ਤਾਜਾ ਖ਼ਬਰਾਂ


ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਦੇ ਪੱਟ 'ਚ ਲੱਗੀ ਗੋਲੀ
. . .  about 1 hour ago
ਫਿਲੌਰ ,19 ਜੂਨ - ਫਿਲੌਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਚ ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਸੰਜੀਵ ਕੁਮਾਰ ਪਿੰਡ ਢੋਲਵਾਹਾ ਰੋਡ ਨੇੜੇ ਆਈ ਟੀ ਆਈ ਹਰਿਆਣਾ ਦੇ ਟਰੇਨਿੰਗ ...
ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ
. . .  about 2 hours ago
ਹਰੀਕੇ ਪੱਤਣ , 19 ਜੂਨ {ਸੰਜੀਵ ਕੁੰਦਰਾ} -ਨਾਰਕੋਟੈਕ ਸੈੱਲ ਤਰਨਤਾਰਨ ਦੀ ਟੀਮ ਨੇ ਪਿੰਡ ਬੂਰ ਨਜ਼ਦੀਕ 3 ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 242 ਦੌੜਾਂ ਦਾ ਦਿੱਤਾ ਟੀਚਾ
. . .  about 3 hours ago
ਮੰਜੇ ਦਾ ਸੇਰੁ ਮਾਰ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਮਾਰ ਮੁਕਾਇਆ
. . .  about 3 hours ago
ਕੋਟਕਪੂਰਾ, 19 ਜੂਨ (ਮੋਹਰ ਸਿੰਘ ਗਿੱਲ)- ਸਿਰ 'ਚ ਮੰਜੇ ਦੇ ਸੇਰੁ ਮਾਰ ਕੇ ਇਕ ਪੁੱਤਰ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹਾ ਜਿਸ 'ਤੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਪੜਤਾਲ ਆਰੰਭ ....
ਬਿਹਾਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 128 ਬੱਚਿਆਂ ਨੇ ਤੋੜਿਆ ਦਮ
. . .  about 3 hours ago
ਪਟਨਾ, 18 ਜੂਨ- ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹਰ ਘੰਟੇ ਬੱਚਿਆ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਮਰਨ ਵਾਲੇ ਬੱਚਿਆਂ ਦੀ ਗਿਣਤੀ 128 ਤੱਕ ਪਹੁੰਚ ਗਈ...
ਸਿੱਖ ਡਰਾਈਵਰ ਕੁੱਟਮਾਰ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਕੀਤਾ ਜਾਰੀ
. . .  about 4 hours ago
ਨਵੀਂ ਦਿੱਲੀ, 19 ਜੂਨ- ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁਖਰਜੀ ਨਗਰ 'ਚ 17 ਜੂਨ ਨੂੰ ਸਿੱਖ ਡਰਾਈਵਰ ਸਰਬਜੀਤ ਸਿੰਘ ਅਤੇ ਨਾਬਾਲਗ ਬੇਟੇ 'ਤੇ ਪੁਲਿਸ ਦੇ ਤਸ਼ੱਦਦ ਦੀ ਘਟਨਾ 'ਤੇ ਇਕ ਹਫ਼ਤੇ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 36 ਓਵਰਾਂ ਤੋ ਬਾਅਦ ਦੱਖਣੀ ਅਫ਼ਰੀਕਾ 149/4
. . .  about 4 hours ago
ਅਨੰਤਨਾਗ 'ਚ ਸ਼ਹੀਦ ਹੋਏ ਅਨਿਲ ਜਸਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  about 4 hours ago
ਊਨਾ, 19 ਜੂਨ (ਹਰਪਾਲ ਸਿੰਘ ਕੋਟਲਾ) - ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਬੀਤੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਇੱਕ ਮੁੱਠਭੇੜ 'ਚ ਸ਼ਹੀਦ ਹੋਏ ਊਨਾ ਦੇ ਸਪੂਤ ਅਨਿਲ ਜਸਵਾਲ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ....
ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : 30 ਓਵਰਾਂ ਤੋ ਦੱਖਣੀ ਅਫਰੀਕਾ 124/3
. . .  about 4 hours ago
ਕਿਸਾਨ ਕੋਲੋਂ ਟਰਾਂਸਫ਼ਾਰਮਰ ਬਦਲਣ ਦੇ ਇਵਜ਼ 'ਚ ਰਿਸ਼ਵਤ ਲੈਂਦਾ ਜੇ.ਈ ਕਾਬੂ
. . .  about 5 hours ago
ਮਲੋਟ, 19 ਜੂਨ (ਗੁਰਮੀਤ ਸਿੰਘ ਮੱਕੜ)- ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਸੜੇ ਟਰਾਂਸਫ਼ਾਰਮਰ ਨੂੰ ਬਦਲਣ ਦੇ ਇਵਜ਼ ਵਿਚ ਪਿੰਡ ਕਬਰਵਾਲਾ ਦੇ ਕਿਸਾਨ ਰਣਜੀਤ ਸਿੰਘ ਕੋਲੋਂ 5 ਹਜ਼ਾਰ ਰਿਸ਼ਵਤ ਲੈਦੇ ਬਿਜਲੀ ਬੋਰਡ ਦੇ ਜੇ.ਈ ਜੱਸਾ ਸਿੰਘ ਨੂੰ ਰੰਗੇ ਹੱਥੀ ਕਾਬੂ ਕੀਤਾ
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਦੁਧਾਰੂ ਪਸ਼ੂਆਂ ਲਈ ਹਰੇ ਚਾਰੇ ਦਾ ਅਚਾਰ ਬਣਾਉਣ ਸਬੰਧੀ ਜ਼ਰੂਰੀ ਨੁਕਤੇ

ਹਰੇ ਚਾਰੇ ਦਾ ਅਚਾਰ ਬਣਾਉਣ ਦੇ ਫਾਇਦੇ: ਅਚਾਰ ਬਣਾਉਣ ਦੇ ਤਰੀਕੇ ਵਿਚ ਚਾਰੇ ਵਾਲੀ ਫ਼ਸਲ ਦੇ ਸਾਰੇ ਭਾਗੰ ਨੂੰ ਸਹੀ ਪ੍ਰਸਥਿਤੀ ਵਿਚ ਭੰਡਾਰ ਕਰਕੇ ਰੱਖਿਆ ਜਾ ਸਕਦਾ ਹੈ। ਚਾਰੇ ਭੰਡਾਰ ਕਰਨ ਦੇ ਹੋਰ ਕਿਸੇ ਤਰੀਕੇ ਵਿਚ ਇਹ ਸੰਭਵ ਨਹੀਂ ਹੈ। ਅਚਾਰ ਬਣਾਉਣ ਨਾਲ ਚਾਰੇ ਨੂੰ ਬਹੁਤ ਘੱਟ ਜਗ੍ਹਾ ਵਿਚ ਭੰਡਾਰ ਕਰਕੇ ਰੱਖਿਆ ਜਾ ਸਕਦਾ ਹੈ। ਇਸ ਤਰੀਕੇ ਨਾਲ ਹਰੇ ਚਾਰੇ ਨੂੰ ਰੋਜ਼ ਵੱਢਣ, ਕੁਤਰਣ ਆਦਿ ਲਈ ਲੋੜੀਂਦੀ ਲੇਬਰ ਦੀ ਬੱਚਤ ਹੁੰਦੀ ਹੈ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ, ਕਿਉਂਕਿ ਇਸ ਤਰੀਕੇ ਨਾਲ ਸਾਰੇ ਚਾਰੇ ਨੂੰ ਇਕੋ ਵਾਰ ਹੀ ਵੱਢ ਕੇ ਕੁਤਰ ਲਿਆ ਜਾਂਦਾ ਹੈ।
ਅਚਾਰ ਬਣਾਉਣ ਲਈ ਸਾਰੀ ਫ਼ਸਲ ਨੂੰ ਬਿਜਾਈ ਤੋਂ 70-80 ਦਿਨ ਬਾਅਦ ਕੱਟ ਲਿਆ ਜਾਂਦਾ ਹੈ ਅਤੇ ਉਸ ਰਕਬੇ ਨੂੰ ਹੋਰ ਫ਼ਸਲਾਂ ਉਗਾਉਣ ਲਈ ਵਰਤਿਆ ਜਾ ਸਕਦਾ ਹੈ। ਅਚਾਰ ਵਿਚ ਲੈਕਟਿਕ ਐਸਿਡ ਦੀ ਹੋਂਦ ਕਾਰਨ ਇਹ ਅਸਾਨੀ ਨਾਲ ਪਸ਼ੂਆਂ ਨੂੰ ਹਜ਼ਮ ਹੋ ਜਾਂਦਾ ਹੈ। ਸੋ, ਪਸ਼ੂਆਂ ਦੀ ਜਿਹੜੀ ਊਰਜਾ ਚਾਰੇ ਨੂੰ ਹਜ਼ਮ ਹੋਣ ਲਈ ਵਰਤਣੀ ਹੁੰਦੀ ਹੈ, ਉਸ ਨੂੰ ਹੋਰ ਕੰਮ ਜਿਵੇਂ ਕਿ ਦੁੱਧ ਬਣਾਉਣ ਲਈ ਵਰਤ ਲਈ ਜਾਂਦੀ ਹੈ। ਅਚਾਰ ਰਸੀਲਾ ਅਤੇ ਸਵਾਦੀ ਹੁੰਦਾ ਹੈ, ਇਸ ਲਈ ਇਹ ਪਸ਼ੂਆਂ ਦੀ ਭੁੱਖ ਨੂੰ ਵਧਾਉਦਾ ਹੈ। ਅਚਾਰ ਬਣਾਉਣ ਨਾਲ ਹਰੇ ਚਾਰੇ ਦੀ ਘਾਟ ਵਾਲੇ ਮਹੀਨਿਆਂ ਵਿਚ ਅਤੇ ਹੋਰ ਪ੍ਰਸਥਿਤੀਆਂ ਜਿਵੇਂ ਕਿ ਸੋਕਾ, ਭਾਰੀ ਮੀਂਹ ਆਦਿ ਦੇ ਸਮੇਂ ਵਿਚ ਪਸ਼ੂਆਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਦੀ ਦੁੱਧ ਦੀ ਪੈਦਾਵਾਰ ਬਰਕਰਾਰ ਰੱਖੀ ਜਾ ਸਕਦੀ ਹੈ
ਅਚਾਰ ਬਣਾਉਣ ਲਈ ਪ੍ਰਮੁੱਖ ਫ਼ਸਲਾਂ: ਚੰਗੀ ਗੁਣਵੱਤਾ ਦਾ ਅਚਾਰ ਬਣਾਉਣ ਲਈ ਗੈਰ-ਫਲੀਦਾਰ ਚਾਰੇ ਜਿਵੇਂ ਕਿ ਮੱਕੀ, ਚਰ੍ਹੀ, ਬਾਜਰਾ, ਦੋਗਲਾ ਨੇਪੀਅਰ ਬਾਜਰਾ, ਕਮਾਦ ਤੇ ਜਵੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਗ਼ੈਰ-ਫਲੀਦਾਰ ਚਾਰਿਆਂ ਨੂੰ ਇਸ ਲਈ ਤਰਜੀਹ ਦਿੱਤੀ ਜਾਂਦੀ ਹੈ, ਕਿਉਕਿ ਇਨ੍ਹਾਂ ਵਿਚ ਨਿਸ਼ਾਸ਼ਤਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਪ੍ਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਸ ਨੂੰ ਖਮੀਰਾਕਰਨ ਦੀ ਪ੍ਰਕਿਰਿਆ ਵਿਚ ਸੂਖਮ ਜੀਵਾਂ ਵਲੋਂ ਲੈਕਟਿਕ ਐਸਿਡ ਵਿਚ ਬਦਲ ਦਿੱਤਾ ਜਾਂਦਾ ਹੈ। ਦੂਸਰਾ ਇਨ੍ਹਾਂ ਗੈਰ-ਫਲੀਦਾਰ ਚਾਰਿਆ ਦੇ ਤਣੇ ਸਖਤ ਹੁੰਦੇ ਹਨ ਅਤੇ ਇਨ੍ਹਾਂ ਤੋਂ ਹੇਅ ਬਣਾਉਣ ਲਈ ਇਨ੍ਹਾਂ ਨੂੰ ਸੁਕਾਉਣ ਵਿਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ। ਇਨ੍ਹਾਂ ਸਾਰੀਆਂ ਫ਼ਸਲਾਂ ਵਿਚੋ ਮੱਕੀ ਅਚਾਰ ਬਣਾਉਣ ਲਈ ਸਭ ਤੋਂ ਢੁਕਵੀਂ ਫ਼ਸਲ ਹੈ।
ਅਚਾਰ ਬਣਾਉਣ ਦਾ ਤਰੀਕਾ: ਕਟਾਈ: ਅਚਾਰ ਬਣਾਉਣ ਲਈ ਫ਼ਸਲਾਂ ਦੀ ਕਟਾਈ ਉਸ ਸਮੇਂ ਕਰੋ ਜਦੋਂ ਇਹ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ ਅਤੇ ਸੁੱਕੇ ਮਾਦੇ ਦੀ ਮਾਤਰਾ ਵੀ ਕਾਫੀ ਹੋਵੇ। ਜਦੋਂ ਚਾਰੇ ਵਾਲੀਆਂ ਫ਼ਸਲਾਂ ਦੋਧੇ ਦੀ ਅਵਸਥਾ ਵਿਚ ਹੋਣ ਤਾਂ ਇਨ੍ਹਾਂ ਨੂੰ ਅਚਾਰ ਬਣਾਉਣ ਲਈ ਕੱਟ ਲੈਣਾ ਚਾਹੀਦਾ ਹੈ। ਜੇ ਚਾਰੇ ਜਿਆਦਾ ਪੱਕ ਜਾਣ ਤਾਂ ਇਨ੍ਹਾਂ ਵਿਚ ਰੇਸ਼ੇ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਇਨ੍ਹਾਂ ਤੋਂ ਵਧੀਆ ਅਚਾਰ ਨਹੀਂ ਬਣਦਾ ਅਤੇ ਰੇਸ਼ੇ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਹਜ਼ਮ ਵੀ ਔਖਾ ਹੁੰਦਾ ਹੈ। ਅਚਾਰ ਤਿਆਰ ਕਰਨ ਲਈ ਮੱਕੀ ਦੀ ਕਟਾਈ ਗੰਢਾਂ ਬਣਨ ਤੋਂ ਦੌਧੇ ਦਾਣਿਆਂ ਤੱਕ ਕਰ ਲਵੋ।
ਅਚਾਰ ਬਣਾਉਣ ਲਈ ਟੋਏ ਨੂੰ ਭਰਨ ਦਾ ਤਰੀਕਾ: ਫ਼ਸਲ ਨੂੰ ਸਹੀਂ ਸਮੇਂ ਉਤੇ ਕੱਟ ਲਵੋ, ਜਦੋਂ ਇਸ ਵਿਚ ਨਮੀ ਦੀ ਮਾਤਰਾ 65-70 ਫੀਸਦੀ ਹੋਵੇ। ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸਾਇਲੇਜ ਬਰਸਾਤ ਦੇ ਦਿਨਾਂ ਵਿਚ ਨਾ ਬਣਾਇਆ ਜਾਵੇ ਜਾਂ ਫ਼ਸਲ ਨੂੰ ਸਾਇਲੇਜ ਬਣਾਉਣ ਲਈ ਕੱਟਣ ਸਮੇਂ ਫ਼ਸਲ 'ਤੇ ਤ੍ਰੇਲ ਨਾ ਪਈ ਹੋਵੇ, ਕਿਉਂਕਿ ਇਨ੍ਹਾਂ ਪ੍ਰਸਥਿਤੀਆਂ ਵਿਚ ਚਾਰੇ ਵਿਚ ਨਮੀਂ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਅਚਾਰ ਨੂੰ ਉੱਲੀ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਚਾਰੇ ਨੂੰ ਟੋਏ ਵਿਚ ਭਰਨ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:-
* ਟੋਏ ਨੂੰ ਭਰਨ ਤੋਂ ਪਹਿਲਾਂ ਇਹ ਧਿਆਨ ਵਿਚ ਰੱਖਿਆ ਜਾਵੇ ਕਿ ਇਹ ਸਾਫ਼ ਅਤੇ ਸੁੱਕਿਆ ਹੋਇਆ ਹੋਵੇ।
* ਕੱਚੇ ਟੋਏ ਦੇ ਸਾਰੇ ਪਾਸਿਆਂ ਨੂੰ ਤਿਰਪਾਲ ਨਾਲ ਢਕ ਲਵੋ। ਟੋਏ ਨੂੰ ਹੇਠਾਂ ਤੋਂ ਕੱਚਾ ਰੱਖੋ ਅਤੇ ਹੇਠਾਂ ਤੂੜੀ ਵਿਛਾ ਲਵੋ। * 30 ਫੁੱਟ ਲੰਮੇ, 12-15 ਫੁੱਟ ਚੌੜੇ ਅਤੇ 5-6 ਫੁੱਟ ਡੂੰਘੇ ਟੋਏ ਵਿਚ 400-450 ਕੁਇੰਟਲ ਹਰਾ ਚਾਰਾ (ਲਗਪਗ 2 ਤੋਂ 3 ਕਿੱਲੇ ਦਾ) ਸੰਭਾਲਿਆ ਜਾ ਸਕਦਾ ਹੈ, ਟੋਏ ਦੀ ਲੰਬਾਈ ਪਸ਼ੂਆਂ ਦੀ ਗਿਣਤੀ ਅਤੇ ਜ਼ਰੂਰਤ ਅਨੁਸਾਰ ਘੱਟ-ਵੱਧ ਹੋ ਸਕਦੀ ਹੈ। ਟੋਏ ਦੀ ਚੌੜਾਈ ਟਰੈਕਟਰ ਦੇ ਟਾਇਰਾਂ ਵਿਚਲੀ ਚੌੜਾਈ ਤੋਂ ਦੋ ਗੁਣਾ ਹੋਣੀ ਚਾਹੀਦੀ ਹੈ ਅਤੇ ਡੂੰਘਾਈ ਹਮੇਸ਼ਾ 5-6 ਫੁੱਟ ਹੋਣੀ ਚਾਹੀਦੀ ਹੈ। * ਇਸ ਤੋਂ ਬਾਅਦ ਇਸ ਨੂੰ ਪਲਾਸਟਿਕ ਦੀ ਸ਼ੀਟ ਨਾਲ ਢਕ ਦਿਓ ਅਤੇ ਸ਼ੀਟ ਨੂੰ ਉੱਤੋਂ ਤੂੜੀ ਜਾਂ ਕੜਬ ਨਾਲ ਢਕ ਕੇ ਮਿੱਟੀ ਨਾਲ ਲਿਪ ਦਿਓ ਤਾਂ ਕਿ ਸ਼ੀਟ ਧੁੱਪ ਨਾਲ ਨਾ ਪਾਟੇ ਅਤੇ ਮੀਂਹ ਦਾ ਪਾਣੀ ਵੀ ਇਸ ਵਿਚ ਨਾ ਵੜੇ। * ਇਸ ਤਰੀਕੇ ਨਾਲ ਭੰਡਾਰ ਕੀਤੇ ਚਾਰੇ ਦਾ ਅਚਾਰ 45 ਦਿਨਾਂ ਵਿਚ ਬਣਕੇ ਤਿਆਰ ਹੋ ਜਾਂਦਾ ਹੈ।


-ਕ੍ਰਿਸ਼ੀ ਵਿਗਿਆਨ ਕੇਂਦਰ, ਤਰਨ ਤਾਰਨ।
ਮੋਬਾਈਲ : 9417702021
Email: ddtkvktarntaran@gmail.com,


ਖ਼ਬਰ ਸ਼ੇਅਰ ਕਰੋ

ਕਿਸਾਨਾਂ ਲਈ ਸਿਰਦਰਦੀ, ਚੂਹਿਆਂ ਦੀ ਰੋਕਥਾਮ ਕਿਵੇਂ ਕੀਤੀ ਜਾਵੇ?

ਉਂਝ ਤਾਂ ਕਈ ਤਰ੍ਹਾਂ ਦੇ ਕੀੜੇ-ਮਕੌੜੇ ਫ਼ਸਲਾਂ ਦਾ ਨੁਕਸਾਨ ਕਰਦੇ ਹਨ ਪਰ ਇਕੱਲਾ ਚੂਹਾ ਹੀ 6-25 ਫੀਸਦੀ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦਾ ਨੁਕਸਾਨ ਕਰ ਦਿੰਦਾ ਹੈ ਜਿਸ ਨਾਲ ਕਿਸਾਨ ਅਤੇ ਦੇਸ ਨੂੰ ਵੱਡਾ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ । ਪੰਜਾਬ ਵਿਚ ਕੁੱਲ 8 ਕਿਸਮਾਂ ਦੇ ਚੂਹੇ ਪਾਏ ਜਾਂਦੇ ਹਨ। ਚੂਹੇ ਆਪਣੇ ਚਾਤਰ ਦਿਮਾਗ, ਜ਼ਿਆਦਾ ਬੱਚੇ ਜੰਮਣ ਦੀ ਸਮਰੱਥਾ ਅਤੇ ਆਪਣੇ ਆਪ ਨੂੰ ਇਲਾਕੇ ਦੇ ਵਾਤਾਵਰਨ ਅਨੁਸਾਰ ਢਾਲ ਲੈਣ ਦੀ ਸਮਰੱਥਾ ਕਰਕੇ ਜਨਸੰਖਿਆ ਬਹੁਤ ਤੇਜ਼ੀ ਨਾਲ ਵਧਾ ਲੈਂਦੇ ਹਨ। ਚੂਹੇ ਆਮ ਕਰਕੇ ਖੁੱਡਾਂ ਵਿਚ ਰਹਿੰਦੇ ਹਨ ਅਤੇ ਸੁੰਘਣ ਅਤੇ ਸੁਆਦ ਦੀ ਸਮਰੱਥਾ ਤੇਜ਼ ਹੋਣ ਕਾਰਨ ਭੋਜਨ ਦੀ ਚੋਣ ਕਰਨ ਵਿਚ ਖ਼ਾਸ ਮੁਹਾਰਤ ਰੱਖਦੇ ਹਨ। ਉਪਰੋਕਤ ਵਿਸੇਸ਼ਤਾਵਾਂ ਕਾਰਨ ਚੂਹਿਆਂ ਦੀ ਰੋਕਥਾਮ ਕਰਨੀ ਹੋਰਨਾਂ ਕੀੜਿਆੰ ਅਤੇ ਪੰਛੀਆਂ ਦੇ ਮੁਕਾਬਲੇ ਔਖੀ ਅਤੇ ਵੱਖਰੀ ਹੁੁੰਦੀ ਹੈ। ਸੋ ਚੂਹਿਆਂ ਦੀ ਰੋਕਥਾਮ ਲਈ, ਪਿੰਡ ਪੱਧਰ 'ਤੇ ਸਮੂਹਿਕ ਤੌਰ 'ਤੇ ਚੂਹੇ ਮਾਰ ਮੁਹਿੰਮ ਚਲਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਕਿਸਾਨ ਇਕੱੱਲੇ-ਇਕੱਲੇ ਚੂਹਿਆਂ ਦੀ ਰੋਕਥਾਮ ਕਰਦੇ ਹਨ ਤਾਂ ਚੂਹੇ ਲਾਗਲੇ ਖੇਤਾਂ ਵਿਚ ਦੌੜ ਜਾਂਦੇ ਹਨ ਜਿਸ ਕਾਰਨ ਸਾਰਥਿਕ ਨਤੀਜੇ ਨਹੀਂ ਮਿਲਦੇ। ਪਿੰਡ ਪੱਧਰ 'ਤੇ ਮੁਹਿੰਮ ਵਿਚ ਗ੍ਰਾਮ ਪੰਚਾਇਤਾਂ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ। ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਤਕਰੀਬਨ ਦੋ ਮਹੀਨੇ ਤੱਕ ਖੇਤ ਖਾਲੀ ਰਹਿੰਦੇ ਹਨ ਇਸ ਲਈ ਇਸ ਸਮੇਂ ਦੌਰਾਨ ਚੂਹਿਆਂ ਦੀ ਸੁਚੱਜੀ ਰੋਕਥਾਮ ਮਸ਼ੀਨੀ ਅਤੇ ਕੀੜੇਮਾਰ ਜ਼ਹਿਰਾਂ ਨਾਲ ਕੀਤੀ ਜਾ ਸਕਦੀ੍ਹੇ।
(1) ਮਸ਼ੀਨੀ ਤਰੀਕੇ:- (ੳ) ਡਾਂਗਾਂ ਨਾਲ ਮਾਰਨਾ: ਫ਼ਸਲਾਂ ਦੀ ਕਟਾਈ ਤੋਂ ਬਾਅਦ ਜਦੋਂ ਰੌਣੀ ਕੀਤੀ ਜਾਂਦੀ ਹੈ ਤਾਂ ਪਾਣੀ ਖੁੱਡਾਂ ਵਿਚ ਵੜ ਜਾਂਦਾ ਹੈ ਜਿਸ ਕਾਰਨ ਚੂਹੇ ਬਾਹਰ ਆ ਜਾਂਦੇ ਹਨ। ਇਨਾਂ ਬਾਹਰ ਆਏ ਚੂਹਿਆਂ ਨੂੰ ਡਾਂਗਾਂ ਨਾਲ ਮਾਰਿਆ ਜਾ ਸਕਦਾ ਹੈ।
(ਅ) ਪਿੰਜਰਿਆਂ ਦੀ ਵਰਤੋਂ ਕਰਨੀ:-ਚੂਹਿਆਂ ਨੂੰ ਫੜਨ ਲਈ ਵੱਖ-ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂਂ ਕੀਤੀ ਜਾ ਸਕਦੀ ਹੈ। ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ। ਸਾਫ ਪਿੰਜਰਿਆਂ ਨੂੰ ਖੇਤਾਂ ਵਿਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਵਾਂ 'ਤੇ ਰੱਖੋ। ਵੱਡੀ ਗਿਣਤੀ ਵਿਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤੱਕ ਮੂੰਹ ਖੋਲ੍ਹ ਕੇ ਰੱਖੋ। ਚੂਹਿਆਂ ਨੂੰ ਗਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ। ਅਜਿਹਾ ਕਰਕੇ ਤਿੰਨ ਦਿਨ ਤੱਕ ਫੜੇ ਚੂਹਿਆਂ ਨੂੰ ਪਾਣੀ ਵਿਚ ਡੁਬੋ ਕੇ ਮਾਰੋ। ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫਾ ਜ਼ਰੂਰ ਰੱਖੋ।
(2) ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ:-ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੈ। ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ 'ਤੇ ਨਿਰਭਰ ਕਰਦਾ ਹੈ ।
ਜ਼ਹਿਰੀਲਾ ਚੋਗਾ ਬਣਾਉਣ ਦਾ ਤਰੀਕਾ:- (ੳ) ਜ਼ਿੰਕ ਫਾਸਫਾਈਡ ਦੀ ਵਰਤੋਂ:-ਇਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨ੍ਹਾਂ ਦਾ ਮਿਸ਼ਰਣ ਲੈ ਕੇ ਇਸ ਵਿਚ 20 ਗ੍ਰਾਮ ਤੇਲ ਜੇਕਰ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗਰਾਮ ਜ਼ਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਉ। ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੁੰ ਕਾਗਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿਚ ਗੇਝ ਵਾਲੀਆਂ ਥਾਵਾਂ 'ਤੇ ਰੱਖੋ।
(ਅ) ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0.005 ਫੀਸਦੀ ਪਾਊਡਰ , 20 ਗ੍ਰਾਮ ਬੂਰਾ ਖੰਡ ਅਤੇ 20 ਗਰਾਮ ਤੇਲ ਨੂੰ ਇਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿਚ ਮਿਲਾਉ ਅਤੇ ਪੂਰੇ ਖੇਤ ਵਿਚ 40 ਥਾਵਾਂ ਤੇ ਰੱਖੋ (ੲ) ਰੈਕੁਮਿਨ ਦੀ ਵਰਤੋਂ : 50 ਗ੍ਰਾਮ ਰੈਕੁਮਿਨ 0.0375 ਫੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿਚ ਮਿਲਾਉ।
ਚੋਗਾ ਰੱਖਣ ਅਤੇ ਮੁਹਿੰਮ ਚਲਾਉਣ ਦਾ ਸਮਾਂ;- ਮਈ-ਜੂਨ ਦਾ ਮਹੀਨਾ : ਚੂਹੇ ਮਾਰ ਮੁਹਿੰਮ ਚਲਾਉਣ ਦਾ ਬਹੁਤ ਹੀ ਢੁਕਵਾਂ ਸਮਾਂ ਹੈ ਕਿਉਂਕਿ ਖੇਤ ਖਾਲੀ ਹੋਣ ਕਾਰਨ ਚੂਹਿਆਂ ਦੀਆਂ ਖੁੱਡਾਂ ਵੱਟਾਂ, ਪਾਣੀ ਦੀਆਂ ਖਾਲਾਂ, ਵਿਰਾਨ ਥਾਵਾਂ 'ਤੇ ਵੱਡੀ ਗਿਣਤੀ ਵਿਚ ਸੌਖਿਆਂ ਹੀ ਲੱਭ ਜਾਂਦੀਆਂ ਹਨ । ਸ਼ਾਮ ਵੇਲੇ ਸਾਰੀਆਂ ਖੁੱਲ੍ਹੀਆਂ ਖੁੱਡਾਂ ਬੰਦ ਕਰ ਦਿਉ। ਅਗਲੀ ਸਵੇਰ ਨੂੰ ਹਰੇਕ ਖੁੱਲ੍ਹੀ ਖੁੱਡ ਵਿਚ 10 ਗ੍ਰਾਮ ਜਿੰਕ ਫਾਸਫਾਈਡ/ਬਰੋਮਾਡਾਇਓਲੋਨ ਜਾਂ 20 ਗ੍ਰਾਮ ਰੈਕੁਮਿਨ ਵਾਲੇ ਚੋਗੇ ਨੂੰ ਕਾਗਜ਼ ਵਿਚ ਪਾ ਕੇ ਬਰੋਮਾਡਾਇਓਲੋਨ ਵਾਲਾ ਚੋਗਾ 6 ਇੰਚ ਡੂੰਘਾਈ 'ਤੇ ਰੱਖੋ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਲਾਕ ਖੇਤੀਬਾੜੀ ਅਫਸਰ, ਪਠਾਨਕੋਟ।
ਮੋਬਾਈਲ : 94630-71919.

ਜ਼ਿਆਦਾ ਲਾਹੇਵੰਦ ਹਨ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ

ਪੰਜਾਬ ਵਿਚ ਝੋਨੇ ਦੀ ਕਾਸ਼ਤ ਨਾਲ ਸਬੰਧਿਤ ਮੁੱਦਿਆਂ ਵਿਚੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਗਿਰਾਵਟ ਅਤੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਅਹਿਮ ਹਨ। ਇਸਦੇ ਨਾਲ-ਨਾਲ ਕੀੜੇ-ਮਕੌੜੇ, ਬਿਮਾਰੀਆਂ ਅਤੇ ਹੋਰ ਮੌਸਮੀ ਕਾਰਕਾਂ ਦਾ ਪ੍ਰਭਾਵ ਵੀ ਵਧ ਰਿਹਾ ਹੈ। ਇਨ੍ਹਾਂ ਮੁੱਦਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਨਵੀਆਂ ਕਿਸਮਾਂ ਵਿਕਸਤ ਕਰਨ ਦੀ ਰਣਨੀਤੀ ਤਹਿਤ ਘੱਟ ਸਮੇਂ ਵਿਚ ਵੱਧ ਝਾੜ, ਚੰਗੀ ਗੁਣਵੱਤਾ, ਘੱਟ ਪਰਾਲੀ, ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ, ਵਾਢੀ ਉਪਰੰਤ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਜ਼ਿਆਦਾ ਵਕਫਾ ਅਤੇ ਬਦਲਦੇ ਮੌਸਮ ਦੇ ਅਨੁਕੂਲ ਰਹਿਣ ਵਾਲੀਆਂ ਕਿਸਮਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਭਾਵੇਂ ਪੰਜਾਬ ਵਿਚ ਪਿਛਲੇ ਸਾਲਾਂ ਦੌਰਾਨ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਅਧੀਨ ਰਕਬੇ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ ਪ੍ਰੰਤੂ ਕੁਝ ਜ਼ਿਲ੍ਹਿਆਂ ਜਿਵੇਂ ਕਿ ਬਰਨਾਲਾ, ਬਠਿੰਡਾ, ਲੁਧਿਆਣਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਸੰਗਰੂਰ ਵਿਚ ਅਜੇ ਵੀ ਕਈ ਕਿਸਾਨ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰ ਰਹੇ ਹਨ। ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੇ ਅਨੇਕਾਂ ਲਾਭ ਹੋਣ ਦੇ ਬਾਵਜੂਦ ਕਿਸਾਨ ਲੰਮਾਂਾਸਮਾਂ ਲੈਣ ਵਾਲੀਆਂ ਕਿਸਮਾਂ ਪ੍ਰਤੀ ਇਸ ਲਈ ਆਕ੍ਰਸ਼ਿਤ ਹਨ ਕਿਉਂਕਿ ਉੁਨ੍ਹਾਂ ਦੀ ਧਾਰਨਾ ਅਨੁਸਾਰ ਇਨ੍ਹਾਂ ਕਿਸਮਾਂ ਦਾ ਝਾੜ ਜ਼ਿਆਦਾ ਹੋਣ ਕਰਕੇ ਮੁਨਾਫਾ ਜ਼ਿਆਦਾ ਹੁੰਦਾ ਹੈ। ਪ੍ਰੰਤੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਆਮਦਨ ਦਾ ਤੁਲਨਾਤਮਿਕ ਲੇਖਾ-ਜੋਖਾ ਕਰਨ ਉਪਰੰਤ ਇਹ ਤਰਕ ਸਹੀ ਨਹੀਂ ਨਿਕਲਿਆ।
ਭਾਵੇਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ (ਜਿਵੇਂ ਕਿ ਪੂਸਾ 44) ਦਾ ਝਾੜ ਥੋੜ੍ਹਾ ਜ਼ਿਆਦਾ ਹੁੰਦਾ ਹੈ ਪਰ ਇਹ ਝਾੜ ਲੈਣ ਵਾਸਤੇ ਸਾਨੂੰ ਜ਼ਿਆਦਾ ਪਾਣੀ, ਖਾਦਾਂ, ਕੀਟਨਾਸ਼ਕਾਂ, ਲੇਬਰ ਅਤੇ ਪਰਾਲੀ ਜ਼ਿਆਦਾ ਹੋਣ ਕਰਕੇ ਇਸਦੀ ਸੁਚੱਜੀ ਸੰਭਾਲ ਲਈ ਖਰਚੇ ਵਧ ਜਾਂਦੇ ਹਨ। ਇਨ੍ਹਾਂ ਵਧੇਰੇ ਖਰਚਿਆਂ ਦੇ ਫਲਸਰੂਪ ਪੂਸਾ 44 ਅਦਿ ਕਿਸਮਾਂ ਤੋਂ ਸ਼ੁੱਧ ਮੁਨਾਫਾ ਕਾਫੀ ਘਟ ਜਾਂਦਾ ਹੈ ਜਿਸਨੂੰ ਕਿ ਆਮ ਤੌਰ ਤੇ ਕਿਸਾਨਾਂ ਵਲੋਂ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਇਸਤੋਂ ਇਲਾਵਾ ਇਹ ਕਿਸਮ ਝੁਲਸ ਰੋਗ ਦੇ ਪੰਜਾਬ ਵਿਚ ਪਾਏ ਜਾਣ ਵਾਲੇ ਕਿਸੇ ਵੀ ਜੀਵਾਣੂ ਪ੍ਰਤੀ ਸਹਿਣਸ਼ੀਲਤਾ ਨਹੀਂ ਰੱਖਦੀ ਅਤੇ ਝੁਲਸ ਰੋਗ ਦੇ ਹਮਲੇ ਸਮੇਂ ਬੁਰੀ ਤਰਾਂ ਪ੍ਰਭਾਵਿਤ ਹੁੰਦੀ ਹੈ। ਪੂਸਾ 44 ਦੇ ਦਾਣਿਆਂ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਕਿਸਾਨਾਂ ਨੂੰ ਇਸਦੇ ਮੰਡੀਕਰਨ ਵਿਚ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਝੋਨੇ ਦੀ ਫ਼ਸਲ 'ਤੇ ਕੀਤੇ ਗਏ ਸਰਵੇਖਣ ਦੇ ਆਧਾਰ 'ਤੇ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਪ੍ਰਮੁੱਖ ਕਿਸਮਾਂ (ਪੀ ਆਰ 121 ਅਤੇ ਪੀ ਆਰ 126) ਅਤੇ ਇੱਕ ਗੈਰ-ਪ੍ਰਮਾਣਿਤ ਕਿਸਮ ਪੂਸਾ 44 ਦਾ ਤੁਲਨਾਤਮਿਕ ਲੇਖਾ ਜੋਖਾ ਕੀਤਾ ਗਿਆ। ਸਰਵੇਖਣ ਦੇ ਆਧਾਰ 'ਤੇ ਕਿਸਾਨਾਂ ਵਲੋਂ ਪੀ ਆਰ 121 ਦਾ ਝਾੜ 25.0 ਤੋਂ 36.5 ਕੁਇੰਟਲ ਪ੍ਰਤੀ ਏਕੜ, ਪੀ ਆਰ 126 ਦਾ ਝਾੜ 24.5 ਤੋਂ 37.2 ਕੁਇੰਟਲ ਪ੍ਰਤੀ ਏਕੜ ਅਤੇ ਪੂਸਾ 44 ਦਾ ਝਾੜ 27.0 ਤੋਂ 37.5 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਕੀਤਾ ਗਿਆ। ਇਸ ਪ੍ਰਕਾਰ ਪੀ ਆਰ 121, ਪੀ ਆਰ 126 ਅਤੇ ਪੂਸਾ 44 ਦਾ ਔਸਤ ਝਾੜ ਕ੍ਰਮਵਾਰ 30.2, 29.4 ਅਤੇ 32.0 ਕੁਇੰਟਲ ਪ੍ਰਤੀ ਏਕੜ ਰਿਹਾ। ਇਨ੍ਹਾਂ ਵਿਚੋਂ ਸਭ ਤੋਂ ਵੱਧ ਸਮਾਂ ਲੈਣ ਵਾਲੀ ਪੂਸਾ 44 ਕਿਸਮ ਨੇ ਬੇਸ਼ੱਕ ਸਭ ਤੋਂ ਵੱਧ ਝਾੜ ਦਿੱਤਾ ਪਰ ਇਸ ਝਾੜ ਲਈ ਪੂਸਾ 44 ਕਿਸਮ ਦੀ ਕਾਸ਼ਤ ਉੱਪਰ ਯੂਨੀਵਰਸਿਟੀ ਦੀਆਂ ਸਿਫਾਰਸ਼ ਕਿਸਮਾਂ ਪੀ ਆਰ 121 ਅਤੇ ਪੀ ਆਰ 126 ਨਾਲੋਂ 353 ਅਤੇ 435 ਰੁਪਏ ਪ੍ਰਤੀ ਏਕੜ ਦੀਆਂ ਵਾਧੂ ਖਾਦਾਂ, 1095 ਅਤੇ 1388 ਰੁਪਏ ਦੇ ਵਾਧੂ ਪੌਦ ਸੁਰੱਖਿਆ ਖਰਚੇ, 810 ਅਤੇ 1110 ਰੁਪਏ ਪ੍ਰਤੀ ਏਕੜ ਦੀ ਕ੍ਰਮਵਾਰ ਵਾਧੁੂ ਲੇਬਰ ਦੇ ਨਾਲ-ਨਾਲ 5 ਅਤੇ 9 ਵਾਧੂ ਸਿੰਚਾਈਆਂ ਦੀ ਲੋੜ ਪਈ। ਦੂਸਰੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਪੂਸਾ 44 ਕਿਸਮ ਦੀ ਕਾਸ਼ਤ ਕਰਨ ਲਈ ਪੀ ਏ ਯੂ ਦੀਆਂ ਸਿਫਾਰਸ਼ ਕਿਸਮਾਂ ਨਾਲੋਂ ਕਿਸਾਨਾਂ ਨੂੰ 33 ਤੋਂ 42 ਪ੍ਰਤੀਸ਼ਤ ਤੱਕ ਵਧੇਰੇ ਪੌਦ ਸੁਰੱਖਿਆ ਲਈ ਖਰਚ, 15 ਤੋਂ 26 ਪ੍ਰਤੀਸ਼ਤ ਤੱਕ ਜ਼ਿਆਦਾ ਸਿੰਚਾਈਆਂ ਅਤੇ 11 ਤੋਂ 17 ਪ੍ਰਤੀਸ਼ਤ ਤੱਕ ਜ਼ਿਆਦਾ ਲੇਬਰ 'ਤੇ ਖਰਚਾ ਕਰਨਾ ਪੈਂਦਾ ਹੈ। ਜਦ ਇਹ ਸਾਰੇ ਖਰਚਿਆਂ ਨੂੰ ਕੁੱਲ ਆਮਦਨ ਵਿਚੋਂ ਘਟਾ ਕੇ ਸ਼ੁੱਧ ਮੁਨਾਫਾ ਕੱਢਿਆ ਗਿਆ ਤਾਂ ਪੂਸਾ 44 ਦਾ ਸ਼ੁੱਧ ਮੁਨਾਫਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕਿਸਮਾਂ ਪੀ ਆਰ 126 ਅਤੇ ਪੀ ਆਰ 121 ਦੇ ਮੁਕਾਬਲੇ ਕ੍ਰਮਵਾਰ 161 ਰੁਪਏ ਅਤੇ 267 ਰੁਪਏ ਪ੍ਰਤੀ ਏਕੜ ਘੱਟ ਰਹਿ ਗਿਆ। ਜੇਕਰ ਉਪਰੋਕਤ ਦਿੱਤੇ ਖਰਚਿਆਂ ਵਿਚ ਪਾਣੀਆਂ ਲਈ ਵਰਤੀ ਗਈ ਬਿਜਲੀ ਦਾ ਖਰਚ, ਜੋ ਕਿ ਕਿਸਾਨਾਂ ਨੂੰ ਮੁਫਤ ਦਿੱਤੀ ਜਾਂਦੀ ਹੈ, ਵੀ ਲਾ ਲਿਆ ਜਾਵੇ ਤਾਂ ਪੀ ਆਰ 126 ਅਤੇ ਪੀ ਆਰ 121 ਕਿਸਮਾਂ ਦੀ ਕਾਸ਼ਤ ਤੋਂ ਅਸਲ ਮੁਨਾਫਾ ਪੂਸਾ 44 ਕਿਸਮ ਨਾਲੋਂ ਹੋਰ ਵੀ ਜ਼ਿਆਦਾ ਹੋ ਜਾਵੇਗਾ।
ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਨਾਲ ਸਾਲ ਵਿਚ ਤਿੰਨ ਫ਼ਸਲਾਂ ਲਈਆਂ ਜਾ ਸਕਦੀਆਂ ਹਨ ਜੋ ਕਿ ਪੂਸਾ 44 ਕਿਸਮ ਦੀ ਕਾਸ਼ਤ ਨਾਲ ਸੰਭਵ ਨਹੀਂ। ਫ਼ਸਲੀ ਚੱਕਰ ਵਿਚ ਤੀਜੀ ਫ਼ਸਲ ਸ਼ਾਮਿਲ ਕਰਨ ਨਾਲ ਖੇਤੀ ਤੋਂ ਆਮਦਨ ਵਧਾਈ ਜਾ ਸਕਦੀ ਹੈ। ਸੱਠੀ ਮੂੰਗੀ/ਮਟਰ ਨੂੰ ਤੀਜੀ ਫ਼ਸਲ ਦੇ ਤੌਰ ਤੇ ਲੈ ਕੇ ਜਿੱਥੇ ਖੇਤੀ ਤੋਂ ਆਮਦਨ ਵਿਚ ਵਾਧਾ ਹੋਵੇਗਾ ਉੱਥੇ ਨਾਲ ਹੀ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਹੋਵੇਗਾ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਨਾਲ ਪਰਾਲੀ ਦੀ ਆਸਾਨੀ ਨਾਲ ਸਾਂਭ ਸੰਭਾਲ ਹੋਣ ਕਰਕੇ ਹਾੜ੍ਹੀ ਦੀਆਂ ਫ਼ਸਲਾਂ ਦੀ ਵੇਲੇ ਸਿਰ ਬਿਜਾਈ ਯਕੀਨੀ ਹੋ ਜਾਂਦੀ ਹੈ।
ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਨਾਲ ਸਿੰਚਾਈਆਂ, ਖਾਦਾਂ, ਸਪ੍ਰੇਆਂ, ਲੇਬਰ, ਊਰਜਾ ਆਦਿ ਦੀ ਕਾਫੀ ਬੱਚਤ ਹੋ ਜਾਂਦੀ ਹੈ ਅਤੇ ਫ਼ਸਲੀ ਚੱਕਰ ਵਿਚ ਤੀਸਰੀ ਫ਼ਸਲ ਲੈਣ ਦੀ ਸੰਭਾਵਨਾ ਵਧ ਜਾਂਦੀ ਹੈ ਜਿਸ ਨਾਲ ਕਿਸਾਨਾਂ ਦੇ ਮੁਨਾਫੇ ਵਿਚ ਜ਼ਿਕਰਯੋਗ ਵਾਧਾ ਹੋ ਸਕਦਾ ਹੈ। ਇਨ੍ਹਾਂ ਖੂਬੀਆਂ ਕਰਕੇ ਪੰਜਾਬ ਵਿਚ ਸਾਲ ਦਰ ਸਾਲ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਸਾਲ 2018 ਵਿਚ ਪੰਜਾਬ ਵਿਚ ਝੋਨੇ ਹੇਠਲੇ ਕੁੱਲ ਰਕਬੇ ਦਾ 74 ਪ੍ਰਤੀਸ਼ਤ ਹਿੱਸਾ ਪੀ. ਏ. ਯੂ. ਦੁਆਰਾ ਪ੍ਰਮਾਣਿਤ ਕਿਸਮਾਂ ਦੀ ਕਾਸ਼ਤ ਅਧੀਨ ਸੀ ਜੋ ਕਿ ਇਨ੍ਹਾਂ ਦੇ ਘੱਟ ਸਮੇਂ ਵਿਚ ਅਤੇ ਥੋੜ੍ਹੇ ਪਾਣੀਆਂ ਨਾਲ ਜ਼ਿਆਦਾ ਝਾੜ ਦੇ ਗੁਣ ਕਰਕੇ ਸੰਭਵ ਹੋਇਆ ਹੈ। ਪਿਛਲੇ ਸਾਲਾਂ ਦੌਰਾਨ ਪੂਸਾ 44 ਦੇ ਰਕਬੇ ਵਿਚ ਭਾਰੀ ਗਿਰਾਵਟ ਵੇਖਣ ਵਿਚ ਆਈ। ਪੂਸਾ 44 ਦਾ ਰਕਬਾ ਜੋ ਕਿ ਸਾਲ 2015 ਵਿਚ 29 ਪ੍ਰਤੀਸ਼ਤ ਦੇ ਕਰੀਬ ਸੀ, ਸਾਲ 2018 ਵਿਚ ਘਟ ਕੇ ਸਿਰਫ 13 ਪ੍ਰਤੀਸ਼ਤ ਰਹਿ ਗਿਆ ਕਿਉਂਕਿ ਸਾਲ ਦਰ ਸਾਲ ਕਿਸਾਨਾਂ ਦਾ ਇਸ ਕਿਸਮ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ।
ਗ਼ੈਰ-ਪ੍ਰਮਾਣਿਤ ਕਿਸਮ ਪੂਸਾ 44 ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ 15 ਤੋਂ 26 ਪ੍ਰਤੀਸ਼ਤ ਪਾਣੀ ਜ਼ਿਆਦਾ ਲਾ ਕੇ ਜ਼ਮੀਨ ਹੇਠਲੇ ਪਾਣੀ ਨੂੰ ਹੋਰ ਥੱਲੇ ਲਿਜਾ ਰਹੇ ਹਾਂ। ਇਸ ਸਮੇਂ ਪੰਜਾਬ ਦੇ 80 ਪ੍ਰਤੀਸ਼ਤ ਤੋਂ ਜ਼ਿਆਦਾ ਬਲਾਕ ਪਾਣੀ ਹੇਠਾਂ ਜਾਣ ਕਰਕੇ ਗੰਭੀਰ ਸਥਿਤੀ ਵਿਚ ਹਨ। ਜ਼ਰਾ ਸੋਚਣ ਦੀ ਲੋੜ ਹੈ। ਇਸ ਲਈ ਸਮੇਂ ਦੀ ਮੰਗ ਹੈ ਕਿ ਕੁਦਰਤੀ ਸਾਧਨਾਂ ਦੀ ਬੱਚਤ ਕਰਨ ਲਈ ਅਸੀਂ ਵੱਧ ਸਮਾਂ ਲੈਣ ਵਾਲੀਆਂ ਪੂਸਾ 44 ਜਾਂ ਪੀਲੀ ਪੂਸਾ ਵਰਗੀਆਂ ਕਿਸਮਾਂ ਦੀ ਕਾਸ਼ਤ ਤੋਂ ਗੁਰੇਜ਼ ਕਰੀਏ। ਸਿਰਫ ਕਿਸਮ ਦੇ ਝਾੜ ਵੱਲ ਹੀ ਨਾ ਜਾਈਏ ਸਗੋਂ ਉਸਦੀ ਕਾਸ਼ਤ 'ਤੇ ਹੋਣ ਵਾਲੇ ਖਰਚਿਆਂ ਅਤੇ ਹੋਣ ਵਾਲੇ ਸ਼ੁੱਧ ਮੁਨਾਫੇ 'ਤੇ ਬਰੀਕੀ ਨਾਲ ਧਿਆਨ ਦੇਈਏ। ਸੋ ਕਿਸਾਨ ਵੀਰੋ! ਆਓ! ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਸਿਫਾਰਸ਼ ਕੀਤੀਆਂ ਕਿਸਮਾਂ ਹੀ ਲਾਈਏ ਜੋ ਧਰਤੀ ਹੇਠਲਾ ਪਾਣੀ ਬਚਾਉਣ ਦੇ ਨਾਲ-ਨਾਲ ਮੁਨਾਫਾ ਵੀ ਜ਼ਿਆਦਾ ਦੇ ਜਾਂਦੀਆਂ ਹਨ।
ਪੂਸਾ 44 ਦੇ ਮੁਕਾਬਲੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਫਾਇਦੇ : * ਸਿੰਚਾਈਆਂ ਲਈ 15-26 ਪ੍ਰਤੀਸ਼ਤ ਪਾਣੀ ਦੀ ਬੱਚਤ (5-9 ਸਿੰਚਾਈਆਂ) * ਪੌਦ-ਸੁਰੱਖਿਆ ਲਈ 33-42 ਪ੍ਰਤੀਸ਼ਤ ਖਰਚ ਦੀ ਬੱਚਤ (1100-1400 ਰੁਪਏ/ਏਕੜ) * ਪਰਾਲੀ ਦੀ ਸੌਖੀ ਅਤੇ ਸੁਚੱਜੀ ਸੰਭਾਲ * ਹਾੜ੍ਹੀ ਦੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ * ਫ਼ਸਲੀ ਘਣਤਾ ਵਿਚ ਵਾਧਾ * ਜ਼ਿਆਦਾ ਮੁਨਾਫਾ ਆਦਿ।


-ਇਕਨੋਮਿਕਸ ਐਂਡ ਸੋਸ਼ਿਆਲੋਜੀ ਵਿਭਾਗ

ਕਿੱਥੇ ਗਿਆ ਪਾਣੀ?

ਪਿਛਲੇ ਲੇਖ ਵਿਚ ਦੱਸਿਆ ਸੀ ਕਿ ਪਾਣੀ ਦਾ ਧਰਤੀ ਨਾਲ ਕੀ ਰਿਸ਼ਤਾ ਹੈ। ਇਸ ਗੱਲ ਨੂੰ ਬਹੁਤ ਲੋਕਾਂ ਨੇ ਨਵੀਂ ਜਾਣਕਾਰੀ ਵਜੋਂ ਲਿਆ। ਆਓ, ਅੱਜ ਗੱਲ ਨੂੰ ਹੋਰ ਸਪੱਸ਼ਟ ਕਰਦੇ ਹਾਂ। ਦੁਨੀਆ ਦੀ ਕੁੱਲ ਧਰਤੀ 'ਚ ਭਾਰਤ ਕੋਲ ਢਾਈ (2.5) ਫ਼ੀਸਦੀ ਹੈ, ਪਰ ਦੁਨੀਆ ਦੇ ਕੁਲ ਵਰਤੋਂ ਯੋਗ ਪਾਣੀ ਦਾ 4 ਫ਼ੀਸਦੀ ਸਾਡੇ ਕੋਲ ਹੈ। ਏਨਾ ਪਾਣੀ ਹੋਣ ਦੇ ਬਾਵਜੂਦ, ਪਾਣੀ ਦੀ ਕਿੱਲਤ ਹੈ, ਸੋਕਾ ਪੈਂਦਾ ਹੈ ਤੇ ਕਈ ਥਾਵਾਂ ਬੰਜਰ ਹੋ ਰਹੀਆਂ ਹਨ। ਆਖਰ ਕਿਉਂ? ਦੇਸ਼ ਦੀ 33 ਫ਼ੀਸਦੀ ਥਾਂ ਉੱਤੇ ਹੀ, ਸਿਰਫ ਗੰਗਾ-ਬ੍ਰਹਮਪੁੱਤਰਾ-ਮੇਘਨਾ ਨਦੀ ਦਾ 60 ਫ਼ੀਸਦੀ ਤਾਜ਼ਾ ਪਾਣੀ ਹੈ। 6 ਫ਼ੀਸਦੀ ਪੱਛਮੀ ਤੱਟ ਦੀਆਂ ਨਦੀਆਂ ਵਿਚ 11 ਫ਼ੀਸਦੀ ਪਾਣੀ ਹੈ। ਬਾਕੀ ਦੇਸ਼ ਦੇ 60 ਫ਼ੀਸਦੀ ਇਲਾਕੇ ਵਿਚ ਸਿਰਫ 29 ਫ਼ੀਸਦੀ ਹੀ ਪਾਣੀ ਹੈ, ਉਹ ਵੀ ਇਕਸਾਰ ਨਹੀਂ। ਇਹ ਸਾਡੀ 70 ਸਾਲ ਦੀ ਨਾਕਾਮੀ ਹੈ ਕਿ ਅਸੀਂ, ਸਿਆਸੀ ਕਾਰਨਾਂ ਕਰਕੇ ਦੇਸ਼ ਦੇ ਲੋਕਾਂ ਲਈ ਕੋਈ ਯੋਜਨਾ ਹੀ ਨਹੀਂ ਬਣਾ ਸਕੇ। ਜੇਕਰ ਅਗਲੇ 10 ਸਾਲ ਲਾ ਕੇ ਵੀ ਇਹ ਨਦੀਆਂ ਜੋੜ ਲਈਆਂ ਜਾਣ ਤਾਂ ਭਾਰਤ ਦੁਨੀਆ ਦਾ ਸਿਰੇ ਦਾ ਖੁਸ਼ਹਾਲ ਦੇਸ਼ ਬਣ ਸਕਦਾ ਹੈ। ਤੇਰ-ਮੇਰ ਦੀ ਝਗੜੇਬਾਜ਼ੀ ਛੱਡ ਕੇ 'ਸਰਬੱਤ ਦੇ ਭਲੇ' ਦੀ ਸੋਚਣ ਦੀ ਲੋੜ ਹੈ। 'ਹਾਏ ਕੀ ਹੋ ਜੂ?' ਦੀ ਰੱਟ ਛੱਡ ਕੇ, 'ਆਓ ਕੁਝ ਕਰੀਏ' ਵੱਲ ਧਿਆਨ ਦੇਈਏ। ਕੁਦਰਤ ਅਪਾਰ ਹੈ, ਉਸ ਨੇ ਆਪਣੀ ਰਚਨਾ ਨੂੰ ਕਦੇ ਖਤਮ ਨਹੀਂ ਹੋਣ ਦੇਣਾ, ਪਰ ਬੁਰਕੀ ਵੀ ਮੂੰਹ ਵਿਚ ਨਹੀਂ ਪਾਉਣੀ।


-ਮੋਬਾ: 98159-45018

ਪੁਰਾਤਨ ਸੱਭਿਆਚਾਰਕ ਵਸਤਾਂ ਦਾ ਸੰਗ੍ਰਹਿਕਰਤਾ ਪਰਮਿੰਦਰ ਸਿੰਘ

ਲੁਧਿਆਣਾ ਮਹਾਂਨਗਰ ਸ਼ਹਿਰ ਦੇ ਪੱਖੋਵਾਲ ਰੋਡ 'ਤੇ ਆਪਣੇ ਘਰ ਵਿਚ ਗਹਿਣੇ ਵਾਂਗ ਪੁਰਾਤਨ ਸੱਭਿਆਚਾਰ ਦੀਆਂ ਪੁਰਾਤਨ ਵਸਤਾਂ ਸਾਂਭੀ ਬੈਠਾ ਹੈ ਪਰਮਿੰਦਰ ਸਿੰਘ ਸਿੱਧੂ ਜਿਸ ਦਾ ਘਰ ਘੱਟ ਲੱਗਦਾ ਹੈ ਅਤੇ ਅਜਾਇਬ ਘਰ ਜ਼ਿਆਦਾ ਲੱਗਦਾ ਹੈ ਕਿਉਂਕਿ ਘਰ ਦੀ ਹਰੇਕ ਨੁੱਕਰੇ ਕੋਈ ਨਾ ਕੋਈ ਉਹ ਪੁਰਾਤਨ ਵਸਤ ਪਈ ਹੈ ਜੋ ਗਏ ਵਕਤਾਂ ਦੀ ਗਾਥਾ ਬਿਆਨਦੀ ਹੈ। ਸਾਡੇ ਆਲੋਪ ਹੋ ਚੁੱਕੇ ਵਿਰਸੇ ਦੀਆਂ ਬਾਤਾਂ ਪਾਉਂਦਾ ਇਹ ਘਰ ਸੱਚ-ਮੁੱਚ ਵੇਖ ਲੈਣ ਤੋਂ ਬਾਅਦ ਲੱਗੇਗਾ ਕਿ ਬੀਤੇ ਵਕਤ ਵਿਚ ਸਾਡਾ ਸੱਭਿਆਚਾਰ ਮਜ਼ਬੂਤ ਹੀ ਨਹੀਂ ਸੀ ਸਗੋਂ ਜਿਉਂਦਾ ਵੀ ਸੀ ਬੜੀ ਸ਼ਾਨ ਨਾਲ। ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛੋਕੜ ਤੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੀਮਨਾ ਦਾ ਜੰਮਪਲ ਹੈ ਅਤੇ ਪਿੰਡ ਵਿਚ ਬਚਪਨ ਹੰਡਾਉਦਿਆਂ ਹੀ ਇਹ ਮਹਿਸੂਸ ਹੋਇਆ ਸੀ ਕਿ ਵਕਤ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਵਕਤ ਦੀ ਤੇਜ਼ ਹਨੇਰੀ ਵਿਚ ਅਸੀਂ ਆਪਣਾ ਵਿਰਸਾ ਨਹੀਂ ਸਾਂਭ ਸਕਾਂਗੇ ਆਪਣਾ ਮੂਲ ਨਹੀਂ ਸਾਂਭ ਸਕਾਂਗੇ ਅਤੇ ਉਸੇ ਹੀ ਦਿਨ ਤੋਂ ਉਸ ਨੇ ਪੁਰਾਤਨ ਵਸਤਾਂ ਨੂੰ ਸਾਂਭਣਾ ਸ਼ੁਰੂ ਕਰ ਦਿੱਤਾ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਹ ਸਵਾਲ ਖੜ੍ਹਾ ਨਾ ਕਰੇ ਕਿ ਸਾਡਾ ਵਿਰਸਾ ਕਿਧਰ ਗਿਆ। ਪਰਮਿੰਦਰ ਸਿੰਘ ਸਿੱਧੂ ਨੇ ਆਪਣੇ ਘਰ ਵਿਚ ਕਦੇ ਬਨੇਰਿਆਂ 'ਤੇ ਵੱਜਣ ਵਾਲੇ ਰਿਕਾਰਡ ਗਰਾਮੋਫੋਨ ਜਿਸ ਨੂੰ ਕੁੱਤੇ ਵਾਲੀ ਮਸ਼ੀਨ ਵੀ ਆਖਦੇ ਰਹੇ ਹਨ ਗਰਾਮੋਫੋਨ ਚਾਬੀ ਨਾਲ ਚੱਲਣ ਵਾਲੇ ਸ਼ੁਰੂ ਤੋਂ ਲੈ ਕੇ ਉਸ ਦੇ ਅੰਤ ਤੱਕ ਸਾਂਭ ਕੇ ਰੱਖੇ ਹਨ। ਪੁਰਾਣੇ ਤੋਂ ਪੁਰਾਣੇ ਰੇਡੀਓ ਟਿਊਬਾਂ ਤੋਂ ਲੈ ਕੇ ਬੈਟਰੀਆਂ ਤੱਕ, ਮਰਫੀ ਟਿਉੂੂਬਾਂ ਵਾਲੇ ਰੇਡੀਓ। ਸਾਲ 1955 ਵਿਚ ਬਣੀ ਕੈਸੇਟ ਰਿਕਾਰਡਡ, ਸਾਲ 1857 ਦੀ ਕੰਧ ਘੜੀ ਅਤੇ ਇਕ ਸਦੀ ਪੁਰਾਣੀਆਂ ਘੜੀਆਂ, 1904 ਵਿਚ ਬਣੀ ਪੌਕਟ ਘੜੀ, ਬ੍ਰਿਟਸ ਦੇ ਸਟੋਪ, ਪੁਰਾਣੇ ਤੋਂ ਪੁਰਾਣੇ ਟੈਲੀਫ਼ੋਨ, ਪਿਸ਼ੌਰ ਦਾ ਬਣਿਆ ਹੱਥ ਨਾਲ ਝੱਲਣ ਵਾਲਾ ਪੱਖਾ, ਪਿੱਤਲ ਦੇ ਭਾਂਡੇ ਗਾਗਰ ਤੋਂ ਲੈ ਕੇ ਕੇਤਲੀਆਂ ਤੱਕ, ਸੰਖ, ਸਿਪੀਆਂ। ਸਾਲ 1951 ਵਿਚ 1953 ਵਿਚ ਬਣੇ ਦੋ ਫਰਾਂ ਵਾਲੇ ਪੱਖੇ , ਮਧਾਣੀਆਂ, ਚਾਟੀਆਂ, ਟਿੰਡਾਂ, ਡੋਲ ਹੀ ਉਸ ਨੇ ਆਪਣੇ ਘਰ ਦੇ ਅਜਾਇਬ ਘਰ ਵਿਚ ਨਹੀਂ ਰੱਖੇ ਸਗੋਂ 1981 ਮਾਡਲ ਬੁਲੇਟ ਮੋਟਰਸਾਈਕਲ, 1975 ਮਾਡਲ ਵਿਸਪਾ ਸਕੂਟਰ, 1961 ਅਤੇ 1975 ਮਾਡਲ ਇਟਾਲੀਅਨ ਕਾਰਾਂ ਵੀ ਆਪਣੇ ਘਰ ਵਿਚ ਦਿਲ ਦੇ ਗਹਿਣਿਆਂ ਵਾਂਗ ਸਜਾ ਕੇ ਰੱਖੀਆਂ ਹੋਈਆਂ ਹਨ। ਪਰਮਿੰਦਰ ਸਿੰਘ ਦੇ ਘਰ ਜੋ ਵੀ ਪੁਰਾਤਨ ਚੀਜ ਪਈ ਹੈ ਉਸ ਦੀ ਖ਼ਾਸੀਅਤ ਇਹ ਹੈ ਕਿ ਉਹ ਸਾਰੀਆਂ ਚੀਜਾਂ ਚਾਲੂ ਹਾਲਤ ਵਿਚ ਹਨ। ਪਰਮਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਦਾ ਬੇਟਾ ਆਪਣੇ ਵਿਆਹ ਵਿਚ ਆਪਣੀ 1975 ਮਾਡਲ ਕਾਰ 'ਤੇ ਹੀ ਵਿਆਹੁਣ ਗਿਆ ਸੀ । ਪਰਮਿਦਰ ਸਿੰਘ ਦੇ ਘਰ ਪੁਰਾਤਨ ਵਿਰਸੇ ਦੀ ਬਾਤ ਪਾਉਂਦੀ ਪੁਰਾਣੇ ਸੱਭਿਆਚਾਰ ਦੀ ਮੂੰਹ ਬੋਲਦੀ ਹਰ ਇਕ ਵਸਤੂ ਪਈ ਹੈ। ਪਰਮਿੰਦਰ ਸਿੰਘ ਸਿੱਧੂ ਦਾ ਇਹ ਘਰ, ਘਰ ਨਹੀਂ ਸਗੋਂ ਪੁਰਾਣੇ ਸੱਭਿਆਚਾਰ ਦਾ ਉਹ ਨਗੀਨਾ ਹੈ ਅਤੇ ਵਿਰਸੇ ਦੀ ਵੱਡੀ ਚਾਹਤ ਹੈ।


-ਪਿੰਡਾਂ: ਬੁੱਕਣ ਵਾਲਾ
ਮੋਗਾ-98551-14484

ਜੁਲਾਈ ਮਹੀਨੇ ਦੇ ਰੁਝੇਵੇਂ

ਬੈਂਗਣ
ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 300-400 ਗ੍ਰਾਮ ਬੀਜ 10-15 ਸੈ. ਮੀ. ਉੱਚੀਆਂ ਇਕ ਮਰਲੇ ਦੀਆਂ ਕਿਆਰੀਆਂ ਵਿਚ ਬੀਜੋ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਓ। ਬੈਂਗਣਾਂ ਵਿਚ ਫਲ ਅਤੇ ਸ਼ਾਖਾਂ ਦੇ ਗੜੂੰਏ ਦੀ ਰੋਕਥਾਮ ਲਈ 80 ਮਿ. ਲਿ. ਕੋਰਾਜ਼ਨ 18.5 ਐਸ.ਸੀ. ਜਾਂ 80 ਗ੍ਰਾਮ ਪ੍ਰੋਕਲੇਮ 5 ਐਸ.ਜੀ. ਨੂੰ 100 ਤੋਂ 125 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
ਮੂਲੀ
ਮੂਲੀ ਦੀ ਪੂਸਾ ਚੇਤਕੀ ਅਤੇ ਪੰਜਾਬ ਪਸੰਦ ਕਿਸਮਾਂ ਇਸ ਮਹੀਨੇ ਵਿਚ ਬਿਜਾਈ ਲਈ ਢੁਕਵੀਆਂ ਹਨ। ਪੂਸਾ ਚੇਤਕੀ ਕਿਸਮ ਦੀ ਮੂਲੀ ਛੋਟੀ ਤੇ ਦਰਮਿਆਨੀ ਮੋਟੀ ਚਿੱਟੇ ਰੰਗ ਦੀ ਅਤੇ ਅੱਗੋਂ ਖੁੰਡੀ ਹੁੰਦੀ ਹੈ। ਇਸ ਦੇ ਪੱਤੇ ਛੋਟੇ ਅਤੇ ਪੂਰੇ ਹੁੰਦੇ ਹਨ। 4-5 ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਵਰਤੋ ਅਤੇ ਕਤਾਰਾਂ ਵਿਚ 45 ਸੈ.ਮੀ. ਅਤੇ ਬੂਟਿਆਂ ਵਿਚਕਾਰ 7.5 ਸੈ.ਮੀ. ਫਾਸਲਾ ਰੱਖੋ।
ਭਿੰਡੀ
ਪੰਜਾਬ-8 ਕਿਸਮ ਦਾ ਬੀਜ ਪ੍ਰਤੀ ਏਕੜ ਬੀਜੋ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਪਾਣੀ ਵਿਚ ਭਿਉਂ ਦਿਉ। ਪੰਜਾਬ ਸੁਹਾਵਨੀ ਕਿਸਮ ਇਸ ਰੁੱਤ ਲਈ ਢੁਕਵੀਂ ਹੈ। 15-20 ਟਨ ਗਲੀ ਸੜੀ ਰੂੜੀ ਅਤੇ 40 ਕਿੱਲੋ ਯੂਰੀਆ ਪ੍ਰਤੀ ਏਕੜ ਆਮ ਜ਼ਮੀਨਾਂ ਵਿਚ ਬਿਜਾਈ ਵੇਲੇ ਪਾਓ। ਯੂਰੀਆ ਦੀ ਦੂਜੀ ਕਿਸ਼ਤ (40 ਕਿਲੋ ਪ੍ਰਤੀ ਏਕੜ) ਪਹਿਲੀ ਤੁੜਾਈ ਉਪਰੰਤ ਪਾਓ।
ਰਵਾਂਹ
ਰਵਾਂਹ 263 ਕਿਸਮ ਦਾ 8-10 ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਕਤਾਰਾਂ ਵਿਚਕਾਰ 45 ਸੈ. ਮੀ. ਅਤੇ ਬੂਟਿਆਂ ਵਿਚਕਾਰ 15 ਸੈ. ਮੀ. ਦੇ ਫਾਸਲੇ 'ਤੇ ਬੀਜੋ। 45 ਕਿਲੋ ਯੂਰੀਆ, 100 ਕਿਲੋ ਸਿੰਗਲ ਸੁਪਰਫਾਸਫੇਟ ਅਤੇ 16 ਕਿੱਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਬਿਜਾਈ ਵੇਲੇ ਪਾਓ।
ਕੱਦੂ ਜਾਤੀ ਦੀਆਂ ਸਬਜ਼ੀਆਂ
ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਘੀਆ ਤੋਰੀ, ਕਰੇਲਾ ਅਤੇ ਟੀਂਡੇ ਦਾ 2 ਕਿਲੋ ਬੀਜ ਪ੍ਰਤੀ ਏਕੜ ਅਤੇ ਵੰਗੇ ਦਾ 1 ਕਿਲੋ ਪ੍ਰਤੀ ਏਕੜ ਸਿਫਾਰਸ਼ ਮੁਤਾਬਿਕ ਬੀਜੋ।


-ਸੰਯੋਜਕ : ਅਮਰਜੀਤ ਸਿੰਘ

ਧਰਤੀ ਪੰਜ ਦਰਿਆਵਾਂ ਦੀ

* ਜਗਵਿੰਦਰ ਜੋਧਾ *

ਪਵਨ ਗੁਰੂ ਤੇ ਪਿਤਾ ਹੈ ਪਾਣੀ ਜੇ ਇਹ ਬੋਲ ਨਾ ਯਾਦ ਰਹੇ,
ਹੱਥੀਂ ਅੰਮ੍ਰਿਤ ਜਲ ਨੂੰ ਆਪਾਂ ਜੇ ਕਰਦੇ ਬਰਬਾਦ ਰਹੇ,
ਵਿਚ ਕਿਤਾਬਾਂ ਦੇ ਰਹਿ ਜਾਣੀ ਗੱਲ ਬੋਹੜਾਂ ਦੀਆਂ ਛਾਵਾਂ ਦੀ,
ਬੂੰਦ ਬੂੰਦ ਲਈ ਤਰਸ ਨਾ ਜਾਵੇ ਧਰਤੀ ਪੰਜ ਦਰਿਆਵਾਂ ਦੀ।

ਵਕਤ ਅਜੇ ਵੀ ਬਚਿਆ ਹੈ ਤੂੰ ਗੱਲ ਸੁਣ ਲੈ ਗੁਰਬਾਣੀ ਦੀ,
ਕਿੰਨੀ ਉੱਚੀ ਥਾਂ ਜੀਵਨ ਵਿਚ ਧਰਤ, ਪੌਣ ਤੇ ਪਾਣੀ ਦੀ,
ਥਾਂ-ਥਾਂ ਹਾਸੇ ਬੀਜ ਕੇ ਪੁੱਟੀਏ ਜੜ੍ਹ ਆਤਮ-ਹੱਤਿਆਵਾਂ ਦੀ,
ਬੂੰਦ ਬੂੰਦ ਲਈ ਤਰਸ ਨਾ ਜਾਵੇ ਧਰਤੀ ਪੰਜ ਦਰਿਆਵਾਂ ਦੀ।

ਨਾਨੀ ਦੀ ਲੋਰੀ ਦਾਦੀ ਦੀ ਬਾਤ ਵਿਸਾਰੀ ਜਾਵੋਗੇ,
ਪੁੱਤ ਕਿਥੋਂ ਜੰਮਣੇ ਜੇ ਧੀਆਂ ਕੁੱਖਾਂ ਵਿਚ ਮਾਰੀ ਜਾਵੋਗੇ,
ਭੁੱਲ ਨਾ ਜਾਈਏ ਗੀਤ ਕੋਇਲ ਦੇ ਭਾਸ਼ਾ ਸਿੱਖਦੇ ਕਾਵਾਂ ਦੀ,
ਬੂੰਦ ਬੂੰਦ ਲਈ ਤਰਸ ਨਾ ਜਾਵੇ ਧਰਤੀ ਪੰਜ ਦਰਿਆਵਾਂ ਦੀ।

ਸਾਂਭ ਲਵੋ ਪੰਜਾਬ, ਪੰਜਾਬੀਓ ਇਹ ਨਾ ਇਸਦਾ ਹਾਲ ਕਰੋ,
ਰੁੱਖਾਂ, ਧੀਆਂ, ਦਰਿਆਵਾਂ ਤੇ ਨਦੀਆਂ ਦੀ ਸੰਭਾਲ ਕਰੋ,
ਆਉਂਦੀਆਂ ਨਸਲਾਂ ਨੂੰ ਨਾ ਦੇਈਏ ਕਿਸਮਤ ਖਾਲੀ ਥਾਵਾਂ ਦੀ,
ਬੂੰਦ-ਬੂੰਦ ਲਈ ਤਰਸ ਨਾ ਜਾਵੇ ਧਰਤੀ ਪੰਜ ਦਰਿਆਵਾਂ ਦੀ।


-ਖੇਤੀ ਯੂਨੀਵਰਸਿਟੀ, ਲੁਧਿਆਣਾ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX