ਤਾਜਾ ਖ਼ਬਰਾਂ


ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  4 minutes ago
ਬਾਘਾਪੁਰਾਣਾ, 26 ਜੂਨ (ਬਲਰਾਜ ਸਿੰਗਲਾ)- ਬਾਘਾਪੁਰਾਣਾ ਪੁਲਿਸ ਵਲੋਂ ਵੜੇਵਿਆਂ ਨਾਲ ਭਰੇ ਇੱਕ ਟਰੱਕ ਨੂੰ ਕਾਬੂ ਕਰਕੇ ਉਸ 'ਚੋਂ ਪੋਸਤ ਬਰਾਮਦ ਕਰਨ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਟਰੱਕ 'ਚ ਵੜੇਵਿਆਂ ਦੀਆਂ ਬੋਰੀਆਂ ਲੱਦੀਆਂ ਸਨ। ਇਨ੍ਹਾਂ...
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  25 minutes ago
ਸ੍ਰੀਨਗਰ, 27 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਅੱਜ ਸਵੇਰ ਤੋਂ ਮੁਠਭੇੜ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਇਹ ਮੁਠਭੇੜ ਜ਼ਿਲ੍ਹੇ ਦੇ ਤਰਾਲ ਇਲਾਕੇ ਦੇ ਜੰਗਲਾਂ...
ਅੱਜ ਦਾ ਵਿਚਾਰ
. . .  44 minutes ago
ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਤਰਨ ਤਾਰਨ ,25 ਜੂਨ {ਹਰਿੰਦਰ ਸਿੰਘ} -ਨਜ਼ਦੀਕੀ ਪਿੰਡ ਬਚੜੇ ਵਿਖੇ ਦੁੱਧ ਲੈ ਕੇ ਵਾਪਸ ਆਪਣੇ ਘਰ ਜਾ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਜ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 day ago
ਭੁਵਨੇਸ਼ਵਰ, 25 ਜੂਨ - ਉਡੀਸ਼ਾ ਦੇ ਸਿੰਗਾਪੁਰ ਤੇ ਕਿਉਟਗੁਡਾ ਰੇਲ ਮਾਰਗ 'ਤੇ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦਾ ਇੰਜਨ, ਫ਼ਰੰਟ ਗਾਰਡ ਕਮ ਲਗੇਜ ਵੈਨ ਅਤੇ ਇੱਕ ਜਨਰਲ ਡੱਬਾ ਪਟੜੀ ਤੋਂ ਉੱਤਰਨ...
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  1 day ago
ਹੋਰ ਖ਼ਬਰਾਂ..

ਲੋਕ ਮੰਚ

ਆਓ! ਕੁਦਰਤੀ ਸਰੋਤਾਂ ਨੂੰ ਖ਼ਤਮ ਤੇ ਪ੍ਰਦੂਸ਼ਿਤ ਹੋਣ ਤੋਂ ਰੋਕਣ ਦਾ ਉਪਰਾਲਾ ਕਰੀਏ

ਕੁਦਰਤ ਅਣਗਿਣਤ ਕੁਦਰਤੀ ਸਰੋਤਾਂ ਨਾਲ ਭਰੀ ਪਈ ਹੈ, ਜਿਸ ਦੀ ਵਜ੍ਹਾ ਕਰਕੇ ਹੀ ਧਰਤੀ ਉੱਪਰ ਜੀਵਨ ਸੰਭਵ ਹੈ। ਇਹ ਕੁਦਰਤੀ ਸਰੋਤ ਹਵਾ, ਪਾਣੀ ਤੇ ਬਨਸਪਤੀ ਦੇ ਰੂਪ ਵਿਚ ਵੇਖਣ ਨੂੰ ਮਿਲਦੇ ਹਨ। ਬਦਲਾਅ ਕੁਦਰਤ ਦਾ ਨਿਯਮ ਹੈ। ਸਮੇਂ-ਸਮੇਂ ਹਰ ਖੇਤਰ ਵਿਚ ਬਦਲਾਅ ਦੇਖਣ ਲਈ ਮਿਲਦਾ ਹੈ। ਇਹ ਬਦਲਾਅ ਹੀ ਸਾਡਾ ਭਵਿੱਖ ਤੈਅ ਕਰਦਾ ਹੈ, ਕਿਉਂਕਿ ਇਸ ਦਾ ਹੋਣ ਵਾਲੇ ਚੰਗੇ ਜਾਂ ਮਾੜੇ ਬਦਲਾਅ ਨਾਲ ਸਿੱਧਾ ਸੰਬੰਧ ਹੈ। ਵਿਸ਼ਵੀਕਰਨ ਦੇ ਪ੍ਰਭਾਵ ਨੇ ਕੁਦਰਤੀ ਸਰੋਤਾਂ ਨੂੰ ਖ਼ਤਮ ਹੋਣ ਦੇ ਕੰਢੇ 'ਤੇ ਖੜ੍ਹਾ ਕਰ ਦਿੱਤਾ ਹੈ। ਇਸ ਵਿਚ ਲੋਕਾਂ ਦੀ ਸਵਾਰਥੀ ਸੋਚ ਤੇ ਲਾਪ੍ਰਵਾਹੀ ਦਾ ਵੀ ਅਹਿਮ ਰੋਲ ਹੈ। ਪ੍ਰਦੂਸ਼ਿਤ ਤੇ ਖਤਮ ਹੋ ਰਹੇ ਕੁਦਰਤੀ ਸਰੋਤ ਸਮਾਜ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹਨ। ਇਸ ਦੀ ਵਜ੍ਹਾ ਨਾਲ ਬਿਮਾਰੀਆਂ ਵਧ ਰਹੀਆਂ ਹਨ ਤੇ ਆਉਣ ਵਾਲੀ ਪੀੜ੍ਹੀ ਦਾ ਜੀਵਨ ਖ਼ਤਰੇ 'ਚ ਮਹਿਸੂਸ ਹੋ ਰਿਹਾ ਹੈ। ਸਿਹਤਮੰਦ ਜ਼ਿੰਦਗੀ ਜਿਊਣ ਲਈ ਚੰਗੀ ਹਵਾ ਤੇ ਸਾਫ ਪਾਣੀ ਦੋਵੇਂ ਹੀ ਬਹੁਤ ਜ਼ਰੂਰੀ ਹਨ। ਇਹ ਦੋਵੇਂ ਸਰੋਤ ਹੀ ਖਤਰੇ ਵਿਚ ਹਨ। ਸਾਹ ਲੈਣ ਲਈ ਸਾਨੂੰ ਹਵਾ ਵਿਚੋਂ ਹੀ ਆਕਸੀਜਨ ਮਿਲਦੀ ਹੈ। ਵਿਸ਼ਵੀਕਰਨ ਦੇ ਪ੍ਰਭਾਵ ਹੇਠ ਜੰਗਲਾਂ ਦੀ ਕਟਾਈ ਕਰਕੇ ਇਸ ਦੇ ਉੱਪਰ ਬਿਲਡਿੰਗਾਂ ਦੀ ਉਸਾਰੀ ਤੇ ਆਵਾਜਾਈ ਦੇ ਸਾਧਨਾਂ ਲਈ ਸੜਕਾਂ ਤਿਆਰ ਕੀਤੀਆਂ ਗਈਆਂ। ਤੇਜ਼ ਰਫ਼ਤਾਰ ਜ਼ਿੰਦਗੀ ਨਾਲ ਮੁਕਾਬਲਾ ਕਰਨ ਲਈ ਇਹ ਦੋਵੇਂ ਬਹੁਤ ਜ਼ਰੂਰੀ ਹਨ। ਪਰ ਕਿਤੇ ਨਾ ਕਿਤੇ ਅਸੀਂ ਕੁਦਰਤ ਬਾਰੇ ਬਿਨਾਂ ਸੋਚੇ, ਬਿਨਾਂ ਕਿਸੇ ਵਿਚਾਰ ਵਟਾਂਦਰੇ ਤੋਂ ਇਨ੍ਹਾਂ ਦਾ ਨਿਰਮਾਣ ਕਰ ਲਿਆ। ਪ੍ਰਦੂਸ਼ਿਤ ਹਵਾ ਨੂੰ ਰੋਕਣ ਲਈ ਇਕੋ-ਇਕ ਹੱਲ ਹੈ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ। ਇਨ੍ਹਾਂ ਦਰੱਖਤਾਂ ਦੀ ਚੋਣ ਵੀ ਮਾਹਿਰ ਬੰਦਿਆਂ ਰਾਹੀਂ ਕੀਤੀ ਜਾਵੇ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਨਿਬੜੇਗਾ। ਹਵਾ ਤੋਂ ਬਾਅਦ ਦੂਸਰਾ ਅਹਿਮ ਸਰੋਤ ਹੈ ਪਾਣੀ। ਪਾਣੀ ਨੂੰ ਅਸੀਂ ਪ੍ਰਦੂਸ਼ਿਤ ਵੀ ਕਰ ਲਿਆ ਹੈ ਅਤੇ ਇਸ ਦੀ ਬੇਲੋੜੀ ਵਰਤੋਂ ਵੀ ਦਿਨ-ਪ੍ਰਤੀ-ਦਿਨ ਵਧ ਰਹੀ ਹੈ। ਪਾਣੀ ਬਿਨਾਂ ਜੀਵਨ ਸੰਭਵ ਨਹੀਂ ਹੈ, ਇਹ ਜਾਣਦੇ ਹੋਏ ਵੀ ਅਸੀਂ ਇਸ ਪ੍ਰਤੀ ਗੰਭੀਰ ਨਹੀਂ ਹਾਂ। ਪਾਣੀ ਦਾ ਘਟ ਰਿਹਾ ਪੱਧਰ ਤਾਂ ਚਿੰਤਾ ਦਾ ਵਿਸ਼ਾ ਹੈ ਹੀ, ਪ੍ਰਦੂਸ਼ਿਤ ਪਾਣੀ ਵੀ ਇਸੇ ਚਿੰਤਾ ਦਾ ਹਿੱਸਾ ਹੈ। ਕਾਰਖਾਨਿਆਂ ਵਿਚੋਂ ਨਿਕਲਣ ਵਾਲੇ ਰਸਾਇਣਾਂ ਵਾਲੇ ਪਾਣੀ ਨੂੰ ਨਹਿਰਾਂ ਵਿਚ ਸੁੱਟਣਾ ਪਾਣੀ ਦੇ ਪ੍ਰਦੂਸ਼ਿਤ ਹੋਣ ਦਾ ਮੁੱਖ ਕਾਰਨ ਹੈ। ਇਸ ਨਾਲ ਮਨੁੱਖੀ ਜੀਵਨ ਤੇ ਪਾਣੀ ਅੰਦਰ ਰਹਿਣ ਵਾਲੇ ਜੀਵ-ਜੰਤੂਆਂ ਦੋਵਾਂ ਉੱਪਰ ਖਤਰਾ ਹੈ। ਸਰਕਾਰਾਂ ਇਸ ਪ੍ਰਤੀ ਚੁੱਪ ਹਨ। ਇਹ ਪ੍ਰਦੂਸ਼ਿਤ ਪਾਣੀ ਹੀ ਕਾਲੇ ਪੀਲੀਏ ਤੇ ਕੈਂਸਰ ਦਾ ਕਾਰਨ ਬਣ ਰਿਹਾ ਹੈ। ਪਦਾਰਥਵਾਦੀ ਸਮੇਂ ਨੇ ਸਾਨੂੰ ਇਸ ਤਰ੍ਹਾਂ ਬਣਾ ਦਿੱਤਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਨੂੰ ਅੱਖੀਂ ਵੇਖ ਕੇ ਚੁੱਪ ਬੈਠੇ ਹਾਂ। ਆਓ ਸਿਹਤਮੰਦ ਸਮਾਜ ਲਈ ਕੁਦਰਤੀ ਸਰੋਤਾਂ ਨੂੰ ਸਾਂਭਣ ਦੀ ਲਹਿਰ ਪੈਦਾ ਕਰੀਏ। ਆਉਣ ਵਾਲੀ ਨਸਲ, ਜ਼ਹਿਰੀਲਾ ਵਾਤਾਵਰਨ ਦੇਣ ਦੀ ਥਾਂ ਇਕ ਸਾਫ਼-ਸੁਥਰਾ ਵਾਤਾਵਰਨ ਦੇਣ ਦੀ ਕੋਸ਼ਿਸ਼ ਕਰੀਏ।

-ਮੋਬਾ: 81468-08995


ਖ਼ਬਰ ਸ਼ੇਅਰ ਕਰੋ

ਮਾਣ-ਮੱਤੇ ਅਧਿਆਪਕ-36

ਵਿਗਿਆਨ ਦੀ ਜੋਤ ਜਗਾਉਣ ਤੁਰਿਆ ਕਰਮਯੋਗੀ ਅਧਿਆਪਕ ਜਸਵਿੰਦਰ ਸਿੰਘ

ਅਧਿਆਪਨ ਸਿਰਫ ਆਪਣੇ ਵਿਦਿਆਰਥੀਆਂ ਨੂੰ ਚੰਗੀ ਸ਼ਖ਼ਸੀਅਤ ਬਣਾਉਣ ਜਾਂ ਫਿਰ ਰੁਜ਼ਗਾਰ ਪ੍ਰਾਪਤੀ ਕਰਨ ਯੋਗ ਬਣਾਉਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਅੰਦਰ ਮਨੁੱਖਤਾ ਅਤੇ ਕੁਦਰਤ ਵਿਚ ਸਮਤੋਲ ਰੱਖਣ ਦੀ ਜਗਿਆਸਾ ਪੈਦਾ ਕਰਨਾ ਹੈ। ਅਜਿਹੇ ਵਿਚਾਰ ਰੱਖਣ ਵਾਲੇ ਸ: ਜਸਵਿੰਦਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਅੰਦਰ ਵਿਗਿਆਨ ਦੀ ਜੋਤ ਜਗਾਉਣ ਲਈ ਇਕ ਮਸੀਹਾ ਬਣ ਕੇ ਨਿਰਸੁਆਰਥ ਕਾਰਜ ਕਰ ਰਹੇ ਹਨ। ਇਨ੍ਹਾਂ ਦਾ ਜਨਮ 18 ਅਪ੍ਰੈਲ, 1967 ਨੂੰ ਪਿਤਾ ਸ: ਸਰਦਾਰਾ ਸਿੰਘ ਅਤੇ ਮਾਤਾ ਸ੍ਰੀਮਤੀ ਬਲਵੀਰ ਕੌਰ ਦੀ ਕੁੱਖੋਂ ਰਿਆਸਤੀ ਸ਼ਹਿਰ ਨਾਭਾ ਵਿਖੇ ਹੋਇਆ। ਮਾਡਰਨ ਪਬਲਿਕ ਸਕੂਲ ਅਬੋਹਰ ਤੋਂ ਮੁਢਲੀ ਪੜ੍ਹਾਈ ਕਰਨ ਵਾਲੇ ਸ: ਜਸਵਿੰਦਰ ਸਿੰਘ ਸਰਕਾਰੀ ਰਿਪੁਦਮਨ ਕਾਲਜ ਨਾਭਾ ਤੋਂ ਸਾਇੰਸ ਵਿਸ਼ੇ ਵਿਚ ਗ੍ਰੈਜੂਏਸ਼ਨ ਕੀਤੀ। ਵਿਦਿਆਰਥੀ ਜੀਵਨ ਵਿਚ ਹੀ ਸ: ਜਸਵਿੰਦਰ ਸਿੰਘ ਜਿੱਥੇ ਐਨ.ਐਸ.ਐਸ. ਵਿਚ ਧਰੂ ਤਾਰੇ ਵਾਂਗ ਚਮਕੇ, ਉੱਥੇ ਉਨ੍ਹਾਂ ਨੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਕੇ ਵਿਦਿਆਰਥੀ ਘੋਲਾਂ ਵਿਚ ਮੋਹਰੀ ਰੋਲ ਅਦਾ ਕੀਤਾ। ਕਾਲਜ ਵਿਚ ਪੜ੍ਹਦੇ ਸਮੇਂ ਉਹ ਯੂਥ ਫੈਸਟੀਵਲਾਂ ਦੀ ਸ਼ਾਨ ਬਣਦੇ ਰਹੇ। ਡੀ.ਏ.ਵੀ. ਐਜੂਕੇਸ਼ਨ ਕਾਲਜ ਅਬੋਹਰ ਤੋਂ ਬੀ.ਐੱਡ. ਕਰਨ ਉਪਰੰਤ ਉਨ੍ਹਾਂ ਨੇ 1990 ਵਿਚ ਇਕ ਨਿੱਜੀ ਅਦਾਰੇ ਰਾਹੀਂ ਅਧਿਆਪਨ ਦੇ ਖੇਤਰ ਵਿਚ ਪੈਰ ਧਰਿਆ ਅਤੇ 1997 ਵਿਚ ਉਹ ਸਿੱਖਿਆ ਵਿਭਾਗ ਵਿਚ ਬਤੌਰ ਸਾਇੰਸ ਅਧਿਆਪਕ ਨਿਯੁਕਤ ਹੋਏ। ਨੌਕਰੀ ਦੇ ਪਹਿਲੇ ਦਿਨ ਤੋਂ ਹੀ ਸ: ਜਸਵਿੰਦਰ ਸਿੰਘ ਨੇ ਅਧਿਆਪਨ ਨੂੰ ਇਕ ਰੁਜ਼ਗਾਰ ਦੇ ਸਾਧਨ ਵਜੋਂ ਨਹੀਂ ਬਲਕਿ ਇਕ ਮਿਸ਼ਨ ਵਜੋਂ ਅਪਣਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਸਮਾਨ ਦੀਆਂ ਉਚਾਈਆਂ ਤੱਕ ਲੈ ਜਾਣ ਦਾ ਸੁਪਨਾ ਵੇਖਿਆ, ਜਿਸ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਨ ਨੇ ਸੱਚ ਕੀਤਾ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੇ ਵਿਗਿਆਨ ਦੇ ਖੇਤਰ ਵਿਚ ਮੱਲਾਂ ਮਾਰੀਆਂ। ਸਾਇੰਸ ਮੇਲਿਆਂ ਵਿਚ ਖਿੱਚ ਦਾ ਕੇਂਦਰ ਰਹਿਣ ਵਾਲੇ ਸ: ਜਸਵਿੰਦਰ ਸਿੰਘ ਇਕ ਚਲਦੀ-ਫਿਰਦੀ ਪ੍ਰਯੋਗਸ਼ਾਲਾ ਹਨ। ਉਨ੍ਹਾਂ ਨੇ ਆਪਣੀ ਕਾਰ ਨੂੰ ਹੀ ਮੋਬਾਈਲ ਲੈਬ ਪ੍ਰਯੋਗਸ਼ਾਲਾ ਬਣਾਇਆ ਹੋਇਆ ਹੈ। ਉਹ ਜਿੱਥੇ ਵੀ ਜਾਂਦੇ ਹਨ, ਵਿਗਿਆਨ ਦਾ ਸੁਨੇਹਾ ਦਿੰਦੇ ਹਨ ਤੇ 3 ਘੰਟਿਆਂ ਵਿਚ 100 ਪ੍ਰਯੋਗ ਕਰਕੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਦੇ ਹਨ। ਭਾਰਤ ਦੇ ਕੋਨੇ-ਕੋਨੇ ਤੋਂ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਤੇ ਮਾਣ-ਸਨਮਾਨ ਮਿਲੇ ਅਤੇ ਪੰਜਾਬ ਸਰਕਾਰ ਨੇ ਰਾਜ ਪੁਰਸਕਾਰ ਅਤੇ ਭਾਰਤ ਸਰਕਾਰ ਨੇ ਕੌਮੀ ਅਧਿਆਪਕ ਪੁਰਸਕਾਰ ਨਾਲ ਸਿੱਖਿਆ ਵਿਭਾਗ ਦੇ ਇਸ ਕੋਹੇਨੂਰ ਨੂੰ ਸਨਮਾਨਿਤ ਕਰਕੇ ਸਮੁੱਚੇ ਸਿੱਖਿਆ ਸੰਸਾਰ ਦਾ ਮਾਣ ਵਧਾਇਆ। ਸ: ਜਸਵਿੰਦਰ ਸਿੰਘ ਜਿੱਥੇ ਵਿਦਿਆਰਥੀਆਂ ਲਈ ਗਿਆਨ ਦਾ ਭੰਡਾਰ ਹਨ, ਉੱਥੇ ਉਹ ਅਧਿਆਪਕਾਂ ਲਈ ਵੀ ਰਾਹ ਦਸੇਰੇ ਹਨ। ਬਤੌਰ ਰਿਸੋਰਸ ਪਰਸਨ ਉਹ ਹਜ਼ਾਰਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਦੇ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਈ ਸਟੇਟ ਪੱਧਰ ਦੇ ਪੁਰਸਕਾਰ ਮਿਲ ਚੁੱਕੇ ਹਨ। ਅੱਜਕਲ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੂਪੁਰ ਪਟਿਆਲਾ ਵਿਖੇ ਵਿਗਿਆਨ ਦੀ ਜੋਤ ਜਗਾ ਰਹੇ ਸ: ਜਸਵਿੰਦਰ ਸਿੰਘ ਦੇ ਕਦਮ ਇਸੇ ਤਰ੍ਹਾਂ ਚਲਦੇ ਰਹਿਣ, ਤਾਂ ਜੋ ਉਨ੍ਹਾਂ ਦੇ ਆਪਣੇ ਵਿਦਿਆਰਥੀਆਂ ਲਈ ਵੇਖੇ ਸੁਪਨੇ ਪੂਰੇ ਹੋ ਸਕਣ।

-ਮੋਬਾ: 93565-52000

ਅਲੋਪ ਹੋ ਗਈਆਂ ਸਾਂਝਾਂ

ਇਸ ਤੇਜ਼ ਤਕਨੀਕੀ ਅਤੇ ਆਰਥਿਕ ਵਿਕਾਸ ਦੇ ਯੁੱਗ ਵਿਚ ਅਸੀਂ ਅੱਗੇ ਤਾਂ ਬਹੁਤ ਨਿਕਲ ਆਏ ਹਾਂ ਪਰ ਨਾਲ ਹੀ ਅਸੀਂ ਆਪਣੀ ਪਰਿਵਾਰਕ-ਭਾਈਚਾਰਕ ਸਾਂਝ, ਆਪਣੇ ਪੁਰਾਤਨ ਵਿਰਸੇ ਨੂੰ ਬਹੁਤ ਪਿੱਛੇ ਛੱਡ ਆਏ ਹਾਂ। ਸਾਂਝੇ ਪਰਿਵਾਰ ਹੁਣ ਬੀਤੇ ਸਮੇਂ ਦੀ ਬਾਤ ਬਣ ਕੇ ਰਹਿ ਗਏ ਹਨ। ਸਾਂਝੇ ਪਰਿਵਾਰ ਸਾਡੇ ਵਿਰਸੇ ਦਾ ਮੁੱਢ ਸਨ, ਜਿੱਥੇ ਦਾਦਾ-ਦਾਦੀ, ਮਾਤਾ-ਪਿਤਾ, ਤਾਇਆ-ਤਾਈ, ਚਾਚਾ-ਚਾਚੀ ਸਾਰੇ ਇਕੱਠੇ ਮਿਲ ਕੇ ਰਹਿੰਦੇ ਸਨ । ਹੁਣ ਸਮਾਂ ਬਦਲ ਗਿਆ ਹੈ, ਸਾਡਾ ਵਿਰਸਾ ਇੰਜ ਲੱਗਦਾ ਹੈ ਜਿਵੇਂ ਅਲੋਪ ਹੀ ਹੋ ਗਿਆ ਹੈ। ਪਹਿਲਾਂ ਸਾਂਝੇ ਪਰਿਵਾਰਾਂ ਵਿਚ ਔਰਤਾਂ-ਮਰਦ ਇਕ-ਦੂਜੇ ਦੀ ਘਰ ਅਤੇ ਖੇਤ ਦੇ ਕੰਮਾਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਮਦਦ ਕਰਦੇ ਸਨ। ਬੱਚੇ ਗਲੀਆਂ ਜਾਂ ਖੁੱਲ੍ਹੀਆਂ ਥਾਵਾਂ 'ਤੇ ਇਕੱਠੇ ਖੇਡਦੇ ਨਜ਼ਰ ਆਉਂਦੇ ਸਨ। ਪਿੰਡਾਂ ਦੀਆਂ ਤੀਆਂ ਅਤੇ ਕਿੱਕਲੀਆਂ ਵੇਖਣਯੋਗ ਸਨ, ਜੋ ਕਿ ਸੱਭਿਆਚਾਰ ਦਾ ਪ੍ਰਗਟਾਵਾ ਕਰਦੀਆਂ ਸਨ। ਫੁਲਕਾਰੀ ਕੱਢਦੀਆਂ ਮੁਟਿਆਰਾਂ ਸੱਭਿਆਚਾਰ ਦੀ ਵਿਲੱਖਣ ਦਿੱਖ ਪੇਸ਼ ਕਰਦੀਆਂ ਸਨ। ਪਿੰਡ ਦੀਆ ਸੱਥਾਂ ਜਾਂ ਘੁੰਢਾਂ ਅਤੇ ਹੋਰ ਸਾਂਝੀਆਂ ਥਾਵਾਂ 'ਤੇ ਪਿੰਡ ਦੇ ਲੋਕਾਂ ਦੀਆਂ ਟੋਲੀਆਂ ਗੱਲਾਂ ਕਰਦੀਆਂ ਆਮ ਹੀ ਨਜ਼ਰ ਆਉਂਦੀਆਂ ਸਨ। ਸ਼ਿੰਗਾਰੇ ਬਲਦਾਂ ਨਾਲ ਗੱਡੇ ਲੈ ਕੇ ਖੇਤ ਨੂੰ ਜਾਂਦੇ ਕਿਸਾਨ, ਭੱਤਾ ਲੈ ਕੇ ਖੇਤ ਨੂੰ ਜਾਂਦੀ ਸੁਆਣੀ ਅਤੇ ਪਤਾ ਨਹੀਂ ਹੋਰ ਕਿੰਨਾ ਕੁਝ ਸਾਡੇ ਕੋਲੋ ਖੁਸ ਗਿਆ ਹੈ। ਭਾਵੇਂ ਕਿ ਉੱਨਤੀ ਅਤੇ ਤਰੱਕੀ ਹਰੇਕ ਸਮਾਜ ਲਈ ਜ਼ਰੂਰੀ ਹੈ, ਪਰ ਇਸ ਦੇ ਨਾਲ-ਨਾਲ ਪੁਰਾਤਨਤਾ ਨੂੰ ਵੀ ਸਾਂਭਣਾ ਜ਼ਰੂਰੀ ਹੈ। ਅਸੀਂ ਇਸ ਵਿਕਾਸ ਦੇ ਰਾਹ 'ਤੇ ਤਾਂ ਤੁਰਦੇ ਗਏ ਪਰ ਆਪਣੇ ਵਿਰਸੇ ਨੂੰ ਓਨਾ ਹੀ ਪਿੱਛੇ ਛੱਡ ਗਏ। ਸ਼ਾਇਦ ਹੁਣ ਇਸ ਨੂੰ ਵਾਪਸ ਲਿਆਉਣਾ ਮੁਸ਼ਕਿਲ ਹੈ। ਸੂਚਨਾ ਤਕਨੀਕ ਦੇ ਵਧੇ ਸਾਧਨ ਮਨੁੱਖ ਲਈ ਭਾਵੇਂ ਬਹੁਤ ਉਪਯੋਗੀ ਹਨ ਪਰ ਇਨ੍ਹਾਂ ਦੇ ਵਿਸਥਾਰ ਨੇ ਸਾਡੇ ਆਪਸੀ ਸਬੰਧਾਂ ਵਿਚ ਪਿਆਰ ਨੂੰ ਵਧਾਉਣ ਦੀ ਥਾਂ ਘਟਾ ਦਿੱਤਾ ਹੈ। ਮਾਨਵ ਜਾਤੀ ਆਪਣੇ ਅਸਲ ਪਰਿਵਾਰ ਨੂੰ ਭੁੱਲ ਕੇ ਸੋਸ਼ਲ ਮੀਡੀਆ ਨਾਲ ਇਸ ਤਰ੍ਹਾਂ ਜੁੜੀ ਹੋਈ ਹੈ, ਜਿਸ ਤਰ੍ਹਾਂ ਉਹੀ ਉਸ ਦਾ ਪਰਿਵਾਰ ਹੋਵੇ। ਮਨੁੱਖ ਦਾ ਬਹੁਤਾ ਸਮਾਂ ਸੋਸ਼ਲ ਮੀਡੀਆ 'ਤੇ ਵਿਅਸਤ ਰਹਿੰਦਾ ਹੈ, ਪਰ ਉਸ ਕੋਲ ਪਰਿਵਾਰ ਨਾਲ ਬੈਠਣ ਦਾ ਸਮਾਂ ਹੀ ਨਹੀਂ ਹੈ। ਸੱਚਮੁੱਚ ਇੰਜ ਲੱਗ ਰਿਹਾ ਹੈ ਜਿਵੇਂ ਇਨ੍ਹਾਂ ਤਕਨੀਕੀ ਉਪਕਰਨਾਂ ਨੇ ਮਨੁੱਖ ਨੂੰ ਆਪਣੇ ਵੱਸ ਵਿਚ ਹੀ ਕਰ ਲਿਆ ਹੋਵੇ। ਇਹ ਵੀ ਸੱਚ ਹੈ ਕਿ ਅੱਜ ਦੇ ਜ਼ਮਾਨੇ ਵਿਚ ਤਕਨੀਕੀ ਉਪਕਰਨਾਂ ਤੋਂ ਬਿਨਾਂ ਤਰੱਕੀ, ਵਿਕਾਸ ਸੰਭਵ ਨਹੀਂ, ਪਰ ਲੋੜ ਹੈ ਇਨ੍ਹਾਂ ਦੀ ਵਰਤੋਂ ਨੂੰ ਸੀਮਤ ਕਰਨ ਦੀ, ਤਾਂ ਕਿ ਅਸੀਂ ਆਪਣੀ ਪਰਿਵਾਰਕ ਸਾਂਝ ਨੂੰ ਬਰਕਰਾਰ ਰੱਖ ਸਕੀਏ। ਮਨੁੱਖ ਪੈਸੇ ਦੀ ਦੌੜ ਵਿਚ ਇਸ ਕਦਰ ਭੱਜ ਰਿਹਾ ਹੈ ਕਿ ਉਹ ਆਪਣੇ ਸੱਭਿਆਚਾਰ, ਭਾਈਚਾਰਕ ਸਾਂਝ, ਰਿਸ਼ਤੇ-ਨਾਤੇ ਭੁੱਲ ਗਿਆ ਹੈ। ਹੱਥੀਂ ਕੰਮ ਕਰਨ ਦੀ ਥਾਂ ਹੁਣ ਮਸ਼ੀਨਾਂ ਨੇ ਲੈ ਲਈ ਹੈ। ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਉਹ ਸਮਾਜ ਵਿਚ ਰਹਿੰਦਾ ਹੀ ਵਿਕਾਸ ਕਰਦਾ ਹੈ, ਪਰ ਇਸ ਮਸ਼ੀਨੀ ਵਿਕਾਸ ਨੇ ਲੱਗਦਾ ਹੈ ਕਿ ਮਨੁੱਖ ਨੂੰ ਵੀ ਮਸ਼ੀਨ ਬਣਾ ਦਿੱਤਾ ਹੈ। ਇਸ ਤਕਨੀਕੀ ਵਿਕਾਸ ਦੇ ਯੁੱਗ ਵਿਚ ਮਨੁੱਖ ਇਕੱਲੇਪਣ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਹਰੇਕ ਸਮਾਜ ਸਮੇਂ ਦੇ ਨਾਲ-ਨਾਲ ਨਵਾਂ ਕੁਝ ਨਾ ਕੁਝ ਜ਼ਰੂਰ ਗ੍ਰਹਿਣ ਕਰਦਾ ਹੈ। ਨਵੇਂ ਨੂੰ ਜ਼ਰੂਰ ਅਪਣਾਓ ਪਰ ਆਪਣੇ ਪੁਰਾਤਨ ਵਿਰਸੇ ਨੂੰ ਵੀ ਨਾਲ-ਨਾਲ ਹੀ ਸੰਭਾਲ ਕੇ ਰੱਖੋ। ਸਾਡੇ ਪਿਆਰ, ਸਾਦਗੀ, ਮਿਲਵਰਤਣ, ਆਪਸੀ ਭਾਈਚਾਰਕ ਸਾਂਝ ਵਾਲਾ ਵਿਰਸਾ, ਜੋ ਕਿ ਸਾਡੇ ਵੱਡੇ-ਵਡੇਰਿਆਂ ਦੀਆਂ ਪੁਸ਼ਤਾਂ ਤੋਂ ਪੀੜ੍ਹੀ-ਦਰ-ਪੀੜ੍ਹੀ ਚਲਦਾ ਆ ਰਿਹਾ ਸੀ, ਨੂੰ ਸੰਭਾਲਣ ਦੀ ਲੋੜ ਹੈ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਸਾਂਭ ਕੇ ਰੱਖ ਸਕੀਏ।

-ਪੱਤੀ ਭਾਈ ਕੀ, ਪਿੰਡ ਤੇ ਡਾਕ: ਉਦੇਕਰਨ, ਤਹਿ: ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਮੋਬਾ: 98556-00701

ਵਪਾਰ ਦੇ ਕੇਂਦਰ ਬਣ ਰਹੇ ਆਈਲੈਟਸ ਸੈਂਟਰ

ਨੌਜਵਾਨਾਂ ਵਿਚ ਉੱਚ ਸਿੱਖਿਆ ਲਈ ਵਿਦੇਸ਼ਾਂ ਵਿਚ ਜਾਣ ਅਤੇ ਫਿਰ ਉਥੇ ਸੈਟਲ ਹੋਣ ਦੇ ਰੁਝਾਨ ਦੇ ਵਰਤਾਰੇ ਤੋਂ ਦੇਸ਼ ਦਾ ਕੋਈ ਵੀ ਨਾਗਰਿਕ ਅਣਜਾਣ ਨਹੀਂ ਹੋਵੇਗਾ। ਹਰ ਕੋਈ ਪ੍ਰਵਾਸੀ ਪੰਛੀ ਬਣ ਉੱਡ ਜਾਣਾ ਚਾਹੁੰਦਾ ਹੈ। ਦੇਸ਼ੋਂ ਪ੍ਰਵਾਸ ਕਰਨ ਦਾ ਇਹ ਵਰਤਾਰਾ ਠੱਲ੍ਹਣ ਦਾ ਨਾਂਅ ਨਹੀਂ ਲੈ ਰਿਹਾ। ਨੌਜਵਾਨਾਂ ਵਿਚ ਇਸ ਰੁਝਾਨ ਦੇ ਕਈ ਕਾਰਨ ਹੋਣਗੇ, ਪਰ ਹਰ ਨੌਜਵਾਨ ਨੂੰ ਆਪਣੀਆਂ ਅੱਖਾਂ ਵਿਚ ਸਮਾਏ ਸੁਪਨਿਆਂ ਨੂੰ ਪੂਰਾ ਕਰਨ ਲਈ ਇਕੋ ਜਿਹੀ ਪ੍ਰਕਿਰਿਆ 'ਚੋਂ ਗੁਜ਼ਰਨਾ ਪੈਂਦਾ ਹੈ ਤੇ ਉਸ ਵਿਚ ਸਭ ਤੋਂ ਪਹਿਲਾਂ ਨੰਬਰ ਆਈਲੈਟਸ ਦੀ ਪ੍ਰੀਖਿਆ ਪਾਸ ਕਰਨ ਦਾ ਹੈ। ਜਿੱਥੇ ਇਹ ਨੌਜਵਾਨ ਜੁੱਲੀ ਚੁੱਕ ਜਿਹੇ ਇਮੀਗ੍ਰੇਸ਼ਨ ਸੈਂਟਰਾਂ ਦੇ ਹੱਥੀਂ ਚੜ੍ਹ ਕੇ ਆਪਣੇ ਕਿਰਤੀ ਮਾਂ-ਬਾਪ ਦੀ ਕਮਾਈ ਨੂੰ ਪਾਣੀ ਵਾਂਗ ਰੋੜ੍ਹ ਰਹੇ ਹਨ, ਉੱਥੇ ਥਾਂ-ਥਾਂ ਇਕ-ਦੋ ਕਮਰਿਆਂ ਵਿਚ ਖੁੱਲ੍ਹੇ ਆਈਲੈਟਸ ਸੈਂਟਰਾਂ ਦੇ ਮਾਲਕ ਵੀ ਲਗਦੇ ਹੱਥੀਂ ਵਹਿੰਦੀ ਨਦੀ 'ਚ ਹੱਥ ਧੋਣ 'ਤੇ ਉਤਾਰੂ ਹਨ। ਹਰ ਪਿੰਡ, ਹਰ ਕਸਬੇ, ਹਰ ਸ਼ਹਿਰ ਦੀ ਹਰ ਗਲੀ 'ਚ ਇਨ੍ਹਾਂ ਆਈਲੈਟਸ ਸੈਂਟਰਾਂ ਦਾ ਜਮਾਵੜਾ ਦੇਖਣ ਨੂੰ ਮਿਲ ਜਾਵੇਗਾ। ਪੜ੍ਹਾਉਣ ਵਾਲੇ ਅਧਿਆਪਕ ਨੇ ਭਾਵੇਂ 8 ਬੈਂਡ ਲਏ ਹੋਣ ਜਾਂ ਨਾ। ਵਿਦਿਆਰਥੀ ਦਾਖਲੇ ਬਾਰੇ ਭਰਮਾਉਂਦੇ ਹਨ ਕਿ ਆਖਰ ਉਹ ਦਾਖਲ ਹੋ ਹੀ ਜਾਂਦਾ ਹੈ। ਪਰ ਜਦੋਂ ਪੜ੍ਹਾਈ ਚਾਲੂ ਕਰਦਾ ਹੈ ਤਾਂ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੀ ਖੁਦ ਦੀ ਵੋਕੈਬਲਰੀ ਅਤੇ ਗਿਆਨ ਉਸ ਨੂੰ ਗਾਈਡ ਕਰਨ ਵਾਲੇ ਅਧਿਆਪਕ ਤੋਂ ਜ਼ਿਆਦਾ ਹੈ। ਜਿਵੇਂ-ਤਿਵੇਂ ਉਹ ਮਹੀਨਾ ਪੂਰਾ ਕਰਦਾ ਹੈ, ਕਿਉਂਕਿ ਇਕ ਮਹੀਨੇ ਦੀ ਫੀਸ ਤਾਂ ਇਹ ਵਪਾਰ ਦਾ ਕੇਂਦਰ ਖੋਲ੍ਹੇ ਅਦਾਰੇ ਅਡਵਾਂਸ ਹੀ ਭਰਾ ਲੈਂਦੇ ਹਨ। ਇਹ ਅਦਾਰੇ 5 ਤੋਂ 10 ਹਜ਼ਾਰ ਤੱਕ ਦੀ ਰਕਮ ਪ੍ਰਤੀ ਵਿਦਿਆਰਥੀ ਵਸੂਲੀ ਜਾਂਦੇ ਹਨ, ਜੋ ਕਿ ਨਿਹਾਇਤੀ ਨਜਾਇਜ਼ ਹੈ ਤੇ ਉਸ ਤੋਂ ਅੱਗੇ ਵੀਜ਼ਾ ਲੈ ਕੇ ਦੇਣ ਵਾਲੇ ਵੀ ਇਸ ਚੂਹਾ ਦੌੜ ਵਿਚ ਪਿੱਛੇ ਨਹੀਂ ਹਨ। ਪੈਸੇ ਕਮਾਉਣ ਦੀ ਹੋੜ ਵਿਚ ਲੱਗੇ ਇਹ ਦਲਾਲ ਨਿੱਤ ਟੀ.ਵੀ. ਦੇ ਵੱਖ-ਵੱਖ ਚੈਨਲਾਂ 'ਤੇ ਪ੍ਰਚਾਰ ਕਰਦੇ ਦੇਖੇ ਜਾਂਦੇ ਹਨ। ਹਰ ਕੋਈ ਇਕ-ਦੂਜੇ ਤੋਂ ਜਲਦੀ ਤੇ ਘੱਟ ਰੇਟ 'ਤੇ ਵੀਜ਼ਾ ਲਗਾਉਣ ਦੇ ਦਾਅਵੇ ਕਰਦਾ ਹੈ। ਰਹਿੰਦਾ-ਖੂੰਹਦਾ ਲੋਕ ਸਿਆਣੇ ਹਨ। ਆਪਣੀ ਲੜਕੀ ਨੂੰ ਆਈਲੈਟਸ ਕਰਵਾ ਕੇ ਇਹ ਟੈਸਟ ਪਾਸ ਨਾ ਕਰ ਸਕਣ ਪਰ ਮਾਪਿਆਂ ਦੀ ਕਮਾਈ ਤੇ ਜ਼ਮੀਨ-ਜਾਇਦਾਦ 'ਤੇ ਪੜ੍ਹਾਈ ਦਾ ਖਰਚ ਚੁੱਕਣ ਯੋਗ ਮੁੰਡੇ ਦੀ ਤਲਾਸ਼ ਕਿਸੇ ਵਿਚੋਲੇ ਦੇ ਜ਼ਰੀਏ ਕਰ ਲੈਂਦੇ ਹਨ। ਮਿਹਨਤ-ਮਜ਼ਦੂਰੀ ਕਰਕੇ ਜਿੰਨੀ ਰਕਮ ਇਕ ਦਿਹਾੜੀਆ ਸਾਲ ਭਰ 'ਚ ਨਹੀਂ ਕਮਾਉਂਦਾ, ਓਨੀ ਇਹ ਵਿਚੋਲੇ ਇਕ ਰਿਸ਼ਤਾ ਕਰਵਾ ਕੇ ਕਮਾ ਲੈਂਦੇ ਹਨ। ਅੱਖੇ ਹਿੰਗ ਲੱਗੇ ਨਾ ਫਟਕੜੀ ਤੇ ਰੰਗ ਚੋਖਾ ਆਵੇ। ਸੱਚਮੁੱਚ ਹੀ ਰੰਗ ਨਿਆਰੇ ਨੇ ਕਰਤਾਰ ਦੇ। ਚਲੋ ਖੈਰ, ਇਸ ਵਿਸ਼ੇ 'ਤੇ ਕੋਈ ਟਿੱਪਣੀ ਕਰਨਾ ਸਾਡੇ ਲਈ ਵਾਜਿਬ ਨਹੀਂ ਹੋਵੇਗਾ। ਸਰਕਾਰ ਨੂੰ ਅਪੀਲ ਹੈ ਕਿ ਅਜਿਹੇ ਯੋਗ ਅਦਾਰਿਆਂ ਦੇ ਹੱਥ ਹੀ ਸਿੱਖਿਆ ਦੀ ਵਾਗਡੋਰ ਫੜਾਏ ਜਿੱਥੇ ਇਨ੍ਹਾਂ ਬੱਚਿਆਂ ਨੂੰ ਵਾਜਬ ਰੇਟਾਂ 'ਤੇ ਉੱਚ ਦਰਜੇ ਦੀ ਸਿੱਖਿਆ ਹਾਸਲ ਹੋ ਸਕੇ ਤਾਂ ਕਿ ਨੌਜਵਾਨ ਚੂਹਾ ਦੌੜ ਵਿਚ ਸ਼ਾਮਲ ਬੇਲਗਾਮ ਹੋਏ ਆਈਲੈਟਸ ਅਦਾਰਿਆਂ ਦੇ ਅੜਿੱਕੇ ਚੜ੍ਹ ਕੇ ਆਪਣਾ ਕੀਮਤੀ ਸਮਾਂ ਤੇ ਪੈਸੇ ਬਰਬਾਦ ਨਾ ਕਰਨ।

-ਪਿੰਡ ਨਿਹਾਲ ਸਿੰਘ ਵਾਲਾ। ਮੋਬਾ:98782-53298

ਚੰਗਾ ਸੰਕੇਤ ਨਹੀਂ ਹੈ ਕਿਤਾਬਾਂ ਤੋਂ ਵਧਦੀ ਦੂਰੀ

ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ। ਕਿਤਾਬਾਂ ਕੱਲ੍ਹ ਦੀ ਗੱਲ ਹੋ ਗਈਆਂ ਹਨ। ਅੱਜ ਇੰਟਰਨੈੱਟ ਦਾ ਭੂਤ ਨੌਜਵਾਨੀ 'ਤੇ ਭਾਰੂ ਹੈ। ਅੱਜ ਦਾ ਨੌਜਵਾਨ ਕਿਸੇ ਪੁਰਾਣੇ ਅਤੇ ਨਾਮੀਂ ਲੇਖਕ ਨੂੰ ਨਹੀਂ ਜਾਣਦਾ। ਇਸ ਦਾ ਇਕੋਮਾਤਰ ਕਾਰਨ ਸਾਡੀ ਸਿੱਖਿਆ ਪ੍ਰਣਾਲੀ ਹੈ। ਸਕੂਲ-ਕਾਲਜਾਂ 'ਚ ਲਾਈਬ੍ਰੇਰੀਆਂ ਹਨ, ਪਰ ਵਿਦਿਆਰਥੀ ਉਥੇ ਨਹੀਂ ਜਾਂਦਾ। ਉਸ ਨੂੰ ਮੋਬਾਈਲ ਦੀ ਲਤ ਲੱਗ ਗਈ ਹੈ। ਅਧਿਆਪਕ ਵੀ ਲਾਈਬ੍ਰੇਰੀ ਜਾਣ ਲਈ ਪ੍ਰੇਰਿਤ ਨਹੀਂ ਕਰਦੇ, ਇਸੇ ਕਾਰਨ ਉਹ ਕਿਸੇ ਨਾਮਵਰ ਲੇਖਕ ਨੂੰ ਨਹੀਂ ਜਾਣਦੇ। ਸਕੂਲ-ਕਾਲਜ ਤਾਂ ਛੱਡੋ, ਘਰ ਵਿਚ ਮਾਪੇ ਵੀ ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਨਾਲ ਜਾਣੂ ਨਹੀਂ ਕਰਵਾਉਂਦੇ। ਵਿਦਿਆਰਥੀਆਂ ਲਈ ਪਾਠ-ਪੁਸਤਕਾਂ ਜਾਂ ਕੋਚਿੰਗ ਦੀਆਂ ਕਿਤਾਬਾਂ ਹੀ ਸਭ ਕੁਝ ਹਨ। ਕਿਤਾਬਾਂ ਹੁਣ ਸਿਰਫ ਲਾਈਬ੍ਰੇਰੀਆਂ ਦੀ ਸ਼ੋਭਾ ਵਧਾ ਰਹੀਆਂ ਹਨ। ਚਿੰਤਾ ਦੀ ਗੱਲ ਤਾਂ ਇਹ ਹੈ ਕਿ ਕਿਵੇਂ ਕਿਤਾਬਾਂ ਲਾਈਬ੍ਰੇਰੀ 'ਚੋਂ ਬਾਹਰ ਨਿਕਲਣ ਅਤੇ ਨੌਜਵਾਨ ਪੀੜ੍ਹੀ ਦਾ ਇਨ੍ਹਾਂ ਪ੍ਰਤੀ ਲਗਾਅ ਅਤੇ ਰੁਝਾਨ ਵਧੇ, ਇਹੋ ਵਿਚਾਰ ਕਰਨ ਵਾਲੀ ਗੱਲ ਹੈ। ਜੇਕਰ ਸੱਚੀ ਦੋਸਤੀ ਚਾਹੀਦੀ ਹੈ ਤਾਂ ਕਿਤਾਬਾਂ ਨੂੰ ਦੋਸਤ ਬਣਾ ਲਓ, ਕਿਉਂਕਿ ਕਿਤਾਬਾਂ ਕਦੇ ਦਗਾ ਨਹੀਂ ਕਰਦੀਆਂ ਅਤੇ ਨਾ ਹੀ ਝੂਠ ਦੇ ਰਾਹ 'ਤੇ ਚੱਲਦੀਆਂ ਹਨ। ਇਕ ਜ਼ਮਾਨਾ ਸੀ ਜਦੋਂ ਕਿਤਾਬਾਂ ਸਭ ਦੀਆਂ ਚੰਗੀਆਂ ਦੋਸਤ ਹੋਇਆ ਕਰਦੀਆਂ ਸਨ। ਜਿਵੇਂ-ਜਿਵੇਂ ਸੂਚਨਾ ਤਕਨੀਕ ਅਤੇ ਇੰਟਰਨੈੱਟ ਦਾ ਯੁੱਗ ਪੈਰ ਪਸਾਰਦਾ ਗਿਆ, ਕਿਤਾਬਾਂ ਵੀ ਸਾਡੇ ਤੋਂ ਦੂਰ ਹੁੰਦੀਆਂ ਗਈਆਂ। ਅੱਜ ਦਾ ਨੌਜਵਾਨ ਕਿਤਾਬ ਦਾ ਅਰਥ ਪਾਠ-ਪੁਸਤਕ ਹੀ ਸਮਝਦਾ ਹੈ। ਕਲਾਸ 'ਚ ਵਿਸ਼ਿਆਂ ਦੇ ਪੀਰੀਅਡ ਜ਼ਰੂਰ ਹੁੰਦੇ ਹਨ ਪਰ ਲਾਈਬ੍ਰੇਰੀ ਦਾ ਪੀਰੀਅਡ ਸਮਾਂ ਸਾਰਣੀ 'ਚੋਂ ਅਲੋਪ ਹੁੰਦਾ ਜਾ ਰਿਹਾ ਹੈ। ਪੁਸਤਕ ਜਾਂ ਕਿਤਾਬ ਲਿਖੇ ਜਾਂ ਛਪੇ ਹੋਏ ਪੰਨਿਆਂ ਦੇ ਸਮੂਹ ਨੂੰ ਕਹਿੰਦੇ ਹਨ। ਇਹ ਕਿਤਾਬਾਂ ਗਿਆਨ ਦਾ ਭੰਡਾਰ ਹਨ। ਕਿਤਾਬਾਂ ਮਾੜੀ ਪ੍ਰਵਿਰਤੀ ਤੋਂ ਸਾਡੀ ਰੱਖਿਆ ਕਰਦੀਆਂ ਹਨ। ਇਨ੍ਹਾਂ 'ਚ ਲੇਖਕਾਂ ਦੀ ਜ਼ਿੰਦਗੀ ਦੇ ਤਜਰਬੇ ਸਮਾਏ ਹੁੰਦੇ ਹਨ। ਚੰਗੀਆਂ ਕਿਤਾਬਾਂ ਕੋਲ ਹੋਣ ਨਾਲ ਦੋਸਤਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ। ਕਿਤਾਬਾਂ ਨੂੰ ਪੜ੍ਹ ਕੇ ਅਤੇ ਉਨ੍ਹਾਂ 'ਤੇ ਚਿੰਤਨ ਕਰਕੇ, ਫੌਰੀ ਸਕੂਨ ਹਾਸਲ ਕੀਤਾ ਜਾ ਸਕਦਾ ਹੈ। ਛੋਟੇ ਬੱਚੇ ਵੀ ਬਾਲ ਪੁਸਤਕਾਂ ਦੀਆਂ ਕਹਾਣੀਆਂ ਦੇ ਜ਼ਰੀਏ ਬਹੁਤ ਕੁਝ ਸਿੱਖਦੇ ਹਨ। ਕਿਤਾਬਾਂ ਗਿਆਨ ਦੀ ਭੁੱਖ ਮਿਟਾਉਂਦੀਆਂ ਹਨ। ਕਿਤਾਬਾਂ ਸੰਸਾਰ ਨੂੰ ਬਦਲਣ ਦਾ ਸਾਧਨ ਰਹੀਆਂ ਹਨ। ਜ਼ਿੰਦਗੀ 'ਚ ਕਿਤਾਬਾਂ ਸਾਡਾ ਸਹੀ ਮਾਰਗ ਦਰਸ਼ਨ ਕਰਵਾਉਂਦੀਆਂ ਹਨ। ਕਿਤਾਬਾਂ ਇਕੱਲੇਪਣ 'ਚ ਮੁਨੱਖ ਦਾ ਸਭ ਤੋਂ ਚੰਗਾ ਸਹਾਰਾ ਹਨ। ਕਿਤਾਬਾਂ ਸਾਡੀਆਂ ਉਹ ਮਿੱਤਰ ਹਨ ਜੋ ਬਦਲੇ 'ਚ ਸਾਡੇ ਤੋਂ ਕੁਝ ਵੀ ਨਹੀਂ ਲੈਂਦੀਆਂ। ਕਿਤਾਬਾਂ ਨਵਾਂ ਰਾਹ ਦਿਖਾ ਕੇ ਹੌਸਲਾ ਦਿੰਦੀਆਂ ਹਨ। ਚੰਗੀਆਂ ਕਿਤਾਬਾਂ ਸਾਨੂੰ ਹਮੇਸ਼ਾ ਹਨੇਰੇ 'ਚੋਂ ਕੱਢ ਕੇ ਚਾਨਣ ਵੱਲ ਲੈ ਕੇ ਜਾਂਦੀਆਂ ਹਨ।

-ਸਾਬਕਾ ਡੀ.ਓ., 174, ਮਿਲਟਰੀ ਹਸਪਤਾਲ, ਮੇਨ ਏਅਰ ਫੋਰਸ ਰੋਡ, ਬਠਿੰਡਾ।

ਮਾਂ ਬੋਲੀ ਪੰਜਾਬੀ ਪ੍ਰਤੀ ਅਵੇਸਲਾਪਣ

ਅਜੋਕੇ ਸਮੇਂ ਵਿਚ ਬਿਜਲਈ ਮੀਡੀਆ, ਪੱਛਮੀ ਸੱਭਿਅਤਾ ਅਤੇ ਪੰਜਾਬੀ ਦੇ ਹੋ ਰਹੇ 'ਹਿੰਦੀਕਰਨ' ਨੇ ਬੇਸ਼ੱਕ ਪੰਜਾਬੀ 'ਤੇ ਮਾਰੂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਨੂੰ ਮਾਂ ਬੋਲੀ ਪੰਜਾਬੀ ਦੀ ਸਮੱਰਥਾ 'ਤੇ ਪੂਰਨ ਭਰੋਸਾ ਹੈ ਕਿ ਇਹ ਇਨ੍ਹਾਂ ਦੇ ਪ੍ਰਭਾਵਾਂ ਦੀ ਮਾਰ ਹੇਠਾਂ ਆਉਣ ਵਾਲੀ ਨਹੀਂ। ਅੱਜਕਲ੍ਹ ਮਾਡਰਨ ਕਹਾਉਣ ਵਾਲੇ ਮਾਪੇ ਆਪਣੇ ਬੱਚਿਆਂ ਨਾਲ ਪੰਜਾਬੀ ਵਿਚ ਗੱਲਬਾਤ ਕਰਨ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਵਿਚ ਬੋਲਣ ਵਿਚ ਆਪਣੀ ਸ਼ਾਨ ਸਮਝਦੇ ਹਨ। ਪੱਛਮੀ ਸੱਭਿਅਤਾ ਦੀ ਰੀਸ ਨਾਲ ਚਾਚੇ, ਤਾਏ, ਮਾਮੇ, ਮਾਸੜ, ਫੁੱਫੜ ਅਤੇ ਚਾਚੀ, ਤਾਈ, ਮਾਮੀ, ਮਾਸੀ, ਭੂਆ ਆਦਿ ਨਜ਼ਦੀਕੀ ਰਿਸ਼ਤਿਆਂ ਦੀ ਥਾਂ ਅੰਕਲ ਤੇ ਆਂਟੀ ਨੇ ਲੈ ਲਈ ਹੈ, ਜੋ ਪਿਆਰ ਤੇ ਨਿੱਘ ਵਿਹੂਣੇ ਹਨ। ਵੇਖਿਆ ਜਾਵੇ ਤਾਂ ਅੱਜ ਬਹੁਗਿਣਤੀ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਮਾਂ-ਬੋਲੀ ਪੰਜਾਬੀ ਵਿਚ ਗੱਲ ਕਰਨ ਦੀ ਮਨਾਹੀ ਹੈ। ਬੱਚਿਆਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀ ਪੇਂਡੂ ਲੋਕਾਂ ਦੀ ਬੋਲੀ ਹੈ। ਘਰਾਂ ਵਿਚ ਮਾਵਾਂ ਵੀ ਮਾਂ-ਬੋਲੀ ਪੰਜਾਬੀ ਨੂੰ ਛੱਡ ਕੇ ਦੂਜੀਆਂ ਬੋਲੀਆਂ (ਹਿੰਦੀ, ਅੰਗਰੇਜ਼ੀ) ਵਿਚ ਬੱਚਿਆਂ ਨਾਲ ਗੱਲਬਾਤ ਕਰਦੀਆਂ ਹਨ ਅਤੇ ਅਚੇਤ ਹੀ ਬੱਚੇ ਨੂੰ ਮਾਂ-ਬੋਲੀ ਤੋਂ ਦੂਰ ਲੈ ਜਾਂਦੀਆਂ ਹਨ। ਮਾਵਾਂ ਦੀ ਤਾਂ ਖ਼ਾਸ ਭੂਮਿਕਾ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੱਭਿਅਕ ਅਤੇ ਸਲੀਕੇ ਵਾਲੇ ਬਣਾਉਣ ਲਈ ਮਾਤ-ਭਾਸ਼ਾ ਪੰਜਾਬੀ ਦੇ ਸ਼ਬਦਾਂ ਨਾਲ ਜੋੜੀ ਰੱਖਣ। ਮਾਤ-ਭਾਸ਼ਾ ਤੋਂ ਬਿਨਾਂ ਨਾ ਆਨੰਦ ਮਿਲਦਾ ਹੈ, ਨਾ ਹੀ ਕਿਸੇ ਗੱਲ ਦਾ ਵਿਸਥਾਰ ਹੁੰਦਾ ਹੈ ਅਤੇ ਨਾ ਹੀ ਸਾਡੀਆਂ ਯੋਜਨਾਵਾਂ ਪ੍ਰਫੁੱਲਤ ਹੁੰਦੀਆਂ ਹਨ। ਮਾਂ-ਬੋਲੀ ਤੋਂ ਬਿਨਾਂ ਮਨੁੱਖ ਦੇ ਅੰਦਰ ਜਜ਼ਬਿਆਂ ਦੇ ਭੰਡਾਰ ਬੰਦ ਪਏ ਰਹਿੰਦੇ ਹਨ। ਜਿਹੜੀ ਗੱਲ ਅਤੇ ਭਾਵਨਾਵਾਂ ਅਸੀਂ ਆਪਣੀ ਮਾਂ-ਬੋਲੀ ਰਾਹੀਂ ਪ੍ਰਗਟਾ ਸਕਦੇ ਹਾਂ, ਉਹ ਕਿਸੇ ਹੋਰ ਬੋਲੀ ਰਾਹੀਂ ਨਹੀਂ ਕਰ ਸਕਦੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿਚ ਅੰਗਰੇਜ਼ੀ ਦਾ ਗਿਆਨ ਹੋਣਾ ਜ਼ਰੂਰੀ ਹੈ ਪਰ ਇਹ ਵੀ ਸੱਚ ਹੈ ਕਿ ਆਪਣੀ ਮਾਂ-ਬੋਲੀ ਦੇ ਗਿਆਨ ਤੋਂ ਬਗੈਰ ਕਿਸੇ ਵੀ ਵਿਦੇਸ਼ੀ ਭਾਸ਼ਾ ਵਿਚ ਮੁਹਾਰਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਬੱਚੇ ਦੀ ਮੁੱਢਲੀ ਪੜ੍ਹਾਈ ਹਮੇਸ਼ਾ ਮਾਂ-ਬੋਲੀ ਵਿਚ ਹੀ ਹੋਣੀ ਚਾਹੀਦੀ ਹੈ। ਜਦੋਂ ਮਾਂ-ਬੋਲੀ ਵਿਚ ਮੁਹਾਰਤ ਹੋ ਜਾਵੇ, ਫਿਰ ਬੱਚੇ ਨੂੰ ਦੂਜੀਆਂ ਬੋਲੀਆਂ ਸਿੱਖਣ ਲਈ ਪ੍ਰੇਰਿਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੂੰ ਅਸੀਂ ਆਪਣਾ ਗੁਰੂ ਸਵੀਕਾਰ ਕਰਦੇ ਹਾਂ, ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਵਿਚ ਹੈ। ਪੰਜਾਬੀ ਏਨੀ ਸਮਰੱਥ ਭਾਸ਼ਾ ਹੈ ਕਿ ਇਸ ਨੂੰ ਮਾਧਿਅਮ ਬਣਾ ਕੇ ਸੂਫ਼ੀ ਸੰਤ ਫ਼ਰੀਦ ਜੀ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਆਦਿ ਨੇ ਆਪਣੀਆਂ ਰਚਨਾਵਾਂ ਰਚੀਆਂ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਆਪਣੀਆਂ ਜੜ੍ਹਾਂ, ਆਪਣੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਤੋਂ ਦੂਰ ਨਾ ਹੋਣ ਤਾਂ ਸਾਡਾ ਫ਼ਰਜ਼ ਹੈ ਕਿ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਬੋਲਣ, ਸਮਝਣ, ਪੜ੍ਹਨ ਤੇ ਲਿਖਣ ਦੇ ਸਮਰੱਥ ਬਣਾਈਏ। ਆਪਣੀ ਮਾਂ-ਬੋਲੀ ਨਾਲ ਪਿਆਰ ਕਰਨ ਵਾਲਾ ਵਿਅਕਤੀ ਹੀ ਸਹੀ ਅਰਥਾਂ ਵਿਚ ਆਪਣੇ-ਆਪ ਨਾਲ, ਆਪਣੇ ਘਰ ਨਾਲ ਤੇ ਆਪਣੇ ਦੇਸ਼ ਨਾਲ ਪਿਆਰ ਕਰ ਸਕਦਾ ਹੈ।

-ਮੋਬਾ: 97816-60021

ਸਕਾਰਾਤਮਕ ਸੋਚ ਨਾਲ ਹੀ ਮਿਲਦੀ ਹੈ ਸੰਤੁਸ਼ਟੀ

ਸਾਨੂੰ ਆਮ ਤੌਰ 'ਤੇ ਦੂਜਿਆਂ ਦੀ ਰੀਸ ਕਰਨੀ ਬਹੁਤ ਚੰਗਾ ਲਗਦਾ ਹੈ। ਦੂਜਿਆਂ ਦੀ ਥਾਲੀ ਵਿਚ ਪਿਆ ਲੱਡੂ ਹਮੇਸ਼ਾ ਵੱਡਾ ਨਜ਼ਰ ਆਉਂਦਾ ਹੈ। ਅਸੀਂ ਦੂਜਿਆਂ ਬਾਰੇ ਸੋਚਦੇ ਰਹਿੰਦੇ ਹਾਂ ਕਿ ਕਾਸ਼! ਮੇਰੀ ਜ਼ਿੰਦਗੀ ਵੀ ਦੂਜਿਆਂ ਵਾਂਗ ਹੋਵੇ। ਹੋ ਸਕਦਾ ਦੂਜੇ ਬੰਦੇ ਦੇ ਹਾਲਾਤ ਤੁਹਾਡੇ ਤੋਂ ਵੀ ਮਾੜੇ ਹੋਣ, ਉਸ ਦੀ ਬਾਹਰੀ ਦਿੱਖ ਹੀ ਤੁਹਾਨੂੰ ਚੰਗੀ ਲਗਦੀ ਹੋਵੇ। ਹੋ ਸਕਦਾ ਉਹ ਤੁਹਾਡੀ ਜ਼ਿੰਦਗੀ ਨੂੰ ਵਧੀਆ ਸਮਝਦਾ ਹੋਵੇ। ਸਾਡੇ ਭਾਈਚਾਰੇ ਵਿਚੋਂ ਇਕ ਦਿਨ ਬਜ਼ੁਰਗ ਗਲੀ ਵਿਚ ਲੰਘਦੇ ਜਾ ਰਹੇ ਸਨ। ਕਿਸੇ ਗੱਲ 'ਤੇ ਉਨ੍ਹਾਂ ਕਿਹਾ ਕਿ 'ਜੇ ਕਿਸੇ ਦਾ ਮੂੰਹ ਲਾਲ ਹੋਵੇ ਤਾਂ ਆਪਣਾ ਚਪੇੜਾਂ ਮਾਰ ਕੇ ਲਾਲ ਨਹੀਂ ਕਰਨਾ ਚਾਹੀਦਾ।' ਮੈਨੂੰ ਉਨ੍ਹਾਂ ਦੀ ਕਹੀ ਗੱਲ ਇਕਦਮ ਦਰੁਸਤ ਲੱਗੀ। ਪਰਮਾਤਮਾ, ਜਿਸ ਨੇ ਸਾਨੂੰ ਪੈਦਾ ਕੀਤਾ, ਉਸ ਨੇ ਸਾਡੇ ਲਈ ਵਿਲੱਖਣਤਾ ਕੁਝ ਨਾ ਕੁਝ ਜ਼ਰੂਰ ਸਿਰਜਿਆ ਹੈ। ਮੈਂ ਝੁੱਗੀਆਂ-ਝੌਂਪੜੀਆਂ ਵਿਚ ਰਹਿਣ ਵਾਲਿਆਂ ਨੂੰ ਬਹੁਤ ਖੁਸ਼ ਦੇਖਿਆ ਹੈ, ਨੇੜਿਓਂ ਤੱਕਿਆ ਹੈ, ਉਨ੍ਹਾਂ ਨੂੰ ਜੋ ਮਿਲਦਾ ਹੈ, ਉਸ ਵਿਚ ਹੀ ਅਨੰਦ ਮਾਣਦੇ ਹਨ। ਅਸੀਂ ਆਪਣੀ ਜ਼ਿੰਦਗੀ ਵਿਚ ਸੰਤੁਸ਼ਟ ਤੇ ਖੁਸ਼ ਉਦੋਂ ਹੋਵਾਂਗੇ, ਜਦੋਂ ਅਸੀਂ ਪਰਮਾਤਮਾ ਦੇ ਦਿੱਤੇ ਹੋਏ 'ਤੇ ਸ਼ੁਕਰਗੁਜ਼ਾਰ ਹੋਵਾਂਗੇ। ਆਪਣੀ ਸੋਚ ਨੂੰ ਸਕਾਰਾਤਮਿਕ ਰੱਖਾਂਗੇ। ਪਰਮਾਤਮਾ ਨੇ ਕਦੇ ਕਿਸੇ ਨੂੰ ਭੁੱਖੇ ਨਹੀਂ ਸੌਣ ਦਿੱਤਾ ਪਰ ਹਰ ਵਕਤ ਗਿਲ੍ਹਾ-ਸ਼ਿਕਵਾ, ਰੋਂਦੇ ਰਹਿਣਾ ਚੰਗੀ ਗੱਲ ਨਹੀਂ। ਆਪਣੀ ਸੋਚ ਸਾਕਾਰਾਤਮਿਕ ਰੱਖੋ। ਆਮ ਤੌਰ 'ਤੇ ਬੱਚੇ ਦੂਜੇ ਬੱਚੇ ਦੀ ਨਕਲ ਕਰਕੇ ਹਰ ਚੀਜ਼ ਦੀ ਮੰਗ ਕਰਦੇ ਹਨ। ਮਾਂ-ਬਾਪ ਦੀ ਹੈਸੀਅਤ ਨਹੀਂ ਹੁੰਦੀ ਕਿ ਉਹ ਚੀਜ਼ ਬੱਚੇ ਨੂੰ ਲੈ ਕੇ ਦੇ ਸਕਣ। ਚੰਗੇ ਬੱਚੇ ਦੂਜਿਆਂ ਵੱਲ ਦੇਖ ਆਪਣੇ ਮਾਤਾ-ਪਿਤਾ ਨੂੰ ਪ੍ਰੇਸ਼ਾਨ ਨਹੀਂ ਕਰਦੇ ਤੇ ਉਨ੍ਹਾਂ ਦੇ ਘਰ ਦਾ ਮਾਹੌਲ ਖੁਸ਼ਗਵਾਰ ਰਹਿੰਦਾ ਹੈ। ਮਿਹਨਤ ਦਾ ਫਲ ਪਰਮਾਤਮਾ ਦੇ ਹੱਥ ਹੈ ਤੇ ਉਹ ਫਲ ਦਿੰਦਾ ਵੀ ਜ਼ਰੂਰ ਹੈ। ਕਿਸੇ ਵੱਲ ਦੇਖ ਕੇ ਆਪਣੇ-ਆਪ ਨੂੰ ਨੀਵਾਂ ਨਾ ਸਮਝੋ, ਜੋ ਪਰਮਾਤਮਾ ਨੇ ਤੁਹਾਨੂੰ ਬਣਾਇਆ, ਉਹ ਕਿਸੇ ਨੂੰ ਵੀ ਨਹੀਂ।

-ਮੋਬਾ: 84379-00582

ਸਫ਼ਰ ਦੇ ਨਿਯਮਾਂ ਪ੍ਰਤੀ ਸੁਚੇਤ ਹੋਣ ਦੀ ਲੋੜ

ਅੱਜ ਦੇ ਸਮੇਂ ਆਬਾਦੀ ਵਧਣ ਕਾਰਨ ਹਰ ਪਾਸੇ ਭੀੜ ਦੇਖੀ ਜਾ ਸਕਦੀ ਹੈ। ਬਾਜ਼ਾਰਾਂ ਵਿਚ ਆਮ ਹੀ ਭੀੜ ਹੁੰਦੀ ਹੈ, ਨਾਲ ਹੀ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਸ ਲਈ ਹੀ ਸੜਕਾਂ 'ਤੇ ਦੁਰਘਟਨਾਵਾਂ ਵਧ ਗਈਆਂ ਹਨ। ਬੱਸਾਂ ਵਿਚ ਲੋੜ ਤੋਂ ਜ਼ਿਆਦਾ ਲੋਕ ਸਵਾਰ ਹੁੰਦੇ ਹਨ ਤਾਂ ਅਕਸਰ ਹੀ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ। ਬੱਸ ਸਰਕਾਰੀ ਹੋਵੇ ਜਾਂ ਨਿੱਜੀ, ਇਨ੍ਹਾਂ ਵਿਚ ਆਮ ਹੀ ਲੋਕ ਬੈਠੇ ਤੇ ਖੜ੍ਹੇ ਦੇਖੇ ਜਾ ਸਕਦੇ ਹਨ। ਕਈ ਵਾਰ ਤਾਂ ਇਹ ਵੀ ਦੇਖਿਆ ਗਿਆ ਹੈ ਕਿ ਇਹ ਬੱਸਾਂ ਵਾਲੇ ਆਪਣੀ ਕਮਾਈ ਵਿਚ ਵਾਧਾ ਕਰਨ ਲਈ ਬੱਸ ਅੱਡੇ ਤੋਂ ਓਨਾ ਸਮਾਂ ਬੱਸ ਨਹੀਂ ਤੋਰਦੇ, ਜਿੰਨਾ ਚਿਰ ਬੱਸ ਫੁੱਲ ਨਹੀਂ ਹੁੰਦੀ। ਸੀਟਾਂ 'ਤੇ ਬੈਠੇ ਲੋਕ ਵੀ ਇਸ ਕਰਕੇ ਬਹੁਤ ਪ੍ਰੇਸ਼ਾਨ ਹੁੰਦੇ ਹਨ। ਪਰ ਸਾਡੇ ਲੋਕ ਵੀ ਸੁਚੇਤ ਹੋਣੇ ਚਾਹੀਦੇ ਹਨ। ਉਹ ਕਿਉਂ ਇਨ੍ਹਾਂ ਬੱਸਾਂ 'ਚ ਸਫਰ ਕਰਦੇ ਹਨ? ਹੋਰ ਜਗ੍ਹਾ ਤਾਂ ਅਸੀਂ ਪੂਰੇ ਸੁਚੇਤ ਹੋ ਕੇ ਰਹਿੰਦੇ ਹਾਂ ਪਰ ਬੱਸਾਂ ਵਿਚ ਸਫਰ ਕਰਦੇ ਸਮੇਂ ਅਸੀਂ ਕਿਉਂ ਨਹੀਂ ਸੋਚਦੇ ਕਿ ਇਹ ਸਾਡੀ ਮੌਤ ਦਾ ਕਾਰਨ ਬਣ ਸਕਦੀਆਂ ਹਨ। ਨਾਲੇ ਪਹਾੜਾਂ ਵਿਚ ਤਾਂ ਖਾਸ ਕਰਕੇ ਬੱਸ ਵਿਚ ਓਨੇ ਹੀ ਲੋਕ ਬੈਠੇ ਹੋਣੇ ਚਾਹੀਦੇ ਹਨ, ਜਿੰਨੀਆਂ ਸੀਟਾਂ ਹੁੰਦੀਆਂ ਹਨ। ਜਦੋਂ ਬੱਸਾਂ ਵਿਚ ਲੋੜ ਤੋਂ ਵੱਧ ਲੋਕ ਬੈਠਦੇ ਹਨ ਤਾਂ ਦੁਰਘਟਨਾ ਵਾਪਰਦੀ ਹੈ। ਆਖਰ ਸਰਕਾਰਾਂ ਦਾ ਇਸ ਪਾਸੇ ਧਿਆਨ ਕਿਉਂ ਨਹੀਂ ਹੈ? ਆਮ ਵਾਹਨਾਂ ਵਿਚ ਜੇਕਰ ਕਿਸੇ ਦੇ ਸੀਟ ਬੈਲਟ ਨਾ ਹੋਵੇ ਜਾਂ ਸਵਾਰੀਆਂ ਜ਼ਿਆਦਾ ਹੋਣ ਤਾਂ ਚਲਾਨ ਕੱਟ ਦਿੱਤੇ ਜਾਂਦੇ ਹਨ। ਬੱਸਾਂ ਦੇ ਚਲਾਨ ਕਿਉਂ ਨਹੀਂ ਕੱਟੇ ਜਾਂਦੇ? ਇਹ ਬੱਸਾਂ ਵਾਲੇ ਬੱਸ ਚਲਾਉਂਦੇ ਹੋਏ ਆਮ ਹੀ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ, ਜਿਸ ਕਰਕੇ ਕਈ ਹਾਦਸੇ ਵੀ ਵਾਪਰ ਗਏ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਬੱਸਾਂ ਵਿਚ ਸਫਰ ਨਾ ਕਰਨ। ਜਿੰਨੀਆਂ ਸੀਟਾਂ ਹਨ, ਓਨੀਆਂ ਸੀਟਾਂ 'ਤੇ ਹੀ ਬੈਠਿਆ ਜਾਵੇ, ਬੱਸ 'ਚ ਖੜ੍ਹਿਆ ਨਾ ਜਾਵੇ ਅਤੇ ਸਰਕਾਰਾਂ ਵੀ ਵਿਸ਼ੇਸ਼ ਤੌਰ 'ਤੇ ਧਿਆਨ ਦੇਣ, ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।

-ਵਾ: ਨੰ: 10, ਸ਼ਕਤੀ ਨਗਰ, ਮਾਨਸਾ। ਮੋਬਾ: 98725-65003

ਸਰਕਾਰੀ ਸਕੂਲਾਂ 'ਚ ਰੜਕਦੀ ਹੈ ਬਾਲ-ਸਭਾ ਦੀ ਘਾਟ

ਕੋਈ ਸਮਾਂ ਸੀ ਜਦੋਂ ਸਰਕਾਰੀ ਸਕੂਲਾਂ ਵਿਚ ਪੜ੍ਹਨ-ਪੜ੍ਹਾਉਣ ਤੋਂ ਇਲਾਵਾ ਵਿਦਿਆਰਥੀਆਂ ਦੇ ਮਨੋਰੰਜਨ ਦਾ ਵਕਤ ਵੀ ਨਿਰਧਾਰਿਤ ਹੋਇਆ ਕਰਦਾ ਸੀ। ਹਫ਼ਤੇ ਦੇ ਆਖਰੀ ਦਿਨ (ਜਿਹੜਾ ਕਿ ਆਮ ਤੌਰ 'ਤੇ ਸਨਿਚਰਵਾਰ ਹੁੰਦਾ ਸੀ) ਕੁਝ ਪੀਰੀਅਡ ਰਾਖਵੇਂ ਰੱਖ ਕੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਕਿਸੇ ਹਾਲ ਜਾਂ ਪੰਡਾਲ ਵਿਚ ਇਕੱਠੇ ਕਰ ਲਿਆ ਜਾਂਦਾ ਸੀ। ਇਸ ਇਕੱਠ ਨੂੰ ਬਾਲ-ਸਭਾ ਦਾ ਨਾਂਅ ਦਿੱਤਾ ਜਾਂਦਾ ਸੀ, ਜਿਸ ਵਿਚ ਤਾਲਿਬਇਲਮਾਂ ਨੂੰ ਆਪਾ ਪ੍ਰਗਟਾਉਣ/ਚਮਕਾਉਣ ਦੇ ਅਵਸਰ ਪ੍ਰਾਪਤ ਹੁੰਦੇ ਸਨ। ਇਸ ਬਾਲ ਸਭਾ ਵਿਚ ਸਕੂਲ ਦੇ ਅਧਿਆਪਕਾਂ ਦੀ ਨਾ ਸਿਰਫ਼ ਸਰਗਰਮ ਭਾਗੇਦਾਰੀ ਹੀ ਹੁੰਦੀ ਸੀ, ਸਗੋਂ ਕੁਝ ਰਚਨਾਤਮਿਕ ਅਤੇ ਕਲਾਤਮਿਕ ਸੋਚ ਵਾਲੇ ਅਧਿਆਪਕਾਂ ਵਲੋਂ ਵਿਸ਼ੇਸ਼ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਵੀ ਕੀਤਾ ਜਾਂਦਾ ਸੀ। ਸਕੂਲ ਵਿਚ ਨਿਯਮਿਤ ਰੂਪ ਵਿਚ ਲਗਾਈ ਜਾਣ ਵਾਲੀ ਬਾਲ-ਸਭਾ ਜਿਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਨਪ੍ਰਚਾਵੇ ਦਾ ਸਬੱਬ ਬਣਦੀ ਸੀ, ਉਥੇ ਵਿਦਿਆਰਥੀਆਂ ਦੀ ਸਿਰਜਣਾਤਮਿਕ ਅਤੇ ਕਲਾਤਮਿਕ ਪਹੁੰਚ ਨੂੰ ਉਭਾਰਨ, ਨਿਖਾਰਨ ਅਤੇ ਸੰਵਾਰਨ ਵਿਚ ਵੀ ਵਿਸ਼ੇਸ਼ ਸਹਾਈ ਹੁੰਦੀ ਸੀ। ਇਸ ਸਭਾ ਰਾਹੀਂ ਵਿਲੱਖਣ ਪ੍ਰਤਿਭਾ ਵਾਲੇ ਵਿਦਿਅਰਥੀਆਂ ਨੂੰ ਇਕ ਅਜਿਹਾ ਮੰਚ ਪ੍ਰਦਾਨ ਕੀਤਾ ਜਾਂਦਾ ਸੀ, ਜਿਹੜਾ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕਰਕੇ ਉਨ੍ਹਾਂ ਦੁਆਰਾ ਮਿਥੀ ਹੋਈ ਮੰਜ਼ਿਲ ਦੇ ਨਜ਼ਦੀਕ ਲੈ ਜਾਂਦਾ ਸੀ। ਸਕੂਲ ਦੁਆਰਾ ਨਿਯਮਿਤ ਰੂਪ ਵਿਚ ਕੀਤੀ ਜਾਣ ਵਾਲੀ ਬਾਲ-ਸਭਾ ਜਿਥੇ ਵਿਦਿਆਰਥੀ ਨੂੰ ਆਪਣਿਆਂ ਵਿਚ ਆਪਣੀ ਗੱਲ ਕਹਿ ਕੇ ਮਾਣ ਮਹਿਸੂਸ ਕਰਵਾਉਂਦੀ ਸੀ, ਉੱਥੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾ ਕੇ ਬਿਗਾਨਿਆਂ (ਬਾਹਰਲੇ ਵਿਸ਼ਾਲ ਇਕੱਠਾਂ) ਦੇ ਸਨਮੁੱਖ ਹੋਣ ਦੇ ਸਮਰੱਥ ਵੀ ਬਣਾਉਂਦੀ ਸੀ। ਸਕੂਲ ਦੀ ਬਾਲ-ਸਭਾ ਦਾ ਇਕ ਹਾਸਲ ਇਹ ਵੀ ਰਿਹਾ ਹੈ ਕਿ ਇਹ ਵਿਦਿਆਰਥੀਆਂ ਵਿਚਲੀ ਹਫ਼ਤਾ ਭਰ (ਜੋ ਅਕਸਰ ਬੋਝਲ ਅਤੇ ਔਖਿਆਲੇ ਪਾਠਕ੍ਰਮ ਕਰਕੇ ਪੈਦਾ ਹੁੰਦੀ ਹੈ) ਦੀ ਉਕਤਾਹਟ ਨੂੰ ਕੁਝ ਸਮੇਂ ਲਈ ਰੌਚਕ ਅਤੇ ਹੁਸੀਨ ਪਲਾਂ ਵਿਚ ਬਦਲ ਦਿੰਦੀ ਸੀ। ਸਕੂਲ ਦੀ ਬਾਲ-ਸਭਾ ਵਿਦਿਆਰਥੀ ਵਰਗ ਨੂੰ ਇਕ ਅਪਣੱਤਮਈ ਮਾਹੌਲ ਪ੍ਰਦਾਨ ਕਰਦੀ ਸੀ, ਜਿਹੜਾ ਉਨ੍ਹਾਂ ਦੇ ਬਿਆਨਾਤਮਿਕ ਅਤੇ ਪ੍ਰਦਰਸ਼ਨਾਤਮਿਕ ਪੱਖ ਨੂੰ ਮਜ਼ਬੂਤ ਕਰਦਾ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਵੀ ਆਮ ਤੌਰ 'ਤੇ ਸਕੂਲ ਵਿਚ ਲਗਾਤਾਰਤਾ ਨਾਲ ਲਗਾਈ ਜਾਣ ਵਾਲੀ ਬਾਲ-ਸਭਾ ਦੀ ਹੀ ਪੈਦਾਵਾਰ ਹੁੰਦੇ ਸਨ, ਜੋ ਇਨ੍ਹਾਂ ਮੁਕਾਬਲਿਆਂ ਵਿਚ ਆਪਣੀਆਂ ਬਿਹਤਰੀਨ ਪੇਸ਼ਕਾਰੀਆਂ ਲਈ ਮਾਣ-ਸਨਮਾਨ ਹਾਸਲ ਕਰਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਂਅ ਰੋਸ਼ਨ ਕਰਦੇ ਸਨ। ਇਸ ਸਭਾ ਵਿਚੋਂ ਲੱਗੀ ਹੋਈ ਜਾਗ ਹੀ ਵਿਦਿਆਰਥੀਆਂ ਨੂੰ ਮਹਾਂਵਿਦਿਆਲਿਆਂ ਅਤੇ ਵਿਸ਼ਵ-ਵਿਦਿਆਲਿਆਂ ਦੇ ਯੁਵਕ ਮੇਲਿਆਂ ਵਿਚ ਸ਼ਲਾਘਾਯੋਗ ਭੂਮਿਕਾ ਅਦਾ ਕਰਨ ਦੇ ਕਾਬਲ ਬਣਾ ਦਿੰਦੀ ਸੀ ਅਤੇ ਉਹ ਟਰਾਫੀਆਂ, ਸ਼ੀਲਡਾਂ ਅਤੇ ਸੋਨ ਤਗਮਿਆਂ ਨਾਲ ਨਿਵਾਜੇ ਜਾਂਦੇ ਸਨ। ਅਜੋਕੇ ਸਮੇਂ ਸਕੂਲਾਂ (ਵਿਸ਼ੇਸ਼ ਕਰਕੇ ਸਰਕਾਰੀ) ਵਿਚ ਬਾਲ-ਸਭਾ ਦਾ ਰਿਵਾਜ ਬਿਲਕੁਲ ਖਤਮ ਹੋ ਕੇ ਰਹਿ ਗਿਆ ਹੈ। ਹੁਣ ਸਕੂਲ ਦੀ ਸਮਾਂ-ਸਾਰਣੀ ਵਿਚ ਇਸ ਸਭਾ ਦੀ ਕੋਈ ਵਿਸ਼ੇਸ਼ ਵਿਵਸਥਾ ਨਹੀਂ ਕੀਤੀ ਜਾਂਦੀ। ਅਧਿਆਪਕ ਗ਼ੈਰ-ਵਿੱਦਿਅਕ ਕੰਮਾਂ ਦੇ ਬੋਝ ਥੱਲੇ ਦੱਬੇ ਹੋਏ ਹਨ ਅਤੇ ਵਿਦਿਆਰਥੀ ਨਵੀਂ ਟੈਕਨਾਲੋਜੀ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ। ਇਸ ਤਰ੍ਹਾਂ ਦੇ ਅਣਸੁਖਾਵੇਂ ਅਤੇ ਘੁੱਟਵੇਂ ਮਾਹੌਲ ਵਿਚ ਭਲਾ ਕੋਈ ਸਕੂਲ ਕਲਾਕਾਰ, ਨਾਟਕਕਾਰ ਅਤੇ ਸਾਹਿਤਕਾਰ ਕਿਵੇਂ ਪੈਦਾ ਕਰ ਸਕਦਾ ਹੈ?

-1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)। ਮੋਬਾ: 94631-32719






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX