਾ ਹੈ |

-37, ਰੋਜ਼ ਐਵੇਨਿਊ, ਨੇੜੇ ਟਰੱਕ ਯੂਨੀਅਨ, ਮਲੇਰਕੋਟਲਾ, ਸੰਗਰੂਰ |
ਮੋਬਾਈਲ : 76968-74403.

ਨਹਿਲੇ 'ਤੇ ਦਹਿਲਾ ਸ਼ਾਇਰ ਹੀ ਹੋਵੇਗਾ

ਮੇਰੇ ਇਸ ਧਰਤੀ 'ਤੇ ਆਉਣ ਤੋਂ ਦੋ ਤਿੰਨ ਸਾਲ ਪਹਿਲਾਂ ਮੇਰੀ ਮਾਤਾ ਨੇ ਇਕ ਧੀ ਨੂੰ ਜਨਮ ਦਿੱਤਾ ਜੋ ਦੋ ਕੁ ਮਹੀਨੇ ਦੀ ਹੋ ਕੇ ਗੁਜ਼ਰ ਗਈ | ਉਸ ਤੋਂ ਸਮਾਂ ਪਾ ਕੇ ਇਕ ਹੋਰ ਧੀ ਦਾ ਜਨਮ ਹੋਇਆ ਜੋ ਤਿੰਨ-ਚਾਰ ਮਹੀਨੇ ਦੀ ਹੋ ਕੇ ਗੁਜ਼ਰ ਗਈ | ਸਾਡੇ ਪਿੰਡ ਦੀਆਂ ਸਿਆਣੀਆਂ ਔਰਤਾਂ ਨੇ ਮੇਰੀ ਮਾਤਾ ਤੋਂ ਕਈ ਗੱਲਾਂ ਦੀ ਜਾਣਕਾਰੀ ਲਈ ਅਤੇ ਵਿਚਾਰ-ਵਟਾਂਦਰਾ ਕਰ ਕੇ ਮੇਰੀ ਮਾਤਾ ਨੂੰ ਸਲਾਹ ਦਿੱਤੀ ਕਿ ਤੇਰਾ ਉਹੀ ਬੱਚਾ ਬਚੂਗਾ ਜਿਹੜਾ ਨਾਨਕੇ ਘਰ ਜਨਮ ਲਊਗਾ | ਇਸ ਗੱਲ ਨੇ ਮੇਰੀ ਮਾਤਾ ਦੇ ਦਿਲ ਵਿਚ ਗੰਢ ਬੰਨ੍ਹ ਦਿੱਤੀ ਅਤੇ ਮੇਰੀ ਮਾਂ ਨੇ ਤੈਅ ਕਰ ਲਿਆ ਕਿ ਹੁਣ ਆਉਣ ਵਾਲੇ ਬੱਚੇ ਦਾ ਜਨਮ ਆਪਣੇ ਪੇਕੇ ਘਰ ਹੀ ਹੋਵੇਗਾ |
ਜਦੋਂ ਮੈਂ ਹੋਣ ਵਾਲਾ ਹੋਇਆ ਤਾਂ ਮੇਰੀ ਮਾਂ ਆਪਣੇ ਪੇਕੇ ਘਰ ਠੱਟਾ ਬਹਾਦਰ ਸ਼ਾਹ ਵਿਖੇ ਆ ਗਈ | ਉਸ ਸਮੇਂ ਪਿੰਡ ਵਿਚ ਦਾਈ ਹੁੰਦੀ ਸੀ ਜੋ ਬੱਚੇ ਦੇ ਜਨਮ ਦਾ ਸਾਰਾ ਕਾਰਜ ਸੰਭਾਲਦੀ ਸੀ |
ਮੇਰਾ ਜਨਮ ਹੋਇਆ ਤਾਂ ਮੇਰੀ ਦਾਈ ਬੜੀ ਖ਼ੁਸ਼ ਹੋਈ | ਉਦੋਂ ਮੰੁਡਾ ਹੋਣ 'ਤੇ ਦਾਈਆਂ ਖ਼ੁਸ਼ ਹੁੰਦੀਆਂ ਸਨ ਕਿਉਂਕਿ ਦਾਈ ਨੂੰ ਇਨਾਮ ਚੋਖਾ ਮਿਲਦਾ ਸੀ | ਮੇਰੇ ਜਨਮ ਦੀ ਖ਼ਬਰ ਲੈ ਕੇ ਮੇਰੀ ਦਾਈ ਮੇਰੇ ਨਾਨਾ ਜੀ ਕੋਲ ਗਈ ਤਾਂ ਮੇਰੇ ਨਾਨਾ ਜੀ ਬੜੇ ਖ਼ੁਸ਼ ਹੋਏ ਅਤੇ ਇਕ ਚਾਂਦੀ ਦਾ ਰੁਪਈਆ ਦਾਈ ਨੂੰ ਇਨਾਮ ਦਿੱਤਾ (ਅਗਲੀ ਗੱਲ ਮਨਘੜਤ) ਮੇਰੀ ਦਾਈ ਥੋੜ੍ਹੀ ਦੇਰ ਬਾਅਦ ਫਿਰ ਮੇਰੇ ਨਾਨਾ ਜੀ ਕੋਲ ਗਈ ਅਤੇ ਵਧਾਈ ਦਿੱਤੀ ਕਿ ਤੁਹਾਡਾ ਦੋਹਤਰਾ ਸ਼ਾਇਰ ਵੀ ਹੋਵੇਗਾ | ਮੇਰੇ ਨਾਨਾ ਜੀ ਨੇ ਹੈਰਾਨੀ ਨਾਲ ਪੁੱਛਿਆ, 'ਤੈਨੂੰ ਕਿਵੇਂ ਪਤਾ ਲੱਗਿਆ ਕਿ ਹੁਣੇ-ਹੁਣੇ ਪੈਦਾ ਹੋਇਆ ਮੰੁਡਾ ਸ਼ਾਇਰ ਹੋਵੇਗਾ, ਕੀ ਤੈਨੂੰ ਕੋਈ ਗੀਤ, ਕੋਈ ਗ਼ਜ਼ਲ ਸੁਣਾਈ? ਦਾਈ ਨੇ ਜਵਾਬ ਦਿੱਤਾ, 'ਜਜਮਾਨ ਗੀਤ ਗ਼ਜ਼ਲ ਤਾਂ ਨਹੀਂ ਸੁਣਾਈ ਇਸ ਨੇ, ਪਰ ਹੋਵੇਗਾ ਸ਼ਾਇਰ ਹੀ, ਕਿਉਂਕਿ ਜਦੋਂ ਇਹ ਜੰਮਿਆ ਸੀ ਤਾਂ ਇਸ ਨੇ ਮੇਰੇ ਵੱਲ ਵੇਖ ਕੇ ਮੈਨੂੰ ਅੱਖ ਮਾਰੀ ਸੀ |'

-ਜੇਠੀ ਨਗਰ, ਮਾਲੇਰਕੋਟਲਾ ਰੋਡ,
ਖੰਨਾ-141401.
ਮੋਬਾਈਲ : 94170-91668.

ਘਰ 'ਚ ਕਾਲਾ ਧਨ...

ਬਹੁਤ ਪਹਿਲਾਂ, ਮੁਹੱਲਿਆਂ 'ਚ, ਆਮ ਉੱਚੀ ਆਵਾਜ਼ ਸੁਣੀਂਦੀ ਸੀ, 'ਭਾਂਡੇ ਕਲੀ ਕਰਾ ਲਓ...ਓ... |'
ਕਲੀ (ਕਲਈ) ਕਰਨ ਵਾਲਾ ਭਾਈ, ਤਿੱਖੀ ਅੱਗ ਬਾਲ ਕੇ ਉਹਦੇ 'ਤੇ ਭੰਡਾ ਅੰਦਰਲੇ ਪਾਸੋਂ ਵੀ ਗਰਮ ਕਰਦਾ, ਫੇਰ ਉਹਦੇ 'ਤੇ ਥੋੜ੍ਹੀ ਜਿਹੀ ਕਲੀ ਰੱਖ ਕੇ ਉਹਨੂੰ ਬੜੀ ਤੇਜ਼ੀ ਨਾਲ ਪੂਰੇ ਭਾਂਡੇ ਅੰਦਰ ਫੈਲਾਅ ਕੇ ਉਹਨੂੰ ਮਿੰਟਾਂ-ਸਕਿੰਟਾਂ 'ਚ ਚਮਾਚਮ ਕਰ ਦਿੰਦਾ, ਕਾਲੇ ਭਾਂਡੇ ਫਿਰ ਚਿੱਟੇ, ਚਮਕਦਾਰ ਹੋ ਜਾਂਦੇ | ਕੁਝ ਅਰਸਾ ਪਹਿਲਾਂ ਮੈਂ ਫੇਰ ਖ਼ਬਰ ਪੜ੍ਹੀ ਹੈ ਕਿ ਪੁਰਾਣੀ ਦਿੱਲੀ ਦੇ ਪੁਰਾਣੇ ਇਲਾਕੇ ਵਿਚ ਅਜੇ ਵੀ 'ਭਾਂਡੇ ਕਲੀ ਕਰਾ ਲਓ' ਵਾਲੀ ਪ੍ਰਥਾ ਜਾਰੀ ਹੈ |
ਮੈਨੂੰ ਲੀਡਰਾਂ 'ਤੇ, ਸਭਨਾਂ ਪਾਰਟੀਆਂ ਦੇ ਲੀਡਰਾਂ 'ਤੇ ਹਾਸਾ ਆਉਂਦਾ ਹੈ, ਇਹ ਬਾਹਰੋਂ ਚਿੱਟੇ ਦੁੱਧ ਦਿਸਦੇ ਹਨ, ਚਿੱਟੇ ਕੁੱਕੜ ਵਾਂਗ, ਬਗਲਿਆਂ ਵਾਂਗ, ਚਿੱਟੇ ਦੁੱਧ ਕੱਪੜੇ ਪਾਉਂਦੇ ਹਨ, ਸਿਰ ਦੇ ਵਾਲ ਬੇਸ਼ੱਕ ਖੋਪੜੀ 'ਤੇ ਥੋੜੇ੍ਹ ਜਿਹੇ ਹੀ ਰਹਿ ਗਏ ਹੋਣ, ਉਨ੍ਹਾਂ ਨੂੰ ਕਲਈ ਦੀ ਕੋਈ ਲੋੜ ਨਹੀਂ | 'ਕਾਲਖ' (ਵਾਲ ਕਾਲੇ ਕਰਨ ਵਾਲੇ ਸਾਧਨ) ਮਲ-ਮੁਲ ਕੇ ਕਾਲੇ ਕਰ ਲੈਂਦੇ ਹਨ | ਧਿਆਨ ਰੱਖਦੇ ਹਨ ਕਿ ਇਨ੍ਹਾਂ ਦੇ ਭਰਵੱਟੇ ਤੇ ਮੁੱਛਾਂ ਵੀ ਕਾਲੀਆਂ ਹੋਣ |
ਬਾਹਰੋਂ ਚਿੱਟੇ, ਅੰਦਰੋਂ ਕਾਲੇ, ਧੁਰ-ਕਾਲੇ | ਉਥੇ ਕਲੀ ਨਹੀਂ ਹੋ ਸਕਦੀ ਭਾਈ... ਕੁਰੱਪਸ਼ਨ, ਭਿ੍ਸ਼ਟਾਚਾਰ, ਮਨ-ਅੰਦਰ ਦੀ ਕਾਲਖ, ਕਾਲਖ ਦਾ ਮੰਬਾ ਹੈ-ਗੰਗਾ ਲੱਖ ਮੈਲੀ ਹੋਵੇ, ਕਹਿੰਦੇ ਨੇ ਮੈਲ-ਸਾਫ਼ ਹੋ ਜਾਏਗੀ, ਪਰ ਮਨੁੱਖ ਦਾ ਅੰਦਰ ਮਨ, ਮਨ ਦੀ ਮੈਲ, ਮਨ ਦੀ ਕਾਲਖ, ਲੱਖ ਯਤਨ ਕਰੋ, ਕਦੇ ਸਾਫ਼ ਨਹੀਂ ਹੋਏਗੀ... ਭਾਈ ਸਾਹਿਬ ਭਾਈ ਵੀਰ ਸਿੰਘ ਨੇ ਕਾਲੇ ਮਨ ਦੀ ਬਾਕਮਾਲ ਅਸਲੀਅਤ ਦਰਸਾਈ ਹੈ:
'ਕੋਲਾ' ਹੈ—ਕੋਲਾ |
ਪਾਣੀ ਲਾ ਲਾ ਧੋਤਾ ਕੋਲਾ,
ਦੁੱਧ, ਦਹੀਂ ਵਿਚ ਪਾਇਆ |
ਖੰੁਬ ਚਾੜ੍ਹ ਰੰਗਣ ਵੀ ਧਰਿਆ,
ਫੇਰ ਨਾ ਰੰਗ ਵਟਾਇਆ |
ਕਾਲੇ ਧਨ ਦੀ ਉਪਜ, ਕਾਲੇ ਮਨ ਦੀ ਚਾਹਤ ਹੀ ਤਾਂ ਹੈ | ਧਨ... ਕ੍ਰੰਸੀ ਨੋਟ ਹੋਣ ਜਾਂ ਸਿੱਕੇ ਚਿੱਟੇ ਹੀ ਨਿਕਲਦੇ ਹਨ, ਸਰਕਾਰੀ ਛਾਪੇ ਖਾਨੇ ਤੇ ਸਰਕਾਰੀ ਟਕਸਾਲ 'ਚੋਂ... ਪਰ ਬੇਸ਼ੱਕ ਇਨ੍ਹਾਂ ਨੂੰ ਚਿੱਟੇ ਵਾਲਾਂ ਵਾਂਗ ਕਾਲਖ ਲਾ-ਲਾ ਰੰਗਣਾ ਨਹੀਂ ਪੈਂਦਾ... ਪਰ ਕਾਲੇ ਕਰਮਾਂ ਨਾਲ ਕਮਾਏ, ਲੁੱਟੇ ਤੇ ਲੁਕਾਏ ਗਏ ਧਨ ਨੂੰ ਕਾਲਾ-ਧਨ ਹੀ ਆਖਿਆ ਜਾਂਦਾ ਹੈ | ਉਪਰੋਂ, ਬਾਹਰੋਂ ਕੋਈ ਵੀ ਕਾਲੇ ਧਨ ਨੂੰ ਕਾਲਾ ਨਹੀਂ ਆਖਦਾ | ਪਾਪ ਬਰਾਬਰ ਜਾਣ ਕੇ, ਕੋਈ ਵੀ ਕਾਲਾ ਧਨ ਲੁਕਾਉਣ ਵਾਲਾ, ਇਹ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ ਕਿ ਉਹਨੇ ਕਾਲਾ-ਧਨ ਲੁਕਾਇਆ | ਇਹਨੂੰ ਕਹਿੰਦੇ ਨੇ—ਕਾਲੇ ਕਰਮ |
'ਸਤਯਾ ਮੇਵ ਜਯਤੇ'
ਮਹਾਤਮਾ ਗਾਂਧੀ ਨੇ ਕਿੰਨੀ ਚੰਗੀ ਰਾਇ ਦਿੱਤੀ ਸੀ, ਹਿੰਦੁਸਤਾਨ ਦੀ ਆਜ਼ਾਦੀ ਮਗਰੋਂ, ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਕਿ ਹੁਣ ਆਜ਼ਾਦੀ ਦਾ ਮਕਸਦ ਪੂਰਾ ਹੋ ਗਿਆ ਹੈ, ਇਸ ਲਈ ਕਾਂਗਰਸ ਪਾਰਟੀ ਦੀ ਦਰੀ ਸਮੇਟ ਦਿਓ, ਇਹਦੀ ਕੋਈ ਲੋੜ ਨਹੀਂ | ਪਹਿਲਾਂ ਕਰਨਾਟਕ ਵਿਚ ਵੀ ਕਾਂਗਰਸੀ ਨੇਤਾਵਾਂ ਦੇ ਖਾਸ ਟਿਕਾਣਿਆਂ 'ਤੇ ਈ.ਡੀ. ਨੇ ਛਾਪਾ ਮਾਰ ਕੇ, ਐਦਾਂ ਹੀ ਕਰੋੜਾਂ ਰੁਪਏ ਵਾਲਾ ਕਾਲਾ ਧਨ ਜ਼ਬਤ ਕੀਤਾ ਸੀ | ਕਾਲੇ ਧਨ ਦਾ ਕੁਬੇਰ-ਕਾਂਗਰਸ ਪਾਰਟੀ ਦੇ ਨੇਤਾਵਾਂ, ਦਫ਼ਤਰਾਂ ਤੱਕ ਕਿਉਂ ਪਹੁੰਚਦਾ ਹੈ?
21 ਕਰੋੜ ਰੁਪਏ ਤਾਂ ਹਵਾਲਾ ਰਾਹੀਂ ਕਾਲਾ ਧਨ ਕਾਂਗਰਸ ਦੇ ਦਿੱਲੀ ਦੇ ਦਫ਼ਤਰ 'ਚ ਪਹੁੰਚ ਗਿਆ ਸੀ, ਇਹਦੇ 'ਤੇ ਵੀ ਚੌਕੀਦਾਰ ਦੀ ਨਜ਼ਰ ਸੀ, ਦਫ਼ਤਰ ਦੇ ਇਕ ਕਰਿੰਦੇ ਨਈਮ ਦੇ ਘਰ ਵੀ ਛਾਪਾ ਮਾਰ ਕੇ, ਇਹ ਮਾਲ ਵੀ ਸਮੇਟ ਲਿਆ ਗਿਆ |
ਮਾਸੀ ਮਤਲਬ 'ਮਾਂ-ਸੀ'... ਮਾਂ ਜਿਹੀ ਮੈਂ ਨਾਂਅ ਨਹੀਂ ਦੱਸਾਂਗਾ.. ਇਕ ਪ੍ਰੋਡਿਊਸਰ ਡਾਇਰੈਕਟਰ ਇਸ ਸਮੇਂ ਉਹ ਦੁਨੀਆ 'ਚ ਨਹੀਂ ਹੈ, ਫ਼ਿਲਮ ਲਾਈਨ 'ਚ ਕਾਲਾ ਧਨ ਵਿਆਪਕ ਸੀ, ਪਰ ਇਨ੍ਹਾਂ ਨੂੰ ਕਈਆਂ ਨੂੰ ਪਹਿਲਾਂ ਹੀ ਖ਼ਬਰ ਮਿਲ ਜਾਂਦੀ ਸੀ ਕਿ ਇਨ੍ਹਾਂ ਦੇ ਦਫ਼ਤਰ ਤੇ ਘਰ, ਕਿਸੇ ਵੇਲੇ ਵੀ ਇਨਕਮ ਟੈਕਸ ਵਾਲਿਆਂ ਦਾ ਛਾਪਾ ਪੈ ਸਕਦਾ ਹੈ | ਖ਼ਬਰ ਇਸ ਤਰ੍ਹਾਂ ਮਿਲਦੀ ਸੀ, 'ਫਲਾਣਾ ਜੀ, ਤੁਹਾਡੇ ਘਰ ਮਹਿਮਾਨ ਆਉਣ ਵਾਲੇ ਨੇ, ਘਰ ਤੇ ਦਫ਼ਤਰ ਦੀ ਸਫ਼ਾਈ ਕਰ ਲਓ |' ਮੇਰੇ ਉਹ ਜਾਣਕਾਰ ਪ੍ਰੋਡਿਊਸਰ-ਡਾਇਰੈਕਟਰ ਆਪਣੇ ਘਰ ਜਾਂ ਦਫ਼ਤਰ 'ਚ ਰੱਖਿਆ ਨੰਬਰ ਦੋ ਦਾ ਲੱਖਾਂ ਰੁਪਿਆ ਝਟ ਆਪਣੇ ਇਕ ਖਾਸ ਅਸਿਸਟੈਂਟ ਦੇ ਘਰ ਭੇਜ ਦਿੰਦੇ ਸਨ |
ਚੌਕੀਦਾਰ, ਗ਼ਰੀਬ ਹੁੰਦਾ ਹੈ, ਗ਼ਰੀਬਾਂ ਦੀ ਹਿੰਮਤ ਹੀ ਨਹੀਂ ਹੈ ਕਿ ਉਹ ਕੋਈ ਚੌਕੀਦਾਰ ਰੱਖਣ | ਲੋੜ ਵੀ ਨਹੀਂ ਹੈ, ਕਿਉਂਕਿ ਗ਼ਰੀਬਾਂ ਦੇ ਘਰ ਨਾ ਕਾਲਾ ਧਨ ਹੁੰਦਾ ਹੈ, ਨਾ ਚਿੱਟਾ ਧਨ | ਆਪਣਾ ਗੁਜ਼ਾਰਾ ਕਰ ਨਹੀਂ ਸਕਦੇ, ਚੌਕੀਦਾਰ ਕਿਥੋਂ ਰੱਖਣ |
ਅਮੀਰਾਂ ਨੂੰ ਤੇ ਪੈਸੇ ਵਾਲਿਆਂ ਨੂੰ ਹੀ ਜ਼ਰੂਰਤ ਹੈ 'ਚੌਕੀਦਾਰ' ਰੱਖਣ ਦੀ, ਪਰ ਚੌਕੀਦਾਰ ਨਾਂਅ ਪਸੰਦ ਨਹੀਂ ਹੈ, ਇਸ ਲਈ ਉਹ ਸਕਿਉਰਿਟੀ ਗਾਰਡਜ਼ ਘਰਾਂ ਤੇ ਦਫ਼ਤਰਾਂ ਦੇ ਬਾਹਰ ਰੱਖਦੇ ਹਨ | ਉਨ੍ਹਾਂ ਨੂੰ ਸਕਿਉਰਿਟੀ ਗਾਰਡਜ਼ ਵੀ 'ਸਕਿਉਰਿਟੀ ਗਾਰਡਜ਼ ਸਪਲਾਈ ਕਰਨ ਵਾਲੀਆਂ ਏਜੰਸੀਆਂ ਹੀ ਸਪਲਾਈ ਕਰਦੀਆਂ ਹਨ | ਇਨ੍ਹਾਂ ਨੇ ਵਰਦੀਆਂ ਵੀ ਖਾਸ ਪਾਈਆਂ ਹੁੰਦੀਆਂ ਹਨ | 'ਚੌਕੀਦਾਰ' ਦੀ ਪਛਾਣ ਤਾਂ ਇਹੀ ਹੈ, ਸਿਰ 'ਤੇ ਟੋਪੀ, ਹੱਥ 'ਚ ਡੰਡਾ, ਮੈਲੀ ਧੋਤੀ, ਮੈਲਾ ਕੁੜਤਾ ਵਾਰ-ਵਾਰ ਬੁਲੰਦ ਆਵਾਜ਼ 'ਜਾਗਦੇ ਰਹਿਣਾ |'
ਮੈਂ ਬਚਪਨ 'ਚ ਵੇਖਿਆ ਸੀ, ਅੰਬਾਂ ਦੇ ਬਾਗ਼ ਵਿਚ ਇਕ ਚੌਕੀਦਾਰ ਅੰਬਾਂ ਦੀ ਰਖਵਾਲੀ ਕਰਦਾ, ਜਦ ਕਿਸੇ ਅੰਬ ਚੋਰੀ ਕਰਨ ਵਾਲੇ ਨੂੰ ਫੜ ਲੈਂਦਾ ਤਾਂ ਕੁਟਦਾ ਵੀ ਖੂਬ ਸੀ | ਭਾਵੇਂ ਕਿਸੇ ਅਮੀਰ ਦਾ ਬੱਚਾ ਵੀ ਕਿਉਂ ਨਾ ਹੋਵੇ |
ਤੂੰ ਕਾਹਦਾ ਪਟਵਾਰੀ,
ਮੰੁਡਾ ਮੇਰਾ ਰੋਵੇ ਅੰਬ ਨੂੰ |
ਪਹਿਲਾਂ ਮਸ਼ਹੂਰ ਸੀ ਕਿ ਲੁਕਾ ਕੇ ਰੱਖੇ ਕਾਲੇ ਧਨ ਦੀ ਰਾਖੀ ਕਾਲਾ ਨਾਗ ਕਰਦਾ ਹੈ | ਪਰ ਜੇਕਰ ਚੌਕੀਦਾਰ ਨੂੰ ਇਸ ਦਾ ਵੀ ਪਤਾ ਲੱਗ ਜਾਂਦਾ ਤਾਂ ਉਹ ਆਪਣੇ ਡੰਡੇ ਨਾਲ ਉਹਦਾ ਫਨ ਵੀ ਕੁਚਲ ਦਿੰਦਾ ਸੀ |
ਸਾਰੇ ਕਲਪ ਰਹੇ ਹਨ ਕਿ ਅਚਾਨਕ ਇਹ ਚੌਕੀਦਾਰ ਕਿਥੋਂ ਪ੍ਰਗਟ ਹੋ ਗਿਆ | ਵੇਖੋ ਨਾ, ਵਾਡਰਾ ਜੀ ਸੋਨੀਆ ਜੀ, ਰਾਹੁਲ ਜੀ, ਚਿਦੰਬਰਮ ਜੀ, ਆਦਿ ਜੁਗਾਦਿ ਸਭਨਾਂ ਦੇ ਬੰਗਲਿਆਂ ਦੇ ਬਾਹਰ ਸਕਿਉਰਿਟੀ ਗਾਰਡ ਤਾਇਨਾਤ ਨੇ.... |
ਖ਼ਬਰ ਪੱਕੀ ਹੈ ਕਿ ਦਿੱਲੀ 'ਚ ਮੁੜ ਕੇ ਭਾਂਡੇ ਕਲੀ ਕਰਨ ਵਾਲੇ ਮੌਜੂਦ ਨੇ | ਜੇਕਰ ਉਹ ਇਨ੍ਹਾਂ ਦੇ ਬੰਗਲਿਆਂ ਬਾਹਰ ਆ ਕੇ ਆਵਾਜ਼ ਕਰਨ ਭਾਂਡੇ ਕਲੀ ਕਰਾ ਲਓ, ਤਾਂ ਇਨ੍ਹਾਂ ਦੇ ਗਾਰਡਾਂ ਨੇ ਹੀ ਉਨ੍ਹਾਂ ਨੂੰ ਭਜਾ ਦੇਣਾ ਹੈ |
ਗਾਰਡ ਅਮੀਰਾਂ ਦੇ ਪੈਸੇ ਵਾਲਿਆਂ ਦੇ ਹੀ ਹੋ ਸਕਦੇ ਹਨ, ਚਾਹ ਵੇਚਣ ਵਾਲਿਆਂ ਦੇ ਭਾਂਡੇ ਕਲੀ ਕਰਾਉਣਯੋਗ ਨਹੀਂ ਹੁੰਦੇ, ਉਹ ਆਪੇ ਮਾਂਜ-ਮੰੂਜ ਲੈਂਦੇ ਹਨ | ਗ਼ਰੀਬਾਂ ਦੀ ਚਾਹ ਵੇਚਣ ਵਾਲਿਆਂ ਦੀ ਚੋਰੀ ਵੀ ਕੀਹਨੇ ਕਰਨੀ ਹੈ?
ਪਰ ਇਹ ਕੀ ਹੋਇਆ, ਸਭ ਗਾਰਡ-ਗੂਡ, ਸੁੱਤੇ ਹੀ ਰਹਿ ਗਏ, ਇਸ ਚੌਕੀਦਾਰ ਨੇ, ਪ੍ਰਭਾਤੀ 3 ਵਜੇ ਇਨ੍ਹਾਂ ਦਾ ਕਾਲਾ ਧਨ, ਜ਼ਬਤ ਕਰਵਾ ਕੇ ਧੰਨ-ਧੰਨ ਕਰਵਾ ਦਿੱਤੀ, ਪੁਰਾਣੇ ਜ਼ਮਾਨੇ ਵਾਲੇ ਚੌਕੀਦਾਰ ਨੇ |

ਲਹਿੰਦੇ ਪੰਜਾਬ ਦੀ ਕਹਾਣੀ ਭੱਖੜਾ

ਕੁਝ ਨਾਤੇ ਭੱਖੜੇ ਦੇ ਕੰਡੇ ਹੁੰਦੇ ਨੇ | ਜਿਵੇਂ ਭੱਖੜੇ ਦਾ ਕੰਡਾ ਟੁਰਦਿਆਂ ਟੁਰਦਿਆਂ ਪੈਰ ਵਿਚ ਚੁੱਭ ਜਾਏ ਤਾਂ ਉਹਦਾ ਸਾੜ ਜਾਂਦਿਆਂ ਜਾਂਦਿਆਂ ਈ ਜਾਂਦਾ ਏ | ਏਸੇ ਤਰ੍ਹਾਂ ਕੁਝ ਨਾਤੇ ਵੀ ਇੰਜ ਜੁੜਦੇ ਨੇ ਜੋ ਉਨ੍ਹਾਂ ਦਾ ਸਾੜ ਸਾਰੀ ਹਯਾਤੀ ਨਹੀਂ ਮਿਟਦਾ |
ਕੁਰੈਸ਼ਾਂ ਬੀਬੀ ਦਾ ਜਦੋਂ ਵਿਆਹ ਹੋਇਆ ਤਾਂ ਪਹਿਲੇ ਦਿਹਾੜੇ ਈ ਜਿਵੇਂ ਇਕ ਕੰਡਾ ਜਿਹਾ ਉਹਦੇ ਦਿਲ ਵਿਚ ਲੱਥ ਗਿਆ ਤੇ ਫੇਰ ਸਾਰੀ ਹਯਾਤੀ ਉਹ ਹੰਝੂਆਂ ਦੇ ਪਾਣੀ ਨਾਲ ਦਿਲ ਦਾ ਸਾੜ ਮੱਠਾ ਕਰਨ ਦੀ ਕੋਸ਼ਿਸ਼ ਕਰਦੀ ਰਹੀ ਪਰ ਇੰਜ ਵੀ ਕਦੀ ਦਿਲਾਂ ਦੇ ਸਾੜ ਮੱਠੇ ਪਏ ਨੇ | ਸਗੋਂ ਹੰਝੂਆਂ ਦਾ ਮੀਂਹ ਜਦੋਂ ਦਿਲ ਦੀ ਜ਼ਮੀਨ 'ਤੇ ਵਰ੍ਹਦਾ ਏ ਤਾਂ ਉਹ ਇੰਜ ਬੰਜਰ ਹੁੰਦੀ ਜਾਂਦੀ ਏ ਕਿ ਫੇਰ ਮੁੜਕੇ ਉਹਦੇ ਉਤੇ ਖੁਸ਼ੀ ਦੀ ਕੋਈ ਕਰੁੰਬਲ ਨਹੀਂ ਫੁਟਦੀ | ਕੁਰੈਸ਼ਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਤੇ ਪਤਾ ਲਗਦਾ ਵੀ ਕਿਵੇਂ? ਨਾ ਤਾਂ ਉਹਨੇ ਕੋਈ ਬਹੁਤਾ ਇਲਮ ਪੜਿ੍ਹਆ ਸੀ ਨਾ ਉਹਦੀ ਮਤਰੇਈ ਉਹਨੂੰ ਸਿਰ ਨਾਲ ਸਿਰ ਜੋੜ ਕੇ ਨਸੀਹਤਾਂ ਕੀਤੀਆਂ ਸਨ | ਉਹ ਤਾਂ ਬੱਸ ਆਪ ਮੁਹਾਰੇ ਰੁੱਖ ਵਾਂਗ ਵੱਡੀ ਹੁੰਦੀ ਗਈ ਸੀ | ਪਿੰਡ ਦਾ ਸਕੂਲ ਪੰਜਵੀਂ ਤੀਕਰ ਸੀ | ਉਹਨੇ ਵੀ ਪੰਜ ਜਮਾਤਾਂ ਪੜ੍ਹੀਆਂ ਤੇ ਫੇਰ ਘਰ ਬਹਿ ਕੇ ਸਿਲਾਈ-ਕਢਾਈ ਸਿੱਖਣ ਲੱਗ ਪਈ |
ਜਦੋਂ ਦੋ ਸੂਤੀ ਚਾਦਰਾਂ ਨਾਲ ਵੱਡਾ ਬਕਸਾ ਭਰਿਆ ਗਿਆ ਤਾਂ ਉਹਨੇ ਕਰੋਸ਼ੀਆ ਤੇ ਧਾਗਾ ਹੱਥ ਵਿਚ ਫੜ ਲਿਆ ਤੇ ਏਹੋ ਜਿਹੇ ਵਲਾਂ-ਪੇਚ ਵਾਲੇ ਨਮੂਨੇ ਪਾ ਕੇ ਮੇਜਪੋਸ਼ ਬਣਾਏ ਜੋ ਵੇਖਣ ਵਾਲੀ ਅੱਖ ਅੱਡੀ ਰਹਿ ਜਾਂਦੀ | ਇਹਦੇ ਨਾਲ-ਨਾਲ ਘਰ ਦੇ ਹੋਰ ਕੰਮਾਂ ਦੀ ਚੱਕੀ ਚਲਦੀ ਈ ਰਹਿੰਦੀ ਸੀ ਤੇ ਕੁਰੈਸ਼ਾਂ ਉਸ ਚੱਕੀ ਵਿਚ ਪੀਹ-ਪੀਹ ਕੇ ਆਪਣੀਆਂ ਦਿਹਾੜਾਂ-ਰਾਤਾਂ ਦੇ ਢੇਰ ਲਾਉਂਦੀ ਗਈ | ਵੇਖਦਿਆਂ ਹੀ ਵੇਖਦਿਆਂ ਵਰਿ੍ਹਆਂ ਦਾ ਢੇਰ ਲੱਗ ਗਿਆ ਤਾਂ ਉਹਦੀ ਮਤਰੇਈ ਮਾਂ ਨੂੰ ਸੁਰਤ ਆਈ | ਓਹਨੇ ਈਸ਼ਾ ਨਾਇਣ ਨੂੰ ਸੱਦ ਘੱਲਿਆ | ਈਸ਼ਾ ਲਾਗ ਲੈ ਵਾਹਵਾ ਸੁੱਭਰ ਕਤਾ ਲੈਂਦੀ ਸੀ ਪਰ ਜੋੜਾ ਉਹ ਸਿਲਾਉਂਦੀ ਜੋ ਸਾਰੇ ਵੇਖ-ਵੇਖ ਕੇ ਰੱਜਦੇ |
ਅਲੀ ਨਵਾਜ਼ ਦਾ ਟੱਬਰ ਹਮੇਸ਼ ਤੋਂ ਪਿੰਡ ਦੀ ਸਿਆਸਤ ਵਿਚ ਅੱਗੇ-ਅੱਗੇ ਰਹਿੰਦਾ ਸੀ | ਉਹਦਾ ਦਾਦਾ ਦੇਸ਼ ਬਣਨ ਵੇਲੇ ਤੋਂ ਵੋਟਾਂ ਪਵਾਉਣ ਵਿਚ ਮੋਹਰੀ ਹੁੰਦਾ ਤੇ ਫੇਰ ਜਿੱਤਣ ਵਾਲੇ ਉਮੀਦਵਾਰ ਨਾਲ ਉਹਦਾ ਕੋਈ ਨਾਤਾ-ਤਾਅਲੁਕ ਜੁੜਿਆ ਰਹਿ ਈ ਜਾਂਦਾ ਜਿਹੜਾ ਅਗਲੀਆਂ ਇਲੈਕਸ਼ਨਾਂ ਤੀਕਰ ਬਰਕਰਾਰ ਰਹਿੰਦਾ | ਅਲੀ ਨਵਾਜ਼ ਦੇ ਪਿਉ ਨੇ ਇਕ ਵਾਰੀ ਇਕ ਪੈਰ ਹੋਰ ਅਗਾਂਹ ਵਧਾਇਆ ਤੇ ਆਪ ਇਲੈਕਸ਼ਨ ਲੜਨ ਦਾ ਆਹਰ ਚਾ ਕੀਤਾ | ਪਰ ਪਤਾ ਇਹ ਲੱਗਾ ਪਈ ਹਾਲੀ ਇਲੈਕਸ਼ਨ ਜਿੱਤਣ ਵਾਲੀ ਮੰਜ਼ਲ ਬਹੁੰ ਦੂਰ ਏ | ਏਸ ਤਜਰਬੇ ਤੋਂ ਪਿਛੋਂ ਉਹਨੂੰ ਵਰਕਰ ਰਹਿਣ ਵਿਚ ਈ ਫ਼ਾਇਦਾ ਨਜ਼ਰੀਂ ਆਇਆ | ਵਰਕਰ ਦਾ ਅੱਖਰ ਸੁਣ ਕੇ ਜੇ ਕੋਈ ਸਮਝੇ ਪਈ ਉਹ ਫਕਤ ਨਾਅਰੇ ਮਾਰਨ ਵਾਲੇ ਤੇ ਹਰ ਮੌਕੇ 'ਤੇ ਪੁਲਿਸ ਦੇ ਡੰਡੇ ਖਾਣ ਵਾਲੇ ਵਰਕਰ ਸਨ ਤਾਂ ਇਹ ਉਹਦੀ ਭੁੱਲ ਹੋਵੇਗੀ | ਅਲੀ ਨਵਾਜ਼ ਹੋਰਾਂ ਦਾ ਟੱਬਰ ਦੁੱਧ ਪੀਣ ਵਾਲੇ ਮਜਨੂੰਆਂ ਦੇ ਕਬੀਲੇ ਵਿਚੋਂ ਸੀ | ਉਹ ਕੁਝ ਵਰਕਰ ਅਤੇ ਕੁਝ ਲੀਡਰ ਦੇ ਵਿਚਕਾਰ ਦੀ ਚੀਜ਼ ਸਨ | ਇਸ ਕਰਕੇ ਚਾਰ ਬੰਦੇ ਆਪਣਿਆਂ ਕੰਮਾਂ ਦੀ ਖ਼ਾਤਰ ਉਨ੍ਹਾਂ ਨਾਲ ਟੁਰਨ ਲਈ ਹਰ ਵੇਲੇ ਤਿਆਰ ਰਹਿੰਦੇ ਸਨ |
ਅਲੀ ਨਵਾਜ਼ ਨੇ ਪੂਰੀਆਂ ਤਾਂ ਦਸ ਜਮਾਤਾਂ ਕੀਤੀਆਂ ਸਨ ਪਰ ਸ਼ਹਿਰ ਦੇ ਕਾਲਜ ਵਿਚ ਦੋ ਵਾਰੀ ਫੇਲ੍ਹ ਹੋਣ ਤੀਕਰ ਟਿਕਿਆ ਰਿਹਾ ਸੀ |
ਕੁਰੈਸ਼ਾਂ ਦੀ ਮਤਰੇਈ ਮਾਂ ਨੇ ਆਪਣੀ ਨੱਕ-ਨਮੋਸ਼ੀ ਲਈ ਈਸ਼ਾ ਨਾਇਣ ਨੂੰ ਇਕ ਤਿੱਲੇ ਦੀ ਕਢਾਈ ਵਾਲਾ ਜੋੜਾ ਤਾਂ ਪਹਿਲੋਂ ਦੇ ਦਿੱਤਾ ਤੇ ਨਾਲ ਚੰਗਾ ਰਿਸ਼ਤਾ ਲੱਭਣ ਪਿੱਛੋਂ ਕੰਨਾਂ ਦੀਆਂ ਵਾਲੀਆਂ ਸਣੇ ਹਜ਼ਾਰ ਰੁਪਿਆ ਦੇਣ ਦਾ ਇਕਰਾਰ ਕੀਤਾ | ਈਸ਼ਾ ਨੇ ਉਹਦੇ ਘਰੋਂ ਤੰਦ ਚੁੱਕੀ ਤੇ ਅਲੀ ਨਵਾਜ਼ ਹੋਰਾਂ ਦੇ ਘਰ ਜਾ ਗੰਢ ਲਾਈ | ਕੁਰੈਸ਼ਾਂ ਦੀ ਮਤਰੇਈ ਦੀ ਬੜੀ ਵਾਹਵਾ ਹੋਈ | ਸਾਰੀ ਬਰਾਦਰੀ ਨੇ ਇਕ ਜ਼ਬਾਨ ਹੋ ਕੇ ਆਖਿਆ, 'ਸ਼ਾਬਾਸ਼ੇ ਬਈ ਮਤਰੇਈ ਹੋ ਕੇ ਸਕੀਆਂ ਮਾਵਾਂ ਤੋਂ ਵੱਧ ਵਰਤੀ ਏ!' ਵਿਆਹ ਹੋ ਗਿਆ | ਸਾਰੀਆਂ ਰਸਮਾਂ-ਰੀਤਾਂ ਬੜੇ ਸੋਹਣੇ ਤੇ ਸੁਚੱਜੇ ਢੰਗ ਨਾਲ ਅਦਾ ਹੋਈਆਂ ਤੇ ਕੁਰੈਸ਼ਾਂ ਵਿਦਾ ਹੋ ਕੇ ਸਹੁਰੇ ਘਰ ਆ ਗਈ |
ਅਲੀ ਨਵਾਜ਼ ਨੇ ਜਦੋਂ ਵਹੁਟੀ ਦਾ ਘੁੰਡ ਚੁੱਕਿਆ ਤਾਂ ਇਕ ਵਾਰੀ ਉਹਦੀਆਂ ਅੱਖਾਂ ਜਿਵੇਂ ਚੁੰਨ੍ਹੀਆਂ ਹੋ ਗਈਆਂ | ਵਹੁਟੀ ਦੀ ਤਾਂ ਝਾਲ ਨਹੀਂ ਸੀ ਝੱਲੀ ਜਾ ਰਹੀ | ਉਹ ਥੋੜ੍ਹਾ ਚਿਰ ਉਹਦੇ ਵੱਲ ਤੱਕਦਾ ਰਿਹਾ ਤੇ ਫੇਰ ਬੇਇਖ਼ਤਿਆਰ ਬੋਲ ਪਿਆ, 'ਬੱਲੇ ਬਈ ਬੱਲੇ! ਤੇਰੇ ਵਰਗੀ ਤਾਂ ਹਜ਼ਾਰ ਰੁਪਏ ਵਿਚ ਵੀ ਨਾ ਲੱਭੇ |'
ਤੇ ਉਸੇ ਪਲ ਫੁੱਲਾਂ ਦੇ ਖੇਤਰ ਵਿਚ ਟੁਰਦੀ ਕੁਰੈਸ਼ਾਂ ਬੀਬੀ ਦੇ ਪੈਰ ਜਿਵੇਂ ਭੱਖੜੇ ਦਾ ਕੰਡਾ ਚੁੱਭ ਗਿਆ ਤੇ ਉਹਦਾ ਸਾੜ ਉਹਦੇ ਦਿਲ ਵਿਚ ਖਿੰਡ ਗਿਆ |

-ਲਿਪੀਅੰਤਰ :
-ਡਾ. ਰਾਜਵੰਤ ਕੌਰ ਪੰਜਾਬੀ
ਮੋਬਾਈਲ : 8567886223

ਕਾਵਿ-ਮਹਿਫ਼ਲ

ਯਾਰ ਕਹਿੰਦੇ ਸੋਚ ਬਦਲੋ, ਜ਼ਿੰਦਗੀ ਗੁਲਜ਼ਾਰ ਹੈ,
ਕੀ ਕਰੇ ਉਹ ਆਦਮੀ ਜੋ ਰੋਟੀ ਤੋਂ ਲਾਚਾਰ ਹੈ |

ਖ਼ੂਨ ਦੇ ਵੀ ਰਿਸ਼ਤਿਆਂ ਦੀ ਸਾਂਝ ਕੋਈ ਨਾ ਰਹੀ,
ਫਿਰ ਜ਼ਮਾਨੇ ਨਾਲ ਚਲਣਾ, ਹੋ ਗਿਆ ਦੁਸ਼ਵਾਰ ਹੈ |

ਪੈਸੇ ਖ਼ਾਤਰ ਵੇਚਦੇ ਨੇ ਲੋਕ ਅਪਣਾ ਹੀ ਜ਼ਮੀਰ,
ਹੈ ਜ਼ਰੂਰੀ ਜੋ ਬੜਾ ਹੀ, ਗਿਰ ਰਿਹਾ ਕਿਰਦਾਰ ਹੈ |

ਨਾਲ ਗ਼ੈਰਾਂ ਦੇ ਤੁਅੱਲਕ ਹਰ ਕਿਸੇ ਦੇ ਖਾਸ ਅੱਜ,
ਅਪਣਿਆਂ ਦੇ ਨਾਲ ਰਹਿੰਦੇ, ਦਿਲ ਰਹੇ ਬੇਜ਼ਾਰ ਹੈ |

ਹੈ ਅਨੋਖੀ ਦਾਸਤਾਂ ਹੀ ਅੱਜ ਦੇ ਇਨਸਾਨ ਦੀ,
ਆਦਮੀ ਹੈ ਕੋਈ ਕੋਈ, ਰੱਬਾਂ ਦੀ ਭਰਮਾਰ ਹੈ |

ਹੈ ਮਿਲਣ ਦੀ ਤਾਂਘ ਦਿਲ ਵਿਚ, ਕੋਈ ਮੁਸ਼ਕਲ ਨਾ ਬੜੀ,
ਰਾਹ ਅਪਣੇ ਤੂੰ ਚਲਾ ਚਲ, ਚਾਹੇ ਇਹ ਪੁਰਖ਼ਾਰ ਹੈ |

ਸੀ ਭਰੋਸਾ ਬਹੁਤ ਜਿਸ 'ਤੇ, ਜ਼ਖ਼ਮ ਦੇਵੇ ਨਿਤ ਨਵੇਂ,
ਕੋਈ ਸ਼ਿਕਵਾ ਜਾਂ ਸ਼ਿਕਾਇਤ ਕੀ ਕਰਾਂ ਬੇਕਾਰ ਹੈ |

-ਮੋਬਾਈਲ : 98155-19333.

ਖੌਫ਼-ਜ਼ਦ ਇਨਸਾਨ ਦੇ ਸੀਨੇ 'ਚ ਹੁੰਦਾ ਦਿਲ ਨਹੀਂ,
ਇਸ ਤਰ੍ਹਾਂ ਦੇ ਆਦਮੀ ਦਾ ਵੀ ਕੋਈ ਹਾਸਿਲ ਨਹੀਂ |

ਜ਼ਿੰਦਗੀ ਭਰ ਹੀ ਨਿਭੀ ਹੈ ਵਾਅਦਿਆਂ, ਕਸਮਾਂ ਦੇ ਵਿਚ,
ਆਸ਼ਕਾਂ ਦੀ ਇਸ ਰਿਵਾਇਤ ਦਾ ਕੋਈ ਵੀ ਹੱਲ ਨਹੀਂ |

ਇਹ ਤਾਂ ਦਿਲ ਦੀ ਹੈ ਨਵਾਜਿਸ਼ ਬਖ਼ਸ਼ ਦਿੰਦਾ ਹਰ ਗੁਨਾਹ,
ਵਰਨਾ, ਇਹ ਦੁਨੀਆ ਕਿਸੇ ਵੀ ਰਹਿਮ ਦੇ ਕਾਬਿਲ ਨਹੀਂ |

ਵਕਤ ਦੀ ਇਸ ਬੇਰੁਖ਼ੀ ਤੇ ਸਹਿਮਿਆ ਹੋਇਆ ਖ਼ੁਦਾ,
ਕੌਣ ਜ਼ੁਰਅਤ ਨਾਲ ਆਖੇ ਵਕਤ ਇਹ ਕਾਤਿਲ ਨਹੀਂ |

ਖੇਡਦਾ ਹੈ ਆਦਮੀ ਹੁਣ ਮਿਥ ਕੇ ਹਰ ਇਕ ਚਾਲ ਨੂੰ ,
ਸੋਚਦਾ ਹਾਂ ਸ਼ਹਿਰ ਸਾਰਾ ਤੇ ਕਿਤੇ ਗਾਫ਼ਿਲ ਨਹੀਂ |

ਦਿਲ ਸਮੰੁਦਰ ਮਾਪ ਨਾ ਇਹ ਮਾਪਿਆ ਜਾਣਾ ਨਹੀਂ,
ਇਸ ਦੀ ਗਹਿਰਾਈ 'ਚ ਨਾ ਜਾ ਇਸ ਦਾ ਤਾਂ ਸਾਹਿਲ ਨਹੀਂ |

ਅਪਣੀ ਕਿਸਮਤ ਨਾਲ ਖੇਖਣ ਬਾਜ਼ੀਆਂ ਕਰਦਾ ਹੈ ਦਿਲ,
ਪਰ ਜਨੂੰਨੀ ਸ਼ੌਕ ਉਸ ਦਾ ਵੀ ਕਰੇ ਕਾਇਲ ਨਹੀਂ |

ਬਸ | ਇਸੇ ਗੱਲ ਦਾ ਹੈ ਦੁੱਖ 'ਤਖ਼ਤਰ' ਕੋਈ ਰਸਤਾ ਮਿਲੇ,
ਅਪਣੇ ਕਦਮਾਂ ਨੂੰ ਜੋ ਚੰੁਮਦੀ ਉਹ ਕਿਤੇ ਮੰਜ਼ਿਲ ਨਹੀਂ |

-7/305, ਮੁਹੱਲਾ ਸਿੱਖਾਂ, ਸੁਲਤਾਨਪੁਰ ਲੋਧੀ (ਕਪੂਰਥਲਾ) | ਮੋਬਾ : 99881-24587.

ਰਹੇ ਜੋ ਉਮਰ ਭਰ ਉਡਦੇ ਪਰਾਂ ਬੇਗਾਨਿਆਂ ਉਤੇ,
ਰੁਲੇ ਨੇ ਤਿਣਕਿਆਂ ਵਾਂਗੂੰ ਦਰਾਂ ਬੇਗਾਨਿਆਂ ਉਤੇ |

ਖ਼ੁਸ਼ੀ ਤੇ ਅਮਨ ਜਿਹੜੇ ਲੋਚਦੇ ਆਪਣੇ ਘਰਾਂ ਅੰਦਰ,
ਨਹੀਂ ਰੱਖਦੇ ਨਿਗਾਹ ਮੈਲੀ ਘਰਾਂ ਬੇਗਾਨਿਆਂ ਉਤੇ |

ਜਦੋਂ ਤੋਂ ਰਮਜ਼ ਗੁੱਝੀ ਸਮਝਿਆ ਹਾਂ ਮੈਂ ਘਨਈਏ ਦੀ,
ਉਦੋਂ ਤੋਂ ਆਪਣਿਆਂ ਵਾਂਗੂੰ ਮਰਾਂ ਬੇਗਾਨਿਆਂ ਉਤੇ |

ਵਹਾ ਕੇ ਸਾਗਰਾਂ ਵਰਗੇ ਬਣਾ ਕੇ ਨੈਣਾਂ ਮਾਰੂਥਲ,
ਟਿਕਾ ਕੇ ਟੇਕ ਕੀ ਕਰਨੀ ਸਰਾਂ ਬੇਗਾਨਿਆਂ ਉਤੇ |

ਹਜ਼ਾਰਾਂ ਆ ਤੁਰੇ ਰਹਿਬਰ ਨਹੀਂ ਪਰ ਬਦਲਿਆ ਬੰਦਾ,
ਅਜੇ ਵੀ ਜੀ ਰਿਹੈ ਲੋਭਾਂ ਡਰਾਂ ਬੇਗਾਨਿਆਂ ਉਤੇ |

ਉਦੋਂ ਪਿੱਠ ਥਾਪੜਾਂ ਆਪਣੀ ਮਿਲੇ ਜਦ ਸਫ਼ਲਤਾ ਕੋਈ,
ਭਲਾ ਕਿਉਂ ਦੋਸ਼ ਹਾਰਾਂ ਦੇ ਧਰਾਂ ਬੇਗਾਨਿਆਂ ਉਤੇ |

ਭਰੋਸਾ ਆਪਣੇ ਹੀ ਡੌਲਿਆਂ 'ਤੇ ਰੱਖੀਏ 'ਜ਼ਖ਼ਮੀ',
ਕਦੇ ਨਾ ਮੰਜ਼ਿਲਾਂ ਮਿਲੀਆਂ ਵਰਾਂ ਬੇਗਾਨਿਆਂ ਉਤੇ |

-ਗੁਰੂ ਤੇਗ ਬਹਾਦਰ ਨਗਰ, ਹਰੇੜੀ ਰੋਡ, ਸੰਗਰੂਰ-148001.
ਮੋਬਾਈਲ : 98885-28027.

ਮਿੰਨੀ ਕਹਾਣੀਆਂ

ਕਹਾਣੀ ਤਾਂ ਇਹੋ ਦੱਸਦੀ ਹੈ!
ਕਰਜ਼ੇ ਦਾ ਜਾਲ ਬਹੁਤ ਸਫ਼ਾਈ ਨਾਲ ਸੁੱਟਿਆ ਗਿਆ ਸੀ | ਉਹ ਤੇ ਉਹਦੇ ਬਹੁਤ ਸਾਰੇ ਸਾਥੀ ਨਾ ਚਾਹੁੰਦੇ ਹੋਏ ਵੀ ਫਸ ਗਏ ਸਨ, ਇਸ ਜਾਲ ਵਿਚ | ਬਹੁਤ ਸਾਰੇ ਸੁਪਨੇ ਦਿਖਾ ਕੇ ਪ੍ਰਚਾਰ ਕੀਤਾ ਗਿਆ ਕਿ ਤਰੱਕੀ ਅਤੇ ਖੁਸ਼ਹਾਲੀ ਦਾ ਵਸੀਲਾ ਹੈ ਇਹ ਕਰਜ਼ਾ |
ਕਈ ਘਬਰਾਏ ਵੀ, ਤ੍ਰਬਕੇ ਵੀ, ਪੁਰਖਿਆਂ ਦੇ ਕਥਨਾਂ ਨੂੰ ਯਾਦ ਕਰਕੇ ਕਿ ਕਰਜ਼ਾ ਬਰਬਾਦ ਕਰ ਦਿੰਦਾ ਹੈ | ਪਰ ਬੈਂਕਾਂ ਤਾਂ ਘਰ ਆ ਕੇ ਕਰਜ਼ਾ ਦੇਣ ਨੂੰ ਤਿਆਰ ਸਨ | ਵਿਆਜ ਬੈਂਕਾਂ ਦੀ ਆਮਦਨ ਜੁ ਸੀ |
ਕੁਝ ਗੱਲਾਂ ਵਿਚ ਆ ਗਏ, ਕੁਝ ਦੇਖਾ-ਦੇਖੀ ਫਸ ਗਏ |
ਕਈ ਸਾਲਾਂ ਤੱਕ ਨਾ ਮੂਲ ਮੁੜਿਆ, ਵਿਆਜ ਵਧਦਾ ਚਲਿਆ ਗਿਆ |
ਗੱਲ ਕੁਰਕੀਆਂ, ਕੈਦਾਂ ਤੱਕ ਪਹੁੰਚ ਗਈ, ਕਈਆਂ ਦੀ ਤਾਂ ਜਿਊਣ ਦੀ ਇੱਛਾ ਹੀ ਫਿੱਕੀ ਪੈ ਗਈ |
ਖੇਤ ਵਿਚ, ਖਾਲ ਦੀ ਵੱਟ 'ਤੇ ਬੈਠਾ ਉਹ ਸੋਚ ਰਿਹਾ ਸੀ, ਕਰਜ਼ੇ ਤਾਂ ਉਸ ਦੇ ਵੱਡੇ ਵਡੇਰੇ ਵੀ ਲੈਂਦੇ ਆਏ, ਸ਼ਾਹੂਕਾਰਾਂ ਕੋਲੋਂ ਪਰ ਉਹ ਜ਼ਿੰਦਗੀ ਤੋਂ ਅਵਾਜ਼ਾਰ ਨਹੀਂ ਹੋਏ | ਹੁਣ ਤਾਂ ਕਰਜ਼ੇ ਦੀ ਨਾਮੋਸ਼ੀ ਨੇ ਉਨ੍ਹਾਂ ਨੂੰ ਤੋੜ ਹੀ ਦਿੱਤਾ ਸੀ |
ਉਸ ਨੂੰ ਵਾਰ-ਵਾਰ ਕਹਾਣੀ ਯਾਦ ਆ ਰਹੀ ਸੀ, ਜੋ ਬਚਪਨ ਸਮੇਂ ਸਕੂਲ ਵਿਚ ਪੜ੍ਹੀ ਸੀ ਕਿ ਸ਼ਿਕਾਰੀ ਨੇ ਬਹੁਤ ਸਾਰੇ ਕਬੂਤਰਾਂ ਨੂੰ ਜਾਲ ਵਿਚ ਫਸਾ ਲਿਆ ਸੀ |
ਜਾਲ ਵਿਚੋਂ ਨਿਕਲਣ ਲਈ, ਉਹ ਇਕੱਲੇ-ਇਕੱਲੇ ਜ਼ੋਰ ਲਾਉਂਦੇ, ਖੰਭ ਫੜਫੜਾਉਂਦੇ ਥੱਕ ਹਾਰ, ਬੇਬਸ ਹੋ ਕੇ ਢੇਰੀ ਢਾਅ ਜਾਂਦੇ |
ਫਿਰ ਕਿਸੇ ਸਿਆਣੇ ਕਬੂਤਰ ਨੇ ਸਲਾਹ ਦਿੱਤੀ, 'ਕੱਲੇ-'ਕੱਲੇ ਨਹੀਂ, ਸਾਰੇ ਰਲ ਕੇ ਇਕੋ ਵਾਰੀ ਜ਼ੋਰ ਲਗਾਓ ਤੇ ਜਾਲ ਨੂੰ ਲੈ ਉਡੋ |
ਹੁਣ ਵੀ ਕਹਾਣੀ ਤੇ ਨਾਲ ਛਪੀ ਤਸਵੀਰ ਤਾਂ ਇਹੋ ਦੱਸਦੀ ਹੈ, ਉਨ੍ਹਾਂ ਸਭਨਾਂ ਨੇ ਰਲ ਕੇ ਇਕੱਠਿਆਂ ਜ਼ੋਰ ਲਗਾਇਆ ਤੇ ਉਹ ਜਾਲ ਨੂੰ ਲੈ ਉੱਡੇ |

-ਪਿੰ੍ਰ: ਗੁਲਵੰਤ ਮਲੌਦਵੀ
ਨੇੜੇ ਰੇਲਵੇ ਸਟੇਸ਼ਨ ਘਨੌਲੀ, ਪਿੰਡ ਤੇ ਡਾਕ: ਘਨੌਲੀ, ਜ਼ਿਲ੍ਹਾ ਰੂਪਨਗਰ-140113. ਮੋਬਾਈਲ : 94173-32911.

ਰਾਸ਼ੀਫਲ
ਅਖ਼ਬਾਰ ਨੂੰ ਨਜ਼ਰ ਮਾਰਦੇ ਹੋਏ ਤਾਰਾ ਸਿਹੰੁ ਦੀ ਨਜ਼ਰ ਰਾਸ਼ੀਫਲ 'ਤੇ ਪੈ ਗਈ | ਉਹ ਉੱਚੀ ਆਵਾਜ਼ ਵਿਚ ਰਾਸ਼ੀਫਲ ਪੜ੍ਹਨ ਲੱਗ ਪਿਆ | ਉਸ ਦੇ ਬੇਟੇ ਬੱਬੂ ਨੇ ਕਿਹਾ, 'ਡੈਡੀ ਜੀ, ਮੇਰੀ ਰਾਸ਼ੀ ਬਿ੍ਖ ਹੈ, ਉਹ ਵੀ ਪੜ੍ਹ ਕੇ ਦੱਸ ਦਿਓ |' ਤਾਰਾ ਸਿਹੰੁ ਨੇ ਕਿਹਾ, 'ਅੱਜ ਸ਼ਾਮ ਤੱਕ ਤੇਰਾ ਦੁਸ਼ਮਣ ਕਮਜ਼ੋਰ ਰਹੇਗਾ', ਬਾਬੂ ਨੇ ਕਿਹਾ ਮੇਰਾ ਤਾਂ ਕੋਈ ਦੁਸ਼ਮਣ ਹੀ ਨਹੀਂ ਹੈ |
ਜਦੋਂ ਸ਼ਾਮ ਨੂੰ ਰੋਟੀ ਖਾਣ ਲਈ ਸਾਰਾ ਪਰਿਵਾਰ ਇਕ ਮੇਜ਼ 'ਤੇ ਇਕੱਠਾ ਹੋਇਆ ਤਾਂ ਬੱਬੂ ਨੇ ਕਿਹਾ, 'ਅੱਜ ਬਿਜਲੀ ਦਾ ਕਿੰਨਾ ਲੰਬਾ ਕੱਟ ਲੱਗਾ ਹੈ | ਸਵੇਰ ਤੋਂ ਮੇਰਾ ਤਾਂ ਮੋਬਾਈਲ ਫੋਨ ਬੰਦ ਪਿਆ ਹੈ |' ਹੁਣ ਤਾਰਾ ਸਿਹੰੁ ਅੱਜ ਦੀ ਨਵੀਂ ਪੀੜ੍ਹੀ ਦੇ ਦੁਸ਼ਮਣ ਬਾਰੇ ਸੋਚ ਰਿਹਾ ਸੀ |

-ਦਵਿੰਦਰਜੀਤ ਬੁਜਰਗ
ਮੋਬਾਈਲ : 98551-27254.

ਚਰਖਾ
ਬਿਸ਼ਨੀ ਅਤੇ ਉਸ ਦਾ ਘਰ ਵਾਲਾ ਕਿਹਰ ਸਿੰਘ ਦੋਵੇਂ ਇਕ ਪਿੰਡ ਵਿਚ ਰਹਿੰਦੇ ਸਨ | ਉਹ ਇਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਸਨ | ਉਨ੍ਹਾਂ ਦੀਆਂ ਤਿੰਨ ਧੀਆਂ ਅਤੇ ਉਨ੍ਹਾਂ ਤੋਂ ਛੋਟਾ ਇਕ ਪੁੱਤਰ ਸੀ | ਉਨ੍ਹਾਂ ਨੇ ਮਿਹਨਤ ਕਰਕੇ ਤਿੰਨੋਂ ਧੀਆਂ ਚੰਗੇ ਘਰੀਂ ਵਿਆਹ ਦਿੱਤੀਆਂ | ਆਪਣੇ ਪੁੱਤਰ ਨੂੰ ਵੀ ਪੜ੍ਹਾ ਕੇ ਨੌਕਰੀ 'ਤੇ ਲਵਾਇਆ ਅਤੇ ਬੜੇ ਚਾਵਾਂ ਨਾਲ ਉਸ ਦਾ ਵਿਆਹ ਕੀਤਾ | ਉਨ੍ਹਾਂ ਦੀ ਨੂੰ ਹ ਵੀ ਨੌਕਰੀ ਕਰਨ ਲੱਗੀ | ਬੜੀ ਚੰਗੀ ਜ਼ਿੰਦਗੀ ਬਤੀਤ ਕਰਨ ਲੱਗੇ | ਰੱਬ ਦਾ ਭਾਣਾ ਹੋਇਆ ਕਿ ਕਿਹਰ ਸਿੰਘ ਬਿਮਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ | ਇਸ ਤੋਂ ਬਾਅਦ ਬਿਸ਼ਨੀ ਦੇ ਨੂੰ ਹ-ਪੁੱਤ ਨੇ ਪੁਰਾਣੇ ਕਮਰੇ ਢਾਹ ਕੇ ਸੋਹਣੀ ਕੋਠੀ ਬਣਾ ਲਈ | ਬਿਸ਼ਨੀ ਦੀ ਨੂੰ ਹ ਨੇ ਘਰ ਦਾ ਸਾਰਾ ਪੁਰਾਣਾ ਸਾਮਾਨ ਇਕ ਕਮਰੇ ਵਿਚ ਬੰਦ ਕਰ ਦਿੱਤਾ | ਉਨ੍ਹਾਂ ਵਿਚ ਬਿਸ਼ਨੀ ਦੇ ਦਾਜ ਵਾਲਾ ਚਰਖਾ ਵੀ ਸੀ | ਬਿਸ਼ਨੀ ਦੇ ਘਰ ਇਕ ਪੋਤਰੇ ਨੇ ਜਨਮ ਲਿਆ | ਹੁਣ ਬਿਸ਼ਨੀ ਦੀ ਨੂੰ ਹ ਉਸ ਦੇ ਪੁੱਤਰ ਨੂੰ ਕਹਿਣ ਲੱਗੀ ਕਿ ਆਪਾਂ ਮਾਂ ਜੀ ਨੂੰ ਸ਼ਹਿਰ ਆਸ਼ਰਮ ਵਿਚ ਭਰਤੀ ਕਰਾ ਆਈਏ, ਕਿਉਂਕਿ ਆਪਾਂ ਨੌਕਰੀ ਕਰਦੇ ਹਾਂ | ਬਿਸ਼ਨੀ ਦਾ ਪੁੱਤਰ ਵੀ ਰਜ਼ਾਮੰਦ ਹੋ ਗਿਆ | ਹੁਣ ਉਹ ਬਿਸ਼ਨੀ ਨੂੰ ਆਸ਼ਰਮ ਵਿਚ ਭਰਤੀ ਕਰਵਾ ਆਏ | ਉਨ੍ਹਾਂ ਛੁੱਟੀ ਵਾਲੇ ਦਿਨ ਕਦੀ ਸ਼ਹਿਰ ਜਾਣਾ ਅਤੇ ਮਾਤਾ ਨੂੰ ਮਿਲ ਆਉਣਾ | ਇਸ ਤਰ੍ਹਾਂ ਪੰਜ-ਸੱਤ ਸਾਲ ਬੀਤ ਗਏ | ਇਕ ਦਿਨ ਬਿਸ਼ਨੀ ਦੀ ਨੂੰ ਹ ਨੇ ਉਹ ਪੁਰਾਣਾ ਸਾਮਾਨ ਫੇਰੀ ਵਾਲੇ ਨੂੰ ਵੇਚ ਦਿੱਤਾ, ਜਿਸ ਵਿਚ ਬਿਸ਼ਨੀ ਦਾ ਜਾਨ ਤੋਂ ਪਿਆਰਾ ਦਾਜ ਵਾਲਾ ਚਰਖਾ ਵੀ ਵਿਕ ਗਿਆ | ਹੁਣ ਜਦੋਂ ਉਹ ਸ਼ਹਿਰ ਮਾਤਾ ਨੂੰ ਮਿਲਣ ਗਏ ਤਾਂ ਉਥੋਂ ਮੁੜਨ ਲੱਗਿਆਂ ਬਿਸ਼ਨੀ ਦੇ ਪੋਤਰੇ ਨੇ ਸਾਰੀ ਗੱਲ ਉਸ ਨੂੰ ਦੱਸ ਦਿੱਤੀ ਕਿ ਦਾਦੀ ਅੰਮਾ ਮੰਮੀ ਡੈਡੀ ਨੇ ਤੇਰਾ ਉਹ ਚਰਖਾ ਵੀ ਵੇਚ ਦਿੱਤਾ ਹੈ | ਇਹ ਸੁਣ ਕੇ ਬਿਸ਼ਨੀ ਦਾ ਹਓਕਾ ਨਿਕਲ ਗਿਆ ਅਤੇ ਉਹ ਉਨ੍ਹਾਂ ਦੇ ਆ ਜਾਣ ਮਗਰੋਂ ਕਿੰਨਾ ਚਿਰ ਚਰਖੇ ਨੂੰ ਯਾਦ ਕਰਕੇ ਰੋਂਦੀ ਰਹੀ, ਜਿਸ ਨਾਲ ਉਸ ਨੇ ਹੱਥੀਂ ਸੂਤ ਕੱਤ ਕੇ ਆਪਣੀਆਂ ਤਿੰਨਾਂ ਧੀਆਂ ਦਾ ਦਾਜ ਬਣਾਇਆ ਸੀ |

-ਮਾ: ਮਲਕੀਤ ਸਿੰਘ ਬਾਠ
ਮੋਬਾਈਲ : 95012-31822.

ਨਹਿਲੇ 'ਤੇ ਦਹਿਲਾ ਹਵਾਈ ਜਹਾਜ਼ ਦੀਆਂ ਟਿਕਟਾਂ

ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਾਨੂੰ ਮੁਸ਼ਾਇਰੇ ਲਈ ਬੁਲਾਇਆ ਜਾਂਦਾ ਸੀ ਤਾਂ ਸਾਡੀ ਫੀਸ ਦੇ ਨਾਲ ਰੇਲ ਜਾਂ ਬੱਸ ਦਾ ਕਿਰਾਇਆ ਦਿੱਤਾ ਜਾਂਦਾ ਸੀ | ਕਿਸੇ ਬਹੁਤ ਕਾਮਯਾਬ ਸ਼ਾਇਰ ਨੂੰ ਦੋ-ਚਾਰ ਸੌ ਰੁਪਏ ਫੀਸ ਮਿਲਦੀ ਸੀ | ਮੈਨੂੰ ਵੀ ਰੇਲ ਦਾ ਕਿਰਾਇਆ ਮਿਲਦਾ ਸੀ | ਮੁਸ਼ਾਇਰਾ ਭਾਵੇਂ ਕਰਨਾਟਕ, ਬੰਬਈ, ਕਸ਼ਮੀਰ ਜਾਂ ਮਦਰਾਸ ਵਿਖੇ ਹੋਵੇ |
ਇਕ ਵਾਰੀ ਹੈਦਰਾਬਾਦ ਵਿਖੇ ਮੁਸ਼ਾਇਰਾ ਸੀ | ਅਸੀਂ ਸਾਰੇ ਆਪਣੇ-ਆਪਣੇ ਢੰਗ ਅਤੇ ਸਹੂਲਤ ਅਨੁਸਾਰ ਪਹੁੰਚ ਗਏ ਸੀ | ਆਬਿਦ ਰੋਡ 'ਤੇ ਓਵਰੈਂਟ ਹੋਟਲ ਵਿਚ ਅਸੀਂ ਸਾਰੇ ਕਾਫ਼ੀ ਪੀ ਰਹੇ ਸਾਂ | ਏਨੇ ਨੂੰ ਸ਼ਾਜ਼ ਨਾਮਕ ਇਕ ਸ਼ਾਇਰ ਸਾਡੇ ਕੋਲ ਆ ਗਿਆ | ਸਲਾਮ ਦੁਆ ਤੋਂ ਬਾਅਦ ਉਸ ਨੇ ਆਪਣੇ ਬੈਗ ਵਿਚੋਂ ਹਵਾਈ ਜਹਾਜ਼ ਦੀਆਂ ਟਿਕਟਾਂ ਕੱਢ ਕੇ ਮੇਜ਼ 'ਤੇ ਰੱਖ ਦਿੱਤੀਆਂ ਅਤੇ ਦੱਸਿਆ ਕਿ ਕਸ਼ਮੀਰ ਵਿਚ ਸ਼ਾਨਦਾਰ ਮੁਸ਼ਾਇਰਾ ਹੋ ਰਿਹਾ ਹੈ ਜਿਸ ਵਿਚ ਮੈਨੂੰ ਸੱਦਿਆ ਗਿਆ ਹੈ, ਦੋ ਹਜ਼ਾਰ ਫੀਸ ਦੇਣਗੇ ਅਤੇ ਹੈਦਰਾਬਾਦ ਤੋਂ ਕਸ਼ਮੀਰ ਤੱਕ ਦੀਆਂ ਹਵਾਈ ਟਿਕਟਾਂ ਭੇਜੀਆਂ ਹਨ | ਅਸੀਂ ਸਾਰੇ ਟਿਕਟਾਂ ਵੇਖ ਕੇ ਖ਼ੁਸ਼ ਵੀ ਸਾਂ ਅਤੇ... ਏਨੇ ਨੂੰ ਹੋਟਲ ਦਾ ਕਰਮਚਾਰੀ ਹੀ ਸਾਡੇ ਕੋਲ ਆਇਆ ਅਤੇ ਹੋਰ ਕੁਝ ਖਾਣ ਲਈ ਪੁੱਛਣ ਲੱਗਿਆ | ਇਹ ਵੇਖ ਸ਼ਾਜ਼ ਸਾਹਿਬ ਨੇ ਉੱਚੀ ਆਵਾਜ਼ ਵਿਚ ਕਿਹਾ, 'ਜ਼ਰਾ ਧਿਆਨ ਨਾਲ, ਵੇਖ ਲੈ ਏਥੇ ਹਵਾਈ ਜਹਾਜ਼ ਦੀਆਂ ਟਿਕਟਾਂ ਪਈਆਂ ਨੇ |'
ਥੋੜ੍ਹੀ ਦੇਰ ਬਾਅਦ ਸਾਡੇ ਨਾਲ ਦੀ ਮੇਜ਼ 'ਤੇ ਬੈਠੇ ਕਿਸੇ ਗੱਲੋਂ ਜ਼ੋਰ ਦੀ ਹੱਸ ਪਏ | ਇਹ ਵੇਖ ਕੇ ਸ਼ਾਜ਼ ਸਾਹਿਬ ਨੇ ਉਨ੍ਹਾਂ ਨੂੰ ਆਪਣੇ ਅੰਦਾਜ਼ ਵਿਚ ਕਿਹਾ, 'ਵੀਰੇ, ਜ਼ਰਾ ਹੌਲੀ ਹੱਸੋ, ਆਹ ਵੇਖੋ, ਸਾਡੇ ਮੇਜ਼ 'ਤੇ ਹਵਾਈ ਜਹਾਜ਼ ਦੀਆਂ ਟਿਕਟਾਂ ਪਈਆਂ ਨੇ |'-ਜੇਠੀ ਨਗਰ,

ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਹੂਆ ਤੋ ਹੂਆ

ਅੱਜ ਮੈਨੂੰ ਪੁਰਾਣਾ ਫ਼ਿਲਮੀ ਗੀਤ ਯਾਦ ਆ ਰਿਹਾ ਹੈ:
ਯੇ ਕਯਾ ਹੂਆ? ਕੈਸੇ ਹੂਆ?
ਕਯਾ ਹੂਆ?
ਕਯੋਂ ਹੂਆ?
ਪੂਛੋ ਨਾ |
ਯੇ ਤੋ ਹੋਨਾ ਹੀ ਥਾ |
ਇਹ ਟੁੱਟੇ ਦਿਲ ਦੀ ਆਵਾਜ਼ ਹੈ-ਮਤਲਬ ਸਾਫ਼ ਹੈ, ਇਹ ਨਹੀਂ ਹੋਣਾ ਚਾਹੀਦਾ ਸੀ | ਜੋ ਹੋਇਆ ਬੁਰਾ ਹੋਇਆ, ਇੰਜ ਨਹੀਂ ਹੋਣਾ ਚਾਹੀਦਾ ਸੀ |
ਇਨਸਾਨ ਲਈ ਸਭ ਤੋਂ ਵੱਡੀ ਨਿਹਮਤ ਹੈ, ਇਨਸਾਨੀਅਤ | ਸਭ ਤੋਂ ਵੱਡੀ ਲਾਹਨਤ ਹੈ, ਹੈਵਾਨੀਅਤ | ਇਨਸਾਨੀਅਤ ਹੈ-ਇਨਸਾਨ ਦਾ ਇਨਸਾਨ ਨਾਲ ਪਿਆਰ, ਮੁਹੱਬਤ | ਹੈਵਾਨੀਅਤ ਹੈ-ਇਨਸਾਨ ਦਾ ਇਨਸਾਨ ਹੱਥੋਂ ਵਿਨਾਸ਼ |
ਇਨਸਾਨੀਅਤ ਹੈ-ਇਕ ਦੂਜੇ ਦੇ ਦਰਦ ਵੰਡਣਾ, ਜ਼ਖ਼ਮਾਂ ਤੇ ਮਰ੍ਹਮ ਲਾਉਣੀ | ਹੈਵਾਨੀਅਤ ਹੈ-ਜ਼ਖ਼ਮ ਦੇਣੇ, ਜ਼ਖ਼ਮਾਂ 'ਤੇ ਲੂਣ ਛਿੜਕਣਾ | ਅਤਿ ਦਾ ਜ਼ੁਲਮ ਢਾਹੁਣਾ, ਅਣਿਆਈ ਮੌਤ ਦੇਣਾ |
ਇਨਸਾਨ ਹੱਥੋਂ ਇਨਸਾਨ ਦਾ ਹੁੰਦਾ ਘਾਣ ਵੇਖ ਕੇ, ਰੂਹਾਨੀ ਰੂਹਾਂ ਵੀ ਤੜਫ਼ ਪੈਂਦੀਆਂ ਹਨ, ਰੱਬ ਨੂੰ ਗਿਲਾ ਕਰਦੀਆਂ ਹਨ... 'ਏਤੀ ਮਾਰ ਪਈ ਕੁਰਲਾਣੈ, ਤੈ ਕੀ ਦਰਦ ਨਾ ਆਇਆ?'
ਹੈ ਕਿਸੇ ਸੈਮ ਪਿਤਰੋਦਾ ਦੀ ਹਿੰਮਤ ਕਿ ਆਖੇ, 'ਕਾਹਨੂੰ-ਅੱਜ ਵੀ ਦਿਲੀ ਸਿੱਖ ਕਤਲੇਆਮ ਦੀ ਯਾਦ ਤਾਜ਼ਾ ਕਰ ਰਹੇ ਹੋ? ਹੂਆ ਤੋ ਹੂਆ |'
1984... ਪੂਰੇ ਭਾਰਤ ਵਿਚ, ਤੇ ਖਾਸ ਕਰ ਰਾਜਧਾਨੀ ਦਿੱਲੀ ਵਿਚ ਸਿਰਫ਼ ਤੇ ਸਿਰਫ਼ ਸਿੱਖਾਂ ਦਾ ਘਾਣ, ਅਜਿਹੇ ਤਸੀਹੇ ਦੇ ਦੇ ਕੇ, ਕੀਤਾ ਗਿਆ, ਉਹ ਤਾਂ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੈ |
ਨੌਜਵਾਨ ਸਿੱਖਾਂ ਨੂੰ ਘਰੋਂ ਧੂਹ ਕੇ ਬਾਹਰ ਸੜਕ 'ਤੇ ਕੱਢਿਆ ਗਿਆ | ਫੇਰ ਉਨ੍ਹਾਂ ਦੇ ਗਲਾਂ 'ਚ ਜਲਦੇ ਟਾਇਰ ਪਾ ਕੇ, ਮਿੱਟੀ ਦਾ ਤੇਲ, ਪੈਟਰੋਲ ਛਿੜਕ-ਛਿੜਕ ਕੇ ਸਾੜਿਆ ਗਿਆ | ਸਿੱਖਾਂ ਦੇ ਘਰ, ਸਿੱਖਾਂ ਦੀਆਂ ਦੁਕਾਨਾਂ ਸਾੜ-ਫੂਕ ਦਿੱਤੀਆਂ | ਅੱਜ ਵੀ ਕਾਨੂੰਨ ਹੈ ਕਿ ਜੇਕਰ ਕਿਸੇ ਮਨੁੱਖ ਨੂੰ ਆਤਮ-ਹੱਤਿਆ ਕਰਨ ਲਈ ਵੀ ਕੋਈ ਹੋਰ ਹੱਲਾਸ਼ੇਰੀ ਦੇਵੇ ਤਾਂ ਉਹ ਜੇਕਰ ਆਤਮ-ਹੱਤਿਆ ਕਰ ਲੈਂਦਾ ਹੈ ਤਾਂ ਹੱਲਾਸ਼ੇਰੀ ਦੇਣ ਵਾਲਾ ਵੀ ਓਨਾ ਹੀ ਗੁਨਾਹਗਾਰ ਹੈ | ਉਸ 'ਤੇ ਮੁਕੱਦਮਾ ਚਲਦਾ ਹੈ | ਕਾਨੂੰਨ ਬਰਾਬਰ ਸਜ਼ਾ ਦਿੰਦਾ ਹੈ | ਉਸ ਵੇਲੇ ਤਾਂ ਕਹਿੰਦੇ ਕਹਾਉਂਦੇ ਲੀਡਰ ਖੁੱਲ੍ਹੇ ਆਮ, ਹੈਾਸਿਆਰਿਆਂ ਨੂੰ ਹੱਲਾਸ਼ੇਰੀ ਦੇ ਰਹੇ ਸਨ | ਇਨ੍ਹਾਂ ਸਭਨਾਂ ਨੂੰ ਹੱਥਕੜੀਆਂ ਲਾ ਕੇ, ਕਾਨੂੰਨ ਦੇ ਹਵਾਲੇ ਕਰਨ ਦੀ ਥਾਂ ਇਨ੍ਹਾਂ ਦੀ ਇਸ ਸੇਵਾ ਬਦਲੇ ਉਨ੍ਹਾਂ ਨੂੰ ਐਮ.ਪੀ. ਦੀਆਂ ਟਿਕਟਾਂ ਦਿੱਤੀਆਂ ਗਈਆਂ, ਕੇਂਦਰੀ ਸਰਕਾਰ 'ਚ ਵਜ਼ੀਰ ਬਣਾ ਕੇ ਨਵਾਜਿਆ ਗਿਆ, ਵੱਡੇ-ਵੱਡੇ ਅਹੁਦੇ ਬਖਸ਼ੇ ਗਏ, ਬਖਸ਼ਿਸ਼ 2019 ਵਿਚ ਵੀ ਜਾਰੀ ਹੈ, ਮੱਧ ਪ੍ਰਦੇਸ਼ ਦਾ, ਇਸ ਸਮੇਂ ਮੁੱਖ ਮੰਤਰੀ ਕੌਣ ਹੈ?
ਹੱਸਣਾ ਨਾ, ਐਤਕੀਂ ਲੋਕ ਸਭਾ ਦੀਆਂ ਚੋਣਾਂ ਦਾ ਦੌਰ ਚੱਲਿਆ | ਕਾਂਗਰਸ ਨੇ ਆਪਣੀ ਟੈਗ ਲਾਈਨ ਰੱਖੀ ਸੀ...
'ਅਬ ਹੋਗਾ ਨਿਆਏ'
'ਹੁਣ ਹੋਏਗਾ ਨਿਆਂ...
ਹੁਣ ਹੋਏਗਾ ਇਨਸਾਫ |'
'ਸੁਆਹ ਤੇ ਖੇਹ ਹੋਏਗਾ | ਨਿਆਏ'
'ਸਿੱਖਾਂ ਨਾਲ ਹੋਏਗਾ ਨਿਆਏਾ?
ਸਵ: ਰਾਜੀਵ ਗਾਂਧੀ ਦੇ ਸਲਾਹਕਾਰ ਤੇ ਰਾਹੁਲ ਗਾਂਧੀ ਦੇ ਸਿਪਾਹਸਲਾਰ ਨੇ ਇਹਦਾ ਖੁਲਾਸਾ ਕਰ ਦਿੱਤਾ, ਇਹ ਸੱਚ ਬੋਲ ਕੇ...
'ਹੂਆ ਤੋ ਹੂਆ |'
ਸੈਮ ਪਿਤਰੋਦਾ ਨੇ, ਜਿਸ ਅੰਦਾਜ਼ 'ਚ ਉਚਰਿਆ ਹੈ, ਪੰਜਾਬੀ 'ਚ ਇਉਂ ਹੈ:
'ਹੋਇਆ ਤਾਂ ਹੋਇਆ, ਜੋ ਹੋਣਾ ਸੀ ਹੋ ਗਿਆ...' ਚੁੱਪ ਕਰਕੇ ਬੈਠੇ ਰਹੋ', ਰੌਲਾ ਪੈ ਗਿਆ | ਮੁੜ ਕੇ ਆਤਮਾਵਾਂ ਤੜਫੀਆਂ, ਜ਼ਖ਼ਮ ਮਸਾਂ ਭਰੇ ਵੀ ਨਹੀਂ ਸਨ ਕਿ ਚਲੋ 34 ਸਾਲਾਂ ਮਗਰੋਂ ਇਕ ਦੋਸ਼ੀ ਸੱਜਣ ਕੁਮਾਰ ਨੂੰ ਉਸ ਦੇ ਗੁਨਾਹ ਕਾਰਨ ਉਮਰ ਕੈਦ ਦੀ ਸਜ਼ਾ ਹੋ ਗਈ | ਉਹ ਇਸ ਵੇਲੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ ਕਿ ਸੈਮ ਪਿਤਰੋਦਾ ਨੇ ਇਹ ਆਖ ਦਿੱਤਾ, 'ਹੂਆ ਤੋ ਹੂਆ |'
'ਹੂਆ' ਨਹੀਂ 'ਹਊਆ' ਆਪਣੇ ਮਗਰ ਪਾ ਲਿਆ, ਕਾਂਗਰਸ ਲਈ ਮੁੜ ਕਲੇਸ਼ ਖੜਵਾ ਕਰ ਦਿੱਤਾ | ਪੰਜਾਬ ਤੇ ਦਿੱਲੀ 'ਚ ਚੋਣਾਂ ਦਾ ਪੜਾਅ ਸੀ, ਉਸ ਤੋਂ ਪਹਿਲਾਂ ਹੀ ਸਿੱਖਾਂ ਦੇ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ |
'ਹੱਥੋਂ ਦਿੱਲੀ ਦਾ ਰਾਜ ਗਵਾਇਆ ਸੀ, ਉਹ ਮੁੜ ਕੇ ਦਬੋਚਣ ਦੀ ਲਾਲਸਾ ਸੀ ਪੰਜਾਬ 'ਚ, ਰਾਜ ਆਇਆ ਸੀ ਮਸਾਂ-ਮਸਾਂ ਉਹ ਹੱਥੋਂ ਗੁਵਾਉਣਾ ਸੀ... ਨਾ ਜੀ ਨਾ... ਹੱਥ ਦੇ ਨਿਸ਼ਾਨ ਨੂੰ ਹੱਥਾਂ-ਪੈਰਾਂ ਦੀ ਪੈ ਗਈ |
ਵੋਹ ਭੂਲੀ ਦਾਸਤਾਂ...
ਫਿਰ ਯਾਦ ਆ ਗਈ....
7 ਸੀਟਾਂ ਦਿੱਲੀ ਦੀਆਂ, 13 ਸੀਟਾਂ ਪੰਜਾਬ ਦੀਆਂ, ਫਿਰ ਸਿੱਖਾਂ ਦੀ ਯਾਦ ਆਈ | ਇਕ ਉਸਤਾਦ ਦੇ ਬੋਲ-ਕਬੋਲ ਨੇ ਸਾਰੀ ਆਸ ਗਵਾਈ | ਐਥੇ ਮੈਨੂੰ ਸੱਜਣੋ ਇਕ ਬੀਤੇ ਦੀ ਯਾਦ ਆਈ... ਯਾਦ ਕਰੋ ਅਨਾਰਕਲੀ ਦੇ ਹੱਥਾਂ 'ਚ ਦੋ ਕਬੂਤਰ ਸਨ... ਸ਼ਾਹਿਜ਼ਾਦਾ ਸਲੀਮ ਨੇ ਫੜਾਏ, ਥੋੜ੍ਹੀ ਦੇਰ ਮਗਰੋਂ ਉਹ ਵਾਪਸ ਆਇਆ ਤਾਂ ਅਨਾਰਕਲੀ ਹੱਥ ਇਕ ਕਬੂਤਰ ਸੀ | ਉਹਨੇ ਪੁੱਛਿਆ, 'ਅਨਾਰਕਲੀ ਦੂਜਾ ਕਬੂਤਰ ਕਿੱਥੇ ਏ?'
'ਉਹਤਾਂ ਉੱਡ ਗਿਐ |'
'ਕਿਵੇਂ?'
ਅਨਾਰਕਲੀ ਨੇ ਦੂਜਾ ਕਬੂਤਰ ਵੀ ਹੱਥ 'ਚੋਂ ਛੱਡ ਕੇ ਕਿਹਾ, 'ਐਦਾਂ' |
ਮੈਨੂੰ ਪੂਰਾ ਵਿਸ਼ਵਾਸ ਹੈ, ਸਭ ਤੋਂ ਪਹਿਲਾਂ ਸ਼ੀਲਾ ਦੀਕਸ਼ਤ ਨੇ ਸਿਰ ਫੜ ਕੇ ਕਿਹਾ ਹੋਣੈ... 'ਯੇਹ ਕਯਾ ਹੂਆ?'
ਫਿਰ ਸੋਨੀਆ ਜੀ ਨੇ ਘਬਰਾ ਕੇ ਕਿਹਾ ਹੋਣੈ, 'ਕਯੋਂ ਹੂਆ?'
ਫੇਰ ਪਿ੍ਅੰਕਾ ਗਾਂਧੀ ਵਾਡਰਾ ਨੇ ਘਬਰਾ ਕੇ ਰਾਹੁਲ ਜੀ ਤੋਂ ਪੁੱਛਿਆ ਹੋਣੈ, 'ਕੈਸੇ ਹੂਆ?' ਰਾਹੁਲ ਜੀ ਨੇ ਮੱਥੇ 'ਤੇ ਹੱਥ ਮਾਰ ਕੇ ਜਵਾਬ ਦਿੱਤਾ ਹੋਣੈ, 'ਛੋੜੋ ਯੇਹ ਨਾ ਪੂਛੋ', ਸਾਡੀ ਕਿਸਮਤ ਹੀ ਖਰਾਬ ਹੈ | ਸੱਪ ਤੇ ਸੀੜ੍ਹੀ ਦੀ ਖੇਡ ਹੈ | ਐਨ ਜਦ ਧੁਰ ਉੱਪਰ ਤੱਕ ਕਾਂਗਰਸ ਪਹੁੰਚ ਜਾਂਦੀ ਹੈ, ਕੋਈ ਨਾ ਕੋਈ ਸੱਪ ਡੰਗ ਮਾਰ ਦਿੰਦਾ ਹੈ, ਅਸੀਂ ਫੜਾਂਹ ਕਰਕੇ ਧੁਰ ਥੱਲੇ ਢਹਿ ਪੈਂਦੇ ਹਾਂ |
ਪਹਿਲਾਂ ਗੁਜਰਾਤ ਦੀਆਂ ਚੋਣਾਂ 'ਚ ਜਦ ਜਿੱਤਣ ਦੀ ਆਸ ਪੱਕੀ ਹੋ ਗਈ ਸੀ, ਐਨ ਆਖਰੀ ਪੜਾਅ 'ਤੇ ਮਣੀਸ਼ੰਕਰ ਅਈਅਰ ਨੇ ਇਹ ਆਖ ਕੇ ਭੱਠਾ ਬਿਠਾ ਦਿੱਤਾ, 'ਮੋਦੀ ਨੀਚ ਹੈ' ਹੁਣ ਐਨ ਆਖਰੀ ਸਮੇਂ ਸੈਮ ਪਿਤਰੋਦਾ ਨੇ ਲੂਤੀ ਲਾ ਦਿੱਤੀ 1984 'ਚ ਸਿੱਖਾਂ ਦੇ ਹੋਏ ਘਾਣ 'ਤੇ, ਇਹ ਬੋਲ-ਬੋਲ ਕੇ ਕਿ 'ਹੂਆ ਤੋ ਹੂਆ' |
'ਮਾਫੀ ਮੰਗੋ, ਸਿੱਖਾਂ ਤੋਂ ਮੁਆਫ਼ੀ ਮੰਗੋ, ਆਪਣੀ ਪੱਤ ਢੱਕੋ |'
ਰਾਹੁਲ ਜੀ ਨੇ ਤੇ ਪੂਰੀ ਕਾਂਗਰਸ ਪਾਰਟੀ ਨੇ ਸੈਮ ਪਿਤਰੋਦਾ ਦੇ ਇਸ ਬੋਲ-ਕਬੋਲ ਦੀ ਨਿਖੇਧੀ ਕੀਤੀ, ਸਗੋਂ ਉਸ ਨੂੰ ਮਜਬੂਰ ਕੀਤਾ ਕਿ ਉਹ ਸਿੱਖਾਂ ਤੋਂ ਮੁਆਫ਼ੀ ਮੰਗੇ | ਉਹਨੇ ਝੱਟ ਮੁਆਫ਼ੀ ਮੰਗ ਲਈ, ਇਹ ਬਹਾਨਾ ਲਾ ਕੇ ਕਿ ਉਹਦੀ ਹਿੰਦੀ ਠੀਕ ਨਹੀਂ ਹੈ, ਉਹਨੇ ਕਹਿਣਾ ਸੀ, 'ਜੋ ਹੂਆ ਬੁਰਾ ਹੂਆ, ਪਰ ਮੰੂਹੋਂ ਨਿਕਲ ਗਿਆ, 'ਹੂਆ ਤੋ ਹੂਆ |''
ਚਲੋ ਜੀ, ਹੁਣ ਕਾਂਗਰਸ ਵਾਲੇ ਇਹ ਕਹਿਣਗੇ, 'ਯੇਹ ਕਯਾ ਹੂਆ?'
ਜਿਹੜੇ ਜਿੱਤੇ, ਉਹ ਤਾਂ ਕਹਿਣਗੇ ਹੀ, 'ਅਬ ਪਛਤਾਏ ਹੋਤ ਕਯਾ, ਹੂਆ ਤੋ ਹੂਆ |'

ਮਿਹਨਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਇਮਾਨਦਾਰ ਬਣਨ ਦਾ ਹੌਸਲਾ ਰੱਖੋ ਤੇ ਮਿਹਨਤ ਮੁਸ਼ੱਕਤ ਦਾ ਕੋਈ ਵੀ ਕੰਮ ਕਰਨ ਤੋਂ ਨਾ ਡਰੋ |
• ਜੀਵਨ 'ਚ ਜਿੰਨਾ ਮਰਜ਼ੀ ਔਖਾ ਸਮਾਂ ਆ ਜਾਵੇ ਪਰ ਨਾ ਮਿਹਨਤ ਕਰਨੀ ਛੱਡੋ ਅਤੇ ਨਾ ਹੀ ਉਮੀਦ ਕਿਉਂਕਿ ਮਿਹਨਤ ਆਪਣਾ ਰੰਗ ਜ਼ਰੂਰ ਵਿਖਾਉਂਦੀ ਹੈ |
• ਸਿਆਣੇ ਕਹਿੰਦੇ ਹਨ ਕਿ ਮਿਹਨਤ ਕਰਨਾ ਕੀੜੀ ਤੇ ਬਿਜੜੇ ਤੋਂ ਸਿੱਖੋ, ਬਗਲੇ ਤੋਂ ਤਰਕੀਬ ਤੇ ਮੱਕੜੀ ਤੋਂ ਕਾਰੀਗਿਰੀ |
• ਸੱਤ ਪੁਸ਼ਤਾਂ ਦੀ ਮਿਹਨਤ ਅਤੇ ਬੱਚਤ ਨਾਲ ਪੈਦਾ ਕੀਤੀ ਖੁਸ਼ਹਾਲੀ ਬਾਅਦ ਹੀ ਕੋਈ ਪਰਿਵਾਰ ਖਾਨਦਾਨ ਅਖਵਾਉਂਦਾ ਹੈ |
• ਕੋਈ ਹਤਾਸ਼ ਹੋ ਕੇ ਬਿਖਰ ਜਾਤਾ ਹੈ, ਕੋਈ ਮਿਹਨਤ, ਸੰਘਰਸ਼ ਕਰਕੇ ਨਿਖਰ ਜਾਤਾ ਹੈ |
• ਮਿਹਨਤ ਨਾਲ ਇਬਰਾਹੀਮ ਲਿੰਕਨ ਅਮਰੀਕਾ ਦੇ ਰਾਸ਼ਟਰਪਤੀ ਬਣੇ | ਡਾ: ਅਬਦੁਲ ਕਲਾਮ ਜੋ ਗ਼ਰੀਬ ਘਰ ਵਿਚ ਪੈਦਾ ਹੋਏ, ਭਾਰਤ ਦੇ ਰਾਸ਼ਟਰਪਤੀ ਬਣੇ | ਅਨੁਸ਼ਾਸਨ ਅਤੇ ਮਿਹਨਤ ਦਾ ਜ਼ਿੰਦਗੀ ਵਿਚ ਬਹੁਤ ਮਹੱਤਵ ਹੈ | ਇਸ ਲਈ ਇਨ੍ਹਾਂ ਦਾ ਕਦੀ ਪੱਲਾ ਨਾ ਛੱਡੋ ਤੇ ਆਲਸ ਨੂੰ ਆਪਣੀ ਜ਼ਿੰਦਗੀ ਵਿਚ ਦਾਖਲ ਨਾ ਹੋਣ ਦਿਓ |
• ਏਨੀ ਮਿਹਨਤ ਕਰੋ, ਏਨੀ ਮਿਹਨਤ ਕਰੋ ਕਿ ਵਿਤਕਰੇ ਦੇ ਬਾਵਜੂਦ ਵੀ ਅੱਗੇ ਨਿਕਲ ਜਾਓ |

-ਮੋਬਾਈਲ : 99155-63406.

ਵਿਅੰਗ: ਵੋਟਰੋ ਗੁੱਡ ਬਾਏ...

ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ ਕਿ ਤੁਸੀਂ ਆਪਣੇ ਹਿਤਾਂ ਦੀ ਪੂਰਤੀ ਲਈ ਸਾਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ | ਅਸਲ ਵਿਚ ਇਹ ਸਾਡੀ ਨਹੀਂ, ਤੁਹਾਡੀ ਆਪਣੀ ਹੀ ਕਾਮਯਾਬੀ ਹੈ... ਹੀਂ... ਹੀਂ…... ਹੀਂ... | ਹਾਂ, ਤੇ ਸਾਡੇ ਹਲਕੇ ਦੇ ਸੂਝਵਾਨ ਵੋਟਰੋ, ਤੁਹਾਨੂੰ ਇਹ ਤਾਂ ਭਲੀਭਾਂਤ ਪਤਾ ਹੀ ਐ ਕਿ ਅਸੀਂ ਪੂਰੇ ਪੰਜ ਮਹੀਨੇ ਤੁਹਾਡੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਟੁੱਟੀਆਂ ਸੜਕਾਂ ਦੀ ਧੂੜ ਫੱਕਦੇ ਰਹੇ ਹਾਂ | ਤੁਹਾਡੀਆਂ ਵੋਟਾਂ ਲੈਣ ਲਈ ਅਸੀਂ ਅਣਥੱਕ ਕੋਸ਼ਿਸ਼ਾਂ ਕੀਤੀਆਂ | ਤੁਹਾਡੇ ਅੱਗੇ ਹੱਥ ਜੋੜੇ | ਅੱਡੀਆਂ- ਗੋਡੇ ਰਗੜੇ | ਤੁਹਾਡੇ ਤੱਤੇ- ਤੱਤੇ ਸਵਾਲਾਂ ਦੇ ਗੋਲ-ਮੋਲ ਜਵਾਬ ਦੇ ਕੇ ਬੁੱਤਾ ਸਾਰਿਆ | ਘਰ- ਘਰ ਜਾ ਕੇ ਹਰੇਕ ਨੂੰ ਲਾਰੇ ਲਾਏ | ਨਸ਼ਿਆਂ ਦੇ ਅਤੁੱਟ ਭੰਡਾਰ ਵਰਤਾਏ | ਹਰੇ ਕੰਨਾਂ ਵਾਲੇ ਨੋਟ ਤੁਹਾਡੇ ਬੋਝਿਆਂ ਵਿਚ ਮੱਲੋ-ਜ਼ੋਰੀਂ ਪਾਏ | ਏਦੂੰ ਵੀ ਵੱਧ ਪੋਲਿੰਗ ਬੂਥਾਂ 'ਤੇ ਜਾ ਜਾ ਕੇ ਮਰ ਚੁੱਕੇ ਵੋਟਰਾਂ ਦੇ ਜਾਅਲੀ ਵੋਟ ਭੁਗਤਾਏ | ਅਜਿਹੇ ਅਨੇਕਾਂ ਕਾਰਨਾਮਿਆਂ ਦੀ ਬਦੌਲਤ ਅਸੀਂ ਜਿੱਤ ਪ੍ਰਾਪਤ ਕੀਤੀ ਹੈ |
ਆਹ ਪਿਛਲੇ ਪੰਜ ਮਹੀਨੇ ਗਾਂਧੀ ਮਾਰਕਾ ਖੱਦਰ ਪਹਿਨ-ਪਹਿਨ ਕੇ ਸਾਡੇ ਸੋਹਲ ਅਤੇ ਮੁਲਾਇਮ ਪਿੰਡੇ 'ਤੇ ਧੱਫੜ ਹੀ ਧੱਫੜ ਹੋ ਗਏ ਹਨ | ਵੈਸੇ ਆਮ ਹਾਲਤਾਂ ਵਿਚ ਅਸੀਂ ਇੰਪੋਰਟਿਡ ਵਸਤਰ ਹੀ ਪਹਿਨਿਆ ਕਰਦੇ ਹਾਂ | ਪਰ ਹੁਣ ਅਸੀਂ ਕਰਦੇ ਵੀ ਕੀ? ਸਮੇਂ ਦੀ ਵੀ ਇਹੋ ਹੀ ਮੰਗ ਸੀ | ਖੱਦਰ ਦੇ ਵਸਤਰ ਪਹਿਨ ਕੇ ਅਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਆਪਣੇ ਵੋਟਰਾਂ ਵਾਂਗ ਗ਼ਰੀਬ ਅਤੇ ਸਾਦਗੀਪਸੰਦ ਹਾਂ | ਨਿੱਤ-ਨਿੱਤ ਦੀ ਭੱਜ-ਨੱਸ ਕਰਕੇ ਸਾਡਾ ਬੀ. ਪੀ. ਜ਼ਰਾ ਕੁ ਹਾਈ ਰਹਿਣ ਲੱਗ ਪਿਆ ਹੈ ਅਤੇ ਸਾਡੀ ਕੋਇਲ ਵਰਗੀ ਸੁਰੀਲੀ ਆਵਾਜ਼ ਲਗਾਤਾਰ ਭਾਸ਼ਨ ਦੇ ਦੇ ਕੇ ਘੋਗੜ ਕਾਂ ਵਰਗੀ ਬੇਸੁਰੀ ਹੋਈ ਪਈ ਹੈ | ਕਿਉਂਕਿ ਸੰਸਦ ਵਿਚ ਜਾ ਕੇ ਹੁਣ ਅਸੀਂ ਤਹਾਡੇ ਇਲਾਕੇ ਦੀ ਨੁਮਾਇੰਦਗੀ ਕਰਨੀ ਹੈ, ਇਸ ਲਈ ਅਸੀਂ ਆਪਣੇ ਚੈੱਕ-ਅਪ ਲਈ ਵਿਸ਼ੇਸ਼ ਡਾਕਟਰਾਂ ਦੀ ਇਕ ਟੀਮ ਬਾਹਰਲੇ ਮੁਲਕ ਵਿਚੋਂ ਬੁਲਵਾਈ ਹੈ | ਜੇ ਅਸੀਂ ਪੂਰੀ ਤਰਾਂ ਤੰਦਰੁਸਤ ਹੋਵਾਂਗੇ ਤਦ ਹੀ ਤੁਹਾਡੀ ਖ਼ਾਤਰ ਉੱਥੇ ਜਾ ਕੇ ਗਰਮਾ-ਗਰਮ ਬਿਆਨ ਦਾਗ਼ ਸਕਾਂਗੇ, ਵਿਰੋਧੀਆਂ ਨਾਲ ਲੱਤੋ-ਲੱਤੀ ਹੋ ਸਕਾਂਗੇ, ਉਨ੍ਹਾਂ ਨੂੰ ਮਾਡਰਨ ਗਾਲ੍ਹਾਂ ਦਾ ਪੈਕੇਜ ਭੇਟ ਕਰ ਸਕਾਂਗੇ ਅਤੇ ਉਨ੍ਹਾਂ ਨੂੰ ਯਾਦਗਾਰੀ ਸਬਕ ਸਿਖਾਉਣ ਲਈ ਅੱਖਾਂ ਵਿਚ ਧੂੜਾ ਪਾ ਸਕਾਂਗੇ... ਹੈ ਕਿ ਨਾ... ਹੀਂ... ਹੀਂ... ਹੀਂ ... |
ਕੀ ਕਿਹਾ! ਸਾਡੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ਦਾ ਕੀ ਬਣੂੰ? ਓ ਛੱਡੋ ਜੀ ਭਾਈ ਸਾਅਬ, ਇਹ ਤਾਂ ਤੁਹਾਨੂੰ ਪਿਛਲੇ ਸੱਤਰ ਸਾਲਾਂ ਦਾ ਭਰਪੂਰ ਤਜਰਬਾ ਹੈ ਕਿ ਸਾਡੇ ਵਾਅਦੇ ਤਾਂ ਤੁਹਾਥੋਂ ਵੋਟਾਂ ਬਟੋਰਨ ਲਈ ਹੀ ਹੁੰਦੇ ਹਨ | ਹੁਣ ਵੋਟਾਂ ਅਸੀਂ ਲੈ ਲਈਆਂ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਬਾ-ਇੱਜ਼ਤ ਐਮ. ਪੀ. ਬਣ ਗਏ ਹਾਂ | ਹੁਣ ਤੂੰ ਕੌਣ ਅਖੇ ਮੈਂ ਖਾਹ-ਮਖਾਹ ... ਚਲੋ ਫਿਰ ਵੀ ਅਸੀਂ ਭਰਪੂਰ ਕੋਸ਼ਿਸ਼ ਕਰਾਂਗੇ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਕੋਈ ਨਾ ਕੋਈ ਰੁਜ਼ਗਾਰ ਜ਼ਰੂਰ ਦੁਆਇਆ ਜਾਵੇ | ਅਸੀਂ ਆਪਣੀ ਮੌਜ-ਮਸਤੀ ਲਈ ਇਕ ਬਾਹਰਲੇ ਮੁਲਕ ਵਿਚੋਂ ਨਵੀਂ ਨਸਲ ਦੇ ਕੁਝ ਘੋੜੇ ਮੰਗਵਾ ਰਹੇ ਹਾਂ | ਉਨ੍ਹਾਂ 'ਤੇ ਖ਼ਰਖ਼ਰਾ ਫੇਰਨ ਲਈ ਕੁਝ ਮੁਲਾਜ਼ਮਾਂ ਦੀ ਜ਼ਰੂਰਤ ਤਾਂ ਪਵੇਗੀ ਹੀ | ਅਸੀਂ ਤੁਹਾਨੂੰ ਭਰਪੂਰ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਉਨ੍ਹਾਂ ਵੈਕੈਂਟ ਪੋਸਟਾਂ 'ਤੇ ਤੁਹਾਡੇ ਹਲਕੇ ਦੇ ਬੇਰੁਜ਼ਗਾਰ ਨੌਜਵਾਨ ਹੀ ਐਡਜੈੱਸਟ ਕੀਤੇ ਜਾਣਗੇ | ਆਪਣੀ ਆਮਦਨ ਵਿਚ ਭਰਪੂਰ ਵਾਧਾ ਕਰਨ ਲਈ ਅਸੀਂ ਹੁਣ ਅਲੱਗ-ਅਲੱਗ ਰੂਟਾਂ 'ਤੇ ਵਾਹਵਾ ਸਾਰੀਆਂ ਏ.ਸੀ. ਬੱਸਾਂ ਵੀ ਪਾਉਣੀਆਂ ਹਨ | ਉਨ੍ਹਾਂ ਬੱਸਾਂ ਲਈ ਡਰਾਈਵਰ, ਕੰਡਕਟਰ ਅਤੇ ਕਲੀਨਰਾਂ ਦੀ ਜ਼ਰੂਰਤ ਤਾਂ ਪਵੇਗੀ ਹੀ | ਉਨ੍ਹਾਂ ਪੋਸਟਾਂ 'ਤੇ ਵੀ ਤੁਹਾਡੇ ਹਲਕੇ ਦੇ ਨੌਜਵਾਨ ਹੀ ਲਾਏ ਜਾਣਗੇ | ਵੈਸੇ ਇਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਐ ਕਿ ਮੰਦੀ ਦਾ ਦੌਰ ਸਾਰੇ ਸੰਸਾਰ ਭਰ ਵਿਚ ਹੀ ਚੱਲ ਰਿਹੈ | ਇਸ ਲਈ ਸਰਕਾਰੀ ਨੌਕਰੀਆਂ ਦੀ ਉਮੀਦ ਆਪਣੇ ਦਿਲ ਵਿਚੋਂ ਕੱਢ ਕੇ ਜੇ ਤੁਸੀਂ ਸਹਾਇਕ ਧੰਦੇ ਅਪਣਾ ਲਓ ਤਾਂ ਬਹੁਤ ਹੀ ਵਧੀਆ ਰਹੇਗਾ | ਭਾਵ ਇਕ ਚਿੱਬੇ ਜਿਹੇ ਮੂੰਹ ਵਾਲੀ ਨਸਲ ਦਾ ਕਤੂਰਾ ਸੱਠ ਹਜ਼ਾਰ ਰੁਪਏ ਵਿਚ ਮੌਜ ਨਾਲ ਵਿਕ ਜਾਂਦਾ ਹੈ | ਏਸ ਨਸਲ ਦੀ ਕੁੱਤੀ ਸਾਲ ਵਿਚ ਚਾਰ ਵਾਰ ਸੂ ਪੈਂਦੀ ਹੈ ਅਤੇ ਇਕ ਵਾਰੀ ਦੇ ਘੱਟੋ-ਘੱਟ ਦਰਜਨ ਕਤੂਰੇ ਦਿੰਦੀ ਹੈ | ਕਾਕਿਓ, ਜ਼ਰਾ ਕੈਲਕੂਲੇਟਰ ਨਾਲ ਹਿਸਾਬ ਲਗਾ ਕੇ ਤਾਂ ਦੱਸਿਓ ਕਿ ਸਾਲ ਦੀ ਕੁੱਲ ਕਿੰਨੀ ਕਮਾਈ ਹੋਵੇਗੀ? ਐਨੀ ਤਨਖ਼ਾਹ ਤਾਂ ਡੀਸੀ ਵੀ ਨਹੀਂ ਲੈਂਦਾ ਹੋਣਾ | ਜੇ ਸ਼ਰਾਬ ਦੇ ਠੇਕੇ ਦੇ ਬਾਹਰ ਪਕੌੜਿਆਂ ਦੀ ਰੇੜ੍ਹੀ ਲਗਾ ਲਓਗੇ ਤਾਂ ਥੋਡੇ ਘਰ ਨੋਟਾਂ ਦੀ ਨ੍ਹੇਰੀ ਆ ਜੂ | ਨਾਲੇ ਮੁਫ਼ਤ ਵਿਚ ਹੀ ਤੁਹਾਡਾ ਅਤੇ ਤੁਹਾਡੇ ਜੁਆਕਾਂ ਦਾ ਚਿੱਤ ਵੀ ਕਰਾਰਾ ਹੋ ਜਾਇਆ ਕਰੇਗਾ |
ਹਾਂ, ਸਾਰੇ ਪਿੰਡਾਂ ਵਿਚ ਨਵੇਂ ਵਾਟਰ-ਵਰਕਸ ਬਣਵਾਉਣ ਦਾ ਿਖ਼ਆਲ ਆਪਣੇ ਮਨਾ ਵਿਚੋਂ ਬਿਲਕੁਲ ਹੀ ਕੱਢ ਦਿਓ | ਇਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਐ ਕਿ ਆਪਣਾ ਖ਼ਜ਼ਾਨਾ ਤਾਂ ਬਿਲਕੁਲ ਹੀ ਖ਼ਾਲੀ ਹੈ | ਜੇ ਤੁਸੀਂ ਸੱਚ ਪੁੱਛਦੇ ਓ, ਤਾਂ ਸਾਡੇ ਕੋਲ ਹੁਣ ਵਿਹੁ ਖਾਣ ਨੂੰ ਵੀ ਚਾਰ ਛਿੱਲੜ ਹੈਨੀ | ਇਸ ਕਰਕੇ ਹਰ ਪਿੰਡ ਲਈ ਨਵਾਂ ਵਾਟਰ- ਵਰਕਸ ਬਣਾ ਸਕਣਾ ਸਾਡੇ ਲਈ ਬਿਲਕੁਲ ਹੀ ਸੰਭਵ ਨਹੀਂ | ਸੋ, ਤੁਸੀਂ ਸਭ ਭੈਣ ਭਰਾ ਉੱਪਰ ਵਾਲੇ ਦਾ ਹੁਕਮ ਮੰਨ ਕੇ ਨਹਿਰਾਂ ਦਾ ਵਿਟਾਮਿਨ-ਯੁਕਤ ਜਲ ਪੁਣ-ਪੁਣ ਕੇ ਛਕਿਆ ਕਰਿਓ | ਕੀ ਕਿਹਾ! ਉਸ ਵਿਚ ਚਮੜਾ ਫੈਕਟਰੀਆਂ ਅਤੇ ਬੁੱਢੇ ਨਾਲੇ ਦਾ ਗੰਦਾ ਪਾਣੀ ਰਲਿਆ ਹੋਇਐ? ਓ ਛੱਡੋ ਜੀ, ਇਹ ਪਾਣੀ ਭਲਾਂ ਥੋਡਾ ਕੀ ਵਿਗਾੜ ਦੇਊ? ਵੱਧ ਤੋਂ ਵੱਧ ਕੈਂਸਰ ਹੀ ਹੋਊਗਾ ਨਾ ਤੇ ਉਹਦੇ ਬਾਰੇ ਤੁਸੀਂ ਬਿਲਕੁੱਲ ਹੀ ਬੇਫ਼ਿਕਰ ਹੋ ਜਾਓ | ਅਸੀਂ ਨੇੜ-ਭਵਿੱਖ ਵਿਚ ਹੀ ਇਕ ਬਹੁਤ ਵੱਡਾ ਕੈਂਸਰ ਹਸਪਤਾਲ ਬਣਵਾਉਣ ਬਾਰੇ ਸੋਚ ਰਹੇ ਹਾਂ | ਰਹੀ ਗੱਲ ਟੁੱਟੀਆਂ-ਫੁੱਟੀਆਂ ਸੜਕਾਂ ਦੁਬਾਰਾ ਬਣਵਾਉਣ ਦੀ ਤਾਂ ਤੁਸੀਂ ਇਸ ਮਸਲੇ ਬਾਰੇ ਵੀ ਬਿਲਕੁਲ ਬੇਫ਼ਿਕਰ ਹੋ ਜਾਓ | ਆਹ ਆਪਾਂ ਨੂੰ ਮਨਿਸਟਰੀ ਮਿਲਣ ਦੀ ਹੀ ਦੇਰ ਹੈ, ਅਸੀਂ ਜਲਦੀ ਹੀ ਸੜਕਾਂ ਦਾ ਕੰਮ ਪ੍ਰਾਈਵੇਟ ਕੰਪਨੀਆਂ ਦੇ ਸਪੁਰਦ ਕਰ ਦਿਆਂਗੇ | ਅੱਖ-ਝਪਕਣ ਵਿਚ ਹੀ ਹਰ ਪਾਸੇ ਮਲਾਈ ਵਰਗੀਆਂ ਮੁਲਾਇਮ ਸੜਕਾਂ ਬਣ ਕੇ ਤਿਆਰ ਹੋ ਜਾਣਗੀਆਂ | ਉਹ ਜਾਣੇ ਔਖੇ-ਸੌਖੇ ਹੋ ਕੇ ਤੁਸੀਂ ਟੋਲ –ਪਲਾਜ਼ੇ ਵਾਲਿਆਂ ਨੂੰ ਮੂੰਹੋਂ ਮੰਗਿਆ ਟੈਕਸ ਚੁੱਪ-ਚਾਪ ਅਦਾ ਕਰ ਦਿਆ ਕਰਿਓ ... |
ਕੀ ਕਿਹਾ! ਹੁਣ ਅਸੀਂ ਕਦੋਂ ਫੇਰੀ ਪਾਵਾਂਗੇ? ... ਹੀਂ... ਹੀਂ ... ਹੀਂ ... ਐਾ ਲੱਗਦੈ ਜਿਵੇਂ ਤੁਸੀਂ ਸਾਨੂੰ ਹੁਣ ਬਾਹਲਾ ਹੀ ਮੋਹ ਕਰਨ ਲੱਗ ਪਏ ਓ | ਮੋਹ ਤਾਂ ਸਾਨੂੰ ਵੀ ਤੁਹਾਡੇ ਨਾਲ ਬਹੁਤ ਐ | ਪਰ ਹੁਣ ਅਸੀਂ ਕਰੀਏ ਵੀ ਕੀ? ਵੇਖੋ ਨਾ, ਹੁਣ ਅਸੀਂ ਦੇਸ਼ ਦੀ ਵਾਗਡੋਰ ਸੰਭਾਲਣ ਜਾ ਰਹੇ ਹਾਂ | ਤੁਹਾਡੀ ਭਲਾਈ ਲਈ ਅਸੀਂ ਅਲੱਗ-ਅਲੱਗ ਕਿਸਮ ਦੀਆਂ ਯੋਜਨਾਵਾਂ ਵੀ ਤਿਆਰ ਕਰਨੀਆਂ ਹਨ | ਦੇਸ਼ ਨੂੰ ਮੰਦਹਾਲੀ, ਭਿ੍ਸ਼ਟਾਚਾਰ ਅਤੇ ਅਨਪੜ੍ਹਤਾ ਤੋਂ ਮੁਕਤ ਕਰਵਾਉਣ ਲਈ ਕਈ ਠੋਸ ਕਦਮ ਵੀ ਚੁੱਕਣੇ ਹਨ | ਜਿੱਥੇ-ਜਿੱਥੇ ਲੋਕ ਅਜੇ ਵੀ ਰਲ-ਮਿਲ ਕੇ ਰਹਿ ਰਹੇ ਹਨ, ਉੱਥੇ-ਉੱਥੇ ਧਰਮਾਂ, ਜਾਤਾਂ, ਗੋਤਾਂ ਅਤੇ ਨਸਲਾਂ ਦੀ ਚੁਆਤੀ ਵੀ ਸੁੱਟਣੀ ਹੈ ਤਾਂ ਕਿ ਸਾਡੀ ਕੁਰਸੀ ਪੱਕੇ ਤੌਰ 'ਤੇ ਕਾਇਮ ਰਹਿ ਸਕੇ | ਨਾਲੇ ਇਹੋ ਜਿਹੇ ਨੇਕ ਅਤੇ ਦੂਰਦਰਸ਼ੀ ਕਾਰਜ ਸਾਡੇ ਬਿਨਾਂ ਹੋਰ ਕਰ ਵੀ ਕੌਣ ਸਕਦੈ? ਹਾਂ ਬਈ ਪਿਆਰੇ ਵੋਟਰੋ, ਤੁਸੀਂ ਸਾਡੇ ਬਿਨਾਂ ਬਿਲਕੁਲ ਨਾ ਓਦਰਿਓ | ਅਸੀਂ ਕਦੇ-ਕਦਾਈਾ ਅਲੱਗ ਅਲੱਗ ਚੈਨਲਾਂ ਤੋਂ ਆਪਣੇ ਧੂਆਂਧਾਰ ਭਾਸ਼ਨਾਂ ਨਾਲ ਤੁਹਾਨੂੰ ਨਿਹਾਲ ਕਰਦੇ ਰਹਾਂਗੇ | ਹਾਂ ਸੱਚ, ਅੱਜਕਲ੍ਹ ਪਾਰਲੀਮੈਂਟ ਦੇ ਸੈਸ਼ਨਾਂ ਦੀ ਸਿੱਧੀ ਕਾਰਵਾਈ ਸਾਰੇ ਚੈਨਲਾਂ 'ਤੇ ਵਿਖਾਈ ਜਾਂਦੀ ਹੈ | ਤੁਸੀਂ ਸਾਨੂੰ ਓਨ੍ਹੀਂ ਦਿਨੀਂ ਆਪਸ ਵਿਚ ਜੁੰਡੋ-ਜੁੰਡੀ, ਗਾਲ਼ੋ-ਗਾਲ਼ੀ ਅਤੇ ਕੁਰਸੀਓ-ਕੁਰਸੀ ਹੁੰਦੇ ਵੇਖ ਲਿਆ ਕਰਿਓ, ਜਿਸ ਤੋਂ ਤੁਹਾਨੂੰ ਇਹ ਭਲੀਭਾਂਤ ਪਤਾ ਲੱਗ ਜਾਇਆ ਕਰੇਗਾ ਕਿ ਅਸੀਂ ਦੇਸ਼ ਨੂੰ ਹੋਰ ਮਹਾਨ ਬਣਾਉਣ ਲਈ ਕਿੰਨਾਂ ਸੰਘਰਸ਼ ਕਰ ਰਹੇ ਹਾਂ | ਚੰਗਾ ਬਈ ਪਿਆਰੇ ਵੋਟਰੋ, ਪੰਜਾਂ ਸਾਲਾਂ ਲਈ ਸਾਡੇ ਵਲੋਂ ਤੁਹਾਨੂੰ ਗੁੱਡ ਬਾਏ |

-ਮੋਬਾਈਲ : 94176-71364






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX