ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵੱਲੋਂ ਮੀਂਹ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ
. . .  1 day ago
ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਖੇਤਰ ਵਿਚ ਭਾਰੀ ਮੀਂਹ ਮਗਰੋਂ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਮੀਂਹ ਤੋਂ ਪ੍ਰਭਾਵਿਤ ਪਿੰਡ ਬੂੜਾ ਗੁੱਜਰ ਅਤੇ ...
ਪ੍ਰਧਾਨ ਮੰਤਰੀ ਮੋਦੀ ਨੇ ਸ਼ੀਲਾ ਦੀਕਸ਼ਿਤ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 20 ਜੁਲਾਈ - ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ...
ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸੂਬੇ ਭਰ 'ਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੱਲ੍ਹ
. . .  1 day ago
ਮਲੌਦ, 20 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਮੈਡਮ ਇੰਦਰਪਾਲ ਕੌਰ ਨੇ ਦੱਸਿਆ ਕਿ ਪੰਜਾਬ- ਹਰਿਆਣਾ ਹਾਈਕੋਰਟ ਦੀ ਸੁਣਵਾਈ ਤਹਿਤ 2011 ਰਿਵਾਈਜ ਨਤੀਜੇ ਨਾਲ ਪਾਸ ਹੋਏ ਬੇਰੁਜ਼ਗਾਰ ਅਧਿਆਪਕਾਂ ...
ਭੇਦਭਰੀ ਹਾਲਤ ਵਿੱਚ ਵਿਆਹੁਤਾ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਥਾਣੇ ਬਾਹਰ ਰੱਖ ਕੇ ਦਿੱਤਾ ਧਰਨਾ
. . .  1 day ago
ਸਰਾਏ ਅਮਾਨਤ ਖਾਂ, 20 ਜੁਲਾਈ (ਨਰਿੰਦਰ ਸਿੰਘ ਦੋਦੇ)-ਕੁੱਟਮਾਰ ਕਰਕੇ ਵਿਆਹੁਤਾ ਦੀ ਹੱਤਿਆ ਕਰਨ ਵਾਲੇ ਸਹੁਰਾ ਪਰਿਵਾਰ ਵਿਰੁੱਧ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ਼ ਵਜੋਂ ਮ੍ਰਿਤਕਾ ਦੇ ਵਾਰਿਸਾਂ ਵੱਲੋਂ ਲਾਸ਼ ਨੂੰ ਥਾਣਾ ਸਰਾਏ ਅਮਾਨਤ ਖਾਂ ਅੱਗੇ ਰੱਖ ਕੇ ਧਰਨਾ ...
ਸ਼ੀਲਾ ਦੀਕਸ਼ਿਤ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀ ਸੋਨੀਆ ਗਾਂਧੀ
. . .  1 day ago
ਨਵੀਂ ਦਿੱਲੀ, 20 ਜੁਲਾਈ- ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਨਿਜਾਮੂਦੀਨ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ। ਯੂ.ਪੀ.ਏ ਪ੍ਰਧਾਨ ਸੋਨੀਆ ਗਾਂਧੀ ਨੇ ਉੱਥੇ ਪਹੁੰਚ ਕੇ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਪਰਿਵਾਰਕ ...
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦਿੱਲੀ ਵਿੱਚ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਨਵੀਂ ਦਿੱਲੀ, 20 ਜੁਲਾਈ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਨੇ ਕਿਹਾ ਹੈ ਕਿ ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦਿੱਲੀ ਸਰਕਾਰ ਨੇ ਦੋ ਦਿਨ ਦਾ ਰਾਸ਼ਟਰੀ ਸੋਗ ਰੱਖਣ ਦਾ ਫੈਸਲਾ ਕੀਤਾ..
ਟੋਲ ਟੈਕਸ ਵਾਲੀ ਜੀ.ਟੀ. ਰੋਡ ਤੇ ਤਹਿਸੀਲ ਰੋਡ ਮੀਂਹ ਦੇ ਪਾਣੀ ਨਾਲ ਹੋਇਆ ਜਲਥਲ
. . .  1 day ago
ਬਾਘਾਪੁਰਾਣਾ, 20 ਜੁਲਾਈ (ਬਲਰਾਜ ਸਿੰਗਲਾ)- ਗਰਮੀ ਦੀ ਰੁੱਤ ਦੀ ਦੂਸਰੀ ਮੋਹਲ਼ੇਧਾਰ ਬਰਸਾਤ ਬੇਸ਼ੱਕ 15-20 ਮਿੰਟ ਹੋਈ ਪਰ ਗੰਦੇ ਪਾਣੀ ਅਤੇ ਮੀਂਹ ਨੇ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਾਘਾ ਪੁਰਾਣਾ ਦੀ ਮੋਗੇ ਵਾਲੀ ਜੀ.ਟੀ. ਰੋਡ, ਜਿਸ ...
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 day ago
ਨਵੀਂ ਦਿੱਲੀ, 20 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦੁਖ ਦਾ ਪ੍ਰਗਟਾਵਾ ਕੀਤਾ। ਇਸ ਸੰਬੰਧੀ ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਨਾਲ ...
ਕੱਲ੍ਹ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  1 day ago
ਨਵੀਂ ਦਿੱਲੀ, 20 ਜੁਲਾਈ - ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ(81) ਦਾ ਦੇਹਾਂਤ ਹੋ ਗਿਆ। ਅੱਜ ਸ਼ਾਮ 6 ਵਜੇ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਦਿੱਲੀ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਆਂਦਾ ਜਾਵੇਗਾ। ਇਸ ...
ਡਾ. ਸਵਰਨ ਸਿੰਘ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦਾ ਫ਼ੈਸਲਾ ਸ਼ਵੇਤ ਮਲਿਕ ਵੱਲੋਂ ਲਿਆ ਗਿਆ ਵਾਪਸ
. . .  1 day ago
ਜਲੰਧਰ, 20 ਜੁਲਾਈ (ਸ਼ਿਵ ਸ਼ਰਮਾ)- ਅੱਜ ਜਲੰਧਰ ਵਿਖੇ ਭਾਜਪਾ ਦੀ ਸੰਗਠਨ ਅਤੇ ਮੈਂਬਰਸ਼ਿਪ ਮੁਹਿੰਮ ਸਮਾਰੋਹ ਦੌਰਾਨ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇਂ ਅਤੇ ਡਾ. ਸਵਰਨ ਸਿੰਘ (ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ) ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ...
ਹੋਰ ਖ਼ਬਰਾਂ..

ਖੇਡ ਜਗਤ

ਸੰਜੇ ਮਾਂਜਰੇਕਰ ਦੀਆਂ ਨਜ਼ਰਾਂ ਵਿਚ ਵਿਸ਼ਵ ਕੱਪ ਵਿਚ ਭਾਰਤ ਸਭ ਤੋਂ ਚੰਗੀ ਟੀਮ

ਜ਼ਬਰਦਸਤ ਪ੍ਰਤਿਭਾ ਦੇ ਬਾਵਜੂਦ ਸੰਜੇ ਮਾਂਜਰੇਕਰ ਦਾ ਕ੍ਰਿਕਟ ਕੈਰੀਅਰ ਤਾਂ ਉਮੀਦਾਂ ਅਨੁਸਾਰ ਨਹੀਂ ਰਿਹਾ, ਪਰ ਆਪਣੇ ਸ਼ਾਨਦਾਰ ਕ੍ਰਿਕਟ ਗਿਆਨ ਤੇ ਸਮਝ ਕਾਰਨ ਉਹ ਸਫ਼ਲ ਕੁਮੈਂਟਰ ਜ਼ਰੂਰ ਬਣ ਗਏ ਹਨ। ਇਹੀ ਵਜ੍ਹਾ ਹੈ ਕਿ ਆਈ. ਸੀ. ਸੀ. ਨੇ ਮੌਜੂਦਾ ਵਿਸ਼ਵ ਕੱਪ ਲਈ ਜਿਨ੍ਹਾਂ ਤਿੰਨ ਭਾਰਤੀ ਆਵਾਜ਼ਾਂ ਦੀ ਚੋਣ ਕੀਤੀ ਹੈ, ਉਨ੍ਹਾਂ ਵਿਚ ਸੌਰਵ ਗਾਂਗੁਲੀ ਤੇ ਹਰਸ਼ ਭੋਗਲੇ ਦੇ ਨਾਲ ਸੰਜੇ ਮਾਂਜਰੇਕਰ ਵੀ ਹਨ। ਆਪਣੇ ਟੈਸਟ ਕਰੀਅਰ ਵਿਚ 37.14 ਦੀ ਔਸਤ ਨਾਲ 2043 ਦੌੜਾਂ ਬਣਾਉਣ ਵਾਲੇ ਸੰਜੇ ਮਾਂਜਰੇਕਰ ਆਪਣੀ ਤਕਨੀਕੀ ਬੱਲੇਬਾਜ਼ੀ ਲਈ ਜਿੰਨੇ ਪ੍ਰਸਿੱਧ ਸਨ, ਓਨੇ ਹੀ ਆਪਣੀ ਡੂੰਘੀ ਤੇ ਸਟੀਕ ਸਮੀਖਿਆ ਲਈ ਵੀ ਪ੍ਰਸਿੱਧ ਹਨ। ਇਸ ਲਈ ਉਹ ਇਕਦਮ ਸਹੀ ਵਿਅਕਤੀ ਹਨ ਕਿ ਉਨ੍ਹਾਂ ਤੋਂ ਜਾਣਿਆ ਇਕ ਇਸ ਵਿਸ਼ਵ ਕੱਪ ਵਿਚ ਭਾਰਤ ਦੀ ਸੰਭਾਵਨਾ ਕੀ ਹੈ ਅਤੇ ਛੋਟੇ ਫਾਰਮੈਟ ਦੇ ਇਸ ਦੌਰ ਵਿਚ ਟੈਸਟ ਕ੍ਰਿਕਟ ਦਾ ਕੀ ਭਵਿੱਖ ਹੈ?
ਸੰਜੇ ਮਾਂਜਰੇਕਰ ਅਨੁਸਾਰ, 'ਵਿਸ਼ਵ ਕੱਪ ਵਿਚ ਭਾਰਤ ਸਭ ਤੋਂ ਚੰਗੀ ਟੀਮ ਹੈ। ਉਹ ਵਿਸ਼ਵ ਜੇਤੂ ਬਣੇਗੀ ਜਾਂ ਨਹੀਂ, ਇਹ ਬਿਲਕੁਲ ਵੱਖਰੀ ਗੱਲ ਹੈ। ਜਦੋਂ ਤੁਸੀਂ ਕਿਸੇ ਦੇਸ਼ ਨਾਲ ਇਕ ਦਿਨਾ ਲੜੀ ਖੇਡ ਰਹੇ ਹੁੰਦੇ ਹੋ ਤਾਂ ਏਨਾ ਦਬਾਅ ਨਹੀਂ ਹੁੰਦਾ ਜਿੰਨਾ ਵਿਸ਼ਵ ਕੱਪ ਦੇ ਸੈਮੀਫਾਈਨਲ ਜਾਂ ਫਾਈਨਲ ਵਿਚ ਹੁੰਦਾ ਹੈ, ਉਦੋਂ ਪੂਰੀ ਤੌਰ 'ਤੇ ਵੱਖਰੇ ਕਿਸਮ ਦੀ ਕ੍ਰਿਕਟ ਹੋ ਜਾਂਦੀ ਹੈ। ਇਸ ਮਾਮਲੇ ਵਿਚ ਭਾਰਤ ਮਜ਼ਬੂਤ ਹੈ। ਮਾਨਸਿਕ ਦ੍ਰਿਸ਼ਟੀ ਵਿਚ ਭਾਰਤ ਸਭ ਤੋਂ ਮਜ਼ਬੂਤ ਟੀਮ ਹੈ, ਬਾਕੀ ਟੀਮਾਂ ਏਨਾ ਦਬਾਅ ਬਰਦਾਸ਼ਤ ਨਹੀਂ ਕਰ ਪਾਉਂਦੀਆਂ।'
ਸੰਜੇ ਮਾਂਜਰੇਕਰ ਟੀਮ ਵਿਚ ਰਿਸ਼ਭ ਪੰਤ ਨੂੰ ਵੀ ਦੇਖਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੰਤ ਦੀ ਮੌਜੂਦਗੀ ਨਾਲ ਵਿਰੋਧੀ ਥੋੜ੍ਹਾ ਚਿੰਤਤ ਰਹਿੰਦਾ ਹੈ। ਸੰਜੇ ਮਾਂਜਰੇਕਰ ਅਨੁਸਾਰ, 'ਪੰਤ ਨੂੰ ਵਾਈਲਡ ਕਾਰਡ ਦੇ ਰੂਪ ਵਿਚ ਖਿਡਾਇਆ ਜਾ ਸਕਦਾ ਸੀ। ਉਸ ਦੇ ਕੋਲ ਨਿਸਚਿਤ ਤੌਰ 'ਤੇ ਟੈਂਪਰਾਮੈਂਟ ਹੈ। ਉਹ ਟੈਸਟ ਵਿਚ ਸਫਲ ਰਿਹਾ ਹੈ, ਇਸ ਲਈ ਉਹ ਉਨ੍ਹਾਂ ਖਿਡਾਰੀਆਂ ਵਿਚੋਂ ਨਹੀਂ ਹੈ ਜੋ ਮੌਕਾ ਤੇ ਸਥਿਤੀ ਦੇ ਕਾਰਨ ਦਬਾਅ ਵਿਚ ਆ ਜਾਣਗੇ।' ਉਂਝ ਟੀਮ ਦੀ ਫਿਲਹਾਲ ਚੋਣ ਨਾਲ ਸੰਜੇ ਮਾਂਜਰੇਕਰ ਖੁਸ਼ ਹੈ, ਖ਼ਾਸ ਕਰਕੇ ਇਸ ਲਈ ਕਿਸੇ ਦੀ ਚੋਣ ਕਿਸੇ ਚੰਗੇ ਖਿਡਾਰੀ ਦੀ ਕੀਮਤ 'ਤੇ ਨਹੀਂ ਕੀਤੀ ਗਈ ਹੈ। ਉਹ ਵਿਸ਼ਵ ਕੱਪ ਤੋਂ ਵੀ ਪਹਿਲਾਂ ਤੋਂ ਕਹਿੰਦੇ ਆ ਰਹੇ ਹਨ ਕਿ ਭਾਰਤ ਦੀ ਥੋੜ੍ਹੀ ਕਮਜ਼ੋਰੀ ਨੰਬਰ 4, 5 ਤੇ 6 'ਤੇ ਹੈ ਅਤੇ ਭਾਰਤ ਦੀ ਤਾਕਤ ਟੌਪ ਤਿੰਨ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਵਿਚ ਹੈ।
ਸੰਜੇ ਮਾਂਜਰੇਕਰ ਵਿਸ਼ੇਸ਼ ਤੌਰ 'ਤੇ ਭਾਰਤ ਦੇ ਤੇਜ਼ ਗੇਂਦਬਾਜ਼ਾਂ ਤੋਂ ਪ੍ਰਭਾਵਿਤ ਹਨ, ਨਾ ਸਿਰਫ਼ ਉਨ੍ਹਾਂ ਤੋਂ ਜੋ ਟੀਮ ਵਿਚ ਹਨ ਬਲਕਿ ਉਨ੍ਹਾਂ ਤੋਂ ਵੀ ਜੋ ਟੀਮ ਵਿਚ ਆਉਣ ਦੀ ਦਸਤਕ ਦੇ ਰਹੇ ਹਨ। ਉਹ ਦੱਸਦੇ ਹਨ, 'ਇਸ ਸਾਲ ਦੇ ਆਈ. ਪੀ. ਐਲ. ਵਿਚ ਨਵਦੀਪ ਸੈਣੀ, ਪ੍ਰਸਿੱਧ ਕ੍ਰਿਸ਼ਣਾ ਤੇ ਖਲੀਲ ਅਹਿਮਦ ਨੇ ਜੋ ਰਫ਼ਤਾਰ ਤੇ ਜੋਸ਼ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਜ਼ਬਰਦਸਤ ਹੁਨਰ ਉੱਭਰ ਕੇ ਸਾਹਮਣੇ ਆ ਰਿਹਾ ਹੈ ਜੋ ਟੈਂਪਰਾਮੈਂਟ ਦੇ ਲਿਹਾਜ਼ ਨਾਲ ਵੀ ਚੰਗਾ ਹੈ ਅਤੇ ਉਨ੍ਹਾਂ ਭਾਰਤੀ ਬੱਲੇਬਾਜ਼ਾਂ ਤੋਂ ਵੀ ਜਿਨ੍ਹਾਂ ਨੇ ਹਾਲੇ ਭਾਰਤ ਦੀ ਅਗਵਾਈ ਕਰਨ ਦਾ ਮੌਕਾ ਨਹੀਂ ਮਿਲਿਆ ਹੈ।
ਜਿਥੋਂ ਤੱਕ ਕੋਚਿੰਗ ਦੀ ਗੱਲ ਹੈ ਤਾਂ ਉਹ ਕਹਿੰਦੇ ਹਨ, 'ਮੈਂ ਇਹ ਕੰਮ ਨਹੀਂ ਕਰ ਸਕਦਾ। ਜਦੋਂ ਮੈਂ ਮੁੰਬਈ ਦਾ ਕਪਤਾਨ ਸੀ ਤਾਂ ਆਖ਼ਰੀ ਦੋ-ਤਿੰਨ ਸਾਲਾਂ ਵਿਚ ਮੈਂ ਦੋਵੇਂ ਕੋਚ ਤੇ ਖਿਡਾਰੀ ਸੀ, ਮੈਂਟਰ ਜ਼ਿਆਦਾ ਬਣਿਆ ਹੋਇਆ ਸੀ। ਕੋਚਿੰਗ ਵਿਚ ਸਮੱਸਿਆ ਇਹ ਹੈ ਕਿ ਤੁਸੀਂ ਖਿਡਾਰੀਆਂ ਦੇ ਮੁਥਾਜ ਹੋ ਜਾਂਦੇ ਹੋ। ਆਪਣੀਆਂ ਚੰਗੀਆਂ ਕੋਸ਼ਿਸ਼ਾਂ ਦੇ ਬਾਵਜੂਦ ਜੇਕਰ ਤੁਹਾਡੇ ਕੋਲ ਚੰਗੀ ਟੀਮ ਨਹੀਂ ਹੈ ਤਾਂ ਤੁਸੀਂ ਨੌਕਰੀ ਗਵਾ ਬੈਠੋਗੇ। ਕੁਮੈਂਟਰੀ ਕਰਨਾ ਜ਼ਿਆਦਾ ਸੌਖਾ ਅਤੇ ਸਿੱਧਾ ਕੰਮ ਹੈ।' ਸੰਜੇ ਮਾਂਜਰੇਕਰ ਜਦੋਂ ਖਿਡਾਰੀ ਸਨ ਤਾਂ ਉਹ ਕੁਮੈਂਟਰੀ ਨਹੀਂ ਸੁਣਦੇ ਸਨ, ਜਦ ਕਿ ਰਵੀ ਸ਼ਾਸਤਰੀ ਵੈਸਟਇੰਡੀਜ਼ ਵਿਚ ਖੇਡਦੇ ਹੋਏ ਵੀ ਆਸਟ੍ਰੇਲੀਆ ਤੋਂ ਪ੍ਰਸਾਰਨ ਸੁਣਦੇ ਸਨ। ਕ੍ਰਿਕਟ ਦੇਖਣ ਦੀ ਬਜਾਏ ਸੰਜੇ ਮਾਂਜਰੇਕਰ ਨੂੰ ਕ੍ਰਿਕਟ ਖੇਡਣਾ ਜ਼ਿਆਦਾ ਪਸੰਦ ਸੀ।
ਫਿਲਹਾਲ, ਹੁਣ ਸੰਜੇ ਮਾਂਜਰੇਕਰ ਨੂੰ ਕੁਮੈਂਟੇਟਰ ਜ਼ਿਆਦਾ ਪਸੰਦ ਹੈ, ਉਨ੍ਹਾਂ ਨੂੰ ਇੰਗਲੈਂਡ ਦੇ ਨਾਸਿਰ ਹੁਸੈਨ ਸਭ ਤੋਂ ਚੰਗੇ ਲਗਦੇ ਹਨ। ਉਨ੍ਹਾਂ ਅਨੁਸਾਰ ਆਸਟ੍ਰੇਲੀਆ ਦੇ ਇਯਾਨ ਚੈਪਲ ਉਨ੍ਹਾਂ ਵਿਅਕਤੀਆਂ ਵਿਚੋਂ ਹਨ ਜੋ ਆਪਣਾ ਮੂੰਹ ਉਸ ਸਮੇਂ ਤਕ ਨਹੀਂ ਖੋਲ੍ਹਦੇ ਜਦੋਂ ਤੱਕ ਉਨ੍ਹਾਂ ਕੋਲ ਕਹਿਣ ਨੂੰ ਕੁਝ ਮਹੱਤਵਪੂਰਨ ਨਾ ਹੋਵੇ। ਸੰਜੇ ਮਾਂਜਰੇਕਰ ਦੱਸਦੇ ਹਨ, 'ਮੈਨੂੰ ਬਿਲ ਲਾਰੀ ਨੂੰ ਸੁਣਨਾ ਵੀ ਚੰਗਾ ਲਗਦਾ ਸੀ, ਉਨ੍ਹਾਂ ਦੀ ਤਾਂ ਆਦਤ ਪੈ ਜਾਂਦੀ ਸੀ। ਕੁਝ ਅਸਲ ਵਿਚ ਚੰਗੇ ਕੁਮੈਂਟੇਟਰ ਹਨ ਜਿਵੇਂ ਸਾਈਮਨ ਡੌਲ ਤੇ ਇਯਾਨ ਬਿਸ਼ਪ ਜੋ ਆਈ. ਪੀ. ਐਲ. ਕਵਰੇਜ ਦੇ ਥੰਮ੍ਹ ਹਨ।'


ਖ਼ਬਰ ਸ਼ੇਅਰ ਕਰੋ

ਲਿਵਰਪੂਲ ਫੁੱਟਬਾਲ ਨੇ ਰਚਿਆ ਇਤਿਹਾਸ

ਇੰਗਲੈਂਡ ਦੇ ਇਤਿਹਾਸਕ ਕਲੱਬ, ਲਿਵਰਪੂਲ ਫੁੱਟਬਾਲ ਕਲੱਬ ਨੇ ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫੁੱਟਬਾਲ ਟੂਰਨਾਮੈਂਟ 'ਯੂਏਫਾ ਚੈਂਪੀਅਨਜ਼ ਲੀਗ' ਦੇ ਖਿਤਾਬ ਨੂੰ ਜਿੱਤਦੇ ਹੋਏ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਸਪੇਨ ਦੇਸ਼ ਦੇ ਮੈਡ੍ਰਿਡ ਸ਼ਹਿਰ ਵਿਖੇ ਹੋਏ ਫਾਈਨਲ ਮੁਕਾਬਲੇ ਵਿਚ ਲਿਵਰਪੂਲ ਨੇ ਆਪਣੇ ਹੀ ਦੇਸ਼ ਦੀ ਇਕ ਹੋਰ ਟੀਮ ਟੌਟਨਹਮ ਹੌਟਸਪਰ ਨੂੰ 2-0 ਨਾਲ ਹਰਾ ਕੇ ਖਿਤਾਬ ਜਿੱਤਿਆ। ਪਿਛਲੇ ਮਹੀਨੇ, ਮਹਿਜ਼ ਇਕ ਅੰਕ ਨਾਲ ਪ੍ਰੀਮੀਅਰ ਲੀਗ ਦੇ ਖਿਤਾਬ ਤੋਂ ਵਾਂਝੇ ਰਹਿਣ ਤੋਂ ਬਾਅਦ, ਸਮੁੱਚੇ ਲਿਵਰਪੂਲ ਕਲੱਬ ਲਈ ਇਹ ਖਿਤਾਬੀ ਜਿੱਤ ਕਾਫੀ ਮਾਅਨੇ ਰੱਖਦੀ ਹੈ ਪਰ ਖਾਸਕਰ ਕੋਚ ਜਰਗਨ ਕਲੌਪ ਦੀ ਮਿਹਨਤ ਰੰਗ ਲਿਆਈ ਹੈ। ਨਾਲ ਹੀ ਜ਼ਿਕਰ ਕਰਨਾ ਬਣਦਾ ਹੈ ਲਿਵਰਪੂਲ ਦੇ ਸਟਾਰ ਖਿਡਾਰੀ ਮੁਹੰਮਦ ਸਾਲਾਹ ਦਾ, ਜੋ ਪਿਛਲੇ ਸਾਲ ਰੀਅਲ ਮੈਡਰਿਡ ਖ਼ਿਲਾਫ਼ ਯੂਏਫਾ ਚੈਂਪੀਅਨਜ਼ ਲੀਗ ਦੇ ਫਾਈਨਲ ਵਿਚ ਸਿਰਫ਼ 30 ਮਿੰਟ ਖੇਡਣ ਤੋਂ ਬਾਅਦ ਜ਼ਖ਼ਮੀ ਹੋ ਕੇ ਨਮ ਪਲਕਾਂ ਨਾਲ ਮੈਦਾਨ ਵਿਚੋਂ ਬਾਹਰ ਹੋ ਗਏ ਸਨ। ਉਸ ਫਾਈਨਲ ਵਿਚ ਰੀਅਲ ਮੈਡਰਿਡ ਦੇ ਕਪਤਾਨ ਸਰਜੀਓ ਰਾਮੋਸ ਨਾਲ ਟੱਕਰ ਤੋਂ ਬਾਅਦ ਸਾਲਾਹ ਦਾ ਮੋਢਾ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਜਲਦੀ ਹੀ ਮੈਦਾਨ ਛੱਡ ਕੇ ਜਾਣਾ ਪਿਆ ਸੀ। ਇਸ ਵਾਰ ਦੇ ਫਾਈਨਲ ਵਿਚ ਉਨ੍ਹਾਂ ਨੇ ਦੂਜੇ ਮਿੰਟ ਵਿਚ ਹੀ ਗੋਲ ਕਰਕੇ ਫਿਰ ਆਪਣੀ ਟੀਮ ਦੀ ਖ਼ਿਤਾਬੀ ਜਿੱਤ ਵਿਚ ਯੋਗਦਾਨ ਦੇ ਕੇ ਪਿਛਲੇ ਸਾਲ ਦੀ ਖ਼ਿਤਾਬੀ ਕਮੀ ਮਿਟਾਈ।
ਇਸ ਵਾਰ ਦੇ ਯੂਏਫਾ ਚੈਂਪੀਅਨਜ਼ ਲੀਗ ਦੇ ਫਾਈਨਲ ਦੀ ਖ਼ਾਸੀਅਤ ਇਹ ਸੀ ਕਿ ਫਾਈਨਲ ਵਿਚ ਇਕੋ ਦੇਸ਼ ਦੀਆਂ ਦੋ ਟੀਮਾਂ ਆਹਮੋ-ਸਾਹਮਣੇ ਸਨ ਪਰ ਅੰਤ ਨੂੰ ਬਾਜ਼ੀ ਲਿਵਰਪੂਲ ਨੇ ਮਾਰੀ। ਸ਼ੁਰੂਆਤੀ ਅਗੇਤ ਲੈਣ ਤੋਂ ਬਾਅਦ ਲਿਵਰਪੂਲ ਨੇ ਮੈਚ ਨੂੰ ਕਾਬੂ ਵਿਚ ਰੱਖਿਆ ਅਤੇ ਖਿਤਾਬੀ ਮੈਚ ਵਿਚ ਬਿਨਾਂ ਗੋਲ ਖਾਧੇ ਖਿਤਾਬ ਜਿੱਤ ਕੇ ਵੀ ਇਕ ਨਵਾਂ ਰਿਕਾਰਡ ਬਣਾ ਦਿੱਤਾ। ਕੋਚ ਜਰਗਨ ਕਲੌਪ ਦੀ ਬਿਹਤਰੀਨ ਲਿਵਰਪੂਲ ਟੀਮ ਵਿਚ ਕਪਤਾਨ ਜੌਰਡਨ ਹੈਂਡਰਸਨ, ਵਰਜਿਲ ਵੈਨ ਡਾਈਕ, ਮੁਹੰਮਦ ਸਾਲਾਹ, ਸਾਦੀਓ ਮਾਨੇ, ਜੀਨੀ ਵਾਈਨਾਲਡਮ, ਐਂਡੀ ਰਾਬਰਟਸਨ, ਐਲੇਕਜ਼ੈਂਡਰ ਆਰਨਲਡ, ਫ਼ਾਬਿਨ੍ਹੋ, ਰੋਬਰਟੋ ਫਰਮੀਨੋ, ਜੇਮਸ ਮਿਲਨਰ ਅਤੇ ਖਾਸ ਕਰ ਗੋਲਕੀਪਰ ਐਲੀਸਨ ਬੈਕਰ ਸ਼ਾਨਦਾਰ ਖੇਡੇ ਅਤੇ ਇਸ ਇਤਿਹਾਸਕ ਟੀਮ ਦੀ ਇਤਿਹਾਸਕ ਜਿੱਤ ਪੱਕੀ ਕੀਤੀ। ਲਿਵਰਪੂਲ ਦੀ ਇਹ ਖਿਤਾਬੀ ਜਿੱਤ ਨੂੰ ਫੁੱਟਬਾਲ ਜਗਤ ਇਕ ਹੱਕਦਾਰ ਟੀਮ ਦੀ ਜਿੱਤ ਵਜੋਂ ਵੇਖਦਾ ਹੈ, ਕਿਉਂਕਿ ਇਸ ਟੀਮ ਨੇ ਸਾਰਾ ਸੀਜ਼ਨ ਬਿਹਤਰੀਨ ਖੇਡ ਵਿਖਾਈ ਸੀ ਅਤੇ ਇਸ ਦਾ ਖਿਤਾਬ ਜਿੱਤਣਾ ਬਣਦਾ ਵੀ ਸੀ।
ਇਸੇ ਤਰ੍ਹਾਂ, ਯੂਰਪੀ ਫੁੱਟਬਾਲ ਦੇ ਦੂਜੇ ਸਭ ਤੋਂ ਵੱਡੇ ਖਿਤਾਬ ਲਈ ਵੀ ਦੋ ਅੰਗਰੇਜ਼ ਟੀਮਾਂ ਦਾ ਭੇੜ ਹੋਇਆ, ਜਿੱਥੇ ਚੇਲਸੀ ਨੇ ਯੂਰੋਪਾ ਲੀਗ ਦੇ ਇਕਤਰਫਾ ਫਾਈਨਲ ਮੁਕਾਬਲੇ ਵਿਚ ਵਿਰੋਧੀ ਆਰਸਨਲ ਨੂੰ 4-1 ਨਾਲ ਕਰਾਰੀ ਹਾਰ ਦੇ ਕੇ ਯੂਰੋਪਾ ਲੀਗ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਚੇਲਸੀ ਨੇ ਆਖ਼ਰੀ ਵਾਰ 2013 ਵਿਚ ਇਹ ਖ਼ਿਤਾਬ ਜਿੱਤਿਆ ਸੀ। ਚੇਲਸੀ ਲਈ ਬੈਲਜੀਅਮ ਦੇ ਸਟਾਰ ਖਿਡਾਰੀ ਈਡਨ ਹੈਡਾਰਡ ਨੇ ਇਸ ਮੈਚ ਵਿਚ 2 ਗੋਲ ਕੀਤੇ ਅਤੇ ਇਕ ਗੋਲ ਕਰਨ ਵਿਚ ਮਦਦ ਵੀ ਕੀਤੀ। ਇੰਗਲਿਸ਼ ਕਲੱਬ ਲਈ ਉਨ੍ਹਾਂ ਦਾ ਇਹ ਆਖ਼ਰੀ ਮੈਚ ਵੀ ਹੋ ਨਿੱਬੜਿਆ, ਕਿਉਂਕਿ ਉਨ੍ਹਾਂ ਦੇ ਸਪੈਨਿਸ਼ ਮਹਾਰਥੀ ਰੀਅਲ ਮੈਡਰਿਡ ਨਾਲ ਜੁੜਨ ਦਾ ਐਲਾਨ ਕੀਤਾ ਹੋਇਆ ਹੈ। ਇਕ ਕੋਚ ਦੇ ਰੂਪ ਵਿਚ ਚੇਲਸੀ ਦੇ ਮਾਰੀਸੀਓ ਸਾਰੀ ਦੇ ਜੀਵਨ ਦੀ ਇਹ ਪਹਿਲੀ ਟਰਾਫੀ ਹੈ, ਜਦਕਿ ਚੇਲਸੀ ਨੇ ਪੰਜਵੀਂ ਵਾਰ ਯੂਰਪੀ ਟੂਰਨਾਮੈਂਟ ਦਾ ਫਾਈਨਲ ਜਿੱਤਿਆ। ਰੌਚਕ ਗੱਲ ਇਹ ਹੈ ਕਿ ਆਪਣੇ ਸਟਾਰ ਖਿਡਾਰੀ ਵਾਂਗ ਸਾਰੀ ਵੀ ਕਲੱਬ ਬਦਲਣ ਦੀ ਸੋਚ ਰਹੇ ਹਨ। ਇਸ ਦੌਰਾਨ, ਚੇਲਸੀ ਯੂਰਪਾ ਲੀਗ ਵਿਚ ਬਿਨਾਂ ਕੋਈ ਮੈਚ ਹਾਰੇ ਖ਼ਿਤਾਬ ਜਿੱਤਣ ਵਾਲੀ ਪਹਿਲੀ ਟੀਮ ਵੀ ਬਣੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com

ਅਰਜਨ ਐਵਾਰਡੀ ਫੁੱਟਬਾਲ ਖਿਡਾਰੀ ਇੰਦਰ ਸਿੰਘ

ਫੁੱਟਬਾਲ ਵਿਚ ਇੰਦਰ ਸਿੰਘ ਜਾਣਿਆ-ਪਹਿਚਾਣਿਆ ਚਿਹਰਾ ਹੈ। ਫਾਰਵਰਡ ਖੇਡਣ ਵਾਲੇ ਇੰਦਰ ਸਿੰਘ ਨੇ ਕਹਿੰਦੇ-ਕਹਾਉਂਦੇ ਸਟਾਪਰਾਂ ਨੂੰ ਮੈਚਾਂ ਵਿਚ ਵਖ਼ਤ ਪਾਈ ਰੱਖਿਆ। ਫੁੱਟਬਾਲ ਜਾਣਕਾਰਾਂ ਮੁਤਾਬਿਕ ਇੰਦਰ ਸਿੰਘ ਦੇ ਹਾਣ-ਪ੍ਰਵਾਨ ਦਾ ਕੋਈ ਫੁੱਟਬਾਲਰ ਨਜ਼ਰ ਨਹੀਂ ਆਉਂਦਾ। 1943 ਨੂੰ ਜਨਮੇ ਇੰਦਰ ਸਿੰਘ ਨੇ 1960 ਵਿਚ ਲੀਡਰ ਕਲੱਬ ਜਲੰਧਰ ਵਲੋਂ ਆਪਣਾ ਫੁੱਟਬਾਲ ਕੈਰੀਅਰ ਦਾ ਆਗਾਜ਼ ਕੀਤਾ। 1974 ਵਿਚ ਹੋਈ ਸੰਤੋਸ਼ ਟਰਾਫੀ ਵਿਚ ਇੰਦਰ ਸਿੰਘ ਨੇ ਸਭ ਤੋਂ ਵੱਧ ਗੋਲ ਦਾਗੇ। 1974 ਸੰਤੋਸ਼ ਟਰਾਫੀ ਵਿਚ ਪੰਜਾਬ ਵਲੋਂ ਖੇਡਦਿਆਂ ਇੰਦਰ ਸਿੰਘ ਨੇ 23 ਸ਼ਾਨਦਾਰ ਗੋਲ ਕੀਤੇ। 1974 ਸੰਤੋਸ਼ ਟਰਾਫੀ ਦਾ ਫਾਈਨਲ ਮੁਕਾਬਲਾ ਗੋਆ ਨਾਲ ਹੋਇਆ। ਇਸ ਫਾਈਨਲ ਮੁਕਾਬਲੇ ਵਿਚ ਇੰਦਰ ਸਿੰਘ ਨੇ ਹੈਟ੍ਰਿਕ ਮਾਰ ਖਿਤਾਬ ਪੰਜਾਬ ਦੀ ਝੋਲੀ ਪਾਇਆ। ਸੰਤੋਸ਼ ਟਰਾਫੀ ਵਿਚ ਪੰਜਾਬ ਟੀਮ ਨੇ ਕੁੱਲ 46 ਗੋਲ ਕੀਤੇ। ਇਕੱਲੇ ਇੰਦਰ ਸਿੰਘ ਨੇ 23 ਗੋਲ ਕੀਤੇ। ਆਪਣੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਇੰਦਰ ਸਿੰਘ ਨੇ 1963 ਵਿਚ ਕੀਤੀ। ਭਾਰਤੀ ਟੀਮ ਵਲੋਂ 1964 ਵਿਚ ਏਸ਼ੀਆ ਕੱਪ ਖੇਡਿਆ। ਪਹਿਲੇ ਮੁਕਾਬਲੇ ਵਿਚ ਹੀ ਇੰਦਰ ਸਿੰਘ ਨੇ ਸਾਊਥ ਕੋਰੀਆ ਨੂੰ ਗੋਲ ਦਾਗਿਆ। ਭਾਰਤੀ ਟੀਮ ਨੇ ਇਹ ਮੈਚ 2-0 ਗੋਲਾ ਨਾਲ ਜਿੱਤਿਆ। ਇਸ ਟੂਰਨਾਮੈਂਟ ਵਿਚ ਭਾਰਤ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਏਸ਼ੀਆ ਕੱਪ ਵਿਚ ਇੰਦਰ ਸਿੰਘ ਨੂੰ ਬੈਸਟ ਰਾਈਟ ਆਊਟ ਐਲਾਨਿਆ ਗਿਆ।
1966 ਏਸ਼ੀਆ ਗੇਮਜ਼ ਬੈਂਕਾਕ ਵਿਚ ਇੰਦਰ ਸਿੰਘ ਨੇ ਆਪਣੀ ਖੇਡ ਦੇ ਜੌਹਰ ਵਿਖਾਏ। 1964 ਮਲੇਸ਼ੀਆ ਕੱਪ ਵਿਚ ਭਾਰਤੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਕੰਬੋਡੀਆ ਤੇ ਸਾਊਥ ਕੋਰੀਆ ਨੇ ਦੋ ਯਾਦਗਰੀ ਗੋਲ ਦਾਗੇ। 1969 ਵਿਚ ਭਾਰਤ ਸਰਕਾਰ ਨੇ ਭਾਰਤੀ ਫੁੱਟਬਾਲ ਦੇ ਇਸ ਅਨਮੋਲ ਹੀਰੇ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ। ਇੰਦਰ ਸਿੰਘ ਦੀ ਤੇਜ਼-ਤਰਾਰ ਖੇਡ ਦਾ ਅੰਦਾਜ਼ਾ ਇਸ ਗੱਲ ਤੋਂ ਲਗਦਾ ਹੈ ਕਿ ਜਦੋਂ ਰੂਸ ਦੀ ਟੀਮ ਭਾਰਤ ਦੇ ਦੌਰ 'ਤੇ ਆਈ ਤਾਂ ਰੂਸੀ ਟੀਮ ਨੇ ਭਾਰਤ ਦੇ ਵੱਖੋ-ਵੱਖਰੀਆਂ ਟੀਮਾਂ ਨਾਲ ਮੈਚ ਖੇਡੇ। ਇਸ ਰੂਸੀ ਟੀਮ ਨੇ ਕਿਸੇ ਟੀਮ ਤੇ ਖਿਡਾਰੀ ਦੀ ਇਕ ਨਾ ਚੱਲਣ ਦਿੱਤੀ। ਇਸ ਰੂਸੀ ਟੀਮ ਦਾ ਮੁਕਾਬਲਾ ਲੀਡਰਜ਼ ਕਲੱਬ ਜਲੰਧਰ ਨਾਲ ਹੋਇਆ। ਲੀਡਰਜ਼ ਕਲੱਬ ਵਲੋਂ ਇੰਦਰ ਸਿੰਘ ਖੇਡ ਰਿਹਾ ਸੀ। ਰੂਸ ਦੀ ਇਸ ਤਾਕਤਵਰ ਟੀਮ ਨੇ ਲੀਡਰਜ਼ ਕਲੱਬ ਨੂੰ ਕਈ ਗੋਲ ਦਾਗੇ ਪਰ ਇਸ ਮੁਕਾਬਲੇ ਵਿਚ ਇੰਦਰ ਸਿੰਘ ਨੇ ਰੂਸ ਦੇ ਸਟੋਪਰਾਂ ਨੂੰ ਚਕਵਾਂ ਦੇ ਕੇ ਇਕ ਦਰਸ਼ਨੀ ਗੋਲ ਦਾਗਿਆ। ਇੰਦਰ ਸਿੰਘ ਦੇ ਇਸ ਗੋਲ ਦੀ ਪ੍ਰਸੰਸਾ ਪੂਰੇ ਫੁੱਟਬਾਲ ਜਗਤ ਵਿਚ ਹੋਈ। ਅੱਜ ਵੀ ਜਦੋਂ ਕਿਤੇ ਭਾਰਤੀ ਫੁੱਟਬਾਲ ਦੀ ਗੱਲ ਚਲਦੀ ਹੈ ਤਾਂ ਇੰਦਰ ਸਿੰਘ ਵਲੋਂ ਦਾਗੇ ਇਸ ਗੋਲ ਦੀ ਹਮੇਸ਼ਾ ਚਰਚਾ ਹੁੰਦੀ ਹੈ।
ਇਸ ਤੋਂ ਇਲਾਵਾ ਇੰਦਰ ਸਿੰਘ ਦੋ ਵਾਰੀ ਆਲ ਸਟਾਰ ਏਸ਼ੀਆ ਟੀਮ ਦਾ ਮੈਂਬਰ ਵੀ ਰਿਹਾ। ਪਹਿਲੀ ਵਾਰ 1967 ਵਿਚ ਅਤੇ ਦੂਜੀ ਵਾਰ 1968 ਵਿਚ। ਇੰਦਰ ਸਿੰਘ ਦੀ ਖੇਡ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਭਾਰਤ ਤੋਂ ਇਲਾਵਾ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ 1967 ਵਿਚ ਇੰਦਰ ਸਿੰਘ ਨੂੰ ਮਲੇਸ਼ੀਆ ਵਲੋਂ ਖੇਡਣ ਲਈ ਪੇਸ਼ਕਸ਼ ਕੀਤੀ। ਪਰ ਦੇਸ਼ ਪ੍ਰੇਮੀ ਇੰਦਰ ਸਿੰਘ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਆਖਿਆ ਕਿ ਉਹ ਆਪਣੇ ਮੁਲਕ ਵਲੋਂ ਹੀ ਫੁੱਟਬਾਲ ਖੇਡੇਗਾ। ਭਾਰਤੀ ਫੁੱਟਬਾਲ ਦੇ ਸੁਨਹਿਰੀ ਯੁੱਗ ਦੇ ਸੁਨਹਿਰੀ ਖਿਡਾਰੀਆਂ ਦੀਆਂ ਖੇਡ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਭਾਵੇਂ ਅੱਜ ਭਾਰਤੀ ਫੁੱਟਬਾਲ ਦਾ ਮਿਆਰ ਬਹੁਤ ਡਿੱਗ ਚੁੱਕਾ ਹੈ ਪਰ ਜਦੋਂ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਮਨ ਨੂੰ ਤਸੱਲੀ ਹੁੰਦੀ ਹੈ ਕਿ ਭਾਰਤੀ ਫੁੱਟਬਾਲ ਵਿਚ ਅਜਿਹੇ ਸਾਹ ਸਵਾਰ ਪੈਦਾ ਹੋਏ, ਜਿਨ੍ਹਾਂ ਨੇ ਫੁੱਟਬਾਲ ਜਗਤ ਵਿਚ ਖੂਬ ਨਾਂਅ ਚਮਕਾਇਆ ਹੈ। ਆਪਣੀ ਖੇਡ ਨਾਲ ਇੰਦਰ ਸਿੰਘ ਨੇ ਭਾਰਤੀ ਫੁੱਟਬਾਲ ਨੂੰ ਸਿਖਰਾਂ ਦੇ ਦਰਸ਼ਨ ਕਰਵਾਏ। ਇੰਦਰ ਸਿੰਘ ਨੂੰ ਪਰਾਇਡ ਆਫ ਫਗਵਾੜਾ ਨਾਲ ਸਨਮਾਨਿਆ ਜਾ ਚੁੱਕਾ ਹੈ। ਆਪਣੀ ਖੇਡ ਨਾਲ ਖੂਬ ਨਾਂਅ ਕਮਾਉਣ ਤੋਂ ਇਲਾਵਾ ਇੰਦਰ ਸਿੰਘ ਪੰਜਾਬ ਦੇ ਚਰਚਿਤ ਫੁੱਟਬਾਲ ਕਲੱਬ ਜੇ.ਸੀ.ਟੀ. ਮਿੱਲ ਫਗਵਾੜਾ ਨੇ ਲੰਬਾ ਸਮਾਂ ਮੈਨੇਜਰ ਰਹੇ ਹਨ।


-ਮੋਬਾ: 97792-07572

ਵਿਸ਼ਵ ਦੀ ਨੰਬਰ ਇਕ ਖਿਡਾਰਨ ਹੈ ਅਰਜਨ ਐਵਾਰਡ ਵਿਜੇਤਾ ਅਥਲੀਟ ਦੀਪਾ ਮਲਕ

ਵਿਸ਼ਵ ਦੀ ਨੰਬਰ ਇਕ ਖਿਡਾਰਨ ਹੈ ਪੈਰਾ ਅਥਲੀਟ ਦੀਪਾ ਮਲਕ। ਇਸੇ ਕਰਕੇ ਤਾਂ ਦੇਸ਼ ਦੇ ਬੜੇ ਹੀ ਵੱਡੇ ਐਵਾਰਡ ਜਾਣੀ ਅਰਜਨ ਐਵਾਰਡ ਨਾਲ ਹੀ ਨਹੀਂ ਸਨਮਾਨੀ ਗਈ, ਸਗੋਂ ਦੇਸ਼ ਦੇ ਹੋਰ ਵੀ ਵਕਾਰੀ ਸਨਮਾਨ ਉਸ ਦੀ ਝੋਲੀ ਪੈਣ ਦਾ ਮਾਣ ਹਾਸਲ ਹੈ ਅਤੇ ਭਾਰਤ ਨੂੰ ਅਜਿਹੀਆਂ ਸ਼ਖ਼ਸੀਅਤਾਂ 'ਤੇ ਮਾਣ ਹੀ ਨਹੀਂ, ਸਗੋਂ ਦੀਪਾ ਮਲਕ ਨੇ ਵੀ ਭਾਰਤ ਦਾ ਮਾਣ ਪੂਰੇ ਸੰਸਾਰ ਵਿਚ ਵਧਾਇਆ ਹੈ। ਦੀਪਾ ਮਲਕ ਦਾ ਜਨਮ 30 ਸਤੰਬਰ, 1970 ਨੂੰ ਹਰਿਆਣਾ ਪ੍ਰਾਂਤ ਦੇ ਪਿੰਡ ਭਾਈਸਵਾਲ ਵਿਚ ਹੋਇਆ ਅਤੇ ਹਾਦਸਾ ਹੋ ਜਾਣ ਤੋਂ ਬਾਅਦ ਉਸ ਦੀ ਜ਼ਿੰਦਗੀ ਵੀਲ੍ਹਚੇਅਰ 'ਤੇ ਆ ਟਿਕੀ ਪਰ ਉਸ ਨੇ ਐਨਾ ਵੱਡਾ ਹਾਦਸਾ ਵਾਪਰਨ ਤੋਂ ਬਾਅਦ ਵੀ ਹੌਸਲਾ ਨਹੀਂ ਹਾਰਿਆ ਅਤੇ ਉਹ ਬੁਲੰਦ ਹੌਸਲੇ ਦੀ ਅਜਿਹੀ ਮਿਸਾਲ ਬਣੀ, ਜਿਸ ਕਰਕੇ ਦੀਪਾ ਮਲਕ ਅੱਜ ਸਭ ਲਈ ਖਾਸ ਕਰਕੇ ਔਰਤਾਂ ਲਈ ਇਕ ਰੋਲ ਮਾਡਲ ਹੈ। ਉਹ ਖੇਡਾਂ ਦੇ ਖੇਤਰ ਵਿਚ ਬਹੁਪੱਖੀ ਸ਼ਖ਼ਸੀਅਤ ਹੈ ਅਤੇ ਉਹ ਸ਼ਾਟਪੁੱਟ, ਜੈਵਲਨ ਥਰੋ, ਡਿਸਕਸ ਥਰੋ, ਸਵੀਮਿੰਗ ਅਤੇ ਮੋਟਰਸਾਈਕਲਿੰਗ ਵੀ ਕਰਦੀ ਹੈ ਅਤੇ ਇਨ੍ਹਾਂ ਸਾਰੀਆਂ ਹੀ ਖੇਡਾਂ ਵਿਚ ਉਸ ਨੇ ਵਿਸ਼ਵ ਵਿਆਪੀ ਵੱਡੇ ਖਿਤਾਬ ਭਾਰਤ ਦੀ ਝੋਲੀ ਪਾਏ ਹਨ। ਜੇਕਰ ਉਸ ਵਲੋਂ ਜਿੱਤੇ ਤਗਮਿਆਂ ਦੀ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਪੱਧਰ 'ਤੇ ਉਸ ਨੇ 58 ਸੋਨ ਤਗਮੇ, 5 ਚਾਂਦੀ ਦੇ ਅਤੇ 2 ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ ਹਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ 23 ਤਗਮੇ ਜਿੱਤ ਕੇ ਭਾਰਤ ਦੇ ਤਿਰੰਗੇ ਨੂੰ ਹੋਰ ਬੁਲੰਦੀਆਂ 'ਤੇ ਲਹਿਰਾਇਆ ਹੈ।
ਸਾਲ 2018 ਵਿਚ ਜੈਕਾਰਤਾ ਵਿਖੇ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿਚ ਦੀਪਾ ਮਲਕ ਨੇ ਜੈਵਲਿਨ ਥਰੋ ਵਿਚ 2 ਕਾਂਸੀ ਦੇ ਤਗਮੇ ਅਤੇ 1 ਡਿਸਕਸ ਥਰੋ ਵਿਚ ਕਾਂਸੀ ਦਾ ਤਗਮਾ ਜਿੱਤਿਆ। ਸਾਲ 2016 ਵਿਚ ਰੀਓ ਜਨੇਰੀਓ ਵਿਚ ਹੋਈ ਪੈਰਾ ਉਲੰਪਿਕ ਵਿਚ ਉਹ ਭਾਰਤ ਦੀਆਂ ਔਰਤਾਂ ਵਿਚ ਇਕੋ-ਇਕ ਤਗਮਾ ਵਿਜੇਤਾ ਬਣੀ ਅਤੇ ਉਸ ਨੇ ਸ਼ਾਟਪੁੱਟ ਵਿਚ ਪੂਰੇ ਵਿਸ਼ਵ ਵਿਚ ਦੂਜਾ ਸਥਾਨ ਹਾਸਲ ਕੀਤਾ। ਸਾਲ 2015 ਵਿਚ ਦੇਸ਼ ਦੋਹਾ ਵਿਚ ਅਥਲੈਟਿਕ ਵਰਲਡ ਚੈਂਪੀਅਨਸ਼ਿਪ ਵਿਚ ਸ਼ਾਟਪੁੱਟ ਖੇਡਦਿਆਂ 5ਵਾਂ ਸਥਾਨ ਹਾਸਲ ਕੀਤਾ। ਸਾਲ 2016 ਵਿਚ ਡੁਬਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਜੈਵਲਿਨ ਥਰੋਅ ਵਿਚ ਸੋਨ ਤਗਮਾ ਅਤੇ ਸ਼ਾਟਪੁੱਟ ਵਿਚ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਸਾਲ 2014 ਵਿਚ ਏਸ਼ੀਅਨ ਪੈਰਾ ਖੇਡਾਂ ਵਿਚ ਜੈਵਲਿਨ ਥਰੋਅ ਵਿਚ ਚਾਂਦੀ ਦਾ ਤਗਮਾ ਹੀ ਨਹੀਂ ਜਿੱਤਿਆ, ਸਗੋਂ ਉਸ ਨੇ ਏਸ਼ੀਅਨ ਰਿਕਾਰਡ ਵੀ ਬਣਾਇਆ। ਸਾਲ 2015 ਵਿਚ ਦੋਹਾ ਅਤੇ ਚੈਨਾ ਵਿਚ ਬੀਜਿੰਗ ਵਿਚ ਸ਼ਾਟਪੁੱਟ ਵਿਚ ਸੋਨ ਤਗਮਾ ਜਿੱਤਿਆ। ਸਾਲ 2012 ਵਿਚ ਮਲੇਸ਼ੀਆ ਵਿਚ ਮਲੇਸ਼ੀਅਨ ਓਪਨ ਅਥਲੈਟਿਕ ਚੈਂਪੀਅਨਸ਼ਿਪ ਵਿਚ ਜੈਵਲਿਨ ਥਰੋ ਅਤੇ ਡਿਸਕਸ ਥਰੋ ਵਿਚ 2 ਸੋਨ ਤਗਮੇ ਜਿੱਤ ਕੇ ਨਵਾਂ ਏਸ਼ੀਅਨ ਰਿਕਾਰਡ ਬਣਾਇਆ। ਸਾਲ 2011 ਵਿਚ ਡੁਬਈ ਸ਼ਾਰਜਾਹ ਵਿਖੇ 2 ਕਾਂਸੀ ਦੇ ਤਗਮੇ ਜਿੱਤ ਕੇ ਦੋ ਏਸ਼ਅਨ ਰਿਕਾਰਡ ਬਣਾਏ।
ਸਾਲ 2010 ਵਿਚ ਚੀਨ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਇਕੋ-ਇਕ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਔਰਤ ਬਣੀ। ਸਾਲ 2010 ਵਿਚ ਹੀ ਇੰਗਲੈਂਡ ਵਿਚ ਹੋਈਆਂ ਪੈਰਾ ਖੇਡਾਂ ਵਿਚ ਦੀਪਾ ਮਲਕ ਨੇ 3 ਸੋਨ ਤਗਮੇ ਸ਼ਾਟਪੁੱਟ, ਡਿਸਕਸ ਥਰੋ ਅਤੇ ਜੈਵਲਿਨ ਥਰੋ ਵਿਚ ਆਪਣੇ ਨਾਂਅ ਕਰਕੇ ਪੂਰੇ ਏਸ਼ੀਆ ਵਿਚ ਇਕ ਵੱਡਾ ਰਿਕਾਰਡ ਬਣਾਇਆ। ਸਾਲ 2009 ਵਿਚ ਭਾਰਤ ਵਿਚ ਹੋਈਆਂ ਵਰਲਡ ਗੇਮ ਖੇਡਾਂ ਵਿਚ ਵੀ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਉਸ ਦੀਆਂ ਪ੍ਰਾਪਤੀਆਂ ਦੀ ਸੂਚੀ ਬਹੁਤ ਲੰਮੀ ਹੈ। ਇਥੇ ਹੀ ਬਸ ਨਹੀਂ, ਉਹ ਵੀਲ੍ਹਚੇਅਰ 'ਤੇ ਹੋਣ ਕਰਕੇ ਉਸ ਨੇ ਮੋਟਰ ਸਪੋਰਟਸ ਵਿਚ ਵੀ ਕਈ ਖਿਤਾਬ ਆਪਣੇ ਨਾਂਅ ਕੀਤੇ ਹਨ। ਚੇਨਈ ਤੋਂ ਦਿੱਲੀ ਤੱਕ 3278 ਕਿਲੋਮੀਟਰ ਦੀ ਉਹ ਕਾਰ ਰੇਸ ਵੀ ਕਰ ਚੁੱਕੀ ਹੈ ਅਤੇ ਪੂਰੇ 9 ਦਿਨਾਂ ਵਿਚ ਕਾਰ ਉਪਰ ਲੇਹ-ਲਦਾਖ ਦੀ ਯਾਤਰਾ ਕਰਕੇ ਉਸ ਨੇ ਸਾਬਤ ਕਰ ਦਿੱਤਾ ਕਿ ਹਿੰਮਤ ਅਤੇ ਹੌਸਲੇ ਨਾਲ ਅਪਾਹਜ ਆਦਮੀ ਵੀ ਆਮ ਆਦਮੀਆਂ ਵਾਂਗ ਵੱਡੀਆਂ ਪ੍ਰਾਪਤੀਆਂ ਕਰ ਸਕਦਾ ਹੈ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਸਦਕਾ ਸਾਲ 2012 ਵਿਚ ਭਾਰਤ ਸਰਕਾਰ ਵਲੋਂ ਦੀਪਾ ਮਲਕ ਨੂੰ ਅਰਜਨ ਐਵਾਰਡ ਨਾਲ ਸਨਮਾਨਿਆ ਗਿਆ। ਸਾਲ 2014 ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਉਸ ਨੂੰ ਰੋਲ ਮਾਡਲ ਐਵਾਰਡ ਦੇ ਨਾਲ ਵੀ ਸਨਮਾਨਿਆ ਗਿਆ। ਸਾਲ 2009-10 ਵਿਚ ਮਹਾਰਾਸ਼ਟਰ ਸਰਕਾਰ ਨੇ ਉਸ ਨੂੰ ਮਹਾਰਾਸ਼ਟਰਾ ਛਤਰਪਤੀ ਐਵਾਰਡ ਨਾਲ ਸਨਮਾਨਿਆ। ਸਾਲ 2008 ਵਿਚ ਉਸ ਨੂੰ ਹਰਿਆਣਾ ਸਰਕਾਰ ਨੇ ਹਰਿਆਣਾ ਕਰਮ ਭੂਮੀ ਐਵਾਰਡ ਨਾਲ ਸਨਮਾਨਿਆ।
ਸਾਲ 2006 ਵਿਚ ਮਹਾਰਾਸ਼ਟਰ ਸਰਕਾਰ ਨੇ ਸਵਾਲਾਵਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਤੇ ਸਾਲ 2017 ਵਿਚ ਭਾਰਤ ਸਰਕਾਰ ਵਲੋਂ ਉਸ ਨੂੰ ਪਦਮਸ੍ਰੀ ਐਵਾਰਡ ਨਾਲ ਸਨਮਾਨਿਆ ਗਿਆ ਤੇ ਇਸ ਦੇ ਨਾਲ ਹੀ ਉਸ ਨੂੰ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਵਲੋਂ ਮਹਾਨ ਔਰਤ ਦਾ ਦਰਜਾ ਦੇ ਕੇ ਸਨਮਾਨਿਆ ਗਿਆ। ਸਾਲ 2010-12 ਵਿਚ ਏਸ਼ੀਅਨ ਰੈਂਕਿੰਗ ਵਿਚ ਪਹਿਲਾ ਸਥਾਨ ਹਾਸਲ ਕਰਨ 'ਤੇ ਉਸ ਦਾ ਲਿਮਕਾ ਵਰਲਡ ਰਿਕਾਰਡ ਵਿਚ ਵੀ ਨਾਂਅ ਦਰਜ ਹੋਇਆ। ਸਾਲ 2009 ਵਿਚ ਉਸ ਨੂੰ ਨਾਰੀ ਗੌਰਵ ਪੁਰਸਕਾਰ ਨਾਲ ਸਨਮਾਨਿਆ ਗਿਆ। ਸਾਲ 2009 ਵਿਚ ਹੀ ਗੁਰੂ ਗੋਬਿੰਦ ਸੌਰੀਆ ਪੁਰਸਕਾਰ ਨਾਲ ਸਨਮਾਨਿਆ ਗਿਆ ਤੇ 2007 ਦੀ ਰੋਟਰੀ ਵੋਮੈਨ ਵੀ ਰਹੀ ਤੇ ਸਾਲ 2013 ਵਿਚ ਉਸ ਨੂੰ ਕਰਮਵੀਰ ਚੱਕਰ ਐਵਾਰਡ ਨਾਲ ਵੀ ਸਨਮਾਨਿਆ ਗਿਆ। ਸਾਲ 2013 ਵਿਚ ਉਸ ਨੂੰ ਫੈਮੀਨਾ ਐਵਾਰਡ ਵਿਚ ਪਿਆਰੀ ਔਰਤ ਦੇ ਐਵਾਰਡ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਉਸ ਦੀ ਝੋਲੀ ਵਿਚ ਦੇਸ਼ ਪੱਧਰੀ ਤੇ ਸੰਸਾਰ ਪੱਧਰੀ ਐਵਾਰਡ ਪਏ ਹਨ। ਦੀਪਾ ਮਲਕ ਦੇ ਜੇਕਰ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਅੱਜਕਲ੍ਹ ਉਹ ਆਪਣੇ ਪਤੀ ਕਰਨਲ ਬਿਕਰਮ ਸਿੰਘ ਤੇ ਆਪਣੀਆਂ ਦੋ ਬੇਟੀਆਂ ਨਾਲ ਜਿੱਥੇ ਪਰਿਵਾਰਕ ਜ਼ਿੰਦਗੀ ਬਤੀਤ ਕਰ ਰਹੀ ਹੈ, ਉੱਥੇ ਖੇਡਾਂ ਦੇ ਖੇਤਰ ਵਿਚ ਵੀ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਖੇਡ ਮੰਤਰਾਲਾ ਭਾਰਤ ਸਰਕਾਰ ਵਿਚ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ। ਸੱਚਮੁੱਚ ਦੀਪਾ ਮਲਕ ਭਾਰਤ ਦਾ ਉਹ ਨਗੀਨਾ ਹੈ, ਜਿਸ 'ਤੇ ਭਾਰਤ ਹੀ ਨਹੀਂ, ਪੂਰਾ ਸੰਸਾਰ ਮਾਣ ਕਰਦਾ ਹੈ।


-ਪਿੰਡ ਤੇ ਡਾਕ: ਬੁੱਕਣਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਗ੍ਰਾਹਮ ਰੀਡ : ਕੀ ਭਾਰਤੀ ਹਾਕੀ ਟੀਮ ਲਈ ਅਸਰਦਾਰ ਕੋਚ ਸਾਬਤ ਹੋਵੇਗਾ?

ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ 6 ਜੂਨ ਤੋਂ ਲੈ ਕੇ 15 ਤੱਕ ਐਫ.ਆਈ.ਐਚ. ਮੈਨਜ਼ ਸੀਰੀਜ਼ ਫਾਈਨਲ ਚੱਲਿਆ, ਜਿਸ ਵਿਚ ਭਾਰਤ, ਜਾਪਾਨ, ਮੈਕਸੀਕੋ, ਪੋਲੈਂਡ, ਰੂਸ, ਦੱਖਣੀ ਅਫਰੀਕਾ, ਯੂ.ਐਸ.ਏ., ਉਜ਼ਬੇਕਿਸਤਾਨ ਦੀਆਂ ਟੀਮਾਂ ਨੇ ਭਾਗ ਲਿਆ। ਭਾਰਤੀ ਹਾਕੀ ਪ੍ਰੇਮੀਆਂ ਲਈ ਖੁਸ਼ਖਬਰੀ ਵਾਲੀ ਗੱਲ ਹੈ ਕਿ ਭਾਰਤ ਨੇ 2020 'ਚ ਟੋਕੀਓ ਵਿਖੇ ਹੋਣ ਵਾਲੀਆਂ ਉਲੰਪਿਕ ਖੇਡਾਂ ਦੇ ਕੁਆਲੀਫਿਕੇਸ਼ਨ ਦੇ ਅਗਲੇ ਗੇੜ ਲਈ ਆਪਣਾ ਨਾਂਅ ਦਰਜ ਕਰਵਾ ਲਿਆ ਹੈ ਅਤੇ ਭਾਰਤੀ ਟੀਮ ਦੱਖਣੀ ਅਫਰੀਕਾ ਨੂੰ ਫਾਈਨਲ ਵਿਚ 5-1 ਨਾਲ ਹਰਾ ਕੇ ਚੈਂਪੀਅਨ ਬਣ ਗਈ ਹੈ। ਇਸ ਟੂਰਨਾਮੈਂਟ ਦੀ ਸਭ ਤੋਂ ਵੱਡੀ ਖ਼ਬਰ ਇਹ ਹੈ ਕਿ ਭਾਰਤੀ ਹਾਕੀ ਟੀਮ ਦੀ ਵਾਗਡੋਰ ਨਵਨਿਯੁਕਤ ਗ੍ਰਾਹਮ ਰੀਡ ਦੇ ਹੱਥਾਂ 'ਚ ਹੈ, ਜੋ ਕਿ ਆਸਟਰੇਲੀਆ ਨਾਲ ਸਬੰਧਤ ਹੈ। ਟੋਕੀਓ ਉਲੰਪਿਕ 2020 ਨੂੰ ਮੱਦੇਨਜ਼ਰ ਰੱਖਦਿਆਂ ਇਸ ਦੀ ਨਿਯੁਕਤੀ ਹੋਈ ਹੈ। ਹਾਕੀ ਇੰਡੀਆ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਸਾਂਝੀ ਸਲਾਹ ਦੇ ਮੁਤਾਬਿਕ ਇਸ ਆਸਟਰੇਲੀਆਈ ਕੋਚ ਨੂੰ ਨਿਯੁਕਤ ਕੀਤਾ ਗਿਆ, ਜਿਸ ਦਾ ਪਹਿਲਾ ਯਤਨ ਭਾਰਤੀ ਟੀਮ ਨੂੰ ਉਲੰਪਿਕ ਹਾਕੀ ਟੋਕੀਓ ਲਈ ਕੁਆਲੀਫਾਈ ਕਰਵਾਉਣਾ, ਦੂਜਾ ਮਿਸ਼ਨ ਉਲੰਪਿਕ ਹਾਕੀ 'ਚ ਭਾਰਤੀ ਪ੍ਰਦਰਸ਼ਨ ਨੂੰ ਸੁਧਾਰਨਾ ਹੈ। ਰੀਡ ਕੋਚ ਨੇ ਭਾਵੇਂ ਭਾਰਤੀ ਹਾਕੀ ਟੀਮ ਦੀ ਵਾਗਡੋਰ ਸੰਭਾਲ ਕੇ ਮਾਣ ਮਹਿਸੂਸ ਕੀਤਾ ਪਰ ਉਸ ਦੀ ਕੋਚਿੰਗ ਦੀ ਸਖ਼ਤ ਪ੍ਰੀਖਿਆ ਵੀ ਨਾਲ ਹੀ ਸਿਰ 'ਤੇ ਖੜ੍ਹੀ ਹੈ। ਇਸ ਤੋਂ ਪਹਿਲਾਂ ਹਾਲੈਂਡ 'ਚ ਉਹ ਕੌਮੀ ਟੀਮ ਦਾ ਅਸਿਸਟੈਂਟ ਕੋਚ ਸੀ। ਜਿਥੋਂ ਤੱਕ ਉਸ ਦੇ ਵਿਸ਼ਵ ਪੱਧਰ 'ਤੇ ਰਹਿ ਚੁੱਕੇ ਖਿਡਾਰੀ ਹੋਣ ਦਾ ਸਵਾਲ ਹੈ, ਉਹ ਇਕ ਉੱਤਮ ਦਰਜੇ ਦਾ ਖਿਡਾਰੀ ਸੀ। ਆਸਟ੍ਰੇਲੀਆ ਦੀ ਜਿਸ ਟੀਮ ਨੇ 1992 'ਚ ਬਾਰਸੀਲੋਨਾ ਵਿਖੇ ਉਲੰਪਿਕ ਜਿੱਤੀ ਸੀ, ਉਹ ਉਸ ਟੀਮ ਦਾ ਮੈਂਬਰ ਰਹਿ ਚੁੱਕਾ ਹੈ। ਉਹ ਫੁੱਲਬੈਕ ਅਤੇ ਮਿਡਫੀਲਡਰ ਦੀ ਭੂਮਿਕਾ ਅਦਾ ਕਰਦਾ ਰਿਹਾ ਅਤੇ ਆਧੁਨਿਕ ਹਾਕੀ ਨਾਲ ਬਾਖੂਬੀ ਵਾਕਿਫ਼ ਹੈ। ਉਸ ਲਈ ਇਹ ਮਾਣ ਵਾਲੀ ਗੱਲ ਹੈ ਕਿ 4 ਵਾਰੀ ਆਸਟ੍ਰੇਲੀਆ ਟੀਮ ਦੇ ਚੈਂਪੀਅਨਜ਼ ਟਰਾਫੀ ਜਿੱਤਣ ਵੇਲੇ ਉਹ ਟੀਮ ਦਾ ਮੈਂਬਰ ਸੀ।
ਦੂਜੇ ਪਾਸੇ ਇਹ ਵੀ ਸੱਚ ਹੈ ਕਿ ਵਿਦੇਸ਼ੀ ਕੋਚ ਦੀ ਭਾਰਤੀ ਟੀਮ ਲਈ ਨਿਯੁਕਤੀ ਕਦੇ ਵੀ ਹਾਕੀ ਇੰਡੀਆ ਲਈ ਇਕ ਸੁਖਾਵਾਂ ਤਜਰਬਾ ਨਹੀਂ ਰਿਹਾ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀਆਂ ਏਸ਼ੀਅਨ ਖੇਡਾਂ 'ਚ ਟੀਮ ਭਾਰਤੀ ਕੋਚ ਹਰਿੰਦਰਾ ਸਿੰਘ ਦੇ ਮਾਰਗ-ਦਰਸ਼ਨ 'ਚ ਖੇਡੀ ਸੀ। ਉਸ ਵੇਲੇ ਇਸ ਭਾਰਤੀ ਕੋਚ ਤੋਂ ਆਸਾਂ ਤਾਂ ਬਹੁਤ ਸਨ ਪਰ ਭਾਰਤੀ ਟੀਮ ਲੜਖੜਾ ਗਈ ਸੀ, ਵਿਸ਼ਵ ਕੱਪ ਹਾਕੀ 'ਚ ਵੀ ਭਾਰਤੀ ਟੀਮ ਦਾ ਮਾੜਾ ਹੀ ਹਾਲ ਰਿਹਾ। ਸਿੱਟੇ ਵਜੋਂ ਭਾਰਤੀ ਕੋਚ ਦੀ ਛੁੱਟੀ ਕਰ ਦਿੱਤੀ ਗਈ। ਅਸੀਂ ਮਹਿਸੂਸ ਕਰਦੇ ਹਾਂ ਕਿ ਜੇਕਰ ਭਾਰਤੀ ਟੀਮ ਏਸ਼ੀਅਨ ਖੇਡਾਂ 'ਚ ਸੋਨਾ ਜਿੱਤ ਕੇ ਘੱਟੋ-ਘੱਟ ਉਲੰਪਿਕ ਲਈ ਕੁਆਲੀਫਾਈ ਕਰ ਜਾਂਦੀ ਤਾਂ ਦੇਸ਼ ਵਿਚ ਸਵਦੇਸ਼ੀ ਕੋਚ ਦੀ ਕਹਾਣੀ ਹੋਰ ਹੀ ਹੋਣੀ ਸੀ। ਤੁਹਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਹੋਰ ਵੀ ਕਈ ਆਸਟ੍ਰੇਲੀਅਨ ਕੋਚ ਭਾਰਤੀ ਟੀਮ ਨਾਲ ਜੁੜੇ ਰਹੇ ਹਨ, ਜਿਵੇਂ ਮਾਈਕਲ ਨੋਬਜ, ਟੈਰੀ ਵਾਲਸ਼, ਰਿਕ ਚਾਰਲਸਵਰਥਾ। ਰੀਡ 2009 'ਚ ਆਸਟ੍ਰੇਲੀਆ ਟੀਮ ਦਾ ਅਸਿਸਟੈਂਟ ਕੋਚ ਵੀ ਰਿਹਾ, 2012 'ਚ ਜਦੋਂ ਆਸਟ੍ਰੇਲੀਆ ਦੀ ਟੀਮ ਨੇ ਚੈਂਪੀਅਨਜ਼ ਟਰਾਫੀ ਜਿੱਤੀ, ਉਸ 'ਚ ਗ੍ਰਾਹਮ ਰੀਡ ਦੀ ਕੋਚ ਦੇ ਤੌਰ 'ਤੇ ਪ੍ਰਮੁੱਖ ਭੂਮਿਕਾ ਰਹੀ, 2014 'ਚ ਉਹ ਆਸਟ੍ਰੇਲੀਆ ਟੀਮ ਦਾ ਚੀਫ ਕੋਚ ਰਿਹਾ, ਜਦੋਂ ਆਸਟ੍ਰੇਲੀਆ ਵਿਸ਼ਵ ਦੀ ਨੰਬਰ 1 ਟੀਮ ਬਣੀ, ਉਸ ਦੀ ਰਹਿਨੁਮਾਈ 'ਚ ਆਸਟ੍ਰੇਲੀਆ ਨੇ ਵਰਲਡ ਲੀਗ ਸੈਮੀਫਾਈਨਲ ਜਿੱਤੀ। ਰੀਡ 2017 'ਚ ਐਮਸਟਰਡਮ (ਹਾਲੈਂਡ) ਕਲੱਬ ਦਾ ਚੀਫ ਕੋਚ ਬਣਿਆ। ਉਸ ਦੇ ਕੋਚਿੰਗ ਕੈਰੀਅਰ ਦੀ ਤਾਜ਼ਾ ਜਾਣਕਾਰੀ ਇਹ ਹੈ ਕਿ 2018 ਵਰਲਡ ਕੱਪ ਹਾਕੀ 'ਚ ਨੀਦਰਲੈਂਡ ਦੀ ਜਿਸ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ, ਉਹ ਉਸ ਦਾ ਸਹਾਇਕ ਕੋਚ ਸੀ। ਇਸ ਤਰ੍ਹਾਂ ਹਾਕੀ ਦੇ ਖੇਤਰ 'ਚ ਹਾਲੈਂਡ ਅਤੇ ਆਸਟ੍ਰੇਲੀਆ ਦੀਆਂ ਧੜੱਲੇਦਾਰ ਟੀਮਾਂ ਨਾਲ ਜੁੜਿਆ ਇਹ ਅਨੁਭਵੀ ਕੋਚ ਭਾਰਤੀ ਟੀਮ ਲਈ ਜੇ ਅਸਰਦਾਰ ਸਾਬਤ ਹੋ ਗਿਆ ਤਾਂ ਸਾਡੇ ਹਾਕੀ ਜਗਤ ਲਈ ਇਕ ਮਸੀਹਾ ਬਣ ਸਕਦੈ।
ਜਿਸ ਕੋਚ ਨੇ ਕੁਝ ਸਾਬਤ ਕਰਨਾ ਹੈ, ਉਸ ਨੇ ਇਕ-ਦੋ ਟੂਰਨਾਮੈਂਟਾਂ ਵਿਚ ਹੀ ਕਰ ਦੇਣਾ ਹੈ। 2-3 ਸਾਲਾਂ 'ਚ ਕੁਝ ਸਾਬਤ ਕਰਨ ਦੇ ਖੋਖਲੇ ਦਾਅਵੇ ਸਿਰਫ ਆਪਣਾ ਵਕਤ ਪਾਸ ਕਰਨਾ ਹੀ ਹੁੰਦਾ ਹੈ। ਸਾਨੂੰ ਉਮੀਦ ਹੈ ਕਿ 54 ਸਾਲਾ ਗ੍ਰਾਹਮ ਰੀਡ ਭਾਰਤੀ ਟੀਮ ਲਈ ਅਸਰਦਾਰ ਸਾਬਤ ਹੋ ਸਕਦੈ, ਜੇ ਟੀਮ ਚੋਣ ਉਸ ਦੀ ਮਰਜ਼ੀ ਦੇ ਖਿਡਾਰੀਆਂ ਦੀ ਹੁੰਦੀ ਰਹੇ। ਐਫ.ਆਈ.ਐਚ. ਮੈਨਜ਼ ਸੀਰੀਜ਼ ਫਾਈਨਲ ਜਿੱਤ ਕੇ ਜਿਥੇ ਭਾਰਤ ਦੀਆਂ ਉਲੰਪਿਕ ਹਾਕੀ ਖੇਡਣ ਦੀਆਂ ਸੰਭਾਵਨਾਵਾਂ ਵਧਦੀਆਂ ਹਨ, ਉਥੇ ਅਸਟ੍ਰੇਲੀਆ ਮੂਲ ਦੇ ਕੋਚ ਗ੍ਰਾਹਮ ਰੀਡ ਪ੍ਰਤੀ ਸਾਡਾ ਭਰੋਸਾ ਵੀ ਵਧਦਾ ਹੈ। ਉਮੀਦ ਕਰਦੇ ਹਾਂ ਕਿ ਇਹ ਆਸਟਰੇਲੀਆਈ ਕੋਚ ਭਾਰਤੀ ਹਾਕੀ ਜਗਤ ਦਾ ਉਹ ਸੁਪਨਾ ਪੂਰਾ ਕਰਕੇ ਦਿਖਾਵੇਗਾ, ਜਿਸ ਲਈ ਮੁੱਦਤਾਂ ਤੋਂ ਇੰਤਜ਼ਾਰ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

'ਖੇਡੋ ਪੰਜਾਬ' ਨੀਤੀ ਬਦਲ ਸਕਦੀ ਹੈ ਸਕੂਲੀ ਖੇਡਾਂ ਦੀ ਦਸ਼ਾ

ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਪਿਛਲੇ ਵਰ੍ਹੇ 'ਖੇਡੋ ਪੰਜਾਬ' ਬੈਨਰ ਹੇਠ ਪਾੜ੍ਹਿਆਂ ਲਈ ਇਕ ਨਵੀਂ ਖੇਡ ਨੀਤੀ ਤਿਆਰ ਕੀਤੀ ਹੈ। ਇਸ ਨੀਤੀ ਦਾ ਉਦੇਸ਼ ਜਿੱਥੇ ਰਾਜ ਦੇ ਸਕੂਲਾਂ 'ਚੋਂ ਚੰਗੇ ਖਿਡਾਰੀ ਪੈਦਾ ਕਰਨਾ ਹੈ, ਉੱਥੇ ਸੂਬੇ 'ਚ ਖੇਡ ਸੱਭਿਆਚਾਰ ਪੈਦਾ ਕਰਨਾ ਵੀ ਹੈ। ਇਸ ਨੀਤੀ ਤਹਿਤ ਸਾਰੇ ਸਕੂਲੀ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਖੇਡ ਨਾਲ ਜੋੜ ਕੇ, ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ। ਉਕਤ ਨੀਤੀ ਅਨੁਸਾਰ ਜੇਕਰ ਵੱਡੀ ਗਿਣਤੀ 'ਚ ਖਿਡਾਰੀ ਖੈਡਣ ਲੱਗਣਗੇੇ ਤਾਂ ਉਨ੍ਹਾਂ 'ਚੋਂ ਜ਼ਰੂਰ ਵੱਡੇ ਖਿਡਾਰੀ ਵੀ ਪੈਦਾ ਹੋਣਗੇ। ਸਕੂਲ ਸਿੱਖਿਆ ਵਿਭਾਗ ਨੇ ਇਕ ਵਧੀਆ ਤੇ ਉਸਾਰੂ ਪਹੁੰਚ ਵਾਲੀ ਖੇਡ ਨੀਤੀ ਬਣਾ ਦਿੱਤੀ ਹੈ, ਜਿਸ ਨੂੰ ਜਿੰਨੀ ਸੰਜੀਦਗੀ ਨਾਲ ਲਾਗੂ ਕੀਤਾ ਜਾਵੇਗਾ, ਓਨੇ ਹੀ ਵਧੀਆ ਨਤੀਜੇ ਸਾਹਮਣੇ ਆਉਣਗੇ।
ਖੇਡਾਂ ਦੀ ਵਿਦਿਆਰਥੀਆਂ ਦੇ ਜੀਵਨ ਵਿਚ ਅਹਿਮ ਭੂਮਿਕਾ ਹੈ। ਇਹ ਵਿਦਿਆਰਥੀਆਂ ਦੀ ਵਾਧੂ ਊਰਜਾ ਨੂੰ ਸਾਰਥਕ ਦਿਸ਼ਾ ਵਿਚ ਲਗਾ ਕੇ ਇਕ ਸੂਝਵਾਨ ਇਨਸਾਨ ਬਣਨ ਵਿਚ ਮਦਦਗਾਰ ਹੁੰਦੀਆਂ ਹਨ, ਜਿਸ ਨਾਲ ਇਕ ਉਸਾਰੂ ਅਤੇ ਨਰੋਏ ਸਮਾਜ ਦੀ ਸਿਰਜਣਾ ਹੁੰਦੀ ਹੈ। ਇਸੇ ਧਾਰਨਾ 'ਤੇ ਚਲਦਿਆਂ ਸਿੱਖਿਆ ਵਿਭਾਗ ਪੰਜਾਬ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੁਝ ਸਮਾਂ ਪਹਿਲਾਂ ਉਪਰਾਲੇ ਆਰੰਭ ਕੀਤੇ ਹਨ। ਵਿਭਾਗ ਵਲੋਂ ਵਿਦਿਆਰਥੀਆਂ ਨੂੰ ਵਿੱਦਿਅਕ ਗਤੀਵਿਧੀਆਂ ਦੇ ਨਾਲ-ਨਾਲ ਖੇਡਾਂ ਨਾਲ ਜੋੜਨ ਲਈ 'ਖੇਡੋ ਪੰਜਾਬ' ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਕਿ ਵਿਦਿਆਰਥੀਆਂ ਦਾ ਸਰੀਰਕ, ਬੌਧਿਕ ਅਤੇ ਮਾਨਸਿਕ ਵਿਕਾਸ ਵੀ ਹੋ ਸਕੇ। ਇਸ ਨੀਤੀ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਉਲੰਪਿਕ ਲਹਿਰ ਦੀਆਂ ਖੇਡਾਂ ਨਾਲ ਜੋੜਨ ਦੀ ਪ੍ਰਕਿਰਿਆ ਦੇ ਸਮਾਂਤਰ, ਪੰਜਾਬ ਦੀਆਂ ਵਿਰਾਸਤੀ ਖੇਡਾਂ ਨਾਲ ਜੋੜਨਾ ਵੀ ਹੈ। ਇਸ ਮੁਹਿੰਮ ਸਦਕਾ ਪਿਛਲੇ ਸਾਲ ਦੌਰਾਨ ਕੌਮੀ ਸਕੂਲ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਦੁਆਰਾ ਸ਼ਾਨਦਾਰ ਮੱਲਾਂ ਮਾਰੀਆਂ ਹਨ। ਸਾਲ 2018-19 ਦੀਆਂ ਕੌਮੀ ਸਕੂਲ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਨੇ ਪਿਛਲੇ ਸਾਲਾਂ ਨਾਲੋਂ ਬਿਹਤਰੀਨ ਕਾਰਗੁਜ਼ਾਰੀ ਦਿਖਾਈ ਹੈ। ਅੰਕੜੇ ਦਰਸਾੳਂਦੇ ਹਨ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ਦੇ ਖਿਡਾਰੀਆਂ ਨੇ ਤਗਮੇ ਜਿੱਤਣ ਦੇ ਮਾਮਲੇ 'ਚ 2018-19 'ਚਲਗਪਗ 23 ਫ਼ੀਸਦੀ ਵਾਧਾ ਕੀਤਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 'ਖੇਡੋ ਪੰਜਾਬ' ਨੀਤੀ ਆਉਣ ਵਾਲੇ ਸਮੇਂ 'ਚ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਦਾ ਗ੍ਰਾਫ ਹੋਰ ਉੱਚਾ ਲਿਜਾਏਗੀ।
ਇਸ ਨੀਤੀ ਅਨੁਸਾਰ ਰਾਜ ਦੇ ਸਰੀਰਕ ਸਿੱਖਿਆ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਸਕੂਲਾਂ 'ਚ ਉਪਲਬਧ ਮੈਦਾਨਾਂ ਅਨੁਸਾਰ ਵਿਦਿਆਰਥੀ ਨੂੰ ਖਿਡਾਉਣ ਲਈ ਯਤਨ ਕਰਨ। ਸਭ ਤੋਂ ਪਹਿਲਾ ਕਾਰਜ ਸਾਰੇ ਖਿਡਾਰੀਆਂ ਨੂੰ ਖੇਡ ਮੈਦਾਨਾਂ ਨਾਲ ਜੋੜਿਆ ਜਾਵੇ ਅਤੇ ਫਿਰ ਉਨ੍ਹਾਂ 'ਚੋਂ ਉੱਚ ਕੋਟੀ ਦੇ ਖਿਡਾਰੀ ਬਣਨ ਦੇ ਸਮਰੱਥ ਖਿਡਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ। ਸਕੂਲ ਮੁਖੀਆਂ ਦਾ ਫਰਜ਼ ਬਣਦਾ ਹੈ ਕਿ ਸਮਾਜ ਦੇ ਵੱਖ-ਵੱਖ ਖੇਤਰਾਂ 'ਚ ਮੋਹਰੀ ਸ਼ਖ਼ਸੀਅਤਾਂ ਨੂੰ ਖੇਡ ਸਮਾਗਮਾਂ 'ਤੇ ਬੁਲਾਇਆ ਜਾਵੇ ਅਤੇ ਉਨ੍ਹਾਂ ਤੋਂ ਖਿਡਾਰੀਆਂ ਦਾ ਸਨਮਾਨ ਕਰਵਾਇਆ ਜਾਵੇ, ਜਿਸ ਨਾਲ ਖਿਡਾਰੀਆਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਮਹਿਮਾਨ ਸ਼ਖ਼ਸੀਅਤਾਂ ਖੇਡਾਂ ਦੇ ਵਿਕਾਸ ਲਈ ਸਹਿਯੋਗ ਵੀ ਦੇਣਗੀਆਂ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਵਿਭਾਗ ਦਾ ਉਦੇਸ਼ ਵਿਦਿਆਰਥੀਆਂ ਨੂੰ ਨਰਸਰੀ ਪੱਧਰ ਤੋਂ ਹੀ ਮਨੋਰੰਜਕ ਕਿਰਿਆਵਾਂ ਰਾਹੀਂ ਸਰੀਰਕ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣਾ ਹੈ। ਇਸ ਦੇ ਨਾਲ ਹੀ ਸੂਬੇ 'ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਕੂਲੀ ਵਿਦਿਆਰਥੀਆਂ ਜ਼ਰੀਏ ਇਕ ਲਹਿਰ ਖੜ੍ਹੀ ਕਰਨਾ ਵੀ ਹੈ। ਇਸ ਨੀਤੀ ਰਾਹੀਂ ਰਾਜ ਦੀਆਂ ਖੇਡ ਪ੍ਰਾਪਤੀਆਂ ਦਾ ਗ੍ਰਾਫ ਆਪਣੇ-ਆਪ ਹੀ ਉੱਚਾ ਉੱਠਣਾ ਸ਼ੁਰੂ ਹੋ ਗਿਆ ਹੈ ਅਤੇ ਬਿਹਤਰ ਨਤੀਜੇ ਆਉਣ ਲੱਗ ਗਏ ਹਨ। ਰਾਜ ਦੀ ਖੇਡ ਨੀਤੀ ਦੇ ਸਿਰਜਕਾਂ 'ਚ ਸ਼ਾਮਲ ਲੈਕਚਰਾਰ ਦਲਜੀਤ ਸਿੰਘ ਘਨੌਰ ਦਾ ਕਹਿਣਾ ਹੈ ਕਿ ਖੇਡੋ ਪੰਜਾਬ ਨੀਤੀ 'ਚ ਹਰੇਕ ਉਮਰ ਵਰਗ ਦੇ ਖਿਡਾਰੀਆਂ ਲਈ ਵੱਖ-ਵੱਖ ਖੇਡਾਂ ਰੱਖੀਆਂ ਗਈਆਂ ਹਨ। ਖਾਸ ਤੌਰ 'ਤੇ ਪ੍ਰਾਇਮਰੀ ਪੱਧਰ ਤੋਂ ਹੀ ਖੇਡ ਪ੍ਰਤਿਭਾ ਨੂੰ ਚੁਣਨ ਤੇ ਤਰਾਸ਼ਣ ਲਈ ਇਸ ਨੀਤੀ 'ਚ ਮੱਦਾਂ ਸ਼ਾਮਲ ਕੀਤੀਆਂ ਗਈਆਂ ਹਨ। ਲੋੜ ਸਿਰਫ ਇਮਾਨਦਾਰੀ ਨਾਲ ਯਤਨ ਕਰਨ ਦੀ ਹੈ, ਨਤੀਜੇ ਆਪਣੇ-ਆਪ ਸਾਹਮਣੇ ਆ ਜਾਣਗੇ।

-ਪਟਿਆਲਾ। ਮੋਬਾ: 97795-90575

ਵਿਸ਼ਵ ਕੱਪ ਕ੍ਰਿਕਟ ਵਿਚ ਕੈਚ

ਹੱਥ ਆ ਗਿਆ ਤਾਂ ਸੋਨਾ, ਨਹੀਂ ਤਾਂ ਮਿੱਟੀ!

1983 ਦੇ ਵਿਸ਼ਵ ਕੱਪ ਫਾਈਨਲ ਵਿਚ ਭਾਰਤ ਨੇ ਲਗਾਤਾਰ ਦੋ ਵਾਰ ਚੈਂਪੀਅਨ ਰਹਿ ਚੁੱਕੀ ਵੈਸਟਇੰਡੀਜ਼ ਟੀਮ ਸਾਹਮਣੇ 60 ਓਵਰਾਂ (ਉਦੋਂ ਇਕ ਦਿਨਾ ਮੈਚ 60 ਓਵਰ ਦੇ ਹੁੰਦੇ ਸਨ, 50 ਓਵਰ ਦੇ ਨਹੀਂ) ਵਿਚ ਸਿਰਫ਼ 183 ਦੌੜਾਂ ਦਾ ਟੀਚਾ ਰੱਖਿਆ ਸੀ। ਵਿਵਿਯਨ ਰਿਚਰਡਜ਼ ਇਸ ਮੂਡ ਵਿਚ ਬੱਲੇਬਾਜ਼ੀ ਕਰਨ ਆਏ ਸਨ ਕਿ 5-10 ਓਵਰ ਵਿਚ ਹੀ ਮੈਚ ਖ਼ਤਮ ਕਰ ਦੇਣਗੇ। ਇਸੇ ਮੂਡ ਵਿਚ ਉਨ੍ਹਾਂ ਨੇ ਮਿਡ ਵਿਕਟ ਵਲੋਂ ਲਾਫਟੇਡ ਪੁਲ ਖੇਡਿਆ... ਭਾਰਤੀ ਕਪਤਾਨ ਕਪਿਲ ਦੇਵ ਆਪਣੇ ਪਿੱਛਲੇ ਪਾਸਿਓਂ ਲਗਪਗ 20 ਗਜ਼ ਤੇਜ਼ੀ ਨਾਲ ਦੌੜੇ ਅਤੇ ਉਨ੍ਹਾਂ ਨੇ ਇਕ ਸ਼ਾਨਦਾਰ ਤੇ ਯਾਦਗਾਰ ਕੈਚ ਫੜਿਆ। ਇਸ ਤੋਂ ਬਾਅਦ ਕੀ ਹੋਇਆ, ਹਰ ਕੋਈ ਜਾਣਦਾ ਹੈ-ਵੈਸਟਇੰਡੀਜ਼ ਫਾਈਨਲ ਹਾਰ ਗਈ ਭਾਰਤ ਚੈਂਪੀਅਨ ਬਣ ਗਿਆ।
ਹੁਣ 1999 ਦੇ ਵਿਸ਼ਵ ਕੱਪ ਸੈਮੀ ਫਾਈਨਲ ਦੀ ਗੱਲ ਕਰਦੇ ਹਾਂ-ਆਸਟ੍ਰੇਲੀਆ ਦੇ ਸਟੀਵ ਵਾਅ ਦੇ ਬੱਲੇ ਤੋਂ ਲੱਗ ਕੇ ਗੇਂਦ ਸਕਵਾਇਰ ਲੈੱਗ ਅੰਪਾਇਰ ਵੱਲ ਗਈ, ਜਿਥੇ ਖੜ੍ਹੇ ਦੱਖਣੀ ਅਫਰੀਕਾ ਦੇ ਹਰਸ਼ੇਲ ਗਿੱਬਸ, ਜੋ ਸ਼ਾਨਦਾਰ ਫੀਲਡਰ ਸਨ, ਇਕ ਸੌਖਾ ਜਿਹਾ ਕੈਚ ਸੁੱਟ ਬੈਠੇ। ਇਸ ਤੋਂ ਬਾਅਦ ਵਾਅ ਗਿੱਬਸ ਦੇ ਕੋਲ ਗਏ ਅਤੇ ਬੋਲੇ, 'ਬ੍ਰੋ, ਤੂੰ ਕੈਚ ਨਹੀਂ ਵਿਸ਼ਵ ਕੱਪ ਸੁੱਟ ਦਿੱਤਾ ਹੈ।' ਸੱਚਮੁੱਚ ਇਹੀ ਹੋਇਆ। ਦੱਖਣੀ ਅਫਰੀਕਾ ਮੈਚ ਹਾਰ ਗਈ। ਆਸਟ੍ਰੇਲੀਆ ਪ੍ਰਤੀਯੋਗਤਾ ਵਿਚ ਅੱਗੇ ਵਧਦੇ ਹੋਏ ਵਿਸ਼ਵ ਜੇਤੂ ਬਣ ਗਈ। ਇਹ ਹੈ ਇਕ ਕੈਚ ਦਾ ਮਹੱਤਵ। ਹੱਥ ਆ ਗਿਆ ਤਾਂ ਸੋਨਾ, ਨਹੀਂ ਤਾਂ ਮਿੱਟੀ।
ਹੁਣ ਜਦੋਂ 2019 ਦਾ ਵਿਸ਼ਵ ਕੱਪ ਇੰਗਲੈਂਡ ਤੇ ਵੈੱਲਸ ਵਿਚ ਸ਼ੁਰੂ (30 ਮਈ 2019) ਹੋਣ ਜਾ ਰਿਹਾ ਹੈ ਤੇ ਜ਼ਿਆਦਾਤਰ ਮਾਹਿਰ ਸਿਰਫ਼ ਸਪਾਟ ਵਿਕਟ ਤੇ ਬਿੱਗ ਹਿਟਰਸ ਦੀਆਂ ਹੀ ਗੱਲਾਂ ਕਰ ਰਹੇ ਹਨ। ਘੱਟ ਹੀ ਇਸ ਬਾਰੇ ਬੋਲ ਰਹੇ ਹਨ ਕਿ 'ਕਸ਼ਟਦਾਇਕ' ਟ੍ਰੇਨਿੰਗ, ਬਿਹਤਰ ਹੁੰਦੀ ਫਿਟਨੈੱਸ ਤੇ ਟੀ-20 ਵਿਚ ਵਧਦੇ ਅਕਸਪੋਜ਼ਰ ਦੇ ਕਾਰਨ ਇਕ ਦਿਨਾ ਕੌਮਾਂਤਰੀ ਮੈਚਾਂ ਵਿਚ ਵੀ ਫੀਲਡਿੰਗ ਦਾ ਪੱਧਰ ਗਜ਼ਬ ਦਾ ਹੋ ਗਿਆ ਹੈ। ਇਸ ਪਿੱਠਭੂਮੀ ਵਿਚ ਇਹ ਪ੍ਰਸ਼ਨ ਪ੍ਰਸੰਗਿਕ ਹੈ ਕਿ ਇਸ ਵਿਸ਼ਵ ਕੱਪ ਵਿਚ ਕਿਹੜੇ ਖਿਡਾਰੀਆਂ ਤੋਂ ਸੁਪਰ ਹਿਊਮਨ ਕੈਚ ਜਾਂ ਰਨ ਆਊਟ ਦੀ ਉਮੀਦ ਕੀਤੀ ਜਾ ਸਕਦੀ ਹੈ? ਇਸ ਸੰਦਰਭ ਵਿਚ ਅਸੀਂ ਜਿਹੜੇ ਅੱਠ ਖਿਡਾਰੀਆਂ ਦੀ ਚੋਣ ਕੀਤੀ ਹੈ, ਉਹ ਉਨ੍ਹਾਂ ਦੇ ਹਾਲ ਦੇ ਪ੍ਰਦਰਸ਼ਨ ਤੇ ਫਾਰਮ ਨੂੰ ਮੁੱਖ ਰੱਖਦੇ ਹੋਏ ਕੀਤੀ ਹੈ। ਇਨ੍ਹਾਂ ਵਿਚੋਂ ਤਿੰਨ ਖਿਡਾਰੀ ਭਾਰਤ ਦੇ ਹਨ। ਸਪਨਿਰ ਦੇ ਰੂਪ ਵਿਚ ਕੁਲਦੀਪ ਯਾਦਵ ਤੇ ਯੁਜਵੇਂਦਰ ਚਹਿਲ ਦਾ ਜੋ ਉਦੈ ਸੀਮਿਤ ਓਵਰ ਦੀ ਕ੍ਰਿਕਟ ਵਿਚ ਹੋਇਆ ਹੈ, ਉਸ ਦੀ ਵਜ੍ਹਾ ਨਾਲ ਰਵਿੰਦਰ ਜਡੇਜਾ ਭਾਵੇਂ ਹੀ ਭਾਰਤ ਦੀ ਫਸਟ ਇਲੈਵਨ ਵਿਚ ਨਿਯਮਤ ਥਾਂ ਨਾ ਪਾਉਂਦਾ ਹੋਵੇ, ਪਰ ਭਾਰਤੀ ਟੀਮ ਵਿਚ ਇਸ ਹਰਫਨਮੌਲਾ ਖਿਡਾਰੀ ਦਾ ਸਪੀਡ ਤੇ ਚਪਲਤਾ ਵਿਚ ਕੋਈ ਮੁਕਾਬਲਾ ਨਹੀਂ ਕਿਹਾ ਜਾ ਸਕਦਾ। ਪੁਆਇੰਟ 'ਤੇ ਉਹ ਯੁਵਰਾਜ ਸਿੰਘ ਦੀ ਤਰ੍ਹਾਂ ਹੀ ਚੌਕੰਨਾ ਰਹਿੰਦਾ ਹੈ। ਜਡੇਜਾ ਕਲਾਬਾਜ਼ੀ ਖਾ ਕੇ ਕੈਚ ਫੜਦਾ ਤੇ ਸਿੱਧੀ ਹਿੱਟ ਮਾਰ ਕੇ ਰਨ ਆਊਟ ਕਰਨ ਵਿਚ ਮਾਹਿਰ ਹੈ।
ਵਿਰਾਟ ਕੋਹਲੀ ਦੀ ਬੱਲੇਬਾਜ਼ੀ ਵਿਚ ਏਨੀ ਬੁਲੰਦੀ ਹੈ ਕਿ ਉਸ ਦੀ ਸ਼ਾਨਦਾਰ ਫੀਲਡਿੰਗ ਤਾਕਤ ਨੂੰ ਅਕਸਰ ਅਣਦੇਖਿਆਂ ਕਰ ਦਿੱਤਾ ਜਾਂਦਾ ਹੈ। ਸਾਲ 2012 ਤੋਂ ਕੋਹਲੀ ਫਿਟਨੈੱਸ ਦਾ ਦੀਵਾਨਾ ਹੈ। ਪਰ ਫਿਟਨੈੱਸ ਤੇ ਫੀਲਡਿੰਗ ਤਾਕਤ ਦੋ ਵੱਖਰੀਆਂ ਗੱਲਾਂ ਹਨ। ਸ਼ੁਰੂ ਵਿਚ ਕੋਹਲੀ ਸਿਲਪਸ ਵਿਚ ਕੈਚ ਫੜਦੇ ਸਮੇਂ ਸੰਘਰਸ਼ ਕਰਦਾ ਲਗਦਾ ਹੁੰਦਾ ਸੀ। ਪਰ ਆਪਣੀ ਸਖ਼ਤ ਮਿਹਨਤ ਨਾਲ ਉਹ ਹੁਣ ਮਾਹਿਰ ਸਿਲਪ ਫੀਲਡਰ ਬਣ ਗਿਆ ਹੈ। ਸਪਿਨਰ ਜਦੋਂ ਗੇਂਦਬਾਜ਼ੀ ਕਰਦਾ ਹੈ ਤਾਂ ਉਹ ਸ਼ਾਰਟ ਮਿਡ ਵਿਕਟ 'ਤੇ ਫੀਲਡਿੰਗ ਕਰਦਾ ਹੈ, ਜਿਥੇ ਉਹ ਮਿਡ-ਆਨ 'ਤੇ ਸਿੰਗਲ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਸਲਾਗ ਓਵਰਸ ਵਿਚ ਉਹ ਡੀਪ ਵਿਚ ਫੀਲਡਿੰਗ ਕਰਦਾ ਹੈ।
ਹਾਰਦਿਕ ਪਾਂਡਿਆ ਭਾਰਤੀ ਟੀਮ ਵਿਚ ਸਭ ਤੋਂ ਕੁਦਰਤੀ ਖਿਡਾਰੀ ਹੈ। ਉਸ ਕੋਲ ਕੈਚ ਫੜਨ ਦੀ ਚੰਗੀ ਤਕਨੀਕ ਹੈ, ਖ਼ਾਸ ਕਰਕੇ ਡੀਪ ਵਿਚ। ਜਿਵੇਂ ਕਿ ਉਸ ਨੇ ਬੇ ਓਵਰ ਵਿਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਕੈਚ ਫੜਦੇ ਹੋਏ ਪ੍ਰਦਰਸ਼ਿਤ ਕੀਤਾ ਸੀ। ਉਹ ਗੋਲੀ ਦੀ ਤੇਜ਼ੀ ਨਾਲ ਗੇਂਦ ਥ੍ਰੋ ਵੀ ਕਰਦਾ ਹੈ। ਜੇਕਰ ਤੁਸੀਂ ਗੂਗਲ 'ਤੇ ਜਾ ਕੇ 'ਬੇਨ ਸਟੋਕਸ ਫੀਲਡਿੰਗ' ਟਾਈਪ ਕਰੋਗੇ ਤਾਂ ਯੂ-ਟਿਊਬ 'ਤੇ ਤੁਹਾਨੂੰ ਇੰਗਲੈਂਡ ਦੇ ਸਟੋਕਸ ਵਲੋਂ ਸਾਰੇ ਫਾਰਮੈਟ ਵਿਚ ਫੜੇ ਗਏ ਕੈਚ ਮਿਲਣਗੇ। ਇਨ੍ਹਾਂ ਵਿਚੋਂ ਕੁਝ ਹੈਰਾਨੀਜਨਕ ਤੋਂ ਘੱਟ ਨਹੀਂ ਹਨ। ਸਟੋਕਸ ਦੀ ਤਾਕਤ ਅਨੁਮਾਨ ਤੇ ਤਾਕਤ ਹੈਰਾਨ ਕਰਨ ਵਾਲੀ ਹੈ। ਉਹ ਪੂਰੀ ਡਾਈਵ ਮਾਰ ਕੇ ਵੀ ਗੇਂਦ ਨੂੰ ਆਪਣੇ ਹੱਥ ਤੋਂ ਲੰਘਣ ਨਹੀਂ ਦਿੰਦੇ ਹਨ।
ਇਸੇ ਤਰ੍ਹਾਂ ਜੇਕਰ ਪੁਆਇੰਟ, ਕਵਰ ਜਾਂ ਮਿਡ-ਵਿਕਟ 'ਤੇ ਆਸਟ੍ਰੇਲੀਆ ਦੇ ਗਲੇਨ ਮੈਕਸਵੈੱਲ ਹੈ ਤੇ ਗੈਪ ਲੱਭ ਰਹੇ ਬੱਲੇਬਾਜ਼ ਲਈ ਇਹ ਨੋ-ਐਂਟਰੀ ਬੋਰਡ ਹੈ। ਮੈਕਸਵੈੱਲ ਦੀ ਬੱਲੇਬਾਜ਼ੀ ਹੀ ਨਹੀਂ ਫੀਲਡਿੰਗ ਵੀ ਤੁਹਾਨੂੰ ਰਿਕੀ ਪੋਂਟਿੰਗ ਦੀ ਯਾਦ ਦਿਵਾਉਂਦੀ ਹੈ। ਆਸਟ੍ਰੇਲੀਆ ਦੇ ਹੀ ਡੈਵਿਡ ਵਾਰਨਰ ਵਿਸ਼ਵ ਪੱਧਰੀ ਖੇਤਰ ਰੱਖਿਅਕ ਹੈ। ਤੀਹ ਗਜ਼ ਦੇ ਦਾਇਰੇ ਵਿਚ ਉਸ ਸਾਹਮਣੇ ਗੇਂਦ ਖੇਡ ਕੇ ਸਿੰਗਲ ਲੈਣਾ ਮੁਸ਼ਕਿਲ ਹੁੰਦਾ ਹੈ। ਉਹ ਅਸਮਾਨ ਛੂੰਹਦੇ ਕੈਚ ਵੀ ਸੌਖਿਆਂ ਹੀ ਫੜ ਲੈਂਦਾ ਹੈ ਅਤੇ ਆਊਟਫੀਲਡ ਵਿਚ ਰਨ ਆਊਟ ਨੂੰ ਇਸ ਤਰ੍ਹਾਂ ਤਾੜ ਲੈਂਦਾ ਹੈ, ਜਿਵੇਂ ਚੂਹਾ ਘਿਓ ਲੱਗੀ ਰੋਟੀ ਨੂੰ।
ਇਸ ਸੂਚੀ ਵਿਚ ਜੇਕਰ ਦੱਖਣੀ ਅਫਰੀਕਾ ਦੇ ਕਪਤਾਨ ਫਫ ਡੂ ਪਲੇਸੀ ਤੇ ਵੈਸਟ ਇੰਡੀਜ਼ ਦੇ ਹਰਫਨਮੌਲਾ ਖਿਡਾਰੀ ਆਂਦਰੇ ਰਸਲ ਨੂੰ ਸ਼ਾਮਿਲ ਨਾ ਕੀਤਾ ਜਾਵੇ ਤਾਂ ਇਹ ਕਦੀ ਪੂਰਾ ਨਹੀਂ ਹੋ ਸਕਦਾ।

-ਇਮੇਜ ਰਿਫਲੈਕਸ਼ਨ ਸੈਂਟਰ

ਕਿੱਧਰ ਗਏ ਪੰਜਾਬ ਦੇ ਖੇਡ ਮੇਲਿਆਂ 'ਚੋਂ ਇਹ ਲੋਕ?

ਪੰਜਾਬ ਦੀ ਧਰਤੀ ਅਜਿਹੀ ਧਰਤੀ ਹੈ, ਜਿਸ ਨੇ ਭਰਵੇਂ ਜੁੱਸੇ, ਸਰੀਰਕ ਤੌਰ 'ਤੇ ਤੰਦਰੁਸਤ, ਸੋਹਣੇ, ਅਣਖੀ, ਬੇਹੱਦ ਜ਼ੋਰ ਵਾਲੇ ਨੌਜਵਾਨ ਪੈਦਾ ਕੀਤੇ ਹਨ। ਇਹ ਨੌਜਵਾਨ ਮੌਕਾ ਮਿਲਿਆ ਤਾਂ ਆਪਣੇ ਜ਼ੋਰ ਦਾ ਪ੍ਰਦਰਸ਼ਨ ਵੀ ਜ਼ਰੂਰ ਕਰਦੇ ਸਨ। ਇਥੋਂ ਦੇ ਲੋਕਾਂ ਦਾ ਮੁੱਖ ਕੰਮ ਖੇਤੀਬਾੜੀ ਹੈ। ਇਥੋਂ ਦੇ ਲੋਕਾਂ ਨੂੰ ਕਣਕ ਦੀ ਬਿਜਾਈ ਕਰਕੇ ਕੁੱਝ ਮਹੀਨੇ ਕੰਮ ਤੋਂ ਥੋੜੀ ਵਿਹਲ ਮਿਲ ਜਾਂਦੀ ਹੈ। ਇਨ੍ਹਾਂ ਦਿਨਾਂ ਵਿਚ ਬਹੁਤ ਘੱਟ ਕੰਮ ਹੁੰਦਾ ਹੈ। ਇਨ੍ਹਾਂ ਦਿਨਾਂ ਵਿਚ ਪਿੰਡਾਂ ਵਿਚ ਤਰ੍ਹਾਂ-ਤਰ੍ਹਾਂ ਦੇ ਖੇਡ ਮੇਲੇ ਕਰਵਾਉਂਦੇ ਰਹਿੰਦੇ ਹਨ, ਜਿਥੇ ਗੱਭਰੂ ਆਪਣਾ ਜ਼ੋਰ ਦਿਖਾਉਂਦੇ ਹਨ। ਪਿੰਡਾਂ ਵਿਚ ਜ਼ਿਆਦਾਤਰ ਮਾਂ-ਖੇਡ ਕਬੱਡੀ, ਹਾਕੀ ਦੇ ਟੂਰਨਾਮੈਂਟ ਤੇ ਹੁਣ ਕ੍ਰਿਕਟ ਦੇ ਟੂਰਨਾਮੈਂਟ ਵੀ ਇਸ ਵਿਚ ਸ਼ਾਮਿਲ ਹੋ ਗਏ ਹਨ।
ਇਨ੍ਹਾਂ ਟੂਰਨਾਮੈਂਟਾਂ ਤੇ ਕਬੱਡੀ ਆਦਿ ਦੇ ਨਾਲ-ਨਾਲ ਆਪਣੇ ਸਰੀਰਕ ਕਰਤਬ ਦਿਖਾਉਣ ਵਾਲੇ ਹੋਰ ਵੀ ਕਈ ਤਰ੍ਹਾਂ ਦੇ ਲੋਕ ਪਹੁੰਚਦੇ ਸਨ, ਜਿਵੇਂ ਟੂਰਨਾਮੈਂਟ 'ਤੇ ਇਕ ਆਦਮੀ ਨੇ ਝੰਡੀ ਫੇਰ ਦੇਣੀ ਕਿ ਮੇਰੇ ਨਾਲ ਕੋਈ ਵੀ ਘੋਲ ਕਰ ਸਕਦਾ ਹੈ। ਕਦੇ ਵੀ ਅਜਿਹਾ ਨਹੀਂ ਸੀ ਹੋਇਆ ਕਿ ਉਸ ਦੀ ਝੰਡੀ ਕਿਸੇ ਨੇ ਫੜੀ ਹੀ ਨਾ ਹੋਵੇ। ਜਿੱਤਣਾ-ਹਾਰਨਾ ਹੋਰ ਗੱਲ ਐ ਪਰ ਉਸ ਨਾਲ ਘੋਲ ਕਰਨ ਵਾਲੇ 2-4 ਜਾਣੇ ਜ਼ਰੂਰ ਪਹੁੰਚ ਜਾਂਦੇ ਸਨ।
ਇਸੇ ਤਰ੍ਹਾਂ ਕੋਈ 100-200 ਡੰਡ ਮਾਰ ਕੇ ਦਿਖਾਉਂਦਾ, ਕੋਈ ਗਰਾਊਂਡ ਦੇ ਭੱਜ ਕੇ 80-90 ਚੱਕਰ ਲਾ ਕੇ ਦਿਖਾਉਂਦਾ ਸੀ। ਇਸ ਤਰ੍ਹਾਂ ਨੌਜਵਾਨ ਆਪਣੇ ਜ਼ੋਰ ਦੀ ਨੁਮਾਇਸ਼ ਕਰਦੇ ਸਨ। ਮਾਲਵੇ ਦੇ ਖੇਡ ਮੇਲਿਆਂ ਵਿਚ ਇਕ ਆਦਮੀ ਦਿਸਦਾ ਸੀ, ਜਿਸ ਦਾ ਨਾਂਅ ਸੀ ਭੋਡੀਪੁਰੇ ਵਾਲਾ ਗੁੜਦੁੰਬਾ। ਉਸ ਨੇ ਖੇਡ ਮੈਦਾਨ ਵਿਚ ਪੁੱਠੀਆਂ-ਸਿੱਧੀਆਂ ਛਾਲਾਂ ਮਾਰ-ਮਾਰ ਕੇ ਲੋਕਾਂ ਦਾ ਮਨੋਰੰਜਨ ਕਰਨਾ। ਜਿਸ ਟੂਰਨਾਮੈਂਟ ਵਿਚ ਗੁੜਦੁੰਬਾ ਨਾ ਹੁੰਦਾ, ਉਹ ਟੂਰਨਾਮੈਂਟ ਹੀ ਫਿੱਕਾ-ਫਿੱਕਾ ਲੱਗਦਾ ਸੀ। ਇਹ ਸਭ ਇਸ ਲਈ ਵੀ ਨਹੀਂ ਕਿ ਉਸ ਸਮੇਂ ਉਨ੍ਹਾਂ ਕਰਤਬ ਦਿਖਾਉਣ ਵਾਲਿਆਂ ਨੂੰ ਕੋਈ ਬਹੁਤਾ ਇਨਾਮ ਮਿਲਦਾ ਸੀ। ਇਹੋ ਕਾਰਨ ਸੀ ਕਿ ਨੌਜਵਾਨ ਆਪਣੇ ਸਰੀਰਕ ਜ਼ੋਰ ਦਾ ਪ੍ਰਦਰਸ਼ਨ ਬਗੈਰ ਕਿਸੇ ਨਸ਼ੇ ਦੇ ਕਰਦੇ ਸਨ। ਉਸ ਸਮੇਂ ਨਸ਼ਾ ਕਰਨ ਵਾਲੇ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਸੀ। ਹੁਣ ਜਿਵੇਂ-ਜਿਵੇਂ ਖੇਡਾਂ ਵਿਚ ਵੱਡੇ-ਵੱਡੇ ਇਨਾਮ ਆ ਗਏ, ਉਸੇ ਤਰ੍ਹਾਂ ਹੀ ਇਨਾਮ ਜਿੱਤਣ ਲਈ ਤਰ੍ਹਾਂ-ਤਰ੍ਹਾਂ ਦੇ ਨਸ਼ੇ ਵੀ ਖਿਡਾਰੀਆਂ ਵਿਚ ਆ ਗਏ, ਜਿਸ ਨੇ ਸਾਡੇ ਦੇਸ਼ ਦੇ ਨੌਜਵਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਕੀਤਾ ਹੈ।
ਫਿਰ ਲੋਕਾਂ ਨੇ ਆਪਣੇ ਘਰੇ ਪਾਲੇ ਕੁੱਕੜ ਆਦਿ ਨੂੰ ਲੜਾਉਣਾ ਸ਼ੁਰੂ ਕੀਤਾ ਸੀ, ਕੁੱਤੇ ਭਜਾਉਣੇ ਸ਼ੁਰੂ ਕੀਤੇ, ਘੋੜੀ, ਊਠ ਆਦਿ ਦੇ ਕਰਤਬ ਦਿਖਾਉਣੇ ਸ਼ੁਰੂ ਕੀਤੇ। ਇਸ ਤਰ੍ਹਾਂ ਉਹ ਲੜਾਉਣ, ਭਜਾਉਣ ਤੇ ਹੋਰ ਕਰਤਬ ਦਿਖਾਉਣ ਵਾਲੇ ਜਾਨਵਰਾਂ ਦੀ ਸੇਵਾ ਵੀ ਬਹੁਤ ਕਰਦੇ ਸਨ। ਕਬੂਤਰਾਂ ਦੀ ਬਾਜ਼ੀ ਆਦਿ ਵੀ ਪਿੰਡਾਂ ਵਿਚ ਪੈਂਦੀ ਸੀ।
ਹੁਣ ਵੀ ਪਿੰਡਾਂ ਵਿਚ ਟੂਰਨਾਮੈਂਟ ਹੁੰਦੇ ਹਨ ਪਰ ਇਨ੍ਹਾਂ ਵਿਚ ਆਪਣਾ ਜ਼ੋਰ ਦਿਖਾਉਣ ਦੀ ਥਾਂ ਖ਼ਤਰਨਾਕ ਸਟੰਟ ਦਿਖਾਉਣ ਵਾਲੇ ਆਉਂਦੇ ਹਨ। ਕੋਈ ਟਰੈਕਟਰ ਟੋਚਨ ਮੁਕਾਬਲਾ ਕਰਦੇ ਹਨ। ਕੋਈ ਟਰੈਕਟਰ ਤੋਂ ਕਈ ਤਰ੍ਹਾਂ ਦੇ ਖ਼ਤਰਨਾਕ ਸਟੰਟ ਕਰਵਾਉਂਦਾ ਹੈ। ਕੋਈ ਮੋਟਰਸਾਈਕਲ 'ਤੇ ਸਟੰਟ ਕਰਕੇ ਦਿਖਾਉਂਦਾ ਹੈ। ਇਸ ਗੱਲ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਹੁਣ ਦੇ ਗੱਭਰੂ ਆਪਣਾ ਜ਼ੋਰ ਦਿਖਾਉਣ ਦੀ ਥਾਂ ਮਸ਼ੀਨਰੀ ਦਾ ਜ਼ੋਰ ਦਿਖਾਉਂਦੇ ਹਨ, ਜੋ ਬਹੁਤ ਮਾੜੀ ਗੱਲ ਹੈ। ਸਰਕਾਰ ਨੂੰ ਇਸ ਤਰ੍ਹਾਂ ਕਰਨ 'ਤੇ ਰੋਕ ਲਾਉਣੀ ਚਾਹੀਦਾ ਹੈ। ਅਜਿਹਾ ਕਰਨ ਤੇ ਕਰਵਾਉਣ ਵਾਲਿਆਂ ਦੋਵਾਂ 'ਤੇ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਪਿੰਡ ਤੇ ਡਾਕ: ਖਾਸ, ਜ਼ਿਲ੍ਹਾ ਮੋਗਾ। ਮੋਬਾ: 94171-03413

ਇਕ ਹੱਥ ਨਹੀਂ ਪਰ ਹੈ ਤੇਜ਼ ਦੌੜਾਕ ਉੱਤਰ ਪ੍ਰਦੇਸ਼ ਦਾ ਅਭਿਨਵ ਕੁਮਾਰ

ਅਭਿਨਵ ਕੁਮਾਰ 25 ਸਾਲਾ ਨੌਜਵਾਨ ਹੈ, ਜਿਸ ਦਾ ਸੱਜਾ ਹੱਥ ਨਹੀਂ ਹੈ ਪਰ ਉਹ ਤੇਜ਼ ਦੌੜਾਕ ਹੈ ਅਤੇ ਆਉਣ ਵਾਲੇ ਸਮੇਂ ਦਾ ਦੇਸ਼ ਦਾ ਚੋਟੀ ਦਾ ਦੌੜਾਕ ਸਾਬਤ ਹੋਵੇਗਾ, ਇਹ ਉਸ ਦੀ ਮਿਹਨਤ ਅਤੇ ਮੁਸ਼ੱਕਤ ਦਾ ਕਮਾਲ ਹੈ। ਅਭਿਨਵ ਕੁਮਾਰ ਦਾ ਬਾਪ ਰਾਜ ਕੁਮਾਰ ਕਟਿਆਰ ਇਕ ਕਿਸਾਨ ਹੈ ਅਤੇ ਮਾਤਾ ਮਿਥਲੇਸ਼ ਕਟਿਆਰ ਇਕ ਘਰੇਲੂ ਔਰਤ ਹੈ ਪਰ ਮਾਂ-ਬਾਪ ਵਲੋਂ ਅਭਿਨਵ ਕੁਮਾਰ ਨੂੰ ਪੂਰਾ ਸਾਥ ਹੈ, ਇਸੇ ਲਈ ਤਾਂ ਉਸ ਨੂੰ ਆਸ ਅਤੇ ਪੂਰੀ ਉਮੀਦ ਹੈ ਕਿ ਇਕ ਦਿਨ ਉਹ ਦੇਸ਼ ਲਈ ਖੇਡ ਕੇ ਦੇਸ਼ ਦਾ ਮਾਣ ਬਣੇਗਾ। ਅਭਿਨਵ ਕੁਮਾਰ ਦਾ ਜਨਮ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕਾਨਪੁਰ ਦੇ ਪਿੰਡ ਖਿਰਵਾਂ ਵਿਚ ਅੱਜ ਤੋਂ 25 ਵਰ੍ਹੇ ਪਹਿਲਾਂ ਹੋਇਆ ਅਤੇ ਇਕ ਦਿਨ ਉਹ ਆਪਣੇ ਬਾਪ ਨਾਲ ਖੇਤਾਂ ਵਿਚ ਹੱਥ ਵਟਾ ਰਿਹਾ ਸੀ ਤਾਂ ਚੱਲ ਰਹੀ ਪਾਣੀ ਵਾਲੀ ਮੋਟਰ ਵਿਚ ਅਚਾਨਕ ਕਰੰਟ ਆ ਗਿਆ ਅਤੇ ਅਭਿਨਵ ਬੁਰੀ ਤਰ੍ਹਾਂ ਕਰੰਟ ਦੀ ਲਪੇਟ ਵਿਚ ਆ ਗਿਆ। ਭਾਵੇਂ ਕਰੰਟ ਨਾਲ ਉਸ ਦਾ ਸਾਰਾ ਸਰੀਰ ਹੀ ਪ੍ਰਭਾਵਿਤ ਹੋਇਆ ਪਰ ਉਸ ਦਾ ਸੱਜਾ ਹੱਥ ਬੁਰੀ ਤਰ੍ਹਾਂ ਝੁਲਸ ਗਿਆ। ਮਾਂ-ਬਾਪ ਨੇ ਬਥੇਰਾ ਇਲਾਜ ਕਰਵਾਇਆ ਪਰ ਸਾਰੇ ਹੀਲੇ ਫੇਲ੍ਹ ਹੋ ਗਏ ਅਤੇ ਨਤੀਜਾ ਇਹ ਹੋਇਆ ਕਿ ਉਸ ਦਾ ਹੱਥ ਸਰੀਰ ਨਾਲੋਂ ਕੱਟਣਾ ਪਿਆ ਅਤੇ ਜੇਕਰ ਸਰੀਰ ਦਾ ਕੋਈ ਵੀ ਅੰਗ ਕੱਟਿਆ ਜਾਵੇ, ਤਾਂ ਉਹ ਹੀ ਜਾਣਦਾ ਹੈ, ਜਿਸ 'ਤੇ ਬੀਤੀ ਹੋਵੇ ਅਤੇ ਅਭਿਨਵ ਕੁਮਾਰ ਨੇ ਕਦੇ ਵੀ ਇਹ ਸੋਚਿਆ ਨਹੀਂ ਸੀ ਕਿ ਉਸ 'ਤੇ ਇਹ ਕਹਿਰ ਵਰਤੇਗਾ ਅਤੇ ਉਸ ਲਈ ਸੀ ਵੀ ਅਸਿਹ।
ਅਭਿਨਵ ਕੁਮਾਰ ਦਾ ਸਦਮੇ ਵਿਚ ਚਲੇ ਜਾਣਾ ਸੁਭਾਵਿਕ ਹੀ ਸੀ ਪਰ ਮਾਂ-ਬਾਪ ਵਲੋਂ ਮਿਲੇ ਉਤਸ਼ਾਹ ਨਾਲ ਉਹ ਸੰਭਲਿਆ ਅਤੇ ਜ਼ਿੰਦਗੀ ਦੀ ਡਗਰ 'ਤੇ ਹੋ ਤੁਰਿਆ। ਹੁਣ ਉਹ ਜ਼ਿੰਦਗੀ ਵਿਚ ਉਹ ਕਰਨਾ ਚਾਹੁੰਦਾ ਸੀ, ਜਿਸ ਨਾਲ ਹੱਥ ਕੱਟ ਜਾਣ ਤੋਂ ਬਾਅਦ ਉਸ ਨੂੰ ਮਜ਼ਾਕ ਕਰਨ ਵਾਲਿਆਂ ਨੂੰ ਉਹ ਇਹ ਅਹਿਸਾਸ ਕਰਵਾ ਸਕੇ ਕਿ, 'ਜ਼ਮਾਨਾ ਕੁਝ ਭੀ ਕਹੇ, ਮੁਜੇ ਤੋ ਆਗੇ ਬੜਨਾ ਹੈ, ਮੁਸ਼ਕਿਲ ਲਗਤਾ ਹੈ ਜੋ ਮੁਕਾਮ, ਉਸੇ ਤੋ ਹਾਸਲ ਕਰਨਾ ਹੈ।' ਅਭਿਨਵ ਕੁਮਾਰ ਨੇ ਲਖਨਊ ਦੇ ਇਕ ਸਟੇਡੀਅਮ ਨੂੰ ਜਾ ਮੱਥਾ ਟੇਕਿਆ ਅਤੇ ਉਹ ਦੌੜਨ ਲੱਗਿਆ ਅਤੇ ਅਜਿਹਾ ਦੌੜਿਆ ਕਿ ਉਸ ਦੀ ਦੌੜ ਅੱਜ ਤੱਕ ਜਾਰੀ ਹੈ ਅਤੇ ਉਹ ਮਾਣ ਨਾਲ ਆਖਦਾ ਹੈ ਕਿ ਮੈਂ ਦੇਸ਼ ਦਾ ਮਾਣ ਬਣਾਂਗਾ। ਅਭਿਨਵ ਕੁਮਾਰ ਨੇ ਪੈਰਾ ਸਟੇਟ ਚੈਂਪੀਅਨ ਵਿਚ ਹਿੱਸਾ ਲਿਆ ਅਤੇ 400 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਆਪਣੇ ਨਾਂਅ ਕਰਕੇ ਇਹ ਸਾਬਤ ਕਰ ਦਿੱਤਾ ਕਿ ਉਹ ਆਉਣ ਵਾਲੇ ਦਿਨਾਂ ਦਾ ਸਟਾਰ ਖਿਡਾਰੀ ਹੋਵੇਗਾ। ਅਭਿਨਵ ਕੁਮਾਰ ਹੁਣ ਤੱਕ ਕਈ ਮੈਰਾਥਨ ਦੌੜਾਂ ਵਿਚ ਵੀ ਹਿੱਸਾ ਲੈ ਚੁੱਕਾ ਹੈ। ਦਿੱਲੀ ਵਿਚ 5 ਕਿਲੋਮੀਟਰ ਦੀ ਮੈਰਾਥਨ, ਲਖਨਊ ਵਿਚ 10 ਕਿਲੋਮੀਟਰ ਸ਼ਾਮਲ ਹੈ ਅਤੇ ਅਭਿਨਵ ਕੁਮਾਰ ਦਾ ਸਫ਼ਰ ਜਾਰੀ ਹੈ।


-ਪਿੰਡ ਬੁੱਕਣ ਵਾਲਾ, ਤਹਿਸੀਲ ਤੇ ਜ਼ਿਲ੍ਹਾ ਮੋਗਾ।
ਮੋਬਾ: 98551-14484

ਸੁਦੀਰਮਨ ਮਿਕਸਡ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਦਾ ਲੇਖਾ-ਜੋਖਾ

ਗ਼ਲਤੀਆਂ ਸੁਧਾਰਨ ਦਾ ਸਮਾਂ

ਹੁਣ ਜਦੋਂ ਕਿ ਅਗਲੇ ਸਾਲ ਟੋਕੀਓ ਵਿਚ ਹੋਣ ਜਾ ਰਹੀਆਂ ਉਲੰਪਿਕ ਖੇਡਂਾ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਮਾਹਿਰਾਂ ਅਨੁਸਾਰ ਇਹ ਸਮਾਂ ਤਿਆਰੀਆਂ ਦਾ ਹੈ, ਇਸ ਲਈ ਸਾਨੂੰ ਹਰ ਖੇਡ ਵਿਚ ਹਰ ਹਾਰ ਨੂੰ ਇਸ ਤਰ੍ਹਾਂ ਲੈਣਾ ਚਾਹੀਦਾ ਹੈ ਕਿ ਨਿਰਾਸ਼ਾ ਨੂੰ ਨੇੜੇ ਨਾ ਆਉਣ ਦੇਈਏ ਤੇ ਇਹ ਸਮਾਂ ਆਪਣੀਆਂ ਗਲਤੀਆਂ ਸੁਧਾਰਨ ਦਾ ਸਮਾਂ ਹੈ। ਇਸ ਸਮੇਂ ਚੀਨ ਵਿਚ ਹੋਏ ਮਿਤੀ 26 ਮਈ ਖਤਮ ਹੋਏ ਸੁਦੀਰਮਨ ਬੈਡਮਿੰਟਨ ਵਿਚ ਭਾਰਤ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ 2011 ਤੇ 2017 ਵਿਚ ਇਸ ਨਾਲੋਂ ਬਿਹਤਰ ਪ੍ਰਦਰਸ਼ਨ ਕਰਕੇ ਕੁਆਟਰ ਫਾਈਨਲ ਤੱਕ ਦਾ ਖੇਡ ਪ੍ਰਦਰਸ਼ਨ ਕੀਤਾ ਸੀ ਪਰ ਇਸ ਸਾਲ ਪਹਿਲਾਂ ਮਲੇਸ਼ੀਆ ਤੋਂ 3-2 'ਤੇ ਹਾਰ ਕੇ ਤੇ ਫਿਰ ਚੀਨ ਦੀ ਦੀਵਾਰ ਬਣੇ ਖਿਡਾਰੀਆਂ ਕੋਲੋ 5-0 ਤੋਂ ਹਾਰ ਕੇ ਹੁਣ ਇਕਪਾਸੜ ਖੇਡ ਨਾਲ ਖੇਡ ਪ੍ਰੇਮੀਆਂ ਨੂੰ ਨਿਰਾਸ਼ ਤਾਂ ਕੀਤਾ ਹੈ ਪਰ ਖਿਡਾਰੀਆਂ ਨੂੰ ਅੱਗੇ ਲਈ ਸਾਰਥਿਕ ਸੋਚ ਬਣਾਉਣ ਦੀ ਲੋੜ ਹੈ। ਇਹ ਸਮਾਂ ਹੈ ਕਿ ਅਸੀਂ ਇਨ੍ਹਾਂ ਗਲਤੀਆਂ ਨੂੰ ਸੁਧਾਰਨ ਦੇ ਇਰਾਦੇ ਨਾਲ ਵਿਚਾਰ ਕਰਕੇ ਇਸ ਨੂੰ ਭੂਤ ਕਾਲ ਦੀ ਇਕ ਘਟਨਾ ਸਮਝੀਏ।
ਮਾਹਿਰਾਂ ਅਨੁਸਾਰ ਇਹ ਗਲਤੀਆਂ ਅਭਿਆਸ ਨਾਲ ਦੂਰ ਕੀਤੀਆਂ ਜਾ ਸਕਦੀਆਂ ਹਨ ਪਰ ਖੇਡ ਦਾ ਪੱਧਰ ਅਜੇ ਵੀ ਕਾਇਮ ਹੈ। ਪਾਠਕਾਂ ਲਈ ਇਹ ਤੱਥ ਬਹੁਤ ਦਿਲਚਸਪੀ ਵਾਲਾ ਹੈ ਕਿ ਪਹਿਲਾ ਟੀਮ ਮੈਚ ਸਾਡਾ ਮਲੇਸ਼ੀਆ ਨਾਲ ਸੀ। ਇਸ ਮੈਚ ਵਿਚ ਰੈਡੀ ਤੇ ਪੋਨਪਾ ਨੇ ਇਹ ਸੰਘਰਸ਼ਮਈ ਮੈਚ 16-21, 21-17, 24-22 ਨਾਲ ਜਿੱਤ ਲਿਆ ਤੇ ਉਸ ਸਮੇਂ ਇਹ ਜਾਪਣ ਲੱਗ ਪਿਆ ਸੀ ਕਿ ਭਾਰਤ ਨੇ ਇਕ ਮੈਚ ਦੀ ਲੀਡ ਲੈ ਲਈ ਹੈ, ਇਸ ਲਈ ਭਾਰਤ ਦੇ ਇਰਾਦੇ ਹੋਰ ਪੱਕੇ ਹੋ ਗਏ। ਮਾਹਿਰ ਇਸ ਸਮੇਂ ਇਹ ਮਹਿਸੂਸ ਕਰਦੇ ਹਨ ਕਿ ਸੁਮੀਰ ਵਰਮਾ ਨੂੰ ਅਚਨਚੇਤ ਖੇਡਣਾ ਪਿਆ ਤੇ ਉਹ ਆਪਣੇ ਤੋਂ ਬਿਹਤਰ ਖਿਡਾਰੀ ਨਾਲ ਖੇਡਣ ਕਰਕੇ ਆਪਣੀ ਖੇਡ ਨਾਲ ਇਨਸਾਫ ਹੀ ਨਾ ਕਰ ਸਕੇ। ਹੁਣ ਸਕੋਰ ਮਲੇਸ਼ੀਆ ਦੇ ਹੱਕ ਵਿਚ 2-1 ਹੋ ਗਿਆ। ਹੁਣ ਮਹਿਲਾ ਸਿੰਗਲਜ਼ ਵਰਗ ਵਿਚ ਸਾਡਾ ਮੈਚ ਪੀ.ਵੀ. ਸੰਧੂ, ਜਿਸ ਨੇ ਮਹਿਲਾ ਵਰਗ ਵਿਚ ਪਹਿਲਾ ਉਲੰਪਿਕ ਤਗਮਾ ਭਾਰਤ ਦੀ ਝੋਲੀ ਵਿਚ ਪਾਇਆ ਸੀ ਤੇ ਚੀਨ ਦੀ ਜਿਨ ਵੇਈ ਨਾਲ ਸੀ। ਇਸ ਵੱਕਾਰੀ ਮੈਚ ਵਿਚ ਪੀ.ਵੀ. ਸਿੰਧੂ ਨੇ ਭਾਰਤ ਨੂੰ ਨਿਰਾਸ਼ ਨਹੀਂ ਕੀਤਾ ਤੇ ਇਕਪਾਸੜ ਮੈਚ ਵਿਚ 21-12, 21-18 ਨਾਲ ਹਰਾ ਦਿੱਤਾ ਤੇ ਸਕੋਰ ਫਿਰ 2-2 ਬਰਾਬਰ ਦਾ ਹੋ ਗਿਆ। ਆਖਰੀ ਮੈਚ ਭਾਰਤ ਮਹਿਲਾ ਡਬਲਜ਼ ਵਿਚ 21-11, 21-19 ਨਾਲ ਹਾਰ ਗਿਆ।
ਮਾਹਿਰ ਇਸ ਸਮੇਂ ਇਹ ਮਹਿਸੂਸ ਕਰਦੇ ਸਨ ਕਿ ਭਾਰਤ ਨੂੰ ਮਲੇਸ਼ੀਆ ਨੂੰ ਹਰਾਉਣਾ ਜ਼ਰੂਰੀ ਸੀ। ਅਗਲੇ ਦਿਨ ਸਾਡਾ ਭੇੜ ਬਹੁਤ ਹੀ ਤਾਕਤਵਰ ਚੀਨ ਨਾਲ ਸੀ ਪਰ ਇਸ ਦੀ ਇਕ ਖਾਸ ਵਿਸ਼ੇਸ਼ਤਾ ਇਹ ਸੀ ਕਿ ਸਾਰੇ ਮੈਚ ਜੋ ਅਸੀਂ 5-0 ਨਾਲ ਚੀਨ ਕੋਲੋਂ ਹਾਰੇ ਉਹ ਆਪਣੇ ਤੋਂ ਉੱਪਰ ਵਾਲੀ ਰੈਂਕਿੰਗ ਨਾਲ ਸਨ। ਸਾਡਾ ਪਹਿਲਾ ਮੈਚ ਮਿਕਸਡ ਡਬਲਜ਼ ਵਿਚ ਪ੍ਰਣਵ ਚੋਪੜਾ ਤੇ ਐਨ. ਰਿਡੀ ਦੀ ਜੋੜੀ ਦਾ ਸੀ, ਜੋ ਬਹੁਤ ਸਸਤੇ ਵਿਚ 21-5, 21-11 ਨਾਲ ਹਾਰ ਗਏ। ਦੂਜਾ ਮੈਚ ਸਾਡਾ ਉਲੰਪਿਕ ਚੈਂਪੀਅਨ ਚੇਨ ਲੋਂਗ ਨਾਲ ਸੀ, ਜੋ ਅਸੀਂ 21-17, 22-20 ਨਾਲ ਹਾਰ ਗਏ। ਤੀਸਰਾ ਮੈਚ ਸਾਡਾ ਪੁਰਸ਼ ਡਬਲਜ਼ ਦਾ ਸਾਡੀ ਜੋੜੀ ਰੈਕੀ ਰਿਡੀ ਤੇ ਚਿਰਾਗ ਸ਼ੈਟੀ ਨਾਲ ਸੀ, ਜੋ ਪਹਿਲੀ ਗੇਮ ਜਿੱਤਣ ਦੇ ਬਾਵਜੂਦ ਅਸੀਂ 18-21, 21-15, 21- 17 ਨਾਲ ਹਾਰ ਗਏ।
ਚੇਨ ਨੇ ਇਸ ਵਿਚ ਸਾਇਨਾ ਨੂੰ ਹਰ ਖੇਤਰ ਵਿਚ ਸਮੈਸ਼ਸ ਨਾਲ ਪਛਾੜ ਕੇ ਰੱਖ ਦਿੱਤਾ। ਇਸ ਤਰ੍ਹਾਂ ਇਹ ਮਹਿਸੂਸ ਹੋਣ ਲੱਗ ਪਿਆ ਕਿ ਅਜੇ ਵੀ ਸਾਇਨਾ ਆਪਣੇ ਮਾਸਪੇਸ਼ੀਆਂ ਦੇ ਖਿਚਾਓ ਤੋਂ ਮੁਕਤ ਨਹੀਂ ਹੋ ਸਕੀ। ਇਸ ਸਮੇਂ ਕੋਚ ਗੋਪੀ ਚੰਦ ਦੀ ਗ਼ੈਰ-ਹਾਜ਼ਰੀ ਵੀ ਖਟਕਦੀ ਰਹੀ। ਸਾਇਨਾ ਸਿੱਧੇ ਸੈਟਾਂ ਵਿਚ 21-12, 21-17 ਨਾਲ ਹਾਰ ਗਈ। ਚੀਨ ਨਾਲ ਅਸੀਂ ਮਹਿਲਾ ਡਬਲਜ਼ ਦਾ ਆਖਰੀ ਮੈਚ ਵੀ ਸਸਤੇ ਵਿਚ ਹਾਰ ਗਏ। ਇਸ ਚੈਂਪੀਅਨਸ਼ਿਪ ਦਾ ਜੇਤੂ ਚੀਨ ਰਿਹਾ, ਜਿਸ ਨੇ ਜਾਪਾਨ ਨੂੰ ਬੜੇ ਸੰਘਰਸ਼ਮਈ ਢੰਗ ਨਾਲ ਫਾਈਨਲ ਵਿਚ ਹਰਾ ਦਿੱਤਾ। ਚੀਨ ਦਾ ਘਰੇਲੂ ਮੈਦਾਨ ਹੋਣ ਕਰਕੇ ਇਸ ਦਾ ਭਰਪੂਰ ਲਾਭ ਚੀਨ ਨੂੰ ਮਿਲਿਆ। ਭਾਰਤ ਲਈ ਇਹ ਇਕ ਕੌੜੀ ਯਾਦ ਬਣ ਕੇ ਹੀ ਰਹਿ ਗਿਆ। ਪਰ ਇਸ ਕੁੱੜਤਣ ਨੂੰ ਅਸੀਂ ਦਵਾ ਸਮਝਦੇ ਹੋਏ ਹੀ ਅਸੀਂ ਆਪਣੀਆਂ ਗਲਤੀਆਂ ਦਾ ਸੁਧਾਰ ਕਰਨਾ ਹੈ। ਸਾਡੀ ਮੰਜ਼ਲ ਉਲੰਪਿਕ ਵਿਚ ਤਗਮਾ ਜਿੱਤਣ ਹੈ। ਸਾਡੇ ਕੋਲ ਬੈਂਚ ਪਾਵਰ ਬਹੁਤ ਹੈ। ਇਸ ਸਮੇਂ ਬੇਲੋੜੀ ਨਿਰਾਸ਼ਾ ਨੂੰ ਨੇੜੇ ਨਾ ਆਉਣ ਦਿੰਦੇ ਹੋਏ ਕੇਵਲ ਅਭਿਆਸ ਤੇ ਮੁਕਾਬਲੇ ਦੇ ਮੈਚ ਕਰਨੇ ਭਾਰਤ ਦੀ ਮੁੱਖ ਲੋੜ ਹੈ।


-274-ਏ.ਐਕਸ. ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਟੈਨਿਸ ਇਟੈਲੀਅਨ ਓਪਨ :

ਰਾਫ਼ੇਲ ਨਡਾਲ ਤੇ ਕੈਰੋਲੀਨਾ ਪਿਲਸਕੋਵਾ ਚੈਂਪੀਅਨ

ਵਿਸ਼ਵ ਦੇ ਨੰਬਰ 2 ਖਿਡਾਰੀ ਸਪੇਨ ਦੇ ਰਾਫੇਲ ਨਾਡਾਲ ਨੇ ਇਟੈਲੀਅਨ ਓਪਨ ਦੇ ਫਾਈਨਲ ਮੁਕਾਬਲੇ ਵਿਚ ਦੁਨੀਆ ਦੇ ਨੰਬਰ-1 ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ 6-0, 4-6, 6-1 ਨਾਲ ਹਰਾ ਕੇ ਨੌਵੀਂ ਵਾਰ ਖਿਤਾਬ ਆਪਣੇ ਨਾਂਅ ਕੀਤਾ। ਉਸ ਨੇ ਤੀਸਰੀ ਵਾਰ ਫਾਈਨਲ 'ਚ ਜੋਕੋਵਿਚ ਨੂੰ ਮਾਤ ਦਿੱਤੀ। ਨਡਾਲ ਤੇ ਜੋਕੋਵਿਚ ਕਰੀਅਰ 'ਚ 54 ਵਾਰ ਆਹਮੋ-ਸਾਹਮਣੇ ਹੋਏ। ਨਡਾਲ ਨੇ 26ਵੀਂ ਵਾਰ ਇਹ ਜਿੱਤ ਹਾਸਲ ਕੀਤੀ। ਨਾਡਾਲ ਦਾ ਇਹ 50ਵਾਂ ਅਤੇ ਜੋਕੋਵਿਚ ਦਾ 49ਵਾਂ ਮਾਸਟਰਜ ਫਾਈਨਲ ਸੀ। ਯਾਦ ਰਹੇ, 31 ਸਾਲਾ ਸਰਬੀਆਈ ਖਿਡਾਰੀ ਨੋਵਾਕ ਜੋਕੋਵਿਚ ਨੇ ਪਿਛਲੇ ਹਫਤੇ ਮੈਡਰਿਡ ਓਪਨ ਦਾ ਖਿਤਾਬ ਜਿੱਤਿਆ ਸੀ। ਰਾਫੇਲ ਨਡਾਲ ਨੇ 34 ਵਾਰ ਮਾਸਟਰਜ਼ 1000 ਟਾਈਟਲ ਜਿੱਤੇ ਇਸ ਤਰ੍ਹਾਂ ਉਹ ਸਭ ਤੋਂ ਵੱਧ ਖਿਤਾਬ ਜਿੱਤਣ ਵਾਲਾ ਖਿਡਾਰੀ ਬਣ ਗਿਆ।
ਸਵਿਟਰਜ਼ਰਲੈਂਡ ਦੇ ਰੋਜਰ ਫੈਡਰਰ ਨੇ ਪੁਰਤਗਾਲ ਦੇ ਜਾਓ ਸੋਸਾ ਨੂੰ ਕੁਆਰਟਰ ਫਾਈਨਲ 'ਚ ਹਰਾਇਆ ਸੀ ਪਰ ਇਟੈਲੀਅਨ ਓਪਨ ਦੇ ਸੈਮੀਫਾਈਨਲ ਮੁਕਾਬਲੇ 'ਚ ਰੋਜਰ ਫੈਡਰਰ ਸੱਟ ਲਗਣ ਕਰਕੇ ਬਾਹਰ ਹੋ ਗਿਆ। ਫਿਰ ਰਾਫੇਲ ਨਡਾਲ ਨੇ ਯੂਨਾਨ ਦੇ ਸਟੇਫਾਨੋਸ ਸਿਟਸਿਪਸ ਨੂੰ ਸਿੱਧੇ ਸੈੱਟਾਂ ਵਿਚ 6-3, 6-4 ਨਾਲ ਹਰਾ ਕੇ ਜਿਥੇ 50ਵੀਂ ਵਾਰ ਮਾਸਟਰਜ ਫਾਈਨਲ 'ਚ ਜਗ੍ਹਾ ਬਣਾਈ ਸੀ, ਉਥੇ ਨੋਵਾਕ ਜੋਕੋਵਿਚ ਨੇ ਅਰਜਨਟੀਨਾ ਦੇ ਡਿਆਗੋ ਸਵਾਟਰਜਮੈਨ ਨੂੰ 6-3, 6-7 (2/7) ਤੇ 6-3 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਇਟੈਲੀਅਨ ਓਪਨ ਦੇ ਮਹਿਲਾ ਸਿੰਗਲਜ ਦਾ ਖਿਤਾਬ ਚੈੱਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ (ਚੌਥੀ ਸੀਡ) ਨੇ ਬਰਤਾਨੀਆ ਦੀ ਜੌਹਾਨ ਕੌਟਾ ਨੂੰ ਫਾਈਨਲ ਮੁਕਾਬਲੇ ਵਿਚ 6-3 ਤੇ 6-4 ਨਾਲ ਹਰਾ ਕੇ ਜਿੱਤ ਲਿਆ। ਫਰੈਂਚ ਓਪਨ 2017 ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਪਿਲਸਕੋਵਾ ਦੇ ਕਰੀਅਰ ਦਾ ਇਹ 13ਵਾਂ ਫਾਈਨਲ ਹੈ। ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਜੋਹਾਨਾ ਕੌਟਾ ਨੇ ਨੀਦਰਲੈਂਡ ਦੀ ਕਿੱਕੀ ਬਰਟਨਸ ਨੂੰ 5-7, 7-5 ਤੇ 6-2 ਨਾਲ ਅਤੇ ਕੈਰੋਲੀਨਾ ਪਿਲਸਕੋਵਾ ਨੇ ਮਾਰੀਆ ਸਕਾਰੀ ਨੂੰ 6-4, 6-4 ਨਾਲ ਮਾਤ ਦੇ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਕਿੱਕੀ ਨੇ ਪਿਛਲੇ ਹਫਤੇ ਮੈਡਰਿਡ ਓਪਨ ਦਾ ਖਿਤਾਬ ਜਿੱਤਿਆ ਸੀ।


-ਪ੍ਰੀਤ ਨਗਰ (ਅੰਮ੍ਰਿਤਸਰ)-143109.
ਮੋਬਾ: 98140-82217





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX